Dehleez : Raj Uppal
ਦਹਿਲੀਜ਼ : ਰਾਜ ਉੱਪਲ
ਅਕਰੋਸ਼ ਹੈ
ਖ਼ਲਕਤ ਦੇ ਮੂੰਹ 'ਤੇ ਅਕਰੋਸ਼ ਹੈ। ਖ਼ਲਕਤ ਕਿਉਂ ਏਨੀ ਖ਼ਾਮੋਸ਼ ਹੈ। ਆਲਮ 'ਚ ਕਿੰਨਾ ਡਰ ਸਹਿਮ ਹੈ, ਆਲੀਜਾਹ ਰਹਿੰਦਾ ਮਦਹੋਸ਼ ਹੈ। ਕਰਮਾਂ ਮੁਜ਼ਰਿਮਾਂ ਦੇ 'ਚ ਤਖ਼ਤ ਹੈ, ਸੂਲ਼ੀ ਚੜ੍ਹ ਜਾਂਦਾ ਨਿਰਦੋਸ਼ ਹੈ। ਗਰਾਂ ਨੂੰ ਬੇਵਸਾਹੀ ਨਿਗਲਿਆ, ਹੋਇਆ ਅਮਨ ਵੀ ਰੂਹਪੋਸ਼ ਹੈ। ਸਿਪਾਹੀ ਕਿਸ ਲਈ ਇਹ ਚੌਕਸ ਨੇ, ਚਿਰਾਗ਼ ਜੇਕਰ ਘਰ ਦਾ ਬੇਹੋਸ਼ ਹੈ। ਬਾਜ਼ੀ ਚਿਰਾਗ਼ ਨੇ ਜਿੱਤ ਲਈ ਏ, ਹੋਇਆ ਪਰਵਾਨਾ ਬੇਹੋਸ਼ ਹੈ।
ਲੁਟੇਰੇ ਹੀ ਰਹਿ ਗਏ ਨੇ
ਕਾਲ਼ੇ ਚਿੱਟੇ ਚੋਰ ਲੁਟੇਰੇ ਹੀ ਰਹਿ ਗਏ ਨੇ। ਖ਼ਲਕਤ ਦੇ ਪੱਲੇ ਐਸੇ ਹਾਕਮ ਪੈ ਗਏ ਨੇ। ਕੌੜਾ ਬੋਲ, ਬੋਲ ਕੇ ਬਿਠਾਉਂਦੇ ਮਜ਼ਲੂਮਾਂ ਨੂੰ, ਸੱਚੇ ਬੰਦੇ ਝੂਠ ਅੱਗੇ ਝੁਕ ਬਹਿ ਗਏ ਨੇ। ਜ਼ਾਲਮ ਹਾਕਮ ਦੇ ਬੋਲ ਹੁੰਦੇ ਅੰਗਾਰ ਭਰੇ, ਗ਼ੁੱਸੇ ਦਾ ਸੇਕ ਕਈ ਫ਼ਰਿਆਦੀ ਸਹਿ ਗਏ ਨੇ। ਉੱਡਦੇ ਰਹੇ ਸੀ ਜੋ ਹਵਾ ਦੇ ਬੁੱਲਿਆਂ ਨਾਲ, ਉਹਨਾਂ ਦੇ ਇਹ ਹੌਂਸਲੇ ਕਿੰਝ ਢਹਿ ਗਏ ਨੇ। ਕਾਹਦਾ ਸ਼ਿਕਵਾ ਰਿਹਾ ਲੋਕਾਂ ਨੂੰ ਹੱਥ ਲਕੀਰਾਂ 'ਤੇ, ਵੀਜ਼ਾ ਵੋਟ ਦਾ ਆਪੇ ਖੋਹਾ ਕੇ ਬਹਿ ਗਏ ਨੇ।
ਰੱਖਦੇ ਨੇ ਲੋਕ
ਤੋੜ ਕੇ ਹੱਥ 'ਚ ਦੋਫਾੜੀਆਂ ਰੱਖਦੇ ਨੇ ਲੋਕ। ਹੁਣ ਕੈਸੀਆਂ ਰਿਸ਼ਤੇਦਾਰੀਆਂ ਰੱਖਦੇ ਨੇ ਲੋਕ। ਡਰ ਕੇ ਸ਼ੀਸ਼ੇ ਦੀਆਂ ਬਾਰੀਆਂ ਰੱਖਦੇ ਨੇ ਲੋਕ, ਪੱਥਰ ਨਾਲ ਬੇਵਜਾ ਯਾਰੀਆਂ ਰੱਖਦੇ ਨੇ ਲੋਕ। ਮੁੱਖ 'ਤੇ ਮੁਸਕਾਨਾਂ ਸੰਵਾਰੀਆਂ ਰੱਖਦੇ ਨੇ ਲੋਕ, ਦਿਲ 'ਚ ਨਫ਼ਰਤਾਂ ਖਿਲਾਰੀਆਂ ਰੱਖਦੇ ਨੇ ਲੋਕ। ਖ਼ਾਬ 'ਚ ਉੱਚੀਆਂ ਉਡਾਰੀਆਂ ਰੱਖਦੇ ਨੇ ਲੋਕ, ਪਰਾਂ 'ਚ ਪਰਵਾਜ਼ਾਂ ਉਧਾਰੀਆਂ ਰੱਖਦੇ ਨੇ ਲੋਕ। ਉਮਰ ਭਰ ਸੋਚਾਂ ਸਾਰੀਆਂ ਰੱਖਦੇ ਨੇ ਲੋਕ, ਨੀਝ ਦੀਆਂ ਐਨਕਾਂ ਭਾਰੀਆਂ ਰੱਖਦੇ ਦੇ ਲੋਕ।
ਖ਼ਾਹਿਸ਼ ਤਾਂ ਹੈ
ਮੰਜ਼ਿਲ ਹੈ ਅਜੇ ਦੂਰ ਪਰ ਕੋਸ਼ਿਸ਼ ਤਾਂ ਹੈ। ਚਿਰਾਗ ਬੁਝ ਰਹੇ ਨੇ ਪਰ ਆਤਿਸ਼ ਤਾਂ ਹੈ। ਸੱਧਰਾਂ ਪੁੱਗਣੀਆਂ ਅਜੇ ਨੇ ਬਾਕੀ, ਆਸ ਰੱਖਕੇ ਜਿਊਣ ਦੀ ਖ਼ਾਹਿਸ਼ ਤਾਂ ਹੈ। ਗਮਗ਼ੀਨ ਨਾ ਹੋ, ਉੱਠ ਕਰ ਸਰ ਮੁਕਾਮ, ਥੱਕੇ ਨੇ ਪੈਰ ਥਲਾਂ 'ਤੇ ਪਰ ਕੋਸ਼ਿਸ਼ ਤਾਂ ਹੈ। ਬੇਸ਼ਕ ਪਿਆਸ ਭਰੇ ਹੋਂਠ ਸੁੱਕਦੇ ਗਏ, ਦਰਿਆ ਨਾ ਸਹੀ, ਹੰਝ ਦੀ ਬਾਰਿਸ਼ ਤਾਂ ਹੈ। ਮੇਰੇ ਅੰਦਰਲੇ ਥਲ ਫ਼ਿਕਰ ਵੀ ਪੀ ਗਏ, ਸੱਧਰ ਉੱਗੇਗੀ ਕਦੇ ਕੋਸ਼ਿਸ਼ ਤਾਂ ਹੈ।
ਕਿਸ ਗੁਲਾਬ ਬਦਲੇ
ਕਿਸ ਰੰਗਤ ਬਦਲੀ, ਕਿਸ ਗੁਲਾਬ ਬਦਲੇ। ਮੈਂ ਖੜਾ ਹਾਂ, ਤੇਰੇ ਇਸ ਜਵਾਬ ਬਦਲੇ। ਝੀਲ ਨੈਣਾਂ 'ਚ ਖੜਾ ਹਿਜ਼ਰ ਦਾ ਨੀਰ, ਹੰਝੂ ਵਗਦੇ ਨੇ ਇਹ ਕਿਸ ਖ਼ਾਬ ਬਦਲੇ। ਦਰ ਸਫ਼ਿਆਂ ਦਾ, ਤੇ ਸਤਰਾਂ ਦਾ ਮਾਤਮ, ਇਸ ਹਰਫ਼ ਦਾ ਕਤਲ, ਕਿਸ ਕਿਤਾਬ ਬਦਲੇ। ਇਹ ਰੁੱਖ ਨੇ ਸੜਦੇ, ਪੰਛੀ ਨੇ ਡਰਦੇ, ਇਹ ਲਹੂ ਦੀ ਨਦੀ, ਕਿਸ ਝਨਾਬ ਬਦਲੇ। ਜੋ ਜੋਬਨ ਰੁੱਤੇ ਝੜੀਆਂ ਮੁਸਕਾਨਾਂ ਨੇ, ਇਸ ਮੁੱਖ ਦਾ ਨਜ਼ਾਰਾ ਕਿਸ ਸ਼ਬਾਬ ਬਦਲੇ। ਇਹ ਸ਼ੋਰ ਦਾ ਆਲਮ, ਚੀਖ ਦਾ ਜੰਗਲ, ਇਹ ਪੌਣ ਵਗੀ ਕਿਸ ਇਨਕਲਾਬ ਬਦਲੇ।
ਹਨ੍ਹੇਰਾ ਦੇ ਗਿਆ
ਰੌਸ਼ਨੀ ਦੇ ਦੌਰ 'ਚ ਕੋਈ ਹਨੇਰਾ ਦੇ ਗਿਆ। ਜੁਗਨੂੰ ਦੀਵਿਆਂ ਨੂੰ ਉਹੀ ਜੇਰਾ ਦੇ ਗਿਆ। ਹਨੇਰ ਦੇ ਅਕਸ 'ਚ ਮੇਰਾ ਸੂਰਜ ਮਿਟ ਗਿਆ, ਪਰਛਾਵਿਆਂ ਲਈ ਚਾਨਣ ਬਥੇਰਾ ਦੇ ਗਿਆ। ਸਰਦਲ ਮੇਰੀ 'ਤੇ ਕੋਈ ਬੇਵਕਤ ਧਰ ਗਿਆ ਔੜਾਂ, ਅਰਮਾਨ ਦਾ ਬੱਦਲ ਨੀਰ ਡੂੰਘੇਰਾ ਦੇ ਗਿਆ। ਛੇਕ ਕੇ ਫੁੱਲਾਂ ਨੂੰ, ਮਹਿਕਾਂ ਜ਼ਖ਼ਮੀ ਕਰ ਗਿਆ, ਰੁੱਤ ਚੋਰੀ ਕਰਨ ਵਾਲਾ ਕੋਈ ਲੁਟੇਰਾ ਦੇ ਗਿਆ। ਡਾਲ ਤੋਂ ਕਿਰ ਗਈਆਂ ਪੱਤੀਆਂ ਗੁਲਾਬ ਦੀਆਂ, ਝੱਖੜਾਂ ਨੂੰ ਕੌਣ ਇੰਨਾ ਅੱਜ ਜੇਰਾ ਦੇ ਗਿਆ।
ਜੜ੍ਹਾਂ ਤੋਂ ਹੀ
ਬੇਆਸਰੇ ਹੋਈ ਜਾ ਰਹੇ ਹਾਂ। ਜੜ੍ਹਾਂ ਤੋਂ ਹੀ ਟੁੱਟੀ ਜਾ ਰਹੇ ਹਾਂ। ਮਸਤਾਂ ਦੀ ਕੱਟਦੀ ਹੈ ਇਥੇ, ਹੋਛੇ ਜਿਹੇ ਹੋਈ ਜਾ ਰਹੇ ਹਾਂ। ਪੱਥਰ 'ਤੇ ਨਕਸ਼ ਹੁੰਦੇ ਸੀ ਕਦੇ, ਮਿੱਟੀ ਰੇਤ ਹੋਈ ਜਾ ਰਹੇ ਹਾਂ। ਬੇਚੈਨ ਛੱਲ ਹੁੰਦੇ ਸੀ ਕਦੇ, ਖ਼ਾਮੋਸ਼ ਪਾਣੀ ਹੋਈ ਜਾ ਰਹੇ ਹਾਂ। ਗਰਾਂ 'ਚ ਚਾਨਣ ਵਿਹੜਾ ਸੀ ਅਸੀਂ, ਕਾਲ ਕੋਠੜੀ ਹੋਈ ਜਾ ਰਹੇ ਹਾਂ।
ਤੋਲ ਗਿਆ
ਮਸੀਤੀਂ ਬਹਿ ਕੇ ਇਹ ਕੀ ਉਹ ਬੋਲ ਗਿਆ। ਤਸਬੀ ਫੜ੍ਹ ਦੁੱਖੜਾ ਕਿੰਝ ਫਰੋਲ ਗਿਆ। ਤੌਬਾ ਵੇਲ਼ੇ ਈਮਾਨ ਉਹਦਾ ਡੋਲ ਗਿਆ, ਅੱਲਾ ਕਹਿ ਕੇ ਕੁਫ਼ਰ ਕਾਹਨੂੰ ਤੋਲ ਗਿਆ। ਜਿਹੜੀ ਗੱਲ ਤਕਰਾਰ ਨੇ ਪੀਚਿਆ ਮੈਨੂੰ, ਉਹੀ ਬੋਲ ਦਿਲ ਦਰਵਾਜ਼ਾ ਖੋਲ੍ਹ ਗਿਆ। ਇਬਾਦਤ ਵੇਲ਼ੇ ਸ਼ਾਂਤ ਨਹੀਂ ਮਨ ਮੇਰਾ, ਅਜ਼ਾਨ ਵੇਲ਼ੇ ਮੈਂ ਕੁਫ਼ਰ ਤੋਲ ਗਿਆ। ਉਲਝਣਾਂ 'ਚ ਝੜ ਰਹੀ ਜ਼ਿੰਦਗੀ, ਸੁੱਖਾਂ ਦੇ ਪੱਤ ਪੈਰਾਂ 'ਚ ਰੋਲ ਗਿਆ।
ਬੇਬਸੀ
ਰੱਖੀ ਸੀ ਉਸਨੇ, ਸਰੇਆਮ ਦੁਸ਼ਮਣੀ। ਮੈਂ ਰੱਖੀ ਦੋਸਤੀ, ਸੀ ਮੇਰੀ ਬੇਬਸੀ। ਕਦੇ ਪਿਆਰ ਦੀ ਖਿੱਲਰੀ ਸੀ ਚਾਨਣੀ, ਜਿਸਮ, ਰੂਹ 'ਚ ਕਦੇ ਬੜੀ ਸੀ ਸਾਦਗੀ। ਲਤਾੜ ਰਿਹਾ ਵੇਲਾ, ਢਲ ਰਹੀ ਰਾਤ, ਏਸੇ ਤਰਾਂ ਮੁੱਕ ਜਾਣੀ ਹੈ ਜ਼ਿੰਦਗੀ। ਲੁੱਟ ਗਿਆ ਦਿਲ, ਹੌਲੇ ਹੋਏ ਅਰਮਾਨ, ਮੌਸਮ ਖ਼ੁਸ਼ਕ ਤੇ ਰੁੱਤ 'ਚ ਸੀ ਬੇਰੁਖ਼ੀ। ਸੜ ਗਿਆ ਮੈਂ ਵੀ ਅੰਦਰੋਂ ਰੂਹ ਤੀਕ, ਲੱਗੀ ਅੱਗ ਮੇਰੇ ਤੇ ਤੋਹਮਤ ਦੀ।
ਪੌਣਾਂ ਜ਼ਹਿਰੀਲੀਆਂ
ਵਗ ਰਹੀਆਂ ਫਿਰ ਤੋਂ ਪੌਣਾਂ ਜ਼ਹਿਰੀਲੀਆਂ। ਨਾਗਣਾਂ ਸਮੇਂ ਦੀਆਂ ਜਾਵਣ ਨਾ ਕੀਲੀਆਂ। ਉਗਮਦਾ ਹਾਲੇ ਕੋਈ ਸੂਰਜ ਨਾ ਅਮਨ ਦਾ, ਹਨੇਰ ਵੱਸ ਪਈਆਂ ਕਿਰਨਾਂ ਨਸ਼ੀਲੀਆਂ। ਮੌਸਮ ਨੇ ਜ਼ਰਦ ਤੇ ਹੁਸਨ ਜਮਾਲ ਵੀ, ਝੁਕੀਆਂ ਨਾ ਰਹੀਆਂ ਕਦੇ ਨਜ਼ਰਾਂ ਸ਼ਰਮੀਲੀਆਂ। ਕੋਈ ਗੱਲ ਨਾ ਕਰਦਾ ਚਮਨ 'ਚ ਬਹਾਰ ਦੀ, ਮਿਲਦੀਆਂ ਨਾ ਤਿਤਲੀਆਂ ਲਾਲ ਪੀਲੀਆਂ। ਰਿਹਾ ਇੱਥੇ ਅਦਬ ਨਾ ਇਹਤਰਾਮ ਰਿਹਾ ਕੋਈ, ਕਿਵੇਂ ਬੁਝਣਗੀਆਂ ਇਹ ਅੱਗ ਦੀਆਂ ਤੀਲੀਆਂ।
ਤੇਰੀ ਯਾਰੀ
ਹਰ ਗੱਲ 'ਤੇ ਸ਼ਿਕਵੇ, ਹਰ ਗੱਲ ਕਰਾਰੀ। ਕਿਵੇਂ ਰਾਸ ਆਵੇ ਸਾਨੂੰ ਤੇਰੀ ਯਾਰੀ। ਬੜੀ ਬੇਸਬਰੀ ਸੀ ਬੜੀ ਬੇਇਤਬਾਰੀ, ਕਿਵੇਂ ਰਾਸ ਆਵੇ ਸਾਨੂੰ ਤੇਰੀ ਯਾਰੀ। ਸਿਦਕ ਮੇਰੇ ਨੂੰ ਦਿੱਤੀਆਂ ਜਰਬਾਂ ਭਾਰੀ, ਕਿਵੇਂ ਰਾਸ ਆਵੇ ਸਾਨੂੰ ਤੇਰੀ ਯਾਰੀ। ਹੁਸਨ ਹਉਮੇ ਨੇ ਮੱਤ ਤੇਰੀ ਮਾਰੀ, ਕਿਵੇਂ ਰਾਸ ਆਵੇ ਸਾਨੂੰ ਤੇਰੀ ਯਾਰੀ। ਸੋਚ ਸੌੜੀ ਤੇਰੀ ਨੇ ਸੋਹਬਤ ਵਿਸਾਰੀ, ਕਿਵੇਂ ਰਾਸ ਆਵੇ ਸਾਨੂੰ ਤੇਰੀ ਯਾਰੀ।
ਮਸ਼ਹੂਰ ਹੋ ਗਿਆ
ਉਸਦੀ ਹਸਤੀ ਦਾ ਇਹ ਦਸਤੂਰ ਹੋ ਗਿਆ। ਕੋਲ ਦਿਲ 'ਚ ਰਹਿ ਕੇ ਕਿੰਨਾ ਦੂਰ ਹੋ ਗਿਆ। ਲਟਕੀ ਰਹਿਣੀ ਚਾਹੀਦੀ ਤਲਵਾਰ ਸਿਰ 'ਤੇ ਫ਼ੈਸਲਾ ਅਵਾਮ ਨੂੰ ਮਨਜ਼ੂਰ ਹੋ ਗਿਆ। ਜ਼ਿਕਰ ਉਸਦਾ ਹੁੰਦਾ ਰੋਜ਼ ਬਿਰਖਾਂ 'ਚ ਵੀ, ਰੁੱਤਾਂ ਵਿਚ ਉਹ ਕਿੰਨਾ ਮਸ਼ਹੂਰ ਹੋ ਗਿਆ। ਸੂਲ਼ੀ ਚੜ੍ਹ ਕੇ ਉਹ ਰੋਜ਼ ਉਤਰ ਜਾਂਦਾ ਸੀ, ਬੰਦਾ ਮਜ਼ਦੂਰ ਤੋਂ ਮਨਸੂਰ ਹੋ ਗਿਆ। ਮਿਲਦਾ ਸੀ ਪਰ ਅਜਨਬੀਆਂ ਦੇ ਵਾਂਗੂ, ਲੱਗਦਾ ਉਸਨੂੰ ਕੁਝ ਗ਼ਰੂਰ ਹੋ ਗਿਆ।
ਖਿੱਚੀਆਂ ਤਲਵਾਰਾਂ
ਪਾਣੀ 'ਤੇ ਖਿੱਚੀਆਂ ਤਲਵਾਰਾਂ ਛੱਲਾਂ ਫਰੋਲ ਕੇ। ਕਈ ਪੱਥਰ ਦਰਿਆ 'ਚ ਉਤਾਰੇ ਖੰਡਰ ਬੋਲ ਕੇ। ਚੀਖਿਆ ਸੀ ਜੰਗਲ ਅੱਗ ਦੇ ਭਾਂਬੜ ਵੇਖ ਕੇ, ਗਵਾਚੀ ਸੀ ਆਲ੍ਹਣਿਆਂ 'ਚੋਂ ਚਹਿਕ ਸੇਕ ਤੋਲ ਕੇ। ਜੇ ਲਿਸ਼ਕਦੇ ਅੱਥਰੂ ਨਾਲ ਪਾਰ ਹੋਵੇ ਜ਼ਿੰਦਗੀ, ਮੈਂ ਖ਼ਾਬ ਤਰਨ ਦੇਂਦਾ ਨੈਣਾਂ 'ਚ ਸਮੁੰਦਰ ਘੋਲ ਕੇ। ਇਜਾਜ਼ਤ ਕਦੋਂ ਮਿਲਦੀ ਹੈ ਸਕੂਨ ਨਾਲ ਮਰਨ ਦੀ, ਮਰਦੇ ਜਿਊਂਦੇ ਹਾਂ ਹਰਦਮ ਆਖ਼ਰੀ ਸਾਹ ਟਟੋਲ ਕੇ। ਸਹਿਮਤ ਨਹੀਂ ਕਦੇ ਹੋਇਆ ਮੈਂ ਤੇਜ਼ ਹਵਾਵਾਂ ਨਾਲ, ਭਾਵੇਂ ਪੌਣਾਂ ਗੁਜ਼ਰਦੀਆਂ ਫੁੱਲ ਕਲੀਆਂ ਨੂੰ ਫੋਲ ਕੇ।
ਸੰਗਮ ਨਹੀਂ ਹੁੰਦਾ
ਚੱਕਾ ਜ਼ਿੰਦਗੀ ਦਾ ਕਦੇ ਮੱਧਮ ਨਹੀਂ ਹੁੰਦਾ। ਹਿਜਰਤ ਦਾ ਕਾਫ਼ਲਾ ਹਰਦਮ ਨਹੀਂ ਹੁੰਦਾ। ਰੇਤ, ਪੱਥਰ ਨੂੰ ਨਾਲ ਲੈ ਤੁਰੀ ਇਹ ਨਦੀ, ਬਰਸਾਤ ਨਾਲ ਹਰ ਵੇਲੇ ਸੰਗਮ ਨਹੀਂ ਹੁੰਦਾ। ਟਹਿਣੀਆਂ ਨੂੰ ਇੰਝ ਝੰਜੋੜਿਆ ਨਾ ਕਰ, ਜੜ੍ਹਾਂ 'ਤੇ ਕਦੇ ਚੇਤਰ ਮੌਸਮ ਨਹੀਂ ਹੁੰਦਾ। ਲਪਟਾਂ ਦੇ ਵਿਹਲੇ ਅੰਗਾਰ ਪਏ ਝੁਲਸਦੇ, ਮੈਥੋਂ ਇੰਨੇ ਸ਼ੋਰ 'ਚ ਮਾਤਮ ਨਹੀਂ ਹੁੰਦਾ। ਉਦਾਸ ਪੌਣ ਬਿਰਖ ਨੂੰ ਲਗਾਤਾਰ ਸੁਣਾ ਰਹੀ, ਉਸਦਾ ਨਗ਼ਮਾ ਇਹ ਕਦੇ ਮੱਧਮ ਨਹੀਂ ਹੁੰਦਾ।
ਹੱਸਦਿਆਂ ਵੇਖ ਲਿਆ
ਹਨੇਰਿਆਂ ਨੂੰ ਨੱਸਦਿਆਂ ਵੇਖ ਲਿਆ। ਪੂਰਬ ਨੂੰ ਕੁੱਝ ਹੱਸਦਿਆਂ ਵੇਖ ਲਿਆ। ਅੰਬਰ ਨੀਲੇ ਦੇ ਵਰਕ 'ਤੇ ਪਹੁ ਵੇਲ਼ੇ, ਕਾਲਖ ਰਾਤ ਦੀ ਘਿੱਸਦਿਆਂ ਵੇਖ ਲਿਆ। ਸ਼ਾਖ਼ ਦੇ ਬੂਹੀਂ ਢੁੱਕੀ ਲੋਅ ਚੇਤਰ ਦੀ, ਫੁੱਲਾਂ ਦਾ ਮੁੱਖ ਹੱਸਦਿਆਂ ਵੇਖ ਲਿਆ। ਪੱਛਮੀ ਹਵਾਵਾਂ ਪਈਆਂ ਸ਼ੂਕਦੀਆਂ, ਬੱਦਲ ਨੂੰ ਗਰਜ ਕੱਸਦਿਆਂ ਵੇਖ ਲਿਆ। ਬੂਟਾ ਦਿਲ ਦਾ ਝੂੰਮੇ ਵਸਲ ਦੀ ਰੁੱਤੇ, ਸੱਜਣ ਮੰਨਦਾ, ਰੁੱਸਦਿਆਂ ਵੇਖ ਲਿਆ।
ਸਾਰੇ ਯਾਰਾਂ ਦੇ
ਸੋਹਣੇ ਲੇਖ ਛਾਪੇ ਅੱਜ ਕਈ ਅਖ਼ਬਾਰਾਂ ਨੇ। ਵੰਨਗੀ, ਕਾਵਿ ਅਸੀ ਪੜ੍ਹ ਲਏ ਸਾਰੇ ਯਾਰਾਂ ਦੇ। ਬੇਸ਼ੱਕ ਵੇਖਣ ਨੂੰ ਉਮਰਾਂ ਬੀਤ ਜਾਂਦੀਆਂ ਨੇ, ਵਿਰਲਾਪ ਸੁਣਦਾ ਕੌਣ ਬਿਰਖ 'ਤੇ ਬਹਾਰਾਂ ਦੇ। ਵਾਰਤਕ ਲਿਖੇ ਸੀ ਸੰਗਮਰਮਰ ਦੀਵਾਰਾਂ 'ਤੇ, ਅਣਫੋਲੇ ਰਹਿ ਗਏ ਕਈ ਵਰਕੇ ਕਿੱਸਾ ਕਾਰਾਂ ਦੇ। ਖ਼ੁਸ਼ਾਮਦ ਅੱਜ ਦੇ ਸਮੇਂ ਦੀ ਵੱਡੀ ਮਜਬੂਰੀ ਹੈ, ਰੱਖਦਾ ਕੌਣ ਯਾਦ ਕਿੱਸੇ ਖੰਡੇ ਧਾਰਾਂ ਦੇ। ਆਪਣੀ ਟੋਪੀ ਜੋ ਕਦੇ ਸਾਂਭਣੀ ਭੁੱਲ ਗਏ ਸੀ, ਪੱਗੜੀ, ਕੜਾ, ਕ੍ਰਿਪਾਨ ਸਿਰ ਮੰਗਣ ਸਰਦਾਰਾਂ ਦੇ। ਸੁਨਹਿਰੀ ਜਿਲਦ ਪਾਟ ਗਈ ਏਥੇ ਗ੍ਰੰਥਾਂ ਦੀ, ਗਿਆਨ ਰੁਲਿਆ ਰੱਦੀ 'ਚ ਸ਼ਹਿਰ ਗਵਾਰਾਂ ਦੇ।
ਇਲਜ਼ਾਮ
ਮੇਰੇ ਹੰਝੂ ਡਿੱਗ ਕੇ ਜਾਮ 'ਤੇ ਆ ਗਏ। ਮੇਰੇ ਅਲਫ਼ਾਜ਼ ਸਭ ਇਲਜ਼ਾਮ 'ਤੇ ਆ ਗਏ। ਹਾਉਕਾ ਸਮਝ ਕੇ ਲੁਕੋ ਲਿਆ ਦਿਲ 'ਚ ਮੈਂ, ਮੇਰੇ ਛੁਪੇ ਅਰਮਾਨ ਪੈਗ਼ਾਮ 'ਤੇ ਆ ਗਏ। ਜਗਦਾ-ਬੁਝਦਾ ਰਿਹਾ ਸੱਧਰਾਂ ਭਰਿਆ ਦਿਲ, ਸਰਗੀ ਦੇ ਪਲ ਆਖ਼ਰ ਸ਼ਾਮ 'ਤੇ ਆ ਗਏ। ਪੌਣ ਚੜ੍ਹੀ ਚੁੱਪ-ਚਾਪ ਨਦੀਆਂ ਤੋਂ ਲੈ ਨੀਰ, ਪਹਾੜਾਂ ਦੇ ਪਾਣੀ ਕੁਹਰਾਮ 'ਤੇ ਆ ਗਏ। ਟੁੱਟਾ ਦਿਲ ਵੀ, ਆਖ਼ਰ ਕੁੱਝ ਖਾਸ ਨਾ ਰਿਹਾ, ਡਿੱਗੇ ਹੰਝੂ ਨੈਣਾਂ ਦੇ ਆਮ 'ਤੇ ਆ ਗਏ।
ਜ਼ਰਾ ਸਮਝਣ ਤਾਂ ਦੇ
ਤੇਰੇ ਇਤਬਾਰ ਨੂੰ ਜ਼ਰਾ ਸਮਝਣ ਤਾਂ ਦੇ। ਤੇਰੇ ਇੰਤਜ਼ਾਰ ਨੂੰ ਜ਼ਰਾ ਪਰਖਣ ਤਾਂ ਦੇ। ਸਿਆਹ ਰਾਤ ਦੀ ਗਹਿਰੀ ਅੱਖ 'ਚ ਹੈ, ਲਾਲਗੀ ਭਰੀ ਸਵੇਰ ਨਿਕਲਣ ਤਾਂ ਦੇ। ਹੰਝੂ, ਝੱਖੜ ਵੀ ਨੇ ਚੇਤਰ ਰੁੱਤੇ ਬਹੁਤ, ਖ਼ੁਸ਼ਬੂ, ਰੰਗਾਂ ਨੂੰ ਜ਼ਰਾ ਬਿਖਰਣ ਤਾਂ ਦੇ। ਵੇਖ ਕੇ ਹਾਦਸੇ ਨੂੰ ਤੂੰ ਹੋ ਨਾ ਉਦਾਸ, ਖਾਮੋਸ਼ ਵਕਤ ਨੂੰ ਜ਼ਰਾ ਗੁਜ਼ਰਣ ਤਾਂ ਦੇ। ਡਿਗੇ ਫੁੱਲਾਂ ਦੀ ਗਾਥਾ ਕੀ ਰੁੱਤ ਲਿਖੇ, ਕਲਮਾਂ ਨੂੰ ਜ਼ਮੀਨ 'ਤੇ ਉੱਗਣ ਤਾਂ ਦੇ।
ਹਲਚਲ ਬਾਕੀ ਹੈ
ਮੱਧਮ ਅਜੇ ਅਰਮਾਨ ਨੇ ਪਰ ਫ਼ਿਕਰਾਂ ਦੀ ਹਲਚਲ ਬਾਕੀ ਹੈ। ਪੈਰਾਂ 'ਚ ਥਕਾਵਟ ਹੈ ਪਰ ਮੰਜ਼ਿਲ ਦੀ ਕਾਹਲ ਬਾਕੀ ਹੈ। ਮਾਤਮ, ਬੇਬਸੀ, ਰੁਦਨ ਤੇ ਗ਼ਮਾਂ ਦਾ ਥਲ ਅਜੇ ਬਾਕੀ ਹੈ, ਬੈਚੇਨ ਬੜੀ ਰੂਹ ਦੀ ਨਦੀ ਪਰ ਦਿਲ 'ਚ ਜਲਥਲ ਬਾਕੀ ਹੈ। ਪੱਥਰ ਨੇ, ਕੰਡੇ ਨੇ, ਤਿੱਖੀਆਂ ਧੁੱਪਾਂ ਦਾ ਚੁਫੇਰਾ ਬਾਕੀ ਹੈ, ਮੁਕਾਮ ਦੇ ਇਸ਼ਕ ਦੇ ਰਾਹ 'ਤੇ ਰੇਤਲਾ ਤਲ ਬਾਕੀ ਹੈ। ਸੁਰਾਂ ਭਰੀ ਗ਼ਜ਼ਲ ਬਾਕੀ ਏ, ਬਰਫ਼ੀਲਾ ਗੀਤ ਬਾਕੀ ਹੈ, ਚੇਤਰ ਦੀਆਂ ਟਹਿਣੀਆਂ 'ਤੇ ਪੁੰਗਰਦੀ ਕੋਂਪਲ ਬਾਕੀ ਹੈ। ਦੀਵੇ ਨੇ ਬੁਝ ਹੈ ਜਾਣਾ, ਪਰ ਹਵਾ ਦਾ ਵਿਸ਼ਵਾਸ ਬਾਕੀ ਹੈ, ਬੱਤੀ ਨਾਲ ਤੇਲ ਦਾ ਬਲ ਦੀਵੇ 'ਚ ਅਜੇ ਬਾਕੀ ਹੈ। ਨਿਕਲੇ ਸਾਂ ਖ਼ਾਬਾਂ ਦੇ ਰਾਹ ਮਿਲੇ ਝੀਲ, ਹੰਝੂ ਬਾਕੀ ਹੈ, ਪਾਰ ਹੋ ਗਏ ਨੇ ਸਭ ਨੈਣਾਂ ਦੀ ਦਲਦਲ ਬਾਕੀ ਹੈ।
ਤਾਂਘਾਂ ਰੱਖੀਆਂ ਨੇ
ਪਰਤਣਗੇ ਇੱਕ ਦਿਨ ਤਾਂਘਾਂ ਰੱਖੀਆਂ ਨੇ। ਵਿਛਾਈਆਂ ਅਸੀਂ ਰਾਹ 'ਚ ਅੱਖੀਆਂ ਨੇ। ਗੂੰਜਦੇ ਸੱਖਣੇ ਵਿਹੜੇ ਵੀ ਸੱਧਰਾਂ ਦੇ, ਗੱਲਾਂ ਕਰਨ ਇਹ ਚਿੜੀਆਂ ਸਖੀਆ ਨੇ। ਮਹਿਲੀਂ ਦਿਲ ਦੇ ਆਸਾਂ ਨਾ ਠਹਿਰਦੀਆਂ, ਸੋਚਾਂ ਵੀ ਕੁੱਝ ਅਜੇ ਥੱਕੀਆਂ ਨੇ। ਨੈਣ ਉਹਲੇ ਸੁਲਗੇ ਧੂਣੀ ਹਿਜਰਾਂ ਦੀ, ਯਾਦਾਂ ਖ਼ਾਬ 'ਚ ਬਹੁਤ ਪੱਥੀਆਂ ਨੇ। ਹੋਂਠਾਂ ਨਾਲ ਖਹਿ ਕੇ ਵਸਲ ਪੱਕੇ ਨਾ, ਹਾਸੇ ਤੇ ਆਹਾਂ ਕੁੱਝ ਕੱਚੀਆਂ ਨੇ।
ਨਿਗਾਵਾਂ ਨੇ
ਹਰ ਪਾਸੇ ਦੀਆਂ ਤੇਰੇ ਵੱਲ ਨਿਗਾਵਾਂ ਨੇ। ਮੁੱਖ ਤੇਰੇ 'ਤੇ ਮੁੱਕਦੀਆਂ ਸਭ ਰਾਹਵਾਂ ਨੇ। ਉੱਡਣ ਰੰਗ ਬਿਰੰਗੀਆਂ ਕਈ ਤਿਤਲੀਆਂ ਨੇ, ਮੁੱਖ ਤੇਰੇ ਤੋਂ ਆਵਣ ਮਹਿਕ ਹਵਾਵਾਂ ਨੇ, ਪਾਉਣ ਭੁਲੇਖੇ ਗਰਜਦੇ ਕਾਲੇ ਬੱਦਲ ਨੇ, ਮੁੱਖ ਤੇਰੇ ਡਿੱਗੀਆਂ ਜ਼ੁਲਫ਼ਾਂ ਜਾਂ ਘਟਾਵਾਂ ਨੇ। ਚੇਤ ਦੇ ਵਿਹੜੇ ਉੱਗੇ ਮਹਿਕੇ ਫੁੱਲ ਪੱਤੇ ਨੇ, ਮੁੱਖ ਤੇਰੇ 'ਤੇ ਹੁੰਦੀਆਂ ਜਿਵੇਂ ਛਾਵਾਂ ਨੇ। ਉੱਗੇ ਡਾਲੀ 'ਤੇ ਫੁੱਲ ਖਿੜ-ਖਿੜ ਹੱਸਦੇ ਨੇ, ਮੁੱਖ ਤੇਰੇ ਤੋਂ ਸਿੱਖੀਆਂ ਸ਼ੋਖ਼ ਅਦਾਵਾਂ ਨੇ।
ਤੇਰੇ ਬਾਝੋਂ
ਹੋਈਆਂ ਰਾਤਾਂ ਲੰਮੀਆਂ ਤੇਰੇ ਬਾਝੋਂ। ਗਈਆਂ ਰੁੱਤਾਂ ਥੰਮੀਆਂ ਤੇਰੇ ਬਾਝੋਂ। ਮਿਲੀਆਂ ਹਿਜ਼ਰ ਸੌਗਾਤਾਂ ਤੇਰੇ ਬਾਝੋਂ, ਰਹਿੰਦੀਆਂ ਅੱਖਾਂ ਨਮੀਆਂ ਤੇਰੇ ਬਾਝੋਂ। ਰਹਿੰਦੀਆਂ ਰਾਹਵਾਂ ਸੁੰਨੀਆਂ ਤੇਰੇ ਬਾਝੋਂ, ਪੈਂਦੀਆਂ ਪੈੜਾਂ ਲੰਮੀਆਂ ਤੇਰੇ ਬਾਝੋਂ। ਮਿਲੀਆਂ ਸਦਾ ਧੋਖੇਧੜੀਆਂ ਤੇਰੇ ਬਾਝੋਂ, ਹੋਈਆਂ ਬੜੀਆਂ ਕਮੀਆਂ ਤੇਰੇ ਬਾਝੋਂ। ਟੱਪਦੀਆਂ ਨਾ ਦੋ ਘੜੀਆਂ ਤੇਰੇ ਬਾਝੋਂ, ਭੁੱਲੀਆਂ ਖ਼ੁਸ਼ੀਆਂ ਗ਼ਮੀਆਂ ਤੇਰੇ ਬਾਝੋਂ।
ਚਾਵਾਂ ਦੀ ਜ਼ੰਜੀਰ
ਦੁੱਖਾਂ ਦੇ ਹੰਝੂਆਂ ਦੀ ਹੁੰਦੀ ਨਹੀਂ ਅਖ਼ੀਰ। ਭਾਵੇਂ ਸੁਪਨਿਆਂ 'ਚ ਸੀ ਯਾਦਾਂ ਦੀ ਤਸਵੀਰ। ਖ਼ੁਸ਼ੀਆਂ ਕਿੰਝ ਅੱਪੜਦੀਆਂ ਦਿਲ ਦਹਿਲੀਜ਼ ਤੀਕ, ਹਿਜਰਾਂ ਨੇ ਖਿੱਚ ਲਈ ਹੈ ਚਾਵਾਂ ਦੀ ਜ਼ੰਜੀਰ। ਬੁਝੇ ਚੇਹਰੇ ਨਾਲ ਅਸੀ ਘੁੰਮਿਆ ਸ਼ਹਿਰ ਤੇਰਾ, ਵੇਖਕੇ ਦੁੱਖ ਜੱਗ ਦਾ ਭੁੱਲ ਗਈ ਆਪਣੀ ਪੀੜ। ਚਿੱਟਾ ਥਲ ਵੇਖਕੇ ਵੱਧ ਗਈ ਮੇਰੀ ਪਿਆਸ, ਭਾਵੇਂ ਵਗੇ ਗੋਰੇ ਮੁੱਖ 'ਤੇ ਕੋਸਾ-ਕੋਸਾ ਨੀਰ। ਯਾਦਾਂ ਦਾ ਫੱਟ ਕਰ ਗਿਆ ਦਿਲ ਨੂੰ ਲੀਰੋ-ਲੀਰ, ਦਿਲ ਦੀ ਢਾਅ 'ਤੇ ਵੱਜੇ ਅਦਾਵਾਂ ਦੇ ਤੀਰ।
ਸ਼ੋਖ਼ ਅਦਾ
ਜ਼ਖ਼ਮੀ ਨਜ਼ਰ ਦੇਖੀ, ਸ਼ੋਖ਼ ਅਦਾ ਦੇਖੀ। ਕਿਵੇਂ ਬਿਆਂ ਕਰਾਂ ਮੈਂ ਦਿਲਰੁਬਾ ਦੇਖੀ। ਅੰਬਰ 'ਤੇ ਚੜੀ ਸਾਵਨ ਘਟਾ ਦੇਖੀ, ਬਹੁਰੰਗੀ ਅਕਸ ਵਾਲੀ ਮੈਂ ਹਵਾ ਦੇਖੀ। ਉੱਗੇ ਥਲ ਦੇਖੇ, ਪੱਥਰ ਝਨਾਂ ਦੇਖੀ, ਅਸੀ ਆਪਣੇ ਰਹਿਬਰ ਦੀ ਰਜ਼ਾ ਦੇਖੀ। ਸੂਰਜ ਡੁੱਬਦੇ ਦੀ, ਫੈਲੀ ਜਟਾ ਦੇਖੀ, ਨਦੀ ਸੜਦੀ ਤਲ ਤੋਂ, ਕੈਸੀ ਕਜ਼ਾ ਦੇਖੀ। ਡਰੀ ਹੋਈ ਮੈਂ ਬਿਖਰੀ ਫ਼ਿਜ਼ਾ ਦੇਖੀ, ਖ਼ਤਾ ਝੱਖੜ ਦੀ, ਗੁਲ ਨੂੰ ਸਜ਼ਾ ਦੇਖੀ।
ਫ਼ਿਕਰਾਂ ਕਰਕੇ
ਕੁੱਝ ਵਿਗੜੇ ਸਾਂ ਸੱਧਰਾਂ ਕਰਕੇ। ਕੁੱਝ ਸੁਧਰੇ ਹਾਂ ਉਮਰਾਂ ਕਰਕੇ। ਮਸਤ ਅਸੀਂ ਸਾਂ ਬਚਪਨੇ ਕਰਕੇ, ਰੋਜ਼ ਮਰ ਰਹੇ ਹਾਂ ਫ਼ਿਕਰਾਂ ਕਰਕੇ। ਹਰੇ ਸਾਂ ਚੇਤਰ ਦੇ ਹੁਸਨਾਂ ਕਰਕੇ, ਖ਼ੁਸ਼ਕ ਹੋਏ ਹਾਂ ਪੱਤਝੜਾਂ ਕਰਕੇ। ਖਿਲਰੇ ਸਾਂ ਤੇਜ਼ ਝੱਖੜਾਂ ਕਰਕੇ, ਖੜੇ ਹਾਂ ਆਪਣੀਆਂ ਜੜਾਂ ਕਰਕੇ। ਡਿੱਗੇ ਸਾਂ ਰਾਹ ਦੇ ਪੱਥਰਾਂ ਕਰਕੇ। ਸੰਭਲੇ ਹਾਂ ਮੰਜ਼ਿਲਾਂ ਸਰ ਕਰਕੇ, ਉੱਡੇ ਸਾਂ ਖੁੱਲ੍ਹੇ ਅੰਬਰਾਂ ਕਰਕੇ, ਬੈਠੇ ਹਾਂ ਹੁਣ ਕੁਤਰੇ ਪਰਾਂ ਕਰਕੇ।
ਗ਼ਮਾਂ ਦੀ ਕਬਰ
ਤੂੰ ਰੀਝ ਦਿਲ 'ਚ ਦਬ ਕੇ ਇੰਝ ਨਾ ਗੁਜ਼ਰ। ਨਮ ਕਰ ਅੱਖੀਆਂ ਇਕ ਖ਼ਾਬ ਗਿਆ ਮਰ। ਮਰ ਗਏ ਚਾਅ ਕਿੰਝ, ਪੁੱਛਣ ਸੱਭੇ ਲੋਕ, ਕਿਵੇਂ ਵਿਖਾਵਾਂ ਫਰੋਲ ਕੇ ਗ਼ਮਾਂ ਦੀ ਕਬਰ। ਹਰ ਕੋਈ ਸੜੇ ਫ਼ਿਕਰਾਂ 'ਚ ਇਥੇ ਉਮਰ ਭਰ, ਹੈ ਖ਼ਾਕ ਇਹ ਜ਼ਿੰਦਗੀ, ਤੂੰ ਜੀਅ ਬੇਫ਼ਿਕਰ। ਇਸ ਰੇਤ ਦੇ ਜਿਸਮ ਨੇ ਛੇਤੀ ਢਹਿ ਜਾਣਾ, ਭਰ ਉਮੰਗ ਦਿਲ 'ਚ, ਬਣ ਖਾਂ ਕੋਈ ਲਹਿਰ। ਤੇਗ਼ ਵਕਤ ਦੀ ਤੇਜ਼, ਸਹਿਮ ਵੀ ਕੁੱਝ ਪਾਲ, ਦਿਲ ਨੂੰ ਜ਼ਰਾ ਸਮਝਾ, ਰੱਖ ਥੋੜਾ ਸਬਰ।
ਨਿਸ ਦਿਨ
ਨਿਸ ਦਿਨ ਦੀਵੇ ਬਲਦੇ, ਹੁੰਦੈ ਬੜਾ ਹਨੇਰਾ। ਨਿਸ ਦਿਨ ਸੂਰਜ ਚੜ੍ਹੇ ਕਰਕੇ ਵੱਡਾ ਜੇਰਾ। ਨਿਸ ਦਿਨ ਕਈ ਬਿਜੜੇ ਬਣਾਉਣ ਘਰ ਬਸੇਰਾ, ਨਿਸ ਦਿਨ ਰੁੱਖੀਂ ਲਗਦਾ ਪੰਛੀਆਂ ਦਾ ਡੇਰਾ। ਨਿਸ ਦਿਨ ਵੱਧਦਾ ਧਰਤ 'ਤੇ ਧੁੱਪਾਂ ਦਾ ਘੇਰਾ, ਨਿਸ ਦਿਨ ਰਹੇ ਹਰ ਪਾਸੇ ਤਪਸ਼ ਦਾ ਖਲੇਰਾ। ਨਿਸ ਦਿਨ ਹਵਾ ਲੰਘੇ ਪਾ ਕੇ ਲੰਮਾ ਫੇਰਾ, ਨਿਸ ਦਿਨ ਵਗਦੇ ਬੁੱਲ੍ਹੇ ਦੇ ਕੇ ਕੋਈ ਗੇੜਾ। ਨਿਸ ਦਿਨ ਸੂਰਜ ਲਾਵੇ ਪੱਛਮ ਨੂੰ ਫੇਰਾ, ਨਿਸ ਦਿਨ ਹਾਲ਼ੀ ਉਡੀਕੇ ਤੜਕਸਾਰ ਸਵੇਰਾ।
ਮਹਿਕ ਭਰੀਆਂ ਹਵਾਵਾਂ
ਬਹੁਤ ਗੁਲ ਖਿੜੇ ਨੇ, ਬਹੁਤ ਲਿਖੀਆਂ ਨੇ ਕਵਿਤਾਵਾਂ। ਬਹੁਤ ਸਰ ਨੇ ਮੰਜ਼ਿਲਾਂ, ਬਹੁਤ ਭੁੱਲੀਆਂ ਨੇ ਰਾਹਵਾਂ। ਵੇਖੀਂ ਨਾ ਸੁਪਨਾ ਕੋਈ, ਕਰਕੇ ਚੋਰ ਨਿਗਾਹਵਾਂ, ਦਗ਼ਾ ਦੇ ਜਾਣਗੀਆਂ ਇਹ ਡੂੰਘੀਆਂ ਝਨਾਵਾਂ। ਯਾਦਾਂ ਦੇ ਬੁੱਲ੍ਹੇ, ਤਨਹਾਈਆਂ ਦਾ ਆਲਮ, ਚੁੱਭਦੀਆਂ ਪਈਆਂ, ਮਹਿਕ ਭਰੀਆਂ ਹਵਾਵਾਂ। ਸਫ਼ਰ ਸੀ ਲੰਮਾ, ਰਹਿ ਗਏ ਜ਼ਖ਼ਮਾਂ ਦੇ ਨਿਸ਼ਾਨ, ਕਾਫ਼ਲੇ ਨੂੰ ਮਿਲੀਆਂ ਨਹੀ ਸਿੱਧੀਆਂ ਰਾਹਵਾਂ। ਪਰਛਾਵਿਆਂ ਦੀ ਬੁੱਕਲ ਹੇਠਾਂ ਅਕਸ ਉਗਮਣਾ, ਸ਼ੀਸ਼ਿਆਂ 'ਤੇ ਉਕਰਨਾ ਚਿਹਰਿਆਂ ਦਾ ਸਿਰਨਾਵਾਂ।
ਹਰਦਮ
ਬੇਰੰਗ ਮੌਸਮ ਹਰਦਮ ਨਹੀਂ ਰਹਿੰਦਾ। ਚੇਤ ਦਾ ਆਲਮ ਹਰਦਮ ਨਹੀਂ ਰਹਿੰਦਾ। ਰਹਿਣੀ ਅਜੇ ਔੜ ਹੋਣੀ ਨਹੀਂ ਬਰਸਾਤ, ਖੁਸ਼ਕਵਾਰ ਮੌਸਮ ਹਰਦਮ ਨਹੀਂ ਰਹਿੰਦਾ। ਖ਼ਾਮੌਸ਼ ਜੰਗਲ ਨੂੰ ਪੌਣ ਨੇ ਸਤਾਇਆ ਏ, ਹਵਾ ਦਾ ਹਰ ਬੁੱਲ੍ਹਾ ਮੱਧਮ ਨਹੀਂ ਰਹਿੰਦਾ। ਧੁੱਪ ਦੀ ਚੁੰਨੀ ਲੈ ਢੁਕਿਆ ਦਹਿਲੀਜ਼ ਤੇ, ਵੇਖਕੇ ਸੂਰਜ ਨੂੰ ਆਦਮ ਨਹੀਂ ਰਹਿੰਦਾ। ਗ਼ਮਗੀਨ ਹੋ ਕੇ ਕਿਤੇ ਟੁਰ ਗਿਆ ਆਖ਼ਰ, ਮੇਰੇ ਦਿਲ ਦੁਵਾਰੇ ਗੌਤਮ ਨਹੀਂ ਰਹਿੰਦਾ।
ਜੇਰਾ ਰੱਖ
ਖ਼ਤ ਖ਼ਿਆਲ ਖ਼ਾਬ ਨੂੰ ਸੰਭਾਲਣ ਦਾ ਜੇਰਾ ਰੱਖ। ਗ਼ਮ ਦੀ ਰੁੱਤੇ ਯਾਦਾਂ ਨੂੰ ਪਾਲਣ ਦਾ ਜੇਰਾ ਰੱਖ। ਜੇ ਰੱਖੀਆਂ ਨੇ ਚਿਣਗਾਂ, ਸੋਚਾਂ ਅੰਬਰਾਂ 'ਤੇ, ਕੁੱਝ ਗਿਲੇ ਭਰੀ ਬਾਤ ਨੂੰ ਬਾਲਣ ਦਾ ਜੇਰਾ ਰੱਖ। ਅਜੇ ਨਿਤਰਿਆ ਨਹੀਂ ਅੰਬਰ ਧੁੰਦਾਂ ਤੋਂ ਬਾਅਦ, ਤਪਸ਼ ਮੱਠੀ ਨਾਲ ਸੀਤ ਗਾਲਣ ਦਾ ਜੇਰਾ ਰੱਖ। ਡੁੱਬਦੇ ਸੂਰਜ ਭੇਜ ਸੁਨੇਹਾ ਤਾਰਿਆਂ ਦੇ ਨਾਂ, ਹਨੇਰ ਭਰੀ ਰਾਤ ਨੂੰ ਉਬਾਲਣ ਦਾ ਜੇਰਾ ਰੱਖ। ਨਾ ਲੜਿਆ ਕਰ ਕਿਸੇ ਨਾਲ, ਸਬਰ ਸੰਤੋਖ ਕਰ, ਹਰ ਜੰਗ ਨੂੰ ਸੁਲਾਹ 'ਚ ਢਾਲਣ ਦਾ ਜੇਰਾ ਰੱਖ।
ਮਿਜ਼ਾਜ
ਮੌਸਮ ਬਦਲ ਰਿਹਾ, ਮਿਜ਼ਾਜ ਬਦਲ ਰਿਹਾ। ਪਲ-ਪਲ ਜਿਊਂਣ ਦਾ ਅੰਦਾਜ਼ ਬਦਲ ਰਿਹਾ। ਤੜਪ ਭੰਵਰਿਆਂ ਦੀ ਵੱਧਦੀ ਜਾ ਰਹੀ, ਡਾਲ ਦੇ ਸਿਰਾਂ ਦਾ ਤਾਜ ਬਦਲ ਰਿਹਾ। ਦਿਲਕਸ਼ ਨਜ਼ਰ 'ਚ ਦਰਦ ਉਮੜ ਰਿਹਾ, ਬੇਕਰਾਰੀ ਭਰਿਆ ਸਾਜ਼ ਬਦਲ ਰਿਹਾ। ਤੀਰ ਦੇ ਵਾਂਗ ਧੁੱਪਾਂ ਵੱਜਦੀਆਂ ਨੇ, ਛਾਂ ਲਈ ਨਿਸ਼ਾਨੇਬਾਜ਼ ਬਦਲ ਰਿਹਾ। ਪਰਾਂ ਦੇ ਵੇਖ ਹੌਂਸਲੇ ਉੱਡ ਰਿਹਾ ਮੈਂ, ਮੰਜ਼ਿਲ ਦੂਰ ਵੇਖ ਪਰਵਾਜ਼ ਬਦਲ ਰਿਹਾ।
ਦਸਤਾਰ
ਨੰਗੇ ਸਿਰ, ਹੁਣ ਸਜੀ ਦਸਤਾਰ ਸੀ। ਚੱਲੇ ਹਾਂ ਭਾਵੇਂ ਖੰਡੇ ਦੀ ਧਾਰ ਸੀ। ਜ਼ਾਲਿਮ ਮਿਲੇ ਇੱਥੇ ਮਰੀ ਜ਼ਮੀਰ ਨਾਲ, ਮੂੰਹ ਦੇ ਮਿੱਠੇ ਪਰ ਦਿਲ 'ਚ ਖ਼ਾਰ ਸੀ। ਗਾਥਾ ਲਿਖੀ ਉਸ ਮਾਂ ਦੇ ਸਿਦਕ ਦੀ, ਜਿਸਨੇ ਪਹਿਨੇ ਲਾਲਾਂ ਦੇ ਸਿਰ ਦੇ ਹਾਰ ਸੀ। ਖੋਪੜ ਸੀ ਟੰਗਿਆ ਬਰਛੀ ਦੇ ਉੱਤੇ, ਹੋਈ ਲਾਲ ਉਹਦੀ ਰੰਬੀ ਦੀ ਧਾਰ ਸੀ। ਆਰੇ ਦੀ ਦੰਦੀ ਨਾਲ ਰੱਤ ਚੋਇਆ ਸੀ, ਜਿਵੇਂ ਬੈਠੀ ਸਿਰਾਂ 'ਤੇ ਟੁਕਦੀ ਗਟਾਰ ਸੀ। ਔਖਾ ਸੀ ਜਿਊਂਣਾ ਇਸ ਮਾਹੌਲ ਅੰਦਰ, ਜਿੱਥੇ ਹਾਕਮ ਦੀ ਪੈਂਦੀ ਡਾਢ੍ਹੀ ਮਾਰ ਸੀ। ਚੱਲੀ ਫਿਰ ਪੌਣ ਦੇਗ, ਤੇਗ਼ ਫ਼ਤਹਿ ਦੀ, ਚਾਰੇ ਪਾਸੇ ਹੋਈ ਚੇਤ ਬਹਾਰ ਸੀ।
ਬੁਲਬੁਲਾ
ਹਰ ਕਤਰਾ ਲਿਸ਼ਕੇ ਹਰ ਕਿਣਕਾ ਫਿਸਲੇ, ਨਦੀ ਦੀ ਝੋਲ 'ਚ ਹਰ ਬੁਲਬੁਲਾ ਮਚਲੇ। ਹਰ ਤਾਰਾ ਝੁਲਸੇ, ਅੰਬਰਾਂ ਤੋਂ ਤੜਪੇ, ਹਰ ਚਿਣਗ ਵਾਗੂੰ, ਰਾਤੀ ਗ਼ਮ 'ਚ ਸੁਲਗੇ। ਹਰ ਸੀਨੇ 'ਚ ਕਦੇ-ਕਦੇ, ਇਸ਼ਕ ਦੀ ਸੂਲ ਖੁਭੇ, ਹਰ ਰੂਹ ਨੂੰ ਅੱਲੜ ਉਮਰੇ, ਹਿਜ਼ਰ ਦੀ ਛਮਕ ਵੱਜੇ। ਦਿਲ ਦੀ ਟਹਿਣੀ ਟੁੱਟੇ, ਹਰ ਕੋਂਪਲ ਚੋਂ ਲਹੂ ਵਗੇ, ਨਾ ਰੰਗ ਬਿਰੰਗੇ ਫੁੱਲ ਖਿੜੇ, ਨਾ ਚੇਤ ਦੀ ਰੀਝ ਫੁੱਟੇ। ਹਰ ਲਹਿਰ ਨਦੀ ਦੀ, ਕੁੱਝ ਬੋਲੇ, ਕੁੱਝ ਕਹੇ, ਹਰ ਛੱਲ ਨਾਲ ਹੀ, ਪੱਤਣ ਰਹਿਣ ਠਰੇ-ਠਰੇ।
ਸਿਕੰਦਰ ਹੋ ਤੁਰਿਆ
ਕਤਰਾ-ਕਤਰਾ ਹੀ ਸਹੀ ਸਾਗਰ ਹੋ ਤੁਰਿਆ। ਦਰਿਆ ਵੇਖੋ ਕਿਵੇਂ ਮੁਸਾਫ਼ਿਰ ਹੋ ਤੁਰਿਆ। ਅੰਬਰ ਦੀ ਝੋਲ 'ਚ ਦਿਨ ਰਾਤ ਉਗਦੇ, ਪਾਣੀ ਪੱਥਰਾਂ ਨਾਲ ਪੱਥਰ ਹੋ ਤੁਰਿਆ। ਭਾਵੇਂ ਡੀਕ ਗਈ ਰੇਤ ਮਹਿਫੂਜ਼ ਸੀ ਜਲ, ਫੁੱਟਿਆ ਜਦ ਵੀ ਉਹ ਬੇਘਰ ਹੋ ਤੁਰਿਆ। ਹਾਲਤ ਹੁਣ ਵੇਖਕੇ ਕੁਰਲਾਈ ਧਰਤ ਵੀ, ਆਖ਼ਰ ਰੋ-ਰੋ ਪਾਣੀ ਅੰਬਰ ਹੋ ਤੁਰਿਆ। ਆਰਜ਼ੂ ਸੀ ਮੇਰੀ ਕਿ ਸਿਜਦਾ ਕਰਾਂ ਉਸਨੂੰ, ਲਸ਼ਕਰ ਲੈ ਬਾਰਿਸ਼ 'ਚ ਸਿਕੰਦਰ ਹੋ ਤੁਰਿਆ।
ਜ਼ਿਕਰ ਕਰਿਆ ਕਰ
ਬੇਦਰਦ ਲੋਕਾਂ ਦਾ ਜ਼ਿਕਰ ਕਰਿਆ ਕਰ। ਉੱਜੜੇ ਬਾਗ਼ਾਂ ਦਾ ਜ਼ਿਕਰ ਕਰਿਆ ਕਰ। ਮਟਕੀ ਤਿੜਕੀ ਫਿਰ ਮੁਟਿਆਰ ਦੇ ਹੱਥੋਂ, ਛਲਕਦੇ ਨੀਰਾਂ ਦਾ ਜ਼ਿਕਰ ਕਰਿਆ ਕਰ। ਸਸਤੇ ਹੰਝੂ ਨੇ, ਸਸਤੇ ਨੇ ਲੋਕ ਏਥੇ, ਮਰੀਆਂ ਜ਼ਮੀਰਾਂ ਦਾ ਜ਼ਿਕਰ ਕਰਿਆ ਕਰ। ਗੂਹੜੇ ਹਨੇਰ 'ਚ ਨਿੱਤਰੇ ਤਾਰੇ ਨੇ, ਕੰਬਦੇ ਦੀਪਾਂ ਦਾ ਜ਼ਿਕਰ ਕਰਿਆ ਕਰ, ਉਲਝੀ ਜਿੰਦ ਨੂੰ ਹੋਰ ਹਾਦਸਾ ਨਹੀਂ, ਗੁਜ਼ਰੇ ਸਮਿਆਂ ਦਾ ਜ਼ਿਕਰ ਕਰਿਆ ਕਰ। ਪੜਝੜਾਂ, ਚੇਤ ਦੀ ਪਛਾਣ ਪੱਤਿਆਂ ਨੂੰ, ਬਦਲਦੇ ਮੌਸਮਾਂ ਦਾ ਜ਼ਿਕਰ ਕਰਿਆ ਕਰ।
ਜਾਣ ਨਾ ਸਕਿਆ
ਫ਼ਿਜ਼ਾ 'ਚ ਫੈਲੀ ਗਰਦ ਨੂੰ ਜਾਣ ਨਾ ਸਕਿਆ। ਹਵਾ ਦੇ ਵੇਗ ਨੂੰ ਬਿਰਖ ਪਛਾਣ ਨਾ ਸਕਿਆ। ਭਰੀ ਪਈ ਹੈ ਜ਼ਿੰਦਗੀ ਉਲਝਨਾਂ ਦੇ ਨਾਲ, ਪਲ ਦੋ ਪਲ ਖੇੜਿਆਂ ਨੂੰ ਛਾਣ ਨਾ ਸਕਿਆ। ਉੱਡ ਗਈ ਤਿਤਲੀ ਫੁੱਲਾਂ ਦੀ ਡਾਲ ਤੋਂ, ਰੰਗ ਚੇਤ ਦੇ ਪੂਰੇ ਕਦੇ ਮੈਂ ਮਾਣ ਨਾ ਸਕਿਆ। ਖੁਭ ਗਏ ਡੂੰਘੇ ਹਾਉਕੇ ਦਿਲ ਦੇ ਆਰ-ਪਾਰ, ਦਰਦ ਭਰਿਆ ਤਨਜ਼ ਮੈਂ ਜਾਣ ਨਾ ਸਕਿਆ। ਬੀਤ ਚੱਲੀ ਬੇਸਮਝ ਜ਼ਿੰਦਗੀ ਮੇਰੀ ਵੀ, ਸੱਚ ਪੁੱਛੀਂ ਮੈਂ ਕੁੱਝ ਵੀ ਜਾਣ ਨਾ ਸਕਿਆ।
ਗਾਲ਼ ਬੈਠਾ ਹਾਂ
ਦੋਸਤੀ ਦਾ ਭਰਮ ਮੈਂ ਪਾਲ਼ ਬੈਠਾ ਹਾਂ। ਆਪਣੇ ਕਈ ਰਾਜ਼ ਗਾਲ਼ ਬੈਠਾ ਹਾਂ। ਸਫ਼ਰ 'ਤੇ ਨਿਕਲਿਆ ਸੂਰਜ ਸੀ ਮੈਂ ਤੇ, ਸਵੇਰ ਨੂੰ ਸ਼ਾਮ 'ਚ ਢਾਲ਼ ਬੈਠਾ ਹਾਂ। ਤੜਪ ਦੀ ਚੀਖ ਨਿਕਲੀ ਸੀ ਦਿਲ ਚੋਂ, ਖ਼ਾਮੋਸ਼ੀ ਦਾ ਦੀਪ ਬਾਲ਼ ਬੈਠਾ ਹਾਂ। ਹਨੇਰੇ ਰਾਹ ਦੀ ਲੋਅ ਬਣ ਜਾਵਣ, ਬੜੇ ਜੁਗਨੂੰਆਂ ਨੂੰ ਪਾਲ਼ ਬੈਠਾ ਹਾਂ। ਬੇਬਸੀ ਦਾ ਪੱਥਰ ਹੁੰਦਾ ਨਾ ਯਾਰੀ 'ਚ, ਲਾਚਾਰੀ ਨੂੰ ਕਿਉਂ ਭਿਆਲ਼ ਬੈਠਾ ਹਾਂ।
ਅੰਦਾਜ਼ ਨਹੀਂ
ਜੁਗਨੂੰ ਹਾਂ ਕਿਸੇ ਸੂਰਜ ਦਾ ਇਤਰਾਜ਼ ਨਹੀਂ। ਮੇਰੀ ਲੋਅ ਵੀ ਕਿਸੇ ਦੀ ਮੁਹਤਾਜ਼ ਨਹੀਂ। ਤੜਪਿਆਂ ਹਾਂ ਰਾਤ ਨੂੰ ਰੁਸ਼ਨਾਉਂਦੇ ਹੋਏ, ਮੇਰੇ ਕੋਲ ਧੁੱਪਾਂ ਵਾਲਾ ਅੰਦਾਜ਼ ਨਹੀਂ। ਥਿੜਕਿਆ ਸੀ ਦਿਲ ਪਰ ਸੁਣਿਆ ਨਾ ਕਿਸੇ ਨੇ, ਮੇਰੇ ਟੁੱਟੇ ਦਿਲ ਦੀ ਆਵਾਜ਼ ਨਹੀਂ। ਪੌਣ ਜੋ ਵਗੀ ਉਡਾ ਕੇ ਪੱਤਿਆਂ ਨੂੰ, ਹਵਾ ਕੋਲ ਬਿਰਖ ਦਾ ਕੋਈ ਰਾਜ਼ ਨਹੀਂ। ਲੈ ਇਤਰ ਫੁੱਲ ਤੋਂ, ਕਿੱਥੇ ਬੈਠੀ ਤਿਤਲੀ, ਏਨੀ ਉੱਚੀ ਉਸਦੀ ਪਰਵਾਜ਼ ਨਹੀਂ।
ਕੁੱਝ ਪਾਸ ਹੋ ਕੇ
ਦੇ ਗਿਆ ਕੋਈ ਹਾਦਸਾ ਕੁੱਝ ਪਾਸ ਹੋ ਕੇ। ਹਰ ਸ਼ਾਮ ਮੇਰੀ ਲੰਘਦੀ ਕੁੱਝ ਖ਼ਾਸ ਹੋ ਕੇ। ਯਾਦ ਨਿੱਘੀ ਦੇ ਗਿਆ, ਨੈਣਾਂ ਦੇ ਵਿਹੜੇ, ਰੀਝ ਮੇਰੀ ਗਰਮਾ ਗਈ ਕੁੱਝ ਆਸ ਹੋ ਕੇ। ਚੜ੍ਹੇ ਸਨ ਚੇਹਰੇ 'ਤੇ ਨਕਾਬ ਜ਼ਹਿਰ ਦੇ, ਉਤਰ ਗਏ ਮੁੱਖੜੇ ਤੋਂ ਕੁੱਝ ਮਿਠਾਸ ਹੋ ਕੇ। ਬਿਰਖ ਦੇ ਗ਼ਮ ਹਨੇਰੇ 'ਚ ਦਿਸਣਗੇ ਕਿਵੇਂ, ਚਾਅ ਚੰਦ ਦਾ ਛੁਪਿਆ ਕੁੱਝ ਉਦਾਸ ਹੋ ਕੇ। ਜਿਸਮ ਮੇਰੇ ਦੀ ਸ਼ਾਖ਼ ਇੰਝ ਪੀਲੀ ਪੈ ਗਈ, ਝੜੀ ਇਹਦੀ ਕਲੀ ਪੁਰਾਣਾ ਲਿਬਾਸ ਹੋ ਕੇ।
ਬਹਾਰ ਰੱਖੀਂ
ਵਸਲ ਰੁੱਤ 'ਤੇ ਜ਼ਰਾ ਇਤਬਾਰ ਰੱਖੀਂ। ਖ਼ਾਮੋਸ਼ ਰਹਿ ਕੇ ਵਫ਼ਾ 'ਤੇ ਪਿਆਰ ਰੱਖੀਂ। ਇਸ਼ਕ ਦੀ ਖ਼ੁਮਾਰੀ 'ਚ ਹੋਂਠ ਸੁੱਕ ਗਏ, ਨੈਣ ਸਾਗਰ ਅੱਗੇ ਨਾ ਦੀਵਾਰ ਰੱਖੀਂ। ਸੱਜਰੇ ਫੁੱਲ ਖਿੜਨਗੇ ਸਭ ਦਿਲਾਂ ਅੰਦਰ, ਤੂੰ ਰਿਸ਼ਤਿਆਂ 'ਚ ਮਹਿਕ ਭਰੀ ਬਹਾਰ ਰੱਖੀਂ। ਰੂਹ ਦੇ ਕੰਢੇ ਭੋਰ ਕੇ ਸਿੰਜੀਂ ਦਿਲ ਨੂੰ, ਇਜ਼ਹਾਰ ਤੋਂ ਪਹਿਲਾਂ, ਤੂੰ ਪਿਆਰ ਰੱਖੀਂ। ਜ਼ਿਕਰ ਚੰਨ ਦਾ ਹੋਇਆ ਹੈ ਮਹਿਫ਼ਲ 'ਚ, ਦਸਤਕ ਦੇਣ ਲੱਗਿਆਂ ਬੁਰਕਾ ਉਤਾਰ ਰੱਖੀਂ।
ਘਟਾ ਬਣ ਕੇ
ਬੜੇ ਜ਼ਖ਼ਮ ਮਿਲੇ ਨੇ ਹਾਦਸਾ ਬਣ ਕੇ। ਬੜੇ ਦਰਦ ਉਭਰੇ ਨੇ ਘਟਾ ਬਣ ਕੇ। ਸੱਧਰਾਂ ਦਾ ਖ਼ਲਾਅ ਸੁੱਕ ਗਿਆ ਹੈ। ਹੰਝੂ ਵਗਦੇ ਨੇ ਮੇਘਲਾ ਬਣ ਕੇ। ਇਤਬਾਰ ਮੁੱਕਿਆ ਹੈ ਦਿਲਾਂ ਅੰਦਰੋਂ, ਗੱਲਾਂ ਉੱਠੀਆਂ ਨੇ ਫ਼ਲਸਫ਼ਾ ਬਣਾ ਕੇ। ਜੁੜੇ ਸਨ ਲੋਕ ਵਫ਼ਾ, ਕਸਮਾਂ ਦੇ ਨਾਲ, ਜੁਦਾ ਹੋਏ ਨੇ ਹੁਣ ਬੇਵਫ਼ਾ ਬਣ ਕੇ। ਹਰੇ ਟਾਹਣ ਨੂੰ ਮਾਰਦੀ ਔੜ, ਧੁੱਪ ਹੈ, ਨਦੀ ਤੁਰੀ ਥਲਾਂ 'ਤੇ ਹੌਂਸਲਾ ਬਣ ਕੇ।
ਰੋਜ਼ ਰਾਤਾਂ ਨੂੰ...
ਰੋਜ਼ ਰਾਤਾਂ ਨੂੰ ਰਹਿੰਦੇ ਠਰਦੇ। ਠੰਡੀਆਂ ਰੋਜ਼ ਹਵਾਵਾਂ ਜਰਦੇ। ਰੋਜ਼ ਅੰਬਰਾਂ ਨੂੰ ਪਏ ਝੱਸਦੇ, ਰੋਜ਼ ਚੰਨ 'ਤੇ ਤਨਜ਼ ਪਏ ਕੱਸਦੇ। ਰੋਜ਼ ਲੋਅ ਦੇ ਰਾਹ ਪਏ ਦੱਸਦੇ, ਰੋਜ਼ ਚੁੱਪ ਚੁਪੀਤੇ ਪਏ ਹੱਸਦੇ। ਰੋਜ਼ ਜੁਗਨੂੰ ਵਾਂਗ ਬੁੱਝਦੇ-ਜਗਦੇ, ਰੋਜ਼ ਧਰਤੀ ਵੱਲ ਨੂੰ ਪਏ ਭੱਜਦੇ। ਰੋਜ਼ ਇਹ ਤਾਰੇ ਡੁੱਬਦੇ ਚੜ੍ਹਦੇ, ਰੋਜ਼ ਅੰਬਰ ਦੀ ਕੁੱਖ 'ਚੋਂ ਝੜਦੇ।
ਕੁੱਝ ਮੁਹੱਬਤ
ਧੁੱਪਾਂ ਤੇ ਛਾਂਵਾਂ ਦਾ ਕਰਿਆ ਕਰੋ ਸਵਾਗਤ। ਤਾਜ਼ਗੀ ਭਰੀ ਖ਼ਿਜ਼ਾ ਬਖ਼ਸ਼ੇ ਸਭ ਨੂੰ ਤਾਕਤ। ਜ਼ਿੰਦਗੀ 'ਚ ਹੋਵਣ ਤਿਤਲੀਆਂ, ਖ਼ੁਸ਼ਬੂ ਫੁੱਲ ਵੀ, ਜੰਗਲ, ਪਰਬਤ ਤੇ ਬਿਰਖ਼ਾਂ ਦੀ ਪਾਓ ਕੁੱਝ ਆਦਤ। ਮੁਹੱਬਤ, ਥਲ, ਤਲ ਦਾ ਕੁੱਝ ਲਵੋ ਅਹਿਸਾਸ, ਰੱਖਿਆ ਕਰੋ ਮਿੱਟੀ, ਲਈ ਤੜਪ ਦੀ ਕੁੱਝ ਚਾਹਤ। ਝਾਂਜਰ, ਰੇਤ, ਪਿਆਸ ਸੁਲਘਾਉਂਦੇ ਨੇ ਅਰਮਾਨ, ਹਯਾਤੀ ਦੇ ਭੱਖਦੇ ਚਿਣਗ ਝੋਲ ਡਿੱਗਣ ਸਾਬਤ। ਇਤਬਾਰ ਦੇ ਮੌਸਮ ਵਫ਼ਾ ਦੀਆਂ ਕਣੀਆਂ, ਕਿਣਕਾ-ਕਿਣਕਾ ਛਾਣ ਲੈ ਇਸ 'ਚੋਂ ਕੁੱਝ ਮੁਹੱਬਤ।
ਲਫ਼ਜ਼ਾਂ ਦੀ ਜੰਜ਼ੀਰ
ਕੁੱਝ ਅੱਖ਼ਰ ਦਿਲਾਂ ਨੂੰ ਝੰਜੋੜਦੇ। ਕੁੱਝ ਜ਼ਿੰਦਗੀ 'ਚ ਗ਼ਮ ਨਿਚੋੜਦੇ। ਕੁੱਝ ਅੱਖ਼ਰ ਵੀ ਅਸੀਸ ਪਲੋਸਦੇ, ਕੁੱਝ ਹਰ ਵੇਲ਼ੇ ਜ਼ਿੰਦਗੀ ਨੂੰ ਕੋਸਦੇ। ਕੁੱਝ ਅੱਖ਼ਰ ਅੱਖਾਂ 'ਚੋਂ ਰੱਤ ਵਗਾਉਂਦੇ, ਸੁਪਨਿਆਂ ਨੂੰ ਸ਼ੋਖ਼ ਦਾਗ ਲਗਾਉਂਦੇ। ਕੁਝ ਅੱਖ਼ਰ ਅਰਮਾਨ ਦੱਬਦੇ, ਸ਼ਰਮ ਨਾਲ ਬੁੱਲ੍ਹੀਆਂ ਚੱਬਦੇ। ਕੁੱਝ ਅੱਖ਼ਰ ਰਾਹਵਾਂ 'ਚ ਵਿਛਦੇ, ਸੰਦਲੀ ਪੈੜਾਂ ਦੇ ਚਿੰਨ੍ਹ ਘਿਸਦੇ। ਕੁੱਝ ਅੱਖ਼ਰ ਤਨਜ਼ ਪਏ ਕੱਸਦੇ, ਕੁੱਝ ਅੰਦਰੋਂ ਅੰਦਰੀ ਪਏ ਹੱਸਦੇ। 588//ਦਿਹਲੀਜ਼ ਕੁੱਝ ਅੱਖ਼ਰ ਕੁੱਝ ਨਾ ਬੋਲਦੇ, ਬਸ ਦਿਲਾਂ ਦੇ ਵਰਕੇ ਫੋਲਦੇ। ਕੁੱਝ ਉੱਚੀਆਂ ਉੱਡਾਰੀਆਂ ਭਰਦੇ, ਕਿਸੇ ਮੰਮਟੀ 'ਤੇ ਜਾ ਠਹਿਰਦੇ। ਇਹ ਅੱਖ਼ਰ ਕੀ-ਕੀ ਕਰਦੇ, ਇਹ ਕਿਹੜੀ ਮੰਜ਼ਿਲ ਸਰ ਕਰਦੇ, ਇਹ ਕਿਹੜੀ ਮੰਜ਼ਿਲ ਸਰ ਕਰਦੇ।
ਯਾਦਾਂ 'ਚੋਂ ਨੱਸੇ
ਉਸਦੀ ਮਹਿਫ਼ਲ 'ਚ ਜਿੰਨੇ ਫ਼ਿਕਰੇ ਕੱਸੇ ਨੇ। ਹੌਲੀ ਜਿਹੀ ਉਸ ਦੀਆਂ ਯਾਦਾਂ 'ਚੋਂ ਨੱਸੇ ਨੇ। ਮੇਰੇ ਵਣਜ ਨੇ ਆਖ਼ਰ ਕਿੰਨਾ ਕੁ ਖੱਟਿਆ ਏ, ਮੇਰੇ ਦੀਦੇ ਵੀ ਮੇਰੇ 'ਤੇ ਖ਼ੂਬ ਹੱਸੇ ਨੇ। ਚਾਰ-ਚੁਫੇਰੇ ਰਸਤੇ ਨੇ ਬੱਸ ਗੁਰਬਤ ਦੇ, ਉੱਜੜ ਕੇ ਲੋਕੀਂ ਕਿਤੇ ਨਾ ਕਿਤੇ ਵੱਸੇ ਨੇ। ਵੰਡੇ ਅਸਾਂ ਬਿਰਖ਼ ਆਲ੍ਹਣੇ ਤੇ ਛਾਂਵਾਂ ਵੀ, ਬਟਵਾਰੇ ਵੇਲੇ 'ਮੇਰੇ ਨੇ' ਅਸੀਂ ਦੱਸੇ ਨੇ। ਸੋਚ ਸਮਝ ਕੇ ਉੱਤਰੀਂ ਦਿਲ ਦਰਿਆ 'ਚ ਰਾਜ, ਡੂੰਘੇ ਪਾਣੀਆਂ 'ਚ ਮਿਲਦੇ ਕਿੱਥੇ ਰੱਸੇ ਨੇ।
ਜ਼ਿਕਰ ਕਰਿਆ ਕਰ
ਕਦੇ ਧੁੱਪਾਂ ਦਾ ਕਦੇ ਹਨੇਰੇ ਦਾ ਜ਼ਿਕਰ ਕਰਿਆ ਕਰ। ਕਦੇ ਦੀਪਾਂ ਦਾ ਕਦੇ ਬਨੇਰੇ ਦਾ ਜ਼ਿਕਰ ਕਰਿਆ ਕਰ। ਕਦੇ ਪੱਥਰਾਂ ਦੇ ਬਣੇ ਚੁਬਾਰੇ ਦਾ ਜ਼ਿਕਰ ਕਰਿਆ ਕਰ, ਕਦੇ ਡੂੰਘੀ ਨਦੀ ਦੇ ਕਿਨਾਰੇ ਦਾ ਜ਼ਿਕਰ ਕਰਿਆ ਕਰ। ਕਦੇ ਡੁੱਬਦੇ ਨੂੰ ਤਾਰਨਹਾਰੇ ਦਾ ਜ਼ਿਕਰ ਕਰਿਆ ਕਰ, ਕਦੇ ਓਸ ਪਾਲਣਹਾਰੇ ਦਾ ਵੀ ਜ਼ਿਕਰ ਕਰਿਆ ਕਰ। ਕਦੇ ਹਵਾਵਾਂ ਦੇ ਹੂੰਗਾਰੇ ਦਾ ਜ਼ਿਕਰ ਕਰਿਆ ਕਰ, ਕਦੇ ਫੁੱਲਾਂ ਦੇ ਹਾਉਕੇ ਭਾਰੇ ਦਾ ਜ਼ਿਕਰ ਕਰਿਆ ਕਰ। ਕਦੇ ਪਹੁ-ਫੁਟਾਲੇ ਅੰਗਾਰੇ ਦਾ ਜ਼ਿਕਰ ਕਰਿਆ ਕਰ, ਕਦੇ ਚਮਕਦੇ ਚੰਨ, ਤਾਰੇ ਦਾ ਜ਼ਿਕਰ ਕਰਿਆ ਕਰ। ਕਦੇ ਝਾਂਜ਼ਰ ਦੇ ਪੁਆੜੇ ਦਾ ਜ਼ਿਕਰ ਕਰਿਆ ਕਰ, ਕਦੇ ਅੰਦਾਜ਼-ਬੇਮੁਹਾਰੇ ਦਾ ਜ਼ਿਕਰ ਕਰਿਆ ਕਰ। ਕਦੇ ਗਰਾਂ ਤੇ ਕੱਚੇ ਢਾਰੇ ਦਾ ਜ਼ਿਕਰ ਕਰਿਆ ਕਰ, ਕਦੇ ਤਖਤ ਹਜ਼ਾਰੇ ਦਾ ਵੀ ਜ਼ਿਕਰ ਕਰਿਆ ਕਰ।
ਤਿਤਲੀਆਂ ਦਾ ਦੇਸ਼
ਹਰ ਕਦਮ 'ਤੇ ਹੱਸਦੀ ਪਈ ਜ਼ਿੰਦਗੀ, ਹਰ ਕਦਮ 'ਤੇ ਢੁੱਕਦੀ ਪਈ ਗ਼ਮ ਖ਼ੁਸ਼ੀ। ਹਰ ਕਦਮ 'ਤੇ ਫੁੱਲ ਤੋਂ ਖ਼ੁਸ਼ਬੂ ਹੈ ਝੜੀ, ਹਰ ਕਦਮ 'ਤੇ ਗਾਉਂਦੀ ਪੌਣ ਹੈ ਮਿਲ਼ੀ। ਹਰ ਕਦਮ 'ਤੇ ਜਿਉਣ ਦੀ ਚਾਹਤ ਹੈ ਜਗੀ, ਹਰ ਕਦਮ ਨੇ ਮਿਲਦੇ ਇਥੇ ਆਪ ਕੁਦਰਤੀ। ਹਰ ਕਦਮ ਦੇ ਚਿੰਨਾਂ 'ਚ ਮਿਲੇ ਸਾਦਗੀ, ਹਰ ਕਦਮ ਦੀ ਟੁੱਟੇ ਇਥੇ ਹਿੰਮਤ ਨਾ ਕਦੀ। ਹਰ ਕਦਮ 'ਤੇ ਮਿਲੇ ਉਮੰਗ ਕੋਈ ਖੜ੍ਹੀ, ਹਰ ਕਦਮ 'ਤੇ ਮਿਲੇ ਮੁਸ਼ਕਿਲ ਨਾ ਓਪਰੀ। ਹਰ ਕਦਮ 'ਤੇ ਇਤਰ ਲਈ ਪੌੜੀ ਹਾਂ ਚੜ੍ਹੀ, ਹਰ ਕਦਮ 'ਤੇ ਮੇਰੀ ਉਮੀਦ ਕਦੇ ਨਾ ਮਰੀ।
ਤੌਬਾ
ਤੇਰੀ ਕਿਆਮਤ ਤੌਬਾ, ਮੇਰੀ ਰਹਿਮਤ ਤੌਬਾ। ਫ਼ਿਜ਼ਾ ਦੇ ਹਰ ਕਣ ਲਈ ਤੇਰੀ ਮੁਹੱਬਤ ਤੌਬਾ। ਹਵਾ, ਧੁੱਪ, ਰੌਸ਼ਨੀ, ਖ਼ੁਸ਼ਬੂ ਦਾ ਖ਼ਲਾਅ ਤੌਬਾ, ਬਣੀ ਇਸ ਸ੍ਰਿਸ਼ਟੀ ਦੀ, ਤੇਰੀ ਮੁਹਾਰਤ ਤੌਬਾ। ਤੇਰੇ ਦੀਦਾਰ ਲਈ ਵਿਲਕ, ਵਿਆਕੁਲ ਤੌਬਾ, ਤੇਰੀ ਮੋਮ ਦੇ ਬੁੱਤਾਂ ਦੇ ਲਈ ਅਕੀਦਤ ਤੌਬਾ। ਮਹਿਮਾ ਤੇਰੀ ਗਾਵੇ ਨਿਰਮਲ ਜਲ ਤੌਬਾ, ਪੱਥਰ ਦੀ ਵਲਗਣ ਸੰਗ ਤੇਰੀ ਸੋਹਬਤ ਤੌਬਾ। ਤਿਤਲੀ ਦੀ ਤੜਪ ਤੌਬਾ, ਫੁੱਲ ਦਾ ਖਿੜਨਾ ਤੋਬਾ, ਬਿਰਖਾਂ ਤੋਂ ਬੀਜ ਦੀ ਲਈ ਤੇਰੀ ਰਹਿਮਤ ਤੌਬਾ।
ਇਤਬਾਰ ਕੀ ਕਰਾਂ
ਇਤਬਾਰ ਕੀ ਕਰਾਂ ਮੈਂ ਚਿੱਟੇ ਪਰਾਂ 'ਤੇ। ਰਹਿੰਦੇ ਬੈਠੇ ਜਿਹੜੇ ਮੰਮਟੀ ਦਰਾਂ 'ਤੇ। ਹੌਂਸਲੇ ਰੱਖਦੇ ਸਨ ਲੰਮੀ ਉਡਾਰੀ 'ਤੇ, ਚੁਗਦੇ ਰਹਿੰਦੇ ਨੇ ਕਿਉਂ ਛੱਤ ਘਰਾਂ 'ਤੇ। ਸੁੱਚੇ ਮੋਤੀ ਖਾਣੇ ਛੱਡ ਦਿੱਤੇ ਹੰਸਾਂ ਨੇ, ਹੰਝੂ ਤਰਦੇ ਵੇਖ ਤੇਰੇ ਨੈਣ ਸਾਗਰਾਂ 'ਤੇ। ਸੋਚਦਾ ਹਾਂ ਲਿਖਾਂ ਮੈਂ ਗੀਤ ਪੰਛੀਆਂ ਦੇ, ਬੈਠੇ ਖਾਂ ਡਾਰ ਕੋਈ ਮੇਰੇ ਅੱਖਰਾਂ 'ਤੇ। ਮੇਰੇ ਦਿਲ ਦੇ ਮਹਿਲ ਬੀਰਾਨ ਰਹਿੰਦੇ ਨੇ, ਰੌਣਕ ਪਰਤਦੀ ਨਾ ਇਹਨਾਂ ਖੰਡਰਾਂ 'ਤੇ।
ਤੋਹਮਤ ਲਾ ਗਿਆ
ਦਿਲ ਦੇ ਸ਼ੀਸ਼ੇ ਤੇ ਕੋਈ ਤੋਹਮਤ ਲਾ ਗਿਆ। ਨਵੇਂ ਚਿਹਰੇ ਵੇਖ ਕੇ ਪੁਰਾਣੇ ਭੁਲਾ ਗਿਆ। ਬੇਬਸੀ, ਮਾਯੂਸੀ ਢਲੀ ਨਾ ਰਾਤ ਭਰ, ਕੌਣ ਸ਼ਿਕਨਾਂ ਦੀ ਕਾਲਖ ਅੰਦਰ ਲਾ ਗਿਆ। ਚੜ੍ਹਿਆ ਸੀ ਜੋ ਚਾਨਣ ਅੰਬਰਾਂ ਤੋਂ ਵੀ ਪਾਰ, ਹਨੇਰਾ ਚੁੱਪ-ਚੁਪੀਤੇ ਮੇਰਾ ਸੂਰਜ ਖਾ ਗਿਆ। ਛੁਪਾ ਲੈਦਾ ਮੈਂ ਵੀ ਕੁੱਝ ਰੰਗ ਹਕੀਕਤ ਦੇ, ਤਿੜਕ ਕੇ ਸ਼ੀਸ਼ਾ ਮੇਰੇ ਅਕਸ ਨੂੰ ਢਾਅ ਲਾ ਗਿਆ। ਸ਼ਾਖ਼ 'ਤੇ ਬਹਿ ਉਕਾਬ ਗੁਲ ਮਧੋਲ ਰਹੀ, ਸੂਹਾ ਪੱਤਰ ਕੋਈ ਪੌਣਾਂ ਨੂੰ ਰੁਲਾ ਗਿਆ।
ਹਾਲਾਤ ਖ਼ਰਾਬ
ਅਮਨ, ਕਾਨੂੰਨ ਵਾਲੀ ਫਟ ਗਈ ਕਿਤਾਬ ਸੀ। ਏਸ ਕਰਕੇ ਸ਼ਹਿਰਾਂ ਦੇ ਹਾਲਾਤ ਖ਼ਰਾਬ ਸੀ। ਬਾਗ ਨੂੰ ਸਿੰਜਦੀਆਂ ਰੱਤ ਦੀਆਂ ਤਤੀਰੀਆਂ, ਗੁਲਾਂ ਨੂੰ ਤੋੜ ਨੋਚਦੀ ਡਾਰ ਉਕਾਬ ਸੀ। ਡਰਨ ਭੌਰੇ ਫੁੱਲਾਂ ਤੇ ਫੇਰਾ ਪਾਉਣ ਨੂੰ, ਰੱਤ 'ਚ ਲਥਪਥ ਰਹਿੰਦੀ ਡਾਲ ਗੁਲਾਬ ਸੀ। ਸੂਲ਼, ਕੰਡੇ ਚੇਤ ਰੁੱਤੇ ਉੱਗਣ ਰੋਸ 'ਚ, ਬਾਗ਼ ਨੂੰ ਬਹਾਰ ਦਾ ਇਹ ਕਰਾਰਾ ਜਵਾਬ ਸੀ। ਡਾਰ ਬਣ ਬਣ ਬਹਿੰਦੇ ਨਾ ਹੁਣ ਕਾਗ ਚਿੜੀਆਂ, ਪੜ੍ਹੀ ਜਿੰਨਾਂ ਹਾਲਾਤ ਦੀ ਮੋਟੀ ਕਿਤਾਬ ਸੀ।
ਭਿਆਲ ਰੱਖੋਗੇ
ਦਿਲਾਂ 'ਚ ਜੇ ਗਿਲੇ ਦੇ ਭਿਆਲ ਰੱਖੋਗੇ। ਮੋਹ ਨੂੰ ਫਿਰ ਕਿੰਨਾ ਕੁ ਸੰਭਾਲ ਰੱਖੋਗੇ। ਤੇਜ਼ ਖ਼ੰਜਰ ਬਣ ਜਾਂਦੀ ਹੈ ਸ਼ਿਕਾਇਤ ਸੁਣਨ ਲੱਗਿਆਂ ਫਿਰ ਕਿਹੜੀ ਢਾਲ ਰੱਖੋਗੇ। ਪਾਸ ਨਫ਼ਰਤ ਦੇ ਲਾਂਬੂ ਹੋਣਗੇ ਬਥੇਰੇ, ਬਲ਼ੀ ਤੱਕਣੀ 'ਚ ਜੇ ਮਸ਼ਾਲ ਰੱਖੋਗੇ। ਕਦੀ ਸੱਧਰਾਂ ਦੇ ਸੁਫ਼ਨੇ ਪੁੰਗਰਨੇ ਨਹੀਂ, ਹੰਝੂਆਂ ਨਾਲ ਜੇ ਦੀਦੇ ਗਾਲ ਰੱਖੋਗੇ। ਬਣੇ ਗੁੰਝਲਦਾਰ ਤੇਰੀ ਇਹ ਜ਼ਿੰਦਗੀ, ਭਰੇ ਉਲਝਣਾਂ ਨਾਲ ਜੇ ਖ਼ਿਆਲ ਰੱਖੋਗੇ।
ਉਲਝਣਾਂ ਭਰੀ ਜ਼ਿੰਦਗੀ
ਕਦੇ ਉਲਝਣ 'ਚ ਨਾ ਕੱਟੇ ਚਾਰ ਦਿਨ, ਕਦੇ ਬੇਰੁਖੀ 'ਚ ਨਾ ਲੰਘੀ ਸੀ ਰਾਤ। ਕਦੇ ਛੂੰਹਦੀ ਨਾ ਖ਼ੁਸ਼ਬੋਆਂ ਭਰੀ ਪੌਣ, ਕਦੇ ਬਹਿਸ ਨਾਲ ਨਾ ਹੋਈ ਸੀ ਪਰਭਾਤ। ਕਦੇ ਖੜਕਣ ਨਾ ਦਿਲ ਦੀਆਂ ਟੱਲੀਆਂ, ਕਦੇ ਛਣਕਦੇ ਨਾ ਝਾਂਜਰਾਂ ਦੇ ਬੋਰ। ਕਦੇ ਪਸੀਜਦੇ ਨਾ ਪੱਥਰ ਦੇ ਭਰੇ ਦਿਲ, ਕਦੇ ਸੁਣਦੇ ਨਾ ਅਧਰਮੀਆਂ ਦਾ ਸ਼ੋਰ। ਕਦੇ ਲਿਖੇ ਨਾ ਜਾਂਦੇ ਮੁਹੱਬਤਾਂ ਦੇ ਫ਼ਲਸਫ਼ੇ, ਕਦੇ ਛਿੜਦੇ ਨਾ ਰਾਗਾਂ ਭਰੇ ਤਰਾਨੇ। ਕਦੇ ਚਲਦੇ ਨਾ ਨੰਗੇ ਪੈਰੀਂ ਕਾਫ਼ਲੇ, ਕਦੇ ਲੱਗਦੇ ਨਾਲ ਨਾ ਬੇਲੀਆਂ ਬਹਾਨੇ। ਪਤਾ ਨਹੀਂ ਕੇਹੋ ਜਿਹਾ ਹੋ ਰਿਹਾ ਆਲਮ, ਰਾਤ ਸੌਂ ਜਾਂਦੀ ਬੜੀ ਹੋ ਕੇ ਖ਼ਾਮੋਸ਼। ਪਤਾ ਨਹੀਂ ਕੀ ਭਾਲਦੀ ਪਈ ਹੈ ਜ਼ਿੰਦਗੀ, ਪਤਾ ਨਹੀਂ ਕਿਉਂ ਹੁੰਦੀ ਜਾ ਰਹੀ ਤੰਗਦਿਲੀ। ਪਤਾ ਨਹੀਂ ਕਿਉਂ।
ਜਦੋਂ ਮਿਲੇ
ਉਹ ਪਹਿਲੀ ਵਾਰ ਮਿਲੇ ਅੱਖੀਆਂ 'ਚ ਚਾਅ ਸੀ ਕਿੰਨਾ ਡਾਢ੍ਹਾ ਤੇ ਹੋਂਠ ਸਨ ਸਿਲੇ। ਹੁਣ ਜਦੋਂ ਵੀ ਮਿਲੇ ਬਸ ਖ਼ੁਸ਼ਗਵਾਰ ਮਿਲੇ, ਡੂੰਘੇ ਨੈਣਾਂ 'ਚ ਹੰਝੂ ਦੋ ਚਾਰ ਮਿਲੇ। ਹਰ ਤਰਫ਼ ਮੈਂ ਝਾਕਾਂ ਕੋਈ ਤਾਂ ਸਾਰ ਮਿਲੇ, ਉਹ ਜਦੋਂ ਅਸਾਨੂੰ ਮਿਲੇ, ਬਿਖਰੇ ਹਜ਼ਾਰ ਮਿਲੇ। ਉਹ ਜਦੋਂ ਦੇ ਨੇ ਮਿਲੇ, ਬੋਲ ਤੋਂ ਖ਼ਾਰ ਮਿਲੇ। ਨੈਣਾਂ 'ਚ ਤਪਸ਼ ਸੀ ਪਰ ਹੋਂਠ ਠਾਰ ਮਿਲੇ। ਉਹ ਜਦ ਦੇ ਅੱਜ ਮਿਲੇ ਬਿਨ ਮੋਹ ਪਿਆਰ ਮਿਲੇ, ਗੱਲ ਗੱਲ 'ਚ ਸ਼ਿਕਵੇ ਵਿਹਲੇ, ਲਾਚਾਰ ਮਿਲੇ।
ਗ਼ਮਾਂ ਦੀ ਰਾਤ
ਗ਼ਮਾਂ ਦੀ ਰਾਤ, ਕੋਈ ਹਿਜਰ ਤਾਂ ਦੇਵੇ। ਕਾਲਖ਼ ਭਰੀ ਸਹੀ, ਕੋਈ ਦੁਪਹਿਰ ਤਾਂ ਦੇਵੇ। ਖਿੜ੍ਹਦੇ ਨੇ ਡਾਲ ਤੇ ਫੁੱਲ ਪੱਤੇ ਅਨੇਕ, ਰੰਗੀਨ ਜਲਵੇ ਵਾਲੀ ਕੋਈ ਨਜ਼ਰ ਤਾਂ ਦੇਵੇ। ਮੋਢਿਆਂ ਦੇ ਉੱਪਰ ਨੀਲਾ ਜਾਲ ਹੈ ਵਿਛਿਆ, ਪੰਛੀ ਨੂੰ ਉੱਡਣ ਲਈ ਕੋਈ ਅੰਬਰ ਤਾਂ ਦੇਵੇ। ਲੋਕ ਕਰਨ ਇਬਾਦਤ ਬੁੱਤਾਂ ਨੂੰ ਸਰਘੀ ਵੇਲੇ, ਮਨ ਮੰਦਿਰ ਲਈ ਨਵਾਂ ਕੋਈ ਪੱਥਰ ਤਾਂ ਦੇਵੇ। ਪੀੜ 'ਚੋ ਰਹੀ ਤੁਪਕਾ ਤੁਪਕਾ, ਗ਼ਮਾਂ ਦੇ ਪਾਣੀਆਂ ਲਈ ਕੋਈ ਸਮੁੰਦਰ ਤਾਂ ਦੇਵੇ।
ਅਧੂਰੇ ਰਹਿ ਗਏ
ਅਧੂਰੇ ਰਹਿ ਗਏ ਹਾਂ ਬੇਵਫਾਈ ਦੀ ਰਮਜ਼ ਜਾਣ ਕੇ। ਅਚੇਤਨ ਮਨ ਅੰਦਰੋਂ ਚੇਤਨਾ ਦੇ ਕਣਾਂ ਨੂੰ ਛਾਣ ਕੇ। ਤੇਰੀ ਜੁਦਾਈ ਨੇ ਮੁਰਝਾਈ ਨੈਣਾਂ ਦੀਆਂ ਕਲੀਆਂ, ਚਹਿਕਦਾ ਨਹੀਂ ਦਿਲ ਦਾ ਪੰਛੀ ਰੁੱਤਾਂ ਨੂੰ ਪਛਾਣ ਕੇ। ਕੌਣ ਕਿੱਥੇ ਹੈ ਖੜਾ ਬਣਕੇ ਖ਼ੁਸ਼ਬੋਆਂ ਦਾ ਸੌਦਾਗਰ, ਵਿਕਦੇ ਕਦੋਂ ਤੜਪ ਦੀ ਅੱਗ, ਸਿਰ 'ਚ ਉਲਝਣਾਂ ਤਾਣ ਕੇ। ਅਜੀਜ਼ ਬਹੁਤ ਸੀ ਮੈਨੂੰ ਛਣਕਦੀ ਝਾਂਜਰ ਦੀ ਅਵਾਜ਼, ਥਲਾਂ ਦੀ ਅੱਗ ਅੱਗੇ ਥਿੜਕਦੀ ਹੈ ਬਿਜਲੀ ਜਾਣ ਕੇ। ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ੇ ਦੀ ਪੜਚੋਲ ਹੈ ਮੁਸ਼ਕਿਲ, ਰੇਤ ਖਰੀਦ ਰਹੇ ਨੇ ਅੰਨ੍ਹੇ ਲੋਕ ਲਿਸ਼ਕਾਂ ਪਹਿਚਾਣ ਕੇ।
ਹਾਦਸਾ
ਹਰ ਦੌਰ ਦਾ ਆਪਣਾ ਹੀ ਮਜ਼ਾ ਹੈ। ਜ਼ਿੰਦਗੀ ਨਾਲ ਜੁੜਦਾ ਰਾਬਤਾ ਹੈ। ਕਿਸ਼ਤੀਆਂ ਨੂੰ ਮੁੜਨਾ ਪਿਆ ਆਖਰ, ਸਾਗਰ 'ਚ ਤਾਂ ਹਾਦਸਾ ਹੀ ਹਾਦਸਾ ਹੈ। ਪਰਵਾਜ਼ ਚਾਹਤਾਂ ਦੇ ਪਰਾਂ ਦੀ ਮਚਲਦੀ, ਸੁਪਨਿਆਂ ਦਾ ਪੰਛੀ ਦਿਲ ਮਚਲਦਾ ਹੈ। ਤੜਪ ਵਧ ਗਈ ਹੈ ਫਾਸਲਿਆਂ ਕਰਕੇ, ਉਂਝ ਕਾਇਮ ਅਜੇ ਤੀਕ ਰਾਬਤਾ ਹੈ। ਇਕਲਾਪੇ ਦੀ ਸ਼ਾਖ ਕਦੋਂ ਹਰੀ ਭਰੀ, ਤਿਤਲੀ, ਤੇ ਝੂੰਮਦਾ ਦਿਲ ਲਾਪਤਾ ਹੈ।
ਦਿਲ ਬੇਈਮਾਨ
ਸਜਾ ਨਾ ਹੋਠਾਂ 'ਤੇ ਮੁਸਕਾਨਾਂ ਦੀ ਦੁਕਾਨ। ਹਿਜ਼ਰ ਦੇ ਸੌਦੇ ਵਿਕਦੇ ਕਰਕੇ ਦਿਲ ਬੇਈਮਾਨ। ਚੁੱਕ ਲੈ ਰੁਖ਼ਸਾਰਾਂ ਤੋਂ ਕੱਚ ਦੇ ਗੁਲਦਾਨ, ਥਿੜਕ ਨਾ ਜਾਣ ਦਿਲ ਵੇਖ ਜਗੇ ਸ਼ਮਾਦਾਨ। ਵੇਖ ਲਈ ਖੁਰਦਬੀਨ, ਹੋਈ ਨਾ ਪਛਾਣ, ਵੇਖ ਸਮੋਏ ਹਾਸੇ ਤਿੜਕੇ ਹੰਝ ਦਾ ਮਰਤਬਾਨ। ਟੁੱਟ ਗਏ ਸਿਦਕ ਦੇ ਸਾਜ਼ ਝੂਠੀ ਸੀ ਮੁਸਕਾਨ, ਬੇਸੁਰ ਹੋਈ ਵੰਝਲੀ ਕੀ ਕਰੇ ਬਿਖਰਾਨ। ਦਿਲਾਂ 'ਚ ਢਹਿ ਗਈ ਵਸਲ ਦੀ ਢਲਾਨ, ਰਾਹ ਕਰ ਪੱਧਰਾ ਤੁਰ ਗਿਆ ਉਡੀਕਵਾਨ।
ਸਫ਼ਰ ਬਣਕੇ
ਤੂੰ ਸਫ਼ਿਆਂ 'ਚ ਘੁੰਮਦੀ ਸਤਰ ਬਣਕੇ। ਮੈਂ ਕਲ਼ਮ ਵਾਂਗੂ ਭਟਕਦਾ ਸਫ਼ਰ ਬਣਕੇ। ਤੂੰ ਹਰਫ਼ਾਂ ਦਾ ਬੁੱਤ ਹੁੰਦੀ ਪੱਥਰ ਬਣਕੇ, ਮੈਂ ਫੈਲ ਜਾਂਦਾ ਯਾਦਾਂ 'ਚ ਜ਼ਿਕਰ ਬਣਕੇ। ਤੂੰ ਹੈਂ ਤਾਂ ਖਿੜਾਂ ਮੈਂ ਚੇਤ ਦਾ ਫੁੱਲ ਬਣਕੇ, ਮੈਂ ਸਮੋ ਜਾਵਾਂ ਰਗਾਂ 'ਚ ਇਤਰ ਬਣਕੇ। ਤੂੰ ਹਿਜ਼ਰਾਂ 'ਚ ਬਲਦੀ ਹੈਂ ਬਿਰਖ ਬਣਕੇ, ਮੈਂ ਹੋਂਠਾਂ 'ਤੇ ਫੈਲਦਾ ਫ਼ਿਕਰ ਬਣਕੇ। ਤੂੰ ਲਿਖਦੀ ਹੈਂ ਹੰਝੂਆਂ ਨੂੰ ਤਾਂਘ ਬਣਕੇ, ਮੈਂ ਪੜ੍ਹਦਾ ਹਾਂ ਨੈਣਾਂ ਨੂੰ ਸਮੁੰਦਰ ਬਣਕੇ।
ਇਨਕਲਾਬ
ਬਾਗ਼ 'ਚ ਇਹ ਕੈਸਾ ਇਨਕਲਾਬ ਆਇਆ। ਪੱਤਝੜ 'ਚ ਹਰ ਕਲਮ ਤੇ ਗੁਲਾਬ ਆਇਆ। ਗ਼ਮਲਿਆਂ ਦੀ ਮਿੱਟੀ ਜ਼ਰਾ ਬਦਲਕੇ ਵੇਖ, ਰੰਗਲੀ ਰੁੱਤ ਦਾ ਫਿਰ ਸਲਾਬ ਅਇਆ। ਹਾਦਸਾ, ਜ਼ਖ਼ਮ, ਇਲਜ਼ਾਮ ਦੀ ਗੱਲ ਨਾ ਕਰ, ਵਸਲ ਦਾ ਮੌਸਮ ਬੜਾ ਹੀ ਖਰਾਬ ਆਇਆ। ਖ਼ੁਸ਼ਬੂ ਦੇ ਘਰ ਨਾ ਆਏਗੀ ਭੌਰ ਤਿਤਲੀ, ਚੇਤ ਦੇ ਰੰਗ ਹੱਥ ਫੁੱਲ ਨੂੰ ਜਵਾਬ ਆਇਆ। ਖ਼ੁਸ਼ਕ ਨੈਣਾਂ 'ਚ ਕਦੋਂ, ਭਰ ਗਿਆ ਪਾਣੀ, ਵੇਖਣ ਨੂੰ ਰਾਤੀਂ ਦਿਲ 'ਚ ਝਨਾਬ ਆਇਆ।
ਪਰੇਸ਼ਾਨ ਕਰਦਾ
ਹਾਦਸਾ ਤੇਰੀ ਵਿਦਾਈ ਦਾ ਹੈਰਾਨ ਕਰਦਾ ਹੈ। ਇਤਬਾਰ ਸੀ ਮੈਨੂੰ ਪਰ ਬੜਾ ਪਰੇਸ਼ਾਨ ਕਰਦਾ ਹੈ। ਪੁੱਛਿਆ ਸੀ ਅੱਖੀਆਂ ਨੂੰ ਬੇਵਸੀ ਦਾ ਸਿਲਸਿਲਾ, ਕਹਿੰਦੀਆਂ ਹੰਝੂ ਇੰਝ ਗ਼ਮਾ ਦਾ ਦਾਨ ਕਰਦਾ ਹੈ। ਹਨੇਰ ਦੀਆਂ ਕੰਧਾਂ 'ਤੇ ਪੱਥਰ ਦੇ ਸ਼ਹਿਰ 'ਚ, ਸ਼ੀਸ਼ਿਆਂ ਨੂੰ ਇਹ ਕਿਸ ਤਰ੍ਹਾਂ ਦਾ ਫ਼ੁਰਮਾਨ ਕਰਦਾ ਹੈ। ਉਡੀਕਦਾ ਰੋਜ਼ ਪੁੰਨਿਆ ਦੇ ਚੰਨ ਨੂੰ ਬਨੇਰੇ 'ਤੇ, ਰੌਸ਼ਨੀ ਭਾਵੇਂ ਉਹ ਸਾਰੇ ਜਹਾਨ 'ਚ ਕਰਦਾ ਹੈ। ਚਾਨਣੀ ਰਾਤ 'ਚ ਕਾਲਖ ਤਾਂ ਖ਼ੁਦਾ ਘੋਲਦਾ ਹੈ ਛਲਾਵੇ ਦੇ ਦਿਵਸ ਬੱਸ ਇਨਸਾਨ ਕਰਦਾ ਹੈ।
ਸਾਥ ਨਾ ਹੁੰਦਾ
ਬੇਹਤਰ ਹੋਰ ਹੋ ਸਕਦਾ ਸੀ, ਜੇ ਹੋਰਾਂ ਦਾ ਸਾਥ ਨਾ ਹੁੰਦਾ। ਪੱਤਝੜ ਬੱਦਲ ਹੋ ਸਕਦਾ ਸੀ, ਜੇ ਥੋਰ੍ਹਾਂ ਦਾ ਸਾਥ ਨਾ ਹੁੰਦਾ। ਲਿਸ਼ਕਦੇ ਬੱਦਲ ਵਰ੍ਹ ਸਕਦੇ ਸੀ, ਜੇ ਪੌਣਾਂ ਦਾ ਸਾਥ ਨਾ ਹੁੰਦਾ। ਮੁੱਕਦੀ ਰੌਣਕ ਬਾਗ਼ਾਂ 'ਚ ਜੇ ਮੋਰਾਂ ਦਾ ਸਾਥ ਨਾ ਹੁੰਦਾ। ਝੱਖੜਾਂ ਨੂੰ ਸੁਣ ਸਕਦਾ ਸੀ, ਜੇ ਪੱਤੀਆਂ ਦਾ ਸਾਥ ਨਾ ਹੁੰਦਾ। ਉੱਜੜਦੇ ਕਦੇ ਨਾ ਬਿਰਖ ਜੇ ਆਲ੍ਹਣਿਆਂ ਦਾ ਸਾਥ ਨਾ ਹੁੰਦਾ। ਸਮੁੰਦਰ ਸੁੱਕ ਜਾਂਦੇ ਜੇ ਨਦੀਆਂ ਦਾ ਸਾਥ ਨਾ ਹੁੰਦਾ, ਪੱਥਰ ਕਦੇ ਨਾ ਰੁੜ੍ਹਦੇ ਜੇ ਲਹਿਰਾਂ ਦਾ ਸਾਥ ਨਾ ਹੁੰਦਾ। ਝਾਂਜਰ ਕਦੀ ਵੀ ਨਾ ਛਣਕਦੀ ਜੇ ਬੋਰਾਂ ਦਾ ਸਾਥ ਨਾ ਹੁੰਦਾ, ਸੁੱਕਦੇ ਕਦੇ ਨਾ ਨੈਣ ਮੇਰੇ ਜੇ ਔੜਾਂ ਦਾ ਸਾਥ ਨਾ ਹੁੰਦਾ।
ਜ਼ਖ਼ਮ ਉੱਭਰ ਆਏ ਨੇ
ਕੁੱਝ ਜ਼ਖ਼ਮ ਸੀਨੇ 'ਚ ਉੱਭਰ ਆਏ ਨੇ। ਖ਼ੁਸ਼ਕ ਨੈਣਾਂ 'ਚ ਹੰਝੂ ਉੱਤਰ ਆਏ ਨੇ। ਬੇਮੌਸਮੀ ਬਾਰਿਸ਼ ਨਾਲ ਭਰ ਗਈ ਨਦੀ, ਕਿਨਾਰਿਆਂ ਤੀਕ ਪਾਣੀ ਭਰ ਆਏ ਨੇ। ਸਾਹਵੇਂ ਪੱਤਰਾਂ ਨੇ ਢੱਕ ਲਿਆ ਬਿਰਖ਼ ਦਾ ਸੀਨਾ, ਸ਼ਾਖ਼ 'ਤੇ ਚੇਤ ਦੇ ਚਿੰਨ੍ਹ ਉਮੜ ਆਏ ਨੇ। ਘੁਲ਼ ਗਈ ਏ ਤਾਂਘ, ਗਿਲੇ, ਸ਼ਿਕਵੇ ਸਭ ਦਿਲਕਸ਼ ਨਜ਼ਰਾਂ 'ਚ ਖ਼ਾਬ ਟੁਰ ਆਏ ਨੇ। ਰੁੱਤ ਅੰਦਰ ਠੁਮਕੀ ਹੈ ਫ਼ਿਜ਼ਾ ਮੁਹੱਬਤ ਦੀ, ਚਿਹਰੇ 'ਤੇ ਕਿੰਨੇ ਗੁਲਾਬ ਖਿੜ ਆਏ ਨੇ।
ਮੇਰੀਆਂ ਦੁਆਵਾਂ
ਖ਼ਾਮੋਸ਼ ਜੰਗਲ 'ਚ ਸ਼ੂਕਦੀਆਂ ਹਵਾਵਾਂ ਨੇ। ਡਰੀਂ ਨਾ ਤੇਰੇ ਨਾਲ ਮੇਰੀਆਂ ਦੁਆਵਾਂ ਨੇ। ਦਹਿਲੀਜ਼ਾਂ, ਤਾਰਾਂ ਵੇਖ, ਅੰਦਾਜ਼ਾ ਨਾ ਲਾਈਂ, ਲੰਘਦੀਆਂ ਇਹਦੇ ਵਿਹੜੇ 'ਚੋਂ ਧੁੱਪਾਂ ਛਾਂਵਾਂ ਨੇ। ਸ਼ਨਾਖ਼ਤ ਦੀ ਤਖ਼ਤੀ ਭਾਵੇਂ ਧੁੰਦਲੀ ਹੋਈ ਸੀ, ਪਛਾਣ ਫਿਰ ਵੀ ਲੈਂਦੀਆਂ ਬੁੱਢੀਆਂ ਮਾਂਵਾਂ ਨੇ। ਖਾਲ਼ਾਂ ਵਿਚਲੇ ਪਾਣੀ ਨਾਲ ਨਹਿਰ ਨਾ ਨਿਕਲੇ, ਭਾਵੇਂ ਕਈ ਵਾਰ ਰੁਖ਼ ਬਦਲੇ ਏਥੇ ਦਰਿਆਵਾਂ ਨੇ। ਉੱਛਾਲਿਆ ਸੀ ਬਹੁਤ, ਲਹਿਰ ਨੂੰ, ਪੱਥਰਾਂ ਨੇ, ਨਦੀ ਦੀ ਹੋਂਦ ਗਵਾ ਦਿੱਤੀ ਪਥਰੀਲੇ ਰਾਹਵਾਂ ਨੇ।
ਅੰਬਰ ਲਿਖ ਵੇ
ਜਿਊਣ ਲਈ ਤੁਸੀਂ ਨਵੇਂ ਅੱਖ਼ਰ ਲਿਖ ਗਏ। ਅੱਖਾਂ ਅੱਗੇ ਨਵੇਂ-ਨਵੇਂ ਮੰਜ਼ਰ ਲਿਖ ਗਏ। ਟੁੱਟੇ ਸਿਤਾਰੇ ਦਾ ਅਕਸ ਧੁੰਦਲਾ ਹੀ ਰਿਹਾ, ਸ਼ੀਸ਼ੇ ਦਿਲ 'ਤੇ ਕੈਸੇ ਅੰਬਰ ਲਿਖ ਗਏ। ਕਤਰਾ-ਕਤਰਾ ਪਾਣੀ ਚੋਵੇ ਅੱਖੀਆਂ ਦਾ, ਕੇਹੇ ਪਲਕ ਉਹਲੇ ਸਮੁੰਦਰ ਲਿਖ ਗਏ। ਸੁਪਨੇ ਸ਼ੋਹਰਤ ਤੇਰੇ ਸਭ ਤਿੜਕ ਗਏ ਨੇ, ਨੈਣਾਂ 'ਚ ਅੱਥਰੂ ਦੇ ਪੱਥਰ ਲਿਖ ਗਏ। ਬੰਜਰ ਹੋਇਆ ਦਿਲ ਰਿਸਦਾ ਜ਼ਖ਼ਮਾਂ ਨਾਲ, ਰੇਤਲੀ ਇਸ ਮਿੱਟੀ ਨੂੰ ਵੱਤਰ ਲਿਖ ਗਏ।
ਸਹਿ ਨਾ ਸਕਿਆ
ਅੱਖ 'ਚ ਹੰਝੂ ਸੀ ਪਰ ਵਹਿ ਨਾ ਸਕਿਆ। ਲਬਾਂ 'ਤੇ ਸ਼ਬਦ ਸਨ ਪਰ ਕਹਿ ਨਾ ਸਕਿਆ। ਲਾਲੀ ਸੂਰਜ ਦੀ ਢੱਕ ਦਿੱਤੀ ਕਾਲਖ ਨੇ, ਸਾਥ ਜੁਗਨੂੰ ਦਾ ਵੀ ਸਦਾ ਰਹਿ ਨਾ ਸਕਿਆ। ਸਾਂਭ ਲੈ ਤੜਪ ਨੂੰ ਘਟਣੀ ਨਹੀਂ ਅਜੇ, ਸਿਦਕ ਦਾ ਖ਼ੰਜਰ ਤੂੰ, ਵੀ ਸਹਿ ਨਾ ਸਕਿਆ। ਆਪਣੇ ਸ਼ਹਿਰ ਵਿਚ ਬੇਗਾਨਾ ਨਹੀਂ ਸੀ, ਪਰਾਇਆ ਨਾਲ ਵੀ, ਤੂੰ ਖਹਿ ਨਾ ਸਕਿਆ। ਮਹਿਲ ਕਲਬੂਤਾਂ ਦਾ, ਕਿਵੇਂ ਉਸਾਰਿਆ ਹੈ, ਜ਼ਲਜ਼ਲੇ ਹੇਠਾਂ ਵੀ ਇਹ ਢਹਿ ਨਾ ਸਕਿਆ।
ਪਿਆਰ ਲੈ ਆਇਆ
ਸੂਰਜ ਅੱਜ ਫਿਰ ਤੋਂ ਅੰਗਿਆਰ ਲੈ ਆਇਆ। ਚਾਨਣ ਧੁੱਪਾਂ ਦਾ ਰਾਤ ਤੱਕ ਭਾਰ ਲੈ ਆਇਆ। ਦਰਿਆ 'ਚ ਵਹਿ ਰਿਹਾ ਪਾਣੀ ਅੰਮ੍ਰਿਤ ਬਣ ਕੇ, ਕਿੱਥੋਂ ਸਮੁੰਦਰ ਇਹ ਇੰਨਾ ਖ਼ਾਰ ਲੈ ਆਇਆ। ਘਬਰਾ ਗਿਆ ਹੋਣੈ ਵੇਖ ਕੇ ਦੀਵੇ ਦਾ ਸੇਕ, ਪਤੰਗਾ ਲਾਟ ਸੰਗ ਆਪਣਾ ਪਿਆਰ ਲੈ ਆਇਆ। ਉਮਰਾਂ ਲੰਮੀਆਂ ਹੁੰਦੀਆਂ ਨਾ ਸੁਪਨਿਆਂ ਦੀਆਂ ਮੈਨੂੰ ਕਿਉਂ ਹਕੀਕਤ ਤੋਂ ਪਾਰ ਲੈ ਆਇਆ। ਫਰੋਲ ਰਿਹਾ ਸੀ ਮੈਂ ਤੇਰੇ ਅੰਦਰੋਂ ਦਿਲ ਨੂੰ, ਸਿਮਟੇ ਤੇਰੇ ਅਰਥ ਦਾ ਵਿਸਥਾਰ ਲੈ ਆਇਆ।
ਦਿਲਾਸਾ
ਟੁੱਟੇ ਤਾਰੇ ਨੂੰ ਥੋੜ੍ਹਾ ਦਿਲਾਸਾ ਤਾਂ ਦੇ। ਪੀੜਾਂ ਨੂੰ ਮਰਹਮ ਦਾ ਹਾਸਾ ਤਾਂ ਦੇ। ਹਾਦਸੇ ਮਿਲੇ ਇੱਥੇ ਹਰ ਕਦਮ ਮੈਨੂੰ, ਔੜਾਂ ਦੀ ਰੁੱਤੇ ਚੌਮਾਸਾ ਤਾਂ ਦੇ। ਬਾਰਿਸ਼ ਜੇ ਵਰ੍ਹੀ ਥਲਾਂ 'ਚ ਜਾ ਕੇ, ਬਿਰਖਾਂ ਨੂੰ ਕੁੱਝ ਧਰਵਾਸਾ ਤਾਂ ਦੇ। ਪਾਣੀ ਜੇ ਚੁੰਮੇ ਪਤਵਾਰ ਦਾ ਮੱਥਾ, ਪੱਥਰ ਦਾ ਕਿਨਾਰਾ ਪਿਆਸਾ ਤਾਂ ਦੇ। ਤੇਰੇ ਨੈਣਾਂ 'ਚ ਰੜਕ ਹੈ ਖ਼ਾਸੀ, ਦਿਲਾਂ 'ਚ ਵਿਸ਼ਵਾਸ ਮਾਸਾ ਤਾਂ ਦੇ।
ਵਾਜਿਬ ਨਹੀਂ
ਕਦਮ-ਕਦਮ 'ਤੇ ਟੁੱਟਣਾ ਵਾਜਿਬ ਨਹੀਂ। ਗ਼ਮਾਂ ਦੇ ਹੱਥੋਂ ਟੁੱਟਣਾ ਵਾਜਿਬ ਨਹੀਂ। ਸਿਦਕ, ਸਲੀਕੇ ਨਾਲ ਤੁਰਦੀ ਜ਼ਿੰਦਗੀ ਗੱਲ-ਗੱਲ ਲਾਵਾ ਫੁੱਟਣਾ ਵਾਜਿਬ ਨਹੀਂ। ਦਰਦ ਦੇ ਰਾਹਾਂ 'ਤੇ ਤੱਤੀ ਹਵਾ ਵਗੇ, ਹੰਝ ਥਲ 'ਤੇ ਸੁੱਟਣਾ ਵਾਜਿਬ ਨਹੀਂ। ਲਫ਼ਜ਼ ਝੂੰਮਦੇ ਨੇ ਸਤਰਾਂ ਦੇ ਬਾਗ਼ੀਂ, ਵਰਕ ਤੋਂ ਗ਼ਜ਼ਲ ਪੁੱਟਣਾ ਵਾਜਿਬ ਨਹੀਂ। ਸੋਚ 'ਚ ਸਹਿਮ ਪਾਲਣਾ ਵਾਜਿਬ ਨਹੀਂ, ਪਾਲ ਕੇ ਹਿਜ਼ਰ ਛੁੱਟਣਾ ਵਾਜਿਬ ਨਹੀਂ।
ਵਿਦਵਾਨ ਹੋਵਾਂ
ਕਾਸ਼! ਮੈਂ ਹਰ ਗੱਲਬਾਤ 'ਚ ਮਹਿਮਾਨ ਹੋਵਾਂ। ਬੈਠੇ ਮਹਿਫ਼ਲ 'ਚ ਹਰੇਕ ਦਾ ਧਿਆਨ ਹੋਵਾਂ। ਜ਼ਿਕਰ ਮੇਰੇ ਨਾਲ ਉੱਠਣ ਤਾਂਘ ਦੀਆਂ ਛੱਲਾਂ ਸ਼ਾਂਤ ਸਾਗਰਾਂ 'ਚ ਵੀ ਵੱਡਾ ਤੂਫ਼ਾਨ ਹੋਵਾਂ। ਕਰਨ ਦਲੀਲ ਮੇਰੀਆਂ ਜਵਾਨ ਧੜਕਣਾਂ ਵੀ, ਦਿਲਾਂ ਦੀ ਕਚਹਿਰੀ 'ਚ ਵਿਦਵਾਨ ਹੋਵਾਂ। ਕਦੇ ਮੈਥੋਂ ਹੋਵੇ ਨਾ ਸ਼ਿਕਾਇਤ ਜ਼ਿੰਦਗੀ ਨੂੰ, ਸੋਬਤ, ਸੰਗਤ ਤੇਰੀ, ਨਾਲ ਗੁਣਵਾਨ ਹੋਵਾਂ। ਤਲਬ ਮੁੱਕੇ ਨਾ ਤੇਰੇ ਦੀਦਾਰ ਲਈ ਮੇਰੀ, ਨਜ਼ਰ ਤੇਰੀ ਲਈ ਮੌਸਮ ਬੇਈਮਾਨ ਹੋਵਾਂ।
ਅਜੇ ਰਾਤ ਬਾਕੀ ਹੈ
ਅਲਵਿਦਾ ਨਾ ਕਹੋ ਦੋਸਤੋ, ਅਜੇ ਰਾਤ ਬਾਕੀ ਹੈ। ਹੰਝੂਆਂ ਦੀ ਸਹੀ ਪਰ ਅਜੇ ਬਰਸਾਤ ਬਾਕੀ ਹੈ। ਰੌਸ਼ਨੀ, ਮਸਤੀ, ਖ਼ੁਸ਼ਬੋ ਬਿਖ਼ਰ ਰਹੀ ਫ਼ਿਜ਼ਾ ਅੰਦਰ, ਚੇਤਰਾਂ ਦੇ ਪੁੰਗਰਨ ਦੀ ਅਜੇ ਬਾਤ ਬਾਕੀ ਹੈ। ਮਹਿਕਦੀ ਕਿਤਾਬ 'ਚ ਗੁਲਾਬ ਕੁੱਝ ਵਿਦਾਈ ਦੇ, ਪਰਾਈ ਜ਼ਿੰਦਗੀ ਦੇ ਅਜੇ ਜਜ਼ਬਾਤ ਬਾਕੀ ਹੈ। ਸਾਗਰਾਂ 'ਚ ਸਮੋਏ ਕਤਰੇ ਸਭ ਉਧਾਰੇ ਨੇ, ਕਣੀਆਂ ਬਣੇ ਨੀਰ ਦੀ ਅਜੇ ਔਕਾਤ ਬਾਕੀ ਹੈ। ਬੱਦਲਾਂ ਨੂੰ ਗਸ਼ਤ ਕਰਨ ਦੇ, ਪਰਬਤ, ਬਾਗ਼ਾਂ ਤੀਕ, ਆਪਣੇ ਵੱਲੋਂ ਵਾਦੀ ਲਈ ਅਜੇ ਸੌਗਾਤ ਬਾਕੀ ਹੈ।
ਹਰ ਦੌਰ
ਹਰ ਦੌਰ ਦਾ ਆਪਣਾ ਹੀ ਮਜ਼ਾ ਹੈ। ਜ਼ਿੰਦਗੀ ਨਾਲ ਜੁੜਦਾ ਰਾਬਤਾ ਹੈ। ਕਿਸ਼ਤੀਆਂ ਨੂੰ ਮੁੜਨਾ ਪਿਆ ਆਖ਼ਰ, ਸਾਗਰ 'ਚ ਤਾਂ ਹਾਦਸਾ ਹੀ ਹਾਦਸਾ ਹੈ। ਪਰਵਾਜ਼ ਚਾਹਤਾਂ ਦੇ ਪਰਾਂ ਦੀ ਮਚਲਦੀ, ਸੁਪਨਿਆਂ ਦਾ ਪੰਛੀ ਦਿਲ ਮਚਲਦਾ ਹੈ। ਤੜਪ ਵਧ ਗਈ ਹੈ ਫਾਸਲਿਆਂ ਕਰਕੇ, ਉਂਝ ਕਾਇਮ ਅਜੇ ਤੀਕ ਰਾਬਤਾ ਹੈ। ਇਕਲਾਪੇ ਦੀ ਸ਼ਾਖ ਕਦੋਂ ਹਰੀ ਭਰੀ, ਤਿਤਲੀ ਤੇ ਝੂੰਮਦਾ ਦਿਲ ਲਾਪਤਾ ਹੈ।