Gur Nanak Da Panth Nirala : Dr. Hari Singh Jachak

ਗੁਰ ਨਾਨਕ ਦਾ ਪੰਥ ਨਿਰਾਲਾ : ਡਾ. ਹਰੀ ਸਿੰਘ ‘ਜਾਚਕ’
ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550ਵਾਂ ਪਾਵਨ ਪ੍ਰਕਾਸ਼ ਪੁਰਬ

ਦਿਲ ਵਿੱਚ ਪਿਆਰ, ਸਤਿਕਾਰ, ਉਮਾਹ ਲੈ ਕੇ, ਪੰਜ ਸੌ ਪੰਜਾਹਵਾਂ ਪੁਰਬ ਮਨਾਓ ਸਾਰੇ। ਬਾਬੇ ਨਾਨਕ ਨੇ ਦੱਸੇ ਅਸੂਲ ਜਿਹੜੇ, ਓਹ ਸਭ ਜੀਵਨ ਦੇ ਵਿੱਚ ਅਪਨਾਓ ਸਾਰੇ। ‘ਘਾਲਿ ਖਾਇ ਕਿਛੁ ਹਥਹੁ ਦੇਇ’ ਵਾਲੇ, ਸਭਿਆਚਾਰ ਨੂੰ ਸਮਝੋ, ਸਮਝਾਓ ਸਾਰੇ। ‘ਵੰਡ ਛਕਣ’ ਦੇ ਪਾਵਨ ਸਿਧਾਂਤ ਤਾਈਂ, ਆਪਣੇ ਦਿਲਾਂ ਦੇ ਵਿੱਚ ਵਸਾਓ ਸਾਰੇ। ‘ਸਭ ਮਹਿ ਜੋਤਿ ਜੋਤਿ ਹੈ ਸੋਇ’ ਵਾਲਾ, ਪਾਵਨ ਫ਼ਲਸਫ਼ਾ ਲਾਗੂ ਕਰਵਾਓ ਸਾਰੇ। ‘ਪਵਣੁ ਗੁਰੂ ਪਾਣੀ ਪਿਤਾ’ ਕਿਹਾ ਬਾਬੇ, ਏਹਨਾਂ ਤਾਈਂ ਸਵੱਛ ਬਣਾਓ ਸਾਰੇ। ‘ਸਤਿ ਸੁਹਾਣ ਸਦਾ ਮਨਿ ਚਾਉ’ ਹੋਵੇ, ਚੜ੍ਹਦੀ ਕਲਾ ਦਾ ਜੀਵਨ ਬਿਤਾਓ ਸਾਰੇ। ‘ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ’ ਵਾਲੀ, ਜੀਵਨ ਜਾਚ ਇਹ ਸਿਖੋ, ਸਿਖਾਓ ਸਾਰੇ। ‘ਉਪਰਿ ਸਚੁ ਅਚਾਰੁ’ ਤੋਂ ਸੇਧ ਲੈ ਕੇ, ਸੱਚਾ ਸੁੱਚਾ ਵਿਵਹਾਰ ਅਪਣਾਓ ਸਾਰੇ। ‘ਮਿਠਤੁ ਨੀਵੀਂ ਨਾਨਕਾ’ ਬਚਨ ਮੰਨ ਕੇ, ਮਿੱਠਾ ਬੋਲੋ ਤੇ ਨਾਲ ਮੁਸਕਰਾਓ ਸਾਰੇ। ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’, ਇਸ ਨੂੰ ਮੁਖ ਰੱਖ ਪੜ੍ਹੋ, ਪੜ੍ਹਾਓ ਸਾਰੇ। ਸਾਢੇ ਪੰਜ ਸੌ ਸਾਲਾ ਪੁਰਬ ਏਦਾਂ, ‘ਜਾਚਕ’ ਸ਼ਰਧਾ ਦੇ ਨਾਲ ਮਨਾਓ ਸਾਰੇ।

ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ

ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, ਜਗਮਗ ਜੋਤ ਸੀ ਜੱਗ ਵਿੱਚ ਆਈ ਤੇਰੀ। ਚਾਨਣ ਚਾਨਣ ਸੀ ਹੋ ਗਿਆ ਚੌਂਹ ਪਾਸੀਂ, ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ। ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, ਵੇਂਈਂ ਨਦੀ ’ਚ ਚੁੱਭੀ ਲਗਾਈ ਤੇਰੀ। ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ, ਬਿਰਤੀ ਨਾਲ ਅਕਾਲ ਦੇ ਲਾਈ ਤੇਰੀ। ਨਾ ਕੋ ਹਿੰਦੂ ਨਾ ਮੁਸਲਮਾਨ ਕਹਿ ਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ ਤੇਰੀ। ਪਰਗਟ ਹੋਏ ਜਦ ਵੇਂਈ ’ਚੋਂ, ਕਿਹਾ ਸਭ ਨੇ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗੁਰ। ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗੁਰ। ਚਾਨਣ ਗਿਆਨ ਦਾ ਧੁਰੋਂ ਲਿਆ ਕੇ ਤੇ, ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗੁਰ। ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ, ਮਾਤਾ ਤ੍ਰਿਪਤਾ ਦੇ ਜਾਏ ਸਨ ਆਪ ਸਤਿਗੁਰ। ਭੈਣ ਨਾਨਕੀ ਰੱਬ ਦਾ ਰੂਪ ਤੱਕ ਕੇ, ਮੂਰਤ ਮਨ ਦੇ ਵਿੱਚ ਵਸਾਈ ਤੇਰੀ। ਰਾਇ ਬੁਲਾਰ ਵੀ ਕਹਿਣੋਂ ਨਹੀਂ ਰਹਿ ਸਕਿਆ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਮਲਕ ਭਾਗੋ ਦੀ ਝੁਕ ਗਈ ਨਜ਼ਰ ਸੀ ਜਦ, ਖੂਨ ਪੂੜਿਆਂ ’ਚੋਂ ਲਾਲੋ ਲਾਲ ਤੱਕਿਆ। ਸੱਜਣ ਠੱਗ ਨੂੰ ਠੱਗੀਆਂ ਭੁੱਲ ਗਈਆਂ, ਨੂਰੀ ਚਿਹਰੇ ’ਤੇ ਜਦੋਂ ਜਲਾਲ ਤੱਕਿਆ। ਵਲ ਵਲੀ ਕੰਧਾਰੀ ਦੇ ਸਭ ਨਿਕਲੇ, ਪੰਜੇ ਅੱਗੇ ਜਦ ਪੱਥਰ ਨਿਢਾਲ ਤੱਕਿਆ। ਰਾਖਸ਼ ਬੁੱਧੀ ਸੀ ਕੌਡੇ ਦੀ ਹਵਾ ਹੋਈ, ਜਦੋਂ ਸਾਹਮਣੇ ਸਾਹਿਬੇ ਕਮਾਲ ਤੱਕਿਆ। ਜਾਦੂਗਰਨੀ ਦਾ ਜਾਦੂ ਸੀ ਹਰਨ ਹੋਇਆ, ਜਾਹਰੀ ਕਲਾ ਜਦ ਵੇਖੀ ਵਰਤਾਈ ਤੇਰੀ। ਢਹਿ ਕੇ ਚਰਨਾਂ ਤੇ ਮੁੱਖ ’ਚੋਂ ਕਹਿ ਰਹੀ ਸੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਕੀਤਾ ਦਿਲੋ ਦਿਮਾਗ ਸੀ ਜਿਨ੍ਹਾਂ ਰੋਸ਼ਨ, ਐਸੇ ਚਾਨਣ ਮੁਨਾਰੇ ਸਨ ਗੁਰੂ ਨਾਨਕ। ਰੱਬੀ ਮਿਹਰਾਂ ਦਾ ਮੀਂਹ ਵਰਸਾ ਕੇ ਤੇ, ਤਪਦੇ ਕਾਲਜੇ ਠਾਰੇ ਸਨ ਗੁਰੂ ਨਾਨਕ। ਡਿੱਗੇ ਢੱਠਿਆਂ ਬੇਸਹਾਰਿਆਂ ਦੇ, ਇਕੋ ਇਕ ਸਹਾਰੇ ਸਨ ਗੁਰੂ ਨਾਨਕ। ਵਾਂਗ ਤਾਰਿਆਂ ਗਿਣੇ ਨਹੀਂ ਜਾ ਸਕਦੇ, ਜਿੰਨੇ ਡੁੱਬਦੇ ਤਾਰੇ ਸਨ ਗੁਰੂ ਨਾਨਕ। ਤੇਰੇ ਕੀਤੇ ਉਪਕਾਰਾਂ ਨੂੰ ਯਾਦ ਕਰ ਕਰ, ਰਿਣੀ ਰਹੂਗੀ ਸਦਾ ਲੋਕਾਈ ਤੇਰੀ। ਰਹਿੰਦੀ ਦੁਨੀਆਂ ਤੱਕ ਲੋਕਾਂ ਨੇ ਏਹੋ ਕਹਿਣੈ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਠੰਡ ਪਾਉਣ ਲਈ ਤਪਦਿਆਂ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ। ਮੰਝਧਾਰ ਅੰਦਰ ਗੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ। ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ। ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗੇ, ਕਲਯੁੱਗ ਵਿੱਚ ਹੈ ਨਾਨਕ ਅਵਤਾਰ ਆਇਆ। ਓਸ ਤਾਂਈ ਅਗੰਮੀ ਸੁਆਦ ਆਇਆ, ਧੁਰ ਕੀ ਬਾਣੀ ਜਿਸ ਵਜਦ ਵਿੱਚ ਗਾਈ ਤੇਰੀ। ਅੱਜ ਵੀ ਕੁੱਲ ਜਮਾਨਾ ਹੈ ਯਾਦ ਕਰਦਾ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਦੁਨੀਆਂ ਵਿੱਚ ਨਿਰੰਕਾਰ ਸਨ ਹੋਏ ਪ੍ਰਗਟ, ਗੁਰੂ ਨਾਨਕ ਦੇ ਪਾਵਨ ਸਰੂਪ ਅੰਦਰ। ਦੀਨਾਂ ਦੁਖੀਆਂ ਦਾ ਦਰਦ ਵੰਡਾਉਣ ਖਾਤਰ, ਆਪ ਆਏ ਇਸ ਰੂਪ ਅਨੂਪ ਅੰਦਰ। ਬਾਂਹ ਪਕੜ ਕੇ ਬਾਹਰ ਸੀ ਕੱਢ ਦਿੱਤੇ, ਗੋਤੇ ਖਾਣ ਵਾਲੇ ਅੰਧ ਕੂਪ ਅੰਦਰ। ਦਸ ਜਾਮੇ ਪਰ ਦਸਾਂ ਵਿਚ ਜੋਤ ਇਕੋ, ਗੁਰੂ ਨਾਨਕ ਤੋਂ ਗੋਬਿੰਦ ਦੇ ਰੂਪ ਅੰਦਰ। ਪਾਈ ਧੁਰ ਦਰਗਾਹੋਂ ਜੋ ਪਾਤਸ਼ਾਹਾ, ਅੱਜ ਵੀ ਚੱਲ ਰਹੀ ਪਾਵਨ ਗੁਰਿਆਈ ਤੇਰੀ। ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਕਹਿ ਰਹੇ ਹਾਂ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਦੁਨੀਆਂ ਤਾਰਨ ਲਈ ਦੁਨੀਆਂ ਦੇ ਵਿੱਚ ਆਏ, ਲੈ ਕੇ ਹੁਕਮ ਦਰਗਾਹੀ ਸਨ ਗੁਰੂ ਨਾਨਕ। ਪਹੁੰਚ ਹੈਸੀ ਵਿਗਿਆਨਕ ਤੇ ਤਰਕਵਾਦੀ, ਦੇਂਦੇ ਠੋਸ ਗਵਾਹੀ ਸਨ ਗੁਰੂ ਨਾਨਕ। ਨਵੀਆਂ ਲੀਹਾਂ ਇਤਿਹਾਸ ’ਚ ਪਾਉਣ ਵਾਲੇ, ਨਵੇਂ ਰਾਹਾਂ ਦੇ ਰਾਹੀ ਸਨ ਗੁਰੂ ਨਾਨਕ। ਬਾਬਰ ਵਰਗਿਆਂ ਨੂੰ ਜਾਬਰ ਕਹਿਣ ਵਾਲੇ, ਸਚਮੁੱਚ ਸੰਤ ਸਿਪਾਹੀ ਸਨ ਗੁਰੂ ਨਾਨਕ। ਚੜ੍ਹਦੀ ਕਲਾ ਆਉਂਦੀ ਬਾਬਾ ਯਾਦ ਕਰਕੇ, ਬਾਬਰ ਤਾਂਈਂ ਇਹ ਜੁਰਅਤ ਵਿਖਾਈ ਤੇਰੀ। ਚੜ੍ਹਦੀ ਕਲਾ ਨਾਲ ਬੋਲੇ ਗੁਰ ਖਾਲਸਾ ਜੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। ਖੁਲ੍ਹ ਜਾਣਾਂ ਏ ਲਾਂਘਾ ਕਰਤਾਰਪੁਰ ਦਾ, ਪੂਰੀ ਤਰ੍ਹਾਂ ਇਹ ਬੱਝ ਗਈ ਆਸ ਹੁਣ ਤਾਂ। ਰੱਖੇ ਦੋਹਾਂ ਸਰਕਾਰਾਂ ਨੇ ਨੀਂਹ ਪੱਥਰ, ਕਾਰਜ ਸਾਰੇ ਹੀ ਹੋ ਰਹੇ ਰਾਸ ਹੁਣ ਤਾਂ। ਜੰਗੀ ਪੱਧਰ ਤੇ ਚੱਲ ਰਿਹਾ ਕੰਮ ਸੋਹਣਾ, ਸਾਡੇ ਲਈ ਇਹ ਖ਼ਬਰ ਹੈ ਖਾਸ ਹੁਣ ਤਾਂ। ਲੰਮੇ ਸਮੇਂ ਤੋਂ ਅਸੀਂ ਜੋ ਕਰ ਰਹੇ ਸਾਂ, ਸੁਣੀ ਗਈ ਓਹ ਸਾਡੀ ਅਰਦਾਸ ਹੁਣ ਤਾਂ। ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉੱਤੇ, ਹਰ ਇਕ ਕਵੀ ਨੇ ਕਵਿਤਾ ਬਣਾਈ ਤੇਰੀ। ਕਲਮ ‘ਜਾਚਕ’ ਦੀ ਉਸਤਤ ਦੇ ਵਿੱਚ ਲਿਖਦੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਕ੍ਰਾਂਤੀਕਾਰੀ ਗੁਰੂ ਨਾਨਕ ਦੇਵ ਜੀ

ਕਦੇ ਲੋਧੀ ਤੇ ਕਦੇ ਮਹਿਮੂਦ ਗਜਨੀ, ਸਾਡੀ ਆ ਆ ਕੇ, ਫੱਟੀ ਪੋਚਦੇ ਰਹੇ। ਅੱਖਾਂ ਸਾਹਮਣੇ ਲੁੱਟ ਕੇ ਲੈ ਜਾਂਦੇ, ਅਸੀਂ ਦੇਖਦੇ ਰਹੇ, ਅਸੀਂ ਸੋਚਦੇ ਰਹੇ। ਕਦੇ ਬਾਬਰ ਤੇ ਕਦੇ ਤੈਮੂਰ ਆ ਕੇ, ਚਿੱੜੀ ਸੋਨੇ ਦੀ ਹੱਥਾਂ ’ਚ ਬੋਚਦੇ ਰਹੇ। ਜ਼ਾਲਿਮ ਬੜੀ ਬੇਕਦਰੀ ਨਾਲ ਮਾਸ ਇਹਦਾ, ਖੂਨੀ ਨਹੁੰਦਰਾਂ ਨਾਲ ਸੀ ਨੋਚਦੇ ਰਹੇ। ਚੌਹਾਂ ਵਰਨਾਂ ’ਚ ਸੀ ਸਮਾਜ ਵੰਡਿਆ, ਉਤੋਂ ਸਿਖਰਾਂ ’ਤੇ ਜਾਤ ਅਭਿਮਾਨ ਹੈਸੀ। ਮਾਨਵ ਆਤਮਾ ਦੇ ਖੰਭ ਨੂੜ ਕੇ ਤੇ, ਵੱਖੋ ਵੱਖਰੇ ਕੀਤੇ ਇਨਸਾਨ ਹੈਸੀ। ’ਕੱਲੇ ਲੋਕ ਹੀ ਆਪੋ ਵਿੱਚ ਨਹੀਂ ਵੰਡੇ, ਨਾਲ ਵੰਡਿਆ ਹੋਇਆ ਭਗਵਾਨ ਹੈਸੀ। ਸਿੱਧਾਂ ਜੋਗੀਆਂ ਚੁੱਪ ਸੀ ਧਾਰ ਰੱਖੀ, ਭਾਵੇਂ ਜਲ ਰਿਹਾ ਹਿੰਦੁਸਤਾਨ ਹੈਸੀ। ਓਧਰ ਔਰਤ ਦੀ ਹਾਲਤ ਸੀ ਬਹੁਤ ਪਤਲੀ, ਮਾਰ ਮਾਰ ਕੇ ਕਰ ਸੀ ਸੁੰਨ ਦੇਂਦੇ। ਚਾਰ ਦੀਵਾਰੀ ’ਚ ਓਸਨੂੰ ਕੈਦ ਕਰਕੇ, ਵਾਂਗ ਆਟੇ ਦੇ ਸਦਾ ਲਈ ਗੁੰਨ੍ਹ ਦੇਂਦੇ। ਕਿਸੇ ਔਰਤ ਦਾ ਪਤੀ ਜੇ ਮਰ ਜਾਂਦਾ, ਸਿਰ ਓਸਦਾ ਕੈਂਚੀ ਨਾਲ ਮੁੰਨ ਦੇਂਦੇ। ਜਾਂ ਫਿਰ ਪਤੀ ਨਾਲ ਚਿੱਖਾ ਦੇ ਵਿੱਚ ਸੁੱਟਕੇ, ਜਿਉਂਦੀ ਦਾਣਿਆਂ ਵਾਂਗ ਸੀ ਭੁੰਨ ਦਿੰਦੇ। ਗੁਰੂ ਨਾਨਕ ਦੇ ਆਗਮਨ ਨਾਲ ਏਥੇ, ਉੱਚੇ ਸੁੱਚੇ ਕਿਰਦਾਰਾਂ ਨੂੰ ਬਲ ਮਿਲਿਆ। ਵਹਿਮਾਂ ਭਰਮਾਂ ਪਖੰਡਾਂ ਦੀ ਜਾਨ ਨਿਕਲੀ, ਕ੍ਰਾਂਤੀਕਾਰੀ ਵਿਚਾਰਾਂ ਨੂੰ ਬਲ ਮਿਲਿਆ। ਜਿਨ੍ਹਾਂ ਸਿਰਾਂ ’ਤੇ ਮੌਤ ਮੰਡਰਾ ਰਹੀ ਸੀ, ਉਨ੍ਹਾਂ ਚਿੜੀਆਂ ਦੀਆਂ ਡਾਰਾਂ ਨੂੰ ਬਲ ਮਿਲਿਆ। ਸੁੱਕੇ ਸੜੇ ਮੁਰਝਾਏ ਹੋਏ ਫੁੱਲ ਖਿੜ ਪਏ, ਪਤਝੜ ਵਿੱਚ ਬਹਾਰਾਂ ਨੂੰ ਬਲ ਮਿਲਿਆ। ਦਿਬੱ-ਦ੍ਰਿਸ਼ਟੀ ਨਾਲ ਮਾਰੀ ਜਦ ਨਿਗ੍ਹਾ ਬਾਬੇ, ਜਨਤਾ ਜ਼ੁਲਮ ਦੇ ਨਾਲ ਸਤਾਈ ਤੱਕੀ। ਧਰਮ ਅਤੇ ਸਮਾਜ ਦੇ ਆਗੂਆਂ ਵਿੱਚ, ਛਲ, ਕਪਟ, ਪਾਖੰਡ, ਬੁਰਿਆਈ ਤੱਕੀ। ਕੂੜ, ਪਾਪ, ਅਧਰਮ ਤੋਂ ਡਰ ਕੇ ਤੇ, ਫਿਰਦੀ ਲੁੱਕਦੀ ਉਨ੍ਹਾਂ ਸਚਿਆਈ ਤੱਕੀ। ਜਕੜੀ ਹੋਈ ਗੁਲਾਮੀ ਦੇ ਸੰਗਲਾਂ ’ਚ, ਚੀਕਾਂ ਮਾਰਦੀ ਸਗਲੀ ਲੋਕਾਈ ਤੱਕੀ। ਧਾਵਾ ਬੋਲਿਆ ਬਾਬਰ ਨੇ ਦੇਸ਼ ਉੱਤੇ, ਫੌਜੀ ਓਸਦੇ ਕਹਿਰ ਕਮਾ ਰਹੇ ਸੀ। ਆ ਕੇ ਮੁਗਲ ਕਸਾਈਆਂ ਦੇ ਵਾਂਗ ਏਥੇ, ਸੱਭ ਨੂੰ ਬੱਕਰਿਆਂ ਵਾਂਗ ਝਟਕਾ ਰਹੇ ਸੀ। ਬਾਬਾ ਨਾਨਕ ਮਰਦਾਨੇ ਦੇ ਨਾਲ ਓਦੋਂ, ਵਿੱਚ ਜੇਲ੍ਹ ਦੇ ਚੱਕੀ ਚਲਾ ਰਹੇ ਸੀ। ਬੋਲ ਬਾਬੇ ਦੇ ਜ਼ੁਲਮ ਦੇ ਭਾਂਬੜਾਂ ਨੂੰ, ਧੁਰ ਕੀ ਬਾਣੀ ਦੇ ਨਾਲ ਬੁਝਾ ਰਹੇ ਸੀ। ਓਹਦੇ ਮੂੰਹ ’ਤੇ ਬਾਬਰ ਨੂੰ ਆਖ ਜਾਬਰ, ਖ਼ਰੀਆਂ ਖ਼ਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ। ਓਹਦੀ ਫੌਜ ਨੂੰ ‘ਪਾਪ ਦੀ ਜੰਝ’ ਕਹਿਕੇ, ਖ਼ੂਬ ਧੱਜੀਆਂ ਉਡਾਈਆਂ ਸੀ ਪਾਤਸ਼ਾਹ ਨੇ। ਨਾਹਰਾ ਹੱਕ ਇਨਸਾਫ ਦਾ ਲਾ ਕੇ ਤੇ, ਕੰਧਾਂ ਕੂੜ ਦੀਆਂ ਢਾਈਆਂ ਸੀ ਪਾਤਸ਼ਾਹ ਨੇ। ਸਹਿਮੀ ਸਿਸਕਦੀ ਸਦੀਆਂ ਦੀ ਜ਼ਿੰਦਗੀ ਨੂੰ, ਜੀਵਨ ਜਾਚਾਂ ਸਿਖਾਈਆਂ ਸੀ ਪਾਤਸ਼ਾਹ ਨੇ। ਚਾਰ ਉਦਾਸੀਆਂ ’ਚ ਚੌਹਾਂ ਦਿਸ਼ਾਂ ਅੰਦਰ, ਪੈਦਲ ਸਫਰ ਸੀ ਦੇਸ਼ ਵਿਦੇਸ਼ ਕੀਤਾ। ਨਵੇਂ ਢੰਗ ਪ੍ਰਚਾਰ ਦੇ ਵਰਤ ‘ਜਾਚਕ’, ਆਪਣੇ ਨਜ਼ਰੀਏ ਨੂੰ ਉਨ੍ਹਾਂ ਪੇਸ਼ ਕੀਤਾ। ਜਾਤ ਪਾਤ ਉੱਤੇ, ਛੂਤ ਛਾਤ ਉੱਤੇ, ਗੁਰੂ ਸਾਹਿਬ ਨੇ ਹਮਲਾ ਵਿਸ਼ੇਸ਼ ਕੀਤਾ। ਬੋਲ ਬਾਬੇ ਦੇ ਮਿੱਠੇ ਸੀ ਸ਼ਹਿਦ ਵਰਗੇ, ਜਿੰਨ੍ਹਾਂ ਰਾਹੀਂ ਸੀ ਰੱਬੀ ਉਪਦੇਸ਼ ਕੀਤਾ।

ਰੱਬ ਦੇ ਨੂਰ ਨਾਨਕ

ਸੜਦੀ ਹੋਈ ਲੋਕਾਈ ਨੂੰ ਤੱਕ ਕੇ ਤੇ, ਧੁਰੋਂ ਆਏ ਸਨ ਰੱਬ ਦੇ ਨੂਰ ਨਾਨਕ। ਮੈਲ ਮਨਾਂ ਦੇ ਸ਼ੀਸ਼ੇ ਤੋਂ ਲਾਹੁਣ ਖਾਤਰ, ਹਾਜ਼ਰ ਹੋਏ ਸਨ ਆਪ ਹਜ਼ੂਰ ਨਾਨਕ। ਵਹਿਮਾਂ ਭਰਮਾਂ ਪਾਖੰਡਾਂ ਨੂੰ ਤੋੜ ਕੇ ਤੇ, ਆਏ ਕਰਨ ਹੈਸਨ ਚਕਨਾਚੂਰ ਨਾਨਕ। ਸੂਰਜ ਸੱਚ ਦਾ ਚਮਕਿਆ ਅੰਬਰਾਂ ’ਤੇ, ਧੁੰਧ ਝੂਠ ਦੀ ਕੀਤੀ ਸੀ ਦੂਰ ਨਾਨਕ। ਰੂਪ ਰੱਬ ਦਾ ਰਾਇ ਬੁਲਾਰ ਜਾਤਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ। ਲਾਲੋ ਵਰਗਿਆਂ ਲਾਲਾਂ ਨੂੰ ਗਲ ਲਾ ਕੇ, ਬਦਲ ਦਿੱਤੀ ਸੀ ਆਣ ਤਕਦੀਰ ਨਾਨਕ। ਛੂਤ ਛਾਤ ਵਾਲੀ, ਊਚ ਨੀਚ ਵਾਲੀ, ਮੇਟ ਦਿੱਤੀ ਸੀ ਮੁੱਢੋਂ ਲਕੀਰ ਨਾਨਕ। ਹਿੰਦੂ ਆਖਦੇ ਸਾਡਾ ਏ ‘ਗੁਰੂ’ ਇਹ ਤਾਂ, ਮੁਸਲਮਾਨਾਂ ਨੇ ਸਮਝਿਆ ‘ਪੀਰ’ ਨਾਨਕ। ਧੁਰ ਦਰਗਾਹ ’ਚੋਂ ਦੁਨੀਆਂ ਨੂੰ ਤਾਰਨੇ ਲਈ, ਲੈ ਕੇ ਆਏ ਸਨ ਖਾਸ ਉਦੇਸ਼ ਸਤਿਗੁਰ। ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਭਾਈਚਾਰੇ ਦਾ ਦਿੱਤਾ ਸੰਦੇਸ਼ ਸਤਿਗੁਰ। ਇੱਕ ਪਿਤਾ ਤੇ ਓਸਦੇ ਅਸੀਂ ਬਾਰਕ, ਦਿੱਤਾ ਜਗਤ ਦੇ ਤਾਂਈਂ ਉਪਦੇਸ਼ ਸਤਿਗੁਰ। ਲੜ ਲਾਉਣ ਲਈ ਇੱਕ ਪ੍ਰਮਾਤਮਾ ਦੇ, ਪਹੁੰਚੇ ਥਾਂ ਥਾਂ ਦੇਸ਼ ਵਿਦੇਸ਼ ਸਤਿਗੁਰ। ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ। ਲਾ ਕੇ ਹਿਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ। ‘ਧੁਰ ਕੀ ਬਾਣੀ’ ਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ। ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ ’ਤੇ ਰੱਬੀ ਜਲਾਲ ਹੁੰਦਾ। ਕਮਲ ਫੁੱਲ ਦੇ ਵਾਂਗ ਨਿਰਲੇਪ ਸੀ ਜੋ, ਹੈਸੀ ਵਿੱਚ ਗ਼੍ਰਹਿਸਤ ਦੇ ਸੰਤ ਨਾਨਕ। ਉਹ ਤੇ ਰਹਿਬਰ ਸੀ ਸੱਚ ਦੇ ਪਾਂਧੀਆਂ ਦਾ, ਬਹੁ ਬਿਧਿ ਰੰਗਲਾ ਬੜਾ ਬਿਅੰਤ ਨਾਨਕ। ਭਲਾ ਸਦਾ ਸਰਬੱਤ ਦਾ ਚਾਹੁਣ ਵਾਲਾ, ਆਇਆ ਜੱਗ ਵਿੱਚ ਪੁਰਖ ਭਗਵੰਤ ਨਾਨਕ। ਫੁੱਲਾਂ ਵਾਂਗ ਮੁਰਝਾਈ ਮਨੁੱਖਤਾ ’ਤੇ, ਪਤਝੜ ਬਾਅਦ ਲਿਆਏ ਬਸੰਤ ਨਾਨਕ। ਕਈਆਂ ਕਿਹਾ ਬੇਤਾਲਾ ਤੇ ਭੂਤਨਾ ਸੀ, ਨਹੀਂ ਕਿਸੇ ਦੀ ਕੀਤੀ ਪ੍ਰਵਾਹ ਬਾਬੇ। ਤਪਦੇ ਹੋਏ ਕੜਾਹੇ ਵੀ ਸ਼ਾਂਤ ਹੋ ਗਏ, ਕੀਤੀ ਮਿਹਰ ਦੀ ਜਦੋਂ ਨਿਗਾਹ ਬਾਬੇ। ਸੱਜਣ ਠੱਗ ਤੇ ਭੂਮੀਏ ਚੋਰ ਤਾਰੇ, ਡੁੱਬਦੇ ਬੇੜਿਆਂ ਦਾ ਬਣ ਮਲਾਹ ਬਾਬੇ। ਜਿਹੜੇ ਜਿਹੜੇ ਵੀ ਰਸਤੇ ਨੂੰ ਭੁੱਲ ਗਏ ਸੀ, ਪਾਇਆ ਸੱਚ ਦੇ ਉਨ੍ਹਾਂ ਨੂੰ ਰਾਹ ਬਾਬੇ। ਜਿਹੜੇ ਬਹਿਸਾਂ ’ਚ ਵਾਲ ਦੀ ਖੱਲ ਲਾਹੁੰਦੇ, ਦਿੱਤਾ ਉਨ੍ਹਾਂ ਦਾ ਤੋੜ ਹੰਕਾਰ ਬਾਬੇ। ਸਿੱਧਾਂ ਜੋਗੀਆਂ ਪੰਡਤਾਂ ਨਾਲ ਬਹਿ ਕੇ, ਹਰ ਇਕ ਪਹਿਲੂ ’ਤੇ ਕੀਤੀ ਵਿਚਾਰ ਬਾਬੇ। ਨਾਮ ਬਾਣੀ ਦੇ ਛੱਡ ਕੇ ਬਾਣ ਹਰ ਥਾਂ, ਦਿੱਤਾ ਦੂਈ ਦਵੈਤ ਨੂੰ ਮਾਰ ਬਾਬੇ। ਲਾ ਕੇ ਚਾਰ ਉਦਾਸੀਆਂ ਦਿਸ਼ਾ ਚਾਰੇ, ਦਿੱਤਾ ਜਗਤ ਜਲੰਦੇ ਨੂੰ ਠਾਰ ਬਾਬੇ। ਜੀਵਨ ਜਾਚ ਸਮਝਾਉਣ ਲਈ ਅਸਾਂ ਤਾਂਈਂ, ਗਿਆ ਬਾਣੀ ’ਚ ਥਾਂ ਥਾਂ ਲਿਖ ਬਾਬਾ। ਜਿਹੜੇ ਜਿਹੜੇ ਵੀ ਕੰਮਾਂ ਤੋਂ ਰੋਕਿਆ ਸੀ, ਕਰਨ ਲੱਗ ਪਏ ਨੇ ਓਹੀ ਸਿੱਖ ਬਾਬਾ। ਮਨਮੱਤ ਨੇ ਮਾਰੀ ਏ ਮੱਤ ਸਾਡੀ, ਮਿੱਠੀ ਸਮਝ ਕੇ ਪੀ ਰਹੇ ਬਿੱਖ ਬਾਬਾ। ਅੱਜ ਸਾਡੇ ਹੰਕਾਰ ਤੇ ਚੌਧਰਾਂ ਨੇ, ਕੀਤਾ ਧੁੰਧਲਾ ਸਾਡਾ ਭਵਿੱਖ ਬਾਬਾ। ਜਿਹੜਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ, ਵਧਿਆ ਫੁੱਲਿਆ ਵਿੱਚ ਸੰਸਾਰ ਹੈਸੀ। ਕਿਤੇ ਬੂਟਾ ਨਾ ਸਿੱਖੀ ਦਾ ਸੁਕ ਜਾਵੇ, ਪਾਇਆ ਖ਼ੂਨ ਸ਼ਹੀਦਾਂ ਕਈ ਵਾਰ ਹੈਸੀ। ਪਤਝੜਾਂ, ਤੂਫ਼ਾਨਾਂ ਤੇ ਸੋਕਿਆਂ ਦਾ, ‘ਜਾਚਕ’ ਸ਼੍ਵੁਰੂ ਤੋਂ ਰਿਹਾ ਸ਼ਿਕਾਰ ਹੈਸੀ। ਕੋਈ ਤਾਕਤ ਨਹੀਂ ਇਹਨੂੰ ਉਖਾੜ ਸਕਦੀ, ਲਾਇਆ ਆਪ ਇਹ ਨਾਨਕ ਨਿਰੰਕਾਰ ਹੈਸੀ।

ਜਗਤ ਜੇਤੂ, ਸੁਧਾਰਕ ਤੇ ਜਗਤ ਤਾਰਕ

ਕੂੜ ਮੱਸਿਆ ਦੀ ਕਾਲੀ ਰਾਤ ਕਾਰਣ, ਛਾਇਆ ਨ੍ਹੇਰ ਸੀ ਸਾਰੇ ਜਹਾਨ ਅੰਦਰ। ਲੋਭੀ ਲਾਲਚੀ ਧਰਮ ਦੇ ਆਗੂਆਂ ਨੇ, ਵੰਡੀ ਪਾਈ ਇਨਸਾਨ ਇਨਸਾਨ ਅੰਦਰ। ਕਰਮ ਕਾਂਡ ਨੂੰ ਹੀ ਧਰਮ ਸਮਝ ਕੇ ਤੇ, ਭਟਕ ਰਹੇ ਸਨ ਲੋਕ ਅਗਿਆਨ ਅੰਦਰ। ਇਜ਼ਤ ਗਜ਼ਨੀ ’ਚ ਰਹੀ ਨਿਲਾਮ ਹੁੰਦੀ, ਸੁੱਤੀ ਰਹੀ ਤਲਵਾਰ ਮਿਆਨ ਅੰਦਰ। ਕੁੰਭਕਰਨ ਦੀ ਨੀਂਦ ਸਨ ਸਭ ਸੁੱਤੇ, ਉਧਰ ਦੇਸ਼ ਦਾ ਸਤਿਆਨਾਸ ਹੋਇਆ। ਖਾਂਦੀ ਵਾੜ ਹੀ ਖੇਤ ਨੂੰ ਤੱਕ ਕੇ ਤੇ, ਹੁਕਮ ਵਾਹਿਗੁਰੂ ਵਲੋਂ ਇਹ ਖਾਸ ਹੋਇਆ। ਮਾਤਾ ਤ੍ਰਿਪਤਾ ਦੀ ਗੋਦ ਨੂੰ ਭਾਗ ਲੱਗੇ, ਨਾਨਕ ਨੂਰ ਦਾ ਤਦੋਂ ਪ੍ਰਕਾਸ਼ ਹੋਇਆ। ਹਿਰਦੇ ਤਪਦੇ ਇਕਦੱਮ ਸ਼ਾਂਤ ਹੋ ਗਏ, ਬਿਹਬਲ ਦਿਲਾਂ ਨੂੰ ਬੜਾ ਧਰਵਾਸ ਹੋਇਆ। ਭੈਣ ਨਾਨਕੀ, ਨਾਨਕ ਨੂੰ ਤੱਕ ਅੰਦਰੋਂ, ਕਹਿੰਦੀ ਕਲਯੁਗ ’ਚ ਵੀਰ ਅਵਤਾਰ ਆਇਆ। ਨੂਰੀ ਮੁੱਖ ’ਤੇ ਛਾਂ ਦੀ ਆੜ ਹੇਠਾਂ, ਫਨੀਅਰ ਸੱਪ ਵੀ ਕਰਨ ਦੀਦਾਰ ਆਇਆ। ਵੀਹ ਰੁਪਈਆਂ ਦਾ ਭੋਜਨ ਛਕਾਉਣ ਵਾਲਾ, ਭੁੱਖੇ ਭਾਣਿਆਂ ਦਾ ਮੱਦਦਗਾਰ ਆਇਆ। ਤੇਰਾਂ ਤੇਰਾਂ ਹੀ ਮੁੱਖੋਂ ਉਚਾਰ ਕੇ ਤੇ, ਉਹ ਤਾਂ ‘ਤੇਰਾ’ ਸੀ ਕਰਨ ਪ੍ਰਚਾਰ ਆਇਆ। ਲਾ ਕੇ ਜਲ ਸਮਾਧੀ ਫਿਰ ਵਿੱਚ ਵੇਂਈ, ਨਾਨਕ ਪਹੁੰਚੇ ਸਨ ਸੱਚੇ ਦਰਬਾਰ ਅੰਦਰ। ਜਗਤ ਜਲੰਦੇ ’ਚ ਠੰਢ ਵਰਤਾਉਣ ਖਾਤਰ, ‘ਧੁਰ ਦੀ ਬਾਣੀ’ ਲਿਆਏ ਸੰਸਾਰ ਅੰਦਰ। ਨਾ ਕੋ ਹਿੰਦੂ ਨਾ ਮੁਸਲਮਾਨ ਏਥੇ, ਰੱਬੀ ਜੋਤ ਏ ਹਰ ਨਰ ਨਾਰ ਅੰਦਰ। ਅੰਦਰੋਂ ਉੱਠੀ ਜੋ ਹੂਕ ਉਹ ਕੂਕ ਬਣਕੇ, ਗੂੰਜ ਉਠੀ ਫਿਰ ਸਾਰੇ ਸੰਸਾਰ ਅੰਦਰ। ਕਿਰਤ ਕਰਨੀ ਤੇ ਵੰਡ ਕੇ ਛੱਕ ਲੈਣੀ, ਹੱਥੀਂ ਸੇਵਾ ਨੂੰ ਦਿੱਤੀ ਵਡਿਆਈ ਉਹਨਾਂ। ਦੁਨੀਆਂ ਭਰ ਦੇ ਦੁਖੀਆਂ ਤੇ ਰੋਗੀਆਂ ਨੂੰ, ਸੱਚੇ ਨਾਮ ਦੀ ਦਿੱਤੀ ਦਵਾਈ ਉਹਨਾਂ। ਊਚ ਨੀਚ ਦੇ ਵਿਤਕਰੇ ਖਤਮ ਕਰਕੇ, ਸ਼ੁਭ ਅਮਲਾਂ ’ਤੇ ਗੱਲ ਮੁਕਾਈ ਉਹਨਾਂ। ਰੱਬੀ ਬਾਣੀ ਦਾ ਨੂਰੀ ਪ੍ਰਕਾਸ਼ ਦੇ ਕੇ, ਜੀਵਨ ਜਾਚ ਸੀ ਸਾਨੂੰ ਸਿਖਾਈ ਉਹਨਾਂ। ਇੱਕੋ ਪਿਤਾ ਤੇ ਉਸਦੇ ਅਸੀਂ ਪੁੱਤਰ, ਸਾਂਝੇ ਗੁਰੂ ਨੇ ਸਾਂਝਾ ਉਪਦੇਸ਼ ਦਿੱਤਾ। ਲਾ ਕੇ ਨਾਹਰਾ ਸਰਬੱਤ ਦੇ ਭਲੇ ਵਾਲਾ, ਦੁੱਖੀ ਦੁਨੀਆਂ ਦਾ ਕੱਟ ਕਲੇਸ਼ ਦਿੱਤਾ। ਜਗਤ ਜਨਨੀ ਨੂੰ ਉਨ੍ਹਾਂ ਨੇ ਧੰਨ ਕਹਿ ਕੇ, ਔਰਤ ਜਾਤ ਨੂੰ ਦਰਜਾ ਵਿਸ਼ੇਸ਼ ਦਿੱਤਾ। ਸਿੱਖੀ ਕਾਫਲੇ ਦੇ ਪਹਿਲੇ ਬਣੇ ਰਹਿਬਰ, ਦੁਨੀਆਂ ਤਾਂਈਂ ਸੀ ਰੱਬੀ ਸੰਦੇਸ਼ ਦਿੱਤਾ। ਥਾਂ ਥਾਂ ਸੱਪਾਂ ਦੀਆਂ ਸਿਰੀਆਂ ਸਨ ਰਹੇ ਮਿੱਧਦੇ, ਰੇਤ, ਅੱਕ ਦਾ ਕੀਤਾ ਆਹਾਰ ਬਾਬੇ। ਸੱਚੇ ਮਾਰਗ ਤੋਂ ਭਟਕੀ ਮਨੁੱਖਤਾ ਦਾ, ਥਾਂ ਥਾਂ ਜਾ ਕੇ ਕੀਤਾ ਸੁਧਾਰ ਬਾਬੇ। ਸਿੱਧੇ ਰਾਹ ’ਤੇ ਸਿੱਧ ਸੀ ਲੈ ਆਂਦੇ, ਸਿੱਧਾ ਸਾਧਾ ਜਿਹਾ ਕਰ ਵਿਵਹਾਰ ਬਾਬੇ। ਚੱਪੂ ਨਾਮ ਦੇ ਲਾ ਕੇ ਥਾਂ ਥਾਂ ’ਤੇ, ਬੇੜੇ ਡੁੱਬਦੇ ਲਾਏ ਸਨ ਪਾਰ ਬਾਬੇ। ਛੱਲਣੀ ਛੱਲਣੀ ਹੋਈ ਮਨੁੱਖਤਾ ਦੀ, ਬਦਲਣ ਆਏ ਸਨ ਆਪ ਤਕਦੀਰ ਸਤਿਗੁਰ। ਮਾਨਵ ਏਕਤਾ, ਪ੍ਰੇਮ ਪਿਆਰ ਵਾਲੀ, ਜਿਉਂਦੀ ਜਾਗਦੀ ਸਨ ਤਸਵੀਰ ਸਤਿਗੁਰ । ਸਹਿਜ ਸੁਭਾਇ ਹੀ ਪਤੇ ਦੀ ਗੱਲ ਕਰਦੇ, ‘ਜਾਚਕ’ ਰਹਿ ਕੇ ਗਹਿਰ ਗੰਭੀਰ ਸਤਿਗੁਰ। ਜਗਤ ਜੇਤੂ, ਸੁਧਾਰਕ, ਤੇ ਜਗਤ ਤਾਰਕ, ਜਗਤ ਗੁਰੂ ਤੇ ਜਾਹਰਾ ਸਨ ਪੀਰ ਸਤਿਗੁਰ।

ਧੰਨ ਨਾਨਕ, ਤੇਰੀ ਵੱਡੀ ਕਮਾਈ

ਸੱਚ ਉਡਿਆ ਖੰਬ ਸੀ ਲਾ ਕੇ, ਹਰ ਥਾਂ ਕੂੜ ਹਨੇਰੀ ਛਾਈ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਦੋਹਾਂ ਨੇ ਸੀ ਅੱਤ ਮਚਾਈ। ਵਹਿਮ, ਭਰਮ, ਪਖੰਡ ਨੇ ਹਰ ਥਾਂ, ਲੋਕਾਂ ਦੀ ਸੀ ਜਾਨ ਸੁਕਾਈ। ਐਹੋ ਜਹੇ ਮਾਹੌਲ ਦੇ ਅੰਦਰ, ਰੱਬੀ ਜੋਤ ਜਗਤ ਵਿਚ ਆਈ। ਤਲਵੰਡੀ ਵਿਚ ਚਾਨਣ ਹੋਇਆ, ਚੌਂਹ ਕੁੰਟੀਂ ਫੈਲੀ ਰੁਸ਼ਨਾਈ। ਸੁਰ ਨਰ ਮੁਨ ਜਨ ਆਖਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਦਾਈ ਦੋਲਤਾਂ ਤੱਕ ਕੇ ਕਹਿੰਦੀ, ਘਰ ਵਿੱਚ ਬਾਲ ਅਨੋਖਾ ਆਇਆ। ਭੈਣ ਨਾਨਕੀ ਤੱਕਦੀ ਰਹਿ ਗਈ, ਚਿਹਰੇ ਉੱਤੇ ਨੂਰ ਸਵਾਇਆ। ਪੰਡਤ ਨੇ ਜਦ ਦਰਸ਼ਨ ਕੀਤੇ, ਤੱਕ ਕੇ ਚਰਨੀਂ ਸੀ ਹੱਥ ਲਾਇਆ। ਪਾਂਧਾ ਜਦੋਂ ਪੜ੍ਹਾਵਣ ਲੱਗਾ, ਉਸ ਨੂੰ ਉਲਟਾ ਗੁਰਾਂ ਪੜ੍ਹਾਇਆ। ਮੁੱਲਾਂ ਕਹਿਣ ਇਹ ਮਉਲਾ ਆਇਆ, ਜਾਂਦੇ ਸਨ ਸਭ ਸੀਸ ਝੁਕਾਈ। ਤੱਕ ਤੱਕ ਸਾਰੇ ਈ ਏਹੋ ਆਖਣ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਿਤਾ ਦੇ ਹੁਕਮ ਨੂੰ ਮੰਨ ਕੇ ਸਤਿਗੁਰ, ਮੱਝਾਂ ਚਾਰਣ ਚੱਲ ਪਏ ਨੇ। ਮੱਝਾਂ ਚਾਰਣ ਵਾਲੇ ਵਾਗੀ, ਰੱਬ ਨਾਲ ਕਰਦੇ ਗੱਲ ਪਏ ਨੇ। ਓਧਰ ਮੱਝਾਂ ਖੇਤ ਸੀ ਚਰਿਆ, ਜੱਟ ਦੇ ਸੀਨੇ ਸੱਲ੍ਹ ਪਏ ਨੇ। ਨਾਨਕ ਦੀ ਥਾਂ ਆਪ ਰੱਬ ਜੀ, ਮਸਲੇ ਕਰਦੇ ਹੱਲ ਪਏ ਨੇ। ਜਿਹੜਾ ਖੇਤ ਉਜੜਿਆ ਦਿਸਿਆ, ਖੇਤੀ ਦਿਸ ਪਈ ਦੂਣ ਸਵਾਈ। ਜੱਟ ਵੇਖ ਕੇ ਦੰਗ ਹੋ ਕਹਿੰਦਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਕ ਦਿਨ ਮੱਝਾਂ ਚਾਰਦੇ ਸਤਿਗੁਰ, ਰੁੱਖ ਦੇ ਥੱਲੇ ਜਾ ਕੇ ਸੁੱਤੇ। ਰੱਬ ਨਾਲ ਸੀ ਸੁਰਤੀ ਜੁੜ ਗਈ, ਧੁੱਪ ਆ ਗਈ ਮੁੱਖੜੇ ਉੱਤੇ। ਫਨੀਅਰ ਨਾਗ ਨੂੰ ਮੌਕਾ ਮਿਲਿਆ, ਜਾਗੇ ਉਸ ਦੇ ਭਾਗ ਸੀ ਸੁੱਤੇ। ਪੂਰਾ ਫੰਨ ਖਿਲਾਰ ਕੇ ਬਹਿ ਗਿਆ, ਕਰਤੀ ਛਾਂ ਸੀ ਮੁੱਖੜੇ ਉੱਤੇ। ਰਾਏ ਬੁਲਾਰ ਦੇ ਹੋਸ਼ ਉਡ ਗਏ, ਚਿਹਰੇ ਤੋਂ ਉੱਡ ਗਈ ਹਵਾਈ। ਐਪਰ ਜਿਉਂਦੇ ਤੱਕ ਕੇ ਕਹਿੰਦਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਿਤਾ ਦੇ ਹੁਕਮ ਨੂੰ ਮੰਨ ਕੇ ਸਤਿਗੁਰ, ਸੱਚ ਦਾ ਕਰਨ ਵਪਾਰ ਨੇ ਚੱਲੇ। ਸੌਦਾ ਲੈ ਕੇ ਚੂਹੜਕਾਣੇ ਤੋਂ, ਵੱਧ ਰਹੇ ਵਾਪਸ ਮੰਜ਼ਿਲ ਵੱਲੇ। ਅੱਗੋਂ ਭੁੱਖੇ ਸਾਧੂ ਮਿਲ ਪਏ, ਜਾਗ ਪਏ ਸੀ ਭਾਗ ਸਵੱਲੇ। ਬਾਬੇ ਨਾਨਕ ਲੰਗਰ ਲਾਇਆ, ਹੋ ਗਈ ਓਨ੍ਹਾਂ ਦੀ ਬੱਲੇ ਬੱਲੇ। ਸੱਚਾ ਸੌਦਾ ਕਰਕੇ ਬਾਬੇ, ਭੁੱਖਿਆਂ ਦੀ ਸੀ ਭੁੱਖ ਮਿਟਾਈ। ਲੰਗਰ ਛਕ ਕੇ ਸਾਰੇ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਦੋਲਤ ਖਾਂ ਦੇ ਬਣ ਕੇ ਮੋਦੀ, ਬਹਿ ਗਏ ਸੋਹਣਾ ਹੱਟ ਚਲਾ ਕੇ। ਜਿਹੜਾ ਆਵੇ ਰਾਜੀ ਜਾਵੇ, ਲੈ ਜਾਏ ਸੌਦਾ ਸਾਰਾ ਆ ਕੇ। ਤੇਰਾ ਤੇਰਾ ਕਹਿਣ ਲੱਗੇ ਸੀ, ਨਾਲ ਅਕਾਲ ਦੇ ਬਿਰਤੀ ਲਾ ਕੇ। ਲੋਕਾਂ ਜਦੋਂ ਸ਼ਿਕਾਇਤ ਸੀ ਕੀਤੀ, ਵੇਖਿਆ ਸਭ ਕੁਝ ਤੋਲ ਤੁਲਾ ਕੇ। ਸਭ ਕੁਝ ਪੂਰਾ ਸੂਰਾ ਮਿਲਿਆ, ਜਰਾ ਜਿੰਨੀ ਵੀ ਘਾਟ ਨਾ ਆਈ। ਹੋ ਕੇ ਸਭ ਹੈਰਾਨ ਸੀ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਅੱਜ ਵੀ ਵਿਚ ਅਚੰਭੇ ਪਾਉਂਦੀ, ਵੇਈਂ ਨਦੀ ਵਿੱਚ ਚੁੱਭੀ ਲਾਈ। ਤਿੰਨ ਦਿਨ ਜਲ ਸਮਾਧੀ ਲਾ ਕੇ, ਰੱਬੀ ਰੰਗ ਦੀ ਮੌਜ ਵਿਖਾਈ। ਸਿਮਰਨ ਕਰਦਿਆਂ ਦਿਨ ਤੇ ਰਾਤੀਂ, ਬਿਰਤੀ ਨਾਲ ਅਕਾਲ ਦੇ ਲਾਈ। ਤੀਜੇ ਦਿਨ ਜਦ ਪਰਗਟ ਹੋਏ, ਖੁਸ਼ੀ ਹੋਈ ਸੀ ਦੂਣ ਸਵਾਈ। ਨਾ ਕੋ ਹਿੰਦੂ, ਮੁਸਲਮ ਕਹਿ ਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ। ਚਰਨੀਂ ਡਿੱਗ ਕੇ ਸਾਰੇ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਮਰਦਾਨੇ ਨੂੰ ਪਿਆਸ ਸੀ ਲੱਗੀ, ਵਲੀ ਵੱਲ ਗਿਆ ਲੈਣ ਸੀ ਪਾਣੀ। ਅੱਗੋਂ ਉਸ ਹੰਕਾਰ ’ਚ ਆ ਕੇ, ਪਾਣੀ ਵਿੱਚ ਪਾ ਦਿੱਤੀ ਮਧਾਣੀ। ਉਤੋਂ ਉਸ ਨੇ ਰੇੜ੍ਹ ਤਾ ਪੱਥਰ, ਚਾਹੁੰਦਾ ਸੀ ਓਹ ਗੱਲ ਮੁਕਾਣੀ। ਬਾਬਾ ਜੀ ਨੇ ਪੰਜਾ ਲਾ ਕੇ, ਕੀਤੀ ਉਸ ਦੀ ਖ਼ਤਮ ਕਹਾਣੀ। ਬਾਬੇ ਨੇ ਇਕ ਪੱਥਰ ਪੁੱਟ ਕੇ, ਪਾਣੀ ਦੀ ਸੀ ਧਾਰ ਵਗਾਈ। ਸਾਰੇ ਤੱਕ ਕੇ ਆਖਣ ਲੱਗੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਮਲਕ ਭਾਗੋ ਦੀ ਨਜ਼ਰ ਸੀ ਝੁਕ ਗਈ, ਖੂਨ ਵੇਖ ਕੇ ਲਾਲੋ ਲਾਲ। ਸੱਜਣ ਠੱਗ ਬਣਾਇਆ ਸੱਜਣ, ਰੱਖ ਕੇ ਹਿਰਦਾ ਬੜਾ ਵਿਸ਼ਾਲ। ਕੌਡਾ ਰਾਖਸ਼ ਬਣ ਗਿਆ ਬੰਦਾ, ਤੱਕਦੇ ਸਾਰ ਹੀ ਸਾਹਿਬੇ ਕਮਾਲ। ਸਿੱਧਾਂ ਨੂੰ ਸਿੱਧੇ ਰਾਹ ਪਾਇਆ, ਕਰਕੇ ਬਹਿਸ ਸੀ ਬੇਮਿਸਾਲ। ਜਾਦੂਗਰਾਂ ਦੇ ਉੱਡ ਗਏ ਜਾਦੂ, ਜਾਹਰੀ ਕਲਾ ਸੀ ਜਦੋਂ ਵਿਖਾਈ। ਢਹਿ ਕੇ ਚਰਨਾਂ ਤੇ ਸੀ ਕਹਿ ਰਹੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਦੁਨੀਆਂ ਤਾਰਣ ਦੇ ਲਈ ਆਏ, ਲੈ ਕੇ ਹੁਕਮ ਧੁਰੋਂ ਦਰਗਾਹੀ। ਪਹੁੰਚ ਓਨ੍ਹਾਂ ਦੀ ਸੀ ਵਿਗਿਆਨਕ, ਦੇਂਦੇ ਸੀ ਓਹ ਠੋਸ ਗਵਾਹੀ। ਨਵੀਆਂ ਲੀਹਾਂ ਪਾਉਣ ਜੋ ਆਏ, ਨਵੇਂ ਰਾਹਾਂ ਦੇ ਸੀ ਓਹ ਰਾਹੀ। ਬਾਬਰ ਤਾਈਂ ਕਿਹਾ ਸੀ ਜਾਬਰ, ਸਚਮੁੱਚ ਸੀ ਓਹ ਸੰਤ ਸਿਪਾਹੀ। ਅੱਜ ਵੀ ਦੁਨੀਆਂ ਯਾਦ ਹੈ ਕਰਦੀ, ਬਾਬਰ ਨੂੰ ਇਹ ਜੁਰਅੱਤ ਵਿਖਾਈ। ਕਲਮ ‘ਜਾਚਕ’ ਦੀ ਹਰਦਮ ਲਿਖਦੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਪੰਜ ਸੌ ਪੰਜਾਹ ਵਰ੍ਹੇ ਹੋਏ ਪੂਰੇ, ਦੁਨੀਆਂ ਵਿਚ ਜਦ ਦਰਸ ਦਿਖਾਇਆ। ਪਾਵਨ ਪੁਰਬ ਮਨਾਵਣ ਦੇ ਲਈ, ਸੰਗਤਾਂ ਦਾ ਅੱਜ ਹੜ੍ਹ ਹੈ ਆਇਆ। ਚਾਰੇ ਪਾਸੇ ਦਿਸਦੈ ‘ਜਾਚਕ’, ਗੁਰੂ ਨਾਨਕ ਦਾ ਹਰ ਇਕ ਜਾਇਆ। ਕਵੀਆਂ ਨੇ ਕਵਿਤਾਵਾਂ ਰਾਹੀਂ, ਉਸਤਤਿ ਵਿੱਚ ਹਰ ਅੱਖਰ ਗਾਇਆ। ਚਿਹਰਿਆਂ ਉੱਤੇ ਖੁਸ਼ੀਆਂ ਖੇੜੇ, ਸਭ ਨੇ ਆ ਕੇ ਰੌਣਕ ਲਾਈ। ਸਾਰੇ ਸੰਗਤੀ ਰੂਪ ’ਚ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ।

ਨਾਨਕ ਰੂਪ ਦੇ ਵਿਚ ਨਿਰੰਕਾਰ ਆਇਆ

ਭੀੜ ਬਣੀ ਸੀ ਜਦੋਂ ਮਨੁੱਖਤਾ ’ਤੇ, ’ਨੇਰੀ ਜ਼ੁਲਮ ਵਾਲੀ ਰਹੀ ਝੁੱਲ ਹੈਸੀ। ਚਲਦੀ ਛੁਰੀ ਦਿਨ ਰਾਤ ਸੀ ਗਾਟਿਆਂ ’ਤੇ, ਐਪਰ ਕੁਸਕਣ ਦੀ ਰਤਾ ਨਾ ਖੁਲ੍ਹ ਹੈਸੀ। ਲੁਕਿਆ ਧਰਮ ਤੇ ਬਦੀ ਦਾ ਹੋਇਆ ਪਹਿਰਾ, ਇੱਜਤ ਆਬਰੂ ਦਾ ਦੀਵਾ ਗੁੱਲ ਹੈਸੀ। ਮਾਣਸ ਖਾਣੇ ਸਨ ਧਰਮ ਦੇ ਕੁਲ ਆਗੂ, ਸੱਚ ਧਰਮ ਦਾ ਕੋਈ ਨਾ ਮੁਲ ਹੈਸੀ। ਪੂਜਾ ਪੁਰਖ ਅਕਾਲ ਦੀ ਛੱਡ ਕੇ ਤੇ, ਲੋਕ ਹਿੰਦ ਦੇ ਸਨ ਪੱਥਰ ਪੂਜ ਹੋ ਗਏ। ਦੇਵੀ ਦੇਵਤੇ ਤੇਤੀ ਕਰੋੜ ਤੱਕ ਕੇ, ਪੂਜਨ ਵਾਲੇ ਵੀ ਪੂਰੇ ਕੰਨਫਿਊਜ਼ ਹੋ ਗਏ। ਚੌਂਹ ਵਰਨਾਂ ’ਚ ਵੰਡੇ ਮਨੁੱਖ ਇਥੇ, ਫਾੜੀ ਫਾੜੀ ਸਨ ਵਾਂਗ ਤਰਬੂਜ਼ ਹੋ ਗਏ। ’ਨੇਰਾ ਕੂੜ ਅਗਿਆਨ ਦਾ ਫੈਲਿਆ ਸੀ, ਚਾਨਣ ਗਿਆਨ ਦੇ ਬਲਬ ਫਿਊਜ਼ ਹੋ ਗਏ। ਧਰਤੀ ਦੱਬੀ ਸੀ ਪਾਪ ਦੇ ਭਾਰ ਹੇਠਾਂ, ਸੱਚ ਉਡਿਆ ਲਾ ਕੇ ਖੰਭ ਹੈਸੀ। ਹਰ ਥਾਂ ਈਰਖਾ, ਝੂਠ ਤੇ ਖੁਦਗਰਜ਼ੀ, ਵਧਿਆ ਬੜਾ ਪਾਖੰਡ ਤੇ ਦੰਭ ਹੈਸੀ। ਰਾਜੇ ਸ਼ੀਹ, ਮੁਕੱਦਮ ਸਨ ਬਣੇ ਕੁੱਤੇ, ਸੱਚ ਧਰਮ ਗਿਆ ਹਾਰ ਤੇ ਹੰਭ ਹੈਸੀ। ਗੁਰੂ ਨਾਨਕ ਦੇ ਆਗਮਨ ਨਾਲ ਜੱਗ ਵਿੱਚ, ਨਵੇਂ ਯੁਗ ਦਾ ਹੋਇਆ ਅਰੰਭ ਹੈਸੀ। ਗੁਰੂ ਨਾਨਕ ਦੇ ਪਾਵਨ ਪ੍ਰਕਾਸ਼ ਵੇਲੇ, ਆਪਾਂ ਮਾਰੀਏ ਜੇ ਪੰਛੀ ਝਾਤ ਕੋਈ। ਘਟਾ ਜ਼ੁਲਮ ਦੀ ਚੜ੍ਹੀ ਸੀ ਚੌਹੀਂ ਪਾਸੀਂ, ਕਾਲੀ ਬੋਲੀ ਅੰਧੇਰੀ ਸੀ ਰਾਤ ਕੋਈ। ਕਰਮਾਂ ਕਾਂਡਾਂ ਦੇ ਨਾਲ ਅਗਿਆਨਤਾ ਦੀ, ਹੋ ਰਹੀ ਸੀ ਹਰ ਥਾਂ ਬਾਤ ਕੋਈ। ਪ੍ਰਗਟ ਹੋਏ ਗੁਰ ਨਾਨਕ ਜਦ ਵਾਂਗ ਸੂਰਜ, ਚੜ੍ਹੀ ਚਾਨਣੀ ਭਰੀ ਪ੍ਰਭਾਤ ਕੋਈ। ਠੰਡ ਪਾਉਣ ਲਈ ਤਪਦੇ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ। ਮੰਝਧਾਰ ਅੰਦਰ ਗੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ। ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ। ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗੇ, ਕਲਯੁੱਗ ਵਿੱਚ ਹੈ ਨਾਨਕ ਅਵਤਾਰ ਆਇਆ। ਲੈ ਕੇ ਪੁਰਖ ਅਕਾਲ ਤੋਂ ਜੋਤ ਨੂਰੀ, ਦੁਨੀਆਂ ਵਿੱਚ ਹੈਸਨ ਰੱਬੀ ਨੂਰ ਆਏ। ਸਾਰੀ ਉਮਰ ਹੀ ਕਰਨ ਲਈ ਖਰੇ ਸੌਦੇ, ਰੱਬੀ ਬਖਸ਼ਿਸ਼ਾਂ ਨਾਲ ਭਰਪੂਰ ਆਏ। ਸਾਡੀ ਆਤਮਾਂ ਅੰਸ਼ ਪ੍ਰਮਾਤਮਾਂ ਦੀ, ਲੋਕਾਂ ਤਾਂਈਂ ਇਹ ਦੱਸਣ ਹਜ਼ੂਰ ਆਏ। ਚੌਂਹ ਵਰਨਾਂ ’ਚ ਵੰਡੀ ਮਨੁੱਖਤਾ ’ਚੋਂ, ਕਰਨ ਦੂਈ ਦਵੈਤ ਨੂੰ ਦੂਰ ਆਏ। ਭਾਂਵੇਂ ਹਿੰਦੂ ਤੇ ਭਾਂਵੇਂ ਸੀ ਕੋਈ ਮੁਸਲਮ, ਦਿੱਤਾ ਸਭ ਨੂੰ ਰੱਬੀ ਪੈਗਾਮ ਬਾਬੇ। ਗਾਹੇ ਸਾਗਰ ਤੇ ਚੜ੍ਹੇ ਸੁਮੇਰ ਪਰਬਤ, ਘੜੀ ਪਲ ਨਾ ਕੀਤਾ ਅਰਾਮ ਬਾਬੇ। ਕਰਨ ਲਈ ਸੁਧਾਰ ਮਨੁੱਖਤਾ ਦਾ, ਸੱਚੇ ਪ੍ਰਭੂ ਦਾ ਵੰਡਿਆ ਨਾਮ ਬਾਬੇ। ਜਿਹੜੇ ਕਰਦੇ ਸਨ ਜ਼ੁਲਮ ਬੇਦੋਸ਼ਿਆਂ ’ਤੇ, ਪਾਈ ਉਨ੍ਹਾਂ ਦੇ ਤਾਂਈਂ ਲਗਾਮ ਬਾਬੇ। ਮੋਨ ਧਾਰ ਕੇ ਕਦੇ ਨਾ ਬੈਠ ਸਕਿਆ, ਅੱਖੀਂ ਦੇਖ ਕੇ ਦੁਨੀਆਂ ਦੇ ਦੁੱਖ ਨਾਨਕ। ਰੁਲ ਰਹੇ ਸਨ ਪੈਰਾਂ ਦੇ ਵਿੱਚ ਜਿਹੜੇ, ਸੀ ਬਣਾਏ ਉਹ ਪੂਰਨ ਮਨੁੱਖ ਨਾਨਕ। ਭਰਮ ਭੇਖ ਤੇ ਭੈ ਦਾ ਨਾਸ਼ ਕਰਕੇ, ਬਦਲ ਦਿੱਤਾ ਸੀ ਸਮੇਂ ਦਾ ਰੁਖ ਨਾਨਕ। ਕੀਤੇ ਦੁਨੀਆਂ ਦੇ ਦੁੱਖ ਸੀ ਦੂਰ ‘ਜਾਚਕ’, ਘਰ ਦੇ ਛੱਡ ਕੇ ਸਾਰੇ ਹੀ ਸੁੱਖ ਨਾਨਕ।

ਗੁਰੂ ਨਾਨਕ ਦੇਵ ਜੀ

ਸਿੱਖ ਧਰਮ ਦੀ ਰੱਖੀ ਸੀ ਨੀਂਹ ਜੀਹਨਾਂ, ਗੁਰੂ ਨਾਨਕ ਮਹਾਰਾਜ ਦੀ ਗੱਲ ਕਰੀਏ। ਨੂਰੋ ਨੂਰ ਸੀ ਜੇਸ ਨਾਲ ਜੱਗ ਹੋਇਆ, ਓਸ ਨੂਰੀ ਪਰਵਾਜ਼ ਦੀ ਗੱਲ ਕਰੀਏ। ਨਾ ਕੋ ਹਿੰਦੂ ਨਾ ਮੁਸਲਮਾਨ ਕੋਈ, ਧੁਰੋਂ ਆਈ ਆਵਾਜ਼ ਦੀ ਗੱਲ ਕਰੀਏ। ਜਿਸ ਤੇ ਚੜ੍ਹ ਕੇ ਭਵਜਲੋਂ ਪਾਰ ਹੋਈਏ, ਨਾਨਕ ਨਾਮ ਜਹਾਜ਼ ਦੀ ਗੱਲ ਕਰੀਏ। ਤੇਰੇ ਦਰ ਤੇ ਆਣ ਕੇ ਪਾਤਸ਼ਾਹ ਜੀ, ਸਾਰੀ ਦੁਨੀਆਂ ਦਾ ਸੀਸ ਹੀ ਝੁਕ ਜਾਵੇ। ਤੇਰੇ ਪੰਜੇ ਦੀ ਛੋਹ ਨੂੰ ਛੋਂਹਦਿਆਂ ਹੀ, ਪਰਬਤ ਡਿੱਗਦਾ ਡਿੱਗਦਾ ਰੁਕ ਜਾਵੇ। ਤਿਖਾ ਮਾਰਿਆ ਬਾਣੀ ਦਾ ਬਾਣ ਤੇਰਾ, ਕੀ ਮਜ਼ਾਲ ਨਿਸ਼ਾਨਿਉਂ ਉਕ ਜਾਵੇ। ਜੇਹੜਾ ਤੇਰੇ ਨਿਸ਼ਾਨੇ ਤੇ ਦਿਲ ਰੱਖੇ, ਓਹਦਾ ਗੇੜ ਚੁਰਾਸੀ ਦਾ ਮੁੱਕ ਜਾਵੇ। ਪਰਗਟ ਹੋ ਕੇ ਏਸ ਸੰਸਾਰ ਅੰਦਰ, ਪਰਦਾ ਦੂਈ ਦਵੈਤ ਦਾ ਦੂਰ ਕੀਤਾ। ਜਿਉਂਦੇ ਜੀਅ ਜੋ ਲੋਕਾਂ ਦੀ ਜਾਨ ਕੱਢਦੇ, ਵਹਿਮਾਂ ਭਰਮਾਂ ਨੂੰ ਚਕਨਾਚੂਰ ਕੀਤਾ। ਭਾਈ ਲਾਲੋ ਦੀ ਰੋਟੀ ’ਚੋਂ ਦੁੱਧ ਕੱਢ ਕੇ, ਮਲਕ ਭਾਗੋ ਦਾ ਖ਼ਤਮ ਗ਼ਰੂਰ ਕੀਤਾ। ਰੱਬੀ ਨਾਮ ਦੀ ਚੱਕੀ ਚਲਾ ਕੇ ਤੇ, ਸਿਜਦਾ ਕਰਨ ਲਈ ਬਾਬਰ ਮਜਬੂਰ ਕੀਤਾ।

ਰੂਪ ਰੱਬ ਦਾ ਵੀਰ ਸੀ ਨਾਨਕੀ ਦਾ

ਪੜ੍ਹੀਏ ਜਦੋਂ ਇਤਿਹਾਸ ਤਾਂ ਪਤਾ ਲੱਗਦੈ, ਹਿਰਦਾ ਗਹਿਰ ਗੰਭੀਰ ਸੀ ਨਾਨਕੀ ਦਾ। ਮਿਲਿਆ ਲਾਡ ਪਿਆਰ ਸੀ ਮਾਪਿਆਂ ਤੋਂ, ਵਿਰਸਾ ਬੜਾ ਅਮੀਰ ਸੀ ਨਾਨਕੀ ਦਾ। ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ, ਹੋਇਆ ਸੁਪਨਾ ਤਾਮੀਰ ਸੀ ਨਾਨਕੀ ਦਾ। ਕੌਤਕ ਬਾਲ ਦੇ ਅੱਖੀਆਂ ਨਾਲ ਤੱਕੇ, ਵੀਰਾ ਗੁਨੀ ਗਹੀਰ ਸੀ ਨਾਨਕੀ ਦਾ। ਭੈਣ ਵੀਰ ਤੋਂ ਵੱਖ ਨਾ ਰਹਿ ਸਕਦੀ, ਰਿਸ਼ਤਾ ਖੰਡ ਤੇ ਖੀਰ ਸੀ ਨਾਨਕੀ ਦਾ। ਵੱਡੀ ਭੈਣ ਦੇ ਭਾਗ ਸਨ ਬਹੁਤ ਵੱਡੇ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ। ਕਰਕੇ ਖਰਾ ਸੌਦਾ, ਆ ਵਿਸਮਾਦ ਅੰਦਰ, ਬੈਠਾ ਵੀਰ ਅਖੀਰ ਸੀ ਨਾਨਕੀ ਦਾ। ਗੁੱਸੇ ਵਿੱਚ ਕਚੀਚੀਆਂ ਵੱਟ ਪਹੁੰਚਾ, ਬਾਬਲ ਵਾਟਾਂ ਨੂੰ ਚੀਰ ਸੀ ਨਾਨਕੀ ਦਾ। ਭੈਣ ਨਾਨਕੀ ਵੀ ਵਾਹੋ ਦਾਹੀ ਨੱਠੀ, ਮੁੱਕ ਚੱਲਿਆ ਧੀਰ ਸੀ ਨਾਨਕੀ ਦਾ। ਚੰਡਾਂ ਵੀਰ ਨੂੰ ਪੈਂਦੀਆਂ ਤੱਕ ਕੇ ਤੇ, ਕੰਬਿਆ ਸਾਰਾ ਸਰੀਰ ਸੀ ਨਾਨਕੀ ਦਾ। ਕੂੰਜ ਵਾਂਗ ਕੁਰਲਾਈ ਸੀ ਓਸ ਵੇਲੇ, ਵਗਿਆ ਨੈਣਾਂ ’ਚੋਂ ਨੀਰ ਸੀ ਨਾਨਕੀ ਦਾ। ਰੋ ਰੋ ਕੇ ਮੁਖੜਾ ਚੁੰਮ ਰਹੀ ਸੀ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ। ਭੈਣ ਕੋਲ ਸੁਲਤਾਨਪੁਰ ਰਹਿੰਦਿਆਂ ਹੀ, ਲੀਲਾ ਅਜਬ ਸੀ ਕੋਈ ਵਰਤਾਈ ਨਾਨਕ। ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈਣ ਖਾਤਰ, ਵੇਈਂ ਨਦੀ ’ਚ ਚੁੱਭੀ ਲਗਾਈ ਨਾਨਕ। ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿ ਕੇ, ਬਿਰਤੀ ਨਾਲ ਅਕਾਲ ਦੇ ਲਾਈ ਨਾਨਕ। ਆਪੋ ਆਪਣੇ ਢੰਗ ਦੇ ਨਾਲ ਓਧਰ, ਲਭਦੀ ਪਈ ਸੀ ਸਾਰੀ ਲੋਕਾਈ ਨਾਨਕ। ਹੋਇਆ ਅੱਖਾਂ ਤੋਂ ਓਹਲੇ ਜਦ ਵੀਰ ਸੋਹਣਾ, ਹੋਇਆ ਦਿਲ ਦਿਲਗੀਰ ਸੀ ਨਾਨਕੀ ਦਾ। ਪਰਗਟ ਹੋ ਗਿਆ ਤੀਸਰੇ ਦਿਨ ਆਖਰ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ। ਜੀਹਨੇ ਜੀਹਨੇ ਵੀ ਕੀਤੇ ਆਣ ਦਰਸ਼ਨ, ਓਹਨੇ ਨਾਨਕ ਨੂਰਾਨੀ ਦਾ ਨੂਰ ਤੱਕਿਆ। ‘ਨਾ ਕੋ ਹਿੰਦੂ ਨਾ ਮੁਸਲਮਾਨ’ ਕਹਿੰਦਾ, ਰੱਬੀ ਰੰਗ ’ਚ ਨਾਨਕ ਮਖਮੂਰ ਤੱਕਿਆ। ਲੈ ਕੇ ਆਗਿਆ ਭੈਣ ਤੋਂ ਪਾਏ ਚਾਲੇ, ਸੜਦਾ ਬਲਦਾ ਜਦ ਜਗਤ ਤੰਦੂਰ ਤੱਕਿਆ। ਸਮੇਂ ਸਮੇਂ ਜਦ ਵੀਰ ਦੀ ਯਾਦ ਆਈ, ਆਪਣੇ ਕੋਲ ਉਸ ਹਾਜ਼ਰ ਹਜ਼ੂਰ ਤੱਕਿਆ। ਗੁਰੂ ਵੀਰ ਨੂੰ ‘ਜਾਚਕ’ ਫਿਰ ਯਾਦ ਕੀਤਾ, ਆਇਆ ਜਦੋਂ ਅਖੀਰ ਸੀ ਨਾਨਕੀ ਦਾ। ਪਲਾਂ ਵਿੱਚ ਹੀ ਮੰਜ਼ਲਾਂ ਮਾਰ ਪਹੁੰਚਾ, ਰੂਪ ਰੱਬ ਦਾ ਵੀਰ ਸੀ ਨਾਨਕੀ ਦਾ।

ਵੇਈਂ ਨਦੀ ’ਚ ਚੁੱਭੀ ਲਗਾਈ ਨਾਨਕ

ਰਹਿੰਦੇ ਰਹਿੰਦਿਆਂ ਸ਼ਹਿਰ ਸੁਲਤਾਨਪੁਰ ਵਿੱਚ, ਲੀਲਾ ਬਾਬੇ ਨੇ ਅਜਬ ਵਰਤਾਈ ਹੈਸੀ। ਧੁਰ ਦਰਗਾਹ ’ਚੋਂ ਬਖਸ਼ਿਸ਼ਾਂ ਲੈਣ ਖਾਤਰ, ਵੇਈਂ ਨਦੀ ’ਚ ਚੁੱਭੀ ਲਗਾਈ ਹੈਸੀ। ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿ ਕੇ, ਬਿਰਤੀ ਨਾਲ ਅਕਾਲ ਦੇ ਲਾਈ ਹੈਸੀ। ਕਰਤਾ ਪੁਰਖ ਦੀ ਕਿਰਪਾ ਦੇ ਨਾਲ ਉੇਨ੍ਹਾਂ, ਪਾਈ ਧੁਰ ਦਰਗਾਹੋਂ ਗੁਰਿਆਈ ਹੈਸੀ। ਤਿੰਨ ਦਿਨ ਉਹ ਸੋਚਾਂ ’ਚ ਰਹੇ ਡੁੱਬੇ, ਕਿਵੇਂ ਡੁੱਬ ਰਹੇ ਜਗਤ ਨੂੰ ਤਾਰਨਾ ਏ। ਲੈ ਕੇ ‘ਪਾਪ ਦੀ ਜੰਝ’ ਜੋ ਚੜ੍ਹ ਆਇਐ, ਉਸ ਬਾਬਰ ਨੂੰ ਕਿਵੇਂ ਵੰਗਾਰਨਾ ਏ। ਸਿਖਰਾਂ ਉੱਤੇ ਜੋ ਮਜ਼ਬੀ ਜਨੂੰਨ ਪਹੁੰਚੈ, ਧੋਣੋਂ ਪਕੜ ਕੇ ਥੱਲੇ ਉਤਾਰਨਾ ਏ। ਜੀਹਨੇ ਜੀਹਨੇ ਵੀ ਚੱਕੀ ਏ ਅੱਤ ਏਥੇ, ਉਹਦੇ ਘਰ ਜਾ ਉਹਨੂੰ ਲਲਕਾਰਨਾ ਏ। ਚਾਰ ਰਹੇ ਜੋ ਦੁਨੀਆਂ ਨੂੰ ਭੇਖਧਾਰੀ, ਉਨ੍ਹਾਂ ਤਾਂਈਂ ਵੀ ਪੈਣਾ ਹੁਣ ਚਾਰਨਾ ਏ। ਵਹਿਮਾਂ ਭਰਮਾਂ ਪਖੰਡਾਂ ਨੂੰ ਗਲੋਂ ਫੜ੍ਹ ਕੇ, ਸ਼ਰੇਆਮ ਹੀ ਪੈਣਾ ਲਲਕਾਰਨਾ ਏ। ਪਾਪੀ ਰੂਹਾਂ ਨੂੰ ਪਾ ਕੇ ਰਾਹ ਸਿੱਧੇ, ਉਨ੍ਹਾਂ ਤਾਂਈਂ ਵੀ ਪਾਰ ਉਤਾਰਨਾ ਏ। ਰੇਤ ਅੱਕ ਦਾ ਇਥੇ ਅਹਾਰ ਕਰਕੇ, ਕਿੱਦਾਂ, ਰੱਬ ਦਾ ਸ਼ੁਕਰ ਗੁਜ਼ਾਰਨਾ ਏ। ਜ਼ਾਤ ਪਾਤ ਵਾਲਾ, ਛੂਤ ਛਾਤ ਵਾਲਾ, ਭੂਤ ਚੰਬੜਿਆ ਕਿੱਦਾਂ ਉਤਾਰਨਾ ਏ। ਜੀਹਨੂੰ ਪੈਰ ਦੀ ਜੁੱਤੀ ਹੈ ਕਿਹਾ ਜਾਂਦਾ, ਉਹਦੇ ਤਾਂਈਂ ਫਿਰ ਕਿਵੇਂ ਸਤਿਕਾਰਨਾ ਏ। ਆਦਮਖੋਰਾਂ ਨੇ ਜਿਹੜੇ ਤਪਾ ਰੱਖੇ, ਕਿਵੇਂ ਤਪਦੇ ਕੜਾਹਿਆਂ ਨੂੰ ਠਾਰਨਾ ਏ। ਕਿਵੇਂ ਨਫਰਤ ਤੇ ਘਿਰਣਾ ਨੂੰ ਜੜੋਂ ਪੁੱਟ ਕੇ, ਸਰਬ ਸਾਂਝਾ ਸਮਾਜ ਉਸਾਰਨਾ ਏ। ਸੇਵਾ ਸਿਮਰਨ, ਸਚਾਈ ਤਿਆਗ ਤਾਂਈਂ, ਸਮੇਂ ਸਮੇਂ ਤੇ ਕਿਵੇਂ ਪ੍ਰਚਾਰਨਾ ਏ। ਕਿੱਦਾਂ ਬਹਿਣਾ ਏ, ਉਬਲਦੀ ਦੇਗ ਅੰਦਰ, ਇਹ ਵੀ ਪੈਣਾ ਅੱਜ ਮੈਨੂੰ ਵਿਚਾਰਨਾ ਏ। ਕਿਵੇਂ ਦਿੱਲੀ ਦੇ ਚਾਂਦਨੀ ਚੌਂਕ ਅੰਦਰ, ਸਬਰ ਜਿਤਣਾ ਤੇ ਜਬਰ ਹਾਰਨਾ ਏ। ਕਿਵੇਂ ਆਪਣੀਆਂ ਅੱਖਾਂ ਦੇ ਤਾਰਿਆਂ ਨੂੰ, ਅੱਖਾਂ ਸਾਹਮਣੇਂ ਜੰਗ ਵਿੱਚ ਵਾਰਨਾ ਏ। ਗੁਰੂ ਪੰਥ ਤੇ ਗੁਰੂ ਗ੍ਰੰਥ ਵਾਲੇ, ਸਿੱਖ ਸਿਧਾਂਤ ਨੂੰ ਕਿਵੇਂ ਪ੍ਰਚਾਰਨਾ ਏ। ਇਹ ਜਨਮ ਤਾਂ ਇਹਦੇ ਲਈ ਹੈ ਥੋੜ੍ਹਾ, ਲੰਮਾਂ ਸਮਾਂ ਹੁਣ ਪੈਣਾ ਗੁਜ਼ਾਰਨਾ ਏ। ਦਸਾਂ ਜਾਂਮਿਆਂ ਵਿੱਚ ਇਸ ਧਰਤ ਉੱਤੇ, ਕਿਹੜਾ ਕਿਹੜਾ ਸਰੂਪ ਮੈਂ ਧਾਰਨਾਂ ਏ। ਦਿੱਬ ਦ੍ਰਿਸ਼ਟ ਨਾਲ ਤਿੰਨੋਂ ਦਿਨ ਰਹੇ ਤੱਕਦੇ, ਕਿੱਦਾਂ ਜਗਤ ਜਲੰਦੇ ਨੂੰ ਠਾਰਨਾਂ ਏ। ਓਧਰ ਨਾਨਕ ਜਦ ਪਰਤ ਨਾ ਆਏ ਵਾਪਸ, ਘਰ ਵਿੱਚ ਸੋਗ ਦੀ ਲਹਿਰ ਕੋਈ ਛਾਈ ਹੈਸੀ। ਨਾਨਕ ਡੁੱਬ ਗਿਐ ਜਾਂ ਫਿਰ ਰੁੜ੍ਹ ਗਿਐ, ਗੱਲਾਂ ਕਰਦੀ ਪਈ ਸਾਰੀ ਲੁਕਾਈ ਹੈਸੀ। ਉਹਨੂੰ ਲੱਭਣ ਲਈ ਪਿੰਡ ਦੇ ਵਾਸੀਆਂ ਨੇ, ਹਰ ਤਰ੍ਹਾਂ ਦੀ ਵਾਹ ਲਗਾਈ ਹੈਸੀ। ਤਿੰਨ ਦਿਨ ਜਦ ਪਤਾ ਨਾ ਕੋਈ ਲੱਗਾ, ਚਾਰੇ ਪਾਸੇ ਹੀ ਮਚੀ ਦੁਹਾਈ ਹੈਸੀ। ਉਡ ਗਈਆਂ ਸਨ ਰੌਣਕਾਂ ਚਿਹਰਿਆਂ ’ਤੋਂ, ਸਾਰੇ ਕਹਿਣ ਲੱਗੇ, ਕਿਧਰ ਗਿਆ ਨਾਨਕ। ਖਬਰ ਫੈਲ ਗਈ ਜੰਗਲ ਦੀ ਅੱਗ ਵਾਂਗੂੰ, ਰੁੜ ਗਿਆ ਏ, ਹੁਣ ਨਹੀਂ ਰਿਹਾ ਨਾਨਕ। ਇਕ ਦੂਜੇ ਨੂੰ ਆਖ ਰਹੇ ਸਨ ਸਾਰੇ, ਵੇਈਂ ਨਦੀ ਨੇ ਨਿਗਲ ਏ ਲਿਆ ਨਾਨਕ। ਭੈਣ ਨਾਨਕੀ ਅਜੇ ਵੀ ਕਹਿ ਰਹੀ ਸੀ, ਚੋਜੀ ਚੋਜ ਕੋਈ ਕਰਦਾ ਏ ਪਿਆ ਨਾਨਕ। ਤੀਜੇ ਦਿਨ ਜਦ ਨਾਨਕ ਜੀ ਹੋਏ ਪਰਗਟ, ਵਗਦੇ ਹੰਝੂਆਂ ਨੂੰ ਇਕ ਦੱਮ ਬੰਨ੍ਹ ਲੱਗੇ। ਨਾਨਕ ਪਰਤ ਆਇਐ,ਨਾਨਕ ਪਰਤ ਆਇਐ, ਮੁੱਖੋਂ ਕਹਿਣ ਸਾਰੇ ਧੰਨ ਧੰਨ ਲੱਗੇ। ਦਰਸ਼ਨ ਕਰਨ ਤੇ ਸੁਣਨ ਲਈ ਸਭ ਵਿਥਿਆ, ਮਾਨੋ ਕੁਦਰਤ ਨੂੰ ਅੱਖਾਂ ਤੇ ਕੰਨ ਲੱਗੇ। ਬੇਬੇ ਨਾਨਕੀ ਖੁਸ਼ੀ ਨਾਲ ਹੋਈ ਖੀਵੀ, ਉਹਦੇ ਸਿਦਕ ਨੂੰ ਸੀ ਚਾਰ ਚੰਨ ਲੱਗੇ। ਜੀਹਨੇ ਜੀਹਨੇ ਵੀ ਕੀਤੇ ਸੀ ਆਣ ਦਰਸ਼ਨ, ਉਹਨੂੰ ਨਾਨਕ ਨੂਰਾਨੀ ਦਾ ਨੂਰ ਦਿੱਸਿਆ। ਭੈਣ ਨਾਨਕੀ ਨੂੰ ਨਾਨਕ ਵੀਰ ਉਦੋਂ, ਰੱਬੀ ਬਖ਼ਸ਼ਸ਼ਾਂ ਨਾਲ ਭਰਪੂਰ ਦਿੱਸਿਆ। ਆ ਕੇ ਜਦੋਂ ਨਵਾਬ ਨੇ ਤੱਕਿਆ ਸੀ, ਖੁਦਾ ਓਸਨੂੰ ਹਾਜ਼ਰ ਹਜ਼ੂਰ ਦਿੱਸਿਆ। ‘ਨਾ ਕੋ ਹਿੰਦੂ ਨਾ ਮੁਸਲਮਾਨ’ ਕਹਿੰਦਾ, ਰੱਬੀ ਰੰਗ ’ਚ ਨਾਨਕ ਮਖਮੂਰ ਦਿੱਸਿਆ। ਗੁਰੂ ਨਾਨਕ ਨੇ ਸੋਚ ਕੇ ਸੋਚ ਲੰਮੀ, ਬਖਸ਼ਿਸ਼ ਕਰਨ ਲਈ ਦੁਨੀਆਂ ਦੇ ਵਾਸੀਆਂ ’ਤੇ। ਖਾਕਾ ਖਿੱਚ ਕੇ ਸਾਰਾ ਦਿਮਾਗ ਅੰਦਰ, ਤੇ ਕਰਕੇ ਮਿਹਰ ਸਭ ਨਗਰ ਨਿਵਾਸੀਆਂ ’ਤੇ। ਅੰਮ੍ਰਿਤ ਨਾਮ ਪਿਲਾਉਣ ਲਈ ਪਏ ਕਾਹਲੇ, ਕਰਕੇ ਤਰਸ ਉਹ ਰੂਹਾਂ ਪਿਆਸੀਆਂ ’ਤੇ। ਭੈਣ ਨਾਨਕੀ ਨੂੰ ‘ਜਾਚਕ’ ਦੱਸ ਵਿਥਿਆ, ਚਲ ਪਏ ਗੁਰੂ ਨਾਨਕ ਉਦਾਸੀਆਂ ’ਤੇ।

ਗੁਰੂ ਨਾਨਕ ਦੇਵ ਜੀ ਤੇ ਵਲੀ ਕੰਧਾਰੀ

ਦੁਨੀਆਂ ਤਾਰਦੇ ਤਾਰਦੇ ਗੁਰੂ ਨਾਨਕ , ਪਹੁੰਚ ਗਏ ਸਨ ਹਸਨ ਅਬਦਾਲ ਅੰਦਰ । ਦਰਸ਼ਨ ਕਰਨ ਲਈ ਲੋਕ ਸਨ ਆਉਣ ਲੱਗੇ , ਤਰ੍ਹਾਂ ਤਰ੍ਹਾਂ ਦੇ ਲੈ ਸੁਆਲ ਅੰਦਰ । ਬਚਨ ਸੁਣ ਕੇ ਤਨ,ਮਨ ਸ਼ਾਂਤ ਹੋਏ, ਠੀਕ ਹੋ ਗਿਆ ਸੁਰ ਤੇ ਤਾਲ ਅੰਦਰ। ਦੀਵੇ ਬੁਝੇ ਹੋਏ ਜਨਮ ਜਨਮਾਂਤਰਾਂ ਦੇ, ਨਾਮ ਬਾਣੀ ਨਾਲ ਦਿੱਤੇ ਸਨ ਬਾਲ ਅੰਦਰ। ਏਸ ਪਿੰਡ ਦੇ ਨੇੜੇ ਪਹਾੜ ਉਤੇ, ਰਹਿ ਰਿਹਾ ‘ਕੰਧਾਰੀ’ ਫਕੀਰ ਹੈਸੀ। ਮਹਿਮਾਂ ਸੁਣ ਕੇ ਲੋਕਾਂ ਤੋਂ ਸਤਿਗੁਰਾਂ ਦੀ, ਦਿਲੋਂ ਹੋ ਗਿਆ ਬੜਾ ਦਿਲਗੀਰ ਹੈਸੀ। ਗੁੱਸੇ ਵਿੱਚ ਕਚੀਚੀਆਂ ਖਾ ਰਿਹਾ ਸੀ, ਉਸ ਦੀ ਹਊਮੈ ਦੀ ਇਹ ਅਖੀਰ ਹੈਸੀ। ਮੇਰੀ ਥਾਂ ਤੇ ਮੇਰੇ ਇਸ ਪਿੰਡ ਅੰਦਰ, ਕਿਥੋਂ ਆ ਗਿਆ ਨਵਾਂ ਇਹ ਪੀਰ ਹੈਸੀ। ਨੱਕੋ ਨੱਕ ਸੀ ਹਉਮੈਂ ਦੇ ਨਾਲ ਭਰਿਆ, ਵਲੀਪੁਣੇ ਨੇ ਚੰਨ ਚੜ੍ਹਾ ਦਿੱਤਾ। ਜਾਣੀ ਜਾਣ ਨੇ ਜਾਣ ਕੇ ਉਸੇ ਵੇਲੇ, ਕੌਤਕ ਨਵਾਂ ਸੀ ਓਥੇ ਰਚਾ ਦਿੱਤਾ। ਲੱਗੀ ਭਾਈ ਮਰਦਾਨੇ ਨੂੰ ਤੇਹ ਡਾਢੀ, ਓਹਨੂੰ ਪਿਆਸ ਨੇ ਡਾਢਾ ਤੜਫਾ ਦਿੱਤਾ। ਚਸ਼ਮਾ ਪਾਣੀ ਦਾ ਵਲੀ ਦੇ ਪਾਸ ਹੈਸੀ, ਗੁਰਾਂ ਵਲੀ ਦੇ ਵੱਲ ਭਿਜਵਾ ਦਿੱਤਾ। ਪਾਣੀ ਦੇਣ ਤੋਂ ਕੀਤਾ ਇਨਕਾਰ ਉਸ ਨੇ, ਤੇ ਮਰਦਾਨੇ ਨੂੰ ਬਚਨ ਸੁਣਾ ਦਿੱਤਾ। ਮੁਸਲਮ ਹੋ ਕੇ ਕਾਫਰ ਦੇ ਨਾਲ ਫਿਰਦੈਂ, ਕਾਫਰ ਹੋ ਕੇ ਦੀਨ ਗਵਾ ਦਿੱਤਾ। ਤਿੰਨ ਵਾਰ ਸੀ ਓਸ ਇਨਕਾਰ ਕੀਤਾ, ਘੁੱਟ ਪਾਣੀ ਦੇ ਲਈ ਤਰਸਾ ਦਿੱਤਾ। ਚੌਥੀ ਵਾਰ ਹੰਕਾਰ ਦੇ ਵਿੱਚ ਆ ਕੇ, ਝਿੜਕਾਂ ਮਾਰ ਕੇ ਓਹਨੂੰ ਭਜਾ ਦਿੱਤਾ। ਆ ਕੇ ਡਿਗਿਆ ਚਰਨਾਂ ਤੇ ਪਾਤਸ਼ਾਹ ਦੇ , ਕਹਿੰਦਾ ਬਖਸ਼ ਦਿਓ ਹੁਣ ਹਜ਼ੂਰ ਮੈਨੂੰ । ਪਾਣੀ ਮੰਗਣ ਨਹੀਂ ਜਾਵਾਂਗਾ ਪਾਸ ਉਸ ਦੇ, ਬਿਨਾਂ ਪਾਣੀ ਤੋਂ ਮਰਨਾ ਮਨਜ਼ੂਰ ਮੈਨੂੰ। ਚੋਜੀ ਹੱਸੇ ਤੇ ਹੱਸ ਕੇ ਕਹਿਣ ਲੱਗੇ, ਲੱਭਣਾ ਪੈਣਾ ਏ ਹੱਲ ਜਰੂਰ ਮੈਨੂੰ। ਸਿਰ ਚੜ੍ਹ ਕੇ ਵਲੀ ਦੇ ਬੋਲਿਆ ਜੋ, ਕਰਨਾ ਪੈਣੈ ਹੰਕਾਰ ਓਹ ਦੂਰ ਮੈਨੂੰ। ਏਨ੍ਹਾਂ ਕਹਿੰਦਿਆਂ ਕਹਿੰਦਿਆਂ ਪਾਤਸ਼ਾਹ ਦੀ, ਨਾਮ ਸਿਮਰਨ ’ਚ ਬਿਰਤੀ ਲੱਗ ਗਈ ਸੀ। ਸਤਿਨਾਮ ਕਹਿ ਕੇ, ਪੁੱਟਿਆ ਇਕ ਪੱਥਰ, ਠੰਢੇ ਪਾਣੀ ਦੀ ਧਾਰਾ ਤਦ ਵਗ ਗਈ ਸੀ। ਗੁਰਾਂ ਕਿਹਾ, ਮਰਦਾਨਿਆਂ ਜਲ ਛਕ ਲੈ, ਨੂਰੀ ਚਿਹਰੇ ਤੇ ਜੋਤ ਕੋਈ ਜਗ ਗਈ ਸੀ। ਪਾਣੀ ਪੀਤਾ ਮਰਦਾਨੇ, ਪਰ ਵਲੀ ਤਾਈਂ, ਸੱਤੀਂ ਕਪੜੀਂ ਹੀ ਅੱਗ ਲੱਗ ਗਈ ਸੀ । ਆ ਕੇ ਗੁੱਸੇ ’ਚ ਵਲੀ ਨੇ ਉਸੇ ਵੇਲੇ, ਪੱਥਰ ਗੁਰੂ ਜੀ ਵੱਲ ਖਿਸਕਾ ਦਿੱਤਾ। ਸਤਿਗੁਰ ਨਾਨਕ ਨੇ ਸਤਿ ਕਰਤਾਰ ਕਹਿ ਕੇ, ਪੰਜਾ ਲਾ ਕੇ ਪੱਥਰ ਅਟਕਾ ਦਿੱਤਾ। ਟੁੱਟ ਗਿਆ ਸੀ ਕਿਲਾ ਹੰਕਾਰ ਵਾਲਾ, ਆ ਕੇ ਵਲੀ ਨੇ ਸੀਸ ਝੁਕਾ ਦਿੱਤਾ। ਗੁਰੂ ਨਾਨਕ ਨੇ ਸੀਨੇ ਦੇ ਨਾਲ ਲਾ ਕੇ, ਕਿਲਾ ਕਿਬਰ ਦਾ ‘ਜਾਚਕ’ ਸੀ ਢਾਹ ਦਿੱਤਾ।

ਜਾਦੂਗਰਨੀ ਨੂਰਸ਼ਾਹ ਦਾ ਨਿਸਤਾਰਾ

ਸਤਿਨਾਮ ਦਾ ਚੱਕਰ ਚਲਾਉਂਦੇ। ਦੁਨੀਆਂ ਨੂੰ ‘ਇੱਕ’ ਦੇ ਲੜ ਲਾਉਂਦੇ। ਨੂਰੀ ਨਾਨਕ ਵੰਡਦੇ ਨਾਮ। ਪਹੁੰਚ ਗਏ ਸਨ ਵਿੱਚ ਆਸਾਮ। ਛੱਡ ਮੈਦਾਨ, ਪਹਾੜ ’ਚ ਬੈਠੇ। ਸ਼ਹਿਰੋਂ ਬਾਹਰ ਉਜਾੜ ’ਚ ਬੈਠੇ। ਤਿੰਨ ਦਿਨਾਂ ਦੇ ਭੁੱਖਣ ਭਾਣੇ। ਉਹਦੀਆਂ ਰਮਜ਼ਾਂ ਉਹੋ ਜਾਣੇ। ਮਰਦਾਨੇ ਨੂੰ ਲੱਗ ਗਈ ਭੁੱਖ। ਕਹਿੰਦਾ ਵੱਡਾ ਭੁੱਖ ਦਾ ਦੁੱਖ। ਤੜਫ ਰਹੀ ਇਹ ਜਿੰਦ ਨਿਮਾਣੀ। ਨਾ ਰੋਟੀ, ਨਾ ਪੀਣ ਨੂੰ ਪਾਣੀ। ਤੂੰ ਤੇ ਦਾਤਾ ਨੂਰ ਇਲਾਹੀ। ਕੌਣ ਜਾਣੇ ਤੇਰੀ ਬੇਪਰਵਾਹੀ। ਸ਼ਹਿਰ ਮੈਂ ਚੱਲਿਆਂ ਅੰਤਰਜਾਮੀ। ਰੋਟੀ ਖਾ ਕੇ ਆ ਜਾਊਂ ਸ਼ਾਮੀ। ਅੰਨ ਬਿਨਾਂ ਮੈਂ ਰਹਿ ਨਹੀਂ ਸਕਦਾ। ਬਹੁਤਾ ਕੁਝ ਹੁਣ ਕਹਿ ਨਹੀਂ ਸਕਦਾ। ਮੁੱਖ ’ਚੋਂ ਕਿਹਾ, ਮਿਹਰਾਂ ਦੇ ਸਾਈਂ। ਡੋਲ ਰਹੇ ਮਰਦਾਨੇ ਤਾਈਂ। ਮਰਦਾਨਿਆਂ, ਮਰ ਜਾਣਿਆਂ। ਤੂੰ ਆਪਾ ਨਹੀਂ ਪਹਿਚਾਣਿਆਂ। ਵੇ ਸ਼ਬਦਾਂ ਦੇ ਵਣਜਾਰਿਆ। ਅੱਜ ਦਿਲ ਨੂੰ ਹੈ ਕਿਉਂ ਹਾਰਿਆ। ਤੇਰੇ ਨਾਲ ਮੈਂ ਲਾਈ ਯਾਰੀ। ਰੋਂਦੀ ਵੇਖ ਕੇ ਦੁਨੀਆਂ ਸਾਰੀ। ਛੱਡ ਕੇ ਤੂੰ ਨਾਨਕ ਨਿਰੰਕਾਰੀ। ਕਿਧਰ ਨੂੰ ਕਰ ਲਈ ਤਿਆਰੀ। ਕਿਉਂ ਤੂੰ ਅੱਜ ਹੈ ਹਿੰਮਤ ਹਾਰੀ। ਜਾਏ ਨਾ ਤੈਥੋਂ ਭੁੱਖ ਸਹਾਰੀ। ਸੁਣੀ ਨਾ ਉਹਨੇ ਕੋਈ ਵੀ ਗੱਲ। ਭੁਖ ਦਾ ਦੁੱਖ ਨਾ ਸਕਿਆ ਝੱਲ। ਕਰਕੇ ਉਹ ਤਾਂ ਪੂਰਾ ਹੱਠ। ਸ਼ਹਿਰ ਵੱਲ ਨੂੰ ਪਿਆ ਸੀ ਨੱਠ। ਡੋਲ ਦੇ ਵਾਗੂੰ ਰਿਹਾ ਸੀ ਡੋਲ। ਪਹੁੰਚ ਗਿਆ ਇਕ ਘਰ ਦੇ ਕੋਲ। ਘਰ ਦੇ ਅੰਦਰ ਆ ਕੇ ਵੜਿਆ। ਜਾ ਕੇ ਵਿਹੜੇ ਦੇ ਵਿੱਚ ਖੜਿਆ। ਤੱਕ ਕੇ ਓਥੇ ਅਜਬ ਨਜ਼ਾਰਾ। ਜਿਸਮ ਓਸਦਾ ਕੰਬਿਆ ਸਾਰਾ। ਪਿੰਜਰ ਓਥੇ ਲਟਕ ਰਿਹਾ ਸੀ। ਖੂਨ ਓਸ ’ਚੋਂ ਟਪਕ ਰਿਹਾ ਸੀ। ਇਧਰ ਸ਼ੇਰ ਪਿਆ ਲਲਕਾਰੇ। ਉਧਰ ਸੱਪ ਮਾਰੇ ਫੁੰਕਾਰੇ। ਜਿਥੇ ਹੈਸੀ ਸੋਨ ਸਵੇਰਾ। ਹੋ ਗਿਆ ਓਥੇ ਘੁੱਪ ਹਨੇਰਾ। ਵੇਖ ਕੇ ਡਾਢਾ ਉਹ ਘਬਰਾਇਆ। ਸਿਰ ਓਹਦੇ ਨੂੰ ਚੱਕਰ ਆਇਆ। ਜਿਵੇਂ ਹੀ ਉਹਨੂੰ ਹੋਸ਼ ਸੀ ਆਈ। ਸਾਰਾ ਕੁਝ ਹੋ ਗਿਆ ਹਵਾਈ। ਜਾਦੂ ਦਾ ਇਹ ਖੇਲ ਸੀ ਸਾਰਾ। ਅੱਜ ਫਸ ਗਿਆ ਭੌਰ ਵਿਚਾਰਾ। ਜਾਦੂ ਦਾ ਸੀ ਇਹ ਤਾਂ ਮੰਦਰ। ਫਸਿਆ ਆਣ ਬਟੇਰਾ ਅੰਦਰ। ਅਕਲ ਦੀ ਐਨਕ ਲਾ ਕੇ ਵੇਖੇ। ਘੋੜੇ ਬੜੇ ਦੁੜਾ ਕੇ ਵੇਖੇ। ਵੇਖੀ ਜਾਂਦੈ ਸੱਜੇ ਖੱਬੇ। ਐਪਰ ਕੋਈ ਹੁਣ ਰਾਹ ਨਾ ਲੱਭੇ। ਮਰਦਾਨਾ ਸੀ ਦਿਲ ਵਿੱਚ ਕਹਿੰਦਾ। ਕੀ ਹੁੰਦਾ ਜੇ ਭੁੱਖਾ ਈ ਰਹਿੰਦਾ। ਬਾਬਾ ਨਾਨਕ ਰੋਕ ਰਹੇ ਸੀ। ਏਥੇ ਆਉਣੋਂ ਟੋਕ ਰਹੇ ਸੀ। ਪਰ ਮੈਂ ਨਹੀਂ ਸਾਂ ਆਖੇ ਲੱਗਿਆ। ਏਸੇ ਲਈ ਮੈਂ ਗਿਆ ਹਾਂ ਠੱਗਿਆ। ਗੁਰੂ ਸਾਹਿਬ ਦੀ ਕਦਰ ਨਾ ਪਾਈ। ਤਾਂਹੀਉਂ ਮੇਰੀ ਸ਼ਾਮਤ ਆਈ। ਨਹੀਂ ਇਥੋਂ ਕੋਈ ਜਾਣੀ ਸੂੰਹ। ਪੈ ਗਿਆ ਮੈਂ ਤਾਂ ਮੌਤ ਦੇ ਮੂੰਹ। ਏਨੇ ਨੂੰ ਇਕ ਸੁੰਦਰੀ ਆਈ। ਰੋਟੀ ਪਾਣੀ ਨਾਲ ਲਿਆਈ। ਉਹਨੂੰ ਵੀ ਲੱਗੀ ਸੀ ਭੁੱਖ। ਭੋਜਨ ਵੇਖ ਕੇ ਭੁਲ ਗਿਆ ਦੁੱਖ। ਖਾਣਾ ਉਹਨੇ ਰੱਜ ਕੇ ਖਾਧਾ। ਖਾ ਕੇ ਖਾਣਾ ਪ੍ਰਭੂ ਅਰਾਧਾ। ਹੁਣ ਆਈ ਇਕ ਮੋਹਨੀ ਮੂਰਤ। ਮੋਹਨੀ ਮੂਰਤ, ਸੋਹਣੀ ਸੂਰਤ। ਨੂਰਸ਼ਾਹ ਨਾਂ ਦੀ ਮੁਟਿਆਰ। ਜੀਕਣ ਹੁਸਨਾਂ ਦੀ ਸਰਕਾਰ। ਵੱਡੀ ਸੀ ਇਹ ਜਾਦੂਗਰਨੀ। ਜਾਦੂਗਰਨੀ, ਮਨ ਨੂੰ ਹਰਨੀ। ਲੱਗਦੀ ਸੀ ਕੋਈ ਚੰਨ ਦਾ ਨੂਰ। ਤੱਕ ਤੱਕ ਜਿਸਨੂੰ ਚੜ੍ਹੇ ਸਰੂਰ। ਝਾਲ ਓਸਦੀ ਜਾਏ ਨਾ ਝੱਲੀ। ਦਿਲ ਡੁਲ੍ਹਦਾ ਸੀ ਮੱਲੋ ਮੱਲੀ। ਗੱਲਾਂ ਹੀ ਗੱਲਾਂ ਦੇ ਨਾਲ। ਸੁੱਟ ਦੇਂਦੀ ਸੀ ਪ੍ਰੀਤ ਦਾ ਜਾਲ। ਤਰ੍ਹਾਂ ਤਰ੍ਹਾਂ ਦੇ ਵਰਤ ਕੇ ਢੰਗ। ਮਾਰ ਦਿੰਦੀ ਸੀ ਪ੍ਰੀਤ ਦੇ ਡੰਗ। ਜੋ ਵੀ ਆਉਂਦਾ ਭੁੱਲ ਕੇ ਰਾਹ। ਉਹਨੂੰ ਇਹ ਲੈਂਦੀ ਸੀ ਫਾਹ। ਵਾਪਸ ਜਾਣ ਜੋਗਾ ਨਾ ਰਹਿੰਦਾ। ਜਿਵੇਂ ਉਹ ਕਹਿੰਦੀ ਤਿਵੇਂ ਉਹ ਕਹਿੰਦਾ। ਮਰਦਾਨਾ ਅੱਜ ਗਿਆ ਸੀ ਫਸ। ਕਰ ਲਿਆ ਉਸਨੂੰ ਜਾਦੂ ਵੱਸ। ਬੰਨੀ ਗਲ ਜਾਦੂਈ ਗਾਨੀ। ਭੁਲ ਗਿਆ ਉਹ ਦੁਨੀਆਂ ਫਾਨੀ। ਚਾਲ ਚੱਲੀ ਸੀ ਐਸੀ ਕੋਝੀ। ਦੁਨੀਆਂ ਦੀ ਓਹਨੂੰ ਰਹੀ ਨਾ ਸੋਝੀ। ਹੋ ਗਿਆ ਉਹ ਬੇਹੋਸ਼, ਬੇਸੁਧ। ਉਹ ਨੂੰ ਰਹੀ ਨਾ ਸੁੱਧ ਤੇ ਬੁੱਧ। ਹੱਥ ਪੈਰ ਸਭ ਹੋ ਗਏ ਸੁੰਨ। ਭੁੱਲ ਗਿਆ ਉਹ ਨਾਮ ਦੀ ਧੁੰਨ। ਬੈਠਾ ਸੀ ਉਹ ਚੁੱਪ ਚੁਪੀਤਾ। ਨਿਕਲ ਗਿਆ ਉਹਦਾ ਖਾਧਾ ਪੀਤਾ। ਕਹਿਣ ਲੱਗੀ ਉਹ ਸਾਥਣਾਂ ਤਾਂਈਂ। ਆਖੇ ਲੱਗੂ ਇਹ ਚਾਂਈਂ ਚਾਂਈਂ। ਸੁਰਤ ਇਹਦੀ ਨੂੰ ਵੱਸ ਮੈਂ ਕੀਤਾ। ਜਾਦੂ ਨਾਲ ਬੇ-ਵੱਸ ਮੈਂ ਕੀਤਾ। ਜਿਧਰ ਜਾਵਾਂ ਉਧਰ ਜਾਂਦੈ। ਚੁੰਬਕ ਮਗਰ ਜਿਉਂ ਲੋਹਾ ਆਂਦੈ। ਇਹ ਬੰਦਾ ਹੁਣ ਬਣ ਕੇ ਭੇਡੂ। ਭੇਡੂ ਵਾਂਗੂ, ਖੇਡਾਂ ਖੇਡੂ। ਜਦ ਮਰਦਾਨਾ ਮੂੰਹ ਨੂੰ ਖੋਲੇ। ਭੇਡੂ ਵਾਂਗੂ, ਮੈਂ ਮੈਂ ਬੋਲੇ। ਤੱਕੇ ਚਾਰ ਚੁਫੇਰੇ ਇੱਦਾਂ। ਫਸਿਆ ਜਾਲ ਬਟੇਰਾ ਜਿੱਦਾਂ। ਮੁੜ ਨਾ ਜਦ ਮਰਦਾਨਾ ਆਇਆ। ਬਾਬੇ ਨਾਨਕ ਚੋਜ ਰਚਾਇਆ। ਇਕਦਮ ਕਰਕੇ ਚਿੱਤ ਇਕਾਗਰ। ਚੱਲ ਪਏ ਮਿਹਰਾਂ ਦੇ ਸਾਗਰ। ਸ਼ਹਿਰ ਵੱਲ ਨੂੰ ਉਠ ਕੇ ਤੁਰ ਪਏ। ਮਰਦਾਨੇ ’ਤੇ ਤੁੱਠ ਕੇ ਤੁਰ ਪਏ। ਪਹੁੰਚ ਗਏ ਸੀ ਵਾਹੋਦਾਹੀ। ਗੁਰੂ ਨਾਨਕ ਜੀ ਨੂਰ ਇਲਾਹੀ। ਕੁਫਰ ਗੜ੍ਹ ਨੂੰ ਤੋੜਨ ਖਾਤਰ। ਨਾਲ ਨਾਮ ਦੇ ਜੋੜਨ ਖਾਤਰ। ਘਰ ਦੇ ਅੱਗੇ ਆ ਕੇ ਖੜ੍ਹ ਗਏ। ਪਲਕ ਝਪਕਦੇ ਅੰਦਰ ਵੜ ਗਏ। ਵੜੇ ਜਦੋਂ ਤ੍ਰਿਪਤਾ ਦੇ ਚੰਦ। ਬੂਹਾ ਹੋ ਗਿਆ ਅੰਦਰੋਂ ਬੰਦ। ਪਹੁੰਚ ਕੇ ਵਿਹੜੇ ਦੇ ਵਿਚਕਾਰ। ਮੁੱਖੋਂ ਬੋਲੇ ‘ਸਤਿ ਕਰਤਾਰ’। ਨੂਰ ਸ਼ਾਹ ਨੇ ਨਜ਼ਰ ਜਾ ਚੁੱਕੀ। ਮਾਨੋ ਉਹਦੀ ਰੱਤ ਸੀ ਸੁੱਕੀ। ਤੱਕਿਆ ਜਦੋਂ ਨੂਰਾਨੀ ਚਿਹਰਾ। ਅੱਖਾਂ ਅੱਗੇ ਆਇਆ ਹਨੇਰਾ। ਜਿਵੇਂ ਹੀ ਉਸ ਨੇ ਨਜ਼ਰਾਂ ਗੱਡੀਆਂ। ਅੱਖਾਂ ਰਹਿ ਗਈਆਂ ਸੀ ਟੱਡੀਆਂ। ਤੱਕ ਤੱਕ ਹੋ ਗਈ ਸੀ ਉਹ ਦੰਗ। ਪਲ ਪਲ ਪਿਛੋਂ ਬਦਲਣ ਰੰਗ। ਇਕਦਮ ਸੀ ਤਰੇਲੀਆਂ ਆਈਆਂ। ਚਿਹਰੇ ਉਤੇ ਪਿਲੱਤਣਾਂ ਛਾਈਆਂ। ਫੇਰ ਕੇ ਬੁਲ੍ਹਾਂ ਉਤੇ ਜੀਭ। ਕਹਿੰਦੀ ਸੜ ਗਏ ਹਾਏ ਨਸੀਬ। ਖੋਹ ਪੈ ਰਹੀ ਏ ਅੰਦਰ ਖੋਹਣੀ। ਅੱਜ ਹੋਣੀ ਏ ਕੋਈ ਅਣਹੋਣੀ। ਮਨ ਦੀ ’ਕੱਠੀ ਕਰਕੇ ਤਾਕਤ। ਵਿੱਚ ਜਾਦੂ ਦੀ ਭਰ ਕੇ ਤਾਕਤ। ਮੰਤਰ ਉਹ ਚਲਾਵਣ ਲੱਗੀ। ਬਾਬੇ ਨੂੰ ਭਰਮਾਵਨ ਲੱਗੀ। ਜਿਵੇਂ ਜਿਵੇਂ ਉਹ ਕਰਦੀ ਵਾਰ। ਬਾਬਾ ਕਹਿੰਦਾ ‘ਧੰਨ ਨਿਰੰਕਾਰ’। ਲਾਇਆ ਜ਼ੋਰ ਪਰ ਇਕ ਨਾ ਚੱਲੀ। ਛੱਡ ਗਏ ਇਲਮ ਤੇ ਰਹਿ ਗਈ ’ਕੱਲੀ। ਪਹੁੰਚੇ ਫਿਰ ਮਰਦਾਨੇ ਕੋਲ। ਬੋਲ ਨਾ ਸਕੇ ਜੋ ਕੋਈ ਬੋਲ। ਖੋਲਿਆ ਜਦ ਜਾਦੂ ਦਾ ਜੰਦਾ। ਮਰਦਾਨਾ ਫਿਰ ਬਣ ਗਿਆ ਬੰਦਾ। ਮਰਦਾਨੇ ਨੂੰ ਗਲ ਨਾਲ ਲਾ ਕੇ। ਕਹਿਣ ਲੱਗੇ ਉਹ ਫਿਰ ਮੁਸਕਾ ਕੇ। ਸਾਡੇ ਨਾਲ ਤੂੰ ਕੀਤੇ ਵਾਧੇ। ਸਾਨੂੰ ਛੱਡ ਕੇ ਭੋਜਨ ਖਾਧੇ। ਮਰਦਾਨਾ ਫਿਰ ਪੈ ਕੇ ਚਰਨੀਂ। ਕਹਿੰਦਾ ਬਾਬਾ, ਧੰਨ ਤੇਰੀ ਕਰਨੀ। ਮੈਂ ਤਾਂ ਥੋਨੂੰ ਬਹੁਤ ਸਤਾਇਆ। ਤੁਸੀਂ ਮੈਨੂੰ ਪਰ ਗਲ ਨਾਲ ਲਾਇਆ। ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ। ਨੂਰਸ਼ਾਹ ਸੀ ਤੱਕਦੀ ਰਹਿ ਗਈ। ਤੱਕਦੀ ਉਹ ਚਰਨਾਂ ’ਤੇ ਢਹਿ ਗਈ। ਹੋ ਗਿਆ ਰੰਗ ਸੀ ਨੀਲਾ ਪੀਲਾ। ਗੁਰ ਨਾਨਕ ਦੀ ਵੇਖ ਕੇ ਲੀਲਾ। ਅੱਖਾਂ ਦੇ ਵਿੱਚ ਹੰਝੂ ਭਰ ਕੇ। ਚਰਨਾਂ ਉੱਤੇ ਮੱਥਾ ਧਰ ਕੇ। ਕਹਿਣ ਲੱਗੀ ਉਹ ਬਾਬੇ ਤਾਂਈਂ। ਮਿਹਰ ਕਰੋ ਮਿਹਰਾਂ ਦੇ ਸਾਂਈਂ। ਮੈਨੂੰ ਆਪਣੇ ਚਰਨੀਂ ਲਾਇਓ। ਅਧਵੱਟੇ ਹੁਣ ਛੱਡ ਨਾ ਜਾਇਓ। ਕਰਦਿਆਂ ਮੈਨੂੰ ਧਾਗੇ ਤਵੀਤ। ਸਾਰੀ ਉਮਰ ਗਈ ਏ ਬੀਤ। ਭੋਗ ਰਹੀ ਹਾਂ ਜੋ ਸੰਤਾਪ। ਲਾਹ ਦਿਉ ਮੇਰੇ ਤੀਨੇ ਤਾਪ। ਰੱਖਿਆ ਸਿਰ ’ਤੇ ਮਿਹਰ ਦਾ ਹੱਥ। ਗਿਆ ਭੂਤ ਜਾਦੂ ਦਾ ਲੱਥ। ਗੁਰ ਨਾਨਕ ਨੇ ਬਖਸ਼ਿਸ਼ ਕੀਤੀ। ਅਕਾਲ ਪੁਰਖ ਨਾਲ ਲਾਈ ਪ੍ਰੀਤੀ। ਲੱਥੇ ਪਾਪ ਤੇ ਪੈ ਗਈ ਠੰਢ। ਪਈ ਨਾਮ ਨਾਲ ਸੱਚੀ ਗੰਢ। ਜਾਦੂ ਦਾ ਉਸ ਮੰਦਰ ਢਾਇਆ। ਧਰਮਸਾਲ ਉਸ ਤਾਈਂ ਬਣਾਇਆ। ਲੁਟੀ ਮਾਇਆ ਤਾਈਂ ਲੁਟਾਇਆ। ਹਰ ਇੱਕ ਦੇ ਲਈ ਲੰਗਰ ਲਾਇਆ। ਖਬਰ ਫੈਲ ਗਈ ਸਾਰੇ ਜੱਗ। ਜਿਉਂ ਫੈਲੇ ਜੰਗਲ ਦੀ ਅੱਗ। ਹੋ ਗਏ ਸਨ ਪ੍ਰਸੰਨ ਗੁਰ ਨਾਨਕ। ਸਾਰੇ ਬੋਲੋ, ਧੰਨ ਗੁਰ ਨਾਨਕ। ਸਾਰੇ ਆਖੋ ਧੰਨ ਗੁਰ ਨਾਨਕ। ਸਾਰੇ ਬੋਲੋ ਧੰਨ ਗੁਰ ਨਾਨਕ।

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਸਾਲਸ ਰਾਇ

ਸਾਹਿਬ ਸ੍ਰੀ ਗੁਰੂ ਨਾਨਕ ਪਿਆਰੇ। ਕਰਦੇ ਰਹੇ ਨੇ ਚੋਜ ਨਿਆਰੇ। ਜਗਤ ਜਲੰਦਾ ਠਾਰਨ ਖਾਤਰ। ਡੁਬਦਿਆਂ ਤਾਈਂ ਤਾਰਨ ਖਾਤਰ। ਕਰਦੇ ਹੋਏ ਧਰਮ ਪ੍ਰਚਾਰ। ਪਹੁੰਚੇ ਪਟਨੇ ਸ਼ਹਿਰ ਦੇ ਬਾਹਰ। ਇੱਕ ਥਾਂ ਜਾ ਗੁਰ ਨਾਨਕ ਲੇਟੇ। ਨਿਰੰਕਾਰ ਦੇ ਸੋਹਣੇ ਬੇਟੇ। ਚਿਹਰੇ ’ਤੇ ਨੂਰੀ ਪ੍ਰਕਾਸ਼। ਬੈਠਾ ਹੈ ਮਰਦਾਨਾ ਪਾਸ। ਮਰਦਾਨੇ ਨੇ ਕੀਤਾ ਸੁਆਲ। ਦੱਸਿਉ ਮੈਨੂੰ ਦੀਨ ਦਇਆਲ। ਕਹਿੰਦੇ ਹੋ ਸੰਸਾਰ ਇਹ ਸਾਰਾ। ਇਕ ਓਅੰਕਾਰ ਦਾ ਹੈ ਪਾਸਾਰਾ। ਕਿਥੋਂ ਲਿਆਈਏ ਐਸੀ ਦ੍ਰਿਸ਼ਟੀ। ਜਾਪੇ ਉਸਦੀ ਸਾਰੀ ਸ੍ਰਿਸ਼ਟੀ। ਕਿਹੜੀ ਹੈ ਉਹ ਪਾਰਖੂ ਅੱਖ। ਵੇਖੇ ਨਾ ਜੋ ਵੱਖੋ ਵੱਖ। ਕਿਵੇਂ ਨੇ ਸਾਰੇ ਰੱਬ ਦੇ ਬੰਦੇ। ਭਾਵੇਂ ਚੰਗੇ ਭਾਵੇਂ ਮੰਦੇ। ਮੈਨੂੰ ਇਸ ਬਾਰੇ ਸਮਝਾਓ। ਥੋੜਾ ਜਿਹਾ ਹੁਣ ਚਾਨਣ ਪਾਓ। ਖਿੜੇ ਮੱਥੇ ਮਿਹਰਾਂ ਦੇ ਸਾਈਂ। ਕਹਿਣ ਲੱਗੇ ਮਰਦਾਨੇ ਤਾਈਂ। ਨਜ਼ਰ ਬੰਨ੍ਹ ਕੇ, ਵੇਖੀਏ ਜਿੱਦਾਂ। ਮਨ ਨੂੰ ਬੰਨ ਕੇ ਵੇਖ ਤੂੰ ਇੱਦਾਂ। ਟਿਕ ਜਾਏਗਾ ਮਨ ਜਦ ਤੇਰਾ। ਫਿਰ ਨਹੀਂ ਦਿੱਸਣਾ ਮੇਰਾ ਤੇਰਾ। ਦੂਰ ਹੋਏਗਾ ਘੁੱਪ ਹਨੇਰਾ। ‘ਓਹਦਾ’ ਜਾਪੂ ਚਾਰ ਚੁਫੇਰਾ। ਸ਼ਬਦਿ ਸੁਰਤਿ ਜਦ ਸੁਰ ਹੋ ਜਾਊ। ਅੰਦਰ ਅੰਮ੍ਰਿਤ ਰਸ ਫਿਰ ਆਊ। ਚੋਜੀ ਚੋਜ ਰਚਾਵਣ ਲੱਗੇ। ਸੇਵਕ ਨੂੰ ਸਮਝਾਵਣ ਲੱਗੇ। ਕਹਿੰਦੇ, ਭਾਈ ਮਰਦਾਨਾ ਜਾਹ। ਖਾਣ ਲਈ ਕੁਝ ਸ਼ਹਿਰੋਂ ਲਿਆ। ਲੈ ਜਾ ਇਹ ਲਾਲ ਜਿਹੀ ਵੱਟੀ। ਪਹੁੰਚ ਜਾ ਕਿਸੇ ਸ਼ਾਹ ਦੀ ਹੱਟੀ। ਵੇਚੀਂ, ਜੋ ਹੀਰੇ ਦਾ ਭੇਤੀ। ਖਾਣ ਲਈ ਕੁਝ ਲੈ ਆਈਂ ਛੇਤੀ। ਜਾਂਦੇ ਹੀ ਤੂੰ ਪਈਂ ਨਾ ਕਾਹਲਾ। ਮਿਲੂ ਕੋਈ ਮੁਲ ਪਾਵਣ ਵਾਲਾ। ਹੁਕਮ ਮੰਨ ਮਰਦਾਨਾ ਤੁਰਿਆ। ਨਾਨਕ ਦਾ ਦੀਵਾਨਾ ਤੁਰਿਆ। ਚੁੱਕ ਪੋਟਲੀ ਸ਼ਹਿਰ ਨੂੰ ਆਇਆ। ਕਈ ਦੁਕਾਨਾਂ ’ਤੇ ਦਿਖਲਾਇਆ। ਕਿਸੇ ਕਿਹਾ ਆ, ਆ ਕੇ ਬਹਿ ਜਾ। ਇਹਦਾ ਦੋ ਗਜ ਕਪੜਾ ਲੈ ਜਾ। ਕੋਈ ਕਹਿੰਦਾ ਜੇ ਤੂੰ ਹੈ ਖਾਣੇ। ਲੈ ਜਾ ਇਸਦੇ ਪਾਅ ਭਰ ਦਾਣੇ। ਕਹਿੰਦਾ ਇਕ ਹੋ ਬੜਾ ਦਿਆਲੂ। ਲੈ ਜਾ ਇਹਦੇ ਗੋਭੀ ਆਲੂ। ਪੱਥਰੀ ਇਹ ਮੁਲਾਇਮ ਤੇ ਕੂਲੀ। ਲੈ ਜਾ ਇਸਦੇ ਬਦਲੇ ਮੂਲੀ। ਕਿਸੇ ਕਿਹਾ ਇਹ ਲਾਲ ਹੈ ਥੋਹੜੀ। ਲੈ ਜਾ ਚੱਲ ਤੂੰ ਗੁੜ ਦੀ ਰੋੜੀ। ਕਿਸੇ ਨੇ ਕੋਈ ਮੁੱਲ ਨਾ ਪਾਇਆ। ਇਹ ਵੀ ਹੈਸੀ ‘ਓਹਦੀ’ ਮਾਇਆ। ਆਖਰ ਭੁੱਖਾ ਅਤੇ ਤਿਹਾਇਆ। ਸਾਲਸ ਰਾਇ ਦੀ ਹੱਟੀ ਆਇਆ। ਸਾਲਸ ਰਾਇ ਪਟਨੇ ਵਿੱਚ ਰਹਿੰਦਾ। ਰੱਬ ਦੀ ਰਜਾ ’ਚ ਉਠਦਾ ਬਹਿੰਦਾ। ਕਰਦਾ ਸੀ ਵਪਾਰ ਉਹ ਲਾਲਾ। ਹੀਰੇ ਰਤਨ ਜਵਾਹਰ ਵਾਲਾ। ਨਜ਼ਰ ਓਸਦੀ ਬੜੀ ਸੀ ਤਿੱਖੀ। ਖਰੇ ਖੋਟੇ ਦੀ ਪਰਖ ਸੀ ਸਿੱਖੀ। ਮਰਦਾਨਾ ਪੁੱਜਾ ਉਸ ਕੋਲ। ਹੌਲੀ ਹੌਲੀ ਬੋਲੇ ਬੋਲ। ਕਹਿੰਦਾ ਮੇਰੀ ਸੁਣੋ ਕਹਾਣੀ। ਛਕਣੈ ਅਸਾਂ ਨੇ ਅੰਨ ਤੇ ਪਾਣੀ। ਲੈ ਕੇ ਮੈਂ ਇਹ ਪੋਟਲੀ ਆਇਆ। ਇਹਦੇ ਵਿੱਚ ਇਕ ਚੀਜ਼ ਲਿਆਇਆ। ਵੇਚਣ ਲਈ ਹਾਂ ਆਇਆ ਇਹਨੂੰ। ਇਹਦੇ ਦੇ ਦਿਉ ਪੈਸੇ ਮੈਨੂੰ। ਸਾਲਸ ਰਾਇ ਪੋਟਲੀ ਖੋਲੀ। ਕਹਿੰਦਾ ਮੈਂ ਤਾਂ ਵਾਰੇ ਘੋਲੀ। ਜਿੱਦਾਂ ਹੀ ਉਹਨੇ ਅੰਦਰ ਤੱਕਿਆ। ਓਦਾਂ ਹੀ ਉਹਨੂੰ ਹੱਥੀਂ ਢੱਕਿਆ। ਕਹਿਣ ਲੱਗਾ ਉਹ ਨੌਕਰ ਤਾਂਈਂ। ਅੰਦਰੋਂ ਜਾ ਕੇ ਪੈਸੇ ਲਿਆਈਂ। ਕਹਿੰਦਾ ਵੇਖੀ ਦੁਨੀਆਂ ਸਾਰੀ। ਤੇਰਾ ਮਾਲਕ ਵੱਡਾ ਵਪਾਰੀ। ਖਰਾ ਸੌਦਾ ਕੋਈ ਖਾਸ ਵਿਸ਼ੇਸ਼। ਵੇਚ ਰਿਹੈ ਉਹ ਦੇਸ਼ ਵਿਦੇਸ਼। ਵਾਪਸ ਲੈ ਜਾ ਤੂੰ ਇਹ ਲਾਲ। ਤੱਕ ਤੱਕ ਮੈਂ ਤਾਂ ਹੋਇਆ ਨਿਹਾਲ। 100 ਰੁਪਈਆ ਵਿੱਚ ਵਲੇਟਾ। ਇਹ ਤਾਂ ਇਸਦੀ ਦਰਸ਼ਨ ਭੇਟਾ। ਇਹ ਤਾਂ ਲਾਲ ਕੋਈ ਅਨਮੁੱਲ। ਇਹਦਾ ਦੁਨੀਆਂ ਵਿੱਚ ਨਹੀਂ ਮੁੱਲ। ਫਿਰ ਜੇ ਇਹਨੂੰ ਵੇਚਣ ਆਈਂ। ਇਹਦਾ ਮਾਲਕ ਨਾਲ ਲਿਆਈਂ। ਵੱਡਾ ਜੋਹਰੀ ਜਾਣੀ ਜਾਣ। ਲੈ ਰਿਹੈ ਸਾਡਾ ਇਮਤਿਹਾਨ। ਛੱਡੀ ਫਿਰਦੈ ਦੁਨੀਆਂਦਾਰੀ। ਤੇਰਾ ਮਾਲਕ ਪ੍ਰਉਪਕਾਰੀ। ਸੌ ਰੁਪਈਏ ਲੈ ਕੇ ਰਾਸ। ਸਿੱਖ ਪਹੁੰਚਾ ਸਤਿਗੁਰ ਦੇ ਪਾਸ। ਕਹਿੰਦਾ ਦਾਤਾ ਤੇਰੀ ਮਾਇਆ। ਮੈਨੂੰ ਤਾਂ ਕੁਝ ਸਮਝ ਨਾ ਆਇਆ। ਕਿਸੇ ਨੇ ਮੂਲੋਂ ਮੁੱਲ ਨਾ ਪਾਇਆ। ਕਿਸੇ ਨੇ ਦਰਸ਼ਨ ਭੇਟ ਚੜ੍ਹਾਇਆ। ਸਤਿਗੁਰ ਨਾਨਕ ਹੱਸ ਪਏ ਸੀ। ਮਿਹਰਾਂ ਦੇ ਮੀਂਹ ਵੱਸ ਪਏ ਸੀ। ਕਹਿੰਦੇ ਏਹੀਓ ਹੁੰਦੀ ਅੱਖ। ਜਿਸਨੂੰ ਦਿੱਸ ਜਾਂਦੈ ਪ੍ਰਤੱਖ। ਸ਼ਬਦ ਸੁਰਤਿ ਦਾ ਜੀਹਨੂੰ ਗਿਆਨ। ਉਹਦੀ ਦ੍ਰਿਸ਼ਟੀ ਹੈ ਮਹਾਨ। ਇਹ ਹੈ ਸਭ ਦ੍ਰਿਸ਼ਟੀਆਂ ਤੋਂ ਪਰੇ। ਦਿਸੇ ਉਹਨੂੰ, ਜੀਹਦਾ ਆਪਾ ਮਰੇ। ਬੰਦੇ ਨੂੰ ਫਿਰ ਆਉਂਦੈ ਸੁਆਦ। ਝੂਮਣ ਲੱਗਦੈ ਵਿੱਚ ਵਿਸਮਾਦ। ਏਨੇ ਚਿਰ ਨੂੰ ਸਾਲਸ ਰਾਇ। ਸਤਿਗੁਰ ਦੇ ਲਈ ਭੋਜਨ ਲਿਆਏ। ਪਿਆਰ ਨਾਲ ਪ੍ਰਸ਼ਾਦਾ ਪੱਕਿਆ। ਮਰਦਾਨੇ ਤੇ ਬਾਬੇ ਛੱਕਿਆ। ਦਿੱਬ ਦ੍ਰਿਸ਼ਟ ਦਾ ਦਿੱਤਾ ਦਾਨ। ਬਾਬਾ ਨਾਨਕ ਬੜਾ ਮਹਾਨ। ‘ਜਾਚਕ’ ਬਾਬੇ ਹੋ ਨਿਹਾਲ। ਬਣਵਾਈ ਓਥੇ ਧਰਮਸਾਲ। (ਅੱਜਕੱਲ ਗੁਰਦੁਆਰਾ ਗਊਘਾਟ, ਪਟਨਾ ਸਾਹਿਬ)

ਗੁਰੂ ਅੰਗਦ ਦੇਵ ਜੀ

ਗੁੜ੍ਹਤੀ ਨਾਮ ਦੀ ਮਿਲੀ ਸੀ ਵਿੱਚ ਵਿਰਸੇ, ਧਿਆਨ ਭਗਤੀ ’ਚ ਲਾਉਂਦਾ ਸੀ ਭਾਈ ਲਹਿਣਾ। ਮਾਤਾ ਪਿਤਾ ਜੀ ਦੇਵੀ ਦੇ ਭਗਤ ਹੈਸਨ, ਜੱਸ ਓਸੇ ਦਾ ਗਾਉਂਦਾ ਸੀ ਭਾਈ ਲਹਿਣਾ। ਹਰ ਸਾਲ ਹੀ ਦੇਵੀ ਦੇ ਦਰਸ਼ਨਾਂ ਨੂੰ, ਪੈਦਲ ਚੱਲ ਕੇ ਆਉਂਦਾ ਸੀ ਭਾਈ ਲਹਿਣਾ। ਉਹਨੂੰ ਮੁਖੀ ਬਣਾਇਆ ਸੀ ਸੰਗਤਾਂ ਨੇ, ਜੱਥੇਦਾਰ ਕਹਾਉਂਦਾ ਸੀ ਭਾਈ ਲਹਿਣਾ। ਓਹਨਾਂ ਪਿੰਡ ਖਡੂਰ ’ਚ ਰਹਿੰਦਿਆਂ ਹੀ, ਭਾਈ ਜੋਧ ਕੋਲੋਂ ਬਾਣੀ ਸੁਣੀ ਹੈਸੀ । ਸੁਣਦੇ ਸਾਰ ਹੀ ਉਹਦੇ ਕਪਾਟ ਖੁਲ੍ਹ ਗਏ, ਵੱਜਣ ਲੱਗ ਪਈ ਨਾਮ ਦੀ ਧੁਣੀ ਹੈਸੀ । ਕਾਫੀ ਸਮੇਂ ਤੋਂ ਤੜਪ ਸੀ ਰਿਹਾ ਜਿਹੜਾ, ਪੀੜ ਓਸਦੇ ਦਿਲ ਦੀ ਚੁਣੀ ਹੈਸੀ । ਗੁਰੂ ਨਾਨਕ ਦੇ ਪਾਵਨ ਦਰਸ਼ਨਾਂ ਲਈ, ਛਿੜੀ ਉਸ ਅੰਦਰ ਝੁਣਝੁਣੀ ਹੈਸੀ । ਭਾਈ ਜੋਧ ਨੇ ਲਹਿਣੇ ਨੂੰ ਦੱਸਿਆ ਸੀ, ਨਿਰੇ ਰੱਬ ਦੇ ਨੂਰ ਨੇ ਗੁਰੂ ਨਾਨਕ। ਏਸ ਧੁਰ ਕੀ ਬਾਣੀ ਦੇ ਰਚਨਹਾਰੇ, ਸਰਬ ਕਲਾ ਭਰਪੂਰ ਨੇ ਗੁਰੂ ਨਾਨਕ। ਰਾਵੀ ਕੰਢੇ ਕਰਤਾਰਪੁਰ ਹੈ ਕਸਬਾ, ਉਥੇ ਹਾਜ਼ਰ ਹਜ਼ੂਰ ਨੇ ਗੁਰੂ ਨਾਨਕ। ਵਹਿਮ, ਭਰਮ, ਪਾਖੰਡ ਸਭ ਤੋੜ ਕੇ ਤੇ, ਕਰਦੇ ਚਕਨਾਚੂਰ ਨੇ ਗੁਰੂ ਨਾਨਕ। ਪਈ ਖਿੱਚ ਸੀ ਲਹਿਣੇ ਨੂੰ ਧੁਰ ਅੰਦਰੋਂ, ਸ਼ਰਧਾ ਵਿੱਚ ਹੈਸੀ ਸ਼ਰਧਾਵਾਨ ਆਇਆ। ਬਹਿ ਕੇ ਘੋੜੇ ਤੇ ਚੱਲ ਸੀ ਪਿਆ ਰਾਹੀ, ਧਰ ਕੇ ਓਸੇ ਦਾ ਸੀ ਧਿਆਨ ਆਇਆ। ਮੰਜ਼ਿਲ ਮਾਰ ਕੇ ਵਿੱਚ ਕਰਤਾਰਪੁਰ ਦੇ, ਗੁਰੂ ਦਰਸ਼ਨਾਂ ਦਾ ਚਾਹਵਾਨ ਆਇਆ। ਇਧਰ ਦਿਲ ਦੀ ਦਿਲ ’ਚ ਤਾਰ ਖੜ੍ਹਕੀ, ਅੱਗੋਂ ਲੈਣ ਉਹਨੂੰ ਜਾਣੀ ਜਾਣ ਆਇਆ। ‘ਨਾਨਕ ਤਪੇ’ ਦਾ ਪੁਛਿਆ ਘਰ ਲਹਿਣੇ, ਅੱਖਾਂ ਸਾਹਵੇਂ ਜਦ ਇਕ ਇਨਸਾਨ ਆਇਆ। ਅੱਗੋਂ ਕਿਹਾ ਉਸ, ਘਰ ਮੈਂ ਛੱਡ ਆਉਂਦਾ, ਲੱਗਦਾ ਤੂੰ ਤਾਂ ਕੋਈ ਮਹਿਮਾਨ ਆਇਆ। ਲਹਿਣਾ ਘੋੜੇ ’ਤੇ, ਪੈਦਲ ਸਨ ਆਪ ਸਤਿਗੁਰ, ਚੋਜੀ ਚੋਜ ਸੀ ਕੋਈ ਵਰਤਾਨ ਆਇਆ। ਆਖਰ ਚੱਲਦਾ ਚੱਲਦਾ ਜਾ ਰੁਕਿਆ, ਗੁਰੂ ਨਾਨਕ ਦਾ ਜਿਥੇ ਸਥਾਨ ਆਇਆ। ਚੰਦ ਪਲਾਂ ’ਚ ਲਹਿਣੇ ਨੇ ਤੱਕਿਆ ਕੀ, ਸਾਹਵੇਂ ਤਖ਼ਤ ’ਤੇ ਉਹੀਉ ਇਨਸਾਨ ਆਇਆ। ਇਹ ਤਾਂ ਆਪ ਪ੍ਰਤੱਖ ਸਨ ਗੁਰੂ ਨਾਨਕ, ਲੈਣ ਭਗਤ ਨੂੰ ਆਪ ਭਗਵਾਨ ਆਇਆ। ਢਹਿ ਪਿਆ ਸੀ ਚਰਨਾਂ ’ਤੇ ਭਾਈ ਲਹਿਣਾ, ਹੋਈ ਗਲਤੀ ਦਾ ਜਦੋਂ ਧਿਆਨ ਆਇਆ। ਗੁਰਾਂ ਚੁੱਕ ਕੇ ਸੀਨੇ ਦੇ ਨਾਲ ਲਾਇਆ, ਮਿਹਰਾਂ ਵਿੱਚ ਹੈਸੀ, ਮਿਹਰਵਾਨ ਆਇਆ। ਗੁਰੂ ਨਾਨਕ ਨੇ ਮੁੱਖ ’ਚੋਂ ਬਚਨ ਕੀਤੇ, ਇਥੇ ਲੈਣ ਲਈ ਆਇਆ ਤੂੰ ਲਾਹ ਲਹਿਣੇ। ਏਸ ਨਗਰ ’ਚ ਪਹੁੰਚ ਕੇ ਤੂੰ ਇਥੇ, ਪੂਰਾ ਕੀਤਾ ਏ ਪਹਿਲਾ ਪੜਾ ਲਹਿਣੇ। ਜਿਵੇਂ ਘੋੜੀ ਦੇ ਗਲੇ ’ਚ ਟੱਲ ਖੜਕੇ, ਉਵੇਂ ਮਨ ਦਾ ਬੂਹਾ ਖੜਕਾ ਲਹਿਣੇ। ਜਿਵੇਂ ਘੋੜੀ ਦੀਆਂ ਵਾਗਾਂ ਫੜਾ ਦਿਤੀਆਂ, ਉਵੇਂ ਮਨ ਦੀਆਂ ਵਾਗਾਂ ਫੜਾ ਲਹਿਣੇ। ਸੱਧਰ ਦਿਲ ਅੰਦਰ, ਦਰਸ਼ਨ ਕਰਨ ਵਾਲੀ, ਪੂਰੀ ਹੋ ਗਈ ਪੁਰ ਕਰਤਾਰ ਅੰਦਰ। ਹਿਰਦਾ ਖਿੜ ਗਿਆ ਵੇਖ ਕੇ ਮੁੱਖ ਨੂਰੀ, ਨੂਰ ਝਲਕਦਾ ਨੂਰੀ ਦਰਬਾਰ ਅੰਦਰ। ਮਿਲ ਗਿਆ ਸੀ ਚਾਨਣ ਦਾ ਮਹਾਂ ਸੋਮਾਂ, ਸੀਸ ਝੁੱਕ ਗਿਆ ਉਹਦੇ ਸਤਿਕਾਰ ਅੰਦਰ। ਨਿਰਮਲ ਹੋ ਗਿਆ ਤਨ ਤੇ ਮਨ ਉਹਦਾ, ਲਿਵ ਲੱਗ ਗਈ ਸਤਿ ਕਰਤਾਰ ਅੰਦਰ। ਧੁਰ ਅੰਦਰੋਂ ਲਹਿਣਾ ਸੀ ਲੀਨ ਹੋਇਆ, ਫੁਟਿਆ ਨਾਮ ਦਾ ਸੋਮਾਂ ਸਾਕਾਰ ਅੰਦਰ। ਹਾਲਤ ਹੋ ਗਈ ਚੰਨ ਚਕੋਰ ਵਾਂਗੂ, ਪੂਰਾ ਗੁਰੂ ਸੀ ਮਿਲਿਆ ਸੰਸਾਰ ਅੰਦਰ। ਗੁਰੂ ਨਾਨਕ ਵੀ ਦਿਲ ’ਚ ਸੋਚਿਆ ਸੀ, ਲਹਿਣਾ ਲੈਣ ਲਈ ਆਇਐ ਦਰਬਾਰ ਅੰਦਰ। ਸੇਵਾ ਏਥੇ ਹੀ ਕਰਨੀ ਏ ਉਮਰ ਸਾਰੀ, ਨਿਸਚਾ ਲਿਆ ਸੀ ਲਹਿਣੇ ਨੇ ਧਾਰ ਅੰਦਰ। ਰੱਬੀ ਬਖਸ਼ਿਸ਼ਾਂ ਓਸ ’ਤੇ ਧੁਰੋਂ ਹੋਈਆਂ, ਸੇਵਾ ਕੀਤੀ ਉਸ ਸਿਦਕ ਦੇ ਨਾਲ ਹੈਸੀ। ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਤਕੜੀ ਬੜੀ ਹੀ ਘਾਲੀ ਉਸ ਘਾਲ ਹੈਸੀ। ਸੁਘੜ ਸਿਆਣੇ ਤੇ ਪੁੰਜ ਸੀ ਨਿਮਰਤਾ ਦੇ, ਕੀਤਾ ਕੰਮ ਹਰ ਬੇਮਿਸਾਲ ਹੈਸੀ। ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ, ਹੱਲ ਕੀਤਾ ਪਰ ਹਰ ਸੁਆਲ ਹੈਸੀ। ਗਿੱਲੇ ਘਾਹ ਦੀ ਚੁੱਕੀ ਜਦ ਪੰਡ ਸਿਰ ’ਤੇ, ਗੰਦਾ ਹੋ ਗਿਆ ਜਾਮਾ ਬਹੁਮੁੱਲ, ਵੇਖੋ। ਤੱਕ ਕੇ ਮਾਤ ਸੁਲੱਖਣੀ ਕਹਿਣ ਲੱਗੇ, ਹੋ ਗਈ ਸਾਂਈਂ ਜੀਉ, ਵੱਡੀ ਭੁੱਲ, ਵੇਖੋ। ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਛਿੱਟੇ ਚਿੱਕੜ ਦੇ ਕੇਸਰ ਦੇ ਤੁੱਲ, ਵੇਖੋ। ਨਹੀਂ ਘਾਹ ਦੀ ਪੰਡ ਇਹ ਸਿਰ ਉੱਤੇ, ਦੀਨ ਦੁਨੀ ਦਾ ਛੱਤਰ ਰਿਹੈ ਝੁੱਲ, ਵੇਖੋ। ਪੰਡਾਂ ਘਾਹ ਦੀਆਂ ਚੁੱਕੀਆਂ ਸਿਰ ਉੱਤੇ, ਕਦੇ ਮੱਥੇ ’ਤੇ ਪਾਇਆ ਨਾ ਵੱਟ ਲਹਿਣੇ। ਡਿੱਗ ਪਿਆ ਕਟੋਰਾ ਜਦ ਟੋਏ ਅੰਦਰ, ਗੰਦੇ ਪਾਣੀ ’ਚੋਂ ਕੱਢਿਆ ਝੱਟ ਲਹਿਣੇ। ਕੰਧ ਮੀਂਹ ਨਾਲ ਢੱਠੀ ਬਣਾ ਦਿੱਤੀ, ਸਾਰੀ ਰਾਤ ਹੀ ਠੰਢ ’ਚ ਕੱਟ ਲਹਿਣੇ। ਮੁਰਦਾ ਖਾਣ ਦੇ ਹੁਕਮ ਨੂੰ ਮੰਨ ਕੇ ਤੇ, ਦੀਨ ਦੁਨੀ ਦੀ ਖੱਟੀ ਲਈ ਖੱਟ ਲਹਿਣੇ। ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ, ਲਹਿਣੇ ਤਾਂਈਂ ਫਿਰ ਮੁੱਖੋਂ ਸੀ ਕਿਹਾ ਅੰਗਦ। ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕੀਤੈ, ਤੇਰੇ ਮੇਰੇ ’ਚ ਫਰਕ ਨਾ ਰਿਹਾ ਅੰਗਦ। ਘੜਿਐ ਸੁਰਤ ਦੀ ਸੱਚੀ ਟਕਸਾਲ ਤੈਨੂੰ, ਹੋ ਗਿਆ ਤੂੰ ਮੇਰੇ ਹੀ ਜਿਹਾ ਅੰਗਦ। ਤੈਨੂੰ ਜੋਤ ਮੈ ਆਪਣੀ ਸੋਂਪ ਰਿਹਾਂ, ਜਿਹੀ ਜੋਤ ਨਾਨਕ, ਚਾਨਣ ਤਿਹਾ ਅੰਗਦ। ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਦੂਜੇ ਪਾਤਸ਼ਾਹ ਅਮਰ ਬਹਾਰ ਕੀਤਾ। ਚਲਦਾ ਗੁਰੂ ਕਾ ਲੰਗਰ ਸੀ ਹਰ ਵੇਲੇ, ਮਾਤਾ ਖੀਵੀ ਜੋ ਹੱਥੀਂ ਤਿਆਰ ਕੀਤਾ। ਵਹਿਮ ਭਰਮ ਫੈਲਾਏ ਜੋ ਭੇਖੀਆਂ ਨੇ, ਉਹ ਸਭ ਮੰਨਣ ਤੋਂ ਗੁਰਾਂ ਇਨਕਾਰ ਕੀਤਾ। ਊਚ ਨੀਚ ਦੇ ਭਰਮ ਭੁਲੇਖਿਆਂ ਤੋਂ, ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ। ਲੰਘਿਆ ਜਦੋਂ ਹਿਮਾਯੂ ਖਡੂਰ ਵਿੱਚੋਂ, ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਤੇ। ਹੁੰਦਾ ਵੇਖ ਨਾ ਕੋਈ ਸਤਿਕਾਰ ਏਥੇ, ਚੰਡੀ ਕੱਢੀ ਸੀ ਗੁੱਸੇ ਵਿੱਚ ਆ ਕੇ ਤੇ। ਨਹੀਂ ਜਾਇਜ ਫ਼ਕੀਰਾਂ ’ਤੇ ਵਾਰ ਕਰਨਾ, ਮੁੱਖੋਂ ਸਤਿਗੁਰਾਂ ਕਿਹਾ ਮੁਸਕਾ ਕੇ ਤੇ। ਰਾਜ ਭਾਗ ਤੂੰ ਆਪਣਾ ਲੈ ਵਾਪਸ, ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ। ਸਮੇਂ ਸਮੇਂ ’ਤੇ ਸਿੱਖਾਂ ਨੂੰ ਕਿਹਾ ਉਨ੍ਹਾਂ, ਸੱਚਾ ਸੁੱਚਾ ਹਮੇਸ਼ਾਂ ਵਿਵਹਾਰ ਕਰਨੈ। ਧਰਤੀ ਵਾਂਗ ਹੀ ਸੀਤਲ ਸੁਭਾਅ ਰੱਖਣੈ, ਕਦੇ ਭੁੱਲ ਕੇ ਨਹੀਂ ਹੰਕਾਰ ਕਰਨੈ। ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ, ਦਾਨ ਪੁੰਨ ਤੇ ਪਰਉਪਕਾਰ ਕਰਨੈ। ਰਹਿਕੇ ਵਿੱਚ ਗ੍ਰਿਹਸਤ ਦੇ ਕਮਲ ਵਾਂਗ਼ੂੰ, ਹਰ ਇੱਕ ਦੇ ਨਾਲ ਪਿਆਰ ਕਰਨੈ। ਮੱਲ ਅਖਾੜੇ ਸਜਾ ਕੇ ਪਾਤਸ਼ਾਹ ਨੇ, ਕਸਰਤ ਕਰਨ ਦੀ ਦਿੱਤੀ ਸਿਖਲਾਈ ਸੋਹਣੀ। ਲਿੱਪੀ ਗੁਰਮੁਖੀ ਵੱਲ ਧਿਆਨ ਦੇ ਕੇ, ਬਾਲਾਂ ਤਾਈਂ ਪੰਜਾਬੀ ਪੜ੍ਹਾਈ ਸੋਹਣੀ। ਬਾਬੇ ਨਾਨਕ ਦੇ ਜੀਵਨ ਬ੍ਰਿਤਾਂਤ ਵਾਲੀ, ਜਨਮ ਸਾਖੀ ਵੀ ਆਪ ਲਿਖਵਾਈ ਸੋਹਣੀ। ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ, ਕਈ ਸਾਲਾਂ ਤੱਕ ‘ਜਾਚਕ’ ਨਿਭਾਈ ਸੋਹਣੀ।

ਗੁਰੂ ਅੰਗਦ ਦੇਵ ਜੀ ਵਲੋਂ ਸੇਵਾ ਤੇ ਗੁਰਗੱਦੀ

ਗੁਰੂ ਨਾਨਕ ਮਹਾਰਾਜ ਦੀ ਹੋਈ ਬਖਸ਼ਿਸ਼, ਭਵਸਾਗਰ ਤੋਂ ਤਰ ਗਿਆ ਭਾਈ ਲਹਿਣਾ। ਹਰ ਹੁਕਮ ਨੂੰ ਮੰਨ ਕੇ ਖਿੜੇ ਮੱਥੇ, ਨਾਲ ਰਹਿਮਤਾਂ ਭਰ ਗਿਆ ਭਾਈ ਲਹਿਣਾ। ਏਸੇ ਦਰ ਦੇ ਹੋ ਕੇ ਰਹਿ ਗਿਆ ਓਹ, ਨਾ ਫਿਰ ਹੋਰ ਕਿਸੇ ਦਰ ਗਿਆ ਭਾਈ ਲਹਿਣਾ। ਓਦਾਂ ਸੇਵਾ ਨਹੀਂ ਕੋਈ ਵੀ ਕਰ ਸਕਿਆ, ਜਿੱਦਾਂ ਸੇਵਾ ਸੀ ਕਰ ਗਿਆ ਭਾਈ ਲਹਿਣਾ। ਦਿਨ ਰਾਤ ਓਹ ਸੇਵਾ ’ਚ ਮਗਨ ਰਹਿੰਦੇ, ਰਹਿੰਦੇ ਸਦਾ ਹੀ ਹਾਜ਼ਰ ਹਜ਼ੂਰ ਹੈਸਨ। ਗੁਰੂ ਨਾਨਕ ਦੇ ਦਰ ਦੇ ਬਣ ਗੋਲੇ, ਬਣ ਗਏ ਓਨ੍ਹਾਂ ਦੇ ਚਰਨਾਂ ਦੀ ਧੂਰ ਹੈਸਨ। ਗੁਰੂ ਸਾਹਿਬ ਦੀ ਸੰਗਤ ਦੇ ਸਦਕਾ, ਵਹਿਮ, ਭਰਮ, ਪਖੰਡ ਹੋਏ ਦੂਰ ਹੈਸਨ। ਗੁਰੂ ਨਾਨਕ ਮਹਾਂਨੂਰ ਤੋਂ ਨੂਰ ਲੈ ਕੇ, ਹੋ ਗਏ ਲਹਿਣਾ ਜੀ ਨੂਰੋ ਨੂਰ ਹੈਸਨ। ਗੁਰੂ ਸਾਹਿਬ ਗੁਰਗੱਦੀ ਤੇ ਬੈਠ ਕੇ ਤੇ, ਦੈਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ। ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਗੁਰੂ ਅੰਗਦ ਦੇ ਰੂਪ ਵਿੱਚ ਆਈ ਸੋਹਣੀ। ਗੁਰੂ ਸਾਹਿਬ ਨੇ ਆ ਕੇ ਖਡੂਰ ਸਾਹਿਬ, ਜਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ। ਗੁਰੂ ਘਰ ਨਾਲ ਜੋੜ ਕੇ ਸੰਗਤਾਂ ਨੂੰ, ਪਾਵਨ ਗੁਰਮਤਿ ਦੀ ਲਹਿਰ ਚਲਾਈ ਸੋਹਣੀ। ਚਾਰੇ ਪਾਸੇ ਹਰਿਆਲੀ ਤੋਂ ਪਤਾ ਲੱਗਦੈ, ਹੈ ਰਮਣੀਕ ਅਸਥਾਨ ਖਡੂਰ ਸਾਹਿਬ। ਚਾਰ ਚੰਨ ਇਸ ਧਰਤੀ ਨੂੰ ਲਾਉਣ ਆਏ, ਅੱਠ ਗੁਰੂ ਸਾਹਿਬਾਨ ਖਡੂਰ ਸਾਹਿਬ। ਗੁਰੂ ਅੰਗਦ ਮਹਾਰਾਜ ਜੀ ਬਣੇ ਏਦਾਂ, ਸਿੱਖ ਪੰਥ ਦੀ ਸ਼ਾਨ ਖਡੂਰ ਸਾਹਿਬ। ਬਹਿ ਕੇ ਗੁਰਗੱਦੀ, ਦੂਜੇ ਪਾਤਸ਼ਾਹ ਨੇ, ਵੰਡਿਆ ਗੁਰਮਤਿ ਗਿਆਨ, ਖਡੂਰ ਸਾਹਿਬ। ਆਓ ਮੰਗੀਏ ਗੁਰੂ ਦੇ ਦਰ ਉਤੋਂ, ਸੇਵਾ ਸਿਮਰਨ ਨੂੰ ਝੋਲੀ ਵਿੱਚ ਪਾ ਦਾਤਾ। ਲਗਨ ਲਾਈ ਜੋ ਚਰਨਾਂ ਨਾਲ ਪਾਤਸ਼ਾਹ ਦੇ, ਸਾਡੇ ਅੰਦਰ ਵੀ ਲਗਨ ਓਹ ਲਾ ਦਾਤਾ। ਜਿਸਦੇ ਨਾਲ ਗਿਆਨ ਦਾ ਹੋਏ ਚਾਨਣ, ਓਹ ਗਿਆਨ ਦੀ ਜੋਤ ਜਗਾ ਦਾਤਾ। ਆਪਣੇ ਦਰ ਤੋਂ ਬਖਸ਼ ਕੇ ਨਾਮ ਸਿਮਰਨ, ਆਵਾਗਵਣ ਦਾ ਗੇੜ ਮੁਕਾ ਦਾਤਾ।

ਗੁਰੂ ਅਮਰਦਾਸ ਜੀ

ਬਹਿ ਕੇ ਗੁਰਗੱਦੀ ਕਿਹਾ ਸੰਗਤਾਂ ਨੂੰ, ਕਰੋ ਸਿੱਖੀ ਦੀ ਪੱਕੀ ਬੁਨਿਆਦ ਪਹਿਲਾਂ। ਊਚ ਨੀਚ ’ਚ ਜਿਹੜੇ ਵਿਸ਼ਵਾਸ ਕਰਦੇ, ਛੇੜੋ ਉਨ੍ਹਾਂ ਵਿਰੁੱਧ ਜਹਾਦ ਪਹਿਲਾਂ। ਘੁਣ ਵਾਂਗ ਜੋ ਖਾਣ ਮਨੁੱਖਤਾ ਨੂੰ, ਜਾਤਾਂ-ਪਾਤਾਂ ਤੋਂ ਹੋਵੋ ਆਜ਼ਾਦ ਪਹਿਲਾਂ। ਦਰਸ਼ਨ ਕਰਨੇ ਨੇ ਜੇਸ ਵੀ ਸਿੱਖ ਮੇਰੇ, ਬਹਿ ਕੇ ਪੰਗਤ ’ਚ ਛਕੇ ਪ੍ਰਸ਼ਾਦਿ ਪਹਿਲਾਂ। ਵਹਿਮਾਂ ਭਰਮਾਂ ਦੇ ਵਿੱਚ ਜੋ ਹੈ ਫਸਿਆ, ਸਮਝੋ ਸਿੱਖ ਉਹ ਨਾਮ ਧਰੀਕ ਸਿੱਖੋ। ਨਾਲ ਤੁਸਾਂ ਦੇ ਬੁਰਾ ਕੋਈ ਕਰੇ ਫਿਰ ਵੀ, ਗੁੱਸਾ ਆਵੇ ਨਾ ਥੋਡੇ ਨਜ਼ਦੀਕ ਸਿੱਖੋ। ਐਸੇ ਦੋਖੀ ਨੂੰ ਸਜਾ ਜ਼ਰੂਰ ਮਿਲਦੀ, ਸਮਝੋ ਏਸ ਨੂੰ ਪੱਥਰ ’ਤੇ ਲੀਕ ਸਿੱਖੋ। ਚੱਕੀ ਵਾਹਿਗੁਰੂ ਦੀ ਚਲਦੀ ਬਹੁਤ ਹੌਲੀ, ਆਟਾ ਪੀਸਦੀ ਐਪਰ ਬਰੀਕ ਸਿੱਖੋ। ਨੱਕੋ ਨੱਕ ਜੋ ਹਊਮੈ ਦੇ ਨਾਲ ਭਰਿਆ, ਉਸ ਤਪੇ ਦੀ ਕੀਤੀ ਸੁਧਾਈ ਦਾਤੇ। ਜਾਤਾਂ ਪਾਤਾਂ ਦਾ ਖਾਤਮਾ ਕਰਨ ਖਾਤਿਰ, ਗੋਇੰਦਵਾਲ ’ਚ ਬਾਉਲੀ ਬਣਵਾਈ ਦਾਤੇ। ਰਸਮ ਸਤੀ ਦੀ ਸਦੀਆਂ ਤੋਂ ਚਲੀ ਆਉਂਦੀ, ਉਸ ਵਿਰੁੱਧ ਆਵਾਜ਼ ਉਠਾਈ ਦਾਤੇ। ਘੁੰਡ ਪਰਦੇ ਤੋਂ ਵਰਜਿਆ ਬੀਬੀਆਂ ਨੂੰ, ਵਿਧਵਾ ਵਿਆਹ ਦੀ ਰੀਤ ਚਲਾਈ ਦਾਤੇ। ਪ੍ਰੇਮਾ ਕੋਹੜੀ ਜਦ ਪ੍ਰੇਮ ’ਚ ਲੀਨ ਹੋਇਆ, ਓ੍ਹਦਾ ਰੋਗ ਮਿਟਾਇਆ ਸੀ ਪਾਤਸ਼ਾਹ ਨੇ। ਭਾਈ ਪਾਰੋ ਦੀ ਸਿੱਖੀ ’ਤੇ ਰੀਝ ਕੇ ਤੇ, ਉਹਨੂੰ ਕੋਲ ਬੁਲਾਇਆ ਸੀ ਪਾਤਸ਼ਾਹ ਨੇ। ਉਹਦੇ ਤਾਂਈਂ ਗੁਰਸਿੱਖੀ ਦਾ ਦਾਨ ਦੇ ਕੇ, ਸੀਨੇ ਨਾਲ ਲਗਾਇਆ ਸੀ ਪਾਤਸ਼ਾਹ ਨੇ। ਭੁੱਲੇ ਭਟਕਿਆਂ ਨੂੰ ਜੀਵਨ ਦਾਨ ਦੇ ਕੇ, ਸੱਚੇ ਸੇਵਕ ਬਣਾਇਆ ਸੀ ਪਾਤਸ਼ਾਹ ਨੇ। ਹੋਕਾ ਦੇਣ ਖਾਤਿਰ ਸਾਂਝੀਵਾਲਤਾ ਦਾ, ਪੰਗਤ ਸੰਗਤ ਤੇ ਕੀਤਾ ਇਸ਼ਨਾਨ ਸਾਂਝਾ। ਆਇਆ ਅਕਬਰ ਵੀ ਜਦੋਂ ਸੀ ਦਰਸ਼ਨਾਂ ਨੂੰ, ਛੱਕਿਆ ਲੰਗਰ ਸੀ ਨਾਲ ਸਨਮਾਨ ਸਾਂਝਾ। ਕਿਸੇ ਧਰਮ ਦਾ ਵਿਤਕਰਾ ਨਹੀਂ ਏਥੇ, ਹਰ ਇਕ ਸਿੱਖ ਹਿੰਦੂ ਮੁਸਲਮਾਨ ਸਾਂਝਾ। ਬਿਨਾਂ ਕਿਸੇ ਵੀ ਵੰਡ ਤੇ ਵਿਤਕਰੇ ਦੇ, ਵੰਡਿਆ ਗੁਰਾਂ ਨੇ ਰੱਬੀ ਗਿਆਨ ਸਾਂਝਾ। ਬਾਈ ਮੰਜੀਆਂ ਥਾਪ ਕੇ ਪਾਤਸ਼ਾਹ ਨੇ, ਥਾਂ ਥਾਂ ਸਿੱਖੀ ਦਾ ਸ਼ੁਰੂ ਪ੍ਰਚਾਰ ਕੀਤਾ। ਪੱਕੇ ਪੈਰਾਂ ’ਤੇ ਖੜ੍ਹੀ ਹੋ ਜਾਏ ਸਿੱਖੀ, ਏਸ ਜਜ਼ਬੇ ਨੂੰ ਦਿਲ ਵਿੱਚ ਧਾਰ ਕੀਤਾ। ’ਕੱਠਾ ਕਰਨ ਲਈ ਇਕ ਥਾਂ ਸੰਗਤਾਂ ਨੂੰ, ਸੀ ਵਿਸਾਖੀ ਦਾ ਸ਼ੁਰੂ ਤਿਉਹਾਰ ਕੀਤਾ। ਇਕੋ ਤੰਦ ਨਾਲ ਬੰਨ੍ਹ ਕੇ ਸਾਰਿਆਂ ਨੂੰ, ਸਾਂਝਾ ਸਿੱਖੀ ਦਾ ਸਾਰਾ ਪ੍ਰਵਾਰ ਕੀਤਾ। ਰਚੀ ਪਹਿਲੇ ਤੇ ਦੂਸਰੇ ਪਾਤਸ਼ਾਹ ਜੋ, ਰੱਬੀ ਬਾਣੀ ਦੀ ਕੀਤੀ ਸੰਭਾਲ ਸਾਹਿਬਾਂ। ਆਪ ਰਾਗਾਂ ਸਤਾਰਾਂ ਵਿਚ ਰਚੀ ਬਾਣੀ, ਬੜੇ ਪ੍ਰੇਮ ਪਿਆਰ ਦੇ ਨਾਲ ਸਾਹਿਬਾਂ। ਪਾਵਨ ਬਾਣੀ ਦੀ ਪੋਥੀ ਲਿਖਵਾਈ ਹੈਸੀ, ਆਪਣੇ ਪੋਤੇ ਨੂੰ ਕੋਲ ਬਿਠਾਲ ਸਾਹਿਬਾਂ। ਗੱਦੀ ਸੌਂਪ ਦਿੱਤੀ ‘ਰਾਮਦਾਸ’ ਜੀ ਨੂੰ, ‘ਜਾਚਕ’ ਸੇਵਾ ਤੋਂ ਹੋ ਨਿਹਾਲ ਸਾਹਿਬਾਂ।

ਭਾਈ ਜੇਠੇ ਨੇ ਕੀਤੀ ਮਹਾਨ ਸੇਵਾ

ਤੀਜੇ ਗੁਰਾਂ ਦੇ ਬਣੇ ਜੁਆਈ ਭਾਂਵੇਂ, (ਪਰ) ਭਾਈ ਜੇਠੇ ਨੇ ਕੀਤੀ ਮਹਾਨ ਸੇਵਾ। ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ’ਤੇ, ਉਨ੍ਹਾਂ ਸਮਝੀ ਨਾ ਕਦੇ ਅਪਮਾਨ ਸੇਵਾ। ਸਿਰ ’ਤੇ ਮਿੱਟੀ ਦੀ ਟੋਕਰੀ ਰਹੇ ਚੁੱਕਦੇ, ਸਦਾ ਸਮਝ ਕੇ ਸਿੱਖੀ ਦੀ ਸ਼ਾਨ ਸੇਵਾ। ਆਏ ਕਦੇ ਨਾ ਹਊਮੈਂ ਹੰਕਾਰ ਅੰਦਰ, ਕੀਤੀ ਹੋ ਕੇ ਸਦਾ ਨਿਰਮਾਨ ਸੇਵਾ। ਤੀਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ, ਦੋਏ ਪਰਾਹੁਣੇ ਬੁਲਾਉਣ ਲਈ, ਹੁਕਮ ਕੀਤਾ। ਸਿੱਖੀ ਸਿਦਕ ਦੀ ਪ੍ਰੀਖਿਆ ਲੈਣ ਖਾਤਰ, ਇਕ ਥੜਾ ਬਣਾਉਣ ਲਈ, ਹੁਕਮ ਕੀਤਾ। ਹੁੰਦਾ ਪਾਸ ਕਿਹੜਾ ਇਮਤਿਹਾਨ ਵਿੱਚੋਂ, ਗੁਰਾਂ ਇਹ ਅਜ਼ਮਾਉਣ ਲਈ, ਹੁਕਮ ਕੀਤਾ। ਬਣੇ ਥੜੇ ਨੂੰ ਤੱਕ ਕੇ ਹਰ ਵਾਰੀ, ਗੁਰੂ ਸਾਹਿਬ ਨੇ ਢਾਉਣ ਲਈ, ਹੁਕਮ ਕੀਤਾ। ਨਹੀਂ ਇਹ ਪਸੰਦ ਨਹੀਂ ਥੜਾ ਮੈਨੂੰ, ਢਾਅ ਕੇ ਫੇਰ ਬਣਾਉਣ ਲਈ, ਹੁਕਮ ਕੀਤਾ। ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ, ਤੁਸਾਂ ਸਾਨੂੰ ਖਿਝਾਉਣ ਲਈ, ਹੁਕਮ ਕੀਤਾ। ਬਿਰਧ ਉਮਰ ਕਰਕੇ, ਤੁਸੀਂ ਭੁੱਲ ਜਾਂਦੇ, ਪਹਿਲਾਂ ਜਿੱਦਾਂ ਬਣਾਉਣ ਲਈ, ਹੁਕਮ ਕੀਤਾ। ਹਰ ਵਾਰੀ ਬਣਾਵਾਂ ਮੈਂ ਥੜਾ ਓਦਾਂ, ਜਿਦਾਂ ਤੁਸੀਂ ਬਣਾਉਣ ਲਈ ਹੁਕਮ ਕੀਤਾ। ਭਾਈ ਜੇਠੇ ਨੂੰ ਕਿਹਾ ਜਦ ਸਤਿਗੁਰਾਂ ਨੇ, ਕਹਿੰਦਾ ਬੜਾ ਮੈਂ ਤਾਂ ਭੁੱਲਣਹਾਰ ਦਾਤਾ। ਹਰ ਵਾਰੀ ਹੋ ਤੁਸੀਂ ਤਾਂ ਠੀਕ ਦੱਸਦੇ, ਮੈਂ ਹੀ ਭੁਲ ਜਾਂਦਾ ਹਰ ਵਾਰ ਦਾਤਾ। ਟੇਢਾ ਮੇਢਾ ਬਣ ਜਾਂਦਾ ਏ ਥੜਾ ਮੈਥੋਂ, ਢਾਹ ਕੇ ਦੇਂਦਾ ਹਾਂ ਫੇਰ ਉਸਾਰ ਦਾਤਾ। ਵਾਰ ਵਾਰ ਮੈਂ ਗਲਤੀ ਤੇ ਕਰਾਂ ਗਲਤੀ, ਤੁਸੀਂ ਬਖ਼ਸ ਦੇਂਦੇ ਹਰ ਵਾਰ ਦਾਤਾ। ਓਨੀ ਵਾਰ ਹੀ ਥੜਾ ਬਣਾਊਂ ਮੈਂ ਤਾਂ, ਹੁਕਮ ਕਰੋਗੇ ਜਿੰਨੀ ਵੀ ਵਾਰ ਦਾਤਾ। ਤੁਸੀਂ ਦਿਆਲੂ ਕਿਰਪਾਲੂ ਹੋ ਪਾਤਸ਼ਾਹ ਜੀ, ਕੀਤੀ ਮੇਰੇ ’ਤੇ ਰਹਿਮਤ ਅਪਾਰ ਦਾਤਾ। ਹੁਕਮ ਮੰਨ ਕੇ ਸੇਵਾ ਮੈਂ ਰਹਾਂ ਕਰਦਾ, ਸਾਰੀ ਉਮਰ ਕਰਾਈਂ ਇਹ ਕਾਰ ਦਾਤਾ। (ਪਰ) ਥੜਾ ਬਣਨਾ ਏ ਵਧੀਆ ਤੇ ਸਾਫ ਸੁਥਰਾ, ਥੋਡੀ ਮਿਹਰ ਦੇ ਨਾਲ ਦਾਤਾਰ ਦਾਤਾ। ਸੁਣ ਕੇ ਬਚਨ ਇਹ ਜੇਠੇ ਦੇ ਮੁੱਖ ਵਿੱਚੋਂ, ਸਤਿਗੁਰ ਆਖਿਆ ਵਜਦ ਵਿੱਚ ਆ ਕੇ ਤੇ। ਸਿੱਖਾ, ਸੇਵਾ ਦੀ ਸਿੱਖੀ ਤੂੰ ਜਾਚ ਪੂਰੀ, ਵਾਰ ਵਾਰ ਇਹ ਥੜਾ ਬਣਾ ਕੇ ਤੇ। ਥੜਾ ਨਹੀਂ, ਤੂੰ ਤਖ਼ਤ ਬਣਾ ਰਿਹਾ ਸੀ, ਸੇਵਾ, ਸਿਮਰਨ ਦੀ ਮਿਹਨਤ ਲਗਾ ਕੇ ਤੇ। ਤੇਰੀ ਸੇਵਾ ਨੇ ਕੀਤਾ ਏ ਵੱਸ ਮੈਨੂੰ, ਗੁਰਾਂ ਆਖਿਆ ਸੀਨੇ ਲਗਾ ਕੇ ਤੇ। ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਸ, ਕਿਹਾ ਸੰਗਤ ਨੂੰ ਗੁਰਾਂ ਸੁਣਾ ਕੇ ਤੇ। ਬਾਬੇ ਬੁੱਢੇ ਤੋਂ ਜੇਠੇ ਨੂੰ ਉਸੇ ਵੇਲੇ, ਗੁਰ ਗੱਦੀ ਦਾ ਤਿਲਕ ਲਗਵਾ ਕੇ ਤੇ। ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ, ਮੱਥਾ ਟੇਕਿਆ ਸੀਸ ਨਿਵਾ ਕੇ ਤੇ। ਨਦਰੀ ਨਦਰਿ ਸੀ ਕੀਤਾ ਨਿਹਾਲ ‘ਜਾਚਕ’, ਭਾਈ ਜੇਠੇ ਨੂੰ ‘ਗੁਰੂ’ ਬਣਾ ਕੇ ਤੇ।

ਗੁਰੂ ਰਾਮ ਦਾਸ ਜੀ

ਮਾਂ ਬਾਪ ਦਾ ਸਾਇਆ ਸੀ ਉਠ ਗਿਆ, ਛੋਟੀ ਉਮਰ ’ਚ ਜੇਠੇ ਦੇ ਸਿਰ ਉਤੋਂ। ਇੰਜ ਲੱਗਿਆ ਜਿਵੇਂ ਇਸ ਬਾਲਕੇ ’ਤੇ, ਬਿਜਲੀ ਕੋਈ ਅਸਮਾਨੀ ਪਈ ਗਿਰ ਉਤੋਂ। ਛੋਟੇ ਭੈਣ ਭਰਾ ਨੂੰ ਪਾਲਣੇ ਲਈ, ਜਿੰਮੇਵਾਰੀ ਵੀ ਪਈ ਸੀ ਫਿਰ ਉਤੋਂ। ਐਪਰ ਜਦੋਂ ਯਤੀਮ ਦੇ ਭਾਗ ਜਾਗੇ, ਰੱਖਿਆ ਹੱਥ ‘ਨਿਧਿਰਿਆਂ ਦੀ ਧਿਰ’ ਉਤੋਂ। ਸੁਘੜ ਸਿਆਣਾ ਤੇ ਪੁੰਜ ਸੀ ਨਿਮਰਤਾ ਦਾ, ਸੇਵਾ ਕਰਦਾ ਸੀ ਸਿਦਕ ਦੇ ਨਾਲ ਜੇਠਾ। ਕਿਸੇ ਹੁਕਮ ’ਤੇ ਕਿੰਤੂ ਨਾ ਕਦੇ ਕੀਤਾ, ਬੜੀ ਰਿਹਾ ਸੀ ਘਾਲਣਾ ਘਾਲ ਜੇਠਾ। ਬਣਨ ਪਿਛੋਂ ਦਾਮਾਦ ਵੀ ਖਿੜ੍ਹੇ ਮੱਥੇ, ਕਰਦਾ ਰਿਹਾ ਸੇਵਾ ਬੇਮਿਸਾਲ ਜੇਠਾ। ਤਾਹੀਉਂ ਸਤਿਗੁਰਾਂ ਸੇਵਾ ਤੋਂ ਖੁਸ਼ ਹੋ ਕੇ, ਗੁਰਗੱਦੀ ’ਤੇ ਦਿੱਤਾ ਬਿਠਾਲ ਜੇਠਾ। ਹੁਕਮ ਮੰਨ ਕੇ ਤੀਸਰੇ ਪਾਤਸ਼ਾਹ ਦਾ, ਅੰਮ੍ਰਿਤਸਰ ਵਸਾਇਆ ਸੀ ਆਪ ਆ ਕੇ। ਦੁੱਖ ਭੰਜਨੀ ਬੇਰੀ ਦੇ ਨਾਲ ਕਰਕੇ, ਸੋਹਣਾ ਤਾਲ ਖੁਦਵਾਇਆ ਸੀ ਆਪ ਆ ਕੇ। ਸ਼ਾਹਾਂ, ਕਿਰਤੀਆਂ ਅਤੇ ਵਪਾਰੀਆਂ ਨੂੰ, ਦੂਰੋਂ ਦੂਰੋਂ ਮੰਗਵਾਇਆ ਸੀ ਆਪ ਆ ਕੇ। ਗੁਰੂ ਬਨਣ ਤੋਂ ਬਾਅਦ ਫਿਰ ਪਾਤਸ਼ਾਹ ਨੇ, ਡੇਰਾ ਏਥੇ ਹੀ ਲਾਇਆ ਸੀ ਆਪ ਆ ਕੇ। ਪਾਵਨ ਅੰਮ੍ਰਿਤ ਸਰੋਵਰ ਤਿਆਰ ਕਰ ਕੇ, ਕੀਤੀ ਕਿਰਪਾ ਸੀ ਕਿਰਪਾ ਨਿਧਾਨ ਏਥੇ। ਏਸ ਥਾਂ ਤੇ ਪਿੰਗਲੇ ਬਣੇ ਕੁੰਦਨ, ਸੇਵਾ ਰਜਨੀ ਦੀ ਹੋਈ ਪਰਵਾਨ ਏਥੇ। ਲਹਿੰਦੀ ਮੈਲ ਹੈ ਜਨਮ ਜਨਮਾਂਤਰਾਂ ਦੀ, ਪਾਵਨ ਅੰਮ੍ਰਿਤ ਦਾ ਸੋਮਾ ਮਹਾਨ ਏਥੇ। ਸਾਰੀ ਦੁਨੀਆਂ ਤੋਂ ਚੱਲ ਕੇ ਲੋਕ ਸਾਰੇ, ਕਰਨ ਆਉਂਦੇ ਨੇ ਦਰਸ਼ਨ ਇਸ਼ਨਾਨ ਏਥੇ। ਏਸ ਅੰਮ੍ਰਿਤ ਸਰੋਵਰ ’ਚੋਂ ਬੂੰਦ ਪੀ ਕੇ, ਸਿੰਘਾਂ ਮੌਤ ਦੇ ਮੂੰਹ ਸੀ ਮੋੜ ਦਿੱਤੇ। ਸਮੇਂ ਸਮੇਂ ਤੇ ਕਰਨ ਜੋ ਜੁਲਮ ਆਏ, ਜ਼ਾਲਮ ਜ਼ੁਲਮ ਦੇ ਹੜ੍ਹਾਂ ’ਚ ਰੋੜ੍ਹ ਦਿੱਤੇ। ਜੀਹਨੇ ਜੀਹਨੇ ਵੀ ਵੇਖਿਆ ਅੱਖ ਕੈਰੀ,ਓਹ ਸਭ ਨਿਬੂਆਂ ਵਾਂਗ ਨਿਚੋੜ ਦਿੱਤੇ। ਜਿਹੜੇ ਕਹਿੰਦੇ ਕਿ ਸਿੰਘਾਂ ਦੇ ਲੱਕ ਟੁੱਟੇ, ਸਿੰਘਾਂ ਉਨ੍ਹਾਂ ਦੇ ਲੱਕ ਹੀ ਤੋੜ ਦਿੱਤੇ। ਏਸ ਪਾਵਨ ਅਸਥਾਨ ਤੋਂ ਪਾਤਸ਼ਾਹ ਨੇ, ਚਹੁੰ ਚੱਕਾਂ ਦੇ ਵਿੱਚ ਫੈਲਾਈ ਸਿੱਖੀ। ਬਾਲ ਉਮਰ ’ਚੋਂ ਨਿਕਲ ਕੇ ਉਸ ਵੇਲੇ, ਭਰ ਜਵਾਨੀ ਦੇ ਵਿੱਚ ਸੀ ਆਈ ਸਿੱਖੀ। ਵਾਸਾ ਕੀਤਾ ਸੀ ਉਨ੍ਹਾਂ ਦੇ ਹਿਰਦਿਆਂ ਵਿੱਚ, ਪੂਰੀ ਤਰ੍ਹਾਂ ਸੀ ਜਿੰਨ੍ਹਾਂ ਅਪਣਾਈ ਸਿੱਖੀ। ਜਾਤਾਂ ਪਾਤਾਂ ਦੇ ਵਿਤਕਰੇ ਖਤਮ ਕਰਕੇ, ਊਚ ਨੀਚ ਦੀ ਵਿੱਥ ਮਿਟਾਈ ਸਿੱਖੀ। ਅਕਬਰ ਬਾਦਸ਼ਾਹ ਜਦੋਂ ਦੀਦਾਰ ਕੀਤੇ, ਲੱਗੀ ਪਾਵਨ ਸ਼ਖ਼ਸੀਅਤ ਦੀ ਛਾਪ ਉਸ ’ਤੇ। ਭਟਕੀ ਰੂਹ ਜੋ ਚਰਨਾਂ ’ਤੇ ਆਣ ਡਿੱਗੀ, ਉਨ੍ਹਾਂ ਛਿੜਕਿਆ ਨਾਮ ਦਾ ਜਾਪ ਉਸ ’ਤੇ। ਛੱਟੇ ਮਾਰ ਗੁਰਬਾਣੀ ਦੇ ਲਾਹ ਦਿੱਤੇ, ਚੜ੍ਹੇ ਹੋਏ ਸਨ ਜਿਹੜੇ ਵੀ ਪਾਪ ਉਸ ’ਤੇ। ਦੂਰੋਂ ਨੇੜਿਓ ਜਿਹੜਾ ਵੀ ਸ਼ਰਨ ਆਇਆ, ਕੀਤੀ ਮਿਹਰ ਸੀ ਗੁਰਾਂ ਨੇ ਆਪ ਉਸ ’ਤੇ। ਪ੍ਰਿਥੀ ਚੰਦ ਜਦ ਸਾਜ਼ਸ਼ੀ ਹੋ ਗਿਆ ਸੀ, ਦਿੱਤਾ ਓਸ ਨੂੰ ਦਿਲੋਂ ਵਿਸਾਰ ਉਹਨਾਂ। ਦੁਸ਼ਟਾਂ ਦੋਖੀਆਂ, ਨਿੰਦਕਾਂ, ਭੇਖੀਆਂ ਨੂੰ, ਮਾਰੀ ਬੜੀ ਹੀ ਕਰੜੀ ਸੀ ਮਾਰ ਉਹਨਾਂ। ਪੂਰਨ ਪੁਰਖ ਸਮਦ੍ਰਿਸ਼ਟੀ ਦੇ ਸਨ ਮਾਲਕ, ਲਈ ਦੁਖੀਆਂ ਗਰੀਬਾਂ ਦੀ ਸਾਰ ਉਹਨਾਂ। ਮਹਿਮਾਂ ਪਾਵਨ ਗੁਰਬਾਣੀ ਦੀ ਕਾਇਮ ਰੱਖੀ, ਕਈ ਤਰ੍ਹਾਂ ਦੇ ਜੋਖ਼ਮ ਸਹਾਰ ਉਹਨਾਂ। ਸੁਣਿਆ ਗੁਰਾਂ ਜਦ ਸ੍ਰੀ ਚੰਦ ਆ ਰਹੇ ਨੇ, ਪਹੁੰਚ ਗਏ ਸੀ ਕਰਨ ਦਿਦਾਰ ਅੱਗੋਂ। ਲੱਤਾਂ ਘੁੱਟੀਆਂ, ਚਰਨ ਦਬਾਏ ਸੋਹਣੇ, ਹੱਦਾਂ ਟੱਪ ਕੇ ਕੀਤਾ ਸਤਿਕਾਰ ਅੱਗੋਂ। ਦਾਹੜੀ ਲੰਮੀ ਕਿਉਂ ਏਨੀ ਵਧਾਈ ਹੋਈ ਏ, ਬਾਬੇ ਪੁਛਿਆ ਨਾਲ ਪਿਆਰ ਅੱਗੋਂ। ਮਹਾਂ ਪੁਰਖਾਂ ਦੇ ਚਰਨਾਂ ਨੂੰ ਝਾੜਨੇ ਲਈ, ਮੁੱਖੋਂ ਕਿਹਾ ਸੀ ਨੂਰੀ ਨੁਹਾਰ ਅੱਗੋਂ। ਲੈ ਕੇ ਧੁਰੋਂ ਉਹ ਨਾਮ ਦਾ ਧਨ ਸੱਚਾ, ਵੰਡਣ ਆਏ ਸਨ ਪੂਰੇ ਸੰਸਾਰ ਅੰਦਰ। ਤੀਹ ਰਾਗਾਂ ’ਚ ਬਾਣੀ ਸੀ ਰਚੀ ‘ਜਾਚਕ’, ਰੰਗੇ ਹੋਇਆਂ ਨੇ ਰੱਬੀ ਪਿਆਰ ਅੰਦਰ। ਦੀਨ ਦੁਨੀਆਂ ਦਾ ਉਨ੍ਹਾਂ ਨੂੰ ਥੰਮ ਕਿਹੈ, ਭਾਈ ਗੁਰਦਾਸ ਨੇ ਆਪਣੀ ਵਾਰ ਅੰਦਰ। ਇਕ ਸੌ ਤੇਈ ਸਵੱਯੀਆਂ ’ਚੋਂ ਵਿੱਚ ਸੱਠਾਂ, ਮਹਿਮਾ ਕੀਤੀ ਏ ਭੱਟਾਂ ਸਤਿਕਾਰ ਅੰਦਰ। ਪਾਵਨ ਅੰਮ੍ਰਿਤ ਸਰੋਵਰ ਖੁਦਵਾਉਣ ਦੇ ਲਈ, ਆਪਣੇ ਹੱਥੀਂ ਲਗਾਇਆ ਟੱਕ ਹੈਸੀ। ਸੇਵਾ ਕੀਤੀ ਸੀ ਸੰਗਤਾਂ ਨਾਲ ਉਨ੍ਹਾਂ, ਸਿੱਖੀ ਸਿਦਕ ’ਚ ਰਹਿ ਪ੍ਰਪੱਕ ਹੈਸੀ। ਮਨ ਬਾਂਛਤ ਫਲ ਪਾਉਗੇ ਤੁਸੀਂ ਏਥੋਂ, ਕਿਹਾ ਹਰ ਇਕ ਸਿੱਖ ਵੱਲ ਤੱਕ ਹੈਸੀ। ਅੰਮ੍ਰਿਤਸਰ ਹਾਂ ਜੇਸਨੂੰ ਅੱਜ ਕਹਿੰਦੇ, ਇਹਨੂੰ ਆਖਦੇ ‘ਗੁਰੂ ਕਾ ਚੱਕ’ ਹੈਸੀ।

ਗੁਰੂ ਅਰਜਨ ਦੇਵ ਜੀ

ਤੀਜੇ ਪਾਤਸ਼ਾਹ ਭਾਨੀ ਨੂੰ ਕਿਹਾ ਇਕ ਦਿਨ, ਅਰਜਨ ਹੈ ਤੇਰਾ ਹੋਣਹਾਰ ਬਾਲਕ। ਸਾਡੀ ਪੱਗ ਦੀ ਰੱਖੂਗਾ ਲਾਜ ਇਹ ਤਾਂ, ਦੁਨੀਆਂ ਵਿੱਚ ਇਹ ਪਾਊ ਸਤਿਕਾਰ ਬਾਲਕ। ਰਹੂ ਸਦਾ ਹੀ ਰੱਬੀ ਰਜ਼ਾ ਅੰਦਰ, ਹੋਊ ਸ਼ਾਂਤੀ ਦਾ ਇਹ ਅਵਤਾਰ ਬਾਲਕ। ਘੋਰ ਸੰਕਟ ਤੇ ਦੁੱਖ ਮੁਸੀਬਤਾਂ ਨੂੰ, ਖਿੜੇ ਮੱਥੇ ਇਹ ਲਊ ਸਹਾਰ ਬਾਲਕ। ਬਹਿ ਕੇ ਤੀਸਰੇ ਪਾਤਸ਼ਾਹ ਪਾਸ ਸੰਗਤਾਂ, ਸੁਣ ਰਹੀਆਂ ਸਨ, ਦੀਨ ਦਇਆਲ ਤਾਂਈਂ। ਬਾਲ ਅਰਜਨ ਵੀ ਰਿੜਦੇ ਹੋਏ ਕੋਲ ਪਹੁੰਚੇ, ਗੁਰਾਂ ਲਿਆ ਸੀ ਗੋਦੀ ਵਿੱਚ ਲਾਲ ਤਾਂਈਂ। ‘ਦੋਹਿਥਾ ਬਾਣੀ ਕਾ ਬੋਹਿਥਾ’ ਕਹਿ ਮੁੱਖੋਂ, ਵਰ ਦਿੱਤਾ ਸੀ ਨੰਨ੍ਹੇ ਜਿਹੇ ਬਾਲ ਤਾਂਈਂ। ਨਦਰੀ ਨਦਰਿ ਸੀ ਕਰ ਨਿਹਾਲ ਦਿੱਤਾ, ਭਾਈ ਜੇਠੇ ਦੇ ਨੌਨਿਹਾਲ ਤਾਂਈਂ। ਭਾਈ ਜੇਠੇ ਦੇ ਲਾਡਲੇ ਲਾਲ ਹੈਸਨ, ਮਾਤਾ ਭਾਨੀ ਦੇ ਜਾਏ ਸਨ ਬਾਲ ਅਰਜਨ। ਨਾਨਾ ਗੁਰੂ ਦੀ ਗੋਦ ’ਚ ਖੇਡ ਖੇਡਾਂ, ਮੁਢਲੇ ਸਾਲ ਬਿਤਾਏ ਸਨ ਬਾਲ ਅਰਜਨ। ਸਮੇਂ ਸਮੇਂ ’ਤੇ ਨਿਕੜੀ ਉਮਰ ਅੰਦਰ, ਵਰ ਝੋਲੀ ਪੁਆਏ ਸਨ ਬਾਲ ਅਰਜਨ। ਗੁਰਮਤਿ ਅਤੇ ਗੁਰਬਾਣੀ ਦੀ ਮਿਲੀ ਗੁੜ੍ਹਤੀ, ਆਏ ਧੁਰੋਂ ਵਰੋਸਾਏ ਸਨ ਬਾਲ ਅਰਜਨ। ਸਹਜ ਅਵੱਸਥਾ ’ਚ ਸ਼ੁਰੂ ਤੋਂ ਰਹੇ ਉਹ ਤਾਂ, ਰੱਬੀ ਰੰਗ ’ਚ ਰੰਗੇ ਸਨ ਬਾਲ ਅਰਜਨ। ਭਾਵੇਂ ਸਭ ਭਰਾਵਾਂ ਤੋਂ ਸਨ ਛੋਟੇ, ਐਪਰ ਸਭ ਤੋਂ ਚੰਗੇ ਸਨ ਬਾਲ ਅਰਜਨ। ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ, ਰਹੇ ਸਦਾ ਹੀ ਸੰਗੇ ਸਨ ਬਾਲ ਅਰਜਨ। ਪਰ ਪ੍ਰਿਥੀ ਚੰਦ ਦੇ ਸ਼ੁਰੂ ਤੋਂ ਈਰਖਾ ਦੇ, ਜ਼ਹਿਰੀ ਡੰਗਾਂ ਨਾਲ ਡੰਗੇ ਸਨ ਬਾਲ ਅਰਜਨ। ਸਮੇਂ ਸਮੇਂ ਉਤੇ ਪੰਚਮ ਪਾਤਸ਼ਾਹ ’ਤੇ, ਦੁੱਖ ਮੁਸੀਬਤਾਂ ਦੇ ਘੋਰ ਆਏ ਸੰਕਟ। ਗੱਦੀ ਬੈਠਣ ਤੋਂ ਪਹਿਲਾਂ ਹੀ ਕਈ ਵਾਰੀ, ਗੁਰੂ ਦੋਖੀ ਸਨ ਕਈ ਲਿਆਏ ਸੰਕਟ। ਕੀਤੀ ਗਈ ਸੀ ਜਦੋਂ ਦਸਤਾਰ ਬੰਦੀ, ਕਾਲੀ ਘਟਾ ਦੇ ਵਾਂਗ ਸਨ ਛਾਏ ਸੰਕਟ। ਪ੍ਰਿਥੀ ਚੰਦ ਨੇ ਚੱਲੀਆਂ ਸਦਾ ਚਾਲਾਂ, ਛੋਟੇ ਭਾਈ ਦੇ ਗਲ ਪੁਆਏ ਸੰਕਟ। ਜ਼ਿੰਮੇਵਾਰੀ ਗੁਰਿਆਈ ਦੀ ਮਿਲੀ ਉਹਨੂੰ, ਗੁਰੂ ਨਜ਼ਰ ‘ਚ ਹੋਇਆ ਪ੍ਰਵਾਨ ਜਿਹੜਾ। ਕੰਵਲ ਫੁੱਲ ਦੇ ਵਾਂਗ ਨਿਰਲੇਪ ਰਹਿਕੇ, ਗ੍ਰਿਹਸਤੀ ਜੀਵਨ ’ਚ ਪੂਰਨ ਇਨਸਾਨ ਜਿਹੜਾ। ਸੇਵਾ ਸਿਮਰਨ ਨੂੰ ਜੀਵਨ ਦੇ ਵਿੱਚ ਧਾਰੇ, ਗੁਣਾਂ ਨਾਲ ਭਰਪੂਰ ਗੁਣਵਾਨ ਜਿਹੜਾ। ਹਰ ਇਕ ਨੂੰ ਵਿਰਸੇ ’ਚ ਨਹੀਂ ਮਿਲਦਾ, ਗੁਰੂ ਅਰਜਨ ਨੂੰ ਮਿਲਿਆ ਸਨਮਾਨ ਜਿਹੜਾ। ਗੁਰੂ ਨਾਨਕ ਦੀ ਗੱਦੀ ’ਤੇ ਬੈਠ ਕੇ ਤੇ, ਕਰਦੇ ਗੁਰਮਤਿ ਦਾ ਰਹੇ ਪ੍ਰਚਾਰ ਸਤਿਗੁਰ। ਚੜ੍ਹ ਪੈਂਦਾ ਗਿਆਨ ਦਾ ਕੋਈ ਸੂਰਜ, ਕਰਦੇ ਸੰਗਤ ਨਾਲ ਜਦੋਂ ਵਿਚਾਰ ਸਤਿਗੁਰ। ਸੁੱਚੀ ਕਿਰਤ ਵਿੱਚ ਅੰਮ੍ਰਿਤ ਦੇ ਘੁੱਟ ਹੁੰਦੇ, ਕਹਿੰਦੇ ਸੰਗਤਾਂ ਨੂੰ ਬਾਰੰਬਾਰ ਸਤਿਗੁਰ। ਕਰਨੇ ਚਾਹੀਦੇ ਸੇਵਾ ਨਾਲ ਹੱਥ ਸੁੱਚੇ, ਇਹ ਵੀ ਕਹਿੰਦੇ ਸਨ ਪੰਚਮ ਦਾਤਾਰ ਸਤਿਗੁਰ। ਪੰਚਮ ਪਿਤਾ ਨੇ ਆਪਣੇ ਸਮੇਂ ਅੰਦਰ, ਗੁਰੂ ਘਰ ਤਿਆਰ ਕਰਵਾਏ ਸੋਹਣੇ। ਦੁਖੀ ਮਨਾਂ ਨੂੰ ਸੁੱਖਾਂ ਦੀ ਮਨੀ ਦੇ ਕੇ, ਤਨ ਮਨ ਦੇ ਸੁੱਖ ਪਹੁੰਚਾਏ ਸੋਹਣੇ। ਨਾਮ ਬਾਣੀ ਦੇ ਪਾਰਸ ਦੀ ਛੋਹ ਦੇ ਕੇ, ਪਾਪੀ ਹਿਰਦੇ ਸਨ ਪਾਵਨ ਬਣਾਏ ਸੋਹਣੇ। ਕਥਨੀ ਕਰਨੀ ਨਾਲ ਧਰਮ ਪ੍ਰਚਾਰ ਕਰਕੇ, ਹਰ ਥਾਂ ਧਰਮ ਦੇ ਝੰਡੇ ਝੁਲਾਏ ਸੋਹਣੇ। ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੀ, ਬਾਣੀ ਕੱਠੀ ਕਰਵਾਈ ਸੀ ਪਾਤਸ਼ਾਹ ਨੇ। ਰਾਮਸਰ ਸਰੋਵਰ ਦੇ ਬਹਿ ਕੰਢੇ, ਸੁਰਤੀ ਬਿਰਤੀ ਲਗਾਈ ਸੀ ਪਾਤਸ਼ਾਹ ਨੇ। ਹੱਥ ਭਾਈ ਗੁਰਦਾਸ ਦੇ ਕਲਮ ਦੇ ਕੇ, ਪਾਵਨ ਬਾਣੀ ਲਿਖਵਾਈ ਸੀ ਪਾਤਸ਼ਾਹ ਨੇ। ਭਾਦੋਂ ਸੁਦੀ ਏਕਮ, ਅੰਮ੍ਰਿਤਸਰ ਅੰਦਰ, ਸਾਰੀ ਸੰਗਤ ਬੁਲਾਈ ਸੀ ਪਾਤਸ਼ਾਹ ਨੇ। ਆਦਿ ਬੀੜ ਸੰਪੂਰਨ ਅੱਜ ਹੋਈ ਹੈਸੀ, ਸਿੱਖ ਗਏ ਸੱਦੇ ਖਾਸ ਖਾਸ ਏਥੇ। ਦੂਰੋਂ ਦੂਰੋਂ ਸਨ ਪਹੁੰਚੀਆਂ ਸਿੱਖ ਸੰਗਤਾਂ, ਸ਼ਰਧਾ ਅਦਬ ਤੇ ਨਾਲ ਵਿਸ਼ਵਾਸ ਏਥੇ। ਗੱਲ ’ਚ ਪਾ ਪੱਲਾ, ਪੰਚਮ ਪਾਤਸ਼ਾਹ ਨੇ, ਗੁਰੂ ਚਰਨਾਂ ’ਚ ਕੀਤੀ ਅਰਦਾਸ ਏਥੇ। ਰਹਿਮਤ ਪੁਰਖ ਅਕਾਲ ਦੀ ਹੋਈ ਐਸੀ, ਕਾਰਜ ਸਾਰੇ ਹੀ ਹੋਏ ਨੇ ਰਾਸ ਏਥੇ। ਬਾਬਾ ਬੁੱਢਾ ਜੀ ਸੀਸ ’ਤੇ ਬੀੜ ਰੱਖਕੇ, ਨੰਗੇ ਪੈਰੀਂ ਹਰਿਮੰਦਰ ਵੱਲ ਚੱਲ ਰਹੇ ਸੀ। ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ। ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਕਰ ਸਾਫ਼ ਰਸਤਾ ਪਲੋ ਪਲ ਰਹੇ ਸੀ। ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਨ, ਪੰਚਮ ਪਾਤਸ਼ਾਹ ਜੀ ਚੌਰ ਝੱਲ ਰਹੇ ਸੀ। ਹਰਿਮੰਦਰ ਸਜਾ ਕੇ ‘ਬੀੜ’ ਸਾਹਿਬ, ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ। ਰਿਦਾ ਗੁਰੂ ਦਾ ਜਾਨੋਂ ਗਰੰਥ ਅੰਦਰ, ਆਪਣੇ ਮੁੱਖੋਂ ਫੁਰਮਾਇਆ ਸੀ ਗੁਰੂ ਅਰਜਨ। ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ। ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਮੁੱਖ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ। ਚੜ੍ਹਦੀ ਕਲਾ ’ਚ ਸਿੱਖੀ ਨੂੰ ਤੱਕ ਕੇ ਤੇ, ਧੁਰ ਅੰਦਰੋਂ ਖਾਧੀ ਸੀ ਖਾਰ ਦੁਸ਼ਟਾਂ। ਇਹਨੂੰ ਸਦਾ ਲਈ ਜੜ੍ਹਾਂ ਤੋਂ ਖਤਮ ਕਰਨੈ, ਇਹ ਸੀ ਰੱਖਿਆ ਦਿਲਾਂ ’ਚ ਧਾਰ ਦੁਸ਼ਟਾਂ। ਸੋਚ ਸਮਝ ਕੇ ਗੁੰਦੀਆਂ ਸਨ ਗੋਂਦਾਂ, ਗੁਰੂ ਘਰ ’ਤੇ ਕਰਨ ਲਈ ਵਾਰ ਦੁਸ਼ਟਾਂ। ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਜਿਹੇ, ਕੱਟੜ ਪੰਥੀ ਸਨ ਕੀਤੇ ਤਿਆਰ ਦੁਸ਼ਟਾਂ। ਜਹਾਂਗੀਰ ਪਿਆਲੇ ਜਦ ਪੀ ਓਧਰ, ਡੁੱਬ ਚੁੱਕਾ ਸੀ ਨਸ਼ੇ ਸ਼ਰਾਬ ਅੰਦਰ। ਗੁਰੂ ਘਰ ਦੇ ਦੋਖੀਆਂ ਤਾੜ ਮੌਕਾ, ਜ਼ਹਿਰ ਭਰੀ ਸੀ ਓਦੋਂ ਜਨਾਬ ਅੰਦਰ। ਅਰਜਨ ਨਾਮ ਦਾ ਇਕ ਚਲਾਕ ਸਾਧੂ, ਖੋਲੀ ਬੈਠੈ ਦੁਕਾਨ ਪੰਜਾਬ ਅੰਦਰ। ਕੀਤੀ ਗਈ ਇਸਲਾਮ ਦੀ ਨਿੰਦਿਆ ਹੈ, ਉਹਦੀ ਲਿਖੀ ਹੋਈ ਖਾਸ ਕਿਤਾਬ ਅੰਦਰ। ਉਹਨੇ ਗੁਰਾਂ ਦੇ ਕਤਲ ਦਾ ਹੁਕਮ ਦਿੱਤਾ, ਕਰਮ ਧਰਮ ਤੇ ਦੀਨ ਇਮਾਨ ਛੱਡ ਕੇ। ਚੱਲ ਪਏ ਲਾਹੌਰ ਦੇ ਵੱਲ ਸਤਿਗੁਰ, ਪਾਵਨ ਗੁਰੂ ਕੀ ਨਗਰੀ ਮਹਾਨ ਛੱਡ ਕੇ। ਚਿਹਰੇ ਫੁੱਲਾਂ ਦੇ ਗਏ ਮੁਰਝਾ ਓਦੋਂ, ਮਾਲੀ ਜਾ ਰਿਹਾ ਸੀ ਗੁਲਿਸਤਾਨ ਛੱਡ ਕੇ। ਪੀ ਕੇ ਜਾਮਿ ਸ਼ਹਾਦਤ ਅਲੋਪ ਹੋ ਗਏ, ਵੱਸਦਾ ਰੱਸਦਾ ‘ਜਾਚਕ’ ਜਹਾਨ ਛੱਡ ਕੇ।

ਸੁਖਮਨੀ ਸਾਹਿਬ

ਜੀਹਨੂੰ ਕਹਿੰਦੇ ਨੇ ਸੁਖਾਂ ਦੀ ਮਨੀ ਸਾਰੇ, ਰੱਚਿਆ ਗੁਰਾਂ ਸੀ ਆਪ, ਸੁਖਮਨੀ ਸਾਹਿਬ। ਕੀਤੀ ਗਈ ਹੈ ਏਸ ਵਿੱਚ ਨਾਮ ਮਹਿਮਾਂ, ਸਾਰਾ ਓਹਦਾ ਪ੍ਰਤਾਪ, ਸੁਖਮਨੀ ਸਾਹਿਬ। ਪੜ੍ਹ ਸੁਣ ਕੇ ਦੁੱਖ ਨੇ ਦੂਰ ਹੁੰਦੇ, ਲਾਹੁੰਦਾ ਤੀਨੇ ਹੀ ਤਾਪ, ਸੁਖਮਨੀ ਸਾਹਿਬ। ਸੰਗਤਾਂ ਅਤੇ ਸੁਸਾਇਟੀਆਂ ਥਾਂ ਥਾਂ ’ਤੇ, ‘ਜਾਚਕ’ ਜਪਦੀਆਂ ਜਾਪ, ਸੁਖਮਨੀ ਸਾਹਿਬ।

ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ

ਸਿਹਾਰੀ ਮੱਲ ਨੇ ਬੇਨਤੀ ਆਣ ਕੀਤੀ, ਮੇਰੇ ਪੁੱਤਰ ਦਾ ਹੈ ਵਿਆਹ ਸਤਿਗੁਰ। ਸ਼ਾਮਲ ਹੋਣਾ ਏ ਤੁਸਾਂ ਨੇ ਪਾਤਸ਼ਾਹ ਜੀ, ਮੇਰੇ ਮਨ ਦੀ ਇਹੋ ਹੈ ਚਾਹ ਸਤਿਗੁਰ। ਚਰਨ ਪਾਉ ਹੁਣ ਤੁਸੀਂ ਲਾਹੌਰ ਅੰਦਰ, ਚਲੂ ਬਾਣੀ ਦਾ ਨਾਲੇ ਪ੍ਰਵਾਹ ਸਤਿਗੁਰ। ਏਧਰ ਖੇਚਲ ਤੋਂ ਉਹਨੂੰ ਬਚਾਉਣ ਦੇ ਲਈ, ਲਭ ਰਹੇ ਸਨ ਢੁਕਵਾਂ ਰਾਹ ਸਤਿਗੁਰ। ਕਾਫ਼ੀ ਸੋਚ ਵਿਚਾਰ ਕੇ ਕਿਹਾ ਦਾਤੇ, ਤਿੰਨਾਂ ਵਿੱਚੋਂ ਲਾਹੌਰ ਕੋਈ ਜਾਊ ਪੁੱਤਰ। ਸ਼ਾਮਲ ਹੋਏਗਾ ਏਸ ਵਿਆਹ ਅੰਦਰ, ਸਾਕ ਸਬੰਧੀਆਂ ਨੂੰ ਮਿਲ ਆਊ ਪੁੱਤਰ। ਪ੍ਰਿਥੀ ਚੰਦ ਨੇ ਸਾਫ ਸੀ ਨਾਂਹ ਕੀਤੀ, ਮਹਾਂਦੇਵ ਸੀ ਕੰਮ ਚਲਾਊ ਪੁੱਤਰ। ਆਖਰ ਗੁਰਾਂ ਨੇ ਕਿਹਾ ਲਾਹੌਰ ਜਾਊ, ਅਰਜਨ ਮੱਲ ਜੋ ਮੇਰਾ ਏ ਸਾਊ ਪੁੱਤਰ। ਭਾਵੇਂ ਉਮਰ ’ਚ ਛੋਟੇ ਸਨ ਸਾਰਿਆਂ ਤੋਂ, ਐਪਰ ਗੁਣਾਂ ਦੇ ਸੀ ਭੰਡਾਰ ਅਰਜਨ। ਹੁਕਮ ਮੰਨਿਆ ਗੁਰਾਂ ਦਾ ਖਿੜੇ ਮੱਥੇ, ਕਿਉਂਕਿ ਸ਼ੁਰੂ ਤੋਂ ਸੀ ਆਗਿਆਕਾਰ ਅਰਜਨ। ਮਾਤਾ ਭਾਨੀ ਨੇ ਪਾਵਨ ਅਸੀਸ ਦਿੱਤੀ, ਵੱਧ ਫੁਲ ਤੂੰ ਵਿੱਚ ਸੰਸਾਰ ਅਰਜਨ। ਗੁਰੂ ਪਿਤਾ ਜੋ ਦਿੱਤਾ ਆਦੇਸ਼ ਤੈਨੂੰ, ਜਾ ਕੇ ਕਰੀਂ ਤੂੰ ਧਰਮ ਪ੍ਰਚਾਰ ਅਰਜਨ। ਕਿਹਾ ਪੁੱਤ ਨੇ ਸੀਸ ਝੁਕਾ ਕੇ ਤੇ, ਮੈਂ ਲਾਹੌਰ ਹੁਣ ਜਾਊਂਗਾ, ਪਿਤਾ ਜੀਓ। ਮੈਨੂੰ ਤੁਸਾਂ ਨੇ ਕੀਤੈ ਜੋ ਹੁਕਮ ਪਾਵਨ, ਉਸ ’ਤੇ ਫੁੱਲ ਚੜਾਊਂਗਾ, ਪਿਤਾ ਜੀਓ। ਓਥੇ ਰਹਿੰਦੀਆਂ ਗੁਰੂ ਕੀਆਂ ਸੰਗਤਾਂ ਦਾ, ਦੁਖ ਦਰਦ ਵੰਡਾਊਂਗਾ, ਪਿਤਾ ਜੀਓ। ਹੁਕਮ ਕਰੋਗੇ ਜਦੋਂ ਵੀ ਆਉਣ ਬਾਰੇ, ਵਾਪਸ ਓਦੋਂ ਹੀ ਆਊਂਗਾ, ਪਿਤਾ ਜੀਓ। ਜਿਉਂਦਾ ਰਹਿ ਬੇਟਾ, ਸੀਨੇ ਠੰਢ ਪਾਈ, ਮੁੱਖ ਵਿੱਚੋਂ ਫੁਰਮਾਇਆ ਸੀ ਪਾਤਸ਼ਾਹ ਨੇ। ਵਰ੍ਹਦੇ ਰਹਿਣ ਬੱਦਲ ਸਦਾ ਰਹਿਮਤਾਂ ਦੇ, ਏਦਾਂ ਆਖ ਸੁਣਾਇਆ ਸੀ ਪਾਤਸ਼ਾਹ ਨੇ। ਹੁਕਮ ਮੰਨਣਾ, ਭਾਣੇ ਦੇ ਵਿੱਚ ਰਹਿਣਾ, ਇਹ ਵੀ ਮੁੱਖੋਂ ਅਲਾਇਆ ਸੀ ਪਾਤਸ਼ਾਹ ਨੇ। ਆਉਣ ਵਾਲੜੇ ਕੱਲ੍ਹ ਦਾ ਆਖ ਸੂਰਜ, ਸੀਨੇ ਨਾਲ ਲਗਾਇਆ ਸੀ ਪਾਤਸ਼ਾਹ ਨੇ। ਖਿੜ੍ਹੇ ਮੱਥੇ ਵਿਆਹ ਵਿਚ ਹੋਏ ਸ਼ਾਮਲ, ਤੱਕ ਤੱਕ ਜਾ ਰਹੇ ਸਨ ਬਲਿਹਾਰ ਸਾਰੇ। ਬੜੇ ਪਿਆਰ ਸਤਿਕਾਰ ਨਾਲ ਮਿਲੇ ਸਭ ਨੂੰ, ਆਏ ਜੋ ਹੈਸਨ ਰਿਸ਼ਤੇਦਾਰ ਸਾਰੇ। ਗੁਰੂ ਘਰ ਨਾਲ ਜੀਹਨਾਂ ਦਾ ਮੋਹ ਹੈਸੀ, ਉਹ ਵੀ ਮਿਲੇ ਸਨ ਓਥੇ ਪਰਵਾਰ ਸਾਰੇ। ਮੋਹ ਭਿੱਜੇ ਹੋਏ ਬੋਲ ਕੇ ਬੋਲ ਸੋਹਣੇ, ਦੇ ਰਹੇ ਸਨ ਪਿਆਰ ਸਤਿਕਾਰ ਸਾਰੇ। ਸੋਨੇ ਉਤੇ ਸੁਹਾਗੇ ਦਾ ਕੰਮ ਹੋਇਆ, ਆਏ ਜਦੋਂ ਅਰਜਨ ਧਰਮਸਾਲ ਅੰਦਰ। ਲੱਗਣ ਲੱਗ ਪਏ ਪਾਵਨ ਦੀਵਾਨ ਸੋਹਣੇ, ਕੀਰਤਨ ਕਰਨ ਲੱਗੇ ਸੁਰ ਤਾਲ ਅੰਦਰ। ਕਈ ਮਹੀਨੇ ਜਦ ਬੀਤ ਗਏ ਵਿਛੜਿਆਂ ਨੂੰ, ਉੱਠਣ ਲੱਗ ਪਏ ਕਈ ਭੁਚਾਲ ਅੰਦਰ। ਆਖਰ ਹੋ ਕੇ ਬ੍ਰਿਹੋਂ ਦੇ ਵਿੱਚ ਬਿਹਬਲ, ਚਿੱਠੀ ਪਾਈ ਲਿਖ ਕੇ ਸਾਰਾ ਹਾਲ ਅੰਦਰ। ਮੋਹ ਭਿੱਜੇ ਸਨ ਏਦਾਂ ਕੁਝ ਲਿਖੇ ਅੱਖਰ, ਸਹਿ ਨਹੀਂ ਹੁੰਦਾ ਵਿੱਛੋੜੇ ਦਾ ਦੁੱਖ ਦਾਤਾ। ਮਨ ਲੋਚਦਾ ਆਪ ਦੇ ਦਰਸ਼ਨਾਂ ਨੂੰ, ਚਾਹਵਾਂ ਵੇਖਣਾ ਆਪ ਦਾ ਮੁੱਖ ਦਾਤਾ। ਰੋਮ ਰੋਮ ਅੰਦਰ ਕਾਫੀ ਸਮੇਂ ਤੋਂ ਹੀ, ਅੱਗ ਬਿਰਹੋਂ ਦੀ ਰਹੀ ਏ ਧੁੱਖ ਦਾਤਾ। ਤੜਪ ਰਿਹਾ ਹਾਂ ਚਾਤ੍ਰਿਕ ਵਾਂਗ ਹਰਦਮ, ਭੇਜੋ ਹੁਕਮ ਤਾਂ ਹੋਵਾਂ ਸਨਮੁੱਖ ਦਾਤਾ। ਚਿੱਠੀ ਲੈ ਕੇ ਗੁਰਾਂ ਦਾ ਇਕ ਸੇਵਕ, ਅੰਮ੍ਰਿਤਸਰ ਦੇ ਵੱਲ ਰਵਾਨ ਹੋਇਆ। ਪਹੁੰਚ ਗਿਆ ਉਹ ਮੰਜ਼ਲਾਂ ਮਾਰ ਕੇ ਤੇ, ਸਾਰੇ ਰਾਹ ਹੀ ਅੰਤਰ ਧਿਆਨ ਹੋਇਆ। ਸਜੇ ਹੋਏ ਸਨ ਆਸਨ ’ਤੇ ਪਾਤਸ਼ਾਹ ਜੀ, ਸੋਹਣਾ ਲੱਗਾ ਸੀ ਪਾਵਨ ਦੀਵਾਨ ਹੋਇਆ। ਪ੍ਰਿਥੀ ਚੰਦ ਨੂੰ ਚਿੱਠੀ ਉਹ ਦੇ ਕੇ ਤੇ, ਵਾਪਸ ਮੁੜ ਪਿਆ ਬੇਧਿਆਨ ਹੋਇਆ। ਕਾਫੀ ਸਮਾਂ ਨਾ ਜਦੋਂ ਜੁਆਬ ਆਇਆ, ਗੁਰੂ ਪਿਤਾ ਵੱਲ ਦੂਸਰੀ ਪਾਈ ਚਿੱਠੀ। ਦਰਸ਼ਨ ਕੀਤਿਆਂ ਨੂੰ ਕਾਫੀ ਸਮਾਂ ਹੋਇਆ, ਨਾ ਕੋਈ ਸੱਦਾ ਨਾ ਆਪ ਤੋਂ ਆਈ ਚਿੱਠੀ। ਗੁਰੂ ਪਿਤਾ ਨੂੰ, ਦਿਲ ਦਾ ਦਰਦ ਲਿਖ ਕੇ, ਸੇਵਾਦਾਰ ਨੂੰ ਆਖਰ ਫੜਾਈ ਚਿੱਠੀ। ਪ੍ਰਿਥੀ ਚੰਦ ਨੇ ਚੱਲ ਕੇ ਚਾਲ ਕੋਝੀ, ਬ੍ਰਿਹੋਂ ਭਰੀ ਇਹ ਫੇਰ ਲੁਕਾਈ ਚਿੱਠੀ। ਘਰ ਦਾ ਬੰਦਾ ਜੇ ਘਰ ਨੂੰ ਸੰਨ੍ਹ ਲਾਵੇ, ਕਿਸ ਦੇ ਨਾਂ ਤੇ ਚੋਰੀ ਇਹ ਮੜ੍ਹੀ ਜਾਵੇ। ਪ੍ਰਿਥੀ ਚੰਦ ਵੀ ਏਦਾਂ ਹੀ ਘਰ ਅੰਦਰ, ਚੋਰ ਵਾਂਗਰਾਂ ਚਿੱਠੀਆਂ ਫੜੀ ਜਾਵੇ। ਫੋਕੇ ਹਉਮੈਂ ਹੰਕਾਰ ਦੇ ਛੱਡ ਗੋਲੇ, ਅੱਗ ਈਰਖਾ ਦੀ ਅੰਦਰ ਸੜੀ ਜਾਵੇ। ਕਿਤੇ ਅਰਜਨ ਨੂੰ ਗੱਦੀ ਨਾ ਮਿਲ ਜਾਵੇ, ਦਿਨੇ ਰਾਤ ਉਹ ਸਾਜਿਸ਼ਾਂ ਘੜੀ ਜਾਵੇ। ਹੁੰਦੀ ਵੱਡੀ ਏ ਸਜਾ ਉਡੀਕ ਵਾਲੀ, ਸਮਾਂ ਬੀਤਿਆ ਬੇਹਿਸਾਬ ਹੈਸੀ। ਤੀਜਾ ਪੱਤਰ ਫਿਰ ਲਿਖਦਿਆਂ ਗੁਰਾਂ ਵੱਲੇ, ਵੱਗਿਆ ਨੈਣਾਂ ’ਚੋਂ ਰਾਵੀ ਚਨਾਬ ਹੈਸੀ। ਹੁਣ ਤਾਂ ਰਾਤ ਨੂੰ ਕਦੇ ਨਾ ਨੀਂਦ ਆਵੇ, ਨਾ ਕੋਈ ਸੱਦ ਨਾ ਆਇਆ ਜਵਾਬ ਹੈਸੀ। ਕਹਿਣਾ ਗੁਰਾਂ ਨੂੰ ਗੁਰਮੁਖਾ ਦੇ ਚਿੱਠੀ, ਅਰਜਨ ਮਿਲਣ ਲਈ ਬੜਾ ਬੇਤਾਬ ਹੈਸੀ। ਬਿਨਾਂ ਜਲ ਤੋਂ ਮੱਛੀ ਜਿਉਂ ਤੜਪਦੀ ਏ, ਏਦਾਂ ਤੜਪਦੇ ਰਹੇ ਲਾਹੌਰ ਅੰਦਰ। ਚੜ੍ਹਦੀ ਕਲਾ ਦਾ ਪੱਲਾ ਪਰ ਨਹੀਂ ਛੱਡਿਆ, ਓਨ੍ਹਾਂ ਮੁਸ਼ਕਲਾਂ ਭਰੇ ਇਸ ਦੌਰ ਅੰਦਰ। ਗੁਰੂ ਪਿਤਾ ਲਈ ਧੁਰੋਂ ਸੀ ਖਿੱਚ ਏਦਾਂ, ਖਿੱਚ ਫੁੱਲ ਦੀ ਜਿਸ ਤਰ੍ਹਾਂ ਭੌਰ ਅੰਦਰ। ਅੱਗ ਬਿਰਹੋਂ ਵਿਛੋੜੇ ਦੀ ਧੁਖ ਰਹੀ ਸੀ, ਧੁਰ ਕੀ ਬਾਣੀ ਦੇ ਕਵੀ ਸਿਰਮੌਰ ਅੰਦਰ। ਜਾਂਦੇ ਸਾਰ ਉਸ ਗੁਰਾਂ ਨੂੰ ਟੇਕ ਮੱਥਾ, ਕਰ ਕਮਲਾਂ ਦੇ ਵਿੱਚ ਫੜ੍ਹਾਈ ਚਿੱਠੀ। ਮੋਹ ਭਿੱਜੇ ਇਸ ਚਿੱਠੀ ਦੇ ਪੜ੍ਹ ਅੱਖਰ, ਗੁਰਾਂ ਚੁੰਮ ਕੇ ਸੀਨੇ ਨਾਲ ਲਾਈ ਚਿੱਠੀ। ਪ੍ਰਿਥੀ ਚੰਦ ਨੂੰ ਪੁਛਿਆ ਸਤਿਗੁਰਾਂ ਨੇ, ਪਹਿਲੀ ਦੂਜੀ ਤੂੰ ਕਿਥੇ ਛੁਪਾਈ ਚਿੱਠੀ। ਖੁਲ੍ਹ ਗਿਆ ਸੀ ਢੋਲ ਦਾ ਪੋਲ ਸਾਰਾ, ਗੁਰਾਂ ਜੇਬ ’ਚੋਂ ਜਦੋਂ ਕਢਵਾਈ ਚਿੱਠੀ। ਉਸੇ ਵੇਲੇ ਹੀ ਗੁਰਾਂ ਲਾਹੌਰ ਵੱਲੇ, ਬਾਬੇ ਬੁੱਢੇ ਤੇ ਸਿੱਖਾਂ ਨੂੰ ਘੱਲਿਆ ਸੀ। ਗੁਰੂ ਪਿਤਾ ਦਾ ਜਿਵੇਂ ਹੀ ਹੁਕਮ ਮਿਲਿਆ, ਅਰਜਨ ਮੱਲ ਲਾਹੌਰ ਤੋਂ ਚੱਲਿਆ ਸੀ। ਵੱਡੇ ਭਾਗਾਂ ਨਾਲ ਗੁਰੂ ਮਿਲਾਪ ਹੋਇਆ, ਬੜਾ ਦੁੱਖ ਵਿਛੋੜੇ ਦਾ ਝੱਲਿਆ ਸੀ। ਵਗਿਆ ਨੈਣੋਂ ਦਰਿਆ ਸੀ ਹੰਝੂਆਂ ਦਾ, ਠੱਲਣ ਨਾਲ ਵੀ ਜਾਂਦਾ ਨਾ ਠੱਲਿਆ ਸੀ। ਪਾਸ ਹੋ ਗਿਆ ਸੀ ਇਮਤਿਹਾਨ ਵਿੱਚੋਂ, ਜੀਹਨੇ ਬਿਰਹੋਂ ਦਾ ਸੱਲ੍ਹ ਸਹਾਰਿਆ ਸੀ। ਅਰਜਨ ਦੇਵ ਗੁਰਗੱਦੀ ਦਾ ਬਣੂ ਵਾਰਿਸ, ਦਿਲ ਹੀ ਦਿਲ ’ਚ ਗੁਰਾਂ ਵਿਚਾਰਿਆ ਸੀ। ਏਸ ਸ਼ਬਦ ਨੂੰ ਕਰੋ ਹੁਣ ਤੁਸੀਂ ਪੂਰਾ, ਕਹਿ ਕੇ ਗੁਰਾਂ ਨੇ ਬੜਾ ਸਤਿਕਾਰਿਆ ਸੀ। ਅਰਜਨ ਮੱਲ ਫਿਰ ਆਖਰੀ ਭਾਗ ਇਹਦਾ, ਪਾਵਨ ਮੁੱਖ ਦੇ ਵਿੱਚੋਂ ਉਚਾਰਿਆ ਸੀ। ਦੈਵੀ ਗਿਆਨ ਦਾ ਤੱਕ ਭੰਡਾਰ ਅਰਜਨ, ਸੀਨੇ ਨਾਲ ਲਗਾਇਆ ਸੀ ਪਾਤਸ਼ਾਹ ਨੇ। ਦੇਣ ਲਈ ਗੁਰਿਆਈ ਫਿਰ ਉਸੇ ਵੇਲੇ , ਆਪਣਾ ਮਨ ਬਣਾਇਆ ਸੀ ਪਾਤਸ਼ਾਹ ਨੇ। ਬੂਟਾ ਚੰਦਨ ਦਾ ਘਰ ’ਚ ਤੱਕ ਕੇ ਤੇ,ਹਰ ਇਕ ਮਨ ਮਹਿਕਾਇਆ ਸੀ ਪਾਤਸ਼ਾਹ ਨੇ। ਆਪਣੇ ਪੁੱਤਰ ਦੇ ਅੱਗੇ ਫਿਰ ਟੇਕ ਮੱਥਾ,‘ਜਾਚਕ’ ਗੁਰੂ ਬਣਾਇਆ ਸੀ ਪਾਤਸ਼ਾਹ ਨੇ।

ਪਾਪੀ ਚੰਦੂ ਤੇ ਗੁਰੂ ਜੀ

ਜਹਾਂਗੀਰ ਦੇ ਰਾਜ ਦਰਬਾਰ ਅੰਦਰ, ਦਿੱਲੀ ਵਿੱਚ ਸੀ ਵੱਡਾ ਦੀਵਾਨ ਚੰਦੂ। ਉੱਚੀ ਕੁੱਲ ਦਾ ਸੀ ਅਮੀਰ ਖੱਤਰੀ, ਸਦਾ ਰਹਿੰਦਾ ਸੀ ਵਿੱਚ ਗੁਮਾਨ ਚੰਦੂ। ਹੋਈ ਵਿਆਹ ਦੇ ਲਾਇਕ ਜਦ ਧੀ ਉਸਦੀ, ਚੰਗੇ ਵਰ ਦਾ ਸੀ ਚਾਹਵਾਨ ਚੰਦੂ। ਕਹਿਣ ਲੱਗਾ ਪ੍ਰੋਹਿਤ ਜੀ ਵਰ ਲੱਭੋ, ਆਪਣੇ ਜਿਹਾ ਚਾਹੁੰਦਾ ਖਾਨਦਾਨ ਚੰਦੂ। ਗੁਰਾਂ ਪਾਸ ਪ੍ਰੋਹਿਤ ਨੇ ਆਣ ਕਿਹਾ, ਲੜਕਾ ਤੁਸਾਂ ਦਾ ਭਰ ਜੁਆਨ ਹੋਇਆ। ਚੰਦੂ ਸ਼ਾਹ ਦੀ ਧੀ ਦਾ ਲੈ ਰਿਸ਼ਤਾ, ਮੈਂ ਤਾਂ ਹਾਜ਼ਰ ਹਾਂ ਵਿੱਚ ਦੀਵਾਨ ਹੋਇਆ। ਮੋਹਰਾਂ ਪੰਜ ਸੌ ਗੁਰਾਂ ਦੇ ਰੱਖ ਅੱਗੇ, ਕਹਿੰਦਾ ਸਮਝੋ ਇਹ ਰਿਸ਼ਤਾ ਪ੍ਰਵਾਨ ਹੋਇਆ। ਭੇਜ ਦਿਆਂਗੇ ਦਿੱਲੀ ਤੋਂ ਸ਼ਗਨ ਛੇਤੀ, ਸਾਹਿਬਜ਼ਾਦਾ ਹੁਣ ਸਾਡਾ ਮਹਿਮਾਨ ਹੋਇਆ। ਖੁਸ਼ੀ ਖੁਸ਼ੀ ਜਾ ਚੰਦੂ ਨੂੰ ਕਹਿਣ ਲੱਗਾ, ਵਰ ਟੋਲਿਆ ਕੁੜੀ ਦੇ ਹਾਣ ਦਾ ਏ। ਗੁਰੂ ਅਰਜਨ ਦਾ ਲਾਡਲਾ ਹੈ ਪੁੱਤਰ, ਇਕੋ ਇਕ ਜੁਆਨੀਆਂ ਮਾਣਦਾ ਏ। ਪੂਜੇ ਜਾਂਦੇ ਉਹ ਸਾਰੇ ਸੰਸਾਰ ਅੰਦਰ, ਹਰ ਕੋਈ ਹੀ ਉਨ੍ਹਾਂ ਨੂੰ ਜਾਣਦਾ ਏ। ਪੱਕਾ ਰਿਸ਼ਤਾ ਮੈਂ ਏਸੇ ਲਈ ਕਰ ਆਇਆਂ,(ਕਿਉਂਕਿ) ਉੱਚੇ ਸੁੱਚੇ ਉਹ ਖਾਨਦਾਨ ਏ। ਸੁਣਦੇ ਸਾਰ ਹੰਕਾਰ ਵਿੱਚ ਕਿਹਾ ਚੰਦੂ, ਤੂੰ ਤਾਂ ਪੰਡਤਾ, ਧੋਖਾ ਕੋਈ ਖਾ ਆਇਐਂ। ਉਹ ਫਕੀਰ ਤੇ ਅਸੀਂ ਦੀਵਾਨ ਸ਼ਾਹੀ, ਇੱਟ ਚੁਬਾਰੇ ਦੀ ਮੋਰੀ ਨੂੰ ਲਾ ਆਇਐਂ। ਨਾ ਹੀ ਸੋਚਿਆ, ਨਾ ਵੀਚਾਰਿਆ ਤੂੰ, ਮੇਰੀ ਧੀ ਦੀ ਬਲੀ ਚੜ੍ਹਾ ਆਇਐਂ। ਕੀ ਕਰਾਂ ਤੇ ਕੀ ਨਾ ਕਰਾ ਹੁਣ ਮੈਂ, ਮੈਨੂੰ ਦੁਬਿਧਾ ਦੇ ਵਿੱਚ ਫਸਾ ਆਇਐਂ। ਤੈਨੂੰ ਪਤੈ ਸਰਕਾਰੀ ਦੀਵਾਨ ਹਾਂ ਮੈਂ, ਨਾਤੇ ਤੋੜ ਸਕਦਾ, ਨਾਤੇ ਜੋੜ ਸਕਦਾ। ਪਰ ਹੁਣ ਸ਼ਗਨ ਤਾਂ ਭੇਜਣਾ ਹੀ ਪੈਣੈ, ਨਹੀਂ ਤੇਰਾ ਹੁਣ ਕਿਹਾ ਮੈਂ ਮੋੜ ਸਕਦਾ। ਕਿਸਮਤ ਵਿੱਚ ਬਸ ਏਹੋ ਹੀ ਲਿਖਿਆ ਸੀ, ਰਿਸ਼ਤਾ ਨਹੀਂ ਹੁਣ ਇਹ ਮੈਂ ਤੋੜ ਸਕਦਾ। ਲਾਉਣਾ ਪੈਣਾ ਹੁਣ ਬੇੜੀ ਨੂੰ ਕਿਸੇ ਕੰਢੇ, ਮੰਝਧਾਰ ਦੇ ਵਿੱਚ ਨਹੀਂ ਛੋੜ ਸਕਦਾ। ਓਧਰ ਚੰਦੂ ਦੀ ਗੱਲ ਨੇ ਵਿੱਚ ਦਿੱਲੀ, ਹੈਸੀ ਖੂਨ ਉਬਾਲਿਆ, ਸੰਗਤਾਂ ਦਾ। ਏਸ ਰਿਸ਼ਤੇ ਵਿਰੁੱਧ ਫਿਰ ਰੋਹ ਭਾਰੀ, ਉਪਰ ਤੱਕ ਉਛਾਲਿਆ, ਸੰਗਤਾਂ ਦਾ। ਨਹੀਂ ਨਹੀਂ ਇਹ ਰਿਸ਼ਤਾ ਹੁਣ ਨਹੀਂ ਹੋਣਾ, ਗੁਰਾਂ ਬਚਨ ਸੀ ਪਾਲਿਆ, ਸੰਗਤਾਂ ਦਾ। ਏਸ ਰਿਸ਼ਤੇ ਨੂੰ ਗੁਰਾਂ ਨੇ ਟਾਲ ਦਿੱਤਾ, ਐਪਰ ਹੁਕਮ ਨਾ ਟਾਲਿਆ, ਸੰਗਤਾਂ ਦਾ। ਮੋੜ ਦਿੱਤਾ ਜਦ ਗੁਰਾਂ ਨੇ ਸ਼ਗਨ ਹੈਸੀ, ਸੜ ਬਲ ਕੇ ਕੋਲੇ ਹੋ ਗਿਆ ਚੰਦੂ। ਨਿਕਲੇ ਅੱਖਾਂ ਦੇ ਵਿੱਚੋਂ ਅੰਗਿਆਰ ਉਸਦੇ, ਆਪਣੇ ਦਿਲ ਨੂੰ ਲਾ ਸੀ ਲਿਆ ਚੰਦੂ। ਮੇਰੀ ਪੱਤ ਅੱਜ ਗਲੀਆਂ ਦੇ ਵਿੱਚ ਰੁਲ ਗਈ, ਸੋਚ ਸੋਚ ਕੇ ਮੰਜੇ ’ਤੇ ਪਿਆ ਚੰਦੂ। ਏਸ ਹੇਠੀ ਦਾ ਬਦਲਾ ਜ਼ਰੂਰ ਲੈਣੈ, ਰਿਹਾ ਸੋਚਾਂ ਦੇ ਘੋੜੇ ਦੁੜਾਅ ਚੰਦੂ। ਉਧਰ ਹੋਣੀ ਨੇ ਬਣਤ ਬਣਾਈ ਐਸੀ, ਘਟਾ ਕਾਲੀ ਕੋਈ ਜ਼ੁਲਮ ਦੀ ਚੜ੍ਹੀ ਹੈਸੀ। ਸਿੱਖ ਧਰਮ ਨੂੰ ਸਿਖਰਾਂ ’ਤੇ ਤੱਕ ਕੇ ਤੇ, ਆ ਗਈ ਅਣਹੋਣੀ ਕੋਈ ਘੜੀ ਹੈਸੀ। ਖਿਚ ਰਹੇ ਤਨਾਵਾਂ ਸਨ ਮਾਰ ਤੁਣਕੇ, ਕੱਟੜਵਾਦ ਵਾਲੀ ਗੁੱਡੀ ਚੜ੍ਹੀ ਹੈਸੀ। ਪੰਚਮ ਪਿਤਾ ਦੇ ਬਣੇ ਸਨ ਲੱਖ ਵੈਰੀ, ਆਈ ਆਖਰ ਸ਼ਹਾਦਤ ਦੀ ਘੜੀ ਹੈਸੀ। ਦਿਨ ਦੀਵੀਂ ਫਿਰ ਭਾਨੀ ਦੇ ਚੰਨ ਉੱਤੇ, ਚੰਦੂ ਚੰਦਰੇ ਕਹਿਰ ਗੁਜਾਰਿਆ ਸੀ। ਸੂਰਜ ਨਾਲੋਂ ਵੀ ਗੁੱਸੇ ’ਚ ਲਾਲ ਹੋ ਕੇ, ਬਦਲਾ ਲੈਣ ਲਈ ਦਿਲ ਵਿੱਚ ਧਾਰਿਆ ਸੀ। ਓਹਦੀ ਨੂੰਹ ਨੇ ਆਣ ਕੇ ਉਸੇ ਵੇਲੇ, ਜ਼ਾਲਮ ਸਹੁਰੇ ਦੇ ਤਾਂਈਂ ਫਿਟਕਾਰਿਆ ਸੀ। ਇਸ ਸਬਰ ਤੇ ਜਬਰ ਦੀ ਜੰਗ ਅੰਦਰ, ਸਬਰ ਜਿੱਤਿਆ ਤੇ ਜਬਰ ਹਾਰਿਆ ਸੀ। ਪਾਪੀ ਮਾਰਨੇ ਲਈ ਪਾਪ ਬਲੀ ਹੁੰਦੈ, ਓਹਨੂੰ ਪਾਪਾਂ ਨੇ ਘੇਰਾ ਫਿਰ ਪਾ ਦਿੱਤਾ। ਜਹਾਂਗੀਰ ਨੇ ਦੇਣ ਲਈ ਸਜਾ ਇਸ ਨੂੰ, ਛੇਵੇਂ ਪਾਤਸ਼ਾਹ ਹੱਥ ਫੜਾ ਦਿੱਤਾ। ਪਾ ਕੇ ਨੱਕ ਦੇ ਵਿਚ ਨਕੇਲ ਸਿੱਖਾਂ, ਇਹਨੂੰ ਚੱਕਰੀ ਵਾਂਗ ਘੁਮਾ ਦਿੱਤਾ। ਆਖਰ ਰੋਹ ’ਚ ਸਿੱਖਾਂ ਨੇ ਆ ‘ਜਾਚਕ’, ਪਾਪੀ ਨਰਕਾਂ ਦੇ ਵਿੱਚ ਪਹੁੰਚਾ ਦਿੱਤਾ।

ਸਾਂਈਂ ਮੀਆਂ ਮੀਰ ਤੇ ਪੰਚਮ ਪਾਤਸ਼ਾਹ

ਮੀਆਂ ਮੀਰ ਫਕੀਰ ਨੇ ਗੁਰੂ ਜੀ ਨੂੰ, ਆ ਕੇ ਸੀਸ ਝੁਕਾਇਆ ਸੀ ਓਸ ਵੇਲੇ। ਸੜਦਾ ਤਵੀ ’ਤੇ ਫੁੱਲ ਗੁਲਾਬ ਤੱਕ ਕੇ, ਰੋਇਆ ਅਤੇ ਕੁਰਲਾਇਆ ਸੀ ਓਸ ਵੇਲੇ। ਧੁਰ ਅੰਦਰੋਂ ਹਾਅ ਦਾ ਮਾਰ ਨਾਹਰਾ, ਭਾਰੀ ਰੋਸ ਪ੍ਰਗਟਾਇਆ ਸੀ ਓਸ ਵੇਲੇ। ਪੰਚਮ ਪਿਤਾ ’ਤੇ ਹੁੰਦਾ ਇਹ ਜ਼ੁਲਮ ਤੱਕ ਕੇ, ਡਾਢੇ ਰੋਹ ’ਚ ਆਇਆ ਸੀ ਓਸ ਵੇਲੇ। ਵਾਂਗ ਸ਼ੇਰ ਦੇ ਗਰਜ ਕੇ ਕਹਿਣ ਲੱਗਾ, ਇਨ੍ਹਾਂ ਦੁਸ਼ਟਾਂ ਨੂੰ ਸਬਕ ਸਿਖਾ ਦੇਵਾਂ। ਹੁਕਮ ਕਰੋ ਜੇ ਜਗਤ ਦੇ ਪੀਰ ਮੈਨੂੰ, ਸਭ ਨੂੰ ਕੀਤੀ ਦਾ ਮਜਾ ਚਖਾ ਦੇਵਾਂ। ਤੇਰੇ ਇਕੋ ਇਸ਼ਾਰੇ ਦੇ ਨਾਲ ਦਾਤਾ, ਤਖ਼ਤ ਮਿੱਟੀ ਦੇ ਵਿੱਚ ਮਿਲਾ ਦੇਵਾਂ। ਹੁਕਮ ਕਰੋ ਤਾਂ ਦਿੱਲੀ ਲਾਹੌਰ ਵਾਲੀ, ਇੱਟ ਨਾਲ ਮੈਂ ਇੱਟ ਖੜਕਾ ਦੇਵਾਂ। ਜਹਾਂਗੀਰ ਨੂੰ ਲਾਹਨਤਾਂ ਪਾਉਣ ਲੱਗਾ, ਬੜਾ ਘੋਰ ਤੂੰ ਕੀਤੈ ਗੁਨਾਹ ਸ਼ਾਹਾ। ਦੁੱਖ ਦਿੱਤੈ ਤੂੰ ਅੱਲ੍ਹਾ ਦੀ ਰੂਹ ਤਾਂਈਂ, ਆ ਕੇ ਚੁੱਕ ਵਿੱਚ ਖਾਹਮਖਾਹ ਸ਼ਾਹਾ। ਤੇਰੇ ਬਾਪ ਵੀ ਸਿੱਜਦੇ ਸੀ ਆਣ ਕੀਤੇ, ਸੱਚੀ ਸੁੱਚੀ ਹੈ ਇਹ ਦਰਗਾਹ ਸ਼ਾਹਾ। ਸਿਰ ’ਤੇ ਚੁੱਕੀ ਏ ਪਾਪਾਂ ਦੀ ਪੰਡ ਤੂੰ ਤਾਂ, ਭੁੱਲ ਗਿਆ ਇਸਲਾਮ ਦਾ ਰਾਹ ਸ਼ਾਹਾ। ਤੇਰੇ ਪਾਪ ਦਾ ਬੇੜਾ ਹੁਣ ਭਰ ਚੁੱਕੈ, ਤੇਰੇ ਰਾਜ ਨੇ ਹੋਣੈ ਤਬਾਹ ਸ਼ਾਹਾ। ਜੀਹਨੂੰ ਝੂਠ ਦੀ ਤੂੰ ਦੁਕਾਨ ਕਹਿੰਦੈਂ, ਇਹ ਤਾਂ ਸੱਚ ਤੇ ਧਰਮ ਦਾ ਰਾਹ ਸ਼ਾਹਾ। ਤੱਤੀ ਤਵੀ ’ਤੇ ਮਾਲਾ ਪਿਆ ਫੇਰਦਾ ਈ, ਬੈਠਾ ਹੋਇਆ ਉਹ ਬੇਪ੍ਰਵਾਹ ਸ਼ਾਹਾ। ਕੀਤੈ ਜਿਹੜਾ ਗੁਨਾਹ ਤੂੰ ਜਾਣ ਬੁਝ ਕੇ, ਇਹਦਾ ਰਹੂ ਇਤਿਹਾਸ ਗਵਾਹ ਸ਼ਾਹਾ। ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਬਹੁਤੇ ਗੁੱਸੇ ’ਚ ਆਓ ਨਾ ਪੀਰ ਜੀਓ। ਸਭ ਕੁਝ ਅੱਲਾਹ ਦੇ ਭਾਣੇ ’ਚ ਹੋ ਰਿਹਾ ਏ, ਨੈਣਾਂ ਵਿੱਚੋਂ ਵਗਾਓ ਨਾ ਨੀਰ ਜੀਓ। ਰੱਖਣੇ ਚਾਹੀਦੇ ਰੁੱਖਾਂ ਦੇ ਵਾਂਗ ਜੇਰੇ, ਔਖੇ ਸਮੇਂ ’ਚ ਰੱਬੀ ਫਕੀਰ ਜੀਓ। ਨਵਾਂ ਰਾਹ ਇਬਾਦਤ ਦਾ ਦੱਸਣਾ ਏ, ਮਿੱਠਾ ਮੰਨ ਭਾਣਾ ਮੀਆਂ ਮੀਰ ਜੀਓ। ਨਾਲ ਨਿਮਰਤਾ ਕਿਹਾ ਫਿਰ ਪਾਤਸ਼ਾਹ ਨੇ, ਗ਼ੁੱਸਾ ਨਿਰਾ ਹੁੰਦਾ ਭਾਂਬੜ ਅੱਗ ਦਾ ਏ। ਨਾਲ ਸਬਰ ਦੇ ਜਬਰ ਨੂੰ ਮਾਤ ਦੇਣੀ, ਏਹੋ ਸਾਂਈਂ ਜੀ ਅਸਾਂ ਨੂੰ ਫੱਬਦਾ ਏ। ਸਭ ਕੁਝ ਕਾਦਰ ਦੇ ਹੁਕਮ ’ਚ ਹੋ ਰਿਹਾ ਏ, ਇਹਦੇ ਵਿੱਚ ਹੀ ਭਲਾ ਸਭ ਜੱਗ ਦਾ ਏ। ਤਪਦੀ ਤਵੀ ’ਤੇ ਬੈਠਿਆਂ ਕਿਹਾ ਸਤਿਗੁਰ, ਭਾਣਾ ਮਿੱਠਾ ਪਿਆਰੇ ਦਾ ਲੱਗਦਾ ਏ। ਕਰਾਮਾਤ ਤਾਂ ਕਹਿਰ ਦਾ ਨਾਂ ਹੁੰਦੈ, ਜੋ ਕੁਝ ਕਰਨਾ ਏ, ਉਹੋ ਹੀ ਕਰ ਰਹੇ ਹਾਂ। ਪੀਣੈ ਅਸਾਂ ਨੇ ਜਾਮ ਸ਼ਹਾਦਤਾਂ ਦਾ, ਏਸੇ ਲਈ ਇਹ ਦੁੱਖੜੇ ਜਰ ਰਹੇ ਹਾਂ। ਪਰਦਾ ਝੂਠ ਦਾ ਲਾਹੁਣ ਲਈ ਸੱਚ ਉੱਤੋਂ, ਅਸੀਂ ਮੌਤ ਮਰਜਾਣੀ ਨੂੰ ਵਰ ਰਹੇ ਹਾਂ। ਤੁਸਾਂ ਨੀਂਹ ਹਰਿਮੰਦਰ ਦੀ ਧਰੀ ਹੈਸੀ, ਅਸੀਂ ਨੀਂਹ ਕੁਰਬਾਨੀ ਦੀ ਧਰ ਰਹੇ ਹਾਂ। ਮੀਆਂ ਮੀਰ, ਇਹ ਮੌਜ ਅਕਾਲ ਦੀ ਏ, ਦਖਲ ਦੇਣਾ ਨਹੀਂ ਏਸ ਵਿੱਚ ਠੀਕ ਸਾਂਈਆਂ। ਰਾਜੀ ਰਹਿਣਾ ਏ ਉਸਦੀ ਰਜ਼ਾ ਅੰਦਰ, ਮੈਂ ਤਾਂ ਅੰਤਮ ਸਵਾਸ ਦੇ ਤੀਕ ਸਾਂਈਆਂ। ਐਸੇ ਦੋਖੀ ਨੂੰ ਸਜਾ ਜ਼ਰੂਰ ਮਿਲਦੀ, ਸਮਝੀਂ ਏਸਨੂੰ ਪੱਥਰ ਤੇ ਲੀਕ ਸਾਈਆਂ। ਚੱਕੀ ਵਾਹਿਗੁਰੂ ਦੀ ਚਲਦੀ ਬਹੁਤ ਹੌਲੀ, ਆਟਾ ਪੀਸਦੀ ਐਪਰ ਬਰੀਕ ਸਾਈਆਂ। ਮੀਆਂ ਮੀਰ ਇਹ ਠੀਕ ਹੈ ਰੱਤ ਮੇਰੀ, ਤੱਤੀ ਤਵੀ ਦੇ ਉੱਤੇ ਹੈ ਸੁੱਕ ਸਕਦੀ। ਜਿੰਨੇ ਮਰਜੀ ਇਹ ਦੇ ਲੈਣ ਦੁਖ ਮੈਨੂੰ, ਦੁੱਖਾਂ ਅੱਗੇ ਨਹੀਂ ਆਤਮਾ ਝੁਕ ਸਕਦੀ। ਸਮਾਂ ਆਉਣ ਤੇ ਇੱਟ ਨਾਲ ਇੱਟ ਖੜਕੂ, ਅੱਗ ਅਣਖ ਦੀ ਬਲਣੋਂ ਨਹੀਂ ਰੁਕ ਸਕਦੀ। ਰਹਿੰਦੀ ਸਦਾ ਸਚਾਈ ਸੰਸਾਰ ਅੰਦਰ, ਨਾ ਇਹ ਮਰ ਸਕਦੀ ਨਾ ਹੀ ਮੁੱਕ ਸਕਦੀ। ਇਸ ਅੱਤ ਨੇ ‘ਜਾਚਕਾ’ ਜਨਮ ਦੇਣੈ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤਾਂਈਂ। ਸਬਰ ਸ਼ਾਂਤੀ ਦੇ ਮੈਂ ਜੋ ਬੀਜ ਬੀਜੇ, ਖ਼ਤਮ ਕਰਨਗੇ ਜ਼ੁਲਮ ਦੀ ਰਾਤ ਤਾਂਈਂ। ਕਰੂ ਸ਼ਬਦ ਹੁਣ ਸਫ਼ਰ ਸਮਸ਼ੀਰ ਤੀਕਰ, ਬਲ ਮਿਲੂ ਕ੍ਰਾਂਤੀ ਦੀ ਬਾਤ ਤਾਂਈਂ। ਤੁਸੀਂ ਸ਼ਾਂਤ ਹੋ ਕੇ ਦੇਖੋ ਪੀਰ ਜੀਉ, ਆਉਂਦੀ ਕੌਮ ’ਤੇ ਨਵੀਂ ਪ੍ਰਭਾਤ ਤਾਂਈਂ।

ਸ਼ਹੀਦੀ ਗੁਰੂ ਅਰਜਨ ਦੇਵ ਜੀ

ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ, ਸੋਹਣੇ ਫੁੱਲ ਤੇ ਫਲ ਸੀ ਆਉਣ ਲੱਗੇ। ਪੰਚਮ ਪਾਤਸ਼ਾਹ ਏਸਦੀ ਮਹਿਕ ਤਾਂਈਂ, ਸਾਰੇ ਜਗਤ ਦੇ ਵਿੱਚ ਫੈਲਾਉਣ ਲੱਗੇ। ‘ਆਦਿ ਬੀੜ’ ਤੇ ਤਾਈਂ ਤਿਆਰ ਕਰਕੇ, ਜੀਵਨ ਜੀਉਣ ਦੀ ਜੁਗਤ ਸਿਖਾਉਣ ਲੱਗੇ। ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਖਾਤਰ, ਕੋਨੇ ਕੋਨੇ ਤੋਂ ਸਿੱਖ ਸਨ ਆਉਣ ਲੱਗੇ। ਓਧਰ ਸਿੱਖੀ ਦੀ ਲਹਿਰ ਦੇ ਖ਼ਾਤਮੇ ਲਈ, ਦੋਖੀ ਸੋਚਾਂ ਦੇ ਘੋੜੇ ਦੁੜਾਉਣ ਲੱਗੇ। ਲਾਉਣ ਲਈ ਗ਼੍ਰਹਿਣ ਇਸ ਚੰਨ ਤਾਈਂ, ਘਟੀਆ ਢੰਗ ਤਰੀਕੇ ਅਪਨਾਉਣ ਲੱਗੇ। ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਜਹਾਂਗੀਰ ਦੇ ਤਾਂਈਂ ਭੜਕਾਉਣ ਲੱਗੇ। ਬਾਗੀ ਖੁਸਰੋ ਦੀ ਮਦਦ ਦੇ ਦੋਸ਼ ਥੱਲੇ, ਬਲਦੀ ਅੱਗ ਉਤੇ ਤੇਲ ਪਾਉਣ ਲੱਗੇ। ਜਹਾਂਗੀਰ ਨੇ ਆਖਿਰ ਇਹ ਹੁਕਮ ਦਿੱਤਾ, ਬੰਦ ਝੂਠ ਦੀ ਇਹ ਦੁਕਾਨ ਹੋਵੇ। ਅਰਜਨ ਦੇਵ ਨੂੰ ਦੇਈਏ ਸਜ਼ਾ ਐਸੀ, ਚਰਚਾ ਜਿਨ੍ਹਾਂ ਦੀ ਵਿੱਚ ਜਹਾਨ ਹੋਵੇ। ਡਿੱਗੇ ਲਹੂ ਦੀ ਬੂੰਦ ਨਾ ਧਰਤ ਉੱਤੇ, ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ। ਆਖਰ ਦੇਣਾ ਦਰਿਆ ਵਿੱਚ ਰੋਹੜ ਇਹਨੂੰ, ਚੁੱਪ ਸਦਾ ਲਈ ਇਹ ਜ਼ੁਬਾਨ ਹੋਵੇ। ਜੇਠ ਹਾੜ੍ਹ ਦੀ ਕੜਕਦੀ ਧੁੱਪ ਅੰਦਰ, ਪੈਰ ਧਰਤੀ ’ਤੇ ਧਰਿਆ ਨਾ ਜਾ ਰਿਹਾ ਸੀ। ਸੜਦੀ ਤਪਦੀ ਜ਼ਮੀਨ ਦੀ ਹਿੱਕ ਵਿੱਚੋਂ, ਲਾਵਾ ਫੁੱਟ ਕੇ ਬਾਹਰ ਨੂੰ ਆ ਰਿਹਾ ਸੀ। ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ, ਉੱਤੋਂ ਅੱਗ ਦੇ ਗੋਲੇ ਵਰਸਾ ਰਿਹਾ ਸੀ। ਪੰਚਮ ਪਾਤਸ਼ਾਹ ਇਹੋ ਜਿਹੇ ਸਮੇਂ ਅੰਦਰ, ਤੱਤੀ ਤਵੀ ’ਤੇ ਚੌਂਕੜਾ ਲਾ ਰਿਹਾ ਸੀ। ਲਾਲ ਤਵੀ ਵੱਲ ਵੇਖ ਕੇ ਕਹਿਣ ਲੱਗੇ, ਇਹਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣੈ। ਤੱਤੀ ਰੇਤਾ ਜੋ ਸੀਸ ਵਿੱਚ ਪੈ ਰਹੀ ਏ, ਇਹਨੇ ਅਣਖੀ ਜੁਆਨਾਂ ਨੂੰ ਜਨਮ ਦੇਣੈ। ਉਬਲ ਰਿਹਾ ਜੋ ਪਾਣੀ ਇਹ ਦੇਗ ਅੰਦਰ, ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣੈ। ਮੇਰੇ ਜਿਸਮ ’ਤੇ ਪਏ ਹੋਏ ਛਾਲਿਆਂ ਨੇ, ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣੈ। ਕਸ਼ਟ ਸਹਿ ਕੇ ਕੋਮਲ ਸਰੀਰ ਉਤੇ, ਭਾਣਾ ਮਿੱਠਾ ਕਰ ਮੰਨਿਆ, ਗੁਰੂ ਅਰਜਨ। ਸੀਸ ਵਿੱਚ ਪੁਆ ਕੇ ਰੇਤ ਤੱਤੀ, ਸਿਰ ਜ਼ੁਲਮ ਦਾ ਭੰਨਿਆ, ਗੁਰੂ ਅਰਜਨ। ਪੈਦਾ ਲੱਖਾਂ ਸ਼ਹੀਦ ਸਨ ਹੋਏ ਉਸ ਤੋਂ, ਮੁੱਢ ਜੇਸਦਾ ਬੰਨ੍ਹਿਆ, ਗੁਰੂ ਅਰਜਨ। ਤਾਹੀਂਉਂ ਸ਼ਹੀਦਾਂ ਦੇ ਸਿਰਤਾਜ ਲਿਖਿਐ, ਤਵਾਰੀਖ ਦੇ ਪੰਨਿਆਂ, ਗੁਰੂ ਅਰਜਨ। ਕਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਦੁਨੀਆਂ ਤਾਂਈਂ ਮੈਂ ਅੱਜ ਦਿਖਲਾ ਚੱਲਿਆਂ। ਸਹਿ ਕੇ ਜ਼ੁਲਮ ਅਸਹਿ ਨਾ ਸੀਅ ਕੀਤੀ, ਛਾਪ ਸੱਚ ਦੀ ਦਿਲਾਂ ’ਤੇ ਲਾ ਚੱਲਿਆਂ। ਮੇਰੇ ਸਿੱਖ ਨਾ ਸਿਦਕ ਤੋਂ ਡੋਲ ਜਾਵਣ, ਏਸੇ ਲਈ ਮੈਂ ਪੂਰਨੇ ਪਾ ਚੱਲਿਆਂ। ਸਿਹਰਾ ਬੰਨ੍ਹ ਸ਼ਹੀਦੀ ਦਾ ਸਿਰ ਉਤੇ, ਜੂਝ ਮਰਣ ਦਾ ਵੱਲ ਸਿਖਾ ਚੱਲਿਆਂ। ਕਹਿੰਦੇ ਖੂਨ ਨੂੰ ਬੜਾ ਵਿਆਜ ਲੱਗਦਾ, ਸਿੱਖ ਸ਼ੁਰੂ ਤੋਂ ਜੱਗ ਨੂੰ ਦੱਸਦੇ ਰਹੇ। ਗੋਡੇ ਟੇਕੇ ਨਹੀਂ ਕਦੀ ਵੀ ਜ਼ੁਲਮ ਅੱਗੇ, ਬੰਦ ਬੰਦ ਕਟਵਾਉਂਦੇ ਵੀ ਹੱਸਦੇ ਰਹੇ। ਲੜੇ ਜੰਗ ਅੰਦਰ ਤਲੀ ਸੀਸ ਧਰਕੇ, ਦੁਸ਼ਮਣ ਤੱਕਦੇ ਰਹੇ ਨਾਲੇ ਨੱਸਦੇ ਰਹੇ। ਭਾਣਾ ਮੰਨਿਆ ਖਾਲਸੇ ਖਿੜੇ ਮੱਥੇ, ਜ਼ਹਿਰੀ ਨਾਗ ਭਾਂਵੇਂ ‘ਜਾਚਕ’ ਡੱਸਦੇ ਰਹੇ।

ਪੰਚਮ ਦਾਤਾਰ ਸਤਿਗੁਰ

ਨਾਨਾ ਗੁਰੂ ਦੀ ਗੋਦ ’ਚ ਖੇਡ ਕੇ ਤੇ, ਬਾਲ ਅਰਜਨ ਨੇ ਬਚਪਨ ਗੁਜ਼ਾਰਿਆ ਸੀ। ਨਿੱਕੇ ਬੱਚੇ ’ਚ ਤੱਕ ਕੇ ਗੁਣ ਵੱਡੇ, ਤੀਜੇ ਪਾਤਿਸ਼ਾਹ ਬਹੁਤ ਸਤਿਕਾਰਿਆ ਸੀ। ‘ਦੋਹਿਤਾ ਬਾਣੀ ਕਾ ਬੋਹਿਥਾ’ ਮੁੱਖ ਵਿੱਚੋਂ, ਏਸ ਬੱਚੇ ਲਈ ਬਚਨ ਉਚਾਰਿਆ ਸੀ। ਬਾਲ ਅਰਜਨ ਨੇ ਬਣ ਫਿਰ ਗੁਰੂ ਅਰਜਨ, ਪਾਵਨ ਬਚਨਾਂ ਦਾ ਮੁੱਲ ਉਤਾਰਿਆ ਸੀ। ਮੱਥਰਾ ਭੱਟ ਸਵੱਈਆਂ ਦੇ ਵਿੱਚ ਲਿਖਦੈ, ਪੂਰਨ ਪੁਰਖ ਹੈਸੀ ਹੋਣਹਾਰ ਸਤਿਗੁਰ। ਦਿੱਤੀ ਸੇਧ ਜਿਨ੍ਹਾਂ ਭੁੱਲੇ ਭਟਕਿਆਂ ਨੂੰ, ਉਹ ਰੂਹਾਨੀਅਤ ਦੇ ਸੀ ਭੰਡਾਰ ਸਤਿਗੁਰ। ਧੁਰੋਂ ਭੇਜੇ ਅਧਿਆਤਮਕ ਕਵੀ ਸੀ ਉਹ, ਤੇ ਰਾਗਾਂ ਵਿੱਚ ਵੀ ਮਾਹਰ ਫੰਕਾਰ ਸਤਿਗੁਰ। ਮੈਲੇ ਮਨਾਂ ਨੂੰ ਨਾਮ ਦਾ ਲਾ ਸਾਬਣ, ਧੋ ਦੇਂਦੇ ਸਨ ਪੰਚਮ ਦਾਤਾਰ ਸਤਿਗੁਰ। ਮੀਆਂ ਮੀਰ ਤੋਂ ਨੀਂਹ ਰੱਖਵਾ ਕੇ ਤੇ, ਹਰੀਮੰਦਰ ਨੂੰ ਗੁਰਾਂ ਉਸਾਰਿਆ ਸੀ। ਊਚ ਨੀਚ ਦਵੈਤ ਤੋਂ ਦੂਰ ਰਹਿਕੇ, ਹਰ ਇੱਕ ਦੇ ਤਾਂਈਂ ਸਤਿਕਾਰਿਆ ਸੀ। ਚੌਂਹ ਦਿਸ਼ਾਂ ਵੱਲ ਰੱਖਕੇ ਚਾਰ ਬੂਹੇ, ਹਰਿ ਧਰਮ ਤੇ ਕੌਮ ਨੂੰ ਪਿਆਰਿਆ ਸੀ। ਸਾਂਝੀਵਾਲਤਾ ਵਾਲਾ ਸੰਦੇਸ਼ ਦੇ ਕੇ, ਗੁਰਾਂ ਸਾਰੀ ਲੋਕਾਈ ਨੂੰ ਤਾਰਿਆ ਸੀ। ਰਾਮਸਰ ਸਰੋਵਰ ਦੇ ਬੈਠ ਕੰਢੇ, ਸੁਰਤੀ ਬਿਰਤੀ ਲਗਾਈ ਸੀ ਗੁਰੂ ਅਰਜਨ। ਕਰਕੇ ਮਿਹਰ ਦੀ ਨਜ਼ਰ ਗੁਰਦਾਸ ਜੀ ’ਤੇ, ਪਾਵਨ ਬੀੜ ਲਿਖਵਾਈ ਸੀ ਗੁਰੂ ਅਰਜਨ। ਰੱਬੀ ਭਗਤਾਂ ਦੀ ਬਾਣੀ ਵੀ ਕਰ ਸ਼ਾਮਲ, ਸਭ ਨੂੰ ਦਿੱਤੀ ਵਡਿਆਈ ਸੀ ਗੁਰੂ ਅਰਜਨ। ਆਦਿ ਗ੍ਰੰਥ ਸੰਪੂਰਨ ਕਰਵਾ ਕੇ ਤੇ, ਜੀਵਨ ਜਾਚ ਸਿਖਾਈ ਸੀ ਗੁਰੂ ਅਰਜਨ। ਤਰਨ ਤਾਰਨ ਤੇ ਪੁਰ ਕਰਤਾਰ ਵਰਗੇ, ਸੋਹਣੇ ਨਗਰ ਵਸਾਏ ਸੀ ਪਾਤਸ਼ਾਹ ਨੇ। ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਜਜ਼ੀਏ ਮਾਫ਼ ਕਰਵਾਏ ਸੀ ਪਾਤਸ਼ਾਹ ਨੇ। ਅੰਮ੍ਰਿਤਸਰ ਇਲਾਕੇ ਦੇ ਵਿੱਚ ਓਦੋਂ, ਬਾਰਾਂ ਖੂਹ ਖੁਦਵਾਏ ਸੀ ਪਾਤਿਸ਼ਾਹ ਨੇ। ਕੋਹੜ ਕੋਹੜੀਆਂ ਦੇ ਦੂਰ ਕਰਨ ਖਾਤਰ, ਦਵਾਖਾਨੇ ਬਣਵਾਏ ਸੀ ਪਾਤਸ਼ਾਹ ਨੇ। ਗੁਰੂ ਘਰ ਦੀ ਜੱਗ ’ਤੇ ਚੜਤ ਤੱਕ ਕੇ, ਦੋਖੀ ਰਲ ਮਿਲ ਸਾਜਿਸ਼ਾਂ ਘੜਨ ਲੱਗੇ। ਪ੍ਰਿਥੀ ਚੰਦ ਵਰਗੇ ਚੰਦੂ ਸ਼ਾਹ ਵਰਗੇ, ਅੱਗ ਈਰਖਾ ਦੀ ਅੰਦਰ ਸੜਨ ਲੱਗੇ। ਸ਼ੇਖ ਅਹਿਮਦ ਤੇ ਮੁਰਤਜ਼ਾ ਖਾਂ ਵਰਗੇ, ਕੱਟੜ ਪੰਥੀ ਵੀ ਇਨ੍ਹਾਂ ਨਾਲ ਖੜਨ ਲੱਗੇ। ਬਾਗੀ ਖੁਸਰੋ ਨੂੰ ਇਨ੍ਹਾਂ ਪਨਾਂਹ ਦਿੱਤੀ, ਐਸੇ ਦੋਸ਼ ਵੀ ਗੁਰਾਂ ’ਤੇ ਮੜ੍ਹਨ ਲੱਗੇ। ਜਹਾਂਗੀਰ ਦੇ ਭਰੇ ਜਦ ਕੰਨ ਇਨ੍ਹਾਂ, ਆਖਿਰ ਓਸ ਨੇ ਹੁਕਮ ਸੁਣਾ ਦਿੱਤਾ। ‘ਯਾਸਾ’ ਰਾਹੀਂ ਤਸੀਹੇ ਦਿਵਾਉਣ ਖਾਤਿਰ, ਚੰਦੂ ਚੰਦਰੇ ਕੋਲ ਪਹੁੰਚਾ ਦਿੱਤਾ। ਗੁਰੂ ਸਾਹਿਬ ਨੂੰ ਭੁਖਿਆਂ ਰੱਖ ਓਹਨੇ, ਪੰਜ ਦਿਨਾਂ ਦਾ ਸਮਾਂ ਲੰਘਾ ਦਿੱਤਾ। ਤੱਤੀ ਤਵੀ ’ਤੇ ਆਖਿਰ ਬਿਠਾ ਕੇ ਤੇ, ਦੇ ਦੇ ਕਸ਼ਟ ਸ਼ਹੀਦ ਕਰਵਾ ਦਿੱਤਾ। ਰਾਵੀ ਵਿੱਚੋਂ ਅਗੰਮੀ ਆਵਾਜ਼ ਆਈ, ਹੁਣ ਤਾਂ ਸਿੱਖੀ ਦੀਆਂ ਸ਼ਾਨਾਂ ਦਾ ਜਨਮ ਹੋਊ। ਜੀਹਨਾਂ ਜ਼ੁਲਮ ਨੂੰ ਜੜੋਂ ਉਖਾੜ ਸੁਟਣੈ, ਉਨ੍ਹਾਂ ਲੱਖਾਂ ਤੂਫ਼ਾਨਾਂ ਦਾ ਜਨਮ ਹੋਊ। ਸੰਤ ਸਿਪਾਹੀਆਂ ਦੇ ਪੂਰਨ ਸਰੂਪ ਅੰਦਰ, ਬੀਰ ਬਾਂਕੇ ਬਲਵਾਨਾਂ ਦਾ ਜਨਮ ਹੋਊ। ਰੱਖਿਆ ਭਗਤੀ ਦੀ ਕਰਨ ਲਈ ਨਾਲ ਸ਼ਕਤੀ, ਮੀਰੀ ਪੀਰੀ ਕਿਰਪਾਨਾਂ ਦਾ ਜਨਮ ਹੋਊ। ਏਸ ਪਾਵਨ ਸ਼ਹਾਦਤ ਤੋਂ ਬਾਅਦ ‘ਜਾਚਕ’, ਬੀਰ ਬਾਂਕੇ ਬਲਕਾਰਾਂ ਦਾ ਜਨਮ ਹੋਇਆ। ਛੇਵੇਂ ਪਾਤਸ਼ਾਹ ਬੈਠੇ ਜਦ ਤਖ਼ਤ ਉੱਤੇ, ਮੀਰੀ ਪੀਰੀ ਤਲਵਾਰਾਂ ਦਾ ਜਨਮ ਹੋਇਆ। ਪੈਦਾ ਕਰਨ ਲਈ ਅਣਖ ਦੇ ਕਈ ਸ਼ੋਅਲੇ, ਚੜ੍ਹਦੀ ਕਲਾ ਦੀਆਂ ਵਾਰਾਂ ਦਾ ਜਨਮ ਹੋਇਆ। ਧੌਂਸੇ ਖੜਕੇ ਨਗਾਰੇ’ਤੇ ਚੋਟ ਲੱਗੀ, ਸਾਡੇ ਬਾਗੀਂ ਬਹਾਰਾਂ ਦਾ ਜਨਮ ਹੋਇਆ।

ਗੁਰੂ ਹਰਿਗੋਬਿੰਦ ਸਾਹਿਬ ਜੀ

ਲੱਗੀਆਂ ਪਿੰਡ ਵਡਾਲੀ ਵਿੱਚ ਰੌਣਕਾਂ ਸੀ, ਸੱਚਾ ਪਾਤਸ਼ਾਹ ਆਪ ਦਿਆਲ ਹੋਇਆ। ਬਾਬਾ ਬੁੱਢਾ ਜੀ ਦੇ ਪਾਵਨ ਵਰ ਸਦਕਾ, ਪੰਚਮ ਪਿਤਾ ਦੇ ਘਰ ਸੀ ਲਾਲ ਹੋਇਆ। ਏਧਰ ਖੁਸ਼ੀ ਦੀ ਲਹਿਰ ਸੀ ਹਰ ਪਾਸੇ, ਵਾਤਾਵਰਣ ਸੀ ਸਾਰਾ ਖੁਸ਼ਹਾਲ ਹੋਇਆ। ਓਧਰ ਬੱਚੇ ਨੂੰ ਮਾਰ ਮੁਕਾਉਣ ਦੇ ਲਈ, ਪ੍ਰਿਥੀ ਚੰਦ ਸੀ ਹਾਲੋ ਬੇਹਾਲ ਹੋਇਆ। ਜ਼ਹਿਰ ਦੇਣ ਦੀ ਕੋਸ਼ਿਸ਼ ਵੀ ਗਈ ਕੀਤੀ, ਐਪਰ ਦਾਈ ਦਾ ਮੰਦੜਾ ਹਾਲ ਹੋਇਆ। ਫਨੀਅਰ ਸੱਪ ਵੀ ਡੰਗ ਨਾ ਮਾਰ ਸਕਿਆ, ਵੇਖਣ ਵਾਲਿਆਂ ਕਿਹਾ ਕਮਾਲ ਹੋਇਆ। ਰੱਖਿਆ ਗੁਰੂ ਨੇ ‘ਚੇਚਕ’ ਤੋਂ ਆਪ ਕੀਤੀ, ਰੱਤੀ ਭਰ ਵੀ ਵਿੰਗਾ ਨਾ ਵਾਲ ਹੋਇਆ। ਮੁੱਖੜਾ ਚੰਦ ਵਰਗਾ ਚਿੱਟਾ ਬਾਲਕੇ ਦਾ, ਤੱਕਿਆ ਜੇਸ ਨੇ ਓਹੀਓ ਨਿਹਾਲ ਹੋਇਆ। ਛੋਟੀ ਉਮਰ ਤੋਂ ਹੀ ਹਰਿਗੋਬਿੰਦ ਜੀ ਦਾ, ਭਰਵਾਂ ਜੁੱਸਾ ਤੇ ਨੂਰੀ ਨੁਹਾਰ ਹੈਸੀ। ਘੋੜ ਸਵਾਰੀ ਤੇ ਸ਼ਸਤਰਾਂ ਬਸਤਰਾਂ ਨਾਲ, ਰੱਖਿਆ ਸ਼ੁਰੂ ਤੋਂ ਉਨ੍ਹਾਂ ਪਿਆਰ ਹੈਸੀ। ਗਿਆਰਾਂ ਸਾਲ ਦੇ ਜਦੋਂ ਸੀ ਆਪ ਹੋਏ, ਆਇਆ ਸੀਸ ’ਤੇ ਗੱਦੀ ਦਾ ਭਾਰ ਹੈਸੀ। ਕੀਤੇ ਪਿਤਾ ਸ਼ਹੀਦ ਜਦ ਜ਼ਾਲਮਾਂ ਨੇ, ਮੀਰੀ ਪੀਰੀ ਦੀ ਪਹਿਨੀ ਤਲਵਾਰ ਹੈਸੀ। ਭੇਜੇ ਹੁਕਮਨਾਮੇ ਗੱਦੀ ਬੈਠ ਕੇ ’ਤੇ, ਹੋ ਜਾਓ ਹੁਣ ਤਿਆਰ ਬਰ ਤਿਆਰ ਸਿੱਖੋ। ਲੜੋ ਕੁਸ਼ਤੀਆਂ, ਕਸਰਤਾਂ ਕਰੋ ਮਿਲ ਕੇ, ਰੱਖੋ ਘੋੜੇ ਤੇ ਖੇਡੋ ਸ਼ਿਕਾਰ ਸਿੱਖੋ। ਭੇਟ ਕਰੋ ਜਵਾਨੀਆਂ ਤੁਸੀਂ ਆ ਕੇ, ਫੜੋ ਹੱਥਾਂ ’ਚ ਤਿੱਖੀ ਤਲਵਾਰ ਸਿੱਖੋ। ਜ਼ੁਲਮ ਜ਼ਾਲਮਾਂ ਦੇ ਰੋਕਣ ਵਾਸਤੇ ਹੁਣ, ਭੇਜੋ ਮਾਇਆ ਦੀ ਥਾਂ ਹਥਿਆਰ ਸਿੱਖੋ। ਰਚਿਆ ਤਖ਼ਤ, ਹਰਿਮੰਦਰ ਦੇ ਐਨ ਸਾਹਵੇਂ, ਕੋਈ ਕਿਸੇ ਨੂੰ ਕਰ ਨਾ ਤੰਗ ਸੱਕੇ। ਹਰੀਮੰਦਰ ਦੀ ਗੋਦ ਵਿੱਚ ਸਿੱਖ ਬੈਠਾ, ਆਪਾ ਨਾਮ ਦੇ ਰੰਗ ਵਿੱਚ ਰੰਗ ਸੱਕੇ। ਅਕਾਲ ਤਖ਼ਤ ਸਾਹਵੇਂ ਸੁਣ ਕੇ ਸਿੱਖ ਵਾਰਾਂ, ਛੇੜ ਜ਼ੁਲਮ ਵਿਰੁੱਧ ਹੁਣ ਜੰਗ ਸੱਕੇ। ਸੰਤ ਸਿਪਾਹੀਆਂ ਦੀ ਫੌਜ ਬਣਾਈ ਤਾਂ ਕਿ, ਜ਼ਾਲਮ ਸ਼ਾਂਤੀ ਕਰ ਨਾ ਭੰਗ ਸੱਕੇ। ਛੇਵੇਂ ਪਾਤਸ਼ਾਹ ਤਖ਼ਤ ’ਤੇ ਬੈਠਦੇ ਸੀ, ਇਥੇ ਸੁੰਦਰ ਸਿੰਘਾਸਨ ਸਜਾ ਕੇ ਤੇ। ਮੀਰੀ ਪੀਰੀ ਤਲਵਾਰਾਂ ਨੂੰ ਪਹਿਨ ਕੇ ਤੇ, ਉਪਰ ਸੀਸ ਦੇ ਕਲਗੀ ਫਬਾ ਕੇ ਤੇ। ਮੁੱਖੜਾ ਗੁਰਾਂ ਦਾ ਚੰਦ ਦੇ ਵਾਂਗ ਚਮਕੇ, ਸੰਗਤਾਂ ਤੱਕਣ ਚਕੋਰਾਂ ਵਾਂਗ ਆ ਕੇ ਤੇ। ਦੁੱਖ ਦੂਰ ਫ਼ਰਿਆਦੀ ਦੇ ਕਰ ਦਿੰਦੇ, ਸਜ਼ਾ ਦੋਸ਼ੀਆਂ ਤਾਂਈਂ ਸੁਣਾ ਕੇ ਤੇ। ਜਦ ਗਵਾਲੀਅਰ ਕਿਲ੍ਹੇ ’ਚ ਕੈਦ ਕਰਕੇ, ਦਿੱਤਾ ਸੰਗਤ ਦੇ ਨਾਲੋਂ ਵਿਛੋੜ ਦਾਤਾ। ਕਹਿਣ ਰੋਂਦੀਆਂ ਕਿਲ੍ਹੇ ਦੇ ਕੋਲ ਜਾ ਕੇ, ਸਾਨੂੰ ਬਾਹਰੋਂ ਹੀ ਦੇਂਦੇ ਨੇ ਮੋੜ ਦਾਤਾ। ਓਧਰ ਕਿਲ੍ਹੇ ’ਚ ਕੈਦੀਆਂ ਕਿਹਾ ਇਥੇ, ਸਾਡੇ ਸੰਗਲ ਗੁਲਾਮੀ ਦੇ ਤੋੜ ਦਾਤਾ। ਕੈਦੀ ਰਾਜੇ ਰਿਹਾਅ ਕਰਵਾਉਣ ਕਰਕੇ, ਨਾਂ ਪੈ ਗਿਆ ਸੀ ਬੰਦੀ-ਛੋੜ ਦਾਤਾ। ਜਿੱਥੇ ਜਿੱਥੇ ਵੀ ਕਿਸੇ ਨੇ ਯਾਦ ਕੀਤਾ, ਓਥੇ ਓਥੇ ਹੀ ਬਾਂਕੇ ਬਲਬੀਰ ਪਹੁੰਚੇ। ਭਾਗ ਭਰੀ ਨੇ ਜਦੋਂ ਅਰਦਾਸ ਕੀਤੀ, ਕਿ ਮੇਰੇ ਦਿਲ ਦਾ ਸ਼ੂਕਦਾ ਤੀਰ ਪਹੁੰਚੇ। ਤੇਰੇ ਚਰਨਾਂ ’ਚ ਬਿਰਧ ਗਰੀਬਣੀ ਦਾ, ਹੋ ਨਹੀਂ ਸਕਦਾ, ਕਦੇ ਸਰੀਰ ਪਹੁੰਚੇ। ਰਹਿ ਨਾ ਦਿਲ ਦੀ ਦਿਲ ਦੇ ਵਿੱਚ ਜਾਵੇ, ਛੇਵੇਂ ਪਾਤਸ਼ਾਹ ਆਪ ਕਸ਼ਮੀਰ ਪਹੁੰਚੇ। ਪਿਆਰ ਨਾਲ ਸੀਤਾ ਕੁੜਤਾ ਪਾਉਣ ਦੇ ਲਈ, ਭਾਗ ਭਰੀ ਦੇ ਕੋਲ ਅਖ਼ੀਰ ਪਹੁੰਚੇ। ਭਾਈ ਰੂਪੇ ਦੀ ਸੱਦ ਜਦ ਖਿੱਚ ਪਾਈ, ਤਿੱਖੀ ਧੁੱਪ ’ਚ ਵਾਟਾਂ ਨੂੰ ਚੀਰ ਪਹੁੰਚੇ। ਪਿਆਸੇ ਪਾਣੀ ਤੋਂ ਬਿਨਾਂ ਜੋ ਤੜਪ ਰਹੇ ਸਨ,ਉਨ੍ਹਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੁੰਚੇ। ਛਕਣ ਵਾਸਤੇ ਉਨ੍ਹਾਂ ਤੋਂ ਜਲ ਠੰਡਾ, ਮੀਰ ਮੀਰਾਂ ਦੇ, ਪੀਰਾਂ ਦੇ ਪੀਰ ਪਹੁੰਚੇ। ਪੁੰਜ ਬੀਰਤਾ ਦੇ ਹੈਸਨ ਗੁਰੂ ‘ਜਾਚਕ’, ਸੀ ਰੂਹਾਨੀਅਤ ਦੇ ਵੀ ਭੰਡਾਰ ਸਤਿਗੁਰ। ਬਾਣੀ ਵਿੱਚੋਂ ਹੀ ਸਨ ਉਪਦੇਸ਼ ਦਿੰਦੇ, ਦਿੰਦੇ ਪੋਥੀ ਦੇ ਨਾਲ ਕਟਾਰ ਸਤਿਗੁਰ। ਪਹਿਲੀ ਪਾਤਸ਼ਾਹੀ ਪਿਛੋਂ ਸੰਗਤਾਂ ਵਿੱਚ, ਕੀਤਾ ਥਾਂ ਥਾਂ ਜਾ ਕੇ ਪ੍ਰਚਾਰ ਸਤਿਗੁਰ। ਪੱਕੇ ਪੈਰਾਂ ’ਤੇ ਕੌਮ ਨੂੰ ਖੜ੍ਹੀ ਕਰ ਕੇ, ਗੁਰਪੁਰੀ ਨੂੰ ਗਏ ਸਿਧਾਰ ਸਤਿਗੁਰ।

ਮੀਰੀ ਪੀਰੀ ਦੇ ਮਾਲਕ

ਸੂਰਜ ਵਾਂਗ ਸੀ ਚਿਹਰੇ ’ਤੇ ਤੇਜ ਜਿਸਦੇ, ਸੋਹਣੇ ਸੁੰਦਰ ਉਸ ਬਾਲਕ ਦਾ ਜਨਮ ਹੋਇਆ। ਰੱਖਿਆ ਖਲਕਤ ਦੀ ਕਰਨ ਲਈ ਨਾਲ ਸ਼ਕਤੀ, ਪੰਚਮ ਪਿਤਾ ਘਰ ਖਾਲਕ ਦਾ ਜਨਮ ਹੋਇਆ। ਸੋਲਾਂ ਕਲਾਂ ਸੰਪੂਰਨ ਸੀ ਸਾਹਿਬਜ਼ਾਦਾ, ਸਚਮੁੱਚ ਸਰਬ ਪ੍ਰਿਤਪਾਲਕ ਦਾ ਜਨਮ ਹੋਇਆ। ਮੁਰਦਾ ਅਣਖ ’ਚ ਜ਼ਿੰਦਗੀ ਪਾਉਣ ਖਾਤਰ, ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ। ਓਧਰ ਪ੍ਰਿਥੀਏ ਦੇ ਸਿਰ ਸੀ ਖੂਨ ਚੜ੍ਹਿਆ, ਲੱਗੀਆਂ ਰੌਣਕਾਂ ਕਿਵੇਂ ਸੀ ਜਰ ਸਕਦਾ। ਦਿਨੇਂ ਰਾਤ ਉਹ ਸਾਜਿਸ਼ਾਂ ਘੜਨ ਲੱਗਾ, ਇਹਨੂੰ ਕਿਵੇਂ ਕੋਈ ਖ਼ਤਮ ਹੈ ਕਰ ਸਕਦਾ। ਦੋਖੀ ਸੋਚਾਂ ਦੇ ਘੋੜੇ ਦੁੜਾ ਰਿਹਾ ਸੀ, ਸਾਹਿਬਜ਼ਾਦਾ ਹੈ ਕਿਸ ਤਰ੍ਹਾਂ ਮਰ ਸਕਦਾ। ਪਰ ਜੀਹਦਾ ਰਾਖਾ ਉਹ ਆਪ ਅਕਾਲ ਹੋਵੇ, ਉਹਦਾ ਵਾਲ ਨਹੀਂ ਵਿੰਗਾ ਕੋਈ ਕਰ ਸਕਦਾ। ਸੋਭੀ ਦਾਈ ਨੇ ਥਣਾਂ ਨੂੰ ਜ਼ਹਿਰ ਲਾ ਕੇ, ਉਹਨੂੰ ਦੁੱਧ ਪਿਲਾਉਣ ਦਾ ਯਤਨ ਕੀਤਾ। ਇੱਕ ਸਪੇਰੇ ਤੋਂ ਪ੍ਰਿਥੀਏ ਨੇ ਸੱਪ ਰਾਹੀਂ, ਜ਼ਹਿਰੀ ਡੰਗ ਮਰਵਾਉਣ ਦਾ ਯਤਨ ਕੀਤਾ। ਪਾ ਪਾ ਕੇ ਦਹੀਂ ’ਚ ਸੰਖੀਆ ਵੀ, ਬਾਲਕ ਤਾਂਈਂ ਖੁਵਾਉਣ ਦਾ ਯਤਨ ਕੀਤਾ। ਕਰਨੀ ਕੁਦਰਤ ਦੀ ਉਹ ਸਭ ਆਪ ਮਰ ਗਏ, ਜਿਨ੍ਹਾਂ ਮਾਰ ਮੁਕਾਉਣ ਦਾ ਯਤਨ ਕੀਤਾ। ਬਹਿ ਕੇ ਗੁਰਗੱਦੀ, ਛੇਵੇਂ ਪਾਤਸ਼ਾਹ ਜੀ, ਪਾਵਨ ਗੁਰਮਤਿ ਦਾ ਕਰਨ ਪ੍ਰਚਾਰ ਲੱਗੇ। ਉਚੇ ਕੱਦ ਵਾਲੇ ਸੁੰਦਰ ਗੱਭਰੂ ਉਹ, ਮੀਰੀ ਪੀਰੀ ਦੀ ਪਹਿਨਣ ਤਲਵਾਰ ਲੱਗੇ। ਕਰਕੇ ਕਮਰਕਸੇ, ਹੱਥ ਵਿੱਚ ਤੀਰ ਫੜ੍ਹਕੇ, ਸੀਸ ਉਤੇ ਸਜਾਉਣ ਦਸਤਾਰ ਲੱਗੇ। ਸਸ਼ਤਰ ਬਸਤਰ ਸਜਾ ਕੇ ਸਤਿਗੁਰੂ ਜੀ, ਸੋਹਣੇ ਘੋੜੇ ’ਤੇ ਹੋਣ ਸਵਾਰ ਲੱਗੇ। ਯੋਧੇ ਬੀਰ ਬਲਕਾਰਾਂ ਨੂੰ ਕਰ ਭਰਤੀ, ਸਿੱਖ ਫੌਜਾਂ ਸਨ ਕਰਨ ਤਿਆਰ ਲੱਗੇ। ਫਰਕਣ ਲੱਗ ਪਏ ਡੌਲੇ ਬਹਾਦਰਾਂ ਦੇ, ਜਦੋਂ ਹੱਥਾਂ ’ਚ ਫੜਨ ਹਥਿਆਰ ਲੱਗੇ। ਭਗਤੀ ਨਾਲ ਹੀ ਗੁਰੂ ਦੀਆਂ ਸੰਗਤਾਂ ’ਚ, ਉਹ ਤਾਂ ਸ਼ਕਤੀ ਦਾ ਕਰਨ ਸੰਚਾਰ ਲੱਗੇ। ਨਾਲ ਸਿੱਖਾਂ ਦੇ ਜੰਗਲਾਂ ਵਿੱਚ ਜਾ ਕੇ, ਉਹ ਤਾਂ ਸ਼ੇਰਾਂ ਦਾ ਕਰਨ ਸ਼ਿਕਾਰ ਲੱਗੇ। ਦਿਲਾਂ ਵਿੱਚ ਸੀ ਜੋਸ਼ ਦਾ ਹੜ੍ਹ ਆਇਆ,ਉਹ ਤਾਂ ਹੋਣ ਸੀ ਤਿਆਰ ਬਰ ਤਿਆਰ ਲੱਗੇ। ਦੁਸ਼ਟ ਰੂਹਾਂ ਨੂੰ ਮਾਰ ਮੁਕਾਉਣ ਦੇ ਲਈ, ਸਿੱਖ ਕਰਨ ਓਦੋਂ ਮਾਰੋ ਮਾਰ ਲੱਗੇ। ਦੂਰ ਕਰਨ ਲਈ ਦੁਖ ਫਰਿਆਦੀਆਂ ਦੇ, ਕਰਨ ਫੈਸਲੇ ਆਪ ਦਾਤਾਰ ਲੱਗੇ। ਨਾਮ ਦਾਨ ਦੇ ਕੇ ਆਈਆਂ ਸੰਗਤਾਂ ਨੂੰ, ਭਵਸਾਗਰ ਤੋਂ ਕਰਨ ਉਹ ਪਾਰ ਲੱਗੇ। ਉਨ੍ਹਾਂ ਕਿਹਾ ਕਿ ਲੱਕੜ ਦੀ ਇੱਕ ਤੀਲੀ, ਸਾਰੇ ਜੰਗਲ ਨੂੰ ਅੱਗ ਹੈ ਲਾ ਸਕਦੀ। ’ਕੱਠੇ ਹੋਵੋਗੇ ਬੱਦਲਾਂ ਵਾਂਗ ਜੇਕਰ, ਘਟਾ ਕਾਲੀ ਘਨਘੋਰ ਹੈ ਛਾ ਸਕਦੀ। ਥੋਡੇ ਦਿਲਾਂ ’ਚੋਂ ਬੀਰਤਾ ਬਣ ਬਿਜਲੀ, ਵਖਤ ਤਖ਼ਤਾਂ ਦੇ ਤਾਂਈਂ ਹੈ ਪਾ ਸਕਦੀ। ਜਦੋਂ ਵਰ੍ਹੋਗੇ ਤਾਂ ਇਹ ਹੜ੍ਹ ਬਣਕੇ, ਜ਼ਾਲਮ ਦੁਸ਼ਟਾਂ ਨੂੰ ਰੋਹੜ ਲਿਜਾ ਸਕਦੀ। ਢਾਡੀ ਕਵੀਆਂ ਨੂੰ ਗੁਰਾਂ ਫੁਰਮਾਨ ਕੀਤਾ, ਕੱਢੋ ਕੌਮ ਨੂੰ ਟੋਇਆਂ ’ਚੋਂ ਬਾਹਰ ਹੁਣ ਤਾਂ। ਠੰਡਾ ਕੌਮ ਦਾ ਖੂਨ ਗਰਮਾਉਣ ਖ਼ਾਤਰ, ਥੋਡੇ ਸਾਜਾਂ ’ਚੋਂ ਨਿਕਲੇ ਲਲਕਾਰ ਹੁਣ ਤਾਂ। ਕਰਨ ਲਈ ਕੁਰਬਾਨੀ ਦਾ ਚਾਅ ਪੈਦਾ, ਸੂਰਬੀਰਾਂ ਦੀ ਛੇੜੋ ਕੋਈ ਵਾਰ ਹੁਣ ਤਾਂ। ਕੁੱਦਣ ਸ਼ਮਾਂ ਤੇ ਵਾਂਗ ਪ੍ਰਵਾਨਿਆਂ ਦੇ, ਸਿੱਖ ਤੁਰਨ ਇਹ ਖੰਡੇ ਦੀ ਧਾਰ ਹੁਣ ਤਾਂ। ਬਿਧੀ ਚੰਦ ਨੂੰ ਸਤਿਗੁਰਾਂ ਬਚਨ ਕੀਤੇ, ਕਿ ਉਹਨਾਂ ਲੋਕਾਂ ’ਤੇ ਕਦੇ ਨਾ ਵਾਰ ਹੋਵੇ। ਜੋ ਅਣਭੋਲ ਜ਼ਮੀਨ ਤੇ ਹੋਣ ਲੇਟੇ, ਜਾਂ ਕੋਈ ਰੋਗ ਦੇ ਨਾਲ ਬਿਮਾਰ ਹੋਵੇ। ਚੁੱਕਣਾ ਹੱਥ ਨਹੀਂ ਇਸਤਰੀ, ਬੱਚਿਆਂ ’ਤੇ, ਨਾ ਹੀ ਬੁੱਢੇ ਤੇ ਜੋ ਲਾਚਾਰ ਹੋਵੇ। ਬਖ਼ਸ਼ ਦੇਣਾ ਜੋ ਆਵੇ ਪਨਾਹ ਅੰਦਰ, ਛੱਡ ਦੇਣਾ ਜੋ ਬੇ-ਹਥਿਆਰ ਹੋਵੇ। ਦੁਸ਼ਮਣ ਦਲਾਂ ਦੇ ਕਰਨ ਲਈ ਦੰਦ ਖੱਟੇ, ਲੋਹਗੜ੍ਹ ਦਾ ਕਿਲ੍ਹਾ ਉਸਾਰਿਆ ਸੀ। ਹੱਥੀਂ ਆਪਣੀ ਕਰਕੇ ਫੌਜ ਭਰਤੀ, ਮੀਰੀ ਪੀਰੀ ਸਿਧਾਂਤ ਉਭਾਰਿਆ ਸੀ। ਸੱਚ ਧਰਮ ਦੀ ਰੱਖਿਆ ਲਈ ‘ਜਾਚਕ’, ਦੁਸ਼ਟਾਂ ਦੋਖੀਆਂ ਤਾਈਂ ਵੰਗਾਰਿਆ ਸੀ। ਜੰਗਾਂ ਚਾਰ ਜੋ ਲੜੀਆਂ ਸੀ ਪਾਤਸ਼ਾਹ ਨੇ, ਸੱਚ ਜਿੱਤਿਆ ਤੇ ਝੂਠ ਹਾਰਿਆ ਸੀ।

ਗੁਰੂ ਹਰਿਰਾਇ ਸਾਹਿਬ ਜੀ

ਕੀਰਤਪੁਰ ਦੀ ਧਰਤੀ ਨੂੰ ਭਾਗ ਲੱਗੇ, ਹਰਿਰਾਇ ਦਾ ਹੋਇਆ ਪ੍ਰਕਾਸ਼ ਹੈਸੀ। ਨੂਰੀ ਮੁਖੜਾ ਤੱਕ ਕੇ ਸੰਗਤਾਂ ਨੂੰ, ਧੁਰ ਅੰਦਰੋਂ ਚੜ੍ਹਿਆ ਹੁਲਾਸ ਹੈਸੀ। ਖੁਸ਼ੀਆਂ ਖੇੜੇ ਲੈ ਏਥੋਂ ਸੀ ਵਿਦਾ ਹੋਇਆ, ਜਿਹੜਾ ਜਿਹੜਾ ਵੀ ਆਇਆ ਉਦਾਸ ਹੈਸੀ। ਸ਼ਸਤਰ ਵਿਦਿਆ ਨਾਲ ਹੀ ਬਾਲਕੇ ਨੇ, ਘੋੜ ਸਵਾਰੀ ਦਾ ਕੀਤਾ ਅਭਿਆਸ ਹੈਸੀ। ਕਲੀਆਂਦਾਰ ਚੋਲਾ ਇਕ ਦਿਨ ਪਹਿਨ ਕੇ ਤੇ, ਟਹਿਲ ਰਹੇ ਹਰਿਰਾਇ ਸੀ ਬਾਗ਼ ਅੰਦਰ। ਫੁੱਲ ਟਹਿਣੀਉਂ ਟੁੱਟੇ ਜਦ ਨਾਲ ਅੜ ਕੇ, ਕੋਮਲ ਹਿਰਦਾ ਸੀ ਆਇਆ ਵੈਰਾਗ ਅੰਦਰ। ਕਿਹਾ ਗੁਰਾਂ ਜਦ, ਦਾਮਨ ਸੰਕੋਚ ਚੱਲੋ, ਲੱਗ ਗਈ ਸੀ ਉਨ੍ਹਾਂ ਦੇ ਜਾਗ ਅੰਦਰ। ਸਾਰੀ ਉਮਰ ਜੋ ਰੋਸ਼ਨੀ ਰਿਹਾ ਵੰਡਦਾ, ਜਗ ਮਗ ਜਗ ਪਿਆ ਕੋਈ ਚਰਾਗ਼ ਅੰਦਰ। ਚੌਦਾਂ ਸਾਲ ਦੀ ਉਮਰ ਸੀ ਜਦੋਂ ਹੋਈ, ਛੇਵੇਂ ਪਾਤਸ਼ਾਹ ਹੱਥੀਂ ਗੁਰਿਆਈ ਬਖ਼ਸੀ। ਯੋਗ ਜਾਣ ਕੇ ਆਪਣੇ ਪੋਤਰੇ ਨੂੰ, ਸਭ ਤੋਂ ਵੱਡੀ ਸੀ ਗੁਰਾਂ ਵਡਿਆਈ ਬਖ਼ਸ਼ੀ। ਦੂਰ ਕਰਨ ਲਈ ਝੂਠ ਦੀ ਧੁੰਧ ਤਾਂਈਂ, ਨਾਨਕ ਜੋਤ ਦੀ ਪਾਵਨ ਰੁਸ਼ਨਾਈ ਬਖ਼ਸ਼ੀ। ਆਪਣੇ ਸਮੇਂ ’ਚ ਗੁਰਾਂ ਨੇ ਹਰ ਪੱਖੋਂ, ਸਿੱਖ ਕੌਮ ਨੂੰ ਸੋਹਣੀ ਅਗਵਾਈ ਬਖ਼ਸ਼ੀ। ਕੋਮਲ ਹਿਰਦਾ ਸੀ ਜਿਨ੍ਹਾਂ ਦਾ ਵਾਂਗ ਫੁੱਲਾਂ, ਵੰਡੀ ਵਿੱਚ ਸੰਸਾਰ ਸੁਗੰਧ ਓਨ੍ਹਾਂ। ਰੱਬੀ ਪ੍ਰੇਮ ਦੀ ਤਾਰ ਨਾਲ ਬੰਨ੍ਹ ਸਭ ਨੂੰ, ਜੋੜ ਦਿੱਤੇ ਸੀ ਟੁੱਟੇ ਸਬੰਧ ਓਨ੍ਹਾਂ। ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਲੇਖੇ ਲਾਇਆ ਸੀ ਸਾਰਾ ਦਸਵੰਧ ਓਨ੍ਹਾਂ। ਲੋੜਵੰਦਾਂ ਦੀ ਲੋੜ ਨੂੰ ਮੁੱਖ ਰੱਖਕੇ, ਲੰਗਰ ਬਸਤਰ ਦਾ ਕੀਤਾ ਪ੍ਰਬੰਧ ਓਨ੍ਹਾਂ। ਬਾਲਕ ਫੂਲ ਤੇ ਸੰਦਲੀ ਜਦੋਂ ਲੈ ਕੇ, ਕਾਲਾ ਚੌਧਰੀ ਆਇਆ ਦਰਬਾਰ ਅੰਦਰ। ਹੱਥ ਫੇਰਨੇ ਢਿੱਡਾਂ ’ਤੇ ਸ਼ੁਰੂ ਕੀਤੇ, ਬੱਚਿਆਂ ਟੇਕ ਕੇ ਮੱਥਾ, ਸਤਿਕਾਰ ਅੰਦਰ। ਗੁਰਾਂ ਤਾਂਈਂ ਸੀ ਦੱਸਿਆ ਚੌਧਰੀ ਨੇ, ਡਾਢੇ ਭੁੱਖ ਨੇ ਕੀਤੇ ਲਾਚਾਰ ਅੰਦਰ। ਰਾਜੇ ਬਣਨਗੇ ਇਹ ਰਿਆਸਤਾਂ ਦੇ, ਗੁਰਾਂ ਕਿਹਾ ਸੀ ਅੱਗੋਂ ਖ਼ੁਮਾਰ ਅੰਦਰ। ਸੁਣ ਕੇ ਕੀਰਤਨ ਇਕ ਦਿਨ ਪਾਤਸ਼ਾਹ ਜੀ, ਲੇਟੇ ਮੰਜੇ ਤੋਂ ਉੱਠੇ ਝੱਟਪੱਟ ਹੈਸੀ। ਕਾਹਲੀ ਨਾਲ ਜਦ ਉਤਰੇ ਆਪ ਹੇਠਾਂ, ਲੱਗੀ ਗੋਡੇ ’ਤੇ ਓਨ੍ਹਾਂ ਦੇ ਸੱਟ ਹੈਸੀ। ਕਿਹਾ ਸਿੱਖਾਂ ਨੇ, ਪਿਆਰੇ ਪਾਤਸ਼ਾਹ ਜੀ, ਤੁਸੀਂ ਕਿਉਂ ਉੱਠੇ, ਫਟਾਫੱਟ ਹੈਸੀ। ਅਸਾਂ ਬਾਣੀ ਦਾ ਪੂਰਨ ਸਤਿਕਾਰ ਕਰਨੈ, ਅੱਗੋਂ ਕਿਹਾ ਦਾਤਾਰ ਨੇ ਝੱਟ ਹੈਸੀ। ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ, ਖਲਕਤ, ਸੁੱਤੀ ਜਗਾਈ ਸੀ ਪਾਤਸ਼ਾਹ ਨੇ। ਰੱਖੇ ਬਾਈ ਸੌ ਘੋੜ ਸਵਾਰ ਭਾਂਵੇਂ, ਨਾ ਕੋਈ ਕੀਤੀ ਲੜਾਈ ਸੀ ਪਾਤਸ਼ਾਹ ਨੇ। ਥਾਂ ਥਾਂ ਖੋਹਲ ਗਰੀਬਾਂ ਲਈ ਦਵਾਖਾਨੇ, ਸੁਖੀ ਕੀਤੀ ਲੋਕਾਈ ਸੀ ਪਾਤਸ਼ਾਹ ਨੇ। ਰਾਜੀ ਜੀਹਦੇ ਨਾਲ ਦਾਰਾ ਸ਼ਿਕੋਹ ਹੋਇਆ, ਏਥੋਂ ਭੇਜੀ ਦਵਾਈ ਸੀ ਪਾਤਸ਼ਾਹ ਨੇ। ਸੱਦਾ ਆਇਆ ਔਰੰਗੇ ਦਾ ਗੁਰਾਂ ਤਾਂਈਂ, ਰਾਮਰਾਇ ਨੂੰ ਕੀਤਾ ਤਿਆਰ ਓਹਨਾਂ। ਸਿੱਖ ਸਿਧਾਂਤਾਂ ’ਤੇ ਆਂਚ ਨਹੀਂ ਆਉਣ ਦੇਣੀ, ਕਿਹਾ ਉਸ ਨੂੰ ਨਾਲ ਪਿਆਰ ਓਹਨਾਂ। ਉਹਨੇ ਜਦੋਂ ਗੁਰਬਾਣੀ ਦੀ ਤੁੱਕ ਬਦਲੀ, ਸਦਾ ਸਦਾ ਲਈ ਦਿੱਤਾ ਦੁਰਕਾਰ ਓਹਨਾਂ। ਕਰਕੇ ਸਦਾ ਦੇ ਲਈ ਬੇਦਖ਼ਲ ‘ਜਾਚਕ’, ਮੱਥੇ ਲਾਉਣ ਤੋਂ ਕੀਤਾ ਇਨਕਾਰ ਓਹਨਾਂ।

ਗੁਰੂ ਹਰਿਕ੍ਰਿਸ਼ਨ ਜੀ

ਸੱਤਵੇਂ ਮਾਂਹ ਦੀ ਸੱਤ ਤਾਰੀਖ ਸੋਹਣੀ, ਪ੍ਰਗਟੇ ਗੁਰੂ ਅੱਠਵੇਂ ਕੀਰਤਪੁਰ ਹੈਸੀ। ਖਿੜਿਆ ਫੁੱਲ ਤੇ ਭੌਰਿਆਂ ਗੀਤ ਗਾਏ, ਕੱਢੀ ਕੋਇਲਾਂ ਨੇ ਮਿੱਠੀ ਜਿਹੀ ਸੁਰ ਹੈਸੀ। ਰਹਿ ਕੇ ਬਾਣੀ ’ਚ ਸ਼ੁਰੂ ਤੋਂ ਲੀਨ ਹਰਦਮ, ਗੁਰੂ ਪਿਤਾ ਦੇ ਰਸਤੇ ਪਏ ਤੁਰ ਹੈਸੀ। ਪੰਜ ਸਾਲਾਂ ਦੀ ਨਿਕੜੀ ਉਮਰ ਸੀ ਜਦ, ਬੈਠੇ ਗੁਰਗੱਦੀ ਅੱਠਵੇਂ ਗੁਰ ਹੈਸੀ। ਬਾਲ ਗੁਰੂ ਗੁਰਗੱਦੀ ’ਤੇ ਬੈਠ ਕੇ ਤੇ, ਦੈਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ। ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ, ਏਸ ਬਾਲਕ ਦੇ ਰੂਪ ਵਿੱਚ ਆਈ ਸੋਹਣੀ। ਦੈਵੀ ਸ਼ਕਤੀਆਂ ਸਦਕਾ ਹੀ ਪਾਤਸ਼ਾਹ ਨੇ, ਜ਼ਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ। ‘ਜਿਸ ਡਿਠੈ ਸਭਿ ਦੁਖ ਜਾਇ’ ਲਿਖਕੇ, ਦਸਮ ਪਿਤਾ ਨੇ ਕੀਤੀ ਵਡਿਆਈ ਸੋਹਣੀ। ਰਾਮ ਰਾਇ ਦੀ ਬੁੱਧੀ ਸੀ ਗਈ ਭ੍ਰਿਸ਼ਟੀ, ਕਿਹਾ ਗੁਰਾਂ ਨੂੰ ‘ਮਾਤਾ ਦਾ ਮਾਲ’ ਉਸਨੇ। ਲੈਣ ਵਾਸਤੇ ਪਾਵਨ ਗੁਰਿਆਈ ਤਾਂਈਂ, ਚੱਲੀ ਬੜੀ ਹੀ ਕੋਝੀ ਸੀ ਚਾਲ ਉਸਨੇ। ਲਾਲਚ ਵੱਸ ਮਸੰਦਾਂ ਨੂੰ ਕਰਕੇ ਤੇ, ਗੰਢ ਲਿਆ ਸੀ ਆਪਣੇ ਨਾਲ ਉਸਨੇ। ਮੱਦਦ ਮੰਗੀ ਫਿਰ ਔਰੰਗਜ਼ੇਬ ਕੋਲੋਂ, ਗਲਦੀ ਵੇਖੀ ਨਾ ਜਦੋਂ ਕੋਈ ਦਾਲ ਉਸਨੇ। ਸੱਦਾ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ, ਗੁਰਾਂ ਜਾਣ ਤੋਂ ਕੀਤਾ ਇਨਕਾਰ ਓਦੋਂ। ਅਰਜ਼ ਮੰਨ ਐਪਰ ਰਾਜਾ ਜੈ ਸਿੰਘ ਦੀ, ਹੋ ਗਏ ਗੁਰੂ ਜੀ ਫੇਰ ਤਿਆਰ ਓਦੋਂ। ਬਾਲਾ ਪ੍ਰੀਤਮ ਨਾਲ ਦਿੱਲੀ ਨੂੰ ਜਾਣ ਦੇ ਲਈ, ਸੰਗਤਾਂ ਤੁਰੀਆਂ ਸੀ ਬੇਸ਼ੁਮਾਰ ਓਦੋਂ। ਉੱਘੇ ਸਿੱਖਾਂ ਤੋਂ ਬਿਨਾਂ ਸਭ ਮੋੜ ਦਿੱਤੀਆਂ, ਪਹੁੰਚ ਪੰਜੋਖਰੇ, ਨੂਰੀ ਨੁਹਾਰ ਓਦੋਂ। ਭੁੱਲੜ ਬਾਹਮਣ ਪੰਜੋਖਰੇ ਵਿਖੇ ਆ ਕੇ, ਗੁਰੂ ਸਾਹਿਬ ਨਾਲ ਜਦੋਂ ਤਕਰਾਰ ਕੀਤਾ। ਛੱਜੂ ਝਿਊਰ ’ਤੇ ਮਿਹਰ ਦੀ ਨਜ਼ਰ ਕਰ ਕੇ, ਅਨਪੜ੍ਹ ਤਾਂਈਂ ਵਿਦਵਾਨ ਦਾਤਾਰ ਕੀਤਾ। ਦਿੱਬ ਦ੍ਰਿਸ਼ਟ ਨਾਲ ਛੱਜੂ ਨੇ ਮੁੱਖ ਵਿੱਚੋਂ, ਪਾਵਨ ਗੀਤਾ ਦਾ ਅਰਥ ਵਿਚਾਰ ਕੀਤਾ। ਕੌਤਕ ਤੱਕ ਸਾਰਾ ਕਿਸ਼ਨ ਲਾਲ ਪੰਡਿਤ, ਚਰਨਾਂ ਵਿੱਚ ਢਹਿ ਕੇ ਨਮਸਕਾਰ ਕੀਤਾ। ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ, ਆਖ਼ਰ ਚੱਲ ਕੇ ਦਿੱਲੀ ਨੂੰ ਆਏ ਸਤਿਗੁਰ। ਰਾਜਾ ਜੈ ਸਿੰਘ ਦੇ ਸੁੰਦਰ ਬੰਗਲੇ ਵਿੱਚ, ਨਾਲ ਅਦਬ ਦੇ ਗਏ ਠਹਿਰਾਏ ਸਤਿਗੁਰ। ਸਿੱਖ ਧਰਮ ਦਾ ਕਰਨ ਪ੍ਰਚਾਰ ਲੱਗੇ, ਹਰ ਰੋਜ਼ ਦੀਵਾਨ ਸਜਾਏ ਸਤਿਗੁਰ। ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰਕੇ, ਗੁਰੂ ਪਿਤਾ ਦੇ ਬਚਨ ਨਿਭਾਏ ਸਤਿਗੁਰ। ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ, ਚਰਨ ਓਸੇ ਦੀ ਗੋਦ ਵਿੱਚ ਪਾਏ ਦਿੱਲੀ। ਸੇਵਾ ਕੀਤੀ ਸੀ ਦੁੱਖੀਆਂ ਤੇ ਰੋਗੀਆਂ ਦੀ, ਜਿਹੜੇ ਹੋਏ ਸੀ ਬੜੇ ਘਬਰਾਏ ਦਿੱਲੀ। ਸਾਰੇ ਪਿੰਡੇ ’ਤੇ ਉਦੋਂ ਫਿਰ ਪਾਤਿਸ਼ਾਹ ਦੇ, ਛਾਲੇ ਚੇਚਕ ਦੇ ਨਿਕਲ ਸੀ ਆਏ ਦਿੱਲੀ। ਮੁੱਖੋਂ ‘ਬਾਬਾ ਬਕਾਲਾ’ ਫਿਰ ਕਹਿ ‘ਜਾਚਕ’, ਜੋਤੀ ਜੋਤ ਸੀ, ਆਖਰ ਸਮਾਏ ਦਿੱਲੀ।

ਧਰਮ ਦੀ ਢਾਲ-ਗੁਰੂ ਤੇਗ ਬਹਾਦਰ

ਨਾਲ ਜਬਰ ਦੇ ਬਦਲਣੈ ਧਰਮ ਏਥੇ, ਐਸਾ ਢੰਗ ਹੈਸੀ ਆਲਮਗੀਰ ਚੁਣਿਆ। ਇਕ ਸਿਰੇ ਤੋਂ ਮੁਸਲਮ ਬਣਾਉਣ ਖ਼ਾਤਰ, ਸਭ ਤੋਂ ਪਹਿਲਾਂ ਸੀ ਓਸ ਕਸ਼ਮੀਰ ਚੁਣਿਆ। ਅਮਲੀ ਜਾਮਾ ਪਹਿਨਾਉਣ ਲਈ ਏਸ ਤਾਂਈਂ, ਉਸਨੇ ਸ਼ੇਰ ਅਫ਼ਗਾਨ ਵਜ਼ੀਰ ਚੁਣਿਆ। ਹਿੰਦੂ ਧਰਮ ਦੇ ਚੁਣੇ ਵਿਦਵਾਨ ਪੰਡਿਤ, ਕਿਰਪਾ ਰਾਮ ਵਰਗਾ ਧਰਮਵੀਰ ਚੁਣਿਆ। ਲੱਗੇ ਸੋਚਾਂ ਦੇ ਘੋੜੇ ਦੁੜਾਉਣ ਪੰਡਿਤ, ਖਹਿੜਾ ਇਹਦੇ ਤੋਂ ਸਾਡਾ ਛੁਡਾਊ ਕਿਹੜਾ। ਇਹਦੇ ਜ਼ੁਲਮ ਦੇ ਹੜ੍ਹ ਨੂੰ ਠੱਲ ਪਾ ਕੇ, ਬੇੜਾ ਧਰਮ ਦਾ ਬੰਨੇ ਲਗਾਊ ਕਿਹੜਾ। ਜਿਹੜੇ ਪੁੱਤ ਨੇ ਪਿਉ ਨੂੰ ਬਖਸ਼ਿਆ ਨਹੀਂ, ਉਹਦੇ ਹੱਥੋਂ ਹੁਣ ਸਾਨੂੰ ਬਚਾਊ ਕਿਹੜਾ। ਕਿਹੜਾ ਨਿਤਰੂ ਮਰਦ ਮੈਦਾਨ ਅੰਦਰ, ਮੱਥਾ ਮੁਗਲ ਸਰਕਾਰ ਨਾਲ ਲਾਊ ਕਿਹੜਾ। ਡਿੱਗਦੇ ਢਹਿੰਦੇ ਹੋਏ ਮਾਰੇ ਮੁਸੀਬਤਾਂ ਦੇ, ਅਨੰਦਪੁਰ ’ਚ ਇਹ ਹਿੰਦੂ ਵੀਰ ਪਹੁੰਚੇ। ਦੁਖੀ ਦਿਲਾਂ ਦੀ ਦਾਦ ਫਰਿਆਦ ਲੈ ਕੇ, ਹੋ ਕੇ ਬੜੇ ਲਾਚਾਰ ਦਿਲਗੀਰ ਪਹੁੰਚੇ। ਸਹਿਮੇ, ਡਰੇ ਤੇ ਬੜੇ ਬੇਬੱਸ ਹੋਏ, ਨੈਣਾਂ ਵਿੱਚੋਂ ਵਗਾਉਂਦੇ ਹੋਏ ਨੀਰ ਪਹੁੰਚੇ। ਗੁਰੂ ਨਾਨਕ ਦੇ ਏਸ ਦਰਬਾਰ ਅੰਦਰ, ਨੌਵੇਂ ਪਾਤਸ਼ਾਹ ਕੋਲ ਅਖ਼ੀਰ ਪਹੁੰਚੇ। ਕਿਰਪਾ ਰਾਮ ਨੇ ਗੱਲ ਵਿੱਚ ਪਾ ਪੱਲਾ, ਹੱਥ ਬੰਨ੍ਹ ਕੇ ਕੀਤੀ ਅਰਜ਼ੋਈ ਦਾਤਾ। ਝੱਖੜ ਜ਼ੁਲਮ ਦਾ ਝੁਲਿਐ ਚਹੁੰ ਪਾਸੀਂ, ਥੰਮਣ ਵਾਲਾ ਨਹੀਂ ਦਿੱਸਦਾ ਕੋਈ ਦਾਤਾ। ਸਿਰ ’ਤੇ ਟੁੱਟੇ ਪਹਾੜ ਮੁਸੀਬਤਾਂ ਦੇ, ਸਾਡੇ ਨਾਲ ਅਣਹੋਣੀ ਹੈ ਹੋਈ ਦਾਤਾ। ਗਲੇ ਲੱਗ ਕੇ ਤਿਲਕ ਤੇ ਜੰਝੂਆਂ ਦੇ, ਜ਼ਾਰੋਜ਼ਾਰ ਅੱਜ ਬੋਦੀ ਹੈ ਰੋਈ ਦਾਤਾ। ਵਾਰੋ ਵਾਰੀ ਫਿਰ ਨਾਲ ਸਨ ਆਏ ਜਿਹੜੇ, ਕੇਰ ਕੇਰ ਕੇ ਹੰਝੂ ਉਹ ਕਹਿ ਰਹੇ ਨੇ। ਆਈ ਹੋਈ ਏ ਖ਼ੂਨੀ ਬਰਸਾਤ ਦਾਤਾ, ਨਾਲੇ ਲਹੂ ਦੇ ਥਾਂ ਥਾਂ ਵਹਿ ਰਹੇ ਨੇ। ਮੌਤ ਰਹੀ ਖੜਕਾ ਹਰ ਥਾਂ ਡਮਰੂ, ਘਰ ਘਰ ’ਚ ਵੈਣ ਹੁਣ ਪੈ ਰਹੇ ਨੇ। ਖੇਡੀ ਜਾ ਰਹੀ ਖੂਨ ਦੇ ਨਾਲ ਹੋਲੀ, ਸਵਾ ਮਣ ਜੰਝੂ ਰੋਜ਼ ਲਹਿ ਰਹੇ ਨੇ। ਮਸਤ ਹਾਥੀ ਦੇ ਵਾਂਗ ਇਹ ਭੂਤਰੇ ਨੇ, ਬਣਾ ਰਹੇ ਜਬਰੀ ਮੁਸਲਮਾਨ ਦਾਤਾ। ਜਿਹੜਾ ਨਹੀਂ ਇਸਲਾਮ ਕਬੂਲ ਕਰਦਾ, ਕੱਢ ਲੈਂਦੇ ਨੇ ਉਸਦੀ ਜਾਨ ਦਾਤਾ। ਦੜ ਵੱਟ ਕੇ ਬੈਠੇ ਸਭ ਸੂਰਮੇ ਨੇ, ਰਾਜਪੂਤ, ਮਰਹੱਟੇ ਚੌਹਾਨ ਦਾਤਾ। ਅੱਖੀਂ ਦੇਖ ਕੇ ਅੱਖੀਆਂ ਮੀਟ ਲਈਆਂ, ਜਾਣ ਬੁਝ ਕੇ ਬਣੇ ਅਨਜਾਣ ਦਾਤਾ। ਠੱਲ ਪਾਉਣ ਲਈ ਜ਼ਾਲਮ ਦੇ ਜ਼ੁਲਮ ਤਾਂਈਂ, ਸਿਰ ’ਤੇ ਬੀੜਾ ਉਠਾਇਆ ਸੀ ਪਾਤਸ਼ਾਹ ਨੇ। ਦੇਣਾ ਪੈਣਾ ਏ ਮੈਨੂੰ ਬਲੀਦਾਨ ਹੁਣ ਤਾਂ, ਆਪਣਾ ਮਨ ਬਣਾਇਆ ਸੀ ਪਾਤਸ਼ਾਹ ਨੇ। ਦੁਖੀਆਂ ਅਤੇ ਮਜ਼ਲੂਮਾਂ ਦੇ ਬਣ ਦਰਦੀ, ਦੁਖ ਦਰਦ ਵੰਡਾਇਆ ਸੀ ਪਾਤਸ਼ਾਹ ਨੇ। ਤਿਲਕ ਜੰਝੂ ਦੀ ਰੱਖਿਆ ਕਰਨ ਨਿਕਲੇ, ਭਾਂਵੇਂ ਜੰਝੂ ਨਾ ਪਾਇਆ ਸੀ ਪਾਤਸ਼ਾਹ ਨੇ। ਕੀਤੇ ਬਚਨਾਂ ਨੂੰ ਤੋੜ ਨਿਭਾਉਣ ਖਾਤਰ, ਤੁਰ ਪਏ ਦਿੱਲੀ ਨੂੰ ਦੀਨ ਦਇਆਲ ਆਖਿਰ। ਭਾਈ ਉਦਾ ਗੁਰਦਿੱਤਾ ਤੇ ਭਾਈ ਜੈਤਾ, ਮਤੀਦਾਸ ਦਿਆਲਾ ਸੀ ਨਾਲ ਆਖਿਰ। ਰਸਤੇ ਵਿੱਚ ਫਿਰ ਥਾਂ ਥਾਂ ਸੰਗਤਾਂ ਨੂੰ, ਬਚਨਾਂ ਨਾਲ ਸੀ ਕੀਤਾ ਨਿਹਾਲ ਆਖਿਰ। ਜਾ ਕੇ ਆਗਰੇ ਸੀ ਗ਼੍ਰਿਫ਼ਤਾਰ ਹੋ ਗਏ, ਦਿੱਲੀ ਲੈ ਗਿਆ ਨਾਲ ਕੋਤਵਾਲ ਆਖਿਰ। ਕਿਹਾ ਗੁਰਾਂ ਨੂੰ ਦਿੱਲੀ ਦੇ ਵਿੱਚ ਕਾਜ਼ੀ, ਕਾਮਲ ਮੁਰਸ਼ਦ ਹੋ ਹਿੰਦੁਸਤਾਨ ਅੰਦਰ। ਤੁਸਾਂ ਲਈ ਏ ਅਦਬ ਸਤਿਕਾਰ ਡਾਢਾ, ਹਰ ਧਰਮ ਦੇ ਹਰ ਇਨਸਾਨ ਅੰਦਰ। ਅਸੀਂ ਚਾਹੁੰਦੇ ਇਸਲਾਮ ਦਾ ਬੋਲਬਾਲਾ, ਹੋ ਜਾਏ ਹੁਣ ਸਾਰੇ ਜਹਾਨ ਅੰਦਰ। ਜੇਕਰ ਤੁਸੀਂ ਵੀ ਦੀਨ ਕਬੂਲ ਕਰ ਲਉ, ਇਕੋ ਧਰਮ ਹੋਜੂ ਹਿੰਦੁਸਤਾਨ ਅੰਦਰ। ਸਤਿਗੁਰ ਹੱਸੇ ਤੇ ਹੱਸ ਕੇ ਕਹਿਣ ਲੱਗੇ, ਮੋਮੇ ਠੱਗਣੀਆਂ ਗੱਲਾਂ ਤੂੰ ਛੱਡ ਕਾਜ਼ੀ। ਕੋਈ ਧਰਮ ਨਹੀਂ ਫਲ ਤੇ ਫੁਲ ਸਕਦਾ, ਦੂਜੇ ਧਰਮਾਂ ਦੇ ਲੋਕਾਂ ਨੂੰ ਵੱਢ ਕਾਜ਼ੀ। ਇਹ ਨਹੀਂ ਹੋ ਸਕਿਆ ਇਹ ਨਹੀਂ ਹੋ ਸਕਣਾ, ਇਸ ਵਹਿਮ ਨੂੰ ਦਿਲੋਂ ਤੂੰ ਕੱਢ ਕਾਜ਼ੀ। ਪ੍ਰੇਮ ਪਿਆਰ ਨਾਲ ਲੋਕਾਂ ਦੇ ਦਿਲਾਂ ਅੰਦਰ, ਝੰਡੇ ਧਰਮ ਇਸਲਾਮ ਦੇ ਗੱਡ ਕਾਜ਼ੀ। ਗੱਲ ਹੋਰ ਧਿਆਨ ਦੇ ਨਾਲ ਸੁਣ ਲੈ, ਮੈਂ ਨਹੀਂ ਏਥੇ ਕੁਝ ਸੁਣਨ ਸੁਣਾਉਣ ਆਇਆ। ਕਰਾਮਾਤ ਨਹੀਂ ਕੋਈ ਦਿਖਾਣ ਆਇਆ, ਨਾ ਦੀਨ ਇਸਲਾਮ ਅਪਨਾਉਣ ਆਇਆ। ਸਭ ਕਾਦਰ ਦੇ ਹੁਕਮ ’ਚ ਹੋ ਰਿਹਾ ਏ, ਉਹਦੇ ਰਾਹ ਨਹੀਂ ਰੋੜਾ ਅਟਕਾਉਣ ਆਇਆ। ਅਨੰਦਪੁਰੀ ਦੇ ਸਾਰੇ ਅਨੰਦ ਛੱਡ ਕੇ, ਮੈਂ ਤਾਂ ਸੀਸ ਹਾਂ ਕਲਮ ਕਰਵਾਉਣ ਆਇਆ। ਹੋਣੀ ਨੱਚੀ ਫਿਰ ਚਾਂਦਨੀ ਚੌਂਕ ਅੰਦਰ, ਨੌਂਵੇ ਗੁਰੂ ਜਦ ਚੌਂਕੜਾ ਮਾਰ ਬਹਿ ਗਏ। ਸਾਨੂੰ ਧਰਮ ਪਿਆਰਾ ਏ ਜਿੰਦ ਨਾਲੋਂ, ਏਨਾ ਕਹਿ ਕੇ ਮੇਰੇ ਦਾਤਾਰ ਬਹਿ ਗਏ। ਤਿਲਕ ਜੰਝੂ ਦੀ ਰੱਖਿਆ ਕਰਨ ਦੇ ਲਈ, ਮੌਤ ਵਰਨ ਲਈ ਹੋ ਤਿਆਰ ਬਹਿ ਗਏ। ਡੁਬਦਾ ਹਿੰਦ ਦਾ ਬੇੜਾ ਬਚਾਉਣ ਖਾਤਰ, ਸੀਸ ਦੇਣ ਲਈ ਦਿਲ ਵਿੱਚ ਧਾਰ ਬਹਿ ਗਏ। ਜਲਾਲੂਦੀਨ ਜਲਾਦ ਨੇ ਕਈ ਵਾਰੀ, ਤੇਜ ਤਿੱਖੀ ਤਲਵਾਰ ਦੀ ਧਾਰ ਤੱਕੀ। ਕਈ ਵਾਰੀ ਸੀ ਕੰਬਣੀ ਛਿੜੀ ਓਹਨੂੰ, ਸਾਹਵੇਂ ਬੈਠੀ ਜਦ ਨੂਰੀ ਨੁਹਾਰ ਤੱਕੀ। ਕਤਲ ਕੀਤੇ ਸਨ ਜੇਸ ਅਣਗਿਣਤ ਬੰਦੇ, ਪਹਿਲੀ ਵਾਰ ਉਸ ਆਪਣੀ ਹਾਰ ਤੱਕੀ। ਉਹਦੀ ਮਾਨਸਕ ਹਾਲਤ ਸੀ ਉਸ ਵੇਲੇ, ਅੰਤਰਦ੍ਰਿਸ਼ਟੀ ਨਾਲ ਮੇਰੇ ਦਾਤਾਰ ਤੱਕੀ। ਤੱਕ ਕੇ ਓਸ ਵੱਲ ਫੇਰ ਦਾਤਾਰ ਬੋਲੇ, ਨਹੀਂ ਤੇਰਾ ਵੀ ਨਹੀਂ ਕਸੂਰ ਸੱਜਣਾ। ਤੇਰੇ ਸਿਰ ’ਤੇ ਕੂਕਦਾ ਹੁਕਮ ਸ਼ਾਹੀ, ਹੁਕਮ ਮੰਨਣ ਲਈ ਤੂੰ ਮਜਬੂਰ ਸੱਜਣਾ। ਅੱਜ ਤੇਰੇ ਇਮਤਿਹਾਨ ਦੀ ਘੜੀ ਆਈ, ਡਰ ਭੈ ਸਭ ਕਰ ਤੂੰ ਦੂਰ ਸੱਜਣਾ। ਏਧਰ ਤੂੰ ਤਲਵਾਰ ਦਾ ਵਾਰ ਕਰ ਦਈਂ, ਓਧਰ ਮੈਨੂੰ ਵੀ ਆਊ ਸਰੂਰ ਸੱਜਣਾ। ਜਪੁਜੀ ਸਾਹਿਬ ਜੀ ਦਾ ਪਾਵਨ ਪਾਠ ਪੂਰਾ, ਕਰ ਲਿਆ ਜਦ ਮੇਰੇ ਦਾਤਾਰ ਹੈਸੀ। ਜਲਾਲੂਦੀਨ ਜਲਾਦ ਨੇ ਸੀਸ ਉੱਤੇ, ਕੀਤਾ ਨਾਲ ਤਲਵਾਰ ਦੇ ਵਾਰ ਹੈਸੀ। ਸੀਸ ਧੜ ਤੋਂ ਲਾਂਭੇ ਸੀ ਹੋ ਡਿੱਗਿਆ, ਪਾਵਨ ਲਹੂ ਦੀ ਫੁੱਟੀ ਫੁਹਾਰ ਹੈਸੀ। ਹਾਹਾਕਾਰ ਸੀ ਮਚ ਗਈ ਜੱਗ ਅੰਦਰ, ਸੁਰਲੋਕ ਹੋਈ ਜੈ ਜੈ ਕਾਰ ਹੈਸੀ। ਜ਼ੁਲਮੀ ਤੇਗ ਦੀ ਪਿਆਸ ਬੁਝਾ ਦਿੱਤੀ, ਸ਼ਾਹ ਰਗ ਦਾ ਖੂਨ ਪਿਆਲ ਸਤਿਗੁਰ। ਆਈ ਹੋਈ ਮੁਸੀਬਤ ਮਨੁੱਖਤਾ ’ਤੇ, ਸੀਸ ਦੇ ਕੇ ਦਿੱਤੀ ਸੀ ਟਾਲ ਸਤਿਗੁਰ। ਆਪਣੇ ਪਾਵਨ ਪਵਿੱਤਰ ਬਲੀਦਾਨ ਸਦਕਾ, ਸਚਮੁੱਚ ਧਰਮ ਦੀ ਬਣ ਗਏ ਢਾਲ ਸਤਿਗੁਰ। ਰਹਿੰਦੀ ਦੁਨੀਆਂ ਤੱਕ ‘ਜਾਚਕ’ ਨਹੀਂ ਬੁਝ ਸਕਦੀ, ਦਿੱਤੀ ਸ਼ਮਾਂ ਸ਼ਹੀਦੀ ਦੀ ਬਾਲ ਸਤਿਗੁਰ।

ਸਾਕਾ ਚਾਂਦਨੀ ਚੌਂਕ

ਕਿਰਨਾਂ ਸੱਚ ਦੀਆਂ, ਚਾਨਣ ਲੈਣ ਜਿਸ ਤੋਂ, ਸੂਝਵਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ। ਵੀਹ ਵਰ੍ਹੇ ਜਿਸ ਭੋਰੇ ’ਚ ਤੱਪ ਕੀਤਾ, ਅੰਤਰ ਧਿਆਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ। ਰਚੀ ਬਾਣੀ ਦੇ ਇਕ ਇਕ ਸ਼ਬਦ ਵਿਚੋਂ, ਰੂਪਮਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ। ਜ਼ੁਲਮੀ ਹੜ੍ਹ ਨੂੰ ਜੀਹਨਾਂ ਸੀ ਠੱਲ ਪਾਈ, ਉਹ ਮਹਾਨ ਸ਼ਖ਼ਸੀਅਤ ਸੀ ਪਾਤਸ਼ਾਹ ਦੀ। ਔਰੰਗਜ਼ੇਬ ਦੇ ਜ਼ੁਲਮ ਤੇ ਅੱਤ ਕਾਰਣ,ਗੈਰ ਮੁਸਲਮ ਜਦ ਹਾਲੋਂ ਬੇਹਾਲ ਹੋ ਗਏ। ਹਿੰਦੂ ਮੰਦਰਾਂ, ਠਾਕਰ ਦੁਆਰਿਆਂ ’ਚ, ਵੱਜਣੇ ਬੰਦ ਜਦ ਸੰਖ ਘੜਿਆਲ ਹੋ ਗਏ। ਲੈ ਕੇ ਅਟਕ ਤੋਂ ਗੰਗਾ ਦਰਿਆ ਤੀਕਰ, ਰੰਗ ਪਾਣੀਆਂ ਦੇ ਲਾਲੋ ਲਾਲ ਹੋ ਗਏ। ਹਿੰਦੂ ਧਰਮ ਨੂੰ ਓਦੋਂ ਬਚਾਉਣ ਖ਼ਾਤਰ, ਗੁਰੂ ਤੇਗ ਬਹਾਦਰ ਦਇਆਲ ਹੋ ਗਏ। ਸਤੇ ਬ੍ਰਾਹਮਣ ਅਖੀਰ ਕਸ਼ਮੀਰ ਵਿੱਚੋਂ, ਡਿੱਗਦੇ ਢਹਿੰਦੇ ਸਨ ਗੁਰੂ ਦੁਆਰ ਪਹੁੰਚੇ। ਕਿਰਪਾ ਰਾਮ ਨੇ ਕਿਹਾ ਹੁਣ ਕਰੋ ਕਿਰਪਾ, ਚਾਰੇ ਪਾਸੇ ਤੋਂ ਹੋ ਲਾਚਾਰ ਪਹੁੰਚੇ। ਸਾਡੀ ਕੋਈ ਨਹੀਂ ਦਾਦ ਫਰਿਆਦ ਸੁਣਦਾ, ਤੁਹਾਡੇ ਦਰ ਤੇ ਹਾਂ ਆਖਰਕਾਰ ਪਹੁੰਚੇ। ਕਿਰਪਾ ਕਰੋ ਹੁਣ ਕਿਰਪਾ ਨਿਧਾਨ ਐਸੀ, ਬੇੜਾ ਧਰਮ ਦਾ ਭਵਜਲੋਂ ਪਾਰ ਪਹੁੰਚੇ। ਰੋ ਰੋ ਕੇ ਪੰਡਿਤ ਸੀ ਕਹਿਣ ਲੱਗੇ, ਹੋਣੀ ਸਾਡੇ ਬਨੇਰੇ ਤੇ ਖੜੀ ਦਾਤਾ। ਚਾਰੇ ਪਾਸੇ ਹੀ ਸਹਿਮ ਦੇ ਛਾਏ ਬੱਦਲ, ਕਾਲੀ ਘਟਾ ਕੋਈ ਜ਼ੁਲਮ ਦੀ ਚੜ੍ਹੀ ਦਾਤਾ। ਠਾਕੁਰਦੁਆਰੇ ਤੇ ਮੰਦਰ ਨੇ ਢਹਿ ਚੁੱਕੇ, ਕਿਸਮਤ ਸਾਡੀ ਏ ਸਾਡੇ ਨਾਲ ਲੜੀ ਦਾਤਾ। ਪਕੜੋ ਤੁਸੀਂ ਮਜ਼ਲੂਮਾਂ ਦੀ ਬਾਂਹ ਹੁਣ ਤਾਂ, ਔਖੀ ਬੜੀ ਇਮਤਿਹਾਨ ਦੀ ਘੜੀ ਦਾਤਾ। ਮਾਣ ਰੱਖਦਿਆਂ ਇਨ੍ਹਾਂ ਨਿਤਾਣਿਆਂ ਦਾ, ਗੁਰਾਂ ਕਿਹਾ ਮੈਂ ਦੁਖੜੇ ਮੁਕਾ ਦਿਆਂਗਾ। ਤੁਹਾਡੇ ਤਿਲਕ ਤੇ ਜੰਝੂ ਦੀ ਰੱਖਿਆ ਲਈ, ਸੀਸ ਆਪਣਾ ਭੇਟ ਚੜ੍ਹਾ ਦਿਆਂਗਾ। ਮੈਂ ਤੁਹਾਡੀਆਂ ਬਹੂ ਤੇ ਬੇਟੀਆਂ ਦਾ, ਸਿਰ ਦੇ ਕੇ ਸਤ ਬਚਾ ਦਿਆਂਗਾ। ਥੋਡੇ ਧਰਮ ਦਾ ਦੀਵਾ ਨਾ ਬੁਝ ਸਕੇ, ਤੇਲ ਆਪਣੇ ਲਹੂ ਦਾ ਪਾ ਦਿਆਂਗਾ। ਨੋਵੀਂ ਜੋਤ ਨੂੰ ਪਿੰਜਰੇ ’ਚ ਬੰਦ ਕਰਕੇ, ਡਾਹਢਾ ਕਹਿਰ ਕਮਾਇਆ ਸੀ ਜ਼ਾਲਮਾਂ ਨੇ। ਲਾਲਚ ਵੱਡੇ ਤੋਂ ਵੱਡੇ ਵੀ ਗਏ ਦਿੱਤੇ, ਸਬਜ ਬਾਗ ਵਿਖਾਇਆ ਸੀ ਜ਼ਾਲਮਾਂ ਨੇ। ਜਦੋਂ ਰਤਾ ਵੀ ਡੋਲੇ ਨਾ ਗੁਰੂ ਨੌਂਵੇਂ, ਜੁਲਮੀ ਚੱਕਰ ਚਲਾਇਆ ਸੀ ਜ਼ਾਲਮਾਂ ਨੇ। ਕਤਲ ਕਰਨ ਦੇ ਲਈ ਨੋਵੇਂ ਪਾਤਸ਼ਾਹ ਨੂੰ, ਚੌਂਕ ਵਿੱਚ ਬਿਠਾਇਆ ਸੀ ਜ਼ਾਲਮਾਂ ਨੇ। ਨੂਰ ਚਿਹਰੇ ਤੇ ਡਲਕਾਂ ਪਿਆ ਮਾਰਦਾ ਸੀ, ਮਸਤੀ ਨੈਣਾਂ ’ਚ ਨਾਮ ਦੀ ਛਾਈ ਹੋਈ ਸੀ। ਹਰਖ ਸੋਗ ਨਾ ਚਿਹਰੇ ਤੇ ਨਜ਼ਰ ਆਵੇ, ਬਿਰਤੀ ਵਾਹਿਗੁਰੂ ਵਿੱਚ ਲਗਾਈ ਹੋਈ ਸੀ। ਜਪੁਜੀ ਸਾਹਿਬ ਦਾ ਸ਼ੁਰੂ ਸੀ ਪਾਠ ਕੀਤਾ, ਸੁਰਤੀ ਓਸ ਦੇ ਵਿਚ ਹੀ ਲਾਈ ਹੋਈ ਸੀ। ਏਧਰ ਹੱਥ ਜਲਾਦ ਦਾ ਉਠਿਆ ਏ, ਓਧਰ ਚਿਹਰੇ ਤੇ ਰੌਣਕ ਆਈ ਹੋਈ ਸੀ। ਪਾਵਨ ਸੀਸ ਤੇ ਧੜ ਅਲੱਗ ਹੋ ਕੇ, ਪਏ ਧਰਤੀ ਤੇ ਲਹੂ ਲੁਹਾਨ ਓਦੋਂ। ਸੂਰਜ ਸ਼ਰਮ ਨਾਲ ਬੱਦਲਾਂ ਵਿੱਚ ਛਿਪਿਆ, ਲਾਲ ਹਨੇਰੀ ਤੇ ਆਇਆ ਤੂਫਾਨ ਓਦੋਂ। ਕਾਲੀ ਘਟਾ ਕੋਈ ਛਾਈ ਸੀ ਚੌਹੀਂ ਪਾਸੀਂ, ਵਰਤ ਗਈ ਓਥੇ ਸੁਨਸਾਨ ਓਦੋਂ। ਅਫਰਾ ਤਫਰੀ ਤੇ ਭਾਜੜ ਸੀ ਪੈ ਚੁੱਕੀ, ਚੌਂਕ ਚਾਂਦਨੀ ਖੁਲ੍ਹੇ ਮੈਦਾਨ ਓਦੋਂ। ਭਾਈ ਜੈਤੇ ਉਠਾਇਆ ਸੀ ਸੀਸ ਪਾਵਨ, ਰੱਖ ਕੇ ਤਲੀ ਤੇ ਆਪਣੀ ਜਾਨ ਓਦੋਂ। ਭਾਈ ਉਦੇ ਗੁਰਦਿੱਤੇ ਨੇ ਧੜ ਰੱਖਿਆ, ਲੱਖੀ ਸ਼ਾਹ ਦੇ ਗੱਡੇ ਤੇ ਆਨ ਓਦੋਂ। ਲੱਖੀ ਸ਼ਾਹ ਨੇ ਘਰ ’ਪਹੁੰਚ ਕੇ ਤੇ, ਲਾਇਆ ਸੀਨੇ ਦੇ ਨਾਲ ਭਗਵਾਨ ਓਦੋਂ। ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਓਹਨੇ ਰੱਖ ਲਈ ਸਿੱਖੀ ਦੀ ਸ਼ਾਨ ਓਦੋਂ। ਖੁੰਡੀ ਕੀਤੀ ਸੀ ਜ਼ੁਲਮੀ ਤਲਵਾਰ ਓਨ੍ਹਾਂ, ਕਰਕੇ ਮੌਤ ਕਬੂਲ ਸੀ ਖਿੜੇ ਮੱਥੇ। ਕਤਲ ਹੋਣ ਲਈ ਪਹੁੰਚਿਆ ਆਪ ਚੱਲ ਕੇ,ਕਾਤਲ ਪਾਸ ਮਕਤੂਲ ਸੀ ਖਿੜੇ ਮੱਥੇ। ਦਿੱਤਾ ਸੀਸ ਪਰ ਸਿਰਰ ਨਾ ਛੱਡਿਆ ਸੀ, ਪਾਲੇ ਸਿੱਖੀ ਅਸੂਲ ਸੀ ਖਿੜੇ ਮੱਥੇ। ਬਣੀ ਤੱਕ ਕੇ ਬਿਪਤਾ ਬੇਦੋਸ਼ਿਆਂ ਤੇ, ਦਿੱਤੀ ਜਿੰਦੜੀ ਹੂਲ ਸੀ ਖਿੜੇ ਮੱਥੇ। ਪਹਿਲੇ ਗੁਰਾਂ ਜੋ ਜੰਝੂ ਨਾ ਪਹਿਨਿਆਂ ਸੀ, ਓਸੇ ਜੰਝੂ ਲਈ ਦਿੱਤਾ ਬਲੀਦਾਨ ਸਤਿਗੁਰ। ਬੋਦੀ ਟਿੱਕੇ ਬਚਾਏ ਬ੍ਰਾਹਮਣਾਂ ਦੇ, ਦੇ ਕੇ ਆਪਣੇ ਸੀਸ ਦਾ ਦਾਨ ਸਤਿਗੁਰ। ਬਦਲੇ ਧਰਮ ਨਾ ਕਿਸੇ ਦਾ ਕੋਈ ਜ਼ਬਰੀ, ਏਸੇ ਲਈ ਹੋ ਗਏ ਕੁਰਬਾਨ ਸਤਿਗੁਰ। ਤਾਹੀਓਂ ਦੁਨੀਆਂ ਦੇ ਹਰ ਇਕ ਦੇਸ਼ ਅੰਦਰ, ਯਾਦ ਕਰ ਰਿਹੈ ਸਾਰਾ ਜਹਾਨ ਸਤਿਗੁਰ। ਗੁਰੂ ਤੇਗ ਬਹਾਦਰ ਨਾਲ ਨਹੀਂ ਹੋਇਆ, ਇਹ ਤਾਂ ਹੋਇਆ ਮਨੁੱਖਤਾ ਨਾਲ ਸਾਕਾ। ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ, ਲਾਲ ਖੂਨ ਵਾਲਾ ਲਾਲੋ ਲਾਲ ਸਾਕਾ। ਹਿੱਲੀ ਧਰਤੀ ਤੇ ਲੋਕਾਂ ਦੇ ਦਿਲ ਹਿੱਲੇ, ਮਾਨੋ ਲਿਆਇਆ ਸੀ ਕੋਈ ਭੂਚਾਲ ਸਾਕਾ। ਰਹਿੰਦੀ ਦੁਨੀਆਂ ਤੱਕ ‘ਜਾਚਕਾ’ ਯਾਦ ਰਹਿਣੈ, ਚੌਂਕ ਚਾਂਦਨੀ ਦਾ ਬੇਮਿਸਾਲ ਸਾਕਾ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ, ਕਰ ਸਕੇ ਨਾ ਮਾਈ ਦਾ ਲਾਲ ਕੋਈ। ਜਿਉਂਦੇ ਜੀਅ ਸੀ ਸਾੜਿਆ ਗਿਆ ਕੋਈ, ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ। ਗੁਰੂ ਤੇਗ ’ਤੇ ਤੇਗ ਦਾ ਵਾਰ ਹੋਇਆ, ਤਿੰਨਾਂ ਲੋਕਾਂ ’ਚ ਆਇਆ ਭੂਚਾਲ ਕੋਈ। ਜੋ ਕੁਝ ਹੋਇਆ ਸੀ ਚਾਂਦਨੀ ਚੌਂਕ ਅੰਦਰ, ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ। ਅਜੇ ਕੱਲ ਹੀ ਤਾਂ ਮਤੀਦਾਸ ਤਾਂਈਂ, ਦਬਕੇ ਦੇ ਦੇ ਦੁਸ਼ਟਾਂ ਡਰਾਇਆ ਹੈਸੀ। ਏਸ ਸਿੱਖ ਨੂੰ ਦੀਨ ਮਨਵਾਉਣ ਖ਼ਾਤਿਰ, ਜ਼ੋਰ ਕਾਜ਼ੀ ਨੇ ਬੜਾ ਲਗਾਇਆ ਹੈਸੀ। ਚੀਰ ਦੇਣ ਲਈ ਆਰੇ ਦੇ ਨਾਲ ਇਹਨੂੰ, ਆਖ਼ਰ ਓਸ ਨੇ ਫਤਵਾ ਸੁਣਾਇਆ ਹੈਸੀ। ਖ਼ਾਹਿਸ਼ ਆਖ਼ਰੀ ਪੁੱਛੀ ਜਦ ਗਈ ਉਸ ਤੋਂ, ਮੁੱਖ ਗੁਰਾਂ ਦੇ ਵੱਲ ਫੁਰਮਾਇਆ ਹੈਸੀ। ਮੰਨ ਕੇ ਹੁਕਮ ਜਲਾਦ ਨੇ ਉਸ ਤਾਂਈਂ, ਰੱਸੇ ਕੱਸ ਕੇ ਫੱਟੇ ’ਤੇ ਪੀੜਿਆ ਸੀ। ਆਰਾ ਉਸਦੇ ਸੀਸ ਤੇ ਰੱਖ ਕੇ ਤੇ, ਲੱਕੜ ਵਾਂਗ ਵਿਚਕਾਰ ਤੋਂ ਚੀਰਿਆ ਸੀ। ਖੋਪੜ ਚਿਰਿਆ ਤੇ ਖੂਨ ਦੀ ਧਾਰ ਚੱਲੀ, ਜਪਦੇ ਜਪੁਜੀ ਮੁੱਖ ਤੋਂ ਜਾ ਰਹੇ ਸੀ। ਨੌਵੀਂ ਜੋਤ ਦੇ ਵੱਲ ਨੂੰ ਮੁੱਖ ਹੈਸੀ, ਮਰਦਾਂ ਵਾਂਗ ਸ਼ਹੀਦੀਆਂ ਪਾ ਰਹੇ ਸੀ। ਪਰਸੋਂ ਭਾਈ ਦਿਆਲੇ ਨੂੰ ਏਸ ਥਾਂ ’ਤੇ, ਦੇਗ਼ ਉਬਲਦੀ ਦੇ ਵਿੱਚ ਉਬਾਲਿਆ ਸੀ। ਜਿਉਂਦੇ ਜੀਅ ਨੂੰ ਰਿੰਨ੍ਹਿਆ ਜ਼ਾਲਮਾਂ ਨੇ, ਥੱਲੇ ਅੱਗ ਵਾਲਾ ਭਾਂਬੜ ਬਾਲਿਆ ਸੀ। ਸੁਰਤ ਉਹਦੀ ਗੁਰ ਚਰਨਾਂ ’ਚ ਜੁੜੀ ਹੋਈ ਸੀ, ਜੀਵਨ ਮਰਨ ਨੂੰ ਉਹਨੇ ਭੁਲਾ ਲਿਆ ਸੀ। ਗੁਰੂ ਅਰਜਨ ਦੇ ਚੱਲ ਕੇ ਪੂਰਨੇ ’ਤੇ, ਸਿੱਖੀ ਸਿਦਕ ਨੂੰ ਤੋੜ ਨਿਭਾ ਲਿਆ ਸੀ। ਸਤੀ ਦਾਸ ਜਦ ਧਰਮ ਤੋਂ ਡੋਲਿਆ ਨਾ, ਦਿੱਤੇ ਕਸ਼ਟ ਫਿਰ ਬਣਤ ਬਣਾ ਕੇ ਤੇ। ਕੋਮਲ ਜਿਸਮ ’ਤੇ ਰੂਈਂ ਲਪੇਟ ਦਿੱਤੀ, ਲੋਕਾਂ ਸਾਹਮਣੇ ਉਹਨੂੰ ਖੜ੍ਹਾ ਕੇ ਤੇ। ਕਰ ਦਿੱਤੀ ਤਸ਼ੱਦਦ ਦੀ ਹੱਦ ਉਹਨਾਂ, ਅੰਗ ਅੰਗ ਉੱਤੇ ਤੇਲ ਪਾ ਕੇ ਤੇ। ਕਰ ਦਿੱਤਾ ਸੀ ਜ਼ਿੰਦਾ ਸ਼ਹੀਦ ਉਹਨੂੰ, ਹੱਥੀਂ ਜ਼ਾਲਮਾਂ ਨੇ ਲਾਂਬੂ ਲਾ ਕੇ ਤੇ। ਭੀੜ ਅੱਜ ਵੀ ਜੁੜੀ ਹੈ ਬਹੁਤ ਭਾਰੀ, ਖੂਨ ਜ਼ਿਮੀਂ ਅਸਮਾਨ ’ਚੋਂ ਵੱਗ ਰਿਹਾ ਏ। ਓਧਰ ਨੋਂਵੇਂ ਦਾਤਾਰ ਨਿਸ਼ਚਿੰਤ ਬੈਠੇ, ਇਧਰ ਹੋ ਬੇਚੈਨ ਅੱਜ ਜੱਗ ਰਿਹਾ ਏ। ਨੂਰ ਮੁਖੜੇ ’ਤੇ ਠਾਠਾਂ ਮਾਰਦਾ ਏ, ਮਸਤੀ ਨੈਣਾਂ ’ਚ ਉਨ੍ਹਾਂ ਦੇ ਛਾਈ ਹੋਈ ਏ। ਹਰਖ ਸੋਗ ਨਾ ਚਿਹਰੇ ’ਤੇ ਨਜ਼ਰ ਆਵੇ, ਬਿਰਤੀ ਨਾਮ ’ਚ ਉਨ੍ਹਾਂ ਲਗਾਈ ਹੋਈ ਏ। ਧੁਰ ਕੀ ਬਾਣੀ ’ਚ ਬਿਰਤੀ ਨੂੰ ਜੋੜ ਕੇ ਤੇ, ਭੋਗ ਜਪੁਜੀ ਸਾਹਿਬ ਦਾ ਪਾ ਦਿੱਤਾ। ਇੱਧਰ ਹੱਥ ਜੱਲਾਦ ਦਾ ਉਠਿਆ ਏ, ਉਧਰ ਸਤਿਗੁਰਾਂ ਨੇ ਮੁਸਕਰਾ ਦਿੱਤਾ। ਜਦੋਂ ਸੀਸ ਤੇ ਧੜ ਅਲੱਗ ਹੋਏ, ਝੁਲੀ ਸਖ਼ਤ ਹਨੇਰੀ ਤੁਫਾਨ ਚੱਲਿਆ। ਭਾਈ ਜੈਤਾ ਉਠਾ ਕੇ ਸੀਸ ਪਾਵਨ, ਰੱਖਕੇ ਤਲੀ ’ਤੇ ਆਪਣੀ ਜਾਨ ਚੱਲਿਆ। ਭਾਈ ਉਦੇ, ਗੁਰਦਿੱਤੇ ਨੇ ਧੜ ਤਾਂਈਂ, ਲੱਖੀ ਸ਼ਾਹ ਦੇ ਗੱਡੇ ’ਚ ਆਨ ਰੱਖਿਆ। ਧੜ ਸਣੇ ਮਕਾਨ ਨੂੰ ਅੱਗ ਲਾ ਕੇ, ਉਹਨੇ ਗੁਰੂ ਦਾ ਮਾਣ ਸਨਮਾਨ ਰੱਖਿਆ। ਦੀਨਾਂ ਦੁੱਖੀਆਂ ਦੀ ਰੱਖਿਆ ਲਈ ‘ਜਾਚਕ’, ਸੀਸ ਆਪਣਾ ਸਤਿਗੁਰਾਂ ਵਾਰ ਦਿੱਤਾ। ਨੌਵੀਂ ਜੋਤ ਅਦੁੱਤੀ ਬਲੀਦਾਨ ਦੇ ਕੇ, ਸਿੱਖ ਕੌਮ ਨੂੰ ਨਵਾਂ ਨਿਖਾਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ

ਪਟਨੇ ਵਿੱਚ ਅੱਜ ਰੌਣਕਾਂ ਲੱਗੀਆਂ ਨੇ, ਪੈਦਾ ਨੂਰ ਦੇ ਘਰ ਹੈ ਨੂਰ ਹੋਇਆ। ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ, ਆਪ ਜੱਗ ਵਿੱਚ ਹਾਜ਼ਰ ਹਜ਼ੂਰ ਹੋਇਆ। ਲੜ ਲਾਉਣ ਲਈ ਇੱਕ ਪ੍ਰਮਾਤਮਾਂ ਦੇ, ਗੁਜਰੀ ਕੁੱਖ ਦਾ ਇਹ ਕੋਹਿਨੂਰ ਹੋਇਆ। ਸੰਤ ਸਿਪਾਹੀ ਦਾ ਪੂਰਨ ਸਰੂਪ ਦੇ ਕੇ, ਰੱਬ ਭੇਜਣ ਲਈ ਆਪ ਮਜ਼ਬੂਰ ਹੋਇਆ। ਭੀਖਣ ਸ਼ਾਹ ਨੇ ਕੁੱਜੇ ਜਦ ਦੋ ਰੱਖੇ, ਛੋਹ ਕੇ ਦੋਹਾਂ ਨੂੰ ਉਨ੍ਹਾਂ ਸਤਿਕਾਰਿਆ ਸੀ। ਤੀਸਰ ਖਾਲਸਾ ਪੰਥ ਸਜਾਉਣ ਦੇ ਲਈ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ। ਠੱਲ੍ਹ ਪਾਉਣ ਲਈ ਜ਼ੁਲਮ ਦੇ ਝੱਖੜਾਂ ਨੂੰ, ਕਤਲਗਾਹ ਵੱਲ ਪਿਤਾ ਨੂੰ ਘੱਲਿਆ ਸੀ। ਦੁੱਖੀਆਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ, ਵਗਦੇ ਵਹਿਣਾਂ ਨੂੰ ਉਨ੍ਹਾਂ ਨੇ ਠੱਲ੍ਹਿਆ ਸੀ। ਸੀਸ ਗੁਰਾਂ ਦਾ ਲੈ ਕੇ ਭਾਈ ਜੈਤਾ, ਦਿੱਲੀਉਂ ਪੁਰੀ ਅਨੰਦ ਨੂੰ ਚੱਲਿਆ ਸੀ। ਪਾਵਨ ਸੀਸ ਨੂੰ ਚੁੱਕ ਕੇ ਮਲਕੜੇ ਜਿਹੇ, ਸਤਿਗੁਰ ਸੱਲ੍ਹ ਵਿਛੋੜੇ ਦਾ ਝੱਲਿਆ ਸੀ। ਭਾਈ ਜੈਤੇ ਨੂੰ ਲਾਇਆ ਸੀ ਨਾਲ ਸੀਨੇ, ਮੱਥਾ ਚੁੰਮ ਕੇ,ਉਹਨੂੰ ਪਿਆਰਿਆ ਸੀ। ਉਸ ‘ਰੰਘਰੇਟੇ’ ਨੂੰ ਬੇਟਾ ਬਣਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ। ਗੁਰਾਂ ਨੀਂਹ ਰੱਖੀ ਪੰਥ ਖਾਲਸੇ ਦੀ, ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ। ਫੇਰ ਉਨ੍ਹਾਂ ਤੋਂ ਛੱਕ ਕੇ ਆਪ ਅੰਮ੍ਰਿਤ, ਮਾਣ ਬਖਸ਼ਿਆ ਗੁਰੂ ਦੁਲਾਰਿਆਂ ਨੂੰ। ਸਿਰਾਂ ਵੱਟੇ ਸਰਦਾਰੀਆਂ ਬਖਸ਼ ਦਿੱਤੀਆਂ, ਡਿੱਗਿਆਂ, ਢੱਠਿਆਂ, ਬੇਸਹਾਰਿਆਂ ਨੂੰ। ਜ਼਼ਜਬੇ ਸੁੱਤੇ ਹੋਏ ਜਾਗੇ ਬਹਾਦਰੀ ਦੇ, ਪਾਇਆ ਹੱਥ ਜਦ ਖੰਡੇ ਦੁਧਾਰਿਆਂ ਨੂੰ। ਮਸਤੀ ਲਾਹੁਣ ਲਈ ਮਸਤੇ ਹੋਏ ਹਾਥੀਆਂ ਦੀ, ਇਕ ਸਿੰਘ ਬਚਿੱਤਰ ਖਲ੍ਹਾਰਿਆ ਸੀ। ਬਾਜ ਚਿੜੀਆਂ ਦੇ ਹੱਥੋਂ ਤੁੜਾਨ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ। ਗੁਰਾਂ ਪਾਸ ਜਾਂ ਸਿੰਘਾਂ ਸ਼ਕਾਇਤ ਕੀਤੀ, ਕਹਿਰ ਭਾਈ ਘਨੱਈਆ ਕਮਾ ਰਿਹਾ ਏ। ਅਸੀਂ ਜਿਨ੍ਹਾਂ ਨੂੰ ਮਾਰ ਕੇ ਸੁੱਟਦੇ ਹਾਂ, ਪਾਣੀ ਪਾ ਪਾ ਫੇਰ ਜਿਵਾ ਰਿਹਾ ਏ। ਸੱਦ ਕੇ ਗੁਰਾਂ ਘਨੱਈਏ ਨੂੰ ਪੁਛਿਆ ਜਾਂ, ਇਹ ਸਿੱਖ ਕੀ ਠੀਕ ਫੁਰਮਾ ਰਿਹਾ ਏ। ਅੱਗੋਂ ਕਿਹਾ ਉਸ ਮੈਨੂੰ ਤਾਂ ਸਾਰਿਆਂ ’ਚ, ਰੂਪ ਆਪਦਾ ਨਜ਼ਰੀਂ ਹੀ ਆ ਰਿਹਾ ਏ। ਡੱਬੀ ਮੱਲ੍ਹਮ ਦੀ ਹੱਥ ਫੜਾ ਕੇ ਤੇ, ਸਾਂਝਾ ਸਿੱਖੀ ਦਾ ਮਹਿਲ ਉਸਾਰਿਆ ਸੀ। ਸਭੇ ਸਾਂਝੀਵਾਲ ਸਦਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ। ਲਾੜੀ ਮੌਤ ਨੂੰ ਵਰਨ੍ਹ ਲਈ ਗੜ੍ਹੀ ਵਿੱਚੋਂ, ਸਿੰਘ ਸੂਰਮੇ ਕਈ ਸਰਦਾਰ ਤੋਰੇ। ਸਵਾ ਲੱਖ ਨਾਲ ਇਕ ਲੜਾਉਣ ਖ਼ਾਤਰ, ਵਾਰੀ ਨਾਲ ਅਜੀਤ ਜੁਝਾਰ ਤੋਰੇ। ਦਾਦੀ ਗੁਜਰੀ ਨੇ ਥਾਪੜੇ ਬਖਸ਼ ਕੇ ਤੇ, ਆਪਣੇ ਪੁੱਤਰ ਦੇ ਰਾਜ ਦੁਲਾਰ ਤੋਰੇ। ਨੀਂਹ ਜ਼ੁਲਮ ਦੀ ਖੋਖਲੀ ਕਰਨ ਖਾਤਰ, ਨੰਨ੍ਹੇ ਲਾਲ ਦੋ ਨੀਹਾਂ ਵਿਚਕਾਰ ਤੋਰੇ। ਟੋਟੇ ਜਿਗਰ ਦੇ ਸਾਰੇ ਸਨ ਹੋਏ ਟੋਟੇ, ਫਿਰ ਵੀ ਰੱਬ ਦਾ ਸ਼ੁਕਰ ਗੁਜ਼ਾਰਿਆ ਸੀ। ਪੁੱਤਰ ਸਿੰਘਾਂ ਦੇ ਤਾਂਈਂ ਬਨਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ। ਹੁਕਮ ਮੰਨ ਕੇ ਖਾਲਸਾ ਪੰਥ ਜੀ ਦਾ, ਤਾੜੀ ਮਾਰ ਕੇ ਜਾਂਦਾ ਦਾਤਾਰ ਤੱਕੋ। ਨਾ ਬਾਜ ਨਾ ਤਾਜ ਨਾ ਲਾਉ ਲਸ਼ਕਰ, ਪੈਦਲ ਜਾ ਰਿਹਾ ਸ਼ਾਹਸਵਾਰ ਤੱਕੋ। ਸੇਜ ਕੰਡਿਆਂ ਦੀ ਤਕੀਆ ਟਿੰਡ ਦਾ ਏ, ਗਗਨ ਰੂਪੀ ਰਜਾਈ ਵਿਚਕਾਰ ਤੱਕੋ। ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ, ਸਰਬੰਸਦਾਨੀ ਦਸਮੇਸ਼ ਦਾਤਾਰ ਤੱਕੋ। ’ਕੱਲੇ ਰਹੇ ਸਨ ਰੋਹੀ ਦੇ ਰੁੱਖ ਵਾਂਗ਼ੂੰ, ਫਿਰ ਵੀ ਹੌਂਸਲਾ ਓਸ ਨਾ ਹਾਰਿਆ ਸੀ। ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ। ਜਿਹੜਾ ਇਕ ਵਾਰੀ ਉਸਦਾ ਹੋ ਗਿਆ ਸੀ, ਉਹ ਸਦਾ ਲਈ ਓਸ ਦੇ ਹੋ ਗਏ ਸੀ। ਆਪਣੇ ਜੋਗੇ ਨੂੰ ਆਪ ਬਚਾਉਣ ਖਾਤਿਰ, ਬੂਹੇ ਵੇਸਵਾ ਅੱਗੇ ਖਲੋ ਗਏ ਸੀ। ਜਦ ਬੇਦਾਵੀਏ ਜੂਝ ਕੇ ਜੰਗ ਅੰਦਰ, ਸਾਰੇ ਸਦਾ ਦੀ ਨੀਂਦ ਲਈ ਸੌਂ ਗਏ ਸੀ। ਉਦੋਂ ਪਾਤਸ਼ਾਹ ਨੈਣਾਂ ’ਚੋਂ ਕੇਰ ਹੰਝੂ, ਬੇਦਾਵੀਆਂ ਦੇ ਧੋਣੇ ਧੋ ਗਏ ਸੀ। ਮਹਾਂ ਸਿੰਘ ਦਾ ਗੋਦ ਵਿਚ ਸੀਸ ਰੱਖ ਕੇ, ਉਹਦੇ ਤਪਦੇ ਹੋਏ ਸੀਨੇ ਨੂੰ ਠਾਰਿਆ ਸੀ। ਮੁੱਖੋਂ ਮੁਕਤੀਆਂ ਦੀ ਝੜੀ ਲਾਉਣ ਵਾਲੇ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ। ਉਨ੍ਹਾਂ ਕਿਹਾ ਕਿ ਅੱਜ ਤੋਂ ਖਾਲਸਾ ਜੀ, ਥੋਡਾ ਧਰਮ ਇੱਕੋ ਥੋਡੀ ਜਾਤ ਇੱਕੋ। ਸਿੰਘ ਸੂਰਮੇ ਤੁਸੀਂ ਬਲਵਾਨ ਯੋਧੇ, ਥੋਡਾ ਪਿਤਾ ਇੱਕੋ ਥੋਡੀ ਮਾਤ ਇੱਕੋ। ਹੁੰਦਾ ਵੇਖੋ ਜਦ ਜ਼ੁਲਮ ਬੇਦੋਸ਼ਿਆਂ ’ਤੇ, ਜ਼ਾਲਮ ਲਈ ਫਿਰ ਬਣੋ ਅਫਾਤ ਇੱਕੋ। ਚੜ੍ਹਦੀ ਕਲਾ ’ਚ ਰਹਿਣਾ ਏ ਖਾਲਸੇ ਨੇ, ਸਦਾ ਰਹਿੰਦੇ ਨਹੀਂ ਕਦੇ ਹਾਲਾਤ ਇੱਕੋ। ਹਰ ਰੋਜ਼ ਗੁਰਬਾਣੀ ਦਾ ਪਾਠ ਕਰਨਾ, ਆਪਣੇ ਮੁੱਖ ਤੋਂ ਉਨ੍ਹਾਂ ਉਚਾਰਿਆ ਸੀ। ਗੱਦੀ ਗੁਰੂ ਗ੍ਰੰਥ ਨੂੰ ਦੇਣ ਖ਼ਾਤਰ, ਪਟਨੇ ਵਿੱਚ ਅਵਤਾਰ ਉਸ ਧਾਰਿਆ ਸੀ।

ਸੰਤ ਸਿਪਾਹੀ

ਵਿੱਚ ਅਮਨ ਦੇ ਕਲਮ ਦੇ ਨਾਲ ਲਿਖਿਆ, ਵਿੱਚ ਜੰਗ ਦੇ ਤੇਗ ਚਲਾਈ ਸਤਿਗੁਰ। ਰੱਖਿਆ ਸਦਾ ਗਰੀਬਾਂ ਦੀ ਰਹੇ ਕਰਦੇ, ਜ਼ੁਲਮ ਵਿਰੁੱਧ ਤਲਵਾਰ ਉਠਾਈ ਸਤਿਗੁਰ। ਸੈਦ ਖਾਂ ਜਦ ਧਰਤੀ ’ਤੇ ਡਿਗਿਆ ਸੀ, ਆਪਣੀ ਢਾਲ ਨਾਲ ਛਾਂ ਕਰਾਈ ਸਤਿਗੁਰ। ਕੱਫਨ ਬਿਨਾਂ ਜਹਾਨੋਂ ਨਾ ਜਾਏ ਕੋਈ, ਨੋਕ ਤੀਰਾਂ ਦੀ ਸੋਨੇ ਮੜ੍ਹਾਈ ਸਤਿਗੁਰ। ਛੀਂਬੇ, ਨਾਈ, ਝੀਵਰ, ਖੱਤਰੀ, ਜੱਟ ਤਾਂਈਂ, ਹੱਥੀਂ ਆਪ ਦਿੰਦਾ ਪਾਤਸ਼ਾਹੀ ਡਿੱਠਾ। ’ਕੱਠਾ ਬਾਣੀ ਤੇ ਬਾਣੇ ਨੂੰ ਕਰਨ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ। ਮੁਗਲ ਫੌਜ ਤੇ ਰਾਜੇ ਪਹਾੜੀਆਂ ਨੇ, (ਮਾਖੋਵਾਲ) ਅਨੰਦਪੁਰ ਤੇ ਕੀਤੀ ਚੜ੍ਹਾਈ ਹੈਸੀ। ਇੱਕ ਸਿੱਖ ਘਨੱਈਆ ਇਸ ਯੁੱਧ ਅੰਦਰ, ਫਿਰਦਾ ਮੋਢੇ ਤੇ ਮਸ਼ਕ ਟਿਕਾਈ ਹੈਸੀ। ਮੂੰਹਾਂ ਵਿੱਚ ਉਸ ਤੜਪਦੇ ਦੁਸ਼ਮਣਾਂ ਦੇ, ਪਾਣੀ ਪਾ ਪਾ ਜ਼ਿੰਦਗੀ ਪਾਈ ਹੈਸੀ। ਸਿੰਘਾਂ ਕੀਤੀ ਸ਼ਿਕਾਇਤ ਜਦ ਪਾਤਸ਼ਾਹ ਨੂੰ, ਪੇਸ਼ ਕੀਤੀ ਘਨੱਈਏ ਸਫ਼ਾਈ ਹੈਸੀ। ਮੈਨੂੰ ਸਿੱਖ ਜਾਂ ਮੁਗਲ ਨਾ ਨਜ਼ਰ ਆਇਆ, ਮੈਂ ਤਾਂ ਸਭ ਵਿੱਚ ਆਪਣਾ ਮਾਹੀ ਡਿੱਠਾ। ਡੱਬੀ ਮੱਲ੍ਹਮ ਦੀ ਹੱਥ ਫੜਾਉਣ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ। ਸਿੰਘਾਂ ਅਤੇ ਪ੍ਰਵਾਰ ਦੇ ਨਾਲ ਸਤਿਗੁਰ, ਚੱਲੇ ਪੁਰੀ ਅਨੰਦ ਨੂੰ ਛੋੜ ਕੇ ਤੇ। ਹੱਲਾ ਕੀਤਾ ਸੀ ਲਾਲਚੀ ਲੋਭੀਆਂ ਨੇ, ਕਸਮਾਂ ਚੁੱਕੀਆਂ ਹੋਈਆਂ ਨੂੰ ਤੋੜ ਕੇ ਤੇ। ਖੂਨੀ ਜੰਗ ਅੰਦਰ ਜੂਝੇ ਸਿੰਘ ਸੂਰੇ, ਵਾਗਾਂ ਘੋੜਿਆਂ ਦੀਆਂ ਨੂੰ ਮੋੜ ਕੇ ਤੇ। ਪਾਣੀ ਸਰਸਾ ਦਾ ਸ਼ੂਕਦਾ ਨਾਲ ਆਪਣੇ, ਲੈ ਗਿਆ ਸੀ ਕਈਆਂ ਨੂੰ ਰੋਹੜ ਕੇ ਤੇ। ਨਿਤਨੇਮ ਵੀ ਜੰਗ ਵਿੱਚ ਛੱਡਿਆ ਨਾ, ਸੀ ਅਨੋਖਿਆਂ ਰਾਹਾਂ ਦਾ ਰਾਹੀ ਡਿੱਠਾ। ਹਰ ਸਮੇਂ ਤੇ ਹਰ ਸਥਾਨ ਉੱਤੇ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ। ਲਾੜੀ ਮੌਤ ਨੂੰ ਵਰਨ ਲਈ ਗੜ੍ਹੀ ਵਿੱਚੋਂ, ਸਿੰਘ ਸੂਰਮੇ ਕਈ ਸਰਦਾਰ ਤੋਰੇ। ਸਵਾ ਲੱਖ ਨਾਲ ਇੱਕ ਲੜਾਉਣ ਖਾਤਰ, ਵਾਰੀ ਨਾਲ ਅਜੀਤ ਜੁਝਾਰ ਤੋਰੇ। ਸਿੱਖੀ ਸਿਦਕ ਨਿਭਾਉਣਾ ਏ ਨਾਲ ਸਿਰ ਦੇ, ਦਾਦੀ ਆਖ ਕੇ ਜਾਂ ਨਿਸਾਰ ਤੋਰੇ। ਮਿਲੇ ਕੋਈ ਮਿਸਾਲ ਨਾ ਜੱਗ ਅੰਦਰ, ਦੋ ਲਾਲ ਜੋ ਨੀਹਾਂ ਵਿੱਚਕਾਰ ਤੋਰੇ। ਇਨ੍ਹਾਂ ਪੁੱਤਾਂ ਤੋਂ ਵਾਰੇ ਨੇ ਲਾਲ ਚਾਰੇ, ਮਾਤਾ ਜੀਤੋ ਨੂੰ ਦਿੰਦਾ ਗਵਾਹੀ ਡਿੱਠਾ। ਟੋਟੇ ਜਿਗਰ ਦੇ ਭਾਵੇਂ ਸਨ ਹੋਏ ਟੋਟੇ, (ਫਿਰ ਵੀ) ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ। ਗੜ੍ਹੀ ਛੱਡੀ ਸੀ ਪੰਥ ਦਾ ਹੁਕਮ ਮੰਨ ਕੇ, ਸੰਗਤ ਸਿੰਘ ਦੇ ਕਲਗੀ ਸਜਾ ਕੇ ਤੇ। ਉਚੀ ਟਿੱਬੀ ’ਤੇ ‘ਜਾਚਕ’ ਫਿਰ ਪਾਤਸ਼ਾਹ ਨੇ, ਭਾਜੜ ਪਾ ’ਤੀ ਤਾੜੀ ਵਜਾ ਕੇ ਤੇ। ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ, ਰਾਤੋ ਰਾਤ ਹੀ ਪੈਂਡਾ ਮੁਕਾ ਕੇ ਤੇ। ਪਾਣੀ ਪੀ ਕੇ ਖੂਹ ਦੀ ਟਿੰਡ ਵਿੱਚੋਂ, ਥੱਕੇ ਲੇਟ ਗਏ ਇੱਕ ਥਾਂ ਆ ਕੇ ਤੇ। ਲੀਰਾਂ ਤਨ ’ਤੇ ਪੈਰਾਂ ਦੇ ਵਿੱਚ ਛਾਲੇ, ਸੁੱਤਾ ਕੰਡਿਆਂ ’ਤੇ ਕੋਈ ਰਾਹੀ ਡਿੱਠਾ। ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲਾ, ਚੜ੍ਹਦੀ ਕਲਾ ’ਚ ਸੰਤ ਸਿਪਾਹੀ ਡਿੱਠਾ।

ਸਰਬੰਸਦਾਨੀ

ਵੇਖੇ ਸਮੇਂ ਅਣਗਿਣਤ ਇਨਸਾਨ ਏਥੇ, ਜ਼ਿਕਰ ਕਈਆਂ ਦਾ ਵਿੱਚ ਇਤਿਹਾਸ ਹੋਇਆ। ਅੱਖਾਂ ਗਈਆਂ ਚੁੰਧਿਆ ਸੰਸਾਰ ਦੀਆਂ, ਪਟਨੇ ਵਿੱਚ ਜਦ ਨੂਰੀ ਪ੍ਰਕਾਸ਼ ਹੋਇਆ। ਆਇਆ ਅੱਲਾ ਦਾ ਰੂਪ ਏ ਜੱਗ ਅੰਦਰ, ਭੀਖਣ ਸ਼ਾਹ ਨੂੰ ਓਦੋਂ ਵਿਸ਼ਵਾਸ ਹੋਇਆ। ਏਸ ਜਗਤ ਤਮਾਸ਼ੇ ਨੂੰ ਦੇਖਣੇ ਲਈ, ਪ੍ਰਗਟ ਮਰਦ ਅਗੰਮੜਾ ਖਾਸ ਹੋਇਆ। ਪੋਹ ਸੁਦੀ ਸਤਵੀਂ, ਐਤਵਾਰ ਦੇ ਦਿਨ, ਪ੍ਰਗਟ ਹੋਇਆ ਸੀ ਪੁਰਖ ਭਗਵੰਤ ਪਟਨੇ। ਚਾਨਣ ਚਾਨਣ ਸੀ ਹੋ ਗਿਆ ਚਹੁੰ ਪਾਸੀਂ, ਅੰਧਕਾਰ ਦਾ ਹੋ ਗਿਆ ਅੰਤ ਪਟਨੇ। ਭਗਤੀ ਸ਼ਕਤੀ ਨੂੰ ਆਪਣੇ ਨਾਲ ਲੈ ਕੇ, ਪਰਗਟ ਹੋਇਆ ਸਿਪਾਹੀ ਤੇ ਸੰਤ ਪਟਨੇ। ਚਹਿਕ ਮਹਿਕ ਤੇ ਟਹਿਕ ਸੀ ਹਰ ਪਾਸੇ, ਮਾਨੋਂ ਖਿੜ ਗਈ ਰੁੱਤ ਬਸੰਤ ਪਟਨੇ। ਪਟਨੇ ਸ਼ਹਿਰ ਦੀ ਪਾਵਨ ਧਰਤ ਉਤੇ, ਪੰਥ ਖਾਲਸੇ ਦਾ ਸਾਜਣਹਾਰ ਆਇਆ। ਢਹਿੰਦੀ ਕਲਾ ਦੀ ਖੱਡ ’ਚੋਂ ਕੱਢਣੇ ਲਈ, ਚੜ੍ਹਦੀ ਕਲਾ ਦਾ ਸੀ ਅਵਤਾਰ ਆਇਆ। ਸਮਝੇ ਜਾਂਦੇ ਸੀ ਨੀਵੇਂ ਅਛੂਤ ਜਿਹੜੇ, ਉਨ੍ਹਾਂ ਤਾਂਈਂ ਬਣਾਉਣ ਸਰਦਾਰ ਆਇਆ। ਮੁਰਦਾ ਦਿਲਾਂ ਅੰਦਰ ਜਾਨ ਪਾਉਣ ਖਾਤਰ, ਕਲਗੀਧਰ ਸੀ ਵਿੱਚ ਸੰਸਾਰ ਆਇਆ। ਸ਼ਿਵ ਦਤ ਪੰਡਤ, ਦਰਸ਼ਨ ਜਦੋਂ ਕੀਤੇ, ਅੱਖਾਂ ਸਾਹਮਣੇ ਕ੍ਰਿਸ਼ਨ ਤੇ ਰਾਮ ਡਿੱਠਾ। ਰਹੀਮ ਬਖ਼ਸ ਨਵਾਬ ਵੀ ਵਿੱਚ ਪਟਨੇ, ਝੁੱਕ ਝੁੱਕ ਕੇ ਕਰਦਾ ਸਲਾਮ ਡਿੱਠਾ। ਕਿਹਾ ਦਿਲ ਦਾ ਟੁੱਕੜਾ ਸੀ ਉਸ ਤਾਂਈਂ, ਰਾਣੀ ਮੈਣੀ ਨੇ ਜਦੋਂ ਵਰਿਆਮ ਡਿੱਠਾ। ਓਹਦੀ ਮਾਂ ਦੀ ਮਮਤਾ ਸੀ ਹੋਈ ਪੂਰੀ, ਗੋਦੀ ਵਿੱਚ ਜਦ ਬੈਠਾ ਬਲਰਾਮ ਡਿੱਠਾ। ਸਮੇਂ ਸਮੇਂ ’ਤੇ ਬਿਜਲੀਆਂ ਕੜਕ ਪਈਆਂ, ਛੋਟੀ ਉਮਰ ਤੋਂ ਹੀ ਹੋਣਹਾਰ ਉੱਤੇ। ਨੌਂ ਸਾਲ ’ਚ ਪਿਤਾ ਜੀ ਵਾਰ ਦਿੱਤੇ, ਸਾਇਆ ਰਿਹਾ ਨਹੀਂ ਸੀ ਬਰਖੁਰਦਾਰ ਉੱਤੇ। ਅੱਖਾਂ ਸਾਹਵੇਂ ਨਜ਼ਾਰੇ ਨੂੰ ਤੱਕ ਰਹੇ ਸੀ, ਹੋਣੀ ਟੁੱਟਣੀ ਸਾਰੇ ਪ੍ਰਵਾਰ ਉੱਤੇ। ਅਣਖੀ ਕੌਮ ਦੀ ਸਾਜਨਾ ਕਰਨ ਦੇ ਲਈ, ਕੀਤੀ ਪਰਖ ਤਲਵਾਰ ਦੀ ਧਾਰ ਉੱਤੇ। ਪਾਵਨ ਪੁਰੀ ਅਨੰਦ ਦੀ ਧਰਤ ਉੱਤੇ, ਚੌਹਾਂ ਵਰਨਾਂ ਨੂੰ ਦਿੱਤਾ ਸੀ ਮੇਲ ਸਤਿਗੁਰ। ਸੀਸ ਮੰਗ ਕੇ ਪੰਜਾਂ ਪਿਆਰਿਆਂ ਦੇ, ਕੀਤਾ ਕੋਈ ਅਨੋਖਾ ਸੀ ਖੇਲ ਸਤਿਗੁਰ। ਕੱਠੇ ਕਰਕੇ ਸ਼ਸਤਰ ਅਤੇ ਸਾਸ਼ਤਰ, ਭਗਤੀ ਸ਼ਕਤੀ ਦਾ ਕੀਤਾ ਸੁਮੇਲ ਸਤਿਗੁਰ। ਚੱਪੂ ਅੰਮ੍ਰਿਤ ਦੇ ਲਾ ਕੇ ਕੌਮ ਤਾਂਈਂ, ਦਿੱਤਾ ਵਿਸ਼ਵ ਸਮੁੰਦਰ ’ਚ ਠੇਲ ਸਤਿਗੁਰ। ਕੇਸਗੜ੍ਹ ’ਤੇ ਬਖ਼ਸ ਕੇ ਦਾਤ ਅੰਮ੍ਰਿਤ, ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ। ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ,ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ। ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ, ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ। ਜੋ ਕੁਝ ਕੋਈ ਨਹੀਂ ਦੁਨੀਆਂ ’ਚ ਕਰ ਸਕਿਆ, ਉਹ ਕਰ ਵਿਖਾਇਆ ਸੀ ਪਾਤਸ਼ਾਹ ਨੇ। ਸੁਤੀਆਂ ਸ਼ਕਤੀਆਂ ਤਾਂਈਂ ਜਗਾ ਕੇ ਤੇ, ਗੁਰਾਂ ਕੀਤਾ ਸੀ ਆਤਮ ਵਿਸ਼ਵਾਸ਼ ਪੈਦਾ। ਗੱਲ ਕਰਕੇ ਡੰਕੇ ਦੀ ਚੋਟ ਉੱਤੇ, ਜੀਵਨ ਜਿਉੂਣ ਲਈ ਕੀਤਾ ਹੁਲਾਸ ਪੈਦਾ। ਸਰਬ ਕਲਾ ਸੰਪੂਰਨ ਦਸਮੇਸ਼ ਜੀ ਨੇ, ਟੁੱਟੇ ਦਿਲਾਂ ’ਚ ਕੀਤਾ ਧਰਵਾਸ ਪੈਦਾ। ਢਹਿੰਦੀ ਕਲਾ ਨੂੰ ਕੱਢ ਕੇ ਦਿਲਾਂ ਵਿੱਚੋਂ, ਚੜ੍ਹਦੀ ਕਲਾ ਦਾ ਕੀਤਾ ਅਹਿਸਾਸ ਪੈਦਾ। ਅਜ ਪੁਰੀ ਅਨੰਦ ਨੂੰ ਛੱਡ ਕੇ ਤੇ, ਕਲਗੀ ਵਾਲੜਾ ਚਲਿਆ ਖਿੜੇ ਮੱਥੇ। ਘੱਲਿਆ ਜੰਗ ਦੇ ਵਿੱਚ ਅਜੀਤ ਯੋਧਾ, ਫਿਰ ਜੁਝਾਰ ਵੀ ਘੱਲਿਆ ਖਿੜੇ ਮੱਥੇ। ਵਗਿਆ ਨੈਣੋਂ ਦਰਿਆ ਨਾ ਹੰਝੂਆਂ ਦਾ, ਸੀਨੇ ਵਿੱਚ ਹੀ ਠੱਲਿਆ ਖਿੜੇ ਮੱਥੇ। ਜਿਹੜਾ ਦੁੱਖ ਨਹੀਂ ਕੋਈ ਵੀ ਝੱਲ ਸਕਦਾ, ਉਹ ਦਸਮੇਸ਼ ਨੇ ਝੱਲਿਆ ਖਿੜੇ ਮੱਥੇ। ਖੂਨੀ ਗੜੀ ਚਮਕੌਰ ਦੀ ਜੰਗ ਅੰਦਰ, ਨਾਲ ਬਰਛਿਆਂ ਦੇ ਬਰਛੇ ਠਹਿਕਦੇ ਸੀ। ਵਾਛੜ ਤੀਰਾਂ ਦੀ ਜਦੋਂ ਦਸਮੇਸ਼ ਕਰਦੇ, ਦੁਸ਼ਮਣ ਤੜਪਦੇ ਸੀ ਨਾਲੇ ਸਹਿਕਦੇ ਸੀ। ਚਾਲੀ ਸੂਰਮੇ ਤੇ ਵੱਡੇ ਲਾਲ ਦੋਵੇਂ, ਦਸਮ ਪਿਤਾ ਦੀ ਮਹਿਕ ਨਾਲ ਮਹਿਕਦੇ ਸੀ। ਵਾਰੋ ਵਾਰੀ ਫਿਰ ਟੁੱਟ ਗਏ ਫੁੱਲ ਦੋਵੇਂ, ਜਿਹੜੇ ਸਿੱਖੀ ਦੇ ਬਾਗ ਵਿੱਚ ਟਹਿਕਦੇ ਸੀ। ਹੁਕਮ ਖਾਲਸਾ ਪੰਥ ਦਾ ਮੰਨ ਕੇ ਤੇ, ਤਾੜੀ ਮਾਰ ਕੇ ਜਾਂਦਾ ਦਾਤਾਰ ਤੱਕੋ। ਨਾ ਬਾਜ ਨਾ ਤਾਜ ਨਾ ਲਾਉ ਲਸ਼ਕਰ, ਪੈਦਲ ਜਾ ਰਿਹਾ ਸ਼ਾਹ ਸਵਾਰ ਤੱਕੋ। ਸੇਜ ਕੰਡਿਆਂ ਦੀ, ਤਕੀਆ ਟਿੰਡ ਦਾ ਏ, ਗਗਨ ਰੂਪੀ ਰਜਾਈ ਵਿਚਕਾਰ ਤੱਕੋ। ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤਾ, ਬਾਰੰਬਾਰ ਤੱਕੋ, ਬਾਰ ਬਾਰ ਤੱਕੋ। ਦੱਸਿਆ ਮਾਹੀ ਜਦ ਕਲਗੀਆਂ ਵਾਲੜੇ ਨੂੰ, ਫੁੱਲ ਟਹਿਣੀਉਂ ਡਿੱਗੇ ਨੇ ਟੁੱਟ ਕੇ ਤੇ। ਮਾਤਾ ਗੁਜਰੀ ਵੀ ਆਖਰ ਫਿਰ ਪਾਏ ਚਾਲੇ, ਜੀਹਨਾਂ ਲਾਏ ਛਾਤੀ ਘੁੱਟ ਘੁੱਟ ਕੇ ਤੇ। ਚਿਣੀਆਂ ਨੀਹਾਂ ’ਚ ਸੁਣ ਮਾਸੂਮ ਜਿੰਦਾਂ, ਸੰਗਤ ਰੋਈ ਓਦੋਂ ਫੁੱਟ ਫੁੱਟ ਕੇ ਤੇ। ਜੜ੍ਹ ਜ਼ੁਲਮ ਦੀ ਕਿਹਾ ਹੁਣ ਗਈ ਪੁੱਟੀ, ਦਸਮ ਪਿਤਾ ਨੇ ਕਾਹੀ ਨੂੰ ਪੁੱਟ ਕੇ ਤੇ। ਦਸਮ ਪਿਤਾ ਦੇ ਗੁਣ ਨਹੀਂ ਗਿਣੇ ਜਾਂਦੇ, ਸੰਤ ਸਿਪਾਹੀ ਸੀ ਤੇ ਨੀਤੀਵਾਨ ਵੀ ਸੀ। ਯੋਧੇ, ਸੂਰਮੇ ਬੀਰ ਜਰਨੈਲ ਭਾਰੀ, ਕੋਮਲ ਚਿਤ ਤੇ ਬੜੇ ਨਿਰਮਾਨ ਵੀ ਸੀ। ਸ਼ਾਇਰ ਸਨ ਕਮਾਲ ਦੇ ਪਾਤਸ਼ਾਹ ਜੀ, ਕਰਦੇ ਕਵੀਆਂ ਦਾ ‘ਜਾਚਕ’ ਸਨਮਾਨ ਵੀ ਸੀ। ਪਤਝੜ ਵਿੱਚ ਬਸੰਤ ਲਿਆਉਣ ਵਾਲੇ, ਮਹਾਂ ਦਾਨੀ ਮਹਾਨ ਇਨਸਾਨ ਵੀ ਸੀ।

ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ

ਕੋਈ ਮਰਦ ਅਗੰਮੜਾ ਕਹੇ ਓਹਨੂੰ, ਚੜ੍ਹਦੀ ਕਲਾ ਦਾ ਕੋਈ ਅਵਤਾਰ ਕਹਿੰਦੈ। ਬਾਜਾਂ ਵਾਲੜਾ ਕੋਈ ਪੁਕਾਰਦਾ ਏ, ਕੋਈ ਨੀਲੇ ਦਾ ਸ਼ਾਹ ਅਸਵਾਰ ਕਹਿੰਦੈ। ਕੋਈ ਆਖਦਾ ‘ਤੇਗ ਦਾ ਧਨੀ’ ਸੀ ਉਹ, ਦੁਸ਼ਟ ਦਮਨ ਕੋਈ ਸਿਪਾਹ ਸਲਾਰ ਕਹਿੰਦੈ। ਦਾਤਾ ਅੰਮ੍ਰਿਤ ਦਾ ‘ਜਾਚਕਾ’ ਕਹੇ ਕੋਈ, ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ।

ਕਵੀਆਂ ਦੇ ਸਿਰਤਾਜ

ਕੇਵਲ ਕਲਮ ਦੇ ਧਨੀ ਹੀ ਨਹੀਂ ਸਨ ਉਹ, ਕਲਮਾਂ ਵਾਲਿਆਂ ਦੇ ਕਦਰਦਾਨ ਵੀ ਸਨ। ਕਵੀਆਂ ਕੋਲੋਂ ਕਵਿਤਾਵਾਂ ਸਨ ਆਪ ਸੁਣਦੇ, ਨਾਲੇ ਬਖ਼ਸ਼ਦੇ ਮਾਣ ਸਨਮਾਨ ਵੀ ਸਨ। ਭਰ ਭਰ ਕੇ ਢਾਲਾਂ ਇਨਾਮ ਦੇਂਦੇ, ਏਨੇ ਉਨ੍ਹਾਂ ਉੱਤੇ ਮਿਹਰਬਾਨ ਵੀ ਸਨ। ਸਚਮੁੱਚ ਕਵੀਆਂ ਦੇ ਸਨ ਸਿਰਤਾਜ ਉਹ ਤਾਂ, ਦਾਤਾ ਕਵੀ ਦਰਬਾਰਾਂ ਦੀ ਸ਼ਾਨ ਵੀ ਸਨ।

ਸ਼ਬਦ ਗੁਰੂ - ਗੁਰੂ ਗ੍ਰੰਥ ਸਾਹਿਬ ਜੀ

ਦੁਨੀਆਂ ਵਿੱਚ ਨਹੀਂ ਕੋਈ ਮਿਸਾਲ ਮਿਲਦੀ, ਬੇਮਿਸਾਲ ਨੇ ਗੁਰੂ ਗਰੰਥ ਸਾਹਿਬ। ਸਦਾ ਓਟ ਤੇ ਆਸਰਾ ਅਸੀਂ ਲੈਂਦੇ, ਦੀਨ ਦਇਆਲ ਨੇ ਗੁਰੂ ਗਰੰਥ ਸਾਹਿਬ। ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਹੇ, ਹਰਦਮ ਨਾਲ ਨੇ ਗੁਰੂ ਗਰੰਥ ਸਾਹਿਬ। ਜੁਗੋ ਜੁਗ ਜੋ ਸਦਾ ਅਟੱਲ ਰਹਿਣੇ, ਆਪ ਅਕਾਲ ਨੇ ਗੁਰੂ ਗਰੰਥ ਸਾਹਿਬ। ਲੈ ਕੇ ਆਸਾਂ ਹਾਂ ਗੁਰੂ ਦੇ ਦਰ ਆਉਂਦੇ, ਆਸਾਂ ਪੂਰੀਆਂ ਕਰਦੇ ਨੇ ਪਾਤਸ਼ਾਹ ਜੀ। ਦੁੱਖਾਂ ਮਾਰੇ ਨੇ ਆਣ ਅਰਦਾਸ ਕਰਦੇ, ਦੁੱਖ ਸਭ ਦੇ ਹਰਦੇ ਨੇ ਪਾਤਸ਼ਾਹ ਜੀ। ਖਾਲੀ ਝੋਲੀ ਸਵਾਲੀ ਨੇ ਜੋ ਆਉਂਦੇ, ਖਾਲੀ ਝੋਲੀਆਂ ਭਰਦੇ ਨੇ ਪਾਤਸ਼ਾਹ ਜੀ। ਗੁਰੂ ਸਾਹਿਬ ਦੇ ਚਰਨੀਂ ਜੋ ਸੀਸ ਝੁਕਦੇ, ਹੱਥ ਸੀਸ ਤੇ ਧਰਦੇ ਨੇ ਪਾਤਸ਼ਾਹ ਜੀ। ਗੁਰੂ ਗਰੰਥ ਦੀ ਪਾਵਨ ਅਗਵਾਈ ਰਾਹੀਂ, ਕਰਨੈ ਸਿੱਖੀ ਦਾ ਥਾਂ ਥਾਂ ਪਰਚਾਰ ਆਪਾਂ। ਗੁਹਜ ਰਤਨ ਗੁਰਬਾਣੀ ’ਚੋਂ ਖੋਜਣੇ ਨੇ, ਕਰਨੈ ਬਾਣੀ ਦਾ ਪੂਰਨ ਸਤਿਕਾਰ ਆਪਾਂ । ਲੱਭਣੇ ਹੱਲ ਦਰਪੇਸ਼ ਚੁਣੋਤੀਆਂ ਦੇ, ਪੰਥਕ ਜਜਬੇ ਨੂੰ ਦਿਲ ਵਿੱਚ ਧਾਰ ਆਪਾਂ । ਆਪਣੇ ਸਿਰਾਂ ਤੇ ‘ਜਾਚਕਾ’ ਚੁੱਕਣਾ ਏਂ, ਸਿੱਖ ਕੌਮ ਦੇ ਦਰਦ ਦਾ ਭਾਰ ਆਪਾਂ । ਇਹ ਗੱਲ ਸੱਚ ਹੈ ਆਖਰੀ ਦੱਮ ਤੀਕਰ, ਏਸ ਜੱਗ ਦੇ ਧੰਦੇ ਨਹੀਂ ਮੁੱਕ ਸਕਦੇ। ਲੁਕ ਛਿਪ ਕੇ ਜਿੰਨੇ ਵੀ ਪਾਪ ਕਰੀਏ, ਉਸ ਦਾਤੇ ਤੋਂ ਕਦੇ ਨਹੀਂ ਲੁਕ ਸਕਦੇ। ਜਿੰਨੇ ਮਰਜੀ ਦਰਿਆਵਾਂ ਨੂੰ ਬੰਨ੍ਹ ਲਾਈਏ, ਵਹਿਣ ਇਨ੍ਹਾਂ ਦੇ ਕਦੇ ਨਹੀਂ ਰੁਕ ਸਕਦੇ। ਸੀਸ ਝੁਕਣ ਤਾਂ ਗੁਰੂ ਗ੍ਰੰਥ ਅੱਗੇ , ਹੋਰ ਕਿਸੇ ਦੇ ਅੱਗੇ ਨਹੀਂ ਝੁਕ ਸਕਦੇ। ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੋ ਜੇਕਰ, ਥਾਂ ਥਾਂ ਤੇ ਅਟਕਣਾ ਛੱਡ ਦੇਵੋ। ਡਾਹ ਕੇ ਮੰਜੀਆਂ ਬੈਠੇ ‘ਸਿਆਣਿਆਂ’ ਦੇ, ਜਾ ਕੇ ਨੇੜੇ ਵੀ ਫਟਕਣਾ ਛੱਡ ਦੇਵੋ। ਕਦੇ ਏਸ ਟਾਹਣੀ, ਕਦੇ ਓਸ ਟਾਹਣੀ, ਪੁੱਠੇ ਹੋ ਕੇ ਲਟਕਣਾ ਛੱਡ ਦੇਵੋ। ਰੱਖੋ ਓਟ ਬਸ ਗੁਰੂ ਗਰੰਥ ਜੀ ਤੇ, ਦਰ ਦਰ ਤੇ ਭਟਕਣਾ ਛੱਡ ਦੇਵੋ।

ਧੁਰ ਕੀ ਬਾਣੀ

ਪਾਵਨ ਗ੍ਰੰਥ ਨੇ ਦੁਨੀਆਂ ’ਚ ਕਈ ਭਾਵੇਂ, ਪਰ ਗੁਰੂ ਗ੍ਰੰਥ ਜੀ ਇਕੋ ਸੰਸਾਰ ਅੰਦਰ। ਰੱਬੀ ਤੱਤ ਹਨ ਜੁਗਾਂ ਜੁਗਾਤਰਾਂ ਦੇ, ਧੁਰ ਕੀ ਬਾਣੀ ਦੇ ਭਰੇ ਭੰਡਾਰ ਅੰਦਰ। ਦੈਵੀ ਗਿਆਨ ਦਾ ਹੈ ਅਮੁੱਕ ਸੋਮਾ, ਬ੍ਰਹਮ ਗਿਆਨ ਇਸ ਬ੍ਰਹਮ ਵੀਚਾਰ ਅੰਦਰ। ਬਾਣੀ ਸਦਾ ਹੀ ਸਾਨੂੰ ਇਹ ਸੇਧ ਦੇਵੇ, ਰਹਿਣੈ ਕਮਲ ਦੇ ਵਾਂਗ ਸੰਸਾਰ ਅੰਦਰ। ਧੁਰ ਕੀ ਬਾਣੀ ਨੂੰ ਪੂਰਨ ਤਰਤੀਬ ਦੇਣੀ, ਨਹੀਂ ਸੀ ਛੋਟਾ ਜਾਂ ਕੋਈ ਆਸਾਨ ਕਾਰਜ। ਪੰਚਮ ਪਿਤਾ ਨੇ ਜਿਦਾਂ ਸੀ ਇਹ ਕੀਤਾ, ਕਰ ਸਕਦਾ ਨਹੀਂ ਕੋਈ ਇਨਸਾਨ ਕਾਰਜ। ਨਾਲ ਗੁਰਾਂ ਦੇ ਭਾਈ ਗੁਰਦਾਸ ਜੀ ਨੇ, ਕੀਤਾ ਹੋ ਕੇ ਅੰਤਰ ਧਿਆਨ ਕਾਰਜ। ਜੁਗੋ ਜੁਗ ਜੋ ਸਦਾ ਅਟੱਲ ਰਹਿਣੈ, ਤਿੰਨਾਂ ਸਾਲਾਂ ’ਚ ਹੋਇਆ ਮਹਾਨ ਕਾਰਜ। ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੀ, ਬਾਣੀ ਕੱਠੀ ਕਰਵਾਈ ਸੀ ਗੁਰੂ ਅਰਜਨ। ਰਾਮਸਰ ਸਰੋਵਰ ਦੇ ਬਹਿ ਕੰਢੇ, ਸੁਰਤੀ ਬਿਰਤੀ ਲਗਾਈ ਸੀ ਗੁਰੂ ਅਰਜਨ। ਕਲਮ ਦੇ ਕੇ ਹੱਥ ਗੁਰਦਾਸ ਜੀ ਦੇ, ਪਾਵਨ ਬਾਣੀ ਲਿਖਵਾਈ ਸੀ ਗੁਰੂ ਅਰਜਨ। ਭਾਦੋਂ ਸੁਦੀ ਏਕਮ, ਅੰਮ੍ਰਿਤਸਰ ਅੰਦਰ, ਸਾਰੀ ਸੰਗਤ ਬੁਲਾਈ ਸੀ ਗੁਰੂ ਅਰਜਨ। ਆਦਿ ਬੀੜ ਸੰਪੂਰਨ ਅੱਜ ਹੋਈ ਹੈਸੀ, ਸਿੱਖ ਗਏ ਸੱਦੇ ਖਾਸ ਖਾਸ ਏਥੇ। ਦੂਰੋਂ ਦੂਰੋਂ ਸਨ ਪਹੁੰਚੀਆਂ ਸਿੱਖ ਸੰਗਤਾਂ, ਸ਼ਰਧਾ ਅਦਬ ਤੇ ਨਾਲ ਵਿਸ਼ਵਾਸ ਏਥੇ। ਗੱਲ ’ਚ ਪਾ ਪੱਲਾ, ਪੰਚਮ ਪਾਤਸ਼ਾਹ ਨੇ, ਗੁਰੂ ਚਰਨਾਂ ’ਚ ਕੀਤੀ ਅਰਦਾਸ ਏਥੇ। ਰਹਿਮਤ ਪੁਰਖ ਅਕਾਲ ਦੀ ਹੋਈ ਐਸੀ, ਕਾਰਜ ਸਾਰੇ ਹੀ ਹੋਏ ਨੇ ਰਾਸ ਏਥੇ। ਬਾਬਾ ਬੁੱਢਾ ਜੀ ਸੀਸ ਤੇ ‘ਬੀੜ’ ਰੱਖਕੇ, ਨੰਗੇ ਪੈਰੀਂ ਹਰਿਮੰਦਰ ਵੱਲ ਚੱਲ ਰਹੇ ਸੀ। ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋ, ਕਰ ਸਾਫ ਰਸਤਾ ਪਲੋ ਪਲ ਰਹੇ ਸੀ। ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉੱਤੇ ਪਾਵਨ ਜਲ ਰਹੇ ਸੀ। ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਣ, ਪੰਚਮ ਪਾਤਸ਼ਾਹ ਜੀ ਚੌਰ ਝੱਲ ਰਹੇ ਸੀ। ਪਾਵਨ ਬੀੜ ਲਿਆ ਕੇ ਹਰੀਮੰਦਰ, ਜਦ ਪ੍ਰਕਾਸ਼ ਕਰਵਾਇਆ ਸੀ ਪਾਤਸ਼ਾਹ ਨੇ। ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਪਾਤਸ਼ਾਹ ਨੇ। ਮੇਰੀ ਦੇਹ ਤੋਂ ਵੱਧ ਸਤਿਕਾਰ ਕਰਿਉ, ਸੰਗਤਾਂ ਤਾਂਈਂ ਸਮਝਾਇਆ ਸੀ ਪਾਤਸ਼ਾਹ ਨੇ। ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਪਹਿਲੇ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ। ਜਗਦੇ ਦੀਵੇ ਨਾਲ ਜਗਦਾ ਹੈ ਜਿਵੇਂ ਦੀਵਾ, ਦੱਸਾਂ ਗੁਰੂਆਂ ਨੇ ਜੋਤ ਜਗਾਈ ਸੋਹਣੀ। ਸਮੇਂ ਸਮੇਂ ’ਤੇ ਧਾਰ ਕੇ ਦਸ ਜਾਮੇਂ, ਇਕ ਦੂਜੇ ’ਚ ਜੋਤ ਸੀ ਪਾਈ ਸੋਹਣੀ। ਮੁੱਖੋਂ ‘ਆਦਿ ਗ੍ਰੰਥ’ ਨੂੰ ‘ਗੁਰੂ’ ਕਹਿ ਕੇ, ਜੋਤ ਸ਼ਬਦ ਦੇ ਵਿੱਚ ਸਮਾਈ ਸੋਹਣੀ। ਜੁਗੋ ਜੁਗ ਅਟੱਲ ਹੈ ਗੁਰਬਾਣੀ, ਇਹਨੂੰ ਮਿਲੀ ਸੀ ਪਾਵਨ ਗੁਰਿਆਈ ਸੋਹਣੀ। ਅੱਲਾ ਰਾਮ ਤੇ ਵਾਹਿਗੁਰੂ ਹੈ ਇਕੋ, ਤੱਤ ਸਾਰ ਇਹ ਸਾਨੂੰ ਸਮਝਾਏ ਬਾਣੀ। ਜੀਹਦੇ ਹੁਕਮ ’ਚ ਵਰਤ ਰਹੀ ਖੇਡ ਸਾਰੀ, ਓਸੇ ਕਰਤੇ ਦੇ ਲੜ ਹੀ ਲਾਏ ਬਾਣੀ। ਏਕ ਨੂਰ ਤੋਂ ਉਪਜਿਆ ਜਗ ਸਾਰਾ, ਵੰਡ ਵਿਤਕਰੇ ਸਾਰੇ ਮਿਟਾਏ ਬਾਣੀ। ਸ਼ੁਭ ਅਮਲਾਂ ਦੇ ਬਾਝੋਂ ਨਹੀਂ ਗਲ ਬਣਨੀ, ਵਾਰ ਵਾਰ ਇਹ ਗੱਲ ਦੁਹਰਾਏ ਬਾਣੀ। ਅੰਮ੍ਰਿਤ ਰਸ ਨੂੰ ਜਿਹੜੇ ਵੀ ਚੱਖ ਲੈਂਦੇ, ਅੰਮ੍ਰਿਤ ਸਾਗਰ ’ਚ ਲਾਉਂਦੇ ਉਹ ਤਾਰੀਆਂ ਨੇ। ਸਾਰੇ ਰੋਗਾਂ ਦਾ ਦਾਰੂ ਹੈ ਗੁਰੂਬਾਣੀ, ਖਤਮ ਹੁੰਦੀਆਂ ਜੜੋਂ ਬਿਮਾਰੀਆਂ ਨੇ। ਮੁਰਦਾ ਰੂਹਾਂ ’ਚ ਜ਼ਿੰਦਗੀ ਸਰਕ ਪੈਂਦੀ, ਇਹਦੇ ਵਿੱਚ ਹੀ ਬਰਕਤਾਂ ਸਾਰੀਆਂ ਨੇ। ਨਾਮ ਬਾਣੀ ’ਚ ਜਿਹੜੇ ਨੇ ਲੀਨ ਰਹਿੰਦੇ, ਚੜ੍ਹੀਆਂ ਰਹਿੰਦੀਆਂ ਨਾਮ ਖੁਮਾਰੀਆਂ ਨੇ। ਜਿਹੜਾ ਰਹਿੰਦਾ ਏ ਤਰਕ ਦੀ ਕੈਦ ਅੰਦਰ, ਕਿਵੇਂ ਉਸ ਦੀ ਸਮਝ ਇਹ ਆਏ ਬਾਣੀ। ਮੰਨਦਾ ਜੋ ਗੁਰਬਾਣੀ ਦੀ ਸਿੱਖਿਆ ਨੂੰ, ਉਹਨੂੰ ਭਵਜਲੋਂ ਪਾਰ ਲੰਘਾਏ ਬਾਣੀ। ਉਹਦੇ ਦੁਖਾਂ ਕਲੇਸ਼ਾਂ ਦਾ ਨਾਸ਼ ਹੁੰਦੈ, ਜੀਹਦੇ ਹਿਰਦੇ ਦੇ ਵਿੱਚ ਸਮਾਏ ਬਾਣੀ। ‘ਜਾਚਕ’ ਸੱਚ ਦੀ ਹੈ ਅਵਾਜ਼ ਇਹ ਤਾਂ, ਸ਼ਬਦ ਸੁਰਤ ਦਾ ਮੇਲ ਕਰਵਾਏ ਬਾਣੀ। ਸਰਬ ਸਾਂਝੀ ਇਹ ਸਾਰੀ ਮਨੁੱਖਤਾ ਲਈ, ਸਮਝ ਲਏ ਜੇ ਸਾਰਾ ਸੰਸਾਰ ਬਾਣੀ। ਚੰਚਲ ਮਨ ਦੇ ਘੋੜੇ ਨੂੰ ਕਰੇ ਕਾਬੂ, ਰੱਬੀ ਪਿਆਰ ਵਾਲੇ ਚਾਬਕ ਮਾਰ ਬਾਣੀ। ਲੋਕੀਂ ਮਰ ਕੇ ਮੁਕਤੀਆਂ ਭਾਲਦੇ ਨੇ, ਪਰ ਜੀਉਂਦੇ ਜੀਅ ਹੀ ਦੇਂਦੀ ਏ ਮਾਰ ਬਾਣੀ। ਗੁਰੂ ਚਰਨਾਂ ’ਚ ‘ਜਾਚਕ’ ਅਰਦਾਸ ਕਰੀਏ, ਸਾਡੇ ਜੀਵਨ ਦਾ ਬਣੇ ਆਧਾਰ ਬਾਣੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਗੁਰੂਆਂ, ਭਗਤਾਂ ਤੇ ਗੁਰਸਿੱਖ ਪਿਆਰਿਆਂ ਦੇ, ਸ਼ੁੱਭ ਬਚਨਾਂ, ਵਿਚਾਰਾਂ ਦਾ ਤੱਤ ਬਾਣੀ। ਜੁਗੋ ਜੁੱਗ ਅਟੱਲ ਇਹ ਜੋਤ ਸੱਚੀ, ਸਦਾ ਰਹੀ ਤੇ ਰਹੇਗੀ ਸਤਿ ਬਾਣੀ। ਰਚੀ ਗਈ ਇਹ ਸਾਰੀ ਮਨੁੱਖਤਾ ਲਈ, ਭਲਾ ਮੰਗਦੀ ਸਦਾ ਸਰਬੱਤ ਬਾਣੀ। ਪੜ੍ਹੇ ਸੁਣੇ ਵਿਚਾਰੇ ਤੇ ਮੰਨੇ ਜਿਹੜਾ, ਕੱਢੇ ਓਸਦੇ ਦਿਲੋਂ ਕੁਸੱਤ ਬਾਣੀ। ਪੰਚਮ ਪਾਤਸ਼ਾਹ ਅਰਜਨ ਗੁਰੂ ਜੀ ਨੇ, ’ਕੱਠੀ ਕੀਤੀ ਸੀ ਨਾਲ ਸਤਿਕਾਰ ਬਾਣੀ। ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਂਈਂ, ਧੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ। ਸੜਦੇ ਭੁਜਦੇ ਤੇ ਤੜਪਦੇ ਹਿਰਦਿਆਂ ਨੂੰ, ਪਲਾਂ ਵਿੱਚ ਕਰਦੀ ਠੰਢਾ ਠਾਰ ਬਾਣੀ। ਤਨ ਮਨ ਦੇ ਰੋਗਾਂ ਨੂੰ ਦੂਰ ਕਰ ਕੇ, ਦਿੰਦੀ ਹਉਮੈ ਦੀ ਮੈਲ ਉਤਾਰ ਬਾਣੀ। ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਚੌਹਾਂ ਵਰਨਾਂ ਨੂੰ ਦਏ ਪਿਆਰ ਬਾਣੀ। ਹੱਕ ਪਰਾਇਆ ਤਾਂ ਗਊ ਤੇ ਸੂਰ ਹੁੰਦੈ, ਹੱਥੀਂ ਕਿਰਤ ਨੂੰ ਕਰੇ ਸਵੀਕਾਰ ਬਾਣੀ। ਨਾਮ ਬਾਣੀ ਦਾ ਚੜ੍ਹੇ ਖ਼ੁਮਾਰ ਜਿਸ ਨੂੰ, ਝੂਮ ਝੂਮ ਆਖੇ ਵਾਹ ਬਲਿਹਾਰ ਬਾਣੀ। ਓਹਨੂੰ ਵਿੱਚ ਦਰਗਾਹ ਦੇ ਮਾਣ ਮਿਲਦੈ, ਭਵ ਸਾਗਰੋਂ ਕਰਦੀ ਏ ਪਾਰ ਬਾਣੀ। ਰਿਦਾ ਗੁਰੂ ਦਾ ਜਾਣੋ ਗਰੰਥ ਅੰਦਰ, ਮੁੱਖੋਂ ਆਪ ਫੁਰਮਾਇਆ ਸੀ ਗੁਰੂ ਅਰਜਨ। ਹਰਿਮੰਦਰ ਦੇ ਪਾਵਨ ਅਸਥਾਨ ਉੱਤੇ, ਜਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ। ਪੋਥੀ ਸਾਹਿਬ ਸਜਾ ਕੇ ਤਖ਼ਤ ਉੱਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ। ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਪਹਿਲੇ ਮੁਖੀ ਬਣਾਇਆ ਸੀ ਗੁਰੂ ਅਰਜਨ। ਦਸਵੀਂ ਜੋਤ ਜਦ ਜੋਤ ਵਿੱਚ ਰਲਣ ਲੱਗੀ, ਕਿਹਾ, ਮੈਂ ਹੁਕਮ ਬਜਾ ਕੇ ਚੱਲਿਆ ਹਾਂ। ਜਿਸਮ ਪੰਥ ’ਤੇ ਆਤਮਾ ਗ੍ਰੰਥ ਅੰਦਰ, ਇਹਦੇ ਵਿੱਚ ਸਮਾ ਕੇ ਚੱਲਿਆ ਹਾਂ। ਦੇਹਧਾਰੀਆਂ ਗੁਰੂਆਂ ਦੀ ਰੀਤ ਹੁਣ ਤੋਂ, ਸਦਾ ਲਈ ਮੁਕਾ ਕੇ ਚੱਲਿਆ ਹਾਂ। ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ, ਮੈਂ ਹੁਣ ਫਤਹਿ ਗਜਾ ਕੇ ਚੱਲਿਆ ਹਾਂ। ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਜੇ, ਸਿੰਘ ਚਰਖੜੀਆਂ ਦੇ ਉੱਤੇ ਚੜ੍ਹੇ ਵੇਖੋ। ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ, ਲਾੜੀ ਮੌਤ ਪ੍ਰਨਾਉਣ ਲਈ ਖੜ੍ਹੇ ਵੇਖੋ। ਬੰਦ ਬੰਦ ਭਾਂਵੇਂ ਕੱਟੇ ਜਾ ਰਹੇ ਨੇ, ਮੁੱਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ। ਲਿਖੀਆਂ ਗੁਰੂ ਗਰੰਥ ਦੀਆਂ ਜਿਨ੍ਹਾਂ ਬੀੜਾਂ, ਸੀਸ ਤਲੀ ’ਤੇ ਰੱਖ ਕੇ ਲੜੇ ਵੇਖੋ। ਗਲ ਮਾਵਾਂ ਦੇ ਹਾਰ ਜੋ ਤੱਕ ਰਹੇ ਹੋ, ਮੋਤੀ ਲਾਲਾਂ ਦੇ ਸਿਰਾਂ ਦੇ ਜੜ੍ਹੇ ਵੇਖੋ। ਪੁੱਠੇ ਲਟਕਦੇ ਜੰਡਾਂ ਦੇ ਨਾਲ ਤੱਕੋ, ਜਾਂ ਫਿਰ ਭੱਠੀਆਂ ਦੇ ਵਿੱਚ ਸੜੇ ਵੇਖੋ। ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਵਾਲੇ, ਚੱਲਦੇ ਇੰਜਣਾਂ ਦੇ ਅੱਗੇ ਅੜੇ ਵੇਖੋ। ਵਾਰਨ ਆਪਣਾ ਆਪ ਜੋ ਏਸ ਉੱਤੋਂ, ਸਿੱਖੀ ਸਿਦਕ ਨਿਭਾਉਂਦੇ ਹੋਏ ਬੜੇ ਵੇਖੋ। ਨਾਨਕ ਨਾਮ ਲੇਵਾ ਆਪਾਂ ਹੋ ਕੱਠੇ, ਰਲ ਮਿਲ ਬੈਠ ਕੇ ਸੋਚ ਵਿਚਾਰ ਕਰੀਏ। ਬੱਝ ਕੇ ਏਕੇ ਪਿਆਰ ਦੀ ਡੋਰ ਅੰਦਰ, ਸਾਂਝੇ ਫੈਸਲੇ ਗੁਰੂ ਦਰਬਾਰ ਕਰੀਏ। ਸਾਡੇ ਬੋਲਾਂ ਵਿਚਾਰਾਂ ’ਚੋਂ ਮਹਿਕ ਆਵੇ, ਐਸਾ ਆਪਣਾ ਉੱਚਾ ਕਿਰਦਾਰ ਕਰੀਏ। ਇਹ ਗੁਰਬਾਣੀ ਜੋ ਸਾਂਝੀ ਏ ਸਾਰਿਆਂ ਲਈ, ‘ਜਾਚਕ’ ਜੱਗ ਦੇ ਵਿੱਚ ਪ੍ਰਚਾਰ ਕਰੀਏ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ