Hafeez Taib ਹਫ਼ੀਜ਼ ਤਾਇਬ
ਨਾਂ-ਅਬਦੁਲ ਹਫ਼ੀਜ਼, ਕਲਮੀ ਨਾਂ-ਹਫ਼ੀਜ਼ 'ਤਾਇਬ',
ਪਿਤਾ ਦਾ ਨਾਂ-ਹਾਜੀ ਚਿਰਾਗ਼ ਦੀਨ ਕਾਦਰੀ,
ਜਨਮ ਤਾਰੀਖ਼-14 ਫ਼ਰਵਰੀ 1931,
ਜਨਮ ਸਥਾਨ- ਪਿੰਡ ਅਹਿਮਦ ਨਗਰ, ਗੁਜਰਾਤ,
ਵਿਦਿਆ-ਐਮ. ਏ. ਪੰਜਾਬੀ, ਕਿੱਤਾ-ਰੀਸਰਚ ਸਕਾਲਰ,
ਛਪੀਆਂ ਕਿਤਾਬਾਂ-ਲੇਖ (ਪੰਜਾਬੀ ਸ਼ਾਇਰੀ), ਸਿੱਕ ਮਿੱਤਰਾਂ ਦੀ (ਪੰਜਾਬੀ ਸ਼ਾਇਰੀ), ਪੰਜਾਬੀ
ਨਾਅਤ (ਇੰਤਖ਼ਾਬ),
ਪਤਾ-ਲਾਹੌਰ ।
ਪੰਜਾਬੀ ਗ਼ਜ਼ਲਾਂ (ਲੇਖ 2000 ਵਿੱਚੋਂ) : ਹਫ਼ੀਜ਼ ਤਾਇਬ
Punjabi Ghazlan (Lekh 2000) : Hafeez Taib
ਰੋਗ ਅਵੱਲੇ, ਦਰਦ ਕਵੱਲੇ
ਰੋਗ ਅਵੱਲੇ, ਦਰਦ ਕਵੱਲੇ, ਹੌਕੇ ਵੰਨ-ਸਵੰਨੇ । ਸੱਜਣਾਂ ਨੇ ਦਿੱਤੇ ਨੇ ਸਾਨੂੰ ਤੋਹਫ਼ੇ ਵੰਨ-ਸਵੰਨੇ । ਫੁਟ-ਪਾਥਾਂ ਤੇ ਰੁਲਦੀ ਖ਼ਲਕਤ ਭਾਂ-ਭਾਂ ਕਰਦੇ ਬੰਗਲੇ, ਮੇਰੀਆਂ ਦੋ ਅੱਖੀਆਂ ਨੇ ਡਿੱਠੇ ਜਲਵੇ ਵੰਨ-ਸਵੰਨੇ । ਮੂੰਹੋਂ ਬੋਲ ਕੇ ਵੱਖਰੇ-ਵੱਖਰੇ ਕਿੱਸੇ ਪਏ ਸੁਨਾਵਣ, ਕਬਰਾਂ ਉੱਤੇ ਲੱਗੇ ਹੋਏ ਕੁਤਬੇ ਵੰਨ-ਸਵੰਨੇ । ਕੋਈ ਆਖੇ ਝੱਲ-ਵਲੱਲਾ ਕੋਈ ਕਹੇ ਅਵਾਰਾ, ਪਿਆਰ ਤੇਰੇ ਵਿਚ ਲੱਭੇ ਸਾਨੂੰ ਤਮਗ਼ੇ ਵੰਨ-ਸਵੰਨੇ । ਬਣੀਆਂ ਨੇ ਲੇਖਾਂ ਦੀਆਂ ਲੀਕਾਂ ਸੋਚਾਂ ਰੰਗ-ਬਰੰਗੀਆਂ, ਪਹਿਲੀ ਉਮਰੇ ਵਿਹੰਦੇ ਰਹੇ ਆਂ ਸੁਫ਼ਨੇ ਵੰਨ-ਸਵੰਨੇ । ਕੀ ਹੋਇਆ ਜੇ ਬੁਝ ਗਈਆਂ ਨੇ ਪਲਕਾਂ ਦੀਆਂ ਮਸਾਲਾਂ, ਦਿਲ ਦੇ ਅੰਦਰ ਬਲਦੇ ਨੇ ਪਏ ਦੀਵੇ ਵੰਨ-ਸਵੰਨੇ ।
ਸੋਚ ਦੀ ਮੱਕੜੀ ਨੇ ਤਾਣੇ ਨੇ ਜਾਲੇ
ਸੋਚ ਦੀ ਮੱਕੜੀ ਨੇ ਤਾਣੇ ਨੇ ਜਾਲੇ ਆਲ ਦੁਆਲੇ । ਯਾ ਖ਼ਾਬਾਂ ਦੇ ਹਾਲੇ ਦੇਣ ਦਿਖਾਲੇ ਆਲ ਦੁਆਲੇ । ਮੈਂ ਆਂ ਆਸ ਜਜ਼ੀਰੇ ਅੰਦਰ ਘਿਰਿਆ ਇਕ ਮੁਸਾਫ਼ਿਰ, ਜਿਸ ਨੂੰ ਨਜ਼ਰੀਂ ਆਵਣ ਪਾਣੀ ਕਾਲੇ ਆਲ ਦੁਆਲੇ । ਵਿਖਰੀਆਂ ਰਾਹਵਾਂ ਮੈਨੂੰ ਕਿਹੜੇ ਵੇਲੇ ਵਿਚ ਲੈ ਆਈਆਂ, ਥਾਂ-ਥਾਂ ਨੇ ਖੋਭੇ ਮਜਬੂਰੀ ਵਾਲੇ ਆਲ ਦੁਆਲੇ । ਇਨ੍ਹਾਂ ਵਿਚ ਡਿੱਗਣ ਤੋਂ ਆ ਕੇ ਮੈਨੂੰ ਕੌਣ ਬਚਾਵੇ, ਮੈਂ ਕੱਢੇ ਨੇ ਜਿਹੜੇ ਖਾਈਆਂ, ਖਾਲੇ ਆਲ-ਦੁਆਲੇ । ਕੀ ਹੋਇਆ ਜੇ ਇਕ ਗਰਦਾਬੂ ਨਿਕਲੀ ਮੇਰੀ ਬੇੜੀ, ਅਜੇ ਵੀ ਖ਼ੂਨੀ ਲਹਿਰਾਂ ਲੈਣ ਉਛਾਲੇ ਆਲ-ਦੁਆਲੇ ।
ਦਿਲ ਦਾ ਸੁੰਨਮ-ਸੁੰਨਾ ਵਿਹੜਾ
ਦਿਲ ਦਾ ਸੁੰਨਮ-ਸੁੰਨਾ ਵਿਹੜਾ, ਵੱਸੇ ਕਦੀ ਕਦਾਈਂ । ਜ਼ਖ਼ਮਾਂ ਦੀ ਫੁਲਵਾੜੀ ਵੀ ਤੇ ਹੱਸੇ ਕਦੀ ਕਦਾਈਂ । ਕਦੀ ਕਦਾਈਂ ਕੋਈ ਤੱਤੜੀ ਸੱਸੀ ਏਧਰ ਆਵੇ, ਆਪਣਾ ਆਪ ਤਲਬ ਦਾ ਥਲ ਵੀ ਵੱਸੇ ਕਦੀ ਕਦਾਈਂ । ਰਾਹ ਦੇ ਰੁੱਖ ਵੀ ਆਪਣੀਆਂ ਛਾਵਾਂ ਪੈਰਾਂ ਹੇਠ ਛੁਪਾਵਣ, ਜੇ ਏਧਰ ਆ ਨਿਕਲਣ ਭੁੱਖੇ ਤੱਸੇ ਕਦੀ ਕਦਾਈਂ । ਉਸ ਤੋਂ ਪੀੜ ਉਧਾਰੀ ਲੈ ਕੇ ਸ਼ਿਅਰਾਂ ਵਿਚ ਰਚਾਵਾਂ, ਕੋਈ ਤਾਂਘ ਜੇ ਸੋਚ ਮੇਰੀ ਨੂੰ ਖੱਸੇ ਕਦੀ ਕਦਾਈਂ । ਸੱਟ ਸਿਰੇ ਵਿਚ ਪਵੇ ਅਜਿਹੀ ਸਭ ਆਦਮ ਭੁੱਲ ਜਾਵਣ, ਜੇ 'ਤਾਇਬ' ਹਿੰਮਤ ਦਾ ਘੋੜਾ ਕੱਸੇ ਕਦੀ ਕਦਾਈਂ ।
ਝੱਲੇ ਆਂ ਪਰ ਕੱਲੇ ਤੇ ਨਹੀਂ
ਝੱਲੇ ਆਂ ਪਰ ਕੱਲੇ ਤੇ ਨਹੀਂ ਸਾਡੇ ਨਾਲ ਵਰੋਲੇ ਨੇ । ਅਸਾਂ ਅਜੇਹੇ ਲੱਖਾਂ ਰੇਤੜ ਪੈਰਾਂ ਹੇਠ ਮਧੋਲੇ ਨੇ । ਸਾਡੇ ਝੱਲ ਨੇ ਨਵੀਆਂ-ਨਵੀਆਂ ਰਾਹਵਾਂ ਲੱਭਦੇ ਰਹਿਣਾ ਏ, ਚੰਨ ਤੇ ਅਸਾਂ ਕੁਮੰਦਾਂ ਸੁੱਟੀਆਂ, ਜ਼ੱਰਿਆਂ ਦੇ ਦਿਲ ਟੋਲੇ ਨੇ । ਜਾਂ ਏਥੇ ਲੋਕਾਂ ਦੇ ਦੁਖੜੇ ਸੁਨਣ-ਸੁਨਾਣ ਦੀ ਰੀਤ ਨਹੀਂ, ਜਾਂ ਤੇਰੀ ਬਸਤੀ ਦੇ ਸਾਰੇ ਵਾਸੀ ਗੂੰਗੇ-ਬੋਲੇ ਨੇ । ਇਨ੍ਹਾਂ ਤੇਰੇ ਪਿੱਛੋਂ ਤੇਰੀਆਂ ਗੱਲਾਂ ਕਰ-ਕਰ ਹੱਸਨਾ ਏ, ਤੂੰ ਕਿਨ੍ਹਾਂ ਬੇਦਰਦਾਂ ਅੱਗੇ ਗ਼ਮ ਦੇ ਦਫ਼ਤਰ ਖੋਲ੍ਹੇ ਨੇ । ਜ਼ਾਹਿਰ ਬਾਤਿਨ ਦੇ ਫ਼ਰਕਾਂ ਦੀ ਕੀ-ਕੀ ਸੂਰਤ ਦੱਸਾਂ ਮੈਂ, ਦਿਲ ਵਿਚ ਗ਼ਮ ਪਾਂਦਾ ਏ ਭੰਗੜੇ, ਬੁੱਲਾਂ ਉੱਤੇ ਢੋਲੇ ਨੇ । ਰੂਪ ਅਸਾਡੀ ਧਰਤੀ ਦਾ ਕਿਉਂ ਸ਼ਰਮਾਵੇ ਚੰਨ ਤਾਰਿਆਂ ਤੋਂ ਅਸਾਂ ਇਹਦੀ ਹਰ ਵਾਟ ਦੇ ਉੱਤੇ ਰੱਤਾਂ ਦੇ ਰੰਗ ਡੋਲ੍ਹੇ ਨੇ । ਪਤਾ ਇਨ੍ਹਾਂ ਦੇ ਵਸਫ਼ਾਂ ਦਾ ਬਸ ਵਾਹ ਪਿਆ ਈ ਲੱਗਦਾ ਏ, ਵੇਖਣ ਦੇ ਵਿਚ 'ਤਾਇਬ' ਹੋਰੀਂ ਲਗਦੇ ਡਾਢੇ ਭੋਲੇ ਨੇ ।
ਦਿਲ ਬੁਝਿਆ ਤੇ ਜਲਦੀਆਂ ਅੱਖੀਆਂ
ਦਿਲ ਬੁਝਿਆ ਤੇ ਜਲਦੀਆਂ ਅੱਖੀਆਂ ਮੇਰੀਆਂ ਨੇ । ਜੜ ਸੁੱਕੀ ਏ ਹਰੀਆਂ ਸ਼ਾਖ਼ਾਂ ਮੇਰੀਆਂ ਨੇ । ਜੀਵਨ ਦਾ ਉਹ ਵੱਖਰਾ ਤੋਰ-ਤਰੀਕਾ ਏ, ਜਿਸ ਨੇ ਬੰਨ੍ਹੀਆਂ ਹੋਈਆਂ ਮੁਸ਼ਕਾ ਮੇਰੀਆਂ ਨੇ । ਕੀ ਹੋਇਆ ਜੇ ਧੁੱਪਾਂ ਨੇ ਸਿਰ ਮੇਰੇ ਤੇ, ਰਾਹੀਆਂ ਵਾਸਤੇ ਗੂੜੀਆਂ ਛਾਵਾਂ ਮੇਰੀਆਂ ਨੇ । ਕੀ ਹੋਇਆ ਜੇ ਮੇਰਾ ਕੱਲਾ ਕੋਠਾ ਨਹੀਂ, ਸ਼ਹਿਰ ਦੀਆਂ ਇਹ ਸੱਭੇ ਸੜਕਾਂ ਮੇਰੀਆਂ ਨੇ । ਕੀ ਹੋਇਆ ਜੇ ਹਰਫ਼ ਕੋਈ ਲਬ ਉੱਤੇ ਨਹੀਂ, ਰੱਬ ਨੂੰ ਮਾਲੂਮ ਲੋੜਾਂ ਥੋੜਾਂ ਮੇਰੀਆਂ ਨੇ । ਮੈਂ ਤੇਰੀ ਮਰਜ਼ੀ ਤੇ ਰਾਜ਼ੀ ਆਂ 'ਮੌਲਾ', ਵੀਰ ਲਈ ਪਰ ਸਿੱਕਦੀਆਂ ਧੀਆਂ ਮੇਰੀਆਂ ਨੇ ।
ਪਈ ਧੁੰਦ ਸੂਰਜ ਦਾ ਚਿਹਰਾ ਗਵਾਚਾ
ਪਈ ਧੁੰਦ ਸੂਰਜ ਦਾ ਚਿਹਰਾ ਗਵਾਚਾ । ਮੇਰੀ ਧਰਤ ਦਾ ਚਿਹਰਾ ਮੁਹਰਾ ਗਵਾਚਾ । ਦਿਖਾਂਦਾ ਸੀ ਜਿਹੜਾ ਜ਼ਮੀਰਾਂ ਦਾ ਚਿਹਰਾ, ਮੇਰੇ ਘਰ ਦੇ ਵਿੱਚੋਂ ਉਹ ਸ਼ੀਸ਼ਾ ਗਵਾਚਾ । ਅਸਾਂ ਦੇਖੀਆਂ ਉਹ ਦੁਪਹਿਰਾਂ ਉਹ ਧੁੱਪਾਂ, ਜਦੋਂ ਝੁੱਗੀਆਂ ਵਿੱਚੋਂ ਸਾਇਆ ਗਵਾਚਾ । ਉਹ ਸੁਖ ਦੀ ਘੜੀ ਦੱਸੋ ਕਿੰਨੀ ਕੁ ਦੂਰ ਏ, ਜੀਹਨੂੰ ਲੱਭਦਿਆਂ ਚੈਨ ਦਿਲ ਦਾ ਗਵਾਚਾ । ਕੋਈ ਰੋਗ 'ਤਾਇਬ' ਨੂੰ ਵੀ ਲੱਗ ਗਿਆ ਏ, ਉਹ ਐਵੇਂ ਨਹੀਂ ਫਿਰਦਾ ਗਵਾਚਾ- ਗਵਾਚਾ ।
ਕੁਝ ਹੋਰ ਰਚਨਾਵਾਂ : ਹਫ਼ੀਜ਼ ਤਾਇਬ
ਮੈਨੂੰ ਡੂੰਘੀ ਸੋਚ ਦੇ ਵਿਚ ਪਾ ਗਿਆ
ਮੈਨੂੰ ਡੂੰਘੀ ਸੋਚ ਦੇ ਵਿਚ ਪਾ ਗਿਆ।
ਕੋਈ ਸੰਗੀ ਜਦ ਵੀ ਚੇਤੇ ਆ ਗਿਆ।
ਜਾਂਦਾ ਜਾਂਦਾ 'ਵਾ ਦਾ ਬੁੱਲਾ ਸੀ ਕੋਈ,
ਮੇਰੀਆਂ ਆਸਾਂ ਨੂੰ ਜੋ ਪਰ ਲਾ ਗਿਆ।
ਹੋਈਆਂ ਸ਼ਾਖ਼ਾਂ ਸਾਵੀਆਂ ਤੇ ਰੱਤੀਆਂ,
ਕੌਣ ਥਾਂ ਥਾਂ ਰੰਗ ਇਹ ਵਰਤਾ ਗਿਆ।
ਸੋਹਲ ਪਰਛਾਵਾਂ ਕਿਸੇ ਦੀ ਯਾਦ ਦਾ,
ਬਣਕੇ ਅੰਬਰ ਮੇਰੇ ਦਿਲ ਤੇ ਛਾ ਗਿਆ।
ਓਸਨੂੰ ਮੈਂ ਜ਼ਖ਼ਮ ਆਖਾਂ ਜਾਂ ਗੁਲਾਬ,
ਦਿਲ ਦੀ ਸੁੰਝੀ ਝੋਕ ਜੋ ਮਹਿਕਾ ਗਿਆ।
ਮੁੱਕੀ ਉਮਰ ਨਾ ਮੁੱਕੇ ਪੈਂਡੇ
ਮੁੱਕੀ ਉਮਰ ਨਾ ਮੁੱਕੇ ਪੈਂਡੇ।
ਸਿੱਕਾਂ ਸੱਧਰਾਂ ਵਾਲੇ ਪੈਂਡੇ।
ਉਮਰਾਂ ਬੱਧੀ ਧੁੱਪਾਂ ਫੱਕੀਆਂ,
ਉਮਰਾਂ ਬੱਧੀ ਝਾਗੇ ਪੈਂਡੇ।
ਤਿਉਂ ਤਿਉਂ ਮੰਜ਼ਿਲ ਹੋਈ ਦੁਰਾਡੀ,
ਜਿਉਂ ਜਿਉਂ ਅਸਾਂ ਨਬੇੜੇ ਪੈਂਡੇ।
ਇਕ ਦੂਜੇ ਦੇ ਨੇੜੇ ਹੋਇਆਂ,
ਵਧ ਗਏ ਇਕਲਾਪੇ ਦੇ ਪੈਂਡੇ।
ਮਾਣ ਤ੍ਰਾਣ ਗ਼ਜ਼ਲ ਦਾ 'ਤਾਇਬ',
'ਪੀਰ ਫ਼ਜ਼ਲ' ਦੇ ਡੂੰਘੇ ਪੈਂਡੇ।