Geet Govind : Sant Jaidev in Punjabi (Translator : Kirpal Singh Kasel)

ਗੀਤ ਗੋਵਿੰਦ : ਸੰਤ ਜੈ ਦੇਵ (ਅਨੁਵਾਦਕ : ਕਿਰਪਾਲ ਸਿੰਘ ਕਸੇਲ)

ਗੀਤ ਗੋਵਿੰਦ ਦੇ ਪਾਤਰ

(ਸਭ ਪਾਤਰ ਧਿਆਨੀ ਕਲਪਨਾ ਦੇ ਰੂਪਾਕਾਰ ਹਨ,
ਜੋ ਆਤਮਾ ਦੇ ਦੈਵੀ ਪ੍ਰਕਾਸ਼ ਦੁਆਰਾ ਰਚੇ ਗਏ ਹਨ,
ਜਿਨ੍ਹਾਂ ਨੇ ਫੁੱਲਾਂ ਤੇ ਪੱਤਿਆਂ ਦੇ ਪ੍ਰਕਾਸ਼ ਤੋਂ ਬਿਨਾਂ ਹੋਰ
ਕੋਈ ਵਸਤਰ ਧਾਰਣ ਨਹੀਂ ਕੀਤਾ ਹੋਇਆ ਹੈ ।)

ਕ੍ਰਿਸ਼ਨ :

ਪਰਮ ਯਥਾਰਥ ਦਾ ਸਰੂਪ, ਬਿੰਦਰਾਬਨ ਦਾ ਯੁਵਕ-
ਨਿਰਤਕਾਰ, ਪ੍ਰੀਤਮ, ਸ਼ੁਧ ਵਿਚਾਰਾਂ ਦਾ ਨੀਲਾ
ਰੂਪਾਕਾਰ, ਸਮਸਤ ਨੀਲਾ ਆਕਾਸ਼, ਜੋ ਇਸ ਦਾ
ਵਾਸਤਵਿਕ ਸਰੂਪ ਸੀ, ਪਰ ਸ਼ਰਧਾਲੂਆਂ ਦੇ ਮਨਾਂ ਵਿਚ
ਉਹ ਸੰਝ ਦਾ ਸਰੂਪ ਤੇ ਧੁੰਦਲਾ ਜਿਹਾ ਵਿਚਾਰ ਹੈ, ਫਿਰ
ਪਿਛੋਂ ਉਹ ਦੈਵੀ ਪ੍ਰਕਾਸ਼ ਦੇ ਇਕ ਪਰੇਮ-ਪਾਤਰ ਦੇ ਰੂਪ
ਵਿਚ ਆਉਂਦਾ ਹੈ, ਪਹਿਲਾਂ ਉਹ ਮਨੁੱਖੀ ਚਿਹਰੇ ਦੇ ਸੂਖਮ
ਆਕਾਰ ਵਿਚ ਦਿਖਾਈ ਦਿੰਦਾ ਹੈ, ਥੋੜ੍ਹੀ ਜਿਹੀ ਝਲਕ
ਵਿਖਾਉਂਦਾ ਹੈ ਅਤੇ ਉਸਦਾ ਹੱਥ ਹਿਲਦਾ ਦਿਖਾਈ ਦਿੰਦਾ
ਹੈ । ਇਹ ਇਕ ਉਡਦਾ ਜਿਹਾ ਰੂਪਾਕਾਰ ਹੈ ਜੋ ਕਦੀ
ਦਿਸਦਾ ਹੈ ਤੇ ਕਦੀ ਅਲੋਪ ਹੁੰਦਾ ਹੈ । ਪਰਦੇ ਉਠਣ ਉਤੇ
ਸ਼ਰਧਾਲੂ ਇਸ ਵਲ ਤੱਕਦੇ ਹਨ ਅਤੇ ਆਵੇਸ਼ ਅਵਸਥਾ
ਵਿਚ ਧਿਆਨ ਮਗਨ ਹੋ ਕੇ ਉਸ ਨੂੰ ਰੱਬੀ ਅਵਤਾਰ ਜਾਣ ਕੇ
ਆਪਣੇ ਮਨ ਵਿਚ ਵਸਾ ਲੈਂਦੇ ਹਨ, ਇਹ ਸਦੀਵੀ ਜੀਵਨ
ਦਾ ਚਿੰਨ੍ਹ ਬਣ ਜਾਂਦਾ ਹੈ । ਪਰੇਮ ਦੀ ਮੂਰਤੀ ਅਤੇ ਇਕ
ਰੱਬੀ ਸਰੂਪ ਉਨ੍ਹਾਂ ਦੇ ਮਨਾਂ ਵਿਚ ਅੰਮ੍ਰਿਤ ਬੂੰਦਾਂ ਬਰਸਾਉਣ
ਵਾਲਾ ਹੈ । ਇਸ ਲਈ ਉਨ੍ਹਾਂ ਦੇ ਜੀਵਨ ਦਾ ਇਕ ਅਨਿਖੜ
ਅੰਗ ਬਣ ਜਾਂਦਾ ਹੈ । ਉਹ ਜੀਵਨ ਮਨੁੱਖਤਾ, ਰੱਬਤਾ, ਧਰਮ,
ਕਲਾ, ਜੀਵਨ ਦੀ ਅੰਤਿਮ ਪੂਰਤੀ ਦਾ ਸਰਬ ਸਮਿਆਂ ਲਈ
ਆਦਰਸ਼ ਬਣ ਜਾਂਦਾ ਹੈ-ਜੀਵਨ ਦੇ ਸਾਰੇ ਰੂਪਾਕਾਰਾਂ ਲਈ
ਉਹ ਇਸਤਰੀ, ਪੁਰਸ਼, ਪੰਛੀ ਤੇ ਬ੍ਰਿਛਾਂ ਦਾ ਪ੍ਰਭੂ ਪ੍ਰੀਤਮ ਹੈ-
"ਉਹ ਸੈਭੰਗ ਸਰੂਪ ਹੈ, ਜਿਸ ਦੀ ਰਿਸ਼ੀ ਮੁਨੀ ਵਖ ਵਖ ਰੂਪ
ਵਿਚ ਮਹਿਮਾ ਗਾਉਂਦੇ ਹਨ", ਜੋ ਸਰਵੁਚ ਆਤਮਾ ਤੇ ਕਰਤਾ
ਪੁਰਖ ਹੈ ।

ਰਾਧਾ :

ਸ਼ਰਧਾਲੂ ਆਤਮਾ, ਪ੍ਰਭੂ ਦੀ ਪਤਨੀ । ਮਨੁੱਖਤਾ ਜੋ ਦੈਵੀ
ਦਰਸ਼ਨ ਦੀ ਝਲਕ ਲਈ ਤ੍ਰਿਖਾਵੰਤ ਹੈ, ਜੋ ਰੱਬੀ ਸੰਜੋਗ ਦੀ
ਭੁਖੀ ਹੈ ਅਤੇ ਆਪਣੇ ਅੰਤਰੀਵ ਇਸ਼ਟ ਤੋਂ ਵਿਛੜ ਕੇ ਪੀੜਾਂ
ਦਾ ਦੁੱਖ ਸਹਾਰਦੀ ਹੈ ।

ਸਖੀਆਂ :

ਯੁੱਗਾਂ ਦੀਆਂ ਆਵਾਜ਼ਾਂ ।

ਗੋਪੀਆਂ :

ਸਭ ਜੀਵ-ਇਸਤਰੀਆਂ ਪ੍ਰਭੂ ਦੀਆਂ ਪਤਨੀਆਂ ।
(ਝਾਕੀ ਬਿੰਦਰਾਬਨ ਅਰਥਾਤ ਸੁੰਦਰਤਾ ਦੇ ਬਨ ਦੀ ਹੈ, ਜੋ
ਕੇਵਲ ਸ਼ਰਧਾਲੂ ਦੇ ਅਨੰਦ ਮਗਨ ਨੈਣਾਂ ਨੂੰ ਹੀ ਦਿਖਾਈ
ਦਿੰਦੀ ਹੈ ।)

ਮੰਗਲਾਚਰਣ
ਰਚਨਾਰੰਭ-ਦਸ ਅਵਤਾਰ ਸਤੋਤਰ

(ਕ੍ਰਿਸ਼ਨ ਤੋਂ ਬਿਨਾਂ ਗੋਪੀਆਂ, ਸਖੀਆਂ ਤੇ ਅਭਿਨੇਤਾ ਸਭ
ਮਿਲ ਕੇ ਗਾਉਂਦੇ ਹਨ )

ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !
ਆਦਿ ਕਾਲ ਸ੍ਰਿਸ਼ਟੀ ਅਵਤਾਰਾ,
ਉਛਲ ਰਹੀ ਸਾਗਰ ਜਲਧਾਰਾ ।
ਮੱਛ ਰੂਪ ਤਦ ਆਪ ਬਣਾਇਆ,
ਹਿਰਦੇ ਵਿਚ ਜੋਤੀ ਲੈ ਆਇਆ ।
ਤਰਿਆ ਤੂੰ ਸਾਗਰ ਵਿਚਕਾਰ
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਅਦਭੂਤ ਰੂਪ ਕਛੂ ਦਾ ਧਰਿਆ !
ਧਰਤੀ ਪਿਠ ਉਪਰ ਲੈ ਤਰਿਆ
ਨੀਲੇ ਜਲ ਵਿਚ ਧਰਤ ਸੁਨਹਿਰੀ
ਵਾਹ ਤੇਰੀ ਲੀਲਾ ਅਤਿ ਗਹਿਰੀ
ਧਰਤ ਰਚਾਈ ਜਲ ਵਿਚਕਾਰ
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਹੇ ਵਰਾਹ ਰੂਪ ਅਵਤਾਰ
ਧਰਤੀ ਚੁਕ ਰਖੀ ਸੁੰਡ ਭਾਰ
ਵਿਚ ਅਕਾਸ਼ ਬਿੰਦੂ ਦਾ ਰੂਪ
ਦਾਗ ਚੰਦਰਮਾ ਜਿਵੇਂ ਅਨੂਪ
ਵਾਹ ਤੇਰੀ ਲੀਲਾ ਕਰਤਾਰ !
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਨਰ ਸਿੰਘ ਰੂਪ ਨਖਣ ਅਤਿ ਭਾਰੀ
ਹਰਨਾਖ਼ਸ਼ ਦੀ ਭੁਗਤ ਸਵਾਰੀ
ਪੇਟ ਪਾੜ ਕੀਤਾ ਸੰਘਾਰ
ਦਸੀ ਆਪਣੀ ਸ਼ਕਤ ਅਪਾਰ
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਆਏ ਵਾਮਨ ਰੂਪ ਨੂੰ ਧਾਰ
ਧਰਤੀ ਦਾ ਇਹ ਮਹਾਂ ਪਸਾਰ
ਮਿਣਿਆਂ ਤਿੰਨ ਕਦਮਾਂ ਦੇ ਹਾਰ
ਚੌਥੇ ਦੀ ਕਿਸ ਨੂੰ ਸੀ ਸਾਰ ।
ਜਿਥੇ ਵੀ ਤੁਸੀਂ ਕਦਮ ਟਿਕਾਓ
ਸੌ ਗੰਗਾ ਦੀ ਧਾਰ ਵਹਾਓ
ਅਦਭੁਤ ਲੀਲਾ ਹੇ ਕਰਤਾਰ !
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਬਲਦੇਵ ਰੂਪ ਤੂੰ ਆਪ ਸਜਾਇਆ
ਮਹਾਂ ਮਾਨਵ ਦਾ ਰੂਪ ਬਣਾਇਆ
ਚਿੱਟੀ ਦੁੱਧ ਕਾਂਇਆਂ ਅਪਾਰ
ਕੱਜੇ ਮੇਘਲਾ ਚਾਦਰ ਹਾਰ
ਜਮਨਾਂ ਦੀ ਨੀਲੀ ਜਲਧਾਰ
ਹੈ ਤੂੰ ਹਲ ਰੂਪ ਅਵਤਾਰ
ਤੇਰੇ ਹਲ ਦੇ ਭੈ ਕਾਰਨ ਹੀ
ਨਿਤ ਵਹਿੰਦੀ ਹੈ ਯਮਨਾ ਧਾਰ !
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਪਰਸਰਾਮ ਕੁਹਾੜਾ ਫੜ ਕੇ
ਕਟੇ ਸੀਸ ਜੋ ਵੀ ਅਟਕੇ
ਸੁੰਦਰ ਸ਼ਿਵ ਦੇਵ ਸਰੂਪ
ਜੋ ਮੂੰਹ ਮੋੜੇ ਕੀਤਾ ਸੂਤ
ਮਹਿਮਾਂ ਤੇਰੀ ਅਪਰੰਮਪਾਰ !
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਧਰਿਆ ਰਾਮ ਰੂਪ ਅਵਤਾਰ
ਪਾਪੀ ਦਹਿਸਰ ਦਿਤਾ ਮਾਰ
ਰਾਮ ਰੂਪ ਅਨੂਪ ਅਪਾਰ
ਪੇਖ ਪੇਖ ਹੋਈਏ ਬਲਿਹਾਰ !
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਬੁਧ ਦਾ ਰੂਪ ਧਾਰ ਕੇ ਆਏ
ਗਿਆਨ ਦਯਾ ਕਰੁਣਾ ਮਨ ਭਾਏ
ਅਤਿ ਸੁੰਦਰ ਸਰੂਪ ਸੁਹਾਏ
ਪਰਮ ਸ਼ਾਂਤੀ ਮਹਾਂ-ਅਵਤਾਰ !
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਕਲਗੀਧਰ ਖੜਗ ਦੇ ਧਾਰੀ
ਦੁਸ਼ਟ ਦਮਨ ਦੀ ਮਹਿਮਾ ਨਿਆਰੀ
ਕਲਯੁਗ ਦੇ ਅਵਤਾਰ ਪਿਆਰੇ
ਵਾਰ ਵਾਰ ਜਾਈਏ ਬਲਿਹਾਰੇ !
ਜੈ ਜੈ ਜੈ ਕਲਕੀ ਅਵਤਾਰ !
ਜੈ ਜੈ ਜੈ ਤੇਰੀ ਕਰਤਾਰ !
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

ਹਰੀ ਰੂਪ ਅਤਿ ਪ੍ਰੀਤਮ ਪਿਆਰੇ
ਜੈ ਜੈ ਕਾਰ ਤੇਰੀ ਅਤਿ ਪਿਆਰੇ !
ਕੇਸ ਕੁੰਡਲ ਦੀ ਛਵ ਨਿਆਰੀ
ਸਗਲ ਬਨਸਪਤ ਹੇ ਬਨਵਾਰੀ
ਗਲ ਤੋਂ ਲੈ ਚਰਨਾਂ ਤਕ ਪਿਆਰੇ
ਪਹਿਨ ਰਖਿਆ ਸੁੰਦਰ ਹਾਰ !
ਤੇਰੇ ਸੀਨੇ ਵਿਚਲਾ ਪਿਆਰ
ਮਾਣੇ ਲਛਮੀ ਵਿਚ ਖ਼ੁਮਾਰ
ਮਾਨਸਰਾਂ ਦੇ ਹੰਸ ਅਵਤਾਰ !
ਤੇਰੇ ਮਹਾਂ ਪ੍ਰਕਾਸ਼ ਦੀ ਛਾਇਆ
ਹੈ ਰਵੀ ਦੀ ਮਹਾਂ ਪਸਾਰ ।
ਹੇ ਜੀਵ ਦੇ ਮੁਕਤੀ ਦਾਤੇ
ਇਸ ਦੇਹੀ ਦਾ ਕਰੋ ਉਧਾਰ
ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਜੈ ਜੈ ਜੈ ਤੇਰੀ ਕਰਤਾਰ !
ਜੈ ਹਰੀ ਪ੍ਰੀਤਮ ਮਨਮੋਹਣ
ਹੋਵੇ ਤੇਰੀ ਜੈ ਜੈ ਕਾਰ !

ਕਾਲੀ ਨੂੰ ਨਥ ਪਾਵਣ ਵਾਲੇ
ਸਰਪ ਦਾ ਵਿਹੁ ਮੁਕਾਵਣ ਵਾਲੇ
ਹੇ ਸੁੰਦਰ ਹੇ ਮਹਾਂ ਅਨੂਪ
ਪਰਮ ਅਨੰਦ ਦੇ ਮਹਾਂ ਸਰੂਪ
ਯਾਦਵ ਕੁਲ ਦੇ ਕੰਵਲ ਪਿਆਰੇ
ਚੰਦਰ ਬੰਸੀ ਰਾਜ ਦੁਲਾਰੇ
ਹੇ ਹਰੀ ਪ੍ਰੀਤਮ ਮਨਮੋਹਣ
ਕਰੀਏ ਤੇਰੀ ਜੈ ਜੈ ਕਾਰ !

ਦੇਵ ਗਣਾਂ ਲਈ ਹੋ ਭਗਵੰਤ
ਦੈਤਾਂ ਦਾ ਕਰਦੇ ਹੋ ਅੰਤ
ਗਰੜ ਵਾਹਣ ਦੇ ਸ਼ਾਹ-ਸੁਆਰ
ਦੇਵਤਿਆਂ ਦੇ ਹੋ ਸਰਦਾਰ !
ਹੇ ਹਰੀ ਪ੍ਰੀਤਮ ਮਨਮੋਹਣ
ਕਰੀਏ ਤੇਰੀ ਜੈ ਜੈ ਕਾਰ !

ਨੈਣ ਕੰਵਲ ਇਕ ਵਾਰ ਨਿਹਾਰਨ
ਦੁਖੜੇ ਧਰਤ ਦੇ ਸਭ ਨਿਵਾਰਨ
ਤ੍ਰੈ ਲੋਕੀ ਦੇ ਸਿਰਜਣਹਾਰ !
ਹੇ ਹਰੀ ਪ੍ਰੀਤਮ ਮਨਮੋਹਣ
ਕਰੀਏ ਤੇਰੀ ਜੈ ਜੈ ਕਾਰ !

ਸੀਤਾ ਜੀ ਦੇ ਰਾਮ ਪਿਆਰੇ
ਦਹਿਸਰ ਤਾਈਂ ਮਾਰਨ ਵਾਲੇ
ਹੇ ਹਰੀ ਪ੍ਰੀਤਮ ਮਨਮੋਹਣ
ਕਰੀਏ ਤੇਰੀ ਜੈ ਜੈ ਕਾਰ !

ਹੇ ਸੁੰਦਰ ਸੁਨੀਲ ਪਿਆਰੇ
ਮੇਘ ਰੂਪ ਅਨੂਪ ਨਿਆਰੇ
ਚੰਦ ਰੂਪ ਲਛਮੀ ਮਹਾਂ ਮਾਇਆ
ਪੰਛੀ ਮਨ ਉਡਦਾ ਉਠ ਧਾਇਆ
ਹੇ ਹਰੀ ਪ੍ਰੀਤਮ ਮਨਮੋਹਣ
ਕਰੀਏ ਤੇਰੀ ਜੈ ਜੈ ਕਾਰ !

ਜੈ ਦੇਵ ਗੀਤ ਗੋਵਿੰਦ ਅਲਾਏ
ਮਹਾਂ ਅਨੰਦ ਉਸ ਨੂੰ ਜੋ ਗਾਏ
ਸੁੰਦਰ ਪਵਿੱਤਰ ਹੈ ਇਹ ਗੀਤ
ਆਤਮ ਤਲ ਦਾ ਮਹਾਂ ਸੰਗੀਤ
ਭਗਤੀ ਸ਼ਰਧਾ ਵਿਚ ਪੁਨੀਤ
ਹੈ ਇਹ ਸ਼ੁਧ ਪ੍ਰੀਤ ਦਾ ਗੀਤ
ਸਹਿਜ ਮੰਗਲ ਤੇ ਗਹਿਰ ਗੰਭੀਰ
ਹੈ ਇਹ ਮਨ ਅੰਤਰ ਦੀ ਧੀਰ !
ਜੈ ਜੈ ਕਾਰ ਤੇਰੀ ਕਰਤਾਰ !
ਜੈ ਹਰੀ ਪ੍ਰੀਤਮ ਮਨਮੋਹਣ
ਕਰੀਏ ਤੇਰੀ ਜੈ ਜੈ ਕਾਰ !

ਹੇ ਸ੍ਰਿਸ਼ਟੀ ਦੇ ਸਿਰਜਣਹਾਰ !
ਹੋਵੇ ਤੇਰੀ ਜੈ ਜੈ ਕਾਰ !

(ਬਾਕੀ ਸਾਰੇ ਚੁੱਪ ਕਰ ਜਾਂਦੇ ਹਨ
ਅਤੇ ਉਨ੍ਹਾਂ ਵਿਚੋਂ ਕੇਵਲ ਇਕ ਪਾਤਰ
ਨਾਟਕ ਬਾਰੇ ਇੰਝ ਕਥਨ ਕਰਦਾ ਹੈ ।)

ਗਾਇਕ !
ਗੀਤ ਮੇਰਾ ਤੂੰ ਗਾ !
ਗਾਇਕ !
ਪਰੇਮ ਗੀਤ ਤੂੰ ਗਾ !
ਗੀਤ ਮੇਰਾ ਹੈ ਕੇਸਰ-ਭਿੰਨਾ
ਉਸ ਪਵਨ ਨੂੰ ਛੁਹ ਕੇ ਆਇਆ
ਜਿਸ ਨੇ ਪ੍ਰੇਮ ਅਲਿੰਗਣ ਮਾਣਿਆਂ
ਹਰੀ ਪ੍ਰੀਤਮ ਦੀ ਛਾਤੀ ਉਤੇ
ਦੇਵੀ ਲਛਮੀ ਹੁਣੇ ਸੀ ਲੇਟੀ
ਹੁਣ ਉਠੀ ਹੈ
ਪ੍ਰੀਤ ਦੇ ਰੰਗ ਨੂੰ ਮਾਣ
ਛਾਤੀ ਉਸ ਨੇ ਕੇਸਰ ਲਿਪੀ
ਦੋਵੇਂ ਅਨੰਦ ਵਿਭੋਰ ਸਨ ਹੋਏ
ਪਰੇਮ ਨਸ਼ੇ ਵਿਚ ।
ਉਸੇ ਪ੍ਰੇਮ ਦੀ ਮਹਿਕ ਹੈ ਘੁਲ ਗਈ
ਮਹਿਕੀ ਇਹ ਹਵਾ
ਗਾਇਕ ! ਪਰੇਮ ਗੀਤ ਤੂੰ ਗਾ ।
ਗਾਇਕ ! ਗੀਤ ਮੇਰਾ ਤੂੰ ਗਾ ।

ਮੇਰਾ ਗੀਤ ਨਿੱਘਾ ਹੈ ਮਿੱਠਾ
ਪਰੇਮ ਸੰਯੋਗ ਦਾ ਇਹ ਹੈ ਚਿੱਠਾ
ਇਸ ਦਾ ਸਾਹ ਹੈ ਖਿਚਵਾਂ ਖਿਚਵਾਂ
ਪਰੇਮ ਮਿਲਨ ਦੀ ਮਸਤੀ ਵਿਚ ਮਖ਼ਮੂਰ
ਜੀਵਨ ਦੀ ਧੜਕਣ ਦੀ ਇਸ ਵਿਚ
ਮੁੜ੍ਹਕੇ ਦੀ ਖ਼ੁਸ਼ਬੂ ਦੇ ਮੋਤੀ
ਮੇਰੇ ਇਸ ਗੀਤ ਵਿਚ ਲਛਮੀ
ਵਿਸ਼ਣੂ ਜੀ ਨੂੰ ਮਿਲ ਰਹੀ ਹੈ ।
ਸੁਹਾਗ ਆਨੰਦ ਨੂੰ ਮਾਣ ਰਹੀ ਹੈ ।
ਗਾਇਕ ! ਪਰੇਮ ਗੀਤ ਤੂੰ ਗਾ ।
ਗਾਇਕ ! ਗੀਤ ਮੇਰਾ ਤੂੰ ਗਾ ।

ਮੇਰੇ ਗੀਤ 'ਚ ਰਾਧਾ ਹੈ ਜੋ,
ਖਿੜੀ ਵਾਂਗ ਬਹਾਰ ।
ਰੂਪ ਜਵਾਨੀ ਵਿਚ ਮੱਘਦਾ ਹੈ,
ਸੂਖਮ ਉਹਦਾ ਆਕਾਰ ।
ਮਾਧਵੀ ਲਤਾ ਦੇ ਕੋਮਲ ਫੁੱਲਾਂ ਵਰਗੇ,
ਉਸ ਦੇ ਨਰਮ ਜੋ ਅੰਗ,
ਭਰੀ ਪਰੇਮ ਉਮੰਗ ।
ਅਣਗਾਹੇ ਬਨਾਂ ਵਿਚ ਢੂੰਡੇ,
ਰਾਧਾ ਆਪਣਾ ਪਿਆਰ ।
ਹੋ ਰਹੀ ਬੇ-ਕਰਾਰ ।
ਮਿਲੇ ਨਾ ਉਸ ਦਾ ਸੁਆਮੀ,
ਜਿਸ ਦੇ ਪ੍ਰੇਮ ਦੀ ਸ਼ਾਨ ਨੂੰ
ਉਸ ਨੇ ਆਪਣੇ ਸੀਨੇ ਵਿਚ ਘੁਟ ਰਖਿਆ ।
ਬਨਾਂ ਦੇ ਵਿਚ ਫਿਰੇ ਢੂੰਡੇਂਦੀ,
ਆਪਣਾ ਨਿਘਾ ਪਿਆਰ ।
ਸੁਣੋ ਸਖੀਆਂ ਪਰੇਮ-ਵਿਗੁਤੀ ਰਾਧਾ ਤਾਈਂ,
ਕਹਿੰਦੀਆਂ ਕੀ ਪੁਕਾਰ ।
ਸੁਣੋ ਦੇਵਾਂ ਮੈਂ ਸੁਣਾ !
ਗਾਇਕ ! ਪਰੇਮ ਗੀਤ ਤੂੰ ਗਾ ।
ਗਾਇਕ ! ਗੀਤ ਮੇਰਾ ਤੂੰ ਗਾ ।

ਇੱਕ

(ਬਨ ਦੀਆਂ ਛੋਟੀਆਂ ਝਾੜੀਆਂ ਤੇ ਬਿਰਛਾਂ
ਵਿਚ ਘਿਰਿਆ ਹੋਇਆ 'ਅਨੰਦ-ਬਾਗ਼', ਜੋ
ਫੁੱਲਾਂ, ਵੇਲਾਂ ਤੇ ਹੋਰ ਪਰੇਮ ਮਿਲਣੀਆਂ ਲਈ
ਰਮਣੀਕ ਸਥਾਨ ਹੈ । ਇਸੇ ਛਾਂ ਵਿਚ ਬੈਠੀ
ਰਾਧਾ ਧਿਆਨ ਮਗਨ ਪਰੇ ਉਚੇ ਥਾਂ ਕ੍ਰਿਸ਼ਨ
ਜੀ ਨੂੰ ਜੋ ਬਿੰਦਰਾਬਨ ਦੀਆਂ ਸੈਂਕੜੇ ਗੋਪੀਆਂ
ਸੰਗ ਨਾਚ ਨਚ ਰਹੇ ਹਨ, ਨੂੰ ਵੇਖ ਰਹੀ ਹੈ ।)

(ਸਖੀ ਦਾ ਪ੍ਰਵੇਸ਼)

ਸਖੀ

ਰਾਧਾ ਨੀ ! ਪਰੇਮ ਚਿੰਗਾੜੀ ਜਦ ਹਰ ਪਤਨੀ ਤਾਈਂ ਸਤਾਏ
ਪੀਆ ਜਿਨ੍ਹਾਂ ਦੇ ਹਨ ਪ੍ਰਦੇਸ਼ ਸਿਧਾਏ ।
ਕਿਵੇਂ ਗੁਜ਼ਰ ਹੋਵੇ ਉਨ੍ਹਾਂ ਦੀ
ਕੰਤ ਨਾ ਪਰਤੇ ਹਾਏ ?
ਯਾਦ ਉਨ੍ਹਾਂ ਦੀ ਬਿਰਹੋਂ ਅਗਨੀ
ਮੁੜ ਮੁੜ ਪਈ ਭੜਕਾਏ ।
ਖਿੜੀ ਬਹਾਰ ਹੈ ਚਾਰ ਚੁਫੇਰੇ
ਕੁਝ ਵੀ ਮਨ ਨਾ ਭਾਏ ।
ਦਸ ਫਿਰ ਉਹ ਬਿਰਹੋਂ-ਡੰਗੀ ਪਤਨੀ
ਕਿਧਰ ਨੂੰ ਜਾਏ ?
ਹਾਏ ਨੀ ਰਾਧਾ ! ਦਸ ਫਿਰ ਤੂੰ ਹੀ
ਆਪਣੇ ਪੀਆ ਨੂੰ ਕਿਥੋਂ ਲਭ ਲਿਆਏ ?
ਬਨ-ਕੁੰਜਾਂ ਵਿਚ ਕਿਸ ਨੂੰ ਰਾਧਾ ਤੂੰ ਪਈ ਲਭੇਂ
ਮੈਂ ਸਾਰ ਤੇਰੇ ਦਿਲ ਦੀ ਜਾਣਾਂ
ਤੇਰੀ ਪੀੜ ਪਛਾਣਾਂ ।
ਉਸ ਚਿਤ-ਚੋਰ ਦੀ ਲੀਲ੍ਹਾ
ਆ ਤੈਨੂੰ ਵਿਖਾਵਾਂ !

ਔਹ ਵੇਖ ਉਹ ਨਾਚ ਕਰੇਂਦਾ ਰਾਸ ਰਚੇਂਦਾ
ਬਿੰਦਰਾਬਨ ਦੀਆਂ ਗੋਪੀਆਂ ਸੰਗ
ਕੇਲ ਕਰੇਂਦੇ ਪਰੇਮ ਖਿਡੇਂਦਾ ।
ਪਰੇਮ ਸਮਾਗਮ ਰਚ ਰਚ ਬਹਿੰਦਾ
ਇਥੇ ਹੀ ਰਚਿਆ ਹੈ ਉਸ ਨੇ
ਨਵਾਂ ਬੈਕੁੰਠ ਧਾਮ !
ਵੇਖ ਨੀ ਰਾਧਾ ! ਪੀ ਆਪਣੇ ਨੂੰ
ਖੜਾ ਬਨਾਂ ਵਿਚਕਾਰ ।
ਜਿਥੇ ਲੌਂਗ ਤੇ ਸੰਦਲ ਭਿੰਨੀ
ਮਧੂ ਪਵਨ ਦੀ ਵਹਿੰਦੀ ਪਈ ਫ਼ੁਹਾਰ !
ਫੁੱਲਾਂ ਲੱਦੀਆਂ ਟਹਿਣੀਆਂ ਉਤੇ
ਲਟਕ ਰਹੀਆਂ ਜੋ ਰੰਗ-ਬਿਰੰਗੀਆਂ
ਮਧੂ ਮੱਖੀਆਂ ਦੀ ਸੁਣਦੀ ਪਈ ਗੁੰਜਾਰ ।
ਸਭ ਦਿਲਾਂ ਨੂੰ ਵਿੰਨ੍ਹ ਰਹੀ ਹੈ
ਜਿਥੇ ਕੋਇਲ ਦੇ ਬਿਰਹੋਂ-ਲੱਦੇ
ਗੀਤ ਦੀ ਕੂਕ ਪੁਕਾਰ !

ਰਾਧਾ ! ਚਾਰ-ਚੁਫੇਰੇ ਬਿੰਦਰਾਬਨ ਵਿਚ
ਆਈ ਬਸੰਤ ਬਹਾਰ ਜੋਬਨ-ਰੁੱਤ ਸਿਖ਼ਰਾਂ ਤੇ ਛਾਈ
ਖਿੜ ਪਈ ਸਭ ਗੁਲਜ਼ਾਰ ਤਮਲ ਫੁੱਲਾਂ ਤੋਂ ਆਏ
ਕਸਤੂਰੀ ਦੀ ਮਹਿਕਾਰ ।
ਫ਼ਾਲਸੇ ਦੀਆਂ ਟਹਿਣੀਆਂ ਉਤੇ ਸੂਹੇ ਫੁੱਲ ਜੋ ਟਹਿਕਣ
ਕਾਮਦੇਵ ਦੇ ਪੋਟਿਆਂ ਸਮ ਲਸੇ ਸੁਨਹਿਰੀ ਭਾਅ ।
ਜੋਬਨ-ਰੁੱਤ ਵਿਚ ਪਰੇਮ-ਖ਼ੁਮਾਰੀ ਦੀ ਦੇਂਦੇ ਚਿਣਗ ਜਗਾ ।
ਪਰੇਮ ਸਤਾਏ ਦਿਲਾਂ ਦੇ ਅੰਦਰ ਭਾਂਬੜ ਦੇਣ ਮੱਘਾ ।

ਨਾਗਕੇਸਰ ਦੇ ਫੁੱਲ ਸ਼ਗੂਫ਼ੇ ਖੇੜੇ ਵਿਚ ਭਰ ਆਏ ।
ਲਹਿਰਨ ਪਏ ਹਵਾ ਦੇ ਅੰਦਰ ਜਿਵੇਂ ਸੁੰਦਰ ਨਿਸ਼ਾਨ ਸੁਨਹਿਰੀ ।
ਕਾਮਦੇਵ ਦੇ ਸੁਆਗਤ ਲਈ ਹਨ, ਆਏ ਬਣ ਕੇ ਆਪ ਬਹਾਰ !

ਮਧੂ ਮੱਖੀਆਂ ਦੇ ਝੁੰਡ, ਪੰਖ ਜਿਨ੍ਹਾਂ ਦੇ ਕਾਲੇ ਚਮਕਣ
ਏਦਾਂ ਫੁੱਲਾਂ 'ਤੇ ਧਾਏ ।
ਕਾਮਦੇਵ ਨੇ ਜਿਦਾਂ ਆਪਣੇ, ਸੋਨ-ਸੁਨਹਿਰੀ ਧਨੁਖ ਬਾਣ ਚੋਂ
ਤੀਰਾਂ ਦੇ ਮੀਂਹ ਹਨ ਵਰ੍ਹਾਏ ।

ਕਰਨੇ ਦੇ ਫੁੱਲ ਖਿੜਕੇ ਸਾਰੇ, ਖ਼ੁਸ਼ੀ ਵਿਚ ਅਪਾਰ ।
ਹਸ ਰਹੇ ਨੇ ਉਨ੍ਹਾਂ ਉਤੇ, ਜਿਨ੍ਹਾਂ ਦੇ ਦਿਲਾਂ ਨੂੰ ਪਰੇਮ ਪੀੜਾ ਨੇ
ਹੈ ਮਲ ਰਖਿਆ, ਸਹਿਕਣ-ਤਰਸਣ ਹਾਲੀ ਵੀ
ਜਿਨ੍ਹਾਂ ਨੂੰ ਇਸ ਬਹਾਰ ਦੇ ਅੰਦਰ, ਮਿਲਿਆ ਨਹੀਂ ਪਿਆਰ !

ਕਿਉੜੇ ਦੀ ਭਿੰਨੀ-ਗੰਧ ਸਾਂਗਾਂ ਬਣ ਬਣ
ਘਾਇਲ ਪਰੇਮੀਆਂ ਦੇ ਦਿਲਾਂ ਦੇ ਉਤੇ
ਕਰਦੀ ਪਈ ਹੈ ਵਾਰ !
ਰਾਧਾ ਸਖੀ ਨੀ !
ਖਿੜ ਉਠੀ ਹੈ ਉਪਬਨ ਅੰਦਰ, ਭਰਵੀਂ ਰੁੱਤ ਬਹਾਰ ।
ਉਨ੍ਹਾਂ ਦੇ ਅੰਦਰੋਂ ਮੱਘ ਮੱਘ ਉਠਦੀ, ਪਰੇਮ ਚਿੰਗਾੜੀ ।
ਜਿਨ੍ਹਾਂ ਨੇ ਆਪਣੀ ਪਰੇਮ ਪੀੜਾ ਨੂੰ
ਹੈ ਕਾਬੂ ਵਿਚ ਰਖਿਆ
ਪਰ ਹੋ ਰਹੀ ਹੈ ਪਰੇਮ ਤਾਂਘ ਹੁਣ ਉਨ੍ਹਾਂ ਦੇ ਵਸੋਂ ਬਾਹਰ ।
ਪਰੇਮ ਰੀਝ ਇਹ ਫੁੱਲਾਂ ਲੱਦੀ, ਆਪ-ਮੁਹਾਰੀ ਮੱਚ ਉਠੀ ਅੰਦਰ
ਹੋਈ ਵਸੋਂ ਬਾਹਰ ।
ਜੋਬਨ-ਰੱਤ ਦੀ ਇਹ ਖ਼ੁਮਾਰੀ
ਆਪ-ਮੁਹਾਰੇ ਕਰਦੀ ਪਈ ਬੇਜ਼ਾਰ !
ਲੁਟਿਆ ਚੈਨ ਕਰਾਰ !
ਵੇਖ ! ਉਹ ਅੰਬ ਦਾ ਬੂਟਾ
ਜਿਸ ਦੀ ਪ੍ਰੀਤ ਰਹੀ ਸੀ ਹੁਣ ਤਕ ਸੁਤੀ,
ਸੁੰਦਰ ਵੇਲਾਂ ਨੂੰ ਗਲ ਪਿਆ ਲਾਵੇ
ਆਪਣਾ ਪਰੇਮ ਜਤਾਵੇ ।
ਕੰਬ ਰਿਹਾ ਹੈ ਖ਼ੁਸ਼ੀਆਂ ਅੰਦਰ
ਆਪਣੀ ਪ੍ਰੀਤ ਜਗਾਵੇ ।
ਨਵੇਂ ਫੁੱਲਾਂ ਅੰਦਰ
ਨਵੀਂ ਸੁੰਦਰਤਾ ਭਰਦਾ ਜਾਵੇ !
ਇਸ ਬਸੰਤ ਨੇ ਜੀਵਨ ਤਾਈਂ ਜਗਾਇਆ ।
ਸਭ ਸ੍ਰਿਸ਼ਟੀ ਦੇ ਅੰਦਰ ਕਰਕੇ ਪਰੇਮ ਦਾ ਟੂਣਾ
ਸਭ ਵਿਚ ਪਰੇਮ ਦਾ ਦੀਪ ਜਗਾਇਆ ।

ਰਾਧਾ ਨੀ ! ਜਮਨਾ ਦੇ ਕੰਢੇ ਨੀਲੀਆਂ ਲਹਿਰਾਂ
ਜਿਥੇ ਬਨ ਵਿਚ ਸੁਤ ਉਨੀਂਦੇ, ਆਪਣਾ ਰੰਗ ਜਮਾਵਣ ।
ਉਥੇ ਸ਼ੀ ਕ੍ਰਿਸ਼ਨ ਜੀ !
ਬਿੰਦਰਾਬਨ ਦੀਆਂ ਗੋਪੀਆਂ ਸੰਗ, ਸੁੰਦਰ ਰਾਸ ਰਚਾਵਣ ।

ਰਾਧਾ ਨੀ ! ਭਿੰਨੀ ਭਿੰਨੀ ਪਵਨ ਬਸੰਤੀ
ਮਸਤੀਆਂ ਵੰਡਦੀ ਜਾਵੇ ।
ਕਾਮਦੇਵ ਦੇ ਸਾਹਾਂ ਸੰਗ, ਇਹ ਕਿਦਾਂ ਰਲਦੀ ਜਾਵੇ ।
ਪਰੇਮ ਸਤਾਏ ਦਿਲਾਂ ਦੇ ਅੰਦਰ, ਪਰੇਮ ਦੀ ਤਾਂਘ ਜਗਾਏ !
ਕਿਉੜੇ ਦੇ ਅੱਧ ਖਿੜੇ ਸ਼ਗੂਫ਼ੇ, ਮਹਿਕਾਂ ਵੰਡਦੇ ਜਾਵਣ
ਪਰੇਮ ਨੂੰ ਹੋਰ ਅਲਸਾਵਣ !

ਰਾਧਾ ਨੀ ! ਅੰਬਾਂ ਦੇ ਬੂਟੇ
ਮਧੂ-ਮੱਖੀਆਂ ਦੀ ਸੁਣਕੇ ਗੁੰਜਾਰ ।
ਪਰੇਮ ਨਸ਼ੇ ਵਿਚ ਝੂਮ ਨੇ ਉਠਦੇ
ਕੰਬ ਜਾਂਦਾ ਹੈ, ਉਨ੍ਹਾਂ ਦਾ ਖ਼ੁਮਾਰ ।
ਕੋਇਲ ਦੀ ਬਿਰਹੋਂ-ਲੱਦੀ ਕੂਕ
ਨਿਕਲੇ ਬਣ ਬਣ ਹੂਕ ।
ਵਿਛੜੇ ਪਰੇਮੀਆਂ ਦੇ ਦਿਲਾਂ ਤਾਈਂ
ਇਕ ਦਮ ਜਾਵੇ ਫੂਕ !
ਹੋਵਣ ਹਾਲ ਬੇਹਾਲ ।
ਪਰੇਮ ਮਿਲਣ ਦੀ ਕਾਹਲ ।
ਇਕਦਮ ਉਨ੍ਹਾਂ ਤਾਈਂ ਕਰ ਦੇਵੇ ਬੇਹਾਲ !

ਇਸ ਵਿਸ਼ਾਲ ਲੀਲ੍ਹਾ ਦਾ ਸੁਣ ਕੇ ਗੀਤ ਸੁਰੀਲਾ ।
ਆਪਣੇ ਘਰਾਂ ਨੂੰ ਜਾਂਦੇ ਪਾਂਧੀ, ਚੁਕਣ ਪੈਰ ਫੁਰਤੀਲਾ ।
ਛੇਤੀ ਮਿਲਣ ਦਾ ਹੀਲਾ ।
ਤਾਂ ਜੋ ਛੇਤੀ ਜਾ ਕੇ
ਆਪਣੀ ਵਿਛੜੀ ਪ੍ਰੀਤ ਨੂੰ ਪਾ ਕੇ
ਮੁਕ ਜਾਵੇ ਉਡੀਕ ।
ਆਪਣੇ ਪ੍ਰੇਮ ਦੇ ਮਿੱਠੇ ਘੁੱਟ ਨੂੰ
ਪੀ ਜਾਵਣ ਲਾ ਡੀਕ ।

ਵੇਖ ਨੀ ਰਾਧਾ ਮੇਰੀ ਸਖੀਏ !
ਪੁਜ ਗਏ ਹਾਂ ਉਸ ਥਾਂ
ਜਿਥੋਂ ਤੱਕ ਸਕਦੇ ਹਾਂ-
ਉਸ ਦੀ ਸਾਰੀ ਲੀਲ੍ਹਾ
ਕਿਵੇਂ ਉਹ ਸਜੀਲਾ
ਸੈਆਂ ਗੋਪੀਆਂ ਪਤਨੀਆਂ ਸੰਗ ਹੈ
ਰਚ ਰਿਹਾ ਅਦਭੁਤ ਲੀਲ੍ਹਾ ।
ਨਚਦਾ ਪਿਆ ਹੈ ਨਾਚ
ਪਰੇਮ ਗੀਤ ਦਾ ਨਾਟ !

ਰਾਧਾ ਮੇਰੀ ਸਖੀ ਪਿਆਰੀ !
ਵੇਖ ਰਹੀ ਹੈਂ ਲੀਲ੍ਹਾ ਨਿਆਰੀ ?

ਔਹ ਖੜਾ ਉਹ ਰੂਪਾਕਾਰ ।
ਅਨੰਤ ਗਗਨ ਦੇ ਹਾਰ !
ਚੰਦਨ ਲੇਪ ਕੀਤਾ ਤਨ ਉਪਰ
ਪਹਿਨ ਸੁਨਹਿਰੀ ਬਸਤਰ
ਫੁੱਲ ਪੱਤੀਆਂ ਦੇ ਬਨ ਦਾ ਸੁਹਜ ਅਪਾਰ
ਕੁੰਡਲ ਕੇਸਾਂ ਦੀ ਛਵ ਨਿਆਰੀ
ਲਹਿਰਨ ਵਿਚ ਹਵਾ
ਪਕੜ ਹੱਥ ਸੈਆਂ ਗੋਪੀਆਂ ਦੇ
ਰਿਹਾ ਹੈ ਨਾਚ ਨਚਾ ।
ਆਤਮਾ ਵਿਚ ਜਵਾਨੀ ਲਹਿਰੇ
ਵੰਡੇ ਪਈ ਮੁਸਕਾਨ ।
ਸਭ ਸ੍ਰਿਸ਼ਟੀ ਨੂੰ ਝੂਮ ਝੁਮਾਵੇ
ਵੰਡਦਾ ਪਿਆ ਹੈ ਤ੍ਰਾਣ ।
ਜੀਵਨ ਦੀਆਂ ਨਾੜੀਆਂ ਅੰਦਰ
ਭਰਦਾ ਰੁੱਤ ਨਵੀਂ !
ਫੁੱਲਾਂ ਵਿਚ ਦਰਸ ਨੂੰ ਪਾ ਕੇ
ਮਚੇ ਖ਼ੁਸ਼ੀ ਨਵੀਂ !
ਪਿਛੋਂ ਆ ਪਤਨੀ ਇਕ ਉਸਦੀ
ਜੱਫ਼ੀ ਵਿਚ ਘੁੱਟ ਲੀਤਾ ।
ਜੋਬਨ ਰੁੱਤ ਦੀ ਮਸਤੀ ਅੰਦਰ
ਪਰੇਮ ਸ਼ਾਂਤ ਹੈ ਕੀਤਾ ।
ਪਰੇਮ ਗੀਤ ਦਾ ਨਵਾਂ ਹਿਲੋਰਾ
ਮਸਤੀ ਅਪਰੰਮਪਾਰ ।
ਆਪਣੀ ਛਾਤੀ ਵਿਚਲਾ ਉਸ ਨੇ
ਕੀਤਾ ਠੰਢਾ ਪਿਆਰ !
ਮਧੂ ਸੂਦਨ ਦੀ ਪਰੇਮ ਤਰੰਗ ਨੂੰ
ਵੇਖ ਕੇ ਦੂਜੀ ਪਿਘਲੀ
ਸੁੰਦਰ ਮੁੱਖ ਵਲ ਤੱਕੀ ਜਾਵੇ
ਝਲ ਮਸਤਾਨੀ ਪਗਲੀ ।
ਤੀਜੀ ਹੋਰ ਛਨਾਰ
ਬੋਲਣ ਦਾ ਬਹਾਨਾ ਕਰਕੇ
ਲਗੀ ਕਰਨ ਕਲੋਲ ।
ਅੱਖ ਬਚਾ ਕੇ ਚੁੰਮਣ ਲੈ ਗਈ
ਆਈ ਜਦ ਸੀ ਕੋਲ ।
ਪਰੇਮ ਰੰਗ ਵਿਚ ਖੀਵੀ ਹੋ ਗਈ
ਖਿੜੀ ਵਿਚ ਵਿਸਮਾਦ
ਰੋਮ ਰੋਮ ਵਿਚ ਕਾਂਬਾ ਛਿੜਿਆ
ਐਸਾ ਇਕ ਹੁਲਾਰ ।
ਮੁੱਖੜਾ ਉਸ ਦਾ ਭੱਖ ਉਠਿਆ ਸੀ
ਇਸ ਪਰੇਮ ਦੀ ਤਾਰ ।
ਉਸ ਦੇ ਪ੍ਰੇਮ ਦੇ ਸੁਪਨਿਆਂ ਉਤੇ
ਛਾਏ ਰੰਗ ਹਜ਼ਾਰ ।
ਦੈਵੀ ਸੁੰਦਰਤਾ ਦੇ ਬੱਦਲ
ਘੁੰਮਦੇ ਚੱਕਰ ਮਾਰ ।
ਕੈਸਾ ਅਦਭੁਤ ਤੇ ਦੈਵੀ ਸੀ
ਸਖੀਏ ਉਸ ਦਾ ਪਿਆਰ !
ਫਿਰ ਇਕ ਹੋਰ ਆਈ ਹੈ ਗੋਪੀ
ਫੜ ਕੇ ਹੱਥ ਉਸ ਸੋਹਲ ਪ੍ਰੀਤਮ ਦਾ
ਲੈ ਚਲੀ ਹੈ ਜਮਨਾ ਦੇ ਵਿਚਕਾਰ ।
ਪਾਣੀ ਦੀਆਂ ਲਹਿਰਾਂ ਦੇ ਅੰਦਰ
ਉਸ ਨੇ ਤਾਣ ਲਿਆ ਹੈ ਉਪਰ
ਆਪਣਾ ਰੇਸ਼ਮੀ ਸ਼ਾਲ !
ਵੇਖ ਨੀ ਰਾਧਾ ਸਖੀਏ ਪਿਆਰੀ !
ਖੜਾ ਹੈ ਉਹ ਸੋਹਣਾ ਮਨਮੋਹਣ
ਕਦੰਬ ਬ੍ਰਿਛ ਦੇ ਹੇਠ
ਖੜਾ ਜੋ ਨਦੀ ਕਿਨਾਰੇ
ਹੋਠਾਂ ਉਤੇ ਬੰਸੀ ਸੋਹੇ
ਗੂੰਜਿਆ ਮਧੁਰ ਸੰਗੀਤ
ਜਿਸ ਦੀ ਲੈਅ ਤੇ ਨਾਚ ਛੇੜਿਆ
ਸਭ ਗੋਪੀਆਂ ਇਕਸਾਰ !
ਤਾਲ ਉਹਦੇ ਤੇ ਨੱਚਣ ਲੱਗੀਆਂ
ਬਿੰਦਰਾਬਨ ਦੀਆਂ ਸੁੰਦਰ ਨਾਰਾਂ
ਕ੍ਰਿਸ਼ਨ ਵਹੁਟੀਆਂ, ਸਭ ਮਿੱਟੀ ਦੇ ਪੁਤਲੇ,
ਸਗਲ ਸ੍ਰਿਸ਼ਟੀ ਨੱਚ ਰਹੀ ਹੈ
ਉਸ ਦੀ ਸੁਣ ਕੇ ਤਾਨ ।
ਰਾਧਾ ਸਖੀ ! ਕਿਉਂ ਹੋਵੇਂ ਹੈਰਾਨ ?
ਗੋਪੀਆਂ ਦੀਆਂ ਚੂੜੀਆਂ ਛਣਕਣ
ਨਿਕਲੇ ਮਿੱਠਾ ਰਾਗ;
ਜਦ ਉਹ ਨਾਚ ਦੀ ਤਾਲ ਗਤੀ ਤੇ
ਚੁਕਣ ਆਪਣੀਆਂ ਬਾਹਾਂ
ਅੰਗ ਉਨ੍ਹਾਂ ਦੇ ਕੋਮਲ ਕੋਮਲ
ਸੁੰਦਰ ਸੁੰਦਰ ਬਸਤਰ
ਨਚਣ ਸਾਰੇ ਇਕ ਤਾਲ ਵਿਚ ਇਕਸੁਰ ਹੋਏ
ਐਸਾ ਹੈ ਜੋ ਨਾਚ
ਜਿਸ ਦੀ ਹੋਂਦ ਹੈ ਸੁਪਨੇ-ਮਾਤਰ
ਉਸ ਬੰਸੀ ਦੀ ਤਾਲ ਤੇ ਨਚਦਾ ਪਿਆ ਹੈ
ਬਿੰਦਰਾਬਨ ਸਾਰਾ
ਸਗਲ ਸ੍ਰਿਸ਼ਟੀ ਦੀ ਹਰ ਸ਼ੈਅ
ਨਚੇ ਮਸਤੀ ਨਾਲ ।
ਕੈਸਾ ਪਰੇਮ ਅਨੁਰਾਗ !
ਗੋਪੀਆਂ ਦੇ ਨਾਚ ਨੂੰ ਵੇਖੇ
ਪੂਰਨਤਾ ਨੂੰ ਪਿਆ ਨਿਹਾਰੇ ।
ਹਸ ਹਸ ਕੇ ਉਤਸਾਹ ਵਧਾਵੇ
ਨਾਚ ਉਨ੍ਹਾਂ ਦਾ ਪਿਆ ਸਲਾਹੇ
ਅੰਗਾਂ ਦੀ ਪੂਰਨਤਾ ਤਾਂਈਂ
ਨਾਚ ਦੇ ਕਮਾਲ ਨੂੰ ਤੱਕੇ ।
ਵੇਖ ਰਾਧਾ ਨੀ ਸਖੀ ਪਿਆਰੀ !
ਉਸ ਦੇ ਪਰੇਮ ਗੀਤ ਦੀ ਲੀਲ੍ਹਾ
ਗੋਪੀਆਂ ਤਾਂਈਂ ਨਚਾਵੇ ।
ਆਪ ਵੀ ਉਹ ਉਨ੍ਹਾਂ ਸੰਗ ਨੱਚੇ
ਨਚੇ ਤੇ ਮਸਤ ਹੋ ਜਾਵੇ ।
ਕਦੀ ਕਿਸੇ ਤਾਂਈਂ ਬੁਲਾਵੇ
ਦੂਜੀ ਨੂੰ ਫਿਰ ਲਵੇ ਕਲਾਵੇ ।
ਤੀਜੀ ਦੇ ਨੁੱਖੜੇ ਨੂੰ ਚੁੰਮੇ
ਚੌਥੀ ਦੇ ਸੰਗ ਨਚਦਾ ਜਾਵੇ !
ਇਕ ਸੁੰਦਰ ਗੋਪੀ ਦੇ ਤਾਂਈਂ ਪਿਆ ਬੁਲਾਂਦਾ
ਦੂਜੀ ਦੇ ਸੰਗ ਨਚਦਾ ਜਾਂਦਾ ।
ਕਿਉਂ ਸਖੀ ਰਾਧਾ ਨੀ ਪਿਆਰੀ
ਕੈਸੀ ਲੀਲ੍ਹਾ ਹੈ ਇਹ ਨਿਆਰੀ ?
ਉਸ ਦੇ ਪਰੇਮ ਗੀਤ ਦੀ ਮਸਤੀ
ਬੰਨ੍ਹ ਲੀਤੀ ਹੈ ਸਗਲ ਸ੍ਰਿਸ਼ਟੀ ।
ਉਸ ਦੇ ਅੰਗ ਸੁਅੰਗੇ ਕੋਮਲ
ਨੀਲੇ ਕੰਵਲ ਸਮਾਨ ।
ਸੁੰਦਰ ਤੇ ਅਦਭੁਤ ਹੈ ਜਿਨ੍ਹਾਂ ਦੀ ਸ਼ਾਨ ।
ਰਚਿਆ ਉਸ ਨੇ
ਕਾਮਦੇਵ ਦਾ ਉਤਸਵ ਇਹ ਮਹਾਨ ।
ਸਭ ਗੋਪੀਆਂ ਦੇ ਹਿਰਦੇ ਅੰਦਰ
ਭਰ ਦਿਤਾ ਹੈ ਜਿਸ ਨੇ ਪਰੇਮ ਅਪਾਰ ।
ਇਕੋ ਪਰੇਮ ਅਲਿੰਗਣ ਅੰਦਰ
ਬੰਨ੍ਹ ਲਿਆ ਹੈ ਉਸ ਨੇ ਸਗਲ ਸੰਸਾਰ ।
ਕਿਉਂ ਸਖੀ ਰਾਧਾ ਕੈਸੀ ਪਰੇਮ ਦੀ ਲੀਲ੍ਹਾ ?
ਖਿੜੀ ਹੋਵੇ ਜਦ ਐਸੀ ਰੁੱਤ ਬਹਾਰ !

ਦੋ

(ਇਕ ਛਾਂ-ਦਾਰ ਕੁੰਜ (ਰਾਧਾ ਨਾਚ ਵਿਚ ਸ਼ਾਮਲ
ਨਹੀਂ ਹੁੰਦੀ ) ਉਹ ਕ੍ਰਿਸ਼ਨ ਜੀ ਦੀ ਇਸ ਪਰੇਮ ਦੀ
ਖੁਲ੍ਹ ਖੇਡ ਉਤੇ ਨਾਰਾਜ਼ ਹੋ ਜਾਂਦੀ ਹੇ ਅਤੇ ਹੋਰ ਡੂੰਘੀ
ਛਾਂ ਵਿਚ ਜਾ ਕੇ ਧਿਆਨ-ਮਗਨ ਬੈਠ ਜਾਂਦੀ ਹੈ ।)

ਰਾਧਾ :

ਇਸ ਬਨ ਅੰਦਰ ਮੈਂ ਆਪਣੇ ਪ੍ਰੀਤਮ ਤਾਂਈਂ ਅਰਾਧਾਂ !
ਮਿੱਠੇ ਉਸ ਦੇ ਹੋਂਠ ਪਿਆਰੇ,
ਕਿਵੇਂ ਨਿਕਲੇ ਉਨ੍ਹਾਂ ਵਿਚੋਂ ਮਿੱਠੜਾ ਇਕ ਸੰਗੀਤ ।
ਵੇਖਾਂ ਉਸ ਦੀ ਬੰਸੀ ਪਿਆਰੀ
ਹੋਠਾਂ ਉਤੇ ਉਸ ਨੇ ਰਖੀ
ਬੰਸੀ ਉਤੇ ਉਂਗਲਾਂ ਨਚਣ
ਉਸ ਦੇ ਹਿਲਦੇ ਹੋਂਠ
ਮੇਰੇ ਹੋਠਾਂ ਨੂੰ ਆ ਛੁਹਣ !
ਉਸ ਦੀਆਂ ਉਂਗਲਾਂ ਦੀ ਛੁਹ ਪਿਆਰੀ
ਮੇਰੇ ਦਿਲ ਨੂੰ ਛੂਹੇ !
ਬੰਸੀ ਵੀ ਉਸ ਦੀ ਹਿਲਦੀ
ਬੁਲ੍ਹ ਵੀ ਹਿਲਦੇ ।
ਹਿਲਣ ਕੇਸਾਂ ਦੇ ਕੁੰਡਲ ਵੀ
ਲਗਦੇ ਕਿੰਨੇ ਪਿਆਰੇ ।
ਕੰਨਾਂ ਦੇ ਵਾਲੇ ਵੀ ਹਿਲਣ
ਮੱਥਾ ਹਿਲੇ ਬੁਲ੍ਹਾਂ ਦੇ ਨਾਲ
ਅੱਖਾਂ ਹੱਸਣ ਤੇ ਖ਼ੁਸ਼ ਹੋਵਣ
ਨਚੇ ਤਾਲ 'ਚ ਉਸ ਦਾ ਸਰਬ ਸਰੀਰ ।

ਮੈਂ ਉਸੇ ਨੂੰ ਪਈ ਚਿਤਵਾਂ
ਧਰਦੀ ਉਸ ਦਾ ਧਿਆਨ ।
ਜੋ ਹੈ ਪੂਰਨਤਾ ਦਾ ਰੂਪ
ਨਚੇ ਸੰਗ ਸੈਆਂ ਗੋਪੀਆਂ
ਜੋ ਹਨ ਉਸ ਦੀਆਂ ਨਾਰਾਂ
ਜਿਨ੍ਹਾਂ ਦੀ ਪ੍ਰੀਤ ਨੇ ਉਨ੍ਹਾਂ ਨੂੰ ਹੈ ਬਾਵਰਾ ਕੀਤਾ ।
ਉਹ ਹੈ ਮੇਰਾ ਪਿਆਰਾ ਕ੍ਰਿਸ਼ਨ ਭਗਵਾਨ ।
ਧਰਾਂ ਮੈਂ ਉਸੇ ਦਾ ਹੀ ਧਿਆਨ ।

ਧਰਾਂ ਮੈਂ ਉਸ ਦਾ ਧਿਆਨ
ਜਿਸ ਦਾ ਤਨ ਹੈ ਊਦੇ ਮੇਘ ਸਮਾਨ ।
ਇੰਦਰ-ਧਨੁਸ਼ ਦੇ ਹਾਰ ਜਿਸ ਦੀ ਆਭਾ
ਮੋਰ ਪੰਖ ਦਾ ਮੁਕਟ ਸਜਾਇਆ
ਸੈਅ ਚੰਨਾਂ ਤੋਂ ਸੁਹਣੀ ਜਿਸ ਦੀ ਸ਼ਾਨ ।

ਧਰਾਂ ਮੈਂ ਉਸ ਦਾ ਧਿਆਨ
ਬਿੰਦਰਾਬਨ ਦੀਆਂ ਸੈਅ ਨਾਰਾਂ ਨੂੰ ਚੁੰਮਣ ਦਾ ਜੋ ਲੋਭੀ
ਜਿਸ ਦੀ ਇਕ ਮੁਸਕਾਨ 'ਚ ਸੋਹੇ
ਸੁੰਦਰ ਰੱਬੀ ਸ਼ਾਨ ।

ਧਰਾਂ ਮੈਂ ਉਸ ਦਾ ਧਿਆਨ
ਜਿਸ ਦਾ ਪਰੇਮ ਅਲਿੰਗਣ
ਸੈਅ ਗੋਪੀਆਂ ਨੂੰ ਬੰਨ੍ਹ ਹੈ ਲੈਂਦਾ
ਆਪਣੇ ਵਿਚ ਪਿਆਰ ।
ਜਿਸ ਦੇ ਅੰਗਾਂ ਦੇ ਮੋਤੀਆਂ ਨੇ
ਸੁਹਣ ਜੋ ਉਸ ਦੇ ਹੱਥਾਂ, ਪੈਰਾਂ ਤੇ ਕਲਾਈਆਂ ਉਤੇ
ਮੇਰੇ ਦਿਲ ਦਾ ਮੇਟ ਦਿਤਾ ਅੰਧਕਾਰ ।
ਧਰਾਂ ਮੈਂ ਉਸੇ ਕ੍ਰਿਸ਼ਨ ਦਾ ਧਿਆਨ !

ਧਰਾਂ ਮੈਂ ਉਸ ਦਾ ਧਿਆਨ
ਜਿਸ ਦੇ ਮਸਤਕ ਉਤੇ ਸੰਦਲ ਤਿਲਕ ਲਗਾਇਆ
ਜਿਸ ਦੀ ਹੈ ਚੰਨ ਤੋਂ ਵੀ ਵਧ ਸ਼ਾਨ
ਜਿਸ ਦਾ ਪਰੇਮ ਸੈਆਂ ਨਾਰਾਂ ਦੀ
ਛਾਤੀ ਦੇ ਵਿਚ ਧੜਕੇ
ਜਿਸ ਦੀ ਮੂਰਤ ਹਰ ਹਿਰਦੇ ਵਿਚ ਵਸੇ
ਜਿਸ ਦੀ ਛੁਹ ਭਰ ਦੇਂਦੀ ਹੈ ਜੀਵਨ ਅੰਦਰ
ਜਜ਼ਬਾ ਇਕ ਮਹਾਨ ।
ਧਰਾਂ ਮੈਂ ਉਸੇ ਕ੍ਰਿਸ਼ਨ ਦਾ ਧਿਆਨ !

ਧਰਾਂ ਮੈਂ ਉਸ ਦਾ ਧਿਆਨ
ਜਿਸ ਦੀ ਸੁੰਦਰਤਾ ਨੇ ਮੇਰੇ ਮਨ ਨੂੰ ਮੋਹਿਆ ।
ਜਿਸ ਦੇ ਤਨ ਵਿਚ ਕਾਮਦੇਵ ਦਾ ਵਾਸਾ ।
ਜਿਸ ਦੇ ਕੇਸਾਂ ਦੇ ਕੁੰਡਲ ਨਿਤ ਪਏ ਹਿਲਦੇ ਰਹਿੰਦੇ ।
ਜਿਸ ਨੇ ਪਹਿਨਿਆਂ ਬਾਣਾ ਸੋਨ-ਸੁਨਹਿਰੀ ।
ਜਿਸ ਦੀ ਮਿੱਠੀ ਛਾਵੇਂ ਕਰਦੇ ਪਏ ਆਰਾਮ
ਮਾਨਵ ਅਤੇ ਦੇਵਤੇ ਦੋਵੇਂ ।
ਜਿਸ ਦੀ ਵਡੀ ਸ਼ਾਨ,
ਦਯਾਵਾਨ ਤੇ ਸੁੰਦਰ ਪ੍ਰੀਤਮ
ਧਰਾਂ ਮੈਂ ਉਸ ਦਾ ਧਿਆਨ
ਜੋ ਹੈ ਮੇਰੇ ਸਿਰ ਦਾ ਸਾਂਈਂ,
ਮੇਰਾ ਕ੍ਰਿਸ਼ਨ ਭਗਵਾਨ !

ਧਰਾਂ ਮੈਂ ਉਸ ਦਾ ਧਿਆਨ
ਪਵਿੱਤਰ ਕਦੰਬ ਬ੍ਰਿਛ ਦੇ ਹੇਠਾਂ
ਜੋ ਮੈਨੂੰ ਸੀ ਮਿਲਿਆ ।
ਜਿਸ ਨੂੰ ਮਿਲ ਕੇ ਕਲਯੁਗ ਵਾਲੇ ਸਭ ਅੰਦੇਸੇ
ਹੋਏ ਮੇਰੇ ਦੂਰ ।
ਜਿਸ ਦੀ ਇਕ ਪਰੇਮ ਦੀ ਤੱਕਣੀ
ਮੈਨੂੰ ਆਪਣੇ ਪਰੇਮ ਜਾਲ ਵਿਚ ਬੰਨ੍ਹ ਬਹਾਇਆ
ਭਾਵੇਂ ਮੈਂ ਹਾਂ ਉਸ ਤੋਂ ਦੂਰ ਤੇ ਵਖਰੀ ।
ਫਿਰ ਵੀ ਉਸ ਸੰਗ ਜੁੜ ਗਈ ਹਾਂ
ਵਿਚ ਸੰਯੋਗ ਸਦੀਵੀ !

(ਸਖੀ ਦਾ ਪ੍ਰਵੇਸ਼ । ਰਾਧਾ ਉਸ ਨੂੰ ਸੰਬੋਧਨ ਕਰਦੀ ਹੈ ।)

ਸਖੀ ਨੀ ! ਮੈਨੂੰ ਪੀਅ ਕੋਲ ਲੈ ਚਲ
ਉਸ ਮੋਹਨ ਕੋਲ ਲੈ ਚਲ ।
ਪਰੇਮ ਮਿਲਣੀਆਂ ਜੋ ਹੈ ਕਰਦਾ
ਗੁਪਤ-ਕੁੰਜਾਂ ਵਿਚਕਾਰ ।
ਜਿਸ ਨੇ ਮਾਣ ਲਿਆ ਹੈ ਰਜ ਕੇ
ਨਾਚਾਂ ਦਾ ਹੁਲਾਰ ।
ਇਸ ਕੁੰਜ-ਗੁਫ਼ਾ 'ਚੋਂ ਸਖੀ
ਲੈ ਚਲ ਮੈਨੂੰ ਬਾਹਰ ।
ਪੱਤੇ ਵੇਲਾਂ ਇਸ ਨੰਦਨ-ਬਨ ਦੇ
ਪਾਉਂਦੇ ਰੋਕ ਹਜ਼ਾਰ ।
ਸਖੀ ਨੀ ! ਦਿਸੇ ਨਾ ਮੈਨੂੰ ਪਿਆਰ ।
ਸਖੀ ਨੀ ! ਮੰਨ ਲੈ ਮੇਰੀ ਗੱਲ
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।
ਉਸ ਦੇ ਪਰੇਮ 'ਚ ਸਖੀਏ ਨੀ ਮੈਂ
ਹੋ ਗਈ ਹਾਂ ਦੀਵਾਨੀ ।
ਚਾਰ ਚੁਫੇਰੇ ਭਾਲਾਂ ਉਸ ਨੂੰ
ਬਉਰੀ ਤੇ ਮਸਤਾਨੀ ।
ਕੰਬ ਰਿਹਾ ਹੈ ਇਹ ਤਨ ਮੇਰਾ
ਉਸ ਦੇ ਵਿਚ ਵਿਯੋਗ ।
ਸਖੀਏ ! ਕਿੰਜ ਹੋਵੇ ਸੰਯੋਗ ।
ਹੁਣ ਤਾਂ ਮੈਂ ਰਹਿ ਨਾ ਸਕਾਂ
ਉਸ ਤੋਂ ਬਿਨ ਇਕ ਪਲ
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।

ਸਖੀ ਨੀ ! ਲੈ ਆ ਉਸ ਨੂੰ ਮੇਰੇ ਕੋਲ !
ਪਰਮ ਸੁੰਦਰਤਾ ਉਸ ਸੁੰਦਰ ਦੀ
ਨਿਰਬਸਤਰ ਕਰ ਦੇਵੇ ।
ਜਿਸ ਦੀ ਯਾਦ 'ਚ ਗੀਤ ਦਿਲੇ ਦੇ
ਹੋਵਣ ਹੋਰ ਵੀ ਪਿਆਰੇ ।
ਮਿੱਠੇ ਵਾਂਗ ਛੁਹਾਰੇ ।
ਇਕ ਤੱਕਣੀ ਵਿਚ ਜੋ ਹੈ ਮੈਨੂੰ
ਆਪਣੇ ਕੋਲ ਲਿਜਾਂਦਾ ।
ਉਸੇ ਪਲ ਉਹ ਮੇਰੇ ਹਿਰਦੇ ਅੰਦਰ ਆ ਸਮਾਂਦਾ ।
ਜਿਸ ਨੇ ਮੈਨੂੰ ਵਰ ਲੀਤਾ ਹੈ
ਬਿਨਾਂ ਕਿਸੇ ਮਰਿਆਦਾ ।
ਹਰ ਮਿਲਣੀ ਵਿਚ ਨਵੇਂ ਵਿਆਹ ਦਾ
ਰਸ ਹੈ ਅਸਾਂ ਸਿੰਞਾਤਾ ।
ਉਸੇ ਕ੍ਰਿਸ਼ਨ ਦਾ ਧਰ ਰਹੀ ਹਾਂ
ਇਸ ਵੇਲੇ ਮੈਂ ਧਿਆਨ
ਖੜਾ ਜੋ ਕਦੰਬ ਦੇ ਹੇਠਾਂ, ਹੈ ਇਕੱਲਾ ।
ਵੇਖਾਂ ਜਾ ਸਖੀ ! ਉਸ ਨੂੰ ਇਥੋਂ ਚਲ ।
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।

ਸਖੀਏ ਨੀ ! ਕੀ ਕਰਾਂ ਮੈਂ
ਦਸ ਕਿਧਰ ਨੂੰ ਜਾਵਾਂ ?
ਮਨ ਮੇਰਾ ਇਹ ਮੈਥੋਂ ਨਸ ਕੇ
ਉਸ ਦੇ ਪਿੱਛੇ ਜਾਵੇ ।
ਜਿਹੜਾ ਸੈਅ ਨਾਰਾਂ ਸੰਗ ਨਚਦਾ
ਰਾਸਾਂ ਪਿਆ ਰਚਾਵੇ ।
ਕੀ ਕਰਾਂ ਮੈਂ ਸਖੀਏ ?
ਮੈਥੋਂ ਉਸ ਬਿਨ ਰਿਹਾ ਨਾ ਜਾਵੇ ।
ਮੈਂ ਨਾ ਸਖੀ ਉਸ ਦੇ ਅੰਦਰ
ਕੋਈ ਵੀ ਦੋਸ਼ ਪਛਾਣਾਂ
ਪਰਮ ਸੁੰਦਰਤਾ ਨੇ ਮੋਹ ਰਖਿਆ
ਹੋਰ ਕੁਝ ਨਾ ਜਾਣਾਂ ।
ਸਖੀ ਨੀ ! ਕਿਦਾਂ ਦਿਲ ਦੀ
ਗੱਲ ਤੈਨੂੰ ਸੁਣਾਵਾਂ ?
ਜੇ ਮੈਂ ਹੋ ਕੇ ਕਦੀ ਮਗ਼ਰੂਰ
ਉਸ ਤੋਂ ਮੂੰਹ ਭੁਆਵਾਂ ।
ਫਿਰ ਵੀ ਕੁਝ ਵਸ ਨਾ ਚਲੇ
ਉਸੇ ਵਲ ਮਨ ਲਾਵਾਂ ।
ਸਖੀ ਨੀ ਹੁਣ ਹੋਰ ਮੈਥੋਂ
ਇਥੇ ਰਿਹਾ ਨਾ ਜਾਵੇ !
ਮੈਨੂੰ ਉਸ ਕੋਲ ਲੈ ਚਲ ।
ਪਰਮ ਸੁੰਦਰਤਾ ਜਿਸ ਦੀ ਅਗੇ
ਸਭ ਕੁਝ ਆਪਣਾ ਅਰਪਨ ਕੀਤਾ
ਸਦਾ ਲਈ ਮੈਂ ਉਸ ਦੀ ਹੋਈ
ਜਿਸ ਨੇ ਮਨ ਹਰ ਲੀਤਾ ।
ਸਖੀ ਨੀ ! ਮੰਨ ਲੈ ਮੇਰੀ ਗੱਲ ।
ਮੈਨੂੰ ਮੇਰੇ ਉਸ ਚਿਤ ਚੋਰ
ਮੋਹਣ ਕੋਲ ਲੈ ਚਲ !
ਕ੍ਰਿਸ਼ਨ ਕੋਲ ਲੈ ਚਲ !
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।

ਸਖੀ ਨੀ ! ਉਸ ਨੂੰ ਮੇਰੇ ਕੋਲ ਲਿਆਉ
ਜਿਸ ਨੇ ਆਪਣੀਆਂ ਬਾਹਾਂ ਅੰਦਰ
ਮੈਨੂੰ ਫੜ ਘੁਟ ਰਖਿਆ
ਬਨ ਪੱਤਰਾਂ ਦੀ ਸੇਜਾ ਉਪਰ
ਜਦ ਮੈਂ ਪਰੇਮ ਲਪੇਟੀ,
ਮੁੱਖੜਾ ਮੇਰਾ ਚੁੰਮਿਆ,
ਆਪਣੀ ਛਾਤੀ ਉਸ ਸੋਹਣੇ ਨੇ
ਮੇਰੇ ਸੰਗ ਟਿਕਾਈ ।
ਪਰੇਮ ਨਸ਼ੇ ਵਿਚ ਜੁਗੜੇ ਬੀਤੇ
ਪਾਇਆ ਸੁੱਖ ਆਰਾਮ ।
ਜਿਸ ਨੇ ਮੇਰੇ ਹੋਠਾਂ ਦੀ ਸ਼ਰਧਾਂ ਨੂੰ
ਰਜ ਰਜ ਪੀਤਾ ।
ਸਖੀ ਨੀ ! ਮੰਨ ਲੈ ਮੇਰੀ ਗੱਲ ।
ਮੈਨੂੰ ਮੇਰੇ ਉਸ ਚਿਤ ਚੋਰ
ਮੋਹਣ ਕੋਲ ਲੈ ਚਲ !
ਕ੍ਰਿਸ਼ਨ ਕੋਲ ਲੈ ਚਲ !
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।

ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ
ਜਿਸ ਦਾ ਮੁੱਖੜਾ ਭਖ ਉਠਿਆ ਹੈ
ਮਿੱਠੇ ਵਿਚ ਅਨੁਰਾਗ
ਨੈਣਾਂ ਵਿਚ ਮਸਤੀ ਦਾ ਰੰਗ ਹੈ
ਚਮਕਣ ਵਿਚ ਖ਼ੁਮਾਰ ।
ਨਚ ਨਚ ਕੇ ਤਨ ਜਿਸ ਦਾ ਭਿਜਾ
ਮਿੱਠੇ ਵਿਚ ਹੁਲਾਸ ।
ਸਖੀ ਨੀ ! ਮੰਨ ਲੈ ਮੇਰੀ ਗੱਲ ।
ਮੈਨੂੰ ਮੇਰੇ ਉਸ ਚਿਤ ਚੋਰ
ਮੋਹਣ ਕੋਲ ਲੈ ਚਲ !
ਕ੍ਰਿਸ਼ਨ ਕੋਲ ਲੈ ਚਲ !
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।

ਸਖੀ ਨੀ ! ਮੈਂ ਕੇਸ ਫੁੱਲਾਂ ਨਾਲ ਸ਼ਿੰਗਾਰੇ !
ਮੇਰੇ ਬੋਲ ਅਤਿ ਮਿਠੜੇ ਕੋਮਲ
ਕੋਇਲ ਦੇ ਬੋਲ ਸਮਾਨ ।
ਉਸ ਦੇ ਪੋਟੇ ਪਰੇਮ-ਵਿਗੁਤੇ ਛੇੜਨ
ਮੇਰੇ ਸੀਨੇ ਗੁਝਾ ਪਰੇਮ ਜਗਾਣ ।
ਲੂੰ ਲੂੰ ਮੇਰੇ ਰਚ ਗਿਆ ਹੈ
ਉਸ ਦਾ ਪਰੇਮ ਸੰਯੋਗ ।
ਸਖੀ ਸਹਿ ਨਾ ਸਕਾਂ ਹੁਣ
ਉਸ ਦਾ ਹੋਰ ਵਿਯੋਗ ।
ਸਖੀ ਨੀ ! ਮੇਰੀ ਅਤਿ ਪਿਆਰੀ
ਮੰਨ ਲੈ ਮੇਰੀ ਗੱਲ ।
ਮੈਨੂੰ ਮੇਰੇ ਉਸ ਚਿਤ ਚੋਰ
ਮੋਹਣ ਕੋਲ ਲੈ ਚਲ ।
ਕ੍ਰਿਸ਼ਨ ਕੋਲ ਲੈ ਚਲ ।
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।

ਸਖੀ ਨੀ ! ਮੇਰੇ ਪੈਰਾਂ ਅੰਦਰ
ਝਾਂਜਰ ਛਣ ਛਣ ਕਰਦੀ,
ਮੇਰੇ ਲਕ ਦੁਆਲੇ ਬੋਰ ਚਾਂਦੀ ਦੇ ਛਣਕਣ,
ਪਰੇਮ ਅਲਿੰਗਣ ਉਸ ਪ੍ਰੀਤਮ ਦੇ
ਅੰਦਰ ਮੈਂ ਘੁੱਟ ਸਮਾਵਾਂ ।
ਮਿੱਠੇ ਨਸ਼ੇ ਇਸ ਪਰੇਮ ਦੇ
ਉਸ ਨੇ ਟੂਣਾ ਕੀਤਾ ।
ਫਿਰ ਉਸ ਪਰੇਮ ਨਸ਼ੇ ਵਿਚ
ਮੁੱਖ ਮੇਰਾ ਚੁੰਮ ਲੀਤਾ ।
ਸਭ ਕੁਝ ਘਟਦਾ ਵੇਖਾਂ
ਸਖੀਏ ਆਪਣੇ ਵਿਚ ਧਿਆਨ ।
ਸਖੀ ਨੀ ! ਮੰਨ ਲੈ ਮੇਰੀ ਗੱਲ ।
ਮੈਨੂੰ ਮੇਰੇ ਉਸ ਚਿਤ ਚੋਰ
ਮੋਹਣ ਕੋਲ ਲੈ ਚਲ
ਕ੍ਰਿਸ਼ਨ ਕੋਲ ਲੈ ਚਲ ।
ਸਖੀ ਨੀ ! ਮੈਨੂੰ ਪੀਆ ਕੋਲ ਲੈ ਚੱਲ ।

ਤਿੰਨ

(ਉਪਬਨ ਦਾ ਹੋਰ ਭਾਗ । ਰਾਧਾ ਦੀ ਅਰਾਧਨਾ
ਤੇ ਪਰੇਮ ਪੀੜਾ ਕ੍ਰਿਸ਼ਨ ਜੀ ਦੇ ਹਿਰਦੇ ਨੂੰ ਧੂਹ
ਪਾਉਂਦੇ ਹਨ, ਜੋ ਨਾਚ ਨੂੰ ਵਿਚਕਾਰ ਛੱਡ ਕੇ ਰਾਧਾ
ਨੂੰ ਬਨ ਵਿਚ ਲਭ ਰਹੇ ਹਨ । ਪਰ ਰਾਧਾ ਨੂੰ ਕਿਤੇ
ਵੀ ਨਾ ਵੇਖ ਕੇ ਉਹ ਇਕ ਬ੍ਰਿਛ ਹੇਠ ਬੈਠ ਜਾਂਦੇ ਹਨ।)

ਕ੍ਰਿਸ਼ਨ :

ਮੈਂ ਆਪਣੀ ਪ੍ਰਿਅ ਰਾਧਾ ਦਾ,
ਕਿਉਂ ਸਤਿਕਾਰ ਨਾ ਕੀਤਾ ?
ਸੈਆਂ ਨਾਰਾਂ ਨਾਲ ਨਾਚ ਨਚੇਂਦਿਆਂ
ਉਸ ਮੈਨੂੰ ਜਦ ਤੱਕਿਆ,
ਆਪਣੇ ਹੋਣ ਦਾ ਮਾਣ ਉਸ ਦਾ ਮੇਰੇ ਵਾਲਾ
ਚਕਨਾ ਚੂਰ ਉਹ ਸਾਰਾ ਹੋਇਆ ।
ਦਿਲ ਉਸ ਦੇ ਹੈ ਸੱਟ ਜੋ ਵੱਜੀ
ਗ਼ੁੱਸੇ ਵਿਚ ਉਹ ਚਲੀ ਗਈ ਹੈ ਮੈਥੋਂ ਦੂਰ ।
ਮੇਰਾ ਚਿਤ ਕਦੀ ਵੀ ਨਹੀਂ ਸੀ
ਇਦਾਂ ਦੁੱਖੀ ਉਹ ਹੁੰਦੀ ।
ਐਪਰ,
ਹੁਣ ਕੀ ਕਰਾਂ ਮੈਂ
ਕਿਵੇਂ ਉਸ ਰੁਠੜੀ ਤਾਂਈਂ ਮਨਾਵਾਂ ?
ਉਸ ਦੀ ਧੀਰ ਬਨ੍ਹਾਵਾਂ ।
ਪਰੇਮ ਰੰਗ ਵਿਚ ਭਿਜ ਕੇ ਉਸ ਦੇ
ਉਸ ਦਾ ਮਨ ਪਰਚਾਵਾਂ ।

ਇਸ ਚੀਸ ਨੇ ਉਸ ਦੇ ਦਿਲ ਨੂੰ
ਦਿਤਾ ਹੈ ਮਰੋੜ ।
ਆਪੇ ਵਿਛੜ ਕੇ ਉਸ ਮੈਥੋਂ
ਦਿਲ ਆਪਣੇ ਨੂੰ ਲਿਆ ਹੈ ਤੋੜ ।
ਕਿਵੇਂ ਹੁਣ ਮੈਂ ਉਸ ਦੇ ਤਾਂਈਂ
ਆਪਣੇ ਕੋਲ ਬੁਲਾਵਾਂ ?
ਕਿਵੇਂ ਉਸ ਦੀ ਰੁਠੜੀ ਪ੍ਰੀਤ ਨੂੰ
ਮੋੜ ਲਿਆਵਾਂ ?
ਕਿਸ ਕੰਮ ਇਹ ਸਭ ਸੁੰਦਰਤਾ ਦੀ
ਮੇਰੀ ਸਭ ਪੂੰਜੀ ?
ਉਸ ਦੀ ਖ਼ੁਸ਼ੀ ਬਿਨਾਂ ਇਹ ਕੀ ਹੈ ਮੇਰਾ ਜੀਵਨ ?
ਕੀ ਮੇਰਾ ਇਹ ਰਹਿਣਵਾਸ
ਜੇ ਉਹ ਆਪ ਨਾ ਇਸ ਵਿਚ ਵਸ ਕੇ
ਇਸ ਦੀ ਸ਼ਾਨ ਵਧਾਵੇ ?

ਯਾਦ ਕਰਾਂ ਮੈਂ ਉਸ ਨੂੰ
ਜਿਸ ਦਾ ਮੁੱਖੜਾ ਗ਼ੁੱਸੇ ਨਾਲ ਹੈ ਭਖਦਾ ।
ਯਾਦ ਕਰਾਂ ਮੈਂ ਉਸ ਨੂੰ
ਜਿਸ ਦੀਆਂ ਭਵਾਂ ਨੇ ਤਣੀਆਂ ਹੋਈਆਂ
ਵਿਚ ਗ਼ੁੱਸੇ ਦੇ ।
ਯਾਦ ਕਰਾਂ ਮੈਂ ਉਸ ਨੂੰ
ਚਿਤਵਾਂ ਉਸ ਦਾ ਮੁੱਖੜਾ
ਚਮਕੇ ਜੋ ਲਾਲ ਕੰਵਲ ਦੇ ਹਾਰ ।
ਜਿਸ ਦੇ ਗਿਰਦੇ ਵਾਹ ਦਿਤੀ ਹੈ
ਮਧੂ ਮੱਖੀ ਨੇ ਕਾਲੀ ਕਾਰ ।

ਯਾਦ ਕਰਾਂ ਮੈਂ ਉਸ ਨੂੰ
ਜਿਸ ਦਾ ਮੇਰੇ ਹਿਰਦੇ ਵਿਚ ਹੈ ਵਾਸ ।
ਜਿਸ ਦੇ ਸੰਗ ਮੈਂ ਰਹਿੰਦਾ ਸਦਾ ਸਮਾਇਆ
ਜਦ ਵੀ ਧਰਾਂ ਮੈਂ ਅੰਤਰ-ਧਿਆਨ
ਕਿਉਂ ਉਸ ਨੂੰ ਵਿਚ ਬਨਾਂ 'ਚ ਢੂੰਢਾਂ
ਜਿਸ ਦਾ ਬਣ ਚੁਕਾ ਹੈ
ਮੇਰੇ ਹਿਦੇ ਵਿਚ ਸਥਾਨ ?
ਉਹ ਪ੍ਰਿਅ ਮੇਰੀ ਪਰਮ ਪਿਆਰੀ
ਮੇਰੀ ਜਿੰਦੇ, ਜਾਵਾਂ ਮੈਂ ਤੈਥੋਂ ਬਲਿਹਾਰੀ ।
ਘੋਲ ਘੁਮਾਵਾਂ ਤੈਥੋਂ ਸੌ ਸੌ ਵਾਰੀ ।
ਤੇਰਾ ਮਨ ਦੁੱਖੀ ਅਤਿ ਹੋਇਆ ਮੇਰੇ ਹੱਥੋਂ
ਦੋਸ਼ੀ ਮੈਨੂੰ ਜਾਣ ਰਹੀ ਹੋਵੇਂਗੀ ਅਤਿ ਭਾਰੀ ।
ਜਾਣਾਂ ਨਾ ਮੈਂ ਕਿਥੇ ਹੁਣ ਤੂੰ
ਜਾ ਲੁਕੀ ਹੈਂ ਪਿਆਰੀ ।
ਕਿਥੇ ਤੈਨੂੰ ਜਾ ਕੇ ਲਭਾਂ
ਮੁਸ਼ਕਲ ਬਣ ਗਈ ਭਾਰੀ ।
ਇਥੇ ਹੁਣ ਮੈਂ ਬੈਠ ਗਿਆ ਹਾਂ
ਧਰ ਕੇ ਤੇਰਾ ਧਿਆਨ !
ਹੋ ਕੇ ਅੰਤਰ ਧਿਆਨ
ਢੂੰਡ ਲਿਆਵਾਂ ਤੈਨੂੰ ਕਿਧਰੋਂ
ਹਾਂ ਮੈਂ ਆਪਣੀ ਕੀਤੀ ਤੇ ਪਸ਼ੇਮਾਨ ।

ਮੇਰੀ ਪ੍ਰਿਅ ਪਰਮ ਪਿਆਰੀ !
ਲਭ ਲਿਆ ਹੈ ਤੈਨੂੰ ਮੈਂ
ਆਪਣੇ ਅੰਦਰਵਾਰ ।
ਆਪਣੇ ਦਿਲ ਵਿਚਕਾਰ ।
ਪਰ ਫਿਰ ਵੀ ਵੇਖਾਂ ਜਦ ਮੈਂ
ਅੰਦਰੋਂ ਬਾਹਰ ।
ਤੈਨੂੰ ਹੀ ਸਭ ਪਾਸੇ ਵੇਖਾਂ
ਨਾ ਦਿਸੇ ਹੋਰ ਕੋਈ ਆਕਾਰ ।
ਵੇਖਾਂ ਮੈਂ ਤੈਨੂੰ ਹਰ ਬੰਨੇ
ਆਪਣੇ ਬਾਹਰਵਾਰ ।
ਫਿਰ ਵੀ ਮੇਰੇ ਕੋਲ ਨਾ ਤੂੰ ਆਵੇਂ
ਆ ਕੇ ਤੂੰ ਨਾ ਮੇਰੇ ਅੰਕ ਸਮਾਵੇਂ ?

ਉਹ ਪ੍ਰਿਅ ਪਰਮ ਪਿਆਰੀ !
ਮੇਰੀ ਜਿੰਦੇ, ਜਾਵਾਂ ਮੈਂ ਬਲਿਹਾਰੀ ।
ਮਾਫ਼ ਕਰੀਂ ਤੂੰ ਸਾਰੇ ਮੇਰੇ ਦੋਸ਼
ਭੁਲ ਕੇ ਵੀ ਕਦੀ ਮੈਂ ਮੁੜ ਕੇ
ਨਾ ਤੇਰਾ ਚਿਤ ਦੁਖਾਵਾਂ ।
ਐਪਰ ਮੇਰੀ ਪਿਆਰੀ !
ਹੁਣ ਤਾਂ ਆ ਜਾ ਮੇਰੇ ਕੋਲ !
ਤੇਰੇ ਪਰੇਮ ਵਿਛੋੜੇ ਅੰਦਰ ਸੜ ਰਿਹਾ ਹਾਂ ।
ਸ਼ਾਂਤ ਕਰੋ ਇਹ ਦਿਲ ਦੀ ਅਗਨੀ
ਪ੍ਰਿਅ ਠੰਢ ਵਰਤਾਉ ।
ਮੇਰੀ ਜਿੰਦੇ, ਮੇਰੀ ਪਿਆਰੀ !
ਮੇਰੇ ਅੰਕ ਸਮਾਉ ।
ਮੇਰੇ ਕੋਲ ਆ ਜਾਉ ।

ਮੇਰੀ ਪ੍ਰਿਅ ਪਿਆਰੀ !
ਤੇਰੇ ਪਰੇਮ ਨੇ ਮੈਨੂੰ
ਕਾਮ ਜਿਤਣ ਦਾ ਵਲ ਸਿਖਾਇਆ ।
ਪਰ, ਹੁਣ ਜਦ ਤੂੰ ਨਹੀਂ ਹੈਂ ਮੇਰੇ ਕੋਲ
ਕਾਮਦੇਵ ਨੇ ਮੁੜ ਫੜ ਲੀਤੇ
ਆਪਣੇ ਸਭ ਹਥਿਆਰ ।
ਜਿਨ੍ਹਾਂ ਸੰਗ ਉਸ ਜਿਤਿਆ ਸਭ ਸੰਸਾਰ ।
ਕਾਲੀਆਂ ਮਧੂ ਮੱਖੀਆਂ ਦੀ
ਉਸ ਦੀ ਬਣੀ ਕਮਾਨ ।
ਪ੍ਰੀਤ ਤੱਕਣੀਆਂ ਦੇ ਉਸ ਨੇ
ਚਿਲੇ ਚੜ੍ਹਾਏ ਬਾਣ ।
ਕਿਸੇ ਦੇ ਨੈਣਾਂ 'ਤੋਂ ਉਸ ਨੇ
ਕਾਮ ਦੇ ਤੀਰ ਵਰ੍ਹਾਏ !
ਘੇਰਨ ਵਾਸਤੇ ਉਸ ਨੇ ਮੇਰੇ
ਕਈ ਨੇ ਫੰਧ ਬਣਾਏ ।
ਕਾਮਦੇਵ ! ਮੈਂ ਨਹੀਂ ਹਾਂ ਸ਼ਿਵ ਜੋ ਤੇਰਾ ਸ਼ਤਰੂ
ਜਿਸ ਲਈ ਕਸ ਲਏ ਤੂੰ ਇਤਨੇ ਵਡੇ ਹਥਿਆਰ
ਮੈਨੂੰ ਸ਼ਿਵ ਜੀ ਸਮਝ ਨਾ ਲੈਣਾ ਗ਼ਲਤੀ ਨਾਲ
ਮੇਰੇ ਕੰਠ ਦੁਆਲੇ ਇਹ ਨਹੀਂ ਸੱਪ ਵਿਸ਼ਾਲ
ਨਾ ਹੀ ਨੀਲ-ਕੰਠ ਇਹ ਵਿਹੁ ਦਾ ਦਾਗ਼
ਮੈਂ ਤਾਂ ਨੀਲ ਕੰਵਲ ਦੇ ਬਸਤਰ ਹਨ ਸਜਾਏ ।

ਮੈਂ ਨਹੀਂ ਆਪਣੇ ਤਨ ਦੇ ਉਪਰ
ਭਸਮ ਰਮਾਈ
ਇਹ ਤਾਂ ਚੰਦਨ ਦਾ ਹੈ ਕੀਤਾ ਲੇਪ
ਤਾਂ ਜੋ ਸੀਤਲ ਰਹੇ ਇਹ ਮੇਰਾ ਆਕਾਰ ।
ਵਿਚ ਵਿਛੋੜੇ ਸੜ ਰਿਹਾ ਜੋ
ਮਿਲਿਆ ਨਹੀਂ ਹੈ ਜਿਸ ਨੂੰ
ਉਸ ਦਾ ਪਿਆਰ ।

ਕਿਉਂ ਤੂੰ ਕਰ ਰਿਹਾ ਹੈਂ ਮੇਰੇ ਉਪਰ ਵਾਰ ?
ਤਰਸ ਰਿਹਾ ਮੈਂ ਉਸ ਪਰੇਮ ਭੇਟ ਨੂੰ
ਜੋ ਲੁਕੀ ਹੈ ਮੇਰੀ ਪ੍ਰਿਅ ਪਿਆਰੀ
ਦੇ ਦਿਲ ਵਿਚਕਾਰ ।
ਕਾਮਦੇਵ ! ਤੂੰ ਜਿਤਿਆ ਸਭ ਸੰਸਾਰ
ਕਿਹੜੀ ਸ਼ਾਨ ਵਧਾਵੇਂ ਆਪਣੀ ਜਿਤ ਕੇ ਮੈਨੂੰ
ਜਿਸ ਨੂੰ ਪਹਿਲਾਂ ਹੀ ਜਿਤ ਲਿਆ ਹੈ
ਮੇਰੀ ਜਿੰਦ ਦੇ ਪਿਆਰ ।
ਮੈਂ ਤਾਂ ਤੜਪ ਰਿਹਾ ਹਾਂ
ਉਸ ਮਿਰਗ-ਨੈਣੀ ਦੀ ਅੰਦਰ ਯਾਦ ।
ਜਿਸ ਦੇ ਦਿਲ ਅੰਦਰ ਹੈ ਵਗਦਾ
ਮੇਰਾ ਪਿਆਰ ਅਪਾਰ !

ਕਾਮਦੇਵ ਦੀ ਥਾਂ ਸੂਖਮ ਆਕਾਰੀ ਰਾਧਾ
ਆਪ ਹੀ ਚਲ ਆਉ ।
ਨੈਣਾਂ ਦਿਆਂ ਕਮਾਨਾਂ ਵਿਚੋਂ
ਪਰੇਮ ਦੇ ਤੀਰ ਚਲਾਉ ।
ਮੇਰੇ ਹਿਰਦੇ ਨੂੰ ਇਸ ਤਰ੍ਹਾਂ
ਪਰੇਮ ਦਾ ਡੰਗ ਲਗਾਉ ।
ਆਪਣੇ ਕਾਲੇ ਕੇਸਾਂ ਵਾਲਾ
ਸੁੰਦਰ ਮੁੱਖ ਦਿਖਾਉ ।
ਜਿਸ ਤੋਂ ਕਾਮਦੇਵ ਦਾ ਜਨਮ ਹੈ ਹੋਇਆ
ਉਹ ਪਿਆਰਾ ਮੁੱਖੜਾ ਸਜਨੀ
ਆਣ ਦਿਖਾਉ !
ਆਪਣੇ ਹੋਂਠ ਯਾਕੂਤੀ ਦੀ ਛੁਹ ਬਖਸ਼ੋ
ਪਰੇਮ ਨਸ਼ੇ ਦੀ ਮਸਤੀ ਅੰਦਰ
ਮੈਨੂੰ ਝੂਮ ਝੂਮਾਉ ।
ਸੀਨੇ ਦੇ ਉਭਾਰਾਂ ਅੰਦਰ
ਲੁਕਿਆ ਹੈ ਜੋ ਪਿਆਰ !
ਉਸ ਨੂੰ ਆ ਪ੍ਰਗਟਾਉ ।
ਇਹ ਮੈਂ ਜਾਣਾ ਗ਼ੁੱਸੇ ਦੀ ਤਹਿ ਥੱਲੇ
ਲੁੱਕਿਆ ਹੈ ਮੇਰੇ ਲਈ ਅਸਗਾਹ ਪਿਆਰ ।
ਛਾਤੀ ਦਾ ਭਰਪੂਰ ਜੋ ਜੋਬਨ
ਉਸ ਛੁਹ ਨੂੰ ਬਖਸ਼ੋ ਪਿਆਰਾਂ ਦੀ ਮਸਤੀ ਦੇ ਅੰਦਰ
ਸੁਆਸ ਨਾਲ ਸੁਆਸ ਰਲਾਉ
ਮੇਰੇ ਸਾਹਾਂ ਦੇ ਵਿਚ ਪਿਆਰੀ
ਆ ਕੇ ਤੁਸੀਂ ਸਮਾਉ ।

ਉਹ ਪਿਆਰੀ ਮੇਰੀ ਜਿੰਦ ਦੀ ਜਿੰਦ !
ਕਿਸ ਕੰਮ ਮੇਰੇ ਲਈ ਛੁਹ ਦਾ ਹੈ ਆਭਾਸ ?
ਜੇ ਤੂੰ ਨਹੀਂ ਹੈਂ ਮੇਰੇ ਪਾਸ ।
ਤੇਰੇ ਸੂਖਮ ਸੁਹਲ ਸਰੀਰ ਨੂੰ
ਜੇ ਮੈਂ ਛੁਹ ਨਾ ਸਕਾਂ ?
ਕਿਸ ਕੰਮ ਇਹ ਮੇਰੇ ਨੈਣ
ਜੇਕਰ ਤੈਨੂੰ ਤੱਕ ਨਾ ਸਕਾਂ ।
ਤੇਰੇ ਨੈਣਾਂ ਦੀ ਤੱਕਣੀ ਤੋਂ ਬਿਨ
ਹਨ ਕਿੰਝ ਬੇਚੈਨ ?
ਕਿਸ ਕੰਮ ਫਿਰ ਮੇਰੇ ਲਈ ਇਹ
ਸੁਗੰਧ ਦਾ ਆਭਾਸ,
ਜੇਕਰ ਮੈਂ ਨਾ ਮਾਣ ਸਕਾਂ
ਤੇਰੇ ਕੰਵਲ ਮੁੱਖ ਦੀ ਮਿੱਠੀ ਬਾਸ ?
ਕਿਸ ਕੰਮ ਇਹ ਮੇਰੀ ਜਿੰਦ
ਜੇ ਮੈਂ ਤੇਰੀ ਜਿੰਦ ਦੇ ਗੀਤ ਨੂੰ
ਮਾਣ ਨਾ ਸਕਾਂ
ਹੋ ਕੇ ਕਦੀ ਨਿਚਿੰਦ ?

ਫਿਰ ਵੀ ! ਧਰਾਂ ਮੈਂ ਜਦ ਉਸ ਦਾ ਧਿਆਨ
ਜਿਉਂ ਜਿਉਂ ਚਿਤਵਾਂ ਉਸ ਪਿਆਰੀ ਨੂੰ
ਮੇਰੀ ਪੀੜ ਬਿਰਹੋਂ ਦੀ ਨਿਤ ਪਈ ਵਧਦੀ ਜਾਵੇ
ਪਾਵਾਂ ਨਾ ਮੈਂ ਚੈਨ !
ਹੋਰ ਹੋਵਾਂ ਬੇਚੈਨ !

(ਜਮਨਾਂ ਕੰਢੇ ਬਾਂਸਾਂ ਦੀ ਝੰਗੀ ਵਿਚ ਧਿਆਨ ਮਗਨ
ਬਿਰਾਜਮਾਨ ਸ਼੍ਰੀ ਕ੍ਰਿਸ਼ਨ ਜੀ ਕੋਲ ਸਖੀ ਪੁਜਦੀ ਹੈ।)

ਸਖੀ :

ਸ਼੍ਰੀ ਕ੍ਰਿਸ਼ਨ ਜੀ ਤੁਸੀਂ ਕੀ ਜਾਣੋਂ
ਰਾਧਾ ਦੇ ਹਿਰਦੇ ਦੀ ਵਿਥਿਆ
ਤੁਹਾਡੇ ਕੋਲੋਂ ਵਿਛੜੀ ਹੋਈ
ਉਸ ਦੀ ਆਤਮਾ ਬਹੁਤ ਦੁੱਖੀ ਹੈ ।
ਤੁਸਾਂ ਲਈ ਅਰਜ਼ੋਈਆਂ ਕਰਦੀ ਰਹਿੰਦੀ ਹੈ
ਨਿਤ ਰਾਧਾ ।
ਤੁਸੀਂ ਹੀ ਕੇਵਲ ਉਸਦੇ ਅਰਮਾਨਾਂ ਨੂੰ
ਪੂਰਨ ਵਾਲੇ ਇਸ਼ਟ ਦੇਵ ਹੋ ।
ਕਾਮਦੇਵ ਦੇ ਬਾਣਾਂ ਤੋਂ ਡਰ ਕੇ
ਉਸ ਨੇ ਤੁਹਾਡੀ ਸ਼ਰਨ ਲਈ ਹੈ ।
ਵਿਛੜੀ ਹੋਈ ਭਾਵੇਂ ਤੁਸਾਂ ਤੋਂ
ਤੁਹਾਡੇ ਵਿਚ ਹੀ ਜੀ ਰਹੀ ਹੈ ।
ਚੰਦਨ ਲੇਪ ਤਨ ਉਤੇ ਜਿਹੜਾ
ਉਸ ਨੂੰ ਉਹ ਕੋਸਦੀ ਰਹਿੰਦੀ ।
ਚੰਨ ਰਿਸ਼ਮਾਂ ਵੀ ਉਸ ਦੇ ਕੋਮਲ ਤਨ ਤੇ
ਘਾਓ ਡੂੰਘੇਰੇ ਲਾ ਰਹੀਆਂ ਨੇ ।
ਦਖਣ ਦਿਸ਼ਾ ਤੋਂ ਜਿਹੜੀ ਅਗਰ ਚੰਦਨ ਦੀ ਭਿੰਨੀ
ਪਵਨ ਰੁਮਕਦੀ,
ਉਸ ਦੇ ਤਨ ਨੂੰ ਡੰਗ ਲਗਾਂਦੀ
ਜਿਵੇਂ ਚੰਦਨ ਬਿਰਛ ਤੇ ਕੁੰਡਲ ਘੱਤ ਕੇ
ਨਾਗ ਲਟਕਦੇ ਜ਼ਹਿਰੀ ਹੋਵਣ ।
ਇਹ ਉਸ ਤੇ ਨਿਤ ਡੰਗ ਚਲਾਂਦੇ ।

ਹਾਏ ਕ੍ਰਿਸ਼ਨ ਜੀ !
ਰਾਧਾ ਨੂੰ ਕੋਈ ਸੁਧ ਨਹੀਂ ਹੈ ।
ਤਨ ਵਲੋਂ ਉਹ ਬੇਸੁਧ ਹੋਈ ।
ਧਿਆਨ ਤੁਹਾਡੇ ਜੀਉ ਰਹੀ ਹੈ ।
ਕਾਮਦੇਵ ਦੇ ਪੁਸ਼ਪ ਬਾਣ ਜਦ
ਉਸ ਦੇ ਸੀਨੇ ਨੂੰ ਆ ਵਿੰਨ੍ਹਦੇ
ਕੇਵਲ ਪੱਤੀਆਂ ਤ੍ਰੇਲ ਧੋਤੀਆਂ ਦੀ
ਤਦ ਉਹ ਢਾਲ ਬਣਾਵੇ ।
ਮਨਮੋਹਣ ਦੀ ਨਿਕੀ ਮੂਰਤ
ਆਪਣੇ ਹਿਰਦੇ ਵਿਚ ਲੁਕਾਵੇ ।
ਮਤਾਂ ਕਿਤੇ ਤੀਰਾਂ ਦੀ ਬਰਖਾ
ਉਸ ਦੇ ਪਰੇਮ ਨੂੰ ਵਿੰਨ੍ਹ ਨਾ ਜਾਵੇ ।
ਇਸ਼ਟ-ਦੇਵ ਨੂੰ ਪਈ ਲੁਕਾਵੇ ।
ਹਿਰਦੇ ਵਿਚ ਟਿਕਾ ਕੇ ਉਸ ਨੂੰ
ਆਪਣੇ ਪ੍ਰੀਤਮ ਤਾਂਈਂ ਬਚਾਵੇ ।

ਸ਼੍ਰੀ ਕ੍ਰਿਸ਼ਨ ਜੀ !
ਰਾਧਾ ਤੁਹਾਡੇ ਸੁਆਗਤ ਲਈ
ਹੋ ਰਹੀ ਹੈ ਤਿਆਰ ।
"ਕਿੱਥੇ ਆਪਣੇ ਪ੍ਰੀਤਮ ਤਾਂਈਂ ਬਿਠਾਵਾਂ"
ਬੇ-ਸੁਧ ਹੋਈ ਰਾਧਾ ਇੰਝ ਆਖੇ
ਇਸੇ ਕਾਰਨ ਉਸੇ ਵੇਲੇ
ਆਪਣੇ ਹਿਰਦੇ ਅੰਦਰ ਉਹ
ਫੁੱਲਾਂ ਦੀ ਸੇਜ ਸਜਾਵੇ ।
ਇਹ ਸੇਜ ਐਸੀ ਸੁਖਦਾਈ
ਕਾਮ-ਅਗਨ ਦੇ ਫੁੱਲਾਂ ਉਪਰ
ਜਿਵੇਂ ਇਹ ਸੁਹਾਗ ਵਿਛਾਈ ।
ਗੁੰਮੇ ਫਿਰ ਧਿਆਨ ਮਗਨ ਉਹ
ਆਪਣੇ ਪ੍ਰੀਤਮ ਤਾਂਈਂ ਚਿਤਵਦੀ ।
ਇੰਝ ਉਹ ਆਭਾਸ ਹੈ ਕਰਦੀ
ਜਿਵੇਂ ਪ੍ਰੀਤਮ ਨੇ ਨੇੜੇ ਆਕੇ
ਉਸ ਨੂੰ ਹੈ ਗਲਵਕੜੀ ਪਾਈ ।

ਸ਼੍ਰੀ ਕ੍ਰਿਸ਼ਨ ਜੀ !
ਰਾਧਾ ਦੀ ਕਾਇਆ ਹੈ ਪਲਟੀ
ਕੰਵਲ ਮੁਖ ਉਸ ਦੇ ਨੈਣਾਂ 'ਚੋਂ
ਹੰਝੂਆਂ ਦੇ ਮੋਤੀ ਇੰਝ ਤਿਲਕਣ
ਹੋਣ ਜਿਵੇਂ ਅੰਮ੍ਰਿਤ ਦੀਆਂ ਬੂੰਦਾਂ ।
ਵਸਣ ਵਾਂਗ ਫੁਹਾਰ ।

ਸ਼੍ਰੀ ਕ੍ਰਿਸ਼ਨ ਜੀ !
ਕਸਤੂਰੀ ਭਿੰਨੇ ਤੁਹਾਡੇ ਮਦਨ ਅੰਗਾਂ ਦਾ
ਉਸ ਨੇ ਹੈ ਇਕ ਚਿਤਰ ਬਣਾਇਆ ।
ਆਪਣੇ ਮਨ ਮੰਦਰ ਵਿਚ ਜਿਸ ਨੂੰ
ਉਸ ਨੇ ਹੈ ਟਿਕਾਇਆ ।
ਆਪਣੇ ਹੱਥਾਂ ਵਿਚ ਅੰਬਾਂ ਦੀ
ਖਿੜੀ ਟਹਿਣੀ ਨੂੰ ਫੜ ਕੇ
ਸ਼ਿਵ-ਦੇਵ ਦੀ ਪੂਜਾ ਕਰਦੀ
ਨਿਤ ਕਰੇ ਅਰਦਾਸ ।
"ਲਛਮੀ ਦੇ ਹੇ ਨਾਥ ਸੁਆਮੀ !
ਤੇਰੇ ਚਰਨਾਂ ਤੇ ਲੇਟ ਗਈ ਹਾਂ
ਆਪਣਾ ਸੀਸ ਟਿਕਾ ਦਿਤਾ ਹੈ !
ਮੇਰੇ ਪ੍ਰੀਤਮ ! ਛੱਡ ਨਾ ਜਾਣਾ
ਦੂਰ ਮੈਥੋਂ ਹੁਣ ਨਸ ਨਾ ਜਾਣਾ ।"
ਜੇ ਤੁਸ਼ੀਂ ਮੈਨੂੰ ਛਡ ਜਾਉਗੇ
ਚੰਦ ਦੀਆਂ ਇਹ ਸੀਤਲ ਰਿਸ਼ਮਾਂ
ਮੈਨੂੰ ਸਾੜਨ ਲਈ ਨੇ ਕਾਫ਼ੀ
ਖ਼ਾਕ ਦੀ ਢੇਰੀ ਹੋ ਜਾਵਾਂਗੀ ।

ਸ਼੍ਰੀ ਕ੍ਰਿਸ਼ਨ ਜੀ !
ਰਾਧਾ ਦੀ ਇਹ ਹਾਲਤ ਹੋਈ
ਸਭ ਕੁਝ ਉਸ ਨੇ ਤਿਆਗ ਦਿਤਾ ਹੈ ।
ਕੇਵਲ ਧਿਆਨ ਤੁਹਾਡਾ ਹੈ ਕੀਤਾ ।
ਕੋਈ ਵੀ ਉਸ ਨੂੰ ਪੋਹ ਨਾ ਸਕੇ ।
ਬਿਨ ਤੁਹਾਡੇ ਕੋਈ ਛੋਹ ਨਾ ਸਕੇ ।
ਵਿਚ ਤੁਹਾਡੇ ਧਿਆਨ
ਬਉਰੀ ਹੋਈ ਕੂਕ ਹੈ ਪੈਂਦੀ ।
ਫਿਰ ਆਪੇ ਹੀ ਹਸ ਹੈ ਲੈਂਦੀ ।
ਫਿਰ ਰੋਂਦੀ ਹੈ ਵਿਚ ਪੀੜ
ਫਿਰ ਐਸਾ ਮਨ ਵਿਚ ਕੁਝ ਆਵੇ
ਬੂਹਾ ਖੋਲ੍ਹ ਬਾਹਰ ਨੂੰ ਧਾਵੇ ।

ਬਿਨਾਂ ਤੁਹਾਡੇ ਉਸ ਨੂੰ ਜਾਪਣ
ਸੁੰਦਰ ਮਹਿਲ ਸਭ ਸਖਣੇ ਸਖਣੇ
ਇਹ ਜੋ ਸਖੀਆਂ ਦਾ ਉਸ ਦੇ ਗਿਰਦੇ
ਜੁੜਿਆ ਝੁਰਮਟ ਹੈ,
ਜਾਪੇ ਜੋ ਇਕ ਸੁੰਦਰ ਹਾਰ ।
ਤੁਹਾਡੇ ਬਿਨ ਉਹ ਇਸ ਨੂੰ ਜਾਣੇ
ਜਿਵੇਂ ਦਮ ਘੁਟਵਾਂ ਇਕ ਫੰਧਾ ਜਾਲ ।
ਤੁਹਾਡੇ ਬਿਨ ਜੋ ਪਰੇਮ ਦੀ ਅਗਨੀ
ਮਿੱਠਾ ਪਿਆਰਾ ਜਿਸ ਦਾ ਸੁਆਦ ।
ਇਹ ਸਭ ਉਸ ਨੂੰ ਭਾਂਬੜ ਜਾਪੇ
ਜਿਸ ਵਿਚ ਸੜਦਾ ਅੰਦਰ ਬਾਹਰ ।
ਹਰਨੋਟੇ ਵਾਂਗ ਉਹ ਹੋਈ ਹੈਰਾਨ
ਜਿਸ ਦਾ ਪਿਛਾ ਕਰ ਰਿਹਾ ਹੈ
ਮਹਾਂ ਤ੍ਰਿਸ਼ਨਾਂ ਦਾ ਖ਼ੂਨੀ ਬਾਣ ।
ਇਧਰ ਉਧਰ ਹੈ ਨੱਠਾ ਫਿਰਦਾ
ਪਿਛੇ ਵਲ ਜੋ ਮੁੜ ਮੁੜ ਤੱਕੇ
ਆਪਣੀ ਮੌਤ ਦੀ ਚਿੱਠੀ
ਮਹਾਂ ਮਾਰੂ ਉਸ ਨੂੰ ਜਾਪੇ
ਇਹ ਤ੍ਰਿਸ਼ਨਾਂ ਦੀ ਅੱਗ
ਜਿਸ ਦੇ ਸੇਕ ਤੋਂ ਬਚਣਾ ਚਾਹੇ
ਤੁਹਾਡੇ ਚਰਨੀ ਲੱਗ ।

ਸ਼੍ਰੀ ਕ੍ਰਿਸ਼ਨ ਜੀ !
ਤੁਹਾਡੇ ਬਿਨ ਉਹ ਹੋਈ ਹੈ ਨਿਰਜਿੰਦ ।
ਉਸ ਦੇ ਸੀਨੇ ਉਪਰ ਲਟਕ ਰਿਹਾ
ਜੋ ਕੰਵਲਾਂ ਦਾ ਹਾਰ ।
ਜੋ ਹੈ ਉਸ ਦੀ ਸ਼ੋਭਾ ਦਾ
ਸ਼ੀਲ-ਸ਼ਿੰਗਾਰ ।
ਪਰ ਤੁਹਾਡੇ ਬਿਨ ਜਾਪੇ ਉਸ ਨੂੰ
ਇਹ ਵਾਧੂ ਇਕ ਭਾਰ ।
ਇਹ ਸਭ ਵਸਤਾਂ ਗਹਿਣੇ ਗੱਟੇ
ਬੇਸਬਰੀ ਤਾਂਈਂ ਜਗਾਵਣ ਵਾਲੇ
ਜਾਪਣ ਸਭ ਵਿਅਰਥ ।
ਹੋਵੇ ਉਹ ਉਦਾਸ
ਤਨ ਉਤੇ ਜੋ ਕੀਤਾ ਚੰਦਨ-ਲੇਪ
ਠੰਢ ਪਾਣ ਦੀ ਥਾਂ
ਉਸ ਨੂੰ ਡੰਗੇ ਜ਼ਹਿਰੀ ਨਾਗ ਸਮਾਨ ।
ਆਪਣੇ ਸਾਹ ਵੀ ਭਾਰੇ ਜਾਪਣ
ਇੰਝ ਲਗਣ ਉਸ ਨੂੰ ਆਪਣੇ ਪ੍ਰਾਣ
ਜਿਵੇਂ ਅਗਨ-ਅਲੰਬੇ ਬਲ ਰਹੇ ਹੋਵਣ
ਮਹਾਂ-ਤ੍ਰਿਸ਼ਨਾਂ ਦੇ ਭਵ ਸਾਗਰ ਅੰਦਰ
ਸੜ ਰਿਹਾ ਹੋਵੇ ਉਸ ਦੇ ਅੰਦਰ ਦਾ
ਸਾਰਾ ਤ੍ਰਾਣ ।

ਵੇਖੋ ਉਹ !
ਕਿੰਝ ਪਈ ਤੱਕੇ
ਜੰਗਲੀ ਜਾਨਵਰ ਹਾਰ ।
ਆਲਾ ਦੁਆਲਾ ਢੂੰਡ ਰਹੀ ਹੈ
ਕਰਦੀ ਪਈ ਹੈ ਭਾਲ ।
ਜਾਪੇ ਉਹ ਇੰਝ ਇਕ ਕੰਵਲ ਦੇ ਹਾਰ ।
ਡੰਡੀ ਉਤੋਂ ਜੋ ਹੋਵੇ ਟੁੱਟਿਆ
ਪੱਤੀਆਂ ਜਿਸ ਦੀਆਂ ਖਿਲਰੀਆਂ ਹੋਵਣ
ਸਾਰੇ ਆਲ-ਦੁਆਲ ।

ਬਹੁੜਿਆ ਨਹੀਂ ਹਾਲੀ ਵੀ
ਉਸ ਦਾ ਪ੍ਰੀਤਮ ਪਿਆਰ ।
ਫੁੱਲਾਂ ਦੀ ਸੇਜ ਸਜਾਈ
ਜੋ ਸਧਰਾਂ ਦੇ ਨਾਲ ।
ਵਿਚ ਸੁਆਗਤ ਕੀਤਾ ਸੀ
ਜੋ ਹਾਰ ਸ਼ਿੰਗਾਰ ।
ਇੰਝ ਜਾਪੇ ਉਹ ਸਾੜ ਸੁਟੇਗਾ
ਉਸ ਦੀ ਜਿੰਦ ਨੂੰ
ਬਲ ਰਹੀ ਇਕ ਚਿੰਤ ਚਿਖਾ ਦੇ ਹਾਰ ।

ਵੇਖੋ ! ਰਾਧਾ ਤੱਕ ਰਹੀ ਹੈ
ਸਧਰਾਈ ਨਿਗ੍ਹਾ ਦੇ ਨਾਲ ।
ਧਿਆਨ ਮਗਨ ਬੈਠੀ ਹੈ ਏਕਣ
ਇਕ ਟੱਕ ਇਕ ਚਾਲ ।
ਠੋਡੀ ਨੂੰ ਤਲੀਆਂ ਤੇ ਰਖਿਆ
ਵਿਸਰੇ ਸਭ ਖ਼ਿਆਲ ।
ਜਾਪੇ ਜਿਵੇਂ ਸੋਹਣੇ ਚੰਦ ਨੂੰ
ਪਕੜਿਆ ਹੋਵੇ ਬਾਲ ।
ਜਿਸ ਨੇ ਉਸ ਨੂੰ ਘੁੱਟ ਲਿਆ ਹੋਵੇ
ਆਪਣੇ ਸੀਨੇ ਨਾਲ ।

ਸ਼੍ਰੀ ਕ੍ਰਿਸ਼ਨ ਜੀ !
ਤੁਹਾਡਾ ਵਿਛੋੜਾ ਉਸ ਲਈ ਮੌਤ ਸਮਾਨ ।
ਜਿਵੇਂ ਇਕ ਲੁਛਦੀ ਸੰਤ ਆਤਮਾ
ਮਰਨ ਸਮੇਂ ਉਚਰੇ ਹਰੀ ਦਾ ਨਾਮ ।
ਤੁਹਾਡਾ ਨਾਂ ਰਾਧਾ ਅਰਾਧੇ
ਸੁਆਸ ਸੁਆਸ ਦੇ ਨਾਲ ।
ਹਰੀ ! ਹਰੀ ! ਦਾ ਜਾਪ ਜਪੇਂਦੀ
ਡੁਬਦੀ ਹੋਵੇ ਜਿਵੇਂ ਕੋਈ ਨਈਆ
ਮੰਝਧਾਰ ਵਿਚਕਾਰ ।

ਸ਼੍ਰੀ ਕ੍ਰਿਸ਼ਨ ਜੀ !
ਆਪ ਹੋ ਸੁੰਦਰ ਅਸ਼ਵਨੀ ਕੁਮਾਰਾਂ ਹਾਰ ।
ਅਜਬ ਹੋਇਆ ਹੈ ਰਾਧਾ ਦੇ ਮਨ ਦਾ ਹਾਲ ।
ਕਦੀ ਕਦੀ ਤਾਂ ਲੂੰ-ਕੰਡੇ ਹੋ ਜਾਣ
ਹੋਵੇ ਕੰਬਦੀ ਕੰਬਦੀ ਠੰਢੀ ਠਾਰ ।
ਹੋਰ ਸਮੇਂ ਉਹ ਰੋਵੇ ਜ਼ਾਰੋ ਜ਼ਾਰ ।
ਫਿਰ ਕੰਬ ਉਠੇ ਉਸ ਦੀ ਕਾਂਇਆਂ
ਜਿਵੇਂ ਆਇਆ ਹੋਵੇ ਕੋਈ ਭੁਚਾਲ ।
ਗੁੰਮੇ ਫਿਰ ਉਦਾਸੀ ਅੰਦਰ
ਢੱਠੇ ਹੋ ਚੌਫਾਲ ।
ਫਿਰ ਧਰਦੀ ਹੈ ਉਹ ਮੁੜ ਮੁੜ ਤੁਹਾਡਾ ਧਿਆਨ
ਝੱਲ ਵਾਲੀਆਂ ਗੱਲਾਂ ਕਰਦੀ
ਹੁੰਦੀ ਫਿਰ ਬੇਹੋਸ਼ ।
ਹੋਵੇ ਜਿਵੇਂ ਅਤ੍ਰਿਪਤ ਆਤਮਾ ਉਸ ਦੀ
ਲਿਵ ਜੋੜੇ ਉਹ ਨਾਲ ਤੁਸਾਂ ਦੇ
ਹੋ ਕੇ ਅੰਤਰ ਧਿਆਨ ।
ਉਸ ਸੁਅੰਗਣੀ ਸੁੰਦਰ-ਬਦਨੀ
ਦਾ ਹੈ ਇਕ ਉਪਚਾਰ ।
ਉਹ ਹੈ ਇਕੋ ਇਕ ਔਸ਼ਧੀ
ਤੁਹਾਡਾ ਮਿੱਠੜਾ ਪਿਆਰ ।
ਪਰੇਮ ਰੰਗ ਵਿਚ ਰੰਗ ਦਿਉ ਕ੍ਰਿਸ਼ਨ ਜੀ !
ਉਸ ਦੇ ਸਰਬ ਵਿਚਾਰ ।
ਜੇ ਤੁਸੀਂ ਬਹੁੜੀ ਨਾ ਕੀਤੀ
ਮਰਸੀ ਅਬਲਾ ਨਾਰ ।
ਜੇ ਤੁਸੀਂ ਉਸ ਦੀ ਪਰੇਮ ਪੀੜਾ ਦਾ
ਕੀਤਾ ਨਾ ਇਲਾਜ ।
ਸ਼ਾਂਤ ਕਰੋ ਉਹਦੀ ਪਰੇਮ ਅਗਨ ਨੂੰ
ਮਿੱਠੀ ਮਲ੍ਹਮ ਲਗਾ ਆਪਣੀ ਛੁਹ ਦੀ
ਉਸ ਦਾ ਕਰੋ ਉਧਾਰ ।
ਕਰੋ ਜੀ ਕੋਈ ਉਪਕਾਰ
ਹੋਵੇ ਹੁਣ ਉਪਚਾਰ,
ਉਸ ਦੀ ਪਰੇਮ ਪੀੜਾ ਦਾ ।
ਜੇ ਉਸ ਦੇ ਤਪਦੇ ਮਨ ਨੂੰ ਮਿਲਿਆ ਨਾ ਪਿਆਰ
ਇਹ ਦੈਵੀ ਸੰਯੋਗ ਫਿਰ ਤੁਹਾਡਾ
ਇਹ ਉਚੇਰੀ ਸਾਂਝ
ਹੋ ਜਾਸੀ ਬਦਨਾਮ ।
ਕੌਣ ਫਿਰ ਓਟ ਧਰੇਗਾ
ਉਪਰ ਤੁਹਾਡੇ ਨਾਮ ?
ਇਕ ਪਲ ਤੁਹਾਡਾ ਹੋਰ ਵਿਛੋੜਾ
ਉਸ ਲਈ ਮੌਤ ਸਮਾਨ ।
ਕਿਵੇਂ ਧੀਰ ਧਰੇ ਹੁਣ ਰਾਧਾ
ਆਪਣੇ ਮਨ ਵਿਚਕਾਰ ?
ਚੰਦਨ-ਲੇਪ ਤਨ ਉਤੇ ਲਗਾ
ਡੰਗੇ ਨਾਗਾਂ ਹਾਰ ।
ਗਲ ਵਿਚ ਪਏ ਹਾਰ ਕੰਵਲਾਂ ਦੇ
ਲਗਣ ਵਾਧੂ ਭਾਰ ।
ਫਿਰ ਵੀ ਹੁਣ ਤੱਕ ਉਹ ਹੈ ਜਿਊਂਦੀ
ਧਰ ਕੇ ਤੁਹਾਡਾ ਧਿਆਨ ।
'ਸੀਤਲ' ਜਿੰਦ ਨੂੰ ਠਾਰਨ ਵਾਲਾ
'ਜੀਵਨ ਲਈ ਜੋ ਪ੍ਰਾਣ' !

ਸ਼੍ਰੀ ਕ੍ਰਿਸ਼ਨ ਜੀ !
ਰਾਧਾ ਜਿਸ ਨੇ ਪਰੇਮ ਵਿਛੋੜਾ
ਇਕ ਪਲ ਨਹੀਂ ਸੀ ਝਲਿਆ ।
ਰਹੀ ਤੁਹਾਡੇ ਸੰਗ ਸਦਾ ਹੀ
ਮਨ ਉਸ ਦਾ ਤੁਸਾਂ ਮੱਲਿਆ ।
ਅਜ ਜਦ ਖਿੜ ਪਈ ਚਾਰ ਚੁਫੇਰੇ,
ਅੰਬਾਂ ਉਤੇ ਬਹਾਰ ਕਿੰਝ ਨਾ ਲੋਚੇ
ਪ੍ਰੀਤਮ ਪਿਆਰੇ !
ਰਾਧਾ ਤੁਹਾਡਾ ਪਿਆਰ ?

ਚਾਰ

(ਰਾਧਾ ਧਿਆਨ ਮਗਨ ਬੈਠੀ ਹੈ ।
ਸਖੀ ਉਸ ਕੋਲ ਪੁਜਦੀ ਹੈ ।)

ਸਖੀ :

ਰਾਧਾ ਪਿਆਰੀ !
ਕ੍ਰਿਸ਼ਨ ਮੁਰਾਰੀ ਵਿਚ ਵਿਛੋੜੇ ਤੇਰੇ
ਹੋਇਆ ਹੈ ਬੇਹਾਲ ।
ਤੇਰੇ ਵਾਂਗ ਉਹ ਵੀ ਪਿਆ ਤੜਪੇ
ਲੋਚੇ ਤੇਰਾ ਪਿਆਰ ।
ਪਵਨ ਦਖਣੀ ਚੰਦਨ ਭਿੰਨੀ
ਛਡੇ ਜਦ ਮਹਿਕਾਰ ।
ਨਾਲ ਕਾਮਨਾ ਭਖ ਰਹੀ ਹੋਵੇ
ਜਦ ਬਸੰਤ ਬਹਾਰ ।
ਜੋਬਨ ਰੁੱਤ ਦੀ ਰੂਪ ਖ਼ੁਮਾਰੀ
ਕਰੇ ਤੇਰਾ ਇੰਤਜ਼ਾਰ ।

ਰਾਧਾ ਪਿਆਰੀ ! ਕ੍ਰਿਸ਼ਨ ਮੁਰਾਰੀ !
ਜਦ ਮਧੂ ਮੱਖੀਆਂ ਦੀ ਸੁਣਦਾ ਹੈ ਭਿਣਕਾਰ ।
ਮੁੰਦ ਲੈਂਦਾ ਤਦ ਕੰਨ ਉਹ ਆਪਣੇ ।
ਤੱਕਦਾ ਜਦ ਉਹ ਊਦੇ ਬਦਲ
ਅਤਿ ਸੁੰਦਰ ਮਨਮੋਹਣੇ
ਲੋਚੇ ਫਿਰ ਉਹ ਤੇਰਾ ਮਿੱਠੜਾ ਪਿਆਰ ।

ਰਾਧਾ ਪਿਆਰੀ ! ਕ੍ਰਿਸ਼ਨ ਮੁਰਾਰੀ !
ਤੇਰੀ ਖ਼ਾਤਰ ਛੱਡ ਆਇਆ ਹੈ
ਸੁੰਦਰ ਮਹਿਲ ਅਨੂਪ ।
ਬਨਾਂ ਵਿਚ ਹੈ ਘੁੰਮਦਾ ਫਿਰਦਾ
ਲਭ ਰਿਹਾ ਹੈ ਤੇਰਾ ਰੂਪ ਮਲੂਕ ।
ਡੇਰਾ ਹੈ ਭੋਇੰ ਤੇ ਕੀਤਾ
ਚਿਤਵੇ ਸੋਹਲ ਸਰੂਪ
ਰਾਧਾ ਰਾਧਾ ਵਿਰਦ ਕਰੇਂਦਾ
ਜਪਦਾ ਤੇਰਾ ਨਾਮ ।
ਰਾਧਾ ਰਾਧਾ ਕੂਕ ਰਿਹਾ ਹੈ
ਪਾਵੇ ਕਿਵੇਂ ਆਰਾਮ ?

ਰਾਧਾ ਪਿਆਰੀ ! ਕ੍ਰਿਸ਼ਨ ਮੁਰਾਰੀ !
ਸੁਣ ਕੋਇਲ ਦੇ ਬੋਲ ।
ਸਮਝ ਕੇ ਰਾਧਾ ਉਸ ਦੇ ਤਾਂਈਂ
ਲਭੇ ਪਿਆ ਅਭੋਲ ।
"ਰਾਧਾ ਜਿਵੇਂ ਆ ਗਈ ਹੋਵੇ
ਆਪਣੇ ਪ੍ਰੀਤਮ ਕੋਲ ।"
ਪਰ ਪੂਰੀ ਨਾ ਹੋਵੇ ਜਦ ਉਸ ਦੀ ਇਹ
ਅਕਾਰਥ ਟੋਲ,
ਸੁਣ ਜਦ ਫਿਰ ਲੋਕ ਹਸੰਦੇ
ਖ਼ੁਸ਼ੀਆਂ ਨਾਲ ਭਰਪੂਰ ।
ਸਮਝੇ ਉਹ ਤਦ ਬੋਲ ਮਰੇਂਦੇ
ਉਸ ਦੇ ਤਾਂਈਂ ਤਾਨੇ ਦੇਣ ਜ਼ਰੂਰ ।
ਫਿਰ ਆਪੇ ਹੀ ਜਾਣ ਲਵੇ ਉਹ
ਹਸਦੇ ਲੋਕ ਸਭਿਆਰੇ ।
ਆਪਣੇ ਰੰਗ ਵਿਚ ਮਸਤ ਸਨ ਜੋ
ਕਿਸ ਨੂੰ ਕੌਣ ਚਿਤਾਰੇ ?

ਰਾਧਾ ਪਿਆਰੀ ! ਕ੍ਰਿਸ਼ਨ ਮੁਰਾਰੀ !
ਸੁਣੇ ਜਦ ਟਲੀਆਂ ਦੀ ਟੁਣਕਾਰ
ਉਸ ਨੂੰ ਇੰਝ ਭੁਲੇਖਾ ਪੈਂਦਾ
ਟਣਕ ਰਹੀ ਹੋਵੇ ਜਿਵੇਂ
ਤੇਰੀ ਪਾਇਲ ਦੀ ਝੁਣਕਾਰ ।
ਚਾਂਦੀ ਦੇ ਨੂਪੁਰ ਇੰਝ ਛਣਕਣ
ਜਿਵੇਂ ਤੇਰੀ ਕਮਰ ਦੁਆਲੇ
ਲਟਕਣ ਜੋ ਘੁੰਗਰੂ ।
ਮਧੁਰ ਸੰਗੀਤ 'ਚ ਗੂੰਜੇ
ਜਿਵੇਂ ਉਨ੍ਹਾਂ ਦੀ ਗੁੰਜਾਰ ।
ਜਦ ਕੋਈ ਭੁਲ ਭੁਲੇਖੇ ਕਿਧਰੇ
ਤੇਰਾ ਨਾਮ ਅਲਾਪੇ
ਬਾਰ ਬਾਰ ਉਹ ਵਿਰਦ ਕਰੇਂਦਾ
ਜਿਵੇਂ ਇਹੋ ਹੀ ਬਣ ਗਿਆ ਹੋਵੇ
ਉਸ ਦੇ ਆਪਣੇ ਪ੍ਰੇਮ ਦਾ ਨਿਜੀ ਗੀਤ ।
ਤੈਨੂੰ ਚਿਤਵੇ, ਹੋਰ ਸਭ ਧਿਆਨ ਵਿਸਾਰੇ ।
ਉਪਬਨ ਦੇ ਉਸ ਸੁੰਦਰ ਥਾਂ ਨੂੰ
ਯਾਦ ਕਰੇ ਮਨ ਅੰਦਰ ।
ਜਿਥੇ ਮਿਲੇ ਤੁਸੀਂ ਸੀ ਦੋਵੇਂ
ਸਜਿਆ ਪ੍ਰੀਤ ਦਾ ਮੰਦਰ ।
ਉਪਬਨ ਦੀ ਉਹ ਪਵਿੱਤਰ ਥਾਂ ਪੁਨੀਤ
ਲੋਚੇ, ਲੁਛੇ, ਤੜਪੇ, ਸਿਕੇ,
ਉਸੇ ਪਰੇਮ ਦੇ ਪੈਂਦੇ ਉਹਨੂੰ ਭੁਲਾਵੇ
ਆਪਣੀ ਪ੍ਰੀਤ ਨੂੰ ਫਿਰ ਉਹ ਮੁੜਕੇ
ਅੰਗ ਲਗਾਣਾ ਚਾਹੇ ।

ਰਾਧਾ ਪਿਆਰੀ ! ਕ੍ਰਿਸ਼ਨ ਮੁਰਾਰੀ !
ਜਾ ਤੂੰ ਉਥੇ
ਜਿਥੇ ਆਪ ਉਹ ਕਰੇ ਤੇਰੀ ਇੰਤਜ਼ਾਰ ।
ਰੁਕ ਨਾ ਹੁਣ ਤੂੰ ਇਕ ਪਲ ਪਿਆਰੀ
ਘੜੀ ਸੰਯੋਗ ਦੀ ਆ ਪੁਜੀ ਹੈ
ਮਿਲਣ ਵਾਲਾ ਹੈ ਤੈਨੂੰ ਹੁਣ
ਤੇਰਾ ਮਿੱਠੜਾ ਪਿਆਰ ।
ਜਿਥੇ ਚੰਦਨ ਭਿੰਨੀ ਪਵਨ
ਵੰਡ ਰਹੀ ਹੈ ਮਹਿਕਾਰ ।
ਜਿਥੇ ਜਮਨਾ ਵਹਿ ਰਹੀ ਹੈ
ਨੀਲੀ ਪਾਣੀ ਧਾਰ ।
ਜਿਥੇ ਮੌਲ ਉਠੀ ਹੈ ਭਰ ਜੋਬਨ ਵਿਚ
ਚਾਰ ਚੁਫੇਰੇ
ਜੋਬਨ ਰੁਤ ਵਿਚ ਬਸੰਤ ਬਹਾਰ ।
ਉਸ ਦੇ ਹੱਥ ਅਦ੍ਰਿਸ਼ਟ ਪਿਆਰ ਵਿਗੁਤੇ,
ਬਿੰਦਰਾਬਨ ਦੀਆਂ ਨਾਰਾਂ ਦੇ ਸੀਨਿਆਂ ਉਪਰ
ਛੁਹ ਰਹੇ ਨੇ ਪ੍ਰੀਤ ਖ਼ੁਮਾਰ ।
ਰਾਧਾ ਪਿਆਰੀ ਕੈਸਾ ਹੈ ਇਹ
ਉਸ ਕ੍ਰਿਸ਼ਨ ਜੀ ਦਾ ਅਦਭੁਤ ਪਿਆਰ ?
ਰਾਧਾ ਪਿਆਰੀ ਉਠ ਕਰ ਤਿਆਰੀ
ਜਾ ਪ੍ਰੀਤਮ ਦੇ ਪਾਸ ।
ਜਿਸ ਦੇਵ ਨੇ ਸਾਧ ਲਿਆ ਹੈ
ਕਾਮ ਨੂੰ ਕਰਕੇ ਆਪਣੇ ਵਸ ।
ਜਿਸ ਦੀ ਕਾਇਆ ਚਮਕ ਰਹੀ ਹੈ
ਉਨ੍ਹਾਂ ਮੋਤੀਆਂ ਮਾਣਕਾਂ ਨਾਲ
ਜਿਸ ਵਿਚ ਲੁਕਿਆ ਦਮਕ ਰਿਹਾ ਹੈ
ਇਸ ਸ੍ਰਿਸ਼ਟੀ ਦਾ ਸੱਚ ।
ਇਸ ਜੀਵਨ ਦਾ ਦਾਤਾ ਸੁਆਮੀ
ਨਾਥਾਂ ਦਾ ਸਿਰ ਨਾਥ,
ਖੜਾ ਉਥੇ ਹੈ ਮਹਾਂ ਸ਼ਾਂਤੀ ਦੇ ਰੂਪ ਨੂੰ ਧਾਰ ।
ਜਿਥੇ ਪਰੇਮ ਸੰਯੋਗ ਵਿਚ ਪੈਂਦੀ ਹੈ ਠੰਢ ਅਪਾਰ ।
ਛੇਤੀ ਕਰ ਪਿਆਰੀ ! ਉਠ ਕਰ ਤਿਆਰੀ,
ਜਾ ਉਸ ਪ੍ਰੀਤ ਦਵਾਰ,
ਜਿਥੇ ਕ੍ਰਿਸ਼ਨ ਮੁਰਾਰੀ, ਰਾਧਾ ਪਿਆਰੀ !
ਕਰੇ ਤੇਰਾ ਇੰਤਜ਼ਾਰ ।
ਉਥੇ ਖੜਾ ਬੁਲ੍ਹਾਂ ਤੇ ਧਰ ਕੇ
ਬੰਸੀ ਆਪਣੀ ਤਾਂਈਂ ।
ਤੇਰੇ ਨਾਮ ਦੀ ਫੂਕ ਵਜੇਂਦਾ
ਮਧੁਰ ਗੀਤਾਂ ਦਾ ਸਾਂਈਂ ।
ਜਿਸ ਨੂੰ ਉਹ ਧੂੜ ਵੀ ਲਗੇ ਪਿਆਰੀ
ਜੋ ਛੁਹ ਪਾ ਕੇ ਤੇਰੀ,
ਪਵਨਾਂ ਨੇ ਹੈ ਦੂਰ ਦੂਰ ਤਕ ਜਾ ਖਿਲੇਰੀ ।
ਉਸ ਦਾ ਕਰੇ ਉਹ ਬੇਹੱਦ ਸਤਿਕਾਰ ।
ਕਿਉਂਜੋ ਤੇਰਾ ਪਰੇਮ ਵੀ ਹੈ
ਉਸ ਦਾ ਇਕੋ ਇਕ ਆਧਾਰ ।

ਰਾਧਾ ਪਿਆਰੀ ! ਕ੍ਰਿਸ਼ਨ ਮੁਰਾਰੀ !
ਯਾਦ ਤੇਰੀ ਵਿਚ
ਹੈ ਇਕ ਸੁੰਦਰ ਸੇਜ ਵਿਛਾਈ ।
ਫੁੱਲਾਂ ਦਾ ਕਰਕੇ ਅਤਿ ਸੁੰਦਰ ਸ਼ਿੰਗਾਰ
ਚਿਤਵੇ ਮਨ ਵਿਚ ਆਪਣੇ
ਕਦ ਆਵੇਗਾ ਮੁੜ ਕੇ ਆਪਣੇ ਘਰ ਨੂੰ
ਉਸ ਦਾ ਮਿੱਠੜਾ ਪਿਆਰ ।
ਸੰਝ ਵੇਲੇ ਜਦ ਪੰਛੀ ਆ ਆ
ਆਪਣੇ ਆਲ੍ਹਣਿਆਂ ਵਿਚ ਬਹਿੰਦੇ,
ਸਰ ਸਰ ਕਰਦੇ ਪੱਤੇ ਬਨ ਦੇ
ਆ ਕੁਝ ਕੰਨ ਵਿਚ ਕਹਿੰਦੇ
ਤਦ ਫਿਰ ਕ੍ਰਿਸ਼ਨ ਮੁਰਾਰ
ਕਰਕੇ ਤੈਨੂੰ ਯਾਦ,
ਦਿਲ ਵਿਚ ਇਹ ਕੁਝ ਕਹਿੰਦੇ
ਆ ਰਿਹਾ ਹੋਵੇਗਾ ਘਰ ਨੂੰ
ਹੁਣ ਮੇਰਾ ਵੀ ਪਿਆਰ ।
ਰਾਧਾ ਪਿਆਰੀ ! ਇਸ ਮਧੂਬਨ ਦੀ
ਮੌਨ ਸ਼ਾਂਤੀ ਵਿਚਕਾਰ,
ਪੈਰਾਂ ਦੀਆਂ ਝਾਂਜਰਾਂ ਲਾਹੋ
ਹਨ ਇਹ ਬੇਕਰਾਰ ।
ਪੀਆ ਮਿਲਣ ਨੂੰ ਲੋਚ ਰਹੀਆਂ ਨੇ
ਤੇਰੇ ਮਨ ਦੇ ਹਾਰ ।
ਕਰ ਲਉ ਹੁਣ ਨਿਸੰਗ
ਇਨ੍ਹਾਂ ਬਨਾਂ ਦੇ
ਡੂੰਘੇ ਪਰਛਾਵਿਆਂ ਨੂੰ ਪਾਰ ।
ਨੀਲੇ ਕੰਵਲਾਂ ਦਾ ਹੁਣ ਕਰ ਲਉ
ਪਰੇਮ ਸ਼ਿੰਗਾਰ ।
ਸਭ ਸੰਸੇ ਜੋ ਦੁਨੀਆਂ ਸੰਦੇ
ਲਾਹੋ ਉਨ੍ਹਾਂ ਦਾ ਭਾਰ ।
ਜਾਉ ਆਪਣੇ ਪ੍ਰੀਤਮ ਪਿਆਰੇ ਕੋਲ
ਹੋ ਨਿਰਬੰਧਨ ਨੰਗੀ ਆਤਮਾ ਹਾਰ ।
ਜਾਉ ਰਾਧਾ ਪਿਆਰੀ,
ਕ੍ਰਿਸ਼ਨ ਮੁਰਾਰੀ ਜੀ ਦੇ ਅੰਕ ਸਮਾਉ ।
ਉਸ ਦੇ ਸੀਨੇ ਉਤੇ ਜਾ ਲੋਟੋ
ਜਿਥੇ ਭਗਤ ਜਨਾਂ ਦੇ ਅਰਪੇ ਹੋਏ
ਸਜੇ ਹਨ ਫੁੱਲ ਹਾਰ ।
ਏਸ ਪਰੇਮ ਸਿੰਘਾਸਨ ਉਤੇ
ਵਿਰਲੇ ਪੁਜਣ ਜਾ ।
ਜਿਨ੍ਹਾਂ ਦੇ ਮੱਥੇ ਲਿਖੇ ਹੋਏ ਨੇ
ਧੁਰਾਂ ਦੇ ਸੰਜੋਗ ।
ਜਿਨ੍ਹਾਂ ਸੀਨਿਆਂ ਅੰਦਰ ਭਰਿਆ ਹੈ
ਪਰੇਮ ਅਪਾਰ ।
ਜਿਵੇਂ ਸੁਨਹਿਰੀ ਬਦਲਾਂ ਅੰਦਰ
ਭਰੀਆਂ ਅੰਮ੍ਰਿਤ ਬੂੰਦਾਂ
ਵਰ੍ਹਦੀਆਂ ਜੋ ਭਗਤ ਜਨਾਂ ਲਈ
ਬਣ ਕੇ ਮਿਹਰ ਦੀ ਅੰਮ੍ਰਿਤ ਧਾਰ ।
ਰਾਧਾ ਪਿਆਰੀ ! ਸੋਨ ਸੁਨਹਿਰੀ ਤੇਰੀ ਸੁੰਦਰ ਕਾਂਇਆਂ
ਕਿੰਝ ਸੋਂਹਦੀ ਹੈ ਨੀਲੀਆਂ ਲਹਿਰਾਂ ਦੇ ਸੀਨੇ ਉਪਰ
ਜੋ ਹੈ ਅਨੰਤਾਂ ਤਕ ਪਸਰੀ ਹੋਈ ਮਨਮੋਹਣ ਦੀ ਮਾਇਆ
ਕੰਵਲ-ਨੈਣੀ ! ਹੇ ਮਧੂ-ਬੈਣੀ !
ਇਸ ਫੁੱਲ-ਸੇਜਾ ਤੇ ਕਰੋ ਉਸ ਪ੍ਰੀਤਮ ਦਾ ਇੰਤਜ਼ਾਰ ।
ਨਗਨ ਖ਼ੁਸ਼ੀ ਦਾ ਲਉ ਰੂਪ ਹੁਣ ਧਾਰ ।
ਉਸ ਦੈਵੀ ਸੁੰਦਰਤਾ ਦਾ ਕਰੋ ਇੰਝ ਪਸਾਰ ।
ਚਾਂਦੀ ਰੰਗੇ ਅੰਗ ਤੁਹਾਡੇ
ਅਤਿ ਸੋਹਣੇ, ਮਨਮੋਹਣੇ,
ਵੰਡ ਰਹੇ ਨੇ ਮਸਤੀ ਅੰਦਰ
ਪਰੇਮ ਦੀ ਮਹਿਕ ਖ਼ੁਮਾਰ ।

ਰਾਧਾ ਪਿਆਰੀ !
ਕ੍ਰਿਸ਼ਨ ਮੁਰਾਰੀ ਵਲ ਛੇਤੀ ਉਠ ਧਾਉ,
ਇਕ ਪਲ ਦੀ ਵੀ ਦੇਰੀ ਹੁਣ ਤਾਂ
ਕਰ ਦੇਵੇਗੀ ਘਾਓ ।
ਜੇ ਹੁਣ ਵੀ ਤੁਸੀਂ ਉਸ ਪ੍ਰੀਤਮ ਵਲ
ਕਦਮ ਨਾ ਵਧਾਇਆ,
ਮਾਣ-ਮੱਤਾ ਤਦ ਮਾਣ ਓਸ ਦਾ
ਲੁਕ ਜਾਵੇਗਾ ਜਿਵੇਂ ਹੋਵੇ ਉਹ ਛਿਣ-ਭੰਗਰੀ ਛਾਇਆ ।
ਰਾਧਾ ਪਿਆਰੀ ! ਕਿਉਂ ਨਾ ਤੱਕੋਂ
ਉਸ ਪ੍ਰੀਤਮ ਦੇ ਤੀਰ ।
ਤੇਰੇ ਪਰੇਮ ਵਿਯੋਗ ਦੇ ਅੰਦਰ
ਥੱਕ ਗਿਆ ਜੋ ਹੁੱਟ ਗਿਆ ਹੈ
ਹੋ ਗਿਆ ਅਤਿ ਅਧੀਰ ।
ਪਲ ਪਲ ਪਿਛੋਂ ਹਉਕੇ ਭਰਦਾ
ਲੈਂਦਾ ਉਭੇ ਸਾਹ ।
ਅੱਖਾਂ ਉਸਦੀਆਂ ਥੱਕ ਚੁਕੀਆਂ ਨੇ
ਤੱਕ ਤੱਕ ਤੇਰਾ ਰਾਹ ।
ਮੁੜ ਮੁੜ ਜਾਵੇ ਕੁੰਜ-ਗੋਸ਼ੇ ਉਹ
ਚਿਤ ਨੂੰ ਦਏ ਧਰਵਾਸ ।
ਮਨ ਹੀ ਮਨ ਉਹ ਕਰੇ ਸੁਆਗਤ
ਤੇਰੇ ਆਉਣ ਦਾ
ਰਖੇ ਦਿਲ ਵਿਚ ਆਸ ।
ਕਮਲੀ ਝੱਲ ਵਲੱਲੀ ਰਾਧਾ !
ਉਠ ਛੇਤੀ ਨੱਸ ਚਲ ।
ਆਪਣੇ ਪ੍ਰੀਤਮ ਨੂੰ ਮਿਲ ਜਾ ਕੇ
ਰੁਕ ਨਾ ਇਕ ਵੀ ਪਲ ।
ਜਾਣ ਸਖੀ ਤੂੰ ਸਮਝ ਕੁਝ
ਮੇਰੀ ਵੀ ਇਕ ਗੱਲ ।
ਸਾਰਾ ਦਿਹੁੰ ਬੀਤ ਗਿਆ ਹੈ
ਪਸਰੀ ਸੰਝ ਅਕੱਲ ।
ਮਿਲਣ ਘੜੀ ਹੁਣ ਆ ਪੁਜੀ ਹੈ
ਸੰਜੋਗਾਂ ਦੀ ਜੋ ਗੱਲ ।
ਚਲ ਸਖੀ ਰਾਧਾ ਨੀ ਪਿਆਰੀ !
ਪੀਆ ਮਿਲਣ ਲਈ ਚਲ ।
ਮਿਠੜਾ ਪਿਆਰ ਮਿਲਣ ਦਾ ਜੋ ਹੈ
ਅਤਿ ਕੋਮਲ ਅਨੰਦ,
ਮਾਣ ਲੈ ਸਖੀ ਨੀ ਚਲ ਕੇ
ਅਤਿ ਰਮਣੀਕ ਜੋ ਪਲ ।
ਕਿੰਨਾਂ ਮਿਠੜਾਂ ਸੁਆਦ ਇਸ ਮਿਲਣ ਦਾ
ਜਿਵੇਂ ਦੋ ਅਣਜਾਣੇ ਇਸਤਰੀ ਤੇ ਪੁਰਸ਼
ਮਿਲਣ ਜਿਵੇਂ ਉਹ ਇਕ ਰਾਤ ਨੂੰ
ਅਣਜਾਣੇ ਥਾਂ ਉਤੇ
ਮਾਨਣ ਪਿਆਰ ਅਨੰਦ ।
ਉਸ ਵਿਚ ਅਕੱਲ
ਅਣਜਾਣੇ ਉਹ ਸੁਣਦੇ ਹੋਵਣ
ਜਿਵੇਂ ਕਦਮਾਂ ਦੀ ਚਾਪ
ਚਲ ਕੇ ਆਈ ਜੋ ਕੋਲ ਉਨ੍ਹਾਂ ਦੇ
ਪਰਮ ਸੁੰਦਰਤਾ ਦੀ ਅਤਿ ਮਨ-ਮੋਹਣੀ ਝਾਤ ।
ਮਿੱਠਾ ਪਰੇਮ ਅਨੰਦ ।
ਜਿਵੇਂ ਰੱਬ ਤੇ ਮਾਨਵ ਮਿਲਦੇ ਇਕ ਦੂਜੇ ਨੂੰ
ਵਿਚ ਵਿਸਮਾਦ ।
ਸ਼ਾਂਤ ਇਕੱਲ ਵਿਚ ਪਸਰਿਆ ਹੋਵੇ
ਜਿਥੇ ਅਨੰਤਾਂ ਤਕ ਮਹਾਂ ਮੌਨ ।
ਉਸ ਪਰੇਮ ਨੂੰ ਮਾਣ ਲੈ ਸਖੀਏ,
ਹੁਣ ਰੋਕਣ ਵਾਲਾ ਕੌਣ ?

(ਪਰ ਰਾਧਾ ਖ਼ੁਸ਼ੀ ਵਿਚ ਅਤਿ ਨਿਢਾਲ
ਹੋਈ, ਜਾਣ ਤੋਂ ਅਸਮਰਥ ਹੈ । ਇਸ
ਲਈ ਸਖੀ ਉਸ ਨੂੰ ਉਥੇ ਬਿਠਾ ਕੇ ਫਿਰ
ਸ਼੍ਰੀ ਕ੍ਰਿਸ਼ਨ ਜੀ ਕੋਲ ਜਾਂਦੀ ਹੈ ।)

ਪੰਜ

(ਸ਼੍ਰੀ ਕ੍ਰਿਸ਼ਨ ਜੀ ਚੰਬੇਲੀ-ਕੁੰਜ ਵਿਚ
ਬਿਰਾਜਮਾਨ ਹਨ)

(ਸਖੀ ਪੁਜਦੀ ਹੈ ।)

ਸਖੀ :

ਸ਼੍ਰੀ ਕ੍ਰਿਸ਼ਨ ਜੀ !
ਰਾਧਾ ਜੀ ਦੇ ਯਾਕੂਤੀ ਹੋਠਾਂ ਦੀ ਅੰਮ੍ਰਿਤ ਫੁਹਾਰ
ਦੇ ਤੁਸੀਂ ਪੀਵਣ ਵਾਲੇ ਰਸੀਆ ਰਸਾਲ ।
ਤੁਹਾਡੇ ਪਰੇਮ ਵਿਗੁਤੀ ਰਾਧਾ ਹੋ ਗਈ ਹੈ ਨਿਢਾਲ ।
ਉਸ ਇਕੱਲੇ ਕੁੰਜ-ਗੋਸ਼ੇ ਵਿਚ ਕਰੇ ਤੁਹਾਡੀ ਇੰਤਜ਼ਾਰ ।
ਅਤਿ ਤੀਬਰਤਾ ਨਾਲ ।
ਆ ਨਹੀਂ ਸਕਦੀ ਉਹ ਵਿਚਾਰੀ ਹੁਣ ਤੁਹਾਡੇ ਕੋਲ ।
ਤੁਹਾਡੇ ਮਿਲਣ ਦੀ ਪਰੇਮ ਸਿਕ ਨੇ
ਉਸ ਦੇ ਕੋਮਲ ਅੰਗਾਂ ਉਤੇ
ਜਾਦੂ ਦਿਤਾ ਘੋਲ ।
ਪਰੇਮ ਭਾਰ ਹੇਠ ਉਹ ਦੱਬੀ
ਪੁਜ ਨਾ ਸਕੇ ਉਹ ਹੁਣ ਤੁਹਾਡੇ ਕੋਲ ।
ਪੀੜਾਂ ਲੱਦੀ ਕਾਂਇਆਂ ਉਸ ਦੀ
ਵਿਚ ਤੁਹਾਡਾ ਪਿਆਰ
ਹਾਲ ਵੀ ਹੈ ਜੋਤ ਜਗਾਵੇ
ਇਕ ਦੀਪਕ ਦੇ ਹਾਰ ।
ਉਸ ਦਾ ਬਣ ਚੁਕਿਆ ਹੈ
ਇਸ ਪ੍ਰੀਤ ਉਤੇ ਅਟੱਲ ਵਿਸ਼ਵਾਸ ।
ਮੇਰੇ ਪ੍ਰੀਤਮ ਆਣ ਮਿਲਣਗੇ
ਰਖੇ ਪੂਰਨ ਆਸ ।
ਬਾਲਾਂ ਵਾਲੀ ਖ਼ੁਸ਼ੀ ਪਵਿੱਤਰ
ਵਿਚ ਆ ਕੇ ਉਸ
ਚਿੱਟੇ ਚੰਬੇ ਦੇ ਫੁੱਲਾਂ ਦੇ ਹਨ
ਗਜਰੇ ਆਪ ਬਣਾਏ ।
ਪੀਆ ਮਿਲਣ ਦੀ ਆਸ ਉਤੇ
ਉਸ ਆਪਣੇ ਹੱਥੀਂ ਆਪ ਸਜਾਏ ।
ਤੁਹਾਡੇ ਪਰੇਮ-ਵਿਗੁਤੀ ਉਹ
ਇਸ ਤਰ੍ਹਾਂ ਬੇ-ਸੁਧ ਹੋਈ
ਆਖੇ ਮੈਂ ਹੀ ਸ਼੍ਰੀ ਕ੍ਰਿਸ਼ਨ ਹਾਂ
ਹੋਰ ਨਾ ਜਾਣੇ ਕੋਈ ।
ਫਿਰ ਉਹ ਪਰੇਮ ਵਜਦ ਵਿਚ ਆ ਕੇ
ਵਾਂਗਰ ਇਕ ਦੀਵਾਨੀ
ਗਾਵੇ-
"ਕਿਉਂ ਆਇਆ ਨਹੀਂ ਹੁਣ ਤਕ ਮੇਰੇ
ਦਿਲ ਦਾ ਪ੍ਰੀਤਮ ਜਾਨੀ ।
ਆ ਕੇ ਕਿਉਂ ਨਾ ਸੁਣਦਾ ਪਿਆਰੇ
ਤੂੰ ਇਹ ਮੇਰੇ ਬੋਲ,
ਆ ਜਾ ਮੇਰੇ ਪ੍ਰੀਤਮ ਪਿਆਰੇ
ਕੋਈ ਨਹੀਂ ਹੈ ਹੋਰ ਜਦ ਮੇਰੇ ਕੋਲ ?"
ਸੰਝ ਸਮੇਂ ਜਦ ਕਾਲੇ ਬਦਲਾਂ ਤਾਈਂ ਤਕਾਂਦੀ
ਡਰ ਕੇ ਸਹਿਮ ਜਾਂਦੀ ਹੈ ਤਦ ਉਹ
ਆਖੇ ਕਿੰਝ ਬਚਾਂਗੀ ?
ਕੂਕ ਉਠੇ ਵਿਚ ਖ਼ੁਸ਼ੀ ਦੇ
ਆਖੇ, "ਕ੍ਰਿਸ਼ਨ ਪਧਾਰੋ !"
ਨੱਸ ਪਏ ਉਨ੍ਹਾਂ ਬਦਲਾਂ ਦੇ ਪਿਛੇ
ਆਏ ਕ੍ਰਿਸ਼ਨ ਮੇਰੇ ਪਿਆਰੇ ।
ਏਦਾਂ ਕਰੇ ਤੁਹਾਡਾ ਸੁਆਗਤ
ਵਿਚ ਇਕੱਲ ਨਿਆਰੇ ।
ਪਿਛੋਂ ਆ ਜੱਫੀ ਨਾ ਪਾਵਣ
ਏਦਾਂ ਮਨ ਵਿਚ ਧਾਰੇ ।
ਇਸ ਖ਼ੁਸ਼ੀ ਦੀ ਮਸਤੀ ਅੰਦਰ
ਬਸਤਰ ਸਭ ਉਤਾਰੇ ।
ਪਰ ਜਦ ਉਸ ਮਸਤ ਪਲਾਂ ਵਿਚ
ਤੁਸੀਂ ਨਾ ਨਜ਼ਰੀਂ ਆਉ,
ਜ਼ਾਰ ਜ਼ਾਰ ਉਹ ਰੋ ਪੈਂਦੀ ਹੈ,
ਕੂਕੇ ਪੀਆ ਜੀ ਆਉ ।

ਛੇ

(ਰਾਧਾ ਆਪਣੇ ਧਿਆਨ ਵਿਚ ਬੈਠੀ
ਚਿਤਵਨ ਕਰ ਰਹੀ ਹੈ)

ਰਾਧਾ :

ਪ੍ਰੀਤਮ ਹੁਣ ਤਕ ਵੀ ਨਹੀਂ ਆਏ ।
ਮਿਲਣ ਕੁੰਜ ਉਦਾਸ ਇਕੱਲਾ
ਚਿਤ ਨੂੰ ਆਣ ਡੁਲਾਏ ।
ਕਿਸ ਕੰਮ ਇਹ ਸੁੰਦਰ ਰੂਪ ਅਨੂਪ,
ਕਿਸ ਕੰਮ ਛੈਲ ਜਵਾਨੀ ਸੋਹਲ ਮਲੂਕ ।
ਸਖੀਆਂ ਮੈਨੂੰ ਕੀਤਾ ਹੈ ਗੁੰਮਰਾਹ
ਛੱਡ ਗਈਆਂ ਹਨ ਵਿਚ ਸੁੰਞ ਉਜਾੜ
ਕਿਸ ਦੀ ਲਵਾਂ ਪਨਾਹ ?
ਪ੍ਰੀਤਮ ਹੁਣ ਤਕ ਵੀ ਨਹੀਂ ਆਏ ।
ਮਿਲਣ ਕੁੰਜ ਉਦਾਸ ਇਕੱਲਾ
ਚਿਤ ਨੂੰ ਆਣ ਡੁਲਾਏ ।
ਉਹ ਪ੍ਰੀਤਮ ਹੁਣ ਤਕ ਨਹੀਂ ਹੈ ਆਇਆ
ਜਿਸ ਦੀ ਖ਼ਾਤਰ ਮੈਂ ਇਸ ਬਨ ਨੂੰ
ਅਜ ਦੀ ਰਾਤ ਸੀ ਘਰ ਬਣਾਇਆ
ਹੁਣ ਤਾਂ ਮਰਨ ਘੜੀ ਹੈ ਨੇੜੇ ਆਈ ।
ਕਿੰਝ ਬਚਾਂਗੀ ਮੈਂ ਇਸ ਬਨ ਅੰਦਰ
ਕਾਲੀ ਰਾਤ ਸਿਰ ਤੇ ਹੈ ਛਾਈ ।
ਪ੍ਰੀਤਮ ਸਮਝੇ ਜਿਵੇਂ ਮੈਂ ਹੋਵਾਂ
ਇਸ ਬਨ ਦੀ ਕੋਈ ਵੇਲ,
ਕਰਦਾ ਨਹੀਂ ਉਹ ਮੇਰਾ ਕੁਝ ਖ਼ਿਆਲ
ਕਿਵੇਂ ਮੰਨਾਂ ਮੈਂ ਉਸ ਨੂੰ ਆਪਣੀ
ਪ੍ਰੀਤ ਦਾ ਭਿਆਲ ?
ਮੇਰੀ ਉਸ ਨੇ ਪਰੇਮ-ਜੋਦੜੀ
ਕੋਈ ਨਹੀਂ ਹੈ ਜਾਣੀ ।
ਮੇਰੀ ਸਾਰ ਲੈਣ ਨਹੀਂ ਆਇਆ
ਪ੍ਰੀਤ ਨਾ ਉਸ ਪਛਾਣੀ ।
ਬਾਗ਼ਾਂ ਦੇ ਬਨ ਦੀ ਕੁੰਜ ਅੰਦਰ
ਵਿਚ ਇਸ ਇਕਾਂਤ
ਆ ਕੇ ਉਸ ਨੇ ਦਰਸ਼ ਨਾ ਦਿੱਤਾ
ਪਿਆਰ ਨਾ ਕੀਤਾ ਸ਼ਾਂਤ,
ਫਿਰ ਕੀ ਹੈ ਉਸ ਰਾਸ ਰਚਾਈ
ਬਿੰਦਰਾਬਨ ਦੇ ਅੰਦਰ ?
ਕਿਸੇ ਰੂਪਮਤੀ ਵਧ ਮੈਥੋਂ ਜਕੜਿਆ
ਪਰੇਮ ਦੇ ਅੰਦਰ ?
ਕੀ ਕੋਈ ਗੀਤ ਜਾਂ ਨਾਚ ਕਿਸੇ ਨੇ
ਹੈ ਉਸ ਦਾ ਮਨ ਮੋਹਿਆ ?
ਜਾਂ ਕਿਸੇ ਇਕ ਸੁੰਦਰ ਤੱਕਣੀ
ਮਸਤੀ ਦੇ ਝਲਕਾਰੇ ?
ਜਾਂ ਗੋਪੀਆਂ ਦੇ ਕਿਸੇ ਝੁੰਡ ਨੇ
ਉਸ ਦੇ ਮਨ ਨੂੰ ਖੋਹਿਆ ?
ਜਾਂ ਫਿਰ ਇਸ ਵਿਚ ਰੈਣ ਅੰਧਿਆਰੀ
ਉਹ ਹੈ ਰਾਹ ਨੂੰ ਭੁਲਿਆ ।
ਲਭਦਾ ਫਿਰਦਾ ਮੈਂ ਤਤੜੀ ਨੂੰ
ਗ਼ਮ ਦੇ ਅੰਦਰ ਘੁਲਿਆ ?

(ਸਖੀ ਦਾ ਪ੍ਰਵੇਸ਼)

(ਰਾਧਾ ਉਸ ਨੂੰ ਸੰਬੋਧਨ ਕਰਦੀ ਹੈ ।)

ਸਖੀ ! ਸੁਣ ਮੇਰੀ ਅਰਜ਼ੋਈ
ਮੇਰੇ ਕ੍ਰਿਸ਼ਨ ਪਿਆਰੇ ਤਾਂਈਂ
ਕਿਤੇ ਤੂੰ ਤੱਕਿਆ ਈ ?
ਨਾਚ ਨਚਾਵੇ, ਰਾਸ ਰਚਾਵੇ
ਜਾਂ ਫਿਰ ਮੈਥੋਂ ਵਧ ਰੂਪਮਤੀ ਨੇ
ਉਸ ਨੂੰ ਹੈ ਭਰਮਾਇਆ,
ਪਰੇਮ ਫਾਹੀ ਵਿਚ ਫਾਹ ਕੇ
ਆਪਣੇ ਕੋਲ ਬਹਾਇਆ ?
ਕੀ ਵਧ ਕੇ ਹੈ ਉਸ ਦੀ ਮੈਥੋਂ ਪਰੇਮਾ ਭਗਤੀ ?
ਜਿਸ ਦੀ ਖ਼ਾਤਰ ਉਸ ਨੇ ਮੈਨੂੰ ਹੈ ਭੁਲਾਇਆ ?
ਸਖੀ ਨੀ ਉਹ ਮੇਰੇ ਕੋਲ ਨਹੀਂ ਆਇਆ ?
ਵੇਖ ਸਖੀ ਨੀ ਕਿੰਝ ਚੰਦਰਮਾ
ਪਰੇਮ ਭਾਗ ਜਗਾਏ
ਸੀਤਲ ਉਸ ਦੀ ਠੰਢ ਪਿਆਰੀ
ਪਰੇਮ ਦਾ ਸੰਗ ਨਿਭਾਏ ।
ਵੇਖ ਸਖੀ ਨੀ ਚੰਦ ਦਾ ਮੁੱਖੜਾ
ਕ੍ਰਿਸ਼ਨ ਵਾਂਗ ਦਰਮਾਂਦਾ ।
ਵਿਚ ਵਿਛੋੜੇ ਪੀਲਾ ਪੈ ਗਿਆ
ਜਿਵੇਂ ਮੁੱਖ ਕ੍ਰਿਸ਼ਨ ਦਾ ।
ਇਹ ਚੰਦਰਮਾ ਉਸ ਦੇ ਮੁੱਖ ਦੀ
ਮੁੜ ਮੁੜ ਯਾਦ ਜਗਾਏ ।
ਪੀੜ ਪਰੇਮ ਦੀ ਡੂੰਘੀ ਹੋ ਗਈ
ਜਿਉਂ ਜਿਉਂ ਯਾਦ ਸਤਾਏ ।
ਸਖੀ ਨੀ ਮੇਰੇ ਪ੍ਰੀਤਮ ਹੁਣ ਤਕ
ਕਿਉਂ ਨਹੀਂ ਆਏ ?
ਮਿਲਣ ਕੁੰਜ ਉਦਾਸ ਇਕੱਲਾ
ਚਿਤ ਨੂੰ ਆਣ ਡੁਲਾਏ ।

(ਰਾਧਾ ਤੋਂ ਦੂਰ ਇਥੇ ਇਕ ਦ੍ਰਿਸ਼ ਦਿਖਾਈ
ਦਿੰਦਾ ਹੈ, ਜਿਸ ਵਿਚ ਸ਼੍ਰੀ ਕ੍ਰਿਸ਼ਨ ਜੀ
ਆਪਣੀਆਂ ਗੋਪੀਆਂ ਸੰਗ ਰਾਸ ਰਚਾ
ਰਹੇ ਹਨ ।)

(ਰਾਧਾ ਸਖੀ ਨੂੰ ਸੰਬੋਧਨ ਕਰਦੀ ਹੈ ।)

ਵੇਖ ਸਖੀ ! ਮੇਰਾ ਕ੍ਰਿਸ਼ਨ ਪਿਆਰਾ
ਚੰਨ ਚਾਨਣੀ ਰਾਤ ਦੇ ਅੰਦਰ
ਜਮਨਾ ਕੰਢੇ ਘੁੰਮਦਾ ।
ਗੋਪੀ ਉਸ ਦੀ ਨਾਰ ਪਿਆਰੀ
ਮੁੱਖੜਾ ਜਿਸ ਦਾ ਪ੍ਰੇਮ ਨਸ਼ੇ ਵਿਚ
ਖੀਵਾ, ਚਮਕੇ-ਦਮਕੇ ।
ਉਸੇ ਨੂੰ ਉਹ ਮਸਤੀ ਦੇ ਵਿਚ ਚੁੰਮਦਾ ।
ਆਪਣੇ ਹੱਥਾਂ ਨਾਲ ਉਹ ਉਸ ਦੇ
ਮਸਤਕ ਉਤੇ ਕੇਸਰ-ਤਿਲਕ ਲਗਾਵੇ ।
ਜਿਵੇਂ ਚਿਤਰਕਾਰ ਕੋਈ ਸ੍ਰਿਸ਼ਟੀ ਦੀ
ਰਚਨਾ ਦੇ ਵੇਲੇ ਚੰਦਰ ਆਕਾਰ ਸਜਾਵੇ ।
ਉਸ ਚਿੱਟੀ ਤਲ-ਭੂਮੀ ਉਤੇ
ਕਾਲਾ ਦਾਗ਼ ਫਬਾਵੇ ।
ਵੇਖ ਸਖੀ ! ਮੇਰਾ ਕ੍ਰਿਸ਼ਨ ਪਿਆਰਾ
ਹੋਰ ਨਾਰ ਨੂੰ ਚਾਹਵੇ ।
ਉਸ ਦੇ ਕੇਸਾਂ ਅੰਦਰ ਪੀਆ ਵਾਸਾ ਦੇ
ਫੁੱਲਾਂ ਨੂੰ ਪਿਆ ਸਜਾਵੇ ।
ਜਿਸ ਦੀ ਚਮਕ ਬਿਜਲੀ ਦੀ ਵਾਂਗਰ
ਚਕਾ ਚੌਂਧ ਕਰ ਜਾਵੇ ।
ਪਰੇਮ ਵਿਗੁਤਾ ਮੇਰਾ ਕ੍ਰਿਸ਼ਨ ਪਿਆਰਾ
ਤੱਕ ਕਿਵੇਂ ਉਸ ਦੇ ਕੇਸਾਂ ਤਾਂਈਂ ਸ਼ਿੰਗਾਰੇ ?
ਜਿਸ ਵਿਚ ਕਾਮ ਸਦੀਵੀ ਛਿਪਿਆ
ਛੱਡੇ ਪ੍ਰੇਮ ਚੰਗਿਆੜੇ ।
ਵੇਖ ਸਖੀ ! ਮੇਰਾ ਕ੍ਰਿਸ਼ਨ ਪਿਆਰਾ
ਹੋਰ ਨਾਰ ਨੂੰ ਚਾਹਵੇ ।
ਜਿਸ ਦੇ ਸੀਨੇ ਕੇਸਰ ਭਿੰਨੇ
ਭਰਦੇ ਪਏ ਹੁੰਗਾਰੇ ।
ਉਸ ਵਿਚ ਸਖੀ ਉਹ
ਮਾਣਕ ਪਿਆ ਸ਼ਿੰਗਾਰੇ
ਹੱਥਾਂ ਦੀ ਕੋਮਲ ਛੁਹ ਉਸ ਦੀ
ਦੋ ਚੰਦਰ ਆਕਾਰਾਂ ਦੁਆਲੇ
ਤਾਰਿਆਂ ਦਾ ਝੁਰਮਟ ਬਣ ਆਈ
ਜਿਵੇਂ ਸ੍ਰਿਸ਼ਟੀ ਦੇ ਆਦਿ ਸਮੇਂ ਸੀ
ਭਗਵਨ ਖੇਲ ਰਚਾਈ ।
ਵੇਖ ਸਖੀ ! ਮੇਰਾ ਕ੍ਰਿਸ਼ਨ ਪਿਆਰਾ
ਹੋਰ ਨਾਰ ਨੂੰ ਚਾਹਵੇ ।
ਉਸ ਦੇ ਸੰਗ ਹੈ ਤੁਰਦਾ ਜਾਂਦਾ
ਐਵੇਂ ਸਮਾਂ ਲੰਘਾਏ ।
ਬੜਾ ਵਿਨੋਦੀ ਪ੍ਰੀਤਮ ਚੋਜੀ
ਉਸ ਦੀਆਂ ਕੋਮਲ ਬਾਹਾਂ
ਕੰਵਲ-ਡੰਡੀ ਦੇ ਵਾਂਗ ਜੋ ਸੂਖਮ
ਚਿੱਟੀਆਂ ਬਰਫ਼ ਦੇ ਹਾਰ ।
ਕੰਵਲ ਹੱਥਾਂ ਸੰਗ ਖੇਡ ਰਿਹਾ ਹੈ
ਜਿਸ ਤੇ ਆ ਬੈਠਾ ਹੈ ਕਾਲਾ-ਭੌਰ ਮਤਵਾਲਾ
ਚਿਤਰ ਅਦਭੁਤ ਰਚ ਰਿਹਾ ਹੈ
ਮੇਰਾ ਪ੍ਰੀਤਮ ਪਿਆਰਾ ।
ਮੋਤੀ ਜੜੇ ਗਜਰੇ ਹੱਥ ਲੈ ਕੇ
ਪਾਵੇ ਉਸ ਦੀਆਂ ਬਾਹੀਂ ।
ਵੇਖ ਸਖੀ ! ਮੇਰਾ ਕ੍ਰਿਸ਼ਨ ਪਿਆਰਾ
ਹੋਰ ਨਾਰ ਨੂੰ ਚਾਹਵੇ ।
ਨਗਨ ਨਾਰ ਸੰਗ ਖੇਲ ਰਿਹਾ ਹੈ
ਉਸ ਦੀ ਕਮਰ ਦੁਆਲੇ ਹੀਰਿਆਂ ਜੜੇ
ਕਮਰਕੱਸੇ ਨੂੰ ਪਿਆ ਪਹਿਨਾਵੇ ।
ਉਥੋਂ ਉਹ ਹੇਠਾਂ ਵਲ ਤੱਕੇ
ਜਿਥੇ ਕਾਮ-ਦੇਵ ਦਾ ਸੋਨ-ਸੁਨਹਿਰੀ
ਹੈ ਸਿੰਘਾਸਨ ਵਿਛਿਆ ।
ਵੇਖ ਸਖੀ ! ਮੇਰਾ ਕ੍ਰਿਸ਼ਨ ਪਿਆਰਾ
ਬਲਦੇਵ ਦਾ ਭਰਾਤਾ ਸੁੰਦਰ ਰਾਸ ਰਚਾਵੇ ।
ਸੈਆਂ ਨਾਰਾਂ ਸੰਗ ਕੇਲ ਕਰੇਂਦਾ
ਹਰ ਇਕ ਤਾਂਈਂ ਚਾਹਵੇ ।
ਵੇਖ ਸਖੀ ! ਮੈਂ ਕਿਉਂ ਉਸ ਪ੍ਰੀਤਮ ਨੂੰ
ਇਥੇ ਖੜੀ ਉਡੀਕਾਂ ।
ਕਿਸ ਕੰਮ ਮੇਰਾ ਸੁੰਦਰ ਸੋਹਲ ਸਰੀਰ
ਜੇਕਰ ਪ੍ਰੇਮ ਖਿਚ ਵਿਚ ਉਸ ਦੀ
ਹੋ ਰਹੀ ਮੈਂ ਅਧੀਰ ।

ਸਖੀ :

ਰਾਧਾ ਪਿਆਰੀ ! ਸਖੀ ਨਿਆਰੀ ।
ਜੇ ਉਹ ਸਾਂਵਲਾ ਗਭਰੂ
ਤੇਰੀ ਪ੍ਰੀਤ ਦੀ ਖ਼ਾਤਰ ਇਥੇ ਨਹੀਂ ਹੈ ਆਇਆ
ਤਾਂ ਫਿਰ ਕਿਉਂ ਹੈ ਤੇਰਾ ਚਿਤ ਇੰਝ ਘਬਰਾਇਆ ?
ਕਿਉਂ ਤੂੰ ਹੋਵੇਂ ਅਧੀਰ, ਸੋਗੀ ਤੇ ਦਿਲਗੀਰ ?
ਇਹ ਹੈ ਉਸ ਦੇ ਮਨ ਦੀ ਮੌਜ ।
ਸੈਆਂ ਨਾਰਾਂ ਦੇ ਨਾਚਾਂ ਸੰਗ ਉਹ
ਕਰ ਰਿਹਾ ਹੈ ਚੋਜ ।
ਵੇਖ ਕਿਵੇਂ ਮੇਰਾ ਮਨ ਹੋ ਕੇ ਬਹੁਤ ਵਿਸ਼ਾਲ,
ਪ੍ਰੇਮ ਰੂਪ ਵਿਚ ਫੈਲ ਗਿਆ ਹੈ
ਫਿਰਦਾ ਹਰ ਦਮ ਹਰ ਥਾਂ ਉਸ ਦੇ ਨਾਲ ।
ਕਿਉਂ ਤੂੰ ਇਸ ਕੁੰਜ-ਗੋਸ਼ੇ ਬੈਠੀ
ਉਸ ਦਾ ਕਰੇਂ ਇੰਤਜ਼ਾਰ ?
ਆਪਣੇ ਪ੍ਰੇਮ ਨੂੰ ਕਿਉਂ ਨਾ ਕਰੇਂ ਤੂੰ ਵਿਸ਼ਾਲ
ਹਰ ਥਾਂ ਉਸ ਦੇ ਨਾਲ ਰਮ ਫਿਰ ਤੂੰ
ਪਾ ਉਸ ਦੀ ਪ੍ਰੀਤ ਦੇ ਨਾਲ ਭਿਆਲ ?

ਰਾਧਾ :

ਸਖੀਏ ! ਜਿਸ ਨਾਰ ਨੇ ਤੱਕਿਆ
ਮੇਰਾ ਕ੍ਰਿਸ਼ਨ ਭਤਾਰ ।
ਸੁੰਦਰ ਉਸ ਦੇ ਨੈਣ ਹਨ
ਖਿੜੇ ਜੋ ਕੰਵਲਾਂ ਹਾਰ ।
ਉਸ ਤੇ ਸਖੀਏ ਮੇਰੀਏ
ਕਾਮਦੇਵ ਦੇ ਤੀਰ,
ਕਰ ਨਹੀਂ ਸਕਦੇ ਮਾਰ ।
ਸੁਣ ਨੀ ਸਖੀਏ ਮੇਰੀਏ !
ਪੁਸ਼ਪ-ਸੇਜ ਹੰਢਾ ਲਵੇ
ਉਸ ਦੇ ਸੰਗ ਜੋ ਨਾਰ
ਪੋਹ ਨਾ ਸਕਦੇ ਉਸ ਨੂੰ
ਫਿਰ ਗ਼ਮਾਂ ਦੇ ਭਾਰ ।
ਸੁਣ ਨੀ ਸਖੀਏ ਪਿਆਰੀਏ !
ਜਿਸ ਸੁਣ ਲਏ ਉਸ ਦੇ ਬੈਣ,
ਮਧੂ-ਰਸ ਅੰਮ੍ਰਿਤ ਭਰੇ
ਕਲੀਉਂ ਸੂਖਮ ਹੈਣ ।
ਉਸ ਨੂੰ ਚਿੰਤਾ ਰਹੇ ਨਾ
ਨਹੀਂ ਗੁਆਚੇ ਚੈਨ ।
ਪਵਨ ਦੱਖਣ ਦੇਸ਼ ਦੀ
ਭਰੀ ਸੁਗੰਧਾਂ ਨਾਲ
ਨਹੀਂ ਸਤਾਉਂਦੀ ਉਸ ਨੂੰ
ਫਿਰ ਪ੍ਰੀਤਾਂ ਦੀ ਯਾਦ ।
ਸੁਣ ਨੀ ਸਖੀਏ ਮੇਰੀਏ !
ਉਸ ਦੇ ਕੋਮਲ ਹੱਥਾਂ ਦੀ
ਛੁਹ ਮਾਣੀ ਜਿਸ ਨਾਰ,
ਪਗ-ਪੁਸ਼ਪਾਂ ਦੀ ਛੁਹ ਤੋਂ
ਜਾਵਾਂ ਮੈਂ ਬਲਿਹਾਰ ।
ਚੰਨ-ਰਿਸ਼ਮਾਂ ਵੀ ਕਹਿੰਦੀਆਂ
ਉਸ ਨੂੰ ਨਾਲ ਪਿਆਰ ।
ਮਾਣੀ ਉਸ ਦੀ ਪ੍ਰੀਤ ਜਿਨ
ਭਾਗਭਰੀ ਉਹ ਨਾਰ ।
ਸੁਣ ਨੀ ਸਖੀਏ ਪਿਆਰੀਏ !
ਜਿਸ ਨਾਰੀ ਨੇ ਚਖਿਆ
ਉਸ ਦਾ ਮਿੱਠੜਾ ਪਿਆਰ ।
ਜਿਸ ਦਾ ਰੰਗ ਮਨਮੋਹਣਾ
ਊਦੇ ਬਦਲਾਂ ਹਾਰ ।
ਉਸ ਨੂੰ ਮੂਲ ਨਾ ਡੰਗਦੀ
ਬਿਰਹਾ ਦੀ ਤੇਜ਼ ਕਟਾਰ ।
ਨਾ ਇਹ ਪੀੜ ਪ੍ਰੇਮ ਦੀ
ਕਰਦੀ ਹੈ ਸੋਗਵਾਰ ।
ਸੁਣ ਨੀ ਸਖੀਏ ਮੇਰੀਏ !
ਜਿਸ ਨਾਰੀ ਦੀ ਪ੍ਰੀਤ ਨੂੰ
ਸਮਝ ਸੋਨੇ ਦੀ ਤਾਰ ।
ਬਾਰੇ ਵਿਚੋਂ ਕਢਿਆ
ਸ਼ੁਧ ਕੁੰਦਨ ਦੇ ਹਾਰ ।
ਉਸ ਪ੍ਰੀਤਮ ਨੇ ਆਪ ਹੀ
ਘੜਿਆ ਰਤਨ ਸਮਾਨ,
ਜਿਸ ਦਾ ਰੂਪ ਸੁਨਹਿਰਾ
ਸੋਨੇ ਵੰਨਾ ਜਾਨ ।
ਉਸ ਤੇ ਫਿਰ ਕੋਈ ਈਰਖਾ
ਨਾ ਦਵੈਖ ਦਾ ਭਾਰ ।
ਸਭ ਚਿੰਤਾ ਤੋਂ ਮੁਕਤ ਉਹ
ਧੰਨ ਸੁਲਖਣੀ ਨਾਰ ।
ਸੁਣ ਨੀ ਸਖੀਏ ਪਿਆਰੀਏ !
ਜਿਸ ਨਾਰ ਦਾ ਇਸ਼ਟ ਹੈ
ਇਕ ਪੁਰਖ ਦਾ ਪਿਆਰ
ਇਕੋ ਦੀ ਹੋ ਕੇ ਰਹੇ
ਸਗਲ ਸ੍ਰਿਸ਼ਟ ਸੰਸਾਰ
ਉਸ ਨੂੰ ਛੁਹ ਨਾ ਸਕਦੀ
ਚਿੰਤ ਚਿਖਾ ਦੀ ਮਾਰ ।
ਜਿਸ ਦੇ ਭਰੇ ਭੰਡਾਰ ਨੇ
ਕਾਮ-ਦੇਵ ਦੇ ਦਵਾਰ,
ਸੁਣ ਨੀ ਸਖੀਏ ਮੇਰੀਏ !
ਮੈਂ ਜਾਣਾਂ ਸਭ ਸਾਰ ।
ਉਹ ਪਤੀ ਮੈਂ ਪਤਨੀ
ਉਹ ਮਰਦ ਮੈਂ ਨਾਰ ।
ਦਿਲ ਮੇਰਾ ਇਹ ਚੰਦਰਾ
ਰੁਕੇ ਨਾ ਰੁਕਣਹਾਰ ।
ਉਸ ਦੇ ਪਿਛੇ ਘੁੰਮਦਾ
ਮਿਲੇ ਨਾ ਚੈਨ ਕਰਾਰ ।
ਸੀਤਲ ਪਵਨ ਸਮੀਰ ਇਹ
ਸਾੜੇ ਅਗਨੀ ਹਾਰ ।
ਸੀਤਲ ਚੰਨ ਦੀ ਚਾਨਣੀ
ਜ਼ਹਿਰੀ ਡੰਗ ਰਹੀ ਹੈ ਮਾਰ ।
ਮੇਰੀ ਰੂਹ ਦੀ ਭਾਵਨਾ
ਛੁਪੀ ਜੋ ਅੰਦਰਵਾਰ ।
ਕਲਵਲ ਕਰਦੀ ਜਿੰਦੜੀ
ਜਿਸ ਦੀ ਅਜਬ ਨੁਹਾਰ ।
ਇਹ ਹੈ ਪ੍ਰੀਤ ਅਨੋਖੜੀ
ਗੁਝੇ ਭੇਤ ਅਪਾਰ ।
ਆ ਨੀ ਪਵਨ ਪਿਆਰੀਏ !
ਸੰਦਲ-ਭਿੰਨੀ ਮਹਿਕ,
ਢਾਲ ਲੈ ਮੇਰੀ ਜਿੰਦ ਨੂੰ
ਜੋ ਰਹੀ ਹੈ ਸਹਿਕ ।
ਕਾਮਦੇਵ ਤੂੰ ਆ ਜਾ,
ਕਰਦਾ ਮਾਰੋ ਮਾਰ ।
ਜੇ ਤੂੰ ਏਦਾਂ ਲੋਚਦਾ
ਜਿੰਦੜੀ ਮੇਰੀ ਸਾੜ ।
ਆ ਨੀ ਜਮਨਾ ਪਿਆਰੀਏ !
ਮੌਤ ਦੀ ਤੂੰ ਹੈਂ ਭੈਣ ।
ਆਪਣੀ ਭੈਣ ਦੇ ਦੁਖੜੇ
ਕਰਨ ਨਾ ਤੈਨੂੰ ਬੇਚੈਨ ।
ਆਪਣੀਆਂ ਲਹਿਰਾਂ ਵਾਲੜੀ
ਵਗਾ ਤੂੰ ਐਸੀ ਧਾਰ ।
ਸ਼ਾਂਤ ਹੋਵੇ ਇਹ ਜਿੰਦੜੀ
ਤਪਸ਼ ਦੇਵੇ ਜੋ ਠਾਰ ।

ਸੱਤ

(ਰਾਤ ਦੀ ਇਕੱਲ ਵਿਚ ਸਾਰੀ ਰਾਤ
ਰਾਧਾ ਕ੍ਰਿਸ਼ਨ ਜੀ ਨੂੰ ਲਭਦੀ ਰਹਿੰਦੀ
ਹੈ । ਤੜਕਸਾਰ ਸ਼੍ਰੀ ਕ੍ਰਿਸ਼ਨ ਜੀ ਉਸ
ਨੂੰ ਮਿਲ ਪੈਂਦੇ ਹਨ । ਇਸ ਸਮੇਂ ਉਹ
ਬੜੇ ਮਿੱਠੜੇ, ਨਿਰਮਾਣ ਅਤੇ ਵਿਨੋਦੀ
ਚੋਜਾਂ ਤੋਂ ਨਿਰਲੇਪ ਹਨ ।)

ਰਾਧਾ :

(ਰੋਸ ਵਿਚ ਕਹਿੰਦੀ ਹੈ)
ਕੇਸ਼ੋ ! ਲਛਮੀ ਪਤੀ ਪਿਆਰੇ,
ਕਿਉਂ ਹੁਣ ਮੇਰੀ ਵਲ ਹੋ ਆਏ ?
ਜਾਉ ! ਉਥੇ ਹੀ ਹੁਣ ਜਾਉ ।
ਕੰਵਲ ਨੈਣਾਂ ਵਾਲੇ ਕ੍ਰਿਸ਼ਨ ਜੀ
ਉਨ੍ਹਾਂ ਸੈਆਂ ਨਾਰਾਂ ਕੋਲ ਜਾਉ ।
ਨਾਚ ਜਿਨ੍ਹਾਂ ਦਾ ਤੁਹਾਡੇ ਮਨ ਨੂੰ ਭਾਏ
ਜਾਉ ਉਨ੍ਹਾਂ ਨਾਰਾਂ ਸੰਗ ਹੀ ਜਾ ਕੇ
ਪ੍ਰੇਮ ਦੀ ਰਾਸ ਰਚਾਉ ।
ਮੈਨੂੰ ਝੂਠ ਬੋਲ ਕੇ ਕਿਉਂ ਪਏ ਹੋ ਭਰਮਾਂਦੇ ?
ਮੈਂ ਜਾਣਾਂ ਤੁਸਾਂ ਸੈਆਂ ਨਾਰਾਂ ਸੰਗ
ਹੈ ਰਾਤ ਗੁਜ਼ਾਰੀ ।
ਨਾਚ ਨਚਾਂਦਿਆਂ ਰਾਸ ਰਚਾਂਦਿਆਂ
ਬੀਤੀ ਰਾਤ ਹੈ ਸਾਰੀ ।
ਨੈਣਾਂ ਵਿਚ ਲਾਲੀ ਇਉਂ ਰੜਕੇ
ਜਿਉਂ ਗੁਜ਼ਰੀ ਰਾਤ ਉਨੀਂਦੇ ।
ਤਨ ਤੁਹਾਡਾ ਹੈ ਥੱਕਿਆ ਥੱਕਿਆ
ਜਾਪੇ ਜਿਉਂ ਹੁਣ ਵੀ ਹੋ ਉਂਘਲਾਂਦੇ ।

ਕ੍ਰਿਸ਼ਨ ਪਿਆਰੇ ! ਕਿਦਾਂ ਮੈਨੂੰ ਤੁਸੀਂ ਛਲ ਸਕਦੇ ਹੋ
ਤੁਹਾਡੇ ਹੋਂਠ ਯਾਕੂਤੀ ਦਸਣ ਹਾਲਤ ਸਾਰੀ
ਕਿਵੇਂ ਤੁਸੀਂ ਬਿੰਦਰਾਬਨ ਦੀਆਂ ਸੁੰਦਰ ਬਦਨੀਆਂ
ਦੇ ਨੈਣਾਂ ਦੀ ਕਾਲਖ
ਚੁੰਮ ਚੁੰਮ ਇਨ੍ਹਾਂ ਬੁਲ੍ਹੀਆਂ ਤੇ ਹੁਣ ਤਕ ਹੈ ਸੰਭਾਲੀ ।

ਤੁਹਾਡੇ ਸੁਹਲ ਸਰੀਰ ਤੇ ਹਾਲੀ ਵੀ
ਉਨ੍ਹਾਂ ਨਹੁੰਆਂ ਦੇ ਦਾਗ਼ ।
ਜਿਨ੍ਹਾਂ ਪ੍ਰੇਮ ਵੇਗ ਵਿਚ ਆ ਕੇ
ਇਸ ਨੂੰ ਫੜ ਘੁਟ ਰਖਿਆ ।

ਮਹਿੰਦੀ ਉਨ੍ਹਾਂ ਦੇ ਪੈਰਾਂ ਦੀ
ਸੰਗੀਤ ਦੇ ਰੰਗ ਵਿਚ ਰੰਗੀ ।
ਏਦਾਂ ਦਸੇ ਸਾਰੀ ਵਿਥਿਆ
ਕਿਦਾਂ ਰਹੇ ਹੋ ਸੈਆਂ ਨਾਰਾਂ ਸੰਗ
ਪ੍ਰੇਮ ਨਾਟ ਰਚਾਂਦੇ ।
ਰੰਗ ਰਲੀਆਂ ਨੂੰ ਰਹੇ ਮਾਣਦੇ ।
ਲਾਲੀ ਕਿਵੇਂ ਬਸੰਤ ਰਿਤੂ ਵਿਚ
ਨਵੇਂ ਪੁੰਗਾਰੇ ਉਤੇ ਛਾ ਜਾਵੇ ।
ਤਿਵੇਂ ਕ੍ਰਿਸ਼ਨ ਜੀ ਤੁਹਾਡੀ ਹਾਲਤ
ਸਾਰਾ ਭੇਦ ਲਖਾਵੇ ।

ਕ੍ਰਿਸ਼ਨ ਪਿਆਰੇ ! ਪ੍ਰੀਤਮ ਪਿਆਰੇ !
ਮੇਰਾ ਦਿਲ ਹੈ ਪ੍ਰੇਮ ਪੀੜ ਨਾਲ ਭਰਿਆ ।
ਪਿਘਲ ਗਈ ਹਾਂ ਮੈਂ ਤੁਹਾਡੇ ਪ੍ਰੇਮ 'ਚ ਸਾਰੀ ।
ਤੁਸੀਂ ਵੀ ਮੈਨੂੰ ਪਿਘਲੇ ਜਾਪੋ
ਜਿਵੇਂ ਤੁਸੀਂ ਸਗਵੇਂ ਦੇ ਸਗਵੇਂ ਹੋਵੋ ਮੇਰੇ ।
ਪਰ ਮੇਰੇ ਦਿਲ ਦੀ ਪੀੜਾ
ਝਲ ਨਾ ਸਕੇ ਪ੍ਰੇਮ ਕ੍ਰੀੜਾ ।
ਜਦ ਮੈਂ ਦੇਖਾਂ ਕਿਸੇ ਹੋਰ ਛਨਾਰ ਨਾਰ ਨੇ
ਪ੍ਰੇਮ ਵੇਗ ਵਿਚ ਆ ਕੇ ਤੁਹਾਡੇ ਬੁਲ੍ਹਾਂ ਤੇ ਚੱਕ ਵਢਿਆ
ਦੂਜਿਆਂ ਨਾਲ ਪ੍ਰੇਮ ਖੇਡ ਇਹ ਤੁਹਾਡੀ
ਮੈਨੂੰ ਮੂਲ ਨਾ ਭਾਵੇ ।
ਤੁਹਾਡੇ ਦਿਲ ਦਾ ਘੋਰ ਹਨੇਰਾ
ਜਿਸ ਵਿਚ ਪ੍ਰੀਤ ਦੀ ਕਿਰਣ
ਕਦੀ ਵੀ ਪਹੁੰਚ ਨਾ ਸਕਦੀ
ਜਾਂ ਫਿਰ ਇਵੇਂ ਮੇਰੇ ਵਰਗੀ ਭੋਲੀ ਭਾਲੀ
ਸਿਧੀ ਜਿਹੀ ਨਾਰ ਨੂੰ ਤੁਸੀਂ ਪਏ ਹੋ ਛਲਦੇ ।
ਦਿਲ ਦਾ ਭੇਦ ਨਾ ਦਸਦੇ ।

ਮੇਰੇ ਵਿਚ ਕੀ ਗੁਣ ਤੁਸੀਂ ਵੇਖੇ
ਮੈਂ ਨਿਰਅਖਰ ਭੋਲੀ ਭਾਲੀ ਕਮਲੀ ਨਾਰ ।
ਜਿਸ ਨੂੰ ਪ੍ਰੇਮ ਦੀ ਨਾ ਕੋਈ ਸਾਰ ।
ਤੁਸੀਂ ਦੇ ਕੇ ਉਸ ਨੂੰ ਪੀੜ ਸਦੀਵੀ
ਕਿਉਂ ਵਲਦੇ ਤੇ ਛਲਦੇ ?
ਮਨ ਮੇਰਾ ਆ ਮਲਦੇ ?

(ਕ੍ਰਿਸ਼ਨ ਜੀ ਅਲੋਪ ਹੋ ਜਾਂਦੇ ਹਨ ।
ਸਖੀ ਆਉਂਦੀ ਹੈ ।)

ਸਖੀ :

ਰਾਧਾ ਪਿਆਰੀ ! ਸਖੀ ਨਿਆਰੀ !
ਕਿਉਂ ਤੇਰਾ ਦਿਲ ਏਨੇ ਤੀਬਰ ਪ੍ਰੇਮ ਨਾਲ ਭਰਪੂਰ ?
ਜੋ ਸੰਜੋਗੀ ਮੇਲ ਨੂੰ ਰਖੇ ਤੈਥੋਂ ਸਦਾ ਹੀ ਦੂਰ ।
ਬਹਿਣ ਨਾ ਦੇਂਦਾ ਤੈਨੂੰ ਪਰੇਮ ਹਦੂਰ ।

ਜਦੋਂ ਤੇਰਾ ਪ੍ਰੀਤਮ ਪਿਆਰਾ ਬਣ ਕੇ ਭਿੰਨੀ ਮਹਿਕ ਪਵਨ ਦੀ
ਆਉਂਦਾ ਤੇਰੇ ਦਵਾਰ, ਵਾਂਗ ਬਸੰਤ ਬਹਾਰ ।
ਤੇਰੇ ਦਿਲ ਦੀਆਂ ਕਲੀਆਂ ਤਦ ਮੁੰਦ ਜਾਵਣ
ਜਾਨਣ ਪ੍ਰੇਮ ਨੂੰ ਭਾਰ ।
ਕਿਉਂ ਤੂੰ ਆਪਣੇ ਪ੍ਰੀਤਮ ਕ੍ਰਿਸ਼ਨ ਪਿਆਰੇ ਨੂੰ
ਏਦਾਂ ਦਿਲ ਨਾਲ ਘੁਟ ਘੁਟ ਰਖੇਂ
ਕਿ ਉਹ ਤੇਰੇ ਪ੍ਰੇਮ ਤੋਂ ਔਖਾ ਹੋ ਹੋ ਜਾਵੇ ?
ਤੈਨੂੰ ਛੱਡ ਨੱਸ ਜਾਵੇ ।

ਰਾਧਾ ਪਿਆਰੀ ! ਸਖੀ ਨਿਆਰੀ !
ਤੇਰੀ ਪ੍ਰੀਤ ਦੀ ਉਲਟੀ ਦਿਸੇ ਚਾਲ ।
ਭਰਨੀ ਚਾਹੀਏ ਤੇਰੇ ਸੀਨਿਆਂ ਅੰਦਰ
ਤਾੜ ਬ੍ਰਿਛ ਦੇ ਪੱਕੇ ਫਲਾਂ ਸਮਾਨ
ਮਧੂ ਰਸ ਦੇ ਨਾਲ ।
ਪਰ ਇਹ ਸੁਕੇ ਸੁਕੇ ਜਾਪਣ
ਹੋਣ ਵਿਹੂਣੇ ਜਿਵੇਂ ਮਧੂ ਰਸ ਤੋਂ
ਹੋਵੇ ਪ੍ਰੀਤ ਸੋਮਿਆਂ ਨਾਲ
ਜੁੜਨਾ ਜਿਵੇਂ ਮੁਹਾਲ ।

ਰਾਧਾ ਪਿਆਰੀ ! ਸਖੀ ਨਿਆਰੀ !
ਮੈਂ ਤੈਨੂੰ ਹੈ ਕਈ ਵਾਰ ਸਮਝਾਇਆ,
ਜਾਣ ਨਾ ਦੇਣਾ ਚਾਹੀਏ ਉਸ ਪ੍ਰੀਤਮ ਦੇ ਤਾਂਈਂ
ਜਦ ਉਹ ਪ੍ਰੇਮ ਰੰਗ ਵਿਚ ਰੱਤਾ ਹੋਵੇ ਤੇਰੇ ਬੂਹੇ ਆਇਆ ।
ਪਰ ਤੂੰ ਰਾਧਾ ਪਿਆਰੀ ! ਸਖੀ ਨਿਆਰੀ !
ਰਹੀ ਸਦਾ ਨਾਦਾਨ ।
ਕੀ ਲਾਭ ਹੁਣ ਜਦ ਉਹ ਤੇਰੇ ਕੋਲੋਂ
ਹੈ ਕਿਧਰੇ ਹੋਰ ਸਿਧਾਇਆ ?
ਕਿਸ ਕੰਮ ਇਹ ਰੋਣਾ ਤੇ ਧੋਣਾ ?
ਕਿਸ ਕੰਮ ਇਹ ਪਛਤਾਣ ?
ਕਿਉਂ ਹੁਣ ਤੂੰ ਫਿਰ ਡੁਸਕ ਰਹੀ ਹੈਂ ?
ਭਰ ਰਹੀ ਹੈਂ ਹਾਵੇ ?
ਬਿੰਦਰਾਬਨ ਦੀ ਹਰ ਨਾਰ ਤੇਰੀ ਮੂਰਖਤਾ ਤੇ ਹੱਸੇ
ਖਿਲੀ ਪਈ ਉਡਾਵੇ ।
ਕਰਨਾ ਬਿਰਛ ਦੇ ਖੇੜੇ ਵਿਚ ਉਹ ਤੇਰਾ ਪ੍ਰੀਤਮ ਸੁਤਾ
ਵੇਖ ਕਮਲੀਏ ।
ਆਪਣੇ ਨੈਣਾਂ ਤਾਂਈਂ ਰਿਝਾ ਲੈ ।
ਉਸ ਦੇ ਦਰਸ਼ਨ ਪਾ ਲੈ ।
ਉਸ ਪ੍ਰੀਤਮ ਦੇ ਲਈ ਹੋਰ ਭਰੀਂ ਨਾ ਹਾਵੇ
ਵੇਖ ਕਮਲੀਏ ! ਤੇਰੀ ਆਤਮਾ ਵਿਚ ਹੈ
ਉਹ ਆ ਅੰਕ ਸਮਾਵੇ ।

ਰਾਧਾ ਪਿਆਰੀ ! ਸਖੀ ਨਿਆਰੀ !
ਕਿਉਂ ਤੇਰਾ ਦਿਲ ਭਰਿਆ ਹੈ ਵਿਚ ਪੀੜਾ ?
ਪ੍ਰੀਤਮ ਪਿਆਰਾ ਅਲੋਪ ਹੋ ਗਿਆ
ਪਰਤੇਗਾ ਜ਼ਰੂਰ ।
ਮਿੱਠੜੇ ਬੋਲ ਸੋਹਣੇ ਦੇ ਸੁੰਦਰ
ਕੰਨੀ ਪੈਣਗੇ ਤੇਰੇ,
ਜਦ ਤੂੰ ਖੜੀ ਹੋਵੇਂਗੀ ਉਸ ਦੀ ਵਿਚ ਹਦੂਰ ।
ਰੂਹ ਤੇਰੀ ਨੂੰ ਆਵੇਗਾ, ਮੁੜ ਉਹ ਪ੍ਰੇਮ ਸਰੂਰ ।
ਤੇਰੇ ਦਿਲ ਦੇ ਭਾਵਾਂ ਨੂੰ ਮੈਂ ਸਮਝ ਨਾ ਸਕਾਂ
ਇਸ ਵਿਚ ਬਹੁਤ ਹੀ ਰਲਗਡ ਹੋਈ
ਜਾਪੇਂ ਮੈਨੂੰ ਤੂੰ ਇਕ ਅੜਾਉਣੀ
ਦੂਜਿਆਂ ਨਾਲੋਂ ਵਖਰੀ ਤੇਰੇ ਦਿਲ ਦੀ ਰੀਤ
ਜਿਸ ਨੂੰ ਸਮਝ ਨਾ ਸਕੇ ਕੋਈ ।

ਰਾਧਾ ਪਿਆਰੀ ! ਸਖੀ ਨਿਆਰੀ !
ਮੈਨੂੰ ਜਾਪੇ ਤੂੰ ਝਲੀ ਦੀ ਝਲੀ ।
ਜਦ ਤੈਨੂੰ ਚਾਹੀਏ ਉਸ ਸੰਗ ਮਿੱਠੜਾ ਹੋਣਾ
ਤੂੰ ਬੋਲੇਂ ਕੌੜੇ ਬੈਣ ।
ਹੋਵੇਂ ਤੂੰ ਕਠੋਰ ।
ਜਦ ਪ੍ਰੀਤਮ ਪਿਆਰਾ ਤੇਰਾ ਹੋਣਾ ਲੋਚੇ,
ਤਾਂ ਤੇਰਾ ਦਿਲ ਮੌਨ ਕਿਉਂ ਹੋ ਜਾਵੇ ?
ਉਸ ਤੋਂ ਮੂੰਹ ਭੁਆਵੇ ।
ਜਦ ਉਹ ਤੈਨੂੰ ਲਭਦਾ ਲਭਦਾ ਤੇਰੇ ਕੋਲ ਹੈ ਆਂਦਾ
ਤਾਂ ਤੂੰ ਉਸ ਸੰਗ ਇੰਝ ਕਰੇਂ ਵਿਹਾਰ
ਜਿਵੇਂ ਉਹ ਤੇਰਾ ਵੈਰੀ ਹੋਵੇ,
ਨਹੀਂ ਹੈ ਮੀਤ ਪਿਆਰ ।
ਫਿਰ ਵੀ ਜਦ ਉਹ ਤੇਰੇ ਸਨਮੁਖ ਹੈ ਆ ਜਾਂਦਾ
ਤੂੰ ਕਿਉਂ ਮੂੰਹ ਭੁਆਵੇਂ ?
ਲੈਂਦੀ ਪਿਠ ਮਰੋੜ ।
ਜਿਵੇਂ ਹੋਵੇ ਉਹ ਕੋਈ ਹੋਰ ।
ਪਰ ਸਖੀ ਨੀ ! ਹੈ ਉਹ ਤੇਰੇ ਚਿਤ ਦਾ ਚੋਰ ।
ਉਹ ਨਹੀਂ ਕੋਈ ਹੋਰ ।
ਤੇਰੀ ਰੂਹ ਦੇ ਇਹ ਭੁਲਾਵੇ
ਮੈਨੂੰ ਤਾਂ ਸਚ ਨੀ ਸਖੀਏ
ਸਮਝ ਕੁਝ ਨਾ ਆਵੇ ।
ਇਸੇ ਲਈ ਤੂੰ ਦੁਖ ਝਾਗਦੀ
ਆਪਣੇ ਅੰਦਰ ਪਿਆਰ ।
ਕਰ ਸਕੇ ਨਾ ਕੋਈ ਵੀ ਤੇਰਾ ਦਾਰੂ
ਨਾ ਰਖਿਆ ਨਾ ਉਪਚਾਰ
ਜਦ ਹੋਵੇ ਤੇਰਾ ਆਪਣਾ ਹੀ
ਬੇ-ਸਮਝਾਂ ਵਾਲਾ ਵਿਹਾਰ ।

ਰਾਧਾ ਪਿਆਰੀ ! ਸਖੀ ਨਿਆਰੀ !
ਕਿੰਨੀ ਹੈ ਅਨੋਖੀ ਤੇਰੀ ਚਾਲ ।
ਚੰਦਨ ਲੇਪ ਪਿਆਰਾ ਪਿਆਰਾ
ਤੈਨੂੰ ਜਾਪੇ ਜ਼ਹਿਰ ਪਟਾਰਾ ।
ਚੰਨ ਦੀ ਇਹ ਸੀਤ ਫੁਹਾਰ
ਤੈਨੂੰ ਜਾਪੇ ਜਿਵੇਂ ਇਹ ਹੋਵੇ ਸੂਰਜ ਦਾ ਅੰਗਾਰ ।
ਨੈਣਾਂ ਦੇ ਇਹ ਪ੍ਰੇਮ ਕਟਾਖ
ਤੈਨੂੰ ਜਾਪਣ ਏਦਾਂ
ਜਿਵੇਂ ਹੋਣ ਅਗਨੀ-ਚਿੰਗਿਆੜੇ
ਲੂਹਣ ਜੋ ਆ ਆ ਤੇਰੀ ਮੂਹਾਠ ।
ਇਹ ਜੋ ਇੰਦਰੀਆਂ ਸੰਦੇ ਰਸ ਰੰਗ ਮਿਠੜੇ ਭੋਗ
ਤੈਨੂੰ ਜਾਪਣ ਵਡੇ ਚਿੰਤਾ ਰੋਗ ।
ਮੈਨੂੰ ਜਾਪੇ ਏਦਾਂ ਨੀ ਸਖੀਏ
ਤੂੰ ਵਿਲਖਣ ਨਾਰ ।
ਹੋਰਾਂ ਨਾਲੋਂ ਤੇਰਾ ਵਖਰਾ ਪ੍ਰੀਤ ਵਿਹਾਰ ।

ਅੱਠ

(ਸਮਾਂ ਸੰਝ ਦਾ ਹੈ । ਰਾਧਾ ਦਾ ਚਿਹਰਾ ਰੋਸੇ ਵਿਚ
ਤਿੜਕਿਆ ਦਿਖਾਈ ਦਿੰਦਾ ਹੈ । ਉਸ ਦੀ ਇਸ
ਹਾਲਤ ਨੂੰ ਦੇਖ ਕੇ ਸਭ ਸਖੀਆਂ ਦੁੱਖੀ ਹਨ । ਉਹ
ਸਵੈ-ਸੰਤਾਪ ਵਿਚ ਬੈਠੀ ਹੈ ਅਤੇ ਉਸ ਦੀਆਂ ਅਖੀਆਂ
ਸੁੰਞੀਆਂ ਸੁੰਞੀਆਂ ਦਿਖਾਈ ਦਿੰਦੀਆਂ ਹਨ ।)

(ਇਸ ਸਮੇਂ ਸ਼੍ਰੀ ਕ੍ਰਿਸ਼ਨ ਮਲਕੜੇ ਜਿਹੇ ਆਉਂਦੇ ਹਨ ।)

ਕ੍ਰਿਸ਼ਨ :

ਮੇਰੀ ਪਿਆਰੀ ! ਸੁੰਦਰ ਨਾਰੀ !
ਅਤਿ ਮਿੱਠੜੀ ! ਉਤਮ ਮਹਾਨ ।
ਤੇਰੇ ਲਈ ਮੈਂ ਤ੍ਰਿਖਾਵੰਤ ਹਾਂ,
ਸ਼ਾਂਤ ਕਰੋ ਇਹ ਮੇਰੀ ਤੜਪਣੀ
ਕਰਾਂ ਮੈਂ ਤੁਹਾਡੇ ਹੋਠਾਂ ਦਾ ਅੰਮ੍ਰਿਤ ਪਾਣ ।
ਅਤਿ ਪਿਆਰੀ ! ਹੁਣ ਬੋਲੋ ਵੀ ਨਾ
ਤੋੜ ਦਿਉ ਇਹ ਮੌਨ;
ਦੰਦ ਤੁਹਾਡੇ ਮੋਤੀਆਂ ਦੇ ਦਾਣੇ
ਜਦ ਬੋਲੋ ਇਹ ਇੰਝ ਚਮਕਦੇ
ਦੂਰ ਹੋਵਣ ਸਭ ਸੰਸੇ ਤੇ ਅੰਧਕਾਰ
ਮੇਰੇ ਮਨ ਦੇ ।
ਚੰਨ ਮੁੱਖੜਾ ਤੁਹਾਡਾ ਅਤਿ ਪਿਆਰਾ
ਮੇਰੇ ਨੈਣਾਂ ਅੰਦਰ ਇਸ ਤਰ੍ਹਾਂ ਦੀ
ਜੋਤ ਜਗਾਵੇ
ਜਿਵੇਂ ਚੰਦਰਮਾ ਨੂੰ ਤੱਕ ਤੱਕ ਕੇ
ਚਕੋਰ ਵਿਚਾਰਾ ਅੰਮ੍ਰਿਤ ਰਸ ਨੂੰ ਪਾਵੇ ।
ਮੇਰਾ ਚਿਤ ਹੁਣ ਇਹੋ ਚਾਹਵੇ ।
ਯਾਕੂਤੀ ਬੁਲ੍ਹੀਆਂ ਅੰਦਰ ਭਰਿਆ ਜੋ ਸੋਮਾ
ਮਹਾਂ ਅੰਮ੍ਰਿਤ ਦਾ ਨਕੋ ਨਕ
ਉਸ ਨੂੰ ਪੀਣਾ ਚਾਹਵੇ ।
ਰਾਧਾ ! ਤੇਰੇ ਦੰਦ ਨੇ ਸੁਚੇ ਮੋਤੀ ਅਤਿ ਰਸੀਲੇ ।
ਜੇ ਹੋ ਮੇਰੇ ਉਪਰ ਕਰੋਪ
ਹੈ ਦਿਲ ਵਿਚ ਕੋਈ ਰੋਸ
ਤਾਂ ਮੈਨੂੰ ਹੇ ਰਾਧਾ ਪਿਆਰੀ,
ਆਪਣਾ ਬੰਦੀ ਬਣਾਵੋ ।
ਬਾਹਾਂ ਵਿਚ ਘੁਟ ਕੇ ਇਹ ਦੋਸ਼ੀ
ਇਸ ਨੂੰ ਸਜ਼ਾ ਸੁਣਾਵੋ ।
ਆਪਣੇ ਅੰਦਰ ਦੀਆਂ ਰੋਸ ਲਹਿਰਾਂ ਨੂੰ
ਮੇਰੇ ਤਨ ਉਪਰ ਬਰਸਾਉ ।
ਰਾਧਾ ਪਿਆਰੀ ! ਮੰਨ ਜਾਉ, ਮੰਨ ਜਾਉ ।
ਹੁਣ ਖ਼ੁਸ਼ੀਆਂ ਵਿਚ ਆ ਜਾਉ ।
ਮੇਰੀ ਪਿਆਰੀ ! ਮੇਰੀ ਜਿੰਦੜੀ !
ਇਸ ਜੀਵਨ ਵਿਚ ਤੂੰ ਹੈਂ ਮੇਰੀ ਸ਼ਾਨ ।
ਭਵ-ਸਾਗਰ ਦੇ ਮਹਾਂ ਪਸਾਰ ਵਿਚ
ਤੂੰ ਹੈਂ ਚਮਕਦਾ ਰਤਨ ਮਹਾਨ ।
ਮੇਰੀ ਜਿੰਦੜੀ ਮੇਰੇ ਪ੍ਰਾਣ,
ਆਉ ਪਿਆਰੀ ਪ੍ਰੇਮ ਦਾ ਮੀਂਹ ਵਰ੍ਹਾਉ ।
ਮੇਰੀ ਆਤਮਾ ਨੂੰ ਨਾ ਹੋਰ ਤੜਪਾਉ ।
ਆਪਣੇ ਪ੍ਰੇਮ ਦੀ ਬਰਖਾ ਕਰਕੇ
ਇਸ ਮੇਰੇ ਤਪਦੇ ਮਨ ਨੂੰ
ਹੁਣ ਸ਼ਾਂਤ ਕਰ ਜਾਉ ।
ਸੂਖਮ ਬਦਨੀ, ਸੋਹਲ ਸਰੀਰੀ, ਮੇਰੀ ਪਿਆਰੀ,
ਤੇਰੇ ਕਾਲੇ ਨੈਣ ਖੁਲ੍ਹੇ ਹੋਏ ਸੁੰਦਰ ਕੰਵਲ-ਕਟੋਰੇ ।
ਇਨ੍ਹਾਂ ਵਿਚ ਦਿਸਣ ਜੋ ਸੂਹੇ ਡੋਰੇ
ਹੈ ਇਹ ਕਿਸੇ ਰੋਸੇ ਦੀ ਲਾਲ ਲਕੀਰ
ਜਾਂ ਪ੍ਰੇਮ ਦੇ ਰਸ ਰੰਗ ਨਾਲ ਭਰਪੂਰ, ਰਸਾਲ
ਇਸ ਕਾਲੀ ਰੈਣ ਅੰਧਿਆਰੀ ਵਿਚ ਲਿਸ਼ਕੇ
ਊਸ਼ਾ ਦੀ ਸੁੰਦਰ ਨੁਹਾਰ
ਇਹ ਕੀ ਹੈ ਅਦਭੁਤ ਖੇਲ ?
ਰੋਸੇ ਦੀ ਹੈ ਕਾਲਖ ਜਾਂ ਠੰਢੀ ਪ੍ਰੇਮ ਤ੍ਰੇਲ ?
ਰੋਸਾ ਹੈ ਜਾਂ ਮਿਲਣ ਦਾ ਪ੍ਰੇਮ ਅਨੰਦ ?
ਜੋ ਮੇਰੇ ਆਉਣ ਉਤੇ ਹੋਇਆ
ਤੁਹਾਡੇ ਮਨ ਵਿਚ ਖ਼ੁਸ਼ੀ ਦਾ ਚੜ੍ਹਿਆ ਚੰਦ ?
ਹਾਲੀ ਵੀ ਮੇਰੀ ਜਿੰਦੜੀ ਪਿਆਰੀ
ਜਿੰਦ ਦੀ ਜਿੰਦ
ਜਾਪੇਂ ਤੂੰ ਅਜੀਬ
ਹੋਈ ਨਹੀਂ ਨਚਿੰਦ ?
ਰਾਧਾ ਪਿਆਰੀ ! ਮੇਰੀ ਜਿੰਦੜੀ !
ਮੇਰੇ ਆਦਰਸ਼ ਪਿਆਰ ।
ਇਹ ਉਦਾਸੀ ਹੁਣ ਨਾ ਸ਼ੋਭੇ
ਕਰ ਲਉ ਪ੍ਰੇਮ ਸ਼ਿੰਗਾਰ ।
ਆਪਣੇ ਸੋਹਲ ਸੀਨਿਆਂ ਉਪਰ
ਪਾਉ ਮੋਤੀ ਹਾਰ ।
ਆਪਣੀ ਕਮਰ ਦੁਆਲੇ ਪਾਉ
ਕਮਰ ਕੱਸਾ ਉਹ
ਜਿਸ ਦੇ ਘੁੰਗਰੂ ਕਰਦੇ ਨਾਦ ਝੁਣਕਾਰ ।
ਮਨ ਤੁਹਾਡੇ ਦੀ ਖ਼ੁਸ਼ੀ ਲਹਿਰ ਵੀ
ਉਸ ਨਾਲ ਇਕਸੁਰ ਹੋ ਕੇ
ਲਰਜ਼ੇ ਤਾਲਗਤੀ ਵਿਚ
ਵਾਂਗਰ ਸੁਰ ਹੋਏ ਇਕ ਸਾਜ਼ ।
ਰਹੇ ਗੂੰਜਦੀ ਅਨਹਦ ਵਾਂਗਰ
ਇਹ ਸਦੀਵੀ ਤਾਰ ।
ਇਸ ਲਈ ਰਾਧਾ ਮੇਰੀ ਪਿਆਰੀ,
ਹੋਰ ਨਾ ਰਹੋ ਉਦਾਸ ।
ਆਉ ਵਿਚ ਹੁਲਾਸ ।
ਮਧੂ-ਬੈਣੀ ਰਾਧਾ ਅਤਿ ਪਿਆਰੀ,
ਜੇਕਰ ਆਗਿਆ ਹੋਵੇ
ਤਾਂ ਤੁਹਾਡੇ ਨਾਜ਼ਕ ਪੈਰਾਂ ਤਾਂਈਂ
ਮੈਂ ਮਹਿੰਦੀ ਨਾਲ ਸ਼ਿੰਗਾਰਾਂ ।
ਮੈਂ ਇਨ੍ਹਾਂ ਨੂੰ ਪਿਆਰਾਂ ।
ਮੇਰੇ ਦਿਲ ਵਿਚ ਇਹ ਖ਼ੁਸ਼ੀ ਦੀ ਲਹਿਰ ਜਗਾਂਦੇ
ਇਨ੍ਹਾਂ ਵਿਚਲੀ ਭਿੰਨੀ ਮਹਿਕ
ਪ੍ਰੇਮ ਰੰਗ ਵਿਚ ਜਦ ਮੈਨੂੰ ਛੁਹ ਜਾਂਦੀ
ਮੈਨੂੰ ਹੈ ਠੰਢ ਪਾਂਦੀ ।
ਤੁਹਾਡੇ ਸੋਹਲ ਪੈਰਾਂ ਦੇ ਸਾਹਵੇਂ
ਕੰਵਲ ਵੀ ਲੱਜਾਵਣ ।
ਇਨ੍ਹਾਂ ਵਿਚ ਭਰੀ ਹੈ ਭਿੰਨੀ ਮਹਿਕ
ਪੈਰ ਤੁਹਾਡੇ ਪਵਿੱਤਰ ਤੇ ਪੁਨੀਤ
ਮੈਂ ਇਨ੍ਹਾਂ ਨੂੰ ਆਪਣੇ
ਮਸਤਕ ਨਾਲ ਛੁਹਾਣਾ ਚਾਹਵਾਂ
ਜਿਸ ਵਿਚ ਉਠ ਰਿਹਾ ਹੈ ਸੇਕ
ਇਨ੍ਹਾਂ ਦੀ ਕੋਮਲ ਛੁਹ ਪਾ ਕੇ
ਉਸ ਤਪਸ਼ ਨੂੰ ਸ਼ਾਂਤ ਕਰਾਣੀ ਚਾਹਾਂ ।
ਇਨ੍ਹਾਂ ਪੈਰਾਂ ਵਿਚ ਹੈ ਭਰਿਆ
ਰਹਿਮਤ ਦਾ ਭੰਡਾਰ ।
ਤਪਦਾ ਮੇਰਾ ਇਹ ਹਿਰਦਾ
ਕਰ ਦਿਉ ਠੰਢੜਾ ਠਾਰ ।
ਵੇਖ ਪਿਆਰੀ ! ਰਾਧਾ ਨਿਆਰੀ !
ਮੇਰੇ ਅੰਦਰ ਅਗਨੀ ਮੱਚਦੀ ।
ਜਿੰਦ ਪਈ ਹੈ ਭਖ਼ਦੀ ।
ਉਹ ਮੇਰੀ ਰੁਠੜੀ ਭੋਲੀ ਪਿਆਰੀ !
ਆਪਣੇ ਸੰਸੇ ਸ਼ੰਕੇ ਸਭ ਦੂਰ ਹਟਾਉ ।
ਮੇਰੀ ਪਿਆਰੀ ! ਮੇਰੀ ਗਲ ਮੰਨ ਜਾਉ ।
ਮੈਂ ਨਹੀਂ ਬਿਨ ਤੁਹਾਡੇ ਹੋਰ ਕਿਸੇ ਨੂੰ ਕਰਦਾ ਪਿਆਰ
ਮੇਰੇ ਦਿਲ ਵਿਚ ਹੋਰ ਕਿਸੇ ਲਈ
ਨਹੀਂ ਹੈ ਕੋਈ ਵੀ ਰਖਵਾਂ ਥਾਂ
ਮੈਂ ਤਾਂ ਬਸ ਸਦੀਵੀ ਤੁਹਾਡੇ
ਪ੍ਰੇਮ ਨੂੰ ਚਾਹਵਾਂ ।
ਇਸ ਵਿਚ ਬਸ ਇਕੋ ਲਈ ਹੈ
ਕੇਵਲ ਤੁਹਾਡੇ ਪਿਆਰ ਲਈ ਥਾਂ ।
ਆ ਮੇਰੀ ਹੁਣ ਰਾਧਾ ਪਿਆਰੀ
ਮੇਰੇ ਵਲ ਹੁਣ ਮਾਰ ਉਡਾਰੀ
ਮੇਰੇ ਅੰਕ ਸਮਾਉ
ਮੇਰਾ ਰੂਪ ਹੋ ਜਾਉ ।
ਉਹ ਮੇਰੀ ਰੁਠੜੀ ਪਿਆਰੀ ਨਾਰ
ਕਿਉਂ ਨਾ ਜਾਣੇਂ ਤੂੰ ਦਿਲ ਮੇਰੇ ਦੀ ਸਾਰ ?
ਮੇਰਾ ਮਿਟਦਾ ਜਾ ਰਿਹਾ ਇਹ ਜੋ ਹੈ ਆਕਾਰ
ਉਸ ਨੂੰ ਆਪਣੇ ਦੰਦਾਂ ਦੀ ਛੁਹ ਨਾਲ
ਤੂੰ ਰਖੇਂ ਬੰਨ੍ਹ ਬਹਾ
ਤਾਂ ਜੋ ਤੈਨੂੰ ਇਹ ਪੱਕਾ ਨਿਸਚਾ ਹੋ ਜਾਵੇ
ਮੈਂ ਹਾਂ ਸਗਵਾਂ ਤੇਰਾ ।
ਮੇਰੇ ਇਸ ਪਾਰਦਰਸ਼ੀ ਸਰੂਪ ਨੂੰ ਪਕੜੋ ਬੰਨ੍ਹੋ
ਆਪਣੇ ਪ੍ਰੇਮ ਦੀਆਂ ਕੂਲੀਆਂ
ਰੇਸ਼ਮੀ ਰੱਸੀਆਂ ਨਾਲ ।
ਆਪਣੇ ਆਪੇ ਭਾਵ ਨੂੰ ਮੇਟ
ਮੇਰੇ ਅੰਕ ਸਮਾਉ
ਮੇਰੀ ਪਿਆਰੀ ਮੇਰਾ ਰੂਪ ਹੋ ਜਾਉ ।
ਰਾਧਾ ਪਿਆਰੀ ! ਮੇਰੀ ਜਿੰਦ ਦੀ ਜਾਨ
ਤੁਹਾਡਾ ਸੁੰਦਰ ਮੁੱਖੜਾ
ਜਿਸ ਦੀ ਚੰਦ ਤੋਂ ਵੱਧ ਹੈ ਸ਼ਾਨ
ਤੁਹਾਡੇ ਭਵਾਂ ਦੀ ਅਤਿ ਸੁੰਦਰ
ਤਿਖੀ ਜੋ ਕਮਾਨ
ਜਿਸ ਦੀ ਤਾਬਿਆ ਰਹਿੰਦਾ ਸਗਲ ਜਹਾਨ ।
ਤੁਹਾਡੀਆਂ ਮੀਢੀਆਂ ਕੁੰਡਲਦਾਰ
ਜਿਵੇਂ ਹੋਣ ਪਲਮਦੇ ਕਾਲੇ ਨਾਗ ।
ਜਿਸ ਨੂੰ ਡਸਿਆ ਤੁਹਾਡੀਆਂ ਜ਼ੁਲਫ਼ਾਂ ਪੇਚਦਾਰ
ਕਿਵੇਂ ਹੈ ਹੁਣ ਬਚ ਸਕਦਾ ਇਸ ਮਾਰ ਤੋਂ
ਇਕੋ ਹੈ ਬਸ ਰਾਹ
ਇਕੋ ਹੈ ਉਪਚਾਰ
ਤੁਹਾਡੀਆਂ ਯਾਕੂਤੀ ਬੁਲ੍ਹੀਆਂ ਨੂੰ ਚੁੰਮ ਕੇ
ਮਿਲੇ ਜੇ ਅੰਮ੍ਰਿਤ ਧਾਰ ।
ਰਾਧਾ ਪਿਆਰੀ ਹੁਣ ਨਾ ਹੋ ਉਦਾਸ ।
ਤੇਰੀ ਇਹ ਉਦਾਸੀ ਮੇਰੇ ਅੰਦਰ
ਤਿਖੀ ਪੀੜ ਜਗਾਵੇ ।
ਮੈਨੂੰ ਇਹ ਨਾ ਭਾਵੇ ।
ਉਠੋ ਪਿਆਰੀ ਆਉ ਵਿਚ ਹੁਲਾਸ ।
ਆਪਣੇ ਕੰਜ ਕੁਆਰੇ ਪ੍ਰੇਮ ਦਾ
ਖ਼ੁਸ਼ੀਆਂ ਭਰਿਆ ਮੀਂਹ ਬਰਸਾਉ
ਮੇਰੇ ਬਲਦੇ ਤਪਦੇ ਮਨ ਨੂੰ
ਆਪਣੀ ਪ੍ਰੇਮ ਦੀ ਛੁਹ ਸੰਗ ਹੁਣ
ਸ਼ਾਂਤ ਕਰ ਜਾਉ ।
ਮੇਰੇ ਵਲੋਂ ਆਪਣਾ ਮੂੰਹ ਨਾ ਮੋੜੋ
ਹੁਣ ਨਾ ਆਪਣੀ ਪ੍ਰੀਤ ਨੂੰ ਏਕਣ ਤੋੜੋ
ਮੈਨੂੰ ਓਪਰਾ ਨਾ ਹੁਣ ਜਾਣੋ
ਆਪਣਾ ਹੀ ਪਛਾਣੋ ।
ਛੱਡੋ ਇਹ ਹੁਣ ਓਪਰਿਆਂ ਵਾਲਾ ਵਿਹਾਰ
ਖੋਲ੍ਹੋ ਪ੍ਰੇਮ ਭੰਡਾਰ ।
ਵੇਖੋ, ਤੁਹਾਡੇ ਪ੍ਰੇਮ ਦੀ ਕਿੰਨੀ ਪ੍ਰਬਲ ਖਿਚ
ਲਿਆਈ ਜੋ ਮੈਨੂੰ ਅਰਸ਼ਾਂ ਤੋਂ ਉਤਾਰ
ਇਸ ਧਰਤ ਤੇ ।
ਜਾਣਾ ਮੈਂ ਵੀ ਤੁਹਾਡੇ ਦਿਲ ਦੀ ਸਾਰ ।
ਕਿਉਂ ਹੋ ਤੁਸੀਂ ਛੁਪਾਂਦੇ
ਤੁਹਾਡੇ ਦਿਲ ਵਿਚ ਹੈ ਸਮਾਇਆ ਮੇਰੇ ਲਈ
ਅਤਿ ਦਾ ਡੂੰਘਾ ਪਿਆਰ ।
ਇਸ ਲਈ ਹੁਣ ਹੋਰ ਨਾ ਸ਼ਰਮਾਉ
ਨਾ ਮੈਨੂੰ ਤਰਸਾਉ
ਰਾਧਾ ਪਿਆਰੀ ਮੇਰੀ ਜਿੰਦੜੀ !
ਮੇਰੀ ਹੀ ਹੋ ਜਾਉ ।
ਰਾਧਾ ਪਿਆਰੀ ਮੇਰੀ ਸੁੰਦਰ ਨਾਰ
ਤੇਰੇ ਬੁਲ੍ਹ ਨੇ ਲਾਲ ਯਾਕੂਤਾਂ ਹਾਰ
ਤੇਰੀਆਂ ਕੰਨਪਟੀਆਂ ਤੇ ਐਸੀ ਚਮਕ
ਜਿਵੇਂ ਖੇੜੇ ਵਿਚ ਮਹੂਏ ਦੇ ਫੁੱਲ ਹੋਵਣ
ਤੇਰੇ ਨੈਣਾਂ ਵਿਚ ਹੈ ਅਜਬ ਹੀ ਸ਼ਾਨ
ਜੋ ਦਸੇ ਤੇਰੇ ਅੰਦਰ ਦਾ ਸਵੈ-ਮਾਣ ।
ਤੇਰੇ ਦੰਦ ਰਸਾਲ
ਜਿਨ੍ਹਾਂ ਵਿਚੋਂ ਮਹਿਕ ਕਥੂਰੀ ਆਵੇ ।
ਤੇਰਾ ਨੱਕ ਸੁੰਦਰ ਜੋ ਖਿੜੇ
ਤਿਲਾਂ ਦੇ ਫੁੱਲਾਂ ਹਾਰ ।
ਕਾਮਦੇਵ ਨੇ ਜਿਤ ਲਿਆ ਹੈ
ਇਹ ਸਗਲਾ ਸੰਸਾਰ ।
ਉਸ ਨੂੰ ਸੁੰਦਰਤਾ ਨਾਲ ਹੈ ਅਤਿ ਦਾ ਪਿਆਰ,
ਜਿਸ ਦਾ ਤੂੰ ਹੈਂ ਸੁੰਦਰ ਰੂਪ ਅਨੂਪ
ਰਾਧਾ ਪਿਆਰੀ ਹੁਣ ਨਾ ਹੋਰ ਤਰਸਾਉ
ਮੇਰੀ ਹੀ ਹੋ ਜਾਉ ।
ਉਹ ਮੇਰੀ ਪਿਆਰੀ ਰਾਧਾ, ਜਿੰਦ ਦੀ ਜਾਨ ।
ਮੇਰੇ ਪ੍ਰਾਣ,
ਤੁਹਾਡੇ ਨੈਣਾਂ ਵਿਚ ਭਰੀ ਪਈ ਹੈ
ਤੁਹਾਡੀ ਆਤਮਾ ਸੰਦੀ ਸਾਰੀ ਸ਼ਾਨ ।
ਤੁਹਾਡਾ ਮੁੱਖੜਾ ਜਿਸ ਦੀ ਚੰਨ ਤੋਂ ਵੀ ਹੈ ਵਧੇਰੇ ਸ਼ਾਨ
ਤੁਹਾਡੀਆਂ ਜੰਘਾਂ ਕੇਲੇ ਦੇ ਸੁੰਦਰ ਤਣੇ ਸਮਾਨ
ਤੁਹਾਡੀ ਸੋਹਲ ਸੁੰਦਰਤਾ
ਜੋ ਹੈ, ਸੋਲਾਂ ਕਲਾਂ ਸੰਪੂਰਨ
ਜਿਸ ਦੀ ਸ਼ਾਨ ।
ਸੂਖਮ ਸੋਹਲ ਸਰੂਪ ।
ਅਦਭੁਤ ਅਤਿ ਅਨੂਪ ।
ਕਿਵੇਂ ਇਹ ਸੁੰਦਰਤਾ ਬਣੀ ਹੈ
ਇਸ ਧਰਤੀ ਦਾ ਸ਼ਿੰਗਾਰ ?
ਜਿਸ ਦਾ ਸਾਨੀ ਮੈਨੂੰ ਦਿਸੇ
ਕੇਵਲ ਦੇਵਤਿਆਂ ਦੇ ਵਿਚ ਸੰਸਾਰ ।
ਜੋ ਅਤਿ ਉਚੇ ਮੰਡਲਾਂ ਦੇ ਵਿਚ ਵਿਚਰਨ
ਰਾਧਾ ਮੇਰੇ ਪਿਆਰ ।
ਮੇਰਾ ਬਣੋ ਆਧਾਰ ।
ਹੋਰ ਨਾ ਹੁਣ ਹੋਰ ਤਰਸਾਉ
ਮੇਰੀ ਜਿੰਦੜੀ ਮੇਰੀ ਪਿਆਰੀ
ਮੇਰੇ ਅੰਕ ਸਮਾਉ ।
ਮੇਰੀ ਹੀ ਹੋ ਜਾਉ ।

ਨੌਂ

(ਬਨ ਦਾ ਦ੍ਰਿਸ਼ । ਰਾਧਾ ਹਾਲੀ ਵੀ ਲੁਛ
ਰਹੀ ਹੈ । ਸਖੀ ਆਉਂਦੀ ਹੈ ।)

ਸਖੀ :

ਰਾਧਾ ਪਿਆਰੀ ! ਸਖੀ ਨਿਆਰੀ ।
ਕਿਉਂ ਤੂੰ ਏਥੇ ਬੈਠੀ ?
ਜਦ ਕ੍ਰਿਸ਼ਨ ਨਿਆਰੇ ! ਪ੍ਰੀਤਮ ਪਿਆਰੇ !
ਏਥੋਂ ਹਨ ਸਿਧਾਰੇ ।
ਪਰੇ ਉਨ੍ਹਾਂ ਬਾਂਸਾਂ ਦੇ ਬਨ ਵਿਚ
ਜੋ ਹਨ ਜਾ ਪਧਾਰੇ ।
ਰਾਧਾ ਉਸ ਦੇ ਪਿਛੇ ਜਾਉ ।
ਜਿਸ ਦੇ ਬੋਲ ਸੰਗੀਤ ਲਹਿਰਦੇ
ਜਿਸ ਦੀ ਸ਼ਾਨ ਦੀ ਮਹਿਮਾ ਨਿਆਰੀ
ਜਾ ਉਸ ਪ੍ਰੇਮ ਨੂੰ ਪਾਉ ।
ਉਸੇ ਵਿਚ ਘੁਲ ਜਾਉ ।
ਰਾਧਾ ਆਪਣੇ ਪ੍ਰੀਤਮ ਦੇ ਅੰਕ ਸਮਾਉ ।
ਖੁਲ੍ਹੀਆਂ ਜੰਘਾਂ ਵਾਲੀ ਰਾਧਾ
ਪ੍ਰੇਮ ਭਰੇ ਹਿਕ ਉਭਾਰਾਂ ਵਾਲੀ ਸੁੰਦਰੀ ।
ਜਾਉ ਉਸ ਪ੍ਰੀਤਮ ਦੇ ਨੇੜੇ ਜਾਉ ।
ਜੋ ਉਸ ਬਨ ਵਿਚ ਘੁੰਮ ਰਿਹਾ ਹੈ
ਇਧਰ ਉਧਰ
ਕਦੇ ਦਿਸੇ ਕਦੀ ਛਿਪ ਜਾਵੇ,
ਰਾਧਾ ! ਉਠੋ ਪ੍ਰੀਤਮ ਵਲ ਜਾਉ ।
ਹੰਸ ਚਾਲ ਜਿਵੇਂ ਚਲੇ ਹੰਸਣੀ
ਤਿਵੇਂ ਸੰਗੀਤ ਦੀਆਂ ਲਹਿਰਾਂ
ਤੇਰੀ ਚਾਲ ਦੇ ਤਾਲ ਉਤੇ ਨਿਕਲਣ
ਮਿੱਠਾ ਪਿਆਰਾ ਇਹ ਸੰਗੀਤ
ਮਨ ਨੂੰ ਮੋਹੇ ।
ਕੋਇਲ ਜਿਥੇ ਬੋਲੇ ਉਸ ਬਿਰਛਾਂ ਦੀ ਝੰਗੀ ਅੰਦਰ
ਉਸ ਪ੍ਰੀਤਮ ਦਾ ਵਾਸਾ
ਜਾਉ ਉਥੇ ਜਾਉ, ਉਸ ਦੀ ਸ਼ਰਨ ਆਸਰੇ ਅੰਦਰ
ਪ੍ਰੇਮ ਦੀ ਜੋਤ ਜਗਾਉ ।
ਰਾਧਾ ਪਿਆਰੀ !
ਆਪਣੇ ਪ੍ਰੀਤਮ ਦੇ ਅੰਕ ਸਮਾਉ ।
ਸੁਣੋ ਕਿਵੇਂ ਉਸ ਦੀ ਮਧੂ-ਬੰਸੀ
ਅਨਹਦ ਨਾਦ ਸੁਣਾਏ ।
ਜਿਸ ਨੇ ਸੈਆਂ ਗੋਪੀਆਂ ਦੇ ਮਨ ਨੂੰ ਮੋਹਿਆ
ਲਹਿਰ ਲਹਿਰ ਸੰਗੀਤ ਗੁੰਜਾਏ
ਮਧੂਬਨ ਵਿਚ ਸੰਗੀਤ ਰਮਾਏ ।
ਰਾਧਾ ਤੂੰ ਦੇਵਾਂ ਨੂੰ ਜਿਤਣਹਾਰੀ
ਪਰ ਪ੍ਰੇਮ ਨੇ ਤੇਰੇ ਮਨ ਨੂੰ ਜਿਤਿਆ
ਮੈਂ ਜਾਵਾਂ ਤੈਥੋਂ ਬਲਿਹਾਰੀ ।
ਪਿਆਰੀ ਰਾਧਾ ਉਠੋ ਛੇਤੀ ਜਾਉ
ਆਪਣੇ ਪ੍ਰੀਤਮ ਪਿਆਰੇ ਦੇ
ਜਾ ਕੇ ਅੰਕ ਸਮਾਉ ।
ਉਹ ਵੇਖ ਉਸ ਦੇ ਹੱਥ ਪਿਆਰੇ
ਤੈਨੂੰ ਕਰਨ ਇਸ਼ਾਰੇ
ਨਾਲ ਸੰਕੇਤਾਂ ਪਏ ਬੁਲਾਂਦੇ
ਜਿਵੇਂ ਹੋਣ ਬਨ ਦੀਆਂ ਕੋਮਲ ਵੇਲਾਂ
ਜਿਨ੍ਹਾਂ ਦੀਆਂ ਪੱਤੀਆਂ ਅਤਿ ਸੁੰਦਰ
ਪਵਨ ਲਹਿਰਾਂ ਨੂੰ ਛੁੰਹਦੀਆਂ
ਮਟਕ ਹੁਲਾਰੇ ਲੈਂਦੀਆਂ ।
ਉਹ ਰਾਧਾ ਅਭਿਮਾਨੀ
ਤੇਰੀ ਪ੍ਰੀਤ ਦੀ ਅਜਬ ਨਿਸ਼ਾਨੀ
ਸੁਹਲ ਸੁੰਦਰਤਾ ਵਿਚ ਮੱਦ-ਮਾਤੀ
ਹੋਵੋ ਤੁਸੀਂ ਹੁਣ ਨਿਰਬੰਧਨ
ਦਿਉ ਭੁਲਾ ਦੁਨੀਆਂ ਦੇ ਝੇੜੇ
ਸੰਗ ਸੰਕੋਚ ਨੂੰ ਦੂਰ ਹਟਾਉ ।

ਰਾਧਾ ਪਿਆਰੀ ! ਸਖੀ ਨਿਆਰੀ ।
ਆਪਣਾ ਪ੍ਰੀਤਮ ਪਾਉ ।
ਉਸ ਦੇ ਅੰਕ ਸਮਾਉ ।
ਆ ਗਈ ਸੰਯੋਗ ਘੜੀ ਹੁਣ
ਮਨ ਆਪਣੇ ਤਾਂਈਂ ਜਗਾਉ ।
ਜਾ ਪ੍ਰੀਤਮ ਦੇ ਅੰਕ ਸਮਾਉ ।
ਤੁਹਾਡਾ ਸੁੰਦਰ ਸੁਹਲ ਸਰੀਰ
ਕੀਤਾ ਜਿਸ ਸ਼ਿੰਗਾਰ,
ਅਹਿਲ ਜਵਾਨੀ
ਸੂਹੇ ਗੁਲਾਬਾਂ ਦੇ ਖੇੜੇ ਹਾਰ
ਜਿਸ ਦੇ ਕਣ ਕਣ ਅੰਦਰ
ਸ਼ਹਿਦ ਦੀ ਭਰੀ ਮਿਠਾਸ
ਜਿਸ ਦੇ ਰੋਮ ਰੋਮ ਵਿਚ
ਖ਼ੁਸ਼ੀਆਂ ਕਰਦੀਆਂ ਨਾਚ ।
ਦਿਲ ਦੀਆਂ ਸੂਖਮ ਖ਼ੁਸ਼ੀ ਤਰੰਗਾਂ
ਲਹਿਰ ਲਹਿਰ ਕੇ ਏਦਾਂ ਕਰਨ ਪਸਾਰ
ਤੁਹਾਡੇ ਲੱਕ ਦੀ ਪੇਟੀ ਦੇ ਨਿੱਕੇ ਘੁੰਗਰੂ
ਗੂੰਜਣ ਵਿਚ ਝੁਣਕਾਰ ।
ਮਸਤੀ ਭਰੀਆਂ ਪ੍ਰੇਮ ਲਹਿਰਾਂ ਦੀ
ਅਦਭੁਤ ਦਿਸੇ ਕਾਰ ।
ਛਲਕੇ ਸੰਗੀਤ ਲਹਿਰ ਦੇ ਵਾਂਗਰ
ਜੋ ਵਿਚ ਪਿਆਰ ।
ਉਹ ਸੁੰਦਰਤਾ ਦੇ ਮੌਨ ਹਰਸ਼ ਸਰੂਪ,
ਮਹਿਮਾ ਤੇਰੀ ਅਨੂਪ ।
ਆਪਣੇ ਪ੍ਰੇਮ ਦੀ ਤਾਰ ਜਗਾਉ
ਆਪਣੀਆਂ ਸੁਹਲ ਕਲਾਈਆਂ
ਵਾਲੇ ਜੜਾਊ ਗਜਰੇ
ਇਸ ਤਰ੍ਹਾਂ ਛਣਕਾਉ
ਮਧੁਰ ਗੀਤ ਦੀ ਲਹਿਰ ਜੋ ਉਭਰੇ
ਪ੍ਰੀਤਮ ਦੇ ਜਾ ਗਲੇ ਲਗਾਉ ।
ਉਸ ਦੇ ਅੰਕ ਸਮਾਉ ।
ਉਹ ਪ੍ਰੇਮ ਦੀ ਜਗਦੀ ਜੋਤੀ
ਮਘਦੀ ਮੂਰਤ
ਤੇਰਾ ਦਿਲ ਹੀ ਨਹੀਂ ਪ੍ਰੀਤ ਲਈ ਲੁਛਦਾ
ਸਿਸਕੇ, ਤੜਪੇ, ਤੈਨੂੰ ਲੋਚੇ
ਤੇਰੇ ਵਾਂਗ ਹੀ ਦਿਲ ਤੇਰੇ ਪ੍ਰੀਤਮ ਦਾ ।
ਵੇਖ ਆਪਣੀ ਹੋਂਦ ਦੀ ਇਕੱਲ ਵਿਚ
ਉਹ ਕਿਵੇਂ ਬਨ ਵਿਚ ਬੈਠਾ
ਜਿਸ ਦੇ ਗਿਰਦੇ ਹੈ ਪਸਰਿਆ
ਅੰਧਕਾਰ ਤੇ ਹਨੇਰਾ
ਉਸ ਦੇ ਦਿਲ ਦੀ ਇਕੱਲ ਦਾ ।
ਉਹ ਇਸ ਭੇਦ ਨੂੰ ਜਾਣੇ
ਪ੍ਰੀਤ ਦੀ ਰਮਣ ਪਛਾਣੇ
ਛਿਪ ਨਹੀਂ ਸਕਦਾ ਉਸ ਦੇ ਕੋਲੋਂ
ਭੇਦ ਇਹ ਤੇਰੇ ਪਿਆਰ ਦਾ
ਜਿਸ ਦੀ ਤੂੰ ਨਾ ਜਾਣੇ ਸਾਰ ।
ਜਿਸ ਨੂੰ ਉਸ ਦਾ ਪਿਆਰ
ਲਗੇ ਇਕ ਭਾਰ ।
ਪਰ ਉਹ ਸਦਾ ਇਹ ਲੋਚੇ ਆਪਣੇ ਦਿਲ ਵਿਚ
ਸਦਾ ਇਹ ਚਾਹੇ,
ਕਦੋਂ ਉਸ ਦੀ ਰਾਧਾ ਪਿਆਰੀ ਉਸ ਕੋਲ ਆਏ
ਆਪਣੇ ਮਿੱਠੜੇ ਗੀਤਾਂ ਵਰਗੇ ਬੋਲਾਂ ਨਾਲ
ਉਸ ਦੇ ਮਨ ਨੂੰ ਟੁੰਬ ਜਗਾਏ ।
ਤੇਰੇ ਪ੍ਰੇਮ ਵਿਚ ਪਿਘਲੇ
ਇਸ ਕਾਂਇਆਂ ਦੀ ਸੂਖਮ ਛੁਹ ਨੂੰ ਅਨੁਭਵ ਕਰਕੇ
ਉਹ ਫਿਰ ਕੰਬ ਕੰਬ ਜਾਏ ।
ਦਿਲ ਵਿਚ ਉਠਣ ਪ੍ਰੇਮ ਤਰੰਗਾਂ
ਕਿਵੇਂ ਉਨ੍ਹਾਂ ਦੀਆਂ ਚੰਚਲ ਲਹਿਰਾਂ ਨੂੰ
ਉਹ ਹੁਣ ਆਪਣੇ ਹਿਰਦੇ ਵਿਚ ਲੁਕਾਏ ।
ਸੰਯੋਗ ਘੜੀ ਦੇ ਮਿੱਠੇ ਪਿਆਰੇ
ਮੇਲ ਅਨੰਦ ਨੂੰ
ਉਹ ਵੀ ਤੇਰੇ ਵਾਂਗ ਹੀ ਚਾਹਵੇ ।
ਤੇਰੇ ਵਿਚ ਧਿਆਨ ਮਗਨ ਹੈ
ਵਿਚ ਕਲਪਨਾ ਇੰਝ ਚਿਤਵਦਾ
ਜਿਵੇਂ ਤੂੰ ਹੋਵੇਂ ਆਈ, ਉਡੀਕੇ, ਬਾਹਰਵਾਰ
ਉਸ ਦੇ ਖੜ ਕੇ ਦਵਾਰ ।
ਉਹ ਵੀ ਦੌੜ ਕੇ ਬਾਹਰ ਬੂਹੇ ਵਲ ਨੂੰ ਆਵੇ
ਤੇਰੇ ਵਿਚ ਸੁਆਗਤ ਨਸ ਕੇ ਧਾਵੇ ।
ਕੰਬੇ ਵਿਚ ਫਿਰ ਪ੍ਰੇਮ ਕੰਬਣੀ
ਸਾਰੀ ਉਸ ਦੀ ਕਾਂਇਆਂ
ਜਿਵੇਂ ਅੰਦਰੋਂ ਵੇਗ ਇਕ ਉਛਲੇ
ਤੈਨੂੰ ਵਿਚ ਧਿਆਨ ਲਿਆਇਆਂ ।
ਇਵੇਂ ਹੀ ਉਹ ਤੈਨੂੰ ਕਲਪੇ
ਵਿਚ ਧਿਆਨ ਜਗਾਵੇ
ਪ੍ਰੇਮ ਅਨੰਦ ਵਿਚ ਇੰਝ ਗੁਆਚੇ
ਮਸਤਾਨਾ ਹੋ ਹੋ ਜਾਵੇ ।
ਉਹ ਸ਼ਰਧਾ ਪ੍ਰੇਮ 'ਚ ਰੱਤੀ ਰਾਧਾ ।
ਮੇਰੀ ਸਖੀ ਨਿਆਰੀ !
ਉਠੋ ਪ੍ਰੀਤਮ ਦੇ ਅੰਕ ਸਮਾਉ
ਜਾਵਾਂ ਤੈਥੋਂ ਵਾਰੀ ।

ਰਾਧਾ ਪਿਆਰੀ ! ਸਖੀ ਨਿਆਰੀ ।
ਸੰਝ ਹਨੇਰਾ ਛਾਏ ।
ਇਸ ਸਗਲ ਸ੍ਰਿਸ਼ਟੀ ਤਾਂਈਂ
ਆਪਣੀ ਬੁਕਲ ਵਿਚ ਛੁਪਾਏ ।
ਪ੍ਰੀਤਮ ਪਿਆਰਾ ਥੱਕਿਆ ਥੱਕਿਆ
ਸਾਰਾ ਦਿਨ ਹੈ ਕੀਤਾ ਉਸ ਨੇ ਅਜਬ ਵਿਹਾਰ
ਉਸ ਨੂੰ ਦਬ ਲਿਆ ਹੈ ਸਖੀਏ
ਸੈਆਂ ਸੰਸਿਆਂ ਦੇ ਭਾਰ ।
ਸੈਆਂ ਨਾਰਾਂ ਦੇ ਕੰਵਲ ਨੈਣਾਂ ਨੂੰ
ਉਸ ਆਪਣੀਆਂ ਉਂਗਲਾਂ ਨਾਲ
ਕੱਜਲ ਹੈ ਪਾਇਆ ।
ਤਮਲ-ਫੁੱਲਾਂ ਦੀਆਂ ਵਾਲੀਆਂ ਨਾਲ ਉਸ
ਸੈਆਂ ਨਾਰਾਂ ਦੇ ਕੰਨਾਂ ਤਾਂਈਂ ਸਜਾਇਆ ।
ਸੈਆਂ ਨਾਰਾਂ ਜੋ ਉਸ ਕੋਲੋਂ ਦੂਰ ਨਸ ਨਸ ਜਾਵਣ
ਉਨ੍ਹਾਂ ਨੂੰ ਉਸ ਨੇ ਸੀ ਫੜਿਆ
ਆਪਣੇ ਕੋਲ ਬਹਾਇਆ ।
ਫੁੱਲ ਬਨਫ਼ਸ਼ੇ ਦੇ ਹਾਰ ਬਣਾ ਕੇ
ਉਨ੍ਹਾਂ ਦੇ ਸੁਹਲ ਗਲਾਂ ਵਿਚ ਸੀ ਪਾਇਆ ।

ਰਾਧਾ ਪਿਆਰੀ ! ਸਖੀ ਨਿਆਰੀ ।
ਪ੍ਰੇਮ ਭਗਤਣੀ ਸ਼ਰਧਾ ਸਾਰੀ ।
ਰੈਣ ਅੰਧਿਆਰੀ, ਛਾ ਗਈ ਸਾਰੇ
ਜਿਸ ਦਾ ਊਦਾ ਰੰਗ ਤਮਲ-ਪੱਤੀਆਂ ਤੋਂ ਵੀ ਗੂੜ੍ਹਾ ਨੀਲਾ
ਉਸ ਦੇ ਮਿਲਣ ਸਥਾਨ ਨੂੰ ਢੂੰਡ ਰਹੇ ਜੋ ਪਿਆਰੇ
ਕਰ ਰਹੇ ਭਾਲ ਉਨ੍ਹਾਂ ਦੇ ਗਲਾਂ ਵਿਚ ਲਟਕਣ
ਚਾਨਣ ਦੇ ਹਾਰ ।
ਚਾਨਣ ਫੁੱਲਾਂ ਨਾਲ ਪਰੁੱਚੇ
ਲਟਕਣ ਵੇਲਾਂ ਹਾਰ ।
ਉਨ੍ਹਾਂ ਗਿਰਦੇ ਘੁੰਮਦਾ ਚਾਨਣ-ਘੇਰ ਦਾ ਪਰਿਵਾਰ
ਜਿਸ ਤੋਂ ਤੀਰ ਅੰਗਾਰੇ
ਛੁਟਦੇ ਵਿਚ ਪਸਾਰ ।
ਸਾਂਗਾਂ ਵਾਂਗ ਜੋ ਸੱਲ ਲਗਾਂਦੇ
ਖਨਿਉਂ ਤਿਖੀ ਹੋਵੇ ਜਿਨ੍ਹਾਂ ਦੀ ਧਾਰ ।
ਇਹ ਮੋਤੀਆਂ ਦੀਆਂ ਲੜੀਆਂ
ਤਾਰਿਆਂ ਜੜੀਆਂ
ਜਿਨ੍ਹਾਂ ਦੀ ਚਮਕ ਅਪਾਰ ।
ਦਸੇ ਜੋ ਪ੍ਰੀਤਮ ਦੀ ਹੋਂਦ
ਇਸ ਵਿਚ ਵਿਸ਼ਾਲ ਅਨੰਤ ਪਸਾਰ ।
ਚਮਕੇ ਜੋ ਏਦਾਂ ਜਿਵੇਂ ਕਸਵਟੀ ਉਤੇ ਚਮਕੇ
ਖਰੇ ਸੋਨੇ ਦੀ ਤਾਰ ।

(ਰਾਧਾ ਅਤੇ ਸਖੀ ਬਨ ਵਿਚ ਕ੍ਰਿਸ਼ਨ ਜੀ ਦੇ
ਦਵਾਰ ਉਤੇ ਪੁਜ ਜਾਂਦੀਆਂ ਹਨ । ਉਸ ਦੇ
ਰਤਨਾਂ ਦੀ ਚਮਕ ਚੁੰਧਿਆ ਦੇਣ ਵਾਲੀ ਹੈ ।
ਸਖੀ ਉਸ ਦੀ ਸ਼ਾਨ ਨੂੰ ਵੇਖ ਕੇ ਚਕਾ ਚੌਂਧ
ਹੋ ਜਾਂਦੀ ਹੈ ।)

ਸਖੀ :

ਰਾਧਾ ਪਿਆਰੀ ! ਸਖੀ ਨਿਆਰੀ ।
ਸੁੰਦਰਤਾ ਦੀ ਇਸ ਝੰਗੀ ਅੰਦਰ
ਉਸ ਪ੍ਰੀਤਮ ਨੂੰ ਪਾਉ ।
ਤੇਰਾ ਮੁੱਖੜਾ ਦਮਕ ਰਿਹਾ ਹੈ
ਉਸ ਦੇ ਅੰਦਰ ਪਿਆਰ ।
ਤੇਰੇ ਸੀਨੇ ਉਪਰ ਲਟਕੇ
ਮਹਾਂ ਅਨੰਦ ਦਾ ਹਾਰ ।
ਅਸ਼ੋਕ ਬਿਰਛ ਦੀਆਂ ਨਵ ਪੱਤੀਆਂ ਦੀ
ਭਿੰਨੀ ਮਹਿਕ ਅਪਾਰ,
ਉਸ ਪ੍ਰੀਤਮ ਨੂੰ ਪਾਉ ਜਾ ਕੇ
ਮਾਣੋ ਉਸ ਦਾ ਪਿਆਰ ।

ਰਾਧਾ ਪਿਆਰੀ ! ਸਖੀ ਨਿਆਰੀ ।
ਤੇਰਾ ਤਨ ਹੈ ਪੁਸ਼ਪਾਂ ਦਾ ਆਕਾਰ ।
ਜਿਸ ਵਿਚ ਖਿੜੀ ਬਸੰਤ ਬਹਾਰ ।
ਉਸ ਪ੍ਰੀਤਮ ਦੇ ਅੰਕ ਸਮਾਉ
ਮਾਣੋ ਉਸ ਦਾ ਪਿਆਰ ।

ਰਾਧਾ ਪਿਆਰੀ ! ਸਖੀ ਨਿਆਰੀ ।
ਅਤਿ ਸੁੰਦਰ ਮਨਮੋਹਣੇ ਗੀਤ ਦੇ ਹਾਰ ।
ਹੈ ਤੇਰਾ ਇਹ ਸੁੰਦਰ ਰੂਪ ਆਕਾਰ ।
ਨਿਸ਼ਚੇ ਤੇ ਵਿਸ਼ਵਾਸ ਦੇ ਕੁੰਜ ਗੋਸ਼ੇ
ਜਿਥੇ ਚੰਨਣ-ਭਿੰਨੀ ਪਵਨ ਦੀ ਮਹਿਕਾਰ ।
ਜਾਉ ਉਥੇ ਆਪਣਾ ਪ੍ਰੀਤਮ ਪਾਉ ।
ਉਸ ਦੇ ਅੰਕ ਸਮਾਉ ।
ਉਸੇ ਦੀ ਹੋ ਜਾਉ ।
ਇਸ ਰਮਣੀਕ ਸਥਾਨ ਤੇ
ਜਿਥੇ ਸੈਆਂ ਵੇਲਾਂ ਦੀਆਂ ਛਾਵਾਂ ਦਾ
ਅੰਤ ਨਾ ਪਾਰਾਵਾਰ ।
ਉਥੇ ਜਾ ਕੇ ਪਾਉ ਆਪਣਾ ਪਿਆਰ ।
ਪ੍ਰੀਤਮ ਦੇ ਅੰਕ ਸਮਾਉ ।
ਰਾਧਾ ਪਿਆਰੀ ! ਸਖੀ ਨਿਆਰੀ ।
ਉਸੇ ਦੀ ਹੋ ਜਾਉ ।

ਰਾਧਾ ਪਿਆਰੀ ! ਸਖੀ ਨਿਆਰੀ ।
ਉਸ ਦੇ ਸੁੰਦਰ ਨਾਮ ਦੇ ਰੰਗ ਰਸ ਮਾਤੀ ।
ਇਨ੍ਹਾਂ ਬਨਾਂ ਦੇ ਅੰਦਰ ਵਸਿਆ ਤੁਹਾਡਾ ਪਿਆਰ ।
ਜਿਥੇ ਸੈਆਂ ਮਧੂ-ਮੱਖੀਆਂ ਨੇ
ਰਟਿਆ ਉਸ ਦਾ ਨਾਮ
ਮਿੱਠੀ ਹੈ ਗੁੰਜਾਰ
ਫੁੱਲ ਜੋਬਨ ਤੇ ਜਿਹੜੇ ਹਨ ਵਿਚ ਹੁਲਾਰ,
ਉਨ੍ਹਾਂ ਕੰਨੀਂ ਗੂੰਜ ਰਹੀ ਹੈ
ਨਾਮ ਗੀਤ ਦੀ ਤਾਰ ।
ਉਥੇ ਜਾਕੇ ਰਾਧਾ ਪਿਆਰੀ
ਪਾਉ ਆਪਣਾ ਪਿਆਰ ।
ਪ੍ਰੀਤਮ ਦੇ ਅੰਕ ਸਮਾਉ ।
ਉਸੇ ਦੀ ਹੋ ਜਾਉ ।

ਰਾਧਾ ਪਿਆਰੀ ! ਸਖੀ ਨਿਆਰੀ ।
ਤੁਹਾਡੇ ਸੁੰਦਰ ਦੰਤ ਰਸਾਲ
ਚਮਕਣ ਰਤਨਾਂ ਹਾਰ ।
ਇਸ ਬਨ ਵਿਚ ਜਿਥੇ ਸੈਅ ਕੋਇਲਾਂ
ਸੁੰਦਰ ਨਾਮ ਉਸੇ ਦਾ ਜਪਦੀਆਂ ਜਾਪ
ਪੀਵਣ ਅੰਮ੍ਰਿਤ ਧਾਰ ।
ਉਥੇ ਜਾਕੇ ਪਾਉ ਆਪਣਾ ਪਿਆਰ ।
ਪ੍ਰੀਤਮ ਦੇ ਅੰਕ ਸਮਾਉ ।
ਉਸੇ ਦੀ ਹੋ ਜਾਉ ।

ਰਾਧਾ ਪਿਆਰੀ ! ਸਖੀ ਨਿਆਰੀ ।
ਡਰ ਨਾ ਪ੍ਰੀਤਮ ਕੋਲੋਂ ।
ਕ੍ਰਿਸ਼ਨ ਆਪਣੇ ਨਾਮ ਦਾ ਪਿਆਸਾ
ਜਿਸ ਦੀ ਵਹਿੰਦੀ
ਤੇਰੀਆਂ ਬੁਲ੍ਹੀਆਂ ਉਤੇ ਕੋਮਲ ਅੰਮ੍ਰਿਤ ਧਾਰ ।
ਉਸ ਦਾ ਮਨ ਤਨ ਹੁਟਿਆ ਤੇ ਥਕਿਆ
ਤ੍ਰਿਸ਼ਨਾ ਅਗਨੀ ਜੋ ਫੈਲੀ ਵਿਚ ਸੰਸਾਰ ।
ਉਸ ਨੇ ਦਿੱਤਾ ਉਸ ਦੇ ਮਨ ਨੂੰ ਸਾੜ
ਪੀਣਾ ਚਾਹੇ ਰਾਧਾ ਪਿਆਰ ।
ਉਹ ਹੁਣ ਨਾਮ ਰੂਪ ਦੀ ਅੰਮ੍ਰਿਤ ਧਾਰ ।
ਜੋ ਸਕਦੀ ਹੈ ਉਸ ਦੇ ਤਪਦੇ ਮਨ ਨੂੰ ਠਾਰ ।
ਇਕ ਪਲ, ਇਕ ਛਿਣ ਦਾ ਇਹ ਸੰਯੋਗੀ ਮੇਲ
ਰਾਧਾ ਹੈ ਇਹ ਨਹੀਂ ਕੋਈ ਖੇਲ ।
ਨਾ ਹੈ ਇਹ ਕੋਈ ਪ੍ਰੇਮ ਕਲੋਲ ਦਾ ਕੇਲ
ਹੈ ਇਹ ਇਕ ਸੰਯੋਗੀ ਮੇਲ ।
ਜਾਉ ਆਪਣਾ ਪ੍ਰੇਮ ਧਿਆਉ ।
ਪ੍ਰੀਤਮ ਦੇ ਅੰਕ ਸਮਾਉ ।
ਇਕ ਰੂਪ ਹੋ ਜਾਉ ।

(ਰਾਧਾ ਆਪਣੀ ਆਤਮਾ ਦੇ ਇਕਾਂਤ ਕੁੰਜ
ਵਿਚ ਪ੍ਰਵੇਸ਼ ਕਰਦੀ ਹੈ । ਉਸ ਦੇ ਪੈਰਾਂ
ਦੀਆਂ ਝਾਂਜਰਾਂ ਸੰਗੀਤ ਅਲਾਪ ਰਹੀਆਂ
ਹਨ ਅਤੇ ਉਸ ਦੇ ਨੈਣਾਂ ਵਿਚ ਦਰਸ਼ਨ ਦਾ
ਅਕਹਿ ਅਨੰਦ ਪ੍ਰਵਾਹਤ ਹੋ ਰਿਹਾ ਹੈ । ਸ਼੍ਰੀ
ਕ੍ਰਿਸ਼ਨ ਜੀ ਉਸ ਦੇ ਸਨਮੁਖ ਬਿਰਾਜਮਾਨ
ਹਨ ਅਤੇ ਉਸ ਦੀ ਆਤਮਾ ਦਰਸ਼ਨ ਦੇ
ਪਰਮ ਸੁੰਦਰ ਸਰੂਪ ਨੂੰ ਧਿਆਨ ਮਗਨ
ਨਿਹਾਰ ਰਹੀ ਹੈ ।)

(ਰਾਧਾ ਇਹ ਗੀਤ ਆਪਣੇ ਨੈਣਾਂ ਨਾਲ
ਗਾਉਂਦੀ ਹੈ ।)

ਰਾਧਾ :

ਪ੍ਰੀਤਮ ਪਿਆਰੇ ! ਮੇਰੇ ਪ੍ਰਾਣ ਅਧਾਰੇ !
ਕਰਦੇ ਹੋ ਤੁਸੀਂ ਮੈਂ ਨਿਰਬਲ ਨੂੰ ਪਿਆਰ ।
ਕੇਵਲ ਮੈਂ ਨਿਰਬਲ ਨੂੰ ਪਿਆਰ ।
ਮੈਨੂੰ ਮਿਲਣ ਦੀ ਤੁਹਾਡੇ ਮਨ ਵਿਚ ਤੀਬਰ ਲੋਚਾ
ਕਰ ਰਹੇ ਸੀ ਤੁਸੀਂ ਮੇਰਾ ਹੀ ਇੰਤਜ਼ਾਰ ।
ਪ੍ਰੀਤਮ ਪ੍ਰੇਮ ਦੀ ਖਿਚ ਅਪਾਰ ।
ਮੈਨੂੰ ਤੱਕ ਕੇ ਤੁਹਾਡਾ ਸੁੰਦਰ ਮੁੱਖੜਾ
ਚਮਕ ਉਠਿਆ ਹੈ ਵਿਚ ਪਿਆਰ
ਜਾਵਾਂ ਮੈਂ ਬਲਿਹਾਰ ।
ਤੁਹਾਡੇ ਮਿੱਠੇ ਬੈਣਾਂ ਤੋਂ ਕਾਮਦੇਵ ਨੇ ਚੁਰਾਏ ਬਾਣ
ਕੱਸੀ ਫੁੱਲਾਂ ਦੀ ਕਮਾਨ
ਤੀਰ ਚਲਾਏ ਚਾਰ ਚੁਫੇਰੇ
ਰੰਗਦਾਰ ਕਮਾਨ 'ਚੋਂ ਛੱਡੇ ਐਸੇ ਬਾਣ
ਵਿੰਨ੍ਹੇ ਗਏ ਪ੍ਰੇਮ ਪੀੜਾਂ ਵਿਚ
ਸੈਆਂ ਦਿਲ ਜਵਾਨ ।
ਪ੍ਰੀਤਮ ਪਿਆਰੇ !
ਜਿਦਾਂ ਮਹਾਂ ਸਾਗਰ ਵਿਚ ਚੰਦਰ ਲਏ ਹੁਲਾਰੇ
ਤੁਹਾਡੇ ਦਿਲ ਸਾਗਰ ਦੇ ਅੰਦਰ
ਏਦਾਂ ਪਿਆਰ ਮੇਰਾ ਹੀ ਠਾਠਾਂ ਮਾਰੇ ।
ਜਿਸ ਨੇ ਮੇਰੀ ਰੂਹ ਨੂੰ ਦਿਤੇ ਪਰਮ ਹੁਲਾਰੇ ।
ਪ੍ਰੀਤਮ ਪਿਆਰੇ ! ਮੇਰੇ ਪ੍ਰੇਮ ਦੁਲਾਰੇ,
ਜਾਵਾਂ ਮੈਂ ਬਲਿਹਾਰੇ ।
ਤੁਹਾਡੇ ਸੀਨੇ ਉਪਰ ਜਿਹੜਾ ਰਤਨਾਂ ਜੜਿਆ ਹਾਰ
ਲਟਕੇ ਜੋ ਗਰਦਨ ਦੇ ਗਿਰਦੇ
ਜਿਸ ਦਾ ਗੋਡਿਆਂ ਤਕ ਹੈ ਮਹਾਂ-ਪਸਾਰ ।
ਜਾਪੇ ਜਮਨਾ ਦੀ ਵਿਚ ਨੀਲੀ ਧਾਰ
ਲਹਿਰਾਂ ਦੇ ਵਿਚ ਇੰਝ ਲਏ ਹੁਲਾਰ,
ਜਿਦਾਂ ਤਰ ਰਿਹਾ ਹੋਵੇ ਲਹਿਰਾਂ ਉਪਰ
ਕੋਈ ਰਾਜਹੰਸ ਅਵਤਾਰ ।
ਪ੍ਰੀਤਮ ਪਿਆਰੇ !
ਤੁਹਾਡੀ ਅਤਿ ਮਨਮੋਹਣੀ ਕਾਂਇਆਂ
ਦਾ ਜੋ ਸੂਖਮ ਆਕਾਰ
ਉਸ ਤੋਂ ਪਸਰ ਰਿਹਾ ਹੈ
ਮਹਾਂ ਨੂਰਾਂ ਦਾ ਪਸਾਰ ।
ਅਤਿ ਪਵਿੱਤਰ ਨਿਰਮਲ ਹੈ
ਅਨੀਲ ਰੂਪ ਅਪਾਰ ।
ਤੁਹਾਡੇ ਸੋਨ ਸੁਨਹਿਰੀ ਬਸਤਰ
ਉਪਮਾ ਜਿਸ ਦੀ ਕਥਨੋਂ ਬਾਹਰ
ਚਾਨਣ ਰਹੇ ਪਸਾਰ ।
ਤੁਸੀਂ ਹੋ ਨੀਲ ਕੰਵਲ ਸਮਾਨ
ਪਾਰਦਰਸ਼ੀ ਆਤਮ ਰਸ
ਵਿਚ ਜੋ ਲਏ ਹੁਲਾਰੇ ।
ਉਪਮਾ ਜਿਸ ਦੀ ਹੈ ਮਹਾਨ ।
ਜਿਸ ਦੀਆਂ ਜੜ੍ਹਾਂ ਦੂਰ ਹਨ ਗੱਡੀਆਂ
ਵਿਚ ਸੁਨਹਿਰੀ ਰੇਤ ਕਣਾਂ ਵਿਚ
ਟਿਕਿਆ ਹੈ ਜੋ ਵਿਚ ਉਚ ਅਸਮਾਨ
ਸਭ ਦੇ ਸਿਰ ਉਪਰ ਜੋ ਲਹਿਰੇ
ਨੀਲੇ ਛਤਰ ਸਮਾਨ ।
ਨੈਣ ਤੁਹਾਡੇ ਰਮਜ਼ਾਂ ਲੱਦੇ
ਨੀਲੇ ਛੰਭ ਵਿਚ ਜਿਵੇਂ ਵਿਚਰਦੇ
ਨੀਲੀਆਂ ਧੌਣਾਂ ਵਾਲੇ ਪੰਛੀ
ਕੰਵਲ-ਡੰਡੀਆਂ ਨੂੰ ਜੋ ਚੁੰਝਾਂ ਨਾਲ ਹੁਲਾਰਨ
ਕਰਦੇ ਪਰੇਮ ਕਲੋਲ ।
ਤੁਹਾਡੇ ਬੁਲ੍ਹ ਹਨ ਪਰੇਮ ਤ੍ਰਿਹਾਏ
ਲੋਚਣ ਜੋ ਪੀਣੀ ਅੰਮ੍ਰਿਤ ਧਾਰ
ਚੁੰਮ ਕੇ ਮੇਰੇ ਹੋਠਾਂ ਤਾਂਈਂ
ਜਿਨ੍ਹਾਂ ਉਤੇ ਵਸ ਰਹੀ ਹੈ
ਆਪ ਮੁਹਾਰੇ ਰਸ ਅੰਮ੍ਰਿਤ ਫੁਹਾਰ ।
ਤੁਹਾਡੇ ਮਨਮੋਹਣੇ ਮੁੱਖੜੇ ਦਾ
ਇਹ ਜੋ ਗੁਝਾ ਹਾਸਾ ਤੇ ਮੁਸਕਾਨ
ਜੀਵਨ ਦੇ ਅਤਿ ਸੂਖਮ ਰੂਪ ਦੀ
ਦਸਦਾ ਹੈ ਪਛਾਣ ।
ਕੀ ਹੈ ਜੀਵਨ ? ਕੀ ਹੈ ਇਸ ਦੀ ਸ਼ਕਤੀ ?
ਕੀ ਹੈ ਇਸ ਦਾ ਰਹੱਸ ਮਹਾਨ ?
ਤੁਹਾਡੇ ਕੰਵਲ ਮੁੱਖੜੇ ਦੇ ਗਿਰਦੇ
ਕੰਨਾਂ ਦੇ ਜੋ ਵਾਲੇ
ਚਮਕਣ ਕਵੀ ਸਮਾਨ
ਸੁੰਦਰ ਕੁੰਡਲ ਕੇਸਾਂ ਦੇ
ਕਾਲੀ ਘਟਾ ਹਾਰ ।
ਲਹਿਰ ਰਹੇ ਨੇ ਤੁਹਾਡੇ ਮੁੱਖੜੇ ਗਿਰਦੇ
ਸ਼ੋਭਨੀਕ ਊਸ਼ਾ ਦੇ ਹਾਰ ।
ਮਸਤਕ ਦਾ ਜੋ ਚੰਦਨ ਤਿਲਕ
ਚਮਕੇ ਚੰਨ ਸਮਾਨ
ਜਿਵੇਂ ਰਾਤ ਨੂੰ ਵਿਚ ਅਸਮਾਨ ।
ਤੁਹਾਡਾ ਤਨ ਖ਼ੁਸ਼ੀਆਂ ਨਾਲ ਭਰਪੂਰ
ਤੁਸੀਂ ਉਸ ਪ੍ਰੀਤ ਦੀ ਮਿੱਠੀ ਲਹਿਰ
ਜਿਸ ਦਾ ਪਸਰਿਆ ਅਨੰਤਾਂ ਤਕ ਪਸਾਰ ।
ਤੁਹਾਡੀ ਸੁੰਦਰ ਕਾਂਇਆਂ ਉਤੇ ਲਹਿਰੇ
ਲੱਖਾਂ ਤਾਰਿਆਂ ਦਾ ਮਹਾਂ ਪ੍ਰਕਾਸ਼ ।
ਹੀਰੇ ਰਤਨਾਂ ਜੜਿਆ ਚਮਕੇ
ਜਿਸ ਦਾ ਨੂਰ ਮਹਾਨ
ਜੋ ਹੈ ਤੁਹਾਡੀ ਆਤਮਾ ਦਾ ਪ੍ਰਮਾਣ ।

(ਰਾਧਾ ਇਹ ਮਧੁਰ ਗੀਤ ਆਪਣੇ ਨੈਣਾਂ
ਨਾਲ ਹੀ ਗਾ ਰਹੀ ਹੈ । ਉਸ ਦੇ ਨੇਤਰਾਂ
ਵਿਚੋਂ ਅਕਹਿ ਅਨੰਦ ਵਿਚ ਪਵਿੱਤਰ ਹੰਝੂ
ਚਿੱਟੇ ਮੋਤੀਆਂ ਦੀ ਮਾਲਾ ਦੇ ਮਣਕਿਆਂ
ਹਾਰ ਇਕ ਇਕ ਕਰਕੇ ਕਿਰ ਰਹੇ ਹਨ ।
ਕ੍ਰਿਸ਼ਨ ਜੀ ਉਸ ਇਕਾਂਤ ਵਿਚ ਉਸ ਨੂੰ
ਤੱਕ ਰਹੇ ਹਨ । ਸਭ ਸਖੀਆਂ ਉਸ ਨੂੰ
ਉਥੇ ਇਕੱਲੀ ਛੱਡ ਕੇ ਚਲੀਆਂ ਗਈਆਂ
ਹਨ । ਉਹ ਫੁੱਲ-ਸੇਜਾ ਉਤੇ ਲੇਟੀ ਪ੍ਰੀਤਮ
ਦੇ ਪ੍ਰੇਮ ਅੰਮ੍ਰਿਤ ਨੂੰ ਚਖ ਰਹੀ ਹੈ । ਪ੍ਰੇਮ-
ਭਿੰਨੀ ਉਸ ਦੀ ਕਾਂਇਆਂ ਕੰਬ ਰਹੀ ਹੈ ।
ਪ੍ਰੀਤਮ ਦੇ ਸੁੰਦਰ ਮੁੱਖੜੇ ਤੋਂ ਵਰ੍ਹ ਰਹੇ ਪ੍ਰੇਮ
ਦੇ ਤੀਰ ਉਸ ਦੇ ਹਿਰਦੇ ਨੂੰ ਵਿੰਨ੍ਹ ਰਹੇ ਹਨ
ਅਤੇ ਉਸ ਦੀਆਂ ਬੁਲ੍ਹੀਆਂ ਪ੍ਰੀਤਮ ਪਿਆਰੇ
ਦੀ ਛੁਹ ਲਈ ਵਿਆਕੁਲ ਹਨ ।)

ਕ੍ਰਿਸ਼ਨ :

ਰਾਧਾ ਮੇਰੀ ਪਰਮ ਪਿਆਰੀ !
ਮੇਰੇ ਨੇੜੇ ਆਉ ।
ਤੁਹਾਡੇ ਸੁਖ ਲਈ ਫੁੱਲ-ਸੇਜਾ ਨੂੰ
ਹਿਰਦੇ ਵਿਚ ਸਜਾਇਆ
ਪਾ ਲਵਾਂ ਤੇਰੀ ਮਿੱਠੀ ਛੁਹ ਨੂੰ
ਦਿਲ ਮੇਰਾ ਸਧਰਾਇਆ ।
ਰਾਧਾ ਮੇਰੀ ਪਰਮ-ਪਿਆਰੀ ।
ਮਿਹਰ ਦਾ ਮੀਂਹ ਬਰਸਾਉ
ਪਰੇਮ ਰੂਪ ਹੋ ਜਾਉ ।
ਆਪਣੇ ਕੋਮਲ ਪੈਰਾਂ ਦੀ ਛੁਹ ਮੈਨੂੰ ਬਖਸ਼ੋ
ਜਿਨ੍ਹਾਂ ਵਿਚ ਮੇਰੀ ਪ੍ਰੀਤ ਚਿਣਗ ਹੈ ਭਖਦੀ
ਸੂਹੇ ਫੁੱਲਾਂ ਹਾਰ ।
ਮੈਂ ਜਾਵਾਂ ਬਲਿਹਾਰ ।
ਇਹ ਪੈਰ ਨੇ ਕਿਤਨੇ ਕੋਮਲ ।
ਨਾਜ਼ਕ ਮਲੂਕ ਅਪਾਰ ।
ਘੁਟਣਾ ਮੈਂ ਇਨ੍ਹਾਂ ਨੂੰ ਚਾਹਾਂ
ਥੱਕ ਚੁਕੇ ਨੇ ਮੇਰੀ ਖ਼ਾਤਰ
ਆਏ ਇਤਨਾ ਲੰਮਾ ਪੈਂਡਾ ਮਾਰ ।
ਮੈਂ ਜਾਵਾਂ ਬਲਿਹਾਰ ।
ਤੁਹਾਡੇ ਪੈਰਾਂ ਦੀਆਂ ਝਾਂਜਰਾਂ
ਮਿੱਠਾ ਗੀਤ ਅਲਾਪਣ ।
ਸੁਣਨਾ ਚਾਹਾਂ ਉਨ੍ਹਾਂ ਦੇ ਮਿੱਠੇ ਤਾਲ
ਲਾ ਉਨ੍ਹਾਂ ਨੂੰ ਆਪਣੇ ਕੰਨਾਂ ਨਾਲ ।
ਤੱਪਦੇ ਨੇ ਜੋ ਵਾਂਗ ਧੁੱਪ ਹੁਨਾਲ ।
ਰਾਧਾ ਪਿਆਰੀ ਮੇਰੀ ਜਿੰਦ ਦੀ ਜਿੰਦੜੀ !
ਬੋਲੋ ਵੀ ਕੁਝ ਬੈਣ ।
ਪੀਣਾਂ ਚਾਹਾਂ ਅੰਮ੍ਰਿਤ ਰਸ ਨੂੰ
ਛਲਕੇ ਜੋ ਵਿਚ ਪ੍ਰੇਮ ਹਿਲੋਰੇ
ਅੰਦਰ ਤੁਹਾਡੇ ਦਿਲ ਦੇ ਧਾਮ
ਲੈ ਲਏ ਮੇਰਾ ਆਪਣੀ ਪ੍ਰੀਤ ਦਾ ਨਾਮ ।
ਚੰਨ ਮੁੱਖੜੇ ਤੋਂ ਚਾਹੀਏ ਹੁਣ ਕੁਛ
ਪ੍ਰੇਮ ਦਾ ਬਚਨ ਅਲਾਉਣਾ
ਵਹਿ ਤੁਰੇ ਜੋ ਵਾਂਗ ਨਦੀ ਦੀ ਧਾਰ ।
ਜਿਸ ਨੂੰ ਪੀ ਪੀ ਮੈਂ ਹੋਵਾਂ ਸਰਸ਼ਾਰ ।
ਆ ਰਾਧਾ ਪਿਆਰੀ ਮੇਰੀ ਜਿੰਦ ਦੀ ਜਿੰਦੜੀ ।
ਤੇਰੀਆਂ ਖੁਲ੍ਹੀਆਂ ਛਾਤੀਆਂ ਉਪਰ ਪਿਆ
ਜੋ ਕੁੜਾਵਾਂ ਪਾਲ
ਦੂਰ ਕਰਾਂ ਮੈਂ ਉਸ ਨੂੰ ਆਪਣੇ ਹੱਥਾਂ ਨਾਲ ।
ਨਾ ਫਿਰ ਵਿਥ ਰਹੇ ਕੋਈ ਬਾਕੀ
ਤੇਰੇ ਮੇਰੇ ਅੰਦਰ ।
ਮੈਂ ਤੂੰ ਹੋ ਜਾਵਾਂ, ਤੂੰ ਹੋ ਜਾਵੇਂ ਮੈਂ ।
ਦੋਵੇਂ ਇਕ ਦੂਜੇ ਵਿਚ ਇੰਝ ਅੰਕ ਸਮਾਈਏ
ਦੋ ਤੋਂ ਇਕ ਰੂਪ ਹੋ ਜਾਈਏ ।
ਰਾਧਾ ਪਿਆਰੀ ! ਸੁੰਦਰਤਾ ਦੀ ਮੂਰਤ
ਜਿਸ ਦੇ ਪ੍ਰੇਮ ਅਲਿੰਗਣ ਨੂੰ
ਮੈਂ ਇਸ ਪਲ ਮਾਣਾਂ
ਸਵਾਸ ਸਵਾਸ ਜਿਸ ਦੀ ਛੁਹ ਪਾ ਕੇ
ਹੋਇਆ ਹਾਂ ਮਸਤਾਨਾ ।
ਆਪਣੀ ਸਵਰਨ-ਆਤਮਾ ਦੀ
ਮੈਨੂੰ ਬਖਸ਼ੋ ਛੁਹ ਪੁਨੀਤ
ਆਪਣੀ ਭਗਤੀ-ਰੱਤੀ ਪ੍ਰੇਮ ਭਾਵਨਾ ਦੇ ਨਾਲ
ਮੇਰੇ ਦਿਲ ਦੀ ਤਪਸ਼ ਮਿਟਾਉ
ਕਰ ਦਿਉ ਠੰਢੀ ਠਾਰ ।
ਰਾਧਾ ਮੇਰੀ ਪਰਮ ਪਿਆਰੀ !
ਤੱਪ ਰਿਹਾ ਹੈ ਹਿਰਦਾ ਮੇਰਾ
ਤ੍ਰਿਸ਼ਨਾਂ ਦੇ ਵਿਚ ਫਸ ਕੇ ਜਾਲ
ਜਿਸ ਨੇ ਬੰਨ੍ਹ ਰਖਿਆ ਹੈ ਆਪਣੀ ਜਕੜ 'ਚ
ਇਹ ਸਾਰਾ ਸੰਸਾਰ ।
ਮੈਨੂੰ ਮੇਰੀ ਰਾਧਾ ਆਉ ਬਚਾਉ
ਕਰ ਦਿਉ ਮੁੜ ਸੁਰਜੀਤ
ਤੁਹਾਡੀਆਂ ਬੁਲ੍ਹੀਆਂ ਉਤੇ ਲਹਿਰੇ ਜਿਹੜਾ
ਨਾਮ ਰੂਪੀ ਸੰਗੀਤ ।
ਉਸ ਦੀ ਅੰਮ੍ਰਿਤ ਛੁਹ ਨੂੰ ਪਾ ਕੇ
ਮੈਂ ਹੋਵਾਂ ਪੁਨੀਤ ।
ਰਾਧਾ ਮੇਰੀ ਪਰਮ ਪਿਆਰੀ !
ਕੋਇਲ ਦੇ ਬਿਰਹੋਂ ਗੀਤ ਨੇ
ਦਿਤਾ ਮੈਨੂੰ ਸਾੜ
ਸੁਣਨਾਂ ਚਾਹਾਂ ਮੈਂ ਉਸ ਮਧੁਰ ਗੀਤ ਦਾ ਨਾਦ
ਰਾਗਪਰੀ ਦੇ ਬੋਲਾਂ ਵਰਗੀ
ਜਿਸ ਦੀ ਹੈ ਮਿਠਾਸ ।
ਜਿਸ ਦੀਆਂ ਸੁਰਾਂ ਗੂੰਜ ਰਹੀਆਂ ਨੇ
ਤੁਹਾਡੀ ਹੀਰਿਆਂ ਜੜੀ ਪੇਟੀ ਵਿਚ
ਜੋ ਛਣਕਦੇ ਘੁੰਗਰੂ
ਕਿੰਨੀਆਂ ਮਿੱਠੀਆਂ ਉਸ ਦੀਆਂ ਸੁਰਾਂ ਦੇ ਤਾਲ ।
ਬਰਸ ਰਹੀ ਹੋਵੇ ਜਿਵੇਂ ਅੰਬਰੋਂ
ਕਿਣਮਿਣ ਬੂੰਦ ਫੁਹਾਰ ।
ਇਸ ਰਾਗ ਦੀ ਤਰਲ ਤ੍ਰੇਲ ਨਾਲ
ਕਰ ਦਿਉ ਮੇਰਾ ਹਿਰਦਾ ਠੰਢੜਾ ਠਾਰ ।
ਰਾਧਾ ਮੇਰੀ ਪਰਮ ਪਿਆਰੀ ।
ਮੇਰੀ ਪ੍ਰੀਤ ਨਿਆਰੀ;
ਕਿਉਂ ਨੈਣਾਂ ਦੇ ਪੁਸ਼ਪ ਤੁਹਾਡੇ
ਅਜੇ ਨੇ ਮੁੰਦੇ ਮੁੰਦੇ ?
ਖੋਲ੍ਹੋ ਇਨ੍ਹਾਂ ਤਾਂਈਂ ਪਿਆਰੀ ਖਿੜੇ ਫੁੱਲਾਂ ਦੇ ਹਾਰ ।
ਮੈਂ ਜਾਣਾਂ ਗੁੱਸੇ ਵਿਚ ਆ ਕੇ
ਤੁਸੀਂ ਕੰਵਲ ਸਨ ਮੀਟੇ
ਇਹ ਨੈਣ ਬੰਦ ਕੀਤੇ ਮੇਰੇ ਵਲੋਂ
ਪਰ ਹੁਣ ਇਨ੍ਹਾਂ ਨੂੰ ਖੋਲ੍ਹੋ
ਮਹਿਕ-ਕਥੂਰੀ ਘੋਲੋ ।
ਰਾਧਾ ਮੇਰੀ ਪਰਮ ਪਿਆਰੀ ।
ਸਾਗਰ ਪ੍ਰੇਮ ਛਲਕਾਉ
ਤੋੜ ਦਿਉ ਸਭ ਬੰਧਨ
ਇਸ ਪ੍ਰੀਤ ਦੀਆਂ ਲਹਿਰਾਂ ਅੰਦਰ
ਮੈਂ ਚੁਭੀਆਂ ਲਾਵਾਂ
ਇਸ ਦਾ ਰੂਪ ਵਟਾਵਾਂ ।
ਇਸੇ ਦਾ ਹੀ ਹੋ ਜਾਵਾਂ ।
ਇਸ ਵਿਚ ਆ ਸਮਾਵਾਂ ।

(ਰਾਧਾ ਉਡਦੀ ਹੋਈ ਕ੍ਰਿਸ਼ਨ ਜੀ ਦੇ
ਅੰਕ ਸਮਾ ਕੇ ਅਲੋਪ ਹੋ ਜਾਂਦੀ ਹੈ ।
ਕ੍ਰਿਸ਼ਨ ਜੀ ਦੇ ਸੂਖਮ ਆਕਾਰ ਤੋਂ ਇਸ
ਪ੍ਰੇਮ ਸੰਯੋਗ ਦੇ ਮਹਾਂ ਅਨੰਦ ਦੀਆਂ ਪ੍ਰਕਾਸ਼
ਕਿਰਨਾਂ ਚਾਰ ਚੁਫੇਰੇ ਚਾਨਣ ਵੰਡਦੀਆਂ
ਦਿਖਾਈ ਦਿੰਦੀਆਂ ਹਨ ।)

ਦਸ

(ਅਲੋਪ ਹੋ ਚੁਕੀ ਆਵਾਜ਼ ਦਾ ਸੰਗੀਤ ਹਾਲੀ
ਵੀ ਗਗਨ ਮੰਡਲ ਵਿਚ ਲਹਿਰ ਰਿਹਾ ਹੈ ।
ਬਿੰਦਰਾਬਨ ਦੀਆਂ ਸਭ ਗੋਪੀਆਂ ਅਸਚਰਜ
ਵਿਸਮਾਦ ਵਿਚ ਉਸ ਨੂੰ ਸੁਣ ਰਹੀਆਂ ਹਨ ।
ਉਨ੍ਹਾਂ ਦੇ ਨੈਣ ਆਕਾਸ਼ ਵਲ ਤੱਕ ਰਹੇ ਹਨ ।)

ਅੰਤਮ ਗੀਤ

(ਰਾਧਾ ਕ੍ਰਿਸ਼ਨ ਨੂੰ ਸੰਬੋਧਨ ਕਰਦੀ ਹੈ ।)

ਰਾਧਾ :

ਯਾਦਵ ਕੁਲ ਦੇ ਰਤਨ ਮਹਾਨ
ਸ਼੍ਰੀ ਕ੍ਰਿਸ਼ਨ ਭਾਨਾਂ ਦੇ ਭਾਨ
ਆਪਣੇ ਪ੍ਰੇਮ ਭਿੰਨੇ ਹੱਥਾਂ ਦੇ ਨਾਲ
ਮੇਰੇ ਸੁਹਲ ਸੀਨਿਆਂ ਉਪਰ
ਐਸਾ ਨਕਸ਼ ਉਤਾਰੋ ।
ਕਸਤੂਰੀ ਮਹਿਕ ਦੀ ਧੂੜੀ ਨਾਲ
ਇਸ ਨੂੰ ਮੁੜ ਸ਼ਿੰਗਾਰੋ ।
ਕਾਮਦੇਵ ਦੇ ਬਾਣਾਂ ਤੋਂ
ਮੁਕਤੀ ਦੇਵਣ ਵਾਲੇ ਮੇਰੇ ਪਿਆਰੇ ।
ਮੇਰੇ ਨੈਣਾਂ ਦਾ ਕਜਲਾ
ਜੋ ਤੁਹਾਡੇ ਚੁੰਮਣਾਂ ਪੀਤਾ
ਗਿਆ ਹੈ ਧੋਤਾ
ਉਸ ਨੂੰ ਮੁੜ ਉਭਾਰੋ
ਆਪਣੇ ਹੱਥੀਂ ਪ੍ਰੀਤਮ
ਮੁੜ ਪ੍ਰੇਮ ਆਪਣੇ ਤਾਂਈਂ ਸ਼ਿੰਗਾਰੋ ।
ਇਨ੍ਹਾਂ ਨੈਣਾਂ ਅੰਦਰ ਐਸਾ ਕਜਲ ਲਗਾਉ
ਜਿਵੇਂ ਕਾਲੀਆਂ ਮਧੂ-ਮੱਖੀਆਂ ਚਮਕਣ
ਸੁੰਦਰ ਨੈਣ ਨਿਹਾਰੋ ।
ਕ੍ਰਿਸ਼ਨ ਪਿਆਰੇ ! ਪ੍ਰੀਤਮ ਪਿਆਰੇ !
ਮੇਰੇ ਕੰਨਾਂ ਵਿਚ ਵਾਲੀਆਂ ਸੁੰਦਰ ਪਾਉ
ਹੀਰਿਆਂ ਜੜੀਆਂ ਮੋਤੀ ਲੜੀਆਂ
ਨਾਲ ਇਨ੍ਹਾਂ ਦੇ ਪ੍ਰੀਤ ਪਹਿਨਾਉ ।
ਮੇਰੇ ਕੇਸਾਂ ਦੇ ਕੁੰਡਲ ਕੰਵਲਾਂ ਹਾਰ ਪਿਆਰੇ
ਇਨ੍ਹਾਂ ਨੂੰ ਮੁੜ ਦਿਉ ਸ਼ਿੰਗਾਰ ।
ਆਪਣਾਂ ਦੇ ਕੇ ਪਿਆਰ ।
ਜਿਨ੍ਹਾਂ ਦੀ ਸ਼ੋਭਾ ਤੁਹਾਡੇ ਕੰਵਲ-ਕੁੰਡਲਾਂ
ਤੋਂ ਵੀ ਵਧ ਕੇ ਹੋਵੇ
ਐਸਾ ਕਰੋ ਸ਼ਿੰਗਾਰ ।
ਹੇ ਮੇਰੇ ਮਿੱਠੜੇ ਸੁਹਣੇ ਪਿਆਰ ।
ਕ੍ਰਿਸ਼ਨ ਪਿਆਰੇ ਮੇਰੀ ਜਿੰਦ ਦੇ ਪਿਆਰ ।
ਮੇਰੇ ਚੰਨ ਮੱਥੇ ਤੇ ਚੰਦਨ ਤਿਲਕ ਲਗਾਉ
ਹੋਵੇ ਜੋ ਅਰਧ ਚੰਦਰ ਦੇ ਹਾਰ ।
ਮੇਰੇ ਪ੍ਰੀਤਮ ਤੇਰੀ ਪ੍ਰੀਤ ਦਾ
ਕਰ ਲਵਾਂ ਮੈਂ ਸ਼ਿੰਗਾਰ
ਸ਼੍ਰੀ ਕ੍ਰਿਸ਼ਨ ਮੇਰੇ ਮੀਤ ਪਿਆਰੇ ।
ਨਾਰੀ ਪ੍ਰੀਤ ਨੂੰ ਮਾਨਣ ਹਾਰੇ ।
ਮੇਰੇ ਕੇਸਾਂ ਦੀਆਂ ਮੀਢੀਆਂ ਮੁੜ ਕੇ ਗੁੰਦੋ
ਦਿਉ ਇਨ੍ਹਾਂ ਨੂੰ ਸੁਹਣੇ ਫੁੱਲਾਂ ਨਾਲ ਸ਼ਿੰਗਾਰ ।
ਹੇ ਮਨਮੋਹਣੇ ਪਿਆਰ !
ਸ਼੍ਰੀ ਕ੍ਰਿਸ਼ਨ ਮੇਰੇ ਮਿੱਠੜੇ ਪਿਆਰ ।
ਕੋਮਲ ਰਿਦਿਆਂ ਦੇ ਸ਼ਿੰਗਾਰ ।
ਆਪਣੇ ਹੱਥੀਂ ਮੇਰੇ ਲੱਕ ਦੀ ਪੇਟੀ ਮੁੜ ਪਹਿਨਾਉ ।
ਮੇਰੀ ਪਰੇਮ ਰੂਪ ਕਾਂਇਆਂ ਨੂੰ
ਹੀਰਿਆਂ ਪੰਨਿਆਂ ਨਾਲ ਸਜਾਉ ।
ਆਪਣੇ ਹੱਥੀਂ ਦਿਉ ਸ਼ਿੰਗਾਰ ।
ਮੇਰੀ ਪ੍ਰੀਤ ਨੂੰ ਹੇ ਮੇਰੇ ਮਿੱਠੜੇ ਪਿਆਰ ।
ਮੇਰੇ ਪ੍ਰੀਤਮ ਪ੍ਰਾਣ ਆਧਾਰ ।
ਆਪ ਪਹਿਨਾਉ ਮੈਨੂੰ ਮੁੜ ਕੇ ਸੁੰਦਰ ਹਾਰ ।
ਫੁੱਲ ਖਿੜੇ ਜਿਸ ਦੇ ਵਾਂਗ ਬਹਾਰ ।
ਮੇਰੀਆਂ ਗੱਲ੍ਹਾਂ ਉਪਰ ਮਲੋ ਕਥੂਰੀ ਧੂੜਾ
ਆਵੇ ਇਨ੍ਹਾਂ ਉਤੇ ਮੁੜ ਸੂਹਾ ਨਿਖਾਰ ।
ਹੇ ਮੇਰੇ ਸੋਹਣੇ ਮਿੱਠੜੇ ਪਿਆਰ ।
ਮੇਰੀਆਂ ਮੀਢੀਆਂ ਮੁੜ ਗੁੰਦੋ ਸੋਹਣੇ ਫੁੱਲਾਂ ਨਾਲ
ਪਹਿਨਾਉ ਮੁੜ ਕੇ ਮੈਨੂੰ ਉਹੋ ਪੇਟੀ ਲੱਕ ਦੁਆਲੇ
ਜਿਸ ਦੇ ਘੁੰਗਰੂਆਂ ਦੀ ਹੈ ਮਿੱਠੀ ਝੁਣਕਾਰ ।
ਮੇਰੀਆਂ ਬਾਹਾਂ ਵਿਚ ਮੁੜ ਸੁੰਦਰ ਗਜਰੇ ਪਹਿਨਾਉ ।
ਮੇਰੇ ਪੈਰਾਂ ਵਿਚ ਮੁੜ ਉਹੋ ਝਾਂਜਰਾਂ ਪਾਉ ।
ਸ਼੍ਰੀ ਕ੍ਰਿਸ਼ਨ ਮੇਰੇ ਪਰਮ ਪਿਆਰ !
ਮੇਰੀ ਪ੍ਰੀਤ ਨੂੰ ਸਦਾ ਲਈ
ਹੁਣ ਦਿਉ ਆਪ ਸ਼ਿੰਗਾਰ ।