Chitthi Sayyid Roshan Ali De Naam : Maulvi Ghulam Rasool Alampuri

ਚਿੱਠੀ ਸੱਯਦ ਰੌਸ਼ਨ ਅਲੀ ਦੇ ਨਾਮ : ਮੌਲਵੀ ਗ਼ੁਲਾਮ ਰਸੂਲ ਆਲਮਪੁਰੀ

ਸੱਯਦ ਰੌਸ਼ਨ ਅਲੀ

ਸੱਯਦ ਰੌਸ਼ਨ ਅਲੀ, ਮੌਲਵੀ ਗ਼ੁਲਾਮ ਰਸੂਲ ਦਾ ਬਹੁਤ ਹੀ ਪਿਆਰਾ ਸ਼ਾਗਿਰਦ ਸੀ । ਉਸਨੇ ਨਾਭੇ (ਮਾਲਵੇ) ਜਾ ਕੇ ਨੌਕਰੀ ਕਰ ਲਈ । ਉਹ ਛੁਟੀਆਂ ਵਿਚ ਆ ਕੇ ਮੌਲਵੀ ਸਾਹਿਬ ਨੂੰ ਮਿਲ ਜਾਂਦਾ । ਮੌਲਵੀ ਸਾਹਿਬ ਨੇ ਉਸਦੀ ਸ਼ਾਦੀ ਆਪਣੇ ਪਿੰਡ ਦੀ ਲੜਕੀ ਨਾਲ ਕਰਵਾ ਦਿੱਤੀ ਤਾਂ ਜੋ ਸੰਬੰਧ ਗੂੜ੍ਹੇ ਬਣੇ ਰਹਿਣ । ਸ਼ਾਦੀ ਤੋਂ ਬਾਅਦ ਰੌਸ਼ਨ ਅਲੀ ਮੁੜ ਆਲਿਮਪੁਰ ਨਹੀਂ ਆਇਆ । ਕਦੇ ਕਦਾਈਂ ਖ਼ਤ ਹੀ ਆਉਂਦੇ ਸਨ ਤੇ ਇਹ ਸਾਹਿੱਤਕ ਚਿੱਠੀ ਰੌਸ਼ਨ ਅਲੀ ਦੇ ਖ਼ਤ ਦਾ ਹੀ ਜਵਾਬ ਹੈ ।

ਬਿਸਮਿੱਲਾ ਹਿੱਰਹਮਾਨੁੱ-ਰਹੀਮ

1

ਨਦੀਓਂ ਪਾਰ ਵਗ ਚਿੱਠੀਏ ਲਈਂ ਖ਼ਬਰਾਂ,
ਕਹੇ ਪਏ ਮੁਆਮਲੇ ਦਰਦ ਵਾਲੇ ।
ਸਾਡੇ ਨੈਣ ਵਿਛੁੰਨੜੇ ਰੱਤ ਭਿੰਨੇ,
ਲਹਿਰਾਂ ਮਾਰ ਵਗਾਂਵਦੇ ਨਦੀ ਨਾਲੇ ।
ਨਇਓਂ ਪਾਰ ਵਸੇਂਦਿਆ ਬੇਲੀਆ ਓ,
ਤੇਰੀਆਂ ਉਲਫ਼ਤਾਂ ਦੇ ਡਿੱਠੇ ਅਜਬ ਚਾਲੇ ।
ਤੇਰੇ ਦਰਦ ਫ਼ਿਰਾਕ ਦੀਆਂ ਸ਼ੋਰਸ਼ਾਂ ਨੇ,
ਤਰਸੰਦੜੇ ਨੈਣ ਵਿਚ ਨੀਰ ਗਾਲੇ ।
ਅੱਖੀਂ ਤਕਦੀਆਂ ਤਕਦੀਆਂ ਪੱਕ ਰਹੀਆਂ,
ਵਗਦੀ ਪੋਟਲੀ ਦਾਰੂਓਂ ਰੰਗ ਢਾਲੇ ।
ਨੈਣਾਂ ਮੇਰਿਆਂ ਵਾਇਦੇ ਪ੍ਰੀਤਿ ਵਾਲੇ,
ਚੰਗੀਆਂ ਗੂੜ੍ਹੀਆਂ ਲਾਲੀਆਂ ਨਾਲ ਪਾਲੇ ।
ਭਾਵੇਂ ਪੁੱਛ ਲੈ ਆਣ ਤਅੱਲੁਕੇ ਥੀਂ,
ਨੈਣਾਂ ਮੇਰਿਆਂ ਤੇ ਗੁਜ਼ਰੇ ਕੇਡ ਹਾਲੇ ।
ਮੁੰਤਜ਼ਿਰ ਦੀਆਂ ਧੀਰੀਆਂ ਧਾਰੀਆਂ ਤੇ,
ਰਸਦੇ ਜ਼ਖ਼ਮ ਫ਼ਿਰਾਕ ਬੇਇੰਦ-ਮਾਲੇ ।

ਤੇਰਾ ਖ਼ਤ ਆਇਆ ਲਾਟਾਂ ਮਾਰਦਾ ਓ,
ਸਾਡੇ ਜਿਗਰ ਅੰਦਰ ਪਾਂਦਾ ਗਿਆ ਛਾਲੇ ।
ਵਾਹ ਵਾਹ ਝੂਠਿਆਂ ਵਾਇਦਿਆਂ ਤੇਰਿਆਂ ਨੇ,
ਲਾਂਬੂ ਵਿੱਚ ਕਲੇਜੜੇ ਖ਼ੂਬ ਬਾਲੇ ।
ਲਿਖੇ ਕੌਲ ਕਰਾਰ ਤੋਂ ਆਂਵਦੇ ਸੋ,
ਓਹ ਗਏ ਗੁਜ਼ਰੇ ਡਿੱਠੇ ਬਾਝ ਫ਼ਾਲੇ ।
ਸਾਨੂੰ ਰਹੀ ਉਡੀਕ ਨਿੱਤ ਆਵਣੇ ਦੀ,
ਨਿੱਤ ਆਸ ਟੁੱਟੀ ਗਿਆ ਚਾ ਨਾਲੇ ।
ਰੁੱਤਾਂ ਬਦਲੀਆਂ ਤੇ ਮੌਸਮ ਹੋਰ ਆਏ,
ਧੁੱਪਾਂ ਗੁਜ਼ਰੀਆਂ ਤੇ ਲੱਗੇ ਪੌਣ ਪਾਲੇ ।
ਅਸੀਂ ਸਰਦੀਆਂ ਗਰਮੀਆਂ ਚੱਖ ਗੁਜ਼ਰੇ,
ਦੁੱਖ ਦਰਦ ਵਾਲੇ ਰੋ ਰੋ ਵਕਤ ਜਾਲੇ ।
ਕੁੰਦਨ ਫਟੇ ਪਰਖਣੇ ਹਾਰ ਨਿਰਧਨ,
ਅਸੀਂ ਕਈ ਕੁਠਾਲੀਆਂ ਵਿਚ ਗਾਲੇ ।
ਅਸਾਂ ਖੋਲ੍ਹ ਸੁਹਾਗ ਦੀਆਂ ਪੱਟੀਆਂ ਨੂੰ,
ਜਟਾਧਾਰੀਆਂ ਵਾਂਗੁ ਗਲ ਵਾਲ ਡਾਲੇ ।
ਵਾਹ ਰੰਗ ਸੁਹਾਗ ਪ੍ਰੀਤਿ ਦੇ ਦਾ,
ਕੁਝ ਪੈਰ ਨੀਲੇ ਕੁਝ ਹੱਥ ਕਾਲੇ ।
ਸੋਹਣਿਆਂ ਯਾਰੀਆਂ ਨਾਲ ਖ਼ੁਆਰੀਆਂ ਦੇ,
ਵਗਿਆ ਤੀਰ ਤਕਦੀਰ ਦਾ ਕੌਣ ਟਾਲੇ ॥1॥

(ਬਿਸਮਿੱਲਾ=ਸ਼ੁਰੂ ਕਰਨਾ, ਹਿੱਰਹਮਾਨੁੱ-ਰਹੀਮ=
ਰੱਬ ਦੇ ਨਾਂ ਨਾਲ ਜੋ ਰਹਿਮ ਵਾਲਾ ਤੇ ਕ੍ਰਿਪਾਲੂ ਹੈ,
ਨਇਓਂ=ਨਦੀਓਂ, ਉਲਫ਼ਤ=ਪਿਆਰ, ਸ਼ੋਰਸ਼ਾਂ=
ਬਗ਼ਾਵਤਾਂ, ਨੀਰ=ਹੰਝੂ, ਪੋਟਲੀ=ਅੱਖ ਦੀ ਪੁਤਲੀ,
ਮੁੰਤਜ਼ਿਰ=ਉਡੀਕਵਾਨ, ਬੇਇੰਦ-ਮਾਲੇ=ਜ਼ਖ਼ਮ ਨਾ
ਭਰਨਾ, ਜਾਲੇ=ਲੰਘਾਏ, ਕੁੰਦਨ=ਸੋਨਾ)

2

ਰੋ ਰੋ ਲਿਖੀਏ ਚਿੱਠੀਏ ਦਰਦ ਭਰੀਏ,
ਪਤਾ ਲਈਂ ਪਰਦੇਸ ਦੇ ਵਾਸੀਆਂ ਦਾ ।
ਫੇਰਾ ਘੱਤ ਪੁਰਾਣਿਆਂ ਸੱਜਣਾਂ ਤੇ,
ਚੱਲ ਪੁੱਛ ਲੈ ਹਾਲ ਉਦਾਸੀਆਂ ਦਾ ।
ਇੱਕੋ ਹਾਲ ਪਏ ਸੜਦੇ ਕਾਲਜੇ ਨੇ,
ਸੜਨਾ ਰੋਵਣਾ ਜਿਵੇਂ ਇਕ ਵਾਸੀਆਂ ਦਾ ।
ਲੈ ਜਾ ਸੁੱਖ ਸੁਨੇਹੜਾ ਦੁੱਖ ਵਾਲਾ,
ਅੱਖੀਂ ਰੋਂਦੀਆਂ ਦੀਦ ਪਿਆਸੀਆਂ ਦਾ ।
ਝੂਠੇ ਅਹਿਦ ਪੈਮਾਨੇ ਲਿਖਦਿਆਂ ਨੂੰ,
ਕਹੀਂ ਸਾਮ੍ਹਣੇ ਹਾਲ ਨਿਰਾਸੀਆਂ ਦਾ ।
ਪੈਂਡੇ ਮੁੱਕਦੇ ਨਹੀਂ ਫ਼ਿਰਾਕ ਵਾਲੇ,
ਦਿਲ ਹੋ ਗਿਆ ਬੈਲ ਖਰਾਸੀਆਂ ਦਾ ।
ਐਨੋਂ ਗ਼ੈਨ ਮਹਜੂਬ ਬਰਾਤ ਪਾਈ,
ਦੁੱਖ ਦੇਖ ਵਿਛੋੜੇ ਦੀਆਂ ਫਾਸੀਆਂ ਦਾ ।
ਨਫ਼ਸ-ਉਲ-ਅਮਰ ਮੁਆਮਲਾ ਜਾਣ ਬੈਠਾ,
ਚਕਨਾਚੂਰ ਖ਼ਿਆਲ ਵਿਸਵਾਸੀਆਂ ਦਾ ।

ਵੇ ਮੈਂ ਵਾਰੀਆਂ ਸੋਹਣਿਆਂ ਕਹਾਂ ਕਿਸਨੂੰ,
ਜਾਪੇ ਰਾਜ਼ਾਂ ਨੂੰ ਰਾਜ਼ ਉਗਾਸੀਆਂ ਦਾ ।
ਆਜ਼ਾਦੀਆਂ ਨਾਲ ਸੁਣਾਵਣੇ ਹਾਂ,
ਹਾਲਾ ਵੇਖ ਕੇ ਬੇ ਹਿਰਾਸੀਆਂ ਦਾ ।
ਛੁੱਟਾ ਬੇਟ ਤੈਥੀਂ ਧਰਿਆ ਪੇਟ ਅੱਗੇ,
ਲੱਭਾ ਮਾਲਵਾ ਬਲ ਸ਼ਨਾਸੀਆਂ ਦਾ ।
ਤੈਥੀਂ ਵਿਛੁੱੜੇ ਅਸੀਂ ਤੂੰ ਗਿਆ ਸਾਥੀਂ,
ਘਾਟਾ ਦੋਹਾਂ ਨੂੰ ਪਿਆ ਛਿਆਸੀਆਂ ਦਾ ।
ਬੈਠੋਂ ਤੋੜ ਪ੍ਰੀਤਿ ਦੇ ਰਿਸ਼ਤਿਆਂ ਨੂੰ,
ਗਿਆ ਅਸਰ ਪੁਰਾਣੀਆਂ ਘਾਸੀਆਂ ਦਾ ।
ਅਹਿਲ-ਏ-ਦਰਦ ਨੇ ਪੀਰਹਨ ਚਾਕ ਜਾਤਾ,
ਖ਼ਿਲਅਤਿ ਫ਼ਖਰੇ ਖ਼ੁਲਫ਼ਾਇ ਅਬਾਸੀਆਂ ਦਾ ।
ਸਾਡੀ ਜ਼ਲਜ਼ਲਾ ਨਾਕ ਫ਼ਰਿਆਦ ਦਿਲ ਦੀ,
ਜਾਤਾ ਤੁਸਾਂ ਕਲਿਆਨ ਮਰਾਸੀਆਂ ਦਾ ।
ਬੇ ਦਰਦ ਕੀ ਦਰਦ ਦੀ ਸਾਰ ਜਾਣਨ,
ਮਾਵਾਂ ਮਾਰੀਆਂ ਖ਼ੌਫ਼ ਕੀ ਮਾਸੀਆਂ ਦਾ ।

ਜਿਨ੍ਹਾਂ ਦਰਦ ਦੀਆਂ ਲੱਜ਼ਤਾਂ ਚੱਖੀਆਂ ਨੇ,
ਨਹੀਂ ਉਨ੍ਹਾਂ ਨੂੰ ਚਾਉ ਖ਼ਲਾਸੀਆਂ ਦਾ ।
ਨਹੀਂ ਜਿਨ੍ਹਾਂ ਨੂੰ ਚਾਉ ਖ਼ਲਾਸੀਆਂ ਦਾ,
ਤਿਨ੍ਹਾਂ ਹੌਸਲਾ ਕੁਮਕਾਂ ਖ਼ਾਸੀਆਂ ਦਾ ।
ਫ਼ਿਕਰ ਜਿਨ੍ਹਾਂ ਨੂੰ ਬੇ ਇਖ਼ਲਾਸੀਆਂ ਦਾ,
ਚਾਉ ਤਿਨ੍ਹਾਂ ਨੂੰ ਨਹੀਂ ਖ਼ਲਾਸੀਆਂ ਦਾ ।
ਸਾਦਾਤ ਕਿਰਾਮ ਦੀ ਜ਼ੱਦਿ ਅਮਜ਼ਦ,
ਸ਼ਾਫ਼ਾ ਵਿੱਚ ਕੋਨੀਨ ਹੈ ਆਸੀਆਂ ਦਾ ॥੨॥

(ਖਰਾਸ=ਕੋਹਲੂ, ਮਹਜੂਬ=ਗੁਪਤ, ਨਫ਼ਸ-
ਉਲ-ਅਮਰ=ਅਸਲ ਮੁੱਦਾ, ਰਾਜ਼=ਭੇਦ,
ਉਗਾਸੀਆਂ=ਵਾਧੂ ਵਾਅਦਿਆਂ ਵਾਲਿਆਂ
ਦਾ ਭੇਦ, ਬੇ ਹਿਰਾਸੀਆਂ=ਨਿਡਰ, ਬੇਟ=
ਦੁਆਬੇ ਦਾ ਇਲਾਕਾ (ਆਲਮਪੁਰ), ਮਾਲਵਾ=
ਸਤਲੁਜ ਤੋਂ ਦੱਖਣ ਵਾਲਾ ਪੰਜਾਬ (ਨਾਭਾ),
ਸ਼ਨਾਸੀਆਂ=ਪਛਾਣ, ਅਹਿਲ-ਏ-ਦਰਦ=ਦਰਦ
ਵਾਲਿਆਂ, ਪੀਰਹਨ=ਕੁੜਤਾ,ਜਾਮਾ, ਖ਼ਿਲਅਤਿ=
ਸਿਰੋਪਾ, ਫ਼ਖਰ=ਮਾਣ, ਅਬਾਸੀ=ਅਰਬੀ ਖ਼ਾਨਦਾਨ
ਦੇ, ਖ਼ੁਲਫ਼ਾਇ=ਖ਼ਲੀਫ਼ੇ,ਬਾਦਸ਼ਾਹ, ਜ਼ਲਜ਼ਲਾ ਨਾਕ=
ਭੁਚਾਲ ਲਿਆਉਣ ਵਾਲੀ, ਕੁਮਕਾਂ=ਮੱਦਦਾਂ, ਬੇ
ਇਖ਼ਲਾਸੀਆਂ=ਦੋਸਤੀ ਤੋਂ ਰਹਿਤ, ਕਿਰਾਮ=
ਸੱਯਦਪੁਣਾਂ,ਬਜ਼ੁਰਗੀ, ਅਮਜ਼ਦ=ਮੁੱਢਲਾ ਵਡੱਪਣ,
ਸ਼ਾਫ਼ਾ=ਨਿਰੋਗ ਹੋਣਾ, ਕੋਨੀਨ=ਦੋਹੀਂ ਜਹਾਨੀ,
ਆਸੀਆਂ=ਫ਼ਰਿਆਦੀ)

3

ਸਾਨੂੰ ਰਹੀ ਉਡੀਕ ਤੂੰ ਨਾ ਆਇਆ,
ਅਸਾਂ ਬਹੁਤ ਮੁਸੀਬਤਾਂ ਝੱਲੀਆਂ ਓ ।
ਆਹੀਂ ਦਰਦ ਭਰੀਆਂ ਸਾਡੇ ਕਾਲਜੇ ਥੀਂ,
ਤੇਰੇ ਮਾਲਵੇ ਤੇ ਚੜ੍ਹ ਚੱਲੀਆਂ ਓ ।
ਬੇ-ਬਸ ਦਿਲ ਦਰਦ ਤੁਸਾਡੇ ਅੰਦਰ,
ਆਹੀਂ ਜਾਂਦੀਆਂ ਨਹੀਂ ਹੁਣ ਠੱਲ੍ਹੀਆਂ ਓ ।
ਇੰਤਜ਼ਾਰ ਦੇ ਦਰਦ ਦੀਆਂ ਤੇਜ਼ ਨੋਕਾਂ,
ਸਾਡੇ ਨੈਣਾਂ ਦੀਆਂ ਧੀਰੀਆਂ ਸੱਲੀਆਂ ਓ ।
ਅਸੀਂ ਵਾਂਗੁ ਪਰਦੇਸੀਆਂ ਦੇਸ਼ ਅੰਦਰ,
ਕਿਹੜੇ ਦੇਸ ਤੁਸਾਂ ਕੂਟਾਂ ਮੱਲੀਆਂ ਓ ।
ਮੁੜ ਬਹੁੜ ਪਰਦੇਸੀਆ ਮੇਰਿਆ ਓ,
ਮੈਨੂੰ ਬਾਝ ਨਾ ਤੁਸਾਂ ਤਸੱਲੀਆਂ ਓ ।
ਸੁੱਕੇ ਖ਼ਤਾਂ ਦੀਆਂ ਚਕਮਕਾਂ ਝਾੜਦਾ ਏਂ,
ਏਹ ਚੰਗੀਆਂ ਨਹੀਂ ਅਵੱਲੀਆਂ ਓ ।
ਤੇਰੇ ਖ਼ਤਾਂ ਨੇ ਜਿਗਰ ਵਿਚ ਖ਼ਤ ਪਾਏ,
ਅੱਖੀਂ ਤਪਦੀਆਂ ਦਰਦ ਥਰਥੱਲੀਆਂ ਓ ।
ਬਾਹਾਂ ਮੇਲ ਮਿਲ ਜਾਹ ਦੁੱਖ ਜਾਣ ਮੇਰੇ,
ਅਜੇ ਜ਼ਖ਼ਮ ਦੀਆਂ ਸ਼ੋਰਸ਼ਾਂ ਅੱਲੀਆਂ ਓ ।
ਇਹ ਅੱਖੀਆਂ ਰੋਂਦੀਆਂ ਦੀਦਨਾਂ ਨੂੰ,
ਨਦੀਓ ਨਦੀਂ ਫਿਰ ਖ਼ੂਨ ਉਛੱਲੀਆਂ ਓ ।
ਜੇ ਤੂੰ ਆਪਣਾ ਨਹੀਂ ਸੀ ਦਗੇਬਾਜ਼ਾ,
ਕਾਹਨੂੰ ਝੂਠੀਆਂ ਚਿੱਠੀਆਂ ਘੱਲੀਆਂ ਓ ।
ਸਾਡੇ ਦਿਲ ਦੀਆਂ ਜ਼ਾਰੀਆਂ ਮਾਤ ਪਈਆਂ,
ਛੇੜ ਛਾੜ ਥੀਂ ਫੇਰ ਉਛੱਲੀਆਂ ਓ ।
ਅੱਖੀਂ ਦੀਦ ਵਿਛੁੰਨੀਆਂ ਜੁੱਗ ਦੀਏ,
ਰਹਿ ਸਕਦੀਆਂ ਨਹੀਂ ਇਕੱਲੀਆਂ ਓ ।
ਭਾਵੇਂ ਕੀਤੀਆਂ ਤੁਸਾਂ ਕੁਵੱਲੀਆਂ ਹੀ,
ਅਸਾਂ ਜਾਤੀਆਂ ਸਭ ਸਵੱਲੀਆਂ ਓ ॥੩॥

(ਚਕਮਕ=ਅੱਗ ਪੈਦਾ ਕਰਨ ਵਾਲਾ
ਪੱਥਰ, ਦੀਦਨਾਂ=ਦੀਦਾਰ)

4

ਵੇ ਤੂੰ ਨਿੱਜ ਵਿਆਹਿਆ ਜਾਂਵਦੋਂ ਵੇ,
ਲੈਂਦੋਂ ਨਾਲ ਮਹੂਰਤਾਂ ਨਿੱਜ ਫੇਰੇ ।
ਮਿਲਿਆ ਨਵੇਂ ਸੁਹਾਗਾਂ ਦਾ ਧਰਮ ਧੱਕਾ,
ਨਦੀਓਂ ਪਾਰ ਹੋ ਗਏ ਮਹਬੂਬ ਮੇਰੇ ।
ਚੜ੍ਹੀ ਜੰਞ ਫ਼ਿਰਾਕ ਦੇ ਜਾਞੀਆਂ ਦੀ,
ਛੁੱਟਾ ਦੇਸ ਪਰਦੇਸ ਵਿਚ ਪਏ ਡੇਰੇ ।
ਮਿਲਿਆ ਸ਼ਗਨ ਜਾਂ ਦੇਸ ਨਿਕਾਲੜੇ ਦਾ,
ਹੋਇਆ ਲਾਟ ਫ਼ਿਰਾਕ ਵਿਚ ਜਿਗਰ ਬੇਰੇ ।
ਮੇਰੇ ਯਾਰ ਰੰਗ ਰੱਤੜੇ ਲਾਡਲੇ ਨੂੰ,
ਪਏ ਪ੍ਰੇਮ ਸੁਹਾਗ ਦੇ ਕਹੇ ਘੇਰੇ ।
ਜ਼ੰਜੀਰ ਤਕਦੀਰ ਦੇ ਪਏ ਭਾਰੇ,
ਨਾ ਕੁਝ ਵੱਸ ਮੇਰੇ ਨਾ ਕੁਝ ਵੱਸ ਤੇਰੇ ।
ਤੇਰੀ ਮਰੇ ਜੋੜੀ ਵੇ ਤੂੰ ਰਹੇਂ ਰੰਡਾ,
ਕਦੀ ਫੇਰ ਆਵੇਂ ਮੁੜ ਪਾਸ ਮੇਰੇ ।
ਮੈਨੂੰ ਚਾਹ ਦੀਦਾਰ ਦੀ ਇਕ ਵਾਰੀ,
ਮੈਂ ਵਲ ਮੋੜ ਵਾਗਾਂ ਜ਼ਰਾ ਢੁੱਕ ਨੇੜੇ ।
ਸਾਨੂੰ ਹਿਜਰ ਮੁਆਮਲੇ ਪਏ ਜਿਹੜੇ,
ਸਾਡੇ ਕਰਮ ਕੁਵੱਲੜੇ ਆਪ ਭੇੜੇ ।
ਤੇਰੀਆਂ ਸ਼ੌਕ ਮੁਹੱਬਤਾਂ ਲੱਗੀਆਂ ਨੇ,
ਸਾਨੂੰ ਚਾੜ੍ਹਿਆ ਚਾ ਫ਼ਿਰਾਕ ਬੇੜੇ ।
ਸਾਨੂੰ ਪਾਰ ਉਰਾਰ ਇਕ ਸਾਰ ਬਣਿਆ,
ਵੇ ਮੈਂ ਕਾਸਨੂੰ ਪ੍ਰੀਤ ਦੇ ਪੇਚ ਛੇੜੇ ।

ਜਾਂ ਇਹ ਪੇਚ ਛੇੜੇ ਡਿੱਠਾ ਢੁੱਕ ਨੇੜੇ,
ਦਰਦ ਦੁੱਖ ਦੇ ਲੰਮੜੇ ਪਏ ਝੇੜੇ ।
ਜਿਨ੍ਹਾਂ ਦੀਦ ਪ੍ਰੀਤ ਦੇ ਖੇਤ ਬੀਜੇ,
ਅੰਤ ਤਿਨ੍ਹਾਂ ਦੋ ਨੈਣਾਂ ਦੇ ਹਲਟ ਗੇੜੇ ।
ਜਿਨ੍ਹਾਂ ਇਸ਼ਕ ਦੀਆਂ ਠੋਕਰਾਂ ਵੱਜੀਆਂ ਨੇ,
ਥਾਓਂ ਉੱਖੜੇ ਫੇਰ ਨਾ ਵਸੇ ਖੇੜੇ ॥੪॥

(ਬੇਰੇ=ਟੁਕੜੇ, ਹਿਜਰ=ਵਿਛੋੜੇ ਦਾ ਦੁੱਖ)

5

ਰਵਾਦਾਰ ਹੈਂ ਜੇ ਲਾਈਆਂ ਯਾਰੀਆਂ ਦਾ,
ਮੁੜ ਕਸਦ ਕਰ ਮੁੱਖ ਦਿਖਾਵਨੇ ਨੂੰ ।
ਆਪੇ ਜੋੜਦਾ ਹੈਂ ਜੋੜ ਤੋੜਦਾ ਹੈਂ,
ਆਵੇ ਰੋਂਦਿਆ ! ਯਾਰੀਆਂ ਲਾਵਨੇ ਨੂੰ ।
ਜੇ ਤੈਂ ਪਿੱਟਣਾ ਸਿਰੇ ਤੇ ਸੁੱਝਦਾ ਸੀ,
ਕਾਹਨੂੰ ਪਿਆ ਸੈਂ ਵਿਆਹ ਕਰਾਵਨੇ ਨੂੰ ।
ਘਰ ਦੇ ਪਏ ਧੰਦੇ ਤੈਨੂੰ ਕਿਹੇ ਮੰਦੇ,
ਦਿਲੋਂ ਯਾਰੀਆਂ ਭੁੱਲ ਭੁਲਾਵਨੇ ਨੂੰ ।
ਸਾਥੋਂ ਓਹ ਚੰਗੀ ਜਿਹਦੇ ਨਾਲ ਰੁੱਝੋਂ,
ਸਾਨੂੰ ਖ਼ੱਤ ਲਿਖੇ ਪਤਿਆਵਨੇ ਨੂੰ ।
ਸਾਨੂੰ ਢੇਢ ਜਾਤਾ ਆਪ ਚਤੁਰ ਬਣਿਓਂ,
ਗੱਲਾਂ ਲਿਖੀਆਂ ਬਾਲ ਪਰਚਾਵਨੇ ਨੂੰ ।
ਤੇਰੀ ਚਾਹ ਓ ਸੱਯਦਾ ! ਮੋੜ ਵਾਗਾਂ,
ਦਿਲੋਂ ਝੱਲ ਦਵਾਲੇ ਵਲ ਆਵਨੇ ਨੂੰ ।
ਸੁੱਚਾ ਪੀਰਹਨ ਤੇ ਕਰ ਬਾਹੁੜੀ ਓ,
ਦਰਦ ਮੰਦਾਂ ਦੇ ਦਰਦ ਹਟਾਵਨੇ ਨੂੰ ।

ਪੀਰਾ ਸੱਚ ਦਿਆ ਵੇ, ਲਾਜਾਂ ਰੱਖਦਿਆ ਵੇ,
ਪਰਦੇ ਕਜਦਿਆ ਐਬ ਛੁਪਾਵਨੇ ਨੂੰ ।
ਤੇਰੇ ਦਿਲ ਦਹੀਆਂ ਤੂੰ ਬਹੁੜ ਝਬਦੇ,
ਸਾਡੀ ਦੁੱਖ ਥੀਂ ਜਾਨ ਛੁੜਾਵਨੇ ਨੂੰ ।
ਮੈਂ ਵਲ ਆਵੀਂ ਵਾਰੀਆਂ ਰੱਜ ਵੇਖਾਂ,
ਛੱਡ ਉਜ਼ਰਦਾਰੀ ਲਿਖ ਪਹੁੰਚਾਵਨੇ ਨੂੰ ।
ਜੇ ਤੂੰ ਆਵਨਾ ਨਹੀਂ ਤੇ ਲਿਖ ਸਾਨੂੰ,
ਅਸੀਂ ਆਪ ਆਈਏ ਦਰਸ਼ਨ ਪਾਵਨੇ ਨੂੰ ।
ਇਹ ਭੀ ਨਹੀਂ ਮਨਜ਼ੂਰ ਤੇ ਨਸ਼ਰ ਹੋ ਕੇ,
ਅਸੀਂ ਫਿਰਾਂਗੇ ਹਾਲ ਵਿਖਾਵਨੇ ਨੂੰ ।
ਸੋਜ਼ਨਾਕ ਹੋਈ ਦਿਲ ਥੀਂ ਆਹ ਧੂਈਂ,
ਜ਼ੁਲਫ਼ ਯਾਰ ਦੀ ਹੱਥੀਂ ਵਲ ਖਾਵਨੇ ਨੂੰ ।
ਹੋਵਾਂ ਖ਼ੂਨ ਬਹਿ ਨੈਣ ਥੀਂ ਵਗਾਂ ਸਾਰਾ,
ਰੁੱਖ ਮਹਿੰਦੀ ਦੇ ਜੜ੍ਹੀਂ ਸਮਾਵਨੇ ਨੂੰ ।
ਰੁਚੇ ਰੰਗ ਹੋ ਬਰਗ ਤੇ ਯਾਰ ਸ਼ਾਇਦ,
ਮਨਜ਼ੂਰ ਕਰੇ ਪੈਰੀਂ ਲਾਵਨੇ ਨੂੰ ।

ਪੈਰੀਂ ਲੱਗਿਆਂ ਦੀ ਅੰਤ ਲਾਜ ਪਾਲੇ,
ਕਰੇ ਸ਼ਰਮ ਸਾਹਿਬ ਲੜ ਲਾਵਨੇ ਨੂੰ ।
ਇਹ ਦੂਰ ਨਾਹੀਂ ਰਹਿਮ ਯਾਰ ਦੇ ਥੀਂ,
ਔਗੁਨਹਾਰ ਤੇ ਫ਼ਜ਼ਲ ਕਮਾਵਨੇ ਨੂੰ ।
ਅਸੀਂ ਇਸ਼ਕ ਜ਼ੰਜ਼ੀਰੀਆਂ ਘੱਤ ਪੈਰੀਂ,
ਲਿਖੀਆਂ ਚਿੱਠੀਆਂ ਦਰਦ ਸੁਨਾਵਨੇ ਨੂੰ ।
ਥੱਯਾ ਥਈ ਨਚਾਇਆ ਏ ਸੋਜ਼ ਤੇਰੇ,
ਧਮਕ ਪਈ ਜਨੂੰਨ ਬੁਲਾਵਨੇ ਨੂੰ ।
ਏਧਰ ਚੜ੍ਹੀ ਬਹਾਰ ਜਨੂਨੀਆਂ ਤੇ,
ਬੈਠਾ ਯਾਰ ਖ਼ੁਦ ਤਬਲ ਵਜਾਵਨੇ ਨੂੰ ।
ਵਾਜਾ ਵੱਜਿਆ ਤੇ ਤਾਰਾਂ ਹਿੱਲੀਆਂ ਨੇ,
ਇਸ਼ਕ ਗੱਜਿਆ ਰਮਜ਼ ਸਮਝਾਵਨੇ ਨੂੰ ।
ਰਮਜ਼ਾਂ ਲਾਈਆਂ ਨਾਲ ਅਚਵਾਨਿਆਂ ਦੇ,
ਮੁੜ ਸੁੱਤੀਆਂ ਕਲਾਂ ਜਗਾਵਨੇ ਨੂੰ ।
ਤਾਰ ਤਾਰ ਸਰਸ਼ਾਰ ਤੇ ਤਾਬ ਅੰਦਰ,
ਨਦੀ ਨਸ਼ੇ ਦੀ ਚਾੜ੍ਹ ਝੁਲਾਵਨੇ ਨੂੰ ।

ਭਰਿਆ ਦੌਰ ਸ਼ਰਾਬ ਦਾ ਕੁੱਲ ਆਲਿਮ,
ਸਾਕੀ ਉੱਠਿਆ ਜਾਮ ਪਿਲਾਵਨੇ ਨੂੰ ।
ਰੁਖ ਸਾਕੀ ਦੇ ਝਲਕ ਵਿਚ ਜਾਮ ਦਿੱਤਾ,
ਪੀਵਨਹਾਰ ਦੇ ਰੂਬਰੂ ਗਾਵਨੇ ਨੂੰ ।
ਇਸ਼ਕ ਰੋਹੜਦਾ ਤੇ ਰੋਹੜ ਸਾੜਦਾ ਈ,
ਨਦੀਆਂ ਵਹਿੰਦੀਆਂ ਥੀਂ ਲਾਟਾਂ ਚਾਵਨੇ ਨੂੰ ।
ਅਸਾਂ ਭੇਤ ਕਹੇ ਵਿਚ ਖੇਤ ਰਹੇ,
ਲੱਗੋਂ ਕਾਸਨੂੰ ਅੱਗ ਸੁਲਗਾਵਨੇ ਨੂੰ ।
ਇਹ ਇਸ਼ਕ ਹੈ ਬਹਿਰੇ ਅਮੀਕ ਭਾਰਾ,
ਕਾਹਨੂੰ ਪਿਆ ਹੈਂ ਭੇਤ ਫੁਲਾਵਨੇ ਨੂੰ ।
ਮੀਆਂ ਸੱਯਦਾ ! ਆ ਮਿਲ, ਮਿਲਨ ਤੇਰਾ,
ਦੇਂਦਾ ਲੱਜ਼ਤਾਂ ਪੀਵਨੇ ਖਾਵਨੇ ਨੂੰ ।
ਸਾਡਾ ਪੀਵਨਾ ਖਾਵਨਾ ਜ਼ਹਿਰ ਬਣਿਆ,
ਦਮ ਦਮ ਖੜੇ ਹਾਂ ਦੁੱਖ ਉਠਾਵਨੇ ਨੂੰ ।
ਤੇਰਾ ਆਵਨਾ ਹੋਵੇ ਜੇ ਬਹੁਤ ਮੁਸ਼ਕਿਲ,
ਮੈਂ ਵਲ ਘੱਲਦੇ ਖ਼ਤ ਬੁਲਾਵਨੇ ਨੂੰ ।
ਪਹੁੰਚੇ ਅਸਾਂ ਵਲ ਖ਼ਤ ਬੁਲਾਵਨੇ ਨੂੰ,
ਤਾਂ ਤਿਆਰ ਹੋ ਬਹਾਂਗੇ ਆਵਨੇ ਨੂੰ ।
ਲਿਖੀਂ ਸੱਚ, ਕੁਝ ਕਰੀਂ ਨਾ ਕੱਚ ਮੀਆਂ,
ਲਿਖੀਂ ਖ਼ਤ ਨਾਹੀਂ ਆਜ਼ਮਾਵਨੇ ਨੂੰ ।
ਇਨਕਾਰ ਜੇ ਕਰੇਂ ਤੂੰ ਆਵਨੇ ਥੀਂ,
ਅਸਾਂ ਆਵਨਾ ਤੇਰੇ ਲਿਆਵਨੇ ਨੂੰ ॥੫॥

(ਕਸਦ=ਇਰਾਦਾ, ਢੇਢ=ਮੂਰਖ, ਪੀਰਹਨ=
ਜਾਮਾ, ਨਸ਼ਰ ਕਰਨਾ=ਪਰਸਾਰਨਾ, ਸੋਜ਼ਨਾਕ=
ਸੜਨ ਵਾਲੀ, ਬਰਗ=ਪੱਤਾ, ਫ਼ਜ਼ਲ=
ਉਦਾਰਤਾ, ਜਨੂੰਨ=ਪਾਗਲਪਣ, ਰਮਜ਼=
ਭੇਤ, ਅਚਵਾਨਿਆਂ=ਪੇਟੂਆਂ,ਭੁੱਖੜਾਂ,
ਸਰਸ਼ਾਰ=ਪੂਰਾ ਭਰਿਆ, ਆਲਿਮ=ਸੰਸਾਰ,
ਬਹਿਰ=ਸਮੁੰਦਰ, ਅਮੀਕ=ਡੂੰਘਾ)

6

ਬੀਹੂ ਬੈਠਾ ਨੀਂ ਪ੍ਰੀਤ ਦੀਆਂ ਰੰਗਤਾਂ ਨੂੰ,
ਨਵੀਆਂ ਲੱਗੀਆਂ ਅੱਜ ਵਿਚ ਜ਼ੋਰ ਹੋਈਆਂ ।
ਗਈਆਂ ਬੱਤਖ਼ਾਂ ਬੇਟ ਦਿਆਂ ਛੱਪੜਾਂ ਤੋਂ,
ਵੜੀਆਂ ਮਾਲਵੇ ਵੜਦੀਆਂ ਹੋਰ ਹੋਈਆਂ ।
ਏਥੇ 'ਅਸੀਂ' ਆਹੇ ਉਥੇ ਬਣੇ 'ਆਪਾਂ',
ਜਦੋਂ ਬੋਲੀਆਂ ਹੋਰ ਦੀਆਂ ਹੋਰ ਹੋਈਆਂ ।
ਝਿਣਕਾਂ ਚਾ ਲਾਈਆਂ ਗਲੇ ਲਾ ਲਈਆਂ,
ਪੁਰਾਨੀਆਂ ਛੁੱਟੜਾਂ ਚੋਰ ਹੋਈਆਂ ।
ਜਿਨ੍ਹਾਂ ਵਿਛੁੱੜੇ ਯਾਰ ਨਾ ਮਿਲੇ ਮੁੜਕੇ,
ਓਹ ਲੇਖ ਨੂੰ ਰੋਂਦੀਆਂ ਠੋਰ ਹੋਈਆਂ ।
ਓਹ ਜ਼ਿੰਦਗੀ ਤੇ ਜ਼ਾਰ ਜ਼ਾਰ ਰੋਈਆਂ,
ਤੇ ਓਹ ਬਾਝ ਮੋਇਆਂ ਵਿਚ ਗੋਰ ਹੋਈਆਂ ।
ਜ਼ਿਮੀਆਂ ਜਿਹੜੀਆਂ ਦੇ ਸਾਈਂ ਛੋੜ ਬੈਠੇ,
ਬਿਨਾਂ ਸਾਂਭ ਕੱਲਰ ਬੰਜਰ ਸ਼ੋਰ ਹੋਈਆਂ ।
ਓਹ ਦਾਰ ਬਕਾ ਵਿਚ ਰਹਿਣ ਐਵੇਂ,
ਜਿਹੜੀਆਂ ਦਾਰ ਫ਼ਨਾ ਵਿਚ ਗੋਰ ਹੋਈਆਂ ।

ਦੁੱਖ ਚੁੱਪ ਚੁਪਾਤੀਆਂ ਜਰਨ ਕਿਉਂਕਰ,
ਜਿਹੜੀਆਂ ਅੰਦਰੋਂ ਸਖ਼ਤ ਪੁਰਸ਼ੋਰ ਹੋਈਆਂ ।
ਜਿਨ੍ਹਾਂ ਬੁਲਬੁਲਾਂ ਗੁਲ ਦੀ ਮਿਲੀ ਨਸਹਤ,
ਟੁੱਟੇ ਪਿੰਜਰੇ ਤੇ ਖੁਲ੍ਹੀ ਡੋਰ ਹੋਈਆਂ ।
ਪਾਈ ਸ਼ਮਾ ਦੀ ਚਮਕ ਪਰਵਾਨਿਆਂ ਨੇ,
ਅੱਖੀਂ ਨੀਰ ਭਰੀਆਂ ਆਤਿਸ਼ ਖ਼ੋਰ ਹੋਈਆਂ ।
ਜਿਨ੍ਹਾਂ ਆਬ ਲੈ ਰਸਾ ਕਮਾਵਣੇ ਦੀ,
ਭਾਵੇਂ ਕਾਂਗੜਾਂ ਸੀ ਓਹ ਭੀ ਨੋਰ ਹੋਈਆਂ ।
ਜਿਨ੍ਹਾਂ ਤਾਂਘ ਮਹਬੂਬ ਦੀ ਜਾਲਿਆ ਹੈ,
ਨਾਲ ਆਪਣੇ ਚੰਦ ਚਕੋਰ ਹੋਈਆਂ ॥੬॥

(ਗੋਰ=ਕਬਰ, ਸ਼ੋਰ=ਸ਼ੋਰਾ, ਦਾਰ ਬਕਾ=
ਅਬਿਨਾਸ਼ੀ ਘਰ,ਸੁਰਗ, ਦਾਰ ਫ਼ਨਾ=
ਨਾਸ਼ਵਾਨ ਸੰਸਾਰ, ਪੁਰਸ਼ੋਰ=ਦੁਖੀ,
ਨਸਹਤ=ਨਕਹਤ,ਖ਼ੁਸ਼ਬੂ, ਆਤਿਸ਼ ਖ਼ੋਰ=
ਅੱਗ ਖਾਣ ਵਾਲੀਆਂ,ਲਾਲ-ਸੁਰਖ਼, ਕਾਂਗੜਾਂ=
ਕਾਣੀਆਂ, ਨੋਰ=ਨੂਰ)

7

ਵਾਈਂ ਠੰਢੀਆਂ ਝੁੱਲੀਆਂ ਰੁੱਤ ਬਦਲੀ,
ਲਈਆਂ ਬਦਲੀਆਂ ਜੋੜੀਆਂ ਦਰਦੀਆਂ ਓ ।
ਵਾਉ ਸਮੇਂ ਦੀ ਵਗੀ ਮਿਜ਼ਾਜ਼ ਬਦਲੇ,
ਪਈਆਂ ਵਿੱਚ ਤਬੀਅਤਾਂ ਸਰਦੀਆਂ ਓ ।
ਅਹਵਲ ਚਸ਼ਮ ਨੂੰ ਇੱਕ ਥੀਂ ਦੋ ਦਿੱਸਣ,
ਤੇ ਨਸੀਹਤਾਂ ਅਸਰ ਨਾ ਕਰਦੀਆਂ ਓ ।
ਵੇ ਮੈਂ ਹੋਰ ਨਾਹੀਂ ਤੇ ਤੂੰ ਹੋਰ ਨਾਹੀਂ,
ਯਾਰੋਂ ਮੂਰਤਾਂ ਅਸਲ ਸਵਰਦੀਆਂ ਓ ।
ਮਾਅਨੇ ਇੱਕ ਵਿਚ ਸੂਰਤਾਂ ਫ਼ਰਕ ਭਾਵੇਂ,
ਇੱਕੋ ਇੱਕ ਇਹ ਭੀ ਦਮ ਭਰਦੀਆਂ ਓ ।
ਜਿਨ੍ਹਾਂ ਫ਼ਰਕ ਜਾਤਾ ਸੋ ਓਹ ਗ਼ਰਕ ਹੋਏ,
ਭਾ ਤਿਨ੍ਹਾਂ ਦੇ ਧੁਰੋਂ ਨਾਮਰਦੀਆਂ ਓ ।
ਗੁਲਜ਼ਾਰ ਬਹਾਰ ਸੈਂਸਾਰ ਦੇ ਤੇ,
ਅੱਖੀਂ ਖੁਲ੍ਹੀਆਂ ਨਸ਼ੇ ਵਿਚ ਤਰਦੀਆਂ ਓ ।
ਤੂੰ ਭੀ ਖੋਲ੍ਹ ਅੱਖੀਂ ਨੈਣਾਂ ਵਾਲਿਆ ਓ,
ਅਰਜ਼ਾਂ ਕਰਦੀਆਂ ਘਰ ਦੀਆਂ ਬਰਦੀਆਂ ਓ ।

ਕਿਸ ਥੀਂ ਦੂਰ ਤੁਸੀਂ ਕਿਸ ਦੇ ਨਾਲ ਵਸੋਂ,
ਕਿਹੀਆਂ ਸੱਜਨਾਂ ਇਹ ਬੇਦਰਦੀਆਂ ਓ ।
ਮਗ਼ਰੂਰ ਹੋਇਓਂ ਸਾਥੀਂ ਦੂਰ ਹੋਇਓਂ,
ਸ਼ਾਇਦ ਦੇਸ ਵਿਚ ਸ਼ੋਖ਼ੀਆਂ ਜ਼ਰਦੀਆਂ ਓ ।
ਵੇਹਨ ਲੱਜ਼ਤਾਂ ਸ਼ੌਕ ਮੁਹੱਬਤਾਂ ਓ,
ਹੋਰ ਸਾਈਆਂ ਜਿਤ ਜਿਤ ਹਰਦੀਆਂ ਓ ।
ਲੂਣ ਤੇਲ ਮਿਰਚਾਂ ਹਲਦੀ ਦਾਲ ਆਟਾ,
ਵਿੱਚ ਇਨ੍ਹਾਂ ਦੇ ਸ਼ੋਖ਼ੀਆਂ ਘਰਦੀਆਂ ਓ ।
ਘਰ ਲਿਉਣ ਵਿਚੇ ਜੇ ਕੁਛ ਰਹਿਓਂ ਬਾਕੀ,
ਗਲ ਆਣ ਲਗ ਬੁੱਕਲਾਂ ਤਰਦੀਆਂ ਓ ।
ਵਗਣੋਂ ਅੱਖੀਆਂ ਬੱਸ ਨਾ ਕਰਦੀਆਂ ਓ,
ਨਾ ਇਹ ਮੱਛੀਆਂ ਸਬਰ ਦੇ ਸਰ ਦੀਆਂ ਓ ।
ਝਬਦੇ ਪਹੁੰਚ ਬੇਲੀ ! ਹੁਣ ਵੇਲੜਾ ਈ,
ਏਦੂੰ ਪਰੇ ਤਕਲੀਫ਼ ਨਾ ਜਰਦੀਆਂ ਓ ।
ਮੀਆਂ ਹਾਲ ਜੰਜਾਲ ਦੇ ਪਏ ਤੈਨੂੰ,
ਜਾਨ ਜਾਲ ਕਾਲੀ ਏਧਰ ਮਰਦੀਆਂ ਓ ।

ਵਿੱਚ ਸੁਫ਼ਨਿਆਂ ਦੇ ਚਮਕਾਂ ਦੇਵਨਾ ਏਂ,
ਸੁਖ ਸੌਣ ਥੀਂ ਅੱਖੀਆਂ ਡਰਦੀਆਂ ਓ ।
ਮੇਰਿਆ ਸੱਜਨਾ ! ਸਾਡਿਆਂ ਵੈਰੀਆਂ ਤੇ,
ਧਾਰੀ ਤੇਜ਼ ਤਲਵਾਰ ਦੀ ਧਰਦੀਆਂ ਓ ।
ਛੱਡ ਚਾਰ ਦਿਨ ਘਰ ਦਿਆਂ ਧੰਦਿਆਂ ਨੂੰ,
ਕਿਹੀਆਂ ਦੁੱਖ ਮੁਸੀਬਤਾਂ ਘਰਦੀਆਂ ਓ ।
ਮਿਲ ਜਾ ਸਾਨੂੰ, ਵੇ ! ਤੂੰ ਜਗ ਜੀਵੇਂ,
ਗਲੀਆਂ ਸੁੰਜੀਆਂ ਸ਼ੌਕ ਨਗਰ ਦੀਆਂ ਓ ।
ਘਰ ਦਾ ਫ਼ਿਕਰ ਦਿਨ ਚਾਰ ਭੁਲਾ ਦਿਲ ਥੀਂ,
ਮਿਰਬਾਨੀਆਂ ਰੱਬ ਕਾਰੀਗਰ ਦੀਆਂ ਓ ।
ਜ਼ਿਮੇਵਾਰ ਜਹਾਨ ਦੇ ਰਿਜ਼ਕ ਵਾਹੇ,
ਉਹਦੀਆਂ ਹਰਨੀਆਂ ਜੰਗਲੀ ਚਰਦੀਆਂ ਓ ।
ਦੁੱਖ ਝੱਲਣੇ ਨੂੰ ਇਨਸਾਨ ਬਣਿਆਂ,
ਨਫ਼ਸ ਪਰਵਰੀ ਖ਼ਸਲਤਾਂ ਖ਼ਰ ਦੀਆਂ ਓ ।
ਅਸੀਂ ਸੱਚੀਆਂ ਖੋਲ੍ਹ ਸੁਣਾਵਨੇ ਹਾਂ,
ਜਿਹੀਆਂ ਅਸਾਂ ਬੇਦਿਲਾਂ ਥੀਂ ਸਰਦੀਆਂ ਓ ।

ਪਰੋ ਬਾਲ ਸੜ ਜਾਣ ਪੰਖੇਰੂਆਂ ਦੇ,
ਲਾਟਾਂ ਛੁਟੀਆਂ ਅੱਜ ਜਿਗਰ ਦੀਆਂ ਓ ।
ਪਰਵਾਜ਼ ਸਾਡਾ ਪੀਰਾਂ ਹੌਸਲੇ ਤੇ,
ਜਿਵੇਂ ਸ਼ੋਖ਼ੀਆਂ ਮੁਰਗ਼ ਬੇ-ਪਰ ਦੀਆਂ ਓ ।
ਬੇ-ਪਰਾਂ ਦੀਆਂ ਸ਼ੋਖ਼ੀਆਂ ਤੜਫਣਾ ਹੈ,
ਕਲਮਾਂ ਚੱਲੀਆਂ ਜਿਵੇਂ ਕਦਰ ਦੀਆਂ ਓ ।
ਵਿੱਚ ਸੀਨਿਆਂ ਬਿਜਲੀਆਂ ਵਿਰਹ ਦੀਆਂ ਓ,
ਜਿੱਥੇ ਤਾਬਸ਼ਾਂ ਸ਼ੋਰ ਸ਼ਰਰ ਦੀਆਂ ਓ ।
ਸਾਨੂੰ ਫ਼ਾਇਦਾ ਰੰਜ ਪ੍ਰੀਤ ਦੀ ਦਾ,
ਸੀਨੇ ਸ਼ੋਰਸ਼ਾਂ ਤੇ ਰੁਖ਼ ਜ਼ਰਦੀਆਂ ਓ ।
ਆਹਾਂ ਲੰਮੀਆਂ ਵਾਂਗੁ ਨਿਕੰਮਿਆਂ ਓ,
ਅਚੋਵਾਈਆਂ ਤੇ ਸਿਰਦਰਦੀਆਂ ਓ ।
ਸੋਹਣੇ ਯਾਰ ਦੇ ਅਜੇ ਵਿਚ ਕਾਰਖ਼ਾਨੇ,
ਨਹੀਂ ਕਮੀ ਹਿਸਾਬ ਵਿਚ ਤਰਦੀਆਂ ਓ ।
ਝੱਲੀਂ ਸੋਹਣਿਆਂ ਓ ! ਜ਼ਾਰੀ ਕਰਦਿਆਂ ਨੂੰ,
ਇਹ ਬਰਦੀਆਂ ਫ਼ਜ਼ਲ ਦੇ ਦਰਦੀਆਂ ਓ ॥੭॥

(ਅਹਵਲ=ਭੈਂਗੀ, ਚਸ਼ਮ=ਅੱਖ,ਸਰ=ਤਲਾਅ,
ਨਫ਼ਸ ਪਰਵਰੀ=ਆਪਣਾ ਆਪਾ ਪਾਲਣਾ,
ਖ਼ਸਲਤਾਂ=ਆਦਤਾਂ, ਖ਼ਰ=ਗਧਾ, ਪਰੋ ਬਾਲ=
ਖੰਭ, ਪਰਵਾਜ਼=ਉਡਾਰੀ, ਮੁਰਗ਼=ਪੰਛੀ, ਕਦਰ=
ਕਾਦਰ, ਕਰਤਾਰ, ਤਾਬਸ਼ਾਂ=ਗਰਮੀਆਂ, ਸ਼ਰਰ=
ਚੰਗਿਆੜੀਆਂ, ਰੁਖ਼=ਮੂੰਹ, ਜ਼ਰਦੀ=ਪੀਲੱਤਣ,
ਅਚੋਵਾਈਆਂ=ਅੱਚਵੀ,ਬਚੈਨੀ)


8

ਜੇ ਹੈਂ ਯਾਰ ਮੇਰਾ ਮੈਂ ਵਲ ਕਰੀਂ ਫੇਰਾ,
ਏਸ ਜਿੰਦ ਦਾ ਕੁਝ ਇਤਬਾਰ ਨਾਹੀਂ ।
ਖ਼ਾਕੀ ਪੁਤਲਾ ਕਲਾ ਦਾ ਪਿੰਜਰਾ ਏ,
ਉਡਿਆ ਭੌਰ ਤੇ ਫੇਰ ਦਰਕਾਰ ਨਾਹੀਂ ।
ਏਹ ਕਲਾ ਦੀ ਤਾਰ ਤੇ ਵੱਜਦਾ ਏ,
ਟੁੱਟੀ ਫੇਰ ਮੁੜ ਵੱਜਣੀ ਤਾਰ ਨਾਹੀਂ ।
ਜਦੋਂ ਫੇਰ ਮੁੜ ਵੱਜਣੀ ਤਾਰ ਨਾਹੀਂ,
ਵੇਲਾ ਹੁਣੇ ਹੈ ਘੜੀ ਉਧਾਰ ਨਾਹੀਂ ।
ਇਸ ਖੜਕਦੇ ਸਾਜ਼ ਦੇ ਸੰਦ ਵਿਗੜੇ,
ਮੁੱਲ ਪਾਂਵਦੇ ਕਿਸੇ ਬਾਜ਼ਾਰ ਨਾਹੀਂ ।
ਮੁੱਲ ਜਿਨ੍ਹਾਂ ਦਾ ਕਿਸੇ ਬਾਜ਼ਾਰ ਨਾਹੀਂ,
ਰਵਾ ਤਿਨ੍ਹਾਂ ਤੇ ਕਰਨ ਬਲਕਾਰ ਨਾਹੀਂ ।
ਦੁਨੀਆਂ ਕੂਚ ਮਕਾਮ ਹੈ ਰਾਹੀਆਂ ਦਾ,
ਏਥੇ ਲੰਬੜੇ ਪੈਰ ਪਸਾਰ ਨਾਹੀਂ ।
ਚਲਾਚਲੀ ਦੇ ਟੱਲ ਪਏ ਖੜਕਦੇ ਨੇ,
ਐਵੇਂ ਕੂੜ ਦੇ ਕੋਟ ਉਸਾਰ ਨਾਹੀਂ ।

ਮੈਂ ਤੈਂ ਵਾਂਗੁ ਉਸਾਰਦੇ ਕਈ ਗੁਜ਼ਰੇ,
ਲਿਆ ਕਿਸੇ ਨੇ ਕੱਢ ਬੁਖ਼ਾਰ ਨਾਹੀਂ ।
ਪ੍ਰੇਮ ਨਸ਼ੇ ਦੀ ਜਿਨ੍ਹਾਂ ਦੇ ਝੋਕ ਦਿਲ ਨੂੰ,
ਏਹ ਟੁੱਟਣਾ ਜੋਸ਼ ਖ਼ੁਮਾਰ ਨਾਹੀਂ ।
ਜਿਸ ਦਾ ਟੁੱਟਣਾ ਜੋਸ਼ ਖ਼ੁਮਾਰ ਨਾਹੀਂ,
ਤਲਬ ਓਸ ਦੀ ਬਾਝ ਦੀਦਾਰ ਨਾਹੀਂ ।
ਤਲਬ ਜਿਸ ਨੂੰ ਬਾਝ ਦੀਦਾਰ ਨਾਹੀਂ ।
ਓਹ ਮੈਂ ਹੀ ਹਾਂ ਮੇਰਾ ਦਿਲਦਾਰ ਨਾਹੀਂ ।
ਦਿਲਦਾਰ ਨੂੰ ਨਹੀਂ ਪਰਵਾਹ ਸਾਡੀ,
ਸਾਡੇ ਦੀਦ ਦਾ ਉਹ ਤਲਬਗਾਰ ਨਾਹੀਂ ।
ਅਸੀਂ ਬਾਝ ਦੀਦਾਰ ਬੇ-ਆਬ ਮਾਹੀ,
ਤਪਨੇ ਤੜਫਣੇ ਬਾਝ ਰੋਜ਼ਗਾਰ ਨਾਹੀਂ ।
ਸਾਨੂੰ ਜ਼ਖ਼ਮ ਵਿਛੋੜਿਆਂ ਤੇਰਿਆਂ ਦੇ,
ਦੇਂਦੇ ਘੜੀ ਆਰਾਮ ਕਰਾਰ ਨਾਹੀਂ ।
ਤੇਜ਼ ਜ਼ਖ਼ਮ ਫ਼ਿਰਾਕ ਦੇ ਬੇਲੀਆ ਓਇ,
ਐਸੀ ਤੇਜ਼ ਤਲਵਾਰ ਦੀ ਧਾਰ ਨਾਹੀਂ ।

ਨਾ ਤੂੰ ਲਾਈਆਂ ਲਾ ਨਾ ਜਾਤੀਆਂ ਓ,
ਸਾਨੂੰ ਲੱਗੀਆਂ ਤੇ ਤੈਨੂੰ ਸਾਰ ਨਾਹੀਂ ।
ਤੇਰਾ ਸੱਚ ਦਾ ਕੌਲ ਇਕਰਾਰ ਨਾਹੀਂ,
ਯਾਰੀ ਲਾਵਣੀ ਜਾਣ ਸ਼ਿਕਾਰ ਨਾਹੀਂ ।
ਜਿਸ ਨਾਰ ਦਾ ਕੌਂਤ ਜ਼ਿਮੇਵਾਰ ਨਾਹੀਂ,
ਏਹ ਕੌਂਤ ਨਾਹੀਂ ਤੇ ਉਹ ਨਾਰ ਨਾਹੀਂ ।
ਜਿਹੜਾ ਯਾਰ ਦਾ ਯਾਰ ਗ਼ਮਖ਼ਵਾਰ ਨਾਹੀਂ,
ਜੱਗ ਪੁੱਛ ਦੇਖੋ ਉਹ ਕੁਝ ਯਾਰ ਨਾਹੀਂ ।
ਜੇ ਤੂੰ ਚਾਰ ਦਿਨ ਮਾਲਵਾ ਛੱਡ ਆਵੇਂ,
ਤੇਰੀ ਜਾਵਣੀ ਘਸ ਪਟਵਾਰ ਨਾਹੀਂ ।
ਨੌਕਰ ਦੱਸ ਤੂੰ ਕਿਸ ਸਰਕਾਰ ਦਾ ਹੈਂ,
ਪਰੇ ਸੱਯਦੋਂ ਹੋਰ ਸਰਦਾਰ ਨਾਹੀਂ ।
ਸਾਨੂੰ ਵਿੱਚ ਫ਼ਿਰਾਕ ਦੇ ਮਾਰ ਨਾਹੀਂ,
ਕੀਤੇ ਕੌਲ ਇਕਰਾਰ ਥੀਂ ਹਾਰ ਨਾਹੀਂ ।
ਸਾਡੇ ਦਰਦ ਦੀ ਸੁਣੇਂ ਪੁਕਾਰ ਨਾਹੀਂ,
ਪੁਰ ਕਾਰ ਹੈ ਅਨਤ ਕਟਾਰ ਨਾਹੀਂ ।

ਜੇ ਕਰ ਸੱਚ ਪੁੱਛੇਂ ਕਲਮ ਹੱਥ ਸਾਡੇ,
ਕਲਮ ਜਿਹੀ ਭੀ ਹੋਰ ਤਲਵਾਰ ਨਾਹੀਂ ।
ਘਾਇਲ ਕਰਾਂਗੇ ਕਲਮ ਦੇ ਨਾਲ ਜ਼ਖ਼ਮਾਂ,
ਖ਼ਾਲੀ ਜਾਂਵਦਾ ਇਲਮ ਦਾ ਵਾਰ ਨਾਹੀਂ ।
ਵਗੀ ਕਲਮ ਦੇ ਜ਼ਖ਼ਮ ਨਾ ਕਦੇ ਮਿਟਦੇ,
ਵੱਡਾ ਕਲਮ ਥੀਂ ਹੋਰ ਹਥਿਆਰ ਨਾਹੀਂ ।
ਕਲਮ ਦਿਲਾਂ ਨੂੰ ਕਲਮ ਕਰ ਸੁੱਟਦੀ ਏ,
ਕਲਮ ਜੇਡ ਕੋ ਬੜੀ ਪੈਕਾਰ ਨਾਹੀਂ ।
ਦਫ਼ਤਰ ਰਾਜ਼ ਜਹਾਨ ਦੇ ਕਲਮ ਲਿਖਦੀ,
ਕਿਹੜਾ ਸ਼ਾਹ ਇਸਦਾ ਖ਼ਿਦਮਤਗਾਰ ਨਾਹੀਂ ।
ਵਿੱਚ ਮੁਲਕ ਹਕੂਮਤਾਂ ਕਲਮ ਕਰਦੀ,
ਖਾਂਦੀ ਵਿਚ ਜੰਗ ਜਦਲ ਦੇ ਹਾਰ ਨਾਹੀਂ ।
ਮੁਸ਼ਕੀਂ ਜ਼ਾਦ ਗੁਲਰੰਗ ਦਿਲਦਾਰ ਜ਼ੇਬਾ,
ਕਲਮ ਜੇਡ ਸਰ ਮਸਤ ਨਿਗਾਰ ਨਾਹੀਂ ।
ਖ਼ੁਸ਼ੀ ਐਸ਼ ਦਾ ਗਰਮ ਬਾਜ਼ਾਰ ਨਾਹੀਂ,
ਜਿਸ ਬਜ਼ਮ ਵਿਚ ਕਲਮ ਸਰਦਾਰ ਨਾਹੀਂ ।

ਪਰੇ ਕਲਮ ਥੀਂ ਐਸ਼ ਬਹਾਰ ਨਾਹੀਂ,
ਜੋਸ਼ ਕਲਮ ਜੇਹਾ ਲਾਲਾ ਜ਼ਾਰ ਨਾਹੀਂ ।
ਵਹਿੰਦਾ ਆਬ ਹਯਾਤ ਸਰ ਕਲਮ ਦੇ ਥੀਂ,
ਜਿਹੀਆਂ ਵਹਿਣ ਨਦੀਆਂ ਕੋਹਸਾਰ ਨਾਹੀਂ ।
ਜਫ਼-ਉਲ-ਕਲਮ ਦਾ ਜਦੋਂ ਤੇ ਰਾਜ਼ ਖੁਲ੍ਹਾ,
ਕਲਮੋਂ ਬੜੀ ਕੋਈ ਪਈ ਪੁਕਾਰ ਨਾਹੀਂ ।
ਕਲਮ ਧੁਰੋਂ ਤੇ ਨੂਰ ਅਨਵਾਰ ਆਹੀ,
ਨੂਰੋ ਨੂਰ ਹੈ ਸ਼ਰਹ ਮੀਨਾਰ ਨਾਹੀਂ ।
ਏਥੇ ਸ਼ਰਹ ਮੀਨਾਰ ਤੇ ਹਸ਼ਰ ਕਹਿਆ,
ਕਿਸ ਰਾਜ਼ ਦੀ ਕਲਮ ਪੁਰਕਾਰ ਨਾਹੀਂ ।
ਜੋਸ਼ ਦਿਲਾਂ ਦੇ ਕਲਮ ਉਖਾੜਦੀ ਏ,
ਵੱਧ ਕਲਮ ਥੀਂ ਹੋਰ ਸਚਿਆਰ ਨਾਹੀਂ ।
ਨਖ਼ਰੇ ਭਰੀ ਲਡਿੱਕੜੀ ਨਾਜ਼ ਭਿੰਨੀ,
ਕਲਮ ਜੇਹੀ ਮਹਬੂਬ ਮੁਟਿਆਰ ਨਾਹੀਂ ।
ਸ਼ੀਰੀਂ ਸੁਖ਼ਨ ਨਬਾਤ ਲਬ ਕਲਮ ਜੇਹੀ,
ਕੋਈ ਲਾਡਲੀ ਸ਼ਹਿਦ ਰੁਖ਼ਸਾਰ ਨਾਹੀਂ ।

ਕੋਕਬ ਰੇਜ਼ ਮਹਤਾਬ ਤੇ ਸ਼ਮਸ਼ ਤਿਲਅਤ,
ਕਲਮ ਜੇਡੀ ਕੋਈ ਜ਼ਰ ਕਾਰ ਨਾਹੀਂ ।
ਖਰੇ ਖੋਟ ਜ਼ਰ ਕਲਬ ਪਰਖਣੇ ਨੂੰ,
ਬਾਝੋਂ ਕਲਮ ਕੋਈ ਹੋਰ ਮੱਯਾਰ ਨਾਹੀਂ ।
ਫ਼ੈਜ਼ ਕਲਮ ਦੇ ਥੀਂ ਚਾਰ ਕੂਟ ਅੰਦਰ,
ਬੇ ਪਰਵਾਹ ਸ਼ਿਗਾਰ ਕਬਾਰ ਨਾਹੀਂ ।
ਵਿਚ ਕਾਰਖ਼ਾਨੇ ਦੁਨੀਆਂ ਦੀਨ ਵਾਲੇ,
ਬਾਝੋਂ ਕਲਮ ਸਾਹਿਬਿ ਇਫ਼ਤਖ਼ਾਰ ਨਾਹੀਂ ।
ਮੈਦਾਨ ਬਿਆਨ ਦਾ ਉਲਟ ਵਗਿਆ,
ਅਜੇ ਚਸ਼ਮ ਸਾਡੀ ਬੇਦਾਰ ਨਾਹੀਂ ।
ਟੁਰਿਆ ਮਾਲਵੇ ਵੱਲ ਜਾ ਸਿੰਧ ਵੜਿਆ,
ਮਿਲੀ ਕੂੰਜ ਵਿਛੁੰਨੜੀ ਡਾਰ ਨਾਹੀਂ ।
ਗ਼ਾਫ਼ਿਲ ਯਾਰ ਥੀਂ ਪਲਕ ਹੋਸ਼ਿਆਰ ਨਾਹੀਂ,
ਢੋਈ ਓਸ ਨੂੰ ਵਿਚ ਦਰਬਾਰ ਨਾਹੀਂ ।
ਸਾਡੀਆਂ ਗ਼ਫ਼ਲਤਾਂ ਬੇੜੀਆਂ ਰੋੜ੍ਹੀਆਂ ਨੇ,
ਫ਼ਜ਼ਲੋਂ ਰੱਖ ਲੈ ਡੋਬ ਵਿਚਕਾਰ ਨਾਹੀਂ ।

ਮੇਰੀਆਂ ਕੀਤੀਆਂ ਵੱਲ ਨਾ ਜਾ ਸਾਈਆਂ,
ਮੇਰੇ ਵਾਂਗੁ ਕੋਈ ਗੁਨਾਹਗਾਰ ਨਾਹੀਂ ।
ਕਰ ਫ਼ਜ਼ਲ ਤੂੰ ਫ਼ਜ਼ਲ ਹੈ ਕਾਰ ਤੇਰਾ,
ਤੇਰੇ ਫ਼ਜ਼ਲ ਬਾਝੋਂ ਬੇੜਾ ਪਾਰ ਨਾਹੀਂ ।
ਤੇਰਾ ਨਾਮ ਗ਼ਫ਼ੂਰ ਰਹੀਮ ਸਾਈਆਂ,
ਤੇਰੇ ਫ਼ਜ਼ਲ ਦੇ ਬਾਝ ਦਰਕਾਰ ਨਾਹੀਂ ।
ਤੇਰੀ ਹੋ ਮੁੜ ਹੋਰ ਦੇ ਵੱਲ ਤੱਕੇ,
ਇਸ ਥੀਂ ਹੋਰ ਫਿਰ ਵੱਧ ਖ਼ੁਆਰ ਨਾਹੀਂ ।
ਸੱਚੇ ਯਾਰ ਦਾ ਯਾਰ ਅਗ਼ਯਾਰ ਨਾਹੀਂ,
ਜਿਵੇਂ ਐਨ ਦਾ ਗ਼ੈਨ ਅਉਤਾਰ ਨਾਹੀਂ ।
ਸੱਚੀ ਪ੍ਰੀਤ ਦਾ ਪਾਲਣਾ ਬਹੁਤ ਮੁਸ਼ਕਿਲ,
ਮੁਸਤਹਕ ਉਸ ਦਾ ਮੱਕਾਰ ਨਾਹੀਂ ।
ਦੀਦ ਬਾਜ਼ ਚਾਹੀਏ ਜਾਨ ਬਾਜ਼ ਹੋਵੇ,
ਕੱਚੇ ਯਾਰ ਜੇਹਾ ਕੋਠਿਆਰ ਨਾਹੀਂ ।
ਕੱਚੇ ਯਾਰ ਨੂੰ ਯਾਰ ਨਾ ਜਾਣਨੇ ਹਾਂ,
ਸਿਰ ਓਸ ਦੇ ਸਿਦਕ ਦਸਤਾਰ ਨਾਹੀਂ ।

ਕੱਚੇ ਯਾਰ ਦੀ ਨਜ਼ਰ ਵੱਲ ਗ਼ੈਰ ਜਾਂਦੀ,
ਘਰ ਯਾਰ ਦੇ ਕਦੇ ਅਗ਼ਯਾਰ ਨਾਹੀਂ ।
ਦੇਖੋ ਕੱਚ ਨੂੰ ਰੰਗਤਾਂ ਚੜ੍ਹਦੀਆਂ ਹੈ,
ਕਦੀ ਸੱਚ ਨੂੰ ਰੰਗਦੀ ਖ਼ਾਰ ਨਾਹੀਂ ।
ਵਿੱਚ ਰੰਗਤਾਂ ਵਹਿਮ ਦੀਆਂ ਗਰਦਸ਼ਾਂ ਥੀਂ,
ਰੰਗ ਭਿੰਨਿਆ ਕਦੀ ਛੁਟਕਾਰ ਨਾਹੀਂ ।
ਸਾਡੇ ਝੱਲ ਨੇ ਸਭ ਵਿਗਾੜ ਪਾਈ,
ਕਦੇ ਛੱਡਿਆ ਕੁਝ ਸਵਾਰ ਨਾਹੀਂ ।
ਜਾਹਿਲ ਆਪ ਨੂੰ ਸੱਟ ਜੋ ਮਾਰਦਾ ਏ,
ਕਦੀ ਕੋਈ ਦੁਸ਼ਮਨ ਸਕਦਾ ਮਾਰ ਨਾਹੀਂ ।
ਮੀਆਂ ਸੱਯਦਾ ! ਮਾਲਵੇ ਵਸਦਿਆ ਓ,
ਲਾਈ ਤੋੜ ਨਾ ਮਰਦ ਦੀ ਕਾਰ ਨਾਹੀਂ ।
ਝੱਬ ਆ ਮਿਲ ਮਿਲਣ ਦੀ ਚਾਹ ਸਾਨੂੰ,
ਤੈਂ ਬਿਨ ਜ਼ਿੰਦਗੀ ਕੁਝ ਮਜ਼ੇਦਾਰ ਨਾਹੀਂ ।
ਜੇ ਤੂੰ ਅੰਨ ਵਿਚ ਮਾਲਵੇ ਖਾਵਨਾਂ ਏਂ,
ਮਰਦੀ ਭੁੱਖ ਵਿਚ ਇਹ ਦਯਾਰ ਨਾਹੀਂ ।

ਸਾਡਾ ਬੇਟ ਤਨ ਪੇਟ ਹੈ ਨਿਆਮਤਾਂ ਦਾ,
ਤੇਰੇ ਮਾਲਵੇ ਕਣਕ ਜੁਆਰ ਨਾਹੀਂ ।
ਤੇਰਾ ਮਾਲਵਾ ਰੰਗ ਤਲਵੀਨ ਦਾ ਹੈ,
ਖ਼ੁਸ਼ਕ ਦਿੱਸਦਾ ਵਿਚ ਅਨਹਾਰ ਨਾਹੀਂ ।
ਸਾਡੇ ਬੇਟ ਨੂੰ ਜਾਣ ਨਿਮਕੀਨ ਮੀਆਂ,
ਐਸਾ ਬੁਲਬੁਲਾਂ ਨੂੰ ਗੁਲਜ਼ਾਰ ਨਾਹੀਂ ।
ਵੇ ਤੂੰ ਆਂਵਦਾ ਕਿਉਂ ਨਹੀਂ ਮਿਲਣ ਸਾਨੂੰ,
ਪਈਆਂ ਉਲਫ਼ਤਾਂ ਮਨੋਂ ਵਿਸਾਰ ਨਾਹੀਂ ।
ਵਫ਼ਾਦਾਰ ਵਿਸਾਰਦੇ ਯਾਰ ਨਾਹੀਂ,
ਵਫ਼ਾਦਾਰ ਹੋ ਬਣੇਂ ਗ਼ੱਦਾਰ ਨਾਹੀਂ ।
ਸ਼ਾਇਦ ਖ਼ਸਲਤਾਂ ਤੇਰੀਆਂ ਹੋਰ ਹੋਈਆਂ,
ਰਹਿਆ ਅਸਾਂ ਦੇ ਨਾਲ ਪਿਆਰ ਨਾਹੀਂ ।
ਯਾ ਤੇ ਘਰੋਂ ਤੈਨੂੰ ਇੱਜ਼ਨ ਨਹੀਂ ਮਿਲਦਾ,
ਦੇਂਦੀ ਛੁੱਟੀਆਂ ਅਜੇ ਸਰਕਾਰ ਨਾਹੀਂ ।
ਤੇਰਾ ਸਫ਼ਰ ਦਾ ਸਾਜ਼ ਤਿਆਰ ਨਾਹੀਂ,
ਸਾਡੇ ਦਰਦ ਦਾ ਅੰਤ ਸ਼ੁਮਾਰ ਨਾਹੀਂ ।

ਜੇ ਤੈਂ ਦਰਦ ਦੇ ਅਸਰ ਦੀ ਖ਼ਾਰ ਨਾਹੀਂ,
ਖ਼ਤ ਲਿਖਦਿਆਂ ਵੀ ਸਾਨੂੰ ਭਾਰ ਨਾਹੀਂ ।
ਅਸਾਂ ਆਪ ਲਿਖਣਾ ਸਾਨੂੰ ਭਾਰ ਕੇਹਾ,
ਹੋਣਾ ਮੁਨਸ਼ੀਆਂ ਦਾ ਮਿੰਨਤਦਾਰ ਨਾਹੀਂ ।
ਅਸੀਂ ਲਿਖਾਂਗੇ ਜਦੋਂ ਤਕ ਨਾ ਆਵੇਂ,
ਘਾਟਾ ਕਾਗ਼ਜ਼ਾਂ ਦਾ ਬਾਜ਼ਾਰ ਨਾਹੀਂ ।
ਸਾਡੇ ਦੇਸ਼ ਵਿਚ ਕਮੀ ਨਾ ਕਾਨੀਆਂ ਦੀ,
ਕਲਮਾਂ ਘੜਨ ਥੀਂ ਹੱਥ ਬੇਜ਼ਾਰ ਨਾਹੀਂ ।
ਰੰਗਾ ਰੰਗ ਦਵਾਤਾਂ ਦੇ ਰੰਗ ਸਾਡੇ,
ਕਿਹੜਾ ਸਾਜ਼ ਜੋ ਅੱਜ ਤਿਆਰ ਨਾਹੀਂ ।
ਹਰ ਰੰਗ ਵਿਚ ਰੰਗਤਾਂ ਰੰਗਦੇ ਹਾਂ,
ਸਾਡੇ ਰੰਗ ਨੂੰ ਕਦੇ ਜ਼ੰਗਾਰ ਨਾਹੀਂ ।
ਕਦੋਂ ਸ਼ਿਅਰ ਦਾ ਕਾਫ਼ੀਆ ਤੰਗ ਸਾਡਾ,
ਕਦੇ ਵਿਗੜਦਾ ਵਜ਼ਨ ਮਿਕਦਾਰ ਨਾਹੀਂ ।
ਤਕਤੀਹ ਦੇ ਵਿੱਚ ਮੀਜ਼ਾਨ ਤੁਲਦਾ,
ਮਤਲਅ ਹਸ਼ਵਿ ਅਰੂਜ਼ ਕਜਦਾਰ ਨਾਹੀਂ ।

ਵਿਚ ਇਕਤ ਮਾਅਨੇ ਵਾਹਦ ਕਾਫ਼ੀਏ ਦੀ,
ਸੋਚ ਵੇਖ ਲੈ ਪਿਆ ਤਕਰਾਰ ਨਾਹੀਂ ।
ਏਹ ਸ਼ਿਅਰ ਸ਼ਊਰ ਥੀਂ ਦੂਰ ਭਾਵੇਂ,
ਐਪਰ ਸਿਹਰ ਹੈ ਹਰਫ਼ਿ ਇਸ਼ਆਰ ਨਾਹੀਂ ।
ਨੋਕ ਕਲਮ ਦੀ ਛਾਣਦੀ ਮੋਤੀਆਂ ਨੂੰ,
ਐਸਾ ਅਬਰਿ ਨੇਸਾਂ ਗੌਹਰ ਬਾਰ ਨਾਹੀਂ ।
ਗੌਹਰ ਰੇਜ਼ ਦੋ ਨੈਣ ਜੋ ਆਸ਼ਕਾਂ ਦੇ,
ਰਖਦੇ ਸਬਰ ਦਾ ਕਦੀ ਸ਼ੁਆਰ ਨਾਹੀਂ ।
ਈਵੇਂ ਕਲਮ ਪਰੋਂਵਦੀ ਕਦੋਂ ਸਾਡੀ,
ਲੜੀ ਮੋਤੀਆਂ ਦੀ ਤਾਰੋ ਤਾਰ ਨਾਹੀਂ ।
ਇਨ੍ਹਾਂ ਮੋਤੀਆਂ ਦੀ ਕਦਰ ਸੋਈ ਜਾਣੇ,
ਜਿਸਦਾ ਖ਼ੁਸ਼ੀ ਤੇ ਦਾਰੋ ਮਦਾਰ ਨਾਹੀਂ ।
ਜਿਹੜਾ ਆਪ ਦੇਖੇ ਨਾਲੇ ਯਾਰ ਤੱਕੇ,
ਉਹ ਖ਼ੁਸ਼ੀ ਦੇ ਬਾਝ ਹਿਸਾਰ ਨਾਹੀਂ ।
ਰਮਜ਼ਾਂ ਵਗਦੀਆਂ ਵੇਖ ਕਿਸ ਕਾਰਨੇ ਤੇ,
ਕਾਰੇ ਹਾਰ ਯਾ ਗ਼ੈਰ ਚਿਤਾਰ ਨਾਹੀਂ ।

ਨਕਦ ਦਮਾਂ ਦੇ ਵਣਜ ਦਾ ਅੱਜ ਵੇਲਾ,
ਫਿਰ ਲੱਭਣੇ ਦਿਰਮ-ਦੀਨਾਰ ਨਾਹੀਂ ।
ਮੁੜ ਚਿੱਠੀਆਂ ਲਿਖਣੀਆਂ ਫੇਰ ਕਿਸ ਨੇ,
ਗੌਹਰ ਹੋਵਣੇ ਨਿੱਤ ਨਿਸਾਰ ਨਾਹੀਂ ।
ਤੇਰੇ ਸੈਰ ਦਾ ਵਕਤ ਪਿਆਰਿਆ ਓ,
ਮੁੜ ਹੋਵਣਾ ਫੇਰ ਸੱਯਾਰ ਨਾਹੀਂ ।
ਹੋ ਜ਼ਿਬਹ ਕੁਰਬਾਨੀ ਦਿਆ ਮੀਂਢਿਆ ਓ,
ਏਥੋਂ ਦੌੜ ਕੇ ਜਾਹ ਮੁਰਦਾਰ ਨਾਹੀਂ ।
ਰਲ ਡਾਰ ਵਿੱਚ ਕਦੇ ਮਕੱਲਦਾ ਵੇ,
ਜਾਈਂ ਖ਼ੁਦੀ ਤੇ ਮੁਫ਼ਤ ਸਿਰ ਵਾਰ ਨਾਹੀਂ ।
ਛੋੜ ਮਾਲਵਾ ਚਾਰ ਦਿਨ ਸੈਰ ਕਰ ਲੈ,
ਮੁੜ ਲੱਭਣੀ ਏਹ ਬਹਾਰ ਨਾਹੀਂ ।
ਝੋਕੇ ਖ਼ਿਜ਼ਾਂ ਦੇ ਝੁੱਲਣੇ ਅੰਤ ਇਕ ਦਿਨ,
ਮੁੜ ਖਿਲਣੀ ਏਹ ਗੁਲਜ਼ਾਰ ਨਾਹੀਂ ।
ਏਥੇ ਫੇਰ ਕਦ ਆਵਣਾ ਸੱਜਣਾ ਓ,
ਲੱਦ ਗਏ ਮੁੜ ਮਿਲਣ ਵਣਜਾਰ ਨਾਹੀਂ ।

ਏਸ ਅੰਬ ਦੇ ਕਰੇ ਤਰਬੂਜ਼ ਕਿਉਂ ਕਰ,
ਕਾਇਮ ਰਹੇਗਾ ਇਹ ਅਚਾਰ ਨਾਹੀਂ ।
ਬੇਦਰਦ ਨੂੰ ਦਰਦ ਸੁਣਾਵਣੇ ਕੀ,
ਘਟਣੇ ਅਸਾਂ ਦੇ ਦਰਦ ਅੰਬਾਰ ਨਾਹੀਂ ।
ਜੇਹਾ ਦਰਦ ਦੁੱਖਾਂ ਸਾਨੂੰ ਘੇਰਿਆ ਏ,
ਐਸਾ ਚੰਦ ਨੂੰ ਕਦੇ ਪਰਵਾਰ ਨਾਹੀਂ ।
ਯਾਰ ਸੁਣੇ ਨਾ ਸੁਣੇ ਸੁਣਾਵਣੇ ਹਾਂ,
ਹਟਣੀ ਹਿਜਰ ਦੀ ਏਹ ਬੇਗਾਰ ਨਾਹੀਂ ।
ਖ਼ਤ ਲਿਖਦਿਆਂ ਦੇ ਦਫ਼ਤਰ ਹੋਏ ਕਾਲੇ,
ਲੈਣੀ ਸਾੜ ਕੇ ਕਿਸੇ ਨਸਵਾਰ ਨਾਹੀਂ ।
ਅਸੀਂ ਭੇਦ ਸਾਰੇ ਫੋਲ ਦੱਸਨੇ ਹਾਂ,
ਜਦੋਂ ਸੱਕਦੇ ਦਰਦ ਸਹਾਰ ਨਾਹੀਂ ।
ਯਾਰ ਨਹੀਂ ਉਖਾੜਦਾ ਰਾਜ਼ ਦਿਲ ਦੇ,
ਅਸਾਂ ਵਾਂਗੁ ਓਹ ਨਿਰਾ ਗਵਾਰ ਨਾਹੀਂ ।
ਉਮਰਾਂ ਬੀਤੀਆਂ ਜਾਂਦੀਆਂ ਵਿੱਚ ਦਰਦਾਂ,
ਦਿਲਦਾਰ ਸਾਡਾ ਮਿਲਣਸਾਰ ਨਾਹੀਂ ।

ਤੇਰੀਆਂ ਮੰਨੀਆਂ ਅਸੀਂ ਕਰਾਮਤਾਂ ਓ,
ਪੱਥਰ ਡੋਬ ਕੇ ਤੋੜੀਆਂ ਤਾਰ ਨਾਹੀਂ ।
ਸਾਡੀਆਂ ਲਾਈਆਂ ਅਸਾਂ ਵਲ ਲਾਵਨਾ ਏਂ,
ਸਾਨੂੰ ਲਾਵਨੇ ਥੀਂ ਇਨਕਾਰ ਨਾਹੀਂ ।
ਮੱਥੇ ਚੰਮ ਚਮਾਰਾਂ ਦੇ ਮਾਰਦਾ ਹੈਂ,
ਹੁਣ ਸਾਂਭਦੇ ਚੰਮ ਚਮਾਰ ਨਾਹੀਂ ।
ਬਾਹੋਂ ਪਕੜ ਕੇ ਫੇਰ ਜਵਾਬ ਦੇਵੇਂ,
ਹੋਇਆ ਕੂੜ ਦਾ ਵਣਜ ਵਪਾਰ ਨਾਹੀਂ ।
ਤੇਰੀਆਂ ਕੀਤੀਆਂ ਅਸੀਂ ਮਨਾਵਨੇ ਹਾਂ,
ਤੇਰੇ ਦਿਲ ਵਿਚ ਅਜੇ ਵਿਚਾਰ ਨਾਹੀਂ ।
ਸਾਡੇ ਦਰਦ ਦੀ ਆਹ ਥੀਂ ਜਿਗਰ ਕਿਹੜਾ,
ਜਿਹੜਾ ਹੋਂਵਦਾ ਅੱਜ ਫ਼ਿਗਾਰ ਨਾਹੀਂ ।
ਸਾਡੇ ਗਲ ਇਕਬਾਲ ਦਾ ਅਜੇ ਗ਼ੁੰਚਾ,
ਸਾਡੇ ਵੈਰੀਆਂ ਦੀ ਅੱਖੀਂ ਖ਼ਾਰ ਨਾਹੀਂ ।
ਸਾਡੇ ਨਾਲ ਦੀਆਂ ਬਾਲ ਖਿਡਾਂਦੀਆਂ ਨੇ,
ਸਾਡੀ ਲਟਕਦੀ ਜ਼ੁਲਫ਼ ਖ਼ਮਦਾਰ ਨਾਹੀਂ ।

ਕਿਆ ਬਸ ਸਾਡੇ, ਸਾਡੇ ਲੇਖ ਐਵੇਂ,
ਸਾਨੂੰ ਫੱਬਦੇ ਹਾਰ ਸ਼ਿੰਗਾਰ ਨਾਹੀਂ ।
ਸੁੰਜੇ ਹਾਰ ਸ਼ਿੰਗਾਰ ਨੂੰ ਅੱਗ ਲੱਗੇ,
ਅਸਾਂ ਜੋਗਨਾਂ ਦਾ ਘਰ ਬਾਰ ਨਾਹੀਂ ।
ਵੇ ਮੈਂ ਨੀਂਦ ਵਿਗੁੱਤੀਆਂ ਬਾਝ ਤੇਰੇ,
ਗਲੇ ਲੱਗ ਇਕੱਲੜੀ ਠਾਰ ਨਾਹੀਂ ।
ਜਿਨ੍ਹਾਂ ਦਿਲਾਂ ਨੂੰ ਨਸ਼ੇ ਦੀ ਤਾਰ ਨਾਹੀਂ,
ਬੇ ਬਾਲ ਹੈ ਉਹ ਪਰਵਾਰ ਨਾਹੀਂ ।
ਮਿਕਦਾਰ ਕੀ ਤੜਫਣੇ ਫੜਕਣੇ ਤੇ,
ਕਦੇ ਹੋਂਵਦੀ ਡੱਡ ਉਡਾਰ ਨਾਹੀਂ ।
ਸਾਨੂੰ ਦਰਦ ਦਿਆਂ ਲਸ਼ਕਰਾਂ ਸਰਦ ਕੀਤਾ,
ਉਡਦਾ ਵੇਖਿਆ ਤੁਸਾਂ ਗ਼ੁਬਾਰ ਨਾਹੀਂ ।
ਜਿਵੇਂ ਕਟਕ ਫ਼ਰੰਗ ਦੇ ਮਾਰ ਧਾਵਾ,
ਕਾਬਲ ਛੱਡਿਆ ਸਣੇ ਕੰਧਾਰ ਨਾਹੀਂ ।
ਚੜ੍ਹੀ ਫ਼ੌਜ ਗ਼ਨੀਮ ਫ਼ਿਰਾਕ ਦੇ ਦੀ,
ਜੀਹਦੇ ਜੇਡ ਕੋਈ ਖ਼ੂਨ ਖ਼ਾਰ ਨਾਹੀਂ ।

ਦਿਲ ਦੇ ਵੱਸ ਥੀਂ ਸਬਰ ਕਰਾਰ ਬਾਗ਼ੀ,
ਪਾਰ ਹੋ ਗਿਆ ਰਿਹਾ ਉਰਾਰ ਨਾਹੀਂ ।
ਰਹਿਣ ਹੁਕਮ ਰਵਾ ਵਿਚ ਦੇਸ ਦਿਲ ਦੇ,
ਏਹ ਬਾਝ ਫ਼ਿਰਾਕ ਮੁਖ਼ਤਾਰ ਨਾਹੀਂ ।
ਤੈਨੂੰ ਯਾਰ ਹੋ ਗਿਆ ਅਰਾਮ ਸਾਰਾ,
ਅਸਾਂ ਜਿਹਾ ਕੋਈ ਅੱਜ ਬੀਮਾਰ ਨਾਹੀਂ ।
ਜਿਹੜਾ ਹਿਜਰ ਦੇ ਦਰਦ ਦਾ ਦੇ ਦਾਰੂ,
ਸਾਡੇ ਪਿੰਡ ਵਿਚ ਕੋਈ ਅਤਾਰ ਨਾਹੀਂ ।
ਅੱਜ ਅਜ਼ਲ ਦੇ ਹੱਥ ਮੁਹਾਰ ਸਾਡੀ,
ਜੇ ਤੂੰ ਮੋੜਨੀ ਅੱਜ ਮੁਹਾਰ ਨਾਹੀਂ ।
ਦੁੱਖ ਦਰਦ ਸਾਡੇ ਗੁਜ਼ਰ ਗਏ ਹੱਦੋਂ,
ਦੋ ਚਾਰ ਸੌ ਲੱਖ ਹਜ਼ਾਰ ਨਾਹੀਂ ।
ਉਹਦੇ ਦਰਦ ਦਾ ਅੰਤ ਸ਼ੁਮਾਰ ਕਿਹਿਆ,
ਜਿਹਦੇ ਹੱਥ ਵਿਚ ਯਾਰ ਗ਼ਮਖ਼ਵਾਰ ਨਾਹੀਂ ।
ਦਰਦਮੰਦਾਂ ਦੇ ਦਰਦ ਬੇਦਰਦ ਅੱਗੇ,
ਬਾਝੋਂ ਝੂਠ ਦੇ ਲਾਫ਼ ਸ਼ੁਮਾਰ ਨਾਹੀਂ ॥੮॥

(ਬੁਖ਼ਾਰ=ਜੋਸ਼, ਮਾਹੀ=ਮੱਛੀ, ਕੌਂਤ=ਕੰਤ,
ਪਤੀ, ਪੁਰ ਕਾਰ=ਸਿਆਣਾ, ਕਲਮ=ਕਤਲ,
ਪੈਕਾਰ=ਜੰਗ, ਰਾਜ਼=ਭੇਤ, ਜੰਗ-ਜਦਲ=
ਲੜਾਈ-ਭਿੜਾਈ, ਮੁਸ਼ਕੀ=ਕਾਲਾ, ਜਾਦ=
ਜ਼ੁਲਫ਼ਾਂ, ਗੁਲਰੰਗ=ਗੁਲਾਬ ਵਰਗਾ, ਜ਼ੇਬਾ=
ਸੁਸੋਭਿਤ, ਨਿਗਾਰ=ਬੁੱਤ,ਮਾਸ਼ੂਕ, ਲਾਲਾ
ਜ਼ਾਰ=ਲਾਲ ਰੰਗ ਦਾ ਇਕ ਫੁੱਲ, ਆਬ
ਹਯਾਤ=ਅੰਮ੍ਰਿਤ, ਸਰ=ਸਿਰ, ਕੋਹਸਾਰ=
ਪਹਾੜੀ ਇਲਾਕਾ, ਜਫ਼-ਉਲ-ਕਲਮ=
ਕਲਮ ਦਾ ਧਕਾ, ਅਨਵਾਰ=ਜੋਤੀ-ਸਰੂਪ,
ਹਸ਼ਰ=ਪਰਲੋਂ, ਸ਼ੀਰੀਂ=ਮਿੱਠੀ, ਨਬਾਤ=
ਮਿਸ਼ਰੀ, ਕੋਕਬ ਰੇਜ਼=ਟੁੱਟਦਾ ਤਾਰਾ,
ਮਹਤਾਬ=ਚੰਨ, ਸ਼ਮਸ਼=ਸੂਰਜ, ਤਿਲਅਤ=
ਨਜ਼ਾਰਾ, ਜ਼ਰਕਾਰ=ਸੋਨਾ, ਕਲਬ=ਦਿਲ,
ਫ਼ੈਜ਼=ਬਖ਼ਸ਼ਿਸ਼, ਸ਼ਿਗਾਰ=ਛੋਟਾ, ਕਬਾਰ=
ਵੱਡਾ, ਇਫ਼ਤਖ਼ਾਰ=ਮਾਣਯੋਗ, ਬੇਦਾਰ=
ਜਾਗਣਾ, ਗ਼ਫ਼ੂਰ=ਬਖ਼ਸ਼ਣਹਾਰ, ਅਗ਼ਯਾਰ=
ਗ਼ੈਰ, ਮੁਸਤਹਕ=ਹੱਕਦਾਰ, ਗਰਦਸ਼=ਚੱਕਰ,
ਦਯਾਰ=ਦੇਸ਼,ਇਲਾਕਾ, ਤਲਵੀਨ=ਰੰਗ
ਬਰੰਗਾ, ਅਨਹਾਹ=ਨਦੀਆਂ-ਨਾਲੇ, ਇੱਜ਼ਨ=
ਇਜਾਜ਼ਤ, ਬੇਜ਼ਾਰ=ਦੁਖੀ, ਜ਼ੰਗਾਰ=ਜੰਗਾਲ,
ਕਾਫ਼ੀਆ=ਤੁਕਾਂਤ, ਤਕਤੀਹ=ਅਨੁਪ੍ਰਾਸ,
ਮੀਜ਼ਾਨ=ਜੋੜ,ਨਾਪ-ਤੋਲ, ਹਸ਼ਵਿ=ਫ਼ਜੂਲ
ਮਜ਼ਮੂਨ, ਅਰੂਜ਼=ਪਿੰਗਲ, ਕਜਦਾਰ=ਨੁਕਸ
ਵਾਲਾ, ਵਾਹਦ=ਇੱਕੋ, ਸਿਹਰ=ਜਾਦੂ,
ਇਸ਼ਆਰ=ਲਫ਼ਜ਼ੀ ਹੁਨਰ, ਨੇਸਾਂ=ਹਿਜ਼ਰੀ
ਸੰਨ ਮੁਤਾਬਕ ਸੱਤਵਾਂ ਮਹੀਨਾ, ਕਹਿੰਦੇ ਨੇ
ਇਸ ਮਹੀਨੇ ਮੀਂਹ ਵਿਚ ਸਵਾਂਤੀ ਬੂੰਦਾਂ
ਡਿਗਦੀਆਂ ਹਨ, ਗੌਹਰ ਬਾਰ=ਮੋਤੀਆਂ
ਦੀ ਵਰਖਾ ਕਰਨ ਵਾਲਾ, ਗੌਹਰ ਰੇਜ਼=
ਮੋਤੀਆਂ ਵਰਗੇ ਹੰਝੂ ਡੇਗਣ ਵਾਲੇ, ਸ਼ੁਆਰ=
ਆਦਤ, ਦਾਰੋ ਮਦਾਰ=ਆਸਰਾ, ਹਿਸਾਰ=
ਕਿੱਲਾ, ਦਿਰਮ,ਦੀਨਾਰ=ਕਰੰਸੀ ਦਾ ਨਾਂ,
ਸੱਯਾਰ=ਕਾਫ਼ਲਾ, ਫ਼ਿਗਾਰ=ਜ਼ਖ਼ਮੀ, ਗ਼ੁੰਚਾ=
ਕਲੀ,ਡੋਡੀ, ਕਟਕ ਫ਼ਰੰਗ=ਪਹਿਲੇ ਅਫ਼ਗਾਨ
ਯੁੱਧ (੧੮੩੯-੪੦) ਵੱਲ ਇਸ਼ਾਰਾ ਹੈ,
ਗ਼ਨੀਮ=ਦੁਸ਼ਮਣ, ਲਾਫ਼=ਗੱਪ)

9

ਜਾਣਨ ਭਰੀ ਤਕਲੀਫ਼ ਥੀਂ ਗੱਲ ਸਾਡੀ,
ਘੋੜੇ ਇਸ਼ਕ ਜੋ ਹੋਏ ਸਵਾਰ ਨਾਹੀਂ ।
ਸ਼ਾਇਦ ਮਸ਼ਰਕੋਂ ਅੱਜ ਕਲ ਤੁਸੀਂ ਚੜ੍ਹਦਾ
ਤਕਦੇ ਹੋਵਸੋਂ ਕੁਝ ਇਸਰਾਰ ਨਾਹੀਂ ।
ਦੁੱਮਦਾਰ ਤਾਰਾ ਚੜ੍ਹਿਆ ਮਾਲਵੇ ਤੇ,
ਆਤਿਸ਼ ਬਾਜ਼ ਦਾ ਇਹ ਅਨਾਰ ਨਾਹੀਂ ।
ਲਾਂਬੂ ਬਾਲ ਫ਼ਿਰਾਕ ਦੇ ਖੜ੍ਹਾ ਹੋਇਆ,
ਸਾਡਾ ਲੇਖ ਦੇਖੋ ਸਾਜ਼ਗਾਰ ਨਾਹੀਂ ।
ਤੇਰੇ ਦੇਸ ਉਤੇ ਘਟਾਂ ਛਾਇ ਰਹੀਆਂ,
ਬਾਝੋਂ ਆਹ ਵਾਲੀ ਧੁੰਦੂ ਕਾਰ ਨਾਹੀਂ ।
ਦਿਲ ਵਿਚ ਜਾਨੀਆਂ ਹੋਵਸੀ ਯਾਦ ਸਾਡੇ,
ਅਜੇ ਨੈਣ ਰੋਂਦੇ ਜ਼ਾਰੋ ਜ਼ਾਰ ਨਾਹੀਂ ।
ਸਾਡੀਆਂ ਰੋਜ਼ ਮੀਸਾਕ ਦੀਆਂ ਲੱਗੀਆਂ ਦਾ,
ਲਾਵਨਹਾਰ ਬਾਝੋਂ ਜਾਨਨਹਾਰ ਨਾਹੀਂ ।
ਕੋਟ ਸਬਰ ਦੇ ਇਸ਼ਕ ਵੀਰਾਨ ਕੀਤੇ,
ਨਜ਼ਰੀ ਆਂਵਦਾ ਅੱਜ ਮਿਅਮਾਰ ਨਾਹੀਂ ।

ਜਿਹੜਾ ਮੋੜ ਖ਼ਵਰਨਕਾਂ ਤੋਂ ਕਰੇ ਕਾਇਮ,
ਨੇੜੇ ਵੱਸਦਾ ਓਹ ਸੁਨਿਆਰ ਨਾਹੀਂ ।
ਸਾਨੂੰ ਆਸਰਾ ਨਹੀਂ ਮਹਬੂਬ ਬਾਝੋਂ,
ਸਾਡਾ ਹੋਰ ਥੀਂ ਕੁਝ ਸਰੋਕਾਰ ਨਾਹੀਂ ।
ਦਮ ਦਮ ਫ਼ਜ਼ਲ ਦੀ ਆਸ ਨਿਰਾਸਿਆਂ ਨੂੰ,
ਯਾਰ ਸਿਰਫ਼ ਜੱਬਾਰ ਕਹਾਰ ਨਾਹੀਂ ।
ਕਜ ਫ਼ਹਿਮ ਕਲਾਮ ਦੇ ਸਿਲਸਿਲੇ ਨੂੰ,
ਦੇਖ ਕਹਿਣਗੇ ਇਹ ਹਮਵਾਰ ਨਾਹੀਂ ।
ਹਮਵਾਰ ਕਲਾਮ ਦਾ ਸਿਲਸਿਲਾ ਹੈ,
ਕੀਤਾ ਇਸ਼ਕ ਨੇ ਕੂੜ ਇਜ਼ਹਾਰ ਨਾਹੀਂ ।
ਇਜ਼ਹਾਰ ਜੇ ਇਸ਼ਕ ਦਾ ਕੂੜ ਹੁੰਦਾ,
ਮਿਲਦਾ ਇਸ਼ਕ ਨੂੰ ਏਡਾ ਅਸ਼ਹਾਰ ਨਾਹੀਂ ।
ਬੇ-ਦਰਦ ਖ਼ੁਦ ਰਾਜ਼ ਨਾ ਪਾਂਵਦਾ ਹੈ,
ਬੇਦਰਦ ਥੀਂ ਹੋਰ ਬੁਰਿਆਰ ਨਾਹੀਂ ।
ਬੇ-ਮਜ਼ਾ ਤੁਆਮ ਬੇ-ਦਰਦ ਦਾ ਹੈ,
ਓਹਦੀ ਦਾਲ ਵਿਚ ਮਿਰਚ ਵਸਾਰ ਨਾਹੀਂ ।

ਉਹ ਦੀਆਂ ਸਰਦ ਤਨੂਰ ਦੀਆਂ ਕੱਚੀਆਂ ਹੈ,
ਉਹਦਾ ਪੱਕ ਉਤੇ ਇਖ਼ਤਿਆਰ ਨਾਹੀਂ ।
ਤਾਉ ਦੇਖ ਤਨੂਰ ਤਨ ਆਪਣੇ ਦਾ,
ਏਹ ਫੇਰ ਮੁੜ ਲੱਭਣਾ ਵਾਰ ਨਾਹੀਂ ।
ਚਾੜ੍ਹ ਚਕਮਕਾ ਅੱਗ ਸੁਲਗਾ ਯਾਰਾ,
ਤੇਰੇ ਰਹਿਣਗੇ ਕਿਬਰ ਹੰਕਾਰ ਨਾਹੀਂ ।
ਜਦੋਂ ਵਗੇ ਤਨ ਚਰਖ਼ ਲਤਾਇਫ਼ਾਂ ਦਾ,
ਮੌਜ ਘਟੇਗੀ ਏਸ ਸੰਧਾਰ ਨਾਹੀਂ ।
ਤੈਨੂੰ ਵਹਿਮ ਇਫ਼ਲਾਸ ਦੇ ਚੋਰ ਕੀਤਾ,
ਬੇ-ਖ਼ਬਰ ਹੈਂ ਤੂੰ ਨਾਦਾਰ ਨਾਹੀਂ ।
ਖੋਲ੍ਹ ਵੇਖ ਮਦਫ਼ੂਨ ਖ਼ਜ਼ਾਨਿਆਂ ਦਾ,
ਰਹਿਣੀ ਅੰਤ ਮਾਯਾ ਮੁਸਤਆਰ ਨਾਹੀਂ ।
ਧਰੀਆਂ ਵੇਖ ਇਮਾਨਤਾਂ ਵਿਚ ਤੇਰੇ,
ਖਾਈਂ ਹੋਵਨਾ ਹੈ ਤੈਨੂੰ ਆਰ ਨਾਹੀਂ ।
ਬੇ-ਤਰਸ ਉਨ੍ਹਾਂ ਸੁਖ ਵਸਦਿਆਂ ਦਾ,
ਦੁੱਖ ਜਿਨ੍ਹਾਂ ਨੂੰ ਪਿਆ ਦਮ ਚਾਰ ਨਾਹੀਂ ।

ਦੁੱਖ ਜਿਨ੍ਹਾਂ ਨੂੰ ਪਿਆ ਦਮ ਚਾਰ ਨਾਹੀਂ,
ਸਾਡੀ ਸਮਝ ਉਹ ਅਹਿਲਿਗੁਫ਼ਤਾਰ ਨਾਹੀਂ ।
ਸਾਡੇ ਦੇਸ ਵੱਸੇ, ਸਾਡੀ ਗੱਲ ਸਮਝੇ,
ਹਿੰਦੀ ਸਮਝਦੇ ਅਹਿਲ ਤਾਤਾਰ ਨਾਹੀਂ ।
ਲੋਹਾਰ ਦਾ ਕੰਮ ਲੋਹਾਰ ਜਾਣੇ,
ਹੁੰਦੀ ਜ਼ਰਗਰੀ ਬਾਝ ਸੁਨਿਆਰ ਨਾਹੀਂ ।
ਆਹੀਂ ਦਰਦ ਫ਼ਿਰਾਕ ਦੀਆਂ ਵੇਖ ਯਾਰਾ,
ਇਕਦੂੰ ਵਗਦੀਆਂ ਬੰਨ੍ਹ ਕਤਾਰ ਨਾਹੀਂ ।
ਦਿਲੋਂ ਦਰਦ ਵਿਛੋੜੇ ਦੇ ਲੁੱਟਿਆਂ ਨੂੰ,
ਜੋਸ਼ ਉਠਦੇ ਕਿਵੇਂ ਈਸਾਰ ਨਾਹੀਂ ।
ਵੇ ਮੈਂ ਕਿਵੇਂ ਖ਼ਬਰਾਂ ਲਾਟਾਂ ਵਿੱਚ ਸੀਨੇ,
ਇਸ ਥੀਂ ਵੱਧ ਹੁਣ ਸੱਚ ਨਿਤਾਰ ਨਾਹੀਂ ।
ਯਾਰ ਪੜ੍ਹੇ ਨਾ ਪੜ੍ਹੇ ਖ਼ਤ ਨਾਲ ਦਰਦਾਂ,
ਮੇਰੀ ਕਲਮ ਨੂੰ ਅਜੇ ਖਲ੍ਹਿਆਰ ਨਾਹੀਂ ॥੯॥

(ਮਸ਼ਰਕ=ਪੂਰਬ, ਇਸਰਾਰ=ਭੇਦ, ਮੀਸਾਕ=
ਧੁਰ ਦਰਗਾਹ, ਮਿਅਮਾਰ=ਰਾਜ ਮਿਸਤ੍ਰੀ,
ਖ਼ਵਰਨਕਾਂ=ਬੈਬੀਲੋਨੀਆ ਦਾ ਸ਼ਾਹੀ ਮਹਿਲ,
ਸਰੋਕਾਰ=ਸੰਬੰਧ, ਜੱਬਾਰ=ਧੱਕੇਸ਼ਾਹ, ਕਹਾਰ=
ਕਹਿਰ ਕਰਨ ਵਾਲਾ, ਕਜ ਫ਼ਹਿਮ=ਥੋੜ੍ਹੀ
ਸਮਝ ਵਾਲੇ, ਇਜ਼ਹਾਰ=ਪ੍ਰਗਟਾਵਾ,
ਅਸ਼ਹਾਰ=ਮਸ਼ਹੂਰੀ, ਤੁਆਮ=ਖਾਣਾ,
ਚਕਮਕਾ=ਚਮਕ ਪੱਥਰ, ਕਿਬਰ=ਹੰਕਾਰ,
ਚਰਖ਼=ਰੇਸ਼ਮੀ ਧਾਗਾ, ਲਤਾਇਫ਼=ਨਰਮ,
ਸੰਧਾਰ=ਸੰਧਾਰਾ, ਇਫ਼ਲਾਸ=ਗ਼ਰੀਬੀ,
ਨਾਦਾਰ=ਕੰਗਾਲ, ਮਦਫ਼ੂਨ=ਦੱਬਿਆ
ਹੋਇਆ ਖ਼ਜ਼ਾਨਾ, ਮਾਯਾ=ਸਾਮਾਨ,
ਮੁਸਤਆਰ=ਮੰਗਿਆ ਹੋਇਆ, ਆਰ=
ਸ਼ਰਮ, ਅਹਿਲਿਗੁਫ਼ਤਾਰ=ਬੋਲਣ ਵਿੱਚ
ਚਤੁਰ, ਜ਼ਰਗਰੀ=ਸੋਨੇ ਦਾ ਕੰਮ, ਈਸਾਰ=
ਕੁਰਬਾਨੀ)

10

ਕਲਮ ਤੇਜ਼ ਜ਼ੁਬਾਨ ਵਿਛੁੰਨਿਆਂ ਦੀ,
ਜੌਲਾਂ ਮਾਰਦੀ ਤੁੰਦ ਸਵਾਰੀਆਂ ਤੇ ।
ਸਾਂਭੀ ਗਈ ਨਾ ਕਲਮ ਦੁੱਖ ਭੰਨਿਆਂ ਦੀ,
ਸਭਨਾਂ ਮੁਨਸ਼ੀਆਂ ਹੋਰ ਪਟਵਾਰੀਆਂ ਤੇ ।
ਏਸ ਸਦਰ ਦੀ ਸ਼ਿਸਤ ਥੀਂ ਦੂਰ ਚਾਰਾ,
ਫੱਟ ਕੱਟਣੇ ਹੁਕਮ ਖ਼ੁਆਰੀਆਂ ਤੇ ।
ਏਥੇ ਕਿਨ੍ਹੇ ਨਾ ਰਿਸ਼ਵਤਾਂ ਦੇਣੀਆਂ ਹੈ,
ਤੇ ਨਾ ਪਹੁੰਚਣਾ ਹੱਥ ਕੁਆਰੀਆਂ ਤੇ ।
ਏਹ ਕਲਮ ਸਿਪੁਰਦ ਮੈਂ ਡਰ ਗਈਆਂ,
ਜਿੰਦ ਜਿਨ੍ਹਾਂ ਦੀ ਤੇਗ਼ ਦੀਆਂ ਧਾਰੀਆਂ ਤੇ ।
ਜਿਹੜੇ ਟੁਰੇ ਫ਼ਨਾਹ ਦੀਆਂ ਮੰਜ਼ਲਾਂ ਨੂੰ,
ਦਫ਼ਤਰ ਲੱਦ ਮੁਸੀਬਤਾਂ ਭਾਰੀਆਂ ਤੇ ।
ਜਿਨ੍ਹਾਂ ਸੁਖ ਤੇ ਦੁਖ ਨੂੰ ਇਕ ਜਾਤਾ,
ਓ ਹਸ ਰਹੇ ਆਪਣੀਆਂ ਯਾਰੀਆਂ ਤੇ ।
ਰੰਗਾ ਰੰਗ ਦੇ ਰੰਗ ਹੰਢਾਂਵਦੀ ਹੈ,
ਯਕ ਰੰਗ ਦੀਆਂ ਹੇਠ ਅਮਾਰੀਆਂ ਤੇ ।

ਅਸਾਂ ਚਿੱਠੀਆਂ ਲਿਖੀਆਂ ਵਰਜਨੇ ਨੂੰ,
ਗੁੱਝੀ ਰਹੀ ਨਾ ਖੇਲ ਖਿਲਾਰੀਆਂ ਤੇ ।
ਅਸਾਂ ਖੇਲ ਦਾ ਜਿਨ੍ਹਾਂ ਨੇ ਭੇਤ ਪਾਇਆ,
ਓਹ ਰੁੱਠ ਗਏ ਬਾਜ਼ੀਆਂ ਹਾਰੀਆਂ ਤੇ ।
ਜੇ ਮੈਂ ਕੋਝੜੀ ਸੌਕਣੇ ਹਸਦੀਏ ਨੀ,
ਨੱਕ ਚਾੜ੍ਹ ਨਾਹੀਂ ਦਿਲੋਂ ਵਾਰੀਆਂ ਤੇ ।
ਅੰਤ ਨਜ਼ਰ ਹੈ ਕੌਂਤ ਲਡਿੱਕੜੇ ਦੀ,
ਛੇਜ ਭਰਦੀਆਂ ਤੇ ਪਤਿਆਰੀਆਂ ਤੇ ।
ਚਿੱਕੜ ਭਰੀਆਂ ਨੂੰ ਯਾਰ ਗਲ ਲਾਂਵਦਾ ਹੈ,
ਇਤਬਾਰ ਨਾ ਕੁਝ ਸ਼ਿੰਗਾਰੀਆਂ ਤੇ ।
ਕੁਰਬਾਨ ਦਿਲ ਜਾਨ ਸਦੱਕੜੇ ਨੀ,
ਯਾਰ ਰਹਿਮ ਕਰਦਾ ਔਗਣਹਾਰੀਆਂ ਤੇ ।
ਫ਼ਰਿਆਦ ਓ ਬੇਲੀਆ ! ਲਈਂ ਸਾਰਾਂ,
ਕਰੀਂ ਰਹਿਮ ਫ਼ਿਰਾਕ ਦੀਆਂ ਮਾਰੀਆਂ ਤੇ ।
ਘਰ ਉੱਜੜੇ ਵੱਸਣ ਜੇ ਕਰੀਂ ਫੇਰਾ,
ਕਾਰੀ ਪਵੇ ਇਲਾਜ ਬੀਮਾਰੀਆਂ ਤੇ ।

ਮੈਂ ਕਹਾਂ ਕੀ ਯਾਰ ਤੇ ਵਾਰੀਆਂ ਮੈਂ,
ਬਲਕਿ ਯਾਰੀਆਂ ਕੁੱਲ ਪਿਆਰੀਆਂ ਤੇ ।
ਜਿਨ੍ਹਾਂ ਦਖ਼ਲ ਦਰਬਾਰ ਮਨਜ਼ੂਰੀਆਂ ਦਾ,
ਨਜ਼ਰ ਤਿਨ੍ਹਾਂ ਦੀ ਨਹੀਂ ਸਰਦਾਰੀਆਂ ਤੇ ।
ਜਿਨ੍ਹਾਂ ਤੇਗ਼-ਏ-ਫ਼ਿਰਾਕ ਦੇ ਜ਼ਖ਼ਮ ਝੱਲੇ,
ਉਹ ਸੈਦ ਕੁਰਬਾਨ ਸ਼ਿਕਾਰੀਆਂ ਤੇ ।
ਸੋਜ਼ਿਸ਼ ਇਸ਼ਕ ਦੀ ਨੂੰ ਨਹੀਂ ਠੰਢ ਮਿਲਣੀ,
ਨਹੀਂ ਸੁ ਆਬ ਚਸ਼ਮ ਦੀਆਂ ਤਾਰੀਆਂ ਤੇ ।
ਸਾਡੇ ਦਰਦ ਦੀਆਂ ਵਜਦੀਆਂ ਰਹਿਣ ਤਾਰਾਂ,
ਜਾਂ ਲਗ ਯਾਰਾਂ ਨੂੰ ਹੌਸਲਾ ਯਾਰੀਆਂ ਤੇ ।
ਸੁਖ ਵੱਸਦਿਆ ਸੱਜਣਾ ! ਦੁੱਖ ਸੁਣਕੇ,
ਫੇਰਾ ਘੱਤ ਜਾ ਮਨੋ ਵਿਸਾਰੀਆਂ ਤੇ ।
ਵੱਜੇ ਜੱਟਾਂ ਦਾ ਸਾਜ਼ ਨਿਗਾਰ ਦੇਸੀ,
ਤੇਰੇ ਦਰਦ ਦੀਆਂ ਜੋਸ਼ ਖ਼ੁਮਾਰੀਆਂ ਤੇ ।
ਹੱਥ ਲਈਂ ਤੰਬੂਰ ਖ਼ਤ ਪੜ੍ਹੀਂ ਸਾਡਾ,
ਹਰ ਰੰਗ ਦੀਆਂ ਚਾੜ੍ਹ ਉਡਾਰੀਆਂ ਤੇ ।

ਅਸੀਂ ਚੁਪ ਚੁਪ ਯਾਰੀਆਂ ਲਾਈਆਂ ਸਨ,
ਪਿਆ ਗਾਵਣਾ ਨਾਲ ਤੰਬਾਰੀਆਂ ਤੇ ।
ਵਾਹ ਵਾਹ ਓ ਸੱਯਦਾ ਮੇਰਿਆ ਓ,
ਪਿਆ ਟੱਪਣਾ ਦਿਨੇਂ ਦੁਸ਼ਵਾਰੀਆਂ ਤੇ ।
ਧੰਨ ਭਾਗ ਓਨ੍ਹਾਂ ਜਿਨ੍ਹਾਂ ਦਰਦ ਨਾਹਾ,
ਐਵੇਂ ਲੇਖ ਸੀ ਅਸਾਂ ਉਰਹਾਰੀਆਂ ਤੇ ॥੧੦॥

(ਜੌਲਾਂ=ਛੜੱਪੇ, ਯਕ=ਇੱਕ, ਕਾਰੀ=ਡੂੰੰਘਾ,
ਸੈਦ=ਸ਼ਿਕਾਰ ਹੋਣ ਵਾਲਾ, ਸੋਜ਼ਿਸ਼=ਸੜੀ
ਹੋਈ ਥਾਂ, ਤੰਬਾਰੀਆਂ=ਤੰਬੂਰਾ, ਉਰਹਾਰੀਆਂ=
ਦਿਲ-ਢੱਠੀਆਂ)

11

ਅੰਤ ਚਾਹੀਏ ਯਾਰ ਸੀ ਏਹੋ ਜਿਹੇ,
ਅਸਾਂ ਜੇਹੀਆਂ ਬੇ-ਸ਼ਊਰੀਆਂ ਦੇ ।
ਵਿੱਚ ਉਨ੍ਹਾਂ ਦੀਆਂ ਰੱਸੀਆਂ ਸੋਂਹਦੀਆਂ ਹਨ,
ਫੁੱਮਣ ਉਨਹਾਂ ਦੇ ਗਲਾਂ ਵਿਚ ਭੂਰੀਆਂ ਦੇ ।
ਯਾਰ ਜਿਨ੍ਹਾਂ ਦੇ ਕੂੜੀਆਂ ਖ਼ਸਲਤਾਂ ਦੇ,
ਮਜ਼ਾਂ ਤਿਨ੍ਹਾਂ ਨੂੰ ਵੱਛੀਆਂ ਹੂਰੀਆਂ ਦੇ ।
ਸੱਟਾਂ ਝੱਲ ਮੁਕਾਬਲੇ ਫੇਰ ਕਰਨੇ,
ਏਹ ਹੌਸਲੇ ਪੂਰਿਆਂ ਸੂਰਿਆਂ ਦੇ ।
ਜਿਨ੍ਹਾਂ ਕੁੱਤੀਆਂ ਪਾਲੀਆਂ ਵਿੱਚ ਬੁੱਕਲ,
ਮੂੰਹ ਚੁੰਮਣੇ ਪਏ ਕਤੂਰਿਆਂ ਦੇ ।
ਜਿਨ੍ਹਾਂ ਮੰਦੀਆਂ ਵਾਦੀਆਂ ਵਿਚ ਵਾਸਾ,
ਬਾਜ਼ ਆਵਣੇ ਨਹੀਂ ਬਿਨ ਘੂਰਿਆਂ ਦੇ ।
ਜਿਨ੍ਹਾਂ ਰੋਗ ਪੁਰਾਣੇ ਦੀ ਰੜਕ ਸੀਤੀ,
ਦੁੱਖ ਜਾਵਣੇ ਨਹੀਂ ਘੰਗੂਰਿਆਂ ਦੇ ।
ਸਾਡੇ ਦੁੱਖ ਨਾ ਗਏ ਲੱਖ ਜੋਸ਼ ਮਾਰੇ,
ਏਹੋ ਜੋਸ਼ ਸੀ ਬੇਦਸਤੂਰਿਆਂ ਦੇ ।
ਵਿਹੜੇ ਵਸਲ ਦੇ ਦੱਸ ਦੁਖ ਬਹੁਤ ਪਾਏ,
ਮੁੱਕਦੇ ਪੈਰ ਨਾ ਕੰਨ ਖਜ਼ੂਰਿਆਂ ਦੇ ।
ਚਿੱਤ ਚਾਟ ਕਮਾਊ ਦੀਆਂ ਪੂਰੀਆਂ ਦੀ,
ਪਏ ਚੂਸਨੇ ਰਸ ਧਤੂਰਿਆਂ ਦੇ ।
ਰੰਜ ਤਿੱਬ ਦਾ ਇਲਮ ਮੈਂ ਯਾਦ ਕੀਤਾ,
ਰੰਗ ਦੇਖੀਏ ਪਏ ਕਰੂਰਿਆਂ ਦੇ ॥੧੧॥

(ਖ਼ਸਲਤਾਂ=ਸੁਭਾਉ, ਕਰੂਰਾ=ਪੇਸ਼ਾਬ)

12

ਨਦੀਆਂ ਨੈਣਾਂ ਦੀਆਂ ਅੱਜ ਉੱਛਲ ਆਈਆਂ,
ਅਸੀਂ ਸਫ਼ਰ ਤਿਆਰੀਆਂ ਲਾਈਆਂ ਹੈ ।
ਲਾਂਬੂ ਬਿਗੜ ਜੁਦਾਈਆਂ ਲਾਇਆ ਹੈ,
ਖ਼ਬਰਾਂ ਸਬਰ ਦੀਆਂ ਸਾੜ ਸਿਧਾਈਆਂ ਹੈ ।
ਤੇਰੇ ਖ਼ਤਾਂ ਨੂੰ ਸੱਚ ਕਰ ਜਾਣਿਆਂ ਸੀ,
ਚਿੱਠੀਆਂ ਮੋੜ ਜਵਾਬ ਦੀਆਂ ਪਾਈਆਂ ਹੈ ।
ਜੇ ਤੂੰ ਅਸਾਂ ਨੂੰ ਮਿਲਣ ਨੂੰ ਝੂਰਦਾ ਏਂ,
ਏਧਰ ਬਲਦੀਆਂ ਦੂਣ ਸਵਾਈਆਂ ਹੈ ।
ਤੂੰ ਤਾਰੂ ਮੈਂ ਵਾਰੀਆਂ ਜੱਗ ਜੀਵੇਂ,
ਲਈਆਂ ਤੇਰੀਆਂ ਅਸੀਂ ਬਲਾਈਆਂ ਹੈ ।
ਸਾਨੂੰ ਆਣ ਮਿਲ ਮਿਲਣ ਦਿਆ ਸ਼ੌਂਕੀਆ ਓ,
ਤੈਂਥੀਂ ਵੱਧ ਸਾਨੂੰ ਅੱਚੋਵਾਈਆਂ ਹੈ ।
ਤੈਨੂੰ ਚਾਇ ਸਾਡਾ ਸਾਨੂੰ ਚਾਇ ਤੇਰਾ,
ਦੋਹਾਂ ਦਿਲਾਂ ਨੂੰ ਸੋਜ਼ ਜੁਦਾਈਆਂ ਹੈ ।
ਮੁੰਤਜ਼ਿਰ ਦੇ ਦੇਸ ਤੇ ਘੱਤ ਫੇਰਾ,
ਅਸੀਂ ਗਰਦਨਾਂ ਆਪ ਨਿਵਾਈਆਂ ਹੈ ।

ਅਸੀਂ ਖੜੇ ਉਡੀਕਦੇ ਰਾਹ ਤੇਰਾ,
ਸਾਡੇ ਦੇਂਵਦੇ ਨੈਣ ਦੁਹਾਈਆਂ ਹੈ ।
ਹਾਲ ਹਾਲ ਓ ਸੱਜਣਾ ! ਹਾਲ ਵੇਖੀਂ,
ਹਾਲ ਅਸਾਂ ਦਾ ਮਿਸਲ ਸੌਦਾਈਆਂ ਹੈ ।
ਅਸੀਂ ਅੱਖੀਂ ਦੀਆਂ ਧੀਰੀਆਂ ਘੋਲੀਆਂ ਹੈ,
ਖੋਲ੍ਹ ਵਿਚ ਦਵਾਤ ਉਲਟਾਈਆਂ ਹੈ ।
ਅਸੀਂ ਚਿੱਠੀਆਂ ਲਿਖ ਪੁਚਾਈਆਂ ਹੈ,
ਤੂੰ ਤਾਂ ਵਾਚ ਕੇ ਪਾੜ ਗਵਾਈਆਂ ਹੈ ।
ਯਾਰ ! ਤੇਰੀਆਂ ਬੇ-ਪਰਵਾਹੀਆਂ ਨੇ,
ਸਾਡੀਆਂ ਰੜਕਦੀਆਂ ਹੋਰ ਰੜਕਾਈਆਂ ਹੈ ।
ਏਹ ਇਸਤਗ਼ਫ਼ਾਰੀਆਂ ਤੇਰੀਆਂ ਹੈ,
ਏਹ ਭੜਕਦੀਆਂ ਹੋਰ ਭੜਕਾਈਆਂ ਹੈ ।
ਨਕਸ਼ ਜ਼ਾਫ਼ਰਾਨੀ ਇਸ਼ਕ ਯਾਰ ਦੇ ਨੇ,
ਲਾਟਾਂ ਬਾਲ ਦਿਲ ਵਿਚ ਚਮਕਾਈਆਂ ਹੈ ।
ਜੈਂ ਵਲ ਨਜ਼ਰ ਵਗਦੀ ਜਲਵਾ ਯਾਰ ਦਾ ਹੈ,
ਅਜੇ ਯਾਰ ਨੂੰ ਬੇ-ਪਰਵਾਹੀਆਂ ਹੈ ।
ਨੂਰਿ ਲਾਮਿਆਂ ਵਿਚ ਦਿਮਾਗ਼ ਰਸਿਆ,
ਦੇਂਦਾ ਸਿਦਕ ਨੂੰ ਸਾਫ਼ ਸਫ਼ਾਈਆਂ ਹੈ ।
ਇਸ ਜਾਮਿਆਂ ਨੂਰ ਦੀ ਲਹਿਰ ਅੰਦਰ,
ਨਦੀਆਂ ਨੂਰ ਦੀਆਂ ਖ਼ੂਬ ਵਗਾਈਆਂ ਹੈ ।
ਜੇ ਮੈਂ ਹੱਥ ਤੇਰੇ ਤੂੰ ਕਦ ਦੂਰ ਮੈਂਥੀਂ,
ਮੈਂ ਤਾਂ ਕਹਿੰਦੀਆਂ ਤੇ ਪੱਛੋਤਾਈਆਂ ਹੈ ।
ਆਪੇ ਆਪ ਤੋਂ ਬਾਜ਼ੀਆਂ ਲਾਈਆਂ ਹੈ,
ਆਪੇ ਦੇਖੀਆਂ ਆਪ ਦਿਖਾਈਆਂ ਹੈ ॥੧੨॥

(ਮੁੰਤਜ਼ਿਰ=ਉਡੀਕਵਾਨ, ਮਿਸਲ=ਵਾਂਗੂੰ,
ਇਸਤਗ਼ਫ਼ਾਰੀਆਂ=ਮਾਫ਼ੀ ਦੀਆਂ ਬਖ਼ਸ਼ਿਸ਼ਾਂ,
ਨੂਰਿ ਲਾਮਿਆਂ=ਚਮਕਣ ਵਾਲਾ ਪ੍ਰਕਾਸ਼,
ਜਾਮਿਆਂ=ਸਭ ਥਾਂ)

13

ਅਸੀਂ ਦਰਦ ਦੇ ਬਹਿਰ ਦੇ ਮੋਤੀਆਂ ਥੀਂ,
ਲੜੀਆਂ ਮਿਜ਼ਗ਼ਾਂ ਦੀ ਨੋਕ ਪਰੋਤੀਆਂ ਹੈ ।
ਜਾਂ ਲਗ ਸੋਜ਼ ਫ਼ਿਰਾਕ ਦੇ ਤਪਨੇ ਨੂੰ,
ਰੋ ਰੋ ਖ਼ੂਨ ਵਿਚ ਅੱਖੀਆਂ ਧੋਤੀਆਂ ਹੈ ।
ਮੀਆਂ ਸੱਯਦਾ ਮਿਲੇਂ ਨਾ ਜਦੋਂ ਤਾਕਰ,
ਸਾਡੀਆਂ ਸ਼ੋਰਸ਼ਾਂ ਤਮ ਨਾ ਹੋਤੀਆਂ ਹੈ ।
ਧੰਦੇ ਦਰਦ ਦੇ ਗਰਦ ਦੀਆਂ ਭਰਤੀਆਂ ਥੀਂ,
ਨਹਿਰਾਂ ਵਗਦੀਆਂ ਅਟਕ ਖਲੋਤੀਆਂ ਹੈ ।

ਡਾਕਖ਼ਾਨੇ ਦੀ ਵਿਚ ਸੰਦੂਕਚੀ ਦੇ
ਅਸੀਂ ਲਿਖ ਲਿਖ ਚਿੱਠੀਆਂ ਤੋਤੀਆਂ ਹੈ ।
ਤੇਰੇ ਮਾਲਵੇ ਤੇ ਅਸੀਂ ਦਿਨੇ ਰਾਤੀਂ,
ਫ਼ੌਜਾਂ ਦਿਲੇ ਦੇ ਦਰਦ ਦੀਆਂ ਢੋਤੀਆਂ ਹੈ ।
ਬੇ-ਦਰਦਾਂ ਥੀਂ ਦਰਦ ਦੀ ਦਾਦ ਲੈਣੀ,
ਅਸੀਂ ਆਉਵਨਾਂ ਖਾਂਗਰਾਂ ਚੋਤੀਆਂ ਹੈ ।
ਆਦਮਜ਼ਾਦ ਦੇ ਵਿਚ ਖ਼ਮੀਰਿ ਦਹਿਸ਼ਤ,
ਤਾਉ ਚਾੜ੍ਹ ਤਬੀਅਤਾਂ ਮੋਤੀਆਂ ਹੈ ।

ਹਜ਼ਰਤ ਇਸ਼ਕ ਵਾਲੀ ਦਰਦ ਕਿਸ਼ਤ ਗਾਰੀ,
ਅਸੀਂ ਦੌਰ-ਏ-ਹਲਾਂ ਵਿਚ ਜੋਤੀਆਂ ਹੈ ।
ਯਕ ਰੰਗ ਦੇ ਬਹਿਰ-ਏ-ਫ਼ਨਾ ਅੰਦਰ,
ਦਿੱਕ ਦਾਰੀਆਂ ਰੋੜ੍ਹ ਵਿਗੋਤੀਆਂ ਹੈ ।
ਏਹ ਫ਼ਿਰਾਕ ਦੀਆਂ ਦੂਰ ਗਵਾਈਆਂ ਭੀ,
ਆਖ਼ਿਰ ਜਮਾ ਵਿਚ ਆਣ ਸਮੋਤੀਆਂ ਹੈ ।
ਅਜੇ ਮਿੱਨਤਾਂ ਨਾਲ ਬਲਾਵਨੇ ਹਾਂ,
ਨੋਕਾਂ ਤਾਨ ਦੀਆਂ ਫੇਰ ਫਰੋਤੀਆਂ ਹੈ ।

ਜੇ ਤੂੰ ਨਾ ਆਇਆ ਅਸੀਂ ਫੇਰ ਈਵੇਂ,
ਗਲੇ ਭੰਨ ਦੀਆਂ ਚੱਕੀਆਂ ਝੋਤੀਆਂ ਹੈ ।
ਦੇਖ ਖ਼ਤ ਗ਼ੁਲਾਮ ਰਸੂਲ ਦੇ ਨੂੰ,
ਵਿਚ ਮਾਲਵੇ ਅੱਖੀਆਂ ਰੋਤੀਆਂ ਹੈ ॥੧੩॥

(ਬਹਿਰ=ਸਮੁੰਦਰ, ਮਿਜ਼ਗ਼ਾਂ=ਅੱਖਾਂ
ਦੀ ਧੀਰੀ,ਪਲਕਾਂ, ਸੋਜ਼=ਦਰਦ, ਤਮ=
ਖ਼ਤਮ, ਤੋਤੀਆਂ=ਤੋਣਾ,ਠੂਸ ਠੂਸ ਕੇ
ਭਰਨਾ, ਖਾਂਗਰਾਂ=ਖਾਂਗੜਾਂ, ਖ਼ਮੀਰਿ
ਦਹਿਸ਼ਤ=ਡਰ ਦਾ ਸੁਭਾਉ, ਮੋਤੀਆਂ=
ਗੁੰਨ੍ਹ ਦਿੱਤੀਆਂ, ਕਿਸ਼ਤ ਗਾਰੀ=ਖੇਤੀ
ਬਾੜੀ, ਦੌਰ-ਏ-ਹਲਾਂ=ਹਲਾਂ ਦੀ ਪਾਲ,
ਬਹਿਰ-ਏ-ਫ਼ਨਾ=ਨਾਸ਼ਵਾਨ ਦੁਨੀਆਂ
ਰੂਪੀ ਸਮੁੰਦਰ, ਵਗੋਤੀਆਂ=ਵਗਾਈਆਂ)

14

ਹੋਈਆਂ ਮੁੱਦਤਾਂ ਇਸ਼ਕ ਦੀ ਲਾਟ ਸੋਜ਼ਾਂ,
ਸਾਡੇ ਦਿਲ ਤੇ ਮੌਜਾਂ ਮਾਣਦੀ ਸੀ ।
ਸੀਨੇ ਵਿਚ ਉਡਾਰੀਆਂ ਮਾਰਦੀ ਸੀ,
ਖ਼ਰਮਨ ਸੋਇਆ ਨਾ ਬਰਕ ਦੀ ਬਾਣ ਦੀ ਸੀ ।
ਸਦਮਾਗਾਹ ਬਲਾ ਦੀ ਜਾਨ ਸਾਡੀ,
ਹਮਦੋਸ਼ ਕਿਬਰੀਅਤ ਦੀ ਯਾਨ ਦੀ ਸੀ ।
ਧੁੰਦੂਕਾਰ ਅੰਧੇਰੜੀ ਸੋਜ਼ ਵਾਲੀ,
ਗਰਦ ਦਰਦ ਦੀ ਜਿਗਰ ਵਿਚ ਛਾਣਦੀ ਸੀ ।
ਹਮਜ਼ਾਦ ਅਲਮਾਸ ਦੇ ਜਾਨ ਸਾਡੀ,
ਆਹਨੋਦੋਜ਼ ਬਰਮੀ ਤਰਖਾਨ ਦੀ ਸੀ ।
ਸੰਗੀਨ ਦਿਲ ਟੁੰਬ ਪਰੋਵਨੇ ਨੂੰ,
ਸਿਰ ਏਸਦੇ ਤੇ ਤੇਜ਼ੀ ਸਾਣ ਦੀ ਸੀ ।
ਲੱਗੀ ਰੜਕਨੇ ਜਾਂ ਦਿਲੇ ਜਿਗਰ ਅੰਦਰ,
ਮੱਖੀ ਜ਼ਹਿਰ ਭਰੀ ਖ਼ੂਨੀ ਧਾਨ ਦੀ ਸੀ ।
ਜ਼ਖ਼ਮ ਰੜਕਿਆ ਤੇ ਦਿਲ ਧੜਕਿਆ ਸੀ,
ਹੋਸ਼ ਗ਼ੁਮ ਹੋ ਗਈ ਔਸਾਨ ਦੀ ਸੀ ।

ਜਾਨ ਸੋਜ਼ ਜੋ ਕਤੜੀ ਸੋਜ਼ ਵਾਲੀ,
ਦਰਦੋਂ ਸਬਰ ਕਰਾਰ ਨੂੰ ਰਾਨ ਦੀ ਸੀ ।
ਚੜ੍ਹਿਆ ਤਾਉ ਸਵਾਰੀਆਂ ਸ਼ੁਤਰ ਖੁੱਥਾ,
ਤੇ ਨਾ ਸ਼ੁਤਰ ਨੂੰ ਸ਼ੁਤਰ ਪਲਾਨ ਦੀ ਸੀ ।
ਵੱਜੀਆਂ ਦਸਤਕਾਂ ਨਾਲ ਅੰਗੁਸ਼ਤਗਾਂ ਦੇ,
ਝੱਲੀ ਲਹਿਰ ਜਿਉਂ ਭੀਤ ਮਸਾਨ ਦੀ ਸੀ ।
ਚਸ਼ਮਾ ਸਾਰਾ ਇਰਾਦ ਤੋਂ ਮੌਜ ਵੱਗੀ,
ਹੋਈ ਤਰ ਬਤਰ ਫ਼ਸਲ ਕਿਰਸਾਨ ਦੀ ਸੀ ।
ਛੁੱਟੀਆਂ ਆਹ ਦਿਲ ਖ਼ਵਾਹ ਕਲੇਜੜੇ ਥੀਂ,
ਜਿਹੜੀ ਵਿੱਚ ਸੀਨੇ ਤੰਬੂ ਤਾਣਦੀ ਸੀ ।
ਤਾਂ ਮੈਂ ਕੱਢ ਬੁਖ਼ਾਰ ਦੁੱਖ ਕੌਲ ਘੱਲੇ,
ਜਾਂਦੀ ਟੁੱਟਦੀ ਨੈਣ ਦੀ ਪ੍ਰਾਨ ਦੀ ਸੀ ।
ਸਾਡੀ ਜਾਨ ਕੁਰਬਾਨ ਹੋ ਰਹੀ ਯਾਰਾ,
ਅੰਤ ਦੇਖ ਲੈ ਹੱਕ ਪਛਾਨ ਦੀ ਸੀ ॥੧੪॥

(ਖ਼ਰਮਨ=ਖਲਵਾੜਾ, ਬਰਕ=ਬਿਜਲੀ,
ਹਮਦੋਸ਼=ਬਰਾਬਰ ਦਾ ਸਾਥੀ,
ਕਿਬਰੀਅਤ=ਬਜ਼ੁਰਗੀ, ਹਮਜ਼ਾਦ=ਨਾਲ
ਜੰਮੀ, ਅਲਮਾਸ=ਹੀਰਾ, ਆਹਨੋਦੋਜ਼=
ਲੋਹਾ ਚੀਰਨ ਵਾਲੀ, ਔਸਾਨ=ਅਕਲ,
ਸ਼ੁਤਰ=ਊਠ, ਦਸਤਕਾਂ=ਤਾੜੀਆਂ,
ਅੰਗੁਸ਼ਤਗਾਂ=ਉਂਗਲੀਆਂ, ਚਸ਼ਮਾ
ਸਾਰਾ ਇਰਾਦ=ਜਿੱਥੇ ਬਹੁਤੇ ਚਸ਼ਮੇ ਹੋਣ)

15

ਆਲਿਮ ਪੁਰੋਂ ਵਲ ਮਾਲਵੇ ਟੁਰੀ ਚਿੱਠੀ,
ਹੁਣ ਰਹਿਆ ਨਾ ਵਕਤ ਤਾਖ਼ੀਰ ਦਾ ਹੈ ।
ਸਾਡੇ ਲਿਖੇ ਤੇ ਕਿਸੇ ਨੇ ਰੋਵਨਾ ਈਂ,
ਵੱਲ ਚੱਲਿਆ ਤੀਰ ਤਕਦੀਰ ਦਾ ਹੈ ।
ਦਿਲ ਦੇ ਜੋਸ਼ ਦੇ ਖ਼ੂਨ ਦਾ ਰੰਗ ਖੁਲ੍ਹਾ,
ਖ਼ਾਕ ਹਿਜਰ ਦੀ ਪਾਕ ਤਸਵੀਰ ਦਾ ਹੈ ।
ਇਸ ਸਬਜ਼ ਤਰ ਬਰਗ ਦਾ ਰੰਗ ਖ਼ੂਨੀ,
ਖੋਲ੍ਹ ਦੇਖਿਆ ਰਾਜ਼ ਲਫ਼ਗੀਰ ਦਾ ਹੈ ।

ਤਫ਼ਸੀਰ ਇਸ ਰਾਜ਼ ਦੀ ਦਿਲਾਂ ਅੰਦਰ,
ਧਰਦੀ ਖ਼ਵਾਬ ਮੈਂ ਹੁਕਮ ਤਾਬੀਰ ਦਾ ਹੈ ।
ਤਾਬੀਰ ਇਸ ਖ਼ਵਾਬ ਦੀ ਖ਼ਵਾਬ ਦਾਇਮ,
ਪਾਬੰਦ ਜਨੂਨ ਜ਼ੰਜ਼ੀਰ ਦਾ ਹੈ ।
ਕੀਤਾ ਖ਼ਤਮ ਕਲਾਮ ਦੇ ਸਿਲਸਿਲੇ ਨੂੰ,
ਅੱਗੇ ਖ਼ੌਫ਼ ਹੁਣ ਅਮਲ ਕਜੀਰ ਦਾ ਹੈ ।
ਕਾਇਮ ਰਹੀ ਨਿਮਾਜ਼ ਜੇ ਇਸ਼ਕ ਵਾਲੀ,
ਜਾਣ ਫ਼ਜ਼ਲ ਕਰੀਮ ਕਦੀਰ ਦਾ ਹੈ ।

ਜਾਨੀ ਯਾਰ ਦੀ ਵਿੱਚ ਦੁਕਾਨ ਬਹਿ ਕੇ,
ਪਿਆ ਏਹ ਇਤਫ਼ਾਕ ਤਹਰੀਰ ਦਾ ਹੈ ।
ਦਰਦੀਂ ਭਰੇ ਦਿਲ ਮਝ ਲੁਹੱਜ ਦੇ ਨੇ,
ਰੋ ਰੋ ਡੋਲ੍ਹਿਆ ਰੰਗ ਤਾਸੀਰ ਦਾ ਹੈ ।
ਅੱਖੀਂ ਦੁਖਦੀਆਂ ਨਾਲ ਮੈਂ ਖ਼ਤ ਲਿਖਿਆ,
ਦੋ ਪਹਿਰ ਦਾ ਵਕਤ ਦਿਨ ਪੀਰ ਦਾ ਹੈ ।
ਅੱਜ ਅੱਠਵੀਂ ਮਾਹ ਮੁਹੱਰਮੋਂ ਹੈ,
ਸਦੀ ਤੇਰ੍ਹਵੀਂ ਸਾਲ ਅਖ਼ੀਰ ਦਾ ਹੈ ॥੧੫॥

(ਤਾਖ਼ੀਰ=ਦੇਰ,ਬਰਗ=ਪੱਤਾ, ਲਫ਼ਗੀਰ=
ਧੂੰਆਂ, ਤਫ਼ਸੀਰ=ਖ਼ੁਲਾਸਾ, ਮੈਂ=ਵਿੱਚ,
ਤਾਬੀਰ=ਸੁਪਨੇ ਦਾ ਫਲ ਦੱਸਣਾ, ਕਦੀਰ=
ਕਾਦਰ, ਤਹਰੀਰ=ਲਿਖਣਾ, ਲੁਹੱਜ=ਲੁਝਦੇ,
ਪੀਰ=ਸੋਮਵਾਰ, ਮਾਹ=ਮਹੀਨਾ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੌਲਵੀ ਗ਼ੁਲਾਮ ਰਸੂਲ ਆਲਮਪੁਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ