Baba Ghulam Hussain Nadeem Qadri ਬਾਬਾ ਗ਼ੁਲਾਮ ਹੁਸੈਨ ਨਦੀਮ ਕਾਦਰੀ

ਬਾਬਾ ਗ਼ੁਲਾਮ ਹੁਸੈਨ ਨਦੀਮ ਕਾਦਰੀ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਹਨ । ਉਨ੍ਹਾਂ ਦਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋਵੇਂ ਪਾਸੀਂ ਬਹੁਤ ਆਦਰ ਸਤਿਕਾਰ ਹੈ ।

ਪੰਜਾਬੀ ਸ਼ਾਇਰੀ : ਬਾਬਾ ਗ਼ੁਲਾਮ ਹੁਸੈਨ ਨਦੀਮ ਕਾਦਰੀ

Punjabi Poetry : Baba Ghulam Hussain Nadeem Qadri



ਮਾਂ ਬੋਲੀ

ਉੱਠ ਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ ਸਾਡੀ ਜਿੰਦ ਨਿਮਾਣੀ ਕੂਕਦੀ ਅਸੀਂ ਰੁਲ ਗਏ ਵਿੱਚ ਪ੍ਰਦੇਸ ਸਾਡਾ ਹਰ ਦਮ ਜੀਉ ਕੁਰਲਾਂਵਦਾ ਸਾਡੀ ਨੀਰ ਵਗਾਏ ਅੱਖ ਅਸੀਂ ਜਿਉਂਦੀ ਜਾਨੇ ਮਰ ਗਏ ਸਾਡਾ ਮਾਧੋ ਹੋਇਆ ਵੱਖ ਸਾਨੂੰ ਸੱਪ ਸਮੇਂ ਦਾ ਡੰਗਦਾ ਸਾਨੂੰ ਪਲ ਪਲ ਚੜ੍ਹਦਾ ਜ਼ਹਿਰ ਸਾਡੇ ਅੰਦਰ ਬੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ ਅਸਾਂ ਸ਼ੌਹ ਗਮਾਂ ਵਿੱਚ ਡੁੱਬਦੇ ਸਾਡੀ ਰੁੜ੍ਹ ਗਈ ਨਾਵ ਪਤਵਾਰ ਸਾਡੇ ਬੋਲਣ ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤਲਵਾਰ ਅਸਾਂ ਨੈਣਾਂ ਦੇ ਖੂਹ ਗੇੜਕੇ ਕੀਤੀ ਵੱਤਰ ਦਿਲ ਦੀ ਭੋਂ ਇਹ ਬੰਜਰ ਰਹੀ ਨਿਮਾਨੜੀ ਸਾਨੂੰ ਸੱਜਣ ਤੇਰੀ ਸੌਂਹ ਅਸਾਂ ਉੱਤੋਂ ਸ਼ਾਂਤ ਹਾਂ ਜਾਪਦੇ ਸਾਡੇ ਅੰਦਰ ਲੱਗੀ ਜੰਗ ਸਾਨੂੰ ਚੁੱਪ ਚੁਪੀਤਾ ਵੇਖਕੇ ਪਏ ਆਖਣ ਲੋਕ ਮਲੰਗ ਅਸਾਂ ਖੁੱਭੇ ਗੰਮ ਦੇ ਖੋਭੜੇ ਸਾਡੇ ਲੰਬੇ ਹੋ ਗਏ ਕੇਸ ਪਾ ਤਾਣੇ ਬਾਣੇ ਸੋਚ ਦੇ ਅਸੀਂ ਬੁਣਦੇ ਰਹਿੰਦੇ ਖੇਸ ਹੁਣ ਛੇਤੀਂ ਬਹੁੜੀਂ ਬੁੱਲ੍ਹਿਆ ਸਾਡੀ ਸੂਲੀ ਟੰਗੀ ਜਾਨ ਤੈਨੂੰ ਵਾਸਤਾ ਏ ਸ਼ਾਹ ਇਨਾਇਤ ਦਾ ਨਾ ਤੋੜੀਂ ਸਾਡਾ ਮਾਣ ਅਸੀਂ ਪੈਰੀਂ ਪਾ ਲਏ ਘੁੰਗਰੂ ਸਾਡੀ ਪਾਵੇ ਜਿੰਦ ਧਮਾਲ ਸਾਡੀ ਜਾਨ ਲਬਾਂ ਤੇ ਅੱਪੜੀ ਹੁਣ ਛੇਤੀਂ ਮੁੱਖ ਵਖਾਲ ਸਾਡੇ ਸਿਰ ਤੇ ਸੂਰਜ ਹਾੜ੍ਹ ਦਾ ਸਾਡੇ ਅੰਦਰ ਸੀਤ ਸਿਆਲ ਬਣ ਛਾਂ ਹੁਣ ਚੇਤਰ ਰੁੱਖ ਦੀ ਸਾਡੇ ਅੰਦਰ ਭਾਂਬੜ ਬਾਲ ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡਾ ਲੂਸਿਆ ਇੱਕ ਇੱਕ ਲੂੰਅ ਅਸਾਂ ਖੁਦ ਨੂੰ ਭੁੱਲੇ ਸਾਵਲਾ ਅਸਾਂ ਹਰ ਪਲ ਜਪਿਆ ਤੂੰ ਸਾਨੂੰ ਚਿੰਤਾ ਚਿਖਾ ਚਿੜ੍ਹਾਂਵਦੀ ਸਾਡੇ ਤਿੜਕਣ ਲੱਗੇ ਹੱਡ ਫੜ ਲੇਖਾਂ ਬਰਛੀ ਦੁੱਖ ਦੀ ਸਾਡੇ ਸੀਨੇ ਦਿੱਤੀ ਗੱਡ ਅਸਾਂ ਧੁਰ ਤੋਂ ਦੁੱਖੜੇ ਝਾਗਦੇ ਸਾਡੇ ਲੇਖੀਂ ਲਿਖਿਆ ਸੋਗ ਸਾਡੀ ਵਾਟ ਲਮੇਰੀ ਦੁੱਖ ਦੀ ਸਾਡੇ ਉਮਰੋਂ ਲੰਮੇ ਰੋਗ ਸਾਡੇ ਵਿਹੜੇ ਫੂਹੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ ਇਹ ਔਕੜ ਸਾਡੀ ਟਾਲ ਦੇ ਤੇਰਾ ਜੀਵੇ ਸ਼ਹਿਰ ਕਸੂਰ ਆਹ ਵੇਖ ਸੁਖਨ ਦਿਆ ਵਾਰਿਸਾ ਤੇਰੇ ਜੰਡਿਆਲੇ ਦੀ ਖੈਰ ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ ਰੱਖਣ ਵੈਰ ਅੱਜ ਹੀਰ ਤੇਰੀ ਪਈ ਸਹਿਕਦੀ ਅੱਜ ਕੈਦੋ ਚੜ੍ਹਿਆ ਰੰਗ ਅੱਜ ਤਖਤ ਹਜ਼ਾਰੇ ਢਹਿ ਗਏ ਅੱਜ ਉੱਜੜਿਆ ਤੇਰਾ ਝੰਗ ਅੱਜ ਬੇਲੇ ਹੋ ਗਏ ਸੁੰਨੜੇ ਅੱਜ ਸੁੱਕਿਆ ਵੇਖ ਝਨਾਅ ਅੱਜ ਫਿਰ ਨਾ ਉੱਜੜਦਾ ਰਾਂਝੜੇ ਅੱਜ ਖੇੜੇ ਕਰਦੇ ਚਾਅ ਅੱਜ ਟੁੱਟੀ ਵੰਝਲੀ ਪ੍ਰੀਤ ਦੀ ਅੱਜ ਮੁੱਕੇ ਸੁਖ ਦੇ ਗੀਤ ਬਣ ਯੋਗੀ ਦਰ ਦਰ ਟੋਲ੍ਹਿਆ ਸਾਨੂੰ ਕੋਈ ਨਾ ਮਿਲਿਆ ਮੀਤ ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸੀਂ ਵੇਲੇ ਦੇ ਸੁਕਰਾਤ ਅਸੀਂ ਖੰਡ ਬਣਾਉਂਦੇ ਖਾਰ ਨੂੰ ਸਾਡੀ ਜੱਗ ਤੋਂ ਵੱਖਰੀ ਬਾਤ ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ ਜਿੰਦ ਹਿਜਰ ਕਰੀਰੇ ਫਸ ਕੇ ਅੱਜ ਹੋ ਗਈ ਲੀਰੋ ਲੀਰ ਸਾਨੂੰ ਜੋਬਣ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ ਕਿਸ ਖੋਹਿਆ ਸਾਡਾ ਜੋਬਣਾਂ ਸਾਨੂੰ ਕੇਹਾ ਲੱਗਾ ਰੋਗ ਅਸਾਂ ਪੀੜ੍ਹਾਂ ਦਾ ਵੰਝ ਪਾ ਲਿਆ ਸਾਨੂੰ ਦੁੱਖਾਂ ਚਾੜ੍ਹੀ ਪਾਣ ਸਾਨੂੰ ਗਮ ਦਾ ਪੇਂਜਾ ਪਿੰਜਦਾ ਸਾਡੇ ਤੂੰਬੇ ਉਡਦੇ ਜਾਣ ਅਸੀਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ ਅਸਾਂ ਮਰਣ ਦਿਹਾੜ ਉਡੀਕਦੇ ਸਾਡੀ ਵਧਦੀ ਜਾਵੇ ਸੌੜ ਸਾਡੇ ਸਿਰ ਤੇ ਰੁੱਖ ਬਲੌਰ ਦੇ ਸਾਡੀ ਧੁੱਪੋਂ ਕਹਿਰੀ ਛਾਂ ਸਾਡੇ ਤੰਬੂ ਸਾੜੇ ਸੂਰਜੇ ਸਾਡੀ ਲੂਸੇ ਧਰਤੀ ਮਾਂ ਸਾਡੀ ਉੱਜੜੀ ਹਾਲਤ ਵੇਖ ਕੇ ਪਾ ਰਹਿਮਤ ਦੀ ਇੱਕ ਝਾਤ ਸਾਡੇ ਸਿਰ ਤੋਂ ਅੰਨ੍ਹੀ ਰਾਤ ਨੂੰ ਹੁਣ ਕਰ ਸਾਂਈਆਂ ਸ਼ਬਰਾਤ ਹੁਣ ਆ ਬਾਹੂ ਸੁਲਤਾਨਿਆ ਸਾਨੂੰ ਦਰਦਾਂ ਲਿਆ ਲਿਤਾੜ ਅੱਜ ਤੋੜ ਜੰਜੀਰੀ ਦੁੱਖ ਦੀ ਅੱਜ ਹੂ ਦਾ ਨਾਅਰਾ ਮਾਰ ਸਾਨੂੰ 'ਅਲਫ' ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ 'ਬੇ' ਦੀ ਲੋੜ ਮਨ ਮੁਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕੌੜ ਇੱਥੇ ਤਿੜਦੇ ਸਭ ਇਮਾਨ ਤੇ ਇੱਥੇ ਉਡਦੀ ਇਸ਼ਕ ਦੀ ਧੂੜ ਜੋ ਇਸ਼ਕ ਸਲਾਮਤ ਮੰਗਦਾ ਫੜ ਉਸਨੂੰ ਲੈਂਦੇ ਨੂੜ ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵਧਦੀ ਜਾਵੇ ਪਿਆਸ ਬਣ ਬੱਦਲ ਸਾਵਣ ਵਾਅ ਦਾ ਸਾਡੀ ਪੂਰੀ ਕਰਦੇ ਆਸ ਅਸਾਂ ਆਪਣੀ ਕਬਰੇ ਆਪ ਹੀ ਲਏ ਲਹੂ ਦੇ ਦੀਵੇ ਬਾਲ ਅਸਾਂ ਬੇ-ਗੁਰਿਆਂ ਦੇ ਸ਼ਹਿਰ ਵਿੱਚ ਇਹ ਕੀਤਾ ਨਵਾਂ ਕਮਾਲ ਆ ਸਾਂਈਂ ਦਮੜੀ ਸ਼ਾਹ ਦਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ ਸਾਡੇ ਦੀਦੇ ਤਰਸਣ ਦੀਦ ਨੂੰ ਸਾਡੇ ਦਿਲ ਵਿੱਚ ਉੱਠਦੀ ਹੂਕ ਸਾਨੂੰ ਗੁੜ੍ਹਤੀ ਦੇ ਦੇ ਸੁਖਨ ਦੀ ਸਾਡੀ ਕਰਦੇ ਸਾਫ ਜ਼ਬਾਨ ਸਾਨੂੰ ਬੁੱਕਲ ਵਿੱਚ ਲਪੇਟ ਕੇ ਹੁਣ ਬਖਸ਼ੋ ਇਲਮ ਗਿਆਨ ਅਸਾਂ ਰਾਤੀਂ ਉੱਠ ਉੱਠ ਪਿਟਦੇ ਸਾਡੇ ਪਈ ਕਾਲਜੇ ਸੋਜ ਅਸਾਂ ਛਮ ਛਮ ਰੋਂਦੇ ਪਿਆਰਿਆ ਸਾਨੂੰ ਹਰਦਮ ਤੇਰੀ ਖੋਜ ਅਸਾਂ ਮੁਹਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ੍ਹ ਅਸਾਂ ਰਹਿ ਗਏ ਕੱਲ ਮੁਕੱਲੜੇ ਸਾਡਾ ਵੈਰੀ ਹੋਇਆ ਕੁਲ ਸਾਡੇ ਨੈਣੀਂ ਨੀਂਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ ਹਰ ਰਾਤੀਂ ਛਵੀਆਂ ਮਾਰਦੇ ਸਾਨੂੰ ਲੇਫ ਸਰ੍ਹਾਣੇ ਖੇਸ ਆ ਕੋਟ ਮਿਠਣ ਦਿਆ ਵਾਲੀਆ ਲੈ ਝਬਦੇ ਸਾਡੀ ਸਾਰ ਇੱਕ ਤਿੱਖੜਾ ਨੈਣ ਨੁਕੀਲੜਾ ਸਾਡੇ ਦਿਲ ਥੀਂ ਹੋਇਆ ਪਾਰ ਸਾਨੂੰ ਚੜ੍ਹਿਆ ਤੱਈਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ ਸਾਨੂੰ ਬਿਰਹਣ ਜੋਕਾਂ ਲੱਗੀਆਂ ਸਾਡਾ ਲਿੱਤਾ ਲਹੂ ਨਿਚੋੜ ਅਸਾਂ ਆਪਣੇ ਹੀ ਗਲ਼ ਲੱਗ ਕੇ ਨਿੱਤ ਪਾਈਏ ਸੌ ਸੌ ਵੈਣ ਸਾਡੀ ਆ ਕਿਸਮਤ ਨੂੰ ਚੁੰਬੜੀ ਇੱਕ ਭੁਖਾਂ ਮਾਰੀ ਡੈਣ ਇਹਨੂੰ ਕੀਲੋ ਮੰਤਰ ਫੂਕ ਕੇ ਇਹਨੂੰ ਕੱਢੋ ਦੇਸੋਂ ਦੂਰ ਇਹ ਪਿਛਲ ਪੈਰੀਂ ਔਂਤਰੀ ਇੱਥੇ ਬਣ ਬਣ ਬੈ ਹੂਰ ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫਰਤ ਕੀਤਾ ਜ਼ੋਰ ਕਰ ਤੱਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚਲ ਚਲ ਹਫ ਗਏ ਸਾਹ ਨਿੱਤ ਫੰਧੇ ਬੁਣ ਬੁਣ ਸੁਖਨ ਦੇ ਅਸਾਂ ਖੁਦ ਨੂੰ ਦੇਂਦੇ ਫਾਹ ਸਾਨੂੰ ਵੇਲਾ 'ਪੱਛ' ਲਗਾਂਵਦਾ ਉੱਤੋਂ ਘੜੀਆਂ ਪਾਵਣ ਲੂਣ ਦਿਨ ਰਾਤਾਂ ਮੱਛ ਮੜੀਲੜੇ ਸਾਨੂੰ ਗਮ ਦੀ ਦਲਦਲ ਧੂਹਣ ਸਾਨੂੰ ਲੜਦੇ ਠੂੰਹੇਂ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ ਸਾਨੂੰ 'ਕੂੜੇ' ਕੂੜਾ ਆਖਦੇ ਕੀ ਦਈਏ ਅਸਾਂ ਦਲੀਲ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੂੰ ਲਾਡਲਾ ਬੋਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ ਲੈ ਫੈਜ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ ਤੂੰ ਨਫਰਤਾਂ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆਂ ਅਤਿ ਪਿਆਰ ਪਾ ਸੱਚ ਦੀ ਛਾਨਣੀ ਪਾਪ 'ਚੋਂ ਤੂੰ ਲੀਤਾ ਪੁੰਨ ਨਿਤਾਰ ਤੇਰਾ ਵਸੇ ਗੁਰੂ ਦੁਆਰੜਾ ਤੇਰਾ ਉੱਚਾ ਹੋਵੇ ਨਾਂ ਦਿਨ ਰਾਤੀਂ ਸੀਸਾਂ ਦੇਂਵਦੀ ਤੈਨੂੰ ਨਾਨਕ ਬੋਲੀ ਮਾਂ ਆ ਸ਼ਿਵ ਕੁਮਾਰਾ ਪਿਆਰਿਆ ਮੰਗ ਮਾਂ ਬੋਲੀ ਦੀ ਖੈਰ ਅਸਾਂ ਟੁਰ ਪਏ ਤੇਰੀ ਰਾਹ ਤੇ ਅਸਾਂ ਨੱਪੀ ਤੇਰੀ ਪੈੜ ਤੂੰ ਛੋਟੀ ਉਮਰੇ ਪਿਆਰਿਆ ਕੀਤਾ ਉਮਰੋਂ ਵੱਧ ਕਮਾਲ ਤੂੰ ਮਾਂ ਬੋਲੀ ਦਾ ਬੂਟੜਾ ਲਿਆ ਲਹੂ ਆਪਣੇ ਨਾਲ ਪਾਲ ਤੂੰ ਭੁੰਨੇ ਪੀੜ ਪਰਾਗੜੇ ਤੂੰ ਪੀਤੀ ਘੋਲ ਰਸਾਉਂਤ ਤੇਰਾ ਲਿਖਿਆ ਗਾਹ ਨਾ ਕੱਢਦੇ ਕਈ ਸੁਰ ਦੇ ਸ਼ਾਹ ਕਲਾਉਂਤ ਪਾ ਛਾਪਾਂ ਛੱਲੇ ਪੈਂਖੜਾਂ ਲਾ ਟਿੱਕਾ ਨੱਥ ਪੰਜੇਬ ਤੂੰ ਵਰਤ ਕੇ ਲਫਜ਼ ਅਨੋਖੜੇ ਭਰੀ ਮਾਂ ਬੋਲੀ ਦੀ ਜੇਬ ਤੁਸਾਂ ਸੱਭ ਸੁਚੱਜੇ ਸੁੱਚੜੇ ਰਲ ਪੇਸ਼ ਕਰੋ ਫਰਿਆਦ ਰੱਬ ਮਾਂ ਬੋਲੀ ਦਾ ਉੱਜੜਿਆ ਘਰ ਫੇਰ ਕਰੇ ਆਬਾਦ ਚਲ ਛੱਡ ਨਦੀਮੇ ਕਾਦਰੀ ਹੁਣ ਕਰ ਦੇ ਪੁਰ ਕਲਾਮ ਤੂੰ ਸੇਵਕ ਬੋਲੀ ਮਾਂ ਦਾ ਤੇਰਾ ਜੱਗ ਤੇ ਰਹਿਣਾ ਨਾਮ

ਦੋ ਚੋਂ ਇਕ ਨਿਤਾਰ ਨਈਂ ਹੁੰਦਾ

ਦੋ ਚੋਂ ਇਕ ਨਿਤਾਰ ਨਈਂ ਹੁੰਦਾ ਤਾਹੀਓਂ ਤੈਨੂੰ ਪਿਆਰ ਨਈਂ ਹੁੰਦਾ ਮੇਰੇ ਵਿਚ ਜੇ ਲੱਖਾਂ ਵਲ ਨੇਂ ਤੇਥੋਂ ਹੋਰ ਉਸਾਰ ਨਈਂ ਹੁੰਦਾ ! ਬੰਦਿਆਂ ਵਿਚ ਲਕੀਰਾਂ ਪਾ ਕੇ ਅੱਲ੍ਹਾ ਦੇ ਨਾਲ਼ ਪਿਆਰ ਨਈਂ ਹੁੰਦਾ ਜੇ ਉਹ ਅੰਦਰ ਬੋਲ ਪਵੇ ਤੇ ਇਸ ਦਾ ਮਤਲਬਦਾਰ ਨਈਂ ਹੁੰਦਾ ਮੈਨੂੰ ਆਪਣੇ ਨਾਲ਼ ਈ ਰੱਖੀਂ ਪਰਛਾਵੇਂ ਦਾ ਭਾਰ ਨਈਂ ਹੁੰਦਾ

ਜਿਹੜਾ ਦੁਨੀਆਂ ਦੀ ਨਜ਼ਰਾਂ ਵਿੱਚ

ਜਿਹੜਾ ਦੁਨੀਆਂ ਦੀ ਨਜ਼ਰਾਂ ਵਿੱਚ ਮਹਾਂ ਇੱਕ ਪਾਪ ਸੀ ਜਿੰਦੇ ਤੇਰੇ ਆਖਣ ਤੇ ਮੈਂ ਇਹ ਪੁੰਨ ਕਈ ਵਾਰ ਕਰ ਛੱਡਿਆ ਦਿਓ ਏ ਪਾਰਸਾਈ ਦਾ ਮੇਰੇ ਅੰਦਰ ਜੋ ਬੈਠਾ ਸੀ ਇੱਕੋ ਇਸ਼ਕੇ ਦੇ ਮੰਤਰ ਨੇ ਵਜੂਦੋਂ ਬਾਹਰ ਕਰ ਛੱਡਿਆ ਬੜੇ ਭਾਂਬੜ ਮੈਂ ਸੇਕੇ ਸੀ ਨਾ ਸੜਿਆ ਵਾਲ ਵੀ ਮੇਰਾ ਤੇਰੀ ਇੱਕ ਚਿਨਗ ਨੇ ਇਸ਼ਕਾ ਵੇ ਥੇ ਘਰ ਬਾਰ ਕਰ ਛੱਡਿਆ ਹਮੇਸ਼ਾ ਕਹਿੰਦਾ ਰਹਿੰਦਾ ਸੀ ਕਿਸੇ ਦਾ ਆਖਿਆ ਸੁਣਿਆ ਤੇਰੀ ਇੱਕ ਨਜ਼ਰ ਨੇ ਉਸਨੂੰ ਕਹਾਣੀ ਕਾਰ ਕਰ‌ ਛੱਡਿਆ ਕਿਸੇ ਨੂੰ ਏ ਗ਼ਿਲਾ ਤਨ ਤੇ ਸਾਡੇ ਪਾਟੀਆਂ ਲੀਰਾਂ ਕਿਸੇ ਨੂੰ ਪਾ ਪੁਸ਼ਾਕਾਂ ਅੰਦਰੋਂ ਤਾਰੋ ਤਾਰ ਕਰ ਛੱਡਿਆ ਜਿਹਦੀ ਸਮਝੇ ਨਾ ਆਉਂਦਾ ਸੀ ਪਸਾਰਾ ਜੱਗ ਦਾ ਏਡਾ ਤੂੰ ਕੀ ਉਸਨੂੰ ਪੜ੍ਹਾਇਆ ਜੱਗ ਦੀ ਸਮਝੋਂ ਬਾਹਰ ਕਰ ਛੱਡਿਆ।

ਜੋ ਰਹਿੰਦਾ ਸੀ ਅਧੂਰਾ ਕਰ ਲਿਆ ਏ

ਜੋ ਰਹਿੰਦਾ ਸੀ ਅਧੂਰਾ ਕਰ ਲਿਆ ਏ ਮੈਂ ਅਪਣਾ ਆਪ ਪੂਰਾ ਕਰ ਲਿਆ ਏ ਤੂੰ ਘੜਿਆ ਸੀ ਬੜੇ ਚਾਵਾਂ ਨਾ' ਜਿਹੜਾ ਮੈਂ ਬੁੱਤ ਓ ਹੱਥੀਂ ਚੂਰਾ ਕਰ ਲਿਆ ਏ ਹਯਾਤੀ ਮੈਂ ਦੇ ਚੱਕਰ ਵਿਚ ਗੁਜ਼ਾਰੀ ਮੈਂ ਤੂੰ ਲਈ ਤਿੰਨ ਤੰਬੂਰਾ ਕਰ ਲਿਆ ਏ ਸਾਂ ਅੱਧ ਮੋਇਆ ਤੇਰੇ ਮਿਲਣੇ ਤੋਂ ਪਹਿਲਾਂ ਤੂੰ ਸਾਹਵਾਂ ਨਾਲ਼ ਪੂਰਾ ਕਰ ਲਿਆ ਏ

ਸੱਚੀ ਸੰਗਤ ਯਾਰੀ ਕਿੱਥੇ

ਸੱਚੀ ਸੰਗਤ ਯਾਰੀ ਕਿੱਥੇ, ਕਬਰਾਂ ਦੇ ਵਿੱਚ ਬਾਰੀ ਕਿੱਥੇ, ਗੱਲ ਤੇ ਦੋ ਖੰਡ ਕਰ ਦੇਂਦੀ ਏ, ਇਸ ਤੋਂ ਤੇਜ਼ ਕਟਾਰੀ ਕਿੱਥੇ, ਰੂਪ ਤੇਰੇ ਦਾ ਨਕਸ਼ਾ ਖਿੱਚਾਂ, ਏਨੀ ਸੋਚ ਉਡਾਰੀ ਕਿੱਥੇ, ਮੈਨੂੰ ਇਸ਼ਕ ਵਲੇਂਵਾਂ ਪਾਇਆ, ਮੈਨੂੰ ਆਮ ਬਿਮਾਰੀ ਕਿੱਥੇ।

ਅੰਨ੍ਹਾ ਸ਼ਹਿਰ

ਮੈਂ ਸੂਰਜ ਪਰ ਮੇਰੇ ਆਲ ਦੁਆਲੇ ਚਾਮ ਚੜਿਕਾਂ ਕਿਸ ਨੂੰ ਹੋਣਾ ਦੱਸਾਂ ਉਥੇ ਕਾਲ਼ਖ ਜੰਮਿਆਂ ਹੱਕਾਂ ਬਾਜ਼ ਬਣਨ ਦਾ ਸੋਚ ਨਈਂ ਸਕਦੇ ਇਹ ਗਿਰਝਾਂ ਦੇ ਟੋਲੇ ਕਸਰਾਂ ਯੱਕੇ ਹੋ ਸਕਦੇ ਨੇਂ ਰੋਜ਼ ਅਜ਼ਲ ਦੇ ਗੋਲੇ ਚਾਮ ਚੜਿਕਾਂ ਦੀ ਵਸਤੀ ਵਿਚ ਨ੍ਹੇਰਾ ਚਾਨਣ ਹੂੰਦਾ ਤਾਹੀਓਂ ਏਸ ਨਗਰ ਦਾ ਸੂਰਜ ਮੱਥਾ ਫੜ ਕੇ ਰੋਂਦਾ

ਦੋ ਜਹਾਨਾਂ ਦਾ ਪਿਆਰ ਜਿੱਤਿਆ ਏ

ਦੋ ਜਹਾਨਾਂ ਦਾ ਪਿਆਰ ਜਿੱਤਿਆ ਏ ਇਸ਼ਕ ਬਾਜ਼ੀ 'ਚ ਯਾਰ ਜਿੱਤਿਆ ਏ ਦੌਲਤ ਅੱਗੇ ਤੂੰ ਹਾਰ ਮੰਨ ਲਈ ਏ ਮੈਂ ਇਹ ਸਭ ਕਾਰੋਬਾਰ ਜਿੱਤਿਆ ਏ ਉਸਨੇ ਜਿੱਤੀ ਖ਼ੁਦਾਈ ਜਿਸਨੇ ਵੀ ਯਾਰ ਦਾ ਇਤਬਾਰ ਜਿੱਤਿਆ ਏ ਤੈਨੂੰ ਮਿਲਿਆ ਏ ਤਾਜ ਵਿਰਸੇ ਵਿਚ ਮੈਂ ਇਹ ਹੋ ਕੇ ਖ਼ਵਾਰ ਜਿੱਤਿਆ ਏ

ਮਾਹੀ ਵੇ ਮਾਹੀ

ਮਾਹੀ ਵੇ ਮਾਹੀ, ਤੇਰੀ ਬੇਪਰਵਾਈ, ਨਾਲ ਮਸੀਤਾਂ ਸਾਈਆਂ, ਨਾਲੇ ਮੰਦਰਾਂ ਨਾਲ ਵਧਾਈ, ਮਾਹੀ ਵੇ ਮਾਹੀ, ਇਹ ਕੀ ਚਾਲਾਂ ਚੱਲੀਆਂ, ਮੱਕੇ ਦਾ ਸਿਰਨਾਵਾਂ ਦੇ ਕੇ, ਚਾਰੇ ਕੋਟਾਂ ਮੱਲੀਆਂ, ਮਾਹੀ ਵੇ ਮਾਹੀ, ਵੰਡਾਂ ਛੱਜ ਪਤਾਸੇ, ਹਰ ਪਾਸੇ ਹੁਣ ਤੁਈਓਂ ਦਿੱਸਦਾ, ਜਾਵਾਂ ਜਿਹੜੇ ਪਾਸੇ, ਮਾਹੀ ਵੇ ਮਾਹੀ, ਤੇਰੇ ਕੰਮ ਅਵੱਲੇ, ਅਕਲਾਂ ਵਾਲੇ ਰੁੱਲਦੇ ਫਿਰਦੇ, ਮੌਜਾਂ ਮਾਰਨ ਝੱਲੇ

ਚਾਅ ਤੋਂ ਚੋਖਾ ਦੂਰ ਏ ਸੀਨਾ

ਚਾਅ ਤੋਂ ਚੋਖਾ ਦੂਰ ਏ ਸੀਨਾ ਦਰਦਾਂ ਦੇ ਨਾਲ ਚੂਰ ਏ ਸੀਨਾ ਓਹਦੇ ਤੀਰ ਨੂੰ ਤਮਗਾ ਆਖੇ ਦਿਲ ਹੱਥੋਂ ਮਜਬੂਰ ਏ ਸੀਨਾ ਤਾਂਈਓਂ ਸੜਕੇ ਸੁਰਮਾਂ ਹੋਇਆ ਸੱਜਣ ਰੱਬ ਯਾ ਤੂਰ ਏ ਸੀਨਾ ਸਾਹਾਂ ਰਾਹੀਂ ਕੌਣ ਆਇਆ ਏ ਕਿਉਂ ਇੰਝ ਨੂਰੋ ਨੂਰ ਏ ਸੀਨਾ ਸਾਹ ਦੀ ਸੂਲੀ ਡੰਗਿਆ ਰਹਿਣਾ ਵੇਲੇ ਦਾ ਮਨਸੂਰ ਏ ਸੀਨਾ

ਔਖਾ ਸੀ ਪਰ ਹੋਇਆ ਬੜੀ ਅਸਾਨੀ ਨਾਲ

ਔਖਾ ਸੀ ਪਰ ਹੋਇਆ ਬੜੀ ਅਸਾਨੀ ਨਾਲ, ਵੇਖੋ ਅੱਗ ਯਰਾਨਾ ਕੀਤਾ ਪਾਣੀ ਨਾਲ। ਬਾਲ ਪੁਣੇ ਵਿਚ ਬਾਬਾ ਆਖਣ ਲੱਗ ਪਏ ਲੋਗ, ਤੌਬਾ ਕੈਸਾ ਹੋਇਆ ਹੱਥ ਜਵਾਨੀ ਨਾਲ। ਮੈਨੂੰ ਕੋਈ ਮੇਰੇ ਵਰਗਾ ਸਮਝੇਗਾ, ਮੈਂ ਲਿਖੀਆਂ ਤਹਰੀਰਾਂ ਅੱਖ ਦੇ ਪਾਣੀ ਨਾਲ। ਨਿਰਖਾਂ ਦਾ ਕੋਈ ਡਰ ਨਾ ਲੋੜ ਬਹਿਸ਼ਤਾਂ ਦੀ, ਐਥੇ ਓਥੇ ਰਹਿਣਾ ਆਪਣੇ ਹਾਣੀ ਨਾਲ। ਮਿੱਟੀ, ਪਾਣੀ, ਅੱਗ, ਹਵਾ ਨੂੰ ਇੱਕੋ ਥਾਂ, ਰਿੜਕ ਰਿਹਾਂ ਵਾਂ ਯਾਰੋ ਇਸ਼ਕ ਮਧਾਣੀ ਨਾਲ।