Gual Das
ਗੁਆਲ ਦਾਸ
ਪੰਜਾਬੀ ਕਾਫ਼ੀਆਂ ਗੁਆਲ ਦਾਸ
1. ਕਾਰਣਿ ਪਿਆਰੇ ਨੀ
ਕਾਰਣਿ ਪਿਆਰੇ ਨੀ,
ਮੈਂ ਲੋਕ ਉਲਾਮੇ ਸਹਿੰਦੀ ।੧।ਰਹਾਉ।
ਲਗਾ ਨੇਹੁੰ ਜੈਂਦੇ ਸੇਤੀ,
ਸਹਾਂ ਨ ਵਿਥ ਪਲਕਾਂ ਜੇਤੀ,
ਆਲਮ ਕਿਉਂ ਸਮਝਾਵੇ ਏਤੀ,
ਮੈਂ ਡਿਠੇ ਬਾਝ ਨ ਰਹਿੰਦੀ ।੧।
ਤੁਸੀਂ ਨੀ ਸਮਝਾਵੋ ਭੋਰੀ,
ਰਾਂਝਨ ਮੈਥੋਂ ਜਾਂਦਾ ਚੋਰੀ,
ਜੈਂਦੇ ਇਸ਼ਕ ਘਤੀ ਗਲਿ ਡੋਰੀ,
ਕਰ ਅਰਾਮ ਨਹੀਂ ਬਹਿੰਦੀ ।੨।
ਬਿਰਹੁ ਆਇ ਵੜਿਆ ਵਿਚਿ ਵੇਹੜੇ,
ਰੋਜ਼ ਹਜ਼ਾਰ ਦੇਵੈ ਤਨ ਘੇਰੇ,
ਦਾਰੂ ਦਰਦ ਨ ਬਾਝਹੁ ਤੇਰੇ,
ਆਉ ਸਜਣ ਮੈਂ ਮਾਂਦੀ ।੩।
ਗੁਆਲ ਸੁਹਾਗ ਜੇ ਘਰ ਆਵੈ,
ਨਾਲ ਖ਼ੁਸ਼ੀ ਦੇ ਰੈਣਿ ਬਿਹਾਵੈ,
ਗ਼ਮ ਉਠੀ ਸਭ ਮੈਥੋਂ ਜਾਵੈ,
ਤੂੰ ਸਾਹਿਬ ਮੈਂ ਬਾਂਦੀ ।੧।
(ਰਾਗ ਜੈਜਾਵੰਤੀ)
2. ਸਾਹਿਬਾ ਦਿਲ ਕਾਹਲ ਹੋਈ
ਸਾਹਿਬਾ ਦਿਲ ਕਾਹਲ ਹੋਈ,
ਮੈਂ ਨਿਮਾਣੀ ਸਡਿ ਜੀ,
ਬੇ ਪਰਵਾਹੀਆਂ ਤੂੰ ਛਡਿ ਜੀ ।੧।ਰਹਾਉ।
ਸੰਮਣੁ ਬਹਣੁ ਅਰਾਮ ਨ ਆਵੈ,
ਖਾਣਾ ਪੀਣਾ ਮੂਲ ਨ ਭਾਵੈ,
ਜ਼ਾਲਮ ਬਿਰਹੁ ਬਹੁਤ ਸੰਤਾਵੈ,
ਸੁਖਿ ਗਏ ਸਭ ਛਡਿ ਜੀ ।੧।
ਸਾਡੇ ਹਾਲ ਨ ਮਹਿਰਮ ਕੋਈ,
ਸੂਲਾਂ ਮਾਰ ਬਹੁ ਤੁਰਤੁ ਰੋਈ,
ਸਿੱਕ ਸਾਂਗ ਕਰਿ ਘਾਉ ਕੀਤੋ ਈ,
ਮਰਨ ਪਿਆਸੇ ਹੱਡਿ ਜੀ ।੨।
ਪਾਂਧੀ ਪੁਛਾਂ ਵਾਟ ਨਿਹਾਰੀ,
ਠੰਡੇ ਸਾਸੁ ਨ ਦੇਵੇ ਵਾਰੀ,
ਇਸ਼ਕ ਦਰੀਆਉ ਬਦੀ ਮਨ ਧਾਰੀ,
ਲਹਰੀਂ ਦੇ ਵਿਚ ਗਡਿ ਜੀ ।੩।
ਦਾਸ ਗੁਆਲ ਮੈਂ ਸਦਕੇ ਜਾਵਾਂ,
ਪਰਗਟਿ ਊਧੋ ਨੂੰ ਆਖ ਸੁਨਾਵਾਂ,
ਆ ਮਿਲਿ ਪਿਆਰੇ ਮੈਂ ਜੀਂਵਦੀ ਭਾਵਾਂ,
ਕਰਿ ਕਿਰਪਾ ਬਦੀ ਛੱਡਿ ਜੀ ।੪।
(ਰਾਗ ਢੋਲਾ)
ਪੰਜਾਬੀ ਸ਼ਲੋਕ ਗੁਆਲ ਦਾਸ
1. ਮੈਂ ਕੂੰ ਛੋੜਤ ਮੈਂ ਕੂੰ ਪਾਵਹਿੰ
ਮੈਂ ਕੂੰ ਛੋੜਤ ਮੈਂ ਕੂੰ ਪਾਵਹਿੰ ਮੈਂ ਵਿਚ ਮੈਂ ਮੁੱਢ ਨਾਹੀਂ।
ਮੈਂ ਵਿਚ ਮੈਂ ਕੂ ਮੂਲ ਨ ਰਹਿਸੀ ਮੈਂ ਆਹੀਂ ਸਭ ਠਾਈਂ।
ਜੇ ਤਉ ਸੱਟੀ ਅਪਨੀ ਮਮਤਾ ਸਭ ਮੈਂ ਹੀ ਮੈਂ ਆਹੀਂ।
ਜਿਥੇ ਮੈਂ ਤਿਥੇ ਮੈਂ ਨੀਸੀ ਸੁਣ ਗੁਵਾਲਾ ਸੱਚ ਅਖਾਹੀਂ।
2. ਸਦਾ ਹਜੂਰ ਨ ਦੂਰ ਕਦਾਈਂ
ਸਦਾ ਹਜੂਰ ਨ ਦੂਰ ਕਦਾਈਂ ਮੈਂ ਭੁੱਲੀ ਫਿਰਾਂ ਢੂੰਡੇਂਦੀ।
ਸਾਹ ਵਿਸਾਹਾ ਕੰਨੂ ਤੂੰ ਨੇੜੇ ਮੈਂ ਊਚੇ ਸੱਡ ਕਰੇਂਦੀ।
ਤੂੰ ਮਿਲ ਰਹਿਆ ਮਿਲਣ ਵਿਚ ਮਿਲਿਆ ਮੈਂ ਅੱਜਣ ਮਿਲਣ ਲੁੜੇਂਦੀ।
ਢਿਲ ਗੁਵਾਲ ਨ ਤੇਰੀ ਪਾਰੋਂ ਮੈਂ ਵਿਚ ਢਿੱਲ ਮਰੇਂਦੀ।
3. ਤੈਂਡੇ ਨਾਲ ਅਦਾਲਤ ਕਹੀ
ਤੈਂਡੇ ਨਾਲ ਅਦਾਲਤ ਕਹੀ ਜੈਂਦੀ ਪ੍ਰਭ ਜੀ ਮੰਨੈ।
ਕਿਆ ਕੁਝ ਭੇਟ ਸੁਦਾਮੇ ਆਂਦੀ ਬੀਜ ਕਿਆ ਬੋਇਆ ਧੰਨੈ।
ਅਜਾਮਲ ਕੌਣ ਤਪਸਿਆ ਕੀਨੀ ਕਿਆ ਗੁਣ ਗਨਕਾ ਗੰਨੈ।
ਰੀਝ ਗੁਆਲ ਖਸਮ ਦੀ ਨਿਆਰੀ ਮਤਾਂ ਕੋਈ ਦਾਵਾ ਬੰਨੈ।
4. ਸੋਹਣੇ ਸਾਈਂ ਤੁਸੀਂ ਕਿਤਨੇ ਤਾਈਂ
ਸੋਹਣੇ ਸਾਈਂ ਤੁਸੀਂ ਕਿਤਨੇ ਤਾਈਂ ਤੁਸੀਂ ਬੇਪਰਵਾਹ ਜੁਲੇਸੋ।
ਕੰਡ ਤੁਸਾਡੀ ਦੁਏ ਨੈਣ ਅਸਾਡੇ ਜਦ ਤਾਈਂ ਦਿਸਦੇ ਵੈਸੋ।
ਅੱਖੀਆਂ ਕੋਲੋਂ ਪਰੇ ਪਰੇਰੇ ਦਿਲ ਕੋਲੋਂ ਕਿਦੇ ਵੈਸੋ।
ਆਖ ਗਵਾਲ ਅਸਾਂ ਮਨ ਨ ਵਿਸਾਰਿਆ ਤੁਸੀਂ ਕਿਵੇਂ ਨ ਯਾਦ ਕਰੇਸੋ।