Ikk Pathan Di Saakhi : Giani Kartar Singh Kalaswalia

ਇੱਕ ਪਠਾਨ ਦੀ ਸਾਖੀ : ਗਿਆਨੀ ਕਰਤਾਰ ਸਿੰਘ ਕਲਾਸਵਾਲੀਆ

ਇੱਕ ਪਠਾਨ ਦੀ ਸਾਖੀ

ਕੱਤਕ ਮਾਹ ਸਤਿਗੁਰੂ ਦਮਦਮੇ ਬੈਠੇ ਦੂਰ ਇੱਕ ਪਠਾਨ ਜਾ ਰਿਹਾ ਸੀ ਜੀ ।
ਕੁਝ ਕੱਛ ਦੇ ਵਿੱਚ ਦਬਾਯਾ ਹੋਯਾ ਇਹਨੂੰ ਪਕੜ ਲਿਆਵੋ ਗੁਰਾਂ ਕਿਹਾ ਸੀ ਜੀ ।
ਸਿੱਖਾਂ ਪਕੜ ਆਂਦਾ, ਗੁਰਾਂ ਪੁਛਿਆ ਜਾਂ ਕੱਛੇ ਮਾਰ ਤੂੰ ਕੀਹ ਲੈ ਗਿਆ ਸੀ ਜੀ ।
ਬਹੁਤ ਵਾਰ ਜਾਂ ਕਿਹਾ ਕਰਤਾਰ ਸਿੰਘਾ ਅੰਤ ਫੁੱਟ ਕੇ ਉਹ ਰੋ ਪਿਆ ਸੀ ਜੀ ।

ਤਥਾ

ਮੈਂ ਪੀਰ ਜੀ ਬੱਚਾ ਪਠਾਨ ਦਾ ਹਾਂ ਸਾਡੇ ਵਿੱਚ ਹੈ ਜੌਹਰ ਸਮਾਯਾ ਹੋਇਆ ।
ਸਾਨੂੰ ਮੰਗਣੇ ਦੀ ਜਾਚ ਆਵੰਦੀ ਨਹੀਂ ਪਰ ਭੁੱਖ ਨੇ ਬਹੁਤ ਸਤਾਯਾ ਹੋਇਆ ।
ਲੱਭਾ ਕੁਝ ਨ ਖਾਣ ਨੂੰ ਬਹੁਤ ਫਿਰਿਆ ਅੰਦਰ ਭੁੱਖ ਨੇ ਭਾਂਬੜ ਮਚਾਯਾ ਹੋਇਆ ।
ਝੁਲਕੇ ਪੇਟ ਦੇ ਲਈ ਕਰਤਾਰ ਸਿੰਘਾ ਮੈਂ ਕੁੱਤੇ ਦਾ ਮਾਸ ਦਬਾਯਾ ਹੋਇਆ ।

ਤਥਾ

ਗੁਰਾਂ ਆਖਯਾ, ਸੁੱਟ ਦਿਹ, ਮਰਦ ਤਾਈਂ ਹੈ ਹਰਾਮ, ਭਾਈ ਮੁਰਦਾਰ ਖਾਣਾ ।
ਰਹੁ ਪਾਸ ਸਾਡੇ ਮਿਲਨ ਅੱਠ ਆਨੇ ਦੋਇੰ ਵੇਲੇ ਪ੍ਰਸਾਦ ਸੁਵਾਰ ਖਾਣਾ ।
ਇਹ ਸਾਰਾ ਬੇਕਾਰੀ ਦਾ ਦੁੱਖ ਖ਼ਾਨਾ ਹੈ ਚਾਹੀਦਾ ਕਰਕੇ ਕਾਰ ਖਾਣਾ ।
ਕੋਈ ਕਰ ਕਮਾਈ ਕਰਤਾਰ ਸਿੰਘਾ ਐਵੇਂ ਨਹੀਂ ਮਿਲਦਾ ਮਜ਼ੇਦਾਰ ਖਾਣਾ ।

ਵਾਕ ਕਵੀ

ਜਦੋਂ ਅੱਠ ਆਨੇ ਰੋਜ਼ ਮਿਲਨ ਲੱਗੇ ਸਾਰਾ ਭੁੱਖ ਦਾ ਦੁੱਖ ਪਛਾਨ ਭੁੱਲਾ ।
ਰੱਜ ਖਾਏ ਤੇ ਮੁੱਛਾਂ ਮਰੋੜ ਛੱਡੇ ਔਖਾ ਸਮਾਂ ਓਹਨੂੰ ਅੰਤ ਆਨ ਭੁੱਲਾ ।
ਪੰਜ ਦਮੜੇ ਓਸ ਦੇ ਰੋਜ਼ ਹੋ ਗਏ ਤੰਗੀ ਤੁਰਸ਼ੀ ਸਾਰੀ ਪਠਾਨ ਭੁੱਲਾ ।
ਖ਼ਾਂ ਸਾਹਿਬ ਬਣ ਗਿਆ ਕਰਤਾਰ ਸਿੰਘਾ ਖਾਇ ਖ਼ਰਚੇ, ਦੁੱਖ ਜਹਾਨ ਭੁੱਲਾ ।

ਪਠਾਨ ਨੇ ਇੱਕ ਦਿਨ ਹਜ਼ੂਰ ਆ ਕੇ ਸਵਾਲ ਕਰਨਾ

ਇੱਕ ਦਿਨ ਕਹਿੰਦਾ ਸਾਹਿਬ ਅਰਜ਼ ਮੇਰੀ ਘਾਟਾ ਆਪ ਨੂੰ ਵਿੱਚ ਜਹਾਨ ਕੋਈ ਨ ।
ਦੁਨੀਆਂ ਦੌਲਤਾਂ ਸ਼ਾਹੀ ਸਾਮਾਨ ਸਾਰੇ ਕੀਤਾ ਜਾਵੰਦਾ ਜ਼ਾਹਿਰ ਬਿਆਨ ਕੋਈ ਨ ।
ਖਾਣਾ ਖਾਵੰਦੇ ਚੰਗਾ ਬਹਿਸ਼ਤ ਨਾਲੋਂ ਤੁਹਾਡੇ ਜਿਹਾ ਸਖ਼ੀ ਸੁਲਤਾਨ ਕੋਈ ਨ ।
ਫੇਰ ਪੀਰੀ ਮੁਰੀਦੀ ਦਾ ਅੰਤ ਭੀ ਨਹੀਂ ਕਿਸੇ ਗੱਲ ਦਾ ਫ਼ਿਕਰ ਧਿਆਨ ਕੋਈ ਨ ।
ਕੀਹ ਵਜਾ, ਮੈਂ ਰੋਜ਼ ਹੀ ਤੱਕਦਾ ਹਾਂ ਤੁਹਾਡੇ ਦਿਲ ਦੇ ਵਿੱਚ ਗੁਮਾਨ ਕੋਈ ਨ ।
ਐਸ਼ਾਂ ਇਸ਼ਰਤਾਂ ਵਾਂਗ ਅਮੀਰਾਂ ਦੇ ਨਹੀਂ ਕਾਮ ਕ੍ਰੋਧ ਦੀ ਮੂਲੋਂ ਪਛਾਨ ਕੋਈ ਨ ।
ਆਉਣ ਲੱਖਾਂ ਤਾਂ ਖ਼ੁਸ਼ੀ ਨਹੀਂ ਤੁਸੀਂ ਹੁੰਦੇ ਲੱਖਾਂ ਜਾਣ ਤਾਂ ਗ਼ਮ ਨਿਸ਼ਾਨ ਕੋਈ ਨ ।
ਐਬ ਕੋਈ ਨਹੀਂ ਡਿੱਠਾ ਕਰਤਾਰ ਸਿੰਘਾ ਏਸ ਗੱਲ ਦਾ ਮੈਨੂੰ ਗਯਾਨ ਕੋਈ ਨ ।

ਤਥਾ

ਮੈਂ ਲੌਣ ਰੋਟੀ ਮਸਾਂ ਖਾਵੰਦਾ ਹਾਂ ਮੈਨੂੰ ਪੀਰ ਜੀ ਕਾਮ ਸਤਾਵੰਦਾ ਏ ।
ਮਨ ਬਦੀਆਂ ਦੇ ਵੱਲ ਦੌੜਦਾ ਰਹੇ ਪਰ ਨਾਰੀਆਂ ਸਦਾ ਤਕਾਵੰਦਾ ਏ ।
ਔਹਨੂੰ ਮਾਰ ਲਵਾਂ ਔਹਨੂੰ ਲੁੱਟ ਲਵਾਂ ਇਹੋ ਮਨ ਮੇਰੇ ਵਿੱਚ ਭਾਵੰਦਾ ਏ ।
ਜਦੋਂ ਆਪ ਵੱਲੇ ਨਜ਼ਰ ਮਾਰਦਾ ਹਾਂ ਮੇਰਾ ਮਨ ਹੈਰਾਨ ਹੋ ਜਾਵੰਦਾ ਏ ।
ਵਧ ਪਰੀਆਂ ਤੋਂ ਆਵਨ ਔਰਤਾਂ ਭੀ ਕਿਸੇ ਚੀਜ਼ ਦਾ ਅੰਤ ਨਾ ਆਵੰਦਾ ਏ ।
ਦੂਰ ਕਰੋ ਇਹ ਭਰਮ ਕਰਤਾਰ ਸਿੰਘਾ ਮੇਰਾ ਮਨ ਕਹਿੰਦਾ ਸ਼ਰਮਾਵੰਦਾ ਏ ।

ਸਤਿਗੁਰਾਂ ਨੇ ਪਠਾਨ ਦੀ ਤਸੱਲੀ ਕਰਨੀ

ਗੁਰਾਂ ਆਖਯਾ ਦੱਸਾਂਗੇ ਫੇਰ ਕਦੇ ਦੇਈਂ ਆਪ ਹੀ ਯਾਦ ਕਰਾਇ ਖ਼ਾਨਾ ।
ਪੰਜ ਦਸ ਦਿਨ ਏਵੇਂ ਹੀ ਗੁਜ਼ਰ ਗਏ ਗੁਰਾਂ ਆਖਯਾ ਸਹਿਜ ਸੁਭਾਇ ਖ਼ਾਨਾ ।
ਤੇਰੇ ਨਾਲ ਹੈ ਸਾਡਾ ਪਯਾਰ ਬਣਿਆਂ ਪਰ, ਕਰੇ ਤਕਦੀਰ ਜੁਦਾਇ ਖ਼ਾਨਾ ।
ਦਸ ਦਿਨ ਰਹਿ ਗਏ ਤੇਰੀ ਜ਼ਿੰਦਗੀ ਦੇ ਗਈ ਮੌਤ ਤੇਰੀ ਨੇੜੇ ਆਇ ਖ਼ਾਨਾ ।
ਖਾਣ ਪੀਣ ਨੂੰ ਜੋ ਕੁਝ ਦਿਲ ਕਰਦਾ ਸਾਨੂੰ ਦੱਸ ਉਹ ਦਈਏ ਦਵਾਇ ਖ਼ਾਨਾ ।
ਰਹਿ ਜਾਇ ਨ ਹੱਵਸ ਕਰਤਾਰ ਸਿੰਘਾ ਖਾ ਪੀ ਤੇ ਲੈ ਹੰਢਾਇ ਖ਼ਾਨਾ ।

ਤਥਾ

ਸੁਣਦੇ ਸਾਰ ਪਠਾਨ ਦੀ ਖ਼ਾਨਯੋਂ ਗਈ ਉੱਠ ਡੇਰੇ ਦੇ ਵੱਲ ਮੁਰਝਾਇ ਗਿਆ ।
ਕਹਿਣਾ ਪੀਰ ਦਾ ਕਦੇ ਨਹੀਂ ਝੂਠ ਹੋਣਾ ਵਕਤ ਮਰਨ ਦਾ ਨੇੜੇ ਹੀ ਆਇ ਗਿਆ ।
ਖਾਣਾ ਪੀਣਾ ਹਰਾਮ ਹੋ ਗਿਆ ਸਾਰਾ ਗ਼ਮ ਓਸਦੇ ਚਿਹਰੇ ਤੇ ਛਾਇ ਗਿਆ ।
ਮੌਤ ਸਾਮ੍ਹਣੇ ਖੜੀ ਕਰਤਾਰ ਸਿੰਘਾ ਸਭ ਕੁਝ ਹੀ ਭੁੱਲ ਭੁਲਾਇ ਗਿਆ ।

ਤਥਾ

ਦੂੰਹ ਤਿੰਨਾਂ ਦਿਨਾਂ ਵਿੱਚ ਨਾਲ ਗ਼ਮ ਦੇ ਉੱਡ ਰੰਗ ਪਠਾਨ ਦਾ ਫੂਕ ਹੋਇਆ ।
ਦਿਨੇ ਚੈਨ ਨ ਰਾਤ ਨੂੰ ਨੀਂਦ ਆਵੇ ਚਿਹਰਾ ਬਦਲ ਗਿਆ ਪੀਲਾ ਭੂਕ ਹੋਇਆ ।
ਨਾਲ ਗ਼ਮ ਸਰੀਰ ਆ ਘਟਨ ਲੱਗਾ ਤਪ ਗ਼ਮੀ ਦਾ ਗਿਰਦ ਆ ਸ਼ੂਕ ਹੋਇਆ ।
ਅੱਛਾ ਕੁਛ ਨ ਲੱਗੇ ਕਰਤਾਰ ਸਿੰਘਾ ਸ਼ੀਸ਼ਾ ਦਿਲ ਦਾ ਟੁੱਟ ਦੋ ਟੂਕ ਹੋਇਆ ।

ਤਥਾ

ਚੌਥੇ ਦਿਨ ਬੁਲਾਇਆ ਗੁਰੂ ਜੀ ਨੇ ਹੱਸ ਪੁੱਛਦੇ ਕੀਹ ਬੀਮਾਰੀ ਹੋਈ ।
ਤੇਰਾ ਰੰਗ ਡਾਢਾ ਪੀਲਾ ਭੂਕ ਹੋਇਆ ਕਿਉਂ ਗ਼ਮ ਲੱਗਾ ਕੀਹ ਲਾਚਾਰੀ ਹੋਈ ।
ਕਹਿੰਦਾ ਪੀਰ ਜੀ ਹੁਣ ਮੈਂ ਮਰ ਜਾਣਾ ਮੇਰੇ ਵਾਸਤੇ ਮੌਤ ਦੀ ਤਿਆਰੀ ਹੋਈ ।
ਖਾਣ ਪੀਣ ਨੂੰ ਕੁਝ ਨ ਦਿਲ ਚਾਹੇ ਓਸੇ ਦਿਨੋ ਡਾਢੀ ਬੇ ਕਰਾਰੀ ਹੋਈ ।
ਅੱਖਾਂ ਅੱਗੇ ਆ ਰਿਹਾ ਇਮਾਲ ਨਾਮਾ ਆਕਬਤ ਹੈ ਜਾਪਦੀ ਭਾਰੀ ਹੋਈ ।
ਜਾਣਾ ਸੱਭੋ ਹੀ ਛੱਡ ਕਰਤਾਰ ਸਿੰਘਾ ਨੇਕੀ ਕੋਈ ਭੀ ਨ ਉਮਰ ਸਾਰੀ ਹੋਈ ।

ਗੁਰੂ ਜੀ

ਤੇਰੇ ਸਵਾਲ ਦਾ ਇਹੋ ਜੁਵਾਬ ਖ਼ਾਨਾ ਜ਼ਰਾ ਦਿਲ ਦੇ ਵਿੱਚ ਵਿਚਾਰ ਭਾਈ ।
ਚੌਂਹ ਦਿਨਾਂ ਤੋਂ ਮੌਤ ਦਾ ਨਾਮ ਸੁਣਿਆਂ ਛੱਡ ਦਿੱਤੇ ਨੀਂ ਕਾਰ ਵਿਹਾਰ ਭਾਈ ।
ਖਾਣਾ ਪੀਣਾ ਸੌਣਾ ਬਹਿਣਾ ਭੁੱਲ ਗਿਆ ਰੰਗ ਹੋਇਆ ਵਾਂਗ ਵਸਾਰ ਭਾਈ ।
ਸਾਨੂੰ ਜਮਦਿਆਂ ਹੀ ਸਾਡੇ ਸਤਿਗੁਰੂ ਨੇ ਦਿੱਤੀ ਸਾਮ੍ਹਣੇ ਮੌਤ ਦਿਖਾਰ ਭਾਈ ।
ਮਾਯਾ ਮੋਹ ਦੇ ਵਿੱਚ ਕੀ ਚਿੱਤ ਲੱਗੇ ਘੋੜੇ ਕਾਲ ਦੇ ਸਦਾ ਅਸਵਾਰ ਭਾਈ ।
ਦ੍ਰਿਸ਼ਟਮਾਨ ਸਾਰਾ ਨਾਸਵੰਤ ਲਿਖਯਾ ਇਹਦੇ ਨਾਲ ਕੀ ਪਾਣਾ ਪਿਆਰ ਭਾਈ ।
ਹਿਰਦਾ ਸ਼ੁੱਧ ਪਠਾਨ ਦਾ ਹੋਇ ਗਿਆ ਗਏ ਦਿਲ ਦੇ ਨਿਕਲ ਵਿਕਾਰ ਭਾਈ ।
ਜਿਹਨੂੰ ਯਾਦ ਹੈ ਮੌਤ ਕਰਤਾਰ ਸਿੰਘਾ ਬੁੱਕਲ ਓਸ ਦੀ ਵਿੱਚ ਕਰਤਾਰ ਭਾਈ ।

('ਸ੍ਰੀ ਦੁਸ਼ਟ ਦਮਨ ਪ੍ਰਕਾਸ਼' ਵਿੱਚੋਂ)

ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਣੀ ਹੈ-ਕਬਿੱਤ

ਬਾਣੀ ਮਹਾਂਪੁਰਖ ਸਮਾਨੀ ਓਤ ਪੋਤ ਸਾਰੇ,
ਦੂਖਨ ਕੀ ਹਾਨੀ ਸੁਖਦਾਨੀ ਜੱਗ ਮਾਨੀ ਹੈ ।
ਮਾਨੀ ਹੈ ਤੋ ਆਦਿ ਅੰਤ ਸਾਧ ਸੰਤ ਜਾਨਤ ਹੈਂ,
ਮਾਨਤ ਹੈਂ ਠੀਕ ਔਰ ਅਮਰ ਰੂਪ ਜਾਨੀ ਹੈ ।
ਜਾਨੀ ਹੈ ਅਕਾਲ ਬਾਣੀ ਆਨੀ ਗੁਰੂ ਨਾਨਕ ਜੀ
ਮਾਨੀ ਕਰਤਾਰ ਸਿੰਘ ਮੋਖ ਭੋਗ ਦਾਨੀ ਹੈ ।
ਹੁਕਮ ਔਰ ਹੁਕਮੀ ਕੇ ਬੀਚ ਭੇਦ ਨਾਹਿੰ ਰਤੀ
ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਨੀ ਹੈ।੧।

ਰਿਖੀ ਔਰ ਮੁਨੀਉਂ ਕੇ ਕੀਏ ਉਪਦੇਸ਼ ਜੋਊ
ਸੋਊ ਤੋ ਅਟੱਲ ਚਲੇ ਆਤ ਜੱਗ ਜਾਨੀ ਹੈ ।
ਵੇਦ ਭਗਵਾਨ ਰੂਪ ਕਹਿਤ ਭੂਪ ਮੁਨੀਓਂ ਕੇ,
ਹੁਕਮੀ ਕੀ ਸੱਤਾ ਬੀਚ ਹੁਕਮ ਸਮਾਨੀ ਹੈ ।
ਗੁਰੂ ਕੀ ਗੁਰੱਤਵ ਸ਼ਬਦ ਮੇਂ ਸੁਭਾਵਕ ਹੈ,
ਖਾਂਡ ਮੇਂ ਮੀਠੱਤਵ ਜਿਉਂ ਸਹਜ ਸਮਾਨੀ ਹੈ ।
ਮਾਨੀ ਕਰਤਾਰ ਸਿੰਘ ਗੁਰੂ ਗ੍ਰੰਥ ਪੰਥ ਮਾਹਿੰ,
ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਨੀ ਹੈ।੨।

ਸੁਧਾ ਹੂੰ ਕੀ ਧਾਰਾ ਹੈ ਯਾ ਪਾਪਨ ਕੋ ਆਰਾ ਹੈ,
ਗਯਾਨ ਕੋ ਪਸਾਰਾ ਯਾ ਮਹਿੰ ਸਿੱਧਤਾ ਮਹਾਨੀ ਹੈ ।
ਮੁਕਤ ਕੀ ਦਾਤੀ, ਕਾਤੀ ਹਾਤੀ ਹੈ ਕੁਦੋਖਨ ਕੋ,
ਭਾਤੀ ਯਹਿ ਬ੍ਰਹਮ ਬਾਤੀ ਮੋਖ ਭੋਗ ਦਾਨੀ ਹੈ ।
ਸੁਨੈ ਜੋ ਸੁਨਾਇ ਗਾਇ ਸ਼ਰਧਾ ਵਧਾਇ ਪ੍ਰੇਮ,
ਬਾਣੀ ਗੁਰੂ ਗ੍ਰੰਥ ਜੀ ਕੀ ਸੁਖਨ ਬਿਧਾਨੀ ਹੈ ।
ਗਯਾਨੀ ਜਨੋ ਜਾਨੀ ਯਹਿ ਬਾਤ ਕਰਤਾਰ ਸਿੰਘ,
ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਨੀ ਹੈ।੩।

('ਸ੍ਰੀ ਦੁਸ਼ਟ ਦਮਨ ਪ੍ਰਕਾਸ਼' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ