Punjabi Kavita
  

Dulla Bhatti Babu Rajab Ali

ਦੁੱਲਾ ਭੱਟੀ ਬਾਬੂ ਰਜਬ ਅਲੀ


ਦੋਹਿਰਾ

ਘੁੱਟ-ਘੁੱਟ ਪੀਲੋ ਦੋਸਤੋ, ਵਗੇ ਇਲਮ ਦੀ ਨਹਿਰ ।
ਵਾਰ ਦੁੱਲੇ ਰਜਪੂਤ ਦੀ, ਗੌਣ ਖੜੋਤੇ ਸ਼ਾਇਰ ।

ਦੋ ਭਾਗ ਛੰਦ-੧

ਜਦੋਂ ਅਕਬਰ ਸੀ ਦਿੱਲੀ ਦੀ ਗੱਦੀ ਤੇ,
ਉਨੀਂ ਦਿਨੀਂ ਪੈ ਗਿਆ ਵਖਤ ਲੱਧੀ ਤੇ ।

ਅਗੜੀ ਫ਼ਰੀਦ ਮਾਮਲਾ ਨਾ ਤਾਰਤਾ,
ਸਦਕੇ ਲਹੌਰ ਬਾਦਸ਼ਾਹ ਨੇ ਮਾਰਤਾ ।

ਲੈ ਗਿਆ ਸੀਸ ਬਾਦਸ਼ਾਹ ਦਿੱਲੀ ਨੂੰ ਕੱਟ ਕੇ,
ਭਰੀ ਖੱਲ ਫੂਸ ਦੀ ਲਹੌਰ ਲੱਟਕੇ ।

ਜਦੋਂ ਸੀਸ ਮਾਰ ਤਲਵਾਰ ਡੁੰਗ ਦਾ,
ਮੇਹਰੂ ਸੀ ਪਠੀਰ ਦੁੱਲਾ ਦੁੱਧ ਚੁੰਘਦਾ ।

ਜਿਹੜੀ ਅਕਬਰ ਬਾਦਸ਼ਾਹ ਦੀ ਰਾਣੀ ਸੀ,
ਸ਼ੇਖੂ ਉਦੀ ਗੋਦ 'ਚ ਦੁੱਲੇ ਦਾ ਹਾਣੀ ਸੀ ।

ਲੋੜ ਪੈ ਗਈ ਧੌਲਰੀਂ ਚੁੰਘੌਣ ਵਾਲੀ ਦੀ,
ਚੰਗੇ ਖਾਨਦਾਨ ਦੀ ਜ਼ਨਾਨੀ ਭਾਲੀ ਦੀ ।

ਕਿਸੇ ਦੱਸ ਪਾਤੀ ਬਾਦਸ਼ਾਹ ਸਿਆਣੇ ਨੂੰ,
ਅੱਪੜੇ ਨਾ ਕੋਈ ਪਿੰਡੀ ਦੇ ਘਰਾਣੇ ਨੂੰ ।

ਸਿਰੋਂ ਨੰਗੀ ਔਰਤ ਫਰੀਦ ਖਾਨ ਦੀ,
ਗਿੱਦੜਾਂ ਤੋਂ ਚਿਤਰੇ ਬਣੌਨ ਜਾਣਦੀ ।

ਮੁਢਲੇ ਦਲੇਰ ਭੱਟੀਆਂ ਦੇ ਤੱਲਕੇ,
ਸੱਦ ਲੀ ਲਹੌਰ ਅਸਵਾਰ ਘੱਲ ਕੇ ।

ਕੱਢ ਕੇ ਤੇ ਵੱਟ ਪਿਛਲੇ ਕਰੋਧ ਦੇ,
ਲੈ ਲਿਆ ਸਹਿਜ਼ਾਦਾ ਸ਼ੇਖੂ ਵਿੱਚ ਗੋਦ ਦੇ ।

ਦਿਨਾਂ ਵਿੱਚ ਦੁੱਧ ਦੀ ਨਹਿਰ ਵੱਗ ਪੀ,
ਸੱਜਾ 'ਮੁੰਮਾ' ਸੇਖੂ ਨੂੰ ਚੁੰਘੌਣ ਲੱਗ ਪੀ ।

ਦਿਨਾ ਵਿੱਚ ਭੁੱਲ ਗੀ ਪਰਾਣੇ ਗ਼ਮ ਜੇ,
ਸੇਖੂ ਸ਼ਾਹ ਨੂੰ ਦੁੱਲੇ ਦੇ ਉੱਤੋਂ ਦੀ ਸਮਝੇ ।

ਖੱਬੀ ਚੂਚੀ, ਮਾਤਾ ਦੀ ਦੁੱਲੇ ਨੇ ਚੁੰਘਲੀ,
ਖਿੱਚੀ ਫਿਰੇ ਪੁੱਤ ਨੂੰ ਲਗਾਕੇ ਉਂਗਲੀ ।

'ਰਜਬਲੀ' ਵੇਖ ਰੂਹ ਪਿਤਾ ਦੀ ਭੜਕੇ,
ਆਇਆ ਇੱਕ ਲੱਧੀ ਨੂੰ ਖੁਆਬ ਤੜਕੇ ।

ਦੋਹਿਰਾ

ਸੁਪਨੇ ਦੇ ਵਿੱਚ ਰਾਤ ਨੂੰ, ਗਈ ਜਨਾਨੀ ਦਹਿਲ ।
ਦਿੱਤੀ ਝਿੜਕ ਫ਼ਰੀਦ ਨੇ, ਹੋਗੀ ਪਿਟ-ਪਿਟ ਘਾਇਲ ।

ਡੂਢਾ ਛੰਦ-੨

ਲੱਧੀ ਤਾਈਂ ਆਏ ਸੁਪਨੇ ਡਰਾਮਣੇ, ਸੁੱਤੀ ਲਹੌਰ ਦੇ ਕਿਲੇ ।
ਆਕੇ ਰੂਹ ਫ਼ਰੀਦ ਦੀ ਖੜੋਗੀ ਸਾਹਮਣੇ, ਪਤੀ ਨਰਾਜ਼ ਹੋ ਮਿਲੇ ।
ਉਧਲਾਂ ਪਿੰਡੀ ਨੂੰ ਛੱਡਕੇ ਤੇ ਭੱਜੀਆਂ, ਤੁਰੀ ਅਡਾਕੇ ਖਿੜਕੀ ।
ਸੁਪਨੇ 'ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਬੈਠ ਜਾ ਹਰਾਮ ਖੋਰੇ ਜਾਕੇ ਚਕਲੇ, ਮੈਂ ਨਿਜ ਨੂੰ ਵਿਆਹੀ ਸੀ ।
ਭਟੀਆਂ ਦੇ ਆਈ ਕਿਉਂ ਚੰਡਾਲ ਸ਼ਕਲੇ, ਤੇ ਜ਼ਾਤ ਦੀ ਜਲਾਹੀ ਸੀ ।
ਵੈਰੀ ਦਾ ਹਰਾਮ ਮਾਲ ਖਾਕੇ ਰੱਜੀਆਂ, ਫੱਟਾਂ ਤੇ ਲੂਣ ਛਿੜਕੀ ।
ਸੁਪਨੇ 'ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਫਿਰਦੀ ਬਜ਼ਾਰ 'ਚ ਖੜੌਂਦੀ ਸੰਢੀਏ, ਨੀ ਚੱਕਕੇ ਸਪੋਲੀਆ ।
ਖੱਬਾ ਮੁੰਮਾ ਸੇਖੂ ਨੂੰ ਚੁੰਘੌਂਦੀ ਲੰਡੀਏ, ਪਿਆਕੇ ਫੀਮ ਘੋਲੀਆਂ ।
ਸੇਖੂ ਸ਼ਾਹ ਨੂੰ ਚੂਚੀਆਂ ਚੁੰਘਾਵੇਂ ਸੱਜੀਆਂ, ਹੰਦੀ ਕਿਸੇ ਦੀ ਤਿੜਕੀ ।
ਸੁਪਨੇ 'ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਖਲੜ ਫ਼ਰੀਦ ਦਾ ਭਰਿਆ ਵਿਆ ਫੂਸਦਾ, ਅੱਖਾਂ ਦੇ ਮੂਹਰੇ ਲਟਕੇ ।
ਸੱਜਾ 'ਮੁੰਮਾ' ਵੈਰੀ ਦਾ ਪੁੱਤਰ ਚੂਸਦਾ, ਲੜਿਕਾ ਮੇਰਾ ਭਟਕੇ ।
ਨੈਂ 'ਚ ਬੇੜੀ ਡੋਬ ਦਿੰਦੀਆਂ ਕੁਚੱਜੀਆਂ, ਕਰੀ ਦੀ ਰਿੜ-ਰਿੜ ਕੀ ।
ਸੁਪਨੇ 'ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਉਚੇ ਖਾਨਦਾਨ ਨੂੰ ਲਗਾਲੀ ਲੀਕ ਨੀ, ਅਖੀਂ ਡੁੱਬੀ ਦੇ ਕਜਲੇ,
ਤੈਨੂੰ ਦੁੱਧ ਵੈਰੀ ਨੂੰ ਚੁੰਘੌਣਾ ਠੀਕ ਨੀ, ਲਹੌਰ ਆਕੇ ਖਜਲੇ ।
ਗਮਾਂ ਦੀਆਂ ਢੇਰੀਆਂ ਦਿਲਾਂ ਤੇ ਬੱਝੀਆਂ, ਦੰਦੀ ਵੱਡੀ ਵੀ ਭਿੜਕੀ ।
ਸੁਪਨੇ 'ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਧੱਕੇ ਖਾਂਦੀ ਫਿਰਦੀ ਪਿੰਡੀ ਦੀ ਰਾਣੀਏ, ਸੰਭਾਲ ਜਾਕੇ ਝੁਗੇ ਨੂੰ,
ਕੱਖੋਂ ਹੌਲਾ ਕਰਤਾ ਗਰਕ ਜਾਣੀਏ, 'ਬਾਬੂ' ਫ਼ਰੀਦ ਉਘੇ ਨੂੰ ।
ਕਰ ਪੁੱਤ ਗੱਭਰੂ ਚੁੰਘਾਕੇ ਮੱਝੀਆਂ, ਫਿਰੇਂ ਕਿੱਧਰ ਧਿੜਕੀ ।
ਸੁਪਨੇ 'ਚ ਬੋਲੀਆਂ ਲੱਧੀ ਨੂੰ ਵੱਜੀਆਂ, ਮਰੇ ਪਤੀ ਨੇ ਝਿੜਕੀ ।

ਦੋਹਿਰਾ

ਬੋਲੀ ਮਾਰੀ ਕੰਥ ਨੇ, ਮੁੜ ਮੁੜ ਸ਼ਰਮਾਂ ਔਣ,
ਸੱਜਾ 'ਮੁੰਮਾ', ਪੁੱਤਰ ਨੂੰ ਲੱਗਗੀ ਫੇਰ ਚੁੰਘਾਉਣ ।

ਦੋ ਭਾਂਤ ਛੰਦ-੩

ਜਦੋਂ ਰੂਹ ਝਿੜਕਗੀ ਕੰਥ ਕੱਬੇ ਦੀ,
ਕੌਰ ਨੂੰ ਫੜਾਤੀ ਬੂਬੀ 'ਮੁੰਮੇ' ਖੱਬੇ ਦੀ ।

ਸੇਖੂ ਲੱਗਾ ਸਾਲ 'ਚ ਬਹਿਣ ਢਿੱਲਾ ਜਿਆ,
ਦੁੱਲਾ ਫਿਰੇ ਰੁੜ੍ਹਦਾ ਘੁੱਕਰ ਬਿੱਲਾ ਜਿਆ ।

ਦੂਜੇ ਸਾਲ ਬੋਲ ਬੋਲਦੇ ਲੜਿੱਕ ਦੇ,
ਪੌਣ ਉੱਤੇ ਚਾਂਬੜਾਂ ਲੱਧੀ ਦੀ ਹਿੱਕ ਦੇ ।

ਸੇਖੂ ਖੜ੍ਹ ਸਕਦਾ ਬਗੈਰ ਬਾਹੀ ਨਾ,
ਦੁੱਲਾ ਭੱਜਿਆ ਦੇਂਵਦਾ ਕਿਸੇ ਨੂੰ ਡਾਹੀ ਨਾ ।

ਚੜ੍ਹੀ ਤੀਜੇ ਸਾਲ ਦੀ ਘੜੀ ਸੁਲੱਖਣੀ,
ਲੱਗ ਜਾਂਦੇ ਛਕਣ ਮਹੀਂ ਦੀ ਮੱਖਣੀ ।

ਖਾਕੇ ਤੇ ਛਟਾਂਕ ਸੇਖੂ ਮੂੰਹ ਨੂੰ ਫੇਰ ਦੇ,
ਦੁੱਲਾ ਤਾਂ ਲਗਾਵੇ ਗਾਛੇ ਸੇਰ-ਸੇਰ ਦੇ ।

ਚੌਥੇ ਸਾਲ ਰੁੱਸਗੇ ਸਜਾਈਆਂ ਬੁੱਲ੍ਹੀਆਂ,
ਲਿਆਤੇ ਮਾਂ ਨੇ ਡੰਡੇ ਤੇ ਰੰਗੀਨ ਗੁੱਲੀਆਂ ।

ਖਿੱਚ-ਖਿੱਚ ਮਾਰੀਆਂ ਦੁੱਲੇ ਨੇ ਬੱਘਾਂ ਜੀ,
ਸੇਖੂ ਸ਼ਾਹ ਦੇ ਮੁੱਖ 'ਚੋਂ ਡਿੱਗਣ ਝੱਗਾਂ ਜੀ ।

ਲਿਆਤੀ ਸਾਲ ਪੰਜਵੇਂ ਮੜ੍ਹਾ ਕੇ ਗੇਂਦ ਜੀ,
ਦਿਨਾਂ 'ਚ ਖੁਰਾਕ ਖੁਆ ਚੜ੍ਹਾਤੀ ਪੇਂਦ ਜੀ ।

ਦੋਵੇਂ ਸ਼ੇਰ ਇੱਕ-ਦੂਸਰੇ ਤੋਂ ਕਾਹਲੇ ਜੀ,
ਸੇਖੂ ਸਿਰ ਕਰਤੇ ਦੁੱਲੇ ਨੇ ਪਾਲੇ ਜੀ ।

ਛੀਵੇਂ ਸਾਲ ਲੱਗੇ ਖੇਡਣ ਕਬੱਡੀਆਂ,
ਦੱਗ-ਦੱਗ ਵੱਜਣ ਜਿਮੀ ਤੇ ਅੱਡੀਆਂ ।

ਸੱਜਾ 'ਮੁੰਮਾ' ਲੱਧੀ ਨੇ ਚੁੰਘਾਕੇ ਪਾਲਿਆ,
ਮਾਰਿਆ ਸੇਖੂ ਚੱਕ ਕੇ ਦੁੱਲੇ ਢਾਹਲਿਆ ।

ਸੱਤਵੇਂ ਬਰਸ ਮੇਂ ਗੁਲੇਲਾਂ ਚੱਕੀਆਂ,
ਖੇਡ ਦੇ ਸ਼ਿਕਾਰ ਸੀ ਅਡੌਂਦੇ ਫੱਕੀਆਂ ।

'ਬਾਬੂ' ਹੱਥ ਸੇਖੂ ਦੇ ਕੰਬਣ ਉਕ ਜੇ,
ਵਾਲ ਵੱਧਾ ਦੁੱਲੇ ਦਾ ਨਿਸ਼ਾਨਾ ਠੁੱਕ ਜੇ ।

ਦੋਹਿਰਾ

ਅਕਬਰ ਆਣ ਲਹੌਰ ਮੇਂ, ਲਾਲਿਆ ਸੀ ਦਰਬਾਰ ।
ਕੁਸ਼ਤੀ ਕਰਦੇ ਬਾਲਕੇ, ਖਾੜੇ ਦੇ ਵਿਚਕਾਰ ।

ਮੁਕੰਦ ਛੰਦ-੪

ਬਾਦਸ਼ਾਹ ਨੇ ਲਾ ਲਿਆ ਦਰਬਾਰ ਆਣ ਜੀ,
ਲਿਆ ਦੋਹਾਂ ਜਣਿਆਂ ਦਾ ਇਮਤਿਹਾਨ ਜੀ ।
ਸੇਖੂ ਢਿਲਾ ਦੁੱਲਾ ਖਾ ਖੁਰਾਕ ਕਾਹਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

'ਕੌਰ', ਨਾਲ ਪੁੱਤ ਲੱਧੀ ਦਾ ਘੁਲਾਲਿਆ,
ਪੰਜਾਂ ਮਿੰਟਾਂ 'ਚ ਸੀ, ਦੁੱਲੇ ਢਾਹਲਿਆ ।
ਧਰਤੀ ਤੇ ਵੱਜਿਆ ਮੌਰਾਂ ਦਾ ਵਿਚਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਇੱਕੋ ਹੀ ਉਮਰ ਦੋਵੇਂ ਇੱਕ ਮੇਲ ਦੇ,
ਫੇਰ ਦੋਵੇਂ ਬਾਲਕ ਕਬੱਡੀ ਖੇਲ ਦੇ ।
ਸੇਖੂ ਸਿਰ ਕਰਤਾ ਦੁੱਲੇ ਨੇ ਪਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਕਹੇ ਤੋਂ ਗੁਲੇਲੇ ਤੇ ਗੁਲੇਲਾਂ ਚੁਕੀਆਂ,
ਚੋਟਾਂ ਲੌਂਦਾ ਪੰਦਰਾਂ ਸਹਿਜ਼ਾਦੇ ਉਕੀਆਂ ।
ਜਾਂਵਦਾ ਨਿਸ਼ਾਨਾ ਨਾ ਦੁੱਲੇ ਦਾ ਆਹਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਮਗਰੋਂ ਭਜਾਤੇ ਦੋਵੇਂ ਵਿੱਚ ਰੇਸ ਦੇ,
ਸੇਖੂ ਡਿੱਗਿਆ ਗੋਡੇ ਜੇ ਛਿੱਲੇ ਗਏ ਏਸ ਦੇ ।
ਦੁੱਲਾ ਅੱਗੇ ਲੰਘ ਗਿਆ ਗਰਮ ਫਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਸੱਜਾ 'ਮੁੰਮਾ' ਦੁੱਲੇ ਨੂੰ ਚੁੰਘਾਕੇ ਫੁਲੀ ਤੂੰ,
ਗੱਲ ਨਾ ਫ਼ਰੀਦ ਦੀ ਦਿਲਾਂ ਤੋਂ ਭੁਲੀ ਤੂੰ ।
'ਰੱਜਬਲੀ' ਕਰਜੂ ਪਿੰਡੀ ਨੂੰ ਟਾਲਾ ਹੈ,
ਸੱਜੇ, ਖੱਬੇ ਮੂੰਮੇ ਦਾ ਫਰਕ ਬਾਹਲਾ ਹੈ ।

ਦੋਹਿਰਾ

ਮੰਨ ਨਮੋਸ਼ੀ ਉਸ ਨੇ, ਨਾ ਕੁਛ ਪਾਇਆ ਮੂੰਚ੍ਹ ।
ਲੱਧੀ ਉੱਠ ਸਵੇਰ ਨੂੰ, ਕਰੇ ਲਹੌਰੋਂ ਕੂਚ ।

ਦੋ ਭਾਗ ਛੰਦ-੫

ਵਾਰ ਦੁੱਲੇ ਰਾਠ ਦੀ, ਸੁਣਾਵਾਂ ਹੋਰਨਾ,
ਸੂਰਮੇ ਦੇ ਗੌਣ ਚ ਮਚੌਣਾ ਸ਼ੋਰ ਨਾ ।

ਕੀਹਨੂੰ ਦੱਸੇ ਦਿਲ ਦੀ ਭੜਾਸ ਕੱਡ ਕੇ,
ਪਿੰਡੀ ਵਿੱਚ ਪੌਂਹਚ ਗੀ ਲਹੌਰ ਛੱਡ ਕੇ ।

ਘਰੇ ਆਕੇ ਪੜ੍ਹਨ ਬਹਾ ਤਾ ਦੁੱਲੇ ਨੂੰ,
ਐਵੇਂ ਕਾਹਨੂੰ ਇਲਤੀ ਬਣੌਨਾ ਖੁਲੇ ਨੂੰ ।

ਦੁੱਲਾ ਪੁਛੇ ਕਰ ਕਾਜ਼ੀ ਨੂੰ ਸਲਾਮ ਜੀ,
ਕਿਵੇਂ ਛੇਤੀ ਨਿਕਲੇ ਬੰਦੇ ਦਾ ਨਾਮ ਜੀ ।

ਭਲਿਆਈ ਵਿੱਚ ਲੱਗ ਜਾਂਦਾ ਝੱਟ ਲੈ,
ਛੇਤੀ ਉਘਾ ਹੋਣਾ ਬਦਨਾਮੀ ਖੱਟ ਲੈ ।

ਹਾਰ-ਹਿੰਗ ਕਰੇ ਨਾ ਲੱਧੀ ਦਾ ਸ਼ੇਰ ਜੀ,
ਗੋਡਿਆਂ ਥੱਲੇ ਲੈ ਲਿਆ ਮੁਲਾਣਾ ਫੇਰ ਜੀ ।

ਜੇਹੜੇ 'ਰੂਲ' ਨਾਲ ਮੁੰਡਿਆਂ ਨੂੰ ਕੁਟਣ ਜੀ,
ਉਹੀ ਲੱਗ ਜਾਂਦੇ ਕਾਜ਼ੀ ਤੇ ਛੁਟਣ ਜੀ ।

ਕਾਜ਼ੀ ਦੀ ਹਜਾਮਤ ਕਰਾਈ ਸੱਜਰੀ,
ਟੋਟਣ 'ਚ ਮਾਰਦਾ ਘੁਕਾ ਕੇ ਬੱਜਰੀ ।

ਤੇ ਘਸੁੰਨ ਨਾਲਦਿਆਂ ਮੁੰਡਿਆਂ ਨੇ ਟੇਕ ਤੇ,
ਮਾਰ-ਮਾਰ ਮੁਲਾਂ ਦੇ ਜੁਬਾੜੇ ਸੇਕ ਤੇ ।

ਵਿਹੜੇ 'ਚ ਘੜੀਸ ਮੂੰਹ ਮਿੱਟੀ ਸੇ ਭਰਤਾ,
ਗੱਲ ਕਾਹਦੀ ਕਾਜ਼ੀ ਮਰਨਾਊ ਕਰਤਾ ।

ਮੁੰਡਿਆਂ 'ਚ ਖੇਡ ਦਾ ਬਣਾ ਕੇ ਢਾਣੀ ਨੂੰ,
ਰਾਜ਼ੀ ਸੂਰਮਿਆਂ ਦੀ ਸੁਣ ਕੇ ਕਹਾਣੀ ਨੂੰ ।

ਜਿਵੇਂ ਨਿੱਕਾ ਹੁੰਦਾ ਖੇਡ ਦਾ ਦਹੂਦ ਸੀ,
ਹਰ ਵੇਲੇ ਪਾਈ ਰੱਖਦਾ ਖਰੂਦ ਸੀ ।

ਕੋਈ ਮੂਹਰੇ ਕਰੇ ਨਾ ਮੜਕ ਹਿੰਡੀ ਦੇ,
ਰੱਖਦਾ ਮਚਾਈ ਛੋਰ ਵਿੱਚ ਪਿੰਡੀ ਦੇ ।

ਖੂਹ ਦੇ ਉੱਤੇ ਬੈਠ ਕੇ ਜਮਾਵੇ ਤੜੀਆਂ,
ਮਾਰਕੇ ਗੁਲੇਲੇ ਭੰਨ ਦੇਵੇ ਘੜੀਆਂ ।

ਤੌੜਿਆਂ 'ਚੋਂ ਜਾਣ ਪੈਂਦੀਆਂ ਤਤੀਰੀਆਂ,
ਪਾਣੀ ਨਾਲ ਭਿੱਜ ਜਾਂਦੀਆਂ ਗੁੱਤੀਰੀਆਂ ।

'ਰਜਬਲੀ' ਜਾਂਦੀਆਂ ਲੱਧੀ ਦੇ ਬੂਹੇ ਤੇ,
ਚੱਲ ਤੈਨੂੰ ਠੀਕਰੇ ਵਿਖਾਈਏ ਖੂਹੇ ਤੇ ।

ਦੋਹਿਰਾ

ਜੈਲਦਾਰਨੀ ਕੋਲ ਜਾ, ਬੁੜੀਆਂ ਰੀ-ਰੀ ਕਰਨ,
ਤੌੜੇ ਤੋੜੇ ਕੁਲ ਦੇ, ਕਿਸ ਵਿਧ ਪਾਣੀ ਭਰਨ ।

ਝੋਕ ਛੰਦ-੬

ਦੁੱਲੇ ਨਾਲ ਛੋਹਰ ਰਲਗੇ ਦੁੱਲੇ ਦੇ ਧੜਿਆਂ ਦੇ ।
ਠਾ-ਠਾ ਕਰ ਚੱਲਣ ਗੁਲੇਲੇ ਖੂਹੇ ਪਰ ਖੜਿਆਂ ਦੇ ।
ਸਾਰ-ਪਾਰ ਮੋਰੇ ਕਰਤੇ ਵਿੱਚ ਦੀ ਕੁੱਲ ਘੜਿਆਂ ਦੇ ।
ਪਿੰਡ ਦੀਆਂ ਨਾਰਾਂ ਆ ਕੇ ਲੱਧੀ ਨਾਲ ਝਗੜਦੀਆਂ ।
ਪੈਰਾਂ ਤੇ ਡਿੱਗੀਆਂ ਮੱਥੇ ਧਰਤੀ ਤੇ ਰਗੜਦੀਆਂ ।

ਪਾੜਤੇ ਕਾਇਦੇ ਸਾਰੇ ਮਸਜਿਦ ਦਿਆਂ ਪਾੜ੍ਹਿਆਂ ਨੇ ।
ਛਾਪਿਆਂ ਤੇ ਟੰਗਤੀ ਜਿੰਦੜੀ ਕੁਲ ਦਿਆਂ ਉਜਾੜਿਆਂ ਨੇ ।
ਤਕੜਿਆਂ ਦੇ ਆਸਰੇ ਤੇ ਕੱਟਣੇ ਦਿਨ ਮਾੜਿਆਂ ਨੇ ।
ਸਾਡਾ ਨਿਵਾਰ ਸੰਸਾ ਕੁਲ ਦੇ ਕੰਮ ਸਾਰਨੀ ਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਲੋਕੀ ਕੰਨ ਪਰਨੇ ਸੁਤੀ ਬਾਕੀ ਦਿਆਂ ਗਾਵਾਂ ਦੀ ।
ਇਲਤੀ ਪੁੱਤ ਝਿੜਕੇ ਘੂਰੇ ਮੰਨ ਦੇ ਗੱਲ ਮਾਵਾਂ ਦੀ ।
ਪਰਸੋਂ ਦੀ ਭਾਦੀ ਬਣ ਗੀ ਚਿੜੀਆਂ ਤੇ ਕਾਮਾਂ ਦੀ ।
ਫਿਰਦੀ ਮੁਡ੍ਹੀਰ ਚਾਮ੍ਹਲੀ ਝਾੜੀ ਲੁੰਗ ਕਿੱਕਰਾਂ ਦੀ ।
ਖੂਹੇ ਆਵੀ ਲੱਗਗੀ ਟੁਟਿਆਂ ਵਿਆਂ ਠਿਕਰਾਂ ਦੀ ।

ਮਾਰੇ ਗੁਲੇਲੇ ਗਜਵੀ ਦੁੱਲੇ ਦਾ ਲਸ਼ਕਰ ਜੀ ।
ਤੂੰ ਵੀ ਗੱਲ ਟਾਲ ਦਿੰਦੀ ਲੱਧੀਏ ਹੱਸ ਕਰ ਜੀ ।
ਇਥੇ ਕੀ ਟਿੰਡੀਆਂ ਲੈਣੀਆਂ ਰਜਤਾਂ ਨੇ ਵੱਸ ਕਰ ਜੀ ।
ਹੱਥ ਨੂੰ ਹੱਥ ਵੱਢ-ਵੱਢ ਖਾਂਦਾ ਤਾਰੀ ਦੇ ਤਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਕੁਛੜ ਬਹਿ ਝਾਟਾ ਮੁੰਨ ਦੇ ਕਰਦੇ ਵਰਾਣ ਜੀ ।
ਉੱਠਕੇ ਤੇ ਵਾੜ ਲੱਗਗੀ ਖੇਤ ਨੂੰ ਖਾਣ ਜੀ ।
ਤਕੜੇ ਦਾ ਹਾਸਾ ਹੋ ਗਿਆ ਮਾੜੇ ਦਾ ਵਾਹਣ ਜੀ ।
ਕੱਲ ਦੇ ਧਰਿਆਏ ਮਰਦੇ ਬੱਚੇ ਚਚਲਿਉਂਦੇ ਐ ।
ਉਹ ਵੀ ਵਿੱਚ ਜਗਦੇ ਬੰਦੇ ਜਿਹੜੇ ਪੌਓ ਲੌਂਦੇ ਐ ।

ਤੇਰਾ ਪੁੱਤ ਚਾਮਲਿਆ ਵਿਆ ਟੁਪਕੇ ਟੁੱਕ ਫੜਦਾ ਨੀ ।
ਕਾਜੀ ਦੇ ਰੂਲ 'ਮੁਨਾਏ' ਟੋਟਣ ਵਿੱਚ ਜੜਦਾ ਨੀ ।
ਕਰੜੇ ਹੱਥ ਲੱਗਿਆਂ ਬਾਝੋਂ ਛੋਹਰ ਨਾ ਪੜਦਾ ਨੀ ।
ਮਾਰ ਕੇ ਮਿੱਠੇ ਪੋਚੇ ਤਪਿਆਂ ਨੂੰ ਠਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਖਿੱਚ ਕੇ ਗੁਲੇਲੇ ਮਾਰੇ ਚਾੜ੍ਹ ਕੇ ਚਿੱਲਾ ਨੀ ।
ਏਹਦੇ ਦਰਜੋਧਨ ਵਾਂਗੂੰ ਧੌਣ ਵਿੱਚ ਕਿੱਲਾ ਨੀ ।
ਮਿਲ ਗਿਆ ਕੋਈ ਭੀਮ ਬਹਾਦਰ ਕਰਦੂਗਾ ਢਿੱਲਾ ਨੀ ।
ਉਹਨੇ ਤਾਂ ਇੱਕ ਨਾ ਝੱਲਣੀ ਮਿਲ ਗਿਆ ਬਰਾਬਰ ਦਾ ।
ਵਰਜ ਅਨੋਖੇ ਪੁੱਤ ਨੂੰ ਸਾਰਾ ਪਿੰਡ ਆਬਰ ਦਾ ।

ਨਿਕਲੇ ਨਾ ਪੋਲੇ ਪੈਰੀਂ ਵਿਗੜਿਆ ਵਿਆ ਭੂਤ ਨੀ ।
ਰੰਬੇ ਤੇ ਮੁੰਡੇ ਆਉਂਦੇ ਚੰਡੇ ਵੇ ਸੂਤ ਨੀ ।
ਵੇਖ ਕੇ ਬੁੜ੍ਹੀਆਂ ਆਖਣ ਆਗਿਆ ਜਮਦੂਤ ਨੀ ।
ਚਾਹੜਿਆ ਝਮਲਾਕੇ ਸਿਰ 'ਤੇ ਪਿੰਡ ਨੂੰ ਧਰਕਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਅੱਖਾਂ ਨਾਲ ਵੇਖ ਜਾਕੇ ਖੂਹੇ ਦੀ ਤੀਕਰ ਨੀ ।
ਭੰਨ ਕੇ ਕੁੱਲ ਤੌੜੇ ਕਰਤੇ ਚੀਕਰ(ਕੀਚਰ) ਪਰ ਚੀਕਰਨੀ ।
ਪੈਰਾਂ ਵਿੱਚ ਵੱਜਦੇ ਫਿਰਦੇ ਭੱਜੇ ਵੇ ਠੀਕਰ ਨੀ ।
ਭਾਂਡੇ ਕੁੱਲ ਬੋੜੇ ਕਰਤੇ ਲਹਿਗੇ ਕਰੀਂਡਲ ਜੇ ।
ਪੰਦਰਾਂ ਵੀਹ ਪਿੰਡ 'ਚੋਂ ਲੜਕੇ ਰਲਗੇ ਸੰਗ ਸੀਂਡਲ ਜੇ ।

ਹੋਊ ਵੱਧ ਚਾਰ ਰੱਤੀਆਂ ਦੁੱਲਾ ਫ਼ਰੀਦ ਤੋਂ ।
ਗੁਰੂ ਤੋਂ ਰਹਿ ਗਿਆ ਕੁਛ ਨਾ ਰਹਿਨਾ ਮਰੀਦ ਤੋਂ ।
ਕੋਹਿਆ ਜਾਊ ਬਕਰਾ ਪਹਿਲਾਂ ਤੇਰਾ ਬਕਰੀਦ ਤੋਂ ।
(ਫੇਰ)ਪੀੜ੍ਹੀ ਹੇਠ ਸੋਟਾ ਪੁੱਤਦੇ ਜਿੰਦ ਹਧਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਨਾਰਾਂ ਦੇ ਭੰਨ ਤੇ ਭਾਂਡੇ ਭਰੇ ਸਾਗਰ ਦੇ ।
ਘਰੋਂ ਕੱਡ ਇੱਕ-ਇੱਕ ਕੁੱਲ ਨੂੰ ਤਾਂਬੇ ਦੀ ਗਾਗਰ ਦੇ ।
ਰੰਡੀਆਂ ਦੇ ਪੁੱਤਰ ਲੱਧੀਏ ਘੋੜੇ ਸੁਦਾਗਰ ਦੇ ।
ਵੀਹਾਂ ਵਿੱਚ ਕੁਦਦੇ ਫਿਰਦੇ ਕਰਦੇ ਨਿਤ ਇਲਤਾਂ ਨੀ ।
ਫੋੜਿਆਂ ਵਾਂਗੂੰ ਅੰਭਗੇ ਭੈਣੇ ਬੁੜੀਆਂ ਦੇ ਕਿਲਤਾਂ ਨੀ ।

ਵੇਖੀ ਨੀ ਵੀਰਬਾਨੀ ਤੇਰੇ ਜੈਸੀ ਖਚਰੀ ਨੀ ।
ਸੇਖੂ ਨੂੰ ਦੁੱਧ ਦੇ ਖੱਬੀਓਂ ਅਕਬਰ ਤੋਂ ਬਚਰੀ ਨੀ ।
ਪਾੜਨੀ ਕਾਲ ਛੁਰੀ ਨੇ, 'ਬਾਬੂ', ਜਿਉਂ ਕਚਰੀ ਨੀ ।
ਚੋਰੇ ਚਤਰਾਈ ਕਰਨੀ ਵਚਨਾ ਤੋਂ ਹਾਰਨੀਏ ।
ਉਜੜ ਜੂ ਨਗਰੀ ਤੇਰੀ ਪਿੰਡ ਦੀ ਸਰਦਾਰਨੀਏ ।

ਦੋਹਿਰਾ

ਲੱਧੀ ਮਾਤਾ ਆਖਦੀ, ਜਾਂ ਘਬਰਾਈ ਜਾਨ ।
ਕੱਲ੍ਹ ਨੂੰ ਲੈਜਿਉ ਗਾਗਰਾਂ ਮੁੰਡੇ ਬੁਰੇ ਸ਼ਤਾਨ ।

ਮਨੋਹਰ ਭਵਾਨੀ ਛੰਦ-੭

ਆਈਆਂ ਕੁਲ ਨਾਰਾਂ ਰਲ, ਮਾਤਾ ਲੱਧੀ ਪੈਗੀ ਗਲ,
ਗਈਆਂ ਵੇਖ ਕੇ ਤੇ ਬਲ । ਨੀ ਭਰਾਵਾਂ ਪਿਟੀਆਂ ।
ਗਾਲਾਂ ਦੇ ਕੇ ਲੱਧੀ ਨੇ ਝਿੜਕ ਸਿਟੀਆਂ ।
ਲੱਧੀ ਬੋਲੀ ਹੋ ਕੇ ਕੌੜੀ, ਕਿਉਂ ਮਚਾਈ ਬੌੜ੍ਹੀ-ਬੌੜ੍ਹੀ,
ਦੋ-ਦੋ ਪੈਸੇ ਆਵੇ ਤੌੜੀ । ਨੀ ਰਖੋਗਾਂ ਜੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਕੀਹਦੀ ਭਿਜਗੀ ਪੋਛਾਕ, ਫਿਰੋਂ ਬਣੀਆ ਚਲਾਕ,
ਥੋਡੇ ਤੇਰਾਂ ਤੇਰਾਂ ਜੁਆਕ । ਛੇੜ ਛਿੜੇ ਬੱਗਦਾ,
ਮੇਰਾ ਦੁੱਲਾ ਖੇਡ ਦਾ ਚੰਗਾ ਨਾ ਲੱਗਦਾ ।
ਸਭ ਬਹਿਜੋ ਘਰ ਟਿੱਕ, ਕਿਉਂ ਤਪਾਈ ਮੇਰੀ ਹਿੱਕ,
ਕੁੱਲ ਲੈਜੋ ਇੱਕ-ਇੱਕ । ਗਾਗਰ ਸਵੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਆਕੇ ਛੇੜੇ ਜੰਗ ਨਾਮੇ, ਨੀ ਨਚੋੜ ਲੋ ਪਜਾਮੇ,
ਨਿਤ ਦੇਣੇ ਨਾ ਉਲਾਮੇ । ਮੇਰੇ ਨਾਥ ਪੁੱਤਦੇ,
ਸਾਰੇ ਵਾਲ ਪੱਟ ਕੇ ਵਗਾਦੂੰ ਗੁੱਤ ਦੇ ।
ਨਾ ਪੜ੍ਹੌਂਦਾ ਕਾਜ਼ੀ-ਪਾਜੀ, ਸਿੱਖ ਦਾ ਧੰਨਸ਼ ਬਾਜ਼ੀ,
ਹੋਵਾਂ ਵੇਖ ਵੇਖ ਰਾਜ਼ੀ । ਮੈਂ ਬੱਚੇ ਦੇ ਚੇਹਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਲੈ ਕੇ ਹੱਥ 'ਚ ਗੁਲੇਲਾਂ, ਖੇਲਣ ਨਿਆਣੇ ਖੇਲਾਂ,
ਪਹਿਲਾਂ ਛੇੜਣ ਬਹੇਲਾਂ । ਪੁੱਜ ਕੇ ਖਚਰੀਆਂ ।
ਐਨਾ ਥੋੜਾ ਮਾਰ ਖਾਣ ਤੋਂ ਬਚ ਗੀਆਂ ।
ਨਾ ਵਿਖੌਣਾ ਮੈਨੂੰ ਰੋਕੇ, ਰੱਖ ਲੂੰ ਗੁਲੇਲ ਖੋਹਕੇ,
ਮੈਂ ਹਟਾਦੂੰ ਗੁੱਸੇ ਹੋਕੇ । ਪੁੱਤਰ ਬਘੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਜਣਾ-ਖਣਾ ਲੈਂਦਾ ਘੇਰ, ਮਾਰਦੇ ਗਿੱਦੜ ਲੇਰ,
ਸ਼ੇਰ ਥਾਂ ਤੇ ਜਾਂਦੇ ਵੇਰ੍ਹ । ਇਤਿਹਾਸ ਲਿੱਖਦੇ,
ਪਿਉ ਦੇ ਪੁੱਤ ਜੰਗ ਦੇ ਨਿਛਾਨੇ ਸਿੱਖਦੇ ।
ਸੂਰਵੀਰ ਲੈਂਦੇ ਵੈਰ, ਨਾ ਹਟੌਣ ਪਿੱਛੇ ਪੈਰ,
ਛੱਡ ਕੇ ਮੈਦਾਨ ਕੈਰ । ਭੱਜ ਜਾਂਦੇ ਡੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਦੇਕੇ ਨਾਰਾਂ ਨੂੰ ਵਿਗੋਚੇ, ਤੇ ਲਗਾਵੇ ਪੁੱਤ ਚੋਚੇ,
ਮਾਂ ਨੇ ਮਾਰ ਮਿੱਠੇ ਪੋਚੇ । ਮੋੜੀਆਂ ਜ਼ਨਾਨੀਆਂ ।
ਉਹੋ ਕੱਬੇ ਬਾਪ ਵਾਲੀਆਂ ਨਿਛਾਨੀਆਂ ।
ਕਰੇ 'ਬਾਬੂ' ਜੀ ਗਰੇਣਾ, ਤੇ ਜਹਾਨ ਦੇਵੇ ਮੇਹਣਾ,
ਇਹਨੇ ਨਾ ਕੱਟਣ ਦੇਣਾ । ਵੱਤ(ਵਖਤ) ਉਖੇਰੇ ਨੂੰ,
ਝਿੜਕਿਉ ਨਾ ਮੇਰੇ ਅਲਕ ਵਛੇਰੇ ਨੂੰ ।

ਦੋਹਿਰਾ

ਗਾਗਰ ਭੰਨਤੀ ਸ਼ੇਰ ਨੇ, ਕਰੇ ਮੋਘਰੇ ਚਾਰ ।
ਰੋ-ਰੋ ਹਰਖੀ ਡੂਮਣੀ, ਰਹੀ ਤਹਾਨੇ ਮਾਰ ।

ਤਰਕਾਂ ਮਾਰੇ ਡੂੰਮਣੀ, ਜੰਮ ਕਿਉਂ ਪਿਆ ਕਮੂਤ ।
ਕੈਦ ਬਗੈਰਾਂ ਛੋਕਰਾ, ਇਹ ਨਾ ਔਣਾ ਸੂਤ ।

ਸ਼ਬਦ ਤਰਜ਼-੮



ਮਾਰੇ ਤਰਕਾਂ ਮਰਾਸਣ ਖੜਕੇ, ਕਿਧਰੋਂ ਕਮੂਤ ਜੰਮਿਆਂ ॥
ਸਾਥੋਂ ਲਵੇਂ ਦਰਸੀਸਾਂ ਝ(ਤ)ੜਕੇ, ਪਿਉ ਦੇ ਵਾਂਗ ਜਾਵੇਂ ਡੰਮਿਆਂ ।
ਲਾਸ਼ ਨਾਲ ਰੱਸਿਆਂ ਦੇ ਜੂੜੀ, ਕਿਲੇ ਮੂਹਰੇ ਖਾਵੇ ਝਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।



ਹਾਲਾ ਦੇਣ ਦਾ ਨਾਮ ਨਾ ਲੈਂਦੇ, ਬਾਦਸ਼ਾਹ ਬਣਾਈਆਂ ਫਾਕੜਾਂ ।
ਰੱਸੀ ਬਲ ਜੇ ਵੀਚ ਵੱਟ ਰਹਿੰਦੇ, ਸੁਕੀਆਂ ਵਖੌਂਦੇ ਆਕੜਾਂ ।
ਖਾਲੀ ਛੱਡ ਗਿਆ ਫ਼ਰੀਦ ਭੰਗੂੜੀ, ਦਿੱਲੀ ਨੂੰ ਸੀਸ ਲੈਗੇ ਕੱਟ ਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।



ਸਿਆਣੇ ਆਖਦੇ ਰੜੇ ਨੰਗ ਆਕੀ, ਤੇਰੀ ਸਾਵੀਂ ਗੱਲ ਨਿੱਕਿਆ ।
ਬਾਪ ਮਾਰਤਾ ਛੱਡਿਆ ਕੀ ਬਾਕੀ, ਉਦੇ ਨਾਲ ਜਾਕੇ ਮਿੱਕਿਆ ।
ਮਾਤਾ ਲੱਗਗੀ ਚੁੰਘਾਵੀ ਬੂੜੀ, ਰੱਬ ਨੇ ਬਗਾਤੇ ਪੱਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।



ਲਿਖੇ ਭਾਵੀ ਦੇ ਲੇਖ ਮਸਤਕ ਤੇ, ਵਾਂਗ ਦਰਜੋਧਨ ਦੇ ।
ਜਿਹੜੇ ਸੂਰਮੇ ਮਰਨ ਬੀਬਾ ਹੱਕ ਤੇ, ਵਰਜ ਰਹੇ ਓਦਨ ਦੇ ।
ਲੱਧੀ ਮੁਗਲਾਂ ਬਣਾ ਲੀ ਚੂੜ੍ਹੀ, ਆਪ ਵਿੱਚ ਮਾਰੇ ਫੱਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।



ਉਸਤਾਦ ਦੇ ਲਫੇੜੇ ਮਾਰੇ, ਸਾਹਮਣੇ ਜਮਾਤੀਆਂ ਦੇ ।
ਕਲ ਕਰੇ ਕੀ ਬੇਸ਼ਰਮਾਂ ਕਾਰੇ, ਨਾਲ ਦੀਆਂ ਚੁਆਤੀਆਂ ਦੇ ।
ਖੂਹ ਤੇ ਲੱਗੀ ਠੀਕਰਿਆਂ ਦੀ ਰੂੜੀ, ਔਰਤਾਂ ਦੇ ਭੰਨੇ ਮਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।



ਅਲੀ ਰਾਅ ਨੇ ਫੜਾਤੇ ਦੋਵੇਂ, ਕਰਕੇ ਲਹੌਰ ਚੁਗਲੀ ।
ਨਾਲ ਚੜ੍ਹਗੇ ਰਸਾਲੇ ਮੁਗਲੀ, ਵਜਦੇ ਨਗਾਰੇ ਮੁਗਲੀ ।
'ਬਾਬੂ' ਜਵਾਂ ਨਾ ਕਹਾਣੀ ਕੂੜੀ, ਮਾਂ ਤੋਂ ਪਤਾ ਲੈ-ਲੈ ਹੱਟਕੇ ।
ਪਿਊ ਦੇ ਭਰੀ ਵੀ ਖਲੜ ਵਿੱਚ ਤੂੜੀ, ਪਾਜੀਆ ਲਹੌਰ ਲਟਕੇ ।

ਦੋਹਿਰਾ

ਗੱਲਾਂ ਲੱਗੀਆਂ ਕੌੜੀਆਂ, ਆਵੇ ਸ਼ਰਮ ਨਹੈਤ ।
ਮਾਤਾ ਕੋਲੇ ਆਣ ਕੇ, ਦੱਸਦਾ ਕੁਲ ਹਕੈਤ ।

ਔੜਾ ਛੰਦ-੯

ਸ਼ਰਮ ਨਾਲ ਜਾਂਦਾ ਗੈਂਦਾ, ਆਗਿਆ ਘਰ ਡਿਗਦਾ ਢਹਿੰਦਾ ।
ਮੇਹਣਿਆਂ ਨੇ ਅੰਦਰ ਫੂਕਿਆ, ਲੱਧੀ ਦੇ ਕੋਲੇ ਕੂਕਿਆ ।
ਮੈਂ ਨਾ ਮਾਤਾ ਝੂਠ ਬੋਲਦਾ, ਤੇ ਕੁਲ ਲਾਡ ਵਡਿਆਈਆਂ ਭੁਲੀਆਂ ।
ਸੁਣੀ ਜਾਂ ਗੱਲ, ਦੋਵੇਂ ਅੱਖੀਆਂ ਭਟੱਕ ਦੇਣੇ ਖੁਲੀਆਂ, ਸੁਣੀ ਜਾਂ ਗੱਲ ।

ਖੂਹ ਤੇ ਗੁਲੇਲੀਂ ਖੇਲੇ, ਗਾਗਰ ਵਿੱਚ ਵੱਜੇ ਗੁਲੇਲੇ ।
ਨੰਦੀ ਮਰਾਸਣ ਜੇਹੜੀ, ਉਹ ਨੇ ਗੱਲ ਪਿਛਲੀ ਛੇੜੀ ।
ਡੂਮਣੀ ਨੇ ਤਾਹਨੇ ਮਾਰਕੇ ਤੇ ਤਿੱਖੀ-ਕਰਦ ਕਾਲਜੇ ਵਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਦੱਸਦੀ ਬਦਮਾਸ਼ ਮੁਕਾਲੇ, ਅਕਬਰ ਦੇ ਦੱਬ ਲੇ ਹਾਲੇ ।
ਸਾਂਭੇ ਰੱਬ ਬਾਪ ਦਾਦੇ, ਤੇਰੇ ਵੀ ਉਹੀ ਅਰਾਦੇ ।
ਡੁਸਕ ਲਗਾਉਂਦੀ ਧੰਦੜੇ ਤੇ, ਮੈਨੂੰ ਗ੍ਹਾਲਾਂ ਡੂਮਣੀ ਕੱਢੀਆਂ।
ਮਰਨ ਜੋਗਾ, ਆਖੇ ਫਾਹਾ ਲਵੇ ਚੱਕ ਅੱਡੀਆਂ, ਮਰਨ ਜੋਗਾ ।

ਸੁਣ ਕੇ ਤੇ ਤੌਰ ਕਕਾਰਾ, ਓਥੇ ਪਿੰਡ ਜੁੜ ਗਿਆ ਸਾਰਾ ।
ਵੱਡਿਆਂ ਦੇ ਮਾਰੇ ਮੇਹਣੇ, ਕਹਿੰਦੀ ਟੁੱਟ ਪੈਣਾ ਨੇਹਣੇ ।
ਚੱਲ ਕੇ ਤੇ ਪੁੱਛ ਲੈ ਕਿਤੋਂ, ਮਾਂ ਮੇਰੀ ਝਾੜ ਵੀ ਦੇਣ ਉਗਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਸਿੱਖਣ ਗਏ ਲੌਣ ਨਿਸ਼ਾਨੇ, ਪੁਣ ਤੇ ਮੇਰੇ ਦਾਦੇ-ਨਾਨੇ ।
ਛੋਹਰ ਕੁੱਲ ਜਾਂਦੇ ਟੱਪੀ, ਚੰਗੂੰ ਖੁੰਬ ਮੇਰੀ ਠੱਪੀ ।
ਸ਼ਾਹ ਨੇ ਤੇਰਾ ਬਾਪ ਮਾਰਤਾ ਵੇ, ਭਰੀ ਖਲੜੀ ਫੂਸ ਨਾਲ ਲਟਕੇ ।
ਕਿਲੇ ਦੇ ਅੱਗੇ, ਮਾਂ ਤੋਂ ਪੁੱਛ ਲੈ ਬੇਸ਼ਰਮਾ ਹਟਕੇ, ਕਿਲੇ ਦੇ ਅੱਗੇ ।

ਫਿਰਦਾ ਨੱਕ ਵੱਢਿਆ ਜਿਊਂਦਾ, ਬਾਬਲ ਦਾ ਵੈਰ ਵਿਆਉਂਦਾ ।
ਚਿੜੀਆਂ ਤੇ ਧਰ ਲਿਆ ਦੱਥਾ, ਅਕਬਰ ਨਾਲ ਲਾਲੈ ਮੱਥਾ ।
ਉਸਦਾ ਕਰੀਂ ਮੁਕਾਬਲਾ ਵੇ, ਜੀਹਨੇ ਗੱਡ ਲੀ ਲਹੌਰ ਵਿੱਚ ਫਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਮੈਨੂੰ 'ਮਾਂ' ਨੰਦੀ ਆਹਦੀ, ਥੋਡੀ ਰਜਪੂਤੀ ਕਾਹਦੀ ।
'ਤੇਰੀ' ਮਾਂ ਆਕੜ ਵਾਲੀ, ਮੁਗਲਾਂ ਨੇ ਗੋਲੀ ਲਾਲੀ ।
ਜ਼ੋਰਵਰ ਲੈਗੇ ਧੱਕ ਕੇ ਜੀ, ਜਾਕੇ ਕਰ ਲਿਆ ਮੁਕਾਮ ਲਹੌਰ ਐ ।
ਕਿਲੇ ਦੇ ਵਿੱਚ, ਰਹੀ ਰਾਜੇ ਦਾ ਚੰਘੌਂਦੀ ਕੌਰ ਐ, ਕਿਲੇ ਦੇ ਵਿੱਚ ।

ਲਾਹਣਤ ਧਿਰਕਾਰ ਨਕੰਮਿਆਂ, ਭੱਟੀਆਂ ਦੇ ਨਿਜ ਨੂੰ ਜੰਮਿਆਂ ।
ਡੁਬਕੇ ਮਰ ਨਿਘਰ ਜਾਣਿਆਂ, ਮੁਗਲਾਂ ਦਾ ਜੂਠਾ ਖਾਣਿਆਂ ।
ਪਿੰਡ ਜੈਲਦਾਰਨੀ ਬਣੀ ਜੀ, ਕਰੇ ਰਾਣੀ ਦੀ ਟਹਿਲ ਜੁਲਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

'ਬਾਬੂ' ਜੀ ਖੋਲ ਹਕੈਤਾਂ, ਕਰਦਾ ਸ਼ਰੀਕ ਸ਼ਕੈਤਾਂ ।
ਅਲੀ ਰਾਅ ਵੈਰੀ ਹੱਡਦਾ, ਹੱਥਾਂ ਤੇ ਦੰਦੀਆਂ ਵੱਢਦਾ ।
ਉਹਦੇ ਨਾਲ ਜਾ ਕੇ ਟੱਕਰਾਂ ਜੇ, ਕਿਤੇ ਰੱਬ ਨੇ ਕਰਾ ਤੇ ਮੇਲੇ ।
ਜੰਗਲ ਵਿੱਚ, ਪਾਰ ਕੱਢਦੂੰ ਪਿੰਡੇ 'ਚੋਂ ਸੇਲੇ, ਜੰਗਲ ਵਿੱਚ ।

ਹੋਇਆ ਜੇ ਪਿਉ ਦੀ ਬਿੰਦ ਮੈਂ, ਨਹੀਂ ਲਕੋਣੀ ਜਿੰਦ ਮੈਂ ।
ਚੁੰਘਿਆ ਜੇ ਮਾਂ ਦਾ ਦੁੱਧ ਜੀ, ਅਕਬਰ ਨਾਲ ਕਰਲੂੰ ਯੁੱਧ ਜੀ ।
ਗਿਣ-ਗਿਣ ਲੈਲੂੰ ਬਦਲੇ ਮੈਂ, ਜਾਊਂ ਦਿੱਲੀ ਨੂੰ ਮਚੌਣ ਤਬਾਹੀ ।
ਬੰਦਿਆਂ ਦੇ ਵਿੱਚ, ਮੇਰੀ ਛੋਤ ਮਰਾਸਣ ਲਾਹੀ, ਬੰਦਿਆਂ ਦੇ ਵਿੱਚ ।

ਦੋਹਿਰਾ

ਲੱਧੀ ਮਾਤਾ ਆਖਦੀ, ਸੋਲਾਂ ਆਨੇ ਠੀਕ ।
ਬਦਲਾ ਲੈਲਾ ਬਾਪ ਦਾ, ਲੱਗੇ ਕੁਲਾਂ ਨੂੰ ਲੀਕ।

ਦੋ ਭਾਗ ਛੰਦ-੧੦

ਲੱਧੀ ਕਹਿੰਦੀ ਬੱਚਿਆ ਤਮਾਮ ਸੱਚੀਆਂ ।
ਵੈਰ ਲੈਲਾ ਛਾਤੀਆਂ ਠਰਨ ਮੱਚੀਆਂ ।

ਲੋਹੇ ਜੈਸੀ ਪੱਕੀ ਗੱਲ ਝੂਠ ਨਾ ਜਰਾ,
ਤੇਰੇ ਦਾਦੇ ਲਾਲ ਖਾਂ, ਜਲਾਲ ਦੋ ਭਰਾ ।

ਰੋਣ ਡੈਹਿਗੀ ਨੀਰ ਨਾ ਅੱਖਾਂ ਦਾ ਥੰਮਿਆਂ,
ਤੇਰਾ ਬਾਪ ਸੀ ਜਲਾਲ ਖਾਂ ਦੇ ਜੰਮਿਆਂ ।

ਲਾਲ ਖਾਂ ਦੇ ਘਰੇ ਪੁੱਤ ਹੋਇਆ ਰਾਅ-ਅਲੀ,
ਅਲੀ ਰਾਅ ਫ਼ਰੀਦ ਦੋਵੇਂ ਇੱਕੋ ਜੇ ਬਲੀ ।

ਲੁਟ-ਲੁਟ ਕੇ ਸੁਨਿਆਰ ਤੇ ਕਰਾੜ ਵੀ,
ਨਿਤ ਧਾੜ ਮਾਰਕੇ ਲਿਆਉਂਦੇ ਧਾੜਵੀ ।

ਤੇ ਸ਼ਰੀਕ ਇੱਕ-ਦੂਸਰੇ ਦੀ ਸਹਿਣ ਨਾ,
ਇੱਕ ਮਿਆਨ ਦੋ-ਦੋ ਤਲਵਾਰਾਂ ਪੈਣ ਨਾ ।

ਕਿਸੇ ਗੱਲੋਂ ਜੂਤ ਦੋਹਾਂ ਦਾ ਖੜਕਿਆ,
'ਪਤੀ' ਅਲੀ ਰਾਅ ਨੂੰ ਕੁੱਟ ਕੇ ਦੜਕਿਆ ।

ਛੱਡ ਜਾਏ ਨਗਰੀ ਹਰਖ ਮੰਨਿਆਂ,
ਉਹਨੇ ਜਾਕੇ ਗੜ ਸੀ 'ਗੰਧਾਲੀ' ਬੰਨਿਆ ।

ਅਲੀ ਰਾਅ ਨੇ ਰੱਖੀ ਗੱਲ ਵਿੱਚ ਦਿਲ ਦੇ ।
ਬਾਦਸ਼ਾਹ ਨੂੰ ਘੋੜੇ ਲੈ ਲਹੌਰ ਮਿਲਦੇ ।

ਇੱਕ ਗੱਲ ਪੁੱਤ ਭੁੱਲ ਗੀ ਵਿਚਾਲਿਉਂ,
ਤੇਰੇ ਪਿਉ ਨੇ ਦੇਤਾ ਸੀ ਜੁਆਬ ਹਾਲਿਉਂ ।

ਜਾਕੇ ਕੋਕੇ ਜੜਤੇ ਸ਼ਕਾਇਤ ਕਰਤੀ,
ਮਾਮਲਾ ਫ਼ਰੀਦ ਘਰੇ ਜਾਵੇ ਵਰਤੀ ।

ਇੱਕ ਦਿਨ ਸੁੱਤੇ ਨਾਲ ਸੀ ਅਰਾਮ ਦੇ,
ਲੱਥੇ ਆਕੇ ਕਟਕ ਉਦਾਲੇ ਗਾਮ ਦੇ ।

ਹੋਗੇ ਸੀ ਨਿਸਾਰੂ ਬੀ ਬਦੀ ਦੇ ਬੋਏ ਵੇ ।
ਬਾਪ ਪੁੱਤ ਫੜ ਲੇ ਸ਼ਰਾਬੀ ਹੋਏ ਵੇ ।

ਗੱਲ ਕੀ ਕਸੂਤੀਆਂ ਕੁਬੇਲੇ ਛੇੜੀਆਂ,
ਲੈਗੇ ਸੀ ਲਹੌਰ ਵਿੱਚ ਲਾਕੇ ਬੇੜੀਆਂ ।

ਵਿੱਚ ਫੂਸ ਭਰਤਾ ਲੁਹਾਕੇ ਚਮੜੀ,
ਸੇਖੂ ਦੀ 'ਚੁੰਘਾਵੀ' ਲਾ ਲੀ ਤੇਰੀ ਅੰਮੜੀ ।

ਏਹੋ ਦਾਰੂ ਮੇਰੇ ਵੇ ਗ਼ਮਾਂ ਦੇ ਤਾਪ ਦਾ,
ਵੈਰ ਲੈ-ਲੈ ਬੱਚਿਆ ਫ਼ਰੀਦ ਬਾਪ ਦਾ ।

ਸਿਰੀ ਵੱਢ ਲੈਣੀ ਆਲੀ ਰਾਅ ਖਰਾਬ ਦੀ,
ਇੱਕ ਮੱਟੀ ਰਵੇ ਚੜ੍ਹੀ ਵੀ ਸ਼ਰਾਬ ਦੀ ।

ਗਿੱਠ-ਗਿੱਠ ਡੱਕਰੇ ਬਣਾ ਕੇ ਛੋਟੇ ਵੇ,
ਡਾਦ੍ਹੀ ਟੰਗਾਂ-ਬਾਹਾਂ ਦੇ ਬਣਾ ਕੇ ਟੋਟੇ ਵੇ ।

ਗੇਂਦ ਸਿਟ ਉਸਦੀ ਸਿਰੀ ਦੀ ਮੜਕੇ,
ਪਿੰਡ ਵਿਚ ਖੇੜਦੇ ਫਿਰਨ ਲੜਕੇ ।

'ਰਜਬਲੀ' ਅਗੋਂ ਦੀ ਨਿਗ੍ਹਾਦੇ ਲਾਲ ਜੇ,
ਫੇਰ ਠੰਡ ਪੈਜੇ ਮਾਂ ਬੁੱਢੀ ਦੇ ਕਾਲਜੇ ।

ਦੋਹਿਰਾ

ਲੱਧੀ ਮਾਂ ਨੇ ਪੁੱਤ ਨੂੰ, ਕਰੇ ਕਰਾਰੇ ਕੌਲ ।
ਆਗਿਆ ਜੋਸ਼ ਸਰੀਰ ਨੂੰ, ਜਿਵੇਂ ਉਬਲਦੇ ਚੌਲ ।

ਦੋ ਭਾਗ ਛੰਦ-੧੧

ਹਾਰ ਗੁੰਦੇ ਫੁੱਲ ਬੇ-ਸ਼ਮਾਰ ਚੁਣਕੇ,
ਸੂਰਮਿਆਂ ਦੇ ਰੌਂਗਟੇ ਖੜਨ ਸੁਣਕੇ ।

ਲੱਧੀ ਜਦੋਂ ਖੋਲ ਤੇ ਪਰਾਣੇ ਪੜਦੇ,
ਸੁਣ ਰੋਜ੍ਹੇ ਜਾਂਦੇ ਸੀ ਦੁੱਲੇ ਨੂੰ ਚੜਦੇ ।

ਚੁੰਗਿਆ ਅਣਖ ਵਾਲੀ ਮਾਂ ਦੇ ਦੂਧ ਨੂੰ,
ਜੋਸ਼ ਆਗਿਆ ਭੱਟੀ ਰਾਜੇ ਦੇ ਬਜੂਦ ਨੂੰ ।

ਖਾ ਸ਼ਰਮ ਹੋ ਗਿਆ ਤਿਆਰ ਪੈਰ ਤੇ,
ਚੜ ਜਾਂਦਾ ਗੱਭਰੂ ਪਿਉ ਦੇ ਵੈਰ ਤੇ ।

'ਬਾਰ' ਵਿੱਚ ਅਲੀ ਰਾਅ ਸ਼ਿਕਾਰ ਖੇਡ ਦੇ,
ਦੁਸ਼ਮਣ ਘੇਰ ਲਿਆ ਭੱਟੀ ਨੇ ਟੇਡ ਦੇ ।

ਮਾਰੇ ਲਲਕਾਰੇ ਜਦੋਂ ਨੇੜੇ ਆਣ ਕੇ,
ਅਲੀ ਰਾਅ ਖੜੋ ਗਿਆ ਦੁੱਲੇ ਨੂੰ ਸਿਆਣ ਕੇ ।

ਜਿਸ ਵੇਲੇ ਅੱਖ ਸੂਰਮਿਆਂ ਦੀ ਲੜੀ ਐ,
ਹੋਗੀ ਝੰਡ ਧੌਣ ਤੇ ਦੋਹਾਂ ਦੇ ਖੜੀ ਐ ।

ਭੱਟੀਆਂ ਦੀ ਜਿੰਦ ਇੱਕੋ ਖਾਨਦਾਨ 'ਚੋਂ,
ਸੂਰਮਿਆਂ ਨੂੰ ਮੇਹਣਾ ਭੱਜਣਾ ਮੈਦਾਨ 'ਚੋਂ ।

ਲੱਗੇ ਤਲਵਾਰਾਂ ਦੇ ਜਰਾਕੇ ਪੈਣ ਜੀ,
ਟਕਰੇ ਇੱਕੋ ਜੇ ਨਾ ਸਖਾਲੇ ਢੈਣ ਜੀ ।

ਦੋਹੇਂ ਜਦੋਂ ਰੱਤ 'ਚ ਨਹਾਕੇ ਲਿਬੜੇ,
ਗੱਲ ਇੱਕ ਜਣੇ ਦੇ ਮਰੇ ਤੋਂ ਨਿਬੜੇ ।

ਅਲੀ ਰਾਅ ਨੂੰ ਮਾਰ ਲਿਆ ਅਖੀਰੀ ਪਤੇ ਐ,
ਦਿਨ ਢਲੇ ਮਿਲ ਗੀ ਦੁੱਲੇ ਨੂੰ ਫਤਹੇ ਐ ।

ਘੋੜੇ ਉੱਤੇ ਲੋਥ ਲੱਦ ਲੀ ਸ਼ਰੀਕ ਦੀ,
ਲੱਧੀ ਖੜੀ ਉਤੇ ਬੂਹੇ ਦੇ ਉਡੀਕ ਦੀ ।

ਵੇਖ ਕਹਿੰਦੀ ਸ਼ਵਾਸ਼ੇ ਜਣੇਦਿਆਂ ਪੁੱਤਰਾ,
ਵੱਡ ਕੇ ਸ਼ਰੀਕ ਦਾ ਬਣਾਤਾ ਕੁਤਰਾ ।

ਹਟੇ ਨਾ ਹਟਾਇਆ ਐਤਨਾ ਕਠੇਠ ਸੀ,
ਟੰਗਾਂ-ਬਾਹਾਂ ਡਾਹਤੀਆਂ ਭੱਠੀ ਦੇ ਹੇਠ ਸੀ ।

ਗੇਂਦ ਕੱਚਾ ਸੂਤ ਲੈ ਸਿਰੀ ਤੇ ਮੜ ਲੀ,
ਫੇਰ ਖੂੰਡੀ ਭੱਟੀ ਨੇ ਹੱਥਾਂ 'ਚ ਫੜ ਲੀ ।

ਪੂਰੇ ਸੱਠ-ਸੱਤਰ ਜਵਾਨ ਹੋਣੇ ਐ,
ਵੀਹਾਂ ਵਿੱਚ ਵੱਜਦੇ ਖਿਦੋ ਨੂੰ ਟੋਣੇ ਐ ।

ਤਿੰਨ ਪਹਿਰ ਖੇਡ-ਖੇਡ ਕੇ ਗੁਜ਼ਾਰਤੇ,
ਪੈਣ ਖੂੰਡੇ ਗੇਂਦ ਤੇ ਦੁੱਲੇ ਦੇ ਵਾਰ ਤੇ ।

ਮਾਰ-ਮਾਰ ਖੋਪੜੀ ਉਡਾਤੀ ਅੱਧੀ ਐ,
'ਰਜਬਲੀ' ਵੰਡਦੀ ਪਤਾਸੇ ਲੱਧੀ ਐ ।

ਦੋਹਿਰਾ

ਡਾਕੇ ਮਾਰੇ ਸੂਰਮਾਂ, ਲੁਟ ਲਿਆ ਦੇਸ਼ ਤਮਾਮ ।
ਸਾਰੇ ਹੋ ਮਸ਼ਹੂਰ ਗਿਆ, ਜੁਆਨ ਦੁੱਲੇ ਦਾ ਨਾਮ ।
ਬੇਗਮ ਦਾ ਸਿਰ ਕੁਤਰਵਾ, ਲੁਟ ਲਿਆ ਕੁਲ ਅਸਬਾਬ ।
ਸ਼ਾਹ ਨੂੰ ਖਬਰਾਂ ਲੱਗਦੀਆਂ, ਹੋ ਗਿਆ ਭੁਜ ਕਬਾਬ ।

ਗੱਡੀ ਛੰਦ-੧੨

ਅਕਬਰ ਦੇ ਸਕਾਇਤਾਂ ਹੋਈਆਂ, ਲੱਧੀ 'ਮਾਂ' ਰਾਠ ਦੀਆਂ ।
ਮੈਦਾ ਖੱਤਰੀ ਕਚਹਿਰੀ ਕੂਕੇ, ਦੱਬਲੀ ਬਜਾਜੀ ਲੱਖ ਦੀ ।
ਲੁਟਿਆ ਘੋੜਿਆਂ ਦਾ ਸੁਦਾਗਰ ਜੇਹੜਾ, ਸਿਟਤੀ ਲਿਖਾ ਕੇ ਅਰਜ਼ੀ ।
ਰਾਣੀ ਕੂੰਜ ਕਰਲੌਂਦੀ ਆਈ, ਮੰਦਰਾਂ 'ਚ ਨ੍ਹੇਰ ਪੈ ਗਿਆ ।
ਉਹਦੇ ਲੱਗੀ ਵੀ ਮੱਥੇ ਤੇ ਸਿਆਹੀ, ਚੰਦ ਜੈਸੇ ਮੁਖੜੇ ਤੇ ।
ਨੈਣ ਸੁਜਗੇ ਮਮੋਲਿਆਂ ਵਰਗੇ, ਰਹਿਣ ਇੰਜਾਂ ਵਰਸ ਦੀਆਂ ।
ਸਿਰ ਝਿਰੜਿਆ ਮਤੀਰੇ ਵਰਗਾ, ਪਟੀਆਂ ਵਿਰਾਨ ਹੋਗੀਆਂ ।
ਆਗੀ ਮੁੜਕੇ ਸੁਹਾਗਣ ਰਾਣੀ, ਵੇਸਰ ਲੁਹਾਕੇ ਨੱਕ ਦੀ ।
ਅਕਬਰ ਨੂੰ ਤਰਾਨੇ(ਤਾਹਨੇ) ਮਾਰੇ, ਬੇਗਮ ਮਜਾਜਣ ਨੇ ।
ਤੈਨੂੰ ਛੱਡ ਕੇ ਜਲਾਹਾ ਕਰਲੂੰ, ਵਸਾਂ ਨਾ ਬੇਸ਼ਰਮਾਂ ਦੇ ।
ਸੁਣ ਭੱਖ ਗਿਆ ਅੰਗਿਆਰੇ ਵਾਂਗੂੰ, ਅੱਖੀਓਂ ਚੰਗਿਆੜੇ ਝੜਦੇ ।
ਸੇਕ ਮਾਰਦਾ ਨਿਕਲ ਦੀਆਂ ਲਾਟਾਂ, ਬਾਦਸ਼ਾਹ ਕਚੂਚ ਹੋ ਗਿਆ ।
ਜੇ ਮੈਂ ਰਾਠ ਨਾ ਸਿਟਾਤਾ ਪਿੰਜਰੇ, ਅਕਬਰ ਕੌਣ ਕਹੂ ।
ਬਾਂਦਾਂ ਬੰਨ ਨਾ ਭਰਾਈਆਂ ਜੇਲਾਂ, 'ਫੁਲਰਾਂ' ਰਕਾਨ ਸਣੇ ।
ਦੁੱਲੇ ਭੱਟੀ ਦੇ ਜਨਾਨੇ ਸਾਰੇ, ਟਕੇ-ਟਕੇ ਵੇਚ ਦਿਆਂ ।
'ਰਜਬਲੀ ਖਾਂ' ਡਰਾ ਲੂ ਕੇਹੜਾ, ਸੂਰਮਿਆਂ ਚਗੱਤਿਆਂ ਨੂੰ ।
ਪਹਿਲਾਂ ਛੇੜਦੇ-ਛੇੜਦੇ, ਭਰਿੰਡਾਂ ਦਿਆਂ ਛੱਤਿਆਂ ਨੂੰ ।ਪਹਿਲਾਂ ਛੇੜਦੇ ।

ਦੋਹਿਰਾ

ਅਕਬਰ ਅਗੜੀ ਬਾਦਸ਼ਾਹ, ਲਾਕੇ ਤੇ ਦਰਬਾਰ ।
ਵੀਚ ਕਚਹਿਰੀ ਧਰ ਦੀਏ, ਪਾਨ ਬੀੜ ਤਲਵਾਰ ।

ਸ਼ਬਦ ਤਰਜ-੧੩

ਬੀੜਾ ਪਾਨ ਦਾ ਕਿਸੇ ਨਾ ਚੱਕਿਆ, ਪੂਰੇ ਦਿਨ ਤਿੰਨ ਗੁਜਰੇ ।
ਬੈਠਾ ਉਛਲੇ ਤਖਤ ਤੇ ਅੱਕਿਆ, ਬਾਦਸ਼ਾਹ ਨੂੰ ਭੁੱਲੇ ਮੁਜਰੇ ।
ਲਾਇਕ ਬੇਗਮ ਰੁੱਸੀ ਨਾ ਅੰਨ ਖਾਂਦੀ, ਇੱਜ਼ਤਾਂ ਉਤਾਰ ਸੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਸਿਰ ਮੁੰਨ ਕੇ ਨਿਸ਼ਾਨੀ ਪਾਤੀ, ਉਦ੍ਹੀ ਤਕਦੀਰ ਹਰਗੀ ।
ਕੈਂਚੀ ਫੜ ਕੇ ਜੜ੍ਹਾਂ ਤੋਂ ਲਾਤੀ, ਗੁੱਤ ਕਾਲੇ ਨਾਗ ਵਰਗੀ ।
ਮਾਰੇ ਸ਼ਰਮ ਲਕੋਕੇ ਲਿਆਂਦੀ, ਸਾਲ 'ਚ ਵਧਣ ਪੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਮਲੀ ਕਾਲਸ ਤਵੇ ਦੀ ਮੂੰਹ ਤੇ, ਛੱਪੜ ਵਿੱਚ ਗੋਤੇ ਦੇ ।
ਬਾਹਰ ਛੱਡ ਗਿਆ ਪਿੰਡੀ ਦੀ ਜੂਹ ਤੇ, ਝੜਾਕੇ ਉੱਤੇ ਖੋਤੇ ਦੇ ।
ਸਾਰਾ ਖੋ ਲਿਆ ਸਿਉਨਾ ਚਾਂਦੀ, ਖਚਰ ਤੋਂ ਲਾਈਆਂ ਛੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਖੋਰ ਪਿਛਲੇ ਸਮੇਂ ਦਾ ਕੱਢਿਆ, ਜੇਵਰ ਉਤਾਰੇ ਚੋਰ ਨੇ ।
ਜੜੋਂ ਘਰੜ-ਘਰੜ ਨੱਕ ਵੱਢਿਆ, ਲੱਧੀ ਦੇ ਹੰਕਾਰੇ ਛੋਰ੍ਹ ਨੇ ।
ਦੇਵੇ 'ਬਾਰ' 'ਚੋਂ ਲੰਘਣ ਨਾ ਰਾਂਦੀ, ਦਾਰੂ ਦੀਆਂ ਚਾੜ੍ਹੇ ਮੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਪਟਰਾਣੀ ਨੂੰ ਮਾਰਦਾ ਤਾਹਨੇ, ਤੈਨੂੰ ਤਾਂ ਵਖਾਤੇ ਨਾਨਕੇ ।
ਵਾਕੀ 'ਹੱਜ' ਕਰ ਜਾਣ ਜਨਾਨੇ, ਮੇਰੀ ਪਿੰਡੀ ਵਿੱਚ ਆਣਕੇ ।
ਕੂੰਜ ਵਾਂਗਰਾਂ ਖੜੀ ਕੁਰਲਾਂਦੀ, ਖਾਂਵਦਾ ਹਰਾਮ ਖੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਅੱਖੀ ਜਾਕੇ ਮੈਂ ਹਕੀਕਤ ਵੇਖੀ, ਨਾਲ ਲੈ ਗਿਆ ਬੀਰਬਲ ਨੂੰ ।
ਉਹਦੀ ਰੇਤ 'ਚ ਰਲਾਦਿਉ ਸ਼ੇਖੀ, ਉਲਟੀ ਲਹਾਦਿਉ ਖੱਲ ਨੂੰ ।
'ਬਾਬੂ' 'ਫੁਲਰਾਂ' ਬਣਾ ਲਾਂ ਬਾਂਦੀ, ਉਸ ਤੋਂ ਭਰਾ ਲਾਂ ਚੱਟੀਆਂ ।
ਮੇਰੀ ਲੁੱਟ ਲੀ ਮੱਕੇ ਨੂੰ ਰਾਂਣੀ ਜਾਂਦੀ, ਬਾਰ ਦਿਆਂ ਹੰਕਾਰਿਆਂ ਭੱਟੀਆਂ ।

ਦੋਹਿਰਾ

ਬੀੜਾ ਚੱਕਿਆ ਕਿਸੇ ਨਾ, ਤੇ ਕੁਮਲਾਗੇ ਪਾਨ ।
ਦੁੱਲੇ ਸ਼ੇਰ ਦਲੇਰ ਤੇ, ਨਾ ਕੋਈ ਚੜਦਾ ਜੁਆਨ ।

ਡੂਡਾ ਛੰਦ-੧੪

ਅਕਬਰ ਜਲਾਲ ਦੀਨ ਹੋ ਤੜਿੰਗ ਗਿਆ, ਲਗਾਲਿਆ ਦਰਬਾਰ ਹੈ ।
ਚੱਕੋ ਕੋਈ ਸੂਰਮਾ ਵਧੇਰਾ ਰਿੰਗ ਗਿਆ, ਪਏ ਪਾਨ ਤੇ ਕਟਾਰ ਹੈ ।
ਮਾਰੇ ਮੁੱਕੀ ਮੇਜ਼ ਦੀ ਨਰਮ ਫੱਟੀ ਤੇ, ਬੜੀ ਮਹਿੰਮ ਜੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਪਹਿਲਾਂ ਕਹਿਣ ਲੱਗਾ ਕਾਬਲੀ ਪਠਾਣਾਂ ਨੂੰ, ਓਏ ਖਾ ਕਬਾਬ ਡੱਕਣਿਓ ।
ਚੜੋ ਰਾਜਪੂਤ ਤੇ ਚਲਾਦਿਉ ਬਾਣਾਂ ਨੂੰ, ਗੜੇ ਉਤਾਂਹ ਨੂੰ ਚੱਕਣਿਓ ।
ਪਛਤਾਵੇ ਬਾਦਸ਼ਾਹ ਇੱਜ਼ਤ ਪੱਟੀ ਤੇ, ਖੁਆ ਕਦਰ ਚੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਸੁਣੋ ਕਸ਼ਮੀਰੀਓ ਜੰਮੂ ਦੇ ਡੋਗਰਿਓ, ਮੁੰਡਿਓ ਪਹਾੜਾਂ ਵਰਗਿਓ ।
ਪਹਿਲਵਾਨੋ ਦਿਉਆਂ ਸੇ ਲੜਨ ਜੋਗਰਿਓ, ਕਿਮੇ ਭੱਟੀ ਸੇ ਡਰਗਿਓ ।
ਦੁੱਲੇ ਲੱਕ ਬੰਨ ਲਿਆ ਹਰਾਮ ਖੱਟੀ ਤੇ, ਮਲੀ ਕਈਆਂ ਦੀ ਸੰਘੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਸੂਰਜ ਵੰਸ ਛਤਰੀ ਨੌ ਐਲ੍ਹੇ ਦਿਉ, ਸ਼ੇਰਾਂ ਸੇ ਕਰਦੇ ਕੁਸਤੀਆਂ ।
ਵੇਲ੍ਹੇ ਘਰ ਖਾਂਦੇ ਮੁਗਲਾਂ ਦਾ ਪਹਿਲੇ ਦਿਉ, ਉਠੋ ਵਿਖਾਦਿਉ ਚੁਸਤੀਆਂ ।
ਨੀਵੀਂ ਪਾਕੇ ਬਹਿਗੇ ਜਿਉਂ ਕਰਾੜ ਹੱਟੀ ਤੇ, ਵਖਾਦਿਓ ਧੌਣ ਟੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਜਾਕੇ ਜੜਾਂ ਪੱਟਣ ਮਰਦ ਦੱਖਣੀ, ਕੰਡੇ ਖੰਡੌਣ ਕਿਕਰੀਆਂ ।
ਮੇਰੀ ਲਾਜ ਸੂਰਮਿਓ ਸਭਾ ਰੱਖਣੀ, ਕਿਉਂ ਆਗੀਆਂ ਸਿੱਕਰੀਆਂ ।
ਰਾਜ਼ੀ ਰਹਿੰਦਾ ਰੱਤ ਮਾੜਿਆਂ ਦੀ ਚੱਟੀ ਤੇ, ਸਭੀ ਜ਼ਮੀਨ ਰੰਗੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

'ਮੈਦੇ' ਹੋਰੀਂ ਕੁਟ ਕੇ ਘਰਾਂ ਨੂੰ ਮੋੜੇ ਸੀ, ਤਮਾਮ ਮਾਲ ਪਚਗਿਆ ।
ਅਲੀ ਰਾਅ ਸੁਦਾਗਰ ਖੁਹਾ ਗਿਆ ਘੋੜੇ ਸੀ, ਬੜਾ ਗਦਰ ਮੱਚ ਗਿਆ ।
ਰਾਣੀ ਨਾ ਗੁੰਦੌਂਦੀ ਸਿਰ ਗੁੱਤ ਕੱਟੀ ਤੇ, 'ਬਾਬੂ' ਸੰਭਾਲੀ ਕੰਘੀ ਪਈ ।
ਕਰੋ ਲਾਲ ਮਾਈ ਦਾ ਝੜਾਈ ਭੱਟੀ ਤੇ, ਉਠਾਲੋ ਤੇਗ਼ ਨੰਗੀ ਪਈ ।

ਦੋਹਿਰਾ

ਜਾਮ ਦੀਨ ਇੱਕ ਅਟਕ ਦਾ, ਬੀੜਾ ਲਵੇ ਉਠਾਏ ।
ਸ਼ਹਿਰ ਦੁੱਲੇ ਰਾਜਪੂਤ ਦਾ, ਤੁਰਤ, ਘੇਰਲੂ ਜਾਏ ।

ਡੂਡਾ ਛੰਦ-੧੫

ਅਕਬਰ ਬਾਦਸ਼ਾਹ ਗੱਦੀ ਤੇ ਗੜਕੇ, ਚੜਿਆ ਕਰੋਧ ਹਮ ਨੂੰ ।
ਕੋਈ ਦੁੱਲੇ ਰਾਠ ਨੂੰ ਲਿਆਵੇ ਫੜਕੇ, ਲੁਹਾਦਿਆਂ ਪੁੱਠੇ ਚੰਮ ਨੂੰ ।
ਤਿੰਨ ਦਿਨ ਹੋਗੇ ਬਾਦਸ਼ਾਹ ਭਟਕ ਦਾ, ਬੀੜਾ ਉਠੌਣੋ ਅੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਲੈਲੇ ਨਾਲ ਜੁਆਨ ਕਾਬਲ ਕੰਧਾਰ ਦੇ, ਤੇ ਗਜਨੀ ਹਰਾਤ ਦੇ ।
ਹਥਿਆਰ ਪਹਿਨ ਲਲਕਾਰੇ ਮਾਰਦੇ, ਬੜੀ ਲੜਾਕੀ ਜਾਤ ਦੇ ।
ਤੇਜ ਧਾਰ ਖੰਡਾ ਗਾਤਰੇ ਲਟਕਦਾ, ਤੇ ਹੋ ਤਿਆਰ ਖੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਸਬਜ ਵਛੇਰਾ ਸਬਜ ਕਲੀਨ ਸੀ, ਤੇ ਸਾਜ ਸੀ ਕਸੂਰ ਦਾ ।
ਉੱਤੇ ਬੈਠਾ ਸੱਜਦਾ ਨਿਜ਼ਾਮ ਦੀਨ ਸੀ, ਜਾਣੀ ਝਨਾਂ ਤੋਂ ਦੂਰ ਦਾ ।
ਤੋਰ ਜਿਵੇਂ ਪਰਤਾਪ ਦੇ 'ਚਟਕ' ਦਾ, ਸੁੱਚਾ ਲਗਾਮ ਫੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

(ਚਟਕ=ਪਰਤਾਪ ਦੇ ਘੋੜੇ ਦਾ ਨਾਂ ਚੇਤਕ ਸੀ)

ਸੂਹਾ ਝੰਡਾ ਜੰਗ ਦਾ ਹਵਾ 'ਚ ਫਰਕੇ, ਦਮਾਮਿਆਂ ਤੇ ਟਕੋਰ ਪਏ ।
ਹਾਥੀ ਝੰਗਿਆੜ ਦੇ ਜ਼ਮੀਨ ਥਰਕੇ, ਵੜਾ ਕਰਾਰਾ ਛੋਰ ਪਏ ।
ਕੱਲਾ ਜੁਆਨ ਦਸਾਂ-ਦਸਾਂ ਨੂੰ ਪਟਕਦਾ, ਸੁਚਾ ਲਗਾਮ ਫੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਹੱਦ ਟੱਪ ਪੌਂਹਚ ਗੇ ਦੁੱਲੇ ਦੀ ਬਾਰ ਮੇਂ, ਨਗਰ ਜਾ ਕੇ ਵਲ ਲਿਆ ।
ਲਲਕਾਰੇ ਮਾਰਦੇ ਜੁਆਨ ਕਾਰਮੇ, ਘਰਾਂ ਨੂੰ ਵਾਹ ਦਿਓ ਹਲ ਲਿਆ ।
ਜਿਹੜੀ ਪਿੰਡੀ ਨਾ ਚਿੜਾ ਫੜਕਦਾ, ਤੇ ਹੋ ਕੇ ਬੇ ਫ਼ਿਕਰ ਖੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਪੈਣ ਸਵਾਰਾਂ ਲੈ ਉਡਾਈਆਂ ਗਰਦਾਂ, ਨਜੀਕ ਆਕੇ ਢਾਣੀ ਦੇ ।
ਲੱਧੀ ਮਾਂ ਦੇ ਕਾਲਜੇ ਵਗਣ ਕਰਦਾਂ, ਅੰਧੇਰ ਪੈਗੇ ਜਾਣੀ ਦੇ ।
ਜੱਗ ਵਿੱਚ ਮੇਲਾ 'ਬਾਬੂ' ਜੀ ਝੱਟਕ ਦਾ, ਸਦੋ ਕਿਤਾਬਾਂ ਪੜ ਗਿਆ ।
ਕਟਕਾਂ ਦਾ ਮੋਰ੍ਹੀ ਬਾਦਸ਼ਾਹ ਅਟਕ ਦਾ, ਦੁੱਲੇ ਭੱਟੀ ਤੇ ਚੜ੍ਹਗਿਆ ।

ਦੋਹਿਰਾ

ਪਿੰਡ ਵਿਚ ਖਬਰਾਂ ਲੱਗਦੀਆਂ, ਆਉਂਦੇ ਚੜੇ ਗਨੀਮ ।
ਲੱਧੀ ਫਿਕਰੀਂ ਪੈ ਗਈ, ਕੀ ਕੁਝ ਕਰੂ ਗਨੀਮ ।

ਦੋ ਭਾਗ ਛੰਦ-੧੬

ਜਿਉਂ ਜਿਉਂ ਖਬਰਾਂ ਸੁਣਨ ਲੱਗੀ ਬੁਰੀਆਂ,
ਲੱਧੀ ਮਾਂ ਦੇ ਕਾਲਜੇ ਵੱਜਣ ਛੁਰੀਆਂ ।

ਸੱਦ ਕੇ ਸਿਖਾਤਾ ਕਾਜ਼ੀ ਅਤੇ ਪਾਂਡੇ ਨੂੰ,
ਕਹਿਕੇ ਮੇਰੇ ਪੁੱਤ ਨੂੰ ਘਲਾਦੇ ਵਾਂਡੇ ਨੂੰ ।

ਪਾਂਡੇ ਖੋਲ ਪੱਤਰੀ ਵਿਖਾਤੀ ਦੁੱਲੇ ਨੂੰ,
ਭਲੀ ਚੌਹਨੈ ਚੜਕੇ ਭਜਾ ਜਾ ਕੁੱਲੇ ਨੂੰ ।

ਤਿੰਨ ਦਿਨ ਨਾਨਕੀ ਚਨੌਟ ਕੱਟਿਆ,
ਨਹੀਂ ਸੀਸ ਜਾਊਗਾ ਰਣਾਂ 'ਚ ਕੱਟਿਆ ।

ਦੁੱਲਾ 'ਆਖੇ' ਕਾਜ਼ੀ ਬਾਮ੍ਹਣਾ ਦੇ ਲੱਗ ਗਿਆ,
ਉਸੇ ਵੇਲੇ ਚੜ੍ਹ ਨਾਨਕਿਆਂ ਨੂੰ ਵੱਗ ਗਿਆ ।

ਮੁਗਲਾਂ ਨੇ ਘੇਰ ਲੀ ਪਿੰਡੀ ਦੀ ਨਗਰੀ,
ਖੂਹ ਦੇ ਵਿੱਚ ਪੈਗੀ ਭੱਟੀ ਦੀ ਉਜੱਗਰੀ ।

ਆਕੇ ਫੌਜ ਵਿੱਚ ਉੱਤਰੀ ਨਿਆਈਆਂ ਦੇ,
ਪਹਿਰੇ ਦਰਬਾਜ਼ੀਂ ਲੱਗ ਗੇ ਸਿਪਾਹੀਆਂ ਦੇ ।

ਕੁਝ ਪੈਗੇ, ਕਰੀ ਪਟਰੌਲ ਬਾਕੀਆਂ,
ਛੋਰ ਪਾਤੇ ਪਾਕੇ ਹਿਣਕਾਟ ਰਾਕੀਆਂ ।

ਹਾਥੀਆਂ ਦੇ ਉੱਤੋਂ ਲਾਹੀਆਂ ਅਲਮਾਰੀਆਂ,
ਖਚਰਾਂ ਨੂੰ ਲੈਗੇ ਚਾਰਨੇ ਨਿਹਾਰੀਆਂ ।

ਚਿਲਕੋਰਾਂ ਮਾਰਨ ਕਟਾਰਾਂ ਨੰਗੀਆਂ,
ਬਿਰਛਾਂ ਤੇ ਝੁਲਣ ਕਮਾਣਾ ਟੰਗੀਆਂ ।

ਲੱਧੀ ਕਹਿੰਦੀ 'ਫੁਲਰਾਂ' ਭਰਾਵਾਂ ਪਿੱਟੀਏ,
ਚੱਲ ਪੈਰੀਂ 'ਮੇਹਰੂ' ਦੇ ਸਿਲੋਟੀ ਸਿੱਟੀਏ ।

ਓਸੇ ਵੇਲੇ ਸੱਸ-ਨੋਂਹ ਚਬਾਰੇ ਚੜੀਆਂ,
ਦੋਵੇਂ ਰੋਣ ਮੇਹਰੂ ਦੇ ਚਬਾਰੇ(ਦਵਾਰੇ) ਖੜੀਆਂ ।

'ਬਾਬੂ' ਜੀ ਜਗੌਣ ਮੇਹਰ ਖਾਂ-ਵੇ-ਮੇਹਰ ਖਾਂ,
ਉੱਠ ਨਿਗਾ ਪਿੰਡੀ ਦੇ ਉਦਾਲੇ ਫੇਰ ਖਾਂ ।

ਦੋਹਿਰਾ

ਵੇਖ ਕੱਟਕ ਨੂੰ ਉੱਤਰ ਗਿਆ, ਪੋਸ਼ਤ ਨਸ਼ਾ ਨਾਲਾਇਕ ।
ਆਵੇ ਅੰਤ ਸਮਾਰ ਨਾ, ਮੈਂ 'ਦੱਸ' ਮਾਰੂੰ ਕਾਇਕ ।

ਤਰਜ-੧੭



ਦੋਵੇਂ ਨੋਂਹ-ਸੱਸ ਆਈਆਂ ਡੇਰੇ,
ਖੜਾ ਅਮਲੀ ਸਿਰ ਨੂੰ ਫੇਰੇ,
ਪਾਪੀ ਮੁਗਲਾਂ ਪਾਲੇ ਘੇਰੇ ।
ਫਿਰੇ ਲਛਕਰ ਉਡਦੇ ਰੇਤੇ ਜੀ,
ਅੱਜ ਮੇਹਰੂ ਆਗਿਆ ਚੇਤੇ ਜੀ ।
ਪੁੱਤ ਹਰਖਿਆ ਮਾਰੇ ਮੇਹਣੇ,
ਕੀ ਕਰਜੇ ਤੁਸਾਂ ਦੇ ਦੇਣੇ,
ਮਾਂ ਚੰਦਰੀ ਮੁੜ-ਮੁੜ ਨੇਹਣੇ ।
ਕਿਵੇਂ ਜਾਦ ਕਰ ਲਿਆ ਭੁੱਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।



ਮੈਨੂੰ ਲੱਧੀ ਏ ਸਭ ਕੁਝ ਦਿਸਦਾ,
ਭਰੇ ਫੋੜੇ ਵਾਂਗੂੰ ਫਿਸਦਾ,
ਸੱਚ ਆਦਰ ਕਰਦੀ ਜਿਸਦਾ,
ਔਂਦੀ ਬਿਨਾ ਖੁਰਾਕ ਦਲੇਰੀ ਨੀ,
ਮੈਂ ਪੁੱਤ ਤੇ ਤੂੰ ਮਾਂ ਮੇਰੀ ਨੀ ।
ਬੇਹਾ ਟੁਕਰ ਖਾ ਦਿਨ ਤੋੜਾਂ,
ਜੀਹਨੂੰ ਖੁਆਉਂਦੀ ਪਰੌਂਠੇ ਦੋੜਾਂ,
ਐਸ ਜੰਗ ਵਿੱਚ ਪੈਗੀਆਂ ਲੋੜਾਂ ।
ਭਾਲ ਬਾਗੜ ਬਿਲੇ ਫੁੱਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।



ਉਹਨੂੰ ਖੋਏ ਕੱਢ-ਕੱਢ ਖੁਆਵੇਂ,
ਵਿੱਚ ਦਾਖ ਬਦਾਮ ਰਲਾਵੇਂ,
ਮੈਨੂੰ ਝਿੜਕ ਕੇ ਦੂਰ ਹਟਾਵੇਂ ।
ਬੋਡਾ ਹੋਗਿਆ ਪੀ-ਪੀ ਪਿੱਛ ਨੂੰ ਨੀ,
ਖਾਵੇ ਬਾਂਦਰ, ਫਾਹਾ ਰਿੱਛ ਨੂੰ ਨੀ ।
ਮੈਂ ਕਰਜਾਂ ਸਬਰ-ਸਬੂਰੀ,
ਉਹਨੂੰ ਦੇਵੇਂ ਕੁਟ-ਕੁਟ ਚੂਰੀ,
ਥਾਲੀ ਖੀਰ ਕੜਾਹ ਦੀ ਪੂਰੀ ।
ਲਵੇ ਮੌਜਾਂ ਵੱਢਦਾ ਬੁਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।



ਚੋਰੀ ਚੱਕ-ਚੱਕ ਬਕਰੇ ਖਾਣਾ,
ਫਿਰੇ ਘਰ 'ਚ ਬਣਾਈ ਠਾਣਾ,
ਤਾਂ ਮੈਂ ਉਸ ਨੂੰ ਸੂਰਮਾਂ ਜਾਣਾ ।
ਅੱਜ ਨੱਕ ਜੇ ਮੋੜੇ ਮਿਰਜੇ ਦਾ,
ਫਿਰੇ ਮੈਲਾ ਨਿਕਲ ਦਾ ਸਿਰ ਜੇ ਦਾ ।
ਜਿਹੜੀ ਮੁਫ਼ਤੀ ਛੱਕਦੇ ਦਾਰੂ,
ਕੱਠੇ ਕਰਲੋ ਉਸ ਦੇ ਵਾਹਰੂ,
ਪਾ ਕੰਡਿਆਲਾ ਕੱਸ ਤਾਰੂ ।
ਅੱਜ ਕਿਧਰ ਭਜਾ ਗਿਆ ਕੁਲੇ ਨੂੰ ।
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।



ਉਹ ਤਕੜਾ ਮੈਂ ਕਮਜ਼ੋਰਾ,
ਪਿਆ ਖਾਲੀ ਸ਼ੇਰ ਦਾ ਘੋਰਾ,
ਕਾਡ ਵਾਰ ਵਡਿਆਈ ਖੋਰਾ ।
ਜੋ ਕਰਦਾ ਰੋਜ਼ ਵਵਾੜਾਂ ਨੂੰ,
ਤੇਰਾ ਗਿੱਦੜ ਵੜਗਿਆ ਝਾੜਾਂ ਨੂੰ ।
ਨਸ਼ਾ ਪੀਕੇ ਕਰਦਾ ਆਕੜ,
ਵੱਢ ਕਰਦੇ ਫਾਕੜ-ਫਾਕੜ,
ਸੱਤਾਂ ਚੂੜਿਆਂ ਜਿਤਨੀ ਆਕੜ ।
ਭੰਨੇ ਨਿੱਤ ਦੁਆਨੀ ਦੇ ਚੁਲੇ ਨੂੰ ।
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।



ਭੁੱਖਾ ਮਰਦਾ ਸੁਕਾਲਿਆ ਚੰਮ ਜੀ,
ਵਾਲੀ ਹਿੱਕ 'ਚੋਂ, ਨਿਕਲੇ ਲੰਮ ਜੀ,
ਦੋਵੇਂ ਦੇਣ ਕੁਵੇਲੇ ਕੰਮ ਜੀ ।
ਖੋਟਾ ਪੈਸਾ ਕਪੁੱਤ ਮੇਰੇ ਵਰਗੇ ਨੀ,
ਕੰਮ ਵਿਗੜੇ ਸਪੂਰਨ ਕਰਗੇ ਨੀ ।
'ਰਜਬਲੀ ਖਾਂ' ਗੋਲੀਆਂ ਰੋੜੇ,
ਟੁੱਟੇ ਦਿਲ ਤੇ ਮੋਤੀ ਜੋੜੇ,
ਗਿਆ ਤੀਰ ਕਮਾਣੋਂ ਮੋੜੇ ।
ਪੌਂਦੀ ਕੋਰੀ ਵਿੱਚ ਦੁੱਧ ਡੁਲੇ ਨੂੰ,
ਖੰਡ, ਦੁੱਧ, ਘਿਉ, ਮੱਖਣੀ ਦੁੱਲੇ ਨੂੰ ।

ਦੋਹਿਰਾ

ਲੱਧੀ ਫੁਲਰਾਂ ਨੂੰ ਕਹੇ, ਤੂੰ ਸੁਣ ਮੇਰੀ ਬਾਤ ।
ਚੱਕ ਲਿਆ ਡੱਬੀ ਫੀਮ ਦੀ, ਆਲਾ ਵਿੱਚ ਸਵਾਤ ।

ਡਿਉਡਾ ਛੰਦ-੧੮

ਕਹੇ ਤਾਕੀ ਸਿਓਨੇ ਦੀ ਸੁਨਹਿਰੀ ਆਲਾ, ਦੋ ਜਿੰਦਰੇ ਸਵਰਨ ਦੇ ।
ਪੋਸਤ ਦਾ ਅਮਲ ਨਿਕੰਮਾ ਵਾਲਾ, ਨਿਕੰਮਾ ਲਹਿ ਗਿਆ ਗਰਨ ਦੇ ।
ਲੱਗੀ ਹੈ ਜੰਗਾਲ ਚੂਥੀ ਲਾਲ੍ਹੀ, ਫੱਟੀ ਦੀ, ਖੜੋਤੀ ਲੈਂਦੀ ਝਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਅੰਗਦ ਦੇ ਵਾਂਗਰਾਂ ਟਿਕਾਦੂ ਅੰਗ ਨੂੰ, ਜਾ ਮਿਰਜ਼ੇ ਦੀ ਕਚਹਿਰੀ 'ਚੈ ।
ਨਰ ਨਸ਼ਾ ਝੜਾਦੂ ਨਸ਼ਾ ਅੰਗ-ਅੰਗ ਨੂੰ, ਪਵੇ ਜ਼ਹਿਰ-ਜ਼ਹਿਰੀ 'ਚੈ ।
ਲਿਆ ਕਦਰ ਪੈਜੇ ਪਾਰਸ ਦੀ ਵੱਟੀ ਦੀ, ਘੜਿਆ ਦਲੀਲਾਂ ਢਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਕਰ ਕੋਈ ਫੁਲਰਾਂ ਅਫੀਮ ਦਾ ਬਿਲਾ, ਵੈਰੀ ਕਰੇ ਅਨਰਥ ਨੂੰ ।
ਮੇਰਾ ਅਰਜਣ ਤੋੜੂ ਮੱਤ ਦਾ ਕਿਲਾ, ਨੀ ਮਾਰੂ ਜੈਦਰੱਥ ਨੂੰ ।
ਢਕਣੀ ਉਤਾਰ ਕੇ ਡੱਬੀ ਜੀ ਛੱਟੀ ਦੀ, ਮੁੱਦਤ ਹੋਗੀ ਪਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਪੁੱਤਰ ਖਰੂਦੀ ਪਾਦੂਗਾ ਖਰੂਦ ਨੂੰ, ਉਡੀਕੇ ਰਣਭੂਮਕਾ ।
ਬੇਗਮੇ ਚੜਾਦੇ ਜੰਗ ਤੇ ਦਹੂਦ ਨੂੰ, ਉਤਾਰੇ ਸੀਸ ਰੂਮ ਕਾ।
ਵੈਰੀਆਂ ਦੀ ਫੌਜ ਮੈਂ ਵਿਖਾਦੂੰ ਕੱਟੀ ਦੀ, ਲਟਾਦੂ ਜੁਆਨਾਂ ਕਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਨਾਗਵਤੀ ਡੋਲ ਨਾ ਭਰੇ ਵੇ ਨੈਣ ਨੀ, ਹੁੰਦਾ ਤਿਆਰ ਸੂਰਾ ਹੈ ।
ਹੋਗਿਆ ਕੀ ਚਲਾ ਗਿਆ ਰੱਤਨ ਸੈਣ ਨੀ, ਘਰੇ ਬਦਲ, ਭੂਰਾ ਹੈ ।
ਛਤਰੀ ਬਨਸ ਦੀ ਇੱਜ਼ਤ ਪੱਟੀ ਦੀ, ਚਿੰਤਾ ਦਵੱਲੂ ਮਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

'ਬਾਬੂ' ਮੁਆਤਾ ਵਾਲ ਦੇ ਲਜਾਈਏ ਅਗਨੀ, ਗੁੱਸੇ ਦੀ ਲਾਟ ਨਿਕਲੇ ।
ਯੁੱਧ ਨੂੰ ਚੜ੍ਹੇ ਜੇ ਮੇਹਰ ਖਾਂ ਸਲੱਗ ਨੀ, ਦੁਸ਼ਮਣ ਸੇ ਮਿਕਲੇ ।
ਮਿਰਜੇ ਦੀ ਰੱਤ ਮੈਂ ਵਿਖਾਦੂੰ ਚੱਟੀ ਦੀ, ਜਗਾਦਿਆਂ ਸਤੇ ਵਈਆਂ ਨੂੰ ।
ਲਿਆਦੇ ਡੱਬੀ ਫੀਮ ਦੀ ਫ਼ਰੀਦ ਭੱਟੀ ਦੀ, ਨਸ਼ਾ ਚੜੇ ਨਸ਼ਈਆਂ ਨੂੰ ।

ਦੋਹਿਰਾ

ਮੇਹਰੂ ਜਾਂਦਾ ਲੜਨ ਨੂੰ, ਲਾਕੇ ਪੰਜ ਹਥਿਆਰ ।
ਲੜਕੇ ਕੌਡੀ ਖੇਡਦੇ, ਖੜੇ ਫਲੇ ਦੇ ਬਾਰ ।

ਤਰਜ ਗੱਡੀ-੧੯

ਮਾਂ ਨੇ ਪੰਜ ਹਥਿਆਰ ਲਗਾਕੇ, ਜੰਗ ਨੂੰ ਝੜਾਤਾ ਅਮਲੀ ।
ਅਗੇ ਖੇਡ ਦੇ ਕਬੱਡੀ ਲੜਕੇ, ਪਿੰਡ ਦੇ ਚਗਾਨ ਵਿੱਚ ਜੀ ।
ਚਿੱਤ ਕਰਦਾ ਕਬੱਡੀ ਖੇਲਾਂ, ਰੱਖਤਾ ਹਥਿਆਰਾਂ ਨੂੰ ।
ਪਹਿਲਾਂ ਕਰਕੇ ਮੁੰਡਿਆਂ ਸਿਰ ਪਾਲਾ, ਭਰੂੰ ਘੁੱਟ ਮੁਗਲਾਂ ਦਾ ।
ਚੰਗੂ ਕੱਡਕੇ ਮੁੰਡਿਆਂ ਦੀਆਂ ਰੜਕਾਂ, ਵਿਊਂਤ ਲੂੰ ਪਠਾਣਾਂ ਨੂੰ ।
ਛੋਰ੍ਹ ਭੱਜਕੇ ਘਰੋ ਘਰੀਂ ਵੜਗੇ, ਮੇਹਰੂ ਕੌਡੀ ਪੌਣ ਗਿਆ ।
ਠੇਡਾ ਵੱਜਿਆ ਗੋਡਣੀ ਲੱਗਗੀ, ਭੁੱਲ ਗਿਆ ਕਬਾਡੀ ਨੂੰ ।
ਨਸ਼ਾ ਖਿੜ ਗਿਆ ਪੀਣਕਾਂ ਲੱਗੀਆਂ, ਉਸੇ ਥਾਂ ਗੁਜ਼ਾਰੀ ਰਾਤਰੀ ।
ਇੱਕ ਬੁੜੀ ਪੌਹ ਫੁੱਟੀ ਤੋਂ ਪਹਿਲਾਂ, ਗੋਹਾ ਕੂੜਾ ਕਰਨ ਗਈ ।
ਮੁੱਢ ਜਾਣ ਕੇ ਟੋਕਰਾ ਝਾੜੇ, ਅਮਲੀ ਦੇ ਟੋਟਣ ਤੇ ।
ਵੱਜਿਆ ਟੋਕਰਾ ਰੋਬੜਾ ਪੈਗਿਆ, ਅਮਲੀ ਦੀ ਅੱਖ ਖੁਲਗੀ ।
ਚੂੜ੍ਹੀ ਭਜਕੇ ਮੋਰ ਜਿਉਂ ਫੜ ਲੀ, ਕੌਡੀ-ਕੌਡੀ ਕਰਦੇ ਨੇ ।
ਦੋਹਾਂ ਬਾਹਾਂ ਦਾ ਝੰਜੋੜਾ ਮਾਰਿਆ, ਪਲ 'ਚ ਭਮਾਤੀ ਚੱਕਰੀ ।
ਢੁਹੀ ਪਰਨੇ ਜਿਮੀ ਤੇ ਠੋਕੀ, ਪੱਟਾ ਤੇ ਨਿਕਾਲ ਕੱਡ ਕੇ ।
ਰੋੜ੍ਹ ਜੱਟ ਨੇ ਕਢਾਲੀ ਹੇਠੋਂ, ਕੂਹਣੀਆਂ ਉਚੇੜ ਦਿੱਤੀਆਂ ।
ਚੂੜ੍ਹੀ ਆਖਦੀ ਜਹਾਨੋ ਜਾਣਾ, ਛੇੜ ਦੇ ਪਤੰਦਰਾਂ ਨੂੰ ।
ਮੇਰੇ ਪਿਛਲੇ ਪਿਉ ਦਾ ਸਾਲਾ, ਮੁਗਲਾਂ ਨੂੰ ਨਕਲਾਂ ਕਰੇ ।
ਕੱਚਾ ਹੋਗਿਆ ਨਿਘਰ ਦਾ ਜਾਵੇ, ਸੁਣ ਕੇ ਸਲੋਕਾਂ ਨੂੰ ।
'ਰਜਬਲੀ ਖਾਂ' 'ਰਜਬਲੀ ਖਾਂ' ਵਿਖਾ ਜੰਗ ਲੋਕਾਂ ਨੂੰ ।'ਰਜਬਲੀ ਖਾਂ'।

ਦੋਹਿਰਾ

ਮੇਹਰੂ ਜਾਂਦਾ ਲੜਨ ਨੂੰ, ਯਾਰ ਰਲਾਲੇ ਨਾਲ ।
ਦੁਸ਼ਮਣ ਫੜ-ਫੜ ਮਾਰਨੇ, ਦੇਣ ਕੁਠਾਲੀ ਗਾਲ ।

ਮੁਕੰਦ ਛੰਦ-੨੦

ਮੇਹਰੂ ਨਾਲ ਚੜਗੇ ਤਮਾਮ ਪੋਸਤੀ,
ਦੁੱਖ ਕੱਟ ਸੀਸ ਤੇ ਨਿਭਾਗੇ ਦੋਸਤੀ ।
ਹੌਸਲਾ ਝੜਾਤਾ ਜੰਗ ਦੀ ਤਲੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਇਕੇ ਵਾਰੀ ਪੇੜੇ ਜਿਤਨੀ ਨਿਘਾ ਗਿਆ,
ਜਿਤਨਾ ਹਰਖ ਨੇਤਰਾਂ 'ਚ ਆ ਗਿਆ ।
ਭਰ ਭਰ ਰੁੱਗ ਲੱਗ ਜਾਂਦੇ ਜੀਮਣੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਤਿੰਨ-ਤਿੰਨ ਮਾਰੇ ਨਾਲ ਦਿਆਂ ਨੇ ਫੱਕੇ ਜੀ,
ਅੱਖਾਂ ਮੂਹਰੇ ਦਿਸਣ ਲਟੈਣਾਂ ਡੱਕੇ ਜੀ ।
ਪੱਥਰਾਂ ਦੇ ਮੂਹਰੇ ਕੀ ਖੜੋਣਾ ਢੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਵੜਗੇ ਲਗੜ ਚਿੜੀਆਂ ਦੀ ਡਾਰ ਮੇਂ,
ਮੁਗਲਾਂ ਦੇ ਮਾਰਤੇ ਜਵਾਨ ਕਾਰਮੇ ।
ਕਰੇ ਸੀਸ ਚੀਕਰਾਂ ਫੁਲਾਦੀ ਬੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਕਹਿਣ ਲੱਗੇ ਜੁਆਨ ਮੇਹਰੂ ਖਾਂ ਦੇ ਨਾਲ ਦੇ,
ਅਸੀਂ ਬੁੱਢੇ ਹੋਗੇ ਮੁਗਲਾਂ ਨੂੰ ਭਾਲਦੇ ।
ਜਿਉਂਦਿਆਂ ਦੇ ਮੱਥੇ ਜੋੜਤੇ ਕਰੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਵੱਢ-ਵੱਢ ਲਾਤੇ ਵੈਰੀਆਂ ਦੇ ਪੂਰ ਜੀ,
ਭੱਜਦਿਆਂ ਨੂੰ ਹੋ ਗਿਆ ਲਹੌਰ ਦੂਰ ਜੀ ।
ਜਿਵੇਂ ਮਾਰ ਕੈਰਵ ਭਜਾਤੇ ਭੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਵੱਢ ਪੰਜ ਸੈਂਕੜੇ ਬਣਾਤੇ ਕੁਤਰੇ,
ਦਿਨ ਢਲੇ ਫੀਮ ਦੇ ਨਸ਼ੇ ਜੇ ਉਤਰੇ ।
'ਰਜਬਲੀ' ਘੇਰਾ ਪਾ ਲਿਆ ਗਨੀਮ ਨੇ,
ਅਮਲੀ ਨੂੰ ਲਾਲੀਆਂ ਝੜਾਈਆਂ ਫੀਮ ਨੇ ।

ਦੋਹਿਰਾ

ਫੜ ਲਿਆ ਮੇਹਰੂ ਪੋਸਤੀ, ਅਮਲ ਗਿਆ ਜਦ ਟੂਟ ।
ਕਰੂ ਝੜਾਈ ਨੂਰ ਖਾਂ, ਨਹੀਂ ਬਾਤ ਮੇਂ ਝੂਟ ।

ਤਰਜ-੨੧

ਚੜਦਾ ਦੁੱਲੇ ਦਾ ਪੁੱਤ ਨਿਆਣਾ,
ਮੁਗਲਾਂ ਨਾਲ ਲੜਨ ਨੂੰ ਜਾਣਾ,
ਪੈਹਨਿਆਂ ਸੂਰਮਿਆਂ ਦਾ ਬਾਣਾ ।
ਪੰਜ ਹਥਿਆਰ ਲਗਾਕੇ ਜੀ,
ਖੜਾ ਵਛੇਰਾ ਹਿਣਕੇ ਲਿਆਇਆ ਨਫਰ ਸਜਾਕੇ ਜੀ ।
ਉਚੀ ਕਹਿ ਤਕਰੀਰ ਸੁਣੌਂਦਾ,
ਜਾਂਦਾ ਤੀਰ ਕਮਾਨ ਚਲੌਂਦਾ,
ਗੱਭਰੂ ਬੁਰਜਾਂ ਵਰਗੇ ਢੌਂਦਾ ।
ਵਢਦਾ-ਵਢਦਾ ਨੂਰ ਖਾਂ,
ਕਟਕ ਵਿਚਾਲੇ ਵੜ ਗਿਆ ਲੜਦਾ-ਲੜਦਾ ਨੂਰ ਖਾਂ ।

ਫਿਰਦਾ ਸ਼ੇਰ ਦਲਾਂ ਵਿੱਚ ਗਜਦਾ,
ਹੋਣੀ ਨਾਰਦ ਰੱਤ ਪੀ ਰੱਜਦਾ,
ਜੀਹਦੇ ਤੀਰ ਅਜਲ ਦਾ ਵੱਜਦਾ ।
ਲਿਟਦਾ ਫਿਰਦਾ ਖੇਤ ਮੇਂ,
ਸੰਘਣੀ ਰੱਤ ਦੇ ਖਾਲੇ ਵਗਦੇ ਫਿਰਦੇ ਰੇਤ ਮੇਂ ।
ਮੂਹਰੇ ਦੜ ਦੜ ਚਲਦੇ ਗੋਲੇ,
ਬੇਤਰ ਫਿਰਦਾ ਕੋਲੇ ਕੋਲੇ,
ਗੱਭਰੂ ਚੜਗਿਆ ਵਾਂਗ ਵਰੋਲੇ ।
ਚੜ੍ਹਦਾ-ਚੜ੍ਹਦਾ ਨ੍ਰੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਦੋਂਹ ਹੱਥ ਦੋ ਤਲਵਾਰਾਂ ਤਿਖੀਆਂ,
ਮੈਲਾ ਪੀਣ ਬੰਦੇ ਦਾ ਸਿੱਖੀਆਂ,
ਮਾਰੇ ਜਿਸਦੀਆਂ ਅਜਲਾਂ ਲਿਖੀਆਂ ।
ਲੜਦਾ ਵਾਂਗੂੰ ਖਾਲਿਦ ਦੇ,
ਫੂਸ ਖਲੜ ਵਿੱਚ ਭਰਤਾ ਦੁਸ਼ਮਣ ਪਿਉ ਦੇ ਵਾਲਿਦ ਦੇ ।
ਵਾ ਵਿੱਚ ਪੱਗਦੇ ਸ਼ਮਲੇ ਉਡਦੇ,
ਫਿਰਦੇ ਸੀਸ ਵ੍ਹਾਣ ਵਿੱਚ ਰੁੜਦੇ,
ਡਿਗੇ ਜੁਆਨ ਪਿਛਾਂਹ ਨੂੰ ਮੁੜਦੇ ।
ਖੜਦਾ-ਖੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਫੌਜਾਂ ਜਾਮ ਦੀਨ ਦੀਆਂ ਭਿੜੀਆਂ,
ਲਾਹਲੂ ਪਿਉ ਦਾਦੇ ਦੀਆਂ ਵਿੜ੍ਹੀਆਂ,
ਮੁਹਰੇ ਉਡਦੀਆਂ ਫਿਰਦੀਆਂ ਚਿੱੜੀਆਂ ।
ਲਗੜ ਲੜਾਕਾ ਬਾਲਕਾ,
ਕਬਜ਼ ਕਰਨ ਨੂੰ ਰੂਹਾਂ ਵਿੱਚ ਫਰਿਸ਼ਤਾ ਕਾਲਕਾ ।
ਲਸ਼ਕਰ ਫਿਰੇ ਦਬੱਲੀ ਧੱਕੜ,
ਦੁਸ਼ਮਣ ਪਾੜੇ, ਜੈਸੇ ਲੱਕੜ,
ਗਾਂਹ ਨੂੰ ਚਾਰਾ ਕਰੇ ਭਮੱਕੜ ।
ਸੜਦਾ-ਸੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਵਜਦੇ ਰਣ ਦੇ ਵਿੱਚ ਲਲਕਾਰੇ,
ਦੁਸ਼ਮਣ ਸਿਟਤੇ ਭਾਰੇ ਭਾਰੇ,
ਗੱਭਰੂ ਵੱਧ-ਵੱਧ ਤੇਗਾਂ ਮਾਰੇ ।
ਮੁਗਲ ਬਣਾ ਤੇ ਫਾੜੀਆਂ,
ਆਗਿਆ ਸਖਤ ਭੁਚਾਲ ਐ ਦੜ-ਦੜ ਡਿਗਣ ਪਹਾੜੀਆਂ ।
ਕਰਤੀ ਛੀੜ ਵਿਚਾਲਿਉਂ ਲੰਘ ਗਿਆ,
ਵਧਦਾ ਦੁਲਦੁਲ ਵਾਂਗ ਤਰੰਗ ਗਿਆ,
ਲੋਥਾਂ ਨਾਲ ਲਹੂ ਦੇ ਰੰਗ ਗਿਆ ।
ਅੜਦਾ-ਅੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਸੁਣਦੇ ਪਿੰਡ ਵਿੱਚ ਪੈਣ ਧੜੂਕੇ,
ਜਿਉਂ ਕੁਰਛੇਤਰ ਵਿੱਚ ਘੜੂਕੇ,
ਕੈਰੋਂ ਮਾਰ ਅਗਨਵਾਣ ਫੂਕੇ ।
ਲੜੇ ਸਪੁੱਤਰ ਭੀਮ ਦਾ,
ਆਕੇ ਚਾਰ ਚਫੇਰਿਉਂ ਘੇਰਾ ਪਵੇ ਗਨੀਮ ਦਾ ।
'ਬਾਬੂ' ਚੰਦ ਦਿਨ ਜੱਗ ਵਿੱਚ ਮੇਲਾ,
ਇਕ ਦਿਨ ਲੈਣੋ ਉਤਰੂ ਠੇਲਾ,
ਉਡਣ ਲੱਗ ਗਿਆ ਸਿੰਘ ਜਗਮੇਲਾ ।
ਪੜਦਾ-ਪੜਦਾ ਨੂਰ ਖਾਂ,
ਕਟਕ ਵਿਚਾਲੇ ਵੜਗਿਆ ਲੜਦਾ-ਲੜਦਾ ਨੂਰ ਖਾਂ ।

ਦੋਹਿਰਾ

ਜੰਗ ਕਰਨੇ ਨੂੰ ਚੜ੍ਹਦੀਆਂ, ਲੱਧੀ ਫੁਲਰਾਂ ਫੇਰ ।
ਰਣ ਵਿਚ ਪਾਈਆਂ ਭਾਜੜਾਂ, ਲੁਕਦੇ ਫਿਰਨ ਦਲੇਰ ।

ਤਰਜ-੨੨

ਯੁੱਧ ਨੌਂਹ ਸੱਸ ਕਰਨੇ ਡਟਕੇ,
ਹਰੇ ਸਿਰਤੇ ਬੰਨ ਲੇ ਪਟਕੇ,
ਲੌਣ ਢੇਰੀਆਂ ਦੁਸ਼ਮਣ ਕਟਕੇ ।
ਝੱਟ ਭੇਸ ਬਣਾ ਲੇ ਮਰਦਾਂ ਦੇ,
ਲੌਣੀ ਰੱਤ ਮੂੰਹ ਤਿੱਖੀਆਂ ਕਰਦਾਂ ਦੇ ।
ਲਿਆਇਆ ਨਫ਼ਰ ਸ਼ਿੰਗਾਰ ਇਰਾਕੀ,
ਉੱਤੇ ਚੜਗੀਆਂ ਮਾਰ ਪਲਾਕੀ,
ਤੇੜ ਲੁੰਗੀਆਂ ਰ੍ਹਈਆਂ ਫੱਬ ਖਾਕੀ ।
ਜਾਣ ਉਡਦੀਆਂ ਕੁੜਤੀਆਂ ਸਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਬਾਇਕ ਸਬਜਾ ਤੇ ਇੱਕ ਚੀਰਨਾ,
ਉੱਤੇ ਸੱਜਣ ਸੁਨੈਰੀ ਜੀਨਾਂ,
ਪਰ ਸੋਹਣੀਆਂ ਲੱਗਣ ਜ਼ਮੀਨਾ ।
ਪੌਣ ਪਹਿਲਾਂ ਗਰਦਨ ਮੋੜਨ ਜੀ,
ਛੋਟੇ ਸਿਰ ਕੰਨ ਵੱਤੀਆਂ ਜੋੜਨ ਜੀ ।
ਸੁੱਬ ਛੰਨਿਆਂ ਵਰਗੇ ਚੌੜੇ,
ਜਾਣ ਚਬਦੇ ਕੰਡਿਆਲੇ ਕੌੜੇ,
ਤੇਜ਼ ਚਾਲ ਬਰਾਬਰ ਦੌੜੇ ।
ਹੋਈਆਂ ਦੋਹ ਵੱਲ ਨਜ਼ਰਾਂ ਖਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਪਹਿਲਾਂ ਕਰ ਤਕਰੀਰ ਜ਼ੁਬਾਨੋਂ,
ਫੇਰ ਛੱਡ ਕੇ ਤੀਰ ਕਮਾਨੋਂ,
ਲਉ ਤਕੜੇ ਰਹੋ ਜਵਾਨੋ ।
ਜਦ ਵੜਦੇ ਲੌਂਦੇ ਲੋਟਣੀਆਂ,
ਫੇਰ ਦਿੱਤੀਆਂ ਛਾਂਟ ਸਲੋਟਣੀਆਂ ।
ਜਾ ਨੇੜੇ ਨੇਜੇ ਗਡ ਤੇ,
ਸਾਰ ਪਾਰ ਜਿਸਮ 'ਚੋਂ ਕੱਡਤੇ,
ਧੜ ਡਿੱਗ ਪੇ ਜਾ ਸਿਰ ਵੱਢਤੇ ।
ਵੱਜ-ਵੱਜ ਤਲਵਾਰਾਂ ਤਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਜਾਂਦੇ ਸਾਰ ਉਡਾਤੇ ਗਰਦੇ,
ਬਾਣ ਵਾਂਗ ਕਾਲਕਾ ਵਰਦੇ,
ਭੱਜ ਜਾਂਦੇ ਰਾਕਸ਼ ਡਰਦੇ ।
ਖੁਲੇ ਬੱਚ ਭੁਖੀਆਂ ਬਘਿਆੜਨੀਆਂ,
ਮਾਸ ਖਾਣੇ ਗਗਰਾਂ ਪਾੜਨੀਆਂ ।
ਨਾ ਹਟਦੀਆਂ ਬੜੀਆਂ ਕੱਬੀਆਂ,
ਵੱਢ ਦੁਸ਼ਮਣ ਲਾਈਆਂ ਥੱਬੀਆਂ,
ਦੰਦ ਕਿਰਚਣ ਹੱਡੀਆਂ ਚੱਬੀਆਂ ।
ਦੂਰ ਸੁਣਨ ਅਵਾਜ਼ਾਂ ਕਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਹੱਥ ਜੋੜੇ ਤਾਕਤ ਕੀਹਦੀ,
ਫਿਰੇ ਮਿਰਜ਼ਾ ਲੁਕਦਾ ਗੀਦੀ,
ਕੱਟ ਦਿੰਦੀਆਂ ਧੌਣ ਵੀਹ-ਵੀਹ ਦੀ ।
ਤੇ ਇੱਕ-ਇੱਕ ਸੌ ਤੋਂ ਵੇਹਰਨੀਆਂ,
ਤੜਾਂ ਮਾਨ ਖੜ੍ਹ ਕੇ ਸ਼ੇਰਨੀਆਂ ।
ਜਿਹੜੇ ਤਾੜਨ ਰੋਜ਼ ਮਛੈਹਿਰੇ,
ਜੁਆਨ ਰਣ 'ਚੋਂ ਭਜਾ ਗੇ ਟੈਰੇ,
ਰਜਪੂਤਨੀਆਂ ਦੇ ਗਹਿਰੇ ।
ਪੱਗ ਢਹਿ ਸਲਵਾਰਾਂ ਢਿਲਕ ਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

'ਰਜਬਲੀ ਖਾਂ', ਵੜੀ ਦਲੇਰੀ,
ਇਕ ਵਾਰ ਲਿਆਤੀ ਨ੍ਹੇਰੀ,
ਅਫਗਾਨ ਕਰੇ ਫੜ ਢੇਰੀ ।
ਨਾ ਮਿਰਜੇ ਢੁਕਦੇ ਲਾਗੇ ਸੀ,
ਦੋਵੇਂ ਮੁੜੀਆਂ ਮਾਰ ਸੁਹਾਗੇ ਸੀ ।
ਕਈ ਸਿਟਤੇ ਮਲਕੇ ਸੰਘੀਆਂ,
ਕਈ ਲੋਥਾਂ ਮਲਿਆਂ ਤੇ ਟੰਗੀਆਂ,
ਰੱਤ ਨਾਲ ਜ਼ਮੀਨਾਂ ਰੰਗੀਆਂ ।
ਸਦਾ ਰਹਿਣ ਪਠਾਣੀਆਂ ਵਿਲਕਦੀਆਂ,
ਹੱਥ ਗੋਰੇ ਕਿਰਚਾਂ ਚਿਲਕ ਦੀਆਂ ।

ਦੋਹਿਰਾ

ਕੁਟਿਆ ਜੋ ਰਜਪੂਤ ਨੇ, ਕਾਜੀ ਦੇ ਗਿਆ ਭੇਤ ।
ਦੁੱਲਾ ਉਠ ਗਿਆ ਨਾਨਕੀ, ਮਗਰੋਂ ਪਾਲੋ ਜੇਤ ।

ਕਮਾਣੀ ਛੰਦ-੨੩

ਜਿਹੜਾ ਕੁਟਿਆ ਦੁੱਲੇ ਨੇ ਕਾਜ਼ੀ,
ਗੱਲ ਦਿਲ ਵਿੱਚ ਰੱਖਦਾ ਪਾਜੀ,
ਗਿਆ ਦੁਸ਼ਮਣ ਕੋਲ ਬਲਾ ਜੀ ।
ਬੇਸ਼ਰਮ ਸ਼ਕਾਇਤਾਂ ਕਰਦਾ ਸੀ,
ਕੰਨ ਮਿਰਜ਼ੇ ਖਾਨ ਦੇ ਭਰਦਾ ਸੀ ।
ਕਹਿੰਦਾ ਸੱਚ ਦੀਆਂ ਸੁਣ ਲਾ ਬਾਤਾਂ,
ਭੱਟੀ ਪਿੰਡੀ ਦੀਆਂ ਬੁਰੀਆਂ ਅਫਾਤਾਂ,
ਨਿੱਤ ਲੁਟਦੇ ਘੇਰ ਬਰਾਤਾਂ ।
ਲਾਹਲੇ ਕੰਠੇ ਘੇਰ ਜਨੇਤਾਂ ਦੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਪਹਿਲਾਂ ਮੇਰੀਆਂ ਬੋਦੀਆਂ ਪੱਟੀਆਂ,
ਭੰਨੇ ਮਾਰ ਗੁਲੇਲੇ ਮੱਟੀਆਂ,
ਅਲੀ ਰਾਅ ਦੀਆਂ ਗਰਦਣਾਂ ਕੱਟੀਆਂ ।
ਟੰਗਾਂ ਬਾਹਾਂ ਸਨ ਡਕਰੇ ਬਣਾ ਦਿੱਤੀਆਂ,
ਅੱਗ ਮੱਚਦੀ ਦੇ ਵਿੱਚ ਡਾਹ ਦਿੱਤੀਆਂ ।
ਫੇਰ ਲੁੱਟ ਲਿਆ ਮੈਦਾ ਖੱਤਰੀ,
ਲੁਹਾਗਿਆ ਘੋੜਿਆਂ ਦਾ ਸੁਦਾਗਰ ਪੱਤਰੀ,
ਗੁੱਤ ਸੀ ਬੇਗਮ ਦੀ ਕੱਤਰੀ ।
ਝਮਲਾਤਾ ਨਿੱਤ ਦੀਆਂ ਜੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਜਿਹੜਾ ਅਵਲ ਰੋਜ਼ ਜੰਗ ਕਰ ਗਿਆ,
ਜਿਦੇਂ ਮੁਗਲ ਪਾਂਚ ਸੌ ਮਰ ਗਿਆ,
ਸਾਰਾ ਵਾਹਣ ਲਹੂ ਨਾਲ ਭਰ ਗਿਆ ।
ਨਾ ਸੁਰਤ ਤੁਸਾਂ ਦੀ ਸੰਮਲੀ ਸੀ,
ਵੱਡਾ ਦੁੱਲੇ ਤੋਂ ਮੇਹਰ ਖਾਂ ਅਮਲੀ ਸੀ ।
ਹੱਥ ਪੋਸਤੀਆਂ ਦੇ ਵੇਖੇ,
ਤੈਥੋਂ ਗਿਣ-ਗਿਣ ਲੈਗੇ ਲੇਖੇ,
ਵੇਖੀ ਦਿਲ ਵਿਚ ਰਹਿਣ ਭੁਲੇਖੇ ।
ਬਹੁਤੇ ਵੱਢਤੇ ਪਠਾਣ ਪਰੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਚੜਿਆ ਦੂਜੇ ਰੋਜ਼ ਪਟਾਕਾ,
ਨਿਆਣਾ ਨੂਰ ਖਾਂ ਦੁੱਲੇ ਦਾ ਕਾਕਾ,
ਮੁੜਿਆ ਦੋ ਸੌ ਮਾਰ ਲੜਾਕਾ ।
ਵੱਢ-ਵੱਢ ਕੇ ਪਾਤੇ ਸੱਥਰ ਜੀ,
ਚੱਕ ਇਟ ਚੱਕਦੇ ਨੂੰ ਪੱਥਰ ਜੀ ।
ਸੰਗ ਰਹਿ ਹਮਰੈਤੀ ਚੜਗਿਆ,
ਜੁਆਨ ਵਾਂਗ ਅਭਿਮੰਨੂ ਲੜਗਿਆ,
ਭੱਜ ਚੱਕਰਵਿਊ ਵਿੱਚ ਵੜ ਗਿਆ ।
ਕੀ ਰੱਤ ਝੱਲਣੀ ਸੀ ਖੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਚੜੀ ਫੇਰ ਲੱਧੀ ਰੱਤ ਪੀਣੀ,
ਨਾਲ ਫੁਲਰਾਂ ਬਹਾਦਰ ਛੀਹਣੀਂ,
ਜੰਗ ਕਰਦੀ ਜੈ ਤੂਨੋ ਤੀਣੀ ।
ਵਾਰ ਰਣ ਭੂਮੀ ਵਿੱਚ ਤੇਗ ਗਈਆਂ,
ਤੇਰਾ ਜੁਆਨ ਚਾਰ ਸੌ ਡੇਗ ਗੀਆਂ ।
ਜਹਿਰ ਵਾਂਗ ਸੱਪਣੀਆਂ ਘੋਲੇ,
ਫੜ-ਫੜ ਕੇ ਮੁਗਲ ਮਧੋਲੇ,
ਨਾਲ ਰੱਤ ਦੇ ਰੰਗ ਤੇ ਚੋਲੇ ।
ਮੂੰਹ ਭਰਤੇ ਬੁੱਕ-ਬੁੱਕ ਰੇਤਾਂ ਦੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਭੱਟੀ ਚਿੱਤਰੇ ਤੇ ਤੁਸੀਂ ਲੇਲੇ,
ਫੇਰ ਹੱਥ ਨਾ ਆਉਣੇ ਵੇਲੇ,
ਫਿਰ ਕਰਦਾ ਫਿਰੇਗਾਂ ਮੇਲੇ ।
ਦੁੱਲਾ ਗਿਆ ਨਾਨਕੀ ਮੁੜ ਪਿਆ ਜੇ,
ਮੱਥਾ ਸ਼ੇਰ ਬੱਬਰ ਨਾਲ ਜੁੜ ਪਿਆ ਜੇ ।
ਬਣ ਸਿਆਣਾ, ਕਮਲ ਖੰਡੌਂਦਾ,
'ਬਾਬੂ' ਹਮਲਾ ਨਹੀਂ ਕਰਬੌਂਦਾ,
ਨਾ ਮਹਿਲ ਬਾੜੀਆਂ ਢੌਂਦਾ ।
ਦੇਣਾ ਕੰਮ ਵਿਗਾੜ ਪਛੇਤਾਂ ਨੇ,
ਮਾਰਿਆ ਰਾਵਣ ਘਰ ਦਿਆਂ ਭੇਤਾਂ ਨੇ ।

ਦੋਹਿਰਾ

ਮੇਹਰ ਖਾਨ ਤੇ ਨੂਰ ਖਾਂ, ਜਾਂ ਫੜਲੇ ਰਾਜਪੂਤ ।
ਮਿਰਜ਼ੇ ਧਾਵਾ ਬੋਲਤਾ, ਅੱਜ ਕੰਮ ਆਗਿਆ ਸੂਤ ।

ਦੋ ਭਾਗ ਛੰਦ-੨੪

ਕਰ ਦਿੱਤੇ ਸੁੱਤੀ ਪਈ ਪਿੰਡੀ ਤੇ ਹਮਲੇ,
ਨਸ਼ਾ ਪਿਆਕੇ ਕਰ ਤੇ ਮਲੇਸ਼ ਕਮਲੇ ।

ਲੋਹੇ ਦੀਆਂ ਤਵੀਆਂ ਮਥਿਆਂ ਤੇ ਵੰਨੀਆਂ ।
ਮਾਰ-ਮਾਰ ਟੱਕਰਾਂ ਦਿਵਾਰਾਂ ਭੰਨੀਆਂ ।

ਦੂਜੀ ਵਾਰੀ ਨਸ਼ੇ ਦੇ ਪਿਆਤੇ ਪੇਗ ਸੀ,
ਬੈਠਕਾਂ, ਦਿਵਾਨ ਖਾਨੇ ਦਿੱਤੇ ਡੇਗ ਸੀ ।

ਜਿਸ ਵੇਲੇ ਮੱਥੇ ਹਾਥੀਆਂ ਨੇ ਲਾਤੇ ਐ,
ਸੰਗ ਮਰਮਰ ਦੇ ਸਤੂਣ ਢਾਤੇ ਐ ।

ਹਾਥੀ ਚੀਕਾਂ ਮਾਰਦੇ ਰੱਜੇ ਵੇ ਮੱਧ ਕੇ,
ਢਾਤੀਆਂ ਇਮਾਰਤਾਂ ਬਣਾਈਆਂ ਵੱਧ ਕੇ ।

ਧੌਲਰ ਦੋਹਾਸਮੇ ਚਬਾਰੇ ਗਿਰਗੇ,
ਹਾਥੀ ਰੱਜੇ ਦਾਰੂ ਦੇ ਉੱਤੋਂ ਦੀ ਫਿਰਗੇ ।

ਘੜੀ ਵਿੱਚ ਦਰਸ਼ਨੀ ਮਹਿਲ ਗੇਰਿਆ,
ਨੀਲਾ ਥੋਥਾ ਜੀਹਦੀਆਂ ਕੰਧਾਂ ਤੇ ਫੇਰਿਆ ।

ਦੁੱਲੇ ਬਿਨਾਂ ਰੋਕੇ ਜਾਂਦੇ ਨਾ ਚਗੱਤੇ ਸੀ,
ਡੇਗਤੇ ਮੰਦਰ ਗਾਡਰਾਂ ਤੇ ਛੱਤੇ ਸੀ ।

ਇੱਟ-ਇੱਟ ਕੀਤੀਆਂ ਮਹਿਲ ਵਾੜੀਆਂ,
ਹੋਰ ਕਈ ਚੀਜ਼ਾਂ ਕੀਮਤੀ ਵਿਗਾੜੀਆਂ ।

ਰੱਬ ਹੋ ਕਰੋਪ ਗਿਆ ਨਰਮ ਕੈਲਾਂ ਤੇ,
ਫੇਰ ਧਾਵਾ ਬੋਲਿਆ ਜਨਾਨੇ ਮਹਿਲਾਂ ਤੇ ।

ਜੋ ਨਾ ਸੂਰਜ ਦੇ ਸਾਹਮਣੇ ਖੜੋਂਦੀਆਂ,
ਧੌਲਰਾਂ 'ਚੋਂ ਧੂਲੀਆਂ ਰਕਾਨਾਂ ਰੋਂਦੀਆਂ ।

ਦੱਸ ਵੀਹ ਕਰਮ ਜਾਣ ਹੁੰਦਾ ਤੁਰਕੇ,
ਜਿਸਮ ਲਕੋਣ ਉੱਤੇ ਲੈਕੇ ਬੁਰਕੇ ।

ਪੀਨਸਾਂ ਤੇ ਨਫ਼ਰ ਲਜਾਂਦੇ ਚੱਕ ਕੇ,
ਨੰਗੇ ਪੈਰੀਂ ਤੋਰੀਆਂ ਮੁਟਿਆਰਾਂ ਧੱਕ ਕੇ ।

ਸ਼ਰਮ ਹਜ਼ੂਰ ਨਾ ਗਲੀ 'ਚੋਂ ਲੰਘੀਆਂ,
ਸੱਥ 'ਚ ਖੜਾ ਲੀਆਂ ਸਿਰਾਂ ਤੋਂ ਨੰਗੀਆਂ ।

ਕੋਮਲ ਬਦਨ ਗੋੜ੍ਹਿਆਂ ਤੋਂ ਬੱਗੀਆਂ,
ਧੁੱਪ ਵਿੱਚ ਖੜੀਆਂ ਅਸੀਹੇ ਲੱਗੀਆਂ ।

ਨੀਵੀਂ ਪਾਈ 'ਰਜਬਲੀ' ਤੋਂ ਸੰਗਦੀਆਂ,
ਮਰਨ ਧਿਆਈਆਂ ਪਾਣੀ ਨਾ ਮੰਗਦੀਆਂ ।

ਦੋਹਿਰਾ

ਮੁਗਲਾਂ ਆਕੇ ਘੇਰ ਲੇ, ਸਭੀ ਜਨਾਨੇ ਫੇਰ ।
ਲਾਹਲੇ ਜਿਉਰ ਸਵਰਨ ਦੇ, ਲੱਗੇ ਜਿਮੀ ਤੇ ਢੇਰ ।

ਸ਼ਬਦ ਤਰਜ਼-੨੫

ਪਿੰਡੀ ਸ਼ਹਿਰ 'ਚ ਚਲਦੀਆਂ ਤੋਪਾਂ, ਖੜਕੇ ਬੰਦੂਕਾਂ ਦੇ,
ਘੇਰੇ ਪਾਲੇ ਜਮਰਾਜ ਕਰੋਪਾਂ, ਗਿਰਦ ਮਲੂਕਾਂ ਦੇ ।
ਖੀਰ ਖਾਣੀਆਂ ਛਕਣੀਆਂ ਪੂੜੇ, ਮਿਸ਼ਰੀਆਂ ਖੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਧੂਹੇ ਝੁਮਕੇ ਕੰਨਾਂ ਦੇ ਕਾਂਟੇ, ਬਟਣ ਜੰਜ਼ੀਰੀਆਂ ਦੇ,
ਖਿੱਚ-ਖਿੱਚ ਕੇ ਮਾਰਦੇ ਛਾਂਟੇ, ਸਿਝੜ ਸਰੀਰੀਆਂ ਦੇ ।
ਲਾਹੇ ਕੋਕਰੂ, ਸੁਨਹਿਰੀ ਚੂੜੇ, ਝਾਂਜਰਾਂ ਠਕੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਖੜੇ ਟਿਚਰਾਂ ਕਰਨ ਟੁਟ ਪੈਣੇ, ਦੁੱਲੇ ਖਾਂ ਦੀ ਬੁਲਬੁਲ ਨੂੰ,
ਖਾਕੇ ਸਿਉਨੇ ਉਤਾਰੇ ਬੈਣੇ, ਤੇ ਮਰੋੜਿਆ ਜੁਲ ਜੁਲ ਨੂੰ ।
ਲੱਗ ਗਏ ਪਾ ਖਟੇ ਰੰਗ ਧੂੜੇ, ਸੰਧੂਰ ਗੇਰੂ ਭੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਫੁੱਲ ਸੱਗੀਆਂ ਲੁਹਾਈਆਂ ਗੁੰਦੀਆਂ, ਗੁੰਦਣੇ ਸੀਸ ਸੌਕਾਂ ਦੇ,
ਟਿੱਕਾ ਬਿੰਦੀਆਂ ਪੁਰੋ-ਪੁਰ ਹੁੰਦੀਆਂ, ਸਮੇਤ ਚੰਦ ਚੌਕਾਂ ਦੇ ।
ਲੀੜੇ ਸਜਦੇ ਸੋਸਨੀ ਗੂੜ੍ਹੇ, ਨਥਾਂ ਲਿਸ਼ਕੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਗੁਲੂ ਬੰਦ ਜਕਲੇਸ਼ ਹਮੇਲਾਂ, ਮੱਛਲੀ ਦੇ ਪੱਤ ਟੁੱਟ ਗੇ,
ਉਤੇ ਉਕਰੇ ਤਿੱਤਰ ਤੇ ਵੇਲਾਂ, ਜੀਹਦੇ ਹੱਥ ਆਗੇ ਘੁੱਟ ਗੇ ।
ਕੋਕੇ ਤੀਲੀਆਂ ਉਤਾਰਨ ਬੂੜੇ, ਰੋਣ ਕਮਜ਼ੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਮੇਹਣੇ ਮਾਰਨ ਝਿੜਕ ਕੇ ਸੂਮਾਂ, ਕਹਿੰਦੇ ਫਿਰੋਂ ਚਾਮਲੀਆਂ,
'ਰੱਜਬਲੀ ਖਾਂ' ਲੁਹਾਕੇ ਟੂੰਮਾਂ, ਅੱਡੋ-ਅੱਡ ਸਾਂਭਲੀਆਂ ।
ਸਾਲੂ ਸਿਰਾਂ ਦੇ ਹੂੰਜ ਦੇ ਕੂੜੇ, ਨੰਗੇ ਪੈਰ ਤੋਰਨੀਆਂ,
ਖਿੱਚੇ ਕਾਲੀਆਂ ਸੱਪਣੀਆਂ ਜੂੜੇ, ਕਰਲੌਣ ਮੋਰਨੀਆਂ ।

ਦੋਹਿਰਾ

ਲੱਧੀ ਨੇ ਖ਼ੱਤ ਭੇਜਤੇ, ਲਿਖਕੇ ਜਦੋਂ ਚਨੋਟ ।
ਬਾਂਦਾ ਬੰਨਕੇ ਲੈ ਤੁਰੇ, ਮੁਗਲ ਤੋੜ ਕੇ ਕੋਟ ।

ਡੂਡਾ ਛੰਦ-੨੬

ਲੱਧੀ ਖੱਤ ਲਿਖਕੇ ਚਨੋਟ ਘੱਲਤੇ, ਤੂੰ ਰੋਕ ਲੈ ਹੰਕਾਰਿਆਂ ਨੂੰ,
ਆਗੇ ਮੁਗਲੇਟੇ ਨਾ ਕਿਸੇ ਨੇ ਠੱਲ ਤੇ, ਲੈ ਚੱਲੇ ਬੰਨ੍ਹ ਸਾਰਿਆਂ ਨੂੰ ।
ਪਾਣੀ ਜੋਰਾ ਵਰਾਂ ਨੇ ਝੜਾਤਾ ਟੇਲ ਤੇ, ਰੋ ਹੋਗੀਆਂ ਸੁਦੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਮੁਗਲਾਂ ਨੇ ਤੇਰੇ ਡੇਗਤੇ ਤਿਹਾਸਮੇ, ਸੀ ਗਾਡਰਾਂ ਤੇ ਛੱਤੇ ਵੇ,
ਖੈਹਿਣ ਜਿਨ੍ਹਾਂ ਦੀਆਂ ਚੋਟੀਆਂ ਅਕਾਸ਼ ਮੇਂ, ਮਹਿਲ ਢਾਤੇ ਛੱਤੇ ਵੇ ।
ਦੂਹਰੇ-ਦੂਹਰੇ ਡਾਟ ਸੀ ਜਿਨ੍ਹਾਂ ਦੇ ਮੇਲ ਤੇ, ਤੋੜੀਆਂ ਲਟੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਦੁਆਨ ਖਾਨੇ ਬੈਠਕਾਂ ਚੁਬਾਰੇ ਗੋਲ ਵੇ, ਦਰਵਾਜ਼ੇ ਗੇਰ ਤੇ,
ਜਿਨ੍ਹਾਂ ਉਤੇ ਕਰੀ ਵੀ ਸੁਨਹਿਰੀ ਝੋਲ ਵੇ, ਹਲ ਉਤੋਂ ਦੀ ਫੇਰ ਤੇ ।
ਹਾਥੀ ਰੱਜੇ ਮੱਧ ਦੇ ਅਗਾਹ ਨੂੰ ਠੇਲ ਤੇ, ਸੀ ਬੰਗਲਿਆਂ ਨੇ ਢੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਚੰਦ ਸੂਰਜ ਦੇ ਨਾ ਲੱਗਣ ਮੱਥੇ ਜੀ, ਇੰਦਰ ਦੀਆਂ ਰੋਹਣੀਆਂ,
ਮੂੰਹਾਂ ਤੇ ਮੁਗਲ ਮਾਰਦੇ ਉਲ੍ਹੱਥੇ ਜੀ, ਵੇ ਨਾ ਮਿਟਣ ਹੋਣੀਆਂ ।
ਜਿਕੋ ਰਾਜੀ ਰਹਿਣ ਮੁਸ਼ਕ ਰਮੇਲ ਤੇ, ਕਰਲੌਣ ਭੈਣਾ ਵੇ ।
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਜਾਣਾ ਹੁੰਦਾ ਸੈਰ ਜੇ ਕਰਨ ਬਾਗਦੀ, ਤਾਂ ਪੀਨਸਾਂ ਤੇ ਚੜਦੀਆਂ,
ਅੱਜ ਕੋਇਲਾਂ ਹੋਗੀਆਂ ਮਤ੍ਹੈਤ ਕਾਗ ਦੀ, ਨੰਗੇ ਮੂੰਹ ਖੜਦੀਆਂ ।
ਪੈਣ ਚਮਕਾਰੇ ਸਿਉਨੇ ਦੀ ਹਮੇਲ ਤੇ, ਲੁਹਾ ਲਿਆ ਸਾਰਾ ਗਹਿਣਾ ਵੇ,
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਹੋਣ ਹੱਥ ਲਾਏ ਤੋਂ ਰਕਾਨਾਂ ਮੈਲੀਆਂ, ਸਭੇ ਸੱਸੂ ਬਦਨੀਆਂ,
ਟਕੇ-ਟਕੇ ਦਿੱਲੀ 'ਚ ਵਿਕਣ ਰੈਲੀਆਂ, ਕੀ ਇੱਜ਼ਤਾਂ ਵਧਣੀਆਂ ।
ਲੈਗੇ ਤੇਰੀ ਫੁਲਰਾਂ ਝੜਾਕੇ ਵੇਲ ਤੇ, ਫੜੀ ਰਾਤੋਤਿਆਂ ਮੈਨਾ ਵੇ,
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

'ਰੱਜਬਲੀ' ਹੋਈਆਂ ਫਿਕਰਾਂ 'ਚ ਅੱਧੀਆਂ, ਜਮਾਂ ਅੰਦਰ ਭੁੱਜ ਗਿਆ,
ਆਕੇ ਬਾਂਦਾ ਸੂਰਮਿਆਂ ਛਡਾਲੈ ਬੱਧੀਆਂ, ਵੇ ਤੂੰ ਕਿਧਰ ਰੁੱਝ ਗਿਆ ।
ਬੰਨਕੇ ਵਹਾਈਆਂ ਹੱਥਣੀ ਚੰਡੇਲ ਤੇ, ਮਗਰ ਪਈਆਂ ਡੈਣਾਂ ਵੇ,
ਤੇਰੇ ਪੁੱਤ ਸੂਰਮਿਆਂ ਛੱਤਰ ਭੇਲ ਤੇ, ਲੱਧੀ ਦਿਆ ਭੀਮ ਸੈਣਾ ਵੇ ।

ਦੋਹਿਰਾ

ਲੈ ਪਰਬਾਨਾ ਦੌੜ ਗਿਆ, ਸੂਰਜ ਚੜਦੇ ਨਾਲ ।
ਖੜਾ ਵਸੂਰੇ ਮਾਰ ਦਾ, ਜੁਆਨ ਦੁੱਲੇ ਨੂੰ ਭਾਲ ।

ਮਨੋਹਰ ਭਵਾਨੀ ਛੰਦ-੨੭

ਜਿਹੜਾ ਰੂੜ ਜੱਟ ਦਾਨਾ, ਲੈ ਗਿਆ ਲਿਖਿਆ ਪ੍ਰਬਾਨਾ, ਹੋ ਗਿਆ ਪਿੰਡ 'ਚੋਂ ਰਵਾਨਾ,
ਲਾ ਹਨੇਰੇ ਘਾਤ ਨੂੰ, ਛਾਪੇ ਗਿਆ ਲਿਤਾੜ ਦਾ ਅੰਧੇਰੀ ਰਾਤ ਨੂੰ ।
ਜਾਵੇ ਭੱਟੀਆਂ ਦੀ ਗੱਦੀ, ਮੈਂ ਵੰਡਾਵਾਂ ਪੀੜ ਅੱਧੀ, ਰਾਜ਼ੀ ਹੋਜੇ ਮਾਤਾ ਲੱਧੀ,
ਦੇ ਉਛਾਲਾ ਹੁਬ ਗੀ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਦੁੱਲਾ ਪੁੱਛੇ ਸੁਖ ਖੈਰ, ਰੂੜ ਜੱਟ ਜੀਹਦੀ ਠਹਿਰ, ਸੀ ਖੜੋਗਿਆ ਗੱਡ ਪੈਰ,
ਜਾ ਵਿਚਾਲੇ ਚੌਕ ਦੇ, ਤੈਨੂੰ ਕੀ ਤੂੰ ਪੀਂਦਾ ਰਹਿ ਪਿਆਲੇ ਸ਼ੌਕ ਦੇ ।
ਭੇਲੇ ਮੁਗਲਾਂ ਨੇ ਬਾਗ, ਪੈਂਦੇ ਨਗਰੀ 'ਚ ਕਾਗ, ਲੱਗੇ ਭੱਟੀਆਂ ਨੂੰ ਦਾਗ,
ਰਜਪੂਤੀ ਡੁੱਬ ਗਈ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਪੈ ਗਿਆ ਵੈਰੀਆਂ ਦਾ ਬੱਲ, ਫੇਰੇ ਮੰਦਰਾਂ ਤੇ ਹਲ, ਆਕੇ ਲੱਥਾ ਟਿੱਡੀ ਦਲ,
ਜਜੂਜ ਤੇ ਮਜੂਜ ਦਾ, ਚੱਲਿਆ ਤੇਰਾ ਡੁੱਬ ਸੂਰਜ ਅਰੂਜ ਦਾ ।
ਖਾਵੇਂ ਮਾਰ-ਮਾਰ ਧਾੜੇ, ਵੈਰੀ ਪੈਰਾਂ 'ਚ ਲਿਤਾੜੇ, ਤੇਰੇ ਆਗੇ ਦਿਨ ਮਾੜੇ,
ਤੇ ਦਾੜ੍ਹੀ ਜੀ ਫੁੱਬ ਗੀ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਬਣੇ ਫਿਰਦੇ ਦਲੇਰ, ਪੈਗਿਆ ਪਿੰਡੀ ਵਿੱਚ ਨ੍ਹੇਰ, ਖ਼ੁਸ਼ੀ ਬੁੱਲ੍ਹ ਜੇ ਅਟੇਰ,
ਭੈਣਾਂ ਬੰਨ ਤੇਰੀਆਂ, ਐਵੇਂ ਚੁੰਘ ਗੁਆਈਆਂ ਸੱਜਰਾਂ ਲਵੇਰੀਆਂ ।
ਹੋਗੀ ਵੈਰੀਆਂ ਨੂੰ ਖੁੱਲ੍ਹ, ਰੋਣ ਧੀਆਂ ਬੁਲਬੁਲ, ਨਾਲੇ ਤੇਰੀ ਨਾਲ ਫੁਲਰਾਂ,
ਉਠਾਈ ਲੁਭ ਗਈ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਜੇ ਤੂੰ ਮੇਰੀ ਗੱਲ ਮੰਨੇ, ਪੈੜੇ-ਪੈਰ ਹੱਥ-ਹੰਨੇ, ਧੌਣ ਮਿਰਜ਼ੇ ਦੀ ਭੰਨੇ,
ਲਾ ਬਣਾਕੇ ਤੌਣੀਆਂ, ਤਾਂ ਮੈਂ ਰਾਜੀ ਜਾਣ ਅਟਕ ਸਨੌਣੀਆਂ ।
ਰੇਜ਼ ਕਰਦੇ ਜ਼ਮੀਨ, ਕਾਂ ਗਿਦੜ ਲਹੂ ਪੀਣ, ਜਾਣੂ ਕੀ ਨਿਜ਼ਾਮਦੀਨ,
ਜੇ ਕਡੀ ਨਾ ਕੁੱਬ ਗਈ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਪਿੰਡੀ ਛੱਡ ਗੇ ਗੜੂਚ, ਫੜ ਭੱਟੀਆਂ ਦੀ ਜੂਚ, ਕਰਕੇ ਡਬਲ ਕੂਚ,
ਨਾ ਚਲਾਕ ਦਾਅ ਕਰੇ, ਰਾਚ੍ਹ ਮੇਰਾ ਮਾਲਕ ਕਰਾਦੇ ਟਾਕਰੇ ।
ਗਮਾਂ ਦੀ ਪਟਾਰੀ ਖੋਹਲੀ, ਜਾਵੇ ਨੈਣੋਂ ਨੀਰ ਡੋਹਲੀ, 'ਬਾਬੂ' ਤੀਰ ਵਾਂਗੂੰ ਬੋਲੀ
ਸੀ ਦੁੱਲੇ ਦੇ ਚੁੱਭ ਗੀ, ਵੇਖ ਰੂੜ ਜੱਟ ਦੀ ਨਿਕਲ ਭੁੱਬ ਗਈ ।

ਦੋਹਿਰਾ

ਪੜੇ ਲਿਫਾਫੇ ਖੋਲ ਕੇ, ਢਲ ਗਿਆ ਫੇਰ ਵਜ਼ੂਦ ।
ਔਣ ਜਿਸਮ ਨੂੰ ਤੇਲੀਆਂ, ਜਿਮੇ ਉਬਲ ਦਾ ਦੂਧ ।

ਮੁਕੰਦ ਛੰਦ-੨੮

ਪਾਵੇ ਰੂੜ ਵਾਰ ਤੇ ਖੜੋਤਾ ਡੰਡ ਜੀ,
ਖੜਗੀ ਜੁਆਨ ਦੀ ਗਿੱਚੀ ਦੀ ਝੰਡ ਜੀ ।
ਕਹਿੰਦਾ ਹਿੱਕ ਪਿੱਟ ਮਾਂ ਬੁੱਢੀ ਨੇ ਫੇਹਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਨੀਵੀਂ ਪਾ ਕੇ ਬਹਿਗਿਆ ਖੁਰਲੇ ਜ਼ਮੀਨ ਨੂੰ,
ਪਾੜ ਦਿਆਂ ਵਿਚਾਲਿਓਂ ਨਿਜ਼ਾਮਦੀਨ ਨੂੰ ।
ਜੀਹਨੇ ਮੇਰੀ ਲੱਗਵੀ ਬਗੀਚੀ ਭੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਮੇਰੇ ਨਿਆਣੇ ਬਾਲਕੇ ਮਾਸੂਮ ਕੁੜੀਆਂ,
ਅੱਜ ਨਾ ਛਡਾਏ ਫੇਰ ਕਦੋਂ ਮੁੜੀਆਂ ।
ਤੋਰ ਲੇ ਲਹੌਰ ਨੂੰ ਬਣਾ ਜੇਲ੍ਹੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਕਿਹੜਾ ਬੰਨ ਲੈਜੂ ਸੂਰਮੇ ਦੀ ਬਹੂ ਨੂੰ,
ਗੋਡੇ-ਗੋਡੇ ਵਾਹਣ 'ਚ ਚੜ੍ਹਾਦੂੰ ਲਹੂ ਨੂੰ ।
ਇਕੇ ਵਾਰੀ ਲਿਆਦੂੰ ਜਾਕੇ ਪਟਮੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਮਾਰ ਤਲਵਾਰ ਵੈਰੀਆਂ ਨੂੰ ਛਾਗੂੰ ਮੈਂ,
ਪਾਦੂੰ ਅੱਗ ਦਲਾਂ 'ਚ ਦਹੂਦ ਵਾਂਗੂੰ ਮੈਂ ।
ਮੈਂ ਬਘਿਆੜ ਤੇ ਨਿਜ਼ਾਮਦੀਨ ਲੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਵਾਂਦਾ ਨੂੰ ਛਡਾਲੂੰ ਮੈਂ ਕਦੇ ਨਾ ਮਿਟਦਾ,
ਮਿਰਜ਼ਾ ਵਿਖਾਦੂੰ ਕਦਮਾਂ 'ਚ ਲਿਟਦਾ ।
ਦਿੰਦਾ ਫਿਰੂੰ ਦਲਾਂ ਦੇ ਵਿਚਾਲੇ ਹੇਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਚੌਵੀ-ਪੱਚੀ ਮੇਰੇ ਨਾਨਕਿਆਂ ਦੇ ਪਿੰਡ ਜੀ,
ਵੇਖ ਕੇ ਕਟਕ ਵੈਰੀ ਜਾਣ ਖਿੰਡ ਜੀ ।
'ਬਾਬੂ' ਨਾਨਕਿਆਂ ਦੀ ਛੀ ਹਜ਼ਾਰ ਦੇਹਲੀ ਐ,
ਮੱਥੇ ਉਤੇ ਆਗੀ ਗੱਭਰੂ ਦੇ ਤੇਲੀ ਐ ।

ਦੋਹਿਰਾ

ਕਰੇ ਝੜਾਈ ਸੂਰਮਾ, ਤੁਰਤ ਵਜਾਤੀ ਟਮਕ,
ਤੀਰ ਖੰਡੇ ਤਲਵਾਰ ਦੀ ਪਵੇ ਦੂਰ ਤੋਂ ਚਮਕ ।

ਡੂਡਾ ਛੰਦ-੨੯

ਲੱਗ ਜਾਂਦੀ ਪੰਜਾਂ ਕੱਪੜਿਆਂ ਨੂੰ ਅੱਗ ਜੀ, ਤੇ ਨਾ ਬੁਝਾਈ-ਬੁਝਦੀ,
ਮਾਮਿਆਂ ਨੂੰ ਕਹਿੰਦਾ ਚੱਲੋ ਮੇਰੇ ਸੱਗ ਜੀ, ਜੇ ਤੁਸਾਂ ਤੋਂ ਪੁਜ ਦੀ ।
ਦੇ ਨਹੋਰੇ ਪੱਗ ਮਾਰਦਾ ਜ਼ਮੀਨ ਤੇ, ਜਲਾਲ ਖਾਂ ਦੇ ਕੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਤੇਜ ਤਲਵਾਰਾਂ ਨੂੰ ਝੜਾਕੇ ਸਾਨਾਂ ਤੇ, ਲਕੋਈਆਂ ਵਿੱਚ ਮਿਆਨਾਂ ਦੇ,
ਅੱਜ ਧਾਵੇ ਹੋਗੇ ਮੁਗਲਾਂ ਪਠਾਣਾ ਤੇ, ਜੀ ਭੱਟੀਆਂ ਜਵਾਨਾਂ ਦੇ ।
ਸਾਰੇ ਕੱਠ ਮਾਰ ਮਿਰਜ਼ੇ ਕਮੀਣ ਤੇ, ਰਹੇ ਹਮੇਸ਼ ਖੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਘੋੜਿਆਂ ਤੇ ਹੋਣ ਲੱਗਗੇ ਖਰ-ਖਰੇ, ਤੇ ਕੱਡ ਕੇ ਤਵੇਲਿਆਂ 'ਚੋਂ,
ਚੜੇ ਬੜੇ ਦਿੱਲੀ ਜੁਆਨਾਂ ਦੇ ਹਰਖ-ਰੇ, ਲਾਹ ਜੰਗਾਲ ਸੇਲਿਆਂ 'ਚੋਂ ।
ਮੇਲ੍ਹ ਦੇ ਫਿਰਨ ਜਿਮੇਂ ਸੱਪ ਬੀਨਤੇ, ਜੇ ਡਬੋ ਕੇ ਚੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਨਵੀਂ ਜੁਆਨੀ ਚੜ੍ਹਗੀ ਜਵਾਨਾਂ ਲਹਿਰਿਆਂ ਤੇ, ਤੇ ਨਾ ਲਕੋਣੀ ਜਿੰਦ ਜੀ,
ਨਸ਼ਾ ਪੀਕੇ ਹੱਥ ਫੇਰ ਦੇ ਮਛੈਰਿਆਂ ਤੇ, ਜੋ ਸੂਰਮੇ ਦੀ ਬਿੰਦ ਜੀ ।
ਸ਼ੁਰੂ ਹੋਗੇ ਭਰਕੇ ਪਿਆਲੇ ਪੀਣ ਤੇ, ਜੋ ਡਬੋਕੇ ਜੋਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਗੁੱਸੇ ਨਾਲ ਚੜ੍ਹਗੇ ਦੁੱਲੇ ਦੇ ਮਾਮੇ ਐ, ਭਾਣਜੇ ਦੇ ਪੱਖ ਤੇ,
ਕਦੋਂ ਸਿਰੋਂ ਲੈਣ ਭੈਣ ਦੇ ਉਲਾਮੇ ਐ, ਜਾਂ ਲਟਾਕੇ ਰੱਖਤੇ ।
ਗੋਤੇ ਖਾਂਦੇ ਜਾਣ ਲਹੂ ਦੇ ਵਹੀਨ ਤੇ, ਜਿਉਂ ਵੇਲਦਾਰ ਟੋਟਮੇ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਇੱਕ ਮੁੱਠੀ ਕੀਤੀਆਂ ਉਠਾਕੇ ਵਾਗਾਂ ਨੂੰ, ਦੇਖਦੇ ਨਾ ਡੰਡੀਆਂ,
ਜਾਣ ਨਾ ਮੁਗਲ ਛੇੜਕੇ ਤੇ ਨਾਗਾਂ ਨੂੰ, ਚਲੋ ਪਾਲੋ ਵੰਡੀਆਂ ।
'ਬਾਬੂ' ਜੀ ਝੜਾਦਿਓ ਮੌਤ ਦੀ ਮਸ਼ੀਨ ਤੇ, ਜੀ ਹੋ ਖੁਦਾਏ ਓਟ ਮੇਂ,
ਦੁੱਲੇ ਦੀ ਝੜਾਈ ਹੋਗੀ ਜਾਮਦੀਨ ਤੇ, ਜੋ ਨਾਨਕੀ ਚਨੋਟ ਮੇਂ ।

ਦੋਹਿਰਾ

ਵੱਜੀ ਟਮਕ ਚਨੋਟ ਮੇਂ, ਕੰਨੀ ਸੁਣੀ ਬੁਲੇਲ ।
ਧਾਰਾਂ ਨਿਕਲਣ ਥਣਾਂ 'ਚੋਂ ਹੋਣ ਪੁੱਤਰ ਦੇ ਮੇਲ ।

ਦੋਤਾਰਾ ਛੰਦ-੩੦

ਜਾਂ ਸ਼ਹਿਰ ਨਾਨਕਿਆਂ ਦੇ, ਦੁੱਲੇ ਨੇ ਫੇਰ ਵਜਾਈਆਂ ਟਮਕਾਂ,
ਸੀ ਫੌਜ ਅਠਾਰਾਂ ਕੋਹ, ਉਸ ਥਾਂ ਸੁਣੀਆਂ ਆਕੇ ਧਮਕਾਂ ।
ਅਜ ਖੁਸ਼ੀਆਂ ਚੜ੍ਹੀਆਂ ਜੀ, ਲੱਧੀ ਨੂੰ ਖੂਬ ਸਹਾਵਣ ਵਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ 'ਚੋਂ ਦੂਰ ਜਾਪੀਆਂ ਧਾਰਾਂ ।

ਤੇ ਲਾਲੀ ਚੜਗੀ ਐ ਮੱਥੇ ਨੂੰ ਖਿੜ ਖਿੜ ਫਿਰਦੀ ਹੱਸਦੀ,
ਤੇ ਹੌਲੀ ਦੇਕੇ ਤੇ, ਆਹਾ ਗੱਲ ਫੁਲਰਾਂ ਕੋਲੇ ਦੱਸਦੀ ।
ਪੁੱਤ ਚੜ੍ਹਿਆ ਆਉਂਦਾ ਨੀ, ਟੱਬਰ ਦੀਆਂ ਲੈਲੂ ਆਕੇ ਸਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ 'ਚੋਂ ਦੂਰ ਜਾਪੀਆਂ ਧਾਰਾਂ ।

ਅੱਜ ਮਿਲਣਾ ਬੱਚੜੇ ਨੇ, ਹਿੱਕ ਪਰ ਲਗਗੀਆਂ ਹੋਣ ਜਲੂਣਾਂ,
ਜਾਮੇ ਵਿੱਚ ਮਿਉਂਦੀ ਨਾ, ਬੁੜੀ ਦਾ ਜਿਸਮ ਹੋਗਿਆ ਦੂਣਾ ।
ਮੈਂ ਪਿਟ-ਪਿਟ ਹੋਜੂੰਗੀ, ਘਾਇਲ ਪਰ ਰੱਜ ਰੱਜ ਲ੍ਹਾਲੂੰ ਵਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ 'ਚੋਂ ਦੂਰ ਜਾਪੀਆਂ ਧਾਰਾਂ ।

ਫੜ ਹਿੱਕ ਨੂੰ ਲਾਲੂੰਗੀ, ਪੁੱਤਰ ਨੂੰ ਖੂਬ ਗਫੜੀਆਂ ਪਾਕੇ,
ਵੇ ਖ਼ਬਰਾਂ ਲਈਆਂ ਨਾ, ਮੇਰੀਆਂ ਲਾਲ ਨਾਨਕੀ ਜਾਕੇ ।
ਪੁੱਤ ਵਾਂਦਾਂ ਬੰਨ ਕੇ ਤੇ ਤੇਰੀਆਂ, ਦੇਣ ਚਗੱਤੇ ਖਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ 'ਚੋਂ ਦੂਰ ਜਾਪੀਆਂ ਧਾਰਾਂ ।

ਹੁਣ ਜੁੜਗੇ ਹੋਣੇ ਐ, ਦੁੱਲੇ ਦੇ ਨਾਲ ਦੁੱਲੇ ਦੇ ਮਾਮੇ,
ਉਨਾਂ ਭੁੱਖਿਆਂ ਲੱਗੜਾਂ ਨੇ, ਆਣ ਕੇ ਫੜ-ਫੜ ਖਾਣੇ ਤਾਮੇਂ ।
ਉਸ ਸ਼ੇਰ ਦਲੇਰ ਦੀਆਂ, ਮੁਗਲਟੇ ਨਾ ਝੱਲ ਸਕਦੇ ਮਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ 'ਚੋਂ ਦੂਰ ਜਾਪੀਆਂ ਧਾਰਾਂ ।

ਹੁੰਦਾ ਵਿੱਚ ਜੱਗ ਦੇ ਜੀ, ਕਹਿੰਦੇ ਪੁੱਤ ਦਾ ਪਿਆਰ ਅਨੋਖਾ,
ਕਣਸੋਆਂ ਸੁਣ ਕੇ ਤੇ, ਲੱਧੀ ਨੂੰ ਚੜਿਆ ਚਾਅ-ਚੋਖਾ ।
'ਰਜਬਲੀ' ਤਰਸਦੇ ਨੂੰ, ਜਿਵੇਂ ਜਗਮੇਲ ਮਿਲਿਆ ਇੱਕ ਵਾਰਾਂ,
ਸੁਣੀ ਵਾਜ ਟਮਕ ਦੀ ਜੀ, ਥਣਾਂ 'ਚੋਂ ਦੂਰ ਜਾਪੀਆਂ ਧਾਰਾਂ ।

ਦੋਹਿਰਾ

ਵੱਜਣ ਨਗਾਰੇ ਜੇਤ ਦੇ, ਫੌਜ ਰਸਾਲੇ ਜਾਣ ।
ਡੇਰੇ ਲਾਲੇ ਮੁਗਲ ਨੇ, ਚੰਗੇ ਵੇਖ ਮੈਦਾਨ ।

ਦੋ ਭਾਗ ਛੰਦ-੩੧

ਮਿਰਜ਼ੇ ਨੇ ਵੇਖ ਕੇ ਮੈਦਾਨਾਂ ਚੰਗਿਆਂ ਨੂੰ,
ਕਰ ਤਾ ਹੁਕਮ ਨਾਲ ਦਿਆਂ ਤਲੰਗਿਆਂ ਨੂੰ ।

ਲਾਹਕੇ ਅਸਬਾਵ ਖੱਚਰਾਂ ਤੋਂ ਧਰਦਿਓ,
ਅੱਜ ਐਥੇ ਆਪਣਾ ਮੁਕਾਮ ਕਰਦਿਓ ।

ਮੰਨ ਲੇ ਹੁਕਮ ਝੱਟ ਸਰਕਾਰਾਂ ਦੇ,
ਘੜੀ 'ਚ ਤੰਬੂ ਲੱਗਗੇ ਅਹਿਲ ਕਾਰਾਂ ਦੇ ।

ਕਰਨ ਆਰਾਮ ਬਰਦੀਆਂ ਉਤਾਰੀਆਂ,
ਖਾਣ, ਫੀਲ, ਘੋੜੇ, ਖੱਚਰਾਂ ਨਿਹਾਰੀਆਂ ।

ਲੱਗੀ ਆਪੋ-ਆਪਣੇ ਟਿਕਾਣੇ ਦੁਨੀਆਂ,
ਪਹਿਰੇ ਲਾਤੇ ਵਾਂਦਾਂ ਨਾ ਰਹਿਣ ਸੁੰਨੀਆਂ ।

ਵੇਖੀਆਂ ਨਾ ਅੱਖੀਂ, ਸੁਣਨੇ 'ਚ ਆਉਂਦੀਆਂ,
ਪਟਰੌਲਾਂ ਫਿਰਨ ਚੁਫੇਰੇ ਭਾਉਂਦੀਆਂ ।

ਲਾਲ ਖਾਂ ਨੇ ਜਿਧਰ ਨਜ਼ੀਰਾਂ ਛੇੜੀਆਂ,
ਚਲੋ ਸੈਰ ਕਰਨ ਬਲੈਤਾਂ ਕੇਹੜੀਆਂ ।

ਕਿਹੜੇ ਪਾਸਿਉਂ ਆਇਆ ਦਿੱਲੀ ਦਿਆ ਰਸਾਲਿਆ,
ਕਿਹੜੇ ਰਾਜੇ ਨਾਲ ਮੋਰਚਾ ਲਗਾਲਿਆ ।

ਆਕੀ ਹੋਇਆ ਆਵੇ ਨਾ ਨਜ਼ਰ ਕੋਈ ਵੀ,
ਕਿਹੜੇ ਰਜਵਾੜੇ ਤੇ ਕਰੋਪੀ ਹੋਈ ਵੀ ।

ਦੱਸੋ ਕੇ ਕਿਸੇ ਨੇ ਸ਼ਾਨੀਆਂ ਨਾ ਭਰੀਆਂ ?
ਕਿਹੜੀ ਰਿਆਸਤ ਤੇ ਕਰੜਾਈਆਂ ਕਰੀਆਂ ।

ਅੱਗੋਂ ਕਹਿੰਦੇ ਮੁਗਲ ਖੰਘੂਰਾ ਮਾਰ ਕੇ,
ਪਿੰਡੀ ਵਿਚੋਂ ਆਏ ਭੱਟੀਆਂ ਨੂੰ ਸੁਆਰ ਕੇ ।

ਮਿਟ ਗਿਆ ਪੰਜਾਬ ਦਾ ਫ਼ਸਾਦ ਫਿਤਨਾ,
ਲਿਆਏ ਬੰਨ ਦੁੱਲੇ ਦਾ ਕਬੀਲਾ ਜਿਤਨਾ ।

ਐਸੇ ਭੱਟੀ ਮਾਰ ਦੇ ਤੜਾਕੇ(ਭੜਾਕੇ) ਫੋਕੇ ਜੀ,
ਅਸੀਂ ਪਿੰਡੀ ਵਿੱਚ ਨਾ ਕਿਸੇ ਨੇ ਰੋਕੇ ਜੀ ।

ਏਹੋ ਜੀਆਂ ਗੱਲਾਂ ਮੁਗਲਾਂ ਨੇ ਕਰੀਆਂ,
'ਰਜਬਲੀ' ਗਈਆਂ ਨਾ ਬੁੱਢੇ ਤੋਂ ਜਰੀਆਂ ।

ਦੋਹਿਰਾ

ਸੁਣੇ ਤਰਾਨੇ ਮੁਗਲ ਦੇ, ਹੋ ਗਿਆ ਭੁੱਜ ਮਨੂਰ ।
ਜਲਦੀ ਚੜਜੋ ਪੋਤਰਿਉ, ਕਰ ਦਿਉ ਚਕਨਾ ਚੂਰ ।

ਮਨੋਹਰ ਭਵਾਨੀ ਛੰਦ-੩੨

ਸੁਣ ਮੁਗਲਾਂ ਦੀ ਬਾਣੀ,
ਖੜਾ ਹੋ ਗਿਆ ਪਾਣੀ-ਪਾਣੀ,
ਵਾਜ ਮਾਰੇ ਵਾਰੀ ਥਾਣੀ ।
ਘਬਰਾਇਆ ਜਿਆਸਤੇ,
ਤਿਆਰ ਹੋਜੋ ਪੋਤਰਿਓ ਲੜਨ ਵਾਸਤੇ ।
ਬੁਰੇ ਮੁਗਲ ਹੰਕਾਰੇ,
ਕੀ ਪਿੰਡੀ 'ਚ ਕੀਤੇ ਕਾਰੇ,
ਕਢ ਲੇ ਜਨਾਨੇ ਸਾਰੇ,
ਮੰਦਰਾਂ 'ਚੋਂ ਵੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਖਿਆਲ ਪਾਸੇ ਦੇ ਕੀ ਪੈਗੇ,
ਜੇ ਮੁਗਲ ਵਾਂਦਾਂ ਲੈਗੇ,
ਆਪਾਂ ਜਿਉਂਦਿਆਂ 'ਚੋਂ ਨਾ ਰਹਿਗੇ ।
ਹੈ ਸ਼ਰਮ ਪੁਜਕੇ,
ਸੂਰਮੇ ਸ਼ਰਮ ਤੇ ਮਰਨ ਭੁੱਜ ਕੇ ।
ਜਵਾਂ ਹਿੰਮਤ ਨਾ ਹਾਰਾਂ,
ਵੱਧ-ਵੱਧ ਤੇਗਾਂ ਮਾਰਾਂ,
ਜਾਂ ਸੁਣਨ ਤਲਵਾਰਾਂ
ਥੋਡੀਆਂ ਦੇ ਖੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਜਿੰਨੀ ਆਖੂੰ-ਆਖੂੰ ਠੀਕ,
ਦੇਣ ਉਂਗਲਾਂ ਸ਼ਰੀਕ,
ਨਾ ਲਹੇ ਲੱਗੀ ਵੀ ਲੀਕ ।
ਜੇ ਛਡੌਣ ਨਾ ਚੜੇ,
ਮਾਰਕੇ ਮੁਗਲ ਪਾਪੀ ਰੱਖੇ ਨਾ ਰੜੇ ।
ਮੈਨੂੰ ਤਾਂ ਸਵਾਦ ਆਵੇ,
ਇਕ ਵੀ ਨਾ ਜਾਣਾ ਪਾਵੇ,
ਛੇਤੀ ਕਰੋ ਜੁਆਨੋ ਧਾਵੇ ।
ਕੋਤਲਾਂ ਤੇ ਚੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਤੁਸੀਂ ਬਣੋ ਸ਼ੇਰ ਬੱਗੇ,
ਮੈਂ ਵੀ ਤੁਰੂੰ ਹੋ ਕੇ ਅੱਗੇ,
ਦਾਗ ਭੱਟੀਆਂ ਨੂੰ ਲੱਗੇ ।
ਜੇ ਦਿੱਲੀ ਨੂੰ ਤੁਰਗੇ,
ਨਾ ਡਰਨ ਟਟੀਰੀਉ ਅਸੀਲ ਮੁਰਗੇ ।
ਜਵਾਂ ਇੱਜ਼ਤ ਨਾ ਛੱਡੀ,
ਤਾਂ ਤਰੀਫ ਹੋਵੇ ਵੱਡੀ,
ਜਾ ਖੰਡਾ ਦਿਓ ਅੱਡੋ-ਅੱਡੀ ।
ਮੁਗਲਾਂ 'ਚ ਵੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਚਲੋ ਛੱਡੋ ਜੁਆਨੋ ਰਾਸੇ,
ਵੇਖੋ ਜੰਗ ਦੇ ਤਮਾਸ਼ੇ,
ਗੱਲ ਹੋਜੂ ਇੱਕ ਪਾਸੇ ।
ਸਾਰਿਆਂ ਨੂੰ ਦੀਹਦੀਆਂ,
ਛੁਟੀਆਂ ਨਾ ਵਾਂਦਾਂ ਪਾਜਾਂਗੇ ਸ਼ਹੀਦੀਆਂ ।
ਆਵੀ ਲੈਣੀ ਨੇਕੀ ਖੱਟ,
ਤਿਆਰ ਹੋਜੋ ਝੱਟਾ-ਪੱਟ,
ਕਡੋ ਮਿਰਜ਼ੇ ਦੇ ਵੱਟ ।
ਕਣ ਵਾਂਗੂੰ ਰੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਕਰੋ ਤਿਆਰੀ ਛੇਤੀ ਜਾਹੋ,
ਸੀਸ ਮੁਗਲਾਂ ਦੇ ਲਾਹੋ,
ਤੇਗਾਂ ਜ਼ੋਰ ਨਾਲ ਵਾਹੋ ।
ਨਾ ਮੈਦਾਨੋ ਭੱਜਿਉ,
ਵੈਰੀਆਂ ਦੇ ਜਾਕੇ ਹਿੱਕ ਵਿੱਚ ਵੱਜਿਉ ।
ਨਾਵੇਂ ਉਨਾ ਦੇ ਮਿਸਣ,
ਸਾਂਗਾਂ ਵੱਜ ਕੇ ਫਿਸਣ,
ਸੀਸ ਡਿਗਦੇ ਦਿਸਣ ।
ਮੋਢਿਆਂ ਤੋਂ ਝੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਤੁਸੀਂ ਅਲੀਰਾਅ ਦੀ ਬਿੰਦ,
ਦੇਵੇ ਨਾ ਜਹਾਨ ਨਿੰਦ,
ਕਰੋ ਨਾ ਪਿਆਰੀ ਜਿੰਦ ।
ਸੀਸ ਲਿਉਣੇ ਡੁੰਗਕੇ,
ਲੁਕਣਾ ਕੀ ਦੁੱਧ ਛੀਣੀਆਂ ਦੇ ਚੁੰਘਕੇ ।
ਸੋਹਣੇ ਮਿਸਰੇ ਬਣੌਨ,
ਸਹੀ ਬਾਬੂ ਜੀ ਬਤੌਣ,
ਜਗਮੇਲ ਹੋਰੀਂ ਗੌਣ ।
ਖਾੜਿਆਂ 'ਚ ਖੜਕੇ,
ਚੱਲੋ ਵਾਂਦਾਂ ਪੋਤਰਿਉ ਛੁਡਾਈਏ ਲੜਕੇ ।

ਦੋਹਿਰਾ

ਗੌਣ ਸਣੌਦੇ ਬਿਰਧ ਨੂੰ, ਛੋੜ ਵੜੇ ਬੁੱਧਵਾਨ ।
ਕਲਨੂੰ ਮਰਦਾ ਅੱਜ ਮਰੀਂ, ਸਾਨੂੰ ਕਿਸ ਦੀ ਕਾਣ ।

ਦੋ ਭਾਗ ਛੰਦ-੩੩

ਐਵੇਂ ਧੌਲੇ ਕਾਸਤੋਂ ਹਲੌਂਦਾ ਫਿਰਦਾ,
ਦੁੱਲੇ ਨਾਲ ਸਾਡੀ ਕੀ ਲਿਹਾਜ ਬਿਰਧਾ ।

ਗਿਆ ਸਾਡਾ ਬਾਪ ਵਾਸਤੇ ਸ਼ਿਕਾਰ ਕੇ,
ਵੇ ਗੁਨਾਹ ਨੂੰ ਖਾਕ 'ਚ ਰਲਾਤਾ ਮਾਰ ਕੇ ।

ਅਸੀਂ ਨੀਵੇਂ ਹੋਕੇ ਸੌ ਪਚੈਤਾਂ ਜੋੜੀਆਂ,
ਮੰਨਿਆਂ ਨਾ ਬਿਰਧਾ ਪਛਾੜੀ ਮੋੜੀਆਂ ।

ਸਿਰ ਤੇ ਝੜਾਕੇ ਚੰਮ ਦੀਆਂ ਟਾਕੀਆਂ,
ਪਿੰਡੀ ਵਿੱਚ ਖੇਡ ਦੇ ਫਿਰਨ ਹਾਕੀਆਂ ।

ਔਖੀ ਹੋਗੀ ਮੋੜਨੀ ਪਚਾਇਤ ਧੱਕਕੇ,
ਸਾਨੂੰ ਧੜ ਸੱਖਣੀ ਫੜਾਤੀ ਚੱਕ ਕੇ ।

ਤੈਨੂੰ ਗਿਣ-ਗਿਣ ਕੇ ਸੁਣਾਈਏ ਕੇਹੜੀਆਂ,
ਸਾਡੇ ਨਾਲ ਕੀਤੀਆਂ ਕਮਾਈਆਂ ਜੇਹੜੀਆਂ ।

ਆਏ ਧੁਰੋਂ ਵਧਮੀ ਸ਼ਰੀਕ ਕਰਦੇ,
ਅਸੀਂ ਬਾਬਾ ਵੜਗੇ ਅੰਦਰ ਡਰਦੇ ।

ਸਾਨੂੰ ਹਾਲ ਦੱਸਣ ਪਿੰਡੀ ਦੀ ਢੇਰੀ ਦੇ,
ਜਿਹੜੇ ਬੁੱਢੇ ਆਦਮੀ ਉਮਰ ਤੇਰੀ ਦੇ ।

ਉਨ੍ਹਾਂ ਨਾਲ ਕਦੋਂ ਸੀ ਲਿਹਾਜ ਦੱਸਦੇ,
ਪਿੰਡੀ 'ਚੋਂ ਸ਼ਰੀਕਾਂ ਨੇ ਉਜਾੜੇ ਵੱਸਦੇ ।

ਚੌਥਾ ਹਿੱਸਾ ਪਿੰਡੀ 'ਚੋਂ ਜਗੀਰਾਂ ਖੋਲੀਆਂ,
ਹੁਣ ਤਾਈਂ ਮਾਰ ਦੇ ਸ਼ਰੀਕ ਬੋਲੀਆਂ ।

ਨਿਕਲੇ ਪਿੰਡੀ ਦੇ ਵਿੱਚੋਂ ਪੌਂਦੇ ਬਹੁੜੀਆਂ,
ਸਿਰਾਂ ਉੱਤੇ ਤੱਤੀਆਂ ਚੁਕਾਈਆਂ ਤੌੜੀਆਂ ।

ਲੱਗ ਗੇ ਬੁੱਢੇ ਤੋਂ ਕਤਰੌਣ ਕੰਨੀਆਂ,
ਅਸੀਂ ਦੋਵੇਂ ਜਣੇ ਮਿਰਜ਼ੇ ਦੇ ਵੰਨੀਆਂ ।

ਅਸੀਂ ਨਾ ਸ਼ਰੀਕ ਤੇ ਕਸਰ ਛੱਡਣੀ,
ਸੌਖੀ ਹੋਗੀ ਵੈਰੀ ਦੀ ਅਲਕ ਵੱਡਣੀ ।

ਵੈਰੀ ਤੇ ਗਾਹਕ ਮਿਲਦੇ ਹਮੇਸ਼ ਨਾ,
ਸਾਡੇ ਨਾਲ ਰੱਖਿਆ ਭਰੱਪਾ ਏਸ ਨਾ ।

'ਰਜਬਲੀ' ਮੰਨ ਪਿਉ ਮਰੇ ਦਿਆ ਬਾਬਲਾ,
ਦੁੱਲੇ ਨਾਲ ਸਾਡਾ ਹੋਣ ਦੇ ਮੁਕਾਬਲਾ ।

ਦੋਹਿਰਾ

ਰਾਣੀ ਮਾਤਾ ਆਖਦੀ, ਮਾਰ ਚੀਕ ਤੇ ਚੀਕ ।
ਵੇ ਬੁਰਿਆਈ ਜਦਾਦੀਨ, ਪੁੱਤ ਕਰਨੀ ਨਾ ਠੀਕ ।

ਮੁਕੰਦ ਛੰਦ-੩੪

ਰਾਣੀ ਮਾਤਾ ਸੁਲਤਾਨ ਖਾਂ ਵਰਾਨ ਦੀ,
ਪੁੱਤਰਾਂ ਨੂੰ ਗੱਲ ਆਖਦੀ ਗਿਆਨ ਦੀ ।
ਬਾਬੇ ਦੀ ਨਸੀਹਤ ਕਿਉਂ ਤੁਸਾਂ ਨੂੰ ਪੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਵੈਰੀ ਹੋਵੇ ਛੱਡਦਾ ਮਿਟਾਕੇ ਨਾਮੇ ਵੇ,
ਆਪਣੇ ਜੇ ਮਾਰਦੇ ਸਿਟਣ ਛਾਮੇ ਵੇ ।
ਰੱਬ ਬਿਨਾ ਉਨਾ ਦਾ ਹਮੈਤੀ ਕੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਊਤਾਂ ਕਹਿੰਦੇ ਰੋਜ਼ ਲੜਦੇ ਸ਼ਰੀਕ ਵੇ,
ਆਪਣੇ ਨੂੰ ਮਾਰਨਾ ਹੁੰਦਾ ਨਾ ਠੀਕ ਵੇ ।
ਮਾਰਦੀ ਵਸੂਰੇ ਮਾਤਾ ਜਾਵੇ ਰੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਇਕੋ ਜਾਤ ਗੋਤ ਦੇ ਇੱਕੋ ਹੀ ਰੱਤ ਵੇ,
ਫਿਰ ਕਿਉਂ ਨਾ ਲੈਂਦੇ ਬੁਢੜੇ ਦੀ ਮੱਤ ਵੇ ।
ਥਾਂ ਤੇ ਘਾਇਲ ਹੋਜੇ ਮੰਨ ਦੇ ਧਰੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਕਹੇ ਲਗੋ ਬੱਤੀ ਵਖਸੌਣਾ ਧਾਰਾਂ ਨੂੰ,
ਉੱਠ ਕੇ ਤੇ ਧੂਪ ਦੇ ਲੋ ਤਲਵਾਰਾਂ ਨੂੰ ।
ਭੱਜ ਪੈਜੋ ਸੈਨਾ ਆਣ ਕੇ ਖੜੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਹੱਕ ਤੇ ਮਰਨ ਵਾਲਿਆਂ ਨੂੰ ਮੇਹਣਾ ਨੀ,
ਜਿਉਂਦਿਆਂ ਚਗੱਤਿਆਂ ਨੂੰ ਜਾਣ ਦੇਣਾ ਨੀ ।
ਤਾਹਨੇ ਦੇਣ ਤੁਸਾਂ ਨੂੰ ਖਬਰ ਕੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

'ਰਜਬਲੀ' ਪੌਣ ਨਾ ਹਮੇਸ਼ਾ ਰਾਂਦਾਂ ਨੂੰ,
ਚੜੋ ਮੇਰੇ ਸੂਰਮਿਉ ਛੜਾਲੋ ਵਾਂਦਾਂ ਨੂੰ ।
ਡਰ ਜਾਊ ਬਿੰਦ-ਰਾਅਲੀ ਦੀ ਸੋਈ ਨੀ,
ਜੱਦ ਮਾਰਨੇ ਨੂੰ ਦੋ ਜਹਾਨੀ ਢੋਈ ਨੀ ।

ਦੋਹਿਰਾ

ਪੁੱਤ ਸੁਲਤਾਨ ਵਿਰਾਨ ਖਾਂ, ਲੱਗਗੇ, ਸੱਸ਼ਤਰ ਲੌਣ ।
ਲੈਕੇ ਪਿੰਡ ਦੇ ਸੂਰਮੇ, ਵਾਂਦਾਂ ਚੜੇ ਛਡੌਣ ।

ਮੁਕੰਦ ਛੰਦ-੩੫

ਸੁਣ ਜੋਸ਼ ਆਗਿਆ ਭਰਾਵਾਂ ਦੋਆਂ ਨੂੰ,
ਛੇਤੀ ਤਿਆਰ ਹੋਗੇ ਪਹਿਨ ਕੇ ਸੰਜੋਆਂ ਨੂੰ ।
ਪਿੰਡ ਚੋਂ ਬੁੜੇ ਨੇ ਮੱਦਤਾਂ ਝੜਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਹੌਸਲੇ ਦੇ ਨਾਲ ਧਾਵੇ ਕੀਤੇ ਭੱਟੀਆਂ,
ਉਤੇ ਚੜੇ ਜਾਣ ਫੇਰ ਦੇ ਮਲੱਟੀਆਂ ।
ਵੱਧ-ਵੱਧ ਜੁਆਨਾਂ ਤਲਵਾਰਾਂ ਵਾਹਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਲੀੜੇ ਲਾਹਕੇ ਥੱਕੇ ਵੇ ਅਰਾਮ ਕਰਦੇ,
ਜਾਕੇ ਰਾਜਪੂਤਾਂ ਨੇ ਉਡਾਤੇ ਗਰਦੇ ।
ਮੁਗਲਾਂ ਨੂੰ ਮਾਵਾਂ ਯਾਦ ਕਰਬਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਦਿਲ ਦੇ ਦਲੇਰ ਉਮਰ ਨਰਮ ਦੇ,
ਇਹੋ ਜੇ ਜਣਿਆਂ ਦੇ ਆਫਰੀਂ ਜਰਮ ਦੇ ।
ਸੀਸ ਵੱਡ ਧੜਾਂ ਜ਼ਿਮੀ ਤੇ ਲਿਟਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਭੂਆ ਭੈਣਾਂ ਤਾਈਆਂ ਭਰਜਾਈਆਂ ਚਾਚੀਆਂ,
ਦੁੱਲਾ ਸ਼ੇਰ ਆਗਿਆ ਲੁਹਾਈਆਂ ਜਾਚੀਆਂ ।
ਲੱਧੀ ਹੋਰੀਂ ਪੌਣ ਤੰਬੂਆਂ 'ਚੋਂ ਝਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਵੱਢ-ਵੱਢ ਲਾਤੇ ਵੈਰੀਆਂ ਦੇ ਪੂਰ ਜੀ,
ਭੱਜ ਦਿਆਂ ਨੂੰ ਹੋ ਗਿਆ ਲਹੌਰ ਦੂਰ ਜੀ ।
'ਰੱਜਬਲੀ' ਮਾਰ ਕੇ ਵਹੀਰਾਂ ਪਾਤੀਆਂ,
ਵਾਰਾਂ ਵਾਂਦਾਂ ਦੋਹਾਂ ਭਾਈਆਂ ਨੇ ਛਡਾਤੀਆਂ ।

ਦੋਹਿਰਾ

ਔਂਦੇ ਕਟਕ ਚਨੋਟ ਦੇ, ਵਜਦੇ ਸੁਣ ਕੇ ਢੋਲ ।
ਜੁਆਨਾਂ ਧਾਵੇ ਬੋਲਤੇ, ਆ ਨਗਰੀ ਦੇ ਕੋਲ ।

ਮੁਕੰਦ ਛੰਦ-੩੬

ਦੁੱਲਾ ਲਿਆਇਆ ਮੱਦਦ ਜੜਾਕੇ ਮਾਮਿਆਂ ਦੀ,
ਸਿਰੋਂ ਪੰਡ ਲਾਹਮਾਂ ਲੱਧੀ ਦੇ ਉਲਾਮਿਆਂ ਦੀ ।
ਧੂੜ ਨਾਲ ਅਟ ਤੇ ਪਿੰਡਾਂ ਦੇ ਖੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਵਜਦੇ ਗਿਲਾਰੇ ਜੰਗ ਦੇ ਮੈਦਾਨ ਮੇਂ,
ਤਲਵਾਰਾਂ ਜਾਣ ਤੜਫੀ ਮਿਆਨ ਮੇਂ ।
ਫੜ ਮੁਠ ਸਿਉਨੇ ਦੇ ਕਟਾਰ ਧੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਮੂੰਹੋਂ ਬੋਲ ਕੇ ਤੇ ਤਕਰੀਰ ਕਲਮੇ,
ਘੁਕਦੇ ਵਰੋਲੇ ਵਾਂਗੂੰ ਆਗੇ ਦਲ ਮੇਂ ।
ਹੋਗਿਆ ਦੁੱਲਾ ਸੂਰਮਾ ਵਥੇਰਾ ਭੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਜਿਹੜੀ ਫੌਜ ਆਈ ਸੀ ਦੁੱਲੇ ਦੇ ਨਾਲ ਦੀ,
ਮਾਰ ਸਾਰ-ਪਾਰ ਲੰਘਗੀ ਵਿਚਾਲ ਦੀ ।
ਮਾਰ-ਮਾਰ ਤੋੜੇ ਮੁਗਲਾਂ ਦੇ ਢੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਰਫਲਾਂ ਦੇ ਮੂਹਰੇ ਲਾਲਿਆ ਸੰਗੀਨਾਂ ਨੂੰ,
ਲਾਲ-ਲਾਲ ਰੰਗ ਚਾੜਤਾ ਜ਼ਮੀਨਾਂ ਨੂੰ ।
ਦੁੱਲੇ ਦੇ ਹਮੈਤੀਆਂ ਵਧੇਰੇ ਛੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਫੜ ਵੱਢੀ ਜਾਣ ਦਾਤੀ ਪੈਗੀ ਹਾੜੀਏਂ,
ਵੇਖ ਕੇ ਤੇ ਮੁਗਲ ਲੁਕਣ ਝਾੜੀਏਂ ।
ਥਿਆਗੇ ਵਾੜ ਬਿਲਿਆਂ ਨੂੰ ਦਿੱਲੀ ਦੇ ਚੂਹੇ ਐ ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

'ਰੱਜਬਲੀ' ਦਿੱਤੀਆਂ ਲੱਧੀ ਨੇ ਥਾਪੀਆਂ,
ਔਡੀ ਦੂਰ ਧਾਰਾਂ ਸੀ ਥਣਾਂ ਤੋਂ ਜਾਪੀਆਂ ।
ਹਿੱਕ ਨਾਲ ਲਾਲਿਆ ਲਾਹ ਤੰਬੂ ਦੇ ਬੂਹੇ ਐ,
ਹਵਾ ਨਾਲ ਝੂਲਦੇ ਫਰੇਰੇ ਸੂਹੇ ਐ ।

ਦੋਹਿਰਾ

ਲਾਈਆਂ ਵੱਢ-ਵੱਢ ਢੇਰੀਆਂ ਫੇਰ ਮੁਕਾਤੀ ਰਾਂਦ ।
ਲੱਧੀ ਆਂਹਦੀ ਜੁਆਨ ਨੇ, ਆਣ ਛੜਾਲੀ ਵਾਂਦ ।

ਮੁਕੰਦ ਛੰਦ-੩੭

ਵੈਰੀਆਂ ਨੂੰ ਵੱਢ ਕੇ ਮਕਾਤੀ ਰਾਂਦ ਜੀ,
ਫੇਰ ਲੱਧੀ ਮਾਤਾ ਦੀ ਛੜਾਲੀ ਵਾਂਦ ਜੀ ।
ਰੋਵੇ ਮਾਤਾ ਚੁੱਪ ਕਰਦੀ ਵਿਰਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਥਰ-ਥਰ ਕੰਬਦਾ ਚਗੱਤਾ ਕਾਇਰ ਜੀ,
ਦੌੜ ਕੇ ਤੇ ਫੜਲੇ ਲੱਧੀ ਦੇ ਪੈਰ ਜੀ ।
ਕਹਿੰਦੀ ਪੁੱਤ ਮਾਰਦੀ ਗਊਆਂ ਦੇ ਬਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਰਾਜੀ ਨਾਮਾ ਹੋ ਗਿਆ ਚਿਤੇ ਤੇ ਵੱਧਦਾ,
ਸੂਰਮਾ ਨਾ ਗੱਲ ਮਾਤਾ ਦੀ ਉਲੱਦ ਦਾ ।
ਦੂਰ੍ਹ ਪਾਕੇ ਉਤੋਂ ਫੇਰ ਦੀਂ ਸੁਹਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਸੁਲਾ ਹੋਗੀ ਭੱਟੀ ਜਾਂ ਪਿੰਡੀ ਨੂੰ ਮੁੜਗੇ,
ਮੁਗਲਾਂ ਦੇ ਭੱਜੇ ਵੇ ਭਗੌੜੇ ਜੁੜ ਗੇ ।
ਟਲਦਾ ਸੀ ਜ਼ੁਲਮ ਕਮੌਣੌ ਪਾਜੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਵਾਰ ਵਿੱਚ ਰੋਜ਼ ਖੇਲ ਦੇ ਸ਼ਿਕਾਰ ਜੀ,
ਪਿਆਰ ਪਾਕੇ ਕਰਦਾ ਦਗੇ ਦੀ ਕਾਰ ਜੀ ।
ਦਾਗ ਹੋਣੋ ਹਟੂ ਖਰਬੂਜਾ ਦਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਨਸ਼ਾ ਪੀ ਕੇ ਦੁੱਲਾ ਬੇ ਫਿਕਰ ਪੈ ਗਿਆ,
ਲਾਕੇ ਜੰਜੀਰਾਂ ਸੀ ਦਿੱਲੀ ਨੂੰ ਲੈ ਗਿਆ ।
ਸੌਂਗੀ ਸੌਰ੍ਹੀ ਫੇਰ ਤਕਦੀਰ ਜਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।

ਆਕਲ, ਅਦਾਲਤ, ਬੜੇ ਦਲੇਰ ਖਾਂ,
ਜਿਉਂਦੇ ਰਹਿਣ ਅਲੀ ਸਰਦਾਰ, ਸ਼ੇਰ ਖਾਂ ।
ਮੰਨਦੇ ਨੇ ਹੁਕਮ ਜੀ ਪਿਤਾ ਤੋਂ ਬਾਗੀ ਨਾ,
ਤੇ ਮੁਗਲ ਸੱਪ ਨੇ ਜ਼ਹਿਰ ਤਿਆਗੀ ਨਾ ।