Ek Baar Ki Baat Hai (Puaadhi Poems for Children) : Charan Puadhi

ਏਕ ਬਾਰ ਕੀ ਬਾਤ ਹੈ (ਪੁਆਧੀ ਬਾਲ ਕਵਿਤਾਵਾਂ) : ਚਰਨ ਪੁਆਧੀ

ਲਾਲਚੀ ਕੁੱਤਾ

ਕੁੱਤਾ ਤਾ ਇੱਕ ਲਾਲਚੀ ਲਗੀ ਓਸਨੂੰ ਭੁੱਖ।
ਫਿਰੇ ਬਿਲਕਦਾ ਛੈਹਰ ਮਾ ਮਿਲਿਆ ਨਾ ਕੁਸ਼ ਟੁੱਕ।
ਬੁੱਚੜਹਾਤੇ ਮਾ ਤੇ ਮਿਲਿਆ ਟੁਕੜਾ ਮਾਸ।
ਠਾੱ ਕਾ ਟੁੱਕੜਾ ਬਗ ਲੀਆ ਗਿਆ ਨੈਹਰ ਕੇ ਪਾਸ।
ਪੁਲ਼ ਪਾ ਗਿਆ ਲਖਣ ਨੂੰ ਦੇਖ ਤਲ਼ੇ ਗਿਆ ਥੱਮ੍ਹ।
ਪਾਣੀ ਮਾ ਸਾਇਆ ਦੇਖ ਕਾ ਜਾਣ ਨਾ ਸਕਿਆ ਹਮ।
ਸੰਖੀ ਉਸ ਕੇ ਮੂੰਹ ਕੀ ਲੈਣ ਲੀਏ ਗਿਆ ਚੌਂਕ।
ਮੂੰਹ ਮਾਂ ਤੇ ਮਾਸ ਗਿਰ ਗਿਆ ਮਾਰੀ ਜਾਂ ਉਸਨੇ ਭੌਂਕ।
ਦੇਖੋ ਬਗਾਨੀ ਟੌਂਚ ਪਾ ਆਪਣਾ ਲੀਆ ਗਮਾ।
ਬੱਚਿਓ! ਕਰਨਾ ਕਦੀ ਨਾ, ਲਾਲਚ ਬੁਰੀ ਬਲਾ।

ਛੇਰ ਅਰ ਚੂਹੀ

ਏਕ ਬਾਰ ਕੀ ਬਾਤ ਹੈ, ਜੰਗਲ ਮਾ ਇੱਕ ਛੇਰ।
ਸੋਇਆ ਪਿਆ ਤਾ ਝਾੜ ਮਾ ਲਾ ਕਾ ਗੈਹਰੀ ਟੇਰ।
ਚਾਣਕ ਉਸਕੇ ਜਿਸਮ ਪਾ ਚੂਹੀ ਆ ਕਾ ਏਕ।
ਮਾਰਨ ਲਗੀ ਕਦਾੜੀਆਂ, ਨਹੀਂ ਥਾ ਰਾਦਾ ਨੇਕ।
ਕੁਤਕੁਤੀਆਂ ਸੀਆਂ ਉੱਠੀਆਂ ਛੇਰ ਗਇਆ ਬਈ ਜਾਗ।
ਚੂਹੀ ਪਾਂਚੇ ਪਾ ਫਕੜਲੀ ਮਾੜੇ ਥੇ ਉਸ ਦੇ ਭਾਗ।
ਲਗੀ ਕਰਨ ਅਰਜੋਈਆਂ ਮਿੰਨੂੰ ਛੋੜਦੇ ਆਜ।
ਬਖਤ ਪਏ ਪਾ ਛੇਰ ਜੀ ਤੇਰੇ ਸਮਾਰੂੰ ਕਾਜ।
ਰੈਹਮ ਆਗਿਆ ਛੇਰ ਨੂੰ ਦਈ ਓਸਨੇ ਛੋੜ।
ਭਾਵੀ ਛੇਰ ਪਾ ਗਿਰ ਪੜੀ ਲੀਆ ਸਮੇਂ ਨੇ ਮੋੜ।
ਕਿਸੇ ਛਕਾਰੀ ਬੀੜ ਮਾ ਗੇਰਿਆ ਪੱਕਾ ਜਾਲ।
ਛੇਰ ਬਿੱਚਮਾ ਫੰੰਸ ਗਿਆ ਛੁਟੇ ਨਾ ਮਾੜੇ ਹਾਲ।
ਬਿੜਕ ਕੰਨ ਮਾ ਚੂਹੀ ਕੇ ਪੜੀ ਓਸ ਕੀ ਜਦ।
ਜਾ ਕਾ ਟੁੱਕ ਦਿਆ ਜਾਲ ਨੂੰ ਰੁਕਣ ਆਲੀ ਥੀ ਕਦ।
ਕਰਿਆ ‘ਚਰਨੇ' ਛੇਰ ਨੇ ਚੂਹੀ ਕਾ ਧੰਨਬਾਦ।
ਭਲਾ ਕਰੋ ਭਲਾ ਪਾਮੋਗੇ ਬੱਚਿਓ ਰੱਖਣਾ ਜਾਦ।

ਚਲਾਕ ਲੂੰਮੜੀ

ਕੇਰਾਂ ਪੇੜ ਕੀ ਡਾਹਣ ਪਾ, ਬੈਠਿਆ ਤਾ ਇੱਕ ਕਾਗ।
ਰੋਟੀ ਫਕੜੀ ਚੁੰਚ ‘ਮਾ’ ਖਾਣ ਕਾ ਬਣਿਆ ਭਾਗ।
ਲੂੂੰਮੜੀ ਕਿਤੀਓਂ ਲਿੱਕੜ ਕਾ ਲਗੀ ਕਰਨ ਬਕਬਾਸ।
ਕਰੇ ਕਸਾਮਤ ਕਾਗ ਕੀ, ਰੋਟੀ ਕੀ ਥੀ ਆਸ।
ਕਹੇ ਬੇ ਕਾਗਾ ਰਾਜਿਆ! ਤੇਰੇ ਮਿਠੀਲੇ ਬੋਲ।
ਮੈਂ ਤੋ ਬੀਰਾ ਤਰਸਗੀ ਕੰਨਾਂ ਮਾ ਰਸ ਘੋਲ਼।
ਇਤਨੀ ਸੁਣਕਾ ਕਾਗ ਤੋ ਗਿਆ ਬੀਘੇ ਮਾ ਫੁੱਲ।
ਚੜ੍ਹਗੀ ਕੁਸੀ ਦਮਾਕ ਨੂੰ ਰੋਟੀ ਬੀ ਗਿਆ ਭੁੱਲ।
ਚੁੰਚ ਖੋਲ੍ਹੀ ਜਦ ਕਾਗ ਨੇ ਲਗਾ ਸੁਣੌਣੇ ਗੀਤ।
ਰੋਟੀ ਗਿਰਗੀ ਤਲ਼ਾ ਨੂੰ ਲੂੂੰਮੜੀ ਕੀ ਥੀ ਨੀਤ।
ਰੋਟੀ ਠਾ’ ਬਗਦੀ ਬਣੀ ਕਰਿਆ ਨਾ ਧੰਨਬਾਦ।
ਕਾਗਾ ਰ੍ਹੈਗਿਆ ਦੇਖਦਾ ਫੁੱਟਗੇ ਉਸਕੇ ਭਾਗ।
ਕਦੀ ਕਿਸੀ ਕੀ ਬਾਤ ਨੂੰ ਗੌਲੋ ਨਾ ਇਕਦਮ।
ਬੱਚਿਓ! ਕਈ ਗੇਲ ਸੋਚ ਕਾ ਛੁਰੂ ਕਰੋ ਕੋਈ ਕੰਮ।
ਨ੍ਹੀ ਤੋ ਕਾਗ ਕੇ ਮਾਂਗਰਾ ਹੋਊ ਪਸਤੇਬਾ ਬੌਹਤ।
ਸਦਾ ਕਸਾਮਤ ਡੋਬਦੀ ਸਿਆਣਿਆਂ ਕੀ ਅਖਬੌਤ।

ਛੇਰ ਅਰ ਆਜੜੀ

ਏਕ ਬਾਰ ਏਕ ਆਜੜੀ ਰਹੇ ਤਾ ਗੌਂ ਕੇ ਬੀਚ।
ਝੂਠ ਬੜਾ ਹੀ ਬੋਲੇ ਤਾ ਜੋਹੇ ਕਾਰ ਥੀ ਨੀਚ।
ਭੇਡਾਂ ਥੀ ਦਸ-ਪੰਦਰਾਂ ਪਾਸ ਮਾ ਤਾ ਇੱਕ ਬੀੜ।
ਰੋਜ ਚਰਾਮਣ ਜਾਹੇ ਤਾ ਨਹੀਂ ਥੀ ਉਸਨੂੰ ਭੀੜ।
ਇੱਕ ਦਿਨ ਉਸ ਕੇ ਮਨ ਮਾ ਗਈ ਛਰਾਰਤ ਔੜ।
ਕਿਉਂ ਨਾ ਗੌਂਅ ਕੀ ਹੇੜ੍ਹ ਪਾ ਗੇਰਾਂ ਕੋਈ ਗਪੌੜ।
ਚੜ੍ਹਕਾ ਉੱਚੀ ਨਿੰਬ ਪਾ ਕਰਨੇ ਲਗਾ ਪੁਕਾਰ।
ਛੇਤੀ ਆਜੋ ਗੌਂ ਕਿਓ ਛੇਰ ਦਊ ਮੰਨੂੰ ਮਾਰ।
ਲੇ ਕਾ ਰਫਲਾਂ, ਬਰਛੀਆਂ ਪ੍ਹੌਂਚੇ ਉਸ ਕੇ ਪਾਸ।
ਅੱਗਾ ਤੇ ਕਰਾ ਟਿੱਚਰਾਂ ਕਰੀ ਤੀ ਮੈਂ ਬਕਬਾਸ।
ਮੰਨਗੇ ਸਬ ਛਰਮਿੰਦਗੀ ਪੜੀ ਓਸਨੂੰ ਝਾੜ।
ਝੂਠ ਤਿੰਨੂੰ ਲੇ ਡੁੱਬਾਗਾ ਨ੍ਹੀ ਉਤਰੇਗਾ ਪਾਰ।
ਕੁਸ਼ ਦਿਨ ਬੀਤੇ ਓਸਨੇ ਫੇਰ ਦੁਰ੍ਹਾਇਆ ਬੋਲ਼।
ਕਈਂ ਤੋ ਬਾਤ ਬਚਾਰਗੇ ਕਈਂ ਕਰਗੇ ਅਣਗੌਲ਼।
ਪ੍ਹੌਂਚੇ ਨਿਰੀਓ ਗੌਂਅ ਕੇ ਲੇ ਕਾ ਤਿੱਖੇ ਸੰਦ।
ਮਸਤਿਆ ਬਿਆ ਗਡੜੀਆ ਹਿੜ-ਹਿੜ ਕੱਢਾ ਦੰਦ।
ਕਹਾ, “ਮੈਂ ਭੋਲੇ ਪੰਛੀਓ! ਕਹੂੰ ਤਾਂ ਥ੍ਹਾਰੀ ਜਾਂਚ।
ਮੈਂ ਤੋ ਖੁਦ ਹਾਂ ਜਾਂਗਲੀ ਮੰਨੂੰ ਕਿਸਕੀ ਆਂਚ।
ਇੱਕ ਦਿਨ ਬੀਰੋ! ਰੱਬੀਓਂ ਆ ਗਿਆ ਕਿਤੀਓਂ ਛੇਰ।
ਕਹਾ ‘ਬਚਾਲੋ ! ਗੌਂ ਕਿਓ ਮਾਰਾ ਲੇਰ ਪਾ ਲੇਰ।
ਇਬ ਬਤਾਓ ਔਸ ਕਾ ਕਰੇ ਤਾ ਕੌਣ ਜਕੀਨ।
ਮੰਡੇ ਰਹੇ ਸਬ ਕੰਮ ਪਾ ਹੋਏ ਨਾ ਇਕ ਦੋ ਤੀਨ।
ਛੇਰ ਨੇ ਪੈਹਲਾਂ ਭੇਡਾਂ ਕੇ ਫੱਕੇ ਦਏ ਉੜਾ।
ਬਾਦ ਮਾ ਝੂਠਾ ਆਜੜੀ ਦੀਆ ਮਾਰ ਮੁਕਾ।
ਦੇਖੋ ਬਚਿਓ! ਝੂਠ ਨੇ ਲੇ ਲੀ ਉਸਕੀ ਜਾਨ।
ਅੱਜ ਤੇ ਝੂਠ ਨੀ ਬੋਲਣਾ ਸਾਰੇ ਫਕੜਲੋ ਕਾਨ।

ਘੁੱਗੀ ਅਰ ਮੱਖੀ

ਇੱਕਰਾਂ ਮੱਖੀ ਛੈਹਦ ਕੀ ਬੜੀ ਤਿਸਾਈ ਥੀ।
ਸੋਚਿਆ ਜਾ ਕਾ ਨਦੀ ਪਾ ਲਊਂ ਮੈਂ ਪਾਣੀ ਪੀ।
ਰੌਂਂਅ ਆਇਆ ਤਾ ਨਦੀ ਮਾ ਭਰੀ ਥੀ ਡੱਕੋ-ਡੱਕ।
ਦੋਮੇ ਢਾਹੇ ਨਦੀ ਕੇ ਖੁਰਦੇ ਜਾਹਾਂ ਬਿਨ ਸ਼ੱਕ।
ਬੜੀ ਸੰਮ੍ਹਲ ਕਾ ਪੀਏ ਤੀ ਫੇਰ ਬੀ ਬੱਜਗੀ ਛੱਲ।
ਮੱਖੀ ਕੇ ਕਰ ਸਕੇ ਤੀ ਰੋੜ੍ਹ ਕਾ ਲੈ ਗਿਆ ਜਲ।
ਬਾਹ ਜਹਾਨ ਕੀ ਲਾ ਲਈ ਚਲੀ ਨਾ ਉਸਕੀ ਪੇਸ਼।
ਦੇਖ ਰਹੀ ਥੀ ਪੇੜ ਪਾ ਘੁੱਗੀ ਇਕ ਦਰਬੇਸ।
ਪੱਤਾ ਤੋੜਕੈ ਗੇਰਿਆ ਜਦ ਮੱਖੀ ਕੇ ਲਾਵ।
ਉੜਗੀ ਫੰਘ ਸਕਾ ਕਾ ਦੇਖਿਆ ਆਵ ਨਾ ਤਾਵ।
ਘੁੱਗੀ ਇੱਕ ਦਿਨ ਪੇੜ ਪਾ ਕਰੇ ਤੀ ਹਰ ਕਾ ਜਾਪ।
ਬੰਧੀ ਸਿਸਤ ਬਹੇਲੀਏ ਕਰਨੇ ਕੇ ਲੀਏ ਪਾਪ।
ਮੱਖੀ ਬੈਠੀ ਫੁੱਲ ਪਾ ਦੇਖ ਰਹੀ ਥੀ ਸਬ।
ਡੰਗ ਮਾਰ ਦਿਆ ਹੱਥ ਪਾ ਘੋੜਾ ਦੱਬਿਆ ਜਦ।
ਉੜਗੀ ਘੁੱਗੀ ਉੱਭੜ ਕਾ ਬਚਗੀ ਉਸਕੀ ਜਾਨ।
ਮੱਖੀ ਜਾਨ ਬਚਾ ਗਈ ਬਣ ਕਾ ਖੁਦ ਭਗਮਾਨ।
ਨੇਕੀ ਅੱਗਾ ਆ ਗਈ ਦਈ ਓਸਨੇ ਤਾਰ।
ਨੇਕੀ ਨੇਹਫਲ ਜਾਬੇ ਨਾ ਬੱਚਿਓ ! ਕਰੋ ਬਚਾਰ।

ਹੰਸ ਅਰ ਕੱਛੂ-ਪਾਥੀ

ਏਕ ਨਦੀ ਮਾ ਦੋ ਹੰਸ ਤੇ ਏਕ ਥੀ ਕੱਛੂ ਪਾਥੀ।
ਤਿੰਨੋਂ ਆਪਚ ਮਾ ਬਤਲ਼ਾਂਂਦੇ ਥੇ ਪਰ ਸੱਚੇ ਸਾਥੀ।
ਉਸ ਖਿੱੱਤੇ ਮਾ ਕਾਲ਼ ਪੜ ਗਿਆ, ਸੁੱਖੀਆਂ ਨਦੀਆਂ ਝੀਲਾਂ।
ਤੁਬਕਾ ਬੀ ਇੱਕ ਦਿਖੇ ਨਾ ਜਲ ਕਾ, ਤਿੱਕਰ ਕਈਂ-ਕਈਂ ਮੀਲਾਂ।
ਮਰੇ ਤੜਪਕਾ ਨਿਰੀਓ ਜਨਬਰ ਮਿਚਗੀ ਹੈਹਾਕਾਰੀ।
ਬਗੇ ਚਪਾਏ ਪੰਖੀ ਉੜਗੇ ਮਾਰ ਕਾ ਲੰਮੀ ਡਾਰੀ।
ਭੁੱਖੇ ਤਿਸਾਏ ਚਿੰਤਾ ਕੇ ਬਿੱਚ ਡੁੱਬੇ ਤਿੰਨੋ ਮਿੱਤਰ।
ਹੰਸ ਕਹਾ ਬਈ ਕੱਛੂ ਬੀਰਾ ਸਾਥ ਛੋਡੀਏ ਕਿੱਤਰ।
ਹਮੈਂ ਤੋ ਉੜਕਾ ਬਗ ਜਾਹੇਂਗੇ ਤੰਨੂੰ ਤੁਰਨਾ ਔਖਾ।
ਤੌਂਹੇ ਦੇਖ ਦਮਾਕ ਲੜਾ ਕੈ ਰਾਹ ਕੋਈ ਫ੍ਹਾ ਜੇ ਸੌਖਾ।
ਲੰਮੀ ਸੋਚ ਬਚਾਰ ਕਾ ਕੱੱਛੂ ਲੀ ਆਇਆ ਇੱਕ ਲੱਕੜ।
ਮੈਂ ਗੱਭੇ ਤੇ ਰੱਖੂੰ ਫਕੜਕਾ ਸਿਰੇ ਥਮੈਂ ਲਿਓ ਫਕੜ।
ਲੇ ਕੱਛੂ ਨੂੰ ਹੰਸ ਤੋਂ ਉੜਗੇ ਊਂਚੇ ਬੀਚ ਸਮਾਨੀ।
ਰੋਹੀਆਂ ਜੰਗਲ਼ ਗੌਂਅ ਟਪਾ ਗੇ ਹੂਈ ਨਾ ਜਮ੍ਹਾ ਹਰਾਨੀ।
ਏਕ ਛੈੈਹਰ ਕੇ ਊਪਰ ਨੂੰ ਜਦ ਲਖਣ ਲਗੇ ਤੇ ਬੇਲੀ।
ਸਾਰੇ ਛੈਹਰ ਪਾ ਰੂਕਾ ਪੜ ਗਿਆ ਚੜ੍ਹੇ ਛੱਤਾਂ ਪਾ ਮੇਲੀ।
ਕੱਛੂ ਤੇ ਫੇਰ ਰੈਹ ਨਾ ਹੋਇਆ, ਪੁੱਛਿਆ, “ਕੈਸਾ ਰੌਲ਼ਾ?”
ਮੂੰਹ ਖੋਲ੍ਹੇਆ ਛੁਟਗੀ ਲੱਕੜੀ ਜਾਨ ਗਮਾ ਗਿਆ ਬੌਲ਼ਾ।
ਸਹੀ ਸਲਾਹ ਪਾ ਰਹੋਗੇ ‘ਚਰਨੇ' ਫੇਰ ਤੋ ਹੋਆ ਭਲਾਈ।
ਨਹੀਂ ਤੋਂ ਬੱਚਿਓ ! ਕੱਛੂ ਮਾਂਗਰਾਂ ਹੋਆਗੀ ਜੱਗ ਹੰਸਾਈ।

ਬਰੌਂਟੇ ਕਾ ਪੇਡਾ

ਜੰਗਲ ਮਾ ਇੱਕ ਥੌੜ ਪਾ ਬਰੌਂਟੇ ਕਾ ਤਾ ਪੇੜ।
ਕਾਗਾ-ਕਾਗਣੀ ਔਸ ਮਾ ਰਹੇਂ ਤੇ ਪਾ ਕਾ ਨੇੜ।
ਦੁਖੀ ਬੜੇ ਤੇ ਗਮਾਂਢ ਮਾ ਰਹੇ ਤਾ ਕਾਲਾ ਨਾਗ।
ਆਂਡੇ ਉਨਕੇ ਪੀਏ ਤਾ ਮਾੜੇ ਤੇ ਉਨਕੇ ਭਾਗ।
ਕੌਂਅ ਕੌਣੀ ਕੀ ਦੋਸਤੀ ਥੀ ਗਿੱਦੜ ਕੇ ਗੈਲ।
ਬਿਧੀ ਬਤਾ ਦਈ ਰੁਕਣ ਕੀ ਕੰਨ ਮਾ ਪਈ ਬਲੇਲ।
ਕਹੇ ਮੁਤਾਬਕ ਨਦੀ ਪਾ ਦੋਮੇ ਪ੍ਹੌਂਚੇ ਆਣ।
ਜਿੱਥੈ ਛੋਰੀ ਰਾਜੇ ਕੀ ਲਗੀ ਤੀ ਕਰਨ ਸਨਾਨ।
ਕਾਗਾ ਠਾ ਕਾ ਉੜ ਲੀਆ ਨੌਂ ਲੱਖਾ ਇੱਕ ਹਾਰ।
ਕਰਤੂਤ ਦੇਖ ਕੈ ਕਾਗ ਕੀ ਮਿਚਗੀ ਹੈਹਾਕਾਰ।
ਠਾ ਕਾ ਲਾਠੀਆਂ ਕਾਮੜੇ ਪਿੱਛਾ ਪੜਗੇ ਲੋਗ।
ਹਾਰ ਕਾਗ ਨੇ ਨਾਗ ਕੀ ਦਿਆ ਖੱਡ ਮਾ ਝੋਕ।
ਨਾਗ ਬਾਹਰ ਜਦ ਲਿਕੜਿਆ ਦਿਆ ਲੋਗਾਂ ਨੇ ਮਾਰ।
ਗੈਲ ਅਕਲ ਕੇ ਕਾਗ ਨੇ ਨਾਗ ਬਲਾ ਦਿਆ ਪਾਰ।

ਢੋਲ ਕੀ ਪੋਲ

ਦੋ ਸੈਨਾਮਾ ਆਪੋਚੀ ਕੇਰਾਂ ਕਰੇਂ ਤੀਆਂ ਜੁੱਧ।
ਨਗਾਰਾ ਊਂਚੀ ਥੌੜ ਪਾ, ਰੱਖਿਆ ਬਿਆ ਤਾ ਸ਼ੁੱਧ।
ਕਿਤੀਓਂ ਗਿੱਦੜ ਆ ਗਿਆ ਲੀਆ ਓਸ ਨੇ ਦੇਖ।
ਮਰਿਆ ਜਨਬਰ ਦੇਖ ਕਾ ਮਾਰੀ ਓਸਨੇ ਠੇਸ।
ਭੁੱਖਾ ਤਾ ਕਈਂ ਦਿਨਾਂ ਕਾ ਸੋਚਿਆ ਭਰੂੰਗਾ ਪੇਟ।
ਦਾਬਤ ਹੈ ਕਈਂ ਦਿਨਾਂ ਕੀ ਕਿਉਂ ਹੋਮਾ ਇਬ ਲੇਟ।
ਬੁੜਕੇ ਮਾਰ ਨਗਾੜੇ ਕੇ ਤੋੜੇ ਓਸਨੇ ਤੰਦ।
ਛਿਲਤਾਂ ਗੈਲ ਬੁੱਲ੍ਹ, ਛਿਲ ਗਏ ਹਿੱਲਣ ਲਾੱਗਗੇ ਦੰਦ।
ਚਮੜਾ ਫਾੜ ਕਾ ਓਸਨੇ ਬਿੱਚ ਮਾ ਕਰੀ ਮਘੋਰ।
ਮਿਲਿਆ ਬਿੱਚਮਾ ਕੁਸ਼ਬਨਾ ਖੁਲ੍ਹੀ ਢੋਲ ਕੀ ਪੋਲ।
ਬੱਚਿਓ ! ਬਾਜੀ ਚੀਜ ਕੀ ਹੋਆ ਬੜੀ ਫਲੌਟ।
ਪੜਦਾ ਉਠਜੇ ‘ਚਰਨ ਸਿੰਘ’ ਦਿਖਾ ਓਸ ਮਾ ਖੋਟ।

ਬੇ ਮਤਬਲ ਕੇ ਕੰਮ

ਏਕ ਛੈਹਰ ਕੇ ਪਾਸ ਮਾ ਬਣੇ ਤਾ ਏਕ ਮਕਾਨ।
ਲੱਕੜੀ ਚੀਰਨ ਲਗੇ ਬੇ ਹੈਲਪਰ ਅਰ ਤਰਖਾਣ।
ਅੱਧੀ ਪੋਰੀ ਚਿਰ ਗਈ ਅੱਧੀ ਰੈਹਗੀ ਸ਼ੇਸ਼।
ਟੈਮ ਰੋਟੀ ਕਾ ਹੋ ਲੀਆ ਲਗੇ ਦਪ੍ਹੈਰ ਕਾ ਸੇਕ।
ਪੋਰੀ ਬਚਾਲਾ ਛੋੜ ਦਈ ਫੰਸਾ ਦਿਆ ਉਸਮਾ ਕਿੱਲ।
ਰੋਟੀ ਖਾਮਣ ਚਲੇ ਗੇ ਹੋ ਕਾ ਸਾਰੇ ਨਿੱਲ।
ਕਿਤੀਓਂ ਆ ਕਾ ਰੁਕ ਗਿਆ ਬਾਂਦਰਾਂ ਦਾ ਇੱਕ ਝੁੰਡ।
ਇੱਕ ਬਾਂਦਰ ਤਾ ਅੱਲਬਾ ਛੋਡਿਆ ਆਪਣਾ ਜੁੰਡ।
ਪੰਗੇ ਲੇਣ ਔਹ ਲੱਗਿਆ ਉਸ ਲੱਕੜ ਕੇ ਗੈਲ।
ਜਿਸਮਾ ਕਿੱਲ ਥੀ ਨੁਕੀ ਬੀ ਕਰਦਾ ਉਸਪਾ ਟੈਹਲ।
ਬਿੱਚ ਫੰਸੇ ਬੇ ਕਿੱਲ ਨੂੰ ਫਕੜ ਕਾ ਪੂਰੇ ਜੋਰ।
ਲਗਾ ਹਿਲਿਆਮਣ ਲੱਕੜੀ ਗੈਲੇ ਮਚਾਬਾ ਛੋਰ।
ਕਿੱਲ ਹਿੱਲ ਕਾ ਲਿੱਕੜਗੀ ਪੋਰੀ ਕਾ ਹੋਇਆ ਮੇਲ।
ਪੂੰਛ ਬਿੱਚਮਾ ਫੰਸ ਗਈ ਲਿੱਕੜੀ ਉਸ ਕੀ ਲੇਰ।
ਬਾਂਦਰ ਮਰ ਗਿਆ ਤੜਪ ਕਾ ਮਿੰਟ ਲਗੇ ਨਾ ਚਾਰ।
ਕਦੀ ਬੱਚਿਓ ! ਕਰੋ ਨਾ ਬੇ-ਮਤਬਲ ਕੀ ਕਾਰ।

ਚਿੜੀ ਅਰ ਬੰਦਰ

ਇੱਕ ਜੰਗਲ ਮਾ ਪੇੜ ਪਾ ਰਹੇਂ ਤੇ ਚਿੜਾ-ਚਿੜੀ।
ਡਾਹਣ ਪਾ ਸੁੰਦਰ ਆਲਣਾ ਥੀ ਨਾ ਕੋਈ ਕਮੀ।
ਇੱਕ ਦਿਨ ਪਾਣੀ ਬਰਸਿਆ ਊਪਰ ਤੇ ਜਮਕਾ।
ਇੱਕ ਬਾਂਦਰ ਤਲ਼ਾ ਨੂੰ ਆ ਗਿਆ ਜੋ ਮਾਰਿਆ ਠੰਢ ਕਾ।
ਬੁਰੀ ਹਾਲਤ ਉਸਕੀ ਦੇਖਕਾ ਥੀ ਬੋਲੀ ਚਿੜੀਆ।
ਓ ਬੰਦਰਾ ਮਸਤ ਕਲੰਦਰਾ! ਕਿਉਂ ਪਾਈ ਨਾ ਕੁਟੀਆ।
ਦੋ ਹੱਥ ਦਏ ਤੰਨੂੰ ਰੱਬ ਨੇ ਹੈਂ ਬੰਦਿਆਂ ਅਰਗਾ।
ਜੇ ਛੱਪਰ ਛਾਇਆ ਜੋੜਦਾ ਨਾ ਪਾਲੇ ਮਰਦਾ।
ਉਸ ਪਿਦਨੇ ਜਿਹੇ ਪੰਖੇਰੂ ਕੀ ਬਾਤ ਸੁਣਕਾ ਕੋਰੀ।
ਬੰਦਰ ਨੇ ਜਾਣੀ ਛੇੜ-ਛਾੜ ਲੀ ਚਾੜ੍ਹ ਤਿਊੜੀ।
ਕਹਾ ਮੇਰੀ ਉੜਾਮੇਂ ਹਾਸੀਆਂ ਤੰਨੂੰ ਮਜਾ ਚਖਾਮਾ।
ਤੰਨੂੰ ਮਾਣ ਬੜਾ ਹੈ ਕਿਲੇ ਕਾ ਮੈਂ ਇਬੇ ਮਿਟਾਮਾ।
ਔਹ ਇੱਕ ਛਲੰਗ ਸੀ ਮਾਰ ਕਾ ਡਾਹਣੇ ਪਾ ਚੜਿਆ।
ਉਸ ਆਲ੍ਹਣਾ ਤੋੜਿਆ ਖਿੰਚ ਕਾ ਫੇਰ ਟੁਕੜੇ ਕਰਿਆ।
ਬੇ ਅਕਲੇ ਕਾ ਸੰਗ ਬੱਚਿਓ ! ਹੱਥ ਦੇ ਦੇਹਾ ਬਾਟਾ।
ਦਈ ਮੂਰਖ ਨੂੰ ਇਸਲਾਹ ਕਾ ਘਾਟਾ ਈ ਘਾਟਾ।

ਬੁਗਲਾ ਅਰ ਕੇਕੜਾ

ਏਕ ਬਾਰ ਇੱਕ ਢਾਬ ਮਾ ਰਹੇਂ ਤੇ ਨੇਕੋਂ ਜੀਬ।
ਆਪਚ ਕੋਈ ਨਾ ਝਗੜਦਾ ਰਹੇਂ ਤੇ ਕਰੀਬ ਕਰੀਬ।
ਓਸੇ ਮਾ ਇੱਕ ਬੁਗਲਾ ਖਾਸੀਓ ਹੋਇਆ ਬੁਢੈਲ।
ਮੱਛਲੀ ਫਕੜ ਨਾ ਸਕੇ ਤਾ ਔੜਗੀ ਉਸਨੂੰ ਭੈੜ।
ਢਾਬ ਕੇ ਢਾਹੇ ਬੈਠ ਕਾ ਲਗਿਆ ਕਰਨ ਬਰਲਾਪ।
ਬੜੇ-ਬੜੇ ਇੰਝੂ ਗਿਰੇ ਚੜਿਆ ਸਬ ਨੂੰ ਤਾਪ।
ਕੈਹਣ ਲਗੇ ਸਬ ਭਗਤ ਜੀ! ਜੋਹ ਕੈਸਾ ਉਪਬਾਸ।
ਦੁਸ਼ਟ ਕਹੇ ਥ੍ਹਾਰੀ ਸੋਚ ਨੇ ਮੇਰੇ ਸੁਕਾ ਦਏ ਸਾਂਸ।
ਸੁਣਿਆ ਮੰਨੇ ਪਬਾਗਾ ਬਾਰਾਂ ਬਰਸ ਕਾ ਕਾਲ਼।
ਦਿਖਣੀ ਜਲ ਕੀ ਬੂੰਦ ਨਾ ਕੋਈ ਸਕਾ ਨਾ ਟਾਲ਼।
ਮੈਂ ਤੋਂ ਉੜਕਾ ਬਗ ਜਾਊਂ ਦੂਰ ਪਾਣੀ ਕੇ ਦੇਸ।
ਫੇਰ ਥ੍ਹਾਰਾ ਕੇ ਬਣਾਂਗਾ ਛਿੜਿਆ ਜੋਹੇ ਕਲੇਸ।
ਕਹੇ ਕੇਕੜਾ ਭਗਤ ਜੀ! ਥਮੀਓਂ ਕਰੋ ਬਚਾਰ।
ਦੁਸ਼ਟ ਕਹਾ ਮੈਂ ਲੈ ਜਾਊਂ ਸਬ ਨੂੰ ਬਾਰਮਬਾਰ।
ਮੰਨਗੇ ਸਬ ਇਸ ਬਾਤ ਨੂੰ ਮਨ ਮਾ ਹੰਸਾ ਚੰਡਾਲ।
ਇੱਕ-ਇੱਕ ਮੱਛੀ ਫਕੜਕਾ ਗੇਰੇ ਤਾ ਬੁਰੇ ਹਾਲ।
ਰੋਜ ਕੀ ਕਈਂ ਕਈਂ ਮਛਲੀਆਂ ਲਏ ਤਾ ਦੁਸ਼ਟ ਨਿਘਾਰ।
ਇੱਕ ਦਿਨ ਕਹਿਆ ਕੇਕੜੇ ਮੇਰਾ ਬੀ ਕਰੋ ਉੱਧਾਰ।
ਸਬਾਦ ਜੀਭ ਕਾ ਬਦਲੀਏ ਸੋਚਿਆ ਬੁਗਲੇ ਨੀਚ।
ਪਿਠ ਕੇ ਉਪਰ ਬਿਠਾ ਲੀਆ ਉੜ ਗਿਆ ਅੰਖਾਂ ਮੀਚ।
ਜਾ ਪ੍ਹੌਚਿਆ ਠਾਹਰ ਪਾ ਜਿੱਥਾ ਕਰੇ ਤਾ ਮਾਰ।
ਕੇਕੜੇ ਦੇਖਿਆ ਗੌਰ ਗੈਲ ਹੱਡੀਆਂ ਕਾ ਖਿਲਿਆਰ।
ਦੇਖ ਕਾ ਮੰਜਰ ਕੇਕੜਾ ਭਾਂਪ ਗਿਆ ਜੌਹ ਬਾਤ।
ਬੁਗਲੇ ਨੇ ਬਿਸ਼ਬਾਸ਼ ਕਾ ਕਰਿਆ ਭਾਰੀ ਘਾਤ।
ਇਬ ਮੌਕਾ ਫੇਰ ਮਿਲੂ ਨਾ ਦਿਆਂ ਨਾ ਹੱਥ ਤੇ ਜਾਣ।
ਕਰ ਕਾ ਵਾਰ ਚੰਡਾਲ ਕੇ ਹਰ ਲੀਏ ਉਸਨੇ ਪ੍ਰਾਣ।
ਬੱਚਿਓ ! ਕਦੀ ਬੀ ਦੁਸ਼ਟ ਪਾ ਕਰਨਾ ਨੀ ਅਤਬਾਰ।
ਮਿੱਠੀਆਂ ਬਾਤਾਂ ਮਾਰ ਕਾ ਕਰਾਂ ਜੌਣਸੇ ਮਾਰ।

ਜੂੰ ਅਰ ਖਟਮਲ

ਇੱਕ ਰਾਜੇ ਕੇ ਮੈਹਲ ਮਾ ਰਹਿਆ ਕਰੇ ਤੀ ਜੂੰ।
ਰਾਜਾ ਲੋਗਾਂ ਔਹ ਰਾਜੇ ਕਾ ਪੀਆ ਕਰੇ ਤੀ ਖੂੰ।
ਇੱਕ ਦਿਨ ਉਸਕੇ ਮੈਹਲ ਮਾ ਬੜ ਗਿਆ ਖਟਮਲ।
ਜੂੰ ਉਸਕੇ ਗਲ਼ ਪੜ ਗਈ ਕਹੇ ਤੌਂਹ ਬਾਹਰ ਨਿਕਲ।
ਬਾਹਰ ਲਿੱਕੜ ਓ ਕੰਨਕਟੇ! ਪੈਦਾ ਕਰੇ ਕਿਉਂ ਬੈਰ।
ਖਬਰ ਰਾਜੇ ਨੂੰ ਹੋ ਗਈ ਦੋਮਾਂ ਕੀ ਨੀ ਖੈਰ।
ਹਾਥ ਜੋੜ ਖਟਮਲ ਜੀ ਕਹੇ ਭੈਣ ਸੁਣ ਬਾਤ।
ਖੂੰੰਨ ਪੀਣ ਮਾ ਆਪਣੀ ਦੋਮਾਂ ਕੀ ਇੱਕ ਜਾਤ।
ਰਹੀ ਰਾਤ ਤੇਰੇ ਘਰ ਕੀ ਜਿਸਕਾ ਮੈਂ ਮਹਿਮਾਨ।
ਘਰ ਆਇਆ ਮਹਿਮਾਨ ਤੋ ਖੁਦ ਹੋਆ ਭਗਮਾਨ।
ਊਂ ਤੋਂ ਅੱਜ ਤੱਕ ਲੀਆ ਮੈਂ ਸਬ ਖੂੰਨਾਂ ਕਾ ਸੁਆਦ।
ਰਾਜੇ ਕਾ ਨੀ ਚਾਖਿਆ ਪੀ ਕਾ ਰੱਖੂੰ ਜਾਦ।
ਜੂੰ ਖਟਮਲ ਕੀਆਂ ਮਿੱਠੀਆਂ ਬਾਤਾਂ ਮਾ ਗਈ ਆ।
ਦਈ ਅਜਾਜਤ ਰੈਹਣ ਕੀ ਪੱਣਘ ਪਾ ਦੀਆ ਬਠਾ।
ਰਾਜਾ ਆਇਆ ਪਣਘ ਪਾ ਖਟਮਲ ਮਾਰਿਆ ਦੰਤ।
ਰਾਜਾ ਕੜਕ ਕਾ ਬੋਲਿਆ, “ਭਾਲ਼ੋ ਜੌਣਸਾ ਜੰਤ?”
ਖਟਮਲ ਖਾਟ ਕੀ ਬਿਲ਼ਲ ਮਾ ਲੁਕ ਗਿਆ ਪੱਤੇ ਤੋੜ।
ਜੂੰ ਕੁੜਤੇ ਕੀ ਸੀਊਣ ਮਾ ਚਿਪਲੀ ਦਿਖੀ ਘਰੋੜ।
ਇੱਕ ਨੌਕਰ ਨੇ ਫਕੜਕਾ ਲਈ ਨਖੂਨ ਪਾ ਰੱਖ।
ਦੂਜੇ ਹੱਥ ਕੇ ਗੂੰਠੇ ਗੈਲ ਦੇਈ ਮਾਰ ਪਟੱਕ।
ਜਕੀਨ ਕਰਿਆ ਅਣਜਾਣ ਪਾ ਲੇਗਿਆ ਜੂੰ ਕੀ ਜਾਨ।
ਸਮਝ ਸੋਚ ਕਾ ਬੱਚਿਓ! ਘਰ ਰੱਖੋ ਮਹਿਮਾਨ।

ਛੇਰ ਅਰ ਖਰਗੋਸ਼

ਜੰਗਲ ਮਾ ਇੱਕ ਛੇਰ ਨੇ ਬੜੀ ਮਚਾਈ ਅੱਤ।
ਨਿਰੀਓ ਜਨਬਰ ਮਾਰਦਾ ਐਸੀ ਥੀ ਉਸਕੀ ਮੱਤ।
ਬਣ ਮਾ ਉਸਕੇ ਕੈਹਰ ਕਾ ਮਿਚ ਗਿਆ ਤਾ ਕੋਹਰਾਮ।
ਭੋਲੇ-ਭਾਲੇ ਜੀਆਂ ਕਾ ਜੀਉਣਾ ਹੋਇਆ ਹਰਾਮ।
ਇੱਕ ਦਿਨ ਕੱਠੇ ਹੋ ਕਾ ਗਏ ਛੇਰ ਕੇ ਪਾਸ।
ਰੈਹਮ ਕਰੋ ਥਮ ਬਾਦਛਾ! ਕਰੋ ਦਿਲਾਂ ਮਾ ਬਾਸ।
ਦਿਨ ਪਰਤੀ ਇੱਕ ਜੀਬ ਕੀ ਰੱਖੋ ਥਮ੍ਹੇ ਖਰਾਕ।
ਪੱਕੀ ਮ੍ਹਾਰੇ ਗੈਲ ਬੰਧਲੋ ਰੱਖਣ ਕੀ ਨੀ ਝਾਕ।
ਸਬ ਕੀ ਛੇਰ ਨੇ ਮੰਨ ਲੀ ਪਲ ਬੀ ਕਰੀ ਨਾ ਡੇਰ।
ਜੰਗਲ ਮਾ ਸੁੱਖ ਸ਼ਾਂਤੀ ਆਗੀ ਬੀਰੋ ਢੇਰ।
ਇੱਕ ਦਿਨ ਇੱਕ ਖ਼ਰਗੋਸ ਕੀ ਬਾਰੀ ਆਗੀ ਬੀਰ।
ਚਲੋ-ਚਾਲ ਇੱਕ ਕੂਏਂ ਪਾ ਪ੍ਹੌਂਚਿਆ ਔਹ ਅਖੀਰ।
ਉੱਥਾ ਬੈਠ ਉਸਨੇ ਕਰੀ ਲੰਮੀ ਸੋਚ ਬਚਾਰ।
ਕਿਮੇ ਪਾਈਏ ਕੈਨਾਤ ਕਾ ਜਾਲਮ ਤੇ ਛੁਟਕਾਰ।
ਲਾ ਕਾ ਖਾਸੀ ਡੇਰ ਨੂੰ ਪ੍ਹੌਂਚਿਆ ਛੇਰ ਕੇ ਪਾਸ।
ਛੇਰ ਬੜਾ ਤਾ ਕਰੋਧ ਮਾ ਬਜ੍ਹਾ ਪੁੱਛਲੀ ਖਾਸ।
ਖਰਗੋਸ਼ ਕਹਾ ਬਨਰਾਜ ਜੀ! ਮਿਲ ਗਿਆ ਤਾ ਇੱਕ ਛੇਰ।
ਕਹਾ ਰਾਜਾ ਮੈਂ ਉਰੇ ਕਾ ਔਹੇ ਲਬਾ ਗਿਆ ਡੇਰ।
ਛੇਰ ਕਹਾ ਮੰਨੂੰ ਇਬੀਓ ਲੇ ਜਾ ਉਸਕੇ ਪਾਸ।
ਅੱਜ ਤੋਂ ਮੈਂ ਬਸ ਖਾਮਾਗਾ ਓਸੇ ਕਾ ਈ ਮਾਸ।
ਖਰਗੋਸ਼ ਨੇ ਛੇਰ ਨੂੰ ਕੂਆ ਦਿਆ ਦਖਾ।
ਛੇਰ ਮੌਣ ਪਾ ਪ੍ਹੌਂਚਿਆ ਮਾਰੀ ਤਲੇ ਨਿਗਾਹ।
ਪਾਣੀ ਮਾ ਸਾਇਆ ਛੇਰ ਕਾ ਦੇਖ ਮੰਨ ਗਿਆ ਸੱਚ।
ਪੂਰੇ ਜੋਰ ਗੈਲ ਗੱਜਿਆ ਬਾਜ ਮੁੜ ਦਬਸੱਟ।
ਇਬ ਤੋ ਮੜਸੀ ਗਰਜ ਨੂੰ ਛੇਰ ਨਾ ਸਕਿਆ ਝੱਲ।
ਛਾਲ ਭਿੜਨ ਲਈ ਮਾਰ ਦਈ ਛੇਰ ਨੇ ਓਸੇ ਪਲ।
ਛੇਰ ਡੁੱਬ ਕਾ ਮਰ ਗਿਆ ਖ਼ਬਰ ਗਈ ਚਹੁੰ ਔਰ।
ਅਕਲ ਬੜੀ ਆ ਮ੍ਹੈਸ ਤੇ ਬੱਚਿਓ ਕਰਨਾ ਗੌਰ।

ਟਟੀਹਰੀ ਅਰ ਸਮੁੰਦਰ

ਸਮੁੰਦਰ ਕੇ ਢਾਹੇ ਟਟੀਹਰੀ ਕਾ ਜੋੜਾ ਰਹੇ ਤਾ।
ਨਰ-ਨਾਰ ਕੇ ਰੂਪ ਮਾ ਔਹ ਦੁੱਖ ਸੁੱਖ ਸਹੇ ਤਾ।
ਮੌਜ ਗੈਲ ਜੀਬਨ ਔਹ ਬਤੀਤ ਕਰੇਂ ਤੇ।
ਮੌਸਮ ਇਕਸਾਰ ਮਾ ਦੋਮੇ ਮਜੇ ਲਮੇ ਤੇ।
ਸਮੋਂ ਹੋਗੀ ਟਟੀਹਰੀ ਕੀ ਜੀ ਆਂਡੇ ਦੇਣ ਕੀ।
ਥੌੜ ਲੱਭੋ ਪਤੀ, ਆਪਣੇ ਜੀ ਰੈਹਣ ਕੀ।
ਪਤੀ ਕਹਾ ਉਰੇ ਸਾ ਨਾ ਕਿਤੀ ਥੌੜ ਸੁੰਦਰ।
ਉਰੀ ਆਂਡੇ ਦੇਦੇ ਹੈ ਬਿਸ਼ਾਲ ਸਮੁੰਦਰ।
ਔਹ ਬੋਲੀ ‘ਪੁੰਨਿਆ ਨੂੰ ਜਬਾਰਭਾਟਾ ਆਬਾਗਾ।
ਆਂਡੇ ਆਪਣੇ ਔਹ ਰੋੜ੍ਹ ਲੇ ਜਾਹਾਗਾ।
ਪਤੀ ਕਹਾ, "ਸਮੁੰਦਰ ਕੀ ਕੇ ਆ ਤਾਕਤ?
ਆਂਡਿਆਂ ਪਾ ਜੋ ਬਣ ਟੁੱਟੇ ਆਫ਼ਤ।
ਬੇਫਿਕਰੀ ਕੇ ਗੈਲ ਉਰਾਂ ਆਂਡੇ ਦੇ ਦਮੀ।
ਸਮੁੰਦਰ ਤੇ ਜਮ੍ਹਾ ਬੇਫਿਕਰ ਰਮ੍ਹੀਂ।
ਟਟੀਹਰੀ ਨੇ ਤੋ ਟੈਮ ਗੈਲ ਆਂਡੇ ਦੇ ਦੀਏ।
ਜਬਾਰਭਾਟੇ ਕੇ ਬੀ ਇਬ ਦਿਨ ਆ ਲੀਏ।
ਸਮੁੰਦਰ ਕੀ ਛੱਲ ਕੋਹਰਾਮ ਮਚਾ ਗਈ।
ਆਂਡੇ ਕਿਆ ਤੇ ਹਾਥੀ ਸਰੀਖੇ ਬੀ ਮਿਟਾ ਗਈ।
ਆਏ ਦੋਮੇ ਰਾਤ ਨੂੰ ਤੋ ਮਦਾਨ ਰੜਾ ਤਾ।
ਸੁਨਾਮੀ ਕੇ ਅੱਗਾ ਕੁਸ਼ ਬੀ ਨਾ ਅੜਿਆ ਤਾ।
ਰੋਂਦੀ ਬੀ ਟਟੀਹਰੀ ਕਰੇ ਊਂਚੀ ਛੋਰ ਜੀ।
ਬੈਰੀ ਨੂੰ ਜਾਣੋ ਨਾ ਕਦੀ ਕਮਜੋਰ ਜੀ।
ਅੱਛੀ ਬਾਤ ਮੰਨੀ ਨਾ ਕੋਈ ਪਰਬਾਹ ਹੈ।
ਜੋ ਨਾ ਮੰਨਾ ਉਸਕਾ ਤੋ ਅੰਤ ਬੁਰਾ ਹੈ।
ਨਰ ਕਹਾ ਬਦਲਾ ਮੈਂ ਲੇ ਕਾ ਰਹੂੰਗਾ।
ਮੈਂ ਚੁੰਚ ਗੈਲ ਸਾਗਰ ਸੁਖਾ ਕਾ ਰਹੂੰਗਾ।
ਮਾਦਾ ਕਹੇ ‘ਪਤੀ ਜੀ! ਕਿਉਂ ਹੋਏ ਬਾਂਵਰੇ।
ਅਕਲ ਅਰ ਸਾਥ ਗੈਲ ਬਾਤ ਸ੍ਹਾਮ ਰੇ।
ਨਰ ਨੇ ਪੰਖੇਰੂ ਸਬ ਕੱਠੇ ਕਰ ਕਾ।
ਕਹਿਆ ਅਪਮਾਨ ਹੈ ਜੋਹ ਪੰਖੀ ਜਾਤ ਕਾ।
ਕੱਠੇ ਹੋ ਕਾ ਗਏ ਸਾਰੇ ਗੈੜਫੰਘ ਪਾ।
ਪੰਖੀਆ ਕੇ ਰਾਜਾ ਬਾਤ ਪਹੁੰਚੀ ਜੰਗ ਪਾ।
ਗੈੜਫੰਘ ਕਹਾ ਬਿਸ਼ਨੂੰ ਠੋਰ ਲਾਂ।
ਕਰੇ ਜੋ ਸਬਾਰੀ ਮੇਰੀ ਬਾਤ ਤੋਰ ਲਾਂ।
ਬਿਸ਼ਨੂੰ ਨੂੰ ਸੁਣਕਾ ਤੱਰਾਰਾ ਆ ਗਿਆ।
ਚੜਾ ਕਾ ਬਾਣ ਅਗਨੀ ਔਹ ਬਾਤ ਪਾ ਗਿਆ।
ਕਹੇ “ਔਹ ਸਮੁੰਦਰ! ਤੌਹ ਹਠ ਛੋੜ ਦੇ।
ਚੰਗੀ ਚਾਹਮੇ ਟਟੀਹਰੀ ਕੇ ਆਂਡੇ ਮੋੜ ਦੇ।
ਮੋੜ ਦਏ ਆਂਡੇ ਕਹੇ ਜਾਮਾ ਸੁੱਕਦਾ।
ਹਿੰਮਤ ਕੇ ਅੱਗਾ ਹੈ ਪਹਾੜ ਝੁਕਦਾ।

ਦੁਸ਼ਟ ਕਾ ਫੈਂਸਲਾ

ਏਕ ਬਾਰ ਏਕ ਪੇੜ ਕੀ ਖੱਡ ਮਾ,ਰਹੇ ਤੀ ਚਿੜੀਆ ਰਾਣੀ।
ਨਾ ਕਿਸੀ ਕਾ ਬੁਰਾ ਸੋਚਦੀ, ਥੀ ਔਹ ਬੜੀ ਸਿਆਣੀ।
ਬੜੀ ਬਾਰ ਓਹਨੇ ਆਂਡੇ ਦੀਏ ਕੱਢ ਕਾ ਬੱਚੇ ਉੜਾਏ।
ਕਈ ਪੀੜ੍ਹੀਆਂ ਕਾਬਜ ਉਨਕੀ, ਛੋੜ ਕਿਤੀ ਨਾ ਜਾਏ।
ਕਿਸੇ ਕਾਰਨੇ ਕਈਂ ਮਹੀਨੇ ਖੱਡ ਤਿੱਕਰ ਨਾ ਆਈ।
ਜਦ ਆਈ ਤੋ ਉਸ ਮਾ ਥੀ ਖਰਗੋਸ਼ ਨੂੰ ਸੋਇਆ ਪਾਈ।
ਕਹਾ ਉਨ੍ਹੇ ਖਰਗੋਸ਼ ਭਾਈ ਤੌਹ ਘਰ ਮੇਰਾ ਕਰ ਖਾਲੀ।
ਖਰਗੋਸ਼ ਨੇ ਕਹਿਆ ਕਿੱਥਾ ਤੇ ਤੌਂਹ ਆਈ ਏ ਘਰ ਆਲ਼ੀ।
ਜੋ ਜੌਂਣਸੇ ਰਹਾ ਜੀ ਘਰ ਮਾ ਹੱਕ ਉਸੀ ਕਾ ਹੋਆ।
ਦੂਸਰਾ ਹੱਕ ਜਤਾ ਨੀ ਸਗਦਾ ਚਾਹੋ ਪਿੱਟਾ ਰੋਆ।
ਚਿੜੀ ਕਹਾ ਮੈਂ ਕਿਸੀ ਪਾ ਤੇ ਜੋਹ ਇਨਸਾਪ ਕਰਬਾਮਾ।
ਖਰਗੋਸ਼ ਕਹੇ ਮੈਂ ਤਿਰਤੇ ਕਾਹਲ਼ਾ ਗੈਲ ਤੇਰੇ ਮੈਂ ਜਾਅਮਾ।
ਗੂੂੜ੍ਹ ਗਿਆਨ ਕੀ ਬਾਤ ਕਰੇ ਤਾ ਢਾਹੇ ਗੰਗਾ ਕੇ ਬਿੱਲਾ।
ਦੋਮੇ ਜਣਿਆਂ ਪਾਸ ਓਸਕੇ ਪਰਗਟ ਕਰਿਆ ਗਿਲਾ।
ਬਿੱਲਾ ਕਹਾ ਮੈਂ ਬਿਰਧ ਹੋ ਗਿਆ ਕੰਨਾਂ ਤੇ ਨੀ ਸੁਣਦਾ।
ਪਾਸ ਮੇਰੇ ਆ ਬਾਤ ਬਤਾਓ ਝੂਠ ਸੱਚ ਮੈਂ ਚੁਣਦਾ।
ਜਦ ਦੋਮਾਂ ਨੇ ਪਾਸ ਕੰਨ ਕੇ ਚਾਹੀ ਬਾਤ ਬਤਾਣੀ।
ਬਿੱਲੇ ਨੇ ਔਂਹ ਦੋਮੇ ਫਕੜਕਾ ਕਰ ਦਈ ਖਤਮ ਕਹਾਣੀ।
ਜਾਲਮ ਨਾ ਕਦੀ ਟਲੇ਼ ਜੁਲਮ ਤੇ ਚਾਹੇ ਸੌਂਹਾਂ ਖਾਏ।
ਚੋਰ ਚੋਰੀ ਤੇ ਟਲ ਜਾਹਾ ਨਾ ਹੇਰਾ-ਫੇਰੀ ਤੇ ਜਾਏ।

ਚਾਰ ਠੱਗ ਅਰ ਕਿਰਸਾਣ

ਭੋਲ਼ੇ ਨਾਓਂ ਕਾ ਇੱਕ ਕਿਰਸਾਣ ਤਾ ਰਹੇ ਤਾ ਛੈਹਰ ਮਾ ਜਾ ਕਾ।
ਤੰਗੀ ਆਈ ਪਾ ਬੇਚਣ ਬਗ ਗਿਆ ਸਿਰ ਪਾ ਬੱਕਰਾ ਠਾ ਕਾ।
ਚਾਰ ਠੱਗਾਂ ਨੇ ਦੇਖਿਆ ਸਿਰ ਪਾ ਬਕਰਾ ਮੋਟਾ ਤਾਜਾ।
ਆਪੋਚੀ ਮਨਸੂਬਾ ਘੜਿਆ ਨਹੀਂ ਛੋਡਣਾ ਖਾਜਾ।
ਮੜਸੀ ਦੂਰੀ ਪਰ ਜਾ ਇੱਕ ਨੇ ਕਹਿਆ ਓ ਭੋਲੇ ਪੰਛੀ!
ਕੁੱਤਾ ਕੜਾ ਤੇ ਠਾ ਕਾ ਲਿਆਣਿਆ ਬਾਤ ਹਮਾਰੀ ਸਾਚੀ।
ਭੋਲੇ ਕਹਿਆ ਖੋਲ੍ਹ ਕਾ ਅੰਖਾਂ ਦੇਖ ਨਹੀਂ ਜੋਹ ਕੁੱਤਾ।
ਜੋਹ ਬੱਕਰਾ ਮੈਂ ਘਰਾਂ ਪਾਲਿਆ ਜਾਗਿਆ ਨਹੀਂ ਤੌਂਹ ਸੁੱਤਾ।
ਮੜਸੇ ਫਰਕ ਪਾ ਠੱਗ ਦੂਸਰੇ ਜੋਹੇ ਬਾਤ ਦੋਹਰਾਈ।
ਭੋਲ਼ੇ ਕਹਿਆ ਦਮਾਕ ਖਰਾਬ ਆ ਮੰਨੂੰ ਲੱਗੇ ਤੇਰਾ ਭਾਈ।
ਅੱਗਾ ਤੁਰਿਆ ਠੱਗ ਤੀਸਰੇ ਫਿਕਰਾ ਜੋਹੇ ਦੋਹਰਾਇਆ।
ਭੋਲਾ ਤੁਰ ਪਿਆ ਕੰਨ ਬੋਚ ਕਾ ਸ਼ੱਕ ਤੋ ਮਨ ਮਾ ਆਇਆ।
ਚੌਥਾ ਠੱਗ ਤੋ ਦੇਖ ਭੋਲੇ ਨੂੰ ਹੰਸ-ਹੰਸ ਦੂਹਰਾ ਹੋਇਆ।
“ਕੇ ਕਰੇਂਗਾ ਲੰਡਰ ਕੁੱਤਾ ਬਖਤ ਕੀਮਤੀ ਖੋਇਆ?"
ਸਿਰ ਪਾ ਤੇ ਮਘੇਲ ਪਰ੍ਹਾਂ ਨੂੰ ਭੋਲ਼ੇ ਹੌਕਾ ਭਰਿਆ।
ਚਾਰਾਂ ਠੱਗਾਂ ਨੇ ਜੰਗਲ ਮਾ, ਬੱਕਰਾ ਬਸ ਮਾ ਕਰਿਆ।
ਚਾਲਬਾਜ ਦੁਨੀਆਂ ਤੇ ਬੱਚਿਓ! ਆਪਣਾ ਪਨ੍ਹਾ ਬਚਾਇਓ।
ਭੋਲ਼ਿਆਂ ਨੂੰ ਠਗ ਲੇਹਾਂ ਬਾਤਾਂ ਮਿੱਠੀਆਂ ਮਾ ਨਾ ਆਇਓ।

ਰਾਜਾ ਅਰ ਬੰਦਰ

ਇਕ ਰਾਜੇ ਨੇ ਮੈਹਲ ਮਾ ਰੱਖਿਆ ਤਾ ਬੰਦਰ।
ਗੈਲ ਆਪਣੇ ਓਸ ਨੂੰ ਰੱਖੇ ਤਾ ਅਕਸਰ।
ਬੜਾ ਪ੍ਰੇਮ ਤਾ ਦੋਆਂ ਮਾ ਰੱਖੇਂ ਤੇ ਦਮ ਮਾ ਦਮ।
ਬਾਂਦਰ ਆਪੋ ਕਰੇ ਤਾ ਰਾਜੇ ਕੇ ਕਈਂ ਕੰਮ।
ਇੱਕ ਦਿਨ ਰਾਜਾ ਸੋਇਆ ਤਾ ਥਾ ਦਪ੍ਹੈਰ ਕਾ ਟੈਮ।
ਪੰਖਾ ਝੋਲਣ ਕੀ ਡਿਉਟੀ ਪਰ ਤਾ ਬਾਂਦਰ ਕੈਮ।
ਇੱਕ ਮੱਖੀ ਆ ਰਾਜੇ ਕੀ ਗਈ ਠੋਡੀ ਪਾ ਬੈਠ।
ਬਾਂਦਰ ਨੇ ਔਹ ਉੜਾ ਦਈ ਹੋਇਆ ਜਮੀ ਨਾ ਲੇਟ।
ਫੇਰ ਬੈਠੀ ਫੇਰ ਡਾ ਦਈ ਫੇਰ ਬੈਠੀ ਫੇਰ ਡਾ।
ਫੇਰ ਫੇਰ ਕੇ ਗੇੜ ਮਾ ਹਰਖ ਗਿਆ ਓਹਨੂੰ ਆ।
ਕੀਲੀ ਪਾ ਤੇ ਤਾਰਲੀ ਟੰਗੀ ਬੀ ਕਿਰਪਾਣ ।
ਕਰਿਆ ਬਾਰ ਉਸ ਕੀਟ ਪਾ ਲਾ ਕਾ ਪੂਰਾ ਤਾਣ।
ਮੱਖੀ ਤੋਂ ਬੀਰੋ ਉੜ ਗਈ ਰਾਜਾ ਕੀ ਗਈ ਜਾਨ।
ਮੂਰਖ ਮਿੱਤਰ ਤੇ ਭਲਾ, ਦੁਸ਼ਮਣ ਬੁੱਧੀਮਾਨ।

ਚਿੜੀ ਅਰ ਹਾਥੀ

ਚਿੜਾ ਚਿੜੀ ਇੱਕ ਬਣੀ ਮਾ ਰਹੇਂ ਤੇ ਪੇੜ ਕੇ ਊਪਰ।
ਚਿੜੀ ਨੇ ਆਂਡੇ ਦੇ ਦੀਏ ਗਿਣਤੀ ਮਾ ਤੇ ਤਿੰਨ ਚਾਰ।
ਇੱਕ ਮਸਤੇ ਬੇ ਹਾਂਥੀ ਨੇ ਪੇਡੇ ਕੇ ਤਲੇ ਆ ਕਾ।
ਡਾਹਣਾ ਤੋੜ ਦਿਆ ਪੇੜ ਕਾ ਆਪਣੀ ਸੁੰਡ ਪਸਾ ਕਾ।
ਟੁੱਟੇ ਆਂਡੇ ਦੇਖ ਕਾ ਦੋਮੇ ਪਾਮਾ ਦੁਹਾਈ।
ਕਠਫੋੜੇ ਨੇ ਆਣਕਾ ਉਨਕੀ ਧੀਰ ਬੰਧਾਈ।
ਥਮ ਚਿੰਤਾ ਨਾ ਕਰੋ ਬਈ ਮੇਰੀ ਬੇਲਣ ਮੱਖੀ।
ਹਾਂਥੀ ਨੂੰ ਸਜਾ ਦੇਣ ਕੀ ਔਹੇ ਦੇਊ ਤਰੱਕੀ।
ਪਾਸ ਮੱਖੀ ਕੇ ਬਗ ਗਈ ਤਿੰਨਾਂ ਕੀ ਤਿੱਕੜੀ।
ਮੱਖੀ ਕਹਾ ਡੱਡੂ ਪਾਸ ਹੈ ਇਹ ਅਕਲ ਜੋ ਤਗੜੀ।
ਇਬ ਡੱਬੇ ਕੇ ਲਬਾ ਗਏ ਔਹ ਚਾਰੋਂ ਮਿਲ ਕਾ।
ਡੱਡੂ ਕਹਾ ਮੇਰੇ ਅੱਗਾ ਤੋ ਹਾਂਥੀ ਹੈ ਤਿਣਕਾ।
ਸੁਣ ਮੱਖੀਏ! ਮੇਰੀਏ ਸਖੀਏ! ਹਾਂਥੀ ਲਬਾ ਜਾਮੀ।
ਔਹ ਮਸਤ ਹੋ ਅੰਖਾਂ ਮੀਚਲੇ ਕੋਈ ਰਾਗ ਸਣਾਮੀ।
ਕਠਫੋੜਿਆ! ਬੇ ਥੌੜ੍ਹਿਆ! ਤੌਂਹ ਅੰਖਾਂ ਫੋੜੀਂ।
ਮੜਸਾ ਬੀ ਦੇਖਣ ਜੋਕਰਾ ਨਾ ਉਸ ਨੂੰ ਛੋੜੀਂ।
ਮੇਰਾ ਟੱਬਰ ਡੂੰਘੀ ਖੱਡ ਮਾ ਊਂਚੀ ਦੇਣੇ ਗੱਜੂ।
ਔਹ ਪਿਆਸਾ ਅੰਧਲਾ ਹਾਂਥੜੀ ਮਾਰੇ ਅਲ ਭੱਜੂ।
ਇੱਕ ਬਾਰੀ ਖੱਡ ਮਾ ਗਿਰ ਗਿਆ ਨਾ ਬਾਹਰ ਲਿਕੜੂ।
ਔਹ ਮਰੂ ਖੱਡ ਮਾ ਤੜਪ ਕਾ ਹਮ ਚਾਰ ਔਹ ਇੱਕੜੂ।
ਡੱਡੂ ਕੀ ਬਾਤ ਪਾ ਸਾਰਿਆਂ ਨੇ ਅਮਲ ਕਮਾਇਆ।
‘ਚਰਨ’ ਚਿੜੀ ਕਾ ਦੁਸ਼ਮਣ ਹਾਂਥੀ ਮਾਰ ਮੁਕਾਇਆ।

ਧਰਮ ਅਰ ਪਾਪ

ਧਰਮ ਬੁੱਧੀ ਅਰ ਪਾਪ ਬੁੱਧੀ ਨਾਮ ਕੇ ਦੋ ਥੇ ਜਾਰ।
ਸੁਭੌਅ ਕੇ ਅੱਡੋ ਅੱਡ ਤੇ ਰੋਟੀ ਤੇ ਲਾਚਾਰ।
ਪਾਪ ਬੁੱਧੀ ਨੇ ਏਕ ਦਿਨ ਮਨ ਮਾ ਲੇਕਾ ਪਾਪ।
ਸੋਚਿਆ ਜਾਈਏ ਦੂਰ ਦੇਸ ਪਰ ਨਾ ਹੋ ਇਨਸਾਪ।
ਧਰਮ ਬੁੱਧੀ ਨੂੰ ਗੈਲ ਲੇ ਗਿਆ ਕਿਸੀ ਪ੍ਰਦੇਸ।
ਖੂਪ ਕਮਾਇਆ ਦੋਆਂ ਨੇ ਸੋਚਿਆ ਜਾਈਏ ਦੇਸ।
ਪਾਪ ਬੁੱਧੀ ਕਹੇ ਧਰਮਿਆ! ਪੈਸਾ ਬੜਾ ਹੈ ਨੀਚ।
ਸਾਰਾ ਲੇ ਕਾ ਜਾਈਏ ਨਾ ਹਮ ਸਾਕਾਂ ਕੇ ਬੀਚ।
ਅੱਧਾ ਧਨ ਦਬਾ ਦਈਏ ਉਰੀਓ ਗੱਢਾ ਖੋਦ।
ਧਰਮ ਤੋ ਭੋਲਾ ਪੰਛੀ ਤਾ ਮੰਨ ਗਿਆ ਅਨਰੋਧ।
ਬਾਗੇ ਘਰ ਨੂੰ ਦੋਮੇ ਜਣੇ ਪਾਪ ਬੁੱਧੀ ਇੱਕ ਰਾਤ।
ਧਨ ਲੇ ਗਿਆ ਕੱਢ ਕਾ ਕਰ ਗਿਆ ਸੁੰਨ-ਸਨਾਤ।
ਦੂਸਰੇ ਦਿਨ ਫੇਰ ਆਪੀਓ ਕਹੇਂ ਧਰਮ ਚੱਲ ਗੈਲ।
ਲਿਆਈਏ ਪੈਸਾ ਕੱਢਕਾ ਥੀ ਪਰ ਮਨ ਮਾ ਮੈਲ।
ਖਾਲੀ ਟੋਆ ਦੇਖ ਕਾ, ਪਾਪ ਕਹੇ ਔ ਨੀਚ।
ਤੌਂਹੇ ਇਸਕਾ ਚੋਰ ਹੈ, ਤੀਸਰਾ ਨਾ ਕੋਈ ਬੀਚ।
ਧਰਮ ਦੁਹਾਈਆਂ ਦੇ ਰਹਿਆ ਮੇਰੀ ਨਾ ਇਹ ਕਾਰ।
ਬਾਤ ਬਿਗੜਦੀ ਪ੍ਹੌਂਚਗੀ ਰਾਜੇ ਕੇ ਦਰਬਾਰ।
ਰਾਜੇ ਕਹਿਆ ਥਮ ਕਿਉਂ ਰਹਿਓਂ ਗੁੱਛਮ-ਗੁੱਛ।
ਚੱਲੋ ਜਾ ਕਾ ਪੇੜ ਤੇ ਲਈਏ ਸਬ ਕੁਸ਼ ਪੁੱਛ।
ਪਿਉ ਪਾਪ ਕਾ ਬੜ ਗਿਆ ਉਸ ਪੇਡੇ ਕੀ ਖੋੜ੍ਹ।
ਪੁੱਛਿਆ ਜਦ ਔਹ ਬੋਲਿਆ, ਧਰਮ ਹੀ ਪੱਕਾ ਚੋਰ।
ਰਾਜੇ ਦੇਖ ਕਾ ਪੇੜ ਨੂੰ ਦਈ ਅੱਗ ਲਗਬਾ।
ਬਾਪ ਪਾਪ ਕਾ ਨਿਕਲਿਆ ਅਧ-ਝੁਲਸਿਆ ਕੁਰਲਾ।
ਦੋਸਤੋ! ਲੁਕਿਆ ਪਾਪ ਨੀ ਹੋਇਆ ਪੜਦਾ ਫਾਸ।
ਪਾਪ ਨੇ ਪਿਉ ਪੁੱਤ ਕਾ ਕਰ ਦਿਆ ਸੱਤਿਆ ਨਾਸ।

ਬੁਗਲਾ ਅਰ ਨਿਓਲਾ

ਕੇਰਾਂ ਬਰੌਂਟੇ ਪੇੜ ਕਾ ਕਾਸੀਓ ਤਾ ਖਿਲਿਆਰ।
ਉਪਰ ਉਸਕੇ ਰਹੇਂ ਤੇ ਬੁਗਲੇ ਕਈਂ ਹਜਾਰ।
ਜੜ ਮਾ ਉਸਕੇ ਰਹੇ ਤਾ ਸਿਆਹ ਕਾਲਾ ਇੱਕ ਨਾਗ।
ਆਂਡੇ ਬੱਚੇ ਉਨਾਂ ਕੇ ਖਾਹੇ ਤਾ ਬੇ-ਭਾਗ।
ਇੱਕ ਦਿਨ ਦੁੱਖ ਕਾ ਪੱਟਿਆ ਬੁਗਲਾ ਰਹਿਆ ਤਾ ਰੋ।
ਕੇਕੜੇ ਆਣ ਕਾ ਪੁੱਛਿਆ, ਤੈਨੂੰ ਗਿਆ ਕੇ ਹੋ?
ਬੁਗਲੇ ਦੁੱਖ ਕਰੇਲਿਆ ਲੇ ਕਾ ਲੰਮੀ ਸਾਸ।
ਕਿੱਤਰਾਂ ਬਚੀਏ ਦੁਸ਼ਟ ਤੇ ਜੁਗਤ ਬਤਾ ਤੇਰੇ ਪਾਸ।
ਕੇਕੜੇ ਸੋਚਿਆ ਜੋਹ ਮਾਰੀ ਕੌਮ ਕਾ ਹੈ ਦੁਸ਼ਮਨ।
ਖੋਮ ਨਾਸ਼ ਹੋਏ ਏਸਕਾ ਕਹੇ ਬਾਤ ਇੱਕ ਸੁਨ।
ਨਿਓਲ਼ ਕੀ ਖੱਡ ਤੇ ਲੇ ਕਾ ਜਿੱਥਾ ਸੱਪ ਕੀ ਖੱਡ।
ਟੁਕੜੇ ਮਾਸ ਕੇ ਗੇਰਦੇ ਮੱਛਲੀਆਂ ਅਰ ਛੱਡ।
ਨਿਓਲ਼ ਖੱਡ ਤੇ ਲਿੱਕੜ ਕਾ ਜਾਊ ਸੱਪ ਕੇ ਪਾਸ।
ਇੱਤਰਾਂ ਤੇਰੇ ਬੈਰੀ ਕਾ ਕਰਦੂਗਾ ਬੀਅ ਨਾਸ।
ਬੁਗਲੇ ਉਮੀਓ ਕਰ ਦਿਆ ਔਹੇ ਬਾਤ ਗਈ ਬਣ।
ਨਿਓਲ਼ ਨੇ ਆ ਕਾ ਸੱਪ ਕਾ ਤੋੜ ਗਮਾਇਆ ਫਣ।
ਤਾੜੀ ਬੱਜਗੀ ਬੁਗਲਿਆਂ ਊਂਚੀ ਮਚਾ ਦਿਆ ਛੋਰ।
ਬੁਗਲੇ ਲੁੱਡੀਆਂ ਪਾਮਦੇ ਕਰੀ ਨਿਓਲ਼ ਨੇ ਗੌਰ।
ਮਾਰ-ਮੂਰ ਕਾ ਸੱਪ ਨੂੰ ਹੋਇਆ ਤਾਹਾਂ ਨੂੰ ਜਾਣ।
ਬਾਹਲੇ ਲੰਮ ਚੜੌਅ ਕੇ ਫਿਰ ਗਿਆ ਡਾਹਣੋ-ਡਾਹਣ।
ਆਂਡੇ ਜਿਤਨੇ ਪੀ ਲੀਏ ਬੱਚੇ ਲੀਏ ਸਬ ਖਾ।
ਬੱਢ-ਬੱਢ ਕਾ ਬੁਗਲੇ ਦੀਏ ਕੂੰਦੜੇ ਲਾ।
ਕਿਸੇ ਕੀ ਲਾਈ ਅੱਗ ਕਾ ਆਪਣੇ ਘਰ ਬੀ ਸੇਕ।
ਬਿਧ ਮਾਤਾ ਸਬ ਲਿਖੇ ਨਾ ਅਪਣੇ ਹੱਥ ਬੀ ਲੇਖ।

ਬਾਣੀਆ ਅਰ ਛਾਹੂਕਾਰ

ਏਕ ਛੈਹਰ ਮਾ ਬਾਣੀਆ ਹੋ ਗਿਆ ਤਾ ਕੰਗਾਲ।
ਸੋਚਿਆ ਜਾ ਪਰਦੇਸ ਮਾ ਹੋਜਾਂ ਮਾਲਾ ਮਾਲ।
ਗੱਲਾ ਗੈਹਣੇ ਧਰ ਦਿਆਂ ਕਿਸੀ ਤੇ ਲੇ ਲੀਆ ਦੰਮ।
ਜਾ ਕਾ ਔਹ ਪਰਦੇਸ ਮਾ ਦਿਨ ਰਾਤ ਕਰੇ ਕੰਮ।
ਆ ਗਿਆ ਲੋਟ ਕਮਾ ਕੈ ਸੋਚਿਆ ਕਰੂ ਦਕਾਨ।
ਪੈਹਲਾਂ ਗੱਲਾ ਲੇ ਲੇਹਾਂ ਹੋਆ ਜੋ ਮਾਰ੍ਹੀ ਜਾਨ।
ਛਾਹੂਕਾਰ ਤੇ ਮੰਗਿਆ ਗੱਲਾ ਦਈਂ ਮੇਰੇ ਮੀਤ।
ਔਹ ਕਹਾ ਚੂਹੇ ਖਾ ਗਏ ਬਦਲੀ ਉਸਕੀ ਨੀਤ।
ਰੈਹ ਗਿਆ ਮਨ ਮਸੋਸ ਕਾ ਸੋਚਿਆ ਕਰੂੰ ਸਨਾਨ।
ਸੇਠ ਕੇ ਛੋਕਰੇ ਗੈਲ ਔਹ ਪਹੁੰਚਿਆ ਨਦੀ ਪਾ ਆਣ।
ਛੋਕਰਾ ਤੋ ਉਸ ਲਾਲੇ ਨੇ ਕਰਤਿਆ ਗੁਫਾ ਮਾ ਬੰਦ।
ਅੱਗਾ ਪੱਥਰ ਲਾ ਦਿਆ ਕਦੇ ਛੜਾਜੇ ਫੰਘ।
ਜਦ ਸੇਠ ਨੇ ਪੁੱਛਿਆ ਕਿੱਥਾ ਔ ਮੇਰਾ ਝਰੀਟ?
ਠਾ ਕਾ ਬਾਜ ਲੇ ਗਿਆ ਕਹਾ ਬਾਣੀਆ ਪੀਟ।
ਛਾਹੂਕਾਰ ਫੇਰ ਚੀਕਿਆ ਜੋਹ ਆ ਕੋਰਾ ਝੂਠ।
ਕਹੇ ਬਾਣੀਆ ਤੰਨੈ ਬੀ ਲਿਆ ਤਾ ਮੰਨੂੰ ਲੂਟ।
ਜਿਮੇਂ ਬਾਈ ਮੇਰੇ ਗੱਲੇ ਨੂੰ ਗਏ ਤੇ ਚੂਹੇ ਕੁਤਰ।
ਬਾਜ ਕੀ ਆਇਆ ਚਪੇਟ ਮਾ ਉਮੀਓਂ ਤੇਰਾ ਪੁੱਤਰ।
ਸੇਠ ਪੈਰਾਂ ਮਾਂ ਗਿਰ ਗਿਆ ਕਹਿਆ ਕਰੀਂ ਓ ਮਾਫ।
ਮੈਂ ਤੋ ਦੁਨੀਆਂ ਕਾ ਬਣਾਂ, ਤੌਂਹ ਆਂ ਮੇਰਾ ਬਾਪ।

ਪੰਡਤ ਅਰ ਬਦਮਾਸ਼

ਇੱਕ ਛੈਹਰ ਮਾ ਰਹੇ ਤਾ ਇੱਕ ਪੰਡਤ ਬਿੱਦਮਾਨ।
ਕਿਸੇ ਕਾਰਨੋਂ ਬਣ ਗਿਆ ਕਪਟੀ ਚੋਰ ਛਤਾਨ।
ਇੱਕ ਦਿਨ ਆਏ ਬੇ ਦੇਖਲੇ ਪੰਡਤ ਬਾਹਰ ਤੇ ਚਾਰ।
ਚੀਜਾਂ ਲੇਰ੍ਹੇ ਕੀਮਤੀ ਆਏ ਕਰਨ ਬਪਾਰ।
ਮੋਟੀ ਕਮਾਈ ਕਰੇਂ ਤੇ ਸੋਚਿਆ ਹੋਂਗੇ ਅਮੀਰ।
ਅੱਜ ਢੰਗੀਏ ਏਹਨਾਂ ਨੂੰ ਕੋਈ ਚਲਾ ਕਾ ਤੀਰ।
ਪਾਸ ਜਾ ਕਾ ਬੋਲਣੇ ਲਗਾ ਊਂਚੀ ਊਂਚੀ ਛਲੋਕ।
ਸੰਸਕ੍ਰਿਤ ਕੀ ਪਕੜ ਥੀ ਖੁਸ਼ ਹੋਗੇ ਔਂਹ ਲੋਕ।
ਨੌਕਰ ਰੱਖ ਲੀਆ ਓਹਨਾਂ ਨੇ ਸਮਾਨ ਦੀਆ ਤਾ ਬੇਚ।
ਸਮਾਨ ਕੀਮਤੀ ਖਰੀਦਿਆ ਥੇ ਪਰ ਦਿਲ ਕੇ ਨੇਕ।
ਕਪਟੀ ਪੰਡਤ ਸੋਚਿਆ ਜਿੱਥਾ ਹੋਆਗੀ ਠੈਹਰ।
ਸਮਾਨ ਲੇ ਕਾ ਉਡ ਜਾਹਾਂਗਾ ਦੇ ਕਾ ਚਾਰਾਂ ਨੂੰ ਜੈਹਰ।
ਚਲੋ ਚਾਲ ਔਂਹ ਨੌੜਗੇਂ ਏਕ ਗਾਓਂ ਕੇ ਪਾਸ।
ਓਸ ਗਾਓਂ ਮਾ ਰਹੇਂ ਤੇ ਖੂੰਖਾਰ ਬਦਮਾਸ਼।
ਪਾਸ ਥਾਰੇ ਜੋ ਕੱਢਦੋ ਜੇ ਥਮ ਚਾਹੋ ਜਾਨ।
ਤਲਾਸੀ ਲਈ ਨਾ ਮਿਲਿਆ ਉਨ ਪਾ ਤੇ ਸਮਾਨ।
ਕਹਾਂ ਔਹ ਚਮੜੀ ਦੇੜ੍ਹ ਕਾ ਹਮੈ ਲੇਹਾਂਗੇ ਕੱਢ।
ਸਮਾਨ ਥਾਰੇ ਮਾ ਬੋਲਦਾ ਇਬੋ ਦੇਹਾਂਗੇ ਬੱਢ।
ਪੰਡਤ ਚੋਰ ਨੇ ਸੋਚਿਆ ਮੈਂ ਹੂੰ ਚੋਰ ਛਤਾਨ।
ਪਾਪ ਧੁਪੇਂਗੇ ਕਿਉਂ ਨਾ ਕਰੂੰ ਜਿੰਦ ਕਰਬਾਨ।
ਔਹ ਕਹਾ ਥਮੈ ਚੋਰ ਜੀ ਚੀਰੋ ਮੇਰਾ ਸਰੀਰ।
ਇਬੀਓ ਅੱਗਾ ਆਬਾਗਾ ਝੂਠ ਅਰ ਸੱਚ ਅਖੀਰ।
ਬੱਢ ਦਿਆਂ ਓਨ੍ਹਾਂ ਕਾਤਲਾਂ ਟੁਕੜੇ ਕਰੇ ਅਨੇਕ।
ਮਿਲਿਆ ਵਿੱਚ ਤੇ ਕੁਸ਼ਬਨਾ ਕੰਮ ਕਰ ਗਿਆ ਨੇਕ।
ਤਾਹੀਂ ਤੋਂ ਕਹਾ ਸਬ ਤੇ ਅਕਲ ਕੀ ਊਂਚੀ ਸ਼ਾਨ।
ਮੂਰਖ ਮਿੱਤਰ ਤੇ ਭਲਾ ਦੁਸ਼ਮਣ ਬੁੱਧੀਮਾਨ।

ਮਛੇਰਾ ਅਰ ਮੱਛੀ

ਇੱਕ ਮਛੇਰਾ ਨੈਹਰ ਮਾ ਬੈਠਿਆ ਗੇਰ ਕਾ ਜਾਲ।
ਦਿਨ ਲਖ ਗਿਆ ਓਸ ਕਾ ਮੱਛੀ ਫੰਸੀ ਨਾ ਡਾਲ।
ਟਿੱਕੀ ਛਿਪੀ ਤੇ ਜਾਲ ਮਾ ਮੱਛੀ ਛੋਟੀ ਸੀ ਏਕ।
ਫੰਸੀ ਹੋਈ ਥੀ ਤੜਪਰ੍ਹੀ ਖੁਸ਼ ਹੋ ਗਿਆ ਦੇਖ।
ਲੰਗੋਟੀ ਜਾਂਦੇ ਚੋਰ ਕੀ ਫੰਸੀ ਤੋ ਕਰੋ ਸ਼ੁਕਰ।
ਤੜਕਾ ਦੇਖੀ ਜਾਹਾਗੀ ਅੱਜ ਕਾ ਤੋ ਜਾਊ ਸਰ।
ਮੱਛੀ ਬੋਝੇ ਮਾ ਰੱਖ ਕਾ ਲੀਆ ਜਾਲ ਲਬ੍ਹੇਟ।
ਮੱਛੀ ਕਹੇ ਦਇਆਮਾਨ ਓ! ਭਰੂ ਨਾ ਤੇਰਾ ਪੇਟ।
ਜੇ ਤੌਂਹ ਮੰਨੂੰ ਛੋੜਦੇ ਦੇਹਾਂ ਮੱਛ ਫਕੜਾਅ।
ਨਿੱਗਰ ਹੋਆਗਾ ਟਣਾਂ ਮਾ ਬੇਚ ਕਾ ਬੋਦ ਮਿਟਾ।
ਮਛੇਰਾ ਆ ਗਿਆ ਲੋਭ ਮਾ ਦਈ ਓਸ ਨੇ ਛੋੜ।
ਨਾ ਮੱਛੀ ਨਾ ਮੱਛ ਕੀ ਦਿਖੀ ਓਸ ਨੂੰ ਜੋੜ।
ਹੋਊ ਮਛੇਰੇ ਮਾਂਗਰਾਂ ਪਸਤਿਆਬੇ ਮਾ ਮਾ ਲੀਨ।
ਜੋ ਦੂਜਿਆਂ ਕੀ ਬਾਤ ਪਾ ਬੱਚਿਓ ਕਰੂ ਜਕੀਨ।

ਕਿਰਸਾਨ ਅਰ ਨਿਓਲ

ਕੇਰਾਂ ਜੀ ਇੱਕ ਗਾਓਂ ਮਾ ਰਹੇ ਤਾਂ ਇੱਕ ਕਿਰਸਾਣ।
ਨਿਓਲਾ ਪਾਲਿਆ ਓਸ ਨੇ ਜੋ ਥੀ ਉਸਕੀ ਜਾਨ।
ਇੱਕ ਦਿਨ ਉਸਨੂੰ ਛੈਹਰ ਮਾ ਪਿਆ ਜ਼ਰੂਰੀ ਕਾਜ।
ਗੈਲੇ ਤੀਮੀ ਬਗ ਗਈ ਛੇਤੀ ਆਮੇਂਗੇ ਆਜ।
ਬੱਚਾ ਸੋਇਆ ਪਣਘ ਪਾ ਸੋਈ ਨਾ ਉਸ ਦੇ ਕੋਲ।
ਰਾਖੀ ਖਾਤਰ ਛੋਡਿਆ ਘਰ ਮਾ ਔਹੇ ਨਿਓਲ।
ਪਿੱਛਾ ਤੇ ਇੱਕ ਸੱਪ ਕਾ ਓਧਰ ਨੂੰ ਹੋਇਆ ਔਣ।
ਬੱਚੇ ਅਲ ਤਾ ਬਧ ਰਿਹਾ ਨਿਓਲ ਨੇ ਫਕੜੀ ਧੌਣ।
ਸੱਪ ਬੀ ਮੋਟਾ ਤਾਜਾ ਤਾ ਮਸੀਓਂ ਆਇਆ ਲੋਟ।
ਰਗੜ ਦਿਆ ਜੀ ਨਿਓਲ ਨੇ ਮਾਰ ਕਸੂਤੀ ਚੋਟ।
ਛੇਤੀ ਆਗੇ ਛੈਹਰ ਤੇ ਦੋਮੇ ਔਹ ਨਰ-ਨਾਰ।
ਨਿਓਲ ਲਹੂ ਗੈਲ ਲਿਬੜਿਆ ਆਇਆ ਛਲੰਗਾਂ ਮਾਰ।
ਸੋਚਿਆ ਨਿਓਲ ਨੇ ਛੋਕਰਾ ਛੈਤ ਦਿਆ ਹੋ ਮਾਰ।
ਪੱਥਰ ਠਾਅ ਕਾ ਨਿਓਲ ਤੋ ਉਨੈ ਬਲਾ ਦਿਆ ਪਾਰ।
ਅੱਗਾ ਜਾ ਕਾ ਦੇਖਿਆ ਬਾਲ ਸੋਇਆ ਤਾ ਘੂਕ।
ਸਵਾ ਲਾਠੀ ਸੱਪ ਦੇਖ ਕਾ ਲਿੱਕੜੀ ਉਸਕੀ ਕੂਕ।
ਆਈ ਓਸ ਕੇ ਅਕਲ ਮਾ ਨਿਓਲ ਤਾ ਮੇਰਾ ਹੇਤ।
ਇਬ ਪਸਤਾਇਆ ਕੇ ਬਣਾਂ ਚਿੜੀਆ ਚੁਗਲੇ ਖੇਤ?

ਰਾਜਾ ਅਰ ਸਲਾਹਕਾਰ

ਬੜੀ ਪੁਰਾਣੀ ਬਾਤ ਹੈ ਬਾਦਛਾ ਤਾ ਅਣਮੋੜ।
ਪਈ ਓਸ ਨੂੰ ਏਕ ਦਿਨ ਸਲਾਹਕਾਰ ਕੀ ਲੋੜ।
ਬੋੜ ਕੰਧਾਂ ਪਾ ਲਾ ਦੀਏ ਮਨਾਦੀ ਦਈ ਕਰਬਾਅ।
ਪੜ੍ਹਿਆ ਲਿਖਿਆ ਸੂਝਮਾਨ ਬੰਦਾ ਜਾਏ ਕੋਈ ਆ।
ਗਿਆਨੀ ਧਿਆਨੀ ਬੁੱਧੀਮਾਨ ਪੇਸ਼ ਹੋਏ ਤੇ 'ਨੇਕ।
ਉਨ ਮਾਂ ਤੇ ਪੰਜ ਚੁਣ ਲੀਏ, ਚਹੀਏ ਤਾ ਬਸ ਏਕ।
ਬੁਲਾ ਕਾ ਇੱਕ ਤੇ ਪੁੱਛਿਆ, ਕਿੱਤਰਾਂ ਕਾ ਮੇਰਾ ਰਾਜ?
ਔਹ ਕਹਾ ਦੁਨੀਆਂ ਮਾ ਨਹੀਂ ਥ੍ਹਾਰੇ ਸਾ ਮਹਾਰਾਜ।
ਪੰਜ ਸਿਓਨੇ ਕੀਆਂ ਮੋਹਰਾਂ ਦੇ ਦੂਸਰਾ ਲਿਆ ਬੁਲਾ।
ਸਿਫਤਾਂ ਕੇ ਪੁਲ ਬੰਧ ਕਾ ਨਿਆਮ ਗਿਆ ਔਹ ਪਾ।
ਬਲਾਇਆ ਤੀਸਰਾ ਫੇਰ ਚੌਥਾ ਸਬਕੀ ਜੋਹੇ ਬਾਤ।
ਕਹਾਂ ਰਾਜਾ ਜੀ ਥ੍ਹਾਰੇ ਸੇ ਅੱਛੇ ਨੀ ਕਿਤੀ ਹਾਲਾਤ।
ਪੰਜਮੇਂ ਤੇ ਜਦ ਪੁੱਛਿਆ, ਹਾਂ ਬਈ ਮੇਰੀ ਸ਼ੋਭ।
ਔਹ ਕਹਾ, ਸੱਚ ਤੋ ਜੋਹੇ ਆ ਥਾਨੇ ਲੋਗ ਦਏ ਡੋਬ।
ਬਿਨਾ ਕਸਾਮਤ ਓਸਨੇ ਕਰੀ ਕਰਾਰੀ ਬਾਤ।
ਰਾਜਾ ਮੰਨ ਗਿਆ ਛੇਰ ਨੂੰ ਲੀਆ ਓਸ ਕਾ ਸਾਥ।
ਗੋਗੇ ਕਿਸੇ ਕੇ ਗਾਓ ਨਾ ਬੇ ਮਤਬਲ ਕੇ ਜਾਰ।
ਝੂਠੀ ਸੋਹਬਤ ਡੋਬਦੀ ਸੱਚ ਹੀ ਤਾਰਾ ਪਾਰ।

ਰੱਬ ਅਰ ਗੱਡੀਮਾਨ

ਗੱਡੀਮਾਨ ਇੱਕ ਛੈਹਰ ਮਾ ਲੇ ਜਾਹੇ ਤਾ ਮਾਲ।
ਗੱਡੀ ਤੋਅ-ਤੋਅ ਭਰੀ ਬੀ ਬੜੀ ਥੀ ਮੱਠੀ ਚਾਲ।
ਤਾਜਾ ਤਾ ਮੀਂਹ ਪਿਆ ਬਿਆ ਰਾਹ ਮਾ ਤਾ ਚਿੱਕੜ।
ਗੱਡੀ ਪੋਲੇ ਥਾਓਂ ਮਾ ਗਈ ਜੀ ਉਸਕੀ ਗੜ।
ਮਨ ਦੁਖੀ ਹੋਇਆ ਓਸ ਕਾ ਗੱਡੀ ਪਈ ਨਾ ਰੇੜ੍ਹ।
ਮਾਰ-ਮਾਰ ਕਾ ਕਾਮੜੇ ਬਲਦਾਂ ਕੇ ਪਾਏ ਬੇੜ੍ਹ।
ਟਈ੍ਹਏ ਬਾਹਰ ਨਾ ਲਿੱਕੜੇ ਮੀਂਹ ਕਾ ਹੋ ਗਿਆ ਜੋਰ।
ਲੀਲੀ ਛਤਰੀ ਆਲਿਆ ਤੌਹੇ ਕਰ ਕੁਸ਼ ਗੌਰ।
ਕਹਿਆ ਕਿਸੀ ਰਾਹਗੀਰ ਨੇ ਤੌਹ ਬੀ ਲਾ ਕੁਸ਼ ਬਲ।
ਸਾਰੀ ਰੱਬ ਪਾ ਗੇਰਕਾ ਹੋਇਆ ਨਾ ਕੋਈ ਸਫਲ।
ਰਾਹਗੀਰ ਕੀ ਮੰਨ ਕਾ ਫੂੰਕੀ ਉਸਨੇ ਜਾਨ।
ਫੋਰਾ ਪਿਆ ਨਾ ਓਸਕਾ ਬਣ ਗਿਆ ਰੋੜ੍ਹ ਖਤਾਨ।
ਰੱਬ ਲਾਗੂ ਆ ਉਨ੍ਹਾਂ ਕਾ, ਜੋ ਲੇਹਾਂ ਹੱਥ ਹਿਲਾ।
ਆਪ ਮਰੇ ਬਿਨ ਸੁਰਗ ਨੂੰ ਕਦ ਸਕਿਆ ਕੋਈ ਜਾ।

ਰਾਜਾ ਅਰ ਮੱਕੜੀ

ਸਕਾਟਲੈਂਡ ਕਾ ਰਾਜਾ ਤਾ ਰਾੱਬਰਟ ਬਰੂਸ ਤਾ ਨਾਮ।
ਪਰ ਉਸਕਾ ਤੋ ਦੇਸ ਤਾ ਅੰਗਰੇਜਾਂ ਕਾ ਗੁਲਾਮ।
ਆਪਣੇ ਸੈਨਕ ਲੇ ਕਾ ਲੜਿਆ ਦੁਸ਼ਮਣ ਗੈਲ।
ਬਹਾਦਰੀ ਕਾ ਨਾ ਅੰਤ ਤਾ ਫੇਰ ਬੀ ਹੋ ਗਿਆ ਫੈਲ਼੍ਹ।
ਕਈ ਹੱਲੇ ਉੱਪਰੋਥਲੀ ਕਰੇ ਓਸ ਨੇ ਫੇਰ।
ਹਰ ਬਾਰੀ ਹਰ ਜਾਹੇ ਤਾ ਆਪਣੇ ਦੇਸ਼ ਕਾ ਛੇਰ।
ਇੱਕ ਦਿਨ ਖੰਡਰ ਕਿਲੇ ਕੀ ਬੈਠਿਆ ਤਾ ਲੇ ਟੇਕ।
ਚਾਣਕ ਉਸਕੀ ਨਿਗਾ ਮਾ ਮੱਕੜੀ ਚੜ੍ਹਗੀ ਏਕ।
ਤੰਦ ਕੇ ਜਰੀਏ ਤਾਹਾਂ ਨੂੰ ਚੜ੍ਹਨੇ ਕੀ ਥੀ ਟੌਂਚ।
ਗਿਰ ਜਾਹੇ ਤੀ ਤਲਾ ਨੂੰ ਹੋਈ ਨਾ ਉਸ ਤੇ ਪੌਂਚ।
ਕਈ ਗੋਲਾ ਕੋਸ਼ਟ ਕਰੀ ਕਈਂਓ ਗੇਲ ਗਈ ਹਾਰ।
ਬਾਰ-ਬਾਰ ਕੇ ਚੜ੍ਹਨ ਤੇ ਜਾ ਉੱਤਰੀ ਔਹ ਪਾਰ।
ਸੋਧੀ ਆਈ ਰਾਜੇ ਨੂੰ ਕੀਟ ਕੀ ਹਿੰਮਤ ਦੇਖ।
ਮੈਂ ਤੋ ਫੇਰ ਬੀ ਮਰਦ ਹਾਂ ਫੁੱਟੇ ਨੀ ਮੇਰੇ ਲੇਖ।
ਜੋਸ਼ ਮਾ ਆ ਕਾ ਓਸਨੇ ਕੱਠੀ ਕਰਲੀ ਫੌਜ।
ਹੱਲਾ ਬੈਰੀ ਪਾ ਬੋਲਿਆ ਹੋਈ ਜਿੱਤ ਕੀ ਮੌਜ।
ਗਿਰ-ਗਿਰ ਚਲਾ ਸਿੱਖਣਾ, ਜਿਮੇ ਬੱਚਾ ਅਣਜਾਣ।
ਮੁੜ ਮੁੜ ਕੋਸ਼ਟ ਕਰੇਂ ਤੇ ਹੋਮਾ ਫਤ੍ਹੇ ਮਦਾਨ।

ਸੂਰਜ ਅਰ ਹਬਾ

ਕੇਰਾਂ ਸੂਰਜ ਅਰ ਹਬਾ ਆਪੋਚੇ ਪਏ ਲੜ।
ਤਕੜਾ ਨਾ ਤੌਂਹ ਮੇਰੇ ਤੇ ਗਏ ਬਾਤ ਪਾ ਅੜ।
ਫੈਂਸਲਾ ਜੋਹੇ ਕਰਬੌਣ ਲਈ ਪਏ ਉੱਥਾ ਤੇ ਚਲ।
ਕੌਟ ਪਹਿਰਿਆ ਆਦਮੀ ਗਇਆ ਉਨ੍ਹਾਂ ਨੂੰ ਮਿਲ।
ਫੈਂਸਲਾ ਹੋਇਆ ਏਸਕਾ ਜੋ ਤਰਬਾਦੂ ਕੋਟ।
ਤਾਕਤਬਰ ਔਹ ਹੋਆਗਾ ਨਹੀਂ ਬਾਤ ਮਾ ਖੋਟ।
ਪੈਹਲ ਹਬਾ ਨੂੰ ਮਿਲ ਗਈ ਲਗੀ ਲੌਣ ਔਹ ਜੋਰ।
ਬੰਦਾ ਹਬਾ ਨੂੰ ਦੇਖਕਾ ਚੌਕਸ ਹੋ ਗਿਆ ਹੋਰ।
ਕੋਟ ਜੋਰ ਗੈਲ ਫਕੜ ਕਾ ਲਾ ਲੀਏ ਉਨ੍ਹੇ ਗਦਾਮ।
ਜੀਭ ਹਬਾ ਕੀ ਲਿੱਕੜਗੀ ਪਰ ਬਣਿਆ ਨਾ ਕਾਮ।
ਸੂਰਜ ਆਪਣੀ ਬਾਰੀ ਕੀ ਕਰਦਾ ਤਾ ਜੋ ਡੀਕ।
ਬੱਦਲਾਂ ਮਾਂ ਤੇ ਲਿੱਕੜ ਕਾ ਸਿਰ ਪਾ ਆ ਗਿਆ ਠੀਕ।
ਗਰਮੀ ਆਗੀ ਬੰਦੇ ਨੂੰ ਲਗੀ ਜਮਾਂ ਨਾ ਡੇਰ।
ਕੋਟ ਤਾਰਕਾ ਓਸ ਨੇ ਦਿਆ ਪਰ੍ਹਾਂ ਨੂੰ ਗੇਰ।
ਹਾਰ ਹਬਾ ਕੀ ਹੋ ਗਈ ਸੂਰਜ ਤੋ ਗਿਆ ਜਿੱਤ।
ਕਰੀਏ ਕਦੀ ਹੰਕਾਰ ਨਾ ਹੋਆ ਹੰਕਾਰੀ ਚਿੱਤ।

ਸੱਪ ਅਰ ਕਿਰਸਾਣ

ਥੋੜ੍ਹੀ ਜਮੀਨ ਦਾ ਇੱਕ ਕਿਰਸਾਣ ਤਾ ਘਰ ਮਾਂ ਥ੍ਹੀਗੀ ਗਰੀਬੀ।
ਖੇਤੀ ਗੈਲ ਨਾ ਪਟੇ ਤਾ ਪੂਰਾ ਗਰੀਬੀ ਆ ਬੜੀ ਬੀਬੀ।
ਬਿਰਮੀ ਆਲੇ ਖੇਤਾਂ ਕੀ ਔਹ ਇੱਕਰਾਂ ਕਰੇ ਤਾ ਬਾਹੀ।
ਲਿੱਕੜਿਆ ਸੱਪ ਫੁੰਕਾਰੇ ਮਾਰਦਾ ਫਣ ਤਾ ਨਿਰੀ ਤਬਾਹੀ।
ਕਿਉਂ ਬਾਬੇ ਨੂੰ ਮਾਰਾਂ ਏਹਨਾ ਕੀ ਜੋਹ ਧਰਤੀ ਸਾਰੀ।
ਨਾਗ ਦੇਬਤਾ ਕੀ ਕਰਾਂ ਸੇਬਾ ਸ਼ੈਤ ਤੋ ਪਰਉਪਕਾਰੀ।
ਬੜੀ ਡੌਲ ਕੇ ਪਾਸ ਤਾ ਬਣਿਆ ਸੱਪ ਦਾ ਇੱਕ ਮਘੋਰਾ।
ਤੜਕਿਓਂ ਆ ਕਾ ਰੁੱਖ ਦਹੇ ਤਾ ਦੁੱਧ ਕਾ ਏਕ ਕਟੋਰਾ।
ਇੱਤਰਾਂ ਈ ਕਰਦਿਆਂ ਦਿਨ ਮਹੀਨੇ ਸਾਲ ਬੀਤਗੇ 'ਨੇਕਾਂ।
ਦਿਨ ਨਾ ਬਦਲੇ ਟੈਮ ਕਟੀ ਸੀ ਥ੍ਹੀਗੀ ਉਨਕੇ ਲੇਖਾਂ।
ਇੱਕ ਦਿਨ ਉਸ ਨੂੰ ਕੰਮ ਪੈ ਗਿਆ ਦੂਰ ਕਿਤੀ ਥਾ ਜਾਣਾ।
ਆਪਣੇ ਛੋਕਰੇ ਤਾਈਂ ਬਤਾ ਗਿਆ ਕਿੱਤਰਾਂ ਦੁੱਧ ਪਿਆਣਾ।
ਛੋਕਰਾ ਤਾ ਦੁੱਧ ਲੇ ਕਾ ਆਇਆ ਝਾਂੜ-ਪੂੰਸ ਤਾ ਖਾਸਾ।
ਪੈਰ ਟਿਕਗਿਆ ਪੂੰਛ ਕੇ ਉੱਪਰ ਪੈ ਗਿਆ ਪੁੱਠਾ ਪਾਸਾ।
ਡੰਕ ਮਾਰ ਦਿਆਂ ਸੱਪ ਨੇ ਛੋਕਰਾ ਥੋੜੇ ਪੂਰਾ ਹੋਇਆ।
ਜਦ ਕਿਰਸਾਣ ਨੇ ਆ ਕਾ ਦੇਖਿਆ ਲੇਰਾਂ ਮਾਰ ਕਾ ਰੋਇਆ।
ਕਹੇ ਦੇਬਤਾ ਅੱਜ ਤਿੱਕਰ ਤੈਂ ਦਇਆ ਨਾ ਬਰ ਕੋਈ।
ਸੇਬਾ ਕਰੀ ਕਾ ਕਿਆ ਫਲ ਮਿਲਿਆ ਜਾਗੀ ਕਿਸਮਤ ਸੋਈ।
ਲੇਖਾ-ਜੋਖਾ ਸਬ ਕਰਮਾ ਕਾ ਬਿਨ ਕਰਮਾ ਕੁਸ਼ ਨਾਹੀ।
ਕਰਮ ਕਾਂਡ ਬਾਧੂ ਕੀਆਂ ਬਾਤਾਂ ਫ਼ਲ ਮਿਹਨਤ ਕੇ ਮਾਹੀਂ।

ਲੋਭੀ ਮਿੱਤਰ

ਲਖੇ ਜਾਹੇਂ ਤੇ ਜੰਗਲ ਬਿੱਚਮਾ ਇੱਕਰਾਂ ਬਈ ਤਿੰਨ ਬੇਲੀ।
ਹੱਥ ਉਨ੍ਹਾਂ ਦੇ ਲਗੀ ਸਿਓਨੇ ਕੀਆਂ ਮੋਹਰਾਂ ਕੀ ਥੈਲੀ।
ਤਿੰਨਿਆਂ ਨੇ ਤਾਂ ਸੋਚਿਆ ਇਸਨੂੰ ਬੰਡੀਏ ਬਰੋ-ਬਰੋਬਰ।
ਭੁੱਖ ਲੱਗੀ ਬੀ ਰੋਟੀ ਲੈਣ ਨੂੰ ਭੇਜ ਦਿਆ ਇੱਕ ਚੋਬਰ।
ਰੋਟੀਆਂ ਆਲੇ ਛੋਕਰੇ ਸੋਚਿਆ ਥੈਲੀ ਪੂਰੀ ਹਥਿਆਮਾ।
ਦੋਮੇ ਖਾ ਕਾ ਮਰ ਜਾਹੇਂਗੇ ਬਿੱਚ ਮਾਂ ਜੈਹਰ ਮਿਲਿਆਮਾ।
ਥੈਲੀ ਆਲਿਆਂ ਸੋਚਿਆ ਥੈਲੀ ਕਰੂੰਗੇ ਅਧੋ-ਬਿੱਚੀ।
ਦੇਦਿਆਂ ਉਸਕੇ ਗਲ-ਗੂੰਠਾ ਰੋਟੀ ਲਿਆਣ ਕਾ ਦਿੱਤੀ।
ਦੋਮੇ ਰੋਟੀ ਖਾ ਕਾ ਮਰਗੇ ਥੈਲੀ ਹੰਸਾ ਬਚਾਰੀ।
ਦੇਖੋ ਬੱਚਿਓ! ਲਾਲਚ ਨੇ ਥੀ ਤਿੰਨਾਂ ਕੀ ਮੱਤ ਮਾਰੀ।

ਬਾਂਦਰ ਅਰ ਮਗਰਮੱਛ

ਨਦੀ ਕੇ ਢਾਹੇ ਥੋੜ੍ਹੀ ਸੀ ਬਿੱਥ ਪਾ ਥਾ ਜਾਮਣ ਕਾ ਪੇਡਾ।
ਜਿਸ ਕੇ ਊਪਰ ਬੜਾ ਹੀ ਨਟਖਟ ਬਾਂਦਰ ਤਾਂ ਇੱਕ ਰਹਿੰਦਾ।
ਓਸ ਨਦੀ ਮਾ ਮਗਰਮੱਛ ਤਾ ਜੋ ਬਾਂਦਰ ਦਾ ਐੜੀ।
ਬਾਂਦਰ ਜਾਮਣਾ ਰੋਜ਼ ਖਬਾਉਂਦਾ ਮਿੱਤਰਤਾ ਥੀ ਕੈੜੀ।
ਮਗਰਮੱਛ ਕੁਸ਼ ਖਾ ਲੇਹੇ ਤਾ ਕੁਸ਼ ਘਰਮਾ ਲੇ ਜੈਹ ਤਾ।
ਮਗਰਮੱਛਣੀ ਤਾਈ ਖਲ਼ਾ ਕਾ ਮੌਜਾਂ ਕੇ ਗੈਲ ਰੈਹ ਤਾ।
ਇੱਕ ਦਿਨ ਕਹਿਆ ਮਗਰਮੱਛਣੀ ਬੜੇ ਸੁਆਦ ਜਮੋਏ।
ਜੋ ਖਾਏ ਅਰ ਰਹੇ ਏਹਨਾ ਮਾ ਦਿਲ ਉਸਕਾ ਜੇ ਹੋਏ।
ਜੇ ਨਾਂਹ ਕਰ ਦਈ ਥ੍ਹਾਨੇ ਜਾਣਿਓਂ ਮੇਰੀ ਬਾਤ ਅਖੀਰੀ।
ਬਾਦ ਅੱਜ ਕੇ ਤੇਰੀ ਮੇਰੀ ਰਹੂ ਨਾ ਕੋਈ ਸਕੀਰੀ।
ਮਗਰਮੱਛ ਕਹੇ ਜਾ ਬਾਂਦਰ ਨੂੰ ਆਓ ਮੇਰੇ ਗੈਲ ਬੇਲੀ।
ਖਾ ਭਾਬੀ ਕੇ ਹੱਥ ਕਾ ਖਾਣਾ ਲੇ ਜਾਹਾਂ ਹਰਬੇਲੀ।
ਛਲੰਗ ਮਾਰ ਕਾ ਬਾਂਦਰ ਤੋ ਜਾ ਚੜ੍ਹਿਆ ਪਿੱਠ ਕੇ ਊਪਰ।
ਗੱਭੇ ਜਾ ਕਾ ਮਗਰਮੱਛ ਨੇ ਕਹਿ ਦਿਆ ਜੋ ਤਾ ਮਨ ਪਰ।
ਕਹੇ, “ਓ ਭਾਬੀ ਤੇਰੀ ਅੱਜ ਮੈਂ ਦਿਲ ਬਾਂਦਰ ਕਾ ਖਾਮਾ।”
ਬਾਂਦਰ ਕਹਿਆ, “ਜੋਹ ਕੇ ਬਾਤ ਆ? ਇਬੀਓ ਲੇ ਕਾ ਆਮਾ।
ਜਾਮਨੂੰ ਦੇ ਇੱਕ ਡਾਹਣ ਕੇ ਊਪਰ ਟੰਗਿਆ ਦਿਲ ਹੈ ਮੇਰਾ।
ਚੱਲ ਨਦੀ ਕੇ ਢਾਹੇ ਲਾ ਦੇ ਲਿਆਮਾ ਬੱਗਿਆ ਛੇਰਾ!”
ਮਗਰਮੱਛ ਜਦ ਨਦੀ ਕੇ ਢਾਹੇ ਲੇ ਬਾਂਦਰ ਨੂੰ ਆਇਆ।
ਬੇਈਮਾਨ ਓਸ ਮਗਰਮੱਛ ਨੂੰ ਗੂੰਠਾ ਕੱਢ ਦਿਖਾਇਆ।

ਮਤਬਲੀ ਜਾਰ

ਜੰਗਲ ਮਾਂ ਨੂੰ ਚਲੇ ਜਾਰ੍ਹੇ ਤੇ ਕੇਰਾਂ ਬਈ ਦੋ ਬੇਲੀ।
ਬਿੱਚ ਮੁਸੀਬਤ ਸਾਥ ਦੇਣ ਕੀ ਸੌਂਹ ਖਾਈ ਕਈਂ ਗੇਲੀ।
ਅੰਖਾਂ ਸਾਮ੍ਹਣੇ ਰਿੱਛ ਦੇਖਕਾ ਸਾਂਹ ਦੋਮਾਂ ਕੇ ਸੁੱਕੇ।
ਮਨਮਾ ਇਕੋ ਡਰ ਤਾ ਬੈਠਿਆ, ਇਬ ਮੁੱਕੇ ਇਬ ਮੁੱਕੇ।
ਬੇਲੀ ਇੱਕ ਛਲੰਗ ਮਾਰ ਕਾ ਚੜ੍ਹ ਗਿਆ ਪੇਡੇ ਊਪਰ।
ਦੂਸਰੇ ਨੂੰ ਨਾ ਚੜ੍ਹਨਾ ਆਏ ਤਾ ਝਾੱਕਾ ਮੁਤਰ-ਮੁਤਰ।
ਬਗ ਲੇਹਾ, ਨਾ ਜਾਣ ਦੇਹਾਗਾ, ਇਬ ਤੋ ਮਰਨਾ ਪੱਕਾ।
ਸੁਣਿਆ ਤਾਂ ਰਿੱਛ ਕਦੀ ਨੀ ਖਾਂਦਾ ਮਰੇ ਬੰਦੇ ਨੂੰ ਫੱਕਾ।
ਭੂਮੀ ਪਰ ਪਿਆ ਸਾਂਸ ਖਿੰਚ ਕਾ ਜਦ ਕੋਈ ਬਾਹ ਨਾ ਚੱਲੀ।
ਰਿੱਛ ਆਇਆ ਤੋ ਸੁੰਘ-ਸੰਘ ਕਾ ਕਰ ਗਿਆ ਪੂਰੀ ਤਸੱਲੀ।
ਦੂਰ ਬਾਗਿਆ ਰਿੱਛ ਤੋ ਦੂਸਰਾ ਮਿੱਤਰ ਥੱਲਾ ਆਇਆ।
ਮਿੰਨੂੰ ਬਤਾਦੇ ਤੇਰੇ ਕੰਨ ਮਾ ਰਿੱਛ ਨੇ ਕੇ ਬਤਾਇਆ?
ਔਹ ਕਹਾ ਰਿੱਛ ਨੇ ਕਹਿਆ ਨਾ ਕਰ ਝੂਠੇ ਉਪਰ ਤਬਾਰੀ।
ਜੌਹ ਬਾਤ ਸੁਣ ਮਿੱਤਰ ਨੂੰ ਥੀ ਹੋਈ ਛਰਮਿੰਦਗੀ ਭਾਰੀ।

ਬੁੜ੍ਹਾ ਕਿਰਸਾਣ ਅਰ ਉਸਕੇ ਚਾਰ ਪੁੱਤਰ

ਏਕ ਗਰੌਂ ਮਾ ਰਹੇ ਤਾ ਏਕ ਬੁੜ੍ਹਾ ਕਿਰਸਾਣ।
ਖੇਤੀ ਪੱਤੀ ਖੂਬ ਥੀ ਚਾਰ ਪੁੱਤ ਥੇ ਜੁਆਨ।
ਜੋ ਆਪੋਚੀ ਝਗੜਦੇ ਨਹੀਂ ਕਰੇਂ ਤੇ ਕੰਮ।
ਡੁੱਬਿਆ ਰਹੇ ਤਾ ਫਿਕਰ ਮਾ ਬੇਚਾਰਾ ਹਰਦਮ।
ਇੱਕ ਦਿਨ ਉਸਨੇ ਆਪਣੇ ਆਪਸ ਬੁਲਾ ਲੀਏ ਛੋਹਰ।
ਦੇ ਕਾ ਹੱਥ ਮਾ ਲੱਕੜੀ ਕਹਾ ਲਗਾਓ ਜੋਰ।
ਚਾਰਾਂ ਨੇ ਔਂਹ ਤੋੜਕਾ ਮਾਰੀਆਂ ਪਰ੍ਹਾਂ ਮਘੇਲ।
ਚਾਰ ਕਾ ਗੱਠਾ ਦੇ ਦੀਆ ਸਬ ਨੂੰ ਦੂਜੀ ਗੇਲ।
ਬਾਰੀ-ਬਾਰੀ ਚਾਰਾਂ ਨੇ ਪੂਰਾ ਲਗਾ ਦਿਆ ਜੋਰ।
ਗੱਠਾ ਜਮਾ ਨਾ ਜਮ੍ਹਕਿਆ ਕੇ ਸਕਣਾ ਤਾ ਤੋੜ?
ਬੂੜੇ ਬਤਾਇਆ ਸਾਰਿਆਂ ਨੂੰ ਇਸ ਬਾਤ ਕਾ ਰਾਜ।
ਕੱਲਾ ਤੋ ਕੱਲਾ ਹੋਆ ਦੋ ਗਿਆਰਾਂ ਮਹਾਰਾਜ।
ਕੱਲੇ ਕੱਲੇ ਜੇ ਰਮ੍ਹੋਗੇ ਤੇ ਖਾਮੋਗੇ ਮਾਰ।
ਕੱਠੇ ਰਮ੍ਹੋਗੇ ਥ੍ਹਾਰਾ ਕੋਈ ਕੁਸ਼ ਨਾ ਸਕੂ ਬਗਾੜ।
ਇਬ ਚਾਰਾਂ ਨੇ ਬਾਪ ਕੀ ਖਾਨੇ ਪਾਲੀ ਬਾਤ।
ਏਕੇ ਮਾ ਬਰਕਤ ਹੈ ਨਾ ਕੱਲੇ ਕੀ ਔਕਾਤ!

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਪੁਆਧੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ