Guru Nanak Chintan De Brahmandi-Prem Da Sankalp: Jasvinder Singh Rupal
ਗੁਰੂ ਨਾਨਕ ਚਿੰਤਨ ਦੇ ਬ੍ਰਹਿਮੰਡੀ-ਪ੍ਰੇਮ ਦਾ ਸੰਕਲਪ : ਜਸਵਿੰਦਰ ਸਿੰਘ "ਰੁਪਾਲ"
ਮਨੁੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਾਦਰ ਅਤੇ ਉਸ ਦੀ ਕਿਰਤ ਦੇ ਅਗੰਮੀ ਸੰਜੋਗ ਅਤੇ ਪ੍ਰੇਮ- ਬੰਧਨ ਦੇ ਭੇਦ ਸਮਝੇ, ਮਹਿਸੂਸ ਕੀਤੇ ਅਤੇ ਆਪਣੀ ਬਾਣੀ ਰਾਹੀਂ ਇਸ ਤਰਾਂ ਬਿਆਨ ਕੀਤੇ ਕਿ ਉਸ ਤੋਂ ਜੀਵਨ ਜੀਊਣ ਦੇ ਉਸ ਮਾਰਗ ਦਾ ਪਤਾ ਲੱਗਦਾ ਹੈ ਜਿਸ ਤੇ ਚੱਲ ਕੇ ਜਗਿਆਸੂ ਨੂੰ ਉਸ ਅਕਾਲ-ਪੁਰਖ ਦੀ ਅੰਸ਼ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ ਸਗੋਂ ਉਸ ਇੱਕ ਵਿੱਚ ਅਭੇਦ ਹੋਣ ਦਾ ਵਿਸਮਾਦੀ ਚਾਅ ਵੀ ਚੜ੍ਹਦਾ ਹੈ। ਇਹ ਚਾਅ ਹੀ ਸਾਰੇ ਬ੍ਰਹਿਮੰਡ ਨੂੰ ਆਪਣੀ ਪਰੇਮ-ਗਲਵੱਕੜੀ ਵਿੱਚ ਲੈ ਲੈਣ ਦੀ ਸਮਰੱਥਾ ਦਿੰਦਾ ਹੈ ਅਤੇ ਜਗਿਆਸੂ ਜਿੱਥੇ ਆਤਮ-ਮੰਥਨ ਕਰਦਾ ਹੈ ਅਤੇ ਹਰ ਜ਼ੱਰੇ ਚੋਂ ਉਸ ਇੱਕ ਦੀ ਹੋਂਦ ਵੀ ਮਹਿਸੂਸ ਕਰਨ ਲੱਗਦਾ ਹੈ। ਗੁਰੂ ਨਾਨਕ ਜੀ ਦੇ ਇਸ ਰੂਹਾਨੀ-ਪ੍ਰੇਮ ਨੂੰ ਸਮਝਣ ਲਈ ਅਸੀਂ ਇਸ ਨੂੰ ਤਿੰਨ ਹਿੱਸਿਆਂ ਵਿੱਚ ਦੇਖਦੇ ਹਾਂ-
1. ਪ੍ਰਭੂ ਨਾਲ ਪ੍ਰੇਮ
2. ਖਲਕਤ ਨਾਲ ਪ੍ਰੇਮ
3. ਕੁਦਰਤ ਨਾਲ ਪ੍ਰੇਮ
1. ਪ੍ਰਭੂ ਨਾਲ ਪ੍ਰੇਮ:- ਗੁਰੂ ਨਾਨਕ ਜੀ ਦਾ ਰੱਬ ਕਿਤੇ ਜੰਗਲਾਂ ਵਿੱਚ ਨਹੀਂ, ਨਾ ਕਿਸੇ ਉਪਰਲੇ ਆਕਾਸ਼ ਤੇ ਹੈ, ਉਹ ਤਾਂ ਆਪਣੀ ਸਾਜੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਗੁਰੂ ਜੀ ਨੇ ਮੂਲ-ਮੰਤਰ ਵਿੱਚ ਹੀ ਉਸ ਦਾ ਸਰੂਪ ਬਿਆਨ ਕਰ ਦਿੱਤਾ ਹੈ। ਉਸ ਦੀ ਪ੍ਰਾਪਤੀ ਲਈ ਕਿਸੇ ਜਪ. ਤਪ. ਆਸਣ, ਭਗਤੀ, ਆਦਿ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਨੇ ਉਸ ਦੀ ਪ੍ਰਾਪਤੀ ਲਈ ਵਰਤੇ ਜਾਂਦੇ ਬਾਕੀ ਸਾਰੇ ਸਾਧਨਾਂ ਨੂੰ ਤਾਂ ਫਜੂਲ ਕਿਹਾ ਹੀ, ਉਸ ਸਮੇ ਦੇ ਮੰਨੇ ਜਾਂਦੇ ਪ੍ਰਮੁੱਖ ਸਾਧਨ ਭਗਤੀ ਮਾਰਗ ਅਤੇ ਗਿਆਨ ਮਾਰਗ ਨਾਲੋਂ ਵੀ ਪ੍ਰੇਮ-ਮਾਰਗ ਨੂੰ ਉੱਚਾ ਦੱਸਿਆ। ਇਸ ਪ੍ਰੇਮ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ।
ਪ੍ਰਮਾਤਮਾ ਦੇ ਗੁਣ ਬਿਆਨ ਕਰਦੇ ਹੋਏ ਉਸ ਨੂੰ ਸਾਰੇ ਗੁਣਾਂ ਦਾ ਖਜਾਨਾ ਆਖ ਦਿੱਤਾ। ਉਸ ਨਾਲ ਪਿਆਰ ਇਸ ਲਈ ਵੀ ਪੈਦਾ ਹੋਵੇਗਾ, ਕਿਉਂਕਿ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ।
ਉਸ ਨੂੰ ਪ੍ਰਾਪਤ ਇਸ ਲਈ ਨਹੀਂ ਕਰਨਾ ਕਿ ਮੇਰੇ ਦੁੱਖ ਦੂਰ ਹੋ ਜਾਣ ਜਾਂ ਮੈਂ ਕੋਈ ਦੁਨਿਆਵੀ ਪਦਾਰਥ, ਸੁੱਖ ਸਹੂਲਤਾਂ ਲੈਣੀਆਂ ਹਨ, ਨਾ ਹੀ ਮੌਤ ਉਪਰੰਤ ਕਿਸੇ ਸਵਰਗਾਂ ਜਾਂ ਮੁਕਤੀ ਦੀ ਕਾਮਨਾ ਲਈ ਉਸ ਨੂੰ ਧਿਆਉਣਾ ਹੈ, ਸਗੋਂ ਇਹ ਪ੍ਰੇਮ ਸਿਰਫ ਇਸ ਲਈ ਹੈ ਕਿਉਂਕਿ ਮੈ ਉਸੇ ਦੀ ਅੰਸ਼ ਹਾਂ ਅਤੇ ਕੋਈ ਵੀ ਅੰਸ਼ ਆਪਣੇ ਮੂਲ ਤੋਂ ਟੁੱਟ ਕੇ ਜਿਉਂਦੀ ਨਹੀਂ ਰਹਿ ਸਕਦੀ।
ਪ੍ਰਭੂ ਖੁਦ ਪ੍ਰੇਮ ਦਾ ਸਾਗਰ ਹੈ ਅਤੇ ਅਸੀਂ ਸਭ ਨਦੀਆਂ ਦਾ ਮੂਲ ਮਨੋਰਥ ਉਸ ਸਾਗਰ ਵਿੱਚ ਸਮਾ ਜਾਣਾ ਹੀ ਹੈ।
ਇਸ ਪ੍ਰੇਮ ਦੀਆਂ ਦੋ ਸ਼ਾਖਾਵਾਂ ਹੁੰਦੀਆਂ ਹਨ- ਬੈਰਾਗ ਅਤੇ ਮਿਲਾਪ। ਬੈਰਾਗ ਦੀ ਅਵਸਥਾ ਵਿੱਚ ਗੁਰੂ ਸਾਹਿਬ ਆਖਦੇ ਹਨ-
“ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਹ॥
ਭੋਲਾ ਵੈਦੁ ਨਾ ਜਾਣਈ ਕਰਕ ਕਲੇਜੇ ਮਾਹਿ॥”
(ਵਾਰ ਮਲਾਰ ਮ ੧, ਪੰਨਾ ੧੨੭੯ )
ਕਿਹੜੇ ਬੋਲ ਬੋਲੇ ਜਾਣ ਕਿ ਇਹ ਪਿਆਰ ਪੈਦਾ ਹੋਵੇ
{ਮੁਹੌ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ” ਜਪੁ ਪੰਨਾ 2}
ਮਿਲਾਪ ਦੀ ਅਵਸਥਾ “ਹਮਿ ਘਰਿ ਸਾਜਨੁ ਆਏ। ਸਾਚੈ ਮੇਲਿ ਮਿਲਾਏ॥” (ਰਾਗੁ ਸੂਹੀ ਮ 1ਛੰਤੁ ਘਰੁ 2 ਪੰਨਾ 764)
ਬੈਰਾਗ ਦਾ ਪੈਦਾ ਹੋਣਾ ਅਤੇ ਸ਼ਬਦ-ਗੁਰੂ ਰਾਹੀਂ ਹਉਮੈ ਦੂਰ ਕਰ ਕੇ ਉਸ ਵਿੱਚ ਅਭੇਦ ਹੋਣਾ ਹੀ ਉਸ ਮਾਲਕ ਨਾਲ ਪ੍ਰੇਮ ਕਰਨਾ ਹੈ।
ਸਾਡੇ ਪ੍ਰੇਮ ਕਰਨ-ਯੋਗ ਇੱਕੋ ਇੱਕ ਅਕਾਲ-ਪੁਰਖਿ ਹੀ ਹੈ, ਜਿਸ ਨੇ ਸਭ ਕੁੱਝ ਪੈਦਾ ਕੀਤਾ ਹੈ। ਇਹ ਸੂਝ ਵੀ ਉਸੇ ਨੇ ਦਿੱਤੀ ਹੈ ਅਤੇ ਇਹ ਪ੍ਰੇਰਨਾ ਵੀ ਉਸੇ ਨੇ ਹੀ ਕਰਨੀ ਹੈ। ਉਸ ਨੇ ਆਪ ਹੀ ਇਹ ਪਿਆਰ ਲਗਾਉਣਾ ਹੈ, ਪਰ ਉਸਦੀ ਕਿਰਪਾ-ਦ੍ਰਿਸ਼ਟੀ ਦੇ ਪਾਤਰ ਬਣਨ ਲਈ ਸਾਨੂੰ ਯਤਨ ਕਰਨੇ ਪੈਣਗੇ।
ਗੁਰੂ ਜੀ ਦਾ ਪ੍ਰਭੂ-ਪ੍ਰੇਮ ਇਤਨਾ ਉੱਚਾ ਸੁੱਚਾ ਹੈ, ਕਿ ਬਾਕੀ ਸਾਰੇ ਪ੍ਰੇਮ ਇਸ ਪ੍ਰੇਮ ਅੱਗੇ ਤੁੱਛ ਜਾਪਦੇ ਹਨ। ਮਾਤ-ਪਿਤਾ, ਪਤਨੀ, ਭੈਣ ਦੋਸਤ ੳਾਦਿ ਕੋਈ ਵੀ ਇਸ ਪ੍ਰੇਮ ਵਿੱਚ ਰੁਕਾਵਟ ਨਹੀਂ ਬਣ ਸਕਦਾ।
ਇਹ ਪ੍ਰੇਮ ਈਰਖਾਲੂ ਨਹੀਂ ਹੈ। ਆਮ ਤੌਰ ਤੇ ਦੁਨਿਆਵੀ ਪ੍ਰੇਮ ਵਿੱਚ ਕਬਜੇ ਦੀ ਭਾਵਨਾ ਹੁੰਦੀ ਹੈ, ਪਰ ਇਹ ਪ੍ਰੇਮ ਹੋਰਾਂ ਨੂੰ ਵੀ ਪ੍ਰਭੂ ਨਾਲ ਪ੍ਰੇਮ ਕਰਨਾ ਸਿਖਾਉਂਦਾ ਹੈ।
2. ਖਲਕਤ ਨਾਲ ਪ੍ਰੇਮ:-ਉਹ ਕਾਦਰ ਕਿਉਂਕਿ ਆਪਣੀ ਸਾਜੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ, ਇਸ ਲਈ ਹਰ ਮਿਲਣ ਵਾਲੇ ਵਿੱਚ ਬਾਬਾ ਨਾਨਕ ਜੀ ਨੂੰ ਰੱਬੀ-ਜੋਤ ਨਜਰ ਆਉਂਦੀ ਹੈ ਅਤੇ ਉਸ ਨਾਲ ਮੱਲੋ-ਮੱਲੀ ਪਿਆਰ ਪੈਦਾ ਹੁੰਦਾ ਹੈ। ਦੁਖੀਆਂ ਦੇ ਦੁੱਖ ਬਾਬਾ ਜੀ ਦੇਖ ਨਹੀਂ ਸਕਦੇ। ਲੁੱਟੀ ਜਾ ਰਹੀ ਜਨਤਾ ਦੇ ਹੱਕ ਵਿੱਚ ਆਵਾਜ ਉਠਾਉਂਦੇ ਹਨ। ਮਿਹਨਤੀ ਅਤੇ ਕਿਰਤੀ ਲਾਲੋ ਦੀ ਕੋਧਰੇ ਦੀ ਰੋਟੀ, ਮਲਕ ਭਾਗੋ ਦੇ ਸ਼ਾਹੀ ਪਕਵਾਨਾਂ ਤੋਂ ਵੱਧ ਸੁਆਦ ਲੱਗਦੀ ਹੈ। ਨੀਵੀਂ ਜਾਣੀ ਜਾਂਦੀ ਡੂਮ ਜਾਤ ਦੇ ਭਾਈ ਮਰਦਾਨਾ ਜੀ ਨੂੰ ਆਪਣੀਆਂ ਉਦਾਸੀਆਂ ਦਾ ਸਾਥੀ ਬਣਾਇਆ। ਜੇ ਬਾਬਾ ਜੀ ਧਾਰਮਿਕ ਪਾਖੰਡਾਂ, ਕਰਮ ਕਾਂਡਾਂ ਦਾ ਵਿਰੋਧ ਕਰਦੇ ਹਨ, ਸਿਰਫ ਇਸ ਲਈ ਕਿਉਂਕਿ ਇਹ ਜਾਲ ਗਰੀਬ ਅਤੇ ਭੋਲੀ-ਭਾਲੀ ਜਨਤਾ ਦੇ ਲੁੱਟੇ ਜਾਣ ਲਈ ਸੀ। ਖਲਕਤ ਨਾਲ ਪ੍ਰੇਮ ਕਾਰਨ ਹੀ ਜਾਲਮ ਰਾਜੇ ਦੇ ਜੁਲਮ ਦਾ ਵਿਰੋਧ ਕਰਦੇ ਹਨ। ਬਾਬਰ ਨੂੰ ਉਸ ਦੇ ਮੂੰਹ ਤੇ ਜਾਬਰ ਆਖਦੇ ਹਨ, ਉਸ ਦੀ ਕੈਦ ਵਿੱਚ ਉਸ ਨਾਲ ਸੰਵਾਦ ਰਚਾਉਂਦੇ ਹਨ, ਕੈਦੀਆਂ ਨੂੰ ਆਜ਼ਾਦ ਕਰਵਾਉਂਦੇ ਹਨ।
ਬਾਬਰ-ਵਾਣੀ ਦੇ ਸ਼ਬਦ ਗੁਰੂ ਸਾਹਿਬ ਦਾ ਆਮ-ਲੋਕਾਈ ਨਾਲ ਪ੍ਰੇਮ ਦਰਸਾਉਂਦੇ ਹਨ।
“ਖੁਰਾਸਾਨ ਖਮਸਾਨਾ ਕੀਆ, ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨਾ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕੁਲਾਣੇ ਤੈਂਕੀ ਦਰਦੁ ਨ ਆਇਆ॥
ਕਰਤਾ ਤੂੰ ਸਭਨਾ ਕਾ ਸੋਈ॥
“ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ॥
(ਆਸਾ ਮਹਲਾ ੧,ਪੰਨਾ ੩੬੦)
ਗੁਰੂ ਸਾਹਿਬ ਨੂੰ ਦੁੱਖ ਸੀ ਕਿ ਤਾਕਤਵਰ ਨੇ ਮਜਲੂਮਾਂ ਤੇ ਵਾਰ ਕਿਉਂ ਕੀਤਾ? ?
ਉਹ ਚਾਹੁੰਦੇ ਸਨ ਕਿ ਮੁਕਾਬਲਾ ਬਰਾਬਰ ਦਾ ਹੁੰਦਾ, ਪਰ ਇੱਥੇ ਤਾਂ ਡਾਢੇ ਨੇ ਕਮਜੋਰ ਲੋਕਾਂ ਤੇ, ਜਿਨਾਂ ਕੋਲ ਨਾ ਵਧੀਆ ਹਥਿਆਰ ਸਨ, ਨਾ ਵਧੀਆ ਸਿਕਲਾਈ, ਉਨ੍ਹਾਂ ਤੇ ਹਮਲਾ ਕੀਤਾ ਸੀ। ਗੁਰੂ ਸਾਹਿਬ ਉਸ ਵੇਲੇ ਦੇ ਪੰਡਿਤਾਂ ਵਲੋਂ ਆਖੇ ਗਏ ਅਤੇ ਸੈਦਪੁਰ ਦੇ ਹਾਕਮਾਂ ਵਲੋਂ ਮੰਨੇ ਗਏ ਇਸ ਵਿਸ਼ਵਾਸ਼ ਦੀ ਨਿਖੇਧੀ ਕਰਦੇ ਹਨ ਜਿਸ ਅਨੁਸਾਰ ਉਹ ਮੰਤਰ ਪੜ੍ਹ ਕੇ ਹੀ ਮੁਗਲ ਸੈਨਾ ਨੂੰ ਅੰਨਾ ਕਰ ਦਿੰਦੇ।
“ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥
ਕੋਈ ਮੁਗਲੁ ਨਾ ਹੋਆ ਅੰਧਾ ਕਿਨੈ ਨ ਪਰਚਾ ਲਾਇਆ। “
(ਆਸਾ ਮਹਲਾ ੧, ਪੰਨਾ ੪੧੭)
{ਬਾਬੇ ਦੇ ਸਿੱਖਾਂ ਨੂੰ ਵੀ ਅੱਜ ਇਹ ਯਾਦ ਰੱਖਣਾ ਚਾਹੀਦਾ ਹੈ, ਕਿ ਗੁਰਬਾਣੀ ਨੂੰ ਸਿਰਫ ਮੰਤਰ-ਜਾਪ ਵਾਂਗ ਪੜ੍ਹੇ ਜਾਣ ਨਾਲ ਹੀ ਸੰਕਟ ਦੂਰ ਨਹੀਂ ਹੋਣੇ}
ਬਾਬੇ ਦੀ ਬਾਣੀ ਦੇ ਅਣੀਆਲੇ ਤੀਰਾਂ ਨਾਲ ਵਿੰਨ੍ਹੇ ਹੋਏ ਬਾਬਰ ਨੇ, ਨਾ ਕੇਵਲ ਲੋਕਾਂ ਦਾ ਟੈਕਸ ਹੀ ਮੁਆਫ ਕੀਤਾ, ਸਗੋਂ ਮੁੜ ਹਮੇਸ਼ਾ
ਲਈ ਸੈਦਪੁਰ ਵਿੱਚ ਅਮਨ ਬਣਾਈ ਰੱਖਣ ਦਾ ਵਾਅਦਾ ਵੀ ਕੀਤਾ। ਇਸੇ ਕਰਕੇ ਸੈਦਪੁਰ ਦਾ ਨਾਂ ਬਦਲ ਕੇ ਐਮਨਾਬਾਦ
(ਅਮਨ
ਆਬਾਦ) ਰੱਖਿਆ ਗਿਆ।
ਗੁਰੂ ਜੀ ਦੇ ਜੀਵਨ ਵਿੱਚੋ ਬੇਅੰਤ ਸਾਖੀਆਂ ਅਜਿਹੀਆਂ ਮਿਲਦੀਆਂ ਹਨ, ਜਿਨਾਂ ਵਿੱਚ ਬਾਬਾ ਜੀ ਵੱਲੋਂ ਦੁਨੀਆਂ ਦੇ ਦੁੱਖ ਦੂਰ ਕਰਨ ਦਾ ਜਿਕਰ ਆਉਂਦਾ ਹੈ।
ਇੱਕ ਤਾਂ ਆਮ ਲੋਕਾਈ ਦੇ ਮਨ ਵਿੱਚ ਸੱਚ ਦੀ ਸੋਝੀ ਲਿਆ ਕੇ ਉਨ੍ਹਾਂ ਨੂੰ ਜੁਲਮ, ਅੰਧਵਿਸ਼ਵਾਸ਼, ਕਰਮ-ਕਾਂਡ, ਪਾਖੰਡ, ਮਾਨਸਿਕ ਗੁਲਾਮੀ ਤੋਂ ਉਚਾ ਉਠਣ ਲਈ ਇੱਕ ਇਨਕਲਾਬੀ ਚਿਣਗ ਪੈਦਾ ਕੀਤੀ। ਦੂਜਾ ਲੋਟੂਆਂ, ਰਾਜਿਆਂ, ਧਾਰਮਿਕ ਪੁਜਾਰੀਆਂ, ਪੰਡਿਤਾਂ, ਮੌਲਵੀਆਂ, ਸਿੱਧਾਂ, ਕਾਜੀਆਂ, ਬ੍ਰਾਹਮਣਾਂ ਆਦਿ ਨੂੰ ਲਲਕਾਰਨ ਦੀ ਸ਼ਕਤੀ ਅਤੇ ਸਮਰੱਥਾ ਆਮ ਲੋਕਾਈ ਵਿੱਚ ਪੈਦਾ ਕੀਤੀ।
ਗੁਰੂ ਨਾਨਕ ਨੂੰ ਉਹ ਧਰਮ, ਭਗਤੀ, ਤਪੱਸਿਆ ਬਿਲਕੁਲ ਵੀ ਪਸੰਦ ਨਹੀਂ, ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਨਹੀ ਕਰਦੀ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਜਦੋਂ ਸਿੱਧਾਂ ਨੇ ਬਾਬੇ ਤੋਂ “ਮਾਤ ਲੋਕ ਕਾ ਕਿਆ ਵਰਤਾਰਾ” ਪੁਛਿਆ, ਤਾਂ ਬਾਬਾ ਜੀ ਦਾ ਜਵਾਬ ਦੇਖੋ-
“ਬਾਬੇ ਅਖਿਆ ਨਾਥ ਜੀ ਸਚ ਚੰਦ੍ਰਮਾ ਕੂੜ ਅੰਧਾਰਾ।
ਪਾਪ ਗਿਰਾਸੀ ਪਿਰਥਮੀ ਧਉਲ ਖੜਾ ਧਰਿ ਹੇਠ ਪੁਕਾਰਾ।
ਸਿਧ ਛਪਿ ਬੈਠੇ ਪਰਬਤੀ, ਕਉਣੁ ਜਗਤ੍ਰਿ ਕਉ ਪਾਰਿ ਉਤਾਰਾ।
ਜੋਗੀ ਗਿਆਨ ਵਿਹੂਣਿਆ ਨਿਸਦਿਨ ਅੰਗਿ ਲਗਾਇਨਿ ਛਾਰਾ।”
(ਭਾਈ ਗੁਰਦਾਸ ਵਾਰ ੧ ਪਉੜੀ ੨੯,)
ਬਾਬਾ ਜੀ ਪਰਬਤਾਂ, ਜਾਂ ਜੰਗਲਾਂ, ਵਿੱਚ ਜਾ ਕੇ ਤਪਸਿਆ ਕਰਨ ਦੇ ਹੱਕ ਵਿੱਚ ਨਹੀਂ। ਉਹ ਤਾਂ ਉਪਦੇਸ਼ ਦਿੰਦੇ ਹਨ-
“ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
(ਸਲੋਕ ਮਹਲਾ ੧, ਪੰਨਾ ੧੨੪੫ )
ਗੁਰੂ ਜੀ ਕਿਰਤ ਕਰਨ, ਗ੍ਰਹਿਸਥੀ ਜੀਵਨ ਨਿਭਾਣ, ਆਪਣੀਆ ਸਮਾਜਿਕ ਜਿੰਮੇਵਾਰੀਆਂ ਪੂਰੀਆਂ ਕਰਦੇ ਹੋਏ, ਉਸ ਪ੍ਰਭੂ ਨੂੰ ਯਾਦ ਰੱਖਦੇ ਹੋਏ, ਖਲਕਤ ਦੀ ਸੇਵਾ ਕਰਦਿਆਂ ਨਿਰਭਉ ਅਤੇ ਨਿਰਵੈਰ ਬਣ ਕੇ ਜੀਣ ਦੀ ਸਿੱਖਿਆ ਦਿਦੇ ਹਨ। ਆਪ ਜੀ ਦੀਆਂ ਵੱਖ ਵੱਖ ਦਿਸਾਵਾਂ ਵਿੱਚ ਕੀਤੀਆਂ ਉਦਾਸੀਆਂ ਜਗਤ ਉਧਾਰਨ ਲਈ ਹੀ ਸਨ। ਗੁਰੂ ਜੀ ਦੁੱਖ ਨੂੰ ਦਾਰੂ ਕਹਿੰਦੇ ਹਨ, ਕਿਉਂਕਿ ਦੁੱਖ ਇਨਸਾਨ ਨੂੰ ਪਰਮਾਤਮਾ ਵੀ ਯਾਦ ਕਰਵਾ ਦਿੰਦਾ ਹੈ, ਅਤੇ ਖਲਕਤ ਨਾਲ ਪਿਆਰ ਕਰਨਾ ਵੀ ਸਿਖਾ ਦਿਂਦਾ ਹੈ। ਖਲਕਤ ਨਾਲ ਪਿਆਰ ਹੀ ਸੀ, ਜਿੱਥੇ ਬਾਬਾ ਜੀ ਵਪਾਰ ਕਰਨ ਲਈ ਦਿੱਤੇ 20 ਰੁਪਏ, ਭੁਖੇ ਸਾਧੂਆਂ ਨੂਮ ਭੋਜਨ ਛਕਾਉਣ ਤੇ ਖਰਚ ਕਰਨਾ ਜਿਆਦਾ ਚੰਗਾ ਸਮਝਦੇ ਹਨ। ਸੁਲਤਾਨਪੁਰ ਵਿਖੇ ਮੋਦੀ ਦੀ ਨੌਕਰੀ ਕਰਦੇ ਹੋਏ ਵੀ ਆਪਣੇ ਹਿੱਸੇ ਵਿੱਚੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਵੰਡ ਰਹੇ ਹਨ। ਗੁਰੂ ਜੀ ਨੂੰ ਵਿਕਾਰੀ, ਜਾਲਮ, ਅਪਰਾਧੀ, ਦੁਸਟ ਅਤੇ ਬੁਰੇ ਵਿਅਕਤੀ ਨਾਲ ਵੀ ਘਿਰਣਾ ਨਹੀਂ ਸਗੋਂ ਉਨ੍ਹਾਂ ਤੇ ਤਰਸ ਕਰਦੇ ਹਨ ਅਤੇ ਉਨ੍ਹਾਂ ਨੂੰ ਗਲਤ ਪਾਸੇ ਤੋਂ ਰੋਕ ਕੇ ਸਹੀ ਮਾਰਗ ਵੱਲ ਤੋਰਦੇ ਹਨ। ਭਾਵੇਂ ਗੱਲ ਕੌਡੇ ਰਾਖਸ਼ ਦੀ ਹੋਵੇ, ਸੱਜਣ ਠੱਗ ਦੀ ਹੋਵੇ, ਭੂਮੀਏ ਚੋਰ ਦੀ ਹੋਵੇ, ਜਾਦੂਗਰਨੀ ਦੀ ਹੋਵੇ, ਜਾਂ ਹੋਰ ਅਨੇਕਾਂ ਹੀ ਅਜਿਹੇ, ਪਰ ਬਾਬਾ ਨਾਨਕ ਦੀ ਪਿਆਰ-ਗਲਵਕੜੀ ਸਭ ਲਈ ਸਦਾ ਖੁਲ੍ਹੀ ਰਹਿੰਦੀ ਹੈ। ਗੁਰੂ ਸਾਹਿਬ ਸੋਚਦੇ ਹਨ ਕਿ ਇਹ ਭਟਕੇ ਹੋਏ ਲੋਕਾਂ ਕੋਲੋਂ ਮਾਲਕ ਨੇ ਹੀ ਚੰਗਿਆਈ ਖੁੱਸ ਲਈ ਹੈ-
“ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥
(ਆਸਾ ਮਹਲਾ ੧, ਪੰਨਾ ੪੧੭)
ਹਰ ਪ੍ਰੇਮ-ਭਿੱਜੀ ਰੂਹ ਨੂੰ ਆਪਣੇ ਮਿੱਠੇ ਬਚਨਾਂ ਨਾਲ ਸਰਸ਼ਾਰ ਕਰਨਾ ਬਾਬੇ ਦੀ ਵਡਿਆਈ ਹੈ। ਭਾਵੇ ਨਾਨਕੀ ਹੋਵੇ, ਰਾਇ ਬੁਲਾਰ ਹੋਵੇ, ਮਾਤਾ-ਪਿਤਾ ਹੋਣ, ਜਾਂ ਸਿਦਕ ਅਤੇ ਪ੍ਰੇਮ ਭਿੱਜੇ ਗੁਰਸਿੱਖ, ਬਾਬੇ ਦਾ ਭਰਪੂਰ ਪਿਆਰ ਸਦਾ ਮਿਲਦਾ ਰਿਹਾ ਏ।
3. ਕੁਦਰਤ ਨਾਲ ਪ੍ਰੇਮ:- ਪ੍ਰੇਮ ਦੇ ਇਸ ਰੂਪ ਵਿੱਚ ਪ੍ਰਭੂ ਦੀ ਸਾਜੀ ਹੋਈ ਕੁਦਰਤ ਨਾਲ ਬਾਬੇ ਦਾ ਪਿਆਰ ਹੈ। ਕੁਦਰਤ ਨਾਲ ਪਿਆਰ ਦਾ ਵੀ ਮੁੱਖ ਕਾਰਨ ਇਹੋ ਜਹੈ ਕਿ ਉਨ੍ਹਾਂ ਨੂੰ ਇਸ ਦੇ ਕਰਤੇ ਦਾ ਖਿਆਲ ਇੱਕ ਪਲ ਲਈ ਵੀ ਨਹੀਂ ਵਿਸਰਦਾ।
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” (ਜਪ ਪੰਨਾ 8)
ਆਖ ਕੇ ਕੁਦਰਤੀ ਸਾਧਨਾਂ ਦੀ ਸੰਭਾਲ ਵੱਲ ਇਸ਼ਾਰਾ ਕੀਤਾ ਹੈ। ਬਾਬੇ ਦੀ ਬਾਣੀ ਵਿੱਚ ਜਿਥੇ ਸੂਰਜ, ਚੰਦ, ਤਾਰਿਆਂ, ਦਾ ਜਿਕਰ ਹੈ, ਉਥੇ ਦਰਿਆ, ਸਮੁੰਦਰ, ਜੰਗਲ, ਪਰਬਤ, ਅਦਿ ਦੀ ਗੂੰਜ ਵੀ ਪੈਂਦੀ ਹੈ। ਕਿਧਰੇ ਪਸ਼ੂ, ਪਂਛੀਆਂ ਦਾ ਜਿਕਰ ਹੈ ਤਾਂ ਬੜੇ ਹੀ ਕਲਾਤਮਕ ਲਹਿਜੇ ਵਿੱਚ ਹੈ।
“ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥”
(ਜਪੁ ਪੰਨਾ ੮)
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਬਾਬੇ ਨਾਨਕ ਦਾ ਪਿਆਰ ਬਹੁਤ ਵਿਸ਼ਾਲ ਹੈ। ਇਸ ਵਿੱਚ ਕਿਸੇ ਵੀ ਵਿਤਕਰੇ ਦੀ ਕੋਈ ਗੁੰਜਾਇਸ਼ ਹੀ ਨਹੀਂ। ਇਹ ਜਾਤ-ਪਾਤ, ਛੂਤ-ਛਾਤ, ਅਮੀਰ-ਗਰੀਬ, ਰਾਜਾ-ਰੰਕ, ਸਭ ਲਈ ਬਰਾਬਰ ਹੈ। ਇਹ ਬਾਬੇ ਦਾ ਪਿਆਰ ਹੀ ਸੀ ਕਿ ਹਿੰਦੂ ਉਨ੍ਹਾਂ ਨੂੰ ਆਪਣਾ ਗੁਰੂ ਅਤੇ ਮੁਸਲਮਾਨ ਆਪਣਾ ਪੀਰ ਮੰਨਦੇ ਸਨ। ਪਰ ਇਸ ਪਿਆਰ ਦਾ ਮੂਲ ਪ੍ਰਭੂ ਨਾਲ ਪਿਆਰ ਹੈ। ਉਸ ਇੱਕ ਨੂੰ ਜਾਣ ਕੇ ਸਭ ਵਿੱਚੋਂ ਓਹੀ ਨੂਰ ਦੇ ਦਰਸ਼ਨ ਕਰਨੇ ਹੀ ਸਾਡੀ ਜਿੰਦਗੀ ਦਾ ਮਨੋਰਥ ਹੈ। ਬਾਬਾ ਜੀ ਇਸ ਪ੍ਰੇਮ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਦੀ ਗੱਲ ਵੀ ਕਰਦੇ ਹਨ।
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਸਲੋਕ ਵਾਰਾਂ ਤੇ ਵਧੀਕ ਮਹਲਾ ੧,ਪੰਨਾ ੧੪੧੨ )
ਤਾਂ ਤੇ ਆਓ, ਅਸੀਂ ਵੀ ਗੁਰੂ ਨਾਨਕ ਦੇ ਇਸ ਬ੍ਰਹਿਮੰਡੀ ਸੰਦੇਸ਼ ਨੂੰ ਸਮਝੀਏ। ਸਰਬੱਤ ਦੇ ਭਲੇ ਦਾ ਸਿਧਾਂਤ ਅਪਣਾਈਏ। ਆਪਸੀ ਝਗੜੇ ਅਤੇ ਖਿਚੋਤਾਣ ਛੱਡੀਏ ਅਤੇ ਹਰ ਇਨਸਾਨ ਚੋਂ ਉਸ ਪ੍ਰਭੂ ਦੀ ਜੋਤ ਨੂੰ ਪਹਿਚਾਣ ਕੇ ਉਸ ਨੂੰ ਪਰਣਾਮ ਕਰੀਏ ੳਤੇ ਲੋੜ ਪੈਣ ਤੇ ਆਪਾ ਵੀ ਕੁਰਬਾਨ ਕਰ ਦੇਈਏ।