Karamjit Singh Gathwala
ਕਰਮਜੀਤ ਸਿੰਘ ਗਠਵਾਲਾ

Punjabi Kavita
  

Girgit Anton Chekhov

ਗਿਰਗਿਟ ਐਂਤਨ ਚੈਖ਼ਵ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ

(ਇਹ ਰਚਨਾ ਐਂਤਨ ਚੈਖ਼ਵ ਦੀ ਕਹਾਣੀ
'ਗਿਰਗਿਟ' ਦੇ ਕਰਨਜੀਤ ਸਿੰਘ ਦੇ
ਕੀਤੇ ਅਨੁਵਾਦ ਦਾ ਕਾਵਿ ਰੂਪ ਹੈ)

ਥਾਨੇਦਾਰ ਓਚੂਮੀਲੋਵ ਦੇ ਨਵਾਂ-ਨਕੋਰ, ਵੱਡਾ ਕੋਟ ਸੀ ਪਾਇਆ ।
ਹੱਥ ਵਿਚ ਉਸ ਇਕ ਬੰਡਲ ਫੜਿਆ, ਵਿਚ ਮੰਡੀ ਦੇ ਆਇਆ ।
ਉਸਦੇ ਪਿਛੇ ਲਾਲ ਸਿਰਾ ਸਿਪਾਹੀ, ਸੀ ਇਕ ਟੁਰਦਾ ਆਉਂਦਾ ।
ਰਸ ਭਰੀਆਂ ਦੀ ਟੋਕਰੀ ਚੁੱਕੀਂ, ਤੇਜ਼ੀ ਨਾਲ ਕਦਮ ਉਠਾਉਂਦਾ ।
ਸੁੰਨਸਾਨ ਮੰਡੀ ਵਿਚ ਸਾਰੇ ਨਾ ਦਿਸੇ, ਕਿਧਰੇ ਕੋਈ ਪਰਛਾਵਾਂ ।
ਸ਼ਰਾਬਖ਼ਾਨੇ, ਦੁਕਾਨਾਂ ਗਾਹਕਾਂ ਲਈ ਸੀ, ਅੱਡ ਖਲੋਤੇ ਬਾਹਵਾਂ ।
ਰੱਬ ਦੀ ਰਚੀ ਇਸ ਦੁਨੀਆਂ ਨੂੰ ਉਹ, ਵੇਖਣ ਨਾਲ ਉਦਾਸੀ ।
ਮੰਗਤਾ ਤੱਕ ਵੀ ਨਹੀਂ ਸੀ ਓਥੇ, ਓਸ ਜਗਾਹ ਦਾ ਵਾਸੀ ।

ਥਾਨੇਦਾਰ ਦੇ ਕੰਨਾਂ ਵਿਚ ਫਿਰ, ਇਕ ਆਵਾਜ਼ ਸੀ ਆਈ ।
"ਤੂੰ ਕੁਤੀੜ ਕੱਟੇਂਗਾ ਮੈਨੂੰ, ਇਹਨੂੰ ਜਾਣ ਨਾ ਦੇਣਾ ਭਾਈ ।
ਕੱਟਣ ਦੀ ਹੁਣ ਏਸ ਜਾ ਤੇ, ਨਹੀਂ ਕਿਸੇ ਆਗਿਆ ਕੋਈ ।
ਫੜੀਂ ਰੱਖੋ ਇਹਨੂੰ ਤੁਸੀਂ ਮੁੰਡਿਓ, ਜਿੱਦਾਂ ਮੁਜਰਮ ਕੋਈ ।"
ਕੁੱਤੇ ਦੀ ਚਊਂ-ਚਊਂ ਸੁਣਕੇ, ਥਾਨੇਦਾਰ ਨੇ ਉਧਰ ਤੱਕਿਆ ।
ਤਿੰਨ ਲੱਤਾਂ ਤੇ ਕੁੱਤਾ ਆਵੇ, ਇਕ ਵਿਹੜੇ 'ਚੋਂ ਨੱਠਿਆ ।
ਉਸਦੇ ਪਿੱਛੇ ਬੰਦਾ ਭੱਜਿਆ ਬਾਹਰ ਨੂੰ ਇਕ ਆਇਆ ।
ਠੇਡਾ ਖਾ ਕੇ ਡਿੱਗਿਆ ਪਰ ਕੁੱਤਾ ਲੱਤੋਂ ਕਾਬੂ ਆਇਆ ।
"ਇਸ ਨੂੰ ਜਾਣ ਨਾ ਦੇਈਂ," ਆਵਾਜ਼ ਕਿਸੇ ਫਿਰ ਮਾਰੀ ।
ਉਨੀਂਦੇ ਲੋਕੀਂ ਬਾਹਰ ਝਾਕਣ, ਭੀੜ ਜੁੜ ਗਈ ਭਾਰੀ ।
ਸਿਪਾਹੀ ਆਖੇ, "ਇਉਂ ਲੱਗਦੈ ਝਗੜਾ ਕੋਈ ਹੋਇਆ ।"
ਥਾਨੇਦਾਰ ਭੀੜ ਵੱਲ ਮੁੜਿਆ, ਤੇ ਕੋਲੇ ਆ ਖਲੋਇਆ ।
ਖੁੱਲ੍ਹੇ ਬਟਨ ਵਾਸਕਟ ਪਾਈ ਇਕ ਬੰਦਾ ਉਸਨੇ ਤੱਕਿਆ ।
ਉਂਗਲੀ ਵਿਚੋਂ ਖ਼ੂਨ ਸੀ ਵਹਿੰਦਾ ਹੱਥ ਉਸ ਉਪਰ ਚੱਕਿਆ ।
ਉਂਗਲ ਉਸ ਦੀ ਜਿੱਤ ਦਾ ਝੰਡਾ ਲੋਕਾਂ ਤਾਈਂ ਸੀ ਲਗਦੀ ।
ਗਾਲ੍ਹਾਂ ਦਿੰਦੇ ਉਸਦੇ ਮੂੰਹੋਂ ਸ਼ਰਾਬ ਦੀ ਬੋ ਪਈ ਸੀ ਵਗਦੀ ।
ਥਾਨੇਦਾਰ ਨੇ ਝੱਟ ਪਛਾਣਿਆ ਉਹ ਖਰੀਊਕਿਨ ਸੁਨਿਆਰਾ ।
ਭੀੜ ਵਿਚਾਲੇ ਲੱਤਾਂ ਪਸਾਰੀ ਪਿਆ ਸੀ ਮੁਜਰਮ ਬੇਚਾਰਾ ।
ਸਰੀਰ ਉਸਦਾ ਠੰਢ ਤੇ ਡਰ ਨਾਲ ਕੰਬ ਰਿਹਾ ਸੀ ਪੂਰਾ ।
ਤਿੱਖੇ ਨੱਕ ਤੇ ਚਿੱਟੇ ਰੰਗ ਵਾਲਾ ਉਹ 'ਬੋਰਜ਼ੋਈ' ਕਤੂਰਾ ।

ਮੋਢੇ ਮਾਰਕੇ ਰਾਹ ਬਣਾਉਂਦਾ ਥਾਨੇਦਾਰ ਅੱਗੇ ਆਇਆ ।
"ਇਹ ਸਾਰਾ ਕੁਝ ਕੀ ਹੋ ਰਿਹੈ, ਕੌਣ ਸੀ ਜੋ ਚਿੱਲਾਇਆ ?
ਤੂੰ ਏਥੇ ਦੱਸ ਕੀ ਕਰ ਰਿਹੈਂ, ਕੀ ਤੁਸੀਂ ਝਗੜਾ ਪਾਇਆ ?
ਤੂੰ ਉਂਗਲ ਉੱਤੇ ਕਿਉਂ ਚੁੱਕੀ ?" ਉਹਨੇ ਆ ਪੁਛਾਇਆ ।
ਸੁਨਿਆਰਾ ਮੁੱਠੀ ਵਿਚ ਖੰਘਿਆ, ਫਿਰ ਗੱਲ ਉਸ ਕੀਤੀ ।
"ਮੈਂ ਸਾਂ ਲੇਲੇ ਵਾਂਗੂੰ ਆਉਂਦਾ ਬਿਲਕੁਲ ਚੁਪ-ਚੁਪੀਤੀ ।
ਮਿਤਰੀ ਮਿਤਰਿਚ ਨਾਲ ਲੱਕੜ ਦਾ ਕੰਮ ਸੀ ਮੇਰਾ ਕੋਈ ।
ਪਤਾ ਨਹੀਂ ਕਿਉਂ ਇਸ ਕੁਤੀੜ ਨੇ ਮੇਰੇ ਚੱਕ ਵਢਿਓਈ ।
ਮੈਂ ਕੰਮ ਕਰਨ ਵਾਲਾ ਹਾਂ ਬੰਦਾ ਉਂਗਲ ਬਿਨਾ ਨਹੀਂ ਸਰਨਾ ।
ਮੇਰਾ ਕੰਮ ਬੜਾ ਤਕਨੀਕੀ ਹੁਣ ਮੈਂ ਇਹ ਕਿਦਾਂ ਕਰਨਾ ।
ਮੈਨੂੰ ਤੁਸੀਂ ਇਵਜਾਨਾ ਦਿਵਾਓ ਕਾਨੂੰਨ ਦਾ ਵੀ ਇਹ ਕਹਿਣਾ ।
ਕੁੱਤੇ ਏਦਾਂ ਵੱਢਣ ਲੱਗ ਪਏ ਔਖਾ ਹੋਜੂ ਜੱਗ ਵਿਚ ਰਹਿਣਾ ।"
ਖੰਘੂਰਾ ਮਾਰਕੇ ਰੁਅਬ ਨਾਲ ਫਿਰ ਥਾਨੇਦਾਰ ਇਹ ਪੁਛਦਾ ।
"ਹੂੰ.. ਅੱਛਾ, ਕੀਹਦਾ ਇਹ ਕੁੱਤਾ ? ਪਤਾ ਦਿਓ ਮੈਨੂੰ ਉਸਦਾ ।
ਮੈਂ ਗੱਲ ਏਥੇ ਨਹੀਂ ਛੱਡਣੀ, ਲੋਕਾਂ ਨੂੰ ਇਹ ਦਿਖਾਉਣਾ ।
ਸਮਾਂ ਆ ਗਿਐ ਅਜਿਹੇ ਲੋਕਾਂ ਨੂੰ ਪੈਣਾ ਸਬਕ ਸਿਖਾਉਣਾ ।
ਜੋ ਨਿਯਮਾਂ ਨੂੰ ਤੋੜਣ ਉਨ੍ਹਾਂ ਨੂੰ ਜੁਰਮਾਨਾ ਕਰਨਾ ਭਾਰਾ ।
ਉਸ ਬਦਮਾਸ਼ ਨੂੰ ਮੈਂ ਸਿਖਾਉਣਾ ਕੁੱਤਾ ਜੀਹਦਾ ਅਵਾਰਾ ।
ਯੇਲਦੀਰਿਨ, ਤੂੰ ਪਤਾ ਲਗਾ ਕੁੱਤਾ ਹੈ ਇਹ ਕਿਸਦਾ ?
ਲਿਖ ਬਿਆਨ, ਫਿਰ ਕੁੱਤੇ ਵਾਲਾ ਵੱਢਣਾ ਪੈਣਾ ਫਸਤਾ ।
ਹੋ ਸਕਦੈ ਕੁੱਤਾ ਹਲਕਾਇਆ ਹੋਵੇ ਮਰਨਾ ਇਸਦਾ ਚੰਗਾ ।
ਇਹ ਕੁੱਤਾ ਕੀਹਦਾ ਮੈਂ ਪੁਛਦਾ, ਕੋਈ ਦੱਸੋ ਉਹ ਬੰਦਾ ?"

"ਜਰਨੈਲ ਜ਼ੀਗਾਲੋਵ ਦਾ ਕੁੱਤਾ," ਆਵਾਜ਼ ਕਿਸੇ ਦੀ ਆਈ ।
"ਯੇਲਦੀਰਿਨ, ਮੇਰਾ ਕੋਟ ਲੁਹਾਈਂ, ਕਿੰਨੀ ਗਰਮੀ ਭਾਈ ।
ਮੈਨੂੰ ਹੁਣ ਇੰਜ ਹੈ ਲੱਗਦਾ ਬਰਸਾਤ ਆਈ ਕਿ ਆਈ ।"
ਫਿਰ ਸੁਨਿਆਰੇ ਵੱਲ ਮੁੜਿਆ, ਕਹੇ, "ਸਮਝ ਨਹੀਂ ਆਈ ।
ਇਸ ਕੁੱਤੇ ਨੇ ਤੈਨੂੰ ਕਿਦਾਂ ਵੱਢਿਆ ਤੇਰੀ ਐਨੀ ਉਚਾਈ ।
ਇਹ ਬੇਚਾਰਾ ਨਿੱਕਾ ਜਿਹਾ ਕੁੱਤਾ ਤੂੰ ਉਠ ਜੇਡ ਪਿਆ ਈ ।
ਤੂੰ ਕਿੱਲ ਨਾਲ ਛਿਲਵਾਈ ਉਂਗਲੀ ਫਿਰ ਸਕੀਮ ਬਣਾਈ ।
ਸੱਟ ਜੋ ਇਹ ਲੱਗ ਹੀ ਗਈ ਏ ਕਰੀਏ ਇਹਤੋਂ ਕਮਾਈ ।
ਮੈਂ ਜਾਣਦਾਂ ਤੇਰੇ ਵਰਗਿਆਂ ਨੂੰ, ਸਾਰੀ ਬਦਮਾਸ਼ਾਂ ਦੀ ਢਾਣੀ ।"
ਸਿਪਾਹੀ ਬੋਲਿਆ, "ਸ਼ਰਾਰਤਾਂ ਕਰਨ ਦੀ ਆਦਤ ਇਹਦੀ ਪੁਰਾਣੀ ।
ਬਲਦੀ ਸਿਗਰਟ ਮਜ਼ਾਕ ਨਾਲ ਇਸ ਨੇ ਨੱਕ ਕੁੱਤੇ ਦੇ ਉਤੇ ਲਾਈ ।
ਉਸਨੇ ਤਾਹੀਉਂ ਚੱਕ ਵੱਢ ਖਾਧਾ ਇਸਨੂੰ, ਹੁਣ ਪਾਵੇ ਹਾਲ ਦੁਹਾਈ ।"
ਸਿਪਾਹੀ ਦੀ ਇਸ ਹਰਕਤ ਉੱੇਤੇ ਸੁਨਿਆਰੇ ਨੇ ਖਾਧਾ ਗੁੱਸਾ ।
"ਝੂਠ ਨਾ ਮਾਰੀ ਜਾ ਓਏ ਕਾਣਿਆਂ, ਤੂੰ ਮੈਨੂੰ ਕਦ ਡਿੱਠਾ ।
ਜਨਾਬ ਹੈਣ ਸਿਆਣੇ-ਬਿਆਣੇ, ਝੂਠ ਨਾ ਚਲਦਾ ਇਨ੍ਹਾਂ ਕੋਲੇ ।
ਕੌਣ ਝੂਠਾ ਇਹ ਸਭ ਕੁਝ ਸਮਝਣ, ਕੌਣ ਰੱਬੀ ਸੱਚ ਬੋਲੇ ।
ਮੇਰੇ ਉੱਤੇ ਮੁਕਦਮਾ ਚੱਲਾਓ, ਜੇ ਮੈਂ ਕੋਈ ਝੂਠ ਅਲਾਵਾਂ ।
ਮੇਰਾ ਭਾਈ ਵੀ ਵਿਚ ਪੁਲਸ ਦੇ, ਤੈਨੂੰ ਇਹ ਸਮਝਾਵਾਂ ।"

ਸਿਪਾਹੀ ਗੰਭੀਰ ਹੋਇਕੇ ਆਖੇ, "ਇਹ ਨਹੀਂ ਉਨ੍ਹਾਂ ਦਾ ਕੁੱਤਾ ।
ਜਰਨੈਲ ਸਾਹਿਬ ਦੇ ਕੁੱਤੇ ਸਭ ਸ਼ਿਕਾਰੀ ਮੈਨੂੰ ਪਤਾ ਏ ਪੱਕਾ ।"
"ਮੈਨੂੰ ਆਪ ਇਹ ਲਗਦਾ ਉਹਨਾਂ ਦੇ ਕੁੱਤੇ ਸਭ ਨਸਲੀ ਨੇ ।
ਸਾਰੇ ਮਹਿੰਗੇ ਮੁੱਲ ਦੇ ਨੇ ਤੇ ਸਾਰੇ ਦੇ ਸਾਰੇ ਅਸਲੀ ਨੇ ।
ਇਸ ਕੁਤੀੜ ਵੱਲ ਤਾਂ ਵੇਖੋ ਖੁਰਕ-ਮਾਰਿਆ ਤੇ ਬਦਸੂਰਤ ।
ਜਰਨੈਲ ਸਾਹਿਬ ਨੂੰ ਇਹ ਰੱਖਣ ਦੀ ਕਿਹੜੀ ਪਈ ਜ਼ਰੂਰਤ ।
ਜੇ ਕੋਈ ਐਸਾ ਕੁੱਤਾ ਮਾਸਕੋ ਜਾਂ ਪੀਟਰਸਬਰਗ ਵਿੱਚ ਦਿੱਸੇ ।
ਪਤੈ ਉਸ ਨਾਲ ਕੀ ਹੋਵੇਗਾ ਹਰ ਕੋਈ ਪਵੇਗਾ ਉਹਦੇ ਪਿੱਛੇ ।
ਕਾਨੂੰਨ ਤੋਂ ਬੇਪਰਵਾਹ ਹੋ ਕੇ ਸਾਰੇ ਉਹਨੂੰ ਮਾਰ ਛੱਡਣਗੇ ।
ਪਿੱਛੋਂ ਜੋ ਹੁੰਦੈ ਹੋ ਜਾਵੇ ਪਹਿਲਾਂ ਫਸਤਾ ਉਸਦਾ ਵੱਢਣਗੇ ।
ਖਰੀਊਕਿਨ ਤੈਨੂੰ ਇਸ ਵੱਢਿਐ ਇਹ ਗੱਲ ਭੁੱਲ ਨਾ ਜਾਣਾ ।
ਸਮਾਂ ਆ ਗਿਐ ਇਹਦੇ ਮਾਲਿਕ ਨੂੰ ਪੈਣਾ ਸਬਕ ਸਿਖਾਣਾ ।"

ਫਿਰ ਖ਼ਿਆਲ ਆਪਣਾ ਉੱਚ ਆਵਾਜ਼ੇ ਦੱਸਿਆ ਓਸ ਸਿਪਾਹੀ,
"ਸ਼ਾਇਦ ਇਹ ਕੁੱਤਾ ਸੱਚੀਂ ਮੁੱਚੀਂ ਕਿਤੇ ਹੋਵੇ ਨਾ ਉਨ੍ਹਾਂ ਦਾ ਹੀ ।
ਵੇਖਣ ਨਾਲ ਹੀ ਕੋਈ ਕੁੱਤੇ ਦਾ ਕਦੇ ਮਾਲਕ ਦੱਸ ਸਕਿਆ ਏ ।
ਕੁਝ ਦਿਨ ਹੋਏ ਉਹਨਾਂ ਦੇ ਵਿਹੜੇ ਮੈਂ ਐਸਾ ਕੁੱਤਾ ਤੱਕਿਆ ਏ ।"
ਭੀੜ ਵਿਚੋਂ ਵੀ ਆਵਾਜ਼ ਇਹ ਆਈ, " ਇਹ ਉਨ੍ਹਾਂ ਦਾ ਕੁੱਤਾ ।"
ਇਹ ਗੱਲ ਸੁਣਕੇ ਥਾਣੇਦਾਰ ਵੀ ਮੁੜਕੇ, ਹੋ ਗਿਆ ਦੋ-ਚਿੱਤਾ ।
"ਯੇਲਦੀਰਿਨ, ਮੇਰੇ ਕੋਟ ਪੁਆਈਂ, ਬੁੱਲਾ ਹਵਾ ਦਾ ਆਇਆ ।
ਇਹ ਬੁੱਲਾ ਵੇਖ ਕਿੰਨੀ ਠੰਢਕ ਹੈ ਆਪਣੇ ਨਾਲ ਲਿਆਇਆ ।
ਇਹ ਕੁੱਤਾ ਆਪਣੇ ਨਾਲ ਲੈ ਕੇ ਤੂੰ ਜਰਨੈਲ ਸਾਹਿਬ ਦੇ ਜਾਵੀਂ ।
ਇਸ ਨੂੰ ਮੈਂ ਹੀ ਲੱਭ ਕੇ ਭਿਜਵਾਇਐ ਉਹਨਾਂ ਨੂੰ ਦੱਸ ਆਵੀਂ ।
ਇਸ ਕੁੱਤੇ ਨੂੰ ਐਵੇਂ ਗਲੀ ਵਿੱਚ ਛੱਡਣਾ ਹੈ ਨਹੀਂ ਮੂਲੋਂ ਚੰਗਾ ।
ਮਤਾਂ ਇਹ ਕੀਮਤੀ ਕੁੱਤਾ ਵਿਗੜਕੇ ਬਣ ਹੀ ਨਾ ਜਾਵੇ ਗੰਦਾ ।
ਹਰ ਮੂਰਖ ਆਪਣੀ ਬਲਦੀ ਸਿਗਰਟ ਇਸ ਦੇ ਨੱਕ 'ਚ ਵਾੜੇ ।
ਕੁੱਤਾ ਬੜੀ ਨਾਜ਼ੁਕ ਚੀਜ਼ ਹੈ ਹੁੰਦੀ ਮਤ ਸਿਗਰਟ ਇਸਨੂੰ ਸਾੜੇ ।
..ਆਪਣਾ ਹੱਥ ਹੇਠਾਂ ਕਿਉਂ ਨਹੀਂ ਕਰਦਾ ਉੱਲੂ ਦੇ ਪੱਠੇ ਸੁਣ ਤੂੰ ।
ਆਪਣੀ ਗੰਦੀ ਉਂਗਲ ਲੋਕਾਂ ਨੂੰ ਦਿਖਾਉਣਾ ਬੰਦ ਕਰਦੇ ਹੁਣ ਤੂੰ ।"

"ਔਹ ਵੇਖੋ, ਰਸੋਈਆ ਸਾਹਿਬ ਦਾ ਪਰੋਖੋਰ ਹੈ ਆਇਆ ।
ਬਜ਼ੁਰਗਾ ਪਛਾਣ ਇਹ ਕੁੱਤਾ ਤੁਸਾਂ ਤੇ ਨਹੀਂ ਗੁਆਇਆ ।"
"ਕੋਈ ਹੋਰ ਗੱਲ ਕਰੋ, ਤੁਸਾਂ ਇਹ ਕਿਹੋ ਜਿਹੀ ਗੱਲ ਪੁੱਛੀ ।
ਇਹੋ ਜਿਹੀ ਕੁਤੀੜ ਸਾਰੀ ਜ਼ਿੰਦਗੀ ਅਸਾਂ ਕਦੇ ਨਹੀਂ ਰੱਖੀ ।"
ਥਾਣੇਦਾਰ ਵਿਚੋਂ ਹੀ ਬੋਲਿਆ, "ਹੋਰ ਪੁੱਛਣ ਦੀ ਲੋੜ ਨਾ ਕੋਈ ।
ਇਸ ਕੁੱਤੇ ਨੂੰ ਮਾਰੋ ਹੁਣ ਗੋਲੀ, ਗੱਲ ਸਮਝੋ ਖ਼ਤਮ ਇਹ ਹੋਈ ।"
ਪਰੋਖੋਰ ਅੱਗੋਂ ਫਿਰ ਦੱਸਿਆ, "ਗੱਲ ਅਜੇ ਖ਼ਤਮ ਨਹੀਂ ਹੋਈ ।
ਜਰਨੈਲ ਸਾਹਿਬ ਦੇ ਭਾਈ ਨੂੰ ਬਹੁਤ ਪਸੰਦ ਨੇ ਕੁੱਤੇ 'ਬੋਰਜ਼ੋਈ' ।"
ਇਹ ਸੁਣ ਥਾਨੇਦਾਰ ਦੇ ਚਿਹਰੇ ਉੱਤੇ ਮੁਸਕ੍ਰਾਹਟ ਭਰ ਆਈ।
"ਸੱਚੀਂ ਆਏ ਹੋਏ ਨੇ, ਕਦੋਂ ਦੇ ਜਰਨੈਲ ਸਾਹਿਬ ਦੇ ਭਾਈ ।
ਜ਼ਰਾ ਸੋਚੋ ਉਹ ਆਏ ਹੋਏ ਨੇ ਤੇ ਮੈਨੂੰ ਖ਼ਬਰ ਨਹੀਂ ਕਾਈ ।
ਕੀ ਉਹ ਠਹਿਰਨਗੇ ਜਾਂ ਨਹੀਂ ? ਤੂੰ ਮੈਨੂੰ ਦੱਸ ਮੇਰੇ ਭਾਈ ।"
ਪਰੋਖੋਰ ਨੇ 'ਹਾਂ' ਕਹੀ ਤੇ ਥਾਣੇਦਾਰ ਨੇ ਗੱਲ ਜਾਰੀ ਰੱਖੀ,
"ਇਹ ਕੁੱਤਾ ਉਹਨਾਂ ਦਾ ਮੈਨੂੰ ਕਿਸੇ ਨਹੀਂ ਗੱਲ ਦੱਸੀ !
ਇਸ ਨੂੰ ਚੁੱਕ ਲੈ, ਕਿੰਨਾ ਸੁੰਦਰ ਇਹ ਨਿੱਕੂ ਜਿਹਾ ਕਤੂਰਾ ।
ਜਿਸਦੀ ਉਂਗਲ ਨੂੰ ਇਸ ਚੱਕ ਮਾਰਿਐ, ਉਹ ਹੈ ਬੇਸ਼ਊਰਾ ।"
ਪਰੋਖੋਰ ਕੁੱਤੇ ਨੂੰ ਪੁਚਕਾਰਿਆ ਕੁੱਤਾ ਉਸਦੇ ਪਿੱਛੇ ਤੁਰਿਆ ।
ਭੀੜ ਖੜੋਤੀ ਸਭ ਹੱਸਣ ਲੱਗੀ ਸੁਨਿਆਰਾ ਬਹਿ ਝੁਰਿਆ ।
"ਮੈਂ ਅਜੇ ਤੈਨੂੰ ਫੇਰ ਵੇਖਾਂਗਾ," ਥਾਨੇਦਾਰ ਨੇ ਦਿੱਤਾ ਡਰਾਬਾ ।
ਵੱਡਾ ਕੋਟ ਆਪਣਾ ਲਪੇਟ ਕੇ ਮੰਡੀ ਵਿਚੋਂ ਉਹ ਟੁਰ ਗਿਆ ।