Gaun Bithauna (Suhag) : Neelam Saini

ਗਾਉਣ ਬਿਠਾਉਣਾ (ਸੁਹਾਗ) : ਨੀਲਮ ਸੈਣੀ

ਦੋਵਾਂ ਘਰਾਂ ਵਲੋਂ ਹੀ ਦੋਵੇਂ ਦਿਨ ਗਾਉਣ ਬਿਠਾਇਆ ਜਾਂਦਾ ਸੀ। ਦਿਨ ਵੇਲ਼ੇ 'ਮਾਂਈਏ ਦਾ ਤੇ ਰਾਤ ਦੇ ਗਾਉਣ ਦਾ ਸੱਦਾ' ਇੱਕਠਾ ਹੀ ਦਿੱਤਾ ਜਾਂਦਾ ਸੀ। ਪਹਿਲੇ ਮਾਂਈਏਂ ਵਾਲੇ ਦਿਨ ਸਭ ਸ਼ਰੀਕਣਾਂ ਰਾਤ ਦਾ ਰੋਟੀ-ਟੁੱਕ ਮੁਕਾ, ਵਿਆਹ ਵਾਲੇ ਘਰ ਇੱਕਠੀਆਂ ਹੋਣ ਲੱਗ ਪੈਂਦੀਆਂ ਸਨ।

ਸੁਹਾਗ

ਕੁੜੀ ਦੇ ਵਿਆਹ 'ਤੇ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਸੁਹਾਗ ਕਿਹਾ ਜਾਂਦਾ ਹੈ। ਕਰਨੈਲ ਸਿੰਘ ਥਿੰਦ ਨੇ ਸੁਹਾਗ ਦਾ ਅਰਥ ਖ਼ੁਸ਼ਨਸੀਬੀ ਭਾਵ, ਚੰਗੇ ਭਾਗ ਤੋਂ ਲਿਆ ਹੈ। ਲੋਕ ਸਾਹਿਤ ਦੇ ਪ੍ਰਸੰਗਾਂ ਵੱਲ ਝਾਤੀ ਮਾਰੀਏ ਤਾਂ ਸੁਹਾਗ, ਸੁਭਾਗ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ। ਵਿਆਹ ਤੋਂ ਬਾਅਦ ਕੰਨਿਆਂ ਨੂੰ 'ਸੁਹਾਗਣ-ਭਾਗਣ' ਆਮ ਕਿਹਾ ਜਾਂਦਾ ਹੈ। ਉਸ ਨੂੰ 'ਬੁੱਢ-ਸੁਹਾਗਣ' ਹੋਣ ਦੀ ਅਸੀਸ ਦਿੱਤੀ ਜਾਂਦੀ ਹੈ। ਇਸ ਲਈ ਕੁੜੀ ਦੇ ਵਿਆਹ ਵੇਲੇ ਗਾਏ ਜਾਣ ਵਾਲੇ ਇਹ ਗੀਤ ਸੁਹਾਗ ਅਖਵਾਉਂਦੇ ਸੀ।
ਵਿਆਹ ਤੋਂ ਬਾਅਦ ਨਵਾਂ ਘਰ, ਨਵਾਂ ਪਰਿਵਾਰ, ਨਵੇਂ ਰਿਸ਼ਤੇ; ਉਸ ਲਈ ਸਾਰਾ ਵਾਤਾਵਰਨ ਹੀ ਨਵਾਂ ਬਣ ਜਾਂਦਾ ਸੀ। ਉਸ ਦੇ ਮਨ ਵਿਚ ਚਾਅ ਦੇ ਨਾਲ ਸਹਿਮ ਵੀ ਹੁੰਦਾ ਸੀ। ਇਨ੍ਹਾਂ ਸੁਹਾਗ ਗੀਤਾਂ ਵਿਚ ਬਾਬਲ ਕਦੇ ਦਾਨੀ, ਕਦੇ ਧਰਮੀ ਅਤੇ ਕਦੇ ਰਾਜਾ ਅਖਵਾਉਂਦਾ ਸੀ। ਇਹ ਸੁਹਾਗ ਬਾਬਲ ਦੇ ਘਰ ਖੇਲ੍ਹੇ ਗੁੱਡੀਆਂ-ਪਟੋਲਿਆਂ ਅਤੇ ਸਖ਼ੀਆਂ ਨਾਲ ਝੂਟੀਆਂ ਪੀਂਘਾਂ ਦੇ ਹੁਲਾਰਿਆਂ ਦੀ ਯਾਦ ਕਰਵਾਉਂਦੇ ਸਨ। ਇਨ੍ਹਾਂ ਵਿਚ ਨਾਜ਼ਾਂ ਨਾਲ ਪਾਲ਼ੀ ਧੀ ਦੇ ਮਨ ਦੀ ਵੇਦਨਾ ਅਤੇ ਬਾਬਲ ਦੀਆਂ ਮਜਬੂਰੀਆਂ ਦੀ ਇਬਾਰਤ ਹੁੰਦੀ ਸੀ। ਇਹ ਸੁਹਾਗ ਭੈਣ-ਭਰਾ ਦੇ ਆਪਸੀ ਸਨੇਹ ਦੀ ਗਾਥਾ ਹੁੰਦੇ ਸਨ। ਇਹ ਪੇਕੇ-ਸਹੁਰੇ ਘਰ ਹਰ ਰਿਸ਼ਤੇ ਦੀ ਅਹਿਮੀਅਤ ਸਮਝਾਉਂਦੇ, ਵਿਦਾ ਹੋ ਰਹੀ ਧੀ ਰਾਣੀ ਨੂੰ ਨਸੀਹਤਾਂ ਕਰਦੇ ਪ੍ਰਤੀਤ ਹੁੰਦੇ ਸਨ।
ਇਨ੍ਹਾਂ ਸੁਹਾਗਾਂ ਵਿਚੋਂ ਧੀ ਰਾਣੀ ਦੀਆਂ ਰੀਝਾਂ, ਪਸੰਦ ਅਤੇ ਨਾ-ਪਸੰਦ ਝਲਕਦੀ ਸੀ। ਉਸ ਨੇ ਆਪਣੇ ਵਰ ਨੂੰ ਤੱਕਿਆ ਨਾ ਹੋਣ ਕਾਰਨ ਉਹ ਆਪਣੇ ਮਨ ਵਿਚ ਆਪਣੇ ਸੁਪਨਿਆਂ ਦੇ ਰਾਜ ਕੁਮਾਰ ਦੀ ਤਸਵੀਰ ਉਸਾਰਦੀ ਸੀ। ਉਸ ਦੀ ਸ਼ਖ਼ਸੀਅਤ ਬਾਰੇ ਕਲਪਨਾ ਕਰਦੀ ਸੀ। ਇਹ ਸੁਹਾਗ ਵਿਆਹੀ ਜਾਣ ਵਾਲੀ ਮੁਟਿਆਰ ਨੂੰ ਕਿਸੇ ਨਵੇਂ ਘਰ ਵਿਚ ਜਾ ਕੇ ਹਰ ਇਕ ਦੀਆਂ ਆਸਾਂ 'ਤੇ ਪੂਰੇ ਉਤਰਨ, ਆਪਣੇ ਆਪ ਨੂੰ ਨਵੇਂ ਘਰ ਵਿਚ, ਨਵੇਂ ਮਹੌਲ ਵਿਚ ਢਾਲਣ ਦੀਆਂ ਵਿਉਂਤਾਂ ਦੀ ਵਿਆਖਿਆ ਕਰਦੇ ਜੀਵਨ ਜਾਚ ਸਿਖਾਉਂਦੇ ਸਨ। ਇਹ ਸਮੁੱਚੇ ਵਾਤਾਵਰਨ ਨੂੰ ਸੋਗਮਈ ਕਰ ਦਿੰਦੇ ਸਨ। ਮੈਂ ਬਹੁਤੇ ਘਰਾਂ ਵਿਚ ਸੁਹਾਗ ਗਾਉਂਦੇ ਵਕਤ ਵਿਆਹ ਵਾਲੀ ਕੁੜੀ ਦੀ ਮਾਂ ਅਤੇ ਭੈਣਾਂ ਦੇ ਨੈਣਾਂ ਵਿਚੋਂ ਨੀਰ ਡੁੱਲ੍ਹਦਾ ਤੱਕਿਆ ਹੈ। ਇਸ ਰਸਮ ਦਾ ਅਸਲੀ ਮੰਤਵ ਵੀ ਮਨੋਰੰਜਨ ਦੇ ਨਾਲ-ਨਾਲ, ਆਪਸੀ ਨੇੜਤਾ ਨੂੰ ਵਧਾਉਣਾ ਅਤੇ ਰਿਸ਼ਤਿਆਂ ਦੀ ਗੰਢ ਪੀਡੀ ਕਰਨਾ ਹੀ ਸੀ।
ਇਹ ਰਸਮ ਵੀ ਹੁਣ ਟਾਵੀਂ-ਟਾਵੀਂ ਰਹਿ ਗਈ ਹੈ। ਪਰਦੇਸਾਂ ਵਿਚ ਇਹ ਰਸਮ ਵਿਆਹ ਤੋਂ ਪਹਿਲਾਂ 'ਲੇਡੀ ਸੰਗੀਤ' ਦੇ ਨਾਂ ਹੇਠ ਕੀਤੀ ਜਾਂਦੀ ਹੈ। ਇਕ ਦੋ ਸੁਹਾਗ ਗਾਉਣ ਉਪਰੰਤ ਢੋਲਕੀ ਦੇ ਗੀਤ ਗਾਏ ਜਾਂਦੇ ਹਨ। ਕੁਝ ਗੀਤਾਂ ਨਾਲ ਕੋਰਿਉਗਰਾਫ਼ੀ ਵੀ ਤਿਆਰ ਕੀਤੀ ਹੁੰਦੀ ਹੈ।
ਬਾਬਲ ਕਾਜ ਰਚਾਇਆ
ਸਭ ਪਰਿਵਾਰ ਬੁਲਾਇਆ।
ਪਾਂਧੇ ਬੇਟਾ ਬੁਲਾਵੋ,
ਸਾਹਾ ਧੁਰ ਪਹੁੰਚਾਵੋ।
ਨਾਨੀ ਤਾਈਂ ਲਿਖਾਇਆ,
ਬਾਬਲ ਕਾਜ ਰਚਾਇਆ।

ਗੱਡੀ ਟੇਸ਼ਨ 'ਤੇ ਆਈ
ਕਾਂਟੇ ਘੜਨੇ ਦਿੱਤੇ ਵਾਲ਼ੀ ਜੜਤ ਜੜਾਈ,
ਉਠ ਕੇ ਮਿਲ ਲਾ ਮਾਏਂ,
ਗੱਡੀ ਟੇਸ਼ਨ 'ਤੇ ਆਈ।
ਮੈਂ ਨਾ ਮਿਲਦੀ ਧੀਏ,
ਮਿਲੇ ਤੇਰੀ ਭਰਜਾਈ,
ਮਾਪੇ ਕੋਈ ਦਿਨ ਦੇ ਜੁੱਗ ਜੀਵਣ ਭਾਈ।

ਕੌਣ ਸਧਰਮੀ ਨ੍ਹਾਵੇਗਾ
ਦਰ ਵਿਚ ਗੰਗਾ ਜਲੋ-ਜਲ ਪਾਣੀ,
ਕੌਣ ਸਧਰਮੀ ਨ੍ਹਾਵੇਗਾ।
ਨ੍ਹਾਵੇਗਾ ਸਾਡੀ ਬੀਬੀ ਦਾ ਬਾਬਾ,
ਜ੍ਹਿਦੀ ਪੋਤੀ ਕੁਆਰੀ ਆ।
ਪੋਤੀ ਵਿਆਹ ਡੋਲੇ ਪਾ ਮੇਰੇ ਬਾਬਾ,
ਫਿਰ ਗੰਗਾ ਵਿਚ ਨ੍ਹਾਮੇਂਗਾ।
ਦਰ ਵਿਚ ਗੰਗਾ ਜਲੋ-ਜਲ ਪਾਣੀ,
ਕੌਣ ਸਧਰਮੀ ਨ੍ਹਾਵੇਗਾ।
ਨ੍ਹਾਵੇਗਾ ਸਾਡੀ ਬੀਬੀ ਦਾ ਬਾਬਲ,
ਜ੍ਹਿਦੀ ਬੇਟੀ ਕੁਆਰੀ ਆ।
ਬੇਟੀ ਵਿਆਹ ਡੋਲੇ ਪਾ ਮੇਰੇ ਬਾਬਲ,
ਫਿਰ ਗੰਗਾ ਵਿਚ ਨ੍ਹਾਮੇਂਗਾ।

ਅਸੀਂ ਬਾਬਲ ਬੇਟੀਆਂ ਚਾਰ
ਚਾਰੇ ਲਾਡਲੀਆਂ!
ਸਾਨੂੰ ਚੌਂਹਾ ਨੂੰ ਦਿੱਤੜਾ ਦਾਜ,
ਘੋੜੇ-ਪਾਲਕੀਆਂ।
ਅਸੀਂ ਉਡੀਆਂ ਡਾਰੋ-ਡਾਰ, ਖੰਭ-ਖਿਲਾਰ,
ਪਰਬਤ ਸਾਡੇ ਆਲ੍ਹਣੇ।

ਕੱਤ ਕੱਤ ਭਰਦੀ ਪਟਾਰੀਆਂ
ਵੀਰਾ ਦਾਜ ਨਾ ਦੇਵੇ।
ਵੀਰਾ ਤਾਂ ਮੇਰਾ ਦੇ ਦੇਵੇ,
ਭਾਬੋ ਦੇਣ ਨਾ ਦੇਵੇ।
ਵੀਰਾ ਤਾ ਸਾਡਾ ਆਪਣਾ,
ਭਾਬੋ ਧੀ ਆ ਪਰਾਈ।

ਉਸ ਹਵੇਲੀ ਜਾਹ ਨੀ ਲਾਡੋ
ਜਿਥੇ ਸੁੱਤਾ ਤੇਰਾ ਬਾਬਾ।
ਤੂੰ ਕਿਉਂ ਸੁੱਤਾ ਬਾਬਾ ਮੇਰਿਆ,
ਘਰ ਸਾਜਨ ਆਏ।
ਨਾ ਮੈਂ ਸੁੱਤਾ ਨਾ ਮੈਂ ਜਾਗਾਂ ਪੋਤੀਏ
ਨੈਣੀਂ ਨੀਂਦ ਨਾ ਆਵੇ।

ਦੇਖੇ ਨਾ ਲਾਡੋ ਤੇਰੇ ਲੇਖ ਨੀ
ਰਾਜ ਦਵਾਰੇ ਲਾਡੋ ਐਡੜੀ ਕਿਉਂ ਰਹੀ ਸੀ?
ਨਾਨੇ ਤਾਂ ਆਪਣੇ ਨੂੰ ਦੇਖਦੀ ਮੈਂ ਰਹੀ ਸੀ।
ਘਰ ਤਾਂ ਵਰ ਨਾਨਾ ਟੋਲ਼ਦਾ ਕਿਉਂ ਨਹੀਂ ਸੀ?
ਘਰ ਵੀ ਟੋਲ਼ਿਆ ਲਾਡੋ
ਤੇਰਾ ਵਰ ਵੀ ਟੋਲ਼ਿਆ,
ਇਕ ਨਾ ਦੇਖੇ ਲਾਡੋ ਤੇਰੇ ਲੇਖ ਨੀ।

ਇਕ ਮੇਰਾ ਮਨ ਪਛੋਤਾਂਮਦਾ
ਬਾਬਲ ਇਕ ਮੇਰਾ ਮਨ ਪਛੋਤਾਂਮਦਾ,
ਬੇਟੀਏ ਕਿਉਂ ਤੇਰਾ ਮਨ ਪਛੋਤਾਂਮਦਾ?
ਬਾਬਲ ਆਪ ਗੋਰੀ ਵਰ ਸਾਂਵਲਾ।
ਬੇਟੀਏ ਲੌਂਗਾਂ ਦੇ ਰੰਗ ਹੁੰਦੇ ਸਾਂਵਲੇ,
ਲਾਡੋ ਮਹਿਕ ਜਿਨ੍ਹਾਂ 'ਚੋਂ ਆਂਵਦੇ।

ਬਾਬਲ ਉਹ ਵਰ ਟੋਲੀਂ
ਬੇਟੀ ਕਹੇ ਬਾਬਲ ਉਹ ਵਰ ਟੋਲੀਂ!
ਜਿਹੜਾ ਤੇਰਾ ਧਨੁਸ਼ ਤੋੜੇ,
ਜੀ ਧਨੁਸ਼ ਟੁੱਟਿਆ ਨਾ ਜਾਵੇ।
ਨਦੀ ਕਿਨਾਰੇ ਦੋ ਲੜਕੇ ਕੁਆਰੇ,
ਛੋਟੀ ਸੀ ਉਮਰ ਅਵਸਥ ਨਿਆਣੀ।
ਜੀ ਧਨੁਸ਼ ਚੁੱਕਿਆ ਨਾ ਜਾਵੇ,
ਦੇਖੋ ਸਈਓ ਮੈਂ ਰਹੀ ਕੁਆਰੀ।
ਜੀ ਧਨੁਸ਼ ਚੁੱਕਿਆ ਨਾ ਜਾਵੇ,
ਰਾਜਾ ਰਾਮ ਤੇਰਾ ਧਨੁਸ਼ ਤੋੜੇ।

ਉਚੀ ਮਾੜੀ ਦੰਮਾ ਦੰਮ ਵੱਜੇ
ਉਚੀ ਮਾੜੀ ਦੰਮਾ ਦੰਮ ਵੱਜੇ,
ਕੋਈ ਰਾਜਾ ਚੜ੍ਹ ਆਇਆ ਵੇ ਰਾਮ।
ਨੀ ਤੂੰ ਦੇਵੀਂ ਦਾਦੀ ਲਾਲ ਚੁੰਨੀ,
ਮੈਂ ਵੀ ਰਾਜਾ ਦੇਖਣ ਜਾਣਾ ਵੇ ਰਾਮ।
ਰਾਜੇ ਦਾ ਕੀ ਦੇਖਣਾ ਪੋਤੀਏ,
ਰਾਜਾ ਰਾਮ ਕੁਸ਼ੱਲਿਆ ਦਾ ਜਾਇਆ ਵੇ ਰਾਮ।

ਵਰ ਟੋਲ਼ੀਂ ਬਾਬਲ ਹਾਣੋ-ਹਾਣੀ
ਤੂੰ ਵਰ ਟੋਲ਼ੀਂ ਬਾਬਲ ਹਾਣੋ-ਹਾਣੀ,
ਛੋਟਾ ਨਾ ਟੋਲ਼ੀਂ ਵੇ ਸਾਡੀ ਕਦਰ ਨਾ ਜਾਣੀਂ।
ਵੱਡਾ ਨਾ ਟੋਲ਼ੀਂ ਵੇ ਮੈਂ ਆਪ ਨਿਆਣੀ।
ਦੇਖੋ ਸਹੀਓ!
ਨੀ ਇਹ ਚੰਨ ਚੜ੍ਹਦਾ ਨਹੀਓਂ,
ਰੁੱਸੜਾ ਸ਼ਾਮ ਵਿਹੜੇ ਵੜਦਾ ਨਹੀਓਂ।
ਮੱਸਿਆ ਦੇ ਜ਼ੋਰ ਨੀ ਮੈਂ ਚੰਨ ਚੜ੍ਹਾਵਾਂ,
ਰੁੱਸਿਆ ਤਾਂ ਸ਼ਾਮ ਨੀ ਮੈਂ ਆਪ ਮਨਾਵਾਂ।

ਦੋ ਵਣਜਾਰੇ
ਅੰਬਾਂ ਹੇਠਾਂ ਲਾਡੋ ਖੇਡਦੀਏ,
ਦੋ ਵਣਜਾਰੇ ਬੀਬੀ ਆ ਉਤਰੇ।
ਮੈਂ ਕੀ ਜਾਣਾ ਨੀ ਸਹੇਲੜੀਓ,
ਬਾਬੇ ਧਰਮੀ ਸੱਦ ਬੁਲਾਏ ਰਾਮ।

ਨਿੱਕੀ ਜਿਹੀ ਸੂਈ
ਨਿੱਕੀ ਜਿਹੀ ਸੂਈ, ਵੱਟਮਾਂ ਧਾਗਾ।
ਬੈਠ ਕਸੀਦਾ ਕੱਢ ਰਹੀ ਆਂ।
ਆਉਂਦੇ ਜਾਂਦੇ ਰਾਹੀ ਜੋ ਪੁੱਛਦੇ,
ਤੂੰ ਕਿਉਂ ਬੀਬੀ ਰੋ ਰਹੀ ਆਂ?
ਬਾਬਲ ਮੇਰੇ ਕਾਜ ਰਚਾਇਆ,
ਮੈਂ ਪਰਦੇਸਣ ਹੋ ਰਹੀ ਆਂ।

ਜੋਗੀ ਵੈਰਾਗੀ ਵਰ ਪਾਇਆ
ਬ੍ਰਾਹਮਣ ਬੁਲਾਇ ਰਾਜਾ ਪੰਡਿਤਾਂ ਨੂੰ ਪੁੱਛਦਾ,
ਬੇਟੀ ਦਾ ਘਰ-ਬਾਰ ਟੋਲਣ ਜਾਣਾ ਹਰੇ ਰਾਮ।
ਹੱਥ ਫੜ ਗੜਵੀ, ਬ੍ਰਾਹਮਣ ਮੋਢੇ ਪਰਨਾ,
ਤੁਰ ਪਿਆ ਵੱਡੜੇ ਸਵੇਰੇ ਹਰੇ ਰਾਮ।
ਨਦੀ ਕਿਨਾਰੇ ਜੰਗਲ ਵਿਚਕਾਰੇ,
ਬੈਠਾ ਸੀ ਧੂਣਾ ਰਮਾਇ ਹਰੇ ਰਾਮ।
ਬ੍ਰਾਹਮਣ ਨੇ ਜਾ ਕੇ ਸੀਸ ਝੁਕਾਇਆ,
ਹੱਥ ਤ੍ਰਿਸ਼ੂਲ ਫੜ ਆਇਆ, ਹਰੇ ਰਾਮ।
ਆ ਕੇ ਬ੍ਰਾਹਮਣ ਦੱਸਣਾ ਕਰਦਾ,
ਜੋਗੀ ਵੈਰਾਗੀ ਵਰ ਪਾਇਆ ਹਰੇ ਰਾਮ।

ਧਨੀਏ ਜੀਰੇ ਦੀ ਕਿਆਰੀ
ਬੀਜੀਂ ਬੀਜੀਂ ਵੇ ਮੇਰੇ ਬਾਬਾ,
ਧਨੀਏ ਜੀਰੇ ਦੀ ਕਿਆਰੀ।
ਏਡੀ-ਏਡੀ ਹੋਈ ਮੇਰੇ ਬਾਬਾ,
ਪੋਤੀ ਰੱਖੀ ਕਿਉਂ ਕੁਆਰੀ?
ਕੋਠੇ ਚੜ੍ਹ ਕੇ ਦੇਖ ਮੇਰੀ ਦਾਦੀ,
ਜੰਞ ਕਿਤਨੀ ਕੁ ਆਈ।
ਅੱਠ ਗੱਡੀਆਂ ਨੌਂ ਗੱਡਵੈਲਾਂ,
ਜੰਞ ਦੂਰਾਂ ਤੋਂ ਆਈ।

ਚੰਨਣ ਦੇ ਓਹਲੇ ਓਹਲੇ
ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ,
ਬਾਬਲ ਮੇਰੀ ਆਸ, ਬਾਬਲ ਵਰ ਲੋੜੀਏ।
ਬੇਟੀ ਕਿਹੋ ਜਿਹਾ ਵਰ ਲੋੜੀਏ,
ਜਾਈਏ ਕਿਹੋ ਜਿਹਾ ਵਰ ਲੋੜੀਏ।
ਬਾਬਲ ਜਿਉਂ ਤਾਰਿਆਂ ਵਿਚੋਂ ਚੰਨ,
ਚੰਨਾਂ ਵਿਚੋਂ ਕਾਨ੍ਹ।
ਕਨ੍ਹਈਆ ਵਰ ਲੋੜੀਏ,

ਦੇਵੀਂ ਦੇਵੀਂ ਵੇ ਬਾਬਲ ਓਸ ਘਰੇ
ਜਿਥੇ ਸੱਸ ਭਲੀ ਪ੍ਰਧਾਨ,
ਸਹੁਰਾ ਸਰਦਾਰ ਹੋਵੇ।
ਡਾਹ ਪੀੜ੍ਹਾ ਬਹਿੰਦੀ ਸਾਹਮਣੇ ਵੇ,
ਮੱਥੇ ਕਦੇ ਨਾ ਪਾਂਵਦੀ ਵੱਟ,
ਬਾਬਲ ਤੇਰਾ ਪੁੰਨ ਹੋਵੇ।

ਮੈਂ ਤੈਨੂੰ ਆਖਦੀ ਬਾਬਲਾ
ਮੇਰਾ ਅੱਸੂ ਦਾ ਕਾਜ ਰਚਾ ਵੇ,
ਅੰਨ ਨਾ ਤਰੱਕੇ ਕੋਠੜੀ
ਤੇਰਾ ਦਹੀਂ ਨਾ ਜਾਵੇ ਕਲਿਆਰ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ ਮੈਂ ਬੇਟੀ ਮੁਟਿਆਰ।

ਚੜ੍ਹ ਵੇ ਚੌਦਵੀਂ ਦਿਆ ਚੰਦਾ
ਚਾਨਣ ਕਰੀਂ ਵੇ ਚੁਫ਼ੇਰੇ।
ਕਿਹੜੇ ਰਾਜੇ ਨੇ ਢੁੱਕਣਾ,
ਵੇ ਧਰਮੀ ਬਾਬਲ ਦੇ ਵਿਹੜੇ।
'ਲਾਜ' ਰਾਜੇ ਨੇ ਢੁੱਕਣਾ,
ਵੇ ਧਰਮੀ ਬਾਬਲ ਦੇ ਵਿਹੜੇ।
ਮੇਰੇ ਬਾਬਲ ਦਿਓ ਰਸੋਈਓ,
ਖਾਣਾ ਖ਼ੂਬ ਬਣਾਇਓ।
ਬਾਬਲ ਦੇਸਾਂ ਦਾ ਰਾਜਾ,
ਕਿਤੇ ਨਿੰਦਿਆ ਨਾ ਜਾਵੇ।
ਮੇਰੇ ਬਾਬਲ ਦਿਓ ਲਾਗੀਓ,
ਵੇ ਖਾਣਾ ਖ਼ੂਬ ਸਜਾਇਓ।
ਬਾਬਲ ਦੇਸਾਂ ਦਾ ਰਾਜਾ,
ਕਿਤੇ ਨਿੰਦਿਆ ਨਾ ਜਾਵੇ।

ਤੂਤਾਂ ਦੀ ਛਾਵੇਂ
ਬੀਬੀ ਨੇ ਖੇਡਣ ਜੋ ਜਾਣਾ ਆਂ,
ਖੇਡ ਖਡੇਂਦੀ ਬੀਬੀ ਦਾ ਵੀਰਾ ਜੋ ਰੁੱਸਾ ਆ।
ਰੁੱਸਣਾ ਤਾਂ ਰੁੱਸ ਮੇਰੇ ਵੀਰਾ,
ਸਾਡਾ ਕੀ ਜਾਣਾ ਆਂ,
ਸੁਹਰੇ ਤਾਂ ਜਾਂਦੀ ਭੈਣਾਂ ਨੂੰ
ਦਾਜ ਵੀ ਦੇਣਾ ਆਂ।

ਕੱਚੇ ਕੋਠੇ ਵਾਲੇ ਘਰ ਵੀ ਨਾ ਦੇਮੀਂ ਬਾਬਲਾ,
ਮੈਨੂੰ ਲਿੱਪਣੇ ਨ੍ਹੀਂ ਆਉਣੇ ਵੇ ਬਨੇਰੇ ਬਾਬਲਾ।
ਵੱਡੇ ਟੱਬਰ ਵਾਲੇ ਘਰ ਵੀ ਨਾ ਦੇਮੀਂ ਬਾਬਲਾ,
ਮੈਨੂੰ ਪੂਜਣੇ ਨ੍ਹੀਂ ਆਉਣੇ ਵੇ ਜਠੇਰੇ ਬਾਬਲਾ।
ਮੱਝਾਂ-ਗਾਈਆਂ ਵਾਲੇ ਘਰ ਨਾ ਦੇਮੀਂ ਬਾਬਲਾ,
ਮੈਨੂੰ ਚੋਣੇ ਨ੍ਹੀਂ ਆਉਣੇ ਵੇ ਲਵੇਰੇ ਬਾਬਲਾ।
ਸਮੇਂ ਦੇ ਨਾਲ ਮੰਗ ਬਦਲ ਗਈ ਹੈ। ਪਹਿਲੇ ਸਮੇਂ ਵਿਚ ਧੀ ਮੱਝਾਂ-ਗਾਈਆਂ ਦੀ ਮੰਗ ਕਰਦੀ ਸੀ ਜੋ ਘਰ ਦੀ ਚੰਗੀ ਆਰਥਿਕਤਾ ਦਾ ਪ੍ਰਤੀਕ ਮੰਨਿਆਂ ਜਾਂਦਾ ਸੀ, ਪਰ ਅਜੋਕੀ ਧੀ ਲਵੇਰੇ ਚੋਣ ਦੀ ਬਜਾਏ ਪੜ੍ਹ-ਲਿਖ ਕੇ ਦਫ਼ਤਰੀ ਕੰਮ-ਕਾਜ ਨੂੰ ਤਰਜੀਹ ਦਿੰਦੀ ਹੈ।
ਕੋਠਾ ਕਿਉਂ ਨਿਮਿਆਂ,
ਕੋਠਾ ਕਿਉਂ ਨਿਮਿਆਂ?
ਇਸ ਕੋਠੇ ਦੀ ਛੱਤ ਪੁਰਾਣੀ,
ਕੋਠਾ ਤਾਂ ਨਿਮਿਆਂ।
ਬਾਬਾ ਕਿਉਂ ਨਿਮਿਆਂ,
ਬਾਬਾ ਕਿਉਂ ਨਿਮਿਆਂ?
ਇਸ ਬਾਬੇ ਦੀ ਪੋਤੀ ਕੁਆਰੀ,
ਬਾਬਾ ਧਰਮੀ ਤਾਂ ਨਿਮਿਆਂ।

ਮੋਰਾਂ ਨੇ ਪੈਲਾਂ ਪਾ ਲਈਆਂ,
ਜੀ ਬਾਬਲ ਛਮ ਛਮ ਰੋਵੇ।
ਤੂੰ ਕਿਉਂ ਰੋਵੇਂ ਬਾਬਲਾ,
ਧੀਆਂ ਧੰਨ ਵੇ ਪਰਾਇਆ।
ਇਕ ਸੁਣੋ ਸਾਡੀ ਬੇਨਤੀ,
ਸਾਨੂੰ ਦੂਰ ਨਾ ਵਿਆਇ੍ਹਓ।
ਦੂਰਾਂ ਦੀਆਂ ਵਾਟਾਂ ਲੰਮੀਆਂ,
ਜੀ ਸਾਤੋਂ ਤੁਰਿਆ ਨਾ ਜਾਵੇ।

ਕੱਚੀਆਂ ਕਲੀਆਂ ਨਾ ਤੋੜ,
ਬਾਗ਼ਾਂ ਦਿਆ ਵੇ ਮਾਲੀਆ।
ਇਨ੍ਹਾਂ ਕਲੀਆਂ ਦੀ ਬੜੀ ਹੈ ਬਹਾਰ,
ਝੁਕ ਰਹੀਆਂ ਜੀ ਟਾਹਣੀਆਂ।
ਇਨ੍ਹਾਂ ਮਾਪਿਆਂ ਤੋਂ ਸਾਨੂੰ ਨਾ ਵਿਛੋੜ,
ਦਿਲਾਂ ਦਿਆ ਵੇ ਮਹਿਰਮਾ।
ਇਨ੍ਹਾਂ ਮਾਪਿਆਂ ਦੀ ਬੜੀ ਹੈ ਬਹਾਰ,
ਝੁਕ ਰਹੀਆਂ ਜੀ ਟਾਹਣੀਆਂ।

ਵਣ ਵਣ ਪੀਲਾਂ ਪੱਕੀਆਂ ਨੀ ਮਾਏਂ।
ਕੋਈ ਖੱਟੀਆਂ ਲਾਲ ਗ਼ੁਲਾਲ ਨੀ!
ਧੀਆਂ ਨੂੰ ਸਹੁਰੇ ਤੋਰ ਕੇ ਮਾਏਂ।
ਤੇਰਾ ਕਿਹਾ ਕੁ ਲੱਗਦਾ ਜੀ ਨੀ ਭਲੀਏ!
ਘੜੀਆਂ ਗਿਣਦੀ ਦਿਨ ਗਿਆ,
ਨੀ ਕੋਈ ਤਾਰੇ ਗਿਣਦੀ ਰਾਤ ਨੀ ਧੀਏ!
ਨੂੰਹਾਂ ਨੂੰ ਤੋਰ ਕੇ ਪੇਕੜੇ ਮਾਏਂ,
ਨੀ ਕੋਈ ਧੀਆਂ ਨੂੰ ਸੱਦ ਲੈ ਕੋਲ ਨੀ ਭਲੀਏ।
ਨੂੰਹਾਂ ਵਸਣਾ ਘਰ ਆਪਣੇ ਨੀ ਕੋਈ,
ਧੀਆਂ ਪਰਾਇਆ ਮਾਣ ਨੀ ਧੀਏ।
ਕੌਣ ਖੇਡੂ ਵਿਹੜੇ ਗੁੱਡੀਆਂ ਨੀ ਕੋਈ,
ਕੌਣ ਕੱਤੂ ਤੇਰਾ ਸੂਤ ਨੀ ਭਲੀਏ!
ਵਣ ਵਣ ਪੀਲਾਂ ਪੱਕੀਆਂ ਨੀ ਮਾਏਂ।
ਕੋਈ ਖੱਟੀਆਂ ਲਾਲ ਗ਼ੁਲਾਲ ਨੀ!

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਨੀਲਮ ਸੈਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ