Punjabi Ghazals Gafoor Shahid

ਪੰਜਾਬੀ ਗ਼ਜ਼ਲਾਂ ਗਫ਼ੂਰ ਸ਼ਾਹਿਦ

1. ਇਹ ਗੱਲ ਕਿੱਸਰਾਂ ਮੰਨਾਂ ਮੈਂ, ਹਰ ਮੁਸ਼ਕਲ ਦਾ ਹੱਲ ਹੁੰਦਾ ਏ

ਇਹ ਗੱਲ ਕਿੱਸਰਾਂ ਮੰਨਾਂ ਮੈਂ, ਹਰ ਮੁਸ਼ਕਲ ਦਾ ਹੱਲ ਹੁੰਦਾ ਏ ?
ਮੈਂ ਜੇ ਦਰਿਆ ਪਾਰ ਵੀ ਕਰਦਾਂ, ਤੇ ਅੱਗੇ ਥਲ ਹੁੰਦਾ ਏ ।

ਉਂਜ ਤੇ ਦਿਲ ਲਈ, ਕਿਸੇ ਤਰ੍ਹਾਂ ਦਾ, ਕੋਈ ਵੀ ਸੱਲ ਚੰਗਾ ਨਈਂ,
ਸੱਜਨਾਂ ਦੇ ਵਿੱਛੜਨ ਦਾ ਐਪਰ, ਵੱਖਰਾ ਈ ਸੱਲ ਹੁੰਦਾ ਏ ।

ਦਿਲ ਦੇ ਪਿੱਛੇ ਨਹੀਂ ਲੱਗੀਦਾ, ਅਕਲ ਸਿਖਾਉਂਦੀ ਏ ਸਾਨੂੰ,
ਉਹਨੂੰ ਉਸੇ ਥਾਂ ਰੱਖੀਦਾ, ਜੋ ਜਿਸ ਕਾਬਿਲ ਹੁੰਦਾ ਏ।

ਦੂਜੇ ਦਾ ਜੋ ਦਰਦ ਵੰਡਾਵੇ, ਅਪਣਾ ਵੀ ਅਹਿਸਾਸ ਕਰੇ,
ਮੇਰੀ ਨਜ਼ਰੇ ਦੁਨੀਆਂ ਦੇ ਵਿੱਚ, ਉਹੋ ਆਦਿਲ ਹੁੰਦਾ ਏ ।

ਯਾਰਾਂ ਤੋਂ ਮੈਂ ਬਿਹਤਰ ਸਮਝਾਂ, ਏਸ ਲਈ ਵੀ ਸ਼ੀਸ਼ੇ ਨੂੰ,
ਮੈਨੂੰ ਮੇਰੇ ਕੋਹਝ ਦਿਖਾਵੇ, ਜਦੋਂ ਮੁਕਾਬਿਲ ਹੁੰਦਾ ਏ ।

ਹੁਣ ਕਿਉਂ ਰੋਂਦੈ ? ਜੇ ਕਰ ਉਹਨੂੰ, ਧੋਖਾ ਦਿੱਤਾ ਅੱਜ ਕਿਸੇ,
ਅਪਣੀ ਕੀਤੀ ਦਾ ਹਰ ਬੰਦੇ, ਪਾਉਣਾ ਤੇ ਫਲ ਹੁੰਦਾ ਏ ।

ਵੱਡੇ ਜ਼ਰਫ਼ ਦਾ ਮਾਲਿਕ 'ਸ਼ਾਹਿਦ', ਅਪਣੀ ਹਾਰ ਨੂੰ ਮੰਨੇ ਜੋ,
ਜਿਹੜਾ 'ਹਾਰ' ਨੂੰ ਹਾਰ ਨਾ ਮੰਨੇ, ਉਹ ਤੇ ਬੁਜ਼ਦਿਲ ਹੁੰਦਾ ਏ ।

2. ਕਰਨਾ ਅਦਾ ਹੈ ਸ਼ੁਕਰੀਆ ਇਕ ਮਿਹਰਬਾਨ ਦਾ

ਕਰਨਾ ਅਦਾ ਹੈ ਸ਼ੁਕਰੀਆ ਇਕ ਮਿਹਰਬਾਨ ਦਾ ।
ਲਫ਼ਜਾਂ ਨੇ ਸਾਥ ਜੇ ਕਦੀ ਦਿੱਤਾ ਜ਼ੁਥਾਨ ਦਾ ।

ਭੁੱਖਾਂ 'ਚ ਓਸ ਨੂੰ ਵੀ ਨੇ ਭੁੱਲੀਆਂ ਉਡਾਰੀਆਂ,
ਚਰਚਾ ਬੜਾ ਸੀ ਜਿਸਦੀ ਉੱਚੀ ਉਂੜਾਨ ਦਾ ।

ਬਾਝੋਂ ਖ਼ਲੂਸ ਇਸ ਤਰ੍ਹਾਂ ਬੰਦੇ ਦੀ ਜ਼ਿੰਦਗੀ-
ਤੀਰਾਂ ਬਗ਼ੈਰ ਜਿਸ ਤਰ੍ਹਾਂ ਹੋਣਾ ਕਮਾਨ ਦਾ ।

ਹਿੰਮਤ ਦੇ ਅੱਗੇ ਹੇਚ ਨੇ ਸੱਭੇ ਹੀ ਤਾਕਤਾਂ,
ਪਾਣੀ ਵੀ ਚੀਰ ਸਕਦਾ ਏ ਸੀਨਾ ਚਟਾਨ ਦਾ ।

ਮੈਨੂੰ ਤਾਂ ਇਸ ਜਹਾਨ ਦੇ ਦੁੱਖਾਂ 'ਚੋਂ ਵਿਹਲ ਨਈਂ,
ਮੈਂ ਫ਼ਿਕਰ ਕਿਸ ਤਰ੍ਹਾਂ ਕਰਾਂ ਅਗਲੇ ਜਹਾਨ ਦਾ ?

ਇਕਲਾਪਿਆਂ ਦੇ ਨਾਲ ਮੈਂ ਪਾਉਂਦਾ ਪਿਆਰ ਕਿਉਂ,
ਹੁੰਦਾ ਜੇ ਚੱਜ ਯਾਰ ਨੂੰ, ਯਾਰੀ ਨਿਭਾਣ ਦਾ ।

ਭਾਵੇਂ ਰਿਹਾ ਏ ਰੋਜ਼ ਈ ਦੁੱਖਾਂ ਦਾ ਆਉਣ-ਜਾਣ,
'ਸ਼ਾਹਿਦ' ਨੇ ਬੂਹਾ ਭੇੜਿਆ ਦਿਲ ਦੇ ਮਕਾਨ ਦਾ ।

3. ਆਪ ਤੇ ਸੱਜਨ ਘਰ ਚੱਲੇ ਨੇ

ਆਪ ਤੇ ਸੱਜਨ ਘਰ ਚੱਲੇ ਨੇ ।
ਸਾਨੂੰ ਕੱਲਿਆਂ ਕਰ ਚੱਲੇ ਨੇ ।

ਡਰਦਾਂ ਕਿਧਰੇ ਛਲਕ ਨਾ ਜਾਵਣ,
ਸਬਰ ਪਿਆਲੇ ਭਰ ਚੱਲੇ ਨੇ ।

ਆਸ ਦੀ ਖੇਤੀ ਹਰੀ ਨਾ ਹੋਈ,
ਕਿੰਨੇ 'ਸਾਉਣ' ਗੁਜ਼ਰ ਚੱਲੇ ਨੇ ।

ਸ਼ਾਮ ਪਈ ਏ ਹੁਣ ਤੇ ਆ ਜਾ,
ਪੰਛੀ ਵੀ ਤੁਰ ਘਰ ਚੱਲੇ ਨੇ ।

ਦੇਖੋ ਸ਼ਹਿਰ ਵਸਾਵਣ ਵਾਲੇ,
ਫੁੱਟ-ਪਾਥਾਂ 'ਤੇ ਮਰ ਚੱਲੇ ਨੇ ।

ਅਸੀਂ ਤੇ ਬਾਜ਼ੀ ਹਾਰੀ 'ਸ਼ਾਹਿਦ',
ਲੋਕ ਈਮਾਨੋ ਹਰ ਚੱਲੇ ਨੇ ।

4. ਹੋਈਆਂ ਕੁਝ ਇਸ ਤਰ੍ਹਾਂ ਦੀਆਂ ਅਕਲਾਂ ਸਿਆਣੀਆਂ

ਹੋਈਆਂ ਕੁਝ ਇਸ ਤਰ੍ਹਾਂ ਦੀਆਂ ਅਕਲਾਂ ਸਿਆਣੀਆਂ ।
ਗ਼ਰਜ਼ੋਂ ਬਗ਼ੈਰ ਜਾਣ ਨਾ ਸ਼ਕਲਾਂ ਪਛਾਣੀਆਂ ।

ਕੱਲ੍ਹ ਰਾਤ ਫੇਰ ਖ਼ੁਆਬ ਵਿੱਚ ਆਇਆ ਉਹ ਬੇਵਫ਼ਾ,
ਕੱਲ੍ਹ ਰਾਤ ਫੇਰ ਜਾਗੀਆਂ ਪੀੜਾਂ ਪੁਰਾਣੀਆਂ ।

ਕੁਝ ਦੇਰ ਦੀਆਂ ਸੰਗਤਾਂ, ਸੁੰਨਾ ਅਖ਼ੀਰ ਏ,
ਮਿੱਟੀ 'ਚ ਮਿਲਣਾ ਮਿੱਟੀਆਂ ਪਾਣੀ 'ਚ ਪਾਣੀਆਂ ।

ਸਦੀਆਂ ਦੇ ਪੰਧ ਵੇਖ ਲਉ ਘੜੀਆਂ 'ਚ ਮੁੱਕਦੇ,
ਬਣੀਆਂ ਨੇ ਅੱਜ ਹਕੀਕਤਾਂ ਕੱਲ੍ਹ ਸੀ ਕਹਾਣੀਆਂ ।

ਜਿਸ ਦਿਨ ਦਾ ਚੰਨ ਚੜ੍ਹਿਆ ਨਈਂ ਅੱਖੀਆਂ ਦੇ ਅੰਬਰੀਂ,
ਗਿਣ-ਗਿਣ ਕੇ ਤਾਰੇ, ਪੈਂਦੀਆਂ ਰਾਤਾਂ ਲੰਘਾਣੀਆਂ ।

ਦਿਲ ਨੂੰ ਦਿਲਾਸਾ ਦੇਣ ਲਈ, ਝੁੱਗੀਆਂ ਦੇ ਸ਼ਹਿਨਸ਼ਾਹ,
ਪੁੱਤਰ ਨੂੰ ਰਾਜਾ ਆਖਦੇ ਧੀਆਂ ਨੂੰ ਰਾਣੀਆਂ ।

'ਸ਼ਾਹਿਦ' ਜ਼ਮਾਨਾ ਲਾ ਲਵੇ ਭਾਵੇਂ ਹਜ਼ਾਰ ਟਿੱਲ,
ਓੜਕ ਹਵਾ ਦੀ ਸਿਮਤ ਈ ਬਾਸਾਂ ਨੇ ਜਾਣੀਆਂ ।

5. ਜੋ ਦੂਜਿਆਂ ਲਈ ਭੁੱਖ ਦਾ ਸਾਮਾਨ ਬਣ ਗਏ

ਜੋ ਦੂਜਿਆਂ ਲਈ ਭੁੱਖ ਦਾ ਸਾਮਾਨ ਬਣ ਗਏ।
'ਇਨਸਾਨੀਅਤ' ਦੀ, ਲੋਕ ਉਹ ਪਹਿਚਾਣ ਬਣ ਗਏ।

ਗ਼ਰਜ਼ਾਂ ਵਧਾਈਆਂ ਤੇ ਅਸੀਂ ਖ਼ੁਦ ਨੂੰ ਘਟਾ ਲਿਆ,
ਛੋਟੇ ਜ਼ਹਿਨ ਦੇ ਆਦਮੀ ਪਰਧਾਨ ਬਣ ਗਏ ।

ਚੜ੍ਹਿਆ ਸੀ ਸ਼ੌਕ ਓਸ ਦੀ ਇੱਜ਼ਤ ਵਧਾਣ ਦਾ,
ਖ਼ੁਦ ਆਪ ਆਪਣੇ ਵਾਸਤੇ ਬਹੁਤਾਨ ਬਣ ਗਏ ।

ਸਾਹਵਾਂ ਦੇ ਵੱਲੋਂ ਈ ਕੋਈ ਰਹਿੰਦੀ ਪਈ ਢਿੱਲ ਏ,
ਦੁਖ ਇਸ ਤਰ੍ਹਾਂ ਤੇ ਮੌਤ ਦਾ ਸਾਮਨ ਬਣ ਗਏ ।

ਫ਼ਾਇਦਾ ਜਿਨ੍ਹਾਂ ਨੇ ਸੋਚਿਆ ਦੂਜੇ ਦੀ ਜ਼ਾਤ ਦਾ,
ਖ਼ੁਦ ਆਪ ਅਪਣੇ ਵਾਸਤੇ ਨੁਕਸਾਨ ਬਣ ਗਏ ।

ਸ਼ਾਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਦੀ ਮਾਰ ਦੇਖ,
ਜਿੱਥੋਂ ਕੁ ਤੀਕ ਪਹੁੰਚੇ, ਫ਼ਰਮਾਨ ਬਣ ਗਏ ।

'ਸ਼ਾਹਿਦ' ਉਹਦਾ ਕਮਾਲ ਨਹੀਂ ਸਾਡਾ ਈ ਜ਼ਰਫ਼ ਏ,
ਸਭ ਕੁਝ ਸਮਝਦੇ ਹੋਏ ਵੀ, ਨਾਦਾਨ ਬਣ ਗਏ ।