Hakeem Arshad Shahzad
ਹਕੀਮ ਅਰਸ਼ਦ ਸ਼ਹਿਜ਼ਾਦ

ਨਾਂ-ਹਕੀਮ ਮੁਹੰਮਦ ਅਰਸ਼ਦ ਸ਼ਹਿਜ਼ਾਦ, ਕਲਮੀ ਨਾਂ-ਅਰਸ਼ਦ 'ਸ਼ਹਿਜ਼ਾਦ'
ਜੰਮਣ ਵਰ੍ਹਾ-1955, ਜਨਮ ਸਥਾਨ-ਸ਼ੇਖੂ ਚੱਕ, ਜ਼ਿਲਾ ਨਾਰੋਵਾਲ,
ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,
ਵਿਦਿਆ-ਦਸਵੀਂ, ਆਯੂਰਵੈਦਿਕ ਡਿਪਲੋਮਾ, ਕਿੱਤਾ-ਹਿਕਮਤ,
ਛਪੀਆਂ ਕਿਤਾਬਾਂ-ਸੂਲੀ ਉੱਤੇ ਸੱਚ (ਪੰਜਾਬੀ ਸ਼ਾਇਰੀ), ਵੇਲਣ ਦੇ ਵਿਚ ਗੰਨਾ (ਪੰਜਾਬੀ ਸ਼ਾਇਰੀ), ਨੀਂ ਮਾਏ (ਪੰਜਾਬੀ ਸ਼ਾਇਰੀ), ਮਕਤਲ ਵਿਚ ਧਮਾਲ (ਪੰਜਾਬੀ ਸ਼ਾਇਰੀ), ਚਿੱਠੀਏ ਮੁਲਕ ਦੀਏ (ਚਿੱਠੀਆਂ ਵਾਰਤਕ), ਸ਼ਾਮ ਗ਼ਰੀਬਾਂ ਦੀ (ਪੰਜਾਬੀ ਸ਼ਾਇਰੀ), ਕਿੱਸਾ ਹੀਰ ਰਾਂਝਾ (ਸ਼ਾਇਰੀ), ਖ਼ੁਦਕੁਸ਼ੀ ਤੋਂ ਪਹਿਲਾਂ (ਸ਼ਾਇਰੀ),
ਪਤਾ-ਰਸ਼ੀਦ ਪੁਰਾ, ਸ਼ੱਕਰਗੜ੍ਹ, ਜ਼ਿਲਾ ਨਾਰੋਵਾਲ, ਪੱਛਮੀ ਪੰਜਾਬ ।

ਪੰਜਾਬੀ ਗ਼ਜ਼ਲਾਂ (ਵੇਲਣ ਦੇ ਵਿਚ ਗੰਨਾ 1999 ਵਿੱਚੋਂ) : ਹਕੀਮ ਅਰਸ਼ਦ ਸ਼ਹਿਜ਼ਾਦ

Punjabi Ghazlan (Velan De Vich Ganna 1999) : Hakeem Arshad Shahzad



ਜੀ ਕਰਦਾ ਏ ਮੇਰਾ ਮੈਂ ਵੀ

ਜੀ ਕਰਦਾ ਏ ਮੇਰਾ ਮੈਂ ਵੀ ਉਹਦਾ ਮਣਕਾ ਭੰਨਾ । ਜੀਹਨੇ ਰਾਂਝੂ ਯਾਰ ਤੋਂ ਖੋਹ ਲਿਆ ਚੂਰੀ ਵਾਲਾ ਛੰਨਾ । ਦੁੱਖਾਂ ਬਾਝੋਂ ਇਸ ਦੁਨੀਆਂ ਵਿਚ ਆ ਕੇ ਕੁਝ ਨਹੀਂ ਖੱਟਿਆ । ਇੰਜ ਗੁਜ਼ਾਰੀ ਯਾਰ ਹਿਆਤੀ ਜਿਉਂ ਬੇਲਣ ਵਿਚ ਗੰਨਾ । ਮੈਨੂੰ ਫੇਰ ਵੀ ਡਰ ਆਉਂਦਾ ਏ ਪਟਵਾਰੀ ਦੇ ਕੋਲੋਂ, ਨਾ ਸੀ ਮੇਰੀ ਪੈਲੀ ਕੋਈ ਤੇ ਨਾ ਹੈ ਸੀ ਬੰਨਾ । ਵਰ੍ਹਿਆਂ ਤੋਂ ਗੱਲ ਲੰਮੀ ਹੋਈ ਨੂੰ ਇਕ ਪਾਸੇ ਲਾ ਦੇ, ਯਾ ਰੱਖ ਲੈ ਯਾ ਛੱਡਦੇ ਮੈਨੂੰ ਕਰਦੇ ਹੰਨਾ-ਬੰਨਾ । ਬੰਦੇ ਛੱਡ ਕੇ ਲਾ ਲਏ ਉਹਨੇ ਰਿੱਛਾਂ ਨਾਲ ਯਾਰਾਨੇ, ਲਗਦੈ ਮੈਨੂੰ ਹੋ ਗਿਆ ਹੋਣੈ ਉਹ ਅੱਖੀਆਂ ਤੋਂ ਅੰਨ੍ਹਾ । ਤੇਰੀ ਫ਼ਿਤਰਤ ਕੰਮ ਚੰਗੇ ਤੇ ਵੀ ਤਨਕੀਦ ਹੈ ਕਰਨਾ, ਲਗਦੈ ਮੈਨੂੰ ਬਾਜ਼ ਨਹੀਂ ਆਉਣਾ ਤੂੰ ਕੁੱਤੇ ਦਿਆ ਕੰਨਾ । ਲੋਕਾਂ ਚੰਨ ਅਫ਼ਲਾਕੀ ਤੱਕ ਕੇ ਆਪਣੀ ਈਦ ਮਨਾਈ, ਮੈਂ ਵੀ ਈਦ ਮਨਾਵਾਂ ਆਪਣੀ ਚੜ੍ਹ ਕੋਠੇ ਤੇ ਚੰਨਾ । ਕਿਹੜੇ ਮਾਨ ਤਰਾਨ ਦੇ ਨਾਲ ਮੈਂ ਤੇਰੀ ਹਿੱਕ ਨਾਲ ਲੱਗਾਂ, ਨਾ ਮੈਂ ਲਾਲ ਜਵਾਹਰ ਕੋਈ ਨਾ ਮੈਂ ਕੋਈ ਪੰਨਾ । ਉਹ ਆਪਣੀ ਮਰਜ਼ੀ ਦਾ ਮਾਲਕ ਮੇਰੀ ਗੱਲ ਨਹੀਂ ਮੰਨਦਾ । ਪੱਥਰ ਦੇ ਨਾਲ ਕਾਹਨੂੰ 'ਅਰਸ਼ਦ' ਆਪਣਾ ਮੱਥੜਾ ਭੰਨਾ ।

ਜੇਕਰ ਸਾਡੇ ਸੱਜਣ ਬੇਲੀ ਆਲ-ਦਵਾਲੇ ਹੁੰਦੇ

ਜੇਕਰ ਸਾਡੇ ਸੱਜਣ ਬੇਲੀ ਆਲ-ਦਵਾਲੇ ਹੁੰਦੇ । ਗ਼ੈਰਾਂ ਦੇ ਫਿਰ ਸੱਜਣਾਂ ਸਾਨੂੰ ਕਾਹਦੇ ਪਾਲੇ ਹੁੰਦੇ । ਅੰਨ੍ਹੀਆਂ ਰਾਤਾਂ ਦੇ ਵਿਚ ਯਾਰੋ ਠੇਡੇ ਕਦੀ ਨਾ ਖਾਂਦੇ, ਜੇਕਰ ਲੋਕਾਂ ਗਲੀਆਂ ਦੇ ਵਿਚ ਦੀਵੇ ਬਾਲੇ ਹੁੰਦੇ । ਜਿਹੜੇ ਲੋਕੀ ਅੰਨ ਗ਼ਰੀਬਾਂ ਕੋਲੋਂ ਖੋਹਕੇ ਖਾਵਣ, ਉਹ ਲੋਕੀ ਨੇ ਖ਼ਵਰੇ ਰਾਣੀ ਖ਼ਾਂ ਦੇ ਸਾਲੇ ਹੁੰਦੇ । ਲੱਭ ਲੈਂਦਾ ਮੈਂ ਉਹਨੂੰ ਜੇ ਉਹ ਆਪਣੀ ਥਾਂ ਤੇ ਹੁੰਦਾ, ਭਾਵੇਂ ਰਸਤੇ ਦੇ ਵਿਚ ਜਿੰਨੇ ਮਰਜ਼ੀ ਖਾਲੇ ਹੁੰਦੇ । ਕੀ ਸੀ ਸੱਜਣਾ ਜੇ ਕਰ ਹੁੰਦਾ ਮੈਂ ਤੇਰਾ ਪਰਛਾਵਾਂ, ਜਿੱਧਰ ਜਾਂਦੋਂ ਅਸੀਂ ਵੀ ਤੇਰੇ ਨਾਲੇ ਨਾਲੇ ਹੁੰਦੇ । ਜੇ ਕਰ ਮੈਂ ਵੀ ਨੀਚਾਂ ਦੇ ਨਾਲ ਯਾਰੀ ਲਾਈ ਹੁੰਦੀ, ਹਾਸਿਆਂ ਦੀ ਥਾਂ ਮੇਰਿਆਂ ਬੁੱਲ੍ਹਾਂ ਤੇ ਵੀ ਨਾਲੇ ਹੁੰਦੇ । ਨਿੱਘੀਆਂ ਰਾਤਾਂ ਦੀ ਜੇ ਉਹਨੇ ਕਦਰ ਪਛਾਣੀ ਹੁੰਦੀ, ਕਾਹਨੂੰ ਉਹਦਿਆਂ ਲੇਖਾਂ ਦੇ ਵਿਚ ਐਨੇ ਪਾਲੇ ਹੁੰਦੇ । ਪੀੜ ਪਰਾਈ ਨੂੰ ਜੋ ਲੋਕੀ ਆਪਣੀ ਹਿੱਕ ਤੇ ਜਰਦੇ, ਉਹ ਹੀ ਲੋਕੀ 'ਅਰਸ਼ਦ' ਦੁੱਖਾਂ ਦਰਦਾਂ ਵਾਲੇ ਹੁੰਦੇ ।

ਕਿਹੜਾ ਕਿਹੜਾ ਮੰਜਰ ਆਪਣੀਆਂ ਅੱਖਾਂ ਵਿਚ ਲੁਕਾਵਾਂ

ਕਿਹੜਾ ਕਿਹੜਾ ਮੰਜਰ ਆਪਣੀਆਂ ਅੱਖਾਂ ਵਿਚ ਲੁਕਾਵਾਂ । ਕਿਹੜੇ ਨੂੰ ਮੈਂ ਯਾਦ ਰੱਖਾਂ ਤੇ ਕਿਹੜੇ ਨੂੰ ਭੁੱਲ ਜਾਵਾਂ । ਮਾਂ ਆਪਣੀ ਦਾ ਚੁੱਲ੍ਹਾ ਚੌਂਕਾ ਜਾਂ ਬਾਪੂ ਦਾ ਵਿਹੜਾ, ਮੈਨੂੰ ਲਗਦੀਆਂ ਸਨ ਇਹ ਯਾਰੋ ਜੰਨਤ ਵਰਗੀਆਂ ਥਾਵਾਂ । ਛੰਨਾ, ਥਾਲੀ, ਚਿਮਟਾ, ਬਾਟੀ, ਕੌਲੀ, ਕੜਛੀ, ਡੋਈ, ਮਾਂ ਆਪਣੀ ਦੇ ਦਾਜ ਨੂੰ ਲੈਕੇ ਮੈਂ ਕਿੱਥੇ ਟੁਰ ਜਾਵਾਂ । ਛੱਡ ਕੇ ਆਪਣੀ ਜੰਮਣ ਭੋਂ ਨੂੰ ਮੈਂ ਕਿਹੜਾ ਸੁੱਖ ਪਾਇਆ, ਵਿਚ ਸਿਹਰਾ ਦੇ ਡਾਰੋਂ ਵਿਛੜੀ ਕੂੰਜ ਤਰ੍ਹਾਂ ਕੁਰਲਾਵਾਂ । ਮਸਜਿਦ, ਮੰਦਰ ਵਗਦਾ ਖੂਹ ਤੇ ਜੰਗਲ ਨਦੀ ਕਿਨਾਰਾ, ਭੁੱਲ ਸਕਨਾਂ ਵਾਂ ਕੀਵੇਂ 'ਸਿਖੂ ਚੱਕ' ਦੀਆਂ ਠੰਢੀਆਂ ਛਾਵਾਂ । ਮਾਂ ਦੇ ਮਰਨ ਤੋਂ ਮਗਰੋਂ ਕੋਈ ਮਾਂ ਵਰਗਾ ਨਾ ਦਿਸਿਆ, ਮਾਂ ਦੀ ਸੂਰਤ ਵਰਗੀ ਸੂਰਤ ਕਿੱਥੋਂ ਲੱਭ ਲਿਆਵਾਂ । ਮੇਰੇ ਮਾਪੇ ਜਿਹੜੀ ਥਾਂ ਵਿਚ ਰੱਬਾ ਹੈਣ ਸਮਾਏ, ਰੱਖੀਂ ਓਸ ਜ਼ਮੀਨ ਦੇ ਉੱਤੇ ਰਹਿਮਤ ਦਾ ਪਰਛਾਵਾਂ । ਨਾਲ ਹਿਜਰ ਤੇ ਦੁੱਖ ਦੇ ਮੇਰਾ ਲੱਕ ਦੂਹਰਾ ਹੋ ਜਾਂਦਾ, ਮਾਂ ਤੇ ਪਿਉ ਦੀ ਕਬਰ ਤੇ 'ਅਰਸ਼ਦ' ਮਿੱਟੀ ਜਦ ਮੈਂ ਪਾਵਾਂ ।

ਇਹਦੇ ਆਲ-ਦੁਆਲੇ ਲੱਗੀਆਂ ਬੋਰਾਂ ਨੇ

ਇਹਦੇ ਆਲ-ਦੁਆਲੇ ਲੱਗੀਆਂ ਬੋਰਾਂ ਨੇ । ਨਹੀਂ ਤੇ ਦੇਸ 'ਚ ਦੱਸੋ ਕਾਹਦੀਆਂ ਥੋੜਾਂ ਨੇ । ਲੂੰ ਲੂੰ ਮੇਰਾ ਪੀੜਾਂ ਦੇ ਨਾਲ ਭਰਿਆ ਏ, ਮੇਰੀ ਅੱਖ ਵਿਚ ਅੱਥਰੂ ਲੱਖ ਕਰੋੜਾਂ ਨੇ । ਸਮਝ ਨਾ ਆਈ ਸੜਕਾਂ ਸਿੱਧਮ-ਸਿੱਧੀਆਂ ਸੀ, ਪਰ ਕਿਉਂ ਲੋਕਾਂ ਵਿੰਗੀਆਂ ਕੀਤੀਆਂ ਟੋਰਾਂ ਨੇ । ਸ਼ਹਿਰ ਮੇਰੇ ਚੋਂ ਤੂੰ ਕੀ ਗੰਦ ਮੁਕਾਉਣਾ ਏ, ਇਹ ਤੇ ਐਵੇਂ ਸੁੱਕੀਆਂ ਤੇਰੀਆਂ ਫੋੜਾਂ ਨੇ । ਅਸਮਾਨਾਂ ਵਲ ਐਵੇਂ ਥੁੱਕੀ ਜਾਨਾਂ ਏਂ, ਦੱਸ ਖ਼ਾਂ ਲੱਗੀਆਂ ਤੈਨੂੰ ਕਿਹੜੀਆਂ ਜੋੜਾਂ ਨੇ । ਜੇ ਤੂੰ ਆਪਣੀ ਗੱਲ ਦੇ ਉੱਤੇ ਸੱਚਾ ਏਂ, ਦੱਸ ਫੇਰ ਤੈਨੂੰ ਲੱਗਦੀਆਂ ਕਾਹਨੂੰ ਕੌੜਾਂ ਨੇ । ਹੁਣ ਤੂੰ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ, ਹੁਣ 'ਅਰਸ਼ਦ' ਦੇ ਹੱਥ ਵਿਚ ਤੇਰੀਆਂ ਡੋਰਾਂ ਨੇ ।

ਜ਼ਹਿਰ ਪਿਆਲੇ ਦੇ ਵਿਚ ਅਮ੍ਰਿਤ ਘੋਲਾਂਗਾ

ਜ਼ਹਿਰ ਪਿਆਲੇ ਦੇ ਵਿਚ ਅਮ੍ਰਿਤ ਘੋਲਾਂਗਾ । ਮੈਂ ਜਾਬਰ ਸੁਲਤਾਨ ਦੇ ਅੱਗੇ ਬੋਲਾਂਗਾ । ਆਪਣਾ ਜੇ ਕਰ ਤਖ਼ਤ ਹਜ਼ਾਰਾ ਛੱਡਿਆ ਏ, ਪੈਰਾਂ ਹੇਠ ਮੈਂ ਝੰਗ ਸਿਆਲ ਮਧੋਲਾਂਗਾ । ਮੈਂ ਧੀਦੋ ਨੂੰ ਮਾਨ ਹੈ ਆਪਣੀ ਵੰਝਲੀ ਤੇ, ਆਪਣੀ ਜੱਟੀ ਹੀਰ ਦੇ ਮਨ ਨੂੰ ਮੋਹਲਾਂਗਾ । ਬਣ ਕੇ ਵਾਂਗ ਕਿਤਾਬ ਮੇਰੇ ਹੱਥ ਲੱਗਾ ਏ, ਹੁਣ ਮੈਂ ਉਹਦਾ ਵਰਕਾ ਵਰਕਾ ਫੋਲਾਂਗਾ, ਆਪਣੇ ਹੱਥੀਂ ਆਪਣੀ ਮੌਤ ਲਿਆਵਾਂਗਾ, ਆਪਣੇ ਹੱਥੀਂ ਉਹਦੀਆਂ ਜ਼ੁਲਫ਼ਾਂ ਖੋਲ੍ਹਾਂਗਾ । ਆਖ਼ਰ ਬੇਲੇ ਵਿਚ ਚੁਰਾਈਆਂ ਮੱਝਾਂ ਨੇ, ਕਾਲੀ ਬੂਰੀ ਜੋ ਵੀ ਲੱਭੀ ਚੋ ਲਾਂਗਾ । ਮੈਂ ਤੇ ਆਪਣਾ ਲਾਲ ਸੰਭਾਲੀ ਰੱਖਿਆ ਏ, ਮੈਂ ਕਾਹਦੇ ਲਈ 'ਅਰਸ਼ਦ' ਰਾਖ ਫਰੋਲਾਂਗਾ ।

ਇਕ ਦੂਜੇ ਲਈ ਯਾਰ ਹਨੂਰੇ ਰਹਿ ਗਏ ਨੇ

ਇਕ ਦੂਜੇ ਲਈ ਯਾਰ ਹਨੂਰੇ ਰਹਿ ਗਏ ਨੇ । ਯਾ ਫਿਰ ਹੱਥਾਂ ਦੇ ਵਿਚ ਹੂਰੇ ਰਹਿ ਗਏ ਨੇ । ਪਿੰਡ ਮੇਰੇ ਦੀ ਸਾਰੀ ਪਰ੍ਹਿਆ ਮਰ ਗਈ ਏ, ਮੂੰਹ ਵਿਚ ਗੱਲਾਂ ਨੇ ਹੰਘੂਰੇ ਰਹਿ ਗਏ ਨੇ । ਆਸ ਬੜੀ ਸੀ ਖ਼ੁਸ਼ਹਾਲੀ ਨੂੰ ਵੇਖਾਂਗੇ, ਸਾਡੇ ਸਾਰੇ ਖ਼ਾਬ ਅਧੂਰੇ ਰਹਿ ਗਏ ਨੇ । ਕੋਇਲ ਦੀ ਕੂ ਦੱਸੋ ਕਿੱਥੋਂ ਆਵੇਗੀ, ਬਾਗ਼ਾਂ ਦੇ ਵਿਚ ਨਿੰਮ ਧਤੂਰੇ ਰਹਿ ਗਏ ਨੇ । ਇਕ ਮੁਰਲੀ ਇਕ ਡਮਰੂ ਇਕ ਮਦਾਰੀ ਏ, ਬਾਕੀ ਕੀ ਏ ਸਿਰਫ਼ ਜਮੂਰੇ ਰਹਿ ਗਏ ਨੇ । ਕਿਸੇ ਨਾ ਖੋਲਿਆ ਦੌੜ ਕੇ ਛੇਤੀ ਬੂਹੇ ਨੂੰ, ਵਜਦੇ ਗਲੀਆਂ ਵਿਚ ਖੰਗੂਰੇ ਰਹਿ ਗਏ ਨੇ । ਸੱਜਣ ਬੇਲੀ ਸਾਰੇ ਛੱਡ ਕੇ ਤੁਰ ਗਏ ਨੇ, ਹੁਣ ਬੱਸ ਦੁਸ਼ਮਣ ਮੇਰੇ-ਮੂਰੇ ਰਹਿ ਗਏ ਨੇ । ਤਕੜੇ ਮੇਰੇ ਦੇਸ ਨੂੰ ਲੁੱਟ ਕੇ ਲੈ ਗਏ ਨੇ, 'ਅਰਸ਼ਦ' ਲੇਖਾਂ ਦੇ ਵਿਚ ਝੂਰੇ ਰਹਿ ਗਏ ਨੇ ।

ਵੇਲੇ ਦੇ ਅਵਤਾਰਾ ਇਹ ਕੀ ਕੀਤਾ ਈ

ਵੇਲੇ ਦੇ ਅਵਤਾਰਾ ਇਹ ਕੀ ਕੀਤਾ ਈ । ਠੀਕ ਨਹੀਂ ਵਰਤਾਰਾ ਇਹ ਕੀ ਕੀਤਾ ਈ । ਧਰਤੀ ਉੱਤੇ ਆਕੇ ਤੇਰੇ ਨਾਇਬ ਨੇ, ਵੇਖ ਤੇ ਸਈ ਕਰਤਾਰਾ ਇਹ ਕੀ ਕੀਤਾ ਈ । ਅੱਗ ਨਫ਼ਰਤ ਤੇ ਖ਼ੂਨ ਦੀ ਮੂਰਤ ਲੀਕੀ ਏ, ਵਾਹਵਾ ਵੇ ਫ਼ਨਕਾਰਾ ਇਹ ਕੀ ਕੀਤਾ ਈ । ਵਿਛੜੇ ਹੋਏ ਸੱਜਣ ਮੇਰੀਆਂ ਹਾਕਾਂ ਤੇ, ਦਿੱਤਾ ਨਾ ਪਰਤਾਰਾ ਇਹ ਕੀ ਕੀਤਾ ਈ । ਕੀ ਹੋਇਆ ਸੀ ਤੈਨੂੰ ਵੇਲੇ ਹਿਜਰਤ ਦੇ, ਨਾਲ ਨਾ ਟੁਰਿਉਂ ਯਾਰਾ ਇਹ ਕੀ ਕੀਤਾ ਈ । ਮੈਂ ਜਿਸ ਖੂਹ ਵਿਚ ਪਿਆਰ ਦੀ ਮਿਸਰੀ ਘੋਲੀ ਸੀ, ਤੂੰ ਕਰ ਛੱਡਿਆ ਖਾਰਾ ਇਹ ਕੀ ਕੀਤਾ ਈ । ਬਦਲਿਆ ਨਾ ਤੂੰ ਲੱਖ ਵਾਰੀ ਸਮਝਾਇਆ ਮੈਂ, ਆਪਣੀ ਸੋਚ ਦਾ ਧਾਰਾ ਇਹ ਕੀ ਕੀਤਾ ਈ । ਔਖਾ ਵੇਲਾ ਮੇਰੇ ਤੇ ਜਦ ਆਇਆ ਤੇ, ਕਰ ਲਿਆ ਯਾਰ ਕਿਨਾਰਾ ਇਹ ਕੀ ਕੀਤਾ ਈ ।

ਕਦੀ ਜੇ ਓਸ ਦੇ ਮੁਖੜੇ ਤੋਂ

ਕਦੀ ਜੇ ਓਸ ਦੇ ਮੁਖੜੇ ਤੋਂ ਪਰਦਾ ਸਿਰਕਿਆ ਹੁੰਦਾ । ਮੇਰੀ ਅੱਖੀਆਂ ਦਾ ਸ਼ੀਸ਼ਾ ਫੇਰ ਕਿਉਂ ਨਾ ਤਿੜਕਿਆ ਹੁੰਦਾ । ਉਹਦੇ ਲੰਘਣ ਦੀ ਖ਼ੁਸ਼ਬੂ ਇਸ ਤਰ੍ਹਾਂ ਆਉਂਦੀ ਫ਼ਿਜ਼ਾਵਾਂ ਚੋਂ, ਇਤਰ ਜੀਵੇਂ ਕਿਸੇ ਨੇ ਰਾਹ ਵਿਚ ਹੈ ਛਿੜਕਿਆ ਹੁੰਦਾ । ਤੂੰ ਮਰਮਰ ਸੰਗ ਦੀ ਸਾਰੀ ਮੁਲਾਇਮੀ ਭੁੱਲ ਜਾਣੀ ਸੀ, ਕਦੀ ਜੇ ਯਾਰ ਮੇਰਾ ਤੂੰ ਵੀ ਮਾਹੀਆ ਦੇਖਿਆ ਹੁੰਦਾ । ਤੂੰ ਸ਼ਰ ਦਾ ਬੀਜ ਬੀਜਣ ਵਾਲਿਆ ਮੇਰੀ ਜ਼ਮੀਨ ਉੱਤੇ, ਤੂੰ ਜੰਮਨ ਤੋਂ ਹੀ ਪਹਿਲਾਂ ਕੀ ਸੀ ਜੇਕਰ ਮਰ ਗਿਆ ਹੁੰਦਾ । ਕਦੀ ਮੰਜ਼ਿਲ ਨਹੀਂ ਹੁੰਦੀ ਨਸੀਬਾਂ ਉਹਦਿਆਂ ਅੰਦਰ, ਜੋ ਬੰਦਾ ਆਪ ਆਪਣੇ ਪੈਰ ਤੋਂ ਹੈ ਥਿੜਕਿਆ ਹੁੰਦਾ । ਉਹਦੇ ਮੁਖੜੇ ਦੀ ਲਾਲੀ ਇਸ ਤਰ੍ਹਾਂ ਦਿੰਦੀ ਵਿਖਾਈ ਏ, ਜਿਵੇਂ ਸ਼ੌਅਲਾ ਕੋਈ ਏ ਤੂਰ ਉੱਤੇ ਭੜਕਿਆ ਹੁੰਦਾ । ਤੇਰੇ ਲਈ ਖੋਲ੍ਹ ਛੱਡਣੇ ਸਨ ਉਨ੍ਹੇ ਸਭ ਆਪਣੇ ਦਰਵਾਜ਼ੇ, ਤੂੰ ਘੁੰਗਰੂ ਬਣ ਕੇ ਦਰ ਤੇ ਜੇ ਉਸ ਦੇ ਥਿਰਕਿਆ ਹੁੰਦਾ । ਮੇਰੇ ਮਨ ਦੀ ਪਿਆਸੀ ਧਰਤ ਨੇ ਸੈਰਾਬ ਹੋਣਾ ਸੀ, ਤੇਰੇ ਅੰਦਰ ਜੇ ਬੱਦਲ ਪਿਆਰ ਵਾਲਾ ਕੜਕਿਆ ਹੁੰਦਾ । ਮੈਂ ਐਵੇਂ ਤੇ ਨਹੀਂ ਉਸ ਜ਼ਾਤ ਤੇ ਈਮਾਨ ਲੈ ਆਂਦਾ, ਜੇ ਤੂੰ ਵੀ ਵੇਖ ਲੈਦਾ ਓਸ ਨੂੰ ਤੇ ਫੜਕਿਆ ਹੁੰਦਾ । ਉਦਾ ਮੱਖਣ ਜਿਹਾ ਮੁਖੜਾ ਤੇਰੇ ਲੇਖਾਂ 'ਚ ਹੋਣਾ ਸੀ, ਕਦੀ 'ਅਰਸ਼ਦ' ਜੇ ਉਹਨੂੰ ਵਾਂਗ ਦੁੱਧ ਦੇ ਰਿੜਕਿਆ ਹੁੰਦਾ ।