ਗ਼ੁਲਾਮ ਮੁਸਤਫ਼ਾ 'ਬਿਸਮਿਲ'
Ghulam Mustafa Bismil
ਨਾਂ: ਗ਼ੁਲਾਮ ਮੁਸਤਫ਼ਾ (ਕਲਮੀ ਨਾਂ - ਗ਼ੁਲਾਮ ਮੁਸਤਫ਼ਾ 'ਬਿਸਮਿਲ')
ਪਿਤਾ ਦਾ ਨਾਂ: ਸ਼ੇਖ਼ ਗ਼ੁਲਾਮ ਰਸੂਲ
ਜਨਮ ਤਾਰੀਖ਼: 4 ਅਪਰੈਲ 1952 | ਜਨਮ ਸਥਾਨ: ਵੱਸਣਪੁਰਾ, ਲਾਹੌਰ (ਪਾਕਿਸਤਾਨ)
ਵਿੱਦਿਆ: ਐੱਮ.ਏ. | ਕਿੱਤਾ: ਵਪਾਰ
ਛਪੀਆਂ ਕਿਤਾਬਾਂ: ਤਲੀਆਂ ਉੱਤੇ ਅੱਖਾਂ (ਪੰਜਾਬੀ ਗ਼ਜ਼ਲਾਂ), ਵੇਲਾ ਪੀੜਾਂ ਦਾ (ਪੰਜਾਬੀ ਗ਼ਜ਼ਲਾਂ), ਪੰਜਾਬੀ ਗ਼ਜ਼ਲ (ਗ਼ਜ਼ਲਾਂ ਦੀ ਚੋਣ), ਉਡਾਰੀਆਂ (ਪੰਜਾਬੀ ਸ਼ਾਇਰੀ), ਆਲ੍ਹਣਾ (ਪੰਜਾਬੀ ਸ਼ਾਇਰੀ), ਗਲੇਡੂ (ਪੰਜਾਬੀ ਸੀਹਰਫ਼ੀ), ਫੁੱਲ ਤੇ ਚੰਗਿਆੜੇ (ਪੰਜਾਬੀ ਸ਼ਾਇਰੀ), ਹਸਦੀਆਂ ਸੂਲਾਂ (ਪੰਜਾਬੀ ਕਹਾਣੀਆਂ), ਮੇਲੇ ਮਿਤਰਾਂ ਦੇ, ਲਾਹੌਰ ਦੀ ਵਰਖਾ, ਹਲੋਰੇ, ਮਹਿਕਾਂ, ਇਸ ਤੋਂ ਇਲਾਵਾ ਵੀਹ ਦੇ ਕਰੀਬ ਹੋਰ ਕਿਤਾਬਾਂ ਛਪ ਚੁੱਕੀਆਂ ਹਨ।
ਪਤਾ: ਸ਼ਹਿਜ਼ਾਦ ਸ਼ਹੀਦ ਕਾਲੋਨੀ, ਗੁਜਰਾਂਵਾਲਾ, ਪੰਜਾਬ।
Punjabi Ghazlan (Talian Utte Akhan 1993) : Ghulam Mustafa Bismil
ਪੰਜਾਬੀ ਗ਼ਜ਼ਲਾਂ (ਤਲੀਆਂ ਉੱਤੇ ਅੱਖਾਂ 1993 ਵਿੱਚੋਂ) : ਗ਼ੁਲਾਮ ਮੁਸਤਫ਼ਾ 'ਬਿਸਮਿਲ'
ਖ਼ੁਸ਼-ਵਖ਼ਤੀਆਂ ਦੇ ਲਫ਼ਜ਼ ਉਲੀਕੇਗੀ ਰੌਸ਼ਨੀ
ਖ਼ੁਸ਼-ਵਖ਼ਤੀਆਂ ਦੇ ਲਫ਼ਜ਼ ਉਲੀਕੇਗੀ ਰੌਸ਼ਨੀ । ਸਾਡੇ ਘਰਾਂ 'ਚ ਵੀ ਜਦੋਂ ਉਤਰੇਗੀ ਰੌਸ਼ਨੀ । ਕੰਧਾਂ ਤੇ ਦੀਵਿਆਂ ਦੀ ਥਾਂ ਅੱਖੀਆਂ ਨੇ ਬਾਲੀਆਂ, ਬਣਕੇ ਉਡੀਕ ਹੋਰ ਵੀ ਫ਼ੈਲੇਗੀ ਰੌਸ਼ਨੀ । ਨ੍ਹੇਰੇ ਦਾ ਅਪਣੇ ਆਪ ਈ ਮਿਟ ਜਾਏਗਾ ਵਜ਼ੂਦ, ਜਦ ਰੌਸ਼ਨੀ ਨੂੰ ਰੌਸ਼ਨੀ ਸਮਝੇਗੀ ਰੌਸ਼ਨੀ । ਇਕ ਜ਼ਿੰਦਗੀ ਮਿਟਾਣ ਤੋਂ ਪਹਿਲਾਂ ਇਹ ਸੋਚ ਲਵੀਂ, ਬੁਝਣ ਤੋਂ ਪਹਿਲਾਂ ਹੋਰ ਵੀ ਭੜਕੇਗੀ ਰੌਸ਼ਨੀ । ਲਿਖਣਾ ਹਦੀਸ ਸਿਦਕ ਦੀ 'ਬਿਸਮਿਲ' ਮੈਂ ਖ਼ੂਨ ਥੀਂ, ਕੀਵੇਂ ਨਾ ਹਰਫ਼ ਹਰਫ਼ ਚੋਂ ਉਘੜੇਗੀ ਰੌਸ਼ਨੀ ।
ਡੁਬਦਾ ਡੁਬਦਾ ਉਹ ਭੰਵਰ ਤੇ ਆਪਣਾ
ਡੁਬਦਾ ਡੁਬਦਾ ਉਹ ਭੰਵਰ ਤੇ ਆਪਣਾ ਚਿਹਰਾ ਲਿਖ ਗਿਆ ਉਠਦੀਆਂ ਛੱਲਾਂ ਨੂੰ ਪਰ ਮੇਰਾ ਸਹਾਰਾ ਲਿਖ ਗਿਆ । ਹੋਰ ਕੀ ਦੇਵਾਂ ਮੈਂ ਉਹਦੀ ਬੇਜ਼ਮੀਰੀ ਦਾ ਸਬੂਤ, ਜਾਂਦੇ ਹੋਇਆਂ ਵੀ ਪੱਥਰ ਨੂੰ ਜੋ ਸ਼ੀਸ਼ਾ ਲਿਖ ਗਿਆ । ਜੀਹਨੂੰ ਸਾਰੇ ਸ਼ਹਿਰ ਨੇ ਸੂਰਜ ਸੀ ਆਪਣਾ ਜਾਣਿਆ, ਮੇਰਿਆਂ ਲੇਖਾਂ ਦੇ ਵਿਚ ਉਹੋ ਹਨੇਰਾ ਲਿਖ ਗਿਆ । ਫਿਰ ਹਵਾ ਦੇ ਵਰਕਿਆਂ ਤੇ ਆਪਣੇ ਦਿਲ ਦੇ ਖ਼ੂਨ ਨਾਲ, ਆਪਣੀ ਹਿਜਰਤ ਦਾ ਫ਼ਸਾਨਾ ਇਕ ਪਰਿੰਦਾ ਲਿਖ ਗਿਆ । ਪਾਂਧੀਆਂ ਨੂੰ ਮੰਜ਼ਿਲਾਂ ਦਾ ਖੋਜ ਦੱਸਿਆ ਓਸ ਨੇ, ਜਾਨ ਦੇਕੇ ਜਿਹੜਾ ਸਫ਼ਰਾਂ ਦਾ ਕਸੀਦਾ ਲਿਖ ਗਿਆ । ਜਾਪਦਾ ਏ ਉਹਦੀਆਂ ਸੱਧਰਾਂ ਤਿਹਾਈਆਂ ਈ ਰਹੀਆਂ, ਖ਼ਾਹਸ਼ਾਂ ਦੇ ਵਗਦੇ ਦਰਿਆ ਨੂੰ ਜੋ ਸਿਹਰਾ ਲਿਖ ਗਿਆ । ਲਿਖਣ ਲਈ ਬੂਹੇ ਦੀ ਤਖ਼ਤੀ ਜੇਸ ਨੂੰ ਦਿੱਤੀ ਸੀ ਮੈਂ, ਉਹ ਭੁਲੇਖੇ ਨਾਲ 'ਬਿਸਮਿਲ' ਮੇਰਾ ਕੁਤਬਾ ਲਿਖ ਗਿਆ ।
ਜੋ ਲਬ ਤੇ ਆ ਨਾ ਸਕੀ
ਜੋ ਲਬ ਤੇ ਆ ਨਾ ਸਕੀ ਉਸ ਸਦਾ ਦਾ ਕੀ ਹੋਸੀ? ਇਹ ਸੋਚਨਾਂ ਵਾਂ ਕਿ ਮੇਰੀ ਦੁਆ ਦਾ ਕੀ ਹੋਸੀ? ਸੁਹਾਗ ਰੁਤ ਦੇ ਇਸ਼ਾਰੇ ਨਾ ਜੇ ਸਮਝ ਸਕਿਉਂ, ਗੁਲਾਬ ਰੰਗ ਤੋਂ ਗੂੜ੍ਹੀ ਹਿਨਾ ਦਾ ਕੀ ਹੋਸੀ? ਜੇ ਲੋਕਾਂ ਨੇ ਦਿਲਾਂ ਚੋਂ ਕੱਢਿਆ ਨਾ ਉਸ ਦਾ ਖ਼ੌਫ਼, ਪਥੱਲਾ ਮਾਰ ਕੇ ਬੈਠੀ ਬਲਾਅ ਦਾ ਕੀ ਹੋਸੀ? ਮੈਂ ਸ਼ੀਸ਼ੇ ਵਾਂਗ ਖਿੱਲਰ ਕੇ ਵੀ ਅਕਸ ਦੇਵਾਂਗਾ, ਇਹ ਸੋਚਨਾਂ ਵਾਂ ਕਿ ਤੇਰੀ ਅਨਾ ਦਾ ਕੀ ਹੋਸੀ? ਜੇ ਇਸ ਫ਼ਕੀਰ ਨੇ ਚੁਪ ਦੀ ਕਬਾ ਨੂੰ ਲਾਹ ਦਿੱਤਾ, ਤੁਹਾਡੇ ਸ਼ਹਿਰ ਦੇ ਝੂਠੇ ਖ਼ੁਦਾ ਦਾ ਕੀ ਹੋਸੀ? ਭਰਾ ਤੇ ਹੁੰਦੇ ਨੇ ਬਾਹਵਾਂ ਸਦਾ ਭਰਾਵਾਂ ਲਈ, ਜੋ ਕੱਲਾ ਰਹਿ ਗਿਆ ਏ ਉਸ ਭਰਾ ਦਾ ਕੀ ਹੋਸੀ? ਬੁਝਾ ਸਕੀ ਨਾ ਜੋ ਦੀਵੇ ਦੀ ਲਾਟ ਨੂੰ 'ਬਿਸਮਿਲ', ਭਰਮ ਦੀ ਮਾਰੀ ਹੋਈ ਉਸ ਹਵਾ ਦਾ ਕੀ ਹੋਸੀ?
ਗੁਲਾਬ ਮੌਸਮ 'ਚ ਇੰਜ ਦੇ ਵੀ
ਗੁਲਾਬ ਮੌਸਮ 'ਚ ਇੰਜ ਦੇ ਵੀ ਅਜ਼ਾਬ ਆਵਣ । ਉਹ ਯਾਦ ਆਵਣ ਤੇ ਯਾਦ ਵੀ ਬੇਹਿਸਾਬ ਆਵਣ । ਇਹ ਮੰਜ਼ਿਲਾਂ ਵੀ ਉਦਾਸ ਨਸਲਾਂ ਦਾ ਨੂਹਾ ਜੀਵੇਂ, ਜਦੋਂ ਵੀ ਆਵਣ ਕਦਮ ਕਦਮ ਤੇ ਸਰਾਬ ਆਵਣ । ਜ਼ਰੂਰਤਾਂ ਕੋਲੋਂ ਤੰਗ ਹੋਵਣ ਤੇ ਮੇਰੇ ਸੱਜਣ, ਬਦਲ ਬਦਲ ਕੇ ਪਏ ਰੋਜ਼ ਵੱਖਰੇ ਨਕਾਬ ਆਵਣ । ਨਾ ਜਾਣ ਸਕਿਆ ਹਵਾ ਦੀ ਅੱਖ ਦੇ ਤਕਾਜ਼ਿਆਂ ਨੂੰ, ਨਦਾਨ ਪੰਛੀ ਨੂੰ ਜੀਣ ਦੇ ਕਦ ਅਦਾਬ ਆਵਣ । ਨਜ਼ਰ ਨਜ਼ਰ ਵਿਚ ਮੁਹੱਬਤਾਂ ਦੇ ਗੁਲਾਬ ਮਹਿਕਣ, ਦਿਲਾਂ ਦੀ ਧਰਤੀ 'ਚ ਇੰਜ ਵੀ ਇਨਕਲਾਬ ਆਵਣ । ਮੈਂ ਆਪਣੇ ਲਹੂ ਨਾਲ ਲਿਖ ਕੇ ਉਹਨੂੰ ਸਲਾਮ ਘੱਲਾਂ, ਨਾ ਓਸ ਕਾਫ਼ਰ ਦੇ ਕਦੇ 'ਬਿਸਮਿਲ'ਜਵਾਬ ਆਵਣ ।
ਕੋਈ ਜੁਗਨੂੰ ਕੋਈ ਸੂਰਜ ਕੋਈ ਤਾਰਾ ਹੋਵੇ
ਕੋਈ ਜੁਗਨੂੰ ਕੋਈ ਸੂਰਜ ਕੋਈ ਤਾਰਾ ਹੋਵੇ । ਮੇਰੀ ਪਹਿਚਾਣ ਦਾ ਕੋਈ ਤੇ ਹਵਾਲਾ ਹੋਵੇ । ਯਾਦ ਪੰਛੀ ਨੂੰ ਸਤਾਉਂਦੀ ਏ ਚਮਨ ਦੀ ਕੈਦ ਵਿਚ, ਭਾਵੇਂ ਸੋਨੇ ਦੀਆਂ ਤਾਰਾਂ ਦਾ ਵੀ ਪਿੰਜਰਾ ਹੋਵੇ । ਧੂੜ ਦੁੱਖਾਂ ਦੀ ਨਾ ਅੱਪੜੇ ਤੇਰੇ ਵਿਹੜੇ ਤੀਕਰ, ਤੇਰੀ ਅੱਖ ਦਾ ਨਾ ਇਹ ਮੈਲਾ ਕਦੇ ਕਜਲਾ ਹੋਵੇ । ਥੱਕ ਕੇ ਜੰਗਲ ਦੀ ਉਦਾਸੀ ਨੂੰ ਪਏ ਰੋਂਦੇ ਪੰਛੀ, ਜਿਵੇਂ ਸੱਪਾਂ ਦਾ ਈ ਹਰ ਸ਼ਾਖ਼ ਤੇ ਡੇਰਾ ਹੋਵੇ । ਆਪਣੇ ਜਿਗਰੇ ਨੂੰ ਹਿਆਤੀ 'ਚ ਨਾ ਧੜਕਣ ਦੇਣਾ, ਸਿਰ ਤੇ ਕਿੰਨਾ ਵੀ ਗ਼ਮਾਂ ਫ਼ਿਕਰਾਂ ਦਾ ਪਹਿਰਾ ਹੋਵੇ । ਡਾਰ ਦੀ ਡਾਰ ਜਿਹੜੇ ਰੁੱਖ ਤੇ ਵੀ ਤੋਤੇ ਆਵਣ, ਕਿਵੇਂ ਮੁਮਕਿਨ ਏ ਸਲਾਮਤ ਉਹਦਾ ਗਹਿਣਾ ਹੋਵੇ । ਧੁੱਪ ਦੇ ਸਿਹਰਾ 'ਚ ਗਵਾਚੀ ਏ ਹਿਆਤੀ 'ਬਿਸਮਿਲ' ਸ਼ਬਜ਼ ਰੁੱਤ ਦਾ ਵੀ ਕੋਈ ਹੁਣ ਤੇ ਇਸ਼ਾਰਾ ਹੋਵੇ ।
ਹਨੇਰਿਆਂ ਦੇ ਅਜ਼ਾਬਾਂ ਤੋਂ ਹੁਣ ਬਰੀ ਕਰਦੇ
ਹਨੇਰਿਆਂ ਦੇ ਅਜ਼ਾਬਾਂ ਤੋਂ ਹੁਣ ਬਰੀ ਕਰਦੇ । ਮੇਰੇ ਵਜ਼ੂਦ 'ਚ ਆ ਕੇ ਤੇ ਰੌਸ਼ਨੀ ਕਰਦੇ । ਕਿਤੇ ਉਡੀਕ ਦੀ ਸੂਲੀ ਨਾ ਜਾਣ ਉਹ ਟੰਗੇ, ਤਰੁਠਕੇ ਜੋ ਵੀ ਪਲਾਂ ਤੋਂ ਸਦੀ ਸਦੀ ਕਰਦੇ । ਤੇਰੇ ਨਾ ਪੈਰ ਦੀ ਪੈਂਖੜ ਬਣੇ ਕੋਈ ਔਖੜ, ਅਸੀਂ ਇਹ ਸੋਚਕੇ ਤੇਰੀ ਨਾ ਦੋਸਤੀ ਕਰਦੇ । ਅਜ਼ਾਬ ਰੁੱਤ 'ਚ ਕਦੇ ਇੰਜ ਦੇ ਨਾ ਫੁੱਲ ਖਿੜਦੇ, ਜ਼ਮੀਂ ਨੂੰ ਖ਼ੂਨ ਪਿਆ ਕੇ ਨਾ ਜੇ ਨਮੀ ਕਰਦੇ । ਤੇਰੇ ਕਰਮ ਦਾ ਖ਼ੁਦਾਇਆ ਕੋਈ ਹਿਸਾਬ ਨਹੀਂ, ਮੇਰੇ ਗ਼ਮਾਂ ਦੀ ਕਿਆਰੀ ਹਰੀ-ਭਰੀ ਕਰਦੇ । ਬਦਲ ਬਦਲ ਕੇ ਕਰਾਏ ਦੇ ਘਰ ਸਦਾ 'ਬਿਸਮਿਲ', ਰਹੇ ਬਸਰ ਅਸੀਂ ਏਦਾਂ ਈ ਜ਼ਿੰਦਗੀ ਕਰਦੇ ।
ਜੁਦਾ ਹਰ ਇਕ ਦਾ ਸਭ ਤੋਂ ਫ਼ਲਸਫ਼ਾ ਸੀ
ਜੁਦਾ ਹਰ ਇਕ ਦਾ ਸਭ ਤੋਂ ਫ਼ਲਸਫ਼ਾ ਸੀ । ਮੇਰੀ ਮਹਫ਼ਿਲ ਦਾ ਹਰ ਬੰਦਾ ਖ਼ੁਦਾ ਸੀ । ਉਹ ਖੀਸੇ ਕਰ ਗਿਆ ਸਭਨਾਂ ਦੇ ਸੱਖਣੇ, ਮਦਾਰੀ ਦਾ ਤੇ ਇਹ ਵੀ ਸ਼ੋਅਬਦਾ ਸੀ । ਟੁਰੋ ਤਲੀਆਂ ਤੇ ਰੱਖ ਕੇ ਸਾਰੇ ਅੱਖੀਆਂ, ਅਜਬ ਇਹ ਆਗੂਆਂ ਦਾ ਫ਼ੈਸਲਾ ਸੀ । ਮੇਰੀ ਕੰਡ ਤੇ ਸੀ ਜੀਹਨੇ ਵਾਰ ਕੀਤਾ, ਉਹ ਕੋਈ ਗ਼ੈਰ ਨਹੀਂ ਮੇਰਾ ਭਰਾ ਸੀ । ਸਦਾ ਸੜਦੇ ਰਹੇ ਸੋਚਾਂ ਦੇ ਥਲ ਵਿਚ, ਇਹ ਜੀਣਾ ਵੀ ਤੇ ਇਕ ਵੱਡੀ ਸਜ਼ਾ ਸੀ । ਸਿਉਂਕਾਂ ਖੋਖਲਾ ਕਰ ਛੱਡਿਆ ਉਹਨੂੰ, ਜਿਹੜਾ ਪਿਛਲੇ ਵਰ੍ਹੇ ਪਿੱਪਲ ਹਰਾ ਸੀ । ਤਬੀਬਾਂ ਦੀ ਨਾ ਪੁੱਛ 'ਬਿਸਮਿਲ' ਕਹਾਣੀ, ਮਰਜ਼ ਕੁਝ ਸੀ ਤੇ ਦਿੱਤੀ ਕੁਝ ਦਵਾ ਸੀ ।
ਕੁਝ ਹੋਰ ਰਚਨਾਵਾਂ : ਗ਼ੁਲਾਮ ਮੁਸਤਫ਼ਾ 'ਬਿਸਮਿਲ'
ਅਸੀਂ ਵੀ ਸਿਰ ਉਠਾਵਾਂਗੇ, ਸਮਾਂ ਉਹ ਆਉਣ ਤੇ ਦੇਵੋ
ਅਸੀਂ ਵੀ ਸਿਰ ਉਠਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਜ਼ਮਾਨੇ ਨੂੰ ਝੁਕਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਜਿਨ੍ਹਾਂ ਦੇ ਖੰਭ ਸੱਯਾਦਾਂ ਨੇ, ਹੱਥੀਂ ਨੋਚ ਲੀਤੇ ਨੇ, ਉਹ ਪੰਛੀ ਫਿਰ ਉਡਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਨਚਾ ਕੇ ਜਿਨ੍ਹੇ ਸਾਨੂੰ ਕੰਡਿਆਂ ਤੇ, ਪੈਰ ਪਾੜੇ ਨੇ, ਅਸੀਂ ਉਹਨੂੰ ਨਚਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਹਵਾਵਾਂ ਜਿਸਮ ਦੇ ਪਿੰਜਰੇ 'ਚ ਕਦ ਤੱਕ ਕੈਦ ਰੱਖੋਗੇ, ਉਹ ਜਾਦੂ ਸਭ ਮੁਕਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਇਹ ਸੁਣਿਆ ਏੇ ਕਦੇ ਦੀਵੇ ਨਾ ਸੱਪਾਂ ਸਾਹਮਣੇ ਜਗਦੇ, ਅਸੀਂ ਦੀਵੇ ਜਗਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਕਰਮ ਫਰਮਾਇਆ ਦਾ ਭਾਰ ਜਿਹੜਾ ਸਿਰ ਤੇ ਹੈ ਸਾਡੇ, ਉਹ ਕਰਜ਼ਾ ਸਭ ਚੁਕਾਵਾਂਗੇ, ਸਮਾਂ ਉਹ ਆਉਣ ਤੇ ਦੇਵੋ । ਸਜਾ ਕੇ ਖੂਨ ਦੀ ਮਹਿੰਦੀ ਦੇ ‘ਬਿਸਮਿਲ’, ਨਕਸ਼ ਹੱਥਾਂ ਤੇ, ਜ਼ਮਾਨੇ ਨੂੰ ਵਿਖਾਵਾਂਗੇ, ਸਮਾਂ ਉਹ ਆਉਣ ਤੇ ਦੇਵੋ ।
ਜ਼ਖ਼ਮ, ਖ਼ੁਸ਼ਬੋ, ਥਲ, ਬਰੇਤਾ, ਚਾਨਣੀ, ਦਰਿਆ ਸਫ਼ਰ
ਜ਼ਖ਼ਮ, ਖ਼ੁਸ਼ਬੋ, ਥਲ, ਬਰੇਤਾ, ਚਾਨਣੀ, ਦਰਿਆ ਸਫ਼ਰ । ਰੋਜ਼ ਫੁੱਲ ਤੋਂ ਖਾਰ ਤੱਕ ਹੁੰਦਾ ਏ ਅੱਥਰੂ ਦਾ ਸਫ਼ਰ । ਕਦ ਖਿੜਨਗੇ ਲੇਖਾਂ ਅੰਦਰ ਵਸਲ-ਰੁੱਤਾਂ ਦੇ ਗੁਲਾਬ, ਸਾਡੀਆਂ ਨਾੜਾਂ 'ਚ ਰੱਤ ਦੀ ਥਾਂ ਕਰੇ ਬਿਰਹਾ ਸਫ਼ਰ । ਓਸਦੀ ਮੈਂ, ਆਪਣੀ ਮੈਂ ’ਚੋਂ, ਬਣ ਕੇ ਮੈਂ ਪਾਉਣ ਲਈ, ਬਣ ਕੇ ਮੈਂ ਹਮਜ਼ਾਦ ਆਪਣੀ ਜ਼ਾਤ ਦਾ ਕੀਤਾ ਸਫ਼ਰ । ਲੱਪ ਕੁ ਚਾਨਣ ਦੀ ਕਿਤੋਂ ਕੋਈ ਹੁਧਾਰੀ ਲੈ ਦਿਓ, ਅੱਧ ਸਦੀ ਤੋਂ ਨਾਲ ਸਾਡੇ ਕਰ ਰਿਹਾ 'ਨ੍ਹੇਰਾ ਸਫ਼ਰ । ਪਾਣੀਆਂ ਦੇ ਨਾਲ ਕਰ ਲਈਆਂ ਹਵਾਵਾਂ ਸਾਜਿਸ਼ਾਂ, ਸਾਡੀਆਂ ਸਭ ਬੇੜੀਆਂ ਦਾ ਟੁਰ ਪਿਆ ਉਲਟਾ ਸਫ਼ਰ । ਕਾਸ਼ਨੀ ਫੁੱਲਾਂ ਤੇ ਬੈਠੀ ਉਸ ਚਿੜੀ ਨੂੰ ਕੀ ਪਤਾ, ਜਖ਼ਮ ਰੁੱਤਾਂ ਵਿਚ ਕਰੇਗੀ, ਉਹ ਉਦਾਸੀ ਦਾ ਸਫ਼ਰ । ਮੇਰੀਆਂ ਕਲਮਾਂ ਤੇ ਲਾ ਕੇ ਠੀਕਰੀ ਪਹਿਰਾ ਹੈ ਖੁਸ਼, ਪਰ ਕਦੇ ਸੋਚਾਂ ਤੇ ਫ਼ਿਕਰਾਂ ਦਾ ਵੀ ਹੈ ਰੁਕਿਆ ਸਫ਼ਰ ।
ਸੋਚਾਂ 'ਚ ਨੂਰ ਭਰ ਗਈ, ਅੱਖੀਆਂ 'ਚ ਉਤਰੀ ਸ਼ਾਮ
ਸੋਚਾਂ 'ਚ ਨੂਰ ਭਰ ਗਈ, ਅੱਖੀਆਂ 'ਚ ਉਤਰੀ ਸ਼ਾਮ । ਅਜ਼ਰ ਗੁਲਾਬ ਕਰ ਗਈ, ਅੱਖੀਆਂ 'ਚ ਉਤਰੀ ਸ਼ਾਮ । ਜੁਗਨੂੰ ਦੀ ਰੌਸ਼ਨੀ ਦਾ ਜਦ ਆਇਆ ਸਫ਼ਰ ਕਰੀਬ, ਤਿੱਤਲੀ ਦੇ ਰੰਗ ਭਰ ਗਈ, ਅੱਖੀਆਂ 'ਚ ਉਤਰੀ ਸ਼ਾਮ । ਬਾਜ਼ੀ ਜਦੋਂ ਦੀ ਹਰ ਗਿਆ ਸੂਰਜ ਦਾ ਬਲਦਾ ਸ਼ਹਿਰ, ਦੀਵਾ ਲਹੂ ਦਾ ਧਰ ਗਈ, ਅੱਖੀਆਂ 'ਚ ਉਤਰੀ ਸ਼ਾਮ । ਕਿਹੜੀ ਬਲਾ ਦੇ ਕਹਿਰ ਨੇ, ਹੋਠਾਂ ਤੇ ਲਾਈ ਮੁਹਰ, ਕਿਹੜੇ ਸਿਤਮ ਤੋਂ ਡਰ ਗਈ, ਅੱਖੀਆਂ 'ਚ ਉਤਰੀ ਸ਼ਾਮ । ਦੀਵਾ, ਤਰੇਲ, ਵਾਸ਼ਨਾ, ਸੁਪਨਾ, ਧਨਕ, ਉਡੀਕ, ਸਭ ਨੂੰ ਉਦਾਸ ਕਰ ਗਈ, ਅੱਖੀਆਂ 'ਚ ਉਤਰੀ ਸ਼ਾਮ । ਤਾਘਾਂ ਦਾ ਦੀਪ ਬੁਝ ਗਿਆ, ਅੰਬਰ ਤੋਂ ਤਾਰੇ ਵਾਂਗ, ਬਾਜ਼ੀ ਵਫ਼ਾ ਦੀ ਹਰ ਗਈ, ਅੱਖੀਆਂ 'ਚ ਉਤਰੀ ਸ਼ਾਮ । ਫੁੱਲਾਂ ਦੀ ਬਣ ਕੇ ਵਾਸ਼ਨਾ, ਰਾਹਾਂ ਦੀ ਬਣ ਕੇ ਪੀੜ, ਕਿਸ ਦੇ ਵਿਜੋਗ ਜਰ ਗਈ, ਅੱਖੀਆਂ 'ਚ ਉਤਰੀ ਸ਼ਾਮ ।
ਖੁਸ਼ੀ ਨਹੀਂ ਤੇ ਗ਼ਮਾਂ ਦੇ ਅੱਥਰੂ ਸੰਭਾਲ ਰੱਖੀਏ
ਖੁਸ਼ੀ ਨਹੀਂ ਤੇ ਗ਼ਮਾਂ ਦੇ ਅੱਥਰੂ ਸੰਭਾਲ ਰੱਖੀਏ । ਫਰਾਕ-ਰਾਹਾਂ 'ਚ ਕੋਈ ਤਾਰਾ ਉਜਾਲ ਰੱਖੀਏ । ਹਨ੍ਹੇਰਾ ਅੰਬਰੋਂ ਉਤਰ ਵੀ ਆਵੇ ਤੂਫਾਨ ਵਾਂਗੂੰ, ਬਨੇਰਿਆਂ ਤੇ ਚਿਰਾਗ਼ ਹਿੰਮਤਾਂ ਦੇ ਬਾਲ ਰੱਖੀਏ । ਕਦਮ ਕਦਮ ਤੇ ਸਲੀਬ ਮਨਜ਼ਰ ਤੁਸਾਂ ਸਜਾਏ, ਅਸੀਂ ਤਅੱਲਕ ਵਫ਼ਾ ਦਾ ਫਿਰ ਵੀ ਬਹਾਲ ਰੱਖੀਏ । ਦਿਲਾਂ ਦੇ ਮੰਦਰ ਨੂੰ ਜਿਹੜਾ ਕਾਅਬੇ ਦੇ ਵਿਚ ਬਦਲ ਦੇ, ਅਸੀਂ ਤੇ ਅੱਖ ਦੇ ਇਸ਼ਾਰੇ ਵਿਚ ਇਹ ਕਮਾਲ ਰੱਖੀਏ । ਵਪਾਰ ਕਰੀਏ ਤੇ ਕਿਸਰਾਂ ਆਪਣੇ ਲਹੂ ਦਾ ਕਰੀਏ, ਅਸੀਂ ਤੇ ਪੁੱਤਰਾਂ ਵਾਂਗ ਸ਼ਿਅਰਾਂ ਨੂੰ ਪਾਲ ਰੱਖੀਏ । ਮਜਾਜ਼ ਸਾਡੇ ਨੂੰ ਤੱਕ ਕੇ ਸਮਝੋ ਨਾ ਖਾਰ ਚੁਭਵੇਂ, ਦਿਲਾਂ 'ਚ ਖਿੜਦੇ ਗੁਲਾਬਾਂ ਵਰਗਾ ਜਮਾਲ ਰੱਖੀਏ । ਅਸੀਂ ਤੇ ਅੰਬਰਾਂ ਦੀ ਛਾਂ ਤੋਂ ਵਾਂਜੇ ਅਜ਼ਲ ਤੋਂ 'ਬਿਸਮਿਲ', ਅਸੀਂ ਕਿਵੇਂ ਫਿਰ ਸਿਤਾਰੇ ਸੂਰਜ ਉਛਾਲ ਰੱਖੀਏ ।
ਲੁੱਟ ਕੇ ਲੈ ਗਿਆ ਏ ਘਰ ਅੱਜ ਕੋਈ ਭਰੇ ਭਰੇ
ਲੁੱਟ ਕੇ ਲੈ ਗਿਆ ਏ ਘਰ ਅੱਜ ਕੋਈ ਭਰੇ ਭਰੇ । ਕੰਧਾਂ, ਬੂਹੇ, ਬਾਰੀਆਂ ਲੱਗਣ ਡਰੇ-ਡਰੇ । ਜਿਨ੍ਹਾਂ ਨੂੰ ਮੈਂ ਚਾਨਣ ਘੋਲ ਪਿਆਏ ਸਨ, ਉਨ੍ਹਾਂ ਤੋਂ ਨਾ ਇੱਕ ਕਿਰਨ ਵੀ ਸਰੇ-ਸਰੇ । ਵੇਲੇ ਦੇ ਸੂਰਜ ਤੋਂ ਬਰਫ਼ਾਂ ਵਰ੍ਹੀਆਂ ਨੇ, ਸ਼ਹਿਰ ਦੇ ਸਾਰੇ ਮੰਨਜ਼ਰ ਲਗਦੇ ਠਰੇ-ਠਰੇ । ਸੱਚ ਬੋਲਣ ਦਾ ਸ਼ੌਕ ਸੀ ਕੁੱਦਿਆ ਮੈਨੂੰ ਵੀ, ਏਸੇ ਲਈ ਮੈਂ ਪੱਥਰ ਖਾਧੇ ਖਰੇ-ਖਰੇ । ਅਸੀਂ ਗ਼ਰੀਬੀ ਦੇ ਵਿੱਚ ਜੀਵਨ ਕੱਟਦੇ ਆਂ, ਕਿਹੜਾ ਪੈਰ ਬਰੂਹਾਂ ਉੱਤੇ ਧਰੇ-ਧਰੇ ? ਵੇਲੇ ਦੇ 'ਮਨਸੂਰ' ਉਹ ਕਿੰਜ ਸਦਾਵਣਗੇ ? ਰਹਿੰਦੇ ਨੇ ਜੋ ਸੂਲੀਆਂ ਕੋਲੋਂ ਪਰੇ-ਪਰੇ । 'ਬਿਸਮਿਲ' ਕੋਲ ਹੈ ਕਿਸ਼ਤੀ ਬੋਦੇ ਕਾਗਜ਼ ਦੀ, ਤੇਜ਼ ਨੇ ਛੱਲਾਂ, ਕਿਵੇ ਸਮੁੰਦਰ ਤਰੇ-ਤਰੇ ?
ਕਿਸੇ ਨਤੀਜੇ ਤੇ ਆ ਨਹੀਂ ਸਕਿਆ, ਸਵਾਲ ਮੇਰਾ, ਜਵਾਬ ਤੇਰਾ
ਕਿਸੇ ਨਤੀਜੇ ਤੇ ਆ ਨਹੀਂ ਸਕਿਆ, ਸਵਾਲ ਮੇਰਾ, ਜਵਾਬ ਤੇਰਾ । ਅਮਲ ਦੀ ਫੱਟੀ ਤੇ ਕੀਹਨੇ ਲਿਖਿਆ, ਗੁਨਾਹ ਮੇਰਾ, ਸਵਾਬ ਤੇਰਾ ? ਬੜੇ ਹੀ ਸੂਰਜ ਦੇ ਖ਼ੁਆਬ ਦੇਖੇ, ਬੜੀ ਸੀ ਚਾਨਣ ਦੀ ਰੀਝ ਮੈਨੂੰ, ਕੀ ਕਰਦੇ ? ਪੜ੍ਹਨਾ ਜੋ ਪੈ ਗਿਆ ਸੀ, ਹਨ੍ਹੇਰਿਆਂ ਦਾ ਨਿਸਾਬ ਤੇਰਾ । ਹਜ਼ਾਰ ਲਹੂ ਦੇ ਵਗਾਏ ਅੱਥਰੂ, ਹਜ਼ਾਰ ਰੁੱਤਾਂ ਦੇ ਲਾਏ ਮੇਲੇ, ਕਦੇ ਨਾ ਉਤਰੀ ਉਮੀਦ ਠੰਢਕ ! ਕਦੇ ਨਾ ਉੱਗਿਆ ਗੁਲਾਬ ਤੇਰਾ । ਅਜੇ ਵੀ ਤੈਨੂੰ ਗਿਲਾ ਏ ਮੇਰੀ, ਵਫ਼ਾ 'ਚ ਕੋਈ ਕਮੀ ਏ ਬਾਕੀ, ਮੈਂ ਸਹਿ ਰਿਹਾ ਵਾਂ ਅਜ਼ਾਬ ਤੇਰਾ, ਮੈਂ ਝੱਲ ਰਿਹਾ ਹਾਂ ਅੱਤਾਬ ਤੇਰਾ । ਅਜੇ ਹਿਜਾਬਾਂ ਦੇ ਪੈਂਡਿਆਂ ਵਿੱਚ, ਮੈਂ ਖੋਜ ਅਪਣੀ ਹੀਲਾ ਰਿਹਾ ਹਾਂ, ਅਜੇ ਨਹੀਂ ਫ਼ੁਰਸਤ ਮੈਂ ਤੇਰੀ ਸੂਰਤ, ਉਠਾ ਕੇ ਦੇਖਾਂ ਨਕਾਬ ਤੇਰਾ । ਨਾ ਰਾਤ ਨ੍ਹੇਰੀ ਦੇ ਛੇੜ ਕਿੱਸੇ, ਨਾ ਬੁਝਦੇ ਅੱਥਰੂ ਦੀ ਪੁੱਛ ਕਹਾਣੀ, ਮੈਂ ਦਿਨ ਦੇ ਚਾਨਣ 'ਚ ਲਾ ਰਿਹਾ ਵਾਂ, ਅਜੇ ਤੇ ਸੱਜਣਾਂ ਹਿਸਾਬ ਤੇਰਾ । ਹਜ਼ਾਰ ਦਰਿਆ ਸੀ ਰਾਹ 'ਚ ਦੇਖੇ, ਹਜ਼ਾਰ ਕਾਂਗਾਂ ਨਜ਼ਰ 'ਚ ਘੁੰਮੀਆਂ, ਭੁਲੇਖਿਆਂ ਦੇ ਮੁਸਾਫ਼ਰਾਂ ਤੋਂ, ਨਾ ਫਿਰ ਵੀ ਮੁੱਕਿਆ ਸਰਾਬ ਤੇਰਾ । ਵਫ਼ਾ ਦੀ ਧਰਤੀ ਪੁਕਾਰਦੀ ਏ, ਬਚਾ ਲੈ ਆ ਕੇ ਤੂੰ ਫੇਰ 'ਵਾਰਿਸ', ਲਹੂ 'ਚ ਤਬਦੀਲ ਹੋ ਨਾ ਜਾਵੇ, ਮੁਹੱਬਤਾਂ ਦਾ ਚਨਾਬ ਤੇਰਾ । (ਨਿਸਾਬ=ਸਲੇਬਸ, ਅੱਤਾਬ=ਗੁੱਸਾ, ਹਿਜਾਬ=ਸ਼ਰਮ, ਸਰਾਬ=ਮ੍ਰਿਗ-ਤ੍ਰਿਸ਼ਣਾ, ਥਲ 'ਚ ਪਾਣੀ ਦਾ ਭੁਲੇਖਾ)
ਜੋ ਭਟਕੇ ਨੇ ਚੁਗਾਵਾਂ ਵਿੱਚ, ਹਨ੍ਹੇਰੇ ਦਾ ਕਫ਼ਨ ਲੈ ਕੇ
ਜੋ ਭਟਕੇ ਨੇ ਚੁਗਾਵਾਂ ਵਿੱਚ, ਹਨ੍ਹੇਰੇ ਦਾ ਕਫ਼ਨ ਲੈ ਕੇ । ਮੈਂ ਉਨ੍ਹਾਂ ਲਈ ਪਿਆ ਜਾਨਾਂ ਜੁਗਨੂੰਆਂ ਦੀ ਕਿਰਨ ਲੈ ਕੇ । ਮੈਂ ਸੁੱਤਾ ਹਾਂ, ਮੇਰੇ ਸੱਜਣਾਂ ਨੇ ਮੋਇਆ ਸਮਝਿਆ ਮੈਨੂੰ, ਉਹ ਮੇਰੀ ਕਬਰ ਪੁੱਟਣ ਲਈ ਨੇ ਆਏ ਗੋਰਕਨ ਲੈ ਕੇ । ਭਲਾ ਏਦੂੰ ਵੀ ਵੱਡਾ ਕੀ ਅਜ਼ਾਬ ਉਤਰੇਗਾ ਧਰਤੀ 'ਤੇ ? ਪਏ ਬੇਵਤਨ ਜਿਉਨੇ ਆਂ ਅਸੀਂ ਅਪਣਾ ਵਤਨ ਲੈ ਕੇ । ਅਦਾ ਸਮਝਾਂ, ਕਰਮ ਸਮਝਾਂ, ਕਿ ਇਹ ਉਹਦੀ ਜਫ਼ਾ ਸਮਝਾਂ ? ਬੜਾ ਖ਼ੁਸ਼ ਹੈ ਉਹ ਗੁਲਦੂ ਤਿਤਲੀਆਂ ਦਾ ਪੈਰਹਨ ਲੈ ਕੇ । ਮੁਕੱਦਰ ਵਿੱਚ ਉੱਨ੍ਹਾਂ ਦੇ ਮੰਜ਼ਲਾਂ ਹੋਵਣਗੀਆਂ ਕੀਵੇਂ ? ਕਿ ਬਹਿ ਜਾਂਦੇ ਨੇ ਰਾਹਵਾਂ ਵਿੱਚ ਜੋ ਪੈਰਾਂ ਦੀ ਥਕਨ ਲੈ ਕੇ । (ਗੋਰਕਨ=ਕਬਰ ਪੁੱਟਣ ਵਾਲਾ, ਗੁਲਦੂ=ਭੋਲਾ-ਭਾਲਾ, ਪੈਰਹਨ=ਬਸਤਰ,ਲਿਬਾਸ)