Poetry of Ghadar Lehar (Movement)
ਗ਼ਦਰ ਲਹਿਰ ਦੀ ਕਵਿਤਾ
26. ਨੌਜਵਾਨਾਂ ਦਾ ਕਸਦ
ਪਾ ਦਿਆਂਗੇ ਜਾਨ ਬੇਜਾਨ ਅੰਦਰ
ਸਾਨੂੰ ਫਖਰ ਹੈ ਵੀਰ ਪ੍ਰਦੇਸੀਆਂ ਤੇ, ਰੈਹਣ ਤੜਫਦੇ ਵਤਨ ਨੂੰ ਯਾਦ ਕਰਕੇ ।
ਦੇਖ ਬਸਤੀਆਂ ਵਸਦੀਆਂ ਖੂਬ ਗੈਰਾਂ, ਆਖਣ ਛਡਾਂਗੇ ਦੇਸ ਆਜ਼ਾਦ ਕਰਕੇ ।
ਜਿਸਨੇ ਪਿੰਜਰੇ ਪਾ ਜ਼ਲੀਲ ਕੀਤਾ, ਚੈਨ ਲਵਾਂਗੇ ਜ਼ਾਲਮ ਬਰਬਾਦ ਕਰਕੇ ।
ਨਹੀਂ ਭੁਲ ਗਏ ਗ਼ਦਰੀ ਸ਼ਹੀਦ ਸਾਨੂੰ, ਬਦਲੇ ਲਵਾਂਗੇ ਖੂਬ ਜਹਾਦ ਕਰਕੇ ।
ਜਿਨ੍ਹਾਂ ਖ਼ੂਨ ਸ਼ਹੀਦ ਵੰਗਾਰਿਆ ਏ, ਉਨ੍ਹੀਂ ਰੱਖਿਆ ਪੈਰ ਮੈਦਾਨ ਅੰਦਰ ।
ਰੱਖ ਤਲੀ ਤੇ ਸੀਸ ਲਲਕਾਰ ਦਿੱਤਾ, ਨਹੀਂ ਰਹਾਂਗੇ ਏਸ ਜ਼ੰਦਾਨ ਅੰਦਰ ।
ਭਾਰਤ ਬੌਹਤ ਰੁਲਿਆ ਪੈਰਾਂ ਹੇਠ ਹੀਰਾ, ਹੇਠੀ ਹੋਰ ਸਾਥੋਂ ਝੱਲੀ ਜਾਂਵਦੀ ਨਹੀਂ ।
ਜਿਸਦੀ ਮਾਂ ਯਾ ਬਾਪ ਅਸੀਰ ਹੋਵੇ, ਜਿਉਂਦੀ ਫਿਰੇ ਔਲਾਦ ਸੁਹਾਂਵਦੀ ਨਹੀਂ ।
ਤਾਹਨੇ ਤੀਰ ਬਣਕੇ ਸੀਨਾ ਚੀਰਦੇ ਨੇ, ਜਿਗਰ ਚੈਨ ਅੱਖੀਂ ਨੀਂਦ ਆਂਵਦੀ ਨਹੀਂ ।
ਅਸੀਂ ਇਕ ਦੂੰ ਇਕ ਮੁਕਾ ਦੇਣੀ, ਕੰਗ ਰੋਜ਼ ਵਾਲੀ ਰੱਖੀ ਜਾਂਵਦੀ ਨਹੀਂ ।
ਪੈਹਲਾਂ ਕਸਮ ਜਵਾਨੀ ਦੀ ਖਾ ਕੇ ਤੇ, ਪਿਛੋਂ ਨਿਕਲੇ ਹਾਂ ਅਸੀਂ ਘਮਸਾਨ ਅੰਦਰ ।
ਬਿਨਾ ਕੌਮ ਦੇ ਵੈਰੀ ਦਾ ਖ਼ੂਨ ਪੀਤੇ, ਮੁੜਕੇ ਜਾਏ ਨਾ ਤੇਗ ਮਿਆਨ ਅੰਦਰ ।
ਸਾਡਾ ਦੇਸ਼ ਜਿਨ ਲੁਟ ਕੰਗਾਲ ਕੀਤਾ, ਖਾਣ ਪੀਣ ਤਾਈਂ ਕੀਤਾ ਤੰਗ ਸਾਨੂੰ ।
ਸਾਡੀ ਆਬਰੂ ਮਿੱਟੀ ਚਿ ਰੋਲ ਦਿੱਤੀ, ਮੂੰਹ ਦਖੌਂਦਿਆਂ ਨੂੰ ਆਵੇ ਸੰਗ ਸਾਨੂੰ ।
ਹੱਦੋਂ ਵਧ ਜ਼ਲੀਲ ਰੁਸਵਾ ਹੋਏ, ਏਸ ਜੀਉਣ ਦੀ ਕੋਈ ਨਹੀਂ ਮੰਗ ਸਾਨੂੰ ।
ਗੈਰਤ ਟੁੰਬਿਆ ਏ ਖ਼ੂਨ ਜੋਸ਼ ਦਿੱਤਾ, ਖੜੇ ਆਣ ਕੀਤਾ ਖਾਤਰ ਜੰਗ ਸਾਨੂੰ ।
ਭਗਤ, ਰਾਜ, ਸੁਖ, ਦਾਸ, ਸ਼ਹੀਦ ਹੋਏ, ਭਾਂਬੜ ਉਠਿਆ ਨੌਜਵਾਨ ਅੰਦਰ ।
ਸ਼ੋਲਾ ਪੁਰੀਆਂ ਦੇ ਜਾਨਕੋਹ ਸਾਕਿਆਂ ਨੇ, ਦੋਹੀ ਫੇਰ ਦਿੱਤੀ ਹਿੰਦੋਸਤਾਨ ਅੰਦਰ ।
ਬੰਨ੍ਹੇ ਨੌਜਵਾਨਾਂ ਨੇ ਸਿਰੀਂ ਕੱਫ਼ਨ, ਭਾਰਤ ਲਾਲਾਂ ਦੇ ਸਿਰੀਂ ਦਸਤਾਰ ਹੈ ਨਹੀਂ ।
ਨਵੇਂ ਖ਼ੂਨ ਨੇ ਮਤਾ ਏਹ ਸੋਧ ਲੀਤਾ, ਸਾਡੀ ਜਿੰਦ ਯਾ ਜ਼ਾਲਮ ਸਰਕਾਰ ਹੈ ਨਹੀਂ ।
ਨਹੀਂ ਹਿੰਦ ਦੀ ਸੱਚੀ ਔਲਾਦ ਜਿਸਦਾ, ਸੀਨਾ ਅੰਦਰੋਂ ਬੇਕਰਾਰ ਹੈ ਨਹੀਂ ।
ਪੱਥਰ ਦਿਲਾਂ ਦੇ ਥਾਂ, ਬੁਤ ਲੱਕੜੀ ਦੇ, ਅੰਦਰ ਜਿਨ੍ਹਾਂ ਦੇ ਵਤਨ ਪਿਆਰ ਹੈ ਨਹੀਂ ।
ਅਸੀਂ ਨਿਕਲੇ ਹਾਂ ਜਾਨ ਤਲੀ ਧਰਕੇ, ਪਾ ਦਿਆਂਗੇ ਜਾਨ ਬੇਜਾਨ ਅੰਦਰ ।
ਜ਼ੋਰ ਬਾਜ਼ੂ 'ਇਕਬਾਲ' ਅਜ਼ਮੌਣ ਆਏ, ਤਾਹੀਓਂ ਪਿਆ ਤਰਥੱਲ ਜਹਾਨ ਅੰਦਰ ।
(ਕਸਦ=ਮਕਸਦ,ਉਦੇਸ਼, ਜ਼ੰਦਾਨ=ਜ਼ਿੰਦਾਂ,ਜੇਹਲ, ਅਸੀਰ=ਕੈਦੀ, ਰੁਸਵਾ=ਬਦਨਾਮ)
27. ਉਹ ਕੀ ਜਾਣਦੇ ਅਟਕ ਰੁਕਾਵਟਾਂ ਨੂੰ, ਜੰਗੀ ਵਿੱਦਯਾ ਜਿਨ੍ਹਾਂ ਨੂ ਆਈ ਹੋਵੇ
ਔਣਾਂ ਸਫਲ ਜਹਾਨ ਦੇ ਵਿਚ ਉਸਦਾ, ਜਿੰਦ ਅਰਥ ਮਜਲੂਮਾਂ ਦੇ ਲਾਈ ਹੋਵੇ ।
ਧੰਨ ਉਹ ਤੇ ਉਸ ਦੀ ਧੰਨ ਮਾਤਾ, ਸਿੱਖਿਆ ਏਕ ਸਮਾਨ ਸਿਖਾਈ ਹੋਵੇ ।
ਰੱਖਣ ਕੌਮ ਤੇ ਦੇਸ਼ ਦੀ ਸ਼ਾਨ ਬਦਲੇ, ਜਿੰਦ ਸੂਲੀ ਦੇ ਨਾਲ ਲਟਕਾਈ ਹੋਵੇ ।
ਮਾਣ ਖੋਰਿਆਂ ਬੋਲਿਆਂ ਲੀਡਰਾਂ ਦੇ, ਕੰਨਾਂ ਤਾਈਂ ਆਵਾਜ਼ ਸੁਣਾਈ ਹੋਵੇ ।
ਜ਼ਾਲਮ ਸ਼ਾਹੀ ਗੁਮਾਨ ਵਿਚ ਮੱਤੀ ਹੋਈ ਦੀ, ਨਾਲ ਬੰਬਾਂ ਦੇ ਬੰਬ ਬੁਲਾਈ ਹੋਵੇ ।
ਨਹੀਂ ਝਿਜਕ ਗੰਭੀਰ ਅਟੱਲ ਰੈਹਕੇ, ਸੂਰਮਤਾਈ ਦੀ ਰੀਤ ਦਿਖਾਈ ਹੋਵੇ ।
ਉਹ ਕੀ ਜਾਣਦੇ ਅਟਕ ਰੁਕਾਵਟਾਂ ਨੂੰ, ਜੰਗੀ ਵਿੱਦਯਾ ਜਿਨ੍ਹਾਂ ਨੂ ਆਈ ਹੋਵੇ ।
ਨਾਮ ਉਨ੍ਹਾਂ ਦਾ ਵਿਚ ਜਹਾਨ ਰੌਸ਼ਨ, ਜਿਨ੍ਹਾਂ ਜ਼ੁਲਮ ਦੀ ਘੰਡ ਬਹਾਈ ਹੋਵੇ ।
ਉਨ੍ਹਾਂ ਪਾਵਣਾ ਕੀ ਆਜ਼ਾਦੜੀ ਨੂੰ, ਚੇਹਰੇ ਜਿਨ੍ਹਾਂ ਦੇ ਮੂਰਛਾ ਛਾਈ ਹੋਵੇ ।
ਜਿਸਦੇ ਤਨ ਅੰਦਰ ਹੋਵੇ ਰੱਤ ਨਾਹੀਂ, ਜੰਗ ਸੁਣਦਿਆਂ ਧੋਤੀ ਖਸਕਾਈ ਹੋਵੇ ।
ਕੀਤਾ ਘਰ ਹੋਵੇ ਜਿਥੇ ਸ਼ਾਂਤੀ ਨੇ, ਉਮਰ ਵਿਚ ਗ਼ੁਲਾਮੀ ਗੁਵਾਈ ਹੋਵੇ ।
ਇਨ੍ਹਾਂ ਉਸਦੀ ਨਕਲ ਉਤਾਰਨੀ ਕੀ, ਜਿਸਨੇ ਤਲੀ ਤੇ ਜਾਨ ਟਕਾਈ ਹੋਵੇ ।
ਰੱਖੋ ਜ਼ਰਾ ਨਾ ਵਰਤ ਵਰਤਾ ਉਸ ਨਾਂ, ਜਿਸਦੀ ਨਾਲ ਫਰੰਗ ਸਫਾਈ ਹੋਵੇ ।
ਹੈ ਮਿਤਰ ਗੂਹੜਾ ਜਾਣੋਂ ਉਹ ਜਿਸਦੀ, ਜ਼ਾਲਮ ਸ਼ਾਹੀ ਦੇ ਨਾਲ ਲੜਾਈ ਹੋਵੇ ।
ਭਲਾ ਚੌਹਣ ਵਾਲਾ ਸਭ ਦਾ ਉਹ ਜਿਸਦੀ, ਏਕ ਮਈ ਦੀ ਬਣਤ ਬਣਾਈ ਹੋਵੇ ।
ਰੱਖੇ ਫਰਕ ਨਾ ਸਭ ਨੂੰ ਏਕ ਸਮਝੇ, ਊਚ ਨੀਚ ਭੀ ਦਿਲੋਂ ਚੁਕਾਈ ਹੋਵੇ ।
ਹੋਵੇ ਈਰਖਾ ਦਵੈਖ ਦਾ ਸਾੜਿਆ ਜੋ, ਸਦਾ ਲੋੜਦਾ ਮਾਣ ਵਡਿਆਈ ਹੋਵੇ ।
ਤੱਕੋ ਆਸ ਉਮੈਦ ਨਾ ਉਸ ਕੋਲੋਂ, ਮੁੱਢੋਂ ਕੌਮ ਦੀ ਕੀਤੀ ਬੁਰਿਆਈ ਹੋਵੇ ।
ਕੀੜਾ ਗੰਦਕੀ ਦਾ ਥਾਂ ਰਹੇ ਗੰਦੇ, ਮਾੜੇ ਕੰਮਾਂ ਚਿ ਜਿੰਦ ਗਵਾਈ ਹੋਵੇ ।
ਓਹੀ ਸੜੇ ਪਤੰਗ ਦੇ ਵਾਂਗ 'ਜਾਚਕ', ਜਿਸਨੇ ਦੀਦ ਆਜ਼ਾਦੀ ਦੀ ਪਾਈ ਹੋਵੇ ।
28. ਜੇਹੜੀ ਮਾਈ ਦੇ ਪੁਤ ਕਪੁਤ ਹੋਵਨ, ਪੱਤ ਜ਼ਾਲਮਾਂ ਹੱਥੋਂ ਲਹਾਂਵਦੀ ਏ
ਬਾਗ ਮੌਲਿਆ ਟਹਕਦੇ ਫੁਲ ਵਾਂਗੂੰ, ਭਰੀ ਮੈਹਕ ਚੁਫੇਰਿਓਂ ਆਂਵਦੀ ਏ ।
ਚੈਹਕਣ ਬੁਲਬੁਲਾਂ ਤੇ ਮੋਰ ਪੌਣ ਪੈਲਾਂ, ਕੋਇਲ ਗੀਤ ਆਜ਼ਾਦੀ ਦੇ ਗਾਂਵਦੀ ਏ ।
ਵਾਂਗ ਬੰਸਰੀ ਦੇ ਮਿਠ ਬੋਲੜੀ ਏਹ, ਦਿਲਾਂ ਸਾਰਿਆਂ ਨੂੰ ਮੋਂਹਦੀ ਜਾਂਵਦੀ ਏ ।
ਉਠੋ ਹਿੰਦੀਓ ਵੇ, ਪਈ ਹੋਕ ਦੇਵੇ, ਫਿਰੇ ਨਾਦ ਆਜ਼ਾਦੀ ਵਜਾਂਵਦੀ ਏ ।
ਸੁਤੇ ਘੂਕ ਹਿੰਦੀ ਪਾਸਾ ਪਰਤਦੇ ਨਹੀਂ, ਤੇ ਆਖਣ ਕਾਸਨੂੰ ਸ਼ੋਰ ਮਚਾਂਵਦੀ ਏ ।
ਦਿਸਨ ਠੀਕ ਨਾ ਹੋਸ਼ ਹਵਾਸ ਹਿੰਦੀ, ਸੋਹਣੀ ਵਾਸਤੇ ਪਾ ਗਵਾਂਵਦੀ ਏ ।
ਤਾਹਨੇ ਮਾਰਦਾ ਕੁਲ ਜਹਾਨ ਸਾਨੂੰ, ਹਿੰਦ ਮਾਤ ਸੁਣ ਬਹੁਤ ਸ਼ਰਮਾਂਵਦੀ ਏ ।
ਜੇਹੜੀ ਮਾਈ ਦੇ ਪੁਤ ਕਪੁਤ ਹੋਵਨ, ਪੱਤ ਜ਼ਾਲਮਾਂ ਹੱਥੋਂ ਲਹਾਂਵਦੀ ਏ ।
ਅਣਖ ਹੀਨ ਔਲਾਦ ਤੇ ਤਾਣ ਕੋਈ ਨਹੀਂ, ਧੱਕੇ ਠੋਕਰਾਂ ਦਰ ਦਰ ਖਾਂਵਦੀ ਏ ।
ਆਖੇ ਆਸ ਨਿਰਲੱਜ ਔਲਾਦ ਤੋਂ ਨਹੀਂ, ਨੈਣੋਂ ਛੱਮ ਛੱਮ ਨੀਰ ਬਹਾਂਵਦੀ ਏ ।
ਘਰ ਦੀ ਕੰਗ ਨੇ ਕੌਮ ਲਤਾੜ ਸੁੱਟੀ, ਭਾਈ, ਭਾਈ ਦੇ ਨਾਲ ਟਕਰਾਂਵਦੀ ਏ ।
ਰੁਲਦੇ ਵਿਚ ਪਰਦੇਸ ਨਾ ਹੋਸ਼ ਆਵੇ, ਦੁਨੀਆਂ ਦੇਖਕੇ ਸ਼ਰਮ ਨਾ ਆਂਵਦੀ ਏ ।
ਸਦਾ ਚੱਕੀਏ ਛੱਟ ਬਗਾਨਿਆਂ ਦੀ, ਸਾਰੀ ਉਮਰ ਗੁਲਾਮੀ ਚਿ ਜਾਂਵਦੀ ਏ ।
ਪੂੰਜੀਦਾਰੀ ਦੀ ਅਲਖ ਮੁਕਾ ਦੇਈਏ,ਜੇਹੜੀ ਜੱਗ ਵਿਚ ਪਿੱਟਣੇ ਪਾਂਵਦੀ ਏ ।
ਜੇਹਲੀਂ ਡੱਕ ਕੇ ਤੇ ਫਾਂਸੀ ਚਾੜ੍ਹ ਕਿਰਤੀ, ਵਾਂਗ ਘਾਣੀਆਂ ਪਈ ਪਿੜਾਂਵਦੀ ਏ ।
ਲਹੂ ਪੀ ਨਤਾਣਿਆਂ ਕਿਰਤੀਆਂ ਦਾ, ਖੂਨੀ ਅੱਖੀਆਂ ਕੱਢ ਦਖਾਂਵਦੀ ਏ ।
ਬੁਰੀ ਨਸਲ ਗੋਰੀ, ਕੌਮ ਡਾਕੂਆਂ ਦੀ, ਮਸਤੀ ਨਾਲ ਵਿਚ ਖ਼ੂਨ ਫਿਰ ਨਾਂਵਦੀ ਏ ।
ਜ਼ੁਲਮੀ ਰਾਜ ਦਾ ਖਾਤਮਾ ਕਰਨ ਖਾਤਰ, ਜੁਗ ਗਰਦੀ 'ਇਕਬਾਲ' ਨੂੰ ਭਾਂਵਦੀ ਏ ।
29. ਹਿੰਦ ਲੁੱਟ ਫਰੰਗੀਆਂ ਚੌੜ ਕੀਤਾ (ਬੈਂਤ)
ਹਿੰਦ ਲੁੱਟ ਫਰੰਗੀਆਂ ਚੌੜ ਕੀਤਾ, ਦੁਨੀਆਂ ਦੇਖ ਕੇ ਹੋਈ ਹੈਰਾਨ ਲੋਕੋ ।
ਪੈਸਾ ਸੂਤ ਸਾਰਾ ਹਿੰਦ ਦੇਸ਼ ਵਾਲਾ, ਇੰਗਲੈਂਡ ਦੇ ਵਿਚ ਲੈ ਜਾਣ ਲੋਕੋ ।
ਲੁੱਟੀ ਲਈ ਜਾਂਦੇ ਦਿਨੇ ਰਾਤ ਡਾਕੂ, ਭੁੱਖੇ ਮਰਨ ਗਰੀਬ ਕਰਸਾਨ ਲੋਕੋ ।
ਤਲਬਾਂ ਚੰਗੀਆਂ ਦੇਵੰਦੇ ਗੋਰਿਆਂ ਨੂੰ, ਖਾਣ ਪੀਣ ਤੇ ਐਸ਼ ਉਡਾਨ ਲੋਕੋ ।
ਛੋਲੇ ਚੱਬ ਕੇ ਕਰਨ ਗੁਜ਼ਰਾਨ ਸਾਰੇ, ਫੌਜੀ ਸਿੰਘ ਹਿੰਦੂ ਮੁਸਲਮਾਨ ਲੋਕੋ ।
ਗੋਰੇ ਲੜਨ ਵੇਲੇ ਰੈਂਹਦੇ ਆਪ ਪਿੱਛੇ, ਦੂਰੋਂ ਖੜ੍ਹੇ ਹੀ ਹੁਕਮ ਚਲਾਨ ਲੋਕੋ ।
ਇਕ ਦੂਸਰੇ ਵਿਚ ਏਹ ਫੁਟ ਪਾ ਕੇ, ਆਪ ਵਜਦੇ ਨੇ ਸਾਹਿਬਾਨ ਲੋਕੋ ।
ਲੜਨ ਮਰਨ ਨੂੰ ਅਸੀਂ ਹੁਨ ਅਗੇ ਕੀਤੇ, ਜਾ ਕੇ ਮਿਸਰ ਅਫਰੀਕਾ ਈਰਾਨ ਲੋਕੋ ।
ਤਾਕਤ ਹੋਈ ਇੰਗਲੈਂਡ ਦੀ ਬਹੁਤ ਥੋੜੀ, ਬਲ ਹਿੰਦ ਦੇ ਧੂੜ ਧੁਮਾਨ ਲੋਕੋ ।
ਕਦੋਂ ਗ਼ਦਰ ਵਾਲਾ ਵਕਤ ਆਵੇ ਛੇਤੀ, ਸੁਣੇ ਬੇਨਤੀ ਰੱਬ ਰੈਹਮਾਨ ਲੋਕੋ ।
ਕਦੋਂ ਅਲੀ ਅਲੀ ਕਰਕੇ ਲੜਨ ਗਾਜ਼ੀ, ਕਰਨ ਪਾਜੀਆਂ ਦੀ ਤੰਗ ਜਾਨ ਲੋਕੋ ।
ਕਿਯੋਂ ਨਾ ਖਿੱਚ ਤਲਵਾਰ ਰਾਜਪੂਤ ਲੜਦੇ, ਜੇਹੜੀ ਮੁਢੋਂ ਸੀ ਏਨ੍ਹਾਂ ਦੀ ਬਾਣ ਲੋਕੋ ।
ਕਦੋਂ ਖਾਲਸਾ ਧੂ ਕੇ ਤੇਗ ਨੰਗੀ, ਲੌਹਣ ਗੋਰਿਆਂ ਦੇ ਆ ਕੇ ਘਾਣ ਲੋਕੋ ।
ਔਣ ਸੂਰਮੇ ਹੌਸਲੇ ਨਾਲ ਚੜ੍ਹ ਕੇ, ਲੇਖਾ ਗੋਰਿਆਂ ਨਾਲ ਮੁਕਾਨ ਲੋਕੋ ।
ਦਗੇਬਾਜ਼ ਜੋ ਕੌਮ ਇੰਗਰੇਜ਼ ਦੀ ਹੈ, ਏਹਨਾਂ ਬਕਰੇ ਵਾਂਗ ਝਟਕਾਨ ਲੋਕੋ ।
ਜਾਲਮ ਫਿਰਨ ਤਰੈਹਕਦੇ ਵਾਂਗ ਹਰਨਾਂ, ਮਾਝਾ ਮਾਲਵਾ ਜਦੋਂ ਮਿਲ ਜਾਨ ਲੋਕੋ ।
ਸਾਡੇ ਬੀਰ ਸਾਵਰਕਰ ਜੇਹੇ ਦਰਦੀ, ਘੱਲੇ ਤਿਲਕ ਜੈਸੇ ਅੰਡੇਮਾਨ ਲੋਕੋ ।
ਅਜੀਤ ਸਿੰਘ ਜੈਸੇ ਸੂਰ ਬੀਰ ਬਾਂਕੇ, ਵਧਨ ਦੇਣ ਨਾ ਜੇਹੜੇ ਲਗਾਨ ਲੋਕੋ ।
ਪਏ ਘੁੰਮਦੇ ਫਿਰਨ ਪਰਦੇਸ ਅੰਦਰ, ਖਾਤਰ ਦੇਸ਼ ਦੀ ਕਸ਼ਟ ਉਠਾਨ ਲੋਕੋ ।
ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ, ਦੁਸ਼ਟ ਰਾਜ ਦਾ ਮਿਟੇ ਨਸ਼ਾਨ ਲੋਕੋ ।
(ਲੇਖਕ ਦੇਸ ਪ੍ਰੇਮੀ, ਜਨਵਰੀ-1914)
30. 10 ਮਈ 1857 ਦੇ ਗ਼ਦਰ ਦੀ ਯਾਦਗਾਰ
ਦਿਲਾ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਨਾ ਕੀ ।
ਏਸੇ ਰੋਜ਼ ਆਜ਼ਾਦੀ ਦਾ ਜੰਗ ਛਿੜਿਆ, ਵਕਤ ਖੁਛੀ ਦਾ ਗਮੀ ਲਿਆਵਣਾ ਕੀ ।
ਏਸੇ ਰੋਜ਼ ਪਲਾਸੀ ਦੀ ਜੰਗ ਹੋਈ, ਐਸਾ ਖੁਛੀ ਦਾ ਰੋਜ਼ ਭੁਲਾਵਨਾ ਕੀ ।
ਆਪਸ ਵਿਚ ਭਾਵੇਂ ਲੜ ਕੇ ਹਾਰ ਆਈ, ਸਿੱਖੋ ਸਬਕ ਹੁਣ ਮਨੋ ਭੁਲਾਵਨਾ ਕੀ ।
ਅਸੀਂ ਲੜਾਂਗੇ ਕਰਾਂਗੇ ਗਦਰ ਜਲਦੀ, ਖਬਰਦਾਰ ਹੋ ਚਿੱਤ ਡੁਲਾਵਨਾ ਕੀ ।
ਗੋਰੇ ਗੱਲ ਕੀ ਏ ? ਜਦੋਂ ਉੱਠ ਬੈਠੇ, ਏਹਨਾ ਬਾਂਦਰਾਂ ਤੋਂ ਖੌਫ਼ ਖਾਵਣਾ ਕੀ ।
ਅੱਗ ਲੱਗ ਚੁੱਕੀ ਜੇਹੜੀ ਨਹੀਂ ਬੁਝਦੀ, ਹੋਊ ਗ਼ਦਰ ਜਰੂਰ ਹਟਾਵਣਾ ਕੀ ।
ਕਿਲਾ ਦੇਸ਼ ਪਰੇਮ ਦਾ ਬੜਾ ਪੱਕਾ, ਨਹੀਂ ਟੁੱਟਣਾ ਦਿਲ ਦੈਹਲਾਵਣਾ ਕੀ ।
ਸਾਰੀ ਕੌਮ ਨੂੰ ਗ਼ਦਰ ਦੀ ਖਬਰ ਲਗੀ, ਹੁਣ ਤਾਨ ਫਰੰਗ ਨੇ ਲਾਵਨਾ ਕੀ ।
ਹੋਊ ਯੁੱਧ ਆਜ਼ਾਦੀ ਦਾ ਬੌਹਤ ਭਾਰੀ, ਲੱਗੀ ਖ਼ਬਰ ਤੇ ਪਿੱਛਾਂ ਨੂੰ ਜਾਵਣਾ ਕੀ ।
ਮੁੱਦਤ ਗੁਜ਼ਰ ਗਈ ਏ ਦੁੱਖ ਸੈਂਹਦਿਆਂ ਦੀ, ਹੋਣੀ ਜਿਤ ਹੁਣ ਵਕਤ ਗੁਆਵਣਾ ਕੀ ।
ਜਲਦੀ ਉਠ ਤੇ ਤਿਯਾਰ ਬਰ ਤਿਯਾਰ ਹੋ ਜਾ, ਬੋਲ ਗੱਜ ਕੇ ਮਨੋ ਸ਼ਰਮਾਵਣਾ ਕੀ ।
ਪੁੱਛ ਗ਼ਦਰ ਪਰੇਮੀਆਂ ਸਾਰਿਆਂ ਨੂੰ, ਸਾਫ਼ ਸਾਫ਼ ਐਵੇਂ ਪੇਚ ਪਾਵਣਾ ਕੀ ।
ਕੌਣ ਤਿਯਾਰ ਹੁੰਦਾ ਮਾਲਕ ਜਾਵਣੇ ਨੂੰ, ਕਰਨਾ ਗ਼ਦਰ ਕੈਹ ਸਾਫ਼, ਸ਼ਰਮਾਵਣਾ ਕੀ ।
ਥੋੜੇ੍ਹ ਦਿਨਾਂ ਦੇ ਵਿਚ ਤਿਯਾਰ ਹੋ ਜਾਓ, ਜਿਸ ਦੀ ਖੁਸ਼ੀ ਆ ਮਿਲੇ ਅਟਕਾਵਣਾ ਕੀ ।
ਖਬਰਦਾਰ ਖੁਫ਼ੀਆ ਰਾਜ਼ ਰੱਖ ਖੁਫ਼ੀਆ, ਉੱਚਾ ਬੋਲ ਕੇ ਸ਼ੋਰ ਮਚਾਵਣਾ ਕੀ ।
ਆਹਾ ਹਸਰਤ ਮੁਹਾਣੀ ਦੀ ਦੇਖ ਹਿੱਮਤ, ਦਿਲ ਸਿੰਘ ਅਜੀਤ ਦਾ ਢਾਵਣਾ ਕੀ ।
ਦਸ ਦਸ ਸਾਲ ਦੇ ਬੱਚੇ ਸ਼ਹੀਦ ਹੋਏ, ਖਾਤਰ ਦੇਸ਼ ਦੀ ਜ਼ੁਲਮ ਭੁਲਾਵਣਾ ਕੀ ।
ਸਾਕਾ ਯਾਦ ਵੀਰੋ ਅਜੇ ਕਾਨਪੁਰ ਦਾ, ਹੋਯਾ ਕੱਲ੍ਹ ਜੋ ਮਨੋਂ ਭੁਲਾਵਣਾ ਕੀ ।
ਕੇਹੜੀ ਗੱਲ ਪਿੱਛੇ ਐਡੀ ਡੇਰ ਲਾਈ, ਮੁਲਕ ਪੌਾਹਚ ਛੇਤੀ ਡੇਰੀ ਲਾਵਣਾ ਕੀ ।
ਕੰਮ ਕਾਰ ਮਾਯਾ ਲੋਭ ਛੱਡ ਏਥੇ, ਕੂੜੇ ਧੰਦਿਆਂ ਚਿੱਤ ਫਸਾਵਨਾ ਕੀ ।
ਜੇ ਕਰ ਜਾਣਦਾ ਹੈਂ ਅੰਤ ਛੰਡ ਦੇਣੀ, ਅੱਜੋ ਛੱਡ ਛੇਤੀ ਡੇਰੀ ਲਾਵਣਾ ਕੀ ।
ਝੂਠੇ ਮਜ਼ਹਬੀ ਝਗੜਿਆਂ ਝੇੜਿਆਂ ਦਾ, ਗਲੋਂ ਤੋੜ ਫ਼ਾਹਾ ਗਲ੍ਹੇ ਪਾਵਣਾ ਕੀ ।
ਹਿੰਦੋਸਤਾਨ ਦੇ ਨਾਮ ਤੋਂ ਵਾਰ ਜਲਦੀ, ਝੂਠੀ ਜਾਨ ਦਾ ਮੋਹ ਵਧਾਵਣਾ ਕੀ ।
ਲੈਕਚਰ ਸੁਨਦਿਆਂ ਸੁਨਦਿਆਂ ਡੇਰ ਹੋਈ, ਸੋਹਣਾ ਵਕਤ ਏਹ ਵਕਤ ਗੁਆਵਣਾ ਕੀ ।
ਡਾਹਡਾ ਜੋਸ਼ ਮਨ ਵਿੱਚ ਹਿੰਦੋਸਤਾਨੀਆਂ ਦੇ, ਜਲਦੀ ਤੋਰ ਤੁਰ ਆਪ ਅਟਕਾਵਣਾ ਕੀ ।
ਈਦੋਂ ਬਾਦ ਤੰਬਾ ਭਲਾ ਕੰਮ ਕੇਹੜੇ, ਸੁਖ਼ਨ ਯਾਦ ਕਰ ਮਨੋਂ ਭੁਲਾਵਣਾ ਕੀ ।
ਨਾਮ ਸਿੰਘ ਰਾਜਪੂਤ ਤੇ ਖਾਨ ਧਰ ਕੇ, ਜ਼ੁਲਮ ਦੇਖ ਕੇ ਹੱਥ ਖਸਕਾਵਣਾ ਕੀ ।
(ਜੂਨ 1914)
31. ਸੋਚ ਵਿਚਾਰ-ਖੋਲ੍ਹੋ ਅੱਖੀਆਂ ਜਰਾ ਹੁਸ਼ੇਆਰ ਹੋਜੋ
ਖੋਲ੍ਹੋ ਅੱਖੀਆਂ ਜਰਾ ਹੁਸ਼ੇਆਰ ਹੋਜੋ, ਮੁਸਲਮਾਨ ਹਿੰਦੂ ਹਿੰਦੋਸਤਾਨ ਵਾਲੇ ।
ਝੂਠੇ ਝਗੜੇਆਂ ਨੇ ਸਾਡਾ ਨਾਸ ਕੀਤਾ, ਗੋਰੋ ਲੁੱਟਦੇ ਪੁਤ ਸ਼ੈਤਾਨ ਵਾਲੇ ।
ਕਈ ਮਸਜਦੀਂ ਬੈਠ ਗੁਜਰਾਨ ਕਰਦੇ, ਕੰਮ ਜਾਨਦੇ ਨਾ ਮੁਸਲਮਾਨ ਵਾਲੇ ।
ਕਈ ਮੌਨਧਾਰੀ ਬਨੇ ਸਾਧ ਫਿਰਦੇ, ਜੈਸੇ ਜਾਨਵਰ ਹੈਂ ਬੀਆਵਾਨ ਵਾਲੇ ।
ਕਈ ਸਿੰਘ ਸੂਰੇ ਅੱਖਾਂ ਮੀਟ ਬੈਠੇ, ਨਹੀਂ ਜਾਣਦੇ ਕੰਮ ਇੰਨਸਾਨ ਵਾਲੇ ।
ਕਈ ਸੰਤ ਮਹਾਤਮਾਂ ਬਨੇ ਫਿਰਦੇ, ਗਲਾਂ ਥੋੜ੍ਹੀਆਂ ਤੋਂ ਘਬਰਾਨ ਵਾਲੇ ।
ਉਲਟੇ ਝਗੜਦੇ ਕੁਲ ਜਹਾਨ ਨਾਲੋਂ, ਆਪੇ ਕੈਹਨ ਹਾਂ ਅਸੀਂ ਦੀਵਾਨ ਵਾਲੇ ।
ਬਗਲਾ ਡੁਬੇਆ ਹੰਸ ਕੀ ਰੀਸ ਕਰਕੇ, ਨਹੀਂ ਜਾਨਦਾ ਢੰਗ ਤਰ ਜਾਨ ਵਾਲੇ ।
ਗਿਆ ਉਲਟ ਜਮਾਨੇ ਦਾ ਰੰਗ ਯਾਰੋ, ਰਹੇ ਵਕਤ ਨਾ ਦੇਰ ਲਗਾਨ ਵਾਲੇ ।
ਬੇਈਮਾਨਾਂ ਦੇ ਪੁੱਤ ਸ਼ੈਤਾਨ ਜੇੜ੍ਹੇ, ਭੇਦ ਗੋਰੇਆਂ ਕੋਲ ਬਤਾਨ ਵਾਲੇ ।
ਮਚੁਗਲ ਖ਼ੋਰ ਨੂੰ ਲੁੱਟ ਕੰਗਾਲ ਕਰਨਾ, ਘਰ ਫੂਕ ਦੇਣੇ ਬੇਈਮਾਨ ਵਾਲੇ ।
ਹਥ ਕੰਗਨੇ ਮੌਤ ਦੇ ਬੰਨ੍ਹ ਲੈਣੇ, ਜੰਜ ਗੋਰੇਆਂ ਦੇ ਘਰੀਂ ਜਾਨ ਵਾਲੇ ।
ਐਸੇ ਆਦਮੀ ਕਰਨ ਗ੍ਰਫਤਾਰ ਕਾਨੂੰ, ਜੇੜੇ ਮੌਤ ਕੋਲੋਂ ਡਰ ਜਾਨ ਵਾਲੇ ।
ਹਿੰਦੋਸਤਾਨ ਅੰਧੇਰ ਗੁਬਾਰ ਦਿੱ ਸੇ, ਕਰੋ ਤਿਆਰੀਆਂ, ਸ਼ਮ੍ਹਾ ਜਗਾਨ ਵਾਲੇ ।
ਰਹੀ ਬੁਜ਼ਦਿਲਾਂ ਦੀ ਨਹੀਂ ਲੋੜ ਕੋਈ, ਆਓ ਹਥ ਦਾ ਹੁਨਰ ਦਖਲਾਨ ਵਾਲੇ ।
ਭੱਜ ਜਾਣਗੇ ਐਸ ਮੈਦਾਨ ਵਿਚੋਂ, ਵਾਂਗ ਔਰਤਾਂ ਦੇ ਡਰ ਜਾਨ ਵਾਲੇ ।
ਭਾਈ ਮੇਰੇਓ ਜਰਾ ਖਿਆਲ ਕਰਨਾ, ਰਖੋ ਹੌਸਲਾ ਜੰਗ ਮਚਾਨ ਵਾਲੇ ।
ਕਲਮ ਸਿਆਹੀ ਦਾ ਖਾਤਮਾ ਨਹੀਂ ਹੁੰਦਾ, ਨਹੀਂ ਮੁਕਦੇ ਹਰਫ ਜ਼ਬਾਨ ਵਾਲੇ ।
ਬਨੋ ਮਰਦ ਗਾਜ਼ੀ ਮੁਸਲਮਾਨ ਸਾਰੇ, ਆਓ ਸਿੰਘ ਸ਼ਹੀਦੀਆਂ ਪਾਨ ਵਾਲੇ ।
ਜਾਰਜ ਬਾਦਸ਼ਾਹ ਦਾ ਕਰੋ ਗਰਕ ਬੇੜਾ, ਪਰੈਜੀਡੰਟ ਦੇ ਝੰਡੇ ਝੁਲਾਨ ਵਾਲੇ ।
ਪੈਹਲਾਂ ਮਾਰ ਲੈਣਾ ਦੇਸੀ ਕੁਤੇਆਂ ਨੂੰ, ਜੇੜੇ ਗੋਰੇਆਂ ਦੀ ਘਰੀ ਜਾਨ ਵਾਲੇ ।
ਗ਼ਦਰ ਪਾਰਟੀ ਨੂੰ ਨਹੀਂ ਲੋੜ ਕੋਈ, ਜੋੜੇ ਆਪਨਾ ਆਪ ਛਪਾਨ ਵਾਲੇ ।
ਪਿੰਡਾਂ ਵਾਲਿਓ ਮਾਮਲੇ ਬੰਦ ਕਰ ਲੋ, ਕਰੋ ਤਿਆਰੀਆਂ ਲੁੱਟ ਮਚਾਨ ਵਾਲੇ ।
ਜਾਂਦੇ ਬੈਠ ਕੇ ਸੋਚਨਾ ਨਹੀਂ ਚੰਗਾ, ਆਓ ਤੋਪ ਬੰਦੂਕ ਚਲਾਨ ਵਾਲੇ ।
ਧੋਖੇ ਵਿਚ ਨਾ ਕਿਸੇ ਦੇ ਮੂਲ ਔਣਾ, ਕਈ ਆਉਣਗੇ ਦਗਾ ਕਮਾਨ ਵਾਲੇ ।
ਆਪੋ ਆਪਨੇ ਫਰਜ਼ ਅਦਾ ਕਰੀਏ, ਸਿੰਘੋ ਹਿੰਦੂਓ ਤੇ ਮੁਸਲਮਾਨ ਵਾਲੇ ।
ਮਿਲ ਜਾਨ 'ਫਕੀਰ' ਦੇ ਨਾਲ ਬੰਦੇ, ਦੀਨ ਮਜ਼ਹਬ ਦਾ ਭਰਮ ਮਟਾਨ ਵਾਲੇ ।
(ਫਕੀਰ, 21-ਮਾਰਚ, 1915)
32. ਕੋਰੜਾ ਛੰਦ : ਬੱਬਰ ਗੂੰਜ
ਬੱਬਰਾਂ ਦਾ ਮੰਤਰ:ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ
ਬੱਬਰ ਅਕਾਲੀਆਂ ਦਾ ਦਸਾਂ ਹਾਲ ਜੀ, ਕਰ ਕੇ ਖਿਆਲ ਸੁਣੋਂ ਨੌ ਨਿਹਾਲ ਜੀ ।
ਗੋਰੀ ਗਵਰਮਿੰਟ ਹੱਥੋਂ ਬੱਬਰ ਅੱਕ ਕੇ, ਆ ਗਏ ਮਦਾਨ ਵਿਚ ਤੇਗ਼ ਚੱਕ ਕੇ ।
ਦੁਸ਼ਮਨਾਂ ਨੂੰ ਹੱਥ ਆਪਣੇ ਵਖੌਨਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਫਿਰਦੇ ਝੋਲੀ ਚੁੱਕਾਂ ਦਾ ਸੁਧਾਰ ਕਰਦੇ, ਡਾਕੂਆਂ ਦੇ ਕੋਲੋਂ ਨਹੀਂ ਮੂਲ ਡਰਦੇ ।
ਮਾਰ ਮਾਰ ਗੋਲੀ ਛਾਤੀਆਂ ਨੂੰ ਪਾੜਦੇ, ਝੋਲੀ ਚੁੱਕ ਬੈਠੇ ਜੇਹੜੇ ਵਿਚ ਆੜ ਦੇ ।
ਜਿੰਨੇ ਦੇਸ਼ ਘਾਤੀ ਜਾਨਾਂ ਤੋਂ ਮੁਕੌਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਬੱਬਰ ਕੈਂਹਦੇ ਹਿੰਦ ਵਿਚੋਂ ਗੋਰੇ ਕੱਢਣੇ, ਮਿੱਤਰ ਵੀ ਦੁਸ਼ਮਣਾਂ ਦੇ ਨਹੀਂ ਛਡਣੇ ।
ਕਰਨਾ ਆਜ਼ਾਦ ਅਸੀਂ ਹਿੰਦੁਸਤਾਨ ਨੂੰ, ਨਹੀਂ ਰੈਹਣ ਦੇਣਾ ਕਿਸੇ ਬੇਈਮਾਨ ਨੂੰ ।
ਵਿਚੇ ਮਾਰ ਦੇਣੇ ਜੇਹੜੇ ਸਾਨੂੰ ਠੌਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਇਕ ਇਕ ਬੱਬਰ ਤੋਂ ਹਜ਼ਾਰਾਂ ਡਰਦੇ, ਕੇਹੜਾ ਦੇਵੇ ਜਾਨ ਭਲਾ ਪਿਛੇ ਪਰ ਦੇ ।
ਇੰਗਲੈਂਡ ਵਿਚ ਵੀ ਸਿਆਪੇ ਪੌਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਬੱਬਰ ਕਿਉਂ ਨਾ ਹੋਣ ਡਾਕੂ ਤੰਗ ਕਰਦਾ, ਬੱਬਰ ਹੋਇਆਂ ਬਿਨਾਂ ਨਹੀਂ ਕੰਮ ਸਰਦਾ ।
ਬੱਬਰ ਹਜ਼ਾਰਾਂ ਹੋਣੇ ਚਾਹੀਏ ਹੋਰ ਜੀ, ਭਾਰਤ ਉਤੇ ਹੋਂਵਦਾ ਜ਼ੁਲਮ ਘੋਰ ਜੀ ।
ਸੂਰਮੇਂ ਜ਼ੁਲਮ ਏਸ ਨੂੰ ਮਟੌਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਬੱਬਰਾਂ ਵਿਸਾਰੇ ਪਿਆਰੇ ਘਰਬਾਰ ਜੀ, ਮਾਈ ਬਾਪ ਭਾਈ ਅਤੇ ਭੈਣ ਨਾਰ ਜੀ ।
ਦੁਖੀ ਦਿਲ ਕਦੇ ਨਹੀਂ ਸੁਖੀ ਹੋਂਵਦੇ, ਦੁਸ਼ਮਣਾਂ ਦੇ ਅੱਗੇ ਝੱਟ ਜਾ ਖੜੋਵਦੇ ।
ਬੱਬਰ ਮੁਰੱਬੇ ਕਈਆਂ ਨੂੰ ਦੁਔਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਸ਼ਾਂਤੀਮਈ ਬੱਬਰ ਅਸੂਲ ਤੋੜਕੇ, ਛਾਤੀ ਵਿਚ ਮਾਰਦੇ ਹੈਂ ਗੋਲੀ ਜੋੜਕੇ ।
ਫਰੰਗੀ ਬੱਬਰਾਂ ਤੋਂ ਵਡਾ ਖੌਫ਼ ਖਾਂਵਦੇ, ਬੱਬਰਾਂ ਦੇ ਪਿਛੇ ਕੁੱਤਿਆਂ ਨੂੰ ਲਾਂਵਦੇ ।
ਨਿਮਕ ਹਰਾਮ ਭੀ ਨਾ ਸੁਖੀ ਸੌਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਚਾਰ ਜੇ ਹਜ਼ਾਰ ਹੋਵੇ ਬੱਬਰ ਹਿੰਦ ਮੇਂ, ਪਾ ਦੇਵੇ ਭੁਚਾਲ ਇਕ ਪਲ ਬਿੰਦ ਮੇਂ ।
ਕਰਨ ਕੀ ਵਚਾਰੇ ਥੋੜੇ੍ਹ ਬੱਬਰ ਸ਼ੇਰ ਵੀ, ਖੋਲ੍ਹੇ ਓਹਨਾਂ ਕੰਨ ਹਿੰਦੀਆਂ ਦੇ ਫੇਰ ਵੀ ।
ਛੱਡਣੇ ਨਾਂ ਰਾਗ ਜੋ ਗ਼ੁਲਾਮੀ ਗੌਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਦੇਸ਼ ਭਗਤ ਬੱਬਰਾਂ ਦੀ ਵਿਚ ਸ਼ਾਨ ਦੇ, ਕਵਤਾ ਬਣੌਾਦੇ ਵੱਡੇ ਨਾਲ ਮਾਣ ਦੇ ।
ਕਿਉਂਕਿ ਬੱਬਰਾਂ ਨੇ ਵਡਾ ਕੰਮ ਚੱ ਕਿਆ, ਕਰਦਾ ਗ਼ੁਲਾਮੀ ਸਾਰਾ ਹਿੰਦ ਥੱ ਕਿਆ ।
ਪਾਣੀ ਵਾਂਗ ਦੋਸ਼ੀ ਦਾ ਲਹੂ ਵਗੌਣਗੇ, ਹਿੰਦ ਨੂੰ ਆਜ਼ਾਦ ਬੱਬਰ ਕਰੌਣਗੇ ।
ਬੱਬਰਾਂ ਕੋਲੋਂ ਸਬਕ ਸਿਖੋ ਪਿਆਰਿਓ, ਕਦੇ ਬੱਬਰਾਂ ਨੂੰ ਦਿਲੋਂ ਨਾ ਵਿਸਾਰਿਓ ।
33. ਅਸੀਂ ਤੇ ਤੁਸੀਂ
(ਵਲੋਂ ਇਕ ਕਾਲੇ ਪਾਣੀ ਨਿਵਾਸੀ ਦੇਸ਼ ਭਗਤ)
ਅਸੀਂ ਮਾਰ ਖਾਈਏ ਤੁਸੀਂ ਹੋਰ ਮਾਰੋ, ਅਸੀਂ ਰੋਵੀਏ ਤੇ ਤੁਸੀਂ ਹਸਦੇ ਓ ।
ਅਸੀਂ ਤੜਫ ਜਾਗੇ ਤੁਸੀਂ ਮਸਤ ਸੁੱਤੇ, ਅਸੀਂ ਪਕੜਦੇ ਹਾਂ ਤੁਸੀਂ ਨਸਦੇ ਓ ।
ਨੱਕ ਨਾਲ ਲੀਕਾਂ ਅਸੀਂ ਕੱਢਦੇ ਹਾਂ, ਗੱਲਾਂ ਤਿਖੀਆਂ ਨਾਲ ਅਗੋਂ ਡਸਦੇ ਓ ।
ਅਸੀਂ ਤੜਫਦੇ ਲੁੱਛਦੇ ਜ਼ਿਮੀ ਉਤੇ, ਤੁਸੀਂ ਵਿਚ ਹੋਠਾਂ ਉਤੋਂ ਹਸਦੇ ਓ ।
ਅਸੀਂ ਮੂੰਹ ਤੁਸਾਡੜਾ ਤੱਕਦੇ ਹਾਂ, ਤੁਸੀਂ ਤੀਰ ਕਮਾਨ ਚੋਂ ਕਸਦੇ ਓ ।
ਅਸੀਂ ਬਿਰਹੋਂ ਦੇ ਵਿਚ ਬੀਮਾਰ ਪੈ ਗਏ, ਤੁਸੀਂ ਮਕਰ ਫਰੇਬ ਹੀ ਦਸਦੇ ਓ ।
ਸਾਨੂੰ ਬੰਨਿ੍ਹਆਂ ਜੇ ਨਾਲ ਸੰਗਲਾਂ ਦੇ, ਤੁਸੀਂ ਕਦੋਂ ਹੋਏ ਸਾਡੇ ਵਸ ਦੇ ਓ ।
ਅਸੀਂ ਆਪਣੀ ਅਕਲ ਗਵਾ ਬੈਠੇ, ਰਾਹ ਤੁਸੀਂ ਭੀ ਕੋਈ ਨਾ ਦਸਦੇ ਓ ।
ਲੋਕ ਟਿਚਕਰਾਂ ਕਰਦੇ ਨੇ ਦੇਖ ਕਮਲਾ, ਤੁਸੀਂ ਨਾਲ ਲੋਕਾਂ ਰਲ ਕੇ ਹੱਸਦੇ ਓ ।
ਪ੍ਰੇਮ ਫਾਹੀਆਂ ਲਾਈਆਂ ਬਹੁਤ ਭਾਵੇਂ, ਤੁਸੀਂ ਕਿਸੇ ਦੇ ਵਿਚ ਨਾ ਫਸਦੇ ਓ ।
ਅਸੀਂ ਆਪਣਾ ਹਾਲ ਬੇਹਾਲ ਕੀਤਾ, ਤੁਸੀਂ ਮੁੰਡਿਆਂ ਦੀ ਖੇਡ ਦਸਦੇ ਓ ।
ਅਸੀਂ ਆਖਿਆ ਮਾਰ ਮੁਕਾ ਸਾਨੂੰ, ਤੁਸੀਂ ਤੜਫਦਾ ਵੇਖ ਵਿਗਸਦੇ ਓ ।
(ਅਪਰੈਲ-1929)
34. ਹਿੰਦੋਸਤਾਨ ਗ਼ਦਰ
ਦਿੱਲੀ ਲੈਣ ਦੀ ਦਿਲੀ ਮੁਰਾਦ ਪੂਰੀ ਹੋਊ ਤੇਗ਼ ਜਦੋਂ ਬੇਕਰਾਰ ਚਮਕੀ ।
ਗੱਲਾਂ ਨਾਲ ਜੇ ਮੁਲਕ ਆਜ਼ਾਦ ਹੋਣਾ, ਦੇਸ਼ ਹਿੰਦ ਦਾ ਰਹੇ ਗ਼ੁਲਾਮ ਕਾਹਨੂੰ ।
ਕਲਮ ਦੁਸ਼ਮਣ ਦਾ ਸੀਸ ਜੇ ਕਲਮ ਕਰਦੀ, ਕੋਈ ਲਵੇ ਤਲਵਾਰ ਦਾ ਨਾਮ ਕਾਹਨੂੰ ।
ਝਗੜੇ ਰੋਕਦੀ ਨੇਕ ਜ਼ਬਾਨ ਜੇ ਕਰ, ਵਿਚ ਜੰਗ ਮਰਦੇ ਲੋਕੀਂ ਆਮ ਕਾਹਨੂੰ ।
ਸਾਫ਼ ਦਿਲਾਂ ਨੂੰ ਅਦਲ ਇਨਸਾਫ਼ ਰੱ ਖੇ, ਢਟੇ ਫਿਰਨ ਫਿਰ ਬੇਲਗਾਮ ਕਾਹਨੂੰ ।
ਖੇਤੀ ਬਣਜ ਸੁਨੇਹੀਂ ਜੇ ਕਰੇ ਕੋਈ, ਤੇਤੀ ਬਤੀਉਂ ਕਿਨੇ ਕਮਾਏ ਨਾਹੀਂ ।
ਗੱਲੀਂ ਕੋਟ ਨਾ ਉਸਰੇ, ਨਾਲ ਲਫਜ਼ਾਂ ਕਿਨੇ ਦੇਸ਼ ਆਜ਼ਾਦ ਕਰਾਏ ਨਾਹੀਂ ।
ਲਿਆ ਰਾਜ ਅਮਰੀਕਾ ਨੇ ਲਾਜ ਰਖੀ, ਵਾਸ਼ਿੰਗਟਨ ਦੀ ਜਦੋਂ ਤਲਵਾਰ ਚਮਕੀ ।
ਜ਼ਾਰ ਖਵਾਰ ਤੇ ਬੁਰਾ ਬੇਜ਼ਾਰ ਹੋਇਆ, ਦੁਖੀ ਦਿਲਾਂ ਦੀ ਬਿਜਲੀ ਦੀ ਤਾਰ ਚਮਕੀ ।
ਆਇਰਲੈਂਡ ਦੀ ਆਰਜੂ ਹੋਈ ਪੂਰੀ, ਡੀਵਲੇਰਾ ਦੀ ਜਦੋਂ ਕਟਾਰ ਚਮਕੀ ।
ਦਿੱਲੀ ਲੈਣ ਦੀ ਦਿਲੀ ਮੁਰਾਦ ਪੂਰੀ, ਹੋਊ ਤੇਗ਼ ਜਦੋਂ ਬੇਕਰਾਰ ਚਮਕੀ ।
ਦੁਸ਼ਮਣ ਦੇਸ ਦੀ ਪੇਸ਼ ਜੋ ਪਿਆ ਸਾਡੇ, ਲੋਗ ਦੇਸ਼ ਦੇ ਪਰ ਕਮ-ਖਾਅਬ ਹੈ ਨਹੀਂ ।
ਪੱਥਰ ਇੱਟ ਦਾ ਜਿਸ ਤਰ੍ਹਾਂ ਲੋਕ ਦਿੰਦੇ, ਦੇਣਾ ਆਉਂਦਾ ਅਸਾਂ ਜਵਾਬ ਹੈ ਨਹੀਂ ।
(ਸਾਫਗੋ-1929)
35. ਬੇਕਾਰੀ
(ਇਕ ਹਿੰਦੁਸਤਾਨੀ ਬੀ.ਏ. ਪਾਸ ਦੀ ਦੁਰਦਸ਼ਾ)
ਬੈਠਾ ਹੋਇਆ ਇਕ ਪੁਲ ਦੀ ਡਾਟ ਉਤੇ, ਚੜ੍ਹਦੀ ਉਮਰ ਦਾ ਇਕ ਜਵਾਨ ਡਿੱਠਾ ।
ਕਰਦਾ ਜ਼ਾਰੀਆਂ ਤੇ ਭਰਦਾ ਆਹਾਂ ਹੈਸੀ, ਧੌਣ ਸੁੱਟ ਬੈਠਾ ਨਿਮੋਝਾਣ ਡਿੱਠਾ ।
ਬੜਾ ਜ਼ਿੰਦਗੀ ਤੋਂ ਅਵਾਜ਼ਾਰ ਜਾਪੇ, ਪੀਲਾ ਭੂਕ ਮੂੰਹ ਤੋੜਦਾ ਜਾਨ ਡਿੱਠਾ ।
ਡੁੱਬਾ ਗ਼ਮਾਂ ਤੇ ਫਿਕਰ ਦੇ ਵਿਚ ਹੈਸੀ ਮੈਲਾ ਵੇਸ ਤੋਂ ਬੜਾ ਹੈਰਾਨ ਡਿੱਠਾ ।
ਪਿਆ ਝੂਰਦਾ ਸੀ ਕਿਸੇ ਖ਼ਿਆਲ ਅੰਦਰ, ਨਾਲ ਦਿਲ ਦੇ ਗੀਟੀਆਂ ਗਿਣ ਰਿਹਾ ਸੀ ।
ਇਵੇਂ ਜਾਪਦਾ ਸੀ ਜਿਵੇਂ ਦੁੱਖ ਬਹੁਤਾ, ਬੈਠਾ ਦੁਖੜਿਆਂ ਦੇ ਬੋਹਲ ਮਿਣ ਰਿਹਾ ਸੀ ।
ਉਹਨੂੰ ਪੁੱਛਿਆ ਬੀਬਿਆ ਦਸ ਮੈਨੂੰ, ਕੇਹੜੇ ਦੁਖ ਤੇਰਾ ਐਸਾ ਹਾਲ ਕੀਤਾ ।
ਫੁਟ ਫੁਟ ਰੋਇਆ ਅਗੋਂ ਕਹਿਣ ਲਗਾ, ਦੁੱਖਾਂ ਦੁਖੀ ਮੇਰਾ ਵਾਲ ਵਾਲ ਕੀਤਾ ।
ਬੀ. ਏ. ਪਾਸ ਹਾਂ ਨੌਕਰੀ ਮਿਲੀ ਨਾਹੀਂ, ਧਕੇ ਪਏ ਜਿੱ ਥੇ ਜਾ ਸਵਾਲ ਕੀਤਾ ।
ਫਿਰਦਾ ਰਿਹਾ ਬੇਕਾਰੀ ਦਾ ਧੱ ਕਿਆ ਮੈਂ, ਕਿਸੇ ਜਗਾ ਨਾ ਰਤਾ ਰਵਾਲ ਕੀਤਾ ।
ਇਨ੍ਹਾਂ ਦੁਖਾਂ ਤੋਂ ਬਚ ਕੇ ਜਾਂ ਕਿਧਰ, ਕੋਈ ਜਾਣ ਦਾ ਲੱ ਭੇ ਨਾ ਰਾਹ ਮੈਨੂੰ ।
ਨਿਕਲੇ ਜਾਨ ਨ ਰਤਾ ਅਰਮਾਨ ਆਵੇ, ਡਾਢੇ ਪਏ ਮੁਸੀਬਤਾਂ ਢਾਹ ਮੈਨੂੰ ।
36. ਗ਼ਦਰ ਪਾਰਟੀ ਦੀਆਂ ਕਾਂਗਰਸ ਨਾਲ ਦੋ ਗੱਲਾਂ
(''ਆਜ਼ਾਦ'' ਦੀਆਂ ਵਿਚਾਰਾਂ)
ਮੈਂ ਦੱਸਿਆ ਸਾਰਿਆਂ ਹਿੰਦੀਆਂ ਨੂੰ, ਸਿੱਧਾ ਰਾਹ ਆਜ਼ਾਦੀ ਵਲ ਜਾਏ ਕਿਹੜਾ ।
ਕਾਂਗਰਸ ਬੜੀ ਚਾਤਰ ਮੋੜੀ ਗਲ ਵਲ ਕੇ, 'ਮੇਰੇ ਪੇਚ ਚੋਂ ਭਲਾ ਬਚ ਜਾਏ ਕਿਹੜਾ ।
ਲੋੜ ਪਈ ਕੀ ਜ਼ਹਿਰ ਉਸ ਦੇਵਣੇ ਦੀ, ਗੁੜ ਦਿੱਤਿਆਂ ਭਲਾ ਮਰ ਜਾਏ ਜਿਹੜਾ ।
ਬਾਈਕਾਟ ਅਰ ਸ਼ਾਂਤੀ ਦੀ ਤੋਪ ਅੱਗੇ, ਕਿਲ੍ਹਾ ਨਹੀਂ ਕੋਈ ਢੱਠ ਨਾ ਜਾਏ ਜਿਹੜਾ ।
ਤੇਰੀ ਲੋੜ੍ਹੇ ਦੀ ਏਸ ਦਲੀਲ ਅੱਗੇ, ਸਭਨਾ ਬੁਜ਼ਦਿਲਾਂ ਸੀਸ ਨਿਵਾ ਦਿੱਤਾ ।
ਖਤਰਾ ਜਾਨ ਦਾ ਨਾ ਪੈਸਾ ਖਰਚਨਾ ਨਾ, ਕਾਵਾਂ ਰੌਲੀ ਦੀ ਜੰਗ ਮਚਾ ਦਿੱਤਾ ।
ਅਜਿਹੇ ਜੰਗ ਚਿ ਕੌਣ ਨਾ ਹੋਏ ਸ਼ਾਮਲ, ਹਮਾ ਤੁਮਾ ਨੇ ਬੜ੍ਹਕ ਸੁਨਾ ਦਿੱਤਾ ।
ਪਾਣੀ ਫਿਰ ਗਿਆ ਸਾਰੀਆਂ ਨੀਤੀਆਂ ਤੇ, ਇਰਵਨ ਕੱਢ ਜਦ ਠੁਠ ਵਿਖਾ ਦਿਤਾ ।
ਤੇਰੀ ਆਸ ਤੇ ਵਿਲ੍ਹਕਦੇ ਰਹੇ ਹਿੰਦੀ, ਹੁਣ ਮੈਂ ਆਪਣਾ ਨਾਦ ਵਜਾ ਦਿਆਂਗੀ ।
ਚਾਲਾਂ ਤੇਰੀਆਂ ਹੋਗੀਆਂ ਫੇਲ ਸਭੇ, ਹੁਣ ਫਿਰ ਦੇਸ਼ ਹਲੂਣ ਜਗਾ ਦਿਆਂਗੀ ।
ਸਾਰੀ ਕੱਢ ਕੇ ਬੁਜ਼ਦਿਲੀ ਹਿੰਦੀਆਂ ਦੀ, ਸੱਚੇ ਰਾਹ ਆਜ਼ਾਦੀ ਦੇ ਪਾ ਦਿਆਂਗੀ ।
ਪਹੁੰਚ 'ਗ਼ਦਰ ਦੀ ਗੂੰਜ' ਵਿਚ ਦੇਸ਼ ਸਾਰੇ, ਡਗਾ ਯੁੱਧ ਦੇ ਢੋਲ ਤੇ ਲਾ ਦਿਆਂਗੀ ।
ਜੇ ਤੂੰ ਵਰਜਦੀ ਨਾ ਮੈਨੂੰ ਟੋਕਦੀ ਨਾ, ਹੁਣ ਨੂੰ ਦੇਸ਼ ਆਜ਼ਾਦ ਸੀ ਹੋਇਆ ਹੋਣਾ ।
ਵਗਦਾ ਖੂਨ ਪਰ ਕਦੇ ਦਾ ਦਾਗ ਗੰਦਾ, ਸੀਗਾ ਏਸ ਗ਼ੁਲਾਮੀ ਦਾ ਧੋਇਆ ਹੋਣਾ ।
ਸਾਨੂੰ ਰਖਿਆ ਸ਼ਾਂਤ ਦਲਾਸਿਆਂ ਨੇ, ਨਹੀਂ ਕੁਛ ਹੋਰ ਦਾ ਹੋਰ ਸੀ ਹੋਇਆ ਹੋਣਾ ।
ਸੀਨੇ ਅਸਾਂ ਭਰਾਵਾਂ ਦੇ ਕਾਤਲਾਂ ਦੇ, ਨਾਲ ਗੁਮਰ ਸੀ ਛੁਰਾ ਖਭੋਇਆ ਹੋਣਾ ।
37. ਸਿਤਮਗਰ ਢੋਂਦੇ ਸਿਤਮ ਯਾਰ ਬਣ ਕੇ
ਲੋਹੇ ਨਾਲ ਹੀ ਲੋਹੇ ਨੂੰ ਜ਼ਰਬ ਔਾਦੀ, ਖ਼ੂਨ ਖਵਾਰ ਨਾਲ ਲੜੋ ਖ਼ੂਨ ਖਵਾਰ ਬਣ ਕੇ ।
ਖਾਲੀ ਧਮਕੀਆਂ ਨਾਲ ਨਾ ਸੱਟ ਵਜਦੀ, ਲੜੋ ਦੁਸ਼ਮਣਾਂ ਨਾਲ ਤਲਵਾਰ ਬਣ ਕੇ ।
ਜੇਹੜੇ ਆਖਦੇ ਅੱਜ ਨਾਮਰਦ ਥੋਨੂੰ, ਦੱਸੋ ਉਨ੍ਹਾਂ ਨੂੰ ਮਰਦ ਇਕ ਵਾਰ ਬਣ ਕੇ ।
ਸੁੱਟੇ ਪਿਛਲੀਆਂ ਰੀਤੀਆਂ ਖੂਹ ਅੰਦਰ, ਚਲੋ ਅੱਜ ਦੇ ਸਮੇਂ, ਅਨੁਸਾਰ ਬਣ ਕੇ ।
ਲੱਖਾਂ ਦੁਸ਼ਮਣਾਂ ਤੋਂ ਬੁਰਾ ਇਕ ਭੇਤੀ, ਬੇੜਾ ਗਰਕ ਕਰ ਸੁੱਟੇ ਗਦਾਰ ਬਣ ਕੇ ।
ਨਹੀਂ ਗਿਲਾ ਬੇਵਫ਼ਾ ਤੇ, ਹੈ ਲੇਕਨ ਕਰੇ ਬੇਵਫ਼ਾਈ, ਵਫ਼ਾਦਾਰ ਬਣ ਕੇ ।
ਧੋਖੇ ਦੇਂਦੀਆਂ ਇਹ ਸ਼ਕਲਾਂ ਭੋਲੀਆਂ ਭੀ, ਠਗੀ ਕਰਦੀਆਂ ਦਿਲ ਦਿਲਦਾਰ ਬਣ ਕੇ ।
'ਹਮਦਮ' ਬੀਤੀਆਂ ਦਸਦਾ ਜਗ ਤਾਈਂ, ਸਿਤਮਗਾਰ ਢੋਂਦੇ ਸਿਤਮ ਯਾਰ ਬਣ ਕੇ ।
(ਹਮਦਮ, ਮਾਰਚ-1930)
38. ਰਹੇ ਗ਼ਰਕ ਹਿੰਦੂ ਮੁਸਲਮਾਨ ਸਾਰੇ-ਬੈਂਤ
ਰਹੇ ਗ਼ਰਕ ਹਿੰਦੂ ਮੁਸਲਮਾਨ ਸਾਰੇ, ਆਯਾ ਜਦੋਂ ਦਾ ਰਾਜ ਫਰੰਗੀਆਂ ਦਾ ।
ਰੱਦੀ ਝਗੜਿਆਂ ਵਿੱਚ ਮਸ਼ਗੂਲ ਹੋਏ, ਜਿਵੇਂ ਕੰਮ ਜਨਾਨੀਆਂ ਰੰਡੀਆਂ ਦਾ ।
ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ, ਭੈੜਾ ਕੰਮ ਫੜਿਆ ਧੜੇ ਬੰਦੀਆਂ ਦਾ ।
ਛੂਤ-ਛਾਤ ਅੰਦਰ ਉੂਚ ਨੀਚ ਬਣ ਕੇ, ਉਲਟਾ ਕੰਮ ਕੀਤਾ ਫਿਰਕੇ ਬੰਦੀਆਂ ਦਾ ।
ਗਿਆ ਦੇਸ਼ ਦਾ ਭੁੱਲ ਪਯਾਰ ਸਾਨੂੰ, ਹੋਯਾ ਅਸਰ ਜੋ ਸੋਹਬਤਾਂ ਮੰਦੀਆਂ ਦਾ ।
ਕਿਵੇਂ ਗਦਰ ਅਖਬਾਰ ਦੀ ਸਿਫਤ ਕਰੀਏ, ਪਤਾ ਆਣ ਦਿੱਤਾ ਗੱਲਾਂ ਚੰਗੀਆਂ ਦਾ ।
ਕਰੋ ਸਤ ਸੰਗਤ ਸੰਗ ਦੂਰ ਹੋਵੇ, ਕਰੋ ਦੂਰ ਹੁਣ ਸੰਗ ਕੁਸੰਗੀਆਂ ਦਾ ।
ਸਿਰ ਤੇ ਵਾਲ ਨਾ ਛਡਿਆ ਇਕ ਜ਼ਾਲਮ, ਝਗੜਾ ਛੇੜਿਆ ਤੁਸਾਂ ਨੇ ਕੰਘੀਆਂ ਦਾ ।
ਆਓ ਅਕਲ ਤੇ ਇਲਮ ਦੇ ਨਾਲ ਲੜੀਏ, ਜਿਵੇਂ ਕੰਮ ਸਿਆਣਿਆਂ ਢੰਗੀਆਂ ਦਾ ।
ਜੇਕਰ ਨਾਮ ਜਹਾਨ ਦੇ ਵਿਚ ਚੌਾਹਦੇ, ਪਊ ਯੁੱਧ ਕਰਨਾ ਤੇਗਾਂ ਨੰਗੀਆਂ ਦਾ ।
ਤੁਸੀਂ ਅਜੇ ਵੀ ਸ਼ਰਮ ਨਾ ਮੂਲ ਕਰਦੇ, ਪਿਆ ਮੁੱਲ ਕੀ ਵਿਲਕੀਆਂ ਦੰਦੀਆਂ ਦਾ ।
ਕੁੱਛੜ ਡੈਣ ਦੇ ਬਾਲ ਫੜਾਇਆ ਜੋ, ਵੀਰੋ ਕੰਮ ਨਹੀਂ ਅਕਲਮੰਦੀਆਂ ਦਾ ।
ਇੰਗਲਸ਼ ਕੌਮ ਵੀਰੋ ਬੁਰੀ ਡੈਣ ਕੋਲੋਂ, ਮਣਕਾ ਤੋੜਦੀ ਅਸਾਂ ਦੀਆਂ ਸੰਘੀਆਂ ਦਾ ।
ਤੁਸਾਂ ਭੋਲਿਓ ਮੂਲ ਨਾ ਖ਼ਬਰ ਲੱਗੀ, ਕੀਤਾ ਫੈਸਲਾ ਤੁਸਾਂ ਦੀਆਂ ਵੰਡੀਆਂ ਦਾ ।
ਖੱਟੀ ਤੁਸਾਂ ਦੀ ਖੂਹ ਦੇ ਵਿਚ ਪੈਂਦੀ, ਮਿਲਦਾ ਸੌ ਵਿਚੋਂ ਹਿੱਸਾ ਪੰਝੀਆਂ ਦਾ ।
ਹੋਈ ਜ਼ੁਲਮ ਦੀ ਆਣ ਕੇ ਹੱਦ ਵੀਰੋ, ਕੋਈ ਨਹੀਂ ਹਸਾਬ ਹੈ ਰੰਜੀਆਂ ਦਾ ।
ਖੜੇ ਹੋਣ ਨੂੰ ਕਿਤੇ ਨਾ ਜਗ੍ਹਾ ਲਭਦੀ, ਲੈਂਦੇ ਮਾਮਲਾ ਛੋਟੀਆਂ ਡੰਡੀਆਂ ਦਾ ।
ਦੁਨੀਆਂ ਵਿਚ ਹੈ ਨਾਮ ਗ਼ੁਲਾਮ ਸਾਡਾ, ਕੂੜਾ ਮਾਣ ਐਵੇਂ ਫੌਜਾਂ ਜੰਗੀਆਂ ਦਾ ।
ਕਿਸੇ ਰੋਜ਼ ਸੀ ਚਮਕਦਾ ਨਾਮ ਸਾਡਾ, ਵੀਰੋ ਕਰੋ ਖ਼ਿਆਲ ਬੁਲੰਦੀਆਂ ਦਾ ।
ਲੜੋ ਦੇਸ਼ ਖ਼ਾਤਰ ਸ਼ੇਰ ਮਰਦ ਬਣ ਕੇ, ਖਹਿੜਾ ਛੱਡ ਦੋਵੋ ਗੱਲਾਂ ਮੰਦੀਆਂ ਦਾ ।
ਭੈਣਾਂ ਵਿਚ ਅਫਰੀਕਾ ਦੀ ਜੇਲ੍ਹ ਤੜਫਨ, ਸੁਣੋ ਵਾਸਤਾ ਰੱਬ ਦੀਆਂ ਬੰਦੀਆਂ ਦਾ ।
ਮਿਲੋ ਦੇਸ਼ ਖਾਤਰ ਹਿੰਦੂ ਮੁਸਲਮਾਨੋ, ਬੜਾ ਦੁੱਖ ਡਿੱਠਾ ਦਿਲੀ ਤੰਗੀਆਂ ਦਾ ।
('ਗ਼ਦਰ ਲਹਿਰ ਦੀ ਕਵਿਤਾ' ਸੰਕਲਨ ਗਿਆਨੀ ਕੇਸਰ ਸਿੰਘ ਵਿਚੋਂ)