Char Hanjhu : Professor Mohan Singh

ਚਾਰ ਹੰਝੂ : ਪ੍ਰੋਫੈਸਰ ਮੋਹਨ ਸਿੰਘ

ਪਿਆਰੀ 'ਬਸੰਤ'
ਨੂੰ

ਮੁਖ-ਬੰਦ

ਚਾਰ ਹੰਝੂ ਥੋੜ੍ਹੇ ਨੇ, ਪਰ ਨਿਕੇ ਨਿਕੇ ਗੋਲ ਗੋਲ ਆਪ-ਮੁਹਾਰੇ ਪਏ ਵਗਦੇ ਸੋਹਣੇ ਲਗਦੇ ਨੇ । ਇਹ ਸਧਰਾਂ ਤੇ ਉਦਰੇਵਿਆਂ ਦੇ ਉਬਾਲ ਨਾਲ ਇਕ ਇਕ ਕਰ ਕੇ ਬਣੇ, ਕਿਤਨਾ ਚਿਰ ਕਵੀ ਦੀਆਂ ਅੱਖਾਂ ਵਿਚ ਡਲ੍ਹਕਦੇ ਰਹੇ; ਫਿਰ ਉਹਦਾ ਜੀ ਕੀਤਾ, ਅੰਦਰੋਂ ਇਕ ਡਾਢਾ ਉਛਾਲ ਆਇਆ, ਤੇ ਬਾਹਰ ਡੁਲ੍ਹ ਪਏ।

ਇਹੋ ਹਾਲ ਸਰਦਾਰ ਮੋਹਣ ਸਿੰਘ ਜੀ ਦੀ ਕਵਿਤਾ ਦਾ ਹੈ। ਇਹ ਥੋੜੀ ਹੈ, ਪਰ ਸੋਹਣੀ ਤੇ ਸੁਥਰੀ ਹੈ; ਹੌਲੀ ਹੌਲੀ ਰਚੀ ਗਈ ਹੈ ਤੇ ਦਿਲ ਦੇ ਉਬਾਲ ਨਾਲ ਬਣੀ ਹੈ। ਕੋਈ ਖ਼ਿਆਲਾਂ ਦੇ ਕਿਲ੍ਹਦੇ ਜ਼ੋਰ ਨਾਲ, ਜਾਂ ਕਵੀ-ਦਰਬਾਰਾਂ ਦੀ ਲਾਲਚੀ ਖਿੱਚ ਨਾਲ ਨਹੀਂ ਬਣੀ।

ਭਾਵੇਂ ਅਜੇ ਵੀ ਕਵੀ ਜੀ ਨੌਜਵਾਨ ਹੀ ਹਨ, ਪਰ ਕਵਿਤਾ ਇਨ੍ਹਾਂ ਨੇ ਢੇਰ ਚਿਰ ਪਹਿਲੋਂ ਲਿਖਣੀ ਸ਼ੁਰੂ ਕੀਤੀ । ਇਹ ਕੇਵਲ ਦੱਸ ਵਰ੍ਹੇ ਦੇ ਬਾਲ ਹੀ ਸਨ ਕਿ ਇਨ੍ਹਾਂ ਦੇ ਗੁਆਂਢ ਬੱਗੇ ਬਜ਼ਾਜ਼ ਦੇ ਘਰ ਚੋਰੀ ਹੋ ਗਈ। ਇਨ੍ਹਾਂ ਨੇ ਉਸ ਵਾਰਦਾਤ ਨੂੰ ਹੂਬਹੂ ਕਵਿਤਾ ਵਿਚ ਬਿਆਨ ਕਰ ਦਿੱਤਾ । ਉਸ ਵੇਲੇ ਤੋਂ ਲੈ ਕੇ ਇਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਂਕ ਪੈ ਗਿਆ । ਪਹਿਲਾਂ ਪਹਿਲ ਪਿੰਡਾਂ ਦੀ ਰਹਿਣੀ-ਬਹਿਣੀ ਦੇ ਅਸਰ ਹੇਠ ਹੂਬਹੂ ਬਿਆਨ ਵਾਲੀ ਕਵਿਤਾ ਲਿਖਦੇ ਸਨ, ਇਸ ਲਈ ਕੁਦਰਤ ਦੇ ਨਜ਼ਾਰੇ ਖਿੱਚਣ ਵਲ ਵਧੇਰੇ ਝੁਕਾਉ ਸੀ, ਉਨ੍ਹਾਂ ਦਿਨਾਂ ਵਿਚ ਇਨ੍ਹਾਂ ਨੇ ‘ਚੰਨ’, 'ਬਦਲੀ', ‘ਨਦੀ', ‘ਫੁਲ’ ਆਦਿ ਮਜ਼ਮੂਨਾਂ ਉਤੇ ਹੱਥ ਅਜ਼ਮਾਏ। ਫਿਰ ਫਾਰਸੀ ਤੇ ਉਰਦੂ ਦੀ ਪੜ੍ਹਾਈ ਨੇ ਅਸਰ ਕਰਨਾ ਸ਼ੁਰੂ ਕੀਤਾ। ਇਸ ਦੇ ਦੋ ਨਤੀਜੇ ਹੋਏ ਇਕ ਖ਼ਿਆਲ ਦਾ ਜ਼ੋਰ ਤੇ ਦੂਜਾ ਲਫਜ਼ੀ ਸਜਾਵਟ ਤੇ ਸ਼ਬਦ ਬੀੜਨ ਵਿਚ ਚੁਸਤੀ। ਬੋਲੀ ਨੂੰ ਮਾਂਜ ਮਾਂਜ ਕੇ ਲਿਸ਼ਕਾਉਣ ਤੇ ਘਟ ਤੋਂ ਘਟ ਲਫਜ਼ਾਂ ਵਿਚ ਵਧ ਤੋਂ ਵਧ ਖ਼ਿਆਲ ਨੂੰ ਸਮਾਉਣ ਦੀ ਜਾਚ ਆ ਗਈ। ਇਸੇ ਨਾਲ ਇਨ੍ਹਾਂ ਨੂੰ ਥੋੜ੍ਹਾ ਲਿਖਣ ਤੇ ਬਹੁਤਾ ਸੋਚਣ ਦੀ ਵਾਦੀ ਪਈ । ਫਾਰਸੀ ਕਵੀਆਂ ਵਿਚੋਂ 'ਇਕਬਾਲ' ਦੀ ਕਵਿਤਾ ਦਾ ਬਾਹਲਾ ਅਸਰ ਹੋਇਆ ਜਾਪਦਾ ਹੈ। ਇਸ ਨਾਲ ਇਨ੍ਹਾਂ ਦੇ ਖ਼ਿਆਲ ਵਿਚੋਂ ਕੱਚੀ ਲੱਸੀ ਵਾਲੀ ਪਤਲਾਈ ਨਿਕਲ ਗਈ ਅਤੇ ਜ਼ੋਰ ਤੇ ਗਾੜ੍ਹਾਪਨ ਆ ਗਿਆ । (ਦੇਖੋ 'ਰੱਬ' ਵਾਲੀ ਕਵਿਤਾ ਦਾ ਪਹਿਲਾ ਬੰਦ ਅਤੇ ‘ਬਸੰਤ' ਦਾ ਤੀਜਾ ਬੰਦ)

ਇਸ ਤੋਂ ਉਪ੍ਰੰਤ ਅੰਗ੍ਰੇਜ਼ੀ ਸਾਹਿਤ ਦਾ ਅਸਰ ਸ਼ੁਰੂ ਹੋਇਆ। ਇਸ ਨਾਲ ਨਿਰੇ ਸ਼ਿੰਗਾਰ ਜਾਂ ਤੁਕਾਂਤ ਦੇ ਪਿਆਰ ਤੋਂ ਲੰਘ ਕੇ ਖ਼ਿਆਲ ਦੀ ਨਵੀਨਤਾ ਤਰਤੀਬ, ਤੇ ਸੰਜਮ ਉੱਤੇ ਵਧੇਰੇ ਜ਼ੋਰ ਦੇਣ ਲੱਗੇ। ਅੱਗੇ ਤਾਂ ਕਈ ਵੇਰ ਖ਼ਿਆਲ ਨੂੰ ਕਾਫੀਏ ਉੱਤੇ ਕੁਰਬਾਨ ਕਰ ਦਿੰਦੇ ਸਨ, ਪਰ ਹੁਣ ਭਾਵ ਤੇ ਵਲਵਲੇ ਨੂੰ ਪੂਰੀ ਤਰ੍ਹਾਂ ਜ਼ਾਹਿਰ ਕਰ ਦੇਣਾ ਹੀ ਚੰਗਾ ਸਮਝਣ ਲੱਗੇ, ਭਾਵੇਂ ਕਿਧਰੇ ਕਿਧਰੇ ਕਾਫ਼ੀਏ ਵਿਚ ਤੋਟ ਹੀ ਆ ਜਾਵੇ। ਜਿਵੇਂ ਰੱਬ ਵਾਲੀ ਕਵਿਤਾ ਦੇ ਮੁੱਖ-ਬੰਦ ਦੀ ਅੰਤਲੀ ਤੁਕ-

'ਲਾਈਲਗ ਮੋਮਨ ਦੇ ਕੋਲੋਂ ਖੋਜੀ ਕਾਫ਼ਰ ਚੰਗਾ' ।

ਖ਼ਿਆਲ ਇੱਨਾ ਫਬਦਾ, ਡੂੰਘਾ ਤੇ ਅਸਰ ਪਾਣ ਵਾਲਾ ਹੈ, ਕਿ ਕਿਸੇ ਨੂੰ ਚੇਤੇ ਭੀ ਨਹੀਂ ਆਉਂਦਾ ਕਿ ‘ਬੰਦਾ' ਤੇ ‘ਚੰਗਾ' ਦਾ ਤੁਕਾਂਤ ਨਹੀਂ ਮਿਲਦਾ ।

ਸ਼ੁਰੂ ਸ਼ੁਰੂ ਵਿਚ ਮਨੁੱਖੀ ਪਿਆਰ ਨਾਲ ਵਾਹ ਨਾ ਪੈਣ ਕਰਕੇ ਕੁਦਰਤ ਦਾ ਪਿਆਰ ਵਧੇਰੇ ਸੀ, ਪਰ ਪਿੱਛੋਂ ਜਾ ਕੇ ਕਵਿਤਾ ਵਿਚ ਮਨੁੱਖੀ ਅੰਸ਼ ਪ੍ਰਧਾਨ ਹੋਣ ਲੱਗਾ, ਅਤੇ ਕੁਦਰਤ ਦੇ ਨਜ਼ਾਰੇ ਕੇਵਲ ਤਸਵੀਰ ਦੇ ਲਾਂਭੇ ਚਾਂਭੇ ਨੂੰ ਸੰਗਾਰਨ ਲਈ ਵਰਤੇ ਜਾਣ ਲੱਗੇ । ਉਹ ਭੀ ਕੁਝ ਚਿਰ ਮਗਰੋਂ ਲੋਪ ਹੋ ਗਏ ।

ਇਸ ਸੰਗ੍ਰਹ ਵਿਚ 'ਨੂਰ ਜਹਾਨ' ਦੀ ਕਵਿਤਾ ਸਭ ਤੋਂ ਪਹਿਲੋਂ ਲਿਖੀ ਗਈ, ਫਿਰ 'ਬਸੰਤ' ਦੀ। ਦੋਵੇਂ ਕਵਿਤਾ ਕੁਦਰਤ ਦੇ ਨਜਾਰਿਆਂ ਤੋਂ ਸ਼ੁਰੂ ਹੁੰਦੀਆਂ ਹਨ। ਇਕ ਵਿਚ ਮੂੰਹ-ਝਾਖਰੇ ਦਾ ਵਰਨਨ ਹੈ, ਤੇ ਦੂਜੀ ਵਿਚ ਬਹਾਰ ਦਾ। ਫਿਰ ਖਾਸ ਮਜ਼ਮੂਨ ਵਾਲੀ ਪ੍ਰੇਮਣ ਦਾ ਜ਼ਿਕਰ ਪ੍ਰਧਾਨ ਹੋ ਜਾਂਦਾ ਹੈ । ਪਰ ਇਨ੍ਹਾਂ ਤੋਂ ਉਪ੍ਰੰਤ ਜੋ ਕਵਿਤਾ ਲਿਖੀਆਂ (ਜਿਵੇਂ ‘ਅਨਾਰਕਲੀ' ਤੇ ‘ਰੱਬ') ਉਨ੍ਹਾਂ ਵਿਚ ਖ਼ਿਆਲ ਦਾ ਜ਼ੋਰ ਨਿਰੇ ਸ਼ਿੰਗਾਰ ਨੂੰ ਪਿਛਾਂਹ ਛੱਡ ਦਿੰਦਾ ਹੈ ਤੇ ਕਵਿਤਾ ਸ਼ੁਰੂ ਕਰਨ ਲਗਿਆਂ । ਸਿੱਧਾ ਮਜ਼ਮੂਨ ਵਾਲੀ ਸ਼ਖ਼ਸੀਅਤ ਨੂੰ ਜਾ ਪਕੜਦਾ ਹੈ।

ਅੰਗ੍ਰੇਜ਼ੀ ਸਾਹਿੱਤ ਦੇ ਅਸਰ ਨੇ ਸੋਚ ਵਿਚ ਨਵੀਨਤਾ ਅਤੇ ਉਸ ਵਿਚ ਵੰਨਗਵਨਗੀਆਂ ਦੇ ਖ਼ਿਆਲ ਭਰ ਦਿੱਤੇ । ਇਕ ਪਿਆਰ ਦਾ ਭਾਵ ਹੀ ਲਓ । ਵੇਖੋ ਇਨ੍ਹਾਂ ਚਵਾਂ ਕਵਿਤਾਵਾਂ ਵਿਚ ਚਾਰ ਵੰਨਗੀਆਂ ਦਾ ਪਿਆਰ ਦੱਸਿਆ ਹੈ । ਇਕ ਹੈ ਰੱਬ ਦਾ ਪਿਆਰ ਜੋ ਤਰ੍ਹਾਂ ਤਰ੍ਹਾਂ ਦੇ ਲੋਕਾਂ ਵਿਚ ਇਕ ਹਸਤੀ ਲਈ ਸਾਂਝਾ ਹੁੰਦਾ ਹੈ । ਸਾਰੇ ਪਿਆਰਾਂ ਵਿਚ ਇਸੇ ਇਕ ਪਿਆਰ ਦਾ ਲਿਸ਼ਕਾਰਾ ਵਜਦਾ ਹੈ । ਪਰ ਮਿਲਨਾ ਮਹਿਬੂਬ ਦਾ ਇਸ ਪਿਆਰ ਵਿਚ ਬਹੁਤ ਕਠਿਨ ਹੈ ਬਾਕੀ ਦੀਆਂ ਤਿੰਨ ਕਵਿਤਾਵਾਂ ਵਿਚ ਮਨੁੱਖੀ ਪਿਆਰ ਦੇ ਨਮੂਨੇ ਹਨ। ‘ਅਨਾਰਕਲੀ' ਵਿਚ ਤੀਵੀਂ ਦਾ ਪਿਆਰ ਮਰਦ ਦੇ ਪਿਆਰ ਨਾਲੋਂ ਵਧੇਰੇ ਉੱਚਾ ਤੇ ਸੁੱਚਾ ਕਰ ਕੇ ਦਰਸਾਇਆ ਹੈ । ਇਸ ਦਾ ਮੁੱਲ ਵਲੀ ਤੇ ਅਵਤਾਰ ਭੀ ਨਹੀਂ ਪਾ ਸਕੇ, ਸ਼ਾਇਦ ਇਸ ਲਈ ਕਿ ਓਹ ਮਰਦ ਜ਼ਾਤ ਵਿੱਚੋਂ ਸਨ ! ਅਨਾਰਕਲੀ ਦੇਖਦੀ ਹੈ ਕਿ ਸਲੀਮ ਉਸ ਦਾ ਪਿਆਰ ਛਡ ਕੇ ਨੂਰ ਜਹਾਨ ਵਲ ਝੁਕ ਗਿਆ ਹੈ, ਅਤੇ ਮਰਦਾਂ ਵਾਲੀ ਬੇਵਫਾਈ ਦੱਸ ਗਿਆ ਹੈ, ਪਰ ਉਹ ਇਹ ਗੱਲ ਜਰ ਨਹੀਂ ਸਕਦੀ ਕਿ ਕੋਈ ਉਸ ਦੇ ਪਿਆਰੇ ਨੂੰ 'ਵੈ' ਭੀ ਆਖੇ। ਉਹ ਤਾਂ ਗੋਰ ਵਿਚ ਜ਼ਿੰਦਾ ਚਿਣੀ ਹੋਈ ਭੀ ਪੁਕਾਰ ਕੇ ਕਹਿੰਦੀ ਹੈ:-

“ਮੰਦਾ ਬੋਲ ਨਾ ਮੇਰੇ ਸਲੀਮ ਤਾਈਂ।”

'ਬਸੰਤ' ਵਿਚ ਕਵੀ ਵਿਆਹੁਤਾ ਇਸਤ੍ਰੀ ਦਾ ਪਿਆਰ ਦਸਦਾ ਹੈ, ਜਿਸ ਵਿਚ ਮੌਤ ਪਿੱਛੋਂ ਭੀ ਕੋਈ ਘਾਟਾ ਨਹੀਂ ਪੈਂਦਾ, ਬਲਕਿ ਇਸਤ੍ਰੀ ਦੀ ਨਜ਼ਰ ਓਸ ਵੇਲੇ ਭੀ ਮਰਦ ਦੀ ਵਫ਼ਾ ਉਤੇ ਬੱਧੀ ਖੜੀ ਰਹਿੰਦੀ ਹੈ। ਨੂਰ ਜਹਾਨ ਦਾ ਪਿਆਰ ਇਕ ਕਾਮਯਾਬ ਪਿਆਰ ਹੈ, ਜੋ ਤੀਵੀਂ ਦੇ ਸਾਰੇ ਅੰਦਰਲੇ ਗੁਣਾਂ ਨੂੰ ਪ੍ਰਫੁਲਤ ਕਰਦਾ ਹੈ, ਅਤੇ ਉਸ ਨੂੰ ਸਿਆਣਾ, ਗੰਭੀਰ ਰੁਅਬਦਾਬ ਵਾਲਾ, ਅਣਖੀਲਾ ਤੇ ਕਾਵਿ-ਪਾਰਖੂ ਬਣਾ ਦਿੰਦਾ ਹੈ।ਇਸ ਪਿਆਰ ਦੀ ਸ਼ਾਨ ਨਿਰਾਲੀ ਹੀ ਹੈ।

ਸਰਦਾਰ ਮੋਹਨ ਸਿੰਘ ਜੀ ਦੀ ਕਵਿਤਾ ਵਿਚ ਇਸਤ੍ਰੀ ਉੱਤੇ ਬਹੁਤ ਕੁਝ ਲਿਖਿਆ ਹੁੰਦਾ ਹੈ। ਮਰਦ ਦੇ ਪਿਆਰ ਨੂੰ ਇਤਨਾਂ ਉੱਚਾ ਨਹੀਂ ਦਸਿਆ ਜਿੰਨਾ ਇਸਤ੍ਰੀ ਦੇ ਪਿਆਰ ਨੂੰ । ਇਸਤ੍ਰੀ ਇਨ੍ਹਾਂ ਦਾ ਖਾਸ ਮਜ਼ਮੂਨ ਹੈ । ਇਨ੍ਹਾਂ ਦੀਆਂ ਸਾਰੀਆਂ ਕਵਿਤਾਂ ਵਿਚੋਂ ਤਿੰਨ-ਚੁਥਾਈ ਇਸੇ ਮਜ਼ਮੂਨ ਉਤੇ ਹਨ। ਰੱਬ ਬਾਬਤ ਲਿਖਣ ਲਗਿਆਂ ਵੀ ਅਲੰਕਾਰ ਇਸਤ੍ਰੀਆਂ ਵਾਲਾ ਹੀ ਵਰਤਿਆ ਹੈ ।

ਇਨ੍ਹਾਂ ਦੇ ਦਿਲ ਵਿਚ ਵਲਵਲਾ ਬਹੁਤ ਹੈ। ਜਿਸ ਮਜਮੂਨ ਤੇ ਲਿਖਦੇ ਹਨ, ਉਸ ਨੂੰ ਡੂੰਘੇ ਤਾਂਘਾਂ ਵਾਲੇ ਪਿਆਰ ਨਾਲ ਲਿਖਦੇ ਹਨ, ਸਾਰਾ ਦਿਲ ਖੋਲ੍ਹਕੇ ਲਿਖਦੇ ਹਨ। ਹੋਰ ਕਿਹੜਾ ਕਵੀ ਹੈ ਜਿਹੜਾ ਆਪਣੀ ਇਸਤ੍ਰੀ ਬਾਬਤ ਆਪਣੇ ਦਿਲ ਦੇ ਗੁੱਝੇ ਵਲਵਲੇ ਪਬਲਕ ਦੇ ਸਾਹਮਣੇ ਰਖਦਾ ?

ਇਹ ਵਲਵਲਾ ਆਮ ਤੌਰ ਤੇ ਦਰਦ ਵਾਲਾ ਹੁੰਦਾ ਹੈ, ਅਤੇ ਇਹ ਦਰਦ ਕੁਝ ਆਪਣੀ ਡੂੰਘੀ ਹਮਦਰਦੀ ਵਾਲੇ ਸੁਭਾ ਦੁਆਰਾ ਪ੍ਰਗਟ ਕਰਦੇ ਹਨ:—

ਜਿਵੇਂ ਲੇਟੀ ਸੀ ਓਵੇਂ ਹੀ ਦਿਸਦੀ ਏ,
ਹਾਏ! ਸ਼ੋਹਦੀ ਦਾ ਪਾਸਾ ਵੀ ਅੰਬਿਆ ਨਹੀਂ ।
ਅਤੇ ਕੁਝ ਪਿਛਲੀ ਹਾਲਤ ਨੂੰ ਮੌਜੂਦਾ ਹਾਲਤ ਨਾਲ ਟਕਰਾ ਕੇ ਦਿਲ ਵਿਚ ਖੋਹ ਪੈਦਾ ਕਰਦੇ ਹਨ ।ਦੇਖੋ ਪੰਨਾ ੨੪, ੩੬, ੪੩, ੪੪ ਤੇ ੪੫। ਇਸ ਦਰਦ ਦੇ ਚਿਹਰੇ ਉਤੇ ਕਦੀ ਕਦੀ ਹਾਸ-ਰਸ ਦੀ ਮੁਸਕ੍ਰਾਹਟ ਭੀ ਆ ਜਾਂਦੀ ਹੈ, ਪਰ ਟਾਵੀਂ ਟਾਵੀਂ । ਦੇਖੋ ‘ਰੱਬ' ਵਾਲੀ ਕਵਿਤਾ ਦਾ ਅੰਤਲਾ ਬੰਦ।

ਇਨ੍ਹਾਂ ਦੀ ਬੋਲੀ ਵਿਚ ਖਾਸ ਖੂਬੀ ਇਹ ਹੈ ਕਿ ਵੇਲੇ ਸਿਰ ਹਰ ਖਿਆਲ ਲਈ ਢੁਕਵੇਂ ਲਫਜ਼ ਵਰਤੇ ਹੁੰਦੇ ਹਨ । ਕਾਰਨ ਇਹ ਹੈ ਕਿ ਕਵੀ ਜੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ (ਪੋਠੋਹਾਰ, ਬਾਰ, ਮਾਝਾ, ਮਾਲਵਾ ਆਦਿ) ਵਿਚ ਪੜ੍ਹਾਈ ਜਾਂ ਨੌਕਰੀ ਦੇ ਸੰਬੰਧ ਵਿਚ ਰਹਿ ਆਏ ਹਨ, ਅਤੇ ਇਸ ਨਾਲ ਇਨ੍ਹਾਂ ਦਾ ਸ਼ਬਦ-ਭੰਡਾਰ ਤਰ੍ਹਾਂ ਤਰ੍ਹਾਂ ਦੇ ਸ਼ਬਦਾਂ ਤੇ ਮੁਹਾਵਰਿਆਂ ਨਾਲ ਭਰਪੂਰ ਹੋ ਗਿਆ ਹੈ। ਇਨ੍ਹਾਂ ਨੂੰ ਗੀਤਾਂ ਦਾ ਭੀ ਬਹੁਤ ਸ਼ੌਂਕ ਹੈ, ਜਿਨ੍ਹਾਂ ਨੇ ਇਨ੍ਹਾਂ ਦੀ ਬੋਲੀ ਨੂੰ ਰਸੀਲਾ ਬਣਾ ਦਿਤਾ ਹੈ।

ਤੇਜਾ ਸਿੰਘ ਐਮ. ਏ.


1. ਰੱਬ

ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇਕ ਗੋਰਖ-ਧੰਦਾ । ਖੋਲ੍ਹਣ ਲੱਗਿਆਂ ਪੇਚ ਏਸਦੇ, ਕਾਫ਼ਰ ਹੋ ਜਾਏ ਬੰਦਾ । ਕਾਫ਼ਰ ਹੋਣੋ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀਂ। ਲਾਈਲੱਗ ਮੋਮਨ ਦੇ ਕੋਲੋਂ ਖੋਜੀ ਕਾਫ਼ਰ ਚੰਗਾ । ੧. ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ ਤੇਰੀ ਭਾਲ ਵਿਚ ਥੋਥਾ ਖ਼ਿਆਲ ਹੋਇਆ । ਲੱਖਾਂ ਉਂਗਲਾਂ ਗੁੰਝਲਾਂ ਖੋਲ੍ਹ ਥੱਕੀਆਂ, ਤੇਰੀ ਜ਼ੁਲਫ਼ ਦਾ ਸਿੱਧਾ ਨਾ ਵਾਲ ਹੋਇਆ । ਘਿੱਗੀ ਬੱਝ ਗਈ ਸੰਖਾਂ ਦੀ ਰੋ-ਰੋ ਕੇ, ਪਿੱਟ-ਪਿੱਟ ਕੇ ਚੂਰ ਘੜਿਆਲ ਹੋਇਆ । ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ । ਤੇਰੀ ਸਿੱਕ ਕੋਈ ਸੱਜਰੀ ਸਿੱਕ ਤਾਂ ਨਹੀਂ, ਇਹ ਚਿਰੋਕਣੀ ਗਲੇ ਦਾ ਹਾਰ ਹੋਈ । ਇਹ ਉਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲ ਦਿਲ ਦੀ ਮਿੱਟੀ ਤਿਆਰ ਹੋਈ । ੨. ਤੇਰੇ ਹਿਜਰ ਵਿਚ ਕਿਸੇ ਨੇ ਕੰਨ ਪਾੜੇ ਅਤੇ ਕਿਸੇ ਨੇ ਜਟਾਂ ਵਧਾਈਆਂ ਨੇ । ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ, ਕਿਸੇ ਰੜੇ 'ਤੇ ਰਾਤਾਂ ਲੰਘਾਈਆਂ ਨੇ । ਕੋਈ ਲਮਕਿਆ ਖੂਹ ਦੇ ਵਿਚ ਪੁੱਠਾ, ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ । ਤੇਰੇ ਆਸ਼ਕਾਂ ਨੇ ਲੱਖਾਂ ਜਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫ਼ਾਂ ਨਾ ਚਾਈਆਂ ਨੇ । ਤੇਰੀ ਸਿੱਕ ਦੇ ਕਈ ਤਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਗ ਲੱਭਾ । ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ । ੩. ਕਿਸੇ ਫੁੱਲ-ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲ੍ਹਿਆ ਵੇ । ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਜਾ ਫਰੋਲਿਆ ਵੇ । ਕਿਸੇ ਗੱਲ੍ਹਾਂ ਦੇ ਦੀਵੇ ਦੀ ਲੋਅ ਥੱਲੇ, ਤੈਨੂੰ ਜ਼ੁਲਫ਼ਾਂ ਦੀ ਰਾਤ ਵਿਚ ਟੋਲਿਆ ਵੇ । ਰੋ ਰੋ ਕੇ ਦੁਨੀਆਂ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ । ਦੀਦੇ ਕੁਲੰਜ ਮਾਰੇ ਤੇਰੇ ਆਸ਼ਿਕਾਂ ਨੇ, ਅਜੇ ਅੱਥਰੂ ਤੈਨੂੰ ਨਾ ਪੋਹੇ ਕੋਈ । ਤੇਰੀ ਸੌਂਹ ! ਕੁਝ ਰੋਣ ਦਾ ਮਜ਼ਾ ਹੀ ਨਹੀਂ, ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ । ੪. ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ, ਉਸ ਨੂੰ ਹੀਲਿਆਂ ਨਾਲ ਪਰਤਾਇਆ ਤੈਂ । ਹਿਰਸਾਂ, ਦੌਲਤਾਂ, ਹੁਸਨਾਂ, ਹਕੂਮਤਾਂ ਦਾ, ਉਹਦੇ ਰਾਹ ਵਿਚ ਚੋਗਾ ਖਿੰਡਾਇਆ ਤੈਂ । ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸ ਨੂੰ ਲੇਲੀ ਦਾ ਲੇਲਾ ਬਣਾਇਆ ਤੈਂ । ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾ ਤੇਰਾ, ਉਸ ਨੂੰ ਹੀਰ ਦੀ ਸੇਜੇ ਸਵਾਇਆ ਤੈਂ । ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ, ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ । ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ, ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ । ੫. ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲ੍ਹੀਆਂ ਨਾਲ ਛੁਹਾਈਆਂ ਨਾ । ਕਿਸੇ ਦਿਲ ਦਾ ਰਾਂਗਲਾ ਪਲੰਘ ਡਾਹਿਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ । ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ, ਤੇਰੀ ਬੇ-ਪਰਵਾਹੀ ਨੇ ਪਾਈਆਂ ਨਾ । ਰਗੜ-ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ । ਮਾਰ ਸੁੱਟਿਆ ਤੇਰਿਆਂ ਰੋਸਿਆਂ ਨੇ, ਫੂਕ ਸੁੱਟਿਆ ਬੇ-ਪਰਵਾਹੀ ਤੇਰੀ । ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ, ਖ਼ਬਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ ! ੬. ਜੇ ਤੂੰ ਮੂੰਹ ਤੋਂ ਜ਼ੁਲਫ਼ਾਂ ਹਟਾ ਦੇਵੇਂ, ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ । ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ, ਬਾਂਗ ਮੁੱਲਾਂ ਦੇ ਸੰਘ ਵਿਚਕਾਰ ਰਹਿ ਜਾਏ । ਪੰਡਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ, ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ । ਕਲਮ ਢਹਿ ਪਏ ਹੱਥੋਂ ਫ਼ਲਾਸਫ਼ਰ ਦੀ, ਮੁਨਕਰ ਤੱਕਦਾ ਤੇਰੀ ਨੁਹਾਰ ਰਹਿ ਜਾਏ । ਇਕ ਘੜੀ ਜੇ ਖੁਲ੍ਹਾ ਦੀਦਾਰ ਦੇ ਦਏਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ । ਤੇਰੀ ਜ਼ੁਲਫ਼ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ ।

2. ਅਨਾਰ ਕਲੀ

ਦੇਖਣ ਵਿੱਚ ਮੁਲਾਇਮ ਪਿੰਡਾ ਨਾਰ ਦਾ । ਜੀਕਣ ਹੋਵੇ ਕੂਲਾ ਫੁੱਲ-ਅਨਾਰ ਦਾ । ਲਾ ਬਹਿੰਦੀ ਜਿਸ ਵੇਲੇ ਕਿਧਰੇ ਅੱਖੀਆਂ, ਪੱਥਰ ਵਾਂਗੂੰ ਮੋੜੇ, ਮੂੰਹ ਤਲਵਾਰ ਦਾ । ੧. ਨੀ ਤੂੰ ਪਾਕ ਅਨਾਰ ਦੀ ਕਲੀ ਹੈ ਸੈਂ, ਤੇਰੇ ਪਿਆਰ ਦਾ ਹੱਕ ਸੀ ਭੌਰਿਆਂ ਨੂੰ । ਐਵੇਂ ਮਾਰ ਕੇ ਹੱਕ ਬੇਦੋਸ਼ਿਆਂ ਦਾ ਦੇ ਦਿੱਤਾ ਈ ਬੰਦਿਆਂ ਕੋਰਿਆਂ ਨੂੰ । ਤੇਰਾ ਕੰਮ ਸੀ ਖਿੜਨਾ ਤੇ ਮਹਿਕ ਦੇਣੀ, ਅਤੇ ਡੋਬਣਾ ਡੋਬਾਂ ਤੇ ਝੋਰਿਆਂ ਨੂੰ । ਐਵੇਂ ਬੰਦੇ ਬੇ-ਕਦਰੇ ਦੇ ਨਾਲ ਲਾ ਕੇ, ਨੀ ਤੂੰ ਲਿਆ ਸਹੇੜ ਹਟਕੋਰਿਆਂ ਨੂੰ । ਮੋਹ ਖੱਟੇ ਸਲੀਮ ਦੇ ਨਾਲ ਪਾ ਕੇ ਕਾਂਜੀ ਘੋਲੀ ਤੂੰ ਕਾਹਨੂੰ ਪਰੀਤ ਅੰਦਰ ? ਏਸ ਮਰਦ ਸ਼ੈਤਾਨ ਦਾ ਕੰਮ ਕੀ ਸੀ ਤੇਰੇ ਦਿਲ ਦੀ ਪਾਕ ਮਸੀਤ ਅੰਦਰ ? ੨. ਤੇਰਾ ਕੰਮ ਸੀ ਬਨਾਂ ਦੇ ਵਿਚ ਵਸਣਾ, ਕਾਹਨੂੰ ਸ਼ਾਹੀ ਮਹੱਲ ਤੇ ਭੁਲੀਏਂ ਨੀ ? ਕੰਮ ਕਲੀ ਦਾ ਹੁੰਦਾ ਏ ਬੰਦ ਰਹਿਣਾ, ਕਿਉਂ ਤੂੰ ਨਾਲ ਬੇਗਾਨੇ ਦੇ ਖੁੱਲ੍ਹੀਏਂ ਨੀ ? ਤੇਰਾ ਥਾਂ ਸੀ ਅਰਸ਼ ਦੇ ਕਿੰਗਰੇ ਤੇ, ਐਵੇਂ ਬੰਦੇ ਦੇ ਪੈਰ ਵਿਚ ਰੁਲੀਏਂ ਨੀ । ਏਸ ਮਰਦ ਵਿਚ ਪਾਸਕੂ ਸਦਾ ਹੁੰਦਾ, ਇਦ੍ਹੇ ਨਾਲ ਕਿਉਂ ਕੰਡੇ ਤੇ ਤੁਲੀਏਂ ਨੀ ? ਇੱਕ ਮਰਦ, ਦੂਜਾ ਬਾਦਸ਼ਾਹ ਹੈਸੀ, ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ ! ਐਸੇ ਫਿੱਟੇ ਹੋਏ ਭਾਰੇ ਹੈਂਕੜੀ ਨੂੰ, ਕਿੱਦਾਂ ਜਕੜ ਸਕਦੀ ਤੇਰੀ ਗੁੱਤ ਮੋਈਏ ? ੩. ਦੇਂਦੇ ਆਏ ਚਿਰੋਕਣੇ ਮਰਦ ਧੋਖਾ, ਮਕਰ ਇਨ੍ਹਾਂ ਦੇ ਕੋਈ ਨਾ ਅੱਜ ਦੇ ਨੀ । ਕੰਮ ਇਨ੍ਹਾਂ ਦਾ ਭੌਰਾਂ ਦੇ ਵਾਂਗ ਫਿਰਨਾ, ਇਕ ਫੁੱਲ ਦੇ ਨਾਲ ਨਾ ਬੱਝਦੇ ਨੀ । ਦੀਵਾ ਹੁਸਨ ਦਾ ਜਦੋਂ ਤਕ ਰਹੇ ਬਲਦਾ, ਝੁੱਕ ਝੁੱਕ ਕਰਦੇ ਇਹ ਵੀ ਸਜਦੇ ਨੀ । ਬੁਝ ਜਾਏ, ਤਾਂ ਵਾਂਗ ਪਰਵਾਨਿਆਂ ਦੇ ਵੱਲ ਦੂਸਰੇ ਦੀਵੇ ਦੇ ਭੱਜਦੇ ਨੀ । ਲੱਖ ਇਨ੍ਹਾਂ ਪਿੱਛੇ ਕੋਈ ਬਣੇ ਤੀਲਾ, ਐਪਰ ਇਨ੍ਹਾਂ ਨੂੰ ਫ਼ਿਕਰ ਨਾ ਕੱਖ ਹੋਵੇ । ਹਿਜਰ ਨਾਲ ਤੀਵੀਂ ਭਾਵੇਂ ਬਣੇ ਸੁਰਮਾ, ਤਾਂ ਵੀ ਸਾਫ਼ ਨਾ ਮਰਦ ਦੀ ਅੱਖ ਹੋਵੇ । ੪. ਅਸਾਂ ਡੁੱਬਦੇ ਬੜੇ ਤੈਰਾਕ ਤੱਕੇ, ਛਲਾਂ ਪੈਂਦੀਆਂ ਜਦੋਂ ਦਰਿਆਂ ਅੰਦਰ । ਕਿਵੇਂ ਦਿਲ ਸਲੀਮ ਦਾ ਭਿੱਜਿਆ ਨਾ ਤੇਰੇ ਇਸ਼ਕ ਦੀ ਡੂੰਘੀ ਝਨਾਂ ਅੰਦਰ ? ਕਿਥੋਂ ਸੀ ਛਲੇਡਾ ਉਹ ਬਹਿਣ ਵਾਲਾ, ਤੇਰੀਆਂ ਭੋਲੀਆਂ ਭਾਲੀਆਂ ਬਾਂਹ ਅੰਦਰ । ਹਾਏ ! ਪਲਕ ਤਾਂ ਭੈੜੇ ਦੀ ਅੱਖ ਲਗਦੀ ਤੇਰੇ ਸਰੂ ਦੀ ਸੰਘਣੀ ਛਾਂ ਅੰਦਰ । ਕਿੱਦਾਂ ਉਹਨੂੰ "ਜਹਾਨ" ਦਾ ਮੂੰਹ ਦਿੱਸਿਆ ਤੇਰੀ ਜ਼ੁਲਫ਼ਾਂ ਦੀ ਕੱਜਲੀ ਰਾਤ ਦੇ ਵਿੱਚ ? ਤੇਰੇ ਨੈਣਾਂ ਦੇ ਬਾਜ਼ ਜੇ ਊਂਘਦੇ ਨਾ, ਬਹਿੰਦੀ ਕਾਹਨੂੰ ਕਬੂਤਰੀ ਘਾਤ ਦੇ ਵਿੱਚ ? ੫. ਤੂੰ ਵੀ "ਮਿਹਰਾਂ" ਦੇ ਵਾਂਗ ਜੇ ਹੱਥ ਕਰਦੀ, ਅੱਜ ਕਾਸ ਨੂੰ ਰਗੜਦੀ ਅੱਡੀਆਂ ਨੀ ? ਫੱਫੇ ਕੁੱਟਣਾਂ ਕਾਲੀਆਂ ਲਿਟਾਂ ਦੀਆਂ ਕਿਉਂ ਨਾ ਓਸ ਦੇ ਪਿੱਛੇ ਤੂੰ ਛੱਡੀਆਂ ਨੀ ? ਮੋਤੀ ਹੰਝੂਆਂ ਦੇ ਤੇਰੇ ਕੋਲ ਹੈਸਨ, ਜੇ ਕਰ ਤਾਰ ਦੇਂਦੀ ਤੂੰ ਵੀ ਵੱਢੀਆਂ ਨੀ । ਫੇਰ ਹਸਰਤਾਂ ਤੇਰੀਆਂ ਜਾਂਦੀਆਂ ਕਿਉਂ ਅੱਜ ਵਿਚ ਦੀਵਾਰ ਦੇ ਗੱਡੀਆਂ ਨੀ ? ਐਸਾ ਠੋਕ ਕੇ ਚਿਣਿਆ ਨੇ ਪੱਥਰਾਂ ਨੂੰ, ਐਸਾ ਬੀੜ ਕੇ ਜੜਿਆ ਨੇ ਵੱਟਿਆਂ ਨੂੰ । ਤੜਫ਼ਣ ਲਈ ਵੀ ਖੁੱਲ੍ਹੀ ਨਾ ਥਾਂ ਦਿੱਤੀ, ਏਸ ਜੱਗ ਨੇ ਇਸ਼ਕ ਦੇ ਫੱਟਿਆਂ ਨੂੰ । ੬. ਜੇ ਤੂੰ ਗਲ ਵਿਚ ਫੁੱਲਾਂ ਦਾ ਹਾਰ ਪਾਇਆ, ਤੇਰੇ ਲੱਕ ਨੂੰ ਪਏ ਕੜਵੱਲ, ਮੋਈਏ ! ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ, ਭਾਰ ਨਾਲ ਤੂੰ ਸੱਕੀ ਨਾ ਹੱਲ, ਮੋਈਏ ! ਹਾਰ, ਗਾਨੀਆਂ ਰਹਿ ਗਈਆਂ ਇਕ ਪਾਸੇ, ਭਾਰੀ ਲੱਗਦੀ ਸੀ ਤੈਨੂੰ ਗੱਲ, ਮੋਈਏ ! ਕਿੱਦਾਂ ਪੱਥਰਾਂ ਅਤੇ ਉਦਰੇਵਿਆਂ ਦੇ ਦੂਹਰੇ ਭਾਰ ਅੱਜ ਲਏ ਨੀ ਝੱਲ, ਮੋਈਏ ? ਦਾਬੂ ਭਾਰੀਆਂ ਸਿਲਾਂ ਦਾ ਰੱਖਿਆ ਨੇ ਖ਼ਬਰੇ ਏਸ ਖ਼ਾਤਰ ਤੇਰੀ ਲਾਸ਼ ਉੱਤੇ, ਮਤਾਂ ਹੁਸਨ ਤੇ ਇਸ਼ਕ ਦੇ ਖੰਭ ਲਾ ਕੇ ਨੀ ਤੂੰ ਉੱਡ ਨਾ ਜਾਵੇਂ ਅਕਾਸ਼ ਉੱਤੇ । ੭. ਖਿੜੀ ਰਹੇ ਅਨਾਰ ਦੀ ਕਲੀ ਤੇਰੀ, ਅਤੇ ਚਲਦਾ ਰਹੇ ਬਾਜ਼ਾਰ ਤੇਰਾ ! ਜਮ ਜਮ ਮੱਕੇ ਮਦੀਨੇ ਨੂੰ ਜਾਣ ਹਾਜੀ, ਹੋਵੇ 'ਮੋਹਨ' ਦਾ ਮੱਕਾ ਮਜ਼ਾਰ ਤੇਰਾ ! ਤੇਰੇ ਦਿਲ ਨੂੰ ਵਲੀ ਨਾ ਪਰਖ ਸਕੇ, ਮੁੱਲ ਪਾ ਨਾ ਸਕੇ ਅਵਤਾਰ ਤੇਰਾ ! ਜਹਾਂਗੀਰ ਵਿਚਾਰੇ ਦਾ ਦੋਸ਼ ਕੀ ਏ, ਜੇ ਉਹ ਸਮਝ ਨਾ ਸਕਿਆ ਪਿਆਰ ਤੇਰਾ ! ਵਿਚੋਂ ਕਬਰ ਦੇ ਮੈਨੂੰ ਅਵਾਜ਼ ਆਈ : ਮੰਨ ਸ਼ਾਇਰਾ ! ਰੱਬੇ-ਰਹੀਮ ਤਾਈਂ । ਮੇਰੀਆਂ ਅੱਖੀਆਂ ਸਾਹਮਣੇ ਖੜ੍ਹਾ ਹੋ ਕੇ ਮੰਦਾ ਬੋਲ ਨਾ ਮੇਰੇ ਸਲੀਮ ਤਾਈਂ ।

3. ਬਸੰਤ

ਵੇਖ ਬਸੰਤ ਖ਼ਾਬ ਅੰਦਰ ਮੈਂ ਦੱਸੀ ਪੀੜ ਹਿਜਰ ਦੀ । ਹੰਝੂਆਂ ਦੇ ਦਰਿਆ ਫੁੱਟ ਨਿਕਲੇ, ਵੇਖ ਚਿਰੋਕਾ ਦਰਦੀ । ਪੂੰਝ ਅੱਥਰੂ ਮੇਰੇ ਬੋਲੀ: "ਜੋ ਰੱਬ ਕਰਦਾ ਚੰਗੀ, ਮੋਹਨ ! ਕਿੰਜ ਬਣਦਾ ਤੂੰ ਸ਼ਾਇਰ, ਜੇ ਕਰ ਮੈਂ ਨਾ ਮਰਦੀ ?" ੧. ਹੁਸਨ ਭਰੀ ਬਸੰਤ ਦੀ ਛੈਲ ਨੱਢੀ, ਸੀਗੀ ਸਿਖ਼ਰ ਜਵਾਨੀ 'ਤੇ ਆਈ ਹੋਈ । ਕਿਤੇ ਹਿੱਕ ਸੀ ਧੜਕਦੀ ਬੁਲਬੁਲਾਂ ਦੀ, ਕਿਤੇ ਭੌਰ ਦੀ ਅੱਖ ਸਧਰਾਈ ਹੋਈ । ਕਿਤੇ ਸਰ੍ਹੋਂ ਨੇ ਸੋਨਾ ਖਿਲਾਰਿਆ ਸੀ, ਕਿਤੇ ਤ੍ਰੇਲ ਨੇ ਚਾਂਦੀ ਲੁਟਾਈ ਹੋਈ । ਸੀ ਬਸੰਤ ਰਾਣੀ ਯਾ ਇਹ ਹੀਰ ਜੱਟੀ, ਨਵੀਂ ਝੰਗ ਸਿਆਲਾਂ ਤੋਂ ਆਈ ਹੋਈ । ਏਸ ਸੋਹਣੀ ਬਸੰਤ ਦੀ ਰੁੱਤ ਅੰਦਰ, ਐਵੇਂ ਕਿਸੇ ਦੀ ਫੋਟੋ ਮੈਂ ਛੇੜ ਬੈਠਾ । ਬਹੇ ਗ਼ਮਾਂ ਤੋਂ ਪੱਲਾ ਛੁਡਾਣ ਲਗਿਆਂ ਉਲਟਾ ਸੱਜਰੇ ਗ਼ਮ ਸਹੇੜ ਬੈਠਾ । ੨. ਫੋਟੋ ਛੇੜੀ ਤੇ ਛਿੜ ਪਿਆ ਦਿਲ ਨਾਲੇ, ਚੜ੍ਹੀ ਗ਼ਮਾਂ ਦੀ ਪੀਂਘ ਹੁਲਾਰੇ ਉੱਤੇ । ਆ ਕੇ ਕਿਸੇ ਸਲੇਟੀ ਦੀ ਯਾਦ ਬਹਿ ਗਈ, ਮੇਰੇ ਦਿਲ ਦੇ ਤਖ਼ਤ-ਹਜ਼ਾਰੇ ਉੱਤੇ । ਅੱਖਾਂ ਮੇਰੀਆਂ ਵਿਚੋਂ ਝਨਾਂ ਫੁਟ ਪਈ, ਕਿਸੇ 'ਸੋਹਣੀ' ਦੇ ਇਕੋ ਇਸ਼ਾਰੇ ਉੱਤੇ । ਏਸ ਅਕਲ ਦਾ ਕੱਚੜਾ ਘੜਾ ਲੈ ਕੇ, ਔਖਾ ਲੱਗਣਾ ਅੱਜ ਕਿਨਾਰੇ ਉੱਤੇ । ਜੋਸ਼ਾਂ ਅਤੇ ਉਦਰੇਵਿਆਂ ਅੱਤ ਚਾਈ, ਲੱਗੀ ਕਿਸੇ ਦੀ ਯਾਦ ਸਤਾਣ ਮੈਨੂੰ । ਖਲਿਆਂ ਖਲਿਆਂ ਫੋਟੋ ਦੇ ਮੂੰਹ ਅੱਗੇ, ਸੁਫ਼ਨਾ ਜਿਹਾ ਇਕ ਲਗ ਪਿਆ ਆਣ ਮੈਨੂੰ । ੩. ਕੀ ਹਾਂ ਵੇਖਦਾ ! ਇਕ ਪਹਾੜ ਉੱਚਾ, ਖਲਾ ਇਕ ਦਰਿਆ ਦੇ ਤੱਲ ਉਤੇ । ਕੁੱਛੜ ਓਸ ਪਹਾੜ ਦੇ ਇਕ ਝੁੱਗੀ, ਬੈਠੀ ਹੂਰ ਇੱਕ ਸ਼ੇਰ ਦੀ ਖੱਲ ਉਤੇ । ਕਾਲੀ ਰਾਤ ਅੰਦਰ ਗੋਰਾ ਮੂੰਹ ਉਹਦਾ, ਜਿਵੇਂ ਬੱਗ ਹੋਵੇ ਕੋਈ ਡੱਲ ਉਤੇ । ਯਾ ਇਹ ਰਾਧਾ-ਵਿਛੋੜੇ ਦੇ ਵਿਚ ਹੰਝੂ, ਫੁੱਟ ਨਿਕਲਿਆ ਸ਼ਾਮ ਦੀ ਗਲ੍ਹ ਉਤੇ । ਹੱਥਾਂ ਉਹਦਿਆਂ ਅੰਦਰ ਸਤਾਰ ਪਕੜੀ, ਮਠੀਆਂ ਮਠੀਆਂ ਤਾਰਾਂ ਹਿਲਾ ਰਹੀ ਏ । ਆਪਣੀ ਜ਼ੁਲਫ਼ ਜੇਡੀ ਲੰਮੀ ਹੇਕ ਅੰਦਰ ਇਕ ਗੀਤ ਵਿਛੋੜੇ ਦਾ ਗਾ ਰਹੀ ਏ । ੪. "ਤੇਰੇ ਪਰਖ ਲਏ ਕੌਲ-ਇਕਰਾਰ, ਮਾਹੀਆ! ਨਾਲੇ ਤੱਕਿਆ ਤੇਰਾ ਪਿਆਰ, ਚੰਨਾ ! ਬੁਲਬੁਲ ਵਾਂਗ ਉਡਾਰੀਆਂ ਮਾਰੀਆਂ ਨੀ, ਮੇਰਾ ਉਜੜਿਆ ਵੇਖ ਗੁਲਜ਼ਾਰ, ਚੰਨਾ ! ਵੇ ਤੂੰ ਨਵੀਂ ਡੋਲੀ ਵੇਹੜੇ ਆਣ ਵਾੜੀ, ਮੇਰੇ ਠੰਢੇ ਨਾ ਹੋਏ ਅੰਗਿਆਰ, ਚੰਨਾ ! ਮੇਰੇ ਰਾਹ ਵੀ ਅਜੇ ਨਾ ਹੋਏ ਮੈਲੇ, ਤੈਨੂੰ ਕੁੱਦਿਆ ਸੱਜਰਾ ਪਿਆਰ, ਚੰਨਾ ! ਪਰ ਤੂੰ ਵੱਖਰੀ ਕੋਈ ਨਾ ਗੱਲ ਕੀਤੀ; ਤੇਰੇ 'ਕੱਲੇ ਦਾ ਨਹੀਂਗਾ ਕਸੂਰ, ਮਾਹੀਆ ! ਫੁੱਲ ਫੁੱਲ ਤੇ ਭੌਰਿਆਂ ਵਾਂਗ ਫਿਰਨਾ, ਇਨ੍ਹਾਂ ਮਰਦਾਂ ਦਾ ਰਿਹਾ ਦਸਤੂਰ, ਮਾਹੀਆ । ੫. "ਸ਼ਾਮ ਫੱਸ ਕੇ ਕੁਬਜਾਂ ਦੇ ਪ੍ਰੇਮ ਅੰਦਰ, ਦਿੱਤਾ ਰਾਧਕਾਂ ਤਾਈਂ ਵਿਸਾਰ, ਚੰਨਾ ! ਜਹਾਂਗੀਰ ਨੂੰ ਭੁੱਲੀ ਅਨਾਰ ਕਲੀ, ਜਦੋਂ 'ਮਿਹਰਾਂ' ਨੇ ਕੀਤਾ ਸ਼ਿਕਾਰ ਚੰਨਾ ! ਖ਼ੁਸਰੋ ਭੁੱਲ ਕੇ ਸ਼ੀਰੀਂ ਦੀ ਸ਼ਕਲ ਮਿੱਠੀ, 'ਸ਼ਕਰ-ਲੱਬ' 'ਤੇ ਹੋਇਆ ਨਿਸਾਰ, ਚੰਨਾ ! ਸੱਸੀ ਸੁੱਤੜੀ ਨੂੰ ਧੋਖਾ ਦੇ ਪੁੱਨੂੰ, ਗਿਆ ਹੋਤਾਂ ਦੇ ਨਾਲ ਸਿਧਾਰ, ਚੰਨਾ ! ਮੇਰਾ ਇਸ਼ਕ ਅਮਾਨ ਸੀ ਕੋਲ ਤੇਰੇ, ਤੂੰ ਵੀ ਵੰਞ ਦਿੱਤਾ ਕਿਸੇ ਹੋਰ ਤਾਈਂ । ਰੱਬ ਸਾਰੇ ਗੁਨਾਹੀਆਂ ਨੂੰ ਬਖ਼ਸ਼ ਦੇਂਦਾ, ਪਰ ਨਾ ਬਖ਼ਸ਼ਦਾ ਇਸ਼ਕ ਦੇ ਚੋਰ ਤਾਈਂ । ੬. "ਤੈਨੂੰ ਸੱਜਰੇ ਪਿਆਰ ਦੀ ਸੌਂਹ, ਮਾਹੀਆ ! ਕਦੇ ਆਇਆ ਈ ਮੇਰਾ ਖ਼ਿਆਲ ਕਿ ਨਹੀਂ ? ਇਨ੍ਹਾਂ ਨੈਣਾਂ ਦੇ ਖਾਰੇ ਸਮੁੰਦਰਾਂ ਵਿਚ ਕਦੀ ਉਠੇ ਨੀ ਡੂੰਘੇ ਉਬਾਲ ਕਿ ਨਹੀਂ ? ਕਦੀ ਬੈਠ ਕੇ ਕਿਸੇ ਇਕੱਲ ਅੰਦਰ ਹੌਲਾ ਹੋਇਆ ਏਂ ਹੰਝੂਆਂ ਨਾਲ ਕਿ ਨਹੀਂ ? ਕਦੀ ਲਾਇਆ ਈ ਅੱਖਾਂ ਦੇ ਨਾਲ ਚਾ ਕੇ ਮੇਰੇ ਹੱਥਾਂ ਦਾ ਉਣਿਆ ਰੁਮਾਲ ਕਿ ਨਹੀਂ ? ਪਰ ਤੂੰ ਕਾਸਨੂੰ ਦੁਖਾਂ ਦੇ ਮੂੰਹ ਆਉਂਦਾ ? ਕਿਉਂ ਤੂੰ ਸੱਪਾਂ ਦੇ ਮੂੰਹ ਤੇ ਪਿਆਰ ਦੇਂਦਾ ? 'ਸਾਰੇ ਮੂੰਹ ਮੁਲਾਹਜ਼ੇ ਨੇ ਜੀਂਦਿਆਂ ਦੇ, ਮੋਇਆਂ ਹੋਇਆਂ ਨੂੰ ਹਰ ਕੋਈ ਵਿਸਾਰ ਦੇਂਦਾ' । ੭. "ਹਿੱਸੇ ਅਸਾਂ ਦੇ ਜੰਗਲਾਂ ਵਿਚ ਫਿਰਨਾ; ਹਿੱਸੇ ਤੁਸਾਂ ਦੇ ਉੱਚੀ ਅਟਾਰੀ, ਚੰਨਾ ! ਸਾਡੇ ਹਿੱਸੇ ਪਹਾੜਾਂ ਦੇ ਤੇਜ਼ ਖਿੰਘਰ; ਹਿੱਸੇ ਤੁਸਾਂ ਦੇ ਪਲੰਘ ਨਵਾਰੀ, ਚੰਨਾ ! ਹਿੱਸੇ ਅਸਾਂ ਦੇ ਪੋਟਲੀ ਕੰਡਿਆਂ ਦੀ, ਹਿੱਸੇ ਤੁਸਾਂ ਦੇ ਫੁੱਲਾਂ ਦੀ ਖਾਰੀ, ਚੰਨਾ ! ਗਲ ਅਸਾਂ ਦੇ ਕੰਬਲੀ ਜੋਗਣਾਂ ਦੀ; ਗਲ ਤੁਸਾਂ ਦੇ ਬਾਂਹ ਪਿਆਰੀ,ਚੰਨਾ ! ਹੁਣ ਤਾਂ ਅੱਖੀਆਂ ਦੇ ਉੱਤੋਂ ਖੋਲ੍ਹ ਪੱਟੀ, ਘੱਤ ਲੂਣ ਨਾ ਅੱਲਿਆਂ ਫਟਾਂ ਉੱਤੇ । ਤੇਰਾ 'ਦਿਲ-ਮਿਰਜ਼ਾ' ਕਦੋਂ ਤੀਕ ਸੌਂਸੀ, 'ਭੁੱਲ-ਸਾਹਿਬਾਂ' ਦੇ ਸੁਹਲ ਪਟਾਂ ਉੱਤੇ । ੮. "ਉਹ ਵੀ ਸਮਾਂ ਸੀ ਪਲਕ ਨਾ ਝੱਲਦਾ ਸੈਂ ਵੇ ਤੂੰ ਮੇਰੀਆਂ ਅੱਖਾਂ ਵਟਾਈਆਂ ਨੂੰ । ਹੱਸ ਹੱਸ ਕੇ ਵੱਢੀਆਂ ਤਾਰਦਾ ਸੈਂ ਮੇਰੇ ਨੈਣਾਂ ਦੇ ਸ਼ੋਖ਼ ਸਿਪਾਹੀਆਂ ਨੂੰ । ਤੱਕ ਤੱਕ ਕੇ ਮੂਲ ਨਾ ਰੱਜਦਾ ਸੈਂ ਵੇ ਤੂੰ ਮੇਰੀਆਂ ਕੋਮਲ ਕਲਾਈਆਂ ਨੂੰ । ਆ ਕੇ ਨਵਿਆਂ ਖ਼ੁਮਾਰਾਂ ਦੇ ਲੋਰ ਅੰਦਰ ਅੱਜ ਭੁੱਲ ਬੈਠੈਂ ਅੱਖਾਂ ਲਾਈਆਂ ਨੂੰ ! ਲੋਹਾ ਆਖਾਂ ਕਿ ਤੈਨੂੰ ਤਰਾੜ ਆਖਾਂ, ਵੇ ਮੈਂ ਕੀ ਆਖਾਂ, ਮੇਰੇ ਕੰਤ, ਤੈਨੂੰ ? ਹੁਣ ਤੇ ਛੇਵੀਂ ਬਸੰਤ ਵੀ ਲੰਘ ਗਈ ਏ, ਚੇਤੇ ਆਈ ਨਾ ਆਪਣੀ 'ਬਸੰਤ' ਤੈਨੂੰ ?" ੯. ਉਸ ਦੇ ਮੂੰਹੋਂ ਬਸੰਤ ਦਾ ਨਾਂ ਸੁਣ ਕੇ ਝੜੀ ਝੱਲਿਆਂ ਨੈਣਾਂ ਨੇ ਲਾ ਦਿੱਤੀ । ਰੋਂਦਾ ਵੇਖ ਉਸ ਹੂਰ ਨੇ ਸੋਹਲ ਵੀਣੀ ਮੇਰੀ ਧੌਣ ਦੇ ਗਿਰਦੇ ਵਲਾ ਦਿੱਤੀ । ਮੈਂ ਵੀ ਕੰਬਦੀ ਕੰਬਦੀ ਬਾਂਹ ਆਪਣੀ ਓਸ ਸੋਹਣੀ ਦੇ ਗਲ ਵਿਚ ਪਾ ਦਿੱਤੀ । ਗਲੇ ਮਿਲਦਿਆਂ ਹੀ ਮੂਧਾ ਜਾ ਪਿਆ ਮੈਂ, ਮੇਰੀ ਸੱਧਰਾਂ ਹੋਸ਼ ਭੁਲਾ ਦਿੱਤੀ । ਜਦੋਂ ਹੋਸ਼ ਆਈ ਕੀ ਹਾਂ ਵੇਖਦਾ ਮੈਂ, ਨਵੀਂ ਨਾਰ ਸਿਰ੍ਹਾਣੇ ਤੇ ਖੜ੍ਹੀ ਹੋਈ ਏ । ਡਿੱਗਾ ਪਿਆ ਵਾਂ ਫ਼ਰਸ਼ ਤੇ ਮੂੰਹ ਪਰਨੇ, ਹੱਥੀਂ ਫ਼ੋਟੋ ਬਸੰਤ ਦੀ ਫੜੀ ਹੋਈ ਏ ।

4. ਨੂਰ ਜਹਾਂ

ਰੋਜ਼ਾ ਤੇਰਾ, ਸੋਹਣੀਏ ! ਲੋਕਾਂ ਲਈ ਮਸਾਣ । ਪਰ ਸ਼ਾਇਰ ਦੀ ਨਜ਼ਰ ਵਿਚ, ਇਹ ਇਕ ਪਾਕ ਕੁਰਾਨ । ਤੇੜਾਂ ਇਹਦੀਆਂ ਆਇਤਾਂ, ਜੇ ਪੜ੍ਹੀਏ ਨਾਲ ਧਿਆਨ, ਖ਼ੁਦੀ ਤਕੱਬਰ ਛੱਡ ਕੇ, ਬਣ ਜਾਈਏ ਇਨਸਾਨ । ੧. ਫੁੱਟੀ ਪਹੁ ਮੂੰਹ-ਝਾਖਰਾ ਆਣ ਹੋਇਆ, ਤਾਂਘ-ਨੈਣੀਆਂ ਅੱਖੀਆਂ ਮੱਲੀਆਂ ਨੇ । ਤ੍ਰੇਲ-ਮੋਤੀਆਂ ਦੀ ਮੂੰਹ-ਵਿਖਾਈ ਲੈ ਕੇ, ਚਾਏ ਘੁੰਡ ਸ਼ਰਮਾਕਲਾਂ ਕੱਲੀਆਂ ਨੇ । ਬਾਹਰ ਕੱਢਿਆ ਗੁੱਜਰਾਂ ਚੌਣਿਆਂ ਨੂੰ; ਦੁੱਧਾਂ ਵਿਚ ਮਧਾਣੀਆਂ ਹੱਲੀਆਂ ਨੇ । ਸੱਕ ਮਲਦੀਆਂ, ਰਾਵੀ ਦੇ ਪੱਤਣਾਂ ਨੂੰ ਅੱਗ ਲਾਣ ਲਾਹੌਰਨਾਂ ਚੱਲੀਆਂ ਨੇ । ਏਹੋ ਜਿਹੇ ਦਿਲ-ਖਿੱਚਵੇਂ ਸਮੇਂ ਅੰਦਰ, ਆਪਣੇ ਆਪ ਨੂੰ ਸ਼ਹਿਰ ਚੋਂ ਖਿੱਚ ਲਿਆ ਮੈਂ । ਹਵਾ ਫੱਕਦਾ ਰਾਵੀ ਦੇ ਕੰਢਿਆਂ ਦੀ, ਸ਼ਾਹੀ ਰੌਜ਼ਿਆਂ ਉੱਤੇ ਜਾ ਨਿਕਲਿਆ ਮੈਂ । ੨. ਕੀ ਹਾਂ ਵਿੰਹਦਾ ! ਬਬੋਹਿਆਂ ਤੇ ਕਿਰਲਿਆਂ ਦੀ ਲੱਥੀ ਹੋਈ ਏ ਹਰ ਥਾਂ ਬਰਾਤ ਅੰਦਰ । ਚੱਪੇ ਚੱਪੇ ਤੇ ਮਕੜੀਆਂ ਜਾਲ ਤਣਕੇ, ਦੜੀਆਂ ਹੋਈਆਂ ਨੇ ਮੱਖੀ ਦੀ ਘਾਤ ਅੰਦਰ । ਛੱਤਾਂ ਨਾਲ ਚਮਗਾਦੜਾਂ ਲਮਕੀਆਂ ਨੇ; ਛਾਈ ਹੋਈ ਏ ਮੱਸਿਆ ਦੀ ਰਾਤ ਅੰਦਰ । ਯਾਂ ਫਿਰ ਅਜੇ ਵੀ ਬੇਗ਼ਮ ਦੇ ਹੁਸਨ ਕੋਲੋਂ, ਡਰਦਾ, ਸੂਰਜ ਨਾ ਪਾਂਵਦਾ ਝਾਤ ਅੰਦਰ ? ਵੇਖ ਮੋਤੀਆਂ ਵਾਲੀ ਦੇ ਮਕਬਰੇ ਨੂੰ, ਕਿਹੜੀ ਅੱਖ ਬਹਿ ਕੇ ਛਮ ਛਮ ਰੋਂਵਦੀ ਨਹੀਂ । ਕਸਮ ਰੱਬ ਦੀ ਏਕਣਾ ਨਾਲ ਤਾਂ ਫਿਰ, ਕਿਸੇ ਜੋਗਣ ਦੀ ਝੁੱਗੀ ਵੀ ਹੋਂਵਦੀ ਨਹੀਂ । ੩. ਡਾਟਾਂ ਖੱਖੜੀ ਵਾਂਗਰਾਂ ਪਾਟੀਆਂ ਨੇ, ਥਾਂ ਥਾਂ ਪਈਆਂ ਤਰੇੜਾਂ ਦੀਵਾਰ ਅੰਦਰ । ਧੂੰਏਂ ਨਾਲ ਧਵਾਂਖੇ ਨੇ ਛੱਤ ਲੋਕਾਂ, ਬਾਲ ਬਾਲ ਕੇ ਅੱਗਾਂ ਪਸਾਰ ਅੰਦਰ । ਸ਼ਮਾਦਾਨ ਕਾਫ਼ੂਰ ਦੇ ਜਗਦੇ ਸਨ, ਕਲ੍ਹ ਜਿਸ ਦੇ ਸ਼ਾਹੀ ਦਰਬਾਰ ਅੰਦਰ । ਅੱਜ ਮਿੱਟੀ ਦਾ ਦੀਵਾ ਵੀ ਬਾਲਦਾ ਨਹੀਂ, ਕੋਈ ਓਸ ਦੇ ਉਜੜੇ ਮਜ਼ਾਰ ਅੰਦਰ । ਇਹੋ ਜਿਹੀ ਸੋਹਣੀ ਸ਼ਕਲਵੰਦ ਸੂਰਤ, ਰੱਬਾ ਮੇਰਿਆ ਯਾਂ ਤੇ ਬਣਾਇਆ ਨਾ ਕਰ । ਜੇ ਤੂੰ ਬਿਨਾਂ ਬਣਾਏ ਨਹੀਂ ਰਹਿ ਸਕਦਾ, ਵਿੱਚ ਖ਼ਾਕ ਦੇ ਏਦਾਂ ਰਲਾਇਆ ਨਾ ਕਰ । ੪. ਜਿਸ ਦੇ ਡਲ੍ਹਕਣੇ ਹੁਸਨ ਦੀ ਸੋਟ ਵੇਲੇ, ਸੂਰਜ ਚੰਦ ਵਰਗੇ ਨੂਰ ਝੁੱਠਦੇ ਸਨ । ਜਿਸ ਦੇ ਪਿਆਰਿਆਂ ਨੈਣਾਂ ਦੇ ਠੱਗ ਦੋਵੇਂ, ਦਿਲ ਜਾਂਦਿਆਂ ਰਾਹੀਆਂ ਦੇ ਮੁੱਠਦੇ ਸਨ । ਸੂਹੇ ਫੁੱਲਾਂ ਦੀ ਅੱਗ ਨੂੰ ਹੱਥ ਲਾਇਆਂ, ਜਿਸਦੇ ਪੋਟਿਆਂ ਤੇ ਛਾਲੇ ਉਠਦੇ ਸਨ । ਜਿਸ ਦੇ ਮਾਂਦਰੀ-ਹੁਸਨ ਦਾ ਦੀਦ ਕਰਕੇ, ਮੁਰਦੇ ਉੱਠਦੇ ਤੇ ਜੀਂਦੇ ਕੁੱਠਦੇ ਸਨ । ਰੱਬਾ ! ਉਸ ਦੀ ਜਾਨ ਵੀ ਲੈਣ ਲਗਿਆਂ, ਅਜ਼ਰਾਈਲ ਤੇਰਾ ਜ਼ਰਾ ਕੰਬਿਆ ਨਹੀਂ ? ਜਿਵੇਂ ਲੇਟੀ ਸੀ ਓਵੇਂ ਹੀ ਦਿਸਦੀ ਏ, ਹਾਏ ! ਸ਼ੋਹਦੀ ਦਾ ਪਾਸਾ ਵੀ ਅੰਬਿਆ ਨਹੀਂ ! ੫. ਜਿਸ ਦੀ ਰਾਜਸੀ ਚਾਲਾਂ ਦੀ ਧਾਂਕ ਸੁਣ ਕੇ, ਚੰਗੇ ਚੰਗਿਆਂ ਦੇ ਛੱਕੇ ਛੁੱਟਦੇ ਸਨ ; ਜਿਸ ਦੀ ਸ਼ਾਇਰੀ ਦੇ ਰੁਅਬਦਾਬ ਅੱਗੇ, 'ਬੂਕਲੀਮ' ਵਰਗੇ ਧੌਣਾਂ ਸੁੱਟਦੇ ਸਨ ; ਜਿਸ ਦੇ ਮੱਥੇ ਦੀ ਘੂਰ ਦੇ ਵੱਟ ਜਾ ਕੇ, ਸ਼ਾਹੀ ਕਾਗ਼ਜ਼ਾਂ ਦੇ ਗਲੇ ਘੁੱਟਦੇ ਸਨ ; ਜਿਸ ਦੀ ਉਡਣੀ ਅਕਲ ਦੇ ਤੀਰ ਖਾ ਕੇ, ਨੀਲੇ ਅੰਬਰਾਂ 'ਚੋਂ ਤਾਰੇ ਟੁੱਟਦੇ ਸਨ ; ਓਸ ਅਕਲ ਦੀ ਪੁਤਲੀ ਦੇ ਮਕਬਰੇ ਤੇ, ਅੱਜ ਹਸਰਤਾਂ ਦੀ ਝੜੀ ਵੱਸਦੀ ਏ ; ਨਾ ਹੀ ਕੋਈ ਭੰਬਟ ਆ ਕੇ ਰੋਂਵਦਾ ਏ ; ਨਾ ਹੀ ਕੋਈ ਬੁਲਬੁਲ ਬੈਠੀ ਹੱਸਦੀ ਏ । ੬. ਆਓ ਬੁਲਬੁਲੋ ! ਬੇਗ਼ਮ ਦੇ ਮਕਬਰੇ ਤੇ, ਜ਼ਰਾ ਰਲ ਮਿਲ ਕੇ ਚਹਿਚਹਾ ਲਈਏ । ਆਓ ਭੰਬਟੋ ! ਹੁਸਨ ਦੀ ਸ਼ਮ੍ਹਾਂ ਉੱਤੋਂ, ਰਲ ਮਿਲ ਕੇ ਜਾਨਾਂ ਘੁਮਾ ਲਈਏ । ਆਓ ਬੱਦਲੋ ! ਮਲਕਾਂ ਦੀ ਯਾਦ ਅੰਦਰ, ਬਿੱਦ ਬਿੱਦ ਕੇ ਹੰਝੂ ਵਸਾ ਲਈਏ । ਆਓ ਭੌਰਿਓ ! ਭੂੰ ਭੂੰ ਦਾ ਸ਼ੋਰ ਪਾ ਕੇ, ਸੁੱਤੀ ਹੂਰ ਨੂੰ ਮੁੜ ਕੇ ਜਗਾ ਲਈਏ । ਉਸਦੀ ਬਾਤਨੀ ਖ਼ੂਬੀ ਨੂੰ ਕੋਈ ਰੋਵੇ, ਅਤੇ ਕੋਈ ਰੋਵੇ ਉਸਦੀ ਜ਼ਾਹਿਰੀ ਨੂੰ । ਮੈਨੂੰ ਕਿਸੇ ਵੀ ਗੱਲ ਦਾ ਨਹੀਂ ਮੰਦਾ, ਮੈਂ ਤੇ ਰੋਵਨਾਂ ਵਾਂ ਉਹਦੀ ਸ਼ਾਇਰੀ ਨੂੰ । ੭. ਉਹਦੀ ਸ਼ਾਇਰੀ ਦੀ ਜਦੋਂ ਯਾਦ ਆਈ, ਢੇਰੀ ਹੌਸਲੇ ਮੇਰੇ ਦੀ ਢਹਿਣ ਲੱਗੀ । ਡੌਰ-ਭੌਰ ਹੋ ਕੇ ਪਿਛਾਂਹ ਜਾ ਪਿਆ ਮੈਂ, ਨਦੀ ਹੰਝੂਆਂ ਦੀ ਅੱਖੋਂ ਵਹਿਣ ਲੱਗੀ । ਰੋਂਦੇ ਰੋਂਦਿਆਂ ਲੱਗ ਗਈ ਅੱਖ ਮੇਰੀ, ਨੀਂਦ ਮਿੱਠੜੀ-ਮਿੱਠੜੀ ਪੈਣ ਲੱਗੀ । ਸੁੱਤਾ ਦੇਖ ਮੈਨੂੰ, ਨੂਰਜ੍ਹਾਨ ਬੇਗ਼ਮ ਵਿਚ ਖ਼ਾਬ ਦੇ ਆ ਕੇ ਕਹਿਣ ਲੱਗੀ : "ਮੇਰੀ ਸ਼ਾਇਰੀ ਦੀ ਜਿਵੇਂ ਕਦਰ ਕਰ ਕੇ, ਮੇਰੀ ਕਬਰ ਤੇ ਕੇਰੇ ਨੀ ਚਾਰ ਹੰਝੂ । ਇਵੇਂ ਮੋਹਨਾ ਤੈਨੂੰ ਵੀ ਯਾਦ ਕਰ ਕਰ, ਲੋਕੀਂ ਕੇਰਸਨਗੇ ਬੇਸ਼ੁਮਾਰ ਹੰਝੂ ।"

ਕੈਸ-ਮਜਨੂੰ, ਲੇਲੀ ਦਾ ਆਸ਼ਕ।

ਮਿਹਰਾਂ—ਪੂਰਾ ਨਾਂ ਮਿਹਰ-ਉਨ-ਨਿਸਾ । ਇਹ ਨੂਰ ਜਹਾਨ ਬੇਗਮ ਦਾ ਪਹਿਲਾ ਨਾਂ ਸੀ।

ਕੁਬਜਾਂ—ਇਕ ਕੁੱਬੀ ਸੁੰਦਰੀ ਜੋ ਰੋਜ਼ ਕੈਂਹ ਦੇ ਕਟੋਰੇ ਵਿਚ ਚੰਦਨ ਘਸਾ ਕੇ ਕੰਸ ਨੂੰ ਤਿਲਕ ਲਾਇਆ ਕਰਦੀ ਸੀ । ਇਕ ਦਿਨ ਕ੍ਰਿਸ਼ਨ ਨੇ ਉਸ ਨੂੰ ਕਿਹਾ ਕਿ ਅੱਜ ਤਿਲਕ ਮੈਨੂੰ ਲਾ ਦੇ । ਉਸ ਨੇ ਲਾ ਦਿੱਤਾ । ਇਸ ਤੇ ਪ੍ਰਸੰਨ ਹੋ ਕੇ ਕ੍ਰਿਸ਼ਨ ਨੇ ਉਸ ਦੇ ਪੈਰਾਂ ਤੇ ਪੈਰ ਰੱਖ, ਬਾਹੋਂ ਫੜ ਤੇ ਉਤਾਂਹ ਨੂੰ ਖਿਚ ਉਸ ਦਾ ਕੁੱਬ ਕਢ ਦਿੱਤਾ। ਕੁੱਬ ਨਿਕਲ ਜਾਣ ਤੇ ਉਹ ਇਤਨੀ ਸੋਹਣੀ ਹੋ ਗਈ ਕਿ ਕ੍ਰਿਸ਼ਨ ਉਸ ਦੇ ਕੋਲ ਹੀ ਰਹਿ ਪਿਆ ਤੇ ਰਾਧਾਂ ਨੂੰ ਭੁੱਲ ਗਿਆ ।

ਸ਼ਕਰ-ਲਬ—ਇਸਫਹਾਨ ਸ਼ਹਿਰ ਦੀ ਇਕ ਸੁੰਦਰੀ ਜਿਸ ਦੇ ਜੋਬਨ ਤੇ ਮੋਹਤ ਹੋ ਕੇ ਖ਼ੁਸਰੋ (ਨੌਸ਼ੀਰਵਾਨ) ਆਪਣੀ ਪਿਆਰੀ ਸ਼ੀਰੀਂ ਨੂੰ ਭੁੱਲ ਗਿਆ ਸੀ।

ਬੂਕਲੀਮ—ਪੂਰਾ ਨਾਂ ਅਬੂ ਤਾਲਬ ਕਲੀਮ । ਇਹ ਜਹਾਂਗੀਰ ਦਾ ਦਰਬਾਰੀ ਕਵੀ ਸੀ। ਨੂਰ ਜਹਾਨ ਹਮੇਸ਼ਾਂ ਇਸ ਦੀ ਕਵਿਤਾ ਦੀਆਂ ਗਲਤੀਆਂ ਕਢਵੀਂ ਹੁੰਦੀ ਸੀ। (ਵੇਖੋ ਸ਼ੇਅਰ ਉਲ-ਅਜਮ, ਭਾਗ ਤੀਜਾ, ਸਫਾ ੧੮੬)

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ