Geet : Shareef Kunjahi

ਗੀਤ : ਸ਼ਰੀਫ਼ ਕੁੰਜਾਹੀ

1. ਤ੍ਰਿੰਞਣ ਵਿਚ (ਗੀਤ)

ਤ੍ਰਿੰਞਣ ਵਿਚ ਚਰਖ਼ੇ ਡਾਹ ਕੇ,
ਮਾਹੀਆ ਵੇ ਮਾਹੀਆ,
ਹੁਣ ਕੁੜੀਆਂ ਕਰਦੀਆਂ ਗੱਲਾਂ ।

ਮੈਨੂੰ ਸੱਭੇ ਕਰਦੀਆਂ ਟੋਕਾਂ ।
ਮੈਂ ਕਿਵੇਂ ਉਨ੍ਹਾਂ ਨੂੰ ਰੋਕਾਂ ।

ਉਹ ਗੁੱਝੀਆਂ ਰਮਜ਼ਾਂ ਮਾਰਨ ।
ਘੜਿਆਂ ਨੂੰ ਡੋਬਣ ਤਾਰਨ ।

ਸੋਹਣੀ ਦੇ ਕਿੱਸੇ ਛੇੜਨ,
ਸੱਸੀ ਦੀਆਂ ਗਾਵਣ ਝੋਕਾਂ

ਮੈਂ ਕਿਵੇਂ ਉਨ੍ਹਾਂ ਨੂੰ ਰੋਕਾਂ ।

ਸੱਜਣਾ ਵੇ ਸੱਜਣਾ !
ਲੱਗੀਆਂ ਨੂੰ ਔਖਾ ਕੱਜਣਾ,
ਇਕ ਦਿਨ ਸੀ ਘਾਗਾ ਭੱਜਣਾ ।

ਮੈਂ ਕਿਸ ਕਿਸ ਤੋਂ ਮੂੰਹ ਮੋੜਾਂ ।
ਕਿਸ ਕਿਸ ਨਾਲ ਸਾਂਝਾਂ ਤੋੜਾਂ ।
ਮੈਨੂੰ ਜੱਗ ਦੇ ਮਿਹਣੇ ਚੰਨਾਂ ।
ਤ੍ਰਿੰਞਣ ਵਿਚ ਚਰਖ਼ੇ ਡਾਹ ਕੇ
ਹੁਣ ਗੱਲਾਂ ਕਰਦੀਆਂ ਰੰਨਾਂ ।

2. ਬੋਲ ਜਵਾਨ

ਬੋਲ ਜਵਾਨ
ਭਾਈ ਭਾਈ ਸਭ ਇਨਸਾਨ

ਸਾਰੇ ਇਕ ਮਿੱਟੀ ਦੇ ਜਾਏ
ਆਪਣੇ ਕੌਣ ਤੇ ਕੌਣ ਪਰਾਏ ?
ਸਾਰੇ ਧਰਤੀ ਦੀ ਸੰਤਾਨ
ਬੋਲ ਜਵਾਨ
ਭਾਈ ਭਾਈ ਸਭ ਇਨਸਾਨ

ਸਾਂਝੇ ਸੂਰਜ ਚੰਨ ਸਤਾਰੇ ।
ਸਭ ਤੇ ਚਮਕਣ ਪਿਆਰੇ ਪਿਆਰੇ ।
ਸਾਂਝੀ ਧਰਤੀ ਤੇ ਅਸਮਾਨ
ਬੋਲ ਜਵਾਨ
ਭਾਈ ਭਾਈ ਸਭ ਇਨਸਾਨ ।

ਮੁੜ ਕਿਉਂ ਰਲ ਮਿਲ ਚੋਰ ਲੁਟੇਰੇ
ਬਣ ਬਣ ਆਪਣੇ ਆਪ ਵਡੇਰੇ
ਦੂਜਿਆਂ ਤੇ ਪਏ ਕਾਠੀ ਪਾਣ ?
ਬੋਲ ਜਵਾਨ-
ਭਾਈ ਭਾਈ ਸਭ ਇਨਸਾਨ ।

3. ਹੋਰ ਨਾ ਦਿਸੇ ਚੰਨ ਹੀਰਾ (ਗੀਤ)

ਜੱਗਿਆ-ਕਾਹਨੂੰ ਚੱਲਿਓਂ ਗ਼ਮਾਂ ਵਿਚ ਪਾ ਕੇ,
ਕਾਹਨੂੰ ਚੱਲਿਓਂ ।
ਕਾਹਨੂੰ ਚੱਲਿਓਂ ਗ਼ਮਾਂ ਵਿਚ ਪਾ ਕੇ ਤੇ ਬੁਢਿਆਂ ਮਾਪਿਆਂ ਨੂੰ,
ਵੀਰਾ-
ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ ।

ਗ਼ਮ ਕਰਨ ਭਲਾ ਕਿਉਂ ਮਾਪੇ
ਗ਼ਮ ਕਰਨ
ਗ਼ਮ ਕਰਨ ਭਲਾ ਕਿਉਂ ਮਾਪੇ ਤੇ ਜੰਗ ਜਾਂਦੇ ਪੁੱਤਰਾਂ ਦੇ,
ਭੈਣੇਂ-
ਭੈਣੇਂ-ਤੇ ਆਪਣੇ ਵਤਨ ਲਈ ਦੁਖ ਸਹਿਣੇ ।

ਅਸੀਂ ਨਹੀਂ ਹਾਂ ਵਿਛੋੜਿਆਂ ਜੋਗੇ,
ਅਸੀਂ ਨਹੀਂ ਹਾਂ
ਅਸੀਂ ਨਹੀਂ ਹਾਂ ਵਿਛੋੜਿਆਂ ਜੋਗੇ ਤੇ ਮਿੰਨਤਾਂ ਭੈਣ ਕਰਦੀ,
ਵੀਰਾ-
ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ ।

ਮੈਂ ਝਬਦੇ ਘਰਾਂ ਨੂੰ ਆਵਾਂ
ਮੈਂ ਝਬਦੇ
ਮੈਂ ਝਬਦੇ ਘਰਾਂ ਨੂੰ ਆਵਾਂ ਵੈਰੀਆਂ ਦੇ ਨਾਲ ਮਿਕ ਕੇ,
ਭੈਣੇਂ-
ਭੈਣੇਂ-ਨੀ ਨਿਤ ਦੇ ਵਿਛੋੜੇ ਨਹੀਂ ਇਹ ਰਹਿਣੇ ।

ਅਸਾਂ ਕਾਜ ਰਚਾਏ ਹੋਏ
ਅਸਾਂ ਕਾਜ
ਅਸਾਂ ਕਾਜ ਰਚਾਏ ਹੋਏ, ਤੇ ਤੇਰਿਆਂ ਸੇਹਰਿਆਂ ਦੇ,
ਵੀਰਾ-
ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ ।

ਅੱਜ ਸੇਹਰੇ ਨਾ ਬੰਨ੍ਹ ਹੋਂਦੇ
ਅੱਜ ਸੇਹਰੇ
ਅੱਜ ਸੇਹਰੇ ਨਾ ਬੰਨ੍ਹ ਹੋਂਦੇ ਤੇ ਬੂਹੇ ਤੇ ਸ਼ਰੀਕ ਗੱਜਦੇ
ਭੈਣੇਂ-
ਭੈਣੇਂ-ਤੇ ਅੱਜ ਤਲਵਾਰਾਂ ਨੇ ਸਾਡੇ ਗਹਿਣੇ ।

ਮੈਨੂੰ ਦੱਸ ਕੇ ਭਰਾਵਾ ਜਾਈਂ
ਮੈਨੂੰ ਦੱਸ ਕੇ
ਮੈਨੂੰ ਦੱਸ ਕੇ ਭਰਾਵਾ ਜਾਈਂ ਤੇ ਪਿੱਛੋਂ ਕਿਹਨੂੰ ਵੀਰ ਆਖਾਂ
ਵੀਰਾ-
ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ ।

ਸਾਂਝੀ ਭਾਰਤ ਮਾਤਾ ਸਭ ਦੀ
ਸਾਂਝੀ ਭਾਰਤ
ਸਾਂਝੀ ਭਾਰਤ ਮਾਤਾ ਸਭ ਦੀ ਤੇ ਸਭੇ ਤੇਰੇ ਵੀਰ ਲੱਗਦੇ
ਭੈਣੇਂ-
ਭੈਣੇਂ-ਤੇ ਮੇਰੇ ਸਾਥੀ ਵੀ ਮੇਰੇ ਜਿਹੇ ਨੇ ।

ਜਿੰਦ ਚੰਦਰੀ ਵਿਛੋੜਿਓਂ ਡਰਦੀ
ਜਿੰਦ ਚੰਦਰੀ
ਜਿੰਦ ਚੰਦਰੀ ਵਿਛੋੜਿਓਂ ਡਰਦੀ ਤੇ ਰੋਕਿਆਂ ਵੀ ਲੀਕ ਲੱਗਦੀ
ਵੀਰਾ-
ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ ।

ਮੱਥੇ ਲਾ ਕੇ ਤਿਲਕ ਸੰਧੂਰੀ,
ਮੱਥੇ ਲਾ ਕੇ
ਮੱਥੇ ਲਾ ਕੇ ਤਿਲਕ ਸੰਧੂਰੀ ਤੇ ਲੱਕ ਤਲਵਾਰ ਬੰਨ੍ਹ ਕੇ
ਭੈਣੇਂ-
ਭੈਣੇਂ-ਤੇ ਚਾਰ ਦਿਨ ਜ਼ਿੰਦਗੀ ਦੇ ਨਹੀਂ ਰਹਿਣੇ ।

ਤੈਨੂੰ ਰੱਬ ਦੇ ਹਵਾਲੇ ਕੀਤਾ,
ਤੈਨੂੰ ਰੱਬ ਦੇ
ਤੈਨੂੰ ਰੱਬ ਦੇ ਹਵਾਲੇ ਕੀਤਾ ਸ਼ਾਲਾ ਤੇਰੀ ਖ਼ੈਰ ਹੋਵੇ
ਵੀਰਾ-
ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ ।

4. ਕੌਂਤ ਮੇਰਾ ਘਰ ਆਇਆ

ਮੈਂ ਚਾਈਂ ਚਾਈਂ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

ਫੁਲਕ ਫੁਲਕ ਕੇ,
ਥੱਬਕ ਥੱਬਕ ਕੇ,
ਸਾਬਣ ਲਾ ਕੇ,
ਸੱਤ ਕੰਮ ਛੱਡ ਕੇ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

ਭਲਕੇ ਉਹ ਇਹ ਕੱਪੜੇ ਪਾ ਕੇ,
ਬੋਦੇ ਵਾਹ ਕੇ
ਮੈਨੂੰ ਹੱਸ ਹੱਸ ਦੱਸੇਗਾ ।
ਆਸਾਂ ਦੀ ਪੁੰਗਰੀ ਪੈਲੀ ਤੇ ਖ਼ੁਸ਼ੀਆਂ ਦਾ ਬਦਲ ਵੱਸੇਗਾ ।
ਮੈਂ ਜੰਮ ਜੰਮ ਪਈ ਬਲਿਹਾਰਾਂਗੀ ।
ਵਿਚੋ ਵਿਚ ਜਿੰਦੜੀ ਵਾਰਾਂਗੀ ।
ਮੈਂ ਚਾਈਂ ਚਾਈਂ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

ਉਹ ਚੌਂਹ ਦਿਨਾਂ ਦੀ ਛੁੱਟੀ ਲੈ ਕੇ, ਰੱਬ ਰੱਬ ਕੀਤਾ ਆਇਆ ਏ,
ਮੈਂ ਚਿੱਠੀਆਂ ਲਿਖ ਲੱਖ ਅੱਕੀ ਸਾਂ,
ਮੈਂ ਔਸੀਆਂ ਪਾ ਪਾ ਥੱਕੀ ਸਾਂ,
ਜਿੰਦ ਡਾਢੀ ਹੁਸੜੀ ਰਹਿੰਦੀ ਸੀ,
ਇਹ ਕੁੱਲੀ ਵੱਢਣ ਪੈਂਦੀ ਸੀ ।
ਇੱਕ ਸੌੜ ਦੇ ਅੰਦਰ ਰਹਿੰਦੀ ਸੀ ।
ਲਾਮਾਂ ਦੀਆਂ ਗੱਲਾਂ ਸੁਣ ਸੁਣ ਕੇ ਦਿਲ ਖੂਹ ਵਿਚ ਪੈ ਪੈ ਜਾਂਦਾ ਸੀ ।
ਹੁਣ ਰੱਬ ਰੱਬ ਕੀਤਾ ਛੁੱਟੀ ਲੈ ਕੇ ਕੌਂਤ ਮੇਰਾ ਘਰ ਆਇਆ ਏ ।
ਮੈਂ ਚਾਈਂ ਚਾਈਂ ਧੋਆਂ ਪੁਸ਼ਾਕਾਂ, ਆਪਣੇ ਕੌਂਤ ਦੀਆਂ ।

5. ਖੇਡ ਲੈ

ਖੇਡ ਲੈ ਮੇਰੀਏ ਭੋਲੀਏ ਧੀਏ,
ਖੇਡ ਲੈ ਗੁੱਡੀਆਂ ਨਾਲ ।

ਆਪਣੀਆਂ ਜ਼ਿੱਦਾਂ ਅੜੀਆਂ ਵੀ ਮੰਨਵਾ ਲੈ ਚਾਰ ਦਿਹਾੜੇ ।
ਤੇਰਾ ਰਾਹ ਮੱਲ ਬੈਠੇ ਹੋਏ ਨੇ ਕਿੰਨੇ ਵਖ਼ਤ ਪੁਆੜੇ ।
ਕਿੰਨੇ ਲੈ ਦੁਖ ਜੰਜਾਲ ।
ਖੇਡ ਲੈ ਗੁੱਡੀਆਂ ਨਾਲ ।
ਖੇਡ ਲੈ, ਖੇਡ ਲੈ ਛੇਤੀ ਛੇਤੀ ਖੇਡ ਲੈ ਗੁੱਡੀਆਂ ਨਾਲ ।

ਮੈਨੂੰ ਡਰ ਹੈ ਤੇਰਿਆਂ ਹਾਸਿਆਂ ਝੱਬਦੇ ਈ ਝੌਂ ਜਾਣੈਂ ।
ਅੱਖ ਉਘੇੜਨੋਂ ਪਹਿਲਾਂ ਤੇਰੀਆਂ ਸਧਰਾਂ ਨੇ ਸੌਂ ਜਾਣੈਂ ।
ਖੱਖਰ ਵਾਂਙੂ ਛਿੜ ਕੇ ਤੈਨੂੰ ਸੋਚਾਂ ਵਢ ਵਢ ਖਾਣੈਂ ।
ਛਿੱਥਿਆਂ ਸੌੜਾਂ ਤੋਂ ਪੈ ਪੈ ਕੇ ਤੂੰ ਕੁਰਲਾਣੈਂ ।
ਵਗਦੀਆਂ ਨੇ ਇਸ ਜੂਹ ਵਿਚ ਧੀਏ ਤੱਤੀਆਂ ਤੱਤੀਆਂ ਲੋਆਂ ।
ਇਕ ਦੋ ਹੋਣ ਤੇ ਦੱਸਾਂ ਬੁਝਾਂ ਕਿਹੜੀ ਕਿਹੜੀ ਫੋਲਾਂ ।
ਕੋਈ ਕਿਸੇ ਦੀ ਸੁਣਦਾ ਨਾਹੀਂ ਏਥੇ ਕੂਕ ਰਵਾਲ ।
ਅੰਨ੍ਹੇ ਰਾਜੇ ਦੀ ਨਗਰੀ ਉਂਜ ਹਰ ਕੋਈ ਕੁਤਵਾਲ ।
ਵਿਹਲ ਦੇ ਇਹ ਚਾਰ ਦਿਹਾੜੇ ਖੇਡ ਲੈ ਗੁੱਡੀਆਂ ਨਾਲ ।

ਔਰਤ ਜ਼ਾਤ-ਇਹ ਬਿਖੜਾ ਪੈਂਡਾ,
ਥਾਂ ਥਾਂ ਟਿੱਬੇ ਟੋਏ ।
ਥਾਂ ਥਾਂ ਕੰਡੇ ਬੀਜੇ ਹੋਏ ।
ਤੇਰੀ ਬੇਫਿਕਰੀ ਦੇ ਲੀੜੇ ਹੋਸਣ ਲੀਰਾਂ ਲੀਰਾਂ ।
ਪਰ ਉਹ ਵੇਲਾ ਯਾਦ ਆਉਣਾ ਏਂ ਆ ਜਾਣਾ ਏਂ ।
ਅਜ ਕਿਉਂ ਚਿੰਤਾ ਕਰੀਏ ।
ਅਜ ਕਿਉਂ ਹੌਕੇ ਭਰੀਏ ?
ਖੌਰੇ ਓਸ ਵੇਲੇ ਨੂੰ ਸਾਡੀਆਂ ਪਰਤਣ ਚਾ ਤਕਦੀਰਾਂ
ਬਦਲਣ ਜੀਵਨ ਚਾਲੇ,
ਇਸ ਕਰ ਕੇ,
ਤੂੰ ਲੰਮੀਆਂ ਸੋਚਾਂ ਲਾਂਭੇ ਧਰ ਕੇ ।
ਖੇਡ ਲੈ ਮੇਰੀਏ ਭੋਲੀਏ ਧੀਏ,
ਖੇਡ ਲੈ ਗੁੱਡੀਆਂ ਨਾਲ ।

6. ਫੁੱਲ ਕਿਉਂ ਹੋਏ ਕੰਡੇ

ਕੇਹੇ ਦਿਲਾਂ ਵਿਚ ਅੜਚ ਪਏ ਨੇ ਤੇ ਕੇਹੀਆਂ ਪਈਆਂ ਗੰਢਾਂ ।
ਨੌਹਾਂ ਨਾਲੋਂ ਮਾਸ ਨਿਖੇੜਿਆ ਕਰ ਕਰ ਆਡੀਆਂ ਵੰਡਾਂ ।
ਖੈਰੀਂ ਮਿਹਰੀਂ ਵਸਦੇ ਰਸਦੇ ਪਤਾ ਨਹੀਂ ਕੀ ਵਰਤੀ ।
ਲਹੂਓ ਲਹੂ ਦਿਨਾਂ ਵਿਚ ਹੋ ਗਈ ਫੁੱਲਾਂ ਵਰਗੀ ਧਰਤੀ ।
ਭਾਈਆਂ ਨਾਲੋਂ ਭਾਈ ਓੜਕ ਵੱਖਰੇ ਹੁੰਦੇ ਆਏ ।
ਇਹ ਕੋਈ ਏਡੀ ਗੱਲ ਨਹੀਂ ਸੀ ਜਿਸ ਸਿਆਪੇ ਪਾਏ ।
ਇਕ ਤੌਣੀ ਤੇ ਜੇ ਸਦਾ ਈ ਮਾਂ ਜਾਏ ਰਲ ਬਹਿੰਦੇ ।
ਕਿਵੇਂ ਇਹ ਖੁੱਲ੍ਹੀ ਦੁਨੀਆਂ ਵਸਦੀ ਕਿਵੇਂ ਨਗਰ ਇਹ ਪੈਂਦੇ ।
ਬਾਂਦਰ ਸਾਣ ਪਨੀਰ ਵੰਡਾਵੇ ਜੋ ਲੱਭਾ ਸੀ ਲੱਭਾ ।
ਸੱਜਾ ਦੱਸ ਕੇ ਡਾਢਾ ਉਹਨਾਂ ਮਾਰਿਆ ਸਾਨੂੰ ਖੱਬਾ ।
ਅਜ ਗੁੜ ਲਾਣੇ ਵਾਲੇ ਹੋ ਗਏ ਗੁੜ ਲਾ ਕੇ ਇਕ ਪਾਸੇ ।
ਇਕਨਾਂ ਛਵੀਆਂ ਲੰਬ ਕਰਾਈਆਂ ਇਕਨਾ ਫੜੇ ਗੰਡਾਸੇ ।
ਸ਼ਾਹ ਫ਼ਰੀਦ ਹੋਰਾਂ ਦੇ ਵਰਗੇ ਜਿਸ ਧਰਤੀ ਤੇ ਵੱਸੇ ।
ਨਾਨਕ, ਸੰਤ ਕਬੀਰ ਨੇ ਜਿੱਥੇ ਰਾਹ ਮਿਲਾਪੜੇ ਦੱਸੇ ।
ਓਥੇ ਲੂਤੀ ਲਾਣ ਵਾਲਿਆਂ ਇੰਜ ਅਜ ਲੂਤੀ ਲਾਈ ।
ਤਾਣੇ ਪੇਟੇ ਵਾਲੀਆਂ ਤੰਦਾਂ ਤੂੰ ਤੂੰ ਨਵੀਂ ਸੁਣਾਈ ।
ਆਪਣੀ ਹੱਥੀਂ ਆਪਣੇ ਮੂੰਹ ਤੇ ਮਾਰਨ ਲੱਗ ਪਏ ਚੰਡਾਂ ।
ਭਾਈ ਭਾਈਆਂ ਨਾਲੋਂ ਰੁੱਸੇ ਨੰਗੀਆਂ ਹੋਈਆਂ ਕੰਡਾਂ ।

7. ਇੱਕ ਖ਼ਤ

ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ

ਕਦੀ ਨਾ ਲਈ ਜੇ ਵਾਤ ਅਸਾਡੀ, ਨਾ ਕੋਈ ਸੁਖ ਸੁਨੇਹਾ,
ਤੁਸਾਂ ਇਹ ਚੁੱਪ ਦਾ ਰੋਜ਼ਾ ਰੱਖਿਆ, ਦੱਸੋ ਕਿਉਂ ਅਜੇਹਾ ।
ਤੁਸੀਂ ਅਸਾਡੇ ਮਨ ਵਿਚ ਵੱਸੋ, ਅਸੀਂ ਨਾ ਚੇਤੇ ਆਏ ।
ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ ।

ਇਹ ਚੇਤਰ ਦੀਆਂ ਖੁੱਲ੍ਹੀਆਂ ਰੁੱਤਾਂ ਤੇ ਇਹ ਚਾਨਣੀਆਂ ਰਾਤਾਂ ।
ਕਿੰਨੀ ਵਾਰੀ ਬਹਿ ਬਹਿ ਕੱਟੀਆਂ ਕਰ ਕਰ ਗੱਲਾਂ ਬਾਤਾਂ ।
ਦਿਲ ਭੈੜੇ ਨੂੰ ਊਹਾ ਸੱਧਰ ਅੱਜ ਵੀ ਪਈ ਸਤਾਏ ।
ਇਹ ਮੁੜ ਫਿਰ ਉਨ੍ਹਾਂ ਨੂੰ ਢੂੰਡੇ, ਜਿਹੜੇ ਵਕਤ ਵਿਹਾਏ ।
ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ ।

ਕੀ ਹੁਣ ਚੋਖੇ ਪਾ ਬੈਠੇ ਓ ਅਪਣੇ ਗਲ ਵਲਾਵੇਂ ?
ਉਹ ਵਿਹਲ ਦੀਆਂ ਰੁੱਤਾਂ ਲੱਦੀਆਂ, ਢਲ ਗਏ ਉਹ ਪਰਛਾਵੇਂ ।
ਕਿਸ ਦੀ ਕੰਡੀ ਉੱਤੇ ਆਖ਼ਿਰ ਆਏ ਨਹੀਂ ਪਲਾਣੇ ।
ਦੁਨੀਆ ਦੇ ਜੰਜਾਲਾਂ ਵੱਲੋਂ, ਅਸੀਂ ਤੁਸੀਂ ਹਾਂ ਸਾਵੇਂ ।
ਏਨਾ ਵੀ ਕੀ ਹੋਵੇ ਸੱਜਣ, ਸੱਜਣ ਨੂੰ ਭੁੱਲ ਜਾਏ ।
ਦੇਸ ਪਰਾਏ ਕੀ ਜਾ ਬੈਠੇ, ਬਣ ਗਏ ਆਪ ਪਰਾਏ ।
ਕੇਹੇ ਤੁਸਾਂ ਦਿਲ ਪੱਕੇ ਕੀਤੇ, ਕੇਹੇ ਤੁਸਾਂ ਚਿੱਤ ਚਾਏ ।

8. ਗੀਤ-ਮੁੰਡਾ ਮੇਰੇ ਹਾਣ ਦਾ

ਮੁੰਡਾ ਮੇਰੇ ਹਾਣ ਦਾ,
ਮੂੰਹ ਚਿਤ ਲਗਦਾ ਤੇ ਨਾਲੇ ਖਾਨਦਾਨ ਦਾ ।

ਗੱਲਾਂ ਕਰੇ ਸੋਹਣੀਆਂ ।
ਕਹੀਆਂ ਮਨ-ਮੋਹਣੀਆਂ ।
ਹੱਸ ਹੱਸ ਬੋਲਦਾ ।
ਨਿੱਕੇ ਨਿੱਕੇ ਬੁਲ੍ਹਾਂ ਵਿਚੋਂ ਰਸ ਪਿਆ ਡੋਲ੍ਹਦਾ।
ਮਾਏ ਨੀ ਕੀ ਦੱਸਾਂ ਡਾਢਾ ਮਿੱਠੜਾ ਜ਼ਬਾਨ ਦਾ ।
ਮੁੰਡਾ ਮੇਰੇ ਹਾਣ ਦਾ,
ਮੂੰਹ ਚਿਤ ਲਗਦਾ ਤੇ ਨਾਲੇ ਖਾਨਦਾਨ ਦਾ ।

ਭੋਇੰ ਭਾਂਡੇ ਵਾਲਾ ਮਾਏ,
ਆਪੂੰ ਵਾਹੇ ਆਪ ਖਾਏ ।
ਓਥੇ ਨਾ ਅੜਿਕਾ ਕੋਈ ਸੱਸ ਤੇ ਨਨਾਣ ਦਾ ।
ਮੁੰਡਾ ਮੇਰੇ ਹਾਣ ਦਾ ।
ਮਾਏ ਮੈਨੂੰ ਰੀਝ ਉਹਦੀ ਮੰਗ ਅਖਵਾਣ ਦਾ ।
ਮੁੰਡਾ ਮੇਰੇ ਹਾਣ ਦਾ ।

9. ਅਮਨ ਲਈ

ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।
ਅਜੇ ਤੁਸਾਂ ਕੋਰੀਆ ਦੇ ਵਿਚ ਕੀ ਤੱਕਿਆ ਏ ।
ਅਜੇ ਕਈ ਥਾਵਾਂ ਅਸੀਂ ਕੋਰੀਆਂ ਬਨਾਣੀਆਂ ।
ਅਜੇ ਕਈ ਥਾਵੀਂ ਅਸੀਂ ਲਾਣੀਆਂ ਬੁਝਾਣੀਆਂ ।
ਜ਼ਿਮੀਆਂ ਦੇ ਤਬਕ ਅਜੇ ਕਈ ਅਸਾਂ ਸਾੜਨੇ ।
ਅਜੇ ਅਸਾਂ ਕਈ ਹੀਰੋ ਸ਼ੀਮਾਂ ਨੇ ਉਜਾੜਨੇ ।
ਅਜੇ ਘੁੱਟ ਅਸਾਂ ਖ਼ੌਰੇ ਕਿੰਨਿਆਂ ਦਾ ਭਰਨਾ ਏਂ ।
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।

ਟੈਂਕਾਂ ਨਾਲ਼ ਅਜੇ ਅਸਾਂ ਜ਼ਿਮੀਆਂ ਨੇਂ ਵਾਹਣੀਆਂ ।
ਵਾਹ ਕੇ ਫੇਰ ਅਜੇ ਅਸੀਂ ਸੇਆਂ ਕਈਆਂ ਲਾਣੀਆਂ ।
ਪਾਣੀਆਂ ਦੀ ਥਾਂ ਲਹੂ ਨਾਲ ਨੇ ਪਿਆਣੀਆਂ ।
ਅਮਨ ਦੀਆਂ ਸੌਖੀਆਂ ਨਾ ਫ਼ਸਲਾਂ ਉਗਾਣੀਆਂ ।
ਗੋਡੀਆਂ ਦੇ ਵਿਚ ਰੰਬਾ ਕਈਆਂ ਉੱਤੇ ਧਰਨਾ ਏਂ ।
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।

ਜੰਗ ਦਿਆਂ ਢੋਲਿਆਂ ਤੋਂ ਸੌੜਿਆਂ ਨਾ ਪਿਆ ਜੇ ।
ਬੰਬ ਦਿਆਂ ਗੋਲਿਆਂ ਤੋਂ ਸੌੜਿਆਂ ਨਾ ਪਿਆ ਜੇ ।
ਖੰਡਰਾਂ ਤੇ ਖੋਲ਼ਿਆਂ ਤੋਂ ਸੌੜਿਆਂ ਨਾ ਪਿਆ ਜੇ ।
ਅਸਾਂ ਬੜਬੋਲਿਆਂ ਤੋਂ ਸੌੜਿਆਂ ਨਾ ਪਿਆ ਜੇ ।
ਅਮਨ ਦੀਆਂ ਬੇੜੀਆਂ ਨੇ ਡੁੱਬ ਕੇ ਈ ਤਰਨਾ ਏਂ ।
ਅਜੇ ਅਸਾਂ ਅਮਨ ਲਈ ਬੜਾ ਕੁੱਝ ਕਰਨਾ ਏਂ ।

10. ਗੀਤ-ਅੱਜ ਕਾਗ ਬਨੇਰੇ ਤੇ ਬੋਲੇ

ਅੱਜ ਕਾਗ ਬਨੇਰੇ ਤੇ ਬੋਲੇ ।

ਅੱਜ ਝੱਟੇ ਝੱਟੇ ਕੰਨ ਵੱਜਦੇ ਨੇ
ਅੱਖੀਆਂ ਦੇ ਵਿਹੜੇ ਸਜਦੇ ਨੇ ।

ਦਿਲ ਵਿਚ ਪਈ ਪੋਣੀ ਫਿਰਦੀ ਏ ।
ਸਾਨੂੰ ਤਾਂਘ ਉਡੀਕ ਤੇ ਚਿਰ ਦੀ ਏ ।

ਅੱਖ ਬੂਹੇ ਵਿਚ ਈ ਰਹਿੰਦੀ ਏ ।
ਪਈ ਝੱਟੇ ਝੱਟੇ ਸੂਹ ਲੈਂਦੀ ਏ ।

ਇਹ ਜਦ ਦੇ ਚੰਦਰੇ ਵੱਜੇ ਨੇ ।
ਹੋਠਾਂ ਤੇ ਜੰਦਰੇ ਵੱਜੇ ਨੇ ।

ਇਹ ਬਾਰ ਜੇ ਕੋਈ ਆ ਖੋਲ੍ਹੇ ।
ਅੱਜ ਕਾਗ ਬਨੇਰੇ ਤੇ ਬੋਲੇ ।

11. ਗੋਰਿਆ

ਤੂੰ ਬਲਦਾ ਅੱਖੀਂ ਨੂਟ ਲੈ ਤੇ ਸਾਹ ਲੰਮੇਰੇ ਮੰਗ ।
ਹੁਣ ਦਿਲ ਕੱਢ ਜੀਵਨ ਜੋਗਿਆ, ਤੇ ਐਵੇਂ ਨਾ ਪਿਆ ਸੰਗ ।
ਇਹ ਧੁਰ ਦੇ ਲੇਖ ਪੰਜਾਲੀਆਂ, ਕੀ ਇਨ੍ਹਾਂ ਦੇ ਨਾਲ ਜੰਗ ।
ਤੇਰੇ ਲੇਖਾਂ ਦੇ ਨਾਲ ਗੋਰਿਆ! ਦੁਨੀਆਂ ਦੇ ਲੇਖੀਂ ਰੰਗ ।

ਉਹ ਬਲਦ ਨਾ ਨਿੰਦੇ ਜਾਂਵਦੇ , ਜਿਹੜੇ ਫਲ੍ਹਿਆਂ ਦੇ ਵਿਚ ਗਾਹੁਣ ।
ਇਨ੍ਹਾਂ ਗਾਹਾਂ ਵਿਚ ਸੋਈ ਸੋਭਦੇ, ਜਿਹੜੇ ਤਾਰੀ ਬੰਨ੍ਹ ਕੇ ਭੌਣ ।
ਖੁਰ ਕੱਚੇ ਹੋ ਹੋ ਜਾਣ ਪਏ, ਪਰ ਜ਼ਰਾ ਨਾ ਸੌੜੇ ਪੌਣ ।
ਤੂੰ ਵਿਚ ਸ਼ਰੀਕਾਂ, ਗੋਰਿਆ ! ਵਗ ਉੱਚੀ ਰੱਖ ਕੇ ਧੌਣ ।

ਇਨ੍ਹਾਂ ਫ਼ਸਲਾਂ ਵਿਚੋਂ ਮੰਨਿਆਂ, ਤੇਰੇ ਭਾ ਦਾ ਸੁੱਕਾ ਭੋ ।
ਜੱਟ ਭਰੇ ਭੜੋਲੇ ਆਪਣੇ ਤੇ ਦਾਣੇ ਲੈ ਜਾਏ ਢੋ ।
ਇਹ ਗਲ ਦੁਰੇਡੀ ਜਾਂਵਦੀ, ਇਹ ਗੱਲ ਨਾ ਅੜਿਆ ਛੁਹ ।
ਇਸ ਗਲੇ ਖ਼ਲਕ ਖ਼ੁਦਾ ਦੀ, ਨਿੱਤ ਗੁੱਤ ਘਸੁੱਨੀ ਹੋ ।

ਕਿਸੇ ਵਹਿਣ 'ਚ ਵੜਿਓਂ, ਗੋਰਿਆ ! ਤੂੰ ਔਖਾ ਲੱਗਣਾ ਪਾਰ ।
ਲੱਖ ਅੜੀਆਂ ਜ਼ਿੱਦਾਂ ਕਰ ਰਹੇ ਤੇ ਓੜਕ ਬੈਠੇ ਹਾਰ ।
ਇਥੇ ਨੱਥਾਂ, ਖੋਪੇ ਚੱਡੀਆਂ ਤੇ ਕੁੱਲੇ ਕਰਨ ਬੇਜ਼ਾਰ ।
ਤੂੰ ਵਗ ਰਜ਼ਾ ਜਿਉਂ ਖ਼ਸਮ ਦੀ ਤੇ ਉੱਕਾ ਦਮ ਨਾ ਮਾਰ ।

ਇਹ ਗੱਲ ਨਹੀਂ ਜੇ ਭਾਂਵਦੀ ਤੇ ਅਪਣਾ ਆਪ ਵਿਖਾ ।
ਇੰਜ ਅੜਜਾ ਭੰਨ ਪੰਜਾਲੀਆਂ ਤੇ ਨੱਥਾਂ ਲੈ ਤੁੜਾ ।
ਜੱਟ ਫੇਰ ਨਾ ਨੇੜੇ ਆਵਣਾ ਜਦ ਲੈਣੀ ਸੂ ਛੜ ਖਾ ।
ਅੱਜ ਦੁਨੀਆ ਦੇ ਵਿਚ ਗੋਰਿਆ ! ਡਾਢੇ ਵੱਲ ਖ਼ੁਦਾ ।

12. ਚਾਨਣੀਆਂ ਰਾਤਾਂ

ਚਾਨਣੀਆਂ ਰਾਤਾਂ ਵਿਚ ਆਉਂਦਾ ਇਹ ਖ਼ਿਆਲ ਏ ।
ਰੱਬ ਸਾਡਾ ਸਾਡੇ ਉਤੇ ਕਿੰਨਾ ਈ ਦਿਆਲ ਏ ।
ਚਾਨਣੇ ਤੇ ਠੰਢ ਨੂੰ ਨਾ ਕੋਈ ਮੇਲ ਸਕਦਾ ।
ਇੱਕ ਮਿੱਕ ਕਰ ਕੇ ਉਹ ਇੰਜ ਡੋਲ੍ਹ ਦੇਂਦਾ ਏ ।
ਠੰਢੇ ਠੰਢੇ ਨੂਰ ਵਾਲਾ ਸੋਮਾ ਖੋਲ੍ਹ ਦੇਂਦਾ ਏ ।
ਵੱਡਾ ਵੀ ਨਿਹਾਲ ਏ ਤੇ ਛੋਟਾ ਵੀ ਨਿਹਾਲ ਏ ।

ਕੱਚੇ ਕੱਚੇ ਕੋਠਿਆਂ ਤੇ ਉਂਜੇ ਨੂਰ ਵਸਦਾ ।
ਉੱਚਿਆਂ ਚੁਬਾਰਿਆਂ ਤੇ ਜਿਸ ਤਰ੍ਹਾਂ ਰਸਦਾ ।
ਭੁੱਖਿਆਂ ਦੇ ਵਿਹੜਿਆਂ ਤੋਂ ਜ਼ਰਾ ਨਹੀਂ ਸੰਗਦਾ ।
ਮਾੜਿਆਂ ਦੇ ਘਰਾਂ ਨੂੰ ਵਲਾ ਕੇ ਨਹੀਂ ਲੰਘਦਾ ।
ਆਪਣੀਆਂ ਰਿਸ਼ਮਾਂ ਦਾ ਮੁੱਲ ਨਹੀਂ ਮੰਗਦਾ ।
ਜਿਥੇ ਜਿਹੜਾ ਜਾਏ ਓਥੇ ਚੰਨ ਉਹਦੇ ਨਾਲ ਏ ।

ਹਾਠਾਂ ਕਦੇ ਧਰਤੀ ਨੂੰ ਸੁੰਘ ਕੇ ਨਾ ਵੱਸੀਆਂ ।
ਲਿਸਿਆਂ ਦੀ ਪੈਲੀ ਕੋਲੋਂ ਪਰੇ ਨਹੀਂ ਨੱਸੀਆਂ ।
ਡਾਢਿਆਂ ਨਾ ਖਿੱਚ ਲਈਆਂ ਪਾ ਪਾ ਕੇ ਰੱਸੀਆਂ ।
ਇਕੋ ਜਹੀਆਂ ਸਭ ਦੀਆਂ ਉਨ੍ਹਾਂ ਨੇ ਪਿਆਲੀਆਂ ।
ਸੌਣ ਵਿਚ ਭਰ ਦਿੱਤੇ ਟੋਏ ਟਿੱਬੇ ਖਾਲੀਆਂ ।
ਫ਼ਸਲਾਂ ਉਗਾਈਆਂ ਮੁੜ ਪਾਲਾਂ ਦੀਆਂ ਪਾਲੀਆਂ ।
ਵੱਟੇ ਵਿਚ ਮੰਗਿਆ ਨਾ ਕਿਸੇ ਤੋਂ ਰਵਾਲ ਏ ।

ਕਿਰਨਾਂ ਨੇ ਕੀਤੀਆਂ ਨਾ ਵੰਡਾਂ ਕਿਤੇ ਕਾਣੀਆਂ ।
ਫੁੱਲਾਂ ਉੱਤੇ ਵੱਖਰੀਆਂ ਨਹੀਂ ਮੇਹਰਬਾਨੀਆਂ ।
ਮਿੱਟੀ ਨੂੰ ਵੀ ਚੁੰਮਦੀਆਂ ਨੂਰ ਦੀਆਂ ਰਾਣੀਆਂ ।
ਜਿਸ ਤਰ੍ਹਾਂ ਚੌਧਰੀ ਦੇ ਪਿੰਡੇ ਨੂੰ ਸੁਖਾਂਦੀਆਂ ।
ਉਸੇ ਤਰ੍ਹਾਂ ਵਾਹਕ ਨੂੰ ਵੀ ਨਿੱਘ ਨੇ ਪੁਚਾਂਦੀਆਂ ।
ਤੋਲਵਾਂ ਸਲੂਕ ਵਾਹਵਾ ਸਭਸੇ ਦੇ ਨਾਲ ਏ ।

ਰੱਬ ਨੇ ਵੀ ਜ਼ਿਮੀਂ ਤੇ ਇਹ ਸਾਂਝੀ ਈ ਬਣਾਈ ਸੀ ।
ਕਿਸੇ ਇਕ ਟੱਬਰੀ ਦੇ ਨਾਂ ਨਹੀਂ ਲਾਈ ਸੀ ।
ਬੰਦਿਆਂ ਨੇ ਕਰ ਲਈ ਜਿਵੇਂ ਜੀ ਆਈ ਸੀ ।
ਇਸ ਦਾ ਜ਼ਵਾਲ ਇੰਜ ਦੁਨੀਆ ਤੇ ਪਾਇਆ ਏ ।
ਜ਼ਿੰਦਗੀ ਦੇ ਰੌਲੇ ਵਿਚ ਫ਼ਰਕ ਨਾ ਆਇਆ ਏ ।
ਉਹੋ ਬੋੜੀ ਖੋੜੀ ਅਤੇ ਰਾਮ ਦਿਆਲ ਏ ।

ਇਹ ਮੇਰੀ ਵੰਡ ਏ ਤੇ ਔਹ ਤੇਰੀ ਵੰਡ ਏ ।
ਮੇਰੀ ਤੇਰੀ ਵੰਡ ਈ ਤੋਂ ਪਿਆ ਹੋਇਆ ਭੰਡ ਏ ।
ਅਪਣਾ ਈ ਮੂੰਹ ਏ ਤੇ ਆਪਣੀ ਈ ਚੰਡ ਏ ।
ਚੰਡਾਂ ਮਾਰ ਮਾਰ ਮੂੰਹ ਕੀਤਾ ਪਿਆ ਲਾਲ ਏ ।

ਉਹਦੇ ਸਾਂਝੇ ਦਿੱਤਿਆਂ ਨੂੰ ਸਾਂਝਿਆਂ ਨਾ ਜਾਣਦੇ ।
ਨੇਅਮਤਾਂ ਬੇਮੁੱਲੀਆਂ ਦਾ ਮੁੱਲ ਪਏ ਪਾਂਵਦੇ ।
ਰੱਜ ਖਾਣ ਦੇਣ ਦੇ ਨਾ ਆਪ ਰੱਜ ਖਾਂਵਦੇ ।
ਭਾਵੇਂ ਥੱਲੇ ਆਉਣ, ਕੰਧ ਦੂਜਿਆਂ ਦੀ ਢਾਂਵਦੇ ।
ਕਿੰਨੀ ਸੋਹਣੀ ਦੁਨੀਆਂ ਤੇ ਕਿੱਡਾ ਭੈੜਾ ਹਾਲ ਏ ।
ਚਾਨਣੀਆਂ ਰਾਤਾਂ ਵਿਚ ਆਉਂਦਾ ਖ਼ਿਆਲ ਏ ।

13. ਤੈਨੂੰ ਯਾਦ ਕਰਾਂ

ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਠੰਡੀ ਠੰਡੀ ਫ਼ਜਰ ਦੀ 'ਵਾ ਜਦੋਂ ਵਗਦੀ ।
ਰਾਤ ਵੀ ਤ੍ਰੇਲ ਵਿਚ ਭਿੱਜੀ ਹੋਈ ਲਗਦੀ ।
ਚੰਨ ਨਿੰਮ੍ਹਾ ਹੋ ਜਾਵੇ ।
ਫਿੱਕੀ ਪੈ ਜਾਵੇ ਜਦੋਂ ਤਾਰਿਆਂ ਦੀ ਛਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਕਿਸੇ ਨੂੰ ਨਾ ਦੱਸਿਆ, ਮੈਂ ਤੈਨੂੰ ਵੀ ਨਾ ਦੱਸਿਆ ।
ਜਿਹੜਿਆਂ ਮੈਂ ਖੋਭਿਆਂ ਤੇ ਜਿਲ੍ਹਣਾਂ 'ਚ ਫੱਸਿਆ ।
ਤੇਰੀ ਆਬਰੂ ਵਾਸਤੇ ।
ਹੋਠਾਂ ਉੱਤੇ ਆਇਆ ਹੋਇਆ ਨਾਂ ਪਰਤਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਅੱਜ ਤਾਈਂ ਦਿਲ ਦੇ ਵੀ ਨਾਲ ਨਹੀਂ ਕੀਤੀਆਂ ।
ਜੋ ਜੋ ਪਈਆਂ ਬੀਤੀਆਂ ।
ਘੁੱਟ ਘੁੱਟ ਰੱਖੀਆਂ ਤੇ ਵਿਚੋ ਵਿਚ ਪੀਤੀਆਂ ।
ਹੌਸਲਾ ਨਾ ਪੈਂਦਾ ਏ ਜੋ ਕਿਸੇ ਨੂੰ ਸੁਣਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਸੌੜ ਖਾ ਕੇ ਕਦੇ ਹੋ ਕੇ ਡਾਢਾ ਮਜਬੂਰ ਮੈਂ ।
ਕੀਤਾ ਏ ਤੇ ਏਨਾ ਪਿਆ ਕੀਤਾ ਏ ਜ਼ਰੂਰ ਮੈਂ ।
ਓਲ੍ਹੇ ਇਕਲਵਾਂਝੇ ਹੋ ਕੇ ਸਭਨਾਂ ਤੋਂ ਦੂਰ ਮੈਂ ।
ਕਾਗ਼ਜ਼ ਤੇ ਨਾਂ ਤੇਰਾ ਲਿਖ ਕੇ ਤੇ ਚੁੰਮ ਲਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

ਰੱਬ ਬਿਨਾਂ ਕਦ ਕਿਸੇ ਦਿਲ ਦੀਆਂ ਬੁੱਝੀਆਂ ।
ਬੁੱਝੇ ਮੁੜ ਕਿਵੇਂ ਕੋਈ ਮੇਰੀਆਂ ਇਹ ਗੁੱਝੀਆਂ ।
ਰੋ ਰੋ ਜਿਦ੍ਹੀ ਯਾਦ ਵਿਚ ਅੱਖੀਆਂ ਨੇ ਸੁੱਜੀਆਂ ।
ਸਮਝ ਨਾ ਆਵੇ ਉਹਨੂੰ ਕੀਕਣ ਜਤਾਂ ।
ਕੱਲਿਆਂ ਮੈਂ ਬਹਿ ਕੇ ਲਵਾਂ ਨਿੱਤ ਤੇਰਾ ਨਾਂ ।
ਤੈਨੂੰ ਯਾਦ ਕਰਾਂ ।

14. ਗੀਤ-ਬਖ਼ਤ ਨਾ ਵਿਕਦੇ ਮੁਲ ਵੇ

ਰੰਗਾ ਰੰਗ ਨੇ ਕਪਾਹ ਦੇ ਫੁੱਲ ਵੇ ।
ਕਦੇ ਬਖ਼ਤ ਨਾ ਵਿਕਦੇ ਮੁੱਲ ਵੇ ।

ਲੈਂਦੇ ਨਾ ਖ਼ਰੀਦ ? ਪਰ ਜੀਵੇਂ ਹਾਣੀਆਂ ।
ਕਰੀਏ ਤੇ ਕਰੀਏ, ਕੀ ਵੇ ਹਾਣੀਆਂ ।
ਕਰਨ ਨਾ ਦਿੰਦੇ ਉੱਚੀ ਸੀ ਵੇ ਹਾਣੀਆਂ ।
ਹੰਝੂ ਚੰਦਰੇ ਨੇ ਪੈਂਦੇ ਡੁੱਲ੍ਹ ਵੇ ।
ਕਿਤੇ ਬਖ਼ਤ ਨਾ ਵਿਕਦੇ ਮੁਲ ਵੇ ।

ਹੱਥ ਆਪਣੇ 'ਚ ਆਪਣੀ ਡੋਰ ਨਹੀਂ ।
ਜਿਹਦੇ ਹੱਥ ਵਿਚ, ਉਸ ਤੇ ਜ਼ੋਰ ਨਹੀਂ ।
ਲਿਖੀ ਧੁਰ ਦੀ ਤੇ ਹੋਂਦੀ ਹੋਰ ਨਹੀਂ ।
ਲੱਖ ਹਫ਼ੀਏ ਪਏ ਘੁਲ ਘੁਲ ਹਾਣੀਆਂ ।
ਰੰਗਾ ਰੰਗ ਨੇ ਕਪਾਹ ਦੇ ਫੁੱਲ ਹਾਣੀਆਂ।

ਮਿੱਟੀ ਢੋਈ ਕਿਸੇ ਚੱਕ ਫੇਰੇ ।
ਕਿਸੇ ਵਗ ਸਿਆਲਾਂ ਦੇ ਛੇੜੇ ।
ਜਦੋਂ ਬਖ਼ਤ ਨਾ ਹੋਣ ਚੰਗੇਰੇ ।
ਰਾਹ ਨੀਲੀਆਂ ਜਾਂਦੀਆਂ ਭੁੱਲ ਵੇ ।
ਰੰਗਾ ਰੰਗ ਨੇ ਕਪਾਹ ਦੇ ਫੁੱਲ ਵੇ ।
ਕਦੇ ਬਖ਼ਤ ਨਾ ਵਿਕਦੇ ਮੁੱਲ ਵੇ ।

15. ਪਾਣੀ ਭਰਨ ਪਨਿਹਾਰੀਆਂ

ਪਾਣੀ ਭਰਨ ਪਨਿਹਾਰੀਆਂ, ਤੇ ਵੰਨੋ ਵੰਨ ਘੜੇ ।
ਭਰਿਆ ਉਸ ਦਾ ਜਾਣੀਏਂ, ਜਿਸ ਦਾ ਤੋੜ ਚੜ੍ਹੇ ।

ਉਹਾ ਲੱਜ ਚਰੱਕਲੀ ਉਹੋ ਖੂਹ ਦਾ ਘੇਰ ।
ਇਕ ਭੰਨੇ ਇਕ ਭਰ ਲਏ, ਇਹ ਲੇਖਾਂ ਦੇ ਫੇਰ ।

ਲੇਖਾਂ ਦੀ ਇਹ ਖੇਡ ਹੈ, ਜਦੋਂ ਇਹ ਦਿੰਦੇ ਹਾਰ ।
ਲੱਖਾਂ ਸੁਘੜ ਸਿਆਣੀਆਂ, ਭੰਨਣ ਅੱਧ ਵਿਚਕਾਰ ।

ਬੁਘਨੇ ਘੁੱਟ ਘੁੱਟ ਬੰਨ੍ਹੀਆਂ, ਤੇ ਨਵੀਂ ਲਿਆਈਆਂ ਲੱਜ ।
ਜਿਸ ਦਾ ਭੱਜਣਾ ਲਿਖਿਆ, ਉਸ ਦਾ ਜਾਣਾ ਭੱਜ ।

ਉਸ ਦੀ ਢਾਕ ਅੱਜ ਸੱਖਣੀ, ਜਿਸ ਨੇ ਭਰਿਆ ਕੱਲ੍ਹ ।
ਅੱਜ ਉਹ ਮੂਰਖ ਹੋ ਗਈ, ਕੱਲ੍ਹ ਜਿਸ ਨੂੰ ਸੀ ਵੱਲ ।

ਤੱਕਿਆ ਮਾਣ ਕਰੇਂਦੀਆਂ, (ਅਸਾਂ) ਘਾਗੇ ਹੱਥ ਫੜੇ ।
ਭਰਿਆ ਉਸ ਦਾ ਜਾਣੀਏਂ, ਜਿਸ ਦਾ ਤੋੜ ਚੜ੍ਹੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਰੀਫ਼ ਕੁੰਜਾਹੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ