Dubde Pattar Taare : Chatar Singh Bir

ਡੁੱਬਦੇ ਪੱਥਰ ਤਾਰੇ : ਚਤਰ ਸਿੰਘ ਬੀਰ

ਸ਼ਹੀਦੀ ਗੁਲਦਸਤਾ

(ਇਸ ਕਵਿਤਾ ਨੂੰ ਗੁਰੂ ਅਰਜਨ ਦੇਵ ਜੀ ਦੇ
ਸ਼ਹੀਦੀ ਕਵੀ ਦਰਬਾਰ ਸਮੇਂ ਡੇਹਰਾ ਸਾਹਿਬ
ਲਾਹੌਰ ਤੋਂ ੧੯੪੩ ਵਿਚ ਪਹਿਲਾ ਇਨਾਮ ਮਿਲਿਆ)

ਪਸ਼ੂਆਂ ਦਾ ਹਾਲ ਬੁਰਾ,
ਮੂੰਹ ਆਏ ਬਲਾਵਾਂ ਦੇ।
ਹਫ ਹਫ ਸਾਹ ਲੈਂਦੇ ਨੇ,
ਬਹਿ ਥੱਲੇ ਛਾਵਾਂ ਦੇ।
ਛਡ ਪੈਂਡਾ ਬੈਠ ਗਏ,
ਨੇ ਰਾਹੀ ਰਾਹਵਾਂ ਦੇ।
ਗਰਮੀ ਨਾਲ ਰਿਝਦੇ ਨੇ,
ਪਾਣੀ ਦਰਿਆਵਾਂ ਦੇ।

ਰੁਖਾਂ ਦੇ ਹਰੇ ਹਰੇ,
ਪੱਤੇ ਕੁਮਲਾਏ ਨੇ।
ਪੱਤਾਂ ਵਿਚ ਬੈਠੇ ਹੋਏ,
ਪੰਛੀ ਘਬਰਾਏ ਨੇ।
ਇਸ ਡਾਢ੍ਹੀ ਗਰਮੀਂ ਨੇ,
ਜਾਨਾਂ ਤੜਫਾਈਆਂ ਨੇ।
ਖੰਭ ਢਿੱਲੇ ਕੀਤੇ ਨੇ,
ਜੀਭਾਂ ਲਮਕਾਈਆਂ ਨੇ।

ਬਰਫਾਨੀਂ ਟਿੱਲੇ ਵੀ,
ਗਰਮੀਂ ਨੂੰ ਰੋਂਦੇ ਨੇ।
ਸਾੜੇ ਵਿਚ ਸੜਦੇ ਨੇ।
ਢੱਲ ਪਾਣੀ ਹੋਂਦੇ ਨੇ।
ਫਿਰ ਪਾਣੀ ਬਹਿੰਦਾ ਨਹੀਂ,
ਆਪਾ ਕਲਪਾਂਦਾ ਏ।
ਦਿਲ ਚੈਨ ਨਹੀਂ ਕਰਦਾ,
ਭੱਜਾ ਹੀ ਜਾਂਦਾ ਏ।

ਕਿਉਂ ਲਗਰਾਂ ਸੁੱਕਦੀਆਂ?
ਕਲੀਆਂ ਮੁਰਝਾਣ ਕਿਉਂ?
ਕਿਉਂ ਐਨੀ ਗਰਮੀ ਏਂ?
ਪੰਛੀ ਕੁਰਲਾਣ ਕਿਉਂ?
ਕਹਿੰਦੇ ਨੇ ਸੂਰਜ ਵੀ,
ਨੇਜ਼ੇ ਤੇ ਆਇਆ ਏ।
ਅਜ ਫਿਰ 'ਤਬਰੇਜ਼' ਹੁਰਾਂ,
ਜਾਦੂ ਦਿਖਲਾਇਆ ਏ।

ਧਰਤੀ ਦੇ ਸੀਨੇ ਚੋਂ,
ਸਭ ਪਾਣੀਂ ਮੁੱਕ ਗਏ।
ਫੁਲ ਪਤੇ ਹਰੇ ਹਰੇ,
ਸੜ ਸੜ ਕੇ ਸੁੱਕ ਗਏ।
ਪਰ ਐਨੀ ਗਰਮੀਂ ਨੂੰ,
ਇਕ ਬੂਟਾ ਝਲਦਾ ਏ।
ਜਿਉਂ ਜਿਉਂ ਅਗ ਵਰ੍ਹਦੀ ਏ,
ਇਹ ਫੁਲਦਾ ਫਲਦਾ ਏ।

ਇਸ ਨਿਆਰੇ ਬੂਟੇ ਦੇ,
ਪੱਤ ਸਾਵੇ ਪੀਲੇ ਨੇ।
ਲਗਰਾਂ ਨੇ ਲਾਲ ਜਹੀਆਂ,
ਫੁੱਲ ਨੀਲੇ ਨੀਲੇ ਨੇ।
ਵਲ ਪੈਂਦੇ ਲਗਰਾਂ ਨੂੰ,
ਤਾਣਾਂ ਜਿਹਾ ਤਣਿਆਂ ਏਂ।
ਇਹ ਕਈਆਂ ਰੰਗਾਂ ਦਾ,
ਗੁਲਦਸਤਾ ਬਣਿਆਂ ਏਂ।

ਨਹੀਂ ਨਹੀਂ ਇਹ ਲਗਰਾਂ ਨਹੀਂ,
ਜੋ ਲਗਰਾਂ ਲੱਗਦੀਆਂ।
ਵਲ ਖਾ ਖਾ ਨਿਕਲਦੀਆਂ,
ਇਹ ਲਾਟਾਂ ਅੱਗ ਦੀਆਂ।
ਨਹੀਂ ਨਹੀਂ ਫੁਲ ਨੀਲੇ ਨਹੀਂ,
ਦਿਲ ਧੋਖੇ ਖਾਂਦੇ ਨੇ।
ਇਹ ਸ਼ੋਅਲੇ ਅਗਨੀ ਦੇ,
ਤੇਜ਼ੀ ਦਰਸਾਂਦੇ ਨੇ।

ਚੌਂਹ ਪਾਸੀਂ ਭੱਠੀ ਦੇ,
ਅਗਨੀਂ ਦਾ ਘੇਰਾ ਏ।
ਵਿਚ ਤਪਦੀ ਲੋਹ ਉੱਤੇ,
ਮਾਹੀ ਦਾ ਡੇਰਾ ਏ।
ਚਿਹਰੇ ਤੇ ਖੇੜਾ ਏ,
ਮਸਤੀ ਇਹ ਦੱਸ ਰਹੀ।
ਹੈ ਦਿਲ ਦੀ ਤਹਿ ਅੰਦਰ,
ਸੀਤਲਤਾ ਵੱਸ ਰਹੀ।

ਅੱਗ ਸਾੜੇ ਖਲੜੀ ਨੂੰ,
ਸਭ ਛਾਲੇ ਪੈ ਜਾਂਦੇ।
ਤਾ ਲਗਦਾ ਹੋਰ ਜ਼ਰਾ,
ਫੁਲਦੇ, ਫਿੱਸ ਬਹਿ ਜਾਂਦੇ।
ਲਹੂ ਲੱਖਾਂ ਰੋਮਾਂ ਥੀਂ,
ਸਿਮ ਸਿਮ ਕੇ ਵਗਦਾ ਏ।
ਪਰ ਭਾਣਾਂ ਪ੍ਰੀਤਮ ਦਾ,
ਮਿੱਠਾ ਹੀ ਲਗਦਾ ਏ।

ਮੁਸਕਾਂਦਾ ਤੱਕਿਆ

ਜੇਠ ਮਹੀਨਾਂ ਜ਼ਾਲਮ ਬਣ ਕੇ,
ਅਪਣਾਂ ਜ਼ੋਰ ਵਖਾਂਦਾ ਤੱਕਿਆ।
ਸ਼ਿੰਗਰਫ ਵਰਗੀ ਧਰਤੀ ਉਤੇ,
ਅੰਬਰ ਅੱਗ ਵਰ੍ਹਾਂਦਾ ਤੱਕਿਆ।
ਹਰ ਇਕ ਹਰਿਆ ਬੂਟਾ ਪਲ ਵਿਚ,
ਪੀਲਾ ਰੰਗ ਵਟਾਂਦਾ ਤੱਕਿਆ।
ਸਾਗਰ ਏਸ ਕਹਿਰ ਦੀ ਗਰਮੀ
ਨਾਲ ਉਬਾਲੇ ਖਾਂਦਾ ਤੱਕਿਆ।
ਜੇਹੜੇ ਰਸਤੇ ਕੋਈ ਨਾ ਤੁਰਿਆ,
ਉਸ ਰਸਤੇ ਉਹ ਜਾਂਦਾ ਤੱਕਿਆ।
ਦੁਨੀਆਂ ਵਾਲੇ ਰੋਂਦੇ ਤੱਕੇ,
ਪਰ ਉਸ ਨੂੰ ਮੁਸਕਾਂਦਾ ਤੱਕਿਆ।

ਨਾਨਕ ਦੇ ਦਰਬਾਰ ਚੋਂ ਉਸ ਨੇ,
ਰੱਜ ਰੱਜ ਕੇ ਮਸਤੀ ਪੀਤੀ।
ਉਸਨੇ ਨਵਾਂ ਫਲਸਫਾ ਦਿੱਤਾ,
ਉਸਨੇ ਨਵੀਂ ਚਲਾਈ ਰੀਤੀ।
ਲਾਟਾਂ ਉਤੇ ਬੈਠ ਗਿਆ ਉਹ,
ਸਿਰ ਦੇ ਦਿੱਤਾ ਸੀ ਨਾ ਕੀਤੀ।
ਉਸਦੇ ਸਬਰ ਨਾਲ ਟਕਰਾ ਕੇ,
ਜਬਰ ਹੋ ਗਿਆ ਫੀਤੀ ਫੀਤੀ।
ਅਰਜਨ ਅਪਣਾਂ ਲਹੂ ਡੋਹਲ ਕੇ,
ਸੁਤੀ ਕੌਮ ਜਗਾਂਦਾ ਤਕਿਆ।
ਦੁਨੀਆਂ ਵਾਲੇ ਰੋਂਦੇ ਤੱਕੇ,
ਪਰ ਉਸ ਨੂੰ ਮੁਸਕਾਂਦਾ ਤੱਕਿਆ।

ਚੰਦੂ ਵਰਗੇ ਜ਼ਾਲਮ ਨੂੰ ਵੀ,
ਉਸਨੇ ਰੱਬੀ ਨੂਰ ਸਮਝਿਆ।
ਕਰਨ ਲਈ ਦੀਦਾਰ ਪ੍ਰਭੂ ਦਾ,
ਲੋਹ ਤੱਤੀ ਨੂੰ ਤੂਰ ਸਮਝਿਆ।
ਸੜਦੀ ਬਲਦੀ ਰੇਤਾ ਤਾਈਂ,
ਉਸਨੇ ਸੰਦਲ ਬੂਰ ਸਮਝਿਆ।
ਉਸ ਆਸ਼ਕ ਦਾ ਇਸ਼ਕ ਅਨੋਖਾ,
ਮੌਤ ਨੂੰ ਉਸਨੇਂ ਹੂਰ ਸਮਝਿਆ।
ਅਪਣੀਂ ਜਾਨ ਤਲੀ ਤੇ ਧਰਕੇ,
ਯਾਰੀ ਤੋੜ ਨਿਭਾਂਦਾ ਤਕਿਆ।
ਦੁਨੀਆਂ ਵਾਲੇ ਰੋਂਦੇ ਤੱਕੇ,
ਪਰ ਉਸ ਨੂੰ ਮੁਸਕਾਂਦਾ ਤੱਕਿਆ।

ਅਰਜਨ ਦੇਵ ਤਸੀਹੇ ਸਹਿਕੇ,
ਰਸਤਾ ਨਵਾਂ ਬਣਾਂਦਾ ਤਕਿਆ।
ਤੱਤੀ ਰੇਤ ਪਵਾ ਕੇ ਸਿਰ ਵਿਚ,
ਰੱਬ ਦਾ ਸ਼ੁਕਰ ਮਨਾਂਦਾ ਤਕਿਆ।
ਸਬਰ ਸਿਦਕ ਦੇ ਚਪੂ ਲੈ ਕੇ,
ਬੇੜਾ ਬੰਨੇਂ ਲਾਂਦਾ ਤਕਿਆ।
ਦੇਗਾਂ ਵਿਚ ਉਬਾਲੇ ਖਾਂਦਾ,
ਉਹ ਗੁਰਬਾਣੀਂ ਗਾਂਦਾ ਤਕਿਆ।
ਕੁਰਬਾਨੀ ਦੀ ਪੱਟੀ ਉੱਤੇ,
ਨਵੇਂ ਪੂਰਨੇ ਪਾਂਦਾ ਤਕਿਆ।
ਦੁਨੀਆਂ ਵਾਲੇ ਰੋਂਦੇ ਤੱਕੇ,
ਪਰ ਉਸ ਨੂੰ ਮੁਸਕਾਂਦਾ ਤੱਕਿਆ।

ਅਰਜਨ ਦੇਵ ਗੁਰੂ ਦੇ ਚੇਲੇ,
ਸਬਕ ਸਿਦਕ ਦਾ ਪੜ੍ਹਦੇ ਵੇਖੇ।
ਹੇਠ ਆਰਿਆਂ ਬਹਿੰਦੇ ਵੇਖੇ,
ਚਰਖੜੀਆਂ ਤੇ ਚੜ੍ਹਦੇ ਵੇਖੇ।
ਸ਼ਾਂਤ ਮਈ ਦਾ ਸ਼ਸਤਰ ਫੜਕੇ,
ਨਾਲ, ਵੈਰੀਆਂ ਲੜਦੇ ਵੇਖੇ।
ਢੋਲ ਵਜੌਂਦੇ ਭੰਗੜੇ ਪੌਂਦੇ,
ਮੌਤ ਦੇ ਮੂੰਹ ਵਿਚ ਵੜਦੇ ਵੇਖੇ।
ਔਖਾ ਸਮਾਂ ਜਦੋਂ ਆ ਜਾਂਦਾ,
ਹਰ ਬੰਦਾ ਕੁਰਲਾਂਦਾ ਤਕਿਆ।
ਪਰ ਅਰਜਨ ਦਾ ਹਰ ਇਕ ਚੇਲਾ,
ਹਰ ਵੇਲੇ ਮੁਸਕਾਂਦਾ ਤਕਿਆ।

ਕਰੀ ਨਾ ਕਿਨਹੂੰ ਆਨ

ਦਿੱਲੀ ਦੇ ਦਰਬਾਰ ਚੋਂ,
ਉਠਿਆ ਇਕ ਤੂਫਾਨ।
ਚੌਹੀਂ ਪਾਸੀਂ ਬਣ ਗਿਆ,
ਜ਼ੋਰ ਜ਼ੁਲਮ ਪ੍ਰਧਾਨ।
ਸਚ ਦੇ ਬੁਰਕੇ ਵਿਚ ਜਦ,
ਆਕੜ ਲਈ ਸ਼ੈਤਾਨ।
ਖੁਸ਼ੀਆਂ ਕਿਧਰੇ ਨੱਸੀਆਂ,
ਹੋ ਗਈ ਖਲਕ ਹੈਰਾਨ।
ਪਾਪ ਨੇ ਹੱਥੀਂ ਆਪਣੀਂ,
ਖਿੱਚ ਲਈ ਕਿਰਪਾਨ।
ਅੰਬਰ ਕਾਲਾ ਹੋ ਗਿਆ,
ਧਰਤੀ ਲਹੂ-ਲੁਹਾਨ।
ਕਿਕਲੀ ਪਾਈ ਮੌਤ ਨੇ,
ਲਾਕੇ ਮਾਰੂ ਤਾਨ।
ਥਾਂ ਥਾਂ ਰੋਈਆਂ ਰੌਣਕਾਂ,
ਹੱਸ ਪਏ ਸ਼ਮਸ਼ਾਨ।
ਆ ਗਈ ਸੀ ਬੱਸ ਧਰਮ ਦੀ,
ਬੁਲ੍ਹਾਂ ਉਤੇ ਜਾਨ।
ਬਾਂਹ ਸਰ੍ਹਾਣੇਂ ਰੱਖ ਕੇ,
ਸੀ ਸੌਂ ਚੁੱਕਾ ਭਗਵਾਨ।
ਉੱਠ ਨਾ ਸਕਿਆ ਜਦ ਕੋਈ,
ਮਰਦ - ਮੁੱਛ ਇਨਸਾਨ,
ਤੇਗ਼ ਬਹਾਦਰ ਸੀ ਕਿਰਿਆ,
ਕਰੀ ਨਾ ਕਿਨਹੂੰ ਆਨ।

ਫੜ ਕੇ ਭੋਲੇ ਪਿਆਰ ਨੂੰ,
ਲੱਗ ਪਏ ਜਦ ਕ੍ਹੋਣ।
ਬੱਕਰੇਂ ਵਾਂਗੂੰ ਇਸ਼ਕ ਦੇ,
ਡਕਰੇ ਲੱਗ ਪਏ ਹੋਣ।
ਨਖਰੇ ਨੂੰ ਪਹਿਨਾ ਦਿੱਤੀ,
ਪੈਰਾਂ ਵਿਚ ਜ਼ੰਜੀਰ।
ਕੈਦੀ ਕਰ ਲਏ ਹਿਰਸ ਨੇ,
ਕਲੀਆਂ ਜਹੇ ਸਰੀਰ।
ਹੁਸਨ ਵਿਚਾਰਾ ਕੰਬਿਆ,
ਲੱਗਾ ਹਉਕੇ ਲੈਣ।
ਅਖੀਂ ਛਲਕੇ ਅਥਰੂ,
ਚੀਰ ਕਲੇਜੇ ਪੈਣ।
ਰੀਝਾਂ ਜ਼ਖਮੀਂ ਹੋ ਗਈਆਂ,
ਆਸਾਂ ਹੋਈਆਂ ਚੂਰ।
ਚਾਵਾਂ ਪਾਏ ਕੀਰਨੇ,
ਸ਼ੌਕ ਹੋਏ ਮਜਬੂਰ।
ਰੂਹਾਂ ਨਿਗਲਣ ਵਾਸਤੇ,
ਮੂੰਹ ਅਡਿਆ ਤਲਵਾਰ।
ਦਰਦ ਨ ਆਇਆ ਕਿਸੇ ਨੂੰ,
ਸੁਣ ਕੇ ਚੀਖ ਪੁਕਾਰ।
ਵੱਸਣ ਨੂੰ ਤਾਂ ਵਸਦਾ,
ਸੀ ਸਾਰਾ ਹਿੰਦੁਸਤਾਨ।
ਤੇਗ ਬਹਾਦਰ ਸੀ ਕਿਰਿਆ,
ਕਰੀ ਨਾ ਕਿਨਹੂੰ ਆਨ।

ਪੰਡਤਾਂ ਦੀ ਫਰਿਆਦ ਸੁਣ,
ਦਿਲ ਚੋਂ ਉੱਠੀ ਚੀਸ।
ਜੰਞੂ ਤਿਲਕ ਬਚਾ ਲਿਆ,
ਦੇਕੇ ਅਪਣਾ ਸੀਸ
ਆਪ ਤਾਂ ਬੇਸ਼ਕ ਹੋ ਗਿਆ,
ਟੁਕੜੇ ਟੁਕੜੇ ਚੰਦ।
ਤਿਥੀ ਤੇਗ ਜਲਾਦ ਦੀ,।
ਕੱਟ ਨ ਸੱਕੀ ਤੰਦ।
ਕੂੜ ਦੀ ਕਾਲੀ ਰਾਤ ਚੋਂ,
ਨਿਕਲੀ ਲਾਲ ਲਕੀਰ।
ਜ਼ੋਰ ਜ਼ੁਲਮ ਅਨਿਆਉਂ ਦਾ,
ਗਈ ਕਲੇਜਾ ਚੀਰ।
ਓਸੇ ਹੜ੍ਹ ਵਿਚ ਰੁੜ੍ਹ ਗਈ,
ਉਹ ਖੂਨੀਂ ਸ਼ਮਸ਼ੀਰ।
ਉੱਸੇ ਸੇਕ 'ਚ ਸੜ ਗਈ,
ਮੁਗ਼ਲਾਂ ਦੀ ਤਕਦੀਰ।
ਜਦ ਤਕ ਹੋਸ਼ 'ਚ ਹੋਸ਼ ਹੈ,
ਜਾਨ ਦੇ ਵਿਚ ਹੈ ਜਾਨ।
ਤਦ ਤਕ ਚੇਤੇ ਰਹੇਗਾ,
ਇਹ ਸਾਨੂੰ ਅਹਿਸਾਨ।
ਬਣ ਚੁੱਕਾ ਸੀ ਚਿਰਾਂ ਦਾ,
ਕੁੰਭੀ ਨਰਕ ਜਹਾਨ।
ਤੇਗ ਬਹਾਦਰ ਜੀ ਕਿਰਿਆ,
ਕਰੀ ਨਾ ਕਿਨਹੂੰ ਆਨ।

ਉਹਦੇ ਸਿਖ ਨਾ ਡੋਲੇ ਸਿਦਕ ਤੋਂ,
ਮਸਤ ਰਹੇ ਹਰ ਰੰਗ।
ਤਕ, ਦੇਂਦੇ ਜਾਨਾਂ ਹੱਸਕੇ,
ਮੌਤ ਵੀ ਰਹਿ ਗਈ ਦੰਗ।
ਭਰਮ ਸੀ ਜੋ ਤਬਰੇਜ਼ ਨੂੰ,
ਹੋਇਆ ਦਿਲ ਚੋਂ ਦੂਰ।
ਸ਼ਿੱਖ ਸ਼ਹੀਦਾਂ ਸਾਹਮਣੇਂ,
ਮਾਤ ਪਿਆ ਮਨਸੂਰ।
ਮੂਸਾ ਨੇ ਜੋ ਵੇਖਿਆ,
ਚੜ੍ਹ ਕੇ ਉਂਪਰ ਤੂਰ।
ਭਾਈ ਦਿਆਲੇ ਦੇਗ਼ ਵਿਚ,
ਤੱਕਿਆ ਉਹੀਓ ਨੂਰ।
ਕਰ ਕੇ ਸੱਚੇ ਸਾਹਿਬ ਦੇ,
ਭਾਣੇ ਨੂੰ ਮਨਜ਼ੂਰ।
ਮਤੀ ਦਾਸ ਨੇ ਮਾਣਿਆ,
ਆਰੇ ਹੇਠ ਸਰੂਰ।
ਮੁਕਦੀ ਮੁਕਦੀ ਮੁਕ ਗਈ,
ਦੇਹਾਂ ਵਿਚੋਂ ਜਾਨ।
ਮਰਦੇ ਦਮ ਤਕ ਮਰੀ ਨਾ,
ਬੁਲ੍ਹਾਂ ਦੀ ਮੁਸਕਾਨ।
ਭਗਤ ਉਨ੍ਹਾਂ ਦੇ ਹੋ ਗਏ,
ਸੂਰ-ਬੀਰ ਕੁਰਬਾਨ।
ਤੇਗ ਬਹਾਦਰ ਜੀ ਕਿਰਿਆ,
ਕਰੀ ਨਾ ਕਿਨਹੂੰ ਆਨ।

ਸ਼ਾਨ ਤੇਰੀ

(ਇਸ ਕਵਿਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ
ਦਿਨ ਦੇ ਕਵੀ ਦਰਬਾਰ ਸਮੇਂ ਬੰਬਈ ਤੋਂ ੧੯੪੯
ਵਿੱਚ ਪਹਿਲਾ ਇਨਾਮ ਮਿਲਿਆ)

ਕੌਮਾਂ, ਵਿਚ ਦੁਨੀਆਂ ਹੈਨ ਕਈ ਐਪਰ,
ਸਭ ਤੋਂ ਵੱਖਰੀ ਹੈ ਦਾਸਤਾਨ ਤੇਰੀ।
ਲੋਕ ਮਿੱਟੀ ਦੇ ਬੁੱਤਾਂ ਨੂੰ ਪੂਜਦੇ ਰਹੇ,
ਪੂਜਾ ਤੇਗ ਦੀ ਹੋਈ ਪ੍ਰਵਾਨ ਤੇਰੀ।
ਸੁਣ ਕੇ ਗੜ੍ਹਕਵੀਂ ਗੂੰਜ ਜੈਕਾਰਿਆਂ ਦੀ,
ਈਨ ਮੰਨਦਾ ਰਿਹਾ ਅਸਮਾਨ ਤੇਰੀ।
ਕਿਥੋਂ ਲੱਭਣੀਂ ਸੀ ਤੇਰਿਆਂ ਦੁਸ਼ਮਣਾਂ ਨੂੰ,
ਮਰ ਗਈ ਮੌਤ ਵੀ ਟੋਲਦੀ ਜਾਨ ਤੇਰੀ।
ਸੂਰ ਬੀਰਤਾ ਜੰਗ ਮੈਦਾਨ ਅੰਦਰ,
ਵੇਂਹਦਾ ਰਿਹਾ ਏ ਕੁੱਲ ਜਹਾਨ ਤੇਰੀ।
ਅੱਜ ਢੇਰੀਆਂ ਢਾਹ ਕੇ ਬਹਿ ਗਿਆ ਏਂ,
ਕਾਹਦੀ ਬਿਨਾਂ ਨਣਕਾਣੇਂ ਦੇ ਸ਼ਾਨ ਤੇਰੀ?

ਕਲ੍ਹ ਵੇਖ ਅਨਿਆਂ ਸੈਂ ਫੜਕ ਪੈਂਦਾ,
ਅੱਜ ਜ਼ਰਾ ਵੀ ਜੋਸ਼ ਨਹੀਂ ਖਾ ਸਕਦਾ?
ਕਲ੍ਹ ਧੀਆਂ ਛਡੌਂਦਾ ਸੈਂ ਕਿਸੇ ਦੀਆਂ,
ਅਜ ਘਰ ਦੀਆਂ ਨਹੀਂ ਛੁਡਾ ਸਕਦਾ।
ਕਲ੍ਹ ਝੰਡੇ ਜਮਰੌਦ ਤੇ ਝੁੱਲਦੇ ਸਨ,
ਅਜ 'ਵਾਹਗੇ' ਤੋਂ ਪਾਰ ਨਹੀਂ ਜਾ ਸਕਦਾ?
ਏਦਾਂ ਈਂ ਰਹੀ ਜੇਕਰ ਨਾਨਕ ਗੁਰੂ ਕੋਲੋਂ,
ਸਿਖਾ ਤੂੰ ਨਹੀਂ ਸਿਖ ਅਖਵਾ ਸਕਦਾ।
ਮੂੰਹ ਭੰਨਦੀ ਸੀ ਜੇਹੜੀ ਜਾਬਰਾਂ ਦੇ,
ਕਿਥੇ ਗਈ ਏ ਅੱਜ ਕਿਰਪਾਨ ਤੇਰੀ?
ਤੈਨੂੰ ਗਲੀਆਂ ਦੇ ਕੱਖ ਵੀ ਪੁੱਛਦੇ ਨੇ,
ਕਾਹਦੀ ਬਿਨਾਂ ਨਣਕਾਣੇਂ ਦੇ ਸ਼ਾਨ ਤੇਰੀ?

ਟੁੱਟ ਟੁੱਟ ਪੈਂਦੇ ਟਿੱਡੀ ਦਲਾਂ ਉੱਤੇ,
ਕਾਹਨੂੰ ਵਾਣ ਦੇ ਸਿੰਘ ਸਰਦਾਰ ਤੇ ਤੱਕ।
ਜੀਹਨੇਂ ਮੂੰਹ ਅਬਦਾਲੀ ਦਾ ਮੋੜਿਆ ਸੀ,
ਦੀਪ ਸਿੰਘ ਦੇ ਖੰਡੇ ਦੀ ਧਾਰ ਤੇ ਤੱਕ।
ਵਖਤ ਪਾਇਆ ਸੀ ਜੀਹਨੇਂ ਫਰੰਗੀਆਂ ਨੂੰ,
ਸ਼ਾਮ ਸਿੰਘ ਦੀ ਜ਼ਰਾ ਤਲਵਾਰ ਤੇ ਤੱਕ।
ਅਜੇ ਕਲ੍ਹ ਜੀਹਨੇਂ ਇੰਜਣ ਡੱਕਿਆ ਸੀ,
ਓਸ ਸ਼ੇਰ ਦੀ ਸੋਹਣੀਂ ਨੁਹਾਰ ਤੇ ਤੱਕ।
ਤੱਕ ਪਿਛਲਿਆਂ ਬੀਰਾਂ ਦੇ ਕਾਰਨਾਮੇ,
ਵੇਖ ਕੌਮ ਕਿਨੀ ਸੀ ਬਲਵਾਨ ਤੇਰੀ।
ਓਸੇ ਕੌਮ ਦਾ ਸੱਚਾ ਸਿਪਾਹੀ ਏਂ ਤੂੰ,
ਕਾਹਦੀ ਬਿਨਾਂ ਨਣਕਾਣੇਂ ਦੇ ਸ਼ਾਨ ਤੇਰੀ?

ਜਦ ਵੀ ਅਣਖ ਤੇਰੀ ਕਿਸੇ ਚਾਹੀ ਖੋਹਣੀਂ,
ਜੋਸ਼ ਵਿਚ ਤੇਰੇ ਡੌਲੇ ਫਰਕਦੇ ਰਹੇ।
ਚੜ੍ਹਤ ਵੇਖਕੇ ਤੇਰੇ ਬਹਾਦਰਾਂ ਦੀ,
ਥਰ ਥਰ ਕਿਲ੍ਹੇ ਕੰਧਾਰ ਦੇ ਥਰਕਦੇ ਰਹੇ।
ਤੇਰੇ ਇਕ ਜਰਨੈਲ ਦਾ ਨਾਂ ਸੁਣ ਕੇ,
ਨੌਂ-ਨੌਂ-ਫੁਟੇ ਪਠਾਣ ਵੀ ਯਰਕਦੇ ਰਹੇ।
ਗਈ ਪੇਸ਼ ਨਾ ਕਾਬਲੀ ਜੋਗੀਆਂ ਦੀ,
ਤੇਰੇ ਨਾਗ ਮੈਦਾਨ ਵਿਚ ਸਰਕਦੇ ਰਹੇ।
ਪਰ ਤੂੰ ਦੁਸ਼ਮਣਾਂ ਨੂੰ ਤੀਰ ਮਾਰਨੇ ਕੀ,
ਫੁੱਟੀ ਪਈ ਏ ਅਜ ਕਮਾਨ ਤੇਰੀ।
ਸਿੰਘਾ ਸੋਚ ਕੇ ਵੇਖ ਲੈ ਲੱਖ ਵਾਰੀ,
ਨਹੀਓਂ ਬਿਨਾਂ ਨਣਕਾਣੇਂ ਦੇ ਸ਼ਾਨ ਤੇਰੀ।

ਜੇ ਤੂੰ ਲਵੇਂ ਨਾ ਗੁਰੂ ਅਸਥਾਨ ਵਾਪਸ,
ਤੈਨੂੰ ਗੁਰੂ ਅਰਜਨ ਜੀ ਦੇ ਨਾਂ ਦੀ ਸੌਂਹ।
ਜ੍ਹੀਨਾਂ ਹਾਰ ਪਵਾਏ ਸਨ ਬਚਿਆਂ ਦੇ,
ਓਹਨਾਂ ਵਿਚੋਂ ਕਿਸੇ ਇੱਕ ਮਾਂ ਦੀ ਸੌਂਹ।
ਜਿਥੇ ਖੂੰਨ ਸ਼ਹੀਦਾਂ ਦਾ ਰਿਹਾ ਡੁਲ੍ਹਦਾ,
ਤੈਨੂੰ ਦਿਆਂ ਉਸ ਰਾਂਗਲੀ ਥਾਂ ਦੀ ਸੌਂਹ।
ਜਿਥੇ "ਲਛਮਣ' 'ਦਲੀਪ' ਨੂੰ ਫੂਕਿਆ ਸੀ,
ਓਸ ਚੰਦਰੇ ਜੰਡ ਦੀ ਛਾਂ ਦੀ ਸੌਂਹ।
ਪੰਜਾ ਲੈਣ ਲਈ ਗ਼ੈਰ ਤੋਂ ਅੱਜ ਤੈਨੂੰ,
ਕੀ ਵੰਗਾਰਦੀ ਨਹੀਂ ਅਣਖ ਆਨ ਤੇਰੀ?
ਸ਼ਾਨਾ ਵਾਲਿਆ ਕੌਮ ਦੇ ਸੂਰਬੀਰਾ,
ਕਾਹਦੀ ਬਿਨਾਂ ਨਣਕਾਣੇਂ ਦੇ ਸ਼ਾਨ ਤੇਰੀ?

ਅਸੀਂ ਕੌਣ ਹਾਂ ?

ਜਿੱਥੇ ਮੁਕਦੀ ਮਜਨੂੰਆਂ, ਰਾਂਝਿਆਂ ਦੀ,
ਉਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ।
ਸਾਡੇ ਲੜਦਿਆਂ ਲੜਦਿਆਂ ਸਿਰ ਲਹਿ ਗਏ,
ਸਾਡੇ ਜਿਸਮ ਚੋਂ ਗਈ ਨਾ ਜਾਨ ਸਾਡੀ।
ਮਰਨ ਵਾਸਤੇ ਆਪਣੀ ਅਣਖ ਪਿੱਛੇ,
ਰੀਝ ਰਹੀ ਏ ਸਦਾ ਜਵਾਨ ਸਾਡੀ।
ਹੁੰਦਾ ਰਿਹਾ ਏ ਡੱਕਰੇ ਜਿਸਮ ਸਾਡਾ,
ਐਪਰ ਸੀ ਨਾ ਕਿਹਾ ਜ਼ਬਾਨ ਸਾਡੀ।

ਤਰਦੇ ਰਹੇ ਨੇ ਲੋਕ 'ਝਨਾਂ' ਅੰਦਰ,
ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ।
ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ,
ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ।

ਕਰਨ ਵਾਸਤੇ ਦੂਰ ਪਿਆਸ ਆਪਣੀ,
ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ।
ਲੱਭਣ ਲਈ ਅਸੀਂ ਸੋਮਾ ਜ਼ਿੰਦਗੀ ਦਾ,
ਮੌਤ ਆਪਣੀ ਆਪ ਸਹੇੜਦੇ ਰਹੇ।
ਸਾਨੂੰ ਕਿਸੇ ਨਾ ਦੱਸੀ ਸੁਆਹ ਮੱਲਣੀ,
ਜੁੱਸੇ ਲਹੂ ਦੇ ਵਿਚ ਲਬੇੜਦੇ ਰਹੇ।
ਜੋਗ ਅਸਾਂ ਦਸ਼ਮੇਸ਼ ਤੋਂ ਲਿਆ ਐਸਾ,
ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਹੈ।

ਸਾਨੂੰ ਪਿੰਜਰੇ ਵਿਚ, ਜੇ ਕਿਸੇ ਪਾਇਆ,
ਖੋਲ੍ਹੇ ਖੰਭ ਤੇ ਪਿੰਜਰੇ ਤੋੜ ਛੱਡੇ।
ਅਸੀਂ ਉਹ ਹਾਂ, ਜਿਨ੍ਹਾਂ ਦੇ ਸੀਨਿਆਂ ਨੇ,
ਤਿੱਖੇ ਨੇਜ਼ਿਆਂ ਦੇ ਮੂੰਹ ਮੋੜ ਛੱਡੇ।

ਸਾਡਾ ਮੂੰਹ ਮੁਹਾਂਦਰਾ ਵੱਖਰਾ ਹੈ,
ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ।
ਸਾਡੀ ਮੌਤ ਜਹਾਨ ਤੋਂ ਵੱਖਰੀ ਹੈ,
ਸਾਡੀ ਜ਼ਿੰਦਗੀ ਜੀਣ ਦਾ ਢੰਗ ਵੱਖਰਾ।
ਕਿਸੇ ਹੋਰ ਦੇ ਨਾਲ ਨਹੀਂ ਮੇਲ ਖਾਂਦਾ,
ਤੁਰਿਆ ਆਉਂਦਾ ਏ, ਸਾਡਾ ਪ੍ਰਸੰਗ ਵੱਖਰਾ।
ਸਾਡੀ ਆਤਮਾ ਦੇ, ਲੱਛਣ ਵੱਖਰੇ ਨੇ,
ਸਾਡੇ ਜਿਸਮ ਦਾ ਏ, ਹਰ ਇਕ ਅੰਗ ਵੱਖਰਾ।

ਸਦਾ ਸਾਡੇ ਨਸੀਬਾਂ 'ਚ ਜਿੱਤ ਹੁੰਦੀ,
ਕਦੀ ਕਿਸੇ ਨੇ ਦਿੱਤੀ ਨਾ ਹਾਰ ਸਾਨੂੰ।
ਸਿਰ ਤਲੀ ਤੇ ਰੱਖ ਕੇ ਤੁਰੇ ਜਾਈਏ,
ਦੁਨੀਆ ਆਖਦੀ, ਸਦਾ ਸਰਦਾਰ ਸਾਨੂੰ।

ਤੇਲ ਬਾਲਕੇ ਰੋਸ਼ਨੀ ਕਰਨ ਲੋਕੀਂ,
ਚਰਬੀ ਨਾਲ ਬਲਦੇ ਸ਼ਮਾਂਦਾਨ ਸਾਡੇ।
ਜੋੜ ਜੋੜ ਤੋਂ ਜਿਸਮ ਕਟਵਾ ਕੇ ਵੀ,
ਰਹਿ ਗਏ ਦਿਲਾਂ ਦੇ ਵਿਚ ਅਰਮਾਨ ਸਾਡੇ।
ਬੇਸ਼ੱਕ ਝੁੱਲਦੇ ਰਹੇ ਤੂਫ਼ਾਨ ਲੱਖਾਂ,
ਫਿਰ ਵੀ ਝੁੱਲਦੇ ਰਹੇ ਨਿਸ਼ਾਨ ਸਾਡੇ।
ਮੀਂਹ ਵੱਸਦਾ ਰਿਹਾ ਜੇ ਗੋਲੀਆਂ ਦਾ,
ਫਿਰ ਵੀ ਬੁੱਕਦੇ ਰਹੇ ਜਵਾਨ ਸਾਡੇ।

ਝੂਟੇ ਲਏ ਨੇ ਕਿਸ ਤਰ੍ਹਾਂ ਚਰਖੀਆਂ ਤੇ,
ਲਹਿੰਦੀ ਰਹੀ ਏ, ਕਿਸ ਤਰ੍ਹਾਂ ਖੱਲ ਸਾਡੀ।
ਲੋਕ ਉਂਗਲਾਂ ਮੂੰਹ ਵਿਚ ਪਾ ਲੈਂਦੇ,
ਤੁਰਦੀ ਮਹਿਫ਼ਲਾਂ ਵਿਚ ਜਦ ਗੱਲ ਸਾਡੀ।

ਛੋਟੀ ਉਮਰ ਦੇ ਵਿਚ ਹੀ ਮੋਢਿਆਂ ਤੇ,
ਚੁੱਕ ਲਿਆ ਮੁਸੀਬਤਾਂ ਵੱਡੀਆਂ ਨੂੰ।
ਕਰਨ ਵਾਸਤੇ ਕੌਮ ਦੀ ਨੀਂਹ ਪੱਕੀਂ,
ਪਾਇਆ ਰੋੜੀ ਦੀ ਥਾਂ ਤੇ ਹੱਡੀਆਂ ਨੂੰ।
ਅਸੀਂ ਮੌਤ ਮੁਟਿਆਰ ਦੇ ਘਰ ਜਾ ਕੇ,
ਰਹੇ ਖੇਡਦੇ ਕੌਡ-ਕਬੱਡੀਆਂ ਨੂੰ।
ਅਸੀਂ ਉਹ ਹਾਂ, ਜਿਨ੍ਹਾਂ ਨੇ ਹਿੱਕ ਡਾਹ ਕੇ,
ਰੋਕ ਛੱਡਿਆ ਚੱਲਦੀਆਂ ਗੱਡੀਆਂ ਨੂੰ।

ਅਸੀਂ ਅਣਖ਼ ਨੂੰ ਜੀਊਂਦਿਆਂ ਰੱਖਣਾਂ ਏਂ,
ਸਭੋ ਕੁਝ ਆਪਣਾ ਹਾਜ਼ਰ ਕਰ ਦਿਆਂਗੇ।
ਲੋੜ ਪਈ ਤੇ ਸਿਰਾਂ ਦੇ ਨਾਲ ਮੁੜਕੇ,
ਝੋਲੀ ਦੇਸ਼ ਤੇ ਕੌਮ ਦੀ ਭਰ ਦਿਆਂਗੇ ।

ਗੁਰੂ ਨਾਨਕ

ਕੀ ਹੋਈ ਮਹਿਕ ਭਲਾ ਫੁੱਲਾਂ ਦੀ ਡਾਲੀ ਵਿਚ।
ਖੇਡੇ ਦਾ ਮਾਲੀ ਉਹ ਖੁਲ੍ਹਾਂ ਦਾ ਵਾਲੀ ਉਹ,
ਕੋਈ ਸ਼ੀਤਲ-ਸੋਮਾਂ ਸੀ ਉਹਦੀ ਨਜ਼ਰ ਨਿਰਾਲੀ ਵਿਚ।

ਦੁਨੀਆਂ ਦੰਗ ਰਹਿੰਦੀ ਸੀ ਉਦ੍ਹੇ ਦਿਲ ਦੀਆਂ ਖੁਲ੍ਹਾਂ ਤੋਂ।
ਕੋਈ ਰੂਪ ਇਲਾਹੀ ਸੀ ਉਹਦੇ ਸੁੰਦਰ ਚਿਹਰੇ ਤੇ,
ਕੋਮਲਤਾ ਕਿਰਦੀ ਸੀ ਉਹਦੇ ਹਸਦੇ ਬੁਲ੍ਹਾਂ ਤੋਂ।

ਸੀ ਪੁਤਲਾ ਸਿਮਰਨ ਦਾ ਖੁਸ਼ ਰਹਿੰਦਾ ਕੱਖਾਂ ਤੇ।
ਸੋਝੀ ਤ੍ਰੈਲੋਕੀ ਦੀ ਬਣ ਰਿਹਾ ਨਿਮਾਣਾਂ ਉਹ,
ਮਸਤੀ ਤੇ ਭੋਲਾਪਨ ਅਧ ਖੁਲ੍ਹੀਆਂ ਅੱਖਾਂ ਤੋਂ।

ਮੰਨੀ ਹੋਈ ਮਸਤੀ ਏ ਚਲ ਰਹੇ ਫੁਹਾਰੇ ਦੀ।
ਅਸਮਾਨੀ ਤਾਰੇ ਦੀ ਮਧਮ ਜਹੀ ਝਿਲ ਮਿਲ ਤੋਂ,
ਵਧ ਵਗ ਰਹੇ ਝਰਨੇ ਤੋਂ ਮਸਤੀ ਉਸ ਪਿਆਰੇ ਦੀ।

ਬਿਜਲੀ ਤੋਂ ਉਤੇ ਸਨ ਉਹਦੇ ਰੂਪ ਦੀਆਂ ਚਮਕਾਂ।
ਕਲੀਆਂ ਦੇ ਨਖਰੇ ਤੋਂ ਲਗਰਾਂ ਦੇ ਜੋਬਨ ਤੋਂ,
ਵਧ ਹਸ ਰਹੇ ਫੁੱਲਾਂ ਤੋਂ ਉਹਦੇ ਰੂਪ ਦੀਆਂ ਦਮਕਾਂ।

ਹੁਸਨਾਂ ਤੋਂ ਉਤੇ ਸਨ ਉਹਦੇ ਰੂਪ ਦੀਆਂ ਡਲ੍ਹਕਾਂ।
ਸੀਤਲ ਸਨ ਚੰਦਨ ਤੋਂ ਸੁੰਦਰ ਸਨ ਕੰਵਲਾਂ ਤੋਂ,
ਮਿਠੀਆਂ ਚੰਨ-ਰਿਸਮਾਂ ਤੋਂ ਉਹਦੇ ਨੂਰ ਦੀਆਂ ਝਲਕਾਂ।

ਮੁਰਝਾਈਆਂ ਵੇਲਾਂ ਵਿਚ ਮੁੜ ਲਚਕਾਂ ਆ ਗਈਆਂ।
ਨਾਨਕ ਜਿਸ ਰੁੱਖ ਥੱਲੇ ਇਕ ਪਲ ਭਰ ਬੈਠ ਗਿਆ,
ਜੁੱਗਾਂ ਦਿਆਂ ਸੁਕਿਆਂ ਤੇ ਹਰਿਔਲਾਂ ਛਾ ਗਈਆਂ।

ਕੌਤਕ ਉਸ ਪ੍ਰੀਤਮ ਦੇ ਮੈਂ ਅਖੀਂ ਡਿੱਠੇ ਨੇ।
ਜਨਮਾਂ ਦੇ ਕੌੜੇ ਨੇ ਛੁਹ ਲਈ, ਉਸ ਦਾਤੇ ਤੋਂ,
ਰੇਠੇ ਮੂੰਹ ਪਾ ਵੇਖੋ ਅਜ ਤੀਕਰ ਮਿੱਠੇ ਨੇ।

ਉਤੋਂ ਜਦ ਰੇੜ੍ਹ ਦਿੱਤਾ ਪੱਥਰ ਕੰਧਾਰੀ ਨੇ,
ਅਖ ਭਰਕੇ ਤਕਿਆ ਜਦ ਮੇਹਰਾਂ ਦੇ ਸਾਈਂ ਨੇਂ।
ਬਸ ਮੋਮ ਬਣਾ ਦਿੱਤਾ ਨਾਨਕ ਨਿਰੰਕਾਰੀ ਨੇਂ।

ਬਾਣੀ ਗੁਰੂ ਨਾਨਕ ਦੀ ਠੰਡਕ ਵਰਤੌਂਦੀ ਰਹੀ।
ਖਬਰੇ ਕੋਈ ਜਾਦੂ ਸੀ ਪਈ ਦੁਨੀਆਂ ਮੰਨਦੀ ਏ।
ਬਾਬਰ ਦੀ ਚੱਕੀ ਵੀ ਸੁਣ ਸੁਣ ਕੇ ਭੌਂਦੀ ਰਹੀ।

ਭਰਮਾਂ ਪਾਖੰਡਾਂ ਦਾ ਤਲ ਮੂਲ ਉਡਾ ਦਿੱਤਾ।
ਭਾਗੋ ਜਹੇ ਲੋਭੀ ਨੂੰ ਕੌਡੇ ਜਹੇ ਦੈਂਤਾਂ ਨੂੰ,
ਸੱਜਣ ਜਹੇ ਠੱਗਾਂ ਨੂੰ ਉਸ ਰਾਹੇ ਪਾ ਦਿੱਤਾ।

ਸਭ ਗਿਣਤੀ ਅੰਦਰ ਨੇ ਤਾਰੇ ਅਸਮਾਨਾਂ ਦੇ,
ਨਾਨਕ ਦੀਆਂ ਮੇਹਰਾਂ ਦੀ ਕੀ ਗਿਣਤੀ ਹੋਣੀ ਏਂ,
ਅੰਦਾਜ਼ੇ ਲਗਦੇ ਨਹੀਂ ਉਸਦੇ ਅਹਿਸਾਨਾਂ ਦੇ।

ਡੁਬਦੇ ਪੱਥਰ ਤਾਰੇ

ਦੁਨੀਆਂ ਦੇ ਤਖਤੇ ਉੱਤੇ,
ਜਦ ਵਧੀਆਂ ਲੁੱਟਾਂ ਮਾਰਾਂ।
ਮਜ਼ਦੂਰ ਦੀ ਰੱਤ ਨਚੋੜੀ,
ਸੀ ਰਲ ਕੇ ਪੂੰਜੀ ਦਾਰਾਂ।
ਧਰਤੀ ਦੇ ਕੋਨੇ ਕੋਨੇ,
ਜਦ ਫੈਲ ਗਈ ਮੱਕਾਰੀ।
ਬੰਦੇ ਦੀ ਸਾਰੀ ਨੇਕੀ,
ਬਦੀਆਂ ਦੇ ਅੱਗੇ ਹਾਰੀ।

ਜਦ ਸਹਿਮ ਸਹਿਮ ਕੇ ਹੋਈ,
ਜੋਬਨ ਦੀ ਰੰਗਤ ਬੱਗੀ।
ਮਜਬੂਰਾਂ ਦੀ ਮਜਬੂਰੀ,
ਦਮ ਆਪਣਾ ਤੋੜਨ ਲੱਗੀ।
ਕਲੀਆਂ ਦੇ ਸੀਨੇ ਪੱਛੇ,
ਜਦ ਬਾਗਾਂ ਅੰਦਰ ਖਾਰਾਂ।
ਮਾਲੀ ਦੇ ਅੱਗੇ ਰੋਈਆਂ,
ਸੀ ਚੀਕਾਂ ਮਾਰ ਬਹਾਰਾਂ।

ਸੰਤਾਂ ਨੇ ਖਲਕਤ ਲੁੱਟੀ,
ਸਾਧਾਂ ਨੇ ਮਾਰੇ ਡਾਕੇ।
ਤੇ ਭੋਲੀ ਭਾਲੀ ਜਨਤਾ,
ਜਦ ਕੱਟਣ ਲਗੀ ਫਾਕੇ।
ਜਦ ਪੰਡਤ ਬਣ ਗਏ ਪਾਪੀ,
ਜਦ ਕਾਜ਼ੀ ਬਣੇ ਕਸਾਈ।
ਸੀ ਚਾਰ ਚੁਫੇਰੇ ਮੱਚੀ,
ਦੁਨੀਆਂ ਤੇ ਹਾਲ ਦੁਹਾਈ।

ਹਰ ਪਾਸੇ ਧੋਖਾ ਠੱਗੀ,
ਹਰ ਪਾਸੇ ਜਾਦੂ ਟੂਣੇ।
ਜਦ ਕਰਮੀਂ ਧਰਮੀਂ ਬੰਦੇ,
ਹੋ ਬੈਠੇ ਨਿੰਮੋ-ਝੂਣੇ।
ਜਦ ਮਜ਼੍ਹਬ ਦੇ ਠੇਕੇਦਾਰਾਂ,
ਸੀ ਪੁੱਠਾ ਚਾਲਾ ਫੜਿਆ।
ਤਦ ਮੇਟਣ ਲਈ ਹਨੇਰਾ,
ਇਕ ਚੰਨ ਤਲਵੰਡੀ ਚੜ੍ਹਿਆ।

ਨਾਨਕ ਦੀ ਨੇਕੀ ਤਾਈਂ,
ਸਭ ਜਾਣੇਂ ਬੁੱਢਾ ਬੱਚਾ।
ਉਸ ਭੁੱਖੇ ਸੰਤ ਰਜਾਏ,
ਤੇ ਕੀਤਾ ਸੌਦਾ ਸੱਚਾ।
ਜਦ ਮੋਦੀ ਖਾਨੇ ਬੈਠਾ,
ਤੇ ਦਾਣੇ ਤੋਲਣ ਲੱਗਾ।
ਉਹ ਗਿਣਤੀ ਮਿਣਤੀ ਭੁੱਲਾ,
ਤੇ 'ਤੇਰਾ' ਬੋਲਣ ਲੱਗਾ।

ਕਿਰਤੀ ਦਾ ਟੁੱਕਰ ਖਾਧਾ,
"ਲਾਲੋ" ਦੇ ਡੇਰਾ ਲਾਇਆ।
'ਭਾਗੋ' ਦਾ ਪੂੜਾ ਲੈ ਕੇ,
ਉਸ ਵਿਚੋਂ ਖੂਨ ਵਗਾਇਆ।
ਉਹ ਗਿਆ ਮਦੀਨੇ ਮੱਕੇ,
ਉਹ ਪੁੱਜਾ ਮੱਥਰਾ ਗੰਗਾ।
ਲੋਕਾਂ ਨੂੰ ਸੱਚ ਵਿਖਾ ਕੇ,
ਪਾਖੰਡ ਨੂੰ ਕੀਤਾ ਨੰਗਾ।

ਤਕ ਉਸ ਦਾ ਨੂਰੀ ਚੇਹਰਾ,
ਕੁਦਰਤ ਤੇ ਮਸਤੀ ਛਾਈ।
ਉਹ ਬੈਠਾ ਰੇਠੇ ਹੇਠਾਂ,
ਰੇਠੇ ਵਿਚ ਮਿੱਠਤ ਆਈ।
ਰੁਕ ਗਿਆ ਹੱਥ ਤੇ ਪੱਥਰ,
ਜਦ ਨਜ਼ਰ ਉਤਾਂਹ ਨੂੰ ਮਾਰੀ।
ਤਕ ਚਸ਼ਮਾਂ ਚਲਦਾ ਹੇਠਾਂ,
ਆ ਪੈਰੀਂ ਪਿਆ 'ਕੰਧਾਰੀ'।

ਵਹਿਮਾਂ ਵਿਚ ਬੱਧੀ ਜਨਤਾ
ਦਾ ਉਸ ਛੁਟਕਾਰਾ ਕੀਤਾ।
ਤੇ 'ਸੱਜਣ' ਵਰਗੇ ਠੱਗਾਂ
ਦਾ ਪਾਰ ਉਤਾਰਾ ਕੀਤਾ।
ਕੀ ਦੱਸਾਂ ਕੀ ਨਾ ਦੱਸਾਂ,
ਕੌਤਕ ਨੇ ਬੜੇ ਨਿਆਰੇ।
ਪੜ੍ਹ ਪੜ੍ਹ ਕੇ ਮੂੰਹੋਂ ਬਾਣੀ,
ਉਸ ਡੁਬਦੇ ਪੱਥਰ ਤਾਰੇ।

ਗੁਰੂ ਗੋਬਿੰਦ ਸਿੰਘ ਆਯਾ

ਨਜ਼ਰ ਮੇਰੀ ਨੂੰ ਪੈਣ ਭੁਲੇਖੇ,
ਜਦ ਮੈਂ ਵੇਖਾਂ ਮੱਥਾ।
ਇਉਂ ਜਾਪੇ ਜਿਉਂ ਚੰਨ ਅਰਸ਼ ਦਾ,
ਧਰਤੀ ਉੱਤੇ ਲੱਥਾ।
ਨੈਣ ਇਸ ਤਰ੍ਹਾਂ ਦਿੱਸਣ ਮੇਰੇ,
ਮਾਹੀ ਦੇ ਮਤਵਾਲੇ।
ਜਿੱਦਾਂ ਨਾਲ ਨਸ਼ੇ ਦੇ ਹੋਵਣ,
ਮੂੰਹ ਮੂੰਹ ਭਰੇ ਪਿਆਲੇ।

ਸਿਰ ਉੱਤੇ ਨਿੱਕੀ ਜਿਹੀ ਕਲਗੀ,
ਮਾਰ ਰਹੀ ਚਮਕਾਰੇ।
ਜਿਸ ਨੂੰ ਤੱਕ ਕੇ ਅੰਬਰ ਉੱਤੇ,
ਡੁਬ ਡੁਬ ਜਾਂਦੇ ਤਾਰੇ।
ਨਿੰਮ੍ਹਾਂ ਨਿੰਮ੍ਹਾਂ ਰਹਿੰਦਾ ਹਰ ਦਮ,
ਬੁਲ੍ਹਾਂ ਉੱਤੇ ਹਾਸਾ।
ਵੇਖ ਵੇਖ ਕੇ ਭੁੱਖੇ ਦਿਲ ਦਾ,
ਕਦੇ ਨਾ ਭਰਦਾ ਕਾਸਾ।

ਨਕਸ਼ ਨੇ ਸਾਰੇ ਤਿੱਖੇ ਤਿੱਖੇ,
ਅੰਗ ਨੇ ਗੋਰੇ ਗੋਰੇ।
ਉਸ ਦੇ ਹਿਜਰ 'ਚ ਲੌਂਦੀ ਰਹਿੰਦੀ,
ਜਿੰਦ ਮੋਰੀ ਹਟਕੋਰੇ।
ਉਸ ਮੁਖੜੇ ਤੇ ਪੁੰਨਿਆਂ ਨਾਲੋਂ,
ਚਾਨਣ ਦੂਣ ਸਵਾਯਾ।
ਚਲੇ ਚੱਲ ਕੇ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਯਾ।

ਉਸ ਨੇ ਇਕ ਲੋਹੇ ਦਾ ਬਾਟਾ,
ਲੈ ਕੇ ਪਾਯਾ ਪਾਣੀ।
ਖੰਡੇ ਨਾਲ ਪਤਾਸੇ ਖੋਰੇ,
ਮੂੰਹੋਂ ਬੋਲੀ ਬਾਣੀ।
ਬੋਲ ਬੋਲ ਕੇ ਬਾਣੀ ਮੂੰਹੋਂ,
ਪਾਣੀ ਅੰਮ੍ਰਿਤ ਕੀਤਾ।
ਉਸ ਨੇ ਰਮਜ਼ ਇਸ਼ਕ ਦੀ ਜਾਣੀ,
ਜਿਸ ਨੇ ਦੇ ਘੁੱਟ ਪੀਤਾ।

ਉਸ ਪ੍ਰੀਤਮ ਨੇ ਜਿਸ ਬੰਦੇ ਨੂੰ,
ਦਿੱਤਾ ਚੂਲੀ ਭਰ ਕੇ।
ਨੱਚ ਪਿਆ ਤਲਵਾਰਾਂ ਤੇ ਉਹ,
ਜਾਨ ਤਲੀ ਤੇ ਧਰ ਕੇ।
ਮੰਜ਼ਲ ਤੀਕ ਜਾਣ ਤੋਂ ਪਹਿਲਾਂ,
ਕਦੇ ਨਹੀਂ ਸਾਹ ਲੈਂਦਾ।
ਡਿਗਦਾ ਢਹਿੰਦਾ ਵੀ ਉਹ ਆਪਣੇ,
ਵੈਰੀ ਨੂੰ ਢਾਹ ਲੈਂਦਾ।

ਪੁੱਛ ਲਵੇ ਆਨੰਦ ਪੁਰ ਕੋਲੋਂ,
ਜਿਸ ਨੂੰ ਬੇ-ਪਰਤੀਤੀ।
ਕਲਗੀ ਵਾਲੇ ਨੇ ਮਰ ਚੁੱਕੀ,
ਕੌਮ ਜੀਉਂਦੀ ਕੀਤੀ।
ਚਿੜੀਆਂ ਨੂੰ ਦੋ ਤੁਪਕੇ ਦੇ ਕੇ,
ਬਾਜ਼ਾਂ ਨਾਲ ਲੜਾਯਾ।
ਚਲੋ ਚਲ ਕੇ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਯਾ।

ਕਲਗੀਧਰ ਦਾ ਭੇਤ ਨਾ ਪਾਯਾ,
ਮੂਰਖ ਦੁਨੀਆਂ ਦਾਰਾਂ।
ਉਸ ਪ੍ਰੀਤਮ ਦੇ ਹੈਨ ਖਡੌਣੇ,
ਖੰਜਰ ਅਤੇ ਕਟਾਰਾਂ।
ਜਦ ਉਸ ਦਾ ਚਮਕੀਲਾ ਖੰਡਾ,
ਬਾਹਰ ਮਿਆਨੋ ਆਵੇ।
ਵੇਖ ਓਸ ਨੂੰ ਬੱਦਲਾਂ ਦੇ ਵਿਚ,
ਬਿਜਲੀ ਲੁਕ ਛਿਪ ਜਾਵੇ।

ਜਦ ਉਹ ਸੂਰਾ ਰੋਹ ਵਿਚ ਆ ਕੇ,
ਤੀਰ ਚੜ੍ਹੌਂਦਾ ਚਿੱਲੇ।
ਪੈਰਾਂ ਵਿਚ ਪ੍ਰਿਥਵੀ ਕੰਬੇ,
ਅੰਬਰ ਦਾ ਦਿਲ ਹਿੱਲੇ।
ਨਿਕਲ ਕਮਾਨੋਂ ਨਾਗ ਓਸਦਾ,
ਜਿਸ ਨੂੰ ਜਾ ਕੇ ਡੰਗੇ।
ਉਹ ਖ਼ੁਸ਼ ਕਿਸਮਤ ਜਾਂਦਾ ਜਾਂਦਾ,
ਪਾਣੀ ਵੀ ਨਾ ਮੰਗੇ।

ਜਦ ਉਹ ਚੋਟ ਨਗਾਰੇ ਲੌਂਦਾ,
ਪੈ ਜਾਂਦੀ ਤਰਥੱਲੀ।
ਕਰ ਦੇਂਦੀ ਕਿਰਪਾਨ ਓਸ ਦੀ,
ਰਣ ਵਿਚ ਮੌਤ ਸਵੱਲੀ।
ਕੇਹੜਾ ਲਾਲ ਮਾਈ ਦਾ ਜਿਸ ਨੇ,
ਉਸ ਦਾ ਵਾਰ ਬਚਾਯਾ।
ਚੱਲੋ ਚਲ ਕੇ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਯਾ।

ਨਿੱਕੇ ਨਿੱਕੇ ਫੁੱਲ ਓਸ ਦੇ,
ਕੋਮਲ ਕੋਮਲ ਜਾਨਾਂ।
ਕੱਚੀ ਗੜ੍ਹੀ ਦੇ ਬਾਹਰ ਨਿਕਲੇ,
ਹੱਥਾਂ ਵਿਚ ਕਿਰਪਾਨਾਂ।
ਲੱਖਾਂ ਦੀ ਗਿਣਤੀ ਵਿਚ ਦੁਸ਼ਮਣ,
ਵੱਜਣ ਢੋਲ ਢਮੱਕੇ।
ਤਕ ਦੋਹਾਂ ਦੇ ਜਿਗਰੇ ਸਾਰੇ,
ਰਹਿ ਗਏ ਹੱਕੇ ਬੱਕੇ।

ਜਿਸ ਪਾਸੇ ਵੀ ਜਾਂਦੇ ਸੂਰੇ,
ਪੈਂਦੀ ਹਾਲ ਦੁਹਾਈ।
ਕੀ ਕੋਈ ਦੱਸੇ ਰਣ ਵਿਚ ਓਹਨਾਂ,
ਕਿੱਦਾਂ ਤੇਗ਼ ਚਲਾਈ।
ਕੀਤੇ ਵਾਰ ਵੈਰੀਆਂ ਉੱਤੇ,
ਇਕ ਦੂਜੇ ਤੋਂ ਚੜ੍ਹਦੇ।
ਓੜਕ ਤੁਰ ਗਏ ਦੇਸ਼ ਬਗਾਨੇ,
ਦੋਵੇਂ ਲੜਦੇ ਲੜਦੇ।

ਓਧਰ ਮਾਛੀ ਵਾੜੇ ਪੁਜਕੇ,
'ਮਾਹੀ' ਅਰਜ਼ ਗੁਜ਼ਾਰੇ।
ਕੰਧਾਂ ਵਿਚ ਚਿਣੇਂ ਗਏ ਤੇਰੇ,
ਛੋਟੇ ਲਾਲ ਪਿਆਰੇ।
ਇਹ ਕੁਝ ਸੁਣ ਕੇ ਕਲਗੀ ਵਾਲੇ,
ਲੱਖ ਲੱਖ ਸ਼ੁਕਰ ਮਨਾਯਾ।
ਚੱਲੋ ਚਲ ਕੇ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਯਾ।

ਚਿੜੀਆਂ ਤੋਂ ਬਾਜ਼

ਉਸ ਪਾਸੇ ਦੁਸ਼ਮਣ ਟਿਕਿਆ ਨਾਂ,
ਜਿਸ ਪਾਸੇ ਤੀਰ ਚਲਾ ਦਿੱਤੇ।
ਤਕ ਉਸਨੇ ਨੀਵੀਂ ਪਾ ਲੀਤੀ,
ਜੀਹਦੇ ਨਾਲ ਨੈਣ ਮਿਲਾ ਦਿੱਤੇ।
ਦੁਨੀਆਂ ਵਿਚ ਕਲਗੀ ਵਾਲੇ ਨੇ,
ਹਰ ਕੰਮ ਅਨੋਖਾ ਸੀ ਕੀਤਾ,
ਦੋ ਤੁਪਕੇ ਦਿੱਤੇ ਚਿੜੀਆਂ ਨੂੰ।
ਚਿੜੀਆਂ ਤੋਂ ਬਾਜ਼ ਤੁੜਾ ਦਿੱਤੇ।

ਮੇਰੇ ਸਤਗੁਰ ਕਲਗੀ ਵਾਲੇ ਦੇ,
ਚੇਹਰੇ ਤੇ ਬੇ ਪਰਵਾਹੀ ਸੀ।
ਉਸਦੇ ਪੈਰਾਂ ਦੀ ਮਿੱਟੀ ਵਿਚ,
ਸ਼ਾਹਾਂ ਦੀ ਰੁਲਦੀ ਸ਼ਾਹੀ ਸੀ।
ਦੁਨੀਆਂ ਦੇ ਮੂਰਖ ਲੋਕਾਂ ਲਈ,
ਹਰ ਗੱਲ ਨਿਰਾਲੀ ਸੀ ਉਹਦੀ,
ਜੀਹਦੇ ਵੱਲ ਮੰਜ਼ਲ ਦੌੜ ਪਵੇ,
ਉਹ ਏਸ ਕਿਸਮ ਦਾ ਰਾਹੀ ਸੀ।
ਉਸ ਜਾਨ ਪਿਆਰੀ ਨਾ ਕੀਤੀ,
ਉਸ ਕੌਮ ਪਿਆਰੀ ਕੀਤੀ ਸੀ।
ਸਿਰ ਦੇ ਕੇ ਆਪਣੇ ਪੁਤਰਾਂ ਦੇ,
ਉਸਨੇ ਸਰਦਾਰੀ ਕੀਤੀ ਸੀ।
ਉਹ ਜ਼ੁਲਮ ਰਾਜ ਦਾ ਵੈਰੀ ਸੀ,
ਤੇ ਆਸ਼ਕ ਸੀ ਆਜ਼ਾਦੀ ਦਾ।
ਹਰ ਸਿਖ ਦੇ ਸੀਨੇ ਵਿਚ ਉਸਨੇ,
ਪੈਦਾ ਖੁੱਦ-ਦਾਰੀ ਕੀਤੀ ਸੀ।
ਉਹ ਜਾਨ ਤਲੀ ਤੇ ਲੈ ਤੁਰਿਆ,
ਜੀਹਨੂੰ ਦੋ ਘੁਟ ਪਿਲਾ ਦਿੱਤੇ।
ਦੋ ਤੁਪਕੇ ਦਿਤੇ ਚਿੜੀਆਂ ਨੂੰ,
ਚਿੜੀਆਂ ਤੋਂ ਬਾਜ਼ ਤੁੜਾ ਦਿੱਤੇ।

ਉਸਦੇ ਦਸਤੂਰ ਨਿਰਾਲੇ ਸਨ,
ਸਿਰ ਲੈਕੇ ਸਿੱਖ ਬਣਾਂਦਾ ਸੀ।
ਉਹ ਅਪਣੇ ਸੰਤਾਂ ਭਗਤਾਂ ਦੀ,
ਆਪੇ ਹੀ ਲਾਜ ਬਚਾਂਦਾ ਸੀ।
ਚੇਲੇ ਤੇ ਗੁਰੂ ਦੀ ਪਦਵੀ ਵਿਚ,
ਉਹ ਫਰਕ ਜ਼ਰਾ ਨਾ ਰਖਦਾ ਸੀ,
ਉਹਨਾਂ ਤੋਂ ਆਪ ਵੀ ਪੀਂਦਾ ਸੀ,
ਜੀਹਨਾਂ ਨੂੰ ਆਪ ਪਿਲਾਂਦਾ ਸੀ।
ਦੁੱਖਾਂ ਵਿਚ ਸਾਰੇ ਰੋਂਦੇ ਨੇ,
ਪਰ ਮੇਰਾ ਪ੍ਰੀਤਮ ਹਸਦਾ ਸੀ।
ਦੁਨੀਆਂ ਡਰਦੀ ਏ ਗ਼ਮ ਕੋਲੋਂ,
ਗ਼ਮ ਉਸ ਤੋਂ ਕੋਹਾਂ ਨਸਦਾ ਸੀ।
ਪੀਂਦਾ ਸੀ ਨਾਮ ਖੁਮਾਰੀ ਉਹ,
ਰਹਿੰਦੀ ਸੀ ਰੌਣਕ ਚੇਹਰੇ ਤੇ।
ਉਹ ਸਭ ਕੁਝ ਵਾਰ ਕੇ ਦੁਨੀਆਂ ਨੂੰ,
ਕੋਈ ਭੇਤ ਹਕੀਕੀ ਦਸਦਾ ਸੀ।
ਮਾਇਆ ਤੇ ਮੋਹ ਦੇ ਮਨ ਉਤੋਂ,
ਉਸ ਪੜਦੇ ਦੂਰ ਹਟਾ ਦਿੱਤੇ।
ਦੋ ਤੁਪਕੇ ਦਿਤੇ ਚਿੜੀਆਂ ਨੂੰ,
ਚਿੜੀਆਂ ਤੋਂ ਬਾਜ਼ ਤੁੜਾ ਦਿੱਤੇ।

ਜੋ ਦੋਸਤ ਸਮਝੇ ਦੁਸ਼ਮਣ ਨੂੰ,
ਉਹ ਸਿੱਖੀ ਨੀਤੀ ਸਿੱਖੀ ਨੇ।
ਜੋ ਮੌਤ ਦੇ ਡਰ ਨੂੰ ਦੂਰ ਕਰੇ,
ਉਹ ਬੂਟੀ ਪੀਤੀ ਸਿੱਖੀ ਨੇ।
ਜਦ ਲਾਟ ਬਲੀ ਕੁਰਬਾਨੀ ਦੀ,
ਇਹ ਵਾਂਗ ਪਤੰਗੇ ਸੜਦੀ ਰਹੀ,
ਆਰੇ ਦੇ ਦੰਦੇ ਰੋਂਦੇ ਰਹੇ,
ਪਰ ਸੀ ਨ ਕੀਤੀ ਸਿੱਖੀ ਨੇ।
ਇਤਿਹਾਸ ਗਵਾਹ ਹੈ ਸਿੱਖੀ ਦਾ,
ਇਹ ਕੰਮ ਅਨੋਖੇ ਕਰਦੀ ਰਹੀ।
ਦਿਲ ਤਕੜਾ ਕਰਕੇ ਜ਼ਾਲਮ ਦੀ,
ਹਰ ਇਕ ਮੁਸੀਬਤ ਜਰਦੀ ਰਹੀ।
ਇਸ ਦਾ ਵਿਸ਼ਵਾਸ਼ ਅਨੋਖਾ ਸੀ,
ਪਰਵਾਹ ਨਾ ਕੀਤੀ ਜੀਵਨ ਦੀ।
ਇਹ ਦੇਸ਼ ਤੇ ਕੌਮ ਦੀ ਇਜ਼ਤ ਲਈ,
ਮਰਦਾਂ ਦੀ ਮੌਤੇ ਮਰਦੀ ਹਰੀ।
ਦੇ ਦੇ ਕੇ ਜਾਨਾਂ ਸਿੱਖੀ ਨੇ,
ਜ਼ਾਲਮ ਦੇ ਹੋਸ਼ ਭੁਲਾ ਦਿੱਤੇ।
ਦੋ ਤੁਪਕੇ ਦਿੱਤੇ ਚਿੜੀਆਂ ਨੂੰ,
ਚਿੜੀਆਂ ਤੋਂ ਬਾਜ਼ ਤੁੜਾ ਦਿੱਤੇ।

ਸੁੱਕਣਾ ਨਹੀਂ

ਕੇਹੜੀ ਅੱਖ ਨੇ ਅੱਥਰੂ ਨਹੀਂ ਕੇਰੇ,
ਝਾਕੀ ਵੇਖ ਦਸਮੇਸ਼ ਦੁਲਾਰਿਆਂ ਦੀ।
ਸਦੀਆਂ ਬੀਤ ਗਈਆਂ ਐਪਰ ਅਜੇ ਤਾਈਂ,
ਪਰੇਸ਼ਾਨੀ ਨਹੀਂ ਗਈ ਸਤਾਰਿਆਂ ਦੀ।

ਧੌਣ ਝੁਕੇਗੀ ਆਪਣੇ ਆਪ, ਜਿੱਥੇ,
ਰੱਤ ਡੁੱਲ੍ਹੀ ਏ ਸਿਰਾਂ ਦੇ ਦਾਨੀਆਂ ਦੀ।
ਜੀਭ ਲਏਗੀ ਏਨ੍ਹਾਂ ਦਾ ਨਾਂ ਪਹਿਲਾਂ,
ਗੱਲ ਛਿੜੇਗੀ ਜਦੋਂ ਕੁਰਬਾਨੀਆਂ ਦੀ।

ਏਹਨਾਂ ਦੋਹਾਂ ਮੁਕਾਇਆ ਏ ਜਿਵੇਂ ਪੈਂਡਾ,
ਕਿਸੇ ਹੋਰ ਮੁਸਾਫਰ ਤੋਂ ਮੁੱਕਣਾ ਨਹੀਂ।
ਜੁੱਗਾਂ ਤੀਕ ਇਤਿਹਾਸ ਦੇ ਪੰਨਿਆਂ ਤੋਂ,
ਲਹੂ ਏਨ੍ਹਾਂ ਮਾਸੂਮਾਂ ਦਾ ਸੁੱਕਣਾ ਨਹੀਂ।

ਜਿਨ੍ਹਾਂ ਆਸ਼ਕਾਂ ਦਾ ਕੱਚਾ ਇਸ਼ਕ ਹੁੰਦਾ,
ਕਲੀ ਕਲੀ ਉੱਤੇ ਰਹਿੰਦੇ ਘੁੰਮਦੇ ਨੇ।
ਸੱਚੀ ਆਸ਼ਕੀ ਉਨ੍ਹਾਂ ਦੀ ਕਹਿਣ, ਜੇਹੜੇ,
ਲਾਟਾਂ ਬਲਦੀਆਂ ਦੇ ਚਿਹਰੇ ਚੁੰਮਦੇ ਨੇ।

ਇਹ ਉਹ ਰਾਂਝੇ ਨੇ ਕੰਨਾਂ ਦੀ ਥਾਂ ਜਿਹੜੇ,
ਦਿਲਾਂ ਵਿਚ ਨੇ ਛੇਕ ਕਰਵਾ ਲੈਂਦੇ।
ਇਹ ਉਹ ਪੰਛੀ ਨੇ ਪਿੰਜਰੇ ਵਿਚ ਜਿਹੜੇ,
ਸੀਖਾਂ ਤੋੜਦੇ ਖੰਭ ਤੁੜਵਾ ਲੈਂਦੇ।

ਜਿੱਦਾਂ ਮੌਤ ਦੇ ਬੂਹੇ ਤੇ ਇਹ ਢੁੱਕੇ,
ਕਿਸੇ ਹੋਰ ਨੇ ਇਸ ਤਰ੍ਹਾਂ ਢੁੱਕਣਾਂ ਨਹੀਂ।
ਪਾਣੀ ਸੁੱਕ ਜਾਊ ਸੱਤਾਂ ਸਮੁੰਦਰਾਂ ਦਾ,
ਲਹੂ ਏਨ੍ਹਾਂ ਮਾਸੂਮਾਂ ਦਾ ਸੁੱਕਣਾ ਨਹੀਂ।

ਠੋਕ ਠੋਕ ਕੇ ਤੇਸੀ ਦੇ ਨਾਲ ਇੱਟਾਂ,
ਜਿਵੇਂ ਜਿਵੇਂ ਉਹ ਕੰਧ ਉਸਾਰਦੇ ਰਹੇ।
ਇਹਨਾਂ ਸੁਚਿਆਂ ਲਾਲਾਂ ਦੇ ਲਾਲ ਹੋ ਹੋ,
ਤਿਵੇਂ ਤਿਵੇਂ ਚਿਹਰੇ ਚਮਕਾਂ ਮਾਰਦੇ ਰਹੇ।

ਕਰ ਕੇ ਨੰਗੀਆਂ ਤੇਗਾਂ ਦੀ ਛਾਂ ਸਿਰ ਤੇ,
ਜ਼ਾਲਮ ਜ਼ੋਰ ਹਕੂਮਤ ਦਾ ਦੱਸਦੇ ਰਹੇ।
'ਮਾਤਾ ਸੁੰਦਰੀ' ਦੋ ਦੋਵੇਂ ਫੁੱਲ ਸੁੰਦਰ,
ਨੀਹਾਂ ਵਿੱਚ ਖਲੋ ਕੇ ਹੱਸਦੇ ਰਹੇ।

ਔਣਾ ਬਾਜ਼ ਨਹੀਂ ਜ਼ਾਲਮਾਂ ਜ਼ੁਲਮ ਕਰਨੋਂ,
ਸਹਿਣ ਵਾਲਿਆਂ ਸਹਿਣ ਤੋਂ ਉੱਕਣਾ ਨਹੀਂ।
ਕਿਸੇ ਹੋਰ ਦਾ ਹੁੰਦਾ ਤੇ ਸੁੱਕ ਜਾਂਦਾ,
ਲਹੂ ਏਨ੍ਹਾਂ ਮਾਸੂਮਾਂ ਦਾ ਸੁੱਕਣਾ ਨਹੀਂ।

ਨਹੀਂ ਸੀ ਜਾਣਦੇ ਆਪਣੇ ਰਾਹ ਅੰਦਰ,
ਆਪ ਕੰਡੇ ਵਛਾਈਏ ਤਾਂ ਕੀ ਹੁੰਦਾ?
ਨਹੀ' ਸੀ ਜਾਣਦੇ ਅੱਗ ਦੇ ਭਾਂਬੜਾਂ ਨੂੰ,
ਕੱਖਾਂ ਹੇਠ ਦਬਾਈਏ ਤਾਂ ਕੀ ਹੁੰਦਾ?

ਏਨ੍ਹਾਂ ਕੰਡਿਆਂ ਜ਼ੁਲਮ ਦੇ ਰਾਹ ਉੱਤੇ,
ਤੁਰਨ ਵਾਲਿਆਂ ਦੇ ਪੈਰ ਪਾੜ ਦਿੱਤੇ।
ਗਰਮ ਲਹੂ ਦੇ ਬਲਦਿਆਂ ਭਾਂਬੜਾਂ ਨੇ,
ਤਖਤ ਫੂਕ ਦਿਤੇ ਤਾਜ ਸਾੜ ਦਿਤੇ।

ਚੜ੍ਹਣ ਕਾਲੀਆਂ ਘਟਾਂ ਹਜ਼ਾਰ ਵਾਰੀ,
ਏਨ੍ਹਾਂ ਸੂਰਜਾਂ ਨੇ ਕਦੀ ਲੁੱਕਣਾ ਨਹੀਂ।
ਦਿਤੇ ਹੋਏ ਨੇ ਇਨ੍ਹਾਂ ਨੇ ਸਿਰ ਆਪਣੇ,
ਲਹੂ ਏਨ੍ਹਾਂ ਮਾਸੂਮਾਂ ਦਾ ਸੁੱਕਣਾ ਨਹੀਂ।

ਬਾਬਰ-ਵਾਣੀ

ਔਹ ਝਾਕੀ ਵੇਖਣ ਵਾਲੀ ਏ,
ਕੁਝ ਬੰਦੇ ਨੇ ਕੁਝ ਨਾਰਾਂ ਨੇ।
ਬੰਦੇ ਜਰਵਾਣੇ ਥੋੜ੍ਹੇ ਨਹੀਂ,
ਦਿਲ ਪੱਥਰ ਕਈ ਕਤਾਰਾਂ ਨੇ।
ਉਹ ਕਈ ਕਤਾਰਾਂ ਖਾਲੀ ਨਹੀਂ,
ਹੱਥਾਂ ਦੇ ਵਿਚ ਤਲਵਾਰਾਂ ਨੇ।
ਤਲਵਾਰਾਂ ਅੱਗੇ ਝੁਕੇ ਹੋਏ,
ਬੇਦੋਸ਼ ਮਾਸੂਮ ਹਜ਼ਾਰਾਂ ਨੇ।

ਮਾਸੂਮ ਹਜਾਰਾਂ ਵਿਲਕ ਰਹੇ,
ਰੋਂਦੇ ਨੇ ਹਉਕੇ ਲੈਂਦੇ ਨੇ।
ਲੈ ਹਉਕੇ ਆਹਾਂ ਕਢਦੇ ਨੇ,
ਡਰਦੇ ਨੇ ਡਿੱਗਣ ਪੈਂਦੇ ਨੇ।
ਡਰ ਡਰ ਕੇ ਡਿਗਦੇ ਦੁਖੀਆਂ ਦੇ,
ਗਲ ਸੰਗਲ ਸਖਤ ਜ਼ੰਜੀਰਾਂ ਨੇ।
ਇਹ ਹਾਲਤ ਤੱਕ ਕੁਝ ਸੁਝਦੀ ਨਹੀਂ,
ਸਚ ਮੁਚ ਹੈ ਜਾਂ ਤਸਵੀਰਾਂ ਨੇ।

ਔਹ ਘੂਰੀ ਵੱਟੀ ਜਾਬਰ ਨੇ,
ਇਕ ਜਾਨ ਨਿਮਾਣੀ ਦੜੀ ਹੋਈ।
ਉਸ ਦੜੀ ਹੋਈ ਦੀ ਬੇਤਰਸਾਂ,
ਨੇ ਕੋਮਲ ਵੀਣੀ ਫੜੀ ਹੋਈ।
ਉਹ ਕੋਮਲ ਵੀਣੀ ਕੰਬ ਰਹੀ,
ਉਹ ਧੂੰਹਦੇ ਨੇ ਉਹ ਅੜੀ ਹੋਈ।
ਤੇ ਸਰੂ ਜਵਾਨੀ ਤੜਪ ਰਹੀ,
ਕੁਰਲਾਵੇ ਕਿਸਮਤ ਸੜੀ ਹੋਈ।

ਉਸ ਕਿਸਮਤ ਸੜੀ ਵਿਚਾਰੀ ਨੂੰ,
ਫੜ ਜ਼ੋਰੀਂ ਡੋਲੀ ਪਾਇਆ ਏ।
ਪਾ ਡੋਲੀ ਤੁਰ ਪਏ ਰਾਹੋ ਰਾਹ,
ਬੇਦਰਦਾਂ ਦਰਦ ਨਾ ਆਇਆ ਏ।
ਇਹ ਕੀ ਹੈ ? ਕਾਹਦੀ ਝਾਕੀ ਹੈ?
ਕਿਉਂ ਇਸਨੂੰ ਪਾਈ ਫਾਹੀ ਏ?
ਇਹ ਨਵੀਂ ਵਿਆਹੀ ਵਹੁਟੀ ਤੇ,
ਬਾਬਰ ਦੀ ਧੱਕੇ ਸ਼ਾਹੀ ਏ।

ਔਹ ਵੇਖੋ ਬੁੱਢੇ ਬਾਬੇ ਨੂੰ,
ਹੱਥ ਕੰਬਦੇ ਧੌਣ ਹਿਲਾਂਦਾ ਏ।
ਲੱਕ ਕੁੱਬਾ ਕੰਨੀਂ ਸੁਣਦਾ ਨਹੀਂ,
ਅੱਖੀਆਂ 'ਚੋਂ ਪਾਣੀ ਜਾਂਦਾ ਏ।
ਸਿਰ ਖੜਾ ਸਿਪਾਹੀ ਬਾਬਰ ਦਾ,
ਜੋ ਛਾਂਟੇ ਮਾਰ ਡਰਾਂਦਾ ਏ।
ਮੂੰਹੋਂ ਕੁਝ ਬੋਲ ਨਹੀਂ ਸਕਦਾ,
ਜਾਪੇ ਜਿਉਂ ਤਰਲੇ ਪਾਂਦਾ ਏ।

ਲਾਗੇ ਇਕ ਰੱਬੀ ਬੰਦਾ ਏ,
ਉਸ ਅੱਗੇ ਚੱਕੀ ਧਰੀ ਹੋਈ।
ਚੱਕੀ ਤੇ ਦਾਣੇ ਪੀਸਣ ਲਈ,
ਝੱਗੇ ਦੀ ਝੋਲੀ ਭਰੀ ਹੋਈ।
ਤਕ ਵਲਗਣ ਵਲਿਆ ਸੀਖਾਂ ਦਾ,
ਇਹ ਰੱਬੀ ਬੰਦਾ ਹੱਸਦਾ ਏ।
ਹੱਸ ਹੱਸ ਦੁਨਿਆਵੀ ਦੁੱਖਾਂ ਵਿਚ,
ਖੁਸ਼ ਰਹਿਣਾ ਸਭ ਨੂੰ ਦੱਸਦਾ ਏ।

ਉਹ ਮੂੰਹੋਂ ਬਾਣੀ ਪੜ੍ਹਦਾ ਏ,
ਸਭਨਾਂ ਨੂੰ ਮਸਤੀ ਔਂਦੀ ਏ।
ਇਹ ਗੁਰਬਾਣੀ ਕੋਈ ਜਾਦੂ ਏ,
ਸੁਣ ਜਿਸ ਨੂੰ ਚੱਕੀ ਭੌਂਦੀ ਏ।
ਭੌਂ ਭੌਂ ਕੇ ਘੂਕਰ ਬੰਨ੍ਹਦੀ ਏ,
ਕੋਈ ਰਾਗ ਅਨੋਖਾ ਗੌਂਦੀ ਏ,
ਗੌਂ ਗੌਂ ਕੇ ਅੰਨ੍ਹੇ ਬਾਬਰ ਨੂੰ,
ਕੋਈ ਲੁੱਕਵੀਂ ਗੱਲ ਸਮਝੌਂਦੀ ਏ।

ਸੁਣ ਕੇ ਚੱਕੀ ਦੀ ਘੂਕਰ ਨੂੰ,
ਸਭ ਲਾਲਚ ਦਿਲੋਂ ਗਵਾ ਦਿੱਤਾ।
ਬਾਬਰ ਨੇ ਸਤਿਗੁਰ ਨਾਨਕ ਦੇ,
ਚਰਨਾਂ ਤੇ ਸੀਸ ਨਵਾ ਦਿੱਤਾ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ