Chonvein Baint : Babu Firoz Din Sharaf
ਚੋਣਵੇਂ ਬੈਂਤ : ਬਾਬੂ ਫ਼ੀਰੋਜ਼ਦੀਨ ਸ਼ਰਫ਼
ਮੋਤੀ ਖਿੱਲਰੇ ਆਖ਼ਰੀ ਹੰਝੂਆਂ ਦੇ, ਧਾਗਾ ਕੱਚੇ ਪਿਆਰ ਦਾ ਟੁੱਟ ਗਿਆ। ਫੱਟ ਵੇਖ ਕੇ ਮੇਰੀਆਂ ਔਕੜਾਂ ਦਾ, ਮੂੰਹ ਉਹਦੇ ਹੰਕਾਰ ਦਾ ਟੁੱਟ ਗਿਆ। ਸਾਂਭ ਸਕੀ ਨਾ ਇਸ਼ਕ ਦੇ ਕੈਦੀਆਂ ਨੂੰ, ਪੇਚ ਜ਼ੁਲਫ਼ਿ-ਖ਼ਮਦਾਰ ਦਾ ਟੁੱਟ ਗਿਆ। ‘ਸ਼ਰਫ’ ਸ਼ੁਕਰ ਗੁਜ਼ਾਰਿਆ ਨੇੜਿਉਂ ਮੈਂ, ਝਗੜਾ ਕੌਲ ਇਕਰਾਰ ਦਾ ਟੁੱਟ ਗਿਆ। ਕਿਸੇ ਪਾਸੇ ਵੀ ਰਹੇ ਨਾ ਜਾਣ ਜੋਗੇ, ਜਾਨੀ ! ਵੇਖ ਕੇ ਤੇਰੇ ਅਕੀਦਿਆਂ ਨੂੰ । ਧੋਖੇ ਇਸ ਤਰ੍ਹਾਂ ਦੇ ਕੌਣ ਦੇਂਵਦਾ ਏ, ਭਲਾ ਦੱਸ ਗੁਲਾਮਾਂ ਖ਼ਰੀਦਿਆਂ ਨੂੰ ? ਅੱਗੇ ਕਦੇ ਕਦਾਈਂ ਸੀ ਦੀਦ ਹੁੰਦੀ, ਅਸਾਂ ਆਸ਼ਕਾਂ ਬੇਉਮੀਦਿਆਂ ਨੂੰ । ਬੂਹੇ ਬਾਰੀਆਂ ਦੇ 'ਸ਼ਰਫ਼’ ਬੰਦ ਕਰ ਕੇ, ਅੰਨ੍ਹਾ ਕੀਤਾ ਈ ਸਾਡਿਆਂ ਦੀਦਿਆਂ ਨੂੰ। ਡਰਦੇ ਰਹੀਏ ਹਸੀਨਾਂ ਦੇ ਧੋਖਿਆਂ ਤੋਂ, ਇਹਨਾਂ ਨਾਲ ਨਾ ਕਦੇ ਕਲਾਮ ਕਰੀਏ । ਵੇਖ ਵੇਖ ਕੇ ਇਹਨਾਂ ਦੇ ਨੈਣ ਸੋਹਣੇ, ਨੀਂਦਰ ਸੁਖ ਦੀ ਕਾਹਨੂੰ ਹਰਾਮ ਕਰੀਏ ? ਸੈਨਤ ਨਾਲ ਵੀ ਕਰੀਏ ਨਾ ਗੱਲ ਕੋਈ, ਤੇ ਨਾ ਆਪਣੇ ਆਪ ਬਦਨਾਮ ਕਰੀਏ। ਇਹਨਾਂ ਸੋਹਣਿਆਂ ਸੋਹਣਿਆਂ ਬੰਦਿਆਂ ਨੂੰ, ਦੂਰੋਂ ਦੂਰੋਂ ਹੀ 'ਸ਼ਰਫ਼' ਸਲਾਮ ਕਰੀਏ। ਘੋੜੇ ਹੁਸਨ ਤੇ ਹੋ ਕੇ ਅਸਵਾਰ ਆਈ, ਪਾ ਕੇ ਜਦੋਂ ਉਹ ਰਸ਼ਕਿ-ਬਿਲਕੀਸ ਸੁਰਮਾ । ਲੱਖਾਂ ਆਸ਼ਿਕ ਮਿਜ਼ਾਜਾਂ ਦੀ ਜਾਨ ਉੱਤੇ, ਪਾਉਂਦਾ ਆਇਆ ਅੰਧੇਰ ਸਲੀਸ ਸੁਰਮਾ। ਕੀਤੇ ਕਈ ਪਾਮਾਲ ਤੇ ਕਈ ਜ਼ਖ਼ਮੀ, ਕੀਤੇ ਕਈ ਆਸ਼ਕ ਪੀਸ ਪੀਸ ਸੁਰਮਾ । ‘ਸ਼ਰਫ਼' ਮੇਰੇ ਵੀ ਜਿਗਰ ਦੇ ਜ਼ਖ਼ਮ ਅੰਦਰ, ਹਰ ਦਮ ਮਾਰਦਾ ਏ ਜ਼ਾਲਮ ਟੀਸ ਸੁਰਮਾ । ਹਰਫ਼ ਲਿਖ ਨੇ ਮਸਹਫ਼ੇ-ਰੁਖ਼ ਉੱਤੇ, ਕਾਤਬ-ਅਜ਼ਲ ਨੇ ‘ਮੀਮ' ਤੇ 'ਲਾਮ' ਜ਼ੁਲਫ਼ਾਂ । ਮੀਮੋਂ ਮਾਰਨਾ ਲਾਮ ਥੀਂ ਲੁੱਟ ਲੈਣਾ, ਸ਼ਾਹਿ-ਹੁਸਨ ਥੀਂ ਆਇਆ ਪੈਗ਼ਾਮ ਜ਼ੁਲਫ਼ਾਂ । ਨੂਨਿ-ਜ਼ਕਨ ਵਿਚ ਖ਼ਾਲ ਨੂੰ ਕੈਦ ਕੀਤਾ, ਲਾਕੇ ਚੋਰੀ ਦਾ ਖ਼ੂਬ ਇਲਜ਼ਾਮ ਜ਼ੁਲਫ਼ਾਂ। ਬਾਤਨ ਵਿਚ ਇਹ ‘ਸ਼ਰਫ਼' ਰਖਵਾਲੀਆਂ ਨੇ, ਜ਼ਾਹਿਰ ਰੱਖਿਆ ਇਨ੍ਹਾਂ ਦਾ ਨਾਮ ਜ਼ੁਲਫ਼ਾਂ । ਸ਼ਾਨਾ ਜ਼ੁਲਫ਼ਾਂ ਵਿਚ ਫੇਰ ਉਹ ਹੁਸਨ-ਆਰਾ, ਕੱਢੀ ਮਾਂਗ ਹੈ ਦੇਖ ਮਰਾਤ ਵਿੱਚੋਂ । ਕਿ ਇਹ ਚੋਟੀ ਪਹਾੜ ਥੀਂ ਨਹਿਰ ਕੱਢੀ, ਬਾਗਿ਼-ਹੁਸਨ ਲਈ ਲੱਖ ਅਫ਼ਾਤ ਵਿੱਚੋਂ। ਜਾਂ ਇਹ ਕਹਿਕਸ਼ਾਂ ਅੰਬਰ ਦੇ ਸਿਰ ਉੱਤੇ, ਪਈ ਚਮਕਦੀ ਏ ਕਾਲੀ ਰਾਤ ਵਿੱਚੋਂ । ਸੰਗਿ-ਮੂਸਾ ' ਤੇ ‘ਸ਼ਰਫ਼' ਲਕੀਰ ਨੂਰੀ, ਜਾਂ ਇਹ ਪਈ ਏ ਨੂਰ ਦੀ ਝਾਤ ਵਿੱਚੋਂ । ਜਜ਼ਬਿ-ਇਸ਼ਕ ਅਜ ਕਸ਼ਸ਼ ਵਿਖਾ ਐਸੀ, ਬਾਹਰ ਪੜਦਿਉਂ ਉਹ ਸਿਤਮ-ਗਾਰ ਨਿਕਲੇ । ਦੋਵੇਂ ਹਥ ਸੀਨੇ ਉੱਤੇ ਹੋਣ ਰੱਖੇ, ਰੋਂਦਾ ਹਿਜਰ ਅੰਦਰ ਜ਼ਾਰੋ ਜ਼ਾਰ ਨਿਕਲੇ । ਜ਼ੁਲਫ਼ਾਂ ਖੁਲ੍ਹੀਆਂ ਗਲੇ ਵਿਚ ਹੋਣ ਪਈਆਂ, ਹਾਏ ! ਹਾਏ ! ਦੀ ਮੂੰਹੋਂ ਪੁਕਾਰ ਨਿਕਲੇ। ਕੀਤਾ ਹੋਵੇ ਫ਼ਿਰਾਕ ਨੇ ਤੰਗ ਐਸਾ, ਨਾਮਿ-‘ਸ਼ਰਫ਼' ਮੂੰਹ ਥੀਂ ਬਾਰ ਬਾਰ ਨਿਕਲੇ । ਵਰ੍ਹੇ ਦਿਨਾਂ ਦੇ ਦਿਨ ਭੀ ਐ ਯਾਰੋ ! ਨਾ ਉਸ ਅਬਰੂ-ਹਲਾਲ ਦੀ ਦੀਦ ਹੋਈ । ਆਈ ਈਦ ਮੁਬਾਰਕ ਨਾ ਗਲੇ ਲੱਗੇ, ਨਾ ਕੋਈ ਪਿਆਰ ਦੀ ਗੁਫ਼ਤੋਂ-ਸ਼ੁਨੀਦ ਹੋਈ। ਉਲਟੇ ਤਾਹਨੇ ਰਕੀਬਾਂ ਦੇ ਸੁਣ ਸੁਣ ਕੇ, ਵਾਂਗੂੰ ਬੱਕਰੇ ਜਾਨ ਸ਼ਹੀਦ ਹੋਈ । ਵਧ ਕੇ ਸੌ ਮੁਹੱਰਮ ਥੀਂ ਹੈ ਮੈਨੂੰ, ਮੇਰੇ ਵਾਸਤੇ ‘ਸ਼ਰਫ਼' ਕੀ ਈਦ ਹੋਈ ? ਕੰਡੇ ਨਰਗਸ ਦੇ ਫੁੱਲਾਂ ਨੂੰ ਲਗੇ ਹੋਏ, ਡਿੱਠੇ ਦਿਨਾਂ ਦੇ ਮੈਂ ਇਨਕਲਾਬ ਅੰਦਰ। ਗੋਇਆ ਓਸ ਇਕ ਰੁਖਿ਼-ਗੁਲਾਬ ਬਦਲੇ, ਖ਼ਾਰ ਹੋ ਗਿਆ ਚਸ਼ਮਿ-ਅਹਿਬਾਬ ਅੰਦਰ । ਤੋੜ ਤੋੜ ਕੇ ਗੀਟੀਆਂ ਫ਼ਲਕ ਮਾਰੇ, ਸੂਲਾਂ ਭਰੀਆਂ ਨੇ ਬਿਸਤਰ ਕਮਖ਼ਾਬ ਅੰਦਰ । ਆਉਂਦੀ ਨੀਂਦ ਨਾਂ, ‘ਸ਼ਰਫ਼’ ਨਾ ਮੌਤ ਆਉਂਦੀ, ਜਾਨ ਫਸੀ ਏ ਡਾਢੇ ਅਜ਼ਾਬ ਅੰਦਰ । ਮਸ਼ਹੂਰ ਕਜ-ਅਦਾਈ ਏ ਸੋਹਣਿਆਂ ਦੀ, ਜਿਹੜੀ ਬਾਤ ਕਰਦੇ, ਉਲਟੀ ਬਾਤ ਕਰਦੇ। ਆਸ਼ਕ ਤੜਫਦੇ ਰਹਿਣ ਨਜ਼ਾਰਿਆਂ ਨੂੰ, ਇਹ ਜ਼ਾਲਮ ਨਹੀਂ ਰਹਿਮ ਦੀ ਝਾਤ ਕਰਦੇ । ਪਰਦਾ ਸੁੱਟ ਕੇ ਚੰਨ ਜਹੇ ਮੁਖੜੇ ਤੇ, ਸਗੋਂ ਜੋਬਨ ਦੀ ਚਮਕ ਨੂੰ ਮਾਤ ਕਰਦੇ। ‘ਸ਼ਰਫ਼' ਐਸੇ ਹੁਸੀਨਾਂ ਨੂੰ ਰੱਬ ਸਮਝੇ, ਜਿਹੜੇ ਹੁਸਨ ਦੀ ਨਹੀਂ ਖ਼ੈਰਾਤ ਕਰਦੇ। ਮੈਂ ਵੀ ਖ਼ੁਦੀ ਬਹਾਰ ਦੇ ਵਿਚ ਆ ਕੇ, ਬੁਲਬੁਲ ਵਾਂਗ ਜਾਂ ਜੌਰਿ-ਖ਼ਿਜ਼ਾਂ ਭੁਲਿਆ । ਆਹ ਗੱਲ ਦੀ ਤੀਰ-ਬਹ ਦਫ਼ ਹੋ ਗਈ, ਫਿਰਾਂ ਕੂ-ਬ-ਕੂ ਹੁਣ, ਥਾਂ-ਮਕਾਂ ਭੁਲਿਆ। ਅਕਲ ਵਹਿਸ਼ਤ ਨੇ ਆਣ ਕੇ ਜ਼ਿੱਚ ਕੀਤੀ, ਸੀਨਾ ਚੀਰਿਆ ਤੇ ਗਿਰੇਬਾਂ ਭੁਲਿਆ। ਖ਼ਾਬਿ-ਗ਼ਫ਼ਲਤੋਂ ‘ਸ਼ਰਫ਼' ਜਦ ਅੱਖ ਖੁੱਲ੍ਹੀ, ਐਸ਼ੋ-ਇਸ਼ਰਤ ਦੇ ਸਾਰੇ ਸਾਮਾਂ ਭੁਲਿਆ। ਜ਼ਾਲਮ ਦੁਸ਼ਮਣਾਂ ਦੇ ਸੀਨੇ ਠੰਢ ਪੈ ਗਈ, ਫਿਰ ਗਈ ਏ ਮੇਰੇ ਤਲਵਾਰ ਸੀਨੇ। ਕਰੇਂ ਸੈਰ ਗੁਲਜ਼ਾਰ ਦੀ ਨਾਲ ਗ਼ੈਰਾਂ, ਕਿਉਂ ਨਾ ਫੇਰ ਰੜਕੇ ਦਿਲਬਰ ਖ਼ਾਰ ਸੀਨੇ ? ਛੱਲੇ ਲੋਕਾਂ ਨੂੰ ਦੇਵੇ ਨਿਸ਼ਾਨੀਆਂ ਦੇ, ਮੇਰਾ ਦਿਲ ਮੋਹਿਆ ਤੇਰੀ ਆਰਸੀ ਨੇ । ਅੱਗ ਹਿਜਰ ਦੀ 'ਸ਼ਰਫ਼' ਤਾਂ ਹੋਏ ਠੰਢੀ, ਆਣ ਲੱਗੇ ਜੇ ਅਜ ਉਹ ਯਾਰ ਸੀਨੇ। ਓਸ ਬੁਤਿ-ਫ਼ੌਲਾਦ, ਕੜਾਹੀ ਵਾਂਗੂੰ, ਜਾਨ ਅਸਾਂ ਦੀ ਕਾੜ੍ਹਨੇ ਪਾਈ ਹੋਈ ਏ । ਰੇਤ-ਛਲੇ ਵਾਂਗੂੰ ਪਿਆ ਛੱਲਦਾ ਏ, ਤਬ੍ਹਾ ਰੇਤ ਦੇ ਵਾਂਗ ਤਪਾਈ ਹੋਈ ਏ । ਆਕਲ, ਦਾਨੇ ਪਏ ਭੁੱਜਦੇ ਵਾਂਗ ਧਾਣਾਂ, ਸਾਰੇ ਸ਼ਹਿਰ ਦੁਹਾਈ ਮਚਾਈ ਹੋਈ ਏ । ‘ਸ਼ਰਫ਼' ਹੁਸਨ ਦਾ ਗਰਮ ਬਾਜ਼ਾਰ ਕੀ ਏ ? ਭੱਠੀ ਆਸ਼ਕਾਂ ਵਾਸਤੇ ਤਾਈ ਹੋਈ ਏ । ਸ਼ਰ੍ਹਾ ਵਿਚ ਨਹੀਂ ਹੁੰਦੀ ਏ ਸ਼ਰਮ ਕੋਈ, ਬਹਿ ਕੇ ਰੂਬਰੂ ਫ਼ੈਸਲਾ, ਯਾਰ ਕਰ ਲੈ। ਦਿਲ ਮੋੜਨਾ ਈ ਜਾਂ ਕਿ ਰਖਣਾ ਈ ? ਮੇਰੇ ਨਾਲ ਅੱਜ ਪੱਕਾ ਇਕਰਾਰ ਕਰ ਲੈ । ਜੇ ਕਰ ਲੋੜ ਹੈ ਸੁਲ੍ਹਾ ਤੇ ਦੋਸਤੀ ਦੀ, ਤਾਂ ਇਹ ਜ਼ੁਲਮ ਦੀ ਮਿਆਨ ਤਲਵਾਰ ਕਰ ਲੈ। ਜੇਕਰ ਜ਼ੁਲਮ ਦੀ ਕਸਰ ਹੈ ‘ਸ਼ਰਫ਼’ ਬਾਕੀ, ਉਹ ਵੀ ਨਾਲ ਮੇਰੇ ਇੱਕੋ ਵਾਰ ਕਰ ਲੈ । ਚਰਖ਼ੇ ਖ਼ੁਸ਼ੀ ਸੁਹੰਢਣੇ ਤੁਸਾਂ ਸਈਉ ! ਮੈਂ ਤਾਂ ਦੁੱਖਾਂ ਦੇ ਖੋਲ੍ਹ ਪਟਾਰ ਬੈਠੀ । ਸੂਈ ਬੇਕਸੀ ਦੀ, ਹਸਰਤ ਹੈ ਧਾਗਾ, ਪੱਟੀ ਗਈ, ਪਾ ਪਟ ਦੀ ਤਾਰ ਬੈਠੀ । ਤੱਤੀ ਪਹਿਲੀਆਂ, ਗੱਲਾਂ ਨੂੰ ਯਾਦ ਕਰ ਕਰ, ਸੋਹਣੇ ਯਾਰ ਦਾ ਚੋਪ ਖਿਲਾਰ ਬੈਠੀ । ‘ਸ਼ਰਫ਼’ ਚੈਨ ਆਰਾਮ ਥੀਂ ਵਿਹਲ ਪਾ ਕੇ, ਫੁੱਲ ਦਾਗਾਂ ਦੇ ਕਰਾਂ ਤਿਆਰ ਬੈਠੀ ਗੱਲਾਂ ਕੌੜੀਆਂ ਕੌੜ ਉਹ ਚਾੜ੍ਹ ਦਿੱਤੀ, ਸਾਰੀ ਰੱਸ ਦੀ ਗਲ ਬੇਰਸ ਹੋ ਗਈ। ਮਾਰੇ ਛੱਟੇ ਜਹੇ ਆਖ਼ਰੀ ਅੱਥਰਾਂ ਨੇ, ਠੰਢੀ ਕੁਲ ਪਿਆਰ ਦੀ ਤੱਸ ਹੋ ਗਈ। ਚਾਰ ਦਿਨ ਨਾ ਪਿਆਰ ਦੇ ਨਾਲ ਵੱਸੇ, ਉੱਜੜ ਗਿਆਂ ਦੀ ਗਲ ਬੇਵੱਸ ਹੋ ਗਈ। ਸਾਂਝ ਟੁੱਟ ਗਈ ‘ਸ਼ਰਫ਼' ਅਜ ਹੋਛਿਆਂ ਦੀ, ਕਲ ਕਲ ਰੋਜ਼ ਦਿਹਾੜੀ ਦੀ ਬੱਸ ਹੋ ਗਈ । ਦੇ ਦੇ ਥਾਪਣਾ ਝੂਠਿਆਂ ਲਾਰਿਆਂ ਦੀ, ਮੈਨੂੰ ਵਿੱਚ ਉਡੀਕ ਨਾ ਗੱਡ ਜਾਂਦੋਂ। ਜੇ ਤੂੰ ਚਲਾ ਹੀ ਜਾਣਾ ਸੀ ਦਗ਼ੇਬਾਜ਼ਾ ! ਮੇਰੀ ਦੀਦ ਦੀ ਹਸਰਤ ਤਾਂ ਕੱਢ ਜਾਂਦੋਂ। ਨਹੀਂ ਤੇ ਜ਼ੁਲਫ਼ਾਂ ਦੀ ਕਾਤਲਾ ਪਾ ਫਾਹੀ, ਮੇਰਾ ਰੋਜ਼ ਦਾ ਫਾਹ ਇਹ ਵੱਢ ਜਾਂਦੋਂ। ਸਾਰੀ ਉਮਰ ਪੀਂਦਾ ਤੇਰੇ ਪੈਰ ਧੋ ਧੋ, ਜੇ ਨਾ ‘ਸ਼ਰਫ਼' ਨੂੰ ਰੋਂਦਿਆਂ ਛੱਡ ਜਾਂਦੋਂ ।