Giani Hari Singh Dilbar
ਗਿਆਨੀ ਹਰੀ ਸਿੰਘ ਦਿਲਬਰ

ਗਿਆਨੀ ਹਰੀ ਸਿੰਘ ਦਿਲਬਰ ਪਿੰਡ ਲਲਤੋਂ ਕਲਾਂ, ਲੁਧਿਆਣਾ ਦੇ ਜੰਮਪਲ ਸਨ। ਹਰੀ ਸਿੰਘ ਦਿਲਬਰ ਜੀ ਨੇ 31 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ ਜਿੰਨ੍ਹਾਂ ਚੋਂ ਨਾਵਲ, ਜੀਵਨੀ, ਨਾਟਕ, ਕਹਾਣੀਆਂ, ਲੇਖ ਅਤੇ ਪੰਜਾਬੀ ਦੇ ਉੱਚ ਕੋਟੀ ਦੇ ਗੀਤ ਰਚ ਕੇ ਆਪ ਨੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ।ਕਹਾਣੀ ਲਿਖਣ ਵਿੱਚ ਆਪ ਪ੍ਰਿ.ਸੰਤ ਸਿੰਘ ਸੇਖੋਂ ਨੂੰ ਆਪਣਾ ਉਸਤਾਦ ਮੰਨਦੇ ਸਨ। ਆਪ ਨੇ ਸਕੂਲ ਅਧਿਆਪਨ ਕਾਰਜ ਕਰਦਿਆਂ ਸਭ ਤੋਂ ਪਹਿਲਾਂ ਆਪਣੀ ਲੜਕੀ ਪਰਮਦੀਪ ਕੌਰ ਨੂੰ ਸਕੂਲ ਵਿੱਚ ਦਾਖਿਲ ਕਰਵਾਇਆ। ਜੋ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚੋਂ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਈ। ਉਦੋਂ ਲੋਕ ਲੜਕੀਆਂ ਨੂੰ ਪੜ੍ਹਾਉਣਾ ਚੰਗਾ ਨਹੀਂ ਸਮਝਦੇ ਸਨ।ਇਨ੍ਹਾਂ ਦੀ ਪ੍ਰੇਰਨਾ ਨਾਲ਼ ਪਿੰਡ ਦੀਆਂ ਹੋਰ ਲੜਕੀਆਂ ਵੀ ਸਕੂਲ ਪੜ੍ਹਨ ਲੱਗੀਆਂ।ਇਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪ ਨਾਟਕ ਅਤੇ ਗੀਤ ਤਿਆਰ ਕਰਵਾਏ।ਆਪ ਦੀਆਂ ਲਿਖਤਾਂ ਨੂੰ ਪੜ੍ਹ ਕੇ ਮਾਲਵੇ ਦੇ ਪਿੰਡ ਅੱਖਾਂ ਮੂਹਰੇ ਹੂਬਹੂ ਘੁੰਮਣ ਲੱਗਦੇ ਹਨ। ਠੇਠ ਪੰਜਾਬੀ ਦੇ ਸ਼ਬਦਾਂ ਦਾ ਭੰਡਾਰ ਆਪ ਦੀਆਂ ਲਿਖਤਾਂ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦਾ ਹੈ।ਆਪ ਦੀਆਂ ਲਿਖਤਾਂ ਯੂਨੀਵਰਸਿਟੀਆਂ ਵਿੱਚ ਸਲੇਬਸ ਦਾ ਵੀ ਸ਼ਿੰਗਾਰ ਰਹੀਆਂ ਹਨ।
ਹਰੀ ਸਿੰਘ ਦਿਲਬਰ ਜੀ ਦੀ ਯਾਦ ਵਿੱਚ ਪਿੰਡ ਲਲਤੋਂ ਕਲਾਂ ਵਿਖੇ ਦਿਲਬਰ ਯਾਦਗਾਰੀ ਸਭਾ ਤੇ ਲਾਇਬਰੇਰੀ ਭਵਨ ਬਣਿਆ ਹੈ ਜਿੱਥੇ ਹਰ ਸਾਲ ਸਾਹਿਤਕ ਸਮਾਗਮ ਕਰਵਾਇਆ ਜਾਂਦਾ ਹੈ। ਪੰਜਾਬੀ ਗੀਤਕਾਰ ਹਰਦੇਵ ਦਿਲਗੀਰ(ਥਰੀ ਕੇ) ਆਪ ਦਾ ਵਿਦਿਆਰਥੀ ਰਿਹਾ ਹੈ। ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਤੇ ਵੀ ਪ੍ਰੋ: ਮੋਹਨ ਸਿੰਘ ਪੁਰਸਕਾਰ ਨਾਲ ਆਪ ਨੂੰ ਸਨਮਾਨਿਤ ਕੀਤਾ ਗਿਆ ਸੀ। ਆਪ ਸਾਰੀ ਉਮਰ ਪੈਦਲ ਹੀ ਤੁਰਦੇ ਰਹੇ। ਆਪ ਜਦ ਕਦੇ ਲੁਧਿਆਣੇ ਆਉਂਦੇ ਤਾਂ ਪੈਦਲ ਹੀ ਆਉਂਦੇ। ਆਪ ਦੀਆਂ ਲਿਖਤਾਂ ਦੇ ਪ੍ਰਕਾਸ਼ਕ ਲਾਹੌਰ ਬੁੱਕ ਸ਼ਾਪ ਲੁਧਿਆਣਾ ਹੀ ਰਹੇ। ਆਪ ਦਾ ਇੱਕ ਹਮ ਨਾਮ ਕਵੀ ਹਰੀ ਸਿੰਘ ਦਿਲਬਰ ਸਿਰਸਾ ਵੀ ਹੋਇਆ ਹੈ ਜੋ ਵਿਅੰਗ ਕਵਿਤਾ ਲਿਖਦਾ ਸੀ ਪਰ ਸਾਡੇ ਦਿਲਬਰ ਜੀ ਗਹਿਰ ਗੰਭੀਰ ਲੇਖਕ ਸਨ।-ਕਰਮਜੀਤ ਸਿੰਘ ਗਰੇਵਾਲ (ਲਲਤੋਂ)

ਗਿਆਨੀ ਹਰੀ ਸਿੰਘ ਦਿਲਬਰ ਪੰਜਾਬੀ ਗੀਤ