Hare Hanere : Zafar Iqbal

ਹਰੇ ਹਨੇਰੇ : ਜ਼ਫ਼ਰ ਇਕਬਾਲ


ਰਾਤੀਂ ਰੌਲਾ ਸੌਣ ਨਾ ਦੇਵੇ

ਰਾਤੀਂ ਰੌਲਾ ਸੌਣ ਨਾ ਦੇਵੇ ਸੁਫ਼ਨੇ ਦੀਆਂ ਬਲਾਵਾਂ ਦਾ । ਦਿਨ ਚੜ੍ਹਦਾ ਤੇ ਪਾਗਲ ਕਰਦਾ ਸ਼ੋਰ ਕਾਲਿਆਂ ਕਾਵਾਂ ਦਾ । ਪੈਰਾਂ ਦੇ ਵਿਚ ਪੁੜੇ ਨੇ ਕੰਡੇ ਅੰਦਰ ਵਾਲੇ ਜੰਗਲ ਦੇ, ਵਾਲਾਂ ਉੱਤੇ ਜੰਮਿਆ ਹੋਇਆ ਘੱਟਾ ਦਿਲ ਦੇ ਰਾਹਵਾਂ ਦਾ । ਅੰਦਰ ਬਾਹਰ ਡੁੱਲ੍ਹੀ ਹੋਈ ਕਾਲਖ ਵਰਗੀ ਰਾਤ ਸੀ ਉਹ, ਦੂਰ ਸਾਮ੍ਹਣੇ ਚਮਕ ਰਿਹਾ ਸੀ ਤਾਰਾ ਜਿਹਾ ਗੁਨਾਹਵਾਂ ਦਾ । ਸ਼ਾਖ਼ਾਂ ਵੀ ਸੁੱਤੀਆਂ ਰਹਿ ਗਈਆਂ ਪੱਤਰਾਂ ਨੂੰ ਵੀ ਪਤਾ ਨਹੀਂ, ਮੇਰੀ ਚੋਟੀ ਉੱਤੋਂ ਲੰਘਿਆ ਅੱਜ ਹਨ੍ਹੇਰ ਹਵਾਵਾਂ ਦਾ । ਕਦੀ ਕੱਖ ਨਾ ਦੂਹਰਾ ਹੋਵੇ ਦੋਹਾਂ ਹੱਥਾਂ ਨਾਲ 'ਜ਼ਫ਼ਰ' ਕਦੀ ਅੱਖ ਦਾ ਇੱਕ ਇਸ਼ਾਰਾ ਮੋੜੇ ਮੂੰਹ ਦਰਿਆਵਾਂ ਦਾ ।

ਕੱਕਰ ਕਹਿਰ ਪਵੇ ਹਰ ਪਾਸੇ

ਕੱਕਰ ਕਹਿਰ ਪਵੇ ਹਰ ਪਾਸੇ ਰਹਿੰਦਾ ਸਾਰਾ ਪੋਹ । ਅੱਖਾਂ ਦੇ ਅੰਗਿਆਰੇ ਲੈ ਕੇ ਫੇਰ ਨਾ ਆਇਆ ਉਹ । ਨਜ਼ਰਾਂ ਦੇ ਬੱਦਲ ਦੇ ਪਿੱਛੇ ਲੁਕਿਆ ਲਹੂ ਦਾ ਚੰਨ, ਸਾਵਲੀਆਂ ਰਾਤਾਂ ਨੂੰ ਰਹੀ ਸੂਹੇ ਚਾਨਣ ਦੀ ਟੋਹ । ਮੇਰੇ ਬਾਝੋਂ ਕੌਣ ਉਲਾਂਘੇ ਮੇਰਾ ਪੰਧ ਪਹਾੜ, ਅੰਦਰੇ ਅੰਦਰ ਖਿਲਰੇ ਹੋਏ, ਲੱਖਾਂ ਲੰਮੇ ਕੋਹ । ਕਿਸਰਾਂ ਮੈਂ ਅਸਮਾਨੀ ਉੱਡਦਾ ਮੇਰੇ ਸਿਰ ਦੇ ਉੱਤੇ, ਤੰਬੂ ਵਾਂਗੂੰ ਤਣਿਆ ਹੋਇਆ ਸੀ ਮਿੱਟੀ ਦਾ ਮੋਹ । 'ਜ਼ਫ਼ਰਾ' ਬਹੁਤ ਪੁਰਾਣੇ ਹੋ ਗਏ ਦਿਲ ਦਿਲਬਰ ਦੇ ਕਿੱਸੇ, ਅੱਜ ਹਵਾਵਾਂ ਤੇ ਰਾਹਵਾਂ ਦੀ ਨਵੀਂ ਕਹਾਣੀ ਸੋਹ ।

ਕਾਲਖ਼ ਸਾਰੀ ਰਾਤ ਦੀ ਅੱਖਾਂ ਵਿਚ

ਕਾਲਖ਼ ਸਾਰੀ ਰਾਤ ਦੀ ਅੱਖਾਂ ਵਿਚ ਪਰੋ ਕੇ । ਦੇਖਾਂ ਚੜ੍ਹਦੇ ਚੰਨ ਨੂੰ ਸ਼ਹਿਰੋਂ ਬਾਹਰ ਖਲੋ ਕੇ । ਅੰਦਰ ਬਾਹਰ ਗੂੰਜਦੀ ਗੁੱਝੀ ਪੀੜ ਇਕੱਲ ਦੀ, ਲੱਭਾਂ ਆਪਣੇ-ਆਪ ਨੂੰ ਅੰਨ੍ਹਾਂ ਕਮਲਾ ਹੋ ਕੇ । ਸਾਰੇ ਪਾਸੇ ਰਹਿ ਗਿਆ ਮੈਲਾ ਪਾਣੀ ਹੜ੍ਹ ਦਾ, ਹੱਸਾਂ ਕੀਹਦੇ ਸਾਹਵੇਂ ਦੱਸਾਂ ਕੀਹਨੂੰ ਰੋ ਕੇ । ਸ਼ੋਰ ਪੁਰਾਣੇ ਸ਼ਹਿਰ ਦਾ ਪੁੱਜਿਆ ਜੰਗਲ ਅੰਦਰ, ਵਾਪਸ ਗਏ ਗੁਨਾਹ ਦਾ ਭਾਰ ਸਿਰਾਂ ਤੇ ਢੋਅ ਕੇ । ਟੱਕਰ ਮਾਰਨ ਲਈ 'ਜ਼ਫ਼ਰ' ਪੈ ਗਈ ਕੰਧ ਉਸਾਰਣੀ, ਸਾਵੇ ਪੀਲੇ ਲਹੂ ਵਿਚ ਕਾਲੀ ਮਿੱਟੀ ਗੋ ਕੇ ।

ਸੋਚ ਸਫ਼ਰ ਦੀ ਮੱਠੀ ਮੰਜ਼ਿਲ

ਸੋਚ ਸਫ਼ਰ ਦੀ ਮੱਠੀ ਮੰਜ਼ਿਲ ਅੱਖਾਂ ਦਾ ਅਸਮਾਨ । ਉਸ ਦੇ ਗਲਮੇ ਵਿੱਚੋਂ ਦਿਸਦਾ ਪਿੱਤ ਦਾ ਲਾਲ ਨਿਸ਼ਾਨ । ਹੋਰ ਕਿਸੇ ਦੇ ਨਾਂ ਦੀ ਤਖ਼ਤੀ ਬਾਹਰ ਲੱਗੀ ਹੋਈ, ਹਰੀ ਉਦਾਸੀ ਵਿਚ ਭਿੱਜਿਆ ਹੋਇਆ ਕੋਠੀ ਦਾ ਲਾਨ । ਭਰ ਜਾਂਦਾ ਏ ਰੋਜ਼ ਬਦਨ ਦਾ ਕੋਈ ਨਾ ਕੋਈ ਕੰਢਾ, ਰੋਜ਼ ਦਿਹਾੜੇ ਨਵੀਂ ਲੜਾਈ ਰੋਜ਼ ਨਵਾਂ ਨੁਕਸਾਨ । ਪਲਕਾਂ ਦੀ ਜਾਲੀ ਦੇ ਵਿੱਚੋਂ ਪੈਣ ਭੁਲੇਖੇ ਪੁੱਠੇ, ਜਿਹੜਾ ਸੂਹਾ ਸਾਵਾ ਜੰਗਲ ਉਹ ਹੀ ਰੜਾ ਮੈਦਾਨ । 'ਜ਼ਫ਼ਰਾ' ਮੂੰਹ ਤੇ ਜੰਮੀ ਰਹਿੰਦੀ ਏ ਗ਼ਰਜ਼ਾਂ ਦੀ ਧੂੜ, ਕਿਸਰਾਂ ਮੇਰੀ ਬਾਤ ਸੁਣੇ ਉਹ ਕਿਸਰਾਂ ਕਰੇ ਪਛਾਣ ।

ਕੰਡਿਆ ਵਾਂਗੂੰ ਰਾਹ ਤੇ ਆਪਣਾ

ਕੰਡਿਆ ਵਾਂਗੂੰ ਰਾਹ ਤੇ ਆਪਣਾ ਆਪ ਖਿਲਾਰ ਕੇ, ਖਲੇ ਤਮਾਸ਼ਾ ਦੇਖਦੇ ਦੂਰੋਂ ਤਾੜੀ ਮਾਰ ਕੇ । ਸੀ ਦੁਸ਼ਮਨ ਦੀ ਅੱਖ ਵਿਚ ਮੂਰਤ ਆਪਣੇ ਆਪ ਦੀ, ਮਰਦਾ ਮਰਦਾ ਬਚ ਗਿਆ ਰਹਿ ਗਏ ਡਾਂਗ ਉਲਾਰ ਕੇ । ਆਪਣੀ ਮਿੱਟੀ ਵਿਚ ਸੀ ਮਿੱਟੀ ਕਿਹੜੇ ਬੁੱਤ ਦੀ, ਖ਼ਾਲਮ-ਖ਼ਾਲੀ ਰਹਿ ਗਏ ਕਿਸ ਨੂੰ ਮਨੋਂ ਵਿਸਾਰ ਕੇ । ਚੜ੍ਹਦੇ ਦਿਨ ਨੂੰ ਦੇਖਕੇ ਰੋਇਆ ਜ਼ਾਰੋ-ਜ਼ਾਰ ਕਿਉਂ, ਸਬਰ ਸ਼ੁਕਰ ਦੇ ਨਾਲ ਮੈਂ ਸਾਰੀ ਰਾਤ ਗ਼ੁਜ਼ਾਰ ਕੇ । ਚੱਕਰੋਂ ਨਿਕਲ ਕੇ ਕਿੱਧਰ ਜਾਵਾਂਗਾ, 'ਜ਼ਫ਼ਰ', ਫ਼ਿਰ ਰੌਲੇ ਵਿਚ ਪਾ ਲਈ ਸਾਰੀ ਗੱਲ ਨਿਤਾਰ ਕੇ ।

ਚਿੱਟੇ ਦਿਨ ਦੀਵਾ ਵਰ੍ਹਦਿਆਂ ਬੱਦਲਾਂ

ਚਿੱਟੇ ਦਿਨ ਦੀਵਾ ਵਰ੍ਹਦਿਆਂ ਬੱਦਲਾਂ ਕੀਤਾ ਗੁਲ । ਧੂੰ ਹਨੇਰੇ ਵਿਚ ਖਿੜਿਆ ਭਿਜਦੀ ਮਿੱਟੀ ਦਾ ਫੁੱਲ । ਸੁੱਤੀ ਸੋ ਗਈ ਰਾਹਵਾਂ ਉੱਤੇ ਪੀਲੀ ਜ਼ਰਦ ਹਵਾ, ਸੁਫ਼ਨੇ ਅੰਦਰ ਦੇਖੀ ਸਾਵਿਆਂ ਪੱਤਰਾਂ ਦੀ ਹਿੱਲ-ਜੁੱਲ । ਜਿੱਧਰ ਜਾਵਾਂ ਰੋਕੇ ਰਾਹ ਅੰਦਰ ਦਾ ਲਾਲ ਹਨੇਰਾ, ਕਿਹੜੇ ਜੰਗਲ ਵਿਚ ਲਿਆਈ ਦੋ ਕਦਮਾਂ ਦੀ ਭੁੱਲ । ਭਰੇ ਬਜ਼ਾਰ 'ਚ ਟੰਗੀ ਹੋਈ ਨੰਗੀ ਬੁੱਚੀ ਅੱਖ, ਲੰਘਦੇ ਜਾਂਦੇ ਗਾਹਕਾਂ ਨੂੰ ਦੱਸੇ ਵੇਖਣ ਦਾ ਮੁੱਲ । ਇਕ ਮੁਲਤਾਨਣ ਕੁੜੀ ਦੇ ਅੱਗੇ ਦਿਲ ਦਾ ਵਰਕਾ ਥੁੱਲਿਆ, ਹੱਥ ਹਿਲਾ ਕੇ ਆਖਣ ਲੱਗੀ 'ਜੁੱਲ੍ਹ ਓ ਸਾਈਂ ਜੁੱਲ੍ਹ' ।

ਸਾਡੀ ਧਮਕ ਹਿਲਾਵੇ ਕਦੀ ਦਿਲਾਂ ਦੇ

ਸਾਡੀ ਧਮਕ ਹਿਲਾਵੇ ਕਦੀ ਦਿਲਾਂ ਦੇ ਕੰਧਾਂ ਕੌਲੇ । ਕਦੀ ਅਸੀਂ ਇਨ੍ਹਾਂ ਗਲੀਆਂ ਦਿਆਂ ਕੱਖਾਂ ਤੋਂ ਵੀ ਹੌਲੇ । ਉੱਚੀਆਂ ਨੀਵੀਆਂ ਛੱਤਾਂ ਉੱਤੇ ਸੁੱਤਿਆਂ ਹੋਇਆਂ ਸਾਨੂੰ, ਅੱਚਨ-ਚੇਤ ਜਗਾ ਜਾਂਦੇ ਨੇ ਅੱਧੀ ਰਾਤ ਦੇ ਰੌਲੇ । ਅੱਖਾਂ ਅੱਗੇ ਵਿਛੀ ਹੋਈ ਸੀ ਸੁੰਝੀ ਸੱਖਣੀ ਰਾਹ, ਸਾਰਾ ਦਿਨ ਪੈਂਦੇ ਰਹੇ ਆਉਂਦਿਆਂ ਅਸਵਾਰਾਂ ਦੇ ਝੌਲੇ । ਉਹੋ ਅੰਨ੍ਹੀਆਂ ਰਾਤਾਂ ਉਹੋ ਧੂੰ ਧੁਆਖੇ ਦਿਨ, ਦਿਲ ਨੇ ਅੱਖ ਨਾ ਪੁੱਟੀ ਐਥੇ ਕਾਲਿਉਂ ਆ ਗਏ ਧੌਲੇ । ਮੈਂ ਵੀ ਦੁੱਖ ਦੇ ਪਰਬਤ ਵਿੱਚੋਂ ਕੱਢੀ ਸੀ ਇਕ ਨਹਿਰ, ਮੇਰੇ ਵੀ ਸਨ ਕਿਸੇ ਜ਼ਮਾਨੇ ਪੱਥਰ ਵਰਗੇ ਡੌਲੇ ।

ਆਪਣੇ ਆਪੇ ਉੱਤੇ ਅੱਜ ਮੈਂ

ਆਪਣੇ ਆਪੇ ਉੱਤੇ ਅੱਜ ਮੈਂ ਆਪੇ ਫ਼ਿਕਰੇ ਕੱਸਾਂਗਾ । ਖੁੱਲੇ ਵਿਹੜੇ ਦੇ ਵਿਚ ਆਪਣੇ ਅੱਗੇ ਅੱਗੇ ਨੱਸਾਂਗਾ । ਦੁੱਖ ਵੀ ਮੇਰੇ ਸੁੱਖ ਵੀ ਮੇਰੇ ਫਿਰ ਵੀ ਸ਼ਹਿਰ ਸ਼ਰੀਕਾਂ ਦਾ, ਹੌਲੀ ਹੌਲੀ ਰੋਵਾਂਗਾ ਮੈਂ ਉੱਚੀ ਉੱਚੀ ਹੱਸਾਂਗਾ । ਬਿਜਲੀ ਬਣ ਕੇ ਕੜਕਾਂਗਾ ਮੈਂ ਅੰਨ੍ਹੇ ਬੋਲੇ ਜੰਗਲ ਵਿਚ, ਰੇਤ ਦਿਆਂ ਮਹਿਲਾਂ ਤੇ ਕਾਲੇ ਬੱਦਲ ਵਾਂਗੂੰ ਵੱਸਾਂਗਾ । ਮੈਂ ਵਹਿਮਾਂ ਦਾ ਸ਼ਹਿਰ ਹਾਂ ਮੇਰੇ ਰੂਪ ਨਿਆਰੇ ਦੇਖੋਗੇ, ਵਸ-ਵਸ ਕੇ ਮੈਂ ਉਜੜਾਂਗਾ ਤੇ ਉਜੜ-ਉਜੜ ਕੇ ਵੱਸਾਂਗਾਂ । ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਕਿਹੜੀ ਗੱਲ ਸੁਨਾਵਣ ਨੂੰ, ਅੱਜ ਮੈਨੂੰ ਵੀ ਪਤਾ ਨਹੀਂ ਮੈਂ ਕੱਲ ਤੁਹਾਨੂੰ ਦੱਸਾਂਗਾ ।

ਜਿਸ ਤਸਵੀਰ ਦੇ ਅੰਦਰ ਵੜ ਕੇ

ਜਿਸ ਤਸਵੀਰ ਦੇ ਅੰਦਰ ਵੜ ਕੇ ਰਾਜ਼ ਰੰਗਾਂ ਦੇ ਖੋਲੇ । ਕੌਣ ਸੀ ਜਿਸ ਨੇ ਮਿੱਟੀ ਉੱਤੇ ਨੈਣ ਨਕਸ਼ ਭਰ ਡੋਲੇ । ਅੱਧ ਅਸਮਾਨੇ ਤਾਰਾ ਬਣ ਗਈ ਸਰ-ਸਰ ਕਰਦੀ ਗੁੱਡੀ, ਜਿਸ ਦੇ ਇਰਦੇ-ਗਿਰਦੇ ਮੈਲਾ ਰੰਗ ਹਵਾ ਦਾ ਡੋਲੇ । ਮੇਰੇ ਅੰਦਰ ਉੱਗਿਆ ਨੀਲੇ ਪੱਤਰਾਂ ਵਾਲਾ ਬੂਟਾ, ਕਿਹੜੀਆਂ ਜ਼ਹਿਰੀ ਰੁੱਤਾਂ ਹੋ ਗਈਆਂ ਨੇ ਅੱਖ ਦੇ ਉਹਲੇ । ਕੰਢੇ ਉੱਤੇ ਬੈਠਾ ਦੇਖਾਂ ਅੰਨ੍ਹੀਆਂ ਅੱਖਾਂ ਟੱਡ ਕੇ, ਡੁਬਦਾ ਸੂਰਜ ਤਨ ਪਾਣੀ ਵਿਚ ਮੌਤ ਸਿਆਹੀ ਘੋਲੇ । ਭਾਵੇਂ ਫ਼ਜਰੀਂ ਵਿੱਚ ਨਮਾਜ਼ੀਂ ਬੂਕੀਂ-ਚੀਖ਼ੀਂ ਰੋ ਰੋ ਰੋਵਣ ਨਾਲ ਨਾ ਖ਼ਾਲੀ ਹੋਸੀ ਦੁੱਖ ਦੇ ਭਰੇ ਭੜੋਲੇ ।