Kissa Dhol-Sammi : Karim Bakhsh

ਕਿੱਸਾ ਢੋਲ-ਸੰਮੀ : ਕਰੀਮ ਬਖ਼ਸ਼

ਕਿੱਸਾ ਢੋਲ ਬਾਦਸ਼ਾਹ ਮੁਲਕ ਰੂਮ

ਅਵਲ ਹਮਦ ਖੁਦਾਵੰਦ ਤਾਈਂ ਜੋ ਹੈ ਮਾਲਕ ਸਭ ਦਾ ।
ਬੇਪਰਵਾਹ ਬੇਅੰਤ ਅਲਾਹੀ ਜੋ ਚਾਹੋ ਸੋ ਕਰਦਾ ।
ਦੇਖ ਮੁਹੰਮਦ ਦੁਨੀਆਂ ਉਤੇ ਆਇਆ ਆਖਰ ਵਾਰੀ ।
ਰੋਜ਼ ਕਿਆਮਤ ਬਖਸ਼ ਕਰੇਗਾ ਆਲਮ ਖਲਕਤ ਸਾਰੀ ।
ਬਗਦਾਦ ਆਹਾ ਇਕ ਸ਼ਹਿਰ ਸੁਣੀਂਦਾ ਅੰਦਰ ਰੂਮ ਵਲਾਇਤ ।
ਦਜਲਾ ਅਤੇ ਫਰਾਤ ਵਚਾਲੇ ਰਾਵੀ ਦੇਣ ਰਵਾਇਤ ।
ਢੋਲ ਆਹਾ ਇਕ ਉਸ ਮੁਲਕ ਵਿਚ ਕਰਦਾ ਸੀ ਬਾਦਸ਼ਾਹੀ ।
ਰਾਜ ਹਕੂਮਤ ਲਸ਼ਕਰ ਫੌਜਾਂ ਜਿਤਨੇ ਗਿਰਦ ਨਵਾਹੀ ।
ਲਸ਼ਕਰ ਅੰਤ ਹਿਸਾਬੋਂ ਬਾਹਰ ਅੰਤ ਹਿਸਾਬ ਨਾ ਆਵੇ ।
ਦੇਖ ਅਜੇਹਾ ਆਦਲ ਹਾਕਮ ਸ਼ੇਰ ਪਿਆ ਸ਼ਰਮਾਵੇ ।
ਅਯੜ ਬਾਝ ਅਯਾਲੀਂ ਸੁੰਨਾ ਐਵੇਂ ਪਿਆ ਚਰੇਂਦਾ ।
ਸ਼ੇਰ ਤੇ ਬਘਿਆੜਾਂ ਵਾਲਾ ਨਾ ਕੋਈ ਖ਼ੌਫ਼ ਕਰੇਂਦਾ ।
ਚੋਰ ਉਚੱਕੇ ਜਾਨੀ ਫਾਸਕ ਛੋੜ ਨਸੇ ਬਦਕਾਰੀ ।
ਮੁਲਕਾਂ ਅੰਦਰ ਅਮਲ ਅਬਾਦੀ ਰਾਜ਼ੀ ਰਈਯਤ ਸਾਰੀ ।
ਨਾ ਕੋਈ ਜ਼ਾਲਮ ਜ਼ੁਲਮ ਕਰੇਂਦਾ ਨਾ ਕੋਈ ਕਰੇ ਖਰਾਬੀ ।
ਬਾਜ਼ ਆਏ ਬਦਕਾਰਾਂ ਵਲੋਂ ਜਿਤਨੇ ਸ਼ੋਰ ਸ਼ਰਾਬੀ ।
ਖਾਨਕਹਾਂ ਦਾ ਅੰਤ ਨਾ ਕੋਈ ਬਾਗ਼ ਬਹਿਸ਼ਤ ਬਹਾਰਾਂ ।
ਹਰ ਹਰ ਰੋਜ਼ਾ ਉਤੇ ਉਡਣ ਅਬਾਬੀਲ ਦੀਆਂ ਡਾਰਾਂ ।
ਸ਼ਹਿਰ ਰੋਜ਼ਾ ਦੇ ਨਾਂ ਅੰਦਰ ਜ਼ਿਕਰ ਖ਼ੁਦਾਵੰਦ ਵਾਲਾ ।
ਬਹੁਤ ਅਜਾਇਬ ਸੋਹਲ ਮੁਨਾਰੇ ਰੋਸ਼ਨ ਸ਼ਹਿਰ ਉਜਾਲਾ ।
ਬਾਗਾਂ ਅੰਦਰ ਬੁਲਬੁਲ ਬੋਲੇ ਨੈਹਰਾਂ ਚੌਕ ਹਜ਼ਾਰਾਂ ।
ਕੁਮਰੀ ਕੋਇਲ ਅਤੇ ਰਲ ਕੂਕਨ ਮੋਰ ਚਕੋਰ ਹਜ਼ਾਰਾਂ ।
ਸੁਬਹ ਸਾਦਕ ਤੇ ਬਹੁਤ ਸਵੇਰੇ ਆਨ ਖਿੜੇ ਫੁਲ ਤਾਜੇ ।
ਭੌਰ ਫੁਲਾਂ ਦੀ ਕਰਨ ਖੁਸ਼ਾਮਦ ਗੂੰਜਨ ਭੌਰ ਦਰਾਜੇ ।
ਕਰਮ ਬਖਸ਼ ਇਹ ਛੋੜ ਇਥਾਈਂ ਤਰਫ ਦਮਸਕੇ ਜਾਈਂ ।
ਹਾਲ ਅਹਿਵਾਲ ਸੰਮੀ ਦੀ ਤਰਫੋਂ ਕਰ ਇਜ਼ਹਾਰ ਸੁਣਾਈਂ ।

ਰਾਣੀ ਸੰਮੀ ਦੀ ਕੁੜਮਾਈ ਹੋਣੀ ਬਾਦਸ਼ਾਹ ਢੋਲ ਨਾਲ

ਸ਼ੈਹਰ ਦਮਸਕੇ ਅੰਦਰ ਹੋਈ ਸੁੰਦਰ ਸੰਮੀ ਰਾਣੀ ।
ਹੁਸਨ ਅਜੇਹਾ ਸਾਨੀ ਪਰੀਆਂ ਬੜੀ ਅਸੀਲ ਸਵਾਨੀ ।
ਗੋਇਆ ਹੂਰ ਬਹਿਸ਼ਤੋਂ ਢਠੀ ਉਪਰ ਦੁਨੀਆਂ ਫਾਨੀ ।
ਸ਼ਕਲ ਅਜੇਹੀ ਛੋਟੀ ਉਮਰੇ ਨਾ ਕੋਈ ਉਸਦਾ ਸਾਨੀ ।
ਆਨ ਪਵੰਦ ਵਸਾਲ ਹੋਇਆ ਫਿਰਿਆ ਹੋਰ ਜ਼ਮਾਨਾ ।
ਢੋਲੇ ਨਾਲ ਮੰਗਾਈ ਸੰਮੀ ਵੰਡਿਆ ਕੁਲ ਖ਼ਜ਼ਾਨਾ ।
ਭੈਣ ਭਰਾ ਕਬੀਲਾ ਸਾਰਾ ਬਾਕੀ ਯਾਰ ਪਿਆਰੇ ।
ਸੁਣਕੇ ਦੇਣ ਮੁਬਾਰਕ ਬਾਦੀ ਲਸ਼ਕਰ ਫੌਜਾਂ ਸਾਰੇ ।
ਸੰਮੀ ਸੁਣਿਆ ਬਾਪ ਮੇਰੇ ਨੇ ਢੋਲੇ ਨਾਲ ਮੰਗਾਇਆ ।
ਸਗਨ ਛੁਹਾਰਾ ਲੈਕੇ ਲਾਗੀ ਗੜ੍ਹ ਬਗਦਾਦੇ ਆਇਆ ।
ਜਾਂ ਦਰਬਾਰ ਸ਼ਾਹਜ਼ਾਦੇ ਲਥਾ ਕਹੇ ਮੁਬਾਰਕ ਬਾਦੀ ।
ਲਾਯਾ ਸਗਨ ਸ਼ਾਹਜ਼ਾਦੇ ਦੇ ਮੂੰਹ ਲਖ ਲਖ ਹੋਈ ਸ਼ਾਦੀ ।
ਅਜ ਖੁਸ਼ੀ ਸਦ ਬਾਜੇ ਬਜੇ ਫਿਰੀਆਂ ਹੋਰ ਬਹਾਰਾਂ ।
ਇਕ ਨੂੰ ਇਕ ਮੁਬਾਰਕ ਦੇਵਨ ਖੁਸ਼ੀਆਂ ਹੋਈਆਂ ਯਾਰਾਂ ।
ਖੁਸ਼ੀ ਹੋਈ ਸਭ ਮੁਲਕਾਂ ਅੰਦਰ ਸਾਰਿਆਂ ਸ਼ਹਿਰ ਬਜ਼ਾਰਾਂ ।
ਘਾਸ ਜ਼ਰਾਇਤ ਕਈ ਫੁਲ ਤਾਜ਼ੇ ਅੰਦਰ ਜੰਗਲ ਬਾਰਾਂ ।
ਲਾਗੀ ਦੇ ਕੇ ਸਗਨ ਛੁਹਾਰਾ ਫੇਰ ਪਿਛਾਂਹ ਸਿਧਾਇਆ ।
ਖ਼ਲਕਤ ਸ਼ਾਹੀ ਸਿਧਾ ਰਸਤਾ ਸ਼ੈਹਰ ਦਮਸਕੇ ਆਇਆ ।
ਸੁਬਹ ਸਾਦਕ ਸੰਮੀ ਅਗੇ ਕਹੇ ਹਕੀਕਤ ਸਾਰੀ ।
ਕੀ ਤਾਰੀਫ ਹੁਸਨ ਦੀ ਆਖਾਂ ਸੂਰਤ ਸ਼ਕਲ ਪਿਆਰੀ ।
ਹੁਸਨ ਸ਼ਰਾਬੀ ਬਹੁਤ ਜ਼ਿਆਦਾ ਚਮਕੇ ਚੰਦ ਨੂਰਾਨੀ ।
ਗੋਯਾ ਯੂਸਫ ਪੈਦਾ ਹੋਇਆ ਫੇਰ ਜਮੀਨ ਤੇ ਸਾਨੀ ।
ਉਮਰ ਅਵਾਇਲ ਹੁਸਨ ਜ਼ਿਆਦਾ ਸ਼ਾਹ ਖੁਸ਼ਬਾਸ਼ ਸ਼ਿਕਾਰੀ ।
ਆਲਮ ਇਲਮ ਤੋਂ ਰਹਿਤ ਜ਼ਬਾਨੀ ਸੂਰਤ ਸ਼ਕਲ ਨਿਆਰੀ ।
ਤੇਰੀ ਉਸ ਦੀ ਮੂਰਤ ਮੌਲਾ ਇਕੇ ਵਕਤ ਬਣਾਈ ।
ਇਕੋ ਜੇਹੀ ਸ਼ਕਲ ਅਜੂਬਾ ਫਰਕ ਨ ਰਤੀ ਰਾਈ ।
ਸੁਣਕੇ ਬਹੁਤ ਖੁਸ਼ੀ ਵਿਚ ਆਈ ਸੰਮੀ ਸੁੰਦਰ ਰਾਣੀ ।
ਲੂੰ ਲੂੰ ਇਸ਼ਕ ਢੋਲ ਦਾ ਧਾਇਆ ਆਜਜ ਹੋਈ ਨਿਮਾਣੀ ।
ਏਸ ਖੁਸ਼ਖਬਰੀ ਸੁਣਕੇ ਸੰਮੀ ਆਸ਼ਕ ਬੇਖੁਦ ਹੋਈ ।
ਦੈਹਨ ਇਸ਼ਕ ਦਾ ਗਾਲਬ ਹੋਇਆ ਖਬਰ ਨਾ ਜਾਣੇ ਕੋਈ ।
ਰਾਣੀ ਪਈ ਤੜਫੇ ਤਰਸੇ ਰੋਵੇ ਤੇ ਕੁਰਲਾਵੇ ।
ਨਾ ਕੁਛ ਪੀਵੇ ਖਾਵੇ ਬੋਲੇ ਜ਼ਾਲਮ ਇਸ਼ਕ ਸਤਾਵੇ ।
ਐਸੇ ਹਾਲ ਅੰਦਰ ਉਹ ਹੋਈ ਕਮਲੀ ਅਤੇ ਸ਼ੁਦਾਈ ।
ਰਾਤ ਅਰਾਮ ਨਾ ਬੇਦਰਦਾਂ ਰਿਜਕ ਮੁਹਾਰ ਉਠਾਈ ।
ਗਈ ਗਵਾਚੀ ਖੁਸ਼ੀ ਜਹਾਨੋਂ ਜਿੰਦ ਦੁਖਾਂ ਥੀਂ ਰਜੀ ।
ਦਿਸਦੇ ਸ਼ੈਹਰ ਦੁਪੈਹਰ ਵੇਲੇ ਆਨ ਇਸ਼ਕ ਦੀ ਵਜੀ ।
ਇਸ਼ਕ ਕਸਾਈ ਸ਼ੇਰ ਸਿਪਾਹੀ ਆਣ ਸਰਹਾਣੇ ਗਜੇ ।
ਖ਼ਬਰ ਹੋਈ ਸਭ ਸਹਿਰ ਬਜ਼ਾਰਾਂ ਢੋਲ ਇਸ਼ਕ ਦੇ ਵਜੇ ।
ਜ਼ਾਲਮ ਇਸ਼ਕ ਚੜ੍ਹਾਈ ਸੂਲੀ ਆਣ ਦੁਪਹਿਰ ਵੇਲੇ ।
ਗਰਮੀ ਇਸ਼ਕ ਜਮੀਨ ਤਪਾਈ ਆਨ ਜਲੇ ਸਭ ਬੇਲੇ ।
ਗਰਮੀ ਫਰਸ਼ ਜਮੀਨ ਤੇ ਹੋਈ ਸਦ ਇਨਸਾਨ ਹੈਵਾਨਾਂ ।
ਪਾੜੇ ਸ਼ੇਰ ਬਘੇਲੇ ਨਠੇ ਹਰਨ ਨਠੇ ਲੈ ਜਾਨਾਂ ।
ਧੂੰ ਜ਼ਮੀਨ ਆਸਮਾਂ ਅੰਦਰ ਅੰਬਰ ਅੰਬਾਰ ਸਿਆਹੀ ।
ਭਠੀ ਇਸ਼ਕ ਤਪੀਵਨ ਆਸ਼ਕ ਜਿਤਨੇ ਗਿਰਦ ਨਿਵਾਹੀ ।
ਓੜਕ ਇਕ ਗੁਲਾਮ ਸੰਮੀ ਨੇ ਨਿਮਕ ਹਲਾਲ ਬੁਲਾਇਆ ।
ਕਰੀਂ ਹਲਾਲ ਨਿਮਕ ਅਜ ਮੇਰਾ ਇਉਂ ਕਰ ਆਖ ਸੁਣਾਇਆ ।
ਇਸ਼ਕ ਢੋਲ ਦਾ ਮੇਰੇ ਉਤੇ ਬੰਨ੍ਹ ਘਟਾਂ ਆ ਚੜ੍ਹਿਆ ।
ਜਿਤਨਾ ਮਾਣ ਹੁਸਨ ਦਾ ਕਰਦੀ ਅਕਲ ਸਣੇ ਲੁਟ ਖੜਿਆ ।
ਜੇ ਤੂੰ ਨਿਮਕ ਹਲਾਲ ਕਰੇਂ ਅੱਜ ਤਾਂ ਮੈਂ ਤੈਥੋਂ ਵਾਰੀ ।
ਇਹ ਅਹਿਸਾਨ ਅਦਾ ਨਾ ਕਰਸਾਂ ਅੰਦਰ ਜ਼ਿੰਦਗੀ ਸਾਰੀ ।
ਭੇਤ ਮੇਰੇ ਥੀਂ ਵਾਕਫ ਹੈਂ ਤੂੰ ਅਵਲ ਆਖਰ ਜਾਨੀ ।
ਸਖਤੀ ਦੇਖ ਗਏ ਨਠ ਮੈਥੋਂ ਸਭੇ ਸ਼ੈ ਪਰਾਣੀ ।
ਦੇਸਾਂ ਮੁਲਕ ਜਗੀਰਾਂ ਤੈਨੂੰ ਹੋਰ ਇਨਾਮ ਹਜ਼ਾਰਾਂ ।
ਗੜ੍ਹ ਬਗਦਾਦ ਸੁਣੀਂਦਾ ਆਹਾ ਤਰਫ਼ ਉਜਾੜ ਪਹਾੜਾਂ ।
ਉਹ ਢੋਲ ਮੰਗ਼ੀਦੜ ਮੇਰਾ ਕਰੇ ਹਕੂਮਤ ਸ਼ਾਹੀ ।
ਫੌਜਾਂ ਲਸ਼ਕਰ ਮਾਲ ਖਜ਼ਾਨੇ ਤਾਬਿਆ ਗਿਰਦ ਨਿਵਾਹੀ ।
ਮੈਂ ਤੜਫੀਂਦੀ ਜਾਨ ਲਬਾਂ ਤੇ ਉਸ ਨੂੰ ਖਬਰ ਨਾ ਕੋਈ ।
ਮਾਲੀ ਬਾਝੋਂ ਬਾਗ ਵੈਰਾਨਾ ਸ਼ਾਖ ਹਰੀ ਸਭ ਹੋਈ ।
ਇਹ ਲੈ ਚਿਠੀ ਹਾਲ ਮੇਰੇ ਦੀ ਗੜ੍ਹ ਬਗਦਾਦ ਪਹੁੰਚਾਈਂ ।
ਦੇਸਾਂ ਬਹੁਤ ਇਨਾਮ ਜਾਗੀਰਾਂ ਉਮਰ ਸਾਰੀ ਬਹਿ ਖਾਈਂ ।
ਸਾਫ ਜਵਾਬ ਗੁਲਾਮਾਂ ਦਿਤਾ ਸਾਥੋਂ ਪਹੁੰਚ ਨਾ ਹੋਵੇ ।
ਸੁਣਕੇ ਸਾਫ ਜਵਾਬ ਅਜੇਹਾ ਬਹੁਤ ਪੁਸ਼ੀਦਾ ਰੋਵੇ ।
ਰੋਵੇ ਤੇ ਕੁਰਲਾਵੇ ਤੜਫੇ ਜ਼ਰਦ ਹੋਇਆ ਰੰਗ ਪੀਲਾ ।
ਹੋ ਹੈਰਾਨ ਖਲੋਤੀ ਰਾਣੀ ਕੋਈ ਨਾ ਹੋਵਸ ਹੀਲਾ ।
ਯਾ ਰਬ ਮੌਲਾ ਆਲੀ ਵਾਲੀ ਮਾਲਕ ਆਲਮ ਫ਼ਾਨੀ ।
ਮੁਸ਼ਕਲ ਹਲ ਕਰੇਂ ਅਜ ਮੇਰੀ ਢੋਲ ਮਿਲੇ ਜ਼ਿੰਦਗਾਨੀਂ ।
ਆਖਰ ਪਕੜ ਦਲੇਰੀ ਉਸ ਨੇ ਕਮਰ ਅਜੇਹੀ ਬਧੀ ।
ਮਰਨੇ ਥੀਂ ਕੁਛ ਨਾਹੀਂ ਹੁੰਦਾ ਹੋਸ ਯੂੰਹੀ ਸਿਰ ਲਧੀ ।
ਫਿਰ ਹਵਾ ਦੇ ਅਗੇ ਲੱਗੀ ਅਰਜਾਂ ਕਰਨ ਜ਼ਬਾਨੋਂ ।
ਨਾਮ ਅੱਲਾ ਦੇ ਮੰਨ ਸਨੇਹੜਾ ਸਾਬਤ ਸਿਦਕ ਈਮਾਨੋਂ ।
ਤੂੰ ਠੰਢੀ ਵਾ ਜਹਾਨਾਂ ਅੰਦਰ ਦੌਰਾ ਕਰੇਂ ਚੁਫੇਰੇ ।
ਮੁਸ਼ਕਲ ਪੇਸ਼ ਮੁਸੀਬਤ ਆਈ ਯਾਦ ਨਹੀਂ ਕੁਛ ਤੇਰੇ ।
ਇਹ ਅਹਿਸਾਨ ਜੇ ਮੇਰੇ ਉਤੇ ਕਰਸੇਂ ਨਾਮ ਖ਼ੁਦਾਇਆ ।
ਤੇਰੇ ਲਾਇਕ ਤੂੰਹੇਂ ਏਹ ਕਰਸੇਂ ਆਲੀ ਡੇਰਾ ਪਾਇਆ ।
ਜੇ ਤੂੰ ਮੇਰਾ ਇਹ ਸੁਨੇਹੜਾ ਬਗਦਾਦੇ ਪਹੁੰਚਾਵੇਂ ।
ਕਰੇਂ ਅਹਿਸਾਨ ਜੇ ਮੇਰੇ ਉਤੇ ਇਵਜ਼ ਖੁਦਾ ਥੀਂ ਪਾਵੇਂ ।
ਹਾਲ ਮੇਰੇ ਦੀ ਖਬਰ ਪਹੁੰਚਾਵੇਂ ਤਾਂ ਫਿਰ ਵਾਏ ਜੀਵਾਂ ।
ਜੋ ਸਿਰ ਮੇਰੇ ਉਤੇ ਵਰਤੀ ਸਭ ਕੁਛ ਆਖ ਸੁਣਾਵੀਂ ।
ਆਖੀਂ ਬਹੁੜ ਲਵੀਂ ਸਭ ਖਬਰਾਂ ਸ਼ਹਿਰ ਦਮਸਕੇ ਜਾਵੀਂ ।
ਸੰਮੀ ਰਾਣੀ ਤੇਰੇ ਬਾਝੋਂ ਰਾਤ ਦਿਨ ਕੁਰਲਾਵੇ ।
ਜਰਾ ਅਰਾਮ ਨਾ ਵਾਂਗ ਬੇਦਰਦਾਂ ਰੋਵੇ ਤੇ ਗ਼ਮ ਖਾਵੇ ।
ਨਾ ਕੁਝ ਖਾਂਦੀ ਨਾ ਕੁਝ ਪੀਂਦੀ ਰੋ ਰੋ ਮਾਰੇ ਚੀਕਾਂ ।
ਇਸ਼ਕ ਤੇਰੇ ਵਿਚ ਬੱਧੀ ਬੈਠੀ ਤੂੰ ਕਿਉਂ ਲਾਵੇਂ ਲੀਕਾਂ ।
ਆਣ ਪਹੁੰਚ ਮੇਰੇ ਤੇ ਜਲਦੀ ਢੋਲ ਸ਼ਕੀਨ ਜਵਾਨਾਂ ।
ਤੇਰੇ ਬਾਝੋਂ ਲੁਟ ਖੜੂ ਕੋਈ ਦੌਲਤ ਹੁਸਨ ਖਜ਼ਾਨਾ ।
ਤੈਨੂੰ ਕੁਝ ਪਰਵਾਹ ਨਾ ਆਹੀ ਕੀ ਹੈ ਤੇਰੀ ਮਰਜੀ ।
ਪਹੁੰਚ ਨਾਮ ਅਲਾ ਦੇ ਮੈਂਥੇ ਜੇ ਹੈਂ ਦੋਸਤ ਦਰਦੀ ।
ਤੂੰ ਕਿਉਂ ਦਿਲੋਂ ਵਿਸਾਰੇਂ ਬੈਠਾ ਬਾਝ ਗੁਨਾਹ ਤਕਸੀਰੋਂ ।
ਛੁਟੀ ਇਸ਼ਕ ਅੰਧੇਰੀ ਸਿਰ ਤੇ ਅੱਲਾ ਦੀ ਤਕਦੀਰੋਂ ।
ਖੋਹਲ ਜਵਾਬ ਵਾਉ ਨੇ ਦਿਤਾ ਨਾ ਹਾਂ ਚਾਕਰ ਤੇਰੀ ।
ਨ ਕੋਈ ਤਮਾਂ ਦੌਲਤ ਦਾ ਮੈਨੂੰ ਏਹੋ ਮਰਜ਼ੀ ਮੇਰੀ ।
ਅਜੋ ਸੁਨੇਹੜਾ ਤੇਰਾ ਲੈਕੇ ਕਾਸਦ ਨਾਮ ਸਦਾਵਾਂ ।
ਭਲਕੇ ਹੋਰ ਸੁਨੇਹੜਾ ਦਸੇ ਕੀ ਮੈਂ ਆਖ ਸੁਣਾਵਾਂ ।
ਵਸ ਲਗੇ ਤੇ ਹੋਰ ਕਿਸੇ ਨੂੰ ਹਾਲ ਅਹਿਵਾਲ ਸੁਣਾਵੀਂ ।
ਮੇਰੇ ਮਾਨ ਉਤੇ ਨਾ ਬੈਠੀਂ ਮਤ ਓੜਕ ਪਛਤਾਵੀਂ ।
ਮੈਂ ਹਵਾ ਨਾ ਯਾਰ ਕਿਸੇ ਦੀ ਨਾ ਕੋਈ ਦੋਸਤ ਮੇਰਾ ।
ਤਾਬਿਆ ਹੁਕਮ ਅਲਾਹੀ ਅੰਦਰ ਫਿਰਸਾਂ ਚਾਰ ਚੁਫੇਰਾ ।
ਤਾਂ ਫ਼ਿਰ ਰੋਵਣ ਲਗੀ ਸ਼ਾਹਜ਼ਾਦੀ ਸੁਣਕੇ ਇਹ ਸੁਨੇਹੜਾ ।
ਹੁਣ ਮੈਂ ਖਬਰ ਢੋਲ ਦੀ ਤਾਈਂ ਭੇਜਾਂ ਕਾਸਦ ਕੇਹੜਾ ।
ਏਸੇ ਹਾਲ ਅੰਦਰ ਉਹ ਕਰਦੀ ਕਈ ਹਜ਼ਾਰਾਂ ਹੀਲੇ ।
ਬੈਠੀ ਪੀਰ ਸ਼ਹੀਦ ਮਨਾਵੇ ਕਈ ਬਜੁਰਗ ਵਸੀਲੇ ।
ਰਾਤ ਆਰਾਮ ਨਾ ਵਾਂਗ ਬੇਦਰਦਾਂ ਰੋਵੇ ਤੇ ਕੁਰਲਾਵੇ ।
ਰਾਤੀਂ ਨੀਂਦ ਨਾ ਵਾਂਗ ਬੇਸਬਰਾਂ ਨਾ ਕੁਛ ਪੀਵੇ ਖਾਵੇ ।
ਮਾਤਮ ਕਰੇ ਵਿਛੋੜੇ ਵਾਲਾ ਰਾਤ ਦਿਨ ਪਈ ਰੋਵੇ ।
ਬੇਦਰਦਾਂ ਨੂੰ ਖ਼ਬਰ ਨਾ ਕੋਈ ਨੈਨ ਹੰਝੂ ਭਰ ਧੋਵੇ ।
ਐਸ ਵਿਛੋੜੇ ਨਾਲੋਂ ਰੱਬਾ ਮੌਤ ਚੰਗੇਰੀ ਮੈਨੂੰ ।
ਮੇਲੀਂ ਖ਼ੁਦਾ ਪੇਵੰਦ ਵਸਾਲੇ ਇਹ ਸਭ ਫੁਰਸਤ ਤੈਨੂੰ ।
ਯੂਸਫ ਨੂੰ ਯਾਕੂਬ ਮਿਲਾਇਆ ਆਦਮ ਹਵਾ ਦੋਵੇਂ ।
ਯੂਨਸ ਅਮਨ ਅਮਾਨ ਬਚਾਇਆ ਪੇਟ ਮਛੀ ਦੇ ਓਵੇਂ ।
ਇਬਰਾਹੀਮ ਚਿਖਾ ਦੇ ਅੰਦਰ ਆਣ ਹੋਈਆਂ ਗੁਲਜ਼ਾਰਾਂ ।
ਇਸਮਾਈਲ ਜਬੀਹ ਅੱਲਾ ਤੋਂ ਛੁਰੀਆਂ ਤੇਜ ਤਰਾਰਾਂ ।

ਜਾਣਾ ਬਾਦਸ਼ਾਹ ਢੋਲ ਦਾ ਆਹੂ (ਹਿਰਨ) ਦੇ ਨਾਲ
ਦਮਸਕ ਨੂੰ ਖਾਸ ਮਿਲਣ ਰਾਣੀ ਸੰਮੀ ਨੂੰ

ਕਰੀਮ ਬਖਸ਼ ਇਹ ਛੋੜ ਇਥਾਈਂ ਢੋਲ ਅਹਿਵਾਲ ਸੁਣਾਈਂ ।
ਹਾਲ ਅਹਿਵਾਲ ਸੰਮੀ ਦੀ ਤਰਫੋਂ ਢੋਲ ਉਤੇ ਲੈ ਜਾਈਂ ।
ਢੋਲ ਸ਼ਾਹਜ਼ਾਦਾ ਛੋਟੀ ਉਮਰੇ ਕਰਦਾ ਐਸ਼ ਬਹਾਰਾਂ ।
ਸੈਰ ਸ਼ਿਕਾਰੀ ਸ਼ੇਰ ਸ਼ਰਾਬੀ ਅੰਦਰ ਦੋਸਤ ਯਾਰਾਂ ।
ਕਰੇ ਸ਼ਿਕਾਰ ਸ਼ਿਕਾਰੀ ਮਿਰਗਾਂ ਅੰਦਰ ਜੰਗਲ ਬਾਰਾਂ ।
ਸ਼ੌਕ ਸ਼ਿਕਾਰ ਆਹਾ ਦਿਨ ਰਾਤੀਂ ਛੋੜ ਬੈਠਾ ਸਭ ਕਾਰਾਂ ।
ਵਿਸਰੀ ਸੁਰਤ ਸ਼ਾਹੀ ਦੀ ਤਰਫੋਂ ਕਰੇ ਸ਼ਿਕਾਰ ਸ਼ਿਕਾਰੀ ।
ਰੱਯਤਾਂ ਅੰਦਰ ਪਈਂ ਖਰਾਬੀ ਉਜੜ ਸਧਾਵੇ ਸਾਰੀ ।
ਸ਼ਾਹੀ ਅੰਦਰ ਸ਼ਾਹਾਂ ਬਾਝੋਂ ਆਣ ਅੰਧੇਰਾ ਹੋਇਆ ।
ਸੁੰਨਾ ਮੁਲਕ ਵਲਾਇਤ ਖਾਲੀ ਫੇਰਾ ਜ਼ੁਲਮ ਖਲੋਇਆ ।
ਰੋਜ਼ ਸ਼ਿਕਾਰ ਜੰਗਲ ਵਿਚ ਕਰਦਾ ਮਾਰੇ ਹਿਰਨ ਹਜ਼ਾਰਾਂ ।
ਦੇਖ ਪਰਿੰਦੇ ਆਜਜ਼ ਆਏ ਦੂਰ ਸਿਧਾਈਆਂ ਡਾਰਾਂ ।
ਪਹਾੜੀ ਸ਼ੇਰ ਬਘੇਲੇ ਨਠੇ ਲੈ ਲੈ ਜਾਨ ਪਿਆਰੀ ।
ਛੋਡ ਵਲਾਇਤ ਮੁਸਾਫ਼ਰ ਹੋਏ ਛੋਡ ਨਠੇ ਇਕ ਵਾਰੀ ।
ਇਕ ਹਰਨ ਰਲੀਂਦਾ ਹਰਨੀਂ ਲੈਕੇ ਤਰਫ ਦਮਸਕੇ ਆਇਆ ।
ਛੋਡ ਵਲਾਇਤ ਬੇਵਤਨ ਮੁਸਾਫਰ ਜਾਨ ਹਯਾਤ ਲਿਆਇਆ ।
ਆਣ ਜਮੀਲ ਦਮਸ਼ਕ ਦੀ ਅੰਦਰ ਕੀਤਾ ਓਸ ਟਿਕਾਣਾ ।
ਆਣ ਲਗਾ ਜੀ ਦੇਸ ਪਰਾਏ ਭੁਲਾ ਵਤਨ ਪੁਰਾਣਾ ।
ਵਖਤ ਪਏ ਨੂੰ ਵਤਨ ਛੁਟੀਂਦਾ ਐਵੇਂ ਕੋਈ ਨਾ ਛੋੜੇ ।
ਦੇਸੋਂ ਕਢ ਕਰੇ ਪਰਦੇਸੀ ਕੌਣ ਤਹਰੀਰਾਂ ਲੋੜੇ ।
ਗਈ ਗ਼ਮੀ ਤੇ ਸ਼ਾਦੀ ਆਈ ਲਗੇ ਚਰਨ ਚੁਫੇਰੇ ।
ਇਕ ਦਿਨ ਚਰਦੇ ਫਿਰਦੇ ਆਏ ਬਾਗ਼ ਸੰਮੀ ਦੇ ਨੇੜੇ ।
ਦੇਖ ਪਸਿੰਦ ਬਗੀਚੇ ਆਇਆ ਕਰਦੇ ਆਣ ਉਤਾਰਾ ।
ਖਾਵਨ ਬਾਗ ਜੋਈ ਦਿਲ ਚਾਹੇ ਉਜੜ ਗਿਆ ਉਹ ਸਾਰਾ ।
ਮਾਲੀ ਜਾ ਸੰਮੀ ਤੇ ਕਹਿਆ ਨਾਲ ਬੁਲੰਦ ਅਵਾਜੇ ।
ਬਾਗ ਵੈਰਾਨ ਕੀਤਾ ਕੁਲ ਸਾਰਾ ਤੋੜ ਸਿਟੇ ਫੁਲ ਤਾਜੇ ।
ਵਰਜ ਰਿਹਾ ਬੇਖੌਫ ਚਰੀਂਦਾ ਕੀਤਾ ਬਾਗ ਵੈਰਾਨਾ ।
ਖਬਰ ਨਹੀਂ ਕੀ ਮਨ ਆਹਾ ਮਿਲਿਆ ਦੇਸ ਬਿਗਾਨਾ ।
ਹੋ ਬੇਤਰਸ ਉਜਾੜਨ ਸ਼ਾਖਾਂ ਨਾ ਕੁਛ ਖੌਫ਼ ਕਰੇਂਦੇ ।
ਖਾਵਨ ਪੀਵਨ ਕਰਨ ਬਹਾਰਾਂ ਅੰਚਨਚੇਤ ਫਿਰੇਂਦੇ ।
ਗਜਬ ਦਿਲੇ ਸੰਮੀ ਦੇ ਆਇਆ ਬਹਿੰਦੀ ਹੋ ਮਰਦਾਨਾ ।
ਕੌਣ ਕੋਈ ਉਹ ਬਾਗ ਉਜਾੜੇ ਹੋਕੇ ਮਿਰਗ ਬਿਗਾਨਾ ।
ਬੱਧੀ ਕਮਰ ਤਿਆਰੀ ਕੀਤੀ ਆਈ ਬਾਗ ਨਿਵਾਹੀ ।
ਪਕੜ ਲਏ ਉਹ ਮਿਰਗ ਮੁਸਾਫਰ ਹੋਕੇ ਸ਼ੇਰ ਸਿਪਾਹੀ ।
ਪਾ ਜੰਜੀਰਾਂ ਬੇਦਰਦਾਂ ਫੜਿਆ ਬੰਨੇ ਹੰਨੇ ਦਵਾਲੀ ।
ਭੱਜ ਨਸਣ ਦੀ ਜਾ ਨਾ ਕੋਈ ਨਾ ਵਾਰਸ ਨਾ ਵਾਲੀ ।
ਰੋਵਨ ਤੇ ਕੁਰਲਾਵਨ ਦੋਵੇਂ ਮਿਰਗ ਨਮਾਨੀ ।
ਫੜਿਆ ਕੌਣ ਛੁਡਾਵੇ ਦਰਦੀ ਰੋ ਰੋ ਕਰਨ ਕਹਾਨੀ ।
ਵਤਨ ਬਿਗਾਨਾ ਆਕੜ ਕੇਹੀ ਆਣ ਦੁਖਾਂ ਲੜ ਫੜਿਆ ।
ਇਕ ਬੇਵਤਨ ਦੂਜੇ ਤਕਸੀਰੀ ਦਿਨ ਗਰਦਸ ਦਾ ਚੜਿਆ ।
ਅਗੇ ਵਤਨੋਂ ਢੋਲ ਨਿਕਾਲੇ ਤਾਂ ਏਥੇ ਨਠ ਆਏ ।
ਏਥੇ ਇਹ ਕਜੀਆ ਪੈ ਗਿਆ ਵਤਨ ਬਦੇਸ ਪਰਾਏ ।
ਸੰਮੀ ਕਿਹਾ ਢੋਲ ਅਜਿਹਾ ਤੂੰ ਕਿਉਂ ਨਾਮ ਪੁਕਾਰੇਂ ।
ਵਤਨੋਂ ਢੋਲ ਨਿਕਾਲੇ ਕਿਉਂਕਰ ਤੂੰ ਕਿਉਂ ਨਾਮ ਚਿਤਾਰੇਂ ।
ਕਿਹਾ ਢੋਲ ਸ਼ਾਹਜ਼ਾਦਾ ਆਹਾ ਗੜ੍ਹ ਬਗਦਾਦ ਦਾ ਵਾਲੀ ।
ਫੌਜਾਂ ਘੋੜੇ ਅੰਤ ਨਾ ਕੋਈ ਬਖਸ਼ੇ ਮੌਲਾ ਵਾਲੀ ।
ਸ਼ੌਕ ਸ਼ਿਕਾਰ ਅੰਦਰ ਦਿਨ ਰਾਤੀਂ ਕਰਦਾ ਢੂੰਡ ਪੁਕਾਰਾਂ ।
ਬਾਝ ਸ਼ਿਕਾਰੋਂ ਨਾ ਕੁਛ ਭਾਵੇ ਅੰਦਰ ਜੰਗਲ ਬਾਰਾਂ ।
ਮਾਰ ਖੜੇ ਸਭ ਹਰਨ ਚੁਪਾਏ ਹੋਰ ਹਜ਼ਾਰ ਬਘੇਲੇ ।
ਛੋੜ ਨਠੇ ਘਰ ਬਾਰ ਪਿਆਰੇ ਸੁੰਜੇ ਜੰਗਲ ਬੇਲੇ ।
ਦੇਖ ਅਜੇਹੀ ਜਾਨ ਪਿਆਰੀ ਤਾਂ ਏਥੇ ਚਲ ਆਏ ।
ਆਨ ਹੋਏ ਦਰ ਤੇਰੇ ਕੈਦੀ ਮੁਲਕ ਬਦੇਸ ਪਰਾਏ ।
ਨਾ ਕੋਈ ਮਾਨ ਵਤਨ ਦਾ ਸਾਨੂੰ ਨਾ ਕੋਈ ਦੌਲਤ ਪਾਈ ।
ਨਾ ਕੋਈ ਯਾਰ ਪਿਆਰਾ ਸੰਗਾ ਆਨ ਫਸੇ ਵਿਚ ਫਾਹੀ ।
ਤਕੀਆ ਮਾਨ ਖੁਦਾ ਤੇ ਡੋਰੀ ਹੋਰ ਨਹੀਂ ਕੋਈ ਹੀਲਾ ।
ਨਾ ਕੁਛ ਨੇੜੇ ਵਤਨ ਅਸਾਡੀ ਨਾ ਕੋਈ ਯਾਰ ਵਸੀਲਾ ।
ਛਡਦੇ ਨਾਮ ਖੁਦਾ ਦੇ ਸਾਨੂੰ ਖਾ ਕਰ ਤਰਸ ਰਬਾਨਾ ।
ਚਲੇ ਜਾਵਾਂਗੇ ਸ਼ਹਿਰ ਤੇਰੇ ਥੀਂ ਕਰੀਏ ਹੋਰ ਟਿਕਾਨਾ ।
ਸੰਮੀ ਕਿਹਾ ਛੋੜ ਦਿਆਂ ਤਦ ਜੇਕਰ ਢੋਲ ਮਿਲਾਵੇਂ ।
ਜਿਉਂ ਕਰ ਪਹੁੰਰ ਲਗੇ ਤੁਝ ਤੇਰੀ ਓਵੇਂ ਨਾਲ ਲਿਆਵੇਂ ।
ਤਾਂ ਫਿਰ ਮਿਰਗ ਅਲਾਈ ਵਾਰਤਾ ਇਹ ਸਭ ਹਰਨੀ ਅਗੇ ।
ਬਾਝੋਂ ਢੋਲ ਨਹੀਂ ਛੁਟਕਾਰਾ ਵਾਹ ਨਾ ਕੋਈ ਲਗੇ ।
ਜੇ ਏਹ ਮਰਜੀ ਹੋਵੇ ਤੇਰੀ ਤਾਂ ਮੈਂ ਇਤ ਵਲ ਜਾਵਾਂ ।
ਜਿਉਂ ਕਰ ਪਹੁੰਚ ਲਗੇ ਕੁਝ ਮੇਰੀ ਓਹਨੂੰ ਨਾਲ ਲਿਆਵਾਂ ।
ਹਰਨੀ ਕਿਹਾ ਹੋ ਮਰਦਾਨਾ ਜੇ ਰਬ ਆਸ ਪੁਜਾਵੇ ।
ਜੇਕਰ ਸਮਝ ਸ਼ਿਕਾਰੀ ਲਾਲਚ ਮਗਰ ਤੇਰੇ ਚਲ ਆਵੇ ।
ਤਾਂ ਫ਼ਿਰ ਮਿਰਗ ਤਿਆਰੀ ਕੀਤੀ ਹੋ ਦਿਲ ਸ਼ੇਰ ਸਿਪਾਹੀ ।
ਕਈ ਕੋਹਾਂ ਦਾ ਪੈਂਡਾ ਕਰਕੇ ਆਇਆ ਸ਼ਹਿਰ ਨਵਾਹੀ ।
ਆ ਦਰਬਾਰ ਢੋਲ ਦੇ ਲਥਾ ਕਹੇ ਹਕੀਕਤ ਸਾਰੀ ।
ਦੁਨੀਆਂ ਉਤੇ ਕਿਸਮਤ ਮੰਦੀ ਆਈ ਸਾਡੀ ਵਾਰੀ ।
ਛੋੜ ਗਏ ਹਾਂ ਮੁਲਕ ਕਦੀਮੀ ਖੌਫ਼ ਤੇਰੇ ਦੇ ਮਾਰੇ ।
ਡਰਦੇ ਜਾਨ ਸਲਾਮਤ ਲੈਕੇ ਪਹੁੰਚੇ ਕਿਸੇ ਕਿਨਾਰੇ ।
ਜਾ ਜਮੀਨ ਦਮਸ਼ਕੇ ਅੰਦਰ ਕੀਤਾ ਅਸਾਂ ਟਿਕਾਨਾ ।
ਦੇਖ ਅਜੇਹਾ ਮੁਲਖ ਅਜਾਇਬ ਭੁਲਾ ਵਤਨ ਪੁਰਾਣਾ ।
ਜੰਗਲਾਂ ਅੰਦਰ ਘਾਸ ਜ਼ਰਾਇਤ ਮੇਵੇ ਬਾਗ਼ ਬਹਾਰਾਂ ।
ਖਾਣ ਪੀਣ ਨੂੰ ਨਿਆਮਤ ਰਬ ਦੀ ਹੋਰ ਤੁਆਮ ਹਜ਼ਾਰਾਂ ।
ਸ਼ਹਿਰ ਦਮਸ਼ਕ ਅਜੇਹਾ ਸੋਹਣਾ ਵਾਂਗ ਬਹਿਸ਼ਤ ਬਣਾਇਆ ।
ਬਾਗ ਬਗੀਚੇ ਨੈਹਰ ਨੂਰਾਨੀ ਤਾਲ ਸਰਾਏ ਖੁਦਾਇਆ ।
ਬਾਗ ਨਹਿਰਾਂ ਦੀ ਕੁਲ ਮਾਲਕ ਸੰਮੀ ਸੁੰਦਰ ਰਾਣੀ ।
ਸ਼ਕਲ ਅਜੇਹੀ ਛੋਟੀ ਉਮਰੇ ਨੇਕ ਅਸੀਲ ਸਵਾਣੀ ।
ਅਸੀਂ ਭੀ ਇਕ ਦਿਨ ਤੁਰਦੇ ਫਿਰਦੇ ਪਹੁੰਚੇ ਬਾਗ ਨਵਾਹੀ ।
ਬਾਗ ਦੁਵਾਲੇ ਫਿਰਦੀ ਚੌਂਕੀ ਬੈਠੇ ਹੋਂਦੇ ਸਿਪਾਹੀ ।
ਦਿਲ ਵਿਚ ਆਇਆ ਦਾੳ ਲਗੇ ਤਾਂ ਸੈਰ ਚਮਨ ਦਾ ਕਰੀਏ ।
ਦੇਖ ਅਜੇਹਾ ਅਗਾ ਪਿਛਾ ਖੋਹਲ ਬੂਹਾ ਜਾ ਵੜੀਏ ।
ਇਕ ਦਿਨ ਦਾਉ ਅਜੇਹਾ ਲਗਾ ਬਾਗ ਅੰਦਰ ਚਲ ਆਏ ।
ਖਾ ਖਾ ਬਾਗ ਵੈਰਾਨ ਕੀਤਾ ਜਿਸ ਸ਼ੈ ਨੂੰ ਦਿਲ ਚਾਹੇ ।
ਦੇਖ ਅਜੇਹਾ ਬਾਗ ਵੈਰਾਨੀ ਮਾਲੀ ਸਾਨੂੰ ਫੜਿਆ ।
ਬੰਧਾ ਨਾਲ ਜੰਜੀਰਾਂ ਸਖਤ ਅਜੇਹਾ ਕੜਿਆ ।
ਫੜ ਖੜਿਆ ਜਾਂ ਪਾਸ ਸੰਮੀ ਦੇ ਤਾਂ ਉਸ ਕੈਦ ਕਰਾਏ ।
ਕੈਦ ਰਹੋ ਨਾ ਹੋਗ ਖਲਾਸੀ ਬਾਝ ਢੋਲ ਥੀਂ ਆਏ ।
ਤਾਂ ਮੈਂ ਆਇਆ ਪਾਸ ਤੁਹਾਡੇ ਖਾਕਰ ਤਰਸ ਰਬਾਨਾ ।
ਤੇਰੇ ਬਾਝ ਨਹੀਂ ਛੁਟਕਾਰਾ ਨਾ ਕੁਛ ਅਸਾਂ ਟਿਕਾਨਾ ।
ਤਾਂ ਫ਼ਿਰ ਰਹਿਮ ਸ਼ਾਹਜ਼ਾਦੇ ਆਇਆ ਹੋ ਟੁਰਿਆ ਹਮਰਾਹੀ ।
ਛਡ ਟੁਰਿਆ ਘਰ ਬਾਰ ਵਤਨ ਨੂੰ ਰਾਜ ਹਕੂਮਤ ਸ਼ਾਹੀ ।
ਛੋਡ ਵਤਨ ਬੇਵਤਨ ਮੁਸਾਫਰ ਸੁੰਞੇ ਮਾਲ ਖਜ਼ਾਨੇ ।
ਵਿਸਰੀ ਸੁਰਤ ਸ਼ਾਹੀ ਦੀ ਤਰਫੋਂ ਪਹੁੰਚਾ ਦੇਸ ਬਿਗਾਨੇ ।
ਮਨਜ਼ਲ ਮਨਜ਼ਲ ਪੈਂਡਾ ਕਰ ਕੇ ਸ਼ੈਹਰ ਦਮਸਕੇ ਆਏ ।
ਸੁਬਹ ਸਾਦਕ ਨੂੰ ਬਾਗ ਸੰਮੀ ਦੇ ਡੇਰੇ ਆਣ ਲਗਾਏ ।
ਮਾਲੀ ਜਾ ਸੰਮੀ ਤੇ ਕੂਕੇ ਆਣ ਹੋਏ ਫਰਿਆਦੀ ।
ਨਾਲ ਹਕਾਰਤ ਮਜਾਜੀ ਬਨਕੇ ਆਨ ਲਥੇ ਬੰਨਆਦੀ ।
ਕਹਿਆ ਬਾਗ ਅੰਦਰ ਇਕ ਆਇਆ ਸੋਹਣਾ ਯੂਸਫ਼ ਸਾਨੀ ।
ਕੈਦੀ ਹਰਨ ਲਿਆਇਆ ਉਸਨੂੰ ਸੂਰਤ ਦਾ ਲਾਸਾਨੀ ।
ਨਾਮ ਆਹਾ ਉਸ ਢੋਲ ਸ਼ਾਹਜ਼ਾਦਾ ਗੜ੍ਹ ਬਗਦਾਦੋਂ ਆਯਾ ।
ਰੌਸ਼ਨ ਚੰਦ ਦੁਪੈਹਰੇ ਚੜ੍ਹਿਆ ਬਾਗ ਬਹਿਸ਼ਤ ਸਜਾਯਾ ।
ਸੰਮੀ ਬਹੁਤ ਖੁਸ਼ੀ ਵਿਚ ਆਈ ਸੁਣਕੇ ਏਹ ਸੁਨੇਹੜਾ ।
ਦਿਲ ਵਿਚ ਸ਼ੌਕ ਇਸ਼ਕ ਦੀਆਂ ਲੈਹਰਾਂ ਵਕਤ ਅਜੇਹਾ ਕੇਹੜਾ ।
ਮੋਇਆਂ ਫ਼ਿਰ ਹਯਾਤੀਂ ਹੋਈ ਆਨ ਖਿੜੇ ਫੁਲ ਤਾਜੇ ।
ਗਾਵਾਂ ਨਾਲ ਸਹੇਲੀਆਂ ਰਲਕੇ ਸੋਹਣੀ ਨਾਲ ਅਵਾਜੇ ।
ਆ ਵੜੀ ਵਿਚ ਬਾਗ਼ ਚਮਨ ਦੇ ਡਿਠਾ ਢੋਲ ਸ਼ਾਹਜ਼ਾਦਾ ।
ਦੇਖ ਅਜੇਹਾ ਰਾਜੀ ਹੋਈ ਮੱਕਾ ਅਸਬਲ ਕਾਬਾ ।
ਦੇਖਦਿਆਂ ਹੀ ਸ਼ਿਸ਼ਤ ਨੈਣਾਂ ਦੀ ਹਰ ਦੋ ਤਰਫੋਂ ਲਗੀ ।
ਇਸ਼ਕ ਅੰਧੇਰੀ ਘੁੰਮਨਘੇਰੀ ਆਨ ਦੋਹਾਂ ਤੇ ਵਗੀ ।
ਪਾ ਗਲਵਕੜੀ ਰਾਜੀ ਹੋਏ ਮੌਲਾ ਆਸ ਪੁਜਾਈ ।
ਪੀਣ ਸ਼ਰਾਬ ਕਬਾਬ ਨਵਾਲੇ ਸੈਦ ਨੈਨਾਂ ਜਾਈ ।
ਹਰਨ ਕਹਿਆ ਹੁਣ ਛਡੋ ਸਾਨੂੰ ਬਖਸ਼ੋ ਜਾਨ ਅਸਾਡੀ ।
ਛਡੋ ਨਾਮ ਅੱਲਾ ਦੇ ਸਾਨੂੰ ਪੁਜੀ ਆਸ ਤੁਸਾਡੀ ।
ਤਾਂ ਫਿਰ ਕੈਦੋਂ ਹੋਈ ਖਲਾਸੀ ਛੁਟੇ ਮਿਰਗ ਨਿਮਾਣੇ ।
ਛਡਦਿਆਂ ਸਾਰ ਗਏ ਨਸ ਦੋਵੇਂ ਪਹੁੰਚੇ ਓਸ ਟਿਕਾਣੇ ।
ਵਸੋ ਰਸੋ ਕਰੋ ਬਹਾਰਾਂ ਐਸ਼ ਬਹਾਰਾਂ ਥੀਵਉ ।
ਖਾਉ ਚਖੋ ਨਿਆਮਤ ਲੱਜ਼ਤ ਆਬ ਵਸਾਲੇ ਪੀਵਉ ।
ਸੁਣਿਆਂ ਮਾਂ ਸੰਮੀ ਦੀ ਆਇਆ ਮੇਰਾ ਢੋਲ ਜਵਾਈ ।
ਵੇਖਣ ਕਾਰਨ ਢੋਲ ਸ਼ਾਹਜ਼ਾਦਾ ਬਾਗ ਵੰਨੇ ਚਲ ਆਈ ।
ਦੇਖਿਆ ਉਸ ਜਵਾਈ ਬੈਠਾ ਸੂਰਤ ਚੰਦ ਨੂਰਾਨੀ ।
ਦੇਖ ਦੋਹਾਂ ਦਿਲ ਰਾਜ਼ੀ ਹੋਇਆ ਸੂਰਤ ਦਾ ਲਾਸਾਨੀ ।
ਉਸੇ ਵਕਤ ਮੰਗਾਇਆ ਕਾਜ਼ੀ ਅਕਦ ਦੋਹਾਂ ਦਾ ਕੀਤਾ ।
ਢੋਲ ਸ਼ਾਹਜ਼ਾਦੇ ਸੰਮੀ ਰਾਣੀ ਬਾਗ਼ ਹਵਾਲੇ ਕੀਤਾ ।
ਕਰੀਮ ਬਖਸ਼ ਕਰ ਯਾਦ ਅਲਾਹੀ ਪਿਛਲਾ ਹਾਲ ਸੁਣਾਈਂ ।
ਸਤਹਾਂ ਕੋਹਾਂ ਦਾ ਪੈਂਡਾ ਕਰਕੇ ਗੜ੍ਹ ਬਗਦਾਦ ਦੇ ਆਵੀਂ ।

ਢੋਲ ਬਾਦਸ਼ਾਹ ਦੇ ਪਿਛੋਂ ਰਾਜ ਵਿਚ ਖਰਾਬੀ ਹੋਣੀ

ਗੜ੍ਹ ਬਗਦਾਦ ਦੇ ਅੰਦਰ ਹੋਈ ਮਗਰੋਂ ਢੋਲ ਖਰਾਬੀ ।
ਸ਼ਾਹੀ ਅੰਦਰ ਪਿਆ ਅੰਧੇਰਾ ਬੁਝੀ ਮਿਸਾਲ ਮਤਾਬੀ ।
ਢੋਲ ਸ਼ਾਹਜ਼ਾਦੇ ਦਾ ਇਕ ਚਾਚਾ ਐਹਮਦ ਨਾਮ ਸਦਾਵੇ ।
ਸੁਣਕੇ ਬਹੁਤ ਖੁਸ਼ੀ ਵਿਚ ਆਯਾ ਪੀਰ ਸ਼ਹੀਦ ਮਨਾਵੇ ।
ਜਿਸ ਦਿਨ ਟੁਰਿਆ ਢੋਲ ਸ਼ਾਹਜ਼ਾਦਾ ਨਾਲ ਉਸ ਮਿਰਗ ਨਮਾਣੇ ।
ਧੌਲਰ ਬਾਗ ਬਹਾਰਾਂ ਮਲੇ ਮਗਰੋਂ ਐਹਮਦ ਕਾਣੇ ।
ਬੰਨ੍ਹ ਖੜੇ ਸਭ ਲਸ਼ਕਰ ਫੌਜਾਂ ਰਾਜ ਹਕੂਮਤ ਸ਼ਾਹੀ ।
ਕਢ ਘਰਾਂ ਥੀਂ ਬਾਹਰ ਕੀਤੀ ਢੋਲ ਰਾਜ ਦੀ ਮਾਈ ।
ਪਕੜ ਲਿਆ ਸਭ ਐਹਲ ਵਜ਼ੀਰਾਂ ਫੌਜਾਂ ਲਸ਼ਕਰ ਸਾਰੇ ।
ਮਲ ਲਿਆ ਸਭ ਰਾਜ ਹਕੂਮਤ ਬਾਗ ਮਹੱਲ ਮੁਨਾਰੇ ।
ਬਣ ਬੈਠਾ ਉਹ ਆਦੀ ਮਾਲਕ ਦੇਖ ਜਿਵੇਂ ਰਬ ਚਾਹੇ ।
ਰਾਣੀਆਂ ਕੱਢ ਘਰਾਂ ਥੀਂ ਬਾਹਰ ਪਾਈਆਂ ਦੇਸ ਪਰਾਏ ।
ਹੋਕਾ ਅਤੇ ਮੁਨਾਦੀ ਕੀਤੀ ਅੰਦਰ ਸ਼ਹਿਰ ਬਜ਼ਾਰਾਂ ।
ਜੋ ਕੋਈ ਤੁਆਮ ਖੁਲਾਵੇ ਏਹਨਾਂ ਮੈਂ ਫੜ ਉਸਨੂੰ ਮਾਰਾਂ ।
ਜੋ ਕੋਈ ਦਰਦੀ ਮੇਰਾ ਆਹਾ ਇਨ੍ਹਾਂ ਸਖਤ ਦੁਖਾਵੇ ।
ਦੇਸਾਂ ਇਸ ਤੋਂ ਮੁਲਕ ਜਾਗੀਰਾਂ ਬੜਾ ਮਰਾਤਬ ਪਾਵੇ ।
ਠੂਠੇ ਹਥ ਫੜਾਏ ਜ਼ਾਲਮ ਕਹੇ ਗਦਾਈ ਕਰਾਓ ।
ਮੂੰਹ ਸਿਰ ਕਾਲਾ ਖੋਤਿਆਂ ਉਤੇ ਹਰ ਹਰ ਗਲੀ ਫਿਰਾਓ ।
ਹਰਗਿਜ਼ ਖ਼ੈਰ ਨਾ ਪਾਵੇ ਕੋਈ ਐਵੇਂ ਆਖ ਠਗਾਂਦੇ ।
ਬਾਲ ਅਯਾਣੇ ਮਗਰ ਲਵਾਏ ਖਾਕ ਪਏ ਸਿਰ ਪਾਂਦੇ ।
ਢੋਲ ਸ਼ਾਹਜਾਦੇ ਦਾ ਇਕ ਤੋਤਾ ਸੁੰਦਰ ਨਾਮ ਸਦਾਵੇ ।
ਇਲਮ ਹੁਨਰ ਵਿਚ ਸ਼ੋਖ ਅਜੇਹਾ ਅਫ਼ਲਾਤੂਨ ਕਹਾਵੇ ।
ਪਕੜ ਲਿਆ ਉਹ ਸੁੰਦਰ ਤੋਤਾ ਕਰਕੇ ਹੁਕਮ ਹਗਾਨਾ ।
ਬੈਠਾ ਨਾਲ ਬਣਾਇਆ ਤੇਰੇ ਵੇਖੋ ਗਜਬ ਗੈਬਾਨਾ ।
ਚੋਗਾ ਚੂਰੀ ਬੰਦ ਕਰਾਈ ਤਰਸ ਮਰੇ ਬਿਨ ਪਾਣੀ ।
ਤੜਫੇ ਤੇ ਕੁਰਲਾਵੇ ਓਹੋ ਆਜਜ ਜਾਨ ਨਿਮਾਣੀ ।
ਚੂਰੀ ਮਖਣ ਖਾਵਣ ਵਾਲਾ ਕਿਸ ਕਜੀਏ ਮੂੰਹ ਆਇਆ ।
ਆਖ ਨ ਭੇਜੀ ਮੌਤ ਜਨਾਬੋਂ ਰਯਾ ਬਾਰ ਖੁਦਾਇਆ ।
ਸਖਤੀ ਦੇਖ ਅਜੇਹੀ ਜ਼ਾਲਮ ਮੌਤ ਕਦੀ ਨਾ ਆਵੇ ।
ਤਖਤੋਂ ਜਾਂ ਜ਼ਮੀਨ ਢਠੇ ਦੇਖਿਆ ਮੂਲ ਨਾ ਜਾਵੇ ।
ਜ਼ਲਕ ਅਮਾਮਾਂ ਨਾਲੋਂ ਦੂਣੀ ਬਹੁਤ ਏਹਨਾਂ ਨੇ ਕੀਤੀ ।
ਦੌਲਤ ਰਾਜ ਹਕੂਮਤ ਸਾਰੀ ਉਸ ਕਾਣੇ ਖੋਹ ਲੀਤੀ ।
ਅਗਲਾ ਫਰਸ਼ ਹਕੂਮਤ ਵਾਲਾ ਸਭ ਕੁਝ ਪਕੜ ਉਠਾਇਆ ।
ਹੁਕਮ ਅਤੇ ਸਧ ਜਰਬ ਹਕੂਮਤ ਆਪਣਾ ਆਪ ਚਲਾਇਆ ।
ਅਗੋਂ ਤੋਤਾ ਰੋ ਰੋ ਕਰਦਾ ਦਿਲ ਦੇ ਅੰਦਰ ਝੇੜੇ ।
ਯਾ ਰਬ ਖਬਰ ਢੋਲ ਦਸੀਂ ਦੇਸ ਵਤਨ ਹੈ ਕੇਹੜੇ ।
ਮਾਈ ਸੁਣਿਆਂ ਬਚਨ ਅਜੇਹਾ ਢੋਲ ਮੇਰੇ ਦਾ ਤੋਤਾ ।
ਕਹਿੰਦੀ ਖਤ ਤੂੰ ਲੈ ਜਾ ਮੇਰਾ ਤੂੰ ਕਿਸ ਨਾਲ ਪਰੋਤਾ ।
ਕਹਿੰਦਾ ਤੇਰੇ ਨਾਲ ਬਣਾਇਆ ਤਰਸ ਮੋਇਆ ਬਿਨ ਪਾਣੀ ।
ਦਸੀਂ ਹਾਲ ਹਕੀਕਤ ਅਪਨਾ ਆਖ ਸੁਣਾਈਂ ਕਹਾਣੀ ।
ਰੋ ਰੋ ਹਾਲ ਸੁਨਾਵਨ ਲਗੀ ਕਰਦੀ ਗਿਰੀਆ ਜ਼ਾਰੀ ।
ਪਹੁੰਚ ਤੋਤਿਆ ਜਲਦ ਢੋਲ ਤੇ ਬਣੀ ਮੁਸੀਬਤ ਭਾਰੀ ।
ਤੋਤਾ ਕਹਿੰਦਾ ਹੌਲੀ ਹੌਲੀ ਉੱਚੀ ਬੋਲ ਨਾ ਮਾਏ ।
ਖੋਲ ਰੱਸੀ ਤੂੰ ਪੈਰ ਮੇਰੇ ਥੀਂ ਪਹੁੰਚਾਂ ਦੇਸ ਪਰਾਏ ।
ਪੈਰੋਂ ਖੋਲ ਤੁੜਾਈ ਰੱਸੀ ਆਪ ਗਏ ਨੱਠ ਓਵੇਂ ।
ਬਾਹਰ ਸ਼ਹਿਰ ਥੀਂ ਚੁਪ ਚੁਪਾਤੇ ਨਿਕਲ ਗਏ ਉਹ ਦੋਵੇਂ ।
ਸ਼ਹਿਰੋਂ ਬਾਹਰ ਕਨਾਰਾ ਕਰਕੇ ਓਹਲਾ ਮਲ ਟਿਕਾਨਾ ।
ਲਗੇ ਕਰਨ ਸਲਾਹਵਾਂ ਭੁਖੇ ਜੋ ਕੁਛ ਵਕਤ ਵਿਹਾਨਾ ।
ਤੋਤਾ ਕਹਿੰਦਾ ਤੂੰ ਸੁਣ ਮਾਏ ਮੈਂ ਹੁਣ ਆਪੋ ਜਾਵਾਂ ।
ਢੂੰਡਾਂ ਸ਼ਹਿਰ ਜ਼ਿਮੀ ਦੇ ਅੰਦਰ ਪਹੁੰਚ ਲਗੇ ਲੈ ਆਵਾਂ ।
ਤੂੰ ਜਾਹ ਸੌਂਪ ਖੁਦਾ ਨੂੰ ਨਾਲੇ ਨਾ ਕਰ ਗਿਰੀਆ ਜ਼ਾਰੀ ।
ਬਾਦਸ਼ਾਹਾਂ ਦੁਖ ਪੈਂਦੇ ਆਏ ਸੁਣਿਆਂ ਇਤਨੀ ਵਾਰੀ ।
ਏਹ ਤਕਦੀਰ ਅਮਾਮਾਂ ਉਤੇ ਦੇਖ ਜਿਉਂ ਕਿਉੱ ਆਈ ।
ਤਰਸ ਮਰੇ ਬਿਨ ਪਾਣੀ ਠੰਢੇ ਤੂੰ ਕਿਉਂ ਰੋਵੇਂ ਮਾਈ ।
ਸਬਰ ਕਰੀਂ ਤਕ ਸ਼ੁਕਰ ਅਲਾਹੀ ਮਨ ਰਜਾ ਰੱਬਾਨੀ ।
ਕਰੀਮ ਬਖਸ਼ ਛੱਡ ਖਿਆਲ ਅਜੇਹਾ ਨਾ ਕਰ ਤੂਲ ਕਹਾਨੀ ।

ਤੋਤੇ ਦਾ ਦਮਸ਼ਕ ਨੂੰ ਜਾਣਾ ਅਤੇ ਘੇਰਿਆ ਜਾਣਾ
ਰਸਤੇ ਵਿਚ ਮਿਲਣਾ ਢੋਲ ਬਾਦਸ਼ਾਹ ਨੂੰ

ਤੋਤਾ ਸ਼ਹਿਰੋਂ ਬਾਹਰ ਆਇਆ ਥੋੜੀ ਮੰਜਲ ਜਾਵੇ ।
ਇਕ ਮੂਜੀ ਦੁਸ਼ਮਨ ਏ ਖ਼ਬਰ ਅਹਿਮਦ ਤੀਕ ਪੁਚਾਵੇ ।
ਕਹਿੰਦਾ ਜ਼ਾਲਮ ਅਹਿਮਦ ਅਗੇ ਮੈਂ ਜਸੂਸ ਕਹਾਵਾਂ ।
ਜੋ ਕੁਛ ਖਬਰ ਪੋਸ਼ੀਦਾ ਆਹੀ ਮੈਂ ਸਭ ਆਖ ਸੁਨਾਵਾਂ ।
ਤੇਰਾ ਰਾਜ ਅਜੇਹਾ ਸਾਨੂੰ ਕਿਵੇਂ ਕਿਵੇਂ ਹਥ ਆਇਆ ।
ਢੋਲ ਸੁਨੀਂਦਾ ਨਾ ਮੁੜ ਆਵੇ ਉਸ ਬਹੁਤਾ ਮੁਲਕ ਲੁਟਾਯਾ ।
ਵੇਖ ਕਿਤੇ ਉਹ ਸੁੰਦਰ ਤੋਤਾ ਜੋ ਫੜ ਕੈਦ ਕਰਾਇਆ ।
ਲੈਣ ਗਿਆ ਓਹ ਢੋਲ ਰੂਮ ਥੀਂ ਏਹ ਸਭ ਆਖ ਸੁਣਾਯਾ ।
ਕਰੋ ਇਲਾਜ ਕੋਈ ਅਜੇਹਾ ਰਸਤੇ ਅੰਦਰ ਮਾਰੋ ।
ਬਾਜ ਲੂੰਬੜ ਸਭ ਸ਼ੇਰ ਬਘੇਲੇ ਪਕੜਨ ਨਠੇ ਯਾਰੋ ।
ਕੀਤੀ ਆਣ ਤਿਆਰੀ ਜ਼ਾਲਮ ਵਾਉ ਬੱਦਲ ਥੀਂ ਗੱਜੇ ।
ਫੌਜਾਂ ਘੋੜੇ ਤੇ ਸਭ ਲਸ਼ਕਰ ਅਗੇ ਪਿਛੇ ਲੱਗੇ ।
ਜਾ ਲਿਆ ਉਹ ਆਜਜ ਤੋਤਾ ਘੇਰ ਖਲੋਤੇ ਸਭੇ ।
ਤੋਪਾਂ ਤੀਰ ਤੁਫ਼ੰਗ ਬੰਦੂਕਾਂ ਵੇਖਕੇ ਮਾਰਨ ਲਗੇ ।
ਤੋਤਾ ਉਡਦਾ ਉਡਦਾ ਕੈਂਹਦਾ ਤੂੰ ਸੁਣ ਐਹਮਦ ਕਾਣੇ ।
ਫੌਜਾਂ ਲਸ਼ਕਰ ਲੈ ਕੇ ਟੁਰਿਆ ਉਪਰ ਏਸ ਨਿਮਾਣੇ ।
ਜੇਕਰ ਬੜਾ ਬਹਾਦਰ ਹੈਂ ਤੂੰ ਨੇਕ ਸਤਾਰੇ ਵਾਲਾ ।
ਆ ਲੈਣ ਦੇ ਢੋਲ ਮੇਰੇ ਨੂੰ ਪਕੜ ਕਰੇ ਮੂੰਹ ਕਾਲਾ ।
ਵੇਖ ਅਚੰਬੀ ਆਕੜ ਤੇਰੀ ਗਰਦਨ ਪਕੜ ਮਰੋੜੇ ।
ਕਾਣੀ ਅੱਖ ਜੋ ਲੰਮੀ ਦਾਹੜੀ ਇਹ ਸਭ ਫੜਕੇ ਤੋੜੇ ।
ਮੈਨੂੰ ਮਾਰ ਨਾ ਸਕੇਂ ਹਰਗਿਜ ਮੈਂ ਪਰਿੰਦ ਉਡਾਰੀ ।
ਆ ਮੁੜ ਬਾਜ ਆ ਇਸ ਗਲੋਂ ਨਾ ਕਰ ਮੂਲ ਖਵਾਰੀ ।
ਮੁੜ ਕੇ ਸਮਝ ਕਰੀਂ ਲਖ ਤੌਬਾ ਆਪਣਾ ਆਪ ਪਛਾਣੀ ।
ਜ਼ੁਲਮ ਕਰੇਂ ਤਾਂ ਕੈਹਰ ਖੁਦਾ ਥੀਂ ਦੂਜੀ ਭੀ ਅੱਖ ਕਾਣੀ ।
ਧਾਵਾ ਇਸ ਨਿਮਾਣੇ ਉਤੇ ਐ ਬੇਸ਼ਰਮ ਹਰਾਮਾਂ ।
ਗਜ ਓਹਲੇ ਜਾਂ ਪੱਥਰ ਮਾਰੇਂ ਵਾਹ ਨਈਬ ਕਲਾਮਾਂ ।
ਤੂੰ ਕਿਉਂ ਫੌਜਾਂ ਲਸ਼ਕਰ ਲੈਕੇ ਮੈਨੂੰ ਮਾਰਨ ਆਇਆ ।
ਮੈਂ ਕੁਝ ਅਜੇਹੀ ਗਲ ਨਾ ਕੀਤੀ ਨਾ ਕੁਝ ਹੋਰ ਗਵਾਇਆ ।
ਹਰਗਿਜ਼ ਬਾਜ ਨਾ ਆਇਆ ਮੂਜੀ ਉਹ ਮਕਾਰ ਹਰਾਮੀ ।
ਕਹਿੰਦਾ ਮਾਰੇ ਬਾਝ ਨਾ ਮੁੜਸਾਂ ਮੈਨੂੰ ਬਹੁਤ ਨਦਾਮੀ ।
ਆਖਰ ਘੇਰ ਲਿਆ ਉਹ ਤੋਤਾ ਪੇਸ਼ ਨਾ ਕੋਈ ਜਾਵੇ ।
ਫੌਜਾਂ ਨਾਲ ਕੀ ਵਟਤ ਆਈ ਲੁਕ ਛਿਪ ਜਾਨ ਛਪਾਵੇ ।
ਤੋਤੇ ਦੀ ਜਦ ਕਲਮਲ ਆਈ ਕਹਿੰਦਾ ਯਾ ਰਬ ਸਾਈਂ ।
ਤੇਰੇ ਬਾਝੋਂ ਕੋਈ ਨਾ ਮੇਰਾ ਮੈਨੂੰ ਆਪ ਬਚਾਈਂ ।
ਵੈਰੀ ਬਹੁਤ ਅਕੇਲਾ ਤੋਤਾ ਘੇਰ ਲਿਆ ਵਿਚ ਬਾਰਾਂ ।
ਤੋਤਾ ਇਕ ਨਿਮਾਣਾ ਕਲਾ ਵੈਰੀ ਲਖ ਹਜ਼ਾਰਾਂ ।
ਤੋਤਾ ਤਕ ਰਹਿਆ ਕੋਈ ਲਭੇ ਓਹਲਾ ਓਟ ਟਿਕਾਣਾ ।
ਆਣ ਬਣੀ ਨੂੰ ਥਾਉਂ ਨਾ ਕੋਈ ਦੇਖੋ ਰੱਬ ਦਾ ਭਾਣਾ ।
ਓੜਕ ਥਕ ਰਹਿਆ ਉਹ ਤੋਤਾ ਤੂਤ ਉਤੇ ਆ ਚੜ੍ਹਿਆ ।
ਦੇਖੇ ਖੋੜ ਅਜੇਹੀ ਡੂੰਘੀ ਪਕੜ ਦਲੇਰੀ ਵੜਿਆ ।
ਰੋ ਰੋ ਖੋੜ ਅੰਦਰ ਓਹ ਤੋਤਾ ਕਰਦਾ ਗਿਰੀਆ ਜ਼ਾਰੀ ।
ਟਾਲ ਬਲਾ ਅਜੇਹੀ ਮਗਰੋਂ ਯਾ ਰਬ ਮੌਲਾ ਬਾਰੀ ।
ਦੁਸ਼ਮਨ ਜ਼ਾਲਮ ਮੈਂ ਥੀਂ ਡਾਢਾ ਮੈਂ ਵਿਚ ਜੋਰ ਨ ਕੋਈ ।
ਪਕੜ ਲਵੇਗਾ ਤੂਤ ਵਢਾਕੇ ਇਹ ਮੰਦੀ ਗਲ ਹੋਈ ।
ਪਹੁੰਚੀ ਅਰਜ ਜਨਾਬ ਅਲਾਹੀ ਸੁਣਿਆਂ ਆਪ ਸਤਾਰੀ ।
ਹੁਕਮ ਹੋਇਆ ਮੀਂਹ ਆਵੇ ਬਹੁਤਾ ਲਥੇ ਕੈਹਰ ਕਹਾਰੀ ।
ਜ਼ਰਾ ਦੇਰ ਨਾ ਬਾਰਸ਼ ਕੀਤੀ ਅਬਰ ਘਟਾਂ ਲੈ ਚੜ੍ਹਿਆ ।
ਚਮਕੀ ਆਨ ਦੁਪੈਹਰੇ ਬਿਜਲੀ ਤਬਕ ਜ਼ਿਮੀਂ ਸਭ ਸੜਿਆ ।
ਬਾਰਸ਼ ਆਨ ਲਥੀ ਸੰਗ ਗੜਿਆਂ ਵਾਏ ਅੰਧੇਰੀ ਵਗੀ ।
ਮਾਰ ਲਈ ਸਭ ਫ਼ੌਜ ਮੂਜੀ ਦੀ ਇਕ ਪਲ ਦੇਰ ਨ ਲਗੀ ।
ਪਲ ਵਿਚ ਮਾਰ ਗਵਾਇਆ ਲਸ਼ਕਰ ਮੁਲਕ ਤਬਾਹ ਆ ਹੋਇਆ ।
ਐਹਮਦ ਓਟ ਲਬਾਂ ਤਕ ਪੁਜੀਆਂ ਓਹਲਾ ਦੇਖ ਖਲੋਇਆ ।
ਤੋਤਾ ਖੋੜੋਂ ਨਿਕਲ ਅਗਾੜੀ ਮਾਰੇ ਆਨ ਉਡਾਰੀ ।
ਐਹਮਦ ਬਾਝ ਨਾ ਰੈਂਹਦਾ ਕੋਈ ਫੌਜ ਗਈ ਮਰ ਸਾਰੀ ।
ਤੋਤਾ ਕੈਂਹਦਾ ਐਹਮਦ ਤਾਈਂ ਯਾਰ ਮੁਬਾਰਕ ਤੈਨੂੰ ।
ਕਿਥੇ ਫੌਜਾਂ ਲਸ਼ਕਰ ਤੇਰੇ ਮਾਰਨ ਵਾਲੇ ਮੈਨੂੰ ।
ਦੇਖ ਜੋ ਜੁਲਮ ਨਾਹਕ ਕਰੇਂਦਾ ਮੌਲਾ ਕਦੀ ਨਾ ਭਾਵੇ ।
ਓਹ ਚਾਹੇ ਤੇ ਮਛਰ ਕੋਲੋਂ ਹਾਥੀ ਚਾ ਮਰਵਾਵੇ ।
ਅਹਿਮਦ ਰਹਿਆ ਰੁਲੀਂਦਾ ਉਥੇ ਤੋਤਾ ਮਾਰ ਉਡਾਰੀ ।
ਪਹੁੰਚਾ ਸ਼ਹਿਰ ਦਮਸਕੇ ਅੰਦਰ ਛੁਟੀ ਜਾਨ ਵਿਚਾਰੀ ।
ਫਿਰਦਾ ਸ਼ਹਿਰ ਦਮਸ਼ਕੇ ਅੰਦਰ ਢੂੰਡ ਕਰੇ ਹਰ ਥਾਈਂ ।
ਕੁਝ ਸੁਰਾਖ ਨਾ ਲਗੇ ਉਸਨੂੰ ਵੇਖ ਰਹਿਆ ਹਰ ਥਾਈਂ ।
ਆਖਰ ਬੈਠ ਗਿਆ ਇਕ ਜਗ੍ਹਾ ਹੇਠ ਮਹੱਲਾਂ ਸ਼ਾਹੀ ।
ਰੋਂਦਾ ਲੈਂਦਾ ਨਾਮ ਢੋਲ ਦਾ ਕਰਦਾ ਯਾਦ ਅਲਾਹੀ ।
ਯਾ ਰਬ ਢੋਲ ਮਿਲਾਵੀਂ ਮੈਨੂੰ ਦਸੀਂ ਪਤਾ ਨਿਸ਼ਾਨੀ ।
ਬਖਸ਼ ਮੁਰਾਦ ਮੇਰੀ ਇਹ ਮੈਨੂੰ ਤਾਂ ਮੇਰੀ ਜ਼ਿੰਦਗਾਨੀ ।
ਇਤਨੀ ਸਖਤੀ ਬਿਖੜਾ ਪੈਂਡਾ ਕਰਕੇ ਏਥੇ ਆਇਆ ।
ਮਿਲੇ ਢੋਲ ਸ਼ਾਹਜ਼ਾਦਾ ਮੈਨੂੰ ਯਾ ਰਬ ਬਾਰ ਖੁਦਾਇਆ ।
ਬੈਠਾ ਹੇਠ ਮਹੱਲਾਂ ਜਿਨ੍ਹਾਂ ਢੋਲ ਇਥਾਈਂ ਸੌਂਦਾ ।
ਕੰਨ ਅਵਾਜ ਢੋਲ ਦੇ ਪਹੁੰਚੀ ਓਵੇਂ ਉਹ ਲਭ ਲੈਂਦਾ ।
ਕੈਂਹਦਾ ਢੋਲ ਗੁਲਾਮਾਂ ਤਾਈਂ ਸੁਣਿਓਂ ਹੁਕਮ ਅਜੇਹਾ ।
ਦੇਖੋ ਹੇਠ ਮਹੱਲਾਂ ਰੋਂਦਾ ਕੌਣ ਕੋਈ ਉਹ ਕੇਹਾ ।
ਓਵੇਂ ਦੌੜ ਗੁਲਾਮ ਸਿਧਾਏ ਜਰਾ ਦੇਰ ਨਾ ਕਰਦੇ ।
ਕੀ ਤਾਕਤ ਜੇ ਦੇਰ ਲਗਾਈਏ ਹੁਕਮ ਤੇਰੇ ਦੇ ਬਰਦੇ ।
ਡਿੱਠਾ ਹਾਲ ਗੁਲਾਮਾਂ ਏਹਦਾ ਰੋਂਦਾ ਜਾਰੋ ਜਾਰੀ ।
ਪੁਛਿਆ ਹਾਲ ਗੁਲਾਮਾਂ ਉਸਨੂੰ ਕਹੇ ਹਕੀਕਤ ਸਾਰੀ ।
ਹਾਲ ਮੇਰੇ ਦੀ ਖਬਰ ਖੁਦਾ ਨੂੰ ਹੋਰ ਨਾ ਕੋਈ ਜਾਨੀ ।
ਬਾਝੋਂ ਢੋਲ ਨਹੀਂ ਕੁਛ ਸੁਝਦਾ ਕੀ ਮੈਂ ਕਰਾਂ ਕਹਾਣੀ ।
ਬਹੁਤ ਕਹਾਣੀ ਲੰਮਾਂ ਕਿੱਸਾ ਮੈਥੋਂ ਕਿਹਾ ਨਾ ਜਾਂਦਾ ।
ਉਮਰ ਵਡੀ ਕੁਝ ਦਾਣਾ ਪਾਣੀ ਤਾਂ ਰਬ ਏਥੇ ਆਂਦਾ ।
ਵੈਰੀ ਲਖ ਹਜ਼ਾਰਾਂ ਦੁਸ਼ਮਨ ਮੇਰੀ ਜਾਨ ਅਕੇਲੀ ।
ਫਰਸ਼ ਜਿਮੀਂ ਤੇ ਢੋਲੇ ਬਾਝੋਂ ਹੋਰ ਨਹੀਂ ਕੋਈ ਬੇਲੀ ।
ਸੁਣਕੇ ਸਭ ਗੁਲਾਮਾਂ ਵਿਰਥਾ ਅਗੇ ਢੋਲ ਸੁਣਾਈ ।
ਹਾਲ ਦਰੀਦਾ ਬਹੁਤਾ ਛੇੜੇ ਬੈਠਾ ਵਾਂਗ ਸ਼ੁਦਾਈ ।
ਸੁਣਕੋ ਢੋਲ ਅਜੇਹੀ ਵਿਰਥਾ ਰੋਂਦਾ ਜਾਰੋ ਜਾਰੀ ।
ਮੈਂ ਸਦਕੇ ਕੁਰਬਾਨ ਤੇਰੇ ਤੋਂ ਸੁੰਦਰ ਤੋਤੇ ਵਾਰੀ ।
ਤੋਤਾ ਕਹਿੰਦਾ ਵਾਹ ਨਾਪਾਕੀ ਢੋਲ ਨਲਾਇਕ ਹਰਾਮਾਂ ।
ਤੇਰੇ ਜਿਹਾ ਨਾ ਜੰਮੇ ਕੋਈ ਵਾਹ ਨਸੀਬ ਕਲਾਮਾਂ ।
ਛੋਟੀ ਉਮਰ ਮੌਤ ਨਾ ਆਈ ਮਾਰ ਲੈ ਜਾਂਦੀ ਤੈਨੂੰ ।
ਲਖ ਸ਼ੁਕਰਾਨਾ ਜੇ ਮਰ ਜਾਂਦੋਂ ਨਾ ਦੁਖ ਪੈਂਦਾ ਮੈਨੂੰ ।
ਢੋਲ ਕਿਹਾ ਮੈਂ ਖੁਦ ਸ਼ਰਮਾਂਦਾ ਨਾ ਕਰ ਬਹੁਤ ਖਰਾਬੀ ।
ਹਾਲ ਅਹਿਵਾਲ ਵਲਾਇਤ ਵਾਲਾ ਦਸੀਂ ਯਾਰ ਸ਼ਤਾਬੀ ।
ਕੀ ਕੁਝ ਹਾਲ ਮੁਲਕ ਦਾ ਆਹਾ ਦਸ ਹਕੀਕਤ ਸਾਰੀ ।
ਵਸਦਾ ਹੈ ਜਾਂ ਉਜੜ ਸਧਾਨਾ ਜਾਂ ਕੋਈ ਪਈ ਖੁਆਰੀ ।
ਮਾਂ ਮੇਰੀ ਹੈ ਰਾਜ਼ੀ ਬਾਜੀ ਸਹੀ ਸਲਾਮਤ ਜਾਨੋਂ ।
ਜੀਉਂਦੀ ਹੈ ਜਾਂ ਕੂਚ ਕੀਤੀ ਉਸ ਫ਼ਾਨੀ ਏਸ ਜਹਾਨੋਂ ।
ਬਾਕੀ ਹਾਲ ਜਬਾਨੀ ਦਸੀਂ ਜੋ ਕੁਝ ਮਾਲਮ ਤੈਨੂੰ ।
ਹਾਲ ਹਵਾਲ ਆਹਾ ਜੋ ਵਰਤੀ ਆਖ ਸੁਣਾਵੀਂ ਮੈਨੂੰ ।
ਨਾਲੇ ਹਾਲ ਸੁਣਾਵੀਂ ਅਪਨਾ ਦਸ ਹਕੀਕਤ ਸਾਰੀ ।
ਮੁਲਕ ਮੇਰਾ ਖੁਸ਼ਬਾਸੀ ਰਹਿੰਦਾ ਯਾ ਕੋਈ ਪਈ ਖੁਆਰੀ ।
ਅਹਿਮਦ ਰਾਜੀ ਬਾਜੀ ਆਹਾ ਜਾਨੀ ਦੁਸ਼ਮਨ ਮੇਰਾ ।
ਅਬਤਰ ਹਾਲ ਤੁਸਾਡਾ ਦਿਸੇ ਰੰਗ ਸਿਆਹ ਕਿਉਂ ਤੇਰਾ ।

ਤੋਤੇ ਨੇ ਮੁਲਕ ਅਤੇ ਬਾਦਸ਼ਾਹਤ ਦਾ ਹਾਲ
ਢੋਲ ਬਾਦਸ਼ਾਹ ਨੂੰ ਸੁਣਾਉਣਾ

ਤੋਤਾ ਆਹ ਜ਼ੁਲਮ ਦੀ ਮਾਰੇ ਰੋਂਦਾ ਜਾਰੋ ਜਾਰੀ ।
ਦਸਾਂ ਹਾਲ ਹਕੀਕਤ ਅਸਲੀ ਬੇਲੀ ਆਖਰ ਵਾਰੀ ।
ਜਦ ਬਗਦਾਦੋਂ ਨਿਕਲ ਆਇਆ ਤੂੰ ਸੁਣਿਆਂ ਆਮ ਜਹਾਨਾਂ ।
ਸਜਨ ਭੀ ਸਭ ਦੁਸ਼ਮਨ ਹੋਏ ਵਾਹ ਨਸੀਬ ਕਲ਼ਾਮਾਂ ।
ਨਿਮਕ ਹਲਾਲ ਕਿਸੇ ਨਾ ਕੀਤਾ ਲਸ਼ਕਰ ਐਹਲ ਵਜੀਰਾਂ ।
ਔਖੇ ਵੇਲੇ ਹੋਏ ਦੁਸ਼ਮਨ ਹਾਏ ਮੇਰੀਆਂ ਤਕਸੀਰਾਂ ।
ਦੋਸਤ ਦੁਸ਼ਮਨ ਯਾਰ ਪਿਆਰੇ ਦੁਸ਼ਮਨ ਹੋ ਖਲੋਤੇ ।
ਦੇਖ ਦਿਆਂ ਦਿਲ ਗੈਰਤ ਆਈ ਰੂਹ ਵਿਚ ਗਿਆ ਗੋਤੇ ।
ਪਲ ਵਿਚ ਹੋਰ ਜ਼ਮਾਨਾ ਫਿਰਿਆ ਦੇਖ ਜਿਵੇਂ ਰਬ ਚਾਹੇ ।
ਤੂੰ ਛੋੜ ਮੁਲਕ ਆਇਆ ਨਠ ਏਥੇ ਬੈਨਾ ਦੇਸ ਪਰਾਏ ।
ਮਗਰੋਂ ਐਹਮਦ ਚਾਚੇ ਤੇਰੇ ਨਾ ਕੁਛ ਹੋਸ਼ ਸੰਭਾਲੀ ।
ਬਾਰਾਂ ਮੁਲਕ ਹਕੂਮਤ ਕਰਸਾਂ ਦੇਖ ਅਜੇਹਾ ਖਾਲੀ ।
ਖਾਲੀ ਮੁਲਕ ਨਾ ਵਾਰਸ ਕੋਈ ਸੁੰਨਾ ਨਜ਼ਰੀ ਆਵੇ ।
ਨਾ ਕੋਈ ਕਰੇ ਨਜਦੀਕ ਸ਼ਰਾਰਤ ਨਾ ਕੋਈ ਜੰਗ ਮਚਾਵੇ ।
ਹੈ ਖ਼ੁਸ਼ ਕਿਸਮਤ ਜਾਗੀ ਮੇਰੀ ਕੀਤੀ ਰਬ ਗਫਾਰੀ ।
ਬਾਦਸ਼ਾਹੀ ਦੀ ਦੁਨੀਆਂ ਉਤੇ ਆਈ ਮੇਰੀ ਵਾਰੀ ।
ਮਲ ਬੈਠਾ ਸਭ ਮੁਲਕ ਤੇਰੇ ਜੋ ਨਾਲ ਸਲਾਹ ਵਜੀਰਾਂ ।
ਲੁਟੇ ਮਾਲ ਖਜਾਨੇ ਤੇਰੇ ਬਧਾ ਪਕੜ ਅਮੀਰਾਂ ।
ਢਾਹ ਸੁਟੇ ਸਭ ਮਹਿਲ ਮੁਨਾਰੇ ਸਭ ਕਚਿਹਰੀ ਖਾਨੇ ।
ਤੋੜ ਸੁਟੇ ਸਭ ਸਤਰ ਹਿਆ ਦੇ ਢਾਹੇ ਮਹਿਲ ਜ਼ਨਾਨੇ ।
ਤਬਲ ਖਾਨੇ ਸਭ ਪਕੜ ਗਿਰਾਏ ਪਟੇ ਫਰਸ਼ ਬਜ਼ਾਰਾਂ ।
ਬਾਗ਼ ਬਹਾਰ ਵੈਰਾਨਾ ਕੀਤੇ ਕੁਮਰੀ ਸਣੇ ਹਜ਼ਾਰਾਂ ।
ਖ਼ਾਸੁਲਖ਼ਾਸ ਮਹਿਲ ਤੇਰੇ ਦੇ ਵਟਾਇ ਚਾ ਕਰਾਏ ।
ਤੰਗ ਆਈ ਸਭ ਰੱਯਤ ਤੇਰੀ ਉਜੜ ਗਿਰਦ ਨਿਵਾਹੇ ।
ਕੰਦੋ ਤੇ ਸਭਰਾਈ ਦੋਵੇਂ ਸ਼ਹਿਰੋਂ ਬਾਹਰ ਬਹਾਇਆ ।
ਮੂੰਹ ਸਿਰ ਕਾਲ਼ਾ ਹਥੀਂ ਠੂਠੇ ਬਾਝ ਗੁਨਾਹ ਸਤਾਇਆ ।
ਮੈਂ ਪਰਿੰਦ ਉਡਾਰੀ ਆਹਾ ਪਕੜ ਪਾਇਆ ਵਿਚ ਘੇਰਾ ।
ਮਾਰ ਦਿਤੇ ਸਭ ਹਾਥੀ ਘੋੜੇ ਉਜਰ ਨਹੀਂ ਕੁਛ ਮੇਰਾ ।
ਉਸ ਅਗਲਾ ਫਰਸ਼ ਹਕੂਮਤ ਵਾਲ਼ਾ ਕੀਤਾ ਸਭ ਵਰਾਨਾ ।
ਆਨ ਅੰਧੇਰ ਮਚਾਇਆ ਉਸਨੇ ਅੰਦਰ ਮੁਲਕ ਜਹਾਨਾਂ ।

ਜਵਾਬ ਦੇਣਾ ਢੋਲ ਬਾਦਸ਼ਾਹ ਨੇ ਅਤੇ ਰਵਾਨਾ
ਹੋਣਾ ਤੋਤੇ ਨੇ ਆਪਣੇ ਮੁਲਕ ਨੂੰ

ਤਾਂ ਫਿਰ ਢੋਲ ਕਿਹਾ ਸੁਣ ਤੋਤੇ ਮੈਂ ਵਿਚ ਦੋਸ਼ ਨਾ ਕੋਈ ।
ਜਿਉਂ ਕਰ ਲੇਖ ਕਲਮ ਨੇ ਲਿਖਿਆਂ ਓਵੇਂ ਹੋਇਆ ਸੋਈ ।
ਤੋੜ ਜਵਾਬ ਸੁੰਦਰ ਨੇ ਦਿਤਾ ਮੇਰਾ ਜਾਣ ਨਾ ਹੋਵੇ ।
ਮਿਲਿਆ ਸਾਫ ਜਵਾਬ ਤੋਤੇ ਨੂੰ ਬੈਠ ਅਕਲਾ ਰੋਵੇ ।
ਰੋਵੇ ਤੇ ਕੁਰਲ਼ਾਵੇ ਤੜਫੇ ਨੀਰ ਅੱਖੀਂ ਢਲ ਆਇਆ ।
ਕਿਉੱ ਕਰ ਦੇਸ ਵਤਨ ਘਰ ਪਹੁੰਚਾਂ ਯਾ ਰਬ ਬਾਰ ਖੁਦਾਇਆ ।
ਅਗੇ ਤਾਂ ਨਾਲ ਖੁਸ਼ੀ ਚਲ ਆਇਆ ਢੋਲੂ ਮਿਲੂ ਜਿੰਦਜਾਨੀਂ ।
ਹੁਣ ਤਾਂ ਢੋਲ ਸੁਣਾਇਆ ਮੈਨੂੰ ਸਾਫ ਜਵਾਬ ਜ਼ਬਾਨੀ ।
ਫ਼ਿਰ ਕਹਿਆ ਸੁਣ ਢੋਲ ਸ਼ਹਿਜ਼ਾਦੇ ਮੈਂ ਇਕ ਬਾਤ ਸੁਣਾਵਾਂ ।
ਕਰ ਕੁਝ ਵਾਹਿਦਾ ਕਦੋਂ ਆਵੇਂਗਾ ਤਾਂ ਮੈਂ ਏਥੋਂ ਜਾਵਾਂ ।
ਕੀਕਰ ਕਹਾਂ ਕਦੋਂ ਕੁ ਤਾਈਂ ਇਸ ਥੀਂ ਮੈਂ ਸ਼ਰਮਾਵਾਂ ।
ਕਹਿਕੇ ਆਇਆ ਨਾਲ ਲਿਆਵਾਂ ਹੁਣ ਮੈਂ ਕੀਕਰ ਜਾਵਾਂ ।
ਕਹਿ ਦੇਈਂ ਮਾਂ ਮੇਰੀ ਨੂੰ ਜਾਕੇ ਆਖ ਸੁਣਾਵਾਂ ਤੈਨੂੰ ।
ਮਾਘ ਫਗਣ ਜਦ ਖ਼ਤਮ ਹੋਵੇਗਾ ਚੇਤ ਉਡੀਕਨ ਮੈਨੂੰ ।
ਅਸੂ ਆਸ ਨਿਰਾਸ ਹੋਕੇ ਤੋਤਾ ਕਰੇ ਤਿਆਰੀ ।
ਨਾ ੳੁਮੈਦ ਹੋਇਆ ਹਥ ਤੋਤੇ ਟੁਰਿਆ ਮਾਰ ਉਡਾਰੀ ।
ਵੇਖ ਅਜੇਹਾ ਫ਼ਿਕਰਾਂ ਅੰਦਰ ਰੋਂਦਾ ਧੋਂਦਾ ਆਇਆ ।
ਸਖਤੀ ਅਤੇ ਮੁਸੀਬਤ ਅੰਦਰ ਗੜ੍ਹ ਬਗਦਾਦ ਆਇਆ ।
ਕੰਦੂ ਸੁਣਿਆ ਸੁੰਦਰ ਤੋਤਾ ਸ਼ਹਿਰ ਦਮਸ਼ਕੋਂ ਆਇਆ ।
ਆਪ ਇਕੱਲਾ ਆਇਆ ਕੋਈ ਸਾਥੀ ਢੋਲ ਨਾ ਲਿਆਇਆ ।
ਦੇਖੇ ਆਨ ਇਕੱਲਾ ਤੋਤਾ ਰੋਂਦਾ ਜਾਰੀ ਜਾਰੀ ।
ਕਹਿੰਦੀ ਦਸ ਕੀ ਬਣੀ ਮੁਸੀਬਤ ਸੁੰਦਰ ਤੋਤੇ ਵਾਲੀ ।
ਕਹਿੰਦਾ ਕੁਝ ਨਾ ਪੁਛੋ ਮੈਨੂੰ ਗਲ ਨਾ ਦਸਣ ਵਾਲੀ ।
ਕੁਝ ਪਰਵਾਹ ਨਾ ਢੋਲਾ ਕਰਦਾ ਰਾਜ ਹਕੂਮਤ ਵਾਲੀ ।
ਥਕ ਗਇਆ ਮੈਂ ਮਿੰਨਤਾਂ ਕਰਕੇ ਸਭ ਅਹਿਵਾਲ ਸੁਣਾਇਆ ।
ਉਹ ਬੇਤਰਸ ਅਜੇਹਾ ਜਾਲਮ ਨਾਲ ਮੇਰੇ ਨਾ ਆਇਆ ।
ਸਦ ਹਜ਼ੂਰ ਮਹਿਮਾਨੀ ਕਰਦਾ ਮਕਰ ਫਰੇਬ ਬਣਾਵੇ ।
ਚੇਤਰ ਰਖ ਉਡੀਕ ਢੋਲ ਦੀ ਜੇਕਰ ਰਬ ਲਿਆਵੇ ।
ਬੈਠੀ ਕਦੀ ਉਡੀਕੂੰ ਚੇਤਰ ਮੈਂ ਤੇ ਅੱਜ ਲਾਚਾਰੀ ।
ਫਗਨ ਮਗਰੋੰ ਚੇਤਰ ਆਇਆ ਲਗੀ ਆਨ ਤਿਆਰੀ ।

ਸ਼ਾਹਜ਼ਾਦਾ ਢੋਲ ਦਾ ਆਪਣੇ ਮੁਲਕ ਨੂੰ ਫੇਰ ਆ ਕੇ ਸੰਭਾਲਣਾ

ਚੜ੍ਹਦੇ ਚੇਤ ਸ਼ਾਹਜ਼ਾਦਾ ਆਯਾ ਫਿਰਯਾ ਹੋਰ ਜ਼ਮਾਨਾ ।
ਸੁਕੀ ਸ਼ਾਖ ਸ਼ਗੂਫਾ ਦਿਤਾ ਵਸਿਆ ਦੇਸ ਵੈਰਾਨਾ ।
ਖੁਸ਼ੀ ਹੋਈ ਸਭ ਲਸ਼ਕਰ ਅੰਦਰ ਸੁਣਕੇ ਰਾਜੀ ਹੋਏ ।
ਅਹਿਮਦ ਸਣੇ ਵਜੀਰ ਹਰਾਮੀ ਸੁਣ ਮੌਹਰਾ ਖਾ ਮੋਏ ।
ਸੁਣ ਖੁਸ਼ਖਬਰੀ ਰਈਅਤ ਆਈ ਲਗੀਆਂ ਹੋਣ ਤਜੀਮਾਂ ।
ਦੁਸ਼ਮਨ ਹੋਏ ਮਕੂਫ ਜਹਾਨੋਂ ਵਾਹ ਗਫੂਰ ਰਹੀਮਾਂ ।
ਅਮਲ ਅਬਾਦੀ ਮੁਲਕਾਂ ਅੰਦਰ ਫੇਰ ਨਵੇਂ ਸਿਰ ਹੋਈ ।
ਸੁਕੀ ਸ਼ਾਖ ਸ਼ਗੂਫਾ ਦਿਤਾ ਜੋ ਸਭ ਅਜੇ ਮੋਈ ।
ਰਈਅਤ ਤੇ ਖੁਸ਼ਖਬਰੀ ਹੋਈ ਮੁਲਕ ਬਹਾਰ ਵਸੇਂਦਾ ।
ਜ਼ਾਲਮ ਚੋਰ ਉਚੱਕੇ ਵਾਲਾ ਨਾ ਕੋਈ ਖ਼ੌਫ਼ ਕਰੇਂਦਾ ।
ਅਰਜ ਕਰਾਂ ਕੁਛ ਆਜਜ ਥੀਵਾਂ ਆਸੀ ਬਹੁਤ ਵਧੇਰਾ ।
ਸੁਣਕੇ ਸਖਤ ਅਜਾਬ ਕਬਰ ਦਾ ਡਰਦਾ ਹੈ ਦਿਲ ਮੇਰਾ ।
ਬਖਸ਼ੀਂ ਰਬ ਅਜਾਬ ਕਬਰ ਦੀ ਦੋਜ਼ਖ ਪੇਸ਼ ਨਾ ਪਾਵੀਂ ।
ਦੁਨੀਆਂ ਉਤੋਂ ਨਜਾ ਦੇ ਕਲਮਾਂ ਸਾਥ ਕਰਾਵੀਂ ।
ਦੁਨੀਆਂ ਉਤੇ ਇਜ਼ਤ ਦੇਵੀਂ ਸ਼ਰਮ ਹਯਾ ਕਰੀਮਾਂ ।
ਦੇਵੀਂ ਰਿਜਕ ਬਹਾਰਾਂ ਕਰੀਏ ਦੇਈਏ ਕੁਝ ਮਸਕੀਨਾਂ ।
ਹਾਕਮ ਹੁਕਮ ਕਰੇ ਦਿਨ ਰਾਤੀਂ ਇਹ ਸਭ ਤੇਰੇ ਤਿਆਰੇ ।
ਨੂਨ ਨਬਾਬ ਨਬਾਬ ਬਣਾਏ ਕਰਸੇਂ ਪਾਰ ਉਤਾਰੇ ।
ਅਸਲੀ ਪਤਾ ਸਕੂਨਤ ਵਾਲਾ ਵੇਖੋ ਹਿਜਰ ਰਸਾਲੇ ।
ਉਮਰ ਮੇਰੀ ਤਾਂ ਪਹੁੰਚੀ ਹੋਈ ਪੰਦਰਾਂ ਦੋਨਾਂ ਸਾਲੇ ।
ਅੰਦਰ ਰੋਜ ਕਿਆਮਤ ਲਰਜੇ ਖਲਕਤ ਆਲਾ ਅਦਨਾ ।
ਬਖਸ਼ੀਂ ਹਾਜਤ ਅਦਲ ਨਾ ਹਾਜਤ ਅਮਨ ਦਾ ਸਰਕੰਨਾ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ