Deeva Safian Da : Dr Amarjit Tanda

ਦੀਵਾ ਸਫ਼ਿਆਂ ਦਾ : ਡਾ. ਅਮਰਜੀਤ ਟਾਂਡਾ




ਮੈਂ ਬਹੁਤ ਘੱਟ ਪੜ੍ਹਦਾ ਹਾਂ

ਮੈਂ ਬਹੁਤ ਘੱਟ ਪੜ੍ਹਦਾ ਹਾਂ ਪਰ ਦੁੱਧ ਵਰਗਾ ਹੀ ਵਰਕਾ ਨਜ਼ਰ ਆਉਂਦਾ ਹੈ ਟੀਵੀ ਨਹੀਂ ਦੇਖਦਾ ਕਿਉਂਕਿ ਹਰ ਸੀਨ ਕੁਫ਼ਰ ਉੱਗਲਦਾ ਹੈ ਸ਼ਾਹੀ ਦਰਬਾਰਾਂ ਦੀ ਹੀ ਗੱਲ ਕਰਦਾ ਹੈ- ਹਰ ਵੇਲੇ ਏਨਾ ਵਿਕਾਸ ਵੀ ਕਿਹੜਾ ਹਜ਼ਮ ਕਰੇ- ਯਾਦ ਰੱਖਿਓ ਘਰ ਦੇ ਹੈਲੀਕਾਪਟਰਾਂ ਦੇ ਝੂਟੇ ਮੂਟੇ ਇੱਟਾਂ ਪੱਥ 2 ਨਹੀਂ ਮਿਲਦੇ- ਹੱਥਾਂ ਤੇ ਪਏ ਰੱਟਣ ਨਹੀਂ ਉਸਾਰ ਸਕਦੇ ਹਰ ਦੇਸ਼ ਵਿਚ ਪੰਜ ਜਾਂ ਸੱਤ ਸਿਤਾਰੇ ਉਸਾਰ ਲੈਣ ਦਿਓ ਇਹਨਾਂ ਨੂੰ ਯਾਦਗਾਰਾਂ ਬਹੁਤ ਨੇ ਅਕਬਰ ਜਹਾਂਗੀਰ ਦੇ ਖ਼ੰਡਰ ਹੋਏ ਸੁਪਨੇ- ਬੰਸਰੀ ਦੀ ਚੀਖ਼ ਨਹੀਂ ਕਦੇ ਮਰਦੀ ਹੁੰਦੀ- ਬੁੱਖ ਦੀ ਚੀਸ ਨਹੀਂ ਕਦੇ ਡਰਦੀ ਹੁੰਦੀ- ਤੁਸੀਂ ਕਿਸ ਦੀ ਗੱਲ ਕਰਦੇ ਹੋ ਤੁਹਾਨੂੰ ਵੀ ਪਤਾ ਹੈ ਸੱਭ ਕੁਝ ਕਿ ਕਵਿਤਾ ਪੇਟ ਨਹੀਂ ਪਾਲ ਸਕਦੀ ਭੁੱਖੀਆਂ ਆਂਦਰਾਂ ਤੇ ਲਿਖੇ ਗੀਤਾਂ ਦੇ ਹਾਉਕੇ ਕਦੇ ਹਾਰ ਨਹੀਂ ਬਣਦੇ- ਹਿੱਕਾਂ 'ਚ ਸੁੱਤੇ ਸੁਫ਼ਨੇ ਕਦੇ ਸਨਮਾਨ ਦੇ ਹੱਕ ਨਹੀਂ ਭਾਲਦੇ ਪਿੰਡੇ ਤੋਂ ਕਿਰਦੇ ਪਸੀਨੇ ਚੋਂ ਕਦੇ ਦਿਲਕਸ਼ ਭਾਸ਼ਣ ਨਹੀਂ ਉੱਗਦੇ- ਝੂਠ ਬੋਲਦੀ ਲਿਖਦੀ ਇਸ਼ਤਿਹਾਰਾਂ ਲੱਦੀ ਅਖ਼ਬਾਰ ਕਦੇ ਲੋਕ ਅਵਾਜ਼ ਨਹੀਂ ਸਿਰਜਦੀ- ਨਾ ਹੀ ਲੋਕ ਅਵਾਜ਼ ਹੁੰਦੀ ਹੈ- ਵਿਉਪਾਰ ਹੋ ਸਕਦਾ ਹੈ ਵਧੀਆ-ਮੀਡੀਏ ਦਾ ਦੱਸੋ ਤਾਂ ਸਹੀ ਕਿ ਕਿਉਂ ਪੜ੍ਹਾਂ ਦੇਖਾਂ ਤੇ ਸੁਣਾਂ- ਅਖਬਾਰ ਟੀਵੀ ਰੇਡੀਓ ਤੁਸੀਂ ਸੁਣਿਆ ਕਰੋ- ਇਹ ਸਾਰੇ ਬੇਕਾਰ ਸੱਤਾ ਦੇ ਲੂਲੇ ਲੰਗੜੇ ਅੰਗ ਮੇਰੀ ਤਾਂ ਮੱਤ ਬਹੁਤ ਸੌੜੀ ਹੋ ਗਈ ਹੈ ਤੁਸੀਂ ਅਰਜ਼ਾਂ ਕਰ 2 ਮਰਿਆ ਕਰੋ ਇਹ ਬਿਨ ਅਰਦਾਸਾਂ ਦੇ ਵੀ ਜਿਊਣਗੇ   ਇਹਨਾਂ ਦੇ ਹੱਥਾਂ ਤੇ ਲਿਖੀ ਕਦੇ ਕੋਈ ਇੱਕ ਵੀ ਮਿਹਨਤ ਦੀ ਲਕੀਰ ਪੜ੍ਹਿਓ- ਤੇ ਜੋ ਸਾਡੇ ਸਨ ਲਕੀਰਾਂ - ਉਹ ਓਦਾਂ ਮਿਹਨਤ ਕਰਦੇ 2ਮਿਟ ਗਈਆਂ- ਸਾਨੂੰ ਤੇ ਜੇ ਚਾਅ ਰਿਹਾ- ਉਹ ਸੀ ਇੱਕ ਮਹਿੰਦੀ ਦਾ ਜਾਂ ਨਵੀਆਂ ਚੜਾਈਆਂ ਵੰਗਾਂ ਦਾ- ਜ਼ਿੰਦਾ ਜਲਾ ਦਿਓ ਚਿਖ਼ਾ ਚ ਆਪਣੇ 2 ਅਜੇਹੇ ਰੱਬ ਨੂੰ ਜੋ ਅਜੇਹੀਆਂ ਲਿਖਦਾ ਹੈ ਤਕਦੀਰਾਂ ਜੋ ਬਣਾਉਂਦਾ ਹੈ ਇੱਕ 2 ਵੇਲੇ ਦੀਆਂ ਰੋਟੀ ਵਰਗੀਆਂ ਘਿਸੀਆਂ ਪਿੱਟੀਆਂ ਤਸਵੀਰਾਂ ਜੋ ਕਦੇ ਖੁਣ ਨਾ ਸਕਿਆ ਸਾਡੇ ਸਿੱਸਕਦੇ ਮੱਥਿਆਂ ਤੇ ਨਾ ਮਿਟਣ ਵਾਲੀਆਂ ਤਕਦੀਰਾਂ ਤੇ ਲਕੀਰਾਂ- ਡਾਹਣਿਆਂ ਤੇ ਨਾ ਲਟਕੋ ਟੈਂਕੀਆਂ ਨੇ ਨਹੀਂ ਕੁਝ ਬਖ਼ਸ਼ਣਾਂ ਰੋਕ ਲਵੋ ਚਿੱਟੀਆਂ ਕਾਰਾਂ ਦੇ ਕਾਫ਼ਲੇ ਭੁੱਖੇ ਪਿਆਸੇ ਸੂਹੇ ਬਲਦੇ ਹੰਝੂ ਇਹਨਾਂ ਦੇ ਸਫ਼ੈਦ ਕੁੜਤਿਆਂ ਤੇ ਵੀ ਛਿੜਕੋ ਇਹਨਾਂ ਦੇ ਸਾਹਾਂ ਲਈ ਵੀ ਅੱਗ ਚੋਂ ਕੋਈ ਲਾਂਬੂ ਲੱਭੋ ਦੱਸੋ ਕਿ ਝੁੱਗੀਆਂ ਚ ਕਿਉਂ ਨਹੀ ਝਾਕਦਾ ਚਾਨਣ ਕਿਉਂ ਨਹੀਂ ਬੈਠਦੇ ਘੁੱਗੀਆਂ ਕਬੂਤਰ ਸਾਡੇ ਬਨ੍ਹੇਰਿਆਂ ਤੇ ਸਾਡੇ ਹੀ ਵਿਹੜਿਆਂ ਨੂੰ ਕਿਉਂ ਸਰਾਪ ਹੈ ਨੰਨਿਆਂ ਦੇ ਖਿਲੌਣਿਆਂ ਦਾ- ਘਰ ਜੇ ਢਾਹੇ ਜਾਂਦੇ ਹਨ ਤਾਂ ਮਿਹਨਤ ਦੀ ਮਿੱਟੀ ਨਾਲ ਲਿੱਪੇ ਹੀ ਕਿਉਂ ਅੱਗ ਜੇ ਆਉਂਦੀ ਹੈ ਤਾਂ ਸਾਡੇ ਹੀ ਦਰ ਤੇ ਕਿਉਂ ਮਰਦੀ ਹੈ- ਤੂੰ ਜਿੰਨੇ ਮਰਜ਼ੀ ਵਾਧੂ ਸਾਹ ਲਿਖਵਾ ਲੈ ਬੈਠ ਜਾ ਜਿੰਨੀ ਵੀ ਧਰਤ ਮੱਲ ਕੇ ਉਹ ਦਿਨ ਆਉਣ ਵਾਲਾ ਹੈ- ਤੇਰੀ ਸ਼ੁਹਰਤ ਦੇ ਮਹਿਲ ਵੀ ਹਨ੍ਹੇਰੀ ਢਾਏਗੀ ਸ਼ਾਹ ਹੁਸੈਨ ਗਦਾਫ਼ੀ ਵਰਗੇ ਸਾਰੇ ਸੁਪਨੇ ਸੱਖਣੇ ਰਹਿ ਜਾਣਗੇ ਸਲੀਬ ਗੱਡ ਦਿਤੀ ਹੈ ਲੋਕਾਂ ਤੈਨੂੰ ਛੁਪੇ ਨੂੰ ਵੀ ਲੱਭਦੇ ਫਿਰਦੇ ਨੇ ਭੁੱਖੇ ਪਿਆਸੇ ਪਹਿਰ- ਰੁੱਖਾਂ ਨੂੰ ਕਹਿ ਰਿਹਾ ਹਾਂ ਪਿੰਡਾਂ ਨੇ ਟੁਰ ਪੈਣਾ ਹੈ ਨਾਲ- ਸ਼ਹਿਰਾਂ ਦੇ ਕਾਫ਼ਲੇ ਵੀ ਬਣ ਜਾਣਗੇ- ਇਸ ਖ਼ਬਰ ਦੀ ਚਰਚਾ ਵੀ ਕਰੇਗਾ ਅਖਬਾਰ ਟੀਵੀ ਰੇਡੀਓ ਫਿਕਰ ਨਾ ਕਰ -ਹੱਸ ਖੇਡ ਚਾਰ ਦਿਨ- ਤੇਰੀ ਹਿੱਕ ਦੀ ਸੂਹ ਵੀ ਕੱਢ ਰਹੀ ਹੈ ਕੋਈ ਗੋਲੀ ਤੇਰੇ ਵੈਣਾਂ ਦੀਆਂ ਲੜ੍ਹੀਆਂ ਵੀ ਪਰੋਅ ਰਿਹਾ ਹੈ ਕੋਈ ਦਿਨ- ਟੁੱਟੀਆਂ ਵੰਗਾਂ ਤੇ ਕਦੇ ਸੁਹਾਗ ਨਹੀਂ ਲਿਖੇ ਜਾਂਦੇ ਹਿੱਕਾਂ ਤੇ ਲੱਗੀਆਂ ਗੋਲੀਆਂ ਕਦੇ ਤਗਮੇਂ ਨਹੀਂ ਬਣਦੇ- ਪਰ ਤੋਲ ਰਹੇ ਹਨ ਪਲ ਗੱਲ ਚੱਲ ਰਹੀ ਹੈ ਘਰ 2- ਗੀਤਾਂ ਸੁਰਾਂ ਤੋਂ ਵੀ ਜਰਾ ਡਰ ਲੋਕਾਂ ਅੰਬਰ ਕਰ ਲਏ ਸਰ ਤੇਰਾ ਵੀ ਲੱਭ ਲੈਣਗੇ ਘਰ-

ਮੈਨੂੰ ਨਹੀਂ ਸੀ ਪਤਾ

ਮੈਨੂੰ ਨਹੀਂ ਸੀ ਪਤਾ ਕਿ ਮੇਰੀ ਧਰਤੀ ਤੇ ਜ਼ਿੰਦਗੀ ਦਾ ਮੁੱਲ ਚੰਦ ਦਮੜੇ ਤੇ ਇਕ ਨੌਕਰੀ ਹੋਣਾ ਸੀ- ਕਿ ਏਥੇ ਜਾਨ ਦੀ ਪ੍ਰਵਾਹ ਨਹੀਂ ਸੀ ਕਿਸੇ ਕਰਨੀ ਕਿਸੇ ਦੇ ਵਿਆਹ ਵਿੱਚ ਨੱਚਣਾ ਪੈਣਾ ਸੀ ਰੋਟੀ-ਰੋਜ਼ੀ ਲਈ ਜਿਸਮ ਨੇ ਨਰਿਤ ਚ ਉੱਤਰਨਾ ਸੀ- ਗੀਤ ਨੇ ਛਲਣੀ ਹੋਣਾ ਸੀ ਤੇ ਪੈਰਾਂ ਚ ਢੇਰੀ ਹੋਣਾ ਸੀ- ਕੋਈ ਨਹੀਂ ਸੀ ਪਤਾ ਮੈਨੂੰ- ਕਿ ਕੁੱਖ ਚ ਮਰ ਜਾਣਾ ਸੀ ਕਿਸੇ ਸੁਫ਼ਨੇ ਨੇ ਸਟੇਜ਼ਾਂ ਨੇ ਲਹੂ ਨਾਲ ਲੱਥਪੱਥ ਹੋਣਾ ਸੀ- ਜਿਸਮਾਂ ਨੇ ਮੰਡੀਆਂ ਚ ਵਿਕਣਾਂ ਸੀ- ਇਨਸਾਨੀਅਤ ਨੇ ਸਾਰਿਆਂ ਦੇ ਸਾਹਮਣੇ ਮਰਨਾਂ ਸੀ ਪੰਜੇਬਾਂ ਨੇ ਖਿੱਲਰਨਾ ਸੀ ਬੋਰ 2 ਹੋ ਕੇ ਨੱਚਦੇ ਪੱਬਾਂ ਨੇ ਸੁੰਨ੍ਹ ਹੋਣਾ ਸੀ ਗੋਲੀਆਂ ਨਾਲ- ਨਹੀਂ ਸੀ ਪਤਾ- ਸਭਿਅਤਾ ਨੇ ਪਲਾਂ ਚ ਮੁੱਕਣਾ ਸੀ- ਕਿ ਪੰਜਾਬ ਨੇ ਆਪ ਡੁੱਬਣਾ ਸੀ ਆਪਣੇ ਲਹੂ ਚ ਗੀਤ ਨੇ ਮੁਜ਼ਰਾ ਬਣ ਚੜ੍ਹਨਾ ਸੀ ਸੂਲੀ ਨਸ਼ੇ ਦੇ ਲੋਰ ਨੇ ਸੰਗੀਤ ਦਾ ਕਤਲ ਕਰਨਾ ਸੀ ਚਾਵਾਂ ਨੇ ਖ਼ੁਦਕੁਸ਼ੀ ਕਰਨੀ ਸੀ ਨੱਚਦੇ ਸ਼ੌਕ ਮਰਨੇ ਸੀ ਸਾਹਮਣੇ ਹਾਸੇ ਵਿਖਰਨੇ ਸਨ- ਲਟਕਦੇ ਹਾਰ ਟੁੱਟਣੇ ਸਨ- ਫੁੱਲਾਂ ਨੇ ਮਹਿਕ ਹਿੱਕ ਚ ਲੈ ਕੇ ਮਰਨਾਂ ਸੀ ਕਿ ਕਿਸੇ ਕਲੀ ਨੇ ਘਰ ਵੀ ਨਹੀਂ ਸੀ ਪਰਤਣਾਂ ਅੱਜ ਕਿਸੇ ਦਾ ਨਾਂ ਮਿਟਣਾਂ ਸੀ ਸਰਦਲ ਤੋਂ ਚਾਵਾਂ ਨੇ ਘਰ ਨਹੀਂ ਸੀ ਅੱਪੜਣਾਂ ਮਾਵਾਂ ਕੋਲ ਘਰ ਛੱਡ ਕੇ ਆਈਆਂ ਨੇ ਜਗਾਉਣਾ ਨਹੀਂ ਸੀ ਜਾ ਕੇ ਗੀਗਿਆਂ ਨੂੰ ਝੱਲ ਨਹੀਂ ਸੀ ਮਾਰਨੀ ਜਾ ਕੇ ਤੰਗੀਆਂ ਤੁਰਸ਼ੀਆਂ ਨੂੰ ਕੋਈ ਨਹੀਂ ਸੀ ਪਤਾ ਕਿ ਰੌਣਕਾਂ ਨੇ ਸਿਵੇ ਸਜਾਉਣੇ ਸਨ- ਝਾਂਜ਼ਰਾਂ ਦੀ ਛਣਕਾਰ ਨੇ ਚਿਖ਼ਾ ਚ ਦਫ਼ਨ ਹੋਣਾ ਸੀ- ਵੰਗਾਂ ਨੇ ਚੂਰ 2 ਹੋਣਾ ਸੀ ਡਿੱਗਦਿਆਂ ਸਾਰ ਕਿ ਹੱਥਿਆਰਿਆਂ ਨੇ ਘਸੀਟ 2 ਸੁੱਟਣੀ ਸੀ ਮੇਰੇ ਗੀਤ ਦੀ ਲਾਸ਼ ਸਤਰ 2 ਪੈਰਾਂ ਚ ਰੁਲਣੀ ਸੀ- ਪੰਜ ਪਾਣੀਆਂ ਦੀ ਗੈਰਤ ਚ ਹਿੱਕ ਦੇ ਲਹੂ ਨੇ ਵਗਣਾ ਸੀ ਕਿ ਗੋਲੀਆਂ ਦਾ ਮਿਲਣਾ ਸੀ ਸਨਮਾਨ ਅਦਾਵਾਂ ਨੂੰ ਕਿ ਮਰ ਮੁੱਕ ਜਾਣਾ ਸੀ ਦੁੱਲਿਆਂ ਨੇ ਵੀ ਕਿ ਪਿਆਸੀਆਂ ਅੱਖਾਂ ਨੇ ਕਲਾ ਦੇ ਖ਼ੂਨ ਨਾਲ ਬੁਝਾਉਣੀ ਸੀ ਪਿਆਸ- ਕਿ ਸ਼ਗਨਾਂ ਵੇਲੇ ਸੁਰਖ਼ ਹੰਝੂ ਵਹਿਣੇ ਸਨ ਡੋਲੀ ਹੱਥਿਆਰਾਂ ਤੇ ਜਾਣੀ ਸੀ- ਕਿ ਸ਼ਰਮ ਨੇ ਮਰ ਜਾਣਾ ਸੀ ਸਦਾ ਲਈ- ਲਾਸ਼ਾਂ ਨੂੰ ਸੜਕ 'ਤੇ ਰੱਖਿਆ ਜਾਣਾ ਸੀ- ਕਿ ਮਰੀ ਇਨਸਾਨੀਅਤ ਨੂੰ ਤੱਕ ਧਾਹਾਂ ਨਿੱਕਲਣੀਆਂ ਸਨ ਰਾਹਾਂ ਦੀਆਂ ਕਿ ਇੱਕ ਦਿਨ ਮਾਨਸਿਕਤਾ ਨੇ ਵੀ ਦਫ਼ਨ ਹੋਣਾ ਸੀ ਆਪਣੀ ਆਪ ਕਬਰ ਪੁੱਟ ਕੇ ਦੁਨੀਆਂ ਦੇ ਸਾਹਮਣੇ ਪੇਟ ਦੀ ਭੁੱਖ ਨੇ ਸਟੇਜ ਤੇ ਦੋ ਮਹੀਨੇ ਦੇ ਬੱਚੇ ਨੂੰ ਕੁੱਖ ਚ ਨਾਲ ਲੈ ਕੇ ਦੇਣੀ ਸੀ ਬਲੀ ਮੱਮਤਾ ਦੀ- ਲੋਕੋ ਮੰਚ ਤੇ ਕੱਲ ਸਾਰਾ ਪੰਜਾਬ ਮਰਿਆ ਹੈ ਮੁੱਕ ਗਏ ਨੇ ਅੱਥਰੂ ਚਿਖ਼ਾ ਤੇ ਕੇਰਨ ਨੂੰ ਖਿੜ੍ਹਿਆ ਗੁਲਾਬ ਮਰਿਆ ਹੈ ਪੰਜਾਬ ਦੀ ਆਬਰੂ ਦੇਖੀ ਮਰਦੀ-ਕੋਈ ਸ਼ਬਾਬ ਮਰਿਆ ਹੈ ਜੇ ਏਹੀ ਦਿਨ ਰਹੇ ਪੰਜ਼ਾਬ ਦੀਆਂ ਮਰਨਗੀਆਂ ਰਾਤਾਂ ਸਹਿਕਦਾ ਰਹੇਗਾ ਸਭਿਆਚਾਰ ਕਾਲੀਆਂ ਰਹਿਣਗੀਆਂ ਪ੍ਰਭਾਤਾਂ ਬੁੱਲਾਂ ਤੇ ਗੀਤ ਨਹੀਂ ਰਹਿਣੇ ਹਿੱਕਾਂ ਚ ਡੁੱਬਣਗੀਆਂ ਬਾਤਾਂ ਸੜ੍ਹਨਗੇ ਪੱਤੇ ਫੁੱਲ ਪੱਤੀਆਂ ਸਜਣਗੀਆਂ ਚਾਵਾਂ ਸੰਗ ਚਿਖ਼ਾਵਾਂ ਘਰਾਂ ਵਿਚ ਵੈਣ ਤੇ ਹੰਝੂ ਚੁਰਾਹੀਂ ਲਾਸ਼ਾਂ ਤੇ ਹਾਵਾਂ ਧੀਆਂ ਨੂੰ ਘਰ ਉਡੀਕਣਗੇ ਵਿਲਕਣਗੀਆਂ ਨੇੜੇ ਬੈਠ ਮਾਵਾਂ-

ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ

ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ ਰਾਤਾ ਚ ਅਰਸ਼ ਵਰਗੇ ਸੁਪਨਿਆਂ ਦੀ ਰੌਸ਼ਨੀ ਸੀ- ਤਾਰਿਆਂ ਨੂੰ ਮੱਥਿਆਂ ਤੇ ਮੜ੍ਹਨ ਵਰਗੀ ਰੀਝ ਸੀ- ਘਰ ਚੁੱਪ ਜੇਹਾ ਹੋ ਗਿਆ ਸੀ ਮਾਂ ਦੀ ਅਸੀਸ ਨੂੰ ਕੋਈ ਤੌਖਲਾ ਦਿਸਣ ਲੱਗ ਪਿਆ ਸੀ ਭੈਣਾਂ ਦੇ ਚਾਅ ਨੂੰ ਡੋਬ ਜੇਹੇ ਪੈਣ ਲੱਗ ਪਏ ਸਨ- ਵੀਰ ਭਾਬੀ ਸੁਖੀ ਰਹਿਣ- ਵਿਹੜੇ ਨੇ ਜ਼ੁਬਾਨ ਬੰਦ ਕਰ ਲਈ ਸੀ- ਕਿੱਲੀਆਂ ਤੇ ਟੰਗੇ ਕੱਪੜੇ ਅਣਜਾਣ ਜਿਹੇ ਹੋ ਗਏ ਸਨ- ਰਸੋਈ ਦੀ ਰੌਣਕ ਖੁਰ ਰਹੀ ਸੀ- ਰਜ਼ਾਈਆਂ ਚੋਂ ਨਿੱਘ ਮਰ ਗਏ ਸਨ- ਬੂਟਿਆਂ ਨੇ ਡਾਲੀਆਂ ਉੱਚੀਆਂ- ਕਰ ਲਈਆਂ ਸਨ ਬੇਰੀ ਨੂੰ ਲੱਗੇ ਬੇਰ ਕਿਰ ਗਏ ਸਨ- ਪੰਛੀਆਂ ਨੇ ਘਰ ਆਉਣਾ ਛੱਡ ਦਿਤਾ ਸੀ- ਜਿਸ ਤੇ ਪਿੰਡ ਨੂੰ ਮਾਣ ਸੀ- ਉਹ ਵੀ ਛੱਡ ਤੁਰ ਚੱਲਿਆ ਹੈ ਕਿੱਧਰੇ ਦੂਰ ਬਦੇਸ਼ੀਂ- ਸ਼ਾਂਮਾਂ ਨੇ ਜਦ ਦੀ ਗੱਲ ਸੁਣੀ ਸੀ- ਬੋਲਣੋਂ ਹਟ ਗਈਆਂ ਸਨ- ਲੈ ਪੁੱਤ ਤੂੰ ਵੀ ਟੁਰ ਚੱਲਿਆਂ ਏਂ- ਮਾਂ ਨੇ ਅੱਖਾਂ ਪੂੰਝਦਿਆਂ ਕਿਹਾ ਸੀ- ਅੱਗੇ ਨਿੱਕੇ ਗਏ ਨਹੀਂ ਸੀ ਭੁੱਲੇ ਹੁਣ ਮੇਰੇ ਪੋਤੇ ਪੋਤੀ ਨੂੰ ਵੀ ਲੈ ਚੱਲਿਆਂ ਏਂ- ਕਿਹਨੂੰ ਦੇਖਣ-ਕਿੱਥੇ ਜਾਇਆ ਕਰਾਂਗੀ ਹੁਣ ਕਿਸ ਚੀਜ਼ ਦੀ ਘਾਟ ਸੀ ਤੁਹਾਨੂੰ ਏਥੇ- ਚੰਗੀ ਭਲੀ ਨੌਕਰੀ ਘਰ ਬਾਰ ਸੋਹਣਾ ਬੀਜੀ ਕਿਹਾ ਕਰਦੇ- ਉਹ ਨਹੀਂ ਸੀ ਜਾਣਦੀ ਕਿ ਚੰਨ ਨੂੰ ਰਾਤ ਦੇ ਹਨ੍ਹੇਰਿਆਂ ਚ ਤੱਕਣ ਨੂੰ ਏਥੇ ਸੱਧਰਾਂ ਜਨਮ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ ਅੰਬਰ ਨੂੰ ਪੌੜੀ ਲਾਉਣ ਤੇ ਖਿਸਕਾਉਣ ਵਾਲੇ ਅਨੇਕਾਂ ਸਨ ਏਥੇ ਸੱਤਾ ਏਨੀ ਵਿਛ ਗਈ ਹੈ ਕਿ ਬੰਸਰੀ ਦੇ ਛੇਕਾਂ ਚ ਮਿੱਟੀ ਪਾ ਭੱਜ ਜਾਂਦੇ ਨੇ ਕੁੱਤੇ ਕੁਰਸੀਆਂ ਜੇ ਸਜਦੀਆਂ ਹਨ ਤਾਂ ਪਹਿਲਾਂ ਆਪਣੇ ਨਲਾਇਕ ਪਿਆਦੇ ਬਿਠਾਏ ਜਾਂਦੇ ਹਨ- ਜੋ ਨਿੱਤ ਹਕੂਮਤ ਦੇ ਪਾਵਿਆਂ ਨੂੰ ਸਿੱਜਦੇ ਕਰਦੇ ਹਨ- ਮੈਰਿਟ ਕਬਰਾਂ ਨੂੰ ਟੁਰ ਗਈ ਹੈ- ਅਦਾਲਤ ਅਪੀਲ ਨਹੀਂ ਸੁਣਦੀ ਜੇ ਫ਼ੈਸਲਾ ਕਰਦੀ ਹੈ ਤਾਂ ਦਰਬਾਰਾਂ ਨੂੰ ਪੁੱਛ ਕੇ- ਮਾਂ -ਪੁੱਤ ਕਰਨ ਤੇ ਕੀ ਨਾ ਕਰਨ- ਕਿਹਦਾ ਦਿੱਲ ਕਰਦਾ ਹੈ- ਕਿ ਆਪਣੀ ਖੇਡਣ ਭੋਂ ਨੂੰ ਅਲਵਿਦਾ ਕਹੇ- ਜੇ ਕਿਤੇ ਆਪਣੇ ਹੀ ਪਿੰਡ ਸ਼ਹਿਰ ਜਗਦਾ ਭਵਿੱਖ ਦਿਸਦਾ- ਪੰਜਾਬ ਦੀ ਜਵਾਨੀ ਤੇ ਸ਼ਬਾਬ- ਬਦੇਸ਼ਾਂ ਦੇ ਖੇਤਾਂ ਫ਼ੈਕਟਰੀਆਂ ਚ ਨਾ ਰੁਲਦੇ ਤੇ ਨਾ ਹੀ ਤੂੰ ਮਾਂ ਘਰ ਕੱਲੀ ਖ਼ਤਾਂ ਫ਼ੋਨਾਂ ਦੀ ਉਡੀਕ ਚ ਤੜਫ਼ਦੀ- ਨਾ ਹੀ ਬਾਪੂ ਡਿਉੜੀ ਚ ਪੁੱਤਾਂ ਨੂੰ ਉਡੀਕਦਾ 2 ਕਿਸੇ ਦਰਿਆ ਦੀ ਰਾਖ਼ ਬਣ ਤਰਦਾ- ਤੇ ਹਾਂ-ਜਦੋਂ ਵੀਰ ਭੈਣ ਦੇ ਵਿਆਹ ਤੇ ਕਦੇ ਨਹੀਂ ਪਹੁੰਚਿਆ ਸੀ ਓਸ ਦਿਨ ਰਾਤ ਦਾ ਇਤਿਹਾਸ ਭੈਣਾਂ ਦੇ ਚਾਵਾਂ ਤੋਂ ਕਦੇ ਪੜ੍ਹੀਂ ਬਾਪੂ ਦੇ ਮੂੰਹ ਦੇਖਣ ਦੇ ਆਖਰੀ ਸਮੇਂ ਤੇ ਪਹੁੰਚਿਆ ਦਿਨ ਹੀ ਦੱਸ ਸਕਦਾ ਹੈ- ਅਲਵਿਦਾ ਕਹਿ ਗਏ ਪਲਾਂ ਦੀ ਕਹਾਣੀ- ਮਾਂ ਅਸੀਂ ਤਾਂ ਨਾ ਆਪਣੀ ਮਿੱਟੀ ਦੇ ਰਹੇ ਤੇ ਨਾ ਹੀ ਕਿਸੇ ਹੋਰ ਮਿੱਟੀ ਨੇ ਸਾਨੂੰ ਗੋਦ 'ਚ ਲਕੋਇਆ- ਕੀ ਦੱਸੀਏ ਕਦ ਲੰਘ ਜਾਂਦੇ ਨੇ ਦੁਸਹਿਰੇ ਤੇ ਦੀਵਾਲੀਆਂ ਕਿੱਥੇ ਗੁਆਚ ਗਏ ਹਨ-ਭੰਗੜੇ ਤੇ ਗਿੱਧੇ ਵਾਲੇ ਦਿਨ ਰਾਤਾਂ- ਪਿੰਡ ਆਉਂਦੇ ਹਾਂ- ਹੁਣ ਨਾ ਤੂੰ ਦਿਸਦੀਂ ਏਂ ਤੇ ਨਾ ਸਾਰਾ ਨਿੱਕੇ ਵੱਡੇ ਵੀਰਾਂ ਭੈਣਾਂ ਵਾਲਾ ਵਿਹੜਾ- ਨਾ ਤਾ ਸਾਥੋਂ ਤਾਰੇ ਕੱਠੇ ਕਰ ਹੋਏ ਤੇ ਨਾ ਹੀ ਪਾ ਸਕੇ ਪੀਂਘਾਂ ਸੱਤਰੰਗੀਆਂ ਅੰਬਰ ਦੇ ਕਿਸੇ ਕਿਨਾਰੇ- ਪਿੰਡਾਂ ਸ਼ਹਿਰਾਂ ਨੂੰ ਦੇਖਣ ਦੀ ਤਾਂਘ ਲੈ ਕੇ ਲੈਂਦੇ ਹਾਂ ਫਲਾਈਟ ਯਾਰਾਂ ਦਾ ਸ਼ੁਕਰ ਕਰਕੇ ਰੱਖਦੇ ਹਾਂ ਪਹਿਲਾ ਪੱਬ ਜ਼ਹਾਜ ਦੀ ਪੌੜੀ ਤੇ- ਅਸੀਂ ਤਾਂ ਸਦਾ ਅਲਵਿਦਾ ਕਹਿ ਹੀ ਟੁਰਦੇ ਰਹੇ- ਕਦੇ ਦੇਸ਼ ਨੂੰ ਤੇ ਕਦੇ ਬਦੇਸ਼ ਨੂੰ- ਚਾਅ ਸਾਡੇ ਅਜੇ ਵੀ ਅੰਬਰਾਂ ਚ ਉੱਡਦੇ ਹਨ- ਬਚਪਨ ਸਾਡਾ ਅਜੇ ਵੀ ਤੇਰੀ ਮਿੱਟੀ ਚ ਗੁੰਨ੍ਹਿਆ ਪਿਆ ਹੈ- ਤੋਤਲੇ ਬੋਲ ਅਜੇ ਵੀ ਤੇਰੇ ਵਿਹੜੇ ਚ ਡਿੱਗਦੇ ਉੱਠਦੇ ਰਹਿੰਦੇ ਹਨ- ਨੀ ਭੈਣੇਂ ਨਜ਼ਰ ਮਾਰੀਂ ਆਪਣੇ ਸਹੁਰੇ ਘਰੋਂ- ਜਰਾ ਦੇਖੀਂ ਨੀ ਮਾਂ-ਕਿਤੇ ਚੰਨ ਤੋਂ

ਵੇਲਾ ਆ ਗਿਆ ਹੈ ਹੁਣ

ਵੇਲਾ ਆ ਗਿਆ ਹੈ ਹੁਣ ਤੇਰੇ ਖਾਬਾਂ ਨੂੰ ਵੀ ਕੋਈ ਨਾਮ ਦਿਆਂ ਤੇਰੇ ਬੋਲਾਂ ਨੂੰ ਵੀ ਕੋਈ ਸ਼ਾਮ ਕਹਾਂ ਲਹੂ ਨਾਲ ਰੰਗਾਂ ਤੇਰੀ ਰੂਹ ਨੂੰ ਤੇਰੇ ਅਰਮਾਨਾਂ ਨੂੰ ਵੀ ਸਲੀਬ ਤੇ ਟੰਗ ਸਲਾਮ ਕਹਾਂ - ਮੈਂ ਸ਼ਬਦਬਲੀ ਬੁੱਝ ਲੈਂਦਾ ਹਾਂ ਹਿੱਕਾਂ ਟੋਹ ਲੈਂਦਾ ਹਾਂ ਸਾਹ ਬਹੁਤ ਚਿਰ ਹੋਇਆ ਤੇਰਾ ਸੀਨਾ ਤੜਫਦਾ ਦੇਖਿਆ ਤੇਰੀ ਰਾਤ ਦੇਖੀ ਭਟਕਦੀ ਸਿਤਾਰੇ ਸਨ ਤੇਰੇ ਥਿਰਕਦੇ ਰੂਹ ਤੇਰੀ ਕੰਬਦੀ ਰਹੀ ਖੰਜ਼ਰ ਮੇਰਾ ਵੀ ਪਿਆਸਾ ਹੈ ਚਿਰਾਂ ਦਾ ਇਸ ਤੋਂ ਵਧੀਆ ਪਹਿਰ ਕਿਹੜਾ ਹੋਵੇਗਾ ਕਿਹੜਾ ਹੋਵੇਗਾ ਰੌਸ਼ਨ ਦਿਨ- ਤੈਂ ਕਾਲੀਆਂ ਰਾਤਾਂ ਚ ਲਿਖੀਆਂ ਕਈ ਬੇਗੁਨਾਹ ਕਹਾਣੀਆਂ-ਨਹਿਰਾਂ, ਕਿੱਕਰਾਂ ਨੇੜੇ ਮੈਂ ਸੂਰਜ ਸਾਂਹਵੇਂ ਸਿਰ ਮੰਗਾਂਗਾ ਤੇਰਾ- ਦੇਖ ਅੱਜ ਤੇਰਾ ਵੀ ਸਨਮਾਨ ਹੋਣਾ ਹੈ ਤੇਰੀ ਹਿੱਕ ਨੂੰ ਹਵਾਵਾਂ ਨੇ ਗੋਲੀਆਂ ਚ ਪਰੋਣਾ ਹੈ ਇਹਨਾਂ ਰਾਹਵਾਂ ਦਾ ਸੰਤਾਪ ਸੁਣ ਮਾਰੇ ਬੋਟਾਂ ਕੋਲ ਅੱਜ ਤੱਕ ਬੈਠੀਆਂ ਭੁੱਖੀਆਂ ਪਿਆਸੀਆਂ ਚਿੜੀਆਂ ਦਾ ਵਿਰਲਾਪ ਸੁਣ ਜੋ ਕਦੇ ਸੁੰਨ੍ਹੇ ਆਲ੍ਹਣਿਆਂ ਚ ਨਾ ਪਰਤੀਆਂ ਐਂਵੇ ਕਾਹਲਾ ਨਾ ਪੈ- ਏਨਾ ਬੇਸਬਰ ਨਾ ਹੋ- ਅੱਜ ਮੈਂ ਤੇਰੀ ਆਖਰੀ ਖਾਹਿਸ਼ ਵੀ ਨਹੀਂ ਪੁੱਛਾਂਗਾ ਬਲ ਲੈਣ ਦੇ ਚਿਖਾਵਾਂ ਠੰਢੇ ਹੋ ਲੈਣ ਦੇ ਸਿਵੇ ਤੈਨੂੰ ਵੀ ਬਖ਼ਸ਼ਾਂਗਾ ਮੈਡਲ ਗੋਲੀਆਂ ਦੀ ਕਿਨਾਰੀ ਫ਼ਰੇਮ ਜੜ੍ਹਾ ਕੇ ਖਿਤਾਬ ਸੁੱਟਾਂਗਾ ਬਨੇਰੇ ਤੋਂ ਕੁਰਲਾਂਦੀਆਂ ਰੂਹਾਂ ਹੱਥੋਂ ਝੋਲੀ ਖੋਲ੍ਹ ਕੇ ਰੱਖੀਂ ਦਿੱਲ ਥੰਮ ਲਈਂ ਜਰਾ ਸਿਰ ਉਤਾਂਹ ਕਰ ਤਾਜ ਸਜਾਵਾਂ ਤੇਰੇ ਵੀ ਸੁਪਨਿਆਂ ਚ ਕੋਈ ਚੰਨ ਮੜਾਂਵਾਂ ਤੇਰੀ ਪੜ੍ਹ ਲਈ ਹੈ ਮੈਂ ਹਿੱਕ ਤੇ ਮੱੱਥੇ ਦੀ ਲਕੀਰ ਇਸ ਵਿਚ ਲਿਖਿਆ ਜੋ ਤੇਰੇ ਜੋਗਾ ਮੇਰੀ ਲਿਖੇਗੀ ਸ਼ਮਸ਼ੀਰ ਚੱਲ ਹੋ ਹੁਣ ਤਿਆਰ ਸਲੀਬ ਉਡੀਕਦੀ ਹੈ ਕੰਬਦਾ ਕਿਉਂ ਏਂ ਸਾਹ ਕਿਉਂ ਨਹੀਂ ਗੱਲਾਂ ਕਰਦੇ ਤੇਰੇ ਹੱਥ ਕਿਉਂ ਨਹੀਂ ਕਰਦੇ ਐਲਾਨ- 'ਕਿ ਖ਼ਤਮ ਕਰ ਦਿਓ ਇਹ ਅਵਾਜ਼ਾਂ' ਅਰਜ਼ ਫਰਿਆਦ ਨਾ ਕਰੀਂ ਨਾ ਤੂੰ ਕਿਸੇ ਦੀ ਸੁਣੀ ਸੀ ਨਾ ਮੈਂ ਤੇਰੀ ਅੱਜ ਕੋਈ ਸੁਣਨੀ- ਸਮਾਂ ਬਹੁਤ ਘੱਟ ਹੈ- ਮਿਲ ਲੈ ਆਪਣੇ ਰਹਿਬਰਾਂ ਨੁੰ ਧਿਆ ਲੈ ਪੈਗੰਬਰਾਂ ਨੂੰ- ਦੇਖ ਲੈ ਆਪਣੇ ਬੱਚਿਆਂ ਵੱਲ ਇੱਕ ਵਾਰ ਜਿਵੇਂ ਮੇਰੇ ਯਾਰਾਂ ਦੇ ਨੰਨੇ ਵਿਲਕਦੇ ਰਹੇ- ਤੇਰੀ ਹਿੱਕ ਦੀ ਵਾਰੀ ਹੈ- ਲੱਖੀਂ ਸੁੰਨ੍ਹੇ ਘਰੀਂ ਦਰੀਂ ਦੀਵੇ ਜਗਣੇ ਨੇ- ਅੱਜ ਭੈਣਾਂ ਨੂੰ ਰੱਖੜੀਆਂ ਲਈ ਬਾਂਹਾਂ ਮਿਲਣਗੀਆਂ ਕਿਸੇ ਬਾਪੂ ਦਾ ਇੱਕ ਹਾਉਕਾ ਵਾਪਿਸ ਆਏਗਾ ਭੱਜੀਆਂ ਵੰਗਾਂ ਚ ਛਣਕਾਰ ਮੁੜੇਗੀ ਅੱਜ- ਵੇਲਾ ਆ ਗਿਆ ਹੈ ਹੁਣ

ਓਦਣ ਇਨਸਾਨੀਅਤ ਰੋਈ ਸੀ

ਬੱਦਲ ਪਾਟੇ ਸਨ ਕਬਰਾਂ ਚੋਈਆਂ ਸਨ ਦਰਿਆਵਾਂ ਨੂੰ ਅੱਗ ਲੱਗ ਗਈ ਸੀ ਓਦਣ ਜਦੋਂ ਜੰਗ ਚ ਤੜਫ਼ਦੇ ਜ਼ਖ਼ਮੀਂ ਪੰਛੀਆਂ ਤੋਂ ਸਹਿਮੀਂ ਆਪਣੇ ਹੀ ਫੌਜ਼ੀਆਂ ਤੋਂ ਨਹੀਂ ਪਰੈਸ ਦੇ ਕੈਮਰੇ ਨੂੰ ਗੰਨ ਸਮਝਦਿਆਂ ਬੱਚੀ ਨੇ ਨੰਨੇ ਹੱਥ ਖੜ੍ਹੇ ਕਰ ਦਿਤੇ ਸਨ ਡਰਦੀ ਨੇ- ਓਸ ਦਿਨ ਇੱਕ ਵਾਰ ਫਿਰ ਇਨਸਾਨੀਅਤ ਮਰੀ ਸੀ ਹਵਾਵਾਂ ਨੂੰ ਛੁਪਣ ਨੂੰ ਥਾਂ ਨਹੀਂ ਸੀ ਮਿਲੀ ਓਸ ਪਲ ਜ਼ਹਾਨ ਦੇ ਓਸ ਵੇਲੇ ਘਰ ਸੁੰਨ੍ਹੇ ਹੋ ਗਏ ਸਨ ਬੱਚੀ ਨੇ ਹੱਥ ਖੜ੍ਹੇ ਕਰ ਜਿਵੇਂ ਆਖਰੀ ਸਾਹ ਲਏ ਹੋਣ ਬਾਪ ਨੂੰ ਕੀਤਾ ਹੋਵੇ ਯਾਦ ਇੱਕ ਵਾਰੀ ਮਾਂ ਦੇ ਪਿਆਰ ਦਾ ਪਹਿਰ ਬਣਿਆ ਹੋਵੇਗਾ ਉਹ ਸਮਾਂ ਦੁਨੀਆਂ ਦੀਆਂ ਪਲਕਾਂ ਡੁੱਲ੍ਹੀਆਂ ਸਨ ਦਰ ਭਿੱਜ ਗਏ ਸਨ ਓਸ ਮਸੂਮੀਅਤ ਨੂੰ ਤੱਕ ਅੱਖਾਂ ਦੇ ਚਾਨਣ ਮਰ ਗਏ ਸਨ- ਇਹ ਸੀਰੀਆ ਚ ਹੀ ਨਹੀਂ ਹੋਇਆ ਪੰਜਾਬ ਦੀ ਮਿੱਟੀ ਵੀ ਕੁਝ ਹੋ ਗਈ ਹੈ ਏਦਾਂ ਦੀ ਪਿੰਡ ਸਹਿਮ ਜਾਂਦਾ ਹੈ ਆਪਣੀ ਹੀ ਪੁਲੀਸ ਤੇ ਫ਼ੌਜ਼ ਤੋਂ ਹਰ ਦਰ ਕੰਬਦਾ ਹੈ- ਲੱਜ਼ਾ ਦੀ ਰੱਖਵਾਲੀ ਇਹਨਾਂ ਕੀ ਕਰਨੀ- ਡਰਦਾ ਕੰਬਦਾ ਕੋਈ ਬੂਹਾ ਨਹੀਂ ਖੁੱਲ੍ਹਦਾ ਬਾਰੀ ਨਹੀਂ ਕੋਈ ਝਾਤੀ ਮਾਰਦੀ ਦਹਿਸ਼ਤ ਦੇ ਦੌਰ ਵਿੱਚ ਬੱਚੇ ਖੇਡਣ ਤਾਂ ਕਦੋਂ ਤੇ ਕਿੱਥੇ? ਕਿਹੜਾ ਵਿਹੜਾ ਰਿਹਾ ਹੈ ਮਹਿਫ਼ੂਜ਼ ਕਿਹੜੇ ਬੂਟੇ ਦੇ ਫੁੱਲ ਖਿੜ੍ਹਦੇ ਨੇ ਰੀਝਾਂ ਲੈ ਕੇ ਆਪਣੀਆਂ ਕਿਤਾਬਾਂ ਖੋਲਦੇ ਹਾਂ ਤਾਂ ਕਿਤਿਓਂ ਖ਼ੂਨ ਦੇ ਛਿੱਟੇ ਆ ਡਿੱਗਦੇ ਨੇ- ਘਰਾਂ ਨੂੰ ਪਰਤਦੇ ਹਾਂ ਤਾਂ ਰਾਹ ਚ ਬਾਪੂ ਦੀ ਪੱਗ ਲਹੂ ਚ ਲੱਥਪੱਥ ਮਿਲਦੀ ਹੈ- ਅਰਜ਼ ਕਰਦੇ ਨੇ ਤਾਰੇ ਤਾਂ ਕੋਈ ਅਰਸ਼ ਨਹੀਂ ਸੁਣ ਰਿਹਾ ਪਲ ਜ਼ਿੰਦਗੀ ਦੇ ਕੱਠੇ ਕਰ ਦਿੰਦਾ ਹਾਂ ਤਾਂ ਕੋਈ ਕਫ਼ਨ ਨਹੀਂ ਬੁਣ ਰਿਹਾ ਕਿੱਥੋਂ ਲਿਆ ਕੇ ਦੇਵਾਂ ਬੋਲ ਬੱਚਿਆਂ ਦੇ ਸਮਾਂ ਅਜੇ ਵੀ ਨੰਨਿਆਂ ਨੂੰ ਨੀਹਾਂ ਚ ਹੈ ਚਿਣ ਰਿਹਾ ਹਾਕਮ ਕੋਲ ਗਿਆ ਸਾਂ ਕਿ ਦਿੱਲ ਦੱਸਾਂ ਖੋਲ੍ਹ ਕੇ ਬੈਠਾ ਲਾਸਾਂ ਕੋਲ ਸੀ ਉਹ ਆਪਣੀਆਂ ਵੋਟਾਂ ਗਿਣ ਰਿਹਾ

ਮੈਨੂੰ ਤਾਂ ਆਪ ਵੀ ਨਹੀਂ ਪਤਾ

ਮੈਨੂੰ ਤਾਂ ਆਪ ਵੀ ਨਹੀਂ ਪਤਾ ਕਿ ਕਿਵੇਂ ਤੇਰੇ ਨਾਲ ਪਹਿਰ ਟੁਰ ਪਏ ਇਸ਼ਕ ਹੋਇਆ ਤਾਂ ਪਤਾ ਵੀ ਨਾ ਲੱਗਾ- ਹੋਰ ਐਂਵੇਂ ਨਹੀਂ ਕੋਈ ਝੱਲਾ ਬਣ ਬੈਠਦਾ ਕੱਚਾ ਪੱਕਾ ਪਰਖੇ ਵਗੈਰ ਢਾਕੀਂ ਲਾ ਠੱਲ ਪੈਂਦਾ ਹੈ ਝਨਾਵਾਂ ਚ- ਕੁਝ ਨਹੀਂ ਪਤਾ ਲਗਦਾ ਕਦੋਂ ਟੱਪ ਹੋ ਜਾਂਦੀਆਂ ਹਨ ਕੰਧਾਂ ਬਾਰੀਆਂ ਕਿੰਜ਼ ਖੁੱਲ ਜਾਂਦੀਆਂ ਹਨ ਨਾ ਗਲੀਆਂ ਦੀ ਪਰਵਾਹ ਰਹਿੰਦੀ ਹੈ ਤੇ ਨਾ ਹੀ ਦੁਨੀਆਂ ਦੀ- ਕਿੱਥੇ ਪਤਾ ਲਗਦਾ ਹੈ ਇਹੋ ਜੇਹੇ ਪਾਗਲ ਪਲਾਂ ਦਾ ਕਦੋਂ ਹੋ ਜਾਂਦੇ ਨੇ ਹਿੱਕ ਚੋਂ ਬਾਹਰ ਤੇ ਪੈਰ ਬਿਨ ਜੁੱਤੀ ਪਾਏ ਤੁਰ ਪੈਂਦੇ ਹਨ- ਤੇਰੀ ਮੁਹੱਬਤ ਮੈਂ ਬਹੁਤ ਸਾਂਭ 2 ਰੱਖੀ ਭਾਬੀ ਕਈ ਵਾਰ ਪੁੱਛ ਵੀ ਲੈਂਦੀ ਸੀ ਕਿ ਕੀ ਲੁਕੋ ਰਹੀਂ ਏਂ- ਓਦੋਂ ਤਾਂ ਘਰ ਬਾਰ ਵੀ ਭੁੱਲ ਗਿਆ ਸੀ- ਕਿੱਥੇ ਵਸਦਾ ਹੈ ਜ਼ਹਾਨ-ਕੁਝ ਵੀ ਨਹੀਂ ਸੀ ਯਾਦ ਰਿਹਾ ਇਹ ਸੱਭ ਪਤਾ ਨਹੀਂ ਕਿਵੇਂ ਹੋ ਗਿਆ ਕਦ ਹੋ ਗਿਆ- ਰਾਹ ਬਹੁਤ ਤੜਫ਼ੇ ਰੁੱਖ ਬਹੁਤ ਬੋਲੇ   ਚੋਰ ਕਦ ਹਟਦਾ ਹੈ ਚੋਰੀ ਤੋਂ- ਮੁਹੱਬਤ ਕਦ ਛੁਪਦੀ ਹੈ ਕਿਸੇ ਮੋਰੀ ਚੋਂ- ਜਿਸ ਦਿਨ ਚੰਨ ਚਾਨਣੀ ਨਾਲ ਨੱਚਿਆ ਸੀ ਓਸ ਰਾਤ ਅਰਸ਼ ਸ਼ਾਮਿਆਨਾ ਬਣਿਆ ਸੀ- ਚਾਨਣੀ ਦੀ ਕੁੱਖ ਭਰੀ ਸੀ- ਤੇ ਤਾਰਿਆਂ ਦਾ ਜਨਮ ਹੋਇਆ ਸੀ- ਤੇਰੇ ਤਾਰੇ ਪੁੱਤਰਾਂ ਨੂੰ ਉਡੀਕ ਰਹੀ ਸਾਂ ਮੈਂ ਵੀ- ਨਹੀਂ ਤਾਂ ਐਵੇਂ ਕਿਹੜਾ ਖੜ੍ਹਦਾ ਹੈ ਬੂਹਿਆਂ ਦੇ ਓਹਲੇ ਕਿਹੜਾ ਕਹਿੰਦਾ ਹੈ ਕਿ ਬੱਦਲੋ ਜ਼ਰਾ ਪਰੇ ਹੋ ਜਾਓ ਮਿਲ ਲੈਣ ਦਿਓ ਮੈਨੂੰ ਆਪਣੀ ਰੂਹ ਨਾਲ- ਪਤਾ ਨਹੀਂ ਏਨੀ ਹਨ੍ਹੇਰੀ ਕਿੱਥੋਂ ਆਉਂਦੀ ਹੈ ਅੱਗ ਕਿੱਥੋਂ ਭਾਂਬੜ ਬਣ ਪਰਬਤਾਂ ਨੂੰ ਵੀ ਲੱਗ ਜਾਂਦੀ ਹੈ ਆਪ ਮੁਹਾਰੇ ਸੱਭ ਹੱਦ ਬੰਨ੍ਹੇ ਟੱਪ ਜਾਂਦੀਆਂ ਹਨ ਨਵੀਆਂ ਚੜ੍ਹਾਈਆਂ ਚੂੜੀਆਂ- ਬੰਸਰੀ ਕਿਉਂ ਕੰਬਦੀ ਹੈ- ਹਿੱਕ ਕੀਂ ਗਾਉਂਦੀ ਹੈ ਅੰਗ ਕੀ ਬੋਲਦੇ ਨੇ- ਰਾਤ ਨੂੰ ਵੀ ਨਹੀਂ ਪਤਾ ਲਗਦਾ ਸ਼ਹਿਰ ਪਤਾ ਨਹੀਂ ਕਿਉਂ ਹੋ ਜਾਂਦੇ ਨੇ ਬੇਚੈਨ ਪਿੰਡ ਹੋਰ ਨਜ਼ਰੀਂ ਕਿਉਂ ਝਾਕਣ ਲਗ ਜਾਂਦੇ ਹਨ- ਹਵਾ ਵੀ ਇਤਬਾਰ ਕਰਨੋਂ ਹਟ ਜਾਂਦੀ ਹੈ- ਕੋਈ ਗੁਨਾਹ ਵੀ ਨਹੀਂ ਦੱਸਦੀ ਦਹਿਲੀਜ਼ ਸ਼ਾਮ ਖਬਰੇ ਕਿਉਂ ਹੋ ਜਾਂਦੀ ਹੈ ਵੈਰੀ- ਰਾਤਾਂ ਕਿਉਂ ਹੋ ਜਾਂਦੀਆਂ ਹੋਰ ਕਾਲੀਆਂ ਜ਼ਿੰਦ ਰੋਵੇ ਤਾਂ ਕਿਹੜੇ ਬੂਹੇ ਨੂੰ ਫ਼ੜ੍ਹ ਕੇ ਚੀਸ ਦੱਸੇ ਤਾਂ ਕਿਹੜੇ ਸ਼ੀਸ਼ੇ ਨੂੰ ਮਹਿੰਦੀ ਲਾਵੇ ਤਾਂ ਕਿਹੜੇ ਚਾਅ ਨਾਲ ਵਟਣਾਂ ਮਲੇ ਤਾਂ ਕਿਹੜੇ ਸ਼ਗਨਾਂ ਨੂੰ ਧਿਆਹ ਪਤਾ ਨਹੀਂ ਕੀ ਅਨੋਖਾ ਕਰ ਲਿਆ ਸੀ ਮੈਂ- ਸੋਚਦੀ ਹਾਂ ਕਦੇ 2- ਕੱਪ ਚ ਚਾਹ ਹੋ ਜਾਂਦੀ ਹੈ ਠੰਢੀ- ਮਾਂ ਦੀ 'ਵਾਜ਼ ਨਹੀਂ ਕੰਨੀ ਪੈਂਦੀ- ਬਾਪ ਹੋਰ ਨਜ਼ਰੀਂ ਝਾਕਦਾ ਹੈ- ਵੀਰ ਪਿਆਰ ਨੂੰ ਹੋਰ ਨਾਂ ਦੇ ਦਿੰਦੇ ਹਨ- ਛਾਵਾਂ ਜੇ ਮਾਨਣ ਨੂੰ ਨਹੀਂ ਤਾਂ ਕੀ ਕਰਨੀਆਂ ਰਾਹ ਜੇ ਟੁਰਨ ਨੂੰ ਨਹੀਂ ਸਨ ਤਾਂ ਕਿਓਂ ਸਿਰਜੇ ਨਗਮੇਂ ਜੇ ਗਾਉਣ ਲਈ ਨਹੀਂ ਸਨ ਤਾਂ ਸਾਜ ਕੀ ਕਰੇ ਮੁਹੱਬਤ ਜੇ ਪਹਿਨਣ ਲਈ ਨਹੀਂ ਸੀ ਤਾਂ ਜ਼ਿੰਦਗੀ ਨੂੰ ਕਿਉਂ ਸਲੀਬ ਤੇ ਟੰਗਿਆ - ਜਿਸ ਦਿਨ ਜ਼ਹਾਨ ਦੀਆਂ ਗਲੀਆਂ ਚ ਮੁਹੱਬਤ ਟੁਰ ਪਈੇ ਸਾਹਾਂ ਚ ਗਲਵੱਕੜੀਆਂ ਦੀ ਰੀਝ ਜਾਗ ਪਈ ਚੂਰੀਆਂ ਨੂੰ ਤੁਰਨ ਦੀ ਅਜ਼ਾਦੀ ਹੋ ਗਈ ਦੁਨੀਆਂ ਦੇ ਜਦ ਕੈਦੋਂ ਮਰ ਗਏ ਤਾਂ ਕਿਤੇ ਨਫ਼ਰਤ ਨਹੀਂ ਰਹੇਗੀ ਜੰਗਾਂ ਨਹੀਂ ਜਾਗਣਗੀਆਂ ਸਰਹੱਦਾਂ ਤੇ ਘਰ ਨਹੀਂ ਖ਼ੁਰਨਗੇ ਤਾਰੇ ਹਟ ਜਾਣਗੇ ਟੁੱਟਣੋਂ- ਉਮਰਾਂ ਲੱਗ ਜਾਣਗੀਆਂ ਸਮਿਆਂ ਨੂੰ-

ਹੁਣੇ ਹੀ ਜਾ ਕੇ ਕੀ ਕਰੇਂਗਾ

ਹੁਣੇ ਹੀ ਜਾ ਕੇ ਕੀ ਕਰੇਂਗਾ ਅਜੇ ਹੁਣੇ ਤਾਂ ਮਿਲੇ ਸਾ ਆਪਾਂ ਹੁਣੇ ਹੀ ਤਾਂ ਘਟਾ ਜੇਹੀ ਦੇ ਬੱਦਲ ਆਏ ਹੁਣੇ ਤਾਂ ਰਿਮਝਿਮ ਨੇ ਟੁਰਨ ਲਗਣਾਂ ਸੀ- ਮਰਜ਼ੀ ਆ ਤੇਰੀ ਕਿਹੜਾ ਰੋਕ ਸਕਦਾ ਹੈ- ਜਾਣ ਲੱਗਿਆਂ ਨੂੰ ਕੋਈ- ਇਹ ਸੋਚ ਕੇ ਜਾਂਵੀਂ ਜਿਹੜੇ ਅੱਜ ਚਾਅ ਮਰਨੇ ਨੇ ਓਹਨਾਂ ਦਾ ਕੀ ਬਣੂ- ਜਿਹੜੀਆਂ ਰੀਝਾਂ ਨੇ ਖੁਦਕਸ਼ੀ ਕਰਨੀ ਹੈ- ਉਹਨਾਂ ਦੀਆਂ ਭਟਕਦੀਆਂ ਰੂਹਾਂ ਕਿੰਜ਼ ਲੈਣਗੀਆਂ ਅਰਾਮ ਕਿੰਜ਼ ਸੌਣਗੀਆਂ ਅੱਧੀ ਰਾਤੇ- ਹੁਣ ਅੱਧੀ ਰਾਤ ਨੂੰ ਨਾ ਜਾਹ ਹੁਣੇ ਤਾਂ ਅਜੇ ਕੋਂਪਲਾਂ ਜਾਗੀਆਂ ਸਨ- ਹੁਣੇ ਹੀ ਬੰਸਰੀ ਤੜਫ਼ੀ ਸੀ- ਸੁਰ ਨੇ ਨਗਮਾਂ ਫੜਿਆ ਸੀ- ਛੇਕਾਂ ਚ ਕੰਪਨ ਵਿਛੀ ਸੀ- ਤਾਰਿਆਂ ਨੇ ਸੇਜ ਸਜਾਈ ਸੀ ਚਾਨਣੀ ਨੇ ਮਹਿੰਦੀ ਘੋਲੀ ਸੀ- ਅੰਗਾਂ ਚ ਤਰਨਮ ਜਗੀ ਸੀ- ਕਿਤੇ ਕੋਈ ਪੰਛੀ ਚੁੱਪ ਸੁੱਤਾ ਸੀ- ਕਿਤੇ ਦੋ ਬੋਟ ਰੱਜ ਕੇ ਸੁੱਤੇ ਸਨ- ਕਰੇਂਗਾ ਕੀ ਹੁਣੇ ਹੀ ਜਾਕੇ ਓਥੇ ਹੈ ਹੀ ਕੀ ਤੇਰਾ ਏਥੇ ਜ਼ੌਬਨ ਖ਼ੁਰ ਰਿਹਾ ਹੈ-

ਕੀ ਕਰੇਂਗਾ ਹੁਣ ਪੁੱਛ ਕੇ

ਕੀ ਕਰੇਂਗਾ ਹੁਣ ਪੁੱਛ ਕੇ ਬਚੇ ਹਾਉਕਿਆਂ ਕੋਲੋਂ ਸਿੱਸਕਦੇ ਵਿਲਕਦੇ ਸਾਹਵਾਂ ਕੋਲ ਕੀ ਬਚਿਆ ਹੈ ਹੁਣ ਮੁੱਠੀਆਂ ਚ ਰਹਿ ਗਏ ਪਲਾਂ ਪਹਿਰਾਂ ਕੋਲ ਨਹੀਂ ਹੁੰਦਾ ਕੋਈ ਇਸ ਤਰ੍ਹਾਂ ਦੇ ਸੁਆਲਾਂ ਦਾ ਜੁਆਬ- ਅਜੇ ਸ਼ਾਇਦ ਹੋਣਗੀਆਂ ਖਿੜ੍ਹੀਆਂ ਗੁਲਮੋਰ੍ਹਾਂ ਅਮਲਤਾਸਾਂ ਤੇ ਕਨੇਰਾਂ ਜਿਹਨਾਂ ਦੀਆਂ ਗੋਦਾਂ ਚ ਰਹਿ ਗਈਆਂ ਹਨ ਯਾਦਾਂ- ਬਸ ਓਹੀ ਨੇ ਮੇਰੇ ਗਵਾਹ ਜਿੱਥੇ ਰਹਿ ਜਾਂਦੇ ਸਨ ਬਚੇ ਦੋ ਚਾਰ ਸਾਹ- ਐਵੇਂ ਨਾ ਪੁੱਛ ਓਹਦੇ ਬਾਰੇ- ਯਾਦਾਂ ਜਾਗ ਪੈਣਗੀਆਂ ਜ਼ਖ਼ਮ ਹੋ ਜਾਣਗੇ ਤਿਆਰ ਫਿਰ ਉੱਠ ਕੇ ਲੰਘ ਜਾਣ ਦੇ ਇਹਨਾਂ ਨੂੰ ਨਾ ਕਦੇ ਪਾਣੀ ਪਰਤੇ ਤੇ ਨਾ ਹੀ ਹੱਥਾਂ 'ਚੋਂ ਕਿਰੇ ਚੰਦਰੇ ਪਹਿਰ- ਦਸ ਤਾਂ ਰਹੀਆਂ ਨੇ ਭਿੱਜੀਆਂ ਪਲਕਾਂ ਆਹ ਦੇਖ ਮੇਰੇ ਵਲ ਅੱਖਾਂ ਚੋਂ ਟਪਕਦੇ ਹੰਝੂ ਫੜ੍ਹ ਕੇ ਉਹ ਬੋਲੀ- ਦਿਨ ਕਿੱਥੇ ਚੜ੍ਹਦਾ ਸੀ ਓਹਦੇ ਵਗੈਰ- ਐਂਵੇ ਲੋਕ ਤਾਂ ਉਡੀਕਦੇ ਰਹਿੰਦੇ ਨੇ ਥੱਕੇ ਟੁੱਟੇ ਸੂਰਜ ਨੂੰ ਸੁਪਨੇ ਟੁੱਟ ਜਾਂਦੇ ਸਨ ਰਾਤ ਦੀ ਸਾਰੀ ਰੌਸ਼ਨੀ ਓਹਦੀ ਸੀ-ਜਦ ਵੀ ਮਿਲਦਾ ਚੰਨ ਤਾਂ ਪੱਥਰ ਦਾ ਗੀਟਾ- ਉਧਾਰ ਚਾਨਣ ਲੈ ਕੋਈ ਜਗੇ ਤਾਂ ਸੂਰਜ ਨਹੀਂ ਬਣ ਜਾਂਦਾ ਰਾਤ ਲਈ ਮੰਗੀ ਰੌਸ਼ਨੀ ਤੇ ਕਾਹਦਾ ਮਾਣ- ਚਿੱਟੀ ਚਾਨਣੀ ਚਾਦਰ ਵਿਛਾ ਤਾਰਿਆਂ ਦਾ ਦਾਇਰਾ ਜੇਹਾ ਬਣਾ   ਜਦ ਬੈਠਦੇ-ਗੱਲਾਂ ਕਰਦੇ ਜਿਸਮਾਂ ਚੋਂ ਨਵੀਆਂ ਕੋਂਪਲਾਂ ਫੁੱਟਦੀਆਂ ਉਹ ਮੇਰੀ ਬਲਦੀ ਹਿੱਕ ਚ ਸਾਹਾਂ ਦੇ ਵਰਕੇ ਥੱਲਦਾ ਸੁਗੰਧੀਆਂ ਨੂੰ ਜਗਾਉਂਦਾ ਮਾਣਦਾ ਪਹਿਨਦਾ ਮੈਂ ਕਦੇ ਝੂਠਾ ਜੇਹਾ ਕਹਿ ਕੇ ਪਰਾਂ ਕਰਦੀ- ਸੁੱਚੇ ਚਾਨਣ ਦੀਆਂ ਰਿਸ਼ਮਾਂ ਮੇਰੇ ਬਦਨ ਤੇ ਖਿਲਾਰਦਾ ਫ਼ੜਦਾ ਉਹ ਚੰਨੜਾ ਕਾਇਆਨਾਤ ਮੂਰਛਤ ਹੋ ਜਾਂਦੀ- ਪਵਨ ਹੌਲੇ 2 ਪੱਬ ਰੱਖ ਟੁਰਦੀ ਕੋਲੋਂ ਦੀ ਲੰਘਦੀ- ਖਬਰੇ ਸਾਡੀਆਂ ਗੱਲਾਂ ਸੁਣਦੀ- ਚੁਫ਼ੇਰਾ ਮਹਿਕ ਜਾਂਦਾ ਕਿਤਿਓਂ ਪਰਿੰਦੇ ਦੀ ਫ਼ਰਫਰਾਂਦੀ ਅਵਾਜ਼ ਆਉਂਦੀ ਅਸੀਂ ਇੱਕ ਦੂਸਰੇ ਵਿਚ ਹੋਰ ਗਹਿਰੇ ਉੱਤਰ ਜਾਂਦੇ ਸਿਮਟਦੇ ਸਮਾਂ ਰੁਕ ਜਾਂਦਾ- ਪੱਤੇ ਰਾਗਨੀਆਂ ਛੱਡ ਚੁੱਪ ਹੋ ਜਾਂਦੇ- ਨਿੱਤ ਨਵੀਂ ਕਿਤਾਬ ਖੁੱਲ੍ਹੀ ਪਈ ਰਹਿ ਜਾਂਦੀ - ਅਗਾਂਹ ਨਾ ਪੜ੍ਹੀ ਜਾਂਦੀ ਰਾਤ ਦੀ ਚਾਦਰ ਸਮੇਟਦੇ 'ਕੱਠੀਆਂ ਕਰਦੇ ਕਿਰੀਆਂ ਰੀਝਾਂ- ਓਹਦੇ ਮੁੱਖ ਦਾ ਵਾਕ ਲੈ ਕੇ ਉੱਠਦੀ ਮੇਰੀ ਕਾਇਆ ਅਰਜ਼ ਚ ਜ਼ਿਕਰ ਰਹਿੰਦਾ ਸੀ ਓਹਦਾ ਓਹੀ ਸਮਾਂ ਮੇਰਾ ਪੀਰ ਪੈਗੰਬਰ ਬਣਦਾ ਅੰਬਰੀਂ ਬਾਹਾਂ ਉੱਡਦੀਆਂ ਸੁੱਖਾਂ ਮੰਗਦੀਆਂ- ਉਹ ਘੜੀ ਪਰਤ ਆਵੇ ਜੀਣਾ ਜੇਹਾ ਸਿਖ ਜਾਣ ਰਹਿੰਦੇ ਬਚੇ ਦਿਨ ਪੜ੍ਹ ਲਵੇ ਉਹ ਹਿੱਕ ਦੇ ਰਹਿੰਦੇ ਸਫ਼ੇ ਵੀ ਪਹਿਲੀ ਤੱਕਣੀ ਪੜ੍ਹ ਕਹਿੰਦਾ ਹੁੰਦਾ ਸੀ- ਤੇਰਾ ਅੱਜ ਚਾਟ ਨੂੰ ਦਿੱਲ ਕਰਦਾ ਕੌਫ਼ੀ ਅੱਜ ਕਿਤੇ ਦੂਰ ਚੱਲ ਕੇ ਪੀਈਏ- ਪਤਾ ਨਹੀਂ ਕਿੰਜ਼ ਮਿਲ ਜਾਂਦਾ ਸੀ ਚੁੰਨੀ ਦਾ ਰੰਗ ਓਹਦੀ ਪੱਗ ਨਾਲ ਨਦੀ ਦਾ ਕਿਨਾਰਾ ਰੌਲਾ ਪਾਉਂਦਾ ਵੀ ਸੁਣ ਲੈਂਦਾ ਸੀ ਸਾਡੀਆਂ ਨਿੱਕੀਆਂ 2 ਚੁੱਪ ਚੁਪੀਤੀਆਂ ਗੱਲਾਂ- ਮੈਂ ਪੱਥਰ ਕੰਕਰ ਸੁੱਟ ਲਹਿਰਾਂ ਚੁੱਪ ਕਰਾਉਂਦੀ ਤੇ ਉਹਨੂੰ ਮਿਰਜ਼ੇ ਵਾਂਗ ਸਵਾਉਂਦੀ- ਉਹ ਬੋਲਦਾ -ਸਾਹ ਜੇਹੇ ਗੁਆਚ ਜਾਂਦੇ ਹਨ ਜਦ ਤੂੰ ਨਹੀਂ ਮਿਲਦੀ - ਲੋਕ ਨਵਾਂ ਮਹੀਨਾ ਉਡੀਕਦੇ ਮੈਂ ਕਈ ਸਾਲ ਸਦੀਆਂ ਪਹਿਰ ਹੰਢਾ ਲੈਂਦੀ- ਰਾਜੇ ਸੂਰਜ ਦੀ ਵੀ ਕੋਈ ਰੌਸ਼ਨੀ ਆ-ਓਹਨੂੰ ਕਹਿੰਦੀ- ਮੈਨੂੰ ਨਹੀਂ ਪਰਵਾਹ ਕਿਸੇ ਸੂਰਜ ਚੰਨ ਦੀ ਦਿਨਾਂ ਦੁਪਹਿਰਾਂ ਨੂੰ ਬੋਲਦੀ- ਜ਼ਿੰਦਗੀ ਓਹੀ ਜੋ ਕਿਸੇ ਦੀ ਹੋ ਜਾਵੇ ਪਲ ਓਹੀ ਜੋ ਇੱਕ ਸਾਹ ਬਣ ਕੇ ਇਸ਼ਕ ਗਾਵੇ- ਜੇ ਕਿਸੇ ਕਿੱਲੀ ਤੇ ਮੁਹੱਬਤ ਟੰਗੀ ਨਹੀਂ ਦਿਸਦੀ ਓਸ ਘਰ ਚ ਕਦੇ ਨਾ ਵੜ੍ਹਨਾ ਕਾਹਦੇ ਉਹ ਘਰ ਜਿੱਥੇ ਇਸ਼ਕ ਨਹੀਂ ਹੱਸਦਾ ਕਾਹਦਾ ਉਹ ਗੀਤ ਜੋ ਸਾਹ ਪਰਤਾਂ ਚ ਨਹੀਂ ਵਸਦਾ ਦਿਨ ਬਹੁਤ ਉਦਾਸ ਨੇ ਕਿਤੇ ਨਰਾਜ਼ ਨਾ ਹੋ ਜਾਣ ਜੋ ਓਸ ਚ ਦੁਨੀਆਂ ਦਿਸਦੀ ਸੀ ਉਹ ਨਜ਼ਾਰਾ ਕਿੱਥੇ ਥੜੇ ਦਹਿਲੀਜ਼ਾਂ ਟੱਪਦੀਆਂ ਸ਼ਾਮਾਂ ਚੁੱਲ੍ਹਿਆਂ ਤੇ ਉਬਾਲ ਖਾਂਦੀਆਂ ਅੰਗਿੜਾਈਆਂ ਗਲੀਆਂ ਚ ਮੇਲਦੀ ਜਵਾਨੀ ਘਾਹ ਦੀਆਂ ਤਰਿੜਾਂ ਤੋੜਦੀ ਦੁਪਹਿਰ ਭੁੱਲ ਕੇ ਠੰਢੀ ਹੋਈ ਕੌਫੀ ਬਾਗ ਦੀ ਸੈਰ ਤੇ ਪਾਰਕ ਚ ਵਿਲਕਦਾ ਇਤਿਹਾਸ ਅਜੇ ਵੀ ਸੁੱਤਾ ਹੈ ਕਿਤੇ ਲੱਭ ਜਾਵੇਗਾ- ਕਿਤਾਬਾਂ ਚ ਪਏ ਫੁੱਲ ਡੁਸਕ ਰਹੇ ਹਨ- ਟੀ ਵੀ ਮੂਹਰੇ ਪਈਆਂ ਹਨ ਸਲਾਈਆਂ ਚੁੱਪ ਹਨ ਓਹਦੇ ਸਵੈਟਰ ਦਾ ਮੇਚ ਅਜੇ ਵੀ ਕਿੰਨਾ ਯਾਦ ਹੈ ਆਖਰੀ ਸਾਹ ਓਹਦੀਆਂ ਬਾਹਾਂ ਲਈ ਬੈਠੇ ਨੇ ਕਹਿੰਦਾ ਸੀ ਆਵਾਂਗਾ ਕਿਸੇ ਦਿਨ ਭਿੱਜੀਆਂ ਪਲਕਾਂ ਨੂੰ ਕੀ ਦੱਸਾਂ ਹੰਝੂ ਵਾਰ 2 ਪੁੱਛਦੇ ਨੇ ਕਿ ਉਹ ਕਦ ਆਵੇਗਾ ?-

ਮੈਂ ਤਾਂ ਇੱਕ ਬੀਜ਼ ਹਾਂ

ਮੈਂ ਤਾਂ ਇੱਕ ਬੀਜ਼ ਹਾਂ ਨਿੱਕਾ ਜੇਹਾ- ਥੋੜਾ 2 ਸੰਗਦਾ ਧਰਤੀ ਦੀ ਕੁੱਖ ਮੰਗਦਾ - ਮਿੱਟੀ ਚ ਛੁਪਿਆ ਵੀ ਪਲਕ ਖੋਲ੍ਹ ਲਵਾਂਗਾ- ਪੱਥਰਾਂ ਹੇਠ ਆਇਆ ਵੀ ਅੰਗਿੜਾਈ ਲੈ ਲਵਾਂਗਾ- ਮੈਂ ਹੋਰ ਕੁਝ ਨਹੀਂ ਮੰਗਦਾ ਮੁੱਠ ਕੁ ਮਿੱਟੀ ਤੇ ਛੰਨਾ ਕੁ ਪਾਣੀ ਜਾਗ ਲੈਣ ਦੇ ਮੈਨੂੰ ਮੇਰੀਆਂ ਪਰਤਾਂ ਚੋਂ ਉੱਠ ਲੈਣ ਦੇ ਮੈਨੂੰ ਮੇਰੇ ਉਨੀਂਦਰੇ ਚੋਂ- ਕਰੂੰਬਲਾਂ ਪੱਤਿਆਂ ਦੇ ਜਦ ਹਾਣਦਾ ਹੋਇਆ ਤੈਨੂੰ ਪਵਨ ਝੱਲ ਮਾਰਾਂਗਾ   ਸਾਹ ਟੋਰਾਂਗਾ ਤੇਰੇ-ਸੁੱਖ ਬਖ਼ਸ਼ ਮਹਿਕਾਂ ਵੰਡਾਂਗਾ ਤੇਰੇ ਨਵੇਂ ਸਵੇਰਿਆਂ ਨੂੰ ਤੇਰੀਆਂ ਉਦਾਸ ਦੁਪਹਿਰਾਂ ਨੂੰ ਨੱਚਣ ਲਾਵਾਂਗਾ- ਉਮੀਦ ਟੰਗਾਂਗਾ ਤੇਰੇ ਲਈ ਆਪਣੀਆਂ ਡਾਲੀਆਂ ਤੇ- ਤੇਰੇ ਉਦਾਸ ਦਿਨ ਲਪੇਟ ਕੇ ਲੈ ਜਾਂਵਾਂਗਾ ਡੂੰਘੇ ਸਾਗਰ ਚ ਦਫ਼ਨਾਣ ਮੇਰੇ ਫੁੱਲਾਂ ਦੇ ਰੰਗਾਂ ਨਾਲ ਆਪਣੀ ਉਮਰ ਰੰਗ ਲਵੀਂ ਮੇਰੀਆਂ ਸੁਗੰਧੀਆਂ ਨਾਲ ਆਪਣਾ ਬਦਨ ਕੱਜ ਲਈਂ- ਹੋਰ ਦੱਸ ਕੀ ਦੇ ਸਕਦਾ ਹਾਂ ਮੈਂ ਤੈਨੂੰ! ਮੇਰੀਆਂ ਰੰਗੀਨ ਪੱਤੀਆਂ ਨਾਲ ਆਪਣਾ ਜਿਸਮ ਢਕੀਂ ਅਧੂਰੀਆਂ ਸੱਧਰਾਂ ਲਈ ਮੈਥੋਂ ਲੱਪ ਮਹਿਕ ਲੈ ਲਵੀਂ- ਉਦਾਸ ਕਿਉਂ ਹੁੰਦਾਂ ਏਂ? ਦੇਖ ਮੈਂ ਵੱਢਾ ਹੋ ਕੇ - ਸਲੀਬੀਂ ਲਟਕਦਾ ਵੀ ਚੀਰਿਆ ਜਾਂਵਾਂਗਾ- ਕਿਸੇ ਨੇ ਆਕੇ ਨਹੀਂ ਆਰਾ ਫ਼ੜ੍ਹਨਾ- ਮੇਰਾ ਤਨ ਅੰਗ ਤੇਰੇ ਘਰ, ਫ਼ਰਨੀਚਰ ਬਣਨਗੇ- ਹਿੱਕ ਤੇ ਬਿਠਾਵਾਂਗਾ ਸਾਰੀ ਉਮਰ- ਤੂੰ ਘੁੱਟ ਪਾਣੀ ਦਾ ਤਾਂ ਪਿਆ ਤੈਨੂੰ ਮੈਂ ਸੱਭ ਕੁਝ ਦਿਆਂਗਾ- ਆਪਣੀ ਉਮਰ ਲਾ ਦਿਆਂਗਾ ਤੇਰੇ ਲੇਖੀਂ- ਮੈਂ ਡੀਕ ਲਵਾਂਗਾ ਤੇਰੇ ਉਦਾਸ ਪਹਿਰ ਜਰਾ ਘੁੱਟ ਬੂੰਦ ਤਾਂ ਮੇਰੇ ਤਨ ਤੇ ਬਿਖਰਾ ਤੇ ਰਹਿਣ ਦੇ ਮੇਰੇ ਪਾਣੀਆਂ ਨੂੰ ਮੇਰੀਆਂ ਡਾਲੀਆਂ ਬਾਹਾਂ ਚ ਵਗਦੇ ਹਿੱਕ ਮੇਰੀ ਤੇ ਖੇਡਾਂ ਕਰਦੇ- ਤੇਰੇ ਸਾਰੇ ਸੁਪਨੇ ਪੂਰੇ ਕਰਾਂਗਾ ਤੇਰੀਆਂ ਜੇਬਾਂ ਝੋਲੀਆਂ ਭਰਾਂਗਾ- ਤੂੰ ਮੰਗਣ ਜੋਗਾ ਹੋ ਜਰਾ ਤੇਰੀ ਦੁਨੀਆਂ ਰੰਗਾਂ ਨਾਲ ਭਰਾਂਗਾ ਪੱਬਾਂ ਹੇਠ ਤੇਰੇ ਵਿਛਾਵਾਂਗਾ ਹਰੇ ਘਾ ਦੀ ਚਾਦਰ- ਤੇਰਾ ਸਿਰ ਕੱਜਾਂਗਾ-ਧੁੱਪਾਂ ਤੋਂ, ਦੁੱਖਾਂ ਤੋਂ ਮੈਨੂੰ ਨਿੱਕਾ ਨਾ ਸਮਝੀਂ- ਮੇਰੀ ਹੀ ਹਿੱਕ ਪਾੜ ਪਿੱਪਲ ਬੋਹੜ ਧੁੱਪ ਚ ਖੜ੍ਹੇ ਤਪਦੇ ਤੈਨੂੰ ਦਿੰਦੇ ਨੇ ਛਾਵਾਂ ਮੈਂ ਹੀ ਦਿੰਦਾਂ ਹਾਂ ਤੈਨੂੰ ਝੂਟਣ ਲਈ ਬਾਹਾਂ ਪੰਧ ਤੇਰੇ ਆਪਣੇ ਥੱਕੀਆਂ ਮੰਜ਼ਿਲਾਂ ਮੇਰੇ ਰਾਹਵਾਂ ਪੰਛੀ ਮੇਰੇ ਆਪਣੇ ਟੁੱਕ ਚੂਰੀਆਂ ਕਈ ਬਣਾਵਾਂ ਮੇਰੇ ਪੱਤਿਆਂ ਵਿੱਚਦੀ ਝਾਕਦੇ ਲੱਖ ਤਾਰੇ ਤੇ ਚੰਦ ਕੋਈ ਟਾਵਾਂ ਸੂਰਜ ਸਿਰ ਨਿੱਤ ਝੱਲਦਾ ਤੈਨੂੰ ਸੀਤਲ ਬਖ਼ਸ਼ ਹਵਾਵਾਂ ਵੇ ਮੈਂ ਫਿਰ ਵੀ ਨਿੱਕੜਾ ਬੀਜ਼ ਕਹਾਵਾਂ

ਸੁਬ੍ਹਾ ਸਵੇਰੇ ਜਦੋਂ ਵੀ

ਸੁਬ੍ਹਾ ਸਵੇਰੇ ਜਦੋਂ ਵੀ ਮੈਂ ਆਪਣੀ ਖਿੜ੍ਹਕੀ ਦਾ ਪਰਦਾ ਜਰਾ ਪਰੇ ਕਰਦਾ ਹਾਂ- ਚਾਨਣ ਦਿਸਦਾ ਨਵੀਂ ਦੁਨੀਆਂ ਉੱਸਰਦੀ- ਸੁੱਤੀਆਂ ਜਾਗੀਆਂ ਸੜਕਾਂ ਤੁਰਦੀਆਂ- ਪੰਛੀ ਉੱਡਦੇ ਗਾਉਂਦੇ ਰੋਜ਼ੀ ਲਈ ਤਿਆਰ ਹੁੰਦੀਆਂ ਮਿਹਨਤਾਂ ਰੁੱਖਾਂ ਦੇ ਲਹਿਰਾਉੰਦੇ ਪੱਤੇ ਡਾਲੀਆਂ ਗੀਤ ਛੇੜਦੇ ਫ਼ਿਜ਼ਾ ਚ ਰੰਗਤ ਵਿਛਦੀ- ਹਵਾਵਾਂ ਤਰੰਗਿਤ ਹੁੰਦੀਆਂ ਰਾਗਾਂ ਨਾਲ ਚਾਨਣੀ ਨਾਲ ਮੂੰਹ ਹੱਥ ਧੋ ਕੇ ਤਿਆਰ ਹੋਵੇ ਦਿਨ ਸਵੇਰ- ਕਾਲੀ ਰਾਤ ਹੀ ਨਹੀਂ ਨਿੱਖਰਦੀ ਬਥੇਰੇ ਲਾਉਂਦਾ ਹਾਂ ਅੰਬਰ ਕਿਨਾਰੀ ਤਾਰੇ ਕਿਤੇ 2 ਸਿਤਾਰਾ ਝਾਕਦਾ- ਚੰਨ ਥੱਕਿਆ ਰਾਤ ਦਾ ਹੱਸਦਾ 2 ਮੁੱਖ ਲੁਕਾਉਂਦਾ- ਪੂਰਬ ਤੋਂ ਹੌਲੀ 2 ਰਿਸ਼ਮਾਂ ਦਾ ਚਵਰ ਖਿੱਲਰਦਾ ਦਿਸੇ- ਖਬਰੇ ਸੂਰਜ ਪਰਤ ਰਿਹਾ ਹੈ ਕਰਵਟਾਂ- ਛਣ 2 ਲਹਿਰਾਂ ਨੱਚਦੀਆਂ- ਨਦੀ ਗਾਉਣ ਲਗਦੀ- ਮੇਰੀ ਖੁੱਲ੍ਹੀ ਖਿੜ੍ਹਕੀ ਇੱਕ ਹੋਰ ਨਵਾਂ ਜ਼ਹਾਨ ਸਿਰਜਦੀ ਅੱਜ ਲਈ ਨਵਾਂ ਸੂਰਜ ਲੱਭਦਾ ਹਾਂ ਮੈਂ ਤੇ ਨਵਾਂ ਸੂਰਜ ਰਲ ਕੇ ਹਨ੍ਹੇਰਾ ਪੂੰਝਦੇ ਹਾਂ - ਅਸਮਾਨ ਦੇ ਮੂੰਹ ਤੇ ਤਾਣੀ ਕਾਲੀ ਚਾਦਰ ਰੋਜ਼ ਉਤਾਰਦੇ ਹਾਂ ਤੇ ਧੋ 2 ਬਥੇਰੀ ਚਿੱਟੀ ਕਰਦੇ ਹਾਂ ਸਾਗਰ ਚ - ਪਰ ਚਾਦਰ ਨਹੀਂ ਨਿੱਖਰਦੀ ਹਨ੍ਹੇਰਾ ਹੀ ਏਨਾ ਹੋ ਗਿਆ ਹੈ- ਹਨ੍ਹੇਰਾ ਹੂੰਝ ਰਹੇ ਹਾਂ ਦੋਵੇਂ ਬਜ਼ਾਰਾਂ ਤੇ ਰਾਹਵਾਂ ਚੋਂ ਕਾਲ ਕਲੂਟੀਆਂ ਹਵਾਵਾਂ ਚੋਂ ਜੁਗ ਜ਼ਿਹਨਾਂ ਤੇ ਸਾਹਵਾਂ ਚੋਂ ਦੇਸ ਦਸੰਤਰੀਂ ਬਾਹਵਾਂ ਚੋਂ ਕੁਝ ਤਾਂ ਹਨ੍ਹੇਰਾ ਘੱਟ ਜਰੂਰ ਕਰਾਂਗੇ ਮੇਰੀ ਖੁੱਲ੍ਹੀ ਖਿੜ੍ਹਕੀ ਮੈਂ ,ਨੰਨੇ ਸਿਤਾਰੇ, ਚੰਨੜਾ, ਤੇ ਨਵਾਂ ਸੂਰਜ ਕੁਝ ਤਾਂ ਕਰੀਏ- ਘਰਾਂ ਦੀਆਂ ਖਿੜ੍ਹਕੀਆਂ ਹੀ ਖੋਲ੍ਹੀਏ- ਕਿਰ ਪੈਣਗੀਆਂ ਅੰਦਰ ਰਿਸ਼ਮਾਂ, ਉਮੀਦਾਂ ਤੇ ਲੱਪ ਸੁਪਨੇ- ਨਵਾਂ ਦਿਨ ਸਜਾਉਣ ਲਈ ਭਿੱਜੇ ਖ਼ਾਬ ਸੁਕਾਉਣ ਲਈ ਕੋਈ ਨਵਾਂ ਗੀਤ ਬਨਾਉਣ ਲਈ ਰਾਗ ਸ਼ਬਦਾਂ ਸੰਗ ਪਰੋਣ ਲਈ

ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ

ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ ਅਸੀਂ ਕਿੰਨਾ ਰਾਤ ਦਿਨ ਤੜਫ਼ਦੇ ਰਹਿੰਦੇ ਹਾਂ ਤੇਰੀ ਸੁੱਖ ਸਾਂਦ ਖਾਤਿਰ - ਤੇਰੇ ਪਿੰਡੇ ਤੇ ਜਦੋਂ ਵੀ ਕਹਿਰ ਦਾ ਮੌਸਮ ਆਉਂਦਾ ਹੈ ਕਰਬਲਾ ਆ ਢਹਿੰਦੀ ਹੈ ਨੀਂਦ ਤਿੜਕ ਜਾਂਦੀ ਹੈ ਸਾਡੀਆਂ ਰਾਤਾਂ ਦੀ- ਖਾਲੀ ਪੇਟ ਨੂੰ ਵੀ ਭੁੱਖ ਨਹੀਂ ਲੱਗਦੀ- ਪਿਆਸੇ ਵੀ ਹੋਈਏ ਪਾਣੀ ਵੱਲ ਦੇਖਣ ਨੂੰ ਅੱਖਾਂ ਨਹੀਂ ਜਾਂਦੀਆਂ- ਕੀ ਕਰਾਂ ਮੈਂ ਇਲਾਜ਼ ਜਾਂ ਕਿੱਥੇ ਸੁੱਖ ਸੁੱਖਾਂ ਕਿ ਤੇਰੇ ਅੰਗਾਂ ਦੇ ਸੁਪਨੇ ਰੁੱਖਾਂ ਨਾਲ ਲਟਕ 2 ਨਾ ਬੁਝਣ - ਸੜਕਾਂ ਬੱਸ ਕਰ ਦੇਣ ਮੇਰੇ ਅੰਗੀਂ ਸਾਕੀਂ ਤੁਰੇ ਫਿਰਦੇ ਘਰ ਨਾ ਉਜ੍ਹਾੜਨ ਬੁੱਢੇ ਵਕਤਾਂ ਤੇ ਬੱਚਿਆਂ ਦੀਆਂ ਡੰਗੋਰੀਆਂ ਤੇ ਖਿਡੌਣੇ ਨਾ ਮਸਲਣ ਜਦ ਵੀ ਤੇਰੇ ਵੱਲ ਦੇਖਦਾਂ ਹਾਂ ਕਦੇ ਵੀ ਠੰਢੀ ਵਾ ਨਹੀਂ ਆਉਂਦੀ- ਹਾਉਕਿਆਂ ਦੇ ਵਰੋਲੇ ਹੀ ਘੁੰਮਦੇ ਨਜ਼ਰ ਆਉਂਦੇ ਹਨ ਕਦੇ ਨਹੀਂ ਹਰਿਆਵਲ ਦੇਖੀ ਤੇਰੇ ਰੁੱਖਾਂ ਤੇ ਫ਼ਸਲਾਂ ਦੇ ਖਿੜ੍ਹੇ ਫੁੱਲਾਂ ਉੱਤੇ ਤਿੱਤਲੀਆਂ ਭੌਰੇ ਕਦ ਆਉਣਗੇ ਹੱਸ 2 ਕੇ- ਕਦੋਂ ਖੇਤ ਵੀ ਪਾਉਣਗੇ ਭੰਗੜੇ ਚਾਵਾਂ ਨਾਲ ਕਦੋ ਬੇਰੁਜ਼ਗਾਰ ਭਰੇ ਚੌਕਾਂ ਨੂੰ ਟੁੱਕ ਮਿਲੇਗਾ ਦੋ ਡੰਗ ਦਾ- ਕਦ ਕਿਰਤ ਦੇ ਬੱਚੇ ਸੌਣਗੇ ਪੇਟ ਭਰ ਕੇ- ਕਦ ਰਿਕਸ਼ੇਵਾਲਾ ਘਰ ਨੂੰ ਕੋਈ ਖਿਲੌਣਾਂ ਲੈ ਕੇ ਜਾਵੇਗਾ ਖੁਸ਼ੀ ਦਾ ਕਿਹੜਾ ਦਿਨ ਆਸਾ ਦੀ ਵਾਰ ਖੇੜਿਆਂ ਨਾਲ ਗਾਏਗਾ- ਕਦੋਂ ਰਹਿਰਾਸ 'ਚੋਂ ਮਰਨਗੇ ਤੌਖ਼ਲੇ ਕਦੋਂ ਖਿੜ੍ਹਣਗੀਆਂ ਦੁਪਹਿਰਾਂ ਪੂਰੇ ਜੌਬਨ 'ਚ ਆ ਕੇ ਕਦੋਂ ਸੂਰਜ ਉਦੈ ਹੋਵੇਗਾ ਰਿਸ਼ਮਾਂ ਦੇ ਚੌਰ ਦੀ ਸੰਪੂਰਨ ਲਿਸ਼ਕ ਲੈ ਕੇ- ਮੰਦਿਰ ਮਸਜਿਦਾਂ ਗੁਰੂ ਦੁਵਾਰੇ ਰਾਮ ਅੱਲ੍ਹਾ ਰੱਬ ਨੂੰ ਕਦ ਲੱਭ ਕੇ ਲਿਆਉਣਗੇ ਆਪਣੇ 2 ਘਰ ਬੇਲੀਆ ਜਦ ਦੀ ਰਾਜਨੀਤੀ ਇਹਨਾਂ ਪੌੜ੍ਹੀਆਂ ਤੇ ਚੜ੍ਹੀ ਹੈ- ਨੇਤਾਵਾਂ ਨੇ ਕੋਈ ਵੀ ਰੱਬ ਅਰਾਮ ਨਾਲ ਸੌਣ ਨਹੀਂ ਦਿਤਾ ਪੱਥਰਾਂ ਦੀ ਪਿਆਸ ਬੁਝਾ ਰਹੇ ਹਨ ਦੁੱਧ ਬੁੱਧ ਭਰੇ ਡੋਲ ਪਿਆਸੀਆਂ ਭੁੱਖੀਆਂ ਰੂਹਾਂ ਖਾਲੀ ਕੌਲੀਆਂ ਲੈ ਬਾਹਰ ਖੜ੍ਹੀਆਂ ਤਰਸ ਰਹੀਆਂ ਹਨ ਮੰਤਰੀ ਦੇ ਆਉਣ ਤੇ ਰੱਬ ਨੂੰ ਉੱਠ ਕੇ ਸਿਰ ਨਿਵਾਉਣਾ ਪੈਂਦਾ ਹੈ- ਪੱਬ ਉੱਠ 2 ਸਿਰੋਪੇ ਪਾਉਂਦੇ ਹਨ- ਖ਼ਿਤਾਬ ਮੱਲੋਮੱਲੀ ਬਨ੍ਹੇਰਿਆਂ ਤੋਂ ਡਿੱਗਦੇ ਹਨ- ਹੱਕ ਮੰਗਦੇ ਰਾਹ ਚੁੱਪ ਕਰਵਾ ਦਿਤੇ ਜਾਂਦੇ ਹਨ- ਜੈੱਡ ਸਕਿਓਰਟੀਆਂ ਡਰਦੀਆਂ ਕੁਚਲਦੀਆਂ ਲੰਘਦੀਆਂ ਹਨ ਸੜਕਾਂ 'ਤੇ ਟੁੱਕ ਲਈ ਉੱਲਰੇ ਹੱਥਾਂ ਨੂੰ- ਯਾਰੋ ਪਤਾ ਨਹੀਂ ਅਸੀਂ ਸਾਰੇ ਆਪਣੇ ਘਰ ਦੇਸ਼ ਚ ਆ ਕੇ ਵੀ ਕਿਉਂ ਅਸੁਰੱਖਿਅਤ ਹੋ ਜਾਂਦੇ ਹਾਂ ਤੁਹਾਡੇ ਵਾਂਗ- ਉੱਤਰਦਿਆਂ ਨੂੰ ਹੀ- ਬੇਹੂਦਾ ਬਦਸ਼ਕਲ ਸਵਾਲਾਂ ਚ ਉਲਝਾ ਲੈਂਦਾ ਹੈ ਏਅਰਪੋਰਟ - ਸਾਡੇ ਆਪਣੇ ਹੀ ਬੀਜੇ ਰੁੱਖ ਸਾਡੇ ਪਛਾਣ ਪੱਤਰ ਮੰਗਦੇ ਹਨ- ਜਨਮ ਭੋਂ ਦਾ ਨਾਂ ਪੁੱਛਦੇ ਹਨ ਕਦੋਂ ਤੇ ਕਿਉਂ ਗਏ ਸੀ- ਹੁਣ ਕੀ ਕਰਨ ਆਏ ਹੋ? ਸੜਕਾਂ ਰੋਕ 2 ਪੁੱਛਦੀਆਂ ਹਨ- ਕੌਣ ਹੋ, ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ- ਤੇ ਕਿੰਨੇ ਦਿਨ ਰਹੋਗੇ- ਦੋਸਤੋ ਆਪਣੇ ਪਿੰਡ ਆਉਂਦਿਆਂ ਨੂੰ ਕਦੇ ਕੋਈ ਰਾਹ ਪਿੰਡ ਦਾ ਨਾਂ ਨਹੀਂ ਪੁੱਛਦਾ ਹੁੰਦਾ ਬਚਪਨ ਜਿਹਨਾਂ ਘਨ੍ਹੇੜੀ ਤੇ ਖਿਡਾਇਆ ਹੋਵੇ ਉਹ ਘਰ ਕਦੇ ਬੇਪਛਾਣ ਨਹੀਂ ਕਰਦੇ ਹੁੰਦੇ ਆਪਣੇ ਹੱਥੀਂ ਸਜਾਏ ਬੂਹੇ ਪਛਾਣਦੇ ਨਹੀਂ ਹੁੰਦੇ ਬਾਹਰ ਖੜ੍ਹਿਆਂ ਨੂੰ- ਸਗੋਂ ਗਲਵੱਕੜੀਆਂ ਚ ਲੈਂਦੇ ਹੁੰਦੇ ਨੇ ਘੁੱਟ 2 ਕੇ- ਹੱਥ ਚੁੰਮਦੇ ਹੁੰਦੇ ਨੇ ਵਾਰ 2- ਪੰਜਾਬ ਦੇਖੀਂ ਐਤਕੀਂ ਫਿਰ ਏਦਾਂ ਨਾ ਕਰੀਂ ਮੈਂ ਦਿੱਲੀ ਦੀਆਂ ਸੜਕਾਂ ਤਾਂ ਟੱਪ ਆਵਾਂਗਾ- ਪਰ ਤੂੰ ਬੂਹੇ ਖੋਲ੍ਹ ਕੇ ਰੱਖੀਂ ਬਹੁਤ ਦਿੱਲ ਕਰਦਾ ਹੈ ਤੈਨੂੰ ਸਾਹਾਂ 'ਚ ਵਸਾਉਣ ਨੂੰ ਤੇਰੇ ਨਾਲ ਹੱਸਣ ਗਾਉਣ ਨੂੰ- ਦਰਾਂ 'ਤੇ ਦੋ ਖੁਸ਼ੀ ਦੇ ਹੰਝੂ ਪਾਉਣ ਨੂੰ

ਗਲੀਆਂ ਬਜ਼ਾਰ ਦਰਬਾਰ

ਗਲੀਆਂ ਬਜ਼ਾਰ ਦਰਬਾਰ ਸਜਾਏ ਗਏ ਗੇਂਦੇ ਦੇ ਫੁੱਲਾਂ ਨੂੰ ਡਾਲੀਆਂ ਤੋਂ ਵੱਖ ਕਰ ਉਹਨਾਂ ਦੇ ਸੀਨੇ ਵਿੰਨ੍ਹ 2 ਬੱਸਾਂ ਸ਼ਿੰਗਾਰ ਤੋਰ ਲਈਆਂ- ਉੱਚੇ 2 ਨਿਸ਼ਾਨ ਫ਼ੜ੍ਹ ਖਬਰੇ ਕਿੱਧਰ ਨੂੰ ਚੱਲੇ ਸਨ- ਮੈਂ ਅੰਦਰ ਬੈਠਾ ਹਾਂ ਪਿਆਸਾ ਸ਼ਬਦ ਜੋੜਦਾ ਰਾਗ ਲੱਭਦਾ ਸੁਰਾਂ ਤੇ ਅਲਾਪ ਭਾਲਦਾ- ਇਹ ਪਤਾ ਨਹੀਂ ਕਿੱਧਰ ਚੱਲੇ ਹਨ- ਪ੍ਰੀਕਰਮਾਂ ਫ਼ਰਸ਼ ਬਹੁਤ ਧੋਤੇ ਦੁੱਧਾਂ ਨਾਲ ਕੱਚੀਆਂ ਬੁੱਧਾਂ ਨਾਲ ਲਾਲੋ ਬਾਹਰ ਖੜਾ੍ਹ ਹੈ ਖਾਲੀ ਛੰਨਾ ਲੈ ਕੇ ਘੁੱਟ ਦੁੱਧ ਲਿਜਾਣ ਲਈ- ਤਾਂ ਕਿ ਅਸੀਂ ਕੱਠੇ ਬੈਠ ਚਾਹ ਦਾ ਕੱਪ ਬਣਾ ਲਈਏ- ਉਹਨੂੰ ਦੁਰਕਾਰ ਮਿਲੀ ਹੈ- ਕਿ ਬਾਹਰ ਚੱਲ- ਫੇਰ ਆਵੀਂ ਪਾਣੀ ਲੈਣ ਘੱਲਿਆ ਵੀ ਅਜੇ ਨਹੀਂ ਪਰਤਿਆ ਡੋਲ ਸਗੋਂ ਪੱਥਰ ਮਾਰ ਰਿਹਾ ਹੈ ਕੋਈ ਇਹ ਕੀ ਕਰ ਰਹੇ ਹਨ ਲੋਕ- ਕਿੱਥੇ ਚਲੇ ਜਾਈਏ- ਮਸਾਂ ਉਦਾਸੀਆਂ ਕਰ ਮੱਤਾਂ ਬੰਨ੍ਹੀਆਂ ਸਨ ਪੱਲੇ- ਪਰ ਇਹ ਤਾਂ ਫਿਰ ਰਹੇ ਝੱਲੇ - ਸੱਜਣ ਠੱਗ ਨੇ ਹੋਰ ਟੋਲੇ ਬਣਾ ਲਏ ਹਨ- ਕੰਧਾਰੀਆਂ ਦੇ ਦਿੱਲਾਂ ਚੋਂ ਨਫ਼ਰਤਾਂ ਨਹੀਂ ਮਰੀਆਂ ਮੱਕੇ ਜਾਨੇਂ ਆਂ ਤਾਂ ਕੋਈ ਸੌਣ ਨਹੀਂ ਦਿੰਦਾ ਲੱਤਾਂ ਵਿਸਾਰ ਕੇ ਕਿੱਥੇ ਲਾਹੀਏ ਸਦੀਆਂ ਦੀ ਥਕਾਣ? ਸੁਬਾ੍ਹ ਤੋਂ ਕਿਹਦੇ ਗਾ ਰਹੇ ਨੇ ਗੀਤ ਮੈਂ ਬਾਹਰ ਪੌੜੀਆਂ ਤੇ ਬੈਠਾ ਭੁੱਖਾ ਤੱਕ ਰਿਹਾ ਹਾਂ- ਆਤਸ਼ਬਾਜ਼ੀ ਨਾਲ ਅੰਬਰ ਪਾੜ੍ਹ ਚੀਰ ਦਿਤੇ ਗਏ ਜਗ ਮਗ ਕਰਦੀਆਂ ਲੜੀਆਂ ਸਾਰੀ ਰਾਤ ਨਾ ਸੁੱਤੀਆਂ ਸ਼ਹਿਰ 2 ਰੌਸ਼ਨ ਇੰਜ਼ ਕੀਤਾ   ਜਿਵੇਂ ਕਿਸੇ ਧਨਾਢ ਦਾ ਵਿਆਹ ਹੋਵੇ- ਮੇਰੇ ਜਨਮ ਦਿਨ ਤੇ ਇਹਨਾਂ ਮੈਨੂੰ ਵੀ ਨਹੀਂ ਸੱਦਿਆ ਨਾ ਹੀ ਬਾਲੇ ਮਰਦਾਨੇ ਨੂੰ ਕੋਈ ਕਹਿਣ ਗਿਆ- ਕਿਸੇ ਨੇ ਵੀ ਆ ਕੇ ਨਹੀਂ ਪਛਾਣਿਆ ਮੈਨੂੰ- ਕਿ ਬਾਹਰ ਕੌਣ ਠੰਢ ਨਾਲ ਕੰਬਦਾ ਹੈ ਜ਼ਹਾਨ ਬਹੁਤ ਜੈਕਾਰੇ ਮਾਰੇ ਲੰਬੇ 2 ਭਾਸ਼ਣ ਦੇ ਨਗਰਾਂ ਚ ਸਿਫ਼ਤਾਂ ਕਰ ਮੇਰੇ ਪਿੰਡ ਸ਼ਹਿਰ ਪ੍ਰੀਵਾਰ ਦੀਆਂ ਗੱਲਾਂ ਕੀਤੀਆਂ ਮੈਂ ਬੈਠਾ ਕਦੇ ਨਦੀ ਕੰਢੇ ਤੇ ਕਦੇ ਖੇਤਾਂ ਚ ਕੰਮ ਕਰਦਾ ਦੇਖਦਾ ਰਿਹਾ ਨਜ਼ਾਰਾ- ਵੱਡੇ 2 ਘਰਾਂ ਨੇ ਲੰਗਰ ਕਰਵਾਏ ਪਰ ਮੇਰੀ ਕੌਲੀ ਚ ਦਾਲ ਪਾਉਣ ਕੋਈ ਨਾ ਆਇਆ ਨਾ ਹੀ ਕਿਸੇ ਨੇ ਰੋਟੀ ਰੱਖੀ ਮੇਰੇ ਖਾਲੀ ਹੱਥ ਤੇ ਇਹ ਮੈਨੂੰ ਹੀ ਨਹੀਂ ਪਛਾਣ ਸਕੇ ਤਾਂ ਕਿਹਦੀਆਂ ਗੱਲਾਂ ਕਰਦੇ ਨੇ ਨਿੱਤ ਮੈਂ ਫਿਰ ਮੁੜ ਆਇਆ ਹਾਂ ਇਹਨਾਂ ਦੀ ਭੀੜ੍ਹ ਵਿੱਚੋਂ ਡਰਦਾ ਕਿ ਇਹ ਕਿਤੇ ਪਾਗਲ ਸਮਝ ਮੈਨੂੰ ਮਾਰਨ ਕੁੱਟਣ ਨਾ ਲੱਗ ਜਾਣ-

ਚੰਦ ਤੇ ਵਾਉਂਦਾ ਹੁੰਦਾ ਸੀ ਹਲ

ਚੰਦ ਤੇ ਵਾਉਂਦਾ ਹੁੰਦਾ ਸੀ ਹਲ ਸਾਰੀ ਧਰਤ ਨੂੰ ਅੰਨ ਵੰਡਦਾ ਤਾਰਿਆਂ ਦੀ ਖੇਤੀ ਕਰਦਾ ਅੰਬਰ ਰੌਸ਼ਨ ਕਰਦਾ ਸਵੇਰ ਸਾਰ ਰੋਜ਼ ਸੂਰਜ ਬਣਦਾ ਕਿਸੇ ਨਾ ਕਿਸੇ ਕਾਲੇ ਪੂਰਬ ਦਾ ਬੋਲ ਸੁਰਾਂ ਰਾਗ ਫ਼ੜ੍ਹ ਤਕਦੀਰਾਂ ਗੰਢ ਦੇਵੇ ਜਾਤ ਨਾ ਪਾਤ ਨਾ ਉਹ ਬਾਪੂ ਦੀ ਮੰਨਦਾ ਚਾਨਣ ਦਾ ਵਣਜ ਕਰਦਾ ਸੁਰਾਂ ਸੰਗ ਸਮਾਂ ਬੰਨਦਾ ਨਾ ਤੀਰ ਸੀ ਨਾ ਤਲਵਾਰ ਸ਼ਬਦ ਹੀ ਸਨ ਇੱਕ ਪੈਰ ਚੱਕਦਾ ਦੂਸਰਾ ਕਿਸੇ ਹੋਰ ਅਰਸ਼ ਤੇ ਧਰਦਾ ਲੋਅ ਏਨੀ ਕਿ ਸ਼ਬਦ ਜਗਦੇ ਮਿੱਠਤ ਏਨੀ ਕਿ ਪਰਬਤ ਨੀਵੇਂ ਹੋ ਜਾਣ ਪੈੜਾਂ ਚ ਸਾਗਰਾਂ ਚ ਦਲੀਲ ਖੋਰ ਦਿੰਦਾ ਕੁਫ਼ਰ ਢਹਿ ਪੈਂਦਾ ਪੈਰੀਂ ਤੂੰ ਹੀ ਸਾਂਭ ਰੱਖ ਕਹੇ ਪੰਜ 2 ਦਸ ਹਜ਼ਾਰ ਦੇ ਨੋਟ ਬਹੁਤ ਨੇ ਮੇਰੇ ਖੀਸੇ ਚ ਵੀਹ ਰੁਪਏ ਮੇਰੀ ਦੁਨੀਆਂ ਦੀ ਸੰਗਤ ਤੇ ਪੰਗਤ ਲਈ ਨੀਅਤ ਚ ਜਦ ਮੱਦਦ ਜਾਗੇ ਭੁੱਖ ਦੁੱਖ ਦਰ ਤੇ ਖੜ੍ਹੇ ਹੋਣ ਤਰਸਦੇ ਭੰਡਾਰ ਕਦੇ ਨਹੀ ਮੁੱਕਦੇ ਤਰਾਜ਼ੂ ਜੇ ਚਾਨਣ ਤੋਲਣ ਹੋਂਟ ਜੇ ਸੱਚ ਬੋਲਣ- ਮਿਹਨਤ ਦੇ ਕੋਲ ਬੈਠ ਹਵਾ ਝੱਲ ਸਾਹਾਂ ਦੀ ਪੱਖੀ ਲੈ ਪਸੀਨੇ ਕਦੇ ਬੀਮਾਰ ਨਹੀਂ ਹੁੰਦੇ ਨੰਗੇ ਪੈਰਾਂ ਨੂੰ ਬੂਟਾਂ ਦੀ ਨਹੀਂ ਮੰਜ਼ਿਲਾਂ ਦੀ ਭਾਲ ਹੁੰਦੀ ਹੈ ਸਦਾ- ਮਰਦਾਨਿਆਂ ਚੱਲ ਮੇਰੇ ਨਾਲ 'ਵਾਜ਼ ਮਾਰੀਏ ਕਾਲੂ ਦੇ ਘਰ ਕਹਿੰਦੇ ਰਾਤ ਆਇਆ ਹੈ ਸੂਰਜ ਕਿਸੇ ਬਹ੍ਰਿਮੰਡ ਤੋਂ ਕਿਤੇ ਨਾਨਕ ਹੀ ਨਾ ਹੋਵੇ!!!!

ਨਾ ਹਵਾ ਲਈ

ਨਾ ਹਵਾ ਲਈ ਕੋਈ ਬੋਲ ਰਿਹਾ ਹੈ ਨਾ ਪਾਣੀ ਦੇ ਘੁੱਟ ਲਈ ਪਿਆਸ ਹੈ ਕਿਤੇ ਇਹ ਕਦੇ ਪੰਜ ਆਬ ਕਦੇ ਬਣਿਆ ਦੁਆਬ ਵੰਡਦਾ ਰਿਹਾ ਰਹਿਮਤਾਂ ਤੇ ਦਿੰਦਾ ਰਿਹਾ ਨਿੱਤ ਅਸੀਸਾਂ ਇਹਨੇ ਅੰਗ 2 ਕਟਵਾ ਲਏ ਪੁੱਤ ਬਲੀਦਾਨ ਕਰਾ ਲਏ ਕਿਸੇ ਚੀਸ ਨਾ ਸੁਣੀਂ ਏਸ ਦੀ ਮੈਂ ਹਵਾ ਹਾਂ ਓਸ ਦੇਸ ਦੀ- ਇੱਕ ਅਰਜ਼ ਹੈ ਮੇਰਾ ਫਰਜ਼ ਹੈ ਪਾਣੀ ਤਾਂ ਖੇਤੀਂ ਰਹਿਣ ਦੇ ਮੇਰੇ ਦੋਧੀਂ ਤੋਤੇ ਬਹਿਣ ਦੇ ਨਾ ਚਾੜ ਇਹਨੂੰ ਕੋਈ ਰੰਗ ਵੇ ਨਾ ਅੰਬਰ ਸਲੀਬੀਂ ਟੰਗ ਵੇ ਕੋਈ ਜ਼ਿੰਦ ਨਾ ਗਾਉਂਦੀ ਰੁਲ ਜਾਵੇ ਐਵੇਂ ਵਿਸ਼ ਨਾ ਪਾਣੀ ਘੁਲ ਜਾਵੇ

ਚੌਂਕ ਤੋਂ ਹੁਣ ਜਰਾ ਪਰੇ ਕਰਕੇ

ਚੌਂਕ ਤੋਂ ਹੁਣ ਜਰਾ ਪਰੇ ਕਰਕੇ ਲਾ ਦਿਓ ਇਹ ਬੁੱਤ ਇਹ ਵੀ ਬੁੱਤ ਪੁੱਤ ਸੀ ਕਦੇ- ਚਲੋ ਹੋਰ ਚੌਂਕ ਸਜਾਈਏ ਪਏ ਨੇ ਬਹੁਤ ਖਾਲੀ ਏਥੇ ਨਾ ਖੜ੍ਹੋ ਇਥੇ ਹੁਣ ਹੋਰ ਹਾਦਸਾ ਹੋਣਾ ਹੈ- ਕਿਸੇ ਦਾ ਸੁਪਨਾ ਮਰਨਾ ਹੈ ਕਿਸੇ ਦਾ ਲਹੂ ਚੋਣਾ ਹੈ ਪਤਾ ਨਹੀਂ ਕਿਸ ਪਾਸਿਓਂ ਅੰਨ੍ਹੀ ਕੋਈ ਗੋਲੀ ਆਉਣੀ ਹੈ ਕਿਸਦਾ ਹੈ ਨਾਂ ਲਿਖਿਆ ਉਸ ਉੱਤੇ ਕਿਸ ਮਾਂ ਲਈ ਅਣਹੋਣੀ ਆਉਣੀ ਹੈ ਕਦੇ ਬਣਦੀਆਂ ਸਨ ਇੱਟਾਂ ਦੀਆਂ ਕੰਧਾਂ ਤੇ ਪੱਥਰਾਂ ਦੇ ਬੁੱਤ- ਕਿੰਨਾ ਬਦਲ ਗਿਆ ਹੈ ਮੌਸਮ ਨੀਹਾਂ ਨੂੰ ਪੁੱਤਰਾਂ ਦੀ ਲੋੜ ਪੈ ਗਈ ਹੈ ਲੋਰੀਆਂ ਨੂੰ ਕੰਧਾਂ ਤੋਂ ਮਿਟਾਇਆ ਜਾ ਰਿਹਾ ਹੈ- ਕਦੇ ਜੀਣ ਜੋਗੇ ਹੁੰਦੇ ਸਨ ਦਿਨ ਹਰ ਰੋਜ਼ ਅਰਦਾਸ ਹੁੰਦੀ ਸੀ ਸ਼ਿੰਦਿਆਂ ਲਈ ਖਬਰੇ ਕਿੱਧਰੋਂ ਵਾ ਆਈ ਹੈ ਹਰ ਸ਼ਾਮ ਪੁੱਤ ਲੱਭਦੀ ਹੈ- ਸਵੇਰੇ ਸੂਰਜ ਮਿਟਾਉਣ ਤੁਰ ਪਏ ਹਨ- ਰਾਤ ਦੇ ਤਾਰੇ ਟੁੱਟੇ ਨਹੀਂ ਚੁਗ ਹੁੰਦੇ ਕਦੇ ਮਾਵਾਂ ਜੰਮਦੀਆਂ ਸੀ ਕਲਗੀਆਂ ਵਾਲੇ- ਹਿੱਕਾਂ ਨੂੰ ਆਪ ਤੋਰਨ ਵਾਲੇ- ਮਾਵਾਂ ਦੀਆਂ ਛਾਵਾਂ ਤੋਂ ਦੂਰ ਸੱਥਰਾਂ ਤੇ ਗਾਉਣ ਵਾਲੇ- ਕੰਡਿਆਂ ਤੇ ਸਾਉਣ ਵਾਲੇ- ਅੱਜਕਲ ਰੋਜ਼ ਰਾਤਾਂ ਬੱਚੇ ਗਿਣ 2 ਸੌਂਦੀਆਂ ਹਨ ਅੱਥਰੂ ਕੁਝ ਸਾਂਭ ਸਵਾਤੀਂ ਸਾਹ ਸੁੱਕਣੇ ਲੱਪ ਪਾਉਂਦੀਆਂ ਹਨ   ਮਾਂਵਾਂ ਤਲਵਾਰਾਂ ਫ਼ੜਾ ਯੁੱਧ 'ਚ ਖੇਡਣ ਨੂੰ ਘੱਲਦੀਆਂ ਸਨ ਹੁਣ ਪੁੱਤ ਲੁਕੋਣੇ ਪੈਂਦੇ ਹਨ-ਮੀਜ਼ਾਈਲਾਂ ਤੋਂ-   ਪਾਤਸ਼ਾਹ ਜੇ ਹੁੰਦੇ ਤਾਂ ਹਾਕਮ ਨੂੰ ਲਲਕਾਰਦੇ ਸੁਰਖ਼ ਤਵੀਆਂ ਤੇ ਆਸਣ ਕਰਦੇ- ਜੇ ਨ੍ਹਾਉਂਦੇ ਤਾਂ ਤਵਦੀ ਰੇਤ ਨਾਲ ਤੀਰ ਜੋ ਕਦੇ ਹਿੱਕਾਂ ਮਿਣਦੇ ਸਨ ਅੱਜਕਲ ਓਹੀ ਤੀਰ ਤਖ਼ਤ ਦੇ ਪਾਵੇ ਹੇਠੋਂ ਲੱਭਦੇ ਹਨ- ਡੰਡੌਤ ਕਰਦੇ ਨੇ ਤੀਰ ਅੱਜਕਲ ਅਰਜ਼ਾਂ ਕਰਦੀਆਂ ਨੇ ਤਲਵਾਰਾਂ ਹਾਕਮ ਦੀ ਵੱਡਉਮਰ ਲਈ ਖਬਰੇ ਕੀ ਹੋ ਗਿਆ ਹੈ ਗਲਾਂ ਚ ਲਮਕਦੀਆਂ ਸ਼ਮਸ਼ੀਰਾਂ ਨੂੰ ਇਤਿਹਾਸ ਦੇ ਸਫ਼ਿਆਂ ਤੇ ਰੀਂਗਦੀਆਂ ਲਕੀਰਾਂ ਨੂੰ ਸੂਰਜਾਂ ਦੀਆਂ ਕਿੱਲੀਆਂ ਤੇ ਲਟਕਦੀਆਂ ਤਸਵੀਰਾਂ ਨੂੰ ਮੱਥਿਆਂ ਚ ਡੂੰਘੀਆਂ ਤਰਦੀਆਂ ਤਕਦੀਰਾਂ ਨੂੰ ਬਾਹਾਂ ਨਾਲ ਹੱਥ ਹੈ ਨਹੀਂ ਗਲਾਂ ਚ ਕਿਰਪਾਨ ਹੈ ਨਹੀਂ ਨਾਂ ਤੇਰਾ ਹੋਟਾਂ ਉੱਤੇ ਸਾਹਾਂ ਉੱਤੇ ਨਾਮ ਹੈ ਨਹੀਂ ਮਰਮਰੀ ਪੌੜੀਆਂ ਨੇ ਅੰਦਰ ਭਗਵਾਨ ਹੈ ਨਹੀਂ ਦਿੱਲਪਰਤੀਂ ਹਾਉਕੇ ਲੱਖ ਮੂੰਹਾਂ ਚ ਜ਼ੁਬਾਨ ਹੈ ਨਹੀਂ

ਰੁਮਕਦੀ ਵਾ ਪੱਛੋਂ ਵਰਗੀ

ਰੁਮਕਦੀ ਵਾ ਪੱਛੋਂ ਵਰਗੀ ਕਿੱਥੋਂ ਮੈਂ ਲੱਭ ਲਿਆਵਾਂ ਕਿਹੜੇ ਰੁੱਖ ਕਰਦੇ ਏਥੇ ਅੰਮੀਂ ਵਰਗੀਆਂ ਦੱਸ ਛਾਵਾਂ ਝਨਾਂ ਦੀਆਂ ਲਹਿਰਾਂ ਉੱਤੇ ਪੜ੍ਹ ਸਾਡੀ ਕਹਾਣੀ ਵੇ ਫ਼ੜ ਚਾਨਣੀ ਅੰਬਰ ਤੋਂ ਤੇਰੇ ਤੇ ਤਾਣੀ ਵੇ ਹੋਇਆ ਨਾ ਹਾਉਕਾ ਠੰਢਾ ਛਾਤੀ ਦੇ ਸ੍ਹਾਵਾਂ ਦਾ ਪੜ੍ਹਿਆ ਨਾ ਕਦੇ ਸੁਨੇਹਾ ਧੁੱਪਾਂ ਤੇ ਰ੍ਹਾਵਾਂ ਦਾ ਕਿਹੜਾ ਦੱਸ ਹੰਝੂ ਚੱਕ ਕੇ ਸੱਜਰਾ ਪਲਕਾਂ ਤੇ ਧਰ ਲਏ ਆਹਾਂ ਮੁੜ ਜਾਵਣ ਘਰ ਤੋਂ ਹਾੜਾ ਦੱਸ ਕਿੱਦਾਂ ਫ਼ੜ ਲਏ ਇਸ਼ਕ ਦਾ ਜ਼ੋਰ ਸੀ ਏਨਾ ਬਾਹਾਂ ਕਿੱਥੋਂ ਪੀਣ ਵੇ ਉੱਧੜੀ ਸੀ ਕਾਇਆ ਸੁੱਚੀ ਥਾਂ 2 ਕਿੱਥੋਂ ਸੀਣ ਵੇ ਉਮਰਾਂ ਸੱਭ ਰਾਹ ਇਹ ਪੀ ਗਏ ਨਜ਼ਰਾਂ ਰਾਹ ਰੁੱਖਾਂ ਤੇ ਆਉਂਦਾ ਨਾ ਦਿਸਦਾ ਕੋਈ ਹਿਜ਼ਰਾਂ ਤੇ ਦੁੱਖਾਂ ਤੇ   ਬੜਾ ਇਤਬਾਰ ਸੀ ਸਾਨੂੰ ਚੌਦਵੀਂ ਦੇ ਚੰਨੇ ਤੇ ਤੇਰਾ ਨਾਂ ਲਿਖ ਕੇ ਰੱਖ ਬੈਠੇ ਸੀਨੇ ਦੇ ਪੰਨੇ ਤੇ ਬੰਸਰੀ ਦੇ ਛੇਕ ਡੁੱਸਕਦੇ ਵਰਾਵਾਂ ਕਿੰਜ਼ ਰਾਤਾਂ ਨੂੰ ਚੇਤੇ ਕਰ ਤਾਰਾ 2 ਮਰਦਾ ਪਰਭਾਤਾਂ ਨੂੰ   ਰੋਂਦੀ ਨੂੰ ਯਾਦ ਚੰਦਰਿਆ ਆ ਗਈ ਕੱਲ ਸ਼ਾਮ ਵੇ ਹੱਥਾਂ ਤੋਂ ਮਹਿੰਦੀ ਖੁਰ ਗਈ ਲੈ ਤੇਰਾ ਨਾਮ ਵੇ ਫੁੱਲਕਾਰੀ ਦੇ ਫੁੱਲਾਂ ਉੱਤੇ ਪੱਤੇ ਮੁਲਾਕਾਤਾਂ ਦੇ ਡੁੱਲ੍ਹੇ ਸੱਭ ਅੱਥਰੂ ਝੱਲੇ ਤੇਰੇ ਜ਼ਜਬਾਤਾਂ ਤੇ ਸਾਥੋਂ ਨਾ ਰੈਣ ਸੋਹਣਿਆਂ ਵਿਯੋਗਾਂ ਚ ਗਾ ਹੋਵੇ ਕੱਚੀ ਜੇਹੀ ਰੋਟੀ ਚੰਦ ਦੀ ਸੱਧਰੀਂ ਨਾ ਲਾਹ ਹੋਵੇ ਪਰੀਤਾਂ ਦੇ ਵਹਿਣ ਨਿਮਾਣੇ ਲੈ ਗਏ ਚਾਅ ਰੋੜ੍ਹ ਕੇ ਇੱਕ ਵੀ ਨਾ ਤਾਰਾ ਸੁਪਨਾ ਤੱਕਿਆ ਅਸੀਂ ਤੋੜ ਕੇ ਕਿਹੜਾ ਦੱਸ ਦਿਨ ਚੰਦਰਿਆ ਚੂਰੀਆਂ ਮੰਗੇ ਨਾ ਬੂਹੇ ਦੇ ਓਹਲੇ ਖੜ੍ਹ ਕੇ ਰਾਹਾਂ ਨੂੰ ਡੰਗੇ ਨਾ ਸਾਡੇ ਤੇ ਕਹਿਰ ਇਸ਼ਕ ਦਾ ਸਦੀਆਂ ਨੇ ਢਾਹ ਦਿਤਾ ਚਾਨਣ ਦਾ ਨਵਾਂ ਸਵੇਰਾ ਢਾਕਾਂ ਤੇ ਚਾਹ ਦਿਤਾ

ਦਿਨ ਸਨ ਓਹ ਵੰਗਾਂ ਵਰਗੇ

ਦਿਨ ਸਨ ਓਹ ਵੰਗਾਂ ਵਰਗੇ ਸੁੱਚੀਆਂ ਜੇਹੀਆਂ ਰਾਤਾਂ ਸੀ ਤਾਰੇ ਸਨ ਗੱਲਾਂ ਕਰਦੇ ਅੱਲੜ੍ਹ ਪਰਭਾਤਾਂ ਸੀ ਦਾਦੀ ਦੀ ਲੋਰੀ ਕੋਲੋਂ ਇਸ਼ਕੇ ਵਾ ਲੰਘਦੀ ਸੀ ਬਾਪੂ ਦੀ ਇੱਕ ਝਿੜਕ ਜੇਹੀ ਤੋਂ ਰਾਤ ਜਰਾ ਸੰਗਦੀ ਸੀ ਮਿਲਦੀਆਂ ਸਨ ਉੱਠ ਸਵੇਰੇ ਗੱਲਾਂ ਤੇਰੇ ਪਿੰਡ ਦੀਆਂ ਗਾਧੀ ਤੇ ਗੀਤ ਹੁੰਦਾ ਸੀ   ਸਤਰਾਂ ਤੇਰੀ ਜ਼ਿੰਦ ਦੀਆਂ ਗਾਉਂਦੀ ਹੋਈ ਚੰਨ ਪਕਾਉਂਦੀ ਇਸ਼ਕੇ ਦੀ ਛੱਲ ਤੇਰੀ ਚੁੱਲ੍ਹੇ ਵਿਚ ਅੱਗ ਸਤਾਉਂਦੀ ਅੰਗਾਂ ਵਿਚ ਗੱਲ ਤੇਰੀ ਹੱਥਾਂ ਵਿਚ ਅਕਸ ਆ ਬੈਠਣ ਤੇਰਿਆਂ ਹੀ ਰਾਹਵਾਂ ਦੇ ਬਾਹਵਾਂ ਵਿਚ ਚੁੱਕ ਖਿਡਾਵਾਂ ਸੁਪਨੇ ਤੇਰੇ ਚਾਵਾਂ ਦੇ ਚੁੰਨੀ ਨੂੰ ਰੰਗ ਨਾ ਚੜ੍ਹਦਾ ਬਿਨ ਤੇਰੀ ਪੱਗ ਵਰਗਾ ਤਲੀਆਂ ਤੇ ਮਹਿੰਦੀ ਦੀਵਾ ਬਲਦਾ ਕੋਈ ਅੱਗ ਵਰਗਾ ਕੁੜੀਆਂ ਨੂੰ ਚੇਤੇ ਆਵਣ ਮਹਿਫ਼ਿਲ ਵਿਚ ਗਾਉਂਦੇ ਦੇ ਵਾਲਾਂ ਵਿਚ ਵਾਲ ਉਲਝ ਗਏ ਤੇਰੇ ਸੰਗ ਨ੍ਹਾਉਂਦੇ ਦੇ ਸੁੱਤੀ ਇੱਕ ਰਾਤ ਜਾਗ ਪਈ ਉਸ ਨੇ ਨਾ ਸੌਣ ਦਿਤਾ ਤੱਕਲੇ ਤੇ ਤੰਦ ਹਿੱਜ਼ਰ ਦਾ ਇੱਕ ਵੀ ਨਾ ਹਾੜਾ ਪਾਉਣ ਦਿਤਾ ਜਗਦਾ ਕਦੇ ਬੁਝਦਾ ਸੂਰਜ ਹਿੱਕ ਓਲ੍ਹੇ ਸਾਹਾਂ ਵਿਚ ਸੁਪਨੇ ਮੈਂ ਕੱਢਦੀ ਰਹਿੰਦੀ ਨ੍ਹਾਉਂਦੀ ਮੈਂ ਆਹਾਂ ਵਿਚ ਖਿੜ੍ਹਿਆ ਇੱਕ ਫੁੱਲ ਮਹਿੰਦੀ ਦਾ ਪਲਕਾਂ ਤੇ ਧਰ ਲਿਆ ਵੇ ਤੇਰਾ ਮੈਂ ਬੋਲ ਰਾਂਝਣਾਂ ਸਫ਼ਾ 2 ਪੜ੍ਹ ਲਿਆ ਵੇ ਨੀਂਦਾਂ ਨਾ ਆਵਣ ਹੁਣ ਵੇ ਰਾਤਾਂ ਨਾ ਸੌਂਦੀਆਂ ਤੇਰੀ ਜੁਦਾਈ ਦਾ ਨਿੱਤ ਨਗਮਾਂ ਉਹ ਗਾਉਂਦੀਆਂ

ਕਿੱਥੇ ਰੱਖ ਦੇਵਾਂ

ਕਿੱਥੇ ਰੱਖ ਦੇਵਾਂ ਟੁੱਟੀਆਂ ਵੰਗਾਂ ਦੇ ਟੋਟੇ ਕਿੰਜ਼ ਮੋੜ ਲਿਆਵਾਂ ਬੋਹੜ ਦੀ ਓੜ ਚ ਬਿਤਾਈਆਂ ਘੜੀਆਂ ਬੈਠੇ 2 ਘੁੱਟੇ ਉਂਗਲੀਆਂ ਦੇ ਪੋਟੇ ਤੇ ਮਸਾਂ 2 ਕਿਰਦੇ ਰੋਕੇ- ਸਾਹ ਮੁਹੱਬਤ ਨੇ ਡੀਕ ਲਈ ਜੁਆਨੀ ਦੀ ਦੁਪਹਿਰ ਤੇ ਸੂਹੀ ਜੇਹੀ ਸ਼ਾਮ ਰੁਲ ਗਈ ਤੇਰੇ ਪਿੰਡ ਦੀ ਜੂਹ ਚ ਕਿਤੇ ਲੇਖਾ ਦੇ ਦਿਤਾ ਸਾਰਾ ਇਸ਼ਕ ਨੂੰ ਯਾਦਾਂ ਵੀ ਬੰਦਾ ਕਿੰਨੀਆਂ ਕੁ ਸੁੱਕਣੇ ਪਾਵੇ ਹੱਡੀਆਂ ਦੇ ਛਾਪੇ ਟਿਕਾ 2 ਕੇ ਕਿੱਥੇ ਹੂੰਝ ਹੁੰਦੇ ਨੇ ਦਰ ਇਸ਼ਕ ਦੇ ਕੱਲੀਆਂ ਉਡੀਕਾਂ ਦੇ ਤੀਲਿਆਂ ਨਾਲ ਝਾਂਜ਼ਰ ਛਣਕਾਵਾਂ ਤਾਂ ਕਿਹਦੇ ਲਈ ਸੁਰਮਾਂ ਪਾਵਾਂ ਤਾਂ ਅੱਖ ਪੁੱਛਦੀ ਹੈ ਕਈ ਸਵਾਲ ਜੌਬਨ ਦੀ ਰੁੱਤ ਆਈ ਤਾਂ ਨੇੜੇ ਹੋ ਕੇ ਨਾ ਤੱਕ ਹੋਈ ਪਲਕਾਂ ਤੋਂ ਹੰਝੂ ਪੂੰਝਦਿਆਂ ਜਦ ਤੇਰਾ ਚੇਤਾ ਆਉਂਦਾ ਹੈ- ਤਾਂ ਚੂਰੀ ਕੁੱਟਦੀ ਨੂੰ ਭਾਬੀ ਪੁੱਛਦੀ ਹੈ ਦਿਨੇ ਤਾਰਿਆਂ ਦੀ ਆਸ ਨਹੀਂ ਰੱਖੀਦੀ ਜਰਾ ਕੁਵੇਲਾ ਹੋ ਲੈਣ ਦੇ ਚੜ੍ਹ ਜਾਣਾ ਹੈ ਚੰਨ ਕਿਤਿਓਂ ਵਗ ਪੈਣੀ ਹੈ ਪੱਛੋਂ ਵੀ- ਉੱਠ ਪਹਿਲਾਂ ਵਾਲ ਸੁਆਰ ਲੈ ਧੁੱਪ ਦਾ ਪਾਸਾ ਪਰਤ ਦੇ ਜਦੋਂ ਸ਼ਾਮ ਨੂੰ ਅੱਗ ਵਰ੍ਹੀ ਤਾਂ ਸਿਰ ਢਕ ਲਵੀਂ-ਇਹਦੇ ਸੇਕ ਨਾਲ ਬਹੁਤ ਤਿਲਕੇ ਨੇ ਇਸ ਰਾਹ ਤੋਂ ਜਰਾ ਸੰਭਲ ਕੇ ਤੁਰੀਂ ਥੋੜਾ ਜੇਹਾ ਤਰਨਾ ਵੀ ਸਿੱਖ ਲੈ ਪੜ੍ਹਨੀ ਵੀ ਸਿੱਖ ਲਈਂ ਉਹ ਕਿਤਾਬ- ਜਿਸ 'ਚ ਗੁਲਾਬ ਪੱਤੀਆਂ ਸੁੱਕੀਆਂ ਪਈਆਂ ਹਨ ਅਜੇ ਨਾ ਬੋਲਦੀਆਂ ਹਨ, ਨਾ ਹੀ ਦਿੱਲ ਖੋਲ੍ਹਦੀਆਂ ਹਨ ਨਾ ਕਿਤੇ ਉਹ ਹਾਸੇ ਨਜ਼ਰ ਆਉਂਦੇ ਹਨ ਤੇ ਨਾ ਹੀ ਤੇਰੀਆਂ ਮੁਸਕਰਾਟਾਂ ਕਿੰਨੀ ਕੁ ਵਾਰੀ ਕੋਈ ਤੇਰੇ ਖੁੱਲ੍ਹਦੇ ਬੂਹਿਆਂ ਵੱਲ ਤੱਕਦਾ ਰਹੇ ਕਿੱਥੇ ਕੋਈ ਸਾਂਭ ਕੇ ਰੱਖੇ ਤੇਰੇ ਪੱਬਾਂ ਦੇ ਨਿਸ਼ਾਨ ਹਿੱਕ ਖੁਰ ਚੱਲੀ ਹੈ- ਖੁੱਲ੍ਹੇ ਵਾਲਾਂ ਚ ਉਲਝ ਗਈ ਹੈ ਤੇਰੇ ਮਿਲਣ ਦੀ ਆਸ ਪੱਛਮ ਵੱਲੋਂ ਜੇ 'ਵਾ ਕਦੇ ਆਉਂਦੀ ਵੀ ਹੈ ਤਾਂ ਬਹੁਤ ਠਾਰਦੀ ਹੈ ਪਲਕਾਂ ਤੋਂ ਡਿੱਗ 2 ਮਰ ਜਾਂਦੇ ਨੇ ਕਈ ਅਧੂਰੇ ਸੁਪਨੇ ਤੇ ਵੰਗਾਂ ਦੇ ਟੁੱਕੜੇ ਰੋਂਦੇ ਨਹੀਂ ਵਿਰਦੇ ਕਿਹੜੇ ਰੰਗ ਦੀ ਚੁੰਨੀ ਲੈ ਕੇ ਤੇਰੀ ਇਸ਼ਕ ਦਰਗਾਹ ਕੋਲ ਦੀ ਲੰਘਾਂ ਤੇ ਕਿਹੜੇ ਰੰਗ ਦੀ ਰੰਗਾਵਾਂ ਚੁੰਨੀ ਅਗਲੀ- ਰਾਤਾਂ ਨੂੰ ਆਣ ਜਗਾਵਣ ਬੋਲ ਤੇਰੇ ਸਾਹਵਾਂ ਦੇ ਨੀਂਦਾਂ ਨਿੱਤ ਚੇਤੇ ਰੱਖਣ ਤਾਰੇ ਤੇਰੇ ਰਾਹਵਾਂ ਦੇ ਸਾਂਵਲੀ ਜੇਹੀ ਰੇਤਾ ਉੱਤੇ ਲਿਖਿਆ ਕੱਲ ਨਾਂ ਤੇਰਾ ਝਾਉਲਾ ਜੇਹਾ ਪਿਆ ਵੇ ਤੇਰਾ ਹਿੱਕ ਤੇ ਪਰਛਾਂ ਤੇਰਾ ਦੱਸ ਹੁਣ ਕਿਹਦੇ ਤੋਂ ਪੁੱਛਾਂ ਸਿਰਨਾਵਾਂ ਤੇਰੇ ਗੀਤਾਂ ਦਾ ਜੂਹਾਂ 'ਚ ਰੁਲਦੀਆਂ ਸੱਧਰਾਂ ਜ਼ਖ਼ਮੀਂ ਹੋਈਆਂ ਪਰੀਤਾਂ ਦਾ

ਨਾ ਜਗਾਓ ਫਿਰ ਸੰਨ ਸੰਤਾਲੀ

ਨਾ ਜਗਾਓ ਫਿਰ ਸੰਨ ਸੰਤਾਲੀ ਰਹਿਣ ਦਿਓ ਸਤਲੁਜ ਝਨਾਂ ਵਗਦੇ ਸਕੇ ਪੁੱਤ ਬਾਪ ਦੇ ਲੜ੍ਹਦੇ ਚੰਗੇ ਨਹੀਂ ਲਗਦੇ ਕਿਉਂ ਮਨਾਂ ਚ ਨਫ਼ਰਤ ਪਲਦੀ ਕੰਧ ਲਹੂ ਨਾਲ ਲਿੱਪੀ ਪਾਰ ਸਰਹੱਦੋਂ ਬਾਬੇ ਵਸਦੇ ਏਧਰ ਉਹਨਾਂ ਦੀ ਮਿੱਟੀ ਵਿਹੜੇ ਏਦਾਂ ਸੁੰਨ੍ਹੇ ਹੋਵਣ ਖੂਨੀਂ ਦੀਵੇ ਨਹੀਂ ਜਗਦੇ ਨਿੱਤ ਗੁਆਚਣ ਚਾਅ ਭੈਣਾਂ ਦੇ ਹੱਥੋਂ ਡਿੱਗੇ ਰੋਟੀ ਜਦ ਸਰਕਾਰੀ ਹੁਕਮ ਜੇਹਾ ਆਵੇ ਬੁੱਕਲ ਚ ਸਹਿਮੇ ਪੋਤੀ ਕਿਹੜਾ ਰੁੱਖਾਂ ਨੂੰ ਸਮਝਾਵੇ ਇਹ ਗੀਤ ਨਹੀ ਸਾਡੀ ਰਗਦੇ ਏਧਰ ਓਧਰ ਬੈਠ ਕੇ ਸੋਚਣ ਧੁੱਪਾਂ ਤੇ ਪ੍ਰਛਾਵੇਂ ਬੰਬ ਫ਼ਟਣ ਪਿੰਡਾਂ ਦੇ ਅੰਬਰੀਂ ਮਿਟ ਜਾਣ ਸਿਰਨਾਵੇਂ ਬੂਹਿਆਂ ਉੱਤੇ ਪੱਤ ਸਰੀਂਹ ਦੇ ਪੁੱਤਾਂ ਸੰਗ ਸਜਦੇ

ਸੋਚ ਮੱਥਿਆਂ ਦੀ

ਸੋਚ ਮੱਥਿਆਂ ਦੀ, ਚਿੰਤਨਤਾ ਚ ਲਿਖੀ ਵਡਿਆਈ ਸਿਰਾਂ ਦਾ ਮਾਣ ਅੰਬਰਾਂ ਜਿੱਡਾ ਰੁੱਤਬਾ ਬੋਲ ਸ਼ਬਦਾਂ ਦੀ ਹੀ ਕਿਣਮਿਣ ਹੁੰਦੀ ਹੈ ਮਹਿਕ ਖਿਲਾਰੇ ਉਸਾਰੇ ਸਮਾਜ ਦੇ ਮੰਜੇ ਦੇ ਪਾਵੇ ਕੁਝ ਰੰਗਲੇ ਕੁਝ ਸਾਵੇ 2 ਸ਼ਬਦ ਹੀ ਬੀਜਣ ਕਲੀਆਂ ਤੇ ਅਨਾਰ ਜਿਹਨਾਂ ਨੂੰ ਰੀਝਾਂ ਦੇ ਫੁੱਲ ਲੱਗਣ ਵਿਹੜੇ ਖਿੜ੍ਹਨ -ਬਾਗ ਮਹਿਕਣ ਸੱਤਾ ਨਾ ਕੋਈ ਸਹਿ ਸਕੇ ਸ਼ਬਦ ਸੰਵੇਦਨਾ ਦਾ ਰਾਹ ਔਖੇ 2 ਲਵੇ ਸੁਣ 2 ਸਾਹ- ਸ਼ਬਦ ਸੱਚ ਬੋਲਣ ਲਿਖਣ ਕੌਣ ਸੁਣਦਾ- ਕੋਰੇ ਸ਼ਬਦਾਂ ਦਾ ਸੱਤਾ ਨਾਲ ਵੈਰ- ਇਹ ਨਾ ਮੰਗਣ ਕੋਂਪਲਾਂ ਦੀ ਖੈਰ ਵਿਚਾਰ ਕਦ ਮਰਨ, ਸਲੀਬਾਂ ਤੇ ਹੀ ਲਟਕਣਾਂ ਜਾਨਣ ਐਂਵੇਂ ਬੰਦ ਕਰਨ ਦੀ ਕੋਸ਼ਿਸ ਨਾ ਕਰ- ਇਹਨਾਂ ਦੀ ਕੁਰਲਾਹਟ ਜੇ ਬੋਲ ਲੋਕਾਂ ਦੀ ਅਵਾਜ਼ ਬਣ ਗਏ- ਦਸ 2 ਲੱਖ ਦੇ ਸੂਟ ਪਾੜ ਦੇਣਗੇ ਤੇਰੇ ਬਖ਼ਸ਼ੇ ਅੱਛੇ ਦਿਨਾਂ ਵਾਲੇ ਬੋਲਾਂ ਨੂੰ ਵੀ ਲੱਭ ਲੈਣਗੇ ਇਹ ਬੋਲ ਹੀ ਸਨ ਕਿ ਲੋਕ ਇਤਬਾਰ ਕਰ ਗਏ- ਸੱਚੇ ਬੋਲਾਂ ਵਾਲੀ ਜੇ ਜੀਭ ਕੁਝ ਕਹਿੰਦੀ ਹੈ ਤਾਂ ਉਸ ਨੂੰ ਕੱਟੇ ਜਾਣ ਦਾ ਸ਼ੌਕ ਵੀ ਹੁੰਦਾ ਹੈ- ਸੁਰੱਖਿਅਤਾ ਚ ਬੈਠੇ ਬੋਲ ਸਹਿਕਦੇ ਰਹਿ ਜਾਣਗੇ- ਵਾਅਦਿਆਂ ਨਾਲ ਹੁਣ ਪੇਟ ਨਹੀਂ ਭਰਦੇ- ਚੌੜੀਆਂ ਛਾਤੀਆਂ ਪਿੱਟਦੀਆਂ ਨਹੀਂ ਹੁੰਦੀਆਂ ਕੁਝ ਕਰਕੇ ਵਿਖਾਉਂਦੀਆਂ ਨੇ- ਜੇ ਸ਼ਬਦਾਂ ਦਾ ਸੇਕ ਏਨਾ ਹੈ ਤਾਂ ਮਾਣ ਕੇ ਤਾਂ ਵਿਖਾ ਮਹਿੰਗੇ ਸੂਟਾਂ ਦਾ ਚਾਅ ਕੇਹਾ- ਜਰਾ ਨੰਗੇ ਤਨ ਤਾਂ ਦੇਖ ਰੁਲਦੇ ਫੁੱਟ ਪਾਥਾਂ ਤੇ-ਸਿਤਾਰੇ ਕੌਣ ਢਕੇਗਾ ਉਹਨਾਂ ਨੂੰ ਲੋਗੜੇ ਕੋਸੇ ਬੋਲਾਂ ਨਾਲ ਕਦ ਹੋਵੇਗਾ ਚਾਨਣ ਉਹਨਾਂ ਦੀਆਂ ਕੁੱਲੀਆਂ ਚ ਉਹਨਾਂ ਦੀਆਂ ਪਲਕਾਂ ਦੇ ਹੰਝੂ ਕਦ ਸੁੱਕਣਗੇ ਕਦ ਪੱਕੇਗੀ ਚੰਦ ਵਰਗੀ ਰੋਟੀ ਪੇਟ ਦੇ ਚੁੱਲ੍ਹੇ ਤੇ- ਭਾਸ਼ਣਾਂ ਨਾਲ ਜੇ ਪੇਟ ਭਰਦੇ ਤਾਂ ਭਾਰਤ ਦਾ ਨਕਸ਼ਾ ਭੁੱਖਾ ਨਾ ਕੁਰਲਾਂਦਾ- ਮਾਂਵਾਂ ਟੁੱਕ ਦਾ ਜ਼ਿਕਰ ਅਰਦਾਸਾਂ ਚ ਨਾ ਕਰਦੀਆਂ ਤਨ ਢਕਣ ਲਈ ਇਨਸਾਨੀਅਤ ਪੱਤ ਨਾ ਓੜਦੀ- ਇਹ ਜੋ ਟੀਵੀ ਬੋਲਦੇ ਨੇ ਸਾਰੇ ਤੇਰੀ ਛਾਤੀ ਦੀ ਚੌੜਾਈ ਦਾ ਵਰਨਣ ਨਹੀਂ ਕਰਨਗੇ ਲੋਕਾਂ ਦੇ ਪੇਟ ਦੀ ਭੁੱਖ ਦੀ ਕਥਾ ਸਨਾਉਣਗੇ ਭੁੱਖੇ ਘਰਾਂ ਚ ਕਦੇ ਦੀਵੇ ਨਹੀਂ ਜਗਦੇ ਨੰਗੇ ਤਨਾਂ ਚ ਨਿੱਘ ਨਹੀ ਹੁੰਦੇ- ਕੁਫ਼ਰ ਬੋਲਦੇ ਨੇ- ਟੀਵੀ ਦੇ ਇਹ ਡੱਬੇ ਜਾਲ ਦੇਣ ਦਾ ਵਕਤ ਹੈ ਹੁਣ ਇਹਨਾਂ ਨੂੰ ! ਸੁੱਚੇ ਸ਼ਬਦ ਤੇ ਕਲਮ ਹੀ ਲੋਕ ਆਵਾਜ਼ ਹੁੰਦੀ ਹੈ ਸੁੱਖ ਮੰਗਦਾ 2 ਦੇਸ਼ ਦੁੱਖਾਂ ਚ ਘਿਰ ਗਿਆ ਹੈ ਦਿਨ ਰਾਤ ਦੁੱਖ ਓੜ ਕੇ ਸੌਂਦੇ ਨੇ ਘੜੀ ਪਲ ਮੂੰਹ'ਚੌਂ ਸ਼ਬਦ ਨਾ ਬੋਲੋ ਦੁੱਖ ਹੈ ਤਾਂ ਚੀਸਾਂ ਨਾ ਦੱਸੋ? ਇਹ ਕਿਹੜਾ ਲੋਕ ਤੰਤਰ-ਮੰਤਰ ਨਿੱਤ ਸ਼ਬਦ ਹੀ ਤਵੀਆਂ ਤੇ ਬੈਠਣ ਸਲੀਬਾਂ ਝੂਟਣ -ਸੀਸ ਦੇਣ- ਨੀਹਾਂ ਚ ਵੀ ਏਹੀ ਗਾਉਣ ਕੰਡਿਆਂ ਤੇ ਵੀ ਏਹੀ ਸਾਉਣ-

ਇਹ ਜੋ ਦਸੂਤੀ ਤੇ

ਇਹ ਜੋ ਦਸੂਤੀ ਤੇ ਤਾਰੇ ਕੱਢਦੀਆਂ ਨੇ ਸੂਈਆਂ ਧਾਗਿਆਂ ਨਾਲ ਫੁੱਲ ਮੋਰ ਬਣਾ ਦੇਣ ਬਹੁਤ ਸੂਖ਼ਮ ਨੇ ਰੀਝਾਂ ਇਹਨਾਂ ਦੀਆਂ ਡਾਲੀਆਂ ਬਣਾ ਚਿੜ੍ਹੀਆਂ ਤੋਤਿਆਂ ਨੂੰ ਬੈਠਣ ਸਾਹ ਲੈਣ ਦਾ ਆਸਰਾ ਦੇਣ- ਧਾਗਿਆਂ ਨਾਲ ਨਵੇਂ ਰਾਹ ਉਸਾਰ ਕੇ ਦੱਸ ਦਿੰਦੀਆਂ ਨੇ ਰੰਗਾਂ ਨੂੰ ਵਿਛਾ ਪੀਘਾਂ ਪਾ ਦੇਣ ਅੰਬਰਾਂ ਤੇ- ਕੁੱਖਾਂ 'ਚੋਂ ਨਾਨਕ ਰਿਸ਼ਮਾਂ ਬਖ਼ਸ਼ਣ ਪੈਦਾ ਕਰਨ ਗੋਬਿੰਦ ਯੋਧੇ- ਕੰਘੀਆਂ ਨਾਲ ਵਾਲ ਸੁਆਰ ਸਿਰਾਂ ਤੇ ਤਾਜ ਸਜਾ ਦੇਣ ਨਵੇਂ ਪਾ ਦੇਣ ਡਾਕ ਬੰਗਲੇ ਇਹ ਸਜਣ ਤਾਂ ਦੁਨੀਆਂ ਸਜਦੀ ਚੰਗੇ ਲੱਗਣ ਘਰਾਂ ਦੇ ਬੂਹੇ ਨੱਚਣ ਕੁੱਦਣ ਵਿਹੜੇ ਜਗਣ ਮਘਣ ਰਸੋਈਆਂ ਚੰਨ ਪੱਕਣ ਹਥੇਲੀਆਂ ਚ ਗੀਤ ਕੋਈ ਜਾਗੇ ਰੱਜੇ ਜੱਗ ਰਾਗ ਆਉਣ ਛੱਤਾਂ ਤੇ- ਸੁਰਾਂ ਰੰਗਣ ਬਾਰੀਆਂ ਬੂਹੇ ਮਹਿਕਣ ਹਵਾਵਾਂ ਜੇ ਇਹ ਖਿਲਾਰਣ ਸੁਗੰਧੀਆਂ ਇਹ ਚੁੱਪ ਵਸੇ ਨਾ ਦੁਨੀਆਂ - ਪਿਆਰ ਨਾ ਟੁਰਨ ਘਰਾਂ ਤੋਂ ਬਾਹਰ ਇਹ ਹੋਣ ਤਾਂ ਬੂਹੇ ਖੁੱਲਣ ਭਰੇ ਰਹਿਣ ਸੰਦੂਕ ਭੜੋਲੇ ਦੇਖ ਕੌਣ ਬੂਹਿਆਂ ਦੇ ਉੱਤੇ ਚੰਦ ਰਾਤ ਕਿੱਕਲੀਆਂ ਪਾ 2 ਸੁੱਤੇ ਦਿਨਾਂ ਵੇ ਪਹਿਰ ਆਉਣ ਹਰ ਰੁੱਤੇ ਘਰ ਪੰਘੂੜੇ ਇਹਨਾਂ ਦੇ ਭੁੱਖੇ 'ਨ੍ਹੇਰ ਨਾ ਹੋਰ ਚਾਨਣੀ ਲੁੱਟੇ-

ਓਦੋਂ ਤਾਂ ਤੂੰ ਵੀ ਬਾਪੂ

ਓਦੋਂ ਤਾਂ ਤੂੰ ਵੀ ਬਾਪੂ ਪੁੱਤ 2 ਕਰਦਾ ਹੁੰਦਾ ਸੀ ਮੈਨੂੰ ਹੱਥਾਂ ਚ ਚੁੱਕ ਉਛਾਲਿਆ ਕਰਦਾ ਸੀ- ਅਰਸ਼ਾਂ ਤੀਕ ਕਹਿੰਦਾ ਹੁੰਦਾ ਸੀ ਤੱਤੀ ਵਾ ਨਾ ਲੱਗੇ- ਮੇਰੀ ਧੀ ਨੂੰ ਜਿਸ ਦਿਨ ਤੋਂ ਵੀਰ ਨੇ ਘਰ ਚ ਪੈਰ ਪਾਇਆ- ਤੂੰ ਵੀ ਪਰੇ ਹਟ ਗਿਆ ਸੀ ਮੈਥੋਂ ਕਦਮ ਕੁ ਮਾਂ ਨੇ ਵੀ ਵਿਸਾਰ ਦਿਤਾ ਸੀ ਚੱਪਾ ਕੁ ਪਲ 2 ਪਹਿਰ 2 ਗੀਤ ਬਣਦਾ ਗਿਆ- ਤੈਨੂੰ ਪੁੱਤ ਦਾ ਚਾਅ ਸੀ- ਮੈਨੂੰ ਰੀਝਾਂ ਦੀ ਹਾਅ ਸੀ- ਗੁੱਡੀਆਂ ਪਟੋਲੇ ਹੀ ਮੇਰੇ ਸਾਥੀ ਰਹਿ ਗਏ- ਮੇਰੇ ਹੋ ਕੇ ਨੇੜੇ ਬਹਿ ਗਏ ਅੰਬਰ ਤਾਰੇ ਸੁਪਨੇ ਰਹਿ ਗਏ ਓਸ ਦਿਨ ਸੱਧਰਾਂ ਚ ਇੱਕ ਮਾਹੀ ਗੁੰਦਿਆ ਸੀ- ਚੁੰਨੀ ਰੰਗਾਈ ਸੀ- ਓਹਦੀ ਪੱਗ ਵਰਗੀ- ਕੰਧਾਂ ਟੱਪ ਕੇ ਪਤਾ ਨਹੀਂ ਕਿੱਧਰੋਂ ਜਵਾਨੀ ਜੇਹੀ ਆ ਗਈ - ਸੇਕ ਚੜ੍ਹ ਗਿਆ ਅੰਗੀਂ ਸੰਗੀਂ ਜ਼ਿੰਦ ਨਿਕਰਮੀਂ   ਅੱਗ ਦੇ ਗੀਤ ਬਣ ਗਏ ਸਭ ਖ਼ਾਬ ਬਰਤਨ ਰੋਟੀ ਬਣ ਗਏ ਰਾਗ ਕੁੜੀਆਂ ਧੀਆਂ ਨੇ ਨਾਲ ਕੀ ਲੈ ਜਾਣਾ ਸੀ- ਮੈਂ ਤਾਂ ਆਪਣੀ ਦੌਲਤ ਗੁੱਡੀਆਂ ਪਟੋਲੇ ਵੀ ਛੱਡ ਗਈ- ਨਾ ਰਾਹਾਂ ਦਾ ਪਤਾ ਸੀ ਨਾ ਬੇਗਾਨੇ ਪਿੰਡ ਦੀ ਜੂਹ ਹੀ ਜਾਣਦੀ ਸੀ- ਮਾਂ ਤੂੰ ਦੱਸ ਤਾਂ ਸਈ ਤੂੰ ਕਿੰਜ਼ ਹਿੱਕ ਤੋਂ ਲਾਹ ਔਝੜ ਪੱਗਡੰਡੀਆਂ ਤੇ ਟੋਰ ਦਿਤਾ ਮੈਨੂੰ- ਓਸ ਦਿਨ ਅੰਗਾਂ ਚ ਤਾਰੇ ਵੀ ਜਗਦੇ ਸਨ ਪਿੰਡ ਰਹਿ ਗਈ ਖੇਡਣ ਵਾਲੀ ਥਾਂ ਵੀ ਰੋਂਦੀ ਸੀ- ਇੱਕ ਪਾਸੇ ਲੋਹੜੇ ਦੇ ਚਾਅ ਸਨ ਦੂਸਰੇ ਪਾਸੇ ਹੰਝੂਆਂ ਚ ਵਿਯੋਗ ਕੱਲਾ ਬੈਠਾ ਸੀ ਬਹੁਤ ਕਵਿਤਾਵਾਂ   ਕੁੜੀਆਂ ਧੀਆਂ ਬਣ ਉਸ ਦਿਨ ਮੈਨੂੰ ਮੁਖਾਤਿਬ ਹੋਈਆਂ ਸਨ ਮਨ ਵਿੱਚ ਧੀਆਂ ਦੇ ਪਿਆਰ ਦੀ ਹੋਂਦ ਦਾ ਨਿੱਘਾ ਅਹਿਸਾਸ ਡੁੱਸਕਿਆ ਸੀ ਓਸ ਦਿਨ- ਧੀਆਂ ਧਿਆਣੀਆਂ ਨੂੰ ਸਰਬ ਸਾਝੀਆਂ ਸਮਝ ਸਨਮਾਨ ਤਾਂ ਵੰਡਣ ਉਮਰ ਭਰ ਟੰਗਣ- ਜਰਾ ਨਾ ਸੰਗਣ ਹਰ ਪਿਓ ਧੀ ਦੀਆਂ ਰੀਝਾਂ ਪੂਰੀਆਂ ਕਰੇ ਪਰ ਆਪਣੇ ਹੀ ਲਿਖੇ ਭਾਸ਼ਣ ਨਾ ਪੜ੍ਹੇ ਕੁੱਖਾਂ ਖੋਰਨ ਵਾਲੀਆਂ ਮਸ਼ੀਨਾਂ ਤੋਂ ਨਾ ਡਰੇ ਰਾਜਾਨੁ ਜੰਮਣ ਵਾਲਾ ਖਬਰੇ ਪੰਨਾ ਕਿਉਂ ਸੜੇ ਜੇ ਮੈਂ ਘਰ ਦੀ ਇੱਜ਼ਤ ਸੀ ਤਾਂ ਕਿਸੇ ਆਲ੍ਹੇ ਚ ਤਾਂ ਜਗਣ ਦਿੰਦਾ- ਮੈਂ ਕਿਉਂ ਚੁੰਨੀ ਚਿੱਟੀ ਬਣ ਬੈਠਾਂ ਕਿਉਂ ਨਾ ਜੜਾਂ ਰਾਤਾਂ ਵਿਚ ਰਾਂਝਾ ਕਿਉਂ ਨਾ ਭਾਬੀ ਸ਼ਾਮ ਬਣਾ ਨੱਚਾਂ- ਵੀਰ ਬਣਨ ਘਰਾਂ ਦੀਆਂ ਪੱਗਾਂ ਓਹਨਾਂ ਬਾਂਝ ਤਾਂ ਮੇਰੇ ਗੀਤ ਉਦਾਸੇ ਰਾਂਝਣ ਰੀਝਾਂ ਦਾਗ ਨਾ ਲੱਗਣ ਢਾਕੇ ਅੱਗਾਂ ਝਨਾਂ ਇਹ ਵੱਗਣ ਨੀ ਤਾਂਹੀ ਤਾਰੇ ਚੰਨ ਇਹ ਜਗਣ

ਪੁੱਤ ਮੈਂ ਕਦ ਕਿਹਾ ਹੈ

ਪੁੱਤ ਮੈਂ ਕਦ ਕਿਹਾ ਹੈ ਕਿ ਤੂੰ ਦੀਵੇ ਨਾ ਬਾਲ ਰਾਮ ਦੇ ਅਯੋਧਿਆ ਪਰਤਣ ਤੇ ਜਸ਼ਨ ਨਾ ਮਨਾ ਨਰਕਾਸੁਰ ਦਾ ਅੰਤ ਨਾ ਕਰ ਸਮੂਹਿਕ ਵਿਅਕਤੀਗਤ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਨਾ ਫੈਲਾਏ ਦੀਪਕ ਅੰਧਕਾਰ 'ਤੇ ਪ੍ਰਕਾਸ਼ ਦੀ ਫਤਹਿ ਨਾ ਹੋਵੇ ਧਾਰਮਿਕ, ਸਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਅਗਾਂਹ ਨਾ ਪੱਬ ਧਰੇ ਘਰਾਂ ਨੂੰ ਸਾਫ ਕਰੇ ਨਵੇਂ ਕੱਪੜੇ ਨਾ ਪਹਿਨੇ ਜੈਪੁਰ ਧਨਤੇਰਸ ਵਾਂਗ ਮਠਿਆਈਆਂ ਦੇ ਉਪਹਾਰ ਇੱਕ ਦੂਜੇ ਨੂੰ ਨਾ ਵੰਡੇ ਕੌਣ ਨਹੀਂ ਚਾਹੁੰਦਾ ਰੋਸ਼ਨੀ ਵੰਡੋ ਬਜ਼ਾਰ ਸਜਾਓ ਰੌਣਕ ਵਧੇ-ਦਰ ਘਰ ਆਉਣ ਖੁਸ਼ੀਆਂ ਹਿੰਦੂਆਂ ਸਿੱਖਾਂ ਮੁਸਲਮਾਨਾਂ 'ਚ ਸਾਝਾਂ ਵਧਾ ਹਰਿਮੰਦਰ ਦੀ ਅਲੌਕਿਕ ਆਭਾ ਨਿਹਾਰ ਮਹਾਰਾਜ ਹਜੂਰੀ ਕੀਰਤਨ ਹੋਵੇ ਸਰੋਵਰ ਇਸ਼ਨਾਨ ਕਰਾਵੇ- ਝੋਲੀਆਂ ਭਰਨ ਸੁੱਖ ਸੰਤੋਖ ਮਹਿਕੇ ਮੈਂ ਨਿੱਤ ਚਾਹੁੰਦੀ ਹਾਂ- ਦੇਸ਼ ਵਿਦੇਸ਼ ਖੁਸ਼ੀਆਂ ਪ੍ਰਾਪਤ ਕਰਨ ਪੁੱਤ ਕਮਾਉਣ ਤੇ ਪ੍ਰੀਵਾਰ ਰਹਿਣ ਹੱਸਦੇ ਰਾਜਿਆਂ ਨੂੰ ਹੀ ਨਹੀਂ ਬੇਗੁਨਾਹਾਂ ਨੂੰ ਵੀ ਛੁਡਾਵੋ ਹਰਿਮੰਦਰ ਸਜਾਵੋ ਦੇਸੀ ਘਿਓ ਦੇ ਦੀਵੇ ਜਗਾਵੋ - ਰੱਤ ਦੇ ਨਾ ਜਗਣ ਦੀਵੇ- ਮਨੀ ਸਿੰਘ ਕਿਉਂ ਜਕਰੀਆ ਖਾਨ ਦੇ ਕਹੇ 'ਕੱਲਾ ਬੇਚਾਰਾ ਬੰਦ ਬੰਦ ਕਟਵਾਏ ਸਿੰਘ ਸਿੰਘਣੀਆਂ ਸੀਸ ਕਿਉਂ ਦੇਣ ਖੋਪਰੀਆਂ ਕਿਉਂ ਲੁਹਾਉਣ ਤੇਰੇ ਆਤਿਸ਼ਬਾਜੀ ਅਨਾਰ, ਫੁੱਲਝੜੀਆਂ, ਪਟਾਕੇ ਤਾਂ ਚੱਲਣ ਪਰ ਕੋਈ ਮੇਰੇ ਘਰ ਵਰਗੀ ਦੁੱਖਦਾਈ ਘਟਨਾ ਨਾ ਕਿਸੇ ਘਰ ਦਰ ਵੜ੍ਹੇ ਨਸ਼ੇ ਦੀ ਹਵਾ ਨਾ ਲੈ ਜਾਵੇ - ਮੇਰੇ ਗੇਲੀਆਂ ਵਰਗੇ ਪੁੱਤਾਂ ਨੂੰ ਦਰਾਂ ਤੇ ਨਾ ਉਡੀਕਦੀਆਂ ਰਹਿ ਜਾਣ ਵੀਰਾਂ ਨੂੰ ਭੈਣਾਂ ਪੁੱਤ ਅੱਜ ਦੀਵਾਲੀ ਵਾਲੇ ਦਿਨ ਹਜ਼ਾਰਾਂ ਰੁਪਏ ਰਾਖ ਕਰਨ ਨਾਲੋਂ ਭੁੱਖੇ ਪੇਟਾਂ ਨੂੰ ਅੰਨ ਕੱਪੜੇ ਵੰਡ ਕੇ ਆਓ - ਤਨ ਢਕੋ ਨੰਗੀਆਂ ਫਿਰਦੀਆਂ ਕੰਬਦੀਆਂ ਰਾਤਾਂ ਦੇ ਪੇਟ ਲਈ ਬਖ਼ਸ਼ੋ ਟੁੱਕ ਮੁੱਦਤਾਂ ਤੋਂ ਭੁੱਖੀਆਂ ਪਿਆਸੀਆਂ ਸ਼ਾਮਾਂ ਦੇ- ਦੀਵਾਰਾਂ ਸਜਾਇਓ ਉੱਜੜੇ ਮਾਵਾਂ ਦੇ ਘਰਾਂ ਦੀਆਂ ਇੱਕ 2 ਦੀਵਾ ਜਾ ਟਿਕਾਇਓ ਉਹਨਾਂ ਦੇ ਦਰਾਂ ਤੇ ਅਗਲੀ ਸਵੇਰ ਦਾ ਸੂਰਜ ਤੁਹਾਨੂੰ ਯਾਦ ਕਰੇਗਾ- ਮੇਰੇ ਵਰਗੀਆਂ ਨਿਕਰਮਣਾਂ ਦੇ ਸਰਾ੍ਹਣੇ ਜੇ ਕਿਤੇ ਦੀਵਾ ਬਾਲ ਦਿਓਗੇ ਤਾਂ ਸੰਸਾਰ 'ਚ ਚਾਨਣ ਹੋ ਜਾਵੇਗਾ - ਸੁੰਨ੍ਹੇ ਘਰੀਂ ਮਾਂਵਾਂ ਵੀ ਹੋਰ ਚਾਰ ਸਾਹ ਲੈ ਲੈਣਗੀਆਂ ਚਿੜ੍ਹੀਆਂ ਦੇ ਆਲ੍ਹਣਿਆਂ ਚ ਵੀ ਚੀਂ 2 ਕਰਨਗੇ ਨਵਜਨਮੇਂ ਬੋਟ ਦਰਾਂ ਤੇ ਰੌਣਕਾਂ ਆ ਕਿਰਨਗੀਆਂ ਗਲੀਆਂ ਚ ਤਾਰੇ ਉੱਤਰ ਆਉਣਗੇ ਰੌਸ਼ਨੀ ਕਰਨ- ਇੰਜ਼ ਕਰੀਂ ਪੁੱਤ ਅੱਜ ਦੀਵਿਆਂ ਚੋਂ ਨਫ਼ਰਤ ਮਾਂਜ ਪਿਆਰ ਦੀਆਂ ਬੱਤੀਆਂ ਪਾਵੀਂ ਜੇ ਸਾਝਾਂ ਦਾ ਤੇਲ ਮਿਲ ਜਾਵੇ ਤਾਂ ਦੁਨੀਆਂ ਦੇ ਜ਼ਿਹਨ 'ਚੋਂ ਜੰਗਾਂ ਮਰ ਜਾਣਗੀਆਂ- ਜ਼ਹਾਨ ਨਿਸਚਿੰਤ ਹੋ ਰਾਤ ਭਰ ਸੌਂ ਸਕੇਗਾ-   ਜਾਹ ਪੁੱਤ ਇਹੋ ਜੇਹੇ ਦੀਵੇ ਲਿਆ ਕਿਤਿਓਂ ਜੇ ਹਨ੍ਹੇਰਾ ਪੂੰਝਣਾਂ ਹੈ ਤਾਂ ਜੇ ਸਵੇਰਾ ਲੱਭਣਾਂ ਹੈ ਕਿਤਿਓਂ- ਫਿਰ ਮੇਰੇ ਕਾਲਜੇ ਠੰਢ ਪਵੇਗੀ- ਫਿਰ ਦੁਨੀਆਂ ਤੇ ਧਰਤ ਜਗੇਗੀ-

ਉਹ ਮੈਨੂੰ ਗਾਉਂਦਾ ਹੱਸਦਾ ਆਪ

ਉਹ ਮੈਨੂੰ ਗਾਉਂਦਾ ਹੱਸਦਾ ਆਪ ਕੁਝ ਹਫਤੇ ਪਹਿਲਾਂ ਹੀ ਫੰਕਸ਼ਨ ਤੇ ਮਿਲਿਆ ਮੈਂ ਆਪਣੇ ਹੱਥੀਂ ਓਹਦੀ ਕਲਮ ਤੇ ਅਵਾਜ਼ ਨੂੰ ਸਨਮਾਨਿਆ - ਅੱਜ ਓਹਦੇ ਲਈ ਧਰਤੀ ਰੋਈ ਸੰਸਾਰ ਤੇ ਅੰਬਰ ਚੋਇਆ ਕਿਸੇ ਨੇ ਮਾਂ ਤੋਂ ਪੁੱਤ ਖੋਹ ਲਿਆ ਜੱਗ ਰੁਲਾ ਦਿਤਾ ਕਿਸੇ ਦਾ- ਉਹ ਸੱਭ ਦਾ ਯਾਰ ਸੀ ਕਿਸੇ ਲੋਕ ਗੀਤ ਵਰਗਾ ਕਿਸੇ ਨਿਕਰਮਣੀ ਭੈਣ ਦਾ ਪਿਆਰ ਗੁਆਚ ਗਿਆ ਕੱਲ- ਪੰਜਾਬੀ ਕਮਿਊਨਟੀ ਦਾ ਸ਼ਿੰਗਾਰ ਮਨੁੱਖਤਾ ਦਾ ਪਿਆਰ, ਕਤਲ ਕਰ ਦਿੱਤਾ ਗਿਆ ਜਲਣਸ਼ੀਲ ਲੀਕੁਡ ਪਾ   ਸਕਿੰਟਾਂ ਵਿੱਚ ਰਾਖ ਕਰ ਦਿਤਾ- ਕਿਸੇ ਦਰਿੰਦੇ ਨੇ- ਸ਼ਹਿਰ ਰੁੱਕ ਗਿਆ ਸੀ ਵਗਦਾ ਹਵਾ ਰੋ ਪਈ ਸੀ- ਧੂੰਏਂ ਚੋਂ ਨਿਕਲੀਆਂ ਚੀਕਾਂ ਸੁਣ ਕੇ ਕਿਸੇ ਨੇ ਨੇੜੇ ਆ ਬਲਦੀਆਂ ਰੀਝਾਂ ਨਾ ਬੁਝਾਈਆਂ ਕਿਸੇ ਮਾਂ ਦੀਆਂ ਕਿਸੇ ਬਾਪ ਦੇ ਸੜਦੇ ਖ਼ਾਬਾਂ ਤੇ ਪਾਣੀ ਨਾ ਪਾਇਆ- ਦੇਖਦਿਆਂ ਹੀ ਦੇਖਦਿਆਂ ਇੱਕ ਫੁੱਲ ਜਲ ਕੇ ਸੁਆਹ ਹੋ ਗਿਆ- ਇੱਕ ਅਵਾਜ਼ ਗਾਉਂਦੀ ਬੰਦ ਹੋ ਗਈ- ਇੱਕ ਗੀਤ ਦੇ ਬੋਲ ਮਰ ਗਏ- ਕਿੱਥੇ ਏਂ ਦਰਿੰਦਿਆ ਇੱਕ ਵਾਰ ਦੱਸ ਤਾਂ ਸਈ ਕਿ ਤੇਰਾ ਕੀ ਖੋਹ ਲਿਆ ਸੀ ਉਸਨੇ ਕਿਹੜਾ ਖੰਜ਼ਰ ਡੁਬੋ ਦਿਤਾ ਸੀ ਤੇਰੀਆਂ ਸੱਧਰਾਂ ਚ ਜ਼ਾਲਮਾਂ ਏਦਾਂ ਤਾਂ ਜਲਾਦ ਵੀ ਨਹੀਂ ਕੋਹਦੇਂ- ਏਦਾਂ ਤਾਂ ਹੈਵਾਨੀਅਤ ਵੀ ਨਹੀਂ ਲਹੂ ਚ ਹੱਥ ਧੋਂਦੀ-   ਜੇ ਸਾਡੀਆਂ ਸਰਕਾਰਾਂ ਕਿਤੇ ਚੰਗੀਆਂ ਹੋਣ ਮਾਂਵਾਂ ਦੀਆਂ ਰੀਝਾਂ ਏਦਾਂ ਬਦੇਸ਼ਾਂ ਚ ਆ ਕੇ ਨਾ ਗੁਆਚਣ ਕਿਉਂ ਸ਼ੇਰਾਂ ਵਰਗੇ ਅਸੀਂ ਯਾਰ ਗੁਆਈਏ ਫਿਰ ਕਿਉਂ ਸੁਪਨੇ ਸੁੱਕਣੇ ਪਾਈਏ

ਦੋਸਤੀ ਕਿੱਥੇ ਪੁੱਛਦੀ ਹੈ ਅੱਜਕਲ

ਦੋਸਤੀ ਕਿੱਥੇ ਪੁੱਛਦੀ ਹੈ ਅੱਜਕਲ ਕਿ ਕੀ ਕੀ ਬੀਤਿਆ ਮੁਹੱਬਤ ਦੀ ਸ਼ਾਮ ਨਾਲ ਪਹਿਲੀ ਮੁਲਾਕਾਤ ਬਾਅਦ ਤੇ ਕਿਰਦੇ ਹੰਝੂਆਂ ਨਾਲ ਤੇਰੀ ਪਹਿਲੀ ਮੁਸਕਰਾਹਟ ਨੇ ਕੀ 2 ਨਹੀ ਕੀਤਾ- ਖਬਰੇ ਕਿਸੇ ਨੂੰ ਖਤਮ ਹੋਏ ਸਾਹ ਮਿਲ ਗਏ ਹੋਣ ਲੱਭ ਪਈ ਹੋਵੇ ਕਿਤਾਬ ਗੁਆਚੀ- ਜਾਂ ਚਿਰਾਂ ਤੋਂ ਵਿਛਿੜਿਆ ਯਾਰ- ਕੀ ਕਰਾਂ ਮੈਂ ਆਪਣੇ ਹੰਝੂਆਂ ਦਾ ਕਿੱਥੇ ਸੁੱਕਣੇ ਪਾਵਾਂ ਤੇਰੀਆਂ ਦਿਤੀਆਂ ਝੂਠੀਆਂ ਤਸੱਲੀਆਂ ਕੌਣ ਵਿਰਦਾ ਹੈ ਅੱਜਕਲ ਬੰਸਰੀ ਨਾਲ ਜਿੱਥੋਂ ਤੂੰ ਅਲਵਿਦਾ ਕਹਿ ਟੁਰ ਗਈ- ਓਥੇ ਖੜੇ ਰੁੱਖਾਂ ਦਾ ਹਾਲ ਪੁੱਛ ਨੇੜੇ ਤੇੜੇ ਡਿੱਗੇ ਪਰਿੰਦਿਆਂ ਦੇ ਜ਼ਖ਼ਮ ਟੋਹ ਹੱਥ ਰੱਖ ਕੇ ਦੇਖ ਓਹਨਾਂ ਦੀ ਚੀਸ ਤੇ- ਖਬਰੇ ਕਿਹੜੀ ਕਾਹਲ ਸੀ ਤੇਰੇ ਰਾਹਾਂ ਨੂੰ ਤੇਰੀਆਂ ਹਵਾਵਾਂ ਨੂੰ- ਤੈਨੂੰ ਨਹੀਂ ਪਤਾ ਕਿ ਕੀ ਬੀਤਦੀ ਹੈ-

ਪਤਾ ਨਹੀ ਕੀ ਲੱਭਦੇ ਨੇ ਉਹ

ਪਤਾ ਨਹੀ ਕੀ ਲੱਭਦੇ ਨੇ ਉਹ ਸਦੀਆਂ ਤੋਂ - ਮਰਮਰ ਦੀਆਂ ਪੌੜੀਆਂ ਤੇ ਚੜ੍ਹਦੇ ਉੱਤਰਦੇ ਨਾਰੀਅਲ ਤੇ ਸੰਧੂਰਾਂ ਦੀ ਮਹਿਕ ਵੀ ਨਹੀਂ ਮਾਣਦੇ ਪਤਾ ਨਹੀਂ ਕੀ ਛੁਪਿਆ ਹੈ ਤੇ ਹੈ ਉਹ ਕਿੱਥੇ- ਕਿਸੇ ਦੀ ਐਨਕ ਸ਼ੀਸ਼ਿਆਂ ਦਾ ਨੰਬਰ ਵੀ ਨਹੀਂ ਤੱਕ ਸਕਿਆ ਓਹਦੀ ਕੋਠੜੀ ਦਾ ਬੂਹਾ- ਫ਼ਰੇਮ ਮੂਰਤਾਂ ਚ   ਮੁੱਦਤਾਂ ਤੋਂ ਪਿਆਸੇ ਕਿਰਤ ਦੀ ਲੁੱਟ ਤੋਂ ਬਾਅਦ ਤੁਰ ਪੈਂਦੀ ਹੈ ਸੰਗਤ ਤੋਂ ਮੁਆਫ਼ੀਆਂ ਮੰਗਣ ਖਲਕਤ ਮੰਦਿਰ ਦੇ ਮਹਿਰਾਬ ਸਿੰਗਾਰਨ- ਸੋਨੇ ਦੇ ਹਾਰ ਬਣਾ 2 ਕੰਧਾਂ ਤੇ ਟੰਗਣ ਕੋਈ ਵੱਡਾ ਭਾਗ ਨਹੀਂ ਹੁੰਦਾ ਤੇ ਨਾ ਹੀ ਕਦੇ ਪੱਲੇ ਚ ਪੈਂਦਾ ਜੇ ਮੰਜ਼ੇ ਤੇ ਪਏ ਬੀਮਾਰ ਮਾਂ ਬਾਪ ਦਾ ਹਾਲ ਚਾਲ ਨਾ ਪੁੱਛਿਆ ਕਿਸੇ ਬੀਮਾਰ ਨੂੰ ਘਰ ਤੜਫ਼ਦਾ ਛੱਡ ਕਾਰ ਚੱਕ ਮੱਥੇ ਘਸਾਉਣ ਤੇ ਮੰਨਤਾਂ ਕੱਠੀਆਂ ਕਰਨ ਜਾਣਾ ਮੰਗਣ ਜਾਣਾ ਅਰਾਮ ਦੀਆਂ ਘੜੀਆਂ ਲੱਭਣ ਜਾਣੀ ਮਹਿਮਾ ਤੇ ਚੁਗਲੀਆਂ ਕਰ ਘਰੀਂ ਪਰਤ ਆਉਣਾ ਕਿਤਿਓਂ ਨਹੀਂ ਕੁਝ ਲੱਭਣਾਂ- ਐਨਕ ਬਦਲੋ ਜਾਂ ਸ਼ੀਸ਼ਿਆਂ ਦਾ ਨੰਬਰ ਚੈੱਕ ਕਰਵਾਓ- ਜਿਹਨੂੰ ਲੱਬਣ ਗਏ ਸੀ- ਉਹ ਤਾਂ ਬੂਹੇ ਤੇ ਹੀ ਦੁਰਕਾਰਿਆ ਗਿਆ ਸੀ- ਜੇ ਭਾਈ ਦੇ ਹੱਥ ਚ ਕੁਝ ਹੁੰਦਾ ਤਾਂ ਸ਼ੂਗਰ ਨਾਲ ਨਾ ਮਰਦਾ ਜੇ ਪ੍ਰਚਾਰਕ ਦੇ ਸੀਨੇ ਚ ਰਹਿਮਤ ਦੇ ਸ਼ਬਦ ਹੁੰਦੇ ਤਾਂ ਘਰੋਂ ਨਾ ਤੁਰਦਾ ਪੁਜਾਰੀ ਜੇ ਘਰ ਬੈਠ ਜਾਂਦਾ ਤਾਂ ਲਾਲਚ ਨਹੀਂ ਸੀ ਉਗਮਣਾਂ ਮਾਇਆ ਦਾ- ਅੰਬਰ ਨਹੀਂ ਸੀ ਓਹਦੇ ਹੱਥ ਆਉਣੇ- ਭੇਡਾਂ ਏਨੀਆਂ ਨੇ ਕਿ ਅੰਨ੍ਹੀਆਂ ਵਕਤ ਗੁਆ ਰਹੀਆਂ ਹਿਲਾ ਰਹੀਆਂ ਸਿਰ- ਬੀਨਾਂ ਤੇ ਨੱਚ ਰਹੇ ਹਨ ਕੰਨਾਂ ਤੋਂ ਰਹਿਤ ਸੱਪ ਸੱਪਣੀਆਂ ਵਾਜਿਆਂ ਟੱਲੀਆਂ ਤੇ ਸੁਰਾਂ ਚ ਚੀਸਾਂ ਗੁੰਨ੍ਹ ਲਈਆਂ ਹਨ ਰਾਗੀਆਂ ਮੰਡਲੀਆਂ ਨੇ ਬਿਨ ਤੇਜ਼ਾਬ ਛਿੜਕੇ ਪਲਕਾਂ ਤੇ ਘਰ ਦੇ ਕੰਮ ਵਿੱਚੇ ਛੱਡ ਭਾਈਆਂ ਦੇ ਨਾਲ ਹਾਲਾਂ ਚ ਗਾਉਂਦੀਆਂ ਜਰਾ ਹਵਾਵਾਂ ਵੱਲ ਨਜ਼ਰ ਮਾਰਿਓ- ਲੰਗਰ ਖਾ ਚਾਹਾਂ ਪੀ ਮਠਿਆਈਆਂ ਦਾ ਸੁਆਦ ਮਾਣ ਘਰਾਂ ਨੂੰ ਪਰਤ ਆਉਣਾ-ਚੁਗਲੀਆਂ ਕਰ ਵੰਡ 2 ਸੂਟਾਂ ਦਾ ਸੋਨੇ ਦੇ ਹਾਰਾਂ ਦਾ ਨਵੇਂ ਡੀਜ਼ਾਈਨਾਂ ਚ ਪਰਦਰਸ਼ਨ ਕਰ- ਗੁਰੂ ਅਰਜਨ ਦੇਵ ਦੀ ਸ਼ਹੀਦੀ ਮਨਾਉਣ ਦਾ ਕਿਹੜਾ ਢੰਗ ਕਿਹੜੇ ਸ਼ਹੀਦਾਂ ਦੀ ਯਾਦ ਦੀ ਪੈੜ ਤੇ ਕਦਮ ਕਿਹੜੀ ਨੀਹਾਂ ਚ ਚਿਣੇ ਗਏ ਸਿਤਾਰਿਆਂ ਦੀ ਸ਼ੋਭਾ ਖੰਡਿਆਂ ਤਰਸ਼ੂਲਾਂ ਤਲਵਾਰਾਂ ਝੰਡਿਆਂ ਦਾ ਪਰਦਰਸ਼ਨ ਕਿਹੜੀ ਸ਼ਾਂਤੀ ਦੇ ਮੁਹਾਂਦਰੇ ਦਾ ਖਿਲਾਰਾ ਕਿਹੜੀ ਖੁਸ਼ੀ 'ਚ ਆਤਸ਼ਬਾਜੀਆਂ ਗੋਲਕਾਂ ਦੀਆ ਕੁੱਖਾਂ 'ਚੋ ਹੋਟਾਂ ਤੇ ਕਦੇ ਮਿੱਠਤ ਨਾ ਉੱਤਰੇ ਢੰਡੋਰੇ ਪਿਆਰਾਂ ਦੇ- ਜ਼ਿਹਨ ਨਫ਼ਰਤਾਂ ਉੱਗਲਣ   ਆਪਣੇ ਹੀ ਵਾਤਾਵਰਣ ਤੇ ਨੇੜੇ ਖੜ੍ਹੀਆਂ ਇਬਾਦਤਾਂ ਲਈ - ਫਿਲਮਾਂ ਦੀਆਂ ਤਰਜ਼ਾਂ ਦੀ ਵਿਆਕਰਣ ਜਾਣਦਾ ਮਸ਼ਹੂਰ ਰਾਗੀ ਜਿੱਥੋਂ ਨਾਨਕ ਦਾ ਰਾਹ ਲੱਬਣਾ ਸੀ- ਗੁਆ ਕੇ ਆ ਗਏ ਸਿਰਨਾਵਾਂ ਓਹਦਾ- ਡੋਲ੍ਹ ਕੇ ਆ ਗਏ ਗੋਬਿੰਦ ਦੇ ਅੰਮ੍ਰਿਤ ਦੇ ਬੁੱਕ ਡਰ ਗਏ ਸੀਸ ਗੰਜ਼ ਦੇ ਦਰਾਂ ਤੇ ਸੀਸ ਡਿੱਗਦਾ- ਸ਼ਹਾਦਤ ਤਾਂ ਕੀ ਸਜਾਉਣੀ- ਸੀਸ ਨਾ ਚੱਕਦਾ ਕੋਈ ਡਰਦਾ-   ਚੰਗਾ ਤਾਂ ਏਹੀ ਹੈ- ਲਿਖ ਦਿਓ ਬੇਦਾਵਾ- ਬਹੁਤ ਵਿਕਦੀਆਂ ਨੇ ਚੂੜੀਆਂ ਰੰਗ ਬੇਰੰਗੀਆਂ ਤਲੀਆਂ ਤੇ ਮਹਿੰਦੀ ਮਲ ਲਓ- ਖੰਡੇ ਬਹੁਤ ਭਾਰੇ ਹੋ ਗਏ ਹਨ- ਕਿੰਨੀ ਔਖੀ ਹੋ ਗਈ ਹੈ ਅੱਜ ਸੱਚ ਦੀ ਅਵਾਜ਼ ਵੰਡਣੀਂ ਭਲਾਈ ਦੇ ਰੁਮਾਲਿਆਂ ਚ ਕੰਬਦੀ ਲੋਕਾਈ ਲਪੇਟਣੀ ਨਿੱਘ ਦੀਆਂ ਮੁੱਠਾਂ ਝੋਲੀਆਂ 'ਚ ਪਾਉਣੀਆਂ ਅੰਮ੍ਰਿਤ ਦਾ ਉਦੇਸ਼ ਪੜ੍ਹੋ ਗੋਬਿੰਦ ਦੇ ਬਾਟੇ 'ਚ ਪਤਾਸਿਆਂ ਨੂੰ ਖੋਰਦੇ ਖੰਡੇ ਤੋਂ ਨਾਨਕ ਦੀ ਮਾਲਾ ਦੇ ਮਣਕਿਆਂ ਤੋਂ ਲਿਖਿਆ ਪੜ੍ਹੋ- ਬਿਨ ਤਲਵਾਰਾਂ ਕਿੰਜ਼ ਜਿੱਤੀ ਦੀ ਦੁਨੀਆਂ ਦਲੀਲ ਉੱਕਰੋ ਸੀਨਿਆਂ ਤੇ ਮੱਥਿਆਂ ਤੇ ਉਪਕਾਰ ਸਜਾਓ- ਤਰਜਾਂ ਤੇ ਸਿਰ ਘੁਮਾਉਣੇ ਵੀ ਨਸ਼ਾ ਹੀ ਹੈ-

ਪੰਜਾਬ ਮੈਥੋਂ ਨਹੀਂ ਸੁਣੀਆਂ ਜਾਂਦੀਆਂ

ਪੰਜਾਬ ਮੈਥੋਂ ਨਹੀਂ ਸੁਣੀਆਂ ਜਾਂਦੀਆਂ ਤੇਰੀਆਂ ਤੇ ਤੇਰੇ ਦੁੱਖਾਂ ਦੀਆਂ ਕਹਾਣੀਆਂ ਤੈਨੂੰ ਮਾਣ ਸੀ ਆਪਣੇ ਖੇਤਾਂ ਪੁੱਤਾਂ 'ਤੇ ਅਸੀਂ ਭਰਦੇ ਰਹੇ ਤੇਰੇ ਖੀਸੇ- ਉਂਨੀਦਰੀਂਆਂ ਰਾਤਾਂ ਚੋਂ ਤਾਰਿਆਂ ਦੇ ਨਾਲ ਪੈਂਡੇ ਕਰਦੇ ਭੁੱਖੇ ਪਿਆਸੇ- ਪੰਜਾਬ ਤੇਰੇ ਹੱਥਾਂ ਚ ਪਾਣੀ ਦੀਆਂ ਸ਼ਹਿਰੋਂ ਆਈਆਂ ਬੋਤਲਾਂ ਫ਼ੜੀਆਂ ਦੇਖ ਕੇ ਮੈਂ ਸੌਂ ਨਹੀਂ ਸੀ ਸਕਿਆ ਪਹਿਲੀ ਰਾਤੇ- ਮੈਂਨੂੰ ਆਪਣੇ ਲਾਏ ਨਲਕੇ ਤੋਂ ਪਾਣੀ ਲੈਣ ਤੋਂ ਜਦੋਂ ਰੋਕਿਆ ਸੀ ਜਗੀਰੀ ਨਾਈ ਨੇ- ਕਹਿੰਦਾ ਸੀ ਕਿ ਹੁਣ ਪਾਣੀਆਂ ਚ ਜ਼ਹਿਰ ਆ ਗਈ ਹੈ- ਨਲਕੇ ਦਾ ਪਾਣੀ ਨਾ ਪੀ- ਮੇਰੇ ਹੱਥੋਂ ਨਲਕੇ ਦੀ ਹੱਥੀ ਛੁੱਟ ਗਈ ਸੀ ਓਦਣ- ਕੈਂਸਰ ਨਾਂ ਰੱਖ ਦਿਤਾ ਹੈ ਗੱਡੀ ਦਾ ਲੋਕਾਂ ਨੇ- ਮਿੱਟੀ ਦੇ ਕਣਾਂ ਨੂੰ ਰੋਗ ਲੱਗ ਗਏ ਹਨ- ਜਦ ਕਿਸੇ ਆਡ ਤੇ ਲੇਟ ਕੇ ਪਸ਼ੂ ਚਾਰਦਾ 2 ਪਿਆਸ ਬੁਝਾ ਲੈਂਦਾ ਸੀ-ਅਰਸ਼ ਛੂਹ ਲੈਂਦਾ ਸਾਂ ਹੁਣ ਖਾਲੀ ਸੁੱਕੀਆਂ ਆਡਾਂ ਖੇਤ ਦੇਖ 2 ਹੰਝੂ ਕਿਰਨੋਂ ਨਹੀਂ ਰੋਕੇ ਜਾਂਦੇ   ਹੁਣ ਨਾ ਤਾਂ ਆਡਾਂ ਚ ਪਾਣੀ ਹੈ ਤੇ ਨਾ ਹੀ ਧਰਤ ਦੀ ਸਤਿਹ ਦੀਆਂ ਪਰਤਾਂ ਚ ਕਿਤੇ ਬਚਣਾਂ ਕਿਤੇ ਸਾਫ਼ ਪਾਣੀ ਦੇਖਣ ਨੂੰ ਸੁਪਨੇ ਤਰਸ ਰਹੇ ਨੇ ਮੇਰੇ- ਕੌਣ ਕਰ ਗਿਆ ਗੰਧਲੇ ਮੇਰੇ ਨਾਨਕ ਗੋਬਿੰਦ ਦੇ ਸਰੋਵਰਾਂ ਨੂੰ ਕਿਉਂ ਸੁੱਕੇ ਪਏ ਨੇ ਮੇਰੇ ਸੱਤਲੁਜ ਤੇ ਬਿਆਸ ਕਿਨਾਰਿਆਂ ਤੇ ਰੁੱਖ ਖੜ੍ਹੇ ਨੇ ਪਿਆਸੇ ਸੁੱਕੀਆਂ ਟਹਿਣੀਅ ਤੋਂ ਦੋ ਚਾਰ ਬਚੀਆਂ ਰਹਿ ਗਈਆਂ ਚਿੜੀਆਂ ਆਲ੍ਹਣੇ ਛੱਡ ਉੱਡ ਗਈਆਂ ਹਨ ਦਿੱਲੀ ਰਾਜਸਥਾਨ ਹਰਿਆਣੇ ਨੇ ਡੀਕ ਲਿਆ ਹੈ ਮੇਰੇ ਭਰ ਵਗਦੇ ਦਰਿਆਵਾਂ ਦਾ ਸਾਰੀ ਬਹਾਰ - ਰਾਪੇਰੀਅਨ ਕਾਨੂੰਨ ਦਾ ਕੈਦਾ ਪਾੜ ਦਿਤਾ ਹੈ ਕਿਸੇ ਨੇ ਜਾਂ ਛੁਪਾ ਕੇ ਪਾ ਲਿਆ ਹੈ ਜੇਬ ਚ ਹਕੂਮਤ ਨੇ ਦਿੱਲੀਏ ਅਸੀਂ ਇੱਕ 2 ਬੋਤਲ ਪਾਣੀ ਜੋਂ ਸਾਡੇ ਹੀ ਸੀਨੇ ਚੋਂ ਹੀ ਭਰਿਆ ਹੁੰਦਾ ਹੈ ਓਹ ਮੁੱਲ ਪੀਂਦੇ ਹਾਂ- ਟੋਲਾਂ ਦਿੰਦੇ ਹਾਂ ਤੇਰੀ ਸੜਕ ਤੋਂ ਲੰਘਣ ਦੀਆਂ- ਕੋਲੇ ਤੇ ਹੋਰ ਖਣਿਜ ਪਦਾਰਥਾਂ ਦਾ ਮੁੱਲ ਮੋੜਦੇ ਹਾਂ ਤੇ ਤੁਸੀਂ ਸਾਡੇ ਪਾਣੀ ਦਾ ਅਜੇ ਤੱਕ ਟਕਾ ਵੀ ਨਹੀਂ ਮੋੜਿਆ- ਹੁਣ ਸਰਸਵਤੀ ਨੇ ਰਹਿੰਦਾ ਪਾਣੀ ਵੀ ਡੀਕ ਜਾਣਾ ਹੈ - ਪੰਜਾਬ ਤੇਰੇ ਕੋਲ ਹੁਣ ਡੇੜ ਦਰਿਆ ਵੀ ਨਹੀਂ ਰਹਿਣੇ- ਤੁਰਿਆ ਫਿਰ ਚੌਧਰ ਚ ਹੋ ਕੇ ਚੌੜਾ! ਹੋਰ ਤੇਰੇ ਕੋਲ ਹੈ ਵੀ ਕੱਖ ਨਹੀਂ-ਫੋਕੀ ਆਕੜ ਦੇ! ਜੰਗ ਚ ਤੂੰ ਮੂਹਰੇ ਦੁੱਖ ਤਕਲੀਫ਼ਾਂ ਚ ਤੂੰ ਅੱਗੇ- ਕਿੱਥੇ ਹੁੰਦੇ ਨੇ ਇਹ ਵੱਡੇ ਦੇਸ਼ ਭਗਤ ਓਸ ਵੇਲੇ- ਮੈਨੂੰ ਚਾਹੀਦਾ ਹੈ ਹੁਣ ਤੱਕ ਸਾਰੇ ਦਿਤੇ ਗਏ ਪਾਣੀ ਦਾ ਹਿਸਾਬ ਕਿਤਾਬ ਵਿਆਜ ਸਮੇਤ ਮੰਗਾਂ- ਅਸੀਂ ਨਹੀਂ ਮੰਗਦੇ ਤੈਥੋਂ ਕੋਈ ਗਰਾਟਾਂ ਸਾਰ ਲਵਾਂਗੇ ਅਸੀਂ ਆਪਣੇ ਪਾਣੀ ਵੇਚ ਕੇ- ਅਸੀਂ ਅਸੂਲ ਨਾਲ ਹੀ ਗੱਲ ਕਰਨਾ ਚਾਹੁੰਦੇ ਹਾਂ- ਸਾਨੂੰ ਨਹੀਂ ਚਾਹੀਦੀ ਕਲਾਜ ਨੰਬਰ -5 ਪੰਜਾਬ -ਮੈਂ ਨਹੀਂ ਦੇਖਣਾ ਚਾਹੁੰਦਾ ਕਿ ਤੂੰ ਬਣ ਜਾਂਵੇਂ ਰੇਗਿਸਤਾਨ- ਅਸੀਂ ਲੜ੍ਹਨਾ ਨਹੀਂ ਚਾਹੁੰਦੇ ਆਪਣੇ ਦਿਤੇ ਪਾਣੀ ਦਾ ਹੀ ਮੁੱਲ ਮੰਗਦੇ ਹਾਂ- ਹੁਣ ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰਾ ਬਚਿਆ ਇਤਿਹਾਸ ਵੀ ਮਿਟਾ ਦੇਵੇਂ ਮੇਰੀ ਮਿੱਟੀ ਤੋਂ ਤਾਂ ਪਹਿਲਾਂ ਹੀ ਨਹੀਂ ਝੱਲਿਆ ਜਾਂਦਾ ਇਹਦੇ ਪਿੰਡ 2 ਚ ਡੁੱਲ੍ਹਿਆ ਮੇਰੇ ਵੀਰਾਂ ਦੇ ਲਹੂ ਦਾ ਹਾਉਕਾ ਸੂਹੇ ਚੂੜਿਆਂ ਦਾ ਦਰਦ ਬਾਪੂ ਦੇ ਪਸੀਨੇ ਦੀ ਮਹਿਕ ਮਾਂ ਦੇ ਅੱਖਾਂ ਦਾ ਸਵਾਤ 'ਚ ਜਗਦਾ ਚਾਨਣ- ਪੰਜਾਬ ਹੁਣ ਤਾਂ ਜਾਗ ਪੈ ਆਪਣਾ ਹੱਕ ਮੰਗਣਾ ਕੋਈ ਗੈਰਕਾਨੂੰਨੀ ਨਹੀਂ ਹੁੰਦਾ ਮੈਂ 'ਕੱਠੇ ਕਰ 2 ਰੁੱਖ ਇੱਕ ਕਾਫ਼ਲਾ ਬਣਾਵਾਂਗਾ ਭਿੱਖ ਨਹੀਂ ਮੰਗਦਾ-ਪਾਣੀ ਦੀ ਪਾਈ 2 ਮੁੜਾਵਾਂਗਾ ਨੌਜਵਾਨੀਏਂ ਨਾਲ ਚੱਲੀਂ ਤੇਰੇ ਕਈ ਸੁਪਨੇ ਸਜਾਵਾਂਗਾ- ਸਾਥੋਂ ਨਹੀਂ ਹੁਣ ਅਜਾਂਈਂ ਗੁਆ ਹੁੰਦੇ ਅੱਥਰੂ ਇਹਨਾਂ ਦੀਆਂ ਹਿੱਕਾਂ ਨੂੰ ਵੀ ਰਾਤਾਂ 'ਚ ਜਗਾਵਾਂਗਾ-

ਡਿਓੜੀ ਚ ਬੈਠਾ ਮਹਾਰਾਜਾ

ਪੰਜਾਬ ਦੀ ਹਰ ਡਿਓੜੀ ਚ ਇੱਕ ਮਹਾਰਾਜਾ ਬੈਠਾ ਹੈ ਕਦੇ ਓਹਦਾ ਹੁਕਮ ਚਲਦਾ ਸੀ- ਓਹਦੀ ਛਾਂ ਸੀ ਪਿੰਡ ਤੇ- ਕਦੇ ਓਹਦੇ ਹੁਕਮ ਨਾਲ ਚੰਦ ਪੁੱਛ ਕੇ ਘਰ ਚ ਵੜ੍ਹਦਾ ਸੀ- ਜੋ ਕਹਿੰਦਾ ਜੱਗ ਮੰਨਦਾ- ਉਹ ਜਾਗਦਾ ਤਾਂ ਪਿੰਡ ਉੱਠਦਾ ਬਲਦਾਂ ਦੀਆਂ ਟੱਲੀਆਂ ਚ ਰਾਗ ਉੱਤਰਦੇ ਜੋਗਾਂ ਟੁਰਦੀਆਂ ਖੂਹਾਂ ਵੱਲ ਚਾਟੀਆਂ ਚ ਘੁੰਮੇਰਾਂ ਆ ਨੱਚਦੀਆਂ ਸੁਬਾ੍ਹ ਦੇ ਗੀਤ ਛਿੜਦੇ ਤਰੇਲ ਤੁਪਕੇ ਰੰਗਾਂ ਚ ਚਮਕਦੇ- ਹਲਟਾਂ ਦਾ ਸੰਗੀਤ ਲਿਖਣ ਰੱਬ ਆਪ ਆਉਂਦਾ ਸਿਆੜਾਂ ਦੀਆਂ ਸਤਰਾਂ ਸਜਦੀਆਂ ਖੇਤਾਂ 'ਚੋਂ ਮਹਿਕਾਂ ਜਨਮਦੀਆਂ ਬਾਜਰੇ ਦੇ ਛਿੱਟਿਆਂ ਤੇ ਰਾਅ ਤੋਤੇ ਤੇ ਚਿੜ੍ਹੀਆਂ ਗਾਉਂਦੀਆਂ- ਬੱਗਿਆਂ ਨਾਰਿਆਂ ਦਾ ਪਰਤਾਪ ਘਰ ਕੋਠੀਆਂ ਭਰਦਾ ਦਰਾਂ ਤੋਂ ਭਿਖਾਰੀ ਕਾਮੇ ਰੱਜ 2 ਜਾਂਦੇ- ਚਿੱਟੇ ਕੁੜਤੇ ਪਜ਼ਾਮੇਂ ਗਲੀਆਂ ਪਿੰਡਾਂ ਨੂੰ ਮਿਲਦੇ ਮੇਲਿਆਂ ਦਾ ਸੰਸਾਰ ਸਜਦਾ ਪੰਚਾਇਤ ਚ ਫ਼ੈਸਲੇ ਓਹਦੀ ਸੋਟੀ ਕਰਦੀ- ਤੇ ਸਾਰਾ ਜ਼ਮਾਨਾ ਹਾਂ ਕਹਿ ਕੇ ਟੁਰ ਜਾਂਦਾ ਘਰੀਂ- ਹੁਣ ਓਹਦੇ ਹੱਥ ਸੋਟੀ ਤਾਂ ਹੈ ਪਰ ਕੁੱਤੇ ਨੂੰ ਹੀ ਅੰਦਰ ਵੜ੍ਹਨੋਂ ਰੋਕਣ ਲਈ ਤੇ ਜਾਂ ਨਿਆਣਿਆਂ ਨੂੰ ਸਾਰਾ 2 ਦਿਨ ਭੌਕਣ ਜੋਗੀ ਜਿਹਨਾਂ ਨੂੰ ਉਹ ਦਾਤਾਂ ਵੰਡਦਾ ਸੀ ਅੱਜ ਓਹਨਾਂ ਤੋਂ ਸੁੱਕੇ ਟੁੱਕ ਲਈ ਔਖਾ ਹੋਇਆ ਤਰਸਦਾ ਬੈਠਾ ਹੈ- ਪਾਣੀ ਵੀ ਨਹੀਂ ਪੁੱਛਦੀ ਕੋਈ ਘਰ ਦੀ ਹਵਾ ਬੁੜ 2 ਕਰਕੇ ਲੰਘ ਜਾਂਦੇ ਨੇ ਸਾਰੇ ਕੋਲ ਦੀ ਪਲ ਤੇ ਘੜੀਆਂ ਮਹਿੰਗਾ ਹੋ ਗਿਆ ਹੈ ਓਹਦਾ ਦਵਾ ਦਾਰੂ ਹੁਣ ਓਹਦੇ ਕੱਪੜੇ ਲੀੜਿਆਂ 'ਚੋਂ ਹੁਣ ਘਰ ਬਾਰ ਨੂੰ ਦੁਰਗੰਧ ਆਉਂਦੀ ਹੈ- ਤੇ ਤੁਰੀ ਫਿਰਦੀ ਚਾਨਣੀ ਹੀ ਓਹਦੀ ਹੁਣ ਚਾਦਰ ਵਿਛਾਉਂਦੀ ਹੈ- ਬਾਪੂ ਦਾ ਹਾਲ ਚਾਲ ਕਦੇ 2 ਪੁੱਛ ਲੈਂਦੇ ਨੇ ਰਾਹ ਖੈੜੇ ਜਾਂਦੇ 2 ਰਾਹ ਪੁੱਤ ਜਿਹਨੂੰ ਲਾਡਾਂ ਨਾਲ ਪਾਲਿਆ ਸੀ ਕੰਮ ਤੋਂ ਫ਼ੁਰਸਤ ਨਾ ਹੋਣ ਕਾਰਨ ਨੇੜ੍ਹੇ ਨਹੀਂ ਬੈਠਦੇ ਬੱਚੇ ਜਿਹਨਾਂ ਦੀਆਂ ਲੋਹੜੀਆਂ 'ਚ ਉਹ ਨੱਚਦਾ ਸਾਹ ਨਹੀਂ ਲੈਂਦਾ ਨੇੜੇ ਜੇ ਖੜ੍ਹਦੇ ਹਨ ਤਾਂ ਨੂੰਹ 'ਵਾਜ਼ ਮਾਰ ਲੈਂਦੀ ਹੈ- 'ਸੌ ਬੀਮਾਰੀਆ ਨੇ ਇਹਨੂੰ- ਇਹਦੇ ਕੋਲ ਨਾ ਜਾਇਆ ਕਰੋ- ਖ਼ਬਰੇ ਕਦ ਮਰੇ ਤੇ ਮੰਜ਼ਾ ਛੱਡੇ' ਹੁਕਮ ਨਾ ਘਰ ਰਿਹਾ ਹੈ ਤੇ ਨਾ ਹੀ ਕਿਤੇ ਦਰਾਂ ਤੋਂ ਬਾਹਰ- ਦਸ਼ਰੱਥ ਕਈ ਪੁੱਤਾਂ ਵਾਲਾ-ਸੁੱਕੇ ਟੁੱਕ ਦੁਆਲੇ ਵਿਚਰਦਾ ਹੈ ਸਵੇਰ ਸ਼ਾਮ  ਜਪੁਜੀ ਤੇ ਰਹਿਰਾਸ ਹੀ ਓਹਦੇ ਨਾਲ ਬੋਲਦੀ ਹੈ- ਐਨਕ ਦੇ ਘਸਮੈਲੇ ਸ਼ੀਸ਼ਿਆਂ ਨੇ ਓਹਦੇ ਜਗਤ ਦਾ ਅਕਸ ਵੀ ਬੇਪਛਾਣ ਕਰ ਦਿਤਾ ਹੈ-     'ਹਾਲ ਚਾਲ ਕਾਹਦੇ ਪੁੱਤ ਉਪਰ ਵਾਲਾ ਚੱਕਦਾ ਨਹੀਂ ਤੇ ਘਰ ਵਾਲੇ ਰੱਖਦੇ ਨਹੀਂ- ਇਹ ਨਾ ਹੋਵੇ ਕਿਸੇ ਦਾ ਹਾਲ ਜਿਊਂਦੇ ਜੀਅ'

ਬਾਪ ਹੁੰਦਾ ਸੀ ਇਕ

ਬਾਪ ਹੁੰਦਾ ਸੀ ਇਕ ਘਰ ਤੇ ਅਸਮਾਨ ਵਰਗਾ ਛੱਤ ਸੀ ਪੱਕੀ ਘਰ ਦੀ ਵਿਹੜੇ ਚ ਕਿਤੇ ਫ਼ਿਕਰ ਚਿੰਤਾ ਨਹੀਂ ਸੀ ਵੜ੍ਹੀ ਚਾਅ ਮਲਾ੍ਹਰ ਸਰ੍ਹਾਣੇ ਰੱਖ 2 ਸਾਉਂਦੇ ਦੁਨੀਆਂ ਦੇ ਸਾਰੇ ਖਿਡਾਉਣੇ ਮੇਰੇ ਹੁੰਦੇ ਸਨ- ਜ਼ਿੰਦਗੀ ਨੂੰ ਹੱਸਦਿਆ ਦੇਖਣਾਂ ਹੈ ਤਾਂ ਰੱਬ ਵਰਗੇ ਬਾਪ ਵੱਲ ਝਾਕੋ ਤਾਰੇ ਨਹੀਂ ਸੀ ਕਦੇ ਟੁੱਟਦੇ ਦੇਖੇ ਸੂਰਜ ਨਹੀਂ ਸੀ ਕਦੇ ਘਰੋਂ ਗਿਆ ਵਾਪਿਸ ਪਰਤ ਆਉਂਦੀਆਂ ਸਨ ਰੁੱਸੀਆਂ ਹਵਾਵਾਂ ਵੀ- ਜਗਤ ਮੱਤਾਂ ਸਲਾਹਾਂ ਲੈਣ ਆਉਂਦਾ ਸੀ ਪਿੰਡ ਰੌਣਕ ਦਿਸਦੀ ਰਾਹ ਭਰੇ ਲੱਗਦੇ ਮੇਲੇ ਨੱਕੋ ਨੱਕ ਭਰੇ ਜਾਂਦੇ- ਰੱਬ ਦੇ ਮੋਢਿਆਂ ਤੇ ਚੜ੍ਹ 2 ਮੇਲਿਆਂ ਮੱਸਿਆ ਤੇ ਸਿੰਝਾਂ ਤੇ ਜਾਂਦੇ- ਭੈਣਾਂ ਆਉੁਂਦੀਆਂ ਜਾਂਦੀਆਂ ਪੇਕਿਆਂ ਤੋਂ ਸਰਦਾ ਪੁੱਜਦਾ ਲੈ ਕੇ ਜਾਂਦੀਆਂ- ਉਡੀਕਾਂ ਬਾਹਰ ਜਾ 2 ਧੀਆਂ ਧਿਆਣੀਆਂ ਦੇ ਰਾਹ ਤੱਕਦੀਆਂ- "ਸ਼ਾਇਦ ਬੱਸ ਨਹੀਂ ਮਿਲੀ ਹੋਣੀ ਅਗਲੀ ਬੱਸ ਤੇ ਆ ਜਾਵੇਗੀ" ਚਾਹਾਂ ਰਿੱਝਦੀਆਂ ਗੜਵੀਆਂ ਭਰਦੀਆਂ ਪਕੌੜੇ ਪੂੜੇ ਪੱਕਦੇ ਪਿੰਨੀਆਂ ਭੱਜਦੀਆਂ ਹੱਥਾਂ 'ਚ- ਦਾਦੀ ਪੁੱਤ ਪੋਤਿਆਂ 'ਚ ਮਹਾਂਰਾਣੀ ਬਣ ਬੈਠਦੀ ਇੱਕ ਦੂਸਰੇ ਦੀਆਂ ਪੁਰਾਣੀਆਂ ਆਦਤਾਂ ਤੇ ਹੱਸਦੇ ਅੰਬਰ ਨੇੜੇ ਖੜ੍ਹ 2 ਝਾਕਦਾ- ਤੁਰੇ 2 ਜਾਂਦੇ ਰਾਹੀ ਗਵਾਂਢੀ ਰੁਕ ਜਾਂਦੇ- ਪਿੰਡ ਚੋਂ ਫ਼ਿਕਰ ਦੌੜ ਜਾਂਦੇ- ਬੁਖ਼ਾਰ ਉੱਤਰ ਜਾਂਦਾ ਸੀ- ਓਸ ਜ਼ਹਾਨ ਦੀ ਇੱਕ ਹੱਥ ਦੀ ਛੁਹ ਨਾਲ "ਲੈ ਹੁਣ ਮੇਰੇ ਪੁੱਤ ਨੇ ਠੀਕ ਹੋ ਜਾਣਾ" ਉਸ ਜ਼ਹਾਨ ਦੀਆਂ ਅੱਖਾਂ 'ਚ ਹੰਝੂ ਦੋ ਵਾਰ ਦੋਖੋਗੇ -ਬੇਟੀ ਦੀ ਡੋਲੀ ਵੇਲੇ ਅਤੇ ਦੂਜਾ ਜਦ ਪੁੱਤ ਲੜ ਕੇ ਮੂੰਹ ਮੋੜ ਲਏ - ਜਿਸ ਦਿਨ ਦਾ ਚੰਦ ਟੁੱਟ ਕੇ ਅਸਮਾਨ ਤੋਂ ਡਿੱਗਾ ਹੈ ਤਾਰੇ ਝੜ੍ਹੇ ਨੇ ਅੰਬਰੋਂ ਨਾ ਤਾਂ ਠੰਢੀ ਵਾ ਅੰਦਰ ਵੜੀ ਹੈ ਤੇ ਨਾ ਹੀ ਨਿੱਜ ਹੋਣਾ ਕੋਈ ਸੁਖਾਵਾਂ ਮੌਸਮ ਮੰਜੇ ਅਲਾਣੇ ਝਾਕ ਰਹੇ ਹਨ ਚਾਦਰਾਂ ਦੀਆਂ ਤਹਿਆਂ ਨਹੀਂ ਕਦੇ ਖੁੱਲ੍ਹੀਆਂ ਤੇ ਨਾ ਹੀ ਹੁਣ ਭੈਣਾਂ ਦੌੜ੍ਹ 2 ਆਉੁਂਦੀਆਂ ਨੇ ਹੱਸ 2 ਕੇ ਮਾਂਪਿਆਂ ਤੋਂ ਬਾਅਦ ਕਾਹਦੇ ਪੇਕੇ ਭਾਬੀਆਂ ਦੇਰ ਤੱਕ ਅੱਖਾਂ ਨਹੀਂ ਪੂੰਝਦੀਆਂ ਭਿੱਜੀਆਂ ਬੰਦ ਬੂਹੇ ਦੇਖਣ ਜਾਵੇ ਤਾਂ ਕਿਹੜਾ ਸੁੰਨ੍ਹੇ ਵਿਹੜੇ ਰੋਂਦਿਆਂ ਨੂੰ ਕਦ ਵਿਰਾਉਂਦੇ ਨੇ- ਕੌਣ ਪੂੰਝਣ ਆਉਂਦਾ ਹੈ ਅੱਥਰੂ ਪਿੰਡ 'ਚੋਂ ਬਾਪ ਵਰਗਾ ਪਰਬਤ ਸਹਾਰਾ ਬਣ ਕੇ ਤੁਰੀਆਂ ਜਾਂਦੀਆਂ ਹਵਾਵਾਂ ਕਦ ਪੁੱਛਦੀਆਂ ਨੇ ਵੈਣਾਂ ਦੀਆਂ ਡੂੰਘਾਈਆਂ- ਕਿਹੜਾ ਰੁੱਖ ਚੁੱਪ ਕਰਾਉਂਦਾ ਹੈ ਸੁੱਕੇ ਝੜੇ ਪੱਤਿਆਂ ਨੂੰ ਕਿਹੜਾ ਜ਼ਿੰਦਰੇ ਵਾਲਾ ਬੂਹਾ ਦੇਖਿਆ ਕਿਤੇ ਲੋਹੜੀਆਂ ਤੇ ਦੀਵਾਲੀਆਂ -ਲੈ ਕੇ ਬੈਠਾ ਕਿਰਦੀਆਂ ਛੱਤਾਂ ਕੌਣ ਲਿੱਪਦਾ ਹੈ ਕੋਈ ਆਪਣੇ ਤੋਂ ਵਗੈਰ ਭਾਈ ਵੀ ਨਹੀਂ ਕਦੇ ਆਇਆ ਹੁਣ ਕਦੇ ਇਹ ਪੁੱਛਣ ਕਿ ਸਰਦਾਰ ਜੀ ਅਖੰਡ ਪਾਠ ਕਦ ਰੱਖਣਾਂ ਐਤਕੀਂ ਮੁੰਡਿਆਂ ਨੇ ਕਦੋਂ ਆਉਣਾ ਹੈ ਨਾਰਵੇ ਤੋਂ- ਨਾ ਤਾਂ ਖੜ੍ਹੇ ਕੀਤੇ ਮੰਜੇ ਬੋਲਦੇ ਹਨ ਤੇ ਨਾ ਹੀ ਮਾਂ ਦੇ ਸਾਂਭੇ ਸੰਦੂਕ ਘਰ ਪਏ ਦੋ ਚਾਰ ਔਜ਼ਾਰ ਵੀ ਜਾਪਦਾ ਓਦਣ ਦੇ ਸਦਾ ਦੀ ਨੀਂਦਰ ਸੌਂ ਗਏ ਹਨ- ਚੁੱਲ੍ਹੇ ਤੇ ਚਾਹ ਨਹੀਂ ਕਿਸੇ ਨੇ ਧਰੀ ਓਦਣ ਦੀ ਕੱਪ ਗਲਾਸ ਗੜਵੀਆਂ ਚੁੱਪ ਪਏ ਬਕਸਿਆ 'ਚੋਂ ਝਾਕਦੇ ਪਏ ਨੇ ਓਦਣ ਦੀ ਡੁੱਲ੍ਹੀ ਚਾਹ ਦਾ ਦਾਗ ਨਹੀਂ ਕਿਸੇ ਨੇ ਫ਼ਰਸ਼ ਤੋਂ ਪੂੰਝਿਆ ਜਿਸ ਦਿਨ ਦਾ ਸੂਰਜ ਰੁੱਸਿਆ ਹੈ ਸਾਡੇ ਘਰੋਂ ਚਾਨਣੀ ਰਾਤ ਨਹੀਂ ਦਿਸੀ ਕਦੇ ਘਰ ਦੇ ਨੇੜੇ ਤੇੜੇ- ਜਿਸ ਦਿਨ ਦਾ ਅੰਬਰ ਫ਼ਟਿਆ ਹੈ ਸਾਡੇ ਵਿਹੜੇ ਓਸ ਦਿਨ ਅਸਮਾਨੀ ਬਿਜਲੀ ਡਿੱਗੀ ਸੀ ਪਿੰਡ ਤੇ ਸਾਰੀ ਰਾਤ ਰੋਈ ਸੀ ਓਦਣ ਸਾਡੇ ਘਰ ਦੀ ਛੱਤ ਤੇ ਕਿਤੇ ਚੰਦ ਤਾਰਾ ਨਹੀਂ ਸੀ ਦਿਸਿਆ ਓਸ ਦਿਨ ਤੋਂ ਬਾਅਦ- ਦੁਨੀਆਂ ਭਰ ਦੇ ਖਿਡੌਣੇ ਟੁੱਟ ਗਏ ਸਨ ਮੇਰੇ ਤੇ ਭੈਣ ਭਰਾਵਾਂ ਦੇ ਚਾਅ ਮਰ ਗਏ ਸਨ ਰਾਹਵਾਂ ਦੇ ਸੁਪਨੇ ਮਰ ਗਏ ਸਾਰੇ ਮਾਵਾਂ ਦੇ- ਪਤਾ ਨਹੀਂ ਉਹ ਏਡੀ ਦੂਰ ਕਿੰਜ਼ ਚਲਾ ਗਿਆ ਪਰ ਨੱਚਦਾ ਮੇਰੀ ਹਿੱਕ ਅੰਦਰ ਹੈ ਸਾਹਾਂ ਚ ਰਹਿ ਕੇ ਵੀ ਕੀ ਕਰਾਂ ਕਈ ਵਾਰ ਹੱਥ ਛੁਡਾ ਕੇ ਦੌੜ ਜਾਂਦਾ ਹੈ ਪਿਛਾਂਹ ਨੂੰ ਪਲ ਭਰ ਵੀ ਨਹੀਂ ਤੱਕਦਾ ਏਦਾਂ ਹੀ ਕਈ ਯਾਰ ਮਿਲਦੇ ਹਨ ਅੰਬਰ ਸੰਗ ਸੰਵਾਦ ਵਾਂਗ ਵਿਚਰਦੇ ਡਾਲੀਆਂ ਤੇ ਮਹਿਕਾਂ ਵਾਂਗ ਖਿੜ੍ਹੇ ਕਈ ਤਾਂ ਹਿੱਕਾਂ ਵੀ ਨਹੀਂ ਟੋਹਣ ਦਿੰਦੇ ਯਾਰੀ ਕਾਹਦੀ ਜੇ ਦਿੱਲ ਹੀ ਓਹਲੇ ਜੇ ਹੱਸਣ ਨਾ ਰਲ ਕੇ ਜੇ ਟੁਰਨ ਨਾ 'ਕੱਠੇ ਚੀਸ ਕਾਹੀ ਜੇ ਦੋ ਦਿਲਾਂ ਨੂੰ ਇੱਕ ਬਣ ਨਾ ਛੁਹੇ ਮੁਹੱਬਤ ਕੇਹੀ ਅੱਖੀਂ ਫ਼ੇਹੇ ਨਾ ਧਰੇ ਰਾਤਾਂ 'ਚ ਪਲ 2 ਨਾ ਮਰੇ- ਕਦੇ ਹਿੱਕ ਤਾਂ ਵਿਖਾ ਆਉਣਾ ਤਾਂ ਸੀ ਫ਼ੜ੍ਹ ਲਿਆਉਂਦਾ ਸਿਤਾਰੇ ਵੀ ਚੀਸਾਂ ਤੇ ਦਰਦ ਜ਼ਖ਼ਮਾਂ ਦੇ ਤੇ ਕੁਝ ਕੁ ਸਹਾਰੇ ਵੀ ਜੀਭਾਂ ਤੇ ਕੁਝ ਨਹੀਂ ਰੱਖਿਆ ਹਵਾਵਾਂ ਨੇ ਅੱਜਕਲ ਲਈ ਫਿਰਦੇ ਬੱਦਲ ਨੇ ਕੋਸੇ ਹੰਝੂ ਤੇ ਖਾਰੇ ਵੀ ਪੱਛਮ 'ਚ ਸ਼ਾਇਦ ਨਾ ਮਰਦਾ ਸੂਰਜ ਕੋਈ ਕੱਲ

ਕਿੰਨਾ ਕੁਝ ਲਿਖਿਆ ਹੁੰਦਾ ਸੀ ਖਤਾਂ ਚ

ਕਿੰਨਾ ਕੁਝ ਲਿਖਿਆ ਹੁੰਦਾ ਸੀ ਖਤਾਂ 'ਚ ਖ਼ਤ ਭਾਂਵੇ ਕੋਰਾ ਹੀ ਆਉਂਦਾ ਸੀ- ਪਿੰਡ ਦੀ ਸਾਰ ਲੈ ਕੇ ਦਰੀਂ ਡਿੱਗਦਾ ਸੀ ਭੈਣਾਂ ਭਰਾਵਾਂ ਦੇ ਚਾਅ ਮੋਹ ਨਾਲ ਭਿੱਜਿਆ ਮਾਮੀਆਂ ਚਾਚੀਆਂ ਦੇ ਪਿਆਰ ਦੀ ਗੱਲਬਾਤ ਕਰਦਾ ਹੁੰਦਾ ਸੀ- ਕੋਰੇ ਸਫਿਆਂ ਤੇ ਘੱਟ ਤੋਂ ਘੱਟ ਕੁਫ਼ਰ ਤਾਂ ਨਹੀਂ ਨਾ ਹੁੰਦਾ ਸੀ ਤੇ ਜੋ ਮਨ ਚ ਹੁੰਦਾ ਸੀ ਓਹਦਾ ਵੀ ਸੁਨੇਹਾ ਮਿਲ ਜਾਂਦਾ ਹੈ- ਸਿਰਨਾਵਾਂ ਲੱਭ ਜਾਂਦਾ ਸੀ- ਕਿਸੇ ਨਾ ਕਿਸੇ ਸਤਰ ਲਫ਼ਜ਼ ਚੋਂ ਕਿੰਨਾ ਪੈਂਡਾ ਚੱਲ ਕੇ ਆਉਂਦਾ ਸੀ ਖ਼ਤ ਈਮੇਲਾਂ ਐਸ ਐਮ ਐਸ ਕਾਹਲੇ ਬਹੁਤ ਹਨ- ਛੇਤੀ ਨਰਾਜ਼ ਹੋ ਜਾਂਦੇ ਜਾਂ ਪਲ ਭਰ ਹੀ ਖੁਸ਼ ਕਰਦੇ ਹਨ- ਓਦੋ ਇੱਕ ਉਡੀਕ ਹੁੰਦੀ ਸੀ ਖ਼ਤ ਦੀ ਲਿਖਦਿਆਂ 2 ਕੀ ਕੁਝ ਪਿਘਲਦਾ ਸੀ ਹਿੱਕ ਚੋਂ ਸਾਰਾ ਮਨ ਉਤਰ ਆਉਂਦਾ ਸੀ ਕੁਝ ਪੰਨਿਆਂ ਤੇ ਤੇ ਬਾਕੀ ਰਹਿੰਦਾ ਪਲਕਾਂ ਤੋਂ ਕਿਰਦਾ ਇਤਿਹਾਸ ਬਣ ਜਾਂਦਾ ਸੀ-ਪਲ 2 ਦਾ- ਅੱਥਰੂਆਂ ਨਾਲ ਲਿਖੇ ਜਾਂਦੇ ਖ਼ਤ ਹੰਝੂਆਂ ਨਾਲ ਪੜ੍ਹੇ ਪੜ੍ਹਾਏ ਜਾਂਦੇ- ਕਦੇ 2 ਲੋਹੜੇ ਦੀ ਖੁਸ਼ੀ ਲੈ ਕੇ ਘਰ ਵੜ੍ਹਦੇ ਖ਼ਤ ਪਿੰਡ ਨੂੰ ਖੁਸ਼ੀ ਦੱਸੀ ਜਾਂਦੀ- ਖ਼ਤ ਸਾਰ ਹੁੰਦੇ ਸਨ ਸ਼ਹਿਰ ਦੀ ਜਾਂ ਪਿੰਡ ਦੀ ਗਲੀਆਂ ਦਾ ਦੁੱਖ ਸੁੱਖ ਮਿਲਦਾ ਸੀ ਖ਼ਤਾਂ ਚੋਂ ਚਿੱਠੀ ਨਾ ਆਉਣੀ ਦਿਨ ਨਾ ਤੁਰਦੇ ਨੀਂਦ ਨਾ ਆਉਂਦੀ- ਖਿਆਲਾਂ ਚ ਡੁੱਬ ਜਾਂਦੇ ਸਨ-ਸ਼ਤੀਰੀਆਂ ਬਾਲੇ ਛੱਤਾਂ ਦੇ ਤੇਰੇ ਹੱਥਾਂ ਉਂਗਲੀਆਂ ਦੀ ਛੁਹ ਹੁੰਦੀ ਸੀ ਖ਼ਤਾਂ ਵਿਚ ਸਤਰਾਂ ਚ ਚਾਹਤ ਹੁੰਦੀ ਸੀ ਵਸਲ ਦੀ- ਬਿਹਰੋਂ ਨੂੰ ਟੱਪ 2 ਮਿਲਾਉਂਦੇ ਸਨ ਖ਼ਤ ਮਿਲਾਪ ਨੂੰ ਬਾਹਾਂ ਖੋਲ੍ਹ ਮਿਲਦੇ ਫ਼ੋਨ ਕਾਹਲੇ ਬਹੁਤ ਹਨ ਨਾ ਰੋਣ ਦਿੰਦੇ ਹਨ ਤੇ ਨਾ ਹੀ ਖੁੱਲ੍ਹ ਕੇ ਹੱਸਣ ਨਾ ਹੀ ਦਿੱਲ ਦੀਆਂ ਪਰਤਾਂ ਫ਼ੋਲਦੇ ਕਦੇ ਦੇਖੇ ਸੁਣੇ ਗੱਲਾਂ ਤਾਂ ਕਰਦੇ ਹਨ- ਉਡੀਕਾਂ 'ਚ ਨਹੀਂ ਰੋਲਦੇ- ਡਾਕੀਏ ਦੀ ਰਾਹ ਨਹੀਂ ਤੱਕਦੇ- ਜੋ ਵਾਰ 2 ਖ਼ਤ ਪੜ੍ਹ ਕੁ ਸੁਆਦ ਆਉਂਦਾ ਸੀ- ਉਹ ਯਾਦ ਸੁਆਦ ਫ਼ੋਨਾਂ 'ਤੇ ਕਿੱਥੇ ਓਸ ਤਰ੍ਹਾਂ ਫ਼ੋਨ ਦੁੱਖਾਂ ਤੇ ਹੱਥ ਕਦੋਂ ਰੱਖਦੇ ਨੇ ਖ਼ਤ ਕਿਹਾ ਕਰਦੇ ਸਨ- ਸਿਹਤ ਦਾ ਖਿਆਲ ਰੱਖਣਾਂ ਧੁੱਪ ਤੋਂ ਬਚਣਾਂ-ਰੋਟੀ ਖਾਧੀ ਕਿ ਨਹੀਂ ਪੁੱਤ ਮੇਰੇ ਨੇ ਧੀਏ ਮੇਰਾ ਨਾ ਬਹੁਤਾ ਸੋਚਿਆ ਕਰ- ਨਿੱਕਿਆਂ ਦਾ ਖਿਆਲ ਰੱਖਿਆ ਕਰ- ਕਿੰਨੀ ਛਾਂ ਹੋ ਜਾਂਦੀ ਸੀ ਖ਼ਤ ਖ੍ਹੋਲਦਿਆਂ -ਪੜ੍ਹਦਿਆਂ -ਪੜ੍ਹਾਉਂਦਿਆਂ- ਏਦਾਂ ਹੀ ਕਦੇ 2 ਮਾਂ ਦਾ ਖ਼ਤ ਆਉਂਦਾ ਸੀ ਅਸੀਸਾਂ ਨਾਲ ਲੱਦਿਆ ਹੋਇਆ ਠੰਢੀ ਪੌਣ ਵਰਗਾ ਪੜ੍ਹ 2 ਗਾਉਣ ਵਰਗਾ- ਬਾਪੂ ਦੇ ਖ਼ਤਾਂ 'ਚ ਤਾਂ ਨਿੱਤ ਡਰਾਫ਼ਟਾਂ ਦੇ ਹੀ ਸੁਪਨੇ ਸਨ ਜਾਂ ਹਰ ਨਾਲ ਲੱਗਦਾ ਟੋਟਾ ਆਪਣਾ ਹੋਣ ਦਾ ਸੁਨੇਹਾ ਪੁੱਤਾਂ ਨੂੰ ਖ਼ਤ ਮਿਲਦੇ ਕਦੇ 2 ਪਿੰਡ ਦੇ ਰਾਹ ਬਣ ਕੇ ਤੇ ਕਦੇ 2 ਭੈਣਾਂ ਦੇ ਚਾਅ ਬਣ ਕੇ ਹੁਣ ਨਾ ਤਾਂ ਕੋਈ ਖ਼ਤ ਆਉਂਦਾ ਹੈ ਤੇ ਨਾ ਹੀ ਏਦਾਂ ਦਾ ਸੁਪਨਾ ਜਿਵੇਂ ਸਾਰੇ ਖ਼ਤ ਅਣਲਿਖੇ ਮਾਂ ਕਬਰਾਂ ਨੂੰ ਲੈ ਗਈ ਹੋਵੇ ਬਾਪੂ ਦੇ ਸਰ੍ਹਾਣੇ ਜਲ ਗਏ ਹੋਣ ਸਾਰੇ ਪਏ 2 - ਖ਼ਤ ਤਾਂ ਹੁਣ ਪਿੰਡ ਦੀ ਬਰੂਹ ਵੀ ਨਹੀਂ ਟੱਪਦੇ ਖ਼ਤ ਤਾਂ ਹੁਣ ਨਾ ਰੋਂਦੇ ਨਾ ਹੱਸਦੇ ਖ਼ਤ ਤਾਂ ਹੁਣ ਨਾ ਦੁੱਖ ਪੁੱਛਦੇ ਨਾ ਦੱਸਦੇ- ਦਿਲ ਪਿੰਡ ਨੂੰ ਜਾਂਦਾ ਤਾਂ ਹੈ ਪਰ ਚੁਫਿਰਨੀ ਤੋਂ ਅਗਾਂਹ ਨਹੀਂ ਜਾਂਦਾ- ਕਿੰਜ਼ ਕੋਈ ਬੰਦ ਪਏ ਬੂਹੇ ਖ੍ਹੋਲੇ ਕਿਹਨੂੰ ਕੋਈ ਅੰਦਰੋਂ ਬੁਲਾਵੇ ਤੇ ਕਿਹੜਾ ਬੋਲੇ?

ਸਵਰੂਪ

ਸਵਰੂਪ ਸੀ ਉਹ ਸਾਰੇ ਰੂਪ ਸਨ ਓਹਦੇ ਚ ਭਰ ਜੋਬਨ ਮੁਟਿਆਰ ਡੁੱਲਦਾ ਰੂਪ -ਮਹਿਕਦਾ ਬਦਨ ਟੁਰਦੀ ਤਾਂ ਧਰਤ ਹਿੱਲਦੀ ਮੁਸਕਰਾਂਦੀ ਤਾਂ ਸਿਤਾਰੇ ਕਿਰਦੇ ਉਹ ਹੱਸਦੀ ਤਾਂ ਫੁੱਲ ਖਿੜ੍ਹਦੇ ਸਨ- ਗੁਲਜ਼ਾਰਾਂ ਮਹਿਕਦੀਆਂ ਸਨ- ਪਲਕ ਢੋਹਦੀਂ ਤਾਂ ਹਨ੍ਹੇਰ ਪੈ ਜਾਂਦਾ- ਕਾਲੀਆਂ ਘਟਾਵਾਂ ਵਹਿੰਦੀਆਂ ਸਨ- ਉਹਦੇ ਵਾਲਾਂ ਚੋਂ ਚੰਨ ਝਾਕਦਾ ਸੀ ਓਹਦੀਆਂ ਅੱਖਾ ਚੋਂ ਧੌਣ ਮੋੜ੍ਹਦੀ ਤਾਂ ਅੰਬਰ ਘੁੰਮਦਾ- ਦੋ ਸੂਰਜ ਛੁਪੇ ਹੋਏ ਸਨ-ਛਾਤੀ ਚ ਓਹਦੇ ਚੱਲਦੀ ਤਾਂ ਢਾਕੇ ਘੜਾ ਰੱਖ ਕੇ ਸਖ਼ੀਆਂ ਸੰਗ ਨਹਾਉਂਦੀ ਤਾਂ ਪੰਛੀ ਚੁੱਪ ਬੈਠ ਦੇਖਦੇ ਪਾਣੀ ਤੇ ਤਰਦੀ ਤਾਂ ਸਾਗਰ ਤਰੰਗਾਂ ਨਾਲ ਰੱਜਦੇ ਭਿੱਜੇ ਸਰੀਰ ਚੋਂ ਦੁਪਹਿਰ ਖਿੜ੍ਹਦੀ ਦੀਪਕ ਜਗਦੇ ਲਾਟਾਂ ਬਦਮਸਤ ਮਚਦੀਆਂ- ਪਾਣੀਆਂ ਨੂੰ ਅੱਗ ਲੱਗਦੀ- ਭਾਂਬੜ ਬਲਦੇ- ਕਿਸੇ ਚੰਦ ਦਾ ਦਿੱਲ ਡੋਲਦਾ ਹਵਸ ਸੁਲਗਦੀ ਪਵਨ ਚ ਰਾਗ ਛਿੜ੍ਹਦੇ ਗੀਤ ਬਣਦਾ-ਤਰਨਮ ਖਿੱਲਰਦੀ ਸ਼ਾਮ ਦੀ ਕੁੱਖ ਪਲਦੀ- ਬੇਅਰਾਮ ਰਾਤ ਚੈਨ ਨਾਲ ਸੌਂਦੀ- ਆਲੇ ਦੁਆਲੇ ਤਾਰੇ ਟਿਮਟਮਾਂਦੇ- ਪੱਤੇ ਪੱਖੀਆਂ ਝੱਲਦੇ- ਹਵਾ ਰੁਮਕਦੀ ਸੌਂ ਜਾਂਦੀ- ਅੱਗ ਚ ਅੱਗ ਡੁੱਬਦੀ ਰੋਜ਼ ਹੈ ਮਰਦੀ-ਕੀ ਨਾ ਕਰਦੀ

ਸਪੀਕਰ ਦੀ ਇੱਕ ਅਨਾਊਂਸਮੈਂਟ 'ਤੇ

ਸਪੀਕਰ ਦੀ ਇੱਕ ਅਨਾਊਂਸਮੈਂਟ 'ਤੇ ਬੱਚਿਆਂ ਨੂੰ ਕੁੱਛੜ ਚੱਕ ਹਸਦੇ ਵਸਦੇ ਘਰਾਂ ਨੂੰ ਅਲਵਿਦਾ ਕਹਿਣਾ-ਸੌਖਾ ਨਹੀ ਹੁੰਦਾ ਜੁੱਤੀ ਨੂੰ ਹੱਥ ਚ ਫ਼ੜ੍ਹ ਅਣਜਾਣ ਜੇਹੀ ਮੰਜ਼ਿਲ ਵੱਲ ਟੁਰ ਪੈਣਾ ਖਬਰੇ ਕਿਥੋਂ ਦੀ ਰੀਤ ਹੈ? ਕਿਸ ਕਿਤਾਬ ਦਾ ਅਧਿਆਇ ਹੈ? ਬੇਜ਼ਾਨ ਭੁੱਖੇ-ਪਿਆਸੇ ਮਾਲ-ਡੰਗਰ ਨੂੰ ਖੁਰਲੀਆਂ ਤੇ ਬੱਝਿਆਂ ਵਿਲਕਦੇ ਛੱਡ ਘਰਾਂ ਵੱਲ ਆਖਿਰੀ ਨਜ਼ਰ ਮਾਰ ਪਿਆਸੀ ਜੇਹੀ ਰੀਝ ਲੜ੍ਹ ਬੰਨ੍ਹ ਰਾਹ ਮੱਲ ਲੈਣੇ- ਕਿਸੇ ਦਿਲ ਦੀ ਬਰੂਹ ਤੇ ਨਹੀਂ ਲਿਖਿਆ ਦਿਸਦਾ- ਪਲਕਾਂ ਨੂੰ ਰੋਣ ਵੀ ਨਾ ਦੇਣਾ ਹੰਝੂਆਂ ਨੂੰ ਚੋਣ ਵੀ ਨਾ ਦੇਣਾ ਕਿਹੜੇ ਰੁੱਖ ਦੀ ਟਹਿਣੀ ਤੇ ਟੰਗਿਆ ਹੈ- ਜੇ ਕਿਤੇ ਹਕੂਮਤ ਇੱਕ ਦਿਨ ਸੱਤਾ ਛੱਡ ਦੇਵੇ ਕੁਰਬਾਨ ਹੋ ਜਾਣ ਲੋਕ- ਇਹ ਤਾਂ ਦੱਸ ਕਿ ਕਿੱਥੇ ਪਨਾਹ ਲੈਣੀ ਸੀ ਮੇਰੇ ਸਕੇ ਭਰਾਵਾਂ ਨੇ- ਕਿਹੜੇ ਪਿੰਡ ਰਾਹ ਭੁੱਖੇ ਪੇਟ ਲਈ ਖੜ੍ਹੇ ਸਨ ਛਾਵਾਂ ਕਰਨ ਓਸ ਦਿਨ ਕਿਹਨੇ ਪੁੱਛਿਆ ਹੋਵੇਗਾ ਪਾਣੀ ਧਾਣੀ ਤੇ ਪੱਠਿਆਂ ਦਾ ਰੁੱਗ ਮੇਰੀਆਂ ਪਿਆਸੀਆਂ ਤਰਿਹਾਈਆਂ ਮੱਝਾਂ ਗਾਵਾਂ ਨੂੰ ਕਿੱਥੋਂ ਆਇਆ ਹੋਵੇਗਾ ਦੁੱਧ ਮੇਰੇ ਨਵੇਂ ਜਨਮੇਂ ਵੱਛੜੇ ਦੀ ਭੁੱਖੀ ਪਿਆਸੀ ਮਾਂ ਦੇ ਥਣਾਂ 'ਚ ਰੋਂਦੇ ਵਿਲਕਦੇ ਬਾਲ- ਘਰਾਂ ਵੱਲ ਵਾਰ 2 ਉਂਗਲੀਆਂ ਕਰ 2 ਤੱਕ ਰਹੇ ਸਨ- ਪੁੱਛ ਰਹੇ ਸਨ- ਬਾਪੂ ਕਿੱਥੇ ਚੱਲੇ ਹੋ? ਕਿਉਂ ਚੱਲੇ ਹੋ ਘਰਾਂ ਨੂੰ ਛੱਡ ਕੇ ਓਸ ਪਲ ਅੰਬਰ ਚੋਇਆ ਸੀ- ਹਨ੍ਹੇਰੀ ਵਗੀ ਸੀ ਕਾਲੀ ਉਹਨਾਂ ਪਿੰਡਾਂ ਤੇ ਜਵਾਨ ਹੋਈਆਂ ਫ਼ਸਲਾਂ ਨੇ ਸਿੱਸਕੀਆਂ ਭਰੀਆਂ ਸਨ ਹਾਉਕੇ ਨਹੀਂ ਸੀ ਸਾਂਭੇ ਜਾਂਦੇ ਦੁਪਹਿਰ ਦੇ ਝੋਨੇ ਦੇ ਰਿਜ਼ਕ ਭਰੇ ਸਿੱਟੇ ਡੁੱਸਕੇ ਸਨ ਓਸ ਦਿਨ ਸਿਖ਼ਰ ਦੁਪਹਿਰੇ ਸੂਰਜ ਮਰਿਆ ਸੀ ਸਾਡੇ ਪਿੰਡ ਰਾਤ ਨਹੀਂ ਸੀ ਪਈ ਓਸ ਸ਼ਾਮ- ਧੀਆਂ -ਪੁੱਤਾਂ ਵਾਂਗ ਪਾਲ਼ੀ ਫ਼ਸਲ ਨੂੰ ਸੱਖਣਾ ਛੱਡ ਬੇਵਜਾ ਬੇਗੁਨਾਹ ਰਾਹਾਂ ਦੇ ਹਾਣ ਦੇ ਹੋ ਜਾਣਾ ਜੇ ਕਿਸੇ ਇਤਿਹਾਸ ਚ ਲਿਖਿਆ ਹੈ ਤਾਂ ਮੈਂ ਓਸ ਤਾਰੀਖ਼ ਦੇ ਵਰਕੇ ਪਾੜ ਦੇਵਾਂਗਾ ਓਸ ਨਿਜ਼ਾਮ ਨਾਲ ਮੈਂ ਲਵਾਂਗਾ ਲੋਹਾ ਜੋ ਮੇਰੇ ਵਸਦੇ ਖਿੜ੍ਹੇ ਵਿਹੜੇ ਨੂੰ ਹੁਕਮ ਦਿੰਦਾ ਹੈ- ਪੈਲੀਆਂ ਨੂੰ ਫ਼ੌਜ਼ੀ ਬੂਟਾਂ ਦੇ ਹਵਾਲੇ ਕਰਦਾ ਹੈ- ਘਰਾਂ ਚ ਜੂਠੇ ਪਏ ਛੰਨੇ ਛੱਡ ਅਣਸੁੱਕੇ ਕੱਪੜੇ ਲਪੇਟ ਸੁੱਕੇ ਟੁੱਕ ਬੰਨ੍ਹ ਜੇ ਕਿਸੇ ਨੂੰ ਮਨਜ਼ੂਰ ਹੈ ਤਾਂ ਮੈਨੂੰ ਨਹੀਂ ਚਾਹੀਦਾ ਇਹੋ ਜੇਹਾ ਨਜ਼ਾਮ- ਸਾਨੂੰ ਤਾ ਅਜੇ 1947, 65,71 ਦੇ ਜ਼ਖ਼ਮ ਨਹੀਂ ਭੁੱਲੇ ਲੜਾਈ ਜਾਂ ਜੰਗ ਜੇ ਕਿਸੇ ਮਸਲੇ ਦਾ ਹੱਲ ਹੁੰਦੇ ਤਾਂ ਅੱਜ ਦੁਨੀਆਂ ਨਾ ਵਸਦੀ ਅੰਬਰਾਂ ਤੇ ਸਿਤਾਰੇ ਨਹੀਂ ਸੀ ਹੋਣੇ ਚੱਲ ਤੈਨੂੰ ਵਿਖਾਵਾਂ ਘਰੀਂ ਛੱਡ ਕੇ ਆਏ ਹੱਥ ਛੁਹਾਂ ਨੂੰ ਤਰਸਦੇ ਅਣਮਾਂਜੇ ਬਰਤਨ ਡੱਠੇ ਮੰਜ਼ੇ ਤੇ ਅਣਕੱਠੇ ਕੀਤੇ ਬਿਸਤਰੇ ਚਾਟੀਆਂ ਚ ਰਹਿ ਗਈਆਂ ਅਣਪੀਤੀਆਂ ਲੱਸੀਆਂ ਕੌਲੀ ਚ ਰਹਿ ਗਈ ਅਣਖਾਧੀ ਦਾਲ ਵਿਹੜੇ ਚ ਰੁੜ੍ਹਦਾ ਖਾਲੀ ਗਲਾਸ ਜਿਸ ਚੋਂ ਅਜੇ ਵੀ ਚਾਹ ਦੇ ਘੁੱਟ ਕਿਰ ਰਹੇ ਹਨ- ਅਸਮਾਨ ਚ ਕਿਤੇ ਵੀ ਜੰਗ ਦੇ ਬੱਦਲ ਨਹੀਂ ਸਨ ਪਰ ਲੋਕਾਂ ਦੇ ਮਨਾਂ ਚ ਮਣਾਂਮੂੰਹ ਸਹਿਮ ਵਸਾ ਦਿਤਾ ਸਪੀਕਰ ਦੀ ਇੱਕ ਅਨਾਊਂਸਮੈਂਟ ਨੇ ਪਤਾ ਨਹੀਂ ਕਿੰਨਾ ਕੁਝ ਅੰਦਰੋਂ ਗੁਆ ਦਿਤਾ ਹਰ ਦਰ ਤੇ ਤੌਖਲੇ ਪਾ ਸੁੱਕਣੇ ਹਰ ਬੂਹਾ ਚੁੱਪ ਕਰਾ ਦਿਤਾ

ਨਾ ਪੁੱਤ ਲੜੀਦਾ ਨਹੀਂ

ਨਾ ਪੁੱਤ ਲੜੀਦਾ ਨਹੀਂ ਲੜਾਈ ਨਾਲ ਘਰ ਖ਼ੁਰਦੇ ਨੇ'- ਮਾਂ ਕਿਹਾ ਕਰਦੀ ਸੀ- ਲੜਾਈ ਹੋਵੇ ਜਾਂ ਜੰਗ ਕਿਸੇ ਦੀ ਕਦੇ ਮਦਦ ਨਹੀਂ ਕਰਦੇ ਨਾ ਹੀ ਕਿਸੇ ਦੀ ਇਸ 'ਚ ਕਦੇ ਜਿੱਤ ਹੁੰਦੀ ਹੈ ਸਾਰੇ ਹੀ ਆਪਣਾ ਆਪ ਗੁਆ ਬਹਿੰਦੇ ਹਨ- ਜੰਗ ਕਦੇ ਵੀ ਮਨੁੱਖਤਾ ਦੇ ਦੁੱਖਾਂ ਦਾ ਹੱਲ ਨਹੀਂ ਬਣੀ ਸਿਆਸੀ ਸਤਰੰਜ ਦੀਆਂ ਭਿਆਨਕ ਚਾਲਾਂ ਨੇ ਇਹ ਜੰਗ ਜੰਗ ਦੇ ਭਾਂਬੜ ਕਦੇ ਘਰ ਨਹੀਂ ਸਜਾਉਂਦੇ ਜੰਗ ਚੋਂ ਕਦੇ ਵਾਪਿਸ ਘਰੀਂ ਸੁੱਖ ਨਹੀਂ ਆਉਂਦੇ ਮੋਦੀ ਵਿਦੇਸ਼ ਚ ਜਾਂ ਕਿਸੇ ਬੰਕਰ ਵਿੱਚ ਜਾ ਬੈਠੇਗਾ ਪੰਜਾਬ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਵੇਗਾ- ਸਰਹੱਦ ਨੇੜਲੇ ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਹਨ ਕਿਸਾਨਾਂ ਦੇ ਪੱਕਣ ਨੇੜੇ ਆਏ ਝੋਨੇ ਦੀਆਂ ਮਹਿਕਾਂ ਨੂੰ ਫੌਜ ਦੇ ਟੈਂਕਾਂ ਨੇ ਲਤਾੜ ਸੁੱਟਣਾ ਹੈ ਲੋਕ ਘਰੋਂ ਬੇਘਰ ਹੋ ਜਾਣਗੇ ਸਿੱਖ ਪਲਟਣਾਂ ਨੂੰ ਅੱਗੇ ਲਾ ਦਿੱਤਾ ਹੈ -ਭਾਰਤੀ ਫੌਜ ਨੇ ਕਿੰਨੀਆਂ ਮਾਵਾਂ ਦੇ ਪੁੱਤ, ਸੁਹਾਗਣਾਂ ਦੇ ਸੁਹਾਗ, ਕਿੰਨੀਆਂ ਭੈਣਾ ਦੇ ਭਰਾ ਤੇ ਕਿੰਨੇ ਬੱਚਿਆਂ ਦੇ ਬਾਪ, ਇਸ ਜੰਗ ਨੇ ਖੋਹਣੇ ਹਨ, ਕੋਈ ਅੰਦਾਜ਼ਾ ਨਹੀਂ ਲਾ ਸਕੇਗਾ ਜੰਗ ਨੇ ਪੰਜਾਬ ਦੀ ਹਰ ਖੇਤਰ 'ਚ ਤਬਾਹੀ ਕਰਨੀ ਹੈ ਆਰਿਥਕ ਤੌਰ ਤੇ ਪਹਿਲਾਂ ਹੀ ਤਬਾਹ ਹੋ ਚੁੱਕਾ ਹੈ ਪੰਜਾਬ ਰਹਿੰਦੀ-ਖੂੰਹਦੀ ਆਰਥਿਕਤਾ ਜੰਗ ਦੇ ਭੇਟ ਚੜ੍ਹ ਜਾਵੇਗੀ ਜੰਗ ਚ ਇਨਸਾਨੀਅਤ ਮਰ ਜਾਂਦੀ ਹੈ ਘਰ ਪਰਿਵਾਰ ਤਬਾਹ ਹੋ ਜਾਂਦੇ ਹਨ ਲੋਕ ਘਰੋਂ ਬੇਘਰ ਹੋ ਜਾਣ-ਜਵਾਨ ਟੁਰ ਜਾਣ ਘਰ ਵਿਧਵਾ ਹੋ ਜਾਣ ਬੱਚੇ ਅਨਾਥ ਹੋ ਜਾਣ -ਪਿਉ ਗੁਆਚ ਜਾਂਦੇ ਹਨ ਜੰਗ ਚ - ਸੁਰੱਖਿਆ ਗੁਆਚ ਜਾਂਦੀ ਹੈ ਅਰਸ਼ਾਂ ਚੋਂ ਅਣਕਹੇ ਦੁੱਖ ਲੱਗ ਜਾਂਦੇ ਹਨ ਉਡੀਕਾਂ ਨੂੰ- ਜਾਓ ਜੰਗ ਨੂੰ ਦਰਾਂ ਤੋਂ ਬਾਹਰ ਛੱਡ ਕੇ ਆਓ ਘਰਾਂ ਚ ਨਾ ਵੜ੍ਹ ਜਾਵੇ ਕਿੱਧਰੇ ਬੂਹੇ ਖੋਲ੍ਹ ਕੇ ਤਬਾਹੀ ਹੋਈ ਤਾਂ ਮੇਰੇ ਬੱਚੇ ਬਾਪੂਆਂ ਨੂੰ ਤਰਸਣਗੇ ਮਨੁੱਖ ਤੇ ਮਨੁੱਖਤਾ ਸਦਾ- ਜੰਗ ਦੀ ਖ਼ੁਰਾਕ ਸੰਸਦ ਸਦਾ ਜੰਗ ਤੋਂ ਦੂਰ ਬਹਿੰਦੀ ਹੈ ਤੇ ਜੰਗ ਬਾਰੇ ਸੌ 2 ਗੱਲਾਂ ਕਹਿੰਦੀ ਹੈ- ਉਹਨਾਂ ਦੇ ਪਰਿਵਾਰ ਬੱਚੇ ਔਰਤਾਂ ਸੁਰੱਖਿਅਤ ਸਾਡੇ ਘਰਾਂ, ਚੁੱਲ੍ਹਿਆਂ 'ਚ ਘਾਹ- ਜੇ ਕਿਤੇ ਪਰਮਾਣੂ ਜੰਗ ਲੱਗ ਗਈ ਕਿਤੇ ਵੀ ਮਨੁੱਖਤਾ ਨਹੀਂ ਦਿਸਣੀ- ਜੰਗ ਚ ਫਿਰ ਪੰਜਾਬ ਨੇ ਹੀ ਗੁਆਉਣੇ ਨੇ ਆਪਣੇ ਘਰ ਤੇ ਸ਼ਹਿਰ ਉਜਾੜੇ ਪੈ ਜਾਣਗੇ ਦਰਾਂ ਬੂਹਿਆਂ ਤੇ ਜੇ ਇਨਸਾਨੀਅਤ ਮਰ ਗਈ ਤਾਂ ਦਿਨ ਰਾਤ ਨਹੀਂ ਰਹਿਣੇ- ਸੂਰਜ ਚੰਨ ਛੁਪ ਜਾਣਗੇ- ਰਹਿਣ ਦਿਓ ਇਸ ਨੇਕ ਦੇਸ ਭਗਤੀ ਨੂੰ ਦੂਰ ਤੇ ਹਾਕਮਾਂ ਦੇ ਪਰਿਵਾਰ ਦਿੱਲੀ ਤੇ ਇਸਲਾਮਾਬਾਦ 'ਚ ਬੈਠੇ ਕਸ਼ਮੀਰ ਤੇ ਪੰਜਾਬ ਦੀ ਖੂਬਸੂਰਤੀ ਮਜਦੂਰੀ ਤੇ ਕਿਸਾਨੀ ਦੇ ਹੱਥ ਦੀਆਂ ਲਕੀਰਾਂ ਮਿਟ ਜਾਣਗੀਆਂ ਦੁਨੀਆਂ ਵਾਲਿਓ-ਜੰਗ ਕਦੇ ਵੀ ਜਾਇਜ਼ ਨਹੀਂ ਹੋਈ ਸਰਹੱਦਾਂ ਤੇ ਸੰਤਾਪ ਵਿਲਕੇਗਾ ਪੰਜਾਬੀਅਤ ਫਿਰ ਮੂਹਰੇ ਹੋ 2 ਮਰੇਗੀ- ਬੱਚੇ ਜੰਗ ਨਹੀਂ ਅਮਨ ਮੰਗਦੇ ਨੇ- ਦੂਰ ਲੈ ਜਾਓ ਜੰਗੀ ਜ਼ਹਾਜ਼ਾਂ ਦੀਆਂ ਡਾਰਾਂ ਤੇ ਮੀਜ਼ਾਈਲਾਂ ਸਾਥੋਂ ਜੰਗ ਚ ਆਮ ਲੋਕਾਂ ਦਾ ਹੀ ਘਾਣ ਹੁੰਦਾ ਹੈ ਤਬਾਹੀ ਪਿੰਡਾਂ ਦੇ ਨਕਸ਼ ਖਾ ਜਾਂਦੀ ਹੈ- ਕਦੇ ਉੱਜੜ੍ਹੇ ਘਰਾਂ ਦੀ ਤਸਵੀਰ ਦੇਖਿਓ ਜ਼ਰਾ ਪਸ਼ੂਆਂ ਤੇ ਫਸਲਾਂ ਦੀ ਬਰਬਾਦੀ ਵੱਲ ਤੱਕਿਓ- ਇਹਨਾਂ ਸਟਾਲਿਨਾਂ ਨੂੰ ਚੁੱਪ ਕਰਾਓ ਮੋਦੀ ਦੇ ਸੂਟ ਦਾ ਕੁਝ ਨਹੀਂ ਜਾਣਾ ਸ਼ਰੀਫ਼ ਦੀ ਹਿੱਕ ਤੇ ਆਂਚ ਨਹੀਂ ਆਉਣੀ- ਮੇਰੀ ਦੁਨੀਆਂ ਬਰਬਾਦ ਹੋ ਜਾਵੇਗੀ- ਤਬਾਹ ਹੋ ਜਾਣਗੇ ਮੇਰੇ ਚੰਦ ਸਿਤਾਰੇ- ਖੇਤਾਂ ਚ ਝੋਨਾ ਤੇ ਕਪਾਹਾਂ ਰੋਣਗੀਆ ਸਭ ਤੋਂ ਵੱਧ ਪੰਜਾਬ ਰੁਲੇਗਾ- ਜਪਾਨ ਵੱਲ ਦੇਖ ਲਓ ਇੱਕ ਵਾਰ- ਜੰਗ ਦੇ ਬੱਦਲ ਗੂੜੇ ਹੋਏ ਫਿਰਦੇ ਹਨ ਜੰਗ ਦਾ ਸੇਕ ਪੰਜਾਬ ਦੇ ਲੋਕਾਂ ਤੱਕ ਪਹੁੰਚ ਗਿਆ ਹੈ- ਕਾਰਗਿਲ ਦੀ ਜੰਗ ਨੇ ਤਬਾਹੀ ਪੰਜਾਬ ਤੇ ਸਿੱਖਾਂ ਦੀ ਹੀ ਕੀਤੀ ਸੀ ਹੁਣ ਵੀ ਪੰਜਾਬ ਦੀ ਧਰਤੀ ਨੇ ਹੀ ਇਸ ਜੰਗ ਦਾ ਅਖਾੜਾ ਬਣਨਾ ਹੈ - ਫਿਰ ਗੜ੍ਹੀ ਚੋਂ ਤੋਰੇ ਜਾਣਗੇ ਸਜਾ 2 ਕੇ ਪੁੱਤ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਵਾਲਿਓ ਕਰੋੜਾਂ ਬੋਲ ਨਹੀਂ ਰਹਿਣੇ- ਤੇ ਜੋ ਬਚੇ ਬਿਮਾਰੀਆਂ ਤੇ ਭੁੱਖਮਰੀ ਨੇ ਡੀਕ ਲੈਣੇ ਨੇ- ਦਹਾਕਿਆਂ ਤੱਕ ਫ਼ਸਲ ਨਹੀਂ ਦਿਸੇਗੀ ਧਰਤ ਤੇ- ਬੱਚੇ ਜੇ ਪੈਦਾ ਹੋਏ ਤਾਂ ਲੂਲੇ ਲੰਗੜੇ ਸੁਪਨੇ ਹੋਣਗੇ ਉਹਨਾਂ ਦੇ ਗਲੀਂ- ਹਥਿਆਰਾਂ ਦੇ ਸੌਦਾਗਰ ਜੰਗ ਨੂੰ ਵਿਸ਼ਵ ਯੁੱਧ 'ਚ ਬਦਲਣ ਦੀ ਕੋਝੀ ਸਾਜ਼ਿਸ਼ ਕਰਨਗੇ ਜ਼ਾਲਮੋਂ -ਜੰਗ ਨੇ ਕਿਸੇ ਮਸਲੇ ਦਾ ਹੱਲ ਦਰਾਂ ਤੇ ਲੈ ਕੇ ਨਹੀਂ ਆਉਣਾ- ਜੰਗ ਤਬਾਹੀ ਦਾ ਹੀ ਦੂਜਾ ਨਾਂ ਹੁੰਦੀ ਹੈ ਹਿੰਦ-ਪਾਕਿ ਦੀ ਸ਼ੈਤਾਨੀ ਹੀ ਹੈ ਇਹ ਜੰਗ ਦੀ ਇਬਾਰਤ ਇਹ ਜੰਗ ਨਹੀਂ- ਤਬਾਹੀ ਲਿੱਖੀ ਜਾ ਰਹੀ ਹੈ ਪੰਜਾਬ ਦੀ ਖੇਤਾਂ ਫ਼ਸਲਾਂ ਦੇ ਸ਼ਬਾਬ ਦੀ ਮੇਰੇ ਬੱਚਿਆਂ ਦੇ ਪਲਕਾਂ ਤੇ ਆਏ ਨਵੇਂ ਖ਼ਾਬ ਦੀ ਨਾਨਕ ਦੇ ਸ਼ਬਦ ਤੇ ਰਬਾਬ ਦੀ-

ਲੁਧਿਆਣੇ ਜਗਰਾਵਾਂ ਪੁੱਲ 'ਤੇ

ਲੁਧਿਆਣੇ ਜਗਰਾਵਾਂ ਪੁੱਲ 'ਤੇ ਤਿੰਨ ਬੁੱਤ ਖੜ੍ਹੇ ਨੇ ਚਿਰਾਂ ਤੋਂ- ਜਿਹਨਾਂ ਵੱਲ ਕਿਸੇ ਦੀ ਧੌਣ ਘੱਟ ਹੀ ਮੁੜਦੀ ਹੈ ਸਗੋਂ ਹਾਦਸੇ ਤੋਂ ਬਚਣ ਦਾ ਡਰ ਰਹਿੰਦਾ ਹੈ ਸਾਰਿਆਂ ਨੂੰ ਅੱਜਕਲ ਤਾਂ ਓਥੋਂ ਰਾਈਟ ਟਰਨ ਵੀ ਹਟਾ ਦਿਤੀ ਹੈ- ਹਾਂ ਲਿਫਟ ਟਰਨ ਤੇ ਕਦੇ 2 ਅੱਖਾਂ ਚ ਅੱਖਾਂ ਪੈ ਜਾਂਦੀਆਂ ਨੇ ਮੇਰੀਆਂ ਕਦੇ ਭਗਤ ਸਿੰਘ ਤੇ ਕਦੇ 2 ਸੁਖਦੇਵ ਰਾਜਗੁਰੂ ਦੀਆਂ ਅੱਖਾਂ ਚ- ਐਤਕੀਂ ਕੁਝ ਰੁਕ ਕੇ- ਗਰਮੀ ਚ ਖੜ੍ਹੇ ਭਗਤ ਸਿੰਘ ਨਾਲ ਗੱਲਾਂ ਕੀਤੀਆਂ- ਕਹਿੰਦਾ-ਆਪ ਤਾਂ ਬੁੱਤ ਬਣ ਤੁਰੇ ਫਿਰਦੇ ਹੋ ਸਾਨੂੰ ਕਿਉਂ ਸਜਾ ਦਿਤਾ ਹੈ ਪੱਥਰ ਬਣਾ ਕੇ- ਸਾਡੀ ਛਾਤੀ ਤੇ ਪੌੜ੍ਹੀ ਲਾ ਕੇ ਹਾਰ ਨਾ ਪਹਿਨਾਇਆ ਕਰੋ- ਕਹਿ ਦਿਓ ਇਹਨਾਂ ਨੇਤਾਵਾਂ ਨੂੰ- ਬੈਠੇ ਰਹਿਣ ਘਰਾਂ ਚ ਸਾਡੀਆਂ ਬਾਹਾਂ ਤੇ ਗਾਉਂਦੇ ਰਹਿਣ ਦਿਓ ਚੀਨੇ ਕਬੂਤਰ ਤੇ ਕਾਂ ਚਿੜ੍ਹੀਆਂ- ਇਹ ਕੋਈ ਸੁਨੇਹਾ ਤਾਂ ਲੈ ਕੇ ਜਾਂਦੀਆਂ ਨੇ ਤੁਸੀਂ ਤਾਂ ਫੁੱਲਾਂ ਦੇ ਖ਼ਾਬ ਵੀ ਦਫ਼ਨਾ ਜਾਂਦੇ ਹੋ ਸਾਡੇ ਪੈਰਾਂ ਚ ਕਦੇ ਤਾਂ ਸੰਵਾਦ ਰਚਾਇਆ ਕਰੋ ਨਹੀਂ ਤਾਂ ਇਧਰ ਦੀ ਨਾ ਆਇਆ ਕਰੋ- ਉਤਾਰ ਦਿਓ ਹੇਠ ਸਾਨੂੰ ਫ਼ਾਸ਼ੀ ਲੱਗਿਆਂ ਨੂੰ ਚਿਰਾਂ ਤੋਂ ਖੜ੍ਹੇ ਸਾਡੇ ਬੁੱਤ ਵੀ ਹੁਣ ਥੱਕ ਚੁੱਕੇ ਹਨ ਸਾਨੂੰ ਨਹੀਂ ਚਾਹੀਦੇ ਸਿਰਾਂ ਲਈ ਹਾਰ ਤੇ ਨਾ ਹੀ ਹੋਰ ਵੱਡਮੁੱਲੇ ਉਪਹਾਰ ਸਾਨੂੰ ਤਾਂ ਤੁਹਾਡੇ ਸਿਰ ਚਾਹੀਦੇ ਹਨ- ਧੜਾਂ ਤੇ ਸਿੱਧੇ ਖੜ੍ਹੇ-ਤੇ ਹੱਥਾਂ ਚ ਖੰਡੇ ਝੁਕਦੇ ਸਿਰ ਲੈ ਕੇ ਸਾਡੇ ਕੋਲ ਨਾ ਆਇਓ- ਅਸੀਂ ਗੋਬਿੰਦ ਨਹੀਂ ਕਿ ਸਾਡੇ ਪੈਰਾਂ ਤੇ ਝੁਕੋ ਸਾਡੇ ਤਨ ਦੀ ਮਿੱਟੀ ਲੈ ਜਾਓ ਤੇ ਖੇਤਾਂ ਨਦੀਆਂ ਦਰਿਆਵਾਂ ਚ ਖਿਲਾਰੋ- ਉਡਾ ਦਿਓ ਸਾਡੇ ਸੁਨੇਹੇ ਇਹਨਾਂ ਹਵਾਵਾਂ ਚ ਤੇ ਸਾਡੇ ਚਾਅ ਰੀਝਾਂ ਇਹਨਾਂ ਰਾਹਵਾਂ ਚ ਪਰ ਸਾਡੇ ਕੋਲ ਹੱਥ ਜੋੜ੍ਹ ਕੇ ਨਾ ਆਉਣਾ- ਹੱਥ ਜੋੜ੍ਹਨ ਲਈ ਨਹੀਂ ਹੁੰਦੇ ਹੱਥਕੜੀਆਂ ਤੋੜਨ ਖੋਰਨ ਲਈ ਹੁੰਦੇ ਨੇ- ਹੱਥਾਂ ਨੂੰ ਕਹੋ ਕਿ ਫੌਲਾਦ ਬਣ ਜਾਣ ਮਿਹਨਤ ਤੇ ਕਿਰਤ ਦਾ ਕੋਈ ਖ਼ਾਬ ਬਣ ਜਾਣ ਚੰਗਾ ਤਾਂ ਸੀ ਕਿ ਸਾਡੇ ਬੁੱਤਾਂ ਦੇ ਦੋ ਚਾਰ ਸੁਪਨੇ ਬਣਾ ਲੈਂਦੇ- ਕਿਸੇ ਕੰਮ ਤਾਂ ਆਉਂਦੇ- ਕੋਈ ਤੀਰ ਬਣਦਾ -ਕੋਈ ਸ਼ਮਸ਼ੀਰ ਕੋਈ ਚੰਦ ਤੇ ਕੋਈ ਤਕਦੀਰ ਕੋਈ ਤਾਰੀਖ਼ ਤੇ ਕੋਈ ਲਕੀਰ ਚੰਗਾ ਤਾਂ ਸੀ ਕਿ ਸਾਡੀਆਂ ਚਿਖਾਵਾਂ ਚੋਂ ਬਲਦੇ ਸੂਹੇ ਅੰਗਿਆਰ ਚੁਣਦੇ ਤੇ ਬੈਠ ਕੇ ਰਾਤਾਂ ਸਰ੍ਹਾਣੇ ਨਵੇਂ 2 ਖਾਬ ਉਣਦੇ ਸੀਨੇ ਹਾਰਾਂ ਲਈ ਨਹੀਂ ਹੁੰਦੇ ਨਵੀਆਂ ਲਲਕਾਰਾਂ ਲਈ ਹੁੰਦੇ ਨੇ ਸਾਡੇ ਫ਼ਾਂਸੀ ਦੇ ਪਾਏ ਰੱਸੇ ਤੋਂ ਕੋਈ ਅਰਸ਼ ਹੀ ਬੁਣ ਲੈਂਦੇ ਸਾਡੀ ਤਾਂ ਨਹੀਂ ਸਾਡੀ ਮਿੱਟੀ ਦੀ ਹੀ ਸੁਣ ਲੈਂਦੇ- ਤੇ ਰਾਖ਼ ਚੋਂ ਦੋ ਚਾਰ ਫੁੱਲ ਹੀ ਚੁਣ ਲੈਂਦੇ- ਅੱਜ ਹੀ ਜਾਓ ਸੱਤਲੁਜ਼ ਦੇ ਕੰਢੇ ਤੇ ਪਏ ਹੋਣੇ ਅਜੇ ਵੀ ਕਈ ਬਲਦੇ ਸਿਵਿਆਂ ਦੇ ਅੰਗਿਆਰ ਤੇ ਤੁਹਾਡੇ ਫੁੱਲਾਂ ਦੇ ਜਲਦੇ ਹਾਰ ਬਣਾ ਲਓ ਉਹਨਾਂ ਚੋਂ ਕੁਝ ਚੰਦ ਤੇ ਮੁੱਠ ਕੁ ਸਿਤਾਰੇ ਤੇ ਹੱਥਾਂ 'ਚ ਸਜਾ ਲਓ ਸਾਡੀਆਂ ਹਿੱਕਾਂ ਚੋਂ ਉਗਮਦੇ ਨਵੇਂ 2 ਨਾਹਰੇ- ਬੇਮਤਲਬ ਨਾ ਸਾਲ 2 ਬਾਅਦ ਆਇਆ ਕਰੋ ਸਾਡੇ ਬੁੱਤਾਂ ਦੀ ਛਾਂ ਚ ਸ਼ਰਧਾਂਜਲੀਆਂ ਦੇ ਫੁੱਲ ਲੈ ਕੇ ਅਰਾਮ ਕਰ ਲੈਣ ਦਿਓ ਹੁਣ ਸਾਡੀਆਂ ਰੂਹਾਂ ਨੂੰ- ਤੇ ਗਾਉਂਦੀਆਂ ਸਾਡੀਆਂ ਬਰੂਹਾਂ ਨੂੰ- ਜੇ ਕੁਝ ਤਮੰਨਾ ਹੈ ਤਾਂ ਵਿਲਕਦੀਆਂ ਮਾਵਾਂ ਕੋਲ ਜਾਓ ਅਸੀਂ ਤਾਂ ਹੁਣ ਅਰਸ਼ੀਂ ਰਹਿਨੇ ਆਂ ਐਂਵੇ ਨਾ ਆ 2 ਸਤਾਓ- ਪਾਠ ਪੁਸਤਕਾਂ 'ਚੋਂ ਪੂੰਝ ਦਿਓ ਸਾਡੇ ਸੋਹਲੇ ਪਰ ਪਲ ਭਰ ਨਾ ਕਰਿਓ ਸਾਡੀ ਸੋਚ ਨੂੰ ਓਹਲੇ ਜੇ ਹੱਥ ਚ ਖੰਜ਼ਰ ਹੈ ਤਾਂ ਪਹਿਲਾਂ ਨਾਂ ਗੋਬਿੰਦ ਦਾ ਲੈਣਾ ਜੇ ਸੁਰਖ਼ ਤਵੀ ਹੋਈ ਤਾਂ ਗੁਰੂ ਅਰਜਨ ਦੇਵ ਨੂੰ ਧਿਆਇਓ ਸਾਨੂੰ ਬੁੱਤਾਂ ਦੀ ਜੂਨ ਨਾ ਪਾਓ ਨਹੀਂ ਤਾਂ ਰੁੱਤ ਨੇ ਕਰਵੱਟ ਨਹੀਂ ਲੈਣੀ ਬੁੱਤ ਕਦੇ ਬਦਲ ਨਹੀਂ ਸਕਦੇ ਰੁੱਤ ਇਹਨਾਂ ਚ ਕਦੇ ਜਾਗਦੀ ਨਹੀਂ ਕੋਈ ਭੁੱਖ ਇਹਨਾਂ ਤੋਂ ਤਾਂ ਚੰਗੇ ਲੱਗਣ ਰੁੱਖ ਜੋ ਪੁੱਛਣ ਰੋਜ਼ ਸਮੇਂ ਨੂੰ ਦੁੱਖ-

ਚੱਲ ਪਰਤ ਚੱਲੀਏ ਪਿੰਡਾਂ ਨੂੰ

ਚੱਲ ਪਰਤ ਚੱਲੀਏ ਪਿੰਡਾਂ ਨੂੰ ਕਿ ਹਵਾਵਾਂ ਰੁਮਕਣਾ ਭੁੱਲ ਜਾਣਗੀਆਂ ਨਹੀਂ ਤਾਂ ਕਿ ਮਰਨਾਂ ਨਹੀਂ ਪੱਤਝੜਾਂ ਨੇ ਰਾਹਾਂ ਚ ਰਾਹਗੀਰ ਨਹੀਂ ਲੱਭਣੇ ਮੋੜ੍ਹ ਲਿਆਈਏ ਨਦੀਆਂ ਨੂੰ ਖੇਤਾਂ ਵੱਲ ਦਰਾਂ ਤੇ ਬੰਨ੍ਹ ਕੇ ਆਈਏ ਖੁਸ਼ੀਆਂ ਦੇ ਪੱਤ ਪਿੰਡਾਂ ਨੂੰ ਪਰਤ ਜਾਣ ਦਾ ਅਜੇ ਵੀ ਸਮਾਂ ਹੈ ਚੱਲੀਏ ਕਿ ਕਪਾਹਾਂ ਸ਼ਾਇਦ ਹੱਸ ਪੈਣ ਦੇਖ ਕੇ ਕਿ ਸੂਰਜ ਖੜ੍ਹ ਜਾਵੇ ਡੁੱਬਣੋਂ ਸ਼ਾਮ ਚ ਪਰਤ ਆਵੇ ਮਹਿਫ਼ਿਲ ਖਬਰੇ ਹੋ ਸਕਦਾ ਕਿ ਉਹ ਵੀ ਆ ਜਾਵੇ ਮਿਲਣ ਕਿਸੇ ਰਾਤ ਚ ਭੁੱਲ ਕੇ- ਕਿ ਕੋਇਲ ਵੀ ਜਾਗ ਪਵੇ ਕਿਸੇ ਡਾਲੀ ਤੇ ਜੇ ਨਾ ਗਏ ਤਾਂ ਦੁਪਹਿਰਾਂ ਰੁੱਸ ਜਾਣਗੀਆਂ ਬਾਸਮਤੀ ਨੇ ਨਹੀਂ ਨਿੱਸਰਨਾਂ ਸਿਆੜਾਂ ਨੇ ਬੁੱਲ੍ਹ ਨਹੀਂ ਖੋਲ੍ਹਣੇ ਕਮਾਦਾਂ ਚ ਮਿੱਠਤ ਕਿੱਥੋਂ ਭਾਲਾਂਗੇ- ਸਰੋਂ੍ਹ ਦੇ ਸਾਗ ਦੇ ਵਿਗੋਚੇ ਨਹੀਂ ਸਹਾਰ ਹੋਣੇ ਕੌਣ ਸਜਾਏਗਾ ਅੱਖਾਂ ਝਮਕਦੇ ਸਿਤਾਰਿਆਂ ਨਾਲ ਅੰਬਰ ਦਾ ਥਾਲ ਚੋਰ ਸਿਪਾਹੀ ਨੂੰ ਕੌਣ ਲੱਭੇਗਾ ਅਸਮਾਨਾਂ ਚੋਂ ਪਰਤ ਚੱਲੀਏ ਅਜੇ ਵੀ ਵਕਤ ਹੈ ਹੱਥਾਂ ਚ ਫਿਰ ਕਿੱਥੋਂ ਲਿਆਵਾਂਗੇ ਮੋੜ ਕੇ ਕਬਰਾਂ ਨੂੰ ਟੁਰ ਗਈਆਂ ਮਾਵਾਂ ਵਰਗੀਆਂ ਛਾਵਾਂ ਤੇ ਛੱਤਾਂ ਵਰਗੇ ਬਾਪ ਅੱਜ ਕਲ ਤਾਂ ਕਬਰਾਂ ਦੇ ਰੁੱਖ ਵੀ ਛਾਵਾਂ ਕਰਨੀਆਂ ਭੁੱਲ ਗਏ ਹਨ ਕਿਹਦੀ ਛਾਂ ਚ ਬੈਠਾਂਗੇ ਪਲ ਭਰ ਜਾ ਕੇ ਮਾਂ ਦੀਆਂ ਅਸੀਸਾਂ ਟੋਲਣ ਲਈ ਤੇ ਬਾਪੂ ਦੇ ਲਾਡ ਲੱਭਣ ਲਈ ਘਰ ਓਦਾਂ ਨਹੀਂ ਖੋਲ੍ਹਦੇ ਹਿੱਕਾਂ ਪਹਿਲਾਂ ਚਿਹਰੇ ਪਛਾਣਦੇ ਹਨ ਨਜ਼ਰਾਂ ਵੱਲ ਤੱਕਦੇ ਹਨ- ਸ਼ਨਾਖ਼ਤੀ ਪੱਤਰ ਮੰਗਦੇ ਹਨ- ਕਿੱਥੋਂ ਲਿਆਵਾਂਗੇ ਗੁਆਂਢੋਂ ਤੁਰ ਗਈ ਚਾਚੀ ਤੋਜੋ ਕਿਹਰ ਸਿਓਂ ਤਾਇਆ ਤੇ ਭਰਾਵਾਂ ਵਰਗੇ ਤਕੀਏ ਦੇ ਬੋਹੜ ਪਿੱਪਲ ਹੁਣ ਤਾਂ ਕਦੇ ਡਾਕੀਆ ਨਾਜ਼ਰ ਵੀ ਨਹੀਂ ਦਿਸਿਆ ਤੇ ਨਾ ਹੀ ਹੱਟੀ ਵਾਲੀ ਨਿੰਮੋਂ ਰਾਹ ਓਦਾਂ ਨਹੀਂ ਨੇੜੇ ਖੜ੍ਹਦੇ ਕਿਹਦੀ ਗਵਾਹੀ ਪਾਵਾਂਗੇ ਕਿ ਮੈਂ ਓਹੀ ਹਾਂ- ਤੁਹਾਡੀ ਗੋਦੀ ਚ ਖੇਡਣ ਵਾਲਾ ਹੱਸਣ ਹਸਾਉਣ ਵਾਲਾ ਤੁਹਾਡੇ ਵਿਹੜਿਆਂ ਨੂੰ- ਪੁਰਾਣੇ ਰੁੱਖ ਸਨ ਦਾਦੀ ਦਾਦੇ ਵਰਗੇ ਲੋਕਾਂ ਨੇ ਸਾਰੇ ਹੀ ਘਰਾਂ ਚ ਖ਼ਪਤ ਕਰ ਲਏ ਕੁਝ ਸੇਕ ਲਏੇ ਬਾਕੀ ਵੇਚ ਲਏੇ ਖੇਡਣ ਵਾਲੀਆਂ ਥਾਵਾਂ ਸਨ- ਵਲਗਣਾਂ ਨੇ ਡੀਕ ਲਈਆਂ ਚੱਪਾ ਵੀ ਥਾਂ ਨਹੀਂ ਬਚੀ ਕਿ ਕਿਤੇ ਕੋਈ ਅੱਡੀ ਛੜੱਪਾ ਹੀ ਖੇਡ ਲਵੇ ਜੱਫ਼ੀਆਂ ਪਾਉਣ ਲਈ ਤੇ ਝੂਟਣ ਲਈ ਟਾਹਣ ਸਨ ਕਿਤੇ ਨਹੀਂ ਨਜ਼ਰ ਆਉਂਦੇ- ਬੰਦਾ ਪੀਂਘ ਪਾਵੇ ਤਾਂ ਕਿਹਦੀ ਬਾਂਹ ਤੇ- ਚੰਨ ਤਾਰੇ ਤਾਂ ਝਾਕਦੇ ਨੇ ਛੱਤ ਤੇ ਪਰ ਬੰਦਾ ਮੰਜੇ ਕਿੱਥੋਂ ਲਿਆਵੇ ਤੇ ਵਿਛਾਵੇ ਡਾਰਾਂ ਚ ਦੀਵਾਲੀ ਵਿਸਾਖੀ ਤਾਂ ਹਰ ਸਾਲ ਆਉਂਦੀ ਹੈ ਪਰ ਜ਼ਿੰਦਰਿਆਂ ਵਾਲੇ ਘਰ ਦੇਖ ਮੁੜ ਜਾਂਦੀ ਹੈ ਬੰਦ ਬੂਹਿਆਂ ਵੱਲ ਮੰਗਣ ਵਾਲੇ ਵੀ ਨਹੀਂ ਝਾਕਦੇ ਕੁੜੀਆਂ ਗੀਤ ਭੁੱਲ ਜਾਂਦੀਆਂ ਨੇ ਬੰਦ ਦਰਵਾਜਿਆਂ ਵੱਲ ਤੱਕ ਕੇ ਬਨ੍ਹੇਰੇ ਦੀਵਿਆਂ ਦੀ ਛੁਹ ਨੂੰ ਤਰਸ ਰਹੇ ਹਨ ਬੂਹੇ ਤੇਲ ਦੇ ਮੋਹ ਨੂੰ ਤਰਸ ਰਹੇ ਹਨ