Dohre Mian Hidayatullah

ਦੋਹੜੇ ਮੀਆਂ ਹਿਦਾਇਤਉਲਾ

ਭੂਰੀ ਵਾਲੇ ਨੇ ਮਨ ਮੋਹਿਆ, ਦੇ ਕੇ ਆਣ ਵਿਖਾਲੀ,
ਸੋਹਣੀ ਸ਼ਕਲ ਨੂਰਾਨੀ ਮੁਖੜਾ, ਭੂਰੀ ਉਸ ਦੀ ਕਾਲੀ।
ਓਸ ਜਿਹਾ ਨਾ ਵੇ ਕੋਈ, ਸਾਰੀ ਦੁਨੀਆਂ ਭਾਲੀ।
ਹਾਦੀ ਜਿਹਨੂੰ, ਹਦਾਇਤ ਕੀਤੀ, ਤਰ ਗਈ ਐਬਾਂ ਵਾਲੀ।

ਮੈਂ ਰੋਵਾਂ ਤੇ ਚਿਤ ਉਦਾਸੀ, ਮੇਰਾ ਰੂਹ ਪਿਆ ਕੁਰਲਾਵੇ।
ਕੁਲ ਆਰਾਮ ਹਰਾਮ ਮੈਂ ਉਤੇ, ਮੇਰੀ ਸਿਕ ਸਿਕ ਰੈਣ ਵਿਹਾਵੇ।
ਜਿਸ ਦੇ ਡਿੱਠਿਆਂ ਸੀ ਜਿੰਦ ਪੈਂਦੀ, ਉਹ ਮੁਖੜਾ ਨਜ਼ਰ ਨ ਆਵੇ।
ਨਾਲ ਖ਼ੁਸ਼ੀ ਦੇ ਵੇਖ ਹਦਾਇਤ, ਜੋ ਕੁਝ ਰੱਬ ਵਿਖਾਵੇ।

ਆਸ਼ਕ ਬੇਦਿਲ ਹੈਨ ਕਦੀਮੀ, ਅਤੇ ਪੱਥਰ-ਚਿਤ ਮਸ਼ੂਕਾਂ।
ਸੋਹਣੀ ਨਾਲ ਨੈਣਾਂ ਦੇ ਕੁਠੀ, ਨੀ ਮੈ ਕਿਤ ਵਲ ਜਾਵਾਂ ਕੂਕਾਂ?
ਇਕ ਪਲ ਚੈਨ ਨਾ ਸੋਹਣੇ ਬਾਝੋਂ, ਨੀ ਮੈ ਹਾਰ ਸ਼ਿੰਗ਼ਾਰਾਂ ਫੂਕਾਂ।
ਤੀਰ ਤੁਫ਼ੰਗ ਹਦਾਇਤ ਮੈਨੂੰ, ਮਾਰੇ ਇਸ਼ਕ ਬੰਦੂਕਾਂ।

ਜਦ ਕੂਚ ਗਿਆ ਕਰ ਜਾਨੀ, ਮੈਨੂੰ ਇਕ ਪਲ ਮੂਲ ਨਾ ਭੁਲੇ।
ਖ਼ਸਤਾ ਹਾਲ ਫਿਰਾਂ ਵਿਚ ਗਲੀਆਂ, ਮੇਰੇ ਕੇਸ ਗਲੇ ਵਿਚ ਖੁਲ੍ਹੇ।
ਦਿਲ ਵਿਚ ਤਾਰ ਵਿਛੋੜੇ ਵਾਲੀ, ਮੇਰੇ ਨੈਣਾਂ ਥੀਂ ਰਤ ਡੁਲ੍ਹੇ।
ਸੋਹਣੇ ਬਾਝ ਹਦਾਇਤ ਮੇਰਾ, ਜੀਵਨ ਘਤੋ ਚੁਲ੍ਹੇ।

ਇਹ ਅਸਮਾਨ ਪੱਥਰ-ਚਿਤ ਵਾਲਾ, ਨਿਤ ਨਿਤ ਜ਼ੁਲਮ ਕਮਾਵੇ,
ਤੋੜ ਵਿਛੋੜੇ ਕਰੇ ਹਮੇਸ਼ਾ, ਇਸਨੂੰ ਵਸਲ ਨਾ ਭਾਵੇ,
ਸਰਗਰਦਾਨ ਰਹੇ ਨਿਤ ਤਾਂਹੀਂ, ਕੀਤੇ ਦਾ ਫਲ ਪਾਵੇ
ਓੜਕ ਉਹ ਭੀ ਜਲੇ ਹਦਾਇਤ, ਜੋ ਕੋਈ ਕਿਸੇ ਜਲਾਵੇ।

ਸਖ਼ਤ ਵਿਛੋੜਾ ਮਰਨੇ ਕੋਲੋਂ, ਕੀ ਕੁਝ ਕਹਾਂ ਜ਼ਬਾਨੀ।
ਕਦਰ ਵਿਛੋੜੇ ਦੀ ਕੀ ਜਾਣਨ, ਕੋਲ ਜਿਨ੍ਹਾਂ ਦੇ ਜਾਨੀ।
ਉਹ ਮੇਰੇ ਵਲ ਤਕੇ ਨਾਹੀਂ, ਮੈਂ ਹਾਂ ਜਿਦੀ ਦਿਵਾਨੀ।
ਕਹੁ ਹਦਾਇਤ ਪਿਆਰੇ ਬਾਝੋਂ, ਭੱਠ ਘਤਾਂ ਜ਼ਿੰਦਗਾਨੀ।

ਮੈਂ ਕੋਝੀ ਤੇ ਮਾਹੀ ਸੋਹਣਾ ਨੀ, ਮੈਂ ਕੀਕਰ ਉਹਨੂੰ ਭਾਵਾਂ?
ਸਾਡੇ ਵਿਹੜੇ ਵੜਦਾ ਨਾਹੀਂ, ਮੈਂ ਲਖ ਵਸੀਲੇ ਪਾਵਾਂ।
ਨਾ ਜੋਬਨ ਨਾ ਦੌਲਤ ਪਲੇ, ਨੀ ਕੀਕਰ ਯਾਰ ਮਨਾਵਾਂ।
ਇਹ ਭੀ ਵਸ ਹਦਾਇਤ ਨਾਹੀਂ, ਨੀ ਮੈਂ ਭੈੜੀ ਮਰ ਜਾਵਾਂ।

ਮੈਂ ਤੱਤੀ ਦੀ ਉਮਰਾਂ ਬੀਤੀ, ਮਾਹੀ ਮੂਲ ਨਾ ਆਇਆ।
ਨਾਹੀਂ ਖ਼ਬਰ ਅਸਾਡੇ ਵਲੋਂ, ਕਿਉਂ ਸੋਹਣੇ ਚਿਤ ਚਾਇਆ?
ਜੋਬਨ ਕੂਚ ਗਿਆ ਕਰ ਮੈਥੋਂ ਵੇਲਾ ਵਕਤ ਵਿਹਾਇਆ।
ਕਿਹੜੇ ਕੰਮ ਹਦਾਇਤ ਮੇਰੇ, ਯਾਰ ਕੁਵੇਲੇ ਆਇਆ।

ਇਤਨੇ ਪੁਰਜ਼ੇ ਹੋਣ ਫ਼ਲਕ ਦੇ, ਜਿਤਨੇ ਇਸ ਪਰ ਤਾਰੇ।
ਜ਼ਾਲਮ ਨਿਤ ਜ਼ੁਲਮ ਤੇ ਫਿਰਦਾ, ਕਦੇ ਨਾ ਖ਼ੈਰ ਗੁਜ਼ਾਰੇ।
ਜਿਉਂਕਰ ਏਸ ਰੁਆਇਆ ਮੈਨੂੰ, ਸ਼ਾਲਾ ਰੋ ਰੋ ਤਿਵੇਂ ਪੁਕਾਰੇ।
ਉਸ ਦੇ ਹੱਥੋਂ ਜਲੇ ਹਦਾਇਤ, ਆਸ਼ਕ ਰੋਣ ਬੇਚਾਰੇ।

ਜੇ ਪਰ ਹੋਵਣ ਮਾਰ ਉਡਾਰੀ, ਦੇਸ ਮਾਹੀ ਦੇ ਜਾਵਾਂ।
ਜੋ ਕੁਝ ਹਾਲ ਹਿਜਰ ਨੇ ਕੀਤਾ, ਉਸਨੂੰ ਆਖ ਸੁਣਾਵਾਂ।
ਦਿਲ ਦੇ ਜ਼ਖ਼ਮ ਵਿਖਾਵਾਂ ਉਸਨੂੰ, ਉਸ ਤੋਂ ਮਰਹਮ ਲਵਾਵਾਂ।
ਸਭ ਦੁਖ ਅਛੇ ਹੋਣ ਹਦਾਇਤ, ਵਸਲ ਉਹਦਾ ਜਦ ਪਾਵਾਂ।

ਜੇ ਲੱਖ ਬਰਸਾਂ ਰਹੇ ਹਯਾਤੀ, ਓੜਕ ਹੈ ਮਰ ਜਾਣਾ।
ਵਾਂਗ ਹਬਾਬ ਬੰਦੇ ਦੀ ਉਮਰ, ਆਖ਼ਰ ਗੋਰ ਟਿਕਾਣਾ।
ਪੜ੍ਹਨੇ ਸੁਣਨੇ ਵਾਲੇ ਭਾਈਓ, ਮੈਂ ਹੱਥ ਪੈਰ ਉਠਾਣਾਂ
ਪੜ੍ਹ ਤਕਬੀਰ ਹਦਾਇਤ ਤਾਈਂ, ਲਿੱਲਾ ਖ਼ਤਮ ਪਹੁੰਚਾਣਾ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ