Gurcharan Singh Boparai ਗੁਰਚਰਨ ਸਿੰਘ ਬੋਪਾਰਾਏ

ਬੁਲੰਦ ਗੀਤਕਾਰ ਗੁਰਚਰਨ ਸਿੰਘ ਬੋਪਾਰਾਏ

ਗੁਰਚਰਨ ਸਿੰਘ ਬੋਪਾਰਾਏ ਤੇ ਸਵਰਨ ਸਿੰਘ ਸੰਧੂ ਦੀ ਦੋਸਤੀ ਉਨ੍ਹਾਂ ਵੇਲਿਆਂ ’ਚ ਪੈ ਗਈ ਸੀ ਜਦੋਂ ਯਾਰੀਆਂ ਤੂਤ ਦੇ ਮੋਛੇ ਵਰਗੀਆਂ ਹੁੰਦੀਆਂ ਸੀ। 67 ਸਾਲ ਕਹਿ ਲੈਣੇ ਸੌਖੇ ਨੇ! ਉਹ ਸਟੇਜਾਂ ਤੋਂ ਗਾਉਂਦੇ ਵੀ ਇਕੱਠੇ, ਨੱਚਦੇ ਵੀ ਇਕੱਠੇ। ਜਦ ਜ਼ਿੰਦਗੀ ਦੇ ਫੁਰਸਤ ਵਾਲੇ ਦੌਰ ’ਚ ਪਹੁੰਚੇ ਤਾਂ ਚੰਡੀਗੜ੍ਹ ਮੁਹਾਲੀ ਹੋਣ ਵਾਲੇ ਨਾਟ ਸਮਾਗਮਾਂ, ਸੈਮੀਨਾਰਾਂ, ਕਾਨਫ਼ਰੰਸਾਂ ਵਿੱਚ ਵੀ ਇਕੱਠੇ ਪਹੁੰਚਦੇ। ਬਣ ਠਣ ਕੇ ਆਉਂਦੇ… ਹੱਸ ਹੱਸ ਮਿਲਦੇ… ਖੱਬੇ ਸੱਜੇ ਤੁਰੀਆਂ ਦੋਵਾਂ ਦੀਆਂ ਜੀਵਨ ਸਾਥਣਾਂ ਹਾਸਿਆਂ ’ਚ ਸਾਥ ਦਿੰਦੀਆਂ। ਇਸ ਯਾਰੀ ਨੂੰ ਕੋਈ ਨਾ ਤੋੜ ਸਕਿਆ, ਪਰ ਕਰੋਨਾ ਤੋੜ ਗਿਆ।

ਚੱਠਾ(ਗੁਰਦਾਸਪੁਰ ) ਦਾ ਜੰਮਪਲ ਸ. ਗੁਰਚਰਨ ਸਿੰਘ ਬੋਪਾਰਾਏ ਚੜ੍ਹਦੀ ਉਮਰੇ ਕਬੱਡੀ ਖੇਡਦਾ ਹੁੰਦਾ ਸੀ। ਵਿਰੋਧੀ ਟੀਮ ਨੂੰ ਵਖ਼ਤ ਪਾ ਦਿੰਦਾ ਸੀ। ਇਕ ਜਾਫੀ ਨੂੰ ਹੱਥ ਲਾਉਂਦਾ, ਉਹਦੇ ਉੱਤੋਂ ਦੀ ਛਾਲ ਮਾਰ ਕੇ ਦੂਜੇ ਨੂੰ ਵੀ ਪਛਾੜ ਦਿੰਦਾ ਤੇ ਫੇਰ ਆਪਣੀ ਟੀਮ ਲਈ ਪੁਆਇੰਟ ਲੈ ਕੇ ਜਦ ਮੁੜਦਾ ਤਾਂ ਪੱਟ ’ਤੇ ਥਾਪੀ ਮਾਰਦਾ ਨੱਚਦਾ ਆਉਂਦਾ। ਮੁੰਡੇ ਕੁੜੀਆਂ ਉਹਨੂੰ ਦੇਖ ‘ਗੁਰਚਰਨ ਕਬੱਡੀ ਵਾਲਾ’ ਕਹਿੰਦੇ। ਜਾਫੀ ਉਹਨੂੰ ਜੱਫਾ ਮਾਰਨ ਲਈ ਤਰਸਦੇ, ਉਹ ਫੜਿਆ ਨਾ ਜਾਂਦਾ। ਕਰੋਨਾ ਦੀ ਤਿਆਰੀ ਡਾਢੀ ਸੀ, ਬੋਪਾਰਾਏ ਕਾਬੂ ਆ ਗਿਆ। ਪੱਟ ’ਤੇ ਥਾਪੀ ਮਾਰਦਾ ਘਰ ਨਾ ਮੁੜਿਆ। ਉਹਦਾ ਜੋਟੀਦਾਰ ਸਵਰਨ ਸਿੰਘ ਮਾਣ ਨਾਲ ਕਹਿੰਦਾ ਹੁੰਦਾ ਹੈ, ‘‘ਮੈਂ ਹਾਂ ਤਾਂ ਸੰਧੂ ਪਰ ਗੁਰਚਰਨ ਨਾਲ ਆੜੀ ਪੈਣ ਤੋਂ ਬਾਅਦ ਸਾਰੇ ਮੈਨੂੰ ਵੀ ਬੋਪਾਰਾਏ ਕਹਿਣ ਲੱਗ ਪਏ, ਮੈਨੂੰ ਵੀ ਚੰਗਾ ਲੱਗਦਾ!’’ ਅੱਜ ਜਦ ਬੋਪਾਰਾਏ ਤੁਰ ਗਿਆ ਤਾਂ ਸਵਰਨ ਸਿੰਘ ਦੇ ਗਲ਼ੇ ’ਚੋਂ ਆਵਾਜ਼ ਔਖੀ ਨਿਕਲਦੀ ਹੈ। ਕਦੇ ਇਨ੍ਹਾਂ ਦੋ ਗਲ਼ਿਆਂ ਦੀ ਮੰਚ ’ਤੇ ਸਰਦਾਰੀ ਸੀ। ਸੰਨ 1955, ਖ਼ਾਲਸਾ ਕਾਲਜ ਅੰਮ੍ਰਿਤਸਰ। ਸਵਰਨ ਸਿੰਘ ਸਾਇੰਸ ਦਾ ਵਿਦਿਆਰਥੀ ਸੀ। ਗੁਰਚਰਨ ਸਿੰਘ ਆਰਟਸ ਦਾ। ਵੱਖੋ ਵੱਖਰੇ ਹੋਸਟਲ ’ਚ ਰਹਿੰਦੇ। ਸਵਰਨ ਸਿੰਘ ਦਾ ਨਾਂ ਗਾਇਕ ਦੇ ਤੌਰ ’ਤੇ ਮਸ਼ਹੂਰ ਹੋ ਚੁੱਕਾ ਸੀ। ਬਾਬਾ ਭਕਨਾ ਦੇ ਜਨਤਾ ਹਾਈ ਸਕੂਲ ’ਚ ਸੁਜਾਨ ਸਿੰਘ ਕਹਾਣੀਕਾਰ ਦੀ ਹੈੱਡਮਾਸਟਰੀ ’ਚ ਉਹ ਤੇਰਾ ਸਿੰਘ ਚੰਨ ਦੇ ਗੀਤ ਗਾਉਂਦਾ ਰਹਿੰਦਾ ਸੀ। ਕਨਸੋਅ ਖ਼ਾਲਸਾ ਕਾਲਜ ਵੀ ਪਹੁੰਚ ਗਈ ਸੀ। ਉਹਨੂੰ ਗਾਉਣ ਲਈ ਕਿਹਾ ਗਿਆ। ਸਵਰਨ ਸਿੰਘ ਨੇ ਸੋਹਣ ਸਿੰਘ ਸੀਤਲ ਦਾ ਗਾਣਾ ਸੁਣਾਇਆ। ਗੁਰਚਰਨ ਸਰੋਤਿਆਂ ’ਚ ਬੈਠਾ ਸੀ। ਗਾਉਣ ਦਾ ਸ਼ੌਕ ਸੀ, ਉਹਨੇ ਸਵਰਨ ਨੂੰ ਜੱਫੀ ਪਾ ਲਈ। ਹੋਸਟਲ ਦਾ ਸਾਲਾਨਾ ਸਮਾਗਮ ਹੋਣਾ ਸੀ। ਦੋਵਾਂ ਮਿਲ ਕੇ ਤੇਰਾ ਸਿੰਘ ਚੰਨ ਦਾ ਗੀਤ ਗਾਇਆ, ‘ਇਹ ਸਾਡਾ ਕਸ਼ਮੀਰ ਪਿਆਰਾ, ਜੰਨਤ ਦੀ ਤਸਵੀਰ!’ ਜੋੜੀ ਨਜ਼ਰੀਂ ਚੜ੍ਹ ਗਈ। ਉਦੋਂ ਪੰਜਾਬ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਅਜੇ ਸ਼ੁਰੂ ਹੀ ਹੋਏ ਸਨ: ਪਹਿਲਾ ਚੰਡੀਗੜ੍ਹ, ਦੂਜਾ ਰੋਪੜ ਤੇ ਤੀਜਾ 1956 ’ਚ ਅੰਮ੍ਰਿਤਸਰ ਹੋਇਆ। ਜੋੜੀ ਸਮੂਹ ਗੀਤ ਤੇ ਲੋਕ ਨਾਚਾਂ ਵਿੱਚ ਧਮਾਲਾਂ ਪਾਉਣ ਲੱਗੀ। ਜਿਸ ਵੀ ਆਈਟਮ ਵਿੱਚ ਹਿੱਸਾ ਲੈਂਦੇ, ਪੁਜੀਸ਼ਨ ਪਹਿਲੀ ਹੀ ਆਉਂਦੀ। ਉਨ੍ਹਾਂ ਹੀ ਦਿਨਾਂ ਵਿੱਚ ਖ਼ਾਲਸਾ ਕਾਲਜ ਦੇ ਗੇਟ ਦੇ ਸਾਹਮਣੇ ਡਾ. ਸੂਰਤ ਸਿੰਘ ਦੀ ਕੋਠੀ ਇਪਟਾ ਦੀਆਂ ਪੇਸ਼ਕਾਰੀਆਂ ਦੀ ਰਿਹਰਸਲ ਦਾ ਕੇਂਦਰ ਬਣੀ ਹੋਈ ਸੀ। ਸਬੱਬ ਬਣਿਆ ਤਾਂ ਦੋਵੇਂ ਦਰਸ਼ਨੀ ਜਵਾਨ ਸੜਕ ਟੱਪ ਸੂਰਤ ਸਿੰਘ ਦੀ ਕੋਠੀ ਜਾ ਵੜੇ। ਉੱਥੇ ਕਲਾ ਦਾ ਦਰਿਆ ਵਗ ਰਿਹਾ ਸੀ। ਜੋਗਿੰਦਰ ਬਾਹਰਲਾ, ਅਮਰਜੀਤ ਗੁਰਦਾਸਪੁਰੀ, ਨਿਰੰਜਨ ਮਾਨ, ਰਾਜਵੰਤ ਕੌਰ ਪ੍ਰੀਤ ਮਾਨ, ਉਮਾ ਗੁਰਬਖ਼ਸ਼ ਸਿੰਘ, ਦਲੀਪ ਸਿੰਘ ਸ਼ਿਕਾਰ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਤੇਰਾ ਸਿੰਘ ਚੰਨ ਜਿਹੇ ਵੱਡੇ ਕਲਾਕਾਰ ਉੱਥੇ ਰਿਹਰਸਲਾਂ ਕਰਦੇ। ਇਨ੍ਹਾਂ ਚੰਨ ਸਾਹਿਬ ਦਾ ਗੀਤ ਸੁਣਾਇਆ, ਕਲਾ ਪਾਰਖੂਆਂ ਦੀ ਨਜ਼ਰੀਂ ਚੜ੍ਹ ਗਏ।

ਹੌਲੀ ਹੌਲੀ ਦੋਵੇਂ ਉਸ ਟੀਮ ਦਾ ਹਿੱਸਾ ਬਣ ਗਏ। ਇਪਟਾ ਦੇ ਸਮਾਗਮਾਂ ’ਚ ਹਾਜ਼ਰੀ ਲਗਵਾਉਂਦੇ। ਗੁਰਚਰਨ ਗੀਤ ਲਿਖਦਾ, ਦੋਵੇਂ ਮਿਲ ਕੇ ਤਿਆਰ ਕਰਦੇ। ਮੁੰਡੇ ਸੰਗਾਊ ਸਨ। ਖ਼ਾਲਸਾ ਕਾਲਜ ਅਤੇ ਜੀਟੀ ਰੋਡ ਦੇ ਵਿਚਾਲੇ ਕਾਨੇ ਉੱਗੇ ਹੋਏ ਸਨ। ਦੋਵੇਂ ਕਾਨਿਆਂ ਦੇ ਵਿਚਕਾਰ ਜਾ ਬਹਿੰਦੇ ਤੇ ਗੀਤ ਤਿਆਰ ਕਰਦੇ। ਗੁਰਚਰਨ ਨੇ ਔਖੇ ਸਮੇਂ ਦੇਖੇ ਹੋਏ ਸਨ। 1935 ’ਚ ਸ਼ੇਖੂਪੁਰਾ ਪਾਕਿਸਤਾਨ ਦੇ ਚੱਕ ਨੰਬਰ ਬਤਾਲੀ ’ਚ ਜੰਮਿਆ। ਮਾਂ ਗੁਰਦੀਪ ਕੌਰ ਤੇ ਬਾਪ ਸਾਧੂ ਸਿੰਘ ਨੇ ਮੱਖਣ ਮਲਾਈਆਂ ਖੁਆ ਉਹਦਾ ਕੱਦ ਛੇ ਫੁੱਟ ਤੋਂ ਉਪਰ ਚੜ੍ਹਾਤਾ। ਬਾਰ੍ਹਾਂ ਸਾਲਾਂ ਦਾ ਸੀ, ਜਦ ਰੌਲੇ ਪੈ ਗਏ। ਸ਼ੇਖੂਪੁਰਾ ਬਿਗਾਨਾ ਹੋ ਗਿਆ, ਗੁਰਦਾਸਪੁਰ ਨੇ ਅਪਣਾ ਲਿਆ। ਪ੍ਰਾਇਮਰੀ ਪਾਕਿਸਤਾਨ ’ਚ ਪਾਸ ਕਰ ਲਈ ਸੀ। ਹਾਈ ਸਕੂਲ ਮਜੀਠਿਓਂ ਪਾਸ ਕੀਤੀ ਤੇ ਫਿਰ ਅੰਮ੍ਰਿਤਸਰੋਂ ਗਰੈਜੂਏਸ਼ਨ। ਗੁਰਚਰਨ ਥੱਕਦਾ ਨਹੀਂ ਸੀ। ਨਰੋਈ ਹੱਡੀ ਤੇ ਤਕੜਾ ਮਨ। ਉਹ ਜਿੱਥੇ ਵੀ ਗਿਆ, ਦੱਬ ਕੇ ਮਿਹਨਤ ਕੀਤੀ। ਸਿਵਲ ਡਿਫੈਂਸ ਵਿੱਚ ਨੌਕਰੀ ਕਰ ਲਈ ਤਾਂ ਮਿਹਨਤੀ ਸੁਭਾਅ ਨੂੰ ਨੌਕਰੀ ਰਾਸ ਆ ਗਈ। ਉਹਨੂੰ ਜਿੱਥੇ ਵੀ ਟ੍ਰੇਨਿੰਗ ਲਈ ਭੇਜਿਆ ਜਾਂਦਾ, ਉਹ ਮੁਕਾਬਲੇ ’ਚ ਅੱਵਲ ਆਉਂਦਾ। ਜਦੋਂ ਉਹਨੂੰ ਚੰਡੀਗੜ੍ਹ ਇੰਸਪੈਕਟਰ ਇੰਚਾਰਜ ਬਣਾਇਆ ਗਿਆ ਤਾਂ ਉਹ ਤਹਿਸੀਲਦਾਰਾਂ, ਜ਼ਿਲ੍ਹਾ ਪੰਚਾਇਤ ਅਫ਼ਸਰਾਂ ਨੂੰ ਸਿਖਲਾਈ ਦਿੰਦਾ। 1971 ’ਚ ਉਹਦੀ ਬਦਲੀ ਪੱਟੀ ਹੋ ਗਈ। ਤਰੱਕੀ ਕਰਕੇ ਉਹ ਬਟਾਲੀਅਨ ਕਮਾਂਡਰ ਹੋ ਗਿਆ ਸੀ। ਆਪਣੇ ਕੰਮ ਤੇ ਜ਼ਿੰਮੇਵਾਰੀ ਪ੍ਰਤੀ ਜਨੂੰਨ ਦੀ ਹੱਦ ਤੱਕ ਸਿਰੜੀ ਤੇ ਪ੍ਰਤੀਬੱਧ ਸੀ। ਇਸੇ ਦਾ ਨਤੀਜਾ ਸੀ ਕਿ ਉਹਦੇ ਯਤਨਾਂ ਨਾਲ ਹੌਟਲਾਈਨ ਹੋਂਦ ’ਚ ਆਈ। ਉਹਦਾ ਕਹਿਣਾ ਸੀ ਕਿ ਖ਼ਬਰ ਲੇਟ ਨਹੀਂ ਹੋਣੀ ਚਾਹੀਦੀ, ਪਠਾਨਕੋਟ ਕੁਝ ਵਾਪਰੇ ਤਾਂ ਤੁਰੰਤ ਖ਼ਬਰ ਫ਼ਾਜ਼ਿਲਕਾ ਪਹੁੰਚਣੀ ਚਾਹੀਦੀ ਹੈ। ਉਹਦੀ ਲਿਆਕਤ ਤੇ ਮਿਹਨਤ ਸਦਕਾ ਉਸ ਨੂੰ ਰਾਸ਼ਟਰਪਤੀ ਐਵਾਰਡ ਮਿਲਿਆ। ਪਰ ਉਹਨੇ ਅਦਬ ਅਤੇ ਕਲਾ ਦਾ ਲੜ ਨਾ ਛੱਡਿਆ। ਉਹਦੇ ਕੋਲ ਵਿਦਿਆਰਥੀ ਜੀਵਨ ਦੀਆਂ ਅਭੁੱਲ ਯਾਦਾਂ ਦਾ ਸਰਮਾਇਆ ਸੀ। ਇੰਟਰ ਯੂਨੀਵਰਸਿਟੀ ਫੈਸਟੀਵਲ ਹੁੰਦੇ ਤਾਂ ਇਹ ਜੋੜੀ ਬੰਬੇ ਦਿੱਲੀ ਨਾਗਪੁਰ ਜਾ ਪਹੁੰਚਦੀ। ਉਨ੍ਹਾਂ ਵੱਲੋਂ ਗਾਏ ਗੀਤਾਂ ਦੀ ਚੋਣ ਸਮੇਂ ਦੇ ਹਾਣ ਦੀ ਹੁੰਦੀ। ਅੰਗਰੇਜ਼ਾਂ ਵਿਰੁੱਧ ਨੇਵੀ ਦੀ ਪ੍ਰਸਿੱਧ ਬਗ਼ਾਵਤ ਬਾਰੇ ਜਦ ਸਾਹਿਰ ਲੁਧਿਆਣਵੀ ਨੇ ਗੀਤ ਲਿਖਿਆ ਸੀ:

ਧਰਤੀ ਕੀ ਸੁਲਗਦੀ ਛਾਤੀ ਕੇ, ਬੇਚੈਨ ਸ਼ਰਾਰੇ ਪੂਛਤੇ ਹੈਂ
ਤੁਮ ਲੋਗ ਜਿਨਹੇਂ ਅਪਨਾ ਨਾ ਸਕੇ, ਵੋ ਖ਼ੂਨ ਕੇ ਧਾਰੇ ਪੂਛਤੇ ਹੈਂ
ਸੜਕੋਂ ਕੀ ਜ਼ਬਾਨ ਚਿਲਾਤੀ ਹੈ, ਸਾਗਰ ਕੇ ਕਿਨਾਰੇ ਪੂਛਤੇ ਹੈਂ
ਐ ਰਹਬਿਰ-ਏ- ਮੁਲਕ-ਉ-ਕੌਮ ਬਤਾ,
ਯੇ ਕਿਸ ਕਾ ਖ਼ੂਨ ਹੈ ਕੌਨ ਮਰਾ!!

ਗੁਰਚਰਨ ਤੇ ਸਵਰਨ ਜਦ ਮਿਲ ਕੇ ਇਸ ਗੀਤ ਨੂੰ ਬੁਲੰਦ ਆਵਾਜ਼ ’ਚ ਗਾਉਂਦੇ ਤਾਂ ਸਰੋਤਿਆਂ ਦਾ ਰੁੱਗ ਭਰਿਆ ਜਾਂਦਾ। ਅੱਜ ਵੀ ਜਦੋਂ ਗ਼ਰੀਬ ਮਜ਼ਦੂਰ ਸੜਕਾਂ ’ਤੇ ਤੁਰੇ ਜਾ ਰਹੇ ਸਨ ਤਾਂ ਬੋਪਾਰਾਏ ਅੱਖਾਂ ਭਰਕੇ ਇਸ ਗੀਤ ਨੂੰ ਯਾਦ ਕਰਦਾ। ਹਬੀਬ ਤਨਵੀਰ ਦਾ ਲਿਖਿਆ ਗੀਤ, ‘ਐ ਮੇਰੇ ਪਿਆਰੇ ਵਤਨ, ਐ ਮੇਰੇ ਉਜੜੇ ਚਮਨ’ ਉਹ ਖੁੱਭ ਕੇ ਗਾਉਂਦੇ। ਸੰਤਾਲੀ ਦਾ ਦੁਖਾਂਤ ਬੋਪਾਰਾਏ ਨੇ ਹੱਡੀਂ ਹੰਢਾਇਆ ਸੀ। ਅੰਮ੍ਰਿਤਾ ਪ੍ਰੀਤਮ ਦਾ ਗੀਤ ਇਹ ਜੋੜੀ ਪਿਛਲੇ ਸਾਲ ਤਕ ਵੀ ਸਮਾਗਮਾਂ ’ਚ ਗਾਉਂਦੀ:

ਕਣਕਾਂ ਲੰਮੀਆਂ ਕਣਕਾਂ ਸਾਵੀਆਂ
ਰੋਂਦੇ ਨੇ ਮਹੀਂਵਾਲ ਰੋਂਦੀਆਂ ਨੇ ਸੋਹਣੀਆਂ
ਰੋਵਣ ਝਨਾਵਾਂ ਰੋਂਦੀਆਂ ਨੇ ਰਾਵੀਆਂ
ਕਣਕਾਂ ਲੰਮੀਆਂ ਕਣਕਾਂ ਸਾਵੀਆਂ

ਗੁਰਚਰਨ ਸਿੰਘ ਬੋਪਾਰਾਏ ਖ਼ੁਦ ਬੜਾ ਪਿਆਰਾ ਗੀਤਕਾਰ ਸੀ। ਜਦੋਂ ਗੁਰਬਚਨ ਸਿੰਘਲਭੁੱਲਰ ਨੇ ਬੋਪਾਰਾਏ ਦੀਆਂ ਰਚਨਾਵਾਂ ਨੂੰ ਕਿਤਾਬ ‘ਕੇਰਾ ਕਿਰਨਾਂ ਦਾ’ ਦੇ ਸਿਰਲੇਖ ਹੇਠ ਸੰਪਾਦਿਤ ਕੀਤਾ ਤਾਂ ਉਨ੍ਹਾਂ ਲਿਖਿਆ, ‘‘ਭਾਵੇਂ ਉਹ ਗ਼ਜ਼ਲ ਰੁਬਾਈ ਆਦਿ ਲਿਖਦਾ ਹੈ ਪਰ ਮੈਂ ਉਸ ਨੂੰ ਮੁੱਖ ਤੌਰ ’ਤੇ ਗੀਤਕਾਰ ਮੰਨਦਾ ਹਾਂ!’’ ਸੱਚਮੁੱਚ ਬੋਪਾਰਾਏ ਦੀ ਗੀਤਕਾਰੀ ਬੜੀ ਸੂਖ਼ਮ ਸੀ। ਬੜੀ ਮੋਹ ਭਿੱਜੀ। ਇਕ ਖ਼ੂਬਸੂਰਤ ਰੋਮਾਂਟਿਕ ਅਹਿਸਾਸ ਗੌਰ ਫਰਮਾਓ:

ਕੀਹਨੂੰ ਦੇਖ ਕੇ ਸੰਧੂਰੀ ਹੋਈਆਂ ਅੰਬੀਆਂ
ਕੌਣ ਲੰਘੀ ਮੇਰੇ ਬਾਗ਼ ’ਚੋਂ?

ਬੋਪਾਰਾਏ ਦਾ ਸਬੰਧ (ਬਟਾਲਾ)ਗੁਰਦਾਸਪੁਰ ਨਾਲ ਸੀ। ਸ਼ਿਵ ਕੁਮਾਰ ਬਟਾਲਵੀ ਨਾਲ ਸਾਂਝ ਪੈਣੀ ਸੁਭਾਵਿਕ ਸੀ। ਉਹ ਸ਼ਿਵ ਦੀਆਂ ਗੱਲਾਂ ਕਰਦਾ ਤਾਂ ਗੱਲ ਦੀ ਲੜੀ ਨਾ ਟੁੱਟਣ ਦਿੰਦਾ। ਸਵਰਨ ਨਾਲ ਮਿਲ ਕੇ ਸ਼ਿਵ ਦੇ ਗੀਤ ਗਾਉਂਦਾ। ਇਹ ਚਰਚਾ ਆਮ ਸੀ ਕਿ ਜੇ ਸ਼ਿਵ ਬਟਾਲਵੀ ਨਾਲ ਸਬੰਧਤ ਪ੍ਰੋਗਰਾਮ ਹੈ ਤਾਂ ਬੋਪਾਰਾਏ ਜੋੜੀ ਕੋਲੋਂ ਗੀਤ ਸੁਣਨ ਨੂੰ ਜ਼ਰੂਰ ਮਿਲਣਗੇ। ਜਦੋਂ ਭਾਖੜਾ ਡੈਮ ਦਾ ਉਦਘਾਟਨ ਹੋਇਆ ਤਾਂ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਤੇ ਰੂਸ ਦੇ ਪ੍ਰਧਾਨ ਮੰਤਰੀ ਦੀ ਹਾਜ਼ਰੀ ’ਚ ਉਸ ਨੇ ਭਗਤ ਸਿੰਘ ਦੀ ਘੋੜੀ ਗਾਈ। ਇਹ ਘੋੜੀ ਬੋਪਾਰਾਏ ਨੇ ਲਿਖੀ ਸੀ। ਜਿਵੇਂ ਪਰੰਪਰਕ ਸ਼ੈਲੀ ’ਚ ਔਰਤਾਂ ਘੋੜੀ ਗਾਉਂਦੀਆਂ ਨੇ, ਲਮਕਾ ਕੇ, ਗੁਰਚਰਨ ਸਿੰਘ ਨੇ ਉਹ ਘੋੜੀ ਉਵੇਂ ਹੀ ਗਾਈ। ਵੱਡੀ ਗੱਲ ਇਹ ਕਿ ਉਹ ਭਗਤ ਸਿੰਘ ਦੀ ਘੋੜੀ ਲਿਖਦਿਆਂ ਰਾਜਗੁਰੂ ਤੇ ਸੁਖਦੇਵ ਨੂੰ ਬਰਾਬਰ ਮਾਣ ਇੱਜ਼ਤ ਦੇ ਰਿਹਾ ਹੈ:

ਤੇਰੀ ਜੰਝ ਚੜ੍ਹੇ ਦੋ ਹੀਰੇ ਵੇ
ਉਹ ਵੀ ਮਾਵਾਂ ਦੇ ਪੁੱਤ ਹੀਰੇ ਵੇ
ਸਿਰ ਸੋਹਣ ਬਸੰਤੀ ਚੀਰੇ ਵੇ
ਲਟਕੇਂਦੇ ਵਾਲ ਸੋਨੇ ਦੇ!

ਗੁਰਚਰਨ ਸਿੰਘ ਦੀਆਂ ਯਾਦਾਂ ਖੰਘਾਲਦਿਆਂ ਉਹ ਸੁਨਹਿਰੀ ਦੌਰ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ, ਜਦੋਂ ਲੋਕ ਪੱਖੀ ਨਾਇਕਾਂ ਨੂੰ ਲੋਕ ਮਾਣ ਬਖਸ਼ਦੇ ਸਨ।

ਬੋਪਾਰਾਏ ਹੋਰੀਂ ਜਦ ਵੀ ਫੋਨ ਕਰਦੇ, ਇਹੀ ਕਹਿੰਦੇ, ‘‘ਬਸ ਆਹ ਕਰੋਨਾ ਮੁੱਕ ਜਾਏ, ਕਿਹੇ ਦਿਨ ਆਥਣੇ ਬਹਿਣਾ ਆਪਾਂ… ਬਹੁਤ ਗੱਲਾਂ ਕਰਨੀਆਂ!’’ ਉਹ ਆਥਣ ਨਾ ਆਈ! ਹੁਣ ਅਸੀਂ ਉਸ ਦੀਆਂ ਗੱਲਾਂ ਕਰਿਆ ਕਰਾਂਗੇ ਤਾਂ ਸਾਡੀਆਂ ਅੱਖਾਂ ਨਮ ਹੋਇਆ ਕਰਨਗੀਆਂ.. ਪਰ ਸਾਡੀਆਂ ਘੱਟ, ਹੰਸਾਂ ਦੀ ਜੋੜੀ ਦੇ ਦੂਸਰੇ ਹੰਸ ਸਵਰਨ ਸਿੰਘ ਦੀਆਂ ਬਹੁਤੀਆਂ! ਸਵਰਨ ਸਿੰਘ ਦੀ ਆਵਾਜ਼ ’ਚ ਅਸੀਂ ਗੁਰਚਰਨ ਸਿੰਘ ਦੇ ਗੀਤ ਮਾਣਦੇ ਰਹਾਂਗੇ ਤੇ ਕਿਸੇ ਚੰਨ ਚਾਨਣੀ ਰਾਤ ਨੂੰ ਜਦ ਸਵਰਨ ਸਿੰਘ ਗੀਤ ਗਾ ਰਿਹਾ ਹੋਵੇਗਾ ਤੇ ਅਸੀਂ ਸਰੋਤੇ ਬਣ ਬੈਠੇ ਹੋਵਾਂਗੇ, ਜਾਪੇਗਾ ਕਿ ਗੁਰਚਰਨ ਸਿੰਘ ਤਾਰਿਆਂ ਦੀ ਲੋਏ ਸਾਨੂੰ ਆਣ ਕੇ ਮਿਲ ਜਾਏਗਾ ਤੇ ਘੁੱਟ ਜੱਫੀ ਪਾਏਗਾ! ਬੋਪਾਰਾਏ ਵਾਲੀ ਜੱਫੀ!! ਨਿੱਗਰ ਜੱਫੀ!!! - ਸਾਹਿਬ ਸਿੰਘ (ਡਾ.)।

ਪੰਜਾਬੀ ਕਵਿਤਾ : ਗੁਰਚਰਨ ਸਿੰਘ ਬੋਪਾਰਾਏ

Punjabi Poetry : Gurcharan Singh Boparai


ਗੀਤ

ਮੈਨੂੰ ਦੌਣੀ ਨੀ ਘੜਾ ਕੇ ਦਿੱਤੀ ਸਹੁਰਿਆਂ ਤੇ ਸੂਰਜੇ ਦਾ ਨਗ ਜੜਿਆ। ਘੁੰਡ ਚੁੱਕ ਜਾਂ ਛੁਹਾਈ ਮੇਰੀ ਮਾਂਗ ਨਾਲ, ਅੱਧੀ ਰਾਤੀਂ ਦਿਨ ਚੜ੍ਹਿਆ। ਮੇਰੀ ਚਾਵਾਂ ਲੱਧੀ ਸੱਸ ਮੈਨੂੰ ਗੋਖੜੂ ਚੜ੍ਹਾਇਆ। ਮੇਰੀ ਗੋਲ਼ ਗੋਲ਼ ਵੀਣੀ ਦੇ ਨੀ ਪੂਰਾ ਮੇਚ ਆਇਆ। ਉਹਦੀ ਲਿਸ਼ਕ ਪਈ ਅਸਮਾਨੀਂ, ਕਿ ਰੇਬ ਜਾਣੇ ਕਿਸ ਘੜਿਆ। ਅੱਗੇ ਵਾਰੋ ਵਾਰੀ ਆਈਆਂ ਸਭ ਨੱਢੀਆਂ ਜਵਾਨ। ਮਸਾਂ ਇੱਕੋ ਗੇੜਾ ਖਾ ਕੇ ਸਭ ਪਿੱਛੇ ਹਟ ਜਾਣਾ। ਸੱਭੇ ਹੋ ਗਈਆਂ ਬੇਹੋਸ਼ ਗਿੱਧਾ ਪਾਉਂਦੀਆਂ, ਅਜੇ ਨਾ ਮੈਨੂੰ ਦਮ ਚੜ੍ਹਿਆ। ਲੈ ਕੇ ਝਾਂਜਰਾਂ ਦੀ ਜੋੜੀ ਆਈ ਅੱਥਰੀ ਨਣਾਨ। ਮੇਰੇ ਪੈਰਾਂ ਤਾਈਂ ਟੁੰਗ ਕੇ ਉਹ ਲੱਗੀ ਏ ਚੜ੍ਹਾਣ। ਆਖੇ ਭਾਬੀ ਤੇ ਨਣਾਨ ਅਸੀਂ ਗਿੱਧੇ ਵਿੱਚ , ਵੇਖੇ ਸਾਰਾ ਪਿੰਡ ਖੜਿਆ। ਮੈਨੂੰ ਬਣੀ ਫੱਬੀ ਵੇਖ ਕੇ ਜਠਾਣੀ ਸੜ ਗਈ। ਉਹ ਤੇ ਈਰਖਾ ਦੀ ਕਾੜ੍ਹਨੀ ‘ਚ ਸਾਰੀ ਕੜ੍ਹ ਗਈ। ਚੁੱਪ ਵੱਟ ਕੇ ਘਸੁੰਨ ਬਣ ਬਹਿ ਗਈ ਤੇ ਜੀਭ ਉੱਤੇ ਸੱਪ ਲੜਿਆ। ਕੋਲ ਢੋਲ ਮੇਰਾ ਆਇਆ ਲੈ ਕੇ ਦਿਲ ‘ਚ ਉਮੰਗ। ਉਹਦੇ ਸਾਂਵਲੇ ਜਹੇ ਮੁੱਖੜੇ ਤੇ ਆਖ਼ਰਾ ਦੀ ਸੰਗ। ਰੱਬ ਵਰਗਾ ਸਵਾਦ ਸਈਉ ਆ ਗਿਆ, ਜਦੋਂ ਨੀ ਮੇਰਾ ਹੱਥ ਫੜਿਆ।