Deewan : Ali Haider Multani

ਦੀਵਾਨ : ਅਲੀ ਹੈਦਰ ਮੁਲਤਾਨੀ

ਮੀਮ

1. ਮੀਮ-ਮਾਰ ਵੇ ਢੋਲੀ ਢੋਲ ਵੇਖਾਂ

ਮੀਮ-ਮਾਰ ਵੇ ਢੋਲੀ ਢੋਲ ਵੇਖਾਂ
ਕੋਈ ਇਸ਼ਕ ਦਾ ਤ੍ਰਿਖੜਾ ਤਾਲ ਵਲੇ ।
ਕਰ ਧੂੰ ਧੂੰ ਧਾਨਾ ਇਸ਼ਕ ਅਵੱਲਾ
ਧੂੰ ਧੂੰ ਕੀਤਸ ਬਾਲ ਵਲੇ ।
ਮੈਂ ਤਾਂ ਸੋਹਣੀ ਖੇਡਾਂ ਖੇਡੀਆਂ ਨੀ ਹੁਣ
ਵਤ ਖੇਡਾਂ ਇਸ਼ਕ ਧਮਾਲ ਵਲੇ ।
ਕਰ ਹੂ ਹੂ ਨਾਰਾ ਮੈਂ ਚਾਂਗ ਮਰੇਸਾਂ
ਲੈਸਾਂ ਮਲੰਗਾਂ ਦਾ ਹਾਲ ਵਲੇ ।
ਮੈਂ ਯਾਰ ਦੇ ਵੇਹੜੇ ਝਾਤ ਪਏਸਾਂ
ਟੱਪ ਟੱਪ ਉੱਚੀ ਛਾਲ ਵਲੇ ।
ਹੱਥ ਸੋਨੇ ਦੀ ਵੰਗ ਕਰੰਦੀ ਦਾ
ਗਲ ਵਿਚ ਬੇਸ਼ਰ ਵਾਲ ਵਲੇ ।
ਪਰ ਝੁਮਰ ਮਾਰੀਂ ਪੋਪਟ ਖੇਡਾਂ
ਜੇ ਆਵੇ ਮੈਂਡੜਾ ਲਾਲ ਵਲੇ ।
ਹੈ ਹੈ ਮੈਂ ਵਤ ਡੰਗੀਆਂ ਨਾਗ ਇਆਣੇ
ਹਾਲ ਵੇ ਕੂ ਕੂ ਹਾਲ ਵਲੇ ।
ਮੈਂ ਤਾੜੀਆਂ ਮਾਰੀਆਂ ਹੈਬਤ ਖੇਡਾਂ
ਹੋਵਾਂ ਬਹੁਤ ਨਿਹਾਲ ਵਲੇ ।
ਮੈਂ ਵਲ ਵਲ ਆਵਾਂ ਕਲਾਵੇ ਕਰਦੀ
ਤੂੰ ਲੱਗ ਸੀਨੇ ਦੇ ਨਾਲ ਵਲੇ ।
ਵੇਖੋ ਛਣ ਛਣ ਚੂੜਾ ਤੇ ਛਣ ਛਣ ਨੇਵਰ
ਤਾਲ ਅਤੇ ਤੈਂਤਾਲ ਵਲੇ ।
ਮੈਂ ਡੂਮਣੀ ਆਖਾਂ ਦੋਹੜੇ ਆਖਾਂ,
ਹੈਦਰ ਵਾਲੇ ਖਿਆਲ ਵਲੇ ।

2. ਮੀਮ-ਮੈਂਡਾ ਦੀਨ ਯਕੀਨ ਈਮਾਨ ਭੀ ਤੂਹੀਂ

ਮੀਮ-ਮੈਂਡਾ ਦੀਨ ਯਕੀਨ ਈਮਾਨ ਭੀ ਤੂਹੀਂ
ਦੀਨ ਦੀ ਰਖ ਅਮਾਨ ਭੀ ਤੂੰ ।
ਮੈਂਡੀ ਵਾਹਰ ਭੀ ਤੂਹੀਂ ਸੁਖ ਭੀ ਤੂਹੀਂ
ਮਾਣ ਭੀ ਤੂਹੀਂ ਤ੍ਰਾਣ ਭੀ ਤੂੰ ।
ਮੈਂਡਾ ਸੱਕਾ ਸੌਹਰਾ ਖੇਸ਼ ਭੀ ਤੂਹੀਂ
ਮਾਂ ਭੀ ਤੂਹੀਂ ਤੇ ਜਾਨ ਭੀ ਤੂੰ ।
ਮੈਂਡਾ ਲਸ਼ਕਰ ਫੌਜਾਂ ਗੱਟ ਕਟਕ ਤੇ
ਨੇਜ਼ਾ ਭੀ ਤੂਹੀਂ ਨਿਸ਼ਾਨ ਭੀ ਤੂੰ ।
ਉਹ ਘੁਣ ਘੁਣ ਘਿਣ ਘਿਣ ਧਾਵਾਂ ਧਾਵਾਂ
ਨੌਬਤ ਭੀ ਤੂਹੀਂ ਸ਼ਾਨ ਭੀ ਤੂੰ ।
ਮੈਂਡਾ ਖੰਜਰ ਤੂੰ ਤਲਵਾਰ ਭੀ ਤੂਹੀਂ
ਨੇਜ਼ਾ ਭੀ ਤੂਹੀਂ ਬਾਣ ਭੀ ਤੂੰ ।
ਮੈਂਡਾ ਸਾਹਿਬ ਭੀ ਤੂਹੀਂ ਸਰਦਾਰ ਭੀ ਤੂਹੀਂ
ਰਾਜਾ ਤੇ ਸੁਲਤਾਨ ਭੀ ਤੂੰ ।
ਤੂਹੀਂ ਲਾਲ ਸ਼ਕਰ ਲਬ ਮਿੱਠੜਾ ਹਾਸਾ
ਤੂਹੀਂ ਮਾਨ ਭੀ ਤੂੰ ।
ਤੂਹੀਂ ਨਾਜ਼ ਨਿਗਾਹ ਤੂੰ ਸੁਰਮਾ ਭੀ
ਚਸ਼ਮ ਸਿਆਹ ਮਸਤਾਨ ਭੀ ਤੂੰ ।
ਮੈਂਡੇ ਦਿਲਦਾਰ ਦਿਲਬਰ ਯਾਰ ਪਿਆਰਾ ਤੂਹੀਂ
ਦੀਨ ਭੀ ਤੂੰ ਇਮਾਨ ਭੀ ਤੂੰ ।
ਅਲੀ ਹੈਦਰ ਸਾਜ ਵਜਾਣ ਵਾਲਾ,
ਤਾਰ ਭੀ ਤੂਹੀਂ ਤੇ ਤਾਨ ਭੀ ਤੂੰ ।

3. ਮੀਮ-ਮੈਂ ਘੋਲ ਘੱਤੀ ਓਸ ਸਾਹਿਬ ਤੋਂ

ਮੀਮ-ਮੈਂ ਘੋਲ ਘੱਤੀ ਓਸ ਸਾਹਿਬ ਤੋਂ
ਅਸਾਂ ਗੋਲੀਆਂ ਦੀ ਭੀ ਸੰਭਾਲ ਕਰੇ ।
ਅਸਾਂ ਕੌਣ ਕਮੀਣੀਆਂ ਨਾਲ ਕਰਮ ਦੇ
ਪੁੱਛੇ ਸੋਹਣੀ ਨਿਹਾਲ ਕਰੇ ।
ਜੇ ਜ਼ਹਰ ਦੇ ਨਬਾਤ ਮਿੱਠੀ ਮੂੰਹ ਦੇਹ
ਦੇਹ ਕਿਸੇ ਨੂੰ ਨਾਕਾਲ ਕਰੇ ।
ਇਹ ਅੱਖੀਂ ਇਨਹਾਂ ਨੂੰ ਆਹੀ ਅੱਖੀਂ
ਕਾਸਿਦ ਨਾਲ ਮਕਾਲ ਕਰੇ ।
ਕਦੇ ਨਾਲ ਫਿਰਾਕ ਵਈਦ ਡਰਾਏ
ਦੀਦ ਪਾਕ ਦੇ ਵਾਅਦਾ ਵਿਸਾਲ ਕਰੇ ।
ਸੌ ਕਾਸਿਦ ਕਹਿਆ ਜੇ ਯੂਸਫ ਵੇਖੇ
ਹੱਥ ਕੱਪੇ ਰਤ ਨਾਲ ਕਰੇ ।
ਨਾਗ ਥੀਵੇ ਹੱਥ ਮੂਸਾ ਆਸਾ
ਜੇ ਮਹਜਨ ਉਸ ਦਾ ਖਿਆਲ ਕਰੇ ।
ਯਾਨੀ ਗਾਲੀਂ ਹਾਲ ਅਸਾਡੇ ਦੀਆਂ
ਹੈਦਰ ਬਣ ਮੁਹੰਮਦ ਨਾਲ ਕਰੇ ।
'ਸੁੱਲੇ ਅਲਾਹ ਅਲੈ ਸੋ ਵ ਸੱਲਮ',
ਏਵੇਂ ਭੀ ਉੱਤੇ ਆਲ ਕਰੇ ।੨੩।

4. ਮੀਮ-ਮੈਂ ਜਾਣਾਂ ਨਹੀਂ ਕੌਣ ਲੁਟੇ ਦਿਲੀਂ

ਮੀਮ-ਮੈਂ ਜਾਣਾਂ ਨਹੀਂ ਕੌਣ ਲੁਟੇ ਦਿਲੀਂ
ਇਹ ਸੋਹਣੇ ਐਵੇਂ ਵਿਖਾਲੜਾ ਈ ।
ਵੇਖਾਂ ਨਾਜ਼ ਦੀ ਬਸਤੀ ਸੱਖਰ ਗੇਂਦ
ਨਿਆਂ ਦੀ ਛੋਕ ਨ ਮਾਲੜਾ ਈ ।
ਕਿਤੇ ਤਾਂ ਕਿਤੇ ਧਾਰੀਂ ਮੁਹਰਾ
ਜੇ ਕੱਜਲ ਦੇ ਸਿਰ ਦੰਬਾਲੜਾ ਈ ।
ਕੋਈ ਐਡਾ ਹੇਜ਼ ਨਾ ਚੂੰਨੀਆਂ
ਚਾਇਆ ਚਾਨਣ ਬੇਚੂੰ ਵਾਲੜਾ ਈ ।
ਵੇਖਾਂ ਲਸ਼ਕਰ ਖਤ ਦੇ ਧੂੜ ਧੁਮਾਈ
ਕਿ ਹੁਸਨ ਦੀ ਛੋਕ ਉਚਾਲੜਾ ਈ ।
ਏਸ ਕਿਉਂ ਵੱਟੀਆਂ ਜ਼ੁਲਫਾਂ ਹੈਦਰ,
ਲੁਟਣ ਮੁਲਕ ਸੁਖਾਲੜਾ ਈ ।੨੨।

5. ਮੀਮ-ਮੈਂ ਜਾਣਾ ਨਹੀਂ ਲਾਉਬਾਲੀ ਵੇਖਾਂ

ਮੀਮ-ਮੈਂ ਜਾਣਾ ਨਹੀਂ ਲਾਉਬਾਲੀ ਵੇਖਾਂ
ਕਿਸ ਭਤ ਲਗੀਆਂ ਭਾਹ ਮੈਂਡੀ ।
ਪਰ ਵਤ ਜਾਣਾ ਜੋ ਕੁਝ ਲਿਖਿਆ
ਕਾਤਿਬ ਖੁਸ਼ਖਤ ਭਾਹ ਮੈਂਡੀ ।
ਕੁਝ ਮਸ ਨ ਵਿਚ ਹੀਰੇ ਲੱਗੇ
ਮੌਜਾਂ ਦੇ ਹੱਥ ਭਾਹ ਮੈਂਡੀ ।
ਉਹ ਸਮੁੰਦਰ ਕਰਮ ਦਾ ਹੈਦਰ
ਲਗੇਂ ਰਹਮਤ ਭਾਹ ਮੈਂਡੀ ।੨੪।

6. ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਕੀਂਹਦਾ

ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਕੀਂਹਦਾ
ਮੈਂ ਆਸ਼ਿਕ ਹਾਂ ਖੂਬਸੂਰਤਾਂ ਦੀ ।
ਮੈਂ ਕੌਣ ਕਮੀਨੜੀ ਕਾਬੇ ਦੇ ਲਾਇਕ
ਪੂਜਾ ਕਰੇਸਾਂ ਮੂਰਤਾਂ ਦੀ ।
ਅਲਿਫ ਬੇ ਤੇ ਅਨ ਬਨ ਆਵੇ ਨਾਹੀਂ
ਅਤੇ ਕਾਰੀ ਸਦੈਨੀਆਂ ਸੂਰਤਾਂ ਦੀ ।
ਸ਼ੌਕ ਨ ਹੱਜ ਦਾ ਰੋਜ਼ੇ ਉਡੀਕੇ ਨ
ਸਇਤ ਪੁਛ ਜ਼ਰੂਰਤਾਂ ਦੀ ।
ਵੈਸਾਂ ਅਜ ਬੇਲੀ ਦੇ ਬੇਲੇ,
ਹੈਦਰ ਕੇਹੀ ਪੁਛ ਮਹੂਰਤਾਂ ਦੀ ।੫।

7. ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਰਾਂਝਣ

ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਰਾਂਝਣ
ਮੈਂ ਸਦਕੇ ਮਹੀਂ ਕਾਲੀਆਂ ਥੋਂ ।
ਇਹ ਕਦੀ ਨ ਸਾਰ ਸੰਭਾਲੀ ਗੋਲੀ
ਪਲ ਪਲ ਮਾਹੀ ਸੰਭਾਲੀਆਂ ਥੋਂ ।
ਇਹ ਗਰਬ ਗਹੇਲੀਆਂ ਮਾਣੇ ਮੱਤੀਆਂ
ਠੁਮ ਠੁਮ ਯਾਰ ਦੀਆਂ ਚਾਲੀਆਂ ਥੋਂ ।
ਕੀ ਸੂਰਜ ਦੀ ਘਟ ਕਾਲੀ ਥੋਂ
ਗਲ ਹਿੱਕੀ ਸੁੰਬਲ ਪਾਲੀਆਂ ਥੋਂ ।
ਨਾਹੀਂ ਲੱਗੇ ਵਤ ਫਾਇਦਾ ਕਿਆ ਵਤ
ਮਹੀਂ ਦੀਆਂ ਐਵੇਂ ਵਿਖਾਲੀਆਂ ਥੋਂ ।
ਭੁੱਲਾ ਮਹੀਂ ਦੇ ਕਾਨ ਸਿੰਗਾਰ ਕਚਿਉਂ
ਹੈਦਰ ਪੁਛ ਸਿਆਲੀਆਂ ਥੋਂ ।੪।

8. ਮੀਮ-ਮੈਂ ਤਾਂ ਘੋਲ ਘੱਤਾਂ ਤੈਥੋਂ ਜਿੰਦੜੀ ਭੀ

ਮੀਮ-ਮੈਂ ਤਾਂ ਘੋਲ ਘੱਤਾਂ ਤੈਥੋਂ ਜਿੰਦੜੀ ਭੀ
ਪਰ ਕੀਤਾ ਭੀ ਕਦੀ ਘੋਲੀਆਂ ਨੇ ।
ਖਾਸਾ ਯੂਸਫ ਪਾਕ ਤੋਂ ਚੰਦੀਆਂ ਭੀ
ਬੀਸਾਂ ਬੀਸੀ ਘੋਲੀਆਂ ਨੇ ।
ਜਿਨਹਾਂ ਨਾਜ਼ਾਂ ਦੇ ਨਾਲ ਧਮਾਈਆਂ ਨੇ ਰਾਤੀ
ਚੋਲੀ ਦੀਆਂ ਤਨੀਆਂ ਖੋਲ੍ਹੀਆਂ ਨੇ ।
ਜਿਨਹਾਂ ਸੋਨੇ ਦੀ ਨੱਕ ਨਿਉਲੀਆਂ ਨੇ
ਉਥੇ ਹੋਂਦੀਆਂ ਜ਼ਿਬ੍ਹਾ ਨ ਬੋਲੀਆਂ ਨੇ ।
ਓਥੇ ਹੂਰਾਂ ਭੀ ਜ਼ਿਬ੍ਹਾ ਦੀ ਵਾਰੀ ਨਾ ਪਾਈ
ਆਖਿਰ ਜੈਂਦੀਆਂ ਜੋਲੀਆਂ ਨੇ ।
ਓਥੇ ਸਦੈਂਦੀਆਂ ਸੱਭੇ ਸੋਹਣੀਆਂ
ਰਾਂਝਣ ਭਾਣੇ ਭੋਲੀਆਂ ਨੇ ।
ਆ ਰਾਂਝਾ ਛੋੜ ਭੂਟੇ ਲਾਈਆਂ
ਝੰਗ ਇਕੇ ਸੈ ਲੋਲੀਆਂ ਨੇ ।
ਕਾਈ ਮਿੱਠੜੀ ਤਿਖੜੀ ਭਾਹ ਪ੍ਰੇਮ ਦੀ
ਭੈਣੋਂ ਸਿਆਲੀਂ ਲੋਲੀਆਂ ਨੇ ।
ਓਸ ਅਣੋਖੜੇ ਨੀਂਗਰ ਨੂੰ ਭਲਾ
ਕੂਕ ਸੁਣਾ ਹੁਣ ਬੋਲੀਆਂ ਨੇ ।
ਵਿਤ ਤਨੂਰ ਦੇ ਨਹਰੀਂ ਲਾਈਆਂ
ਹੰਝੂ ਨਦੀਆਂ ਲੌ ਲੋਲੀਆਂ ਨੇ ।
ਸਬਰ ਕਰੇ ਰੱਜ ਯਾਰ ਨੂੰ ਵੇਖੇ,
ਹੈਦਰ ਨਾਹੀਂ ਤਾਂ ਬੋਲੀਆਂ ਨੇ ।੧੫।

9. ਮੀਮ-ਮੈਂ ਤਾਂ ਨੀਂਗਰ ਦੀ ਮਤਵਾਲੀਆਂ ਵੇ

ਮੀਮ-ਮੈਂ ਤਾਂ ਨੀਂਗਰ ਦੀ ਮਤਵਾਲੀਆਂ ਵੇ
ਹਿਕ ਅਸਾਂ ਵਲ ਨਜ਼ਾਰਾ ਨਹੀਂ ।
ਇਨਹਾਂ ਮਸਤ ਅੱਖੀਂ ਮਤਵਾਲੀਆਂ ਦਾ ਮੀਤਾ
ਹਿਕ ਵਾਰੀ ਭੀ ਵਾਰਾ ਨਹੀਂ ।
ਮੈਂ ਤਾਂ ਹਿਕ ਪਿਆਲਾ ਭੀ ਧੋਸਾ
ਜੇ ਵਤ ਵਾਹ ਦੋਬਾਰਾ ਨਹੀਂ ।
ਓਹੋ ਗਮਜ਼ੇ ਵਾਲੀ ਦਾ ਜ਼ੱਰਾ ਦੇਵੇਂ
ਜੇ ਹਿਕ ਪਿਆਲਾ ਸਾਰਾ ਨਹੀਂ ।
ਕਿਉਂ ਵਤ ਕੀਤੇ ਮਸਤ ਅਲਸਤ,
ਜੇ ਹੈਦਰ ਦੇ ਨਾਲ ਕਾਰਾ ਨਹੀਂ ।੧੭।

10. ਮੀਮ-ਮਾਰੀਆਂ ਤੇ ਮਾਰ ਸੁੱਟੀਆਂ ਮੈਂ

ਮੀਮ-ਮਾਰੀਆਂ ਤੇ ਮਾਰ ਸੁੱਟੀਆਂ ਮੈਂ
ਵੱਤ ਨਾਜ਼ ਇਨਹਾਂ ਖੂਬਸੂਰਤਾਂ ਦੇ ।
ਨਾਲ ਪਲਕਾਂ ਕੁੰਢੀਆਂ ਰੁਠੀਆਂ ਮਾਰਨ
ਬਾਜ਼ ਇਨਹਾਂ ਖੂਬਸੂਰਤਾਂ ਦੇ ।
ਦੂਰ ਦੂਰ ਅੰਦਰ ਆ ਵਾਰੀ
ਆਵਾਜ਼ ਇਨਹਾਂ ਖੂਬਸੂਰਤਾਂ ਦੇ ।
ਵੰਜ ਵੰਜ ਵੇ ਵਿੱਚ ਗੁੱਝੜੀ
ਆਵਾਜ਼ ਇਨਹਾਂ ਖੂਬਸੂਰਤਾਂ ਦੇ ।
ਸੱਚੀ ਯਾਰ ਦੇ ਤਾਰ ਦੇ ਤਰ੍ਹਾਂ
ਦਿਸੇਂਦੀ ਇਨਹਾਂ ਖੂਬਸੂਰਤਾਂ ਦੇ ।
ਹਿਕੇ ਹੈਦਰ ਜਾਣੇ ਹਿਕ ਵਤ ਗਮਜ਼ਾ,
ਰਾਜ਼ ਇਨਹਾਂ ਖੂਬਸੂਰਤਾਂ ਦੇ ।੨।

11. ਮੀਮ-ਮਾਰਿਆ ਤੈਂਡੀਆਂ ਖੂਬੀਆਂ ਸਭਨਾਂ

ਮੀਮ-ਮਾਰਿਆ ਤੈਂਡੀਆਂ ਖੂਬੀਆਂ ਸਭਨਾਂ
ਹਿਕੇ ਨ ਖੂਬਾਂ ਵਾਲੀ ਵਲੇ ।
ਮੈਨੂੰ ਖੂਨ ਕੀਤਾ ਉਹਨਾਂ ਲਾਲ ਲਬਾਂ ਭੀ
ਹਿਕੇ ਨ ਪਾਨਾਂ ਦੀ ਲਾਲੀ ਵਲੇ ।
ਮੈਨੂੰ ਫਾਹੀ ਜ਼ੁਲਫ ਦੇ ਛੱਲੇ ਭੀ ਵੱਤ
ਹਿਕੇ ਨ ਸੋਨੇ ਦੀ ਵਾਲੀ ਵਲੇ ।
ਕਿਆ ਅਨ੍ਹੇਰ ਉਸ ਖਾਲ ਸਿਆਹ ਭੀ
ਹਿਕੇ ਨ ਮਿੱਸੀ ਕਾਲੀ ਵਲੇ ।
ਓਸੇ ਨਾਜ਼ ਗੁਮਾਨ ਨ ਸਾੜੀਆਂ ਮੈਂ
ਇਹਨਾਂ ਗਾਹਲੀਂ ਭੀ ਮੈਂ ਬਾਵਲੀ ਵਲੇ ।
ਮੈਨੂੰ ਜ਼ੁਲਫਾਂ ਦੀ ਜ਼ੰਜੀਰ ਵੇ ਹੈਦਰ,
ਹਿਕ ਨ ਚੋਲੇ ਦੀ ਜਾਲੀ ਵਲੇ ।੧੪।

12. ਮੀਮ-ਮਤਾਂ ਛੋੜ ਘਨੀ ਰਾਤ ਗਈ

ਮੀਮ-ਮਤਾਂ ਛੋੜ ਘਨੀ ਰਾਤ ਗਈ
ਕਦੀ ਖੋਲ੍ਹ ਤਨੀ ਗਲ ਲਗ ਸਵੇਂ ।
ਕਦੀ ਸੀਨੇ ਦੇ ਨਾਲ ਸੀਨਾ ਲੱਗੇ
ਹੈ ਹੈ ਅੱਗ ਲੱਗੀ ਸੀਨੇ ਲੱਗ ਸਵੇਂ ।
ਪਰ ਸਾਹਿਬਾਂ ਖੜੀ ਕੂਕੇਂਦੀ ਮਿਰਜ਼ਾ
ਸਾਂਦਰਬਾਰ ਤੋਂ ਲੰਘ ਸਵੇਂ ।
ਇਹ ਮਿਲੀਆਂ ਵਾਹਰਾਂ ਵੱਸ ਨ ਕੋਈ
ਕਿਥੋਂ ਲਿਖਿਆ ਅੱਗ ਸਵੇਂ ।
ਲੈ ਖਾਰੇ ਤੋਂ ਸਾਹਿਬਾਂ ਨੱਸੇਂ
ਕਿਹੜੀ ਡਾੜ੍ਹੀ ਤੇ ਤੱਗ ਸਵੇਂ ।
ਹੁਣ ਸੱਸੀ ਜਿਵੇਂ ਪੁਨੂੰ ਵੇਖੇਂ
ਮਤਾਂ ਨਾਲ ਨਿਹੰਗ ਸਵੇਂ ।
ਹੈਦਰ ਜਾਗੇਂ ਤਾਂ ਥੀਵੇਂ ਮੁਕੱਰਬ,
ਵੇਖ ਕਦੀ ਸੁਹਰਗ ਸਵੇਂ ।੧੩।

13. ਮੀਮ-ਮੱਤਾਂ ਤੁਝ ਬਿਨ ਕੌਣ ਜੋ ਦੇਵੇ ਦਿਲ ਨੂੰ

ਮੀਮ-ਮੱਤਾਂ ਤੁਝ ਬਿਨ ਕੌਣ ਜੋ ਦੇਵੇ ਦਿਲ ਨੂੰ
ਧਰ ਵਹੀ ਹਦ ਪੈਗੰਬਰ ਦੀ ।
'ਸਿਲੇ ਅੱਲਾ ਅਲੈ ਹੋ ਸਲਮ'
ਸੋਹਣੇ ਓਸੇ ਸਰਵਰ ਦੀ ।
ਕੁਤਬ ਦੀਵਾਨ ਜੇ ਹੋਰ ਕਿਸੇ ਨੂੰ
ਬਾਹਜ ਤੈਂਡੇ ਹੀਰ ਘਰ ਘਰ ਦੀ ।
ਇਹ ਖੂਬਸੂਰਤਾਂ ਘੁੰਘਟ ਤੈਂਡਾ
ਸ਼ੋਰ ਸਿਆਹ ਰੁਖ ਅਨਵਰ ਦੀ ।
ਇਹ ਖਾਕ ਰਤਾਕ ਨ ਸੂਰਜ ਬਾਹਝੋਂ
ਠਾਠ ਮਰੇਂਦੀ ਕੱਪਰ ਦੀ ।
ਨਾਹੀਂ ਤਾਂ ਵਤ ਨਾਜ਼ ਦੀ ਜਾਣੇ
ਸੂਰਤ ਮੂਰਤ ਪੱਥਰ ਦੀ ।
ਕਿਆ ਇਨਕਾਰ ਖਿਆਲ ਦਸੈਂਦਾ
ਜਿਨਸ ਜੇ ਏਸ ਲਬ ਗੌਹਰ ਦੀ ।
ਤੂਹੀ ਸ਼ੱਕਰ ਖੰਡ ਨਬਾਤ ਕਰੇਂ
ਅਤੇ ਮਿੱਠਾ ਮਿੱਠੀ ਲਬ ਸ਼ਕਰ ਦੀ ।
ਤੂਹੀ ਜ਼ੁਲਫ ਸ਼ਰੀਫ ਦੀ ਫਾਹੀ,
ਤੂਹੀਂ ਕੈਦ ਕਰੇਂ ਦਿਲ ਹੈਦਰ ਦੀ ।੬।

14. ਮੀਮ-ਮਜ਼ਹਬ ਕੀ ਪੁੱਛਣਾ ਏਂ ਕਾਜ਼ੀਆ ਵੇ

ਮੀਮ-ਮਜ਼ਹਬ ਕੀ ਪੁੱਛਣਾ ਏਂ ਕਾਜ਼ੀਆ ਵੇ
ਮੈਂਡਾ ਰਾਂਝਣ ਰੁਕਨ ਈਮਾਨ ਦਾ ਈ ।
ਇਸ਼ਕ ਇਮਾਮ ਨਿਮਾਜ਼ ਮੁਹੱਬਤ
ਮੁਰਲੀ ਹਰਫ਼ ਕੁਰਾਨ ਦਾ ਈ ।
ਸਭ ਵਕਤ ਰਕੂਆ ਸਜੂਦ ਵਿਚ ਰਹਿੰਦੇ
ਇਹ ਸਿਜਦਾ ਤੇ ਰਬ ਰਹਮਾਨ ਦਾ ਈ ।
ਅਲੀ ਹੈਦਰ ਹੀਰ ਰੰਝੇਟੇ ਦੀ ਆਹੀ,
ਐਵੇਂ ਕੂੜਾ ਵਹਮ ਜਹਾਨ ਦਾ ਈ ।੨੬।

15. ਮੀਮ-ਮੀਤਾ ਦਿਲਬਰਾ ਵੇ ਨੂਰ ਅੱਖੀਆਂ ਦਾ

ਮੀਮ-ਮੀਤਾ ਦਿਲਬਰਾ ਵੇ ਨੂਰ ਅੱਖੀਆਂ ਦਾ
ਹੈ ਹੈ ਦਿਲੀ ਨੂੰ ਪਾਰਾ ਪਾਰਾ ਨ ਕਰ ।
ਹੈ ਹੈ ਤ੍ਰਿਖੜੀ ਭਾਹ ਪ੍ਰੇਮ ਦੀ ਲਾ ਕੇ
ਪਾਰਿਆਂ ਨੂੰ ਦਿਲ ਪਾਰਾ ਨ ਕਰ ।
ਦੇਹ ਨ ਜੋਸ਼ ਖਿਆਲ ਲਬਾਂ ਦੇ ਨੂੰ
ਤੇ ਅੱਖੀਆਂ ਨੂੰ ਫਵਾਰਾ ਨ ਕਰ ।
ਨੀਤਾਂ ਖਿਆਲ ਤੇ ਬੱਝ ਦਿਲੀਂ ਨੂੰ
ਹੰਜਰੀਆਂ ਲਾਲ ਪਾਰਾ ਨ ਕਰ ।
ਇਹ ਸੋਨੇ ਦੀ ਬੈਂਸਰ ਨਾਲ ਲਬ ਦੇ,
ਦਾ ਵਾ ਦਾ ਕੂੜ ਪਸਾਰਾ ਨ ਕਰ ।
ਸਾਹ ਪਿਓ ਨਾਈ ਵੇਖੇ ਚੁਪ ਚਪਾਤਿਆਂ
ਜ਼ੁਲਫ ਦਾ ਨਾਗ ਕਰਾਰਾ ਨ ਕਰ ।
ਜ਼ੱਰਾ ਲਗੀਆਂ ਦਾਉ ਉਡ ਪੌਂਦੀ ਜ਼ਾਲਿਮ
ਪੱਖੀਆਂ ਵਾਂਗਰ ਆਰਾ ਨ ਕਰ ।
ਕਰ ਕੇ ਕੀ ਮਿਆ ਹੈਦਰ ਨੂੰ ਮੀਆਂ,
ਪਾਰਾ ਮਾਰ ਕੇ ਸਾਰਾ ਨ ਕਰ ।੧੬।

16. ਮੀਮ-ਮੀਤਾ ਕੁਝ ਨਹੀਂ ਮੰਗਾਂ ਕਿਉਂ ਕਰ ਵੇ

ਮੀਮ-ਮੀਤਾ ਕੁਝ ਨਹੀਂ ਮੰਗਾਂ ਕਿਉਂ ਕਰ ਵੇ
ਏਹੋ ਮੰਗ ਭੀ ਤੈਥੋਂ ਮੰਗਣੀਆਂ ।
ਓਲ੍ਹੇ ਮੰਗਦੀ ਮੰਗਾਂ ਮੰਗਣਾਂ ਮੈਂ
ਆਹਾਂ ਮਾਂਗਣਾ ਤੈਥੋਂ ਸੰਗਣੀਆਂ ।
ਮੈਂ ਜੇਹੀਆਂ ਤੇਹੀਆਂ ਤੈਂਡੀਆਂ
ਮੰਗਤੀ ਬੋਦਲੀ ਭਾਵੇਂ ਮਲੰਗਣੀਆਂ ।
ਹੈਦਰ ਮੈਂ ਹੁਣ ਜੋਗਣ ਹੋਸਾਂ
ਗੇਰੀ ਜਾਮੇ ਤੈਥੋਂ ਰੰਗਣੀਆਂ ।੧੨।

17. ਮੀਮ-ਮੀਤਾ ਨੀਂਗਰ ਦੇ ਮਸ ਕਰ ਵੇ ਵਾਲੀਆਂ

ਮੀਮ-ਮੀਤਾ ਨੀਂਗਰ ਦੇ ਮਸ ਕਰ ਵੇ ਵਾਲੀਆਂ
ਨਿਤ ਬਹਾਨੜਾ ਨਾਜ਼ ਦਾ ਈ ।
ਮੀਤਾ ਹਿਕ ਤਾਂ ਅਹਦ ਆਗਾਜ਼ ਦਾ ਸ਼ਿਕਸਤ ਵੇ ਜ਼ਾਲਿਮ
ਵਲ ਵਲ ਜ਼ੁਲਫ ਦਰਾਜ਼ ਦਾ ਈ ।
ਮੀਤਾ ਹਿਕ ਤਾਂ ਅਹਦ ਆਗਾਜ਼ ਦਾ ਆਹਾ
ਹਿਕ ਤਾਂ ਸ਼ਰਮ ਆਗਾਜ਼ ਦਾ ਈ ।
ਨਿਤ ਵਲ ਵਲ ਅਹਦ ਸ਼ਿਕਸਤ ਵੇ ਜ਼ਾਲਿਮ
ਵਲ ਵਲ ਜ਼ੁਲਫ ਦਰਾਜ਼ ਦਾ ਈ ।
ਮੀਤਾ ਬੋਲ ਭੀ ਪਾਲਣਾ ਸ਼ਰਮ ਆਗਾਜ਼ ਦਾ
ਕਾਰ ਨਾ ਹੀਲਾ ਬਾਜ਼ ਦਾ ਈ ।
ਹਿਕ ਖਤ ਨਿਆਜ਼ ਦਾ ਪੜ੍ਹਦਾ ਨਾਹੁੰ
ਲੈ ਵਾਚ ਇਹ ਖਤ ਨਿਆਜ਼ ਦਾ ਈ ।
ਇਹ ਵਤ ਹਰਫ਼ ਉਠੀਂਦੇ ਨਹੀਂ
ਕਿਆ ਉੱਚਾ ਲਿਖਿਆ ਰਾਜ਼ ਦਾ ਈ ।
ਏ ਖਾਲੀ ਸਾਡੀ ਭੇਜਿਆ ਸੂ ਖਤ
ਫਜ਼ਲ ਇਹ ਚਾਰੇ ਸਾਜ਼ ਦਾ ਈ ।
ਹੈਦਰ ਆਖ ਸ਼ਰੀਫ ਨੂੰ ਵੇਖਾਂ,
ਇਹ ਕੰਮ ਗਰੀਬ-ਨਿਵਾਜ਼ ਦਾ ਈ ।੯।

18. ਮੀਮ-ਮੀਤਾ ਨੀਂਗਰ ਖਤਰੀ ਸ਼ੋਖ ਅਖਤਰੀ

ਮੀਮ-ਮੀਤਾ ਨੀਂਗਰ ਖਤਰੀ ਸ਼ੋਖ ਅਖਤਰੀ
ਨਾਜ਼ ਬਿਨਾਂ ਤੈਂਡੀ ਹੱਟ ਗਈ ।
ਪੀਵੇ ਨਹੀਂ ਖੂਨ ਤੱਸੀਆਂ ਦਾ ਤੂੰ
ਨ ਤੇਗ ਅਸਾਂ ਥੋਂ ਕਿਉਂ ਹੱਟ ਗਈ ।
ਕਿਉਂ ਹਿਕੜੇ ਕੀਤੇ ਉਤਵਲ ਦੇ
ਸਾਂਗ ਨੂੰ ਬਹੂਕਾਂ ਹਿੱਕ ਫਟ ਗਈ ।
ਮਾਰ ਸਟ ਨਹੀਂ ਦਾਰ ਸਟਿਆਂ ਨੂੰ
ਹਿਕ ਤੀਰ ਨਿਗਾਹ ਦੇ ਸਟ ਗਈ ।
ਮੈਂ ਪੱਟੀਆਂ ਗਲ ਦੇ ਪੀਲ਼ੜੇ ਪੱਟ,
ਵੇਖਾਂ ਹੈਦਰ ਉਹ ਵਤ ਪੱਟ ਗਈ ।੧੦।

19. ਮੀਮ-ਮੀਤਾ ਨੀਂਗਰਾ ਸ਼ੋਖ ਅਣੋਖਿਆ ਵੇ

ਮੀਮ-ਮੀਤਾ ਨੀਂਗਰਾ ਸ਼ੋਖ ਅਣੋਖਿਆ ਵੇ
ਕੋਈ ਓੜਕ ਪਤਾ ਭੀ ਨਾਜ਼ ਦਾ ਈ ।
ਗਲ ਭੀ ਨਾਜ਼ ਨਿਗਾਹ ਭੀ ਨਾਜ਼
ਅਤੇ ਗਹਣਾ ਭੀ ਨਾਜ਼ ਦਾ ਈ ।
ਤੋੜੇ ਧੂੜ ਧਮਾਈ ਖਤ ਕਟਕ ਦੇ
ਤੈਂ ਥੀਣਾ ਭੀ ਨਾਜ਼ ਦਾ ਈ ।
ਪਰ ਖਤ ਲਬਾਂ ਦਾ ਆਖ ਅਮੱਨਾ
ਅਜੇ ਮੁਜ਼ੱਨੀ ਭੀ ਨਾਜ਼ ਦਾ ਈ ।
ਛੋੜ ਸ਼ਰੀਫ਼ ਤੂੰ ਹਿੰਦ ਦੇ ਅਖੜ
ਅਜੇ ਸੋਹਣਾ ਭੀ ਨਾਜ਼ ਦਾ ਈ ।
ਹੁਣ ਪੁੱਛਿਆ ਖੱਤ ਆਗਾਜ਼ ਨਿਆਜ਼ ਦਾ
ਮੁਲਕ ਆਮੱਨਾ ਭੀ ਨਾਜ਼ ਦਾ ਈ ।
ਅਜੇ ਸੁਰਖ ਹੈਦਰ ਲਾਲ ਲਬਾਂ ਤੇ,
ਹੀਰਾ ਪੱਨਾ ਭੀ ਨਾਜ਼ ਦਾ ਈ ।੮।

20. ਮੀਮ-ਮੀਤਾ ਨੀਂਗਰਾ ਵੇ ਛਲਿਆਲੀਆ

ਮੀਮ-ਮੀਤਾ ਨੀਂਗਰਾ ਵੇ ਛਲਿਆਲੀਆ
ਰਾਤੀਂ ਗਲੀਆਂ ਨ ਰੋਕ ਇਕੱਲਿਆਂ ਨੂੰ ।
ਅਸੀਂ ਕੂਚ ਕਦਹਾ ਛੋੜ ਦੇਸਾਂਹੀਂ ਘਲੀਆਂ
ਕੂਚਾ ਬੰਦ ਮਹੱਲਿਆਂ ਨੂੰ ।
ਉਹਨਾਂ ਜ਼ੁਲਫਾਂ ਕਿਆ ਅੰਧੇਰ ਮਚਾਇਆ
ਰੱਖੋ ਵੇ ਦਿਲ ਦਾ ਵਲਿਆਂ ਨੂੰ ।
ਸੰਭਲ ਦਸਦ ਦਰਾਜ਼ ਕਰੀਂ ਪੁੱਛ
ਵੇਖ ਅੱਬਾ ਦੀਆਂ ਝੱਲੀਆਂ ਨੂੰ ।
ਆਰਸੀ ਅੰਦਰ ਵੇਖ ਨਹੀਂ
ਵੇਖ ਛੱਲੀਆਂ ਵੇਖਦਿਆਂ ਛਲੀਆਂ ਨੂੰ ।
ਮੈਂ ਤਾਂ ਧਰੋਹੀ ਇਸ਼ਕ ਸ਼ਰਾ ਦੇ ਵੇ
ਦਿਲ ਫਾਹਿਆ ਮਾਰਨ ਵਲੀਆਂ ਨੂੰ ।
ਸਾਹ ਪੀਵਣੇ ਨੀ ਵੇਖ ਨੈਣ ਖੋਲ ਕੇ
ਲੈਂਦੀ ਦਾਊਦੀਆ ਝੱਲੀਆਂ ਨੂੰ ।
ਇਹੀ ਨੇ ਚੋਰ ਦੇਸ ਵੇ ਹੈਦਰ,
ਹੱਥ ਘੱਤ ਛੋੜ ਮਲੱਲੀਆਂ ਨੂੰ ।੧੮।

21. ਮੀਮ-ਮੀਤਾ ਨੀਂਗਰਾ ਵੇ ਵਣਜਾਰਿਆ ਵੇ

ਮੀਮ-ਮੀਤਾ ਨੀਂਗਰਾ ਵੇ ਵਣਜਾਰਿਆ ਵੇ
ਕਦੀ ਗਲੀ ਅਸਾਡੀ ਭੀ ਆਵਣਾ ਈ ।
ਇਹਨਾਂ ਜ਼ੁਲਫਾਂ ਛੱਲਿਆਂ ਵਾਲੀਆਂ ਦਾ
ਹਿੱਕ ਛੱਲ ਮੈਂਡੇ ਹੱਥ ਪਾਵਣਾ ਈ ।
ਹਿਕ ਰੱਤੀ ਮਿਸਾਕ ਹੋ ਸਹੀ ਜੇ
ਨੱਥ ਦੇ ਨਾਲ ਤੁਲਾਵਣਾ ਈ ।
ਜਿੰਦ ਬੋਸੇ ਦੇ ਨਾਲ ਬਰਾਬਰ ਨਾਹ
ਹਸ ਹਸ ਐਵੇਂ ਚਖਾਵਣਾ ਈ ।
ਮਾਲ ਤੈਂਡਾ ਸਬ ਸੋਹਣਾ ਖਰਾ
ਪਰ ਨੱਥ ਦਾ ਸੋਨਾ ਟਕਾਵਣਾ ਈ ।
ਮਿੱਸੀ ਦੇ ਘਸਵੱਟੀ ਕਰਕੇ
ਬੈਂਸਰ ਨੂੰ ਚਮਕਾਵਣਾ ਈ ।
ਹੈਦਰ ਆਖ ਹਨੇਰ ਨ ਕਰਨਾ,
ਮਿੱਸੀ ਨ ਕੰਦ ਮਿਲਾਵਣਾ ਈ ।੨੦।

22. ਮੀਮ-ਮੀਤਾ ਸਦਕਾ ਅਖੀਂ ਮਤਵਾਲੀਆਂ ਦਾ

ਮੀਮ-ਮੀਤਾ ਸਦਕਾ ਅਖੀਂ ਮਤਵਾਲੀਆਂ ਦਾ
ਮੁੜ ਭਾਲ ਵੇ ਦਿਲਬਰਾ ਵਾਸਤਾ ਈ ।
ਸਦਕਾ ਜ਼ੁਲਫਾਂ ਪਰੇਸ਼ਾਨ ਕਾਲੀਆਂ ਦਾ
ਵੇਖ ਹਾਲ ਵੇ ਦਿਲਬਰਾ ਵਾਸਤਾ ਈ ।
ਭਲਾ ਸਦਕਾ ਸੋਨੇ ਦੀਆਂ ਵਾਲੀਆਂ ਦਾ
ਸੁਣ ਗਾਲ੍ਹ ਵੇ ਦਿਲਬਰਾ ਵਾਸਤਾ ਈ ।
ਮੈਂ ਸਦਕਾ ਗੱਲਾਂ ਆਪ ਵਾਲੀਆਂ ਦਾ
ਗਮ ਟਾਲ ਵੇ ਦਿਲਬਰਾ ਵਾਸਤਾ ਈ ।
ਤਕਸੀਰਾਂ ਹੈਦਰ ਵਾਲੀਆਂ ਦਾ,
ਨਾਮਾ ਟਾਲ ਵੇ ਦਿਲਬਰਾ ਵਾਸਤਾ ਈ ।੧੧।

23. ਮੀਮ-ਮੀਤਾ ਯਾਰੀਆਂ ਲਾਏ ਨ ਮਾਰ ਅਸਾਂ ਨੂੰ

ਮੀਮ-ਮੀਤਾ ਯਾਰੀਆਂ ਲਾਏ ਨ ਮਾਰ ਅਸਾਂ ਨੂੰ
ਲਾਈਆਂ ਵੇ ਮਤਾਂ ਲਾਰੀਆਂ ਵੇ ।
ਕੀ ਤਾੜੀਆਂ ਮਾਰ ਉਡਾਇਆ ਈ
ਮਾਰ ਤਾੜੀਆਂ ਕਟਾਰੀਆਂ ਵੇ ।
ਅਸਾਂ ਰੋਂਦਿਆਂ ਰਾਤੀਂ ਗੁਜ਼ਾਰੀਆਂ
ਤੁਸੀਂ ਹਸਦੇ ਨਾਲ ਪਿਆਰੀਆਂ ਵੇ ।
ਵਾਰੀਆਂ ਵੇ ਮੈਂ ਤਾਂ ਵਾਰੀਆਂ ਵੇ
ਹੈ ਹੈ ਜ਼ਾਰੀਆਂ ਮੈਂ ਤਾਂ ਜ਼ਾਰੀਆਂ ਵੇ ।
ਕੋਹ ਕਾਫ ਦੀ ਪਰੀ ਤੇ ਅਖੀਂ ਤੇ
ਧਾਰੀਂ ਕੱਜਲ ਦੀਆਂ ਧਾਰੀਆਂ ਵੇ ।
ਵਾਹਰ ਵੇ ਨੈਣਾਂ ਤੇ ਵਾਹਰ ਵੇ
ਉਨਾਂ ਜ਼ਾਲਿਮਾਂ ਦਸਤੀਆਂ ਮਾਰੀਆਂ ਵੇ ।
ਉਨਹਾਂ ਕਮਾਣੀਆਂ ਤਰਕਸ਼ ਵਾਲਿਆਂ
ਵਗੀਆਂ ਤੇਜ ਤਰਵਾਰੀਆਂ ਵੇ ।
ਮੈਂ ਚੌਪੜ ਮਾਰੀਆਂ ਨਿਉਂ ਤੁਸਾਡੇ
ਹਾਰੀਆਂ ਵੇ ਮੈਂ ਤਾਂ ਹਾਰੀਆਂ ਵੇ ।
ਹਿਕ ਪਲ ਪਾਸਾ ਨ ਢਾਲੇਂ ਅਸਾਂ ਨੂੰ
ਹਿਕ ਨਾ ਰਾਤੀਂ ਸਾਰੀਆਂ ਵੇ ।
ਸਾਰੀਆਂ ਵੇ ਮੈਂ ਤਾਂ ਸਾਰੀਆਂ ਵੇ
ਹੈ ਹੈ ਵਾਰੀਆਂ ਵੇ ਮੈਂ ਤਾਂ ਵਾਰੀਆਂ ਵੇ ।
ਨਿਉ ਨੀਵਾਂ ਦਿਤੀਆਂ ਸੀਨੇ ਮੈਂਡੇ
ਬੀਮਾਰੀਆਂ ਵੇ ਬੀਮਾਰੀਆਂ ਵੇ ।
ਨੂੰਹ ਫੇਰ ਪਾ ਵਿੱਚ ਸੀਨੇ ਮੈਂਡੇ
ਵੇਖ ਚੋਲੀ ਦੀਆਂ ਗੁਲਕਾਰੀਆਂ ਵੇ ।
ਇਸ਼ਕ ਸਮੁੰਦਰ ਤੇ ਮੈਂ ਹੁਣ ਤਾਰੀ
ਵਾਲ੍ਹਾਂ ਮੈਂਡੇ ਸਿਰ ਭਾਰੀਆਂ ਵੇ ।
ਨੂੰਹ ਕਪੜ ਦੂਤੀ ਕਹਿਆ ਨੈਣਾਂ
ਤਾਰੀਆਂ ਵੇ ਨੈਣਾਂ ਤਾਰੀਆਂ ਵੇ ।
ਲੈ ਹੱਥ ਹੈਦਰ ਜ਼ੁਲਫਾਂ ਸਿਆਹ,
ਲਖ ਤਾਰੀਆਂ ਵੇ ਲਖ ਤਾਰੀਆਂ ਵੇ ।੧੯।

24. ਮੀਮ-ਮੀਆਂ ਛੋੜ ਨਹੀਂ ਲੜ ਲੱਗਿਆਂ ਨੂੰ

ਮੀਮ-ਮੀਆਂ ਛੋੜ ਨਹੀਂ ਲੜ ਲੱਗਿਆਂ ਨੂੰ
ਮੈਂਡੇ ਹੱਥੋਂ ਕਿਉਂ ਲੜ ਛਿੱਕ ਲਏਂ ।
ਮੈਨੂੰ ਭੜਕ ਲੱਗੀ ਵੇ ਬਾਦਲ ਬਿਜਲੀ
ਬੁੱਕਲ ਅੰਦਰ ਛਿੱਕ ਲਏਂ ।
ਘੱਤ ਗਲੋਕਰ ਚੰਬਰ ਵੰਜਾਂ
ਛਾਤੀ ਵਿਚ ਦੀ ਛਿੱਕ ਲਏਂ ।
ਮੇਰੇ ਰਹੇ ਕਿਨਾਰੇ ਪਾਸੇ ਜਿਵੇਂ
ਬਘ ਪਾਲੀ ਛਰ ਛਿੱਕ ਲਏਂ ।
ਫਲ ਰਹੀ ਨਿਸ਼ਾਨੀ ਦਿਲ ਮੈਂਡੇ ਵਿਚ
ਲੜੀ ਜੇ ਦਿਲਬਰ ਛਿੱਕ ਲਏਂ ।
ਲੱਗੀ ਭਾਹ ਚਿਲਮ ਨੂੰ ਕੱਪੜ ਤੇ
ਬੁੜ ਬੁੜ ਕਰ ਕਰ ਛਿੱਕ ਲਏਂ ।
ਹੁਣ ਦੁੱਖ ਲਗੇ ਮਿੱਠੇ ਦਿਲ ਦੇ ਨੂੰ
ਆਖ ਹੈਦਰ ਕੱਕਰ ਛਿੱਕ ਲਏਂ ।੧।

25. ਮੀਮ-ਮੂੰਹ ਚੂਰੀ ਘੱਤ ਕੇ ਭਾਂਡਾ ਭੰਨਾਂ

ਮੀਮ-ਮੂੰਹ ਚੂਰੀ ਘੱਤ ਕੇ ਭਾਂਡਾ ਭੰਨਾਂ
ਸੋ ਪੱਨਾਂ ਘਾਗਾ ਗਲ ਪਇਆ ।
ਕੁੱਵਤ ਦੇ ਕਾਰਣ ਤਰਲਾ ਕੀਤੋ ਸੂ
ਆਣ ਕਾਮੰਗਾ ਗਲ ਪਇਆ ।
ਇਸ ਦੇਗ ਵਿਚੋਂ ਹਿਕ ਕਾਕਲ ਹੋਵੇ
ਉਸ ਦਾ ਭਾਂਗਾ ਗਲ ਪਇਆ ।
ਹੈਦਰ ਨਾਲ ਫਜ਼ੂਲ ਕਿਆ ਹਊਮੈਂ
ਸਰਫਾ ਸਾਹੰਗਾ ਗਲ ਪਇਆ ।੨੧।

26. ਮੀਮ-ਮੁਹੱਬਤ ਯਾਰ ਦੀ ਸ਼ਾਲਾ

ਮੀਮ-ਮੁਹੱਬਤ ਯਾਰ ਦੀ ਸ਼ਾਲਾ,
ਵਧਮ ਪਲ ਪਲ ਜਿਉਂਦਿਆਂ ਨੂੰ ।
ਜ਼ਕਰੀਆ ਯਾਰ ਦਾ ਵਿਰਦ ਕਮਾਵੇ
ਆਰੇ ਹੇਠ ਚੀਰੇਂਦਿਆਂ ਨੂੰ ।
ਮਨਸੂਰ ਭੀ ਮਾਰੇ ਸੌ ਸੌ ਨਾਅਰੇ
ਸੂਲੀ ਪਕੜ ਚੜ੍ਹੇਂਦਿਆਂ ਨੂੰ ।
ਅਲੀ ਹੈਦਰ ਤੈਨੂੰ ਸ਼ਰਮ ਨ ਆਵੇ,
ਆਸ਼ਿਕਾਂ ਵਿਚ ਗਿਣੇਂਦਿਆਂ ਨੂੰ ।੨੫।

27. ਮੀਮ-ਮੁਸ਼ਕਲ ਹੋ ਗਇਆ ਮਿਲਣਾ ਤੇਰਾ

ਮੀਮ-ਮੁਸ਼ਕਲ ਹੋ ਗਇਆ ਮਿਲਣਾ ਤੇਰਾ
ਤੇ ਮੁਸ਼ਕਲ ਹੋ ਗਇਆ ਕੱਜਣਾ ਭੀ ।
ਮੁਸ਼ਕਲ ਹੋ ਗਇਆ ਸਭ ਕੁਝ ਰੱਖਣਾ
ਤੇ ਮੁਸ਼ਕਲ ਹੋ ਗਇਆ ਤਜਣਾ ਭੀ ।
ਮੁਸ਼ਕਲ ਹੋ ਗਇਆ ਜ਼ਾਹਿਰ ਕਰਨਾ
ਤੇ ਮੁਸ਼ਕਲ ਹੋ ਗਇਆ ਕੱਜਣਾ ਭੀ ।
ਮੁਸ਼ਕਲ ਹੋਰ ਨ ਕਾਈ ਓ ਹੈਦਰ
ਤੇ ਮੁਸ਼ਕਲ ਤੈਂ ਕੋਲੋਂ ਰੱਜਣਾ ਭੀ ।੨੭।

ਨੂਨ

1. ਨੂਨ-ਨੈਣ ਹੀਰ ਦੇ ਕਿਉਂ ਵਤ ਰੋਵਣ

ਨੂਨ-ਨੈਣ ਹੀਰ ਦੇ ਕਿਉਂ ਵਤ ਰੋਵਣ
ਜੇ ਸੀਨੜੇ ਅੰਦਰ ਚਾਕ ਨਹੀਂ ।
ਕੌਣ ਚੱਕੀ ਚਾਕ ਜੇ ਚਕਦਾ ਚਾਕ
ਕੀ ਨਾਲ ਅਸਾਡੜੇ ਚਾਕ ਨਹੀਂ ।
ਰਾਂਝਾ ਭੱਤਾ ਮਹੀਂ ਕਿਉਂ ਨਾਲ ਵੱਤੇ
ਹੋਵੇਂ ਸ਼ਾਲਾ ਨਾਕ ਨਹੀਂ ।
ਨਿੱਤ ਵਿਛੋੜੇ ਦਾ ਸਹਿਣਾ ਹੈਦਰ
ਨਿੱਤ ਨਿੱਤ ਧਾਵਾਂ ਟਾਕ ਨਹੀਂ ।੧।

2. ਨੂਨ-ਨੈਣ ਮਾਹੀ ਦੇ ਘਾਹ ਕਰੇਂਦੇ

ਨੂਨ-ਨੈਣ ਮਾਹੀ ਦੇ ਘਾਹ ਕਰੇਂਦੇ
ਜ਼ਾਲਿਮ ਨ ਰਹਿੰਦੇ ਚਾਲੀਆਂ ਤੋਂ ।
ਜਿੱਥੇ ਵੇਖਣ ਬਾਗ ਹੁਸਨ ਦਾ ਖਿੜਿਆ
ਖੌਫ ਨ ਖਾਂਦੜੇ ਮਾਲੀਆਂ ਤੋਂ ।
ਮਾਰਨ ਝਾਤ ਤੇ ਮੰਗਣ ਤਾਮਾ
ਬਾਜ਼ ਨ ਰਹਿਣ ਦੀਵਾਲੀਆਂ ਤੋਂ ।
ਅਲੀ ਹੈਦਰ ਪੀਤਿਆਂ ਬਾਹਜ ਨੇ ਖੀਵੇ
ਕੈਫ ਨ ਲੈਣ ਕਲਾਲੀਆਂ ਤੋਂ ।੩।

3. ਨੂਨ-ਨ ਸ਼ੇਖ ਮਸ਼ਾਇਖ ਕਾਜ਼ੀ ਨ ਮੁੱਲਾਂ

ਨੂਨ-ਨ ਸ਼ੇਖ ਮਸ਼ਾਇਖ ਕਾਜ਼ੀ ਨ ਮੁੱਲਾਂ
ਭੀ ਤੈਂਡੇ ਦੇ ਸਾਈਂ ਮੰਗਤੀਓਂ ।
ਪੈਰੀਂ ਪਾਉਂਟੇ ਨੇਵਰ ਘੂੰਗਰੂ
ਛਣ ਛਣ ਛਣਕਾਈਂ ਮੰਗਤੀਓਂ ।
ਤਾਨਾ ਰੇ ਰੇ ਕਿਵੇਂ ਅਲਾਪਾਂ
ਮੈਂ ਸੁਰਾਂ ਸੁਣਾਈ ਮੰਗਤੀਓਂ ।
ਤਾਲ ਤਾਲ ਤੇ ਥਈਆ ਥਈਆ
ਮੈਂ ਘਰੀਂ ਬਤਾਈਂ ਮੰਗਤੀਓਂ ।
ਸਾਈਂ ਵੱਡਾ ਬਖਸ਼ ਕਰੇਸੇਂ
ਤੋੜੇ ਭਰ ਗੁਨਾਹੀਂ ਮੰਗਤੀਓਂ ।
ਹੈਦਰ ਨਾ ਉਮੀਦ ਨਾ ਥੀਵੀਂ,
ਦਰ ਓਸੇ ਦੀ ਮੰਗਤੀਓਂ ।੨।

ਕਾਫ਼

1. ਕਾਫ਼-ਕਦੀ ਵੇਖ ਵੇ ਨੀਂਗਰਾ ਆਰਸੀਆਂ ਬਣ

ਕਾਫ਼-ਕਦੀ ਵੇਖ ਵੇ ਨੀਂਗਰਾ ਆਰਸੀਆਂ ਬਣ
ਬਾਹਰ ਅੰਦਰ ਤੂੰ ਹੀ ਤੂੰ ਹੀ ।
ਗੈਰ ਤੈਂਡਾ ਮੇਲ ਸੁੱਟਿਆ ਮੈਂ ਤੋੜੇ
ਅਪਣੇ ਜੌਹਰ ਤੂੰ ਹੀ ਤੂੰ ਹੀ ।
ਗੈਰ ਤੈਂਡੇ ਨਾਲ ਵੈਰ ਅਸਾਂ ਉਹ ਤੂੰਹੀ
ਜੋ ਘਰ ਘਰ ਤੂੰ ਹੀ ਤੂੰ ਹੀ ।
ਭਾਵੇਂ ਕਾਫਿਰ ਆਖ ਤੇ ਭਾਵੇਂ ਮੁਸਲਿਮ
ਪਰ ਵਤ ਹਰ ਹਰ ਤੂੰ ਹੀ ਤੂੰ ਹੀ ।
ਰਾਮ ਲਛਮਣ ਕੂ ਮੋਹਣ ਭੀ ਮਾਰਿਆ
ਤੂੰ ਹੀ ਦਹੰਸਰ ਤੂੰ ਹੀ ਤੂੰ ਹੀ ।
ਤੁਧ ਹੀ ਸਾਫ ਕੀਤਾ ਮੈਨੂੰ ਗੈਰ ਕੁਨੋਂ
ਮੀਆਂ ਕੌਣ ਸਕੰਦਰ ਤੂੰ ਹੀ ਤੂੰ ਹੀ ।
ਕਦੀ ਫੇਰ ਪਿਆਲਾ ਅਸਾਂ ਵੱਲ ਸਾਕੀ
ਪੀਉ ਨ ਭਰ ਭਰ ਤੂੰ ਹੀ ਤੂੰ ਹੀ ।
ਮੈਂ ਕਿਸ ਦਰ ਵੰਜਾਂ ਤੇ ਕਿਸ ਦਰ ਕੂਕਾਂ
ਬਾਹਜ ਤੈਂਡੇ ਦਰ ਤੂੰ ਹੀ ਤੂੰ ਹੀ ।
ਜੇ ਯਾਰ ਕਹੇ ਕਲ੍ਹ ਕਿਸ ਨੇ ਲਇਆ ਦਿਲ,
ਲੋਕ ਵੇ ਹੈਦਰ ਤੂੰ ਹੀ ਤੂੰ ਹੀ ।੭।

2. ਕਾਫ਼-ਕਦੀ ਯਾਰ ਵੇ ਯਾਰ ਜੇ ਮਾਰਨਾ ਈ

ਕਾਫ਼-ਕਦੀ ਯਾਰ ਵੇ ਯਾਰ ਜੇ ਮਾਰਨਾ ਈ
ਐਵੇਂ ਲੋਰੀਆਂ ਦੇ ਨਾਲ ਸਹਮਾ ਨਹੀਂ ।
ਕਦੀ ਮਾਰਨਾ ਈ ਤੇ ਤਾਰ ਵੇ ਜ਼ਾਲਿਮ
ਨਾਹੀਂ ਤੇ ਮਾਰ ਜਿਵਾ ਨਹੀਂ ।
ਧਰੂਹ ਇਰਾਕੀ ਤੇ ਲਾ ਮੈਂਡੇ ਤਨ
ਬਿਜਲੀ ਵਾਂਗ ਤਕਾ ਨਹੀਂ ।
ਤਾਰਨਾ ਈ ਤੇ ਤਾਰ ਵੇ ਸਾਹਿਬ
ਠਾਠੀਂ ਵਿੱਚ ਲੁੜ੍ਹਾ ਨਹੀਂ ।
ਕਦੀ ਖੋਲ੍ਹ ਤਨੀ ਮਿੱਠਾ ਬੋਲ ਮੂੰਹੋਂ
ਐਵੇਂ ਨਾਜ਼ਾਂ ਨਾਲ ਧਮਾ ਨਹੀਂ ।
ਸਾਈਂ ਸੱਚਾ ਪਾਕ ਖੁਦਾ ਹੈਂ ਤੂੰ ਹੈਂ
ਤੈਂਡੇ ਬਾਹਜ ਕੋਈ ਹੋਰ ਖੁਦਾ ਨਹੀਂ ।
ਤੂੰ ਉਪਰ ਸੂਰਜ ਦੀਵੇ ਤਾਹੀਂ
ਚਾ ਵਧਾ ਵਧਾ ਨਹੀਂ ।
ਬੱਸ ਵੇ ਹੈਦਰ ਰੋ ਨਹੀਂ,
ਤੂੰ ਬਲਦੀ ਤੇ ਤੇਲ ਪਾ ਨਹੀਂ ।੩।

3. ਕਾਫ਼-ਕੱਦ ਮੂੰਹ ਤੱਕ ਆਲਮ, ਕਿ ਫਲੀਆਂ

ਕਾਫ਼-ਕੱਦ ਮੂੰਹ ਤੱਕ ਆਲਮ, ਕਿ ਫਲੀਆਂ
ਜ਼ਾਲਿਕ ਅਲਕਿਤਾਬ, ਨਹੀਂ ।
ਹੁਸਨ ਜਮਾਲ ਉਸ ਯਾਰ ਦਾ ਕੀ
ਮੈਂ ਫਲੀਆਂ ਏਹੋ ਆਬ ਨਹੀਂ ।
ਇਹ ਖਾਕ ਰਤਾਕ ਤੇ ਦਿਨ ਦੀ ਸ਼ੌਕਤ
ਫਲੀਆਂ ਆਪ ਆਬ ਨਹੀਂ ।
ਉਹ ਲਬ ਲਾਲ ਸ਼ਰਾਬ ਦੇ ਰੰਗ
ਕੀ ਫਲੀਆਂ ਆਪ ਸ਼ਰਾਬ ਨਹੀਂ ।
ਮੈਨੂੰ ਹੈਦਰ ਇਸ਼ਕ ਦਾ ਸੋਖੜਾ ਤਾਪ
ਕੀ ਫਲੀਆਂ ਆਪ ਤਾਬ ਨਹੀਂ ।੧।

4. ਕਾਫ਼-ਕਾਫਿਰ ਹੋਈ ਸੋਹਣੇ ਯਾਰ ਪਿੱਛੇ

ਕਾਫ਼-ਕਾਫਿਰ ਹੋਈ ਸੋਹਣੇ ਯਾਰ ਪਿੱਛੇ
ਮੁੱਲਾਂ ਡਿੰਗੀ ਨਿਮਾਜ਼ ਪੜ੍ਹਾਵੰਦੇ ਨੇ ।
ਆਸ਼ਿਕ ਸਿਜਦਾ ਕਰਦੇ ਮੁੱਖ ਯਾਰ ਦੇ ਨੂੰ
ਲੋਕ ਕਾਬੇ ਨੂੰ ਸੀਸ ਨਿਵਾਵੰਦੇ ਨੇ ।
ਦੀਨ ਮਜ਼੍ਹਬ ਨਹੀਂ ਓ ਇਨਹਾਂ ਆਸ਼ਿਕਾਂ ਦਾ
ਤਸਬੀਹ ਤੋੜ ਜੰਜੂ ਗਲ ਪਾਵੰਦੇ ਨੇ ।
ਹੈਦਰ ਵਾਰੇ ਜਾਈਏ ਇਨ੍ਹਾਂ ਆਸ਼ਿਕਾਂ ਦੇ,
ਜਿਹੜੇ ਕੁਫਰੋਂ ਰਾਹ ਨੂੰ ਪਾਵੰਦੇ ਨੇ ।੧੬।

5. ਕਾਫ਼-ਕਈ ਖੂਬੀਆਂ ਨੇ ਬੇਰੰਗ ਦੀਆਂ

ਕਾਫ਼-ਕਈ ਖੂਬੀਆਂ ਨੇ ਬੇਰੰਗ ਦੀਆਂ
ਇਨਹਾਂ ਲੱਖਾਂ ਕੁਨੋਂ ਹਿਕ ਰੰਗ ਭੀ ਏ ।
ਮੈਂ ਹਾਰ ਸਿੰਗਾਰੀਆਂ ਚੰਦਨਹਾਰੀਆਂ ਨੇ
ਹੱਥ ਸੋਨੇ ਦੀ ਵੰਗ ਭੀ ਏ ।
ਜੰਗ ਸੰਗ ਦੇ ਵਿੱਚ ਆਤਿਸ਼
ਇਨਹਾਂ ਸੰਗੀਂ ਦਿਲਾਂ ਦੀ ਸੰਗ ਭੀ ਏ ।
ਸੀ ਓਜਰ ਝੰਗ ਬੁਲਾਇੰਦੇ ਬੇਲੇ
ਤੇ ਹਿਕ ਸਿਆਲੀਂ ਦਾ ਝੰਗ ਭੀ ਏ ।
ਜੋ ਗਲ ਗਇਆ ਦਿਲ ਜਲ ਪਇਆਂ
ਕੇਹੀ ਤ੍ਰਿਖੜੀ ਭਾਹ ਉਸ ਮੁੱਖ ਦੀ ਏ ।
ਕਿਸੇ ਨਿਗਾਹ ਤੇ ਭਾਹ ਫੜਕਦੀ
ਏਸ ਸੀਨੇ ਦੇ ਵਿੱਚ ਫੜਕਦੀ ਏ ।
ਓਥੇ ਜ਼ਹਰ ਭੀ ਹੈਦਰ ਸ਼ੱਕਰ ਏਹੀ
ਖੰਡ ਤੋਂ ਮਿੱਠੀ ਜੰਗ ਭੀ ਏ ।੮।

6. ਕਾਫ਼-ਕਜਲ ਬਣ ਬਣ ਨੈਣ ਸਿਆਹ

ਕਾਫ਼-ਕਜਲ ਬਣ ਬਣ ਨੈਣ ਸਿਆਹ
ਤੇਰਾ ਕਜਲਾ ਹਾਥੀ ਮਸਤ ਵਲੇ ।
ਮੰਨੇ ਨਹੀਂ ਕਹੇ ਪਿਪਨੀਆਂ ਦੇ
ਆਰੇ ਆਖਣ ਤਹਤ ਵਲੇ ।
ਸ਼ਾਹ ਨਿਗਾਹ ਅਮਾਰੀਆਂ ਅੱਖੀਆਂ
ਮੋਰਛੜ ਪਲਕਾਂ ਦੇ ਦਸਤ ਵਲੇ ।
ਤੋੜੇ ਏਸ ਦੁੰਬਾਲੇ ਦੇ ਸੰਗਲ
ਰਹੇ ਮਹਾਵਤ ਘੱਤ ਵਲੇ ।
ਪਲ ਪਲ ਭਉਂਦਾ ਖੂਨੀ ਹਾਥੀ ਪਿਆ
ਅਸਾਂ ਨਾਲ ਕਿਸਮਤ ਵਲੇ ।
ਐਸੇ ਹਾਥੀ ਮੂੰਹ ਹੱਥ ਮੈਂਡੇ
ਦੰਦ ਖੰਡ ਚੂੜਾ ਮਸਤ ਵਲੇ ।
ਆਖੀਂ ਹੈਦਰ ਹਾਥੀ ਵਾਲੜੇ ਨੈ,
ਆਵੇ ਗਲੀ ਅਸਾਡੀ ਵਤ ਵਲੇ ।੧੨।

7. ਕਾਫ਼-ਕਾਂਵਲੀਓਂ ਗੋਲੀਆਂ ਮੈਂਡਾ ਸਾਈਂ

ਕਾਫ਼-ਕਾਂਵਲੀਓਂ ਗੋਲੀਆਂ ਮੈਂਡਾ ਸਾਈਂ
ਲੈਂਦਾ ਏ ਪਾਲਣ ਨੂੰ ।
ਅਸਾਂ ਗੋਲੀਆਂ ਕਾਨ ਪਕਾਇਆ ਈ
ਪਵੇ ਸੂਰਜ ਝੋਕੇ ਬਾਲਣ ਨੂੰ ।
ਲਿਖੇ ਕਾਨ ਕੀਤੇ ਨੇ ਦਫ਼ਤਰ ਅਪਣੇ
ਲੰਘਦੇ ਨੇ ਏ ਵਾਲਣ ਨੂੰ ।
ਚਾਨਣ ਪੌਂਦਾ ਏ ਬਾਰੀਆਂ ਉੱਤੇ
ਯਾ ਉਪਰ ਵਾਰਿਉਂ ਏ ਭਾਲਣ ਨੂੰ ।
ਚੰਨ ਸੂਰਜ ਹੈਦਰ ਬਾਰੀਆਂ ਹੋਈਆਂ
ਸ਼ਾਇਦ ਮੁੱਖ ਏ ਵਿਖਾਲਣ ਨੂੰ ।੯।

8. ਕਾਫ਼-ਕੱਪੜ ਭੈਣਾਂ ਰੰਗ ਰੰਗਲੀਆਂ

ਕਾਫ਼-ਕੱਪੜ ਭੈਣਾਂ ਰੰਗ ਰੰਗਲੀਆਂ,
ਸਈਆਂ ਹਾਰ ਸਿੰਗਾਰੀਆਂ ਨੇ ।
ਬਣ ਬਣ ਰੂਪ ਵਿਖਾਵਣ ਸੋਹਣਾ
ਭਰਦੀਆਂ ਹੁਸਨ ਖੁਮਾਰੀਆਂ ਨੇ ।
ਇਕ ਸੇਜ ਸਜਣ ਦੀ ਮਾਣਨ ਕਾਰਣ
ਕਰਦੀਆਂ ਨਿੱਤ ਤਿਆਰੀਆਂ ਨੇ ।
ਹਿਕ ਕੋਝੀਆਂ ਕਮਲੀਆਂ ਸਿੱਧੀਆਂ ਸਾਦੀਆਂ
ਸ਼ੋਹਦੀਆਂ ਵਿੱਚ ਵਿਚਾਰੀਆਂ ਨੇ ।
ਅਲੀ ਹੈਦਰ ਮੀਆਂ ਫੇਰ ਕੌਣ ਪਛਾਣੇ,
ਕਿਹੜੀਆਂ ਯਾਰ ਪਿਆਰੀਆਂ ਨੇ ।੧੯।

9. ਕਾਫ਼-ਕਰ ਕਰ ਜ਼ਾਰੀਆਂ ਥੱਕੀਆਂ ਮੈਂ

ਕਾਫ਼-ਕਰ ਕਰ ਜ਼ਾਰੀਆਂ ਥੱਕੀਆਂ ਮੈਂ
ਉਸ ਰੁੱਠੜੇ ਯਾਰ ਮੰਨਾਵਣ ਨੂੰ ।
ਉਸ ਦਿਲ ਦੀ ਬਸਤੀ ਨੂਰ ਨਜ਼ਰ ਦੀ
ਗਲੀਆਂ ਵਾਟ ਸੁਹਾਵਣ ਨੂੰ ।
ਉਸ ਗਲੀਆਂ ਰੰਗ ਸੁਟਾਵਣ ਨੂੰ
ਉਸ ਧੜ ਧੜ ਜੀ ਬਣਾਵਣ ਨੂੰ ।
ਉਸ ਗਲ ਵਿੱਚ ਬਾਂਹ ਵਲਾਵਣ ਨੂੰ
ਦਿਲ ਬਿਜਲੀ ਵਾਂਗ ਵਲਾਵਣ ਨੂੰ ।
ਉਸ ਹੱਸਣ ਵੈਣ ਅਲਾਵਣ ਨੂੰ
ਵਿੱਚ ਆਬਿ-ਹੱਯਾਤ ਲੁੜਾਵਣ ਨੂੰ ।
ਉਸ ਹੱਸ ਹੱਸ ਰੱਤ ਰੁੜ੍ਹਾਵਣ ਨੂੰ
ਵਤ ਗਾਹਲੀਂ ਨਾਲ ਹਸਾਵਣ ਨੂੰ ।
ਉਸ ਤੇਗ ਦੀ ਆਬ ਛਿਕਾਵਣ ਨੂੰ
ਕੋਈ ਆਬਿ-ਹੱਯਾਤ ਪਿਵਾਵਣ ਨੂੰ ।
ਉਸ ਗਲ ਤੇ ਤੇਗ ਵਹਾਵਣ ਨੂੰ
ਕੀ ਕਹਣਾ ਕੂਕ ਵਿਹਾਵਣ ਨੂੰ ।
ਉਸ ਨਿਤ-ਨਿਤ ਆਸ਼ਿਕ ਮਾਰਨ ਨੂੰ
ਉਸ ਵਲ ਵਲ ਫੇਰ ਜਿਵਾਵਣ ਨੂੰ ।
ਅਤੇ ਮੈਂ ਹਾਰ ਸ਼ਿੰਗਾਰ ਬਣਾਵਣ ਨੂੰ
ਨਿਤ-ਨਿਤ ਕਰ ਕਰ ਭੇਸ ਵਿਖਾਵਣ ਨੂੰ ।
ਨੈਣੀਂ ਮੈਂ ਕੱਜਲ ਪਾਏ ਰਹੀ
ਲਾ ਮਿਸੀ ਮਿਸਾਕ ਠਕਾਵਣ ਨੂੰ ।
ਹੁਣ ਭੜਕ ਲੱਗੀ ਵਾਂਗ ਬਿਜਲੀ ਦੇ
ਆ ਵੱਸ ਵੇ ਮੀਂਹ ਬੁਝਾਵਣ ਨੂੰ ।
ਬਿਜਲੀ ਹੱਥਾਂ ਨਾਲ ਬੁਝਾਵਣ ਨੂੰ
ਕੁਝ ਹੱਥਾਂ ਨਾਲ ਬੁਝਾਵਣ ਨੂੰ ।
ਯਾਨੀ ਢੋਲਣ ਛਾਤੀ ਲਾਵਣ ਨੂੰ
ਕਿ ਖੋਲ੍ਹ ਤਨੀ ਗਲ ਲਾਵਣ ਨੂੰ ।
ਹੁਣ ਅੱਖੀਆਂ ਲਾਈਆਂ ਸਾਵਣ ਨੂੰ
ਮੈਂ ਕੋਇਲ ਵਾਂਗ ਕੁਰਲਾਵਣ ਨੂੰ ।
ਭੀ ਹੈਦਰ ਲਾਹ ਸਾਵਣ ਨੂੰ,
ਕਿਵੇਂ ਆਵੇਂ ਫੇਰ ਵਸਾਵਣ ਨੂੰ ।੧੦।

10. ਕਾਫ਼-ਕਰਕੇ ਮੂਰਤ ਪੱਥਰ ਦੀ

ਕਾਫ਼-ਕਰਕੇ ਮੂਰਤ ਪੱਥਰ ਦੀ
ਏਸ ਨਾਲ ਨਿਗਾਹ ਜਿਵਾਈਆਂ ਮੈਂ ।
ਜੋ ਕੁਝ ਆਖੋ ਸੋਈ ਆਖਾਂ
ਪਰਬਤ ਵਾਂਗ ਬਲਾਈਆਂ ਮੈਂ ।
ਮੈਂ ਕੀ ਜਾਣਾ ਹਰਫ਼ ਹਿਕਾਇਤ
ਤੋਤੇ ਵਾਂਗ ਪੜ੍ਹਾਈਆਂ ਮੈਂ ।
ਬੁਲਬੁਲ ਰਾਗ ਸਰੂਦ ਕੀ ਜਾਣਾ
ਗਾਵਣ ਗੱਲ ਸਿਖਾਈਆਂ ਮੈਂ ।
ਮੈਂ ਕੁਝ ਨਾਹੀਂ ਕੁਝ ਜਾਣਦੀ ਨ
ਵੇਖਿਆ ਕਈ ਕਾਂ ਬਣਾਈਆਂ ਮੈਂ ।
ਖ਼ਾਕ ਉਤੇ ਕੁਝ ਪਾਣੀ ਆਹਾ
ਆਤਿਸ਼ ਨਾਲ ਮਿਲਾਈਆਂ ਮੈਂ ।
ਢੋਲਣ ਦੇ ਹੱਥ ਡੋਰ ਮੈਂਡੀ
ਛਿੱਕ ਪੁਤਲੀ ਵਾਂਗ ਨਚਾਈਆਂ ਮੈਂ ।
ਜੇ ਸੱਚ ਪੁੱਛੇਂ ਓਹਾ ਪੱਟ ਡੋਰਾਂ
ਤੰਦ-ਤੰਦ ਤਣਾਈਆਂ ਮੈਂ ।
ਵੇਖਾਂ ਕਨ ਵਗਾਏ ਤੇ ਸੁੱਟੇ ਕਨ
ਖੱਪਾਂ ਨੈਣ ਘਤ ਪਵਾਈਆਂ ਮੈਂ ।
ਜੇ ਤੂੰ ਸੈ ਤਨ ਬਰ-ਸਰ ਹੈਦਰ,
ਸਿਰ ਤੋਂ ਘੋਲ ਘੁਮਾਈਆਂ ਮੈਂ ।

11. ਕਾਫ਼-ਕੌਣ ਜੱਟੀ ਸ਼ਹਜ਼ਾਦੀਆਂ ਸੀ

ਕਾਫ਼-ਕੌਣ ਜੱਟੀ ਸ਼ਹਜ਼ਾਦੀਆਂ ਸੀ
ਤੇਰੀ ਇਕਸ ਨਿਗਾਹ ਮਾਰ ਸੁੱਟੀਆਂ ਨੇ ।
ਨੇਹੁੰ ਫੱਟੀਆਂ ਤੇ ਮੱਥੇ ਮੱਟੀਆਂ ਨੇ
ਉਹਨਾਂ ਹੱਥ ਪ੍ਰੇਮ ਦੀਆਂ ਪੱਟੀਆਂ ਨੇ ।
ਤੋੜੇ ਯੂਸਫ ਵਹੁਟੀਆਂ ਸਭ ਸ਼ਹਜ਼ਾਦੀਆਂ
ਉਂਗਲੀਆਂ ਚਾ ਕੱਟੀਆਂ ਨੇ ।
ਮੈਂ ਭੀ ਤਾਂ ਗਾਹਕ ਤੇਰੀ ਹੈਦਰ,
ਹੱਥ ਮੇਰੇ ਦੋਵੇਂ ਅੱਟੀਆਂ ਨੇ ।੨੦।

12. ਕਾਫ਼-ਕਾਇਮ ਰਹੇ ਸੋਹਣਾ ਯਾਰ ਮੈਂਡਾ

ਕਾਫ਼-ਕਾਇਮ ਰਹੇ ਸੋਹਣਾ ਯਾਰ ਮੈਂਡਾ
ਓਸੇ ਯਾਰ ਦੇ ਮਿਲਣ ਦੀ ਤਾਂਹਗ ਮੈਨੂੰ ।
ਪਿੱਛਾ ਯਾਰ ਦਾ ਮੂਲ ਨ ਛੋੜਸਾਂ ਮੈਂ
ਤੋੜੇ ਮੇਹਣਾ ਦੇਵੇ ਸਾਰਾ ਜੱਗ ਮੈਨੂੰ ।
ਸੋਹਣੇ ਯਾਰ ਦੇ ਬਾਹਜ ਆਰਾਮ ਨਾਹੀਂ
ਇਸ਼ਕ ਧਸ ਗਇਆ ਰਗ ਰਗ ਮੈਨੂੰ ।
ਵੰਡਾਂ ਲੋਕਾਂ ਨੂੰ ਲੱਖ ਸ਼ਰੀਣੀਆਂ ਵੇ,
ਹੈਦਰ ਮਿਲੇ ਯਾਰ ਜੇ ਗਲ ਲੱਗ ਮੈਨੂੰ ।

13. ਕਾਫ਼-ਕੇਹੀ ਕੱਪੜ ਉੱਤੇ ਚੜ੍ਹੀ

ਕਾਫ਼-ਕੇਹੀ ਕੱਪੜ ਉੱਤੇ ਚੜ੍ਹੀ
ਵੰਜਲੀ ਛੋੜ ਦੇ ਰਾਂਝਣ ਯਾਰ ਨਹੀਂ ।
ਹੀਰ ਨਿਮਾਣੀ ਦਾ ਨਰਘਟ ਬਲੇ
ਵੰਜਲੀ ਦੀ ਇਹ ਕਾਰ ਨਹੀਂ ।
ਇਸ ਕਰਨਾ' ਕਿਆਮਤ ਕੀਤੀ
ਆਖਣ ਦੀ ਗੁਫਤਾਰ ਨਹੀਂ ।
ਮੈਂਡੇ ਦਿਲ ਵਿੱਚ ਵੰਜਲੀ ਵਜਦੀ ਏ
ਉਹ ਮਾਹੀ ਝਨਾਉਂ ਪਾਰ ਨਹੀਂ ।
ਸੁਣ ਮਹੀਂ ਭੀ ਕਹੀਆਂ ਕਟੀਆਂ ਥੋਂ
ਦਿਲ ਕਟੀਆਂ ਨਾਲ ਪਿਆਰ ਨਹੀਂ ।
ਅੱਜ ਮਹੀਂ ਦੇ ਰੰਗ ਵੇ ਹੋਰ ਤਰ੍ਹਾਂ
ਉਹ ਬੂਟਿਆਂ ਵਾਲਾ ਚਕਾਰ ਨਹੀਂ ।
ਇਹ ਲਿਗਾਰ ਦਿਲੀਂ ਦੇ ਵੇ ਹੈਦਰ,
ਮਹੀਂ ਵਾਲਾ ਰਿੰਗਾਰ ਨਹੀਂ ।੧੪।

14. ਕਾਫ਼-ਕੇਹੀ ਕੱਪੜ ਉੱਤੇ ਘੱਤੀਆਂ

ਕਾਫ਼-ਕੇਹੀ ਕੱਪੜ ਉੱਤੇ ਘੱਤੀਆਂ
ਮਨ ਮੇਰਾ ਮਾਹੀ ਕੂਕਦਾ ਈ ।
ਉਹ ਸਰਵ ਸਹੀ ਤੇ ਬਾਗ ਚਮਨ ਵਿੱਚ
ਸਰੇ ਵਾਂਗਰ ਘੂਕਦਾ ਈ ।
ਵੇਖਾਂ ਕੈਸਾ ਘਾੜ ਘੜੇਂਦੇ ਓਥੇ
ਭਾਹ ਸੁਨਾਰਾ ਫੂਕਦਾ ਈ ।
ਹੀਰੇ ਨੂੰ ਜ਼ਬਾਨੀ ਸ਼ਾਇਦ
ਅੱਜ ਲਦਾਨਾ ਝੋਕਦਾ ਈ ।
ਅੱਜ ਪਾਰ ਝਨਾਵੀਂ ਮਾਹੀ ਸ਼ਾਇਦ
ਮਹੀਂ ਮੰਗੂ ਹੂਕਦਾ ਈ ।
ਹੈ ਹੈ ਉਲਟ ਪਇਆ ਗਲ ਹੀਰ ਦੇ
ਨਰ ਸ਼ੇਰ ਵਾਂਗਰ ਸ਼ੂਕਦਾ ਈ ।
ਆਪੇ ਪੀਵੇ ਜਾਵੇ ਕਰੇ ਵਿਹਾਣੇ
ਕੇਹਿਆਂ ਵਿਸਾਹ ਇਸ ਲੋਕ ਦਾ ਈ ।
ਆਪ ਚੋਰ ਦਿਲੀਂ ਦਾ ਹੈਦਰ,
ਅਸਾਂ ਤੇ ਨਾਵਾਂ ਭੋਕਦਾ ਈ ।੧੫।

15. ਕਾਫ਼-ਕਿਆ ਅਜਬ ਮੂਰਤ ਖਾਕ ਦੀ ਏ

ਕਾਫ਼-ਕਿਆ ਅਜਬ ਮੂਰਤ ਖਾਕ ਦੀ ਏ
ਜੇ ਵਤ ਆਈਨਾ ਪਾਕ ਜਮਾਲ ਦਾ ਈ ।
ਬੇ-ਐਬ ਦੇ ਪਰ ਐਬ ਕੁਨੋਂ
ਇਹ ਭੀ ਜਲਵਾ ਕਦਸ ਕਮਾਲ ਦਾ ਈ ।
ਗਰਦ ਨ ਲੱਗੇ ਦਾਮਨ ਪਾਕ ਨੂੰ
ਹੁਸਨ ਇਸ ਠੁਮ ਠੁਮ ਚਾਲ ਦਾ ਈ ।
ਓਹੋ ਆਪ ਦਿਸੇ ਇਨਹਾਂ ਆਰਸੀਆਂ ਥੋਂ
ਫੇਰ ਨਿਗਾਹ ਨੂੰ ਟਾਲਦਾ ਈ ।
ਬੇਰੰਬ ਰੰਗ ਨ ਥੀਵੇ ਯਕਜਾ
ਇਹ ਵਤ ਕੌਲ ਮਹਾਲ ਦਾ ਈ ।
ਹੋਵੇ ਜ਼ਿਦ ਮਤੇਂ ਜ਼ਿਦ ਕੁਨੋਂ ਸ਼ਾਇਦ
ਇਹੋ ਬਿਆਨ ਇਸ ਗਾਹਲ ਦਾ ਈ ।
ਗਲ ਨ ਪਵੇ ਏਸ ਦੀਦ ਵੇ ਹੈਦਰ,
ਬੇਚੂੰ ਤਰ੍ਹਾਂ ਵਿਖਾਲਦਾ ਈ ।੧੭।

16. ਕਾਫ਼-ਕਿਆ ਅਜਬ ਸ਼ਾਹ ਨਵਾਜ਼ੇ ਜੇ ਗੋਲਾਂ ਤਾਈਂ

ਕਾਫ਼-ਕਿਆ ਅਜਬ ਸ਼ਾਹ ਨਵਾਜ਼ੇ ਜੇ ਗੋਲਾਂ ਤਾਈਂ
ਤਾਂ ਕੋਈ ਸਬਬ ਨਹੀਂ ।
ਕਾਈ ਖੂਬੀ ਨਹੀਂ ਕੋਈ ਨੇਕ ਅਮਲ ਭੀ ਨ
ਹੁਸਨ ਅਦਾਈ ਅਦਬ ਨਹੀਂ ।
ਹੋਰ ਕਿਹੜਾ ਵਸੀਲਾ ਜੇ ਇਜ਼ਨ ਬਣਾਵਟ
ਸ਼ਾਹ ਅਜਮ ਅਰਬ ਨਹੀਂ ।
ਪਰ ਓਸੇ ਨਾਉਂ ਜੇ ਚਾ ਨਵਾਜ਼ੇ,
ਹੈਦਰ ਇਹ ਭੀ ਅਜਬ ਨਹੀਂ ।੧੮।

17. ਕਾਫ਼-ਕੀ ਗੱਲ ਕਰੇਂ ਇਸ ਜ਼ੁਲਫ ਸਿਆਹ ਦੀ

ਕਾਫ਼-ਕੀ ਗੱਲ ਕਰੇਂ ਇਸ ਜ਼ੁਲਫ ਸਿਆਹ ਦੀ
ਦੂਰ ਦਰਾਜ਼ ਕਹਾਣੀਆਂ ਨੇ ।
ਕਈ ਰਾਤੀਆਂ ਲੰਮੀਆਂ ਕਾਲੀਆਂ ਨੇ
ਹਿਕੇ ਤਾਰ ਦੇ ਵਿੱਚ ਸਮਾਣੀਆਂ ਨੇ ।
ਕਈ ਉਮਰਾਂ ਖਿਜ਼ਰ ਪੈਗੰਬਰ ਵਾਲੀਆਂ
ਹਿਕ ਦਿਨ ਦੇ ਵਿੱਚ ਵਿਹਾਣੀਆਂ ਨੇ ।
ਤਿਲ ਕਾਲਾ ਸਫਾ ਦਾ ਤਾਂ ਡਾਹਡਾ ਭੀ ਇਹ,
ਛੱਲੇ ਹੈਦਰ ਕਾਲੀਆਂ ਕਹਾਣੀਆਂ ਨੇ ।੪।

18. ਕਾਫ਼-ਕਿਸੇ ਕੱਪਰ ਉੱਤੇ ਘੱਤੀਆਂ ਮੈਂ

ਕਾਫ਼-ਕਿਸੇ ਕੱਪਰ ਉੱਤੇ ਘੱਤੀਆਂ ਮੈਂ
ਉਸ ਖੂਬੀ ਦੇ ਦਰਿਆਉ ਵਲੇ ।
ਵਲ ਵਲ ਮਾਰੇ ਵਿੱਚ ਵਹੀਰੇ
ਠਾਹ ਠੈਂਡਾ ਭਾਰ ਵਲੇ ।
ਨਿਤ ਸਾਇਲ ਹੋਵਾਂ ਆਉ ਵਲੇ
ਆਖਦਾ ਈ ਦਿਲ ਆਉ ਵਲੇ ।
ਜੇ ਮੌਜ ਕਰਮ ਥੀਵੇ ਮੱਥੇ ਦਾ
ਵਲ ਵੰਜੇ ਕਨ ਕਦਾਉ ਵਲੇ ।
ਬੇੜਾ ਸੂਰਤ ਬੰਦਰ ਦੇ ਵਿੱਚ
ਤੂੰ ਆ ਮਵਾਫ਼ਿਕ ਵਾਉ ਵਲੇ ।
ਮੈਂ ਮੱਕਾ ਵੇਖਾਂ ਮਰਵਹ ਵੇਖਾਂ
ਵੇਖਾਂ ਕੋਹ ਕਾਫ਼ ਵਲੇ ।
ਪਰ ਬੇਰੰਗ ਆਬਦਾਰ ਰੰਗੀ ਕਾ
ਪਇਉ ਹੀਰੇ ਘਾਉ ਵਲੇ ।
ਵਿੱਚ ਘੁੰਮਰ-ਘੇਰਾਂ ਨਾਉ ਵੇ ਹੈਦਰ,
ਕਰਵਟ ਏਹਾ ਨਾਉ ਵਲੇ ।੧੧।

19. ਕਾਫ਼-ਕਿਵੇਂ ਜ਼ੁਲਫ ਥੀਵਾਂ ਅੱਖੀਆਂ

ਕਾਫ਼-ਕਿਵੇਂ ਜ਼ੁਲਫ ਥੀਵਾਂ ਅੱਖੀਆਂ
ਅੱਖੀਂ ਸਿਰਾਪਾ ਨਜ਼ਾਰਾ ਕਰੇਂ ।
ਵਾਂਗੂੰ ਜ਼ੁਲਫਾਂ ਲੰਮੀਆਂ ਕਾਲੀਆਂ ਦੇ
ਮੈਂ ਖਿਜ਼ਰ ਦੀ ਉਮਰ ਦੋਬਾਰਾ ਕਰੇਂ ।
ਇਨਹਾਂ ਪੈਰਾਂ ਦੀ ਖਾਕ ਮੈਂ ਸੁਰਮਾ ਕਰੇਂ
ਇਨਹਾਂ ਅੱਖਾਂ ਕਿਵੇਂ ਚਾਰਾ ਕਰੇਂ ।
ਹੈਦਰ ਦੇਂਹ ਥੋਂ ਰੌਸ਼ਣ ਥੀਵਾਂ,
ਦੀਦ ਜੇ ਉਹ ਰੁਖਸਾਰਾ ਕਰੇਂ ।੬।

20. ਕਾਫ਼- ਕੂੜਾ ਘੋੜਾ ਕੂੜਾ ਜੋੜਾ ਕੂੜਾ ਸ਼ਹ-ਅਸਵਾਰ

ਕਾਫ਼- ਕੂੜਾ ਘੋੜਾ ਕੂੜਾ ਜੋੜਾ ਕੂੜਾ ਸ਼ਹ-ਅਸਵਾਰ ।
ਕੂੜੇ ਬਾਸ਼ੇ ਕੂੜੇ ਸ਼ਿਕਰੇ ਕੂੜੇ ਮੀਰ-ਸ਼ਿਕਾਰ ।
ਕੂੜੇ ਹਾਥੀ ਕੂੜੇ ਲਸ਼ਕਰ ਕੂੜੇ ਫੌਜ ਕਟਾਰ ।
ਕੂੜੇ ਸੂਹੇ ਕੂੜੇ ਸਾਲੂ ਕੂੜੇ ਸੋਹਣੇ ਯਾਰ ।
ਕੂੜੇ ਜੋੜੇ ਕੂੜੇ ਬੀੜੇ ਕੂੜੇ ਹਾਰ ਸ਼ਿੰਗਾਰ ।
ਕੂੜੇ ਕੋਠੇ ਕੂੜੇ ਮੰਮਟ ਕੂੜਾ ਇਹ ਸੰਸਾਰ ।
ਹੈਦਰ ਆਖੇ ਸਭ ਕੁਝ ਕੂੜਾ ਸੱਚਾ ਹਿਕ ਕਰਤਾਰ ।
ਦੂਜਾ ਨਬੀ ਮੁਹੰਮਦ ਸੱਚਾ ਸੱਚੇ ਉਸ ਦੇ ਯਾਰ ।


ਰੇ

1. ਰੇ-ਰਾਤੀਂ ਜਾਗੇ ਜਾਗ ਪਵੇ

ਰੇ-ਰਾਤੀਂ ਜਾਗੇ ਜਾਗ ਪਵੇ
ਤੇਰਾ ਜਾਵਣਾਂ ਹੋਸੀ ਵਹੀਂ ਵਹੀਂ ।
ਜਮ ਜਮ ਪੀੜਾਂ ਖਾਵੇ ਤਾਂ
ਮੰਗਣ ਜਾਵਣਾਂ ਹੋਸੀ ਵਹੀਂ ਵਹੀਂ ।
ਤੂੰ ਨ ਬਿੰਦਰਾਬਨ ਵਿੱਚ ਮੋਹਣ ਵੇ
ਵਲ ਜਾਵਣਾਂ ਹੋਸੀ ਵਹੀਂ ਵਹੀਂ ।
ਜਿਥੇ ਮੁਰਲੀ ਕਾਹਨ ਵਜਾਵਣੀ
ਓਥੇ ਆਵਣਾਂ ਹੋਸੀ ਵਹੀਂ ਵਹੀਂ ।
ਦਹੀਂ ਮੱਖਣ ਖੀਰ ਤੇ ਕੁੱਠੇ ਕਾਰਣ
ਚਾਵਣਾਂ ਹੋਸੀ ਵਹੀਂ ਵਹੀਂ ।
ਤਾਈਂ ਤਾਂ ਵਤ ਮੋਹਣ ਲਾਲ
ਸੁਣਾਵਣਾਂ ਹੋਸੀ ਵਹੀਂ ਵਹੀਂ ।
ਏਸ ਸੁਨਹਰੀ ਚੂੜੇ ਨੂੰ
ਖੜਕਾਵਣਾਂ ਹੋਸੀ ਵਹੀਂ ਵਹੀਂ ।
ਦਾਣਾ ਦਾਣਾ ਚੰਦਨਹਾਰ
ਖਿੰਡਾਵਣਾਂ ਹੋਸੀ ਵਹੀਂ ਵਹੀਂ ।
ਇਹ ਹਾਰ ਸਿੰਗਾਰ ਘੱਤੇ ਖਾਕ
ਮਿਲਾਵਣਾ ਹੋਸੀ ਵਹੀਂ ਵਹੀਂ ।
ਪਕੜ ਸੁਨਹਰੀ ਬੈਂਸਰ ਗਾਣਾ
ਝੋਕਾਵਣਾ ਹੋਸੀ ਵਹੀਂ ਵਹੀਂ ।
ਪਰ ਆਖਿਰ ਹੈਦਰ ਕਿਸੇ ਨ ਆ,
ਛੁੜਾਵਣਾ ਹੋਸੀ ਵਹੀਂ ਵਹੀਂ ।੩।

2. ਰੇ-ਰਾਤ ਵਿਸਾਲ ਦੀ ਨਾਮ ਖੁਦਾ ਦੇ

ਰੇ-ਰਾਤ ਵਿਸਾਲ ਦੀ ਨਾਮ ਖੁਦਾ ਦੇ
ਜਾਲ ਹਵੈਨੀਆਂ ਧਮ ਨਹੀਂ ।
ਅੱਜ ਪੁੰਨਣ ਸੇਜੇ ਤੋਂ ਜਾਵਣਾ ਈ
ਜਾਗ ਜਾਗ ਸੱਸੀ ਭੈੜੀ ਸਮ ਨਹੀਂ ।
ਸਿਰ ਆ ਮਨਤਾਰੀ ਦੇ ਚੋਟ ਲਗੀ
ਅਤੇ ਲੈਲਾਂ ਨੂੰ ਕੁਝ ਗਮ ਨਹੀਂ ।
ਐਸੇ ਸੋਹਣੇ ਯੂਸਫ ਦੇ ਵੇਖਣ ਕਾਰਣ
ਕੋਈ ਖਵਾਬ ਜ਼ੁਲੈਖਾ ਦਾ ਕਮ ਨਹੀਂ ।
ਮਿਰਜ਼ੇ ਦੇ ਸਿਰ ਜੋਗੀਉਂ ਸਾਹਿਬਾਂ
ਮਾਹਣਿਆਂ ਦੇ ਘਰ ਜੰਮ ਨਹੀਂ ।
ਹੀਰ ਰਾਂਝਣ ਦੀ ਹੋਈ ਵੇ ਹੈਦਰ,
ਖੇੜਿਆਂ ਦਾ ਕੁਝ ਗਮ ਨਹੀਂ ।੪।

3. ਰੇ-ਰਗ ਰਗ ਮੇਰੀ ਤੇ ਲੂੰ ਲੂੰ ਮੇਰਾ

ਰੇ-ਰਗ ਰਗ ਮੇਰੀ ਤੇ ਲੂੰ ਲੂੰ ਮੇਰਾ
ਧੜ ਧੜ ਧਾੜ ਕਰੇਂਦੀ ਰਗ ।
ਅਨਹਦ ਜ਼ਿਕਰ ਮਹਬੂਬ ਮੇਰੇ ਦਾ
ਅਫਜ਼ਲ ਜ਼ਿਕਰ ਕਰੇਂਦੀ ਰਗ ।
ਏਸ ਆਤਿਸ਼ ਭਾਹ ਅਲੰਬੇ ਦੀ ਕੋਲੋਂ
ਗਰਮੀ ਨਾਲ ਜਲੇਂਦੜੀ ਰਗ ।
ਜਿਹੜਾ ਤਬੀਬ ਸ਼ਫਾ ਦਾ ਹੈਦਰ,
ਓਹਾ ਤਬੀਬ ਮਿਲੇਂਦੜੀ ਰਗ ।੮।

4. ਰੇ-ਰਹੋ ਵੇ ਰਾਂਝਾ ਵੰਝ ਨ ਬੇਲੇ

ਰੇ-ਰਹੋ ਵੇ ਰਾਂਝਾ ਵੰਝ ਨ ਬੇਲੇ
ਤੇ ਹੋਕ ਨ ਮਝੜੀ ਕਾਲੀਆਂ ਨੂੰ ।
ਚਿਰ ਨ ਲਾਵੀਂ ਤੇ ਆਵੀਂ ਇਸ ਵੇਲੇ
ਤੇ ਛੋੜ ਦੇ ਠੁਮ ਠੁਮ ਚਾਲੀਆਂ ਨੂੰ ।
ਲੋਕਾਂ ਦੀ ਵੇ ਭਾਹ ਸਿਆਲਾਂ ਤੇ
ਲੱਗੀ ਹੈ ਭਾਹ ਸਿਆਲੀਆਂ ਨੂੰ ।
ਨਿਤ ਕੀਲੀਆਂ ਕਾਲੀਆਂ ਸੋਹਣੀਆਂ ਨੂੰ
ਕਦੇ ਭੀ ਕੋਹਜੀਆਂ ਕਾਲੀਆਂ ਨੂੰ ।੭।

5. ਰੇ-ਰਹ ਵੇ ਰਾਂਝਣ ਮਾਰ ਨਹੀਂ

ਰੇ-ਰਹ ਵੇ ਰਾਂਝਣ ਮਾਰ ਨਹੀਂ
ਕਿਸੇ ਹੋਰੀਂ ਨੂੰ ਭੀ ਮਾਰਿਆ ਈ ।
ਇਸ ਹੁਸਨ ਦੀ ਠਾਠ ਮਰੈਂਦੀ ਤੇਗਾਂ
ਮਾਰਿਆ ਈ ਕਿ ਤਾਰਿਆ ਈ ।
ਮੈਤਾ ਸਬ ਸਿਆਲੀਂ ਸੂਹੇ ਬਾਣੇ
ਮੈਂ ਵਤ ਸੂਹਾ ਵਾਰਿਆ ਈ ।
ਹੁਣ ਸੁੰਜ ਪਈ ਵਲ ਬੇਲੇ ਵੇ
ਜੇ ਬੇਲੀ ਮੰਗੂ ਚਾਰਿਆ ਈ ।
ਵਤ ਚੰਦਨਹਾਰ ਤੈਂਡੇ ਗਲ ਅਸਾਂ
ਏਸੇ ਰੀਸ ਥੋਂ ਹਾਰਿਆ ਈ ।
ਕਦੀ ਫਟੀਆਂ ਉਤੇ ਮਰਹਮ ਲਾ ਕੇ
ਫਟ ਲਾ ਕੇ ਚਾ ਵਿਸਾਰਿਆ ਈ ।
ਮੈਂ ਤਾਂ ਦਿਲ ਭੀ ਤੈਂਡਾ ਜਾਨ ਭੀ ਤੈਂਡੀ
ਕੈ ਤੇ ਲਸ਼ਕਰ ਚਾਹੜਿਆ ਈ ।
ਬਸ ਵੇ ਹੈਦਰ ਓਹੋ ਜਾਣੇ,
ਸਾਈਂ ਤੋਂ ਨ ਸਾਰਿਆ ਈ ।੨।

6. ਰੇ-ਰੰਗ ਓਸ ਨਾਰ ਦਾ ਤੂਰ ਦੀ ਨਾਰ ਦਾ

ਰੇ-ਰੰਗ ਓਸ ਨਾਰ ਦਾ ਤੂਰ ਦੀ ਨਾਰ ਦਾ
ਸੌ ਕੋਹ ਤੋਂ ਬਹ ਬਹ ਭਜਦਾ ਈ ।
ਉਹ ਕਾਮਤ ਭੀ ਰੁਖ ਤੂਰ ਦੇ ਜਿੱਥੇ
ਨੂਰ ਦਾ ਸ਼ੁਆਲਾ ਭੜਕਦਾ ਈ ।
ਖਿੱਚ ਉਸ ਨਾਰ ਦਾ ਮੇਵਾ ਅਨਾਰੋਂ
ਚੋਲੀ ਦਾ ਰੰਗ ਸਕਦਾ ਈ ।
ਵੇਖੋ ਸ਼ਾਇਦ ਹੋਂਦਿਆਂ ਗਲ ਅਨਾਰ ਦਾ
ਗੋਟਾ ਛਿੱਪਾ ਮੈਨੂੰ ਰਖਦਾ ਈ ।
ਤੋੜੇ ਭੋਛਣ ਬੁੱਕਲ ਵਿੱਚ ਛੁਪਾਏ,
ਹੈਦਰ ਆਸ਼ਿਕ ਲਖਦਾ ਈ ।੫।

7. ਰੇ-ਰਾਂਝਾ ਲਾ ਨ ਝੋਕ ਨ ਹੋਕ ਮਹੀਂ ਨੂੰ

ਰੇ-ਰਾਂਝਾ ਲਾ ਨ ਝੋਕ ਨ ਹੋਕ ਮਹੀਂ ਨੂੰ
ਲਾ ਨ ਇਨ੍ਹਾਂ ਭਾਨੀਆਂ ਨੂੰ ।
ਓਥੇ ਆਪ ਝੋਕਿਆ ਝੋਕ ਨ ਕਰ
ਅਨਭਾਨੇ ਅਤੇ ਭਾਨੀਆਂ ਨੂੰ ।
ਰਾਂਝਾ ਲਾ ਨ ਭਾਹ ਨ ਗੇਰੀ ਕਰ
ਮੈਂਡੇ ਸਾਵਿਆਂ ਸੂਹਿਆਂ ਬਾਣਿਆਂ ਨੂੰ ।
ਦੇਹ ਸੀਨੇ ਤੇ ਧੋਇਆ ਖੇੜਿਆਂ ਤਾਈਂ
ਸਾਰੀ ਡਗ ਲਗਾਣਿਆਂ ਨੂੰ ।
ਹੈਦਰ ਝੋਕ ਰਾਂਝਣ ਦੀ ਵੱਸੇ,
ਮੈਂ ਰਿੜਕਾਂ ਮੱਟ ਮਧਾਣੀਆਂ ਨੂੰ ।੯।

8. ਰੇ-ਰਾਂਝਣ ਬਿਨਾਂ ਲਾਹੌਰ ਵੇ ਟੁਰਨਾ

ਰੇ-ਰਾਂਝਣ ਬਿਨਾਂ ਲਾਹੌਰ ਵੇ ਟੁਰਨਾ
ਨਾਹੀ ਤੇ ਸ਼ਾਲਾਮਾਰ ਅਸਾਂ ।
ਕੇਹਾ ਸੈਰ ਕੀਤਾ ਲਾਹੌਰ ਦਾ ਜੇ ਵਤ
ਡਿੱਠਾ ਨਾ ਸ਼ਾਲਾਮਾਰ ਅਸਾਂ ।
ਲੱਗੇ ਹਾਰ ਸਿੰਗਾਰ ਭੀ ਖਾਰ ਅਸਾਨੂੰ
ਨਰਮ ਦੋਸ਼ਾਲਾ ਮਾਰ ਅਸਾਂ ।
ਆਏ ਰਾਂਝਾ ਗਲ ਲੱਗ ਕਦਾਹੀਂ
ਸਭ ਕਸ਼ਾਲਾ ਮਾਰ ਅਸਾਂ ।
ਮੈਂ ਕਮਲੀ ਨੂੰ ਜੇ ਹੱਸ ਮਿਲੇਂ
ਵਿੱਚ ਬਾਗ ਬਹਿਸ਼ਤ ਬਹਾਰ ਅਸਾਂ ।
ਸਾਨੂੰ ਭਾਦੋਂ ਲਾਈਆਂ ਅੱਖੀਆਂ
'ਤਜਰੀਤ ਅਲ ਅਨਹਾਰ' ਅਸਾਂ ।
ਸੈਂਸਾਰ ਪਵੇ ਸਾਰ ਹੈਦਰ ਆ,
ਸੈਂਸਾਰ ਥੀਆ ਸੈਂਸਾਰ ਅਸਾਂ ।੧।

9. ਰੇ-ਰਾਂਝਾ ਸੰਜ ਸਬਾਹ ਸੰਮਾਲੇਂ ਮਹੀਂ ਨੂੰ

ਰੇ-ਰਾਂਝਾ ਸੰਜ ਸਬਾਹ ਸੰਮਾਲੇਂ ਮਹੀਂ ਨੂੰ
ਕਦੇ ਭੀ ਅਸਾਂ ਸਾਲੀਆਂ ਨੂੰ ।
ਨਿੱਤ ਕੀਲੀਆਂ ਕਾਲੀਆਂ ਸੋਹਣੀਆਂ ਨੂੰ
ਕਦੇ ਭੀ ਕੋਹਜੀਆਂ ਕਾਲੀਆਂ ਨੂੰ ।
ਹੱਥ ਘੱਤੇ ਉਠਾ ਉਠਾ ਗਇਆਂ ਨੂੰ
ਛੇੜੇਂ ਜੇ ਠੁਮ ਠੁਮ ਚਾਲੀਆਂ ਨੂੰ ।
ਲਾਇਕ ਤੇ ਨਾਲਾਇਕ ਵੇਖਣਾ
ਕਹੇ ਪੈ ਲਾਉਬਾਲੀਆਂ ਨੂੰ ।
ਹੈਦਰ ਨਾਉਮੀਦ ਨ ਥੀਉ,
ਉਹ ਰੱਦ ਨ ਕਰੇ ਸਵਾਲੀਆਂ ਨੂੰ ।੬।

ਸੇ

1. ਸੇ-ਸਵਾਬ ਪਾਂਹਦੀ ਮੇਰਾ ਦਿਉ ਸੁਨੇਹਾ

ਸੇ-ਸਵਾਬ ਪਾਂਹਦੀ ਮੇਰਾ ਦਿਉ ਸੁਨੇਹਾ ।
ਮੈਂਡਾ ਪਟ ਪਾਬੜੀ ਪਈਆਂ ਘਾਟੀ ਖਾ ਲੇਹਾ ।
ਜਿੰਦ ਆ ਲਬਾਂ ਤੇ ਅਟਕੀ ਮੈਂ ਤਾਂ ਵਤ ਇਲਾਜ ਕੇਹਾ ।
ਓਥੇ ਹਾਲ ਹਾਲ ਕਰਨਾ ਏਹੋ ਵੇਖ ਹਾਲ ਅਵੇਹਾ ।
ਜੇਹਾ ਆਪ ਵੇ ਸੁਣਿਆ ਕਰ ਫਜ਼ਲ ਓਹੋ ਜੇਹਾ ।
ਅਲੀ ਹੈਦਰ ਏਵੇਂ ਚੋਖੀ ਜੇ ਯਾਰ ਭਾਵੇ ਏਹਾ ।੧।

ਸੀਨ

1. ਸੀਨ-ਸਭ ਕੁਝ ਆਰਸੀ ਯਾਰ ਦੀ ਪਰ

ਸੀਨ-ਸਭ ਕੁਝ ਆਰਸੀ ਯਾਰ ਦੀ ਪਰ
ਖੂਬਸੂਰਤ ਦਿਲ ਬਹੂੰ ਭਾਵੰਦਾ ਈ ।
ਓਹੋ ਹਰ ਹਰ ਬਰਗ ਭੀ ਮਜ਼ਹਰ ਯਾਰ ਦੀ
ਹਰਿਆ ਭਾਵੇਂ ਭਾਵੰਦਾ ਈ ।
ਪਰ ਜੋਸ਼ ਬਹਾਰ ਜੋ ਵਿੱਚ ਗੁਲਾਂ
ਵਿੱਚ ਬਰਗਾਂ ਕਮ ਨਜ਼ਰ ਆਵੰਦਾ ਈ ।
ਸਭ ਜੱਗ ਤੇ ਚਾਨਣ ਚੰਨ ਦਾ ਪਰ
ਵਿੱਚ ਆਬ ਸਫਾ ਝਾਤ ਪਾਵੰਦਾ ਈ ।
ਜਿਵੇਂ ਨਾਮ ਅਹਦ ਵਿੱਚ ਅਹਮਦ
ਏਵੇਂ ਆਪ ਭੀ ਮੁਖ ਵਿਖਾਵੰਦਾ ਈ ।
ਜੇ ਸਭ ਕੁਝ ਰੌਸ਼ਣ ਦੇਹ ਥੋਂ ਹੈਦਰ,
ਫਰਕ ਓਥੇ ਧੁੱਪ ਛਾਵੰਦਾ ਈ ।੩।

2. ਸੀਨ-ਸਭ ਸਿਆਲੀਂ ਆ'ਲਾ ਥੀਂ ਆ'ਲਾ

ਸੀਨ-ਸਭ ਸਿਆਲੀਂ ਆ'ਲਾ ਥੀਂ ਆ'ਲਾ
ਤੇ ਰਾਂਝਣ ਰਾਠ ਝਨਾਉਂਦਾ ਏ ।
ਸਭ ਪੈਗੰਬਰ ਮੌਲਾ ਨੇ ਭੇਜੇ
ਅਹਮਦ ਕੌਣ ਕਹਾਉਂਦਾ ਏ ।
ਤੋੜੇ ਮੂਸਾ ਨਾਲ ਕਲਾਮ ਜੋ ਕਰਦਾ
'ਲੌ ਲਾਕ' ਨ ਆਖ ਸੁਣਾਉਂਦਾ ਏ ।
ਰੱਬ ਕਰੇ ਗਰੋਹ ਮੁਹੰਦ ਦੇ ਥੋਂ
ਮੂਸਾ ਭੀ ਤਰਸਾਉਂਦਾ ਏ ।
ਹੱਥ ਖੜਾ ਕਰ ਮੰਗਦਾ ਸ਼ਾਇਦ
ਤਾਂ ਯਦੇ ਬੈਜ਼ਾ ਪਾਉਂਦਾ ਏ ।
ਅਸਮਾਨਾਂ ਨੂੰ ਛੱਡ ਕੇ ਈਸਾ
ਰੋਜ਼ੇ ਪਾਕ ਤੇ ਆਉਂਦਾ ਏ ।
ਕਿਵੇਂ ਅਹਮਦ ਕੋਲ ਰਖੀਵੇ ਈਸਾ
ਤਾਲਿਬ ਰੋਜ਼ੇ ਦੀ ਛਾਉਂ ਦਾ ਏ ।
ਜਿਹੜਾ ਮੋਇਆਂ ਨੂੰ ਫੇਰ ਜਿਵਾਲੇ
ਓਥੇ ਗੋਰ ਦੀ ਕਾਨ ਵਸਾਉਂਦਾ ਏ ।
ਗੋਲੀ ਹੋਸੀ ਆਖਿਰ ਓਥੇ
ਜੋ ਮੰਗੇ ਸੋ ਪਾਉਂਦਾ ਏ ।
ਆਖ ਸੱਲੇ ਅੱਲਾਹ ਹੈਦਰ,
ਰੱਬ ਸਲਵਾਤ ਪਹੁੰਚਾਉਂਦਾ ਏ ।੧।

3. ਸੀਨ-ਸਾਈਂ ਬਰਸਰ ਚਸ਼ਮ ਕਬੂਲ ਕੀਤੀ

ਸੀਨ-ਸਾਈਂ ਬਰਸਰ ਚਸ਼ਮ ਕਬੂਲ ਕੀਤੀ
ਦਿਲ ਮੰਨੇ ਸਭ ਫਰਮਾਣ ਤੈਂਡੇ ।
ਇਹ ਅੱਖੀਆਂ ਤਕ ਲੱਗਣ ਵਿੱਚ ਦਿਲ ਦੇ
ਕਈ ਡੰਗੀਆਂ ਪਲਕਾਂ ਬਾਣ ਤੈਂਡੇ ।
ਰਾਜਾ ਗੋਲਿਆਂ ਦੇ ਪੜਗੋਲੇ ਨੇ ਇਹ
ਰਾਜਾ ਤੇ ਸੁਲਤਾਨ ਤੈਂਡੇ ।
ਇਹ ਖੂਬਸੂਰਤਾਂ ਮੂਰਤਾਂ ਭੀ
ਜਿਵੇਂ ਆਰਸੀਆਂ ਹੈਰਾਨ ਤੈਂਡੇ ।
ਇਹ ਚੰਨ ਸੂਰਜ ਅਤੇ ਦੌਰਿ-ਜ਼ਮਾਂ ਭੀ
ਸਦਕੜੇ ਤੇ ਕੁਰਬਾਨ ਤੈਂਡੇ ।
ਇਹ ਦੇਹ ਰਾਤ ਨਿਸ਼ਾਨੀ ਤੈਂਡੀ
ਹਰ ਦੇਂਹ ਨੌ ਨੌ ਸ਼ਾਨ ਤੈਂਡੇ ।
ਬਾਝ ਤੈਂਡੇ ਉਹ ਭਾ ਦੋਜ਼ਖ ਦੀ
ਉਹ ਬਾਗ ਅਤੇ ਬੁਸਤਾਨ ਤੈਂਡੇ ।
'ਫਿਲ ਹਕੀਕਤ ਕੁੱਲ ਹਕਾਇਕ'
ਦਾਨ ਤੈਂਡੇ ਇਹਸਾਨ ਤੈਂਡੇ ।
ਇਹ ਹੈਦਰ ਆਜਿਜ਼ ਬੰਦਾ ਤੈਂਡਾ,
ਕਿਆ ਕੁਝ ਕਰੇ ਬਿਆਨ ਤੈਂਡੇ ।੫।

4. ਸੀਨ-ਸੀਨਾ ਤੇਰਾ ਹੈ ਦਰਾਜ਼ ਮੀਆਂ

ਸੀਨ-ਸੀਨਾ ਤੇਰਾ ਹੈ ਦਰਾਜ਼ ਮੀਆਂ
ਮਾਸ਼ੂਕ ਤਾਂ ਪਾਂਦੜੇ ਝਾਤੀਆਂ ਨੇ ।
ਦੋਵੇਂ ਨੈਣ ਤੇਰੇ ਅਜਬ ਸੁਨਹਰੀ
ਤੇ ਜਿਵੇਂ ਸਾਨ ਚੜ੍ਹਾਂਈਆਂ ਕਾਤੀਆਂ ਨੇ ।
ਇਸ਼ਕ ਲੱਗ ਰਹਿਆ ਨਾਲ ਛੱਤਿਆਂ ਦੇ
ਬੈਠੀ ਪੜ੍ਹਾਂ ਪਰੇਮ ਦੀਆਂ ਪਾਤੀਆਂ ਨੇ ।
ਅਲੀਹੈਦਰ ਇਸ਼ਕ ਲੱਗਾ ਮੈਨੂੰ ਏਵੇਂ,
ਨੈਣਾਂ ਵਾਲਿਆਂ ਲੱਗੀਆਂ ਚਾਟੀਆਂ ਨੇ ।੪।

5. ਸੀਨ-ਸੁਣ ਵੇ ਰਾਂਝਣ ਆਪ ਕੂਕ ਮੈਂਡੀ

ਸੀਨ-ਸੁਣ ਵੇ ਰਾਂਝਣ ਆਪ ਕੂਕ ਮੈਂਡੀ
ਪਰ ਪੈਰ ਟੁਰੈਂਦੀ ਥੱਕੀਆਂ ਮੈਂ ।
ਕਨ ਕਹੀਆਂ ਮਹੀਂ ਮੈਂ ਲਈਆਂ ਲਈਆਂ
ਝੱਲੇ ਚੜ੍ਹੈਂਦੀ ਥੱਕੀਆਂ ਮੈਂ ।
ਖਿੰਡ ਪਈਆਂ ਛਿੜ ਵੇਲੇ ਮਹੀਂ
ਭੱਜ ਫਿਰੇਂਦੀ ਥੱਕੀਆਂ ਮੈਂ ।
ਵਛਲੀ(ਵੰਝਲੀ) ਰਾਂਝਣ ਵਛਲੀ ਵੇ ਹੁਣ
ਮਹੀਂ ਮੁੜੇਂਦੀ ਥੱਕੀਆਂ ਮੈਂ ।
ਪਵੇ ਨਿਆਜ਼ ਕਬੂਲ ਮੈਂਡੀ
ਅਤਿ ਜੀਉ ਡਰੇਂਦੀ ਥੱਕੀਆਂ ਮੈਂ ।
ਮਹੀਂ ਝੋਕ ਕਦਾਹੀਂ ਝੋਕੀਆਂ ਵੇ
ਸਾਰਾ ਦੇਂਹ ਚਰੈਂਦੀ ਥੱਕੀਆਂ ਮੈਂ ।
ਸੱਦ ਹੈਦਰ ਮਾਹੀ ਮਾਹੀ ਵੇ,
ਬੋਰ ਬੋਰ ਕਰੈਂਦੀ ਥੱਕੀਆਂ ਮੈਂ ।੨।

ਸ਼ੀਨ

1. ਸ਼ੀਨ-ਸ਼ਾਹ ਆਸ਼ਿਕ ਮਾਸ਼ੂਕ ਭੀ ਤੂੰ ਤੇ ਨਾਜ਼

ਸ਼ੀਨ-ਸ਼ਾਹ ਆਸ਼ਿਕ ਮਾਸ਼ੂਕ ਭੀ ਤੂੰ ਤੇ ਨਾਜ਼
ਅਸਾਂ ਨਾਲ ਵਾਸਤਾ ਕਿਆ ।
ਨੈਣ ਇਹ ਕਰਨ ਸ਼ਿਕਾਰ ਤੇ ਚੰਗਲਬਾਜ਼
ਅਸਾਂ ਨਾਲ ਵਾਸਤਾ ਕਿਆ ।
ਇਹ ਮੁਸ਼ਕੀਂ ਜ਼ੁਲਫ ਮੁਲਾਇਮ ਜ਼ਾਲਿਮ ਦਰਾਜ਼
ਅਸਾਂ ਨਾਲ ਵਾਸਤਾ ਕਿਆ ।
ਖ਼ਤ ਆਖਿਰ ਕੀਤੇ ਜ਼ੁਲਫ ਕੁਨੋਂ ਆਗਾਜ਼
ਅਸਾਂ ਨਾਲ ਵਾਸਤਾ ਕਿਆ ।
ਨਾਲ ਕਿਹਨਾਂ ਦੇ ਸਾਕੀ ਤੈਂਡਾ ਅੰਦਾਜ਼
ਅਸਾਂ ਨਾਲ ਵਾਸਤਾ ਕਿਆ ।
ਏਸ ਗਮਜ਼ੇ ਰਮਜ਼ਾਂ ਨਾਲ ਭੱਨਾਂ ਦਗਾਬਾਜ਼
ਅਸਾਂ ਨਾਲ ਵਾਸਤਾ ਕਿਆ ।
ਹੈਦਰ ਆਲਮ ਦੇ ਨਾਲ ਸਾਜ਼ ਇਨਹਾਂ,
ਨਾਸਾਜ਼ ਅਸਾਂ ਨਾਲ ਵਾਸਤਾ ਕਿਆ ।੬।

2. ਸ਼ੀਨ-ਸ਼ਾਲਾ ਜੀਵੇਂ ਹੋਵੇਂ ਭੌਰਾ ਆਖਣਾ ਪਾਂਹਦੀ

ਸ਼ੀਨ-ਸ਼ਾਲਾ ਜੀਵੇਂ ਹੋਵੇਂ ਭੌਰਾ ਆਖਣਾ ਪਾਂਹਦੀ
ਓਸ ਅਣੋਖੜੇ ਨੀਂਗਰ ਨੂੰ ।
ਮੈਂ ਤਾਂ ਮਾਨਿਆ ਕੀਆ ਤਰਸਾਉ ਨਹੀਂ ਕਦੀ
ਲਾਏ ਮੈਂਡੇ ਤਨ ਖੰਜਰ ਨੂੰ ।
ਨੈਣਾਂ ਵਾਹ ਮਿਲਾਂ ਉਹ ਖੰਜਰ ਲਗਦੀ
ਗੁਲਸ਼ਨ ਕਰ ਉਸ ਬੰਜਰ ਨੂੰ ।
ਨਹੀਂ ਜੀਉ ਵਸ ਅੰਦਰ ਆ ਵੱਸ
ਕਰ ਨ ਵਸੰਦਰ ਅੰਦਰ ਨੂੰ ।
ਰਖ ਬਾਬਲ ਆਪਣੇ ਬੇਵਰ ਤਰੇਵਰ
ਘੋਲ ਘੱਤਾਂ ਤੇਰੇ ਤਰੇਵਰ ਨੂੰ ।
ਰਾਂਝਣ ਖੱਸੇਂ ਬੇਵਰ ਦੇਵੇਂ
ਭਠ ਘੱਤਾਂ ਮੈਂ ਬੇਵਰ ਨੂੰ ।
ਮਿੱਠਾ ਬੋਲ ਕਿਵੇਂ ਤੋੜੇ ਗਾਹਲੀਆਂ ਦੇਵੇਂ
ਜ਼ਹਰ ਮਿਲਾਏਂ ਤੂੰ ਸ਼ੱਕਰ ਨੂੰ ।
ਕਰਕੇ ਬੇਸਿਰ ਖੋਲ੍ਹ ਲਬਾਂ ਤੂੰ
ਸੋ ਘੋਲ ਸ਼ੱਕਰ ਵਿੱਚ ਬੈਂਸਰ ਨੂੰ ।
ਜੇਹਾ ਮਿੱਠੜਾ ਸਾਉਸ ਸੋਨੇ ਦੇ ਬੈਂਸਰ
ਸੋਨਾ ਹੋਂਦਾ ਈ ਖੇਵਰ ਨੂੰ ।
ਬਾਹਜੋਂ ਤੈਂਡੇ ਦਰ ਹੈਦਰ ਕੇਹੜਾ,
ਚੱਕ ਨ ਦਰ ਤੋਂ ਹੈਦਰ ਨੂੰ ।੮।

3. ਸ਼ੀਨ-ਸ਼ੌਕ ਜਿਨਹਾਂ ਤਨ ਯਾਰ ਦਾ ਈ

ਸ਼ੀਨ-ਸ਼ੌਕ ਜਿਨਹਾਂ ਤਨ ਯਾਰ ਦਾ ਈ
ਸੋਈ ਜਾਣਦੇ ਰਾਹ ਹਬੀਬ ਦੇ ਨੂੰ ।
ਜਿਨਹਾਂ ਵਿੱਚ ਤਾਂ ਦਰਦ ਨ ਹਿਕ ਰੱਤੀ
ਕੀ ਜਾਣਨ ਕਦਰ ਤਬੀਬ ਦੇ ਨੂੰ ।
ਜਿਨਹਾਂ ਇਸ਼ਕ ਦੀ ਲੱਜ਼ਤ ਨਾ ਚੱਖੀ
ਸੋਈ ਰੋਵੰਦੇ (ਗਮ) ਨਸੀਬ ਦੇ ਨੂੰ ।
ਓਥੇ ਮੈਂ ਜੇਹੀਆਂ ਕਈ ਲੱਖ ਵੇ ਹੈਦਰ,
ਕੌਣ ਪੁਛਦਾ ਨਾਮ ਗਰੀਬ ਦੇ ਨੂੰ ।੯।

4. ਸ਼ੀਨ-ਸ਼ੁਆਲਾ ਬੇਰੰਗ ਨੂਰ ਦਾ ਸੋਹਣਾ

ਸ਼ੀਨ-ਸ਼ੁਆਲਾ ਬੇਰੰਗ ਨੂਰ ਦਾ ਸੋਹਣਾ
ਦਿਲ ਵੱਸੇ ਪਰ ਕਲ ਨ ਪਵੇ ।
ਤਾਹੀਂ ਤੇ ਇਨਹਾਂ ਨਾਲ ਲਬਾਂ ਤੇ
ਆਸ਼ਿਕ ਦੇ ਦਿਲ ਤਲ ਨ ਪਵੇ ।
ਜੇ ਸ਼ਮਾ ਦੇ ਅੰਦਰ ਆਬਿ-ਹਿਆਤੀ ਨਾਹੀਂ
ਪਰਵਾਨੜਾ ਐਵੇਂ ਜਲ ਨ ਪਵੇ ।
ਜੇ ਬੇਰੰਗ ਚਾਕ ਨਹੀਂ ਵਿੱਚ ਸੀਨੇ
ਹੀਰ ਨਿਮਾਨੜੀ ਝਲ ਨ ਪਵੇ ।
ਜੇ ਬੇਰੰਗ ਰੰਗ ਰਸ ਨ ਵਿੱਚ ਸ਼ਗੂਫੇ
ਬਾਗ ਬਹਾਰ ਨੂੰ ਫਲ ਨ ਪਵੇ ।
ਉਸ ਮੂੰਹ ਮਹਤਾਬ ਥੋਂ ਚੰਦਨਹਾਰ
ਜੇ ਹਾਰਿਆ ਨਹੀਂ ਗਲ ਨ ਪਵੇ ।
ਜੇ ਬੇਰੰਗ ਭਾਹ ਭੜਕੇ ਹੈਦਰ,
ਜ਼ੁਲਫ ਦੀ ਤਾਰ ਨੂੰ ਵਲ ਨ ਪਵੇ ।੭।

ਸਵਾਦ

1. ਸਵਾਦ-ਸਬਰ ਦਾ ਕੋਟ ਉਸਾਰ ਕੇ ਜੀ

ਸਵਾਦ-ਸਬਰ ਦਾ ਕੋਟ ਉਸਾਰ ਕੇ ਜੀ
ਗੋਰੀ ਨੈਣਾਂ ਦੇ ਲਾ ਬਾਜ਼ਾਰ ਬੈਠੀ ।
ਹਰ ਹਰ ਤਾਰ ਜ਼ੁਲਫ਼ ਦੀ ਬੀਮਾਰ ਕੀਤਾ
ਮੈਂ ਰਾਤ ਦਿਹਾਂ ਖਰੀਦਾਰ ਬੈਠੀ ।
ਰੱਤੀ ਅਕਲ ਨ ਰਹੀਆ ਜਾਨੀ ਮੈਂ ਕੂੰ
ਮੈਂ ਸਬ ਸਿੰਗਾਰ ਉਤਾਰ ਬੈਠੀ ।
ਹੈਦਰ ਯਾਰ ਪਿਆਰਾ ਮਿਲਦਾ ਨਾਹੀਂ,
ਮੈਂ ਆਪ ਹਾਂ ਸ਼ਬ ਬੇਦਾਰ ਬੈਠੀ ।੧।

ਤੇ

1. ਤੇ-ਤੈਂਡੇ ਬਾਗ ਬਹਾਰ ਗੁਲਸਿਤਾਂ ਸੈ

ਤੇ-ਤੈਂਡੇ ਬਾਗ ਬਹਾਰ ਗੁਲਸਿਤਾਂ ਸੈ
ਹਿਕ ਡਿੰਗੜਾ ਕੰਡੜਾ ਇਹ(ਮੈਂ) ਭੀ ਸਹੀ ।
ਤੇਰਿਆਂ ਬਾਜ਼ਾਂ ਆਸ਼ੀਆਂ ਆਲ੍ਹਣਾ ਸੈ
ਹਿਕ ਚਿੜੀ ਦਾ ਅੰਡੜਾ ਇਹ ਭੀ ਸਹੀ ।
ਤੇਰੀਆਂ ਮਹੀਂ ਮੰਗੂ ਡਾਚੀਆਂ ਸੈ
ਹਿਕ ਭੇਡਾਂ ਦਾ ਤਰੰਡੜਾ ਇਹ ਭੀ ਸਹੀ ।
ਤੇਰੇ ਤੁਰਕੀ ਹਾਥੀਆਂ ਦੇ ਸੈ
ਹਿਕ ਖਰਮੰਦੜਾ ਇਹ ਭੀ ਸਹੀ ।
ਤੇਰੇ ਜ਼ਾਹਿਦ ਆਲਿਮ ਫਾਜ਼ਿਲ ਸੈ
ਹਿਕ ਮਸਖਰਾ ਭੰਡੜਾ ਇਹ ਭੀ ਸਹੀ ।
ਤੇਰੀ ਕੀਚਣ ਤਾਇਫੇ ਥਈਆਂ ਥਈਆਂ
ਹਿਕ ਮੁੰਡੜਾ ਤੰਡੜਾ ਇਹ ਭੀ ਸਹੀ ।
ਤੇਰੇ ਸ਼ੇਰਾਂ ਦੇ ਗਲ ਸੰਗਲ ਵੇ ਹੈਦਰ
ਹਿਕ ਕੁੱਤੇ ਨੂੰ ਡੰਡੜਾ ਇਹ ਭੀ ਸਹੀ ।੩।

2. ਤੇ-ਤੈਂਡੀਆਂ ਗਾਹਲੀਂ ਦੇ ਨਾਲ ਨਵਾੜੇ ਆਵਾਂ

ਤੇ-ਤੈਂਡੀਆਂ ਗਾਹਲੀਂ ਦੇ ਨਾਲ ਨਵਾੜੇ ਆਵਾਂ
ਬਾਹਰ ਈ ਏਹਾ ਬਾਹਰ ਈ ।
ਆਵੇ ਸੂਰਜ ਨਾਲ ਨ ਜ਼ੱਰਾ ਸਾਨੂੰ
ਬਾਹਰ ਈ ਏਹਾ ਬਾਹਰ ਈ ।
ਕਿਵੇਂ ਰੁੱਠਾ ਯਾਰ ਮੈਂ ਫੇਰ ਮਨਾਵਾਂ
ਬਾਹਰ ਈ ਏਹਾ ਬਾਹਰ ਈ ।
ਦੀਵੇ ਜ਼ੱਰੇ ਦੇ ਸਿਰ ਸੂਰਜ ਲਾਵਾਂ
ਬਾਹਰ ਈ ਏਹਾ ਬਾਹਰ ਈ ।
ਬੇਲੀ ਖੋਲ ਤਨੀ ਸੀਨੇ ਮੈਂ ਲਾਵਾਂ
ਬਾਹਰ ਈ ਏਹਾ ਬਾਹਰ ਈ ।
ਕਦੀ ਰੱਖ ਵੇ ਚੰਨਣ ਰੁੱਖ ਦਾ ਪਰਛਾਵਾਂ
ਬਾਹਰ ਈ ਏਹਾ ਬਾਹਰ ਈ ।
ਮੀਨਾ ਪਾਰ ਕਰੇ ਗਲ ਹੈਦਰ ਗਾਵਾਂ
ਬਾਹਰ ਈ ਏਹਾ ਬਾਹਰ ਈ ।੫।

3. ਤੇ-ਤੈਂਡੀ ਗੋਲੀ ਮਲੀ ਬਹੁਤ ਫੈਲੀ

ਤੇ-ਤੈਂਡੀ ਗੋਲੀ ਮਲੀ ਬਹੁਤ ਫੈਲੀ
ਮੈਂ ਤਾਂ ਲਾਇਕ ਤੈਂਡੇ ਸੰਗ ਦੇ ਭੀ ਨ ।
ਤੈਂਡੇ ਬਾਗ ਬਹਿਸਤਾਂ ਬਹੁਤ ਅਜੀਬ
ਮੈਂ ਤਾਂ ਲਾਇਕ ਤੈਂਡੇ ਅੰਗ ਦੇ ਭੀ ਨ ।
ਤੂੰ ਆਪੇ ਬਖਸ਼ੇਂ ਲਾਲਾਂ ਦੀ ਤਸਬੀਹ
ਮੈਂ ਤਾਂ ਲਾਇਕ ਤੈਂਡੇ ਤਰਕ ਦੇ ਭੀ ਨ ।
ਤੂੰ ਕੀਤੀ ਇਨਾਇਤ ਆਪ ਸਫਾ ਉਤੇ
ਹੈਦਰ ਲਾਇਕ ਚਮਕ ਕੇ ਭੀ ਨ ।੪।

4. ਤੇ-ਤੋਬਾ ਅਨ ਬਨ ਥੋਂ ਅਸਾਂ ਜੱਟੀਆਂ ਸਿਆਲੀਂ

ਤੇ-ਤੋਬਾ ਅਨ ਬਨ ਥੋਂ ਅਸਾਂ ਜੱਟੀਆਂ ਸਿਆਲੀਂ ।
ਲਖ ਪਟੀ ਨਹੀਂ ਰਾਂਝਾ ਲਿਖੇ ਪਟੀਆਂ ਸਿਆਲੀਂ ।
ਤੋੜੇ ਕਿੱਥੇ ਜਾਲੀ ਚੋਲੀ ਮਾਹੀ ਘੱਤੀਆਂ ਸਿਆਲੀਂ ।
ਕੇਹੀਆਂ ਮਿੱਠੀਆਂ ਨੀ ਲਬਾਂ ਜੱਟੀਆਂ ਸਿਆਲੀਂ ।
ਕੇਹੀਆਂ ਤੁੰਦ ਸ਼ੋਖ ਨੇ ਜ਼ਾਲਿਮ ਜੱਟੀਆਂ ਸਿਆਲੀਂ ।
ਹੈਦਰ ਉਸ ਸੱਜਣ ਦੇ ਸਿਰ ਤੋਂ ਵਾਰ ਸੱਟੀਆਂ ਸਿਆਲੀਂ ।੨।

5. ਤੇ-ਤੂਹੀਂ ਅੱਜ ਭੀ ਤੇ ਕਲ ਭੀ ਤੂਹੀਂ

ਤੇ-ਤੂਹੀਂ ਅੱਜ ਭੀ ਤੇ ਕਲ ਭੀ ਤੂਹੀਂ
ਭਲਕੇ ਪਰਸੋਂ ਭੀ ਤੂਹੀਂ ਤੂਹੀਂ ।
ਅਸੀਂ ਅੱਗੇ ਭੀ ਕੁਝ ਨਹੀਂ ਹੁਣ ਭੀ ਕੁਝ ਨ
ਕੱਲ੍ਹ ਵਤ ਪਰਸੋਂ ਭੀ ਤੂਹੀਂ ਤੂਹੀਂ ।
ਤੁਝ ਬਿਨ ਰੰਗ ਮਹਲ ਹਵੇਲੀਆਂ ਕਿਆ
ਕੁਝ ਪਰਸੋਂ ਭੀ ਤੂਹੀਂ ਤੂਹੀਂ ।
ਆਖ ਹੈਦਰ ਸ਼ਮਾਂ ਨੂੰ ਥੀ ਪਰਵਾਨਾ
ਸਰਸੋਂ ਭੀ ਤੂਹੀਂ ਤੂਹੀਂ ।੧।

ਵਾਉ

1. ਵਾਉ-ਵਲ ਕੀਤੀ ਨਿਗਾਹ ਉਨਹਾਂ ਨੈਣਾਂ ਸਿਆਹ

ਵਾਉ-ਵਲ ਕੀਤੀ ਨਿਗਾਹ ਉਨਹਾਂ ਨੈਣਾਂ ਸਿਆਹ
ਹੈ ਹੈ ਧਰੂਹ ਕਟਾਰੀਆਂ ਮਾਰੀਆਂ ਨੇ ।
ਰਾਤ ਰੋਵਣ ਮੈਂਡੀਆਂ ਅੱਖੀਆਂ
ਲੱਗੀਆਂ ਵਿਚ ਜਿਗਰ ਦੇ ਕਾਰੀਆਂ ਨੇ ।
ਪਲਕਾਂ ਕੇਹੀਆਂ ਕਿਆ ਤ੍ਰਿਖੜੇ ਖੰਜਰ
ਕਿਆ ਵਤ ਬਾਂਕਾਂ ਲਾਰੀਆਂ ਨੇ ।
ਹੈਦਰ ਆਖ ਸੌ ਦਿਲ ਭੀ ਮਾਰੇਂ
ਜ਼ਾਰੀਆਂ ਨੇ ਵੇ ਜ਼ਾਰੀਆਂ ਨੇ ।੯।

2. ਵਾਉ-ਵਲ ਵਲ ਪੌਂਦੀਆਂ ਜ਼ੋਰੀ ਗਲ

ਵਾਉ-ਵਲ ਵਲ ਪੌਂਦੀਆਂ ਜ਼ੋਰੀ ਗਲ
ਵਲ ਜ਼ੁਲਫਾਂ ਨਾਲ ਬਾਂਹ ਮੈਂਡੀ ।
ਕਿਉਂ ਨਾਂਹ ਕਰੇ ਕਲ ਬਾਂਹ
ਕਿਉਂ ਨਹੀਂ ਤੈਂਡੇ ਗਲ ਬਾਂਹ ਮੈਂਡੀ ।
ਮੈਂਡਾ ਤੁਝ ਬਿਨ ਕੁਝ ਨ ਬਾਂਹ ਨ ਮੋਂਢਾ
ਕੁਝ ਨਹੀਂ ਤਲ ਬਾਂਹ ਮੈਂਡੀ ।
ਔਂਸੀਆਂ ਘੱਤਦੀ ਥੱਕੀਆਂ ਹੈਦਰ
ਵਧੇ ਪਲ ਪਲ ਬਾਂਹ ਮੈਂਡੀ ।੬।

3. ਵਾਉ-ਵੰਜ ਆਖੀਂ ਮੈਂਡੇ ਢੋਲਣ ਨੂੰ

ਵਾਉ-ਵੰਜ ਆਖੀਂ ਮੈਂਡੇ ਢੋਲਣ ਨੂੰ
ਜੈਂਦਾ ਨਾਮ ਅਲੀ ਸ਼ੇਰ ਹਕ ਦਾ ਈ ।
ਜੈਂ ਦਾ ਮੁਬਾਰਕ ਚੌਧਵੀਂ ਦਾ ਚੰਨ
ਚਾਨਣ ਚੌਦਾਂ ਤਬਕ ਦਾ ਈ ।
ਰਾਤ ਅੰਧੇਰੇ ਤੇ ਮੁਸ਼ਕਿਲ ਪੈਂਡਾ
ਸਿਰ ਬੱਦਲ ਕਾੜ ਕੜਕਦਾ ਈ ।
ਵਤ ਰਾਹਜ਼ਨ ਚੋਰ ਬਘੇਲਿਆਂ ਤੋਂ
ਮੈਂਡਾ ਜੀ ਪਇਆ ਧੜਕਦਾ ਈ ।
ਜੇ ਤੂੰ ਮਦਦ ਕਰੇਂ ਤਾਂ ਮੈਂ ਮੰਜ਼ਲ ਪਹੁੰਚਾਂ
ਕਮ ਪੈਂਡਾ ਹਿਕੀ ਧੜਕਦਾ ਈ ।
ਅਲੀ ਹੈਦਰ ਗੋਲੜਾ ਤੈਂਡੜਾ ਈ
ਤੇਰੇ ਨਾਉਂ ਦਾ ਆਸਰਾ ਰਖਦਾ ਈ ।੪।

4. ਵਾਉ-ਵੇਖਾਂ ਕੇਹੀ ਇਹ ਭਾਹ ਓਸ ਘੁੰਘਟ ਉਹਲੇ

ਵਾਉ-ਵੇਖਾਂ ਕੇਹੀ ਇਹ ਭਾਹ ਓਸ ਘੁੰਘਟ ਉਹਲੇ
ਬਹ ਬਹ ਜੈਂਦੀ ਕਿਨਾਰੇ ਤਲੇ ।
ਉਹ ਸੂਰਜ ਸ਼ਾਇਦ ਛਮ ਛਮ ਚਮਕੇ
ਓਸ ਸ਼ਫਕ ਦੇ ਕਿਨਾਰੇ ਤਲੇ ।
ਏਸੇ ਬਾਦਲ ਓਲ੍ਹੇ ਦੀ ਆਤਿਸ਼ ਕਰੇ
ਬਿਜਲੀ ਜੇ ਗਾਲ ਜ਼ਬਾਨ ਜਲੇ ।
ਵੇਖਾਂ ਕਿਆ ਕੁਝ ਅੰਦਰ ਜਾਣਾ ਨਹੀਂ
ਪਰ ਚੋਲੀ ਤੇ ਗੁਲ ਅਨਾਰ ਖਿਲੇ ।
ਉਹ ਆਤਿਸ਼ ਆਰਸੀ ਕਿਥੇ ਡਿੱਠੀ,
ਐਵੇਂ ਹੈਦਰ ਸ਼ਾਹ ਬਿਭੂਤ ਮਲੇ ।੧।

5. ਵਾਉ-ਵੇਖਾਂ ਕਿਆ ਕੁਝ ਖੂਬੀ ਖੂਬਾਂ ਦੇ ਵਿਚ

ਵਾਉ-ਵੇਖਾਂ ਕਿਆ ਕੁਝ ਖੂਬੀ ਖੂਬਾਂ ਦੇ ਵਿਚ
ਦਿਸਦਾ ਈ ਵੇਖਾਂ ਕਿਸਦਾ ਈ ।
ਇਹ ਆਬ ਸਫ਼ਾ ਵੇਖੋ ਦਿਸਦਾ ਈ
ਹੈਰਤ ਨਸਦਾ ਈ ਵੇਖਾਂ ਕਿਸਦਾ ਈ ।
ਇਹ ਲੀਹ ਭਾਹ ਭੜਕੀ ਸੋਜਸ਼
ਤਿਸਦਾ ਈ ਵੇਖਾਂ ਕਿਸਦਾ ਈ ।
ਇਹ ਜ਼ੁਲਫ ਸਿਆਹ ਗੰਜ ਮਾਰਦਾ ਈ
ਭਰੀ ਵਿਸਦਾ ਈ ਵੇਖਾਂ ਕਿਸਦਾ ਈ ।
ਓਹਾ ਵਸ ਮਰੇਂਦਾ ਈ ਜ਼ੁਲਫ ਤਾਂ ਹੈਦਰ
ਵਸਦਾ ਈ ਵੇਖਾਂ ਕਿਸਦਾ ਈ ।੨।

6. ਵਾਉ-ਵੇਖਾਂ ਵਿਚ ਸਿਆਲੀਂ ਖੇਡਦੀ ਨੂੰ

ਵਾਉ-ਵੇਖਾਂ ਵਿਚ ਸਿਆਲੀਂ ਖੇਡਦੀ ਨੂੰ
ਮਾਹੀ ਕੇਹੇ ਬਹਾਨੜੇ ਫੰਦ ਕਰੇ ।
ਕੌਣ ਹੀਰੇ ਮਹੀਂ ਰੰਗ ਭੱਜੇ ਪਿੱਛੇ
ਸਦ ਸੁਹਾਵੜੇ ਜਦ ਕਰੇ ।
ਸ਼ਾਲਾ ਦੂਤੀਆਂ ਦੀ ਗੱਲ ਮੰਨੀ ਨਹੀਂ
ਬਦਖ਼ਾਹਾਂ ਦਾ ਆਖਿਆ ਰੱਦ ਕਰੇ ।
ਇਸ ਯਾਜੂਜ ਮਾਜੂਜ ਕੌਮ ਨੂੰ
ਸ਼ਾਲਾ ਸ਼ਾਹ ਸਕੰਦਰ ਸੱਦ ਕਰੇ ।
ਸ਼ਾਲਾ ਮੈਂਡੜੀ ਗਲੀ ਆ ਖਲੋਵੇ
ਜੋ ਫੋਕ ਅਨਾਰ ਨੂੰ ਲੱਦ ਕਰੇ ।
ਵੇਖਾਂ ਕੋਲ ਬਹਾ ਸ਼ਰਾਬ ਪਿਵਾਕੇ
ਮਸਤੀ ਨਾਜ਼ਲ ਹੱਦ ਕਰੇ ।
ਵੇਖਾਂ ਸਦ ਰਈਅਤ ਦੇਵੇ ਦਿਲਾਸਾ
ਕੀ ਲਿਖੇ ਹਿਸਾਬ ਵੀ ਸੱਦ ਕਰੇ ।
ਪਰ ਚੰਗਿਆਂ ਥੋਂ ਕੁਝ ਚੰਗਿਆਂ ਭੀ ਹੋਸੇਂ
ਚੰਗਾ ਨ ਮੌਲਾ ਬਦ ਕਰੇ ।
ਸਦਕੜੇ ਨਿਤ ਯਾਰ ਤੋਂ ਹੈਦਰ,
ਪਲ ਪਲ ਚੰਗਾ ਵਧ ਕਰੇ ।੮।

7. ਵਾਉ-ਵੇਖੇ ਆਪ ਨੂੰ ਵਿਖਾਏ ਆਪ ਨੂੰ

ਵਾਉ-ਵੇਖੇ ਆਪ ਨੂੰ ਵਿਖਾਏ ਆਪ ਨੂੰ
ਅਸਾਂ ਦਾ ਐਵੇਂ ਬਹਾਨੜਾ ਈ ।
ਉੱਤੇ ਆਪਣੀ ਸੂਰਤ ਮਾਇਲ
ਜਾਨੀ ਆਰਸੀ ਕੁਨੋਂ ਬਿਗਾਨੜਾ ਈ ।
ਵਿਚ ਲੈਲਾ ਦੇ ਕਰੇ ਤਮਾਸ਼ਾ
ਆਪਣਾ ਕੈਸ਼ ਦੀਵਾਨੜਾ ਈ ।
ਖੁਮ ਆਪ ਸ਼ਰਾਬ ਤੇ ਆਪੇ ਪੀਵੇ
ਆਪੇ ਮੈਖਾਨੜਾ ਈ ।
ਉਹ ਕਜਲਾ ਕਿਆ ਦੁੰਬਾਲ ਪਿਆ
ਉਹ ਸੁਰਮਾ ਕਿਆ ਮਸਤਾਨੜਾ ਈ ।
ਸ਼ਮਾ ਨੂੰ ਲੱਗੀ ਆਪਣੇ ਇਸ਼ਕ ਦੀ
ਜਲਦਾ ਐਵੇਂ ਪਰਵਾਨੜਾ ਈ ।
ਹੈਦਰ ਆਪੇ ਲਿਖੇ ਤੇ ਆਪੇ ਵਾਚੇ
ਆਪੇ ਕਾਸਿਦ ਦੇ ਪਰਵਾਨੜਾ ਈ ।੩।

8. ਵਾਉ-ਵਿਚ ਆਰਸੀ ਸੂਰਤ ਬੇਜਾਨ ਮੂਰਤ

ਵਾਉ-ਵਿਚ ਆਰਸੀ ਸੂਰਤ ਬੇਜਾਨ ਮੂਰਤ
ਵੇਖੇ ਤੈਨੂੰ ਦਿਲ ਸਾਹਮਣਿਆਂ ।
ਦਸ ਲੱਗਸ ਛੋੜ ਆਰਸੀ ਨੂੰ
ਤੈਂਡੇ ਗਲ ਲੱਗੇ ਦਿਲ ਸਾਹਮਣਿਆਂ ।
ਓਸੇ ਸ਼ਾਹ ਬਿਭੂਤ ਕਲੰਦਰ ਆਰਸੀ
ਵੰਝ ਲਿਖੇ ਦਿਲ ਸਾਹਮਣਿਆਂ ।
ਓਥੇ ਅਹਮਦ ਸ਼ਾਹ ਮੁਹੰਮਦ ਭੀ
ਪਾਰਾ ਪਾਰਾ ਕੀਤਾ ਖਲ ਸਾਹਮਣਿਆਂ ।
ਰਠੀਂ ਪਾਣੀ ਕੁਝ ਨ ਹੁੰਦਾ
ਵੇਖੀਂ ਤੂੰ ਘਲ ਸਾਹਮਣਿਆਂ ।
ਓਥੇ ਧਰਤੀ ਭੀ ਫਟ ਸ਼ਿਕਸਤ ਹੋਸੀ
ਨ ਹੀ ਮੰਜ਼ਲ ਨ ਵਲ ਸਾਹਮਣਿਆਂ ।
ਯੂਸਫ ਜੇਹੇ ਦਿਲ ਕੁੱਥੇ ਲੱਖ ਦਿਲ
ਗੁੱਥੇ ਦਿਲ ਸਾਹਮਣਿਆਂ ।
ਜੋ ਕੁਝ ਚਾਹੇ ਕਰੀਂ ਆਮੱਨਾਂ
ਸ਼ੇਰ ਵੰਝੀਂ ਥਲ ਸਾਹਮਣਿਆਂ ।
ਸਭ ਕੁਝ ਦੀਦਿਆਂ ਉੱਤੇ ਹੈਦਰ
ਯਾਰ ਵੰਝਮ ਪਲ ਸਾਹਮਣਿਆਂ ।੫।

9. ਵਾਉ-ਵਿਚ ਲੋਹ ਕਲਮ ਸਰਗਰਦਾਂ ਵੇਖਾਂ

ਵਾਉ-ਵਿਚ ਲੋਹ ਕਲਮ ਸਰਗਰਦਾਂ ਵੇਖਾਂ
ਵੇਖਾਂ ਮਤਲਬ ਕਿਆ ਤਹਰੀਰ ਦਾ ਈ ।
ਲਿਖ ਲਿਖ ਸੂਰਤਾਂ ਵਲ ਵਲ ਵਾਲੀ
ਮਜ਼ਕ ਕਰੇ ਤਸਵੀਰ ਦਾ ਈ ।
ਉਹ ਹੁਸਨ ਲਤੀਫ ਸੂਰਤ ਕਿਹੜੀ
ਮਸ਼ਕ ਜ਼ਬਾਨ ਤਕਰੀਰ ਦਾ ਈ ।
ਹੈਦਰ ਹੋਇਆ ਰੌਸ਼ਨ ਜੋ ਕੁਝ
ਮਤਲਬ ਇਸ ਤਦਬੀਰ ਦਾ ਈ ।
ਯਾਨੀ ਕਰੋ ਸਿੰਗਾਰ ਸਿਆਲੀਂ ਸਬ
ਵੇਖਾਂ ਕਿਹੜੀ ਮਿਲਸ ਇਸ ਹੀਰ ਦਾ ਈ ।੭।

ਯੇ

1. ਯੇ-ਯਾਰ 'ਅਕਰਬ ਹਬਲ ਉਲ ਵਰੀਦ' ਕੁਨੋਂ

ਯੇ-ਯਾਰ 'ਅਕਰਬ ਹਬਲ ਉਲ ਵਰੀਦ' ਕੁਨੋਂ
ਭੌਂਦੀ ਵਤਾਂ ਹੁਣ ਥੱਕੀਆਂ ਮੈਂ ।
ਤਨੀ ਏਸ ਕਥਾ ਦੀ ਸ਼ਹਰਗ ਏ
ਸ਼ਾਇਦ ਕੱਪ ਘੱਤਾਂ ਹੁਣ ਥੱਕੀਆਂ ਮੈਂ ।
ਉਹ ਰਦਤੰਦ ਥੋਂ ਨੇੜੇ ਮੈਂਡੇ ਹੱਥ
ਕੇਹਾ ਘੱਤਾਂ ਹੁਣ ਥੱਕੀਆਂ ਮੈਂ ।
ਓਸ ਮੂੰਹ ਮਹਤਾਬ ਦੇ ਅੱਖਰ ਮੈਂ
ਕਿਵੇਂ ਕੱਤਾਂ ਹੁਣ ਥੱਕੀਆਂ ਮੈਂ ।
ਮਰਾਂ ਵੇ ਹੈਦਰ ਯਾਰ ਜਨਾਜ਼ੇ ਆਵੇ ਮਤਾਂ
ਹੁਣ ਥੱਕੀਆਂ ਮੈਂ ।੧।

2. ਯੇ-ਯਾਰ ਤਕਮਾ ਜਾਮਾ ਖੋਲ੍ਹਿਆ

ਯੇ-ਯਾਰ ਤਕਮਾ ਜਾਮਾ ਖੋਲ੍ਹਿਆ
ਕੀ ਚਮਕਾਰ ਤਾਰੇ ਦੀ ਲੰਬ ਦਾ ਏ ।
ਆਖਿਰ ਆਈ ਰਾਤ
ਅਜੇ ਜਾਮਾਂ ਖੋਲ੍ਹਣ ਨੂੰ ਯਾਰ ਸੰਬ ਦਾ ਏ ।
ਜੰਬ ਜੰਬ ਦੇ ਵਿੱਚ ਰਾਤ ਗਈ
ਸ਼ੁਅਲਾ ਹੁਸਨ ਦੇ ਨੂੰ ਕੌਣ ਜੰਬ ਦਾ ਏ ।
ਭੈਣਾਂ ਸੁਬ੍ਹਾ ਕਿਆਮਤ ਧੁਮਦਾ ਈ
ਮੈਂਡਾ ਜਿਉੜਾ ਥਰ ਥਰ ਕੰਬਦਾ ਏ ।
ਓਥੇ ਅਹਮਦ ਦਾ ਕੰਮ ਹੈਦਰ,
ਕੰਮ ਨ ਜਿਬਰਾਈਲ ਦੇ ਖੰਬ ਦਾ ਏ ।੨।

ਜ਼ਾਲ

1. ਜ਼ਾਲ-ਜ਼ਰਾ ਜਲਵਾ ਗੋਲੜੀ ਤੈਂਡੜਾ ਡਿੱਠਾ

ਜ਼ਾਲ-ਜ਼ਰਾ ਜਲਵਾ ਗੋਲੜੀ ਤੈਂਡੜਾ ਡਿੱਠਾ
ਭੁੱਲ ਗਏ ਸੰਸਾਰ ਦੋਵੇਂ ।
ਹਿਕਾ ਮੋਤੀ ਹਾਰ ਡਿੱਠਾ
ਭੁੱਲੇ ਤਸਬੀਹ ਤੇ ਜ਼ੁਨਾਰ ਦੋਵੇਂ ।
ਮੈਂ ਲੁੱਟ ਲੁੱਟੀ ਤੇ ਲੜਦੇ ਛੋੜੇ
ਕਾਫਿਰ ਤੇ ਦੀਨਦਾਰ ਦੋਵੇਂ ।
ਮੈਂ ਗਲ ਵੇ ਪਾਈ ਖਾਲ ਸਿਆਹ
ਉਹ ਦਿੱਤੇ ਜ਼ੁਲਫ ਦੀ ਮਾਰ ਦੋਵੇਂ ।
ਦੋਹਾਂ ਨੈਣਾਂ ਹੈਦਰ ਘੇਰ ਮਾਰੀ,
ਦਿਲ ਥੋਂ ਪਏ ਪਾਰ ਦੋਵੇਂ ।੩।

2. ਜ਼ਾਲ-ਜ਼ਰਾ ਨ ਤਰਸ ਤਿਨਹਾਂਦੜੇ ਮਨ ਵਿੱਚ

ਜ਼ਾਲ-ਜ਼ਰਾ ਨ ਤਰਸ ਤਿਨਹਾਂਦੜੇ ਮਨ ਵਿੱਚ
ਤੇ ਖੌਫ ਖ਼ੁਦਾ ਨ ਲਿਆਵੰਦੇ ਨੇ ।
ਮੈਂਡਾ ਜਲ ਜਲ ਕਲੇਜਾ ਵੈਂਦਾ ਜਾਂਦਾ
ਤੇ ਦਸ ਨ ਕੋਈ ਪਾਵੰਦੇ ਨੇ ।
ਮੁੱਲਾਂ ਕਾਜ਼ੀ ਹੋ ਹੋ ਰਾਜ਼ੀ
ਅਨ ਬਨ ਜੋੜ ਸੁਣਾਵੰਦੇ ਨੇ ।
ਅਲੀ ਹੈਦਰ ਮੁੱਲਾਂ ਮਸਲੇ ਕਰ ਕਰ,
ਮੈਂਡਾ ਮਨ ਪਰਚਾਵੰਦੇ ਨੇ ।੧।

3. ਜ਼ਾਲ-ਜ਼ਰਾ ਤੈਂਡੜਾ ਜਲਵਾ ਰਾਂਝਣ

ਜ਼ਾਲ-ਜ਼ਰਾ ਤੈਂਡੜਾ ਜਲਵਾ ਰਾਂਝਣ
ਖੂਬਸੂਰਤਾਂ ਐਵੇਂ ਵਿਖਾਲੀਆਂ ਨੇ ।
ਭਲਾ ਲਾਲ ਭੀ ਰਹੰਦੇ ਲੁਕੇ ਵੇ ਢੋਲਣ
ਕੇਹੀਆਂ ਮਸਾਲਾਂ ਬਾਲੀਆਂ ਨੇ ।
ਕਿਵੇਂ ਕਾਲੜਾ ਕੰਬਲ ਭੂਰਾ ਵੀ ਲੁਕੇ
ਮਹੀਂ ਜੇ ਕਾਲੀਆਂ ਕਾਲੀਆਂ ਨੇ ।
ਮੈਂ ਕਾਲੜਾ ਕੰਬਲ ਵੇਖ ਨ ਭੁੱਲਾਂ
ਕਮਲੀਆਂ ਹੋਰ ਸਿਆਲੀਆਂ ਨੇ ।
ਗੁੱਸੇ ਨ ਥੀਉ ਜੇ ਚਾਕ ਸਦੈਨੀਆਂ
ਸਭ ਸਿਆਲੀਂ ਸਾਲੀਆਂ ਨੇ ।
ਹੈਦਰ ਰਾਗ ਸਰੂਦ ਕੀ ਜਾਣੇ,
ਓਥੇ ਤੈਂਡੀਆਂ ਗਾਲੀਆਂ ਨੇ ।੪।

4. ਜ਼ਾਲ-ਜ਼ਿਕਰ ਤੇਰਾ ਦਿਨ ਰਾਤ ਮੈਨੂੰ

ਜ਼ਾਲ-ਜ਼ਿਕਰ ਤੇਰਾ ਦਿਨ ਰਾਤ ਮੈਨੂੰ
ਜਿਵੇਂ ਹਾਫ਼ਿਜ਼ਾਂ ਹਿਫ਼ਜ਼ ਕੁਰਾਨ ਦਿਲਬਰ ।
ਤੇਰਾ ਨਾਮ ਲੈਂਦਾ ਫਿਰਾਂ ਵਿੱਚ ਗਲੀਆਂ
ਜਿਵੇਂ ਪੰਡਿਤਾਂ ਪੋਥੀ ਪੁਰਾਨ ਦਿਲਬਰ ।
ਤੇਰੀ ਦੀਦ ਸਈਦ ਹੈ ਈਦ ਕੋਲੋਂ
ਮੁਖ ਚੰਦਰ ਮਾਹ ਰਮਜ਼ਾਨ ਦਿਲਬਰ ।
ਰੋਜ਼ਾ ਭੰਨ ਹੈਦਰ ਦਾ ਦੇਹ ਦਰਸ਼ਨ,
ਵੇਖ ਚੰਦ ਹੋਵਾਂ ਸ਼ਾਦਮਾਨ ਦਿਲਬਰ ।੨।

ਜ਼ੇ

1. ਜ਼ੇ-ਜ਼ੱਰਾ ਖਿਆਲ ਨ ਰਹੇ ਉਸ ਨੂੰ

ਜ਼ੇ-ਜ਼ੱਰਾ ਖਿਆਲ ਨ ਰਹੇ ਉਸ ਨੂੰ
ਜੋ ਜਮਾਲ ਤੇਰੇ ਦਾ ਖਿਆਲ ਕਰੇ ।
ਜੇ ਹਿਕ ਜ਼ੱਰਾ ਪਹਾੜ ਨੂੰ ਪੌਂਦਹ
ਜ਼ੱਰਾ ਜ਼ੱਰਾ ਮਸਾਲ ਕਰੇ ।
'ਖੱਰਾ ਮੂਸਾ ਸ' ਇਕਾ ਹੋਇਆ
'ਰਬ ਅਰਿਨੀ' ਸਵਾਲ ਕਰੇ ।
ਅਲੀ ਹੈਦਰ ਦਰਸ਼ਨ ਮੰਗ ਮਤਾਂ
ਤੋੜੇ 'ਲਨਤਰਾਨੀ' ਸਵਾਲ ਕਰੇ ।੨।

2. ਜ਼ੇ-ਜ਼ਹਿਰ ਪਿਆਲਾ ਰਾਂਝਣ ਵਾਲਾ

ਜ਼ੇ-ਜ਼ਹਿਰ ਪਿਆਲਾ ਰਾਂਝਣ ਵਾਲਾ
ਸ਼ਰਬਤ ਕਰ ਕਰ ਪੀਨੀਆਂ ਮੈਂ ।
ਹਿਕੇ ਮਿਲਾਹੋ ਮਾਹੀ ਮੇਰਾ
ਨਹੀਂ ਤਾਂ ਖਾਕ ਰੁਲੀਨੀਆਂ ਮੈਂ ।
ਅੱਲਾ ਚਾਹਸੀ ਤਾਂ ਮੇਰਾ ਮਾਹੀ ਮਿਲਸੀ
ਖ਼ੁਸ਼ੀਆਂ ਸਭ ਛੁਟੀਨੀਆਂ ਮੈਂ ।
ਅਲੀ ਹੈਦਰ ਯਾਰ ਪਿਆਲੇ ਵਾਲਾ,
ਪਾੜ ਤਾਂ ਬੈਠੀ ਸੀਨੀਆਂ ਮੈਂ ।੧।

3. ਜ਼ੇ-ਜ਼ਿਆਰਤ ਕਾਬਾ ਦੀ ਲੋਗ ਜਾਵਣ

ਜ਼ੇ-ਜ਼ਿਆਰਤ ਕਾਬਾ ਦੀ ਲੋਗ ਜਾਵਣ
ਸੋਹਣੇ ਯਾਰ ਦੀ ਜ਼ਿਆਰਤ ਨੂੰ ਜਾਨੀਆਂ ਮੈਂ ।
ਮੁਖ ਮਹਬੂਬ ਦਾ ਖਾਨਾ ਕਾਬਾ
ਤੇ ਨਿੱਤ ਤਵਾਫ ਕਰੇਨੀਆਂ ਮੈਂ ।
'ਹਜਰ ਉਲ ਅਸਵਦ' ਮਾਹੀ ਦੇ ਕੋਲੋਂ
ਵਲ ਵਲ ਬੋਸੜਾ ਲੈਨੀਆਂ ਮੈਂ ।
ਅਲੀ ਹੈਦਰ ਹਾਜੀ ਹੱਜ ਚਲੇ
ਤੇ ਯਾਰ ਦਾ ਹੱਜ ਕਰੈਨੀਆਂ ਮੈਂ ।੩।

  • Previous.....