Punjabi Kavita
  

Kissa Hasan-Hussain Babu Rajab Ali

ਕਿੱਸਾ ਹਸਨ-ਹੁਸੈਨ ਬਾਬੂ ਰਜਬ ਅਲੀ


ਦੋਹਿਰਾ

ਦਾਨਿਸ਼ਮੰਦ ਕਚਹਿਰੀਏ, ਕਰਨਾ ਜ਼ਰਾ ਕਿਆਸ ।
ਹਸਨ-ਹੁਸੈਨ ਅਮਾਮ ਦੇ, ਸੁਣਲੋ ਬਚਨ-ਬਿਲਾਸ ।

ਮੁਕੰਦ ਛੰਦ-੧

ਐਹੋ ਜੀ ਸ਼ਹੀਦੀ ਹਸਨ-ਹੁਸੈਨ ਦੀ,
ਰਹੀ ਨਾ ਕਸਰ ਅਸਮਾਨ ਢੈਣ੍ਹ ਦੀ ।
ਨਵੀਂ ਚੱਸ ਚਾੜ੍ਹਨੀ ਕਹਾਣੀ ਬੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਬੀਬੀ ਫ਼ਾਤਮਾ ਦੇ ਟਹਿਕੇ ਸਿਤਾਰਿਆਂ ਨੂੰ,
ਜ਼ਾਲਮ ਜਦੀਦਾ ਮਾਰਦੂ ਦੁਲਾਰਿਆਂ ਨੂੰ ।
ਮੱਲੋ-ਮੱਲੀ ਰੋਣ ਆਜੂਗਾ ਗਰੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਪਹਿਲਾਂ ਜ਼ਹਿਰ ਦੇਤੀ ਹਸਨ ਸ਼ਗੂਫ਼ੇ ਨੂੰ,
ਦਗ਼ੇ ਨਾਲ ਸੱਦ ਲਿਆ ਹੁਸੈਨ ਕੂਫ਼ੇ ਨੂੰ ।
ਚੀਨ ਦੀ ਦੀਵਾਰ ਡੇਗੀ ਲਾਕੇ ਰੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਬਸਰਿਓਂ ਸਦਾਲਿਆ ਇਬਨਜ਼ਾਦ ਨੂੰ,
ਘੇਰ ਲੂ ਸ਼ਿਮਰ ਅਲੀ ਦੀ ਉਲਾਦ ਨੂੰ ।
ਤੋੜਦੇ ਅਮਨ ਦੀ ਰੰਗੀਨੀ ਨੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਮਾਈਆਂ ਬੱਚਿਆਂ ਸਣੇ ਬਿਆਸੀ ਰੂਹਾਂ ਸੀ,
ਵੈਰੀਆਂ ਦਾ ਪੂਰਾ ਵੀਹ ਹਜ਼ਾਰ ਠੂਹਾਂ ਸੀ ।
ਮਾਲਕ ਸੰਭਾਲ ਜੜੀ ਐਹੋ ਜੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਨਦੀ ਉਤੇ ਜਾ ਕੇ ਪਹਿਰੇ ਤੇ ਘਲਿਆਰ ਤੇ,
ਸਾਰੇ ਪਿਆਰੇ ਰੱਬ ਦੇ ਤਿਹਾਏ ਮਾਰਤੇ ।
ਦੇਖੋ ਪਾਪੀ ਕਰਦੇ ਖ਼ਰਾਬੀ ਕੇਹੀ ਨੂੰ ?
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਬੁਰਾ ਹਾਲ ਕੀਤਾ 'ਬਾਬੂ ਜੀ' ਮਹੈਣ ਦਾ,
ਲੈਗੇ ਸੀਸ ਟੰਗ ਨੇਜੇ ਤੇ ਹੁਸੈਣ ਦਾ ।
ਛੱਡਗੇ ਮੈਦਾਨ ਵਿੱਚ ਲਾਸ਼ ਫੇਹੀ ਨੂੰ,
ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।

ਦੋਹਿਰਾ

ਦੀਨ-ਦੁਨੀ ਦਾ ਬਾਦਸ਼ਾਹ, ਹਜ਼ਰਤ ਪਾਕ ਰਸੂਲ ।
ਸ਼ਿਕਰਮਟਾ ਬੁੱਤ ਤੋੜਤੇ, ਕਰੀ ਤੌਹੀਦ ਕਬੂਲ ।

ਦੋ ਭਾਗ ਛੰਦ-੨

ਦੀਨ ਦੁਨੀਆਂ ਦਾ ਬਾਦਸ਼ਾਹ ਰਸੂਲ ਸੀ,
ਉਸਦਾ ਹੁਕਮ ਕੁੱਲ ਨੂੰ ਕਬੂਲ ਸੀ ।

ਹੋਇਆ ਰਾਜ ਅਬਾਬਕਰ ਸਦੀਕ ਦਾ,
ਉਹਨੇ ਵੀ ਅਦਲ ਕੀਤਾ ਠੀਕ-ਠੀਕ ਦਾ ।

ਫੇਰ ਗੱਦੀ ਬਹਿ ਗਿਆ ਉਮਰ ਕਰੇਸ਼ੀਆ,
ਫ਼ਤਿਹ ਕੀਤਾ ਯੂਰਪ, ਅਫ਼ਰੀਕਾ, ਏਸ਼ੀਆ ।

ਤੀਸਰਾ ਖਲੀਫ਼ਾ ਨਾਮ ਉਸਮਾਨ ਸੀ,
ਜੀਹਨੇ ਜਮ੍ਹਾਂ ਕੀਤਾ ਬੈਠਕੇ ਕੁਰਾਨ ਸੀ ।

ਆਕੇ ਘੇਰੇ ਪਾਲੇ ਵੈਰੀਆਂ ਨੇ ਘਰ ਤੇ,
ਤਲਵਾਰਾਂ ਮਾਰ ਕੇ ਸ਼ਹੀਦ ਕਰਤੇ ।

ਓਦੂੰ ਪਿੱਛੋਂ ਬਣੇ ਉਮੀਆਂ ਦੇ ਪੱਖ ਦੇ,
ਹਾਸ਼ਮੀ ਕਬੀਲੇ ਨਾਲ ਵੈਰ ਰੱਖਦੇ ।

ਬੈਠ ਗਿਆ ਤਖ਼ਤ ਤੇ ਅਲੀ ਮਦੀਨੇ ਮੇਂ,
ਮਾਵੀਆਂ ਦੇ ਭਾਂਬੜ ਮੱਚਣ ਸੀਨੇ ਮੇਂ ।

ਅਲੀ ਦੇ ਹੁਕਮ ਨੂੰ ਮਨਾਣ ਛੱਡ ਗਿਆ,
ਸ਼ਾਮ ਵਿੱਚ ਝੰਡੇ ਮਜ਼ਬੂਤ ਗੱਡ ਗਿਆ ।

ਮਾਵੀਆਂ ਦਾ ਪੁੱਤਰ ਜਦੀਦਾ ਪਾਪੀ ਸੀ,
ਭਲਿਆਂ ਦਾ ਵੈਰੀ, ਬੁਰੇ ਦਾ ਮਿਲਾਪੀ ਸੀ ।

ਹਸਨ ਹੁਸੈਨ ਹੱਕਦਾਰ ਗੱਦੀ ਦੇ,
ਆਕੇ ਜ਼ੋਰ ਚੜ੍ਹਗੇ ਜਦੀਦ ਰੱਦੀ ਦੇ ।

ਹਟੇ ਨਾ ਹਟਾਇਆ ਜ਼ੁਲਮ ਗੁਜ਼ਾਰਤਾ,
ਜ਼ਹਿਰ ਦੇ ਕੇ ਹਸਨ ਸ਼ੁਕੀਨ ਮਾਰਤਾ ।

ਦੂਜਾ ਵੀ ਖਪਾਦਿਉ ਦੂਜਿਆਂ ਨੂੰ ਚੱਕੇ ਜੀ,
ਤਾਂ ਹੁਸੈਨ ਲੱਗ ਗਿਆ ਰਹਿਣ ਮੱਕੇ ਜੀ ।

ਕਹਿਣ ਲੱਗੇ ਪੁੰਨ ਨਾਲੋਂ ਪਾਪ ਫਲਦਾ,
ਕੂਫ਼ੇ ਤੀਕ ਮੂਜ਼ੀ ਦਾ ਹੁਕਮ ਚੱਲਦਾ ।

ਕੂਫ਼ੀ ਕਹਿੰਦੇ ਬਾਦਸ਼ਾਹ ਹੁਸੈਣ ਮਿਲਜੇ,
ਪਾਪੀਆਂ ਦੇ ਰਾਜ ਦੀ ਮੁਨਿਆਦ ਹਿੱਲਜੇ ।

ਭੇਜਦੇ ਮੱਕੇ ਨੂੰ ਚਿੱਠੀਆਂ ਲਿਫ਼ਾਫ਼ੇ ਐ,
ਪੈਰੀਂ ਆ ਕੇ ਸਿੱਟ੍ਹਦੇ ਸਿਰਾਂ ਦੇ ਸਾਫ਼ੇ ਐ ।

ਧੂਣੀਆਂ ਲਗਾ ਕੇ ਬਹਿਗੇ ਵਿੱਚ ਦਰ ਦੇ,
ਰੱਖੀ ਬਿੱਲੀ ਵਾਂਗ ਮਿਆਉਂ ਮਿਆਉਂ ਕਰਦੇ ।

ਨਾਲ ਬੁੱਢੀਆਂ ਵੀ ਆਈਆਂ ਮਿੱਠੋ ਮਾਸੀਆਂ,
ਲੈਣ ਡਾਂਗ-ਡਾਂਗ ਜਿੱਡੀਆਂ ਉਬਾਸੀਆਂ ।

ਝਾਟਿਆਂ ਨੂੰ ਮਹਿੰਦੀ ਬਾਹਲੀਆਂ ਨਮਾਜਣਾਂ,
ਜਾਣੀ ਕਿਤੋਂ ਆਈਆਂ ਮੱਕੇ ਦੀਆਂ ਹਾਜਣਾਂ ।

ਲੈਕੇ ਜਾਣ ਦੀਨ ਤੇ ਦੁਖੀ ਦੇ ਪੀਰ ਨੂੰ,
ਕਹਿਕੇ ਹਾਂ ਹੁਸੈਨ ਮੋੜਤੇ ਅਖ਼ੀਰ ਨੂੰ ।

ਆਹਾ ਗੱਲ ਮੱਕੇ ਦੇ ਸ਼ਰੀਫ਼ ਸੁਣਦੇ,
ਕੂਫ਼ੀ ਪੁਲ ਝੂਠਦੇ ਬੰਨ੍ਹਣ ਹੁਣ ਦੇ ।

ਕੂਫ਼ੇ ਵਾਲਿਆਂ ਦਾ ਇਤਬਾਰ ਕਿੱਥੇ ਐ ?
ਉਥੇ ਮਾਰੋ ਪਾਣੀ ਨਾ ਥਿਉਂਦਾ ਜਿੱਥੇ ਐ ।

ਧਿਆਏ ਇਹ ਵੈਰੀ ਐ ਜੱਦ ਤੇਰੀ ਦੇ,
ਚੜ੍ਹ ਜੀਂ ਨਾ ਧੱਕੇ 'ਅਜ਼ਲ-ਹਨੇਰੀ ਦੇ ।

ਆਗੇ ਧੌਣਾ ਬਾਪ ਭਾਈ ਦੀਆਂ ਕੱਪੀਆਂ,
ਦਗ਼ਾ ਦੇ ਕੇ ਤੈਨੂੰ ਮਰਵਾਉਣਾ ਗੱਪੀਆਂ ।

ਛਾਵੇਂ ਬਹਿ ਬਿਰਛ ਦੇ ਜੜ੍ਹਾਂ ਨੂੰ ਵੱਢਦੇ,
ਇਹ ਨੀ ਮਿੱਤ ਬਣਕੇ ਫ਼ਰਕ ਛੱਡਦੇ ।

ਸਮਝਾਲੋ ਹਟਣ ਫਸਾਦੋਂ ਰਾਂਦੀ ਨਾ,
ਖੋਟੇ ਦੀ ਖੁਟਿਆਈ ਵਿੱਚੋਂ ਧੋਤੀ ਜਾਂਦੀ ਨਾ ।

ਲਾਲਾ ਆਂਹਦੇ 'ਬਾਬੂ ਜੀ' ਸੁਣੌਂਦੇ ਚਿੱਟੀਆਂ,
ਫੇਰ ਵੀ ਹੁਸੈਨ ਖੂੰਡੀਆਂ ਨਾ ਸਿੱਟ੍ਹੀਆਂ ।

ਬੈਂਤ-੩

ਕਈ ਰੋਜ਼ ਹੋਗੇ ਮਿੰਨਤਾਂ ਕਰਦਿਆਂ ਨੂੰ,
ਬਹਿ ਗਿਆ ਖ਼ੌਫ਼ ਜਜੀਦ ਸ਼ਰੀਰ ਦਾ ਜੀ ।

ਆ ਗਿਆ ਤਰਸ ਰਸੂਲ ਦੇ ਦੋਤ੍ਹਰੇ ਨੂੰ,
ਦੇਤਾ ਕੂਚ ਦਾ ਹੁਕਮ ਅਖ਼ੀਰ ਨੂੰ ਜੀ ।

ਸੱਥਾਂ ਸੁੰਨੀਆਂ ਹੋਣ ਬਜ਼ਾਰ ਖ਼ਾਲੀ,
ਲੱਗੇ ਚਿੱਤ ਨਾ ਸ਼ਹਿਰ ਦਿਲਗੀਰ ਦਾ ਜੀ ।

ਸੁਣਕੇ ਰੋਂਦੀਆਂ ਫਿਰਨ ਸ਼ਰੀਫ਼ ਮਾਈਆਂ,
ਨੈਣੋਂ ਵਗੇ ਦਰਿਆ ਪਿਆ ਨੀਰ ਦਾ ਜੀ ।

ਭੈਣਾਂ ਪੌਣ ਵਰਾਗ ਦੇ ਵੈਣ ਬਹਿ ਕੇ,
ਕਹਿਣਾ ਸਾਥ ਨਾ ਛੋੜਨਾ ਵੀਰ ਦਾ ਜੀ ।

ਸਾਰਾ ਨਾਲ ਅਮਾਮ ਦੇ ਤਿਆਰ ਹੋ ਗਿਆ,
ਖ਼ਾਨਦਾਨ ਹੁਸੈਨ ਅਮੀਰ ਦਾ ਜੀ ।

ਸ਼ੁਤਰਵਾਨ ਅਸਵਾਰ ਰਵਾਨ ਹੋਗੇ,
ਜਾਵੇ ਕਾਫ਼ਲਾ ਥਲਾਂ ਨੂੰ ਚੀਰਦਾ ਜੀ ।

ਹੰਸ ਚੁਗਣ ਚੱਲੇ ਚੋਗ ਮੋਤੀਆਂ ਦੀ,
ਸਿੱਟਿਆ ਜ਼ਾਲਮਾਂ ਜ਼ਾਲ ਜ਼ੰਜ਼ੀਰ ਦਾ ਜੀ ।

ਹੋਣਹਾਰ ਨਾ ਟਲੀ ਪੈਗ਼ੰਬਰਾਂ ਤੋਂ,
ਰਹੂ ਚੱਲਕੇ ਤੀਰ ਤਕਦੀਰ ਦਾ ਜੀ ।

'ਰਜਬਲੀ ਖਾਂ' ਜ਼ਿੰਦਗੀ ਚਾਰ ਦਿਨ ਦੀ,
ਢਹਿ ਜੂ ਰੇਤਲਾ ਬੁਰਜ ਸਰੀਰ ਦਾ ਜੀ ।

ਦੋਹਿਰਾ

ਘੋੜਾ ਜੋ ਸਰਦਾਰ ਦਾ, ਫੇਰ ਕਰਬਲਾ ਆਣ ।
ਜ਼ੋਰ ਜ਼ੋਰ ਦੀ ਹਿਣਕਦਾ, ਮੱਲਕੇ ਖੜ੍ਹਾ ਮੈਦਾਨ ।

ਦੋ ਭਾਗ ਛੰਦ-੪

ਜਿੱਥੇ ਘੋੜਾ ਪੀਰ ਦਾ ਖੜੋ ਗਿਆ ਆਣ ਜੀ,
ਕੁੱਲ ਦੁਨੀਆਂ 'ਚੋਂ ਚੰਦਰਾ ਮਦਾਨ ਜੀ ।

ਉਜੜੀ 'ਵੀ ਕੂਟ ਨਿਰਦਈ ਧਰਤੀ,
ਦੂਰ-ਦੂਰ ਤੀਕ ਸੁੰਨਸਾਨ ਵਰਤੀ ।

ਜਿੱਥੇ ਹੋਇਆ ਕੈਰੋਂ-ਪਾਂਡਵਾਂ ਦਾ ਜੰਗ ਜੀ,
ਏਸ ਵੀ ਜ਼ਮੀਨ ਦਾ ਉਹੋ ਜਿਹਾ ਰੰਗ ਜੀ ।

ਉਸ ਜਗ੍ਹਾ ਮਾਂ ਤੇ ਪੁੱਤਰਾਂ ਦਾ ਹਿੱਤ ਨ੍ਹੀ,
ਧੁਪ ਸਹੁਰੀ ਪਵੇ ਮੁਲਤਾਨ ਜਿਤਨੀ ।

ਰੋਹੀ-ਬੀਆਬਾਨ ਖੁਸ਼ਕ ਪਹਾੜੀਆਂ,
ਲੰਘਦਿਆਂ ਨੂੰ ਦੰਦੀਆਂ ਵੱਢਣ ਝਾੜੀਆਂ ।

ਡਰ ਲੱਗੇ ਰੱਤਾਂ ਚੂਸੀਆਂ ਕਿ ਚੂਸੀਆਂ,
ਗਿੱਦੜ ਬਘਿਆੜ ਮਾਰਦੇ ਟਪੂਸੀਆਂ ।

ਤਲਵਾਰਾਂ ਮਾਰਦੇ ਰੁੱਖਾਂ ਦੇ ਪੱਤ ਵੀ,
ਸਿੰਮ-ਸਿੰਮ ਡਿੱਗਦੀ ਜਿਨ੍ਹਾਂ 'ਚੋਂ ਰੱਤ ਵੀ ।

ਜਾਣੀਂ ਚੱਸ ਲਹੂ ਦੀ ਚੜ੍ਹੀ 'ਵੀ ਮਿੱਟੀ ਨੂੰ,
ਲਾਲ-ਲਾਲ ਕਰਦੇ ਪੁਸ਼ਾਕ ਚਿੱਟੀ ਨੂੰ ।

ਕਿਤੇ ਖੇਤੀ ਦਿਸੀ ਨਾ ਕਿਸੇ ਦੀ ਬੋਈ 'ਵੀ,
ਏਤੇ ਸੱਚੇ ਰੱਬ ਦੀ ਕਰੋਪੀ ਹੋਈ 'ਵੀ ।

ਜਿੱਥੇ ਟੋਆ ਪੁਟਕੇ ਗੱਡਣ ਮੁੰਨੀਆਂ,
ਧਰਤੀ 'ਚ ਜਾਂਦੀਆਂ ਲਹੂ 'ਚ ਗੰਨ੍ਹੀਆਂ ।

ਜਿੱਥੇ ਪੌੜ ਘੋੜੇ ਦਾ ਰਤਾ ਕੁ ਖੁੱਬਲੇ,
ਉਸ ਜਗ੍ਹਾ ਲਹੂ ਦਾ ਫੁਹਾਰਾ ਉਬਲੇ ।

ਦੇਖ ਕੇ ਹੁਸੈਨ ਦਾ ਸਰੀਰ ਕੰਬਿਆ,
ਇਹ ਕੀ ਭਾਣਾ ਘੋੜਾ ਤਾਂ ਕਦੇ ਨਾ ਹੰਭਿਆ ?

ਰਾਹੀਆਂ ਕੋਲੋਂ ਪੁੱਛੇ ਨਾਮ ਕੀ ਮਦਾਨ ਦਾ,
ਮੈਂ ਨਾ ਚੰਗੂੰ ਏਸ ਧਰਤੀ ਨੂੰ ਜਾਣਦਾ ।

ਜਾਣ ਵਾਲੇ ਕਹਿੰਦੇ, 'ਕਰਬਲਾ ਕਰਬਲਾ',
ਜਾਣ ਗਿਆ ਹੁਸੈਨ ਏਥੇ ਹੋਣਾ ਗਰਬਲਾ ।

ਨਾਲ ਦਿਆਂ ਨੂੰ ਆਖਦਾ ਸਬਾਬ ਲਾਹ ਦਿਉ,
ਜੀਨ ਲਾਹ ਕੇ ਦਾਣਾ ਘੋੜਿਆਂ ਨੂੰ ਪਾ ਦਿਉ ।

'ਰਜਬ ਅਲੀ' ਆਪਣਾ ਟਿਕਾਣਾ ਏਹੋ ਜੀ,
ਤੰਬੂ ਲਾ ਸਵਾਰੀਆਂ ਨੂੰ ਬੰਨ੍ਹ ਦੇਹੋ ਜੀ ।

ਬੈਂਤ-੫

ਲੱਗੀ ਖ਼ਬਰ ਦਮਿਸ਼ਕ ਜਜੀਦ ਨੂੰ ਜੀ,
ਲਿਖੇ ਇਬਨ ਜਿਆਦ ਨੂੰ ਝੱਪਦੇ ਜੀ ।

ਬਸਰਾ ਛੱਡ ਕੇ ਤੁਰਤ ਰਵਾਨ ਹੋ ਜਾ,
ਕੂਫ਼ੇ ਪਹੁੰਚ ਵਿਹਾਰ ਕੁੱਲ ਠੱਪਦੇ ਜੀ ।

ਮੇਰੇ ਉਤੇ ਨਿਰਾਜ਼ ਉਸ ਸ਼ਹਿਰ ਵਾਲੇ,
ਹੁਣ ਨਾਮ ਹੁਸੈਨ ਦਾ ਜੱਪਦੇ ਜੀ ।

ਦਗੇਬਾਜ਼ ਖ਼ੁਸ਼ਾਮਦੀ ਕੈਰ ਕੂੜੇ,
ਬੈਠ ਕਿਲ੍ਹੇ ਉਸਾਰਦੇ ਗੱਪ ਦੇ ਜੀ ।

ਔਖਾ ਕੰਮ ਕੀ ਮਾਰਨਾ ਲਾਲਚੀ ਨੂੰ,
ਮੌਰਾ ਵੱਢ ਬੇਸ਼ੱਕ ਲੱਪ-ਲੱਪ ਦੇ ਜੀ ।

ਐਸੀ ਚਾਲ ਚੱਲ ਆਪਦੀ ਤਰਫ਼ ਕਰ ਲੈ,
ਕੁੱਲ ਜ਼ੁਲਮ ਹੁਸੈਨ ਸਿਰ ਠੱਪਦੇ ਜੀ ।

ਉਹ ਵੀ ਕੱਲ ਸਵੇਰ ਦੇ ਰਵਾਂ ਹੋਏ,
ਅੱਗੋਂ ਘੇਰ ਲੋ ਕਰਬਲਾ ਟੱਪਦੇ ਜੀ ।

ਜਿਉਂਦਾ ਇੱਕ ਨਾ ਜਾਣ ਦਿਉ ਸੱਯਦਾਂ 'ਚੋਂ,
ਭਾਵੇਂ ਜਾਣ ਅਨੇਕ ਦਲ ਖੱਪਦੇ ਜੀ ।

ਤੀਰ ਮਾਰ ਕੇ ਛਾਣ ਦਿਉ ਛਾਤੀਆਂ ਨੂੰ,
ਗਲੇ ਤੇਜ਼ ਤਲਵਾਰਾਂ ਸੇ ਕੱਪਦੇ ਜੀ ।

ਟੰਗੋ ਨੇਜੇ ਤੇ ਸੀਸ ਹੁਸੈਨ ਦਾ ਜੀ,
ਬਾਕੀ ਵਿੱਚ ਮੈਦਾਨ ਦੇ ਨੱਪਦੇ ਜੀ ।

ਬੋਲ ਹਾਰਗੇ ਕੌਲ-ਕਿਰਾਰ ਕਰਕੇ,
ਬੇਈਮਾਨ ਕੂਫ਼ੀ ਬੱਚੇ ਸੱਪ ਦੇ ਜੀ ।

ਘੇਰਾ ਪਾ ਲਿਆ ਜ਼ਾਲਮਾਂ ਸੱਯਦਾਂ ਨੂੰ,
'ਬਾਬੂ' ਨਿੱਗਲ ਜੂ ਕਾਲ ਗੜੱਪ ਦੇ ਜੀ ।

ਦੋਹਿਰਾ

ਹੁਲੀਆ ਸ਼ਿਮਰ ਚੰਡਾਲ ਦਾ, ਸੁਣੋਂ ਸੁਣਾਵਾਂ ਸ਼ੈਰ ।
ਜਿਸਦਾ ਨਾਲ ਹੁਸੈਣ ਦੇ, ਸਿਰਾਂ ਧੜਾਂ ਦਾ ਵੈਰ ।

ਦੋ ਭਾਗ ਛੰਦ-੬

ਮਿਲੀ ਸਰਦਾਰੀ ਜਾਂ ਛਿਮਰ ਹੱਸੇ ਜੀ,
ਵੱਟਦਾ ਚੰਡਾਲ ਦੋਜ਼ਕਾਂ ਨੂੰ ਰੱਸੇ ਜੀ ।

ਬੜਾ ਕਮਜ਼ਾਤ ਦਾ ਖ਼ਰਾਬ ਅਸਲਾ,
ਸੱਯਦਾਂ ਤੇ ਕਰੇ ਨਾ ਭਲਾਈ ਵੱਸ ਲਾ ।

ਕਿਸੇ ਕੋਲੇ ਗੱਲ ਦੱਸਦਾ ਨਾ ਦਿਲ ਦੀ,
ਮਿਲੇ ਦਿਲ ਪਾੜਦੇ, ਭਜਾ ਦੇ ਮਿਲਦੀ ।

ਰੋਣੀ ਤਸਵੀਰ ਹੱਸਕੇ ਨਾ ਉੱਠਿਆ,
ਹਰ ਵੇਲੇ ਰੱਬ ਨਾਲ ਰਹੇ ਰੁੱਠਿਆ ।

ਜੰਮਕੇ ਤੇ ਕਰੀ ਨਾ ਖ਼ਰੈਤ ਹਰਗਾ,
ਦੂਜਿਆਂ ਦੇ ਖਾਣ ਨੂੰ ਸਤਾਰ੍ਹਾਂ ਵਰਗਾ ।

ਕਰ ਦਿੰਦਾ ਮਾਂ ਤੇ ਬਾਪੂ ਦੀ ਵੀ ਚੁਗ਼ਲੀ,
ਕੰਡਿਆਂ ਵਾਲੀ ਕਿੱਕਰੀ ਕਸੂਤੀ ਉਗ਼ਲੀ ।

ਰੰਗ ਤਵੇ ਵਰਗਾ ਮੱਥੇ ਤੇ ਵਾਲ ਜੀ,
ਥੋੜ੍ਹਾ-ਥੋੜ੍ਹਾ ਰਲਦਾ ਲੰਗੂਰਾਂ ਨਾਲ ਜੀ ।

ਅੱਖ ਮੀਚ ਮੀਚ ਕੇ ਉਘੇੜੇ ਖੁੱਡ ਜੀ,
ਬੱਲਦ ਵਾਂਗੂੰ ਨਿਕਲੀ ਅਗਾਂਹ ਨੂੰ ਹੁੱਡ ਜੀ ।

ਸੋਫੀ ਗੱਲਾਂ ਕਰੇ ਜਿਉਂ ਕਿਤਾਬ ਪੜ੍ਹਦਾ,
ਐਂ ਮਲੂਮ ਹੋਵੇ ਕਿਸੇ ਨਾਲ ਲੜਦਾ ।

ਸਾਧੂਆਂ ਨੂੰ ਦੱਸਦੇ ਲਗਾਦੇ ਚੋਰਾਂ ਨੂੰ,
ਆਪ ਹੋਜੇ ਕੰਨੀਂ ਤੇ ਲੜਾਦੇ ਹੋਰਾਂ ਨੂੰ ।

ਹੱਥ 'ਚ ਹੁਕਮ ਸੌਂਪਤਾ ਕਮੀਣ ਨੂੰ,
ਬੇਕਸੂਰ ਬੰਦਿਆਂ ਦਾ ਲਹੂ ਪੀਣ ਨੂੰ ।

ਜਿਹੜੇ ਸ਼ਿਮਰ ਦੇ ਨਾਲ ਸਰੀਰ ਸੀ,
ਪਾਪ ਕਰਨੇ ਦੀ ਕੱਢਗੇ ਲਕੀਰ ਸੀ ।

ਸਾਰਿਆਂ ਕਰੀ ਸ਼ੈਤਾਨ ਦੀ ਸ਼ਗਿਰਦੀ,
ਵਡਿਆਈ ਕਰੀ ਜਾਣ ਇੱਕੋ ਧਿਰ ਦੀ ।

ਬੜੇ ਪੱਕੇ ਰੋੜ ਰੋੜਾਂ ਵਾਲੇ ਵਾਹਣ ਦੇ,
ਬੇਈਮਾਨ ਯਾਰ ਹੁੰਦੇ ਬੇਈਮਾਨ ਦੇ ।

ਸਿਆਹੀ ਲਾ ਇਮਾਮ ਦੀ ਬੇਦਾਗ਼ ਸ਼ੀਸ਼ੀ ਤੇ,
ਸ਼ਿਮਰ ਚੰਡਾਲ ਨੂੰ ਝੜਾਤਾ ਟੀਸੀ ਤੇ ।

'ਰਜਬਲੀ' ਖ਼ਾਨ ਕੰਮ ਝੋਲੀ ਚੱਕਾਂ ਦੇ,
ਅੰਬਾਂ ਤੋਂ ਬਣਾਤੇ ਮੇਵੇ ਮਿੱਠੇ ਅੱਕਾਂ ਦੇ ।

ਦੋਹਿਰਾ

ਕਰਨ ਲੜਾਈ ਕੂਫ਼ਿਊ, ਬੀਸ ਹਜ਼ਾਰ ਚੰਡਾਲ ।
ਤੇ ਘਬਰਾਗੀ ਵੇਖ ਕੇ, ਨਬੀ ਸਾਬ੍ਹ ਦੀ ਆਲ ।

ਦੋ ਭਾਗ ਛੰਦ-੭

ਸੱਯਦਾਂ ਨੂੰ ਘੇਰਾ ਵੈਰੀਆਂ ਨੇ ਪਾ ਲਿਆ,
ਪਾਣੀ ਨੂੰ ਦਰਿਆ ਦੇ ਉਤੇ ਪਹਿਰਾ ਲਾ ਲਿਆ ।

ਆਖ ਦਿਉ ਹੁਸੈਨ ਨੂੰ ਭਜਾ ਤੇ ਬਰਦੇ,
ਬਾਦਸ਼ਾਹ ਜਜੀਦ ਨੂੰ ਸਲਾਮ ਕਰਦੇ ।

ਵੈਰ ਨਾ ਜੇ ਛੱਡਣਾ ਦਲੀਲ ਤੇਰੀ ਐ,
ਰੱਤ ਦੀ ਧਿਆਈ, ਤਲਵਾਰ ਮੇਰੀ ਐ ।

ਉਹ ਗੱਲ ਸੁਣੀ ਜਾਂ ਹੁਸੈਨ ਇੱਕ ਤੋਂ,
ਜਾਵੇ ਲਾਟ ਅੱਗ ਦੀ ਝਲੂੰਦੀ ਹਿੱਕ ਤੋਂ ।

ਹੋ ਗਿਆ ਸਵਾਰ ਨਾਂ ਖ਼ੁਦਾ ਦਾ ਜਪ ਕੇ,
ਮੱਥੇ ਤੇ ਹੁਸੈਨ ਦੇ ਜਲਾਲ ਟਪਕੇ ।

ਗਲ ਵਿੱਚ ਲਟਕਾ ਲਿਆ ਕੁਰਾਨ ਨੂੰ,
ਜਾ ਕੇ ਕਹਿਣ ਲੱਗਾ ਸ਼ਿਮਰ ਸ਼ੈਤਾਨ ਨੂੰ ।

ਕੂਫ਼ੀਆਂ ਸਦਾਇਆ ਤੈਨੂੰ ਸੱਚ ਦੱਸਤਾ,
ਆਇਆ ਮੈਂ ਦੱਸਣ ਨੇਕੀਆਂ ਦਾ ਰੱਸਤਾ ।

ਕਾਹਨੂੰ ਬੇਗੁਨਾਹਾਂ ਬੱਚਿਆਂ ਨੂੰ, ਮਾਰਦੇ,
ਇਹ ਮਛੋਰ੍ਹ ਸਾਰੇ ਨਾਨੇ ਦੇ ਦੁਆਰ ਦੇ ।

ਆਕੇ ਗੱਦੀ ਸਾਂਭਲੇ ਜਜੀਦ ਕਸਬੀ,
ਫੇਰਿਆ ਕਰੂੰ ਮੈਂ ਖੁਦਾ ਦੇ ਨਾਂ ਦੀ ਤਸਬੀ ।

ਉਹਦਾ ਸਿੱਕਾ ਚੱਲਜੇ ਤਮਾਮ ਦੇਸ਼ ਮੇਂ,
ਮੈਂ ਦਿਹਾੜੇ ਕੱਟਲੂੰ ਫ਼ਕੀਰੀ ਵੇਸ ਮੇਂ ।

ਅਸੀਂ ਧੰਨ-ਮਾਲ ਨਾ ਕਿਸੇ ਦਾ ਵੰਡਣਾ,
ਉਹਨੂੰ ਹੋਵੇ ਤਾਜ ਤਖ਼ਤ ਸੁਮੰਡਣਾ ।

ਜੱਗ ਵਿੱਚ ਭਲੇਮਾਣਸਾਂ ਦਾ ਵੇਲਾ ਨਾ,
ਰਹਿੰਦਾ (ਚੰਗਾ)ਉਦੋਂ ਮੰਨਦਾ ਜੇ ਮੇਲਾ ਨਾ ।

ਐਮੇਂ ਕਾਹਤੋਂ ਹੁੰਨੇ ਐ ਉਤਾਹਾਂ-ਠਾਹਾਂ ਨੂੰ ?
ਤੰਬੂ ਪੱਟ ਮੁੜ ਜਾਨੇ ਐਂ ਪਿਛਾਹਾਂ ਨੂੰ ।

ਮੇਰੇ ਜੇ ਕਸੂਰ ਮੇਰਾ ਸ਼ੀਸ਼ ਵੱਢ ਦਿਉ,
'ਰਜਬਲੀ' ਮੇਰੇ ਨਾਲ ਦਿਆਂ ਨੂੰ ਛੱਡ ਦਿਉ ।

ਦੋਹਿਰਾ

ਖੁੱਲ੍ਹਗੀ ਅੱਖ ਹੁਸੈਨ ਦੀ, ਕੂਫ਼ਾ ਬੜਾ ਸ਼ੈਤਾਨ ।
ਬਿਨਾਂ ਕਸੂਰੋਂ ਮਾਰਨਾ, ਲਿਖਦਾ ਨਹੀਂ ਕੁਰਾਨ ।

ਦੋ ਭਾਗ ਛੰਦ-੮

ਤੁਸੀਂ ਗੱਲ ਕਰੋ ਕੂਫ਼ੇ ਦੇ ਪੰਚੈਤੀਉ,
ਤੋੜਤੀ ਲਿਹਾਜ਼ ਗੂੜ੍ਹਿਉ ਹਮੈਤੀਉ ।

ਛੇਤੀ ਛੇਤੀ ਚਲਦੀ ਜ਼ਬਾਨ ਲੁੱਤਰੀ,
ਕੈਂਚੀ ਨਾਲ ਚਾਹੀਦੀ ਜੜਾਂ ਤੋਂ ਕੁਤਰੀ ।

ਅੱਛਾ ਕੰਮ ਨਹੀਂ ਸਲਿਆ ਵੇ ਛਲਕੇ,
ਵੈਰੀਆਂ ਦੇ ਹੱਥਾਂ 'ਚ ਫੜਾਤੇ ਵਲਕੇ ।

ਘਰੋਂ ਸੱਦ ਮੇਰੇ ਕਿਉਂ ਮਰੌਂਦੇ ਲਾਲ ਜੀ,
ਮੂਰਖੋ ਅਖ਼ੀਰ ਨੂੰ ਨਬੀ ਦੀ ਆਲ ਜੀ ।

ਕਾਹਨੂੰ ਬੇੜੀ ਡੋਬਦੇ ਉੱਤਮ ਕੁਲ ਦੀ,
ਨਬੀਆਂ ਦੀ ਅੰਸ਼ ਫਿਰੂਗੀ ਰੁਲ ਦੀ ।

ਪਿੱਛੇ ਦੋ ਰਸੂਲ ਛੱਡਗੇ ਨਿਸ਼ਾਨੀਆਂ,
ਦੋਹਾਂ ਦੀਆਂ ਲੱਗਗੇ ਕਰਨ ਹਾਨੀਆਂ ।

ਇੱਕ ਆਹ ਕੁਰਾਨ ਦੂਜੀ ਜੱਦ ਓਸ ਦੀ,
ਦੋਵੇਂ ਤੱਜ ਦਿੱਤੇ ਗੱਲ ਅਫ਼ਸੋਸ ਦੀ ।

ਜੇਬ ਵਿੱਚੋਂ ਕੱਢਕੇ ਖਤਾਂ ਦਾ ਡੱਬਾ ਜੀ,
ਰੱਖਤਾ ਅਗੇਰੇ ਕਾਗ਼ਜ਼ਾਂ ਦਾ ਥੱਬਾ ਜੀ ।

ਕੰਨਾਂ ਉਤੇ ਹੱਥ ਧਰਕੇ ਤੇ ਕਿਰਗੇ,
ਕੂਫ਼ੀ ਨੱਕ ਮੋਮ ਦੇ ਜ਼ਬਾਨੋਂ ਫਿਰਗੇ ।

ਪਹਿਲਾ ਕਹਿਣ ਲੱਗਾ ਮੈਂ ਪੜ੍ਹਿਆ 'ਵ ਮੂਲ ਨ੍ਹੀਂ,
ਸਾਡੇ ਬੁੜ੍ਹੇ ਨੇ ਵੀ ਵੇਖਿਆ ਸਕੂਲ ਨ੍ਹੀਂ ।

ਏਵੇਂ ਕਹਿਕੇ ਦੂਸਰਾ ਛੁੜਾ ਗਿਆ ਲੜ ਜੀ,
ਅਸੀਂ ਬਾਰਾਂ ਪੀੜ੍ਹੀਆਂ ਤੋਂ ਅਨਪੜ੍ਹ ਜੀ ।

ਤੀਜਾ ਜਾਣ ਗੱਪ ਮਾਰਨੋਂ ਨੀ ਟਲਦਾ,
ਰਿਹਾ ਮੈਂ ਸਿਆਹੀ ਕੁੜਤੇ ਨੂੰ ਮਲਦਾ ।

ਚੌਥਾ ਕਹੇ ਹਰਫ਼ ਪੈਂਤੀ 'ਚੋਂ ਭੁੱਲਾਂ ਜੀ,
ਮਾਰ ਗਿਆ ਮਹੀਨਾ ਅਲਫੇ ਤੇ ਮੁੱਲਾਂ ਜੀ ।

ਫੇਰ ਮੋੜ ਪੰਜਵੇਂ ਸੁਣਾਇਆ ਊਤਨੇ,
ਐਵੇਂ ਦੋ ਕੁ ਜਾਣਦਾ ਬਲਦ-ਮੂਤਣੇ ।

ਛੀਵਾਂ ਮੈਂ ਨਾ ਜਾਣਾ ਪਾੜ੍ਹਤ ਬਦੇਸਣ ਨੂੰ,
ਲਿਖਣ ਜਾਣਦਾ ਨੀ ਵਾਵਰੋਲਾ ਮੇਸਣ ਨੂੰ ।

'ਰਜਬਲੀ' ਅਸੀਂ ਨਾ ਲਿਫ਼ਾਫ਼ੇ ਭੇਜਲੇ,
ਮਰਵਾਕੇ ਜਾਵੇਗਾ, ਪੁੱਤਰ ਹੇਜਲੇ ।

ਬੈਂਤ-੯

ਫੇਰ ਕਿਹਾ ਹੁਸੈਨ ਨੇ ਕਿਆਮਤਾਂ ਨੂੰ,
ਅਮਲ ਤੁਲਣਗੇ ਸੱਚ ਮਕਾਨ ਤੇ ਜੀ ।

ਅੱਗ-ਪੂਜਣੇ ਬੁੱਤ-ਪ੍ਰਸਤ ਕਾਫ਼ਰ,
ਪਛੋਤਾਉਣਗੇ ਹਾਲ ਵਰਾਨ ਤੇ ਜੀ ।

ਬੇੜੇ ਰੁੜ੍ਹਨ ਦਰਿਆ ਵਿੱਚ ਪਾਪੀਆਂ ਦੇ,
ਜਿਹੜੇ ਰਹਿਣ ਨਾ ਧਰਮ-ਈਮਾਨ ਤੇ ਜੀ ।

ਦਿੰਦੇ ਜੰਮਦੀਆਂ ਮਾਰ ਗਰੀਬ ਧੀਆਂ,
ਹੋਵੇ ਮਾਸ ਮੁਰਦਾਰ ਦਾ ਖਾਣ ਤੇ ਜੀ ।

ਛਿੱਤਰ ਮਾਰਦੇ ਬੁੱਢੜਿਆਂ ਮਾਪਿਆਂ ਨੂੰ,
ਡੇਗੇ ਜਾਣਗੇ ਚਾੜ੍ਹ ਬਬਾਨ ਤੇ ਜੀ ।

ਕਿੱਲੇ ਠੁੱਕਣਗੇ ਵਿੱਚ ਖਰੋਪੜੀ ਦੇ,
ਜ਼ੁਲਮ ਕਰਨ ਯਤੀਮ ਨਦਾਨ ਤੇ ਜੀ ।

ਸੂਲੀ ਟੰਗਕੇ ਚੋਰ ਉਚੱਕਿਆਂ ਨੂੰ,
ਤੀਰ ਮਾਰਦੇ ਰੱਖ ਕਮਾਣ ਤੇ ਜੀ ।

ਪੁੱਠੀ ਲਾਹੁਣਗੇ ਖੱਲ ਸ਼ਰਾਬੀਆਂ ਦੀ,
ਇਥੇ ਲਟਕਦੇ ਫਿਰਨ ਕਿਸ ਸ਼ਾਨ ਤੇ ਜੀ ।

ਪੇਟ ਪਾੜ ਅੰਗਿਆਰ ਵਿੱਚ ਭਰੇ ਜਾਣੇ,
ਜਿਹੜੇ ਵੱਢੀਆਂ ਖਾਣ ਜਹਾਨ ਤੇ ਜੀ ।

ਝੂਠ ਬੋਲਦੇ ਚੁਗ਼ਲੀਆਂ ਕਰਨ ਜਿਹੜੇ,
ਸੱਪ ਵੱਢਣਗੇ ਚੱਕ ਜ਼ਬਾਨ ਤੇ ਜੀ ।

ਮੈਲੀ ਝਾਕਣੀ ਝਾਕ ਦੇ ਬੀਬੀਆਂ ਨੂੰ,
ਪੱਥਰ ਵਰ੍ਹਨ ਬੇਸ਼ਰਮ ਸ਼ੈਤਾਨ ਤੇ ਜੀ ।

'ਰਜਬਲੀ' ਮੁੜ ਨਾਨਕੇ ਯਾਦ ਔਂਦੇ,
ਜਦੋਂ ਸਖ਼ਤੀਆਂ ਬਣਦੀਆਂ ਜਾਨ ਤੇ ਜੀ ।

ਦੋਹਿਰਾ

ਫ਼ੌਜਾਂ ਵਿੱਚ ਸਰਦਾਰ ਸੀ, ਜਿਸ ਦਾ ਨਾਂ ਹੁਰ ਲਾਮ ।
ਉੱਚੀ ਸੁੱਚੀ ਕੌਮ ਨੂੰ, ਮਾਰੋਂ ਕਰ ਬਦਨਾਮ ।

ਦੋ ਭਾਗ ਛੰਦ-੧੦

ਸੀ ਭਲਾ ਲੋਕ ਸਰਦਾਰ ਹੁਰ ਜੀ,
ਪਾਪੀਆਂ ਦੀ ਬੇੜੀ ਲੱਗਣੀ ਨਾ ਧੁਰ ਜੀ ।

ਟਲ ਜਾਵੋ ਨਬੀ ਤੇ ਅਲੀ ਦੀ ਟਾਬਰੀ,
ਆਪਾਂ ਤੋਂ ਨਹੀਂ ਹੋਣੀ ਏਹਨਾਂ ਦੀ ਬਰਾਬਰੀ ।

ਇਹਨਾਂ ਚੁੰਘਿਆ ਬੀਬੀ ਫ਼ਾਤਮਾਂ ਦਾ ਦੂਧ ਜੀ,
ਨੇਕ ਰਾਹ ਤੇ ਲੱਗੋ, ਛੱਡ ਦਿਉ ਖ਼ਰੂਦ ਜੀ ।

ਥੋਨੂੰ ਕਰਾਮਾਤਾਂ ਮੈਂ ਸੁਣਾਵਾਂ ਕਿਹੜੀਆਂ,
ਇਨ੍ਹਾਂ ਬੰਨੇ ਲਾਈਆਂ ਡੁੱਬਦੀਆਂ ਬੇੜੀਆਂ ।

ਤਾਰਤੇ ਮਿਹਰਬਾਨੀ ਹੋਗੀ ਜਿਸਤੇ,
ਖ਼ਿਦਮਤਗਾਰੀ ਕਰਦੇ ਫ਼ਰਿਸ਼ਤੇ ।

ਸਿਉਨੇ ਦੇ ਗਿਲਾਸ ਚਿਣੋਂ ਵਿੱਚ ਆਵੀਆਂ,
ਇਨ੍ਹਾਂ ਦੀਆਂ ਹੂਰਾਂ ਲੱਗੀਆਂ ਚੁੰਘਾਵੀਆਂ ।

ਇਹ ਹੈ ਸੁੱਚੇ ਮੋਤੀ ਬੜੀ ਉਚੀ ਕੁੱਲ ਦੇ,
ਤੇ ਜਜੀਦ ਹੋਰੀਂ ਇਨ੍ਹਾਂ ਦੇ ਨ੍ਹੀਂ ਤੁੱਲ ਦੇ ।

ਰੱਬ ਨੇ ਬਣਾਤੇ ਹੈ ਖਲੀਫ਼ੇ ਜੱਗ ਦੇ,
ਇਹੋ ਰਾਜੇ ਆਪਾਂ ਰਾਜ ਦੇ ਕੀ ਲੱਗਦੇ ।

ਇਹਨਾਂ ਵੱਲੋਂ ਵੇਖ ਕੇ ਕਦੇ ਨਹੀਂ ਝੁਕਣਾ,
ਇਕ ਇਕ ਵੀਹਾਂ ਵੀਹਾਂ ਤੋਂ ਨੀ ਰੁਕਣਾ ।

ਮੁੱਛ ਕਤਰਾਂਦੀ ਛੱਡ ਕੇ ਜੇ ਤੁਰਗੇ,
ਥਾਂ ਤੇ ਭੁੱਜ ਜਾਣਗੇ ਅਸੀਲ ਮੁਰਗੇ ।

ਛੈਣੀਆਂ ਬਣਾਈਆਂ ਪੱਕਾ ਲੋਹਾ ਕੁੱਟਕੇ,
ਧੜ ਵੀ ਲੜਨ ਸਿਰਾਂ ਨਾਲੋਂ ਟੁੱਟਕੇ ।

ਬਣਦਾ ਕੀ ਤੋੜ ਪੁਰਜ਼ੇ ਮਸ਼ੀਨ ਦੇ,
ਵੇਖੀਂ ਥੰਮ੍ਹ ਡੇਗਦੇਂ ਅਲਾਹੀ ਦੀਨ ਦੇ ।

ਸਾਰੀ ਬਣੀ ਜਾਂਦੀ ਹੈ ਮਿਸਲ ਹੁਣ ਦੀ,
ਬੇ-ਗੁਨਾਹ ਦੀ ਅਰਸ਼ੀਂ ਅਵਾਜ਼ ਸੁਣਦੀ ।

ਊਂ ਤਾਂ ਗੱਲਾਂ ਕਾਲਜਿਆਂ ਨੂੰ ਚੀਰੀ ਜਾਂਦੀਆਂ,
ਕੂਫ਼ੀਆਂ ਨਕਾਰਿਆਂ ਚਿੱਤ ਤੇ ਨਾ ਲਿਆਂਦੀਆਂ ।

ਸਗੋਂ ਅੱਗੋਂ ਕਰੇ ਸ਼ਿਮਰ ਮਰੋੜ ਜੀ,
'ਰਜਬਲੀ' ਬੰਨ੍ਹ ਖਾਨ ਦੀ ਕੀ ਲੋੜ ਜੀ ।

ਦੋਹਿਰਾ

ਜ਼ਾਲਮ ਚੜ੍ਹਗੇ ਕੂਫ਼ਿਉਂ, ਫਿਰੇ ਹੁਸੈਨ ਹਰਾਨ ।
ਵੀਰ ਫ਼ਿਕਰ ਵਿੱਚ ਪੈ ਗਿਆ, ਤੜਫੇ ਭੈਣ ਰਕਾਨ ।

ਤਰਜ਼ ਦੋਤਾਰਾ-੧੧

(੧)

ਛੱਡ ਮੱਕੇ-ਮਦੀਨੇ ਨੂੰ ਲਾ ਲਿਆ ਆਣ ਉਜਾੜੀਂ ਡੇਰਾ ।
ਅੱਜ ਬਦਲਿਆ ਦੀਂਹਦਾ ਨੀ, ਸੂਰਮੇ ਸ਼ੇਰ ਭਰਾ ਦਾ ਚਿਹਰਾ ।
ਰੰਗ ਹਲਦੀ ਵਰਗਾ ਨੀ, ਕਿਤੋਂ ਕੀ ਖ਼ਬਰਾਂ ਮਿਲਗੀਆਂ ਬੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੨)

ਅੱਜ ਫਿਰਦਾ ਘਾਬਰਿਆ, ਲਵੇ ਨਾ ਚੈਨ ਪਲਕ ਨਾ ਟਿੱਕਲੇ ।
ਤੇ ਵੜ-ਵੜ ਤੰਬੂਆਂ 'ਚੋਂ, ਬਾਹਰ ਵੱਲ ਦੌੜ-ਦੌੜ ਕੇ ਨਿਕਲੇ ।
ਫਿਰ ਮੁੜ ਪਿਆ ਪੈਰਾਂ ਤੋਂ, ਆ ਗਿਆ ਯਾਦ ਮਨੋਂ ਕੀ ਫੁਰੀਆਂ ?
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੩)

ਬਹਿ ਸੀਸ ਪਲੋਸੇ ਨੀ, ਅੱਖਾਂ 'ਚੋਂ ਨੀਰ ਸਿੱਟ੍ਹੇ ਲੈ ਹੌਕੇ ।
ਤਿੰਨ ਵਾਰ ਭਣੇਵਿਆਂ ਨੂੰ, ਆਣਕੇ ਵੇਖ ਗਿਆ ਭੌਂ-ਭੌਂ ਕੇ ।
ਚੁੰਮ ਹਿੱਕ ਨੂੰ ਲੌਂਦਾ ਸੀ, ਕਾਸਤੋਂ ਬੈਠ ਬਥੇਰਾ ਝੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੪)

ਹੱਥ ਫੜਕੇ ਕਾਸਮ ਦਾ, ਭਲਾ ਕੀ ਕਰੇ ਸਲਾਹਾਂ ਖੂੰਜੇ ?
ਘੁੱਟ ਪਾ ਕੇ ਜੱਫੀਆਂ ਨੂੰ, ਮਿਲੇ ਜਲ ਭਰਦਾ ਨੇਤਰ ਪੂੰਝੇ ।
ਫੜ ਨਿਕੜੇ ਅਸਗਰ ਨੂੰ, ਗੋਦ ਵਿੱਚ ਚੱਕਲੇ ਕਰਕੇ ਖੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੫)

ਕੀ ਸੋਚੀਂ ਪੈ ਗਿਆ ਨੀ, ਕਦੇ ਦਾ ਤਲੀਆਂ ਮਲਦਾ-ਮਲਦਾ ।
ਹਿੱਕ ਕੱਢ ਖੜ੍ਹ ਗਿਆ ਨੀ, ਵੀਰ ਨੇ ਬਟਨ ਖੋਲ੍ਹ ਲਿਆ ਗਲ ਦਾ ।
ਕੰਨ ਲਾ ਕੇ ਸੁਣਦਾ ਨੀ, ਜਿਸ ਤਰ੍ਹਾਂ ਵੱਜਣ ਮੌਤ ਦੀਆਂ ਤੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

(੬)

ਕਿਉਂ ਉਠਦਾ ਬਹਿੰਦਾ ਨੀ, ਪਲੰਘ ਤੇ ਪਲ-ਪਲ ਪੈਣ ਭੁਲੇਖੇ ।
ਕੀ ਔਂਦਾ ਕੂਫ਼ੇ 'ਚੋਂ, 'ਰਜਬਲੀ' ਨਜ਼ਰ ਉਠਾ ਕੇ ਦੇਖੇ ।
ਹੈ ਦੁਸ਼ਮਣ ਬਾਹਲੇ ਨੀ, ਵੀਰ ਨੂੰ ਲੱਗੀਆਂ ਦਿਸਦੀਆਂ ਪੁਰੀਆਂ ।
ਕੋਈ ਫ਼ਿਕਰ ਭਰਾ ਨੂੰ ਜੀ, ਭੈਣ ਦੇ ਵੱਜਣ ਕਾਲਜੇ ਛੁਰੀਆਂ ?

ਦੋਹਿਰਾ

ਤੰਬੂਉਂ ਵੜ-ਵੜ ਨਿਕਲਦਾ, ਬਾਹਰ ਅਮਾਮ ਹੁਸੈਨ ।
ਅੱਜ ਕੀ ਭੀੜਾਂ ਪੈਗੀਆਂ, ਰੋ-ਰੋ ਪੁੱਛਦੀ ਭੈਣ ।

ਤਰਜ਼ ਝੋਕ-੧੨

(੧)

ਵੀਰ ਨੂੰ ਜੈਨਬ ਪੁੱਛਦੀ ਬਾਹਰ ਨੂੰ ਤੱਕਦਾ ਕੀ ।
ਤੰਬੂਆਂ ਵਿੱਚ ਮੁੜ-ਮੁੜ ਵੜਦਾ, ਏਥੋਂ ਕੋਈ ਚੱਕਦਾ ਕੀ ?
ਤੇਰਾ ਰੱਬ ਡਾਢਾ ਮਾਲਕ, ਵੈਰੀ ਕਰ ਸਕਦਾ ਕੀ ?
ਫ਼ਿਕਰਾਂ ਵਿੱਚ ਪੈ ਗਈ ਜਿੰਦੜੀ, ਦਿਲ ਦਾ ਕੁਝ ਭੇਤ ਦੇ ।
ਪਾਣੀ ਨਾ ਮਿਲਦਾ, ਡੇਰੇ ਲਾਲੇ ਵਿੱਚ ਰੇਤ ਦੇ ।
ਤੇਰੇ ਨਾਲ ਰਲਕੇ ਜੰਮੀਂ, ਵੰਡਣ ਨੂੰ ਪੀੜਾਂ ਵੇ ।
ਮਾਲਕ ਹੱਲ ਕਰਦੂ ਮੁਸ਼ਕਲ, ਬਣੀਆਂ ਸਿਰ ਭੀੜਾਂ ਵੇ ।
ਮੱਕੇ ਵਿੱਚ ਰੱਬ ਦੇ ਨਾਂ ਦੀਆਂ ਦੇਗਾਂ ਚੱਲ ਬੀੜਾਂ ਵੇ ।
ਘੜੀ ਪਲ 'ਰਾਮ ਕਰਲੋ, ਤੰਬੂਆਂ ਵਿੱਚ ਘੁਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੨)

ਸੰਭਲ ਕਰ ਤੁਰਨਾ ਏਥੇ, ਨਾਗਾਂ ਦੀ ਵਰਮੀ ਵੇ ।
ਪਾਪਣਾਂ ਚੱਲਣ ਲੋਆਂ ਕਹਿਰ ਦੀ ਗਰਮੀ ਵੇ ।
ਦੁਖੜਿਆਂ ਨੂੰ ਛੱਡ ਗਿਆ ਭਾਈ, ਅਮੜੀ-ਪਿਉ ਧਰਮੀ ਵੇ ।
ਬਾਬਲ ਪਰ ਸ਼ੇਰ ਖ਼ੁਦਾ ਦਾ, ਹੁੰਦਾ ਅੱਜ ਜ਼ਿੰਦਾ ਵੇ ।
ਤੈਨੂੰ ਵਾ ਤੱਤੀ ਵੀਰਾ ਲੱਗਣ ਨਾ ਦਿੰਦਾ ਵੇ ।
ਇਸ ਜਗ੍ਹਾ ਦੁਸ਼ਮਣ ਆਪਣੀ, ਇੱਕੋ-ਇੱਕ ਝਾੜੀ ਐ ।
ਖਾਗੀ ਫੜ ਵੱਡੇ ਭਰਾ ਨੂੰ ਮੌਤ-ਬਘਿਆੜੀ ਐ ।
ਇਧਰੇ ਪਿਉ ਦੀ ਗਰਦਨ ਤੇਗਾਂ ਨਾਲ ਪਾੜੀ ਐ ।
ਬਹਿਕੇ ਘੁੱਟ ਸ਼ਰਬਤ ਪੀ ਲੈ, ਧੁੱਪ ਵਿੱਚ ਸੁੱਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੩)

ਰੋਨਾਂ ਕਿਉਂ ਚੋਰੀ-ਚੋਰੀ, ਤੰਬੂਆਂ ਵਿੱਚ ਵੜਕੇ ਤੂੰ ।
ਹਿੱਕ ਨੂੰ ਚੁੰਮ ਲੌਣਾ ਲਾਡਲੇ, ਅਸਗਰ ਫੜ ਫੜਕੇ ਤੂੰ ।
ਵੇਂਹਦਾ ਦਰਿਆ ਦੇ ਵੱਲ ਕੀ, ਉਚੇ ਥਾਂ ਖੜ੍ਹਕੇ ਤੂੰ ।
ਪਾਣੀ ਨੂੰ ਪਹਿਰੇ ਲੱਗਗੇ, ਦੀਂਹਦੀ ਪਈ ਗਾਰਦ ਵੇ ।
ਆਪਣੇ ਤੇ ਪਾਪਣ ਹੋਣੀ, ਹੋਗੀ ਅੱਜ ਵਾਰਦ ਵੇ ।
ਸੱਯਦਾਂ ਨੇ ਡਿੱਗਣਾ ਨਾਹੀਂ, ਸੱਚ ਦੀਆਂ ਲੈਣਾਂ ਤੋਂ ।
ਚਿਹਰੇ ਤੇ ਦਾਗ਼ ਜੇ ਲੱਗਗੇ, ਇੰਝਾਂ ਡਿੱਗ ਨੈਣਾਂ ਤੋਂ ।
ਉਹਲੇ ਕੀ ਰੱਖਦਾ ਫਿਰਦਾ, ਭੈਣਾਂ ਵਖਤੈਣਾਂ ਤੋਂ ।
ਦਿਲ ਦੀ ਗੱਲ ਦੱਸਦਾ ਨਾਹੀਂ, ਵਿੱਚੇ-ਵਿੱਚ ਸੁੱਕਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੪)

ਹਜ਼ਰਤ ਦੇ ਦੋਹਤੇ ਆਪਾਂ, ਦੀਨ ਦੇ ਰਾਖੇ ਐਂ ।
ਝੱਲਦੇ ਗ਼ਮ ਐਡੇ ਹੋਗੇ, ਦੁੱਖਾਂ ਵਿੱਚ ਗਾਖੇ ਐਂ ।
ਸ਼ਿਮਰ ਕਮਜ਼ਾਤ ਦੇ ਤੂੰ, ਲੱਗਦਾ ਕਿਉਂ ਆਖੇ ਐਂ ?
ਹੋ ਗਿਆ ਮੋਹਿਤ ਸੁਣਕੇ, ਚੋਪੜੀਆਂ ਗੱਲਾਂ ਨੂੰ ।
ਬੱਚਿਆਂ ਦੀ ਰੱਤ ਪਾ ਸਿੰਜਣਾਂ, ਦੀਨ ਦੀਆਂ ਵੱਲਾਂ ਨੂੰ ।
ਨਾਨੇ ਦੀ ਉੱਮਤ ਉਤੇ ਬੱਚੜਿਆਂ ਨੂੰ ਵਾਰ ਦੇ ।
ਤਾਜ ਤੇ ਤਖ਼ਤ ਉਤੇ, ਖੜ੍ਹਕੇ ਲੱਤ ਮਾਰਦੇ ।
ਦੇ ਕੇ ਜਿੰਦ ਹਾਜ਼ਰ ਹੋ ਜਾ, ਸੱਚੀ ਸਰਕਾਰ ਦੇ ।
ਉੱਠ ਕੇ ਸ਼ਮਸ਼ੀਰ ਧੂਲੈ, ਦੁਸ਼ਮਣ ਨੂੰ ਝੁਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

(੫)

ਫ਼ਾਤਮਾਂ ਬੀਬੀ ਜਦੋਂ, ਅਜਲ ਨੇ ਘੇਰੀ ਸੀ ।
'ਬਾਬੂ' ਫੜਾਗੀ ਮੈਨੂੰ, ਫੜਕੇ ਬਾਂਹ ਤੇਰੀ ਸੀ ।
ਸਖ਼ਤ ਤਕੀਦਾਂ ਕਰੀਆਂ, ਆਖਿਆ ਕਈ ਵੇਰੀ ਸੀ ।
ਵੀਰ ਦੀ ਮੱਦਦ ਕਰਨੀ, ਕਹਿਰ ਦੀਆਂ ਘੜੀਆਂ ਮੇਂ ।
ਵੇਖੀਂ ਨਾ ਡਰਦਾ ਆਜੀਂ, ਦੁਸ਼ਮਣ ਦੀਆਂ ਤੜੀਆਂ ਮੇਂ ।
ਭੁਜਜੋ ਭਮੱਕੜਾਂ ਵਾਂਗੂੰ, ਮਰਨਾ ਇੱਕ ਵਾਰੀ ਐ ।
ਆਪਾਂ ਨੂੰ ਜਿੰਦੜੀ ਨਾਲੋਂ, ਆਖ਼ਰ ਅੱਜ ਪਿਆਰੀ ਐ ।
ਮੈਨੂੰ ਹੁਣ ਚੇਤੇ ਆਗੀ, ਮਾਂ ਦੀ ਗੱਲ ਸਾਰੀ ਐ ।
ਆਖਗੀ ਦੁੱਖ ਵੰਡਾਉਣੇ, ਕਹੇ ਲੱਗ ਉੱਕ ਨਾ ਵੇ ।
ਜੈਨਬ ਹਮਦਰਦ ਭੈਣ ਤੋਂ, ਵੀਰਾ ਰੱਖ ਲੁੱਕ ਨਾ ਵੇ ।

ਦੋਹਿਰਾ

ਬੈਂਤ ਅਮਾਮ ਹੁਸੈਨ ਨੇ, ਕੀਤੀ ਨਹੀਂ ਕਬੂਲ ।
ਬਿਨਾਂ ਲੜਾਈਓਂ ਫ਼ੈਸਲਾ ਹੋ ਨਾ ਸਕਦਾ ਮੂਲ ।

ਦੋ ਭਾਗ ਛੰਦ-੧੩

ਹੋਊ ਜੰਗ ਗੱਲਾਂ ਆ ਕਿਸੇ ਨੇ ਕਰੀਆਂ,
ਪਲ ਵਿੱਚ ਮਾਈਆਂ ਫ਼ਿਕਰਾਂ ਨੇ ਚਰੀਆਂ ।

ਅੱਜ ਭੀੜ ਬਣੀ ਸਾਰੇ ਪਰਿਵਾਰ ਤੇ,
ਕਰਾਂਗੇ ਕੀ ਜਦੋਂ ਸਰਦਾਰ ਮਾਰਤੇ ?

ਅੱਖੀਆਂ ਦੇ ਵਿੱਚੋਂ ਚੱਲਣ ਤਤੀਰ੍ਹੀਆਂ,
ਕੀਹਨੇ ਛੱਡਣੀਆਂ ਨਿੱਕੀਆਂ ਪਨੀਰੀਆਂ ?

ਹੁਣ ਧੌਣ ਜਾਊਗੀ ਭਰਾ ਦੀ ਕੁਤਰੀ,
ਰੋਣ ਲੱਗੀ ਜੈਨਬ, ਅਲੀ ਦੀ ਪੁੱਤਰੀ ।

ਬੁਰੇ ਸਾਕ ਭੈਣ ਤੇ ਬਰਾ ਦੇ ਮੱਚੜੇ,
ਲਾਲੇ ਦੋਹੀਂ ਉਂਗਲੀਂ ਨਿਆਣੇ ਬੱਚੜੇ ।

ਜਾਕੇ ਦੋਵੇਂ ਪੇਸ਼ ਕਰਤੇ ਹੁਸੈਨ ਦੇ,
ਪਹਿਲਾਂ ਭੇਟਾ ਚਾੜ੍ਹਦੇ ਪੁੱਤਰ ਭੈਣ ਦੇ ।

ਸਿਰੋਂ ਨੰਗੀ ਮੈਂ ਕੱਟ ਲਿਆ ਰੰਡੇਪ ਵੇ,
ਸਾਨੂੰ ਤੇਰੇ ਖਾਧਿਆਂ ਟੁੱਕਾਂ ਦੀ ਝੇਪ ਵੇ ।

ਕਦੇ ਨਾ ਭੁਲਾਵਾਂ ਦਿਲੋਂ ਮਾਂ ਦੀ ਗੱਲ ਨੂੰ,
ਅਲਕ ਵਛੇਰੇ ਪਾਲੇ ਕਿਹੜੀ ਗੱਲ ਨੂੰ ।

ਕੀ ਪਿਆਰ ਤੇਰੇ ਸੀਸ ਉਤੋਂ ਵਾਰੇ ਨਾ ?
ਭੈਣ ਨੂੰ ਭਰਾ ਤੋਂ ਪੁੱਤਰ ਪਿਆਰੇ ਨਾ ।

ਸੁਣ ਕੇ ਵੈਰਾਗ ਰੋਣ ਲੱਗੂ ਦੁਨੀਆਂ,
ਭੈਣ ਦੀਆਂ ਗੱਲਾਂ ਜਾਂ ਭਰਾ ਨੇ ਸੁਣੀਆਂ ।

ਹਿੱਕ ਨਾਲ ਲਾ ਲੇ ਐ ਭਣੇਵੇਂ ਫੜਕੇ,
ਰੋ ਪਿਆ ਹੁਸੈਨ ਡੁੱਸ-ਡੁੱਸ ਕਰਕੇ ।

ਅੱਜ ਤੇਰੇ ਪੁੱਤ ਦੁੱਧ ਦੀਆਂ ਦੰਦੀਆਂ,
ਗਾਲ੍ਹਾਂ ਦੇਣ ਲੱਗੇ ਨਾਨੀਆਂ ਨੂੰ ਗੰਦੀਆਂ ।

ਅਜੇ ਕੱਚੇ ਗੋਭੇ ਉਮਰਾਂ ਦੇ ਲੈਰੇ ਐ,
ਅਜੇ ਦੋਵੇਂ ਸੁੱਤੇ ਜਾਗਦੇ ਦੁਪਹਿਰੇ ਐ ।

ਅਜੇ ਤੀਕ ਬੰਦੇ ਓਪਰੇ ਤੋਂ ਸੰਗਦੇ,
ਅਜੇ ਇਹ ਪਠੋਹਰ ਟੁੱਕ ਰੋ ਕੇ ਮੰਗਦੇ ।

ਅਜੇ ਚੰਗੂੰ ਧੋਣ ਜਾਣਦੇ ਨੀ ਕੁੜਤੇ,
ਅਜੇ ਰੁੱਸ ਜਾਂਦੇ ਮਖਣੀ ਤੇ ਗੁੜ ਤੇ ।

ਅਜੇ ਪਾੜ ਦਿੰਦੇ ਐ ਕਿਤਾਬਾਂ ਪੜ੍ਹਕੇ,
ਅਜੇ ਤੀਕ ਵੇਖੇ ਨੀ ਹਥਿਆਰ ਫੜਕੇ ।

ਜਦੋਂ ਤੀਕ ਧੌਣ ਸਾਬਤ ਹੁਸੈਨ ਦੀ,
ਉਦੋਂ ਤੀਕ ਰਹੂ ਹਿੱਕ ਠੰਡੀ ਭੈਣ ਦੀ ।

'ਰਜਬਲੀ' ਆਹਾ ਗੱਲ ਇੱਕੋ ਮੁੱਲ ਦੀ,
ਕਿਹੜਾ ਲਾਜੇ ਮੇਰੇ ਭਾਣਜਿਆਂ ਨੂੰ ਫੁੱਲ ਵੀ ।

ਮਨੋਹਰ ਭਵਾਨੀ ਛੰਦ-੧੪

ਗੱਲ ਗੁੰਦਕੇ ਤੇ ਔਂਦੀ, ਤੇਲ ਸਾਬਣ ਮੰਗੌਂਦੀ, ਮਲ-ਮਲ ਕੇ ਨਹੌਂਦੀ,
ਲੈਕੇ ਠੰਡਿਆਂ ਨੀਰਾਂ ਨੂੰ । ਲਾਲੀ ਚੜ੍ਹੀ ਜਾਵੇ ਗੁੰਦਮਿਆਂ ਸਰੀਰਾਂ ਨੂੰ ।
ਵਿੱਚੋਂ ਹੋ ਗਈ ਹਰਾਸ, ਪਿਆਰ ਦੇ ਬਹਾਲੇ ਪਾਸ, ਪਾਵੇ ਰੇਸ਼ਮੀ ਲਿਬਾਸ,
ਦੱਸ ਤਾਰਾਂ ਦਿੱਤੀਆਂ । ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਤੇੜ ਬੰਨ੍ਹੇ ਸਾਲੂ ਰੰਗੇ, ਗਲਾਂ ਨੂੰ ਰੁਮਾਲ ਚੰਗੇ, ਫੇਰੇ ਬੋਦੀਆਂ ਤੇ ਕੰਘੇ,
ਪੁੱਤਰਾਂ ਦੀ ਮਮਤਾ । ਰੱਬ ਦੇ ਹਵਾਲੇ ਪੁੱਤ ਹੋਜੋ ਰਮਤਾ ।
ਜੱਫੀ ਵਿੱਚ ਲੈ ਕੇ ਘੁੱਟੇ, ਨਾ ਥਿਉਂਦੇ ਬਾਜ਼ ਛੁੱਟੇ, ਨਾ ਜਜੀਦ ਪਾਪੀ ਲੁੱਟੇ,
ਸੀ ਭੜੌਂਦੀ ਭਿੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਕਦੇ ਗੋਦ 'ਚ ਬਹਾਲੇ, ਕਦੇ ਹਿੱਕ ਨਾਲ ਲਾ ਲੇ, ਕਦੇ ਸਾਹਮਣੇ ਖੜ੍ਹਿਆਲੇ,
ਚੌਧਮੀਂ ਦੇ ਚੰਦਾਂ ਨੂੰ । ਚੁੰਮਦੀ ਨਾ ਰੱਜੇ ਚਿੱਟੇ-ਚਿੱਟੇ ਦੰਦਾਂ ਨੂੰ ।
ਕਦੇ ਰੋਵੇ ਬਹਿ ਕੇ ਖੂੰਜੇ, ਕਦੇ ਆਂਸੂਆਂ ਨੂੰ ਪੂੰਝੇ, ਜੰਗ ਦਾ ਮੈਦਾਨ ਗੂੰਜੇ,
ਨਾ ਦਲੀਲਾਂ ਰਿੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਉਥੇ ਲਾਵਣਾ ਨਾ ਢਿਲ, ਔਣਾ ਮੌਤ ਨਾਲ ਮਿਲ, ਕਦੇ ਲੱਗਣੇ ਨਾ ਦਿਲ,
ਜੈਨਬ ਦੇ ਉੱਕੜੇ । ਜੁਦਾ ਹੋਣ ਲੱਗੇ ਕਾਲਜੇ ਦੇ ਟੁੱਕੜੇ ।
ਊਂਤਾਂ ਵੱਗਦੇ ਨਾ ਜੇਰੇ, ਹੱਥ ਜਿਸਮਾਂ ਤੇ ਫੇਰੇ, ਹੇਠ ਕੋਤਲ ਵਛੇਰੇ,
ਜਾ ਲਤਾੜੇ ਖਿੱਤੀਆਂ । ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਨਾਲੇ ਪਤਲੂਣ ਪਾਤੀ, ਪੇਟੀ ਲੱਕ ਨੂੰ ਬਨ੍ਹਾਤੀ, ਕੋਟ ਨੂੰ ਕੰਤੂਨ ਲਾਤੀ,
ਤੇ ਜ਼ੰਜੀਰੀ ਜਾਮੇ ਨੂੰ । ਵੇਖਿਉ ਕਿਤੇ ਹਾਨੀ ਨਾ ਦਵਾਉਣੀ ਮਾਮੇ ਨੂੰ ।
ਜਾਕੇ ਮਾਰ ਦੇਵੋ ਪਾਪੀ, ਹੱਥੀਂ ਤੋਰ ਤੇ ਮਲਾਪੀ, ਵੇ ਜਹਾਨ ਦੇਵੇ ਥਾਪੀ,
ਜੇ ਲੜਾਈਆਂ ਜਿੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਛੇਤੀ ਤਲਵਾਰਾਂ ਫੜੋ, ਉਠੋ ਜੰਗ ਉੱਤੇ ਚੜ੍ਹੋ, ਜਾ ਭਰਿੰਡ ਵਾਂਗੂੰ ਲੜੋ,
ਉਡਣੇ ਸਪੋਲੀਓ । ਵੇਖਿਉ ਕਿਤੇ ਭੱਜ ਜਾਵਣਾ ਨਾ ਰੋਲੀਉ ।
'ਰਜਬਲੀ ਖਾਂ' ਨਾ ਪੌਰੂ, ਵੱਜੇ ਜੰਗ ਵਾਲਾ ਡੌਰੂ, ਜਾਂਦੇ-ਸਾਰ ਪਾਦਿਉ ਖੌਰੂ,
ਕਾਹਦੀਆਂ ਇਲੱਤੀਆਂ ।ਬੱਤੀ ਧਾਰਾਂ ਮਾਤਾ ਨੇ ਬਖ਼ਸ਼ ਦਿੱਤੀਆਂ ।

ਬੈਂਤ-੧੫

ਲਿਖਿਆ ਇਬਨ ਜ਼ਿਆਦ ਨੇ ਸ਼ਿਮਰ ਨੂੰ ਸੀ,
ਰਾਹ 'ਚ ਘੇਰ ਕੇ ਮਾਰ ਲੈ ਡਾਕਿਆਂ ਨੂੰ ।

ਟਿੱਡੀ ਦਲ ਉਤਾਰ ਕੇ ਕਰਬਲਾ ਮੇਂ,
ਵੈਰੀ ਮੱਲ ਕੇ ਬੈਠ ਗੇ ਨਾਕਿਆਂ ਨੂੰ ।

ਨਹੀਂ ਮੱਕੇ ਸ਼ਰੀਫ਼ ਨੂੰ ਮੁੜਨ ਦਿੰਦੇ,
ਹਿੱਲਣ ਦੇਣ ਗੁਲਾਮ ਨਾ ਆਕਿਆਂ ਨੂੰ ।

ਪਹਿਰੇ ਲੱਗਗੇ ਨਦੀ ਫਰਾਤ ਤੇ ਜੀ,
ਤੰਗ ਕਰਨ ਪਿਆਸ ਦੇ ਫਾਕਿਆਂ ਨੂੰ ।

ਲੱਗੇ ਖੋਹਣ ਜਜੀਦ ਦੇ ਮੁਲਕ ਨੂੰ ਜੀ,
ਆਗੇ ਕਰਨ ਖ਼ਰਾਬ ਇਲਾਕਿਆਂ ਨੂੰ ।

ਬੱਚਿਆਂ ਸਣ੍ਹੇ ਸਰਦਾਰ ਤਰੇਹਟ ਬੱਚੇ,
ਗਲੇ ਕੱਟਲੋ ਮਾਰ ਦਬਾਕਿਆਂ ਨੂੰ ।

ਹੋਗੇ ਜੰਗ ਨੂੰ ਤਿਆਰ ਪੁੱਤ ਜੈਨਬੇ ਦੇ,
ਰੁਨੀ ਮਾਂ ਹਥਿਆਰ ਲਾ ਕਾਕਿਆਂ ਨੂੰ ।

ਦੇਵੇ ਪਿਆਰ ਹੁਸੈਨ ਭਣੇਵਿਆਂ ਨੂੰ,
ਤੋਰੇ ਜੰਗ ਦੀ ਤਰਫ਼ ਲੜਾਕਿਆਂ ਨੂੰ ।

ਚੜ੍ਹੇ ਮਾਰ ਪਲਾਕ ਵਛੇਰਿਆਂ ਤੇ,
ਤੇਗਾਂ ਧੂਲੀਆਂ ਚੱਕਤਾ ਝਾਕਿਆਂ ਨੂੰ ।

ਧੂੜਾਂ ਉਠਦੀਆਂ ਵਿੱਚ ਮੈਦਾਨ ਦੇ ਜੀ,
ਜਾਕੇ ਲੱਗਗੇ ਪੌਣ ਪਟਾਕਿਆਂ ਨੂੰ ।

ਪਵੇ ਧਮਕ ਤਲਵਾਰ ਦੀ ਦੂਰ ਤੋਂ ਜੀ,
ਦੋ-ਦੋ ਮੀਲ ਤੋਂ ਸੁਣਨ ਧਮਾਕਿਆਂ ਨੂੰ ।

ਨਾਲ ਲਹੂ ਦੇ ਛੱਪੜੀਆਂ ਭਰਤੀਆਂ ਜੀ,
ਤੁਰਤ ਭਾਜੜਾਂ ਪੈਣ ਇਲਾਕਿਆਂ ਨੂੰ ।

ਹੁਣ ਤੱਕ ਜਹਾਨ ਤਰੀਫ਼ ਕਰਦਾ,
'ਵੈਰੀ ਗੁਡ' ਵਖਾਗੇ ਸਾਕਿਆਂ ਨੂੰ ।

ਐਨੇ ਮਾਰੇ ਚੰਡਾਲ ਸ਼ੁਮਾਰ ਨਾਹੀਂ,
ਹੋਗੇ ਆਪ ਸ਼ਹੀਦ ਕਰ ਵਾਕਿਆਂ ਨੂੰ ।

'ਰਜਬਲੀ ਖਾਂ' ਸ਼ੈਰ ਪਰੀਤ ਲਾਕੇ,
ਜੰਗ ਕਰਬਲਾ ਦੇ ਖਿੱਚੀਂ ਖਾਕਿਆਂ ਨੂੰ ।

ਦੋਹਿਰਾ

ਲੈਗੇ ਟਿਕਟ ਜਹਾਜ਼ ਦਾ, ਦੋਵੇਂ ਕੌਰ ਸ਼ੁਕੀਨ ।
ਦੁਖੀ ਭੈਣ ਦੇ ਵੀਰ ਨੂੰ, ਝੱਲ ਦੀ ਨਹੀਂ ਜ਼ਮੀਨ ।

ਮੁਕੰਦ ਛੰਦ-੧੬

ਗੋਡੇ ਮੁੱਢ ਬੈਠਕੇ ਦੁਖਿਆਰੀ ਭੈਣ ਦੇ,
ਠਣ-ਠਣ ਇੰਝਾਂ ਡਿੱਗਣ ਹੁਸੈਨ ਦੇ ।
ਉਚੀ ਭੁੱਬਾਂ ਮਾਰੇ ਪੁੱਤਾਂ ਦੀ ਸਨੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਤੇਰੇ ਭੈਣੇ ਐਹੋ ਜੀ ਤਸੀਰ ਦੁੱਧ ਮੇਂ,
ਜਾਂਦੇ ਸਾਰ ਫੇਰਤੀ ਦੁਹਾਈ ਯੁੱਧ ਮੇਂ ।
ਬੜਾ ਵੀਰ ਛੋਟੇ ਨੂੰ ਦਲੇਰੀ ਚੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਮਾਰਦੇ ਵਡਿਆਈਆਂ ਸੀ ਸ਼ਿਮਰ ਵਰਗੇ,
ਤੇਰੇ ਦੋਹਾਂ ਸੂਰਮਿਆਂ ਪੁੱਤਾਂ ਤੋਂ ਡਰਗੇ ।
ਭਾਵੀ ਨੇ ਝੜਾਤੇ ਉਤੇ ਕਾਲ ਭੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਜੰਗ ਦੇ ਮੈਦਾਨ 'ਚ ਫਿਰਨ ਉਡਦੇ,
ਜਾਣੀ ਰਹੇ ਕਰਦੇ ਲੜਾਈ ਮੁੱਢਦੇ ।

ਲਗੜਾਂ ਅੜਿੱਕੇ ਆ ਗਏ ਬੱਚੇ ਕਾਉਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਰੱਖੀ ਫੌਜ ਵੈਰੀ ਦੀ ਬਥੇਰੀ ਖੇਤ ਮੇਂ,
ਨੈ ਲਹੂ ਦੀ ਮਾਰਕੇ ਚਲਾਤੀ ਰੇਤ ਮੇਂ ।
ਚਿੱਤਰੇ ਜੋਸ਼ੀਲੇ ਖੁੱਭੇ ਵਿੱਚ ਰੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਜੋਸ਼ ਵਿੱਚ ਇੱਕ ਦੂਸਰੇ ਤੋਂ ਨਿੱਖੜੇ,
ਘੇਰਾ ਪਾਕੇ ਵੈਰੀ ਦੇ ਸਿਪਾਹੀ ਬਿੱਖੜੇ ।
ਦੋਵੇਂ ਜਾਣੇ ਵਿੱਚ ਆ ਗੇ ਸੀ ਅੜੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਇੱਕ ਦਾ ਦੋ ਦਾਰੂ ਦੋ ਦਾ ਦਾਰੂ ਚਾਰ ਜੀ,
'ਰਜਬਲੀ' ਮਾਰੇ ਤਲਵਾਰਾਂ ਮਾਰ ਜੀ ।
ਚੰਦ ਰੋਜ਼ ਮੇਲੇ ਜਿੰਦੜੀ ਪਰ੍ਹੌਣੀ ਦੇ,
ਟਿਕਟ ਲੈਗੇ ਭਾਣਜੇ ਸ਼ਹੀਦੀ-ਛੌਣੀ ਦੇ ।

ਦੋਹਿਰਾ

ਕਾਸਮ ਸ਼ੇਰ ਦਲੇਰ ਸੀ, ਸ਼ਾਹ ਦਾ ਬੜਾ ਭਤੀਜ ।
ਉਹਨੂੰ ਸਾਰੇ ਦੇਸ਼ 'ਚੋਂ, ਉਹੋ ਪਿਆਰੀ ਚੀਜ਼ ।

ਦੋ ਭਾਗ ਛੰਦ-੧੭

ਇੱਕ ਕਾਸਮ ਹੁਸੈਨ ਦਾ ਭਤੀਜ ਸੀ,
ਉਹਨੂੰ ਉਹੋ ਦੇਸ਼ 'ਚੋਂ ਪਿਆਰੀ ਚੀਜ਼ ਸੀ ।

ਮੌਤ ਡੁੱਬ ਜਾਣੀ ਲਿਆ ਹਸਨ ਮਾਰ ਸੀ,
ਉਹ ਦੋਂਹ ਦਾ ਬਹੁਤ ਰੱਖਦਾ ਪਿਆਰ ਸੀ ।

ਮੰਨਣਾ ਪਿਆ ਭਰਾ ਮਰੇ ਦਾ ਵਾਕ ਸੀ,
ਕਰਤਾ ਹੁਸੈਨ ਨੇ ਕੁੜੀ ਦਾ ਸਾਕ ਸੀ ।

ਵੈਰੀਆਂ ਨੇ ਭੂਆ ਦੇ ਪੁੱਤਰ ਮਾਰਲੇ,
ਜੰਗ ਨੂੰ ਇਰਾਕੀ ਕਾਸਮ ਸ਼ਿੰਗਾਰਲੇ ।

ਫੇਰ ਰੋ ਕੇ ਕਰਦਾ ਅਰਜ਼ ਚਾਚੇ ਨੂੰ,
ਯੁੱਧ ਵਿੱਚ ਵੇਖ ਭੇਜ ਕੇ ਤਮਾਚੇ ਨੂੰ ।

ਆਹ ਗੱਲ ਸੋਚਦਾ ਹੁਸੈਨ ਚਿਰ ਤੋਂ,
ਪੁੱਤਰੀ ਨਕਾਹ ਦਿਆਂ ਭਾਰ ਲਾਹ ਦਿਆਂ ਸਿਰ ਤੋਂ ।

ਪੁੱਤਾਂ ਦੇ ਵੈਰਾਗ ਵੈਣ ਪੌਣ ਬੁੱੜ੍ਹੀਆਂ,
ਵਿੱਚੇ ਗੀਤ ਸ਼ਗਨਾਂ ਦੇ ਗੌਣ ਕੁੜੀਆਂ ।

ਨਾਲੇ ਮਾਤਾ ਗੇਰੇ ਅੱਖੀਆਂ 'ਚੋਂ ਨੀਰ ਨੂੰ,
ਨਾਲੇ ਮਲੀ ਜਾਵੇ ਵੱਟਣਾ ਸਰੀਰ ਨੂੰ ।

ਨਾਲੇ ਹੱਥਾਂ ਪੈਰਾਂ ਨੂੰ ਲਗਾਈਆਂ ਮਹਿੰਦੀਆਂ,
ਧੰਨ ਮਾਵਾਂ ਦੁੱਖੜੇ ਪੁੱਤਾਂ ਦੇ ਸਹਿੰਦੀਆਂ ।

ਖਾਰੇ ਚਾੜ ਕੀਤੇ ਸ਼ਗਨ ਬਥੇਰੇ ਐ,
ਬੰਨ੍ਹ ਦਿੱਤੇ ਮੱਥੇ ਤੇ ਜ਼ਰੀ ਦੇ ਸੇਹਰੇ ਐ ।

ਰੇਸ਼ਮੀ ਪੁਸ਼ਾਕ ਤੇ ਸਤਾਰੇ ਚੀਰੇ ਨੂੰ,
ਮਾਂ ਦਾ ਚਿੱਤ ਕਰੇ ਮੈਂ ਲਕੋਲਾਂ ਹੀਰੇ ਨੂੰ ।

ਨਾਲ 'ਬੀਬੀ ਜੋਗ' ਦੇ ਪੜ੍ਹਾਤੇ ਕਲਮੇਂ,
ਦਾਜ ਦੀ ਪਟਾਰੀ ਲਟਕਾਤੀ ਗਲ ਮੇਂ ।
'ਰਜਬਲੀ' ਲੈਂਦਾ ਸੀ ਸ਼ਿੰਗਾਰ ਰਾਕੀ ਨੂੰ,
ਵਿਆਹ ਕੇ ਛੱਡ ਚੱਲਿਆ ਬੇਕਸੂਰ ਕਾਕੀ ਨੂੰ ।

ਬੈਂਤ-੧੮

ਜ਼ੋਹਰਾ ਪਕੜ ਅਸਤੀਨ ਨੂੰ ਕਹਿਣ ਲੱਗੀ,
ਪਤੀ ਜੰਗ ਨੂੰ ਮੋੜਦੇ ਵਾਗ ਦੇਖੇ ।

ਮੈਨੂੰ ਰਹੀ ਨਾ ਸੁਰਤ ਸੰਭਾਲ ਕੋਈ,
ਐਸੇ ਚੰਦਰੇ ਖੁਆਬ ਨਿਭਾਗ ਦੇਖੇ ।

ਕਾਲੇ ਮੁੱਖ ਲੰਗੂਰਾਂ ਦੀ ਫ਼ੌਜ ਸਾਰੀ,
ਦਿੱਤੇ ਤੋੜ ਕਮਾਦ ਨਾ ਆਗ ਦੇਖੇ ।

ਡੇਰੇ ਹਸਨ-ਹੁਸੈਨ ਦੇ ਮਹਿਲ ਜਾਣੀ,
ਪੈ ਗਿਆ ਨ੍ਹੇਰ ਕੁੱਲ ਗੁੱਲ ਚਰਾਗ਼ ਦੇਖੇ ।

ਤੇਨੂੰ ਘੇਰ ਕੇ ਵੈਰੀਆਂ ਤੀਰ ਮਾਰੇ,
ਛਾਤੀ ਵਿੱਚ ਤਲਵਾਰ ਦੇ ਦਾਗ਼ ਦੇਖੇ ।

ਪੌਣ ਖਿੱਲੀਆਂ ਗਿੱਦੜੀਆਂ ਲੋਥ ਉਤੇ,
ਪਾਪੀ ਹੱਡੀਆਂ ਚੂਸਦੇ ਕਾਗ ਦੇਖੇ ।

ਸੁੰਨੀ ਸੇਜ ਤੇ ਰੰਗਲਾ ਪਲੰਘ ਤੇਰਾ,
ਉਤੇ ਲੇਟਦੇ ਕਾਲੜੇ ਨਾਗ ਦੇਖੇ ।

ਟੁਟਿਆ ਫੁੱਲ ਗੁਲਾਬ ਦਾ ਹਾਰ ਵਿੱਚੋਂ,
ਅੱਖਾਂ ਨਾਲ ਉਜਾੜੀ ਦੇ ਬਾਗ ਦੇਖੇ ।

ਕੰਨੀ ਸੁਣੇ ਕੁਰਲਾਟ ਵਿੱਚ ਤੰਬੂਆਂ ਦੇ,
ਮਾਵਾਂ ਪੌਂਦੀਆਂ ਵੈਣ ਵਰਾਗ ਦੇਖੇ ।

ਅਜੇ ਨਹੀਂ ਰੰਡੇਪੇ ਦਾ ਵਕਤ ਮੇਰਾ,
ਕਦੋਂ ਮੌਜ-ਬਹਾਰ ਸੁਹਾਗ ਦੇਖੇ ।

ਤੂੰ ਵੀ ਮਾਣ ਜਵਾਨੀਆਂ ਛੈਲ ਲਾੜਿਆ,
ਮੈਂ ਵੀ ਭੱਲ ਮਟਿਆਰ ਨਾ ਚਾਗ ਦੇਖੇ ।

ਰੋਂਦੀ ਰਹੂੰ ਉਡੀਕਦੀ ਰਾਹ ਤੇਰਾ,
ਇੱਕ ਘੜੀ ਖੜੋਤੇ ਨਾ ਲਾਗ ਦੇਖੇ ।

ਨਾ ਮੈਂ ਚੋਟ ਵਿਜੋਗ ਦੀ ਸਹਿਣ ਜੋਗੀ,
'ਬਾਬੂ' ਸੁੱਖ-ਅਰਾਮ ਨਾ ਤਿਆਗ ਦੇਖੇ ।

ਬੈਂਤ-੧੯

ਕਾਸਮ ਕਹੇ ਤੂੰ ਵੇਖ ਖ਼ਿਆਲ ਕਰਕੇ,
ਆਕੇ ਪਾ ਲਿਆ ਦੁਸ਼ਮਣਾ ਘੇਰਿਆਂ ਨੂੰ ।

ਵੈਰੀ ਮਾਰਦੇ ਸੱਦ ਰਣ-ਭੂਮਿਕਾ ਮੇਂ,
ਮਾਰ ਛੋਟਿਆਂ ਵੀਰਨਾ ਮੇਰਿਆਂ ਨੂੰ ।

ਪਾਣੀ ਨਹੀਂ ਸਦਾਤ ਨੂੰ ਪੀਣ ਦਿੰਦੇ,
ਪੌਣ ਨਦੀ ਫਰਾਤ ਤੇ ਫੇਰਿਆਂ ਨੂੰ ।

ਮੈਨੂੰ ਜੰਗ ਨੂੰ ਤੋਰ ਨਿਹਾਲ ਹੋ ਕੇ,
ਛੇੜਾਂ ਮਾਰ ਪਲਾਕੀ ਵਛੇਰਿਆਂ ਨੂੰ ।

ਐਰ-ਗੈਰ ਨਾ ਦੋਹਤੀ ਹਜ਼ਰਤਾਂ ਦੀ,
ਕੱਟ ਸਬਰ ਸੇ ਵਖ਼ਤ ਉਖੇਰਿਆਂ ਨੂੰ ।

ਅਲੀ ਸ਼ੇਰ ਖ਼ੁਦਾ ਦਾ ਪੋਤਰਾ ਮੈਂ,
ਵੜ ਦਲੀਂ ਦਬੱਲ ਦਿਆਂ ਵੇਰ੍ਹਿਆਂ ਨੂੰ ।

ਤਿੜੇ ਫਿਰਨ ਮਜਾਲ ਕੀ ਗਿੱਦੜਾਂ ਦੀ,
ਚੈਲੰਜ-ਲੜਨ ਦਾ ਦੇਣ ਬਘੇਰਿਆਂ ਨੂੰ ।

ਦੁੱਧ ਚੁੰਘ ਕੇ ਅਰਬ ਦੀ ਸ਼ੇਰਨੀ ਦਾ,
ਪਾ ਦੂੰ ਸੱਥਰੀਆਂ ਵੱਢ ਬਥੇਰਿਆਂ ਨੂੰ ।

ਪੈਣ ਭਾਜੜਾਂ ਕੂਫ਼ੀਆਂ ਬੁਜ਼ਦਿਲਾਂ ਨੂੰ,
ਜਦੋਂ ਪੈ ਗਿਆ ਬਾਜ਼ ਬਟੇਰਿਆਂ ਨੂੰ ।

ਸਾਕੇ ਹੋਣ ਮੈਦਾਨ ਮੇਂ ਗੱਭਰੂਆਂ ਦੇ,
ਖੜ੍ਹ ਕੇ ਦੇਖ ਦਲੇਰ ਦੇ ਜੇਰਿਆਂ ਨੂੰ ।

ਮੇਰੀ ਤੜਫਦੀ ਤੇਗ਼ ਮਿਆਨ ਅੰਦਰ,
ਫਿਰੂ ਕੱਟਦੀ ਸੀਸ ਲਲੇਰਿਆਂ ਨੂੰ ।

ਨੇਜ਼ੇ ਨਾਲ ਸਰੀਰ ਪਰੁੰਨ੍ਹ ਦੂੰਗਾ,
ਦੇ ਦੂੰ ਤੀਰ ਤੁਫੰਗ ਦੇ ਨੇਰਿਆਂ ਨੂੰ ।

ਰੱਤ ਨਾਲ ਉਛਾਲ ਦੂੰ ਛੱਪੜਾਂ ਨੂੰ,
ਵਾਹਣਾਂ ਵਿੱਚ ਖਲਾਰ ਦੂੰ ਬੇਰਿਆਂ ਨੂੰ ।

ਫੇਰ ਮਿਲਾਂਗੇ ਹਸ਼ਰ ਦਿਹਾਰੜੇ ਨੂੰ,
ਰੱਜ-ਰੱਜ ਕੇ ਵੇਖ ਲਈਂ ਚੇਹਰਿਆਂ ਨੂੰ ।

'ਬਾਬੂ' ਫਟੀ ਅਸਤੀਨ ਤੋਂ ਸਿਆਣ ਲੈਣਾ,
ਚੀਰਾ ਲਾਲ ਸਵਰਨ ਦੇ ਸੇਰ੍ਹਿਆਂ ਨੂੰ । ।

ਦੋਹਿਰਾ

ਕਾਸਮ ਚੜ੍ਹ ਗਿਆ ਲੜਨ ਨੂੰ, ਵੇਖ ਯਰਕਦੇ ਜੁਆਨ ।
ਨਾਲ ਹੰਨੇਂ ਦੇ ਲਟਕਦੀ, ਹੀਰੇ ਜੜੀ ਕਮਾਨ ।

ਦੋ ਭਾਗ ਛੰਦ-੨੦

ਸੀਸ ਤੇ ਸੋਂਹਦਾ ਚੀਰਾ ਲਾਲ ਰੰਗ ਦਾ,
ਸੂਰਮੇ ਨੇ ਪਹਿਨ ਲਿਆ ਲਿਬਾਸ ਜੰਗ ਦਾ ।
ਹੱਥ 'ਚ ਸੁਨਹਿਰੀ ਤਲਵਾਰ ਚਮਕੇ,
ਘੋੜਾ ਲਾਰੇ ਲਾ ਲਿਆ ਜ਼ਮੀਨ ਧਮਕੇ ।

ਸੁਆਦ ਆਜੇ ਘੋੜੇ ਹਥਿਆਰ ਸ਼ੁੱਧ ਦਾ,
ਲਾਲੀਆਂ ਭਖਣ ਚਾਅ ਚੜ੍ਹਿਆ 'ਵਿਆ ਯੁੱਧ ਦਾ ।
ਉਮਰ ਛੁਟੇਰੀ ਰੁੱਤ ਪੀਣ-ਖਾਣ ਦੀ,
ਦੰਗ ਰਹਿਗੇ ਵੇਖਕੇ ਦਲੇਰੀ ਜੁਆਨ ਦੀ ।

ਕਾਸਮ ਦਲਾਂ ਦੇ ਵਿੱਚ ਫਿਰੇ ਕੁੱਦ ਦਾ,
ਲਾਲੀਆਂ ਭਖਣ ਚਾਅ ਚੜ੍ਹਿਆ 'ਵਿਆ ਯੁੱਧ ਦਾ ।
ਜੋਸ਼ ਨਾਲ ਗਿੱਚੀ ਦੀ ਖੜੋਗੀ ਝੰਡ ਜੀ,
ਸੂਰਮਾਂ ਨਾ ਰਣਾਂ 'ਚ ਦਿਖਾਊ ਕੰਡ ਜੀ ।

ਨਬੀ ਜੋ ਰਸੂਲ ਦਾ ਸਦੌਂਦਾ ਦੋਹਤਰਾ,
ਸ਼ੇਰ ਜੋ ਖ਼ੁਦਾ ਦਾ ਅਲੀ ਉਹਦਾ ਪੋਤਰਾ ।
ਅੰਗ-ਅੰਗ ਵਿੱਚੋਂ ਫਿਰੇ ਜੋਸ਼ ਮੁੱਧ ਦਾ,
ਕਰੂਗਾ ਸਫ਼ਲ ਮਾਂ ਦੇ ਚੁੰਘੇ ਦੁੱਧ ਦਾ ।

ਲੱਗੀ ਦ੍ਹੀਦੀ ਸੱਜਰੀ ਹੱਥਾਂ ਨੂੰ ਮਹਿੰਦੀ ਐ,
ਲਾਲ ਵਾਂਗੂੰ ਮੱਥੇ 'ਚੋਂ ਝਲਕ ਪੈਂਦੀ ਐ ।

ਕੰਬਗੀ ਧਰਤ ਸੁਣਕੇ ਬਚਿੱਤਰਾ,
ਖੜਾ ਲਲਕਾਰੇ ਜਗਮੇਲ ਚਿਤਰਾ ।
'ਬਾਬੂ' ਵਿਰਾਗ 'ਚ ਕੰਠ ਰੁੱਧ ਦਾ ।
ਪਾਦੂ ਭਾਜ ਉਡਕੇ ਬਰੋਲਾ ਧੁੰਦ ਦਾ ।

ਦੋ ਭਾਗ ਛੰਦ-੨੧

ਆਂਵਦਾ ਲੜਨ ਸਰਦਾਰ ਸ਼ਾਮੀ ਐ,
ਗੱਭਰੂ ਦੇ ਬੰਨ੍ਹ ਲਿਆ ਚੱਕਰ ਲਾਮ੍ਹੀਐ ।

ਜ਼ੋਰ ਨਾਲ ਨੇਜ਼ੇ ਨੂੰ ਦਬਾਇਆ ਧਰਕੇ,
ਅਕਬਰ ਥੋੜਾ ਜਿਹਾ ਪਿਛਾਂਹ ਨੂੰ ਸਰਕੇ ।

ਤਾਂਘਦਾ ਕਦਮ ਜਾਂ ਰਕਾਬੋਂ ਪੱਟਿਆ ਗਿਆ,
ਨਾਲੇ ਖੱਬੇ ਹੱਥ ਨੂੰ ਰਤਾ ਕੁ ਵੱਟਿਆ ਗਿਆ ।

ਅਕਬਰ ਫੇਰ ਤੀ ਵਿਚਾਲਿਉਂ ਤੇਗ਼ ਜੀ,
ਦਿੱਤੇ ਦੋਵੇਂ ਟੁੱਕੜੇ ਜ਼ਿਮੀਂ ਤੇ ਡੇਗ ਜੀ ।

ਗੜ੍ਹਕੇ ਮੈਦਾਨ 'ਚ ਖਲੋਤਾ ਖੁਮਰਾ,
ਦੂਜੀ ਵਾਰੀ ਆ ਗਿਆ ਜਵਾਨ ਉਮਰਾ ।

ਨਾਲੇ ਨੇਜਾ ਮਾਰਦਾ ਉਲਾਰ ਹਿੱਕ ਨੂੰ,
ਲੰਘ ਗਿਆ ਦੁੱਸਰ ਪਾੜ ਕੇ ਤੇ ਹਿੱਕ ਨੂੰ ।

ਫੇਰ ਵਾਰੀ ਆ ਗਈ ਮਿਸਰ ਜਵਾਨ ਦੀ,
ਛੇਤੀ ਦੇ ਕੇ ਤੰਦੀ ਚਾੜ ਗਿਆ ਕਮਾਣ ਦੀ ।

ਲੈ ਸ਼ਿਸ਼ਤ ਮਾਰਦਾ ਖੜੋਕੇ ਤੀਰ ਨੂੰ,
ਗੱਭਰੂ ਨੇ ਵਿੰਨ੍ਹ ਦੇਣਾ ਸੀ ਸਰੀਰ ਨੂੰ ।

ਅਕਬਰ ਕਰੇ ਫੁਰਤੀ ਕਮਾਲ ਦੀ,
ਰੋਕ ਜਾਂਦਾ ਰੋਕ ਕੇ ਸ਼ਤਾਬੀ ਢਾਲ ਦੀ ।

ਦੂਜੀ ਵਾਰੀ ਔਣ ਨਾ ਕਮਾਣੋਂ ਤੀਰ ਤਾਂ,
ਰਾਕੀ ਨੂੰ ਭਜਾ ਕੇ ਜਾ ਵਿਚਾਲਿਉਂ ਚੀਰ ਤਾ ।

ਫੇਰ ਹੋਇਆ ਨਾਲ ਤਲਾ ਦੇ ਮੁਕਾਬਲਾ,
ਉਹ ਵੀ ਸੀਸ ਲੌਣੇ ਰੱਖ ਤਾ ਉਤਾਬਲਾ ।

ਫੇਰ ਵੈਰੀ ਨੇ ਸੀ ਘਲ੍ਹਿਆ ਤੁਫ਼ੈਲ ਨੂੰ,
ਅਲੀ ਅਕਬਰ ਦੀ ਦਬੱਲ ਮੈਲ ਨੂੰ ।

ਆਉਣੋਂ ਲਲਕਾਰਾ ਮਾਰਿਆ ਨਦਾਨ ਨੇ,
ਆ ਕੇ ਘੇਰਾ ਪਾ ਲਿਆ ਹਜ਼ਾਰ ਜੁਆਨ ਨੇ ।

ਡਰਨਾ ਕੀ ਦੁੱਧ ਸ਼ੀਹਣੀਆਂ ਦੇ ਚੁੰਘਲੇ,
ਉਨ੍ਹਾਂ ਵਿੱਚੋਂ ਸੀਸ ਵੀ ਕਈਆਂ ਦੇ ਡੁੰਗਲੇ ।

ਅਫ਼ਰੀਨ ਮਾਰੀ-ਮਾਰੀ ਦਾ ਵੀ ਗਰਜੇ,
'ਰਜਬਲੀ' ਲੈ ਗਿਆ ਸ਼ਹੀਦੀ ਦਰਜੇ ।

ਦੋਹਿਰਾ

ਨਿਆਣੇ ਧਿਆਏ ਵਿਲਕਦੇ, ਤੰਬੂਆਂ ਵਿੱਚ ਕੁਰਲਾਟ ।
ਦੇਖੇ ਜੁਆਨ ਅਬਾਸ ਜੀ ਗਿਆ ਕਾਲਜਾ ਪਾਟ ।

ਦੋ ਭਾਗ ਛੰਦ-੨੨

ਸਾਰੀ ਦਰਦਾਂ ਭਰੀ ਵੀ ਕਹਾਣੀ ਐਂ,
ਤਿੰਨ ਦਿਨ ਹੋਗੇ ਨਾ ਥਿਔਂਦਾ ਪਾਣੀ ਐਂ ।

ਮਰਨ ਤਿਹਾਏ ਨਾ ਕਿਸੇ ਨੂੰ ਸੁੱਧ ਜੀ,
ਬੀਬੀਆਂ ਦੇ ਸੁੱਕ ਗਏ ਥਣਾਂ 'ਚੋਂ ਦੁੱਧ ਜੀ ।

ਲੈਣ ਸਾਰੇ ਪਾਣੀ ਨੂੰ ਜਵਾਕ ਤਰਲੇ,
ਮੋਢੇ ਉਤੇ ਮਸ਼ਕ ਅਬਾਸ ਧਰਲੇ ।

ਲੁੱਕ-ਲੁੱਕ ਪਹੁੰਚ ਗਿਆ ਨਦੀ ਦੇ ਉਤੇ ਜੀ,
ਵੇਖਗੇ ਸ਼ਿਮਰ ਦੇ ਸਿਪਾਹੀ ਕੁੱਤੇ ਜੀ ।

ਚੱਕਕੇ ਮਸ਼ਕ ਜਦੋਂ ਦੌੜ ਚੱਲਿਆ,
ਵੈਰੀਆਂ ਮਗਰ ਲੱਗਕੇ ਦਵੱਲਿਆ ।

ਜਾਂਦਾ ਸੀ ਰੁਹਾਲ ਚਾਲ ਕੋਡਾ-ਕੋਡਾ ਜੀ,
ਤਲਵਾਰ ਮਾਰ ਕੇ ਉਡਾਤਾ ਮੋਢਾ ਜੀ ।

ਘੇਰਕੇ ਖੜੋਗੇ ਲੜੇ ਨਾਲ ਜਿਨ੍ਹਾਂ ਦੇ,
ਮਾਰ ਸੀਸ ਜੁਆਨ ਨੇ ਉਡਾਤੇ ਤਿੰਨਾਂ ਦੇ ।

ਰੋਕ ਕੇ ਤੇ ਵਾਰ ਬੋਚ ਕੇ ਸਰੀਰ ਨੂੰ,
ਫੇਰ ਮਾਂ ਦਾ ਪੁੱਤ ਘੱਤ ਗਿਆ ਵਹੀਰ ਨੂੰ ।

ਜਦੋਂ ਅੱਧੀ ਮੀਲ ਕੁ ਟਿਕਾਣਾ ਰਹਿ ਗਿਆ,
ਦੂਜੀ ਵਾਰ ਘੇਰਾ ਜ਼ਾਲਮਾਂ ਦਾ ਪੈ ਗਿਆ ।

ਉਤੇ ਮੀਂਹ ਦੇ ਵਾਂਗ ਹਥਿਆਰ ਵਰ੍ਹਦੇ,
ਇੱਕ ਹੱਥ ਫੱਟੜ ਕਈਆਂ ਨੂੰ ਕਰਦੇ ।

ਵੈਰੀਆਂ ਮੋਢੇ 'ਚ ਤਲਵਾਰ ਗੱਡਤੀ,
ਕਰੇ ਕੀ ਵਿਚਾਰਾ ਦੂਜੀ ਬਾਂਹ ਵੀ ਵੱਢਤੀ ।

ਕੋਈ ਨਾ ਹਮੈਤੀ ਦੀਂਹਦਾ ਰੋਹੀ ਰੰਦਾਂ ਮੇਂ,
ਫੜਲੀ ਮਸ਼ਕ ਘੁੱਟ ਕੇ ਤੇ ਦੰਦਾਂ ਮੇਂ ।

ਦੂਜੀ ਵਾਰ ਮਾਰ ਲਲਕਾਰਾ ਗੱਜ ਗਿਆ,
ਫੇਰ ਮਾਂ ਦਾ ਪੁੱਤ ਪੈਂਦੀਆਂ 'ਚੋਂ ਭੱਜ ਗਿਆ ।

ਦੇਖਕੇ ਤੇ ਔਂਦੇ ਨੂੰ ਨਿਆਣੇ ਟੱਪਦੇ,
ਹੁਣ ਪਾਣੀ ਨਿਆਣਿਆਂ ਨੂੰ ਪਿਆਦੂ ਛੱਪਦੇ ।

ਸੁਣ-ਸੁਣ ਵਾਰਤਾ ਸਰੀਰ ਕੰਬੂ ਜੀ,
ਜਦੋਂ ਰਹਿ ਗੇ ਦਸ-ਵੀਹ ਕਦਮ ਤੰਬੂ ਜੀ ।

'ਰਜਬਲੀ' ਕਿਸੇ ਧੌਣ 'ਚ ਧਲੀਰਤੀ,
ਸਾਰਾ ਪਾਣੀ ਡੁੱਲ੍ਹ ਗਿਆ ਮਸ਼ਕ ਚੀਰਤੀ ।

ਦੋਹਿਰਾ

ਬੀਬੀ ਕਹੇ ਹੁਸੈਨ ਨੂੰ, ਅਸਗਰ ਨੂੰ ਨਾ ਹੋਸ਼ ।
ਪਾਣੀ ਪਿਆ ਲਿਆ ਛਿਮਰ ਤੋਂ ਐਂ ਕੀ ਕਹਿਣਾ ਓਸ ?

ਦੋ ਭਾਗ ਛੰਦ-੨੩

ਬੀਬੀ ਸ਼ੇਰਬਾਨੋ ਆਖਦੀ ਹੁਸੈਨ ਨੂੰ,
ਕਰਦਾ ਵੀ ਚਿੱਤ ਕਰਦਾ ਨੀ ਕਹਿਣ ਨੂੰ ।

ਐਨੇ ਵੈਰੀ ਹੋਣੇ ਨੀ ਕਠੋਰ ਦਿਲ ਕੇ,
ਏਨੂੰ ਪਾਣੀ ਪਿਆ ਲਿਆ ਜਵਾਕ ਵਿਲਕੇ ।

ਉਸੇ ਵੇਲੇ ਤੁਰਪੇ ਅਮਾਮ ਪੋਲੇ ਜੀ,
ਲੈਗੇ ਰੋਂਦੇ ਬੱਚੇ ਨੂੰ ਛਿਮਰ ਕੋਲੇ ਜੀ ।

ਮੇਰੇ ਨਾਲ ਵੈਰ ਮੈਨੂੰ ਮਾਰ ਕੁੱਟ ਤੂੰ,
ਧਿਆਇਆ ਬੱਚਾ ਪਾਣੀ ਦੀ ਪਿਆ ਦੇ ਘੁੱਟ ਤੂੰ ।

ਜੁਆਕ ਦੀ ਬੁਝਾਦੇ ਪਿਆਸ ਕੰਮ ਸਾਰਦੀਂ,
ਮੇਰੇ ਚਾਰ ਤਲਵਾਰਾਂ ਵੱਧ ਮਾਰਦੀਂ ।

ਹੱਸ-ਹੱਸ ਜ਼ਾਲਮ ਚੰਡਾਲ ਬੋਲਦੇ,
ਚੰਗਾ ਫੜ ਏਸ ਦੀ ਜ਼ਬਾਨ ਖੋਲਦੇ ।

ਖੋਲ ਦਿੱਤਾ ਮੁੱਖ ਪਹੁੰਚ ਕੇ ਕਰੀਬ ਤੋਂ,
ਛਿਮਰ ਚੰਡਾਲ ਤੀਰ ਮਾਰੇ ਜੀਭ ਤੋਂ ।

ਛੱਡ ਗਿਆ ਪਰਾਣ ਇੱਕ ਲੈ ਕੇ ਧੁਰਲੀ,
ਮੂੰਹ ਦੇ ਵਿੱਚ ਡੁੱਲ੍ਹਗੀ ਲਹੂ ਦੀ ਕੁਰਲੀ ।

ਮੁੜਕੇ ਜਾਂ ਆਇਆ ਮਾਂ ਦੁੱਖੀ ਨੇ ਪੁੱਛ ਲਿਆ,
ਨੈਣਾਂ ਵਿੱਚੋਂ ਲਹੂ ਦਾ ਫੁਹਾਰਾ ਉਛਲਿਆ ।

ਹਿੱਕ ਨਾਲ ਲਾ ਲਿਆ ਬੁਝਾ ਦੇ ਅਗਨੀ,
ਮੇਰੇ ਪਿੱਛੇ ਪੈਗੀ ਸੌਰ੍ਹੀ ਮੌਤ ਠੱਗਣੀ ।

ਪੂੰਝਦੀ ਰੁਮਾਲ ਨਾਲ ਲਹੂ ਬੁਲ੍ਹਾਂ ਤੋਂ,
ਵੈਰੀ ਨੇ ਕੀ ਲੈਣਾ ਤੋੜ ਕੱਚੇ ਫੁੱਲਾਂ ਤੋਂ ।

ਜਾਗ ਪੁੱਤ ਕਿੱਥੇ ਆਗੀ ਐਨੀ ਨਿੰਦਰਾ,
ਕੀਹਨੇ ਲਾਤਾ ਚਿੱਟਿਆਂ ਦੰਦਾਂ ਨੂੰ ਜਿੰਦਰਾ ।

ਕਦੇ ਵੀ ਬੁਲਾਵਾਂ ਦੇਹ ਜੁਆਬ ਹੰਨਸਾ,
ਲਾ ਗਿਆ ਮਾਂ ਬੁੱਢੀ ਨੂੰ ਉਮਰਾਂ ਦਾ ਸੰਨਸਾ ।

ਜਾਗ ਵਾਜ ਮਾਰ ਮਾਲਕ ਸਮਾਨੀ ਨੂੰ,
ਮੈਨੂੰ ਲੈਜੇ ਮੌਤ ਤੂੰ ਹੰਡਾਲੇਂ ਜੁਆਨੀ ਨੂੰ ।

ਗੁੰਮ ਹੋਗੀ ਮਾਤਾ ਪੌਂਦੀ-ਪੌਂਦੀ ਕੀਰਨੇ,
ਇੱਕੋ ਵਾਰੀ ਖਾਧੀ ਜੁੰਬਸ ਸਰੀਰ ਨੇ ।

'ਰਜਬਲੀ' ਫੇਰ ਦਾੜ ਦੇਣੇ ਗਿਰਗੀ,
ਪੈਗੀਆਂ ਸੀ ਦੰਦਲਾਂ ਬਗੌੜ ਫਿਰਗੀ ।

ਦੋਹਿਰਾ

ਜੰਗ ਨੂੰ ਚੜੇ ਹੁਸੈਨ ਜੀ, ਕੁਲ ਫਰਕਦੇ ਅੰਗ ।
ਵਾਜਾਂ ਮਾਰੇ ਨਫ਼ਰ ਨੂੰ, ਕੱਸਦੇ ਤੁਰਤ ਤੁਰੰਗ ।

ਮੁਕੰਦ ਛੰਦ-੨੪

ਜਦੋਂ ਸਾਰੀ ਫ਼ੌਜ ਵੈਰੀਆਂ ਨੇ ਮਾਰੀ ਐ,
ਆਖਦਾ ਹੁਸੈਨ ਆਗੀ ਮੇਰੀ ਵਾਰੀ ਐ ।

ਨੈਂ 'ਚ ਬੇੜ੍ਹੀ ਰੁੜ੍ਹੇ ਉੱਤਮ ਘਰਾਣੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਪਾਦੇ ਵਾਗਾਂ ਰੇਸ਼ਮੀ ਲਗਾਮ ਵੱਧਕੇ,
ਚੰਗੀ ਤਰ੍ਹਾਂ ਜੀਨ ਵੇਖ ਲਈਂ ਉਲੱਦ ਕੇ ।
ਮਖਮਲ ਝਾੜ ਸਬਜ਼ ਪਲਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਉਤੇ ਪਾਦੇ ਗੱਦੀਆਂ ਜਿਨ੍ਹਾਂ 'ਚ ਨਮਦੇ,
ਨਾਲੇ ਪੈੜੇ ਕੱਸਦੇ ਵਿਗਾਨੀ ਚਮਦੇ ।
ਫੜ ਜ਼ੇਰਬੰਦ ਨੂੰ ਨਗਾਦੇ ਮਿਆਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਬਕਸੂਏ ਕਸਦੇ ਵਲੈਤੀ ਰੰਗਾਂ ਦੇ,
ਜੀਹਤੇ ਜੜੇ ਹੀਰੇ 'ਵੇ ਕਮਾਲ ਰੰਗਾਂ ਦੇ ।
ਕਾਨਪੁਰੀ ਬੰਨਦੇ ਹਜ਼ਾਰ ਕਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਕੱਢ ਲਿਆ ਬਕਸ 'ਚੋਂ ਪਿਤਾ ਦੀ ਬਰਦੀ,
ਮੇਰੀ ਅੱਜ ਜੰਗ ਨੂੰ ਦਲੀਲ ਕਰਦੀ ।
ਕਰਲੂ ਕੀ ਮੈਲ ਸ਼ਿਮਰ ਜ਼ਮਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਕੱਢ ਮਿਆਨ ਤੋੜ ਕੇ ਜ਼ੁਲਫ਼ਕਾਰ ਦੀ,
ਜਿਹੜੀ ਵਧ-ਵਧ ਵੈਰੀਆਂ ਨੂੰ ਮਾਰਦੀ ।
ਤੇਹ ਬੁਝਾਲੇ ਰੱਤ ਪੀਕੇ ਤੇ ਬਗਾਨੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਜੇਹੜੀ ਪੱਕੀ ਬਣੀ ਸੜਕ ਰਸੂਲ ਦੀ,
ਸਿੱਧੀ ਝੰਡੀ ਜਾਊ ਸੱਯਦਾਂ ਦੀ ਝੂਲਦੀ ।
'ਰਜਬਲੀ' ਬੈਂਤ ਕਰਾਂ ਨਾ ਨਿਮਾਣੇ ਦੀ,
ਪੀੜ ਘੋੜਾ ਨਫ਼ਰਾ ਨਿਸ਼ਾਨੀ ਨਾਨੇ ਦੀ ।

ਦੋਹਿਰਾ

ਵੱਧ-ਵੱਧ ਤੇਗ਼ਾਂ ਮਾਰਦਾ, ਬੁਰਾ ਹਾਸ਼ਮੀ ਜੋਸ਼ ।
ਮਾਰ ਦਵੱਲੇ ਜੁਆਨ ਨੇ, ਜਿਮੇਂ ਸ਼ੇਰ ਖ਼ਰਗੋਸ਼ ।

ਮੁਕੰਦ ਛੰਦ-੨੫

ਪੀੜ ਕੇ ਗੁਲਾਮ ਨੇ ਲਿਆਂਦਾ ਜੁਲਜਣਾ,
ਹੋਗੇ ਅਸਵਾਰ ਜ਼ਿਆਦਾ ਕੀ ਕੁਲਜਣਾ ।
ਸੁੱਚੀ ਜੀਨ ਸੱਜ ਦੀ ਸਬਜ਼ ਟਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਤਾਜ ਉਤੇ ਮੋਤੀ ਦੂਰ ਤੋਂ ਚਮਕਣੇ,
ਪਹੁੰਚਿਆ ਹੁਸੈਨ ਅੱਖ ਦੇ ਝਮਕਣੇ ।
ਥਾਂ ਤੋਂ ਛਾਲ ਚੱਕੀ ਘੋੜੇ ਨੇ ਚਲਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਹੱਥ 'ਚ ਜ਼ੁਲਫਕਾਰ ਫਿਰੇ ਨੱਚ ਦੀ,
ਸੁੱਚੇ ਲੋਹੇ ਮੂਹਰੇ ਕੀ ਮਨਿਆਦ ਕੱਚ ਦੀ ।
ਕੌਣ ਤਾਬ ਝੱਲੇ ਅੰਸ ਲੜਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਦੇਖਕੇ ਦਲੇਰੀ ਕੰਬਣ ਫ਼ਰਿਸ਼ਤੇ,
ਉਹ ਨੀ ਮਾਂ ਨੂੰ ਜੰਮਿਆਂ ਚਲਾਤੀ ਜਿਸਤੇ ।
ਏਥੇ ਤਾਕਤ ਕੀ ਇਨਸਾਨ ਖਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਵੈਰੀਆਂ ਉਦਾਲੇ ਦਿੰਦਾ ਫਿਰੇ ਹੇਲੀਆਂ,
ਭੁੱਖੇ ਬਘਿਆੜ ਤੋਂ ਡਰਨ ਲੇਲੀਆਂ ।
ਕਿਤੇ ਟੈਰ ਥਿਆਵੇ ਨਾ ਛਿਮਰ ਆਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਲੋਥਾਂ ਦੇ ਲਗਾਤੇ ਢੇਰ ਮੀਲ-ਮੀਲ ਜੀ,
ਟਿੱਬਿਆਂ 'ਚ ਬਣਗੀ ਲਹੂ ਦੀ ਝੀਲ ਜੀ ।
ਰੋੜ੍ਹੇ ਪਾਤੇ ਸੀਸ ਜਿਵੇਂ ਗੇਂਦ ਹਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਜੇਹੜੇ ਵੈਰੀ ਮਾਰਦੇ ਵਡਿਆਈਆਂ ਤਿੜ੍ਹਦੇ,
ਸੂਰਮੇ ਅਨੇਕਾਂ ਵਿੱਚ ਰੱਖੇ ਪਿੜ ਦੇ ।
'ਰਜਬਲੀ' ਫ਼ੌਜ ਤਾਂ ਭਜਾਤੀ ਬਾਕੀ ਦੀ,
ਦਲਾਂ ਨੂੰ ਜਾਵੇ ਉਡਦੀ ਗਰਦ ਰਾਕੀ ਦੀ ।

ਦੋਹਿਰਾ

ਮਾਈਆਂ ਝੁਰਨ ਬਥੇਰੀਆਂ, ਰੋ-ਰੋ ਕਰਦੀਆਂ ਸੋਚ ।
ਮਰਨ ਦ੍ਹੋਤਰੇ ਦੋਹਤੀਆਂ, ਰਿਹਾ ਬੜਾ ਮਨ ਲੋਚ ।

ਦੋ ਭਾਗ ਛੰਦ-੨੬

ਪਰਵਾਰ ਦੀਆਂ ਵੇਖਕੇ ਨਿਸ਼ਾਨੀਆਂ,
ਜ਼ਾਰ-ਜ਼ਾਰ ਰੋਂਦੀਆਂ ਮਦੀਨੇ ਨਾਨੀਆਂ ।

ਸਾਕ-ਸੈਲ ਸਾਰੇ ਕਤਰਾਗੇ ਕੰਨੀਆਂ,
ਬਿਸਮਿਲ ਕਰਕੇ ਰਜ਼ਾਈਂ ਮੰਨੀਆਂ ।

ਮੁੱਖ ਮੋੜ ਚੱਲੀ ਉਮਤ ਰਸੂਲ ਦੀ,
ਦੁਖੀਆਂ ਨੂੰ ਕੇਹੜਾ ਕਬਰ ਕਬੂਲਦੀ ।

ਨੈਂਅ ਕਿਨਾਰੇ ਰੁੱਖ ਦੋ ਪੁਰਾਣੇ ਬਾਹਲੇ ਐ,
ਅਸੀਂ ਅੱਜ ਕੱਲ੍ਹ ਨੂੰ ਢੈਹਣ ਵਾਲੇ ਐ ।

ਦੋਹਤਰੇ ਵਛੋੜੇ ਰੱਬ ਜ਼ੋਰਾਵਰ ਨੇ,
ਐਨੀ ਪਤਾ ਅਜੇ ਕੀ ਤਸੀਹੇ ਭਰਨੇ ।

ਇੱਕ ਤਾਂ ਬੁਢੇਪੇ ਦੇ ਚੁਬਣ ਕਰਚੇ,
ਹੁੰਦੇ ਜੋ ਨਿਆਣੇ ਕੋਲੇ ਚਿੱਤ ਪਰਚੇ ।

ਮੁੜ-ਮੁੜ ਕਰਨ ਝੁਰੇਵੇਂ ਬੁੜ੍ਹੀਆਂ,
ਛੋਪ ਪਾਕੇ ਲੌਂਦੀਆਂ ਕਚਹਿਰੀ ਕੁੜੀਆਂ ।

ਹੋਣੀਆਂ ਨਾ ਦੋਹਤੀਆਂ ਬਗੈਰੀਂ ਰੌਣਕਾਂ,
ਅੱਜ ਸਾਡੇ ਚੰਦਰੇ ਬਨੇਰੇ ਢੋਣ ਕਾਂ ।

ਪੜ੍ਹਦੇ ਜਾਂ ਬੀਬੀ ਜੈਨਬਾਂ ਦੇ ਕਾਕੇ ਜੇ,
ਜਾਨ ਤੋਂ ਪਿਆਰੇ ਲੱਗਦੇ ਪਟਾਕੇ ਜੇ ।

ਇੱਕ-ਇੱਕ ਗੋਦ ਵਿੱਚ ਲੈ ਕੇ ਬਹਿੰਦੀਆਂ,
ਚਿੱਤ ਲੱਗ ਜਾਂਦੇ ਕਿਉਂ ਉਦਾਸ ਰਹਿੰਦੀਆਂ ।

ਨਿੱਕੇ ਅਸਗਰ ਦੀ ਕਰਨ ਗੱਲ ਵੀ,
ਉਹ ਤਾਂ ਨਾਨੀਆਂ ਨੂੰ ਭੁਲਦਾ ਨਾ ਪਲ ਵੀ ।

ਦੋ ਰੁਮਾਲ ਅਕਬਰ ਦੇ ਬਣਾਏ ਪਏ,
ਕਾਸਮ ਦੀ ਪੱਗ ਨੂੰ ਸਿਤਾਰੇ ਲਾਏ ਪਏ ।

ਜ਼ੋਹਰਾਂ ਦੀ ਬਣਾਈ ਲੋਗਣੀ ਦੀ ਪੱਖੀ ਪਈ,
ਜਿਲਦ ਕੁਰਾਨ ਦੀ ਬੰਨ੍ਹਾਕੇ ਰੱਖੀ ਪਈ ।

ਨਾਲੇ ਸੱਚੀਂ ਲਿਆਤੀਆਂ ਬਨਾਤੀ ਪੱਖੀਆਂ,
ਨੈਣਾਂ ਨੇ ਉਛਾਲਾ ਮਾਰਿਆ ਰੋਣ ਅੱਖੀਆਂ ।

ਥੋੜਾ ਜਿਹਾ ਨਿਸ਼ਾਸਤਾ ਪੰਜੀਰੀ ਕਰੀ ਪਈ,
ਮਿੱਠਿਆਂ ਖੜੌਣਿਆਂ ਦੀ ਚੰਗੇਰ ਭਰੀ ਪਈ ।

ਔਂਦਾ ਜਾਂਦਾ ਮਿਲ ਗਿਆ ਮੱਕੇ ਨੂੰ ਰਾਹੀ ਜੇ,
'ਬਾਬੂ' ਜੀ ਫੜਾਦਿਆਂ ਖੁਦਾ ਨੇ ਚਾਹੀ ਜੇ ।

ਦੋਹਿਰਾ

ਹੋਈਆਂ ਰੋ-ਰੋ ਕਮਲੀਆਂ, ਨਾ ਚੱਲ ਸਕਦੀ ਪੇਸ਼ ।
ਸੁਹਾਗ ਪੌਂਦੀ ਕੀਰਨੇ, ਬਾਬਲ ਗਿਆ ਪ੍ਰਦੇਸ਼ ।

ਦੋ ਭਾਗ ਛੰਦ-੨੭

ਦੋਵੇਂ ਬਹਿਕੇ ਸੰਨਸੇ ਕਰਨ ਮਾਈਆਂ ਜੀ,
ਕਈ ਵਾਰ ਢੇਰੀਆਂ ਉਸਾਰ ਢਾਈਆਂ ਜੀ ।

ਮੱਚੀ ਜਾਂਦੇ ਕਾਲਜੇ ਦਲੀਲਾਂ ਡੇਗੀਆਂ,
ਬਣਦਾ ਕੀ ਹਾਰ ਤਕਦੀਰਾਂ ਦੇਗੀਆਂ ।

ਐਨੇ ਬੀਬੀ ਸੁਹਾਗ ਖਲੋਗੀ ਅੰਦਰੇ,
ਲੱਗੀ ਬਹਿਕੇ ਸੁਫਨੇ ਸਨੌਣ ਚੰਦਰੇ ।

ਜਾਣੀਂ ਬੈਠੀ ਵੈਣ ਪਾਈ ਜਾਵੇ ਧਰਤੀ,
ਕਹਿੰਦੀ ਪਾਪੀਆਂ ਨੇ ਪਾਪ ਨਾਲ ਭਰਤੀ ।

ਇੱਕ ਭਰੀ ਹੋਈ ਨੈਂ ਲਹੂ ਦੀ ਵਗਦੀ,
ਬੇੜੀ ਰੁੜ੍ਹੀ ਜਾਵੇ ਨਾ ਕਿਨਾਰੇ ਲੱਗਦੀ ।

ਰਹਿ ਗਿਆ ਭੁਲੇਖਾ ਲੱਗੀਆਂ ਨਾ ਖ਼ਬਰਾਂ,
ਰੋਹੀ ਬੀਆਬਾਨ 'ਚ ਪੱਟਣ ਕਬਰਾਂ ।

ਟਿੱਬਿਆਂ 'ਤੋਂ ਉਚੀਆਂ ਕਨਾਤਾਂ ਤਾਣੀਆਂ,
ਪਾਣੀ ਬਿਨਾ ਮਰਨ ਤਿਹਾਈਆਂ ਰਾਣੀਆਂ ।

ਆਹੋ ਗੱਲ ਯਾਦ ਰਹਿਗੀ ਹੋਰ ਭੁੱਲੀਆਂ,
ਬੁੱਢੀਆਂ ਦੇ ਜ਼ੁਲਫ਼ਾਂ ਗਲਾਂ 'ਚ ਖੁੱਲ੍ਹੀਆਂ ।

ਲੋਥਾਂ ਉਤੇ ਪਾਂਵਦੇ ਗਿਦੜ ਖਿੱਲੀਆਂ,
ਰੋਹੀ ਖੋਹੀ ਜਾਂਦੀਆਂ ਤਿੱਤਰ ਬਿੱਲੀਆਂ ।

ਧੱਕੇ ਚੜ੍ਹੇ ਪਰਦੇਸੀ ਜ਼ੋਰਾਵਰ ਦੇ,
ਰੱਤ ਪੀ ਕੇ ਕਾਣੇ ਕਾਂ ਕਲੋਲਾਂ ਕਰਦੇ ।

ਵਿਆਹ ਦੇ ਵਿੱਚ ਲਾੜਾ ਮਾਰਤਾ ਫਸਾਦੀਆਂ,
ਗ਼ਮੀ ਦਾ ਲਿਬਾਸ ਪਹਿਨ ਲੈਣ ਸ਼ਾਦੀਆਂ ।

ਸੁਫਨੇ ਦੀ ਗੱਲ ਨਾ ਚੰਗੀ ਸੀ ਨਿੱਬੜੀ,
ਲਹੂ ਨਾਲ ਜੁਆਕ ਦੀ ਪੁਸ਼ਾਕ ਲਿੱਬੜੀ ।

ਵੇਖ ਨਾਨੀ ਮਾਰੀ ਮੈਂ ਚੰਗਿਆੜ ਡਰਕੇ,
ਕੰਬਿਆ ਸਰੀਰ ਥਰ-ਥਰ ਕਰਕੇ ।

ਚੰਗੀ ਤਰ੍ਹਾਂ ਕਰਨੀ ਕਿਆਸ ਬਾਤ ਦੀ,
ਉਦੋਂ ਦੀ ਮੈਂ ਫਿਰਾਂ ਘਬਰਾਈ ਰਾਤ ਦੀ ।

ਐਤਨੇ ਨੂੰ ਇੱਕ ਸਾਂਢਨੀ ਸਵਾਰ ਜੀ,
ਬਾਰ ਕੋਲ ਆ ਕੇ ਖਿੱਚ ਲੀ ਮੁਹਾਰ ਜੀ ।

ਭਿਸ਼ਤੀ ਜਨੌਰ ਉੱਪਰ ਫ਼ਰਿਸ਼ਤਾ,
ਕਹਿੰਦਾ ਮੱਕੇ ਸ਼ਹਿਰ ਮੇਂ ਪੁਰਾਣਾ ਰਿਸ਼ਤਾ ।

ਲੈਜਾ 'ਬਾਬੂ' ਚਿੱਠੀ ਭੇਜਣੀ ਹੁਸੈਨ ਨੂੰ,
ਰੱਬ ਰਾਜ਼ੀ ਰੱਖੇ ਅਲੀ ਦੀ ਮਹੈਣ ਨੂੰ ।

ਦੋਹਿਰਾ

ਖਤ ਲਿਖਦੀ ਸੀ ਬਾਲਕੀ, ਗਈ ਫ਼ਿਕਰ ਵਿੱਚ ਬੀਤ ।
ਫ਼ਿਕਰੇ ਭਰੇ ਪ੍ਰੇਮ ਦੇ, ਲਿਕ-ਲਿਖ ਨਿਕਲੂ ਸੀਤ ।

ਮੁਕੰਦ ਛੰਦ-੨੮

ਖਤ ਲਿਖਦੀ ਪ੍ਰੇਮ ਨਾਲ ਸੁਗਰੋ,
ਕਿੱਥੇ ਖੋਗੇ ਬਾਲਿਉ ਭਰਾਵੋ ਉਗਰੋ ।
ਪਿਆਰੀ ਬੱਚੀ ਨੂੰ ਭੁਲਾਤਾ ਕਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਨਰਮ ਸਰੀਰ ਸੰਨਸਿਆਂ ਨੇ ਖਾ ਲਿਆ,
ਲੈਜਾ ਬਾਪੂ ਬਹੁਤਿਆਂ ਪਿਆਰਾਂ ਵਾਲਿਆ ।
ਨੈਣੋਂ ਨੀਰ ਦੀ ਨਦੀ ਸੀ ਵਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਐਂ ਜੇ ਛੱਡ ਜਾਣ ਦੀ ਦਲੀਲ ਤੇਰੀ ਸੀ,
ਜੰਮਦੀ ਨੂੰ ਰੱਤੀ ਫ਼ੀਮ ਦੀ ਬਥੇਰੀ ਸੀ ।
ਰਹਾਂ ਲੰਮੇ-ਲੰਮੇ ਹੌਕੇ ਲੈਂਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਕਹਿਗੇ ਮੱਕੇ ਜਾਕੇ ਸੱਦਵਾਲਾਂਗੇ ਕੁੜੇ,
ਮੈਨੂੰ ਅਕਬਰ ਵੀਰ ਲੈਣ ਨਾ ਮੁੜੇ ।
ਮਰਜੂ ਅਖ਼ੀਰੀ ਦੁੱਖ ਸਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਜਦੋਂ ਕੋਈ ਛੇੜੇ ਮਾਪਿਆਂ ਦੀ ਗੱਲ ਜੀ,
ਨੈਣੋਂ ਜਾਵੇ ਤਰਿਪ-ਤਰਿਪ ਜਲ ਜੀ ।
ਭਰੇ ਫੋੜੇ ਵਾਂਗ ਫਿੱਸ ਪੈਂਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਡੁੱਲ੍ਹੇ ਮਨ ਨੂੰ ਤਾਂ ਪ੍ਰਚੌਣ ਨਾਨੀਆਂ,
ਧਾਹਾਂ ਮਾਰਾਂ ਦੇਖ ਮਾਂ ਦੀਆਂ ਨਿਸ਼ਾਨੀਆਂ ।
ਤੇ ਮੈਂ ਗ਼ਸ਼ ਖਾ ਜ਼ਿੰਮੀਂ ਤੇ ਢਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਜਿੰਦੜੀ ਬਚਾ ਲੈ ਰੁੜ੍ਹ ਚੱਲੀ ਹੜ੍ਹ ਮੇਂ,
'ਰਜਬਲੀ' ਸੁਫਨੇ ਡਰੌਣ ਕੜਮੇਂ ।
ਮਾਰਕੇ ਚੰਗਿਆੜਾਂ ਉਠ ਬਹਿੰਦੀ ਬਾਬਲਾ,
ਤੇਰੀ ਧੀ ਨਿਆਣੀ ਰੋਂਦੀ ਰਹਿੰਦੀ ਬਾਬਲਾ ।

ਦੋਹਿਰਾ

ਫੇਰ ਕਰਬਲਾ ਆਣਕੇ, ਪਹੁੰਚ ਗਿਆ ਅਸਵਾਰ ।
ਸਣ੍ਹੇ ਸੁਗਾਤਾਂ ਕਾਗਜ਼ੀ, ਦੇਵੇ ਪੇਸ਼ ਗੁਜ਼ਾਰ ।

ਦੋ ਭਾਗ ਛੰਦ-੨੯

ਆਖਦਾ ਅਸਵਾਰ ਅਸਲਾਮਾਲੇਕਮ ਐ,
ਬੋਲਦਾ ਹੁਸੈਨ ਅੱਗੋਂ ਮਿੱਠੀ ਟੇਕ ਮੈਂ ।

ਫੇਰ ਨਿਆਣੀ ਧੀ ਦਾ ਕਾਗਜ਼ ਫੜਾ ਲਿਆ,
ਚੁੰਮ ਕੇ ਤੇ ਪਿਉ ਨੇ ਸੀਨੇ ਨਾਲ ਲਾ ਲਿਆ ।

ਹੋਰ ਜੋ ਸੁਗਾਤਾਂ ਘੱਲੀਆਂ ਸੀ ਨਾਨੀਆਂ,
ਹੱਥ ਬੰਨ੍ਹ ਸਭ ਦੇਤੀਆਂ ਨਿਸ਼ਾਨੀਆਂ ।

ਚਿੱਠੀ ਮਿਲਣੀ ਸੀ ਕਿ ਸਬੱਬ ਜੁੜ ਗਿਆ,
ਛੱਡ ਕੇ ਮੈਦਾਨ ਤੰਬੂਆਂ ਨੂੰ ਮੁੜ ਗਿਆ ।

ਵੀਰ ਨੂੰ ਬੁਲਾਵੇ ਵਾਜ ਮਾਰੀ ਜਾਫਰਾ,
ਲੈ ਜਾ ਤੂੰ ਸੁਨੇਹਾ ਜਾਂਦਿਆ ਮੁਸਾਫ਼ਰਾ ।

ਫੇਰ ਅਸਗਰ ਦੇ ਸਿਰਾਣੇ ਖੜ੍ਹਕੇ,
ਹੌਲੀ ਹੌਲੀ ਲੋਥ ਨੂੰ ਹਿਲਾਵੇ ਫੜਕੇ ।

ਗੂਹੜੀ ਨੀਂਦ ਸੌਂਗੇ ਨਾਨੀਆਂ ਦੇ ਹੇਜਲੇ,
ਨਾਨੀਆਂ ਨੇ ਸੁੱਚੇ ਦੋ ਰੁਮਾਲ ਭੇਜਲੇ ।

ਫੇਰ ਵਾਜ ਮਾਰੀ ਕਾਸਮ ਸਲੱਗ ਨੂੰ,
ਬੰਨ੍ਹ ਬੱਚਾ ਸੀਸ ਤੇ ਸਿਤਾਰੇ ਪੱਗ ਨੂੰ ।

ਕੀਹਨੇ ਮੈਨੂੰ ਜੱਗੋਂ ਵੱਸਦਾ ਉਜਾੜਿਆ,
ਉਠ ਮੇਰਿਆ ਸੋਹਣਿਆਂ ਜੰਨਾਂ ਦਿਆ ਲਾੜਿਆ ।

ਪਿੱਛੋਂ ਜਾ ਪਿਆਰ ਦੇਵੇ ਅਸਗਰ ਤੇ,
ਮਿੱਠੇ ਜੇ ਖੜ੍ਹੌਨੇ ਸੀ ਸਰ੍ਹਾਣੇ ਧਰਤੇ ।

ਉਠ ਮਠਿਆਈ ਖਾ ਲੈ ਮੇਰੇ ਭਪੂਆ,
ਰੁੜ੍ਹੀ ਜਾਂਦੀ ਬੇੜੀ ਬੰਨੇ ਲਾਦੇ ਚਪੂਆ ।

ਵੇਲਣੇ 'ਚ ਆਗੀ ਗੰਨੇ ਦੀਏ ਪੋਰੀਏ,
ਉਠ ਮੇਰੇ ਬੁੱਢੇ ਵੇਲੇ ਦੀ ਡੰਗੋਰੀਏ ।

ਜਾਗ ਤੈਨੂੰ ਸੁਗਰਾ ਜਗਾਇਆ ਭੈਣ ਨੇ,
ਬੋਲਦਾ ਨੀ ਮੂੰਹੋਂ ਖਾ ਲਿਆ ਮੌਤ ਡੈਣ ਨੇ ।

ਨਾਲ ਪੱਖੀ ਦੇਤੀ ਸੁਗਰਾਂ ਰਕਾਨ ਦੀ,
ਆਹਲੈ ਪੁੱਤ ਬੰਨ੍ਹੀਂ ਜਿਲਦ ਕੁਰਾਨ ਦੀ ।

ਸ਼ੇਰਬਾਨੋ ਰੱਬ ਨੇ ਮਿਲਾਏ ਹੁਣ ਲੈ,
ਆਕੇ ਨਿਆਣੀਂ ਬੱਚੀ ਦੇ ਸੁਨੇਹੇ ਸੁਣ ਲੈ ।

'ਰਜਬਲੀ' ਧਾਹੀਂ-ਧਾਹੀਂ ਰੋਣ ਡੈਹਿ ਗਿਆ,
ਤੰਬੂਆਂ ਦੇ ਵਿੱਚ ਕੁਰਲਾਟ ਪੈ ਗਿਆ ।

ਦੋਹਿਰਾ

ਭੈਣਾਂ ਭਾਈਆਂ ਚਾਚੀਆਂ, ਪੌਣ ਖੜੋਕੇ ਵੈਣ ।
ਉਸੇ ਰੰਗ ਵਿੱਚ ਛੋੜਕੇ, ਜਾਂਦਾ ਲੜਨ ਹੁਸੈਨ ।

ਦੋ ਭਾਗ ਛੰਦ-੩੦

ਉਸੇ ਤਰ੍ਹਾਂ ਮਾਈਆਂ ਰੋਂਦੀਆਂ ਨੂੰ ਛੋੜਕੇ,
ਪਿੱਛੇ ਵਾਗਾਂ ਲੈ ਗਿਆ ਹੁਸੈਨ ਮੋੜਕੇ ।

ਜਾ ਕੇ ਵਿੱਚ ਦਲਾਂ ਦੇ ਮਚਾਤਾ ਸ਼ੋਰ ਜੀ,
ਮਾਰ-ਮਾਰ ਜੁਆਨ ਨੇ ਉਡਾਤੇ ਮੋਰ ਜੀ ।

ਜਾਂਵਦਾ ਨਾ ਜੋਸ਼ ਝੱਲਿਆ ਸਰੀਰ ਦਾ,
ਫੱਟੇ ਸ਼ੇਰ ਵਾਂਗ ਵੈਰੀਆਂ ਨੂੰ ਚੀਰਦਾ ।

ਜਿਹੜਾ ਵੈਰੀ ਆ ਜੇ ਤਲਵਾਰ ਅੱਗੇ ਜੀ,
ਸਿੱਟ੍ਹਦਾ ਜ਼ਮੀਨ ਤੇ ਸਕਿੰਟ ਲੱਗੇ ਜੀ ।

ਡਿੱਗਦੇ ਦਿੱਸਣ ਵੈਰੀਆਂ ਦੇ ਸੀਸ ਜੀ,
ਹੋਵੇ ਨਾ ਹੁਸੈਨ ਦੀ ਕਿਸੇ ਤੋਂ ਰੀਸ ਜੀ ।

ਲੋਆਂ ਪਈਆਂ ਜਾਂਦੀਆਂ ਦੁਪੈਰ੍ਹਾ ਜੇਠ ਦਾ,
ਤਾਂਬੇ ਵਾਂਗੂੰ ਤੱਪਦਾ ਫ਼ਰਸ਼ ਹੇਠ ਦਾ ।

ਬੁਰੀ ਧੁੱਪ ਚੰਦਰੀ ਅਰਬ ਦੇਸ਼ ਦੀ,
ਜਾਂਮਦੀ ਨਾ ਗਰਮੀ ਸਹਾਰੀ ਏਸ ਦੀ ।

ਚਾਰੇ ਪਾਸੇ ਦਿਸਦੇ ਤੰਦੂਰ ਤਪਦੇ,
ਬੰਦੇ ਦਾ ਕੀ ਸਰਦਾ ਜਨੌਰ ਛਪਦੇ ।

ਤਿੰਨ ਦਿਨ ਹੋਗੇ ਨਾ ਥਿਔਂਦਾ ਪਾਣੀ ਐ,
ਜਿੰਦੜੀ ਪਿਆਸੇ ਦੀ ਨਿਕਲ ਜਾਣੀ ਐ ।

ਵੈਰੀਆਂ ਨੂੰ ਮਾਰਦਾ ਜੁਆਨ ਹੁੱਟ ਗਿਆ,
ਹੋ ਗਿਆ ਸੀ ਬੇਦਿਲ ਲਗਾਮ ਛੁੱਟ ਗਿਆ ।

ਚੱਲਗੇ ਹਜ਼ਾਰਾਂ ਤੀਰ ਉੱਤੇ ਇੱਕ ਦੇ,
ਸੱਤਰ ਜ਼ਖ਼ਮ ਹੋਗੇ ਵਿੱਚ ਹਿੱਕ ਦੇ ।

ਜ਼ਾਲਮਾਂ ਹੁਸੈਨ ਨੂੰ ਜ਼ਿੰਮੀ ਤੇ ਡੇਗ ਲਿਆ,
ਸੀਨੇ ਉੱਤੇ ਬੈਠ ਗਿਆ ਛਿਮਰ ਤੇਗ਼ ਲਿਆ ।

ਮਾਰੇ ਤਲਵਾਰਾਂ ਬੇਦਰਦ ਕੌਮ ਜੀ,
ਇੱਕ ਨਾ ਹੁਸੈਨ ਦਾ ਕੱਟੀਦਾ ਰੋਮ ਜੀ ।

ਆਖਦਾ ਹੁਸੈਨ ਮੈਂ ਅਲੀ ਦੀ ਬਿੰਦ ਜੀ,
ਸਿੱਜਦੇ 'ਚ ਨਿਕਲੂ ਹਮਾਰੀ ਜਿੰਦ ਜੀ ।

ਕਰ ਮੇਰਾ ਮੁੱਖ ਕਿਬਲੇ ਦੇ ਰੁੱਖ ਨੂੰ,
ਪੀ ਲੈ ਰੱਤ ਜ਼ਾਲਮਾਂ ਮਿਟਾ ਲੈ ਭੁੱਖ ਨੂੰ ।

ਮਾਰ ਤਲਵਾਰਾਂ ਕਰਤਾ ਸ਼ਹੀਦ ਜੀ,
'ਰਜਬਲੀ, ਲੈਗੇ ਦੋਜ਼ਕ ਖਰੀਦ ਜੀ ।

ਬੈਂਤ-੩੧

ਮਾਰੀ ਆਲ ਰਸੂਲ ਦੀ ਜ਼ਾਲਮਾਂ ਨੇ,
ਆਗੀ ਸਮਝ ਕਚੈਰੀਆਂ ਸਾਰੀਆਂ ਨੂੰ ।

ਕੱਚੇ ਤੋੜ ਮੇਵੇ ਅਲੀ ਮੁਕਤ ਜਾਂਦੇ,
ਉਨ੍ਹਾਂ ਤੋੜ ਮਰੋੜਤਾ ਡਾਹਣੀਆਂ ਨੂੰ ।

ਪਕੜ ਮੌਤ ਦੇ ਘਾਟ ਉਤਾਰ ਦਿੱਤੇ,
ਕਾਸਮ ਸ਼ੇਰ ਦਲੇਰ ਦੇ ਹਾਣੀਆਂ ਨੂੰ ।

ਮੈਨੂੰ ਕਸਮ ਹੈ ਜ਼ੁਲਮ ਦੀ ਹੱਦ ਹੋਗੀ,
ਕੀਤਾ ਬੰਦ ਦਰਿਆ ਦੇ ਪਾਣੀਆਂ ਨੂੰ ।

ਬੱਚੇ ਵਿਲਕਦੇ ਵਿਲਕਦੇ ਫ਼ੌਤ ਹੋਗੇ,
ਦੇਣ ਪੀਣ ਨਾ ਘੁੱਟ ਆ ਪਾਣੀਆਂ ਨੂੰ ।

ਸਭੇ ਰੋਂਦੀਆਂ ਰੋਂਦੀਆਂ ਗੁੰਮ ਹੋਈਆਂ,
ਗ਼ਸ਼ਾਂ ਪੈਂਦੀਆਂ ਸੀ ਧੀਆਂ ਰਾਣੀਆਂ ਨੂੰ ।

ਕੁਝ ਤੰਬੂਆਂ ਵਿੱਚ ਕੁਰਲਾਟ ਪੈਗੀ,
ਮਾਵਾਂ ਰੋਣ ਬਹਿਕੇ ਮੌਜਾਂ ਮਾਣੀਆਂ ਨੂੰ ।

ਬਾਂਦਾਂ ਬੰਨ੍ਹ ਦਮਿਸ਼ਕ ਦੇ ਵਿੱਚ ਲੈਗੇ,
ਪੈ ਗਈ ਭੀੜ ਅਮੀਰ ਸੱਯਦਾਣੀਆਂ ਨੂੰ ।

ਚੜੂ ਫੇਰ ਹਨੀਫ਼ ਜਾ ਵੈਰੀਆਂ ਤੇ,
ਮਾਰ ਮਾਰ ਉਲਝਾਦੂਗਾ ਤਾਣੀਆਂ ਨੂੰ ।

ਹਲ ਫੇਰਦੂ ਉਚਿਆਂ ਮੰਦਰਾਂ ਤੇ,
ਦੇਊ ਫੂਕ ਚੰਡਾਲ ਦੀਆਂ ਢਾਣੀਆਂ ਨੂੰ ।

ਪਾਪੀ ਛਿਮਰ ਜਜੀਦ ਨੂੰ ਮਾਰਨੇ ਤੇ,
ਖਾਰਾਂ ਕੱਢਲੂ ਜੁਆਨ ਪੁਰਾਣੀਆਂ ਨੂੰ ।

'ਰਜਬਲੀ' ਕਿਤਾਬ ਮੇਂ ਦਰਦ ਭਰਕੇ,
ਕੀਤਾ ਖ਼ਤਮ ਮੈਂ ਦਰਦ ਕਹਾਣੀਆਂ ਨੂੰ ।