Punjabi Poetry Fakhar Zaman

ਪੰਜਾਬੀ ਕਲਾਮ/ਗ਼ਜ਼ਲਾਂ ਫ਼ਖ਼ਰ ਜ਼ਮਾਨ

1. ਉੱਚੀ ਟੀਸੀ ਉੱਤੇ ਚੜ੍ਹਕੇ, ਹੇਠਾਂ ਝਾਤੀ ਪਾਵਾਂ

ਉੱਚੀ ਟੀਸੀ ਉੱਤੇ ਚੜ੍ਹਕੇ, ਹੇਠਾਂ ਝਾਤੀ ਪਾਵਾਂ।
ਬੰਦੇ ਦੂਣੇ ਦੂਣੇ ਵੇਖਾਂ, ਅਪਣਾ ਕੱਦ ਵਧਾਵਾਂ।

ਅਪਣੇ ਧੌਲੇ ਵੇਖਾਂ ਤੇ ਮੈਂ, ਸੋਚੀਂ ਪੈ ਪੈ ਜਾਵਾਂ,
ਲੰਘਦੇ ਵੇਲੇ ਦੇ ਪੈਰਾਂ ਵਿਰ ਛੇਤੀ ਬੇੜੀ ਪਾਵਾਂ।

ਸਾਰੇ ਲੋਕੀ ਮੱਲ ਬੈਠੇ ਨੇ ਰੁੱਖਾਂ ਦਾ ਪਰਛਾਵਾਂ,
ਬਲਦੀ ਧੁੱਪ 'ਚ ਬਹਿਕੇ ਸੋਚਾਂ, ਮੰਜੀ ਕਿੱਥੇ ਡਾਹਵਾਂ।

ਅੱਖਾਂ ਵਾਲੇ ਅੰਨ੍ਹੇ ਹੋਏ, ਅੰਨ੍ਹੇ ਹੋਏ ਸੁਜਾਖੇ,
ਕਿਸਦਾ ਮੋਢਾ ਫੜਕੇ ਅੱਜ ਮੈਂ, ਪਾਰ ਸੜਕ ਦੇ ਜਾਵਾਂ।

ਅੱਗੇ ਮੇਰੀ ਗੁੱਡੀ ਟੁਟ ਗਈ, ਚੜ੍ਹਕੇ ਅੱਧ-ਅਸਮਾਨੀਂ,
ਰੱਖਾਂਗਾ ਹੁਣ ਅਪਣੇ ਸਿਰ ਤੇ, ਹੁਣ ਨਾ ਹੋਰ ਵਧਾਵਾਂ।

ਮੈਂ ਵਾਂ ਇਕ ਅਚਰਜ ਪਰਾਹੁਣਾ, ਮੇਰੇ ਲੇਖੀਂ ਗ੍ਹਾਲਾਂ,
ਸਰਘੀ ਸਰਘੀ ਖੀਸੇ ਪਾਵਾਂ, ਜਿਸ ਭਾਂਡੇ ਵਿਚ ਖਾਵਾਂ।

ਵੇਖੋ ਵੇਖੀ ਰੁੱਤਾਂ ਵੀ, ਹੁਣ ਬਦਲੇ ਅਪਣੇ ਚਾਲੇ,
ਧੁੱਪੇ ਕਾਂਬਾ ਛਿੜ ਛਿੜ ਜਾਵੇ, ਤੱਤੀਆਂ ਲੱਗਣ ਛਾਵਾਂ।

2. ਜੁੱਸਾ ਮੇਰਾ ਅੱਖ ਝਮੱਕੇ, ਹੋਇਆ ਸੁੱਜ ਭੜੋਲਾ

ਜੁੱਸਾ ਮੇਰਾ ਅੱਖ ਝਮੱਕੇ, ਹੋਇਆ ਸੁੱਜ ਭੜੋਲਾ।
ਸਖਣੇ ਹੱਥੀਂ ਬੇਰੀ ਉੱਤੋਂ, ਲਾਹਿਆ ਸ਼ਹਿਦ ਦਾ ਛੱਤਾ।

ਯਾ ਤੇ ਬੱਦਲ ਰਜਕੇ ਵੱਸੇ, ਯਾ ਮੁੜ ਸੂਰਜ ਲਿਸ਼ਕੇ,
ਮਿੱਟੀ ਘੱਟੇ ਦਾ ਇਹ ਮੌਸਮ, ਕਿਸਨੂੰ ਚੰਗਾ ਲਗਦਾ।

ਮੈਂ ਜਾਵਾਂ ਤੇ ਤਰਿਹਾਇਆ ਉਹ ਜੀਭ ਲਬਾਂ ਤੇ ਫੇਰੇ,
ਮੇਰੇ ਪਿੱਛੋਂ ਪਰ ਉਹ ਨਾਲਾ ਸੁਣਿਆ ਭਰਕੇ ਵਗਦਾ।

ਜਿਹੜਾ ਅੱਗੇ ਪਿੱਛੇ ਦੇਖੇ, ਉਹਦੀ ਸ਼ਾਮਤ ਆਵੇ,
ਨਕ ਦੀ ਸੇਧੇ ਵੇਖਣ ਵਾਲਾ, ਰਹਿੰਦਾ ਡਾਢਾ ਸੌਖਾ।

ਜਿਸਦੇ ਪੱਕੇ ਰੰਗ ਦੀ ਪਈ ਸੀ ਪਿੰਡੋ ਪਿੰਡ ਦੁਹਾਈ,
ਇੱਕੋ ਧੋ ਉਹ ਕਪੜਾ ਕੱਢਿਆ, ਖੁਰ ਕੇ ਹੋਇਆ ਚਿੱਟਾ।

3. ਰਹਿਣ ਦਿਉ ਇਕ ਪਾਸੇ ਮੈਨੂੰ ਹੁਣ ਨਾ ਮੈਨੂੰ ਛੇੜੋ

ਰਹਿਣ ਦਿਉ ਇਕ ਪਾਸੇ ਮੈਨੂੰ ਹੁਣ ਨਾ ਮੈਨੂੰ ਛੇੜੋ।
ਅਪਣੇ ਅਪਣੇ ਝਗੜੇ ਝੇੜੇ, ਯਾਰੋ ਆਪ ਨਬੇੜੋ।

ਵੰਨ-ਸੁਵੰਨੇ ਜ਼ਖ਼ਮਾਂ ਲਈ ਹੁਣ ਫੈਹਾਂ ਦਾ ਨਾ ਸੋਚੋ,
ਸੱਜਣ-ਓਂ ਤੇ ਰਲ ਮਿਲ ਸਾਰੇ, ਲੂਣ ਦੀ ਚੂੰਢੀ ਕੇਰੋ।

ਖੌਰੇ ਇੰਜ ਤੁਹਾਡੀ ਹੋਂਦ ਦੀ ਸਾਰ ਕਿਸੇ ਨੂੰ ਹੋਵੇ,
ਰਲ ਮਿਲ ਪਰਬਤ ਦੀ ਟੀਸੀ ਤੋਂ ਭਾਰਾ ਪੱਥਰ ਰ੍ਹੇੜੋ।

ਇਸ ਧਰਤੀ ਦੇ ਧੁਰ ਅੰਦਰ ਤਕ ਰਤ ਨੇ ਡੇਰਾ ਲਾਇਆ,
ਪਾਣੀ ਥਾਂਵੇਂ ਲਹੂ ਵਗੇਗਾ, ਜਿਉਂ ਜਿਉਂ ਨਲਕਾ ਗੇੜੋ।

ਫੁੱਲਾਂ ਦੇ ਸੰਗ ਵੈਰ ਕਮਾਉ, ਕੰਡੇ ਯਾਰ ਬਣਾ ਲਉ,
ਪਿਛਲੀਆਂ ਸਾਰੀਆਂ ਰਸਮਾਂ ਰੀਤਾਂ ਇਕ ਇਕ ਅੱਜ ਖਦੇੜੋ।

4. ਉਘਰਾਂ ਸੱਜੀ, ਮਾਰਾਂ ਖੱਬੀ

ਉਘਰਾਂ ਸੱਜੀ, ਮਾਰਾਂ ਖੱਬੀ।
ਮੇਰੀ ਰਮਜ਼ ਕਿਸੇ ਨਾ ਲੱਭੀ।

ਔਖੇ ਵੇਲੇ ਕੰਮ ਨਾ ਆਉਂਦੇ,
ਜਿਹੜੇ ਬਣਦੇ ਯਾਰ ਸਬੱਬੀ।

ਬੋਝੇ ਅੰਦਰ ਸਾਂਭ ਕੇ ਰੱਖੋ,
ਸਿਗਟਾਂ ਦੀ ਇਕ ਖ਼ਾਲੀ ਡੱਬੀ।

ਮੇਰੀ ਮੰਗ ਦੇ ਬਾਰੇ ਕਹਿੰਦੇ,
ਸ਼ਕਲੋਂ ਸੁਹਣੀ, ਕੰਮੋ ਕੱਬੀ।

ਕੁੱਕੜ ਸਰਘੀ ਨਈਂ ਕੂਕੇਗਾ,
ਕੌਂਡੀ ਆਟੇ ਅੰਦਰ ਦੱਬੀ।