Dharti Dian Vajan : Devinder Satyarthi

ਧਰਤੀ ਦੀਆਂ ਵਾਜਾਂ : ਦੇਵਿੰਦਰ ਸਤਿਆਰਥੀ

1. ਅੰਮ੍ਰਿਤ ਕਦੀ ਕਦਾਈਂ

ਕੌੜਾ ਬਿਖ ਦਾ ਸਾਗਰ
ਹਰ ਪਾਸੇ ਲਹਿਰਾਵੇ,
ਹਰ ਵੇਲੇ ਲਹਿਰਾਵੇ;
ਅੰਮ੍ਰਿਤ ਕਦੀ ਕਦਾਈਂ
ਬੁੱਲ੍ਹੀਆਂ ਨੂੰ ਛੂਹ ਜਾਵੇ ।

ਕਈਆਂ ਦਾ ਕੁਆਰਾ ਹਾਸਾ
ਬੁੱਲ੍ਹੀਆਂ ਵਿਚ ਲੈਂਦੀਆਂ ਰੋਕ,
ਭਾਵੇਂ ਕੋਈ ਨਾ ਟੋਕ;
ਕਈਆਂ ਦੇ ਕੁਆਰੇ ਹੰਝੂ
ਅੱਖੀਆਂ ਵਿਚ ਲੈਂਦੀਆਂ ਬੋਚ ।

ਅੰਮ੍ਰਿਤ ਤੇ ਬਿਖ ਦੋਵੇਂ
ਚੱਟ ਗਈ ਡੂੰਘੀ ਸੋਚ,
ਜਜ਼ਬੇ ਦੀ ਸੰਕੋਚ;
ਸੁਰਗ ਨਰਕ ਪਏ ਰੋਵਣ-
ਜੀਵਨ ਲੋਚ ਹੀ ਲੋਚ ।

2. ਅਜੰਤਾ

ਗੁਫਾਂ ਵਿਚ ਉੱਕਰੇ ਨੇ ਚਿੱਤਰ,
ਦੋ ਹਜ਼ਾਰ ਵਰ੍ਹਿਆਂ ਦੇ ਬੁਢੜੇ
ਵਰਤਮਾਨ ਦੇ ਮਿੱਤਰ--
ਇਕ ਰਾਜਾ ਤੇ ਰਾਣੀ,
ਦਾਸੀਆਂ ਚਵਰ ਝੁਲਾਣ,
ਰਾਜ-ਨਰਤਕੀ ਨੱਚੇ,
ਦੂਰ ਖੜੀ ਮੁਟਿਆਰ ਕੋਈ
ਉਂਗਲੀ ਰੱਖ ਠੋਡੀ ਤੱਕੇ;
ਜੋਬਨ ਮੱਤੀਆਂ ਰਾਜ-ਬੇਟੀਆਂ,
ਪੱਟ ਵਲ੍ਹੇਟੀਆਂ,
ਸੋਨੇ ਚਾਂਦੀ ਲੱਦੀਆਂ,
ਗਹਿਣੇ ਕਰਦੇ ਝਿਲ ਮਿਲ,
ਖੜੀਆਂ ਵਿਚ ਝਰੋਖੇ ਤੱਕਣ,
ਕੋਈ ਜਲੂਸ ਪਿਆ ਲੰਘੇ,
ਜੋਬਨ ਜਿਉਂ ਢਲਦਾ ਤਿਲ ਤਿਲ;
ਇਕ ਰਾਜ-ਕੁਮਾਰੀ ਮੁੱਕਦੀ ਜਾਵੇ,
ਸੁੱਕਦੀ ਜਾਵੇ;
ਇਕ ਅਤਿ ਸੁੰਦਰ ਰਾਣੀ ਦੇ
ਜੋਬਨ ਦੀ ਸ਼ਾਮਤ ਆਈ,
ਭੁੱਲ ਬਖ਼ਸ਼ਾਵੇ,
ਰਾਜੇ ਸੂਤੀ ਤਲਵਾਰ,
ਪੈਰੀਂ ਡਿੱਗੀ ਨਾਰ,
ਗਲ ਕੱਟਣੋਂ ਘਬਰਾਵੇ;
ਵਿਆਹ ਉਤਸਵ ਦੀ ਸ਼ਾਨ,
ਸਖ਼ੀਆਂ ਰਲ ਮਿਲ ਗਾਣ,
ਨਾਚ ਵੀ ਹੋਸੀ,
ਜੀਵਨ ਜਾਪੇ ਸੁਆਦ ਸੁਆਦ,
ਅਣ-ਮਾਣਿਆਂ ਇਕ ਆਸ਼ੀਰਵਾਦ ।

ਗੁਫਾਂ ਉਨੱਤੀ ਘੁੰਮ ਘੁੰਮਾ,
ਤੇਰਾਂ ਦੇ ਵਿਚ ਵੇਖੇ ਚਿੱਤਰ,
ਹਰ ਚਿੱਤਰ ਵਿਚ ਨਾਰ,
ਕਰਾਂ ਵਿਚਾਰ--
ਮਹਾਂ ਕਲਾ ਦੇ ਉਹ ਸਨ ਸੁਆਮੀ,
ਬੁਧ ਦੇ ਚੇਲੇ,
ਮਨ ਸਨ ਸ਼ਾਂਤ ਅਡੋਲ ਜਿਨ੍ਹਾਂ ਦੇ,
ਵਿਸ਼ੇ ਵਿਕਾਰੋਂ ਵੇਹਲੇ ।
ਘਰਾਂ ਤੋਂ ਨੱਸ ਨੱਸ,
ਵਿਆਹੋਂ ਬਚ ਬਚ,
ਨਾਰਾਂ ਛੱਡ ਛੱਡ,
ਉਮਰ ਉਮਰ ਭਰ ਰਹੇ ਕੁਆਰੇ;
ਗਾਹੇ ਜੰਗਲ ਪਰਬਤ ਭਾਰੇ,
ਨਾਲੇ ਸਾਗਰ ਖਾਰੇ,
ਦੇਸ਼ ਦੇਸ਼ ਵਿਚ ਬੁਧ ਧਰਮ ਦੀ ਜੈ ਜੈ ਕਾਰੇ ।
ਪਰ ਜਦ ਇਨ੍ਹਾਂ ਗੁਫਾਂ ਵਿਚ ਆਏ,
ਚਿੱਤਰ-ਕਲਾ ਦੀ ਜੁਗ ਜੁਗ ਜਗਦੀ ਜੋਤ ਲਿਆਏ--

ਮਾਸ-ਬਹੁਲਤਾ-ਨਿੱਘ-ਅਲਸਾਈਆਂ
ਮੁਟਿਆਰਾਂ ਦੇ
ਗੋਲ ਗੋਲ ਤੇ ਉਭਰੇ ਉਭਰੇ
ਸੀਨੇ ਭਰੇ ਪਲੇ,
ਲੱਕ ਪਤਲੇ,
ਬਾਹਾਂ ਲੰਮੀਆਂ ਗੋਲ ਗੁਦਲੀਆਂ,
ਅੱਖਾਂ ਲੰਮੀਆਂ ਚੀਰਵੀਆਂ
ਗੱਲਾਂ ਕਰ ਰਹੀਆਂ;
ਲੰਮੇ ਵਾਲਾਂ ਦੇ ਜੂੜੇ
ਗੋਲ ਗੋਲ ਜਿਹੇ ਢਿਲਕੇ ਢਿਲਕੇ
ਵੰਨੀ ਵੰਨੀ ਦੇ ਫੁਲਾਂ ਨਾਲ ਸ਼ੰਗਾਰੇ,
ਗਹਿਣਿਆਂ ਨਾਲ ਸ਼ੰਗਾਰੇ,
ਮਾਸ-ਸੁਗੰਧੀ-ਮੱਤੇ ਅਰਧ-ਨਗਨ ਤਨ
ਜਦ ਉਹ ਉਲੀਕ ਰਹੇ ਸਨ,
ਬੁਰਸ਼ਾਂ ਵਿਚ ਦੀ ਉਨ੍ਹਾਂ ਦੇ ਮਨ
ਤੁਰੇ ਨਾਰ ਦੇ ਨੇੜੇ ਨੇੜੇ,
ਆਦਿ ਜੁਗਾਦੀ ਸੁੰਦਰਤਾ ਦੇ ਵੇਹੜੇ ।

ਗੁਫਾ ਗੁਫਾ ਵਿਚ ਫੇਰੇ ਪਾਵਾਂ,
ਭਾਵੇਂ ਹਨੇਰਾ ਚਾਰ ਚੁਫੇਰੇ,
ਪਤਲਾ ਕਿਧਰੇ, ਗੂਹੜਾ ਕਿਧਰੇ,
ਬਲੇ ਮਸਾਲ
ਲਾਲੋ ਲਾਲ;
ਮੁੜ ਮੁੜ ਚਿੱਤਰ ਵੇਖੀ ਜਾਵਾਂ,
ਸੋਚੀ ਜਾਵਾਂ--

ਵਿਆਂਹਦੜ ਚਿੱਤਰਕਾਰਾਂ ਨੇ ਵੀ
ਤੱਕੀ ਨਾ ਹੋਸੀ
ਇਤਨੇ ਗਹੁ ਦੇ ਨਾਲ
ਅੰਗ ਸੰਗ ਰਹਿੰਦੀ ਨਾਰ ।
ਪਰ ਇਹ ਭਿਕਸ਼ੂ ਚਿੱਤਰਕਾਰ
ਜੱਗ ਤੋਂ ਰਹੇ ਨਿਆਰੇ,
ਹੰਝੂ ਉਨ੍ਹਾਂ ਦੇ ਸੁੱਕੇ ਸਾਰੇ,
ਐਪਰ ਮਨ ਉਨ੍ਹਾਂ ਭਿਕਸ਼ੂਆਂ ਦੇ ਵੀ
ਰਹਿ ਨਾ ਸਕੇ ਕੁਆਰੇ ।
ਕੀ ਜਾਦੂ ਇਹ, ਸਿਰਜਨਹਾਰ,
ਜਿਸ ਜਿਸ ਛੱਡੀ ਨਾਰ,
ਉਸੇ ਦੇ ਮਨ ਵਿਚਕਾਰ
ਆਣ ਵੱਸੀ ਇਹ ਰਾਜ-ਨਰਤਕੀ
ਕਰ ਸੋਲਾਂ ਸ਼ਿੰਗਾਰ ।

3. ਕੁੱਲੂ ਦਾ ਦੇਵਤਾ

ਕੁੱਲੂ ਦਾ ਮੈਂ ਦੇਵਤਾ,
ਮੁੱਢ-ਕਦੀਮੀ ਦੇਵਤਾ;
ਬੱਜਰ ਦੇਹੀ, ਜੁੱਗਾਂ ਜੁੱਗਾਂ ਤੋਂ
ਮੀਂਹ ਹਨੇਰੀ ਝੱਖੜਾਂ ਨਾਲ,
ਬਰਫ਼ਾਂ ਨਾਲ
ਆਢਾ ਲਾਈ ਖਲੋਤਾ ।

ਕੀ ਹੋਇਆ ਜੇ ਮੁਰਕੀਆਂ ਉਂਗਲਾਂ,
ਕੀ ਹੋਇਆ ਜੇ ਮੱਥੇ ਝੁਰੀਆਂ,
ਕੀ ਹੋਇਆ ਜੇ ਦਾਗ ਫਾਂਡੇ ਦੇ
ਦੇਹੀ ਉੱਤੇ ?

ਪਰ ਮੇਰਾ ਦਿਲ ਅਜੇ ਨਿਰੋਇਆ,
ਚੇਤਨ ਸਦਾ ਦਿਮਾਗ,
ਨੈਣ ਕਦੀ ਨਾ ਸੁੱਤੇ ।

ਕੀ ਹੋਇਆ ਜੇ ਹੁਨਾਂ ਕੁਸ਼ਾਨਾਂ,
ਮੁਗ਼ਲ ਪਠਾਣਾਂ,
ਚਤਰ ਫ਼ਰੰਗੀਆਂ
ਦੱਖਣੋਂ ਖਿਦਿਆ,
ਪੂਰਬੋਂ ਖਿਦਿਆ,
ਪੱਛਮੋਂ ਖਿਦਿਆ ?
ਪਰ ਹੈ ਮੈਨੂੰ ਯਾਦ ਅਜੇ ਵੀ
ਆਪਣਾ ਗੌਰਵ,
ਆਪਣੀ ਸ਼ਕਤੀ,
ਆਪਣੀ ਵਿੱਦਿਆ ।

ਨਾਲੇ ਹੈ ਪੂਰਾ ਵਿਸ਼ਵਾਸ--
ਫਿਰ ਖਿੰਡਾਂਗਾ,
ਫਿਰ ਫੈਲਾਂਗਾ;
ਪੂਰਬ ਪੱਛਮ,
ਉੱਤਰ ਦੱਖਣ,
ਨਭ ਪ੍ਰਿੱਥਵੀ ਪਾਤਾਲ ਤ੍ਰਿਲੋਕੀ
ਝੁਕਣਗੇ ਸਭ ਮੇਰੇ ਅੱਗੇ
ਖਾਣੀਆਂ ਚਾਰੇ,
ਰਵਿ ਸ਼ਸ਼ਿ ਤਾਰੇ,
ਬ੍ਰਹਿਮੰਡ ਸਾਰੇ ।

ਕੁੱਲੂ ਦਾ ਮੈਂ ਦੇਵਤਾ,
ਮੁੱਢ-ਕਦੀਮੀ ਦੇਵਤਾ ।

4. ਲਹਿਰੋ ਨੀ ਲਹਿਰੋ

ਲਹਿਰੋ ਨੀ ਲਹਿਰੋ,
ਰੰਗ ਰੰਗ ਰੰਗੀਓ,
ਕਿਰਨਾਂ ਤੇ ਬੈਠੀਓ,
ਕਿਲਕਿਲੀ ਪਾਂਦੀਓ,
ਕਿੱਧਰ ਨੂੰ ਜਾਂਦੀਓ ?

ਦੱਸੋ ਖਾਂ ਸੋਹਣੀਓਂ,
ਮਨਾਂ ਨੂੰ ਮੋਹਣੀਓਂ,
ਤੁਹਾਨੂੰ ਜੇ ਪਤਾ ਹੈ,
ਮੈਨੂੰ ਤੇ ਪਤਾ ਨਹੀਂ-
ਕਿਉਂ ਨਹੀਂ ਪੋਂਹਦੀਆਂ,
ਹਨੇਰੇ ਵਿਚ ਬੈਠੜੇ,
ਕੱਲਮ ਕੱਲੜੇ
ਪੁਰੀ ਦੇ ਦੇਵ ਨੂੰ ?
ਸਦੀਆਂ ਦੇ ਆਕੜੇ
ਪੱਥਰ ਦੇ ਕਾਨ੍ਹ ਨੂੰ
ਕਿਉਂ ਨਹੀਂ ਮੋਂਹਦੀਆਂ,
ਨੀ ਰੂਪ ਰੱਤੀਓ,
ਨੀ ਮਾਣ-ਮੱਤੀਓ,
ਸੌਲੀਓ ਗੋਪੀਓ ?

ਹਜ਼ਾਰਾਂ ਹੀ ਆਦਮੀ,
ਲੱਖਾਂ ਹੀ ਆਦਮੀ,
ਕਰੋੜਾਂ ਹੀ ਆਦਮੀ,
ਕਰਦੇ ਰਹੇ ਨੇ
ਦੇਵਤੇ ਦੀ ਪੂਜਾ,
ਪੁਰੀ ਦੇ ਪੁਰਾਣੇ
ਦੇਵਤੇ ਦੀ ਪੂਜਾ,
ਕਦੀ ਕੁਝ ਮੂੰਹੋਂ ਜੋ
ਬੋਲਿਆ ਨਾ ਚਾਲਿਆ ।

ਹੰਝੂ ਅਮੁੱਕ,
ਨਾਲੇ ਤਰਲੇ ਅਮੁੱਕ,
ਨਾਲੇ ਹਾਵੇ ਅਮੁੱਕ,
ਸਦੀਆਂ ਤੋਂ ਚਲੇ ਆਉਣ
ਦੇਵਤੇ ਦੇ ਪੈਰਾਂ ਤੇ--
ਓਵੇਂ ਹੀ ਲੋਕ ਪਰ
ਭੁੱਖੇ ਤੇ ਨੰਗੇ ਨੇ,
ਓਵੇਂ ਹੀ ਤੁਸੀਂ ਵੀ
ਦਿਨੇ ਰਾਤੀਂ ਬੇਕਰਾਰ ।

ਲਹਿਰੋ ਨੀ ਲਹਿਰੋ,
ਰੰਗ ਰੰਗ ਰੰਗੀਓ,
ਸੌਲੀਓ ਗੋਪੀਓ !

5. ਤਾਜ ਮਹਲ

ਮੇਰੇ ਮੋਢੇ ਤੇ ਸਿਰ ਰੱਖ ਕੇ
ਨਾਲ ਉਦਾਸੀ ਭਾਰੀ,
ਤਾਜ ਮਹਲ ਦੀ ਸੋਹਜ ਸੁੰਦਰਤਾ
ਕੀ ਤੱਕਨੀ ਏਂ, ਪਿਆਰੀ ?

ਇਸ ਵਿਚ ਸ਼ੱਕ ਨਾ ਭੋਰਾ ਜਿਤਨਾ
ਤਾਜ ਇਹ ਜੱਗ ਤੋਂ ਨਿਆਰਾ,
ਸ਼ਾਹ ਜਹਾਨ ਦੇ ਸੋਹਜ-ਸੁਆਦ ਵੱਲ
ਜੀਉਂਦਾ ਇਕ ਇਸ਼ਾਰਾ ।

ਕੀ ਸਮਝੇਂ ਮੁਮਤਾਜ਼ ਮਹਲ ਦਾ
ਨਿਰਾ ਪਿਆਰ ਸੀ ਕਾਫ਼ੀ,
ਜੇ ਨਾ ਹੁੰਦੀ ਸ਼ਾਹ ਜਹਾਨ ਨੇ
ਦੌਲਤ ਜੱਗ ਦੀ ਡਾਫੀ ?--

ਯਾ ਜੇ ਉਹਦੇ ਇਸ਼ਾਰੇ ਉੱਤੇ
ਜੱਗ ਦੇ ਲੋਕ ਨਾ ਚੱਲਦੇ
ਅਤੇ ਹਜ਼ਾਰਾਂ ਮਜ਼ਦੂਰਾਂ ਦੇ
ਹੱਡ ਮਿੱਟੀ ਨਾ ਰਲਦੇ ?

ਜਦ ਮਜ਼ਦੂਰ ਹਜ਼ਾਰਾਂ ਲੱਖਾਂ
ਵਹੁਟੀਆਂ ਨਾਲ ਰਲਾ ਕੇ
ਘਾਲ ਰਹੇ ਸਨ ਘਾਲਾਂ ਇਥੇ
ਪਾਣੀ ਲਹੂ ਬਣਾ ਕੇ--

ਭਾਵੇਂ ਦੁਨੀਆਂ ਨਹੀਂ ਜਾਣਦੀ
ਕਰ ਮੇਰੀ ਵਲ ਅੱਖਾਂ,
ਅਣ-ਲਿਖਿਆ ਇਤਿਹਾਸ ਪਿਆਰ ਦਾ
ਤੇਰੇ ਮੂਹਰੇ ਰੱਖਾਂ--

ਦੁਨੀਆਂ ਜਾਣੇ ਤਾਜ ਮਹਲ ਨੂੰ
ਸ਼ਾਹ ਜਹਾਨ ਬਣਵਾਇਆ
ਤੇ ਮੁਮਤਾਜ਼ ਮਹਲ ਦੇ ਮੂਹਰੇ
ਢੋਆ ਪਿਆਰ ਚੜ੍ਹਾਇਆ-

ਪਰ ਜਿਸ ਵੇਲੇ ਉਸਰ ਰਿਹਾ ਸੀ
ਜਾਦੂ ਇਹ ਹੁਸਨ ਦਾ,
ਹਰ ਮਜ਼ਦੂਰ ਬੱਝਾ ਹੋਇਆ ਸੀ
ਆਪਣੀ ਮਜ਼ਦੂਰਨ ਦਾ ।

ਇਹ ਤਾਂ ਅਮਰ ਪਿਆਰ ਦੀ ਰਚਨਾ,
ਭਾਵੇਂ ਕੋਈ ਗੁਸਾਈਂ,
ਹਰ ਇਕ ਮਰਦ ਵਲੋਂ ਇਹ ਢੋਆ
ਆਪਣੀ ਪਿਆਰੀ ਤਾਈਂ ।

ਲੱਖ ਹਜ਼ਾਰਾਂ ਪ੍ਰੀਤਾਂ ਦਾ ਹੈ
ਇਹ ਤਾਂ ਸਾਂਝਾ ਮੰਦਰ,
ਭਾਵੇਂ ਇਕੋ ਪ੍ਰੀਤ ਹੈ ਉਘੜੀ,
ਬਾਕੀ ਰਹੀਆਂ ਅੰਦਰ ।

ਤਾਂ ਮੇਰੇ ਮੋਢੀਂ ਸਿਰ ਰੱਖ ਕੇ
ਵਿਚ ਉਦਾਸੀ ਭਾਰੀ,
ਤਾਜ ਮਹਲ ਦੀ ਸੋਹਜ ਸੁੰਦਰਤਾ
ਕਿਉਂ ਤੱਕਨੀ ਏਂ, ਪਿਆਰੀ ?

6. ਮਤਾਂ ਹੰਝੂ ਰੋਵੇਂ ਰੱਤ ਵੇ

ਬਸ ਬਸ ਹੁਣ ਹੋਰ ਨਾ ਹਸ ਵੇ,
ਮਤਾਂ ਹੰਝੂ ਰੋਵੇਂ ਰੱਤ ਵੇ--

ਮੈਂ ਹੋੜ ਹੋੜ ਕੇ ਥੱਕੀ ਆਂ,
ਮੈਂ ਮੋੜ ਮੋੜ ਕੇ ਅੱਕੀ ਆਂ,
ਮੈਂ ਸੌ ਸੌ ਕੀਤੀਆਂ ਪੱਕੀਆਂ,
ਇਹ ਸਮਾਂ ਨਾ ਆਉਣਾ ਵੱਤ ਵੇ--
ਮਤਾਂ ਹੰਝੂ ਰੋਵੇਂ ਰੱਤ ਵੇ ।

ਤੈਨੂੰ ਚੜ੍ਹਿਆ ਸੱਜਰਾ ਲੋਰ ਵੇ,
ਤੂੰ ਹੋ ਗਿਆ ਹੋਰ ਦਾ ਹੋਰ ਵੇ,
ਕੋਈ ਨਵਾਂ ਮਚਾਵੇਂ ਸ਼ੋਰ ਵੇ,
ਨਹੀਂ ਚੰਗੀ ਇਤਨੀ ਅੱਤ ਵੇ--
ਮਤਾਂ ਹੰਝੂ ਰੋਵੇਂ ਰੱਤ ਵੇ ।

ਇਹ ਭਾਗ ਪੀਸਦੇ ਜਾਣ ਵੇ,
ਸਭ ਰੂਪ ਜੋਬਨ ਦੀ ਸ਼ਾਨ ਵੇ,
ਸੁਫ਼ਨੇ ਭੁਖ ਕਿਵੇਂ ਮਿਟਾਣ ਵੇ,
ਜੀਵਨ ਦੀ ਖੌਰ੍ਹੀ ਗਤ ਵੇ--
ਮਤਾਂ ਹੰਝੂ ਰੋਵੇਂ ਰੱਤ ਵੇ ।

ਬਸ ਬਸ ਹੁਣ ਹੋਰ ਨਾ ਹਸ ਵੇ,
ਮਤਾਂ ਹੰਝੂ ਰੋਵੇਂ ਰੱਤ ਵੇ ।

7. ਪੈਰ ਸਮੇਂ ਦੇ

ਕੌਣ ਬੰਨ੍ਹੇ ਨੀ ਅੱਜ ਪੈਰ ਸਮੇਂ ਦੇ ?

ਮਚਕੇ ਆਂਦਾ, ਉੱਡ ਕੇ ਜਾਂਦਾ,
ਬੱਦਲਾਂ ਦੀ ਛਾਂ ਵਾਂਗ ਵਿਹਾਂਦਾ,
ਕਿਸੇ ਚੀਜ਼ ਤੇ ਨਾ ਪਤਿਆਂਦਾ,
ਲਾਵੋ ਨੀ ਭਾਵੇਂ ਢੇਰ ਦੱਮੇ ਦੇ ।

ਮੂਲ ਨਾ ਠਹਿਰੇ ਇਹ ਪੰਛੀ ਹਵਾਈ,
ਫਾਹ ਨਾ ਸਕੇ ਇਸਨੂੰ ਕੋਈ ਵੀ ਫਾਹੀ,
ਦੇਂਦਾ ਇਹ ਪਹਿਲੇ ਸੁਖ ਦੀ ਰਾਈ,
ਢਾਵੇ ਨੀ ਫੇਰ ਪਹਾੜ ਗ਼ਮੇਂ ਦੇ ।

ਜਿਨ੍ਹੀਂ ਪੈਰੀਂ ਆਏ ਉਨ੍ਹੀਂ ਪਧਾਰੇ,
ਚੜ੍ਹੇ ਨਾ ਅਜੇ ਤਾਈਂ ਫ਼ਜਰੀ ਦੇ ਤਾਰੇ,
ਰਹਿ ਗਏ ਓਵੇਂ ਮੇਰੇ ਜਜ਼ਬੇ ਕੁਆਰੇ,
ਬਣ ਗਏ ਨੀ ਰਾਹੀ ਪੰਧ ਲੰਮੇ ਦੇ ।

ਕੌਣ ਬੰਨ੍ਹੇ ਨੀ ਅੱਜ ਪੈਰ ਸਮੇਂ ਦੇ ?

8. ਮੁਟਿਆਰਾਂ ਦਾ ਗੀਤ

ਆਉ ਨੀ ਆਉ, ਬੱਦਲਾਂ ਫੇਰੇ ਨੇ ਪਾਏ,
ਭਿੱਜੋ ਨੀ ਭਿੱਜੋ, ਅੰਬਰਾਂ ਮੀਂਹ ਨੇ ਵਰ੍ਹਾਏ,
ਵੱਸੋ ਨੀ ਵੱਸੋ, ਬਦਲੀਆਂ ਬਣ ਬਣ ਵੱਸੋ,
ਲੱਸੋ ਨੀ ਲੱਸੋ, ਬਿਜਲੀਆਂ ਬਣ ਬਣ ਲੱਸੋ ।
ਦੱਸੋ ਨੀ ਦੱਸੋ, ਭੇਦ ਦਿਲਾਂ ਵਾਲੇ ਦੱਸੋ,
ਨੱਚੋ ਨੀ ਨੱਚੋ, ਪਿਪਲਾਂ ਥੱਲੇ ਨੱਚੋ,
"ਖੱਸੋ ਨੀ ਖੱਸੋ, ਦਿਲ ਰਾਹੀਆਂ ਦੇ ਖੱਸੋ,"
ਪਾਵੋ ਨੀ ਪਾਵੋ, ਘੁੱਟ ਗਲਵੱਕੜੀਆਂ ਪਾਵੋ,
ਦੇਵੋ ਨੀ ਦੇਵੋ, ਦਿਲ ਤੇ 'ਇਕੋ' ਨੂੰ ਦੇਵੋ ।

9. ਅੱਖੀਆਂ ਵੇ

ਅੱਖੀਆਂ ਵੇ ਕੇਹੀਆਂ ਨਿਤ ਨਿਤ
ਰਹਿੰਦੀਆਂ ਗਿਲੀਆਂ !

ਦੀਵੇ ਬਲ ਕੇ ਬੁਝ ਗਏ ਸਾਰੇ,
ਮੁਕੀਆਂ ਖੁਸ਼ੀਆਂ, ਗ਼ਮੀ ਗੁਜ਼ਾਰੇ,
ਰੂਪ ਜੋਬਨ ਵੀ ਲਗਦੇ ਭਾਰੇ,
ਦਿਲ ਦੀਆਂ ਤਰਬਾਂ ਢਿਲੀਆਂ ।

ਹੋਂਦ-ਨਸ਼ੇ ਦੇ ਹੋਰ ਹੀ ਹੁਲਾਰੇ
ਸਾਰੇ ਹੀ ਤੇਰੇ ਸਿਰ ਤੋਂ ਵਾਰੇ,
ਪਰ ਤੈਂ ਨਿਤ ਨਿਤ ਲਾਏ ਲਾਰੇ,
ਗ਼ਮਾਂ ਦੁਖਾਂ ਨਾਲ ਹਿਲੀਆਂ ।

ਚਾਰ ਚੁਫ਼ੇਰੇ ਧਨ ਦੇ ਕਲਾਵੇ,
ਏਸ ਕਲਾਵੇ ਜੋ ਵੀ ਸਮਾਵੇ,
ਓਸ ਲਈ ਬੱਸ ਹਾਵੇ ਈ ਹਾਵੇ,
ਮਰਨ-ਝਨਾਂ ਵਿਚ ਠਿਲ੍ਹੀਆਂ ।

ਅੱਖੀਆਂ ਵੇ ਕੇਹੀਆਂ ਨਿਤ ਨਿਤ
ਰਹਿੰਦੀਆਂ ਗਿਲੀਆਂ !

10. ਮੇਰੀ ਨਾਜੋ ਨਾਰ

ਮੇਰੀ ਨਾਜੋ ਨਾਰ
ਨਹੀਂ ਕੋਈ ਹੀਰ,
ਨਾ ਮੈਂ ਹਾਂ ਰਾਂਝਾ,
ਫੇਰ ਵੀ ਸਾਡਾ ਪਿਆਰ
ਅਤੇ ਜੀਵਨ ਹੈ ਸਾਂਝਾ,
ਦੁਖ ਸੁਖ ਸਾਂਝਾ ।
ਇਸ਼ਕ-ਝਨਾਂ ਵਿਚ ਦੂਰ ਤੀਕਣਾ
ਲੰਮੀ ਤਾਰੀ,
ਕਾਸ਼ ਅਸੀਂ ਵੀ ਲਾ ਸਕਦੇ
ਤੇ ਧਾ ਗਲਵਕੜੀ ਪਾ ਸਕਦੇ,
ਹੇ ਪਿਆਰੀ !
ਕੀ ਬੁਲ੍ਹ ਸਚ ਮੁਚ ਹੀਰ ਦੇ
ਸਨ ਬਹੁਤੇ ਸੋਹਣੇ, ਕੂਲੇ, ਪਤਲੇ
ਮੇਰੀ ਨਾਜੋ ਦੇ ਬੁੱਲ੍ਹਾਂ ਕੋਲੋਂ ?
ਨਹੀਂ ਨਹੀਂ ਮੈਂ ਮੰਨ ਨਹੀਂ ਸਕਦਾ ।
ਮੈਂ ਹਾਂ ਰਾਹੀ, ਪੈਰੀਂ ਚੱਕਰ,
ਅਤਿ-ਲੰਮੀਆਂ ਵਾਟਾਂ ਦੇ ਸੱਦੇ
ਨਿਤ ਮੇਰਾ ਦਿਲ ਸੁਣਦਾ ਤੇ ਸਿਰ ਧੁਣਦਾ,
ਮੇਰੀ ਨਾਜੋ ਨਾਰ ਸਦਾ ਤੱਯਾਰ,
ਚਲੇ ਜਿਧਰ ਮੈਂ ਚਲਦਾ,
ਨਾ ਹਸ ਕੇ ਨਾ ਰੋ ਕੇ,
ਨੈਣਾਂ ਵਿਚ ਨੈਣ ਪ੍ਰੋ ਕੇ ।
ਕਦੀ ਕਦੀ ਭਾਵੇਂ ਉਹ ਥੱਕ ਕੇ,
ਨਿਤ ਲਮੇਰੇ ਸਫ਼ਰੋਂ ਅੱਕ ਕੇ
ਆਖੇ : ਮੈਂ ਨਹੀਂ ਜਾਣਾ !
ਵੇ ਕਿਉਂ ਕਰੇਂ ਧਿਙਾਣਾ ?
ਮੈਂ ਭੁੱਲੀ ਵਿਆਹ ਕਰਾ ਕੇ ਵੇ, ਮਨ ਪੱਛੋਤਾਣਾ ।
ਭਾਵੇਂ ਨੱਕ ਮੇਰੀ ਨਾਜੋ ਦਾ ਕੁਝ ਬੇਡੌਲਾ,
ਗਲ 'ਚੋਂ ਝਾਕੇ ਮੁਠ ਹੱਡੀਆਂ ਦੀ, ਨਖ ਸ਼ਿਖ ਹੌਲਾ,
ਬਾਕੀ ਵੀ ਮੂੰਹ-ਮੱਥਾ ਸਾਰਾ ਮਸਾਂ ਗੁਜ਼ਾਰਾ,
ਪਰ ਮੇਰਾ ਦਿਲ ਖਾਵੇ ਉਸ ਵਲ ਸਦਾ ਹੁਲਾਰਾ--
ਕਾਲੇ ਮਦ-ਮਾਤੇ ਨੈਣਾਂ ਵਲ,
ਕਾਲੇ ਲਿਟਿਆਲੇ ਵਾਲਾਂ ਵਲ ।

11. ਧਰਤੀ ਦੀਆਂ ਵਾਜਾਂ

ਆਉਂਦਾ ਪਿਆ ਦਿੱਸੇ ਕਹਿਰ ਕਹਿਰ,
ਹੁੰਦਾ ਜਾਏ ਨਿਰਾ ਜ਼ਹਿਰ ਜ਼ਹਿਰ;
ਲੱਖ ਹਜ਼ਾਰਾਂ
ਖਾ ਖਾ ਮਾਰਾਂ,
ਸਹਿ ਸਹਿ ਹਾਰਾਂ,
ਰੋਣ ਪਈਆਂ ਜਿੰਦੜੀ ਦੀਆਂ ਤਾਰਾਂ ।

ਇਹ ਕੀ ਜੀਵਨ ?--
ਭੁੱਖ ਭੁੱਖ ਭੁੱਖ,
ਇਹ ਕੀ ਜੀਵਨ ?--
ਦੁੱਖ ਦੁੱਖ ਦੁੱਖ,
ਬੰਦੇ ਮਰਦੇ ਝੁੱਖ ਝੁੱਖ ਝੁੱਖ,
ਇਹ ਕੀ ਜੀਵਨ ?--
ਨਿਰੀਆਂ ਪੀੜਾਂ,
ਬੇਹਦ ਸਦੀਆਂ ਦੀਆਂ ਨਪੀੜਾਂ,
ਫਟੇ ਫੱਟ ਮੁੜ ਕੀਕਣ ਸੀੜਾਂ ?

ਹਾਏ, ਬੇਹਿਸਾਬਾ ਕ੍ਰੋਧ !
ਹਾਏ, ਬੇਹਿਸਾਬ ਵਿਰੋਧ !
ਕਦ ਇਹ ਭੁੱਖ ਕੁੜੱਤਣ ਮੁਕਸੀ ?
ਜੰਗ ਹਮੇਸ਼ਾ ਦੀ ਇਹ ਚੁਕਸੀ ?
ਸੈਆਂ ਹਜ਼ਾਰਾਂ ਲੱਖ ਵਰ੍ਹਿਆਂ ਦੀ
ਉਮਰ ਤਾਂ ਇਸ ਦੀ ਹੋਸੀ !

ਮੁੜ ਮੁੜ ਜੋਧਿਆਂ ਭੜਥੂ ਪਾਇਆ,
ਕਹਿਰ ਮਚਾਇਆ,
ਜੁੜ ਜੁੜ ਟਕਰਾਈਆਂ ਤਲਵਾਰਾਂ,
ਮੁੜ ਮੁੜ ਸ਼ਕਤੀ ਦੇ ਪੌਂ ਬਾਰਾਂ,
ਮਾਰੂ ਨਾਦ ਗੂੰਜਦੇ ਮੁੜ ਮੁੜ,
ਕੁੱਦਣ ਮਾਵਾਂ ਦੇ ਪੁੱਤ ਜੁੜ ਜੁੜ,
ਢਹਿ ਪਏ ਮਾਵਾਂ ਦੇ ਪੁੱਤ ਮੁੜ ਤੁੜ !

ਡਾਢੇ ਨਟ ਖਟ ਸਿੰਘ ਸਿਆਣੇ--
ਰਣ ਦੇ ਰਾਣੇ,
ਲੜ ਲੜ ਹੋ ਗਏ ਲਹੂ ਲੁਹਾਨ,
ਮਿਟ ਗਈ ਦੇਸ ਦੇਸ ਦੀ ਸ਼ਾਨ,
ਮਿਟ ਗਈ ਕੌਮ ਕੌਮ ਦੀ ਆਨ;
ਸੂਰਜ ਚੜ੍ਹ ਕੇ ਲਹਿ ਗਿਆ,
"ਫੇਰ ਚੜ੍ਹਾਂਗਾ, ਨ੍ਹੇਰ ਹਰਾਂਗਾ",
ਭਾਵੇਂ ਮੁੜ ਮੁੜ ਕਹਿ ਗਿਆ ।

ਮੁੜ ਇਹ ਦੇਸ ਖੜੇ ਵੀ ਹੋਸਨ ?
ਰੁਕੇ ਹੋਏ ਦਰਿਆ ਵੀ ਵਗਸਨ ?
ਕਦ ਮੁੜ ਚੜ੍ਹਸੀ ਸੂਰਜ ਆਦਿ ਜੁਗਾਦੀ ?
ਕਦ ਵਸੇਗੀ ਮੁੜ ਇਹ ਵਾਦੀ ?
ਮੁਢ ਕਦੀਮੀ ਨਾਚ ਦੀ ਥਿਰਕਨ
ਭੰਗ ਹੋ ਗਈ,
ਮੁਢ ਕਦੀਮੀ ਗੀਤ ਦੀ ਤਾਨ
ਬੇਰੰਗ ਹੋ ਗਈ;
ਮੁੜ ਮੁੜ ਇਹ ਨਾਚੀ
ਪਈ ਛਿੱਥੀ ਹੋਵੇ,
ਅੱਖਾਂ ਵਿਚੋਂ ਰੱਤ ਪਈ ਚੋਵੇ ।

ਲੱਖਾਂ ਗ਼ਮਾਂ ਦੁੱਖਾਂ ਹੰਝੂਆਂ ਦਾ,
ਲੱਖ ਮਾਰਾਂ ਦਾ,
ਲੱਖ ਹਾਰਾਂ ਦਾ,
ਜੁੱਗਾਂ ਜੁੱਗਾਂ ਦੀਆਂ ਤਲਵਾਰਾਂ ਦਾ,
ਬੰਦੂਕਾਂ ਦਾ
ਤੇ ਨਿੱਕੀਆਂ ਵੱਡੀਆਂ ਤੋਪਾਂ ਦਾ,
ਨਾਲੇ ਇਸ ਜੁੱਗ ਦੇ ਬੰਬਾਂ ਦਾ,
ਸਬਮੇਰਾਈਨਾਂ, 'ਵਾਈ ਜਹਾਜ਼ਾਂ ਤੇ ਟੈਂਕਾਂ ਦਾ
ਮਰਨ ਪੀੜ ਵਿਚ ਦੋਹਰਾ ਹੁੰਦਾ ਇਤਿਹਾਸ
ਮਨ ਵਿਚ ਪਈ ਪ੍ਰੋਵਾਂ,
ਅੱਜ ਡੁਸਕ ਡੁਸਕ ਪਈ ਰੋਵਾਂ !

12. ਹਲਦੀ ਘਾਟ

(ਇਹ ਭੀਲਾਂ ਦੀ ਕੁੜੀ ਹਲਦੀ ਅਤੇ ਉਸਦੇ
ਪ੍ਰੇਮੀ ਸੁੰਦਰ ਦੀ ਪਿਆਰ ਕਹਾਣੀ ਹੈ । ਜਦੋਂ
ਸੁੰਦਰ ਹਲਦੀ ਨੂੰ ਉਧਾਲ ਕੇ ਲੈ ਗਿਆ ਤਾਂ
ਗਹਿਗੱਚ ਲੜਾਈ ਹੋਈ ਅਤੇ ਹਲਦੀ ਨੇ ਆਪਣੇ
ਪਿਉ ਭੀਮੇ ਦਾ ਕਤਲ ਕਰ ਦਿੱਤਾ । ਉਸ ਵੇਲੇ
ਦੀ ਹਤਿਆਰੀ ਹਲਦੀ ਨੂੰ ਅੱਜ ਲੋਕ ਦੇਵੀ ਵਾਂਗ
ਪੂਜਦੇ ਹਨ)

ਤਾਰਿਆਂ ਦੀ ਛਾਵੇਂ,
ਮੰਦਰ ਸਾਹਵੇਂ,
ਬਲਨ ਮਸਾਲਾਂ ਲਾਲੋ ਲਾਲ,
ਖੜੇ ਭੀਲ ਹਥਿਆਰ ਸੰਭਾਲ,
ਜਾਣੋ ਆਇਆ ਕੋਈ ਭੁਚਾਲ ।

ਭੀਲਾਂ ਦਾ ਬੁੱਢਾ ਸਰਦਾਰ
ਖੜਾ ਲਲਕਾਰੇ :
"ਮੇਰੀ ਧੀ ਨੂੰ ਹਰ ਲਿਆ
ਸੁੰਦਰ ਬਦਕਾਰੇ,
ਉਹ ਕਿਸ ਮਾਉਂ ਨੇ ਜੰਮਿਆ
ਸਾਡੀ ਅਣਖ ਵੰਗਾਰੇ !
ਅਜ ਸਿਰੀ ਓਸ ਦੀ ਫੇਹੀਏ
ਮੁਕ ਜਾਣ ਫੁੰਕਾਰੇ,
ਲਹੂ ਉਸ ਦੇ ਧਰਤੀ ਰੰਗੀਏ
ਅਜੇ ਹੋਣ ਮੁਨ੍ਹਾਰੇ,
ਅਸੀਂ ਘੱਤ ਵਹੀਰਾਂ ਲੜਾਂਗੇ
ਡੱਕ ਲਾਂਘੇ ਸਾਰੇ,
ਅਸੀਂ ਕਰੀਏ ਮਾਰ ਪਤਾਲ ਤਕ
ਅਤੇ ਵਿਨ੍ਹੀਏਂ ਤਾਰੇ,
ਅਸਾਂ ਬਾਜਾਂ ਤੋਂ ਕੀ ਬਚਣਾ
ਉਸ ਬੋਟ ਵਿਚਾਰੇ !"

ਭੀਲਾਂ ਦੇ ਘਰ ਧੀ ਅਜੇਹੀ
ਕਦੀ ਨਾ ਜੰਮੀ,
ਕਦੀ ਨਾ ਜੰਮਸੀ,
ਕੀ ਪਿੰਡ ਵਿਚ ਤੇ ਕੀ ਜੰਗਲ ਵਿਚ
ਹਲਦੀ ਦੀ ਬਹੁੰ ਧੁਮ ਪਈ ਸੀ--
ਮੂੰਹ ਮੱਕੀ ਦੀ ਰੋਟੀ ਵਰਗਾ
ਪੀਲਾ, ਗੋਲ ਤੇ ਮਹਿੰਗਾ,
ਅੱਖੀਆਂ ਲੰਮੀਆਂ ਚੀਰਵੀਆਂ
ਗੱਲਾਂ ਕਰਦੀਆਂ ਗੁਝੀਆਂ,
ਕਿਸੇ ਨਾ ਸੁਣੀਆਂ,
ਕਿਸੇ ਨਾ ਬੁਝੀਆਂ,
ਇਉਂ ਜਾਪਣ ਜਿਉਂ ਕਪਲਾ ਗਊਆਂ
ਮੁਰਲੀ ਦੀ ਲੈ ਤੇ ਝੂਮ ਰਹੀਆਂ !

ਸੁਆਦ ਸੁਆਦ ਸੀ ਤੁਰਦੀ ਫਿਰਦੀ
ਨੱਪੀ ਗੁੱਝਾ ਪਿਆਰ,
ਹੋਇਆ ਸੀ ਜੋ ਨਿਕਿਓਂ ਵੱਡਾ
ਧਾਨ ਦੇ ਬੂਟੇ ਹਾਰ,
ਚੰਗੀ ਤਰ੍ਹਾਂ ਸੀ ਚੇਤੇ ਉਸਨੂੰ
ਕਿਵੇਂ ਤੱਕੀ ਸੀ ਗਹੁ ਦੇ ਨਾਲ,
ਬਾਂਵਰੀਆਂ ਵਾਲੇ ਸੁੰਦਰ ਦੀ ਚੁਪ ਨੁਹਾਰ ।

ਜਦ ਸੁੰਦਰ ਦੇ ਨੇੜੇ ਢੁਕ ਕੇ
ਬੋਲ ਸੁਣੇ ਹਲਦੀ ਨੇ ਉਸਦੇ,
ਨਾਲੇ ਤੱਕੀ ਮਸ ਫੁਟਦੀ ਫੁਟਦੀ,
ਪ੍ਰੇਮ-ਨਸ਼ੇ ਵਿਚ ਗੁਟਦੀ ਗੁਟਦੀ,
ਕਰ ਲੀਤਾ ਸੂ ਕੌਲ ਕਰਾਰ,
ਦੇ ਦਿਤਾ ਸੂ ਪਿਆਰ,
ਦੇ ਦੇਵੇ ਜਿਉਂ ਕੋਈ ਕਿਸੇ ਨੂੰ
ਹਰੀ ਮੱਕੀ ਦੀ ਛੱਲੀ
ਯਾ ਨਵੇਂ ਧਾਨ ਦੀ ਬੱਲੀ ।

ਘਿਰ ਆਏ ਸ਼ਾਹ ਰਾਤ-ਹਨੇਰੇ
ਜਿਉਂ ਵਿਸ਼ਿਆਲਾ ਸੱਪ ਪਿਆ ਮੇਹਲੇ,
ਪੁਤ ਭੀਲਾਂ ਦੇ ਹਿੱਕਾਂ ਕਢ ਤਲਵਾਰੀਂ ਖੇਲੇ,
ਉਛਲ ਉਛਲ ਕੇ ਨੇਜ਼ੇ ਮੇਲੇ,
ਹਲਦੀ ਦਾ ਮਨ ਡੋਲਿਆ, ਡਰਿਆ, ਘਬਰਾਇਆ--
ਬਖ਼ਸ਼ੀਂ ਰੱਬਾ ਡਾਢਿਆ !
ਅਸਾਂ ਨਵਾਂ ਨਾ ਇਸ਼ਕ ਕਮਾਇਆ ।
ਸੁੰਦਰ ਲੜਿਆ ਜੱਮ ਕੇ, ਭੰਨੇ ਸੂ ਦੰਦੇ,
ਗੁੱਥਮ ਗੁੱਥਾ ਹੋ ਗਏ ਜਿਉਂ ਵਜਦੇ ਜੰਦੇ,
ਭੰਨ ਫੰਧੇ ਸੁੰਦਰ ਭੱਜਿਆ ਜਿਉਂ ਉਡਦੀ ਗੰਧ ਏ ।

ਘੋੜਾ ਸਰਪਟ ਭੱਜਿਆ
ਕਿਧਰੇ ਨਾ ਰੁਕਿਆ,
ਇਕ ਪਲ ਲਈ ਵੀ ਓਸ ਦਾ
ਮੁੜ੍ਹਕਾ ਨਾ ਸੁਕਿਆ,
ਕਾਲੇ ਕੋਹ ਕਈ ਝਾਗ ਕੇ
ਭੀਮ ਤਾਲ ਦੇ ਕੰਢੇ ਢੁਕਿਆ,
ਸੁੰਦਰ ਬੋਲਿਆ, "ਹਲਦੀਏ,
ਸਾਡਾ ਪੰਧ ਮੁਕਿਆ ।"
ਜਿਉਂ ਡੰਡੀਉਂ ਫੁੱਲ, ਉਸ ਜ਼ੀਨ ਤੋਂ
ਹਲਦੀ ਨੂੰ ਚੁਕਿਆ,
ਫਿਰ ਕੋਲ ਬਹਾ ਕੇ ਆਪਣੇ
ਨਿਹੁੰ ਦੱਸਿਆ ਲੁਕਿਆ,
ਨੈਣ ਚੁੰਮੇ ਤੇ ਹਥ ਦਬੇ
ਕੁਝ ਪਿੰਡਾ ਘੁਟਿਆ,
ਉਹਦੀਆਂ ਅੱਖਾਂ ਹੋਈਆਂ ਰੱਤੀਆਂ
ਤੇ ਬੁੱਲ੍ਹ ਕੰਬਿਆ, ਸੁਕਿਆ,
ਉਨ੍ਹਾਂ ਪਿਆਰ ਦਿਤਾ ਇਕ ਦੂਏ ਨੂੰ,
ਸਭ ਲੇਖਾ ਚੁਕਿਆ ।

ਪਲ ਪਲ ਕਰਕੇ ਮਲਕ ਮਲਕੜੇ
ਤਾਰਿਆਂ-ਭਿੰਨੀ ਰਾਤ ਵਿਹਾਈ,
ਊਸ਼ਾ ਨੇ ਲੀਤੀ ਅੰਗੜਾਈ,
ਬਿਰਛਾਂ ਨਾਲ ਸ਼ਿੰਗਾਰੀ ਧਰਤੀ ਬਹੁੰ ਮੁਸਕਾਈ
ਤੱਕ ਬਿਰਛਾਂ ਗਲ ਲੱਗੀਆਂ ਵੇਲਾਂ
ਹਲਦੀ ਬਹੁੰ ਮਸਤਾਈ ।

"ਦੱਸ ਸੁੰਦਰਾ, ਹੁਣ ਕੀ ਕਰਨਾ ਏ ?
ਕਿਧਰ ਨੂੰ ਤੁਰਨਾ ਏ ?
ਅੱਖੀਆਂ ਦੇ ਵਿਚ ਨੱਚਣ ਸੁਫ਼ਨੇ,
ਬੁੱਲ੍ਹੀਆਂ ਤੇ ਮਾਖਿਓਂ-ਮੁਸਕਾਨ,
ਪਤਾ ਨਹੀਂ ਇਹ ਕੇਹੀ ਖ਼ੁਸ਼ਬੋ,
ਪਤਾ ਨਹੀਂ ਇਹ ਕੇਹੀ ਕਨਸੋ,
ਰਹੀ ਮੇਰੇ ਦਿਲ ਨੂੰ ਮੁੜ ਮੁੜ ਛੋਹ !
ਚਲ ਕਿਸੇ ਸ਼ਹਿਰ ਵਲ ਮੂੰਹ ਕਰੀਏ,
ਮਜ਼ਦੂਰੀ ਕਰਕੇ ਢਿੱਡ ਭਰੀਏ ।"

ਘੜੀ ਘੜੀ ਕਰ ਰਾਤ ਗੁਜ਼ਰ ਗਈ,
ਦਿਨ ਚੜ੍ਹਿਆ ਧੁੰਦ-ਭਰਿਆ,
ਭੀਲਾਂ ਦੇ ਘਰ ਅੱਗ ਨਾ ਬੱਲੀ,
ਹਲਦੀ ਦੀ ਮਾਂ ਹੋ ਗਈ ਝੱਲੀ,
ਸੂਰਜ ਹੇਠ ਉਤਰਿਆ ।
ਇਕ ਦਿਨ, ਦੋ ਦਿਨ, ਤਿੰਨ ਦਿਨ ਲੰਘੇ,
ਰਾਤਾਂ ਵੀ ਦਿਨ ਵਰਗੀਆਂ ਲੰਘੀਆਂ,
ਹਾਂ, ਦਿਨ ਵਰਗੀਆਂ,
ਕੋਈ ਨਾ ਊਂਘਿਆ,
ਕੋਈ ਨਾ ਸੁਤਾ;
ਚੌਥੇ ਦਿਨ ਹਲਦੀ ਦੇ ਵੀਰੇ
ਪਰਤ ਆਏ ਸਿਰ ਸੁੱਟੀ,
ਹਲਦੀ ਦੇ ਚਾਚੇ ਵੀ ਪਰਤੇ ਬੁੱਲ੍ਹੀਆਂ ਘੁੱਟੀ,
ਪਰ ਹਲਦੀ ਦਾ ਬੁਢਾ ਪਿਉ--
ਅਣਖੀ, ਖੋਰੀ, ਖੂੰਨੀ ਦਿਉ,
ਅਜੇ ਨਾ ਮੁੜਿਆ ।
ਆਉਂਦੀਆਂ ਸੱਤ ਰਾਤਾਂ ਤੇ ਸੱਤ ਦਿਨ,
ਭੀਮੇ ਦੀ ਜੁਆਨੀ ਦੇ ਕਿੱਸੇ
ਭੀਲ ਭੀਲਣਾਂ ਗਿਣ ਗਿਣ ਜਦੋਂ ਲੰਘਾਏ,
ਹਲਦੀ ਨੂੰ ਘੋੜੇ ਤੇ ਸੁੱਟੀ
ਦਗੜ ਦਗੜ ਉਹ ਆਣ ਪਹੁੰਚਿਆ;
ਮੱਥਾ ਲਹੂ ਲੁਹਾਨ,
ਖੱਬੀ ਬਾਂਹ ਵੀ ਘਾਇਲ,
ਕੱਪੜੇ ਲੀਰੋ ਲੀਰ,
ਨਾਲ ਥਕੇਵੇਂ ਹੋਇਆ ਢੇਰੀ,
ਅਜੇ ਨਾ ਲੱਥੀ ਕਰੋਧ-ਹਨੇਰੀ ।

ਹਲਦੀ ਮੂਲ ਨਾ ਡੁਸਕੀ,
ਮੂਲ ਨਾ ਬੋਲੀ,
ਕੱਸ ਦਿਤੀਆਂ ਵੀਰਾਂ ਨੇ ਮੁਸ਼ਕਾਂ;
ਫਿਰ ਜਦ ਢੁਕ ਕੇ ਕੋਲ ਮਾਉਂ ਨੇ
ਆਖਿਆ, "ਫਿਟੇ ਈ ਮੂੰਹ ਹਲਦੀਏ !"
ਹਲਦੀ ਨੇ ਅੱਖ ਡੋਲ੍ਹੀ,
"ਹੁਣ ਕਿਉਂ ਰੋਨੀ ਏਂ ਕਮਜ਼ਾਤੇ !"
ਚਾਚੀ ਮਾਰੀ ਬੋਲੀ ।

ਸੈਂਕੜੇ ਈ ਭੀਲ,
ਹਜ਼ਾਰਾਂ ਈ ਭੀਲ,
ਹਲਦੀ ਨੂੰ ਸੱਪ ਵਾਂਗ ਰਹੇ ਨੇ ਕੀਲ :
"ਵੱਢੋ ਵੱਢੋ !"
"ਨਹੀਂ ਨਹੀਂ ਕੁਤਿਆਂ ਤੋਂ ਵਢਵਾਉ !"
"ਨਹੀਂ ਨਹੀਂ ਬਾਜ਼ਾਂ ਤੋਂ ਤੁੜਵਾਉ !"
"ਜਿਉਂਦੀ ਨੂੰ ਮਿੱਟੀ ਵਿਚ ਗੱਡੋ !"
ਫਿਰ ਇਕ ਕੰਜ ਕੁਆਰੀ ਬੋਲੀ,
ਦਯਾ ਖ਼ੌਫ਼ ਵਿਚ ਬੱਝੀ :
"ਛੱਡੋ ਛੱਡੋ !"
ਆਪੋਂ ਹਲਦੀ ਰਤਾ ਨਾ ਬੋਲੀ,
ਰਤਾ ਨਾ ਡੋਲੀ ।

ਅਣਖੀ ਭੀਮਾ ਬੋਲਿਆ :
"ਮੈਂ ਨਿਆਉਂ ਕਰਾਂਗਾ,
ਪਾਪ ਖ਼ਿਮਾ ਨਾ ਕਰਸਾਂ,
ਲਹੂ ਡੋਲ੍ਹਣੋਂ ਮੂਲ ਨਾ ਡਰਸਾਂ !"
ਸਭ ਭੀਲਾਂ ਨੇ ਭਰੀ ਹੁੰਗਾਰ--
ਸ਼ੇਰ ਭੀਮੇ ਦੀ ਜੈ ਜੈਕਾਰ !

ਬੋਲਿਆ ਇਕ ਜੁਆਨ,
ਰੱਖ ਤਲੀ ਤੇ ਜਾਨ :
"ਇਹ ਕੇਹਾ ਨਿਆਉਂ ਤੋਲੋ ?
ਭੋਰੇ ਦੇ ਵਿਚ ਭਾਵੇਂ ਸੁਟ ਦਿਓ,
ਲਹੂ ਨਾ ਇਸਦਾ ਡੋਲ੍ਹੋ !

ਭੀਮਾ ਬੋਲਿਆ, "ਗੱਲ ਸਿਆਣੀ,
ਇਕੋ ਸ਼ਰਤ ਤੇ ਮੰਨਾਂ,
ਫੜਿਆ ਜਾਏ ਜਦ ਉਹ ਬਦਮਾਸ਼,
ਸਾਰੀ ਪੰਚਾਇਤ ਦੇ ਸਾਹਵੇਂ,
ਫ਼ਜਰੀ ਦੇ ਤਾਰਿਆਂ ਦੀ ਛਾਵੇਂ,
ਦਿਲ ਉਸ ਦੀ ਛਾਤੀ 'ਚੋਂ ਕਢ ਕੇ
ਕੱਚਾ ਹੀ ਖਾ ਜਾਵੇਂ,
ਫਿਰ ਹਲਦੀ ਨੂੰ ਰਜ਼ਾ ਮੁਤਾਬਕ
ਵਰ ਲਏਂ ਸਭ ਦੇ ਸਾਹਵੇਂ ।"

ਸਿਆਲਾਂ ਦੀ ਪ੍ਰਭਾਤ ਸੁੰਗੜ ਕੇ
ਆਣ ਲਗੀ ਦੋਪਹਿਰਾਂ ਦੇ ਗਲ,
ਓਸੇ ਹੀ ਥਾਂ, ਓਸੇ ਹੀ ਪਲ,
ਕੋਈ ਆਉਂਦਾ ਦਿਸਿਆ ਨਵਾਂ ਭੁਚਾਲ,
ਸੁੰਦਰ ਆਇਆ ਸੱਠ ਮਿੱਤਰਾਂ ਨਾਲ,
ਹੱਥੋ ਹੱਥ ਲੜਾਈ,
ਭਾਈਆਂ ਨੇ ਵੱਢੇ ਸੂ ਭਾਈ,
ਧਰਤੀ ਪੁਤਾਂ ਦੇ ਲਹੂ ਦੀ ਇਤਨੀ ਤਿਰਹਾਈ,
ਸੁਣੀ ਨਾ ਕਦੀਓ,
ਡਿਠੀ ਨਾ ਕਦੀਓ,
ਤਲਵਾਰਾਂ ਟਕਰਾਈਆਂ ਮੁੜ ਮੁੜ,
ਭਾਲੇ ਲਿਸ਼ਕੇ ਜੁੜ ਜੁੜ,
ਭੀਲਾਂ ਦੇ ਪੁਤ ਡਿੱਗੇ ਮੁੜ ਤੁੜ !
ਅੱਗੇ ਓ ਅੱਗੇ ਵਧਿਆ ਸੁੰਦਰ
ਜਾ ਪੁਜਾ ਹਲਦੀ ਦੇ ਕੋਲ,
ਮੁਸ਼ਕਾਂ ਦਿਤੀਆਂ ਸੂ ਖੋਲ੍ਹ,
ਫਿਰ ਉਸਨੂੰ ਤਲਵਾਰ ਫੜਾਈ,
ਨੈਣ ਨੈਣਾਂ ਵਿਚ ਘੋਲ,
ਚੰਡੀ ਨੇ ਰੱਜ ਆਹੂ ਲਾਹੇ,
ਬਦਲੇ ਲੀਤੇ ਸੂ ਮਨਚਾਹੇ ।

ਪਿਆਰ ਜੇਡ ਖੁਦਗ਼ਰਜ਼ ਨਾ ਕੋਈ,
ਪਿਆਰਾ ਧੁਰੋਂ ਦਾ ਅੰਨ੍ਹਾਂ,
ਹੱਦ ਨਾ ਇਸਦਾ ਬੰਨਾ,
ਮੂੰਹ-ਜ਼ੋਰ ਨੇ ਇਸਦੀਆਂ ਜ਼ਿੱਦਾਂ,
ਪਤਾ ਨਾ ਲਗਦਾ ਕਿਓਂ ਤੇ ਕਿੱਦਾਂ,
ਦੋਜ਼ਖ ਜੰਨਤ
ਦੋਵੇਂ ਇਸ ਵਿਚ,
ਰੱਬ ਅਤੇ ਸ਼ੈਤਾਨ,
ਮਾਨੁਖ ਤੇ ਹੈਵਾਨ,
ਧਰਤੀ ਤੇ ਅਸਮਾਨ !

ਹਲਦੀ ਵੱਟ ਕਚੀਚ
ਭੀਮੇ ਵਲ ਵਧੀ,
ਇਕ ਬੁਢੇ ਤੇ ਥੱਕੇ ਹੋਏ
ਮਾਨੁਖ ਵਲ ਵਧੀ,
ਅਗਲੇ ਹੀ ਪਲ
ਪਿਉ ਭੀਮੇ ਮਾਨੁਖ ਦੁਸ਼ਮਨ ਦੀ
ਗਰਦਨ ਓਸ ਵੱਢੀ;
ਹਸਦੀ ਮੁੜੀ ਅਧੀ,
ਰੋਂਦੀ ਮੁੜੀ ਅਧੀ !

"ਕਦੀ ਨਾ ਫਿਕੇ ਪੈਸਨ ਪ੍ਰੀਤ-ਹੁਲਾਰੇ,
ਪੁੰਨ ਪਾਪ ਹੋ ਜਾਸਨ ਭਾਰੇ,
ਭਾਗ, ਖ਼ੁਦਾ, ਹੋਣੀ ਦੇ ਲਾਰੇ—"
ਆਖੇ ਹਲਦੀ, "ਸਭ ਸੁੰਦਰ ਤੋਂ ਵਾਰੇ !"

ਕਿਸੇ ਨਾ ਟੋਕੀ,
ਕਿਸੇ ਨਾ ਰੋਕੀ
ਹਲਦੀ ਦੀ ਤਲਵਾਰ,
ਮਾਤਾ ਉਸਦੀ ਬਹੁੰ ਕੁਰਲਾਈ :
"ਹਾਏ ਮੌਤ ਨੇ ਝਾੜੇ ਪੱਤੇ,
ਮੁੱਕੀ ਮੇਰੀ ਬਹਾਰ,
ਸੁਣਿਆ ਨਾ ਕਦੀਓ,
ਡਿੱਠਾ ਨਾ ਕਦੀਓ,
ਹੇ ਧਰਤੀ ਦੇ ਸਿਰਜਨਹਾਰ,
ਇਤਨਾ ਹਤਿਆਰਾ ਪਿਆਰ !"

ਨਾਰ ਦੇ ਪਿਆਰ ਦੀ ਜੈ ਜੈ ਕਾਰ,
ਹਿੰਸਾ ਅਤੇ ਅਹਿੰਸਾ ਦੋਵੇਂ,
ਵਾਰੋ ਵਾਰ,
ਭੂਤ ਕਾਲ ਤੇ ਵਰਤਮਾਨ
ਤੇ ਧੁਰ ਭਵਿਸ਼ ਵਿਚ--
ਚੁੰਮਦੀਆਂ ਰਹੀਆਂ, ਚੁੰਮ ਰਹੀਆਂ ਤੇ ਚੁੰਮਣਗੀਆਂ
ਪਿਆਰ ਭਰੀ ਤੀਵੀਂ ਦੇ ਪੈਰ,
ਕਿਉਂਕਿ ਤੀਵੀਂ ਦੇ ਵਿਚ ਆ ਕੇ
ਪਾਪ ਪੁੱਨ ਤੇ ਦੇਵ ਦੈਂਤ
ਤੇ ਹਿੰਸਾ ਅਤੇ ਅਹਿੰਸਾ ਤਾਈਂ
ਕੋਈ ਨਾ ਸਕੇ ਨਖੇੜ,
ਏਸੇ ਕਰਕੇ
ਝਾਗ ਨਦੀ ਦਾ ਚੌੜਾ ਪਾਟ,
ਲੋਕੀ ਪੁਜਣ ਹਲਦੀ ਘਾਟ,
ਦਿਨ ਤੇ ਰਾਤ ।

(ਇਸ ਰਚਨਾ 'ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ