Hazrat Bu Ali Shah Qalandar

ਹਜ਼ਰਤ ਬੂ ਅਲੀ ਸ਼ਾਹ ਕਲੰਦਰ

ਹਜ਼ਰਤ ਬੂ ਅਲੀ ਸ਼ਾਹ ਕਲੰਦਰ (੧੨੦੯-੧੩੨੪) ਦਾ ਪੂਰਾ ਨਾਂ ਸ਼ੇਖ਼ ਸ਼ਰਫ਼-ਉਦ-ਦੀਨ ਬੂ-ਅਲੀ ਕਲੰਦਰ ਸ਼ਾਹ ਹੈ । ਉਨ੍ਹਾਂ ਦਾ ਜਨਮ ਗੰਜਾ (ਅਜ਼ਰਬਾਈਜਾਨ) ਵਿੱਚ ਹੋਇਆ । ਉਹ ਚਿਸ਼ਤੀ ਸਿਲਸਲੇ ਦੇ ਸੂਫ਼ੀ ਸੰਤ ਅਤੇ ਕਵੀ ਸਨ । ਉਨ੍ਹਾਂ ਦੇ ਪਿਤਾ ਸ਼ੇਖ਼ ਫ਼ਖਰ ਉਦੀਨ ਵੀ ਬਹੁਤ ਵੱਡੇ ਵਿਦਵਾਨ ਅਤੇ ਸੰਤ ਸਨ ।ਬੂ ਅਲੀ ਸ਼ਾਹ ਕਲੰਦਰ ਦੀ ਫਾਰਸੀ ਰਚਨਾ ਦਾ ਨਾਂ 'ਦਿਵਾਨ ਹਜ਼ਰਤ ਸ਼ਰਫ਼ੁੱਦੀਨ ਬੂ ਅਲੀ ਕਲੰਦਰ' ਹੈ ।ਖ਼ਵਾਜਾ ਸ਼ਾਹਦੀਨ ਨੇ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ । ਉਨ੍ਹਾਂ ਦੀ ਦਰਗਾਹ ਪਾਣੀਪਤ ਵਿੱਚ ਹੈ ।

ਮਸਨਵੀ ਹਜ਼ਰਤ ਬੂ ਅਲੀ ਸ਼ਾਹ ਕਲੰਦਰ
ਅਨੁਵਾਦਕ ਖ਼ਵਾਜਾ ਸ਼ਾਹਦੀਨ

ਆਖ਼ਰ ਪਤਰ ਡਾਲੀ ਡਾਲੀ ਕਦਮ ਮੁਬਾਰਕ ਪਾ ਕੇ
ਅਹਿਮਦ ਨਾਮ ਰਖਾ ਕੇ ਦਸਿਆ ਰਾਹ ਮੁੜੀਂਦਾ ਆ ਕੇ

ਤੇ ਉਹ ਰਾਹ ਸਮਝਾਵਨ ਕਾਰਨ ਇਕ ਸ਼ਾਹਬਾਜ਼ ਬਿਠਾਇਆ
ਅਲੀ ਵਲੀ ਅਸਦ ਅਲਾਹ ਜਿਸਦਾ ਜ਼ਾਤੀ ਨਾਮ ਰਖਾਇਆ

ਅਦਲ, ਸਿਦਕ ਤੇ ਹਿਲਮ, ਮੁਹਬਤ ਦਸ ਗਇਆ ਮੇਵੇ ਚਾਰੇ
ਜਿਹੜਾ ਇਹਨਾਂ ਤਾਈਂ ਖਾਵੇ ਖ਼ਾਸ ਉਡਾਰੀ ਮਾਰੇ

....................................................
ਦਮ ਦਮ ਅੰਦਰ ਦਿਲ ਦੇ ਬਾਲੀਂ ਨੂਰੀ ਦੀਵਾ ਜ਼ਾਤੀ
ਸੀਨੇ ਅੰਦਰ ਇਸ਼ਕ ਅਪਨੇ ਦੀ ਬਾਲੀਂ ਨਿਤ ਚੁਆਤੀ

ਨਫ਼ਸ ਕਮੀਨੇ ਦੇ ਸਿਰ ਉੱਤੇ ਮੁਠ ਮਿੱਟੀ ਦੀ ਪਾ ਕੇ
ਨੂਰ ਯਕੀਨੋਂ ਦਿਲ ਦੇ ਦੀਦੇ ਕਰ ਹੁਣ ਰੌਸ਼ਨ ਆ ਕੇ

ਵਹਿਮ ਖ਼ਿਆਲੋਂ ਦਿਲ ਦਾ ਸ਼ੀਸ਼ਾ ਕਰਕੇ ਸਾਫ਼ ਪਿਆਰੇ
ਬਾਲ ਦਿਲੇ ਵਿਚ ਅੱਗ ਇਸ਼ਕੇ ਦੀ ਜਿਹੜੀ ਚਮਕੇ ਸਾਰੇ

ਜ਼ਾਤੋਂ ਜ਼ਾਹਰ ਕੀਤਾ ਰਬ ਨੇ ਤੈਨੂੰ ਵਿਚ ਸਿਫ਼ਾਤੀ
ਤਾਂ ਸਿਫ਼ਾਤੋਂ ਜ਼ਾਤ ਮੁਕੱਦਸ ਜਾਵੇ ਖ਼ੂਬ ਪਛਾਤੀ

ਵਹਿਦਤ ਦੇ ਬਾਗ਼ੀਚੇ ਅੰਦਰ ਮੈਂ ਸਾਂ ਇਕ ਇਕਲਾ
ਜਦ ਵਿਚ ਕਸਰਤ ਆਇਆ ਹੋਯਾ ਹਰ ਵਲ ਜ਼ਾਹਿਰ ਅਲਾ

ਹੈ ਮਾਲੂਮ ਇਸ ਪਰਦੇ ਅੰਦਰ ਕੀ ਕੁਝ ਛਪਿਆ ਲਭਦਾ
ਕਈ ਹਜ਼ਾਰਾਂ ਸਾਜ਼ ਸਰੋਦਾਂ ਨਾਲ ਸਦਾ ਜੋ ਵਜਦਾ

ਡਿਠਾ ਆ ਕੇ ਹੁਸਨ ਅਪਣੇ ਨੂੰ ਜ਼ਾਹਿਰ ਅੰਦਰ ਆ ਕੇ
ਅਪਣਾ ਆਪ ਛਪਾਇਆ ਉਸ ਵਿਚ ਨੂਰੀ ਖੇਡ ਮਚਾ ਕੇ

ਕੀ ਹੈ ਜ਼ੁਹਦ ਰਿਆਜ਼ਤ ਤਕਵਾ ਐ ਓ ਮਰਦ ਇਲਾਹੀ
ਸ਼ਾਹ ਅਮੀਰੋਂ ਚੁਕ ਦਿਲੇ ਨੂੰ ਕਰਨੀ ਬੇ ਪਰਵਾਹੀ

ਬੈਠ ਦਿਲਾਵਰ ਹੋ ਕੇ ਉਪਰ ਦਸਤਰਖ਼ਾਨ ਸਬਰ ਦੇ
ਕਰ ਸਕੇਂ ਜੇ ਸਬਰ ਨਾ ਅੜਿਆ ਰਸੇ ਤੋੜ ਅਮਰ ਦੇ

ਨਹੀਂ ਇਹ ਜ਼ੁਹਦ ਰਿਆਜ਼ਤ ਜੋ ਤੂੰ ਖ਼ਲਕਤ ਕਾਰਨ ਭਾਈ
ਪਾ ਕੇ ਗੁਦੜੀ ਬਣ ਕੇ ਸੂਫ਼ੀ ਲੁਟਦਾ ਫਿਰੇਂ ਲੁਕਾਈ

ਕੰਘੀ ਤੇ ਮਸਵਾਕ ਤੇ ਤਸਬੀ, ਜੁਬਾ, ਹੋਰ ਅਮਾਮਾ
ਤੇ ਦਿਲ ਭਰਿਆ ਨਾਲ ਰਿਆ ਦੇ ਕੁਲ ਫ਼ਰੇਬੀ ਜਾਮਾ

ਕਰ ਕਰ ਸਿਫ਼ਤਾਂ ਅਪਣੇ ਤਾਈਂ ਨਾ ਕਰ ਜ਼ਾਇਆ ਪਿਆਰੇ
ਤਕ ਤੂੰ ਅਪਣੇ ਐਬ ਤੇ ਨਾ ਗਿਣ ਐਬ ਲੋਕਾਈ ਸਾਰੇ

ਨਫ਼ਸ ਕਮੀਨੇ ਦੀ ਫਾਹੀ ਵਿਚ ਤੂੰ ਖ਼ੁਦ ਫਸਿਆ ਹੋਇਆ
ਮਾਰ ਇਸ ਨਫ਼ਸ ਕਮੀਨੇ ਤਾਈਂ ਕਰ ਕਰਕੇ ਅਧਮੋਇਆ

ਤਾਂ ਤੂੰ ਅਸਲੀ ਜ਼ਾਤ ਅਪਣੀ ਵਲ ਮਾਰ ਉਡਾਰੀ ਜਾਵੀਂ
ਵਿਚ ਮਕਾਮਿ ਵਸਲ ਪੁਰਾਣੇ ਆਹਲਣਾ ਜਾ ਕੇ ਪਾਵੀਂ

ਦੁਨਿਆਵੀ ਮੁਹਬਤ ਵਾਲਾ ਤੂੰ ਜੰਜੇਊ ਪਾਇਆ
ਲੰਬੀ ਦਾਹੜੀ ਤੇ ਪਗ ਚਿਟੀ ਤੇਰਾ ਰਾਹ ਭੁਲਾਇਆ

ਕਦੀ ਖ਼ਲਾਸੀ ਦਿਲ ਤੇਰੇ ਦੀ ਹਿਰਸ ਹਵਾ ਨਾ ਕੀਤੀ
ਤੇ ਤੂੰ ਨਾਲ ਹਜ਼ੂਰ ਦਿਲੇ ਦੇ ਕਦੀ ਨਮਾਜ਼ ਨਾ ਕੀਤੀ

ਆਜਿਜ਼ ਹੋ ਕੇ ਦਿਲ ਥੀਂ ਕਦਈਂ ਸਿਜਦਾ ਤੁਧ ਨਾ ਕੀਤਾ
ਤਾਂ ਦਰਵਾਜ਼ਾ ਰਹਿਮਤ ਖੁਲ੍ਹੇ ਤੇਰੇ ਉਤੇ ਮੀਤਾ

ਆਜਿਜ਼ ਹੋ ਕੇ ਮਥਾ ਅਪਣਾ ਕਦ ਤੂੰ ਰਗੜ ਘਸਾਇਆ
ਅਨ੍ਹੀਂ ਅੱਖ ਯਕੀਨ ਤੇਰੀ ਨੇ ਨੂਰ ਕਦੀ ਨਾ ਪਾਇਆ

ਸੂਫ਼ੀ ਨਾਮ ਰਖਾਵੇਂ ਐਪਰ ਸੀਨਾ ਸਾਫ਼ ਨਾ ਤੇਰਾ
ਸ਼ੈਖ਼ਾ ਛਡ ਇਹ ਝੂਠੀਆਂ ਲਾਫ਼ਾਂ ਨਾ ਕਰ ਐਡ ਬਖੇੜਾ

ਫੜ ਕੇ ਤਸਬੀ ਹਥ ਵਿਚ ਦਸੇਂ ਪੀਰੀ ਅਪਣੀ ਜਾ ਕੇ
ਸੌ ਬੁਤ ਅੰਦਰ ਦਿਲ ਤੇਰੇ ਦੇ ਵੇਖ ਜ਼ਰਾ ਮਨ ਚਾ ਕੇ

ਦਿਲ ਇਕਾ ਤੇ ਲਖਾਂ ਤਾਂਹਘਾਂ ਉਸ ਦੇ ਅੰਦਰ ਭਰੀਆਂ
ਸੌ ਟੁਕੜਾ ਤੂੰ ਦਿਲ ਦਾ ਕੀਤਾ ਟਾਕੀਆਂ ਉਤੇ ਮੜ੍ਹੀਆਂ

ਬੁਗ਼ਜ਼ ਫ਼ਸਾਦ ਹੰਕਾਰੋਂ ਅਪਣਾ ਮੁਖੜਾ ਤੂੰ ਚਿਲਕਾਇਆ
ਬੁਖ਼ਲ ਨਫ਼ਾਕ ਇਨਾਦੋਂ ਉਸਦਾ ਅੰਦਰ ਬਾਹਰ ਸਜਾਇਆ

ਬੁਤ ਬਨਾਵੇਂ ਤੇ ਬੁਤ ਪੂਜੇਂ ਇਹ ਤੇਰਾ ਨਿਤ ਚਾਲਾ
ਆਜ਼ਰ ਦੇ ਬੁਤਾਂ ਥੀ ਵਧਿਆ ਤੇਰੇ ਦਿਲ ਦਾ ਹਾਲਾ

ਕਿਸਮਤ ਤੇਰੀ ਤੇਰੇ ਤਾਈਂ ਆਪੇ ਹੀ ਮਿਲ ਜਾਵੇ
ਸੁਕੀ ਗਿਲੀ ਰੋਟੀ ਤੇ ਕਿਉਂ ਸਬਰ ਨਾ ਤੈਨੂੰ ਆਵੇ

ਸੌ ਤਲਾਕ ਦਿੱਤੀ ਇਸ ਤਾਈਂ ਅਕਸਰ ਆਰਿਫ਼ ਲੋਕਾਂ
ਹਰ ਇਕ ਆਸ਼ਕ ਥੀਂ ਇਸ ਰਖੀਆਂ ਦੂਰ ਦੁਰਾਡੀਆਂ ਝੋਕਾਂ

ਸ਼ਕਲ ਮਿਜਾਜ਼ੀ ਉਤੋਂ ਪਰਦਾ ਜੇ ਕਰ ਲਾਂਭੇ ਹੋਵੇ
ਵੇਖ ਫ਼ਰੇਬ ਇਸ ਦੇ ਦਿਲ ਤੇਰਾ ਨਸ ਜਾਵੇ ਤੇ ਰੋਵੇ

ਦੌਲਤ ਮੰਦਾਂ ਦੇ ਦਿਲ ਅੰਦਰ ਮੇਹਰ ਨਾ ਹੋਂਦੀ ਭੋਰਾ
ਹੋਰ ਤਰੀਕਾ ਦੌਲਤਮੰਦਾਂ ਮਕਰ ਫ਼ਰੇਬ ਨਿਹੋੜਾ

ਜਿਉਂ ਜਿਉਂ ਚਾਂਦੀ ਸੋਨਾ ਦੁਨੀਆਂ ਦਾਰਾਂ ਨੂੰ ਹਥ ਆਵੇ
ਹੋਰ ਵਧੇਰੀ ਕਾਰਨ ਹਰ ਇਕ ਖ਼ੂਨ ਜਿਗਰ ਦਾ ਖਾਵੇ

ਸੁਣਿਆ ਹੈ ਤੂੰ ਇਜ਼ਤ ਕਾਰਨ ਬਾਝ ਗੁਨਾਹੋਂ ਫੜ ਕੇ
ਯੂਸੁਫ਼ ਤਾਈਂ ਖੂਹ ਵਿਚ ਪਾਇਆ ਸਿਰ ਪੈਰਾਂ ਤਕ ਕੜ ਕੇ

ਮਾਲ ਅਸਬਾਬੋਂ ਦਿਲ ਦੇ ਅੰਦਰ ਹੋਂਦੀ ਹਿਰਸ ਜ਼ਿਆਦਾ
ਭੁਲ ਜਾਂਦੇ ਔਲਾਦ ਤੇ ਮਾਪੇ ਰਹਿੰਦਾ ਹੋਰ ਤਗਾਦਾ

ਵੇਖ ਜ਼ਮਾਨੇ ਦੇ ਸ਼ਾਹਾਂ ਨੂੰ ਕਾਰਨ ਮਾਲ ਜਹਾਨਾਂ
ਪਿਉ ਭਰਾਵਾਂ ਸਕਿਆ ਤਾਈਂ ਮਾਰਨ ਨਾਲ ਤਰਾਣਾਂ

ਮਾਲ ਅਸਬਾਬ ਗ਼ਰੂਰ ਲਿਆਵੇ ਤੇ ਬੇ ਦੀਨ ਬਣਾਵੇ
ਨਫ਼ਸ ਕਮੀਨੇ ਤਾਈਂ ਆ ਕੇ ਸੌ ਸੌ ਕੁਫ਼ਰ ਸਿਖਾਵੇ

ਰਹਿਣ ਬੇਜ਼ਾਰ ਹਮੇਸ਼ਾ ਉਸ ਥੀਂ ਰਬ ਦੇ ਪਿਆਰੇ ਜੇਹੜੇ
ਇਸ ਵਿਚ ਕੀ ਹਿਕਮਤ ਹੈ ਦਸਾਂ ਹੋ ਕੇ ਨੇੜੇ ਤੇਰੇ

ਉਲਫ਼ਤ ਦੁਨੀਆਂ ਦੀ ਜਦ ਦਿਲ ਤੇ ਆ ਕੇ ਫੇਰਾ ਪਾਵੇ
ਕਾਲਾ ਤੇ ਕੁਰਲਾਠਾ ਜੀਉੜਾ ਪਥਰ ਵਾਂਗ ਹੋ ਜਾਵੇ

ਦੀਦੇ ਸਿਦਕ ਯਕੀਨ ਦਿਲੇ ਦੇ ਬੰਦ ਓਂਵੇਂ ਹੋ ਜਾਵਣ
ਬੂਹੇ ਦੀਨ ਈਮਾਨ ਦਿਲੇ ਦੇ ਨਜ਼ਰੀਂ ਨਾਹੀਂ ਆਵਣ

ਬੰਦਗੀ ਕਾਰਨ ਵਜ੍ਹਾ ਹਲਾਲੋਂ ਚਾਹੀਏ ਲੁਕਮਾ ਨੂਰੀ
ਦੁਖ ਮੁਸੀਬਤ ਵਧਣ ਨਾਹੀਂ ਅੰਦਰ ਰਾਹ ਹਜ਼ੂਰੀ

ਅੰਦਰ ਸ਼ਿਕਮ ਪਵੇ ਜਿਸ ਵੇਲੇ ਸ਼ੁਬ੍ਹਾ ਰਿਆ ਦਾ ਭੋਰਾ
ਨੂਰੀ ਤਾਕਤ ਰਹੇ ਨਾ ਕੋਈ ਭਾਵੇਂ ਹੋਵੇ ਥੋਹੜਾ

ਮਰਦ ਚਾਹੀਏ ਉਸ ਰਾਹ ਅੰਦਰ ਜੋ ਮਾਰੇ ਨਫ਼ਸ ਕਮੀਨਾ
ਸ਼ਹਿਵਤ ਹਿਰਸ ਹਵਾ ਥੀਂ ਰਖੇ ਖ਼ਾਲੀ ਅਪਣਾ ਸੀਨਾ

ਹਰ ਸ਼ੀਸ਼ੇ ਵਿਚ ਨੂਰ ਮਾਹੀ ਦਾ ਵੇਖ ਜ਼ਰਾ ਮਨ ਚਾ ਕੇ
ਹਰ ਸ਼ੈ ਅੰਦਰ ਸੋਜ਼ ਉਸੇ ਦਾ ਡਿਠਾ ਮੈਂ ਅਜ਼ਮਾ ਕੇ

ਮੰਦਾ ਚੰਗਾ ਜੋ ਕੁਝ ਲਭੇ ਹਰ ਵੇਲੇ ਤੇਰੇ ਤਾਈਂ
ਜ਼ਾਤ ਖ਼ੁਦਾ ਬਿਨ ਦਿਲ ਦੇ ਅੰਦਰ ਹੋਰ ਸਮਾਵੇ ਨਾਹੀਂ

ਅਵਲ ਆਖ਼ਰ ਜ਼ਾਹਿਰ ਬਾਤਨ ਆਪੇ ਜ਼ਾਤ ਇਲਾਹੀ
ਥਾਈਂ ਥਾਈਂ ਹਰ ਸ਼ੈ ਅੰਦਰ ਨੂਰ ਉਸੇ ਦਾ ਭਾਈ

ਫੜ ਤਲਵਾਰ ਫ਼ਨਾ ਦੀ ਦਿਲ ਦਾ ਕੁਲ ਜ਼ੰਗਾਰ ਉਡਾਈਂ
ਨਾਲ ਮੁਹਬਤ ਇਸ਼ਕ ਇਲਾਹੀ ਸੀਨਾ ਸਾਫ਼ ਬਨਾਈਂ

ਨਾਲ ਇਬਾਦਤ ਏਸ ਜਹਾਨੋਂ ਜਦ ਤੂੰ ਹੋਸੇਂ ਫ਼ਾਨੀ
ਵਿਚ ਦਰਬਾਰ ਹਜ਼ੂਰ ਮੁਅਲਾ ਬਣਸੇਂ ਲਾਮਕਾਨੀ

ਜਦ ਵਿਚ ਜ਼ਾਤ ਸਮਾਵੇਂ ਪਾਵੇਂ ਐ ਦਿਲ ਵਸਲ ਇਲਾਹੀ
ਗੁਮ ਕਰ ਅਪਣੇ ਤਾਈਂ ਉਸ ਵਿਚ ਦੂਰ ਹੋਵੇ ਗੁਮਰਾਹੀ

ਅਪਣੇ ਆਪ ਕੋਲੋਂ ਜੋ ਜਿਤਿਆ ਅੰਦਰ ਦੁਨੀਆਂ ਫ਼ਾਨੀ
ਬੇਸ਼ਕ ਜ਼ਾਹਿਰ ਹੋਏ ਉਸ ਤੇ ਕੁਲ ਅਸਰਾਰ ਨਿਹਾਨੀ

ਜਿਸ ਵੇਲੇ ਖ਼ੁਸ਼ਬੂ ਮਾਹੀ ਦੀ ਵਿਚ ਦਿਮਾਗ਼ੇ ਪਾਵਾਂ
ਹੋ ਮਸਤਾਨਾ ਬੇ ਖ਼ਬਰੀ ਵਿਚ ਕੂਚੇ ਉਸਦੇ ਜਾਵਾਂ

ਹਰ ਸ਼ੀਸ਼ੇ ਵਿਚ ਹਰ ਇਕ ਪਾਸੇ ਵੇਖ ਪਿਆਰੇ ਤਾਈਂ
ਸੋਜ਼ ਤੇ ਸਾਜ਼ ਉਸੇ ਦਾ ਵਜਦਾ ਹਰ ਵਲ ਥਾਈਂ ਥਾਈਂ

ਕੀ ਕੋਝਾ ਕੀ ਸੋਹਣਾ ਮੋਹਣਾ ਆਰਿਫ਼ਾਂ ਇਕੋ ਜਾਤਾ
ਅਦਨਾ ਆਲਾ ਚੰਗਾ ਮੰਦਾ ਇਕੋ ਕੁਝ ਪਛਾਤਾ

ਜੋ ਨਫ਼ਸਾਨੀ ਕੈਦੋਂ ਛੁਟ ਕੇ ਚਲਿਆ ਵਲ ਸਜਨ ਦੇ
ਆਖ਼ਰਕਾਰ ਉਹ ਮਕਸਦ ਪਾ ਕੇ ਬੈਠਾ ਵਿਚ ਅਮਨ ਦੇ

ਅਖੀਆਂ ਕੰਨਾਂ ਹੋਠਾਂ ਤਾਈਂ ਵੇਖ ਜ਼ਰਾ ਬੰਦ ਕਰ ਕੇ
ਜੇ ਨਾ ਲਭੇ ਰਾਜ਼ ਇਲਾਹੀ ਮਾਰੀਂ ਮੈਨੂੰ ਫੜ ਕੇ

ਇਹ ਕੁਰਮਾਯਾ ਹੋਇਆ ਜੀਉੜਾ ਕਰ ਹੁਣ ਤਾਜ਼ਾ ਆ ਕੇ
ਇਸ਼ਕ ਹਯਾਤੀ ਬਖ਼ਸ਼ ਅਸਾਈਂ ਯਾ ਰਬ ਲੁਤਫ਼ ਕਮਾ ਕੇ

ਕਿਥੇ ਇਸ਼ਕ ਜੋ ਅਕਲ ਹੋਰਾਂ ਦੀ ਗ਼ਰਕ ਕਰੇ ਚਾ ਬੇੜੀ
ਤੇ ਉਹ ਇਸ਼ਕ ਕਿਥੇ ਜੋ ਲਿਆਵੇ ਕੁੱਲੀ ਅਕਲ ਵਧੇਰੀ

ਵਾਹ ਵਾਹ ਉਹ ਸ਼ਰਾਬ ਖ਼ੁਦੀ ਥੀਂ ਜੋ ਦਿਲ ਸਾਫ਼ ਬਣਾਵੇ
ਨੇਕੀ ਬਦੀ ਮੁਹੱਬਤ ਬਾਝੋਂ ਕਿਧਰੇ ਨਜ਼ਰ ਨਾ ਆਵੇ

ਕੀ ਹੈ ਜੜ੍ਹ ਬੁਨਿਆਦ ਇਸ਼ਕ ਦੀ ਤੈਨੂੰ ਖ਼ਬਰ ਨਾ ਕਾਈ
ਹੁਸਨ ਸਜਨ ਥੀਂ ਪੈਦਾ ਹੋਇਆ ਆ ਕੇ ਇਸ਼ਕ ਇਲਾਹੀ

ਆਸ਼ਿਕ ਤੇ ਮਾਸ਼ੂਕ ਹੋ ਜਾਂਦੇ ਇਕੋ ਜ਼ਾਤ ਨੂਰਾਨੀ
ਤੂੰ ਆਪੇ ਮਾਸ਼ੂਕ ਤੇ ਆਸ਼ਿਕ ਸ਼ਕ ਜ਼ਰਾ ਨਾ ਜਾਣੀ

ਲੂੰ ਲੂੰ ਵਿਚ ਜ਼ਬਾਨਾਂ ਤੇਰੇ ਕੁਦਰਤ ਨਾਲ ਇਲਾਹੀ
ਕਰ ਤੂੰ ਯਾਦ ਖ਼ੁਦਾ ਦੀ ਐ ਦਿਲ ਲੂੰ ਲੂੰ ਅੰਦਰ ਭਾਈ

ਜਦ ਤਕ ਸੜ ਬਲ ਸਾਹ ਅਪਣੀ ਨਾ ਅੰਦਰ ਇਸ਼ਕ ਉਡਾਵੇਂ
ਕੀਕਰ ਅੰਦਰ ਜ਼ਾਤ ਸਜਨ ਦੇ ਅਪਣਾ ਆਪ ਰਲਾਵੇਂ

ਕੀ ਹੈ ਜ਼ੁਹਦ ਰਿਆਜ਼ਤ ਤਕਵਾ ਦਸਾਂ ਮੈਂ ਸਮਝਾ ਕੇ
ਕਦੀ ਮੁਰਾਦ ਦਿਲ ਨੂੰ ਨਾ ਦੇਣੀ ਅਪਣੀ ਵਜ ਵਜਾ ਕੇ

ਇਕ ਦਮ ਐਸ਼ ਮਨਾਵੇਂ ਨਾਹੀਂ ਅੰਦਰ ਦੁਨੀਆਂ ਫ਼ਾਨੀ
ਦਿਲ ਅਪਣੇ ਨੂੰ ਵੇਹਲਾ ਰਖਣਾ ਜ਼ੁਹਦ ਏਸੇ ਨੂੰ ਜਾਣੀ

ਬੰਦਾ ਹੈ ਮਹਿਮਾਨ ਦਿਨਾਂ ਦਾ ਅੰਦਰ ਏਸ ਜਹਾਨੇ
ਖ਼ਾਬ ਮਿਸਾਲ ਪਛਾਣ ਇਸ ਜਗ ਨੂੰ ਐ ਮਹਿਬੂਬ ਯਗਾਨੇ

ਕਰਨੀ ਭਰਨੀ ਅਪਣੀ ਹੋਂਦੀ ਤੂੰ ਕਿਉਂ ਚਿਤ ਉਠਾਇਆ
ਫੜ ਤਲਵਾਰ ਫ਼ਨਾ ਦੀ ਵਢ ਇਹ ਨਫ਼ਸ ਲਈਂ ਨਾ ਪਰਾਇਆ

ਬਾਤਿਲ ਫ਼ਿਕਰ ਦਲੀਲੋਂ ਨਾ ਕਰ ਦਿਲ ਅਪਣੇ ਨੂੰ ਕਾਲਾ
ਅਲਾ ਥੀਂ ਮੰਗ ਅਲਾ ਤਾਈਂ ਹੋਸੇਂ ਬਹੁਤ ਸੁਖਾਲਾ

ਜਗ ਵਿਚ ਉਲਫ਼ਤ ਵਾਲਾ ਕਿਧਰੇ ਨਾਮ ਨਿਸ਼ਾਨ ਨਾ ਰਹਿਆ
ਆਦਮੀ ਦੀਆਂ ਅਖੀਆਂ ਵਿਚੋਂ ਸ਼ਰਮ ਹਯਾ ਉਠ ਗਇਆ

ਅਹਲ ਦਿਲਾਂ ਦੇ ਦਿਲ ਥੀਂ ਉਡਿਆ ਫ਼ਾਕਾ ਸਬਰ ਸਬੂਰੀ
ਐ ਦਿਲ ਸ਼ੋਰ ਦੁਹਾਈ ਗ਼ੌਗ਼ਾ ਕਿਥੇ ਖ਼ਲਕਤ ਨੂਰੀ

ਬਾਗ਼ ਜ਼ਰਾਇਤਾਂ ਵਿਚੋਂ ਬਰਕਤ ਸਾਰੀ ਗਈ ਗੰਵਾਤੀ
ਕੱਦ ਸਖ਼ਾਵਤ ਡਿੰਗਾ ਹੋਇਆ ਪੂਰੀ ਹੋਈ ਹਯਾਤੀ

ਔਰਤ ਤੇ ਫ਼ਰਜ਼ੰਦਾਂ ਦੇ ਦਿਲ ਮੇਹਰ ਨਾ ਲਭੇ ਕਾਈ
ਫ਼ਿਤਨੇ ਪੈਦਾ ਹੋਏ ਜਗ ਵਿਚ ਆਇਆ ਵਕਤ ਜੁਦਾਈ

ਵਹਿਮ ਖ਼ਿਆਲ ਦਲੀਲਾਂ ਵਧੀਆਂ ਤੰਗ ਹੋਏ ਦਿਲ ਲੋਕਾਂ
ਮਾਂਵਾਂ ਧੀਆਂ ਕਰਨ ਲੜਾਈ ਕਰ ਕਰ ਨੋਕਾਂ ਟੋਕਾਂ

ਸਬਰ ਸ਼ੁਕਰ ਕਰ ਜੋ ਕੁਛ ਤੇਰੇ ਲਾਇਕ ਆਹਾ ਸਾਈਂ
ਕੀ ਥੋੜਾ ਕੀ ਬਹੁਤਾ ਰਬ ਨੇ ਬਖ਼ਸ਼ਿਆ ਤੇਰੇ ਤਾਈਂ

ਅਖੀਆਂ ਨੱਕ ਜ਼ਬਾਨ ਉਸ ਦਿਤੇ ਸੁਣਨੇ ਨੂੰ ਕੰਨ ਯਾਰਾ
ਰਾਜ਼ ਨਿਆਜ਼ ਅਸਰਾਰ ਪੋਸ਼ੀਦਾ ਕੀਤੇ ਚਾ ਅਸ਼ਕਾਰਾ

ਪਰ ਬੇਖ਼ਬਰਾ ਖ਼ਬਰ ਨਾ ਤੈਨੂੰ ਹਰਗਿਜ਼ ਦਿਲਬਰ ਵਾਲੀ
ਵਾਂਗ ਹੈਵਾਨਾਂ ਕਦ ਤਕ ਰਹਿਸੀ ਬੇਖ਼ਬਰੀ ਬੇਹਾਲੀ

ਲੁਤਫ਼ ਇਲਾਹੀ ਤੇਰੇ ਤਾਈਂ ਹਰਗਿਜ਼ ਨਜ਼ਰ ਨਾ ਆਵੇ
ਆਸ਼ਿਕਾਂ ਵਾਂਗਰ ਤੇਰੇ ਉਤੇ ਮੌਲਾ ਝਾਤੀਆਂ ਪਾਵੇ

ਜੇ ਕਰ ਤੈਨੂੰ ਇਸ਼ਕ ਉਸ ਦੇ ਦੀ ਹੋਵੇ ਖ਼ਬਰ ਚੰਗੇਰੀ
ਤੇਰੇ ਨਾਲੋਂ ਵਧ ਕੇ ਉਸ ਦੇ ਦਿਲ ਵਿਚ ਉਲਫ਼ਤ ਤੇਰੀ

ਤੇਰੇ ਨਾਲੋਂ ਵਧ ਕੇ ਨੇੜੇ ਉਹ ਮਹਿਬੂਬ ਪਿਆਰਾ
ਵਾਂਗਰ ਜਾਨ ਤੇਰੇ ਵਿਚ ਬੈਠਾ ਹੋਕੇ ਇਕ ਇਕਾਰਾ

ਮਰਨੇ ਕੋਲੋਂ ਅਗੇ ਮਰ ਜਾ ਐ ਓ ਬੰਦੇ ਨੂਰੀ
ਦੇ ਕੇ ਜਾਨ ਸਜਨ ਨੂੰ ਛਡ ਦੇ ਇਹ ਹਾਲਤ ਮਗ਼ਰੂਰੀ

ਤਾਂ ਦਿਲ ਤੇਰੇ ਅੰਦਰ ਦਿਲਬਰ ਆ ਕੇ ਚਮਕਾਂ ਮਾਰੇ
ਹੋਵੇਂ ਫੇਰ ਮਾਸ਼ੂਕ ਜ਼ਮਾਨਾ ਜਾਨ ਤੇਰੇ ਤੋਂ ਵਾਰੇ

ਕਦ ਤਕ ਚਲਸੇਂ ਲੰਮਾ ਪੈਂਡਾ ਐ ਆਸ਼ਿਕ ਬੇਚਾਰੇ
ਘਾਟੀਆਂ ਉਚੀਆਂ ਨੀਵੀਆਂ ਮੁਕਣ ਕੀਕਰ ਯਾਰ ਪਿਆਰੇ

ਸੁਣਿਆ ਨਹੀਂ ਕਦੀ ਤੂੰ ਸ਼ਾਇਦ ਮੌਲਵੀ ਮਾਹਨਵੀ ਕਹਿਆ
ਪਾਣੀ ਹੋ ਵਗ ਟੁਰਦਾ ਪਥਰ ਜੇ ਸੁਣ ਲੈਂਦਾ ਜੇਹਾ

ਦਰਸ਼ਨ ਦਿਲਬਰ ਕਾਰਨ ਚਾਹੀਏ ਅਵਲ ਨੂਰੀ ਅਖੀਆਂ
ਦਿਲਬਰ ਥਾਈਂ ਥਾਈਂ ਬੈਠਾ ਬਾਤਾਂ ਜਾਣ ਨਾ ਲਖੀਆਂ

ਕਰ ਤੂੰ ਕੋਸ਼ਿਸ਼ ਨਫ਼ਸ ਅਪਣੇ ਤੇ ਤਾਂ ਤੂੰ ਅਦਲ ਕਮਾਵੇਂ
ਕਰ ਇਨਸਾਫ਼ ਸ਼ਤਾਬੀ ਤਾਂ ਤੂੰ ਸਾਹਿਬ ਦਿਲ ਹੋ ਜਾਵੇਂ