Dhee De Janam Vele De Geet Ate Rasman : Neelam Saini
ਧੀ ਦੇ ਜਨਮ ਵੇਲੇ ਦੇ ਗੀਤ ਅਤੇ ਰਸਮਾਂ : ਨੀਲਮ ਸੈਣੀ
ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ
ਹੈ ਕਿ ਪੰਜਾਬੀ ਸਭਿਆਚਾਰ ਵਿਚ ਧੀ ਦੇ ਜਨਮ
ਦੀ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ ਸੀ ਅਤੇ
ਇਸ ਮੌਕੇ ਕੋਈ ਰਸਮ ਵੀ ਨਹੀਂ ਸੀ ਨਿਭਾਈ
ਜਾਂਦੀ। ਨਾ ਹੀ ਕੋਈ ਗੀਤ ਗਾਇਆ ਜਾਂਦਾ ਸੀ।
ਮੁੱਢ ਤੋਂ ਹੀ ਧੀ ਦੇ ਜਨਮ ਵੇਲੇ ਸਾਰਾ ਘਰ
ਸੋਗ ਵਿਚ ਡੁੱਬ ਜਾਂਦਾ ਸੀ। 'ਪੱਥਰ ਡਿਗ
ਪਿਆ' ਆਮ ਕਿਹਾ ਜਾਂਦਾ ਸੀ।
ਕਈ ਥਾਂਵਾਂ 'ਤੇ ਧੀ ਨੂੰ ਜੰਮਦੇ ਹੀ ਮਾਰ
ਦਿੱਤਾ ਜਾਂਦਾ ਸੀ। ਇਸ ਦਾ ਕਾਰਨ ਇਹ ਹੈ ਕਿ
ਪੰਜਾਬ ਹਮੇਸ਼ਾ ਹੀ ਹਮਲਾਵਰਾਂ ਦੇ ਘੇਰੇ ਵਿਚ
ਰਿਹਾ ਹੈ। ਇਥੇ ਹੀ ਬੱਸ ਨਹੀਂ, ਇਹ ਹਮਲਾਵਰ
ਧਨ-ਮਾਲ ਦੀ ਲੁੱਟ ਖੋਹ ਦੇ ਨਾਲ਼-ਨਾਲ਼
ਧੀਆਂ-ਭੈਣਾਂ ਦੀ ਬੇ-ਪਤੀ ਵੀ ਕਰਦੇ ਸਨ।
ਧੀਆਂ ਨੂੰ ਚੁੱਕ ਕੇ ਵੀ ਲੈ ਜਾਂਦੇ ਸਨ। ਧੀ ਰੂਪੀ
ਕਰੂੰਬਲ ਵੱਡੀ ਹੁੰਦੇ ਹੀ, ਪਤਾ ਨਹੀਂ ਕਿਹੜੇ
ਵੇਲੇ, ਕਿਸ ਨੇ ਕਿਥੇ ਅਤੇ ਕਦੋਂ ਮਸਲ ਦੇਣੀ
ਹੁੰਦੀ ਸੀ? ਅਜਿਹੇ ਹਾਲਾਤ ਵਿਚ ਧੀ ਦੇ ਜਨਮ
ਸਮੇਂ ਮਾਂ-ਬਾਪ ਦੇ ਮਨ ਵਿਚ ਦਹਿਸ਼ਤ ਹੋਣਾ
ਸੁਭਾਵਿਕ ਸੀ।
ਦੂਜੇ, ਸਾਡਾ ਸਮਾਜ ਮਰਦ-ਪ੍ਰਧਾਨ ਰਿਹਾ
ਹੈ। ਇਸ ਲਈ ਵੀ ਰੋਂਦੀਆਂ ਧੀਆਂ ਨੂੰ ਚੁੱਪ
ਕਰਾਉਣ ਜਾਂ ਚੁੱਕ ਕੇ ਖਿਡਾਉਣ ਲਈ ਕੋਈ
ਲੋਰੀ ਵੀ ਨਹੀਂ ਹੈ। ਲੋਕ ਧਾਰਾ ਵਿਗਿਆਨੀਆਂ ਦੇ
ਮੱਤ ਅਨੁਸਾਰ, ਲੋਕ-ਕਾਵਿ ਦੇ ਵਧੇਰੇ ਭਾਗ ਦੀਆਂ
ਸਿਰਜਣਹਾਰੀਆਂ ਔਰਤਾਂ ਹੀ ਹਨ। ਇਹੀ ਕਾਰਨ
ਹੈ ਕਿ ਲੋਕ ਗੀਤਾਂ ਦੀਆਂ ਸਿਰਜਣਹਾਰੀਆਂ ਦਾ
ਇਹ ਖ਼ਜ਼ਾਨਾ (ਲੋਰੀਆਂ) ਧੀਆਂ ਦੇ ਹਿੱਸੇ ਨਹੀਂ
ਆਇਆ। ਲੋਕ ਗੀਤਾਂ ਅਤੇ ਬੋਲੀਆਂ ਵਿਚ ਧੀ ਨੂੰ
ਜਨਮ ਵੇਲ਼ੇ ਹੀ ਕੋਸਿਆ ਜਾਂਦਾ ਸੀ। ਉਸ ਨੂੰ
ਸੰਬੋਧਨ ਕਰਨ ਲਈ ਮਰ ਜਾਣੀ, ਕਾਲ ਖਾਧੀ,
ਸਿਰਮੁੰਨੀ, ਬਲਾ ਆਦਿ ਸ਼ਬਦ ਅਕਸਰ ਹੀ ਵਰਤੇ
ਜਾਂਦੇ ਸਨ। ਇਸ ਸ੍ਰਿਸ਼ਟੀ 'ਤੇ ਉਸ ਦੀ ਆਮਦ
ਦਾ ਜ਼ਿਕਰ ਵਿਅੰਗ, ਫ਼ਿਕਰ ਜਾਂ ਖ਼ੌਫ਼ ਨਾਲ ਹੀ
ਆਉਂਦਾ ਸੀ:
ਬੱਲੇ ਬੱਲੇ ਬਈ ਚਿੱਟੀ ਪੱਗ ਬੰਨ੍ਹ ਮੁੰਡਿਆ,
ਧੀ ਜੰਮ ਪਈ ਜਵਾਈ ਵਾਲ਼ਾ ਹੋ ਗਿਆ।
ਤੈਂ ਘਰ ਜੰਮ ਪਈ ਧੀ ਵੇ ਨਿਰੰਜਣਾ,
ਸੋਚੀਂ ਪੈ ਗਏ ਜੀਅ ਵੇ ਨਿਰੰਜਣਾ।
ਥੋੜ੍ਹਾ ਦਾਰੂ ਪੀ ਵੇ ਨਿਰੰਜਣਾ...
ਥੋੜ੍ਹਾ ਦਾਰੂ ਪੀ ਵੇ ਨਿਰੰਜਣਾ।
ਬੱਲੇ ਬੱਲੇ...
ਨੱਤੀਆਂ ਘੜਾਈਆਂ ਰਹਿ ਗਈਆਂ,
ਦਿਨ ਚੜ੍ਹਦੇ ਨੂੰ ਜੰਮ ਪਈ ਤਾਰੋ।
ਬੱਲੇ ਬੱਲੇ ਬਈ ਬਾਝ ਭਰਾਵਾਂ ਦੇ,
ਮਰ ਜਾਵੋ ਨੀ ਚੰਦਰੀਓ ਭੈਣੋਂ।
ਕਾਕਾ ਲੈ ਲੈਨੀ ਆਂ,
ਪਲ਼ੰਘ 'ਤੇ ਬਹਿ ਰਹਿੰਨੀ ਆਂ।
ਮੁੰਨੀ ਲੈ ਲੈਨੀਂ ਆਂ,
ਮੈਂ ਭੁੰਜੇ ਬਹਿ ਰਹਿੰਨੀ ਆਂ।
ਮੁੰਨੀ ਲੈ ਕੇ ਮੈਂ ਨਵਾਂ ਸੂਟ ਸਵਾਇਆ,
ਸ਼ਾਬਾਸ਼ੇ ਮੇਰੇ ਮਾਹੀਏ ਦੇ।
ਜਿਨ ਉਹ ਵੀ ਗਲੋਂ ਲਹਾਇਆ,
ਮੁੰਨੀ ਲੈ ਲੈਨੀਂ ਆਂ,
ਮੈਂ ਭੁੰਜੇ ਬਹਿ ਰਹਿੰਨੀ ਆਂ।
ਨੀ ਸੱਸੀਏ! ਨੀ ਸੱਸੀਏ!
ਮੇਰੇ ਵਿਹੜੇ ਹੌਲੀ-ਹੌਲੀ ਆ।
ਨੀ ਦਾਈਏ! ਨੀ ਦਾਈਏ!
ਨਿੰਮ੍ਹਾ-ਨਿੰਮ੍ਹਾ ਦੀਵਾ ਨੀ ਜਗਾ।
ਨੀ ਸੱਸੀਏ! ਨੀ ਸੱਸੀਏ!
ਜੰਮ ਪਈ ਕਾਣੀ ਨੀ ਬਲਾ।
ਵੇ ਦਿਓਰਾ! ਵੇ ਦਿਓਰਾ!
ਡੂੰਘਾ ਜਿਹਾ ਟੋਆ ਵੇ ਪੁਟਾ।
ਵੇ ਦਿਓਰਾ! ਵੇ ਦਿਓਰਾ!
ਦੱਬਿਆ ਕਾਣੀ ਵੇ ਬਲਾ।
ਬੱਲੇ ਬੱਲੇ ਬਈ ਮੋਢੇ ਕੀ ਲਾਵਾਂ,
ਮੇਰੀ ਕੁੜੀ ਠੂੰਗ ਲਈ ਕਾਵਾਂ।
ਬੱਲੇ ਬੱਲੇ ਬਈ ਘਰ ਘਰ ਪੁੱਤ ਜੰਮਦੇ,
ਤੇਰੀ ਚੰਦਰੀ ਨੀਅਤ ਨੂੰ ਕੁੜੀਆਂ।
ਅਜੇ ਵੀ ਧੀਆਂ ਲਈ ਲਿਖੀ ਲੋਰੀ ਵਿਚ
ਚਿੰਤਾ ਦਾ ਪ੍ਰਗਟਾਵਾ, ਸਹਿਮ ਅਤੇ ਡਰ ਹੈ।
ਪੰਜਾਬੀ ਦੇ ਪ੍ਰਸਿਧ ਸ਼ਾਇਰ ਗੁਰਭਜਨ ਗਿੱਲ ਦੀ
ਭਰੂਣ ਹੱਤਿਆ ਬਾਰੇ 'ਲੋਰੀ' ਧੀਆਂ ਦੀ ਅਜੋਕੀ
ਸਥਿਤੀ ਨੂੰ ਸਪਸ਼ਟ ਕਰ ਰਹੀ ਹੈ:
ਮਾਏਂ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿਛੜੇ ਜੀਅ ਨੂੰ।
ਜਾਂਦੀ ਵਾਰੀ ਮਾਏਂ ਨੀ
ਇਕ ਲੋਰੀ ਦੇ ਦੇ...
ਬਾਬਲ ਤੋਂ ਭਾਵੇਂ ਚੋਰੀ ਨੀ
ਇਕ ਲੋਰੀ ਦੇ ਦੇ।
ਕਮਲਜੀਤ ਨੀਲੋਂ ਦੀ 'ਸੌਂ ਜਾ ਬੱਬੂਆ,
ਮਾਣੋ ਬਿੱਲੀ ਆਈ ਆ'' ਲੋਰੀ ਵੀ ਸਾਡੇ
ਸਭਿਆਚਾਰ ਵਿਚ ਧੀਆਂ ਦੀ ਸਥਿਤੀ ਦੀ
ਸੰਵੇਦਨਸ਼ੀਲ ਪੇਸ਼ਕਾਰੀ ਹੈ।
ਡਾ. ਪ੍ਰਿਤਪਾਲ ਸਿੰਘ ਮਹਿਰੋਕ ਨੇ ਆਪਣੇ
ਇਕ ਲੇਖ ਵਿਚ ਲਿਖਿਆ ਹੈ ਕਿ ਔਰਤ ਮਨ ਨੇ
ਧੀ ਪਿਆਰ ਪ੍ਰਤੀ ਪ੍ਰਗਟਾਵਾ ਕਰਨ ਲਈ
ਵਿਰਲੀਆਂ-ਟਾਂਵੀਆਂ ਲੋਰੀਆਂ ਦੀ ਰਚਨਾ ਜ਼ਰੂਰ
ਕੀਤੀ ਹੈ। ਉਨ੍ਹਾਂ ਦੇ ਉਸ ਲੇਖ ਵਿਚ ਧੀਆਂ ਲਈ
ਸਿਰਫ਼ ਇਕ ਲੋਰੀ ਦਰਜ ਹੈ। ਇਸ ਲੋਰੀ ਵਿਚ
ਇਕ ਮਾਂ ਦੀ ਧੀ ਖੂਹ ਤੋਂ ਪਾਣੀ ਲੈਣ ਜਾਂਦੀ ਹੈ,
ਮੀਂਹ ਵਰ੍ਹਨ ਲੱਗਦਾ ਹੈ ਅਤੇ ਮਾਂ ਚਿੰਤਾ ਦਾ
ਪ੍ਰਗਟਾਵਾ ਕਰਦੀ ਹੈ:
ਗੁੱਡੀ ਮੇਰੀ ਬੀਬੀ ਰਾਣੀ,
ਭਰ ਲਿਆਵੇ ਖੂਹੇ ਤੋਂ ਪਾਣੀ।
ਛਮ-ਛਮ ਬਰਸਿਆ ਮੀਂਹ,
ਡਿੱਗ ਪਈ ਮੇਰੀ ਰਾਣੀ ਧੀ।
ਸੌਂ ਜਾ ਮੇਰੀ ਧੀ ਧਿਆਣੀ।
ਇਕ ਹੋਰ ਬੋਲੀ ਵੀ ਮਿਲੀ ਹੈ:
ਬੱਲੇ ਬੱਲੇ...
ਬਈ ਕੀ ਲੱਪ ਰਿਓੜੀਆਂ ਦੀ,
ਮੇਰੀ ਰੋਂਦੀ ਨਾ ਵਰਾਈ ਕਰਤਾਰੋ।
ਬੱਲੇ ਬੱਲੇ ਬਈ ਨਾਲ਼ੇ ਮੁੰਡੇ ਰੰਨਾਂ ਭਾਲਦੇ,
ਨਾਲੇ ਕੁੜੀਆਂ ਜੰਮਣ ਤੋਂ ਡਰਦੇ।
ਸਮਾਜ ਦੀ ਇਸ ਦੋਗਲੀ ਨੀਤੀ ਅਤੇ ਭਰੂਣ
ਹੱਤਿਆ ਦੀ ਨਿਖੇਧੀ ਸ਼ਾਇਰ ਹਰਜਿੰਦਰ ਕੰਗ ਨੇ
ਨਿਮਨਲਿਖਤ ਟੱਪੇ ਦੇ ਰੂਪ ਵਿਚ ਪੇਸ਼ ਕੀਤੀ ਹੈ:
ਫ਼ੁੱਲ ਨਦੀਆਂ 'ਚ ਤਾਰਦੇ ਓ,
ਮਾਵਾਂ ਨੂੰ ਤਾਂ ਰੱਬ ਮੰਨਦੇ,
ਧੀਆਂ ਕੁੱਖਾਂ ਵਿਚ ਮਾਰਦੇ ਓ।
ਇਸ ਨੂੰ ਸੋਚ ਵਿਚ ਆ ਰਹੀ ਤਬਦੀਲੀ
ਕਹਿ ਸਕਦੇ ਹਾਂ। ਆਸ ਹੈ, ਭਵਿੱਖ 'ਚ ਧੀਆਂ
ਲਈ ਬਿਨਾ ਕਿਸੇ ਚਿੰਤਾ ਤੇ ਭੈਅ ਦੇ ਲੋਰੀਆਂ
ਜ਼ਰੂਰ ਲਿਖੀਆਂ ਜਾਣਗੀਆਂ।