Chandanwari : Lala Dhani Ram Chatrik

ਚੰਦਨਵਾੜੀ : ਲਾਲਾ ਧਨੀ ਰਾਮ ਚਾਤ੍ਰਿਕ

ਪਹਿਲਾ ਭਾਗ (ਪ੍ਰਾਰਥਨਾ) 1. ਮੰਗਲਾ-ਚਰਣ

ਗੀਤ-(ਤਰਜ਼ ਅੰਗਰੇਜ਼ੀ)

ਦੀਨ ਦੁਨੀ ਦੇ ਮਾਲਿਕ ! ਤੂੰ ਕਰਦੇ ਬੇੜਾ ਪਾਰ,
ਬਰਕਤਾਂ ਵਸਾ ਕੇ, ਬਾਗ਼ ਤੇ ਲਿਆ ਬਹਾਰ,
ਪਾ ਦੇ ਠੰਢ ਠਾਰ । ਦੀਨ ਦੁਨੀ…

ਤਾਰੇ ਦੇ ਅੰਦਰ ਰੁਸ਼ਨਾਈ ਤੇਰੀ,
ਸੂਰਜ ਦੇ ਅੰਦਰ ਗਰਮਾਈ ਤੇਰੀ,
ਸਾਗਰ ਦੇ ਅੰਦਰ ਡੂੰਘਾਈ ਤੇਰੀ,
ਆਕਾਸ਼ਾਂ ਤੇ ਤੇਰਾ ਖਿਲਾਰ ।ਦੀਨ ਦੁਨੀ…

ਹਾਥੀ ਤੇ ਕੀੜੀ ਵਿਚ ਇੱਕੋ ਸਾਮਾਨ,
ਹਰ ਕਤਰਾ ਲਹੂ ਵਿਚ ਅਣਗਿਣਤ ਜਾਨ,
ਹਰ ਜਾਨ ਦੇ ਅੰਦਰ ਤੇਰਾ ਮਕਾਨ,
ਕੀ ਕਰੀਏ ਤੇਰਾ ਸ਼ੁਮਾਰ ? ਦੀਨ ਦੁਨੀ…

2. ਅਰਦਾਸ

ਕਰਤਾਰ ! ਜਗਤ-ਅਧਾਰ ਪਿਤਾ !
ਮੈਂ ਨੀਚ ਅਧਮ ਇਕ ਬਾਲ ਤਿਰਾ,
ਕਰ ਸਕਾਂ ਕਥਨ ਇਕਬਾਲ ਕਿਵੇਂ,
ਇਸ ਅਲਪ ਅਕਲ ਦੇ ਨਾਲ ਤਿਰਾ ।

ਜਦ ਸੁਰਤ ਨਿਗਾਹ ਦੌੜਾਂਦੀ ਹੈ,
ਚੁੰਧਿਆ ਕੇ ਚੁਪ ਰਹਿ ਜਾਂਦੀ ਹੈ,
ਤਕ ਤਣਿਆ ਕੁਦਰਤ ਜਾਲ ਤਿਰਾ,
ਵੈਰਾਟ ਸਰੂਪ ਵਿਸ਼ਾਲ ਤਿਰਾ ।

ਇਕ ਬੀਜੋਂ ਬਿਰਛ ਨਿਕਲਦੇ ਨੂੰ,
ਪੁੰਗਰਦੇ, ਫੁਲਦੇ, ਫਲਦੇ ਨੂੰ,
ਰਗ ਰਗ ਵਿਚ ਖੂਨ ਉਛਲਦੇ ਨੂੰ,
ਤਕ ਪਾਵੇ ਨਜ਼ਰ ਜਮਾਲ ਤਿਰਾ ।

ਗ੍ਰਹ, ਤਾਰੇ, ਬਿਜਲੀ, ਸੂਰਜ, ਚੰਨ,
ਨਦ, ਸਾਗਰ, ਪਰਬਤ, ਬਨ ਉਪਬਨ,
ਬ੍ਰਹਮੰਡ ਤਿਰੇ, ਭੂ-ਖੰਡ ਤਿਰੇ,
ਆਕਾਸ਼ ਤਰਾ, ਪਾਤਾਲ ਤਿਰਾ ।

ਤੂੰ ਆਦਿ ਅੰਤ ਬਿਨ, ਅਜਰ, ਅਟਲ,
ਤੂੰ ਅਗਮ, ਅਗੋਚਰ, ਅਤੁਲ, ਅਚਲ,
ਅਜ, ਅਮਰ, ਅਰੂਪ, ਅਨਾਮ, ਅਕਲ,
ਅਨਵਰਤ, ਅਖੰਡ ਜਲਾਲ ਤਿਰਾ ।

ਵਿਧਿ, ਨਾਰਦ, ਸ਼ੇਸ਼ ਵਿਆਸ ਜਿਹੇ,
ਅੰਗਿਰਾ ਆਦਿ ਲਿਖ ਹਾਰ ਗਏ,
ਕੁਝ ਹਾਲ ਤਿਰਾ ਜਦ ਕਹਿਣ ਲਗੇ,
ਕਰ ਸਕੇ ਨਾ ਹੱਲ ਸਵਾਲ ਤਿਰਾ ।

ਤੂੰ ਝਲਕੇਂ ਹਰ ਆਈਨੇ ਵਿਚ,
ਜ਼ੱਰੇ ਜ਼ੱਰੇ ਦੇ ਸੀਨੇ ਵਿਚ,
ਸੀਨੇ ਦੇ ਗੁਪਤ ਖਜ਼ੀਨੇ ਵਿਚ,
ਧਨ ਮਾਲ, ਅਮੋਲਕ ਲਾਲ ਤਿਰਾ ।

ਕਲੀਆਂ ਵਿਚ ਲੁਕ ਲੁਕ ਵਸਦਾ ਹੈਂ,
ਫੁਲ ਦੇ ਚਿਹਰੇ ਪਰ ਹਸਦਾ ਹੈਂ,
ਚੜ੍ਹ ਵਾ ਦੇ ਘੋੜੇ ਨਸਦਾ ਹੈਂ,
ਵਾਹ ਰੰਗਬਰੰਗ ਖਿਆਲ ਤਿਰਾ ।

ਸਬਜ਼ ਦੇ ਨਾਦ ਨਿਹਾਨੀ ਵਿਚ,
ਪੰਛੀ ਦੀ ਲੈ ਮਸਤਾਨੀ ਵਿਚ,
ਨਦੀਆਂ ਦੇ ਸ਼ੋਰ ਰਵਾਨੀ ਵਿਚ,
ਹੈ ਗੂੰਜ ਰਿਹਾ ਸੁਰ ਤਾਲ ਤਿਰਾ ।

ਸ੍ਰਿਸ਼ਟੀ ਰਚ ਦੇਵੇਂ ਮੌਜ ਲਿਆ,
ਅਰ ਪਰਲੈ ਕਰੇਂ ਇਕ ਨਿਗਾਹ ਫਿਰਾ,
ਰੇਤਾ ਦਰਯਾ, ਦਰਯਾ ਰੇਤਾ,
ਵਾਹ ਨਦਰ-ਨਿਹਾਲ ! ਕਮਾਲ ਤਿਰਾ ।

ਹਰ ਮੰਦਰ ਜੈਜੈਕਾਰ ਤਿਰਾ,
ਹਰ ਸੂਰਤ ਪਰ ਝਲਕਾਰ ਤਿਰਾ,
ਮਹਿਕਾਰ ਤਿਰੀ, ਸ਼ਿੰਗਾਰ ਤਿਰਾ,
ਪਰਤਾਪ ਤਿਰਾ, ਇਕਬਾਲ ਤਿਰਾ ।

3. ਬੇਨਤੀ

ਹੇ ਸੁੰਦਰਤਾ ! ਹੇ ਜੋਤੀ ! ਹੇ ਸ਼ਾਂਤ ਬਹਿਰ ਦੇ ਮੋਤੀ !
ਹੇ ਲਟ ਪਟ ਕਰਦੇ ਤਾਰੇ ! ਹੇ ਬਿਜ਼ਲੀ ਦੇ ਲਿਸ਼ਕਾਰੇ !
ਹੇ ਗਰਮੀ ਪ੍ਰੇਮ-ਅਗਨ ਦੀ ! ਉਚਿਆਈ ਧਰਮ ਗਗਨ ਦੀ !
ਆ ਜਾ ! ਮੇਰੇ ਵਿਚ ਆ ਜਾ ! ਵਿਸਮਾਦ ਨਗਰ ਦੇ ਰਾਜਾ !
ਲੂੰ ਲੂੰ ਵਿਚ ਵਸ ਜਾ ਮੇਰੇ, ਹਿਰਦੇ ਵਿਚ ਲਾ ਦੇ ਡੇਰੇ !
ਕਰ ਬਾਹਾਂ ਅੰਕ ਸਮਾ ਲੈ, ਸਾਗਰ ਵਿਚ ਬੂੰਦ ਰਲਾ ਲੈ ।
ਮੈਂ ਤੂੰ ਹੋਵਾਂ ਤੂੰ ਮੈਂ ਹੋ, ਮੈਂ ਲਹਿਰ ਬਣਾਂ, ਤੂੰ ਨੈਂ ਹੋ,
ਨਾ ਕੋਈ ਭੇਦ ਪਛਾਣੇ, ਮੈਂ ਤੂੰ ਨਾ ਦੋ ਕਰ ਜਾਣੇ ।
ਇਕ ਰੰਗੇ ਤੇ ਇਕ ਰਸੀਏ, ਆ ਘੁਲ ਮਿਲ ਕੇ ਹੁਣ ਵਸੀਏ ।
ਤੂੰ ਹਰ ਘਟੀਆ, ਹਰ ਜਾਈ, ਮੈਂ ਤੋਂ ਭੀ ਦੂਰ ਨ ਕਾਈ ;
ਪਰ ਬੰਦ ਜਦੋਂ ਤਕ ਦੀਦੇ, ਮਿਟਦੇ ਨਹਿੰ ਸਹਿੰਸੇ ਜੀ ਦੇ ।
ਉਹਲਾ ਕਰ ਕੇ ਇਕ ਪਾਸੇ, ਮੈਂ ਤੂੰ ਵਿਚ ਫਰਕ ਨਾ ਭਾਸੇ ।
ਐਸਾ ਮਿਲ ਜਾਏ ਟਿਕਾਣਾ, ਮਿਟ ਜਾਏ ਆਉਣ ਜਾਣਾ ।
ਕਰ ਹੌਲਾ ਵਾਂਗ ਹਵਾੜਾਂ, ਅਰ ਮੁਹਕਮ ਵਾਂਗ ਪਹਾੜਾਂ ;
ਹਸਮੁਖਾ ਅਨੰਦ ਰਸੀਲਾ, ਨਿਰਮਲ, ਵਿਸ਼ਾਲ ਚਮਕੀਲਾ ।
ਛੁਟ ਜਾਣ ਤਮਾਸ਼ੇ ਹਾਸੇ, ਹੋਵੇ ਇਕਾਂਤ ਸਭ ਪਾਸੇ ,
ਸੰਗੀ ਨਾ ਹੋਵਣ ਨੇੜੇ, ਦੁਖ ਸੁਖ ਨਾ ਜਿਸ ਥਾਂ ਛੇੜੇ ।
ਹੋਵੇ ਚੌਤਰਫ ਹਨੇਰਾ, ਇਕ ਚਾਨਣ ਚਮਕੇ ਤੇਰਾ !
ਉਸ ਚਾਨਣ ਵਿੱਚ ਸਮਾ ਕੇ ; ਮਿਟ ਜਾਵਾਂ ਆਪ ਮਿਟਾ ਕੇ ।

4. ਪ੍ਰਾਰਥਨਾ

(ਅਬਾਈਡ ਵਿਧ ਮੀ)
ਅੰਗ੍ਰੇਜ਼ੀ ਪ੍ਰਾਰਥਨਾ ਦਾ ਅਨੁਵਾਦ
(ਰਾਗ ਕਾਲੰਗੜਾ)
(ਧਾਰਨਾ ਚਰਖਾ ਕਾਤੋ ਤੋ ਬੇੜਾ ਪਾਰ ਹੈ)

ਰੱਬ ਜੀ ! ਰਹੁ ਮੇਰੇ ਨਾਲ ਤੂੰ, ਰੱਬ ਜੀ :
ਵਸ ਕੋਲ ਮੇਰੇ ਹਰ ਹਾਲ ਤੂੰ, ਰੱਬ ਜੀ :

ਹੁਣ ਸੰਞ ਦਾ ਪਹਿਰਾ ਛਾ ਰਿਹਾ, ਤੇ ਹਨੇਰਾ ਵਧ ਵਧ ਆ ਰਿਹਾ ।
ਦਿਲ ਹੁੰਦਾ ਏ ਡਾਵਾਂਡੋਲ ਵੇ, ਰਹੁ ਸਾਈਆਂ ! ਮੇਰੇ ਕੋਲ ਵੇ ।
ਸਾਥੀ ਨਾ ਕੋਲ ਖਲੋਣ ਜਾਂ, ਦਰਦੀ ਸਭ ਉਹਲੇ ਹੋਣ ਜਾਂ ।
ਲੁਕ ਜੀ ਪਰਚਾਵੇ ਜਾਣ ਜਾਂ, ਸੁਖ ਸਾਰੇ ਕੰਡ ਵਲਾਣ ਜਾਂ ।
ਬਣ ਬਣੀਆਂ ਦਾ ਭਾਈਵਾਲ ਤੂੰ,
ਰੱਬ ਜੀ ! ਰਹੁ ਮੇਰੇ ਨਾਲ ਤੂੰ ।

ਨਿੱਕਾ ਜਿਹਾ ਦਿਹਾੜਾ ਜ਼ਿੰਦ ਦਾ, ਹੈ ਪਰਾਹੁਣਾ ਹੁਣ ਘੜੀ-ਬਿੰਦ ਦਾ ।
ਜਾਏ ਕਾਹਲੀ ਕਾਹਲੀ ਮੁੱਕਦਾ, ਅੰਤ ਨੇੜੇ ਆਵੇ ਢੁੱਕਦਾ ।
ਚੋਜ ਜੱਗ ਦੇ ਰੰਗ ਵਟਾ ਰਹੇ, ਠਾਠ ਬਾਠ ਲੰਘੀਂਦੇ ਜਾ ਰਹੇ ।
ਚੌਫੇਰ ਉਦਾਸੀ ਛਾਈ ਏ, ਸਭ ਬਣਤਰ ਫਿੱਕੀ ਪਾਈ ਏ ।
ਇਕ ਰਸੀਆ ਜੋ ਹਰ ਹਾਲ ਤੂੰ,
ਰੱਬ ਜੀ ! ਰਹੁ ਮੇਰੇ ਨਾਲ ਤੂੰ ।

ਘੜੀਆਂ ਜੋ ਬੀਤਣ ਮੇਰੀਆਂ, ਨਿਤ ਤਾਂਘਣ ਮਿਹਰਾਂ ਤੇਰੀਆਂ ।
ਤੁਧ ਬਾਝੋਂ ਕੌਣ ਬਚਾ ਸਕੇ, ਮੈਨੂੰ ਪਾਪ ਦੇ ਰਾਹੋਂ ਹਟਾ ਸਕੇ ।
ਕੋਈ ਰਹਬਰ ਹੋਰ ਨਾ ਸੁਝਦਾ, ਤੂਹੋਂ ਮਾਣ ਸਹਾਰਾ ਮੁਝ ਦਾ ।
ਭਾਵੇਂ ਝੱਖੜ ਹੋਵੇ ਝੁੱਲਿਆ, ਭਾਵੇਂ ਨਿੰਮਲ ਚਾਨਣ ਖੁੱਲਿਆ ।
ਮੇਰਾ ਹਰਦਮ ਰੱਖ ਖਿਆਲ ਤੂੰ,
ਰੱਬ ਜੀ ! ਰਹੁ ਮੇਰੇ ਨਾਲ ਤੂੰ ।

ਅੱਖਾਂ ਮਿਟਦੀਆਂ ਜਾਂਦੀਆਂ ਮੇਰੀਆਂ,ਤੇ ਉਡੀਕਣ ਰਿਸ਼ਮਾਂ ਤੇਰੀਆਂ ।
ਕੋਈ ਪਰੇਮ-ਨਿਸ਼ਾਨ ਦਿਖਾਲ ਦੇ, ਵਿਚ ਕਾਲਕ ਭੇਜ ਜਲਾਲ ਦੇ ।
ਮੈਨੂੰ ਅਰਸ਼ ਦੇ ਕਿੰਗਰੇ ਚਾੜ੍ਹ ਲੈ, ਬੂਹੇ ਬਖਸ਼ਾਂ ਦੇ ਖੋਲ ਕੇ ਵਾੜ ਲੈ ।
ਪਹੁ ਫੁਟ ਪਈ ਸੁਰਗ ਦੁਆਰ ਦੀ, ਫੋਕੇ ਜਗ ਦੇ ਵਹਿਮਾਂ ਨੂੰ ਮਾਰਦੀ ।
ਜੀਉਣ ਮੌਤ, ਦੋਹਾਂ ਵਿਚ ਢਾਲ ਤੂੰ,
ਰੱਬ ਜੀ ! ਰਹੁ ਮੇਰੇ ਨਾਲ ਤੂੰ ।

5. ਦੂਜਾ ਭਾਗ (ਧਾਰਮਿਕ ਭਾਵ) ਚਾਨਣ ਜੀ !

ਚਾਨਣ ਜੀ ! ਤੁਸੀਂ ਲੰਘਦੇ ਲੰਘਦੇ ਕੀ ਅੱਖੀਆਂ ਨੂੰ ਕਹਿ ਗਏ ?
ਖਿੱਚ ਖਿੱਚੇ, ਕਰ ਲੰਮੀਆਂ ਬਾਹੀਂ,(ਅਸੀਂ)ਫੜਦੇ ਫੜਦੇ ਰਹਿ ਗਏ ।
ਭਜ ਭਜ ਮੋਏ(ਤੁਸੀਂ)ਹੱਥ ਨਾ ਆਏ(ਅਸੀਂ)ਘੁੱਟ ਕਲੇਜਾ ਬਹਿ ਗਏ ।
ਹਾੜੇ ਸਾਡੇ ਖੁੰਝ ਜ਼ਬਾਨੋਂ, ਅੱਖੀਆਂ ਥਾਣੀਂ ਵਹਿ ਗਏ ।

ਅਸੀਂ ਵਧੇ, ਤੁਸੀਂ ਉਹਲੇ ਹੋ ਗਏ ਦੇ ਕੇ ਪੀਂਘ ਹੁਲਾਰਾ ।
ਨੂਰਾਨੀ ਝਲਕਾਰੇ ਦਾ, ਉਹ, ਭੁਲਦਾ ਨਹੀਂ ਨਜ਼ਾਰਾ ।
ਸ਼ਮਸੀ ਰਿਸ਼ਮਾਂ ਥੀਂ ਚੁੰਧਿਆ ਕੇ, ਅੱਖਾਂ ਭੀੜੇ ਬੂਹੇ,
ਬਿਜਲੀ-ਕੂੰਦ ਧਸੀ ਰਗ ਰਗ ਵਿਚ ਥਰਕਿਆ ਜੁੱਸਾ ਸਾਰਾ ।

ਗੂੰਜ ਉਠੀ, ਸਿਰ ਝੁਮਣ ਲੱਗਾ, ਅਕਲ ਹੋਈ ਦੀਵਾਨੀਂ,
ਪ੍ਰੇਮ-ਸਰੂਰ ਜਿਹਾ ਇਕ ਆ ਕੇ, ਸੁਰਤ ਚੜ੍ਹੀ ਅਸਮਾਨੀਂ ।
ਸੁਪਨਾ ਸੀ, ਜਾਂ ਸਾਪਰਤਖ ਸੀ ? ਇਹ ਭੀ ਥਹੁ ਨਾ ਲੱਗੇ,
ਅੱਖਾਂ ਵਿਚ, ਹਾਂ, ਭਾਹ ਗੁਲਾਬੀ, ਰਹਿ ਗਈ ਟਿਕੀ ਨਿਸ਼ਾਨੀ ।

6. ਪ੍ਰੀਤਮ ਜੀ !

(ਕਾਫ਼ੀ)

ਪ੍ਰੀਤਮ ਜੀ ! ਕਿਉਂ ਤਰਸਾਂਦੇ ਹੋ ?
ਪ੍ਰੇਮ ਕਸਾਏ (ਅਸੀਂ) ਭਜ ਭਜ ਆਈਏ,
ਅੱਗੋਂ ਲੁਕ ਲੁਕ ਜਾਂਦੇ ਹੋ ।

ਨੈਣ ਲੜਾ ਕੇ, ਜ਼ਿੰਦ ਅਵਾ ਕੇ,
ਸੀਨੇ ਪ੍ਰੇਮ ਮੁਆਤਾ ਲਾ ਕੇ,
ਲਿਸ਼ਕ ਦਿਖਾ ਕੇ, ਧੁਹਾਂ ਪਾ ਕੇ,
ਹੁਣ ਕਿਉਂ ਅੱਖ ਚੁਰਾਂਦੇ ਹੋ ?

ਧਸ ਗਿਆ ਜਿਗਰ ਤੀਰ ਅਣੀਆਲਾ,
ਪੁਟ ਖੜਨਾ ਹੁਣ ਨਹੀਂ ਸੁਖਾਲਾ,
ਚੁੰਬਕ ਲੋਹੇ ਨੂੰ ਦਿਖਲਾ ਕੇ,
ਆਪਣਾ ਆਪ ਬਚਾਂਦੇ ਹੋ ?

ਪੜਦੇ ਨੂੰ ਹੁਣ ਪਰੇ ਹਟਾਓ,
ਭਰ ਗਲਵਕੜੀ ਠੰਢਕ ਪਾਓ,
ਖੁਲ੍ਹ ਕੇ ਨੂਰੀ ਝਲਕ ਦਿਖਾਓ,
ਕਿਸ ਪਾਸੋਂ ਸ਼ਰਮਾਂਦੇ ਹੋ ?

ਜੇ ਕੋਈ ਸਾਥੋਂ ਹੋਈ ਖੁਨਾਮੀ,
ਜਾਂ ਕੁਝ ਪ੍ਰੇਮ-ਲਗਨ ਵਿਚ ਖ਼ਾਮੀ,
ਬਖਸ਼ਾਂ ਦੇ ਦਰਵਾਜ਼ੇ ਥਾਣੀਂ,
ਕਿਉਂ ਨਹੀਂ ਪਾਰ ਲੰਘਾਦੇ ਹੋ ?

7. ਕੋਰਾ ਕਾਦਰ

(ਇਕ ਜਗਯਾਸੂ ਦੀ ਆਤਮਾ ਵਿਚ ਬੈਠ ਕੇ)
ਹੇ ਮੇਰੇ ਉਹ ! ਕਿ ਜਿਦ੍ਹਾ ਅੰਤ ਨਹੀਂ, ਆਦ ਨਹੀਂ,
ਹੇ ਮੇਰੇ ਉਹ ! ਕਿ ਜਿਦ੍ਹਾ ਨਾਮ ਅਜੇ ਯਾਦ ਨਹੀਂ,
ਹੇ ਮੇਰੇ ਉਹ ! ਕਿ ਜਿਦ੍ਹਾ ਘਰ ਕਿਤੇ ਆਬਾਦ ਨਹੀਂ,
ਕੌਣ ਹੈਂ ?ਕੀ ਹੈਂ ?ਤੇ ਕਿਸ ਥਾਂ ਹੈਂ ?ਜ਼ਰਾ ਦੱਸ ਤਾਂ ਸਹੀ,
ਸਾਧੀ ਊ ਚੁੱਪ ਕਿਹੀ ? ਖੁਲ੍ਹ ਕੇ ਜ਼ਰਾ ਹਸ ਤਾਂ ਸਹੀ ।

ਢੂੰਡਦੇ ਤੇਰਾ ਟਿਕਾਣਾ, ਹੋਏ ਬਰਬਾਦ ਕਈ,
ਤੇਰੇ ਦਰ ਲਈ ਕਰ ਗਏ ਫਰਯਾਦ ਕਈ,
ਤੇਰੇ ਰਾਹਾਂ ਤੇ ਖਲੇ ਫਸ ਗਏ ਆਜ਼ਾਦ ਕਈ,
ਰੁੜ੍ਹ ਗਏ ਤਾਰੂ ਕਈ, ਭੁਲ ਗਏ ਉਸਤਾਦ ਕਈ,
ਫਿਕ੍ਰ ਨੇ ਗੋਤਾ ਲਗਾ ਥਾਹ ਨ ਪਾਈ ਤੇਰੀ,
ਉੱਡ ਕੇ ਪਾ ਨ ਸਕੀ ਅਕਲ ਉੱਚਾਈ ਤੇਰੀ,

ਸੀਨਾ ਏਕਾਂਤ ਦਾ ਭੀ ਵਸਦਾ ਨਾ ਕਿਧਰੇ ਪਾਇਆ,
ਤਯਾਗ ਦੇ ਨੰਗ ਤੇ ਭੀ, ਡਿੱਠਾ ਨਾ ਤੇਰਾ ਸਾਇਆ,
ਵਸਤੀਆਂ ਵਿਚ ਭੀ ਨਜ਼ਰ ਜਲਵਾ ਨਾ ਤੇਰਾ ਆਇਆ,
ਨਾ ਬੀਆਬਾਨੀਂ ਕਿਤੇ ਜਾਪਦਾ ਤੰਬੂ ਲਾਇਆ,
ਦੱਸਾਂ ਇਹ ਪੈਣ, ਕਿ ਹੈ, ਹੈ, ਪਰ ਅਜੇ ਦੂਰ ਜਿਹੇ,
ਦੂਰ ਜਾ ਜਾ ਕੇ ਭੀ ਸੁਣਦੇ ਹੀ ਗਏ *ਦੂਰ ਜਿਹੇ* ।

ਦੂਰੀਆਂ ਕੱਛਦੇ ਜਦ ਕਰ ਨ ਸਕੇ ਟੋਲ ਕਿਤੇ,
ਵਾਜ ਆਈ, ਕਿ ਉਹੋ ! ਦੇਖ ਜ਼ਰਾ ਕੋਲ ਕਿਤੇ,
ਆਪਣੇ ਅੰਦਰੇ ਮਤ, ਹੋਵੇ ਅਣਭੋਲ ਕਿਤੇ,
ਕੀਤੀ ਪੜਚੋਲ ਕਿਤੇ, ਟੋਲ ਕਿਤੇ, ਫੋਲ ਕਿਤੇ,
ਖੋਜੀਆਂ ਖੂੰਜਾਂ ਸਭੇ, ਆਈ ਕਿਤੋਂ ਵਾ ਭੀ ਨਹੀਂ,
ਕੈਸਾ ਅੰਧੇਰ ਪਿਆ, ਹੈਂ ਭੀ ਤੇ ਦਿਸਦਾ ਭੀ ਨਹੀਂ ।

ਅੱਡ ਕੇ ਐਡੇ ਅਡੰਬਰ ਨੂੰ ਕਿਧਰ ਜਾ ਬੈਠੋਂ ?
ਦੇ ਕੇ ਝਲਕਾਰਾ ਜਿਹਾ, ਪੜਦੇ ਕਿਹੇ ਪਾ ਬੈਠੋਂ ?
ਨੈਣਾਂ ਵਿਚ ਤਾਂਘ ਟਿਕਾ, ਨੈਣ ਕਿਤੇ ਲਾ ਬੈਠੋਂ ?
ਜਿਉੇਂਦਿਆਂ ਫੇਰ ਕਦੀ ਮਿਲਨੇ ਦੀ ਸਹੁੰ ਪਾ ਬੈਠੋਂ ?
ਕੁੰਡੀ ਵਿਚ ਫਾਹਣਾ, ਤੇ ਉੱਪਰ ਨ ਉਠਾਣਾ, ਇਹ ਕੀ ?
ਹਸਦਿਆਂ ਤੋਰ ਕੇ ਫਿਰ ਮੂੰਹ ਨਾ ਦਿਖਾਣਾ ਇਹ ਕੀ ?

ਡਾਢਾ ਤੜਫਾਇਆ ਜੋ ਨਿਕਲੇ ਤੇਰੇ ਦੀਦਾਰ ਲਈ !
ਭੁੱਜੇ ਪਰਵਾਨੇ ਕਈ, ਚੁੰਮ ਗਏ ਦਾਰ ਕਈ !
ਕੈਸ, ਫਰਿਹਾਦ, ਰੰਝੇਟੇ ਤੇ ਮਹੀਂਚਾਰ ਕਈ !
ਹੋ ਗਏ ਢੇਰ, ਮੁਹੱਬਤ ਦੇ ਖ਼ਰੀਦਾਰ ਕਈ !
ਆਇਆ ਕੁਝ ਹੱਥ ਕਿਸੇ ਦੇ, ਤਾਂ ਸੁੰਗੜਵਾ ਦਿੱਤਾ !
ਜੰਦਰਾ ਨਾਲ ਹੀ ਤੂੰ ਜੀਭ ਉੱਤੇ ਲਾ ਦਿੱਤਾ !

ਜਾਂ ਮਿਜਾਜੀ ਨੂੰ ਮਜ਼ਾ ਆਇਆ, ਹਕੀਕੀ ਹੋਇਆ,
ਸੂਫੀਆਂ ਭੀ ਨ ਸੁਣਾਇਆ, ਕਿ ਅਗ੍ਹਾਂ ਕੀ ਹੋਇਆ ?
ਐਡੀਆਂ ਘਾਲਾਂ ਦਾ ਭੀ ਸਿੱਟਾ ਉਹੋ ਹੀ ਹੋਇਆ,
ਆਪੇ ਵਿਚ ਡਾਂਗ ਚਲੀ, ਫੁੱਟ ਨੇ ਪਾਇਆ ਘੇਰਾ,
ਫ਼ਲਸਫਾ ਹੰਭ ਗਿਆ, ਥਿਉਰੀਆਂ ਘੜਦਾ ਘੜਦਾ,
ਬਹਿ ਗਿਆ ਥਕ ਕੇ ਅਮਲ, ਪੌੜੀਆਂ ਚੜ੍ਹਦਾ ਚੜ੍ਹਦਾ ।

ਜੁੱਗਾਂ ਤੋਂ ਪ੍ਰਸ਼ਨ ਤੇਰਾ ਠੇਡੇ ਪਿਆ ਖਾਂਦਾ ਹੈ,
ਹੋਣ ਤੇ ਹੱਲ ਪਰ ਅਜ ਤੀਕ ਨਹੀਂ ਆਂਦਾ ਹੈ,
ਹਰ ਕੋਈ ਘੋੜੇ ਕਿਆਸੀ ਰਿਹਾ ਦੌੜਾਂਦਾ ਹੈ,
ਅੰਤ ਪਰ ਲੀਲਾ ਤੇਰੀ ਦਾ ਨ ਲਿਆ ਜਾਂਦਾ ਹੈ ।
ਤੂੰ ਰਿਹੋਂ ਮੋਨ, ਤੇ ਸਰਬੱਗ ਨ ਆਇਆ ਕੋਈ !
ਆਸ ਦੀ ਟੁੱਟੀ ਕਮਰ ਆਗੂ ਨ ਪਾਇਆ ਕੋਈ !

ਤਾੜ ਕੇ ਭੀੜ ਲਗੀ, ਦਰਸ ਦੇ ਚਾਹਵਾਨਾਂ ਦੀ,
ਤੁਰ ਪਈ ਤੋਰ, ਦਿਖਾਵੇ ਦੇ ਹਿਰਬਾਨਾਂ ਦੀ,
ਲਗ ਗਈ ਗਾੜ੍ਹੀ ਛਣਨ, ਦਰਸ਼ਨੀ ਪਲ੍ਹਵਾਨਾਂ ਦੀ,
ਹੋ ਗਈ ਚਾਂਦੀ, ਖਿਜ਼ਰ-ਵੇਸੀਏ ਸ਼ੈਤਾਨਾਂ ਦੀ,
ਲੁੱਟਿਆ ਖ਼ੂਬ ਤੇ ਅਹਿਮਕ ਭੀ ਬਣਾਇਆ ਸਭ ਨੇ ।
ਆਪਣੇ ਮਤਲਬ ਦਾ, ਰੰਗ ਚੜ੍ਹਾਇਆ ਸਭ ਨੇ ।

ਦੇਖ ਇਹ ਲੁੱਟ ਪਈ, ਨੇਕ ਰੂਹਾਂ ਆ ਗਈਆਂ,
ਕੱਢ ਕੇ ਭੱਠ ਵਿਚੋਂ ਠੰਢ ਕੁਝਕੁ ਪਾ ਗਈਆਂ,
ਚਾਰ ਦਿਨ ਚੋਜ ਵਿਖਾ, ਭਰਮ ਜਿਹਾ ਲਾ ਗਈਆਂ,
ਕੱਚੀ ਆਵੀ ਸੀ ਅਜੇ, ਭੇਦ ਨਾ ਸਮਝਾ ਗਈਆਂ,
ਚੇਲਿਆਂ ਚਾਟੜਿਆਂ ਨਕਸ਼ਾ ਈ ਪਲਟਾ ਦਿੱਤਾ,
ਵੱਖੋ ਵੱਖ ਟਪਲੇ ਬਣਾ, ਰੌਲਾ ਜਿਹਾ ਪਾ ਦਿੱਤਾ ।

ਨਿੰਦਿਆ, ਝੂਠ, ਕਪਟ, ਫੇਰ ਜਮਾਇਆ ਡੇਰਾ,
ਰਾਸਤੀਂ ਭੁੱਲ ਗਈ, ਰਾਹ ਨਾ ਆਇਆ ਤੇਰਾ,
ਵੀਰਾਂ ਵਿਚ ਹੋਣ ਲਗਾ, ਵਿਤਕਰਾ *ਤੇਰਾ ਮੇਰਾ*,
ਆਪੋ ਵਿਚ ਡਾਂਗ ਚਲੀ, ਫੁੱਟ ਨੇ ਪਾਇਆ ਘੇਰਾ,
ਹੱਕਾਂ ਦੇ ਭੇੜ ਛਿੜੇ, ਅਮਨ ਪਰੇ ਜਾ ਬੈਠਾ,
ਕੰਡਾਂ ਮਲਵਾਂਦਾ ਜਗਤ ਘੰਡੀ ਭੀ ਭੰਨਵਾ ਬੈਠਾ !

ਤੇਰੀ ਅਣਹੋਂਦ ਨੇ, ਕੀ ਕੀ ਨ ਵਿਖਾਇਆ ਸਾਨੂੰ ?
ਵਖਤ ਕੋਈ ਰਹਿ ਭੀ ਗਿਆ ? ਤੂੰ ਜੋ ਨ ਪਾਇਆ ਸਾਨੂੰ,
ਤੂੰ ਤਾਂ ਬਹੁਤੇਰਾ ਗਲੋਂ ਲਾਹੁਣਾ ਚਾਹਿਆ ਸਾਨੂੰ,
ਐਸੇ ਪਰ ਢੀਠ ਬਣੇ, ਸਬਰ ਨਾ ਆਇਆ ਸਾਨੂੰ,
ਏਹੋ ਕੁਝ ਮਾਪੇ ਉਲਾਦਾਂ ਨੂੰ ਦਿਆ ਕਰਦੇ ਨੇਂ ?
ਆਪਣਿਆ ਨਾਲ ਬੇਗਾਨੇ ਹੀ ਰਿਹਾ ਕਰਦੇ ਨੇਂ ?

ਸਾਡੇ ਵਿਚ ਭੈੜ ਸਹੀ, ਤੂੰ ਹੀ ਚੰਗਾਈ ਕਰਦੋਂ !
ਚੁੱਕ ਕੇ ਪੜਦਾ ਜਰਾ, ਜਲਵਾ ਨਮਾਈ ਕਰਦੋਂ !
ਡੁੰਮ ਡੋਹਿਆਂ ਤੋਂ ਬਚਾ, ਦਿਲ ਦੀ ਸਫਾਈ ਕਰਦੋਂ !
ਪਾਪ ਦੇ ਰੋਗੀਆਂ ਦਾ ਦਾਰੂ ਦਵਾਈ ਕਰਦੋਂ !
ਚਾਹੁੰਦੋਂ ਤੂੰ ਤਾਂ ਕੋਈ ਹਥ ਭੀ ਫੜਨ ਵਾਲਾ ਸੀ ।
ਹੋਰ ਕੀ ਕਹੀਏ ਤੇਰਾ ਆਪਣਾ ਦਿਲ ਕਾਲਾ ਸੀ ।

ਕੋਰਿਆ ! ਦਸ ਤਾਂ ਸਹੀ, ਤੋੜ ਵਿਛੋੜੇ ਕਦ ਤਕ ?
ਪੀੜਨਾ ਖ਼ੂਨ ਅਜੇ ਦੇ ਦੇ ਮਰੋੜੇ ਕਦ ਤਕ ?
ਧੁਰ ਦਿਆਂ ਵਿਛੜਿਆਂ ਵਲ, ਪਾਣੇ ਨੇ ਮੋੜੇ ਕਦ ਤਕ ?
ਕਿੰਨਾ ਤੜਫਾਣਾ ਅਜੇ, ਕਸਣੇ ਨੇਂ ਤੋੜੇ ਕਦ ਤਕ ?
ਐਡਾ ਟਗਾਰ ਭੀ ਕੀ ? ਆ ! ਕੋਈ ਇਨਸਾਫ ਭੀ ਕਰ ।
ਬੱਸ ਹੁਣ ਜਾਣ ਭੀ ਦੇ, ਭੁੱਲ ਗਏ ਮਾਫ ਭੀ ਕਰ ।

ਵੇਖਦਾ ਹੈਂ, ਕਿ ਨਹੀਂ ! ਅੱਗ ਕਿਹੀ ਬਲਦੀ ਹੈ ।
ਟੁਕੜਿਆਂ ਵਾਸਤੇ ਤਲਵਾਰ ਕਿਵੇਂ ਚਲਦੀ ਹੈ ।
ਮੱਛੀ ਵਿਕਦੀ ਹੈ ਕਿਵੇਂ, ਸੁਰ ਨਾ ਕੋਈ ਰਲਦੀ ਹੈ ।
ਤੇਰੀ ਔਲਾਦ ਲਹੂ ਪੀਣੋਂ ਭੀ ਨਾ ਟਲਦੀ ਹੈ ।
ਭਾਵੇਂ ਕੌੜੀ ਹੀ ਲਗੂ ! ਤੇਰੇ ਹੀ ਸਭ ਕਾਰੇ ਨੇਂ ।
ਤੇਰੀ ਇਕ ਹੋਂਦ ਖੁਣੋਂ, ਵਖਤ ਪਏ ਸਾਰੇ ਨੇਂ ।

ਤੂੰ ਜੇ ਵਿਚ ਹੋਵੇਂ ਖੜਾ, ਅਕਲ ਸਿਖਾਉਣ ਵਾਲਾ,
ਜੰਮਿਆਂ ਕੌਣ ਹੈ ਫਿਰ, ਲੂਤੀਆਂ ਲਾਉਣ ਵਾਲਾ !
ਤੂੰਹੇਂ ਪਰ ਹੋਇਓਂ ਜੇ ਲੁਕ ਲੁਕ ਕੇ ਸਤਾਉਣ ਵਾਲਾ,
ਤੇਰੀ ਲਾਈ ਨੂੰ ਉਠੇ ਕੌਣ ਬੁਝਾਉਣ ਵਾਲਾ ?
ਆ ! ਅਜੇ ਵਕਤ ਹਈ, ਵਿਗੜੀ ਬਣਾ ਲੈ ਆ ਕੇ,
ਖੋਟੇ ਖਰਿਆਂ ਦੀ ਤੂੰਹੇਂ ਲਾਜ ਬਚਾ ਲੈ ਆ ਕੇ ।

ਪਿੱਛੋਂ ਆਖੇਂਗਾ ਪਿਆ, ਕੀਤੀ ਤੁਸਾਂ ਕਾਰ ਨਹੀਂ,
ਸਾਫ਼ ਆਖਾਂਗੇ ਤਦੋਂ, ਦੱਸੀ ਕਿਸੇ ਸਾਰ ਨਹੀਂ,
ਤੂੰ ਹੈਂ ਮਾਬੂਦ ਖਰਾ, ਏਸ ਤੋਂ ਇਨਕਾਰ ਨਹੀਂ,
ਹੋਈਆਂ ਪਰ ਅੱਜ ਤਲਕ ਅੱਖਾਂ ਭੀ ਦੋ-ਚਾਰ ਨਹੀਂ,
ਸਾਹਮਣੇ ਹੋਏ ਬਿਨਾਂ ਕਰ ਕੇ ਵਿਖਾਂਦੇ ਕਿਸ ਨੂੰ ?
ਲੱਖਾਂ ਕਲਬੂਤ ਖੜੇ, ਦਿਲ ਦੀ ਸੁਣਾਂਦੇ ਕਿਸ ਨੂੰ ?

ਹੋਕਾ ਦੇਂਦੇ ਹਾਂ ਪਏ, ਗਲ ਨਾਲ ਲਾ ਲੈ ! ਲਾ ਲੈ !
ਤੇਰੇ ਬੰਦੇ ਹਾਂ ਖਰੇ, ਕਦਮਾਂ 'ਚ ਪਾ ਲੈ ! ਪਾ ਲੈ !
ਤੇਰੀ ਦਹਿਲੀਜ਼ ਤੇ ਸਿਰ ਨੀਵਾਂ ਹੈ, ਚਾ ਲੈ ! ਚਾ ਲੈ !
ਹੋਰ ਕੀ ਆਖੀਏ ? ਜੀ ਖੋਲ੍ਹ ਕੇ ਤਾ ਲੈ ! ਤਾ ਲੈ !
ਆਇਆ ਹੁਣ ਨਾ ਤੇ ਕਿਆਮਤ ਨੂੰ ਜੇ ਆਇਆ ਕਿਸ ਕੰਮ ?
ਸੁਕ ਗਿਆ ਖੇਤ ਜਦੋਂ, ਮੀਂਹ ਜੇ ਵਰ੍ਹਾਇਆ ਕਿਸ ਕੰਮ ?

ਮਾਫ਼ ਕਰਨਾ ਕਿ ਜ਼ਰਾ ਖੁੱਲਮ-ਖੁਲੀਆਂ ਕਹੀਆਂ,
ਤੇਰੇ ਅਹਿਸਾਨਾਂ ਦੀਆਂ ਚੀਸਾਂ ਨੇ ਨਿੱਕਲ ਰਹੀਆਂ ,
ਡੋਬਦੋਂ ਆਪ ਨ ਜੇ : ਸਾਡੀਆਂ ਤੂੰਹੇਂ ਵਹੀਆਂ ,
ਅੱਕ ਕੇ ਨਿਕਲਦੀਆਂ ਗੱਲਾਂ ਨ ਏਹੋ ਜਹੀਆਂ,
ਤੇਰੇ ਬਿਨ ਕੌਣ ਸੁਣੇ ? ਲਾਡ ਤੇ ਰੋਸੇ ਅੜਿਆ !
ਤੂੰਹੇਂ ਤੂੰ ਜਾਪਨਾ ਏਂ, ਪੱਲਾ ਤੇਰਾ ਆ ਫੜਿਆ !

ਤੂੰ ਨਿਰੰਕਾਰ ਹੈਂ, ਪਰ ਰੂਪ ਤਾਂ ਧਰ ਸਕਦਾ ਹੈਂ,
ਸਾਹਮਣੇ ਹੋਣ ਤੋਂ ਫਿਰ ਕਾਹਨੂੰ ਪਿਆ ਝਕਦਾ ਹੈਂ ?
ਔਝੜੀਂ ਭਟਕਦੀ ਦੁਨੀਆਂ ਨੂੰ ਖੜਾ ਤਕਦਾ ਹੈਂ ?
ਜਾਲੀਆਂ ਤਾਣਨੋਂ ਕਿਉਂ ਮਾਲੀ ਨੂੰ ਨਾ ਡਕਦਾ ਹੈਂ ?
ਚੱਲੇਗੀ ਕਾਰ ਕਿਵੇਂ, ਇਸ ਤਰਾਂ ਕਾਰਖ਼ਾਨੇ ਦੀ ?
ਝੱਲੀਏ ਝਿੜਕ, ਤੇਰੇ ਬੈਠਿਆਂ, ਬੇਗਾਨੇ ਦੀ ।

ਸਾਡੀ ਮਰਜ਼ੀ ਹੈ ਕਿ ਤੂੰ ਲੁਕ ਕੇ ਬਹੇਂ ਹੋਰ ਨ ਹੁਣ,
ਹੰਨੇ ਹੰਨੇ ਦੀ ਅਮੀਰੀ ਦਾ ਰਹੇ ਜ਼ੋਰ ਨ ਹੁਣ,
ਸਾਧਾਂ ਦਾ ਭੇਸ ਧਾਰੀ, ਲੁਟਦੇ ਫਿਰਨ ਚੋਰ ਨ ਹੁਣ,
ਮੌਲਵੀ ਪੰਡਤਾਂ ਦਾ ਪੈਂਦਾ ਰਹੇ ਸ਼ੋਰ ਨ ਹੁਣ,
ਤੇਰੇ ਦਰਬਾਰ ਦਾ ਨਾ ਹੋਵੇ ਕੋਈ ਠੇਕੇਦਾਰ,
ਸਾਹਮਣੇ ਬੈਠ ਕੇ ਤੂੰ ਆਪ ਸੁਣੇਂ ਹਾਲ ਪੁਕਾਰ ।

ਇੱਕ ਤੂੰ ਹੈਂ ਤੇ ਤੇਰਾ ਇੱਕੋ ਅਖਾੜਾ ਹੋਵੇ,
ਕਾਲੇ ਗੋਰੇ ਦਾ ਨਾ ਨਿਤ ਪੈਂਦਾ ਪੁਆੜਾ ਹੋਵੇ,
ਹੱਕਾਂ ਅਧਿਕਾਰਾਂ ਦੀ ਭੀ ਸੂਲ ਨ ਸਾੜਾ ਹੋਵੇ,
ਜ਼ੋਰ ਤੇ ਜ਼ਰ ਦਾ ਨਾ ਬੇ-ਅਰਥ ਉਜਾੜਾ ਹੋਵੇ,
ਇੱਕੋ ਝੰਡੇ ਦੇ ਤਲੇ ਸਭ ਦਾ ਟਿਕਾਣਾ ਹੋਵੇ,
ਹੋ ਰਿਹਾ ਮਿਲ ਮਿਲ ਕੇ, ਪ੍ਰੇਮ ਦਾ ਗਾਣਾ ਹੋਵੇ,

ਤੇਰੀ ਗੁਲਜ਼ਾਰ ਦੇ ਵਿਚ ਬੁਲਬੁਲਾਂ ਦਾ ਘਰ ਹੋਵੇ,
ਪਿੰਜਰੇ ਜਾਲ ਤੇ ਸੱਯਾਦ ਦਾ ਨਾ ਡਰ ਹੋਵੇ,
ਪੂਰਬੀ ਪਛਮੀ ਨੂੰ ਖੁਲ੍ਹਾ ਤੇਰਾ ਦਰ ਹੋਵੇ,
ਇੱਕੋ ਥਾਂ ਖਾ ਰਿਹਾ ਜ਼ਰਦਾਰ ਤੇ ਬੇਜ਼ਰ ਹੋਵੇ,
ਸੁਰਗ ਦੀ ਹਿਰਸ ਇਸੇ ਦੁਨੀਆਂ ਤੇ ਪੂਰੀ ਕਰ ਦੇ,
ਕੋਲ ਵਸ ਚਾਤ੍ਰਿਕ ਦੇ, ਦੂਰ ਏ ਦੂਰੀ ਕਰ ਦੇ ।

8. ਹਾਉਕਾ

ਜੀਵਨ-ਕੇਂਦਰ ਤੋਂ ਨਿਖੜ ਕੇ ਸੰਸਾਰ ਵਿਚ ਅਟਕੀ
ਪ੍ਰਾਣ ਵਾਯੂ ਦਾ
ਹਾਉਕਾ
(ਹੀਰ ਦੀ ਆਤਮਾ ਵਿਚ ਬੈਠ ਕੇ)

ਸਈਓ ਨੀ ! ਮੈਂ ਕੀ ਦੁਖ ਦੱਸਾਂ,
ਕਿਉਂ ਨਿਤ ਦਿਆਂ ਦੁਹਾਈਆਂ,
ਪੁਰਜਾ ਪੁਰਜਾ ਹੋਵੇ ਜਿੰਦੜੀ,
ਨੈਣਾਂ ਝੜੀਆਂ ਲਾਈਆਂ ।

ਨਿਜ ਮੈਂ ਖੇੜੀਂ ਆਈ ਹੁੰਦੀ,
ਨਿਜ ਛਡ ਤੁਰਦੀ ਪੇਕੇ,
ਸਹੁਰੇ ਪੈ ਗਏ ਪੇਚ ਕੁਵੱਲੇ,
ਕੀਤੀ ਕੈਦ ਕਸਾਈਆਂ ।

ਜਿਸ ਸੱਜਣ ਮੈਨੂੰ ਚਰਨੀਂ ਲਾ ਕੇ,
ਜੀਵਣ ਜੋਗੀ ਕੀਤਾ,
ਉਸ ਜਿੰਦੜੀ ਨੂੰ, ਧੋਖਾ ਖਾ ਕੇ,
ਬੇਲੇ ਵਿਚ ਛੱਡ ਆਈਆਂ ।

ਜੇ ਜਾਣਾਂ, ਉਸ ਤੌਰ ਸਿਆਲੋਂ,
ਝਾਤ ਨਹੀਂ ਮੁੜ ਪਾਣੀ-
ਗਲ ਵਢਦੀ ਉਸ ਕਾਜ਼ੀ ਦਾ, ਜਿਨ-
ਗਲ ਵਿਚ ਫਾਹੀਆਂ ਪਾਈਆਂ !
ਸਿੱਕ ਉਠੇ, ਉਡ ਚੜ੍ਹਾਂ ਅਗਾਸੀਂ !
ਪੈਰ ਉਦ੍ਹੇ ਜਾ ਚੁੰਮਾਂ,
ਸੜ ਜਾਵੇ ਇਹ ਚੋਲਾ, ਚਾਤ੍ਰਿਕ,
(ਜਿਨ) ਪਾਈਆਂ ਐਡ ਜੁਦਾਈਆਂ ।

9. ਤਰਲਾ

ਪ੍ਰੀਤਮ ਦੇ ਮਿਲਾਪ ਨਾਲ ਨਿਹਾਲ ਹੋਈ
ਰੂਹ ਦਾ, ਟਿਕੇ ਰਹਿਣ ਦਾ
ਤਰਲਾ
(ਹੀਰ ਦੀ ਆਤਮਾ ਵਿਚ ਬੈਠ ਕੇ)
1-ਸਰਧਾ

ਪਾਲੀ ਪਾਲੀ ਮਤ ਆਖੋ ਅੜੀਓ ! (ਨੀ ਓ) ਦੀਨ ਦੁਨੀ ਦਾ ਵਾਲੀ,
ਉਸ ਦੇ ਦਮ ਥੀਂ ਉਡਦਾ ਫਿਰਦਾ (ਨੀ ਏ) ਖੱਲੜ ਮੇਰਾ ਖਾਲੀ ।
ਜਿਸ ਪਾਸੇ ਮੈਂ ਝਾਤੀ ਪਾਵਾਂ, (ਮੈਨੂੰ ) ਓਹੋ ਦੇਇ ਦਿਖਾਲੀ,
ਰੂਪ ਜਲਾਲੀ ਝਲਕਾਂ ਮਾਰੇ, ਫੁਲ ਫੁਲ, ਡਾਲੀ ਡਾਲੀ ।

2-ਮਿਲਾਪ

ਸਹਿਕ ਸਹਿਕ ਕੇ ਪ੍ਰੀਤਮ ਜੁੜਿਆ, (ਅਸਾਂ) ਅੱਖਾਂ ਵਿਚ ਬਹਾਇਆ,
ਏਥੋਂ ਸਦ ਕੇ ਦਿਲ ਦੀ ਖੂੰਜੇ, (ਅਸਾਂ) ਰਤੜਾ ਪਲੰਘ ਵਿਛਾਇਆ ।
ਝੋਲੀ ਪਾ ਕੇ ਤਾਨ੍ਹੇ ਮੇਹਣੇ, (ਅਸਾਂ) ਮਾਹੀ ਘਰੀਂ ਵਸਾਇਆ,
ਬੂਹੇ ਭੀੜ ਰਚਾਈਆਂ ਰਾਸਾਂ, (ਅਸਾਂ) ਜੋ ਮੰਗਿਆ ਸੋ ਪਾਇਆ ।

3-ਤਦਰੂਪਤਾ

ਭੋਲੇ ਲੋਕੀ ਕਹਿਣ ਸੁਦਾਇਣ, (ਅਸਾਂ) ਮਰ ਮਰ ਜੱਗ ਪਰਾਤਾ,
ਚਾਲੇ ਪਾਏ (ਅਸਾਂ) ਸਾਕ ਕੂੜਾਵੇ, (ਜਦ) ਮਿਲ ਗਿਆ ਜੀਵਨ-ਦਾਤਾ ।
ਪ੍ਰੇਮ ਪਲੀਤੇ ਤੇ ਭੁੱਜ ਮੋਇਆ (ਦਿਲ) ਭੰਭਟ ਚੁੱਪ-ਚੁਪਾਤਾ,
ਸੇਜ ਸੁਹਾਵੀ ਤੇ ਚੜ੍ਹ ਸੁੱਤਾ ਛੱਡ ਦੁਨੀਆਂ ਦਾ ਨਾਤਾ ।

10. ਦਿਲ

ਮੁਰਲੀ ਮਨੋਹਰ ਦੀ ਦਰਸ਼ਨ-ਤਾਂਘ ਵਿੱਚ, ਬੂਹੇ ਤੇ ਖਲੋਤੀ ਇਕ
ਗਵਾਲਨ ਆਪਣਾ ਰੁੜ੍ਹੇ ਜਾਂਦੇ ਦਿਲ ਨਾਲ ਗੁਪਤ ਗੱਲਾਂ ਕਰਦੀ ਹੈ ।

ਰਹੁ ਰਹੁ, ਵੇ ਜੀਆ ਝੱਲਿਆ !
ਆਖੇ ਭੀ ਲਗ ਜਾ, ਮੱਲਿਆ !
ਅੜਿਆ ਨ ਕਰ, ਲੜਿਆ ਨ ਕਰ ।
ਕੁੜ੍ਹਿਆ ਨ ਕਰ, ਸੜਿਆ ਨ ਕਰ ।
ਵੇ ਵੈਰੀਆ !
ਕੀ ਹੋ ਗਿਆ ?
ਰੌਲਾ ਨ ਪਾ !
ਡੁਬਦਾ ਨ ਜਾ !

ਟਲ ਜਾ ਅਮੋੜਾ, ਪਾਪੀਆ !
ਰੋ ਰੋ ਕੇ ਦੀਦੇ ਗਾਲ ਨਾ !
ਵੇ ਨਾਮੁਰਾਦਾ ! ਠਹਿਰ ਜਾ !
ਪਿਟ ਪਿਟ ਕੇ ਹੋ ਜਿਲਹਾਲ ਨਾ !
ਓਦੋਂ ਨਹੀਂ ਸੀ ਵਰਜਿਆ ?
ਆ ਬਾਜ਼ ਆ ! ਆ ਬਾਜ਼ ਆ !
ਨਿਹੁੰ ਨਾ ਲਗਾ !
ਫਾਹੀਆਂ ਨ ਪਾ !
ਪੱਲਾ ਬਚਾ !
ਨੇੜੇ ਨ ਜਾ !

ਵਾਟਾਂ ਨੀ ਏਹ ਦੁਖਿਆਰੀਆਂ,
ਮੰਜਲਾਂ ਨੀ ਬੜੀਆਂ ਭਾਰੀਆਂ,
ਰੋ ਰੋ ਕੇ ਹੁਣ ਜੀ ਖਾਏਂ ਕਿਉਂ ?
ਘਬਰਾਏਂ ਕਿਉਂ ? ਚਿਚਲਾਏਂ ਕਿਉਂ ?
ਫਸ ਗਏ ਤੇ ਫਿਰ ਕੀ ਫਟਕਣਾ ?
ਜੇਰਾ ਵੀ ਕਰ, ਵੇ ਕਾਹਲਿਆ !
ਔਹ ਵੇਖ, ਸੂਰਜ ਢਲ ਗਿਆ !
ਗਰਦਾ ਵੀ ਉੱਡਣ ਲਗ ਪਿਆ !
ਗਊਆਂ ਦਾ ਚੌਣਾ ਆ ਰਿਹਾ ।
ਸੁਣ ਤੇ ਸਹੀ ।
ਵਾਜ ਆ ਗਈ !
ਔਹ ਬੰਸਰੀ !
ਵਜਦੀ ਪਈ ।

ਸਦਕੇ ਗਈ ! ਓਹੋ ਹੀ ਹੈ !
ਹਾਂ ਹਾਂ, ਓਹੋ ਹੀ ਦੇਖ ਲੈ !
ਰਜ ਰਜ ਕੇ ਦੀਦੇ ਠਾਰ ਲੈ !
ਕੋਈ ਪੱਜ ਪਾ ਖਲਿਹਾਰ ਲੈ !
ਵੇ ਮੋਹਣਿਆ !
ਐਧਰ ਤੇ ਆ !
ਵੱਛਾ ਮੇਰਾ,
ਫੜ ਲੈ ਜ਼ਰਾ !
ਮੈਂ ਧਾਰ ਕੱਢਣ ਲੱਗੀ ਆਂ !

11. ਰਾਧਾਂ ਸੰਦੇਸ਼

(ਕੰਸ ਨੂੰ ਮਾਰ ਕੇ ਸ੍ਰੀ ਕ੍ਰਿਸ਼ਨ ਜੀ ਮਥਰਾ ਦੇ ਰਾਜ ਪ੍ਰਬੰਧ ਵਿੱਚ ਜੁੱਟ ਜਾਂਦੇ ਹਨ, ਪਿਛੋਂ ਬ੍ਰਿਜ ਗੋਪੀਆਂ
ਵੱਲੋਂ ਸੁਨੇਹੇ ਤੇ ਸੁਨੇਹੇ ਆਉਂਦੇ ਹਨ ।ਅੰਤ ਕ੍ਰਿਸ਼ਨ ਜੀ ਊਧੋ ਨੂੰ ਭੇਜਦੇ ਹਨ, ਕਿ ਸਾਡੀ ਲਾਚਾਰੀ ਜਿਤਾ ਕੇ,
ਗੋਪੀਆਂ ਨੂੰ ਗਯਾਨ ਉਪਦੇਸ਼ ਕਰ ਆਓ ।ਊਧੋ ਦੀਆਂ ਗੱਲਾਂ ਤੋਂ ਖਿਝ ਕੇ ਰਾਧਾ ਉਸਨੂੰ ਉੱਤਰ ਦੇਂਦੀ ਹੈ ।ਪ੍ਰੇਮ
ਲਗਨ ਵਿੱਚ ਝੱਲੀ ਹੋਈ ਹੋਈ, ਗੱਲ ਉਧੋ ਨਾਲ ਕਰਦੀ ਹੈ ਤੇ ਕੋਈ ਗੱਲ ਕਰਨ ਵੇਲੇ ਕ੍ਰਿਸ਼ਨ ਜੀ ਨੂੰ ਸਨਮੁੱਖ
ਕਰ ਲੈਂਦੀ ਹੈ ।)
(1)
ਊਧੋ ਕਾਹਨ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੀਂ ?
ਮਸਾਂ ਮਸਾਂ ਸਨ ਆਠਰਨ ਘਾਉ ਲੱਗੇ, ਨਵੀਆਂ ਨਸ਼ਤਰਾਂ ਆਣ ਚਲਾਈਆਂ ਨੀਂ !
ਅਸੀਂ ਕਾਲਜਾ ਘੁੱਟ ਕੇ ਬਹਿ ਗਏ ਸਾਂ, ਮੁੜ ਕੇ ਸੁੱਤੀਆਂ ਕਲਾਂ ਜਗਾਈਆਂ ਨੀਂ !
ਤੇਰੇ ਗਯਾਨ ਦੀ ਪੁੜੀ ਨਹੀਂ ਕਾਟ ਕਰਦੀ, ਏਨ੍ਹਾਂ ਪੀੜਾਂ ਦੀਆਂ ਹੋਰ ਦਵਾਈਆਂ ਨੀਂ !
ਆਪ ਆਉਣ ਦੀ ਨਹੀਂ ਜੇ ਨੀਤ ਉਸ ਦੀ, ਕਾਹਨੂੰ ਗੋਂਗਲੂ ਤੋਂ ਮਿੱਟੀ ਝਾੜਦਾ ਹੈ ?
ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾ ਪਾ ਤੇਲ ਕਿਉਂ ਸੜਿਆਂ ਨੂੰ ਸਾੜਦਾ ਹੈ ?
(2)
ਉਸ ਨੂੰ ਆਖ, ਅੱਖੀਂ ਆ ਕੇ ਦੇਖ ਜਾਏ, ਸਾਨੂੰ ਕੂੰਜ ਦੇ ਵਾਂਗ ਕੁਰਲਾਂਦਿਆਂ ਨੂੰ ।
ਵਾਟਾਂ ਵੇਂਹਦਿਆਂ ਔਸੀਆਂ ਪਾਂਦਿਆਂ ਨੂੰ, ਤਾਰੇ ਗਿਣ ਗਿਣ ਕੇ ਰਾਤਾਂ ਲੰਘਾਂਦਿਆਂ ਨੂੰ ।
ਸਾਂਗਾਂ ਸਹਿੰਦਿਆਂ, ਜਿੰਦ ਲੁੜਛਾਂਦਿਆਂ ਨੂੰ, ਘੁਲ ਘੁਲ ਹਿਜਰ ਵਿਚ ਮੁਕਦਿਆਂ ਜਾਂਦਿਆਂ ਨੂੰ ।
ਫੁਟ ਗਿਆਂ ਨਸੀਬਾਂ ਤੇ ਝੂਰਦਿਆਂ ਨੂੰ, ਘਰੋਂ ਕੱਢ ਬਰਕਤ ਪੱਛੋਤਾਂਦਿਆਂ ਨੂੰ ।
ਤੂੰ ਤਾਂ ਮਥਰਾ ਦੀਆਂ ਕੁੰਜੀਆਂ ਸਾਂਭ ਬੈਠੋਂ, ਐਧਰ ਗੋਕਲ ਨੂੰ ਵੱਜ ਗਏ ਜੰਦਰੇ ਵੇ !
ਜਾ ਕੇ, ਘਰਾਂ ਵਲ ਮੁੜਨ ਦੀ ਜਾਚ ਭੁੱਲ ਗਈ, ਨਿਕਲ ਗਿਉਂ ਕਿਹੜੇ ਵਾਰ ਚੰਦਰੇ ਵੇ !
(3)
ਗੱਲਾਂ ਨਾਲ ਕੀ ਪਿਆ ਪਰਚਾਉਂਦਾ ਏਂ, ਉਸਦੇ ਪਿਆਰ ਨੂੰ ਅਸਾਂ ਪਰਤਾ ਲਿਆ ਹੈ ।
ਮਾਰੇ ਕੁਬਜਾਂ ਦੀ ਹਿੱਕੇ ਇਹ ਗਯਾਨ-ਗੋਲੀ, ਬੂਹੇ ਵੜਦਿਆਂ ਜਿਨ੍ਹੇਂ ਭਰਮਾ ਲਿਆ ਹੈ ।
ਊਧੋ ! ਕੋਰੜੂ ਮੋਠ ਵਿਚ ਮੋਹ ਪਾ ਕੇ, ਅਸਾਂ ਆਪਣਾ ਆਪ ਗੁਆ ਲਿਆ ਹੈ ।
ਦੁੱਖਾਂ ਪੀ ਲਿਆ, ਗ਼ਮਾਂ ਨੇ ਖਾ ਲਿਆ ਹੈ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ ।
ਏਨ੍ਹਾਂ ਤਿਲਾਂ ਵਿਚ ਤੇਲ ਹੁਣ ਜਾਪਦਾ ਨਹੀਂ, ਸਾਰਾ ਹੀਜ-ਪਿਆਜ ਮੈਂ ਟੋਹ ਲਿਆ ਹੈ ।
ਹੱਛਾ, ਸੁੱਖ ! ਜਿੱਥੇ ਜਾਏ ਘੁੱਗ ਵੱਸੇ, ਸਾਡੇ ਦਿਲੋਂ ਭੀ ਕਿਸੇ ਨੇ ਖੋਹ ਲਿਆ ਹੈ ।
(4)
ਆਖੀਂ : ਕੱਚਿਆ ! ਸੱਚ ਨੂੰ ਲਾਜ ਲਾਈਓ ! ਸੁਖਨ ਪਾਲਣੋਂ ਭੀ, ਬੱਸ ! ਰਹਿ ਗਿਓਂ ਵੇ ?
ਕਾਲੇ ਭੌਰ ਦੀ ਬਾਣ ਨਾ ਗਈ ਤੇਰੀ, ਜਿੱਥੇ ਫੁੱਲ ਡਿੱਠਾ, ਓਥੇ ਬਹਿ ਗਿਓਂ ਵੇ !
ਸਾਨੂੰ ਗਯਾਨ ਦੇ ਖੂਹਾਂ ਵਿਚ ਦੇਇੰ ਧੱਕੇ, ਆਪ ਮਾਲਣ ਦੇ ਰੋੜ੍ਹ ਵਿਚ ਵਹਿ ਗਿਓਂ ਵੇ !
ਡੰਗਰ ਚਾਰਦਾ ਵੜ ਗਿਓਂ ਸ਼ੀਸ਼ ਮਹਿਲੀਂ, ਘੋਟ ਘੋਟ ਗੱਲਾਂ ਕਰਨ ਡਹਿ ਗਿਓਂ ਵੇ !
ਹੱਛਾ ਕੰਸ ਦੀਆਂ ਗੱਦੀਆਂ ਸਾਂਭੀਆਂ ਨੀ, ਸਾਡੇ ਨਾਲ ਵੀ ਅੰਗ ਕੁਝ ਪਾਲ ਛਡਦੋਂ ।
ਕੋਈ ਮਹਿਲਾਂ ਦੀਆਂ ਲੂਹਲਾਂ ਨਹੀਂ ਲਾਹ ਖੜਦਾ,ਦੋ ਦਿਨ ਸਾਨੂੰ ਵੀ ਧੌਲਰ ਵਿਖਾਲ ਛਡਦੋਂ।
(5)
ਆਖੀਂ : ਪ੍ਰੇਮ ਇਹ ਪਿੱਛਾਂ ਨਹੀਂ ਮੁੜਨ ਜੋਗਾ, ਬੇੜੇ ਸਿਦਕ ਦੇ ਠਿਲ੍ਹਦੇ ਰਹਿਣਗੇ ਵੇ !
ਏਨ੍ਹਾਂ ਨ੍ਹਵਾਂ ਤੋਂ ਮਾਸ ਨਹੀਂ ਵੱਖ ਹੋਣਾ, ਜਦ ਤੱਕ ਚੰਦ ਸੂਰਜ ਵੜ੍ਹਨ ਲਹਿਣਗੇ ਵੇ !
ਏਸ ਇਸ਼ਕ ਦੀ ਛਿੜੇਗੀ ਵਾਰ ਮਾਹੀਆ ! ਜਿਥੇ ਚਾਰ ਬੰਦੇ ਰਲ ਕੇ ਬਹਿਣਗੇ ਵੇ !
ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਉਂ ਲੈਣਾ, 'ਰਾਧਾ' ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ !
ਤ੍ਰੈ ਸੌ ਸੱਠ ਜੁੜ ਪਏਗੀ ਨਾਰ ਤੈਨੂੰ, ਜਮ ਜਮ ਹੋਣ ਪਏ ਦੂਣੇ ਇਕਬਾਲ ਤੇਰੇ ।
ਪਰਲੋ ਤੀਕ ਪਰ ਮੰਦਰਾਂ ਵਿਚ, ਚਾਤ੍ਰਿਕ, ਏਸੇ ਬੰਦੀ ਨੇ ਵੱਸਣਾ ਏ ਨਾਲ ਤੇਰੇ ।

12. ਸੀਤਾ-ਸੰਦੇਸ਼

(ਅਸੋਕ ਬਾਗ ਵਿਚ ਬੈਠੀ ਸਤੀ ਸੀਤਾ ਦੇ, ਸ੍ਰੀ ਰਾਮ
ਚੰਦ੍ਰ ਜੀ ਦੇ ਵਿਯੋਗ ਵਿਚ ਕੀਰਨੇ)

(1)
ਸੁਆਮੀ ! ਸੱਲ ਜੁਦਾਈ ਦੇ ਬੁਰੀ ਕੀਤੀ,
ਲੁੜਛ ਲੁੜਛ ਕੇ ਘੇਰਨੀ ਖਾਈ ਦੀ ਏ,
ਕਰ ਕਰ ਕੀਰਨੇ ਸੰਧਿਆ ਪਾਈ ਦੀ ਏ,
ਲਿੱਲਾਂ ਲੈਂਦਿਆਂ ਟਿੱਕੀ ਚੜ੍ਹਾਈ ਦੀ ਏ,
ਤੇਲ ਉਮਰ ਦੇ ਦੀਵਿਓਂ ਮੁੱਕ ਚੁੱਕਾ,
ਚਰਬੀ ਢਾਲ ਕੇ ਜੋਤ ਟਿਮਕਾਈ ਦੀ ਏ ।
ਤਾਰ ਦਮਾਂ ਦੀ ਪਤਲੀਓਂ ਹੋਈ ਪਤਲੀ,
ਰੋਜ ਬਾਰਿਓਂ ਕੱਢ ਕੱਢ ਵਧਾਈ ਦੀ ਏ ।
ਜਦ ਤਕ ਸਾਸ ਤਦ ਤਕ ਆਸ ਕਹਿਣ ਲੋਕੀ,
ਏਸ ਲਟਕ ਵਿਚ ਜਾਨ ਲਟਕਾਈ ਦੀ ਏ ।
ਸਾਈਆਂ ਸੱਚ ਆਖਾਂ ਮਰਨਾ ਗੱਲ ਕੁਝ ਨਹੀਂ,
ਐਪਰ ਡਾਢੀ ਮੁਸੀਬਤ ਜੁਦਾਈ ਦੀ ਏ ।

(2)
ਭੁਲਦੀ ਭਟਕਦੀ ਜੇ ਕਦੀ ਊਂਘ ਆਵੇ,
ਪੰਚਬਟੀ ਵਿਚ ਬੈਠਿਆਂ ਹੋਈ ਦਾ ਏ,
ਕਲੀਆਂ ਗੁੰਦ ਕੇ ਸਿਹਰਾ ਪਰੋਈ ਦਾ ਏ,
ਗਲ ਵਿਚ ਪਾਉਣ ਨੂੰ ਭੀ ਉਠ ਖਲੋਈ ਦਾ ਏ,
ਏਸੇ ਪਲਕ ਵਿਚ ਪਲਕਾਂ ਉਖੇੜ ਸੁੱਟੇ,
ਨਾਮੁਰਾਦ ਸੁਪਨਾ ਡਾਢਾ ਕੋਈ ਦਾ ਏ,
ਓੜਕ ਓਹੋ ਵਿਛੋੜਾ ਤੇ ਓਹੇ ਝੋਰੇ,
ਬਹਿ ਬਹਿ ਚੰਦਰੇ ਲੇਖਾਂ ਨੂੰ ਰੋਈ ਦਾ ਏ ।
ਏਸੇ ਵਹਿਣ ਵਿਚ ਰੁੜ੍ਹਦਿਆਂ, ਵੈਣ ਪਾ ਪਾ,
ਰਾਤ ਅੱਖਾਂ ਦੇ ਵਿਚਦੀ ਲੰਘਾਈ ਦੀ ਏ ।
ਮੌਤ ਚੀਜ਼ ਕੀ ਹੋਈ ਇਸ ਸਹਿਮ ਅੱਗੇ,
ਸਾਈਆਂ ਡਾਢੀ ਮੁਸੀਬਤ ਜੁਦਾਈ ਦੀ ਏ ।

(3)
ਲੂੰਬੇ ਅੱਗ ਦੇ ਅੰਦਰੋਂ ਜਦੋਂ ਉੱਠਣ,
ਸੋਮੇ ਅੱਖੀਆਂ ਦੇ ਚੜ੍ਹ ਕੇ ਚੋ ਪੈਂਦੇ ।
ਸੜਦੇ ਹੰਝੂਆਂ ਦੀ ਜਿੱਥੇ ਧਾਰ ਪੈਂਦੀ,
ਛਾਲੇ ਜ਼ਿਮੀਂ ਦੀ ਹਿੱਕ ਤੇ ਹੋ ਪੈਂਦੇ ।
ਮੇਰੇ ਕੀਰਨੇ ਰੁੱਖ ਖਲਿਹਾਰ ਦੇਂਦੇ,
ਫੁੱਲਾਂ ਨਾਲ ਲੂੰ ਕੰਡੇ ਖਲੋ ਪੈਂਦੇ ।
ਰਾਤ ਸੁੰਨ ਹੋਵੇ , ਪਰਬਤ ਚੋ ਪੈਂਦੇ,
ਨਦੀਆਂ ਵੈਣ ਪਾਉਣ ਤਾਰੇ ਰੋ ਪੈਂਦੇ ।
ਰੁੜ੍ਹਦੇ ਜਾਣ ਪੱਤਰ, ਗੋਤੇ ਖਾਣ ਪੱਥਰ,
ਉਠਦੀ ਚੀਕ ਜਦ ਮੇਰੀ ਦੁਹਾਈ ਦੀ ਏ ।
ਬੇਜ਼ਬਾਨ ਪੰਛੀ ਭੀ ਕੁਰਲਾਟ ਪਾ ਪਾ,
ਆਖਣ ਡਾਢੀ ਮੁਸੀਬਤ ਜੁਦਾਈ ਦੀ ਏ ।

(4)
ਓਹੋ ਚੰਦ ਹੈ ਰਾਤ ਨੂੰ ਚੜ੍ਹਨ ਵਾਲਾ,
ਜਿਸ ਦੀ ਲੋਅ ਵਿਚ ਕੱਠਿਆਂ ਬਹੀ ਦਾ ਸੀ,
ਓਸੇ ਤਰਾਂ ਦੀ ਬਾਗ਼ ਬਹਾਰ ਭੀ ਹੈ,
ਜਿਸ ਦੀ ਮਹਿਕ ਵਿਚ ਖਿੜਦਿਆਂ ਰਹੀ ਦਾ ਸੀ,
ਲਗਰਾਂ ਓਹੋ ਸ਼ਿਗੂਫਿਆਂ ਨਾਲ ਭਰੀਆਂ,
ਭਜ ਭਜ ਆਪ ਜਿਨ੍ਹਾਂ ਨਾਲ ਖਹੀ ਦਾ ਸੀ ।
ਓਹੋ ਵਾ ਠੰਢੀ ਓਹੋ ਤ੍ਰੇਲ-ਤੁਪਕੇ,
ਮੋਤੀ ਖਿਲਰੇ ਜਿਨ੍ਹਾਂ ਨੂੰ ਕਹੀ ਦਾ ਸੀ ।
ਤੇਰੇ ਬਾਝ ਹੁਣ ਖਾਣ ਨੂੰ ਪਏ ਸਭ ਕੁਝ,
ਪਾ ਪਾ ਵਾਸਤੇ ਕੰਨੀ ਖਿਸਕਾਈ ਦੀ ਏ ।
ਭਖਦੇ ਕੋਲਿਆਂ ਵਾਂਗ ਗੁਲਜ਼ਾਰ ਲੂਹੇ,
ਐਸੀ ਪੁੱਠੀ ਤਾਸੀਰ ਜੁਦਾਈ ਦੀ ਏ ।

(5)
ਇੱਕ ਪਲਕ ਐਧਰ ਕਿਤੇ ਆ ਜਾਂਦੋਂ,
ਜਿੰਦ ਸਹਿਕਦੀ ਤੇ ਝਾਤੀ ਪਾ ਜਾਂਦੋਂ ।
ਨਾਲੇ ਭੁਜਦੀਆਂ ਆਂਦਰਾਂ ਠਾਰ ਜਾਂਦੋਂ,
ਨਾਲੇ ਆਪਣਾ ਫ਼ਰਜ਼ ਭੁਗਤਾ ਜਾਂਦੋਂ ।
ਮੇਰੀ ਜੁਗਾਂ ਦੀ ਤਾਂਘ ਮੁਕਾ ਜਾਂਦੋਂ,
ਨਾਲੇ ਪ੍ਰੀਤ ਨੂੰ ਤੋੜ ਨਿਭਾ ਜਾਂਦੋਂ ।
ਜਿਨ੍ਹਾਂ ਹੱਥਾਂ ਨੇ ਧਨੁਸ਼ ਮਰੁੰਡਿਆ ਸੀ,
ਰਾਵਣ ਜਿੰਨ ਨੂੰ ਭੀ ਉਹ ਵਿਖਾ ਜਾਂਦੋਂ ।
ਇਹ ਭੀ ਚਾਤ੍ਰਿਕ ਕੀਤੀਆਂ ਪਾ ਲੈਂਦਾ,
ਕੀਕਰ ਸਤੀ ਦੀ ਜਿੰਦੜੀ ਸਤਾਈ ਦੀ ਏ ।
ਸਾਰੀ ਦੁਨੀਆਂ ਦੇ ਵਖਤਾਂ ਨੂੰ ਪਾਓ ਇਕਧਿਰ,
ਫਿਰ ਭੀ ਭਾਰੀ ਮੁਸੀਬਤ ਜੁਦਾਈ ਦੀ ਏ ।

13. ਸ਼ਕੁੰਤਲਾ ਦੀ ਚਿੱਠੀ

ਰਾਜਾ ਰਵੀ ਵਰਮਾ ਦੇ ਬਣਾਏ ਚਿਤ੍ਰ 'ਸ਼ਕੁੰਤਲਾ ਪਤ੍ਰ ਲੇਖਨ'
ਨੂੰ ਸਾਹਮਣੇ ਰਖ ਕੇ ਲਿਖੀ ਗਈ

(ਨਰਾਜ ਛੰਦ)
ਉਜਾੜ ਨੂੰ ਵਸਾਇ ਕੇ, ਬਹਾਰ ਲਾਣ ਵਾਲਿਆ !
ਬਹਾਰ ਫੇਰ ਆਪ ਹੀ ਉਜਾੜ ਜਾਣ ਵਾਲਿਆ !
ਅਤੀਤਣੀ ਨਦਾਨ ਨਾਲ ਪ੍ਰੀਤਾਂ ਪਾਣ ਵਾਲਿਆ !
ਅਕਾਸ਼ ਚਾੜ੍ਹ ਪੌੜੀਓਂ, ਹਿਠਾਂਹ ਵਗਾਣ ਵਾਲਿਆ ! 1.

ਅਞਾਣ ਵੇਖ ਸਾਧਣੀ, ਅਸਾਧ ਰੋਗ ਲਾ ਗਿਓਂ !
ਅਜ਼ਾਦ ਸ਼ੇਰਨੀ ਨੂੰ ਪ੍ਰੇਮ-ਪਿੰਜਰੇ ਫਸਾ ਗਿਓਂ !
ਚਰਾਇ ਚਿੱਤ ਚਿੱਤ ਫੇਰ ਅੱਖੀਆਂ ਚੁਰਾ ਗਿਓਂ !
ਸੁਹਾਗ ਭਾਗ ਲਾਇ, ਵਾਂਗ ਛੁੱਟੜਾਂ ਬਹਾ ਗਿਓਂ ! 2.

ਕੁਮਾਰਿ ਕੰਜ ਦਾ ਕਰਾਰ ਲੁੱਟਿਆ ਪਲੁੱਟਿਆ,
ਹੰਡਾਇ ਰੂਪ, ਪਾਨ ਵਾਂਗ ਚੂਪ, ਫੋਗ ਸੁੱਟਿਆ,
ਰੁੜ੍ਹਾਇ ਪ੍ਰੇਮ-ਧਾਰ ਵਿੱਚ, ਫੇਰ ਨਾ ਪਤਾ ਲਿਆ,
ਕਿ ਜੀਉਂਦੀ ਰਹੀ ਬਿਮਾਰ, ਯਾ ਮਰੀ ਬਿਨਾਂ ਦਵਾ ? 3.

ਰਸਾਲ ਨੈਣ, ਰੂਪ ਰੰਗ, ਸ਼ੀਲਤਾ ਬਹਾਦੁਰੀ,
ਸੁਭਾਉ ਦੇਖ ਮਿੱਠੜਾ ਜ਼ਬਾਨ ਖੰਡ ਦੀ ਛੁਰੀ,
ਛਲੀ ਗਈ ਅਬੋਲ, ਦੇਖ ਲਿੰਬ ਪੋਚ ਜ਼ਾਹਰੀ,
ਵਸਾਇ ਵਿੱਚ ਅੱਖੀਆਂ, ਘੁਮਾਇ ਜਿੰਦੜੀ ਛਡੀ । 4.

ਪਰੰਤੂ ਹਾਇ ਸ਼ੋਕ ! ਫ਼ਕੀਰਨੀ ਲੁਟੀ ਗਈ,
ਲਪੇਟ ਵਿੱਚ ਆ ਗਈ, ਚਲਾਕ ਚਿੱਤ ਚੋਰ ਦੀ,
ਅਞਾਣ ਵਿੱਦਿਆ ਮਸੂਮ ਨੂੰ ਏ ਕੀ ਮਲੂਮ ਸੀ,
ਕਿ ਸੰਖੀਏ-ਡਲੀ, ਗਲੇਫ ਖੰਡ ਨਾਲ, ਹੈ ਧਰੀ । 5.

ਪਤਾ ਨ ਸੀ, ਕਿ ਠੀਕ ਆਖ ਛੱਡਿਆ ਸਿਆਣਿਆਂ,
ਕਿ ਲਾਈਏ ਨ ਨੇਹੁੰ ਨਾਲ ਰਾਹੀਆਂ ਮੁਸਾਫ਼ਰਾਂ,
ਓ ਭੌਰ ਵਾਂਗ ਫੁੱਲ ਟੋਲਦੇ ਸਦਾ ਨਵਾਂ ਨਵਾਂ,
ਟਿਕਾਉ ਨਾਲ ਬੈਠ ਨਾ ਆਰਾਮ ਲੈਣ ਇੱਕ ਥਾਂ । 6.

ਓ ਘਾਤਕੀ ! ਅਞਾਣ ਨਾਲ ਘਾਤ ਕੀ ਕਮਾਇਆ ?
ਇਹੋ ਤਿਰਾ ਪਿਆਰ ਸੀ ? ਜਿਦ੍ਹੀ ਪਸਾਰ ਮਾਇਆ,
ਮੈਂ ਡੋਲ ਖਿੱਚਦੀ ਨੂੰ ਡੋਲ ਡੋਲ ਨੇ ਡਲਾਇਆ,
ਸ਼ਿਕਾਰ ਵਾਂਗ ਮਾਰ, ਸਾਰ ਲੈਣ ਭੀ ਨ ਆਇਆ । 7.

ਜ਼ਰਾ ਕੁ ਹਾਲ ਵੇਖ ਜਾ ਪਿਆਰ ਦੀ ਬਿਮਾਰ ਦਾ,
ਗੁਲਾਬ ਤੇ ਬਹਾਰ ਰੰਗ ਫੇਰਿਆ ਵਸਾਰ ਦਾ,
ਜਿਨ੍ਹੀਂ ਦਿਨੀਂ ਹਜ਼ਾਰ ਚੀਜ਼ ਚਾਹਿ ਨਿੱਤ ਨਾਰ ਦਾ,
ਮਿਰਾ ਸ਼ਰੀਰ ਹੌਕਿਆਂ ਵਿਖੇ ਸਮਾਂ ਗੁਜ਼ਾਰਦਾ । 8.

ਕਿਹਾ ਹਨੇਰ ਪੈ ਗਿਆ ! ਨਸੀਬ ਸੌਂ ਗਏ ਮਿਰੇ,
ਬੁਲਾਣ ਦਾ ਖਿਆਲ ਯਾਦ ਹੀ ਰਿਹਾ ਨ ਹੈ ਤਿਰੇ,
ਭੁਲਾ ਲਿਆ ਧਿਆਨ ਰਾਜ ਦੇ ਬਖੇੜਿਆਂ ਕਿਤੇ ?
ਕਿ ਹੋ ਗਿਆ ਅਚੇਤ ਭੌਰ ਹੋਰ ਕੌਲ ਫੁੱਲ ਤੇ ? 9.

ਨਾ ਯਾਦ ਆਉਂਦੀ ਕੋਈ ਘੜੀ ਨਰਾਜ਼ ਹੋਣ ਦੀ,
ਰਿਝਾਉਂਦੀ, ਹਸਾਉਂਦੀ, ਕਲੀ ਤਰਾਂ ਖਿੜੀ ਰਹੀ,
ਬੁਰੀ ਭਲੀ ਕਹੀ ਜਿ ਹੋ, ਸੜੇ ਜ਼ਬਾਨ ਚੰਦਰੀ,
ਹਿਰਾਨ ਹਾਂ ਕਿ ਫੇਰ ਮੈਂ ਤਿਰੇ ਮਨੋਂ ਕਿਵੇਂ ਲਹੀ ? 10.

ਬਸੰਤ ਨੇ ਨਿਖਾਰ ਕੱਢਿਆ, ਖਿੜੀ ਕਲੀ ਕਲੀ,
ਮੁਰਾਦ ਪਾਇ, ਗੋਦ ਹੈ ਹਰੇਕ ਸ਼ਾਖ ਦੀ ਹਰੀ,
ਸੁਹਾਗਣਾਂ ਸ਼ਿੰਗਾਰ ਲਾ, ਸੰਧੂਰ ਮਾਂਗ ਹੈ ਭਰੀ,
ਪਰੰਤੂ ਮੈਂ ਅਭਾਗਣੀ ਉਡੀਕ ਵਿੱਚ ਹਾਂ ਖੜੀ । 11.

ਜਦੋਂ ਧਿਆਨ ਛਾਪ ਵੱਲ ਜਾਇ, ਘੇਰ ਖਾਨੀਆਂ,
ਕਰਾਂ ਵਿਲਾਪ, ਕੂੰਜ ਵਾਂਗ, ਵੇਖ ਕੇ ਨਿਸ਼ਾਨੀਆਂ,
ਤਿਰਾ ਨਿਸ਼ਾਨ ਸਾਂਭ ਸਾਂਭ ਜਿੰਦ ਨੂੰ ਬਚਾਨੀਆਂ,
ਅਮਾਨ ਆਪਣੀ ਸੰਭਾਲ, ਆਣ ਕੇ ਗੁਮਾਨੀਆਂ । 12.

ਕਿਹਾ ਕਠੋਰ ਜੀ ਬਣਾ ਲਿਆ, ਘਰਾਂ ਨੂੰ ਜਾਇ ਕੇ,
ਨ ਹੋਰ ਜਿੰਦ ਸਾੜ, ਤਾਇ ਤਾਇ, ਆਜ਼ਮਾਇ ਕੇ,
ਮਲੂਕ ਜਿੰਦੜੀ ਚਲੀ ਗਈ ਜਿ ਤਾਇ ਖਾਇ ਕੇ,
ਬਣਾਇੰਗਾ ਕਿ ਲੋਥ ਦਾ, ਸਮਾਂ ਖੁੰਝਾਇ ਆਇ ਕੇ । 13.

ਨਿਆਇ-ਸ਼ੀਲ ਰਾਜਿਆ ! ਮਿਰਾ ਨਿਆਂ ਕਮਾ ਲਈਂ,
'ਦੁਖੰਤ' ਨਾਮ ਦੀ ਖਰੈਤ, ਦੁੱਖ ਤੋਂ ਬਚਾ ਲਈਂ,
ਬਣਾ ਲਈਂ ਸਨਾਥ, ਪਾਸ ਆਪਣੇ ਬੁਲਾ ਲਈਂ,
'ਸ਼ਕੁੰਤਲਾ' ਰੁਲੇ ਉਜਾੜ, ਉੱਜੜੀ ਵਸਾ ਲਈਂ । 14.

14. ਇਕ ਦੇਵੀ ਦੀ ਯਾਦ

ਮਾਸੂਮ ਦਰਸ਼ਕ ਦੇ ਮੂੰਹੋਂ । ਇਕ ਅੰਗਰੇਜ਼ੀ ਕਵਿਤਾ
ਦੇ ਆਧਾਰ ਪਰ ਲਿਖੀ ਗਈ ।

(1)

ਨਿੱਕਿਆਂ ਹੁੰਦਿਆਂ ; ਮੈਂ ਇਕ ਵਾਰੀ,
ਦੇਖੀ ਸੀ ਉਹ ਕੰਜ ਕੁਮਾਰੀ ।
ਭੋਲੀ ਭੋਲੀ, ਪਿਆਰੀ ਪਿਆਰੀ,
ਦੁਨੀਆਂ ਦੇ ਵਲ ਛਲ ਤੋਂ ਨਿਆਰੀ !
ਪਹੁ ਫੁਟਦੀ ਹੈ ਜਿਵੇਂ ਸਵੇਲੇ,
ਖਿੜੀ ਖਿੜੀ ਜਾਪੇ ਹਰ ਵੇਲੇ,
ਤ੍ਰੇਲ ਬਸੰਤੀ ਵਾਂਗ ਰਸੀਲੀ,
ਨਿਰਮਲ, ਠੰਢੀ ਤੇ ਸ਼ਰਮੀਲੀ,
ਫੁੱਲ ਬਹਾਰੀ, ਗੁੱਡੀਆਂ ਖੇਨੂੰ,
ਮਿਲੇ ਹੋਏ ਸਨ ਸਾਥੀ ਏਨੂੰ,
ਫਿਕਰ ਨ ਫਾਕੇ ਨੇੜੇ ਢੁਕਦੇ,
ਖੇਡੀਂ ਚਾਈਂ ਦਿਹਾੜੇ ਮੁਕਦੇ ।
ਆਪਣੇ ਆਪ ਗੀਤ ਕੋਈ ਗਾ ਕੇ,
ਖਿੜ ਪੈਂਦਾ ਸੀ ਜੀ ਮੁਸਕਾ ਕੇ ।

(2)

ਫਿਰ ਦੇਖੀ ਮੈਂ ਦੂਜੀ ਵਾਰਾਂ,
ਉਠਦੀ ਉਮਰ, ਸਤਾਰਾਂ ਠਾਰਾਂ ।
ਲੰਮੀ, ਉੱਚੀ, ਛੈਲ ਨਰੋਈ,
ਸ਼ਾਦੀ ਲਾਇਕ ਹੋਈ ਹੋਈ ।
ਕੋਮਲ, ਸੁੰਦਰ, ਸਜੀ ਸ਼ਿੰਗਾਰੀ,
ਦਿਲ ਵਿਚ ਭਖੇ ਪ੍ਰੇਮ-ਚੰਗਿਆੜੀ ।
ਰੂਪ ਜਵਾਨੀ ਠਾਠਾਂ ਮਾਰੇ,
ਛੁਲਕੇ, ਡੁਲ੍ਹਕੇ, ਵਾਂਗਰ ਪਾਰੇ,
ਮਿੱਠੇ ਬੋਲ, ਅਵਾਜ਼ ਰਸੀਲੀ ।
ਅੱਖਾਂ ਦੇ ਵਿਚ ਭਾਹ ਸ਼ਰਮੀਲੀ ।
ਚੰਦਨ ਬਦਨੀ ਜਦ ਖਿੜ ਪੈਂਦੀ,
ਕਈ ਚਕੋਰਾਂ ਨੂੰ ਮੋਹ ਲੈਂਦੀ ।
ਪਰ ਨਸੀਬ ਸੀ ਇਕਸੇ ਜੀ ਦਾ ।
ਮਾਣ ਜਿਨੂੰ ਸੀ ਏਸ ਕਲੀ ਦਾ ।

(3)

ਕਈ ਸਾਲ ਹੋਰ ਜਦ ਬੀਤੇ,
ਫਿਰ ਮੈਂ ਉਸ ਦੇ ਦਰਸ਼ਨ ਕੀਤੇ ।
ਉਸ ਵੇਲੇ ਸੀ ਰੂਪ ਜਲਾਲੀ,
ਦਾਨੀ, ਸੁਘੜ, ਠਰੰਮੇ ਵਾਲੀ ।
ਪਰੇਮ-ਬਾਗ਼ ਦੀਆਂ ਖੁਸ਼ੀਆਂ ਮਾਣੇ,
ਕੰਤ-ਪਿਆਰੀ, ਧਰਮ ਪਛਾਣੇ ।
ਕਲੀਓਂ ਕੁਦਰਤ ਫੁੱਲ ਬਣਾਈ,
ਫੁਲੋਂ ਫ਼ਿਰ ਫਲ ਭੀ ਲੈ ਆਈ ।
ਅੰਸਾਂ ਵਾਲੀ, ਗੋਦ ਅਞਾਣਾ,
ਸਾਕੀਂ ਅੰਗੀਂ ਆਉਣਾ ਜਾਣਾ ।
ਦਿਨ ਸਾਈਂ ਨੇ ਐਸੇ ਫੇਰੇ,
ਭਾਗ ਲਗਾ ਸੀ ਚਾਰ ਚੁਫੇਰੇ ।
ਐਸੀ ਸੁਹਣੀ, ਪਿਆਰੀ, ਮਿੱਠੀ,
ਇਸ ਤੋਂ ਪਹਿਲੇ ਨਹਿੰ ਸੀ ਡਿੱਠੀ ।
ਫੇਰ ਅਖੀਰੀ ਦਰਸ਼ਨ ਪਾਇਆ,
ਜਦ ਦਰਗਾਹੋਂ ਸੱਦਾ ਆਇਆ ।
ਸਿਰ ਤੇ ਛਤਰ ਨੂਰਾਨੀ ਝੁੱਲੇ,
ਸੁਰਗਾਂ ਦੇ ਦਰਵਾਜ਼ੇ ਖੁਲ੍ਹੇ ।
ਰੱਬ ਉਦੇ ਵਿਚ ਵੱਸ ਰਿਹਾ ਸੀ,
ਚਿਹਰਾ ਖਿੜ ਖਿੜ ਹੱਸ ਰਿਹਾ ਸੀ ।
ਲੋੜਾਂ ਥੋੜਾਂ ਫਿਕਰ ਨ ਫਾਕੇ,
ਤੰਗ ਕਰਨ ਕੋਈ ਏਥੇ ਆ ਕੇ ।
ਨਾ ਡਰ ਖੌਫ ਕੋਈ ਉਸ ਵੇਲੇ,
ਮੁੱਕ ਗਏ ਸੰਸਾਰ-ਝਮੇਲੇ,
ਸ਼ਾਂਤ ਸਰੂਪ ਅਨੰਦਮਈ ਸੀ,
ਤਾਰੇ ਵਾਂਗਰ ਡਲਕ ਰਹੀ ਸੀ ।
ਉਸ ਵੇਲੇ ਸੁੰਦਰ ਸੀ ਜੈਸੀ,
ਕਦੇ ਨ ਦੇਖੀ ਸੀ ਮੈਂ ਐਸੀ ।

15. ਗ੍ਰਹਸਥਣ ਦਾ ਧਰਮ

(1)

ਕੰਤ ਦੀ ਪਿਆਰੀਏ ! ਰੂਪ ਸ਼ਿੰਗਾਰੀਏ !
ਚੰਦ ਦੇ ਵਾਂਗ ਪਰਵਾਰ-ਪਰਵਾਰੀਏ !
ਫੁੱਲ ਫਲ ਨਾਲ ਭਰਪੂਰੀਏ ਡਾਲੀਏ !
ਨਿੱਕਿਆਂ ਨਿੱਕਿਆਂ ਬੱਚਿਆਂ ਵਾਲੀਏ !

ਪਿਆਰ ਵਿਚ ਖੀਵੀਏ ! ਪ੍ਰੇਮ-ਮਸਤਾਨੀਏ !
ਠੰਢੀਏ ! ਮਿੱਠੀਏ ! ਧੀਰੀਏ ਦਾਨੀਏ !
ਗ੍ਰਸਥ ਵਿਚ ਗ੍ਰਸੀ ਧੰਦਾਲ ਵਿਚ ਧਸੀਏ !
ਫ਼ਰਜ਼ ਮਰਯਾਦ ਦੇ ਜਾਲ ਵਿਚ ਫੱਸੀਏ !
ਬੰਨ੍ਹਣੀਂ ਬੱਝੀਏ ! ਟਹਿਲ ਵਿਚ ਰੁੱਝੀਏ !
ਮਾਲਕੇ, ਪਾਲਕੇ, ਖ਼ਾਲਕੇ ਗੁੱਝੀਏ !

ਨ੍ਹਾਇ ਧੋ, ਤਿਲਕ ਲਾ, ਫੁੱਲ ਮੰਗਵਾਇ ਕੇ,
ਧੂਪ ਨਈਵੇਦ ਵਿਚ ਥਾਲ ਦੇ ਲਾਇ ਕੇ,
ਮੰਦਰੀਂ ਰੋਜ ਕਿਸ ਵਾਸਤੇ ਜਾਨੀਏਂ ?
ਭਟਕਦੀ ਫਿਰਨੀਏਂ, ਝਾਤੀਆਂ ਪਾਨੀਏਂ !
ਦਰ ਬਦਰ ਹੋਇੰ ਕਿਸ ਚੀਜ਼ ਦੇ ਵਾਸਤੇ ?
ਪੂਜਦੀ ਪੀਰ ਕਿਸ ਲਾਭ ਦੀ ਆਸ ਤੇ ?
ਤੀਰਥੀਂ ਜਾਨੀਏਂ ਭੁੱਖਿਆਂ ਮਰਨੀਏਂ,
ਨੱਕ ਨੂੰ ਰਗੜਦੀ ਮਿੰਨਤਾਂ ਕਰਨੀਏਂ,
ਦੇਵੀਆਂ ਦੇਵਤੇ ਇਕ ਨ ਛੱਡਦੀ,
ਸੇਉਂਦੀ ਪੂਜਦੀ ਦੰਦੀਆਂ ਅੱਡਦੀ ।
ਮੜ੍ਹੀ, ਮਠ, ਗੋਰ, ਸਿਲ ਪੱਥਰਾਂ ਧਿਆਉਂਦੀ,
ਤੁਲਸੀਆਂ, ਪਿਪਲਾਂ ਪਾਸ ਕੁਰਲਾਉਂਦੀ ।

ਸਾਧੂਆਂ ਪਾਸ ਜਾ ਮੁੱਠੀਆਂ ਭਰਨੀਏਂ,
ਵਾਸਤੇ ਪਾਨੀਏਂ, ਕੀਰਨੇ ਕਰਨੀਏਂ ।
ਕਾਸ਼ ਦੇ ਵਾਸਤੇ ਕਾਰ ਇਹ ਚੁਕੀ ਆ !
ਤਰਲਿਆਂ ਨਾਲ ਇਹ ਜੀਭ ਭੀ ਸੁਕੀ ਆ ।

ਰਾਜ ਹੈ, ਭਾਗ ਹੈ, ਆਲ ਔਲਾਦ ਹੈ,
ਆਲ ਦੋਆਲੜੇ ਬਾਗ਼ ਆਬਾਦ ਹੈ ।

ਉਂਗਲੀ ਬਾਲ, ਇਕ ਹਿੱਕ ਤੇ ਲਾਲ ਹੈ,
ਰਾਤ ਦਿਨ ਵਾਹ ਆਨੰਦ ਦੇ ਨਾਲ ਹੈ ।

ਹੋਰ ਕਿਸ ਚੀਜ਼ ਦੀ ਰਾਣੀਏ ! ਭੁਖ ਹੈ ?
ਰੜਕ ਕੀ ਹੋਰ ? ਕਿਸ ਗੱਲ ਦਾ ਦੁਖ ਹੈ ?

ਮੌਤ ਦਾ ਖੌਫ਼ ਹੈ ? ਨਰਕ ਦਾ ਤ੍ਰਾਸ ਹੈ ?
ਭੋਜਲੋਂ ਮੁਕਤ ਹੋ ਜਾਣ ਦੀ ਆਸ ਹੈ ?

ਭਗਤਿ ਦੇ ਵਾਸਤੇ ਚਿੱਤ ਹੈ ਭਰਮਦਾ ?
ਸਿੱਧੜਾ ਰਾਹ ਨਹੀਂ ਲਭਦਾ ਧਰਮ ਦਾ ?

(2)

ਆ ! ਜ਼ਰਾ ਬੈਠ, ਕੁਝ ਗੱਲ ਸਮਝਾ ਦਿਆਂ,
ਔਝੜੋਂ ਕੱਢ ਕੇ ਡੰਡੀਏ ਪਾ ਦਿਆਂ ।

ਬਾਹਰ ਕੁਝ ਭੀ ਨਹੀਂ ਰੱਖਿਆ, ਭੋਲੀਏ !
ਆ ਜ਼ਰਾ ਆਪਨੇ ਅੰਦਰੇ ਟੋਲੀਏ !

ਨਾਰ ਦਾ ਦਵਾਰ ਹੀ ਦਵਾਰਿਕਾ ਧਾਮ ਹੈ,
ਗੰਗ, ਗੋਦਾਵਰੀ, ਪ੍ਰਾਗ ਬ੍ਰਿਜਗਾਮ ਹੈ ।

ਘਰੇ ਘਨਸ਼ਾਮ ਘਟਘਟ ਵਿਖੇ ਵੱਸਦਾ,
ਪ੍ਰੇਮ ਦੀ ਡੋਰ ਤੇ ਨੱਚਦਾ ਹੱਸਦਾ ।

ਉੱਜਲਾ ਰੱਖ ਇਸ ਧਰਮ-ਅਸਥਾਨ ਨੂੰ,
ਮੰਦਰਾਂ ਵਾਂਗ ਚਮਕਾਇ ਕੇ ਸ਼ਾਨ ਨੂੰ ।

ਸਾਫ ਵਾਯੂ ਰਹੇ ਰੁਮਕਦੀ ਦੁਆਰ ਤੇ,
ਤੰਦਰੁਸਤੀ ਸਦਾ ਆਏ ਪਰਵਾਰ ਤੇ ।

ਠੁੱਕ ਸਿਰ ਚੀਜ਼ ਹਰ ਇੱਕ ਧਰ ਲਾਇ ਕੇ,
ਛੰਡ ਫਟਕਾਇ ਕੇ, ਮਾਂਜ਼ ਲਿਸ਼ਕਾਇ ਕੇ ।

ਰੀਝ ਦੇ ਨਾਲ ਕਰ ਤਯਾਰ ਪਕਵਾਨ ਨੂੰ,
ਰੋਚਕੀ ਪਾਚਕੀ ਹੋਇ ਜੋ ਖਾਣ ਨੂੰ ।

ਭੋਗ ਲਗਵਾਇ ਮਾਸੂਮ ਸੰਤਾਨ ਨੂੰ,
ਕੰਤ ਭਗਵਾਨ ਨੂੰ, ਮੀਤ ਮਹਿਮਾਨ ਨੂੰ ।

(3)

ਕੰਤ ਭਗਵੰਤ ਪਰਤੱਖ ਅਵਤਾਰ ਹੈ,
ਆਪ ਹਰ ਹਾਲ ਵਿਚ ਲੈ ਰਿਹਾ ਸਾਰ ਹੈ ।

ਆਪ ਦੁਖ ਝੱਲ ਆਰਾਮ ਪਹੁੰਚਾਉਂਦਾ,
ਲੱਦਿਆ ਪੱਥਿਆ ਰਾਤ ਘਰ ਆਉਂਦਾ ।

ਪੂਰਦਾ ਆਸ ਨਾ ਬੋਲ ਪਰਤਾਉਂਦਾ,
ਹੱਸ ਪਰਚਾਉਂਦਾ ਨਾਜ਼ ਕਰਵਾਉਂਦਾ ।

ਓਸ ਦਾ ਦਾਨ ਘਰ ਰਿੱਝਦਾ ਪੱਕਦਾ,
ਦੇਂਦਿਆਂ ਦੇਂਦਿਆਂ ਮੂਲ ਨਾ ਥੱਕਦਾ ।

ਆਉਂਦੇ ਸਾਰ ਵਿਚ ਅੱਖ ਬਿਠਲਾਇ ਲੈ,
ਹੱਥ ਤਲੀਆਂ ਤਲੇ ਰੱਖ ਪਰਚਾਇ ਲੈ ।

ਠਾਰ ਦੇ ਚਿੱਤ, ਇਸ਼ਨਾਨ ਕਰਵਾਇ ਕੇ,
ਤ੍ਰਿਪਤ ਕਰ ਦੇਵਤਾ, ਭੋਗ ਲਗਵਾਇ ਕੇ ।

ਨੀਵਿਆਂ ਚੱਲ ਕੇ, ਮਿੱਠੜਾ ਬੋਲ ਕੇ,
ਖੰਡ ਘਿਓ ਪ੍ਰੇਮ ਤੇ ਟਹਿਲ ਦਾ ਘੋਲ ਕੇ ।

ਉਸ ਦੀਆਂ ਖੱਟੀਆਂ ਰੱਖ ਸੰਭਾਲ ਕੇ,
ਵਰਤ ਬੇਸ਼ੱਕ, ਪਰ ਦੇਖ ਭਾਲ ਕੇ ।

ਸਾਂਭ ਕੇ ਰੱਖ ਕੁਝ ਦੁਖ ਸੁਖਾਂ ਵਾਸਤੇ,
ਲੱਜ ਲੀਹ, ਰੀਤ ਅਰ ਢੰਗ ਦੀ ਆਸ ਤੇ ।

ਹੱਥ ਭੀ ਛਿਣਕ, ਉਪਕਾਰ ਕਰ, ਦਾਨ ਦੇ,
ਦੇਖ ਤੌਫ਼ੀਕ ਪਰ ਯੋਗ ਜੋ ਸ਼ਾਨ ਦੇ ।

(4)

ਏਸ ਤੋਂ ਬਾਦ ਇਕ ਧਰਮ ਹੈ ਨਾਰ ਦਾ,
ਕੁਦਰਤੀ ਨੇਮ ਅਰ ਹੁਕਮ ਕਰਤਾਰ ਦਾ ।

ਆਲ ਔਲਾਦ ਨੂੰ ਜੰਮਣਾ ਪਾਲਣਾ,
ਜੁਹਦ ਨੂੰ ਜਾਲਣਾ, ਘਾਲ ਨੂੰ ਘਾਲਣਾ ।

ਗਰਭ ਦਾ ਭਾਰ ਜੋ ਸੌਂਪਿਆ ਨਾਰ ਨੂੰ,
ਰੱਖਣੇ ਵਾਸਤੇ ਕੈਮ ਸੰਸਾਰ ਨੂੰ ।

ਅਗਲਿਓਂ ਬਾਰਿਓਂ ਲੰਘ ਕੇ ਆਉਣਾ,
ਜਿੰਦ ਨੂੰ ਮੌਤ ਦੇ ਮੂੰਹ ਪਾਉਣਾ ।

ਤਦ ਕਿਤੇ ਜਾਇ ਕੇ ਸ਼ਕਲ ਸੰਤਾਨ ਦੀ,
ਵੇਖਣੀ ਮਿਲੇ ਇਹ ਦਾਤ ਭਗਵਾਨ ਦੀ ।

ਪੋਟਿਆਂ ਨਾਲ ਅੰਗੂਰਾਂ ਨੂੰ ਪਾਲਣਾ,
ਜਾਨ ਦੇ ਨਾਲ ਲਾ ਬਾਲ ਸੰਭਾਲਣਾ ।

ਆਪਣੀ ਜਿੰਦ ਨੂੰ ਖੇਹ ਵਿਚ ਰੋਲਣਾ ।
ਗੰਦ ਨੂੰ ਮਿੱਧਣਾ, ਚੈਨ ਸੁਖ ਘੋਲਣਾ ।

ਫੁੱਲ ਦੇ ਵਾਂਗ ਇਸ ਜਿੰਦ ਨੂੰ ਠਾਰਨਾ,
ਨੀਂਦ ਨੂੰ ਵਾਰਨਾ, ਭੁੱਖ ਨੂੰ ਮਾਰਨਾ ।

ਜੀਭ ਨੂੰ ਵਾਂਜਣਾ ਹੌਲੀਓਂ ਭਾਰੀਓਂ,
ਤੱਤੀਓਂ, ਥਿੰਧੀਓਂ, ਖ਼ੱਟੀਓਂ ਖਾਰੀਓਂ ।

ਗੋਡਣਾ, ਸਿੰਜਣਾ, ਰਾਖੀਆਂ ਕਰਨੀਆਂ,
ਡਾਕਟਰ ਵੈਦ ਦੀਆਂ ਚੱਟੀਆਂ ਭਰਨੀਆਂ ।

ਸੁੱਖਣਾਂ ਸੁਖਦਿਆਂ ਰੱਬ ਰਛਪਾਲ ਜੇ,
ਚਾੜ੍ਹ ਦੇ ਤੋੜ ਇਹ ਮਾਤਾ ਦਾ ਮਾਲ ਜੇ ।

ਪਾਲਣਾ, ਪੋਸਣਾ, ਪੂੰਝਣਾ ਕੱਜਣਾ,
ਹੱਸਦੇ ਖੇਡਦੇ ਵੇਖ ਨਾ ਰੱਜਣਾ ।

ਕੰਮ ਵਿਚ ਚੰਮ ਪਰ ਖਯਾਲ ਹੈ ਲਾਲ ਤੇ,
ਨੱਚਦੀ ਨੀਝ ਹੈ ਬਾਲ ਦੇ ਤਾਲ ਤੇ ।

(5)

ਬਾਲ ਇਸ ਬਾਰਿਓਂ ਲੰਘ ਜਦ ਜਾਉਂਦਾ,
ਭਾਰ ਇਕ ਹੋਰ ਸਿਰ ਨਾਰ ਦੇ ਆਉਂਦਾ ।

ਨੇਕ ਬਦ ਚਜ ਆਚਾਰ ਸਮਝਾਉਣਾ,
ਤੋਤਿਆਂ ਵਾਂਗ ਸਭ ਗੱਲ ਸਿਖਲਾਉਣਾ ।

ਝੂਠ ਤੋਂ ਵਰਜਣਾ, ਵਲ ਸੱਚ ਲਾਉਣਾ,
ਬੁਰੇ ਤੇ ਭਲੇ ਦਾ ਫ਼ਰਕ ਦਿਖਲਾਉਣਾ ।

ਉੱਠਣਾ, ਬੈਠਣਾ, ਬੋਲਣਾ, ਚੱਲਣਾ,
ਦੱਸ ਫਿਰ ਵਿੱਦਿਆ ਵਾਸਤੇ ਘੱਲਣਾ ।

ਮੱਤ ਸਿਖਲਾਇ ਕੇ ਫੇਰ ਪਰਨ੍ਹਾਉਣਾ,
ਧਰਮ ਅਰ ਕਰਮ ਦੀਏ ਡੰਡੀਏ ਪਾਉਣਾ ।

(6)

ਐਡੜੇ ਫ਼ਰਜ਼ ਜਦ ਰੱਬ ਨੇ ਪਾਏ ਨੇ,
ਹੋਰ ਕੀ ਆਪ ਤੂੰ ਨਾਲ ਚੰਬੜਾਏ ਨੇ ।

ਉੱਠ ਮਰਦਾਨਗੀ ਨਾਲ ਕਰ ਕਾਰ ਤੂੰ,
ਆਰਤੀ ਚਾੜ੍ਹ ਇਸ ਬਾਗ਼ ਪਰਵਾਰ ਨੂੰ ।

ਰਾਮ ਰਛਪਾਲ ਹੈ, ਕ੍ਰਿਸ਼ਨ ਗੋਪਾਲ ਹੈ,
ਵੈਸ਼ਨੋ ਸ਼ੀਲਤਾ, ਭਗਵਤੀ ਜਵਾਲ ਹੈ,

ਜਾਗ ਪਰਭਾਤ ਇਸ਼ਨਾਨ ਕਰਵਾਇ ਨੇ,
ਉੱਜਲੇ ਸੋਹਣੇ ਚੀਰ ਪਹਿਨਾਇ ਨੇ,

ਲਾਪਸੀ ਦੁੱਧ ਦਾ ਭੋਗ ਲਗਵਾਇ ਦੇ,
ਜੋ ਤੇਰੇ ਪਾਸ ਹੈ, ਭੇਟ ਭੁਗਤਾਇ ਦੇ ।

ਰੋਣ ਤਾਂ ਪਯਾਰ ਦੇ ਨਾਲ ਪਰਚਾਇ ਦੇ,
ਰਹਨ ਤਾਂ ਵੰਡ ਕੇ ਖਾਣ ਸਮਝਾਇ ਦੇ ।

ਭਾਗਵਤ ਪਾਠ ਹੈ ਲੋਰੀਆਂ ਤੇਰੀਆਂ,
ਪਯਾਰ ਦੀ ਨੀਝ ਪਰਦੱਖਣਾਂ ਫੇਰੀਆਂ ।

ਖੰਡ ਦੇ ਵਿੱਚ ਜਦ ਪਰਚਦਾ ਬਾਲ ਹੈ,
ਵੇਖ ਕਿਆ ਵੱਜਦਾ ਸੰਖ ਘੜਿਆਲ ਹੈ ।

ਜੀਉਂਦੇ ਜਾਗਦੇ ਦੇਉਤੇ ਛੱਡ ਕੇ,
ਸੇਉਣੇ ਸੈਲ ਕੀ ਦੰਦੀਆਂ ਅੱਡ ਕੇ ।

ਸੌਂਪ ਜੋ ਛੱਡੀਆ ਕਾਰ ਕਰਤਾਰ ਨੇ,
ਬਹੁਤ ਹੈ ਏਤਨੀ ਤੁੱਧ ਦੇ ਕਾਰਨੇ ।

ਰੱਬ ਕਿਰਪਾਲ ਇਨਸਾਫ ਦਾ ਦਵਾਰ ਹੈ,
ਓਸ ਨੂੰ ਆਪਣੀ ਸ੍ਰਿਸ਼ਟਿ ਨਾਲ ਪਯਾਰ ਹੈ ।

ਨਰਮ ਦਿਲ ਨਾਜ਼ਕੀ ਬਖਸ਼ ਕੇ ਨਾਰ ਨੂੰ,
ਸੁੱਟਿਆ ਓਸ ਤੇ ਪ੍ਰੇਮ ਦੇ ਭਾਰ ਨੂੰ ।

ਸ਼ੀਲਤਾ, ਮਿੱਠਤਾ, ਟਹਿਲ ਭਲਿਆਈਆਂ,
ਐਡੀਆਂ ਭਾਰੀਆਂ ਚੁੰਗੀਆਂ ਲਾਈਆਂ ।

ਫ਼ਰਜ਼ ਇਹ ਪਾਲਦੀ ਰੀਝ ਦੇ ਨਾਲ ਤੂੰ,
ਹੋਹੁ ਬੇਸ਼ੱਕ ਸੰਸਾਰ ਤੋਂ ਕਾਲ ਤੂੰ ।

ਦੇਵੀਆਂ ਵਾਂਗ ਸੁਖ ਸ਼ਾਨਤੀ ਪਾਇੰਗੀ,
ਸਿੱਧੜੀ ਲੰਘ ਦਰਵਾਜ਼ਿਓਂ ਜਾਇੰਗੀ ।

ਸਾਧ ਜੋ ਲੱਭਦੇ ਧੂਣੀਆਂ ਬਾਲ ਕੇ,
ਨਾਰ ਪਾ ਜਾਇ ਉਹ ਬਾਲਕੇ ਪਾਲਕੇ ।

ਘੋਰ ਤਪ ਨਾਰ ਦਾ ਜਾਇ ਬੇਕਾਰ ਨਾ ।
ਹੋਰਥੇ ਚਾਤ੍ਰਿਕ ਝਾਤੀਆਂ ਮਾਰ ਨਾ ।

16. ਪਿਤਾ ਵਲੋਂ ਪੁਤਰ ਨੂੰ ਸੂਚਨਾ

(ਮੌਲਾਨਾ ਹਾਲੀ ਦੀ ਉਰਦੂ ਨਜ਼ਮ ਦਾ ਉਤਾਰਾ)

ਮਾਪਿਆਂ ਦਾ ਪੁੱਤ ਸੀ ਇਕ ਲਾਡਲਾ,
ਜਿੰਦ ਅੰਮਾਂ ਦੀ, ਸਹਾਰਾ ਬਾਪ ਦਾ ।
ਪਰਚਦੇ ਸਨ ਜੀ, ਉਸੇ ਇਸ ਬਾਲ ਨਾਲ,
ਚਾਨਣਾ ਸੀ ਘਰ ਉਸੇ ਇਕ ਲਾਲ ਨਾਲ ।
ਵਾਲ ਵਿੰਗਾ ਜੇ ਕਦੇ ਹੋਵੇ ਉਦ੍ਹਾ,
ਮੱਛੀ ਵਾਂਗਰ ਤੜਫਦੇ ਮਾਤਾ ਪਿਤਾ ।
ਰਾਤ ਦਿਨ ਸਦਕੇ ਉਦ੍ਹੇ ਲੈਂਦੇ ਰਹਿਨ,
ਜਾਨ ਤੱਕ ਤੋਂ ਉਸ ਲਈ ਤੱਯਾਰ ਸਨ ।
ਲਾਡਾਂ ਚਾਵਾਂ ਦੇ ਪੰਘੂੜੇ ਖੇਡਦਾ,
ਦਸ ਵਰ੍ਹੇ ਦੀ ਉਮਰ ਨੂੰ ਅੱਪੜ ਪਿਆ ।
ਵਿੱਦਿਆ ਪਟੜੀ ਤੇ ਚੜ੍ਹਿਆ ਨਾ ਅਜੇ,
ਚਾਰ ਅੱਖਰ ਭੀ ਓ ਪੜ੍ਹਿਆ ਨਾ ਅਜੇ ।
ਮਾਪਿਆਂ ਦਾ ਜ਼ੋਰ ਭੀ ਕੁਝ ਘੱਟ ਸੀ,
ਹੁੰਦਾ ਜਾਂਦਾ ਇੰਝ ਚੌੜ ਚੁਪੱਟ ਸੀ ।
ਪੜ੍ਹਨ ਤੋਂ ਸੀ ਇਸ ਤਰ੍ਹਾਂ ਕਣਿਆਉਂਦਾ,
ਕਾਂ ਗੁਲੇਲੇ ਤੋਂ ਜਿਵੇਂ ਘਬਰਾਉਂਦਾ ।
ਪਾ ਕੇ ਦਿਨ ਉਸ ਤੇ ਜਵਾਨੀ ਜਦ ਚੜ੍ਹੀ,
ਰੰਗ ਤਦ ਲੈ ਆਈ ਘਾਉਲ ਓਸ ਦੀ ।
ਲਾਡ ਦੀ ਕਰਤੂਤ ਸਾਰੀ ਘੁਲ ਗਈ,
ਮਾਪਿਆ ਦੀ ਟਹਿਲ ਸੇਵਾ ਭੁਲ ਗਈ ।
ਸਾਹਮਣੇ ਹਰ ਗੱਲ ਵਿਚ ਬੋਲਣ ਲਗਾ,
ਸ਼ਰਮ ਨੂੰ ਅੱਖਾਂ ਵਿਚ ਡੋਲਣ ਲਗਾ ।
ਮੋੜ ਸੇਵਾ ਦੇ ਤਾਂ ਕੀ ਸਨ ਮੋੜਨੇ,
ਲਗ ਪਿਆ ਉਲਟਾ ਸਗੋਂ ਤੋੜਨੇ ।
ਖੱਲੜੀ ਵਿਚ ਖ਼ੌਫ ਰੱਤੀ ਨਾ ਰਿਹਾ,
ਪੱਲੇ ਨਾ ਬੰਨ੍ਹੇ ਕਿਸੇ ਦੀ ਸਿੱਖਿਆ ।
ਧਨ ਬਿਲੋੜਾ ਬਾਹਰ ਜਾਇ ਉਜਾੜਦਾ,
ਮਾਪਿਆਂ ਨੂੰ ਤਾਉ ਦੇ ਦੇ ਸਾੜਦਾ ।
ਵੱਡਿਆਂ ਦੀ ਮੱਤ ਲੈਣੋਂ ਨੱਸਦਾ,
ਆਖਦੇ ਤਾਂ ਪੰਜ ਪੱਥਰ ਕੱਸਦਾ ।
ਭੈੜਿਆਂ ਦੇ ਨਾਲ ਗੋਸ਼ਟ ਹੋ ਗਈ,
ਜਾਕੇ ਬੈਠਾ ਨਾ ਭਲੀ ਬੈਠਕ ਕਦੀ ।
ਸ਼ਹਿਰ ਵਿਚ *ਲਟੋਰ* ਨਾਂ ਉਸਦਾ ਪਿਆ ,
ਅਰ ਤਮਾਸ਼ਾ ਘਰ ਟਿਕਾਣਾ ਬਣ ਗਿਆ ।
ਮੱਤ ਦਾ ਡਰ ਜਿਸ ਟਿਕਾਣੇ ਸਮਝਦਾ,
ਓਸ ਰਾਹੋਂ ਭੁੱਲ ਕੇ ਨਾ ਲੰਘਦਾ ।
ਸਿੱਖਿਆ ਤੋਂ ਸੀ ਸਦਾ ਘਬਰਾਉਂਦਾ,
ਛਾਂ ਭਲੇ ਲੋਕਾਂ ਦੀ ਹੇਠ ਨਾ ਆਉਂਦਾ ।
ਗੱਲ ਗੱਲ ਤੇ ਘਰ ਲੜਾਈ ਪਾ ਬਹੇ,
ਹਰ ਕਿਸੇ ਦੇ ਨਾਲ ਸਿੱਡਾ ਲਾ ਬਹੇ ।
ਸ਼ਾਨਤੀ ਤੇ ਧੀਰਜ ਠਰ੍ਹਮਾ ਨਾ ਰਹੇ,
ਤੁੱਛ ਜਿੰਨੀ ਗੱਲ ਨੂੰ ਨਾ ਜਰ ਸਕੇ ।
ਵਾਗ ਮਨ ਦੀ ਸਾਂਭਣੋਂ ਲਾਚਾਰ ਸੀ,
ਜੀਭ ਰੋਕਣ ਦਾ ਭੀ ਨਾ ਬਲਕਾਰ ਸੀ ।
ਉਸ ਦੇ ਕੰਡੇ ਸਭ ਨੂੰ ਪੈਂਦੇ ਸਾਂਭਣੇ,
ਡਰਦਿਆਂ ਪਰ ਹਸ ਨਾ ਸਕਣ ਸਾਹਮਣੇ,
ਅਸਲ ਵਿਚ ਉਹ ਕੁੱਖ ਭੈੜੀ ਦਾ ਨ ਸੀ,
ਪੱਟਿਆ ਹੋਇਆ ਸੀ ਬੈਠਕ ਚੰਦਰੀ ।
ਜਦ ਉਦ੍ਹਾ ਇਹ ਹਾਲ ਹੱਦੋਂ ਟੱਪਿਆ,
ਨੱਕ ਵਿਚ ਦਮ ਮਾਪਿਆਂ ਦਾ ਆ ਗਿਆ ।
ਬਾਪ ਨੇ ਤਦ ਸੱਦ ਕੋਲ ਬਹਾਇਆ,
ਨਾਲ ਮਿੱਠਤ ਦੇ ਉਹਨੂੰ ਸਮਝਾਇਆ ।
ਲਾਲ ! ਉਹ ਦਿਨ ਯਾਦ ਹਨ, ਜਾਂ ਭੁਲ ਗਏ,
ਜਦ ਇਹ ਜੋਬਨ ਤੇ ਜਵਾਨੀ ਕੁਛ ਨ ਸੇ ।
ਜਦ ਖਬਰ ਤੀਕ ਸੀ ਨ ਆਪਣੇ ਆਪ ਦੀ,
ਸੀ ਨਹੀਂ ਸਿੱਞਾਣ ਮਾਂ ਅਰ ਬਾਪ ਦੀ ।
ਰਾਖੀਆਂ ਸਨ ਕਰ ਰਹੇ ਮਾਤਾ ਪਿਤਾ,
ਆਪ ਸੌ ਇਕ ਮਾਸ ਦਾ ਤਦ ਲੋਥੜਾ ।
ਨਾਮ ਮਾਤਰ ਨੂੰ ਇਹ ਸਾਰੇ ਅੰਗ ਸਨ,
ਹਿੱਲਣੋਂ ਜੁਲਣੋਂ ਪਰੰਤੂ ਤੰਗ ਸਨ ।
ਗਿੱਡ ਅੱਖਾਂ ਤੋਂ ਛੁਡਾ ਸਕਦੇ ਨ ਸੇ,
ਮੂੰਹ ਤੋਂ ਮੱਖੀ ਤੱਕ ਉਡਾ ਸਕਦੇ ਨ ਸੇ ।
ਅੱਗ ਜਲ ਦਾ ਫਰਕ ਨਹਿੰ ਸੇ ਜਾਣਦੇ,
ਵਿਹੁ ਤੇ ਅੰਮ੍ਰਿਤ ਨੂੰ ਨ ਮੂਲ ਪਛਾਣਦੇ ।
ਰਾਤ ਅਰ ਦਿਨ ਦਾ ਨਹੀਂ ਸੀ ਗਯਾਨ ਕੁਛ,
ਧੁੱਪ ਅਰ ਛਾਂ ਦੀ ਨ ਸੀ ਪਹਿਚਾਨ ਕੁਛ ।
ਭੁੱਖ ਨਾਲ ਬਿਚੈਨ ਹੋ ਜਾਂਦੇ ਸੇ, ਪਰ
ਅਪਨੀ ਬੇਚੈਨੀ ਦੀ ਨਾ ਪੈਂਦੀ ਖ਼ਬਰ ।
ਪਿਆਸ ਲਗਦੀ ਸੀ ਤਾਂ ਰੋ ਪੈਂਦੇ ਸਦਾ,
ਪਰ ਨ ਪਾਣੀ ਮੰਗਣਾ ਸੀ ਆਉਂਦਾ ।
ਖਾ ਲਿਆ ਜੋ ਕੁਝ ਅਸਾਂ ਦਿੱਤਾ ਖੁਆ,
ਪੀ ਲਿਆ ਜੋ ਕੁਝ ਅਸਾਂ ਦਿੱਤਾ ਪਿਆ ।
ਕੇਈ ਵਾਰੀ ਅੱਗ ਨੂੰ ਫੜ ਫੜ ਲਿਆ,
ਪਾਣੀ ਦੇ ਵਿਚ ਕੁੱਦਣੋਂ ਨਾ ਸੰਗਿਆ ।
ਇਹ ਲੜਾਕੀ ਜੀਭ ਕਿੱਥੇ ਸੀ ਤਦੋਂ ?
ਗੱਲ ਭੀ ਇਕ ਕਰਨ ਸੀ ਔਖੀ ਜਦੋਂ ?
ਸਭ ਨੂੰ ਰੋ ਰੋ ਕੇ ਤੂੰ ਦੇਂਦਾ ਸੀ ਜਗਾ,
ਆਪਣੇ ਪਰ ਰੋਣ ਦਾ ਨਾਹਿੰ ਸੀ ਪਤਾ ।
ਦੁੱਖ ਦਾ ਦਾਰੂ ਪਿਲਾਂਦੇ ਸਾਂ ਜਦੋਂ,
ਰੋ ਕੇ ਘਰ ਸਿਰ ਪਰ ਉਠਾਂਦਾ ਸੈਂ ਤਦੋਂ,
ਠੰਢ ਵਿਚ ਲੀੜੇ ਅਸਾਂ ਜਦ ਪਾਉਣੇ,
ਤੂੰ ਘੜੀ ਵਿਚ ਖੇਹ ਨਾਲ ਰੁਲਾਉਣੇ ।
ਸੂਗ ਮਿੱਟੀ ਚਿੱਕੜੋਂ ਕਰਦਾ ਨ ਸੀ,
ਗੰਦਗੀ ਅਰ ਮੈਲ ਤੋਂ ਡਰਦਾ ਨ ਸੀ,
ਮਾਉਂ ਨੇ ਸਭ ਗੰਦ ਮੰਦ ਸਮੇਟਣਾ,
ਗਿਲੇ ਥਾਉਂ ਚੁੱਕ, ਓਥੇ ਲੇਟਣਾ ।
ਉਸ ਸਮੇਂ ਮਾਪੇ ਨ ਹੁੰਦੇ ਜੇ ਕਦੇ,
ਏਸ ਦੁੱਖ ਨੂੰ, ਲਾਲ ਜੀ ! ਤਦ ਸਮਝਦੇ ।
ਹਾਲ ਦਿਲ ਦਾ ਕਹਿਣ ਦੀ ਤਾਕਤ ਨ ਸੀ,
ਰੋਣ ਬਾਝੋਂ ਆਉਂਦਾ ਸੀ ਹੋਰ ਕੀ ?
ਭੁੱਖ ਤਰੇਹ ਜਿਸ ਵਕਤ ਸੀਗੀ ਲੱਗਦੀ,
ਬੁੱਲੀਆਂ ਹੀ ਟੇਰ ਸਕਦੇ ਸੀ ਤੁਸੀਂ ।
ਪਰ ਅਸੀਂ ਸਾਂ ਅਟਕਲੋਂ ਲਖ ਜਾਉਂਦੇ,
ਬੁੱਝ ਦਿਲ ਦੀ, ਆਣ ਸਾਂ ਪਰਚਾਉਂਦੇ ।
ਪਯਾਸ ਥੀਂ ਆਤੁਰ ਜੇ ਪਾਂਦੇ ਸਾਂ ਅਸੀਂ,
ਬਿਨ ਕਹੇ ਪਾਣੀ ਪਿਆਂਦੇ ਸਾਂ ਅਸੀਂ ।
ਭੁੱਖ ਕਰਕੇ ਜੇ ਵਿਆਕੁਲ ਪਾਉਂਦੇ,
ਦੁੱਧ ਤੈਨੂੰ ਬਾਰ ਬਾਰ ਚੁੰਘਾਉਂਦੇ ।
ਰੂਪ ਸਨ ਮਾਲੂਮ ਸਾਰੇ ਆਪ ਦੇ,
ਸਮਝਦੇ ਸਾਂ ਸਭ ਇਸ਼ਾਰੇ ਆਪ ਦੇ ।
ਦੁਖ ਤੈਨੂੰ ਜੇ ਰਤੀ ਹੁੰਦਾ ਕਦੀ,
ਖਿੱਚ ਪੈਂਦੀ ਆਂਦਰਾਂ ਨੂੰ ਆਪ ਹੀ ।
ਭੁੱਲ ਸਾਨੂੰ ਜਾਂਦੀਆਂ ਸੁੱਤੇ ਸੁਧਾਂ,
ਦੌੜਦੇ ਫਿਰਦੇ ਸਾਂ ਵਾਂਗਰ ਪਾਗਲਾਂ ।
ਕੇਈ ਰਾਤਾਂ ਜਾਗ ਜਾਗ ਗੁਜ਼ਾਰੀਆਂ,
ਰਾਤਾਂ ਓਹ ਜੋ ਜੁੱਗਾਂ ਨਾਲੋਂ ਭਾਰੀਆਂ ।
ਹੋਰ ਤੀਵੀਂ ਦਾ ਨ ਪਰਛਾਵਾਂ ਛੁਹੇ,
ਮਾਂ ਦੀ ਛਾਤੀ ਨਾਲ ਰਹਿੰਦੇ ਚੰਬੜੇ ।
ਦੁੱਧ ਜੇਕਰ ਓਪਰਾ ਦਿੱਤਾ ਕਦੇ,
ਮੂੰਹ ਭੂਆ ਕੇ ਦੰਦ ਅੱਗੋਂ ਮੀਟਦੇ ।
ਮਾਂ ਨੇ ਪਰ ਗਲ ਇਸ ਤਰ੍ਹਾਂ ਸੀ ਲਾਇਆ,
ਦੁੱਖ ਸਹਿ ਕੇ ਆਪ ਦਾ ਸੁਖ ਚਾਹਿਆ ।
ਇੱਕ ਨਾ ਇੱਕ ਦੁੱਖ ਰਹਿੰਦਾ ਨਾਲ ਸੀ,
ਅੱਜ ਖਸਰਾ ਕੱਲ ਮਾਤਾ ਤੁੱਸਦੀ ।
ਸਿਆਣਿਆਂ ਦੇ ਪੈਰ ਜਾ ਜਾ ਪਕੜਦੇ,
ਨੱਕ ਗੋਡਾ ਦਿਉਤਿਆਂ ਦੇ ਰਗੜਦੇ ।
ਭੱਜੇ ਫਿਰਦੇ ਸਾਂ ਹਕੀਮਾਂ ਦੇ ਸਦਾ,
ਢੂੰਢਦੇ ਫਿਰਦੇ ਸਦਾ ਦਾਰੂ ਦਵਾ ।
ਸਿਆਣਿਆਂ ਜੋ ਮੰਗਿਆ ਸੋ ਪਾਇਆ,
ਲੌਂਦਿਆਂ ਰਕਮਾਂ ਦਰੇਗ ਨਾ ਆਇਆ ।
ਰੋਗ ਨੂੰ ਵਧਿਆ ਜਦੋਂ ਸਾਂ ਦੇਖਦੇ,
ਫਿਕਰ ਦੇ ਵਿਚ ਸਾਹ ਸਾਡੇ ਸੁੱਕਦੇ ।
ਰਾਤ ਦਿਨ ਪਿਉ ਗਰਕ ਚਿੰਤਾ ਵਿਚ ਸੀ,
ਮਾਂ ਦੀ ਆਂਦਰ ਨੂੰ ਭੀ ਪੈਂਦੀ ਖਿੱਚ ਸੀ ।
ਜੀ ਜਰਾ ਜਜਮਾਲਿਆ ਜੇ ਜਾਉਂਦਾ,
ਚੈਨ ਨਾ ਸਾਨੂੰ ਭੀ ਪਲ ਭਰ ਅਉਂਦਾ ।
ਸੁੱਖਾਂ ਸੁਖਦੇ ਤੇਰੀਆਂ ਅੱਠੇ ਪਹਿਰ,
ਵੱਟ ਮੱਥੇ ਵੇਖ ਬਣਦੀ ਜਾਨ ਪਰ ।
ਤੇਰੀ ਖ਼ਾਤਰ ਦੁੱਖ ਤੇ ਦੁੱਖ ਉਠਾਇਆ,
ਦਸ ਬਰਸ ਤਕ ਚੈਨ ਪਲ ਨਾ ਪਾਇਆ ।
ਦੁੱਖ ਤੇਰੀ ਟਹਿਲ ਦੇ ਵਿਚ ਪਾਏ ਓਹ,
ਦੁਸ਼ਮਣਾਂ ਨੂੰ ਰੱਬ ਨਾ ਦਿਖਲਾਏ ਓਹ ।
ਆਵੇਗੀ ਸੇਵਾ ਅਸਾਡੀ ਯਾਦ ਤਾਂ,
ਆਪਣੇ ਘਰ ਹੋਇਗੀ ਔਲਾਦ ਜਾਂ ।
ਹੋਸ਼ ਆਈ ਸੂਤਕੋਂ ਜਦ ਨਿੱਕਲੇ,
ਫਿਰ ਫ਼ਿਕਰ ਹੋਈ ਕਿ ਇਹ ਕੁਛ ਪੜ੍ਹ ਲਵੇ ।
ਦੋ ਰਖੇ ਉਸਤਾਦ ਇਲਮ ਪੜ੍ਹਾਣ ਨੂੰ,
ਇੱਕ ਪੜ੍ਹਨਾ ਇੱਕ ਹਿਸਾਬ ਸਿਖਾਣ ਨੂੰ ।
ਪੰਜ ਇੱਕ ਨੂੰ, ਇੱਕ ਨੂੰ ਮਿਲਦੇ ਸੇ ਦਸ,
ਏਹ ਰਹੇ ਨੌਕਰ ਬਰਾਬਰ ਦੋ ਬਰਸ ।
ਅਪਨੇ ਅਪਨੇ ਕੰਮ ਵਿਚ ਹੁਸ਼ਿਆਰ ਸਨ,
ਪਰ ਤੇਰੇ ਹੱਥੋਂ ਹੋਏ ਲਾਚਾਰ ਸਨ ।
ਦੋਵੇਂ ਅਪਨਾ ਜ਼ੋਰ ਸਾਰਾ ਲਾ ਥਕੇ,
ਤੈਨੂੰ ਪਰ ਅੱਖਰ ਨ ਇੱਕ ਪੜ੍ਹਾ ਸਕੇ ।
ਖੇਡ ਤੋਂ ਭੀ ਵਿਹਲ ਨਹਿੰ ਸੀ ਆਉਂਦੀ,
ਲਿਖਣ ਪੜ੍ਹਨੋਂ ਜਾਨ ਸੀ ਘਬਰਾਉਂਦੀ ।
ਮੁਫਤ ਦੀ ਚੱਟੀ ਅਸੀਂ ਭਰਦੇ ਰਹੇ,
ਦੋ ਵਰ੍ਹੇ ਤੱਕ ਟਹਿਲ ਭੀ ਕਰਦੇ ਰਹੇ ।
ਪਰ ਜਦੋਂ ਤੂੰ ਕੱਖ ਭੀ ਨ ਸਿੱਖਿਆ,
ਦੇ ਕੇ ਕੁਛ ਦੋਹਾਂ ਨੂੰ ਮੱਥਾ ਟੇਕਿਆ ।
ਪਲ ਕੇ ਜਦ ਆਈ ਜਵਾਨੀ ਸੁੱਖ ਨਾਲ,
ਵਯਾਹ ਦੇ ਭਾਰੇ ਦਾ ਆਇਆ ਤਦ ਖਿਆਲ ।
ਹੁੰਦੀਆਂ ਸਨ ਜਾਤ ਵਿਚ ਕੁੜਮਾਈਆਂ,
ਵਯੌਹੜੀਆਂ ਭੀ ਦੇਖੀਆਂ ਦਿਖਲਾਈਆਂ ।
ਗਹਿਣੇ ਕਪੜੇ ਦਾ ਨ ਬਹੁਤ ਰਿਵਾਜ ਸੀ,
ਪੈਸਿਆਂ ਦੇ ਨਾਲ ਹੁੰਦਾ ਕਾਜ ਸੀ ।
ਜੇ ਅਸੀਂ ਭੀ ਘਰ ਬਚਾਣਾ ਚਾਹੁੰਦੇ,
ਛੈਣਿਆਂ ਦੇ ਨਾਲ ਪੁੱਤ ਵਿਆਹੁੰਦੇ ।
ਪਰ ਅਸਾਂ ਜੀ ਆਪਣੇ ਵਿਚ ਸੋਚਿਆ,
ਇੱਕ ਪੁੱਤਰ ਫੇਰ ਭੀ ਉਹ ਲਾਡਲਾ ।
ਲੱਗ ਜਾਵੇ ਭਾਵੇਂ ਸਾਰੀ ਜਾਇਦਾਦ,
ਵਜ ਵਜਾ ਕੇ ਵੇਖ ਲਈਏ ਪਰ ਮੁਰਾਦ ।
ਐਸ ਵੇਲੇ ਭੀ ਜੇ ਲੱਥੀ ਰੀਝ ਨਾ,
ਹੋਰ ਕਿਹੜੇ ਵਯਾਹ ਕਰਨੇ ਨੇ ਅਸਾਂ ।
ਫੇਰ ਇਹ ਦਿਨ ਹੱਥ ਕਿੱਥੋਂ ਆਇਗਾ,
ਜੀ ਦੇ ਵਿਚ ਅਰਮਾਨ ਇਕ ਰਹਿ ਜਾਏਗਾ ।
ਧਾਰ ਕੇ ਇਹ ਨੀਤ ਵਿਆਹ ਰਚਾਇਆ,
ਜੋ ਭੀ ਸਰ ਬਣ ਸਕਿਆ ਸੋ ਲਾਇਆ ।
ਯਾਦ ਜੇਕਰ ਨਾ ਹੋਵੇ ਆਪਣਾ ਵਿਆਹ,
ਸ਼ਹਿਰ ਦੇ ਛੋਟੇ ਵਡੇ ਹਨ ਸਭ ਗਵਾਹ ।
ਜਾਣਦੇ ਨੇ ਸਭ ਸ਼ਰੀਕੇ ਦੇ ਭਰਾ,
ਧਨ ਕਿਵੇਂ ਸੀ ਪਾਣੀ ਵਾਂਗੂੰ ਰੋੜ੍ਹਿਆ ।
ਦੇਣ ਲੱਗੇ ਕੁਝ ਨਾ ਸਰਫ਼ਾ ਛੱਡਿਆ,
ਜਿਸ ਨੂੰ ਦਿੱਤਾ, ਖੋਲ੍ਹ ਕੇ ਦਿਲ ਦੇ ਲਿਆ ।
ਅਗਲੀ ਅਰ ਪਿਛਲੀ ਪੁਰਾਣੀ ਤੇ ਨਈ,
ਜੰਦਰੇ ਵਿਚ ਰਾਸ ਪੂੰਜੀ ਪੈ ਗਈ ।
ਰੋਕੜੀ ਜੋ ਭਾਰ ਸੀ ਬਜ਼ਾਰ ਦਾ,
ਉਹ ਤਾਂ ਹੌਲਾ ਹੋ ਗਿਆ ਭਾਵੇਂ ਬੜਾ ।
ਪਰ ਜੋ ਹੈ ਜੈਦਾਦ ਤਦ ਦੀ ਫਸ ਚੁਕੀ,
ਅੱਜ ਤਕ ਸੜਦਾ ਹੈ ਜੀ ਉਸ ਦੇ ਲਈ ।
ਹੈ ਬਹੁਤ ਉਸ ਦੇ ਛੁਡਾਉਣ ਦਾ ਧਿਆਨ,
ਪਰ ਨਹੀਂ ਬਣਦਾ ਕੋਈ ਇਸਦਾ ਸਮਾਨ ।
ਘਰ ਦੇ ਵਿਚ ਜੋ ਹੈ ਤੰਗੀ ਹੋ ਰਹੀ,
ਤੇਰੀ ਖਾਤਰ ਹੀ ਮੁਸੀਬਤ ਹੈ ਪਈ ।
ਜ਼ਰ ਤੇ ਜਿੰਦੋਂ ਵੱਧ ਕੇ ਨਾ ਕੋਈ ਚੀਜ਼,
ਆਦਮੀ ਨੂੰ ਹੋਇ ਦੁਨੀਆਂ ਵਿਚ ਅਜ਼ੀਜ਼ ।
ਜਾਨ ਭੀ ਦੇਣੋਂ ਨ ਮੂੰਹ ਨੂੰ ਮੋੜਿਆ,
ਧਨ ਭੀ ਤੈਥੋਂ ਵਾਰਨੇ ਕਰ ਛੋੜਿਆ ।
ਖਾਣ ਨੂੰ ਹੰਢਾਣ ਨੂੰ ਜੋ ਚਾਹਿਆ,
ਸੋਈ ਹਾਜ਼ਰ ਕਰ ਕੇ ਭਾਰਾ ਲਾਹਿਆ ।
ਗੱਡੀ ਘੋੜੇ ਚੜ੍ਹਨ ਨੂੰ ਤੈਨੂੰ ਜੁੜੇ,
ਦਾਸ ਟਹਿਲਾਂ ਕਰਨ ਨੂੰ ਤੈਨੂੰ ਜੁੜੇ ।
ਹੁਣ ਤੇਰਾ ਵੇਲਾ ਸੀ ਭਾਰਾ ਲਾਹਣ ਦਾ,
ਬੁੱਢੇ ਮਾਂ ਪਿਉ ਨੂੰ ਆਰਾਮ ਪੁਚਾਉਣ ਦਾ ।
ਖੂਬ ਉਸ ਸੇਵਾ ਦਾ ਫਲ ਪਹੁੰਚਾਇਓ !
ਮਾਣ ਸਾਡਾ ਖੂਬ ਰੱਖ ਦਿਖਾਇਓ !
ਫਲ ਇਹੋ ਸੀ ਓਸ ਘੁਲ ਘੁਲ ਮਰਨ ਦਾ ?
ਮੁੱਲ ਇਹ ਸੀ ਓਸ ਸੇਵਾ ਕਰਨ ਦਾ ?
ਅੱਖ ਵਿਚ ਰੱਤੀ ਨਹੀਂ ਪਿਉ ਦਾ ਲਿਹਾਜ,
ਮਾਉਂ ਨੂੰ ਝਿੜਕਨ ਲਗੇ ਆਵੇ ਨ ਲਾਜ ।
ਘਰ ਦਾ ਦੋ ਦੋ ਦਿਨ ਨ ਬੂਹਾ ਤੱਕਦੇ,
ਆ ਗਏ ਤਾਂ ਪੰਜ ਪੱਥਰ ਚੱਕਦੇ ।
ਬਾਹਰ ਹਰ ਥਾਂ ਛਿੜ ਪਈ ਚਰਚਾ ਤੇਰੀ,
ਆਖੀਓ ਭੈੜੀ ਤਾਂ ਸੁਣੀਓ ਈ ਬੁਰੀ ।
ਟਿਚਕਰਾਂ ਕਰਦੇ ਨੇ ਸਾਨੂੰ ਬਿਰਧ ਬਾਲ,
ਸਾਨੂੰ ਭੀ ਬਦਨਾਮ ਕੀਤੋ ਆਪ ਨਾਲ ।
ਮੂੰਹ ਨਹੀਂ ਹੁੰਦਾ ਕਿਸੇ ਦੇ ਰੂਬਰੂ,
ਮਿੱਟੀ ਦੇ ਵਿਚ ਮਿਲ ਗਈ ਹੈ ਆਬਰੂ ।
ਹੁਣ ਤਾਂ ਸਾਡਾ ਚੱਲਣਾ ਹੀ ਹੈ ਭਲਾ,
ਪਤ ਗਈ ਤਾਂ ਹੋਰ ਕੀ ਬਾਕੀ ਰਿਹਾ ।
ਮੇਰਾ ਤੈਨੂੰ ਯਾਦ ਹੈ ਸਾਰਾ ਹਵਾਲ,
ਕਰਜ਼ ਵਿਚ ਬੱਧਾ ਹੈ ਵਾਲ ਵਾਲ ।
ਹੱਥ ਵਿਚ ਜ਼ਰ ਹੈ ਨ ਬਾਂਹ ਵਿਚ ਜ਼ੋਰ ਹੈ,
ਫ਼ਿਕਰ ਚਿੰਤਾ ਲੱਕ ਦਿੱਤਾ ਤੋੜ ਹੈ ।
ਹੁਣ ਤਾਂ ਹੈ ਇਹ ਜਿੰਦ ਸਾਹ ਵਰੋਲਦੀ,
ਮਰਨ ਖਾਤਰ ਥਾਂ ਪਈ ਹੈ ਟੋਲਦੀ ।
ਤੇਰੇ ਵਿਚ ਜੇ ਹੌਂਸਲਾ ਹੁੰਦਾ ਕਦੀ,
ਤਦ ਤਿਰੇ ਸਿਰ ਤੇ ਇਹ ਬਣਦਾ ਫਰਜ਼ ਸੀ ।
ਸਿਰ ਤੇ ਲੈਂਦੋਂ ਚੁੱਕ ਮੇਰੀ ਕਾਰ ਨੂੰ,
ਮੇਰੇ ਕੰਨ੍ਹੇ ਤੋਂ ਲਹਾਂਦੋਂ ਭਾਰ ਨੂੰ ।
ਜਿਸ ਤਰ੍ਹਾਂ ਕੀਤੀ ਅਸਾਂ ਸੇਵਾ ਤੇਰੀ,
ਬਾਂਹ ਫੜ ਲੈਂਦੋਂ ਤੂੰ ਸਾਡੀ ਇਸ ਘੜੀ ।
ਭਾਰ ਅਸਾਂ ਹੁਣ ਤੱਕ ਉਠਾਈ ਰੱਖਿਆ,
ਹੁਣ ਤੇਰਾ ਵੇਲਾ ਸੀ ਮੋਢਾ ਦੇਣ ਦਾ ।
ਸੁਖ ਅਸੀਂ ਭੀ ਦੇਖਦੇ ਸੰਤਾਨ ਦੇ,
ਲੋਕ ਕਰਦੇ ਜੱਸ ਕੁਲ ਦੀ ਸ਼ਾਨ ਦੇ ।
ਸੁੱਖ ! ਸਾਡੀ ਤਾਂ ਗੁਜ਼ਰ ਹੀ ਜਾਇਗੀ,
ਕੰਢੇ ਦਰਿਆ ਦੇ ਬਰੂਟੀ ਹੈ ਖੜੀ ।
ਤੂੰ ਤਾਂ ਹੈ ਪਰ ਉਮਰ ਏਥੇ ਕੱਟਣੀ,
ਹੁਣ ਅਜੇ ਸੁੱਖੀ ਜਵਾਨੀ ਹੈ ਚੜ੍ਹੀ ।
ਹੁਣ ਭੀ ਅਪਨੀ ਹੋਸ਼ ਸੰਭਲ, ਸਮਝ ਜਾ,
ਕੂੜੀ ਦੁਨੀਆਂ ਦੇ ਭੁਲੇਵੇ ਪਰ ਨ ਜਾ ।
ਖਿੰਡ ਗਈਆਂ ਬਹੁਤ ਹੁਣ ਰੁਸ਼ਨਾਈਆਂ,
ਕਦ ਤਲਕ ਆਖਰ ਇਹ ਬੇ-ਪਰਵਾਹੀਆਂ ?
ਖਾਣ ਖ਼ੇਡਣ ਦਾ ਜ਼ਮਾਨਾ ਹੋ ਚੁਕਾ,
ਨੀਂਦ ਆਲਸ ਦਾ ਬਹਾਨਾ ਹੋ ਚੁਕਾ ।
ਕਾਲ ਦਾ ਚੱਕਰ ਹੈ ਹਰ ਦਮ ਘਾਤ ਵਿਚ,
ਬਾਜ਼ੀ ਆਈ ਚਾਹੁੰਦੀ ਹੈ ਮਾਤ ਵਿਚ ।
ਘੁੱਸਿਆ ਵੇਲਾ ਕਦੀ ਮੁੜਨਾ ਨਹੀਂ,
ਦੇਖ ਭਾਈ ! ਫੇਰ ਇਹ ਜੁੜਨਾ ਨਹੀਂ ।
ਜੇ ਰਿਹੋਂ ਹੁਣ ਭੀ ਤੂੰ ਓਸੇ ਤਰ੍ਹਾਂ,
ਕਰ ਲਵੇਗਾ ਠੀਕ ਆਪੇ ਹੀ ਸਮਾਂ ।
ਤੱਕਲੇ ਦੇ ਵਾਂਗ ਸਿੱਧਾ ਕਰ ਲਊ,
ਠੇਡਿਆਂ ਦੇ ਨਾਲ ਅੱਗੇ ਧਰ ਲਊ ।
ਫਿਰ ਸੰਭਲਿਆ ਕੰਮ ਕਿਹੜੇ ਆਇਗਾ ?
ਜਦ ਸੰਭਲਿਆ ਨਾ ਸੰਭਲਿਆ ਜਾਇਗਾ ।
ਉੱਡਣੇ ਨੂੰ ਜੀ ਕਰੂ ਆਕਾਸ਼ ਵਲ,
ਰਹਿ ਨ ਜਾਏਗਾ ਪਰੰਤੂ ਬਾਂਹ ਬਲ ।
ਬੁੱਧਿ ਹੋਵੇਗੀ ਤੇ ਧਨ ਨਾ ਹੋਇਆ ।
ਕੋਈ ਭੀ ਪੂਰਾ ਜਤਨ ਨਾ ਹੋਇਗਾ ।
ਜਦ ਸਮਾਂ ਇਹ ਰੰਗਤਾਂ ਦਿਖਲਾਇਗਾ,
ਯਾਦ 'ਹਾਲੀ' ਦਾ ਕਿਹਾ ਤਦ ਆਇਗਾ ।

17. ਸਹੁਰੇ ਜਾਂਦੀ ਬੀਬੀ ਨੂੰ ਪ੍ਰੇਮ-ਸੰਦੇਸ਼

ਬੀਬੀਏ ਰਾਣੀਏ ! ਬਾਲੜੀ ਬੱਚੀਏ !
ਗ੍ਰਸਥ ਦੇ ਰੁੱਖ ਦੀ ਡਾਲੀਏ ਕੱਚੀਏ !
ਖੇਡ ਦੀ ਪਯਾਰੀਏ ! ਲਾਡ ਦੀ ਗਿੱਝੀਏ !
ਛੋਪਿਆਂ ਗੁੱਡੀਆਂ, ਖੇਨੂੰਆਂ ਰੁੱਝੀਏ !
ਪ੍ਰੇਮ ਪੰਘੂੜਿਆਂ ਵਿਚ ਤੂੰ ਪੱਲੀ ਏਂ,
ਅੱਜ ਪਰ ਹੋਰ ਪਰਵਾਰ ਵਿਚ ਚੱਲੀ ਏਂ ।
ਪੰਧ ਹੈ ਸਾਹਮਣੇ ਨਵੇਂ ਸੰਸਾਰ ਦਾ,
ਖੇਲ ਹੈ ਸ਼ੁਰੂ ਤਲਵਾਰ ਦੀ ਧਾਰ ਦਾ ।
ਉੱਠ, ਹੁਸ਼ਿਆਰ ਹੋ ! ਕਾਰ ਸੰਭਾਲ ਲੈ,
ਫ਼ਰਜ਼ ਨੂੰ ਸਮਝ, ਮਰਯਾਦ ਨੂੰ ਪਾਲ ਲੈ ।
ਏਸ ਮਰਯਾਦ ਵਿਚ ਵੜਦਿਆਂ ਸਾਰ ਤੂੰ,
ਹੋਇੰਗੀ ਮੁਸ਼ਕਲਾਂ ਨਾਲ ਦੋ ਚਾਰ ਤੂੰ ।
ਪਰੇਮ ਪਰ ਇਨ੍ਹਾਂ ਦਾ ਰੂਪ ਪਲਟਾਇਗਾ,
ਖ਼ਾਰ ਜੋ ਜਾਪਦਾ ਫੁੱਲ ਬਣ ਜਾਇਗਾ ।
ਪਰੇਮ ਥੀਂ ਪਾਲੀਓਂ, ਪਰੇਮ ਦੀ ਆਸ ਤੇ,
ਰੱਬ ਨੇ ਘੱਲੀਓਂ, ਪਰੇਮ ਦੇ ਵਾਸਤੇ ।
ਟਹਿਲ ਦਾ ਮਹਿਲ ਇਕ ਸੋਹਣਾ ਪਾਣ ਨੂੰ,
ਫੁੱਲ ਪੁਰ ਤ੍ਰੇਲ ਦਾ ਰੂਪ ਹੋ ਜਾਣ ਨੂੰ ।
ਪ੍ਰੇਮ ਦਾ ਮਹਿਕਦਾ ਬਾਗ਼ ਇਕ ਲਾਇ ਦੇ,
ਪਿਆਰ ਪਸਰਾਇ ਦੇ, ਠੰਢ ਵਰਤਾਇ ਦੇ ।
ਪ੍ਰੇਮ ਦੇ ਸਿੰਧੁ ਵਿਚ ਮਾਰ ਲੈ ਤਾਰੀਆਂ ।
ਚੀਰ ਜਾ ਔਖੀਆਂ ਘਾਟੀਆਂ ਸਾਰੀਆਂ ।
ਰਣ ਜਦੋਂ ਪ੍ਰੇਮ ਦਾ ਜਿੱਤਿਆ ਜਾਇਗਾ,
ਸਾਹਮਣੇ ਸਵਰਗ ਦਾ ਦਵਾਰ ਫਿਰ ਆਇਗਾ ।
ਪ੍ਰੇਮ ਦੀਆਂ ਦੇਵੀਆਂ ਰੂਪ ਸ਼ਿੰਗਾਰੀਆਂ,
ਪੂਰਸਨ ਤੇਰੀਆਂ ਸੱਧਰਾਂ ਸਾਰੀਆਂ ।
ਨੂਰ ਦਾ ਚਾਨਣਾ ਤਾਜ ਪਹਿਨਾਇ ਕੇ,
ਭਾਗ ਸਭ ਲਾਇ ਕੇ, ਬਰਕਤਾਂ ਪਾਇ ਕੇ ।
ਸੌਂਪਸਨ ਵਾਗ ਗ੍ਰਹਸਥ ਸੰਸਾਰ ਦੀ,
ਆਪ-ਠਰ ਜਾਇੰਗੀ ਹੋਰਨਾਂ ਠਾਰਦੀ ।

18. ਵਿਦਯਾ ਦੀ ਥੋੜ

ਹਿੰਦੁਸਤਾਨੀਆਂ ! ਜਾਗ ਕੇ ਮਾਰ ਝਾਤੀ,
ਤੇਰੇ ਜੀਉਣ ਦਾ ਅੱਜ ਕੋਈ ਹਾਲ ਭੀ ਹੈ ?
ਪੱਲੇ ਆਪਣੇ ਕੋਈ ਕਰਤੂਤ ਭੀ ਹੈ ?
ਗਲ਼ਦੀ ਕਿਸੇ ਮਹਿਫਲ ਅੰਦਰ ਦਾਲ ਭੀ ਹੈ ?
ਮਾਲਾ ਮਾਲ ਹੋ ਗਏ ਭਾਈਵਾਲ ਸਾਰੇ,
ਤੇਰੇ ਨਾਲ ਦਾ ਕੋਈ ਕੰਗਾਲ ਭੀ ਹੈ ?
ਖੇਡਾਂ ਵਿਚ ਕਰ ਲਈ ਬਰਬਾਦ ਬਾਜ਼ੀ,
ਬਾਕੀ ਰਹਿ ਗਈ ਅਜੇ ਕੋਈ ਚਾਲ ਭੀ ਹੈ ?
ਉੱਠ ! ਹੰਭਲਾ ਮਾਰ, ਬਲਬੀਰ ਸ਼ੇਰਾ !
ਦੁਨੀਆਂ ਵੇਖ ਕੀਕਣ ਛਾਲਾਂ ਮਾਰ ਰਹੀ ਏ,
ਪੜ੍ਹ ਪੜ੍ਹ ਵਿੱਦਿਆ, ਟੋਲਕੇ ਇੱਟ ਚੂਨਾ,
ਕਿਸਮਤ ਆਪਣੀ ਆਪੇ ਉਸਾਰ ਰਹੀ ਏ ।

ਤੂੰ ਔਲਾਦ ਹੈਂ ਉਨ੍ਹਾਂ ਉਪਕਾਰੀਆਂ ਦੀ,
ਜਿਨ੍ਹਾਂ ਵਿੱਦਿਆ ਦੇ ਲੰਗਰ ਲਾਏ ਹੋਏ ਸਨ ।
ਭੰਭਟ ਵਾਂਗ ਦੁਨੀਆਂ ਉਡ ਉਡ ਆ ਰਹੀ ਸੀ,
ਐਸੇ ਇਲਮ ਦੇ ਦੀਵੇ ਜਗਾਏ ਹੋਏ ਸਨ ।
ਤੇਰੇ ਬੋਹੜ ਦੀ ਵੇਖ ਕੇ ਛਾਉਂ ਠੰਢੀ,
ਡੋਰੇ ਮਿਸਰ ਯੂਨਾਨ ਨੇ ਪਾਏ ਹੋਏ ਸਨ ।
ਤੇਰੇ ਗਯਾਨ-ਬਗੀਚੇ ਦੀ ਮਹਿਕ ਲੁੱਟਣ,
ਭੌਰੇ ਸਾਰੇ ਜਹਾਨ ਦੇ ਆਏ ਹੋਏ ਸਨ ।
ਏਸ ਦੀਵੇ ਦੀ ਲੋ ਵਿਚ ਤੁਰਨ ਵਾਲੇ,
ਅੱਜ ਵਿਚ ਅਸਮਾਨ ਦੇ ਚਮਕ ਰਹੇ ਨੇ,
ਐੇਪਰ, ਹਾਇ ! ਕਿਸਮਤ ਐਸਾ ਗੇੜ ਖਾਧਾ,
ਤੇਰੇ ਆਪਣੇ ਚੀਥੜੇ ਲਮਕ ਰਹੇ ਨੇ ।

ਗਫਲਤ ਮਾਰਿਆ ! ਸੋਚ ਕੇ ਵੇਖ ਤਾਂ ਸਹੀ,
ਉਹ ਅਜ ਬੋਲਦੀ ਤੇਰੀ ਸਤਾਰ ਕਿਉਂ ਨਹੀਂ ?
ਤੇਰੇ ਸੋਨੇ ਦੀ ਖਾਣ ਦੀ ਪੁੱਛ ਕਿਉਂ ਨਹੀਂ,
ਤੇਰਾ ਮੰਡੀਆਂ ਵਿਚ ਇਤਬਾਰ ਕਿਉਂ ਨਹੀਂ ?
ਗਾਂਧੀ, ਬੋਸ, ਟੈਗੋਰ ਦੇ ਬੈਠਿਆਂ ਭੀ,
ਤੇਰੇ ਬਾਗ਼ ਵਿਚ ਫਿਰਦੀ ਬਹਾਰ ਕਿਉਂ ਨਹੀਂ ?
ਤੇਰੇ ਆਲ੍ਹਣੇ ਨੂੰ ਵੇਖ ਅੱਗ ਲੱਗੀ,
ਪਾਣੀ ਡੋਲ੍ਹਦਾ ਕੋਈ ਗ਼ਮਖ਼ਾਰ ਕਿਉਂ ਨਹੀਂ ?
ਮੇਰੀ ਜਾਚ ਵਿਚ ਵੈਰਨ ਅਵਿੱਦਿਆ ਨੇ,
ਇਸ ਫਰਯਾਦ ਵਿਚ ਅਸਰ ਨਹੀਂ ਰਹਿਣ ਦਿੱਤਾ,
*ਸੱਤ ਅੱਠ ਫੀ ਸਦੀ* ਦੇ ਡੱਕਿਆਂ ਨੇ,
ਤੇਰੀ ਨਦੀ ਨੂੰ ਅਗ੍ਹਾਂ ਨਹੀਂ ਵਹਿਣ ਦਿੱਤਾ ।

ਜਿਨ੍ਹਾਂ ਕੌਮਾਂ ਤੇ ਦੇਸ਼ਾਂ ਨੇ ਅਗ੍ਹਾਂ ਹੋ ਕੇ,
ਜੋਤ ਵਿੱਦਿਆ ਦੀ ਘਰ ਜਗਾ ਲਈ ਹੈ ।
ਓਨ੍ਹਾਂ ਕੁੰਜੀ ਖਜ਼ਾਨੇ ਦੀ ਪਾ ਲਈ ਹੈ,
ਕਿਸਮਤ ਆਪਣੀ ਉਨ੍ਹਾਂ ਪਲਟਾ ਲਈ ਹੈ ।
ਪੈਰ ਉਨ੍ਹਾਂ ਦੇ ਅੱਜ ਇਕਬਾਲ ਚੁੰਮੇ,
ਘਰ ਵਿਚ ਸੋਨੇ ਦੀ ਲੰਕਾ ਬਣਾ ਲਈ ਹੈ ।
ਰੱਬੀ ਤਾਕਤਾਂ ਮੁੱਠ ਵਿਚ ਮੀਟ ਲਈਆਂ,
ਸੋਭਾ ਖੱਟ ਲਈ, ਸ਼ਾਨ ਚਮਕਾ ਲਈ ਹੈ ।
ਤੂੰ ਪਰ ਹੁੰਦਿਆਂ ਸੁੰਦਿਆਂ ਮਾਲ ਘਰ ਵਿਚ,
ਚਾਨਣ ਬਾਝ ਵੇਖ ਨਾ ਸੱਕਦਾ ਹੈਂ,
ਐਸਾ ਘੁੱਸ ਕੇ ਤਾਲੋਂ ਬੇਤਾਲ ਹੋਇਓਂ,
ਟੁੱਕਰ ਵਾਸਤੇ ਬਿਟ ਬਿਟ ਤੱਕਦਾ ਹੈਂ ।

ਸੱਜਣ ! ਹੋਸ਼ ਕਰ ਕੁਝ, ਸਾਵਧਾਨ ਹੋ ਜਾ,
ਸੁੱਤੇ ਰਹਿਣ ਦਾ ਅਜ ਕਲ ਜ਼ਮਾਨਾ ਨਹੀਂ ਊਂ ।
ਵੇਲਾ ਛਲ ਗਿਆ ਫੇਰ ਨਹੀਂ ਹੱਥ ਔਣਾ,
ਸੁਣਨਾ ਕਿਸੇ ਨੇ ਤੇਰਾ ਬਹਾਨਾ ਨਹੀਂ ਊਂ ।
ਜਦ ਤੱਕ ਆਪਣੇ ਤਰਕਸ਼ ਵਿਚ ਤੀਰ ਹੈ ਨਹੀਂ,
ਤੈਥੋਂ ਫੁੰਡਿਆ ਜਾਣਾ ਨਿਸ਼ਾਨਾ ਨਹੀਂ ਊਂ ।
ਮਿਹਨਤ ਬਾਝ ਦਿਹਾੜੀਆਂ ਦੇਈ ਜਾਵੇ,
ਐਸਾ ਕੁਦਰਤਾਂ ਦਾ ਕਾਰਖਾਨਾ ਨਹੀਂ ਊਂ ।
ਤੇਰੀਆਂ ਬਾਹਾਂ ਵਿਚ ਜ਼ੋਰ ਨਹੀਂ ਵਿੱਦਿਆ ਦਾ,
ਓਧਰ ਕਲਮ ਨੇ ਕੁਦਰਤ ਭਰਮਾਈ ਹੋਈ ਏ,
ਸੱਭੇ ਬਰਕਤਾਂ ਉਨ੍ਹਾਂ ਦਾ ਭਰਨ ਪਾਣੀ,
ਜਿਨ੍ਹਾਂ ਵਿੱਦਿਆ ਦੇਵੀ ਰਿਝਾਈ ਹੋਈ ਏ ।

ਆਓ, ਵੀਰ ਜੀ ! ਜੋਤਰਾ ਲਾ ਸਾਂਝਾ,
ਏਸ ਤਾਣੀ ਨੂੰ ਪਹਿਲੇ ਸੁਲਝਾ ਲਈਏ ।
ਗੱਲਾਂ ਸਾਰੀਆਂ ਪਿੱਛੋਂ ਨਜਿੱਠ ਲਾਂਗੇ,
ਹਾਲੀ ਪੈਰਾਂ ਦੀ ਬਲਦੀ ਬੁਝਾ ਲਈਏ ।
ਇਸ ਅਵਿੱਦਿਆ ਦੀ ਬੇੜੀ ਕੱਟ ਲਈਏ,
ਘੁੰਮਣ-ਘੇਰ ਤੋਂ ਬੇੜਾ ਬਚਾ ਲਈਏ ।
ਜਿਹੜੀ ਦੇਵੀ ਨੂੰ ਦੇਸ਼ ਨੇ ਪੂਜਣਾ ਹੈ,
ਉਸ ਦੇ ਬਹਿਣ ਲਈ ਮੰਦਰ ਬਣਾ ਲਈਏ ।
ਖਾਣ ਹੀਰਿਆਂ ਦੀ ਜਿਸ ਦਿਨ ਲੱਭ ਲੀਤੀ,
ਉਸ ਦਾ ਮੁੱਲ ਭੀ ਝੋਲੀ ਪੁਆ ਲਵਾਂਗੇ ।
ਚਾਤ੍ਰਿਕ ਸੋਨੇ ਦਾ ਭਾਂਡਾ ਤਿਆਰ ਕਰ ਕੇ,
ਦੁੱਧ ਸ਼ੇਰਨੀ ਦਾ ਫਿਰ ਚੁਆ ਲਵਾਂਗੇ ।

19. ਅਨਾਥ (ਯਤੀਮ) ਦਾ ਨਾਰਾ

ਆਲ੍ਹਣੇ ਤੋਂ ਡਿੱਗੇ ਹੋਏ ਬੋਟ ਨੂੰ ਬਚਾਵੇ ਕੌਣ ?
ਮੂੰਹ ਦੀਆਂ ਗਰਾਹੀਆਂ ਟੁੱਕ ਟੁੱਕ ਕੇ ਖੁਆਵੇ ਕੌਣ ?
ਰੋਂਦੇ ਨੂੰ ਹਸਾਵੇ, ਭੁੰਜੇ ਲੇਟਦੇ ਨੂੰ ਚਾਵੇ ਕੌਣ ?
ਝਾੜ ਪੂੰਝ, ਚੁੰਮ ਘੁੱਟ ਹਿੱਕ ਨਾਲ ਲਾਵੇ ਕੌਣ ?
ਮਲ ਮਲ ਨੁਹਾਵੇ, ਕੰਘੀ ਵਾਹਵੇ, ਤੇਲ ਲਾਵੇ ਕੌਣ ?
ਸੁਹਣੇ ਸੁਹਣੇ ਕਪੜੇ ਪਿਨ੍ਹਾਵੇ ਤੇ ਖਿਡਾਵੇ ਕੌਣ ?
ਮਾਪਿਆਂ ਬਗੈਰ ਮੈਂ ਅਨਾਥ ਦੀਆਂ ਸੱਧਰਾਂ ਨੂੰ,
ਪੂਰੀਆਂ ਕਰੀਵੇ ਤੇ ਕਲੇਜੇ ਠੰਢ ਪਾਵੇ ਕੌਣ ?

ਆਂਦਰਾਂ ਦੀ ਸਾਂਝ ਬਿਨਾ ਸੇਕ ਕਿਨੂੰ ਆਉਂਦਾ ਹੈ ?
ਪਿਆਰ ਜਿਹੀ ਚੀਜ਼ ਭਲਾ ਦੇਂਦਾ ਹੈ ਉਧਾਰ ਕੌਣ ?
ਅੰਮਾਂ ਦੀਆਂ ਲੋਰੀਆਂ ਤੇ ਬਾਪੂ ਦੀਆਂ ਜੱਫੀਆਂ ਦੀ,
ਟੁੱਟੇ ਹੋਏ ਫੁੱਲ ਨੂੰ ਦਿਖਾਂਦਾ ਹੈ ਬਹਾਰ ਕੌਣ ?
ਸੁੱਖਾਂ ਸੁੱਖ ਪੁੰਗਰੇ ਲਡਿੱਕੇ ਨੌਨਿਹਾਲ ਨਾਲ,
ਪਾਲਦਾ ਪਿਆਰ ਕੌਣ ? ਪੁੱਛਦਾ ਹੈ ਸਾਰ ਕੌਣ ?
ਬਾਂਹ ਫੜੇ 'ਚਾਤ੍ਰਿਕ' ਨਿਮਾਣੇ ਤੇ ਯਤੀਮ ਦੀ ਜੇ,
ਐਸਾ ਦਯਾਵਾਨ ਦਿੱਸੇ ਬਾਝ ਕਰਤਾਰ ਕੌਣ ?

20. ਬਾਲ ਵਿਧਵਾ

(1)

ਇਕ ਦਿਨ ਕੁੜੀ ਮੁਟਿਆਰ ਇਕ ਨਜ਼ਰ ਆਈ,
ਬੈਠੀ ਥੜੇ ਤੇ ਜਾਨ ਕਲਪਾ ਰਹੀ ਸੀ ।
ਝੁਲਸੇ ਹੋਏ ਗੁਲਾਬ ਦੇ ਫੁੱਲ ਵਾਂਗਰ,
ਮੁਰਦਿਹਾਣ ਚਿਹਰੇ ਉੱਤੇ ਛਾ ਰਹੀ ਸੀ ।
ਨੀਵੀਂ ਧੌਣ, ਉਦਾਸ, ਬੇਆਸ ਜੈਸੀ,
ਡੂੰਘੇ ਵਹਿਣ ਅੰਦਰ ਗੋਤੇ ਖਾ ਰਹੀ ਸੀ ।
ਗੁੱਝੇ ਦਰਦ ਨੂੰ ਸਬਰ ਕਰ ਪੀ ਰਹੀ ਸੀ,
ਅੱਖਾਂ ਰਾਹ ਪਰ ਡੁਲ੍ਹਦੀ ਜਾ ਰਹੀ ਸੀ ।
ਮੈਂ ਖਲੋ ਕੇ ਪੁੱਛਿਆ, ਸੁਘੜ ਧੀਏ !
ਕਾਹਨੂੰ ਇਸ ਤਰਾਂ ਹਾਉਕੇ ਭਰ ਰਹੀ ਏਂ ?
ਘੁੰਡੀ ਖੋਲ੍ਹ ਦਿਲ ਦੀ, ਮੈਂ ਕੁਝ ਕਰਾਂ ਕਾਰੀ,
ਆਤਮ-ਘਾਤ ਗੁੱਝਾ ਕਾਹਨੂੰ ਕਰ ਰਹੀ ਏਂ ?

(2)

ਅੱਗੋਂ ਕਹਿਣ ਲੱਗੀ, ਕੁਝ ਨਾ ਪੁੱਛ ਬਾਬਾ !
ਇਹ ਉਹ ਰੋਗ ਹੈ ਜਿਸਦੀ ਦਵਾ ਕੋਈ ਨਹੀਂ ।
ਇਹ ਨਾਸੂਰ ਅੰਦਰ ਅੰਦਰ ਪਿਆ ਪਕੇ,
ਹੁਕਮ ਲਾਉਣ ਦਾ ਇਸ ਨੂੰ ਹਵਾ ਕੋਈ ਨਹੀਂ ।
ਇਹ ਉਹ ਜੂਨ ਹੈ ਜਿਦ੍ਹੇ ਵਿਚ ਹਿਰਸ ਕੋਈ ਨਹੀਂ,
ਜਿਸ ਵਿਚ ਰੀਝ ਕੋਈ ਨਹੀਂ, ਸੱਧਰ ਚਾ ਕੋਈ ਨਹੀਂ ।
ਜੇਕਰ ਜੀਓ ਤਾਂ ਪੁੱਛਦਾ ਵਾਤ ਕੋਈ ਨਹੀਂ,
ਜੇਕਰ ਮਰੋ ਤਾਂ ਅੱਗੇ ਅਟਕਾ ਕੋਈ ਨਹੀਂ ।
ਅੱਖਾਂ ਖੁਲ੍ਹਦਿਆਂ ਹੀ ਮੱਥੇ ਚੋ ਲੱਗੇ,
ਸੀਨਾ ਹੋ ਗਿਆ ਹੈ ਦਾਗੋ ਦਾਗ ਮੇਰਾ ।
ਕਿਸਮਤ ਲੜ ਪਈ, ਸੜ ਗਏ ਲੇਖ ਤੱਤੇ,
ਉੱਜੜ ਗਿਆ ਉਮੈਦਾਂ ਦਾ ਬਾਗ਼ ਮੇਰਾ ।

(3)

ਅਲ੍ਹੜ ਜਾਨ, ਅੱਗੇ ਜੰਗਲ ਕੰਡਿਆਂ ਦਾ,
ਚੰਚਲ ਚੰਦਰੇ ਜੀ ਦਾ ਵਿਸਾਹ ਕੋਈ ਨਹੀਂ ।
ਦਿੱਸੇ ਸਾਹਮਣੇ ਉਮਰ ਪਹਾੜ ਜੇਡੀ,
ਸਿਰ ਲੁਕਾਣ ਨੂੰ ਸੁੱਝਦੀ ਜਾਹ ਕੋਈ ਨਹੀਂ ।
ਠੰਢੀ ਛਾਂ ਕੋਈ ਨਹੀਂ, ਸੁਖ ਦਾ ਸਾਹ ਕੋਈ ਨਹੀਂ,
ਭਰ ਭਰ ਦੇਣ ਵਾਲਾ ਸਾਵਲ ਸ਼ਾਹ ਕੋਈ ਨਹੀਂ ।
ਕੁਦਰਤ ਨਾਲ ਮੁਕਾਬਲਾ ਪਿਆ ਓਧਰ,
ਏਧਰ ਕਿਸੇ ਨੂੰ ਮੇਰੀ ਪਰਵਾਹ ਕੋਈ ਨਹੀਂ ।
ਸਿਰ ਤੇ ਭੂਤ ਜਵਾਨੀ ਦਾ ਪਿਆ ਨੱਚੇ,
ਭਾਈਵਾਲ ਇੱਜ਼ਤ ਦਾ ਮਲਾਹ ਕੋਈ ਨਹੀਂ ।
ਏਧਰ ਵਾਹ ਕੋਈ ਨਹੀਂ, ਓਧਰ ਚਾ ਕੋਈ ਨਹੀਂ,
ਸੁਣਦਾ ਆਹ ਕੋਈ ਨਹੀਂ, ਦਿਸਦਾ ਰਾਹ ਕੋਈ ਨਹੀਂ ।

(4)

ਮੈਨੂੰ ਹੁਕਮ ਨਹੀਂ ਉੱਜਲੇ ਕੱਪੜੇ ਦਾ,
ਰੱਜ ਖਾਣ ਦਾ ਨਹੀਂ, ਮਲ ਕੇ ਨ੍ਹਾਣ ਦਾ ਨਹੀਂ ।
ਵਾਲ ਵਾਹਣ ਦਾ ਨਹੀਂ, ਥਿੰਧਾ ਲਾਣ ਦਾ ਨਹੀਂ,
ਫੁੱਲ ਪਾਣ ਦਾ ਨਹੀਂ, ਗਾਉਣ ਗਾਣ ਦਾ ਨਹੀਂ ।
ਸਈਆਂ ਨਾਲ ਰਲ ਕੇ ਕਿਧਰੇ ਜਾਣ ਦਾ ਨਹੀਂ,
ਜੀ ਪਰਚਾਣ ਦਾ, ਹੱਸਣ ਹਸਾਣ ਦਾ ਨਹੀਂ ।
ਦਿਲ ਦੀਆਂ ਸੱਧਰਾਂ ਕਿਧਰੇ ਸੁਣਾਨ ਦਾ ਨਹੀਂ,
ਫੱਟਾਂ ਅੱਲਿਆਂ ਨੂੰ ਵਾ ਲੁਆਣ ਦਾ ਨਹੀਂ ।
ਰੱਸੇ ਰਸਮ ਦੇ ਵਿਚ ਹਰਨੀ ਗਈ ਜੂੜੀ,
ਮਾਂ ਦੀ ਸੁੱਖ-ਲੱਧੀ ਡੰਗਰ ਢੋਰ ਹੋ ਗਈ ।
ਦੁਨੀਆਂ ਹੱਸਦੀ, ਵੱਸਦੀ ਰੱਸਦੀ ਏ,
ਇਕੋ ਮਹੀਏਂ ਜਹਾਨ ਦੀ ਚੋਰ ਹੋ ਗਈ ।

(5)

ਸੁਹਣੇ ਬਾਗ ਨੇ, ਬਾਗੀਂ ਬਹਾਰ ਭੀ ਹੈ,
ਉਸ ਵਿਚ ਫੁੱਲ ਭੀ ਹੈ, ਫੁੱਲ ਤੇ ਰੰਗ ਭੀ ਹੈ ।
ਠੰਢੀ ਵਾ ਭੀ ਹੈ, ਵਾ ਵਿਚ ਮਹਿਕ ਭੀ ਹੈ,
ਮਹਿਕ ਵਿਚ ਗੁੱਝਾ ਜ਼ਹਿਰੀ ਡੰਗ ਭੀ ਹੈ ।
ਵਖਤੀਂ ਵਿਹੜਿਆ ਭੈੜਾ ਸ਼ਰੀਰ ਵੀ ਹੈ,
ਉਸ ਵਿਚ ਦਿਲ ਤੇ ਦਿਲ ਵਿਚ ਉਮੰਗ ਭੀ ਹੈ ।
ਬੁਲਬੁਲ ਕੈਦ ਹੈ, ਕੈਦ ਵਿਚ ਤੰਗ ਭੀ ਹੈ,
ਸੀਨੇ ਅੱਗ ਭੀ ਹੈ, ਅੱਖੀ ਸੰਗ ਭੀ ਹੈ ।
ਖਿੜਕੀ ਖੋਲ੍ਹ ਕੇ ਹੁਕਮ ਨਹੀਂ ਉਡਣੇ ਦਾ,
ਪਿੰਜਰੇ ਵਿਚ ਨਾ ਖੁਲ੍ਹ ਫਰਯਾਦ ਦੀ ਹੈ ।
ਤੁਰ ਜਾਂ ਜੱਗ ਤੋਂ ਗੁੰਮ ਦੀ ਗੁੰਮ ਰਹਿ ਕੇ,
ਇਹ ਸਲਾਹ ਬੇ-ਤਰਸ ਸੱਯਾਦ ਦੀ ਹੈ ।

(6)

ਤਿੱਖੀ ਧਾਰ ਤੇ ਤੁਰਨ ਨੂੰ ਤਿਆਰ ਹਾਂ ਮੈਂ,
ਐਪਰ ਨਿਭੇਗੀ ਇਸ ਤਰਾਂ ਕਾਰ ਕੀਕਰ ?
ਜੱਗੋਂ ਬਾਹਰੀਆਂ ਲੀਹਾਂ ਤੇ ਅੜੇ ਰਹਿ ਕੇ,
ਬੇੜਾ ਹਿੰਦੀਆਂ ਦਾ ਹੋਸੀ ਪਾਰ ਕੀਕਰ ?
ਜਿਹੜੀ ਧਰਤ ਤੇ ਆਵੀਆਂ ਧੁਖਣ ਥਾਂ ਥਾਂ,
ਰੰਗਣ ਦੇਵੇਗੀ ਓਥੇ ਬਹਾਰ ਕੀਕਰ ?
ਜਿਸ ਸੁਸਾਇਟੀ ਦੇ ਮਨ ਵਿਚ ਮਿਹਰ ਹੈ ਨਹੀਂ,
ਰੱਬ ਕਰੇਗਾ ਉਸ ਨੂੰ ਪਿਆਰ ਕੀਕਰ ?
ਜਿਹੜੀ ਅੰਮਾਂ ਦੇ ਬੂਹੇ ਤੇ ਚਿਖਾ ਬਲਦੀ,
ਬੁਰਕੀ ਕਿਸ ਤਰ੍ਹਾਂ ਸੰਘੋਂ ਲੰਘਾ ਲਏਗੀ ?
ਜਿਹੜੇ ਵੀਰ ਦੀ ਭੈਣ ਮੁਟਿਆਰ ਵਿਧਵਾ,
ਭਾਬੀ ਸੂਹੇ ਸਾਵੇ ਕੀਕਰ ਪਾ ਲਏਗੀ ?

(7)

ਤੂੰ ਬਿਰਾਦਰੀ ਕਿਸੇ ਨੂੰ ਆਖ ਜਾ ਕੇ,
ਪਾਣੀ ਸਿਰੋਂ ਹੁਣ ਲੰਘਦਾ ਜਾ ਰਿਹਾ ਹੈ ।
ਦੁਖੀਆਂ ਵਾਸਤੇ ਦਰਦ ਹੁਣ ਰਿਹਾ ਕੋਈ ਨਹੀਂ,
ਜੱਗ ਸੁਖਾਂ ਲਈ ਵਾੜੀਆਂ ਲਾ ਰਿਹਾ ਹੈ ।
ਅੰਨ੍ਹੇ ਬੋਲਿਆਂ ਬਣਨ ਦੇ ਗਏ ਵੇਲੇ,
ਦੇਸ਼ ਗੀਤ ਆਜ਼ਾਦੀ ਦੇ ਗਾ ਰਿਹਾ ਹੈ ।
ਧੀਆਂ ਭੈਣਾਂ ਨੂੰ ਕੋਈ ਨਹੀਂ ਪੂਜਦਾ ਹੁਣ,
ਲੋਕੋ ! ਘਟਦੀਆਂ ਦਾ ਪਹਿਰਾ ਆ ਰਿਹਾ ਹੈ ।
ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ,
ਕਿਹੜੀ ਗੱਲ ਬਦਲੇ ਘੁਲ ਘੁਲ ਮਰੇ ਕੋਈ ?
ਜਿਹੜੇ ਧਰਮ ਵਿਚ ਪਾਪ ਨੂੰ ਮਿਲੇ ਪਾਣੀ,
ਚੋਂਦੀ ਛੱਤ ਹੇਠਾਂ ਉਸ ਨੂੰ ਧਰੇ ਕੋਈ ?

21. ਸੁਖੀ ਜੀਉਣ ਦੀ ਕੁੰਜੀ

ਸੁਖ- ਨੀਂਦੇ ਜੇ ਸੁੱਤਾ ਚਾਹੇਂ,
ਵੱਸ ਨਾ ਪਈਂ ਅਮੀਰਾਂ ਦੇ ।
ਬੰਦੀਜਨ ਦੇ ਹਲੂਏ ਨਾਲੋਂ,
ਟੁਕੜੇ ਭਲੇ ਫ਼ਕੀਰਾਂ ਦੇ ।
ਵਿੱਚ ਗ਼ੁਲਾਮੀ ਹੋਈ ਖੁਨਾਮੀ,
ਸੁੱਕਣ ਲਹੂ ਸਰੀਰਾਂ ਦੇ ।
ਸੀਨੇ ਹੱਥ, ਧੌਣ ਨਿਹੁੜਾਈ,
ਖੜੇ ਵਾਂਗ ਤਸਵੀਰਾਂ ਦੇ ।
ਰੰਚਕ ਰੰਜ ਰਾਉ ਨੂੰ ਆਇਆਂ,
ਸਿਰ ਕੱਟ ਜਾਣ ਵਜ਼ੀਰਾਂ ਦੇ ।
ਸਦ-ਪਰਸੰਨ, ਡੰਨ ਤੋਂ ਚੋਖੇ,
ਛੰਨ ਝੌਂਪੜੇ ਕੀਰਾਂ ਦੇ ।
ਖੀਰਾਂ ਨਾਲ ਭਰੇ ਕਿਸ ਕਾਰੇ,
ਮੁਖੜੇ ਦਿਲ ਦਿਲਗੀਰਾਂ ਦੇ ।
ਕਰ ਗੁਜ਼ਰਾਨ ਸੁਤੰਤਰਤਾ ਵਿਚ,
ਪਹਿਨ ਗੋਦੜੇ ਲੀਰਾਂ ਦੇ ।

22. ਬੇਰੁਜ਼ਗਾਰੀ

(ਜ਼ਰ ਬਿਨਾਂ ਇਸ਼ਕ ਟੈਂ ਟੈਂ)

ਰਹੁ ਵੇ ਇਸ਼ਕਾ !ਬੱਸ ਕਰੀਂ,ਹੁਣ ਛੱਡ ਦੇ ਮੁੰਨਣੇ ਚੇਲੇ,
ਕੰਨਾਂ ਨੂੰ ਨਾ ਚੰਗਾ ਲੱਗੇ, ਤੇਰਾ ਰਾਗ ਕੁਵੇਲੇ ।
ਨਾ ਉਹ ਹੀਰਾਂ, ਨਾ ਉਹ ਰਾਂਝੇ, ਨਾ ਮੰਗੂ ਨਾ ਬਾਰਾਂ,
ਸੁਤੜੇ ਸ਼ੇਰ ਉਲਾਂਘਣ ਵਾਲੇ, ਨਾ ਉਹ ਸੁੰਞੇ ਬੇਲੇ ।
ਨਾ ਮੱਖਣ ਨਾ ਮੱਖਣ ਪਾਲੇ, ਕੁੰਢੀਆਂ ਮੁੱਛਾਂ ਵਾਲੇ,
ਸੋਹਣਿਆਂ ਦੇ ਗਲ ਕੁੰਡਲ ਪਾ ਪਾ ਨਾਗਣ ਜ਼ੁਲਫ ਨ ਪੇਲੇ ।
ਨਾ ਚਿਹਰਿਆ ਤੇ ਲਾਲੀ ਭਖਦੀ, ਨਾ ਨੈਣਾਂ ਵਿਚ ਡੋਰੇ,
ਪਿੱਲੇ ਪਿੰਡੇ ਮੂੰਹ ਵਸਾਰੀ, ਬੱਗੇ ਬੱਗੇ ਡੇਲੇ ।
ਨਾ ਓਹ ਹਰਨਾਂ ਵਾਂਗ ਛੜੱਪੇ, ਨਾ ਉਹ ਖਾਧ ਖੁਰਾਕਾਂ,
ਨਾ ਆਜ਼ਾਦੀ, ਨਾ ਖੁਸ਼ਹਾਲੀ, ਨਾ ਜੋਬਨ ਅਲਬੇਲੇ ।
ਰੀਝਾਂ ਕੌਣ ਕਰੇ ਹੁਣ ਤੇਰੀਆਂ, ਦਿਲ ਫ਼ਿਕਰਾਂ ਨੇ ਘੇਰੇ,
ਢਿੱਡੋਂ ਭੁੱਖੇ ਮਾਹੀਆਂ ਦੇ ਗਲ, ਪੈ ਗਏ ਹੋਰ ਝਮੇਲੇ ।
ਉੱਜੜ ਜਾਣ ਪੜ੍ਹਾਂਦੇ ਮਾਪੇ, ਅੱਗੋਂ ਕਾਰ ਨ ਲੱਭੇ,
ਜਾਨ ਪਈ ਹਟਕੋਰੇ ਖਾਂਦੀ, ਐਸ਼ ਕਰਨ ਕਿਸ ਵੇਲੇ ?
ਇਸ਼ਕੋਂ ਰੂਪ ਵਟਾ ਕੇ ਜੇ ਰੁਜ਼ਗਾਰ ਕਦੇ ਬਣ ਜਾਵੇਂ,
ਹੋਣ ਮੁਰੀਦ ਹਜ਼ਾਰਾਂ ਤੇਰੇ, ਬਾਬੂ ਨਵੇਂ ਨਵੇਲੇ ।
"ਨੋ ਵੈਕੈਨਸੀ" ਪੌਲਾ ਵੱਜੇ, ਜਿਸ ਦਫਤਰ ਵਿਚ ਤੱਕੇ,
ਬੂਟ ਗੰਢਾਈ ਦੇਂਦਿਆਂ ਮੁੱਕੇ ਕੰਨੀਓਂ ਪੈਸੇ ਧੇਲੇ ।
ਵਹੁਟੀ ਆਖੇ, ਬਾਬੂ ਜੀ ! ਆਟਾ ਲੈ ਆਓ ਬਜ਼ਾਰੋਂ,
ਖਿਝ ਕੇ ਕਹੇ, ਦਫ਼ਾ ਹੋ ਜਾ, ਕਿਉਂ ਖਾਧੀ ਊ ਜਾਨ ਚੁੜੇਲੇ ।
ਬੇਰੁਜ਼ਗਾਰੀ ਸ਼ੇਰਾਂ ਵਰਗੇ ਗਭਰੂ ਚਾਕੂ ਕੀਤੇ,
ਇਕ ਇਕ ਟੁਕੜੇ ਖ਼ਾਤਰ "ਚਾਤ੍ਰਿਕ" ਸੌ ਸੌ ਪਾਪੜ ਵੇਲੇ ।

23. ਮਾਂ ਦਾ ਧੀ ਨੂੰ ਕੰਠਹਾਰ

(ਧਾਰਨਾ-ਜੇ ਸਾਡੀ ਬੀਬੀ ਮੋਟਾ ਪੀਹੇ……)

ਸਾਈਂ ਜੀਵੀ ! ਹੋ ਵਡਭਾਗਣ, ਸੁਖੀ ਵਸੇਂ ਹੋ ਬੁੱਢ ਸੁਹਾਗਣ,
ਦਿਨ ਦਿਨ ਭਾਗ ਮੱਥੇ ਦੇ ਜਾਗਣ, ਮਾਣੇਂ ਠੰਢੀਆਂ ਛਾਈਂ ਧੀ ।

ਗੱਲ ਮੇਰੀ ਇਕ ਲੈ ਜਾ ਪੱਲੇ, ਸੁਖ ਸੰਪਦ ਮਿਲਸੀ ਇਸ ਗੱਲੇ,
ਜੀਵਨ ਦੇ ਦਿਨ ਹੋਣ ਸੁਖੱਲੇ, ਇਸ ਨੂੰ ਭੁੱਲ ਨ ਜਾਈਂ ਧੀ ।

ਪੇਕੇ ਘਰ ਜੋ ਉਮਰ ਲੰਘਾਈ,ਇਸ ਵਿਚ ਫਿਕਰ ਨਹੀਂ ਸੀ ਕਾਈ,
ਹੁਣ ਤੂੰ ਜਾਣਾ ਜੂਹ ਪਰਾਈ, ਓਥੇ ਚੱਜ ਵਿਖਾਈਂ ਧੀ ।

ਸੱਸੂ, ਸਹੁਰਾ, ਨਣਦ, ਜਿਠਾਣੀ, ਮਾਂ ਪਿਉ ਭੈਣਾਂ ਵਾਂਗਰ ਜਾਣੀ,
ਨੀਵੀਂ ਅੱਖੀਂ, ਕੋਮਲ ਬਾਣੀ, ਮੱਥੇ ਵੱਟ ਨ ਪਾਈਂ ਧੀ ।

ਛੇਤੀ ਸੁਨਣਾ, ਹੌਲੀ ਕਹਿਣਾ, ਹੱਸੂੰ ਹੱਸੂੰ ਕਰਦੀ ਰਹਿਣਾ,
ਸੰਜਮ ਦੇ ਵਿਚ ਉੱਠਣਾ ਬਹਿਣਾ, ਸੁਘੜਾਂ ਹਾਰ ਵਖਾਈਂ ਧੀ ।

ਸਹੁਰੇ ਹੁੰਦੇ ਤਿਲਕਣਬਾਜ਼ੀ, ਹਰ ਗੱਲੇ ਕਹਿ ਭਲਾ ਭਲਾ ਜੀ,
ਗਲੀ ਗੁਆਂਢਣ ਰੱਖੀਂ ਰਾਜੀ, ਚਿੱਤ ਨ ਕੋਈ ਦੁਖਾਈਂ ਧੀ ।

ਕਦੇ ਨ ਮਾਰੀਂ ਕੂੜੀਆਂ ਠੀਸਾਂ, ਅੜਬਾਂ ਦੀਆਂ ਨ ਸਿੱਖੀਂ ਰੀਸਾਂ,
ਰਾਜੀ ਕਰ ਕਰ ਲਈਂ ਅਸੀਸਾਂ, ਨਿਉਂ ਨਿਉਂ ਝੱਟ ਲੰਘਾਈਂ ਧੀ ।

ਮਿੱਠਾ ਕਹਿਣਾ, ਕੌੜਾ ਜਰਨਾ, ਹਰ ਗੱਲ ਦੇ ਵਿਚ ਜੀ ਜੀ ਕਰਨਾ,
ਠੰਢੀ ਹੋਇ ਕ੍ਰੋਧ ਨੂੰ ਹਰਨਾ, ਪਿੱਤਾ ਮਾਰ ਵਿਖਾਈਂ ਧੀ ।

ਵੇਖ ਕਿਸੇ ਨੂੰ ਕਰੀਂ ਨ ਸਾੜਾ, ਇਹ ਲੱਛਣ ਤੀਵੀਂ ਨੂੰ ਮਾੜਾ,
ਸਾੜੇ ਦੇ ਥਾਂ ਪਏ ਉਜਾੜਾ, ਮੰਦਾ ਰੋਗ ਨ ਲਾਈਂ ਧੀ ।

ਬਹੁਤਾ ਬੋਲਣ ਝੂਠ ਬਖੀਲੀ, ਕਦੇ ਨ ਕਰੀਂ ਨ ਬਣੀ ਹਠੀਲੀ,
ਨੀਵੇਂ ਨੈਣ, ਜ਼ਬਾਨ ਰਸੀਲੀ, ਮੱਥਾ ਸਦਾ ਖਿੜਾਈਂ ਧੀ ।

ਤੜਕੇ ਜਾਗ ਚਿਰਾਕੀ ਸੌਣਾ, ਦਿਨੇ ਸੌਣ ਦਾ ਝੱਸ ਨਾ ਪੌਣਾ,
ਦੇਹ ਨੂੰ ਆਲਸ ਰੋਗ ਨ ਲਾਉਣਾ, ਘਰ ਨੂੰ ਸਵਰਗ ਬਣਾਈਂ ਧੀ ।

ਪੇਕਿਆਂ ਦਾ ਧਨ ਧਾਮ ਸਲਾਹ ਕੇ, ਕੀ ਲੈਣਾ ਪਰਤਾਪ ਸੁਣਾ ਕੇ,
ਜੋ ਸੁਖ ਡਿੱਠੇ ਸਹੁਰੇ ਜਾ ਕੇ, ਗੀਤ ਉਨ੍ਹਾਂ ਦੇ ਗਾਈਂ ਧੀ ।

ਜਾਦੂ ਟੂਣੇ ਮੰਤਰ ਝਾੜੇ, ਝੂਠੇ ਹਨ ਏਹ ਸੱਭ ਪੁਆੜੇ,
ਤੀਵੀਂ ਤਾਈਂ ਕਰਨੇ ਮਾੜੇ, ਝਾਤੀ ਭੁੱਲ ਨ ਪਾਈਂ ਧੀ ।

ਪਾਂਧੇ, ਰੌਲ, ਜੋਤਸ਼ੀ ਸਾਰੇ, ਗੱਲਾਂ ਕਰ ਕਰ ਤੋੜਨ ਤਾਰੇ,
ਜੋ ਪਰਮੇਸ਼ਰ ਰੱਖੇ ਮਾਰੇ, ਉਸਦੀ ਆਸ ਤਕਾਈਂ ਧੀ ।

ਸਵਾਮੀ ਹੈ ਪਰਮੇਸ਼ਰ ਤੇਰਾ, ਉਸ ਤੋਂ ਕੋਇ ਨ ਦੇਵ ਵਡੇਰਾ,
ਉਸ ਸੇਵਾ ਦਾ ਲਾਭ ਚੰਗੇਰਾ ਹੋਰ ਨ ਕਿਧਰੇ ਜਾਈਂ ਧੀ ।

ਸਾਈਂ ਤੇਰਾ ਸਭ ਸੁਖ ਰਾਸੀ, ਉਸਦੀ ਰਹਿਣਾ ਬਣ ਕੇ ਦਾਸੀ,
ਪਾਵੇਂਗੀ ਤਦ ਸੁਖ ਅਬਿਨਾਸ਼ੀ, ਉਸ ਦੀ ਟਹਿਲ ਕਮਾਈਂ ਧੀ ।

ਮਾਲਕ ਦੇ ਹੁਕਮਾਂ ਵਿਚ ਰਹਿਣਾ, ਇਹ ਤੀਵੀਂ ਦਾ ਉੱਤਮ ਗਹਿਣਾ,
ਗੁੱਸੇ ਨੂੰ ਕਰ ਧੀਰਜ ਸਹਿਣਾ, ਸੁੱਚਾ ਜ਼ੇਵਰ ਪਾਈਂ ਧੀ ।

ਕੋਈ ਭੁੱਲ ਕਰੇ ਜੇ ਸਾਈਂ, ਤਦ ਭੀ ਮੱਥੇ ਵੱਟ ਨ ਪਾਈਂ,
ਸਮਾਂ ਟਲਾਇ, ਇਕੱਲੇ ਤਾਈਂ, ਮਿੱਠੀ ਬਣ ਸਮਝਾਈਂ ਧੀ ।

ਉਜਲੇ ਲੀੜੇ ਪਹਿਨੀਂ ਚੰਗੇ, ਐਪਰ ਗੂੜ੍ਹੇ ਰੰਗ ਨ ਰੰਗੇ,
ਢੱਕਣ ਜੁੱਸਾ ਹੋਣ ਸੁਢੰਗੇ, ਹੰਢਣਹਾਰ ਹੰਢਾਈਂ ਧੀ ।

ਜੇ ਇਹ ਸਿਖਯਾ ਕੰਠ ਕਰੇਂਗੀ, ਤੁਰਤ ਏਹਨਾਂ ਤੇ ਦੁੱਖ ਹਰੇਂਗੀ,
ਸੁਖ ਸੰਪਟ ਭੰਡਾਰ ਭਰੇਂਗੀ, ਰੋਜ ਇਨ੍ਹਾਂ ਨੂੰ ਗਾਈਂ ਧੀ ।

24. ਇਕ ਧੀ ਦੀ ਚਿੱਠੀ, ਮਾਪਿਆਂ ਵਲ

(1)

ਹੱਥ ਜੋੜ, ਸਿਰ ਨਯਾਇ ਜੁਹਾਰ !

ਧਰਮੀ ਬਾਬਲ ! ਦਰਦਣ ਅੰਮਾਂ ! ਜੀਓ ਜਾਗੋ ਜੁੱਗ ਹਜ਼ਾਰ !
ਸੁੱਖ ਨ ਮੁੱਕਣ, ਦੁੱਖ ਨ ਢੁੱਕਣ, ਹੋਵੇ ਜੱਸ ਜਹਾਨੀਂ ਚਾਰ !
ਵੇਲ ਵਧੇ ਪਰਤਾਪ ਸਵਾਇਆ, ਸਾਈਂ ਦੇਇ ਅਖੁੱਟ ਭੰਡਾਰ !
ਗਊ ਨਿਮਾਣੀ ਧੀ ਇਞਾਣੀ, ਦਾਣੇ ਪਾਣੀ ਦੇ ਅਨੁਸਾਰ,
ਰੱਬ ਨੇ ਘੱਲੀ ਦੁਨੀਆਂ ਦੇ ਵਿਚ,ਚੁਗਣੇ ਹੇਤ ਤੁਹਾਡੀ ਬਾਰ ।
ਲੂੰ ਲੂੰ ਮੇਰਾ ਦੇਇ ਅਸੀਸਾਂ ਜੋ ਜੋ ਕੀਤੇ ਸਨ ਉਪਕਾਰ,
ਸਿਲ ਫ਼ਿੱਕੀ ਆਮਾਨ ਬਿਗਾਨੀ, ਸੱਲਾਂ ਸੂਲਾਂ ਦਾ ਆਗਾਰ ।
ਹਸ ਹਸ ਸਿਰ ਤੇ ਕਾਰ ਉਠਾਈ, ਉਸ ਦਾਤੇ ਦੀ ਦਾਤ ਚਿਤਾਰ,
ਪਾਲੀ, ਪੋਸੀ, ਗੋਦ ਖਿਡਾਈ, ਸਾਰੇ ਕੀਤੇ ਚਾਓ ਮਲ੍ਹਾਰ ।
ਬਾਲ ਵਰੇਸੇ ਰਾਜ ਕਰਾਇਆ,ਕੀਤਾ ਪੁੱਤਾਂ ਵਾਂਗ ਪਿਆਰ,
ਹੋਇ ਸਿਆਣੀ ਗੋਦੀ ਲੈ ਲੈ, ਵੀਰ ਖਿਡਾ ਹੋਵਾਂ ਬਲਿਹਾਰ ।
ਸਈਆਂ ਨਾਲ ਰਲਾਂ ਤੇ ਜਾਵਾਂ, ਸਾਵੇਂ ਖੇਡਣ ਬਾਹਰ ਵਾਰ,
ਹੱਸਾਂ, ਖੇਡਾਂ, ਗਾਵਾਂ ਬੋਲਾਂ, ਰਾਤ ਲੰਘਾਵਾਂ ਲਾਇ ਭੰਡਾਰ ।
ਚੰਗਾ ਚੋਖਾ ਖਾਵਾਂ ਖੇਡਾਂ, ਫਿਕਰ ਨ ਕੋਈ ਕੰਮ ਨ ਕਾਰ ।

(2)

ਲਗਰ ਲਮੇਰੀ ਚਾਰ ਦਿਨਾਂ ਵਿਚ, ਹੋਇ ਪਈ ਜਦ ਮੈਂ ਹੁਸ਼ਿਆਰ,
ਮਾਲਕਿਆਣੀ, ਘਰ ਦੀ ਰਾਣੀ ; ਸਭ ਕੁਝ ਦੀ ਕੀਤੀ ਮੁਖਤਾਰ ।
ਰੱਖਾਂ, ਪਾਵਾਂ, ਖਰਚਾਂ, ਖਾਵਾਂ, ਸੌਂਪ ਦਿੱਤਾ ਸਾਰਾ ਘਰ ਬਾਰ,
ਅੰਮਾਂ ਰਾਣੀ ਮੱਥੇ ਉੱਪਰ ਵੱਟ ਨ ਪਾਇਆ ਵੇਖ ਵਿਗਾੜ ।
ਬਾਬਲ ਰਾਜੇ ਦੇ ਪਰਤਾਪੋਂ ਕੋਇ ਨ ਮੈਨੂੰ ਹਟਕਣਹਾਰ ।
ਰਾਜ ਘਰੇ ਵਿਚ ਕੱਲੀ ਮਾਲਕ, ਜੋ ਜੀ ਚਾਹੇ ਕਰਾਂ ਬਹਾਰ,
ਜਾਂ ਖੁਸ਼ੀਆਂ ਤੇ ਜਾਂ ਉਸ ਧਰਮੀ ਰਾਜੇ ਦਾ ਦਰਬਾਰ ।
ਜਾਂ ਤ੍ਰਿਞਣ ਜਾਂ ਗੁੱਡੀਆਂ ਖੇਨੂੰ, ਜੋੜਾਂ ਕਰਾਂ ਪਟੋਲੇ ਤਿਆਰ ।
ਹੋਰ ਨ ਕੋਈ ਲੋਇ ਜਗਤ ਦੀ ਕਿਸ ਪਾਸੇ ਵੱਸੇ ਸੰਸਾਰ ।
ਬੇਫਿਕਰੀ ਦਾ ਜੀਵਨ ਐਸਾ ਕੱਟ ਲਿਆ ਉਸ ਉਮਰ ਮਝਾਰ ।
ਭੁੱਲ ਨ ਜਾਸੀ ਜੀਂਦੀ ਜਿੰਦੇ ਅੰਮਾਂ ਬਾਪੂ ਦਾ ਉਪਕਾਰ ।
ਯਾਦ ਰੱਖਾਗੀ ਓਸ ਸਮੇਂ ਨੂੰ ਜਿਸ ਵਿਚ ਪਾਏ ਸੁੱਖ ਅਪਾਰ ।

(3)

ਬਾਪੂ ਦੇ ਪਰਤਾਪ ਲੁਭਾਈ, ਭੁੱਲ ਗਈ ਮੈਂ ਭੁਲਣਹਾਰ ।
ਜਾਤਾ ਸੁੱਖ ਸਦਾ ਦੇ ਸੰਗੀ ਬਾਬਲ ਦਾ ਵੱਸੇ ਦਰਬਾਰ ।
ਕੀ ਲੋੜਾਂ ਤੇ ਕੀ ਹਨ ਗਰਜਾਂ ? ਸਿੱਖਾਂ ਕੋਈ ਕਾਰ ਵਿਹਾਰ ।
ਏਸ ਫਿਟੇਵੇਂ ਅੱਗੇ ਕਾਰਨ, ਸਿੱਖ ਨ ਸਕੀ ਅੱਖਰ ਚਾਰ ।
ਸੂਈਆਂ ਚੋਭ ਕਸੀਦਾ ਦੱਸੇ, ਉਸਤਾਨੀ ਨਿਤ ਮਾਰੇ ਮਾਰ ।
ਨੀ ਕੁੜੀਏ ! ਕੁਝ ਸਿੱਖ ਸਿਆਣਪ, ਹੋਈ ਹੈਂ ਹੁਣ ਤੂੰ ਮੁਟਿਆਰ ।
ਪਰ ਬੇਕਿਸਮਤ ਮੂਰਖ ਨੇ ਮੈਂ, ਮੂਲ ਨ ਕੀਤੀ ਕੁਝ ਵਿਚਾਰ ।
ਸਮਾਂ ਟਪਾਇਆ ਦਾਉ ਘੁਸਾਈਂ, ਦਿਨ ਦਿਨ ਹੁੰਦੀ ਗਈ ਖਿਡਾਰ ।
ਓੜਕ ਨੂੰ ਹੁਣ ਗਫ਼ਲਤ ਦਾ ਫਲ ਭੁਗਤਣ ਸੰਦੀ ਆਈ ਵਾਰ ।
ਮਾਪੇ ਵੇਖਣ ਗੋਤੇ ਖਾਵਣ, *ਹੁਣ ਬੀਬੀ ਹੋਈ ਮੁਟਿਆਰ* ।
ਚੋਰੀ ਚੋਰੀ ਮੇਰੇ ਪਾਸੋਂ ਅੰਦਰ ਬਹਿ ਕੇ, ਕਰਨ ਵਿਚਾਰ ।
ਓੜਕ ਪੱਕ ਸਲਾਹ ਠਰ੍ਹਾਈ ਨਾਈ ਬ੍ਰਾਹਮਣ ਕਰੇ ਤਿਆਰ ।
ਮੈਂ ਭਿੱਛਕ ਦੇ ਮੰਗਣ ਕਾਰਣ, ਵੇਖਣ ਕੋਈ ਉੱਚ ਦੁਆਰ ।

(4)

ਚਾਰ ਦਿਨਾਂ ਵਿਚ ਸਭ ਕੁਝ ਹੋਇਆ ਲਾਗੂ ਆਏ ਬਾਹਰ ਵਾਰ ।
ਸੋਹਲਿਆਂ ਦੀ ਢੋਲਕ ਵੱਜੀ, ਸੱਈਆਂ ਗਾਇਆ ਮੰਗਲਚਾਰ ।
ਚੂਲੀ ਪਾਇ, ਫੜਾਇਆ ਰੱਸਾ, ਅੰਮਾਂ ਬਾਪੂ ਪਰ੍ਹਾਂ ਖਲਾਰ ।
ਲੋਕੀ ਹੱਸਣ ਤੇ ਮੈਂ ਰੋਵਾਂ, ਇਹ ਕੀ ਹੋਇਆ ਹੈ ਕਰਤਾਰ ।
ਘਰ ਦੀ ਮਾਲਕਿਆਣੀ ਤਾਈਂ ਧੱਕਾ ਮਿਲਿਆ ਇਸ ਪ੍ਰਕਾਰ ।
ਟੁੱਟਾ ਦਖਲ ਅਜੇਹਾ, ਆਪੇ ਚੁੱਕ ਨ ਸਕਾਂ ਕਲੀਰੇ ਚਾਰ ।
ਜੰਮੀ ਪਲੀ ਸਿਆਣੀ ਹੋਈ ਘਾਹ ਚੁਗਿਆ ਜਿਸ ਜੂਹ ਮਝਾਰ ।
ਅੱਚਣਚੇਤ ਬਿਦਾਵਾ ਮਿਲਿਆ, ਜਿਥੋਂ ਦੀ ਸਾਂ ਦਾਵੇਦਾਰ ।
ਜਿਨ੍ਹਾਂ ਦੀ ਬਣ ਮਾਲਿਕ ਬੈਠੀ ਉਹ ਮਿਲਸਣ ਹੁਣ ਖੱਟ ਖਿਲਾਰ ।
ਰੋ ਰੋ ਕੇ ਸਿਰ ਖਾਲੀ ਕੀਤਾ, ਤਰਲਾ ਕੀਤਾ ਲੱਖ ਹਜ਼ਾਰ ।
'ਨੀ ਅੰਮਾਂ ! ਜੋ ਹੁਕਮ ਕਰੇਂਗੀ, ਬੰਦੀ ਤੇਰੀ ਤਾਬੇਦਾਰ ।
ਬਾਪੂ ਜੀ ! ਕੁਝ ਤਰਸ ਕਰੋ, ਨਾ ਧੱਕਾ ਦੇਵੋ ਬਾਹਰਵਾਰ ।
ਵੀਰਾਂ ਦਾ ਕਰ ਗੋਲਪਣਾ, ਮੈਂ ਪਿੱਛ ਪੀਆਂਗੀ ਚੌਲ ਨਿਤਾਰ' ।
ਜੋ ਆਇਆ ਮੈਂ ਚੰਬੜ ਚੰਬੜ, ਏਹੋ ਕੀਤੀ ਅਰਜ਼ ਗੁਜ਼ਾਰ ।
*ਜਗਤ-ਚਾਲ* ਕਹਿ ਲੜ ਛੁਡਵਾਂਦੇ, ਕੋਈ ਨ ਸੁਣਦਾ ਹਾਲ ਪੁਕਾਰ ।

(5)

ਤੁਰੋ ਤੁਰੀ ਏਨੇ ਨੂੰ ਹੋਈ, ਚੁੱਕਣ ਆਏ ਚਾਰ ਕਹਾਰ ।
ਅੰਨ ਦਿੱਤਾ, ਧਨ ਦੌਲਤ ਦਿੱਤੀ, ਕੱਪੜ ਦੇ ਲਾਏ ਅੰਬਾਰ ।
ਘੋੜੇ, ਜੋੜੇ, ਗਾਈਂ, ਮੱਝੀਂ, ਦਿੱਤੀ ਦਾਤ ਅਨੰਤ ਅਪਾਰ ।
ਗਲ ਪੱਲਾ ਮੂੰਹ ਘਾਹ ਬਾਬਲ ਦੇ, ਸਈਆਂ ਕੀਤੀ ਬਿਨੈ ਉਚਾਰ ।
*ਜੋੜੇ ਝਾੜਨ ਹੇਤ ਤੁਹਾਡੇ ਬੀਬੀ ਦਿੱਤੀ ਖਿਦਮਤਗਾਰ ।
ਜੇ ਬੀਬੀ ਕੁਝ ਮੰਦਾ ਬੋਲੇ, ਢੱਕ ਲਿਓ ਜੇ ਕਿਰਪਾ ਧਾਰ ।
ਠੁੱਲਾ ਕੱਤੇ ਮੋਟਾ ਪੀਹੇ, ਤਾਂ ਸਮਝਾਇਓ ਨਾਲ ਪਿਆਰ ।
ਥੋੜਾ ਦੇਣਾ ਬਹੁਤੀ ਮਿੱਨਤ ਬਰਦੇ ਅਸੀਂ ਤੁਸੀਂ ਸਰਕਾਰ* ।
*ਧੀਆਂ ਵਾਂਗ ਲਡਾਸਾਂ ਬੀਬੀ* ਸਹੁਰੇ ਕੀਤਾ ਕੌਲ ਕਰਾਰ ।
ਭਾਈ ਬਾਹੀ ਪਕੜ ਖਲੋਤੇ, ਭੈਣਾਂ ਨੈਣਾਂ ਲਾਈ ਤਾਰ ।
ਮੈਂ ਰੋਵਾਂ ਤੇ ਮਾਪੇ ਰੋਵਣ, ਰੋਵੇ ਸਭ ਖਲਾ ਪਰਵਾਰ ।
ਰੋਇ ਧੋਇ ਕੇ ਵਿਦਿਆ ਕੀਤਾ, ਡਾਰੋਂ ਟੁੱਟੀ ਉਡੇ ਹਾਰ ।
ਖੁੱਟ ਗਿਆ ਉਹ ਦਾਣਾ ਪਾਣੀ, ਟੁੱਟ ਗਿਆ ਉਹ ਨੇਹੁੰ ਪਿਆਰ ।
ਛੁੱਟ ਗਿਆ ਸਈਆਂ ਦਾ ਮੇਲਾ, ਖੁੱਸ ਗਿਆ ਬਾਬਲ ਦਾ ਦਵਾਰ ।
ਦੇਸ ਬਿਗਾਨੇ ਜੂਹ ਪਰਾਈ, ਡੋਲਾ ਦਿੱਤਾ ਆਣ ਉਤਾਰ ।
ਨਵਿਆਂ ਲੋਕਾਂ ਦੇ ਵਿਚ ਆਈ, ਹੋਣ ਲਗਾ ਆਦਰ ਸਤਕਾਰ ।
ਸਹੁਰੇ ਦੰਮੀਂ ਬੁੱਕ ਭਰਾਏ, ਸੱਸੂ ਪੀਤਾ ਪਾਣੀ ਵਾਰ ।
ਪੀੜ੍ਹਾ, ਪਲੰਘ, ਨਿਣਾਨਾਂ ਗੀਟੇ, ਹੱਸਣ ਖੇਡਣ ਨਾਲ ਵਿਹਾਰ ।

(6)

ਖਾਣ ਹੰਢਾਣ ਦਿਨਾਂ ਦਾ ਮੁੱਕਾ, ਕੀਤੀ ਖੁਸ਼ੀ ਦਿਹਾੜੇ ਚਾਰ ।
ਪੀੜ੍ਹਾ ਛੱਡ ਫੜੀ ਹੁਣ ਸੇਵਾ, ਤਿਲਕਣ ਬਾਜ਼ੀ ਦੇ ਵਿਚਕਾਰ ।
ਚੱਜ ਨ ਸਿੱਖੀ ਪੜ੍ਹੇ ਨ ਅੱਖਰ, ਡਿੱਠੀ ਘਰ ਦੀ ਚਾਰ ਦਿਵਾਰ ।
ਚਿੱਤ ਨ ਯਾਦ ਖਾਬ ਵਿਚ ਹੈਸਨ, ਜੋ ਆ ਪਏ ਅਚਾਨਕ ਭਾਰ ।
ਕਿਸ ਤੱਤੀ ਨੂੰ ਚੇਤਾ ਭੀ ਸੀ ਸਹੁਰੇ ਹੋਰ ਨਵਾਂ ਸੰਸਾਰ ।
ਵਰਤਣ ਨਾਲ ਬਿਗਾਨੜਿਆ ਦੇ ਪੈਣੀਂ ਹੈ ਉਸ ਉਮਰ ਮਝਾਰ ।
ਗਿਣ ਗਿਣ ਬੋਲਣ ਚੱਲਣ ਹੋਸੀ, ਖਾਵਣ ਪੀਵਣ ਸੰਜਮਦਾਰ ।
ਅੱਖਾਂ ਬੰਦੀਖਾਨੇ ਪੈਸਣ, ਟੋਹ ਟੋਹ ਹੋਇ ਸਕੇਗੀ ਕਾਰ ।
ਅਕਲੋਂ ਬਾਝ ਸਲਾਹੇ ਕਿਹੜਾ, ਨੁਕਤਾਚੀਨਾਂ ਦੇ ਦਰਬਾਰ ।
ਮਾਪਿਆਂ ਦੇ ਹਾੜੇ ਸਭ ਭੁੱਲੇ, ਦਾਤਾਂ ਨੂੰ ਭੀ ਗਏ ਡਕਾਰ ।
ਗਲ ਦਾ ਹਾਰ ਹੋਏ ਆ ਮਿਹਣੇ, ਤਾਨਿਆਂ ਟੋਕਾਂ ਦੀ ਭਰਮਾਰ ।
ਨਣਦ, ਜਿਠਾਣੀ ਘੂਰੀ ਵੱਟਣ, ਸੱਸੂ ਆਖੇ ਚਲ ਮੁਰਦਾਰ ।
ਮਾਂ ਕੁਚੱਜੀ ਡੋਲੀ ਪਾਈ, ਝਿੜਕਾਂ ਖਾਣ ਬਿਗਾਨੇ ਬਾਰ ।
ਅੱਖਰ ਚਾਰ ਪੜ੍ਹਾਇ ਨ ਸੱਕੀ. ਨਹਿੰ ਸਿਖਾਇਆ ਚਜ ਅਚਾਰ ।
ਫਿਕਰ ਨ ਫਾਕਾ, ਨਾਲ ਅਵੈਲਾਂ ਫਿਰ ਫਿਰ ਹੁੰਦੀ ਰਹੀ ਖ਼ੁਆਰ ।
ਯਾਦ ਨ ਸੀ ਇਹ ਪੇਕੇ ਮਾਪੇ, ਚਾਰ ਦਿਨਾਂ ਦੀ ਅੱਜ ਮੌਜ ਬਹਾਰ ?
ਓੜਕ ਜਾਣਾ ਸਾਹੁਰਿਆਂ ਦੇ ਜਿੱਥੇ ਵੇਖੀ ਜਾਣੀ ਕਾਰ ।
ਕਿਸੇ ਨ ਗੱਲ ਸੁਝਾਈ ਸੀ ਇਹ ? ਅੱਗੇ ਦਾ ਕਰ ਲੈ ਉਪਚਾਰ ।
ਜੀਵਨ ਦੇ ਮੈਦਾਨ ਵੜਨ ਤੋਂ ਪਹਿਲੇ ਸਿਖ ਮਾਰਨ ਤਲਵਾਰ ।
ਪੇਕਾ ਘਰ ਇਹ ਪਾਠਸ਼ਾਲਾ ਹੈ ਸਿੱਖਣ ਨੂੰ ਜੱਗ ਦਾ ਵਰਤਾਰ ।
ਬਾਲੀ ਉਮਰਾ ਫੁਰਸਤ ਦੇ ਦਿਨ ਜੋ ਕੁਝ ਲਿਆ ਸੋ ਸਾਰ ।
ਅੱਗੇ ਗਇਆਂ ਮਾਮਲਿਆਂ ਦਾ ਸਿਰ ਤੇ ਪੈਣਾ ਭਾਰਾ ਭਾਰ ।
ਕੱਚੀ ਪੱਕੀ ਜੇਹੀ ਨਿੱਕਲੀ, ਆਵੀ ਵਿਚੋਂ ਬਾਹਰ ਵਾਰ ।
ਜੋ ਹੋਇਆ ਸੋ ਹੋ ਗਿਆ ਏਥੇ ਅੱਗੇ ਖਲੀ ਉਡੀਕੇ ਕਾਰ ।
ਪਿਓ ਦੀ ਜੂਹ ਖਿਡਾਰਾਂ ਕੁੜੀਆਂ, ਨਾਲ ਨ ਚੱਲਣ ਤੁਰਦੀ ਵਾਰ ।
ਕੱਤਣ ਵਾਲੀਆਂ ਹੋਣ ਸੁਰਖੁਰੂ ਵੱਤਣ ਵਾਲੀਆਂ ਹੋਣ ਲਚਾਰ ।
ਵਿਗੜੇ ਕੰਮ ਅਕਲ ਜੇ ਦੇਈਏ ਰੋਵੇ ਕਿਉਂ ਡਸਕਾਰੇ ਮਾਰ ।
ਪੇਕੇ ਉਮਰਾ ਖੇਡ ਗਵਾਈ ਤੇਰੇ ਜਿਹੀਆਂ ਖਾਣ ਪੰਜਾਰ ।

(7)

ਕੀਤੀ ਚੁਪ ਨਿਮਾਣੀ ਹੋ ਕੇ, ਸਿਰ ਨੀਵਾਂ ਕਰ ਗਈ ਸਹਾਰ ।
ਜੋ ਆਖਣ ਜੀ ਜੀ ਕਰ ਮੰਨਾਂ, ਕਰ ਨ ਸਕਾਂ ਕੋਈ ਤਕਰਾਰ ।
ਜੀਕਰ ਨਿਭੇ ਨਿਭਾਵਾਂ ਸਿਰ ਤੇ, ਕਰਾਂ ਨ ਕਿਸ ਥੇ ਗਿਲਹ ਗੁਜ਼ਾਰ ।
ਪਰ ਅੰਮਾਂ ਮੈਂ ਅਰਜ਼ ਕਰਾਂ ਇਕ, ਜੋ ਤੈਂ ਕੀਤੇ ਚਾਉ ਮਲ੍ਹਾਰ ।
ਕੰਮ ਨਾ ਮੇਰੇ ਆਏ ਏਥੇ, ਹੋਰ ਚੀਜ਼ ਇਕ ਸੀ ਦਰਕਾਰ ।
ਲਾਡਾਂ ਦੇ ਥਾਂ ਝਿੜਕਾਂ ਦੇਂਦੀ, ਧੀ ਨੂੰ ਕਰਦੀ ਮਾਰ ਸੁਆਰ ।
ਚੱਜ ਅਚਾਰ, ਬਿਗਾਨੀ ਵਰਤਣ, ਵਿਦਯਾ ਗੁਣ ਦੀ ਹੁੰਦੀ ਸਾਰ ।
ਤਾਂ ਮੈਂ ਬਾਰ ਬਿਗਾਨੇ ਆ ਕੇ, ਸੁਖ ਵਿਚ ਲੈਂਦੀ ਉਮਰ ਗੁਜ਼ਾਰ ।
ਹੁਣ ਭੀ ਜਿਹੜੇ ਧੀਆਂ ਵਾਲੇ, ਉਹਨਾਂ ਨੂੰ ਕਹਿ ਦਿਓ ਪੁਕਾਰ ।
ਲਾਡਾਂ ਦਾ ਕੁਝ ਮੁੱਲ ਨ ਪੈਂਦਾ, ਵੇਖੇ ਜਾਂਦੇ ਚੱਜ ਅਚਾਰ ।
ਤਾਂ ਤੇ ਧੀਆਂ ਇੰਜ ਨ ਤੋਰੋ, ਅੱਗੇ ਜਾ ਕੇ ਹੋਣ ਲਾਚਾਰ ।
ਮੱਤ ਦਿਓ, ਮਤ ਲਾਡ ਕਰਾਓ, ਵਿਦਯਾ ਦੇ ਦੇਵੋ ਭੰਡਾਰ ।
'ਚੱਜਾਂ' ਦਾਜ, ਗੁਣਾਂ ਦਾ ਗਹਿਣਾ, ਤੇਵਰ ਬੇਵਰ ਸ਼ੁਭ ਆਚਾਰ ।
ਸਹੁਰੇ ਜਾਇ ਸੁਖੀ ਤਦ ਵੱਸਣ, ਪੱਲੇ ਹੋਵਣ ਕੌਡਾਂ ਚਾਰ ।
ਸ਼ੁਭ ਗੁਣ, ਵਿਦਯਾ, ਸ਼ੀਲ ਸਿਆਣਪ, ਇਨ ਬਿਨ ਔਖੀ ਚੱਲੇ ਕਾਰ ।
ਹੋਰ ਕਹਾਂ ਕੀ ਅੰਮਾਂ ਜੀ ਮੈਂ, ਏਹੋ ਬਿਨਤੀ ਬਾਰੰਬਾਰ ।
ਠੰਢੀ ਵਾਉ ਭਖੀ ਜੇ ਚਾਹੋ, ਤਾਂ ਕਰਿਓ ਵਿਦਯਾ ਪਰਚਾਰ ।
ਵਿਦਯਾ ਬਾਝ ਬੁਰੀ ਗਤ ਹੋਵੇ, ਅੱਗੇ ਧੀਆਂ ਹੋਣ ਖੁਆਰ ।
ਨਾ ਦਰਗਾਹੇ ਢੋਈ ਮਿਲਦੀ, ਨਾ ਸੁਖ ਮਿਲਦਾ ਇਸ ਸੰਸਾਰ ।

25. ਤ੍ਰਿਸ਼ਨਾ ਦਾ ਪੁਤਲਾ

ਸਾਇੰਸ ਦੀ ਬਰਕਤ ਨਾਲ, ਮਨੁੱਖ ਨੇ ਕੁਦਰਤੀ ਤਾਕਤਾਂ ਉੱਤੇ ਜੋ ਕਬਜ਼ਾ
ਪ੍ਰਾਪਤ ਕਰ ਲਿਆ ਹੈ, ਉਸ ਦਾ ਫਲ ਤਾਂ ਇਹ ਹੋਣਾ ਚਾਹੀਦਾ ਸੀ ਕਿ
ਦੁਨੀਆਂ ਤ੍ਰਿਪਤ ਹੋ ਜਾਂਦੀ । ਪਰ ਹੁੰਦਾ ਅਸਲ ਇਹ ਹੈ ਕਿ ਇਨਸਾਨੀ
ਹਿਰਸ ਦਾ ਮੂੰਹ ਦਿਨੋ ਦਿਨ ਖੁਲ੍ਹਦਾ ਜਾਂਦਾ ਹੈ । ਇਕ ਦੂਜੇ ਨੂੰ ਆਪਣੀ
ਖੁਦਗਰਜ਼ੀ ਦੇ ਚੱਕਰ ਵਿਚ ਵਲੀ ਜਾਂਦਾ ਹੈ, ਇਸ ਬਲ ਦਾ ਅਨੁਚਿਤ
ਵਰਤਾਉ ਇਥੋਂ ਤਕ ਪੈਰ ਪਸਾਰ ਰਿਹਾ ਹੈ, ਕਿ ਅਮਨ ਤੇ ਆਜ਼ਾਦੀ ਦੋਵੇਂ
ਖਤਰੇ ਵਿਚ ਜਾ ਪਏ ਹਨ ; ਕੁਦਰਤੀ ਤਾਕਤਾਂ ਪਾਸੋਂ ਸੁਖ ਲੈਣ ਦੀ ਥਾਂ
ਦੂਜਿਆਂ ਨੂੰ ਨਿਰਜੀਵ ਬਣਾਉਣ ਦਾ ਕੰਮ ਲਿਆ ਜਾਂਦਾ ਹੈ ।ਇਸ ਕਵਿਤਾ
ਵਿਚ ਤਾਕਤ ਤੇ ਦੌਲਤ ਦੇ ਅਯੋਗ ਵਰਤਾਉ ਦੀ ਝਾਕੀ ਦਿਖਾ ਕੇ ਪ੍ਰਾਸਚਿਤ
ਦਾ ਰਸਤਾ ਸੁਝਾਇਆ ਗਿਆ ਹੈ ।

(1)

ਢਾਲੀ ਗਈ ਖ਼ਲਕਤ ਜਦੋਂ ਕੁਠਾਲੀਏ ਆਕਾਰ ਦੀ,
ਮਨ ਨੂੰ ਜਗਾ ਕੇ ਜੋਤ, ਲੋ ਲਾਈ ਗਈ ਸੰਸਾਰ ਦੀ ।
ਨਰਗਸ ਦੇ ਦੀਦੇ ਖੋਲ੍ਹ ਕੇ, ਤ੍ਰਿਸ਼ਨਾ ਨੇ ਡੋਰਾ ਪਾਇਆ,
ਲਾਲਾ ਦਾ ਸੀਨਾ ਰੰਗ ਸੱਧਰ ਨੇ ਲਹੂ ਗਰਮਾਇਆ ।
ਚੜ੍ਹ ਚੜ੍ਹ, ਉਮੰਗਾਂ ਦੀ ਨਦੀ ਵਿਚ, ਆ ਰਿਹਾ ਤੂਫ਼ਾਨ ਸੀ,
ਇਸ ਰੋੜ੍ਹ ਵਿਚ,ਤਖਤ ਜਿਹੇ ਤੇ ਡੋਲਦਾ ਇਨਸਾਨ ਸੀ ।
ਨਿੱਕੀ ਜਿਹੀ ਸੀ ਜਿੰਦ, ਪਰ ਉਸ ਵਿਚ ਤਰੰਗ ਅਨੇਕ ਸਨ,
ਭਰ ਭਰ ਉਛਲਦੇ ਖੂਨ ਥੀਂ, ਸੀਨੇ ਦੇ ਸਾਰੇ ਛੇਕ ਸਨ ।
ਹਰਦਮ ਸੀ ਦਿਲ ਦਾ ਜੋਸ਼ ਉਠ ਉਠ ਨਾੜ ਨਾੜ ਟਪਾ ਰਿਹਾ,
ਲਹਿਰਾਂ ਦੇ ਵਾਂਗ ਖਿਆਲ ਸੀ,ਇਕ ਆ ਰਿਹਾ,ਇਕ ਜਾ ਰਿਹਾ।
ਚਾਹ ਸੀ ਕਿ ਸਭਨਾਂ ਤਾਕਤਾਂ ਨੂ ਮੁੱਠ ਵਿਚ ਦਬਾ ਲਵਾਂ,

(2)

ਤਾੜੀ ਬਦੀ ਦੇ ਭੂਤ ਨੇ, ਹਾਲਤ ਏ ਜਦ ਇਨਸਾਨ ਦੀ,
ਮਾਰੀ ਏ ਕੰਨੀਂ ਫੂਕ ਸਭ ਖਾਤਰ ਹੈ ਤੇਰੀ ਜਾਨ ਦੀ ।
ਤੇਰੇ ਸੁਖਾਂ ਦੇ ਵਾਸਤੇ ਰਚਿਆ ਗਿਆ ਸੰਸਾਰ ਹੈ,
ਇਸ ਤੇ ਹਕੂਮਤ ਕਰਨ ਦਾ ਤੈਨੂੰ ਹੀ ਹੁਣ ਅਧਿਕਾਰ ਹੈ ।
ਸ਼ੇਰਾਂ ਨੂੰ ਪਾ ਲੈ ਪਿੰਜਰੇ, ਹਾਥੀ ਦੇ ਸਿਰ ਅਸਵਾਰ ਹੋ,
ਫੌਜਾਂ ਬਣਾ ਕੇ ਰਾਜ ਕਰ, ਬਹੁ ਤਖ਼ਤ ਤੇ, ਹੁਸ਼ਿਆਰ ਹੋ !
ਅੜ ਜਾਇ ਜੋ, ਕੁੰਡਾ ਉਦ੍ਹਾ, ਨੇਜ਼ਾ ਅੜਾ ਕੇ ਕੱਢ ਦੇ,
ਹੋਵੇ ਨ ਨੀਵੀਂ ਧੌਣ ਜੋ ਤਲਵਾਰ ਧਰਕੇ ਵੱਢ ਦੇ ।
ਤਲਵਾਰ ਤੋਪ ਬੰਦੂਕ ਤੋਂ ਜੇ ਕਰ ਕੋਈ ਬਚ ਜਾਇਗਾ,
ਏਰੋਪਲੇਨ ਅਕਾਸ਼ ਤੋਂ ਅੰਗਿਆਰ ਤਦ ਬਰਸਾਇਗਾ ।
ਕੁਦਰਤ ਨੇ ਸੱਭੇ ਤਾਕਤਾਂ ਤੇਰੇ ਅਧੀਨ ਬਣਾਈਆਂ,
ਬਿਜਲੀ ਦੁੜਾ ਕੇ ਜ਼ੁਲਮੀਆਂ ਕਰਿਆ ਕਰੀਂ ਜੀ ਆਈਆਂ ।
ਝੁਕ ਜਾਇਗਾ ਸਿਰ ਰੂਪ ਦਾ, ਇਕਬਾਲ ਦੀ ਦਹਿਲੀਜ਼ ਤੇ,
ਹਾਜ਼ਰ ਕਰੇਗੀ ਜਾਨ, ਮਾਰੇਂਗਾ ਨਿਗਾਹ ਜਿਸ ਚੀਜ਼ ਤੇ ।
ਉਠ ! ਸ਼ੇਰ ਬਣ !ਮੈਦਾਨ ਵਿਚ ਤਲਵਾਰ ਵਧ ਕੇ ਵਾਹ ਲੈ,
ਸਿੱਕਾ ਚਲਾ ਲੈ ਆਪਣਾ, ਕਰ ਜ਼ੁਲਮ ਡੰਝਾਂ ਲਾਹ ਲੈ ।
ਸਭ ਨਯਾਮਤਾਂ ਅਰ ਤਾਕਤਾਂ ਹਾਜ਼ਰ ਤੇਰੇ ਦਰਬਾਰ ਵਿਚ,
ਵਾ ਵਲ ਤੇਰੀ ਤੱਕੇ, ਓ ਐਸਾ ਕੌਣ ਹੈ ਸੰਸਾਰ ਵਿਚ ।

(3)

ਇਹ ਫੂਕ ਭਰ ਇਨਸਾਨ ਨੂੰ ਬਦੀਆਂ ਦਾ ਭੂਤ ਫੁਲਾ ਗਿਆ ।
ਬੇਸਮਝ ਕੱਚਾ ਜਿੰਨ, ਝਟ ਹੰਕਾਰ ਦੇ ਵਿਚ ਆ ਗਿਆ ।
ਲੱਗਾ ਕਰਨ ਜੀ ਆਈਆਂ, ਦਿਲ ਵਿਚ ਹਰਾਮ ਸਮਾਇਆ,
ਖ਼ੁਦਗ਼ਰਜ਼ੀਆਂ ਦਾ ਜ਼ਹਿਰ ਰਗ ਰਗ ਓਸ ਦੀ ਵਿਚ ਧਾਇਆ ।
ਥਾਂ ਥਾਂ ਹਿਰਸ ਦੇ ਜਾਲ ਫੈਲਾਏ ਗਏ ਸੰਸਾਰ ਤੇ,
ਲੈ ਲੈ ਅਮਨ ਦਾ ਨਾਮ, ਨੀਂਹ ਰੱਖੀ ਗਈ ਤਲਵਾਰ ਤੇ ।
ਲੱਖਾਂ ਹਜ਼ਾਰਾਂ ਸਿਰ, ਤਮਾਸ਼ੇ ਹੇਤ, ਕਟਵਾਏ ਗਏ,
ਅੱਯਾਸ਼ੀਆਂ ਦੇ ਬਾਗ਼ ਲਹੂਆਂ ਨਾਲ ਸਿੰਜਵਾਏ ਗਏ ।
ਬਲਵਾਨ ਨੇ ਕਮਜ਼ੋਰ ਨੂੰ ਧੌਣੋਂ ਪਕੜ ਕੇ ਜੋ ਲਿਆ,
ਸਰਮਾਏਦਾਰੀ ਸੀਰਮਾ ਫੜ ਮਿਹਨਤੀ ਦਾ ਚੋ ਲਿਆ ।
ਡੂੰਘੇ ਹਨੇਰੇ ਪਾਪ ਦੇ ਵਿਚ ਬਿਜਲੀਆਂ ਸੀ ਢਾ ਰਿਹਾ,
ਮਿੱਟੀ ਦਾ ਪੁਤਲਾ ਖ਼ੂਨ ਦੇ ਦਰਿਆਉ ਵਿਚ ਸੀ ਨ੍ਹਾ ਰਿਹਾ ।
ਮਿਲਦੀ ਸੀ ਠੰਢਕ ਰੂਹ ਨੂੰ ਧੱਕੇ ਤੇ ਅਤਯਾਚਾਰ ਵਿਚ,
ਰਸ ਆਉਂਦਾ ਸੀ ਰਾਗ ਦਾ ਤਲਵਾਰ ਦੇ ਟਣਕਾਰ ਵਿਚ ।
ਮਾਲੀ ਸੀ ਉਠਦੀਆਂ ਕੂੰਬਲਾਂ ਫੜ ਫੜ ਮਰੁੰਡੀ ਜਾ ਰਿਹਾ,
ਸ਼ੈਤਾਨ ਬਣ ਕੇ ਖ਼ਿਜ਼ਰ ਵੱਟੇ ਬੇੜੀਆਂ ਵਿਚ ਪਾ ਰਿਹਾ ।

(4)

ਡਿੱਠਾ ਤਮਾਸ਼ਾ ਨੇਕੀਆਂ ਦੇ ਦੇਵਤੇ ਜਦ ਆਇ ਕੇ,
ਸਿਰ ਫੜ ਲਿਆ ਘਬਰਾਇ ਕੇ,ਸੋਚਣ ਲਗਾ ਗ਼ਮ ਖਾਇ ਕੇ।
ਵੇਖੋ ! ਅਮਨ ਦੇ ਦੇਵਤੇ ਨੂੰ ਵਗ ਗਈ ਹੈ ਮਾਰ ਕੀ !
ਆਇਆ ਸੀ ਕਾਹਦੇ ਵਾਸਤੇ, ਤੇ ਕਰ ਰਿਹਾ ਹੈ ਕਾਰ ਕੀ !
ਸੁਖ ਸ਼ਾਨਤੀ ਦਾ ਰਾਜ ਫੈਲਾਣਾ ਜਿਦ੍ਹਾ ਈਮਾਨ ਹੈ,
ਕਰਤੂਤ ਉਸਦੀ ਵੇਖ ਕੇ ਸ਼ੈਤਾਨ ਵੀ ਹੈਰਾਨ ਹੈ ।
ਇਹ ਸੱਭਤਾ ਦਾ ਮੁਦੱਈ ਖੇਖਨ ਹੈ ਕੀ ਕੀ ਕਰ ਰਿਹਾ ।
ਆਜ਼ਾਦੀਆਂ ਦਾ ਨਾਮ ਲੈ ਲੈ ਬੇੜੀਆਂ ਹੈ ਘੜ ਰਿਹਾ !
ਹੈ ਪਾਈ ਜਾਂਦਾ ਪੇਟ ਵਿਚ, ਲੁਟ ਲੁਟ ਹਲਾਲ ਹਰਾਮ ਨੂੰ,
ਬਦਨਾਮ ਕਰਦਾ ਹੈ ਕਿਵੇਂ *ਇਨਸਾਨੀਅਤ* ਦੇ ਨਾਮ ਨੂੰ !
ਇਸ *ਅਸਰਫੁਲਮਖਲੂਕ* ਵਲ ਤੱਕੋ, ਖੁਦ ਦੀ ਸ਼ਾਨ ਹੈ !
ਦੁਨੀਆਂ ਤਬਾਹ ਕਰ ਦੇਣ ਵਿਚ ਗਲਤਾਨ ਜਿਸ ਦੀ ਜਾਨ ਹੈ !

(5)

ਝੁਰ ਝੁਰ ਕੇ ਓੜਕ ਬੋਲਿਆ, ਉਇ ਅਕਲਮੰਦਾ ਭਾਰਿਆ !
ਸ਼ੈਤਾਨ ਦੇ ਚੜ੍ਹ ਹੱਥ ਤੂੰ, ਇਹ ਕੀ ਪਖੰਡ ਖਿਲਾਰਿਆ ?
ਕੰਡੇ ਜੋ ਬੀਜੀ ਜਾਇੰ, ਕੀਕਰ ਫੁੱਲ ਏਹ ਬਣ ਜਾਣਗੇ ?
ਕੋਲੇ ਜੋ ਘੋਲੀ ਜਾਏਂ ਕੀਕਰ ਸੁਰਖਰੂ ਕਰਵਾਣਗੇ ?
ਏਹ ਹੱਥ ਲਹੂਆਂ ਲਿੱਬੜੇ ਰਹਿਮਤ ਲਈ ਫੈਲਾਇੰਗਾ ?
ਇਹ ਅੱਖ ਖੂਨੀ ਸਾਹਮਣੇ ਕਰਦਾ ਸ਼ਰਮ ਨਾ ਖਾਇੰਗਾ ?
ਮੱਥੇ ਤੇ ਚੰਦਨ-ਤਿਲਕ ਅਰ ਸੀਨੇ ਤੇ ਗਿਠ ਗਿਠ ਸ਼ਾਹੀਆਂ,
ਲੈ ਲੈ ਅਮਨ ਦਾ ਨਾਂ, ਮਚਾਈ ਜਾਇੰ ਘੋਰ ਤਬਾਹੀਆਂ !
ਕਰਤੂਤ ਤੇਰੀ ਦੇ ਜਦੋਂ ਤੋਪੇ ਉਧੇੜੇ ਜਾਣਗੇ,
ਨਿੱਯਤ ਤੇਰੀ ਤੋਂ ਓਪਰੇ ਪੋਚੇ ਉਚੇੜੇ ਜਾਣਗੇ ।
ਹੋਵਣਗੀਆਂ ਤਦ ਨੰਗੀਆਂ ਏਹ ਸਾਰੀਆਂ ਅਯਾਰੀਆਂ,
ਸ਼ੀਸ਼ੇ ਅਮਲ ਦੇ ਸਾਹਮਣੇ ਹੋ ਝਾਤੀਆਂ ਜਦ ਮਾਰੀਆਂ ।
ਫੁਰਨੇ ਤੇਰੇ ਜੋ ਗੋਂਦ ਗੁੰਦਣ, ਲੁਕ ਕੇ ਸਤਵੀਂ ਕੋਠੜੀ,
ਉਹ ਫਿਲਮ ਬਣ ਬਣ ਕੇ ਵਲ੍ਹੇਟੇ ਜਾਣ ਨਾਲੋ ਨਾਲ ਹੀ ।
ਘਸਵੱਟੀਆਂ ਤੇ ਆ ਕੇ, ਸਭ ਪਰਪੰਚ ਚੁਗਲੀ ਖਾਣਗੇ,
ਫੁਲੀਆਂ ਜਦੋਂ ਵਹੀਆਂ, ਏ ਸਾਰੇ ਪਾਜ ਉੱਘੜ ਜਾਣਗੇ ।
ਅੱਡੇ ਲਗਾ ਇਸ ਨਫਸ ਦੇ, ਛੁਰੀਆਂ ਚਲਾਈ ਜਾਇੰ ਜੋ,
ਝੁੱਗੀ ਉਸਾਰਨ ਵਾਸਤੇ ਮੰਦਰ ਢਹਾਈ ਜਾਇੰ ਜੋ,
ਚੱਲਣ ਲੱਗੇ ਇਹ ਮਾਲ ਧਨ, ਨਾ ਸਾਥ ਮੂਲ ਨਿਭਾਇਗਾ,
ਨੇਕੀ ਬਦੀ ਦਾ ਭਾਰ ਸਿਰ ਤੇ ਲੱਦਿਆ ਰਹਿ ਜਾਇਗਾ ।
ਅੱਖਾਂ ਤੋਂ ਜਦ ਪੂੰਝੀ ਗਈ ਚਰਬੀ ਤੇਰੇ ਹੰਕਾਰ ਦੀ,
ਸਭ ਪਾਣ ਪਤ ਲਹਿ ਜਾਇਗੀ ਤਲਵਾਰ ਦੇ ਬਲਕਾਰ ਦੀ ।
ਹੋ ਬਾਉਲਾ ਬਘਿਆੜ ਵਾਂਗ ਸ਼ਿਕਾਰ ਹੈਂ ਤੂੰ ਟੋਲਦਾ,
ਕਾਂ ਵਾਂਗ, ਕੁੱਠਾ ਕਾਮਨਾ ਦਾ, ਗੰਦ ਥਾਂ ਥਾਂ ਫੋਲਦਾ ।
ਤ੍ਰਿਸ਼ਨਾ ਅਗਨ ਵਿਚ, ਹੋ ਰਿਹਾ ਭੜਥਾ, ਤੇਰਾ ਆਚਾਰ ਹੈ,
ਪਸ਼ੂਆਂ ਤੋਂ ਵਧ ਕੇ ਸਿਰ ਤੇਰੇ ਤੇ ਕਾਮ ਭੂਤ ਸਵਾਰ ਹੈ ।
ਆ ! ਹੋਸ਼ ਕਰ ! ਤੇ ਸਮਝ ਜਾ, ਛਡ ਦੇ ਏ ਸੀਨਾ ਜ਼ੋਰੀਆਂ,
ਹੈ ਵਕਤ, ਧੋ ਲੈ ਮੱਥਿਓਂ, ਲੁਕ ਲੁਕ ਕਮਾਈਆਂ ਚੋਰੀਆਂ ।
ਜਦ ਛਲ ਗਿਆ ਵੇਲਾ ਤਾਂ ਰੋ ਰੋ ਅੰਤ ਨੂੰ ਪਛਤਾਇੰਗਾ ।
ਸ਼ਰਮਾਇੰਗਾ, ਚਿਚਲਾਇੰਗਾ, ਪਰ ਫਲ ਨ ਕੋਈ ਪਾਇੰਗਾ ।
ਮੰਗੇਂਗਾ ਮੁਹਲਤ ਹੋਰ ਜਦ, ਵਿਗੜੀ ਸੁਆਰਨ ਵਾਸਤੇ,
ਮਿਲਨੇ ਉਧਾਰੇ ਦਮ ਨਹੀਂ, ਵਿਛਿਆ ਨ ਰਹੁ ਇਸ ਆਸ ਤੇ ।
ਵੇਲਾ ਇਹੋ ਹੈ ਸਮਝ ਜਾ, ਆ ਬਾਜ਼ ਇਸ ਕਰਤੂਤ ਤੋਂ,
ਛੇਤੀ ਛੁਡਾ ਲੈ ਜਾਨ, ਚਾਤ੍ਰਿਕ ! ਇਸ ਬਦੀ ਦੇ ਭੂਤ ਤੋਂ ।

26. ਡਾਲੀਓਂ ਝੜਿਆ ਫੁੱਲ

(1)

ਇਕ ਫੁੱਲ, ਜਿਨ ਵਿੱਚ ਬਗੀਚੇ, ਜੋਬਨ-ਮੱਤਾ ਰੂਪ ਦਿਖਾ ਕੇ,
ਕਈ ਹਜ਼ਾਰਾਂ ਅੱਖਾਂ ਦੇ ਵਿਚ ਘਰ ਕੀਤਾ ਸੀ, ਠੰਢਕ ਪਾ ਕੇ ।
ਕਈ ਮਨਾਂ ਨੂੰ ਲੁੱਟ ਲਿਆ ਸੀ, ਲਪਟਾਂ ਦਾ ਅੰਬਾਰ ਲਗਾ ਕੇ,
ਸ਼ਮਾ ਜਿਦ੍ਹੀ ਤੇ ਭੰਭਟ ਵਾਂਗਰ ਸਦਕੇ ਹੁੰਦੀ ਖਲਕਤ ਆ ਕੇ ।
ਪਰ ਹੁਣ ਓਸ ਬਹਾਰ-ਦਰਬ ਨੂੰ, ਧੁੱਪ ਬਿਦਰਦਣ ਲੁੱਟ ਲਿਆ ਸੀ,
ਕਿਰਨਾਂ ਰਸਤੇ, ਸੂਰਜ ਸਾਰਾ ਰੂਪ ਜਵਾਨੀ ਚੂਪ ਗਿਆ ਸੀ ।
ਉਹ ਮਹਿਬੂਬੀ ਸ਼ਾਨ ਹੁਸਨ ਦੀ, ਬੁਰਿਹਾਲੀ ਵਿਚ ਵੱਟ ਗਈ ਸੀ,
ਕੋਮਲਤਾ ਅਰ ਭਾਹ ਗੁਲਾਬੀ ਲੋ ਦੁਪਹਿਰ ਦੀ ਚੱਟ ਗਈ ਸੀ ।
ਫੁੱਟ ਗਿਆ ਤੂੰਬਾ ਅਰ ਟੁੱਟੀ ਤਾਰ ਕੁਰੰਗ ਫਸਾਉਣ ਵਾਲੀ,
ਸਰਦ ਹੋ ਗਈ ਸ਼ਮਾ, ਜਗਤ ਨੂੰ ਚਾਨਣ ਤੇ ਭਰਮਾਉਣ ਵਾਲੀ ।
ਅਸਤ ਗਿਆ ਉਹ ਚੰਦ, ਜਿਦ੍ਹੇ ਨੀਝ ਤੋਂ ਚਕੋਰ ਉਠਾਂਦੇਨਾ ਸਨ,
ਮਾਤ ਹੋ ਚੁਕੀ ਸੀ ਹੁਣ ਬਾਜ਼ੀ, ਦਰਸ਼ਕ ਘੁੱਮਰ ਪਾਂਦੇ ਨਾ ਸਨ ।
ਕੋਮਲ ਪੰਖੜੀਆਂ ਝੜ ਝੜ ਕੇ, ਖੇਰੂ ਖੇਰੂ ਹੋ ਗਈਆਂ ਸਨ,
ਵਾਂਗ ਬਿਰੰਗੀ ਮਹਿੰਦੀ, ਤਖ਼ਤੋਂ ਡਿੱਗ, ਜ਼ਿਮੀ ਪਰ ਆ ਪਈਆਂ ਸਨ ।
ਪੱਖੀ ਵਾਂਗਰ ਨਿੱਖੜ ਕੇ, ਹੁਣ ਦੇਹੀ ਪੁਰਜਾ ਪੁਰਜਾ ਹੋਈ,
ਹਸਰਤ ਭਰੀ ਨਿਗਾਹ ਥੀਂ ਤੱਕੇ, ਪਰ ਅੱਗੋਂ ਨਾ ਪੁੱਛੇ ਕੋਈ ।
ਜ਼ਾਲਮ ਮਾਲੀ ਨੇ, ਪੱਛਾਂ ਪਰ ਹੋਰ ਲੂਣ ਇਕ ਪਾ ਦਿੱਤਾ ਸੀ,
ਝਾੜੂ ਮਾਰ, ਬਗੀਚੇ ਵਿੱਚੋਂ, ਇੱਕ ਕਿਨਾਰੇ ਲਾ ਦਿੱਤਾ ਸੀ ।
ਚੂਪੇ ਪਾਨ ਵਾਂਗ, ਹੁਣ ਪੁਸ਼ਪ ਨਿਮਾਣਾ, ਕੂੜਾ ਹੋ ਕੇ,
ਇਕ ਦਰਸ਼ਕ ਪਰ ਕੱਢ ਰਿਹਾ ਸੀ, ਗੁੱਸਾ ਆਪਣੇ ਜੀ ਦਾ ਰੋ ਕੇ।

(2)

ਰਾਹੇ ਰਾਹੇ ਜਾਵਣ ਵਾਲੇ ! ਪਰੇ ਪਰੇ ਕਿਉਂ ਤਿਲਕੀਂ ਜਾਵੇਂ ?
ਓ ਗਮਰੁੱਠ, ਬਿਦਰਦ ਮਤਲਬੀ ! ਧੌਣ ਭੁਆ ਕਿਉਂ ਅੱਖ ਚੁਰਾਵੇਂ ?
ਇਹ ਸੀ ਮਿਹਰ, ਮੁਹੱਬਤ ਏਹੋ ? ਏਥੋਂ ਤਕ ਹੀ ਸੀ ਗ਼ਮਖਾਰੀ ?
ਮਤਲਬ ਦੀ ਹੀ ਯਾਰੀ ਸੀ ? ਅਰ ਹੁਸਨ ਪਰਸਤੀ ਤੇਰੀ ਸਾਰੀ ?
ਬੱਸ ? ਇਹੋ ਸੀ ਪੱਲੇ ਤੇਰੇ ? ਮੁੱਲ ਮੇਰੀ ਕੁਰਬਾਨੀ ਸੰਦਾ,
ਰਸ ਨੂੰ ਚੂਪ, ਫੋਗ ਤੋਂ ਸੂਗੇਂ ਸਵਾਰਥ ਦਾ ਹੀ ਸੀ ਤੂੰ ਬੰਦਾ ?
ਹਾਂ ! ਉਹ ਪ੍ਰੇਮ ਦਿਖਾਂਦਾ ਸੀ ਤੂੰ ਇਸੇ ਲਈ ? ਵਡਿਆ ਵਡਿਆ ਕੇ,
ਖਿੱਚ ਲਏਂਗਾ ਪੌੜੀ ਹੇਠੋਂ ਮਦ-ਮਸਤੀ ਦੇ ਸਿਖਰ ਚੜ੍ਹਾ ਕੇ ।
ਢਲੀ ਦੁਪਹਿਰ ਹੁਸਨ ਦੀ ਉੱਤੇ, ਝਾਤੀ ਭੀ ਮੁੜ ਨਹਿੰ ਸੀ ਪਾਣੀ ?
ਇਸ਼ਕ ਹਕੀਕੀ ਨਹਿੰ ਸੀ ਜੇਕਰ ਕਿਉਂ ਸੀ ਕੂੜੀ ਪ੍ਰੀਤ-ਜਿਤਾਣੀ ?
ਚਲਦੇ ਫਿਰਦੇ ਹੱਡੀਂ ਸੌਖਾ ਹਮਦਰਦੀ ਦਾ ਰਾਗ ਸੁਣਾਣਾ,
ਤੰਗੀ ਤੁਰਸ਼ੀ ਵੇਲੇ ਵੀ ਤਾਂ ਲੱਗੀ ਨੂੰ ਹੀ ਤੋੜ ਨਿਭਾਣਾ ।
ਸ਼ੋਕ ਤੇਰੀ ਬੇਦਰਦੀ ਪਰ ਹੈ, ਜਿਸ ਸ਼ੈ ਤੋਂ ਤੂੰ ਸੁਖ ਸੀ ਪਾਇਆ,
ਉਸ ਪਰ ਗਲਤ ਨਿਗਾਹ ਹੀ ਪਾ ਕੇ ਕੁਝ ਹੁੰਦਾ ਅੰਦੋਹ ਜਿਤਾਇਆ ।
ਪ੍ਰੀਤ ਪੁਰਾਣੀ ਚੇਤੇ ਕਰ ਕੇ, ਅੰਝੂ ਸਨ ਦੋ ਚਾਰ ਵਹਾਣੇ,
ਮੋਏ ਦੇ ਭੀ ਫੁੱਲ ਚੁਗਾ ਕੇ, ਲਾ ਛਡਦੇ ਨੇ ਲੋਕ ਟਿਕਾਣੇ ।

(3)

ਪਰ ਸੱਜਣ ਕੀ ਵੱਸ ਤਿਰੇ ਹੈ, ਦੁਨੀਆਂ ਵਿੱਚ ਇਹੋ ਵਰਤਾਰਾ,
ਕਦਰ ਪਾਏ ਕਰਤੱਬਾਂ ਦੀ ਹੀ, ਝੁਕਦੇ ਨੂੰ ਹੀ ਮਿਲੇ ਸਹਾਰਾ ।
ਜਦ ਤਕ ਚਲੇ ਖਰਾ ਹੈ ਤਦ ਤਕ, ਜਦ ਤਕ ਰਸ, ਤਦ ਤਕ ਰਸੀਲਾ,
ਜਦ ਤਕ ਲਹੂ, ਤਦੋਂ ਤਕ ਲਾਲੀ, ਜਦ ਤਕ ਲਾਲੀ ਤਦ ਤਕ ਲੀਲ੍ਹਾ ।
ਜਦ ਤਕ ਜਾਨ, ਜਹਾਨ ਤਦੋਂ ਤਕ, ਜਦ ਤਕ ਸਿਰ ਤਦ ਤੀਕ ਸਲਾਮੀ,
ਜਦ ਤਕ ਤੇਲ ਤਦੋਂ ਤਕ ਚਾਨਣ,ਜਦ ਤਕ ਹਿੰਮਤ ਤਦ ਤਕ ਹਾਮੀ ।
ਜਦ ਤਕ ਹੁਸਨ ਇਸ਼ਕ ਹੈ ਤਦ ਤਕ, ਜਦ ਤਕ ਧਨ, ਤਦ ਤੀਕ ਭਿਖਾਰੀ,
ਜਦ ਤਕ ਮਿਹਰ ਮੁਹੱਬਤ ਤਦ ਤਕ ਜਦ ਤਕ ਦਰ ਤਦ ਤਕ ਹੈ ਦਾਰੀ ।
ਜਦ ਤਕ ਆਪਣਾ ਆਪ ਗਲਾਓ ਤਦ ਤਕ ਝੁਲਸਣਗੇ ਪਰਵਾਨੇ,
ਆਪਣਾ ਆਪ ਮੁਹਾਏ ਬਾਝੋਂ ਅਪਣੇ ਭੀ ਬਣ ਜਾਣ ਬਿਗਾਨੇ ।
ਠੰਢਕ ਹੈ, ਤਦ ਜਮੇ ਰਹੋਗੇ, ਤਪ ਜਦ ਤਕ ਹੈ ਤੇਜ ਰਹੇਗਾ,
ਜਦ ਤਕ ਘਸੋ ਤਦੋਂ ਤਕ ਚਮਕੋ, ਜ਼ਰ ਨੂੰ ਹੀ ਜਗ ਯਾਰ ਕਹੇਗਾ ।
ਮਤਲਬ ਬਾਝ ਪਸੀਜੇ ਕਿਹੜਾ, ਬਿਰਧ ਬੈਲ ਨੂੰ ਪਾਵੇਗਾ ਚਾਰਾ,
ਦੰਮਾਂ ਦੇ ਦਮ ਵਜਣ ਦਮਾਮੇ, ਕੰਮ ਕਰਾਵੇ ਚੰਮ ਪਿਆਰਾ ।
ਕੁਦਰਤ ਦਾ ਭੀ ਨੇਮ ਇਹੋ ਹੈ, ਜਦ ਤਕ ਜੋ ਜਿਸ ਜੋਗ ਰਹੇਗਾ,
ਤਦ ਤਕ ਉਸ ਨੂੰ ਮਿਲੇ ਟਿਕਾਣਾ, ਉਸ ਤੋਂ ਬਾਦ ਗਿੜਾਉ ਮਿਲੇਗਾ ।
ਕੇਲਾ ਕੱਟ ਦਿੱਤਾ ਜਾਂਦਾ ਹੈ, ਫਲੀ ਜਦੋਂ ਦੇਣੋਂ ਰਹਿ ਜਾਵੇ,
ਵੱਲਾਂ ਪੁੱਟ ਵਗਾਂਦੇ ਬਾਹਰ, ਜਦ ਖ਼ਰਬੂਜ਼ਾ ਹੱਥ ਨ ਆਵੇ ।
ਛਾਂਗ ਦਿਤੇ ਜਾਂਦੇ ਹਨ ਕੰਡੇ, ਬੇਰੀ ਦਾ ਫਲ ਹੋ ਚੁੱਕੇ,
ਬੇਲੇ ਸਾੜ ਦਿਤੇ ਜਾਂਦੇ ਹਨ, ਕਾਨੇ ਦਾ ਜਦ ਮੌਸਮ ਮੁੱਕੇ ।
ਕੌਮਾਂ ਦੇ ਅਦਰਸ਼ ਗਿਰਨ ਪਰ ਅਧੋਗਤੀ ਵਿਚ ਜਾਣਾ ਪੈਂਦਾ,
ਰਾਜੇ ਵਿਚ ਅਯੋਗਤਾ ਆਇਆਂ ਝੱਟ ਉਦ੍ਹੀ ਥਾਂ ਦੂਜਾ ਲੈਂਦਾ ।
ਇਸੇ ਤਰਾਂ ਕਮਜ਼ੋਰੀ ਮੇਰੀ ਦਰਦ ਦਰਦੀਆਂ ਦਾ ਖੋਹ ਲੀਤਾ,
ਖ਼ਾਰ ਬਣਾਇਆ ਅੱਖਾਂ ਸੰਦਾ, ਤਖ਼ਤੋਂ ਸੁੱਟ ਨਿਮਾਣਾ ਕੀਤਾ ।

(4)

ਇੱਕ ਸਮਾਂ ਉਹ ਸੀ ਜਦ ਮੇਰੀ ਹਰੀ ਅੰਗੂਰੀ ਨਿਕਲ ਰਹੀ ਸੀ,
ਗੋਡੀ, ਰੂੜੀ, ਪਾਣੀ ਆਦਿਕ ਟਹਿਲਾਂ ਦੀ ਲਗ ਰਹੀ ਝੜੀ ਸੀ ।
ਜ਼ਰਾ ਕੁ ਧੌਣ ਜਦੋਂ ਖਲਿਹਾਰੀ, ਮਾਲੀ ਮੇਰਾ ਬਣਿਆ ਭਉਰਾ,
ਝੱਖੜ, ਧੁੱਪ, ਸਿਲ੍ਹਾਬੋਂ, ਸੇਕੋਂ ਰਾਖੀ ਕਰਨ ਵਿਖੇ ਸੀ ਬਉਰਾ ।
ਇਕ ਦਿਨ ਕੂੰਬਲ ਨਿੱਕਲਦੀ ਨੂੰ ਰੋਜ਼ ਸਵੇਰੇ ਰਹਿੰਦਾ ਗਿਣਦਾ,
ਸੱਧਰ ਭਰਿਆ ਚਾਈਂ ਚਾਈਂ ਪੋਟਿਆਂ ਨਾਲ ਉਚਾਈ ਮਿਣਦਾ ।
ਚਿੜੀ ਜਨੌਰ ਨ ਪੱਤੀ ਤੋੜੇ, ਭੇਡ ਬੱਕਰੀ ਮੂੰਹ ਨ ਪਾਵੇ,
ਕੋਇ ਬਿਲੋੜੀ ਸ਼ਾਖ ਨ ਨਿਕਲੇ; ਟਿੰਘ ਕਿਸੇ ਵਿਚ ਵਿੰਗ ਨ ਆਵੇ।
ਬਾਲਕ ਵਾਂਗ ਨਹਾਵੇ ਪੂੰਝੇ ; ਗਿੱਡਾਂ ਮੈਲਾਂ ਝਾੜੇ ਧੋਵੇ,
ਪਾਲਣ ਪੋਸਣ, ਰਾਖੀ ਚੋਰੀ ਤੋਂ ਬੇ-ਫ਼ਿਕਰਾ ਘੜੀ ਨਾ ਹੋਵੇ ।
ਮੇਰੇ ਸੁੱਖੀ ਸਾਂਦੀ ਮੌਲਣ ਹੇਤ, ਸੁੱਖਣਾਂ ਸੁਖੀ ਦੀਆਂ ਸਨ,
ਲਹੂ ਚੂਲੀਆਂ ਸਿੰਜ ਸਿੰਜ ਕੇ ਟਹਿਲਾਂ ਮੇਰੀਆਂ ਹੋ ਰਹੀਆਂ ਸਨ ।

(5)

ਭੜਕ ਦੜਕ ਮੇਰੀ ਭੀ ਆਹਾ ! ਸੱਚੀ ਮੁੱਚੀ ਐਸੀ ਹੀ ਸੀ,
'ਹੋਨਹਾਰ ਬਿਰਵਾ ਕੇ ਚਿਕਨੇ ਪਾਤ' ਸ਼ਲਾਘਾ ਠੀਕ ਮਿਰੀ ਸੀ ।
ਹਰ ਇਕ ਸ਼ਾਖ ਲੁਸਲੁਸੀ ਮੇਰੀ ਹਰੀ ਕਚਾਹ ਮੁਲਾਇਮ ਪਿਆਰੀ,
ਅਤੀ ਮਲੂਕ ਬਾਨ ਦੀ ਲੂਈਂ ਵਾਂਗ ਜਿਦ੍ਹੇ ਤੇ ਸੀ ਕੰਡਿਆਰੀ ।
ਕੋਮਲ ਕਲੀਆਂ ਮਿਰੀਆਂ ਦੀ, ਹਾਂ ! ਉਹ ਕੱਚੀ ਕੱਚੀ ਲਾਲੀ,
ਕਿਸੇ ਹਿਮਾਲਾ ਵਾਸਨਿ ਦੇਵੀ ਦੇ ਸੁਕੁਮਾਰ ਕਪੋਲਾਂ ਵਾਲੀ ।
ਚਿਕਨਾਈ ਅਰ ਚਮਕ ਵਾਸਤੇ ਕੁਦਰਤ ਮੱਖਣ ਝਾਸ ਕਜਾਵੇ,
ਝੂਟਣ ਖਾਤਰ ਪੱਟ-ਪੰਘੂੜਾ ਦਾਈ ਪੌਣ ਹਿਲਾਈ ਜਾਵੇ ।
ਮਾਲੀ ਦੀ ਮਿਹਨਤ ਦੇ ਘਰ ਵਿਚ ਸ਼ਦੀਆਨੇ ਦੀ ਢੋਲਕ ਖੜਕੀ,
ਮੈਨੂੰ ਜਨਮ ਦੇਣ ਹਿਤ ਜਿਸ ਦਿਨ ਸਿੱਪੀ ਵਾਂਗਰ ਡੋਡੀ ਤਿੜਕੀ ।
ਸੀ ਮੇਰੇ ਪਰਵਾਨ ਚੜ੍ਹਨ ਵਿਚ ਭਾਵੇਂ ਵਕਤ ਅਜੇ ਬਹੁਤੇਰਾ,
ਪਰ ਮੇਰੇ ਦਰਸ਼ਨ ਦੇ ਚਾਖੂ ਪਾਉਣ ਲਗੇ ਹੁਣ ਤੋਂ ਹੀ ਫੇਰਾ ।
ਛਿਲੇ ਵਿੱਚ ਮਤ ਅਪਦਾ ਕੋਈ ਮੇਰੇ ਕੋਮਲ ਮਨ ਤੇ ਆਵੇ,
ਪੋਤੜਿਆਂ ਵਿਚ ਢੱਕੀ ਰਖਦੇ ਆਸੋਂ ਪਾਸੋਂ ਪੱਤਰ ਸਾਵੇ ।
ਪਰ ਮੇਰੀ ਨਿਰ-ਅੰਕੁਸ਼ ਸ਼ੋਖੀ ਗੂੜ੍ਹੇ ਰਕਤ ਨਸ਼ੇ ਵਿਚ ਮੱਤੀ ।
ਇਸ ਪਰਦੇ ਦੇ ਜੀਵਨ ਤਾਈਂ ਨਹੀਂ ਪਸਿੰਦ ਲਿਆਈ ਰੱਤੀ ।
ਮਾਰ ਚਟਾਕਾ ਜ਼ੋਰ ਨਾਲ ਮੈਂ ਨਵੇਂ ਜਗਤ ਨੂੰ ਦੇਖਣ ਰੁੱਝਾ,
ਰਾਹੀਆਂ ਉੱਤੇ ਪਾ ਪਾ ਡੋਰੇ, ਲਗਾ ਖਲ੍ਹਾਰਨ ਗੁੱਝਾ ਗੁੱਝਾ ।
ਤਰੇਲ, ਸਮੀਰੋਂ ਠੰਢਕ ਲੈ ਕੇ, ਅਰ ਸੂਰਜ ਦੀ ਪਾ ਗਰਮਾਈ,
ਜ਼ਰਾ ਕੁ ਹੋਰ ਸੂਤਕੋਂ ਨਿਕਲ ਹਾਲਤ ਅੱਧ-ਖਿੜੀ ਦੀ ਆਈ ।
ਦੇਖ ਉਠਾਨ ਫਬਨ ਮੇਰੀ ਨੂੰ, ਭੌਰ ਲਗੇ ਦਵਾਰੇ ਤੇ ਪਰਸਨ ।
ਹਰ ਪਾਸੇ ਤੋਂ ਸੱਧਰ ਉੱਠੇ, ਹੋ ਜਾਵਣ ਖੁਲ ਕੇ ਹੁਣ ਦਰਸ਼ਨ ।

(6)

ਜੀਵਨ ਇਹ ਮਾਸੂਮੀ ਦਾ ਸੀ, ਗਰਮੀ ਸਰਦੀ ਨਹਿੰ ਸੀ ਡਿੱਠੀ,
ਪਿਆ ਨ ਵਾਹ ਉਤਾਰ ਚੜ੍ਹਾਈ, ਚੱਖੀ ਨਹਿੰ ਸੀ ਕੌੜੀ ਮਿੱਠੀ ।
ਉਪਕਾਰੀ ਹੱਥਾਂ ਵਿਚ ਹੋਇਆ ਮੌਲਨ ਫੈਲਣ ਸੀ ਸਭ ਮੇਰਾ,
ਉਸੇ ਤਰ੍ਹਾਂ ਉਪਕਾਰ ਵਾਸਤੇ ਮਨ ਵਿਚ ਜਾਗਿਆ ਚਾਉ ਵਧੇਰਾ ।
ਸੱਧਰ ਚਾਉ, ਦਰਸ਼ਕਾਂ ਦੇ ਨੇ ਕੁਝ ਮਨ ਵਿਚ ਉਤਸ਼ਾਹ ਵਧਾਇਆ,
ਅਰ ਕੁਛ ਅਪਨੇ ਹੁਸਨ ਗਰਬ ਨੇ ਮੇਰੇ ਸੀਨੇ ਨੂੰ ਉਭਰਾਇਆ ।
ਉਠੀ ਲਾਲਸਾ ਦੁਨੀਆਂ ਨੂੰ ਕੁਝ ਆਪਣਾ ਆਪ ਵਿਖਾਣਾ ਚਾਹੀਏ,
ਪੁਸ਼ਪ ਜੂਨ ਨੂੰ ਸਫਲ ਕਰਨ ਹਿਤ, ਪਰਉਪਕਾਰ ਕਮਾਣਾ ਚਾਹੀਏ ।
ਪਤਾ ਨ ਸੀ, ਇਸ ਹਾਲਤ ਵਿਚ ਹੀ ਬਚ-ਬਚਾਓ ਹੈ ਆਪਣਾ ਸਾਰਾ,
ਜ਼ਰਾ ਕੁ ਹੋਰ ਅਗੇਰੇ ਹੋਇਆ ਰੋੜ੍ਹ ਲਿਜਾਉਗ ਕਾਲ-ਜਲ-ਧਾਰਾ ।
ਮੂਰਖਤਾ, ਚੰਚਲਤਾ ਅਥਵਾ ਗਰਬ ਹੁਸਨ ਦਾ ; ਜੋ ਕੁਝ ਭੀ ਸੀ,
ਦਾਨਾਈ ਅਰ ਦੂਰੰਦੇਸ਼ੀ ਮੇਰੀ ਉਸ ਨੇ ਖੋਹ ਖੜੀ ਸੀ ।
ਸੰਗਾ ਲਾਹ, ਉਭਰ ਹੋ ਬੈਠਾ ; ਜੋਬਨ ਅਪਣਾ ਸਭ ਨਿਖੜਾਇਆ,
ਪੂਰਣਮਾ ਦੇ ਚੰਦ ਵਾਂਗ ਮੈਂ ਰੂਪ ਰਾਸ ਦਾ ਢੇਰ ਲਗਾਇਆ ।
ਬੂਹੇ ਖੋਲ ਸਖਾਵਤ ਦੇ ਮੈਂ : ਵੰਡਨ ਲੱਗਾ ਮਹਿਕ ਅਰ ਮਸਤੀ,
ਠੰਢਕ, ਹੁਸਨ, ਤਰਾਵਟ ਅਪਨੀ ਸਭ ਦੇ ਹੇਤ ਲਗਾਈ ਸਸਤੀ ।
ਜੋ ਆਵੇ ਠੰਢਿਆਵੇ ਅੱਖਾਂ ਨਾਲ ਸੁਗੰਧੀ ਤਨ ਮਨ ਠਾਰੇ,
ਰੋਕ ਅਮੀਰ ਗਰੀਬਾਂ ਤਾਈਂ ਕੋਇ ਨਹੀਂ ਸੀ ਮੇਰ ਦਵਾਰੇ ।
ਭੌਰੇ ਹੋ ਲਟਬੌਰੇ ਫਿਰਦੇ ਰੂਪ ਮੇਰੇ ਦਾ ਰਾਗ ਸੁਣਾਂਦੇ,
ਸੰਝ ਸਵੇਰ ਦਰਸ਼ਕਾਂ ਸੰਦੇ ਟੋਲੇ ਆ ਆ ਜੀ ਪਰਚਾਂਦੇ ।
ਪਾ ਕੇ ਠੰਢ ਅਸੀਸਾਂ ਦੇ ਦੇ, ਰੂਪ ਮੇਰੇ ਦੀ ਮਹਿਮਾ ਕਰਦੇ,
ਮਾਨੁਖ ਛੋੜ ਜਨੌਰਾਂ ਤੀਕਰ ਹੁਸਨ ਮੇਰੇ ਦੇ ਹੋਏ ਬਰਦੇ ।
ਮਹਿਕ ਮੇਰੀ ਨੇ ਉੱਡ ਚੁਫੇਰੇ ਬਨ ਨੂੰ ਉਪਬਨ ਕਰ ਦਿਖਲਾਇਆ,
ਆਲੇ ਦੁਆਲੇ ਜੱਸ ਮੇਰੇ ਨੇ ਡਾਢਾ ਸੋਹਣਾ ਰੰਗ ਜਮਾਇਆ ।
ਨੌਬਤ ਖੂਬ ਵਜਾਈ ਆਪਣੀ ਸ਼ੋਭਾ ਭੀ ਖੱਟੀ ਬਹੁਤੇਰੀ,
ਧਾਂਕ ਬਿਠਾਈ ਸੁੰਦਰਤਾ ਦੀ ਇਸ਼ਕ ਹੁਸਨ ਪਰ ਹੋਇਆ ਢੇਰੀ ।

(7)

ਪਰ ਸੱਜਣ! ਅਫਸੋਸ! ਜਗਤ ਵਿਚ ਨਹੀਂ ਸਥਿਰਤਾ ਤੇ ਇਕਰੰਗੀ,
ਇਕ ਇਕ ਪਲ ਇਕ ਨਵੀਂ ਲਿਆਵੇ ਅਪਣੇ ਨਾਲ ਖੁਸ਼ਹਾਲੀ ਤੰਗੀ ।
ਛੱਲ ਸਮੁੰਦਰ ਦੀ ਉਗਲੱਛੇ, ਇਕ ਪਲ ਘੁੱਗਾ, ਇਕ ਪਲ ਮੋਤੀ,
ਇਕ ਧਿਰ ਮੰਗਲ ਤੇ ਸ਼ਦੀਆਨੇ, ਇਕ ਧਿਰ ਹੋਵੇ ਮੌਤ ਖਲੋਤੀ ।
ਇਕ ਹੱਥ ਦੇਇ ਹਕੂਮਤ ਡੰਡਾ, ਠੂਠਾ ਦੂਜੇ ਹੱਥ ਫੜਾਵੇ,
ਤਖ਼ਤਾਂ ਵਾਲੇ ਪਾ ਵਖਤਾਂ ਵਿਚ, ਕੁਦਰਤ ਆਪਣਾ ਖੇਲ ਵਿਖਾਵੇ ।
ਅਰਸ਼ੋਂ ਡੇਗ ਖਾਕ ਵਿਚ ਰੋਲੇ, ਕਿਣਕਾ ਚੁੱਕ ਅਕਾਸ਼ ਪੁਚਾਵੇ,
ਸਾਗਰ ਜਿਉਰ ਬਣਾਵੇ ਰੇਤਾ, ਥਲਾਂ ਵਿਖੇ ਦਰਯਾਉ ਵਹਾਵੇ ।
ਮਿੱਟੀ ਦਾ ਚਾ ਸੋਨਾ ਕਰਦੀ, ਹੀਰੇ ਤੋਂ ਕੰਕਰ ਬਣ ਜਾਂਦੇ,
ਆਵਾਗੌਣ ਗੇੜ ਨਿੱਤ ਰਹਿੰਦਾ, ਖਾਲੀ ਭਰੇ, ਭਰੇ ਸਖਣਾਂਦੇ ।
ਹਰ ਸ਼ੈ ਵਿਚ ਅਨਥਿਰਤਾ ਨੇ ਐਸਾ ਅਪਣਾ ਆਪ ਵਸਾਇਆ,
ਜੋ ਆਵੇ ਸੋ ਜਾਵਣ ਖਾਤਰ, ਜੋ ਜਾਵੇ ਸੋ ਸਮਝੋ ਆਇਆ ।
ਦਿਨ ਆ ਕੇ ਦੇ ਸੋਇ ਰਾਤ ਦੀ, ਚਾਨਣ ਦੀ ਸੁਧ ਦੇਇ ਹਨੇਰਾ,
ਕੁਦਰਤ ਦੇ ਚਰਖੇ ਦਾ ਚੱਕਰ, ਹਰ ਇਕ ਸ਼ੈ ਨੂੰ ਦੇਂਦਾ ਫੇਰਾ ।
ਕਾਇਮ ਹੈ ਇਕ ਜ਼ਾਤ ਪ੍ਰਭੂ ਦੀ, ਹੋਰ ਸਭਸ ਨੇ ਆ ਕੇ ਜਾਣਾ,
ਅਪਣਾ ਅਪਣਾ ਵੇਲਾ ਆਇਆ ਟਿਕੇ ਨ ਰੰਕ ਨਾ ਅਟਕੇ ਰਾਣਾ ।
ਕਾਲ ਬਲੀ ਦੀ ਚੋਟ ਨਾ ਤਰਸੇ, ਦੇਖ ਹੁਸਨ ਯਾ ਕੋਮਲਤਾਈ ,
ਚੰਦ੍ਰ-ਮੁਖੀ ਮਹਿਬੂਬਾਂ ਦੀ ਭੀ ਇਸ ਭਾਂਬੜ ਵਿਚ ਉਹੋ ਗਰਾਹੀ ।

(8)

ਇਸੇ ਦਰੇੜ ਕਾਲ ਦੀ ਅੰਦਰ, ਖੜ ਪੁੱਗੀ ਹੁਣ ਮੇਰੀ ਆ ਕੇ,
ਉਠ ਚਲੀ ਵਣਜਾਰੀ ਜਿੰਦਗੀ, ਕੁਝ ਘੜੀਆਂ ਦੀ ਖੇਡ ਵਿਖਾ ਕੇ ।
ਖਾਲੀ ਕਰੋ ਮੁਸਾਫਰਖਾਨਾ, ਘੜੀਆਲੀ ਨੇ ਠੋਕਰ ਮਾਰੀ,
ਬੱਧੇ ਭਾਰ ਮੁਸਾਫਰ ਭੌਰੇ, ਅਮਲਾਂ ਦੀ ਸਿਰ ਚਾਈ ਖਾਰੀ ।
ਕੁਦਰਤ ਨੂੰ ਹੁਣ ਮੇਰਾ ਰਹਿਣਾ, ਇੱਕ ਨਜ਼ਰ ਨਾ ਚੰਗਾ ਲੱਗੇ,
ਓਹੋ ਬਣਾਏ ਵੈਰੀ ਮੇਰੇ, ਜੋ ਸਨ ਪ੍ਰਿਤਪਾਲਕ ਅੱਗੇ ।
ਕਿਸਮਤ ਉਲਟ ਭਏ ਜਿਸ ਵੇਲੇ, ਅਪਣੇ ਭੀ ਹੋ ਜਾਣ ਪਰਾਏ,
ਹੱਥੀਂ ਛਾਵਾਂ ਕਰਨ ਵਾਲੇ, ਲਹੂ ਦੇ ਬਣ ਜਾਣ ਤਿਹਾਏ ।
ਸੂਰਜ ਜਿਸ ਨੇ ਕਿਰਨਾਂ ਪਾ ਪਾ, ਮੇਰਾ ਜਗ ਵਿਚ ਬੂਟਾ ਲਾਇਆ,
ਉਹੋ ਬਣਾ ਕੇ ਤੀਰ ਨੁਕੀਲੇ, ਰੂਪ ਰੰਗ ਸਭ ਫਿੱਕਾ ਪਾਇਆ ।
ਧਰਤੀ, ਜਿਸ ਨੇ ਅਪਣੇ ਵਿਚੋਂ, ਬੀਜੋਂ ਚੁੱਕ ਵਜੂਦ ਬਣਾਇਆ,
ਹੁਣ ਚਾਹੇ ਕਰ ਕੂੜਾ ਮੇਰਾ, ਆਪਣੇ ਅੰਦਰ ਫੇਰ ਖਪਾਇਆ ।
ਚੁੱਕ ਲਿਗਈ ਸੁਗੰਧੀ ਮੇਰੀ, ਵਿਚ ਅਕਾਸ਼ ਸਮੀਰ ਉਡਾ ਕੇ,
ਨਰਗਸ ਨਿਗਾਹ ਪ੍ਰੇਮੀਆਂ ਵਾਲੀ, ਝੱਪ ਲਿਗਈ ਸੁਹੱਪਣ ਆ ਕੇ ।
ਸ਼ਹਿਦ, ਪਰਾਗ ਉਡਾਇਆ ਮੱਖੀ, ਛੜਾਂ ਚਲਾਇ ਸ਼ਿਰਾਜਾ ਭੰਨੇ,
ਬੰਨ੍ਹ ਬਹਾਰੀ ਵਾਲਾ ਟੁੱਟਾ, : ਹੋਈ ਸਾਰੀ ਬਰਕਤ ਬੰਨੇ ।
ਇਕ ਇਕ ਖੰਭ ਕਿਰਨ ਹੁਣ ਲੱਗਾ, ਡਿਗਦੇ ਸਾਰ ਝੁਲਸਿਆ ਜਾਵੇ,
ਇਉਂ ਮਾਲਕ ਨੂੰ ਧੱਕੇ ਪੈ ਕੇ ਚਮਨ ਵਿਚੋਂ ਮਿਲ ਗਏ ਬਿਦਾਵੇ ।
ਹੁਣੇ ਹੁਣੇ ਇਕ ਮਿਰਗ ਸੁਨਹਿਰੀ ਹਰੀ ਅੰਗੂਰੀ ਚਰਦਾ ਚਰਦਾ,
ਹਾਂ, ਇਕ ਹੰਸ ਚੁਗੇਂਦਾ ਮੋਤੀ, ਨਦੀ ਕਿਨਾਰੇ ਤਰਦਾ ਤਰਦਾ,
ਖੇਡਾਂ ਦਾ ਮੁਸ਼ਤਾਕ ਕਬੂਤਰ, ਗੁਟਕੂੰ ਗੁਟਕੂੰ ਕਰਦਾ ਕਰਦਾ,
ਕਾਲ ਬਲੀ ਦੀ ਭੇਟ ਹੋ ਗਿਆ, ਜੀਉਣ ਦਾ ਦਮ ਭਰਦਾ ਭਰਦਾ ।

(9)

ਖੇਡ ਹੋ ਗਈ ਪੂਰੀ ਸੱਜਣ ! ਸੁਖ ਡਿੱਠੇ, ਦੁਖ ਭੀ ਸੀ ਪਾਣਾ,
ਕੁਦਰਤ ਦੇ ਅਣਮੋੜ ਹੁਕਮ ਨੂੰ, ਕਿਸ ਤਾਕਤ ਨੇ ਸੀ ਪਲਟਾਣਾ ?
ਬੜੇ ਬੜੇ ਬਲਕਾਰਾਂ ਵਾਲੇ, ਦੁਨੀਆਂ ਵਿਚ ਅਟਕ ਨਾ ਸੱਕੇ,
ਉੱਠਦਿਆਂ ਇਕ ਪਲਕ ਨ ਲੱਗੀ, ਬੈਠੇ ਬੰਨ੍ਹ ਟਿਕਾਣੇ ਪੱਕੇ ।
ਰਾਵਣ ਜੈਸੇ ਬਲੀ ਨਾ ਰਹੇ, ਕਾਰੂੰ ਜੈਸੇ ਪਦਾਰਥ-ਧਾਰੀ,
ਸ਼ਾਹ ਸਿਕੰਦਰ ਜਿਹੇ ਤਿਜੱਸੀ, ਹਰਨਾਖਸ਼ ਜੈਸੇ ਹੰਕਾਰੀ ।
ਹਾਤਮ ਜੈਸੇ ਸਖੀ ਤੁਰ ਗਏ, ਵੈਦ ਧਨੰਤਰ ਜਿਹੇ ਸਿਆਣੇ,
ਬਿਕ੍ਰਮ ਜੈਸੇ ਆਦਲ ਦਾਨੀ, ਨਾਦਰਸ਼ਾਹ ਜਿਹੇ ਜਰਵਾਣੇ ।
ਇਸ ਸ਼ਾਹੀ ਪਰਵਾਨੇ ਅੱਗੇ, ਰੱਤੀ ਨਾ ਉਕਾਬਰੀ ਚੱਲੀ,
ਧਨ,ਪਰਵਾਰ ਅਕਲ ਅਰ ਬਲ ਨੇ ਮੌਤ ਕਿਸੇ ਦੀ ਮੂਲ ਨ ਠਲ੍ਹੀ।
ਓਸੇ ਹੁਕਮ ਹਜ਼ੂਰੀ ਅੰਦਰ, ਮੈਂ ਭੀ ਅਪਨੀ ਖੇਡ ਸੰਭਾਲੀ,
ਅਰ ਇਸ ਦਾ ਅਫਸੋਸ ਨਹੀਂ ਕੁਝ, ਹੋਈ ਹੈ ਹੋਵਣ ਹੀ ਵਾਲੀ।
ਜੋ ਹੋਈ ਸੋ ਵਾਹਵਾ ਹੋਈ, ਜੋ ਬੀਤੀ ਸੋ ਚੰਗੀ ਬੀਤੀ,
ਪਰ ਤੂੰ ਤਾਂ ਕੁਝ ਹਾਲ ਮੇਰੇ ਤੋਂ ਸਿਖਯਾ ਹੁੰਦੀ ਧਾਰਨ ਕੀਤੀ ।
ਮੈਂ ਆਇਆ, ਤੁਰ ਗਿਆ ਜਗ ਤੋਂ, ਛੱਡ ਗਿਆ ਕੀ ਕੀ ਲੈ ਤੁਰਿਆ,
ਨਾਮ ਨਿਸ਼ਾਨ ਰਿਹਾ ਨਾ ਬਾਕੀ, ਬਿਰਛੋਂ ਪੱਤ ਪੁਰਾਣਾ ਭੁਰਿਆ ।
ਕੀ ਕੀ ਮੇਰੀ ਤੁੱਛ ਜੀਵਨੀ, ਆਪਣੇ ਪਿੱਛੇ ਛੱਡ ਚਲੀ ਹੈ ?
ਏਸ ਅਨਸਥਿਰ ਦੁਨੀਆਂ ਅੰਦਰ, ਵਸਤ ਵਿਹਾਝਣ ਵਾਲੀ ਕੀ ਹੈ ?

(10)

ਦੁਨੀਆਂ ਦੇ ਵਿਚ ਆਪੋ ਵਿੱਚੀ, ਇਕ ਦੂਏ ਤੋਂ ਸੁਖ ਮਿਲਦਾ ਹੈ,
ਮੈਂ ਤੇਰੀ, ਤੂੰ ਮੇਰੀ ਸੇਵਾ, ਨੇਮ ਪਰੰਪਰ ਚਲ ਰਿਹਾ ਹੈ ।
ਇੱਕ ਕਰੇ ਦੂਜਾ ਨਾ ਜਾਣੇ, ਇਸ ਨੂੰ ਨਾਸ਼ੁਕਰੀ ਕਹਿੰਦੇ ਨੇ,
ਕ੍ਰਿਤਘਨਤਾ ਅਰ ਨਾਸ਼ੁਕਰੀ ਤੋਂ, ਭਲੇ ਪੁਰਸ਼ ਬਚਕੇ ਰਹਿੰਦੇ ਨੇ,
ਕ੍ਰਿਤਘਨਤਾ ਦਾ ਪਾਪ ਜਗਤ ਵਿਚ, ਸਭ ਪਾਪਾਂ ਤੋਂ ਕਹਿੰਦੇ ਭਾਰਾ,
ਕੀਤੇ ਨੂੰ ਨਾ ਜਾਨਣ ਵਾਲਾ, ਘੋਰ ਪਾਤਕੀ, ਨੀਚ ਨਿਕਾਰਾ ।
ਐਸੇ ਲੋਕਾਂ ਪਾਸੋਂ ਦੁਨੀਆਂ ਬਚ ਕੇ ਪਰੇ ਪਰੇ ਹੈ ਰਹਿੰਦੀ,
ਕਿਸੇ ਲਾਭ ਦੀ ਆਸ ਉਨ੍ਹਾਂ ਤੋਂ ਮਨ ਵਿਚ ਧਾਰ ਨ ਲਾਗੇ ਬਹਿੰਦੀ ।
ਤਾਂ ਤੇ ਏਸ ਪਾਪ ਤੋਂ ਬਚਣਾ ਵਾਜਬ ਹਰ ਇਕ ਜੀਵ ਲਈ ਹੈ,
ਜੋ ਇਸ ਔਗੁਨ ਤੋਂ ਨਹਿੰ ਬਚਦਾ, ਉਸਦਾ ਜੀਵਨ ਸ਼ੋਕਮਈ ਹੈ ।
ਅਪਣੇ ਤੋਂ ਜੋ ਮਾੜਾ ਹੋਵੇ, ਸੁਖ ਉਸ ਪਾਸੋਂ ਹੋਵੇ ਪਾਇਆ,
ਉਸਨੂੰ ਭੀ ਉਪਕਾਰ ਸਮਝ ਕੇ, ਮਨ ਤੋਂ ਚਾਹੀਏ ਨਹੀਂ ਭੁਲਾਇਆ ।
ਉਹ ਜੇ ਕੁਦਰਤ ਦੇ ਹੁਕਮਾਂ ਵਿਚ ਦੁਖ ਸੁਖ ਦੇ ਵਿਚ ਜਾ ਫਸਿਆ ਹੈ,
ਨਿਰਬਲ ਹੈ, ਬੇਸਾਹਸਤਾ ਹੈ, ਕਸ਼ਟ ਕਲੇਸ਼ ਸਹਾਰ ਰਿਹਾ ਹੈ ।
ਤਦ ਸਾਡਾ ਹੈ ਫਰਜ਼ ਕਿ ਉਸ ਦੇ ਨਾਲ ਜ਼ਰਾ ਅੰਦੋਹ ਜਤਾਈਏ,
ਉਸ ਦੇ ਦੁਖ ਨੂੰ ਅਪਨਾ ਲਖ ਕੇ ਉਸ ਦਾ ਹੌਲਾ ਭਾਰ ਕਰਾਈਏ ।
ਉਸ ਦੀ ਪੀੜ ਭੁਲਾਉਣ ਖ਼ਾਤਰ, ਜੋ ਬਣ ਸੱਕੇ ਅੱਗੇ ਧਰੀਏ,
ਉਸ ਦੀ ਨੇਕੀ ਦੇ ਬਦਲੇ ਵਿਚ ਉਸ ਦੇ ਨਾਲ ਭਲਾਈ ਕਰੀਏ ।
ਸਿਖਯਾ ਲਓ, ਕਿ ਹੋਰ ਕਿਸੇ ਪਰ ਜੋ ਉਖਿਆਈ ਆਣ ਪਈ ਹੈ,
ਮਤ ਅਪਣੇ ਪਰ ਭੀ ਆ ਜਾਵੇ, ਅਰ ਇਸ ਵਿਚ ਸੰਸਾ ਹੀ ਕੀ ਹੈ ?
ਕੁਦਰਤ ਦੀ ਉਲਟਾ-ਪੁਲਟੀ ਵਿਚ ਸੁਖ ਦੇ ਆਸਣ ਦੁਖ ਆ ਬਹਿੰਦੇ,
ਸੁਖੀਏ ਦੁਖੀ, ਦੁਖੀ ਸੁਖਿਆਰੇ, ਰਾਤ ਦਿਨ ਹੁੰਦੇ ਹੀ ਰਹਿੰਦੇ ।
ਦਰਦ ਦਿਲੇ ਦੀ ਖ਼ਾਤਰ ਈਸ਼ਵਰ, ਜਾਮਾ ਦਿੱਤਾ ਹੈ ਇਨਸਾਨੀ,
ਨੇਕੀ ਤੇ ਭਲਿਆਈ ਦੀ ਹੀ ਦੁਨੀਆਂ ਤੇ ਰਹਿ ਜਾਇ ਨਿਸ਼ਾਨੀ ।
ਯਾਦ ਕਿਸੇ ਜੇ ਕਰ ਆਵੇ, ਉਸ ਦੇ ਜੀ ਨੂੰ ਠੰਢਕ ਪਾਵੇ,
ਜੀਵਨ ਸਫਲ ਉਸੇ ਦਾ, 'ਚਾਤ੍ਰਿਕ' ਮਰ ਕੇ ਭੀ ਵਾਹਵਾ ਅਖਵਾਵੇ ।

27. ਹਿੰਮਤ ਦੀ ਫਤਹਿ

ਪੰਜ ਕੁਦਰਤੀ ਤਾਕਤਾਂ ਇਕ ਦਿਨ ਪਰ੍ਹਾ ਜਮਾਣ,
ਹਰ ਇਕ ਆਪੋ ਆਪਣੀ ਲੱਗੀ ਸਿਫ਼ਤ ਸੁਣਾਨ ।

(1)

ਦੌਲਤ ਆਖੇ : ਜੱਗ ਦੀ ਮੈਂ ਕਾਰ ਚਲਾਵਾਂ,
ਜਿੱਧਰ ਜਾਵਾਂ, ਹੁੰਦੀਆਂ ਨੇ ਹੱਥੀਂ ਛਾਵਾਂ ।
ਦਿੱਸਣ ਸੱਤੇ ਬਰਕਤਾਂ, ਜਦ ਜਾਇ ਖਲੋਵਾਂ,
ਉੱਲੂ ਬੋਲਣ ਲੱਗਦੇ ਜੇ ਮੈਂ ਨਾ ਹੋਵਾਂ ।
ਮਾਇਆ ਮੇਰੀ ਤਖਤਿਆਂ ਤੋਂ ਤਖ਼ਤ ਬਣਾਵੇ,
ਜਾਦੂ ਮੇਰਾ ਆਕੀਆਂ ਦੀ ਧੌਣ ਨਿਵਾਵੇ ।
ਐਬੀ ਮੂਰਖ ਘਾਤਕੀ ਤੇ ਨੀਚ ਨਿਗੱਲੇ,
ਢੱਕ ਲਵਾਂ ਸਭ ਐਬ ਮੈਂ ਟਕਿਆਂ ਦੇ ਥੱਲੇ ।

(2)

ਅਕਲ ਕਹੇ : ਤੂੰ ਛੱਡ ਨੀਂ ਝੂਠੀ ਵਡਿਆਈ,
ਤੈਨੂੰ ਪੈਦਾ ਕਰ ਰਹੀ ਮੇਰੀ ਦਾਨਾਈ ।
ਕਾਢਾਂ ਰਹਿੰਦੀ ਕਢਦੀ ਮੈਂ ਸੰਝ ਸਵੇਰੇ,
ਢੇਰ ਲਗਾਵਾਂ ਲੱਭ ਕੇ ਮਿੱਟੀ 'ਚੋਂ ਤੇਰੇ ।
ਖੋਤੇ ਦੇ ਗਲ ਲਾਲ ਦੀ ਮੈਂ ਪਰਖ ਸਿਖਾਵਾਂ,
ਮੂਰਖ ਖੇਹ ਰੁਲਾਈਓਂ ਸਾਂਭੀ ਦਾਨਾਵਾਂ ।
ਤੇਰਾ ਖੋਜ ਨ ਦਿਸਦਾ ਜੇ ਮੈਂ ਨਾ ਆਂਦੀ,
ਪੱਲੇ ਪੈ ਕੇ ਅਹਿਮਕਾਂ, ਪਈ ਧੱਕੇ ਖਾਂਦੀ ।

(3)

ਵਿਦਯਾ ਆਖੇ : ਅਕਲ ਨੂੰ ਮੈਂ ਸਾਣ ਚੜ੍ਹਾਵਾਂ,
ਦੱਬੇ ਖਜ਼ਾਨੇ ਦਾਨਿਆਂ ਦੇ ਹੱਥ ਫੜਾਵਾਂ ।
ਇਕ ਅੜੇਸੇ ਕਲਮ ਦੀ, ਤਖਤੇ ਉਲਟਾਵਾਂ,
ਧਰਮ ; ਨਿਆਂ ਤੇ ਰੱਬ ਨੂੰ ਮੈਂ ਹੀ ਸਮਝਾਵਾਂ ।
ਦੌਲਤ ਵਾਲੇ ਆਲਮਾਂ ਦਾ ਭਰਦੇ ਪਾਣੀ,
ਮੇਰੇ ਹੱਥ ਹਕੂਮਤਾਂ ਦੀ ਕਲਾ ਭੁਆਣੀ ।
ਬੇ-ਇਲਮਾਂ ਨੂੰ ਮੰਗਿਆਂ ਭੀ ਖ਼ੈਰ ਨਾ ਪੈਂਦਾ,
ਕਲਮੋਂ ਲਹੂ ਜਹਾਨ ਦਾ ਨਿਤ ਸੁੱਕਾ ਰਹਿੰਦਾ ।

(4)

ਹੋਣੀ ਘੂਰੀ ਵੱਟ ਕੇ ਗੁੱਸੇ ਵਿਚ ਬੋਲੀ :
ਬੜ ਬੜ ਕੀ ਹੈ ਕਰ ਰਹੀ ਇਹ ਪਾਗਲ ਟੋਲੀ ?
ਬਖਸ਼ਸ਼ ਮੇਰੇ ਲੰਗਰੋਂ ਸਭ ਸੇ ਨੂੰ ਜੁੜਦੀ,
ਕਲਮ ਵਗੀ ਤਕਦੀਰ ਦੀ ਕਿਸ ਪਾਸੋਂ ਮੁੜਦੀ ?
ਵਗਦੇ ਵਹਿਣ ਸੁਕਾ ਦਿਆਂ, ਜਲ ਥਲੀਂ ਵਹਾਵਾਂ,
ਤਖਤੋਂ ਸੁੱਟ, ਸਜ਼ਾਦਿਆਂ ਤੋਂ ਭੱਠ ਝੁਕਾਵਾਂ ।
ਮੂੰਹ ਦੀ ਮੂੰਹ ਵਿਚ ਘੁੱਟ ਲਾਂ, ਜਦ ਘਿੱਟ ਮਰੋੜਾਂ,
ਵਾਗਾਂ ਜਾਣ ਨ ਠੱਲ੍ਹੀਆਂ, ਮੈਂ ਜਿੱਧਰ ਮੋੜਾਂ ।

(5)

ਹਿੰਮਤ ਉਠ ਕੇ ਸ਼ੇਰ ਜਿਉਂ, ਮਾਰੇ ਲਲਕਾਰਾ :
ਮੇਰੀ ਤਾਕਤ ਸਾਹਮਣੇ ਕੋਈ ਟਿਕਣ ਨ ਹਾਰਾ ।
ਢਾਲੇ ਨਿਤ ਨਸੀਬ ਨੂੰ ਮੇਰੀ ਕੁਠਿਆਲੀ,
ਫੁੱਲ ਖਿੜਾਵਾਂ ਕਿਸਮਤਾਂ ਦੀ ਸੁੱਕੀ ਡਾਲੀ ।
ਕਿਸਮਤ ਕਿਸਮਤ ਆਖ ਕੇ ਢਿਲੜ ਚਿਚਲਾਂਦੇ,
ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ ।
ਹੱਡ ਨਾ ਹਿੱਲਣ ਆਪਣੇ ਕਿਸਮਤ ਨੂੰ ਰੋਂਦੇ,
ਚੁੰਘੀਆਂ ਭਰਦੇ ਹਿੰਮਤੀ, ਜਾ ਅਗ੍ਹਾਂ ਖਲੋਂਦੇ ।
ਸੁੱਤੇ ਲੇਖ ਬਹਾਦਰਾਂ, ਕਰ ਜੁਹਦ ਜਗਾਏ,
ਰੇਖੀਂ ਮੇਖਾਂ ਮਾਰ ਕੇ ਦਿਨ ਫੇਰ ਵਿਖਾਏ ।
ਕਿਸਮਤ ਵਲ ਦਲਿਦਰੀ ਪਿਆ ਬਿਟ ਬਿਟ ਵੇਖੇ,
ਨਕਦੋ ਨਕਦ ਚੁਕਾਂ ਮੈਂ, ਮਿਹਨਤ ਦੇ ਲੇਖੇ ।
ਔਕੜ ਕੇਡੀ ਆ ਪਏ, ਮੈਂ ਕਰਾਂ ਸੁਖਾਲੀ,
ਫੂਕਾਂ ਮਾਰ ਉਡਾ ਦਿਆਂ, ਕਿਸਮਤ-ਘਟ ਕਾਲੀ ।
ਗਜ਼ਨੀ ਵਿਚੋਂ ਠਿੱਲ੍ਹੀਆਂ, ਹਿੰਮਤ ਦੀਆਂ ਕਾਂਗਾਂ,
ਕਿਸਮਤ ਖੜੀ ਅੜੁੰਬ ਕੇ, ਮਹਿਮੂਦੀ ਸਾਂਗਾਂ ।
ਗੌਰੀ ਚੜ੍ਹਿਆ ਗੱਜ ਕੇ, ਜਦ ਘੱਤ ਵਹੀਰਾਂ,
ਕਿਸਮਤ ਪਾਟੀ ਅੱਗਿਓਂ, ਹੋ ਲੀਰਾਂ ਲੀਰਾਂ ।
ਜੈ ਚੰਦ ਆਪ ਵੰਗਾਰ ਕੇ ਲੰਕਾ ਲੁਟਵਾਈ,
ਨੱਕ ਨਕੇਲ ਗੁਲਾਮੀਆਂ ਦੀ ਵੱਟ ਪੁਆਈ ।
ਹਿੰਮਤ ਕੀਤੀ ਆਜੜੀ ਦਿੱਲੀ ਵਿਚ ਆ ਕੇ,
ਤਖ਼ਤ ਤਾਊਸ ਉਡਾਇਆ, ਕਤਲਾਮ ਮਚਾ ਕੇ ।
ਫੇਰ ਨਿਕਲ ਇਕ ਸੂਰਮੇ, ਤਲਵਾਰ ਚਲਾਈ,
ਹਿੰਮਤ ਕਾਬਲ ਜਾ ਵੜੀ ਪੈ ਗਈ ਦੁਹਾਈ ।
ਹਿੰਮਤ ਅੱਖਾਂ ਮੀਟੀਆਂ ; ਜਿਸ ਵੇਲੇ ਆ ਕੇ,
ਕਿਸਮਤ ਚੜ੍ਹੀ ਪੰਜਾਬ ਦੀ ਗੈਰਾਂ ਦੀ ਢਾਕੇ ।
ਧੌਲਾ ਬੱਦਲ ਉੱਠਿਆ ਇਕ ਲਹਿੰਦੀ ਗੁੱਠੋਂ,
ਲੱਭੀ ਖਾਣ ਯਕੂਤ ਦੀ, ਮਿੱਟੀ ਦੀ ਮੁੱਠੋਂ ।
ਕੋਠੀ ਆਣ ਬਪਾਰ ਦੀ ਹਿੰਮਤ ਨੇ ਪਾਈ,
ਕਿਸਮਤ ਹਿੰਦੁਸਤਾਨ ਦੀ ਓਹਨੇਂ ਪਲਟਾਈ ।
ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ੍ਹ ਖਲੋਵੇ,
ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ ।
ਨਿੱਯਤ ਘੜੇ ਮੁਰਾਦ ਨੂੰ ਲਾ ਹਿੰਮਤ ਤੌਣੀ,
ਪਾਣੀ ਵਾਂਗਰ ਵਗ ਤੁਰੇ, ਜੋ ਪਵੇ ਅੜੌਣੀ ।
ਪੱਕੀ ਨਿੱਯਤ ਧਾਰ ਕੇ ਜੋ ਚੌਣਾ ਚੱਕੇ,
ਰੱਬ ਭੀ ਚਾਤ੍ਰਿਕ ਓਸ ਦਾ ਫਲ ਰੋਕ ਨ ਸੱਕੇ ।

28. ਬੁਲਬੁਲਾ

(1)

ਖ਼ਾਜਾ ਖਿਜਰ ਦੇ ਬਾਗ਼ ਦਿਆ ਸੁਹਲ ਫੁੱਲਾ !
ਫੁਲ ਫੁਲ ਬਹਿੰਦਿਆ ! ਚੁੰਗੀਆਂ ਭਰਦਿਆ ਉਇ !
ਸਿਰ ਤੇ ਟੋਪ ਸਤਵੰਨੀਆਂ ਪਹਿਨ ਕੇ ਤੇ,
ਪਾਰੇ ਵਾਂਗ ਝਿਲਮਿਲ-ਝਿਲਮਿਲ ਕਰਦਿਆ ਉਇ !
ਡਿਗਦੇ ਝਰਨਿਆਂ ਨੂੰ ਕੁਦ ਕੁਦ ਫੜਦਿਆ ਉਇ !
ਲਹਿਰਾਂ ਨਾਲ ਬਿਦ ਬਿਦ ਤਾਰੀ ਤਰਦਿਆ ਉਇ !
ਘੁੱਮਣਘੇਰ ਵਿਚ ਫੇਰੀਆਂ ਲੈਂਦਿਆ ਉਇ !
ਪਲ ਵਿਚ ਜੰਮਦਿਆ ਤੇ ਪਲ ਵਿਚ ਮਰਦਿਆ ਉਇ !
ਲਿਸ਼ਕ-ਪੁਸ਼ਕ, ਮਲੂਕੀ ਤੇ ਨਾਜ਼ ਨਖ਼ਰੇ,
ਵਿੰਨ੍ਹੀ ਜਾਂਦੀ ਹੈ ਬਾਂਕੀ ਅਦਾ ਤੇਰੀ ।
ਖਾ ਖਾ ਵੱਢੀਆਂ ਵਧੇ ਹੋਏ ਮੱਟ ਵਾਂਗਰ,
ਬੱਝੀ ਹੋਈ ਹੈ ਸੋਹਣੀ ਹਵਾ ਤੇਰੀ ।

(2)

ਬਹਿ ਕੇ ਸੋਚ ; ਇਹ ਝੂਲਣਾ ਮਹਿਲ ਤੇਰਾ,
ਕਿਸੇ ਢੋਲ ਦੇ ਪੋਲ ਤੇ ਖੜਾ ਤਾਂ ਨਹੀਂ ?
ਕਿਸੇ ਇਸ਼ਕ ਦੇ ਵਹਿਣ ਵਿਚ ਰੁੜ੍ਹੀ ਜਾਂਦੀ,
ਸੋਹਣੀ ਨਾਰ ਦਾ ਤੂੰ ਕੱਚਾ ਘੜਾ ਤਾਂ ਨਹੀਂ ?
ਗੁੰਬਦ ਗੋਲ ਵਿਚ ਨੂਰ ਜਹਾਨ ਦੀ ਥਾਂ,
ਕਿਸੇ ਗੜੇ ਦੀ ਲਾਸ਼ ਦਾ ਥੜਾ ਤਾਂ ਨਹੀਂ ?
ਜਿਹੜੀ ਛੱਲ ਦੇ ਸਿਰ ਚੜ੍ਹ ਚੜ੍ਹ ਨੱਚਦਾ ਹੈਂ,
ਵਾਜਾਂ ਮਾਰਦਾ ਓਸ ਨੂੰ ਰੜਾ ਤਾਂ ਨਹੀਂ ?
ਆਫਰ ਗਿਓਂ ਤੂੰ ਪਲਕ ਦੀ ਝਲਕ ਪਾ ਕੇ,
ਆਪਣੀ ਉਮਰ ਦੀ ਸਮਝਦਾ ਸਾਰ ਭੀ ਹੈਂ ?
ਜਿਹੜੀ ਹਵਾ ਦੇ ਘੋੜੇ ਤੇ ਚੜ੍ਹੀ ਬੈਠੋਂ,
ਉਸ ਦੀ ਇਕ ਚਪੇੜ ਦੀ ਮਾਰ ਭੀ ਹੈਂ ?

(3)

ਅੱਗੋਂ ਬੁਲਬੁਲੇ ਨੇ ਇਹ ਜਵਾਬ ਦਿੱਤਾ,
ਤੂੰ ਘਬਰਾ ਨਾ, ਐਡਾ ਅਣਜਾਣ ਨਹੀਂ ਮੈਂ ;
ਸਿਰ ਤੇ ਬੰਨ੍ਹ ਖੱਫਣ ਘਰੋਂ ਨਿਕਲਿਆ ਸਾਂ,
ਲੰਮੀ ਉਮਰ ਤੇ ਵੇਚਦਾ ਜਾਨ ਨਹੀਂ ਮੈਂ ;
ਆਏ ਹਵਾ ਭੱਖੀ, ਡੇਰਾ ਕੂਚ ਕੀਤਾ,
ਘੜੀਆਂ ਪਲਾਂ ਤੋਂ ਬਹੁਤ ਮਹਿਮਾਨ ਨਹੀਂ ਮੈਂ ;
ਪੱਕੇ ਪੈਂਤੜੇ ਬੰਨ੍ਹ ਕੇ ਬਹਿਣ ਵਾਲਾ,
ਹਿਰਸਾਂ ਵਿਚ ਗਲਤਾਨ ਇਨਸਾਨ ਨਹੀਂ ਮੈਂ ।
ਮੈਂ ਤਾਂ ਹੱਸ ਕੇ ਨੂਰ ਵਿਚ ਨੂਰ ਬਣਨਾ,
ਤੂੰ ਇਹ ਹੋਰ ਥੇ ਰਾਗਣੀ ਗਾ ਜਾ ਕੇ,
ਐਸ਼ਾਂ ਵਿੱਚ ਜੋ ਰੱਬ ਭੁਲਾਈ ਬੈਠੇ,
ਮੌਤ ਉਨ੍ਹਾਂ ਨੂੰ ਯਾਦ ਕਰਵਾ ਜਾ ਕੇ ।

(4)

ਬੰਦੇ ਵਾਂਗ ਮੈਂ ਅੱਡੀਆਂ ਰਗੜਦਾ ਨਹੀਂ,
ਮਰਨ ਲੱਗਿਆਂ ਲੱਤਾਂ ਅੜਾਉਂਦਾ ਨਹੀਂ ;
ਜੋੜ ਜੋੜ ਸਿਕੰਦਰ ਦੇ ਵਾਂਗ ਮਾਯਾ,
ਪਿੱਛੋਂ ਸੱਖਣੇ ਹੱਥ ਵਿਖਾਉਂਦਾ ਨਹੀਂ ;
ਰਾਵਣ ਵਾਂਗ ਮੈਂ ਕਾਲ ਨੂੰ ਬੰਨ੍ਹਦਾ ਨਹੀਂ,
ਤੇ ਸ਼ੱਦਾਦ ਵਰਗੇ ਬਾਗ਼ ਲਾਉਂਦਾ ਨਹੀਂ ;
ਲਾਲਾਂ ਚੱਟਦਾ ਨਹੀਂ, ਜਿੰਦ ਰੋਲਦਾ ਨਹੀਂ,
ਟੱਬਰ ਵਾਸਤੇ ਬੀਮੇ ਕਰਾਉਂਦਾ ਨਹੀਂ ।
ਇਹ ਇਨਸਾਨ ਹੀ ਹੈ, ਲੋਈ ਲਾਹ ਜਿਸ ਨੇ,
ਅੱਡ ਛੱਡਿਆ ਐਡ ਅਡੰਬਰਾਂ ਨੂੰ,
ਸਾਰੀ ਧਰਤੀ ਤੇ ਕਬਜ਼ਾ ਜਮਾ ਚੁੱਕਾ,
ਜੱਫੇ ਮਾਰਦਾ ਹੈ ਚੜ੍ਹ ਚੜ੍ਹ ਅੰਬਰਾਂ ਨੂੰ ।

(5)

ਤੂੰ ਇਨਸਾਨ ਹੈਂ ਰੱਬ ਦਾ ਸਾਹਬਜ਼ਾਦਾ,
ਜਿੰਨਾ ਚਾਹੇਂ ਪਾਖੰਡ ਰਚਾਈ ਜਾ ਤੂੰ ;
ਦੁਨੀਆਂ ਛਲੀ ਜਾ, ਦਲੀ ਜਾ, ਮਲੀ ਜਾ ਤੂੰ,
ਵਲਗਣ ਵਲੀ ਜਾ, ਮੌਜਾਂ ਉਡਾਈ ਜਾ ਤੂੰ ;
ਵੇਖੀ ਜਾਏਗੀ ਅਗ੍ਹਾਂ ਦੀ ਅਗ੍ਹਾਂ ਵੇਲੇ,
ਹਾਲੀ ਹਿਰਸ ਦੇ ਜਾਲ ਫੈਲਾਈ ਜਾ ਤੂੰ ;
ਮਾਰ ਮਾਰ ਮਾਰਾਂ ਢੇਰ ਲਾਈ ਜਾ ਤੂੰ ।
ਖੱਫਣ ਅੰਤ ਵੇਲੇ ਖਬਰੇ ਲੱਭਣਾ ਨਹੀਂ,
ਐਪਰ ਜੀਉਂਦਿਆਂ ਜੀ ਦਾ ਧਰਵਾਸ ਹੀ ਸਹੀ,
'ਚਾਤ੍ਰਿਕ' ਨਾਲ ਤਾਂ ਏਸ ਨੇ ਚੱਲਣਾ ਨਹੀਂ,
ਨਰਕਾਂ ਵਾਸਤੇ ਪਾਪ ਦੀ ਰਾਸ ਹੀ ਸਹੀ ।

29. ਝਰਨੇ ਨਾਲ ਗੱਲਾਂ

ਪ੍ਰਸ਼ਨ-

ਝਰਨਿਆ ਯਾਰਾ ! ਕਿਨ੍ਹਾਂ ਵਹਿਣਾਂ 'ਚ ਰੁੜ੍ਹਿਆ ਜਾ ਰਿਹੋਂ ?
ਬੇ-ਮੁਰਾਦੇ ਦਿਲ ਤਰਾਂ, ਗੋਤੇ ਤੇ ਗੋਤੇ ਖਾ ਰਿਹੋਂ ?
ਪੱਥਰਾਂ ਤੇ ਮਾਰ ਸਿਰ, ਕੀ ਕੀਰਨੇ ਤੂੰ ਕਰ ਰਿਹੋਂ ?
ਏਹ ਤਸੀਹੇ ਰਾਤ ਦਿਨ ਕਿਸ ਦੀ ਲਗਨ ਵਿਚ ਜ਼ਰ ਰਿਹੋਂ ?
ਗੇੜ ਵਿਚ ਹਰਦਮ ਰਹਿਣ ਦੀ ਕੀ ਤੂੰ ਇੱਲਤ ਲਾ ਲਈ ?
ਰਾਹ ਵਿਚ ਗੋਡਾ ਨਿਵਾਉਣ ਦੀ ਹੈ ਸਹੁੰ ਕਿਉਂ ਖਾ ਲਈ ?
ਸੱਚ ਦਸ, ਕਿਸ ਸਿੱਕ ਨੇ ਲੂੰ ਲੂੰ ਤੇਰਾ ਤੜਫਾਇਆ ?
ਭਾਲ ਕਿਸ ਦੀ ਕਰਨ, ਪੱਥਰ ਪਾੜਦਾ ਤੂੰ ਆਇਆ ?
ਦਰਦ ਕਿਸ ਦੀ ਚੀਸ ਹੈ, ਦਿਲ-ਚੀਰਵੇਂ ਇਸ ਸ਼ੋਰ ਵਿਚ ?
ਲੋਰ ਹੈ ਕਿਸ ਇਸ਼ਕ ਦਾ, ਇਸ ਬੇ-ਮੁਹਾਰੀ ਤੋਰ ਵਿਚ ?

ਉਤਰ-

ਲੇਖ ਵਿਚ ਮੇਰੇ ਧੁਰੋਂ ਪੱਲੇ ਪਈ ਇਹ ਤੋਰ ਹੈ,
ਤੋਰ ਵਿਚ ਹੀ ਜ਼ਿੰਦਗੀ ਦਾ ਮਰਮ ਕਰਦਾ ਸ਼ੋਰ ਹੈ ।
ਉਮਰ ਦੇ ਘੜਿਆਲ ਦੀ ਸੂਈ ਤਰਾਂ ਨਿੱਤ ਚੱਲਣਾ,
ਹੌਸਲਾ ਨਾ ਹਾਰਨਾ ਅਰ ਚਾਲ ਨੂੰ ਨਾ ਠੱਲ੍ਹਣਾ ।
ਵਧਦਿਆਂ ਜਾਣਾ ਅਗੇਰੇ, ਮੁੜ ਨ ਪਿੱਛੇ ਤੱਕਣਾ,
ਮੁਸ਼ਕਲਾਂ ਨੂੰ ਮਲਦਿਆਂ ਪੈਰਾਂ ਤਲੇ, ਨਾ ਥੱਕਣਾ ।
ਅੱਖ ਦਰਯਾ ਕੇਰਵੀਂ ਮੇਰੀ ਬਹਾਰਾਂ ਲਾ ਰਹੀ,
"ਹਾਂ, ਵਧੇ ਚੱਲੋ" ਪੁਕਾਰਾਂ ਚਾਲ ਮੇਰੀ ਪਾ ਰਹੀ ।
ਮੈਂ ਇਸੇ "ਦ੍ਰਿੜ੍ਹ ਚਾਲ" ਤੋਂ ਪਾਈਆਂ ਮੁਰਾਦਾਂ ਸਾਰੀਆਂ,
ਸਿੱਖਿਆ ਮੇਰੇ ਚੱਲਣ ਤੋਂ, ਹੌਸਲਾ ਸੰਸਾਰੀਆਂ ।

30. ਸੱਤ ਸਵਾਲ

ਬਾਬੂ ਸੂਰਜ ਨਰਾਇਣ ਮਿਹਰ (ਦਿੱਲੀ) ਦੀ
ਉਰਦੂ ਕਵਿਤਾ ਦੇ ਆਧਾਰ ਤੇ ਲਿਖੀ ਗਈ

(1)

ਸੁਣਿਆਂ ਵੱਡ ਵਡੇਰਿਆਂ ਤੇਰਿਆਂ ਦੀ,
ਸ਼ੋਭਾ ਖਿਲਰੀ ਸਾਰੇ ਜਹਾਨ ਦੇ ਵਿਚ ।
ਖ਼ਾਨਦਾਨ ਸੀ ਉਹ ਉੱਚੀ ਆਨ ਵਾਲਾ,
ਚਮਕੇ ਸ਼ਾਨ ਜਿਸ ਦੀ ਆਸਮਾਨ ਦੇ ਵਿਚ ।
ਰਾਠ ਸੂਰਮੇ, ਰਿਜ਼ਕ ਤੇ ਅਣਖ ਵਾਲੇ,
ਉੱਘੇ ਬੜੇ ਸਨ ਦਯਾ ਤੇ ਦਾਨ ਦੇ ਵਿਚ ।
ਐਪਰ ਸੱਜਣਾ ! ਕਰੀਂ ਹੰਕਾਰ ਨਾ ਤੂੰ,
ਕੇਵਲ ਜੰਮ ਉੱਚੇ ਖਾਨਦਾਨ ਦੇ ਵਿਚ ।
ਕੰਘੀ ਮਾਰ ਕੇ ਦੱਸ ਖਾਂ ! ਵਿਚ ਤੇਰੇ,
ਓਨ੍ਹਾਂ ਵੱਡਿਆਂ ਦੀ ਕੋਈ ਚਾਲ ਭੀ ਹੈ ?

(2)

ਮੰਨ ਲਿਆ ਖਜ਼ਾਨਿਆਂ ਤੇਰਿਆਂ ਤੇ,
ਚੋਖਾ ਭਾਗ ਪਰਮਾਤਮਾ ਲਾਇਆ ਹੈ,
ਛਣਕ ਮਣਕ ਨੇ ਅੱਜ ਇਕਬਾਲ ਤੇਰਾ,
ਫ਼ਰਸ਼ੋਂ ਚੁਕ ਅਰਸ਼ਾਂ ਤੇ ਪੁਚਾਇਆ ਹੈ,
ਹੱਸ ਖੇਡ ਕੇ ਲੰਘਦਾ ਸਮਾਂ ਸਾਰਾ,
ਸੁਪਨੇ ਵਿਚ ਭੀ ਦੁੱਖ ਨਾ ਪਾਇਆ ਹੈ,
ਐਸ਼ਾਂ ਅਸਰਤਾਂ ਵਿਚ ਗ਼ਲਤਾਨ ਸੱਜਣ !
ਚੇਤਾ ਹੋਰ ਦਾ ਭੀ ਕਦੇ ਆਇਆ ਹੈ,
ਏਸ ਬੋਹਲ ਵਿਚੋਂ, ਦੱਸੀਂ, ਬੁੱਕ ਭਰ ਕੇ,
ਪੂਰਾ ਕਿਸੇ ਦਾ ਕੀਤਾ ਸਵਾਲ ਭੀ ਹੈ ?

(3)

ਮੰਨ ਲਿਆ, ਤੂੰ ਰਹਿਣ ਨੂੰ ਬੜੇ ਸੋਹਣੇ,
ਮੰਦਰ ਕੋਠੀਆਂ ਬੰਗਲੇ ਪਾ ਲਏ ਨੇ ।
ਸੰਗਮਰਮਰੀ ਫ਼ਰਸ਼, ਰੰਗੀਲ ਛੱਤਾਂ,
ਫੁੱਲਾਂ ਬੂਟਿਆਂ ਨਾਲ ਮਹਿਕਾ ਲਏ ਨੇ ।
ਢੂੰਡ ਢੂੰਡ ਸਜਾਉਟਾਂ ਆਂਦੀਆਂ ਨੇ,
ਅੰਦਰ ਝਾੜ ਫਾਨੂਸ ਭੀ ਲਾ ਲਏ ਨੇ ।
ਅੰਨ੍ਹਾਂ ਰੋੜ੍ਹਿਆ ਮਾਲ ਗੁਲਕਾਰੀਆਂ ਤੇ,
ਕੌਚ ਕੁਰਸੀਆਂ ਮੇਜ਼ ਸਜਵਾ ਲਏ ਨੇ ।
ਕਿਸੇ ਮਿਤ੍ਰ ਪਰਾਹੁਣੇ ਦੱਸ ਤਾਂ ਸਹੀ,
ਖਾਧਾ ਅੰਨ, ਬਹਿ ਕੇ ਤੇਰੇ ਨਾਲ ਭੀ ਹੈ ?

(4)

ਮੰਨ ਲਿਆ, ਤੂੰ ਬੜਾ ਬਲਕਾਰ ਵਾਲਾ,
ਕਰ ਕਰ ਕਸਰਤਾਂ ਦੇਹ ਲਿਸ਼ਕਾ ਲਈ ਤੂੰ,
ਚੌੜੀ ਹਿੱਕ ਤੇ ਜ਼ੋਰ ਵਿਚ ਭਰੇ ਡੌਲੇ,
ਗਰਦਨ ਸ਼ੇਰ ਦੇ ਵਾਂਗ ਅਕੜਾ ਲਈ ਤੂੰ,
ਸੰਗਲ ਤੋੜਦਾ ਮੋਟਰਾਂ ਰੋਕ ਲੈਂਦਾ,
ਗੱਡੀ ਹਿੱਕ ਉਤੋਂ ਦੀ ਲੰਘਾ ਲਈ ਤੂੰ,
ਇਸ ਬਲਕਾਰ ਤੇ ਸੱਜਣਾ ! ਆਕੜੀਂ ਨਾ,
ਤਾਕਤ ਨਾਲ ਜੇ ਧਾਂਕ ਬੈਠਾ ਲਈ ਤੂੰ ।
ਦੱਸ, ਖਿਮਾ ਤੇ ਹੌਸਲਾ ਹਈ ਪੱਲੇ ?
ਤਾਕਤ ਨਾਲ ਇਨਸਾਫ ਦਾ ਖ਼ਯਾਲ ਭੀ ਹੈ ?

(5)

ਮੰਨ ਲਿਆ, ਭਈ ਸ਼ਹਿਦ ਦੇ ਘੁੱਟ ਆਉਣ,
ਜੀਭ ਜਦੋਂ ਤੇਰੀ ਬੋਲ ਬੋਲਦੀ ਹੈ,
ਉਛਲ ਉਛਲ ਕੇ ਦਿਲ ਬਾਹਰ ਵਾਰ ਆਵੇ,
ਜਦ ਤਕਰੀਰ ਤੇਰੀ ਖਿੜਕੇ ਖੋਲਦੀ ਹੈ,
ਭੰਭਟ ਪੈਣ ਡਿਗ ਡਿਗ ਤੇਰੀ ਸ਼ਮਾਂ ਉਤੇ,
ਹੋ ਹੋ ਗਰਮ ਜਦ ਅੱਥਰੂ ਡੋਲ੍ਹਦੀ ਹੈ,
ਜਾਦੂਗਰਾ ! ਕਮਾਲ ਕਰ ਦੱਸਿਓ ਈ,
ਐਪਰ ਖਬਰ ਕੁਝ ਢੋਲ ਦੇ ਪੋਲਦੀ ਹੈ ?
ਰੋਗੀ ਦੁਖੀ ਦਾ ਦਰਦ ਵੰਡਾਣ ਖਾਤਰ,
ਆਇਆ ਜੀਉ ਵਿਚ ਤੇਰੇ ਉਬਾਲ ਭੀ ਹੈ ?

(6)

ਮੰਨ ਲਿਆ, ਵਿਦਵਾਨ ਤੇ ਚਤੁਰ ਭਾਰਾ,
ਖੋਜੀ ਇਲਮ ਦਾ, ਅਕਲ ਦਾ ਕੋਟ ਹੈਂ ਤੂੰ,
ਛੱਕੇ ਬਹਿਸ ਦੇ ਵਿਚ ਛੁਡਵਾਉਂਦਾ ਹੈਂ,
ਕਵੀਆਂ ਪੰਡਤਾਂ ਦੇ ਫੜਦਾ ਖੋਟ ਹੈਂ ਤੂੰ,
ਐਮ. ਏ. ਪਾਸ, ਇੰਗਲੈਂਡ ਰੀਟਰਨ ਭੀ ਹੈਂ,
ਕੌਂਸਲ ਵਾਸਤੇ ਜਿੱਤਦਾ ਵੋਟ ਹੈਂ ਤੂੰ,
ਐਪਰ ਪੜ੍ਹੇ ਤੇ ਅਮਲ ਜੇ ਨਹੀਂ ਕੀਤਾ,
ਹਾਲੀ ਆਲ੍ਹਣੇ ਤੋਂ ਡਿੱਗਾ ਬੋਟ ਹੈਂ ਤੂੰ ।
ਦੱਸ : ਧਰਮ, ਆਚਰਣ ਤੇ ਨੇਕੀਆਂ ਦੀ,
ਕੀਤੀ ਪੋਥੀਆਂ ਦੇ ਵਿੱਚੋਂ ਭਾਲ ਭੀ ਹੈ ?

(7)

ਰੂਪ ਰੰਗ ਤੇਰੇ, ਕੀਤੀ ਦੰਗ ਦੁਨੀਆਂ,
ਮੰਨ ਲਿਆ ਤੇਰੀ ਉੱਚੀ ਸ਼ਾਨ ਭੀ ਹੈ,
ਸੱਚੇ ਵਿਚ ਢਲਿਆ ਅੰਗ ਅੰਗ ਤੇਰਾ,
ਨਾਲ ਆਗਿਆਕਾਰ ਸੰਤਾਨ ਭੀ ਹੈ,
ਰਿਜ਼ਕ, ਫ਼ਜ਼ਲ, ਇੱਜ਼ਤ, ਮਿਲਖ, ਹੁਕਮ-ਹਾਸਲ,
ਕਿਸਮਤ ਵੱਲ, ਸਾਈਂ ਮਿਹਰਬਾਨ ਭੀ ਹੈ,
ਸਭ ਕੁਝ ਹੁੰਦਿਆਂ ਵੀ 'ਚਾਤ੍ਰਿਕ' ਯਾਦ ਕਰ ਖਾਂ,
ਪਾਪ ਕਰਦਿਆਂ ਕੰਬਦੀ ਜਾਨ ਭੀ ਹੈ ?
ਪ੍ਰੇਮ, ਸਭਯਤਾ, ਦਯਾ, ਭਲਮਾਣਸੀ ਦਾ,
ਮੂੰਹ ਤੇ ਝਲਕਦਾ ਰੱਬੀ ਜਲਾਲ ਭੀ ਹੈ ?

31. ਨਿਮ੍ਰਤਾ

ਜੀਆ ! ਉਤਰ ਹੰਕਾਰ ਦੇ ਕਿੰਗਰੇ ਤੋਂ,
ਨਦੀਆਂ ਵੇਖ, ਨੀਵਾਣ ਵਲ ਵਹਿੰਦੀਆਂ ਨੂੰ,
ਮਾਣ ਮੱਤੀਆਂ ਛੁੱਟੜਾਂ ਬਹਿੰਦੀਆਂ ਨੂੰ,
ਟਹਿਲਾਂ ਵਾਲੀਆਂ ਮਹਿਲਾਂ ਵਿਚ ਰਹਿੰਦੀਆਂ ਨੂੰ,
ਪੱਤਣ ਛੱਲਾਂ ਦੇ ਵੱਟ ਨੂੰ ਚੂਪ ਜਾਂਦੇ,
ਔਧਰ ਵੇਖ, ਢਿੱਗਾਂ ਖੁਰ ਖੁਰ ਢਹਿੰਦੀਆਂ ਨੂੰ,
ਸੁਰਮੇ ਵਾਂਗ ਹੋ, ਦੇਖ ਲੈ, ਰੰਗ ਲਗਦਾ,
ਤਲੀਆਂ ਗੋਰੀਆਂ ਤੇ ਚੜ੍ਹੀਆਂ ਮਹਿੰਦੀਆਂ ਨੂੰ ।

ਨਿਉਂ ਨਿਉਂ ਬੇਰ ਸਮਝਾਉਂਦੀ ਸਿੰਬਲਾਂ ਨੂੰ,
ਤੋੜ ਪਹੁੰਚਦੇ ਢਾਲ ਨੂੰ ਜਾਣ ਵਾਲੇ,
ਨੇਕੀ, ਨਿਮ੍ਰਤਾ ਨਿਉਣ ਨਿਰਮਾਣ ਸੇਵਾ,
ਚਾਰੇ ਵੇਸ ਨੇ ਸਾਈਂ ਰਿਝਾਣ ਵਾਲੇ ।

ਅੱਖਾਂ ਨਾਲ ਦਹਿਲੀਜ਼ ਦੇ ਸੀਪ ਗਈਆਂ,
ਜੇੜ੍ਹੀਆਂ ਪ੍ਰੇਮ ਦੀ ਨਿਗਹ ਨੇ ਕੁੱਠੀਆਂ ਨੇ ।
ਜੋਬਨ ਰੂਪ ਦੇ ਮਾਣ ਨੂੰ ਮਣਸ ਦਿੱਤਾ,
ਧੌਣ ਸੁੱਟ ਕੇ ਫੇਰ ਨਾ ਉੱਠੀਆਂ ਨੇ ।
ਤਕਵਾ ਮਿਹਰ ਦਾ ਰੱਖ ਕੇ ਠਿਲ ਪਈਆਂ,
ਠਾਠਾਂ ਵੇਖ ਨਾ ਪਰਤੀਆਂ ਪੁੱਠੀਆਂ ਨੇ ।
ਬੇਲੇ ਚੀਰ, ਲਿਤਾੜ ਲਏ, ਸ਼ੇਰ ਸੁੱਤੇ,
ਪ੍ਰੇਮ-ਲੋਰ ਵਿਚ ਮਾਹੀ ਦੀਆਂ ਮੁੱਠੀਆਂ ਨੇ ।

ਆਪਾ ਗ਼ਾਲ ਕੇ ਬੀਜ ਦਾ ਰੁੱਖ ਬਣਦਾ,
ਨੀਵੇਂ ਹੋਇ, ਉੱਚੀ ਪਦਵੀ ਪਾਈ ਦੀ ਏ ।
ਪੈਰੀਂ ਡਿੱਗ ਕੇ ਵੇਲ ਚੜ੍ਹ ਸਿਖਰ ਜਾਏ,
ਕਰਾਮਾਤ ਇਹ ਸਾਰੀ ਨਰਮਾਈ ਦੀ ਏ ।

ਨੀਵੀਂ ਬਾਉਲੀ ਦੀ ਰਹੇ ਹਿੱਕ ਠੰਢੀ,
ਭੌਣ ਪਰਸਦੇ ਓਸ ਦੇ ਦਵਾਰ ਉੱਤੇ,
ਨੀਵੀਂ ਨੀਂਹ ਸਿਰ ਡਾਹ ਖਲੋਵੰਦੀ ਏ,
ਮਹਿਲ ਮਾੜੀਆਂ ਲੈਂਦੀ ਉਸਾਰ ਉੱਤੇ,
ਨੀਂਵੇਂ ਘਾਹ ਨੂੰ ਕੋਈ ਨਾ ਢਾਹ ਸੱਕੇ ;
ਬੇਸ਼ਕ ਹੋਨ ਹਨੇਰੀ ਦੇ ਵਾਰ ਉੱਤੇ,
ਨੀਵੀਂ ਰਹੇ ਨਿਗਾਹ ਕੁਲਵੰਤੀਆਂ ਦੀ,
ਟਿੱਕਾ ਜੱਸ ਦਾ ਲੈਣ ਸੰਸਾਰ ਉੱਤੇ ।

ਨਿਉਂ ਕੇ ਰਾਮ ਨੇ ਰਾਮ ਕਰ ਰਾਮ ਲੀਤਾ,
ਲਹਿਣੇ ਪਾਈ ਗੁਰਿਆਈ ਕਮਾਈ ਕਰ ਕੇ,
'ਚਾਤ੍ਰਿਕ' ਜਿਤੇ ਨੀਵਾਂ ਉੱਚਾ ਹਾਰ ਜਾਵੇ,
ਜਿਸ ਨੇ ਪਾਈ, ਪਾਈ ਨਿਮ੍ਰਤਾਈ ਕਰ ਕੇ ।

32. ਨਾਸ਼ਮਾਨ ਜਹਾਨ

ਦੇਖ ਫੁਲ ਫੁਲ ਕੇ ਨ ਬਹੁ ਇਸ ਚਾਰ ਦਿਨ ਦੀ ਸ਼ਾਨ ਤੇ,
ਦਿਨ ਕਦੀ ਰਹਿੰਦੇ ਨਹੀਂ ਇੱਕੋ ਜਿਹੇ ਇਨਸਾਨ ਤੇ ।

ਮਾਲ ਦੌਲਤ, ਹੁਕਮ ਹਾਸਿਲ, ਲਾਉ ਲਸ਼ਕਰ, ਰੰਗ ਰਾਗ,
ਫਿਲਮ ਫਿਰਦੀ ਵੇਖ, ਕਿਉਂ ਚਾੜ੍ਹੀ ਨਿਗਹ ਅਸਮਾਨ ਤੇ ?

ਕੰਸ, ਰਾਵਣ. ਹਿਰਨਕੱਸ਼ਪ ਕਾਲ ਨੇ ਸਭ ਕੜ ਲਏ,
ਧੌਣ ਅਕੜਾਈ ਜਿਨ੍ਹਾਂ ਤਲਵਾਰ ਦੇ ਅਭਿਮਾਨ ਤੇ ।

ਕੋਸ਼ ਕਾਰੂੰ ਦਾ ਸਿਕੰਦਰ ਦੀ ਤਲੀ ਤੋਂ ਕਿਰ ਗਿਆ,
ਰਹਿ ਗਿਆ ਸ਼ੱਦਾਦ ਦਾ ਰਚਿਆ ਬਹਿਸ਼ਤ ਜਹਾਨ ਤੇ ।

ਨਾਸ਼ਮਾਨੀ ਚੀਜ਼ ਪਰ, ਕਾਇਮ ਸਮਝ, ਜੋ ਵਿਛ ਗਿਆ,
ਹੱਸਦੇ ਹਨ ਸੂਝ ਵਾਲੇ, ਉਸ ਦੇ ਅਗਯਾਨ ਤੇ ।

ਛੁੱਟਣਾ ਹੈ ਅੰਤ ਜਿਸ, ਉਸ ਨਾਲ 'ਚਾਤ੍ਰਿਕ' ਜੋੜ ਕੀ ?
ਭਾਲ ਸੁੱਚੇ ਲਾਲ, ਨਾ ਭੁਲ ਕਚਕੜੇ ਦੀ ਖਾਨ ਤੇ ।

33. ਮਹਿੰਦੀ ਦੀ ਪੁਕਾਰ

ਇਹ ਕਵਿਤਾ ਲਗਭਗ 1908 ਵਿਚ, ਇਕ ਉਰਦੂ ਨਜ਼ਮ
ਦੇ ਸਹਾਰੇ ਪਰ ਲਿਖੀ ਗਈ ਸੀ । ਹੁਣ ਬਹੁਤ ਸਾਰੀ ਕਾਂਟ
ਛਾਂਟ ਕਰਕੇ ਛਾਪੀ ਜਾਂਦੀ ਹੈ ।

ਪਰਭਾਤ ਅੱਖਾਂ ਖੋਲ੍ਹੀਆਂ, ਸਿਰ ਨੂਰ ਨੇ ਸਰਕਾਇਆ,
ਲੁਕਿਆ ਹਨੇਰਾ ਰਾਤ ਦਾ, ਚਾਨਣ ਪਸਾਰੀ ਮਾਇਆ ।

ਮਿਲ ਬੈਠਿਆਂ ਦੇ ਘਾਤਕੀ, ਅਰਥਾਤ ਕੁੱਕੜ ਪਾਤਕੀ,
ਸੁਖਦਾਇਨੀ ਪਰਭਾਤ ਦੀ, ਦਿੱਤੀ ਵਧਾਈ ਆ ਸੁਣਾ ।

ਮਿੱਠੀ ਤੇ ਮੱਠੀ ਪੌਣ ਨੇ, ਦਿੱਤੇ ਹਿਲੋਰੇ ਆਣ ਕੇ,
ਸੁੱਤੇ ਜੋ ਲੰਬੀ ਤਾਣ ਕੇ, ਓਹ ਟੁੰਬ ਕੇ ਦਿੱਤੇ ਜਗਾ ।

ਅਨੰਦ-ਦਾਇਕ ਪੌਣ ਦੀ, ਉਹ ਸੱਦ ਮਹਿਕਾਂ ਭਿੰਨੜੀ,
ਪਹੁੰਚੀ ਦਿਮਾਗੇ ਜਿਸ ਘੜੀ, ਮੈਂ ਬਿਸਤਰੇ ਤੋਂ ਜਾਗਿਆ ।

ਸੰਸਾਰ ਨੂਰੋ ਨੂਰ ਨੂੰ, ਆਨੰਦ ਵਿਚ ਭਰਪੂਰ ਨੂੰ,
ਜਦ ਵੇਖਿਆ ਮੈਂ ਜਾਗ ਕੇ, ਦਿਲ ਨਾ ਰਿਹਾ ਫਿਰ ਰੋਕਿਆ ।

ਉਠ ਬਾਗ ਵਲ ਨੂੰ ਤੁਰ ਪਿਆ, ਇਕ ਵੀਹ ਵਿਚ ਦੀ ਲੰਘਿਆ,
ਉਥੇ ਮੈਂ ਕੌਤਕ ਹੋਰ ਹੀ, ਦਿਲ ਚੀਰਵਾਂ ਇਕ ਦੇਖਿਆ ।

ਇਕ ਮਹਿਲ ਹੇਠਾਂ ਸੀ ਪਈ, ਬੇਹੀ ਬਿਰੰਗੀ ਮਹਿੰਦੜੀ,
ਜਿਸ ਨੂੰ ਕਿਸੇ ਸੁਕੁਮਾਰਿ ਨੇ, ਧਤਕਾਰ ਕੇ ਸੀ ਸੁੱਟਿਆ ।

ਇਹ ਕੀਰਨੇ ਸੀ ਕਰ ਰਹੀ, ਰੋ ਰੋ ਕੇ ਉਹ ਦੁਖਾਂ ਸੜੀ,
ਹੈ ਹਾਇ ! ਰਾਤ ਰਾਤ ਹੀ, 'ਸੀ ਕੀ ਤੇ ਕੀ ਹੁਣ ਹੋ ਗਿਆ ?'

ਮਹਿੰਦੀ ਦੀ ਦਰਦਾਂ ਵਾਲੜੀ, ਜਦ ਵਾਜ ਇਹ ਕੰਨੀਂ ਪਈ,
ਠਲ੍ਹੀ ਤਬੀਅਤ ਨਾ ਰਹੀ, ਪੁੱਛੀ ਹਕੀਕਤ ਪਾਸ ਜਾ ।

ਬੋਲੀ ਓ ਅੱਗੋਂ ਰੋਇ ਕੇ, ਆਹ ਵੇਖ ! ਪਾਸ ਖਲੋਇ ਕੇ,
ਸਿਖਯਾ ਦਾ ਗ਼ਾਹਕ ਹੋਇ ਕੇ, ਸੁਣ ਲੈ ਮੇਰੀ ਕੁਝ ਵਿਥਿਆ ।

ਬਾਗਾਂ ਦੇ ਅੰਦਰ ਕਿਸ ਤਰ੍ਹਾਂ, ਪਾਲੀ ਸਾਂ ਪਿਆਰੇ ਮਾਲੀਆਂ,
ਕਰ ਕਰ ਸਿੰਜਾਈਆਂ ਗੋਡੀਆਂ, ਪਰਵਾਨ ਚਾੜ੍ਹੀ ਪ੍ਰੀਤ ਲਾ ।

ਜੋਬਨ ਜਵਾਨੀ ਦੀ ਲਹਿਰ, ਦਾ ਆਯਾ ਜਦ ਮੈਂ ਤੇ ਕਹਿਰ,
ਸਕਿਆ ਨ ਦਿਲ ਮੇਰਾ ਠਹਿਰ, ਇਕ ਹੋਰ ਗਲ ਚਾਹੁਣ ਲਗਾ ।

ਹੋਵੇ ਕੋਈ ਨਵ-ਯੋਬਨਾ ; ਸ਼ਿੰਗਾਰ ਮੈਂ ਉਸ ਦਾ ਬਣਾਂ,
ਹਰ ਵਕਤ ਪਾਸ ਉਸ ਦੇ ਰਹਾਂ, ਮਾਣਾਂ ਮੈਂ ਮੌਜਾਂ ਹੀ ਸਦਾ ।

ਇਹ ਸਿੱਕ ਦਿਲ ਵਿਚ ਸੀ ਬੜੀ, ਆਵੇ ਕੋਈ ਸੁਖ ਦੀ ਘੜੀ,
ਕਿਸਮਤ ਮੇਰੀ ਐਸੀ ਲੜੀ ਉਹ ਹਰ ਵਕਤ ਵੀ ਆ ਢੁੱਕਿਆ ।

ਮਾਲੀ ਨੇ ਇਕ ਦਿਨ ਤੋੜ ਕੇ, ਡਾਲਾਂ ਤੋਂ ਹਾਇ ਵਿਛੋੜ ਕੇ,
ਘਰ ਆਣ ਭੰਨ ਮਰੋੜ ਕੇ, ਧੁੱਪੇ ਟਿਕਾ, ਲੀਤਾ ਸੁਕਾ ।

ਫਿਰ ਦੇਖ ! ਓਸ ਬਿਤਰਸ ਨੇ, ਇਕ ਹੋਰ ਕੀਤਾ ਕਹਿਰ ਏ,
ਕਰ ਕਰ ਕੇ ਚੂਰਾ ਹੱਡੀਆਂ, ਸੁਰਮੇਂ ਤਰ੍ਹਾਂ ਲੀਤਾ ਬਣਾ ।

ਇਕ ਦਿਨ ਅਖੀਰੀ ਇਹ ਹੋਈ, ਨਵ-ਜੋਬਨਾ ਇਕ ਸੀ ਕੋਈ,
ਜਿਸ ਦੀ ਚਿਰਾਂ ਤੋਂ ਸਿੱਕ ਸੀ, ਉਸ ਪਾਸ ਇਨ ਦਿੱਤਾ ਪੁਚਾ ।

ਮੈਂ ਧੰਨਵਾਦ ਮਨਾਇਆ, ਹੁਣ ਤਾਂ ਸਮਾਂ ਉਹ ਆਇਆ ;
ਜਿਸ ਦੇ ਮਿਲਣ ਦੀ ਤਾਂਘ ਵਿਚ, ਸੀ ਦੁੱਖ ਐਨਾ ਝਾਗਿਆ ।

ਉਸ ਪਯਾਰੇ ਕੋਮਲ ਹੱਥ ਲਾ ਪਹਿਲੇ ਬਣਾ ਕੇ ਗੁੰਨ੍ਹਿਆ,
ਫਿਰ ਨਾਲ ਡਾਢੀ ਪ੍ਰੀਤ ਦੇ, ਹੱਥੀਂ ਤੇ ਪੈਰੀਂ ਲਾ ਲਿਆ ।

ਉਸ ਦੇ ਪਿਆਰੇ ਸੋਹਣਿਆਂ, ਹੱਥਾਂ ਦੇ ਉੱਪਰ ਲੇਟਣਾ,
ਤੇ ਨਾਲ ਚਰਨਾਂ ਲਿਪਟਣਾ, ਮੈਨੂੰ ਬੜਾ ਚੰਗਾ ਲਗਾ ।

ਮੈਂ ਹੋ ਗਈ ਖੀਵੀ ਜਿਹੀ, ਸੱਧਰ ਚਿਰਾਂ ਦੀ ਪਰ ਗਈ,
ਮੈਂ ਕੀ ਕਹਾਂ ਉਸ ਵਕਤ ਦਾ, ਆਨੰਦ ਸੀ ਜੋ ਆ ਰਿਹਾ ।

ਬਸ ਰਾਤ ਭਰ ਉਸ ਸੁੰਦਰੀ, ਦੇ ਹੱਥ ਚੁੰਮਦੀ ਹੀ ਰਹੀ,
ਕਰਦੀ ਸਫਲ ਸਾਂ ਜ਼ਿੰਦਗੀ, ਚਰਨਾਂ ਤੇ ਉਸ ਦੇ ਸਿਰ ਟਿਕਾ ।

ਮੈਂ ਸੁਖ ਸਦਾ ਦੇ ਜਾਣ ਕੇ, ਸੌਂ ਰਹੀ ਲੰਮੀ ਤਾਣ ਕੇ,
ਪਰ ਇਕ ਝੜੋਲੇ ਆਣ ਕੇ, ਸੁੱਤੀ ਪਈ ਨੂੰ ਟੁੰਬਿਆ ।

ਨੀਂ ! ਜਾਗ ! ਬਹੁਤਾ ਸੌਂ ਨ ਜਾ, ਉਠ ਵੇਖ ਤੌਰ ਜਹਾਨ ਦਾ,
ਜਦ ਬੋਲ ਇਹ ਕੰਨੀਂ ਪਿਆ, ਮੇਰਾ ਕਲੇਜਾ ਧੜਕਿਆ ।

ਅੱਖਾਂ ਉਘੜਦੇ ਸਾਰ ਹੀ ਉੱਠੀ ਓ ਪਲੰਘੋਂ ਲਾਡਲੀ,
ਹਾ ! ਹਾ ! ਨ ਕਹਿ ਮੈਂ ਸੱਕਦੀ, ਜੋ ਹਾਲ ਮੇਰਾ ਹੋਇਆ ।

ਨਿਸ ਭਰ ਅਨੰਦ ਮਨਾਇ ਕੇ, ਰਸ ਚੂਪ, ਚੂਪ ਗਵਾਇ ਕੇ,
ਮੇਰਾ ਰੰਗ ਵੀ ਬਦਲਾਇ ਕੇ, ਹੁਣ ਨਾਲ ਨਹੁੰ ਦੇ ਪੱਛਿਆ ।

ਉਹ ਨਹੁੰ ਕਿਹੇ ਸੀ ਮਾਰਦੀ, ਇਕ ਫੇਰਦੀ ਤਲਵਾਰ ਸੀ,
ਨੱਕ ਚਾੜ੍ਹਦੀ ਦੁਰਕਾਰਦੀ, ਕੋਠੇ ਤੋਂ ਥੱਲੇ ਪਟਕਿਆ ।

ਜੋਬਨ ਦਾ ਬੇੜਾ ਰੋੜ੍ਹ ਕੇ, ਕਾਸੇ ਨ ਜੋਗੀ ਛੋੜ ਕੇ,
ਪਹਿਲੇ ਅਕਾਸ਼ੇ ਚਾੜ੍ਹ ਕੇ, ਪੌੜੀ ਲਈ ਤਲਿਓਂ ਹਟਾ ।

ਕਿਸਮਤ ਮੇਰੀ !ਹਾਂ !ਚੰਦਰੀ, ਝਾਗੇ ਇਹ ਦੁਖ ਖਾਤਰ ਜਿਦ੍ਹੀ,
ਪਾਲੀ ਨ ਪ੍ਰੀਤੀ ਓਸ ਭੀ, ਐਹ ਹਾਲ ਹੈ ਹੁਣ ਹੋ ਰਿਹਾ ।

ਖਬਰੇ ਇਹ ਚਸਕਾ ਚੈਨ ਦਾ, ਕੀ ਕੀ ਹੈ ਹੋਰ ਦਿਖਾਉਂਦਾ,
ਇਸ ਤੋਂ ਭੀ ਭੈੜਾ ਦੁੱਖੜਾ, ਪੈਣਾ ਹੈ ਕਿਹੜਾ ਪੇਸ਼ ਆ ।

ਕੀ ਸਾਂ ਤੇ ਕੀ ਹੁਣ ਹੋ ਰਹੀ, ਸੋਨੇ ਤੋਂ ਮਿੱਟੀ ਬਣ ਗਈ,
ਹੈ ! ਹਾਇ ! ਇਸ ਸੰਸਾਰ ਦਾ, ਉਹ ਮੁੱਢ ਤੇ ਇਹ ਅੰਤ ਹਾ ।

ਮਹਿੰਦੀ ਦਾ ਸੁਣਕੇ ਹਾਲ ਇਹ, ਮੈਨੂੰ ਭੀ ਆਇਆ ਖਿਆਲ ਇਹ,
ਸਾਰੇ ਜਗਤ ਦੇ ਨਾਲ ਹੈ ; ਏਸੇ ਤਰ੍ਹਾਂ ਹੀ ਵਰਤਦਾ ।

ਜਿਹੜੇ ਸੁਖਾਂ ਦੇ ਵਾਸਤੇ, ਲੋਕੀਂ ਨੇ ਘਾਲਾਂ ਘਾਲਦੇ,
ਓਹ ਅੰਤ ਜਦ ਹਨ ਮੁੱਕਦੇ, ਇਸ ਤੋਂ ਭੀ ਹੁੰਦਾ ਹੈ ਬੁਰਾ ।

ਤਾਂ ਤੇ ਅਨਸਥਿਰ ਚੈਨ ਤੇ, ਬਹਿਣਾ ਕਦੇ ਨਾ ਭੁਲ ਕੇ,
ਇਹ ਚਾਰ ਦਿਨ ਦੀ ਚਾਨਣੀ, ਲਹਿਰਾਂ ਵਿਖਾ ਹੋਵੇ ਵਿਦਾ ।

ਇਹ ਨਾਸ਼ਮਾਨ ਜਹਾਨ ਹੈ, ਬਦਲੀ ਇਥੇ ਹਰ ਆਨ ਹੈ,
ਮੰਦਰ ਦੇ ਥਾਂ ਸ਼ਮਸ਼ਾਨ ਹੈ, ਸ਼ਾਦੀ ਦੇ ਵਿੱਚ ਗ਼ਮੀਆਂ ਸਦਾ ।

ਆਕਾਸ਼ ਦੇ ਇਹ ਫੇਰ ਹੈ, ਚਾਨਣ ਦੇ ਥਾਂ ਅੰਧੇਰ ਹੈ,
ਦਿਨ ਰਾਤ,ਸੁਖ ਦੁਖ,ਜਨਮ ਖੈ ਇਹ ਗੇੜ ਨਿਤ ਦਿਨ ਚਲ ਰਿਹਾ ।

ਨਿਸਚਿੰਤ ਹੋ ਕੇ ਨਾ ਬਹੇ, ਹੁਸ਼ਿਆਰ ਹਰ ਵੇਲੇ ਰਹੇ,
ਇਤਬਾਰ ਰੱਤੀ ਨਾ ਕਰੇ ਇਸ ਠਗ ਸਮੇਂ ਦੇ ਤੌਰ ਦਾ ।

34. ਬਲਦ ਦੀ ਕਹਾਣੀ

(ਲਗਭਗ 1905 ਵਿਚ ਲਿਖੀ ਗਈ ਸੀ)

ਪਾ ਕੇ ਜਾਮਾ ਬਲਦ ਦਾ, ਦੁਖ ਘਣੇ ਉਠਾਏ,
ਹੌਕੇ ਭਰਦਿਆਂ ਲੰਘਦੀ, ਕੁਝ ਪੇਸ਼ ਨ ਜਾਏ,
ਕੋਈ ਨ ਵਾਹਰੂ ਦਿੱਸਦਾ, ਸੁਣ ਦੁਖ ਹਟਾਏ,
ਅਸੀਂ ਬਿਦੋਸੇ ਡਾਢਿਆਂ ਦੇ ਕਾਬੂ ਆਏ ॥1॥

ਜੰਮੇ ਮਾਵਾਂ ਲਾਡਲੇ, ਨਾ ਦੁੱਧ ਚੁੰਘਾਇਆ,
ਫੜ ਕਿਰਸਾਣ, ਮਸੂਮ ਦੇ ਗਲ ਰੱਸਾ ਪਾਇਆ,
ਮੈਨੂੰ ਦੁੱਧੋਂ ਵਾਂਜ ਕੇ ਸਭ ਆਪ ਚੁਆਇਆ,
ਚੌਥਾ ਹਿੱਸਾ ਇਕ ਥਣ ; ਹਿੱਸੇ ਵਿਚ ਆਇਆ ॥2॥

ਰੁਲ ਖੁਲ ਭਲਾ ਜਿ ਪਲ ਪਏ, ਕੁਝ ਆਸੰਙ ਆਈ,
ਸਿੰਙ ਨ ਪਾਵੇ ਉਗਣੇ ਦੁੱਖਾਂ ਘਟ ਛਾਈ,
ਨਿੱਜ ਜੁਆਨੀ ਆਉਂਦੀ ਨਾ ਜਣਦੀ ਮਾਈ,
ਖੀਰੇ ਦੰਦੀਂ ਜੱਟ ਨੇ ਪੰਜਾਲੀ ਪਾਈ ॥3॥

ਵੇਖੀ ਰੱਜ ਬਹਾਰ ਨਾ, ਸਿਰ ਕਜ਼ੀਏ ਆਏ,
ਉਮਰਾ ਸੀ ਕੁਝ ਮੌਜ ਦੀ, ਉਸ ਬੰਨ੍ਹ ਚਲਾਏ,
ਪੱਥਰ ਵਰਗੀ ਧਰਤ ਨੂੰ ਹਲ ਡਾਹ ਪੁਟਾਏ,
ਉੱਤੋਂ ਜੰਗੀ ਨੱਪ ਕੇ ਵਿਚ ਜਿਮੀਂ ਧਸਾਏ ॥4॥

ਦੋ ਦੋ ਪਹਿਰ ਦਬੱਲਦੇ ਇਕਸਾਹੇ ਹੋ ਕੇ,
ਖਾਧਾ ਪੀਤਾ ਨਿੱਕਲੇ ਪਰਸੀਨਾ ਹੋ ਕੇ,
ਗੱਡੀ ਹੇਠ ਜਿ ਆ ਗਏ ਮਰ ਜਾਈਏ ਢੋ ਕੇ,
ਵੇਖੇ ਆਣ ਜੇ ਅੰਬੜੀ ਗਲ ਲਗੀਏ ਰੋ ਕੇ ॥5॥

ਫੇਰ ਨਾ ਰੱਖੇ ਜੀਉ ਤੇ ਸਭ ਦੁੱਖ ਭੁਲਾਏ,
ਐਲੀ ਐਲੀ ਕਰਦਿਆਂ ਸਭ ਕੰਮ ਚਲਾਏ,
ਇਹ ਸਾਡਾ ਬਲਕਾਰ ਭੀ ਨਾ ਵੇਖ ਸੁਖਾਏ,
ਲੰਮੇ ਪਾਇਆ ਜੂੜ ਕੇ ਪਾ ਨੱਥ ਨਥਾਏ ॥6॥

ਕੂਲੇ ਅੰਗ ਸਰੀਰ ਦੇ ਥਕ ਚੂਰਾ ਹੋਏ,
ਸੋਹਣੇ ਕੰਨ੍ਹੇ, ਜੂਲਿਆਂ ਦੇ ਨਾਲ ਸੁਜੋਏ,
ਪਾ ਪਾ ਪੁੜੇ ਪੰਜਾਲੀਆਂ ਕੀਤੇ ਅਧਮੋਏ,
ਕਾਵਾਂ ਠੂੰਗੇ ਮਾਰ ਕੇ ਪਾ ਦਿੱਤੇ ਟੋਏ ॥7॥

ਦਾਣਾ ਪੱਠਾ ਖਾਣ ਦਾ ਸੀ ਠੁੱਕ ਨ ਕੋਈ,
ਜਦ ਜੀ ਚਾਹੇ ਜੱਟ ਦਾ, ਉਹ ਰੱਖੇ ਜੋਈ,
ਬੈਠੇ ਸੁੱਤੇ ਵਗਦਿਆਂ ਇਹ ਅਟਕਲ ਹੋਈ,
ਕਰੀਏ ਪਏ ਉਗਾਲੜੀ ਧਰਵਾਸਾ ਸੋਈ ॥8॥

ਧੁੱਪ ਜੇਠ ਦੀ ਕੜਕਦੀ, ਦਿਨ ਸਿਰ ਤੇ ਆਇਆ,
ਪੰਛੀ ਫੜਕ ਨ ਸਕੇ ਜਦ, ਫਲ੍ਹਿਆਂ ਤੇ ਲਾਇਆ,
ਰਾਤ ਸਿਆਲੀ ਕੱਕਰੀ ਫੜ ਜੂਲਾ ਪਾਇਆ,
ਸੀਤੇ ਆਏ ਵਗਦਿਆਂ ਪਰ ਸਿਰ ਨ ਹਿਲਾਇਆ ॥9॥

ਵੇਖ ਜਿਨੂੰ ਰੱਤ ਸੁੱਕਦੀ, ਉਹ ਚਾਰਾ ਸੁੱਕਾ,
ਖੱਲੜ ਭਰਿਆ ਖਾਇ ਕੇ ਭੋ ਸੁੱਕ-ਭਰੁੱਕਾ,
ਡੰਡਲ ਖਾ ਢਿਡ ਭਰ ਲਿਆ ਜਦ ਪੱਠਾ ਮੁੱਕਾ,
ਜ਼ਹਿਰ ਮਾਰਕੇ ਖਾਂਵਦੇ ਸਭ ਤੀਲਾ ਤੁੱਕਾ ॥10॥

ਆਪਣੀ ਮਿੱਝ ਪੰਘਾਰ ਕੇ ਜੋ ਤੇਲ ਬਣਾਇਆ,
ਉਸ ਦਾ ਫੋਗ, ਜੁ ਖਲ ਰਹੇ ਸੁ ਹਿੱਸੇ ਆਇਆ,
ਉਹ ਭੀ ਭਾਗਾਂ ਨਾਲ ਹੀ ਵਿਚ ਤੂੜੀ ਪਾਇਆ,
ਛੇਈਂ ਛਿਮਾਹੀਂ ਮੇਲ ਕੇ ਇਕ ਸੇਰ ਖੁਆਇਆ ॥11॥

ਗਿਣ ਗਿਣ ਦੱਸ ਨ ਸੱਕਦਾ ਜੋ ਕਜ਼ੀਏ ਪੈਂਦੇ,
ਉੱਚੀ ਨੀਵੀਂ ਜ਼ਿਮੀਂ ਵਿਚ ਨਿਤ ਡਿਗਦੇ ਢਹਿੰਦੇ,
ਵਗਦੇ ਦਿਨ ਤੇ ਰਾਤ ਹੀ, ਬਹਿ ਸਾਹ ਨ ਲੈਂਦੇ,
ਗਰਮੀ ਸੀਤ ਨ ਵੇਖੀਏ, ਮੀਂਹ ਝੱਖੜ ਵਹਿੰਦੇ ॥12॥

ਢਿੱਡੋਂ ਭੁੱਖੇ ਸਕਤ ਬਿਨ, ਫਿਰ ਨਾਂਹ ਨ ਹੋਵੇ,
ਖੂਹ, ਖਰਾਸੇ, ਹੱਲ, ਜਾਂ ਸੁਹਾਗੇ ਜੋਵੇ,
ਭਾਵੇਂ ਗੱਡੀ ਲੱਦ ਕੇ ਉਹ ਕੂੜਾ ਢੋਵੇ,
ਘਾਲਾਂ ਘਾਲ ਸਰੀਰ ਇਹ, ਫਿਰ ਪੁੱਗ ਖਲੋਵੇ ॥13॥

ਆਸਙ ਜਾਇ ਜਵਾਬ ਦੇ, ਹੱਡ ਹੁੰਦੇ ਬੁੱਢੇ,
ਉਮਰਾ ਲੰਘੇ ਵਖਤ ਵਿਚ, ਹੁਣ ਖਾਂਦੇ ਠੁੱਡੇ,
ਖਾਲੀ ਹੋਈਆਂ ਵੱਖੀਆਂ ਵਿਚ ਪੈ ਗਏ ਖੁੱਡੇ,
ਧੱਕੇ ਦੇ ਵਾ ਡੇਗਦੀ, ਜਿਉਂ ਕਾਗਤ ਗੁੱਡੇ ॥14॥

ਪਾਲੇ ਕੌਣ ਮਖੱਟੂਆਂ ਬਿਨ ਮਾਲਕ ਸੱਚੇ,
ਹਰ ਕੋਈ ਲਾਗੂ ਕੰਮ ਦਾ ਬਿਨ ਕੰਮ ਨ ਜੱਚੇ,
ਓੜਕ ਦੁੱਖੀ, ਮੌਤ ਦਾ ਆ ਭਾਂਬੜ ਮੱਚੇ,
ਪਿੱਛਾ ਅਜੇ ਨ ਛੱਡਦੇ ਏਹ ਲੋਕੀ ਕੱਚੇ ॥15॥

ਪੁੱਠਾ ਕਰ ਕੇ ਟੰਗਦੇ ਫਿਰ ਖੱਲ ਲੁਹਾਂਦੇ,
ਬੋਟੀ ਬੋਟੀ ਵੰਡਦੇ ਕੁਝ ਖੌਫ ਨ ਖਾਂਦੇ,
ਗਿਰਝਾਂ ਕਾਵਾਂ ਕੁੱਤਿਆਂ ਤੋਂ ਮਾਸ ਤੁੜਵਾਂਦੇ,
ਹੱਡ ਨਿਮਾਣੇ ਪੀਹਣ ਨੂੰ ਪਰਦੇਸ ਪੁਚਾਂਦੇ ॥16॥

ਹਿੱਸੇ ਵਖਰੇ ਹੋ ਗਏ ਕੁਝ ਖਾਇ ਲੁਟਾਇਆ,
ਬਾਕੀ ਰਹਿ ਗਈ ਖੱਲ ਸੀ, ਤੰਬੂਰ ਮੜ੍ਹਾਇਆ,
ਪੈਂਦੀ ਅਜੇ ਭੀ ਮਾਰ ਹੈ,ਦੁਖ ਦੂਣ ਸਵਾਇਆ,
ਕੁੱਝ ਸਿਵਾ ਕੇ ਜੁੱਤੀਆਂ ਵਿਚ ਖੇਹ ਰੁਲਾਇਆ ॥17॥

ਅ ਮਨ ! ਏਸ ਕਹਾਣੀਓਂ, ਕੁਝ ਲਾਭ ਉਠਾਈਏ,
ਇਸ ਨੂੰ ਆਪਣੇ ਆਪ ਤੇ ਧਰ ਕੇ ਪਰਤਾਈਏ,
ਖਾ ਖਾ ਮਾਲ ਹਰਾਮ ਦਾ ਨਾ ਢਿੱਡ ਵਧਾਈਏ,
ਮਾਲਕ ਸੱਚੇ ਰੱਬ ਦੀ ਕੁਝ ਕਾਰ ਕਮਾਈਏ ॥18॥

ਡੰਗਰ ਵਲੋਂ ਵੇਖ ਕੇ ਇਹ ਫੁਰਨਾ ਆਵੇ,
ਅਕਲ ਵਿਹੂਣਾ ਪਸ਼ੂ ਭੀ ਸਿੱਖ ਸਿਖਾਵੇ,
ਸੇਵਕ ਧਰਮ ਨਿਭਾਉਂਦਾ ਨਾ ਆਪ ਗਿਣਾਵੇ,
ਖਾ ਕੇ ਸਵਾਮੀ-ਅੰਨ ਨੂੰ ਨਿਤ ਟਹਿਲ ਕਮਾਵੇ ॥19॥

ਵਾਰੇ ਆਪਾ ਓਸ ਤੋਂ ਨਾ ਸੁਖ ਦੁਖ ਵੇਖੇ,
ਕੱਖ ਕੰਡਾ ਲੈ ਖਾਂਵਦਾ, ਨਾ ਖਲ ਗੁੜ ਪੇਖੇ,
ਦੇਵੇ ਕਾਰ ਅਮੁੱਲੜੀ ਫਿਰ ਕਰੇ ਨ ਲੇਖੇ,
ਪਸ਼ੂਓਂ ਅਸੀਂ ਭਰਾਂਦ ਹੋ ਪੈ ਰਹੇ ਭੁਲੇਖੇ ॥20॥

ਸਵਾਮੀ ਸੱਚੇ ਦਰੋਂ ਨਿਤ ਦਾਤਾਂ ਖਾਂਦੇ,
ਚੰਗ ਸੁਚੰਗੀ ਭੇਜਦਾ ਘਰ ਬੈਠੇ ਪਾਂਦੇ,
ਦੁਰਲਭ ਜੂਨ ਮਨੁੱਖ ਦੀ ਵਿਚ ਸਭ ਜੂਨਾਂ ਦੇ,
ਪਾ ਕੇ ਫੇਰ ਅਕਾਲ ਦਾ ਨਾ ਸ਼ੁਕਰ ਅਲਾਂਦੇ ॥21॥

ਢੱਗੇ, ਕੁੱਤੇ, ਬਿਲਿਓਂ, ਗਏ ਮੋਏ ਮਾਰੇ,
ਉਹ ਭੀ ਨਾਲ ਇਸ਼ਾਰਿਆਂ ਖਾ ਸ਼ੁਕਰ ਉਚਾਰੇ,
ਅਸੀਂ ਨਿਲੱਜੇ ਖਾਇ ਕੇ ਦੋ ਮਾਰ ਡਕਾਰੇ,
ਫੇਰ ਉਨ੍ਹਾਂ ਤੋਂ ਚੰਗੀਆਂ ਨੂੰ ਹੱਥ ਪਸਾਰੇ ॥22॥

ਫਿੱਟ ਇਵੇਹਾ ਜੀਵਿਆ ਖਾ ਢਿੱਡ ਵਧਾਇਆ,
ਯਾਦ ਨ ਕੀਤਾ ਦੇਣਹਾਰ, ਨਾ ਸ਼ੁਕਰ ਅਲਾਇਆ,
ਨਾ ਕੁਝ ਖਾਧਾ ਵੰਡ ਕੇ, ਨਾ ਭਲਾ ਕਮਾਇਆ,
ਪੀੜ ਬਿਗਾਨੀ ਸਹਿਣ ਦਾ ਨਾ ਚੇਤਾ ਆਇਆ ॥23॥

ਆ ਮਨ ਮੂਰਖ ! ਬੈਠ ਕੇ ਕੁਝ ਗੋਸ਼ਟ ਕਰੀਏ,
ਪਸ਼ੂਆਂ ਵਾਂਗ ਸੁਆਰੀਏ ਜਿਸ ਦਰ ਦਾ ਚਰੀਏ,
ਉਸ ਦੀ ਦਿੱਤੀ ਦਾਤ ਦੇ ਕਰ ਹਿੱਸੇ ਧਰੀਏ,
ਖਾਈਏ ਦੇਈਏ ਹੋਰਨਾਂ, ਸੁਖ ਸਾਸੀਂ ਮਰੀਏ ॥24॥

35. ਮਾਇਆ ਧਾਰੀ

ਦੁਨੀਆਂ ਦੇ ਵਿਉਪਾਰੀ !
ਚਾਲਿਓਂ ਉਖੜੇ ਮਾਇਆਧਾਰੀ !
ਬਾਗ਼ ਬਹਿਸ਼ਤ ਦਾ ਫੁਲ ਹੋ ਕੇ,
ਕੰਡਿਆਂ ਨਾਲ ਲਗਾਵੇਂ ਯਾਰੀ ।1।

ਦੇਵਤਿਆਂ ਦਾ ਚੋਲਾ ਪਾ ਕੇ ;
ਪ੍ਰੇਮ-ਨਗਰ-ਪਾਂਧੀ ਅਖਵਾ ਕੇ ;
ਮਾਇਆ ਦੇ ਚੱਕਰ ਵਿਚ ਆ ਕੇ,
ਲਾ ਬੈਠੋਂ ਇਹ ਕੀ ਬੀਮਾਰੀ ? ।2।

ਸ਼ਾਤਿ-ਸਮੁੰਦਰ ਦਾ ਮੋਤੀ ਤੂੰ,
ਕਿਸ ਦਲਦਲ ਵਿਚ ਲਾਇਆ ਜੀ ਤੂੰ,
ਤੁਰਨ ਲਗੇ ਕੀ ਖੇਪ ਭਰੀ ਸੀ ?
ਖੋਲ੍ਹੀ ਆ ਕੇ ਕੀ ਮੁਨਿਆਰੀ ? ।3।

ਤੇਰਾ ਸੀ ਇਕਾਂਤ ਟਿਕਾਣਾ,
ਨਦੀ ਕਿਨਾਰੇ ਬਹਿ ਬਹਿ ਗਾਣਾ,
ਮਾਇਆ ਭਾਲ ਸੁੰਢ ਦੀ ਗੰਢੀ,
ਬਣ ਬੈਠੋਂ ਭਾਰਾ ਪਨਸਾਰੀ ।4।

ਮਹਿਕ, ਖਿੜਾਉ, ਸੁਹੱਪਣ ਪਾ ਕੇ ।
ਹਰਿ-ਮੰਦਰ ਚੜ੍ਹਨਾ ਸੀ ਜਾ ਕੇ ।
ਧਸਦਾ ਜਾਇੰ ਧੰਦਾਲਾਂ ਦੇ ਵਿਚ,
ਲੌਂਦਾ ਲੌਂਦਾ ਅਰਸ਼ ਉਡਾਰੀ ।5।

ਦੁਨੀਆਂ ਦੀ ਇਸ ਹੇਰਾ ਫੇਰੀ,
ਅੱਖੀਂ ਘੱਟਾ ਪਾਇਆ ਤੇਰੀ,
ਜੌਂ ਲੈ ਲਏ ਤੂੰ ਕਣਕੋਂ ਸਾਵੀਂ,
ਰੋੜ੍ਹ ਛਡੀ ਹੁਸ਼ਿਆਰੀ ਸਾਰੀ ।6।

ਹੋਸ਼ ਕਰੀਂ, ਉਇ ਮਦ-ਮਤਵਾਲੇ ।
ਘਿਰੇ ਝਮੇਲੇ ਆਲੇ ਦੁਆਲੇ,
ਸੁੱਟ ਦੇ ਪਰੇ ਫਿਕਰ ਦੀਆਂ ਪੰਡਾਂ,
ਕਰ ਲੈ ਆਪਣੀ ਜਾਨ ਨਿਆਰੀ ।7।

ਵਿਗੜੀ ਨੂੰ, ਹਈ ਵਕਤ ਬਣਾ ਲੈ,
ਬੇਰ ਡੁਲ੍ਹੇ ਚੁਣ ਝੋਲੀ ਪਾ ਲੈ,
ਛਲ ਗਿਆ 'ਚਾਤ੍ਰਿਕ' ਜੇ ਕਰ ਵੇਲਾ,
ਪਛਤਾਵੇਂਗਾ ਜਾਂਦੀ ਵਾਰੀ ।8।

36. ਫੁਟ ਦੇ ਕਾਰੇ

(ਸੰਨ 1927 ਦੀ ਹਿੰਦੂ-ਮੁਸਲਿਮ ਅਸ਼ਾਂਤੀ ਨੂੰ ਦੇਖ ਕੇ ਲਿਖੀ ਗਈ)

(1)

ਹਿੰਦੂ ਮੁਸਲਿਮਾਂ ਨੂੰ ਜਿਹੜੀ ਵੱਗ ਗਈ ਏ,
ਜਾਣੇ ਰੱਬ, ਕੀ ਜ਼ੁਲਮ ਹੈ ਆਉਣ ਵਾਲਾ ।
ਖਬਰੇ ਆਪਣੀ ਨਿਗਾਹ ਅਸਮਾਨ ਚੜ੍ਹ ਗਈ,
ਯਾ ਕੋਈ ਹੋਰ ਬੈਠਾ, ਤੁਣਕੇ ਲਾਉਣ ਵਾਲਾ ।
ਯਾਰੋ ! ਮਰਨ ਮਿੱਟੀ ਕਾਹਦੀ ਚੜ੍ਹ ਗਈ ਜੇ ?
ਤੁਹਾਨੂੰ ਕੋਈ ਨਹੀਂ ਰਿਹਾ ਸਮਝਾਉਣ ਵਾਲਾ ?
ਕੋਈ ਅੱਗ ਨੂੰ ਨਹੀਂ ਬੁਝਾਉਣ ਜੋਗਾ,
ਜੇਹੜਾ ਉੱਠਦਾ ਹੈ ਤੇਲ ਪਾਉਣ ਵਾਲਾ ।
ਘਰ ਦੀ ਅੱਗ ਸਾਡੀ ਲੰਕਾ ਫੂਕ ਸੁੱਟੀ,
ਬੇ-ਸਲੂਕੀ ਨੇ ਕੱਖ ਨਾ ਛੱਡਿਆ ਹੈ ।
ਹੈਂਸਿਆਰਿਆਂ ਦੂਤੀਆਂ ਏਸ ਵਿਹੜੇ,
ਕਿਹਾ ਸੇਹ ਦਾ ਤੱਕਲਾ ਗੱਡਿਆ ਹੈ ?

(2)

ਏਸ ਵਹਿਣ ਵਿਚ ਪਿਆਂ, ਕੁਝ ਪਤਾ ਭੀ ਜੇ,
ਬੇੜੇ ਗਰਕ ਕੀ ਕੀ ਸਾਡੇ ਹੋ ਰਹੇ ਨੇਂ ?
ਮੂਧਾ ਹੋ ਗਿਆ ਤਖਤ ਵਿਉਪਾਰੀਆਂ ਦਾ,
ਉਤੋਂ ਹੱਸਦੇ ਅੰਦਰੋਂ ਰੋ ਰਹੇ ਨੇਂ ।
ਚਾਂਦੀ ਸੋਨੇ ਦੇ ਥਾਲਾਂ ਵਿਚ ਖਾਣ ਵਾਲੇ,
ਮਾਰੇ ਭੁੱਖ ਦੇ ਟੋਕਰੀ ਢੋ ਰਹੇ ਨੇਂ ।
ਕਿਰਤ ਕਾਰ ਰੁਜਗਾਰ ਤੇ ਗੜਾ ਪੈ ਗਿਆ,
ਲੋਕੀਂ ਜ਼ਿੰਦਗੀ ਤੋਂ ਹੱਥ ਧੋ ਰਹੇ ਨੇਂ ।
ਧੋਖਾ ਰਿਜ਼ਕ ਦਾ, ਤੌਖਲਾ ਜਾਨ ਦਾ ਭੀ,
ਖਤਰਾ ਪੱਗ ਦਾ, ਤੌਖਲਾ ਅੰਨ ਦਾ ਭੀ ।
ਕੱਖ ਚੁਣੇ ਗਏ ਏਧਰੋਂ ਉਂਞ ਸਾਡੇ,
ਓਧਰ ਖੌਫ ਹੈ ਪੁਲਸ ਦੇ ਡੰਨ ਦਾ ਭੀ ।

(3)

ਜੇਕਰ ਚਾਹੋ, ਹਿੰਦੂ ਜੀਉਂਦੇ ਨਾਂਹ ਦਿੱਸਣ,
ਸੋਚ ਲਓ, ਜੇ ਹੈ ਜੇ ਮੁਕਾਣ ਜੋਗੇ ।
ਮੁਸਲਮਾਨ ਭੀ ਗੱਡ ਕੇ ਗਾਡ ਬਹਿ ਗਏ,
ਏਹ ਭੀ ਰਹੇ ਨਹੀਂ ਪਿਛਾਂਹ ਨੂੰ ਜਾਣ ਜੋਗੇ ।
ਜੇ ਉਹ ਸੇਰ ਨੇ ਤਾਂ ਸਵਾ ਸੇਰ ਦੂਜੇ,
ਫੂਕ ਨਾਲ ਨਹੀਂ ਦੋਵੇਂ ਉਡਾਣ ਜੋਗੇ ।
ਫੇਰ ਬੋਟੀਆਂ ਕਾਸ ਨੂੰ ਤੋੜਦੇ ਹੋ,
ਦਾਣੇ ਬੜੇ ਨੇ ਦੋਹਾਂ ਦੇ ਖਾਣ ਜੋਗੇ ।
ਅੰਦਰ ਬੈਠ ਕੇ ਆਓ ਨਜਿੱਠ ਲਈਏ,
ਬੁੱਕਲ ਆਪਣੀ ਨਸ਼ਰ ਕਰਵਾਈਏ ਨਾ ।
ਯਾਰੋ ਨਵ੍ਹਾਂ ਤੇ ਮਾਸ ਦਾ ਸਾਕ ਸਾਡਾ,
ਸੱਥਾਂ ਸੱਦ ਕੇ ਲੀਕਾਂ ਲੁਆਈਏ ਨਾ ।

(4)

ਭਾਈ ਹਿੰਦੂਓ ! ਹਿੰਦ ਦੇ ਤੁਸੀਂ ਮਾਲਕ,
ਕੋਟ ਅਕਲ ਦੇ ਦੌਲਤ ਦੀ ਖਾਨ ਹੀ ਸਹੀ ।
ਭਾਈ ਮੁਗਲਾਂ ਦਿਓ ਵਾਰਸੋ, ਮੁਸਲਮਾਨੋ !
ਤੁਸੀਂ ਪਾਤਸ਼ਾਹੀ ਖਾਨਦਾਨ ਹੀ ਸਹੀ ।
ਹਿੰਦੂ ਨਿੱਘਰੇ ਹੋਏ ਬੇਜਾਨ ਹੀ ਸਹੀ,
ਤੁਸੀਂ ਸੂਰਮੇ ਤੇ ਪਹਿਲਵਾਨ ਹੀ ਸਹੀ ।
ਹਿੰਦੂ ਸਖੀ ਤੇ ਮੁਸਲਮ ਸੁਲਤਾਨ ਹੀ ਸਹੀ,
ਉਹ ਰਾਜਪੂਤ ਹੀ ਸਹੀ, ਉਹ ਪਠਾਨ ਹੀ ਸਹੀ ।
ਐਸ ਵੇਲੇ ਤਾਂ ਸੱਭੇ ਗੁਲਾਮ ਹੀ ਹੋ,
ਕਿਦ੍ਹੀਆਂ ਪਤਲੀਆਂ ਮੋਟੀਆਂ ਬੇੜੀਆਂ ਜੇ ?
ਹੱਥ ਵੱਸ ਤਾਂ ਦੁਹਾਂ ਦੇ ਭੱਸ ਵੀ ਨਹੀਂ,
ਕਾਹਨੂੰ ਮੁਫਤ ਦੀਆਂ ਰਿੱਕਤਾਂ ਛੇੜੀਆਂ ਜੇ ?

(5)

ਜੜ੍ਹੀਂ ਤੇਲ ਕਿਉਂ ਆਪਣੀ ਦੇ ਰਹੇ ਹੋ ?
ਕੁਝ ਨਹੀਂ ਸੌਰਨਾ ਘਰ ਦੀ ਲੜਾਈ ਦੇ ਵਿਚ ।
ਖੇਡ ਖਾਇ ਕੇ ਅੰਤ ਨੂੰ ਵੱਸਣਾ ਜੇ,
ਦੋਹਾਂ ਏਸੇ ਖੁਦਾ ਦੀ ਖੁਦਾਈ ਦੇ ਵਿਚ ।
ਭਰਾ ਭਰਾਵਾਂ ਦੀਆਂ ਸੰਘੀਆਂ ਘੁੱਟਦੇ ਹੋ,
ਪੱਥਰ ਪੈ ਗਏ ਸਾਡੀ ਦਨਾਈ ਦੇ ਵਿਚ ।
ਡੁੱਲ੍ਹੇ ਬੇਰਾਂ ਦਾ ਅਜੇ ਕੀ ਵਿਗੜਿਆ ਹੈ ?
ਬੜਾ ਮਜ਼ਾ ਹੈ ਦਿਲ ਦੀ ਸਫਾਈ ਦੇ ਵਿਚ ।
ਸੋਟਾ ਮਾਰਿਆਂ ਪਾਣੀ ਨਹੀਂ ਦੋ ਹੋਣੇ,
ਇਹ ਹਮਸਾਏ ਤਾਂ ਮਾਂ ਪਿਉ ਦੇ ਜਾਏ ਹੋਏ ਨੇ ।
ਓੜਕ ਅਸਾਂ ਤੇ ਤੁਸਾਂ ਹੀ ਕੰਮ ਔਣਾ,
ਸਾਰੇ ਹੇਜਲੇ ਯਾਰ ਪਰਤਾਏ ਹੋਏ ਨੇ ।

(6)

ਮਿੱਟੀ ਪਾ ਦਿਓ ਪਿਛਲੀਆਂ ਬੀਤੀਆਂ ਤੇ,
ਅੱਜ ਵਿਛੜੇ ਵੀਰ ਮਿਲਾ ਦਿਓ ਖਾਂ !
ਗੰਗਾ-ਜਮਨਾ ਤੇ ਦਜਲੇ-ਫਰਾਤ ਵਿੱਚੋਂ,
ਸਾਂਝੀ ਏਕੇ ਦੀ ਨਹਿਰ ਵਹਾ ਦਿਓ ਖਾਂ !
ਵਿੱਚੋਂ ਸੰਖ ਦਿਓਂ ਬਾਂਗ ਦੀ ਵਾਜ ਨਿਕਲੇ,
ਮੰਦਰ ਮਸਜਿਦ ਦੀਆਂ ਕੰਧਾਂ ਰਲਾ ਦਿਓ ਖਾਂ !
ਪੰਡਤ ਮੁੱਲਾਂ ਨੂੰ ਜੰਞੂ ਨਾਲ ਜੁੱਟ ਕਰ ਕੇ,
ਭਾਰਤ ਮਾਤਾ ਦੀ ਪੂਜਾ ਸਿਖਾ ਦਿਓ ਖਾਂ !
ਜੋ ਅਖਬਾਰ ਨੇ ਲੂਤੀਆਂ ਲੌਣ ਵਾਲੇ,
ਫੜ ਕੇ ਉਨ੍ਹਾਂ ਦੀਆਂ ਸੰਘੀਆਂ ਘੁੱਟ ਸੁੱਟੋ ।
ਪਾ ਕੇ ਜੱਫੀਆਂ 'ਚਾਤ੍ਰਿਕ' ਸਲੂਕ ਕਰ ਦਿਓ,
ਬੂਟਾ ਫੁੱਟ ਦਾ ਜੜ੍ਹਾਂ ਤੋਂ ਪੁੱਟ ਸੁੱਟੋ ।

37. ਹੋਸ਼ ਦਾ ਛਾਂਟਾ

(ਅਛੂਤ ਉਧਾਰ ਦੀ ਬਾਬਤ)
ਧਾਰਨਾ:-'ਮੈਂ ਤੁਹਿ ਆਖਿਆ ਮਾਹੀ ਕਿ ਮਾਰੂ ਦੇਸ ਨਾ ਜਾਈਂ'
ਤਾਲ-14 ਮਾਤ੍ਰਾ ਅੰਤ ਢਗਣ 13 ਮਾਤ੍ਰਾ ਅੰਤ ਡਗਣ ਕੁਲ 27 ਮਾਤ੍ਰਾ

ਉੱਚੀ ਜ਼ਾਤ ਦਾ ਹੰਕਾਰ ਕਰ ਕਰ ਆਕੜਨ ਵਾਲੇ !
ਉੱਤੋਂ ਤੂੰਬੜੀ ਦੇ ਵਾਂਗ, ਵਿਚੋਂ ਜ਼ਹਿਰ ਦੇ ਪਯਾਲੇ !
ਆ ਜਾ ਹੋਸ਼ ਕਰ ਮਗ਼ਰੂਰ ! ਪੁੱਠੇ ਛੋੜ ਦੇ ਚਾਲੇ ।
ਡੁੱਬੋਂ ਬਾਹਮਣਾ ਤੂੰ ਆਪ, ਤੇ ਜਜਮਾਨ ਭੀ ਗਾਲੇ ।1।

ਕਾਹਨੂੰ ਨਵ੍ਹਾਂ ਨਾਲੋਂ ਮਾਸ ਨੂੰ ਨਿਖੜਾਣ ਲੱਗਾ ਹੈਂ ?
ਆਪਣੀ ਮੌਤ ਦੇ ਸਮਾਨ ਬਣਾਣ ਲੱਗਾ ਹੈਂ ?
ਘੜ ਕੇ ਨਿਸ਼ਤਰਾਂ ਦਾ ਹਾਰ, ਗਲ ਵਿਚ ਪਾਣ ਲੱਗਾ ਹੈਂ ?।2।

ਕਹਿ ਕਹਿ 'ਨੀਚ' ਜਿਹੜੇ ਵੀਰ ਤੂੰ ਦੁਰਕਾਰ ਦੇਂਦਾ ਹੈਂ ।
ਜੇਕਰ ਸ਼ਰਨ ਤੇਰੀ ਔਣ, ਧੱਕੇ ਮਾਰ ਦੇਂਦਾ ਹੈਂ ।
ਝੁਕਿਆ ਸਿਰ ਉਨ੍ਹਾਂ ਦਾ ਵੇਖ, ਡਾਂਗ ਉਲਾਰ ਦੇਂਦਾ ਹੈਂ ।
ਬਾਹਵਾਂ ਅੱਡ ਕੇ ਜਦ ਆਣ ਦੂਰ ਖਲ੍ਹਾਰ ਦੇਂਦਾ ਹੈਂ ।3।

ਉਹ ਤਾਂ ਸਾਂਝੜਾ ਹਨ ਖੂਨ, ਪੂੰਜੀ ਰਾਸ ਨੀਂ ਤੇਰੇ,
ਲਾਲਾਂ ਹੀਰਿਆਂ ਦੀ ਖਾਣ ਤੇ ਅਲਮਾਸ ਨੀਂ ਤੇਰੇ,
ਤੂੰ ਹੈਂ ਫੁੱਲ ਤੇ ਉਹ ਬਾਸ, ਜੀਵਨ ਸਾਸ ਨੀਂ ਤੇਰੇ,
ਖੇਤੀ ਆਪਣੀ ਦੀ ਵਾੜ, ਮੁਖਤੀ ਦਾਸ ਨੀਂ ਤੇਰੇ ।4।

ਸੋਨਾ ਆਪ ਨੂੰ ਜੇ ਥਾਪ, ਲੋਹਾ ਉਨ੍ਹਾਂ ਨੂੰ ਮੰਨੇਂ,
ਬਣ ਕੇ ਛੈਣੀਆਂ ਤੇ ਤੀਰ, ਤੈਨੂੰ ਲਾਣਗੇ ਬੰਨੇ,
ਵੇਖੀ ਜੀਉਂਦੇ ਨੇ ਹਾਲ, ਚੌੜਾਂ ਤੇਰੀਆਂ ਵੰਨੇ,
ਆਊ ਹੋਸ਼ ਜਦ ਉਸ ਨੀਚ ਖੋਪੜ ਊਚ ਦੇ ਭੰਨੇ ।5।

ਬਾਹਵਾਂ ਭੰਨ ਕੇ ਹੇ ਮੂੜ੍ਹ ! ਧੜ ਫਿਰ ਕੀ ਬਣਾਵੀਗਾ,
ਆਪਣੇ ਖੂਨ ਨੂੰ ਨਾ ਡੋਲ੍ਹ, ਮੂਰਖ ! ਕੰਮ ਆਵੀਗਾ,
ਵੀਰਾਂ ਨਾਲ ਤਿਣਕਾ ਤੋੜ, ਝੁੱਗਾ ਚੌੜ ਜਾਵੀਗਾ ?
ਖੰਭ ਖੁਹਾਇ ਕੇ ਨਾਦਾਨ ! ਚੋਗਾ ਕੌਣ ਪਾਵੀਗਾ ?।6।

ਹੇ ਗੁਮਰਾਹ ! ਆਤਮਘਾਤ ਦੀ ਇਹ ਚਾਲ ਹੈ ਤੇਰੀ,
ਜਿਸ ਨੂੰ ਸਮਝਿਆ ਤੂੰ ਨੀਚ, ਉਹ ਤਾਂ ਢਾਲ ਹੈ ਤੇਰੀ,
ਆਕੜ, ਮਾਣ, ਸ਼ੋਭਾ, ਸ਼ਾਨ ਉਸ ਦੇ ਨਾਲ ਹੈ ਤੇਰੀ,
ਉਸ ਦੇ ਜ਼ੋਰ ਤੇ ਹੋਰ ਥਾਉਂ ਗਲਦੀ ਦਾਲ ਹੈ ਤੇਰੀ ।7।

ਤੇਰੀ ਵੇਖ ਕੇ ਕਰਤੂਤ, ਜੇ ਕਰ ਖਾਰ ਖਾ ਬੈਠਾ,
ਲਾਂਭੇ ਢਾਂਡੜੀ ਜਾ ਬਾਲ, ਕੋਈ ਰੰਗ ਲਾ ਬੈਠਾ,
ਏਹੋ ਫੁੱਲ ਬਣ ਕੇ ਖਾਰ ਜੇ ਤਲਵਾਰ ਚਾ ਬੈਠਾ,
ਉੱਜੜ ਜਾਇਗਾ ਇਹ ਬਾਗ, ਮਾਲੀ ਮੂੰਹ ਭੁਆ ਬੈਠਾ ।8।

ਨਾ ਕਰ ਜਨਮ ਦਾ ਹੰਕਾਰ, ਸ਼ੂਦਰ ਜੰਮਦੇ ਸਾਰੇ,
ਬੇੜਾ ਕਰਮ ਲਾਉਣ ਪਾਰ, ਉਸ ਕਰਤਾਰ ਦੇ ਦਵਾਰੇ,
ਬਾਹਮਣ, ਖੱਤਰੀ ਜਾਂ ਵੈਸ ਕੋਈ ਝਾਤੀ ਨਾ ਮਾਰੇ ।
ਅਮਲਾਂ ਦੇਵਣਾ ਹੈ ਸਾਥ, ਓੜਕ ਤੁਰਦੀਏ ਵਾਰੇ ।9।

ਅੜੀਆਂ ਨਾ ਕਰੀਂ ਅੜਿਆ ! ਦਵਾਈ ਹੋਸ਼ ਦੀ ਖਾ ਲੈ,
ਡਿੱਗੇ ਵੀਰ ਨੂੰ ਸਿਰ ਚੁੰਮ, ਹਿੱਕੇ ਘੁੱਟ ਕੇ ਲਾ ਲੈ,
ਗਲ ਵਿਚ ਪਾ, ਵਧੂਗੀ ਆਬ, ਮੋਤੀ ਖਿੱਲਰੇ ਚਾ ਲੈ,
ਰਤਨਾਂ ਦੀ ਅਮੁੱਲੀ ਖਾਣ, ਬਟੂਏ ਸਾਂਭ ਕੇ ਪਾ ਲੈ ।10।

ਤਾਕਤ ਦੀ ਨਦੀ ਅਸਗਾਹ, ਬੇਮੁੱਲੀ ਰੁੜ੍ਹਾਈਂ ਨਾ,
ਆਪਣੇ ਲੱਕ ਦੀ ਤਲਵਾਰ, ਗੈਰਾਂ ਨੂੰ ਫੜਾਈਂ ਨਾ,
ਆਪਣੇ ਬੱਚਿਆਂ ਦੀ ਧੌਣ, ਦੁਸ਼ਮਣ ਤੋਂ ਕਟਾਈਂ ਨਾ,
ਦੰਦੀਂ ਖੋਲ੍ਹਣੀ ਪੈ ਜਾਇ, ਐਸੀ ਗੰਢ ਪਾਈਂ ਨਾ ।11।

ਚਾਲੋਂ ਘੁੱਥਿਆ ! ਕਰ ਹੋਸ਼, ਚਰਬੀ ਅੱਖ ਤੋਂ ਲਾਹੀਂ,
ਅੱਗੇ ਮੌਤ ਦੀ ਹੈ ਗਾਰ, ਕਿਹੜੇ ਪੈ ਗਿਓਂ ਰਾਹੀਂ ?
ਜੇਕਰ ਛਲ ਗਿਆ ਵੇਲਾ, ਏ ਮੁੜ ਹੱਥ ਆਉਣਾ ਨਾਹੀਂ,
'ਚਾਤ੍ਰਿਕ' ਪਾਇੰਗਾ ਫਿਰ ਵੈਣ, ਕਰ ਕਰ ਲੰਬੀਆਂ ਬਾਹੀਂ ।12।

38. ਏਕੇ ਦੀ ਬਰਕਤ

(ਹਿੰਦੂ-ਸਿੱਖ-ਆਰਯ-ਇਤਫਾਕ ਪ੍ਰਥਾਇ)
ਸਿੱਖ ਸਨਾਤਨ ਆਰੀਏ, ਇਕ ਬਿਰਛ ਦੇ ਡਾਲ ।
ਤਾਰੇ ਇੱਕੋ ਅੱਖ ਦੇ, ਹੀਰੇ ਪੰਨੇ ਲਾਲ ।

(1)

ਉੱਚੀ ਸ਼ਾਨ ਵਾਲੇ, ਹਿੰਦੁਸਤਾਨ ਵਾਲੇ,
ਲਾ ਕੇ ਜੱਗ ਨੂੰ ਜਾਗ ਜਗਾਣ ਵਾਲੇ ।
ਵੇਦਕ ਫਲਸਫੇ ਦੀ ਗੀਤਾ ਵਾਚ ਕੇ ਤੇ,
ਧਰਮ ਕਰਮ ਦਾ ਕਰਮ ਸਮਝਾਣ ਵਾਲੇ ।
ਰਾਮ ਕ੍ਰਿਸ਼ਨ ਦਾ ਚਾੜ੍ਹ ਕੇ ਚੰਦ ਸੂਰਜ,
ਭਾਰਤ ਵਰਸ਼ ਦਾ ਅਰਸ਼ ਚਮਕਾਣ ਵਾਲੇ ।
ਅਕਲ, ਇਲਮ, ਬਹਾਦਰੀ, ਮਾਲਦਾਰੀ,
ਨੇਕੀ, ਪਰੇਮ ਦਾ ਬਾਗ ਮਹਿਕਾਣ ਵਾਲੇ ।
ਮੱਤਾਂ ਸਾਰੇ ਜਹਾਨ ਨੂੰ ਦੇਣ ਵਾਲੇ,
ਚੀਣਾ ਆਪਣਾ ਅੱਜ ਖਿਲਾਰ ਬੈਠੇ ।
ਦੇ ਕੇ ਨੇਉਤਾ ਜੱਗ ਨੂੰ ਏਕਤਾ ਦਾ,
ਕੰਧ ਆਪਣੇ ਵਿਚ ਉਸਾਰ ਬੈਠੇ ।

(2)

ਕਾਹਨੂੰ ਹੀਰਿਓ ! ਪਾਟਦੇ ਤਿੜਕਦੇ ਹੋ ?
ਏਕੇ ਜਿਹੀ ਰਸੈਨ ਤਾਂ ਕੋਈ ਭੀ ਨਹੀਂ ।
ਇੱਕ ਮੁੱਠ ਹੋ ਕੇ ਜੇਕਰ ਉੱਭਰੇ ਨਾ,
ਮਿਲਨੀ ਕਿਸੇ ਦਰਗਾਹ ਵਿਚ ਢੋਈ ਭੀ ਨਹੀਂ ।
ਚੌਂਕੇ ਚਾੜ੍ਹਨਾ ਤੁਸਾਂ ਸੰਸਾਰ ਨੂੰ ਕੀ,
ਸ਼ੁਧੀ ਆਪਣੇ ਦਿਲਾਂ ਦੀ ਹੋਈ ਭੀ ਨਹੀਂ ।
ਹਿੱਕ ਨਾਲ ਕੀ ਲਾਓਗੇ ਹੋਰਨਾਂ ਨੂੰ,
ਮਾਲਾ ਪਰੇਮ ਦੀ ਅਜੇ ਪਰੋਈ ਭੀ ਨਹੀਂ ।
ਚਾਨਣ ਜੱਗ ਨੂੰ ਦੇਣ ਤਾਂ ਨਿਕਲੇ ਹੋ,
ਦੀਵਾ ਬੂਹੇ ਤੇ ਜ਼ਰਾ ਜਗਾ ਲਿਓ ਜੇ ।
ਪਹਿਲਾਂ ਆਪਣੇ ਵੱਟ ਤਾਂ ਕਰੋ ਸਿੱਧੇ,
ਵਿੱਛੜ ਗਿਆਂ ਦੇ ਵੈਨ ਭੀ ਪਾ ਲਿਓ ਜੇ ।

(3)

ਇੱਕੋ ਦੇਸ਼ ਤੇ ਇੱਕੋ ਉਦੇਸ਼ ਸਾਡਾ,
ਇੱਕੋ ਵੇਸ ਇੱਕੋ ਰੂਪ ਰੰਗ ਸਾਡਾ ।
ਇੱਕੋ ਫਲਸਫਾ, ਇਕ ਤਹਿਜ਼ੀਬ ਸਾਡੀ,
ਮੰਜੀ ਵਾਂਗ ਉਣਿਆ ਅੰਗ ਅੰਗ ਸਾਡਾ ।
ਧੀਆਂ ਬੇਟੀਆਂ ਦੇ ਸਾਕ ਸੈਣ ਸਾਂਝੇ,
ਮਿਲਿਆਂ ਬਾਝ ਨਾ ਲੰਘਦਾ ਡੰਗ ਸਾਡਾ ।
ਸਾਡੀ ਕੁੱਖ ਸਾਂਝੀ, ਸਾਡੀ ਮੜ੍ਹੀ ਸਾਂਝੀ,
ਵਯਾਹ ਢੰਗ ਸਾਂਝਾ, ਪੜਦਾ ਲੰਗ ਸਾਡਾ ।
ਇੱਕੋ ਰੁੱਖ ਦੇ ਟਾਹਣ ਹੋ ਤੁਸੀਂ ਤਿੰਨੇ,
ਲੱਖ ਵੱਖਰਾ ਵੱਖਰਾ ਨਾਂ ਹੋਵੇ,
ਰਲ ਕੇ ਬੈਠਿਆਂ ਆਪ ਭੀ ਸੁਖੀ ਵੱਸੋ,
ਨਾਲੇ ਹੱਕ-ਹਮਸਾਏ ਨੂੰ ਛਾਂ ਹੋਵੇ ।

(4)

ਮੂੰਹੋਂ ਕੌੜੀਆਂ ਫਿੱਕੀਆਂ ਕੱਢ ਕੇ ਤੇ,
ਕਾਹਨੂੰ ਨਵ੍ਹਾਂ ਤੋਂ ਮਾਸ ਨਖੇੜਦੇ ਹੋ ?
ਦੱਬੇ ਹੋਏ ਮੁਰਦਾਰ ਉਖੇੜ ਕਾਹਨੂੰ,
ਹੱਥ ਲਹੂ ਦੇ ਨਾਲ ਲਬੇੜਦੇ ਹੋ ?
ਰਾਈ ਲੱਭ ਪਹਾੜ ਬਣਾ ਸੁੱਟੋ,
ਕਿਉਂ ਨਕਾਰੀਆਂ ਰਿੱਕਤਾਂ ਛੇੜਦੇ ਹੋ ?
ਇਹ ਜਮਾਤ ਹੁੰਦੀ ਕਰਾਮਾਤ ਭਾਰੀ,
ਤੋਪੇ ਪ੍ਰੇਮ ਦੇ ਕਾਹਨੂੰ ਉਧੇੜਦੇ ਹੋ ?
ਆਓ ਇੱਕ ਝੰਡੇ ਹੇਠ ਜਮ੍ਹਾ ਹੋ ਕੇ,
ਬੂਟਾ ਫੁੱਟ ਦਾ ਜੜ੍ਹਾਂ ਤੋਂ ਪੱਟ ਲਈਏ,
ਸਾਂਝਾ 'ਚਾਤ੍ਰਿਕ' ਜ਼ੋਰ ਲਗਾਇ ਕੇ ਤੇ,
ਹਿੰਦੁਸਤਾਨ ਦੀਆਂ ਬੇੜੀਆਂ ਕੱਟ ਲਈਏ ।

39. ਨਵਾਂ ਸ਼ਿਵਾਲਾ

(ਸਰ ਇਕਬਾਲ ਦੀ ਉਰਦੂ ਕਵਿਤਾ ਦਾ ਅਨੁਵਾਦ)

ਸਚ ਕਹਿ ਦਿਆਂ ਹੇ ਪੰਡਤ ! ਜੇ ਤੂੰ ਬੁਰਾ ਨ ਜਾਣੇਂ,
ਮੰਦਰ ਤੇਰੇ ਦੇ ਠਾਕੁਰ ਹੁਣ ਹੋ ਗਏ ਪੁਰਾਣੇ ।

ਵੀਰਾਂ ਦੇ ਨਾਲ ਲੜਨਾ, ਤੈਨੂੰ ਇਨ੍ਹਾਂ ਸਿਖਾਇਆ,
ਮੂੰਹ ਪ੍ਰੇਮ ਤੋਂ ਫਿਰਾਇਆ, ਇਸ ਤੇਰੇ ਦੇਵਤਾ ਨੇ ।

ਮੈਂ ਅੰਤ ਤੰਗ ਆ ਕੇ, ਮੰਦਰ ਮਸੀਤ ਛੱਡੇ,
ਮੁੱਲਾਂ ਦੇ ਵਾਜ਼ ਭੁੱਲੇ, ਵਿਸਰੇ ਤੇਰੇ ਫ਼ਸਾਨੇ ।

ਕੁਝ ਫ਼ਿਕਰ ਫ਼ੁੱਟ ਦਾ ਕਰ, ਮਾਲੀ ਹੈਂ ਬਾਗ਼ ਦਾ ਤੂੰ,
ਬੂਟੇ ਉਜਾੜ ਦਿਤੇ ਇਸ ਵਿਹੁ ਭਰੀ ਹਵਾ ਨੇ ।

ਪੱਥਰ ਦੀ ਮੂਰਤਾਂ ਵਿਚ ਤੂੰ ਰੱਬ ਸਮਝਿਆ ਹੈ,
ਮੈਨੂੰ ਵਤਨ ਦੀ ਮਿੱਟੀ ਵਿਚ ਹਾਪਦਾ ਖ਼ੁਦਾ ਹੈ ।

ਆ ਮਿਲ ਕੇ ਈਰਖਾ ਦੀ, ਜੜ ਮੂਲ ਨੂੰ ਉਠਾਈਏ,
ਵਿਛੜੇ ਭਰਾ ਮਿਲਾ ਕੇ, ਦੂਈ ਦਿਲੋਂ ਹਟਾਈਏ ।

ਸੁੰਞੀ ਪਈ ਹੋਈ ਹੈ, ਜੁੱਗਾਂ ਤੋਂ ਦਿਲ ਦੀ ਬਸਤੀ,
ਆ ਇਕ ਨਵਾਂ ਸ਼ਿਵਾਲਾ ਇਸ ਦੇਸ਼ ਵਿਚ ਬਣਾਈਏ ।

ਦੁਨੀਆਂ ਦੇ ਤੀਰਥਾਂ ਤੋਂ ਉੱਚਾ ਹੋਵੇ ਇਹ ਤੀਰਥ,
ਆਕਾਸ਼ ਦੀ ਉਚਾਈ ਪਰ ਕਲਸ਼ ਨੂੰ ਪੁਚਾਈਏ ।

ਫਿਰ ਇਕ ਅਤੀ ਅਨੁਪਮ ਸੋਨੇ ਦੀ ਮੂਰਤੀ ਹੋ,
ਇਸ ਹਰ-ਦੁਆਰ ਮਨ ਵਿਚ, ਜਿਸ ਨੂੰ ਲਿਆ ਬਿਠਾਈਏ ।

ਸੁੰਦਰ ਹੋ ਉਸ ਦੀ ਸੂਰਤ, ਮੋਹਨਿ ਹੋ ਉਸ ਦੀ ਮੂਰਤ,
ਉਸ ਦੇਵਤਾ ਦੇ ਪਾਸੋਂ ਮਨ ਦੀ ਮੁਰਾਦ ਪਾਈਏ ।

ਗਲ ਵਿਚ ਹੋਵੇ ਜਨੇਊ, ਅੋਰ ਹੱਥ ਵਚ ਹੋ ਤਸਬੀ,
ਨਿਰਗੁਣ ਦੇ ਮੰਦਰਾਂ ਵਿਚ, ਸਰਗੁਣ ਨੂੰ ਭੀ ਧਿਆਈਏ ।

ਦਿਲ ਚੀਰ ਕੇ ਕਰਾਈਏ, ਦਰਸ਼ਨ ਸਭਸ ਨੂੰ ਉਸਦਾ,
ਹਰ ਆਤਮਾ ਦੇ ਅੰਦਰ ਜਵਾਲਾ ਜਿਹੀ ਜਗਾਈਏ ।

ਅੱਖਾਂ ਦੀ ਗੰਗਧਾਰਾ ਵਿਚੋਂ ਵਹਾ ਕੇ ਪਾਣੀ,
ਇਸ ਦੇਵਤਾ ਦੇ ਧੋ ਧੋ ਕੇ ਚਰਨ ਠੰਢ ਪਾਈਏ ।

ਮਸਤਕ ਉਹਦੇ ਤੇ 'ਭਾਰਤ' ਦਾ ਨਾਂ ਅੰਕ ਦੇਈਏ,
ਭੁੱਲੇ ਹੋਏ ਤਰਾਨੇ ਦੁਨੀਆਂ ਨੂੰ ਫਿਰ ਸੁਣਾਈਏ ।

ਪਰਭਾਤ ਉਠ ਕੇ ਗਾਈਏ ਮੰਤਰ ਓ ਮਿੱਠੇ ਮਿੱਠੇ,
ਸਾਰੇ ਪੁਜਾਰੀਆਂ ਨੂੰ ਮਦ ਪਰੇਮ ਦੀ ਪਿਆਈਏ ।

ਮੰਦਰ ਦੇ ਵਿਚ ਹੋਵੇ ਭਗਤਾਂ ਨੂੰ ਜਦ ਬੁਲਾਣਾ,
ਆਵਾਜ਼ ਬਾਂਗ ਦੀ ਨੂੰ ਫਿਰ ਸੰਖ ਦੇ ਵਜਾਈਏ ।

ਨਿਰਗੁਣ ਜੋ ਹੈ ਓਹ ਜਵਾਲਾ ਕਹਿੰਦੇ ਨੇ ਪ੍ਰੀਤ ਜਿਸ ਨੂੰ,
ਧਰਮਾਂ ਦੇ ਇਹ ਬਖੇੜੇ, ਉਸ ਅਗਨ ਵਿਚ ਜਲਾਈਏ ।

ਹੈ ਰੀਤ ਪਰੇਮੀਆਂ ਦੀ, ਤਨ ਮਨ ਨਿਸ਼ਾਰ ਕਰਨਾ,
ਰੋਣਾ, ਪੁਕਾਰ ਕਰਨਾ, ਉਨ੍ਹਾਂ ਨੂੰ ਪਿਆਰ ਕਰਨਾ ।

40. ਪੰਜਾਬ

(1)

ਬਣਤਰ

ਪੰਜਾਬ ! ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ,
ਜਲ-ਪੌਣ ਤੇਰਾ, ਹਰਿਔਲ ਤੇਰੀ, ਦਰਯਾ, ਪਰਬਤ, ਮੈਦਾਨ ਤੇਰੇ ।

ਭਾਰਤ ਦੇ ਸਿਰ ਤੇ ਛਤ੍ਰ ਤੇਰਾ, ਤੇਰੇ ਸਿਰ ਛੱਤਰ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜਵਾਲਾ ਦਾ ।

ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,
ਪਿਛਵਾੜੇ ਬੰਦ ਚਿਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ।

ਅਰਸ਼ੀ ਬਰਕਤ ਰੂੰ ਵਾਂਗ ਉੱਤਰ, ਚਾਂਦੀ ਢੇਰ ਲਗਾਂਦੀ ਹੈ,
ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ।

(2)

ਬਰਕਤਾਂ

ਸਿਰ ਸਾਇਬਾਨ ਹੈ ਅੰਬਾਂ ਦਾ, ਮਸਲੰਦ ਮਖਮਲੀ ਘਾਵਾਂ ਦੀ,
ਚੱਪੇ ਚੱਪੇ ਤੇ ਫੈਲ ਰਹੀ, ਦੌਲਤ ਤੇਰਿਆਂ ਦਰਯਾਵਾਂ ਦੀ ।

ਘਰ ਤੇਰੇ ਗਊਆਂ ਮਹੀਆਂ ਨੇ, ਦੁਧ ਘਿਉ ਦੀ ਲਹਿਰ ਲਗਾਈ ਹੈ,
ਬਾਹਰ ਬਲਦਾਂ ਦੀਆਂ ਜੋਗਾਂ ਨੇ, ਖਲਕਤ ਦੀ ਅੱਗ ਬੁਝਾਈ ਹੈ ।

ਰੌਣਕ ਤੇਰੀ ਦੀਆਂ ਰਿਸ਼ਮਾਂ ਨੇ, ਜ਼ੱਰਾ ਜ਼ੱਰਾ ਚਮਕਾਇਆ ਹੈ,
ਯੂਰਪ ਅਮਰੀਕਾ ਭੁੱਲ ਗਿਆ, ਜਿਨ ਤੇਰਾ ਦਰਸ਼ਨ ਪਾਇਆ ਹੈ ।

ਸ਼ਿਮਲਾ, ਡਲਹੌਜੀ, ਮਰੀ ਤਿਰੇ, ਕਸ਼ਮੀਰ ਤਿਰਾ, ਗੁਲਮਰਗ ਤਿਰਾ,
ਦਿਲੀ ਤੇਰੀ, ਲਾਹੌਰ ਤਿਰਾ, ਅੰਮ੍ਰਿਤਸਰ ਸੋਹੇ ਸਵਰਗ ਤਿਰਾ ।

(3)

ਸਖਾਵਤ

ਕਿਸ ਦਿਲ ਵਿਚ ਤੂੰ ਆਬਾਦ ਨਹੀਂ, ਕਿਸ ਰਣ ਵਿਚ ਨਹੀਂ ਨਿਸ਼ਾਨ ਤਿਰਾ ?
ਕਿਸ ਮੂੰਹ ਵਿਚ ਤਿਰਾ ਅੰਨ ਨਹੀਂ, ਕਿਸ ਸਿਰ ਤੇ ਨਹੀਂ ਅਹਿਸਾਨ ਤਿਰਾ ?

ਕਿਸ ਕਿਸ ਦੀ ਰਾਲ ਨਾ ਟਪਕੀ ਹੈ, ਸ਼ੌਕਤ ਤੇ ਰਹਿਮਤ ਤੇਰੀ ਤੇ ?
ਲੱਖਾਂ ਮਖੀਰ ਪਏ ਪਲਦੇ ਨੇ, ਤੇਰਿਆਂ ਫੁੱਲਾਂ ਦੀ ਢੇਰੀ ਤੇ ।

ਤੂੰ ਤਖਤ ਤਾਊਸ ਕਰੋੜਾਂ ਦਾ, ਸਿਰ ਦਾ ਸਦਕਾ ਮਣਸਾ ਦਿੱਤਾ ।
'ਕੋਹ-ਨੂਰ' ਤਲੀ ਤੇ ਧਰਕੇ ਤੂੰ, ਦਿਲ ਆਪਣਾ ਚੀਰ ਵਿਖਾ ਦਿੱਤਾ ।

ਹਰ ਮੁਸ਼ਕਲ ਵੇਲੇ ਤੇਰੇ ਤੇ ਉਠਦੀ ਹੈ ਨਿਗਾਹ ਜ਼ਮਾਨੇ ਦੀ,
ਸਿਰ ਝੂਮ ਰਿਹਾ ਹੈ ਮਸਤੀ ਦਾ, ਪੀ ਪੀ ਤੇਰੇ ਮੈਖਾਨੇ ਦੀ ।

(4)

ਇਤਿਹਾਸਕ ਸ਼ਾਨ

ਤੇਰੀ ਤਹਿਜ਼ੀਬ ਕਦੀਮੀ ਹੈ, ਇਕਬਾਲ ਤਿਰਾ ਲਾਸਾਨੀ ਹੈ ।
'ਤਕਸਿਲਾ' ਤਿਰੇ ਇਤਿਹਾਸਾਂ ਦੀ ਇਕ ਧੁੰਦਲੀ ਜਿਹੀ ਨਿਸ਼ਾਨੀ ਹੈ ।

ਕੁਦਰਤ ਪੰਘੂੜਾ ਘੜਿਆ ਸੀ ਤੈਨੂੰ, ਰਿਸ਼ੀਆਂ ਅਵਤਾਰਾਂ ਦਾ ।
ਸੂਫ਼ੀਆਂ, ਸ਼ਹੀਦਾਂ, ਭਗਤਾਂ ਦਾ, ਬਲਬੀਰਾਂ, ਸਤੀਆਂ ਨਾਰਾਂ ਦਾ ।

ਸਚਿਆਈਓਂ ਸਦਕਾ ਲੈਣ ਲਈ, ਜਦ ਬੋਲਿਆ ਮਾਰੂ ਨਾਦ ਕੋਈ,
ਤਦ ਨਕਲ ਪਿਆ ਤਬਰੇਜ਼ ਕੋਈ, ਪੂਰਨ ਕੋਈ, ਪ੍ਰਹਿਲਾਦ ਕੋਈ ।

ਲਵ-ਕੁਸ਼ ਦੇ ਤੀਰ ਰਹੇ ਵਰ੍ਹਦੇ, ਮਹਾਭਾਰਤ ਦੇ ਘਮਸਾਨ ਰਹੇ,
ਗੁਰੂ ਅਰਜਨ ਤੇਗ ਬਹਾਦੁਰ ਜਹੇ ਤੇਰੇ ਤੋਂ ਦੇਂਦੇ ਜਾਨ ਰਹੇ ।

ਬਾਬਾ ਨਾਨਕ, ਬਾਬਾ ਫ਼ਰੀਦ, ਅਪਣੀ ਛਾਤੀ ਤੇ ਪਾਲੇ ਤੂੰ ,
ਦੁਨੀਆਂ ਨੂੰ ਚਾਨਣ ਦੇਣ ਲਈ, ਕਈ ਰੋਸ਼ਨ ਦੀਵੇ ਬਾਲੇ ਤੂੰ ।

(5)

ਸਾਹਸ (ਜਿਗਰਾ)

ਸਿਦਕਾਂ ਵਿਚ ਤੇਰੀ ਇਸ਼ਕ-ਲਹਿਰ ਕੀ ਕੀ ਤਾਰੀ ਤਰਦੀ ਨ ਰਹੀ ?
ਰਾਂਝਾ ਕੰਨ ਪੜਵਾਂਦਾ ਨ ਰਿਹਾ, ਸੋਹਣੀ ਡੁਬ ਡੁਬ ਮਰਦੀ ਨਾ ਰਹੀ ?

ਝੱਖੜ ਬੇਅੰਤ ਤੇਰੇ ਸਿਰ ਤੇ ਆ ਆ ਕੇ ਮਿਟ ਮਿਟ ਜਾਂਦੇ ਰਹੇ,
ਫ਼ਰਜ਼ੰਦ ਤਿਰੇ ਚੜ੍ਹ ਚੜ੍ਹ ਚਰਖੀਂ ਆਕਾਸ਼ ਤੇਰਾ ਚਮਕਾਂਦੇ ਰਹੇ ।

ਜਾਗੇ ਕਈ ਦੇਸ਼ ਜਗਾਣ ਲਈ, ਸੁੱਤੇ ਸੌਂ ਗਏ ਸੁਲਤਾਨ ਕਈ,
ਸਿਰ ਤਲੀ ਧਰੀ ਖੰਡਾ ਵਾਂਹਦੇ, ਹੀਰੇ ਹੋ ਗਏ ਕੁਰਬਾਨ ਕਈ ।

ਤੂੰ ਸੈਦ ਭੀ ਹੈਂ, ਸੱਯਾਦ ਭੀ ਹੈਂ, ਸ਼ੀਰੀਂ ਭੀ ਹੈਂ, ਫ਼ਰਿਹਾਦ ਭੀ ਹੈਂ,
ਢਲ ਜਾਣ ਲਈ ਤੂੰ ਮੋਮ ਭੀ ਹੈਂ ਪਰ ਲੋੜ ਪਿਆਂ ਫੌਲਾਦ ਭੀ ਹੈਂ ।

ਤੂੰ ਆਜ਼ਾਦੀ ਦਾ ਆਗੂ ਹੈਂ, ਤੂੰ ਕੁਰਬਾਨੀ ਦਾ ਬਾਨੀ ਹੈਂ ।
ਹਰ ਔਕੜ ਪਿਆਂ, ਭਰਾਵਾਂ ਦੀ, ਤੂੰਹੇਂ ਕਰਦਾ ਅਗ਼ਵਾਨੀ ਹੈਂ ।

(6)

ਸੁਭਾਉ

ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ ਨਾ ਗਰਮੀ ਹੈ ਨਾ ਪਾਲਾ ਹੈ,
ਨਾ ਬਾਹਰ ਕੋਈ ਦਿਖਲਾਵਾ ਹੈ, ਨਾ ਅੰਦਰ ਕਾਲਾ ਕਾਲਾ ਹੈ ।

ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ,
ਹਿੱਕਾਂ ਵਿਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ ਗਿੱਠ ਲਾਲੀ ਹੈ ।

ਕਿਆ ਚੂੜੇ ਬੀੜੇ ਫ਼ਬਦੇ ਨੇ, ਜੋਬਨ-ਮੱਤੀਆਂ ਮੁਟਿਆਰਾਂ ਦੇ,
ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉੱਠਣ ਘੁਮਕਾਰਾਂ ਦੇ ।

ਕੋਈ ਤੁੰਬਦੀ ਹੈ ਕੋਈ ਕਤਦੀ ਹੈ, ਕੋਈ ਪੀਂਹਦੀ ਹੈ ਕੋਈ ਛੜਦੀ ਹੈ,
ਕੋਈ ਸੀਉਂਦੀ ਕੋਈ ਪਰੋਂਦੀ ਹੈ, ਕੋਈ ਵੇਲਾਂ ਬੂਟੇ ਕਢਦੀ ਹੈ ।

ਪਿਪਲਾਂ ਦੀ ਛਾਵੇਂ ਪੀਂਘਾਂ ਨੂੰ ਕੁਦ ਕੁਦ ਮਸਤੀ ਚੜ੍ਹਦੀ ਹੈ,
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛਡਦੀ ਹੈ ਇਕ ਫੜਦੀ ਹੈ ।

ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ,
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ ।

ਵੰਝਲੀ ਵਹਿਣਾ ਵਿਚ ਰੁੜ੍ਹਦੀ ਹੈ, ਜਦ ਤੂੰਬਾ ਸਿਰ ਧੁਣਿਆਂਦਾ ਹੈ,
ਮਿਰਜ਼ਾ ਪਿਆ ਕੂਕਾਂ ਛਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ ।

ਖੂਹਾਂ ਤੇ ਟਿਚ ਟਿਚ ਹੁੰਦੀ ਹੈ, ਖੇਤਾਂ ਵਿਚ ਹਲ ਪਏ ਧਸਦੇ ਨੇ,
ਭੱਤੇ ਛਾਹ ਵੇਲੇ ਢੁਕਦੇ ਨੇ, ਹਾਲੀ ਤੱਕ ਤੱਕ ਕੇ ਹਸਦੇ ਨੇ ।

ਤੇਰੀ ਮਾਖਿਓਂ ਮਿੱਠੀ ਬੋਲੀ ਦੀ, ਜੀ ਕਰਦਿਆਂ ਸਿਫ਼ਤ ਨ ਰਜਦਾ ਹੈ,
ਉਰਦੂ ਹਿੰਦੀ ਦਿਆਂ ਸਾਜ਼ਾਂ ਵਿਚ, ਸੁਰ-ਤਾਲ ਤੇਰਾ ਹੀ ਵਜਦਾ ਹੈ ।

(7)

ਸੱਧਰ

ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ,
ਮਸਜਿਦ, ਮੰਦਰ, ਦਰਬਾਰ ਤਿਰਾ, ਮੀਆਂ, ਲਾਲਾ, ਸਰਦਾਰ ਤਿਰਾ ।

ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ,
ਤੇਰੀ ਮਿੱਟੀ ਦਾ ਕੁੱਲਾ ਭੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ।

ਤੇਰੇ ਜ਼ੱਰੇ ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵਸਦੀ ਹੈ,
ਤੇਰੀ ਗੋਦੀ ਵਿਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨਸਦੀ ਹੈ ।

ਦਰਗ਼ਾਹੀ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ,
ਪਰ ਤੇਰੇ ਬੂਹਿਓਂ ਹਿੱਲਣ ਨੂੰ, 'ਚਾਤ੍ਰਿਕ' ਦਾ ਜੀ ਨਹੀਂ ਕਰਦਾ ਹੈ ।

41. ਅੰਮ੍ਰਿਤਸਰ, ਸਿਫਤੀਂ ਦਾ ਘਰ

ਧਰਤੀਏ ਧਰਮੱਗ ਅੰਮ੍ਰਿਤਸਰ ਦੀਏ !
ਪੁੰਨ-ਪੁਸ਼ਪਾਂ ਨਾਲ ਲਹਿ ਲਹਿ ਕਰਦੀਏ !

ਪ੍ਰੇਮ-ਰਸ ਦੀ ਟਹਿਕਦੀ ਫੁਲਵਾੜੀਏ !
ਸੱਚ ਦੀ ਦਰਗਾਹ ਅਰਸ਼ੀਂ ਚਾੜ੍ਹੀਏ !

ਹੱਡ-ਬੀਤੀ ਆਪਣੀ ਕੁਝ ਦੱਸ ਖਾਂ,
ਚਮਕਿਆ ਅਕਾਸ਼ ਤੇਰਾ ਕਿਸ ਤਰ੍ਹਾਂ ?

ਕਿਸ ਗੁਣੋਂ ਕਰਤਾਰ ਤਖਤ ਬਹਾਈਓਂ ?
ਸੁਰਗ ਦੁਨੀਆਂ ਤੇ ਕਿਵੇਂ ਲੈ ਆਈਓਂ ?

ਨੂਰ ਕਿਹੜੇ ਸ਼ਾਨ ਚਮਕਾਈ ਤਿਰੀ ?
ਹੈ ਕਿਦ੍ਹੇ ਤਪ ਦੀ ਏ ਰੁਸ਼ਨਾਈ ਤਿਰੀ ?

ਗੁਪਤ ਹੈ ਗੰਭੀਰਤਾ ਕਿਸ ਰਾਜ਼ ਵਿਚ,
ਗੂੰਜਦੀ ਹੈ ਸੁਰ ਕਿਦ੍ਹੀ ਇਸ ਸਾਜ਼ ਵਿਚ ?

ਕਿਸ ਅਕਾਸ਼ੋਂ ਉੱਤਰੀ ਮਿੱਟੀ ਤਿਰੀ ?
ਚਮਕ ਜਿਸ ਦੇ ਜ਼ੱਰੇ ਜ਼ੱਰੇ ਵਿਚ ਭਰੀ ।

ਆਦਿ-ਕਵਿ ਸ਼ਾਯਦ ਬਣਾ ਇਤਿਹਾਸ ਰਾਮ,
ਕਰ ਛਡੀ ਪਾਵਨ ਤੇਰੀ ਦੇਹੀ ਤਮਾਮ ।

ਜੂਹਾਂ ਤਿਰੀਆਂ ਜਾਨਕੀ ਮਹਿਕਾਈਆਂ ?
ਲਵ ਕੁਸ਼ੂ ਖਬਰੇ ਬਹਾਰਾਂ ਲਾਈਆਂ ।

ਵਾਚਦੇ ਮੁਨਿਵਰ ਰਹੇ ਵੇਦਕ ਰਿਚਾਂ,
ਜੱਗ ਹੋਮਾਂ ਦੀ ਸੁਗੰਧੀ ਨਾਲ ਜਾਂ ।

ਖਿੜ ਉਠੀ ਤੇਰੀ ਬਗੀਚੀ ਪਿਆਰ ਦੀ,
ਖਿੱਲਰੀ ਸ਼ੋਭਾ ਤਿਰੀ ਮਹਿਕਾਰ ਦੀ ।

ਹੋ ਗਿਆ ਪਾਣੀ ਤਿਰਾ ਅੰਮ੍ਰਿਤ ਸਮਾਨ,
ਕਾਉਂ ਗੋਤਾ ਮਾਰ ਕੇ ਹੋ ਬਣ ਹੰਸ ਜਾਨ ।

ਛੱਪੜੀ ਦੁਖਭੰਜਨੀ ਹਈ ਤਿਰੀ,
ਕੁਸ਼ਟੀਆਂ ਦੀ ਦੇਹ ਕੁੰਦਨ ਹੋ ਗਈ ।

ਪੈ ਗਿਆ ਜਲਵਾ ਤਿਰੇ ਤੇ ਨੂਰ ਦਾ,
ਨੀਮ ਹੋਇਆ ਮਰਤਬਾ ਕੋਹ ਤੂਰ ਦਾ ।

ਜਾਚ ਕੇ ਪ੍ਰਭੁਤਾ ਤਿਰੀ ਗੁਰੂ ਰਾਮਦਾਸ,
ਅੱਖ ਦੇ ਵਿਚ ਬਖਸ਼ਆਿ ਤੈਨੂੰ ਨਿਵਾਸ ।

ਮੁੰਦਰੀ ਪੰਜਾਬ ਦੀ ਕੁਦਰਤ ਘੜੀ,
ਤੂੰ ਨਗੀਨੇ ਵਤ ਗਈ ਉਸ ਤੇ ਜੜੀ ।

ਕਾਰ ਇਹ ਅਰਜਨ ਗੁਰੂ ਸਿਰ ਧਰ ਲਈ,
ਭਾਲ ਅੰਮ੍ਰਿਤ ਕੁੰਡ ਦੀ ਫਿਰ ਕਰ ਲਈ ।

ਲੱਭਿਆ ਸੰਤੋਖ ਦਾ ਭਾਂਡਾ ਕਿਤੇ,
ਅਰਸ਼ ਤੋਂ ਬੈਕੁੰਠ ਲੈ ਆਂਦਾ ਕਿਤੇ ।

ਤੇਰੇ ਸਰ ਵਿਚ ਹੋਇਆ ਹਰਿਮੰਦਰ ਤਿਆਰ,
ਅਨਹਦੀ ਝੁਨਕਾਰ ਦੀ ਖੜਕੀ ਸਿਤਾਰ ।

ਖਿੰਡੀਆਂ ਚੌਤਰਫ ਰਿਸ਼ਮਾਂ ਤੇਰੀਆਂ,
ਤੀਰਥਾਂ ਦੇ ਤੇਜ ਲਈਆਂ ਫੇਰੀਆਂ ।

ਭੌਣ ਪਰਸੇ ਆ ਤਿਰੇ ਦਰਬਾਰ ਤੇ,
ਹੋ ਗਈ ਮਸ਼ਹੂਰ ਤੂੰ ਸੰਸਾਰ ਤੇ ।

ਫੇਰ ਗੋਸ਼ਾ ਮੱਲਿਆ ਜਾ ਰਾਮਸਰ,
ਅਨੁਭਵੀ ਅਰਸ਼ੋਂ ਉਤਰਿਆ ਨਾਮ-ਸਰ ।

ਭਜਨ ਭਗਤੀ ਦਾ ਤਰਾਨਾ ਛੇੜਿਆ,
ਪਰੇਮ ਸੇਵਾ ਦਾ ਬਗੀਚਾ ਖੇੜਿਆ ।

ਸ਼ਾਤਿਰਸ ਛਟਕਾਰ, ਗਲੀਆਂ ਰੰਗੀਆਂ,
ਸੱਚ ਤੋਂ ਕੁਰਬਾਨੀਆਂ ਫਿਰ ਮੰਗੀਆਂ ।

ਝੱਲ ਕੇ ਆਪਣੇ ਤੇ ਅਤਯਾਚਾਰ ਨੂੰ,
*ਪਰੇਮ-ਖੇਲ* ਸਿਖਾ ਗਏ ਸੰਸਾਰ ਨੂੰ ।

ਸਿੰਜੀਆਂ ਪਾਵਨ ਲਹੂ ਜਦ ਕਯਾਰੀਆਂ,
ਮੀਰੀਆਂ ਦੀ ਤੇਗ ਚਮਕਾਂ ਮਾਰੀਆਂ ।

ਯੋਗ ਨੇ ਜਦ ਰਾਜ ਨਾਲ ਮਿਲਾਈ ਸ਼ਾਨ,
ਫੜ ਲਏ ਤੂੰ ਹੱਥ ਵਿਚ ਦੋਵੇਂ ਨਿਸ਼ਾਨ ।

ਤਖਤ ਛੇਵੇਂ ਗੁਰੂ ਰਚ ਕੇ ਅਕਾਲ,
ਸਿਮਰਨਾ ਤੇ ਖੜਗ ਬੱਧੇ ਨਾਲ ਨਾਲ ।

ਕਰ ਗਿਆ ਬਾਬਾ ਅਟੱਲ ਮੀਨਾਰ ਨੂੰ,
ਬਾਲਪਨ ਵਿਚ ਪਰਖ ਕੇ ਬਲਕਾਰ ਨੂੰ ।

ਤੂੰ ਬਣੀ ਬੀਰਾਂ ਸ਼ਹੀਦਾਂ ਦਾ ਥੜਾ,
ਸੱਚ ਦੇ ਪਰਵਾਨਿਆਂ ਵਿਚ ਜਿੰਦ ਪਾ ।

ਬੰਦ ਬੰਦ ਕਟਵਾਣ ਵਾਲੇ ਆ ਗਏ,
ਚੜ੍ਹ ਕੇ ਚਰਖੀਂ ਚਰਖ ਨੂੰ ਚੁੰਧਿਆ ਗਏ ।

ਭੜਥਾ ਹੋਏ ਕੇਈ ਸਿਦਕੀ, ਅੱਗ ਤੇ,
ਕੇਈ ਸੂਲਾਂ ਰਾਹ ਅਰਸ਼ੀਂ ਜਾ ਟਿਕੇ ।

ਸੱਚ ਤੇ ਕੇਈ ਚੜ੍ਹਾਵ ਚੜ੍ਹ ਗਏ,
ਸੀਸ ਤਲੀਆਂ ਤੇ ਟਿਕਾਈ ਲੜ ਗਏ ।

ਜਲ ਤੇਰੇ ਨੇ ਮੌਤ ਦਾ ਮੂੰਹ ਮੋੜਿਆ,
ਬੰਦਸ਼ਾਂ ਦੇ ਮੋਰਚੇ ਨੂੰ ਤੋੜਿਆ ।

ਰਾਤ ਨੂੰ ਆ ਆ ਕੇ ਕੋਈ ਨ੍ਹਾ ਗਿਆ,
ਧੌਣ ਮੱਸੇ ਦੀ ਕੋਈ ਝਟਕਾ ਗਿਆ ।

ਸੱਚ ਦੇ ਸ਼ੈਦਾਈਆਂ ਦੀਆਂ ਟੋਲੀਆਂ,
ਖੇਡੀਆਂ ਆ ਆ ਕੇ ਲਹੂ ਵਿਚ ਹੋਲੀਆਂ ।

ਦੋ ਦੋ ਵਾਰੀ ਤਾਲ ਤੇਰਾ ਪੁਰ ਚੁਕਾ,
ਫੇਰ ਦੂਣੀ ਸ਼ਾਨ ਲੈ ਲੈ ਬਣ ਗਿਆ ।

ਪ੍ਰੇਮ ਦੇ ਹੜ੍ਹ ਰੋੜ੍ਹ ਮਿੱਟੀ ਲੈ ਗਏ,
ਜ਼ੁਲਮ ਨੂੰ ਭੁਗਤਾਨ ਕਰਨੇ ਪੈ ਗਏ ।

ਭਗਤਿ ਦੇ ਇਤਿਹਾਸ ਦਾ ਤੂੰ ਵਰਕ ਹੈਂ,
ਪਰ ਲਹੂ ਦੇ ਦਫਤਰਾਂ ਵਿਚ ਗ਼ਰਕ ਹੈਂ ।

ਪ੍ਰੇਮ ਜਾਨਾਂ ਖੇਡੀਆਂ ਉਪਕਾਰ ਤੇ,
ਪਰ ਦੁਧਾਰੀ ਸੱਚ ਦੀ ਤਲਵਾਰ ਤੇ ।

ਇਸ ਗਏ ਗੁਜ਼ਰੇ ਜ਼ਮਾਨੇ ਵਿਚ ਭੀ,
ਸ਼ਾਨ ਤੇਰੀ ਹਰ ਜਗਹ ਉੱਚੀ ਰਹੀ ।

ਚਮਕਦਾ ਸੀਨੇ ਤੇਰੇ ਦਾ ਦਾਗ ਹੈ,
ਜਲ ਰਿਹਾ ਜਲਿਆਨ ਵਾਲਾ ਬਾਗ ਹੈ ।

ਰੱਤ ਡੁਲ੍ਹੀ ਜਿੱਥੇ ਰੰਗਾ ਰੰਗ ਦੀ,
ਖਿਲ ਗਈ ਹੋਲੀ ਨਿਹੱਥੇ ਜੰਗ ਦੀ ।

ਗੱਡਾਂ ਸਿਰ ਤੇਰੇ ਤੋਂ ਕੇਈ ਲੰਘੀਆਂ,
ਲੇਖ ਲਿਖ ਲਿਖ ਕਾਨੀਆਂ ਭੀ ਹੰਭੀਆਂ ।

ਹੋਰ ਕੀ ਮਾਲੂਮ ਹੋ ਕੇ ਰਹਿਣੀਆਂ,
ਲਿਖਣੀਆਂ ਇਤਿਹਾਸ ਦੇ ਵਿਚ ਪੈਣੀਆਂ ।

ਬਹੁਤ ਬੀਤੀ ਰਹਿ ਗਈ ਥੋੜੀ ਜਿਹੀ,
ਸੁਖਸੁਖੀਂ ਬੀਤ ਜਾਇ ਜੇ ਇਹ ਜਿੰਦਗੀ ।

ਗੋਦ ਤੇਰੀ ਵਿਚ ਸਮਾਈ ਜੇ ਮਿਲੇ,
ਜ਼ੱਰਾ ਤੇਰੀ ਖਾਕ ਦੇ ਵਿਚ ਜਾ ਰਲੇ ।

ਦਮ ਮਿਲੇ ਦੇਣਾ ਜੇ ਤੇਰੇ ਦੁਆਰ ਤੇ,
ਜੀ ਕੇ ਕੀ ਲੈਣਾ ਹੈ ਫਿਰ ਸੰਸਾਰ ਤੇ ?

ਜ਼ੌਕ ਗਲੀਆਂ ਮੱਲੀਆਂ ਦਿੱਲੀ ਦੀਆਂ,
ਮੈਂ ਨ ਡਿੱਠਾ ਹੋਰ ਕੁਝ ਤੇਰੇ ਬਿਨਾਂ ।

ਅੱਖਾਂ ਵਿਚਦੀ ਛਾਣਿਆਂ ਹਿੰਦੋਸਤਾਨ,
ਸ਼ਾਨ ਪਰ ਤੇਰੀ ਨ ਦਿੱਸੀ ਹੋਰ ਥਾਨ ।

ਚਿੱਤ ਨੂੰ ਕੁਝ ਕੁਝ ਜਚੀ ਸੀ ਬੰਬਈ,
ਪਰ ਹਵਾ ਤੇਰੀ ਨ ਓਥੇ ਭੀ ਮਿਲੀ ।

ਡਿੱਠੀ ਕੰਗਾਲੀ ਕਿਸੇ ਥਾਂ ਬਰਸਦੀ,
ਜਾਂ ਕੋਈ ਨਗਰੀ ਅਮੀਰਾਂ ਦੀ ਨਿਰੀ ।

ਤੂੰ ਅਮੀਰਾਂ ਤੇ ਗਰੀਬਾਂ ਦੇ ਲਈ,
ਗੋਦ ਫੈਲਾਈ ਹੋਈ ਇਕੋ ਜਹੀ ।

ਤੇਰੀਆਂ ਜੂਹਾਂ ਤੇ ਵੀਹਾਂ ਪਿਆਰੀਆਂ,
ਤੇਰੇ ਸਿਰ ਤੋਂ ਬਸਤੀਆਂ ਸਭ ਵਾਰੀਆਂ ।

ਮੋਢਿਆਂ ਦੇ ਨਾਲ ਮੋਢੇ ਖਹਿ ਰਹੇ,
ਹੜ੍ਹ ਤਜਾਰਤ ਦੇ ਤਿਰੇ ਵਿਚ ਵਹਿ ਰਹੇ ।

ਨੈਂ ਵਗੇ ਐਸ਼ਵਰਜ਼ ਦੌਲਤ ਮਾਲ ਦੀ,
ਵਣਜ ਦੀ ਮੰਡੀ ਨ ਤੇਰੇ ਨਾਲ ਦੀ ।

ਹਰ ਦਸਾਉਰ ਦੇ ਸੁਦਾਗਰ ਆ ਰਹੇ,
ਭਾਗ ਤਿਰੀਆਂ ਸ਼ੁਹਰਤਾਂ ਨੂੰ ਲਾ ਰਹੇ ।

ਕਸਬ ਤੇ ਕਾਰੀਗਰੀ ਤੇਰੀ ਕਮਾਲ,
ਹਾਥੀ ਦੰਦਾਂ ਅਰ ਕਲੀਨਾਂ ਆਦਿ ਨਾਲ ।

ਪੁੰਨ ਦਾ ਪਰਵਾਹ ਚੱਲੇ ਰਾਤ ਦਿਨ,
ਕੀਰਤਨ ਅੱਠੇ ਪਹਿਰ ਹੁੰਦੇ ਰਹਿਨ ।

ਪੌਣ ਤੇ ਪਾਣੀ ਤਿਰੇ ਹਨ ਬੇ ਨਜੀਰ,
ਰੂਪ ਤੇਰੇ ਮਾਤ ਪਾਈ ਕਾਸ਼ਮੀਰ ।

ਖਾਣ ਪਹਿਨਣ ਮੇਲ ਵਰਤਣ ਸੋਹਣੇ,
ਬੋਲ ਮਿੱਠੇ, ਨਰਮ ਦਿਲ, ਮਨਮੋਹਣੇ !

ਚਾਰੇ ਪਾਸੀਂ ਤੇਰੇ ਬਾਗਾਂ ਦੀ ਬਹਾਰ,
ਫੁੱਲ ਜਿੱਥੇ ਖਿੜ ਰਹੇ ਨੇ ਦੋ ਸੌ ਹਜ਼ਾਰ ।

ਕਾਲਜਾਂ ਦਾ ਨੱਕ ਹਿੰਦੁਸਤਾਨ ਦਾ ।

ਚੁਪ ਚੁਪਾਤਾ ਤੇ ਖੜਾ ਗੋਬਿੰਦ ਗੜ੍ਹ,
ਵਗ ਚੁਕੇ ਜਿਥੇ ਕਦੀ ਲਹੂਆਂ ਦੇ ਹੜ੍ਹ ।

ਦੁਰਗਿਆਣਾ ਭੀ ਉਸੇ ਦੇ ਪਾਸ ਹੈ,
ਲਿਖ ਰਿਹਾ ਅਪਣਾ ਨਵਾਂ ਇਤਿਹਾਸ ਹੈ ।

ਲੈ ਰਿਹਾ ਨਕਸ਼ਾ ਤੇਰੇ ਦਰਬਾਰ ਦਾ,
ਪਰ ਨਹੀਂ ਜੁਰਕਾ ਕਿਸੇ ਸਰਕਾਰ ਦਾ ।

ਮਠ ਸ਼ਹੀਦਾਂ ਦੇ ਅਨੇਕਾਂ ਹਨ ਖੜੇ,
ਪੱਤਰੇ ਇਤਿਹਾਸ ਦੇ ਉਲਟਾ ਰਹੇ ।

ਜ਼ੱਰਾ ਜ਼ੱਰਾ ਤੇਰਾ ਨੂਰੋ ਨੂਰ ਹੈ,
ਨਾਮ ਤੇਰਾ ਜੱਗ ਤੇ ਮਸ਼ਹੂਰ ਹੈ ।

ਖੂਬ ਵਧ ਫੁੱਲ, ਸ਼ਾਦ ਰਹੁ, ਆਬਾਦ ਰਹੁ,
ਯਾਦ ਰੱਖ 'ਚਾਤ੍ਰਿਕ' ! ਨੂੰ ਹਰਦਮ ਯਾਦ ਰਹੁ ।

42. ਸ੍ਰਿਸ਼ਟੀ ਦਾ ਅਰੰਭ

(1)

ਆਰਾਮ ਵਿਚ ਸਨ ਸੁੱਤੀਆਂ, ਕੁਦਰਤ ਦੀਆਂ ਗ਼ੁਲਕਾਰੀਆਂ,
ਖਾਮੋਸ਼ੀਆਂ ਦੇ ਸਤਰ ਵਿਚ, ਸਨ ਬੰਦ ਸੁਰਤਾਂ ਸਾਰੀਆਂ ।

ਕੱਢੇ ਨਹੀਂ ਸਨ ਖੰਭ, ਹਾਲੀ ਜ਼ਿੰਦਗੀ ਦੀ ਵੇਲ ਨੇ,
ਮਖ਼ਮਲ ਦੇ ਫ਼ਰਸ਼ਾਂ ਪਰ ਮੋਤੀ ਸਨ ਖਿਲਾਰੇ ਤਰੇਲ ਨੇ ।

ਰੰਗਾਂ ਤੇ ਮਹਿਕਾਂ ਦਾ ਜਗਤ, ਕੁੱਖੋਂ ਨਹੀਂ ਸੀ ਆਇਆ,
ਆਕਾਸ਼ ਨੇ ਨ੍ਹਾ ਧੋ ਕੇ ਨੂਰੀ ਤਿਲਕ ਨਹਿੰ ਸੀ ਲਾਇਆ ।
ਮੈਦਾਨ, ਪਰਬਤ, ਘਾਟੀਆਂ, ਝਰਨੇ, ਤਰਾਈਆਂ ਵਾਦੀਆਂ,
ਮਿਅ੍ਹਮਾਰ ਕੁਦਰਤ ਦੇ, ਨ ਰਚੀਆਂ ਸਨ ਅਜੇ ਆਬਾਦੀਆਂ ।

ਦਿਲ ਦੇ ਉਬਾਲਾਂ ਨੇ, ਲਹੂ ਅੰਦਰ ਨ ਆਂਦਾ ਜੋਸ਼ ਸੀ,
ਸਾਗਰ ਉਮੰਗਾਂ ਦਾ, ਤਰੰਗਾਂ ਤੋਂ ਬਿਨਾਂ, ਬੇਹੋਸ਼ ਸੀ ।

ਤਰਬਾਂ ਨੂੰ ਲਰਜ਼ਾਂ ਦੇਣ ਤੋਂ, ਅਸਮਰਥ ਹਾਲੀ ਸਾਜ਼ ਸੀ,
ਪੱਤੀਂ ਵਲ੍ਹੇਟੀ ਗੰਧਿ ਵਾਂਗਰ, ਚੁਪ ਅਜੇ ਆਵਾਜ਼ ਸੀ ।

ਮਹਿਫ਼ਲ ਭਖਾਉਣ ਨੂੰ, ਸ਼ਮਾਂ ਵਿਚ, ਅੱਗ ਹਾਲ ਜਗੀ ਨ ਸੀ,
ਲਗਰਾਂ ਨੂੰ ਪੀਂਘ ਝੁਟਾਨ ਖਾਤਰ ਮੰਦ ਪੌਣ ਵਗੀ ਨ ਸੀ ।

ਸੀਨਾ ਰਤੀ ਦਾ ਵਿੰਨ੍ਹਣੇ ਨੂੰ, ਤੀਰ ਤਿੱਖੇ ਮੈਨ ਦੇ,
ਕੁਦਰਤ ਨੇ, ਸਾਣੇ ਚਾੜ੍ਹ, ਨਾ ਤੱਯਾਰ ਕੀਤੇ ਸਨ ਅਜੇ ।

ਠਾਠਾਂ ਨਹੀਂ ਸਨ ਮਾਰੀਆਂ, ਜੀਵਨ ਨਦੀ ਦੀ ਧਾਰ ਨੇ,
ਪਾਸਾ ਨਹੀਂ ਸੀ, ਸੁੰਨ ਨੀਂਦੋਂ, ਪਰਤਿਆ ਸੰਸਾਰ ਨੇ ।

ਨਖ-ਸਿਖ ਨਹੀਂ ਸੀ, ਫੁੱਲ ਦੇ ਮੂੰਹ ਤੇ, ਚਿਤੇਰੇ ਅੰਗਿਆ,
ਮਹਿੰਦੀ ਦਾ ਸੀਨਾ, ਗੋਰੀਆਂ ਤਲੀਆਂ ਨਹੀਂ ਸੀ ਰੰਗਿਆ ।

ਹਰਿਆਉਲਾਂ ਨੇ ਮੌਲ ਨਹਿੰ ਸੀ ਸੈਲ ਨੂੰ ਸਿੰਗਾਰਿਆ,
ਨਾ ਰਾਗ ਮਿੱਠਾ ਪੰਛੀਆਂ, ਟਾਹਣੀ ਤੇ ਬੈਠ ਉਚਾਰਿਆ ।

ਉਨਮਾਦ ਨੇ ਸੁਰ ਮੇਲ, ਤੰਬੂਰਾ ਨਹੀਂ ਸੀ ਛੋਹਿਆ,
ਕਰ ਕਰ ਅਦਾਵਾਂ ਰੂਪ ਨੇ, ਨਾ ਪ੍ਰੇਮ ਨੂੰ ਸੀ ਕੋਹਿਆ !

(2)

ਫੁਰਨਾ ਜਿਹਾ ਇਕ ਯਕਬਯਕ, ਬਿਜਲੀ ਦੇ ਵਾਂਗਰ ਕੂੰਦਿਆ,
ਥੱਰਾਟ, ਹਰਕਤ, ਰਗੜ ਗਰਮੀ, ਸ਼ਬਦ ਇਸ ਤੋਂ ਪ੍ਰਗਟਿਆ ।

ਟੁੱਟਾ ਤਲਿਸਮ ਚੁੱਪ ਦਾ, ਮੂੰਹ ਖੁਲ ਗਿਆ ਰਫ਼ਤਾਰ ਦਾ,
ਡੱਕਾ ਜਿਹਾ ਹੱਟ ਗਿਆ, ਜੀਵਨ ਨਦੀ ਦੀ ਧਾਰ ਦਾ ।

ਧੁਨਿ ਨੇ ਸੁਰੀਲਾ ਰਾਗ ਛੋਹ ਕੇ, ਸੁਰਤ ਨੂੰ ਵਿਕਸਾਇਆ,
ਕੁਦਰਤ-ਕਲੀ ਨੂੰ, ਝੂਣ ਕੇ, ਸੀਤਲ ਸਮੀਰ ਜਗਾਇਆ ।

ਚੇਤੰਨਤਾ ਨੇ, ਜੰਦਰਾ ਖਾਮੋਸ਼ੀਆਂ ਦਾ ਲਾਹਿਆ,
ਬਾਤਨ ਨੇ, ਜ਼ਾਹਿਰ ਹੋ ਕੇ, ਜੀਵਨ-ਜੋਤ ਨੂੰ ਟਿਮਕਾਇਆ ।

ਸੁਰਜੀਤ ਕੀਤਾ ਬੀਜ ਨੂੰ, ਸ਼ਕਤੀ ਦੀਆਂ ਗਰਮਾਈਆਂ,
ਮਨ ਦੇ ਉਬਾਲਾਂ ਸੁਰਤ ਕਰ ਕੇ ਲੀਤੀਆਂ ਅੰਗੜਾਈਆਂ ।

ਖੁੱਲੀ ਸਮਾਧੀ ਰੂਹ ਦੀ, ਤਰਬਾਂ ਨੇ ਛੋਹਿਆ ਨਾਚ ਜਾਂ,
ਧੜਕਣ ਲਗਾ ਦਿਲ ਕਾਮਨਾਂ ਦਾ, ਖੂਨ ਫੜੀਆਂ ਹਰਕਤਾਂ ।

ਕੁਦਰਤ ਕਲੀ ਦੇ ਵਾਂਗ, ਨਿਕਲੀ ਪੜਦਿਓਂ ਚਟਕਾਰ ਕੇ,
ਸੂਖਮ ਨੇ ਹੋ ਅਸਥੂਲ, ਡਿੱਠੇ ਰੰਗ ਝਾਤੀ ਮਾਰ ਕੇ ।

ਧਰ ਕੇ ਦਿਸ਼ਾਂ ਦਾ ਨਾਮ, ਗੇੜ ਚਲਾਇਆ ਆਕਾਸ਼ ਨੇ,
ਉਠ ਪੂਰਬੋਂ ਪੱਛਮ ਵਿਛਾਇਆ ਬਿਸਤਰਾ ਪਰਕਾਸ਼ ਨੇ ।

ਮੋਤੀ ਖਿਲਾਰੇ ਸੇਜ ਤੇ, ਮਹਬੂਬ ਖਾਤਰ ਰਾਤ ਨੇ,
ਇਉਂ ਕਾਲ ਚੱਕਰ ਦੀ ਟਿਕਾਈ ਨੀਂਹ ਕਾਯਾਨਾਤ ਨੇ ।

ਠੰਢਕ ਪੁਚਾ ਕੇ ਤਰੇਲ ਨੇ, ਉਲਟਾਏ ਵਰਕੇ ਫੁੱਲ ਦੇ,
ਪਰਭਾਤ ਡਿੱਠੇ ਜਾਗ ਕੇ ਮਹਿਕਾਂ ਦੇ ਦਫਤਰ ਖੁਲ੍ਹਦੇ ।

ਛਿੜਿਆ ਸੁਰੀਲਾ ਰਾਗ, ਬਿਰਛਾਂ ਤੇ ਬਹਾਰਾਂ ਆਈਆਂ,
ਸੰਸਾਰ ਅੱਖਾਂ ਖੁਲ੍ਹੀਆਂ, ਤਰਬਾਂ ਸਤਾਰ ਹਿਲਾਈਆਂ ।

ਆਈ ਚਟਾਕਾ ਮਾਰ ਕੇ, ਹਸਤੀ ਦੇ ਅੰਦਰ ਨੇਸਤੀ,
ਇਉਂ ਸ੍ਰਿਸ਼ਟੀ ਸਾਜੀ ਜਾ ਕੇ, 'ਚਾਤ੍ਰਿਕ' ਕਾਰ ਜਗ ਦੀ ਤੁਰ ਪਈ ।

43. ਹਿਮਾਲਾ

ਕੁਦਰਤ ਦੇ ਹੱਥਾਂ ਦੀ ਚਿਣੀ, ਚਿਟਾਨਾਂ ਦੀ ਦੀਵਾਰ ਹਿਮਾਲਾ,
ਸੁਹਜਾਂ ਦਾ ਬਾਜ਼ਾਰ, ਖੁਦਾਈ ਰਹਿਮਤ ਦਾ ਭੰਡਾਰ, ਹਿਮਾਲਾ ।

ਇੰਦਰ ਰਾਜੇ ਦੇ ਲਸ਼ਕਰ ਦਾ, ਕੋਟ ਕਿੰਗਰੇਦਾਰ ਹਿਮਾਲਾ,
ਭਾਰਤ ਦੇ ਅਣਮੁੱਕ ਖ਼ਜ਼ਾਨਿਆਂ ਦੀ ਕੁੰਜੀ-ਬਰਦਾਰ ਹਿਮਾਲਾ ।

ਬਾਬੇ ਆਦਮ ਦੇ ਵੇਲੇ ਦਾ ਜਟਾ ਜੂਟ ਕੋਈ ਸੰਤ ਉਦਾਸੀ,
ਬੂਟੀਆਂ ਧਾਤਾਂ ਦੀ ਭਰ ਬਗਲੀ, ਬੈਠਾ ਆਸਨ ਲਾ ਸਨਿਆਸੀ ।

ਭਾਨਮਤੀ ਦਾ ਥੈਲਾ ਸਾਂਭੀ, ਖੇਲ ਕਰੇ ਉਸਤਾਦ ਮਦਾਰੀ,
ਵੈਦ ਧਨੰਤਰ ਦਾ ਕੰਪੌਂਡਰ, ਖੋਲ੍ਹੀ ਬੈਠਾ ਹੱਟ ਪਸਾਰੀ ।

ਅਰਸ਼ੋਂ ਆਇਆ ਤਾਜ ਚਾਨਣਾ, ਪਰਬਤ ਰਾਜ ਸਜਾਈ ਬੈਠਾ,
ਕ੍ਰਿਸ਼ਨ ਸਾਉਲਾ ਰਾਧਾਂ ਗੋਰੀ ਨੂੰ ਗਲਵਕੜੀ ਪਾਈ ਬੈਠਾ ।

ਸੁਘੜ ਪਥੇਰਾ ਸਿਲਾਂ ਬਣਾਵੇ, ਜੋੜ ਜਮਾ ਕੇ ਹੀਰੇ-ਕਣੀਆਂ,
ਕਿਰਨਾਂ ਨੂੰ ਭਰਮਾਵੇ ਜੌਹਰੀ, ਦਸ ਦਸ ਚੰਦਰਕਾਂਤਾ ਮਣੀਆਂ ।

ਸੈਲ ਗਲੇਫ਼ ਬਣਾਂਦਾ ਹੈ, ਹਲਵਾਈ ਅਸਮਾਨੀ ਮਠਿਆਈ,
ਸੁਰਗੋਂ ਲੱਥਾ ਕਾਲਾ ਦਿਉ ਸਫੈਦ ਪਰੀ ਨੂੰ ਮੋਢੇ ਚਾਈ ।

ਲਾਈ ਬੈਠਾ ਰੱਬੀ ਰੰਗਾਂ-ਮਹਿਕਾਂ ਦਾ ਬਾਜ਼ਾਰ ਫੁਲੇਰਾ,
ਹਰੀ ਹਰੀ ਮਸਲੰਦ ਵਿਛਾ ਕੇ, ਕੁਦਰਤ ਰਾਣੀ ਪਾਇਆ ਡੇਰਾ ।

ਟਿੰਬਰ ਦੇ ਸੌਦਾਗਰ ਨੇ, ਲਾ ਚਿੱਟੇ ਤੰਬੂ ਛੌਣੀ ਪਾਈ,
ਫਲ ਮੇਵੇ ਦੇ ਪਿੱਠੂ ਭਰ ਭਰ, ਰਸਾਂ ਰਸਾਂ ਨੇ ਲਾਮ ਲਗਾਈ ।

ਆਬਸ਼ਾਰਾਂ ਦਾ ਰਾਗ ਰਸੀਲਾ, ਚਸ਼ਮਿਆਂ ਦਾ ਦਿਲ ਪਿਆ ਉਛਾਲੇ,
ਪੱਥਰ ਦਿਲ ਹੋ ਹੋ ਪਾਣੀ ਪਾਣੀ, ਪਿਆ ਵਹਾਵੇ ਨਦੀਆਂ ਨਾਲੇ ।

ਵਾਹ ਹਿਮਾਲਾ ! ਵਾਹ ਹਿਮਾਲਾ ! ਵਾਹਵਾ ਤੇਰੇ ਉੱਚ ਮੁਨਾਰੇ,
ਵਾਹ ਲਿਸ਼ਕਾਂ !ਵਾਹ ਦਾਤਾਂ ਤਿਰੀਆਂ !ਵਾਹ ਤੇਰੇ ਅਣਡਿੱਠ ਨਜ਼ਾਰੇ ।

ਸਬਜ਼ੇ ਨੂੰ ਸੁਰਜੀਤ ਕਰੇਂ ਤੂੰ, ਸੁੰਦਰਤਾ ਨੂੰ ਸੱਚੇ ਢਾਲੇਂ,
ਠੰਡਕ ਦਾ ਪਰਵਾਹ ਚਲਾਵੇਂ, ਦੁਨੀਆਂ ਨੂੰ ਘਰ ਜਾ ਜਾ ਪਾਲੇਂ ।

ਰੰਗ ਤੇਰੇ ਗੁਲਜ਼ਾਰਾਂ ਵਿਚ ਤੇ ਰਾਗ ਤੇਰਾ ਆਬਸ਼ਾਰਾਂ ਅੰਦਰ,
ਮਿੱਠਤ ਤੇਰੀ ਮੇਵਿਆਂ ਵਿਚ ਤੇ ਮਿਹਰ ਵਹਿੰਦੀਆਂ ਧਾਰਾਂ ਅੰਦਰ ।

ਪੈਰ ਪਤਾਲੀਂ ਗੱਡੇ, ਗੱਲਾਂ ਕਰੇ ਆਕਾਸ਼ਾਂ ਨਾਲ ਅਟਾਰੀ,
ਕਾਬਲ ਬ੍ਰਹਮਾ ਨਾਲ ਯਰਾਨੇ, ਨਾਲ ਸਮੁੰਦਰਾਂ ਕੁੜਮਾਚਾਰੀ ।

ਉਤਰੀ ਧਰੁਵ ਦੇ ਜਾਦੂ ਵਾਂਗ, ਤਲਿਸਮ ਤੇਰਾ ਵੀ ਕਦੇ ਨਾ ਟੁੱਟਾ,
ਨਾ ਤੇਰੇ ਦਰਯਾ ਠਲ੍ਹੇ ਤੇ ਨਾ ਤੇਰਾ ਭੰਡਾਰ ਨਿਖੁੱਟਾ ।

ਪਾਲ ਰਿਹਾ ਹੈਂ, ਖਲਕਤ ਨੂੰ, ਤੂੰ ਆਪਣਾ ਲਹੂ ਪਸੀਨਾ ਕਰ ਕੇ,
ਲੂੰ ਲੂੰ ਅਪਣਾ ਵੰਡ ਰਿਹਾ ਹੈਂ, ਛਾਤੀ ਉੱਤੇ ਪੱਥਰ ਧਰ ਕੇ ।

ਉਠਦੇ ਨੇ ਜਦ ਕਾਲੇ ਬਦਲ, ਬੋਹਲ ਤੇਰੇ ਤੋਂ ਪੰਡਾਂ ਚਾ ਕੇ,
ਚਾਂਦੀ ਸੋਨਾ ਜਾਣ ਖਿਲਾਰੀ, ਝੜੀਆਂ ਲਾ ਕੇ ਰੇੜ੍ਹ ਵਹਾ ਕੇ ।

ਭਾਰਤ ਦੇ ਚੱਪੇ ਚੱਪੇ ਤੇ ਤੇਰੀ ਬਰਕਤ ਲਿਆ ਉਤਾਰਾ,
ਸਿੱਧੇ ਪੁੱਠੇ ਹੱਥੀਂ ਦੇ ਦੇ, ਕੱਟੇ ਦੁੱਖ ਦਲਿੱਦਰ ਸਾਰਾ ।

ਜੁੱਗਾਂ ਤੋਂ ਅਹਿਸਾਨ ਤਿਰਾ ਇਹ ਸਾਡੇ ਸਿਰ ਤੇ ਹੁੰਦਾ ਆਇਆ,
ਪਰ ਤੇਰਾ ਅਣਟੋਟ ਖ਼ਜ਼ਾਨਾ ਹੋਇ ਦਿਨੋ ਦਿਨ ਦੂਣ ਸਵਾਇਆ ।

ਕਾਮਧੇਨ ਤੇ ਕਲਪਬਰਿੱਛ ਦੀ ਸੁਣੀ ਸੁਣਾਈ ਇਕ ਕਹਾਣੀ,
ਤੂੰ ਪਰਤੱਖ ਦੋਹਾਂ ਨੂੰ ਕੀਤਾ, ਵੰਡ ਵਲਾਹ ਕੇ ਦਾਣਾ ਪਾਣੀ ।

ਸਦਾ ਜਵਾਨ ਰਹੇਂ ਤੂੰ ਸ਼ਾਲਾ, ਵੱਸੇ ਤੇਰੀ ਉੱਚ ਅਟਾਰੀ,
ਸਾਈਂ ਤੇਰੇ ਲੰਗਰ 'ਚਾਤ੍ਰਿਕ' ਪਰਲੋ ਤੀਕਰ ਰੱਖੇ ਜਾਰੀ ।

44. ਝਰਨਾ (ਆਬਸ਼ਾਰ)

ਉਚਿੱਓਂ ਟਿੱਲਿਓਂ ਬਰਫ਼ਾਂ ਢਲੀਆਂ, ਛਡ ਤੁਰਿਆ ਘਰ ਬਾਰ ਓ ਯਾਰ !
ਸਿਰਤਲਵਾਈਆਂ ਹੋ ਕੇ ਨੱਠੀਆਂ, ਕਰਦੀਆਂ ਮਾਰੋ ਮਾਰ ਓ ਯਾਰ !

ਸਿਦਕ ਉਡਾਈਆਂ ਉਡ ਕੇ ਆਂਈਆਂ, ਆ ਬਣੀਆਂ ਅਬਸ਼ਾਰ ਓ ਯਾਰ !
ਵਾਹ ਅਬਸ਼ਾਰਾ ! ਬਾਂਕਿਆ ਯਾਰਾ ! ਸੁੰਦਰ ਰੂਪ ਅਪਾਰ ਓ ਯਾਰ !

ਰੰਗ ਬਲੌਰੀ, ਚਮਕ ਜ਼ਮੁਰਦੀ, ਨੀਲਮ ਦਾ ਝਲਕਾਰ ਓ ਯਾਰ !
ਰਗ ਰਗ ਦੇ ਵਿਚ ਸ਼ਮਸ਼ੀ ਰਸ਼ਮਾਂ, ਖੇੜੀ ਨੂਰ ਬਹਾਰ ਓ ਯਾਰ !

ਮਾਸੂਮਾਂ ਦੇ ਹਿਰਦੇ ਵਾਂਗਰ ਨਿਰਮਲ ਤੇਰੀ ਧਾਰ ਓ ਯਾਰ !
ਸੀਤਲ ਛੁਹ, ਅਣਡਿੱਠਾ ਦਰਸ਼ਨ, ਤਨ ਮਨ ਦੇਵੇ ਠਾਰ ਓ ਯਾਰ !

ਇਸ਼ਕ-ਲਹਿਰ ਵਿਚ ਰੁੜ੍ਹਿਆ ਜਾਵੇਂ ਜਿੰਦੜੀ ਕਰਨ ਨਿਸਾਰ ਓ ਯਾਰ !
ਚਾਲ ਸਮੇਂ ਦੀ ਵਾਂਗਰ ਇਕ ਰਸ ਵਜਦੀ ਤੇਰੀ ਤਾਰ ਓ ਯਾਰ !

ਝਰ ਝਰ ਝਰਨ ਤੇਰੀ ਦੀਆਂ ਝੋਕਾਂ, ਪੰਛੀ ਲੈਣ ਖਲ੍ਹਾਰ ਓ ਯਾਰ !
ਗੱਜੇਂ ਗੁੜ੍ਹਕੇਂ ਬੱਦਲ ਵਾਂਗਰ ਛੇੜੇਂ ਦੇਸ ਮਲ੍ਹਾਰ ਓ ਯਾਰ !

ਨਿਗਾਹ ਨ ਟਿਕਦੀ ਚਾਲ ਤੇਰੀ ਤੇ, ਦੇਵੇਂ ਸੁਰਤ ਵਿਸਾਰ ਓ ਯਾਰ !
ਪ੍ਰੇਮ-ਉਬਾਲਾ ਝੱਗੋ ਝੱਗੀ, ਹੋਵੇ ਡਿਗਦਿਆਂ ਸਾਰ ਓ ਯਾਰ !

ਪਟਕ ਪਟਕ ਕੇ ਜ਼ੁਹਦ ਕਮਾਵੇਂ, ਢੂੰਡੇਂ ਮੁਕਤ-ਦੁਆਰ ਓ ਯਾਰ !
ਪਯਾਰੇ ਦਾ ਬਲਕਾਰ ਵਧਾਂਦਾ, ਹੋ ਜਾਵੇਂ ਬਲਿਹਾਰ ਓ ਯਾਰ !

ਹੋਵੇਂ ਸ਼ਾਂਤ ਬਗਲ ਵਿਚ ਬਹਿ ਕੇ, ਪ੍ਰੀਤਮ ਦੇ ਦਰਬਾਰ ਓ ਯਾਰ !
ਐਸਾ ਮਿਲੇਂ ਕਿ ਫੇਰ ਨ ਵਿਛੜੇਂ, ਹੋ ਜਾਵੇਂ ਇਕਸਾਰ ਓ ਯਾਰ !

45. ਫੁਹਾਰਾ

ਪਾਣੀ ਦਾ ਇਕ ਬੂਟਾ ਡਿੱਠਾ (ਜਿਹੜਾ) ਮੋਤੀਆਂ ਝਾੜ ਝੜੈਂਦਾ ।
ਚੰਦੋਂ ਸੁਹਣਾ, ਬਰਫ਼ੋਂ ਚਿੱਟਾ, ਹਰ ਦਮ ਖਿੜਿਆ ਰਹਿੰਦਾ ।
ਲੈ ਸਤਵੰਨੀਆਂ ਰਿਸ਼ਮਾਂ ਸ਼ਮਸ਼ੀ, ਹੀਰਿਆਂ ਨੂੰ ਝਲਕੈਂਦਾ ।
ਉਠ ਉਠ ਚੜ੍ਹਦਾ, ਚੜ੍ਹ ਚੜ੍ਹ ਲਹਿੰਦਾ, ਸਿਰ ਤਲਵਾਇਆ ਪੈਂਦਾ ।
ਸਿੱਕ ਵਸਲ ਦੀ ਠਾਠਾਂ ਮਾਰੇ, ਪ੍ਰੇਮ ਉਛਾਲੇ ਲੈਂਦਾ ।
ਸਬਰ ਵਿਹੂਣੇ ਅਸਕ ਵਾਂਗਰ ਟਿਕ ਕੇ ਪਲਕ ਨ ਬਹਿੰਦਾ ।
ਜੋਬਨ ਹੁਸਣ ਹੁਲਾਰੇ ਖਾਂਦਾ, ਠਲ੍ਹਿਆ ਮੂਲ ਨ ਵੈਂਦਾ ।
ਚੁੰਗੀਆਂ ਮਾਰੇ ਸਿਦਕ ਨ ਹਾਰੇ, ਡਿਗ ਡਿਗ ਚੋਟਾਂ ਸਹਿੰਦਾ ।
ਇਸ਼ਕੇ ਕੁੱਠਿਆਂ ਨੈਣਾਂ ਵਾਂਗਰ, ਛਮ ਛਮ ਛਮ ਛਮ ਵਹਿੰਦਾ ।
ਮਾਹੀ ਨਾਲ ਮਿਲਣ ਦੀ ਖਾਤਰ ਪੁਰਜ਼ੇ ਹੋ ਹੋ ਲਹਿੰਦਾ ।
ਕਦਮਾਂ ਦੇ ਵਿਚ ਆ ਕੇ ਵਿਛਦਾ (ਪਰ) ਮੂੰਹੋਂ ਕੁਝ ਨਹੀਂ ਕਹਿੰਦਾ ।
ਮਾਹੀ ਨਾਲ ਮਾਹੀ ਬਣ ਬਹਿੰਦਾ (ਜਦੋਂ) ਆਣ ਦੁਆਰੇ ਢਹਿੰਦਾ ।

46. ਗੁਲਾਬ ਦਾ ਫੁਲ

ਖਿੜਿਆ ਫੁੱਲ ਗੁਲਾਬ ਦਿਆ ! ਤੂੰ ਕਿਤ ਵਲ ਖਿੜ ਖਿੜ ਹੱਸੇਂ ?
ਪੀਂਘੇ ਚੜ੍ਹਿਆ ਲਏਂ ਹੁਲਾਰੇ, ਦਿਲ ਰਾਹੀਆਂ ਦਾ ਖੱਸੇਂ ।

ਮੂੰਹ ਤੇ ਲਾਲੀ (ਤੇਰੇ) ਚਿਤ ਖੁਸ਼ਾਲੀ, (ਅਤੇ) ਲਟਕ ਮਹਬੂਬਾਂ ਵਾਲੀ,
ਅੱਖੀਆਂ ਨਾਲ ਅਵਾਜ਼ੇ ਕਸ ਕਸ ਅੱਖੀਆਂ ਦੇ ਵਿਚ ਧੱਸੇਂ ।

ਹਾਤਮ ਵਾਂਗ ਲੁਟਾਵੇਂ ਲਪਟਾਂ ਵੰਡ ਵੰਡ ਹੁਸਨ ਨ ਰੱਜੇਂ,
ਸੋਹਣਿਆ ਦਾ ਚਾ ਬਣੇਂ ਵਿਛੌਣਾ, (ਭਾਵੇਂ) ਖੁਦ ਕੰਡਿਆ ਵਿਚ ਵੱਸੇਂ ।

ਠੰਢਕ ਪਾਵੇਂ, ਮਹਿਕ ਖਿੰਡਾਵੇਂ, ਮਹਿਲਾਂ ਵਿਚ ਜਦ ਜਾਵੇਂ,
ਹਸਦਾ ਹਸਦਾ ਟਹਿਲ ਕਮਾਵੇਂ, ਚੰਦਨ ਵਾਂਗਰ ਘੱਸੇਂ ।

ਪਰ ਅੜਿਆ ਇਕ ਅਜਬ ਅੜੌਣੀ, ਗੰਢ ਨ ਸਾਥੋਂ ਖੁਲੇ,
ਵਲਾਂ ਛਲਾਂ ਵਿਚ ਉਮਰ ਗੁਜ਼ਾਰੇਂ, ਭੇਤ ਨ ਦਿਲ ਦਾ ਦੱਸੇਂ ।

ਇਸ਼ਕ ਅਗਨ ਵਿਚ ਝੁਲਸੇ ਹੋਏ, ਕਿਉਂ ਨਹੀਂ ਤੈਥੋਂ ਠਰਦੇ ?
ਭੁੱਲ ਭੁਲੇਖੇ ਤੈਂਧਰ ਲੰਘਣ (ਤਦ) ਫ਼ਨੀਅਰ ਵਾਂਗਰ ਡੱਸੇਂ ।

ਸਾਰੀ ਦੁਨੀਆਂ (ਤੇਰੀ) ਸੋਭਾ ਕਰਦੀ, ਆਸ਼ਕ ਦੂਰੋਂ ਡਰਦੇ,
ਕਿਸਮਤ ਮਾਰਿਆਂ ਤੇ ਤੂੰ ਭੀ ਤੀਰ ਕਮਾਨਾਂ ਕੱਸੇਂ ?

ਆਖਣ ਲਗਾ, ਪੁੱਛ ਨ ਸਜਣਾ (ਮੇਰਾ) ਜੰਗਲ ਦੇ ਵਿਚ ਵਾਸਾ,
ਸੂਲੀ ਉੱਤੇ ਟੰਗਿਆ ਹੋਇਆਂ (ਮੈਨੂੰ) ਕੀ ਔਣਾ ਸੀ ਹਾਸਾ ।

ਸਿੱਕਾਂ ਸਿਕਦਿਆਂ ਦੀਦੇ ਖੁਲ੍ਹਦੇ, ਅੱਗੋਂ ਕੀ ਕੁਝ ਦਿੱਸੇ,
ਅੱਖ ਫਰਕਣ ਜੀਉਣਾ ਜਾਪੇ, ਪਾਣੀ ਵਿਚ ਪਤਾਸਾ !

ਸੰਝ ਸਵੇਰੇ (ਕੋਈ) ਮੱਥੇ ਲੱਗੇ (ਤਦ) ਬਿਟ ਬਿਟ ਤੱਕਣ ਲੱਗਾਂ,
ਧੁੜਕੂ ਏਹੋ, (ਮਤ) ਵੰਜਿਆ ਜਾਵਾਂ, ਵਸਲੋਂ ਬਾਝ ਪਿਆਸਾ ।

ਸੋਹਣਿਆਂ ਨੂੰ ਮੈਂ ਸੋਹਣਾ ਲੱਗਾਂ, (ਮੈਨੂੰ) ਸੋਹਣੇ ਲੱਗਣ ਚੰਗੇ,
ਉਡ ਉਡ ਚੰਬੜਾਂ ਕੋਈ ਲੈ ਗਲ ਲਾਵੇ ਮੈਂ ਦਿਲ ਨੂੰ ਦਿਆਂ ਦਿਲਾਸਾ ।

ਉਗਿਆ, ਜੰਮਿਆ, ਖਿੜਿਆ, ਮੁੜਿਆ, ਦੁਨੀਆਂ ਦਾ ਕੀ ਡਿੱਠਾ ?
ਉਜੜ ਜਾਵੇ (ਮਤ) ਖੇਪ ਹੁਸਨ ਦੀ, ਦਮ ਦਾ ਕੀ ਭਰਵਾਸਾ ?

ਜੇ ਕੁਝ ਮੈਥੋਂ ਸਰਦਾ ਪੁਜਦਾ, ਕਾਹਲੀ ਕਾਹਲੀ ਵੰਡਾਂ,
ਰੈਨ ਬਸੇਰਾ ਕਰ ਕੇ ਓੜਕ, ਮੱਲਣਾ ਅਗਲਾ ਪਾਸਾ ।

ਆਸ਼ਕ ਦਾ ਦਿਲ ਸੜਿਆ ਭੁੱਜਿਆ, (ਮੈਨੂੰ) ਸੇਕ ਦੁਰੇਡਿਓਂ ਆਵੇ,
ਜਿਸ ਗਲ ਦੀ ਮੇਰੇ ਦਿਲ ਵਿਚ ਸੱਧਰ, (ਓਥੇ) ਮੁਸਕਾਨ ਆਵੇ ਮਾਸਾ,

ਕੋਮਲ ਜਿੰਦੜੀ (ਮੇਰੀ) ਉਮਰ ਛੁਟੇਰੀ, ਓਧਰ ਬਲਦੀਆਂ ਆਹੀਂ,
ਇਸ਼ਕ ਭਬੂਕਾ (ਮੈਥੋਂ) ਹੋਵੇ, 'ਚਾਤ੍ਰਿਕ ਕੂੜੀ ਆਸਾ ।

47. ਬਸੰਤ

ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ ।
ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ ।
ਬਾਗ਼ਾਂ ਵਿਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ,
ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ ।
ਖਿੜ ਖਿੜ ਹਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ, ਗੁਲਾਬ ਉਤੇ ਲਾਲੀਆਂ ।
ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ੍ਹ,
ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ ।
ਬੁਲਬੁਲ ਫੁੱਲ ਫੁੱਲ, ਫੁੱਲਾਂ ਦੇ ਸਦੱਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ ।
ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ ।
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ,
ਡੋਰੇ ਦਾਰ ਨੈਣਾਂ ਵਿਚੋਂ ਸੁੱਟੀਆਂ ਗੁਲਾਲੀਆਂ ।

48. ਗੰਗਾ

ਨਰਾਇਣ ਦੀਆਂ ਪ੍ਰੇਮ-ਤਰੰਗਾਂ ਜਦ ਉਛਾਲ ਵਿਚ ਆਈਆਂ,
ਸੂਰਜ ਨੇ ਓਹ ਉਡਣ-ਖਟੋਲੇ ਚਾੜ੍ਹ ਆਕਾਸ਼ ਪੁਜਾਈਆਂ ।

ਦੇਵਤਿਆਂ ਦੇ ਦਿਲ ਵਿਚ ਵਸ ਕੇ, ਇਹ ਲਹਿਰਾਂ ਠਰ ਗਈਆਂ,
ਉਪਕਾਰ ਦੀਆਂ ਸਧਰਾਂ ਬਣ ਬਣ ਸੁਰਗੋਂ ਨਿਕਲ ਪਈਆਂ ।

ਪਰੇਮ-ਬਗੀਚੇ ਜੰਮੀਆਂ ਪਲੀਆਂ, ਦਿਲ ਦੀਆਂ ਕੋਮਲ ਕਲੀਆਂ,
ਨੇਕੀ ਦੀ ਮਹਿਕਾਰ ਖਿਲਾਰਨ, ਮਾਤ ਲੋਕ ਵਲ ਚਲੀਆਂ ।

ਤਰੇਲ-ਕਣੀ ਦੇ ਵਾਂਗ ਮਲੂਕਾਂ, ਸੀਤਲ ਨੂਰੀ ਪਰੀਆਂ,
ਪਹਿਨ ਸਫੈਦ ਪੁਸ਼ਾਕਾਂ ਤੁਰੀਆਂ, ਬਣ ਬਣ ਸ਼ੱੱਕਰ-ਤਰੀਆਂ ।

ਸੱਟਾਂ ਦੀ ਪਰਵਾਹ ਨਾ ਕੀਤੀ, ਡਿੱਗਣ ਤੋਂ ਨਾ ਡਰੀਆਂ,
ਰੱਬੀ ਰਹਿਮਤ ਵਾਂਗ ਉਤਰ, ਜੀ ਖੋਲ੍ਹ ਖੋਲ੍ਹ, ਕੇ ਵਰ੍ਹੀਆਂ ।

ਜਟਾਂ ਖਿਲਾਰੀ, ਸ਼ੰਕਰ ਰੂਪ ਹਿਮਾਲਾ ਅੱਗੇ ਆਇਆ,
ਅਰਸ਼ੋਂ ਆਈ ਬਰਕਤ ਨੂੰ ਉਸ ਘੁਟ ਘੁਟ ਅਪਣਾਇਆ ।

ਇਹ ਮਾਸੂਮ, ਨਿਰਮਲਾ, ਗੋਰੀ, ਗਈ ਜਟਾਂ ਤੇ ਠੱਗੀ,
ਮੁੜ੍ਹਕੋ, ਮੁੜ੍ਹਕਾ ਹੋਣ ਲਗੀ, ਜਦ ਜੋਗੀ ਦੇ ਗਲ ਲੱਗੀ ।

ਸਿੰਜਰ ਗਈ ਪਤੀ ਦੇ ਸੀਨੇ, ਨਸ ਨਸ ਵਿਚ ਸਮਾਈ,
ਲੈ ਲੈ ਉਸ ਦੇ ਦਿਲੀ ਸੁਨੇਹੇ, ਬਾਹਰ ਗੁਫ਼ਾ ਤੋਂ ਆਈ ।

ਠੰਢੀ ਠਰੀ, ਪਾਕ ਨੂਰਾਨੀ ਇਸ ਗੰਗਾ ਦੀ ਧਾਰਾ,
ਫ਼ਜ਼ਲਾਂ ਦਾ ਦਰਯਾ ਠੇਲ੍ਹਣ ਨੂੰ ਲੀਤਾ ਹੇਠ ਉਤਾਰਾ ।

ਝਰ ਝਰ ਝਿਰੀ, ਸੈਲ ਤੇ ਪਟਕੀ, ਬੁੜ੍ਹਕੀ, ਢੱਠੀ, ਨੱਸੀ,
ਰੋਕਾਂ, ਅਟਕਾਂ ਨਾਲ ਝਗੜਦੀ, ਗੱਜੀ, ਗੁੜ੍ਹਕੀ, ਵੱਸੀ ।

ਸਹਿਮੀ, ਰੁਕੀ, ਫੇਰ ਉਠ ਦੌੜੀ, ਖਾ ਖਾ ਝਾਟ ਕਲਾਵੇ,
ਸਖੀ ਸਹੇਲੀ ਜਿਹੜੀ ਦਿੱਸੇ, ਨਾਲ ਘਸੀਟੀ ਜਾਵੇ ।

ਚੰਦੇ ਨਾਲ ਰਚਾਂਦੀ ਰਾਸਾਂ, ਤਾਰੇ ਗੋਦ ਖਿਡਾਂਦੀ,
ਕਿਰਨਾਂ ਦੇ ਮੂੰਹ ਪਾਣੀ ਭਰਦੀ ਵਾ ਨੂੰ ਠੰਢਕ ਪਾਂਦੀ ।

ਸੈਲਾਨਣ ਸੈਲਾਂ ਦੇ ਸਿਰ ਤੇ ਸਿਹਰੇ ਜਾਇ ਚੜ੍ਹਾਈ,
ਆਲ ਦੁਆਲੇ ਜਾਇ ਵਿਛਾਈ, ਹਰੀ ਹਰੀ ਦਰਿਆਈ ।

ਚੱਟੀ ਜਾਇ ਚਿਟਾਨਾਂ ਤਾਈਂ, ਮਾਰ ਮਾਰ ਕੇ ਧੱਕੇ,
ਕੰਢੀ ਖੜੇ ਕਿਨਾਰਿਆਂ ਦੇ ਵਲ, ਤਿਉੜੀਆਂ ਪਾ ਪਾ ਤੱਕੇ ।

ਭਾਗੀਰਥ ਦੇ ਪਿਤਰ ਉਧਾਰੇ, ਰਿਸ਼ੀਆਂ ਦੇ ਦਿਲ ਠਾਰੇ,
ਔਖੀਆਂ ਘਾਟੀਆਂ ਚੀਰ ਪਾੜ, ਮੈਦਾਨੀਂ ਲਏ ਉਤਾਰੇ ।

ਹੋਣ ਲਗੇ ਪਹੁ ਪੰਧ ਮੋਕਲੇ, ਪਧਰਾਈਆਂ ਵਿਚ ਆ ਕੇ,
ਕਾਂਗ ਚੜ੍ਹੀ ਉਪਕਾਰਾਂ ਦੀ, ਤ੍ਰਿਸ਼ਨਾਂ ਨੂੰ ਤਕਦਿਆਂ ਪਾ ਕੇ ।

ਸੱਜੇ ਖੱਬੇ ਝੋਲੀਆਂ ਭਰ ਭਰ, ਦੌਲਤ ਡੋਲ੍ਹੀ ਜਾਵੇ,
ਜਿਉਂ ਜਿਉਂ ਸਖੀ ਲੁਟਾਵੇ, ਤਿਉਂ ਤਿਉਂ ਸਾਈਂ ਬਰਕਤ ਪਾਵੇ ।

ਨਾਜ਼ਕ ਸ਼ਾਖ਼ ਤੁਰੀ ਪਰਬਤ ਤੋਂ, ਇਹ ਉਪਕਾਰਨ ਬੋਰੀ,
ਝੜਦੀ ਝਾੜ ਗਈ ਰਸਤੇ ਵਿਚ, ਹੁੰਦੀ ਗਈ ਵਡੇਰੀ ।

ਨਾਰਾਇਣ ਦੇ ਦਿਲ ਦੇ ਅੰਦਰ ਸ਼ੰਕਰ ਸੀਸ ਚੜ੍ਹਾਈ,
ਸੁਰਗਾਂ ਦੀ ਸੁਰਸੁਰੀ ਜਗਤ ਵਿਚ ਸ਼ੋਭਾ ਖੱਟਨ ਆਈ ।

ਜਿਹੜੀ ਰਾਹੀਂ ਲੰਘਦੀ ਜਾਵੇ, ਦੁਨੀਆਂ ਜਾਇ ਵਸਾਈ,
ਮਹਿਮਾ ਕਰੇ ਲੁਕਾਈ 'ਚਾਤ੍ਰਿਕ' ਜੈ ਜੈ ਗੰਗਾ ਮਾਈ ।

49. ਅਟਕ ਦਰਯਾ

ਅਟਕਾ ਵੇ ! ਤੂੰ ਅਟਕ ਪਟਕਦਾ, ਲਟਕੀਂ ਮਟਕੀਂ ਵਹਿਨਾ ਏਂ ।
ਖੜ ਖੜ ਕਲ ਕਲ, ਸਾਂ ਸਾਂ, ਰੀਂ ਰੀਂ, ਖਬਰੇ ਕੀ ਕੀ ਕਹਿਨਾ ਏਂ ।

ਨਾਗਣ ਵਾਂਗ ਵਲੇਵੇਂ ਖਾ ਖਾ, ਵਾਂਗ ਜ਼ੁਲਫ਼ ਦੇ ਕੁੰਡਲ ਪਾ ਪਾ,
ਵਹੇਂ ਕਲਮ ਤਕਦੀਰੀ ਵਾਂਗਰ, ਵਰਜਿਆ ਮੂਲ ਨਾ ਰਹਿਨਾ ਏਂ ।

ਉਛਲੇਂ, ਬੁੜ੍ਹਕੇਂ, ਹੰਬਲੇ ਮਾਰੇਂ, ਤਿਉੜੀਆਂ ਵਟੇਂ, ਝੱਗ ਖਿਲਾਰੇਂ,
ਆਸ਼ਕ ਦੇ ਦਿਲ ਵਾਂਗ ਬਿਸਬਰਾ ! ਚਉ ਕਰ ਕੇ ਨ ਬਹਿਨਾ ਏਂ ।

ਨਚਦਾ ਟਪਦਾ, ਚੁੰਗੀਆਂ ਭਰਦਾ ਐਲੀ ਐਲੀ ਕਰਦਾ ਕਰਦਾ,
ਘੁੱਮਰ ਪਾਂਦਾ, ਸ਼ੋਰ ਮਚਾਂਦਾ, ਪੰਧ ਲਮੇਰੇ ਪੈਨਾ ਏਂ ।

ਢਕੀਆਂ, ਪਰਬਤ, ਜੰਗਲ, ਵਾੜੀ, ਜੋ ਕੁਝ ਵੇਖੇਂ, ਜਾਇੰ ਲਤਾੜੀਂ,
ਫਤਹ ਦਮਾਮੇ ਵਜਦੇ ਜਾਂਦੇ ਮੂੰਹ ਜਿਤ ਵਲ ਧਰ ਲੈਨਾ ਏਂ ।

ਕੂਲ੍ਹਾਂ ਝਰਨੇ ਆਲ ਦੁਆਲੇ, ਜਾਏਂ ਘਸੀਟੀ ਨਦੀਆਂ ਨਾਲੇ,
ਪੱਥਰ ਵੱਟਾ ਰੋੜ੍ਹੀਂ ਜਾਵੇਂ, ਨਾਲ ਚਿਟਾਨਾਂ ਖਹਿਨਾ ਏਂ ।

ਕਿਧਰੇ ਡਿਗਨਾ ਏਂ ਸਿਰਤਲਵਾਇਆ, ਕਿਧਰੇ ਥਾਲੀ ਵਿਚ ਟਿਕਾਇਆ,
ਆਕੜ ਚੌੜਾ ਹੋ ਬਹੇਂ ਕਿਧਰੇ ਬਿੱਲੀ ਵਾਂਗਰ ਛਹਿਨਾ ਏਂ ।

ਕਿਧਰੇ ਹਾਥੀ ਹਾਥ ਨ ਲੈਂਦੇ, ਕਿਧਰੇ ਗਾਹਣ ਬਰੇਤੇ ਪੈਂਦੇ,
ਮਨ ਦੀਆਂ ਮੌਜਾਂ ਵਾਂਗ ਅਮੋੜਾ ! ਹਰਦਮ ਚੜ੍ਹਦਾ ਲਹਿਨਾ ਏਂ ।

ਪੱਧਰ ਵਿਚ ਜਦ ਪੈਰ ਪਸਾਰੇਂ ਢਿਗਾਂ ਚੂਰੀ ਵਾਂਗ ਡਕਾਰੇਂ,
ਢਾਹਿੰ ਉਸਾਰੇਂ ਡੋਬੇ ਤਾਰੇਂ, ਕਹੀਆਂ ਫੜ ਫੜ ਡਹਿਨਾ ਏਂ ।

ਆਕੜ ਜ਼ੋਰ ਦਿਖਾਇੰ ਬੁਤੇਰਾ, ਓੜਕ ਕੱਖ ਨ ਰਹਿੰਦਾ ਤੇਰਾ,
ਕਤਰੇ ਵਾਂਗ ਸਮੁੰਦਰ ਦੇ ਵਿਚ ਸਿਰ ਪਰਨੇ ਜਦ ਢਹਿਨਾ ਏਂ ।

50. ਫੁਹਾਰਾ

(ਅਮ੍ਰੀਕਨ ਕਵੀ ਜੇਮਜ਼ ਰਸਲ ਲਾਵੈਲ ਦੀ ਕਵਿਤਾ ਦਾ ਅਨੁਵਾਦ)

(1)
ਠੰਢਿਆ ! ਮਿੱਠਿਆ ! ਉੱਚਿਆ ਸਾਰਿਆ !
ਪਯਾਰਿਆ ਪਯਾਰਿਆ, ਮੀਤ ਫੱਵਾਰਿਆ !
ਕੁਦਰਤ ਹੱਥ ਦਿਆ ਸਿੰਜਿਆ ਪਾਲਿਆ !
ਜਲ ਦਿਆ ਬੂਟਿਆ ! ਮੋਤੀਆਂ ਵਾਲਿਆ !

(2)
ਧੁੱਪ ਦੀ ਝਲਕ ਦੇ ਨਾਲ ਖਿੜ ਜਾਇੰ ਤੂੰ,
ਖੁਲ ਸਤਵੰਨੀਆਂ ਨੂਰ ਫੈਲਾਇੰ ਤੂੰ ।
ਲਿਸ਼ਕਦਾ ਪੁਸਕਦਾ ਚੁੰਗੀਆਂ ਲਾਉਂਦਾ,
ਸਵੇਰ ਤੋਂ ਲੱਗ ਤੂੰ ਸੰਝ ਲੈ ਆਉਂਦਾ ।

(3)
ਚੰਦ ਦੀ ਲੋਇ ਝਲਕਾਰ ਜਦ ਮਾਰਦੀ,
ਬਰਫ਼ ਤੋਂ ਚਿੱਟੀਆਂ ਛਬਾਂ ਲਿਸ਼ਕਾਰਦੀ ।
ਪਰੇਮ ਬੁੱਲਾ ਜਦੋਂ ਵਾਉ ਦਾ ਵੱਗਦਾ,
ਫੁੱਲ ਦੇ ਵਾਂਗ ਤੂੰ ਝੂਲਣੇ ਲੱਗਦਾ ।

(4)
ਟਿਮਕਦੇ ਤਾਰਿਆਂ ਨਾਲ ਤੂੰ ਹੱਸਦਾ,
ਝੱਗ ਭਰ ਉਤ੍ਹਾਂ ਨੂੰ ਟੱਪਦਾ ਨੱਸਦਾ ।
ਰਾਤ ਹੈ ਚੁੱਪ ਪਰ ਮਗਨ ਤੂੰ ਤੋਰ ਵਿਚ,
ਦਿਨੇ ਭੀ ਮਸਤ ਤੂੰ ਆਪਣੇ ਲੋਰ ਵਿਚ ।

(5)
ਨਿੱਤ ਹੀ ਹੱਲਣਾ ਚੱਲਣਾ ਜਾਣਦਾ,
ਹਸਦਿਆਂ ਖਿੜਦਿਆਂ ਮੌਜ ਨੂੰ ਮਾਣਦਾ ।
ਵੱਲ ਅਸਮਾਨ ਦੇ ਚੜ੍ਹਨ ਨੂੰ ਤੱਕਦਾ,
ਚੜ੍ਹਦਿਆਂ ਕਦੇ ਨਾ ਥੱਕਦਾ ਅੱਕਦਾ ।

(6)
ਪਲਦਾ ਹਰ ਕਿਸੇ ਰੁੱਤ ਦੇ ਨਾਲ ਤੂੰ,
ਸੋਹਣਿਓਂ ਸੋਹਣਾ ਰਹੇਂ ਹਰ ਹਾਲ ਤੂੰ ।
ਸਿਰੋਂ ਲੈ ਪੈਰਾਂ ਤੱਕ ਚਾਲ ਹੀ ਚਾਲ ਹੈ,
ਚੱਲਦੀ ਬੜੇ ਸੰਤੋਖ ਦੇ ਨਾਲ ਹੈ ।

(7)
ਇੱਕ ਸੁਭਾਉ ਤੁਧ ਵਿਚ ਭਰਪੂਰ ਹੈ,
ਠੱਲ੍ਹਣਾ ਜਿਦ੍ਹਾ ਸਮਰੱਥ ਤੋਂ ਦੂਰ ਹੈ ।
ਵੱਟਦਾ ਭੀ ਰਹੇਂ ਅੱਖ ਦੇ ਫੋਰ ਵਿਚ,
ਫ਼ਰਕ ਨਾ ਆਇ ਪਰ ਤੋਰ ਦੇ ਲੋਰ ਵਿਚ ।

(8)
ਇੱਛਿਆ ਧਾਰ ਤੂੰ ਹਾਂਭ ਨਾ ਤੋੜਦਾ,
ਸਿਦਕ ਨਾ ਹਾਰਦਾ ਸਬਕ ਨਾ ਛੋੜਦਾ ।
ਗਰਮੀਆਂ ਸਰਦੀਆਂ ਵੇਖ ਸਿਰ ਆਈਆਂ,
ਹੁੱਸੜੇਂ ਨਾ ਕਦੇ, ਇਹੋ ਵਡਿਆਈਆਂ ।

(9)
ਸ਼ਾਨ ਸ਼ਿੰਗਾਰਿਆ ! ਇਹੋ ਫ਼ਵਾਰਿਆ !
ਦਿਲ ਮੇਰਾ ਕਾਸ਼ ! ਹੋ ਜਾਇ ਖਾਂ ਪਯਾਰਿਆ !
ਖਿੜਖਿੜਾ, ਬਦਲਵਾਂ, ਡੋਲ ਤੋਂ ਬਾਹਿਰਾ,
ਵਾਂਗ ਤੇਰੇ ਸਦਾ ਉਤ੍ਹਾਂ ਨੂੰ ਜਾ ਰਿਹਾ ।

51. ਰਾਤ

(1)

ਲੈਲਾ ! ਤੂੰ ਬੇਸ਼ਕ ਕਾਲੀ ਹੈਂ, ਪਰ ਬੜੇ ਨਸੀਬਾਂ ਵਾਲੀ ਹੈਂ ।
ਦੁਨੀਆਂ ਦੀ ਮਾਰਾ ਮਾਰੀ ਤੋਂ, ਇਕ ਪਾਸੇ ਰੱਬ ਬਹਾਲੀ ਹੈਂ ।
ਥੱਕੇ ਟੁੱਟੇ ਦੀ ਖਾਹੜੂ ਹੈਂ, ਸੇਵਾ ਦੇ ਵਿਚ ਮਤਵਾਲੀ ਹੈਂ ।
ਕੁਦਰਤ ਨੇ ਪੁੱਤਲੀ ਅੱਖਾਂ ਦੀ, ਤੂੰ ਕਾਲੇ ਸੱਚੇ ਢਾਲੀ ਹੈਂ ।

(2)

ਜਦ ਤੇਰਾ ਸਾਇਆ ਪੈਂਦਾ ਹੈ, ਅੰਬਰ ਸ਼ਤਰੰਜ ਵਿਛਾਂਦਾ ਹੈ ।
ਗਰਮੀ ਦਾ ਰਾਜ ਪਲਟਦਾ ਹੈ, ਸੂਰਜ ਥੱਕ ਕੇ ਸੌਂ ਜਾਂਦਾ ਹੈ ।
ਆਰਾਮ ਬਗੀਚੀ ਖਿੜਦੀ ਹੈ, ਠੰਢਕ ਦਾ ਪਹਿਰਾ ਆਂਦਾ ਹੈ ।
ਮਿਹਨਤ ਨੂੰ ਛੁੱਟੀ ਮਿਲਦੀ ਹੈ, ਬਿਸਤਰ ਮਜ਼ਦੂਰ ਜਮਾਂਦਾ ਹੈ ।

(3)

ਤੂੰ ਗੋਦ ਜਦੋਂ ਫੈਲਾਂਦੀ ਹੈਂ, ਦੁਨੀਆਂ ਦੀ ਚਿੰਤਾ ਨਸਦੀ ਹੈ ।
ਕਿਰਤੀ ਦੀ ਧੂਖ ਨਿਕਲਦੀ ਹੈ, ਨੀਂਦਰ ਜਦ ਤਲੀਆਂ ਝਸਦੀ ਹੈ ।
ਅਰਸਾਂ ਤੇ ਮਹਿਫ਼ਲ ਭਖਦੀ ਹੈ, ਬਾਗ਼ਾਂ ਦੀ ਖਲਕਤ ਹਸਦੀ ਹੈ ।
ਮਹਿਕਾਰ ਉਡਾਰੀ ਭਰਦਾ ਹੈ, ਪਰ ਤਰੇਲ ਛਮਾ-ਛਮ ਵਸਦੀ ਹੈ ।

(4)

ਜਦ ਰਾਜ ਤੇਰਾ ਛਾ ਜਾਂਦਾ ਹੈ, ਦਰਬਾਰ ਸਰੂਰ ਲਗਾਂਦਾ ਹੈ ।
ਚੁਪ-ਚਾਂ ਦੀ ਨਗਰੀ ਵਸਦੀ ਹੈ, ਕੰਮੀ ਨੂੰ ਚੰਦ ਹਸਾਂਦਾ ਹੈ ।
ਆਲਾਪ ਨਦੀ ਦਾ ਛਿੜਦਾ ਹੈ, ਪਰਬਤ ਸੁਣ ਢਲ ਢਲ ਆਂਦਾ ਹੈ ।
ਤਾਰੇ ਮੋਤੀ ਬਰਸਾਂਦੇ ਹਨ, ਅਰ ਖੇਤ ਸੰਭਾਲੀ ਜਾਂਦਾ ਹੈ ।

(5)

ਦਿਨ ਭਰ ਜਦ ਲਹੂ ਪਸੀਨਾ ਕਰ, ਹਾਲੀ ਚੂਰਾ ਹੋ ਜਾਂਦਾ ਹੈ,
ਤੇਰੀ ਗੋਦੀ ਵਿਚ ਬਹਿੰਦਾ ਹੀ ਸੁਰਗਾਂ ਦੇ ਝੂਟੇ ਖਾਂਦਾ ਹੈ ।
ਇਕ ਰਾਜਾ ਸੇਜ ਸਜਾਂਦਾ ਹੈ, ਇਕ ਮੰਗਤਾ ਟਾਟ ਵਿਛਾਂਦਾ ਹੈ,
ਸੁਪਨਾ ਇਕ ਤੇਰੀ ਮਾਇਆ ਦਾ, ਦੋਹਾਂ ਦਾ ਫਰਕ ਮਿਟਾਂਦਾ ਹੈ ।

(6)

ਪਾਂਧੀ ਥਕ ਕੇ ਬਹਿ ਜਾਵੇ ਜਾਂ, ਤੂੰ ਆਪਣੇ ਪਾਸ ਟਿਕਾਂਦੀ ਹੈਂ ।
ਪਸ਼ੂਆਂ ਨੂੰ ਲਾਇੰ ਉਗਾਲੀ ਤੇ, ਪੰਛੀ ਥਪਕਾਰ ਸੁਆਂਦੀ ਹੈਂ ।
ਹਰਨਾਂ ਨੂੰ ਗੋਦੇ ਪਾ ਲੈਂਦੀ, ਸ਼ੇਰਾਂ ਨੂੰ ਜਦੋਂ ਜਗਾਂਦੀ ਹੈਂ ।
ਸੁਖ ਨੀਂਦ ਸੁਆ ਕੇ ਵਸਤੀ ਨੂੰ, ਜੰਗਲ ਵਿਚ ਰਾਸ ਰਚਾਂਦੀ ਹੈਂ ।

(7)

ਇਕ ਪਾਸੇ ਪਰੇਮ ਤੜਫਦਾ ਹੈ, ਇਕਧਿਰ ਹਸਰਤ ਕੁਰਲਾਂਦੀ ਹੈ,
ਬੇਦਰਦਣ ਨਦੀ ਵਿਛੋੜੇ ਦੀ, ਵਿਚਕਾਰ ਪਈ ਤਰਸਾਂਦੀ ਹੈ ;
ਤੇਰੇ ਦਰਵਾਜ਼ੇ ਖੁਲ੍ਹਦੇ ਨੇ, ਰਹਿਮਤ ਪਾਸਾ ਪਲਟਾਂਦੀ ਹੈ,
ਸੱਧਰ ਦੀ ਨਾਲ ਮੁਰਾਦਾਂ ਦੇ, ਝੋਲੀ ਭਰ ਦਿੱਤੀ ਜਾਂਦੀ ਹੈ ।

(8)

ਕਿਸਮਤ ਦੇ ਦਰਸ਼ਨ ਮੇਲੇ ਨੇ, ਪਰੇਮੀ ਨੂੰ ਕਾਹਲੀ ਪਾਵੀਂ ਨਾ,
ਕੁੱਕੜ ਨੂੰ ਆਖ ਅਰਾਮ ਕਰੇ, ਬਾਂਗੀ ਨੂੰ ਹਾਲ ਜਗਾਵੀਂ ਨਾ,
ਸੁਖ-ਸੇਜ ਨਸੀਬਾਂ ਨਾਲ ਜੁੜੀ, ਦਿਨ ਚਾੜ੍ਹ ਵਿਛੋੜੇ ਪਾਵੀਂ ਨਾ,
ਪ੍ਰੀਤਮ ਦੀ ਨੀਂਦ ਉਟਕਦੀ ਹੈ, ਘੜਿਆਲ ਅਜੇ ਖੜਕਾਵੀਂ ਨਾ ।

52. ਚਿਨਾਰ ਦਾ ਰੁੱਖ

ਕਸ਼ਮੀਰ ਵਿਚ ਇਹ ਰੁੱਖ ਆਮ ਮਿਲਦਾ ਹੈ । ਸ਼ਾਹੀ ਰੁੱਖ (ਰਾਯਲ ਟਰੀ)
ਹੋਣ ਕਰਕੇ ਰਿਆਸਤ ਬਿਨਾਂ, ਕੋਈ ਇਸ ਨੂੰ ਵੱਢ ਟੁੱਕ ਨਹੀਂ ਸਕਦਾ ।

ਸੁਰਗੀ ਰੁੱਖ, ਬਜ਼ੁਰਗ ਚਿਨਾਰਾ ! ਰੂਪ ਜਲਾਲੀ ਪਾਇਆ,
ਕੂਲੇ ਕੂਲੇ ਪੱਤਰ ਤੇਰੇ, ਠੰਢੀ ਸੰਘਣੀ ਛਾਇਆ ।
ਕੱਦ ਉਚੇਰਾ, ਮੁੱਢ ਮੁਟੇਰਾ ; ਲੰਮਾ ਚੌੜਾ ਘੇਰਾ,
ਪਿੱਪਲ ਤੇਰਾ ਪਾਣੀ ਭਰਦਾ, ਬੋਹੜ ਨੂੰ ਸ਼ਰਮਾਇਆ ।
ਸੈ ਵਰਿਹਾਂ ਤੋਂ ਜ਼ੁਹਦ ਕਮਾਵੇਂ ਖੜਾ ਖੜਾ ਇਕਟੰਗਾ,
ਧੁੱਪ ਸਹਾਰੇਂ ਆਪਣੇ ਉੱਤੇ, ਹੋਰਾਂ ਨੂੰ ਕਰ ਸਾਇਆ ।
ਕੇਈ ਪੂਰ ਲੰਘਾਏ ਹੇਠੋਂ ; ਡਿੱਠੇ ਕੇਈ ਜ਼ਮਾਨੇ,
ਪਰਉਪਕਾਰ ਤੇਰੇ ਨੇ, ਬਾਬਾ ! ਮੇਰਾ ਮਨ ਭਰਮਾਇਆ ।
ਚੱਲੇਂ ਜੇ ਪੰਜਾਬ ਵੰਨੇ, ਦੁਨੀਆਂ ਨਵੀਂ ਵਿਖਾਵਾਂ,
ਮੈਦਾਨਾਂ ਵਿਚ ਖਲਕਤ ਤਾਈਂ ਧੁੱਪਾਂ ਬਹੁਤ ਸਤਾਇਆ ।
ਨੰਗਾ ਬੋਟ ਬਣਾਸਣ ਏਥੇ ; ਬਰਫਾਂ, ਵਿਚ ਸਿਆਲੇ,
ਠੰਢ ਸਧਾਰਣ ਸਾਡੀ ਦੇ ਵਿਚ ਹੁਸਨ ਨਾ ਹੋਸੀ ਜਾਇਆ ।
ਸੁੰਞ ਮਦਾਨਾਂ ਅੰਦਰ ਪੂਰਾ ਪੁੰਨ ਫਲੇ ਨਾਂ ਤੇਰਾ,
ਰੌਣਕ ਦੇ ਵਿਚ ਚੱਲ, ਇਕੱਲੋਂ ਜੇ ਕਰ ਜੀ ਘਬਰਾਇਆ ।

ਉੱਤਰ

ਚੱਲਣ ਨੂੰ ਸੌ ਵਾਰੀ ਚਲਨਾਂ, ਬੀਬਿਆ ਬਰਖੁਰਦਾਰਾ !
ਪਰ ਪੰਜਾਬੇ ਅੰਦਰ ਮੇਰਾ ਹੋਣਾ ਨਹੀਂ ਗੁਜ਼ਾਰਾ ।
ਇਨ੍ਹਾਂ ਉਚਾਈਆਂ ਦੇ ਵਿਚ ਤੈਨੂੰ ਬਰਕਤ ਮੇਰੀ ਜਾਪੇ,
ਰਤਾ ਕੁ ਹੇਠ ਉਤਰਿਆਂ ਇਸਨੇ ਕਰਨਾ ਤੁਰਤ ਕਿਨਾਰਾ ।
ਨਾਲ ਦੇਖ ਕਿਸ ਤਰ੍ਹਾਂ ਮੇਰਾ ਜੰਮਿਆਂ ਸਾਇਆ ਸਿੱਕਾ,
'ਸ਼ਾਹੀ ਰੁੱਖ' ਕਹਾਵਾਂ ਏਥੇ, ਹੋ ਕੇ ਨੀਚ ਨਿਕਾਰਾ ।
ਟਾਹਣੀ ਭੰਨ ਸਕੇ ਨ ਕੋਈ ਬਿਨ ਸਰਕਾਰੋਂ ਮੇਰੀ,
ਇਸ ਰਖਵਾਲੀ ਖਾਤਰ ਕੋਈ ਤੇਰੇ ਪਾਸ ਨ ਚਾਰਾ ।

53. ਨਿਸ਼ਾਤ ਬਾਗ

(ਸ੍ਰੀ ਨਗਰ, ਕਸ਼ਮੀਰ)

ਬੱਲੇ ਬੱਲੇ ਬਾਗ ਨਿਸ਼ਾਤਾ ! ਮੈਂ ਸ਼ੋਭਾ ਤੇਰੀ ਕਿਹੜੇ ਮੂੰਹੋਂ ਉਚਾਰਾਂ,
ਖਿੱਚ ਲਿਆ ਮਨ ਕੁੰਡੀ ਫਸਾ, ਤੇਰੇ ਸੀਨੇ ਤੇ ਪੇਲਦੀਆਂ ਗੁਲਜ਼ਾਰਾਂ ।
ਨੀਝ ਨੂੰ ਬੰਨ੍ਹ ਬਹਾਲ ਲਿਆ, ਫੁੱਟ ਪੈਣੇ ਫੁਹਾਰਿਆਂ ਤੇ ਆਬਸ਼ਾਰਾਂ,
ਇੰਦਰਪੁਰੀ ਕਿਤੋਂ ਲੱਭ ਪਏ, ਤਦ ਆਪਣੀ ਸਹੁੰ ਤੇਰੇ ਉਤੋਂ ਦੀ ਵਾਰਾਂ ।

ਲੁੱਟ ਲਿਆ ਜਿਗਰਾ ਦਿਲ ਦਾ, ਰਸ-ਰੱਤੀ ਹਵਾ ਦੀਆਂ ਛੇੜਾਂ ਅਦਾਵਾਂ,
ਪਾਣੀ ਦੀ ਢਾਲ-ਉਛਾਲ ਦੇ ਰਾਗ ਨੇ, ਤਖਤਿਆਂ ਦੇ ਉਤਰਾਵਾਂ ਚੜ੍ਹਾਵਾਂ,
ਧੁੱਪ ਦੀਆਂ ਝਲਕਾਂ ਸਤਰੰਗੀਆਂ,ਠੰਢੀਆਂ ਛਾਵਾਂ, ਹਰੇ ਹਰੇ ਘਾਵਾਂ,
ਟਾਹਣੀ ਦੀ ਝੋਕ, ਸ਼ਿਗੂਫੇ ਦੀ ਸ਼ੋਖੀ ਨੇ, ਫੁੱਲ ਦੇ ਹਾਸੇ, ਕਲੀ ਦੇ ਹਯਾਵਾਂ ।

ਮਖਮਲ ਦੀ ਮਸਲੰਦ ਤੇ ਡੋਲ੍ਹਿਆ, ਰੰਗ ਬਿਰੰਗਾ ਸੁਗੰਧਿਤ ਦਾਣਾ,
ਚੁੱਗਦਿਆਂ ਜਿਨੂੰ ਰੱਜੇ ਨਾ ਥੱਕੇ, ਨਿਗਾਹ-ਕਬੂਤਰ ਨਿੱਘਰ ਜਾਣਾ,
ਫੁੱਲਾਂ ਤੋਂ ਉੱਠ ਫੁਹਾਰਿਆਂ ਤੇ, ਤੇ ਫੁਹਾਰੇ ਤੋਂ ਦੌੜ ਕੇ ਫੁਲਾਂ ਤੇ ਆਣਾ ।
ਤੱਕਦਿਆਂ ਪੱਥਰਾ ਗਈਆਂ ਅੱਖੀਆਂ, ਮੁੱਕੇ ਨਾ ਏਸ ਦਾ ਤੰਦਣਤਾਣਾ ।

ਬੈਠੇ ਨੇ ਧੂਣੀਆਂ ਪਾ ਤੇਰੇ ਬੂਹੇ ਤੇ ਦੇਸਾਂ ਦੇ ਗੱਭਰੂ ਤੇ ਮੁਟਿਆਰਾਂ,
ਹੱਸਦੇ ਖੇਡਦੇ ਗਾਂਦੇ ਵਜਾਂਦੇ, ਮਨਾਂਦੇ ਨੇ ਐਸ ਨਿਸ਼ਾਤ ਬਹਾਰਾਂ,
ਪੈ ਗਈਆਂ ਸੰਝਾਂ, ਨਾ ਲੱਥੀਆਂ ਡੰਝਾਂ, ਭੁਲਾ ਛੱਡੇ ਝੁੱਗੇ, ਵਿਸਰੀਆਂ ਕਾਰਾਂ,
ਫੁੱਲਾਂ ਤੋਂ ਫੁੱਲ ਨਖੇੜ ਲਏ, ਹਾਇ ! ਹਾਝੀਆਂ ਪਾਪੀਆਂ ਪਾ ਪਾ ਪੁਕਾਰਾਂ ।

ਐਸ਼ਾਂ ਲਈ ਮੁਗਲਾਣੀਆਂ ਰਾਣੀਆਂ ਸੱਚੇ ਜਦੋਂ ਤੇਰੀ ਸੂਰਤ ਢਾਲੀ ;
ਕੌਣ ਗਿਣਾਵੇ, ਸਜਾਉਟ ਤੇਰੀ ਤੇ ਕਿੰਨੇ ਖਜ਼ਾਨੇ ਹੋਏ ਸਨ ਖਾਲੀ ।
ਕਾਮਲ ਕਾਰੀਗਰਾਂ ਦੇ ਦਿਮਾਗ ਨੇ ਤੇਰੇ ਤੇ ਸਾਰੀ ਸਫਾਈ ਦਿਖਾਲੀ ;
ਬੀਤ ਗਈਆਂ ਕਿੰਨੀਆਂ ਸਦੀਆਂ, ਪਰ ਜੋਬਨ ਤੇਰਾ ਹੈ ਵਾਧੇ ਤੇ ਹਾਲੀ ।

ਕੌਲ ਫੁੱਲੀਂ ਭਰਪੂਰ ਜਲੀਂ ਡਲ ਸਾਹਮਣੇ ਤੇਰੇ ਲਿਆ ਕੇ ਵਿਛਾਇਆ,
ਸੀਸ ਤੇਰੇ ਨੂੰ ਟਿਕਾ ਕੇ ਪਹਾੜ ਤੇ ਪੈਰਾਂ ਨੂੰ ਝੀਲ ਦੇ ਨਾਲ ਮਿਲਾਇਆ,
ਤੇਰੇ ਫੁਹਾਰੇ ਉਛਾਲਣ ਨੂੰ ਫਰਿਹਾਦ ਕੋਈ, ਕੱਟ ਕੂਲ ਲਿਆਇਆ,
ਜੁੱਗੀਂ ਜੀਵੇ ਤੇਰਾ ਜੋਬਣ 'ਚਾਤ੍ਰਿਕ' ਫੁੱਲੇਂ ਫਲੇਂ ਨਿਤ ਦੂਣ ਸਵਾਇਆ ।

54. ਗੁਲਮਰਗ (ਕਸ਼ਮੀਰ)

ਦੇਵਤਿਆਂ ਨੇ ਗੱਦੀ ਤੇ ਜਦ ਰਾਜਾ ਇੰਦ੍ਰ ਬਹਾਇਆ,
ਉਸ ਦੇ ਜੋਗ ਅਖਾੜੇ ਦਾ ਭੀ ਜੀ ਵਿਚ ਚਾਉ ਸਮਾਇਆ ।

ਵਿਸ਼ਕਰਮਾ ਨੇ ਲੱਭਾ ਭਾਰਤ ਦਾ ਕਸ਼ਮੀਰ ਨਗੀਨਾ,
ਤਾਰਾ ਉਸ ਦੀਆਂ ਅੱਖਾਂ ਦਾ ਗੁਲਮਰਗ ਪਸਿੰਦੇ ਆਇਆ ।

ਸੀਨਾ ਫੋਲ ਬਰਫ ਦਾ ਸੀਤਲ ਧਰਤੀ ਸਾਫ ਕਰਾਈ,
ਉੱਚੀ ਨੀਵੀਂ ਥਾਂ ਢੱਕਣ ਨੂੰ ਮਖਮਲ ਹਰੀ ਵਿਛਾਈ ।

ਸੁਹਜ, ਸੁਣੱਪ ; ਸ਼ਿੰਗਾਰ ਜਗਤ ਦੇ, ਕੱਠੇ ਕੀਤੇ ਸਾਰੇ,
ਫੁੱਲਾਂ ਦੀ ਮਹਿਕਾਰ ਤ੍ਰੌਂਕ ਕੇ, ਇੰਦਰ ਸਭਾ ਸਜਾਈ ।

ਸਿਰ ਤਲਵਾਏ ਪਰਬਤ ਦੇ, ਦੋ ਪਾਸੀਂ ਢਾਲ ਬਣਾ ਕੇ,
ਰੋਮ ਰੋਮ ਵਿਚ ਰੰਗਣ ਪਾਈ, ਹਰੀ ਪਨੀਰੀ ਲਾ ਕੇ ।

ਬਰਫੀ ਟਿੱਲਾ ਘੋਲ ਘੋਲ ਕੇ ਨਹਿਰ ਅਕਾਸ਼ੀ ਆਂਦੀ,
ਵੁੱਲਰ ਤਾਲ ਭਰਾਇਆ ਲਾਗੇ, ਕਮਲਾਂ ਨਾਲ ਸਜਾ ਕੇ ।

ਅਸਮਾਨੀ ਸਾਗਰ ਦੇ ਮੋਤੀ, ਥਾਂ ਥਾਂ ਗਏ ਖਿਲਾਰੇ,
ਵਾਯੂ ਨੇ ਫੜ ਲਿਆ ਤੰਬੂਰਾ, ਰੁੱਖਾਂ ਸਾਜ ਸਵਾਰੇ ।

ਹੂਰਾਂ ਪਰੀਆਂ ਨਾਚ ਕਰਨ ਨੂੰ ਪਹਿਨ ਪੁਸ਼ਾਕਾਂ ਆਈਆਂ,
ਇੰਦਰ ਰਾਜ ਬਿਬਾਣੇ ਚੜ੍ਹਿਆ, ਖੋਲ੍ਹ ਖਜ਼ਾਨੇ ਵਾਰੇ ।

ਵਾਹ ਗੁਲਮਰਗਾ ! ਰੱਬੀ ਤਖਤਾ ! ਤੂੰਹੇਂ ਤੇਰਾ ਸਾਨੀ,
ਠੰਢਕ ਮਹਿਕ ਸਜਾਉਟ ਤੇਰੀ, ਫਾਹੇ ਬ੍ਰਹਮ-ਗਿਆਨੀ ।

ਰੋਗ, ਸੋਗ, ਚਿੰਤਾ, ਚੰਚਲਤਾ, ਤੇਰਾ ਦਰਸ਼ਨ ਝਾੜੇ,
ਅਠ ਪਹਿਰਾਂ ਦੇ ਮੇਲ ਤੇਰੇ ਦੀ, ਪੱਲੇ ਅਜੇ ਨਿਸ਼ਾਨੀ ।

55. ਸੁਫੈਦੇ ਦਾ ਰੁੱਖ (ਕਸ਼ਮੀਰ ਵਿਚ)

ਇਹ ਮੈਦਾਨਾਂ ਦੇ ਸੁਫੈਦੇ (ਯੂਕਲਿਪਟਿਸ) ਨਾਲੋਂ ਵਖਰੀ ਕਿਸਮ ਦਾ ਹੈ ।
ਅੰਗਰੇਜ਼ੀ ਨਾਮ ਲੰਬਾਰਡੀ ਪਾਪਲਰ ਹੈ, ਥੋੜੇ ਚਿਰ ਵਿਚ ਹੀ ਕਸ਼ਮੀਰ
ਵਿਚ ਆਮ ਹੋ ਗਿਆ ਹੈ ।

ਲੰਮਿਆ ਉੱਚਿਆ ! ਛੈਲ ਸੁਫੈਦਿਆ !(ਤੂੰ) ਕਿੱਤ ਵਲੈਤੋਂ ਆਇਆ ?
ਕਸ਼ਮੀਰੇ ਦੀ ਜੰਨਤ ਅੰਦਰ, ਕਦ ਤੋਂ ਡੇਰਾ ਲਾਇਆ ?
ਕੰਨ ਖੜਿੱਕੇ ਪੱਤਰ ਤੇਰੇ, ਨੀਝ ਤੇਰੀ ਅਸਮਾਨੀਂ,
ਤੱਛਿਆ ਮੁੱਛਿਆ, ਗੋਰਾ ਚਿੱਟਾ, ਰੂਪ ਇਲਾਹੀ ਪਾਇਆ ।
ਗੱਭਰੂ ਦਾ ਕੱਦ ਬਣਨ ਤੋਂ ਤੂੰ ਕਿਉਂ ਰਿਹੋਂ ਪਸਿੱਤਾ ?
ਸਰੂ ਅਤੇ ਸ਼ਮਸ਼ਾਦ ਦੁਹਾਂ ਨੂੰ, ਕਵੀਆਂ ਅਰਸ਼ ਚੜ੍ਹਾਇਆ ।
ਉਹ ਰੁੱਖੇ ਤੂੰ ਹਰਿਆ ਭਰਿਆ, ਉਹ ਖਰ੍ਹਵੇ ਤੂੰ ਕੂਲਾ,
ਭੁੱਲਿਆਂ ਨੂੰ ਤੂੰ ਓਦੋਂ ਕਿਉਂ ਨਾ ਆਪਣਾ ਆਪ ਜਚਾਇਆ ?

ਉੱਤਰ-

ਪਾਰ ਸਮੁੰਦਰੀਂ ਦੂਰ ਦੁਰਾਡਾ, ਵਸਦਾ ਸਾਂ ਪ੍ਰਸਤਾਨੀਂ,
ਗੋਰਿਆਂ ਚਿੱਟਿਆਂ ਕਦਰ ਪਛਾਤੀ ਚਾੜ੍ਹ ਦਿਤਾ ਅਸਮਾਨੀਂ ।
ਕਸ਼ਮੀਰ ਵਿਚ ਆ ਕੇ ਪਰੀਆਂ, ਮੈਨੂੰ ਨਾ ਜਦ ਪਾਇਆ,
ਚੁੱਕ ਲਿਆਂਦੀ ਏਸ ਅਖਾੜੇ, ਅਪਣੀ ਦੇਸ਼ ਨਿਸ਼ਾਨੀ ।
ਸੌ ਵਰ੍ਹਿਆਂ ਤੋਂ ਉੱਪਰ ਹੋਇਆ, ਆਇਆਂ ਏਸ ਬਹਿਸ਼ਤੇ,
ਪਰ ਕਵੀਆਂ ਦੀ ਕਲਮ ਨਾ ਪਕੜੀ ਮੇਰੇ ਵੱਲ ਰਵਾਨੀ ।
ਹਰ ਗੱਲ ਮੇਰੀ ਸਰੂਏ ਨਾਲੋਂ ਵੇਖਣ ਨੂੰ ਦਹਿ ਚੰਦਾਂ,
ਗੋਰਿਆਂ ਤੋਂ ਉਪਰਾਉਣ ਸ਼ਾਇਦ ਕਾਲੇ ਹਿੰਦੁਸਤਾਨੀ ।

56. ਬਸੰਤ ਰੁੱਤ

(1)

ਹਾਰ ਸ਼ਿੰਗਾਰ ਸੁਆਰ ਬਹਾਰ,
ਉਭਾਰ ਕੇ ਜੋਬਨ, ਰੂਪ ਨਿਖਾਰ ਕੇ,
ਰੰਗ ਬਿਰੰਗਾ ਦੁਪੱਟਾ ਪਸਾਰ ਕੇ,
ਨੈਣਾਂ ਦੇ ਵਿਚ ਸਰੂਰ ਖਿਲਾਰ ਕੇ,
ਜਾਦੂ ਚਲਾਉਂਦੀ ਸੈਨਤਾਂ ਮਾਰ,
ਫਸਾਉਂਦੀ ਰਾਹੀ ਵੰਗਾਰ ਵੰਗਾਰ ਕੇ,
ਪੀਂਘ ਉਲਾਰ, ਸੁਗੰਧ ਪਸਾਰ ਕੇ,
ਮੋਏ ਜਿਵਾਉਂਦੀ, ਜੀਉਂਦੇ ਮਾਰ ਕੇ,

(2)

ਕੀਤੇ ਸ਼ੁਦਾਈ, ਵਗਾਈ ਹਵਾ,
ਇਸ ਕਾਮਨਹਾਰੀ ਨੇ ਸੁੱਟ ਕੇ ਡੋਰੇ,
ਫੁਲਾਂ ਤੋਂ ਡਿਗਦੇ ਭੌਰੇ ਵਿਖਾਲ ਕੇ,
ਕਾਨ੍ਹ ਨੂੰ ਗੋਪੀਆਂ ਦਿੱਤੇ ਨਿਹੋਰੇ :-
ਮਿੱਟੀ ਭੀ ਰੰਗੀ ਗਈ ਪਰ ਤੇਰੇ,
ਨਦੀਦੇ ਦੇ ਦੀਦੇ ਨੇ ਕੋਰੇ ਦੇ ਕੋਰੇ,
ਲੋੜ੍ਹ ਪਿਆ ਇਸ ਗੋਕਲ ਨੂੰ,
ਏਥੇ ਊਠ ਨ ਕੁੱਦਣ, ਕੁੱਦਣ ਬੋਰੇ ।

(3)

ਡਾਲੀਆਂ ਤੇ ਫੁੱਲ ਝੂਮ ਰਹੇ,
ਵੇਖ ! ਕੀਕਰ ਖਾ ਝਕੋਲੇ ਹਵਾ ਦੇ,
ਆ ਖਾਂ ਜਰਾ ਬਿੰਦਰਾਬਨ ਦੇ ਵਲ,
ਚੰਦ ਦੀ ਚਾਨਣੀ ਰਾਸ ਰਚਾ ਦੇ,
ਮਿੱਠੀ ਮਿੱਠੀ ਕੋਈ ਰਾਗਣੀ ਛੇੜ ਕੇ,
ਬੰਸਰੀ ਦੀ ਇਕ ਤਾਨ ਸੁਣਾ ਦੇ,
ਸਾਰਾ ਜਹਾਨ ਤਾਂ ਵੱਸ ਪਿਆ,
ਹੁਣ ਸਾਡੇ ਭੀ ਉੱਜੜੇ ਲੇਖ ਵਸਾ ਦੇ ।

(4)

ਫੁੱਲਾਂ ਦੀ ਪਿਟਾਰੀ, ਪੀਲੇ ਭੋਛਣੀਂ ਸ਼ਿੰਗਾਰੀ ;
ਇਹ ਛਲੇਡੇ ਜਿਹੀ ਨਾਰੀ ਕਿਹੜੀ ਚੰਚਲ ਕੁਮਾਰੀ ਹੈ ?
ਪਾਇਲਾਂ ਕੀ ਪਾਵੇ ; ਕਲਾਂ ਸੁੱਤੀਆਂ ਜਗਾਵੇ ਪਈ ;
ਚਿੱਤ ਹੋਇਆ ਚਿੱਤ, ਚੜ੍ਹੀ ਅੱਖਾਂ ਨੂੰ ਖੁਮਾਰੀ ਹੈ ।
ਰੁੱਖ ਬੂਟੇ, ਫੁਲ ਪੱਤ, ਘਾਹ ਤਿਣ, ਪਸ਼ੂ ਪੰਛੀ ;
ਮੋਹੀ ਸ੍ਰਿਸ਼ਟਿ ਸਾਰੀ ; ਬਾਲ ਬ੍ਰਿਧ, ਨਰ ਨਾਰੀ ਹੈ ।
ਧੱਕਾ ਮਾਰ ਆਖਿਆ ਸੁਗੰਧ ਭਿੰਨੀ ਪੌਣ ਅੱਗੋਂ ;
'ਹੱਟ ਜਾਓ ਲੋਕੋ ; ਏ ਬਸੰਤ ਦੀ ਸਵਾਰੀ ਹੈ' ।

57. ਵਰਖਾ ਰੁੱਤ

(ਪਹਿਲ ਹਿੱਸਾ ਮੌਲਾਨਾ ਹਾਲੀ ਦੀ ਕਵਿਤਾ
'ਬਰਸਾਤ' ਦੇ ਆਧਾਰ ਤੇ ਲਿਖਿਆ)

(1)
ਵਰਖਾ ਰੁੱਤ ਆਈ ਪਯਾਰੀ ਪਯਾਰੀ,
ਤਪਤ ਗਰਮੀ ਦੀ ਹਰਨ ਹਾਰੀ ।

ਠੰਢ ਲਯਾਈ ਤੇ ਸ਼ਾਤਿ ਲਯਾਈ,
ਸਵਛਤਾ ਤੇ ਇਕਾਂਤ ਲਯਾਈ ।

ਹਿੱਕ ਧਰਤੀ ਦੀ ਸੜ ਰਹੀ ਸੀ,
ਲੋ ਬੜੀ ਸਿਰ ਚੜ੍ਹ ਰਹੀ ਸੀ ।

ਵਰਖਾ ਨੇ ਇਸਨੂੰ ਠਾਰ ਦਿੱਤਾ,
ਭੂਤ ਉਸ ਦਾ ਉਤਾਰ ਦਿੱਤਾ ।

ਰਾਜ ਸਬਜ਼ੀ ਦਾ ਛਾ ਗਿਆ ਹੈ,
ਰੂਪ ਹਰ ਸ਼ੈ ਤੇ ਆ ਗਿਆ ਹੈ ।

ਕੋਹਾਂ ਜਿੱਧਰ ਨੂੰ ਨੀਝ ਜਾਵੇ,
ਦਿਸਦੇ ਹਨ ਝੁੰਡ ਸਾਵੇ ਸਾਵੇ ।

ਹਰ ਜਗਹ ਕਯਾ ਹਰੀ ਹਰੀ ਹੈ,
ਮੌਲੀ ਪ੍ਰਿਥਵੀ ਜ਼ਰੀ ਜ਼ਰੀ ਹੈ ।

ਵਗਦੇ ਸਨ ਜਿੱਥੇ ਵਾ ਵਰੋਲੇ,
ਪੈ ਰਹੇ ਹਨ ਓਥੇ ਹੰਡੋਲੇ ।

ਰੰਗਾਂ ਵਿਚ ਆਏ ਬੇਲ ਬੂਟੇ,
ਫੁੱਲਾਂ ਨੂੰ ਦੇ ਰਹੇ ਨੇ ਝੁਟੇ ।

ਟਹਿਕੀਆਂ ਹੋਈਆਂ ਟਾਹਣੀਆਂ ਨੇ,
ਉੜਦੀਆਂ ਜਿਉਂ ਸੁਆਣੀਆਂ ਨੇ ।

ਚਿਹਰੇ ਕਲੀਆਂ ਨੇ ਹਨ ਖਿੜਾਏ,
ਖਿਸਕਦਾ ਘੁੰਡ ਮੂੰਹ ਤੋਂ ਜਾਏ ।

ਬਾਸਨਾ ਚੜ੍ਹ ਹਵਾ ਦੇ ਘੋੜੇ,
ਰਾਹੀਆਂ ਤੇ ਪਾ ਰਹੀ ਹੈ ਡੋਰੇ ।

ਭੌਰੇ ਫਿਰਦੇ ਨੇ ਬੌਰੇ ਹੋਏ,
ਡਿਗਦੇ ਨੇ ਡੌਰ ਭੌਰੇ ਹੋਏ ।

ਜੱਫੇ ਪਾ ਪਾ ਕੇ ਪ੍ਰੀਤਮਾਂ ਨੂੰ,
ਠੰਢ ਪਾਂਦੇ ਨੇ ਛਾਤੀਆਂ ਨੂੰ ।

ਸੀਨਾ ਬੁਲਬੁਲ ਦਾ ਫੁਲ ਰਿਹਾ ਹੈ,
ਬੇ ਵਸਾ ਹਾਸਾ ਡੁਲ੍ਹ ਰਿਹਾ ਹੈ ।

ਪਯਾਰੇ ਦੀ ਉਭਰਦੀ ਜਵਾਨੀ,
ਦੇਖ ਕਰਦੀ ਹੈ ਛੇੜਖਾਨੀ ।

ਛਾਤੀ ਨੂੰ ਲਾ ਕੇ ਗੁਦਗੁਦਾਵੇ,
ਪਰੇਮ ਦੀ ਚੋਟ ਭੀ ਚਲਾਵੇ ।

ਪੁੱਛੋ ਨਾ ਅਜ ਸਮੀਰ ਦੀ ਗਲ,
ਮਿੱਠੀ, ਮਿੱਠੀ ਸ-ਗੰਧ ; ਸੀਤਲ ।

ਪੁਸ਼ਪ-ਰਸ ਨਾਲ ਭਿੰਨੀ ਹੋਈ,
ਪੂਰੇ ਜੋਬਨ ਨੂੰ ਪੁੰਨੀ ਹੋਈ ।

ਪਰੁਪਕਾਰੀ ਦਾ ਜਸ ਬਣੀ ਹੈ,
ਯਾ ਸਮਾਧੀ ਦਾ ਰਸ ਬਣੀ ਹੈ ।

ਬਾਗਾਂ ਦੀ ਸੰਪਦਾ ਉਠਾ ਕੇ,
ਵੰਡੇ ਵਿਚ ਪਰੇਮੀਆਂ ਦੇ ਜਾ ਕੇ ।

ਪੱਖਾ ਜੈਸਾ ਚਲਾਉਂਦੀ ਹੈ,
ਦੀਨ ਦੁਨੀਆਂ ਡੁਲਾਉਂਦੀ ਹੈ ।

ਮੋਏ ਮਨ ਭੀ ਖ਼ਲੋਈ ਜਾਂਦੇ,
ਬਾਗ ਨੂੰ ਤਯਾਰ ਹੋਈ ਜਾਂਦੇ ।

ਵਰਖਾ ਰੁਤ ਦੀ ਬਹਾਰ ਦੇਖਣ,
ਬੂਟਿਆਂ ਦਾ ਨਿਖਾਰ ਦੇਖਣ ।

ਮੌਜਾਂ ਫੁੱਲਾਂ ਤੇ ਬੁਲਬੁਲਾਂ ਦੀ,
ਅੰਬ ਪਰ ਕੂਕ ਕੋਇਲਾਂ ਦੀ ।

ਮੋਰਾਂ ਦੇ ਨਾਚ ਦਾ ਨਜ਼ਾਰਾ,
ਵਰਖਾ ਦਾ ਦ੍ਰਿਸ਼ ਪਯਾਰਾ ਪਯਾਰਾ ।

ਗਗਨ ਪਰ ਫੌਜਾਂ ਦੀ ਚੜ੍ਹਾਈ,
ਮੇਘ-ਮੰਡਲ ਦੀ ਆਓ ਜਾਈ ।

ਕਾਲੀ ਕਾਲੀ ਘਟਾ ਦਾ ਘੁਰਨਾ,
ਗੱਜਣਾ, ਗੜ੍ਹਕਣਾ ਤੇ ਤੁਰਨਾ ।

(2)
ਵੇਖੋ ! ਔਹ ਪਰਬਤਾਂ ਦੁਆਲੇ,
ਘਿਰ ਗਏ ਮੇਘ ਕਾਲੇ ਕਾਲੇ ।

ਬਾਗਾਂ ਵਿਚ ਕੂਕ ਛਿੜ ਪਈ ਹੈ,
ਮੋਰਾਂ ਦੀ ਜਾਨ ਖਿੜ ਪਈ ਹੈ ।

ਆਹਾ ! ਕਯਾ ਮੌਜ ਹੋ ਰਹੀ ਹੈ,
ਕੱਠੀ ਕਯਾ ਫੌਜ ਹੋ ਰਹੀ ਹੈ ।

ਵੰਨੋਵੰਨੀ ਦੇ ਹਨ ਰਸਾਲੇ,
ਕੋਈ ਗੋਰੇ ਤੇ ਕੋਈ ਕਾਲੇ ।

ਧਾਵਾ ਹੋਣਾ ਹੈ ਕੋਈ ਜਾਨੇ,
ਬੀੜੇ ਹਨ ਕੇਈ ਤੋਪਖਾਨੇ ।

ਧੌਂਸੇ ਪਰ ਚੋਟ ਲਗ ਰਹੀ ਹੈ,
ਤੋਪ ਬੰਦੂਕ ਦਗ ਰਹੀ ਹੈ ।

ਸਾਰੇ ਦਲ ਬੱਦਲਾਂ ਦਾ ਛਾਇਆ,
ਧੁੱਪਾਂ ਪਰ ਪੈ ਰਿਹਾ ਹੈ ਸਾਇਆ ।

ਰੁਕ ਗਿਆ ਆਉਣੋਂ ਉਜਾਲਾ,
ਤੰਬੂ ਇਕ ਤਣ ਗਿਆ ਹੈ ਕਾਲਾ ।
ਬਿਜਲੀ ਰੋਹ ਆਈ ਕਿਲਕਦੀ ਹੈ,
ਬਰਛੀ ਕਯਾ ਇਸਦੀ ਚਿਲਕਦੀ ਹੈ ।

ਬੂੰਦਾ ਬਾਂਦੀ ਆਹਾ ! ਹਾ ! ਆਈ,
ਛਿੜ ਪਈ ਜ਼ੋਰ ਦੀ ਲੜਾਈ ।
ਤੀਰ ਵਰ੍ਹਦੇ ਨੇ ਇਸ ਤਰ੍ਹਾਂ ਦੇ,
ਛਣ ਗਏ ਸੀਨੇ ਗਰਮੀਆਂ ਦੇ ।

ਔੜ ਦੇ ਸਿਰ ਫਿਰਿਆ ਪਾਣੀ,
ਘੱਟੇ ਦੀ ਹੋ ਗਈ ਹੈ ਘਾਣੀ ।

ਮੀਂਹ ਦਾ ਐਸਾ ਲਗਾ ਦਰੇੜਾ,
ਰੁੜ੍ਹ ਗਿਆ ਗਰਮੀ ਦਾ ਬੇੜਾ ।

(3)
ਦੇਖੋ ਹੁਣ ਸੀਨ ਆਇਆ ਹੋਰੀ,
ਘਟ ਗਈ ਘਟ ਦੀ ਸੀਨਾ ਜ਼ੋਰੀ ।

ਚਿੱਟੀ ਝੰਡੀ ਹਿਲਾ ਹਿਲਾ ਕੇ,
ਕਿਰਨਾਂ ਦਾ ਗਈਆਂ ਰਾਹ ਬਣਾ ਕੇ ।

ਫੌਜਾਂ ਹੁਣ ਕੂਚ ਬੋਲ ਦਿੱਤਾ,
ਨਾਕਾ ਸੂਰਜ ਦਾ ਖੋਲ੍ਹ ਦਿੱਤਾ ।

ਖਿੜ ਗਿਆ ਆਸਮਾਨ ਸਾਰਾ,
ਧੁੱਪ ਗਿਆ ਹੈ ਜਹਾਨ ਸਾਰਾ ।

ਉੱਚੇ ਥਾਂ ਖੂਬ ਤਰ ਗਏ ਨੇ,
ਨੀਵੇਂ ਜਲ ਨਾਲ ਭਰ ਗਏ ਨੇ ।

ਨਦੀਆਂ ਨੂੰ ਹੜ੍ਹ ਰੁੜ੍ਹਾ ਰਿਹਾ ਹੈ,
ਲੋੜ੍ਹਾ ਕਾਂਗਾਂ ਨੂੰ ਆ ਰਿਹਾ ਹੈ ।

ਬ੍ਰਿਛਾਂ ਨੇ ਖੂਬ ਨ੍ਹਾ ਲਿਆ ਹੈ,
ਸਾਵਾ ਬਾਣਾ ਵਟਾ ਲਿਆ ਹੈ ।

ਖੇਤੀਆਂ ਵਾਲੇ ਤਰ ਗਏ ਨੇ,
ਔੜ ਦੇ ਮਾਪੇ ਮਰ ਗਏ ਨੇ ।

ਪਸ਼ੂਆਂ ਨੂੰ ਖੁਲ੍ਹ ਗਿਆ ਭੰਡਾਰਾ,
ਹੋ ਗਿਆ ਆਮ ਘਾਹ ਚਾਰਾ ।

ਦੁੱਧਾਂ ਦਹੀਆਂ ਬਹਾਰਾਂ ਲਾਈਆਂ,
ਸੋਕੜਾਂ ਨੇ ਝਲਾਰਾਂ ਲਾਈਆਂ ।

ਸਾਵੇਂ ਸਾਉਣ ਦੇ ਦੂਣੇ ਹੋਏ,
ਭਰ ਗਏ ਭੋਖੜੇ ਦੇ ਟੋਏ ।

(4)
ਰੰਗਾਂ ਵਿਚ ਆ ਗਈ ਲੁਕਾਈ,
ਪੇਟ ਵਿਚ ਪਾ ਰਹੀ ਕਮਾਈ ।

ਅੰਬਾਂ ਦੀ ਆ ਗਈ ਹੈ ਸ਼ਾਮਤ,
ਬਣ ਗਏ ਜਾਮਨੂ ਨਿਆਮਤ ।

ਪੂੜੇ ਪਰ ਜੀਭ ਵਹਿ ਰਹੀ ਹੈ,
ਖੀਰਾਂ ਦੀ ਡੰਝ ਲਹਿ ਰਹੀ ਹੈ ।

ਕੋਈ ਮੌਜਾਂ ਉਡਾ ਰਿਹਾ ਹੈ,
ਰਾਗ ਰੰਗ ਕੋਈ ਗਾ ਰਿਹਾ ਹੈ ।

ਬੰਸਰੀ ਫ਼ੜ ਲਈ ਕਿਸੇ ਨੇ,
ਜੋੜੀ ਹੈ ਧਰ ਲਈ ਕਿਸੇ ਨੇ ।

ਕੋਈ ਮਲਹਾਰ ਗੇੜਦਾ ਹੈ,
ਦੇਸ ਨੂੰ ਕੋਈ ਛੇੜਦਾ ਹੈ ।

ਸਈਆਂ ਰਲ ਮਿਲਕੇ ਆ ਰਹੀਆਂ ਨੇ,
ਬਾਗਾਂ ਨੂੰ ਭਾਗ ਲਾ ਰਹੀਆਂ ਨੇ ।

ਚੱਲੋ ਅੜੀਓ ਨੀਂ ਪੀਂਘਾਂ ਪਾਈਏ !
ਹੂਟੇ ਲਈਏ ਤੇ ਗਾਉਣ ਗਾਈਏ !

ਪੀਂਘਾਂ ਦੇ ਛਿੜ ਪਏ ਹੁਲਾਰੇ,
ਬਿਰਹ ਦੇ ਭਖ ਉਠੇ ਅੰਗਾਰੇ ।

ਯਾਦ ਪਯਾਰੇ ਦੀ ਆ ਪਈ ਹੈ,
ਬਿਰਹਨੀ ਬਿਲਬਿਲਾ ਪਈ ਹੈ ।

ਪਰੇਮ ਨੇ ਖਾ ਲਏ ਉਛਾਲੇ,
ਅੱਖਾਂ ਦੇ ਬਣ ਗਏ ਪਨਾਲੇ ।

ਬਾਲਮਾ ! ਵਾਰਨੇ ਤਿਹਾਰੇ,
ਦੇ ਜਾ ਸਾਉਣ ਦੇ ਦਿਨ ਉਧਾਰੇ ।

ਸੱਦੋ ਨੀ ਮੇਰਾ ਚੀਰੇ ਵਾਲਾ,
ਸੀਨੇ ਵਿਚ ਸੁਲਗਦੀ ਜੁਆਲਾ ।

ਕਾਲਜੇ ਮੇਰੇ ਲੰਬੂ ਲਾ ਕੇ,
ਲੁਕ ਰਿਹਾ ਮਾਹੀ ਕਿੱਥੇ ਜਾ ਕੇ ।

ਨੀਝ ਰਸਤੇ ਦੇ ਵਿਚ ਪਰੋਤੀ,
ਸੁਕ ਗਈ ਬੂਹੇ ਤੇ ਖੜੋਤੀ ।

ਸ਼ਾਮ ਘਟ ਸ਼ਾਮ ਬਿਨ ਨ ਭਾਵੇ,
ਵਰਖਾ ਬਲਦੀ ਤੇ ਤੇਲ ਪਾਵੇ ।

ਚੋਜ ਦੁਨੀਆਂ ਮਨਾ ਰਹੀ ਹੈ,
ਸ਼ਾਤਿ ਚੌਫੇਰੇ ਛਾ ਰਹੀ ਹੈ ।

ਪਰ ਮੇਰੀ ਜਾਨ ਜਲ ਰਹੀ ਹੈ ,
ਸ਼ਮਾ ਮਹਿਫਲ ਦੀ ਗਲ ਰਹੀ ਹੈ ।

ਆ ਕੇ ਇਕ ਨੀਲ ਨਾਲ ਤਾਰੋ,
ਬਿਰਹ ਦੇ ਕਸ਼ਟ ਨੂੰ ਨਿਵਾਰੋ ।

ਵਾਂਗ 'ਚਾਤ੍ਰਿਕ' ਤੜਪ ਰਹੀ ਹਾਂ,
ਪਯਾਸੀ ਇਕ ਸਵਾਂਤ ਬੂੰਦ ਦੀ ਹਾਂ ।

58. ਸਾਉਣ

(ਮਾਝੇ ਦੇ ਇਕ ਪਿੰਡ ਵਿਚ)

ਸਾਉਣ ਮਾਂਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ,
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ,
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ,
ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀ,
ਚੜ੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ,
ਤਿੜ੍ਹਾਂ ਤਿੜਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛੱਡ ਦਿੱਤੇ ਖੁੱਲ੍ਹੇ ਪਾਲੀਆਂ ਨੇ,
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ ।

ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀਂ ਆਈਆਂ ਨੇ,
ਵੰਗਾਂ ਚੂੜੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ ਮਹਿੰਦੀਆਂ ਲਾਈਆਂ ਨੇ,
ਖੀਰਾਂ ਰਿੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ ਵਹੁਟੀਆਂ ਨੇ ਪੀਂਘਾਂ ਪਾਈਆਂ ਨੇ ;
ਗਿੱਧੇ ਵੱਜਦੇ, ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ (ਕੇ) ਛਾਈਆਂ ਨੇ ।
ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ,
ਲੋਕੀਂ ਖੁਸ਼ੀ ਅੰਦਰ ਖੀਵੇ ਹੋਏ 'ਚਾਤ੍ਰਿਕ',
ਸਾਉਣ ਮਾਹ ਦੇ ਸੋਹਿਲੇ ਗਾਉਂਦੇ ਨੇ ।

59. ਕਵੀ ਦਾ ਰੱਬ

ਪਰੇਮ ਦੇ ਕੁੱਠੇ ਕਵੀ ! ਦੀਦਾਰ ਦੇ ਭੁੱਖੇ ਕਵੀ !
ਜਾਨ ਤੇਰੀ ; ਪਾਰੇ ਵਾਂਗਰ, ਤਲਮਲਾਵੇ ਕਿਸ ਲਈ ?
ਮਹਿਕ ਵਾਂਗਰ ਖਿੰਡੀ ਹੋਈ ਮੂਰਤ ਕੀ ਹੈ ਭਾਲਦੀ ?
ਕੇਰ ਮੋਤੀ ਅੰਝੂਆਂ ਦੇ, ਝੋਲੀ ਤੇਰੀ ਭਰ ਗਈ ।
ਢੂੰਢਦਾ ਹੈਂ ਰੱਬ ਨੂੰ ? ਕਲਪੇ ਹੋਏ ਆਕਾਰ ਵਿਚ ?
ਭੋਲਿਆ !ਆ ਭਲਾ,ਕੁਦਰਤ ਦੀ ਖਿੜੀ ਗੁਲਜ਼ਾਰ ਵਿਚ ।

ਛੰਭ-ਸ਼ੀਸ਼ਾ ਦੇਖ, ਫੜ ਲੈ ਆਰਸੀ ਜਾਂ ਤ੍ਰੇਲ ਦੀ,
ਤੱਕ, ਕੁਦਰਤ ਰੱਬ ਦੀ, ਖੇਲਾਂ ਕਿਵੇਂ ਹੈ ਖੇਲਦੀ ?
ਪਰਬਤਾਂ ਪਰ ਨੱਚਦੀ, ਪਧਰਾਈਆਂ ਵਿਚ ਪੇਲਦੀ,
ਸਾਗਰਾਂ ਨੂੰ ਰਿੜਕਦੀ ਅਰ ਝਰਨਿਆਂ ਨੂੰ ਠੇਲਦੀ,
ਮੋਤੀਆਂ ਦੇ ਬੁੱਕ ਸੁੱਟ, ਸ਼ਿੰਗਾਰਦੀ ਹੈ ਰਾਤ ਨੂੰ,
ਥਾਲ ਕੁੰਦਨ ਦਾ ਪਰੋਸੇ, ਉੱਠਦੀ ਪਰਭਾਤ ਨੂੰ ।

ਖਿੱਚ ਜਿਸਦੀ ਰੂਪ ਪਰ,ਤੜਫਣ ਸਿਖਾਇਆ ਪਿਆਰ ਨੂੰ,
ਲੈ ਜਿਦ੍ਹੀ ਥਰਕਾਉਂਦੀ ਹੈ, ਜ਼ਿੰਦਗੀ ਦੀ ਤਾਰ ਨੂੰ ;
ਸੇਕ ਜਿਸ ਦਾ ਗਰਮ ਰੱਖੇ ਖੂਨ ਦੀ ਰਫਤਾਰ ਨੂੰ,
ਰਸ ਜਿਦ੍ਹਾ ਭਟਕਦਾ ਰਿਹਾ ਹੈ ਫੁੱਲ ਦੀ ਮਹਿਕਾਰ ਨੂੰ ।
ਰੂਪ ਜਿਸ ਦਾ ਸ਼ਾਮ ਦੇ ਮੱਥੇ ਤੇ ਝਲਕਾਂ ਮਾਰਦਾ,
ਚੜ੍ਹਤ ਜਿਸ ਦੀ ਦੇਖ ਕੇ ਜੀ ਖਿੜ ਪਏ ਸੰਸਾਰ ਦਾ ।

ਜੋਤ ਜਾਗਦੀ ਹੈ ਜਿਦ੍ਹੀ, ਹਰ ਚਾਨਣੇ ਮੀਨਾਰ ਤੇ,
ਜਿਸ ਦੀਆਂ ਗੁਲਕਾਰੀਆਂ ਦਾ ਰੰਗ ਰੂਪ ਬਹਾਰ ਤੇ,
ਮੌਜ ਜਿਸ ਦੀ ਪੇਲਦੀ, ਜੀਵਨ ਨਦੀ ਦੀ ਧਾਰ ਤੇ,
ਸੁਰ ਜਿਦ੍ਹੀ ਥੱਰਾਉਂਦੀ ਹੈ, ਪਰੇਮ-ਰਸ ਦੀ ਤਾਰ ਤੇ,
ਨੀਝ ਜਿਸ ਦੀ ਨਾਲ ਹੋਇਆ, ਨੂਰ ਨੂਰੋ ਨੂਰ ਹੈ,
ਉਹ ਕਵੀ ਦਾ ਰੱਬ ਹੈ, ਜੋ ਹਰ ਜਗ੍ਹਾ ਭਰਪੂਰ ਹੈ ।

ਮੰਦਿਰਾਂ ਅਰ ਮਸਜਿਦਾਂ ਵਿਚ ਕੈਦ ਹੋ ਬਹਿੰਦਾ ਨਹੀਂ,
ਪੋਥੀਆਂ ਅਰ ਵੱਟਿਆਂ ਵਿਚ, ਜੂੜਿਆ ਰਹਿੰਦਾ ਨਹੀਂ,
ਵਾਜਿਆਂ ਤੋਂ ਤ੍ਰਿਭਕਦਾ ਅਰ ਬਾਂਗ ਤੋਂ ਖਹਿੰਦਾ ਨਹੀਂ,
'ਤੁਰਕ ਨੀਚ-ਮਲੇਛ' 'ਹਿੰਦੂ ਦੋਜ਼ਖੀ' ਕਹਿੰਦਾ ਨਹੀਂ,
ਸ਼ਕਤੀਆਂ ਦਾ ਬੰਨ੍ਹ ਕਰਦਾ ਸਭ ਕਿਸੇ ਨੂੰ ਪਿਆਰ ਹੈ,
ਉੱਠ ਮੱਥਾ ਟੇਕ 'ਚਾਤ੍ਰਿਕ' ! ਇਹ ਤੇਰਾ ਕਰਤਾਰ ਹੈ ।

60. ਸਤਜੁਗ

(1)
ਓ ਸਾਦਗੀ ਦੇ ਜੀਵਨ ! ਆਰਾਮ ਦੇ ਜ਼ਮਾਨੇ !
ਮਾਸੂਮੀਆਂ ਦੇ ਚਸ਼ਮੇ ! ਆਨੰਦ ਦੇ ਖ਼ਜ਼ਾਨੇ !
ਓ ਪ੍ਰੀਤ ਦੇ ਫੁਹਾਰੇ ! ਸਚਿਆਈਆਂ ਦੇ ਸੋਮੇ !
ਕਿਸ ਰੋੜ੍ਹ ਵਿਚ ਵਹਾਏ ਤੂੰ ਆਪਣੇ ਫ਼ਸਾਨੇ ?
ਕਿਸ ਭੀੜ ਵਿਚ ਗੁਆਚਾ, ਉਹ ਸਾਦਗੀ ਦਾ ਗਹਿਣਾ ?
ਕਿਸ ਸ਼ਹਿਰ ਵਿਚ ਉਜਾੜੇ, ਓਹ ਵੱਸਦੇ ਵਿਰਾਨੇ ?
ਕਿਸ ਪਤ-ਝੜੀ ਨੇ ਝਾੜੀ, ਬਰਕਤ ਤੇਰੇ ਚਮਨ ਦੀ ?
ਓਹ ਕੁਦਰਤੀ ਬਹਾਰਾਂ, ਓਹ ਪਰੇਮ ਦੇ ਤਰਾਨੇ ?
ਕਯਾ ਮੌਜ ਸੀ ਜਦੋਂ ਤੂੰ ਮੈਨੂੰ ਖਿਡਾ ਰਿਹਾ ਸੀ,
ਇਕ ਰੌਲਿਆਂ ਨਿਆਰੀ, ਦੁਨੀਆਂ ਵਸਾ ਰਿਹਾ ਸੀ ।

(2)
ਉਹ ਜੰਗਲਾਂ ਦਾ ਵਾਸਾ, ਓਹ ਕੁਦਰਤੀ ਨਜ਼ਾਰੇ ।
ਸਾਈਂ ਨੂੰ ਯਾਦ ਕਰਨਾ, ਬਹਿ ਬਹਿ ਨਦੀ ਕਿਨਾਰੇ ।
ਸਿੱਧੀ ਜਿਹੀ ਤਬੀਅਤ, ਸਾਦਾ ਜਿਹਾ ਪਰ੍ਹਾਵਾ ।
ਫਲ ਫੁੱਲ ਦੀਆਂ ਖੁਰਾਕਾਂ, ਛੰਨਾਂ ਦੇ ਵਿਚ ਗੁਜ਼ਾਰੇ ।
ਨਾ ਲੋਭ, ਨਾ ਲਟਾਕੇ, ਨਾ ਚੋਰੀਆਂ ਨਾ ਡਾਕੇ ।
ਨਾ ਪੇਟ ਦੇ ਪੁਆੜੇ, ਨਾ ਪਾਪ ਦੇ ਪਸਾਰੇ ।
ਖੁਲ੍ਹੇ ਅਨੰਦ ਲੈਣਾ, ਬੇਫਿਕਰ ਹੋ ਕੇ ਸੌਣਾ,
ਕੁਦਰਤ ਨੂੰ ਸੌਂਪ ਛੱਡੇ ਸਨ ਇੰਤਜ਼ਾਮ ਸਾਰੇ ।
ਗਾ ਗਾ ਕੇ ਰਾਗ ਰੱਬੀ, ਖਿੜਿਆਂ ਹਮੇਸ਼ ਰਹਿਣਾ ;
ਨਾ ਬਾਂਗ ਤੋਂ ਝਗੜਨਾ, ਨਾ ਵਾਜਿਆਂ ਤੋਂ ਖਹਿਣਾ ।

(3)
ਉਹ ਡੀਲ ਡੌਲ ਬਾਂਕੀ ਤੇ ਚਿਹਰਿਆਂ ਤੇ ਲਾਲੀ,
ਬੇਫਿਕਰੀਆਂ ਦੀ ਮਸਤੀ, ਬਿਨ ਪੈਸਿਓਂ ਖੁਸ੍ਹਾਲੀ ।
ਨਾ ਆਮਦਨ ਦੇ ਧਾੜੇ, ਨਾ ਖਰਚ ਦੇ ਉਜਾੜੇ,
ਨਾ ਲੋਭ, ਨਾ ਲੜਾਈ ; ਨਾ ਸਾਂਝ ਨਾ ਭਿਆਲੀ ।
ਯਾ ਹੱਸਣਾ ਯਾ ਗਾਣਾ, ਯਾ ਰੱਬ ਨੂੰ ਧਿਆਣਾ ;
ਨਾ ਨੌਕਰੀ, ਨਾ ਵਾਹੀ ; ਨਾ ਵਣਜ ਨਾ ਦਲਾਲੀ ।
ਨਾ ਮਾਲਕੀ ਦਾ ਦਾਵਾ, ਨਾ ਚਾਕਰੀ ਦਾ ਹਾਵਾ,
ਨਾ ਸਾਹਬ ਨੂੰ ਸਲਾਮਾਂ, ਨਾ ਅਫਸਰਾਂ ਨੂੰ ਡਾਲੀ ।
ਨਾ ਸਰਦੀਆਂ ਨੇ ਪੋਹਣਾ ; ਨਾ ਗਰਮੀਆਂ ਸਤਾਣਾ ।
ਨਾ ਪੀੜ ਪਰਬ ਹੋਣੀ, ਨਾ ਡਾਕਟਰ ਦੇ ਜਾਣਾ ।

(4)
ਉਸ ਸਾਦਗੀ ਤੋਂ ਸਦਕੇ, ਸ਼ਿੰਗਾਰ ਦੀ ਪਟਾਰੀ,
ਉਸ ਝੌਂਪੜੀ ਤੋਂ ਵਾਰੀ, ਇਹ ਅਕਲ ਦੀ ਅਟਾਰੀ ।
ਆਰਾਮ ਤੇ ਖੁਸ਼ੀ ਦੀ, ਜੜ ਮੇਖ ਜਿਨ ਉਖੇੜੀ,
ਫ਼ਿਕਰਾਂ ਤੇ ਹੌਕਿਆ ਦੀ, ਚੰਬੜ ਗਈ ਬਿਮਾਰੀ ।
ਲੋੜਾਂ ਤੇ ਲਾਲਚਾਂ ਦੀ, ਗਲ ਪੈ ਗਈ ਪੰਜਾਲੀ,
ਸੂਲੀ ਤੇ ਜਾਨ ਟੰਗੀ, ਹਰ ਦਮ ਰਹੇ ਵਿਚਾਰੀ ।
ਪਾਪੜ ਅਨੇਕ ਵੇਲੇ, ਵਲ ਛਲ ਕਈ ਖਿਲਾਰੇ,
ਹੋਈ ਨ ਫੇਰ ਮੱਠੀ, ਇਹ ਹਿਰਸ ਹੈਂਸਿਆਰੀ ।
ਦੁਨੀਆਂ ਦੇ ਵਹਿਣ ਪੈ ਕੇ, ਮੈਂ ਦੀਨ ਭੀ ਗੁਆਇਆ,
ਪਰ ਰੁੜ੍ਹ ਗਿਆ ਬਿਆਸਾ, ਕੰਢਾ ਨਾ ਹੱਥ ਆਇਆ ।

(5)
ਆ ਜਾ, ਤੇ ਆ ਕੇ ਮੈਨੂੰ, ਇਸ ਕੈਦ ਤੋਂ ਹਟਾ ਜਾ ।
ਇਸ ਭੱਠ ਵਿਚ ਭੁਜਦੀ ਜਿੰਦੜੀ ਨੂੰ ਚੈਨ ਪਾ ਜਾ ।
ਲੋੜਾਂ ਦੇ ਪਰਬਤਾਂ ਨੂੰ ਲਾਂਭੇ ਜ਼ਰਾ ਹਟਾ ਕੇ,
ਸੰਤੋਸ਼ ਦਾ ਖਜ਼ਾਨਾ, ਉਹ ਆਪਣਾ ਲਭਾ ਜਾ ।
ਆ ਵੇਖ ਟੁਕੜਿਆਂ ਤੇ ਤਲਵਾਰ ਖੜਕਦੀ ਨੂੰ,
ਇਹ ਭੋਖੜਾ ਹਟਾ ਜਾ ; ਤੰਦੂਰ ਨੂੰ ਬੁਝਾ ਜਾ ।
ਇਤਫਾਕ ਦਾ ਸ਼ਿਵਾਲਾ, ਤੇ ਪਰੇਮ ਦੇ ਪੁਜਾਰੀ,
ਰਲ ਮਿਲ ਕੇ ਗਾਣ ਵਾਲਾ, ਉਹ ਗੀਤ ਭੀ ਸਿਖਾ ਜਾ ।
ਇਸ ਅਕਲ ਤੇ ਦਨਾਈ, ਉਲਟੀ ਨਦੀ ਵਹਾਈ,
ਇਹ ਲੋਹੜ ਆ ਗਿਆ ਹੈ, ਤਹਿਜ਼ੀਬ ਕਾਦ੍ਹੀ ਆਈ ।

61. ਤਾਰਾ

(ਸਰ ਇਕਬਾਲ ਦੇ ਖਿਆਲ ਦਾ ਅਨੁਵਾਦ)

ਨੂਰਾਨੀ ਤਾਰੇ ! ਤੂੰ ਹਰਦਮ, ਕਿਉਂ ਡੁਬਕੂੰ ਡੁਬਕੂੰ ਕਰਦਾ ਹੈਂ ?
ਘਬਰਾਵੇਂ ਚੰਦਰਮਾ ਤੋਂ ? ਯਾ ਲੋ ਤੜਕੇ ਦੀ ਤੋਂ ਡਰਦਾ ਹੈਂ ?
ਕੀ ਰੂਪ ਢਲਣ ਦਾ ਖਤਰਾ ਹੈ ? ਚਿੰਤਾ ਯਾ ਚਮਕ ਚੁਰੀਵਣ ਦੀ ?
ਯਾ ਸੱਧਰ ਜੀ ਤੜਫਾਂਦੀ ਹੈ, ਦੁਨੀਆਂ ਅੰਦਰ ਥਿਰ ਜੀਵਣ ਦੀ ?
ਪਾਈ ਹੈ ਚਮਕ ਅਮੁੱਲੀ ਤੂੰ, ਅਰਸ਼ਾਂ ਦੀ ਮੌਜ ਹੰਡਾਂਦਾ ਹੈਂ ?
ਫਿਰ ਕਿਉਂ ਦਿਲ ਪਿਆ ਡੁਲ੍ਹਾਂਦਾ, ਤੇ ਥਰਥਰ ਕਰ ਰਾਤ ਲੰਘਾਂਦਾ ਹੈਂ ?

ਉੱਤਰ-

ਰਾਹੀ ! ਹੈਰਾਨ ਨ ਹੋ, ਦੁਨੀਆਂ ਵਿਚ ਇਹੋ ਦੁਰੰਗੀ ਜਾਰੀ ਹੈ,
ਜੋ ਬਾਤ ਇਕਸ ਨੂੰ ਮਾੜੀ ਹੈ, ਉਹ ਦੂਜੇ ਨੂੰ ਸੁਖਕਾਰੀ ਹੈ ।
ਇਕ ਪਾਸੇ ਅੱਖ ਲਗੇ, ਦੁਨੀਆਂ ਦੂਜੇ ਪਾਸੇ ਵਸ ਪੈਂਦੀ ਹੈ ।
ਇਕ ਮੰਦਰ ਢਾਹ ਕੇ ਮੌਤ, ਦੂਏ ਜੀਵਨ ਦੀ ਨੀਂਹ ਧਰ ਲੈਂਦੀ ਹੈ ।
ਡੋਡੀ ਦਾ ਜੀਵਨ ਮੁਕਦਾ ਹੈ; ਤਦ ਜੋਬਨ ਫੁੱੱੱੱਲ ਖਿੜਾਂਦਾ ਹੈ,
ਸੂਰਜ ਦੀ ਅੱਖ ਉਘੜਦੀ ਹੈ, ਤਾਰਾ ਮੰਡਲ ਸੌਂ ਜਾਂਦਾ ਹੈ ।
ਤੂੰ ਜਿਸ ਟਿਕਾਉ ਨੂੰ ਲਭਦਾ ਹੈਂ,
ਮੁਸ਼ਕਿਲ ਹੈ ਇਸ ਕਾਰਖ਼ਾਨੇ ਵਿਚ,
ਇਕ ਸਦਾ-ਫਿਰੰਤੂ ਕਾਲਚਕ੍ਰ ਹੀ,
ਥਿਰ ਹੈ ਏਸ ਜ਼ਮਾਨੇ ਵਿਚ ।

62. ਅੱਖੀਆਂ

ਅੱਖੀਓ ! ਤੱਕਣਾ ਸਿਫਤ ਤੁਸਾਡੀ,
ਕੌਣ ਕਹੇ ਤੁਸੀਂ ਤੱਕੋ ਨਾ ।
ਜਗਤ ਤਮਾਸ਼ਾ ਜਮ ਜਮ ਤੱਕੋ,
ਤੱਕਦੀਆਂ ਤੱਕਦੀਆਂ ਥੱਕੋ ਨਾ ।
ਰੱਬੀ ਨੂਰ ਝਲਕਦਾ (ਏ) ਫੁਟ ਫੁਟ,
ਫੁਲ ਫੁਲ ਡਾਲੀ ਡਾਲੀ ਤੇ,
ਹੁਸਨ ਸੁਹੱਪਣ ਓਸ ਮਾਹੀ ਦਾ,
ਰਜ ਰਜ ਵੇਖੋ ਝੱਕੋ ਨਾ ।
ਪਰ, ਇਸ ਤਕ ਵਿਚ, ਚੇਤਾ ਰਖਣਾ !
ਮੈਲੀਆਂ ਮੂਲ ਨ ਹੋਇਓ ਜੇ,
ਜੀਵਨ-ਦਾਤੇ ਦੇ ਅੰਮ੍ਰਿਤ ਨੂੰ,
ਜ਼ਹਿਰ ਬਣਾ ਕੇ ਫੱਕੋ ਨਾ ।

63. ਸਤਾਰ ਦੀ ਤਰਬ

ਨਾਜ਼ਕ ਤਰਬ ਸਤਾਰ ਦੀਏ; ਤੂੰ ਕੀ ਫਰਿਆਦ ਮਚਾਵੇਂ ?
ਸੁਹਲ ਕਿਸੇ ਦੀ ਵੀਣੀ ਵਾਂਗਰ, ਥਰ ਥਰ ਕੰਬੀ ਜਾਵੇਂ ।
ਥਰਕ ਤੇਰੀ ਵਿਚ ਸੁਆਦ ਇਲਾਹੀ ਸੁੱਤੀ ਕਲਾ ਜਗਾਵੇਂ,
ਅਰਸ਼ੇ ਚਾੜ੍ਹ ਸੁਰਤ ਦੀ ਗੁੱਡੀ ਤੁਣਕੇ ਨਾਲ ਨਚਾਵੇਂ ।
ਗੂੰਜ ਤੇਰੀ ਦੀਆਂ ਲੁਕਵੀਆਂ ਰਮਜ਼ਾਂ ਧੁਹੀ ਜਾਣ ਕਲੇਜਾ,
ਕੀ ਪਾ ਕੇ ਤੂੰ ਗੁੰਗੇ ਵਾਂਗ਼ਰੇ, ਗੁਣ-ਗੁਣ-ਗੁਣ-ਗੁਣ ਗਾਵੇਂ ?

ਕਹਿਣ ਲੱਗੀ : ਇਸ ਥਰਕਣ ਵਿਚ ਇਹ ਰਮਜ਼ ਪਈ ਥੱਰਾਵੇ,
ਜੀਵਨ ਜੋਤ ਜਗੇ ਜਦ ਸੀਨੇ, ਹਰਕਤ ਦੇ ਵਿਚ ਆਵੇ ।
ਹਰਕਤ ਨਾਲ ਹੁਲਾਰੇ ਖਾਂਦੀ, ਹਰ ਸ਼ੈ ਦੀ ਜ਼ਿੰਦਗਾਨੀ,
ਜੀਵਨ ਚਾਲ, ਚਾਲ ਹੈ ਜੀਵਨ, ਇਸ ਬਿਨ ਲੋਥ ਸਦਾਵੇ ।
ਮੈਂ ਜੀਵਾਂ ਹਰਕਤ ਵਿਚ ਆ ਕੇ; ਰਾਗ ਛਿੜੇ ਰੂਹਾਨੀ,
ਤਾਰ ਮੇਰੀ ਜਦ ਮਾਲਕ ਉਪਰੋਂ, ਠੂੰਗੇ ਨਾਲ ਹਿਲਾਵੇ ।

64. ਉਡੀਕ ਦਾ ਰਸ

ਸਿੱਕਾਂ ਸੱਧਰਾਂ ਦਾ ਜਦ ਤੀਕਰ, ਦਿਲ ਵਿਚ ਰਿਹਾ ਵਸੇਰਾ,
ਚੋਬਾਂ, ਚੀਸਾਂ, ਆਹਾਂ, ਉਡੀਕਾਂ, ਪਾਈ ਰਖਿਆ ਡੇਰਾ ।

ਮਿਲੀ ਮੁਰਾਦ ਤੇ ਲਾਟਾਂ ਬੁਝੀਆਂ, ਸੁੰਞਾ ਹੋ ਗਿਆ ਖ਼ੇੜਾ,
ਸਮਝ ਪਈ ਉਸ ਦੂਰੀ ਵਿਚ ਸੀ, ਵਸਲੋਂ ਸੁਆਦ ਵਧੇਰਾ ।

ਪ੍ਰੀਤਮ ਦਾ ਆਣਾ ਪਰ ਆ ਕੇ ਪਰਤ ਪਰਤ ਤੜਫਾਣਾ,
ਫੇਰ ਮਿਲਣ ਦੀ ਚੋਬ ਚੁਆਤੀ, ਲਟਕ ਜਿਹੀ ਲਾ ਜਾਣਾ ।

ਆਣਾ; ਲੁਕ ਜਾਣਾ, ਆ ਜਾਣਾ, ਰਖਣੀ ਝਾਂਗ ਬਣਾਈ,
ਦਿਲ ਵਿਚ ਤੜਫ ਜਿਵਾਲੀ ਰੱਖ਼ੇ, ਏਹੋ ਤੰਦਣ ਤਾਣਾ ।

65. ਕਵੀ

ਜਿਹੜੇ ਕੌਮਾਂ ਨੂੰ ਪਾਰ ਉਰਾਰ ਕਰਦੇ,
ਓਨ੍ਹਾਂ ਬੇੜਿਆਂ ਦਾ ਨਾਖੁਦਾ ਹੈਂ ਤੂੰ,
ਮੁਲਕੀ ਪਿਆਰ ਦੇ ਬਾਗ ਜੋ ਹਰੇ ਕਰਦੇ,
ਉਹ ਬਹਾਰ-ਭਿੰਨੀ ਠੰਢੀ ਵਾ ਹੈਂ ਤੂੰ,
ਮੁਰਦਾ ਰੂਹਾਂ ਨੂੰ ਚੁੱਕ ਬਹਾਲ ਦੇਵੇ,
ਉਹ ਮਸੀਹੇ ਦੀ ਕਾਰੀ ਦਵਾ ਹੈਂ ਤੂੰ,
ਜਿਸ ਦੀ ਕਲਮ ਦੀ ਹੁੱਝ ਪਲਟਾਏ ਤਖ਼ਤੇ,
ਕਿਸਮਤ ਘੜਨ ਵਾਲੀ ਉਹ ਕਜ਼ਾ ਹੈਂ ਤੂੰ ।

ਜਿਨ੍ਹਾਂ ਥਲਾਂ ਵਿਚ ਲਹੂ ਦੀ ਡਾਂਝ ਡਿੱਠੀ,
ਨਹਿਰਾਂ ਜੋਸ਼ ਦੀਆਂ ਤੂੰਹੇਂ ਲੈ ਆਉਂਦਾ ਸਏਂ,
ਜਿੱਥੇ ਉਸਰੇ ਮਹਿਲ ਅਜ਼ਾਦੀਆਂ ਦੇ,
ਇੱਟਾਂ ਤੂੰਹੇਂ ਘੜ ਘੜ ਓਥੇ ਲਾਉਂਦਾ ਸਏਂ ।

ਖ਼ਲਕਤ ਖਿਆਲ ਦੀ ਅੱਖ ਦੇ ਫੋਰ ਅੰਦਰ,
ਤੂੰਹੇਂ ਦੇਖਿਆ ਰਚ ਕੇ ਦਿਖਾਉਣ ਵਾਲਾ,
ਖੰਭਾਂ ਬਾਝ ਅਸਮਾਨ ਤੇ ਪਹੁੰਚ ਕੇ ਤੇ,
ਰਿਸ਼ਮਾਂ ਸੁੱਟ ਕੇ ਧਰਤ ਚਮਕਾਉਣ ਵਾਲਾ,
ਟੁੱਭੀ ਮਾਰ ਕੇ ਸੋਚ ਦੇ ਸਾਗਰਾਂ ਵਿਚ,
ਮੋਤੀ ਸੁਖਨ ਦੇ ਚੁਣ ਚੁਣ ਲਿਆਉਣ ਵਾਲਾ,
ਰੰਗ ਰੰਗ ਦੇ ਕੁਦਰਤੀ ਬਾਗ਼ ਵਿੱਚੋਂ,
ਕਲੀਆਂ ਗੁੰਦਕੇ ਸਿਹਰੇ ਬਨਾਉਣ ਵਾਲਾ ।

ਸ਼ੂਕਰ ਨਦੀ ਦੀ, ਰਾਗ ਪੰਖੇਰੂਆਂ ਦਾ,
ਸ਼ੋਖੀ ਫੁੱਲ ਦੀ, ਸਿਦਕ ਪਰਵਾਨਿਆਂ ਦਾ,
ਤੇਰੀ ਕਲਮ ਅਮਾਨਤੀ ਖੋਲ੍ਹ ਦੇਂਦੀ,
ਗੁੱਝਾ ਜੰਦਰਾ ਰੱਬੀ ਖ਼ਜ਼ਾਨਿਆਂ ਦਾ ।

ਕਿਧਰੇ ਰਾਜ ਦਰਬਾਰਾਂ ਦਾ ਥੰਮ੍ਹ ਜਾਪੇ,
ਮਹਿਫਲ ਵਿਚ ਭੀ ਬੱਝੀ ਹਵਾ ਤੇਰੀ,
ਇਕਧਿਰ ਪ੍ਰੇਮ ਦੇ ਨੈਣਾਂ ਵਿਚ ਡੁਸਕਨਾ ਏਂ,
ਇਕਧਿਰ ਹੁਸਨ ਵਿਚ ਝਲਕੇ ਅਦਾ ਤੇਰੀ,
ਕਿਧਰੇ ਸਬਕ ਪੜ੍ਹਾਉਨਾ ਏਂ ਦਾਨਿਆਂ ਨੂੰ,
ਵਹਿਸ਼ਤ ਭਰੀ ਭੀ ਨਿਕਲੇ ਸਦਾ ਤੇਰੀ,
ਐਧਰ ਜਾਮ ਸੁਰਾਹੀ ਤੇ ਡੁਲ੍ਹਨਾ ਏਂ,
ਔਧਰ ਸੂਫੀਆਂ ਨਾਲ ਭੀ ਰਾ ਤੇਰੀ ।

ਜਿਹੜੀ ਤਰਬ ਨੂੰ ਕਿਸੇ ਥਰਕਾ ਡਿੱਠਾ,
ਗੂੰਜ ਉਸ ਤੋਂ ਨਿਕਲੀ ਜਨਾਬ ਦੀ ਸੀ,
ਜਿਹੜੇ ਫੁੱਲਾਂ ਨੇ ਬਾਗ਼ ਆਬਾਦ ਕੀਤੇ,
ਰੰਗਣ ਉਨ੍ਹਾਂ ਤੇ ਏਸੇ ਗੁਲਾਬ ਦੀ ਸੀ ।

ਜਿਹੜੇ ਇਸ਼ਕ ਦੇ ਥਲਾਂ ਵਿਚ ਭੁੱਜ ਮੋਏ,
ਅੱਗਾਂ ਉਨ੍ਹਾਂ ਦੇ ਸਿਰ ਤੇ ਵਰ੍ਹਾਈਆਂ ਤੂੰ,
ਜਿਨ੍ਹਾਂ ਪਰੇਮ ਦੇ ਹੜ੍ਹੀਂ ਸਰਬੰਸ ਰੋੜ੍ਹੇ,
ਸ਼ਾਨਾਂ ਉਨ੍ਹਾਂ ਦੀਆਂ ਅਰਸ਼ੀਂ ਚੜ੍ਹਾਈਆਂ ਤੂੰ,
ਰੁੱਸੀ ਰਹੀ ਖੁਸ਼ਹਾਲੀ ਹਮੇਸ਼ ਤੈਥੋਂ,
ਨੰਗੇ ਧੜੀਂ ਪਰ ਤੇਗਾਂ ਚਲਾਈਆਂ ਤੂੰ ।
ਹੋ ਕੇ ਫੁੱਲ ਤੂੰ ਕੰਡਿਆਂ ਨਾਲ ਕੱਟੀ,
ਪੀੜਾਂ ਸਭ ਦੀਆਂ ਆਪ ਨੂੰ ਲਾਈਆਂ ਤੂੰ ।

ਜ਼ਰਾ ਜਾਗ ਖਾਂ ਅੱਜ ਭੀ ਦੂਲਿਆ ਓਇ !
ਇੱਕ ਫੂਕ ਕਲਾਮ ਦੀ ਮਾਰ ਦੇ ਖਾਂ ।
ਦੇਸ਼ ਰੁਲ ਗਿਆ ਘਰ ਦੇ ਸਲੂਕ ਬਾਝੋਂ ;
ਇਸ ਨੂੰ ਆਪਣੇ ਪੈਰੀਂ ਖਲ੍ਹਾਰ ਦੇ ਖਾਂ ।

66. ਬਾਲ ਵਰੇਸ ਤੇ ਜੀਉਣ-ਪੰਧ

ਉਹ ਬਾਲ ਵਰੇਸ, ਆਹਾ ! ਹਾ, ਕੈਸਾ ਸੁਖ-ਜੀਉੜਾ ਜੀ ਸੀ,
ਸ਼ਾਦੀ ਗਮੀਓਂ ਇਕ ਪਾਸੇ, ਆਪਣੀ ਦੁਨੀਆਂ ਵਸਦੀ ਸੀ,
ਸੱਜਣ ਵੈਰੀ ਦੀਆਂ ਪਰਖਾਂ ਤੋਂ ਅੱਖ ਅਜੇ ਕੋਰੀ ਸੀ,
ਕੰਗਾਲੀ ਅਤੇ ਅਮੀਰੀ ਵਿਚ ਫਰਕ ਨਾ ਕੋਈ ਭੀ ਸੀ,
ਭੋਲੇ ਭਾਲੇ ਮੁੱਖੜੇ ਨੇ, ਪਾਈ ਸੀ ਡਲ੍ਹਕ ਇਲਾਹੀ,
ਸਾਰੀ ਦੁਨੀਆਂ ਸੀ ਰੱਯਤ ਤੇ ਆਪਾਂ ਦੀ ਸੀ ਸ਼ਾਹੀ ।

ਸ਼ਾਹੀ ਭੀ ਉਹ ਜੋ ਨੱਚੇ, ਸਿਰ ਚੜ੍ਹ ਕੇ ਸ਼ਹਿਨਸ਼ਹਾਂ ਦੇ,
ਮੇਰੇ ਕਦਮਾਂ ਦੇ ਥੱਲੇ ਸਨ ਨੈਣ ਵਿਛਾਏ ਜਾਂਦੇ,
ਪਿਯਾਰੀ ਪਿਯਾਰੀ ਸੂਰਤ ਦਾ ਕਬਜ਼ਾ ਸੀ ਵਿਚ ਦਿਲਾਂ ਦੇ,
ਫਰਮਾਨ ਮੂੰਹੋਂ ਜੋ ਨਿਕਲਣ, ਇਕ ਪਲ ਨ ਅਟਕਣਾਂ ਪਾਂਦੇ,
ਤਲਵਾਰ ਨ ਫ਼ੌਜ ਖ਼ਜ਼ਾਨਾ ਪਰ ਨਿਉਂ ਨਿਉਂ ਹੋਣ ਸਲਾਮਾਂ,
ਇਕ ਪ੍ਰੇਮ-ਪਕੜ ਵਿਚ ਬੱਧੇ ਸਭ ਰਹਿੰਦੇ ਵਾਂਗ ਗ਼ੁਲਾਮਾਂ !

ਕਰਦੇ ਸਨ ਹੱਥੀਂ ਛਾਵਾਂ, ਅਣਮੁੱਲੇ ਨੌਕਰ ਮੇਰੇ,
ਮੈਂ ਖਿੜ ਕੇ ਜ਼ਰਾ ਦਿਖਾਵਾਂ, ਸੱਧਰ ਸੀ ਖੜੀ ਚੁਫੇਰੇ,
ਅਧਖਿੜੇ ਕਮਲ ਤੋਂ ਪੜਦਾ, ਕੋਈ ਵਾ ਝੱਲ ਉਲੇਰੇ,
ਬਦਲੀ ਤੋਂ ਚੰਦ ਨਿਕਲ ਕੇ, ਕਰ ਦੇਵੇ ਦੂਰ ਹਨੇਰੇ,
ਪਰ ਮਨ ਆਪਣਾ ਸੀ ਮੌਜੀ, ਪਰਵਾਹ ਨ ਰਤੀ ਰਖਦੇ ਸਾਂ,
ਜੀ ਆਵੇ ਤਾਂ ਰੋ ਪੈਂਦੇ, ਜੀ ਆਵੇ ਤਾਂ ਹਸਦੇ ਸਾਂ ।

ਮੈਂ ਸੁੰਦਰਤਾ ਦਾ ਸੋਮਾ, ਔਰ ਪਰੇਮ-ਬਹਿਰ ਦਾ ਮੋਤੀ,
ਕੋਮਲ ਸਾਂ ਵਾਂਗ ਸ਼ਿਗੂਫੇ, ਤਾਰੇ ਦੀ ਡਲ੍ਹਕੇ ਜੋਤੀ,
ਪਾਰੇ ਵਾਂਗਰ ਸਾਂ ਚੰਚਲ, ਖੇੜੂ ਜਿਉਂ ਕਲੀ ਪਰੋਤੀ,
ਮੇਰੇ ਦਰਵਾਜ਼ੇ ਆ ਕੇ, ਰਹਿੰਦੀ ਸੀ ਖਲਕ ਖਲੋਤੀ,
ਮੇਰਾ ਹੀ ਸਾਂਗ ਬਣਾ ਕੇ, ਸੰਸਾਰ ਕਾਮ ਨੇ ਮੋਹਿਆ,
ਨੈਣਾਂ ਦੇ ਤੀਰ ਚਲਾ ਕੇ, ਮਾਸੂਮ ਰਤੀ ਨੂੰ ਕੋਹਿਆ ।

ਉਹ ਆਲਾ ਭੋਲਾ ਹਾਸਾ, ਚੁਟਕੀ ਭਰ ਲਏ ਦਿਲਾਂ ਦੀ,
ਨੈਣਾਂ ਦਾ ਜਾਦੂ ਪਾ ਕੇ, ਪੁਤਲੀ ਬਣਿਆਂ ਨੈਣਾਂ ਦੀ,
ਮੈਂ ਦੁਨੀਆਂ ਨੂੰ ਪਰਚਾਵਾਂ, ਦੁਨੀਆਂ ਮੈਨੂੰ ਪਰਚਾਂਦੀ,
ਮੇਰੀ ਸ਼ੋਖੀ ਗੁਸਤਾਖ਼ੀ, ਹਸ ਹਸ ਕੇ ਸਹਾਰੀ ਜਾਂਦੀ,
ਹੋਰਾਂ ਦੇ ਲਈ ਪਸ਼ੂ ਸਨ, ਮੇਰੀ ਇਨਸਾਨ ਸਵਾਰੀ,
ਮੇਰੇ ਚਰਨਾਂ ਨੂੰ ਚੁਮਣ ਲਈ, ਤਰਸੇ ਜ਼ਿਮੀਂ ਵਿਚਾਰੀ ।

ਜੀ ਭੈੜਾ ਹੋਏ ਰਤੀ ਜਾਂ, ਨੀਂਦਰ ਉਚਾਟ ਹੋ ਜਾਵੇ,
ਸੁਕ ਜਾਏ ਲਹੂ ਮਾਤਾ ਦਾ ਨਾ ਚੈਨ ਪਿਤਾ ਨੂੰ ਆਵੇ,
ਕੋਈ ਦਾਰੂ ਦਰਮਲ ਢੂੰਡੇ, ਕੋਈ ਲੋਰੀ ਦੇ ਪਰਚਾਵੇ,
ਭੁਖ ਨੀਂਦ ਹਰਾਮ ਕਰਾਵਾਂ, ਜਦ ਤਕ ਜੀ ਮੇਰਾ ਚਾਹਵੇ,
ਮਕਦੂਰ ਕਿਦ੍ਹਾ ਸੀ ਘਰ ਵਿਚ, ਮੈਂ ਜਾਗਾਂ ਤੇ ਸੌਂ ਜਾਂਦਾ,
ਮੈਂ ਜਦ ਤਕ ਦਿਆਂ ਨ ਛੁੱਟੀ, ਕੋਈ ਡਰਦਾ ਅੱਖ ਨ ਲਾਂਦਾ ।

ਉਹ ਨਿਹਕਲੰਕ ਜੀਵਨ ਸੀ, ਸਨ ਪਾਪ ਦੁਰਾਡਿਓਂ ਨਸਦੇ,
ਇਸ ਮਾਰ ਧਾੜ ਜਗ ਦੀ ਤੋਂ ਇੱਕਲਵਾਂਜੇ ਸਾਂ ਵਸਦੇ,
ਆ ਆ ਕੇ ਏਸ ਦੁਆਰੇ, ਤਯਾਗੀ ਸਨ ਤਲੀਆਂ ਝਸਦੇ,
ਏਸੇ ਵਰੇਸ ਨੂੰ ਸਾਰੇ, *ਮਾਸੂਮ ਉਮਰ* ਸਨ ਦਸਦੇ,
ਨਾ ਜੰਮੇ ਦੀਆਂ ਵਧਾਈਆਂ, ਮੋਇਆਂ ਦਾ ਨਾ ਸੀ ਸਿਆਪਾ,
ਨਾ ਐਸ਼ਾਂ ਰੁੜ੍ਹੀ ਜਵਾਨੀ, ਨਾ ਮੁਰਦਾ ਜੂਨ ਬੁਢਾਪਾ ।

ਜਿਗਰਾ ਸੀ ਐਡਾ ਵੱਡਾ, ਸਾਂ ਮਸਤ ਹਮੇਸ਼ਾਂ ਰਹਿੰਦੇ,
ਨਾ ਗੱਲ ਕਿਸੇ ਦੀ ਸੁਣਦੇ, ਨਾ ਆਪਣੇ ਦਿਲ ਦੀ ਕਹਿੰਦੇ,
ਸਰਦੀ ਗਰਮੀ ਦੁਖ ਸੁਖ ਨੂੰ, ਚੁਪ ਚਾਪ ਸਦਾ ਸਾਂ ਸਹਿੰਦੇ,
ਨਿੰਦਾ ਚੁਗਲੀ ਤੋਂ ਹਟ ਕੇ, ਸਾਂ ਦੂਰ ਦੁਰਾਡੇ ਬਹਿੰਦੇ,
ਹੰਕਾਰ ਨਾ ਪਾਸੇ ਸਾੜੇ, ਨਾ ਕਾਮ ਕ੍ਰੋਧ ਕਲਪਾਵੇ,
ਐਸਾ ਸੁਭਾਉ ਸੀ ਖੇੜੂ, ਜੋ ਆਵੇ ਹਸਦਾ ਜਾਵੇ ।

ਬੰਨਣ ਨਾ ਕੋਈ ਪਾਇਆ, ਸਭ ਤਰਫੋਂ ਸੀ ਆਜ਼ਾਦੀ,
ਨਾ ਲਾਲਚ ਦੀ ਬੀਮਾਰੀ, ਨਾ ਸੜਨ ਕੁੜ੍ਹਨ ਦੀ ਵਾਦੀ,
ਨਾ ਗਏ ਨਾਲ ਸੀ ਚਿੰਤਾ, ਨਾ ਆਏ ਦੀ ਸੀ ਸ਼ਾਦੀ,
ਇਕਸਾਰ ਮੇਰੇ ਭਾਣੇ ਸਨ, ਸੁੰਨਸਾਨ ਅਤੇ ਆਬਾਦੀ,
ਮੇਟੀ ਸੀ ਅੱਖ ਜਗਤ ਤੋਂ, ਔਰ ਅੰਦਰ ਸੀ ਰੁਸ਼ਨਾਈ,
ਬਿਨ ਗਿਯਾਨ ਧਿਆਨ ਤੋਂ ਮੁਕਤੀ ਆਪਾਂ ਨੇ ਹੀ ਸੀ ਪਾਈ ।

ਹੇ ਬਾਲ-ਵਰੇਸ ਪਿਆਰੀ ! ਦੋ ਦਿਨ ਦੀ ਮੌਜ ਵਿਖਾ ਕੇ,
ਤੁਰ ਗਈਓਂ ਐਡੀ ਛੇਤੀ ਤੂੰ ਭਰਮ ਜਿਹਾ ਕਿਉਂ ਲਾ ਕੇ,
ਰੋਣਾਂ ਆ ਜਾਵੇ ਤੈਨੂੰ, ਅਜ ਵੇਖੇਂ ਜੇਕਰ ਆ ਕੇ,
ਉਹ ਫੁੱਲ ਗੁਲਾਬੀ ਚਿਹਰਾ, ਕੀਕੁਰ ਹੋਇਆ ਕੁਮਲਾ ਕੇ,
ਜਦ ਦੀ ਤੂੰ ਵਿਛੁੱੜ ਗਈਓਂ, ਮੈਂ ਦੁੱਖੋਂ ਦੁੱਖ ਉਠਾਵਾਂ,
ਆ ਬੈਠ ਕਲੇਜਾ ਫੋਲਾਂ, ਵਖਤਾਂ ਦੇ ਵੈਣ ਸੁਣਾਵਾਂ ।

ਆ ਗਈ ਕੁਮਾਰ ਅਵਸਥਾ, ਉਹ ਭੀ ਸੀ ਕੁਝ ਕੁਝ ਚੰਗੀ,
ਨਾ ਫਿਕਰਾਂ ਦੇ ਸਨ ਹੌਕੇ, ਨਾ ਖਾਣ ਪੀਣ ਦੀ ਤੰਗੀ,
ਖੇਡਾਂ ਦੀ ਰਹਿਣੀ ਮਸਤੀ, ਹਾਣੀ ਸਨ ਅੰਗੀ ਸੰਗੀ,
ਬਸ ਨਸਦੇ ਭਜਦੇ ਆਏ, ਆਏ ਤੇ ਰੋਟੀ ਮੰਗੀ,
ਖਾ-ਪੀ ਤੇ ਲੰਮੀ ਤਾਣੀ, ਜਾਗੇ ਤੇ ਖਾ ਕੇ ਨੱਠੇ,
ਪੈਸੇ ਕੁਝ ਬੋਝੇ ਪਾਏ ਤੇ ਹੋਏ ਗਲੀ ਵਿਚ ਕੱਠੇ ।

ਲਾਟੂ, ਗੁੱਡੀ, ਮਠਿਆਈ, ਜੋ ਜੀ ਕੀਤਾ ਲੈ ਆਏ,
ਸੱਧਰ ਨਾ ਬਾਕੀ ਛੱਡੀ, ਜੀ ਭਰ ਭਰ ਚੈਨ ਉਡਾਏ,
ਮਾਂ ਬਾਪ ਬੜੇ ਸਨ ਦਰਦੀ, ਹਸ ਹਸ ਕੇ ਲਾਡ ਕਰਾਏ,
ਏਹ ਮੌਜ ਬਹਾਰਾਂ ਦੇ ਭੀ, ਦਿਨ ਹੋ ਗਏ ਅੰਤ ਪਰਾਏ,
ਸੂਤਕ ਤੋਂ ਨ ਅਜੇ ਨਿਕਲੇ, ਗਲ ਪੈ ਗਏ ਨਵੇਂ ਪੁਆੜੇ,
ਸਭ ਮਜ਼ੇ ਕਿਰਕਿਰੇ ਹੋਏ, ਜਦ ਗਏ ਸਕੂਲੇ ਤਾੜੇ ।

ਪੜ੍ਹਨੇ ਵਿਚ ਜੀ ਨਾ ਲਗੇ ਬੰਨ੍ਹ ਬੰਨ੍ਹ ਉਸਤਾਦ ਬਹਾਵੇ,
ਕਮਜ਼ੋਰ ਦੁੱਧ ਦੀ ਦੰਦੀਂ, ਲੋਹੇ ਦੇ ਚਣੇ ਚਬਾਵੇ,
ਘੁਰੀ ਵਟ ਵਟ ਕੇ ਤਾੜੇ, ਸੋਟੀ ਫੜ ਜਾਨ ਸੁਕਾਵੇ,
ਉਹ ਦਿਨ ਪਰਮੇਸ਼ਰ ਕਰ ਕੇ, ਦੁਸ਼ਮਣ ਤੇ ਭੀ ਨ ਆਵੇ,
ਲਟ ਪਟ ਪੈਂਛੀ ਨੂੰ ਰਟਦਿਆਂ ਸਾਹ ਹਰਦਮ ਰਹਿੰਦਾ ਪੀਤਾ,
ਇਹ ਜ਼ਹਿਰ ਪਿਆਲਾ ਓੜਕ, ਮਰ ਭਰ ਕੇ ਮਿੱਠਾ ਕੀਤਾ ।

ਲਿਖਾ ਪੂੰਝ ਸਕਣ ਜਦ ਲੱਗੇ, ਤਦ ਨਿਕਲ ਅਖਾੜੇ ਆਏ,
ਦੀਵਾ ਫੜ ਦੁਨੀਆਂ ਛਾਣੀ, ਰੁਜ਼ਗਾਰ ਕਿਤੇ ਮਿਲ ਜਾਏ,
ਪਰ ਹਾਇ ਕਿਸਮਤੇ, ਏਧਰ ਭੀ ਚੰਗੇ ਚੰਦ ਚੜ੍ਹਾਏ,
*ਨੋ ਵੇਕੈਨਸੀ* ਦੇ ਪੌਲੇ ਹਰ ਬੂਹੇ ਤੇ ਲਟਕਾਏ,
ਖਾ ਖਾ ਕੇ ਧੱਕੇ ਧੋੜੇ, ਜੀ ਕੋਲੇ ਹੋਇਆ ਸੜ ਕੇ,
ਅਫਸੋਸ ਇਹੋ ਹੀ ਆਵੇ, ਕੀ ਲਿਆ ਮਨਾ ਤੂੰ ਪੜ੍ਹ ਕੇ ।

ਹੁੰਨਰ ਕੋਈ ਹੁੰਦਾ ਪੱਲੇ, ਕੋਈ ਮ੍ਹਿਨਤ ਕਿਤੋਂ ਮਿਲ ਜਾਂਦੀ,
ਪਰ ਬਿਨਾ ਜਮਾ ਤਫਰੀਕੋਂ, ਕੋਈ ਗਲ ਨਹੀਂ ਸੀ ਆਂਦੀ,
ਪਿਓ ਸੋਟਾਂ ਸੁਟ ਸੁਟ ਸੜੇ, ਮਾਂ ਭਿਉਂ ਭਿਉਂ ਗੁਝੀਆਂ ਲਾਂਦੀ,
ਆਪਣੀ ਭੀ ਵਿਹਲੇ ਬੈਠਿਆਂ, ਸੀ ਜਾਨ ਪਈ ਘਬਰਾਂਦੀ,
ਓੜਕ ਇਕ ਅਫਸ੍ਰ ਕਹਿਕੇ, ਇਕ ਜਾਬ ਜਿਹਾ ਦਿਲਵਾਇਆ,
ਤਦ ਜਾ ਕੇ ਏਸ ਅਜ਼ਾਬੋਂ, ਕੁਝ ਸਾਹ ਸੁਖਾਲਾ ਆਇਆ ।

ਇਸ ਲੈ ਦੇ ਵਿਚ ਐਨੇ ਨੂੰ, ਆਈ ਸੁਖ ਨਾਲ ਜਵਾਨੀ,
ਜੋਬਨ ਨੇ ਅੱਖ ਉਘੇੜੀ ਤੇ ਅਕਲ ਹੋਈ ਦੀਵਾਨੀ,
ਰੀਝਾਂ ਦੇ ਅੱਡੇ ਚੜ੍ਹ ਕੇ, ਲੜ ਲਾ ਲਈ ਧੀ ਬਿਗਾਨੀ,
ਚੀਂ-ਚੀਂ ਚਾਂ-ਚਾਂ ਦੀਆਂ ਵਾਜਾਂ ਦੀ ਹੋਣ ਲਗੀ ਹੈਰਾਨੀ,
ਬਸ ਅੱਗੋਂ ਕੁਝ ਨਾ ਪੁਛੋ ਰੱਬ ਦੇ ਤੇ ਬੰਦਾ ਝੱਲੇ,
ਵਖਤਾਂ ਦਾ ਪਰਬਤ ਉੱਤੇ, ਤੇ ਮੈਂ ਗਰੀਬ ਸਾਂ ਥੱਲੇ ।

ਸਿਰ ਤੇ ਆ ਪਈਆਂ ਪੰਡਾਂ, ਟੱਬਰਦਾਰੀ ਦੇ ਭਾਰੇ,
ਤੀਵੀਂ ਨੇ ਗਿੱਚੀ ਨੱਪੀ, ਬਾਲਾਂ ਨੇ ਹੱਥ ਪਸਾਰੇ,
ਲੱਜਾਂ ਲੀਹਾਂ ਦੀਆਂ ਜੋਕਾਂ, ਦੁਸਤੰਮੇ ਭਾਈਚਾਰੇ,
ਬਸ ਡਿਗਰੀ ਪਰਚੇ ਲੈ ਲੈ ਕੁਰਕੀ ਨੂੰ ਆ ਗਏ ਸਾਰੇ,
ਜੋ ਲੱਭਾ ਗਏ ਸੰਭਾਲੀ, ਚੌ ਪਾਸਿਓਂ ਪੈ ਗਈ ਲੋਟੀ,
ਘਿਰ ਗਈ ਇਹ ਜਿੰਦ ਨਿਮਾਣੀ, ਵੰਡੀ ਗਈ ਬੋਟੀ ਬੋਟੀ ।

ਰੋ ਧੋ ਇਹ ਔਖੀ ਘਾਟੀ, ਓੜਕ ਨੂੰ ਤੋੜ ਚੜ੍ਹਾਈ,
ਐਨੇ ਨੂੰ ਸਿਰ ਤੋਂ ਮਾਂ ਪਿਓ ਨੇ ਆਪਣੀ ਜਾਨ ਛੁਡਾਈ,
ਭੈਣਾਂ ਨੇ ਲੇਖੇ ਮੰਗੇ, ਤੇ ਚੂਸਣ ਲੱਗੇ ਭਾਈ,
ਪੰਚੈਤ ਲਗਾਮੋਂ ਫੜ ਕੇ, ਚੌਧਰ ਦੀ ਛੱਟ ਚੁਕਾਈ,
ਮੇਲੀ ਗੇਲੀ, ਸ਼ਰਧਾਲੂ ਸਭ ਹੋਏ ਦੁਆਲੇ ਆ ਕੇ,
ਖੀਸੇ ਕਰ ਲੀਤੇ ਖਾਲੀ, ਸਿਰ ਪਿਓ ਦੀ ਪੱਗ ਬਨ੍ਹਾ ਕੇ ।

ਕੋਈ ਚੰਦਾ ਆ ਕੇ ਮੰਗੇ, ਕੋਈ ਦਾਨ ਲਈ ਉਕਸਾਵੇ,
ਕੋਈ ਫ਼ਰਜ਼ ਦੇਸ਼ ਦਾ ਦੱਸੇ, ਕੋਈ ਕੌਮੀ ਗੀਤ ਸੁਣਾਵੇ,
ਕੋਈ ਮਰਨ ਪਰਨ ਤੇ ਸੱਦੇ, ਕੋਈ ਜਲਸੇ ਵਿਚ ਬੁਲਾਵੇ,
ਕੋਈ ਮੁਲਾਕਾਤ ਦਾ ਸ਼ੌਂਕੀ, ਦਿਨ ਸਾਰਾ ਚੁਲ੍ਹੇ ਪਾਵੇ,
ਗੁੱਸਾ ਤਾਂ ਚੜ੍ਹੇ ਬਥੇਰਾ, ਪਰ ਚੁੱਪ ਸ਼ਰਮ ਦੇ ਮਾਰੇ,
ਮੈਂ ਢੀਠਾਂ ਵਾਂਗਰ ਹਸ ਹਸ, ਇਹ ਸਾਰੇ ਜਜ਼ੀਏ ਤਾਰੇ ।

ਹੁਣ ਚੜ੍ਹਦਾ ਆਇਆ ਬੁਢਾਪਾ, ਲਚਕਾਰ ਕਮਰ ਵਿਚ ਆਈ,
ਵਾਲਾਂ ਨੇ ਵੇਸ ਵਟਾਇਆ, ਦੰਦਾਂ ਭੀ ਹਿਲਜੁਲ ਲਾਈ,
ਪਰ ਲੋੜਾਂ ਦੇ ਵਿਚ ਘਿਰਿਆ, ਨਿਭਦੀ ਨਹੀਂ ਦਾਉ-ਘੁਸਾਈ,
ਦੇ ਦੇ ਸ਼ਰੀਰ ਨੂੰ ਥੰਮ੍ਹੀਂ, ਜਾਂਦਾ ਹਾਂ ਝੱਟ ਲੰਘਾਈ,
ਪਰ ਬਕਰੇ ਦੀ ਮਾਂ ਕਦ ਤਕ ਹੈ ਓੜਕ ਖੈਰ ਮਨਾਣਾ,
ਦੁਨੀਆਂਦਾਰੀ ਨੇ ਖਬਰੇ ਕੀ ਕੀ ਹੈ ਹੋਰ ਵਿਖਾਣਾ ।

ਹੁਣ ਜੀ ਤਾਂ ਏਹੋ ਚਾਹੇ, ਕੀ ਲੈਣਾ ਹੱਡ ਰੁਲਾ ਕੇ,
ਭਰਿਆ ਮੇਲਾ ਛੱਡ ਤੁਰੀਏ, ਦੁਨੀਆਂ ਤੇ ਚੂਲੀ ਪਾ ਕੇ,
ਪਰ ਜਦੋਂ ਅਞਾਣੇ ਬਹਿੰਦੇ ਨੇ, ਆਲ ਦੁਆਲੇ ਆ ਕੇ,
ਮਨ ਬੇਈਮਾਨ ਹੋ ਜਾਏ, ਮਮਤਾ ਦੀਆਂ ਖਿੱਚਾਂ ਖਾ ਕੇ,
ਇਸ ਲਟਕ ਜਿਹੀ ਵਿਚ ਅੜਿਆ, ਕਿਧਰੇ ਨ ਚਿਤ ਖਲੋਵੇ,
ਫਿਰ ਆਖੀ ਦਾ ਹੈ : ਵਾਹਵਾ, ਜੋ ਹੁੰਦੀ ਸੋ ਹੋਵੇ ।

ਇਸ ਜਿਉਣ-ਪੰਧ ਵਿਚ ਪੈ ਕੇ, ਸਾਰੇ ਸੁਆਦ ਅਜ਼ਮਾਏ,
ਸੁਖ ਦੁਖ ਦੇ ਝੱਖੜ ਝੋਲੇ ਉੱਤੋਂ ਦੀ ਬੜੇ ਲੰਘਾਏ,
ਜੋਬਨ ਦੇ ਲਹਿਰੇ ਲੁੱਟੇ, ਚੌਧਰ ਦੇ ਚੈਨ ਉਡਾਏ,
ਪਰ ਰਾਜ ਤੇਰੇ ਦੇ ਬੁੱਲੇ, ਮੁੜ ਕੇ ਨਹੀਂ ਨਜ਼ਰੇ ਆਏ,
ਇਕ ਬਾਲ-ਵਰੇਸ ਜਗਤ ਤੇ, ਹੈ ਚੀਜ਼ ਸਲਾਹੁਣ ਵਾਲੀ,
ਬਾਕੀ ਜੀਵਨ ਦੀ ਚਾਤ੍ਰਿਕ, ਇਕ ਘੜੀ ਨ ਦੁੱਖੋਂ ਖਾਲੀ ।

67. ਤਾਰਾ

(ਇਕ ਅੰਗਰੇਜ਼ੀ ਕਵਿਤਾ ਦਾ ਸੁਤੰਤ੍ਰ ਅਨੁਵਾਦ)
ਨੂਰ ਦੇ ਚਸਮਿਓਂ ਨ੍ਹਾਤਿਆ ਤਾਰਿਆ ! ਕੈਸਾ ਹੈਂ ਤੂੰ ਪਿਯਾਰਾ ਪਿਯਾਰਾ,
ਸੁਟ ਸੁਟ ਪੀਂਘਾਂ ਰਿਸ਼ਮਾਂ ਵਾਲੀਆਂ, ਦੁਨੀਆਂ ਨੂੰ ਦੇਂ ਪਰੇਮ-ਹੁਲਾਰਾ ।
ਫੁੱਲ ਤੋਂ ਚੁਕਦੀ ਸ਼ਹਿਦ ਨੂੰ ਮੱਖੀ, ਵੇਖ ਕੇ ਤੈਨੂੰ ਘਰ ਨੂੰ ਆਵੇ,
ਥੱਕ ਕੇ ਚੂਰ ਹੋਏ ਮਜ਼ਦੂਰ ਦਾ ਤੂੰਹੇਂ ਕਰਾਂਦਾ ਹੈਂ ਛੁਟਕਾਰਾ ।

ਸ਼ਾਂਤੀ ਦਾ ਜੋ ਰਾਜ ਲਿਆਵੇ, ਉਹ ਹੈ ਤੇਰੀ ਸੁੰਦਰ ਜੋਤੀ,
ਅੰਬਰ ਤੋਂ ਬਰਸਾ ਕੇ ਠੰਢਕ, ਤੂੰਹੇਂ ਖਿਲਾਰੇ ਥਾਂ ਥਾਂ ਮੋਤੀ !
ਤੜਪ ਤੇਰੀ ਥੀਂ ਅਸਮਾਨਾਂ ਦਾ, ਇੰਜ ਨਿਖਰਦਾ ਚਿਹਰਾ ਮੁਹਰਾ,
ਹਾਰ ਸ਼ਿੰਗਾਰੀ ਰਾਧਕਾ ਜੀਕਰ, ਹੁੰਦੀ ਏ ਸ਼ਾਮ ਦੇ ਕੋਲ ਖਲੋਤੀ ।

ਸਜਿਆ ਫਬਿਆ ਰੰਗ ਰੰਗੀਲਾ, ਜਦ ਤੂੰ ਆਪਣਾ ਰੂਪ ਨਿਖਾਰੇਂ,
ਜ਼ਿਮੀਂ ਦੀਆਂ ਗੁਲਜ਼ਾਰਾਂ ਵਿਚੋਂ, ਉਠਦੀਆਂ ਮਹਿਕਾਂ ਤਾਈਂ ਖਿਲਾਰੇਂ !
ਦੂਰ ਦੁਰਾਡੇ ਜੰਗਲੀਂ ਬੁਕਦੇ, ਨਿਕਲਨ ਘੁਰਿਓਂ ਸ਼ੇਰ ਬਘੇਲੇ,
ਖ਼ੁਸ਼ੀਆਂ ਦੇ ਸ਼ਦੀਆਨੇ ਛਿੜਦੇ, ਜਦ ਤੂੰ ਹਸ ਕੇ ਝਾਤੀ ਮਾਰੇਂ ।

ਵਿਹਲਾ ਹੋ ਕੇ ਤੁਰਦਾ ਹਾਲੀ, ਰਾਗ ਖ਼ੁਸ਼ੀ ਦੇ ਗਾਂਦਾ ਗਾਂਦਾ,
ਡੰਗਰ ਵੱਛਾ ਛਾਲਾਂ ਮਾਰੇ, ਖੁਰਲੀ ਦੇ ਵਲ ਜਾਂਦਾ ਜਾਂਦਾ ।
ਖਾਣ ਪੀਣ ਦੇ ਆਹਰੀਂ ਲੱਗੇ, ਝੁੱਗੀਆਂ ਵਾਲੇ ਬਾਲ ਕੇ ਚੁੱਲ੍ਹੇ ;
ਹਿਲਜੁਲ ਬਾਝ ਜਿਨ੍ਹਾਂ ਦਾ ਧੂੰਆਂ, ਚੜ੍ਹੇ ਉਤਾਂਹ ਵਲ ਖਾਂਦਾ ਖਾਂਦਾ ।

ਤਾਰਾ ਹੈਂ ਤੂੰ ਆਸ਼ਕ ਦਾ ਦਿਲ ਨਾਲ ਮਸ਼ੂਕ ਮਿਲਾਉਣ ਵਾਲਾ,
ਵਿੱਛੜਿਆਂ ਦੀਆਂ ਸੋਚਾਂ ਦਾ ਤੂੰ, ਚੇਤਾ ਖੋਹਾਂ ਪਾਉਣ ਵਾਲਾ ।
ਮਿਠੀਆਂ ਮਿਠੀਆਂ ਸੌਹਾਂ ਸੁਗੰਧਾਂ, ਨਾਲ ਸਿਦਕ ਦੇ ਪਾਈਆਂ ਹੋਈਆਂ,
ਕੰਮੀਂ ਧੰਦੀਂ ਰੁੱਝਿਆਂ ਤਾਈਂ, ਤੂੰ ਹੈਂ ਯਾਦ ਕਰਾਉਣ ਵਾਲਾ ।

68. ਨੈਣ

(ਸ਼ੰਕਰ ਛੰਦ)
ਜਦ ਪ੍ਰੇਮ ਅਰਸ਼ੋਂ ਉਤਰਿਆ, ਸੰਸਾਰ ਝਾਕਾ ਲੈਣ,
ਜਿਉਂ ਬਣਨ ਮੋਤੀ ਤਰੇਲ ਦੇ, ਇਹ ਬਣ ਗਿਆ ਦੋ ਨੈਣ ।

ਏਹ ਨੈਣ ਡਾਢੇ ਸੁਹਲ ਸੁੰਦਰ, ਪ੍ਰੇਮ ਦਾ ਅਵਤਾਰ,
ਚੰਚਲ ਮਮੋਲੇ, ਰਸਰਸੇ ਬੇਧੜਕ, ਖੁਦਮੁਖਤਾਰ !

ਕੁਝ ਰੱਤੜੇ, ਕੁਝ ਤਿੱਖੜੇ ਜਲ ਨਾਲ ਕੁਝ ਭਰਪੂਰ,
ਪੀ ਪੀ ਪਿਆਲੇ ਨੂਰ ਦੇ, ਹੋਏ ਨਸ਼ੇ ਵਿਚ ਚੂਰ ।

ਉੱਚੇ ਝਰੋਖੇ ਬੈਠ ਕੇ, ਲੱਗੇ ਵਰ੍ਹਾਉਣ ਤੀਰ,
ਰਾਹ ਜਾਂਦਿਆਂ ਤੇ ਸੁਟ ਡੋਰੇ, ਜਾਨ ਸੀਨਾਂ ਚੀਰ ।

ਪਰ ਲੜ ਗਈ ਤਕਦੀਰ ਉਲਟੀ, ਹੁਸਨ ਦੇ ਪਰਤਾਪ,
ਹਥਿਆਰ ਕੱਸੇ ਰਹਿ ਗਏ, ਘਿਰ ਗਏ ਸ਼ਿਕਾਰੀ ਆਪ ।

ਚੜ੍ਹ ਰੰਗ ਹੁਸਨਾਂ ਵਾਲੜੇ, ਮਹਬੂਬ ਦੇ ਮੂੰਹ ਜ਼ੋਰ,
ਸਿੰਜਰ ਗਏ ਚੁਪ ਕੀਤਿਆਂ, ਲਾਂਭੇ ਹਟਾ ਕੇ ਕੋਰ ।

ਫੱਟੇ ਗਏ, ਤੜਫਣ ਲਗੇ, ਪੈ ਗਈ ਹਾਲ ਪੁਕਾਰ,
ਲੁੱਟੇ ਗਏ ਅਣਭੋਲ ਲੋਕੋ ! ਰੰਗਲੇ ਬਾਜ਼ਾਰ ।

ਦਿਲ ਰੋੜ੍ਹ ਸਾਡਾ ਲੈ ਗਈ, ਇਹ ਬੇਮੁਹਾਰੀ ਕਾਂਗ,
ਅਰਸ਼ੀ ਉਡਾਰੀ ਭੁਲ ਗਈ, ਹੋ ਕੈਦ ਚਾਤ੍ਰਿਕ ਵਾਂਗ ।

69. ਕਵੀ-ਰਚਨਾ

(1)
ਫੁੱਲ ਦੀ ਮਹਿਕ, ਸ਼ਹਿਦ ਦੀ ਮਿੱਠਤ, ਮੱਖਣ ਦੀ ਨਰਮਾਈ ।
ਪਾਰਿਓਂ ਤੜਪ ਤਰੇਲ ਤੋਂ ਠੰਢਕ ਬਰਫੋਂ ਨਿਰਮਲਤਾਈ ।
ਤਾਰਿਓਂ ਡਲ੍ਹਕ ਬਿਜਲੀਓਂ ਚਾਨਣ, ਸੂਰਜ ਤੋਂ ਗਰਮਾਈ ।
ਚੰਦ੍ਰਮਾ ਦਾ ਰਸ ਨਿਚੋੜ ਕੇ, ਸਭ ਸ਼ੈ ਖਰਲ ਕਰਾਈ ।
ਇਸ ਮਾਵੇ ਦਾ ਪੁਤਲਾ ਘੜ ਕੇ ਨੂਰ ਪੁਸ਼ਾਕ ਪਿਨ੍ਹਾਈ ।
ਇਸ ਦਾ ਨਾਮ ਕਵੀ ਰਖ ਬ੍ਰਹਮਾ, ਜਾਨ ਪਰੇਮ ਦੀ ਪਾਈ ।

(2)
ਸੁੰਦਰ, ਸੁਘੜ ਪ੍ਰੇਮ ਦਾ ਪੁਤਲਾ, ਨਿਗਹ ਨਾ ਜਾਇ ਟਿਕਾਈ ।
ਐਸਾ ਅਦਭੁਤ ਜੀਵ ਬਣਾ ਕੇ, ਭੁਲ ਗਿਆ ਚਤੁਰਾਈ ।
ਨੀਝ ਧਰੀ ਪਰਵਾਨੇ ਦੀ, ਅਰ ਸੁਰਤ ਹਰਨ ਦੀ ਲਾਈ ।
ਭੌਰੇ ਦੀ ਸੁੰਘਣ ਦੀ ਸ਼ਕਤੀ, ਮੱਛੀ ਚਾਖ ਲਗਾਈ ।
ਦਿਲ ਦਿੱਤਾ ਪਰ ਕਲੀਓਂ ਕੋਮਲ ; ਚਮਕ ਬਿਅੰਤ ਵਸਾਈ ।
ਜੋ ਦਿੱਤਾ ਸੋ ਹੱਦੋਂ ਵਧ ਕੇ, ਹੋਇ ਨ ਜਿਦ੍ਹੀ ਸਮਾਈ ।

(3)
ਇਸ ਤੋਂ ਬਾਦ ਵਿਧਾਤਾ ਉੱਠੀ, ਰਹਿੰਦੀ ਗਿੱਲ ਸੁਕਾਈ ।
ਮੱਥੇ ਲੇਖ ਲਿਖਣ ਲੱਗੀ ਨੇ, ਪੁੱਠੀ ਕਲਮ ਵਗਾਈ ।
ਸੱਧਰ, ਸਿੱਕ, ਸੇਕ, ਨਾਕਾਮੀ, ਅਰ ਫਰਿਆਦ ਦੁਹਾਈ ।
ਦਰਦਾਂ, ਚੀਸਾਂ, ਚੁਭਕਾਂ ਸਾੜੇ, ਸੁਲਗਣ ਸੱਲ ਜੁਦਾਈ ।
ਦੁੱਖ ਪਰਾਏ ਸਹੇੜਨ ਵਾਲੀ, ਤੀਖਣ ਚੇਤਨਤਾਈ ।
ਇਹ ਸਭ ਰਾਸ ਗਰੀਬ ਕਵੀ ਦੇ, ਹਿੱਸੇ ਚਾਤ੍ਰਿਕ ਆਈ ।

70. ਗਰੀਬ ਕਿਰਸਾਣ

(ਛੰਦ-ਦੋਹਰਾ। ਧਾਰਨਾ-ਮਿਰਜ਼ਾ ਸਾਹਿਬਾਂ)

(1)
ਕੱਕਰੀ ਰਾਤ ਸਿਆਲ ਦੀ, ਵਰਤੀ ਸੁੰਞ ਮਸਾਣ,
ਖਲਕਤ ਸੁੱਤੀ ਅੰਦਰੀਂ, ਨਿਘੀਆਂ ਬੁੱਕਲਾਂ ਤਾਣ ।1।
ਪਿਛਲੇ ਪਹਿਰ ਤਰੇਲ ਦੇ, ਮੋਤੀ ਜੰਮਦੇ ਜਾਣ,
ਬੁੱਕਲੋਂ ਮੂੰਹ ਜੇ ਕੱਢੀਏ, ਪਾਲਾ ਪੈਂਦਾ ਖਾਣ ।2।
ਇਸ ਵੇਲੇ ਜਾਂ ਜਾਗਦੇ, ਤਾਰੇ ਵਿਚ ਅਸਮਾਨ
ਜਾਂ ਕੋਈ ਕਰਦਾ ਭਗਤ ਜਨ ਖ਼ੂਹੇ ਤੇ ਇਸ਼ਨਾਨ ।3।
ਜਾਂ ਇਕ ਕਿਸਮਤ ਦਾ ਬਲੀ, ਜਾਗ ਰਿਹਾ ਕਿਰਸਾਣ,
ਪਾਣੀਂ ਲੌਂਦਿਆਂ ਪੈਰ ਹੱਥ, (ਜਿਦੇ) ਨੀਲੇ ਹੁੰਦੇ ਜਾਣ ।4।

(2)
ਸਿਖਰ ਦੁਪਹਿਰੇ ਜੇਠ ਦੀ, ਵਰ੍ਹਨ ਪਏ ਅੰਗਿਆਰ,
ਲੋਆਂ ਵਾਉ-ਵਰੋਲਿਆਂ, ਰਾਹੀ ਲਏ ਖਲ੍ਹਾਰ ।5।
ਲੋਹ ਤਪੇ ਜਿਉਂ ਪ੍ਰਿਥਵੀ, ਭੱਖ ਲਵਣ ਅਸਮਾਨ,
ਪਸ਼ੂਆਂ ਜੀਭਾਂ ਸੁੱਟੀਆਂ, ਪੰਛੀ ਭੁੱਜਦੇ ਜਾਣ ।6।
ਲੁਕੀ ਲੁਕਾਈ ਅੰਦਰੀਂ, ਨਿਕਲੇ ਬਾਹਰ ਨ ਸਾਹ,
ਪਰ ਪਿੜ ਵਿਚ ਕਿਰਸਾਣ ਇਕ, ਫ਼ਲ੍ਹਾ ਰਿਹਾ ਹੈ ਵਾਹ ।7।
ਸਿਰ ਪੈਰਾਂ ਤੱਕ ਨਿਚੁੱੜੇ, ਮੁੜ੍ਹਕਾ ਵਾਹੋਦਾਹ,
ਪਰ ਸ਼ਾਬਾਸ਼ੇ ਦੂਲਿਆ (ਤੈਨੂੰ) ਰਤਾ ਨਹੀਂ ਪਰਵਾਹ ।8।

(3)
ਮਾਓਂ ਲਡਿੱਕਾ ਜੰਮਿਓਂ, ਰਖਿਓਸੁ ਨਾਉਂ ਗੁਲਾਬ,
(ਪਰ)ਕਿਸਮਤ ਦੇ ਕੇ ਵਾੜ ਵਿਚ(ਤੇਰੀ)ਕੀਤੀ ਜੂਨ ਖਰਾਬ ।9।
ਦੁਨੀਆਂ ਖਾਇ ਮਲਾਈਆਂ,ਤੇਰੇ ਹਿੱਸੇ(ਆਈ) ਛਾਹ,
ਮੋਟਾ ਠੁਲ੍ਹਾ ਪਹਿਨ ਲੈ, ਮਿੱਸੀ ਤਿੱਸੀ ਖਾਹ ।10।
ਹੱਲ ਸੁਹਾਗੇ ਗੋਡੀਆਂ,(ਤੇਰੇ)ਸਿਰ ਤੇ ਰਹਿਣ ਸਵਾਰ,
ਪੱਲੇ ਤੇਰੇ ਪੈ ਗਈ, ਪਸ਼ੂਆਂ ਵਾਲੀ ਕਾਰ ।11।
ਰਾਤੀਂ ਆ ਪਏਂ ਟੁੱਟ ਕੇ, ਚਾੜ੍ਹੇ ਨੀਂਦ ਖੁਮਾਰ,
ਕੁੱਕੜ ਬਾਂਗੇ ਫੇਰ ਤੂੰ, ਓਸੇ ਤਰ੍ਹਾਂ ਤਿਆਰ ।12।

(4)
ਤਨ ਟੰਗਿਆ ਵਿਚ ਜਾਨ ਦੇ, ਜਾਨ ਟੰਗੀ ਅਸਮਾਨ,
ਮੁੱਠ ਵਿਚ ਤੇਰੀ ਕਾਲਜਾ, ਬੱਦਲਾਂ ਵਿਚ ਧਿਆਨ ।13।
ਰੱਖ ਲਏ ਰੱਬ ਜਿ ਸੋਕਿਉਂ,(ਤਦ) ਝੱਖੜੋਂ ਸੁੱਕਦਾ ਸਾਹ,
ਗੜਿਓਂ, ਅਹਿਣੋਂ, ਕੁੰਗੀਓਂ, ਪੈਂਦਾ ਨਹੀਂ ਵਿਸਾਹ ।14।
ਸੁਖ ਸੁਖ ਲੱਖ ਸਰੀਣੀਆਂ, ਪੱਕਣ ਚਾਰ ਕਸੀਰ,
ਤਦ ਭੀ ਸੁਣ ਸੁਣ ਕਹਿਬਤਾਂ,(ਤੈਨੂੰ)ਔਂਦੀ ਨਹੀਂ ਖਲ੍ਹੀਰ ।15।
'ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਰਸਾਣ,
ਵਾਓਂ ਝੱਖੜ ਝੋਲਿਓਂ ਘਰ ਆਵੇ ਤਾਂ ਜਾਣ' ।16।

(5)
ਪੱਕੀ ਵੱਢੀ ਬੰਨ੍ਹ ਲਈ ਆਣ ਧਰੀ ਖਲਵਾਰ,
ਤਦ ਭੀ ਧੜਕੇ ਕਾਲਜਾ(ਕੋਈ)ਦੁਸ਼ਮਣ ਕਰੇ ਨ ਵਾਰ ।17।
ਬੱਤੀਓਂ ਦੰਦੋਂ ਜੀਭ ਨੂੰ, ਜੇ ਰੱਬ ਲਏ ਬਚਾਇ,
ਚਾਈਂ ਚਾਈਂ ਗਾਹ ਕੇ, ਧੜ ਦੇਵੇਂ ਤਦ ਲਾਇ ।18।
ਅਜੇ ਵਸਾਇ ਨ ਚੁੱਕਿਓਂ, ਲਾਗੂ ਬੈਠੇ ਆਇ,
ਲਾਗੀ, ਚੋਗੀ, ਸੇਪੀਆਂ, ਝੁਰਮਟ ਦਿੱਤਾ ਪਾਇ ।19।
ਰਹਿੰਦਾ ਬੋਹਲ ਹੁੰਝਾ ਲਿਆ, ਆ ਕੇ ਲਹਿਣੇਦਾਰ,
ਤੇਰੇ ਪੱਲੇ ਰਹਿ ਗਈ, ਤੂੜੀ ਪੰਡਾਂ ਚਾਰ ।20।

(6)
ਚਾਰੇ ਕੰਨੀਆਂ ਚੂਪਦਾ, ਘਰ ਆਇਆ ਕਿਰਸਾਣ,
ਗੋਡਿਆਂ ਵਿਚ ਸਿਰ ਤੁਨ ਕੇ, ਗੋਤੀਂ ਲੱਗਾ ਜਾਣ ।21।
ਹਾਇ ਓ ਰੱਬਾ ਡਾਢਿਆ ! ਕੀ ਬਣੀਆਂ ਮੈਂ ਨਾਲ ?
ਮਰ ਗਿਆ ਕਰਦਾ ਮਿਹਨਤਾਂ, ਓੜਕ ਭੈੜਾ ਹਾਲ ।22।
ਨਾ ਮੈਂ ਦਿੱਤਾ ਮਾਮਲਾ, ਨਾ ਕੋਈ ਲੀਤਾ ਢੋਰ,
ਬੀ ਭੱਤਾ ਭੀ ਹੈ ਨਹੀਂ, ਲੋੜਾਂ ਕੇਈ ਹੋਰ ।23।
ਅੰਨ ਵਰ੍ਹਾ ਭਰ ਖਾਣ ਨੂੰ, ਟਾਕੀ ਟੱਲਾ ਨਾਲ,
ਕਰਜ਼ਾ ਭੀ ਕੁਝ ਰਹਿ ਗਿਆ, ਸਿਰ ਤੇ ਖੜਾ ਸਿਆਲ ।24।

(7)
ਜੱਟੀ ਘੁਰਕੇ ਜੱਟ ਨੂੰ(ਹੈ ਹੈ)ਪਿਆ ਕਿਧਰ ਦਾ ਲੋੜ੍ਹ ?
ਖੱਟੀ ਸਾਰੇ ਸਮੇਂ ਦੀ, ਕਿਥੇ ਆਇਓਂ ਰੋੜ੍ਹ ।25।
(ਮੈਂ)ਮਾਘੋਂ ਕੂਕਣ ਲੱਗੀ ਆਂ, 'ਕੁੜੀ ਹੋਈ ਮੁਟਿਆਰ',
ਸਾਡੀ ਕੋਠੀ ਸੱਖਣੀ ਲੋਕੀਂ ਕਰਨ ਬਹਾਰ ।26।
ਵਾਰੀ ਸਦਕੇ ਵਾਹੀਓਂ, ਸਾਨੂੰ ਨਹਿੰ ਦਰਕਾਰ,
ਪੱਛੀ ਲਾ ਇਸ ਭੋਇੰ ਨੂੰ,(ਜੋ)ਰਹਿੰਦੀ ਮਰਲੇ ਚਾਰ ।27।
ਭਰਤੀ ਹੋ ਜਾ ਫੋਜ ਵਿਚ, ਜਾਂ ਕੁਝ ਕਰ ਰੁਜ਼ਗਾਰ,
(ਜਾ)ਨਿਘਰ ਨਹਿੰ ਤਾਂ ਸ਼ਹਿਰ ਨੂੰ,(ਓਥੇ)ਲੋੜ੍ਹੇ ਦੀ ਹੈ ਕਾਰ ।28।

(8)
ਜੱਟਾ ! ਵੇਖੀਂ ਉੱਕਦੋਂ ਸਿੱਖ ਸਿਖ਼ਾਇਆ ਨਾਰ,
ਛਡ ਬਹਿੰਦੋਂ ਮਤੇ ਸਹਿਮ ਕੇ, ਉੱਤਮ ਖੇਤੀ ਕਾਰ ।29।
ਇਕ ਦਾਣਾ ਜੇ ਫਲ ਪਏ, ਦਾਣਾ ਬਣੇ ਹਜ਼ਾਰ,
ਡੱਕੇ ਮਾਰ ਨ ਰੋੜ੍ਹ ਨੂੰ, ਸੋਮਾ ਉਸ ਦਾ ਮਾਰ ।30।
ਦੁਨੀਆਂ ਵੱਸੇ ਰੰਗ ਵਿਚ, ਤੂੰ ਕਿਉਂ ਰਿਹੋਂ ਕੰਗਾਲ,
ਬਰਕਤ ਕਿੱਧਰ ਉੱਡਦੀ, ਇਸ ਦੀ ਕਰ ਪੜਤਾਲ ।31।
ਅਮਰੀਕਾ ਵਿਚ ਜੱਟ ਹੀ, ਹੋ ਰਹੇ ਮਾਲਾ ਮਾਲ,
ਸੁਣ ਲੈ ! ਤੇਰੇ ਢਿੱਡ 'ਚੋਂ ਕਿਉਂ ਨਾ ਨਿਕਲੇ ਕਾਲ ।32।

(9)
ਇਕ 'ਇਲਮ' ਦੀ ਊਣ ਹੈ, ਮੁੰਡੇ ਪੜ੍ਹਨੇ ਪਾਇ,
ਦੂਜਾ ਝੱਸ ਸ਼ਰਾਬ ਦਾ, ਇਸ ਤੋਂ ਜਾਨ ਛੁਡਾਇ ।33।
ਤੀਜਾ ਐਬ ਕੁਪੱਤ ਦਾ, ਖਹਿ ਖਹਿ ਮਰੋ ਭਰਾਇ,
ਫੇਰ ਮੁਕੱਦਮੇ ਲੜਦਿਆਂ, ਝੁੱਗਾ ਉਜੜ ਜਾਇ ।34।
ਪੰਜਵਾਂ ਚਸਕਾ ਕਰਜ਼ ਦਾ, ਵਾਹਣ ਛਡੇਂ ਤੂੰ ਖਾਇ,
ਪੰਜੇ ਭੈੜੀਆਂ ਵਾਦੀਆਂ, ਬਰਕਤ ਖੜਨ ਉਡਾਇ ।35।
ਜੇ ਪੰਜਾਂ ਦੇ ਪੰਜਿਓਂ, ਪਾ ਜਾਵੇਂ ਛੁਟਕਾਰ,
ਫੇਰ ਜੇ ਪੂਰੀ ਨਾ ਪਏ(ਤਦ) *ਚਾਤ੍ਰਿਕ' ਜ਼ਿੰਮੇਵਾਰ ।36।

71. ਰਾਗ

ਰਾਗ ! ਤੂੰ ਕਿਸ ਮੋਹਣੀ ਦੇ ਰੂਪ ਦਾ ਝਲਕਾਰ ਹੈਂ ?
ਕਿਸ ਬਹਿਸ਼ਤੀ ਹੂਰ ਦੀ ਪਾਜ਼ੇਬ ਦਾ ਛਣਕਾਰ ਹੈਂ ?
ਖਿੱਚਿਆ ਕਿਹੜੇ ਰਸਾਂ ਦਾ ਰੂਹ ਤੇਰਾ ਨਾਦ ਹੈ ?
ਪਰੇਮ ਦੇ ਕਿਸ ਬਹਿਰ ਵਿਚ ਦੁਨੀਆਂ ਤੇਰੀ ਆਬਾਦ ਹੈ ?
ਤੇਰੀ ਲੈ ਵਿਚ ਝੂਮਦੀ ਕਿਸ ਸੋਮ-ਰਸ ਦੀ ਤਾਰ ਹੈ ?
ਬਣ ਗਿਆ ਤੇਰਾ ਤਰੱਨਮ ਰੂਹ ਦਾ ਆਧਾਰ ਹੈ ।
ਨ੍ਹਾ ਕੇ ਤੇਰੇ ਕੇਸਰੋਂ ਮਹਿਕਾਂ ਨਸੀਮ ਨਿਚੋੜਦੀ ।
ਹੈ ਨਿਆਮਤ ਹੋਰ ਭੀ ਦੁਨੀਆਂ ਤੇਰੇ ਜੋੜ ਦੀ ?
ਹੀਰਿਆ ! ਕਿਸ ਸਾਣ ਚੜ੍ਹ ਚੀਰੀ ਕਲੇਜਾ ਜਾਇੰ ਤੂੰ ?
ਦਿਲ ਦੀਆਂ ਖਾਮੋਸ਼ ਤਰਬਾਂ ਕਿਉਂ ਪਿਆ ਤੜਫਾਇੰ ਤੂੰ ?
ਤੇਰੇ ਬਿਰਹੇ ਫੂਕ ਕੇ ਕੋਇਲ ਨੂੰ ਕੀਤਾ ਕਾਲਿਆਂ ।
ਤੇਰਾ ਦਰ ਖੜਕਾਇਆ ਅਲਮਸਤ ਅੱਲਾ ਵਾਲਿਆਂ ।
ਮਾਲ ਦੌਲਤ ਢੇਰ ਹੋਏ ਤੇਰੀ ਇਕ ਆਵਾਜ਼ ਤੇ,
ਹੁਸਨ ਸਦਕੇ ਹੋ ਗਿਆ ਤੇਰੇ ਨਸ਼ੀਲੇ ਨਾਜ਼ ਤੇ,
ਸਿਰ ਹਕੂਮਤ ਨੇ ਝੁਕਾਇਆ ਆ ਤੇਰੇ ਦਰਬਾਰ ਵਿਚ,
ਤੂੰ ਪਰੋਤਾ ਖਲਕ ਸਾਰੀ ਨੂੰ ਗਲੇ ਦੇ ਹਾਰ ਵਿਚ ।
ਤੀਰ ਕੱਸਣ ਬੈਠ ਕਿਸ ਦੇ ਨੈਣ ਵਿਚ ਸਿਖਦਾ ਰਿਹੋਂ ?
ਕਿੱਥੇ ਬਹਿ ਕੇ ਲੇਖ ਉੱਚੇ ਆਪਣੇ ਲਿਖਦਾ ਰਿਹੋਂ ?
ਤੇਰੇ ਮੋਤੀ ਦੀ ਡਲ੍ਹਕ ਕਿਸ ਸਿੱਪ ਵਿਚ ਪਲਦੀ ਰਹੀ ?
ਤੇਗ ਕਿਸ ਮਹਿਬੂਬ ਦੇ ਹੱਥੋਂ ਤੇਰੀ ਚੱਲਦੀ ਰਹੀ ?
ਬੰਸੀ ਵਾਲਾ ਕੀ ਹਵਾ ਤੇਰੇ ਦਮ ਤੇ ਕਰਦਾ ਰਿਹਾ ?
ਬੀਣਾ ਨਾਰਦ ਛੇੜ ਤੇਰੇ ਕੰਨ ਕੀ ਭਰਦਾ ਰਿਹਾ ?
ਕਿਸ ਪਰੀ ਨੇ ਤੈਨੂੰ ਇੰਦਰ ਦੇ ਅਖਾੜੇ ਵਾੜਿਆ ?
ਕਿਹੜੇ ਬੈਜੂ ਬਾਵਰੇ ਅਰਸ਼ਾਂ ਤੇ ਤੈਨੂੰ ਚਾੜ੍ਹਿਆ ?
ਹੀਰ ਤੇਰੇ ਬਾਗ਼ ਵਿਚ ਕੀ ਕਿਲਕਲੀ ਸੀ ਪਾਉਂਦੀ ?
ਵੰਝਲੀ ਰਾਂਝਣ ਦੀ ਤੇਰਾ ਗੀਤ ਕੀ ਸੀ ਗਾਉਂਦੀ ?
ਕੀ ਕਲਾਮ ਫੂਕ ਕੇ ਛੱਡੇਂ ਹਵਾ ਵਿਚ ਤੀਰ ਤੂੰ ?
ਫ਼ਾਹੇਂ ਪੰਛੀ, ਮਿਰਗ ਮੋਹੇਂ, ਬੰਨ੍ਹੇ ਵਹਿੰਦੇ ਨੀਰ ਤੂੰ ?
ਬਲ ਉਠੇ ਭਾਂਬੜ, ਜਦੋਂ ਦੀਪਕ ਤੇਰੇ ਦੀ ਲੋ ਲਗੀ,
ਵਸ ਪਏ ਬੱਦਲ, ਜਦੋਂ ਮਲਹਾਰ ਕੀਤਾ ਤੂੰ ਕਦੀ ।
ਉੱਛਲੇ ਖੂਹਾਂ ਦੇ ਦਿਲ ਜਦ ਤੇਰਾ ਭੈਰਵ ਬੋਲਿਆ,
ਖਿੜ ਪਿਆ ਆਕਾਸ਼ ਜਦ ਤੂੰ ਆਸ ਦਾ ਦਰ ਖੋਲ੍ਹਿਆ ।
ਤਾਰੇ ਤੜਫੇ, ਸ਼ਾਮ ਨੇ ਕਲਿਆਣ ਜਦ ਕੀਤੀ ਤਿਰੀ :
ਤਰੇਲ ਪੈ ਗਈ ਜੋਗ ਤੇ, ਜਦ ਰਾਤ ਕੁਝ ਬੀਤੀ ਤਿਰੀ ।
ਹਾਇ ! ਤੇਰੇ ਸਾਜ਼ ਵਿਚ ਕੀ ਸੋਜ਼ ਹੈ ਚਿਚਲਾ ਰਿਹਾ ?
ਕਾਂਗ ਤੇਰੀ ਨਾਲ ਕਿਉਂ ਜਿਗਰਾ ਹੈ ਰੁੜ੍ਹਿਆ ਜਾ ਰਿਹਾ ?
ਕਿਸ ਵਿਜੋਗਣ ਦਾ ਕਲੇਜਾ ਚੀਰਦਾ ਤੂੰ ਆਇਓਂ ?
ਸੱਪ ਉੱਡਦੇ ਕੀਲਣੇ ਕਿਸ ਮਾਂਦਰੀ ਸਿਖਲਾਇਓਂ ?
ਲੁੱਟੀਆਂ ਸੱਤੇ ਸੁਰਾਂ ਕਿੱਥੋਂ ਏ ਲੋਟੀ ਪਾਣੀਆਂ ?
ਧੂ ਕੇ ਕਿੱਥੋਂ ਆਂਦੀਆਂ ਨੂਹਾਂ ਏ ਜੀ ਨੂੰ ਖਾਣੀਆਂ ?
ਖਿੱਚੀਆਂ ਕਿਸ ਬਾਰਿਓਂ ਉਸਤਾਦ ਤਾਰਾਂ ਤੇਰੀਆਂ ?
ਨੱਚਿਆ ਤਾਊਸ ਗਜ਼ ਨੇ ਲੀਤੀਆਂ ਜਦ ਫ਼ੇਰੀਆਂ ।
ਧੁਨ ਅਨਾਹਦ ਸੁਣਦਿਆਂ ਸੂਫੀ ਨੇ ਤਾੜੀ ਪੀ ਲਈ,
ਪਰੇਮ ਦੀ ਦੁਨੀਆਂ ਨਵੀਂ ਆਬਾਦ ਸਿਰ ਵਿਚ ਹੋ ਗਈ,
ਤੇਰੇ ਵਰਗਾ ਹੋਰ ਕੁਝ ਦਿਸਦਾ ਨਹੀਂ ਸੰਸਾਰ ਤੇ,
ਨੱਚਦਾ ਹੈ ਦਿਲ ਖੁਦਾਈ ਦਾ, ਤਿਰੀ ਹੀ ਤਾਰ ਤੇ ।
ਫਿਕਰ, ਗਮ, ਦੁਖ ਦਰਦ ਸਭ ਭੁੱਲ ਜਾਣ ਤੇਰੇ ਆਇਆਂ,
ਅੱਖੀਆਂ ਵਿਛ ਜਾਣ ਤੱਕ ਕੇ ਤੇਰੀ ਨੂਰੀ ਕਾਇਆਂ ।
ਤੂੰ ਹਜ਼ੂਰੀ ਦਾਤ ਹੈਂ, ਕੁਦਰਤ ਦਾ ਤੂੰ ਸ਼ਿੰਗਾਰ ਹੈਂ ।
ਰੂਹ ਦਾ ਆਧਾਰ ਹੈਂ, ਹਰ ਮੌਸਮੀ ਗੁਲਜ਼ਾਰ ਹੈਂ ।
ਆ ਗਲੇ ਲਗ ਜਾ ਮੇਰੇ ; ਮੈਂ ਤੇਰਾ ਆਸ਼ਿਕ ਜ਼ਾਰ ਹਾਂ ।
ਨਾਮ ਨੂੰ 'ਚਾਤ੍ਰਿਕ' ਹਾਂ, ਪਰ ਮੂੰਹ ਖੋਲ੍ਹਣੋਂ ਲਾਚਾਰ ਹਾਂ ।

72. ਕਬਰਸਤਾਨ

(1)
ਇਸ ਦਗੜ ਦਗੜ ਦੀ ਦੁਨੀਆਂ ਤੋਂ, ਇੱਕਲਵਾਂਜੇ ਇਕ ਵਾਸੀ ਹੈ ।
ਖਾਮੋਸ਼ੀ ਜਿਸ ਦੀ ਬੋਲੀ ਹੈ, ਤੇ ਰੌਣਕ ਜਿਦ੍ਹੀ ਉਦਾਸੀ ਹੈ ।
ਨਾ ਦੀਵਾ ਕੋਈ ਬਲਦਾ ਹੈ, ਨਾ ਭੰਭਟ ਪਰ ਝੁਲਸਾਂਦਾ ਹੈ ।
ਨਾ ਫੁੱਲ ਹੁਲਾਰੇ ਖਾਂਦਾ ਹੈ, ਨਾ ਭੌਰਾ ਘੂਕਰ ਪਾਂਦਾ ਹੈ ।

(2)
ਵਾਸੀ ਇਸ ਚੁਪ ਦੀ ਨਗਰੀ ਦੇ, ਸਦੀਆਂ ਤੋਂ ਕੱਠੇ ਰਹਿੰਦੇ ਨੇ ।
ਪਰ ਸਾਂਝੀ ਹੋਈ ਜ਼ਬਾਨ ਨਹੀਂ, ਨਾ ਦਿਲ ਦੀ ਵੇਦਨ ਕਹਿੰਦੇ ਨੇ ।
ਅਰਮਾਨ ਧਰੇ ਹਨ ਛਾਤੀ ਤੇ, ਤੇ ਪੈਰ ਪਸਾਰ ਬਿਰਾਜੇ ਨੇ ।
ਜਦ ਦੇ ਇਹ ਧੌਲਰ ਮੱਲੇ ਨੇ, ਨਾ ਖੋਹਲੇ ਮੁੜ ਦਰਵਾਜ਼ੇ ਨੇ ।

(3)
ਕੋਈ ਨਸ਼ਾ ਇਲਾਹੀ ਪੀ ਬੈਠੇ, ਉਤਰੀ ਨਹੀਂ ਜਿਦ੍ਹੀ ਖੁਮਾਰੀ ਹੈ ।
ਸਾਗਰ ਨਾ ਸਿੱਧਾ ਕੀਤਾ ਹੈ, ਸਾਕੀ ਵਲ ਝਾਤ ਨਾ ਮਾਰੀ ਹੈ ।
ਸ਼ਤਰੰਜਾਂ ਵਿਛੀਆਂ ਪਈਆਂ ਨੇ, ਉਠਕੇ ਨਾ ਖੇਡ ਮੁਕਾਈ ਹੈ ।
ਫੁਲਾਂ ਦੀ ਸੇਜ ਸਜਾਈ ਤੇ, ਬੈਠਣ ਦੀ ਘੜੀ ਨ ਆਈ ਹੈ ।

(4)
ਬਹਿਰਾਮ-ਪੁਰੇ ਦੇ ਮਹਿਲਾਂ ਦਾ, ਕੋਈ ਕੋਮਲ ਰਾਜ-ਦੁਲਾਰਾ ਹੈ ।
ਜਮਸ਼ੈਦ ਨਗਰ ਦੇ ਅਰਸ਼ਾਂ ਤੋਂ, ਟੁੱਟਾ ਹੋਇਆ ਕੋਈ ਤਾਰਾ ਹੈ ।
ਕੋਈ ਐਸ਼ ਬਾਗ ਦੀ ਸੁਹਲ ਕਲੀ, ਫੁੱਲ ਦੀਵੇ ਨੂੰ ਕੁਰਲਾਂਦੀ ਹੈ ।
ਕੋਈ ਪ੍ਰੀਤਮ ਦੀਆਂ ਉਡੀਕਾਂ ਵਿਚ, ਕਿਰਨਾਂ ਤੋਂ ਨੈਣ ਬਚਾਂਦੀ ਹੈ ।

(5)
ਹੇ ਅਮਨਾਬਾਦੀ ਲੋਕੋ ਵੇ ! ਅੱਖ ਪੱਟੋ ਪਾਸਾ ਮੋੜੋ ਵੇ ।
ਇਹ ਲੰਮਾ ਰੋਸਾ ਕਾਹਦਾ ਹੈ ! ਹੁਣ ਮੁਹਰਾਂ ਮੂੰਹ ਤੋਂ ਤੋੜੋ ਵੇ ।
ਤਾਰੇ ਹੋ ਕਿਦ੍ਹੀਆਂ ਅੱਖਾਂ ਦੇ ? ਹੋ ਲਾਲ ਤੁਸੀਂ ਕਿਸ ਮਾਈ ਦੇ ?
ਵਾਲੀ ਹੋ ਕਿਨ੍ਹਾਂ ਵਲੈਤਾਂ ਦੇ ? ਮਾਲਿਕ ਕਿਸ ਹੂਰਾਂ ਜਾਈ ਦੇ ?

(6)
ਕੀਕਰ ਦੇ ਸੁਹਲ-ਸਰੀਰੇ ਸੋ ? ਕੀ ਅਤਰ ਫੁਲੇਲਾਂ ਮਲਦੇ ਸੌ ?
ਸ਼ਿੰਗਾਰ ਕਿਹੋ ਜਿਹੇ ਲਾਂਦੇ ਸੋ ? ਕਿਸ ਹੰਸ ਚਾਲ ਥੀਂ ਚਲਦੇ ਸੌ ?
ਕਿਸ ਰਣ ਵਿਚ ਤੇਗਾਂ ਵਾਹੀਆਂ ਸਨ ਕੀ ਮਾਣ ਮਰਤਬਾ ਪਾਇਆ ਸੀ ?
ਕਿੰਨੀ ਕੁ ਧਰਤੀ ਮੱਲੀ ਸੀ ? ਕਿੰਨੀ ਕੁ ਜੋੜੀ ਮਾਇਆ ਸੀ ?

(7)
ਸੁਲਤਾਨ ਖਾਨ ਸੀ ਕੌਣ ਕੌਣ ? ਤੇ ਕੌਣ ਉਦ੍ਹਾ ਦਰਬਾਰੀ ਸੀ ?
ਹਾਥੀ ਤੇ ਕਿਹੜਾ ਚੜ੍ਹਦਾ ਸੀ ? ਦਰ ਦਰ ਦਾ ਕੌਣ ਭਿਖਾਰੀ ਸੀ ?
ਫੁੱਲਾਂ ਤੇ ਕਿਹੜਾ ਸੌਂਦਾ ਸੀ ? ਤੇ ਕੌਣ ਖਾਕ ਵਿਚ ਰੁਲਦਾ ਸੀ ?
ਮਜ਼ਦੂਰੀ ਕਿਹੜਾ ਕਰਦਾ ਸੀ ? ਤੇ ਛਤ੍ਰ ਕਿਦ੍ਹੇ ਸਿਰ ਝੁਲਦਾ ਸੀ ?

(8)
ਇਸ ਉਡਦੀ ਖੇਹ ਵਿਚ ਪਤਾ ਨਹੀਂ, ਪ੍ਰਮਾਣੂ ਕਿਸ ਕਿਸ ਸਿਰਦੇ ਨੇਂ ?
ਰਾਜਾ ਤੇ ਰੰਕ ਇਕੱਠੇ ਹੋ, ਆਕਾਸ ਭਟਕਦੇ ਫਿਰਦੇ ਨੇਂ ।
ਗਲ ਗਿਆ ਵਰਕ ਇਤਿਹਾਸਾਂ ਦਾ, ਜੋ ਖੋਜ ਖੁਰਾ ਕੋ ਦਸਦਾ ਸੀ ।
ਇਸ ਮਿੱਟੀ ਵਾਲਾ ਛਤ੍ਰਪਤੀ, ਉਸ ਮੰਦਰ ਦੇ ਵਿਚ ਵਸਦਾ ਸੀ ।

(9)
ਖੁਸਰੋ ਦਾ ਖੋਪਰ ਖੁਰ ਖੁਰ ਕੇ, ਕਬਰਾਂ ਦਾ ਕੱਲਰ ਹੋਇਆ ਹੈ ।
ਕੁਮਿਹਾਰ ਚੱਕ ਤੇ ਚਾੜ੍ਹਨ ਨੂੰ, ਪਾਣੀ ਪਾ ਪਾ ਕੇ ਗੋਇਆ ਹੈ ।
ਲਲਕਾਰ ਮਾਰ ਕੇ ਵਰਜ ਸਕੇ, ਗਲ ਗਈ ਉਹ ਜੀਭ ਲੜਾਕੀ ਹੈ ।
ਧੂ ਕੇ ਤਲਵਾਰ ਹਟਾ ਦੇਵੇ, ਉਹ ਡੌਲਾ ਭੀ ਨਾ ਬਾਕੀ ਹੈ ।

(10)
ਜੀ ਚਾਹੇਗਾ ਤਾਂ ਦੀਵਾ ਘੜ, ਕਬਰਾਂ ਵਿਚ ਫੇਰ ਪੁਚਾਵੇਗਾ ।
ਜਾਂ ਠੂਠੀ ਰਚ, ਮਹਬੂਬਾਂ ਦੀ ਬੁੱਲ੍ਹੀਂ ਇਕ ਵਾਰ ਛੁਹਾਵੇਗਾ ।
ਬੇਕਦਰੇ ਦੇ ਵਸ ਪੈ ਕੇ ਪਰ, ਫ਼ਰਯਾਦ ਨਾ ਕੋਈ ਮਚਾਂਦਾ ਹੈ ।
ਕੁਦਰਤ ਦੇ ਹੇਰਾਂ ਫੇਰਾਂ ਨੂੰ, ਚੁਪ ਕੀਤਾ ਵੇਖੀ ਜਾਂਦਾ ਹੈ ।

(11)
ਆ ਦਿਲ!ਏਥੇ ਹੀ ਰਹਿ ਪਈਏ, ਕੀ ਕਰਨ ਪਿਛਾਂਹ ਹੁਣ ਜਾਣਾ ਹੈ ।
ਉਹ ਚਾਰ ਦਿਨਾਂ ਦੀ ਖਪ ਖਪ ਹੈ, ਓੜਕ ਦਾ ਇਹੋ ਟਿਕਾਣਾ ਹੈ ।
ਓਹ ਹਿਰਸਾਂ ਦੇ ਹਟਕੋਰੇ ਨੇ, ਇਸ ਸੁਰਗੇ ਕੋਈ ਅਜ਼ਾਰ ਨਹੀਂ ।
ਇਸ ਨਸ਼ੇ ਚੜ੍ਹਾਈ ਅਰਸ਼ਾਂ ਤੇ ਮੁੜ ਹੇਠ ਉਤਰਦੀ ਤਾਰ ਨਹੀਂ ।

73. ਸੁਰਗੀ ਜੀਉੜੇ

(1)
ਪਰਬਤ ਦੇ ਪੈਰਾਂ ਹੇਠ ਪਈ, ਇਕ ਨਿੱਕੀ ਜਹੀ ਪਧਰਾਈ ਹੈ ।
ਇਕ ਪਾਸੇ ਵੱਟੇ ਰਿੜ੍ਹਦੇ ਨੇ, ਇਕ ਪਾਸੇ ਕੁਝ ਸਬਜ਼ਾਈ ਹੈ ।
ਇਸ ਉੱਗੜ ਦੁਗੜੀ ਧਰਤੀ ਤੇ, ਇਕ ਛੰਨ ਮੀਹਾਂ ਦੀ ਮਾਰੀ ਹੈ ।
ਛੱਪਰ ਜਿਸ ਦਾ ਹੈ ਡੋਲ ਰਿਹਾ, ਤਿੜਕੀ ਹੋਈ ਚਾਰ ਦਿਵਾਰੀ ਹੈ ।

(2)
ਇਸਦਾ ਵਾਸੀ ਇਕ ਕਿਰਤੀ ਹੈ, ਕੰਗਾਲੀ ਜਿਸਦੀ ਮਾਇਆ ਹੈ ।
ਮਜ਼ਦੂਰੀ ਜਿਦ੍ਹਾ ਸਹਾਰਾ ਹੈ, ਸੰਤੋਖ ਜਿਦ੍ਹਾ ਸਰਮਾਇਆ ਹੈ ।
ਜੋ ਚੱਕੀ ਫੇਰ ਮੁਸ਼ੱਕਤ ਦੀ, ਆਪਣੇ ਹੱਡ ਪੀਹ ਪੀਹ ਖਾਂਦਾ ਹੈ ।
ਪਰਭਾਤੇ ਨਿਕਲ ਜਾਂਦਾ ਹੈ, ਤੇ ਸੰਝ ਪਿਆਂ ਘਰ ਆਂਦਾ ਹੈ ।

(3)
ਦੋ ਟੁੱਟੇ ਖੁੱਸੇ ਮੰਜੇ ਨੇ, ਕੁਝ ਲੀੜੇ ਅੱਧੋਰਾਣੇ ਨੇ ।
ਦੋ ਠੂਠੇ ਇਕ ਕੁਨਾਲੀ ਹੈ, ਦੋ ਖਾਲੀ ਮੱਟ ਪੁਰਾਣੇ ਨੇ ।
ਖਿੜਕੀ ਲਾਗੇ ਇਕ ਚੁਲ੍ਹਾ ਹੈ, ਚੁਲ੍ਹੇ ਵਿਚ ਢੀਂਗਰ ਬਲਦੇ ਨੇ ।
ਇਕ ਕਾਲਕਲਿੱਟੀ ਤੌੜੀ ਵਿਚ, ਪਾਲਕ ਦੇ ਪੱਤ ਉਬਲਦੇ ਨੇ ।

(4)
ਇਕ ਤ੍ਰੀਮਤ ਗੋਦੇ ਬਾਲ ਲਈ, ਚਾਦਰ ਨੂੰ ਗਾਂਢੇ ਲਾਂਦੀ ਹੈ ।
ਜਦ ਬਾਲ ਉਤਾਂਹ ਨੂੰ ਤੱਕਦਾ ਹੈ, ਇਹ ਹੱਸਕੇ ਨਿਗਾਹ ਰਲਾਂਦੀ ਹੈ ।
ਉਹ ਬੁਲ੍ਹ ਜ਼ਰਾ ਫੁਰਕਾਂਦਾ ਹੈ, ਇਹ ਖੀਵੀ ਹੋ ਹੋ ਜਾਂਦੀ ਹੈ ।
ਸੁਟ ਸੁਟ ਕੇ ਤਰੇਲ ਪਿਆਰਾਂ ਦੀ, ਚੰਬੇ ਦੀ ਕਲੀ ਖਿਲਾਂਦੀ ਹੈ ।

(5)
ਹੱਥਾਂ ਵਿਚ ਸੂਈ ਧਾਗਾ ਹੈ, ਸੀਨੇ ਵਿਚ ਸਿਦਕ ਖਜ਼ਾਨਾ ਹੈ ।
ਕੰਗਾਲ ਮਜੂਰ ਸੁਆਮੀ ਦੇ, ਚੇਤੇ ਵਿਚ ਮਨ ਮਸਤਾਨਾ ਹੈ ।
ਕੁਟੀਆ ਦਿਸਦੀ ਹੈ ਰਾਜ-ਮਹਲ, ਇਸ ਸ਼ਮ੍ਹਾ-ਪਰੇਮ-ਪੰਘਰਾਈ ਨੂੰ ।
'ਜਸਮਾ' ਰਸ ਰੰਗੀ 'ਟੀਕਮ' ਦੇ, ਠੁਕਰਾਂਦੀ ਹੈ ਠਕੁਰਾਈ ਨੂੰ ।

(6)
ਦਿਨ ਥੱਲੇ ਤੁਰਿਆ ਜਾਂਦਾ ਹੈ, ਸ਼ਾਮਾਂ ਦੀ ਆਓ ਆਈ ਹੈ ।
ਸੂਰਜ ਨੇ ਤੀਰ ਮੁਕਾ ਸਾਰੇ, ਲਹਿੰਦੇ ਵਲ ਧੌਣ ਭੁਆਈ ਹੈ ।
ਅਰਸ਼ਾਂ ਤੇ ਜ਼ਰੀ ਕਿਨਾਰੀ ਦੇ; ਇਉਂ ਥਾਨ ਖਿਲਾਰੀ ਜਾਂਦਾ ਹੈ ।
ਥੱਕਾ ਟੁੱਟਾ ਮਜ਼ਦੂਰ ਜਿਵੇਂ, ਉਂਘਲਾਂਦਾ ਟਾਟ ਵਿਛਾਂਦਾ ਹੈ ।

(7)
ਦੋ ਨੰਗ ਭੜੰਗੇ ਮੁੰਡੇ ਨੇ, ਮਿਟੀ ਵਿਚ ਨ੍ਹਾ ਨ੍ਹਾ ਰੱਜਦੇ ਨੇ ।
ਟਿੱਬੀ ਤੋਂ ਝੌਲਾ ਪੈਂਦਿਆਂ ਹੀ, ਹਰਨਾਂ ਦੇ ਵਾਂਗਰ ਭੱਜਦੇ ਨੇ ।
ਸਾਹ ਮਿਉਂਦਾ ਨਹੀਂ ਕਲੇਜੇ ਵਿਚ, ਅੰਮਾਂ ਨੂੰ ਆ ਕੇ ਦੱਸਦੇ ਨੇ ।
'ਔਹ ਬਾਪੂ ਤੁਰਿਆ ਔਂਦਾ ਹੈ', ਇਹ ਕਹਿਕੇ ਓਧਰ ਨੱਸਦੇ ਨੇ ।

(8)
ਇਕ ਪਾਸੇ ਮਾਇਆ ਤਰੁੱਠਦੀ ਹੈ, ਇਕ ਪਾਸੇ ਤ੍ਰਿਸ਼ਨਾ ਤੁਰਦੀ ਹੈ ।
ਅੱਖਾਂ ਨੂੰ ਜੋਤ ਦੁਪਾਸਿਓਂ ਮਿਲ, ਕੋਈ ਗੁੱਝੀਆਂ ਗੱਲਾਂ ਕਰਦੀ ਹੈ ।
ਚੁੰਬਕ ਲੋਹੇ ਤੋਂ ਕਾਹਲਾ ਹੋ, ਭੁਇੰ ਤੇ ਨਾ ਪੈਰ ਟਿਕਾਂਦਾ ਹੈ ।
ਲੋਹਾ ਲੱਤਾਂ ਸੁੰਗੜਾਂਦਾ ਹੈ, ਅਰ ਬਾਹਾਂ ਖਿਲਾਰੀ ਜਾਂਦਾ ਹੈ ।

(9)
ਇਕ ਜਾਨ ਹਿੱਕ ਠੰਢਿਆਂਦੀ ਹੈ, ਇਕ ਮਗਰੋਂ ਜੱਫੀ ਪਾਂਦੀ ਹੈ ।
ਦੋ ਪੁੜਾਂ ਵਿਚਾਲੇ ਦੁਨੀਆਂ ਦੀ, ਸਾਰੀ ਚਿੰਤਾ ਪਿਸ ਜਾਂਦੀ ਹੈ ।
ਉਡ ਗਿਆ ਥਕੇਵਾਂ ਦਿਨ ਭਰ ਦਾ; ਝੁੱਗੀ ਤੱਕ ਆਂਦੇ ਆਂਦੇ ਹੀ ।
ਖਿੜ ਪਿਆ ਮੋਤੀਆ ਸ਼ਾਮਾਂ ਨੂੰ, ਇਕ ਪਰੇਮ ਹੁਲਾਰਾ ਖਾਂਦੇ ਹੀ ।

(10)
ਗੁਡਕਣ ਚਰੋਕਨੀ ਲਗਦੀ ਹੈ, ਜਿਉਂ ਚੰਦ ਤਿਕਾਲੀਂ ਚੜ੍ਹਦਾ ਹੈ ।
ਉਹ ਬੁਚਕੀ ਇਨੂੰ ਫੜਾਂਦਾ ਹੈ, ਤੇ ਆਪ ਅੰਞਾਣਾ ਫੜਦਾ ਹੈ ।
ਉਹ ਚੁੰਮ ਚੁੰਮ ਖੀਵਾ ਹੁੰਦਾ ਹੈ, ਇਹ ਗੰਢਾਂ ਖੋਲ੍ਹੀ ਜਾਂਦੀ ਹੈ ।
ਉੱਲਰ ਉੱਲਰ ਕੇ ਵੇਖਦਿਆਂ, ਬਾਲਾਂ ਨੂੰ ਪਰੇ ਹਟਾਂਦੀ ਹੈ ।

(11)
ਇਕ ਪੱਲੇ ਆਟਾ ਕੋਟਾ ਹੈ, ਇਕ ਕੰਨੀ ਮਿੱਠੇ ਛੋਲੇ ਨੇ ।
ਕੁਝ ਟੋਟੇ ਦਾਗ਼ੀ ਨਾਖਾਂ ਦੇ, ਮੁੰਡਿਆਂ ਨੇ ਹੱਸ ਹੱਸ ਫੋਲੇ ਨੇ ।
ਮਾਂ ਛੋਲੇ ਪਾਵੇ ਤਲੀਆਂ ਤੇ, ਇਹ ਫੱਕੇ ਮਾਰੀ ਜਾਂਦੇ ਨੇ ।
ਨਾਦਰ ਦੇ ਤਖਤ ਤਾਊਸੋਂ ਭੀ, ਇਹ ਵਧ ਕੇ ਤ੍ਰਿਪਤੀ ਪਾਂਦੇ ਨੇ ।

(12)
ਜੋ ਮਿੱਸਾ ਤਿੱਸਾ ਜੁੜਿਆ ਹੈ, ਉਹ ਰਿੰਨ੍ਹ ਪਕਾ ਕੇ ਖਾਂਦੇ ਨੇ ।
ਸਾਈਂ ਦਾ ਸ਼ੁਕਰ ਮਨਾਂਦੇ ਨੇ, ਤੇ ਸੌਣ ਲਈ ਘਬਰਾਂਦੇ ਨੇ ।
ਨਾ ਸਾੜੇ ਹਨ, ਨਾ ਕੀਨਾ ਹੈ, ਇਹ ਖੁਸ਼ੀਆਂ ਦੀ ਅਬਾਦੀ ਹੈ ।
ਜਾਂ ਪਰੇਮ-ਬਾਗ਼ ਦੀਆਂ ਮਹਿਕਾਂ ਨੇ, ਜਾਂ ਹਾਸਾ ਤੇ ਅਜਾਦੀ ਹੈ ।

(13)
ਉਹ ਮਲਕਾ ਹੈ ਇਸ ਮੰਦਰ ਦੀ, ਇਹ ਸ਼ਾਹ ਸਿਕੰਦਰ ਘਰ ਦਾ ਹੈ ।
ਉਹ ਇਸ ਤੋਂ ਜਾਨ ਘੁੰਮਾਂਦੀ ਹੈ, ਇਹ ਉਦ੍ਹੇ ਮਰਾਣੇ ਮਰਦਾ ਹੈ ।
ਉਹ ਵਾਂਗ ਮੋਰਨੀ ਖਿੜਦੀ ਹੈ, ਇਹ ਮੋਰ ਵਜਦ ਵਿਚ ਆਂਦਾ ਹੈ ।
ਇਉਂ ਘਰ ਇਸ ਪਰੇਮੀ ਜੋੜੇ ਦਾ, ਇਕ ਸੁਰਗ ਜਿਹਾ ਬਣ ਜਾਂਦਾ ਹੈ ।

(14)
ਮਾਯਾ-ਧਾਰੀ ਜਿਸ ਸ਼ਾਂਤਮਈ ਜੀਵਨ ਹਿਤ ਘੁੱਲਦਾ ਰਹਿੰਦਾ ਹੈ ।
ਉਹ ਇਸ ਕੱਖਾਂ ਦੀ ਕੁੱਲੀ ਵਿਚ, ਮਜ਼ਦੂਰ ਪਾਸ ਆ ਬਹਿੰਦਾ ਹੈ ।
ਸ਼ਾਹੀ ਮਹਿਲਾਂ ਦੀਆਂ ਸੇਜਾਂ ਤੇ, ਜੋ ਨੀਂਦਰ ਤੋੜੇ ਕੱਸਦੀ ਹੈ ।
ਉਹ ਏਸ ਬਹਿਸ਼ਤੇ ਆ ਆ ਕੇ,ਚਾਤ੍ਰਿਕ ਦੀਆਂ ਤਲੀਆਂ ਝਸਦੀ ਹੈ ।

(ਨੋਟ)
'ਜਸਮਾ' ਨਾਮ ਦੀ ਇਕ ਪਤੀ ਪਰਾਇਣਾ ਪਰਮ ਸੁੰਦਰੀ ਆਪਣੇ
ਸੁਆਮੀ 'ਟੀਕਮ' ਨਾਲ ਰਾਜ ਸਰੋਵਰ ਦੀ ਖੁਦਾਈ ਵਿਚ ਟੋਕਰੀ
ਢੋਇਆ ਕਰਦੀ ਸੀ ।ਪਾਟਨ (ਗੁਜਰਾਤ) ਦੇ ਰਾਜੇ ਸਿੱਧ ਰਾਜ ਵੱਲੋਂ
ਪਟਰਾਣੀ ਬਨਾਣ ਦੇ ਲਾਲਚ ਨਾਲ ਭੀ ਜਸਮਾ ਦਾ ਮਨ ਨਾ ਡੋਲਿਆ ।
ਓੜਕ ਇਸ ਦੀ ਹਮੈਤ ਵਿਚ ਇਕ ਘੋਰ ਸੰਗਰਾਮ ਹੋਇਆ ਤੇ ਬਹੁਤ
ਸਾਰੇ 'ਓੜ' (ਟੀਕਮ ਦੇ ਜਾਤ ਭਾਈ) ਮਾਰੇ ਗਏ ।ਜਸਮਾ ਨੇ ਭੀ ਸੈਂਕੜੇ
ਸੈਨਕਾਂ ਨੂੰ ਮਾਰ ਕੇ ਅੰਤ ਕਟਾਰੀ ਨਾਲ ਆਪਣੀ ਜਾਨ ਗ਼ੁਆ ਦਿੱਤੀ ਪਰ
ਅਧਰਮੀ ਠਾਕੁਰ (ਰਾਜੇ) ਦੀ ਦੁਰਾਸ਼ਾ ਨੂੰ ਅਖੀਰ ਦਮ ਤਕ ਠੁਕਰਾਈ ਰਖਿਆ ।

74. ਦੁਨੀਆਂ ਦੇ ਪੁਆੜੇ

ਕੀ ਪੁਆੜੇ ਪਾ ਲਏ ? ਦੁਨੀਆਂ ਤੇ ਚਾਤ੍ਰਿਕ ! ਆਣ ਕੇ,
ਕੰਡਿਆਂ ਵਿਚ ਫਸ ਗਈ ਜ਼ਿੰਦਗੀ, ਬਗੀਚਾ ਜਾਣ ਕੇ ।

ਬਾਲਪਨ ਦੇ ਚਾਰ ਦਿਨ, ਲੰਘੇ ਸੁਖਾਲੇ ਸਨ ਜ਼ਰਾ,
ਛੱਟ ਐਸੀ ਆ ਪਈ, ਫਿਰ ਯਾਦ ਆਏ ਨਾਣਕੇ ।

ਪੇਟ ਦਾ ਝੁਲਕਾ, ਸੁੱਖਾਂ ਦੀ ਭਾਲ, ਜਗ ਤੇ ਜੋੜ ਤੋੜ,
ਪੈ ਗਏ ਅਨਗਿਣਤ ਬੰਨ੍ਹਣ, ਇਕ ਤੰਬੂ ਤਾਣ ਕੇ ।

ਜਾਨ ਫਿਕਰਾਂ, ਹੱਡ ਟੱਬਰ, ਦੋਸਤਾਂ ਨੇ ਬੋਟੀਆਂ,
ਤੋੜ ਖਾਧਾ ਸਾਰਿਆਂ, ਕੂਲਾ ਸ਼ਿਕਾਰ ਪਛਾਣ ਕੇ ।

ਦੂਜਿਆਂ ਦੇ ਵਾਸਤੇ, ਕੀਤਾ ਪਸੀਨਾ ਖੂਨ ਨੂੰ,
ਆਪਣੇ ਪੱਲੇ ਪਈ ਨਾ ਖਾਕ, ਮਿੱਟੀ ਛਾਣ ਕੇ ।

ਸੱਧਰਾਂ ਦੇ ਟਾਹਣ ਤੇ ਦਿਲ ਟੰਗਿਆ ਹੀ ਰਹਿ ਗਿਆ,
ਵੇਖਣਾ ਮਿਲਿਆ ਨਾ ਇਕ ਦਿਨ ਭੀ ਖੁਸ਼ੀ ਦਾ ਮਾਣ ਕੇ ।

ਲਾਹ ਗਲੋਂ ਜੰਜਾਲ ਤੇ ਕਰ ਬੰਦ ਦੁਨੀਆਂ ਦੀ ਗਜ਼ਲ,
ਕਾਫੀਆ ਮੱਤ ਤੰਗ ਕਰ ਦੇ, ਮੌਤ ਤੇਰਾ ਆਣ ਕੇ ।

75. ਜੋਗਨ ਦਾ ਗੀਤ

(1)
ਪਰਬਤ
ਪਰਬਤ ਨੇ ਅਰਸ਼ੋਂ ਉਤਰੀ ਰੂੰ ਦਾ, ਨਿਰਮਲ ਚੋਲਾ ਪਾਇਆ ਹੈ,
ਸੀਨੇ ਵਿਚ ਬਲਦੀਆਂ ਲਾਟਾਂ ਨੂੰ ਇਸ ਚੋਲੇ ਹੇਠ ਦਬਾਇਆ ਹੈ ।
ਜੀ ਦੇ ਉਬਾਲ ਪਰ ਬੇਮੁਹਾਰ, ਫੁੱਟ ਫੁੱਟ ਕੇ ਬਾਹਰ ਆਂਦੇ ਨੇ,
ਸਬਜ਼ੀ, ਰਸ, ਰੰਗ, ਖਿੜਾਉ ਮਹਿਕ, ਥਾਂ ਥਾਂ ਤੇ ਵਿਛਦੇ ਜਾਂਦੇ ਨੇ ।
ਕੁਝ ਲੁਕਵੇਂ ਸਾੜ ਕਲੇਜੇ ਦੇ, ਛਾਲੇ ਬਣ ਬਣ ਕੇ ਫਿਸਦੇ ਨੇ,
ਤੁਰਦੇ ਨੇ ਪੱਥਰ ਪਾੜ ਪਾੜ, ਰਿਸ ਰਿਸ ਕੇ ਵਹਿੰਦੇ ਦਿਸਦੇ ਨੇ ।

(2)
ਨਦੀ
ਇਹ ਪਾਣੀ ਅੱਲੇ ਜ਼ਖ਼ਮਾਂ ਦਾ, ਸੀਨੇ ਨੂੰ ਖੋਰੀ ਜਾਂਦਾ ਹੈ,
ਰੋਕਾਂ ਅਟਕਾਂ ਨੂੰ ਚੀਰ ਪਾੜ, ਘਬਰਾਂਦਾ ਰਾਹ ਬਣਾਂਦਾ ਹੈ ।
ਨਾ ਦੂਰੀ ਤੋਂ ਦਿਲ ਛਡਦਾ ਹੈ, ਨਾ ਸੱਟ ਪੇਟ ਤੋਂ ਡਰਦਾ ਹੈ,
ਜਿਸ ਪਾਸੇ ਸਿੰਙ ਸਮਾਂਦੇ ਨੇ, ਬਸ ਸਿਰ ਖੋਭਣ ਦੀ ਕਰਦਾ ਹੈ ।
ਜਿਉਂ ਹਿਰਦਾ ਕਿਸੇ ਵਿਜੋਗਣ ਦਾ, ਵਹਿਣਾ ਵਿਚ ਰੁੜ੍ਹਦਾ ਜਾਂਦਾ ਹੈ,
ਤਿਉਂ ਡਿਗ ਡਿਗ, ਉਠ ਉਠ, ਦੌੜ ਦੌੜ, ਛਾਲਾਂ ਤੇ ਛਾਲਾਂ ਲਾਂਦਾ ਹੈ ।

(3)
ਚਾਨਣੀ
ਇਕਤਾਰ, ਸਮੇਂ ਦੀ ਚਾਲ ਵਾਂਗ, ਪਰਵਾਹ ਨਦੀ ਦਾ ਜਾਰੀ ਹੈ,
ਸੂਰਜ ਭੀ ਥੱਕ ਕੇ ਜਾ ਸੁੱਤਾ, ਪਰ ਇਸ ਨੂੰ ਚਾਲ ਪਿਆਰੀ ਹੈ ।
ਸ਼ੀਸ਼ੇ ਦੇ ਡਲ ਤੇ ਫਿਰ ਫਿਰ ਕੇ, ਕਯਾ ਨਾਚ ਝਿਲਮਿਲਾ ਕਰਦੀ ਹੈ ।
ਲੈਲਾ ਨੇ ਲੀੜੇ ਲਾਹ ਲਾਹ ਕੇ, ਚਾਨਨ ਵਿਚ ਤਾਰੀ ਲਾਈ ਹੈ ।
ਝਲਕਾਰਾ ਪਾ ਪਾ ਫੈਲ ਰਹੀ, ਰੁਸ਼ਨਾਈ ਹੀ ਰੁਸ਼ਨਾਈ ਹੈ ।

(4)
ਜੋਗਨ
ਗੰਗਾ ਦੇ ਨਿਰਮਲ ਨੀਰ ਧੁੱਪੇ, ਬਰਫ਼ਾਨੀ ਪੱਖੇ ਝੁਲਦੇ ਨੇ ।
ਚੁਪਚਾਂ ਵਿਚ ਲੈ ਇਕ ਛਿੜਦੀ ਹੈ, ਪੱਥਰ ਤੇ ਜਲ ਜਦ ਘੁਲਦੇ ਨੇ ।
ਮਸਤੀ ਮਸਤਾਨੀ ਹੋ ਹੋ ਕੇ, ਇਸ ਸੁਰ ਤੋਂ ਸਦਕੇ ਜਾਂਦੀ ਹੈ ।
ਇਕ ਬਨ-ਦੇਵੀ ਦੇ ਸੀਨੇ ਵਿਚ, ਸੁੱਤੀ ਹੋਈ ਕਲਾ ਜਗਾਂਦੀ ਹੈ ।
ਦੀਵਾਨੀ ਦਾ ਦਿਲ ਧੜਕ ਧੜਕ, ਇਕ ਸਿਲ ਤੇ ਆਣ ਬਹਾਂਦਾ ਹੈ ।
ਵੀਣਾਂ ਦੀਆਂ ਤਰਬਾਂ ਛੇੜ ਛੇੜ, ਸੁਰ ਲਹਿਰਾਂ ਨਾਂਲ ਮਿਲਾਂਦਾ ਹੈ ।

(5)
ਰਾਗ
ਹਿਰਦੇ ਵਿਚ ਧੁਖਦੀ ਪ੍ਰੇਮ-ਅਗਨ, ਵਾ ਲਗ ਲਗ ਹੋਰ ਸੁਲਗਦੀ ਹੈ ।
ਇਕ ਬਿਰਹੋਂ ਜਾਲੀ ਕੋਇਲ ਵਾਂਗ, ਇਹ ਜੋਗਨ ਕੂਕਣ ਲਗਦੀ ਹੈ ।
ਦਰਦਾਂ ਵਿਚ ਭਿੰਨੀ ਪ੍ਰੇਮ-ਕੂਕ, ਰਗ ਰਗ ਵਿਚ ਤੜਪ ਵਸਾਂਦੀ ਹੈ ।
ਪੱਥਰ ਪਾਣੀ ਹੋ ਜਾਂਦੇ ਨੇ ਜੋਗਨ ਪੱਥਰ ਹੋ ਜਾਂਦੀ ਹੈ ।
ਜੋਗਨ ਜਲ ਤੇ ਤਰਬਾਂ ਰਲ ਕੇ, ਇਕ ਅਦਭੁਤ ਸਮਾਂ ਬਣਾਂਦੇ ਨੇ,
ਪ੍ਰੀਤਮ ਨੂੰ ਪਾਸ ਬਹਾ ਕੇ ਤੇ, ਦਰਦਾਂ ਦਾ ਗੀਤ ਸੁਣਾਂਦੇ ਨੇ ।

(6)
ਗੀਤ
ਚਿੰਤਾ, ਫ਼ਿਕਰੋ ! ਹਟ ਜਾਓ ਪਰੇ !
ਰਾਹ ਛੱਡ ਦਿਓ ਦਿਲ ਦਿਵਾਨੇ ਦਾ ।
ਛੇੜੋ ਨਾ ਮਸਤ ਮਲੰਗਣ ਨੂੰ,
ਦਰ ਖੋਲੋ ਖ਼ਲਵਤ-ਖਾਨੇ ਦਾ ।1।
ਪ੍ਰੀਤਮ ਘਰ ਸਾਡੇ ਆਇਆ ਹੈ,
ਨੈਣਾਂ ਵਿਚ ਅਸਾਂ ਵਸਾਇਆ ਹੈ,
ਜੰਗਲ ਵਿਚ ਮੰਗਲ ਲਾਇਆ ਹੈ,
ਕੀ ਮਤਲਬ ਕਿਸੇ ਬੇਗਾਨੇ ਦਾ ।2।
ਆ ਮੋਹਿਨ ! ਰਾਸ ਰਚਾਈਏ ਵੇ !
ਕੋਈ ਰਾਗ ਰਸੀਲਾ ਗਾਈਏ ਵੇ !
ਇਹ ਸਮਾਂ ਨਸੀਬਾਂ ਜੁੜਿਆ ਹੈ,
ਨਹੀਂ ਵੇਲਾ ਉਜ਼ਰ ਬਹਾਨੇ ਦਾ ।3।
ਅਖੀਆਂ ਵਿਚ ਚਾਨਣ ਤੇਰਾ ਹੈ,
ਦਿਲ ਵਿਚ ਭੀ ਤੇਰਾ ਡੇਰਾ ਹੈ,
ਸੰਗਾਂ ਸਭ ਚੁੱਲ੍ਹੇ ਪਾਈਆਂ ਨੇ,
ਡਰ ਰਿਹਾ ਨਾ ਮਿਹਣੇ ਤਾਨੇ ਦਾ ।4।
ਚੜ੍ਹ ਕੇ ਏਕਾਂਤ ਚੁਬਾਰੇ ਵਿਚ,
ਜੀ ਟਿਕ ਗਿਆ ਨਵੇਂ ਨਜ਼ਾਰੇ ਵਿਚ,
ਹੁਣ ਬਾਹਰ ਨਿਕਲਨਾ ਮੁਸ਼ਕਿਲ ਹੈ,
ਚਾਤ੍ਰਿਕ ਦੇ ਮਨ ਮਸਤਾਨੇ ਦਾ ।5।

76. ਮੇਲੇ ਵਿਚ ਜੱਟ

(1)
ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ।
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਕਾਮਾਂ ਛੱਡ ਕੇ ।
ਪੱਗ ਝੱਗਾ ਚਾਦਰ ਨਵੇਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ ।

(2)
ਹਾਣੀਆਂ ਦੀ ਢਾਣੀ ਵਿਚ ਲਾੜਾ ਸੱਜਦਾ,
ਬੱਘ ਬੱਘ ਬੱਘ ਬੋਲ ਸ਼ੇਰ ਗੱਜਦਾ ।
ਹੀਰੇ ਨੂੰ ਅਰਕ ਨਾਲ ਹੁੱਜ਼ਾਂ ਮਾਰਦਾ,
ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ ।
ਚੰਗੀ ਜੇਹੀ ਸੱਦ ਲਾ ਦੇ ਬੱਲੇ ਬੇਲੀਆ !
ਤੂੰਬਾ ਜਰਾ ਖੋਲ ਖਾਂ ਜੁਆਨਾ ਤੇਲੀਆ !
ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ,
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ ।

(3)
ਤੂੰਬੇ ਨਾਲ ਭਾਤੋ ਭਾਂਤ ਬੋਲ ਬੋਲੀਆਂ,
ਹਾੜ ਵਿਚ ਜੱਟਾਂ ਨੇ ਮਨਾਈਆਂ ਹੋਲੀਆਂ ।
ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ ।
ਲਿਸ਼ਕਦੇ ਨੇ ਪਿੰਡੇ ਗੁੰਨ੍ਹੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ ।
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ ।

(4)
ਵਾਰੀ ਹੁਣ ਆ ਗਈ ਜੇ ਪੀਣ ਖਾਣ ਦੀ,
ਰੇਉੜੀਆਂ ਜਲੇਬੀਆਂ ਦੇ ਆਹੂ ਲਾਹਣ ਦੀ ।
ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ,
ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ ।
ਖੁਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ,
ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ ।
ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ ।
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ ।

77. ਜੀਉਣ ਪੰਧ ਦੀ ਛੇਕੜਲੀ ਮੰਜ਼ਲ

(ਇਕ ਬੁੱਢੇ ਦੀਆਂ ਅਖ਼ੀਰੀ ਘੜੀਆਂ)

(1)
ਜੀਵਨ ਦੀਆਂ ਮੰਜ਼ਲਾਂ ਮਾਰ ਮਾਰ ਚੂਰਾ ਹੋਇਆ ਇਕ ਰਾਹੀ ਹੈ,
ਕੁਝ ਘੜੀਆਂ ਟਿਕ, ਸਾਹ ਲੈਣ ਲਈ, ਓੜਕ ਦੀ ਮੰਜੀ ਡਾਹੀ ਹੈ ।
ਉਡ ਗਏ ਹਨ ਰੰਗ ਬਹਾਰਾਂ ਦੇ, ਪਤਝੜ ਨੇ ਪੀਲਾ ਪਾਇਆ ਹੈ,
ਹਿਸ ਹਿਸ ਕੇ ਰੀਝਾਂ ਚਾਵਾਂ ਨੇ, ਤਨ ਭੁਗੜੀ ਵਾਂਗ ਸੁਕਾਇਆ ਹੈ ।
ਲੰਘ ਗਈ ਹੈ ਕਾਂਗ ਜਵਾਨੀ ਦੀ, ਤਪ ਤੇਜ ਪੈ ਗਿਆ ਮਾੜਾ ਹੈ,
ਬਲ ਬੁਝੀ ਚਿਖਾ ਦੇ ਸੀਨੇ ਵਿਚ, ਕੋਈ ਧੜਕ ਰਿਹਾ ਚੰਗਿਆੜਾ ਹੈ ।
ਉੱਤਰ ਗਈ ਮਸਤੀ ਜੋਬਨ ਦੀ, ਪਿੰਜਰ ਪਿਆ ਬਿਟ ਬਿਟ ਤੱਕਦਾ ਹੈ,
ਜਿੰਦੜੀ ਪਈ ਟੁੱਟਦੀ ਖੁੱਸਦੀ ਹੈ, ਪਰ ਮੂੰਹੋਂ ਬੋਲ ਨ ਸਕਦਾ ਹੈ ।

(2)
ਦਮ ਰੁਕਦਾ ਹੈ ; ਜੀ ਕਾਹਲਾ ਹੈ, ਸਾਹ ਖੁਸ਼ਕ, ਗਲੇਡੂ ਭਰਦੇ ਨੇ,
ਦਿਲ ਘਿਰਦਾ ਹੈ, ਸਿਰ ਚਕਰਾਂਦਾ ਹੈ, ਤੇ ਡੇਲੇ ਹਾੜੇ ਕਰਦੇ ਨੇ ।
ਹੈਰਾਨ ਨਿਗਹ ਹੈ, ਦੇਖ ਦੇਖ ਕੇ, ਕੁਦਰਤ ਅੱਖ ਚੁਰਾਂਦੀ ਨੂੰ,
ਮਰ ਮਰ ਕੇ ਜੋੜੀ ਦੌਲਤ ਮਾਇਆ, ਲੜੋਂ ਖਿਸਕਦੀ ਜਾਂਦੀ ਨੂੰ ।
ਅਗਲੇ ਬੇਹਾਥ ਸਮੁੰਦਰ ਨੂੰ, ਤੱਕ ਤੱਕ ਕੇ ਗੋਤੀਂ ਜਾਂਦਾ ਹੈ,
ਮੋਢੇ ਦੀ ਗੰਢ ਕੁਵੱਲੀ ਨੂੰ, ਚੁੱਕਣ ਤੋਂ ਜੀ ਕਣਿਆਂਦਾ ਹੈ ।
ਕਾਲਾ, ਕੁਰੂਪ, ਨਿਰਦਈ ਕਾਲ, ਖਖਵਾੜਾਂ ਖੋਲ ਡਰਾਂਦਾ ਹੈ,
ਤਰੇਲੀ ਤੇ ਤਰੇਲੀ ਛੁਟਦੀ ਹੈ, ਤਨ ਠੰਢਾ ਹੁੰਦਾ ਜਾਂਦਾ ਹੈ ।

(3)
ਤੀਵੀਂ ਪਈ ਪੱਖਾ ਝਲਦੀ ਹੈ, ਅੰਮਾਂ ਜਾਈ ਸਿਰ ਝੱਸਦੀ ਹੈ,
ਧੀ ਮੂੰਹ ਵਿਚ ਚਮਚੇ ਪਾਂਦੀ ਹੈ, ਨੂੰਹ ਗਿਰਦੇ ਭਜਦੀ ਨੱਸਦੀ ਹੈ,
ਪੁੱਤਰ ਮੂੰਹ ਪੂੰਝੀ ਜਾਂਦਾ ਹੈ, ਮਿੱਤਰ ਪਏ ਧੀਰ ਬਨ੍ਹਾਂਦੇ ਨੇ ।
ਆਸੇ ਪਾਸੇ ਪਰਵਾਰੀ ਸਭ, ਪਰਚਾਂਦੇ ਦਰਦ ਵੰਡਾਦੇ ਨੇ ।
ਸੇਵਾ ਵਿਚ ਕੋਈ ਊਣ ਨਹੀਂ, ਖਰਚਾਂ ਵਿਚ ਕੋਈ ਸੁਕੋੜ ਨਹੀਂ ।
ਹਮਦਰਦਾਂ ਦੀ ਕੋਈ ਘਾਟ ਨਹੀਂ, ਮਾਇਆ ਦੀ ਕੋਈ ਥੋੜ ਨਹੀਂ ।
ਇਹ ਸਭ ਕੁਝ ਹੁੰਦੇ ਸੁੰਦੇ ਭੀ, ਮੂੰਹ ਸੁੱਕਦਾ ਜੀ ਘਬਰਾਂਦਾ ਹੈ,
ਦੁਨੀਆਂ ਤੋਂ ਰੁੜ੍ਹਦੇ ਜਾਂਦੇ ਨੂੰ, ਕੋਈ ਤਿਣਕਾ ਨਜ਼ਰ ਨ ਆਂਦਾ ਹੈ ।

(4)
ਦੌਲਤ ਕੋਈ ਖੋਹਣ ਨ ਖੋਂਹਦੀ ਹੈ, ਦਾਰੂ ਕੋਈ ਕਾਟ ਨ ਕਰਦਾ ਹੈ ।
ਪੁੱਤ੍ਰਾਂ ਦੀ ਪੇਸ਼ ਨਾ ਜਾਂਦੀ ਹੈ, ਤੀਵੀਂ ਤੋਂ ਕੁਝ ਨ ਸਰਦਾ ਹੈ ।
ਬੇਲੀ ਹਨ ਸਭ ਬਲ ਬਰਕਤ ਦੇ, ਬਣੀਆਂ ਦਾ ਕੋਈ ਭਿਆਲ ਨਹੀਂ,
ਕੋਈ ਯਾਰ ਵੰਡਾਂਦਾ ਭਾਰ ਨਹੀਂ, ਕੋਈ ਸਾਥੀ ਤੁਰਦਾ ਨਾਲ ਨਹੀਂ,
ਇਕ ਪਾਸੇ ਧਨ ਪਰਵਾਰ ਖੜਾ, ਦਮ ਦਮ ਦਾ ਦਾਮ ਚੁਕਾਂਦਾ ਹੈ,
ਇਕ ਪਾਸੇ ਘੁੱਪ ਹਨੇਰੇ ਦਾ, ਪੈਂਡਾ ਪਿਆ ਜਾਨ ਸੁਕਾਂਦਾ ਹੈ ।
ਜੀ ਤੜਫ ਰਿਹਾ ਹੈ ਜੀਉਣ ਨੂੰ ਪਰ ਕਾਲ ਕਾਹਲੀਆਂ ਪਾਂਦਾ ਹੈ ।
ਇਹ ਸਹਿਮ ਨਾਲ, ਜੁੱਸੇ ਦਾ ਲਹੂ, ਪਸੀਨਾ ਹੋਈ ਜਾਂਦਾ ਹੇ ।

(5)
ਜੀਵਨ ਵਿਚ ਕੀਤੇ ਪੁੰਨ ਪਾਪ, ਸਭ ਅੱਖਾਂ ਸਾਹਵੇਂ ਆਏ ਨੇ,
ਜਮਦੂਤਾਂ ਡੇਲੇ ਪਾੜ ਪਾੜ, ਨੇਜ਼ੇ ਤੇ ਗੁਰਜ ਵਿਖਾਏ ਨੇ ।
ਜੀ ਡਰ ਡਰ ਲੁਕਦਾ ਛਪਦਾ ਹੈ ਮੂੰਹ ਵੱਟਦਾ ਅੱਖ ਚੁਰਾਂਦਾ ਹੈ,
ਦਰਦੀ ਕਹਿੰਦੇ ਹਨ ,ਆਖ :'ਰਾਮ'ਇਹ ਹੋਰ ਦੁਹਾਈਆਂ ਪਾਂਦਾ ਹੈ ।
ਰੂੰ ਵਾਂਗ ਸਰੀਰ ਪਿੰਜੀਂਦਾ ਹੈ ਅਰ ਜਿੰਦ ਨਿਕਲਦੀ ਵੜਦੀ ਹੈ,
ਪਿੰਜਰੇ ਤੋਂ ਉਡਦੇ ਪੰਛੀ ਨੂੰ, ਮਮਤਾ ਦੀ ਫਾਹੀ ਫੜਦੀ ਹੈ ।
ਇਸ ਭਰੇ ਬਾਗ਼ ਪਰਵਾਰ ਨਾਲ, ਮੋਹ ਟੁਟਣਾ ਕੋਈ ਆਸਾਨ ਨਹੀਂ,
ਰੁੱਖਾਂ ਤੋਂ ਝੜਿਆ ਮਾਲ ਨਹੀਂ, ਮੰਗ ਕੇ ਆਂਦੀ ਸੰਤਾਨ ਨਹੀਂ ।

(6)
ਬੇ ਤਰਸ ਕਾਲ ਦੇ ਪਹੁੰਚੇ ਨੇ, ਓੜਕ ਇਹ ਘੋਲ ਮੁਕਾ ਦਿਤਾ ।
ਮਾਇਆ ਦੇ ਸੰਗਲ ਤੋੜ ਤਾੜ, ਦੁਨੀਆਂ ਦਾ ਸਾਥ ਛੁਡਾ ਦਿਤਾ ।
ਮੁਕ ਗਏ ਬਖੇੜੇ ਜੀਵਨ ਦੇ, ਚੁਪ ਚਾਂ ਵਿਚ ਧੂਣੀ ਪਾ ਲੀਤੀ,
ਧਨ ਦੌਲਤ ਦੇ ਦੀਵਾਨੇ ਨੇ, ਵਖਤਾਂ ਤੋਂ ਜਾਨ ਛੁਡਾ ਲੀਤੀ ।
ਇਸ ਸ਼ਾਂਤ ਚਮਨ ਵਿਚ ਬੈਠੇ ਨੂੰ, ਕੋਈ ਫ਼ਿਕਰ ਨਹੀਂ ਆਜ਼ਾਰ ਨਹੀਂ,
ਚਿੰਤਾ ਦੀਆਂ ਧੁੱਪਾਂ ਲੋਆਂ ਥੀਂ, ਕੁਮਲਾਂਦੀ ਇਹ ਗੁਲਜ਼ਾਰ ਨਹੀਂ ।
ਦੁਨੀਆਂ ਦੇ ਝਗੜੇ ਝਾਂਜੇ ਤੋਂ, ਇਹ ਮੌਤ ਛੁਡਾ ਲੈ ਜਾਂਦੀ ਹੈ,
ਫਿਰ ਇਸ ਤੋਂ ਡਰ ਡਰ ਕੇ, 'ਚਾਤ੍ਰਿਕ' ਕਿਉਂ ਤੇਰੀ ਜਾਨ ਘਬਰਾਂਦੀ ਹੈ ।

78. ਨੀਤਿ ਬਚਨ

(1)

ਭਾਈ ਭਾਈ ਦੇ ਵਿਚ ਜੁਦਾਈ ਦੇਖੀ,
ਤੀਵੀਂ ਭਰਤੇ ਦੇ ਵਿਚ ਲੜਾਈ ਦੇਖੀ,
ਚਾਰ ਦਿਨ ਜਿੰਦਗੀ ਦੀ ਖਾਤਰ ਚਾਤ੍ਰਿਕ,
ਮਰਦੀ ਖਹਿ ਖਹਿ ਕੇ ਸਭ ਲੁਕਾਈ ਦੇਖੀ ।

(2)

ਦਯਾ ਨਾ ਪਾਲੀ ਤਾਂ ਉਹ ਅਮੀਰੀ ਕਾਹਦੀ ?
ਮਨ ਨ ਮੋਇਆ ਤਾਂ ਉਹ ਫਕੀਰੀ ਕਾਹਦੀ ?
ਸ਼ਾਹੀ ਗਰੀਬੀ ਤਾਂ ਮਿਲੇ ਘਰ ਘਰ ਚਾਤ੍ਰਿਕ,
ਅਮੀਰ ਅਰ ਫਕੀਰ ਵਿਚ ਹੈ ਪੀਰੀ ਕਾਹਦੀ ?

(3)

ਖੋਤਾ ਰੂੜੀ ਤੋਂ ਪੇਟ ਆਪਣਾ ਭਰ ਲੈਂਦਾ ਹੈ,
ਕੁੱਤਾ ਬੈਠਣ ਨੂੰ ਜਗਹ ਸਾਫ ਤਾਂ ਕਰ ਲੈਂਦਾ ਹੈ ।
ਜੱਗ ਨੂੰ ਅਤਸਵਾਰਥੀ ਦਾ ਕੀ ਸੁਖ ਚਾਤ੍ਰਿਕ,
ਆਦਮੀ ਉਹ ਹੈ ਜੋ ਦੂਜੇ ਦੀ ਖਬਰ ਲੈਂਦਾ ਹੈ ।

(4)

ਤੀਰਥ ਬ੍ਰਤ ਕੀਤੇ ਸਭੇ, ਪੂਜੇ ਦੇਵੀ ਦੇਵ,
ਚਾਤ੍ਰਿਕ ਸਭੀ ਅਕਾਰਥੇ, ਜਿ ਮਾਪੇ ਸਕੇ ਨ ਸੇਵ ।

79. ਰੁਬਾਈਆਂ

(1) ਪਰੇਮ ਰਸ

ਤੂੰ ਪਿਆਰਾ, ਤੂੰ ਸੁਹਲ, ਸਜੀਲਾ, ਤੂੰ ਸੀਤਲ ਤੂੰ ਮਿੱਠਾ,
ਸੁੰਦਰ, ਸੁਬਕ, ਸਰੂਰੀ ਸੂਖਮ, ਤੇਰੇ ਜਿਹਾ ਨ ਡਿੱਠਾ ।
ਰੰਗਤ, ਮਹਿਕ, ਖਿੜਾਉ, ਤੇਰੇ ਦਾ, ਚਰਚਾ ਚਾਰ ਚੁਫੇਰੇ,
ਰਾਗ, ਤਰਾਨੇ ਤਰਬਾਂ ਵਾਚਣ, ਚਸਕ ਤੇਰੀ ਦਾ ਚਿੱਠਾ ।

(2) ਰੂਪ

ਰੱਬੀ ਰਿਸ਼ਮ ! ਰਸਾਲ ! ਰੰਗੀਲੇ ! ਰਾਜੇ ਪ੍ਰੇਮ-ਨਗਰ ਦੇ !
ਜਿੱਤੇ ਜਗਤ ਬਿਨਾਂ ਤਲਵਾਰੋਂ ਸ਼ਾਬਾ ਜਾਦੂਗਰ ਦੇ !
ਕਟਕ ਦਿਲਾਂ ਦੇ ਕੋਹੀ ਜਾਂਦੇ, ਤੀਰ ਤੇਰੇ ਅਣੀਆਲੇ,
ਦੌਲਤ, ਇਲਮ, ਹਕੂਮਤ, ਤਾਕਤ, ਤੇਰਾ ਪਾਣੀ ਭਰਦੇ ।

(3) ਦਯਾ

ਰੱਬੀ ਸਿਫਤ, ਰਹਿਮ ਦੇ ਚਸ਼ਮੇ ! ਵਾਹ ਤੇਰੀ ਵਡਿਆਈ,
ਜੱਗ ਹੋਮ, ਇਸ਼ਨਾਨ, ਧਯਾਨ ਨੇ, ਓੜਕ ਤੈਥੋਂ ਪਾਈ ।
ਖੋਟੇ, ਖਰੇ ਖਰੂਦੀ ਖਲ ਨੂੰ, ਬਖਸ਼ਸ਼ ਦੇ ਦਰ ਖੋਲ੍ਹੇਂ,
ਕਰਮ ਧਰਮ ਸਭ ਥੋਥੇ ਧਾਈਂ, ਦਯਾ ਨ ਜਿਸ ਮਨ ਆਈ ।

(4) ਸੰਤੋਸ਼

ਠੰਢਾ ; ਸੀਰਾ, ਧਰਮੀ, ਧੀਰਾ ; ਤੂੰ ਹੈਂ ਗਹਿਰ ਗੰਭੀਰਾ !
ਸਬਰ ਸ਼ੁਕਰ ਵਿਚ ਮਸਤ ਬਿਰਾਜੇਂ, ਦੰਮਾਂ ਬਾਝ ਅਮੀਰਾ !
ਜਿਸ ਦਿਲ ਦੇ ਵਿਚ ਦੌਲਤ ਤੇਰੀ, ਉਸ ਨੂੰ ਪੀੜ ਨ ਪੋਹੇ,
ਸੜਨ ਕੁੜ੍ਹਨ ਤੋਂ ਇੱਕਲਵਾਂਜੇ ਵੱਸੇਂ ਸ਼ਾਂਤ ਸਰੀਰਾ !

(5) ਸਚਾਈ

ਗੁਣ ਮਨੁੱਖ ਦੇ ਖਹਿਣ ਲਗੇ, ਕਰ ਕਰ ਅਪਣੀ ਵਡਿਆਈ,
ਕੋਈ ਨਿੰਦੇ ਕੋਈ ਸਲਾਹੇ, ਥਹੁ ਸਿਰ ਗੱਲ ਨ ਆਈ ।
ਸਮਝਾਇਆ ਇਕ ਦਾਨੇ ਕੋਲੋਂ, ਬੀਬੇ ਲੋਕ ਨ ਲੜਦੇ,
ਥਾਉਂ ਥਾਈਂ ਸਾਰੇ ਚੰਗੇ, ਸਭ ਤੋਂ ਖਰੀ ਸਚਾਈ ।

(6) ਖਿਮਾ

ਦਯਾ ਬੜਾ ਤਪ ਹੈ, ਪਰ ਓੜਕ ਮਾੜੇ ਪਰ ਹੀ ਆਵੇ,
ਜਾਲਿਮ ਮੂਜ਼ੀ ਪਰ ਪਸੀਜ ਕੇ ਖਿਮਾ ਅਗ੍ਹਾਂ ਵਧ ਜਾਵੇ ।
ਕਰੇ ਸੋ ਭਰੇ ਸਚਾਈ ਚਾਹੇ, ਖਿਮਾ ਨ ਇਹ ਭੀ ਮੰਗੇ,
ਖਿਮਾ 'ਸਚਾਈ' 'ਦਯਾ' ਦੁਹਾਂ ਤੋਂ ਉੱਚਾ ਤਯਾਗ ਸਿਖਾਵੇ ।

(7) ਨਿੰਮ੍ਰਤਾ

ਟਿੱਬੇ ਨੇ ਟੋਏ ਨੂੰ ਪੁੱਛਿਆ, ਤੂੰ ਕੀ ਕਰਮ ਕਮਾਏ ?
ਝਾਂਬਾ ਵੱਜੇ ਮੇਰੇ ਸਿਰ ਤੇ, ਪਾਣੀ ਤੁਧ ਵਲ ਜਾਏ ।
ਉੱਤਰ ਮਿਲਿਆ ਨੀਵੇਂ ਹੋਇਆਂ, ਰਹੀਏ ਬੜੇ ਸੁਖਾਲੇ,
ਰੁੱਖ ਹਨੇਰੀ ਡੇਗੀ ਜਾਏ, ਘਾਹ ਅਨੰਦ ਮਨਾਏ ।

(8) ਸ਼ਾਂਤੀ

ਗ੍ਰਸਥੀ ਪੁੱਛੇ ਸਾਧ ਨੂੰ, ਤੂੰ ਸੀਤਲ ਮੈਂ ਕਿਉਂ ਸੜਦਾ ?
ਓਸ ਕਿਹਾ ਮੈਂ ਜਿਸ ਨੂੰ ਛੱਡਾਂ, ਤੂੰ ਹੈਂ ਉਸ ਨੂੰ ਫੜਦਾ ।
ਰੱਬੀ ਦਾਤਾਂ ਲੈ ਲੈ ਤੈਨੂੰ, ਸਬਰ ਸ਼ੁਕਰ ਨਾ ਫੁਰਦਾ,
ਮੈਂ ਖੰਨੀ ਖਾ ਖੀਵਾ ਹੋਵਾਂ, ਦਾਤੇ ਨਾਲ ਨ ਲੜਦਾ ।

(9) ਕਨਾਇਤ (ਸੰਤੋਸ਼)

ਦੋਜਕ ਦੇ ਦਰਯਾ ਵਿਚ, ਜੀਆ ! ਭੌਂ ਭੌਂ ਗੋਤੇ ਖਾਵੇਂ,
ਕੀੜੇ ਵਾਂਗਰ ਭਾਂਬੜ ਦੇ ਵਲ ਭਜ ਭਜ ਜਾਨ ਗੁਆਵੇਂ ।
ਮੇਵੇਦਾਰ ਦਰਖਤ 'ਕਨਾਇਤ' ਲਹਿ ਲਹਿ ਕਰੇ ਕਿਨਾਰੇ,
ਫਿਕਰਾਂ ਦੀਆਂ ਛੱਲਾਂ ਤੋਂ ਬਚਕੇ, ਬਹਿ ਜਾ ਇਸਦੀ ਛਾਵੇਂ ।

(10) ਧਰਮ

ਮੁੜ ਮੁੜ ਡੰਗ ਚਲਾਵੇ ਠੂਹਾਂ, ਸਾਧੂ ਫੇਰ ਬਚਾਵੇ,
ਕਿਸੇ ਕਿਹਾ, ਤੂੰ ਪਾਗਲ ਹੈਂ ? ਇਹ ਬਾਜ਼ ਕਦੇ ਨ ਆਵੇ ।
ਉੱਤਰ ਦਿੱਤਾ 'ਅਪਣਾ ਅਪਣਾ ਧਰਮ ਸਭਸ ਨੂੰ ਪਯਾਰਾ,
ਉਸ ਦਾ ਧਰਮ ਦੁਖਾਣਾ ਹੈ ਅਰ ਮੇਰਾ ਦਯਾ ਸਿਖਾਵੇ' ।

(11) ਦਾਨ

ਝੁਰਦਾ ਸੀ ਇਕ ਚੁੰਚ ਗਿਆਨੀ, ਮੰਦਰ ਕੋਲ ਦੁਚਿੱਤਾ ?
ਪੜੇ ਪਾਠ ਕੁਝ ਠੰਢ ਨ ਪਾਈ, ਕੀ ਕਰੀਏ ਹੁਣ ਕਿੱਤਾ ?
ਕੋਲ ਖੜੇ ਕਿਰਸਾਣ ਕਿਹਾ-'ਇਹ ਕਹਿਬਤ ਯਾਦ ਨ ਤੈਨੂੰ ?
ਖਾਧੇ ਨਾਲੋਂ ਪੈਧਾ ਚੰਗਾ, ਪੈਧੇ ਨਾਲੋਂ ਦਿੱਤਾ, ।

(12) ਸਹੋਦਰਤਾ

ਨੀਵੇਂ ਨਾਲ ਨਿਗਾਹ ਨ ਮੇਲੇਂ, ਹੈਂਕੜ ਦੇ ਹੰਕਾਰੇ ।
ਕੋਇਲ, ਕਾਉਂ, ਫੁੱਲ ਤੇ ਕੰਡੇ, ਇਕੋ ਅੱਖ ਦੇ ਤਾਰੇ ।
ਗਲ ਲਾਵੇਂ ਜੇ ਗਲ ਨਾ ਘੁੱਟੇ, ਉਪਜੇ ਸੁਆਦ ਇਲਾਹੀ ।
ਖੱਟੇ ਮਿਠੇ ਪਿਉਂਦਾਂ ਲਗ ਲਗ ਹੋਣ ਸੰਗਤਰੇ ਸਾਰੇ ।

(13) ਸਲੂਕ (ਏਕਾ)

ਇੱਕ ਦੂਏ ਦੀ ਹੇਠੀ ਕਰ ਕਰ, ਦੋ ਅਹਿਮਕ ਜਦ ਹੱਸੇ,
ਮੈਂ ਪੁੱਛਿਆ 'ਕੀ ਲੱਭਾ ਲੜਕੇ ?' ਅੱਗੋਂ ਕੋਈ ਨ ਦੱਸੇ ।
ਦਿਲ ਨੇ ਕਿਹਾ ਦੇਸ਼ ਦੇ ਦੁਸ਼ਮਣ, ਮੂਰਖ ਨੇ ਇਹ ਦੋਵੇਂ,
ਜਿਸ ਘਰ ਵਿਚ ਸਲੂਕ ਨ ਵੱਸੇ, ਓਥੋਂ ਬਰਕਤ ਨੱਸੇ ।

(14) ਮਿਠਾ ਬੋਲ

ਜੀ ਕੁੜ੍ਹਿਆ ਤੇ ਮੱਥਾ ਸੜਿਆ, ਜੀਭੋਂ ਛੁਰੀਆਂ ਮਾਰੇ,
ਕੌਣ ਕੁੜ੍ਹੇ ਦੇ ਕੋਲ ਖਲੋ ਕੇ, ਕੌੜੇ ਬੋਲ ਸਹਾਰੇ ?
ਸੜੂ ਕੜੂ ਮਠਿਆਈ ਵੰਡੇ, ਹੱਥ ਨ ਕੋਈ ਵਧਾਏ,
ਮਿਠ ਬੋਲੇ ਦੇ ਤੁੰਮੇ ਭਾਸਣ, ਸਭ ਨੂੰ ਗਰੀ ਛੁਹਾਰੇ ।

(15) ਆਦਰ

ਆਓ, ਬੈਠੋ, ਪਾਣੀ ਪੀਓ, ਪੱਖਾ ਲੈ ਲੈ ਪਯਾਰੇ ।
ਸੋਭਾ ਮਾਣ ਦਿਵਾਂਦੇ ਏਹ, ਅਣਮੁੱਲੇ ਆਦਰ ਚਾਰੇ ।
ਗਿੱਠ ਨਿਵੇਂ ਨੂੰ ਹੱਥ ਨਿਵੇਂ,ਇਹ ਸੌਦਾ ਦੂਣ ਦੂਣਾ'
ਮੂਰਖ ਹੈ ਜੋ ਏਸ ਵਣਜ ਤੋਂ ਫਿਰ ਭੀ ਹਿੰਮਤ ਹਾਰੇ ।

(16) ਵਿਦਯਾ ਧਨ

ਇਕ ਦਿਨ ਡਿੱਠਾ ਰੋ ਰੋ ਕਹਿੰਦਾ, ਅਨ ਪੜ੍ਹਿਆ ਇਕ ਲਾਲਾ ;
ਖਰਚਾਂ ਮੇਰਾ ਖੂਹ ਮੁਕਾਇਆ, ਨਿਕਲ ਗਿਆ ਦੀਵਾਲਾ ।
ਕਿਸੇ ਕਿਹਾ, ਤੂੰ ਵਿਦਯਾ ਦਾ ਧਨ ਕਿਉਂ ਨਾ ਕੱਠਾ ਕੀਤਾ ?
ਜਿਉਂ ਜਿਉਂ ਇਸਨੂੰ ਦੇਂਦੋਂ, ਤਿਉਂ ਤਿਉਂ ਹੁੰਦੋਂ ਦੌਲਤ ਵਾਲਾ ।

(17) ਇਨਸਾਫ

ਬਾਹਮਣ ਸ਼ੇਰ ਛੁਡਾਇਆ ਕੈਦੋਂ, ਉਸ ਨੇ ਚਾਹਿਆ ਖਾਣਾ,
ਮੁੜ ਕੇ ਓਸੇ ਤਰਾਂ ਬਨ੍ਹਾਇਆ, ਗਿੱਦੜ ਪਿਆ ਸਿਆਣਾ ।
ਦੂਜੇ ਨਾਲ ਬੁਰਾਈ ਕਰਕੇ, ਆਸ ਨ ਚੰਗੀ ਰੱਖੀਂ,
ਲੋਹੇ ਨੂੰ ਘੁਣ ਖਾਧਾ ਜੇਕਰ, ਲੈ ਗਈ ਇੱਲ ਅਞਾਣਾ ।

(18) ਪੁਰਸ਼ਾਰਥ

ਕਿਸਮਤ ਨੂੰ ਨਾ ਕੋਸ, ਕਿ ਉਹ ਹੈ ਹਿੰਮਤ ਦੀ ਅਰਧੰਗੀ,
ਪੁਰਸ਼ਾਰਥ ਦਾ ਹੜ੍ਹ ਜਦ ਆਵੇ, ਰੋੜ ਖੜੇ ਸਭ ਤੰਗੀ ।
ਹਿੰਮਤ ਦਾ ਪਾਰਸ ਲੋਹੇ ਨੂੰ, ਸੋਨਾ ਤੁਰਤ ਬਣਾਵੇ,
ਮੰਗਲ ਸ਼ਨੀ ਬਹਿਣ ਘਰ ਨੌਵੇਂ, ਭੈੜੀਓਂ ਹੋਵੇ ਚੰਗੀ ।

(19) ਦ੍ਰਿੜ੍ਹਤਾ

ਕੱਛੂ ਤੁਰਦਾ ਹੌਲੀ ਹੌਲੀ, ਸਹਯਾ ਲਗਾਵੇ ਛਾਲਾਂ,
ਕੱਛੂ ਜਾਪੇ ਅੱਗੇ ਅੱਗੇ, ਪਈਆਂ ਜਦੋਂ ਤਿਕਾਲਾਂ ।
ਸਹਯਾ ਹਿਰਾਨ ਗੱਲ ਕੀ ਹੋਈ ? ਕੱਛੂ ਨੇ ਸਮਝਾਇਆ,
ਬਹਿ ਬਹਿਕੇ ਸੋਚਣ ਨਾਲੋਂ, ਚੰਗੀਆਂ ਮਠੀਆਂ ਮੁਹਕਮ ਚਾਲਾਂ ।

(20) ਸੱਚਾ ਪਿਆਰ

ਸੁਖ ਵੇਲੇ ਤਾਂ ਅਗੇ ਪਿਛੇ, ਫਿਰਦੀ ਦੁਨੀਆਂ ਸਾਰੀ,
ਕੀ ਹੋਇਆ ਜੇ ਨਾਰੀ ਨੇ ਭੀ ਚੁੱਕੀ ਤਾਬੇਦਾਰੀ ?
ਸੱਚਾ ਪਰੇਮ ਤਦੋਂ ਪਰਤਾਈਏ, ਭੀੜ ਬਣੇ ਜਦ ਕੋਈ ;
ਬਨਬਾਸੀ ਦਾ ਸਾਥ ਨਿਭਾਇਆ, ਸੀਤਾ ਰਾਜ ਦੁਲਾਰੀ ।

(21) ਨੇਕੀ

ਸੁੱਕੇ, ਸੜੇ, ਨ ਕੱਟੀ ਜਾਵੇ, ਉਪਕਾਰਾਂ ਦੀ ਬੇਰੀ,
ਪੱਠੇ ਪਾ ਪਾ ਚੋਈ ਜਾਓ, ਖੋਲ੍ਹੀ ਸਦਾ ਲਵੇਰੀ ।
ਨੇਕੀ ਏਧਰ ਚਿੱਤ ਖਿੜਾਵੇ, ਓਧਰ ਆਂਦਰ ਠਾਰੇ,
ਦੁਹੀਂ ਜਹਾਨੀਂ ਮਹਿਕ ਖਿਲਾਰੇ, ਇਹ ਫੁੱਲਾਂ ਦੀ ਢੇਰੀ ।

(22) ਉਦਾਰਤਾ

ਥਰ ਥਰ ਕਰੇ ਜਹਾਜ਼ ਸਿੰਧੂ ਵਿਚ, ਮੱਛੀ ਮੌਜਾਂ ਮਾਣੇ ।
ਮਾਲੀ ਨਿੱਤ ਨਿਸ਼ਾਨੇ ਫੁੰਡੇ, ਮੱਖੀ ਖਾਏ ਮਖਾਣੇ ।
ਮਾੜੇ ਨਾਲ ਮੁਰੱਵਤ ਪਾਲੇ ਉਹੋ ਉਦਾਰ ਕਹਾਵੇ ।
ਜ਼ਖਮੀ ਨਾਲ ਨਾ ਉਲਝੇ ਸੂਰਾ, ਦਾਤਾ ਜਾਤ ਨ ਜਾਣੇ ।

(23) ਸਹਾਰਾ

ਧਨਸ਼ ਤਾਈਂ ਤਲਵਾਰ ਪੁਛੇਂਦੀ, ਤੂੰ ਕੀ ਕਰਮ ਕਮਾਏ ?
ਮੈਨੂੰ ਸੂਰਾ ਲੱਕ ਬੰਨ੍ਹੇ, ਤੈਨੂੰ ਮੋਢੀਂ ਚਾਏ ।
ਓਨ ਕਿਹਾ, ਤੂੰ ਰਹੇਂ ਆਕੜੀ, ਮੇਰੇ ਵਿਚ ਸਹਾਰਾ ।
ਮਾਣ ਉਸੇ ਮਿਲਦਾ ਹੈ, ਜੋ ਲਿਫ ਕੇ ਝੱਟ ਲੰਘਾਏ ।

(24) ਭਲੀ ਸੰਗਤ

ਨੇਕ ਨਿਗਾਹਾਂ ਹੇਠ ਮਾਣ ਨਹਿੰ ਦੋ ਘੜੀਆਂ ਦਾ ਰਹਿਣਾ ।
ਹੋਏ ਨਸੀਬ ਸ-ਸੰਗ ਸਦਾ ਜੇ, ਉਸਦਾ ਫਿਰ ਕੀ ਕਹਿਣਾ ।
ਚੰਦਨ-ਬਨ ਵਿਚ ਕਿੱਕਰ ਪਰ ਭੀ ਮਹਿਕ ਚੰਦਨੀ ਆਵੇ,
ਮਾਨੁੱਖ ਜੂਨ ਸ਼ਿੰਗਾਰ ਪਹਿਨ ਕੇ ਸਤ ਸੰਗਤ ਦਾ ਗਹਿਣਾਂ ।

(25) ਗੰਭੀਰਤਾ

ਊਣਾ ਭਾਂਡਾ ਛੁਲਕੇ ਡੁੱਲ੍ਹੇ, ਭਰਿਆ ਕਦੇ ਨਾ ਡੋਲੇ ।
ਦੁਖ ਸੁਖ ਨੂੰ ਗੰਭੀਰ ਪਚਾਵੇ, ਹੋਛਾ ਥਾਂ ਥਾਂ ਫੋਲੇ ।
ਔਖ ਪਿਆਂ ਨਾ ਡੁੱਬੇ ਦਾਨਾ ਸੁਖ ਵਿਚ ਪਾਟ ਨਾ ਜਾਵੇ ।
ਥੋਥਾ ਦਾਣਾ ਛਲਕਣ ਲੱਗੇ ਪੀਡਾ ਮੂੰਹੋਂ ਨਾ ਬੋਲੇ ।

(26) ਅਹਿੰਸਾ

ਜੇ ਤੂੰ ਸੁਘੜ ਤੇ ਜੀਉ ਕਿਸੇ ਨੂੰ, ਦੁੱਖ ਨਾ ਮੂਲ ਪੁਚਾਈਂ ।
ਹਰ ਇਕ ਜੀ ਵਿਚ ਜੀਵਨ ਹੋ ਕੇ, ਬੈਠਾ ਇਕੋ ਸਾਈਂ ।
ਜੋ ਸ਼ੈ ਨਹੀਂ ਸੁਖਾਂਦੀ ਤੈਨੂੰ, ਹੋਰ ਨੂੰ ਕਿਉਂ, ਡਾਹੇਂ ?
ਤਰਸ ਬਿਤਰਸਾਂ ਉੱਤੇ ਖਾਂਦਾ ਮੂਲ ਨ ਰੱਬ ਨਿਆਈਂ ।

(27) ਸ਼ਾਂਤਮਈ

ਆਤਮ-ਤਯਾਗ, ਖੁਦਾਈ ਬਰਕਤ, ਹੋਵੇ ਜਿਸ ਦੇ ਪੱਲੇ,
ਪੇਸ਼ ਨ ਤਾਕਤ ਤੇ ਦੌਲਤ ਦੀ, ਉਸ ਦੇ ਅੱਗੇ ਚੱਲੇ ।
ਸ਼ਾਂਤਮਈ ਦੀ ਢਾਲ ਨਿਵਾਏ ਬੜੇ ਬੜੇ ਹੰਕਾਰੀ,
ਦੁਨੀਆਂ ਦੇ ਦਿਲ ਉੱਤੇ ਕਬਜ਼ਾ ਕੀਤਾ ਗਾਂਧੀ ਕੱਲੇ ।

(28) ਵਫਾਦਾਰੀ

ਸੁੱਖ ਵਿਚ ਲਾਈਆਂ, ਔਖੇ ਵੇਲੇ ਜੋ ਨ ਤੋੜ ਨਿਬਾਹੇ,
ਐਸਾ ਸੁੱਚਾ ਅੰਗੀ-ਸੰਗੀ, ਧੁੱਪੇ ਦੇਈਏ ਫ਼ਾਹੇ ।
ਵਫਾਦਾਰ ਕੁੱਤੇ ਦੀ ਕੀਮਤ, ਉਸ ਮਨੁੱਖ ਤੋਂ ਚੰਗੀ,
ਜਿਸ ਤੋਂ ਜਦੋਂ ਪਿਹਾਈ ਮੰਗੋ, ਅੱਗੋਂ ਪੱਥਰ ਡਾਹੇ ।

(29) ਚੁਪ

ਤੋਤਾ, ਮੈਨਾ, ਬੁਲਬੁਲ, ਚਿਣਗ, ਚਕੋਰ ਸੁਰਖ ਇਤਰਾਂਦੇ ।
ਆਪਣੀ ਆਪਣੀ ਬੋਲੀ ਤਾਈਂ ਵਧ ਵਧ ਕੇ ਵਡਿਆਂਦੇ ।
ਦਾਨੇ ਨੂੰ ਸੁਣ ਹਾਸਾ ਆਇਆ, ਭੋਲੇ ਭੇਦ ਨ ਸਮਝੇ,
ਚੁਪ ਰਹਿੰਦੇ ਤਾਂ ਪਿੰਜਰਿਆਂ ਵਿਚ ਕੈਦ ਨ ਕੀਤੇ ਜਾਂਦੇ ।

(30) ਸੁਰਮਤ

ਰਣ ਵਿਚ ਜਾ ਕੇ ਪਿੱਠ ਨ ਦੇਵੇ, ਸੂਰਾ ਸੋ ਅਖਵਾਵੇ,
ਦੁਖ ਵਿਚ ਸਾਥ ਨਿਬਾਹੁਣ ਵਾਲਾ, ਉਸ ਤੋਂ ਬੀਰ ਕਹਾਵੇ ।
ਦਾਨ ਸੂਰਮਾ, ਦਯਾ ਸੂਰਮਾ, ਧਰਮ ਬੀਰ, ਸਭ ਚੰਗੇ,
ਸਭ ਤੋਂ ਬੜਾ ਬਹਾਦੁਰ ਉਹ, ਜੋ ਸਹਿ ਕੇ ਚੋਟ ਵਿਖਾਵੇ ।

(31) ਅਣਖ

ਕਿਹਾ ਸ਼ੇਰ ਨੇ ਕੁੱਤੇ ਨੂੰ ਤੂੰ ਰੱਤੀ ਅਣਖ ਨ ਖਾਵੇਂ ।
ਜਿਉਂ ਜਿਉਂ ਤੈਨੂੰ ਦੁਰ ਦੁਰ ਹੋਵੇ ਤਿਉਂ ਤਿਉਂ ਪੂਛ ਹਿਲਾਵੇਂ,
ਮੇਰਾ ਤੇਰਾ ਫਰਕ ਇਹੋ, ਮੈਂ ਆਪ ਮਾਰ ਕੇ ਖਾਵਾਂ,
ਬੁੱਧ ਭ੍ਰਿਸ਼ਟੀ ਤੇਰੀ, ਖਾ ਖਾ ਟੁੱਕਰ ਹੱਥ ਉਚਾਵੇਂ ।

(32) ਬੁਰੇ ਨਾਲ ਨੇਕੀ

ਚੰਦਨ ਉੱਤੇ ਮਾਰ ਕੁਹਾੜਾ, ਚਾਇਆ ਲੱਕੜਹਾਰੇ,
ਲੱਥ ਜੰਗਾਲ ਲਿਸ਼ਕਿਆ ਲੋਹਾ ਨਾਲੇ ਮਹਿਕ ਖਿਲਾਰੇ ।
ਚੰਦਨ ਦੀ ਉਦਾਰਤਾ ਉੱਤੇ, ਫੁਰੀ ਕਵੀ ਨੂੰ ਸ਼ੰਕਾ,
ਕਿਹੋ ਸੁ : ਨੇਕੀ ਕੀਤਿਆਂ ਬਦ ਭੀ, ਸ਼ਰਮ ਕੁਸ਼ਰਮੋਂ ਹਾਰੇ ।

(33) ਨੇਕ ਨਾਲ ਬੁਰਾਈ

ਮੈਂ ਡਿੱਠਾ ਅੰਗ਼ੂਰ ਬੇਲ ਨੂੰ ਮਾਲੀ ਛਾਂਗੀ ਜਾਂਦਾ,
ਪੁਛਿਆ : ਇਹ ਕੀ ਨੇਕੀ ਦਾ ਤੂੰ ਬਦਲਾ ਹੈਂ ਭੁਗਤਾਂਦਾ ?
ਕਹਿਣ ਲੱਗਾ : ਤੂੰ ਦਾਤੇ ਦਾ ਇਹ ਲੱਛਣ ਨਹੀਂ ਪਛਾਤਾ ?
ਜਿਉਂ ਜਿਉਂ ਇਸਨੂੰ ਛਾਂਗੇ ਤਿਉਂ ਤਿਉਂ ਬਰਕਤ ਰੱਬ ਵਧਾਂਦਾ ।

(34) ਖੋਟੀ ਸੰਗਤ

ਭਲਿਆ ! ਭੁਲ ਕੇ ਲੰਘ ਨ ਹੇਠੋਂ, ਖੋਟੇ ਦੇ ਪਰਛਾਵੇਂ,
ਰਾਹੇ, ਜਾਂਦਾ ਸੰਗ-ਦੋਸ਼ ਵਿਚ ਮਤ ਕੋਈ ਲੀਕ ਲੁਆਵੇਂ ।
ਕੱਜਲ ਦੀ ਕੋਠੀ ਵਿਚ ਵੜਿਆਂ, ਕਾਲਕ ਬਿਨ ਕੀ ਲੱਭੇ,
ਠੇਕੇ ਬੈਠਾ ਸ਼ਰਬਤ ਪੀਂਦਾ, ਕਿਹਾ ਸ਼ਰਾਬੀ ਜਾਵੇਂ ।

(35) ਅਨਅਧਿਕਾਰੀ

ਮਿਲੀ ਸੁਗਾਤ ਅਤਰ ਮੂਰਖ ਨੂੰ, ਜੁੱਤੀ ਵਿਚ ਪੁਆਇਆ,
ਅੰਨ੍ਹੇ ਅੱਗੇ ਦੀਦੇ ਗਾਲੇ, ਉਸ ਨੂੰ ਹਾਸਾ ਆਇਆ ।
ਬੇਸਮਝਾਂ ਨੂੰ ਰਾਗ ਸੁਣਾਇਆ, ਜਿਉਂ ਖੋਤੇ ਗਲ ਹੀਰਾ ।
ਬੇਕਦਰਾਂ ਦੇ ਪੱਲੇ ਪੈ ਕੇ, ਆਪਣਾ ਕੁਰਬ ਗਵਾਇਆ ।

(35) ਅਨਅਧਿਕਾਰੀ

ਮਿਲੀ ਸੁਗਾਤ ਅਤਰ ਮੂਰਖ ਨੂੰ, ਜੁੱਤੀ ਵਿਚ ਪੁਆਇਆ,
ਅੰਨ੍ਹੇ ਅੱਗੇ ਦੀਦੇ ਗਾਲੇ, ਉਸ ਨੂੰ ਹਾਸਾ ਆਇਆ ।
ਬੇਸਮਝਾਂ ਨੂੰ ਰਾਗ ਸੁਣਾਇਆ, ਜਿਉਂ ਖੋਤੇ ਗਲ ਹੀਰਾ ।
ਬੇਕਦਰਾਂ ਦੇ ਪੱਲੇ ਪੈ ਕੇ, ਆਪਣਾ ਕੁਰਬ ਗਵਾਇਆ ।

(36) ਅੱਤ (ਮਰਯਾਦਾ ਵਿਰੁਧ)

ਮਰਯਾਦਾ ਤੋਂ ਬਾਹਰ ਨਿਕਲਿਆਂ, ਅੰਮ੍ਰਿਤ ਵਿਹੁ ਬਣ ਜਾਵੇ,
ਢਲੇ ਤੇ ਕਾਇਰ, ਵਧੇ ਕੁਪੱਤਾ, ਸਾਂਭ ਸੂਮ ਸਦਾਵੇ ।
ਹੱਸੇ ਢੀਠ, ਸਖੀ ਲਖਲੁੱਟੂ ਚੁਪ ਕਰੇ ਸ਼ਰਮਿੰਦਾ,
ਅੱਤ ਕਿਸੇ ਦੀ ਭਲੀ ਨਾ ਲੱਗੇ, ਗੁਣ ਨੂੰ ਦੋਸ਼ ਬਣਾਵੇ ।

(37) ਰੋਟੀ

ਭੁੱਖਾ ਪੰਡਤ ਨ੍ਹਾ ਧੋ ਬੈਠਾ, ਛੰਡ ਫਟਕ ਕੇ ਚੋਟੀ,
ਉੱਤੋਂ ਗੀਤਾ ਘੋਟੀ ਜਾਵੇ, ਅੰਦਰੋਂ ਟੁੱਟੇ ਬੋਟੀ ।
ਜੀ ਤਾਂਘੇ ਤੇ ਅੱਖ ਉਡੀਕੇ, ਆਂਦਰ ਮੂੰਹ ਪਸਾਰੇ,
ਕਰਮ ਧਰਮ ਸਭ ਪਿੱਛੋਂ ਸੁੱਝਣ, ਪਹਿਲਾਂ ਸੁੱਝੇ ਰੋਟੀ ।

(38) ਕਰਮ ਫਲ

ਜੋ ਬੀਜੇ ਸੋ ਵੱਢੇ ਜਗ ਵਿਚ ਕਰਮਾਂ ਦੀ ਇਹ ਖੇਤੀ,
ਕੋਈ ਫਸਲ ਚਿਰਾਕਾ ਪੱਕੇ, ਕੋਈ ਫ਼ਲਦਾ ਛੇਤੀ ।
ਕਲਜੁਗ ਕਰ ਜੁਗ, ਕਰਦਾ ਜਾਏ ਹੱਥੋ ਹੱਥ ਨਿਬੇੜਾ,
ਜੋ ਚਾਹੇਂ ਸੋ ਰੰਗ ਰਚਾ ਲੈ, ਆਪਣੇ ਕਰਮਾਂ ਸੇਤੀ ।

(39) ਚਿੰਤਾ ਰੋਗ

ਚਿੰਤਾ ਦੇ ਚੱਕਰ ਵਿਚ ਆ ਕੇ, ਫਿਰਦੀ ਗੁੱਝੀ ਆਰੀ ।
ਘੋਲ ਘੋਲ ਕੇ ਜਿੰਦ ਮੁਕਾਵੇ, ਚਿੰਤਾ ਦੀ ਬੀਮਾਰੀ ।
ਸੂਰੇ ਹੂੰਝਣ ਹਿੰਮਤ ਕਰਕੇ, ਉਖਿਆਈ ਦੇ ਕੰਡੇ,
ਚਿੰਤਾ ਦੇ ਵਿਚ ਡੁੱਬਣ ਨਾਲੋਂ ਲਾ ਹਿੰਮਤ ਦੀ ਤਾਰੀ ।

(40) ਸ਼ਰਾਬ

ਕਿੱਕਰ ਦੀ ਚੁੜੇਲ ਚੜ੍ਹ ਸਿਰ ਤੇ, ਬੰਦਿਓਂ ਜਿਨ ਬਣਾਵੇ,
ਇੱਜ਼ਤ, ਅਕਲ, ਸਿਹਤ ਤੇ ਦੌਲਤ ਚਾਰੇ ਬੰਨੇ ਲਾਵੇ ।
ਐਸਾ ਅੰਨ੍ਹਾ ਜੱਫਾ ਮਾਰੇ, ਮੜ੍ਹੀਆਂ ਤੀਕ ਨ ਛੱਡੇ,
ਫਿਰ ਭੀ ਸ਼ੁਕਰ ਕਰੋ ਜੇ ਮੁੜਕੇ ਪਿਛਲਿਆਂ ਕੋਲ ਨ ਆਵੇ ।

(41) ਸੂਮ

ਪਾਪ ਪੁੰਨ ਦੀ ਕੱਠੀ ਕੀਤੀ, ਮਰ ਮਰ ਸੂਮ ਕਮਾਈ ।
ਭਲੇ ਅਰਥ ਕੋਈ ਮੰਗ ਨ ਬੈਠੇ, ਡਰਦਾ ਫਿਰੇ ਲੁਕਾਈ ।
ਨਾ ਖਾਵੇ, ਨ ਹੱਥੋਂ ਦੇਵੇ, ਵੇਖ ਵੇਖ ਕੇ ਜੀਵੇ,
ਤੁਰਦੀ ਵਾਰੀ ਪੰਜ ਰਤਨੀ ਭੀ ਅਗ੍ਹਾਂ ਨ ਗਈ ਲੰਘਾਈ ।

(42) ਕਿਰਤਘਣ

ਕਿਰਤਘਣਾ ! ਤੂੰ ਖਾ ਖਾ ਦਾਤਾਂ, ਮੂੰਹ ਕਿਸ ਕਰਕੇ ਸੀਤਾ ?
ਦੁਹੀਂ ਜਹਾਨੀਂ ਦੁਰ ਦੁਰ ਹੁੰਦੀ, ਜਾਣੇ ਨ ਜੋ ਕੀਤਾ ।
ਕੁੱਤਾ ਰਿੰਨ੍ਹ ਨਸ਼ੇ ਵਿਚ ਚੂਹੜੀ, ਤੈਥੋਂ ਪਈ ਲੁਕਾਵੇ,
ਤੇਰੇ ਬਾਝੋਂ ਕੀ ਥੁੜਿਆ ਹੈ ? ਮਰ ਜਾ ਪਰੇ ਪਲੀਤਾ ।

(43) ਕਾਮੀ

ਕਾਮ ਨਸ਼ੇ ਵਿਚ ਗੁੱਤਾ ਫਿਰਦਾ, ਕੁੱਤਾ ਜਿਉਂ ਹਲਕਾਇਆ,
ਅੰਨ੍ਹਾਂ ਹੋਇਆ ਪਰਖ ਨਾ ਸੱਕੇ, ਆਪਣਾ ਅਤੇ ਪਰਾਇਆ ।
ਫਿਟਕਾਂ ਪੱਲੇ ਪੈਣ ਜਦੋਂ, ਬੇਸ਼ਰਮ ਝਾੜ ਸਿਰ ਹੱਸੇ,
ਪਲਕ ਸਵਾਦ ਹਿਤ, ਦੁਨੀਆ, ਦੀਨ, ਨਿਲੱਜੇ ਚੁਲ੍ਹੇ ਪਾਇਆ ।

(44) ਕ੍ਰੋਧੀ

ਚੱਬੇ ਹੋਠ, ਉਗਾਲੇ ਆਨੇ, ਫੁਕਾਰੇ ਥੱਰਾਵੇ,
ਮੂੰਹੋਂ ਝੱਗ, ਜ਼ਬਾਨ ਥਿੜਕਦੀ, ਚੀਲ ਵਾਂਗ ਚਿੱਲਾਵੇ ।
ਵੇਖ ਪਕੌੜੇ ਵਾਂਗ ਚਿਰੜਡਾ, ਕ੍ਰੋਧੀ ਪਿਆ ਕੜਾਹੀ,
ਵਾਹਰ ਪਈ, ਹਲਕਾਇਆ ਲੋਕੋ, ਨੇੜੇ ਕੋਈ ਨ ਜਾਵੇ ।

(45) ਹੰਕਾਰੀ

ਨਿਗਾਹ ਅਕਾਸ਼, ਧੌਣ ਅਕੜਾਈ, ਛਾਤੀ ਫਿਰੇ ਉਭਾਰੀ ।
'ਮੇਰੇ ਜਿਹਾ ਹੋਰ ਭੀ ਕੋਈ' ? ਕਹਿਣ ਲੱਗਾ ਹੰਕਾਰੀ ।
ਵਾਜ ਮਿਲੀ : ਰਾਵਣ, ਹਰਨਾਛਸ, ਫ਼ਿਰਾਊਨ ਖੁਸਰੋ ਦਾ,
ਖ਼ੋਜ ਨਾ ਲੱਭੇ ਮਿੱਟੀ ਵਿਚੋਂ, ਤੂੰ ਕੀ ਚੀਜ ਨਿਕਾਰੀ ?

(46) ਸ਼ਰਾਬੀ

ਬੱਚੇ ਵਿਲਕਣ, ਨਾਰੀ ਨੰਗੀ, ਆਪਣਾ ਖੀਸਾ ਖਾਲੀ,
ਝੱਸ ਸ਼ਰਾਬੀ ਪੂਰਾ ਕਰਦਾ, ਦੇ ਕੇ ਛੰਨਾ ਥਾਲੀ ।
ਦਿਲ ਧੜਕੇ, ਹੱਥ ਪੈਰ ਕੰਬਦੇ, ਚਿਹਰੇ ਤੇ ਫਿਟਕਾਰਾਂ,
ਸੱਜਣ ਮਿੱਤਰ ਮੂੰਹ ਨ ਲਾਉਣ, ਜੋ ਮੂੰਹ ਲਾਇ ਪਿਆਲੀ ।

(47) ਕੁਲਘਾਤੀ

ਲੰਘਣ ਲੱਗਾ ਓਪਰਾ ਕੁੱਤਾ, ਘੇਰ ਖਲੋਤੇ ਕੁੱਤੇ,
ਕਾਂ ਮੋਇਆ ਤਾਂ ਝੁਰਮਟ ਪਾਇਆ, ਕਾਵਾਂ ਉਸ ਦੇ ਉੱਤੇ,
ਕੱਠੇ ਹੋਏ ਦੋਵੇਂ ਐਪਰ ਮਤਲਬ ਵੱਖੋ ਵੱਖੀ,
ਏਧਰ ਪਿੰਡੋਂ ਕੱਢਣ ਨੂੰ, ਤੇ ਓਧਰ ਪਰੇਮ ਵਿਗੁਤੇ ।

(48) ਹੋਛਾ

ਹੋਛੇ ਲੱਭ ਦਹੀਂ ਦੀ ਫੁੱਟੀ ਲੱਸੀ ਵਾਂਗ ਵਧਾਈ,
ਜੀ ਜੀ ਕੋਲ ਸੁਨੇਹਾ ਆਇਆ, ਹੋਛੇ ਛਾਪ ਘੜਾਈ ।
ਮਿੱਠਾ, ਕੌੜਾ, ਖੱਟਾ, ਖਾਰਾ, ਜਿਸ ਨੂੰ ਪਚੇ ਨ ਕੋਈ,
ਕਿਸ ਭਾਂਡੇ ਦਾ ਢੱਕਣ ਹੋਈ, ਹੋਛੇ ਦੀ ਅਸ਼ਨਾਈ ।

(49) ਦੋਖੀ

ਜ਼ਾਲਮ ਸੁੱਤਾ ਵੇਖ ਦੁਪਹਿਰੇ, ਆਖਣ ਲੱਗਾ ਸਾਦੀ,
'ਚੰਗਾ ਹੈ ਇਹ ਏਸੇ ਹਾਲੇ, ਮੋਇਆ ਭਲਾ ਫਸਾਦੀ' ।
ਜਾਗਦਿਆਂ ਨਿਤ ਗੋਂਦਾਂ ਗੁੰਦੇ, ਲਾਵਾਂ ਕੋਈ ਮੁਆਤਾ,
ਨਾ ਖੇਡੇ ਨਾ ਖੇਡਣ ਦੇਵੇ, ਦੋਖੀ ਦੀ ਇਹ ਵਾਦੀ ।

(50) ਲਾਊ ਬੁਝਾਊ

ਚੁਗਲ ਚੁਆਤੀ ਚੁੱਕੀ ਫਿਰਦਾ, ਘਰ ਨੂੰ ਲਾ ਲਾ ਤਾਵੇ ।
ਐਧਰ ਜਾ ਚੋਰ ਨੂੰ ਲਗ ਜਾ, ਘਰ ਦੇ ਉਧਰ ਜਗਾਵੇ ।
ਮੈਂ ਪੁੱਛਿਆ : ਇਸ ਛੇੜ ਛਾੜ ਵਿਚ ਤੈਨੂੰ ਕੀ ਕੁਝ ਲੱਭੇ ?
ਕਿਹੋ ਸੁ : ਝੱਸ ਪੈ ਗਿਆ ਭੈੜਾ, ਮਜ਼ਾ ਲੜਾ ਕੇ ਆਵੇ ।

(51) ਜਬਾਨ ਦਾ ਰਸ

ਮਾਲਣ ਕੋਲ ਮੁਸਾਫਰ ਬੈਠਾ : ਮੰਦਾ ਬੋਲ ਸਤਾਂਦਾ,
ਗੁੱਧਾ ਆਟਾ ਪਾ ਤਲੀਆਂ ਤੇ, ਕਿਹੋ ਸੁ 'ਹੋ ਜਾ ਵਾਂਦਾ' ।
ਹੱਸ ਹੱਸ ਪੁੱਛਣ ਲੋਕ : ਜੁਆਨਾ ! ਇਹ ਕੀ ਚੋਂਦਾ ਜਾਵੇ ?
ਆਖਣ ਲੱਗਾ : ਰਸ ਜਬਾਨ ਦਾ, ਚੁੱਕ ਤੰਦੂਰੋਂ ਆਂਦਾ ।

80. ਸਾਵੇਂ(ਗੀਤ ਬਿਹਾਗ)

ਟੇਕ-ਮੈਂ ਨਹੀਂ ਊਂ ਖੇਡਣੇ ਸਾਵੇਂ, ਮੈਂ....
ਅੰਮੜੀਏ ! ਜੀ ਕਾਹਨੂੰ ਖਾਵੇਂ ? ਮੈਂ....

ਚੰਗੀ ਭਲੀ ਦੇਖੇਂ, ਪੀਆ ਘਰ ਨਾਹੀਂ,
ਉਠਣ ਕਲੇਜਿਓਂ ਬਲ ਬਲ ਆਹੀਂ,
ਹੋਰ ਚੁਆਤੀਆਂ ਕੀ ਲਾਵੇਂ ?
ਮੈਂ ਨਹੀਂ ਊਂ ਖੇਡਣੇ ਸਾਵੇਂ ।
ਤਤਿਆਂ ਨੂੰ ਕਿਉਂ ਪਈ ਤਾਵੇਂ ? ਮੈਂ ਨਹੀਂ ਊਂ ....

ਬਿਰਹੋਂ ਦੀ ਬਿਜਲੀ, ਧੜਕਾਂ ਪਾਈਆਂ,
ਛਮ ਛਮ ਨੈਣਾਂ ਝੜੀਆਂ ਲਾਈਆਂ,
ਕਾਲੀਆਂ ਘਟਾਂ ਕੀ ਵਿਖਾਵੇਂ ?
ਮੈਂ ਨਹੀਂ ਊਂ ਖੇਡਣੇ ਸਾਵੇਂ,
ਅੰਮੜੀਏ ਕਿਉਂ ਪਈ ਖਪਾਵੇਂ ? ਮੈਂ ਨਹੀਂ ਊਂ....

ਆਖ ਸਈਆਂ ਨੂੰ ਪੀਂਘਾਂ ਪਾਉਣ,
ਪਾ ਪਾ ਕਿਕਲੀ ਰਲ ਮਿਲ ਗਾਉਣ,
ਪਿਪਲਾਂ ਦੀ ਠੰਢੀ ਠੰਢੀ ਛਾਵੇਂ ।
ਮੈਂ ਨਹੀਂ ਊਂ ਖੇਡਣੇ ਸਾਵੇਂ ।
ਸੁੱਤੀਆਂ ਕਲਾਂ ਕੀ ਜਗਾਵੇਂ ? ਮੈਂ ਨਹੀਂ ਊਂ....

ਮੌਲੀ ਮਹਿੰਦੀ, ਬਿੰਦੀਆਂ ਤਤੋਲੇ,
ਨਰਦਾਂ ਦੀ ਥਾਈਂ ਰਖ ਰਖ ਕੋਲੇ,
'ਚਾਤ੍ਰਿਕ' ਨੂੰ ਪਰਚਾਵੇਂ ?
ਮੈਂ ਨਹੀਂ ਊਂ ਖੇਡਣੇ ਸਾਵੇਂ ?
ਕਸਮ ਕਰਾ ਲੈ ਸਾਥੋਂ ਭਾਵੇਂ, ਮੈਂ ਨਹੀਂ ਊਂ....

81. ਦਿਲ

(ਗਜ਼ਲ)
ਆ ਦਿਲਾ ! ਹੋਸ਼ ਕਰੀਂ ! ਨਿਹੁੰ ਨ ਲਗਾਈਂ, ਵੇਖੀਂ !
ਇਸ਼ਕ ਦੇ ਪੇਚ ਬੁਰੇ, ਜੀ ਨ ਫ਼ਸਾਈਂ, ਵੇਖੀਂ !

ਤੂੰ ਹੈਂ ਅਨਜਾਣ ਜਿਹਾ, ਲੋਕ ਬੜੇ ਵਲ ਛਲੀਏ,
ਖੋਟੇ ਬਾਜ਼ਾਰ ਕਿਤੇ ਭਰਮ ਨ ਜਾਈਂ, ਵੇਖੀਂ !

ਫੁੱਲਾਂ ਦੇ ਖਾਰ ਬੁਰੇ, ਖਾਰਾਂ ਤੇ ਨੋਕਾਂ ਬੁਰੀਆਂ,
ਸ਼ੋਖਿਆਂ ਨਾਲ ਪਿਆ ਨੈਣ ਨ ਲਾਈਂ, ਵੇਖੀਂ !

ਏਨ੍ਹਾਂ ਗਲੀਆਂ 'ਚ ਗਲੇ, ਮੁੜ ਨ ਮੁੜੇ ਘਰ ਵਲ ਨੂੰ,
ਰਾਹੇ ਰਾਹ ਜਾਂਦਾ ਕਿਤੇ ਫ਼ਾਹ ਨ ਪੁਆਈਂ, ਵੇਖੀਂ !

ਲੈ ਕੇ ਦਿਲ ਆਖ ਛਡਣ : ਜਾਓ ਜੀ ਹੁਣ ਮੌਜ ਕਰੋ,
ਧੋਖੇ ਬਾਜ਼ਾਂ ਦੇ ਬੂਹੇ ਪੈਰ ਨ ਪਾਈਂ, ਵੇਖੀਂ !

ਰੁੜ੍ਹ ਗਏ ਤਾਰੂ ਬੜੇ, ਵਹਿਣ ਕੁਵੱਲੇ ਪੈ ਕੇ,
ਸ਼ੁਕਦੀ ਇਸ਼ਕ ਨਦੀ, ਪੈਰ ਬਚਾਵੀਂ, ਵੇਖੀਂ !

ਤੜਪਦੇ ਰਹਿਣ ਦੀ ਕੀ ਲਾ ਲਈ ਬੀਮਾਰੀ ਤੂੰ ?
ਹੌਂਸਲੇ ਨਾਲ ਰਹੀਂ, ਜੀ ਨ ਡੁਲਾਈਂ, ਵੇਖੀਂ !

ਤੈਨੂੰ ਵਾਦੀ ਹੈ ਬੁਰੀ, ਵੇਖ ਕੇ ਵਿਛ ਜਾਵਣ ਦੀ,
'ਚਾਤ੍ਰਿਕ' ਵਾਂਗ ਕਿਤੇ ਧੋਖਾ ਨ ਖਾਈਂ, ਵੇਖੀਂ !

82. ਮਾਹੀ ਦੇ ਮੇਹਣੇ

(ਤਰਜ਼ ਹੋਲੀ)
ਸਾਨੂੰ ਮਾਹੀ ਦੇ ਮੇਹਣੇ ਨਾ ਮਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।

ਧੁਰ ਦਰਗਾਹੋਂ ਮੈਂ ਪੱਲੇ ਪੁਆਇਆ, ਸੋਹਣਿਆਂ ਦਾ ਸੂਬੇਦਾਰ,
ਮਾਹੀ ਮੇਰਾ ਮੁਰਸ਼ਦ, ਮਾਹੀ ਮੇਰਾ ਮੌਲਾ, ਮਾਹੀ ਤੋਂ ਜਿੰਦੜੀ ਨਿਸਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।

ਪਾਕ ਪਰੀਤਾਂ ਨੂੰ ਭੰਡਨੀਏਂ ਪਾਪਣੇ ! ਅੱਖੀਆਂ ਤੋਂ ਪੱਟੀਆਂ ਉਤਾਰ ।
ਯਾਰੀਆਂ ਦੀ ਸਾਰ ਕੁਆਰੀਆਂ ਕੀ ਜਾਨਣ, ਏ ਆਸ਼ਕੀ ਹੀਰਿਆਂ ਦਾ ਹਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।

ਮਾਹੀ ਨਾਲ ਫ਼ਾਹੀਆਂ ਮੈਂ ਵਟ ਵਟ ਪਾਈਆਂ, ਅੱਲਾ ਨੂੰ ਜ਼ਾਮਨ ਖੁਲ੍ਹਾਰ ।
ਜੇਹੜੇ ਰੰਗ ਰੰਗੀਆਂ, ਮੈਂ ਉਸੇ 'ਚ ਚੰਗੀਆਂ ; ਏ ਉਤਰੇ ਨਾ 'ਚਾਤ੍ਰਿਕ' ਖੁਮਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।

83. ਬਹਾਰ ਦਾ ਗੀਤ

ਸਈਓ ਸੱਲ ਬਿਰਹੋਂ ਦਾ ਸੀਨਾ ਭੁੰਨ ਭੁੰਨ ਖਾਵੇ,
ਸਾਨੂੰ ਸੱਜਣਾਂ ਦੇ ਬਾਝੋਂ ਏ ਬਹਾਰ ਕੀ ਭਾਵੇ ?

ਆਈ ਰੁੱਤ ਬਸੰਤੀ, ਪੁੰਗਰ ਡਾਲੀਆਂ ਰਹੀਆਂ,
ਸਾਵੇ ਪੱਤਰਾਂ ਦੇ ਚੋਂ, ਕਲੀਆਂ ਝਾਕਣ ਪਈਆਂ ।
ਕੁਦਰਤ ਫੁੱਲ ਫੁੱਲ ਬਹਿੰਦੀ, ਪੀਲੀ ਪੋਸ਼ਸ਼ ਲਾਵੇ,
ਸਾਨੂੰ ਸੱਜਣਾਂ ਦੇ ਬਾਝੋਂ ਏ ਬਹਾਰ ਕੀ ਭਾਵੇ ?

ਨੀ ਬਸੰਤੀ ਬਹਾਰੇ ! ਪਹਿਨੀ ਪਚਰੀਏ ਨਾਰੇ !
ਤੈਨੂੰ ਕੌਣ ਹੰਡਾਵੇ ਬਾਝੋਂ ਪ੍ਰੀਤਮ ਪਿਆਰੇ ।
ਆਖੀਂ ਹੋਣ ਉਡੀਕਾਂ, ਫੇਰਾ ਘਰ ਵਲ ਪਾਵੇ,
ਸਾਨੂੰ ਸੱਜਣਾਂ ਦੇ ਬਾਝੋਂ ਏ ਬਹਾਰ ਕੀ ਭਾਵੇ ?

ਮਹਿਕਾਂ ਮਤੀਏ ਨੀ ਵਾਏ !ਕਾਹਨੂੰ ਲੂਹਨੀਏਂ ਪਾਸੇ ?
ਸਾਡੀ ਜਿੰਦੜੀ ਨੂੰ ਬਣੀਆਂ, ਤੈਨੂੰ ਸੁਝਦੇ ਨੇ ਹਾਸੇ ।
ਕੱਲੇ ਲੱਗ ਲੱਗ ਕੰਧੀਂ, ਰੋ ਰੋ ਹੋ ਗਏ ਫਾਵੇ,
ਸਾਨੂੰ ਸੱਜਣਾਂ ਦੇ ਬਾਝੋਂ ਏ ਬਹਾਰ ਕੀ ਭਾਵੇ ?

ਭੌਰੇ ਬੰਸਰੀ ਛੇੜੀ, ਬੁਲਬੁਲ ਹੋਈ ਮਸਤਾਨੀ,
ਰੱਬਾ ਕਿਸ ਤਕਸੀਰੋਂ, ਸਾਡਾ ਰੁੱਸ ਗਿਆ ਜਾਨੀ ।
ਛੇਤੀ 'ਚਾਤ੍ਰਿਕ' ਆਵੇ, ਸਾਡੀ ਲੱਗੀ ਨੂੰ ਬੁਝਾਵੇ,
ਸਾਨੂੰ ਸੱਜਣਾਂ ਦੇ ਬਾਝੋਂ ਏ ਬਹਾਰ ਕੀ ਭਾਵੇ ?

84. ਪਰੇਮ ਪੇਚੇ

ਗੀਤ
(ਭੈਰਵੀ 3 ਤਾਲ)
ਇਸ਼ਕੇ ਦੇ ਪੇਚ ਕੁਵੱਲੇ ! ਦੁਹਾਈ ਲੋਕੋ ! ਇਸ਼ਕੇ ਦੇ…
ਜਾਣ ਤਮਾਚੇ ਨਾ ਝੱਲੇ ।ਦੁਹਾਈ ਲੋਕੋ ! ਇਸ਼ਕੇ ਦੇ…

ਦਿਲ ਮੇਰਾ ਤੜਫੇ, ਅੱਖ ਸ਼ਰਮਾਵੇ,
ਮਾਂ ਝਿੜਕੇ, ਨਿਹੁੰ ਪੱਟੀਆਂ ਪੜ੍ਹਾਵੇ,
ਛੋਟ ਨਹੀਂ ਕਿਸੇ ਗੱਲੇ ।ਦੁਹਾਈ ਲੋਕੋ…

ਜੱਗ ਰੱਖਣਾ ਨਾਲੇ ਪ੍ਰੀਤ ਨਿਭਾਣੀ,
ਹਾਏ ਵੇ ਜੀਆ ! ਤੇਰੀ ਰਹਿ ਨਹੀਂ ਊ ਆਣੀ,
ਗੰਢ ਗੰਢ ਸਾਕ ਦੁਵੱਲੇ । ਦੁਹਾਈ ਲੋਕੋ…

ਵੇਖੀਂ ਵੇ ਇਸ਼ਕਾ ! ਦਿਲ ਨਾ ਦੁਖਾਵੀਂ,
ਸੰਭਲ ਸੰਭਲ ਕੇ ਚਰਕੇ ਲਾਵੀਂ,
ਫੱਟ ਨੀਂ ਕਲੇਜੇ ਦੇ ਅੱਲੇ ! ਦੁਹਾਈ ਲੋਕੋ…

ਮਾਹੀ ਵੇ ਮੁਰਾਣਿਆਂ ! ਤਰਸ ਕਮਾ ਲੈ,
ਫ਼ਜ਼ਲਾਂ ਦੇ ਬੇੜੇ ਚਾੜ੍ਹ ਲੰਘਾ ਲੈ,
ਪੈਸਾ ਨਹੀਂ ਊ ਮੇਰੇ ਪੱਲੇ । ਦੁਹਾਈ ਲੋਕੋ…

ਇਸ਼ਕੇ ਦੇ ਝੇੜੇ ਧੁਰ ਦੇ ਸਹੇੜੇ,
ਚਾਤ੍ਰਿਕ ਬਾਝੋਂ ਕੌਣ ਨਬੇੜੇ,
ਵੱਸ ਨਾ ਵਕੀਲਾਂ ਦੇ ਚੱਲੇ ! ਦੁਹਾਈ ਲੋਕੋ…

85. ਪਿਆਰੇ ਦੀ ਭਾਲ

(ਸੁਰ-ਕਾਲੰਗੜਾ, ਧਾਰਨਾ-ਚਰਖਾ ਕਾਤੋ ਤੋ ਬੇੜਾ ਪਾਰ ਹੈ)
ਜੀਆ ! ਛੱਡ ਦੇ ਐਸ਼ ਬਹਾਰ ਨੂੰ,
ਚੱਲ, ਭਾਲੀਏ ਮਹਿਰਮ ਯਾਰ ਨੂੰ ।

ਲਹੂ ਪੀ ਲਿਆ ਟੱਬਰਦਾਰੀਆਂ,
ਜਾਨ ਖਾ ਲਈ ਝੂਠੀਆਂ ਯਾਰੀਆਂ ।
ਸੁੱਟ ਖੂਹ ਵਿਚ ਕਾਰ ਵਿਹਾਰ ਨੂੰ,
ਚੱਲ, ਭਾਲੀਏ ਮਹਿਰਮ ਯਾਰ ਨੂੰ ।

ਏਸ ਖੱਪ-ਖਪੋੜਿਓਂ ਨੱਸੀਏ,
ਕਿਤੇ ਇੱਕਲ-ਵਾਂਜੇ ਵੱਸੀਏ ।
ਬਹਿ ਕੇ ਛੇੜੀਏ ਪਰੇਮ-ਸਤਾਰ ਨੂੰ ।
ਚੱਲ, ਭਾਲੀਏ ਮਹਿਰਮ ਯਾਰ ਨੂੰ ।

ਏਨ੍ਹਾਂ ਪੰਡਿਆਂ, ਮੁੱਲਾਂ, ਭਾਈਆਂ,
ਲੁੱਟਣ ਵਾਸਤੇ ਬੌਰਾਂ ਲਾਈਆਂ ।
ਮੰਗੋ ਫੁੱਲ ਤਾਂ ਚੋਭਣ ਖਾਰ ਨੂੰ,
ਚੱਲ, ਭਾਲੀਏ ਮਹਿਰਮ ਯਾਰ ਨੂੰ ।

ਕਿਧਰੇ ਕੈਸ ਦਾ ਚੇਟਕ ਲਾਵੀਏ,
ਧੀਦੋ ਜੱਟ ਦਾ ਜੋਗ ਕਮਾਵੀਏ ।
ਕਰੀਏ ਪੁੱਛ ਫ਼ਰਿਹਾਦ ਲੁਹਾਰ ਨੂੰ,
ਚੱਲ, ਭਾਲੀਏ ਮਹਿਰਮ ਯਾਰ ਨੂੰ ।

ਪਾਸ ਜਾਗਦੀ-ਜੋਤ ਦੇ ਪੁੱਜੀਏ,
ਫੇਰ ਭੰਬਟ ਵਾਂਗਰ ਭੁੱਜੀਏ ।
ਮਿਲੀਏ ਘੁਟ ਘੁਟ ਕੇ ਦਿਲਦਾਰ ਨੂੰ,
ਚੱਲ, ਭਾਲੀਏ ਮਹਿਰਮ ਯਾਰ ਨੂੰ ।

86. ਮਨ ਸਮਝਾਵਾ

(ਗਜ਼ਲ)
ਦਿਲਾ ! ਕੁਝ ਹੋਸ਼ ਕਰ, ਮਾਹੀ ! ਦੁਹਾਈਆਂ ਨਾ ਮਚਾਇਆ ਕਰ,
ਨਾ ਸੜ ਸੜ ਜਾਨ ਲੂਹਿਆ ਕਰ, ਨ ਰੋ ਰੋ ਜੀ ਖਪਾਇਆ ਕਰ ।

ਸਦਾਈਆ ! ਸਮਝ ਜਾ ਹੁਣ ਭੀ, ਏ ਚੇਟਕ ਚੰਦਰੇ ਛਡ ਦੇ,
ਦਿਲਾਂ ਨੂੰ ਖੋਹ ਖੜਨ ਵਾਲੇ ਬਿਦਰਦਾਂ ਵਲ ਨ ਜਾਇਆ ਕਰ ।

ਬੜੇ ਬੇਤਰਸ ਪੱਥਰ ਦਿਲ ਬੜੇ ਡਾਢੇ ਬੜੇ ਖੋਟੇ,
ਇਨ੍ਹਾਂ ਦੇ ਪਾਸ ਜਾ ਜਾ ਕੇ, ਨ ਝਿੜਕਾਂ ਰੋਜ਼ ਖਾਇਆ ਕਰ ।

ਜਿਨ੍ਹਾਂ ਦੀਆਂ ਅੱਖੀਆਂ ਵਿਚ ਦੀਦ ਕੁਦਰਤ ਨੇ ਨਹੀਂ ਪਾਈ,
ਉਨ੍ਹੀਂ ਦੇ ਸਾਹਮਣੇ ਬਹਿ ਬਹਿ ਨ ਕਢ ਕਢ ਦਿਲ ਵਿਖਾਇਆ ਕਰ ।

ਇਨ੍ਹਾਂ ਪੀੜਾਂ ਨੂੰ ਝੱਲਣ ਦਾ ਤੇਰੇ ਵਿਚ ਹੈ ਨਹੀਂ ਜੁਰਕਾ,
ਸ਼ਮ੍ਹਾਂ ਦੇ ਨਾਲ ਭੰਭਟ ਵਾਲੀਆਂ ਸ਼ਰਤਾਂ ਨ ਲਾਇਆ ਕਰ ।

ਲਹੂ ਪੀ ਪੀ ਕੇ ਪਲੀਆਂ ਨਾਗਣਾਂ ਹੈ ਛੇੜ ਨਾ ਬੈਠੀਂ,
ਕਟਾਰਾਂ ਸਾਣ ਚੜ੍ਹੀਆਂ ਤੋਂ ਕਲੇਜੇ ਨੂੰ ਬਚਾਇਆ ਕਰ ।

ਇਨ੍ਹਾਂ ਦਾਗਾਂ ਭਰੇ ਚੰਦਾਂ ਦੇ ਵਿਚ ਠੰਢਕ ਨਹੀਂ ਵਸਦੀ,
ਇਲਾਹੀ ਨੂਰ ਵਾਲੀ ਜੋਤ, ਘਰ ਬਹਿ ਕੇ ਜਗਾਇਆ ਕਰ ।

ਤੂੰ ਜਿਸ ਬੁੱਤ ਦਾ ਪੁਜਾਰੀ ਹੈਂ, ਉਸੇ ਦੇ ਗੀਤ ਗਾ ਚਾਤ੍ਰਿਕ,
ਨਿਕੰਮੇ ਵੈਣ ਪਾ ਪਾ ਕੇ, ਨ ਦੁਨੀਆਂ ਨੂੰ ਸੁਣਾਇਆ ਕਰ ।

87. ਪੰਜਾਬੀ ਮਾਤਾ ਦੀ ਦੁਹਾਈ

ਧਾਰਨਾ-ਮਤ ਪੂਛ ਮੇਰਾ ਅਹਿਵਾਲ (ਭੈਰਵੀ)

ਜਾਗੋ ਵੇ ਮੇਰਿਓ ਸ਼ੇਰੋ ਵੇ ! ਕਿਉਂ ਦੇਰ ਲਗਾਈ ਵੇ ?
ਮੈਂ ਲੁੱਟ ਲਈ ਦਿਨ ਦੀਵੀਂ ਵੇ, ਕੋਈ ਸੁਣੋ ਦੁਹਾਈ ਵੇ ।

ਮੇਰਾ ਦੋ ਕਰੋੜ ਕਬੀਲਾ,
ਕੋਈ ਝਬਦੇ ਕਰਿਓ ਹੀਲਾ,
ਮੈਂ ਘਰ ਦੀ ਮਾਲਕਿਆਣੀ ਹੁੰਦੀ ਜਾਂ ਪਰਾਈ ਵੇ ! ਜਾਗੋ..

ਕੱਖਾਂ ਤੋਂ ਹੌਲੀ ਹੋਈ,
ਮੈਨੂੰ ਕਿਤੇ ਨ ਮਿਲਦੀ ਢੋਈ,
ਮਤਰੇਈਆਂ ਨੂੰ ਕਰ ਅੱਗੇ ਅੰਮਾਂ ਘਰੋਂ ਕਢਾਈ ਵੇ ! ਜਾਗੋ..

ਬਾਬੇ ਨਾਨਕ ਦੀ ਵਡਿਆਈ,
ਬੁਲ੍ਹੇ ਨੇ ਮੈਥੋਂ ਪਾਈ,
ਅਵਤਾਰਾਂ ਪੀਰਾਂ ਫਕੀਰਾਂ ਦੀ ਮੈਂ ਤਖਤ ਬਹਾਈ ਵੇ ! ਜਾਗੋ..

ਸਭ ਸਈਆਂ ਅਗੇ ਗਈਆਂ,
ਮਨਜ਼ੂਰ ਹਜ਼ੂਰੇ ਪਈਆਂ,
ਮੈਂ ਭਰੇ ਸਰੋਂ ਤੁਰ ਚੱਲੀ, 'ਚਾਤ੍ਰਿਕ' ਵਾਂਗ ਤਿਹਾਈ ਵੇ ! ਜਾਗੋ..

  • ਮੁੱਖ ਪੰਨਾ : ਕਾਵਿ ਰਚਨਾਵਾਂ, ਲਾਲਾ ਧਨੀ ਰਾਮ ਚਾਤ੍ਰਿਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ