Din Dhale (Ghazals) : Kesar Karamjit

ਦਿਨ ਢਲ਼ੇ (ਗ਼ਜ਼ਲ ਸੰਗ੍ਰਹਿ) : ਕੇਸਰ ਕਰਮਜੀਤ


ਪਿਆਰੇ ਓਸ਼ੋ ਨੂੰ ਸਮਰਪਿਤ
ਚੁੱਪ ਦੇ ਗੀਤ
*** ***
ਮੈਂ ਰਿਣੀ ਹਾਂ
ਮੇਰੇ ਪ੍ਰੇਰਨਾ ਸਰੋਤ
ਉਸਤਾਦ ਗ਼ਜ਼ਲਗੋ ਸ੍ਰੀ ਕ੍ਰਿਸ਼ਨ ਭਨੋਟ ਜੀ
ਅਤੇ
ਕਵੀ ਮਿੱਤਰ ਵਿਨੋਦ ਅਨੀਕੇਤ ਜੀ ਦਾ

" ਦਿਨ ਢਲ਼ੇ " ਦੀ ਸ਼ਾਇਰੀ ਨਾਲ਼ “ਮੰਤਰ- ਮੁਗਧ” ਹੁੰਦਿਆਂ

ਗ਼ਜ਼ਲ ਦੇ ਖੇਤਰ , ਵਿਚ "ਕੇਸਰ ਕਰਮਜੀਤ" ਦਾ ਨਾਮ ਬਿਲਕੁਲ ਹੀ ਨਵਾਂ ਹੈ , ਪਾਠਕ ਇਹ ਜਾਣਕੇ ਅਚੰਬਤ ਹੋ ਜਾਣਗੇ ਕਿ ਸਾਲ ਤੋਂ ਵੀ ਘੱਟ ਅਰਸੇ ਵਿਚ ਸਾਡਾ ਸ਼ਾਇਰ ਜਿਹੜਾ ਗ਼ਜ਼ਲ ਦੇ ਵਿਧੀ ਵਿਧਾਨ ਤੋਂ ਬਿਲਕੁਲ ਕੋਰਾ ਸੀ, ਬੜੇ ਥੋੜੇ ਅਰਸੇ ਵਿਚ ਹੀ ਉਹ ਆਪਣਾ ਪਲੇਠਾ ਗ਼ਜ਼ਲ ਸੰਗ੍ਰਹਿ " ਦਿਨ ਢਲ਼ੇ " ਲੈ ਕੇ ਪਾਠਕਾਂ ਦੇ ਰੂਬਰੂ ਹੋ ਰਿਹਾ ਹੈ ।

ਉਸਨੇ ਬੜੇ ਥੋੜੇ ਜਿਹੇ ਅਰਸੇ 'ਚ ਗ਼ਜ਼ਲ ਦੇ ਵਿਧੀ ਵਿਧਾਨ ਵਿਚ ਕਮਾਲ ਦੀ ਮੁਹਾਰਤ ਹਾਸਲ ਕਰ ਲਈ ਹੈ , ਇਸ ਗੱਲ ਦੀ ਤਸਦੀਕ ਮੈਂ ਹੀ ਨਹੀਂ ਕਰਦਾ ਸਗੋਂ ਪਾਠਕ ਖ਼ੁਦ ਉਸਦਾ ਗ਼ਜ਼ਲ ਸੰਗ੍ਰਹਿ ਪੜ੍ਹਕੇ ਇਸਦੀ ਪ੍ਰੋੜਤਾ ਕਰਨਗੇ । ਗ਼ਜ਼ਲ ਦੇ ਸ਼ਾਇਰ ਨੂੰ ਗ਼ਜ਼ਲ ਦੇ ਵਿਧੀ -ਵਿਧਾਨ ਦੀ ਕਰੜੀ ਪਰਿਖਿਆ ਚੋਂ ਗੁਜ਼ਰਨਾ ਪੈਂਦਾ ਹੈ । ਕੋਸ਼ਿਸ਼ ਕੀਤਿਆਂ ਵਜ਼ਨ- ਬਹਿਰ ਤਾਂ ਭਾਵੇਂ ਥੋੜੇ ਅਰਸੇ 'ਚ ਹੀ ਸਿੱਖਿਆ ਜਾ ਸਕਦਾ ਪਰ ਇਹ ਜ਼ਰੂਰੀ ਨਹੀਂ ਕਿ ਕੋਈ ਸ਼ਿਅਰ ਬਹਿਰ- ਵਜ਼ਨ ਮੁਕੰਮਲ ਹੁੰਦਿਆਂ ਹੋਇਆਂ ਵੀ ਸ਼ਿਅਰ ਹੋਣ ਦੀ ਖ਼ੂਬੀ ਰੱਖਦਾ ਹੋਵੇ । ਬਹੁਤੀ ਵਾਰੀ ਤਾਂ ਇਸਦੇ ਤੁਕਬੰਦੀ ਤੀਕ ਸੀਮਤ ਰਹਿ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ । ਤੁਕਬੰਦੀ ਤੋਂ ਸ਼ਾਇਰੀ ਤੀਕ ਪਹੁੰਚਣ ਵਾਸਤੇ ਕਿਸੇ ਸ਼ਾਇਰ ਦੀ ਪੂਰੀ ਉਮਰ ਵੀ ਥੋੜੀ ਪੈ ਸਕਦੀ ਹੈ ।

ਕੇਸਰ ਕਰਮਜੀਤ , ਸਚਮੁਚ ਦਾ ਕਰਮਯੋਗੀ ਵੀ ਹੈ , ਕੇਸਰ ਵਾਂਗ ਨਾਯਾਬ ਸੰਵੇਦਨਾ, ਸ਼ਿੱਦਤ , ਸਰਲਤਾ , ਸੂਖਮਤਾ , ਸਹਿਜਤਾ , ਸੰਜਮ , ਸੰਕੋਚ , ਸੁਹੱਪਣ , ਸੰਜੀਦਗੀ , ਸੁੱਚਮਤਾ , ਸੁਚੱਜਤਾ , ਸੁਹਜ , ਸਿਆਣਪ , ਦਾ ਮੁਜੱਸਮਾ ਵੀ । ਉਹ ਗ਼ਜ਼ਲ ਦੇ ਮਿਜ਼ਾਜ ਨੂੰ ਬਾਖ਼ੂਬੀ ਸਮਝਦਾ ਹੈ । ਉਹ ਸ਼ਬਦਾਂ ਦਾ ਖ਼ਿਡਾਰੀ ਹੈ , ਸ਼ਬਦਾਂ ਜਾਦੂਗਰ ਹੈ । ਉਹ ਬਹਿਸ ਨਹੀਂ ਕਰਦਾ , ਸੰਵਾਦ ਰਚਾਉਂਦਾ ਹੈ , ਸ਼ਬਦਾਂ ਦੀ ਕਰਾਮਾਤ ਦਿਖਾਉਂਦਾ ਹੈ । ਉਸਨੂੰ ਗੱਲ ਕਹਿਣ ਦਾ ਸਲੀਕਾ ਆਉਂਦਾ ਹੈ । ਉਹ ਅਪਣੀ ਕਲਾ ਦੇ ਜੌਹਰ ਦਿਖਾਉਂਦਾ ਹੈ । ਉਸਦਾ ਅੰਦਾਜ਼ , ਮੰਤਰ ਮੁਗਧ ਕਰਦਾ ਹੈ । ਉਸਦੀ ਸ਼ਾਇਰੀ 'ਚ ਸਹਿਜ ਹੈ , ਵਲਵਲਾ ਹੈ , ਜਜ਼ਬਾ ਹੈ , ਅੱਥਰਾ ਵੇਗ ਹੈ । ਜਿਵੇਂ ਹਵਾ ਦਾ ਰੁਮਕਣਾ , ਪਾਣੀ ਦਾ ਵਹਿਣਾ , ਦਿਲ ਦਾ ਧੜਕਣਾ , ਫੁੱਲਾਂ ਦਾ ਮਹਿਕਣਾ , ਪੰਛੀਆਂ ਦਾ ਚਹਿਕਣਾ ।

ਕੇਸਰ ਕਰਮਜੀਤ ਦੇ ਹਥਲੇ ਗ਼ਜ਼ਲ -ਸੰਗ੍ਰਹਿ ," ਦਿਨ ਢਲ਼ੇ " , ਤੇ ਨਜ਼ਰਸਾਨੀ ਕਰਦਿਆਂ ਮੈਂ ਇਹ ਭਲੀ ਭਾਂਤ ਮਹਿਸੂਸ ਕੀਤਾ ਹੈ ਕਿ ਉਸਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਨੂੰ ਮੁਖ਼ਾਤਿਬ ਹੈ । ਉਸਦੀ ਸ਼ਾਇਰੀ ਦਾ ਦਾਇਰਾ , ਸਮਾਜਿਕ, ਆਰਥਿਕ , ਰਾਜਨੀਤਕ , ਧਾਰਮਿਕ , ਨੈਤਿਕ, ਬੌਧਿਕ ਸਰੋਕਾਰਾਂ ਤੀਕ ਪਸਰਿਆ ਹੋਇਆ ਹੈ । ਉਹ ਨਿਰੰਤਰ ਸੰਘਰਸ਼ ਵਿਚ ਯਕੀਨ ਰੱਖਣ ਵਾਲ਼ਾ ਹੈ , ਤਦੇ ਤਾਂ ਉਹ ਕਹਿੰਦਾ ਹੈ -

ਗਿਰਾਏਂਗਾ ਜਦੋਂ ਮੈਨੂੰ ਮੈਂ ਉਠ ਉਠ ਫਿਰ ਖੜਾ ਹੋਣਾ ,
ਅਗਨ ਗਲ਼ ਗਲ਼ ਕੇ ਕੱਚੀ ਧਾਤ ਵੀ ਇਸਪਾਤ ਹੁੰਦੀ ਹੈ ।

ਲੋਕ - ਲਹਿਰਾਂ ਹਮੇਸ਼ਾਂ ਦੱਬੇ - ਕੁਚਲੇ ਲੋਕਾਂ ਵਾਸਤੇ ਹਾਕਮਾਂ ਦੇ ਜਬਰ- ਜ਼ੁਲਮ ਤੋਂ ਮੁਕਤੀ ਦਾ ਰਾਹ-ਦਿਸੇਰਾ ਸਾਬਤ ਹੁੰਦੀਆਂ ਹਨ। ਉਸਨੂੰ ਲੋਕ-ਸੰਘਰਸ਼ ਦੀ ਸ਼ਕਤੀ ਦਾ ਤੀਖਣ ਅਹਿਸਾਸ ਹੈ –

ਰਾਜਿਆ ! ਮੁੜ ਨਾ ਬਚੇ ਧਰਤ ਤੇ ਤਖਤਾਂ ਦੇ ਨਾਂ ,
ਆਪਣੀ ਆਈ ਤੇ ਜਦ ਵੀ ਆ ਗਈ ਹੈ ਜ਼ਿੰਦਗੀ ।

ਲੋਕ- ਲਹਿਰਾਂ ਦੀ ਜਿੱਤ ਪ੍ਰਤੀ ਉਸਦੀ ਸੋਚ ਆਸ਼ਾਵਾਦੀ ਹੈ । ਇਨਕਲਾਬ ਦਾ ਰਾਹ ਹੀ ਦੱਬੇ- ਕੁਚਲੇ ਲੋਕਾਂ ਵਾਸਤੇ ਮੁਕਤੀ ਦਾ ਰਾਹ ਹੈ , ਲੋਕ- ਲਹਿਰਾਂ ਸਮੇਂ ਦੇ ਨਾਲ਼ ਮੱਠੀਆਂ ਤਾਂ ਭਾਵੇਂ ਪੈ ਜਾਣ ਪਰ ਹਾਰ ਕਦੇ ਨਹੀਂ ਮੰਨਦੀਆਂ ਹਮੇਸ਼ਾਂ ਜਬਰ -ਜ਼ੁਲਮ ਨਾਲ਼ ਟੱਕਰ ਲੈਂਦੀਆਂ ਹਨ , ਸਮਾਂ ਪੈ ਕੇ ਫਿਰ ਉੱਠ ਖਲੋਂਦੀਆਂ ਨੇ -

ਕਤਲ ਹੋਣੇ ਅਸਾਂ ਚੋਂ ਜੋ , ਉਨ੍ਹਾਂ ਨੇ ਖਾਦ ਹੋਣਾ ਹੈ ,
ਅਸਾਂ ਤਾਂ ਘਾਹ- ਤਿੜਾਂ ਮੁੜ ਮੁੜ ਅਸਾਂ ਆਬਾਦ ਹੋਣਾ ਹੈ ।

ਇਸੇ ਕਰ ਕੇ ਉਹ ਦੱਬੇ -ਕੁਚਲੇ ਲੋਕਾਂ ਦੀ ਧਿਰ ਨਾਲ ਖੜਾ ਹੁੰਦਾ ਹੈ। ਜਮਾਤੀ ਚੇਤਨਾ ਪੱਖੋਂ ਉਹ ਸਧਾਰਣ ਲੋਕਾਂ ਨੂੰ ਸੁਚੇਤ ਕਰਦਾ ਹੋਇਆ ਕਹਿੰਦਾ ਹੈ ਕਿ -

ਇਸਦੇ ਚੁੰਗਲ ਚੋਂ ਬਚੇ ਤਾਂ , ਉਸਦੇ ਚੁੰਗਲ ਜਾ ਫਸੇ ,
ਇਸ ਮੁਲਕ ਤੇ ਫੇਰ ਕਾਬਜ਼ ਇਕ ਘਰਾਣਾ ਹੋ ਗਿਆ ।

ਧਰਮ ਭਾਵੇਂ ਸਾਡੇ ਪੀਰ ਪੈਗੰਬਰਾਂ ਨੇ ਮਨੁੱਖ ਦੇ ਭਲੇ ਵਾਸਤੇ ਸ਼ੁਰੂ ਕੀਤੇ ਸੀ , ਪਰ ਪੁਜਾਰੀ ਜਮਾਤ ਨੇ ਸਾਰੇ ਧਰਮਾਂ ਨੂੰ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਹੈ । ਧਰਮ ਹੁਣ ਸਿਰਫ਼ ਭੇਖ ਬਣਕੇ ਰਹਿ ਗਿਆ ਹੈ , ਇਸਨੇ ਮਨੁੱਖਤਾ ਵਿੱਚ ਵੰਡੀਆਂ ਪਾ ਦਿੱਤਿਆਂ ਨੇ , ਪੁਜਾਰੀ ਜਮਾਤ ਨੇ ਇਹਨਾਂ ਵੱਖ ਵੱਖ ਫਿਰਕਿਆਂ ਵਿਚ ਨਫ਼ਰਤ ਪੈਦਾ ਕਰ ਕੇ ਆਪਣੀ ਰੋਟੀ ਰੋਜ਼ੀ ਦਾ ਜੁਗਾੜ ਬਣਾ ਲਿਆ ਹੈ-

ਕਿਸ ਨੇ ਹੈ ਜ਼ਹਿਰ ਘੋਲੀ਼ , ਸਾਰੇ ਹੀ ਜਾਣਦੇ ,
ਸ਼ੰਕੇ ਦੀ ਉਂਗਲੀ ਹੈ ਉੱਠੀ ਰੱਬ ਦੇ ਦਲਾਲ ਤੇ ।

ਲੋਕ- ਤੰਤਰ ਕਹਿਣ ਵਾਸਤੇ ਤਾਂ ਲੋਕਾਂ ਵੱਲੋਂ , ਲੋਕਾਂ ਵਾਸਤੇ ਹੁੰਦੈ ਅਤੇ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਪਰ ਰਾਜਨੀਤਕ ਲੋਕਾਂ ਵਾਸਤੇ ਲੋਕ ਤਾਂ ਸਿਰਫ਼ ਵੋਟ - ਪਰਚੀ ਬਣਕੇ ਰਹਿ ਗਏ ਹਨ -

ਕੌਤਕ ਕੈਸਾ ਚੋਣਾਂ ਦੇ ਵਿਚ ਹੋਇਆ ਹੈ ,
ਵੋਟਰ -ਸੂਚੀ ਸ਼ਾਮਿਲ ਬੰਦਾ ਮੋਇਆ ਸੀ ।

ਧਰਮ ਭਾਵੇਂ ਨੈਤਿਕ ਤੌਰ ਤੇ ਹਕੂਮਤ ਦੀ ਅਗਵਾਈ ਕਰਨ , ਤੇ ਉਸਨੂੰ ਲੋਕ-ਹਿਤੈਸ਼ੀ ਬਣਾਉਣ ਦੀ ਜ਼ਿੰਮੇਵਾਰੀ ਲੈਂਦਾ ਹੈ , ਪਰ ਇਤਿਹਾਸਕ ਤੌਰ ਤੇ ਜੇ ਨਜ਼ਰ ਮਾਰਦੇ ਹਾਂ , ਤਾਂ ਧਰਮ ਹਮੇਸ਼ਾਂ ਤੋਂ ਸੱਤਾ ਦਾ ਹਿਤ ਹੀ ਪੂਰਦਾ ਆਇਆ ਹੈ , ਹਾਕਮ ਤੇ ਪੁਜਾਰੀ ਮਿਲਕੇ ਲੋਕਾਂ ਦੀ ਲੁੱਟ ਕਰਦੇ ਆਏ ਹਨ -

ਨੇਤਾ ਨਾਲ਼ ਪੁਜਾਰੀ ਜੀ ਨੇ ਮਿਲ਼ ਜੁਲ ਕੇ ,
ਵਿਹੁ ਦਾ ਬੂਟਾ ਹਰ ਇਕ ਦਿਲ ਵਿਚ ਬੋਇਆ ਸੀ ।

ਗ਼ਜ਼ਲ ਦੇ ਸ਼ਾਇਰ ਨੂੰ ਬਹਿਰ- ਵਜ਼ਨ ਦੀ ਜਾਣਕਾਰੀ ਹੋਣ ਦੇ ਨਾਲ਼ ਨਾਲ਼ , ਫ਼ਨ ਏ ਸ਼ਾਇਰੀ , ਯਾਨੀ , ਸ਼ਾਇਰੀ ਦੀ ਕਲਾ ਬਾਰੇ ਵੀ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ । ਸ਼ਾਇਰੀ ਦੀਆਂ ਖ਼ੂਬੀਆਂ , ਖ਼ਾਮੀਆਂ ਬਾਰੇ ਜਾਣਕਾਰੀ ਹੀ ਫ਼ਨ -ਏ- ਸ਼ਾਇਰੀ ਕਹਾਉੰਦੀ ਹੈ । ਆਵੋ ਅਸੀਂ ਹੁਣ , ਕੇਸਰ ਕਰਮਜੀਤ ਦੇ ਹਥਲੇ ਗ਼ਜ਼ਲ ਸੰਗ੍ਰਹਿ ਵਿਚ ਸ਼ਾਮਿਲ , ਗ਼ਜ਼ਲ ਦੀਆਂ , ਖ਼ੂਬੀਆਂ , ਦੀ ਨਿਰਖ , ਪਰਖ ਕਰੀਏ ।

ਕੇਤਕੀ , ਚੰਪਾ, ਚਮੇਲੀ, ਦਿਲ ਖਿੜਾ ਕੇ ।
ਤੁਰ ਗਿਆਂ ਤੂੰ ਤਾਂ ਤਲ਼ੀ ਸਰਸੋਂ ਜਮਾ ਕੇ ।
( ਮੁਹਾਵਰੇਬੰਦੀ )

ਕੀਤਾ ਜਦੋਂ ਸਵਾਲ ਸੀ , ਇਹ ਬੇਰੁਖੀ ਹੈ ਕਿਉਂ ,
ਮੋਢੇ ਸਿਕੋੜ ਕੇ ਸੀ ਉਹ , ਮੁਸਕਾ ਤੁਰ ਗਿਆ ।
( ਮੰਜ਼ਰਕਸ਼ੀ ਜਾਂ ਦ੍ਰਿਸ਼- ਚਿਤਰਣ )

ਖ਼ਾਰ ਦੀ ਫ਼ਿਕਰ ਹੈ ਨਹੀਂ ਮੈਨੂੰ
ਦਿਲ ਦੇ ਵਿਹੜੇ ਗ਼ੁਲਾਬ ਲਾਇਆ ਹੈ ।
( ਤਕਾਬਲ ਜਾਂ ਤਜ਼ਾਦ )

ਰੋਸ ਕਰੀਏ ਭਲਾ ਖ਼ਿਜ਼ਾਂ ਤੇ ਕਿਉਂ ,
ਰੰਗ ਕਿਹੜਾ ਬਹਾਰ ਲਾਇਆ ਹੈ ?
( ਤਨਜ਼ ਜਾਂ ਵਿਅੰਗ )

ਸਾਥ ਹੈ ਤੇਰਾ, ਸੰਧੂਰੀ ਸ਼ਾਮ ਵੀ ,
ਚੜ੍ਹ ਗਿਆ ਹੈ ਬੇਖ਼ੁਦੀ ਦਾ ਰੰਗ ਵੀ ।
( ਸ਼ੋਖੀ)

ਅੱਜ ਤਕ ਕਾਜ਼ੀ , ਮੁਲਾਣੇ ਨਾ ਸਮਝ ਇਸਨੂੰ ਸਕੇ ,
ਸੀਸ ਕਿਉਂ ਮਨਸੂਰ ਦਾ ਸੀ ਖਿਲਖਿਲਾਇਆ ਬਾਅਦ ਵਿਚ ।
( ਤਲਮੀਹ ਜਾਂ ਇਤਿਹਾਸਕ ਹਵਾਲਾ )

ਕਿਉਂ ਅਸ਼ਕ ਨੇਤਰਾਂ ਵਿਚ ਪਥਰਾ ਗਏ ਤਿਰੇ ,
ਪਹਿਲਾਂ ਕਦੇ ਰੁਕੇ ਨਹੀਂ ਦਰਿਆ ਇਸੇ ਤਰ੍ਹਾਂ ।
( ਤਸ਼ਬੀਹ ਜਾਂ ਉਪਮਾ ਅਲੰਕਾਰ )

ਇਸ ਹਨੇਰੇ ਦੇ ਵੀ ਮੈਂ ਪਾਰ ਉਤਰ ਜਾਵਾਂਗਾ ,
ਮੈਂ ਸੁਗੰਧੀ ਹਾਂ ਹਵਾਵਾਂ 'ਚ ਪਸਰ ਜਾਵਾਂਗਾ ।
( ਸੂਖਮ- ਬਿਆਨੀ )

ਇਹ ਸਭ ਸਬੱਬ ਹੈ , ਜੀਵਨ ਖੇਡ ਉਸ ਅਗੇ ਦੀ ,
ਉਲਝੇ ਸਵਾਲ ਸੁਲਝੇ , ਬੇਰੰਗ ਜ਼ਿੰਦਗੀ ਦੇ ।
( ਸੂਫ਼ੀਆਨਾ ਰੰਗ )

ਕੋਈ ਨ ਰਸਤਾ , ਕਿਤੇ ਨ ਮੰਜ਼ਿਲ , ਹਨੇਰ ਪਸਰੇ , ਚੁਫੇਰ ਮੇਰੇ,
ਕਿਤੇ ਥਿਆਵੇ ਨ ਸੋਚ ਸੁੱਚੀ , ਹਰੇਕ ਮੱਥੇ ਹੈ ਜੈ ਰਾਮ ਲਿਖਿਆ ।
( ਟੁਕੜੀਆਂ )

ਉਸਦੇ ਪਲੇਠੇ ਸੰਗ੍ਰਹਿ , ਦਿਨ ਢਲ਼ੇ , ਨੂੰ ਪੜ੍ਹਦਿਆਂ ਹੋਇਆਂ ਪਾਠਕ ਖ਼ੁਦ ਹੀ ਏਸ ਗੱਲ ਦਾ ਅੰਦਾਜ਼ਾ ਲਾ ਸਕਦੇ ਨੇ ਕਿ , ਸ਼ਾਇਰ ਕੇਸਰ ਕਰਮਜੀਤ ਨੇ , ਆਪਣੀ ਇਸ " ਕੇਸਰ ਕਿਆਰੀ ' ਵਿਚ ਸ਼ਾਲਿਮ ਬਹਿਰਾਂ , ਕਈ ਮਿਸ਼ਰਤ ਬਹਿਰਾਂ ਬਹੁਤ ਕੁਸ਼ਲਤਾ ਨਾਲ਼ ਨਿਭਾਈਆਂ ਨੇ । ਇਹ ਉਸਦੀ , ਕਾਵਿਕ ਕਲਾ- ਕੌਸ਼ਲਤਾ , ਨੂੰ ਪ੍ਰਮਾਣਤ ਕਰਦੀਆਂ ਹਨ ।

ਸੋ ਮੈਨੂੰ ਸਿਰਫ ਆਸ ਹੀ ਨਹੀਂ ਸਗੋਂ ਯਕੀਨ ਹੈ ਕਿ ਉਸਦਾ ਇਹ ਸੰਗ੍ਰਹਿ ਪੰਜਾਬੀ ਗ਼ਜ਼ਲ - ਪ੍ਰੇਮੀਆਂ ਦੀ ਕਸਵੱਟੀ ਪੂਰਾ ਉੱਤਰੇਗਾ , ਮੈਂ ਆਪਣੇ ਵੱਲੋਂ ਉਨ੍ਹਾਂ ਇਹ ਗ਼ਜ਼ਲ- ਸੰਗ੍ਰਹਿ , ਪੜ੍ਹਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹਾਂ , ਇਸੇ ਆਸ ਨਾਲ -

ਤੁਹਾਡਾ ਆਪਣਾ ,
ਕ੍ਰਿਸ਼ਨ ਭਨੋਟ , ਸਰੀ ( ਕਨੇਡਾ )
ਫੋਨ :
1 604-314-7279
17 ਨਵੰਬਰ, 2023.

ਧਰਤੀ ਹੇਠਾਂ ਵਗਦੀ ਨਦੀ -

ਇਸ ਸਫ਼ਰ ਦੀ ਨੀਂਹ ਉਸ ਸਮੇਂ ਹੀ ਰੱਖੀ ਗਈ ਜਦੋਂ ਬਚਪਨ ਵਿਚ ਬਾਪੂ ਜੀ ਨੇ ਮੇਰੇ ਨਿੱਕੇ ਨਿੱਕੇ ਹੱਥਾਂ ਵਿਚ ਪੜ੍ਹਨ ਲਈ ਪੁਸਤਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ । ਕਹਾਣੀਆਂ ਦੀਆਂ ਪੁਸਤਕਾਂ, ਕਵਿਤਾ, ਚਿੱਠੇ ਤੇ ਚੰਦਾਮਾਮਾ ਨ ਜਾਣੇ ਕੀ ਕੀ । ਪਰ ਮੈਂਨੂੰ ਕਵਿਤਾ ਨਾਲ ਹੀ ਪਿਆਰ ਸੀ । ਸ਼ਾਇਦ ਕਵਿਤਾ ਮੈਨੂੰ ਪਿਤਾ ਸ਼੍ਰੀ ਤੋਂ ਲਹੂ ਵਿਚ ਹੀ ਮਿਲੀ ਸੀ । ਉਹ ਇਕ ਕਵੀ, ਲੇਖਕ ਅਤੇ ਚਿੰਤਕ ਅਤੇ ਸੰਸਕ੍ਰਿਤ ਦੇ ਵਿਦਵਾਨ ਸਨ । ਉਹਨਾਂ ਨੂੰ ਮੈਂ ਵਿਹਲੇ ਸਮੇਂ ਹਮੇਸ਼ਾ ਹੀ ਕੁਝ ਨਾ ਕੁਝ ਪੜ੍ਹਦੇ ਜਾਂ ਲਿਖਦੇ ਵੇਖਿਆ । ਪੇਸ਼ੇ ਵਜੋਂ ਉਹ ਸਿਹਤ ਵਿਭਾਗ ਪੰਜਾਬ ਵਿਚ ਵੈਦ ਸਨ । ਉਨ੍ਹਾਂ ਦਾ ਨਾਮ ਸ਼੍ਰੀ ਸੰਤ ਰੇਣੂ ਸੀ । ਆਪਣੇ ਸਮਕਾਲੀਆਂ ਵਿਚ ਉਹ ਆਪਣੇ ਇੱਕੋ ਇੱਕ ਕਾਵਿ ਸੰਗ੍ਰਹਿ “ ਤਿੱਲ ਫੁਲ” ਲਈ ਜਾਣੇ ਜਾਂਦੇ ਹਨ ਜੋ ਕਿ ਅਤਿ ਗ਼ੁਰਬਤ ਦੇ ਦੌਰ ਵਿਚ ਉਨ੍ਹਾਂ ਨੇ ਜਿਵੇਂ ਕਿਵੇਂ ਕਰ ਕੇ ਉਹਨਾਂ ਛਪਾਇਆ ਸੀ । ਸੱਤਵੀਂ ਜਮਾਤ ਵਿਚ ਜਦੋਂ ਮੈਂ ਸੀ ਤਾਂ ਇਹ ਕਾਵਿ ਸੰਗ੍ਰਹਿ ਮੇਰੇ ਹੱਥ ਲੱਗਾ ਸੀ । ਉਹ ਛੰਦ-ਬੱਧ ਕਵਿਤਾ ਲਿਖਦੇ ਸਨ । ਕਹਿਣ ਦੀ ਗੱਲ ਕਿ ਇਹ ਚੇਟਕ ਲਹੂ ਚੋਂ ਮਿਲੀ ।

ਅੱਠਵੀਂ ਜਮਾਤ ਵਿਚ ਮੇਰੇ ਹੱਥ ਦੀਵਾਨੇ ਮਿਰਜ਼ਾ ਗ਼ਾਲਿਬ ਲੱਗੀ । ਭਾਂਵੇ ਉਸ ਸਮੇਂ ਮੇਰੇ ਬਾਲ ਮਨ ਨੂੰ ਜਨਾਬ ਗਾਲਿਬ ਜੀ ਦੀਆਂ ਬਹੁਤੀਆਂ ਗ਼ਜ਼ਲਾਂ ਸਮਝ ਨਹੀਂ ਪਈਆਂ ਸਨ, ਪਰ ਕਈ ਸਾਰੀਆਂ ਗ਼ਜ਼ਲਾਂ ਨੇ ਮੈਨੂੰ ਹਲੂਣ ਵੀ ਦਿੱਤਾ ਸੀ । ਮੇਰੇ ਹੁਣ ਵੀ ਯਾਦ ਹੈ ਕਿ ਸਕੂਲ ਦੀ ਇੱਕ ਬਾਲ ਸਭਾ, ਜਿਸ ਵਿਚ ਬੱਚਿਆਂ ਤੋਂ ਗੀਤ, ਕਵਿਤਾ ਅਤੇ ਚੁਟਕਲੇ ਆਦਿ ਸੁਣੇ ਜਾ ਰਹੇ ਸਨ, ਵਿਚ ਮੇਰੀ ਵਾਰੀ ਆਉਣ ਤੇ ਮੈਨੂੰ ਹੋਰ ਕੁਝ ਨਾ ਔੜਿਆ ਤੇ ਮੈਂ ਜਨਾਬ ਗਾਲਿਬ ਦੇ ਦੋ ਸ਼ਿਅਰ ਹੀ ਬੋਲ ਦਿੱਤੇ –

ਦਿਲੇ - ਨਾਦਾਂ ਤੁਝੇ ਹੂਆ ਕਿਆ ਹੈ ।
ਆਖ਼ਰ ਇਸ ਦਰਦ ਕੀ ਦਵਾ ਕਿਆ ਹੈ ।

ਮੈਂ ਭੀ ਮੂੰਹ ਮੇਂ ਜ਼ੁਬਾਨ ਰਖਤਾ ਹੂੰ ,
ਕਾਸ਼ ਪੂਛੋ ਕਿ ਮੁੱਦਆ ਕਿਆ ਹੈ ।

ਜਦੋਂ ਮੈਂ ਆਖ਼ਰੀ ਸ਼ਿਅਰ ਖਤਮ ਕੀਤਾ ਤਾਂ ਮੇਰੇ ਪੰਜਾਬੀ ਅਧਿਆਪਕ ਸ. ਅਜੈਬ ਸਿੰਘ ਜੀ ਨੇ ਬਹੁਤ ਸ਼ਾਬਾਸ਼ ਦਿੱਤੀ ਅਤੇ ਦੂਸਰੇ ਅਧਿਆਪਕ ਸ਼੍ਰੀ ਰਾਮ ਮੂਰਤੀ ਜੀ ਨੇ ਘੁੱਟ ਕੇ ਮੈਨੂੰ ਪਿਆਰ ਦਿੱਤਾ ਅਤੇ ਕਿਹਾ ਓਏ ਤੂੰ ਕਿੱਥੇ ਸੀ ਓਏ ਮੁੰਡਿਆ । ਇਸ ਛੋਟੀ ਜਿਹੀ ਘਟਨਾ ਨੇ ਮੇਰੇ ਕਾਵਿ ਪ੍ਰੇਮ ਨੂੰ ਹੋਰ ਵੀ ਸਿੰਜ ਦਿੱਤਾ ਸੀ । ਹੋਰ ਸਾਰੇ ਵਿਦਿਆਰਥੀਆਂ ਨੇ ਚੱਕ ਲੈ ਧਰ ਲੈ ਵਾਲੇ ਗੀਤ ਹੀ ਗਾਏ ਸਨ । ਸ ਅਜੈਬ ਸਿੰਘ ਜੀ ਨੇ ਮੈਨੂੰ ਸਕੂਲ ਲਾਇਬਰੇਰੀ ਦੀ ਚਾਬੀ ਦਿੱਤੀ ਅਤੇ ਕਿਹਾ ਜੋ ਤੈਨੂੰ ਚੰਗੀ ਲੱਗੇ ਕਿਤਾਬ ਲੈ ਲਿਆ ਕਰ ਤੇ ਪੜ੍ਹ ਕੇ, ਮੁੜ ਉਸੇ ਨੰਬਰ ਤੇ ਰੱਖ ਦਿਆ ਕਰ । ਦੂਸਰੀ ਜਿਮੇਵਾਰੀ ਲਾਇਬਰੇਰੀ ਦੀਆਂ ਅਲਮਾਰੀਆਂ ਦੀ ਸਮੇਂ ਸਮੇਂ ਸਫਾਈ ਦੀ ਸੀ। ਉਸ ਸਮੇਂ ਇਸ ਜਨੂਨ ਨੇ ਉਸ ਲਾਇਬਰੇਰੀ ਵਿਚੋਂ ਸ. ਨਾਨਕ ਸਿੰਘ, ਸ. ਜਸਵੰਤ ਸਿੰਘ ਕੰਵਲ, ਮੈਕਸਿਮ ਗੋਰਕੀ, ਚੇਖੋਵ ਦੀਆਂ ਕਹਾਣੀਆਂ, ਮੁਪਾਂਸਾ ਅਤੇ ਸਅਦਤ ਹਸਨ ਮੰਟੋ, ਰਬਿੰਦਰ ਨਾਥ ਟੈਗੋਰ, ਅੰਮ੍ਰਿਤਾ ਪ੍ਰੀਤਮ, ਮੁਨਸ਼ੀ ਪ੍ਰੇਮ ਚੰਦ, ਕ੍ਰਿਸ਼ਨ ਚੰਦਰ ਅਤੇ ਨਾ ਜਾਣੇ ਕਿੰਨੇ ਹੀ ਸਾਹਿਤਕਾਰ ਅਤੇ ਕਵੀ ਪੜ੍ਹਨ ਨੂੰ ਦਿੱਤੇ ।

ਪਿਤਾ ਸ਼੍ਰੀ ਮੈਨੂੰ ਇੱਕ ਦਿਨ ਗਿਆਨੀ ਤੇਜਾ ਸਿੰਘ ਜੀ ਧਨੌਲਾ ਪਾਸ ਛੱਡ ਆਏ ਅਤੇ ਕਿਹਾ ਇੰਨਾਂ ਤੋਂ ਕੁਝ ਸਿੱਖਿਆ ਕਰ । ਮੈਂ ਇੱਕ ਸਕੂਲ ਵਿਦਆਰਥੀ ਤੇ ਮੇਰੇ ਮਿੱਤਰ ਸਨ ੭੦ ਸਾਲ ਬੁੱਢੇ ਰਿਟਾਇਰਡ ਪੰਜਾਬੀ ਅਧਿਆਪਕ । ਉਹ ਬਹੁਤ ਵਧੀਆ ਪਾਠਕ ਸਨ । ਉਹ ਪ੍ਰੀਤਲੜੀ ਦੇ ਸ਼ੁਦਾਈ ਸਨ । ਉਨ੍ਹਾਂ ਦੇ ਘਰ ਪੱਠਿਆਂ ਦਾ ਟੋਕਾ ਕਰਨ ਦੇ ਬਦਲੇ ਵਿੱਚ ਉਹ ਮੈਨੂੰ ਕਿੰਨੀਆਂ ਦਿਲਚਸਪ ਗੱਲਾਂ , ਕਹਾਣੀਆਂ ਸੁਣਾਉਂਦੇ ਤੇ ਪ੍ਰੀਤਲੜੀ ਵੀ ਪੜ੍ਹਨ ਨੂੰ ਦਿੰਦੇ ਸਨ । ਮੇਰਾ ਸਾਹਿਤ ਪ੍ਰੇਮ ਇੰਜ ਵਧਦਾ ਰਿਹਾ ।

ਦਸਵੀਂ ਜਮਾਤ ਵਿਚ ਪਹੁੰਚ ਕੇ ਮੇਰੇ ਤੋਂ ਅਗਲੀ ਜਮਾਤ ਵਿਚ ਪੜ੍ਹਦੇ ਸਾਹਿਤ ਪ੍ਰੇਮੀ ਤੇਜਾ ਸਿੰਘ ਤਿਲਕ ਜੀ ਦੇ ਉੱਦਮ ਸਦਕਾ ਨਿੱਕੀ ਜਿਹੀ ਸਾਂਝੀ ਬਾਲ ਸਾਹਿਤ ਪੁਸਤਕ ਕਰੂੰਬਲ਼ਾਂ ਪ੍ਰਾਕਾਸ਼ਿਤ ਹੋਈ ਸੀ । ਕਾਲਿਜ ਵਿਚ ਜਾ ਕੇ ਭਾਂਵੇਂ ਮੇਰੇ ਵਿਸ਼ੇ ਸਾਇੰਸ ਦੇ ਸਨ ਪਰ ਕਵਿਤਾ ਪ੍ਰੇਮ ਉਵੇਂ ਦਾ ਉਵੇਂ ਰਿਹਾ । ਉਸ ਸਮੇਂ ਦੌਰਾਨ ਸ਼ਿਵ ਕੁਮਾਰ ਬਟਾਲਵੀ, ਸੰਤ ਰਾਮ ਉਦਾਸੀ, ਦਰਸ਼ਨ ਸਿੰਘ ਅਵਾਰਾ ਅਤੇ ਪ੍ਰਿੰਸੀਪਲ ਤਖ਼ਤ ਸਿੰਘ ਜੀ ਦਾ ਕਾਵਿ ਮੇਰਾ ਰਹਿਨੁਮਾ ਰਿਹਾ ।

ਬੀ.ਐਸ.ਸੀ ਦੀ ਪੜ੍ਹਾਈ ਦੌਰਾਨ ਕੁਝ ਸਾਹਿਤ ਪ੍ਰੇਮੀ ਸਹਿਪਾਠੀਆਂ ਨਾਲ ਮਿਲ ਕੇ ਇਕ ਸਾਂਝੀ ਪੁਸਤਕ ਨਵ- ਲਹਿਰਾਂ ਪ੍ਰਕਾਸ਼ਿਤ ਕਰਵਾਈ । ਉਸ ਸਮੇਂ ਦੌਰਾਨ ਸਾਹਿਤ ਸਭਾ ਬਰਨਾਲਾ ਦੀਆਂ ਗੋਸ਼ਠੀਆਂ ਵਿਚ ਭਾਗ ਲੈ ਕੇ ਸ ਪ੍ਰੀਤਮ ਸਿੰਘ ਰਾਹੀ, ਬੇਦਿਲ ਸਾਹਿਬ, ਪ੍ਰੋਫੈਸਰ ਰਵਿੰਦਰ ਭੱਠਲ, ਓਮ ਪ੍ਰਕਾਸ਼ ਗਾਸੋ, ਸੁੱਖਜੀਤ ਭੱਠਲ ਅਤੇ ਮਿੰਦਰ ਪਾਲ ਭੱਠਲ ਵਰਗੇ ਵੱਡੇ ਸਾਹਿਤਕਾਰਾਂ ਦੀ ਸੰਗਤ ਕਰਨ ਅਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ।

1980 ਵਿਚ ਮੇਰੀ ਜ਼ਿੰਦਗੀ ਵਿਚ ਅਚਾਨਕ ਇਕ ਖੂਬਸੂਰਤ ਮੋੜ ਆਇਆ । ਇਸ ਸਮੇਂ ਸਾਹਿਤ ਦੇ ਮਹਾਂਸਾਗਰ ਓਸ਼ੋ ਦਾ ਮੇਰੀ ਜ਼ਿੰਦਗੀ ਵਿਚ ਆਗਮਨ ਹੋਇਆ । ਫਿਰ ਸਭ ਕੁਝ ਉਸ ਮਹਾਂ ਸੂਰਜ ਦੇ ਸਾਹਮਣੇ ਫਿੱਕਾ ਪੈ ਗਿਆ । ਸ਼ਬਦ ਛੱਡ ਜ਼ਿੰਦਗੀ ਨਿਸ਼ਬਦ ਨੂੰ ਲੋਚਣ ਲੱਗੀ । ਇਹ ਲੋਚਾ ਹਾਲੇ ਵੀ ਮੇਰੀ ਸਾਥਣ ਤੇ ਰਹਿਨੁਮਾ ਹੈ ।

ਮੇਰੇ ਕਵੀ ਮਿੱਤਰ ਸ਼੍ਰੀ ਵਿਨੋਦ ਅਨੀਕੇਤ ਜੀ ਨੇ ਮੈਨੂੰ ਮੁੜ ਕਵਿਤਾ ਲਿਖਣ ਲਈ ਪ੍ਰੇਰਿਤ ਕੀਤਾ ਤਾਂ ਮੁੜ ਇਸ ਪੁਰਾਣੀ ਟੁੱਟੀ ਫੁੱਟੀ ਵੀਣਾ ਵਿਚ ਪਤਾ ਨਹੀਂ ਕਿੱਥੋਂ ਸੰਗੀਤ ਆ ਗਿਆ । ਪਰ ਇਹ ਸੰਗੀਤ ਬੇਤਾਲ ਅਤੇ ਕੱਚ-ਘੜ ਸੀ । ਕਿਹਾ ਜਾਂਦਾ ਹੈ ਸਿੱਖਣ ਦੀ ਸ਼ਿੱਦਤ ਹੋਵੇ ਤਾਂ ਸਹੀ ਗੁਰੂ ਵੀ ਮਿਲ ਜਾਂਦਾ ਹੈ । ਗ਼ਜ਼ਲ ਦੀ ਵਿਧਾ ਬਾਰੇ ਸਹੀ ਸੇਧ ਦੇਣ ਲਈ ਮੇਰੇ ਉਸਤਾਦ ਸ਼੍ਰੀ ਕ੍ਰਿਸ਼ਨ ਭਨੋਟ ਜੀ ਦਾ ਮੇਰੀ ਜ਼ਿੰਦਗੀ ਵਿਚ ਆਉਣਾ ਇਕ ਚਮਤਕਾਰ ਦੀ ਤਰਾਂ ਹੀ ਹੈ । ਅੱਜ ਤੱਕ ਜੇ ਮੈਂ ਕੋਈ ਢੰਗ ਦੀ ਗ਼ਜ਼ਲ ਕਹਿ ਸੱਕਿਆਂ ਹਾਂ ਤਾਂ ਇਹ ਸਭ ਉਨ੍ਹਾਂ ਦੀ ਸੇਧ ਅਤੇ ਅਸ਼ੀਰਵਾਦ ਦੇ ਬਦੌਲਤ ਹੀ ਹੈ ।

ਮੇਰੇ ਪਹਿਲੇ ਗ਼ਜ਼ਲ ਸੰਗ੍ਰਹਿ “ ਦਿਨ ਢਲ਼ੇ “ ਦੇ ਮੁਖਬੰਧ ਨੂੰ ਲਿਖਦਿਆਂ ਮੇਰੇ ਉਸਤਾਦ ਸ਼੍ਰੀ ਕ੍ਰਿਸ਼ਨ ਭਨੋਟ ਜੀ ਨੇ ਕਿਹਾ ਕਿ ਮੈਂ ਅਪਣਾ ਸਿਰਜਣਾ ਸਫ਼ਰ ਵੀ ਲਿਖਾਂ । ਪਰ ਇਹ ਲਿਖਦਿਆਂ ਮੇਰਾ ਮਨ ਹੱਸ ਵੀ ਰਿਹਾ ਹੈ ਅਤੇ ਸ਼ਸ਼ੋਪੰਜ ਵਿਚ ਵੀ ਹੈ ਕਿ ਉਮਰ 67ਵੇਂ ਵਰੇ ਸ਼ੁਰੂ ਕੀਤੇ ਸਫ਼ਰ ਨੂੰ ਸਿਰਜਣਾ ਸਫ਼ਰ ਕਿਵੇਂ ਲਿਖਾਂ ਪਰ ਫਿਰ ਵੀ ਹੈ ਤਾਂ ਇਹ ਸਫ਼ਰ ਹੀ, ਭਾਵੇਂ ਇੱਕ ਨਦੀ ਦੂਰ ਤੱਕ ਧਰਤੀ ਦੇ ਹੇਠਾਂ ਹੀ ਵਗਦੀ ਰਹੀ… ਪਰ ਵਗਦੀ ਤਾਂ ਸੀ ।

ਆਪ ਦਾ
ਕੇਸਰ ਕਰਮਜੀਤ,
ਸਿਡਨੀ, ਆਸਟ੍ਰੇਲੀਆ

ਗ਼ਜ਼ਲ ਸੰਗ੍ਰਹਿ “ਦਿਨ ਢਲੇ” ਵਾਰੇ ਦੋ ਸ਼ਬਦ

ਜਿੱਥੋਂ ਦੀ ਕੇਸਰ ਲੰਘਿਆ ਕੇਸਰ ਖਿੰਡਾ ਗਿਆ... - ਪਿੰਡ ਨਸਰਾਲੀ ਤੋਂ ਕੇਸਰ ਮੇਰਾ ਤਿੰਨਾਂ ਵਿੱਚੋਂ ਵੱਡਾ ਮਾਮਾ ਸੀ। ਉਸਦੀ ਮੌਤ ਤੋਂ ਬਾਅਦ ਮੈਂ ਉਸਦਾ ਸ਼ਬਦ- ਚਿੱਤਰ ਲਿਖਿਆ " ਕੇਸਰ ਮਾਮਾ ਹੁਣ ਇੱਥੇ ਨਹੀਂ ਰਹਿੰਦਾ " । ਪਰ ਉਹ ਹਮੇਸ਼ਾ ਮੇਰੇ ਦਿਲ ਵਿਚ ਰਹਿੰਦਾ ਹੈ। ਜਦੋਂ ਮੈਂ ਉਸਦੀ ਸ਼ਕਲ ਜਾਂ ਨਾਂ ਦਾ ਬੰਦਾ ਵੇਖਦਾ ਹਾਂ, ਮੈਨੂੰ ਡਾ ਕੇਸਰ ਸਿੰਘ ਕੇਸਰ ਦਾ ਲਿਖਿਆ ਸ਼ੇਅਰ ਯਾਦ ਆ ਜਾਂਦਾ ਹੈ," ਅੱਜ ਮੇਰੀ ਮੌਤ 'ਤੇ ਕੁੱਝ ਲੋਕ ਕਹਿੰਦੇ ਸੁਣੇ ਨੇ , ਜਿੱਥੋਂ ਦੀ ਕੇਸਰ ਲੰਘਿਆ ਕੇਸਰ ਖਿੰਡਾ ਗਿਆ। " ਇਹ ਸ਼ੇਅਰ ਬਹੁਤ ਮਹੱਤਵਪੂਰਨ ਹੈ। ਇਸ ਦੀ ਪਿੱਠ ਭੂਮੀ ਵਿੱਚੋਂ ਇਕ ਸ਼ਾਇਰ ਦਾ ਜਨਮ ਹੁੰਦਾ ਹੈ। ਉਹ ਸ਼ਾਇਰ ਜਿਸ ਦੀ ਸ਼ਾਇਰੀ ਵਿੱਚੋਂ ਕੇਸਰ ਵਰਗੀ ਮਹਿਕ ਆਉਂਦੀ ਹੈ। ਮੇਰੀ ਮੁਰਾਦ ਆਸਟ੍ਰੇਲੀਆ ਵੱਸਦੇ ਕੇਸਰ ਕਰਮਜੀਤ ਤੋਂ ਹੈ। ਮੇਰੀ ਨਜ਼ਰ ਵਿੱਚ ਉਹ ਇਕ ਐਸਾ ਸਿਰਜਕ ਹੈ ਜੋ ਉਮਰ ਦੇ ਲੰਬੇ ਰਸਤੇ ਉੱਪਰ ਤੁਰਦਾ " ਦਿਨ ਢਲੇ " ਉੱਥੇ ਜਾ ਪਹੁੰਚਦਾ ਹੈ ਜਿੱਥੋਂ ਖੂਬਸੂਰਤ ਮੁਟਿਆਰ ਵਰਗੀ ਗ਼ਜ਼ਲ ਉਦੈ ਹੁੰਦੀ ਹੈ। ਤਕਨੀਕੀ ਪੱਖ ਤੋਂ ਸ਼ਬਦ ਤੇ ਖਿਆਲ ਨੂੰ ਗੁਣੀਏ ਵਿੱਚ ਰੱਖ ਕੇ ਸਿਰਜਣਾ ਕਰਨ ਵਾਲਾ ਕੇਸਰ ਗੱਲਾਂ ਬਾਤਾਂ ਕਰਦਾ ਮੇਰਾ ਮਾਮਾ ਬਣ ਜਾਂਦਾ ਹੈ। ਜਦੋਂ ਮੈਂ ਉਸਦੀ ਗ਼ਜ਼ਲ ਦਾ ਪਾਠ ਕੀਤਾ। ਉਹ ਇਕ ਦਾਰਸ਼ਨਿਕ ਔਰੇ ਵਾਲਾ ਸ਼ਬਦ- ਮੰਡਲ ਸਿਰਜਦਾ ਨਜ਼ਰ ਆਇਆ। ਉਸਦੀ ਇਕ ਇਕ ਗ਼ਜ਼ਲ ਵਿੱਚ ਖਿਆਲਾਂ ਦੇ ਅਨੇਕਾਂ ਤਬਕ ਦਰਜ਼ ਹੁੰਦੇ ਹਨ। ਉਹ ਜਦੋਂ ਲਿਖਦਾ ਹੈ। ਉਸਦਾ ਜੀਵਨ ਅਨੁਭਵ ਸਿਰ ਚੜ੍ਹ ਬੋਲਦਾ ਹੈ। ਸੁਪਨਿਆਂ ਤੇ ਯਥਾਰਥ ਦੀ ਦੁਨੀਆਂ ਨੂੰ ਜਿਸ ਟਾਕਰਵੀਂ ਅੰਤਰ ਦ੍ਰਿਸ਼ਟੀ ਔਰ ਸਿਆਣਪ ਨਾਲ ਉਹ ਗ਼ਜ਼ਲ ਵਿੱਚ ਢਾਲਦਾ ਹੈ ,ਉਹ ਉਸ ਨੂੰ ਪੰਜਾਬੀ ਦਾ ਪ੍ਰਮਾਣਿਕ ਰਚਨਾਕਾਰ ਬਣਾਉਂਦੀ ਹੈ।

“ਮੈਂ ਉਡਾਰੀ ਸੰਗ ਗ਼ਜ਼ਲਾਂ ਮਾਰਦਾਂ ।
ਉਡਦਿਆਂ ਤੂੰ ਵੇਖਿਆ ਮੈਨੂੰ ਕਦੇ ॥”

ਇਸ ਤਰਾਂ ਦਾ ਸ਼ੇਅਰ ਲਿਖਣ ਲਈ ਕੇਸਰ ਹੋਣਾ ਪੈਂਦਾ ਹੈ। ਜੋ ਸ਼ਾਇਰ ਮਾਨਵੀ ਜਿ਼ੰਦਗੀ ਦੇ ਅੰਤਰ ਬਾਹਰੀ ਧਰਾਤਲਾਂ ਨਾਲ ਸੰਵਾਦ ਰਚਾਉਣ ਦਾ ਹੁਨਰ ਜਾਣਦਾ ਹੈ। ਕੇਸਰ ਕਰਮਜੀਤ ਉਸਦਾ ਨਾਂ ਹੈ। ਉਹ ਭਾਵੇਂ " ਦਿਨ ਢਲੇ " ਆਇਆ ਹੈ , ਪਰ ਉਸਦੀ ਸ਼ਾਇਰੀ ਵਿੱਚੋਂ ਖੂਬਸੂਰਤ ਸਿਰਜਣਾ ਦਾ ਸੂਰਜ ਉਦੈ ਹੁੰਦਾ ਦਿਖਾਈ ਦਿੰਦਾ ਹੈ। ਉਸਦੀ ਪਲੇਠੀ ਗ਼ਜ਼ਲ ਪੁਸਤਕ ਦੀ ਆਮਦ ਦਾ ਸਵਾਗਤ ਕਰਦਾ ਹੋਇਆ ਮੈਂ ਬਹੁਤ ਹੀ ਮੁਹੱਬਤ ਨਾਲ ਆਖਦਾ ਹਾਂ,
" ਮੁਬਾਰਕ ਹੋਵੇ ਮਾਮਾ....!"

ਜਸਵੀਰ ਰਾਣਾ


ਕੋਈ ਸੌਖਾ ਨਹੀਂ ਹੈ ਮਨ ਦਾ ਜੰਗਲ ਪਾਰ ਹੋ ਜਾਣਾ

ਕੋਈ ਸੌਖਾ ਨਹੀਂ ਹੈ ਮਨ ਦਾ ਜੰਗਲ ਪਾਰ ਹੋ ਜਾਣਾ। ਕਿਸੇ ਇਨਸਾਨ ਦਾ ਇਨਸਾਨ ਤੋਂ ਕਿਰਦਾਰ ਹੋ ਜਾਣਾ । ਕਰੇ ਹੈਰਾਨ ਇਹ ਜੀਵਨ ਤਪਸ਼ ਦੀ ਮਾਰ ਮਗਰੋਂ ਵੀ, ਕਿਸੇ ਸੁੱਕੇ ਬਿਰਖ ਦਾ ਫੇਰ ਤੋਂ ਕਚਨਾਰ ਹੋ ਜਾਣਾ । ਅਜੇ ਵੀ ਯਾਦ ਹੈ ਮੈਨੂੰ, ਮਿਰਾ ਇਜ਼ਹਾਰ ਕਰਨਾ ਉਹ, ਗ਼ੁਲਾਬੀ, ਸ਼ਰਮ ਵਿਚ ਉਸਦੇ ਤਦੇ ਰੁਖ਼ਸਾਰ ਹੋ ਜਾਣਾ । ਜੇ ਪੈਲ਼ੀ ਆਪਣੀ ਦੀ ਤੂੰ ਨਾ ਰਾਖੀ ਆਪ ਕਰਨੀ ਹੈ , ਇਹ ਡਰਨੇ ਖੇਤ ਦੇ ਨੇ ਖੇਤ ਦਾ ਹੱਕਦਾਰ ਹੋ ਜਾਣਾ । ਕਦੇ ਅਪਣੇ ਇਕ`ਲੇ-ਪਣ ਸਮੇਂ ਕੰਧਾਂ ਨੂੰ ਮੈਂ ਆਖਾਂ, ਇਵੇਂ ਚਲਦਾ ਰਿਹਾ ਜੇਕਰ ਤਾਂ ਮੈਂ ਦੀਵਾਰ ਹੋ ਜਾਣਾ । ਬੜੀ ਸ਼ਿਦਤ, ਸ਼ਹਾਦਤ, ਘਾਲਣਾ ਦੇ ਨਾਲ ਇਕ ਦਿਨ ਹੀ, ਮਸ਼ਾਲਾਂ ਸਾਮ੍ਹਣੇ ਆਖ਼ਰ ਤਿਮਿਰ ਲਾਚਾਰ ਹੋ ਜਾਣਾ ।

ਉਸੇ ਥਾਂ ਚੰਨ ਸੀ ਉੱਥੇ ਜ਼ਮੀਂ ਸੀ

ਉਸੇ ਥਾਂ ਚੰਨ ਸੀ ਉੱਥੇ ਜ਼ਮੀ ਸੀ । ਨਹੀਂ ਇਹ ਫ਼ਾਸਲਾ ਇੰਨਾਂ ਕਦੀ ਸੀ । ਤੂੰ ਸੀ, ਹਰ ਸ਼ੈਅ ਸਹੀ ਅਪਣੀ ਜਗ੍ਹਾ ਸੀ , ਕੋਈ ਤਾਂ ਚੀਜ਼ ਸੀ ਜਿਸਦੀ ਕਮੀ ਸੀ । ਕੋਈ ਮੁਸਲਿਮ, ਸੀ ਹਿੰਦੂ ਕੋਈ ਲੇਕਿਨ , ਬੜੀ ਮੁਸ਼ਕਿਲ, ਨਹੀਂ ਤਾਂ ਆਦਮੀ ਸੀ । ਨਹੀਂ ਹੈ ਅੰਤ ਨਾ ਆਗਾਜ਼ ਇਸ ਦਾ , ਕਥਾ ਕੈਸੀ ਖ਼ੁਦਾਇਆ ਤੂੰ ਕਹੀ ਸੀ । ਬੜੀ ਨਿਸ਼ਠੁਰ ਖ਼ੁਦਾ ਇਹ ਜ਼ਿੰਦਗੀ ਕਿਉਂ , ਦੁਰਾਹੇ 'ਤੇ ਖੜਾ ਕਿਉਂ ਆਦਮੀ ਸੀ ।

ਕੇਤਕੀ, ਚੰਪਾ, ਚਮੇਲੀ, ਦਿਲ ਖਿੜਾ ਕੇ

ਕੇਤਕੀ, ਚੰਪਾ, ਚਮੇਲੀ, ਦਿਲ ਖਿੜਾ ਕੇ । ਤੁਰ ਗਿਆ ਤੂੰ ਤਾਂ ਤਲੀ ਸਰਸੋਂ ਉਗਾ ਕੇ । ਰੰਗ ਲਾਉਣਾ ਹੋਰ ਕੀ ਬਰਸਾਤ ਆ ਕੇ । ਗਿਰ ਗਿਆ ਕੋਠਾ ਪੁਰਾਣਾ ਜਰਜਰਾ ਕੇ । ਅੱਜ ਤਿਮਿਰ ਨੇ ਏਸ 'ਤੇ ਇਤਰਾਜ਼ ਕੀਤਾ, ਰੌਸ਼ਨੀ ਆਉਂਦੀ ਨਹੀਂ ਦਰ ਖਟਖਟਾ ਕੇ । ਤੇਰੇ ਉਸ ਤਿੱਖੇ ਜਿਹੇ ਇਕ ਬੋਲ ਕਾਰਨ, ਰੁੱਖ ਡਿੱਗਾ ਕਿਸ ਤਰਾਂ ਧਰਤੀ 'ਤੇ ਆ ਕੇ । ਨਾ ਕੋਈ ਆਇਆ ਭੁਲੇਖਾ ਪੈ ਰਿਹਾ ਹੈ, ਪੌਣ ਲੰਘੀ ਬੂਹਿਆਂ ਨੂੰ ਚਰਮਰਾ ਕੇ । ਉਡਦੇ ਪੰਛੀ ਡਾਲ਼ ਨੂੰ ਆਖੀ ਵਿਦਾ ਜੋ, ਰੋ ਪਏ ਪੱਤੇ ਉਦੋਂ ਸੀ ਥਰਥਰਾ ਕੇ । ਹੋਂਦ ਮੇਰੀ ਚੀਰ ਕੇ ੳੇਹ ਲੰਘਿਆ ਇਉਂ, ਰੁੱਖ ਚੋਂ ਲੰਘੀ ਹਵਾ ਜਿਉਂ ਸਰਸਰਾ ਕੇ ।

ਮੇਰੇ ਤੋਂ ਕਿਸ ਤਰਾਂ ਸੀ ਉਹ ਕਤਰਾ ਕੇ ਤੁਰ ਗਿਆ

ਮੇਰੇ ਤੋਂ ਕਿਸ ਤਰਾਂ ਸੀ ਉਹ ਕਤਰਾ ਕੇ ਤੁਰ ਗਿਆ । ਕਿਉਂ ਦੋਸਤੀ ਦਾ ਜਾਮ ਸੀ ਠੁਕਰਾ ਕੇ ਤੁਰ ਗਿਆ । ਮੇਰੇ 'ਚੋਂ ਪਾਰ ਲੰਘਿਆ ਇਤਰਾ ਕੇ ਇਸ ਤਰਾਂ , ਦਰਿਆ ਜੋ ਵਗ ਰਿਹਾ ਸੀ ਕਿਉਂ ਠਹਿਰਾ ਕੇ ਤੁਰ ਗਿਆ । ਮਾਲਾ ਦੇ ਮਣਕਿਆਂ ਤਰਾਂ ਰਟਿਆ ਸੀ ਜਿਸ ਦਾ ਨਾਂ , ਉਹ ਸ਼ਖ਼ਸ ਖਿਣ 'ਚ ਕਿਸ ਲਈ ਵਿਸਰਾ ਕੇ ਟੁਰ ਗਿਆ । ਹਾਲੇ ਤਾਂ ਉਸਨੇ ਹੋਰ ਵੀ ਸੀ ਸੁਖਨ ਸਿਰਜਣਾ , ਸੀ ਬਦ-ਹਵਾਸ ਜ਼ਿੰਦਗੀ, ਘਬਰਾ ਕੇ ਤੁਰ ਗਿਆ । ਕੀਤਾ ਜਦੋਂ ਸਵਾਲ, ਜੀ ਇਹ ਬੇਰੁਖ਼ੀ ਹੈ ਕਿਉਂ , ਮੋਢੇ ਸਿਕੋੜ ਕੇ ਸੀ ਉਹ, ਮੁਸਕਾ ਕੇ ਤੁਰ ਗਿਆ । ਕੀ ਬੇਲਗਾਮ, ਸ਼ਹਿਰ ਵਿਚ ਆਇਆ ਤੁਫ਼ਾਨ ਸੀ , ਪੰਛੀ ਅਨੇਕ ਸ਼ਹਿਰ ਦੇ ਮਰਵਾ ਕੇ ਤੁਰ ਗਿਆ ।

ਦੇਰ ਤੀਕਣ ਇੱਕ ਜਗ੍ਹਾ ਉਹ ਖੜ ਗਿਆ ਹੋਣੈ

ਦੇਰ ਤੀਕਣ ਇੱਕ ਜਗ੍ਹਾ ਉਹ ਖੜ੍ਹ ਗਿਆ ਹੋਣੈ । ਇਸ ਲਈ ਪਾਣੀ ਤਲ਼ਾ ਦਾ ਸੜ ਗਿਆ ਹੋਣੈ । ਸੱਖਣਾ ਜਿਸ ਦਿਲ ਨੂੰ ਤੂੰ ਕਰ ਕੇ ਗਿਆ ਸੀ, ਉਹ, ਆਲ੍ਹਣਾ ਆਖ਼ਰ ਕਿਰਾਏ ਚੜ੍ਹ ਗਿਆ ਹੋਣੈ । ਫਿਰ ਕੋਈ ਕਿੱਸਾ ਕਲ਼ਮ ਨੂੰ ਦਿਲਰੁਬਾ ਦੇ ਦੇ, ਉਹ ਪੁਰਾਣਾ ਜ਼ਖਮ ਤਾਂ ਹੁਣ ਭਰ ਗਿਆ ਹੋਣੈ । ਬਿਰਖ ਜੋ ਹੁਣ ਪੌਣ ਰੁਖ ਝੁਕਦਾ ਪਿਆ ਲਗਦਾ, ਤੇਜ਼ ਪੌਣਾਂ ਦੇ ਕਹਿਰ ਤੋਂ ਡਰ ਗਿਆ ਹੋਣੈ । ਵਗਦੇ ਵਗਦੇ ਨੈਣ ਅਥਰੂ ਰੁਕ ਗਏ ਕੇਸਰ, ਨੈਣ ਸਾਗਰ, ਬਰਫ਼ ਦੇ ਜਿਉਂ ਠਰ ਗਿਆ ਹੋਣੈ ।

ਕਤਲ਼ ਹੋਣੇ ਅਸਾਂ ਚੋਂ ਜੋ, ਉਨ੍ਹਾਂ ਨੇ ਖਾਦ ਹੋਣਾ ਹੈ

ਕਤਲ਼ ਹੋਣੇ ਅਸਾਂ 'ਚੋਂ ਜੋ, ਉਨ੍ਹਾਂ ਨੇ ਖਾਦ ਹੋਣਾ ਹੈ, ਅਸਾਂ ਤਾਂ ਘਾਹ- ਤਿੜਾਂ ਮੁੜ ਮੁੜ ਅਸਾਂ ਆਬਾਦ ਹੋਣਾ ਹੈ । ਮਦਾਰੀ ਘੜ ਲਊ ਅਪਣੇ ਜਮੂਰੇ ਭੀੜ ਦੇ ਵਿੱਚੋਂ, ਅਸਾਡੀ ਭੀੜ 'ਚੋਂ ਹੀ ਤਹਿ, ਬਲੀ, ਜੱਲ਼ਾਦ ਹੋਣਾ ਹੈ । ਪੁਜਾਰੀ ਨੂੰ ਤੂੰ ਜਣ ਜਣ ਲੇਲਿਆਂ ਦੀ ਭੀੜ ਦਿੰਦਾ ਹੈਂ, ਜ਼ਹਿਰ ਜੋ ਬੀਜਣਾ ਉਸਨੇ, ਉਹੀ ਬੁਨਿਆਦ ਹੋਣਾ ਹੈ । ਤੇਰੇ ਜੋ ਇਸ਼ਕ ਪਾਗਲ ਹੋ ਗਿਆ ਦਰਵੇਸ਼ ਹੋਵੇਗਾ, ਕੋਈ ਸਰਮਦ, ਕੋਈ ਮਜਨੂੰ, ਕੋਈ ਫ਼ਰਹਾਦ ਹੋਣਾ ਹੈ । ਇਸੇ ਹੀ ਆਸ ਮੈਂ ਹਰ ਰੋਜ਼ ਹਾਂ ਸਜਦੇ ਪਿਆ ਕਰਦਾਂ, ਕੁਈ ਹੌਂਕਾ ਕਦੇ ਦਰਗਾਹ ਤਿਰੀ ਫਰਿਆਦ ਹੋਣਾ ਹੈ ।

ਕਦੇ ਬੰਦੇ ਦੇ ਹੱਥਾਂ ਵਿੱਚ ਨਾ ਹਾਲਾਤ ਹੁੰਦੀ ਹੈ

ਕਦੇ ਬੰਦੇ ਦੇ ਹੱਥਾਂ ਵਿੱਚ ਨਾ ਹਾਲਾਤ ਹੁੰਦੀ ਹੈ । ਕਦੇ ਜਜ਼ਬਾਤ ਥੁੜਦੇ, ਨਾ ਕਦੇ ਔਕਾਤ ਹੁੰਦੀ ਹੈ । ਗਿਰਾਏਂਗਾ ਜਦੋਂ ਮੈਨੂੰ ਮੈਂ ਉਠ ਉਠ ਫਿਰ ਖੜਾ ਹੋਣੈ, ਅਗਨ ਗਲ਼ ਗਲ਼ ਕੇ ਕੱਚੀ ਧਾਤ ਵੀ ਇਸਪਾਤ ਹੁੰਦੀ ਹੈ । ਫ਼ਨਾ ਹੋਕੇ ਪਤਾ ਨੀ ਕਿਉਂ ਸ਼ਮਾ ਵਿਸਰਾ ਗਿਆ ਜੁਗਨੂੰ, ਉਦ੍ਹੇ ਜਲਵੇ ਦੀ ਚਰਚਾ ਤਾਂ ਅਜੇ ਦਿਨ ਰਾਤ ਹੁੰਦੀ ਹੈ । ਸਰਿਸ਼ਟੀ ਦੇ ਖਿਲਾਰੇ 'ਚੋਂ ਜਨਮ ਲੈਂਦੇ ਸਿਤਾਰੇ ਨੇ, ਸ਼ਿਆਹ ਰਾਤਾਂ ਦੀ ਕੁੱਖੋਂ ਹੀ ਸ਼ੁਭਰ ਪਰਭਾਤ ਹੁੰਦੀ ਹੈ । ਨ ਘਬਰਾ ਜ਼ਿੰਦਗੀ ਦੇ ਤਲਖ ਰਾਹਾਂ ਤੋਂ ਕਦੇ ਕੇਸਰ, ਅਤਿ ਗਰਮੀ ਤੇ ਔੜਾਂ ਬਾਦ ਹੀ ਬਰਸਾਤ ਹੁੰਦੀ ਹੈ ।

ਬਾਰਹਾ ਗਲਤੀ ਉਹੀ ਕਰਦੇ ਰਹੇ

ਬਾਰਹਾ ਗਲਤੀ ਉਹੀ ਕਰਦੇ ਰਹੇ । ਜ਼ਿੰਦਗੀ ਦੇ ਵਾਸਤੇ ਮਰਦੇ ਰਹੇ । ਸੌਣ ਕੈਸਾ ਆ ਗਿਆ ਹੈ ਇਸ ਵਰ੍ਹੇ, ਛਮ ਛਮਾ ਛਮ ਅੱਥਰੂ ਵਰ੍ਹਦੇ ਰਹੇ । ਆਸ਼ਨਾ ਥੱਰਾ ਗਿਆ ਇਉਂ ਅਕਸ਼ ਨੂੰ, ਦੇਖਣੋ ਦਰਪਣ ਸਦਾ ਡਰਦੇ ਰਹੇ । ਲੋਕਤੰਤਰ ਦੇ ਬਹਾਨੇ ਕਿਸ ਤਰਾਂ, ਖ਼ੁਦ ਲੁਟੇਰੇ ਸਾਲਸੀ ਕਰਦੇ ਰਹੇ । ਤੀਰਗੀ ਦੀ ਆੜ ਮਨ ਦੇ ਕੁਝ ਭਰਮ, ਹੋਂਦ ਮੇਰੀ ਦਾ ਖ਼ਲਾਅ ਭਰਦੇ ਰਹੇ ।

ਰੌਸ਼ਨੀ ਕਿਉਂ ਨ ਮੁਲ਼ਾਕਾਤ ਕਦੇ ਹੁੰਦੀ ਹੈ

ਰੌਸ਼ਨੀ ਕਿਉਂ ਨਾ ਮੁਲ਼ਾਕਾਤ ਕਦੇ ਹੁੰਦੀ ਹੈ । ਇੰਜ ਕਾਲੀ ਵੀ ਕੋਈ ਰਾਤ ਕਦੇ ਹੁੰਦੀ ਹੈ । ਲੰਘਦਾ ਰਸਤੇ ਜਿਵੇਂ ਹਾਲ ਕੁਈ ਪੁਛਦਾ ਹੈ, ਬਸ ਤਕੱਲੁਫ਼ ਦੀ ਹੀ ਗਲਬਾਤ ਕਦੇ ਹੁੰਦੀ ਹੈ । ਖ਼ੌਲਦੀ ਰੇਤ, ਹਵਾ ਤਪਦੀ ਥਲਾਂ ਦੇ ਅੰਦਰ, ਏਸ ਸਹਰਾ ਨਹੀਂ ਬਰਸਾਤ ਕਦੇ ਹੁੰਦੀ ਹੈ । ਚੰਦ ਜਜ਼ਬਾਤ ਦਫ਼ਨ ਨੇ ਮਿਰੇ ਸੀਨੇ ਅੰਦਰ, ਮੁਰਦਿਆਂ ਨੂੰ ਵੀ ਹਵਾਲਾਤ ਕਦੇ ਹੁੰਦੀ ਹੈ । ਚਾਂਦਨੀ ਹੁਣ ਨਾ ਟਹਿਲਦੀ ਹੈ ਕਦੇ ਵੀ ਛੱਤ ਤੇ, ਹੁਣ ਨਾ ਹਜਰਾਤ ਕਰਾਮਾਤ ਕਦੇ ਹੁੰਦੀ ਹੈ ।

ਜਦੋਂ ਇਕ ਦਿਨ ਮੁਕੱਰਰ ਹੈ ਕਿ ਸੁਪਨੇ ਨੇ ਫ਼ਨਾਹ ਹੋਣਾ

ਜਦੋਂ ਇਕ ਦਿਨ ਮੁਕੱਰਰ ਹੈ ਕਿ ਸੁਪਨੇ ਨੇ ਫ਼ਨਾਹ ਹੋਣਾ । ਨਾ ਐਨੇ ਵਕਤ ਵਿਚ ਮੁਮਕਿਨ ਹਸੀਂ ਸਾਰੇ ਗੁਨਾਹ ਹੋਣਾ । ਮੈਂ ਕਰ ਕਰ ਭੁੱਲ, ਸਿੱਖਣ ਦੀ ਬੁਰੀ ਆਦਤ ਬਣਾਈ ਹੈ, ਕਿਵੇਂ ਸੰਭਵ ਹੈ ਇਤਨੇ ਵਕਤ ਵਿਚ ਹਰ ਇਕ ਖ਼ਤਾ ਹੋਣਾ । ਬੜਾ ਬੇਜ਼ਾਰ ਹਾਂ ਮੈਂ ਦਰ-ਬ-ਦਰ ਇਉਂ ਠੋਕਰਾਂ ਕਾਰਨ, ਨਾ ਨਜ਼ਰਾਂ ਚੋਂ ਗਿਰਾ ਮੈਨੂੰ, ਨਾ ਮੁੜਕੇ ਮੈਂ ਖੜਾ ਹੋਣਾ । ਤੁਹੀ ਹੈ ਮੀਲ ਪੱਥਰ ਆਖ਼ਰੀ ਸਫ਼ਰੇ ਹਯਾਤੀ ਦਾ, ਨਹੀਂ ਫਿਰ ਬਾਦ ਇਸਤੋਂ ਹੋਰ ਕੋਈ ਵੀ ਪੜਾ ਹੋਣਾ । ਜਲ਼ਾ ਕੇ ਪੰਖ ਅਪਨੇ ਮੈਂ ਇਸੇ 'ਚੋਂ ਫਿਰ ਜਨਮ ਲੈਣਾ, ਮੇਰੇ ਇਸ ਦਰਦ ਦੇ ਸਦਕੇ, ਉਹੀ ਆਖ਼ਰ ਦਵਾ ਹੋਣਾ । ਨਾ ਦੇਹ ਝੂਠੇ ਦਿਲਾਸੇ ਦਿਲਬਰਾ ਤੂੰ ਜਾਣ ਦੇ ਹੁਣ ਤਾਂ, ਨਹੀਂ ਅਹਿਦੇ ਵਫ਼ਾ ਨਾ ਕਰ, ਨਹੀਂ ਤੈਥੋਂ ਅਦਾ ਹੋਣਾ ।

ਬਾਦਬਾਨਾਂ ਦੇ ਜੇ ਕਿਸ਼ਤੀ ਨੂੰ ਸਹਾਰੇ ਹੁੰਦੇ

ਬਾਦਬਾਨਾਂ ਦੇ ਜੇ ਕਿਸ਼ਤੀ ਨੂੰ ਸਹਾਰੇ ਹੁੰਦੇ । ਫਿਰ ਨਾ ਮੇਰੇ ਤੋਂ ਸਨਮ ਦੂਰ ਕਿਨਾਰੇ ਹੁੰਦੇ । ਮੇਰੀ ਗ਼ਜ਼ਲਾਂ 'ਚ ਕਦੇ ਫਿਰ ਨਾ ਹਰਾਰਤ ਹੁੰਦੀ, ਜੇ ਨਾ ਇਸ ਰਾਖ਼ 'ਚ ਥੋੜੇ ਜੇ ਸ਼ਰਾਰੇ ਹੁੰਦੇ । ਉਸਨੇ ਛੁਹਣੀ ਸੀ ਫ਼ਲਕ ਦੀ ਤਾਂ ਬੁਲੰਦੀ ਵਰਨਾ, ਪੰਖ ਜੇ ਤੂੰ ਨਾ ਪਰਿੰਦੇ ਦੇ ਉਖਾੜੇ ਹੁੰਦੇ । ਇਸ ਗੁਲਿਸਤਾਨ 'ਚ ਹੋਣੀ ਸੀ ਬੜੀ ਰੌਣਕ ਹੁਣ, ਬਾਗ਼ਬਾਨਾਂ ਨੇ ਬਿਰਖ ਜੇ ਨਾ ਕੁਹਾੜੇ ਹੁੰਦੇ । ਰਾਜ਼ ਰਹਿਣੇ ਸੀ ਹਯਾਤੀ ਦੇ ਸਦਾ ਦੁਨਿਆਂ ਤੇ, ਇਸ ਬੁਝਾਰਤ 'ਚ ਛਿਪੇ ਜੇ ਨਾ ਇਸ਼ਾਰੇ ਹੁੰਦੇ । ਬਦਹਵਾਸੀ ਦਾ ਕਿਹਾ ਦੌਰ ਹੈ ਦਿਲ ਤੇ ਤਾਰੀ, ਗ਼ਮ ਨਾ ਹੁੰਦਾ ਜੇ ਨਾ ਅਰਮਾਨ ਵਿਚਾਰੇ ਹੁੰਦੇ । ਕਿਸ ਖ਼ਬਰ ਹੋਣੀ ਭਲਾ ਸੀ ਮੇਰੇ ਅਫ਼ਸਾਨੇ ਦੀ, ਕਾਸ਼ ਤੂੰ ਖ਼ਤ ਨਾ ਪੁਰਾਣੇ ਜੇ ਖਿਲਾਰੇ ਹੁੰਦੇ ।

ਬੇਬਸੀ ਦੇ ਦੌਰ ਇਉਂ ਚਲਦੇ ਰਹੇ

ਬੇਬਸੀ ਦੇ ਦੌਰ ਇਉਂ ਚਲਦੇ ਰਹੇ, ਕਹਿਣ ਨੂੰ ਜਿੰਦਾ ਰਹੇ, ਮਰਦੇ ਰਹੇ । ਸ਼ਹਿਰ ਦੇ ਕੁਝ ਆਲ੍ਹਣੇ ਜਲਦੇ ਰਹੇ, ਹਾਕਮਾਂ ਦੀ ਅੱਖ ਪਰ ਪਰਦੇ ਰਹੇ । ਇਸ ਸਫ਼ਰ ਤੋਂ ਖ਼ੂਬਸੂਰਤ ਹੋਰ ਕੀ, ਡੁੱਬ ਕੇ ਪਾਣੀ, ਸਤ੍ਹਾ ਤਰਦੇ ਰਹੇ । ਕੁਝ ਉਲਾਂਭੇ, ਕੁਝ ਸੁਨੇਹੇਂ ਭੇਜ ਕੇ, ਪੀੜ ਦਿਲ ਦੀ ਇਸ ਤਰਾਂ ਹਰਦੇ ਰਹੇ । ਇਸ ਤਰਾਂ ਅੰਦਰ ਗਿਰੇਬਾਂ ਦੇਖਿਆ, ਆਇਨਾ-ਗਰ ਮਸ਼ਬਰਾ ਕਰਦੇ ਰਹੇ ।

ਇਸ ਘਰੇ ਮਹਿਮਾਨ ਹੋਏ ਇਕ ਜ਼ਮਾਨਾ ਹੋ ਗਿਆ

ਇਸ ਘਰੇ ਮਹਿਮਾਨ ਹੋਏ ਇਕ ਜ਼ਮਾਨਾ ਹੋ ਗਿਆ । ਪਹਿਨਣੇ ਵਾਲਾ ਉਹੀ, ਵਸਤਰ ਪੁਰਾਣਾ ਹੋ ਗਿਆ । ਇਸ ਇਬਾਦਤ ਦਾ ਭਲਾ ਇਹ ਹੈ ਕੇਹਾ ਦਸਤੂਰ ਕਿ, ਹੋਸ਼ ਵਿਚ ਜੋ ਆ ਗਿਆ ਉਹ ਹੀ ਦਿਵਾਨਾ ਹੋ ਗਿਆ । ਰੰਗਲੀ ਨਗਰੀ 'ਚ ਆਏ ਰੰਗਲੇ ਅਹਿਸਾਸ ਲੈ, ਰੰਗਲੇ ਚਾਵਾਂ ਨੂੰ ਪੂਰਨ ਦਾ ਬਹਾਨਾ ਹੋ ਗਿਆ । ਇਸ ਮੁਹੱਬਤ ਦੀ ਕਹਾਣੀ ਨੂੰ ਕਹੋ ਤਾਂ ਹੋਰ ਕੀ, ਫ਼ੈਲ ਕੇ ਆਸ਼ਕ ਦਾ ਦਿਲ ਹੀ ਤਾਂ ਫ਼ਸਾਨਾ ਹੋ ਗਿਆ । ਇਸ ਦੇ ਚੁੰਗਲ 'ਚੋਂ ਬਚੇ ਤਾਂ ਉਸ ਦੇ ਚੁੰਗਲ ਜਾ ਫਸੇ, ਇਸ ਮੁਲ਼ਕ ਤੇ ਫੇਰ ਕਾਬਜ਼ ਇਕ ਘਰਾਨਾ ਹੋ ਗਿਆ ।

ਆਇਆ ਜੁਬਾਨ ਉਸਦੇ ਸ਼ਾਇਦ ਸੀ ਨਾਮ ਮੇਰਾ

ਆਇਆ ਜ਼ੁਬਾਨ ਉਸਦੇ ਸ਼ਾਇਦ ਸੀ ਨਾਮ ਮੇਰਾ । ਕਾਤਿਲ਼ ਨੂੰ ਮਿਲ ਗਿਆ ਹੈ ਆਖ਼ਿਰ ਸਲਾਮ ਮੇਰਾ । ਉਸ ਨਾਲ ਮਿਲਣ ਤੇ ਹੋਈ ਗੁਫ਼ਤਗੂ ਨਹੀ ਸੀ, ਹੰਝਾਂ ਨੇ ਆਖਿਆ ਸੀ ਕਿੱਸਾ ਤਮਾਮ ਮੇਰਾ । ਕਿੰਨੀ ਕੁ ਦੇਰ ਤੇਰਾ ਮੈਂ ਇੰਤਜ਼ਾਰ ਕਰਦਾ, ਇਹ ਵਕਤ ਤਾਂ ਨਹੀਂ ਸੀ ਕੋਈ ਗ਼ੁਲਾਮ ਮੇਰਾ । ਆਵਾਰਗੀ ਨੇ ਮੇਰੀ ਕੀ ਰੰਗ ਹੈ ਦਿਖਾਇਆ, ਸਾਇਆ ਹੀ ਸੰਗ ਮੇਰੇ ਸੀ ਹਮ ਕਲ਼ਾਮ ਮੇਰਾ । ਕੇਸਰ ਦੀ ਸ਼ਾਇਰੀ 'ਤੇ ਰੰਗਤ ਹੈ ਅੰਤ ਆਈ, ਸੁਣਿਆ ਉਹ ਪੜ੍ਹ ਰਹੇ ਸੀ ਤਾਜ਼ਾ ਕਲ਼ਾਮ ਮੇਰਾ ।

ਇਹ ਪੌਣ ਦੇ ਲਬਾਂ ਤੇ ਇੱਕੋ ਸਵਾਲ ਕਿਉਂ

ਇਹ ਪੌਣ ਦੇ ਲਬਾਂ 'ਤੇ ਇੱਕੋ ਸਵਾਲ ਕਿਉਂ । ਤੇਰੇ ਨਗਰ ਹੈ ਹੋਇਆ ਜੀਣਾ ਮੁਹਾਲ ਕਿਉਂ । ਯਾਦਾਂ ਨੇ ਕੀਤਾ ਮੇਰਾ ਮੰਦਾ ਹੈ ਹਾਲ ਕਿਉਂ । ਉਸ ਸੋਗ ਨਾ ਰਤਾ ਵੀ ਮੈਨੂੰ ਮਲਾਲ ਕਿਉਂ । ਮੈਂ ਹਾਂ ਨਹੀਂ ਅਗਰਚੇ ਤੇਰੇ ਬਗੈਰ ਪਰ, ਹੈਰਾਨ ਹਾਂ ਖ਼ੁਦੀ ਤੋਂ ਇੰਨਾਂ ਬਵਾਲ ਕਿਉਂ । ਸਭ ਨੂੰ ਪੜ੍ਹਾਉਂਦਾ ਜੋ ਹੈ ਉਹ ਪਾਠ ਪਿਆਰ ਦਾ, ਲੋਕਾਂ 'ਚ ਖ਼ੌਫ਼ ਵੰਡੇ ਰੱਬ ਦਾ ਦਲਾਲ ਕਿਉਂ । ਜੇ ਰਾਤ ਹੈ ਘਨੇਰੀ ਇਸਦਾ ਕਸੂਰ ਨਾ, ਅਫ਼ਸੋਸ ਤਾਂ ਇਸੇ ਦਾ ਗੁਲ ਹੈ ਮਸ਼ਾਲ ਕਿਉਂ ।

ਪੀੜ ਮੈਂ ਇੱਦਾਂ ਸਹਾਰਾਂ ਜ਼ਿੰਦਗੀ

ਪੀੜ ਮੈਂ ਇੱਦਾਂ ਸਹਾਰਾਂ ਜ਼ਿੰਦਗੀ । ਤਾਰੇ ਗਿਣ ਗਿਣ ਕੇ ਗੁਜ਼ਾਰਾਂ ਜ਼ਿੰਦਗੀ । ਦੀਪ ਨੇ ਬਲ਼ਦੇ ਮਜ਼ਾਰਾਂ ਜ਼ਿੰਦਗੀ । ਮੌਤ ਲੈ ਫਿਰਦੀ ਕਟਾਰਾਂ ਜ਼ਿੰਦਗੀ । ਦਿਨ ਉਮੀਦਾਂ ਦੇ ਸਹਾਰੇ ਗੁਜ਼ਰਦਾ, ਰਾਤ ਨੂੰ ਕਿੱਦਾਂ ਸੰਵਾਰਾਂ ਜ਼ਿੰਦਗੀ । ਸਬਰ ਮੇਰਾ ਪਰਖਣਾ ਤੂੰ ਪਰਖ ਲੈ, ਤੇਰੇ 'ਤੋਂ ਵਾਰਾਂ ਹਜ਼ਾਰਾਂ ਜ਼ਿੰਦਗੀ । ਕਿਹੜੇ ਪਲ ਆ ਜਾਵੇ ਮਾਹੀ ਕੀ ਪਤਾ, ਦਿਲ ਦੇ ਵਿਹੜੇ ਨੂੰ ਬੁਹਾਰਾਂ ਜ਼ਿੰਦਗੀ । ਕੀ ਪਤਾ ਮਿੱਟੀ ਦਾ ਬਾਵਾ ਬੋਲ ਪੇ, ਰਾਤ ਉਠ ਉਠ ਕੇ ਪੁਕਾਰਾਂ ਜ਼ਿੰਦਗੀ । ਇਸ ਕਦਰ ਹੈ ਨਾਲ ਸੂਰਜ ਆਸ਼ਕੀ, ਦੀਵਿਆਂ ਦੀ ਲੋਅ ਨਿਹਾਰਾਂ ਜ਼ਿੰਦਗੀ ।

ਤੇਰਿਆਂ ਰੰਗਾਂ ਚ ਰੰਗੀ ਦੋਸਤੀ

ਤੇਰਿਆਂ ਰੰਗਾਂ 'ਚ ਰੰਗੀ ਦੋਸਤੀ । ਮੰਗਿਆ ਨਾ ਹੋਰ, ਮੰਗੀ ਦੋਸਤੀ । ਜਿਉਂ ਰਿਹਾਂ ਤੇਰੇ ਬਿਨਾਂ ਇਉਂ ਦੋਸਤਾ, ਸੁਲਘਦੇ ਖ਼ਾਬਾਂ ਤੋਂ ਲੰਘੀ ਦੋਸਤੀ । ਜੇ ਵਸਲ ਰਹਿਣਾ ਤਸੱਵਰ ਵਿਚ ਇਵੇਂ, ਕੰਧ ਜਿਉਂ ਤਸਵੀਰ ਟੰਗੀ ਦੋਸਤੀ । ਇਹ ਤਿਰਾ ਸਮਝਾਂ ਕਿਵੇਂ ਅਹਿਸਾਨ ਮੈਂ, ਦੁਸ਼ਮਣਾਂ ਦੇ ਸੰਗ ਚੰਗੀ ਦੋਸਤੀ । ਹਮਵਤਨ ਨੂੰ ਤੂੰ ਪਰਾਇਆ ਆਖਦੈਂ, ਗ਼ੈਰ ਤੋਂ ਜਾ ਜਾ ਕੇ ਮੰਗੀ ਦੋਸਤੀ ।

ਅੱਜ ਕਲ ਹੈ ਸ਼ਹਿਰ ਦੀ ਵਿਗੜੀ ਹਵਾ

ਅੱਜ ਕਲ ਹੈ ਸ਼ਹਿਰ ਦੀ ਵਿਗੜੀ ਹਵਾ । ਕਿਸ ਦਿਸ਼ਾ ਨੂੰ ਤੁਰ ਗਿਆ ਹੈ ਕਾਫ਼ਲਾ । ਸ਼ਖ਼ਸ ਹਰ ਲਗਦਾ ਹੈ ਕੋਈ ਦੂਸਰਾ । ਰਿਸ਼ਤਿਆਂ ਦੀ ਭੀੜ, ਹੈ ਪਰ ਫ਼ਾਸਲਾ । ਲੈ ਨਵਾਂ ਆਗਾਜ਼ ਤੂੰ ਸੰਵਾਦ ਕਰ, ਤੋੜਨਾ ਪੈਣਾ ਹੈ ਚੁਪ ਦਾ ਸਿਲਸਿਲਾ । ਕਿਸ ਤਰਾਂ ਖੋਜਾਂ ਮੈਂ ਅਪਨੇ ਆਪ ਨੂੰ, ਤੋੜ ਕਦ ਦਿੱਤਾ ਨਾ ਜਾਣੇ ਰਾਬਤਾ । ਪਾਰ ‘ਉਸ’ ਜਾਣੇ ਦਾ ਚਾਰਾ ਨਾ ਕੁਈ, ਐਨ ਮੌਕੇ ਰੁੱਸਿਆ ਕਿਉਂ ਨਾ-ਖ਼ੁਦਾ ।

ਭੱਜੇ ਬਥੇਰੇ ਪਿੱਛੇ ਜੀ ਤੋੜ, ਜਿੰਦਗੀ ਦੇ

ਭੱਜੇ ਬਥੇਰੇ ਪਿੱਛੇ ਜੀ ਤੋੜ, ਜਿੰਦਗੀ ਦੇ । ਕਿੱਥੇ ਚਲੇ ਗਏ ਨੇ ਕੁਝ ਹੋੜ ਜਿੰਦਗੀ ਦੇ । ਅੱਗੇ ਹੈ ਬੰਦ ਰਸਤਾ, ਕਿਥੇ ਖਲੋ ਗਿਆ ਮੈਂ, ਭਟਕਣ ਮੇਰੀ ਲੈ ਆਈ ਕਿਸ ਮੋੜ ਜਿੰਦਗੀ ਦੇ । ਕੁਝ ਆਸ ਹੋਰ ਉਪਜੀ, ਦਸਤਕ ਕਿਸੇ ਜੁ ਦਿੱਤੀ, ਛੋਟੇ ਦਿਸਣ ਲਗੇ ਨੇ ਕੁਝ ਥੋੜ ਜਿੰਦਗੀ ਦੇ । ਆਇਆ ਬੜਾ ਹੀ ਮੈਨੂੰ ਦਿਲਦਾਰ ਯਾਦ ਆਇਆ, ਜੋ ਕਰ ਗਿਆ ਹਵਾਲੇ, ਝੰਜੋੜ ਜਿੰਦਗੀ ਦੇ । ਇਹ ਸਭ ਸਬੱਬ ਹੈ ਜੀਵਨ, ਖੇਡ ਉਸ ‘ਅਗੇ’ ਦੀ, ਉਲਝੇ ਸੁਆਲ਼ ਸੁਲਝੇ ਬੇਜੋੜ ਜਿੰਦਗੀ ਦੇ । ਕੀ ਆ ਰਿਹਾ ਜੁ ਅੱਗੇ, ਬਿਲਕੁਲ ਪਤਾ ਨਾ ਹੁੰਦਾ, ਕੁਝ ਇਸ ਤਰਾਂ ਅਚਾਨਕ, ਨੇ ਮੋੜ ਜਿੰਦਗੀ ਦੇ । *‘ਅਗੇ’- ਅਗੇਯ / ਅਗਿਆਤ

ਭੁੱਲ ਜਾਵਾਂ ਓਸ ਨੂੰ ਮਨਜੂਰ ਨਾ ਹੋਵੇ

ਭੁੱਲ ਜਾਵਾਂ ਓਸ ਨੂੰ ਮਨਜੂਰ ਨਾ ਹੋਵੇ । ਓਸ ਬਾਝੋਂ ਅੱਖ ਵੀ ਪੁਰਨੂਰ ਨਾ ਹੋਵੇ । ਇਸ਼ਕ ਦੇ ਇਸ ਰੋਗ ਦੀ ਇੱਕੋ ਨਿਸ਼ਾਨੀ ਹੈ, ਲੱਖ ਨਜ਼ਰੋਂ ਦੂਰ, ਦਿਲ ਤੋਂ ਦੂਰ ਨਾ ਹੋਵੇ । ਤੂੰ ਸਮਝ ਲੈ ਜਿੰਦਗੀ ਬੇਨੂਰ ਹੋਵੇਗੀ , ਜੇ ਅਗਰ ਜਗ 'ਤੇ ਕਿਤੇ ਮਨਸੂਰ ਨਾ ਹੋਵੇ । ਜਾਣਨਾ ਉਸ ਦੀ ਦੁਆ ਮਨਜੂਰ ਨਾ ਹੋਈ , ਪੀਤਿਆਂ ਬਿਨ ਜੇ ਕੋਈ ਮਖ਼ਮੂਰ ਨਾ ਹੋਵੇ । ਇੱਕ ਝਲਕ ਦੀ ਲੋੜ ਹੈ ਦਿਲ ਦੇ ਸ਼ੁਦਾਈ ਨੂੰ , ਉਂਜ ਬਿਨਾਂ ਉਜਰਤ ਕੋਈ ਮਜ਼ਦੂਰ ਨਾ ਹੋਵੇ । ਦੇਵਤਾ ਜਾਂ ਆਖਣਾ ਦਰਵੇਸ਼ ਉਸਨੂੰ ਹੀ , ਜੋ ਸੁਖ਼ਨ-ਵਰ ਹੋਣ 'ਤੇ ਮਗ਼ਰੂਰ ਨਾ ਹੋਵੇ । * ਮਖ਼ਮੂਰ – ਮਸਤ;

ਚੁੰਮਕੇ ਦਰਿਆ ਵਗੇ ਪੱਤਣ ਕਦੇ

ਚੁੰਮਕੇ ਦਰਿਆ ਵਗੇ ਪੱਤਣ ਕਦੇ । ਇਸ ਤਰ੍ਹਾਂ ਤੂੰ ਵੀ ਤਾਂ ਆ ਬਣ ਠਣ ਕਦੇ । ਵੇਖ ਨਾ ਤੂੰ ਖ਼ਲਕ ਤੋਂ ਖ਼ਾਲਕ ਜੁਦਾ , ਉਹ ਕਿਰਨ ਬਣਦਾ ਤੇ ਬਣਦਾ ‘ਕਣ’ ਕਦੇ । ਰੰਗ ਦੇਵੇ ਰੰਗ ਅਪਣੇ ਉਹ ਕਿਸੇ , ਊਂ ਬਥੇਰੇ ਭਟਕਦੇ ਵਣ ਵਣ ਕਦੇ । ਆਪਣੇ ਹੀ ਮਾਪ ਭੁੱਲੇ ਲੋਕ ਹੁਣ , ਮਾਪਦੇ ਸੀ ਸੇਰ, ਵੀਹੀਂ, ਮਣ ਕਦੇ । ਧਰਤ ਤੇ ਕੁਝ ਲੋਕ ਐਸੇ ਵੀ ਰਹੇ , ਆਪ ਮਿਟ ਕੇ ਵੰਡਗੇ ਚਾਨਣ ਕਦੇ । ਮੈਂ ਅਸਤ ਹਾਂ ਤੇ ਤਮਸ ਵੀ, ਕੀ ਕਰਾਂ ? ਲੋਚਦਾ ਹਾਂ ਮੈਂ ਬਣਾਂ ਚਾਨਣ ਕਦੇ । * ਖ਼ਲਕ -- ਸੰਸਾਰ * ਖ਼ਾਲਕ -- ਈਸ਼ਵਰ

ਦਿਲ ਅਟਾਰੀ ਰੋਜ਼ ਉਹ ਆਇਆ ਕਰੇ

ਦਿਲ ਅਟਾਰੀ ਰੋਜ਼ ਉਹ ਆਇਆ ਕਰੇ । ਚੁੱਪ ਸੰਘਣ ਛਾਇਆ ਜੀ ਬਣ ਜਾਇਆ ਕਰੇ । ਮੈਂ ਕਹਾਂਗਾ ਗੀਤ ਮੇਰੀ ਮੌਜ ਇਹ , ਆਮਰੀ ਕੋਕਿਲ ਜਿਵੇਂ ਗਾਇਆ ਕਰੇ । ਹੋਂਠ ਉਹ ਬੰਸੀ ਤੇ ਜਦ ਅਪਣੇ ਧਰੇ , ਰਾਧਕਾ ਇਹ ਦੇਹੁ ਬਣ ਜਾਇਆ ਕਰੇ । ਖੇਲੇ ਦਿਨਕਰ ਸੰਗ ਬਦਲਾਂ ਜਦ ਕਦੇ , ਪੀਂਘ ਸੱਤ-ਰੰਗੀ ਜੀ ਬਣ ਜਾਇਆ ਕਰੇ । ਅੰਤਲਾ ਚੁਪ ਜਾਏ ਜੋ ਤਬਲੇ ਦਾ ਸੁਰ , ਸਮ ਜਿਵੇਂ ਆਖ਼ਰ ਨਜ਼ਰ ਆਇਆ ਕਰੇ । ਜਾਵੇ ਕੇਸਰ ਜਦ ਕਦੇ ਘਰ ਤੋਂ ਪਰੇ , ਚੁੱਪ ਚਪੀਤੇ ਨਾਲ ਟੁਰ ਆਇਆ ਕਰੇ ।

ਮੁੱਕ ਜਾਣੀ ਹੈ ਹਨੇਰੀ ਰਾਤ ਵੀ

ਮੁੱਕ ਜਾਣੀ ਹੈ ਹਨੇਰੀ ਰਾਤ ਵੀ । ਕਰ ਸਹਰ ਦੇਵੇ ਹਨੇਰਾ ਘਾਤ ਵੀ । ਮਰ ਨਾ ਜਾਵਾਂ ਮੈਂ ਕਿਤੇ ਇਸ ਰਾਤ ਹੀ, ਸਾਥ ਤੂੰ ਹੈਂ, ਰਾਤ ਭਰ ਬਰਸਾਤ ਵੀ । ਚੱਲਦਾ ਹੈ ਆਦਮੀ ਚਾਲਾਂ ਕਈ, ਮੌਤ ਆਖ਼ਰ ਬਾਜ਼ੀ ਕਰਦੀ ਮਾਤ ਵੀ । ਨਾ ਮਨਾਂ ਤੂੰ ਛੱਡ ਨਾ ਦੇਵੀਂ ਦੁਆ, ਚੰਨ ਬਦਲਾਂ ਚੋਂ ਕਹੇਗਾ ਝਾਤ ਵੀ । ਚਿੱਤ ਨਾ ਲਾਵੀਂ, ਇਕੱਲਾ ਰਹਿ ਗਿਆ, ਤਾਰਿਆਂ ਦੇ ਸੰਗ ਕਰਦਾ ਬਾਤ ਵੀ । ਆਦਿ ਤੋਂ ਨਰਤਕ ਉਹੀ ਹੈ, ਨਾਚ ਵੀ, ਸੀ ਜਦੋਂ ਬੰਦਾ ਨਾ ਇਸਦੀ ਜਾਤ ਵੀ ।

ਕਿਸ ਲਈ ਦਿਲ, ਰਾਖ ਵਿਚ ਚਿਣਗਾਂ ਫਰੋਲੇ

ਕਿਸ ਲਈ ਦਿਲ ਰਾਖ ਵਿਚ ਚਿਣਗਾਂ ਫਰੋਲੇ । ਮਾਤਮੀ ਮੇਰੇ ਨਗਰ ਦੇ ਭੇਤ ਖੋਲੇ । ਸੱਚ ਜੇਤੂ ਹੈ ਸਦਾ ਮੈਨੂੰ ਪੜ੍ਹਾ ਕੇ , ਸਿਰ ਸਜਾਇਆ ਤਾਜ਼, ਉਹ ਕਿਉਂ ਝੂਠ ਬੋਲੇ । ਇਸ ਤਰਾਂ ਨਾ ਸ਼ੋਰ ਕਰ, ਦਿਲ ਨੂੰ ਕਹਾਂ ਮੈਂ, ਆ ਰਿਹਾ ਹੁਣ ਪਾਸ ਕੋਈ ਹੌਲੇ ਹੌਲੇ । ਨਾ ਉਮੀਦੀ ਦੇ ਹਨੇਰੇ ਦੌਰ ਦੇ ਵਿਚ , ਚੋਰ ਡਾਕੂ ਤਖ਼ਤ ਤੇ ਗਾਉਂਦੇ ਨੇ ਢੋਲੇ । ਮਾਪਿਆਂ ਨੇ ਪਾਲ਼ਿਆ ਜੋ ਚਾਵੀਂ ਚਾਵੀਂ , ਕਿਉਂ ਜਵਾਨੀ ਇਸ ਤਰਾਂ ਚਿੱਟੇ ‘ਚ ਰੋਲ਼ੇ ।

ਮਿਲ ਨਾ ਮਿਲ ਤੂੰ ਖੋਜ ਦਾ ਜਜ਼ਬਾ ਤਾਂ ਦੇ

ਮਿਲ ਨਾ ਮਿਲ ਤੂੰ ਖੋਜ ਦਾ ਜਜ਼ਬਾ ਤਾਂ ਦੇਹ । ਨਾ ਸਹੀ ਮੰਜ਼ਿਲ ਮਗਰ ਰਸਤਾ ਤਾਂ ਦੇਹ । ਟੁਰ ਗਿਐਂ ਤਕਸੀਮ ਕਰ ਮਜ੍ਹਬਾਂ ਦੇ ਨਾਂ , ਸ਼ਹਿਰ ਮੇਰਾ ਉਸ ਤਰਾਂ ਵਸਦਾ ਤਾਂ ਦੇਹ । ਓਪਰੇ ਇਸ ਦੇਸ਼ ਖੋ ਜਾਵਾਂ ਨਾ ਮੈਂ, ਮੈਂ ਦਿਸ਼ਾ ਲੱਭਾਂਗਾ, ਚੌਰਸਤਾ ਤਾਂ ਦੇਹ । ਮੈਂ ਸਜਾਵਾਂ ਓਸ ਨੂੰ ਗ਼ਜ਼ਲਾਂ ਦੇ ਵਿਚ, ਸੱਖਣਾਪਣ ਅੰਦਰੋਂ ਡਸਦਾ ਤਾਂ ਦੇਹ । ਬਿਰਹੜਾ ਦੇ, ਦੇ ਸੁਖ਼ਨ, ਸੰਵੇਦਨਾ, ਰੰਗ ਦਿੱਤਾ ਹੁਣ ਤੁ ਗੁਲਦਸਤਾ ਤਾਂ ਦੇਹ । ਭਰ ਲਵਾਂ ਪਰਵਾਜ ਅੰਤਮ ਮੈਂ ਜ਼ਰਾ , ਖੂੰ ਰਗਾਂ ਵਿਚ ਤੇਜ਼ ਕੁਝ ਨਸਦਾ ਤਾਂ ਦੇਹ ।

ਆਵੇ ਨ ਤਰਸ ਮੈਨੂੰ, ਖਿੱਦੋਆਂ ਦੇ ਹਾਲ ਤੇ

ਆਵੇ ਨ ਤਰਸ ਮੈਨੂੰ, ਖਿੱਦੋਆਂ ਦੇ ਹਾਲ ਤੇ । ਲੋਕਾਂ ਨੂੰ ਉਹ ਨਚਾ ਰਹੇ ਡਮਰੂ ਦੀ ਤਾਲ ਤੇ । ਕੁਝ ਤਾਂ ਵਿਚਾਰੇ ਮਰ ਗਏ, ਚਿੜਿਆਂ ਦੀ ਚਾਲ ਤੇ । ਨਿਕਲੇ ਘਰੋਂ ਵੀ ਲੋਕ ਸੀ ਅੱਲ਼ਾ ਦੀ ਭਾਲ਼ ਤੇ । ਕਿਸਨੇ ਹੈ ਜ਼ਹਿਰ ਘੋਲ਼ੀ , ਨੇ ਸਾਰੇ ਹੀ ਜਾਣਦੇ, ਸ਼ੰਕੇ ਦੀ ਉਂਗਲ਼ੀ ਹੈ ਉਠੀ, ਰੱਬ ਦੇ ਦਲਾਲ ਤੇ । ਰੱਖਾਂ ਸੰਭਾਲ਼ ਏਸਨੂੰ ਦਿਲ ਦੇ ਸੰਦੂਕ ਵਿਚ, ਤੋਤੇ ਦੀ ਅੱਖ ਜੋ ਓਸਨੇ ਕੱਢੀ ਰੁਮਾਲ ਤੇ । ਦਿਲ ਦੀ ਤਿਰੇ ਉਹ ਕਹਿ ਗਈ, ਭਾਵੇਂ ਨ ਤੂੰ ਕਹੀ, ਮੱਥੇ ਤਿਰੇ ਜੋ ਸ਼ਿਕਨ ਸੀ, ਮੇਰੇ ਸਵਾਲ ਤੇ । ਮੈਂ ਤੇ ਹਬੀਬ ਉਂਜ ਤਾਂ ਲੜੀਏ ਨਹੀਂ ਕਦੇ, ਐਵੇਂ ਕਲ਼ੇਸ਼ ਛਿੜ ਪਿਆ ਮਿੱਠੀ ਜ੍ਹੀ ਗਾਲ਼ ਤੇ ।

ਇਸ ਤਰਾਂ ਤੇਰੇ ਬਿਨਾਂ ਕੁਝ ਜ਼ਿੰਦਗੀ ਦਾ ਹਾਲ ਹੈ

ਇਸ ਤਰਾਂ ਤੇਰੇ ਬਿਨਾਂ ਕੁਝ ਜ਼ਿੰਦਗੀ ਦਾ ਹਾਲ ਹੈ । ਜਾਪਦਾ ਹੈ ਸੱਖਣਾ ਭਾਵੇਂ ਜ਼ਮਾਨਾ ਨਾਲ ਹੈ । ਫਿਰ ਕੋਈ ਅਬਲਾ ਕਿਸੇ ਦੀ ਹਵਸ ਕਾਰਨ ਜਲ ਗਈ, ਤਹਿ ਅਜੇ ਹੋਇਆ ਨਹੀਂ ਚਲਦੀ ਪਈ ਪੜਤਾਲ ਹੈ । ਬਿਰਖ ਜਿਹੜੇ ਸੀ ਹਰੇ ਜੰਗਲ ਦੀ ਅਗਨੀ ਖਾ ਲਏ, ਹੁਣ ਦੁਪਿਹਰਾ ਤਪ ਰਿਹਾ ਹੈ, ਸੀਤ ਛਾਂ ਦਾ ਕਾਲ ਹੈ । ਜਾਮ ਲੱਗਿਆ ਸੜਕ ਉੱਤੇ, ਮਰ ਗਿਆ ਕੋਈ ਮਰੀਜ਼, ਕਾਮਿਆਂ ਦੀ ਚੱਲਦੀ ਫਿਰ ਤੋਂ ਕੋਈ ਹੜਤਾਲ ਹੈ । ਆਰਤੀ ਅੰਬਰ ਚ ਜਾਣੇ ਕਿਸ ਦੁਆਲੇ ਚਲ ਰਹੀ, ਤਾਰਿਆਂ ਦੇ ਨਾਲ ਭਰਿਆ ਰਾਤ ਦੇ ਸਿਰ ਥਾਲ ਹੈ ।

ਓਸ ਦੇ ਦਰ ਜੋ ਭਿਖਾਰੀ ਹੋ ਗਿਆ

ਓਸ ਦੇ ਦਰ ਜੋ ਭਿਖਾਰੀ ਹੋ ਗਿਆ । ਹਰ ਜਗ੍ਹਾ ਉਸ ਦਾ ਮੁਰਾਰੀ ਹੋ ਗਿਆ । ਪਿੱਠ ਤੇ ਜਿਸ ਦੇ ਪੁਜਾਰੀ ਹੋ ਗਿਆ । ਬਣ ਗਿਆ ਨੇਤਾ, ਮਦਾਰੀ ਹੋ ਗਿਆ । ਕਲਮ ਵੀ ਅਜਕਲ ਤਿਜਾਰਤ ਹੋ ਗਈ, ਮੁਲਕ ਤੇ ਕਾਬਜ਼ ਵਪਾਰੀ ਹੋ ਗਿਆ । ਜਾਣੇ ਇਹ ਕੇਹਾ ਅਚੰਭਾ ਹੋ ਗਿਆ, ਜਾਣਦਾ ‘ਜੋ’ ਜਾਣਕਾਰੀ ਹੋ ਗਿਆ । ਇਸ਼ਕ ਹੱਦੋਂ ਪਾਰ ਹੋਇਆ ਇਸ ਤਰਾਂ, ਸਬਰ ਵੀ ਹੁਣ ਬੇਕਰਾਰੀ ਹੋ ਗਿਆ ।

ਦਰਦੇ ਦਿਲ ਦੀ ਤੂੰ ਕੁਝ ਦਵਾ ਕਰਨਾ

ਦਰਦੇ ਦਿਲ ਦੀ ਤੂੰ ਕੁਝ ਦਵਾ ਕਰਨਾ । ਕਰ ਸਕੇ ਗਰ, ਤਾਂ ਕੁਝ ਦੁਆ ਕਰਨਾ । ਮਰਜ਼ ਦੇਵੇ ਜੋ, ਉਹ ਕਰੇ ਦਾਰੂ , ਜੋ ਵੀ ਕਰਨਾ ਹੈ ਉਸ ਖ਼ੁਦਾ ਕਰਨਾ । ਜ਼ਿੰਦਗੀ ਦੀ ਤਪਸ਼ ਤੋਂ ਡਰਿਆਂ ਹਾਂ , ਸੀਤ ਮੌਲਾ ਤੂੰ ਕੁਝ ਹਵਾ ਕਰਨਾ । ਬੰਦਗੀ ਹੀ ਸਰੂਰ ਬਣ ਜਾਵੇ , ਪਾਸ ਮੰਦਿਰ ਦੇ ਮੈਕਦਾ ਕਰਨਾ । ਨਫ਼ਰਤਾਂ ਦੀ ਹਨੇਰ ਬਸਤੀ ਵਿੱਚ , ਪਿਆਰ ਕਰਨਾ ਤਾਂ ਬੇਵਜ੍ਹਾ ਕਰਨਾ । ਇਸ ਤੋਂ ਪਹਿਲਾਂ ਕਿ ਦੋਸਤੀ ਹੋਵੇ , ਦਿਲ ਚ ਥੋੜੀ ਜਿਹੀ ਜਗ੍ਹਾ ਕਰਨਾ । ਜੇ ਕੋਈ ਹੈ ਖ਼ਤਾ ਇਹੋ ਮੇਰੀ , ਜਦ ਵੀ ਕਰਨਾ ਤਾਂ ਬਸ ਵਫ਼ਾ ਕਰਨਾ ।

ਮੁਹੱਬਤ ਪਾਰ ਹੈ ਦੇਹ ਤੋਂ ਅਤੇ ਅਖ਼ਲਾਕ ਤੋਂ ਅੱਗੇ

ਮੁਹੱਬਤ ਪਾਰ ਹੈ ਦੇਹ ਤੋਂ ਅਤੇ ਅਖ਼ਲਾਕ ਤੋਂ ਅੱਗੇ । ਬੜਾ ਕੋਈ ਸਮੁੰਦਰ ਨਾ ਦਿਲੇ ਮੁਸ਼ਤਾਕ ਤੋਂ ਅੱਗੇ । ਜਨਮ ਇਤਫ਼ਾਕ ਹੈ, ਇਤਫ਼ਾਕ ਮਿਟ ਜਾਣਾ ਜਹਾਂ ਵਿੱਚੋਂ, ਕਹਾਣੀ ਕਿਉਂ ਨਹੀਂ ਤੁਰਦੀ ਕਦੇ ਇਤਫ਼ਾਕ ਤੋਂ ਅੱਗੇ । ਮਿਲ਼ਾਵੇ ਹੱਥ ਜੋ ਵੀ ਹਰ ਕੋਈ ਮਿੱਤਰ ਨਹੀਂ ਹੁੰਦਾ, ਤਕੱਲੁਫ਼ ਜਾ ਨਹੀਂ ਸਕਦਾ ਕਦੇ ਇਖ਼ਲਾਸ ਤੋਂ ਅੱਗੇ । ਜ਼ਰੂਰੀ ਇਹ ਨਹੀਂ ਹੁੰਦਾ, ਕਹਾਣੀ ਸੱਚ ਹੀ ਹੋਵੇ, ਕਦੇ ਟੁਰ ਜਾਂਵਦਾ ਮਿਥਿਹਾਸ ਵੀ ਇਤਿਹਾਸ ਤੋਂ ਅੱਗੇ । ਕਦੇ ਹੈ ਤਰਕ ਹਰ ਜਾਂਦਾ ਅਤੇ ਜ਼ਜਬੇ ਅਗਾਂਹ ਹੁੰਦੇ, ਟਪੂਸੀ ਦਿਲ ਦੀ ਹੁੰਦੀ ਹੈ ਕਦੇ ਇਦਰਾਕ. ਤੋਂ ਅੱਗੇ । * ਅਖ਼ਲਾਕ – ਚਰਿੱਤਰ * ਦਿਲੇ ਮੁਸ਼ਤਾਕ – ਗਹਿਨ ਪਿਆਸ ਨਾਲ ਭਰਿਆ ਦਿਲ * ਇਤਫ਼ਾਕ – ਸੰਯੋਗ * ਇਖ਼ਲਾਸ – ਵਫ਼ਾ * ਇਦਰਾਕ. – ਸਮਝ ਬੂਝ/ ਗਿਆਨ

ਖ਼ਾਬ ਫਿਰ ਲੈ ਕੇ ਹਸੀਂ ਮੁੜ ਆ ਗਈ ਹੈ ਜ਼ਿੰਦਗੀ

ਖ਼ਾਬ ਫਿਰ ਲੈ ਕੇ ਹਸੀਂ ਮੁੜ ਆ ਗਈ ਹੈ ਜ਼ਿੰਦਗੀ । ਫਿਰ ਨਵਾਂ ਵਸਤਰ ‘ਕਿਸੇ’ ਪਹਿਨਾ ਗਈ ਹੈ ਜ਼ਿੰਦਗੀ । ਬਾਲ ਵਿਚ ‘ਉਸਦੀ’ ਚਮਕ ਬਿਖਰਾ ਗਈ ਹੈ ਜ਼ਿੰਦਗੀ । ਅਰਥ ਗਹਿਰੇ ਇਸ ਤਰਾਂ ਸਮਝਾ ਗਈ ਹੈ ਜ਼ਿੰਦਗੀ । ਹੈ ਚਮਕਦਾ ਚੰਨ ਵੀ ਤਾਂ ਸੰਗ ਸੂਰਜ ਰੌਸ਼ਨੀ , ਕਿਸ ਤਰਾਂ ਇਸ ਬਾਤ ਤੋਂ ਕਤਰਾ ਗਈ ਹੈ ਜ਼ਿੰਦਗੀ । ਹੋ ਸਕੇ ਹੈ ਅੰਸ਼, ਅੰਸ਼ੀ ਤੋਂ ਭਲਾ ਉੱਤਮ ਕਿਵੇਂ , ਹੈ ਬੜੀ ਹੀ ਚੰਦਰੀ ਭਰਮਾ ਗਈ ਹੈ ਜ਼ਿੰਦਗੀ । ਕਿਉਂ ਬੁਤਾਂ ਦੇ ਵਾਸਤੇ ਬੰਦੇ ਲੜੇ, ਅਫ਼ਸੋਸ ਹੈ , ਯਾ ਖ਼ੁਦਾ ਅੰਜ਼ਾਮ ਕੀ, ਪਥਰਾ ਗਈ ਹੈ ਜ਼ਿੰਦਗੀ । ਰਾਜਿਆ ! ਮੁੜ ਨਾ ਬਚੇ ਨੇ ਧਰਤ ਤੇ ਤਖ਼ਤਾਂ ਦੇ ਨਾਂ , ਆਪਣੀ ਆਈ ਤੇ ਜਦ ਵੀ, ਆ ਗਈ ਹੈ ਜ਼ਿੰਦਗੀ । ਮੈਂ ਰਹਾਂ ਹਾਂ ਰੰਗ ਭਰਦਾ ਕਿਸ ਤਰਾਂ ਅਲਫ਼ਾਜ ਵਿਚ , ਕੰਮ ਮੈਨੂੰ ਵੀ ਭਲਾ ਕੀ ਲਾ ਗਈ ਹੈ ਜ਼ਿੰਦਗੀ ।

ਦਿਲ ਤੇ ਕੈਸਾ ਸਰੂਰ ਛਾਇਆ ਹੈ

ਦਿਲ ਤੇ ਕੈਸਾ ਸਰੂਰ ਛਾਇਆ ਹੈ । ਉਹ ਜਦੋਂ ਵੀ ਕਰੀਬ ਆਇਆ ਹੈ । ਆਖਦੇ ਸਭ ਜਹਾਨ ਮਾਇਆ ਹੈ , ‘ਤੂੰ’ ਭਲਾ ਕੀ ਜਲੋਅ ਬਣਾਇਆ ਹੈ । ਖ਼ਾਰ ਦੀ ਫ਼ਿਕਰ ਹੈ ਨਹੀਂ ਮੈਨੂੰ , ਦਿਲ ਦੇ ਵਿਹੜੇ ਗੁਲਾਬ ਲਾਇਆ ਹੈ । ਭੂਤ ਭੱਜਣਾ ਅਤੀਤ ਦਾ ਇਉਂ ਨਾ , ਇਹ ਤੂੰ ਕਿਹੜਾ ਤਬੀਤ ਪਾਇਆ ਹੈ । ਕਿਸ ਲਈ ਉਫ਼ ਤੂੰ ਆਖਿਆ ਮੂੰਹੋਂ , ਦੋਸ਼ ਮੇਰੇ ਜਨਾਬ ਲਾਇਆ ਹੈ । ਰੋਸ ਕਰਨਾ ਭਲਾ ਖ਼ਿਜ਼ਾਂ ਤੇ ਕਿਉਂ , ਰੰਗ ਕਿਹੜਾ ਬਹਾਰ ਲਾਇਆ ਹੈ । ਬੂਰ ਅੰਬੀਂ ਪਿਆ ਕਿ ਕੋਇਲ ਨੇ , ਗੀਤ ਇਹ ਵਾਰ-ਵਾਰ ਗਾਇਆ ਹੈ ।

ਕਿਉਂ ਉਲਝੇ ਮੈਂ ਮੇਰਾ ਸਾਇਆ

ਕਿਉਂ ਉਲਝੇ ਮੈਂ ਮੇਰਾ ਸਾਇਆ । ਇਕ ਦੂਜੇ ਨੂੰ ਸਮਝ ਪਰਾਇਆ । ਬਾਜ਼ ਕੋਈ ਹੈ ਬਾਗ ਚ ਆਇਆ । ਪੰਛੀ ਕਿੰਨਾ ਸ਼ੋਰ ਮਚਾਇਆ । ਦਿਲ ਤੇ ਮਿਠੜਾ ਬੋਝ ਵਧਾਇਆ । ਯਾਦ ਤੇਰੀ ਨੂੰ ਕੁੱਛੜ ਚਾਇਆ । ਬਿਰਹਾ ਤੇ ਮੈਂ ਇਕ ਸਿਰਨਾਵਾਂ , ਸੂਹਾ ਰੋਗ ਅਵੱਲਾ ਲਾਇਆ । ਤੂੰ ਕਾਦਰ ਇਹ ਕੁਦਰਤ ਤੇਰੀ , ਵਿਰਲੇ ਕੋਈ ਭੇਤ ਬੁਝਾਇਆ ।

ਥਿਰਕਦੇ ਪੈਰਾਂ ਨਾ ਵਿਹੜਾ ਤੰਗ ਵੀ

ਥਿਰਕਦੇ ਪੈਰਾਂ ਨਾ ਵਿਹੜਾ ਤੰਗ ਵੀ । ਨਾਚ ਜੇ ਉਮਡੇ ਨਾ ਲੋੜੇ ਢੰਗ ਵੀ । ਸਾਥ ਹੈ ਤੇਰਾ ਸੰਧੂਰੀ ਸ਼ਾਮ ਵੀ , ਚੜ੍ਹ ਗਿਆ ਹੈ ਬੇਖ਼ੁਦੀ ਦਾ ਰੰਗ ਵੀ । ਦਿਲ ਤੇ ਨਾ ਲਾਵੀਂ ਇਕੱਲਾ ਰਹਿ ਗਿਆ , ਮਿਲ ਗਿਆ ਹੈ ਤਾਰਿਆਂ ਦਾ ਸੰਗ ਵੀ । ਹਾਰਿਆਂ ਬਹੁ ਬਾਰ ਅਪਣੇ ਆਪ ਤੋਂ , ਸੰਗ ਅਪਣੇ ਆਪ ਲੜਦਾ ਜੰਗ ਵੀ । ਕੀ ਕਰਾਂ ਜੇ ਰੌਣਕਾਂ ਮੇਰੇ ਗਰਾਂ , ਜਿੰਦਗੀ ਤੇਰੇ ਬਿਨਾਂ ਬੇ ਰੰਗ ਵੀ ।

ਕੁਝ ਇਸ ਤਰਾਂ ਕੁਝ ਉਸ ਤਰਾਂ ਚਲਦਾ ਰਿਹਾ ਸੀ ਜਿੰਦਗੀ

ਕੁਝ ਇਸ ਤਰਾਂ ਕੁਝ ਉਸ ਤਰਾਂ ਚਲਦਾ ਰਿਹਾ ਸੀ ਜਿੰਦਗੀ । ਤੇਰੇ ਬਿਨਾਂ ਤੇਰਾ ਖ਼ਲਾ ਖ਼ਲਦਾ ਰਿਹਾ ਸੀ ਜਿੰਦਗੀ । ਮੈਂ ਸੋਚਿਆ ਸੀ ਖੜ੍ਹ ਰਹਾਂ ਬਿਰਖਾਂ ਦੀ ਛਾਵੇਂ ਸਾਹ ਲਵਾਂ, ਭਾਂਬੜ ਮਿਰੇ ਪੈਰਾਂ ਚ ਕਿਉਂ ਬਲ਼ਦਾ ਰਿਹਾ ਸੀ ਜਿੰਦਗੀ । ਮੈਂ ਕਿਸ ਲਈ ਖ਼ਾਮੋਸ਼ ਹਾਂ ਦੀਵਾਰ ਘਰ ਦੀ ਪੁਛ ਰਹੀ, ਤੇਰਾ ਵਿਛੋੜਾ ਦਿਲ ਮਿਰੇ ਸਲਦਾ ਰਿਹਾ ਸੀ ਜਿੰਦਗੀ । ਮਾਰੂਥਲੀਂ ਕੀ ਲੱਭਣਾ ਸੀ ਥਹੁ ਪਤਾ ਤੇਰਾ ਭਲਾ , ਚਿੱਠੀਆਂ ਬਿਨ ਸਿਰਨਾਮਿਆਂ ਘਲਦਾ ਰਿਹਾ ਸੀ ਜਿੰਦਗੀ । ਉਹ ਨਾਮ ਲਿਖ ਮਿੱਟੀ ਮਿਰਾ ਸੀ ਮੇਟਦਾ ਕਿਉਂ ਉਸ ਤਰਾਂ , ਸ਼ਾਇਦ ਦੁਚਿੱਤੀ ਖ਼ੌਫ ਮਨ ਪਲ਼ਦਾ ਰਿਹਾ ਸੀ ਜਿੰਦਗੀ ।

ਬੜਾ ਯਾਦ ਆਵੇ, ਨਾ ਆਵੇ ਕਦੇ

ਬੜਾ ਯਾਦ ਆਵੇ, ਨਾ ਆਵੇ ਕਦੇ । ਸਵੇਰਾ ਜਦੋਂ ਨਾ ਥਿਆਵੇ ਕਦੇ । ਕਦੇ ਬੂੰਦ ਇਕ ਵੀ ਮਿਲੇ ਨਾ ਕਿਤੇ , ਸੁਰਾਹੀ ਬਿਨਾਂ ਵੀ ਪਿਲਾਵੇ ਕਦੇ । ਬਹਾਨੇ ਰੋਜ਼ਾਨਾ ਘੜੇ ਨਿਤ ਨਵੇਂ , ਬਣਾ ਤਾਜ਼ ਸਿਰ ਤੇ ਸਜਾਵੇ ਕਦੇ । ਤੇਰੀ ਹਰ ਅਦਾ ਜਿੰਦਗੀ ਦਿਲ ਨਸੀਂ, ਕਦੇ ਮਾਰ ਦੇਵੇ ਜਿਲਾਵੇ ਕਦੇ । ਗਿਆ ਉਹ, ਗਿਆ ਹੈ ਪਰਾਂ ਤੀਰਗੀ, ਦੁਮੇਲਾਂ ਤੋਂ ਮੈਨੂੰ ਬੁਲਾਵੇ ਕਦੇ ।

ਦਿਲਾਸਾ ਤੇਰਾ ਕੇ ਮਿਲਾਂਗੇ ਦੁਬਾਰਾ

ਦਿਲਾਸਾ ਤੇਰਾ ਕੇ ਮਿਲਾਂਗੇ ਦੁਬਾਰਾ । ਮੇਰਾ ਉਮਰ ਭਰ ਦਾ ਰਹੇਗਾ ਸਹਾਰਾ । ਕਿਤੇ ਛੁਪ ਗਿਐਂ ਆਪ ਕਰਕੇ ਇਸ਼ਾਰਾ । ਤੇਰੀ ਯਾਦ ਚਮਕੀ ਹੈ ਬਣਕੇ ਸ਼ਰਾਰਾ । ਜਿਵੇਂ ਬਾਝ ਬਰਤਨ ਬਿਖਰ ਜਾਏ ਪਾਰਾ । ਰਹੇ ਹੈ ਹਮੇਸ਼ਾ ਮਿਰਾ ਮਨ ਅਵਾਰਾ । ਨਦੀ ਨੇ ਡੁਬਾਇਆ, ਕੇਹੀ ਬਦਨਸੀਬੀ , ਜਦੋਂ ਪਾਸ ਆਇਆ ਨਦੀ ਦਾ ਕਿਨਾਰਾ । ਜਦੋਂ ਤੱਕਿਆ ਉਸ ਨਜ਼ਰ ਭਰ ਮਿਰੇ ਵਲ , ਸਮਾਂ ਰੁਕ ਗਿਆ ਚਲਦਾ ਚਲਦਾ ਵਿਚਾਰਾ ।

ਜੇ ਸੋਚ ਜਗਦੀ ਦਿਮਾਗ ਅੰਦਰ

ਜੇ ਸੋਚ ਜਗਦੀ ਦਿਮਾਗ਼ ਅੰਦਰ, ਨ ਫਿਰ ਅਜੇਹਾ ਖਿਲਾਰ ਹੁੰਦਾ । ਨ ਲਹਿਰ ਤੈਨੂੰ ਕਿਤੇ ਲਜਾਂਦੀ ਜੇ ਤੂੰ ਨਾ ਇਸ ਤੇ ਸਵਾਰ ਹੁੰਦਾ । ਜੇ ਸੱਚ ਤੈਥੋਂ ਸਹਾਰ ਹੁੰਦਾ ਕਦੇ ਨਾ ਮੰਦਿਰ ਵਪਾਰ ਹੁੰਦਾ । ਜ਼ਰੂਰ ਜੰਨਤ ਵੀ ਧਰਤ ਹੁੰਦੀ ਕਦੇ ਜੇ ਆਪਸ ਚ ਪਿਆਰ ਹੁੰਦਾ । ਹੈ ਯਾਰ ਦੇ ਘਰ ਦਾ ਰਾਹ ਮੁਹੱਬਤ ਹੈ ਕੌਣ ਕਿਸਤੇ ਨਿਸਾਰ ਹੁੰਦਾ । ਪੁਕਾਰ ਜੇਕਰ ਖ਼ੁਮਾਰ ਬਣ ਜੇ ਹਾਂ ਨਾਮ ਇਸਦਾ ਬਹਾਰ ਹੁੰਦਾ । ਕਿਸੇ ਦੇ ਹਿੱਸੇ ਚ ਖਾਰ ਹੁੰਦੇ ਕਿਸੇ ਦੇ ਹਿੱਸੇ ਦਯਾਰ ਹੁੰਦਾ । ਕਿਸੇ ਦੇ ਹਿੱਸੇ ਪਿਆਸ ਹੁੰਦੀ ਨਸੀਬ ਕੁਝ ਨੂੰ ਹੀ ਪਿਆਰ ਹੁੰਦਾ । ਸਵਾਰ ਦਿਲ ਤੇ ਜ਼ਨੂਨ ਰਹਿੰਦਾ ਕਮੀ ਤਿਰੀ ਦਾ ਮਲਾਲ ਹੁੰਦਾ , ਖ਼ਿਆਲ ਦਿਲ ਦੇ ਗ਼ਜ਼ਲ ਨ ਬਣਦੇ ਜੇ ਵਸਲ ਮੇਰਾ ਕਰਾਰ ਹੁੰਦਾ । ਨਾ ਉਡਦੇ ਪੰਛੀ ਨ ਪੌਣ ਵਗਦੀ, ਨ ਰੰਗਲੀ ਇਉਂ ਸਵੇਰ ਹੁੰਦੀ , ਅਕਾਸ਼ ਹੁੰਦਾ ਅਕਾਸ਼ ਹੁੰਦਾ ਕਿਤੇ ਨਾ ਜੇ ਇਹ ਪਸਾਰ ਹੁੰਦਾ ।

ਫਿਰਦੇ ਲੱਭਦੇ ਜਿਸਨੂੰ ਅੜਿਆ

ਫਿਰਦੇ ਲੱਭਦੇ ਜਿਸਨੂੰ ਅੜਿਆ , ਉਹ ਤਾਂ ਹੈ ਦਰਵਾਜ਼ੇ ਖੜ੍ਹਿਆ ॥ ਬੱਚਾ ਜਨਮੇ ਕੋਰੀ ਚਾਦਰ , ਪਿੱਛੋਂ ਹਿੰਦੂ ਮੁਸਲਿਮ ਵੜਿਆ । ਬੰਦੇ ਤੋਂ ਤਾਂ ਫੁੱਲ ਸਰਲ ਨੇ , ਓਹੀ ਮੰਦਿਰ ਮਸਜ਼ਿਦ ਚੜ੍ਹਿਆ । ਇਸ ਤੋਂ ਵੱਡੀ ਨਾ ਦੁਰਘਟਨਾ , ਧਰਮ ਦੀ ਖ਼ਾਤਰ ਬੰਦਾ ਲੜਿਆ । ਇਸ ਤੋਂ ਬਿਹਤਰ ਪੂਜਾ ਕਿਹੜੀ, ਜੇ ਇਕ ਅੱਥਰੂ ਦੇਵ ਨੂੰ ਚੜ੍ਹਿਆ । ਅਸਲੋਂ ਓਹੀ ਆਪਾਂ ਮਾਰੇ , ਜਿਸ ਜਿਸ ਦੀਵਾ ਤਲੀ ਤੇ ਧਰਿਆ । ਲੋਕ ਵਿਰਾਗੀ ਗੱਲਾਂ ਕਰਦੇ , ਸ਼ਾਇਦ ਪੀਲਾ ਪੱਤਰ ਝੜਿਆ । ਕੇਸਰ ਊਟ ਪਟਾਂਗੇ ਲਿਖਦਾ , ਉਸਨੂੰ ਝੱਲ ਗ਼ਜ਼ਲ ਦਾ ਚੜ੍ਹਿਆ ।

ਕਿਉਂ ਭਾਲ ਰਿਹਾ ਉਸਨੂੰ ਬੇਕਾਰ ਚਟਾਨਾਂ ਵਿਚ

ਕਿਉਂ ਭਾਲ ਰਿਹਾ ਉਸਨੂੰ ਬੇਕਾਰ ਚਟਾਨਾਂ ਵਿਚ । ਕੀ ਭੇਦ ਰਿਹਾ ਬਾਕੀ, ਮੰਦਿਰ ਤੇ ਦੁਕਾਨਾਂ ਵਿਚ । ਹਾਂ ਮੈਂ ਵੀ ਕਹਾਂਗਾ ਕੁਝ ਨਗ਼ਮਾਤ ਮੁਹੱਬਤ ਦੇ , ਕੁਝ ਧਾਰ ਤਾਂ ਰੱਖਣ ਦੇ ਮੈਨੂੰ ਵੀ ਤਾਂ ਤਾਨਾਂ ਵਿਚ । ਉਹ ਵਕਤ ਨਹੀਂ ਆਇਆ ਰੱਤ ਹੋਰ ਉਬਾਲੀ ਲੈ , ਤਲਵਾਰਾਂ ਅਜੇ ਰੱਖ ਲੈ ਕੁਝ ਦੇਰ ਮਿਆਨਾਂ ਵਿਚ । ਕਿਉਂ ਮਾਰ ਦੇ ਨੇ ਪੱਥਰ ਤਕਦੀਰ ਦੇ ਮਾਰੇ ਤੇ , ਖ਼ੁਦ ਲੋਕ ਜੋ ਰਹਿੰਦੇ ਨੇ ਸ਼ੀਸ਼ੇ ਦੇ ਮਕਾਨਾਂ ਵਿਚ । ਜੇ ਤੂੰ ਨਾ ਵੀ ਤਾਂ ਤੇਰਾ ਅਹਿਸਾਸ ਕਿਤੇ ਘੱਟ ਹੈ, ਗੁਜ਼ਰੇਗੀ ਉਮਰ ਸਾਰੀ ਬਾਹੋਸ਼ ਉਡਾਣਾਂ ਵਿਚ । ਹੈ ਜਜ਼ਬ ਤੇਰਾ ਜੋ ਨਾ ਉਹ ਦਿਲ ਨਸੀਂ ਹੈ ਮੇਰਾ , ਰਹਿੰਦਾ ਹੈਂ ਤੁ ਵੀ ਕੇਹੇ ਅਣਜਾਣ ਮਕਾਨਾਂ ਵਿਚ ।

ਰਾਤ ਹੈ ਭਾਵੇਂ ਹਨੇਰੀ ਹੁਣ ਤਾਂ ਢਲਣੀ ਚਾਹਿਦੀ

ਰਾਤ ਹੈ ਭਾਵੇਂ ਹਨੇਰੀ ਹੁਣ ਤਾਂ ਢਲਣੀ ਚਾਹਿਦੀ । ਮਖ਼ਮਲੀ ਕਿਰਨਾਂ ਧਰਾ ਤੇ ਹੁਣ ਬਿਖਰਨੀ ਚਾਹਿਦੀ । ਭੇਂਟ ਅਗਨੀ ਦੀ ਚੜ੍ਹੇ ਨੇ ਘਰ ਬਥੇਰੇ ਬਸ ਕਰੋ, ਅੱਗ ਦਿਲਾਂ ਚੋਂ ਸਭ ਜਨੂਨਾਂ ਦੀ ਨਿਕਲਣੀ ਚਾਹਿਦੀ । ਚੰਨ ਦੀ ਵੀ ਮੌਜ ਹੈ, ਉਂਜ ਵੀ ਜਰੂਰੀ ਤਾਂ ਨਹੀਂ, ਚਾਂਦਨੀ ਤੇਰੇ ਹੀ ਵਿਹੜੇ ਵਿਚ ਟਹਿਲਣੀ ਚਾਹਿਦੀ । ਆ ਗਿਆ ਮਧੁਮਾਸ ਹੈ ਕਿਸ ਨੂੰ ਕਿਵੇਂ ਚਲਣਾ ਪਤਾ, ਪੱਤ ਕੋਈ ਪੱਲਵਾਂ ਤੇ ਹੁਣ ਨਿਕਲਣੀ ਚਾਹਿਦੀ ।

ਤੇਰੀ ਮਹਿਫ਼ਿਲ ਦੇ ਮੈਂ ਕਾਬਿਲ ਨਹੀਂ ਸੀ

ਤੇਰੀ ਮਹਿਫ਼ਿਲ ਦੇ ਮੈਂ ਕਾਬਿਲ ਨਹੀਂ ਸੀ । ਮੇਰੇ ਮੇਚੇ ਦਾ ਇਹ ਸਾਹਿਲ ਨਹੀਂ ਸੀ । ਸੀ ਸਿੱਕੇ ਚੰਦ ਖ਼ੀਸੇ ਵਿਚ ਮੇਰੇ ਤਾਂ, ਨਹੀਂ ਕੁਝ ਹੋਰ ਤਾਂ ਹਾਸਿਲ ਨਹੀਂ ਸੀ । ਡੁਬੋਇਆ ਸੀ ਸਫ਼ੀਨਾ ਓਸ ਮੇਰਾ, ਮੇਰੇ ਪਰ ਸਾਮ੍ਹਣੇ ਕਾਤਿਲ਼ ਨਹੀਂ ਸੀ । ਨਜ਼ਰ ਜੋ ਅੰਤ ਨੂੰ ਮਾਰੀ ਸਫ਼ਰ ਤੇ , ਸੀ ਰਸਤਾ ਹੋਰ ਵੀ, ਮੰਜ਼ਿਲ ਨਹੀਂ ਸੀ । ਤੇਰੀ ਚੁੱਪੀ ਕੋਈ ਪੱਥਰ ਨਹੀਂ ਸੀ, ਕਦੇ ਇਉਂ ਤੋੜਨੀ ਮੁਸ਼ਕਿਲ ਨਹੀਂ ਸੀ । ਤਿਰੇ ਸ਼ਬਦਾਂ ਨੇ ਸੀਨਾ ਚਾਕ ਕੀਤਾ, ਕਿਹਾ ਸੀ ਝੂਠ ਮੈਂ, ਬਿਸਮਿਲ ਨਹੀਂ ਸੀ । * ਬਿਸਮਿਲ – ਘਾਇਲ * ਸਫ਼ੀਨਾ -- ਕਿਸ਼ਤੀ

ਤੂੰ ਪਾਸ ਹੈਂ ਜਾਂ ਦੂਰ ਹੈਂ ਨਹੀਂ ਕੋਈ ਮਲਾਲ ਹੈ

ਤੂੰ ਪਾਸ ਹੈਂ ਜਾਂ ਦੂਰ ਹੈਂ ਨਹੀਂ ਕੋਈ ਮਲਾਲ ਹੈ । ਕਮਾਲ ਦਾ ਵਿਸਾਲ ਹੈ ਮਿਰੇ ਤੂੰ ਨਾਲ ਨਾਲ ਹੈ । ਕੋਈ ਰੁਕਨ ਨ ਟੁੱਟਦਾ ਸੁਖ਼ਨ ਬੜਾ ਦਿਆਲ ਹੈ । ਕਿਹਾ ਨਵੀਨ ਬਹਿਰ ਵਿਚ ਨਵਾਂ ਮਿਰਾ ਖ਼ਿਆਲ ਹੈ । ਸੁਆਦ ਜੀਭ ਦੇ ਲਈ ਕਿਸੇ ਤੂੰ ਮਾਰ ਤਾਂ ਗਿਆ, ਕਿਸੇ ਦੀ ਜ਼ਿੰਦਗੀ ਗਈ, ਹਰਾਮ ਜਾਂ ਹਲਾਲ ਹੈ । ਲੰਮੀ ਚਲੀ ਹਰੇਕ ਵਾਰ, “ਮਨ ਕੀ ਜੋ ਵੀ ਬਾਤ” ਹੈ , ਅਵਾਮ ਦਾ ਸਵਾਲ ਤਾਂ ਜਿਵੇਂ ਤਿਵੇਂ ਸਵਾਲ ਹੈ । ਸਜ਼ਾ ਮਿਲੀ ਨੁਹਾਰ ਦੀ ਕਰਾਰ ਦਿਲ ਚਲਾ ਗਿਆ, ਸੁਗੰਧ ਰੂਹੀਂ ਘੁਲ ਗਈ ਗ਼ੁਲਾਲ ਹੀ ਗ਼ੁਲਾਲ ਹੈ ।

ਮੇਰੀ ਇਕੱਲ ਵਿਚੋਂ ਦਿਲ ਦਾ ਕਰਾਰ ਨਿਕਲੇ

ਮੇਰੀ ਇਕੱਲ ਵਿੱਚੋਂ ਦਿਲ ਦਾ ਕਰਾਰ ਨਿਕਲੇ । ਇਸ ਦੌਰੇ-ਬੇਕਸ਼ੀ ਚੋਂ ਦਿਲ ਦਾ ਬਿਮਾਰ ਨਿਕਲੇ । ਹੁਣ ਤਾਂ ਖਿਜਾਂ ਦੇ ਵਿੱਚੋਂ ਕੋਈ ਬਹਾਰ ਨਿਕਲੇ । ਬਰਬਾਦ ਗੁੰਚਿਆਂ ਚੋਂ ਕੋਈ ਦਯਾਰ ਨਿਕਲੇ । ਕੀ ਗੈਰ ਤੇ ਲਗਾਉਣਾ ਸੀ ਦੋਸ਼ ਸੰਗਸਾਰੀ , ਜੋ ਆਸ਼ਨਾ ਸੀ ਮੇਰੇ ਉਹ ਵੀ ਸ਼ੁਮਾਰ ਨਿਕਲੇ । ਪਿੱਛਾ ਕਿਤੇ ਵੀ ਛੱਡੇ ਇਹ ਬੇਖ਼ੁਦੀ ਨਾ ਮੇਰਾ , ਤੇਰੀ ਗਲੀ ਚੋਂ ਕਿੰਨਾ ਦੀਵਾਨਾ-ਵਾਰ ਨਿਕਲੇ । ਹਸਤੀ ਦੇ ਸ਼ੋਰ ਤੋਂ ਹੁਣ ਹੈ ਜੀ ਉਚਾਟ ਮੇਰਾ , ਹੁਣ ਸ਼ੋਰ ਤਾਂ ਇਹ ਯਾਰੋ ਚੁੱਪੀ ਤੋਂ ਪਾਰ ਨਿਕਲੇ । ਸੀ ਜਲਜਲਾ ਕੀ ਆਇਆ ਇਸ ਸ਼ਹਿਰ ਮੇਰੇ ਅੰਦਰ, ਹਿੱਲੇ ਨਾ ਘਰ ਕੁਈ ਪਰ ਜਿਗ਼ਰੋਂ ਦਰਾਰ ਨਿਕਲੇ । * ਦਯਾਰ – ਚਮਨ * ਦੀਵਾਨਾ-ਵਾਰ -- ਪਾਗਲਾਂ ਦੀ ਤਰਾਂ

ਔਰਤ ਹੈ ਹੁੰਦੀ ਬਾਰਹਾ ਰੁਸਵਾ ਇਸੇ ਤਰਾਂ

ਔਰਤ ਹੈ ਹੁੰਦੀ ਬਾਰਹਾ ਰੁਸਵਾ ਇਸੇ ਤਰਾਂ । ਹੋਵੇ ਹਕੂਮਤਾਂ ਦਾ ਤਮਾਸ਼ਾ ਇਸੇ ਤਰਾਂ । ਕਿਉਂ ਅਸ਼ਕ ਨੇਤਰਾਂ ਚ ਨੇ ਪਥਰਾ ਗਏ ਤਿਰੇ, ਪਹਿਲਾਂ ਕਦੇ ਰੁਕੇ ਨਹੀਂ ਦਰਿਆ ਇਸੇ ਤਰਾਂ । ਮੋਢਾ ਹੈ ਤਿਰਾ ਦਿਖਣ ਨੂੰ ਬੰਦੂਕ ਹੋਰ ਦੀ , ਕਾਇਮ ਹੈ ਹਾਕਮਾਂ ਦਾ ਵੀ ਰੁਤਬਾ ਇਸੇ ਤਰਾਂ । ਉਕਤਾ ਨਾ ਜਾਵਾਂ ਮੈਂ ਕਿਤੇ ਤੈਨੂੰ ਵੀ ਪਾ ਸਨਮ, ਬਣਿਆ ਰਹੇ ਮਿਰੇ ਖ਼ੁਦਾ ਪਰਦਾ ਇਸੇ ਤਰਾਂ । ਇਹ ਸ਼ੋਰ ਕੋਇਲਾਂ ਦਾ ਤੇ ਸੂਰਜ ਵੀ ਲਾਲ ਹੈ , ਆਉਂਦਾ ਤੂੰ ਸਭ ਦੇ ਸਾਮ੍ਹਣੇ, ਅੱਛਾ ਇਸੇ ਤਰਾਂ । * ਬਾਰਹਾ – ਅਕਸਰ * ਰੁਸਵਾ -- ਬੇ-ਇੱਜਤ

ਰੋਂਦਿਆਂ ਛੱਡ ਕੇ ਗਿਆ ਨਾ ਤਿਲਮਿਲਾਇਆ ਬਾਦ ਵਿਚ

ਰੋਂਦਿਆਂ ਛੱਡ ਕੇ ਗਿਆ ਨਾ ਤਿਲਮਿਲਾਇਆ ਬਾਦ ਵਿਚ । ਕਤਲ਼ ਕਰ ਕਾਤਲ਼ ਮਿਰਾ ਸੀ ਮੁਸਕੁਰਾਇਆ ਬਾਦ ਵਿਚ । ਗੀਤ ਜੋ ਉਸਨੇ ਸੁਣਾਇਆ ਗੁਣਗੁਣਾਇਆ ਬਾਦ ਵਿਚ । ਨਾਮ ਉਸਦਾ ਭੁੱਲਿਆ ਮੁੜ ਯਾਦ ਆਇਆ ਬਾਦ ਵਿਚ । ਉਹ ਪਿਆਸਾ ਸੀ ਯੁਗਾਂ ਦਾ, ਓਸਦੀ ਤਕਦੀਰ ਸੀ , ਜੋ ਰਿਹਾ ਪੀਕੇ ਸਮੁੰਦਰ ਵੀ ਤਿਹਾਇਆ ਬਾਦ ਵਿਚ । ਖ਼ੂਬ ਰੰਗੇ ਹੱਥ ਉਸ ਬੇ-ਦੋਸ਼ਿਆਂ ਦੇ ਰੱਤ ਵਿਚ , ਪਾਪ ਧੋਵਣ ਦੇ ਲਈ ਗੰਗਾ ਨਹਾਇਆ ਬਾਦ ਵਿਚ । ਹੋਲੀ ਹੋਲੀ ਰੋਗ ਇਹ ਸੀ ਇਸ ਤਰਾਂ ਵਧਦਾ ਗਿਆ , ਪਹਿਲਾਂ ਉਹ ਮਨ ਵਿਚ ਵਸੇ ਫਿਰ ਦਿਲ ਚੁਰਾਇਆ ਬਾਦ ਵਿਚ । ਅੱਜ ਤਕ ਕਾਜ਼ੀ ਮੁਲਾਣੇ ਵੀ ਸਮਝ ਇਸ ਨਾ ਸਕੇ , ਸੀਸ ਕਿਉਂ ਮਨਸੂਰ ਦਾ ਸੀ ਖਿਲਖਿਲਾਇਆ ਬਾਦ ਵਿਚ ।

ਕੁਝ ਨ ਹਾਸਲ ਏਸ ਚੋਂ ਆਖ਼ਰ ਜਿਵੇਂ

ਕੁਝ ਨਾ ਹਾਸਲ ਏਸ ਚੋਂ ਆਖ਼ਰ ਜਿਵੇਂ । ਜ਼ਿੰਦਗੀ ਪਾਣੀ ਤੇ ਹਸਤਾਖਰ ਜਿਵੇਂ । ਇਸ ਤਰਾਂ ਸਨ ਸ਼ਖ਼ਸ ਕੁਝ ਜ਼ਾਹਰ ਜਿਵੇਂ । ਅੰਦਰੋਂ ਵੀ ਉਸ ਤਰਾਂ, ਬਾਹਰ ਜਿਵੇਂ । ਇਉਂ ਗ਼ਜ਼ਲ ਪੜ੍ਹ ਕੇ ਗਿਆ ਸ਼ਾਇਰ ਜਿਵੇਂ । ਬਿਲਖਦਾ ਸੀ ਸ਼ਾਖ ਨੂੰ ਤਾਇਰ ਜਿਵੇਂ । ਲੱਪ ਭਰਕੇ ਚਾਨਣੀ ਉਹ ਦੇ ਗਿਆ , ਆਦਮੀ ਵੇਖਣ ਨੂੰ ਸੀ ਕਾਫ਼ਰ ਜਿਵੇਂ । ਤੂੰ ਜੋ ਨਜ਼ਰਾਂ ਚੋਂ ਗਿਰਾਇਆ ਓਸ ਨੂੰ , ਲੁੜਕਿਆ ਚੋਟੀ ਤੋਂ ਦਿਲ, ਪੱਥਰ ਜਿਵੇਂ । ਦੀਵਿਆਂ ਦੇ ਬੁਝਣ ਦੇ ਅਫ਼ਸੋਸ ਵਿਚ , ਵਿਛ ਗਿਆ ਸਾਰੇ ਗਰਾਂ ਸੱਥਰ ਜਿਵੇਂ । ਏਸ ਵਿਚ ਪਹਿਲਾਂ ਜਿਹੀ ਗਰਮੀ ਨਹੀਂ , ਸੀਤ ਸੀ ਤੇਰੀ ਨਜ਼ਰ ਕੱਕਰ ਜਿਵੇਂ । ਡੋਲਦਾ ਹੈ ਮਨ ਜਰਾ ਪਾਰੇ ਤਰਾਂ, ਅਕਸ ਪਾਣੀ ਤੇ ਅਜੇ ਅਸਥਿਰ ਜਿਵੇਂ । ਕਿਸ ਤਰਾਂ ਗਹਿਰਾ ਗਿਆ ਅਸਮਾਨ ਹੈ , ਗੈਰ-ਹਾਜ਼ਰ ਹੋ ਗਿਆ ਹਾਜ਼ਰ ਜਿਵੇਂ ।

ਜਿੰਦਰੇ ਮੂੰਹ ਤੇ ਲਗਾਏ ਕਿਸ ਲਈ

ਜਿੰਦਰੇ ਮੂੰਹ ਤੇ ਲਗਾਏ ਕਿਸ ਲਈ । ਹਥ ਕਟਾ ਕੰਗਣ ਪਵਾਏ ਕਿਸ ਲਈ । ਪਰ ਵਿਹੂਣੇ ਇਹ ਪਰਿੰਦੇ ਅੱਜ ਫਿਰ , ਜਸ਼ਨੇ ਆਜ਼ਾਦੀ ਮਨਾਏ ਕਿਸ ਲਈ । ਅੰਨ੍ਹਿਆਂ ਦੇ ਇਸ ਹਨੇਰੇ ਸ਼ਹਿਰ ਵਿਚ , ਤੂੰ ਭਲਾ ਦੀਵੇ ਜਗਾਏ ਕਿਸ ਲਈ । ਤੂੰ ਨਹੀਂ ਆਉਣਾ ਕਦੇ ਉਸ ਦੇਸ਼ ਤੋਂ , ਯਾਦ ਤੇਰੀ ਦਿਲ ਦੁਖਾਏ ਕਿਸ ਲਈ । ਪੁੱਛਣਾ ਇਹ ਕਿਉਂ, ਹਨੇਰਾ ਨਾ ਕਦੇ , ਰੌਸ਼ਨੀ ਦੇ ਸ਼ਹਿਰ ਆਏ ਕਿਸ ਲਈ ।

ਰਹਿਨੁਮਾਂ ਜੇ ਨਾ ਸਹੀ ਰਾਹ ਦਿਖਾਇਆ ਹੁੰਦਾ

ਰਹਿਨੁਮਾਂ ਜੇ ਨਾ ਸਹੀ ਰਾਹ ਦਿਖਾਇਆ ਹੁੰਦਾ । ਲਾ ਮੈਂ ਮੱਥੇ ਤੇ ਤਿਲਕ ਝੰਡਾ ਉਠਾਇਆ ਹੁੰਦਾ । ਸੱਚ ਨਾ ਬੋਲਦਾ, ਨਾ ਝੂਠ ਦਾ ਖੰਡਨ ਕਰਦਾ, ਸੰਗ ਹਰ ਸ਼ਖਸ ਨੇ ਹੱਥੀਂ ਨਾ ਉਠਾਇਆ ਹੁੰਦਾ । ਕਿਉਂ ਹਨੇਰਾ ਹੈ ਤਿਰੇ ਸ਼ਹਿਰ ਦੇ ਹਰ ਕੋਨੇ ਵਿਚ, ਰੌਸ਼ਨੀ ਹੁੰਦੀ ਤਾਂ ਰਸਤਾ ਵੀ ਨੁਮਾਇਆ ਹੁੰਦਾ । ਏਸ ਬਸਤੀ ਦੇ ਕਈ ਦੀਵੇ ਚਿਰਾਗਾਂ ਹੁੰਦੇ , ਮਿਹਰਬਾਂ ਦੀਪ ਹਨੇਰੀ ਨਾ ਬੁਝਾਇਆ ਹੁੰਦਾ । ਖ਼ਾਬ ਟੁੱਟਿਆ ਸੀ ਉਸੇ ਵਕਤ ਜਦੋਂ ਤੂੰ ਆਇਆ , ਹਾਦਸਾ ਇਹ ਨਾ ਇਕੇਰਾਂ ਜੇ ਖ਼ੁਦਾਇਆ ਹੁੰਦਾ ।

ਦਿੱਲਗੀ ਦਿਲਦਾਰ ਇਹ ਚੰਗੀ ਨਹੀਂ

ਦਿੱਲਗੀ ਦਿਲਦਾਰ ਇਹ ਚੰਗੀ ਨਹੀਂ । ਰਹਿਮਤਾਂ ਦੀ ਘਰ ਤਿਰੇ ਤੰਗੀ ਨਹੀਂ । ਰੌਸ਼ਨੀ ਦੀ ਦਾਤ ਦੇ ਬਣਜਾਰਿਆ , ਰੂਹ ਮੇਰੀ ਤੂੰ ਰੰਗ ਕਿਉਂ ਰੰਗੀ ਨਹੀਂ । ਜਾਗਣਾ ਲੋਚਾਂ ਘਨੇਰੀ ਨੀਂਦ ਚੋਂ , ਸੁਪਨਿਆਂ ਦੀ ਜੂਨ ਕਿਉਂ ਲੰਘੀ ਨਹੀਂ । ਦਿਲ ਮੇਰਾ ਹੀ ਮੋੜ ਦੇ ਤੂੰ ਮਹਿਰਮਾਂ , ਚੀਜ਼ ਅਪਣੀ, ਹੋਰ ਤੇ ਮੰਗੀ ਨਹੀਂ । ਐਬ ਇਸ਼ਰਤ ਜ਼ਿੰਦਗੀ ਦੇ ਦੇਖਲੇ , ਲ਼ਾਲਸਾ ਦੀ ਰੂਹ ਮੇਰੀ ਬੰਦੀ ਨਹੀਂ ।

ਭੌਂ ਤਰਸਦੀ ਮੇਹੁ ਨੂੰ, ਬਣ ਮੇਘ ਆ

ਭੌਂ ਤਰਸਦੀ ਮੇਹੁ ਨੂੰ, ਬਣ ਮੇਘ ਆ । ਹੈ ਪਿਆਲਾ ਇਸ਼ਕ ਦਾ ਲਬਰੇਜ਼ ਆ । ਤੇਰੀ ਗ਼ਫ਼ਲਤ ਦਾ ਕੁਈ ਇਤਰਾਜ਼ ਨਾ , ਸ਼ਾਮ ਹੈ ਪਰ ਜ਼ਿੰਦਗੀ ਦੀ, ਤੇਜ਼ ਆ । ਦੇ ਜਨਮ ਫਿਰ ਇਕ ਸੁਨਹਿਰੀ ਸੋਚ ਨੂੰ , ਖ਼ਾਕ ਮੁੜ ਕੇ ਫਿਰ ਹੋਈ ਜਰਖੇਜ਼ ਆ । ਛੇੜ ਦੇ ਮੇਰੇ ਚ ਸੁੱਤੀ ਰਾਗਨੀ , ਸਾਜ਼ ਰੱਖਾਂ ਉਂਗਲਾਂ ਨੌ-ਖ਼ੇਜ਼ ਆ । ਰੂਹ ਮੇਰੀ ਹੈ ਸ਼ਾਮਲੀ, ਤੂੰ ਸਾਂਵਰਾ , ਆ ਸਜਾ ਤੂੰ ਰਾਸ ਰੂਹ ਦੀ ਸੇਜ ਆ । * ਲਬਰੇਜ਼ – ਉਪਰ ਤੱਕ ਭਰਿਆ / ਲਬਾਲਬ / ਛਲਕਦਾ * ਜਰਖੇਜ਼ – ਉਪਜਾਉ / ਜਨਮ ਦੇਣ ਲਈ ਉਪਯੋਗੀ * ਨੌ-ਖ਼ੇਜ਼ -- ਨਵ ਉੱਤਪੰਨ / ਤਾਜ਼ਾ / ਵਰਤਮਾਨ ਦਾ

ਕਿਉਂ ਖ਼ੌਫ਼ ਵਿਚ ਬਿਆਰ ਹੈ ਗੁਮਸੁਮ ਹੈ ਚਾਂਦਨੀ

ਕਿਉਂ ਖ਼ੌਫ਼ ਵਿਚ ਬਿਆਰ ਹੈ ਗੁਮਸੁਮ ਹੈ ਚਾਂਦਨੀ । ਤਾਰੇ ਨ ਝਿਲਮਿਲਾ ਰਹੇ, ਖ਼ਾਮੋਸ਼ ਯਾਮਿਨੀ । ਦਿਲ ਸ਼ਾਮ ਤੋਂ ਉਦਾਸ ਹੈ , ਅੱਖ ਹੈ ਬੁਝੀ ਬੁਝੀ , ਗੀਤਾਂ ਦੇ ਸੁਰ ਨੇ ਥਿੜਕਦੇ, ਮਜਬੂਰ ਰਾਗਿਨੀ । ਉਠਦੀ ਨਹੀਂ ਅਵਾਜ਼ ਹੈ ਜ਼ੁਲਮਤ ਖ਼ਿਲਾਫ਼ ਕਿਉਂ, ਬੱਦਲ ਦਾ ਕੋਈ ਦੋਸ਼ ਹੈ, ਗੂੰਗੀ ਜਾਂ ਦਾਮਿਨੀ । ਮੰਦਿਰ ਦਾ ਘੰਟ ਨਾਦ ਕੇ ਮਸਜ਼ਿਦ ਤੋਂ ਆਇਤਾਂ , ਇੱਕੋ ਤਾਂ ਮੂਲ ਹੈ ‘ ਉਹੀ ‘ ਅੱਲ਼੍ਹਾ ਜਾਂ ਰਾਮ ਨੀ । * ਯਾਮਿਨੀ – ਰਾਤ * ਦਾਮਿਨੀ -- ਅਸਮਾਨੀ ਬਿਜਲੀ

ਇਹ ਕਤਰੇ ਦਾ ਕਿਵੇਂ ਮੁਮਕਿਨ ਸਮੁੰਦਰ ਫੇਰ ਤੋਂ ਹੋਣਾ

ਇਹ ਕਤਰੇ ਦਾ ਕਿਵੇਂ ਮੁਮਕਿਨ ਸਮੁੰਦਰ ਫੇਰ ਤੋਂ ਹੋਣਾ । ਅਵਾਰਾ ਏਸ ਪੰਛੀ ਦਾ ਉਸੇ ਘਰ ਫੇਰ ਤੋਂ ਹੋਣਾ । ਬੜਾ ਮਾਯੂਸ ਹੋਕੇ ਫੇਰ ਉਸ ਮਹਿਫ਼ਿਲ ਚੋਂ ਮੁੜਿਆ ਹਾਂ, ਭਰੋਸਾ ਸੀ ਬਜ਼ਮ ਵਿਚ ਉਹ ਸਿਤਮਗਰ ਫੇਰ ਤੋਂ ਹੋਣਾ । ਸਫ਼ਰ ਦੇ ਹਰ ਪੜਾ ਤੇ ਮੈਂ ਖ਼ਿਤਿਜ ਤੋਂ ਦੂਰ ਸੀ ਓਨਾ, ਨਹੀਂ ਤਹਿ ਫਾਸਲਾ ਮੈਥੋਂ ਜਨਮ-ਭਰ ਫੇਰ ਤੋਂ ਹੋਣਾ । ਸੁਣਾ ਨਾ ਹਾਲ਼ ਦਿਲ ਦਾ ਤੂੰ, ਨ ਸੁਣ ਮੈਥੋਂ ਨਹੀਂ ਹੋਣਾ, ਮਿਰੇ ਬਾਜ਼ੂ ਦੇ ਕਪੜੇ ਨੇ ਤਰਾ-ਤਰ ਫੇਰ ਤੋਂ ਹੋਣਾ । ਸਿਲੇ ਪਹਿਲੇ ਜ਼ਖ਼ਮ ਮੁਸ਼ਕਿਲ, ਦੁਬਾਰਾ ਸਿਲ ਨਹੀਂ ਹੋਣੇ, ਦੁਰੇਡੇ ਸ਼ਹਿਰ ਨਾ ਕੋਈ ਰਫ਼ੂਗਰ ਫੇਰ ਤੋਂ ਹੋਣਾ । ਮੈਂ ਡਰਿਆਂ ਦੋਸਤਾ ਹਾਂ ਇਸ਼ਕ ਦੇ ਅਵਸਾਦ ਤੋਂ ਇੰਨਾਂ, ਝਨਾਂ ਅਸ਼ਕਾਂ ਦਾ ਮੇਰੇ ਤੋਂ ਨਹੀਂ ਤਰ ਫੇਰ ਤੋਂ ਹੋਣਾ । *ਬਜ਼ਮ -- ਸਭਾ

ਮੈਂ ਪੌਣ ਉੱਤੇ ਲਿਖੇ ਨੇ ਅੱਖਰ

ਮੈਂ ਪੌਣ ਉੱਤੇ ਲਿਖੇ ਨੇ ਅੱਖਰ, ਬਰੇਤ ਉੇੱਤੇ ਸਲਾਮ ਲਿਖਿਆ । ਕਦੇ ਮਿਲੇਗਾ ਤੂੰ ਯਾਦ ਰੱਖੀਂ, ਮੇਰਾ ਜੁ ਤੈਨੂੰ ਪਿਆਮ ਲਿਖਿਆ । ਕੋਈ ਨ ਰਸਤਾ, ਕਿਤੇ ਨ ਮੰਜ਼ਿਲ, ਹਨੇਰ ਪਸਰੇ ਚੁਫੇਰ ਮੇਰੇ, ਕਿਤੇ ਥਿਆਵੇ ਨ ਸੋਚ ਸੁੱਚੀ, ਹਰੇਕ ਮੱਥੇ ਜੈ ਰਾਮ ਲਿਖਿਆ । ਕਿਸੇ ਤਾਂ ਕੋਨੇ ਬਚਾ ਕੇ ਜਜ਼ਬਾ ਤੇ ਸੋਚ ਜਗਦੀ ਜਗਾ ਕੇ ਰੱਖੀਂ, ਬੁਝਾ ਨੇ ਦਿੱਤੇ ਚਿਰਾਗ਼ ਸਾਰੇ, ਹਵਾ ਨੇ ਰੁਕਣਾ ਹਰਾਮ ਲਿਖਿਆ । ਬਜ਼ਾਰ ਹੀ ਹੈ ਰੁਪਹਿਲਾ ਪਰਦਾ, ਕਿ ਭੇਸ ਸਚ ਦਾ ਤੇ ਤਾਲ ਨਚਦਾ, ਨਾ ਗੀਤ ਗਾਵੇ, ਨ ਕਲਮ ਚਿਤਵੇ, ਹਰੇਕ ਮੱਥੇ ਤੇ ਦਾਮ ਲਿਖਿਆ । ਵਿਦਾਈ ਦੇ ਵਕਤ ਗੀਤ ਆਏ, ਨ ਕਾਵਿ ਜਾਣਾ, ਨ ਚੱਜ ਆਵੇ, ਨ ਬਹਿਰ ਸਿੱਖੀ, ਨ ਛੰਦ ਜਾਣੇ, ਲਹੂ ਚ ਡੁਬਕੇ ਕਲਾਮ ਲਿਖਿਆ । * ਪਿਆਮ – ਸੰਦੇਸ਼ * ਕਲਾਮ -- ਸ਼ਾਇਰੀ

ਮੈਕਦੇ ਵਿਚ ਇਉਂ ਸਜੇ ਮਹਿਫ਼ਿਲ ਕਦੇ

ਮੈਕਦੇ ਵਿਚ ਇਉਂ ਸਜੇ ਮਹਿਫ਼ਿਲ ਕਦੇ । ਫਿੱਕੇ ਫਿੱਕੇ ਜਾਪਦੇ ਇਹ ਬੁਤਕਦੇ । ਮੈਂ ਉਡਾਰੀ, ਸੰਗ ਗ਼ਜ਼ਲਾਂ ਮਾਰਦਾਂ, ਉਡਦਿਆਂ ਕੀ ਵੇਖਿਆ ਮੈਨੂੰ ਕਦੇ । ਧਰਤ ਦੀ ਬਾਂਹ ਕੌਣ ਅਸਮਾਨੋ ਫੜੇ, ਰੁੱਖ ਧੋਵੇ, ਰੰਗ ਫੁੱਲਾਂ ਥੀਂ ਭਰੇ । ਦੇ ਸੁਨੇਂਹੇ ਰੁੱਖ ਨੇ ਲਿਖਤੁਮ ਕਿਹਾ, ਠਹਿਰੇ ਠਹਿਰੇ ਪਾਣੀ ਤੇ ਪੱਤੇ ਤਰੇ । ਮੈਂ ਹੁਣੇ ਤਾਂ ਵੇਖਿਆ ਕੋਈ ਗਿਆ, ਹੰਝ, ਹੌਂਕੇ ਸਿਸਕਦੇ ਧਰਤੀਂ ਠਰੇ । ਇਹ ਕਿਵੇਂ ਸੰਭਵ ਬਹਿਕ ਜਾਵਾਂ ਨਾ ਮੈਂ, ਜਾਮ ਪੀਵਾਂ ਇੱਕ ਜਦ, ਦੂਜਾ ਧਰੇ । ਦਿਲ ਨਿਮਾਣੇ ਨੂੰ ਭਲਾ ਕੀ ਹੋ ਗਿਆ , ਕਿਉਂ ਵਿਛੋੜਾ ਹੁਣ ਤਿਰਾ ਪਲ ਨਾ ਜਰੇ ।

ਫਿਰ ਕਿਸੇ ਦੀ ਯਾਦ ਆਈ ਸੋਬਤੀ

ਫਿਰ ਕਿਸੇ ਦੀ ਯਾਦ ਆਈ ਸੋਬਤੀ । ਸ਼ੈਅ ਗੁਆਚੀ ਜਿਉਂ ਥ੍ਹਿਆਈ ਸੋਬਤੀ । ਚਾ ਕੇ ਮੈਂ ਮਸਤਕ ਲਗਾਇਆ ਓਸਨੂੰ, ਪੈੜ ਜੋ ਉਸਦੀ ਥ੍ਹਿਆਈ ਸੋਬਤੀ । ਮੈਂ ਤਾਂ ਰੋਇਆ ਸੀ ਨਹੀਂ ਤੇਰੀ ਕਸਮ, ਚੀਖ਼ ਸੁੰਨੇ-ਪਣ ਚੋਂ ਆਈ ਸੋਬਤੀ । ਲਾਟ ਕਿਉਂ ਆਕੇ ਨਿਮਾਣੇ ਦਿਲ ਫੜੀ, ਮੈਂ ਤਾਂ ਸੀ ਬੱਤੀ ਜਲਾਈ ਸੋਬਤੀ । ਵੰਝਲੀ ਜਦ ਜੀ ਕਰੇ ਕੂਹ ਕੂਹ ਕਰੇ, ਮੈਂ ਤਾਂ ਬੁਲ੍ਹਾਂ ਤੇ ਸਜਾਈ ਸੋਬਤੀ ।

ਲਗਦਾ ਹੈ ਉਹ ਰਾਤੀਂ ਚਿਰ ਤਕ ਰੋਇਆ ਸੀ

ਲਗਦਾ ਹੈ ਉਹ ਰਾਤੀਂ ਚਿਰ ਤਕ ਰੋਇਆ ਸੀ । ਤਾਂ ਹੀ ਅੱਖ ਦਾ ਰੰਗ ਗੁਲਾਬੀ ਹੋਇਆ ਸੀ । ਭੁੱਖਾ ਭਾਣਾ ਬਾਲਕ ਲੱਗਦਾ ਸੋਇਆ ਸੀ । ਇਕ ਇਕ ਹੰਝੂ ਅੱਖਾਂ ਵਿੱਚ ਖਲੋਇਆ ਸੀ । ਦੋ ਚਿੱਤੀ ਦਾ ਇੱਕ ਹਾਸਲ ਤਾਂ ਹੋਇਆ ਹੈ, ਇਸ ਉਸ ਬੰਨੇ ਹਰ ਇਕ ਬੰਦਾ ਹੋਇਆ ਸੀ । ਕੌਤਕ ਕੈਸਾ ਚੋਣਾਂ ਦੇ ਵਿਚ ਹੋਇਆ ਹੈ, ਵੋਟਰ ਸੂਚੀ ਸ਼ਾਮਲ ਬੰਦਾ ਮੋਇਆ ਸੀ । ਨੇਤਾ ਨਾਲ ਪੁਜਾਰੀ ਜੀ ਨੇ ਮਿਲ ਜੁਲ ਕੇ , ਵਿਹੁ ਦਾ ਬੂਟਾ ਹਰ ਇਕ ਦਿਲ ਵਿਚ ਬੋਇਆ ਸੀ ।

ਜੇ ਹੌਂਕੇ ਰੱਖਣੇ ਤਰਤੀਬ ਵਿਚ ਇਸ ਸ਼ਹਿਰ ਦੇ ਅੰਦਰ

ਜੇ ਹੌਂਕੇ ਰੱਖਣੇ ਤਰਤੀਬ ਵਿਚ ਇਸ ਸ਼ਹਿਰ ਦੇ ਅੰਦਰ । ਕਰੀਨਾ ਯਾਦ ਰੱਖੀਂ ਦੋਸਤਾ, ਇਕ ਬਹਿਰ ਦੇ ਅੰਦਰ । ਸਮੁੰਦਰ ਦੇ ਹੀ ਸਾਰੇ ਰੰਗ ਨੇ ਇਸ ਨਹਿਰ ਦੇ ਅੰਦਰ । ਅਲਿਹਦਾ ਕੁਝ ਨਹੀਂ ਹੈ ਇਸ ਨਿਮਾਣੀ ਲਹਿਰ ਦੇ ਅੰਦਰ । ਜੇ ਪੁੱਛਿਆ ਹਾਲ ਤੂੰ ਮੇਰਾ ਦੁਬਾਰਾ ਠੀਕ ਨਾ ਹੋਣਾ, ਮੈਂ ਰੋ ਪੈਣਾ ਚੁਰਸਤੇ ਦੋਸਤਾ ਇਸ ਸ਼ਹਿਰ ਦੇ ਅੰਦਰ । ਨਿਰਰਥਕ ਜ਼ਿੰਦਗੀ ਦੇ ਅਰਥ ਕਿਉਂ ਮੈਂ ਖੋਜਦਾ ਰਹਿਨਾ, ਨ ਜਾਣੇ ਕੰਮ ਕੀ ਆਇਆ ਅਚਾਨਕ ਦਹਿਰ ਦੇ ਅੰਦਰ । ਬੜੇ ਔਖੇ, ਬੜੇ ਸੁਨਸਾਨ ਨੇ, ਇਹ ਰਾਹ ਮੁਹੱਬਤ ਦੇ, ਬੜੀ ਮਿੱਠਾਸ ਹੈ ਕਿਉਂਕਰ ਨ ਜਾਣੇ ਜ਼ਹਿਰ ਦੇ ਅੰਦਰ ।

ਛੱਡ ਇਉਂ ਅੱਖਾਂ ਚੁਰਾ ਨਾ ਜਾਣ ਦੇ

ਛੱਡ ਇਉਂ ਅੱਖਾਂ ਚੁਰਾ ਨਾ ਜਾਣ ਦੇ । ਤੂੰ ਨਾ ਸਮਝੇਂ ਦੋਸਤਾਨਾ ਜਾਣ ਦੇ । ਦੋਸਤਾ ਨਾ ਕਰ ਬਹਾਨਾ ਜਾਣ ਦੇ । ਇਉਂ ਤਾਂ ਨਿਭਣਾ ਨਾ ਯਰਾਨਾ ਜਾਣ ਦੇ । ਛੇੜ ਨਾ ਕਿੱਸਾ ਪੁਰਾਣਾ ਜਾਣ ਦੇ । ਬੀਤਿਆ ਵਾਪਸ ਨ ਆਣਾ ਜਾਣ ਦੇ । ਚੰਨ ਬਿਨਾਂ ਸੰਭਵ ਕਿਵੇਂ ਹੈ ਚਾਂਦਨੀ, ਦੇਹ ਦਿਲਾਸੇ ਦਿਲ ਟਿਕਾ ਨਾ ਜਾਣ ਦੇ ।

ਐ ਸਮੁੰਦਰ ਕੀ ਤੇਰਾ ਦੂਜਾ ਕਿਨਾਰਾ ਹੈ ਕਿ ਨਾ

ਐ ਸਮੁੰਦਰ ਕੀ ਤੇਰਾ ਦੂਜਾ ਕਿਨਾਰਾ ਹੈ ਕਿ ਨਾ । ਜਿਸ ਤਰਾਂ ਹਾਂ ਮੈਂ ਅਵਾਰਾ ਤੂੰ ਅਵਾਰਾ ਹੈ ਕਿ ਨਾ । ਰੌਸ਼ਨੀ ਕਰਨੀ ਹੈ ਜੇਕਰ ਦਿਲ ਜਲ਼ਾ ਕੇ ਤੂੰ ਕਦੇ, ਦੇਖਣਾ ਪੈਣਾ ਹੈ ਦਿਲ ਵਿਚ ਇਕ ਸ਼ਰਾਰਾ ਹੈ ਕਿ ਨਾ । ਜਿਸ ਦੀ ਖਿੜਕੀ ਚੋਂ ਕਦੇ ਉਹ ਝਾਕਦੀ ਸੀ ਚਾਂਦਨੀ, ਕੀ ਪੁਰਾਣਾ, ਉਸ ਜਗ੍ਹਾ ਹੁਣ ਵੀ ਚੁਬਾਰਾ ਹੈ ਕਿ ਨਾ । ਜਿਸ ਘਰੌਂਦੇ ਨੂੰ ਮਿਲਾ ਤੂੰ ਤੁਰ ਗਿਆ ਸੀ ਰੇਤ ਵਿਚ ਤੂੰ ਪਲਟ ਉਸਨੂੰ ਕਦੇ ਤੱਕਿਆ ਦੁਬਾਰਾ ਹੈ ਕਿ ਨਾ । ਢਹਿ ਗਈ ਮਨਸੂਬਿਆਂ ਦੀ ਜੋ ਉਸਾਰੀ ਕੰਧ ਸੀ, ਮਲਬਿਆਂ ਦੇ ਹੇਠ ਦਬਿਆ ਦਿਲ ਵਿਚਾਰਾ ਹੈ ਕਿ ਨਾ ।

ਹਾਂ ਸ਼ਰਾਬੀ ਨ ਦਿਸ਼ਾ ਬੋਧ ਕਿਧਰ ਜਾਵਾਂਗਾ

ਹਾਂ ਸ਼ਰਾਬੀ ਨ ਦਿਸ਼ਾ ਬੋਧ ਕਿਧਰ ਜਾਵਾਂਗਾ । ਇਸ ਹਨੇਰੇ ਚ ਕਿਵੇਂ ਤੇਰੇ ਨਗਰ ਜਾਵਾਂਗਾ । ਇਸ ਹਨੇਰੇ ਦੇ ਵੀ ਮੈਂ ਪਾਰ ਉਤਰ ਜਾਵਾਂਗਾ । ਮੈਂ ਸੁਗੰਧੀ ਹਾਂ ਹਵਾਵਾਂ ਚ ਪਸਰ ਜਾਵਾਂਗਾ । ਵਹਿਣ ਦੀ ਰੇਤ ਮੇਰਾ ਅੰਗ ਬਣੀ, ਪਾਣੀ ਹਾਂ , ਜਦ ਰੁਕਾਂਗਾ ਮੈਂ ਘੜੀ ਪਲ ਚ ਨਿੱਤਰ ਜਾਵਾਂਗਾ । ਵਕਤ ਹਰ ਜਖ਼ਮ ਦੀ ਦਾਰੂ ਤੂੰ ਰਤਾ ਰੁਕ ਜਾਵੀਂ , ਵਕਤ ਦੀ ਮਾਰ ਨੂੰ ਸਹਿਜੇ ਹੀ ਵਿੱਸਰ ਜਾਵਾਂਗਾ ।

  • ਮੁੱਖ ਪੰਨਾ : ਪੰਜਾਬੀ ਕਵਿਤਾ : ਕੇਸਰ ਕਰਮਜੀਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ