Farid Fiza : Man

ਫ਼ਰੀਦ ਫਿਜ਼ਾ : ਮਨ


ਮਾਂ

ਘਰ ਆਏ ਨੂੰ ਸੱਤ-ਬਿਸਮਿੱਲਾ ਜਾਂਦੇ ਹੋਏ ਨੂੰ ਦੁਆਵਾਂ ਜੀ ਮੂੰਹ ਦੇ ਵਿੱਚ ਚਾਸ਼ਨੀ ਘੁਲਦੀ ਸੁਖ਼ਨ ਪੰਜ-ਆਬੀ ਗਾਵਾਂ ਜੀ ਇਸ ਜਿਹੀ ਸਰਲ ਜ਼ੁਬਾਨ ਕੋਈ ਨਾ ਵਾਰ-ਵਾਰ ਦੁਹਰਾਵਾਂ ਜੀ ਆਮ ਲਫ਼ਜ਼ਾਂ ਦੇ ਕਰਾਂ ਤਜਰਬੇ ਬਣਤਰ ਜਦ ਬਣਾਵਾਂ ਜੀ ਕਿੰਨੀ ਇੱਜ਼ਤ, ਕਿੰਨੀ ਲੱਜ਼ਤ 'ਜੀ' 'ਜੀ' ਆਖ ਬੁਲਾਵਾਂ ਜੀ ਅਨੇਕਾਂ ਹੀ ਵਿਕਲਪ ਮੁਹੱਈਆ ਲਫ਼ਜ਼ਾਂ ਨਾਲ ਖੇਡਦਾ ਜਾਵਾਂ ਜੀ ਦੋ ਨੁਕਤਿਆਂ 'ਚ ਇਲਮ ਰੂਹਾਨੀ ਸੂਫ਼ੀਆਂ ਦਾ ਪੜ੍ਹ ਜਾਵਾਂ ਜੀ ਵਿਭਿੰਨ ਕਿਸਮਾਂ ਦੀਆਂ ਧੁਨੀਆਂ ਙ,ਞ,ਹੋੜਾ,ਕਨੌੜਾ,ਲਾਵਾਂ,ਦੁਲਾਵਾਂ ਜੀ ਮਾਂ ਕਰਮਾਂਵਾਲੀ,ਸੋਹਣੇ ਪੁੱਤ ਅਦੀਬ ਲੱਖ ਵਾਰੀ ਘੋਲ ਘੁਮਾਵਾਂ ਜੀ ਇਸ ਦੇ ਸੋਹਿਲੇ,ਇਸ ਦੇ ਕਸੀਦੇ ਰਹਿੰਦੀ ਉਮਰ ਅਲਾਵਾਂ ਜੀ

ਕਹਾਣੀ ਪੰਜ-ਆਬਾਂ ਦੀ

"ਫ਼ਰੀਦ ਦੇ ਦੇਸੋਂ ਹਵਾ ਚੱਲਦੀ ਸੁਨੇਹਾ ਹਰ ਪਾਸੇ ਮੁਹੱਬਤ ਦਾ ਘੱਲਦੀ" ਪੰਜ-ਆਬਾਂ ਦੀ ਸ਼ਰਬਤੀ ਧਾਰ ਵਗਦੀ ਸ਼ਹਿਦੋਂ-ਮਿੱਠੀ ਬੋਲੀ ਰੱਬੀ ਸੁਨੇਹੇ ਵਰਗੀ ਹਰ ਮੌਸਮ ਦੀ ਜਿੱਥੇ ਛਹਿਬਰ ਲੱਗਦੀ ਕਿੱਕਰਾਂ ਜਿਹੀ ਉਦਾਸੀ ਦੱਸ ਕਿਥੋਂ ਮਿਲਦੀ ਸੂਰਜ ਜਿਹੀ ਤਪਸ਼ ਗੇਂਦੇ ਵਿਚੋਂ ਖਿੜਦੀ ਮਹੀਂਵਾਲ ਦੀ ਸੋਹਣੀ ਝਨਾਂ ਵਿੱਚ ਤਰਦੀ ਵੇਦ-ਗ੍ਰੰਥਾਂ ਦੀ ਜਿੱਥੇ ਬਣਤਰ ਬਣਦੀ ਫੌਲਾਦਾਂ ਜਿਹੀ ਤਾਕਤ ਜੁੱਸਿਆਂ 'ਚ ਢਲਦੀ ਜਾਬਰਾਂ ਖ਼ਿਲਾਫ਼ ਜਿੱਥੇ ਅਵਾਜ਼ ਉੱਠਦੀ ਨੂਰ ਉਪਜਿਆ ਨਨਕਾਣੇ ਮਹਿਕਾਂ ਛੱਡੇ ਧਰਤੀ ਗੁਰ ਅਰਜਨ ਨੇ ਤਪਦੀ ਤਵੀ ਸੀਤ ਕਰਤੀ ਬਾਜਾਂ ਵਾਲੇ ਪ੍ਰੀਤਮ ਖ਼ਾਲਸੇ ਦੀ ਨੀਂਹ ਧਰਤੀ ਕੇਸਰੀ ਝੰਡੇ ਚੁੱਕ ਬੰਦਾ ਸਿੰਘ ਬਹਾਦਰ ਚੱਲਿਆ ਹਰੀ ਸਿੰਘ ਨਲਵੇ ਨੇ ਅਫ਼ਗਾਨਾਂ ਨੂੰ ਠੱਲਿਆ ਮਹਾਰਾਜੇ ਰਣਜੀਤ ਸਿੰਘ ਵੇਲੇ ਖ਼ਾਲਸੇ ਦਾ ਸਿੱਕਾ ਚੱਲਿਆ ਕੁਝ ਵਿਕ ਗਏ ਆਪਣੇ ਤਾਂ ਗੋਰਿਆਂ ਨੇ ਰਾਜ ਮੱਲਿਆ ਬਾਬੇ ਗਦਰੀ,ਸਿੰਘ ਸਰਾਭੇ ਗੁਲਾਮੀ ਦਾ ਪੰਨਾ ਥੱਲਿਆ ਕੈਕਸਟਨ ਹਾਲ ਵਿੱਚ ਊਧਮ ਸਿੰਘ ਗੱਜਿਆ ਅਜ਼ਾਦੀ ਪਈ ਮਹਿੰਗੀ ਤੇ ਕਹਿਰ ਹੋਇਆ ਕਸੂਰ ਦੇ ਪੈਂਡੇ ਲੰਮੇ, ਲਾਹੌਰ ਗ਼ੈਰ ਹੋਇਆ ਧਰਤ ਪੰਜਾਬ ਤੇ ਕਲਹਿਣਾ ਪਹਿਰ ਹੋਇਆ 'ਵਾ ਅੰਬਰਸਰੋਂ ਪੁਰ-ਜ਼ੋਰ ਚੱਲੀ ਤਾਬ ਖ਼ਾਲਸੇ ਦੀ ਜਾਵੇ ਨਾ ਝੱਲੀ ਤੱਕ ਸਿੰਘਾਂ ਦੀ ਦਲੇਰੀ ਕੰਬ ਗਈ ਦਿੱਲੀ ਪਾਣੀ ਤੇ ਜਵਾਨੀ ਵੈਰੀ ਭਟਕਾਈ ਜਾਵੇ ਅਨੇਕਾਂ ਹਮਲੇ ਪੰਜਾਬ ਤੇ ਕਰਾਈ ਜਾਵੇ ਸ਼ਬਦ-ਗੁਰੂ ਸਦਕਾ ਪੰਜਾਬ ਰੁਸ਼ਨਾਈ ਜਾਵੇ ਬੈਰੀਕੇਡ ਨਹੀਂ ਵਿਰੋਧੀਆਂ ਦੇ ਵਹਿਮ ਧੂਹੇ ਨੇ ਝੰਡੇ ਕੇਸਰੀ ਲਾਲ ਕਿਲਿਓਂ ਅਸਮਾਨ ਛੂਹੇ ਨੇ ਸ਼ਹੀਦ ਸਿੰਘ ਆ ਗਏ ਦਿੱਲੀ ਦੀ ਜੂਹੇ ਨੇ ਅੰਧਕਾਰ ਤੋਂ ਜਿੰਨੀ ਲੱਗੇ ਵਾਹ ਲਾਈ ਜਾਵੇ ਦਹਿਸ਼ਤ,ਬੇ-ਅਦਬੀ ਤੇ ਭਰਮ ਫੈਲਾਈ ਜਾਵੇ ਸੱਚਾ ਪਾਤਸ਼ਾਹ ਪੱਤ ਪੰਜਾਬ ਦੀ ਬਚਾਈ ਜਾਵੇ

ਮੇਰੀ ਕਵਿਤਾ ਦਾ ਦਿਲ

ਕਿੰਞ ਹੁੰਦੀਆਂ ਨੇ ਧੁੱਪਾਂ ਵਿੱਚ ਛਾਵਾਂ? ਕਿਵੇਂ ਲਿਖੇ ੩੩ ਅੰਕਾਂ ਵਾਲਾ ਕਵਿਤਾਵਾਂ? ਨਾ ਕਿਸੇ ਨੂੰ ਨੀਵਾਂ ਦਿਖਾਉਣ ਲਈ ਤੇ ਨਾ ਹੀ ਖੁਤਖੁਤੀ ਮਿਟਾਉਣ ਲਈ ਨਾ ਕੋਈ ਲਿਖਾਉਂਦੀ ਹੂਰ ਵੀਰਾ ਤੇ ਨਾ ਹੀ ਲਿਖਾਉਂਦੀ ਸੱਟ ਜੇ ਹੋਵੇ ਰਹਿਮਤ ਪੀਰ ਮੇਰੇ ਦੀ ਮੈਨੂੰ ਲਫ਼ਜ਼ ਅਹੁੜਦੇ ਝੱਟ ਨਾ ਕੋਈ ਜ਼ੁਲਫ਼ਾਂ ਦੀਆਂ ਛਾਵਾਂ ਨਾਲ ਮੇਰੇ ਮੁਰਸ਼ਿਦ ਦੀਆਂ ਦੁਆਵਾਂ ਇਹ ਪੰਨਿਆਂ ਤੇ ਜੋ ਹਰਕਤ ਹੈ ਇਹ ਨਾਮ ਉਹਦੇ ਦੀ ਬਰਕਤ ਹੈ ਨਾ ਹੀ ਫ਼ਿਕਰ ਮਖ਼ਮਲ ਦਾ ਤੇ ਨਾ ਸੋਂਹਦਾ ਰੇਸ਼ਮ ਪੱਟ ਜੇ ਹੋਵੇ ਰਹਿਮਤ ਪੀਰ ਮੇਰੇ ਦੀ ਮੈਨੂੰ ਲਫ਼ਜ਼ ਅਹੁੜਦੇ ਝੱਟ ਐਂਵੇਂ ਨਾ ਬਹੁਤਾ ਸੋਚੀਂ ਸੱਜਣ ਬਸ ਖ਼ੁਸ਼ਾਮਦਾਂ ਲੋਚੀਂ ਸੱਜਣ ਮਿਲੀ ਕਲਾ ਪੰਨਿਆਂ 'ਤੇ ਢਾਲਣ ਦੇ ਸਾਨੂੰ ਆਪਣਾ ਕਰਮ ਨਿਭਾਵਣ ਦੇ ਨਾਮ-ਰਤਨ ਜੋ ਸਾਹਿਬ ਦਾ ਨੀਵਾਂ ਹੋ ਕੇ ਯਾਰਾ ਲੁੱਟ ਜੇ ਹੋਵੇ ਰਹਿਮਤ ਪੀਰ ਮੇਰੇ ਦੀ ਮੈਨੂੰ ਲਫ਼ਜ਼ ਅਹੁੜਦੇ ਝੱਟ ਨਾ ਦਮੜੇ ਦੀ ਭੁੱਖ ਕੋਈ ਨਾ ਝੂਠ ਕਹੇ ਤੁੱਕ ਕੋਈ ਉਹਨੇ ਆਪ ਸੁਪਨਾ ਦਿਖਾਇਆ ਏ ਤੇ ਆਪੇ ਪੂਰਾ ਕਰਾਇਆ ਏ ਤੇਰੀ ਵੀ ਭਰ ਦੂ ਝੋਲੀ ਆਜਾ ਯਾਰਾ ਬੰਦਗੀ 'ਚ ਜੁੱਟ ਜੇ ਹੋਵੇ ਰਹਿਮਤ ਪੀਰ ਮੇਰੇ ਦੀ ਮੈਨੂੰ ਲਫ਼ਜ਼ ਅਹੁੜਦੇ ਝੱਟ

ਰੱਬ ਤੇ ਮਾਂ

ਬਿਪਤਾ ਪਈ ਤੇ ਹੱਥ ਛੱਡ ਜੇ ਇਹ ਦੁਨੀਆ ਦਾ ਹਾਲ ਏ ਜੋ ਵੀ ਅੱਖਾਂ ਅੱਗੇ ਚੱਲਦਾ ਮੰਨਿਆ ਸਭ ਮਾਇਆ-ਜਾਲ ਏ ਕਰੇ ਤਪੱਸਿਆ ਨੌਂ ਮਹੀਨੇ ਤੇ ਲਾਡ ਉਮਰ ਸਾਰੀ ਮਾਂ ਦੇ ਪਿਆਰ ਬਾਰੇ ਰੱਬਾ ਤੇਰਾ ਕੀ ਖਿਆਲ ਏ? ਕਹਿੰਦੇ ਪ੍ਰੇਮ ਦੇ ਰਾਹ ਤੇ ਤੂੰ ਮਿਲਦਾ ਕੀ ਰੱਬਾ ਤੈਨੂੰ ਵੀ ਇੱਕ ਮਾਂ ਦੀ ਭਾਲ ਏ?

ਮਾਇਆ ਦੇਵੀ

ਕਿਸੇ ਨੂੰ ਜੋਬਨ-ਕਾਮ ਨੇ ਗ੍ਰਸਿਆ ਕਿਸੇ ਨੂੰ ਕਰਮ-ਕਾਂਡਾਂ 'ਚ ਰੱਖਿਆ ਕਿਸੇ ਨੂੰ ਤਦਬੀਰਾਂ ਨੇ ਥਕਾਇਆ ਕਿਸੇ ਨੂੰ ਤਕਦੀਰਾਂ ਨੇ ਹਰਾਇਆ ਕਿਸੇ ਨੂੰ ਸੁਸਤੀ-ਆਲਸ ਪਿਆਰੀ ਕਿਸੇ ਨੂੰ ਚੋਰੀ-ਯਾਰੀ ਦੀ ਬਿਮਾਰੀ ਕਿਸੇ ਨੂੰ ਭਾਵੇ ਲੋਕਾਂ ਦੀ ਵਡਿਆਈ ਕਿਸੇ ਨੂੰ ਪਦਾਰਥ-ਨਸ਼ਾ ਜਾਪੇ ਦਵਾਈ ਕਿਸੇ ਨੂੰ ਮੋਹ-ਮਮਤਾ ਨੇ ਫਾਹਿਆ ਕਿਸੇ ਨੂੰ ਗ੍ਰਹਿਸਥੀ ਨੇ ਢਾਹਿਆ ਸਾਰਾ ਮਾਇਆ-ਦੇਵੀ ਖੇਲ ਰਚਾਇਆ ਕਾਲ ਦੀ ਡੁਗਡੁਗੀ ਮਨੁੱਖ ਨਚਾਇਆ ਭੂਤ-ਭਵਿੱਖ ਨੇ ਸੁਰਤ ਉਲਝਾਈ ਵਰਤਮਾਨ ਦੀ ਘੜੀ ਲੰਘਾਈ ਸ਼ਬਦਾਂ ਨੇ ਗੁੰਝਲ-ਜਾਲ ਰਚਿਆ ਬਿਖ-ਵਿੱਦਿਆ ਤੋਂ ਵਿਰਲਾ ਬਚਿਆ ਵਿੱਚ ਵੱਸ ਕੇ ਜੋ ਕੱਜਣ ਰੱਖਿਆ ਤੂੰ ਤੱਕੇਂ ਪਰ ਅਸੀਂ ਨਹੀਂ ਤੱਕਿਆ ਕਾਵਿ-ਰਚਨਾ ਤਾਂ ਇੱਕ ਗੁਹਾਰ ਲੈਂਦਾ ਰਹੀਂ ਅਕ੍ਰਿਤਘਣਾਂ ਦੀ ਸਾਰ ਹਰਫ਼ਾਂ ਦੀ ਉਂਞ ਲੋੜ ਨਾ ਕੋਈ ਤੈਥੋਂ ਲੁਕੀ ਗੱਲ ਨਾ ਕੋਈ

ਕਿੱਕਰਾਂ ਦੇ ਫੁੱਲ

ਸਾਡੇ ਦਰਾਂ ਅੱਗੇ ਵਾ' ਫ਼ਕੀਰੀ ਦੀ ਗਈ ਝੁੱਲ ਬੈਠੇ ਰਹੇ ਅੰਦਰੇ ਮੰਦੇ ਕਰਮਾਂ ਦਾ ਫ਼ਲ ਉਹਨੂੰ ਕਰ-ਕਰ ਯਾਦ ਸਾਡਾ ਨੀਰ ਜਾਂਦਾ ਡੁੱਲ੍ਹ ਸੁਪਨੇ 'ਚ ਆਉਂਦੇ ਹੁਣ ਕਿੱਕਰਾਂ ਦੇ ਫੁੱਲ ਸਾਡੇ ਸਾਰੇ ਸੁਨੇਹੇ ਗਏ ਰਾਹਾਂ ਵਿੱਚ ਰੁੱਲ ਦੀਦਾਰ ਦੇ ਨਜ਼ਾਰੇ ਸਾਨੂੰ ਮਿਲਦੇ ਨਾ ਮੁੱਲ ਆਲਸ ਦੇ ਆਦੀ ਸਾਥੋਂ ਲੱਥਦੇ ਨਾ ਜੁੱਲ ਫ਼ਰਜ਼ੀ ਭਗਤੀ ਨਾਲ ਕਿਵੇਂ ਭੇਤ ਜਾਵੇ ਖੁੱਲ੍ਹ? ਉਹਦੀ ਦਰਿਆ-ਦਿਲੀ ਕਿ ਬਖ਼ਸ਼ੇ ਸਾਡੀ ਭੁੱਲ ਫੁੱਲਾਂ ਜਿਹੇ ਜਾਪਣ ਉਹਦਾ ਨਾਮ ਲੈਂਦੇ ਬੁੱਲ੍ਹ ਗਾ ਰਿਹਾ ਸੋਭਾ ਉਹਦੀ ਜੀਵ-ਜੰਤ ਕੁੱਲ ਸਾਡੇ ਰੁੱਖੇ-ਰੁੱਖੇ ਗੀਤ ਉਹਦੇ ਪੈਰਾਂ ਦੇ ਨਾ ਤੁੱਲ

ਡਿਪ੍ਰੈਸ਼ਨ(Depression)

ਉਲਝੇ ਮੁਰਝਾਏ ਫ਼ਿਰਦੇ ਸੀ ਅੱਖੀਉਂ ਹੰਝੂ ਗਿਰਦੇ ਸੀ ਕੋਈ ਦਿਸਦਾ ਨਹੀਂ ਸੀ ਹੱਲ ਤੁਰਨੇ ਦਾ ਵੀ ਨਾ ਜਿਗਰਾ ਸੀ ਉਠਣ ਦੀਆਂ ਵੀ ਫ਼ਿਕਰਾਂ ਸੀ ਦਿਲ ਉਦਾਸੀਆਂ ਲਇਆ ਸੀ ਮੱਲ ਹਰ ਪਾਸੇ ਘੁੱਪ ਹਨੇਰਾ ਸੀ ਨਾ ਹੁੰਦਾ ਦਿਸਦਾ ਸਵੇਰਾ ਸੀ ਕੌਣ ਸਮਝਦਾ ਸਾਡਾ ਝੱਲ? ਰਾਹ ਕੋਈ ਨਹੀਂ ਬਚਿਆ ਸੀ ਮੈਂ ਹਰ ਪਾਸੋਂ ਥੱਕਿਆ ਸੀ ਸਦੀਆਂ ਵਰਗਾ ਸੀ ਹਰ ਪਲ ਉਹ ਨਾਨਕ ਦਾ ਵਿਹੜਾ ਹੈ ਉਹ ਜਪੁਜੀ ਦਾ ਖੇੜਾ ਹੈ ਕਿ ਮੁਰਦਿਆਂ ਨੂੰ ਮਿਲਿਆ ਬਲ ਇਹ ਤਰਤੀਬਾਂ-ਤਕਦੀਰਾਂ ਏ ਮੱਥੇ ਦੀਆਂ ਲਕੀਰਾਂ ਲੈ ਆਈਆਂ ਸ਼ਬਦਾਂ ਦੇ ਵੱਲ

ਕੰਡੇ ਤੇ ਫੁੱਲ

ਜੇ ਤੂੰ ਮੇਰੇ ਦੁੱਖ ਨਾਮ ਦਾ ਕੰਡਾ ਨਾ ਚਬੋਂਦਾ, ਮੈਂ ਤਾਂ ਤੈਨੂੰ ਯਾਦ ਈ ਨਹੀਂ ਕਰਨਾ ਸੀ। ਮੈਂ ਤਾਂ ਸੁੱਖ ਦੇ ਫੁੱਲਾਂ 'ਚ ਮਸਤ ਸੀ, ਦੁੜੰਗੇ ਲਾਉਂਦਾ ਸੀ, ਮੈਨੂੰ ਤੇਰਾ ਕੋਈ ਬੋਧ ਈ ਨਹੀਂ ਸੀ। ਪਰ ਏ ਕੰਡਿਆਂ ਨੇ ਮੈਨੂੰ ਝੁਕਾ ਦਿੱਤਾ ਤੇ ਬਾਬਾ ਰੂਮੀ ਕਹਿੰਦਾ "ਜਦ ਜ਼ਿੰਦਗੀ ਤੁਹਾਨੂੰ ਝੁਕਾ ਦੇਵੇ ਤਾਂ ਸਮਝ ਲੋ ਹੁਣ ਤੁਸੀਂ ਤਿਆਰ ਓ ਸਜਦੇ ਲਈ" ਹੁਣ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਤੇ ਕੰਡੇ ਫੁੱਲ ਤਾਂ ਨਹੀਂ?

ਸੱਜਣ ਮੋਰਾ

"ਅੱਗ ਦੇ ਚੰਗਿਆੜੇ ਜਿਹੇ ਪੱਤੇ ਰੁੱਖਾਂ ਦੇ ਰੱਬ ਦੇ ਨੂਰ ਜਿਹੇ ਨਕਸ਼ ਮੁੱਖਾਂ ਦੇ ਇਹ ਦੁਨੀਆਂ ਹੀ ਸਵਰਗ ਜੀਹਦੀ ਤੈਨੂੰ ਭਾਲ ਹੈ ਗੌਰ ਨਾਲ ਦੇਖ ਸਭ ਅਕਾਲ,ਅਕਾਲ,ਅਕਾਲ ਹੈ" ਬੱਦਲਾਂ ਦੀ ਗੜਗੜਾਹਟ ਵਿੱਚ ਪੱਤਿਆਂ ਦੀ ਸਰਸਰਾਹਟ ਵਿੱਚ ਘਾਹ ਦੀਆਂ ਤਿੜਾਂ ਵਿੱਚ ਖੱਡਾਂ-ਖਾਈਆਂ ਤੇ ਪਿੜਾਂ ਵਿੱਚ ਅੱਖਾਂ ਦੇ ਪਾਣੀ ਵਿੱਚ ਵੈਰੀ ਤੇ ਹਾਣੀ ਵਿੱਚ ਹਵਾ ਦੇ ਰੁਮਕੇ ਵਿੱਚ ਅੱਲ੍ਹੜ ਦੇ ਠੁਮਕੇ ਵਿੱਚ ਖੂਹਾਂ ਦੀਆਂ ਟਿੰਡਾਂ ਵਿੱਚ ਸਭ ਸ਼ਹਿਰਾਂ-ਪਿੰਡਾਂ ਵਿੱਚ ਬੱਦਲਾਂ ਦੇ ਅਕਾਰ ਵਿੱਚ ਦਿਲ ਦੀ ਪੁਕਾਰ ਵਿੱਚ ਪੈਰਾਂ ਦੀ ਚਾਲ ਵਿੱਚ ਚੰਗੇ-ਮੰਦੇ ਹਾਲ ਵਿੱਚ ਅੱਖਾਂ ਦੇ ਟੂਣੇ ਵਿੱਚ ਸਾਧ ਦੇ ਧੂਣੇ ਵਿੱਚ ਰੁੱਖਾਂ ਦੇ ਸੰਤੋਖ ਵਿੱਚ ਥੋੜ੍ਹੇ ਤੇ ਥੋਕ ਵਿੱਚ ਮਾਂ ਦੀਆਂ ਗੱਲਾਂ ਵਿੱਚ ਮੜੂਏ ਤੇ ਮੱਲਾਂ ਵਿੱਚ ਬੇਪਰਵਾਹੀ ਤੇ ਝੋਰੇ ਵਿੱਚ ਕਾਲੇ ਤੇ ਗੋਰੇ ਵਿੱਚ ਪਿਆਰ ਦੀਆਂ ਭੁੱਖਾਂ ਵਿੱਚ ਦੁੱਖਾਂ ਤੇ ਸੁੱਖਾਂ ਵਿੱਚ ਨਿੱਤਨੇਮੀ ਤੇ ਭੁੱਲੇ ਵਿੱਚ ਤੰਗ-ਦਿਲ ਤੇ ਖੁੱਲ੍ਹੇ ਵਿੱਚ ਧਰਤੀ ਤੇ ਅਕਾਸ਼ ਵਿੱਚ ਪਾਤਰ ਤੇ ਪਾਸ਼ ਵਿੱਚ ਰੁੱਤਾਂ ਦੇ ਸਾਜ ਵਿੱਚ ਰੋਜ਼ਮਰ੍ਹਾ ਦੀ ਭਾਜ ਵਿੱਚ ਜ਼ੁਲਫ਼ਾਂ ਦੀ ਲਿਟ ਵਿੱਚ ਪਾਕ ਤੇ ਭਿੱਟ ਵਿੱਚ ਬਾਈਬਲ ਤੇ ਕੁਰਾਨ ਵਿੱਚ ਸਿੰਘ ਤੇ ਖ਼ਾਨ ਵਿੱਚ ਦਰਿਆਵਾਂ ਤੇ ਨਦੀਆਂ ਵਿੱਚ ਨੇਕੀ ਤੇ ਬਦੀਆਂ ਵਿੱਚ ਫੁੱਲਾਂ ਤੇ ਕੰਡਿਆਂ ਵਿੱਚ ਚੜ੍ਹਦੀਕਲਾ ਦੇ ਝੰਡਿਆਂ ਵਿੱਚ ਸਾਧਾਰਨ ਤੇ ਖ਼ਾਸ ਵਿੱਚ ਹਰ ਇੱਕ ਦੀ ਅਰਦਾਸ ਵਿੱਚ ਸੱਜਣਾ! ਤੂੰ ਹੀ ਹੈਂ ਸੱਜਣਾ! ਤੂੰ ਹੀ ਹੈਂ

ਵੈਨਕੂਵਰ

ਹੁਣ ਆਏਂ ਕਰ ਭੁੱਲ ਜਾ ਜਿਹੜੇ ਸ਼ਬਦ ਪਹਿਲੀ ਵਾਰ ਤੇਰੇ ਮੂੰਹੋਂ ਨਿੱਕਲੇ ਸੀ ਤੇ ਤੁੰਨ ਲਾ ਪੈਸੇ ਤੇ ਰੁਜ਼ਗਾਰ ਵੰਡਣ ਵਾਲੀ ਬੋਲੀ ਹਲਕ 'ਚ ਰਲ ਜਾ ਭੀੜ 'ਚ ਤੂੰ ਕੱਲੇ ਨੇ ਠੇਕਾ ਲਿਆ ਮਾਵਾਂ ਨੂੰ ਸਾਂਭਣ ਦਾ ਤੇਰੇ ਭੈਣ-ਭਾਈ ਕੀ ਮਰ ਗਏ? ਹੁਣ ਭੁੱਲ ਜਾ ਉਸ ਧਰਤੀ ਨੂੰ ਜਿੱਥੇ ਨੀਲੇ ਘੋੜੇ ਦਾ ਅਸਵਾਰ ਤੀਰਾਂ ਨੂੰ ਪਰਖਦਾ ਸੀ ਜਿੱਥੇ ਸ਼ਕਰ-ਗੰਜ ਦੇ ਇਸ਼ਕ ਦੀ ਇਬਾਰਤ ਲਿਖੀ ਗਈ ਸੀ ਜਿੱਥੇ ਤੇਰੀ ਮਾਂ ਬਚਪਨ ਰੁੱਤੇ ਤੈਨੂੰ ਝਾਤੀ ਕਰਦੀ ਹੁੰਦੀ ਸੀ ਹੁਣ ਵਲ਼ੈਤ ਦੀ ਬਰਫ਼ 'ਚ ਦਿਲ ਨੂੰ ਸਹਾਰਾ ਦੇਣ ਲਈ ਅੰਗਰੇਜ਼ੀ ਸ਼ਰਾਬ ਦੀ ਘੁੱਟ ਲਾ ਕੇ ਸੌਂ ਜਾਇਆ ਕਰ ਪਰ ਜੇ ਇਹ ਸਭ ਕਰਕੇ ਵੀ ਤੇਰੇ ਦਿਲੋ-ਦਿਮਾਗ ਚੋਂ ਪੰਜਾਬ ਨਹੀਂ ਨਿੱਕਲਦਾ ਤਾਂ ਮੈਂ ਨਹੀਂ ਸਮਝਾ ਸਕਦਾ ਤੇਰੇ ਜਿਹੇ ਝੱਲੇ ਨੂੰ ਜਿਹੜਾ ਸੌਂਦਾ ਵੈਨਕੂਵਰ ਆ ਤੇ ਸੁਪਨਿਆਂ 'ਚ ਘੁੰਮਦਾ ਪਿੰਡ ਦੀਆਂ ਗਲੀਆਂ 'ਚ ਫ਼ਿਰਦਾ

ਮਿੱਟੀ ਦਾ ਭਾਂਡਾ

ਪ੍ਰੇਮ ਨੇ ਹੈ ਕਾਇਮ ਰਹਿਣਾ ਬਾਕੀ ਝੂਠੀਆਂ ਸਰਦਾਰੀਆਂ ਮੱਤ ਮਾਰ ਦੇਵਣ ਬੰਦੇ ਦੀ ਕਾਮ-ਕ੍ਰੋਧ ਦੀਆਂ ਬਿਮਾਰੀਆਂ ਅਮਲ ਹੈ ਹੌਲਾ ਤੇਰਾ ਗੱਲਾਂ ਕਰੇ ਭਾਰੀਆਂ ਦੰਡ ਮਿਲਣਗੇ ਬਰਾਬਰ ਜੋ ਤੂੰ ਖੱਟੀਆਂ ਬਦਕਾਰੀਆਂ 'ਕੱਲਾ ਸੀ ਆਇਆ ਕਰ ਕੱਲੇ ਜਾਣ ਦੀਆਂ ਤਿਆਰੀਆਂ ਅੱਖੀਂ ਦੇਖੀਂ ਹਾਲ ਝੂਠੇ ਸਾਕਾਂ ਦਾ ਏਥੇ ਰਹਿ ਜਾਣੀਆਂ ਹੁਸ਼ਿਆਰੀਆਂ ਪੈਸੇ ਨੇ ਨਾ ਤੋੜ ਨਿਭਾਉਣੀ ਮਿੱਟੀ ਹੋ ਜਾਣੀਆਂ ਸਵਾਰੀਆਂ ਅੱਲ੍ਹਾ ਦਾ ਨਾਮ ਰਹਿਣਾ ਸਭ ਢਹਿ ਜਾਣੀਆਂ ਅਟਾਰੀਆਂ ਜਿੱਤਣਗੇ ਉਹੀ ਜਿੰਨਾਂ ਅਕਲਾਂ ਨੇ ਹਾਰੀਆਂ ਮਿੱਟੀ ਦੇ ਭਾਂਡੇ ਚੋਂ ਖੋਜ ਰੂਹਦਾਰੀਆਂ

ਆਵਾਗੌਣ

ਖ਼ਿਜ਼ਾਂ ਆਈ ਹੈ ਜ਼ਿੰਦਗੀ ਦੇ ਮਾਇਨੇ ਸਮਝਾਉਣ ਦੁੱਖ-ਸੁੱਖ ਦੀ ਸਮਾਨਤਾ ਦਰਸਾਉਣ ਗਿਆਨ ਦੀਆਂ ਸੂਖਮ ਪਰਤਾਂ ਖੋਲਣ ਜ਼ਰਦ ਪੱਤਿਆਂ ਨੂੰ ਮੰਜ਼ਿਲ ਨਾ' ਮਿਲਾਉਣ ਤੇ ਵੈਰਾਗ ਦੀਆਂ ਨਿਆਮਤਾਂ ਵੰਡਣ ਤੇ ਹੁਣ ਉਹਨੇ ਬਹਾਰ ਭੇਜੀ ਸੁੱਕ ਚੁੱਕੇ ਫੁੱਲਾਂ ਤੇ ਪੱਤਿਆਂ 'ਚ ਰੂਹ ਫੂਕਣ ਟੁੱਟਿਆਂ ਨੂੰ ਜੋੜਣ ਲਈ ਰੋਂਦਿਆਂ ਨੂੰ ਹਸਾਉਣ ਲਈ ਧੁੱਪਾਂ ਚੁੰਮਣ ਲਈ ਤੇ ਮੈਨੂੰ ਅਨੰਤ ਕਵਿਤਾਵਾਂ ਦਾ ਵਰਦਾਨ ਦੇਣ

ਲਾ-ਮਕਾਂ ਨੂੰ ਚਿੱਠੀ

ਓ ਰੂਮੀ ਦੇ ਤਬਰੇਜ਼ੀ ਓ ਫ਼ਰੀਦ ਦੇ ਬਖ਼ਤਿਆਰ ਓ ਬੁੱਲ੍ਹੇ ਸ਼ਾਹ ਦੇ ਸ਼ਾਹ ਇਨਾਇਤ ਓ ਮਰਦਾਨੇ ਦੇ ਨਾਨਕ ਓ ਨੰਦ ਲਾਲ ਦੇ ਗੋਬਿੰਦ ਓ ਦਿਸਹੱਦਿਆਂ ਤੋਂ ਪਾਰ ਓ ਲਾ-ਮਕਾਨ ਮਕਾਨ ਵਾਲੇ ਓ ਸ਼ਬਦਾਂ ਤੋਂ ਅਪਹੁੰਚ ਆ ਜੋ ਤੇਰਾ ਰਚਿਆ ਖੇਲ ਆ ਜੋ ਚਾਨਣ-ਹਨੇਰ ਆ ਜੋ ਲੁਕਾ-ਛਿਪੀ ਆ ਜੋ ਹੱਸਣਾ-ਰਵਾਉਣਾ ਆ ਜੋ ਮਰਦੇ ਮੁਸਕਰਾਉਣਾ ਏ ਪਰਵਾਨਿਆਂ ਦੀ ਦੀਵਾਨਗੀ ਏ ਅੱਖਾਂ ਖੋਲਣ ਵਾਲੀ ਮਦਰਾ ਏ ਆਤਮਾ ਦਾ ਲਾਲ ਰੰਙ ਏ ਨੀਲ ਦਾ ਛਿੱਟਾ ਸਾਨੂੰ ਵੀ ਚੜ੍ਹਾ ਹਰ ਕਿਣਕੇ ਨੂੰ ਨਚਾ

ਔਰਤ-੨

ਔਰਤ ਦੀਆਂ ਅੱਖਾਂ, ਉਹਦੇ ਹੋਂਠ, ਉਹਦੀਆਂ ਜ਼ੁਲਫ਼ਾਂ ਉਹਦੇ ਨੈਣ-ਨਕਸ਼ ਬਹੁਤ ਵਡਿਆ ਲਏ ਉਹਦੇ ਬੁੱਤ ਵਿਚਲੀ ਮਿੱਟੀ ਢਿੱਲੀ ਪੈ ਗਈ। ਹੁਣ ਮੈਂ ਉਹਦੀਆਂ ਰੀਝਾਂ ਪੁੱਛਾਂਗਾ ਉਹਦੀਆਂ ਗੱਲਾਂ ਸੁਣਾਂਗਾ, ਆਪਣੀ ਸਿਆਣਪ ਭੁੱਲਕੇ ਹੌਲੀ-ਹੌਲੀ ਉਹਦੇ ਮਨ ਕੋਲ ਪੁੱਜਾਂਗਾ ਤਾਂ ਜੋ ਉਹ ਆਪਣੇ ਦਿਲ ਦੇ ਸਾਰੇ ਡਰ ਤੇ ਸ਼ੰਕੇ ਮੇਰੇ ਹੱਥ ਤੇ ਧਰਕੇ ਮੈਨੂੰ ਆਪਣੀਆਂ ਬਾਹਾਂ 'ਚ ਭਰਲੇ

ਫ਼ਤਹਿ-ਏ-ਇਸ਼ਕ

ਸੋਹਣੀ ਝਨਾਂ 'ਚ ਤਰ ਜਾਵੇਗੀ ਕਰਮਾਂ ਦੀ ਮਾਰ ਜਰ ਜਾਵੇਗੀ ਏਸ ਵੇਰਾਂ ਲੱਗੂਗਾ ਬੇੜਾ ਪਾਰ ਸੱਜਣਾ ਨਹੀਂ ਮਿਲਦੀ ਇਸ਼ਕ 'ਚ ਹਾਰ ਸੱਜਣਾ ਸਾਹਿਬਾਂ ਦਾ ਸੰਜੋਗ ਦਾਨਾਬਾਦ ਲਿਖਾਂਗੇ ਮਿਰਜ਼ੇ ਦੀ ਬੱਕੀ ਨੂੰ ਆਬਾਦ ਲਿਖਾਂਗੇ ਕਰ ਸ਼ੰਕੇ-ਅਫ਼ਵਾਹਾਂ ਨੂੰ ਇਨਕਾਰ ਸੱਜਣਾ ਨਹੀਂ ਮਿਲਦੀ ਇਸ਼ਕ 'ਚ ਹਾਰ ਸੱਜਣਾ ਰਾਂਝੇ ਦੀ ਵੰਝਲੀ ਦੀ ਧੁੰਮ ਮੱਚ ਗਈ ਵਾਰਿਸ ਦੀ ਹੀਰ ਸਭਨਾਂ ਨੂੰ ਜੱਚ ਗਈ ਰਹਿਣਗੇ ਹਜ਼ਾਰੇ ਸਦਾ-ਬਹਾਰ ਸੱਜਣਾ ਨਹੀਂ ਮਿਲਦੀ ਇਸ਼ਕ 'ਚ ਹਾਰ ਸੱਜਣਾ ਸੱਸੀ ਦਾ ਬਿਰਹਾ ਨਾ ਜਾਵੇਗਾ ਫ਼ਜ਼ੂਲ ਇਸ ਦਫ਼ਾ ਪੁੰਨੂ ਮੁੜ ਆਵੇਗਾ ਜ਼ਰੂਰ ਖ਼ੁਦਾ ਵੀ ਆਸ਼ਕਾਂ ਦਾ ਯਾਰ ਸੱਜਣਾ ਨਹੀਂ ਮਿਲਦੀ ਇਸ਼ਕ 'ਚ ਹਾਰ ਸੱਜਣਾ ਹਰ ਰੁੱਤੇ ਇਸ਼ਕੇ ਦੀ ਜਿੱਤ ਹੈ ਯਕੀਨੀ ਪ੍ਰੇਮ ਹੈ ਅਟੱਲ,ਦੁਨੀਆ ਹੈ ਫ਼ਾਨੀ ਕਰ ਫ਼ੱਕਰਾਂ ਦੀ ਗੱਲ ਦਾ ਇਤਬਾਰ ਸੱਜਣਾ ਨਹੀਂ ਮਿਲਦੀ ਇਸ਼ਕ 'ਚ ਹਾਰ ਸੱਜਣਾ

ਹਯਾਤੀ ਦਾ ਘੋੜਾ

ਥਿੜਕੇ ਹੋਇਆਂ ਦੇ ਸਿਰ ਹੱਥ ਰੱਖ ਜੀ ਇਸ ਜੱਦੋ-ਜਹਿਦ 'ਚ ਲੈ ਸਾਡਾ ਪੱਖ ਜੀ ਹਯਾਤੀ ਦੇ ਘੋੜੇ ਦੀ ਵਾਗ ਤੇਰੇ ਹੱਥ ਜੀ ਨਿਰਬਲਾਂ-ਨਿਮਾਣਿਆਂ ਨੂੰ ਕਰ ਤੂੰ ਅਲੱਥ ਜੀ ਤੇਰੇ ਤਾਈਂ ਅਰਦਾਸ ਤੂੰ ਹੀ ਸਮਰੱਥ ਜੀ ਹਯਾਤੀ ਦੇ ਘੋੜੇ ਦੀ ਵਾਗ ਤੇਰੇ ਹੱਥ ਜੀ ਜਦ ਪੈ ਜਾਂਦੀ ਬਿਪਤਾ ਡੋਲ ਜਾਂਦਾ ਰੱਥ ਜੀ ਕਿੰਨੇ ਵੱਜਦੇ ਹਝੋਕੇ ਦੱਸਣਾ ਅਕੱਥ ਜੀ ਹਯਾਤੀ ਦੇ ਘੋੜੇ ਦੀ ਵਾਗ ਤੇਰੇ ਹੱਥ ਜੀ ਕੋਈ ਵੀ ਨਹੀਂ ਮੇਰਾ ਉਂਞ ਚਾਰੇ ਪਾਸੇ ਇਕੱਠ ਜੀ ਗੁਰਮੁਖ ਪਿਆਰਿਆਂ ਦੀ ਬਖ਼ਸ਼ ਦੇ ਤੂੰ ਸੱਥ ਜੀ ਹਯਾਤੀ ਦੇ ਘੋੜੇ ਦੀ ਵਾਗ ਤੇਰੇ ਹੱਥ ਜੀ ਰੱਖ ਲਵੀਂ ਪਰਦੇ ਅਸੀਂ ਤਾਂ ਬੇ-ਮੱਤ ਜੀ ਇਹ ਫਿਜ਼ਾ ਜੋ ਫ਼ਰੀਦ ਤੇਰੇ ਬਿਨ੍ਹਾਂ ਕੱਖ ਨੀ ਹਯਾਤੀ ਦੇ ਘੋੜੇ ਦੀ ਵਾਗ ਤੇਰੇ ਹੱਥ ਜੀ

ਕਮਲ-ਪ੍ਰਗਾਸ

ਇੱਕ ਛਿਣ 'ਚ ਹੀ ਗਰਦ ਲਹਿ ਜਾਣੀ ਐ ਸਾਡਿਆਂ ਹੰਕਾਰਾਂ ਨੂੰ ਗਸ਼ ਪੈ ਜਾਣੀ ਐ ਸਾਡੇ ਅੰਦਰ ਤੂੰ ਬਾਲਦੇ ਇਸ਼ਕੇ ਦੀ ਅੱਗ ਨੂੰ ਕਿਸੇ ਹੀਲੇ ਭੁੱਲ ਜਾਈਏ ਮਾਇਆ-ਡੰਗੇ ਜੱਗ ਨੂੰ ਹਰਲ-ਹਰਲ ਕਰਦਿਆਂ ਨੂੰ ਟੇਕ ਆਉਣੀ ਐ ਤਪਦੇ ਮਾਰੂਥਲਾਂ 'ਚ ਕੋਈ ਡੇਕ ਆਉਣੀ ਐ ਪੈਰ ਫ਼ਿਰ ਭੋਂਏਂ ਤੇ ਟਿਕ ਜਾਣਗੇ ਨੀਵੇਂ ਰਹਿਣ ਦਾ ਗੁਰ ਸਿੱਖ ਜਾਣਗੇ ਦੁਨੀਆ ਦੀ ਤ੍ਰਿਸ਼ਨਾ ਨੇ ਤਪਾਇਆ ਪਇਆ ਏ ਲੋੜੋਂ ਵੱਧ ਇੱਛਾਵਾਂ ਨੇ ਹੰਭਾਇਆ ਪਇਆ ਏ ਕਾਮ ਦੀ ਸੱਟ ਵੱਜੇ ਪਿੰਡਾ ਬੁੱਤ ਬਣਜੇ ਹਾੜ ਵਿੱਚ ਸਾਉਣ ਦੀ ਨਸ਼ੀਲੀ ਰੁੱਤ ਬਣਜੇ ਗਾਰੇ ਵਿੱਚ ਹਾਲੇ ਤਾਂ ਪਇਆ ਖੁੱਭਿਆ ਹਯਾਤੀ ਦੀ ਰੌਸ਼ਨੀ ਵਿੱਚ ਡੁੱਬਿਆ ਤੇਰੇ ਨਾਮ ਹਰ-ਇੱਕ ਸਵਾਸ ਹੋਣਾ ਏ ਏਸੇ ਨਰਕ ਚੋਂ ਕਮਲ-ਪ੍ਰਗਾਸ ਹੋਣਾ ਏ

ਪਵਨ-ਪਾਣੀ-ਧਰਤ

ਕੂੰਜਾਂ,ਗਟਾਰਾਂ,ਚਿੜੀਆਂ ਨੇ ਬੇਦਾਵਾ ਲਿਖ ਦਿੱਤਾ ਏ ਪੰਜਾਬ ਨੂੰ। ਕਹਿੰਦੀਆਂ ਨਹੀਂ ਮੁੜਨਾ, ਜਦ ਤੱਕ ਪਵਨ ਨੂੰ ਮੁੜ ਤੋੰ ਗੁਰੂ ਦਾ ਦਰਜਾ ਨਹੀਂ ਮਿਲਦਾ ਪੰਜ ਦਰਿਆ,ਨਦੀਆਂ,ਟੋਭੇ ਸਭ ਉਜਾੜੇ ਵੱਲ ਜਾ ਰਹੇ ਨੇ ਤੇ ਪਾਣੀਆਂ ਦੀ ਜੀਭ ਜ਼ਹਿਰੀਲੀ ਹੋ ਗਈ ਐ। ਕਹਿੰਦੇ ਨੇ ਧੀਆਂ-ਪੁੱਤ ਆਖੇ ਤੋਂ ਬਾਹਰ ਨੇ, ਉਹਨਾਂ ਨੇ ਆਪਣਾ ਪਿਤਾ ਬੇਦਖ਼ਲ ਕਰ ਦਿੱਤਾ ਏ ਧਰਤੀ ਵੀ ਖਾਦ ਦੀ ਤਰ੍ਹਾਂ ਰਸਾਇਣਿਕ ਹੋ ਗਈ ਏ ਤੇ ਦੁੱਧ ਦੀ ਥਾਂ ਕੈਂਸਰ ਪਿਆਉਂਦੀ ਏ। ਸੁਣਿਆ ਮਾਤਾ ਧਰਤ ਦੀ ਮੰਜੀ, ਨੂੰਹ-ਪੁੱਤ ਨੇ ਤੂੜੀ ਆਲੇ ਅੰਦਰ ਡਾਹ ਦਿੱਤੀ ਏ

ਭਰੂਣ-ਹੱਤਿਆ

ਨਵ-ਪੁੰਗਰਦੀ ਪੱਤੀ ਮਨੁੱਖਾਂ ਦੀ ਬਸਤੀ ਤੋਂ ਦੂਰ ਜਾ ਕੇ ਫੁੱਟੀ ਕਹਿੰਦੀ ਇਨਸਾਨਾਂ ਦਾ ਕੀ ਪਤਾ ਮੇਰਾ ਵੀ ਲਿੰਗ ਪਤਾ ਕਰਾਕੇ ਗਰਭਪਾਤ ਨਾ ਕਰਾ ਦੇਣ

ਚੰਗੀ ਨੀਂਦ

(ਦੀਪ ਸਿੱਧੂ ਨੂੰ ਸਮਰਪਿਤ) ਦੇਖ ਭਾਈ ਘਨੱਈਆ ਜੀ ਹੋਰਾਂ ਦੀ ਸਾਖੀ ਸੁਣਕੇ ਨਿਸ਼ਕਾਮ ਸੇਵਾ ਦੇ ਰਾਹ ਤੇ ਨਾ ਤੁਰ ਪਵੀਂ ਝੂਠੇ ਮੁਕੱਦਮੇ ਬਣ ਜਾਣਗੇ ਜੇਲ੍ਹਾਂ ਵਿੱਚ ਤੁੰਨ ਦੇਣਗੇ ਅੰਤਾਂ ਦਾ ਤਸ਼ੱਦਦ ਤੇਰੇ ਨਰਮ ਹੱਡਾਂ ਨੂੰ ਸਹਿਣਾ ਪੈਣਾ ਦੇਖ ਜਜ਼ਬਾਤੀ ਹੋ ਕੇ ਜ਼ੁਬਾਨ ਨਾ ਖੋਲੀਂ ਦੇਖੀਂ ਦੇਖੀਂ ਸੱਚ ਨਾ ਬੋਲੀਂ ਤੇਰੇ ਤੇ ਚਿੱਕੜ ਉਛਾਲਿਆ ਜਾਊ ਸਮਾਜ 'ਚ ਦਾਗ਼ੀ ਕਰਾਰ ਦਿੱਤਾ ਜਾਊ ਤੇਰੀ ਬਦਨਾਮੀ ਹੋਣੀ ਤੈ ਹੈ ਏਸ ਰਾਹ ਤੇ ਕੰਡੇ ਹੀ ਕੰਡੇ ਨੇ ਤੇਰੇ ਨਾਲ ਜੁੜੇ ਹਰ ਇਨਸਾਨ ਨੂੰ ਤਫ਼ਤੀਸ਼ ਲਈ, ਕਦੇ ਮੁਲਾਕਾਤ ਲਈ ਭਜਾਈ ਫਿਰਨਗੇ ਦੇਖੀਂ ਇਨ੍ਹਾਂ ਦੇ ਕਾਲੇ-ਚਿੱਠੇ ਨਾ ਫਰੋਲੀਂ ਦੇਖੀਂ ਦੇਖੀਂ ਸੱਚ ਨਾ ਬੋਲੀਂ ਮੰਨਿਆ ਤੈਨੂੰ ਆਦਤ ਹੈ ਲੋਕਾਂ ਦੇ ਦੁੱਖ ਸੁਣਨ ਦੀ ਉਹਨਾਂ ਨੂੰ ਆਪਣਾ ਸਮਝ ਕੇ ਤਸੱਲੀ ਦੇ ਪਾਠ ਪੜਾਉਣ ਦੀ ਜਿਸਦਾ ਪੁੱਤ ਜਿਉਂਦਾ ਹੈ ਕਿ ਮੁਰਦਾ ਦੇਖੀਂ ਕਿਤੇ ਉਸ ਦੁਖਿਆਰੀ ਮਾਂ ਦਾ ਜਖ਼ਮ ਨਾ ਟਟੋਲੀਂ ਦੇਖੀਂ-ਦੇਖੀਂ ਸੱਚ ਨਾ ਬੋਲੀਂ ਇਨ੍ਹਾਂ ਦੀ ਆਓ-ਭਗਤ ਕਰਦਾ ਰਹੀਂ ਤੇ ਸੁਣਾਉਂਦਾ ਰਹੀਂ ਮੋਹ-ਮੁਹੱਬਤ ਦੀਆਂ ਨਜ਼ਮਾਂ ਤੇ ਲੈਂਦਾ ਰਹੀਂ ਵਫ਼ਾਦਾਰੀ ਦੇ ਤਗਮੇ ਤੇ ਪੁਰਸਕਾਰ ਪਰ ਦੇਖੀਂ ਕਿਤੇ ਆਪਣੀ ਕਲਮ ਦੀ ਨੋਕ ਇਨ੍ਹਾਂ ਵੱਲ ਨਾ ਕਰਦੀਂ ਗ਼ਲਤੀ ਨਾਲ ਵੀ ਆਪਣੀਆਂ ਰਚਨਾਵਾਂ 'ਚ ਬਗ਼ਾਵਤ ਦਾ ਰਸ ਨਾ ਘੋਲੀਂ ਦੇਖੀਂ-ਦੇਖੀਂ ਸੱਚ ਨਾ ਬੋਲੀਂ ਇੱਕਦਮ ਕਿਸੇ ਸੁੰਨ-ਸਾਨ ਰਾਹ ਤੋਂ ਗਾਇਬ ਹੋ ਜਾਵੇਂਗਾ ਕਿਸੇ ਅਖ਼ਬਾਰ ਨੇ ਤੇਰੀ ਖ਼ਬਰ ਵੀ ਨਹੀਂ ਛਾਪਣੀ ਤੈਨੂੰ ਇਨਸਾਫ਼ ਨਹੀਂ ਮਿਲਣਾ ਤੇ ਤੇਰੇ ਘਰਦਿਆਂ ਨੂੰ ਤੇਰੀ ਲਾਸ਼ ਨਹੀਂ ਮਿਲਣੀ ਨਾ ਆਪਣੀ ਚੜ੍ਹਦੀ ਜਵਾਨੀ ਏਸ ਕਲਹਿਣੇ ਰਸਤੇ ਤੇ ਨਾ ਰੋਲੀਂ ਦੇਖੀਂ-ਦੇਖੀਂ ਸੱਚ ਨਾ ਬੋਲੀਂ ਹਾਂ ਜੇ ਤੇਰੀ ਜ਼ਮੀਰ ਜਾਗਦੀ ਹੈ ਤੈਨੂੰ ਨਹੀਂ ਫ਼ਰਕ ਮੁਲਾਇਮ ਗੱਦਿਆਂ ਤੇ ਰੋੜਿਆਂ ਦਾ ਅਰਾਮ ਨਾਲ ਘਰ 'ਚ ਬੈਠ ਕੇ ਗੱਪਾਂ ਮਾਰ ਕੇ ਲੰਘਦੀ ਜ਼ਿੰਦਗੀ ਜੇ ਤੈਨੂੰ ਸਤਾਉਂਦੀ ਹੈ ਜੇ ਤੂੰ ਮਿੱਥ ਹੀ ਲਿਆ ਕਿ ਦੱਬੇ ਕੁਚਲੇ ਵਰਗ ਨਾਲ ਹੀ ਖੜ੍ਹਨਾ ਹੈ ਜੇ ਤੂੰ ਵਾਕਿਆ ਹੀ ਕਿਸੇ ਦੇ ਦਰਦ ਨੂੰ ਆਪਣੇ ਅੰਦਰ ਮਹਿਸੂਸ ਕੀਤਾ ਹੈ ਜੇ ਕਿਤੇ ਮਾੜਾ ਹੁੰਦਾ ਦੇਖਕੇ ਤੂੰ ਭੁੱਲ ਜਾਨਾ ਏਂ ਆਪਣੀਆਂ ਸਰੀਰਕ ਤੇ ਮਾਨਸਿਕ ਹੱਦਾਂ ਜਰਵਾਣਿਆਂ ਨਾਲ ਵੀ ਖਹਿ ਪੈਨਾਂ , ਜ਼ਖਮਾਂ ਦੀ ਪਰਵਾਹ ਕਰੇ ਬਿਨਾਂ ਜੇ ਤੈਨੂੰ ਇਹ ਕਰਕੇ ਹੀ ਰਾਤਾਂ ਨੂੰ ਚੰਗੀ ਨੀਂਦ ਆਉਂਦੀ ਹੈ ਤਾਂ ਫੇਰ ਯਾਰਾ ਸੱਚ ਹੀ ਬੋਲੀਂ ਸੱਚ ਹੀ ਬੋਲੀਂ ਸੱਚ ਹੀ ਬੋਲੀਂ

ਚਾਨਣ ਦੀ ਕਹਾਣੀ

(ਕਿਸਾਨ-ਮਜ਼ਦੂਰ ਅੰਦੋਲਨ ਦੀ ਜਿੱਤ ਨੂੰ ਸਮਰਪਿਤ) ਜਦ ਬੱਦਲ ਹਨੇਰੇ ਦੇ ਆ ਜਾਵਣ ਜਾਪਦਾ ਕਿਤੇ ਵੀ ਚਾਨਣ ਹੋਣਾ ਨਹੀਂ ਜਦ ਜ਼ੁਲਮ ਸਹਿੰਦੇ ਗੁਜ਼ਰ ਜਾਣ ਸਦੀਆਂ ਲੱਗਦਾ ਬਗ਼ਾਵਤ ਦਾ ਪਾਲਣ ਹੋਣਾ ਨਹੀਂ ਕਿਸੇ ਦੂਰ-ਦੁਰਾਡੇ ਕੋਨੇ ਤੋਂ ਫ਼ਿਰ ਲੋਅ ਕੋਈ ਸੂਰਜ ਬਣਦੀ ਏ ਫ਼ਿਰ ਭੋਲੀ-ਭਾਲੀ ਖ਼ਲਕਤ ਹੀ ਜਾਬਰ ਅੱਗੇ ਛਾਤੀ ਤਣਦੀ ਏ ਅੰਗਰੇਜ਼ੀ ਦੀ ਇੱਕ ਕਹਾਵਤ ਹੈ "ਇਤਿਹਾਸ ਆਪਣੇ ਆਪ ਨੂੰ ਦੁਹਰਾਉੰਦਾ ਏ" ਸਦੀਆਂ ਪਿੱਛੋਂ ਬਾਬਾ ਬਘੇਲ ਸਿੰਘ ਫ਼ੇਰ ਚਾਲੇ ਦਿੱਲੀ ਨੂੰ ਪਾਉਂਦਾ ਏ ਮੁੱਠੀ ਭਰ ਚਿੜੀਆਂ ਹੀ ਮੁੜ ਰੂਪ ਬਾਜ ਦਾ ਲੈਂਦੀਆਂ ਨੇ ਏ ਭਲੇਮਾਣਸ ਨਿਮਾਣੀਆਂ ਗਿਰਝਾਂ ਦੇ ਨਾਲ ਖਹਿੰਦੀਆਂ ਨੇ ਕਾਲ ਦੇ ਚੱਕਰ 'ਚ ਅਕਾਲ ਝਲਕ ਦਿਖਾਉਂਦਾ ਏ ਅਰਦਾਸਾਂ ਕਰਨ ਵਾਲਿਆਂ ਦਾ ਸਬਰ ਰੰਗ ਦਿਖਾਉਂਦਾ ਏ ਸਿੱਟਾ ਏ ਕਿ ਮਨੁੱਖੀ ਬੁੱਧੀ ਸੀਮਤ ਦ੍ਰਿਸ਼ਟੀ ਰੱਖਦੀ ਏ ਕੀ ਭਵਿੱਖ ਦੀ ਬੁੱਕਲੇ ਲੁਕਿਆ ਏ ਸਮੇਂ ਦੀ ਸੂਈ ਦੱਸਦੀ ਏ

ਸਰਬੱਤ ਦਾ ਭਲਾ

"ਜੋ ਤੇਰੇ ਨਾਲ ਨੇ ਆਏ ਜਮਾਤ ਕੱਟਣ ਭਲਾ ਉਹਨਾਂ ਦਾ ਰਹੀਂ ਲੋਚਦਾ ਵੇ ਤੂੰ ਸਰਬੱਤ ਦੇ ਲਈ ਦੁਆ ਮੰਗੀਂ ਤੇ ਰੱਬ ਤੇਰੇ ਬਾਰੇ ਰਹੂਗਾ ਸੋਚਦਾ ਵੇ" ਇੱਕ ਨੀਲ-ਸਮੁੰਦਰ ਅੰਬਰਾਂ ਤੇ ਇੱਕ ਨੀਲ-ਸਮੁੰਦਰ ਵਿੱਚ ਪੈਰਾਂ ਇਹ ਬਿਰਖ ਮੀਨਾਰਾਂ ਵਰਗੇ ਵੀ ਮੰਗਣ ਤੇਰੀਆਂ ਹੀ ਖੈਰਾਂ ਖੈਰਾਂ ਖੈਰਾਂ ਖੈਰਾਂ ਸਰਬੱਤ ਦੀਆਂ ਖੈਰਾਂ ਇਹ ਚਾਂਦੀ ਵਰਗੇ ਦਿਨ ਸੱਜਣਾ ਤੇ ਸੋਨ-ਰੰਗੀਆਂ ਦੁਪਹਿਰਾਂ ਇਹ ਸੁਰਮੇ ਵਰਗੀਆਂ ਬਦਲੋਟੀਆਂ ਵੀ ਮੰਗਣ ਤੇਰੀਆਂ ਹੀ ਖੈਰਾਂ ਖੈਰਾਂ ਖੈਰਾਂ ਖੈਰਾਂ ਸਰਬੱਤ ਦੀਆਂ ਖੈਰਾਂ ਜਿੰਨੀ ਮੇਰੇ ਨੈਣਾਂ 'ਚ ਵੱਸ ਗਈ ਜਿੰਨੀ ਕੁ ਗਾਹ ਲਈ ਮੇਰੇ ਪੈਰਾਂ ਤੇ ਬਾਕੀ ਬਚੀ ਧਰਤੀ ਵੀ ਮੰਗੇ ਤੇਰੀਆਂ ਹੀ ਖੈਰਾਂ ਖੈਰਾਂ ਖੈਰਾਂ ਖੈਰਾਂ ਸਰਬੱਤ ਦੀਆਂ ਖੈਰਾਂ ਇਹ ਅੰਮ੍ਰਿਤ ਦੇ ਸੋਮੇ ਇਹ ਮਾਇਆ-ਰੂਪੀ ਜ਼ਹਿਰਾਂ ਸਭ ਗੁਣ-ਔਗੁਣ,ਨੇਕੀ-ਬਦੀ ਵੀ ਮੰਗੇ ਤੇਰੀਆਂ ਹੀ ਖੈਰਾਂ ਖੈਰਾਂ ਖੈਰਾਂ ਖੈਰਾਂ ਸਰਬੱਤ ਦੀਆਂ ਖੈਰਾਂ ਇਹ ਦੁਨੀਆ ਦੀਆਂ ਫਿਕਰਾਂ ਤੇ ਫ਼ਕੀਰੀ ਦੀਆਂ ਲਹਿਰਾਂ ਇਹ ਕਲਮ ਗੁਲਾਮ ਜੋ ਤੇਰੀ ਵੀ ਮੰਗੇ ਤੇਰੀਆਂ ਹੀ ਖੈਰਾਂ ਖੈਰਾਂ ਖੈਰਾਂ ਖੈਰਾਂ ਸਰਬੱਤ ਦੀਆਂ ਖੈਰਾਂ

ਜੈ ਕਾਲ

ਬੋਲ-ਬੋਲ ਕੇ ਤੁਰਜਾਂਗੇ ਅਸੀਂ ਪੱਤਣਾਂ ਤੋਂ ਪਾਰ ਕੋਈ ਭਵੰਡਰ ਆਊ ਤੇ ਹਾਵੀ ਹੋਜੂ ਕਾਲ ਸੱਚ ਸਭ ਨੰਗਾ ਹੋਣਾ ਆਤਮਾ ਦੀ ਚੁੱਪ ਜ਼ੁਬਾਨ ਪਤਾ ਕਰਲੀਂ ਆਪੇ ਦਰਬਾਰੇ ਕਹਿੰਦੇ ਗ੍ਰੰਥ-ਪੁਰਾਨ-ਕੁਰਾਨ ਬੱਦਲਾਂ ਉਤੇ ਹੀ ਹੋਵਾਂਗਾ ਕਹਿੰਦਾ ਖ਼ਲੀਲ ਜ਼ਿਬਰਾਨ ਕੋਈ ਹੋਰ ਮਾਂ ਜਨਮੇਗੀ ਵਾਪਸ ਪਰਤਾਂਗਾ ਕਿਸੇ ਜਹਾਨ ਜਿਸ ਨੂੰ ਦੁੱਖ ਸਮਝਿਆ ਉਸ ਵੇਲੇ ਹਾਸਾ ਆਊਗਾ ਬਾਬੇ ਰੂਮੀ ਦਾ ਉਸ ਵੇਲੇ ਕਥਨ ਯਾਦ ਫ਼ਿਰ ਆਊਗਾ ਆਸ਼ਕ ਤੇ ਫ਼ੱਕਰ ਬਚਣੇ ਬਾਕੀ ਹੋ ਜਾਣੇ ਨੇ ਖ਼ਾਕ ਹਸ਼ਰ ਤੇ ਚਾਨਣ ਪਾਉਂਦਾ ਬਾਬਾ ਵਾਰਿਸ ਸ਼ਾਹ ਪਾਕ ਕਾਮ ਜਿਵੇਂ ਵਿਕਾਰ ਵੀ, ਜੀਵਨ ਦਾ ਵੀ ਸੰਚਾਰ ਤੇਰੇ ਹੀ ਦੋ ਪੱਖ ਨੇ ਕਾਲ ਤੇ ਸ੍ਰੀ ਅਕਾਲ

  • ਮੁੱਖ ਪੰਨਾ : ਮਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ