Punjabi Ghazals Fida Bukhari

ਪੰਜਾਬੀ ਗ਼ਜ਼ਲਾਂ ਫ਼ਿਦਾ ਬੁਖ਼ਾਰੀ

1. ਭਾਵੇਂ ਹੈ ਸਨ ਸ਼ਹਿਰ ਵਿਚ ਸਰਦਾਰੀਆਂ ਪੱਥਰਾਂ ਦੀਆਂ

ਭਾਵੇਂ ਹੈ ਸਨ ਸ਼ਹਿਰ ਵਿਚ ਸਰਦਾਰੀਆਂ ਪੱਥਰਾਂ ਦੀਆਂ ।
ਮੈਂ ਹਮੇਸ਼ਾ ਕੀਤੀਆਂ ਇਨਕਾਰੀਆਂ ਪੱਥਰਾਂ ਦੀਆਂ ।

ਮੈਨੂੰ ਜਦ ਮਜਬੂਰੀਆਂ ਦੀ ਤਾਲ ਤੇ ਨੱਚਣਾ ਪਿਆ,
ਮੇਰਿਆਂ ਯਾਰਾਂ ਨੇ ਵੇਲਾਂ ਵਾਰੀਆਂ ਪੱਥਰਾਂ ਦੀਆਂ ।

ਦਿਲ ਦੀਆਂ ਕਿਰਚਾਂ ਚੁਗੇਂਦੇ ਜ਼ਿੰਦਗੀ ਨਿਭਦੀ ਰਹੀ,
ਰਾਸ ਨਾ ਆਈਆਂ ਇਹ ਰਿਸ਼ਤੇਦਾਰੀਆਂ ਪੱਥਰਾਂ ਦੀਆਂ ।

ਮੇਰੇ ਸਾਹਵੇਂ ਰੱਬ ਅਖਵਾਂਦੇ ਪਏ ਨੇ ਅਪਣੇ ਆਪ ਨੂੰ,
ਪੀ ਕੇ ਲਹੂ ਗਈਆਂ ਨੇ ਮੱਤਾਂ ਮਾਰੀਆਂ ਪੱਥਰਾਂ ਦੀਆਂ ।

ਮੇਰੀ ਫ਼ਿਤਰਤ ਵਿਚ ਈ ਨਹੀਂ ਆਏ ਨੂੰ ਖ਼ਾਲੀ ਮੋੜਨਾ,
ਨਾਲ ਲਹੂ ਦੇ ਕੀਤੀਆਂ ਮੈਂ ਵਾਰੀਆਂ ਪੱਥਰਾਂ ਦੀਆਂ ।

ਹੱਥ ਸੀ ਮੇਰੇ ਆਪਣਿਆਂ ਦੇ ਤਾਈਂ ਇਹ ਵੱਸਦੇ ਰਹੇ,
ਜਾਣਦਾ ਮੈਂ ਸਾਰੀਆਂ ਹੁਸ਼ਿਆਰੀਆਂ ਪੱਥਰਾਂ ਦੀਆਂ ।

ਹੁਣ ਨਾ ਖਿੜਨਾ ਬਾਗ਼ ਵਿਚ ਫੁੱਲਾਂ ਨੂੰ ਮਾਲੀ ਆਖਿਆ,
ਅੱਜ ਤੋਂ ਪਿੱਛੇ ਨੇ ਰੁੱਤਾਂ ਸਾਰੀਆਂ ਪੱਥਰਾਂ ਦੀਆਂ ।

ਪੁੱਛ ਰਹੀਆਂ ਹਾਕਮ ਤੋਂ ਦੱਸ ਖਾਂ ਲਹਿੰਦੀਆਂ ਨੇ ਕਿਸ ਤਰ੍ਹਾਂ,
ਦੇਸ਼ ਦੇ ਫੁੱਲਾਂ ਦੇ ਸਿਰ ਤੇ ਖਾਰੀਆਂ ਪੱਥਰਾਂ ਦੀਆਂ ।

ਪੱਥਰਾਂ ਦੇ ਸ਼ਹਿਰ ਵਿਚ ਤਾਮੀਰ ਕਰ ਬੈਠਾ 'ਫ਼ਿਦਾ',
ਮਹਿਲ ਸ਼ੀਸ਼ੇ ਦਾ ਤੇ ਬਾਰੀਆਂ ਪੱਥਰਾਂ ਦੀਆਂ ।

2. ਕਦੋਂ ਤੱਕ ਰਾਤ ਕਾਲੀ ਦੇ ਹਨੇਰੇ ਵਰ੍ਹਦਿਆਂ ਰਹਿਣਾ

ਕਦੋਂ ਤੱਕ ਰਾਤ ਕਾਲੀ ਦੇ ਹਨੇਰੇ ਵਰ੍ਹਦਿਆਂ ਰਹਿਣਾ ।
ਮੇਰੀ ਵਸਤੀ ਤੋਂ ਕਦ ਤੀਕਰ ਸਵੇਰਾ ਡਰਦਿਆਂ ਰਹਿਣਾ ।

ਕਦੀ ਤੇ ਫ਼ੈਜ਼ ਮਿਲ ਜਾਸੀ ਤਸੱਵਰ ਦੇ ਗੁਰੂ ਕੋਲੋਂ,
ਮੇਰੀ ਪਲਕਾਂ ਉਹਦੇ ਟਿੱਲੇ ਦਾ ਪਾਣੀ ਭਰਦਿਆਂ ਰਹਿਣਾ ।

ਕਦੀ ਤਾਂ ਆਵਣ ਦਾ ਸੋਚੋ, ਕਦੋਂ ਤੱਕ ਹੋ ਕੇ ਲਾਵਾਰਸ,
ਇਹਨਾਂ ਅੱਖੀਆਂ ਦੀ ਰਿਮਝਿਮ ਵਿਚ ਉਮੀਦਾਂ ਖਰਦਿਆਂ ਰਹਿਣਾ ।

ਮੈਂ ਲੱਖ ਭੱਜਾਂ ਤੇ ਲੱਖ ਨੱਸਾਂ, ਕਿਸੇ ਦੀ ਯਾਦ ਨੇ ਆ ਕੇ,
ਮੇਰੀ ਸੋਚਾਂ ਦੀ ਮੁੰਦਰੀ ਵਿਚ ਨਗੀਨੇ ਜੜਦਿਆਂ ਰਹਿਣਾ ।

ਵਫ਼ਾ ਤੇ ਜਫ਼ਾ ਦਾ ਬੱਸ ਏਹੋ ਤੇ ਫ਼ਰਕ ਹੈ ਯਾਰੋ,
ਉਹ ਨਹੀਂ ਸਾਡਾ ਤੇ ਮੁੜ ਕੀ ਏ ਅਸਾਂ ਦਿਲਬਰ ਦਿਆਂ ਰਹਿਣਾ ।

ਜੇ ਜਜ਼ਬੇ ਵਾੜ ਨਾ ਬਣਸਨ, ਤੇ ਮੁੜ ਆਸਾਂ ਦੀ ਖੇਤੀ ਨੂੰ,
ਦੁੱਖਾਂ ਨੇ ਖਾਂਦਿਆਂ ਰਹਿਣਾ, ਗ਼ਮਾਂ ਨੇ ਚਰਦਿਆਂ ਰਹਿਣਾ ।

ਮੇਰਾ ਘਰ ਨਹੀਂ ਤੇ ਮੁੜ ਕੀ ਏ, ਮੇਰਾ ਗੁਲਸ਼ਨ ਤੇ ਬਚ ਜਾਸੀ,
ਮੈਂ ਅੱਗੇ ਬਿਜਲੀਆਂ ਦੇ ਆਹਲਣੇ ਨੂੰ ਧਰਦਿਆਂ ਰਹਿਣਾ ।

ਮੇਰੀ ਗੱਲ ਯਾਦ ਰੱਖ ਜ਼ਾਲਮ! ਸਬਰ ਦੀ ਹੱਦ ਵੀ ਹੋਂਦੀ ਏ,
ਤੇਰਾ ਇਹ ਜ਼ੁਲਮ ਮਜ਼ਬੂਰੀਆਂ ਕਿੰਨਾ ਚਿਰ ਜਰਦਿਆਂ ਰਹਿਣਾ ।

ਅਲੀ ਦੇ ਲਾਡਲੇ ਜੰਗ ਦਾ ਤਰੀਕਾ ਈ ਬਦਲ ਛੱਡਿਆ,
ਸਿਰਾਂ ਤੇ ਜਿੱਤਦਿਆਂ ਰਹਿਣਾ, ਖੰਜਰ ਹਰਦਿਆਂ ਰਹਿਣਾ ।

ਮੇਰੇ ਜਜ਼ਬੇ ਨਹੀਂ ਹਰ ਸਕਦੇ, 'ਫ਼ਿਦਾ' ਹੁਣ ਛਾਲਿਆਂ ਕੋਲੋਂ,
ਮੈਂ ਥੱਕ ਟੁੱਟ ਕੇ ਵੀ ਪੈਂਡਾ ਵਫ਼ਾ ਦਾ ਕਰਦਿਆਂ ਰਹਿਣਾ ।

3. ਤੇਰੀ ਚੌਖਟ ਤੇ ਮੱਥਾ ਧਰਦਿਆਂ ਗੁਜ਼ਰੀ ਹੱਯਾਤੀ

ਤੇਰੀ ਚੌਖਟ ਤੇ ਮੱਥਾ ਧਰਦਿਆਂ ਗੁਜ਼ਰੀ ਹੱਯਾਤੀ ।
ਪਈ ਨਫ਼ਰਤ ਦੇ ਖੰਜਰ ਜਰਦਿਆਂ ਗੁਜ਼ਰੀ ਹੱਯਾਤੀ ।

ਅਸਾਥੋਂ ਖੁੱਲ੍ਹ ਨਾ ਸਕੇ ਜੀਂਦਿਆਂ ਜੀਵਨ ਦੇ ਮਾਹਨੀ,
ਹੱਯਾਤੀ ਨੂੰ ਹੱਯਾਤੀ ਕਰਦਿਆਂ ਗੁਜ਼ਰੀ ਹੱਯਾਤੀ ।

ਕਿਸੇ ਦੇ ਬਾਲ ਚਾ ਕੇ ਬਚਪਨਾ ਨਿਭਿਆ ਅਸਾਡਾ,
ਕਿਸੇ ਦੇ ਘਰ ਦਾ ਪਾਣੀ ਭਰਦਿਆਂ ਗੁਜ਼ਰੀ ਹੱਯਾਤੀ ।

ਅਸੀਂ ਸੁੱਖਾਂ ਦਾ ਪੱਤਣ ਢੂੰਡਦੇ ਕੰਢੇ ਤੇ ਡੁੱਬੇ,
ਗ਼ਮਾਂ ਦੇ ਵਹਿਣ ਅੰਦਰ ਤਰਦਿਆਂ ਗੁਜ਼ਰੀ ਹੱਯਾਤੀ ।

ਅਸੀਂ ਛੱਤਾਂ ਈ ਲਿੰਬਦੇ ਰਹਿ ਗਏ, ਪੀਘਾਂ ਕੀ ਪਾਉਂਦੇ,
ਸਦਾ ਸਾਵਣ ਦੇ ਕੋਲੋਂ ਡਰਦਿਆਂ ਗੁਜ਼ਰੀ ਹੱਯਾਤੀ ।

ਅਸੀਂ ਧੁੱਪਾਂ ਹੰਢਾਈਆਂ ਹਾੜ੍ਹ ਵਿਚ, ਉਪ ਤਰਾਨੇ,
ਅਸਾਡੀ ਪੋਹ ਦੇ ਪਾਲੇ ਡਰਦਿਆਂ ਗੁਜ਼ਰੀ ਹੱਯਾਤੀ ।

'ਫ਼ਿਦਾ' ਹੁਣ ਮੌਤ ਦਾ ਡਰ ਰਹਿ ਗਿਆ ਭੋਰ ਜਿੰਨਾ,
ਜੋ ਸਾਡੀ ਜੀਂਦਿਆਂ ਤੇ ਮਰਦਿਆਂ ਗੁਜ਼ਰੀ ਹੱਯਾਤੀ ।

4. ਅੱਜ ਫਿਰ ਗੁੱਡੂ ਰੋਂਦਾ ਰੋਂਦਾ ਘਰ ਆਇਆ

ਅੱਜ ਫਿਰ ਗੁੱਡੂ
ਰੋਂਦਾ ਰੋਂਦਾ ਘਰ ਆਇਆ ਤੇ
ਆਖਣ ਲੱਗਿਆ
ਚੌਧਰੀਆਂ ਦਾ ਪੱਪੂ ਅੱਬੂ
ਮੈਨੂੰ ਰਲ ਨਈਂ ਖੇਡਣ ਦੇਂਦਾ
ਬਾਕੀ ਪਿੰਡ ਦਿਆਂ ਸਭ ਮੁੰਡਿਆਂ ਨੂੰ
ਮਿਹਰ ਮੁਹੱਬਤਾਂ ਵੰਡਦਾ ਏ ਉਹ
ਜੇਕਰ ਮੇਰਾ ਹੱਥ ਲੱਗ ਜਾਵੇ
ਆਪਣੇ ਕੱਪੜੇ ਛੰਡਦਾ ਏ ਉਹ
ਮੈਨੂੰ ਆਉਂਦਾ ਜਾਂ ਵੇਖੇ ਤੇ
ਮਾਰਨ ਦੇ ਲਈ ਨੱਸ ਪੈਂਦਾ ਏ
ਮੈਨੂੰ ਡ੍ਹਾਢਾ ਦੁੱਖ ਲੱਗਦਾ ਏ
ਮੈਂ ਰੋਨਾਂ ਉਹ ਹੱਸ ਪੈਂਦਾ ਏ......
ਮੈਨੂੰ ਆਂਹਦਾ ਏ
ਚੁੱਪ ਕਰ ਕੰਮੀਆਂ
ਗੱਲ ਵੀ ਮੈਨੂੰ ਕਹਿਣ ਨੀ ਦਿੰਦਾ
ਆਪਣੇ ਕੀ ਉਹ ਬਾਕੀ
ਮੁੰਡਿਆਂ ਨਾਲ ਵੀ ਰਲਕੇ
ਬਹਿਣ ਨੀ ਦਿੰਦਾ
ਤੂੰ ਤਾਂ ਰੋਜ਼ ਇਹ ਕਹਿਨਾ ਏਂ ਅੱਬੂ
ਰਲਕੇ ਵੱਸਦੇ ਵੀਰ ਹੁੰਦੇ ਨੇ
ਰਲਕੇ ਵੱਸਣ ਵਾਲਿਆਂ ਦੀ ਤਾਂ
ਸਾਂਝ ਹੁੰਦੀ ਏ ਸੀਰ ਹੁੰਦੇ ਨੇ
ਅੱਬੂ, ਕੰਮੀ ਕੀ ਹੁੰਦਾ ਏ?
ਮੈਨੂੰ ਰੋਜ਼ ਉਹ ਕੰਮੀ ਕਹਿੰਦਾ

5. ਉਹ ਜਾਂਦਾ ਕਹਿ ਗਿਆ ਮੈਨੂੰ

ਉਹ ਜਾਂਦਾ ਕਹਿ ਗਿਆ ਮੈਨੂੰ
ਤਰੀਕਾਂ ਸਾਂਭ ਕੇ ਰੱਖੀਂ ।
ਇਹੀਓ ਮੇਰੀ ਨਿਸ਼ਾਨੀ ਨੇ
ਉਡੀਕਾਂ ਸਾਂਭ ਕੇ ਰੱਖੀਂ ।

ਅਜੇ ਕੰਨਾਂ ਤੇ ਪਰਦੇ ਨੇ
ਸੁਣਾ ਨਾ ਦਰਦ ਦੇ ਕਿੱਸੇ,
ਅਜੇ ਅਹਿਸਾਸ ਮੁਰਦਾ ਨੇ
ਇਹ ਚੀਕਾਂ ਸਾਂਭ ਕੇ ਰੱਖੀਂ ।