Chand Taare : Dr Devi Das Hindi

ਚੰਦ ਤਾਰੇ : ਡਾਕਟਰ ਦੇਵੀ ਦਾਸ 'ਹਿੰਦੀ'



1. ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ

ਕੋਈ ਪ੍ਰੇਮ ਅੰਦਰ ਪਿਆ ਖਲ ਉਚੇੜੇ, ਕੋਈ ਬੇਲੇ ਝਲਾਂ ’ਚ ਮਝੀਆਂ ਨੂੰ ਛੇੜੇ, ਕੋਈ ਅਟਾ ਕੁਟ ਪਿਆ ਖੂਹਾ ਗੇੜੇ, ਕੋਈ ਸੈਂਹਦਾ ਜੰਗਲ 'ਚ ਦਬਾਂ ਦਰੇੜੇ, ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ। ਕੋਈ ਟਕਰਾਂ ਜਾਂ ਪਹਾੜਾਂ ’ਚ ਮਾਰੇ, ਚਲਾਏ ਕਿਤੇ ਤੇਰੀ ਹੋਣੀ ਨੇ ਆਰੇ। ਕੋਈ ਹਾਰ ਜਿਤੇ ਕੋਈ ਜਿਤ ਹਾਰੇ, ਪਰ ਅਸ਼ਕੇ ਓ ਰਬਾ ਤੇਰੇ ਸਦਕੇ ਵਾਰੇ। ਇਹ ਤੇਰੇ ਹੀ ਸਾਰੇ ਨੇ ਝੇਲੇ ਝੰਬੇੜੇ, ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ। ਕੋਈ ਪਟ ਦਾ ਮਾਸ ਤਲ ਤਲ ਖੁਵਾਵੇ, ਕਿਸੇ ਨੂੰ ਘੜਾ ਖੁਰ ਕੇ ਵਿਚੇ ਡੁਬਾਵੇ। ਕੋਈ ਪੈਰ ਕੁਤਿਆਂ ਦੇ ਚੁੰਮੇ ਚੁਮਾਵੇ, ਨਾ ਤੇਰਾ ਕੋਈ ਵੀ ਰਤਾ ਭੇਦ ਪਾਵੇ। ਕਿਤੇ ਦੂਰ ਵਸਨਾਂ ਏਂ ਕਿਤੇ ਨੇੜੇ ਨੇੜੇ, ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ। ਕਿਸੇ ਨੂੰ ਹਜ਼ਾਰਿਓਂ ਧੱਕਾ ਦਵਾ ਕੇ, ਬਣਾਇਆ ਸਿਆਲਾਂ ਦਾ ਚਾਕਰ ਈ ਆ ਕੇ। ਦਵਾਇਓ ਈ ਕੇਹੜਾ ਫਲ ਮਝੀਂ ਚਰਾ ਕੇ, ਪੜਾਏ ਈ ਕੰਨ ਅੰਤ ਟਿਲੇ ਤੇ ਜਾ ਕੇ। ਜਦੋਂ ਵਿਆਹ ਕੇ ਹੀਰ ਲੈ ਗਏ ਨੇ ਖੇੜੇ, ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ। ਕਿਤੇ ਚੋਰ ਨੂੰ ਤੂੰ ਕੁਤਬ ਚਾ ਬਨਾਵੇਂ, ਕਿਤੇ ਅਗ ਲਭਦੇ ਨੂੰ ਜਲਵਾ ਦਖਾਵੇਂ ਕਿਤੇ ਤੱਤੇ ਥਮ੍ਹਾਂ ਤੇ ਕੀੜੀ ਵਸਾਵੇਂ, ਕਿਸੇ ਨੂੰ ਰੁਵਾਵੇਂ, ਕਿਸੇ ਨੂੰ ਹਸਾਵੇਂ। ਕਿਤੇ ਬੇੜੀ ਡੋਬੇਂ ਤਰਾ ਦੇਵੇਂ ਬੇੜੇ, ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ। ਕਿਤੇ ਗਲ 'ਚ ਮਾਲਾ, ਤੇ ਦਿਲ ਕਾਲਾ ਕਾਲਾ, ਕਿਤੇ ਬਰਫਾਂ 'ਚ ਬਲਦੀ ਜਵਾਲਾ। ਕਿਤੇ ਸ਼ਾਂਤ ਵਰਤੀ ਕਿਤੇ ਹੈ ਉਛਾਲਾ, ਕਿਤੇ ਚਿਟਾ ਚਾਣਨ ਕਿਤੇ ਧੂੰ ਬਗੁਲਾ। ਕੋਈ ਤੇਰੇ ਭਾਣੇ ਨੂੰ ਮਰ ਮਰ ਨਬੇੜੇ, ਤੂੰ ਪਾਏ ਨੇ ਰੱਬਾ ਇਹ ਕੀ ਕੀ ਬਖੇੜੇ। ਕੋਈ ਬਘੀ ਦੇ ਵਿਚ ਬੈਹ ਬੈਹ ਥਕੇਂਦਾ, ਤੇ ਕੋਈ ਹੈ ਘੋੜੇ ਦੇ ਅਗੇ ਫਸੇਂਦਾ ਕਿਸੇ ਨੂੰ ਅਜੀਰਨ ਕੋਈ ਭੁਖ ਮਰੇਂਦਾ, ਕੋਈ ਤੇਰੇ ਨਾਂ ਦੀ ਦੁਹਾਈ ਹੈ ਦੇਂਦਾ। ਕਿਤੇ ਘਾਟਾ ਅੱਨ ਦਾ ਕਿਤੇ ਦੁਧ ਪੇੜੇ, ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ। ਕਿਤੇ ਕੋਈ ਸਿਆਣਾ ਹੈ ਭੁਖਾ ਨਿਮਾਣਾ, ਕਿਤੇ ਕੋਈ ਬੁਧੂ ਹੈ ਰਾਜਾ ਤੇ ਰਾਣਾ। ਹੈ ਇਕ ਦੀ ਜ਼ਮੀਨ ਭੋਂ ਨਾ ਇਕ ਦਾ ਠਕਾਨਾ, ਹੈ ਕੇਹੜੀ ਦਾਨਾਈ ਇਹ ਭਿੰਨ ਭੇਤ ਪਾਨਾ। ਕਿਤੇ ਉਚੇ ਹੋਏ ਕਿਤੇ ਪੁਠੇ ਗੇੜੇ, ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ। ਕਿਤੇ ਸਭਯਤਾ ਦੇ ਨੇ ਧੋਣੇ ਧੋਈਦੇ, ਕਿਤੇ ਨੇ ਗੁਲਾਮੀ ਦੇ ਰੋਣੇ ਰੋਈਦੇ। ਕਿਤੇ ਇਨਕਸਾਰੀ ਢੋਏ ਢੋਈਦੇ, ਕਿਤੇ ਲੋਕ ਵਸਦੇ ਨੇ ਡਾਹਢੇ ਕੋਈਦੇ। ਕਿਤੇ ਕੋਈ ਮੂੰਹ ਜ਼ੋਰ ਹੋ ਜੰਗ ਛੇੜੇ, ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ। ਕਿਤੇ ਸੱਤੀ ਵੀਹੀਂ ਹੈ ਸੌ ਜ਼ੋਰਾਵਰ ਦਾ, ਕਿਤੇ ਕੋਈ ਨਿਮਾਣਾ ਹੈ ਚੱਟੀਆਂ ਈ ਭਰਦਾ। ਕਿਤੇ ਹੈ ਧਨੀ ਕੋਈ ਗਲ ਆਨ ਕਰਦਾ, ਕਿਤੇ ਕੋਈ ਗਰੀਬ ਨੂੰ ਝੋਰਾ ਹੈ ਜ਼ਰ ਦਾ। ਛਿੜੇ ਹੋਏ ਨੇ ਹਰ ਥਾਂ ਇਹੋ ਹੀ ਝੇੜੇ, ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ। ਕਿਤੇ ਫੈਸ਼ਨਾਂ ਨੇ ਹੈ ਰਚਨਾ ਰਚਾਈ, ਲਿਵਿੰਡਰ ਤੇ ਪੌਡਰ ਨੇ ਦੁਨੀਆ ਵਸਾਈ। ਕਰੀਮਾਂ ਨੇ ਚੇਹਰੇ ਤੇ ਆਂਦੀ ਸਫਾਈ, ਕਿਤੇ ਦੰਦ ਮੋਤੀ ਤੇ ਲੁਟ ਹੈ ਗੰਡੋਈ। ਕਿਤੇ ਘਤੇ ਛਾਏ ਨੇ ਦੰਦੀਂ ਕਰੇੜੇ, ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ। ਤੇਰੀ ਸਾਜੀ ਹੋਈ ਹੈ ਮਖਲੂਕ ਸਾਰੀ, ਕਿਤੇ ਵਿਤਕਰੇ ਕਿਉਂ ਕਰੇ ਤੂੰ ਹੈ ਧਾਰੀ। ਇਹ ਕਿਧਰ ਦਾ ਖਾਲਕ ਪਨਾ ਮੇਰੇ ਬਾਰੀ, ਤੂੰ 'ਹਿੰਦੀ' ਨੂੰ ਸਮਝਾ ਦੇ ਸਾਰੇ ਨਖੇੜੇ। ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ।

2. ਗੁਰੂ ਨਾਨਕ

ਦੁਨੀਆਂ ਵਿਚ ਜਿਸ ਦਮ ਮਨਮਤ ਸੀ ਹੋਈ, ਤੇ ਗੁਰਮਤ ਤਾਂਈ ਨਾ ਮਿਲਦੀ ਸੀ ਢੋਈ। ਜਦ ਧਰਮ ਕਰਮ ਦੀ ਨਾ ਸ਼ਰਮ ਸੀ ਕੋਈ, ਲਾਹ ਦਿਤੀ ਸੀ ਜਗ ਨੇ ਜਦ ਮੂੰਹ ਤੋਂ ਲੋਈ। ਚੌਂਹ ਕੂਟਾਂ ਅੰਦਰ ਅੰਧੇਰ ਸੀ ਛਾਇਆ, ਸ੍ਰੀ ਸਤਿਗੁਰੂ ਨਾਨਕ ਉਸ ਵੇਲੇ ਆਇਆ। ਜਦ ਡਾਂਗ ਦੁਈ ਦੀ ਹਰ ਪਾਸੇ ਖੜਕੀ, ਅਤੇ ਏਕਤਾ ਵਾਲੀ ਗਰਦਨ ਸੀ ਝੜਕੀ । ਜਦ ਵੈਰਾਂ ਵਿਰੋਧਾਂ ਦੀ ਅਗ ਸੀ ਭੜਕੀ, ਤੇ ਜ਼ੁਲਮ ਸਿਤਮ ਦੀ ਬਿਜਲੀ ਸੀ ਕੜਕੀ । ਜਦ ਦੁਨੀਆਂ ਨੇ ਦਿਲ ਤੋਂ ਸੀ ਪ੍ਰੇਮ ਭੁਲਾਇਆ, ਤਦ ਕਾਲੂ ਜੀ ਦੇ ਘਰ ਨਾਨਕ ਆਇਆ । ਕਰਤਾਰ ਦੀ ਪੂਜਾ ਨਾ ਕੋਈ ਕਰਦਾ, ਨਾ ਸਿਧੇ ਰਾਹ ਤੇ ਕੋਈ ਪੈਰ ਸੀ ਧਰਦਾ । ਸੀ ਵਿਚ ਭੁਲੇਖੇ ਜਗ ਖਪ ਖਪ ਮਰਦਾ, ਤਦ ਖਾਂਦੇ ਸੀ ਗੋਤੇ ਨਾ ਕੋਈ ਸੀ ਤਰਦਾ । ਖੁਦਗ਼ਰਜ਼ਾਂ ਨੇ ਜਿਸ ਦਮ ਸੀ ਰੌਲਾ ਪਾਇਆ, ਤਦ ਬਾਬਾ ਨਾਨਕ ਨਣਕਾਣੇ 'ਚ ਆਇਆ ਹੈ । ਪੈ ਗਈਆਂ ਸੀ ਜੱਗ ਨੂੰ ਜਦ ਵਾਦੀਆਂ ਬੁਰੀਆਂ, ਲੋਕ ਦਖਾਵੇ ਦੀਆਂ ਤੋਰਾਂ ਤੁਰੀਆਂ । ਦੁਸ਼ਟਾਂ ਦੇ ਦਿਲ ਵਿਚ ਮਨ ਮਾਣੀਆਂ ਛੁਰੀਆਂ, ਜਦ ਗਉਆਂ ਦੇ ਗਲੇ ਤੇ ਚਲ ਪਈਆਂ ਫੁਰੀਆਂ । ਜਦ ਇਕ ਨੇ ਦੂਜੇ ਦੇ ਦਿਲ ਨੂੰ ਸਤਾਇਆ, ਤਦ ਪਿਆਰਾ ਸਤਗੁਰੂ ਓਹ ਨਾਨਕ ਆਇਆ । ਜਦ ਬ੍ਰਾਹਮਣ ਕੁਲ ਨੇ ਮਰਯਾਦਾ ਵਿਸਾਰੀ, ਪੀਰਾਂ ਤੋਂ ਲਾਹ ਕੇ ਸ਼ੂਦਰ ਨੂੰ ਮਾਰੀ । ਅਤੇ ਪੈਦਾ ਹੋ ਗਏ ਖਤਰੀ ਹੰਕਾਰੀ, ਪੈਰਾਂ ਦੀ ਜੁਤੀ ਸਮ ਜਾਨੀ ਨਾਰੀ । ਜਦ ਵੇਦਾਂ ਦਾ ਉਲਟਾ ਸੀ ਅਰਥ ਲਗਾਇਆ, ਤਦ ਵੇਦੀ ਕੁਲ ਵਿਚ ਗੁਰੂ ਨਾਨਕ ਆਇਆ । ਜਦ ਹਿੰਦੂ ਤੇ ਮੁਸਲਮ ਆਪੋ ਵਿਚ ਝਗੜੇ, ਲਗੇ ਜ਼ੁਲਮ ਕਮਾਵਣ ਕਮਜ਼ੋਰਾਂ ਤੇ ਤਗੜੇ । ਜਿਸ ਵੇਲੇ ਲਗੇ ਸੀ ਛੂ-ਛਾ ਦੇ ਰਗੜੇ, ਨਾ ਰੁੜ੍ਹਦਿਆਂ ਵਾਲਾ ਕੋਈ ਬਾਜ਼ੂ ਪਕੜੇ । ਜਦ ਘੁਮਣ ਘੇਰਾਂ ਬੇੜੇ ਨੂੰ ਫਸਾਇਆ, ਤਦ ਗੁਰੂ ਨਾਨਕ ਇਸ ਜਗ ਤੇ ਆਇਆ । ਜਦ ਵਿਧਵਾ ਨੂੰ ਕੋਈ ਧਰਵਾਸ ਨਹੀਂ ਸੀ, ਅਤੇ ਕੌਮ ਨੂੰ ਉਸ ਦਾ ਕੋਈ ਪਾਸ ਨਹੀਂ ਸੀ । ਜਦ ਧਰਮੀਆਂ ਉਤੇ ਵਿਸ਼ਵਾਸ ਨਹੀਂ ਸੀ, ਬਿਨ ਦੁਖ ਭੋਗਣ ਦੇ ਕੋਈ ਆਸ ਨਹੀਂ ਸੀ। ਇਕ ਬੋਟ ਜੇਹੇ ਨੂੰ ਸੀ ਡੋਲੀ ਛੁੜਾਇਆ, ਤਿਸ ਵੇਲੇ ਦਾਤਾ ਬਣ ਨਾਨਕ ਆਇਆ । ਜਦ ਨੀਤੀ ਨੂੰ ਤਜ ਕੇ ਬੈਠੇ ਸਨ ਰਾਣੇ, ਨਿਸਦਿਨ ਸੀ ਕਾਰੇ ਚਲਦੇ ਮਨਮਾਨੇ । ਮਾਰੇ ਸਨ ਜਾਂਦੇ ਫੜ ਫੜ ਕੇ ਸਿਆਣੇ, ਗਲੀਆਂ ਵਿਚ ਰੋਂਦੇ ਮਸੂਮ ਅਨਜਾਨੇ । ਹਮਸਾਏ ਦਾ ਬਣਿਆ ਦੁਸ਼ਮਣ ਹਮਸਾਇਆ, ਤਦ ਤ੍ਰਿਪਤਾ ਦੀ ਗੋਦੀ ਵਿਚ ਨਾਨਕ ਆਇਆ। ਕੋਈ ਅਸਲ ਜਨੇਊ ਗਲ ਵਿਚ ਨਾ ਪਾਵੇ, ਕੋਈ ਮਨ ਦੀ ਮਾਲਾ ਨਾ ਫੇਰ ਦਿਖਾਵੇ । ਕੋਈ ਨਿਯਮ ਦਾ ਟਿੱਕਾ ਨਾ ਮੱਥੇ ਲਾਵੇ, ਕੋਈ ਹਵਨ ਅਮਨ ਦਾ ਨਾ ਕਰਕੇ ਦਿਖਾਵੇ । ਪੈ ਗਿਆ ਸੀ ਸਭ ਤੇ ਦੁਸ਼ਟਾਂ ਦਾ ਸਾਇਆ, ਤਦ ਧਰਮ ਦਾ ਰਾਖਾ ਗੁਰੂ ਨਾਨਕ ਆਇਆ। ਭੁਲੀ ਹੋਈ ਦੁਨੀਆਂ ਜਿਸ ਰਾਹੇ ਪਾਈ, ਰੁੜ੍ਹਦੀ ਸੀ ਬੇੜੀ ਜਿਸ ਬੰਨੇ ਲਾਈ । ਅੰਧੇਰੇ ਦੇ ਅੰਦਰ ਜਿਸ ਜੋਤ ਜਗਾਈ, 'ਹਿੰਦੀ' ਧਰਤੀ ਦੀ ਜਿਸ ਆਸ ਪੁਜਾਈ। ਅਤੇ ਧਰਮ ਦਾ ਜਿਸ ਆਨ ਝੰਡਾ ਝੁਲਾਇਆ, ਉਹ ਕਲਜੁਗ ਅੰਦਰ ਇਕੋ ਨਾਨਕ ਸੀ ਆਇਆ ।

3. ਗੁਰੂ ਨਾਨਕ

ਸੂਰਜ ਬੰਸੀ ਬੰਸ ਵਾਲਾ, ਲੋਧੀਆਂ ਦੇ ਵੇਲੇ ਆਨ, ਸੂਰਜ ਫੇਰ ਚੜ੍ਹਿਆ ਕਾਲੂ ਚੰਦ ਦੇ ਪ੍ਰਵਾਰ ਦਾ। ਨਾਨਕ ਦੇ ਰੂਪ ਵਿਚ ਪ੍ਰਗਟ ਹੋਇਆ ਨੂਰ ਰੱਬੀ, ਜੰਮਦੇ ਈ ਸਾਰ ਮਸਤਕ ਡਲ੍ਹਕਾਂ ਪਿਆ ਮਾਰਦਾ। ਕਿਹਾ ਹਰਦਿਆਲ, ਹਰਦਿਆਲ ਹੋਈ ਅਸਾਂ ਉਤੇ, ਵੇਖਿਆ ਨਵਿਸ਼ਤਾ ਜਦੋਂ ਸਚੀ ਸਰਕਾਰ ਦਾ । ਬੈਠੇ ਜਦੋਂ ਪੜ੍ਹਨ ਆਪ ਪਾਂਹਦੇ ਨੂੰ ਪੜ੍ਹਾਉਣ ਲਗੇ, ਖੋਲ੍ਹ ਖੋਲ੍ਹ ਦਸਿਆ ਨੇ ਭੇਦ ਓਂਕਾਰ ਦਾ । ਏਸੇ ਤਰ੍ਹਾਂ ਕੁਤਬ ਤਾਈਂ ਚੋਰੋਂ ਕੁਤਬ ਕਰਨ ਵਾਂਗ, ਅਖਰਾਂ ਦੇ ਅਰਥ ਦਸ ਡੁਬਿਆਂ ਨੂੰ ਤਾਰਦਾ । ਕਦੇ ਹਰੇ ਖੇਤ ਕਰੇ ਵੇਂਹਦਿਆਂ ਹੀ ਝਟਪਟ, ਜਿਥੇ ਭੋਲੇ ਭਾ ਪਹਿਲੋਂ ਮਝੀਆਂ ਨੂੰ ਚਾਰਦਾ। ਕਿਤੇ ਬਨ ਵਿਚ ਸੁਤੇ ਹੋਇਆਂ ਨੂੰ ਤਕਾਲਾਂ ਤੀਕ, ਢਲੇ ਨਾ ਪ੍ਰਛਾਵਾਂ ਬੂਟਾ ਚੌਰ ਜੇ ਝਲਾਰ ਦਾ। ਕਿਤੇ ਵੇਖ ਵੇਖ ਧੀਰ ਬਝੂ ਰਾ ਬਲਾਰ ਦਾ, ਸੁਤੇ ਬਾਬੇ ਉਤੇ ਸੱਪ ਫਣ ਜਾਂ ਖਲ੍ਹਾਰਦਾ । ਸੌਦੇ ਪਤੇ ਲਈ ਜਦੋਂ ਪਿਤਾ ਜੀ ਨੇ ਹੁਕਮ ਕੀਤਾ, ਚੂੜ੍ਹਕਾਣੇ ਪਹੁੰਚ ਬਾਬਾ ਦਿਲ ’ਚ ਵਿਚਾਰਦਾ। ਨਫ਼ੇ ਵਾਲਾ ਕੰਮ ਕਰਾਂ ਪਿਤਾ ਜੀ ਦੀ ਆਗਿਆ ਏ, ਭੁਖਿਆਂ ਨੂੰ ਦੇਣਾ ਵਡਾ ਨਫ਼ਾ ਹੈ ਵਪਾਰ ਦਾ। ਝੱਟ ਸਾਰੀ ਰਕਮ ਦੀ ਰਸਦ ਪਾਈ ਫ਼ਕਰਾਂ ਨੂੰ, ਕਨੀਆਂ ਨੂੰ ਝਾੜ ਪੈਰ ਪਿਛਾਂਹ ਨੂੰ ਹਲਾਰ ਦਾ। ਮਾਪਿਆਂ ਦਾ ਖ਼ੌਫ਼ ਡਾਹਢਾ ਲੱਖ ਭਾਵੇਂ ਵਲੀ ਹੋਈਏ, ਲੁਕ ਛੁਪ ਜੂਹੀਂ ਬੇਲੀਂ ਵਕਤ ਗੁਜ਼ਾਰਦਾ । ਭਖੇ ਤੇ ਕ੍ਰੋਧ ਨਾਲ ਲਾਲ ਪੀਲੇ ਪਿਤਾ ਹੋਏ, ਹਾਕਮ ਬੁਲਾਰ ਝਟ ਤਪਿਆਂ ਨੂੰ ਠਾਰਦਾ । ਰੋਕੋ ਟੋਕੋ ਮੂਲ ਨਾਹੀਂ ਰੱਬ ਦਿਆਂ ਪਿਆਰਿਆਂ ਨੂੰ, ਖਰਚ ਜਿੱਨਾ ਕਰਨ ਹੋਊ ਸਾਡੇ ਹੀ ਭੰਡਾਰ ਦਾ। ਮੁਕਦੀ ਕੀ, ਏਸੇ ਤਰ੍ਹਾਂ ਸਾਰਾ ਜੱਗ ਤਾਰਿਆ ਨੇ, ਕਿਤੇ ਕਰਾਮਾਤਾਂ ਕਿਤੇ ਕੰਮ ਪ੍ਰਚਾਰ ਦਾ । ਕਦੇ ਰੇਠਾ ਮਿਠਾ ਕੀਤਾ, ਮੱਕੇ ਨੂੰ ਭਵਾਇਆ ਕਦੇ, ਕਦੇ ਉਪਦੇਸ਼ ਦੇ ਦੇ ਵਿਗੜੇ ਸਵਾਰਦਾ। ਪੱਥਰਾਂ ਨੂੰ ਮੋਮ ਕਰ, ਪੰਜੇ ਨਾਲ ਠਲ੍ਹ ਕਦੇ, ਸਮਝ ਕੇ ਰਾਈ ਹਦਵਾਟੇ ਹੀ ਖਲ੍ਹਾਰਦਾ । 'ਹਿੰਦੀ' ਹਿੰਦੂ ਮੁਸਲਮਾਨ ਵਾਲਾ ਭਰਮ ਗਵਾਏ ਕਿਤੇ, ਬੰਦਿਆਂ ਨੂੰ ਭੇਤ ਕਿੱਥੋਂ ਆਏ ਅਪ੍ਰਮਪਾਰ ਦਾ।

4. ਸੱਚਾ ਸੌਦਾ

ਬਾਬੇ ਕੋਲ ਬਹਿ ਕੇ ਕਾਲੂ ਝੁਰਨ ਲੱਗਾ, ਵਹੀਆਂ ਤਾਰੀਆਂ ਚਾਨਣਾ ਸਾਰੀਆਂ ਤੂੰ । ਪਾਂਧੇ ਪਾਸ ਵੀ ਪੂਰੀਆਂ ਪਾ ਲਈਆਂ, ਗਾਈਂ ਮਹੀਆਂ ਵੀ ਸੋਹਣੀਆਂ ਚਾਰੀਆਂ ਤੂੰ । ਵਹੀ ਖੇਤੀ ਵੀ ਲਾ ਛੱਡੀ ਤਾਰ ਬੰਨੇ, ਕੀਤੇ ਸਭ ਕੰਮ ਵਾਂਗ ਵਗਾਰੀਆਂ ਤੂੰ । ਡੰਡੇ ਫੜਨ ਦੀ ਨਿਯਤ ਤਾਂ ਨਹੀਂ ਧਾਰੀ ? ਸਾਧਾਂ ਨਾਲ ਲਾਉਂਦਾ ਫਿਰੇਂ ਯਾਰੀਆਂ ਤੂੰ । ਸਾਡੇ ਧੌਲਿਆਂ ਵੱਲ ਖ਼ਿਆਲ ਕਰ ਕੁਛ, ਦਾਹੜੀ ਮੂੰਹ ਆਈ ਬੁਧੀਵਾਨ ਹੈਂ ਤੂੰ। ਤੋਰ ਤੁਰੇਗੀ ਇਸ ਤਰ੍ਹਾਂ ਕਿਵੇਂ ਘਰ ਦੀ, ਕਿਹੜੇ ਵਹਿਣ ਦੇ ਵਿਚ ਗਲਤਾਨ ਹੈਂ ਤੂੰ । ਹਛਾ ਬੀਤ ਗਈ ਦੀ ਹੁਣ ਘਸੀਟ ਕਾਹਦੀ, ਹੱਥੋਂ ਛੁਟਿਆ ਤੀਰ ਨਾ ਮੁੜੇ ਕੋਈ। ਡੁਲ੍ਹੇ ਬੇਰ ਸੌਖੇ ਨੇ ਸਮੇਟ ਲੈਣੇ, ਹੈ ਲਾਭ ਜੇ ਕਰ ਹੁਣ ਵੀ ਮੁੜੇ ਕੋਈ ! ਕਿਸੇ ਕਾਰ ਵਿਹਾਰ ਵਿਚ ਲਾ ਦੀਦਾ, ਦਸਾਂ ਨੌਹਾਂ ਦੀ ਭਲਾ ਜੇ ਜੁੜੇ ਕਈ । ਵੀਹ ਰੁਪਏ ਲੈ ਜਾ, ਵਰਤੀਂ ਹੋਸ਼ ਕਰਕੇ, ਪੈਸਾ ਰਾਸ ’ਚੋਂ ਮੂਲ ਨ ਥੁੜੇ ਕੋਈ । ਬਾਲਾ ਨਾਲ ਲੈ ਲੈ ਵੇਖ ਚਾਖ ਕੇ ਤੇ, ਡਾਹਡਾ ਖਰਾ ਸੌਦਾ ਕਰਕੇ ਆਈਂ ਕੋਈ । ਮੇਰੀ ਪੋਹਰਿਆਂ ਨਾਲ ਕਮਾਈ ਹੋਈ ਊ, ਵੇਖੀਂ ਹੋਰ ਨਾ ਚੰਦ ਚੜ੍ਹਾਈਂ ਕੋਈ । ਕੁਦਰਤ ਹਸਦੀ ਸੀ ਭੋਲੇ ਬਾਬਲੇ ਤੇ, ਪੜਦੇ ਚੰਦ ਤੇ ਪਿਆ ਜੋ ਪਾਂਵਦਾ ਏ । ਜਿਸ ਨੀ ਨੀਝ ਰੇਠੇ ਵਿਚ ਮਿਠਾਸ ਪਾਣੀ, ਉਸ ਨੂੰ ਖਟੀਆਂ ਦੇ ਚੇਟਕ ਲਾਂਵਦਾ ਏ । ਹੀਰੇ ਲਾਲ ਜਿਸ ਨਾਮ ਦੇ ਵੰਡਣੇ ਨੇ, ਉਸ ਨੂੰ ਵੱਟਿਆਂ ਵਿਚ ਪ੍ਰਚਾਂਵਦਾ ਏ । ਸੋਮੇ ਸਚ ਦੇ ਨੂੰ ਪਾ ਕੇ ਮੰਜ ਕੂਰਾ, ਝੂਠ ਸਚ ਦੀ ਜਾਚ ਸਖਾਂਵਦਾ ਏ । ਭੁਲ ਗਈ ਸੀ ਕ੍ਰਿਸ਼ਨ ਦੀ ਮਾਂ ਜੇ ਕਰ, ਇਹ ਵੀ ਲਾਲ ਨੂੰ ਪਰਖ ਨਾ ਸਕਦਾ ਏ । ਸਾਰੇ ਜੱਗ ਅੰਦਰ ਛੱਟਾ ਜਿਸ ਦੇਣਾ, ਉਸ ਨੂੰ ਭੋਰਿਆਂ ਦੇ ਅੰਦਰ ਧਕਦਾ ਏ । ਤੁਰਿਆਂ ਜਾਂਦਿਆਂ ਗੁਰਾਂ ਕੀ ਰੰਗ ਡਿੱਠਾ, ਸਾਧ ਮੰਡਲੀ ਧੂਣੀਆਂ ਤਾਈਆਂ ਨੇ । ਧੁਖਣ ਆਂਦਰਾਂ, ਸੀਨਿਉਂ ਸੇਕ ਆਵੇ, ਭੁਖ ਭਗਤੀਆਂ ਸਭ ਵਿਸਰਾਈਆਂ ਨੇ । ਕਿਉਂ ਭਈ ਬਾਲਿਆ ਹਈ ਨਾ ਖਰਾ ਸੌਦਾ, ਤੂੰ ਕੀ ਘੁੰਗੀਆਂ ਮੂੰਹ ਵਿਚ ਪਾਈਆਂ ਨੇ । ਏਸ ਵਣਜ ਵਿਚ ਨਫ਼ਾ ਹੀ ਨਫ਼ਾ ਭਾਸੇ, ਵਾਹ-ਵਾ ਹੁੰਦੀਆਂ ਸਫ਼ਲ ਕਮਾਈਆਂ ਨੇ । ਮਰਜ਼ੀ ਪਾ, ਹਲਾ ਕੇ ਧੌਣ ਬਾਲੇ, ਮਰਜ਼ੀ ਸੈਨਤਾਂ ਨਾਲ ਸਮਝਾ ਦਿੱਤੀ। ਬਾਬੇ ਹੋਰਾਂ ਨੇ ਝਾੜ ਕੇ ਹੱਥ ਪੱਲਾ, ਰਾਸ ਰਾਸਤੀ ਦੇ ਰਾਹੇ ਪਾ ਦਿੱਤੀ ।

5. ਪੰਜਾ ਸਾਹਿਬ

ਹਸਨ ਅਬਦਾਲ ਦੀਆਂ ਪਰਬਤਾਂ ਦੀ ਉਚ ਟੀਸੀ, ਰਹੇ ਇਕ ਵਲੀ, ਜਿਹਨੂੰ ਮਾਣ ਸੀ ਕਮਾਈ ਦਾ । ਨਾਮ ਸੀ ਕੰਧਾਰੀ ਓਹਦਾ ਪਈ ਮੰਨੇ ਖ਼ਲਕ ਸਾਰੀ, ਪੂਰਾ ਕਰਨੀਆਂ ਦਾ ਕਾਰੀ ਸਮੇਂ ਆਪਣੇ ਸਦਾਈ ਦਾ । ਨਾਲ ਤਕਦੀਰ ਗੁਰੂ ਨਾਨਕ ਜੀ ਆਨ ਪੁਜੇ, ਫਿਰਦੇ ਫਿਰੌਂਦੇ ਸੈਲ ਕਰਦੇ ਲੋਕਾਈ ਦਾ । ਧੁਮਾਂ ਬਾਬੇ ਹੋਰਾਂ ਦੀਆਂ ਵਲੀ ਨੇ ਵੀ ਸੁਣ ਲਈਆਂ, ਆਣ ਪਿੜ ਬਝਾ ਗਿਆਨ ਰੁਚੀਆਂ ਦੀ ਲੜਾਈ ਦਾ । ਲੌਂਦਰਾਂ, ਨਕਾਲਾਂ, ਧੋਬੀ ਪਟੜੇ ਤੇ ਥੋਥ ਚਲੇ, ਚੜ੍ਹਦੇ ਤੋਂ ਚੜ੍ਹਦਾ ਸੀ ਦਾ ਹਰ ਦਾਈ ਦਾ । ਮਾਰ ਕੇ ਉਖੇੜ ਬਾਬੇ ਵਲੀ ਤਾਈਉਂ ਕਢ ਢਾਇਆ, ਫੁਰਿਆ ਨਾ ਦਾ ਉਕਾ ਉਹਦੀ ਚਤਰਾਈ ਦਾ, ਕੱਖਾਂ ਕੋਲੋਂ ਹੌਲਾ ਹੋਇਆ, ਪਾਣੀ ਕੋਲੋਂ ਪਤਲਾ, ਸੂਫ਼ੀਆਂ ਦੇ ਨਾਲ ਭਲਾ ਪੂਰਾ ਕਿਥੋਂ ਆਈ ਦਾ ? ਮਾਣ ਮਤਾ ਫੇਰ ਵੀ ਨਾ ਮੰਨਿਆ ਤੇ ਕਹਿਣ ਲੱਗਾ, ਦੱਸ ਕਰਾਮਾਤ ਜੇ ਕੋਈ ਦਾਹਵਾ ਈ ਖ਼ੁਦਾਈ ਦਾ। ਬਾਬੇ ਕਿਹਾ ਭਾਈ ਜਿਹਨੂੰ ਪਿਆ ਕਰਾਮਾਤ ਆਖੇਂ, ਮੇਰੇ ਭਾਣੇ ਖੇਡ ਨਿਰਾ ਚਿਤ ਦੀ ਸਫ਼ਾਈ ਦਾ। ਚੰਗਾ ਤੇਰੀ ਮਰਜ਼ੀ ਜੇ ਰੀਝੀਂ ਕਰਾਮਾਤ ਉਤੇ, ਦੇਖ ਹੱਥ ਕਿਵੇਂ ਹੱਥੀਂ ਸਰ੍ਹੋਂ ਨੂੰ ਜਮਾਈ ਦਾ । ਉਹਦੀ ਸਾਰੀ ਕਰਨੀ ਤੇ ਬਾਬੇ ਪਾਣੀ ਫੇਰ ਦਿੱਤਾ ਝਟ, ਦੱਸ ਦਿੱਤਾ ਪੁਟ ਸੋਮਾ ਪਾਣੀ ਏਵੇਂ ਵਗਾਈ ਦਾ । ਤੇਲ ਵਾਂਗੂ ਖਿੱਚ ਲਿਆ ਨੀਰ ਓਹਦੇ ਚਸ਼ਮੇ ਦਾ, ਸੁਕਾ ਦੀਵਾ ਦੇਵੇ ਕੰਮ ਕਿਵੇਂ ਰੁਸ਼ਨਾਈ ਦਾ । ਤਲੋ-ਮੱਛੀ ਹੋਣ ਲੱਗਾ, ਬੜਾ ਘਬਰੌਣ ਲਗਾ, ਫ਼ਟਕ ਹੋਇਆ ਰੰਗ ਜਿਵੇਂ ਕਾਗਤ ਹਨਾਈ ਦਾ । ਧੱਕ ਕੇ ਪਹਾੜ ਉਤੋਂ ਗੁੱਸੇ ਨਾਲ ਰੇਹੜ ਦਿੱਤਾ, ਬਾਬੇ ਹੋਰਾਂ ਜਾਤਾ ਜਿਹਨੂੰ ਦਾਣਾ ਇਕ ਰਾਈ ਦਾ। ਠਲ੍ਹ ਦਿੱਤਾ ਪੰਜੇ ਨਾਲ ਜਿਹਾ ਮੁੜ ਹਿਲਿਆ ਨਾ, ਅਜੇ ਤਕ ਸਾਮਲ ਤਕ ਪੰਜਾ ਦਰਸ਼ਨਾਈ ਦਾ । ਨਿਮੋਝੂਨ ਹੋਇਆ ਵਲੀ, ਬਾਬੇ ਜੀ ਦੀ ਸ਼ਰਨ ਆਇਆ, ਡਿੱਗਾ ਆਣ ਪੈਰੀਂ ਦਾਵਾ ਛੱਡ ਔਲਿਆਈ ਦਾ । ਬਾਬੇ ਝਟ ਗਲ ਲਾਇਆ, ਖੋਲ੍ਹੀਆਂ ਗਿਆਨ ਅੱਖੀਂ, ਦਸਿਆ ਪਿਆਰਿਆ ਕਿਤੇ ਲੱਭਣ ਨਹੀਂ ਜਾਈ ਦਾ । ਦਿਲ ਵਾਲੇ ਚੌਖਟੇ ’ਚ ਜੜੀ ਉਹਦੀ ਮੂਰਤੀ ਏ, ਵੇਖਣ ਨੂੰ ਮੀਟ ਅਖੀਂ ਧੌਣ ਨੂੰ ਨਿਵਾਈ ਦਾ । ਐਸਾ ਉਪਦੇਸ਼ ਹੋਇਆ ਆਣ ਕੇ ਗਿਆਨ ਵਾਲਾ, ਵਲੀ ਜਿਹਾ ਦੂਈ ਹੋਇਆ ਹਾਮੀ ਏਕਤਾਈ ਦਾ। 'ਹਿੰਦੀ' ਸਾਫ਼ ਦਸਿਆ ਪਿਆਰ ਨਾਲ ਬਾਬਾ ਜੀ ਨੇ, ਵਲੀਆਂ ਦੇ ਤਾਈਂ ਕਿਵੇਂ ਸਿੱਧੇ ਰਾਹ ਪਾਈ ਦਾ।

6. ਗੁਰੂ ਗੋਬਿੰਦ ਸਿੰਘ ਜੀ

ਕੀਹਦੀ ਖੁਸ਼ੀ ਵਿਚ ਮਾਲੀ ਬਾਗ ਨੂੰ ਸਵਾਰਦਾ ਏ, ਖੁਸ਼ੀ ਖੁਸ਼ੀ ਫੁੱਲ ਪਏ ਹੱਸਦੇ ਬਹਾਰ ਵਿਚ । ਤੇਲ ਦਿਆਂ ਮੋਤੀਆਂ ਸਜਾਈ ਟਹਿਣੀ ਮੋਤੀਏ ਦੀ, ਸੁੰਦਰੀ ਸੁਹਾਵੇ ਜਿਵੇਂ ਹੀਰਿਆਂ ਦੇ ਹਾਰ ਵਿਚ । ਨਰਗਸ ਗੁਲਾਬ ਤਾਈਂ ਸੈਨਤਾਂ ਪਈ ਮਾਰਦੀ ਏ, ਹੋ ਖਾਂ ਆਜ਼ਾਦ ਰੌਹ ਫਸਿਆਂ ਨਾ ਖ਼ਾਰ ਵਿਚ । ਹਰੀ ਹਰੀ ਮਖ਼ਮਲੀ ਵਛਾਈ ਹੋਈ ਜਾਪਦੀ ਏ, ਵਿਛਿਆ ਕਾਲੀਨ ਜਿਵੇਂ ਸ਼ਾਹੀ ਦਰਬਾਰ ਵਿਚ । ਗੰਗਾ ਨਦੀ ਚੁੰਮਦੀ ਏ ਪਟਨੇ ਦਿਆਂ ਕੰਡਿਆਂ ਨੂੰ, ਲਹਿਰਾਂ ਉਤੇ ਲਹਿਰਾਂ ਮਾਰੇ ਪਿਆਰੇ ਦੇ ਪਿਆਰ ਵਿਚ । ਫੁੱਲ ਬਰਸਾਂਵਦੇ ਨੇ ਦੇਵਤੇ ਅਕਾਸ਼ ਵਿਚੋਂ, ਰਿਧੀ ਸਿਧੀ ਫਿਰਦੀਆਂ ਨੇ ਪਟਨੇ ਦੇ ਬਾਜ਼ਾਰ ਵਿਚ । ਆਕਾਸ਼ ਬਾਣੀ ਹੋਈ ਮਾਤਾ ਗੁਜਰੀ ਦੀ ਕੁਖੋਂ ਅੱਜ, ਦਰਭ ਜੋਤ ਪ੍ਰਗਟ ਹੋਊ ਏਸ ਸੰਸਾਰ ਵਿਚ । ਤੇਗਾਂ ਰਾਣੀ ਫੇਰ ਫੇਰ ਘਲੀਆਂ ਪਤਾਸਿਆਂ 'ਚ, ਬਾਈ ਧਾਰਾਂ ਰੋਹੜ ਸੁਟੂ ਖੰਡੇ ਵਾਲੀ ਧਾਰ ਵਿਚ । ਮੂੰਹ ਮੋੜੂ ਧਰਮ ਉਤੇ ਦੇਸ਼ ਦਿਆਂ ਵੈਰੀਆਂ ਦੇ, ਜਿਹਾ ਜ਼ੋਰ ਹੋਸੀ ਉਹਦੇ ਤੀਰ ਤਲਵਾਰ ਵਿਚ । ਪਾਪ ਦੀਆਂ ਜੜ੍ਹਾਂ ਪੁੱਟ, ਧਰਮ ਨੂੰ ਫੈਲਾਊ ਸਾਰੇ, ਆਖੋ ਇਕ ਇਕ 'ਹਿੰਦੀ' ਆਣ ਕੇ ਪਿਆਰ ਵਿਚ । ਰਾਮ ਤੇ ਕ੍ਰਿਸ਼ਨ ਉਹੋ, ਉਹੋ ਦਸਮੇਸ਼ ਗੁਰੂ, ਭਿੰਨ ਭੇਤ ਜਾਪਦਾ ਨਹੀਂ ਕਿਸੇ ਅਵਤਾਰ ਵਿਚ । ਨੌਮੀ ਉਹ ਅਯੁਧਿਆ ਦੀ, ਅਸ਼ਟਮੀ ਉਹ ਮਥਰਾ ਦੀ, ਸਤਮੀਂ ਇਹ ਪਟਨੇ ਦੀ ਹੋਈਆਂ ਇਕੋ ਤਾਰ ਵਿਚ ।

7. ਇੱਕੋ ਸਿੱਕ ਬੱਸ ਤੇਰੇ ਦੀਦਾਰ ਦੀ ਏ

ਕਲਗੀ ਵਾਲਿਆਂ ਕਲਗੀ ਧਾਰ ਆ ਜਾ, ਹੁਣ ਕੋਈ ਕਸਰ ਬਾਕੀ ਇੰਤਜ਼ਾਰ ਦੀ ਏ । ਦੁਖਾਂ ਨਾਲ ਸਾਡਾ ਵਾਲ ਵਾਲ ਵਿਧਾ, ਹੋਣੀ ਅਜੇ ਕਈ ਫੰਦ ਖਲਾਰਦੀ ਏ । ਬੇੜਾ ਪੰਥ ਦਾ ਡੂੰਘੜੇ ਵਹਿਣ ਆਇਆ, ਲੋੜ ਤੁਧ ਜਹੇ ਖੇਵਨਹਾਰ ਦੀ ਏ, ਆਈ ਲਬਾਂ ਤੇ ਜਿੰਦ ਸੰਭਾਲ ਆ ਕੇ, ਸੰਗਤ ਵਾਹੋਦਾਹ ਇਹੋ ਪੁਕਾਰਦੀ ਏ । ਬਾਜਾਂ ਵਾਲਿਆ ਝਬਦੇ ਬੌਹੜ ਹੁਣ ਤਾਂ, ਇੱਕ ਸਿੱਕ ਬੱਸ ਤੇਰੇ ਦੀਦਾਰ ਦੀ ਏ । ਜਿਹੜੇ ਪੰਥ ਨੂੰ ਸਾਜਿਆ ਆਪ ਸਾਈਆਂ, ਦੇਖ ਦੁਖਾਂ ਨੇ ਕਿਸ ਤਰ੍ਹਾਂ ਰਾਣਿਆ ਏਂ । ਧਕੇ ਧੋੜਿਆਂ ਨੇ ਏਹਨਾਂ ਜਾਣ ਹਾਨੀ, ਤੁਰੇ ਜਾਂਦੇ ਨੂੰ ਤੁਰਤ ਪਛਾਣਿਆਂ ਏਂ । ਸਾਰੀ ਦੁਨੀ ਦੀਆਂ ਰਲ ਮੁਸੀਬਤਾਂ ਨੇ, ਏਹਨੂੰ ਪਿੜ ਖੇਡਣ ਵਾਲਾ ਜਾਣਿਆਂ ਨੇ । ਗ਼ਮਾਂ ਜਿੰਦ ਡਾਹਡੀ ਵਿਚੇ ਵਿਚ ਪੀਤੀ, ਖਬਰੇ ਹੋਰ ਕੀ ਕੀ ਏਹਨਾਂ ਠਾਣਿਆ ਏਂ । ਉਚਰ ਭਲਾ ਸਾਨੂੰ ਕਾਹਦਾ ਤੌਖਲਾ ਏ, ਜਿਚਰ ਮਿਹਰ ਦੀ ਨਜ਼ਰ ਸਰਕਾਰ ਦੀ ਏ । ਬਾਜਾਂ ਵਾਲਿਆ ਝਬਦੇ ਬਹੁੜ ਹੁਣ ਤਾਂ, ਇੱਕੋ ਸਿੱਕ ਬੱਸ ਤੇਰੇ ਦੀਦਾਰ ਦੀ ਏ । ਉੱਪਰ ਥੱਲੀਆਂ ਦੇਖ ਕੇ ਸਮੇਂ ਦੀਆਂ, ਬੜਾ ਸ਼ੁਕਰ ਜਿਹੜਾ ਪੰਥ ਡੋਲਿਆ ਨਾ। ਭਾਣਾ ਮੰਨਦਾ ਰਿਹਾ ਕਰਤਾਰ ਵਾਲਾ, ਸ਼ਾਂਤਮਈ ਰੱਖੀ, ਮੂੰਹੋਂ ਬੋਲਿਆ ਨਾ । ਹੱਥੋਂ ਆਣ ਨੂੰ ਰਤਾ ਨਾ ਜਾਣ ਦਿੱਤਾ, ਸਮਝ ਪਤ ਤੇਰੀ ਏਹਨੂੰ ਰੋਲਿਆ ਨਾ । ਪਏ ਲੱਖ ਮੁਆਮਲੇ ਚਾਬੀਆਂ ਦੇ, ਸ਼ਹਿਣ ਸ਼ਕਤੀਆਂ ਦਾ ਜਿੰਦਾ ਖੋਲ੍ਹਿਆ ਨਾ। ਓਸੇ ਤਰ੍ਹਾਂ ਹੁਣ ਵੀ ਜਥੇਬੰਦੀਆਂ ਨੇ, ਐਪਰ ਲੋੜ ਤੈਂ ਜਹੇ ਜਥੇਦਾਰ ਦੀ ਏ । ਬਾਜਾਂ ਵਾਲਿਆ ਝਬਦੇ ਬਹੁੜ ਹੁਣ ਤਾਂ, ਇੱਕੋ ਸਿੱਕ ਬੱਸ ਤੇਰੇ ਦੀਦਾਰ ਦੀ ਏ ।

8. ਚਮਤਕਾਰ ਤੇਰਾ

ਝੁੱਲੀ ਜਦੋਂ ਅੰਧੇਰੜੀ ਦੇਸ਼ ਉਤੇ, ਤਦੋਂ ਆਨ ਹੋਇਆ ਚਮਤਕਾਰ ਤੇਰਾ। ਚੜ੍ਹਿਆ ਚੌਧਵੀਂ ਦਾ ਚੰਨ ਵੱਲ ਪੂਰਬ, ਪਟਨੇ ਸਾਹਿਬ ਵਿਚ ਹੋਇਆ ਅਵਤਾਰ ਤੇਰਾ। ਵਿਗੜੀ ਦੇਸ਼ ਦੀ ਦਿਸ਼ਾ ਸਵਾਰ ਗਿਆ, ਆਉਣਾ ਨੀਲੇ ਤੇ ਹੋ ਕੇ ਅਸਵਾਰ ਤੇਰਾ। ਤੂੰਹੀਓਂ ਜਿੰਦ ਪਾਈ ਮੋਇਆਂ ਧੜਾਂ ਅੰਦਰ, ਹਰ ਬਚਨ ਸੀ ਅੰਮ੍ਰਿਤ ਦੀ ਧਾਰ ਤੇਰਾ। ਸਵਾ ਲੱਖ ਹੋਏ ਜਿਚ ਇਕ ਕੋਲੋਂ, ਜਿਤੇ ਬਾਜ਼ ਚਿੜੀਆਂ ਨਾਂ ਚਿਤਾਰ ਤੇਰਾ। ਡਾਹਡਾ ਬੰਨ੍ਹਿਆ ਬਾਨ੍ਹਣੂ ਪਾਪੀਆਂ ਦਾ, ਸੱਚਾ ਧਰਮ ਦਾ ਲੱਗਾ ਦਰਬਾਰ ਤੇਰਾ। ਸਾਨੂੰ ਭੁਲਦਾ ਨਹੀਂ ਕੁਰਬਾਨ ਹੋਣਾ, ਪਿਆਰੇ ਪੰਥ ਤੋਂ ਸਣੇ ਪ੍ਰਵਾਰ ਤੇਰਾ। ਦੇਣੀ ਆਪ ਪ੍ਰੇਰਨਾ ਪਿਤਾ ਜੀ ਨੂੰ, ਕਹਿਣਾ ਬਚਿਆਂ ਨੂੰ ਬਾਰਮ-ਬਾਰ ਤੇਰਾ। ਜਿੰਦ ਜਾਨ ਘੁਮਾ ਦਿਓ ਪੰਥ ਉਤੋਂ, ਐਸਾ ਪੰਥ ਦੇ ਨਾਲ ਪਿਆਰ ਤੇਰਾ। ਜਿਹੜੇ ਸਮੇਂ ਪ੍ਰੀਖਿਆ ਲੈਣ ਕਾਰਨ, ਆਉਣਾ ਤੰਬੂ ਥੀਂ ਸਣੇ ਤਲਵਾਰ ਤੇਰਾ। ਸੀਸ ਦੇਣ ਲਈ ਸੂਰਮੇ ਕੌਣ ਹਾਜ਼ਰ, ਕਹਿਣਾ ਸੰਗਤਾਂ ਤਾਈਂ ਲਲਕਾਰ ਤੇਰਾ। ਤਦੋਂ ਪੰਜਾਂ ਪਿਆਰਿਆਂ ਪਿਆਰ ਸੇਤੀ, ਕਿਹਾ ਤਨ ਤੇਰਾ, ਘਰ ਬਾਰ ਤੇਰਾ। ਨੇਕੀ ਬਦੀ ਦਾ ਤੂੰ ਮੁਖਤਾਰ ਸਾਡਾ, ਰਖ, ਮਾਰ ਭਾਵੇਂ ਅਖ਼ਤਿਆਰ ਤੇਰਾ। ਤੂੰ ਛਾਤੀ ਲਗਾਇਆ, ਛਕਾਇਆ ਅੰਮ੍ਰਿਤ, ਡਾਹਡਾ ਪ੍ਰੇਮ ਦਾ ਭਿੰਨਾ ਵਿਹਾਰ ਤੇਰਾ। ਪ੍ਰਗਟ ਹੋਵਸਾਂਗਾ ਹਰ ਇਕ ਬਿਪਤ ਵੇਲੇ, ਬਾਜਾਂ ਵਾਲਿਆ ਯਾਦ ਇਕਰਾਰ ਤੇਰਾ। ਏਨੀ ਕਿਉਂ ਕੰਨਾ ਘੇਸਲ ਮਾਰਿਓ ਈ, ਕਿਹੜੇ ਵਹਿਣਾਂ ਵਿਚ ਗਿਆ ਵਿਚਾਰ ਤੇਰਾ। ਜਿਹਨੂੰ ਆਪ ਬਾਬੇ ਨਾਨਕ ਬੀਜਿਆ ਸੀ, ਫ਼ਸਲ ਪੱਕਿਆ ਹੋਇਆ ਤਿਆਰ ਤੇਰਾ। ਛੱਟਾ ਲਹੂ ਦਾ ਦੇ ਦੇ ਸਿੰਜਿਆ ਸੀ, ਅੱਜ ਹੁੰਦਾ ਈ ਰੂੜ ਕਿਆਰ ਤੇਰਾ। ਵੇਲਾ ਬੌਹੜੀ ਦਾ ਝਬਦੇ ਬੌਹੜ ਕਿਧਰੋਂ, ਬੜਾ ਕਰ ਥੱਕੇ ਇੰਤਜ਼ਾਰ ਤੇਰਾ। ਮੁੜ ਕੇ ਦੇਈਂ ਤਾਮੇਸ਼ਰ ਦੀ ਪੁੜੀ ਓਹੋ, ਹੋਇਆ ਹਰ ਇਕ 'ਹਿੰਦੀ' ਬੀਮਾਰ ਤੇਰਾ।

9. ਕੰਧ ਵਿਚ

ਮਾਤਾ ਗੁਜਰੀ ਸਹਿਤ ਫਤਹ ਸਿੰਘ ਤੇ ਜੁਝਾਰ ਸਿੰਘ, ਚਲ ਕੇ ਅਨੰਦ ਪੁਰੋਂ ਪਹੁੰਚੇ ਨੇ ਸਰਹੰਦ ਵਿਚ। ਗੰਗੂ ਗੁਥੀ ਮੁਹਰਾਂ ਦੀ ਸਮੇਟਣੇ ਦਾ ਲੋਬ ਕੀਤਾ, ਮਾਰ ਕੇ ਵਲਾਂਵੇ ਆ ਜਕੜਿਆ ਸੂ ਫੰਦ ਵਿਚ। ਚੰਦਰੇ ਨਕਾਰੇ, ਦੇ ਕੇ ਘਰ 'ਚ ਉਤਾਰੇ, ਕਈ ਫੰਦੇ ਨੇ ਖਲਾਰੇ, ਆਇਆ ਦੁਨੀਆਂ ਦੇ ਦੰਦ ਵਿਚ। ਗੁਥੀ ਮੁਹਰਾਂ ਦੀ ਲੁਕਾਈ, ਆਖੇ ਮੈਂ ਨਹੀਂ ਚੁਰਾਈ, ਨਾ ਮੈਂ ਚੋਰ ਦਾ ਹਾਂ ਭਾਈ, ਊਜਾਂ ਲਾਓ ਨਾਹੀਂ ਚੰਦ ਵਿਚ। ਉਲਟਾ ਚੋਰ ਜਿਉਂ ਕੁਤਵਾਲੇ, ਡਾਂਟੇ ਅੱਖੀਆਂ ਦੇਖਾਲੇ, ਕੀਤੇ ਨਵਾਬ ਦੇ ਹਵਾਲੇ, ਹੋਏ ਕੈਦ ਬੁਰਜ ਬੰਦ ਵਿਚ। ਹੋਏ ਕੈਦ ਦੋਵੇਂ ਸ਼ੇਰ, ਅੜੇ ਸੱਚ ਤੇ ਦਲੇਰ, ਆਖੇ ਜਮਣਾ ਨਹੀਂ ਫੇਰ, ਪੈਰ ਪੌਣਾ ਨਹੀਂ ਗੰਦ ਵਿਚ। ਹਿੰਦੂ ਧਰਮ ਦੀ ਪ੍ਰੀਤ, ਸਾਡੀ ਧੁਰੋਂ ਆਈ ਰੀਤ, ਭਾਵੇਂ ਜਾਨ ਜਾਏ ਬੀਤ, ਸੀਸ ਦਈਏ ਇਸੇ ਕੰਧ ਵਿਚ। ਅਸਾਂ ਡਰਨਾਂ ਨਹੀਂ ਜਰੀ, ਆਖੀ ਬੱਚਿਆਂ ਨੇ ਖਰੀ, ਸੂਰਮਗਤੀ ਹੈ ਜੇ ਭਰੀ ਕੁਟ ਸਾਡੇ ਬੰਦ ਬੰਦ ਵਿਚ। ਨਹੀਂ ਜਾਨ ਹੈ ਪਿਆਰੀ, ਸਾਨੂੰ ਆਨ ਹੈ ਪਿਆਰੀ, ਦਈਏ ਸੀਸ ਵਾਰੋ ਵਾਰੀ, ਵੱਸੋ ਪਾਪੀਓ ਅਨੰਦ ਵਿਚ। ਸਾਨੂੰ ਧਰਮ ਹੈ ਪਿਆਰਾ, ਨਹੀਂ ਜੀਵਨ ਦਾ ਸਹਾਰਾ, ਜ਼ਾਲਮ ਪਾ ਕੇ ਇਸ਼ਾਰਾ, ਰੁਝਾ ਕਤਲ ਦੇ ਪ੍ਰਬੰਧ ਵਿਚ। ਪਾਪੀ ਪਕੜ ਕੇ ਕਟਾਰ, ਪਹਿਲੋਂ ਮਾਰਿਆ ਜੁਝਾਰ, ਆਈ ਫ਼ਤਹ ਸਿੰਘ ਦੀ ਵਾਰ, ਮਰਨਾ ਓਹਦੀ ਵੀ ਪਸੰਦ ਵਿਚ। ਚੋਜੀ ਪਿਤਾ ਜੀ ਦੇ ਜਾਏ, ਮਾਰ ਜ਼ੁਲਮਾਂ ਮੁਕਾਏ, 'ਹਿੰਦੀ' ਕਈ ਕਹਿੰਦੇ ਆਏ, ਚੁਣੇ ਪਾਪੀਆਂ ਨੇ ਕੰਧ ਵਿਚ।

10. ਸ਼ੇਰ ਨਿਕਲੇ

ਪੋਹ ਮਾਘ ਕੜਾਕੇ ਦੀ ਠੰਡ ਅੰਦਰ, ਜਿਵੇਂ ਲਿਸ਼ਕਦਾ ਸੂਰਜ ਉਸ਼ੇਰ ਨਿਕਲੇ। ਤਿਵੇਂ ਜਾਨੋ ਚਮਕੌਰ ਦੇ ਜੰਗ ਅੰਦਰ, ਚਮਕਾਂ ਮਾਰ ਅਜੀਤ ਦਲੇਰ ਨਿਕਲੇ। ਛੋਟੀ ਉਮਰ ਤੋਂ ਪੈਂਤੜੇ ਜਾਣਦੇ ਸਨ, ਢਾਕੇ ਢਾਲ, ਹਥ ਪਕੜ ਸ਼ਮਸ਼ੇਰ ਨਿਕਲੇ। ਜੱਗ ਜਿਨ੍ਹਾਂ ਨੂੰ ਪੌਣੇ ਵਿਚਾਰਦਾ ਸੀ, ਵਲਾ ਪਿਆ ਤੇ ਪੌਣਿਓਂ ਸੇਰ ਨਿਕਲੇ। ਪੂਜਯ ਪਿਤਾ ਦੀ ਆਗਿਆ ਲਈ ਕਾਹਦੀ, ਜਾਨੋ ਪੁੰਨ ’ਚੋਂ ਦਿਨਾਂ ਦੇ ਫੇਰ ਨਿਕਲੇ। ਹੋਣਹਾਰ ਬਰੂਟੀ ਦੇ ਪਤ ਧੰਦੇ, ਅੰਤ ਸ਼ੇਰ ਦੇ ਜਣੇ ਹੋਏ ਸ਼ੇਰ ਨਿਕਲੇ। ਅੰਮ੍ਰਿਤਧਾਰੀ ਅਜੀਤ ਦੀ ਖੜਗ ਉਤੇ, ਅੰਮ੍ਰਿਤਪਾਣ ਸੀ ਪਿਤਾ ਦੀ ਚੜ੍ਹੀ ਹੋਈ। ਮਰਨ ਮਾਰਨ ਤੋਂ ਮੂਲ ਨਾ ਝਿਜਕਦੇ ਸਨ, ਧੁਰੋਂ ਮਰਨ ਦੀ ਪੱਟੀ ਸੀ ਪੜ੍ਹੀ ਹੋਈ। ਸੋਹਲ ਦੇਹੀ ਪਿਆਰਾਂ ਦੀ ਪਲੀ ਹੋਈ, ਨਿਡਰਤਾ ਨਾਲ ਗਲੇਫ਼ੀ ਤੇ ਮੜ੍ਹੀ ਹੋਈ। ਸੂਰਮਗਤੀ ਦੇ ਮੱਖਣੀ ਗੁਨ੍ਹੀ ਹੋਈ, ਖਾ ਖਾ ਔਕੜਾਂ ਦੇ ਸੇਕ ਰੁੜ੍ਹੀ ਹੋਈ। ਗੱਜੀ ਜਦੋਂ ਰਣਭੂਮੀ 'ਚ ਸ਼ੇਰ ਵਾਂਗਰ, ਦੂਤੀ ਕਿਹੜਾ ਜੋ ਬਚ ਕੇ ਫੇਰ ਨਿਕਲੇ? ਹੋਣਹਾਰ ਬਰੂਟੀ ਦੇ ਪੱਤ ਧੰਦੇ, ਅੰਤਸ਼ੇਰਾਂ ਦੇ ਜਣੇ ਹੋਏ ਸ਼ੇਰ ਨਿਕਲੇ। ਲਾਹ ਕੇ ਆਹੂਆਂ ਦੇ ਆਹੂ ਵੈਰੀਆਂ ਦੇ, ਸਥਰ ਖ਼ਾਨਾਂ ਦੇ ਖ਼ਾਨ ਸਵਾ ਦਿਤੇ। ਸਾਹਿਬਜ਼ਾਦੇ ਨੇ ਤੀਰਾਂ ਤੇ ਤੀਰ ਛੱਡ ਛੱਡ, ਪਾਪੀ ਵਾਂਗ ਕਮਾਨ ਲਿਫ਼ਾ ਦਿਤੇ। ਫੜ ਫੜ ਕਈ ਚੁਗੱਤੇ ਤੇ ਬਾਈ ਧਾਰੇ, ਸੋਹਣੀ ਤੇਗ ਦੀ ਧਾਰ ਰੁੜ੍ਹਾ ਦਿਤੇ। ਚੌਸਰ ਧਰਮ ਵਿਚ ਸਿਰ ਧੜ ਦੀ ਖੇਡ ਬਾਜ਼ੀ, ਬੜਿਆਂ ਬੜਿਆਂ ਦੇ ਛੱਕੇ ਛੁੜਾ ਦਿਤੇ। ਲੜਦੇ ਲੜਦੇ ਘੇਰੇ ਦੇ ਵਿਚ ਆਏ, ਵੈਰੀ ਖੁੰਬਾਂ ਵਾਂਗ ਆ ਚੁਫੇਰ ਨਿਕਲੇ। ਓੜਕ ਹੋਏ ਸ਼ਹੀਦ ਨਾ ਪਿਛਾਂਹ ਪਰਤੇ, ਅੰਤ ਸ਼ੇਰਾਂ ਦੇ ਜਣੇ ਹੋਏ ਸ਼ੇਰ ਨਿਕਲੇ। ਸੁਣਿਆ ਜਦੋਂ ਕਿ ਵੀਰ ਸ਼ਹੀਦ ਹੋਇਆ, ਡਾਹਡੇ ਜੋਸ਼ ਦੇ ਵਿਚ ਜੋਝਾਰ ਆਇਆ। ਜ਼ੋਰਾਵਰ ਸਿੰਘ ਫਤਹ ਸਿੰਘ ਗਏ ਓਧਰ, ਕੱਲੇ ਵੀਰ ਦਾ ਬੜਾ ਪਿਆਰ ਆਇਆ। ਮੈਂ ਵੀ ਪਹੁੰਚਸਾਂ ਵੈਰੀ ਦੇ ਕੋਲ ਝਬਦੇ, ਪੁਛਣ ਪਿਤਾ ਜੀ ਤੋਂ ਬਰਖੁਰਦਾਰ ਆਇਆ। ਪਿਤਾ ਜੀ ਨੇ ਆਗਿਆ ਬਖ਼ਸ਼ ਦਿੱਤੀ, ਪਾਣੀ ਪੀਣ ਦਾ ਫ਼ੇਰ ਵਿਚਾਰ ਆਇਆ। ਪਾਣੀ ਚਲ ਅਜੀਤ ਦੇ ਪਾਸ ਪੀਣਾ, ਸਾਡੇ ਕਥਨ ਵਿਚ ਨਾ ਹੇਰ ਫੇਰ ਨਿਕਲੇ। ਕਠੇ ਹੋਏ ਅਜੀਤ ਜੁਝਾਰ ਦੋਵੇਂ, ਅੰਤ ਸ਼ੇਰਾਂ ਦੇ ਜਣੇ ਹੋਏ ਸ਼ੇਰ ਨਿਕਲੇ। ਓਸੇ ਦਿਨ ਤੋਂ ਹੀ ਲੈ ਕੇ ਅੱਜ ਤੀਕਣ, ਸਹਿਬਜ਼ਾਦਿਆਂ ਦਾ ਦਿਨ ਮਨਾਈਦਾ ਏ। ਨਜ਼ਮਾਂ ਲੈਕਚਰ ਉਪਦੇਸ਼ ਵੀ ਸੁਣੀਦੇ ਨੇ, ਵਾਹ ਵਾਹ ਕਹੀਦਾ ਸਿਰ ਹਲਾਈਦਾ ਦੇ। ਸਾਹਿਬਜ਼ਾਦੇ ਮਾਸੂਮਾਂ ਦੀ ਗੱਲ ਸੁਣ ਸੁਣ, ਆਪ ਰੋਈਦਾ ਜੱਗ ਰਵਾਈਦਾ ਏ। ਸੇਵਾ ਪੰਥ ਦੀ ਕਦੇ ਜੇ ਪਵੇ ਕਰਨੀ, ਭਾਰ ਸਮਝ ਕੇ ਕੱਨ੍ਹ ਖਸਕਾਈਦਾ ਏ। ਇਹ ਹਨ ਸਮਝਦੇ ਓਹਨਾਂ ਕੀ ਖਟਿਆ ਏ, ਜੇਹੜੇ ਪੰਥ ਹਿਤ ਹੋ ਹੋ ਕੇ ਢੇਰ ਨਿਕਲੇ। 'ਹਿੰਦੀ’ ਓਸ ਦਸਮੇਸ਼ ਦੇ ਅਸੀਂ ਸਾਜੇ, ਜੀਹਦੇ ਗਿੱਦੜ ਵੀ ਸ਼ੇਰਾਂ ਦੇ ਸ਼ੇਰ ਨਿਕਲੇ।

11. ਕ੍ਰਿਪਾਨ ਵਾਲੇ

ਸਿਖ-ਮਤ ਸਿਖਣੇ ਨੂੰ ਸਿੰਘ ਤੱਕ ਤੱਕ ਥੱਕੇ, ਛੇਤੀ ਛੇਤੀ ਬੌਹੜ ਸਿੱਖੀ ਸਿਖਿਆ ਸਖਾਣ ਵਾਲੇ। ਅਗੇ ਨਾਲੋਂ ਢੇਰ ਈ ਹਨੇਰ ਫੇਰ ਹੋਣ ਲੱਗਾ, ਓਹ ਫੜ ਫੇਰ ਸ਼ਮਸ਼ੇਰ ਉਚੀ ਸ਼ਾਨ ਵਾਲੇ। ਤੀਰ ਉਤੇ ਤੀਰ ਛਡ, ਬੀਰ ਰੰਧੀਰ ਆ ਕੇ, ਤੀਰ ਖਾ ਖਾ ਤੀਰ ਹੋਣ ਈਰਖਾ ਮਚਾਣ ਵਾਲੇ। ਬਾਜਾਂ ਦੇ ਉਡਾਣ ਵਾਲੇ, ਕਲਗੀ ਨਿਸ਼ਾਨ ਵਾਲੇ, ਸੁੱਤੀ ਹਿੰਦ ਤਾਈਂ ਆ ਜਾ ਝੂਣ ਕੇ ਜਗਾਣ ਵਾਲੇ। ਨੀਲੇ ਘੋੜ ਉਤੇ ਕਦੀ ਆਸਨ ਜਮਾਣ ਵਾਲੇ, ਕਦੇ ਰਾਜ ਗੱਦੀ ਬਹਿ ਕੇ ਰਾਜ ਦੇ ਕਮਾਣ ਵਾਲੇ। ਬੋਲ ਬਾਬੇ ਨਾਨਕ ਦੇ ਪਾਲ ਕੇ ਵਖਾਣ ਵਾਲੇ, ਪੋਟੇ ਮਿਣ ਮਿਣ ਪੰਥ ਖਾਲਸਾ ਸਜਾਣ ਵਾਲੇ। ਹਸ ਹਸ ਪਿਤਾ ਜੀ ਨੂੰ ਦਿੱਲੀ ਭਜਵਾਣ ਵਾਲੇ, ਅੱਖੀਆਂ ਦੇ ਚਾਨਣਾਂ ਨੂੰ ਪੰਥ ਤੋਂ ਘੁਮਾਣ ਵਾਲੇ। ਪਾਪੀਆਂ ਨੂੰ ਭੁਖ ਪ੍ਰਤੱਖ ਦਖਲਾਣ ਵਾਲੇ, ਸਵਾ ਲੱਖ ਨਾਲ ਸਿਖ ਇਕ ਨੂੰ ਲੜਾਨ ਵਾਲੇ। ਕਹਿਰੀਆਂ ਦੇ ਕਹਿਰ ਕਢ, ਜ਼ਹਿਰੀਆਂ ਦੇ ਜ਼ਹਿਰ ਨਾਲੇ, ਵੈਰੀਆਂ ਦੇ ਦਿਲਾਂ ਤਾਈਂ ਦਲਨ ਦਲਾਨ ਵਾਲੇ। ਪੰਜਾਂ ਵਿਚ ਰੱਬ ਸਭ ਜਾਣਦੇ ਨੇ ਤਤ ਪੰਜ, ਤਾਹੀਓਂ ਦਿਤੇ ਪੰਜ ਕਕੇ ਪੰਜਾਂ ਨੂੰ ਸਜਾਣ ਵਾਲੇ। ਛੇਤੀ ਨਾਲ ਪਹੁੰਚ ਆ ਲੈ ਕੇ ਪੰਜਾਂ ਈ ਪਿਆਰਿਆਂ ਨੂੰ, ਪੰਜਾਂ ਵਾਲੇ ਪੰਚ ਦੇ ਪਰਪੰਚ ਨੂੰ ਰਚਾਨ ਵਾਲੇ। ਹੱਦ ਹੋਈ ਦੁਖੜੇ ਦੀ, ਸਿੱਕ ਤੇਰੇ ਮੁਖੜੇ ਦੀ, ਦੱਸ ਗੱਲ ਸੁਖੜੇ ਦੀ ਆਨ ਕੇ ਗਿਆਨ ਵਾਲੇ। ਹੱਸਦੇ ਕਲੇਸ਼ ਸਾਡੇ ਪਿਤਾ ਦਸਮੇਸ਼ ਸਾਡੇ, ਤੁਸੀਂ ਓ ਹਮੇਸ਼ ਸਾਡੇ ਹੌਸਲੇ ਵਧਾਣ ਵਾਲੇ। ਪਲ ਪਲ, ਛਿਨ ਛਿਨ ਦੁਖੀ ਹੋਏ ਤੁਸਾਂ ਬਿਨ, ਦਿਨੋ ਦਿਨ ਦਸਦੇ ਨੇ ਕੰਮ ਡਾਹਡੀ ਹਾਣ ਵਾਲੇ। ਆਪੇ ਅਕ ਅਕ 'ਹਿੰਦੀ' ਅੰਗਣ ਤੇ ਆਥਨੇ ਨੂੰ, ਕੇਰਾਂ ਫੇਰ ਆਓ ਮੇਰੇ ਸੋਹਣੀ ਕ੍ਰਿਪਾਨ ਵਾਲੇ।

12. ਮਾਹਾਰਾਜਾ ਰੰਜੀਤ ਸਿੰਘ

ਪੋਹ ਫੁਟਦੀ ਜੀਹਦੇ ਸਵਾਗਤਾਂ ਨੂੰ, ਓਹ ਪੰਜਾਬ ਦੀ ਸੋਹਣੀ ਸਵੇਰ ਸੈਂ ਤੂੰ। ਜੇਹੜੇ ਘਰ ਗਰੀਬੀ ਦੇ ਕਿਰੇ ਹੰਝੂ, ਓਥੇ ਮੋਤੀਆਂ ਦੇ ਲੌਂਦਾ ਢੇਰ ਸੈਂ ਤੂੰ। ਦਾਨ ਕਰਨ ਵਿਚ ਕਰਨ ਤੋਂ ਲਈ ਬਾਜ਼ੀ, ਅਰਜਨ ਬੀਰ ਦੇ ਵਾਂਗ ਦਲੇਰ ਸੈਂ ਤੂੰ। ਤੇਰੇ ਘੋੜੇ ਦੇ ਅਟਕ ਨੇ ਸੁੰਮ ਚੁੰਮੇ, ਦੇਂਦਾ ਮੂੰਹ ਦਰਿਆਵਾਂ ਦੇ ਫ਼ੇਰ ਸੈਂ ਤੂੰ। ਜਬਰ ਵਾਂਗ ਰਹਿਓਂ ਉਤੇ ਜਾਬਰਾਂ ਦੇ, ਤਿੰਨ ਕਾਲ ਨਹੀਂ ਬਣਿਆ ਸ਼ੇਰ ਸੈਂ ਤੂੰ। ਮਹਾਂ ਸਿੰਘ ਦੇ ਚਾਨਣਾ ਮਹਾਂ ਪੁਰਸ਼ਾਂ, ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ। ਸੂਰਜ ਪੰਜਾਂ ਦਰਿਆਵਾਂ ਵਿਚ ਚਮਕਦਾ ਸੀ, ਤੇਰੇ ਰਾਜ ਦੇ ਸੋਹਣੇ ਨਜ਼ਾਰਿਆਂ ਦਾ। ਏਹਨਾਂ ਪੰਜਾਂ ਦੇ ਵਿਚ ਸੀ ਪ੍ਰਾਣ ਤੇਰੇ, ਤੂੰ ਵੀ ਪਿਆਰਾ ਸੈਂ ਪੰਜਾਂ ਪਿਆਰਿਆਂ ਦਾ। ਲੋਹੇ ਆਏ ਤੇ ਪਾਰਸਾ ਬਣੇ ਸੋਨੇ, ਘੱਟਾ ਹੂੰਝ ਕੇ ਤੇਰੇ ਦਵਾਰਿਆਂ ਦਾ। ਹੁਣ ਵੀ ਵੇਖਿਆ ਜਾ ਸਰਹੰਦ ਅੰਦਰ, ਕਾਫ਼ੀ ਰੁਅਬ ਹੈ ਤੇਰੇ ਲਲਕਾਰਿਆਂ ਦਾ। ਜਿਥੇ ਬਿਜਲੀਆਂ ਚਮਕੀਆਂ ਜ਼ੁਲਮ ਦੀਆਂ, ਓਥੇ ਜੰਗੀ ਮਚਾਂਦਾ ਹਨੇਰ ਸੈਂ ਤੂੰ। ਤੇਰੀ ਜੂਹ ਵਿਚ ਬਿੱਲੇ ਨਾ ਬਿਰਕ ਸਕੇ, ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ। ਤੇਰੇ ਦੇਸ਼ ਵਿਚ ਜਿਹੜੇ ਫਸਾਦ ਲੋੜਨ, ਜ਼ਰਬਾਂ ਖਾ ਖਾ ਦਫ਼ਾ ਹੋ ਜਾਵਣਗੇ। ਖਾਤਰ ਜ਼ਮ੍ਹਾ ਰਖਣ ਚੱਲੂ ਪੇਸ਼ ਕੋਈ ਨਾ, ਜ਼ਬਰੋਂ ਜ਼ੇਰ ਹੋ ਹੋ ਪਛਤਾਵਸਣਗੇ। ਗਲਣੀ ਕੋੜਕੂ ਮੋਠ ਦੀ ਦਾਲ ਨਾਹੀਂ, ਸਾਥੋਂ ਫਟਕੜੀ ਫੁਲ ਕਰਾਵਸਣਗੇ। ਅਸੀਂ ਪੜ੍ਹੇ ਹਾਂ ਪੂਰਣੇ ਆਪ ਜੀ ਦੇ, ਸਾਨੂੰ ਹੋਰ ਕੀ ਪੱਟੀ ਪੜਾਵਸਣਗੇ। ਜੀਵਨ ਤੇਰਾ ਦਲੇਰੀਆ ਦੱਸਦਾ ਏ, ਸੱਚੇ ਅਰਥਾਂ ਦੇ ਵਿਚ ਦਲੇਰ ਸੈਂ ਤੂੰ। ਮਹਾਂ ਸਿੰਘ ਦੇ ਚਾਨਣਾ ਮਹਾਂ ਪੁਰਸ਼ਾ, ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ। ਪਾਕਸਤਾਨ ਦੀ ਛੁਰੀ ਚਲਾਣ ਵਾਲੇ, ਤੇਰੇ ਕੁੱਤੇ ਦਾ ਵਾਲ ਨਾ ਕੱਪ ਸੱਕੇ। ਅੱਜ ਥਾਨਾਂ ਦੇ ਥਾਨ ਲਪੇਟਦੇ ਨੇ, ਤੇਰੇ ਹੁੰਦਿਆਂ ਰੇਜਾ ਨਾ ਛਪ ਸੱਕੇ। ਤੇਰਾ ਦੇਖ ਨਿਜ਼ਾਮ ਰੰਜੀਤ ਸ਼ੇਰਾ, ਦੂਤੀ ਨਹੀਂ ਪੰਜਾਬ ਨੂੰ ਝੱਪ ਸੱਕੇ। ਕਿੱਥੋਂ ਹੁੰਦਾ ਨਸੀਬ ਲਾਹੌਰ ਆਵਣ, ਉਹ ਫ਼ਲੌਰ ਦੀ ਹੱਦ ਨਾ ਟੱਪ ਸੱਕੇ। ਗੱਲਾਂ ਵੈਰੀ ਨੂੰ ਉਲਟੀਆਂ ਆਉਂਦੀਆਂ ਸਨ, ਜਾਂਦਾ ਦਿਲਾਂ ਅੰਦਰ ਪਾਉਂਦਾ ਘੇਰ ਸੈਂ ਤੂੰ। ਐਵੇਂ ਜੱਗ ਨਹੀਂ ਸ਼ੇਰੇ ਪੰਜਾਬ ਕਹਿੰਦਾ, ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ। ਜਿਵੇਂ ਦੇਖਦਾ ਸੈਂ ਮੁਸਲਮਾਨ ਤਾਈਂ, ਤਿਵੇਂ ਹਿੰਦੂ ਇਨਸਾਨ ਨੂੰ ਦੇਖਦਾ ਸੈਂ। ਜਿਵੇਂ ਧਰਮ ਨੂੰ ਦੇਖਣਾ ਪ੍ਰੇਮ ਸੇਤੀ, ਤਿਵੇਂ ਤੂੰ ਈਮਾਨ ਨੂੰ ਦੇਖਦਾ ਸੈਂ। ਜਿਵੇਂ ਵੇਦਾਂ ਦੇ ਵੱਲ ਸੀ ਨਜ਼ਰ ਤੇਰੀ, ਤਿਵੇਂ ਤੂੰ ਕੁਰਾਨ ਨੂੰ ਦੇਖਦਾ ਸੈਂ। ਤੇਰੇ ਵਿਚ ਨਾ ਦੂਈ ਦਾ ਨਾਮ ਹੈਸੀ, ਇਕੋ ਅੱਖ ਜਹਾਨ ਨੂੰ ਦੇਖਦਾ ਸੈਂ। ਸੁਣਿਆ ਵੇਖਿਆ ਕਿਤੇ ਅਨਾਥ ‘ਹਿੰਦੀ', ਸੁਖੀ ਕਰਦਿਆਂ ਲਾਉਂਦਾ ਨਾ ਦੇਰ ਸੈਂ ਤੂੰ। ਚਾਰੇ ਕੂਟਾਂ ਪੁਕਾਰ ਕੇ ਕਹਿੰਦੀਆਂ ਨੇ, ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

13. ਖਾਲਸਾ ਪੰਥ ਨੂੰ

ਐ ਖਾਲਸਾ ਪੰਥ ਕੁਝ ਪਤਾ ਹੈ ਈ, ਮਹਿਮਾ ਕਰਦਾ ਏ ਕਿਉਂ ਕੁਲ ਜਹਾਨ ਤੇਰੀ? ਵੈਰੀ ਕਲ੍ਹ ਜਿਹੜੇ ਤੈਨੂੰ ਜਾਣਦੇ ਸਨ, ਅੱਜ ਉਹ ਮੰਨਦੇ ਨੇ ਉੱਚੀ ਸ਼ਾਨ ਤੇਰੀ। ਗਿਣਤੀ ਕਲ੍ਹ ਸਾਰੀ ਹੈਸੀ ਪੋਟਿਆਂ ਤੇ, ਪੁਜ਼ੀ ਲੱਖਾਂ ਤਕ ਅੱਜ ਸੰਤਾਨ ਤੇਰੀ। ਦੱਸ ਪ੍ਰੇਮ ਦੀ ਵੱਟ ਕੇ ਡੋਰ ਕਿਸ ਨੇ, ਗੁੱਡੀ ਚਾਹੜੀ ਏ ਵਿਚ ਅਸਮਾਨ ਤੇਰੀ। ਤੈਨੂੰ ਕਿਹੜੀ ਕੁਠਾਲੀ ਵਿਚ ਢਾਲਿਆ ਏ, ਸਵਾ ਲੱਖ ਵਰਗੀ ਇਕ ਇਕ ਜਾਨ ਤੇਰੀ। ਤੈਨੂੰ ਕਿਹੜੇ ਸਿਆਣੇ ਦੀ ਥਾਪਣਾ ਏ, ਆਪੇ ਹੁੰਦੀ ਏ ਮੁਸ਼ਕਲ ਆਸਾਨ ਤੇਰੀ। ਸੁੰਦਰ ਕੇਸ ਸੋਂਹਦੇ ਸੋਹਣੇ ਸੀਸ ਉਤੇ, ਫਬ ਚਿਹਰੇ ਦੀ ਪਏ ਵਧਾਣ ਤੇਰੀ। ਕੰਘਾ ਕਰੇ ਕੰਘਾ, ਤੇਰੇ ਵੈਰੀਆਂ ਦਾ, ਧਾਕ ਮੰਨਦੇ ਮੁਗਲ ਪਠਾਣ ਤੇਰੀ। ਕੜਾ ਹੱਥ ਵਾਲਾ, ਕੜੇ ਹੱਥ ਦੱਸੇ, ਫਤਹ ਹੁੰਦੀ ਏ ਹਰ ਮੈਦਾਨ ਤੇਰੀ। ਰਖੇ ਦੂਰ ਦਲਿਦਰ ਤੇ ਆਲਸਾਂ ਨੂੰ, ਕਛ ਮਾਰ ਕਛਾਂ ਰਖੇ ਆਣ ਤੇਰੀ। ਡੰਝ ਵੈਰੀਆਂ ਦੇ ਲਹੂਆਂ ਨਾਲ ਲਾਹੇ, ਢਾਕੇ ਪਲਮਦੀ ਨੂਰੀ ਕ੍ਰਿਪਾਨ ਤੇਰੀ। ਕਾਮ, ਕ੍ਰੋਧ ਤੇ ਲੋਭ, ਹੰਕਾਰ ਮੋਹ ਦੇ, ਪੰਜੇ ਪੰਜਿਓਂ ਜਾਨ ਬਚਾਣ ਤੇਰੀ। ਲੈ ਕੇ ਨਿਮ੍ਰਤਾ, ਸ਼ੀਲਤਾ, ਸਹਿਨ ਸ਼ਕਤੀ, ਗੁੜ੍ਹਤੀ ਦਿੱਤੀ ਏ ਕਿਸੇ ਲੁਕਮਾਨ ਤੇਰੀ, ਸੂਰਮਗਤੀ ਦੀ ਮਾਰ ਕੇ ਫੂਕ ਕੰਨੀ, ਠੋਕੀ ਪਿੱਠ ਹੈ ਬੜੇ ਬਲਵਾਨ ਤੇਰੀ। ਟਲਦੇ ਨਹੀਂ ਵਿਧਾਤਾ ਦੇ ਲੇਖ ਵਾਂਗਰ, ਐਸੇ ਮਾਰਦੀ ਤੀਰ ਕਮਾਨ ਤੇਰੀ। ਜਦੋਂ ਜ਼ੁਲਮ ਦਾ ਘੁਪ ਹਨੇਰ ਛਾਇਆ, ਲੋੜ ਪਈ ਸੀ ਦੇਸ ਨੂੰ ਆਣ ਤੇਰੀ। ਗੁਰੂ ਨਾਨਕ ਨੇ ਆਨ ਗਿਆਨ ਦੇ ਦੇ, ਰੱਖੀ ਪਤ ਸੀ ਨਾਲ ਧਿਆਨ ਤੇਰੀ। ਤਤੇ ਤਵਿਆਂ ਤੇ ਬਹਿ ਬਹਿ ਗੁਰੂ ਅਰਜਨ, ਦੇਗੀਂ ਰਿਝ ਰਿਝ ਨੀਂਹ ਪਕਾਣ ਤੇਰੀ। ਸੀਸ ਪਿਤਾ ਦਾ ਜਿਗਰ ਦੇ ਚਿਨ ਟੁਕੜੇ, ਕੰਧ ਪਿਤਾ ਦਸਮੇਸ਼ ਬਨਾਣ ਤੇਰੀ। ਛਾਤੀ ਆਪਣੀ ਬਾਲੇ ਛਤੀਰ ਕਰ ਕਰ, ਹੱਸ ਹੱਸ ਕੇ ਛਤ ਛਤਾਣ ਤੇਰੀ। ਫੇਰ ਆਪਣੇ ਲਹੂ ਦੀ ਫੇਰ ਕੂਚੀ, ਲਿੰਬ ਪੋਚ ਅਟਾਰੀ ਸਜਾਣ ਤੇਰੀ। ਗੁਰੂ ਗ੍ਰੰਥ ਦਾ ਫੇਰ ਪ੍ਰਕਾਸ਼ ਕਰਕੇ, ਸ਼ਬਦਾਂ ਵਿਚ ਜਸ ਕੀਰਤੀ ਗਾਣ ਤੇਰੀ। ਤੈਨੂੰ ਸਾਜਿਆ ਹਿੰਦ ਬਚਾਣ ਖਾਤਰ, ਰਖਸ਼ਾ ਕਰਦਾ ਹੈ ਆਪ ਭਗਵਾਨ ਤੇਰੀ। ਅੱਜ ਓਸੇ ਹੀ ਹਿੰਦ ਦੇ ਹੋਣ ਟੋਟੇ, ਜਿਹੜੀ ਹਿੰਦ ਸੀ ਜਿੰਦ ਪ੍ਰਾਣ ਤੇਰੀ। ਤੇਰੀ ਜਾਨ ਦੀਆਂ ਪਾਣ ਨਾਦਾਨ ਵੰਡੀਆਂ, ਮੂੰਹਦੀ ਖਾਣ ਜੋ ਜਾਨ ਦੁਖਾਣ ਤੇਰੀ। ਜੇ ਤੂੰ ਹਿੰਦ ਦੀ ਜਾਨ ਹੈਂ ਜਾਣ ਇਹ ਵੀ, ਜਿੱਨੇ ਹੈਨ ਹਿੰਦੀ ਸਾਰੇ ਜਾਨ ਤੇਰੀ।

14. ਗੀਤ

ਜਦੋਂ ਵੱਜਦੀ ਦਮਾਮੇ ਉਤੇ ਚੋਟ, ਸਿਖ ਨੂੰ ਚਾ ਚੜ੍ਹਦਾ, ਕੁਰਬਾਨੀ ਦਾ ਚਾ ਹੈ ਮਨ ਵਿਚ, ਸਿਖ ਦੂਣਾ ਹੋ ਜਾਏ ਰਣ ਵਿਚ, ਸੂਰਾ ਪੜ੍ਹਦਾ ਤੇ ਜੀਹਦਾ ਪੰਕੋਟ, ਜੋਮ ਹੈ ਆ ਚੜ੍ਹਦਾ, ਜਦੋਂ ਵੱਜਦੀ ਦਮਾਮੇ....... ਧੋ ਸਕਦਾ ਹੈ ਖੜਗ ਨੂੰ ਸੂਰਾ, ਰਹਿੰਦਾ ਸ਼ਾਂਤਮਈ ਵਿਚ ਪੂਰਾ, ਜਾਣ ਮੋਰਚੇ ਨੂੰ ਗੜ੍ਹ ਕੋਟ, ਖਿਝ ਹੈ ਖਾ ਚੜ੍ਹਦਾ, ਜਦੋਂ ਵੱਜਦੀ ਦਮਾਮੇ....... ਬੰਦ ਬੰਦ, ਬੰਦ ਵਾਂਗ ਕਟਾਵੇ, ਚਰਖੜੀਆਂ ਤੇ ਗੇੜੇ ਖਾਵੇ, ਰਖ ਸਤਿਗੁਰਾਂ ਦੀ ਓਟ, ਸੂਲੀ ਤੇ ਜਾ ਚੜ੍ਹਦਾ, ਜਦੋਂ ਵੱਜਦੀ ਦਮਾਮੇ....... ਇੰਜਣਾਂ ਸਾਂਹਵੀ ਡਟ ਖਲੋਵੇ, ਭੱਠੀਆਂ ਦੇ ਵਿਚ ਕੁੰਦਨ ਹੋਵੇ, ਰਹੇ ਨਾ ‘ਹਿੰਦੀ ਖੋਟ, ਜਿਉਂ ਜਿਉਂ ਤਾ ਚੜ੍ਹਦਾ, ਜਦੋਂ ਵੱਜਦੀ ਦਮਾਮੇ.......

15. ਸ੍ਰੀ ਦਸਮੇਸ਼

(ਤਰਜ਼:-ਦਿਲ ਲਗਾਨੇ ਕੀ ਵੋਹ ਬੁਤ ਖ਼ੂਬ ਸਜ਼ਾ ਦੇਤੇ ਹੈਂ) ਸ੍ਰੀ ਦਸਮੇਸ਼ ਸਰ੍ਹੋਂ ਹੱਥਾਂ ਤੇ ਜਮਾ ਦੇਂਦੇ ਨੇ, ਜੇ ਕੋਈ ਸ਼ਰਨ ਪਵੇ ਬੰਦਾ ਬਣਾ ਦੇਂਦੇ ਨੇ। ਬੁਜ਼ਦਿਲਾਂ, ਕਾਇਰਾਂ ਦੇ ਦਿਲ ਨੂੰ ਤਸੱਲੀ ਦੇ ਦੇ, ਦੇਖੋ ਚਿੜੀਆਂ ਦੇ ਹੱਥੋਂ ਬਾਜ਼ ਹੀ ਤੁੜਾ ਦੇਂਦੇ ਨੇ। ਘੋਲ ਕੇ ਦੋ ਕੁ ਪਤਾਸੇ, ਕਿਸੇ ਬਾਟੇ ਅੰਦਰ, ਫਿਰ ਕ੍ਰਿਪਾਨ ਜਿਈ ਵਿਚ ਦੀ ਵੀ ਫਰਾ ਦੇਂਦੇ ਨੇ। ਦੂਤੀ ਸਭ ਆਖਦੇ ਨੇ ਲੋਹੜਾ ਕਿਧਰ ਦਾ ਆਇਆ, ਜਿਹੜੇ ਪੀ ਲੈਂਦੇ ਨੇ ਛਿਕੇ ਹੀ ਛੜਾ ਦੇਂਦੇ ਨੇ। ਇਸ ਤੋਂ ਵਧ ਕੇ ਭਲਾ ਹੋਰ ਕੀ ਹਿੰਮਤ ਹੋਣੀ, ਧਰਮ ਦੇ ਵਾਸਤੇ ਸਰਬੰਸ ਹੀ ਲੁਟਾ ਦੇਂਦੇ ਨੇ। ਭੇਜਦੇ ਆਪ ਪਿਤਾ ਧਰਮ ਦੀ ਕੁਰਬਾਨੀ ਨੂੰ, ਨੂਰ ਅੱਖਾਂ ਦੇ ਕੰਧੀ ਆਪ ਹੀ ਚਿਣਾ ਦੇਂਦੇ ਨੇ। ਆਪਣਾ ਆਪ ਵੀ ਫਿਰ ਧਰਮ ਤੇ ਲਾ ਕੇ 'ਹਿੰਦੀ', ਮਰ ਕੇ ਜੀਵਨ ਦਾ ਰਾਹ ਹੀ ਵਿਖਾ ਦੇਂਦੇ ਨੇ।

16. ਮਜ਼ਦੂਰ

ਉਠ ਉਠ ਮਜੂਰਾ ਕਮਲਿਆ, ਹੁਣ ਤੀਕ ਨਾਹੀਂ ਸੰਭਲਿਆ। ਖਿਝਿਆ ਨਾ ਕਰ, ਹਿਛਿਆ ਨਾ ਕਰ, ਫੁੱਲਿਆ ਨਾ ਕਰ ਵਿਛਿਆ ਨਾ ਕਰ। ਤੇਰਾ ਲਹੂ ਪੀਣੇ ਧਨੀ, ਕਪਟੀ ਧਨੀ, ਕਮੀਨੇ ਧਨੀ, ਤੈਨੂੰ ਨਿਮਾਣਾ ਜਾਣਦੇ, ਪੁੰਣਦੇ ਨੇ ਮਿੱਟੀ ਛਾਣਦੇ। ਚੋ ਚੋ ਕੇ ਤੇਰਾ ਸੀਰਮਾ, ਇਨ੍ਹਾਂ ਰੰਗਈਆਂ ਕੋਠੀਆਂ। ਤੇਰੇ ਹਡਾਂ 'ਚੋਂ ਨਿਕਲੀਆਂ, ਇਹ ਮੋਟਰਾਂ ਇਹ ਬੱਘੀਆਂ। ਕਿਰਤੀ ਹੈਂ ਤੂੰ, ਰਾਣੇ ਨੇ ਇਹ, ਪਗਲਾ ਹੈਂ ਤੂੰ, ਸਿਆਣੇ ਨੇ ਇਹ। ਮੂੰਹ ਤੋੜਵਾਂ ਦੇ ਕੇ ਜਵਾਬ, ਕਰਦੇ ਅਜੇਹਾ ਇਨਕਲਾਬ। ਨਾਨੀਆਂ ਆ ਜਾਣ ਯਾਦ, ਦਸ ਪਾਖੰਡਾਂ ਦਾ ਸਵਾਦ। ਧੋਖੇ ਦੀਆਂ ਇਹ ਮਾੜੀਆਂ, ਦਗਿਆਂ ਦੀਆਂ ਅਟਾਰੀਆਂ। ਹਿਮਤ ਕਰੀਂ, ਸਭ ਤੁਛ ਨੇ, ਉਠ ਕੀ ਮਹੂਰਤ ਪੁਛਣੇ। ਉਠ ਦੂਲਿਆ, ਉਠ ਧਾਰ ਬਲ ਢਾਹਦੇ ਅਮੀਰੀ ਦੇ ਮਹੱਲ। ਨੀਹਾਂ ਹਲਾ, ਕੰਧਾਂ ਕੰਬਾ, ਛੱਤ ਉਡਾ, ਤਰਥਲ ਮਚਾ। ਦੁਨੀਆਂ ਦਾ ਤਖਤਾ ਉਲਟ ਦੇ, ਕਾਇਆਂ ਈ ਸਾਰੀ ਪਲਟ ਦੇ। ਜ਼ੁਲਮਾਂ ਦੀ ਬੇੜੀ ਬੋੜ ਦੇ, ਖਾਰੇ ਸਮੁੰਦਰ ਰੋਹੜ ਦੇ। ਫਿਰ ਸ਼ਾਂਤੀ ਦਾ ਰਾਜ ਕਰ, ਸਾਰਾ ਨਵਾਂ ਰਿਵਾਜ਼ ਕਰ। ਦੁਨੀਆਂ ਨਵੀਂ ਕਰਦੇ ਆਜ਼ਾਦ 'ਹਿੰਦੀ' ਮਜ਼ਦੂਰਾ ਜ਼ਿੰਦਾ ਬਾਦ।

17. ਬਰਬਾਦ ਹੋਵੇ

ਰਹੀਏ ਵਾਂਗ ਭਰਾਵਾਂ ਦੇ ਸਦਾ ਰਲ-ਮਿਲ, ਫੇਰ ਕਾਸ ਨੂੰ ਕਦੇ ਫਸਾਦ ਹੋਵੇ। ਹੋਏ ਇਕ ਨੂੰ ਪੀੜ ਤੇ ਰੋਏ ਦੂਜਾ, ਸਦਾ ਸਭ ਨੂੰ ਵਾਹਿਗੁਰੂ ਯਾਦ ਹੋਵੇ। ਹੋਵੇ ਹੀਰ ਰਾਂਝਾ, ਰਾਂਝਾ ਹੀਰ ਹੋਵੇ, ਫਿਰ ਕਿਉਂ ਤਖ਼ਤ ਹਜ਼ਾਰਾ ਬਰਬਾਦ ਹੋਵੇ। ਇਕ ਤਾਰ ਉਤੇ ਖੜਕੇ ਤਾਰ ਸਾਡੀ, ਫਿਰ ਜੀਵਨ ਦਾ ਕੁਝ ਸਵਾਦ ਹੋਵੇ। ਵਿਤੋਂ ਬਾਹਰ ਹੋ ਹੋ ਛਾਲਾਂ ਮਾਰੀਏ ਨਾ, ਨਾ ਫਿਰ ਕਰਜ਼ ਦਾ ਚਲਦਾ ਖਰਾਦ ਹੋਵੇ। ਰਸਮਾਂ ਭੈੜੀਆਂ ਦੇ ਟੁਟ ਜਾਣ ਸੰਗਲ, ਫਿਰ ਬੰਧਨੋਂ ਕੌਮ ਆਜ਼ਾਦ ਹੋਵੇ। ਗਹਿਣੇ ਪਾਈਏ ਨਾ ਪਾ ਕੇ ਭੋਂ ਗਹਿਣੇ, ਦਿਲੋਂ ਛਡ ਦੇਈਏ ਰਾਠਾਚਾਰੀਆਂ ਨੂੰ। ਲਾਉਣਾ ਤਾਰ ਬਨੇ ਫਲਹੌਂਣੀਆਂ ਨੇ, ਡੂੰਘੇ ਵਹਿਣ ਰੁੜ੍ਹਾ ਦਿਓ ਸਾਰੀਆਂ ਨੂੰ। ਡੁੱਬ ਡੁੱਬ ਕਰਜ਼ ਵਿਚ ਫੋਕੇ ਨਮੂਜ਼ ਪਿਛੇ, ਕਾਹਨੂੰ ਛਡੋ ਆਜ਼ਾਦੀ ਦੀਆਂ ਤਾਰੀਆਂ ਨੂੰ। ਅਜ ਕਲ੍ਹ ਸਾਰੇ ਆਜ਼ਾਦੀ ਦੀ ਵਾ ਫਿਰ ਗਈ, ਤੁਸੀਂ ਬੰਦ ਕਰ ਬਹਿੰਦੇ ਹੋ ਬਾਰੀਆਂ ਨੂੰ। ਚਾਦਰ ਦੇਖ ਕੇ ਪੈਰ ਪਸਾਰੀਏ ਜੇ, ਫੇਰ ਅਸਾਂ ਦਾ ਖਾਨਾ ਆਬਾਦ ਹੋਵੇ। ਰਸਮਾਂ ਭੈੜੀਆਂ ਦੇ ਟੁਟ ਜਾਣ ਸੰਗਲ, ਫੇਰ ਬੰਧਨੋਂ ਕੌਮ ਆਜ਼ਾਦ ਹੋਵੇ। ਇਨ੍ਹਾਂ ਟਿਕਿਆਂ ਕਾਲਕ ਦੇ ਲਾਏ ਟਿਕੇ, ਇਨ੍ਹਾਂ ਚੰਦ ਕਈ ਚੰਦ ਚੜ੍ਹਾ ਦਿਤੇ। ਇਨ੍ਹਾਂ ਰੀਲਾਂ ਕਈ ਰੇਲਾਂ ਦੇ ਹੇਠ ਆਂਦੇ, ਕਈ ਡੰਡੀਆਂ ਡੰਡੀ ਬਣਾ ਦਿਤੇ। ਇਨ੍ਹਾਂ ਹਸਾਂ ਨੇ ਹੱਸ ਹੱਸ ਕਈ ਮਾਰੇ, ਹੌਲਦਲੀਆਂ ਨੇ ਦਿਲ ਹਲਾ ਦਿਤੇ। ਇਨ੍ਹਾਂ ਫੁਲਾਂ ਨੇ ਕਈਆਂ ਦੇ ਫੁਲ ਚੁਣ ਲਏ, ਇਨ੍ਹਾਂ ਨੂਠੀਆਂ ਠੂਠੇ ਫੜਾ ਦਿਤੇ। ਜਿਹੜੀ ਇਨ੍ਹਾਂ ਨੇ ਅਸਾਂ ਦੇ ਨਾਲ ਕੀਤੀ, ਕਿਸੇ ਨਾਲ ਨਾ ਆਦ ਜੁਗਾਦ ਹੋਵੇ। ਰਸਮਾਂ ਭੈੜੀਆਂ ਦੇ ਟੁੱਟ ਜਾਣ ਸੰਗਲ, ਫੇਰ ਬੰਧਨੋਂ ਕੌਮ ਆਜ਼ਾਦ ਹੋਵੇ। ਧੜੇ-ਬਾਜ਼ੀਆਂ ਬਾਜ਼ੀਆਂ ਹਾਰੀਆਂ ਨੇ, ਆਪੋ ਧਾਪੀਆਂ ਨੇ ਸਾਨੂੰ ਜ਼ੇਰ ਕੀਤਾ। ਮਾਰ ਦਿੱਤਾ ਮੁਕਦਮੇ ਬਾਜ਼ੀਆਂ ਨੇ, ਬੜਾ ਠੂਠੇ ਪਿਆਲੇ ਦਲੇਰ ਕੀਤਾ। ਚੁਣ ਲਏ ਕੱਖ ਰਹਿੰਦੇ ਖੂੰਹਦੇ ਲੈਣਦਾਰਾਂ, ਐਸਾ ਆਪਣੀ ਕਿਸਮਤ ਨੇ ਫੇਰ ਕੀਤਾ। ਅਸੀਂ ਆਪਣਾ ਆਪ ਭੁਲਾ ਬੈਠੇ, ਦਸਮੇ ਪਿਤਾ ਜੀ ਨੇ ਸਾਨੂੰ ਸ਼ੇਰ ਕੀਤਾ। ਹੁਣ ਵੀ ਤੁਰੀਏ ਜੇ ਉਹਨਾਂ ਦੇ ਪੂਰਣੇ ਤੇ, 'ਹਿੰਦੀ' ਅਸਾਂ ਦੀ ਪੂਰੀ ਮੁਰਾਦ ਹੋਵੇ। ਰਸਮਾਂ ਭੈੜੀਆਂ ਦੇ ਦੁੱਟ ਜਾਣ ਸੰਗਲ, ਫੇਰ ਬੰਧਨੋਂ ਕੌਮ ਆਜ਼ਾਦ ਹੋਵੇ।

18. ਮੋੜ ਲਈਏ

ਆਏ ਦਿਨ ਲੜਾਈਆਂ ਦਾ ਜਿੰਨ ਖੂਬੀ, ਕਾਹਨੂੰ ਆਪਣੇ ਪਿੱਛੇ ਚਮੋੜ ਲਈਏ। ਤੱਤੀ ਫੁਟ ਹਥੋਂ ਫੁਟ ਫੁਟ ਰੋਈਏ ਨਾ, ਅੱਖਾਂ ਵਿਚ ਨਾ ਤਾ ਤਾ ਤੋੜ ਲਈਏ। ਮਰਲਾ ਕਿਸੇ ਖੂਹ ਤੇ ਵਿਗਾਹ ਕਿਸੇ ਖੂਹ ਤੇ, ਭਵਾਂ ਵਿਚ ਨਾ ਭੋਂ ਖਸੋੜ ਲਈਏ। ਹੋਵਣ ਲਾਂਹਗਿਆਂ ਨਾਲ ਵਗਾਣ ਖਤੇ, ਐਵੇਂ ਰੜੇ ਹੀ ਨਾ ਬੇੜੀ ਬੋੜ ਲਈਏ ਪੁੱਜਦੀ ਕਿਸੇ ਨੂੰ ਕਦੇ ਧਤੂੜ ਨਾਹੀਂ, ਜੇਕਰ ਇਕ ਥਾਂ ਤੇ ਭੋਂ ਜੋੜ ਲਈਏ। ਤਾਂ ਫਿਰ ਮੁਕ ਜਾਵਣ ਟੰਟੇ ਵਾਰੀਆਂ ਦੇ, ਪਾਣੀ ਜਦੋਂ ਚਾਹੀਏ ਜਿਥੇ ਮੋੜ ਲਈਏ। ਆਪੋ ਵਿਚ ਸੋਹਣਾ ਪ੍ਰੇਮ ਕਰੀਏ, ਦੁੱਖ ਦਰਦ ਭਰਾਵਾਂ ਦਾ ਵੰਡ ਲਈਏ। ਸਾਬਣ ਸਿਦਕ ਦਾ ਪਾਣੀ ਪਿਆਰ ਵਾਲਾ, ਲਾ ਕੇ ਦਿਲਾਂ ਦੀ ਮੈਲ ਨੂੰ ਛੰਡ ਲਈਏ। ਧੜੇ ਬਾਜ਼ੀਆਂ ਵਿਚ ਨਮੋਸ਼ੀਆਂ ਨੇ, ਕਾਹਨੂੰ ਆਪਣੇ ਆਪ ਨੂੰ ਭੰਡ ਲਈਏ। ਚਾਰ ਦਿਨ ਦਾ ਜੀਵਨਾ ਜਗ ਉਤੇ, ਸਿਰ ਤੇ ਕਾਸ ਲਈ ਪਾਪਾਂ ਦੀ ਪੰਡ ਲਈਏ। ਸੂਤ ਨਾਲ ਸਭੇ ਕੰਮ ਸੂਤ ਹੋਵਣ, ਕਾਹਨੂੰ ਕਿਸੇ ਥੀਂ ਮੁਖ ਮਰੋੜ ਲਈਏ। ਜੇਹੜਾ ਵੀਰ ਬੁਵਾਹਰਿਆਂ ਜਾਏ ਸਾਥੋਂ, ਉਹਨੂੰ ਨਾਲ ਪਿਆਰ ਦੇ ਮੋੜ ਲਈਏ। ਗੁੜ ਗੂਹੜ ਦਾ ਸਕ ਸਲੂਕ ਵਾਲਾ, ਜੇਕਰ ਮੋਹ ਦੇ ਮਟ ਵਿਚ ਪਾ ਲਈਏ। ਪਾਣੀ ਪ੍ਰੀਤ ਦੇ ਨਾਲ ਝੁੱਬਲ ਲਈਏ, ਕੁਝ ਚਿਰ ਵਿਚ ਪ੍ਰੇਮ ਦਬਾ ਲਈਏ। ਜਦੋਂ ਨਿਤਰੇ ਕੁੰਗ ਸਮਾਣ ਹੋਵੇ, ਏਕਤਾਈ ਦੀ ਭੱਠੀ ਚੜ੍ਹਾ ਲਈਏ। ਆਪੋ ਧਾਪਿਆਂ ਦੀ ਅੱਗ ਬਾਲ ਹੇਠਾਂ, ਅਤੇ ਨਾਲ ਪਿਆਰ ਦੀ ਲਾ ਲਈਏ। ਫੇਰ ਨਸ਼ੇ ਆਨੰਦ ਦੀ ਤਾਰ ਬਝੇ, ਮਿੱਠੀ ਸ਼ੈਹਦ ਕੋਲੋਂ ਪਹਿਲੇ ਤੋੜ ਲਈਏ। ਏਸੇ ਨਸ਼ੇ ਦੇ ਵਿਚ ਗਲਤਾਨ ਰਹੀਏ, ਅਮਲਾਂ ਭੈੜਿਆਂ ਥੀਂ ਮੂੰਹ ਮੋੜ ਲਈਏ। ਬੜੀਆਂ ਬਰਕਤਾਂ ਏਕੇ ਦੇ ਵਿਚ ਲੱਭਣ, ਸਾਰੇ ਸੁਖਾਂ ਦਾ ਇਕ ਭੰਡਾਰ ਏਕਾ। ਏਕੇ ਨਾਲ ਹਜ਼ਾਰ ਨੇ ਮਾਣ ਸਾਡੇ, ਲੱਖਾਂ ਆਦਰਾਂ ਦਾ ਬਖਸ਼ਨਹਾਰ ਏਕਾ। ਭੌਂ ਵੈਰੀਆਂ ਸਜਣਾਂ ਆਸ ਹੁੰਦੀ, ਜੇਹੜੀ ਘਰੀਂ ਹੋਵੇ ਇਕ ਵਾਰ ਏਕਾ। ਲੈਂਦਾ ਔਕੜਾਂ ਦਾ ਵੰਡ ਭਾਰ ਏਕਾ, ਦੇਦਾ ਡੁਬਦਾ ਡੁਬਦਾ ਤਾਰ ਏਕਾ। ਘਾਟਾ ਕੀ ਜੇਕਰ ‘ਹਿੰਦੀ’ ਕਰਨ ਏਕਾ, ਇਕ ਏਕੇ ਥੀਂ ਖਟ ਕਰੋੜ ਲਈਏ। ਜੇਹੜੀ ਸਿਖਣਾ ਏਕਿਉਂ ਖੜੇ ਲਾਂਭੇ, ਮੱਥਾ ਟੇਕ ਦੂਰੋਂ ਮੂੰਹ ਮੋੜ ਲਈਏ।

19. ਸ਼ਰਾਬ

ਸ਼ਰਾਬ ਆਬ ਹੈ ਪਾਣੀ ਸ਼ਰਾਰਤਾਂ ਦਾ, ਏਸੇ ਪਾਣੀ ਨੇ ਸਾਨੂੰ ਬੇ-ਆਬ ਕੀਤਾ। ਸਾਡੇ ਜਿਗਰ ਨੂੰ ਸਾੜ ਸਵਾਹ ਕੀਤਾ, ਸਾਡੇ ਜੁਸੇ ਨੂੰ ਭੁੰਨ ਕਬਾਬ ਕੀਤਾ। ਤਨ, ਮਨ ਤੇ ਧੰਨ ਦਾ ਸਵਾਲ ਕਾਹਦਾ, ਸਾਨੂੰ ਸਭ ਵਲੋਂ ਲਾ ਜਵਾਬ ਕੀਤਾ। ਜਿਨਾ ਲੁਕ ਲੁਕ ਕੇ ਇਹਨੂੰ ਵਰਤਨੇ ਹਾਂ, ਉਨਾ ਏਸ ਭੰਡ ਭੰਡ ਬੇ-ਨਕਾਬ ਕੀਤਾ। ਬੰਦ ਬੋਤਲ 'ਚੋਂ ਅਸਾਂ ਆਜ਼ਾਦ ਕੀਤਾ, ਏਸ ਕ੍ਰਿਤਘਣ ਉਲਟਾ ਖਰਾਬ ਕੀਤਾ। ਤਾਹੀਓਂ ਹਰ ਮਜ਼੍ਹਬ ਏਹਨੂੰ ਨਿੰਦਿਆ ਏ, ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ। ਇਹਦੀ ਇਕ ਇਕ ਬੂੰਦ ਵਿਚ ਮੌਹਰਿਆਂ ਦੇ, ਲੱਖਾਂ ਸਾਗਰਾਂ ਦੇ ਸਾਗਰ ਭਰੇ ਹੋਏ ਨੇ। ਏਸੇ ਛੁਰੀ ਦੀ ਆਬ ਵਿਚ ਖਾਣ ਗੋਤੇ, ਜਿਨ੍ਹਾਂ ਕਈ ਛਤੀ ਪਤਣ ਤਰੇ ਹੋਏ ਨੇ। ਚਾਂਦੀ ਫਕਦੇ ਫਕਦੇ ਨੰਗ ਹੋ ਗਏ, ਘਰ ਦੇ ਕਹਿਣਾ ਪਿਡਲ ਗਹਿਣੇ ਧਰੇ ਹੋਏ ਨੇ। ਓੜਕ ਭੋਂ ਭਾਂਡੇ ਵੇਚ ਹੋਏ ਵੇਹਲੇ, ਜੀਉਂਦੇ ਫਿਰਨ ਐਪਰ ਵਿਚੋਂ ਮਰੇ ਹੋਏ ਨੇ। ਇਹਦੇ ਭੈੜਾਂ ਦਾ ਲੇਖਾ ਨਾ ਅੰਤ ਆਵੇ, ਭੈੜੀ ਨਸ਼ਟ ਸਾਡਾ ਬੇ ਹਿਸਾਬ ਕੀਤਾ। ਤਾਹੀਓਂ ਹਰ ਮਜ਼੍ਹਬ ਏਹਨੂੰ ਨਿੰਦਿਆ ਏ, ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ। ਏਹਨੂੰ ਵਰਤਣਾ ਤੇ ਰਹਿਆ ਇਕ ਪਾਸੇ, ਹੱਥ ਲਾਉਣਾ ਵੀ ਵੱਡਾ ਪਾਪ ਹੈ ਇਕ। ਇਹਦੀ ਛੋਹ ਹੀ ਹੱਡਾਂ ਨੂੰ ਖੋਰਦੀ ਏ, ਖਈ ਰੋਗ ਹੈ ਇਕ ਇਕ ਤਾਪ ਹੈ ਇਕ। ਇਹਨੂੰ ਕੁਲ ਬੁਰਾਈਆਂ ਦੀ ਮਾਂ ਆਖਣ, ਨਸ਼ਾ ਇਹਦਾ ਖੁਟਾਈਆਂ ਦਾ ਬਾਪ ਹੈ ਇਕ। ਜੋ ਨਾ ਕਿਸੇ ਦੀ ਰਾਸ ਨੂੰ ਰਾਸ ਆਵੇ, ਇਹ ਓਸ ਨਗੀਨੇ ਦੀ ਛਾਪ ਹੈ ਇਕ। ਪੀੜਾਂ ਕੀਤੀਆਂ ਵੇਲਣੇ ਪੀੜ ਇਸ ਨੇ, ਗੁਣ ਵਾਲਿਆਂ ਗੁੜਾ ਨੂੰ ਰਾਬ ਕੀਤਾ। ਤਾਹੀਓਂ ਹਰ ਮਜ਼੍ਹਬ ਇਹਨੂੰ ਨਿੰਦਿਆ ਏ, ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ। ਜਿਨ੍ਹਾਂ ਇਸ ਚੁੜੇਲ ਨੂੰ ਮੂੰਹ ਲਾਇਆ, ਉਹਨਾਂ ਆਪੇ ਹੀ ਜਿਨ ਚਮੇੜ ਲਏ ਨੇ। ਕੋਈ ਟੂਣੇ ਤਵੀਤ ਨਹੀਂ ਕਾਟ ਕਰਦੇ, ਜਹੇ ਗੁਝੜੇ ਰੋਗ ਸਹੇੜ ਲਏ ਨੇ। ਜਿਹੜੇ ਦੁਨੀਆਂ ਦੇ ਝਗੜੇ ਨਬੇੜ ਸਕਣ, ਆਪੇ ਉਹਨਾਂ ਨੇ ਆਪੇ ਨਬੇੜ ਲਏ ਨੇ, ਦੀਨ ਦੁਨੀਆਂ ਓਹ ਦੋਵੇਂ ਵਿਗਾੜ ਬੈਠੇ, ਚਾਰੇ ਚਿਕੜੀਂ ਪਲੇ ਲਬੇੜ ਲਏ ਨੇ। ਜੇਹੜੇ ਅਮਲਾਂ ਦੇ ਵਹਿਣ ਵਿਚ ਰੁੜੀ ਜਾਵਣ, ਆਪਣੇ ਅਮਲਾਂ ਨੂੰ ਓਹਨਾਂ ਖਰਾਬ ਕੀਤਾ। ਤਾਹੀਓਂ ਹਰ ਮਜ਼੍ਹਬ ਇਹਨੂੰ ਨਿੰਦਿਆ ਏ, ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ। ਗੁੜ ਗੂਹੜ ਦਾ, ਸਕ ਸਲੂਕ ਵਾਲਾ, ਜੇਕਰ ਮੋਹ ਦੇ ਮਟ ਵਿਚ ਪਾ ਲਈਏ। ਪਾਣੀ ਪ੍ਰੀਤ ਦਾ ਪਾ ਪਾ ਹੰਘਾਲ ਲਈਏ, ਮਲਬੇ ਸਾਂਝ ਵਿਚ ਦਬ ਦਬਾ ਲਈਏ। ਆਪੋ ਧਾਪਿਆਂ ਦੀ ਅੱਗ ਬਾਲ ਹੇਠਾਂ, ਨਾਲ ਨਿਮ੍ਰਤਾ ਦੀ ਉਤੇ ਲਾ ਲਈਏ। ਡੰਝ੍ਹਾਂ ਲਾਹ, ਪੀਪੀ ਪਹਿਲੇ ਤੋੜਦੀ ਨੂੰ, ਦੌਰਾ ਪ੍ਰੇਮ ਦਾ ਗੰਢ ਗੰਢਾ ਲਈਏ। ਫੇਰ ਦੇਖਣਾ ਕਿ ਸਾਡੀ ਵਾਸ਼ਨਾ ਨੇ, ਖਿੰਡ ਕੇ ਜਗ ਵਿਚ ਸਾਨੂੰ ਗੁਲਾਬ ਕੀਤਾ। ਏਸ ਪੀਤੀ ਨੂੰ 'ਹਿੰਦੀਆ’ ਮਿਲੇ ਸ਼ਾਦਾ, ਖੁਰਮੇ ਖਾ ਲਈਏ ਨਾਲੇ ਸੁਵਾਬ ਕੀਤਾ।

20. ਮੁਕਦਮੇਂ ਬਾਜ਼ੀ

ਚਾਹੜੀਆਂ, ਵਹੀਰਾਂ, ਕਟਕ, ਫੌਜਾਂ, ਫੌਜਦਾਰੀਆਂ ਨੇ, ਤਖਤ ਸਾਡੀ ਲਜ਼ ਦਾ ਬੇ ਲਜ ਹੋ ਕੇ ਡੋਲਿਆ। ਚੰਦਰੀ ਲੜਾਈ ਨੇ ਲੜਾਏ ਠੂਹਣੇ ਸੱਪ ਜ਼ਹਿਰੀ, ਚਿਟੇ ਹੋ ਗਏ ਲਹੂ, ਦੁਧੀਂ ਵਿਸਾਂ ਨੂੰ ਹੈ ਘੋਲਿਆ। ਹਲਾ ਸ਼ੇਰੀ ਜਿਤ ਕੇ, ਲਫਾਇਆ ਹੈ ਕਮਾਣ ਵਾਂਗ, ਫੜ ਲਓ ਵੇ, ਤੀਰਾਂ ਫੜ ਹਾਰਾਂ 'ਚ ਪਰੋ ਲਿਆ। ਆਪੇ ਆਪੋ ਧਾਪੀਆਂ ਨੂੰ ਬੈਠ ਕੇ ਨਜਿਠਿਆ ਨਾ, ਪਰ੍ਹੇ ਦੀਆਂ ਮੰਨੀਆਂ ਨਾ ਠਾਣੇ ਜਾ ਖਲੋ ਲਿਆ। ਹਾਕਮਾਂ, ਵਕੀਲਾਂ ਦੀਆਂ ਚਟੀਆਂ ਤੇ ਮਿਹਨਤਾਂ ਨੇ, ਤਾਰੇ ਡੁਬ ਕਰਜ ਵਿਚ ਝੁਗੀਆਂ ਨੂੰ ਧੋ ਲਿਆ। ਵਿਦਿਆ ਤੋਂ ਸਖਣੇ ਹਾਂ ਜੇਹਲਖਾਨੇ ਭਰੀ ਜਾਈਏ, ਕੋਹਲੂ ਪਏ ਪੀੜੀਏ ਤੇ ਚਕੀਆਂ ਨੂੰ ਝੋ ਲਿਆ, ਖੁਲ੍ਹੇ ਸ਼ੇਰ ਬਝ ਬਝ ਮੋਏ ਕਾਲ ਕੋਠੀਆਂ 'ਚ, ਬੇੜੀਆਂ ਨੇ ਰੜੇ ਸਾਡੀ ਬੇੜੀ ਨੂੰ ਡਬੋ ਲਿਆ। ਕਲਰੀ ਜ਼ਮੀਨ ਵਿਚ ਹਲਟ ਦੋਹਾਂ ਦੀਦਿਆਂ ਦੇ, ਗੇੜ ਦੇਣ ਲਈ ਜੱਗ ਹੋਕਿਆਂ ਨੂੰ ਜੋ ਲਿਆ। ਆਪੇ ਸਦਾਂ ਮਾਰ ਮਾਰ ਸਦਿਆ ਮੁਸੀਬਤਾਂ ਨੂੰ, ਮਖਣਾਂ ਦੀ ਗੁਨ੍ਹੀ ਦੇਹੀ ਨੂੰ ਮਿਟੀ ਵਿਚ ਗੋਹ ਲਿਆ। ਫੁੱਲਾਂ ਨਾਲ ਤੁਲਦੀ ਮਲੂਕ ਜਹੀ ਜਿੰਦੜੀ ਨੂੰ, ਸੂਲਾਂ ਨਾਲ ਵਿਨ੍ਹਿਆਂ ਤੇ ਕੰਡਿਆਂ ਥੀਂ ਤੋਲਿਆ। ਦਸੋ ਆਪ ਫਾਥੜੀ ਨੂੰ ਆਣ ਕੇ ਛੁਡਾਏ ਕੌਣ, ਆਪੇ ਤੜ ਕੇ ਪਿੰਜਰੇ 'ਚ ਆਪੇ ਬੂਹਾ ਢੋ ਲਿਆ। ਆਪੇ ਕਦੇ, ਮਾਰੀਏ ਦੁਹਥੜਾਂ ਤੇ ਆਪੇ ਕਦੇ, ਅਨ੍ਹਿਆਂ ਦੀ ਮਾਂ ਵਾਂਗ ਬੁਕਲਾਂ 'ਚ ਰੋ ਲਿਆ। ਆਪੇ ਬੇੜ ਵਟ ਵਟ ਫਾਹੀਆਂ ਨੂੰ ਸਹੇੜਿਆ ਏ, ਆਪੇ ਹੀ ਨਰੋਈ ਗੰਢੇ ਅਕਾਂ ਤਾਈਂ ਢੋ ਲਿਆ। ਮਲ ਮਲ ਹਥ ਪਛੋਤਾਵਿਆਂ ਕੀ ਹਥ ਆਵੇ, ਚਿੜੀਆਂ ਨੇ ਖੇਤ ਜਦੋਂ ਚੁਗਿਆ ਚਗੋ ਲਿਆ। ਅਜੇ ਵੀ ਕੀ ਵਿਗੜਿਆ ਏ, ਦਸੋ ਬੇਰਾਂ ਡੁਲ੍ਹਿਆਂ ਦਾ, ਅਗੇ ਲਈ ਸੋਚੀਏ, ਇਹ ਹੋਣਾ ਸੀ ਜੋ ਹੋ ਲਿਆ। ਫੇਰ ਰਹਿਸਾਂ 'ਹਿੰਦੀ' ਅੱਗ ਪੇਸ਼ੀਆਂ ਦੀ ਸਾੜਸੀ ਨਾ, ਆਪੇ ਠੰਡੇ ਤਤੇ ਨੂੰ ਜੇ ਮਿਲ ਕੇ ਸਮੋ ਲਿਆ।

21. ਪੰਜਾਬ ਵਾਲੇ

ਓਹ ਵੀ ਸਮੇਂ ਸਨ ਸਾਡੇ ਪੰਜਾਬ ਅੰਦਰ, ਲੇਖੇ ਅੰਤ ਨਾ ਜੀਹਦੇ ਹਸਾਬ ਵਾਲੇ। ਘਰ ਘਰ ਰੰਗਣਾਂ ਧੁਰ ਧੁਜੋਂ ਬਾਹਰੀਆਂ ਸਨ, ਬੜੀਆਂ ਰੌਣਕਾਂ ਵੇਲੇ ਪ੍ਰਤਾਪ ਵਾਲੇ। ਸਾਡੇ ਟੈਕਸਲੇ 'ਚ ਸਾਗਰ ਵਿਦਿਆ ਦਾ, ਲਹਿਰੇ ਮਾਰਦਾ ਸੀ ਆਬ ਤਾਬ ਵਾਲੇ। ਪੈਂਦੀ ਗੂੰਜ ਸੀ ਸਾਰੇ ਬ੍ਰਹਿਮੰਡ ਅੰਦਰ, ਹਿਲਦੇ ਤਾਰ ਜਾਂ ਸਾੜੀ ਰਬਾਬ ਵਾਲੇ। ਸਾਡੇ ਫ਼ਲਸਫ਼ੇ ਵਿਚ ਉਡਾਰੀਆਂ ਸਨ, ਲਗੇ ਹੋਏ ਸਨ ਖੰਭ ਸਰਖਾਬ ਵਾਲੇ। ਤਦੋਂ ਬੋਲੀ ਪੰਜਾਬੀ ਸੀ ਇਕ ਸਭ ਦੀ, ਡਾਹਢੇ ਸੁਖੀ ਸਨ ਵਸਦੇ ਪੰਜਾਬ ਵਾਲੇ। ਸਾਡੇ ਪੰਜਾਂ ਦਰਿਆਵਾਂ ਦੇ ਪਾਣੀਆਂ ਨੇ, ਸਾਡੇ ਦਿਲਾਂ ਦੀ ਮੈਲ ਸੀ ਧੋਈ ਹੋਈ। ਬੀਬੀ ਫ਼ਾਰਸੀ ਆਈ ਈਰਾਨ ਵਿਚੋਂ, ਅਰਬੀ ਲਾਲਾਂ ਦੇ ਨਾਲ ਪ੍ਰੋਈ ਹੋਈ। ਸਾਡੇ ਮੋਤੀਆਂ ਨੂੰ ਦੁਰ ਦੁਰ ਪਈ ਆਖੇ, ਸਾਡੇ ਨਾਲ ਮਿਸਾਲ ਤਾਂ ਓਹੀ ਹੋਈ। ਅਸੀਂ ਛਡਦੇ ਹਾਂ ਪਰ ਓਹ ਛਡਦੀ ਨਹੀਂ, ਸਾਡੀ ਭਾ ਦੀ ਰਿਛ ਇਹ ਲੋਈ ਹੋਈ। ਸਾਡੇ ਸੁਪਨਿਆਂ ਦੇ ਹੋ ਗਏ ਦਿਨ ਸੁਪਨੇ, ਵੇਲੇ ਆਏ ਬਦੇਸੀ ਖਵਾਬ ਵਾਲੇ। ਜਦੋਂ ਬੋਲੀ ਪੰਜਾਬੀ ਸੀ ਇਕ ਸਭ ਦੀ, ਡਾਹਡੇ ਸੁਖੀ ਸਨ ਵਸਦੇ ਪੰਜਾਬ ਵਾਲੇ। ਬਣੀ ਬੇਰੜਾ ਬੋਲੀ ਅਜਾਈਂ ਸਾਡੀ, ਉਰਦੂ ਲਸ਼ਕਰੀ ਦਾ ਫੇਰ ਦੌਰ ਆਇਆ। ਰਹਿਣੀ ਬਹਿਣੀ ਦੇ ਭੁੱਲ ਗਏ ਢੰਗ ਸਭੇ, ਨਵਾਂ ਇਸ਼ਰਤ ਤਮਦਨ ਦਾ ਤੌਰ ਆਇਆ। ਹਮਕੀ ਤੁਮਕੀ ਨੇ ਮੈਂ ਤੂੰ ਉਡਾ ਦਿਤੀ, ਗਿਆ ਗੋਹ ਗਵਾਚ ਤੇ ਗੌਰ ਆਇਆ, ਮਾਤ ਬੋਲੀ ਵੀ ਮਾਦਰੀ ਹੋਈ ਬੋਲੀ, ਸਾਡੇ ਹੋਰ ਦੀ ਥਾਂ ਤੇ ਔਰ ਆਇਆ। ਉੱਤਰ ਪ੍ਰਸ਼ਨ ਵੀ ਚਿਹਰਿਓਂ ਗਏ ਉੱਤਰ, ਆ ਗਏ ਵਕਤ ਸਵਾਲ ਜਵਾਬ ਵਾਲੇ। ਜਦੋਂ ਬੋਲੀ ਪੰਜਾਬੀ ਸੀ ਇਕ ਸਭ ਦੀ, ਡਾਹਢੇ ਸੁਖੀ ਸਨ ਵਸਦੇ ਪੰਜਾਬ ਵਾਲੇ। ਸਾਗਰ ਪਾਰੋਂ ਫਿਰ ਪਛਮੀ ਪਰੀ ਆ ਕੇ, ਰਹਿੰਦੀ ਖੂੰਹਦੀ ਵੀ ਗਿੱਲ ਗਵਾ ਦਿਤੀ। ਭਜੇ ਕਾਕੜੇ ਬੋਤਲਾਂ ਆ ਵੜੀਆਂ, ਤੇ ਗਲਾਸ ਨੇ ਛਨੀ ਵਿਸਰਾ ਦਿਤੀ। ਟਾਈਮ, ਮਿੰਟ, ਸੈਕੰਡ ਨੇ ਪਲ ਛਿਨ ਵਿਚ, ਵੇਲੇ ਘੜੀ ਦੀ ਯਾਦ ਭੁਲਾ ਦਿਤੀ। ਨਿਭੀਆਂ ਵਾਦੀਆਂ ਸਿਰਾਂ ਦੇ ਨਾਲ ਨਾਹੀਂ, ਸਾਡੀ ਹੋਰ ਹੀ ਹੈਬਿਟ ਬਣਾ ਦਿਤੀ। ਬਿਸਕੁਟ, ਚਾਕਲਟ, ਕੇਕਾਂ ਤੇ ਟੋਸਟਾਂ ਨੇ, ਖਟੇ ਸਵਾਦ ਕੀਤੇ ਖਾਦ ਖ਼ਾਬ ਵਾਲੇ। ਜਦੋਂ ਬੋਲੀ ਪੰਜਾਬੀ ਦੀ ਇਕ ਸਭ ਦੀ, ਡਾਹਡੇ ਸੁਖੀ ਸਨ ਵਸਦੇ ਪੰਜਾਬ ਵਾਲੇ। ਹੁਣ ਤਾਂ ਚਾਹੀਦਾ ਮੁਢਲੀ ਵਿਦਿਆ ਦਾ, ਜਾਰੀ ਕੰਮ ਪੰਜਾਬੀ ਦੇ ਵਿਚ ਹੋਵੇ। ਪਿਟ, ਗੜ੍ਹਾ, ਗੜ੍ਹਾ ਰਟਿਆ ਔਕੜਾਂ ਨੇ, ਟੋਆ ਕਹੀਏ ਤੇ ਕੋਈ ਨਾ ਹਰਜ ਹੋਵੇ। ਮਾਤ ਬੋਲੀ ਦੀ ਸੇਵਾ ਹੈ ਦੇਸ਼ ਸੇਵਾ, ਜੇਕਰ ਸਮਝ ਲਈਏ ਟੇਵਾ ਟਿਚ ਹੋਵੇ। ਹਿੰਦੂ ਮੁਸਲਿਮ ਤੇ ਸਿਖ ਅਸਾਈ ਆਦਿਕ, ਸਭ ਦੇ ਦਿਲਾਂ ਵਿਚ ਜੇ ਇਹੋ ਖਿਚ ਹੋਵੇ। 'ਹਿੰਦੀ' ਵੇਖਣਾ ਮੁੜ ਪੰਜਾਬ ਵਾਲੇ, ਬਣਸਨ ਫੇਰ ਓਸ ਰੁਅਬ ਦਾਬ ਵਾਲੇ। ਹੋਸੀ ਬੋਲੀ ਪੰਜਾਬੀ ਜਦ ਫਿਰ ਸਭ ਦੀ, ਵਸਣ ਰਸਣਗੇ ਖੁਸ਼ੀ ਪੰਜਾਬ ਵਾਲੇ।

22. ਗਰੀਬ ਨੂੰ

................ ................ ਤੂੰ ਫਿਰ ਵੀ ਹੈਂ ਦੁਨੀਆਂ ’ਚ ਮਾੜਾ ਸਦੇਂਦਾ, ਜਣਾ ਖਣਾ ਤੇਰੇ ਤੇ ਉਂਗਲ ਰਖੇਂਦਾ। ਹਰ ਇਕ ਜੋਕ ਵਾਂਗਰ ਤੇਰੀ ਰੱਤ ਪੀਂਦਾ, ਤੂੰ ਸਦੀਆਂ ਦਾ ਸੁਤਾ ਤੇ ਫਿਰ ਵੀ ਉਨੀਂਦਾ? ਹੁਣ ਉਠ ਹੋਜ਼ਾ ਸੋਮਨ, ਤੂੰ ਹੁਸ਼ਿਆਰ ਹੋ ਜਾ, ਬੜਾ ਢਾਲ ਬਣਿਓਂ ਹੁਣ ਤਲਵਾਰ ਹੋ ਜਾ। ਤੂੰ ਮਾਇਆਂ ਚ ਮਤਿਆ ਦਾ ਕੁਲ ਨਾਸ ਹੋ ਜਾ, ਖਿਜ਼ਰ ਹੋ ਜਾ ਅਨ੍ਹਿਆਂ ਦਾ, ਅਲਿਆਸ ਹੋ ਜਾ। ਨਾ ਬਣ ਤ੍ਰੇਲ ਤੁਬਕਾ ਤੂੰ ਅਲਮਾਸ ਹੋ ਜਾ, ਤੂੰ ਭੈ ਹੋ ਜਾ, ਡਰ ਹੋ ਜਾ ਵਿਸ਼ਵਾਸ ਹੋ ਜਾ। ਜੇ 'ਹਿੰਦੀ' ਦੇ ਆਖੇ ਤੇ ਪਹਿਰਾ ਦੇਵੇਂਗਾ, ਤੇ ਫਿਰ ਇਸ ਜੀਵਨ ਦਾ ਲਹਿਰਾ ਲਵੇਂਗਾ।

23. ਕਿਰਸਾਨ

ਕਕਰੀ ਰਾਤ ਏ ਦਿਨ ਸਿਆਲ ਦੇ, ਪੈ ਪੈ ਕੇ ਕੋਰੇ ਨੇ ਹਡਾਂ ਨੂੰ ਗਾਲਦੇ। ਨਿਘੀਆਂ ਬੁਕਲਾਂ ’ਚ ਸੁਤੀ ਲੁਕਾਈ ਏ, ਠੰਢ ਨੇ ਪੈ ਪੈ ਕੇ ਠੰਢ ਵਰਤਾਈ ਏ। ਸੁੰਝ ਮਸਾਨ ਏ, ਇਕ ਕਿਰਸਾਨ ਏ, ਮੋਢੇ ਤੇ ਕਹੀ, ਏ, ਪਾਣੀ ਦੀ ਪਈ ਏ। ਆਡਾਂ ਨੂੰ ਤੋੜਦਾ, ਪਾਣੀ ਨੂੰ ਮੋੜਦਾ। ਕੀੜੇ ਪਤੰਗ ਤੇ ਸਪ ਸਪੋਲੀਆਂ, ਮਹੜੀਆਂ ਝਾਂਬੜਾਂ ਕੰਢੇ ਮਮੋਲੀਆਂ। ਮਿਧਦਾ ਚਿਥਦਾ ਫਿਰੇ ਲਿਤਾੜਦਾ, ਪਾਣੀ ਕੀ ਲੌਂਦਾ ਏ ਖੂਨ ਹੈ ਕਾਹੜਦਾ। ਤਾਰੇ ਗਵਾਹ ਨੇ ਹਲਾਂ ਨੂੰ ਜੋੜਦਾ, ਕਿਰਤ ਕਮਾਉਣੋਂ ਨਹੀਂ ਮੂੰਹ ਨੂੰ ਮੋੜਦਾ। ਵਾਹੀ, ਬਿਆਈ, ਸੁਹਾਗੇ ਤੇ ਗੋਡੀਆਂ, ਹਰੀ ਅੰਗੂਰੀ ਤੇ ਪਤੇ ਫੁਲ ਡੋਡੀਆਂ। ਵੇਂਹਦਾ ਈ ਔਕੜਾਂ ਸਾਰੀਆਂ ਭੁਲਦਾ, ਗਰਭ ਕਰੇਂਦਾ ਹੈ ਦਿਲ ਵਿਚ ਹੈ ਫੁਲਦਾ। ਕੁੰਗੀਓਂ, ਅਨਹੋਂ ਤੇ ਵਾਇਓ, ਹਨੇਰੀਓ, ਸੋਮਿਓ, ਤੋਲਿਓ, ਮੰਗ ਮੰਗੇਰਿਓ। ਬਚ ਬਚਾ ਕੇ ਵਢ ਕੇ ਗੋਂਹਦਾ ਹੈ, ਪਿੜ ਲਗਾਉਂਦਾ ਏ, ਬੋਹਲ ਬਣਾਉਂਦਾ ਏ। ਏਨੇ ਨੂੰ ਸ਼ਾਹ ਆ ਕੇ ਵਹੀ ਵਖਾਉਂਦਾ ਏ। ਸਤਰ ਨੇ ਸੌਣੀ ਦੇ, ਪੈਂਤੀ ਅਚਾਬਤ ਦੇ, ਡੂੜ ਸੌ ਪੂਰਾ ਵਿਆਜ ਦੀ ਬਾਬਤ ਏ। ਜੋੜ ਜੜੋਂਦਾ ਏ, ਨਾਵਾਂ ਬਣਾਉਂਦਾ ਏ, ਛੇ ਢਾਇਆ ਬੱਤੀ ਨੇ, ਛੋੜਨੇ ਛੱਤੀ ਨੇ। ਛੋੜ ਸੁਨੇਂਦਾ ਏ, ਸ਼ਾਵਾ ਸ਼ੈ ਕਹਿੰਦਾ ਏ, ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪੱਤ ਨਹੀਂ। ਸ਼ਾਹ ਵਣਜੂਟੀ ਤੇ ਧੁਰੋਂ ਹੀ ਆਈ ਏ, ਆਪ ਦੇ ਲੇਖੇ ਦੀ ਡਾਹਡੀ ਸਫ਼ਾਈ ਏ। ਪਰੂੰ ਫਲਾਣੇ ਨੇ ਲੇਖਾ ਚਾ ਕੀਤਾ ਸੀ, ਕੌਡੀ ਨਾ ਛੋੜੀ ਸੀ ਲਹੂ ਹੀ ਪੀਤਾ ਸੀ। ਹੱਥ ਪੈਰ ਜੋੜੇ ਸੀ ਪੰਜ ਮਰੋੜੇ ਸੀ। ਧਰਤੀ ਦੇ ਸਾਂਈ ਵੀ ਅੱਖਾਂ ਵਖਾਈਆਂ ਨੇ, ਬੁਤੀਆਂ ਵਗਾਰਾਂ ਸਭ ਭੁਲੀਆਂ ਭੁਲਾਈਆਂ ਨੇ। ਮਥੇ ਤੇ ਅੱਖਾਂ ਏ ਸਭ ਤੋਂ ਕੋਰਾ ਏ; ਮਤਲਬ ਦੀ ਕਹਿੰਦਾ ਹੈ ਮਤਲਬ ਦਾ ਡੋਰਾ ਏ। ਜ਼ਿਮੀਂਦਾਰ ਸ਼ਾਹ ਦੇ ਪੈਂਦੇ ਨੇ ਖਾਣ ਨੂੰ, ਚਮੜੇ ਨੇ ਜੋਕਾਂ ਦੇ ਵਾਂਗ ਕਿਰਸਾਨ ਨੂੰ। ਦੋਹਾਂ ਵਿਚਾਰੇ ਦੀ ਰਤ ਨਿਚੋੜੀ ਏ, ਹਿਕ ਤੇ ਲਤ ਹੈ ਧੌਣ ਮਰੋੜੀ ਏ। ਕਹਿੰਦਾ ਹੈ ਖਟਿਆ ਕੀ ਆ ਕੇ ਜਹਾਨ ਤੇ, ਦੁਖੜੇ ਸਾਰੇ ਨੇ ਮੇਰੀ ਹੀ ਜਾਨ ਤੇ। ਇਨ੍ਹਾਂ ਦੇ ਢਿੱਡ ਨੇ ਮੇਰੀ ਕਮਾਈ ਏ, ਮੇਰੀ ਵੀ ਰਬ ਕੀ ਹਸਤੀ ਬਣਾਈ ਏ। ਚੰਗਾ ਸੀ ਮੈਨੂੰ ਜੋ ਮਾਂ ਹੀ ਜਨੇਂਦੀ ਨਾ, ਜੇਕਰ ਸੀ ਜੰਮਿਆ ਤੇ ਦੁਧ ਹੀ ਦੇਂਦੀ ਨਾ। ਮੁਕਦਾ ਮੈਂ ਓਦੋਂ ਹੀ ਵਖਤਾਂ ਨੂੰ ਪੈਂਦਾ ਨਾ, ਵਖਤਾਂ ਨੂੰ ਪੈਦਾ ਨਾ ਘੁਰਕੀਆਂ ਸਹਿੰਦਾ ਨਾ। ਆਏ ਧੜਵਾਈ ਨੇ, ਤਕੜੀ ਲਾਈ ਨੇ, ਦਬਾ ਦਬ ਰੋਲਦੇ ਛਬਾ ਛਬ ਤੋਲਦੇ। ਗਡੇ ਭਰਾਏ ਨੇ ਦੋਂਹ ਘਰ ਪੁਚਾਏ ਨੇ, ਤੂੜੀ ਫਲਿਆਟ ਤੇ ਨੀਰੇ ਤੇ ਗੋਨੇ ਦੇ। ਚੁਣੇ ਗਏ ਸਾਰੇ ਹੀ ਕਖ ਨਗੂਣੇ ਦੇ। ਵਰ੍ਹਾ ਦਿਨ ਕੀਤੀਆਂ ਮਰ ਮਰ ਕਮਾਈਆਂ ਨੇ, ਅੱਖਾਂ ਦੇ ਵਿਚੋਂ ਕਈ ਰਾਤਾਂ ਲੰਘਾਈਆਂ ਨੇ। ਰਿਹਾ ਹੈ ਭਾੜੇ ਦੇ ਪਥਰ ਹੀ ਢੋਂਦਾ, ਖਾਲੀ ਨੇ ਪਲੇ, ਤੇ ਪਲੇ ਪਾ ਰੋਂਦਾ। ਓੜਕ ਮਾਮਲੇ, ਹਾਲੇ ਵਿਚਾਰੇ ਨੇ, ਡੁਬ ਡੁਬ ਉਧਾਰ ਵਿਚ ਮਰ ਮਰ ਕੇ ਤਾਰੇ ਨੇ। ਮਰ ਮਰ ਕੇ ਤਾਰੇ ਨੇ ਕਿਸਮਤ ਦੇ ਮਾਰੇ ਨੇ।

24. ਤੈਨੂੰ ਮਾਰਿਆ ਏ ਰਾਠਾਚਾਰੀਆਂ ਨੇ

ਜੱਟਾ ਦੂਲਿਆ ਭਵਾਂ ਦਾ ਤੂੰ ਮਾਲਕ, ਤੇਰੇ ਪੈਰਾਂ ਦੇ ਹੇਠ ਸਰਦਾਰੀਆਂ ਨੇ। ਤੇਰੇ ਹੱਥਾਂ ਦੇ ਵਲ ਜਹਾਨ ਵੇਖੇ, ਤੇਰੇ ਵਸ ਵਿਚ ਸਿਧੀਆਂ ਸਾਰੀਆਂ ਨੇ। ਸਾਰੇ ਜੱਗ ਦਾ ਹੈਂ ਤੂੰਹੀਓਂ ਅੰਨ ਦਾਤਾ, ਰੱਬ ਸੌਂਪਣਾ ਸੌਪੀਆਂ ਭਾਰੀਆਂ ਨੇ। ਲੋਹੇ ਲੂਣ ਬਾਹਝੋਂ ਕਾਹਦੀ ਥੋੜ ਤੈਨੂੰ, ਦੁਨੀਆਂ ਤਖ਼ਤ ਤੇਰੀਆਂ ਤਾਜਦਾਰੀਆਂ ਨੇ। ਇਹ ਕੁਝ ਹੁੰਦਿਆਂ ਸੁੰਦਿਆਂ ਫੇਰ ਖਬਰੇ, ਤੈਨੂੰ ਕਾਸ ਲਈ ਐਡ ਲਾਚਾਰੀਆਂ ਨੇ। ਸਭ ਕੁਝ ਠੀਕ ਐਪਰ ਇਕੋ ਨੁਕਸ ਭਾਰਾ, ਤੈਨੂੰ ਮਾਰਿਆ ਏ ਰਾਠਾਚਾਰੀਆਂ ਨੇ। ਬੀਬਾ ਦੱਸ ਖਾਂ ਇਹ ਮਰਦਊ ਕਾਹਦਾ, ਹਡ ਵਰ੍ਹਾ ਦਿਨ ਅਟਾ ਕੁਟ ਮਾਰਨਾ ਏਂ, ਦਿਨ ਰਾਤ ਧੁਪ ਪਾਲੇ ਸਹਾਰਨਾ ਏਂ, ਸਾਰੇ ਚੈਨ ਅਰਾਮ ਵਸਾਰਨਾ ਏਂ। ਦੁਨੀਆਂ ਮਗਨ ਹੋ ਸੁਖ ਦੀ ਨੀਂਦ ਸੌਂਦੀ, ਪਰ ਤੂੰ ਉਜੜੀਂ ਰਾਤਾਂ ਗੁਜ਼ਾਰਨਾ ਏਂ। ਏਨੀ ਕਿਰਤ ਕਰਕੇ ਫਿਰ ਵੀ ਰਹੇਂ ਥੁੜਿਆ, ਡੁਬ ਡੁਬ ਕਰਜ ਵਿਚ ਮੁਆਮਲੇ ਤਾਰਨਾ ਏਂ। ਕਦੇ ਬੈਠਾ ਏਂ ਬੁਕਲੇ ਮੂੰਹ ਪਾ ਕੇ, ਗੱਲਾਂ ਇਹ ਦੱਸ ਕਦੇ ਵਿਚਾਰੀਆਂ ਨੇ? ਰੁੜ੍ਹਦਾ ਗਿਓਂ ਕਰਤੂਤਾਂ ਦੇ ਵਹਿਣ ਅੰਦਰ, ਤੈਨੂੰ ਮਾਰਿਆ ਏ ਰਾਠਾਚਾਰੀਆਂ ਨੇ। ਤੇਰੀਆਂ ਰੂੰਆਂ ਕਪਾਹਾਂ ਤੇ ਜਿਮੀਆਂ ਨੇ, ਸਾਰੇ ਜੱਗ ਦੀ ਸ਼ਾਨ ਬਣਾ ਦਿੱਤੀ। ਤੇਰੀਆਂ ਕਣਕਾਂ, ਜਵਾਰਾਂ ਤੇ ਛੋਲਿਆਂ ਨੇ, ਤਿੰਨਾਂ ਲੋਕਾਂ ਦੀ ਭੁੱਖ ਮਿਟਾ ਦਿੱਤੀ। ਤੇਰੇ ਗੰਨਿਆਂ, ਗੁੜਾਂ ਤੇ ਸ਼ੱਕਰਾਂ ਨੇ, ਮਿਠਤ ਮੂੰਹ ਜ਼ਮਾਨੇ ਦੇ ਪਾ ਦਿਤੀ। ਤੇਰੇ ਤੋਰੀਏ ਤੇ ਸਰਵਾਂ ਸਰਵਿਆਂ ਨੇ, ਦੁਨੀਆਂ ਵਿਚ ਪਲਤਣ ਵਰਤਾ ਦਿਤੀ। ਇਕ ਤੇਰੇ ਹੀ ਦੂਲਿਆ ਆਸਰੇ ਤੇ, ਦੁਨੀਆਂ ਵਾਲਿਆਂ ਜੂਨਾਂ ਸਵਾਰੀਆਂ ਨੇ। ਪਰ ਤੂੰ ਆਪਣੀ ਜੂਨ ਵਿਗਾੜ ਬੈਠੋਂ, ਜੋਕਾਂ ਵਾਂਗ ਲਗੀਆਂ ਰਾਠਾਚਾਰੀਆਂ ਨੇ। ਏਹਨਾਂ ਨਾਈਆਂ ਮਰਾਸੀਆਂ ਦਸ ਤੈਨੂੰ, ਕਿਹੜੀ ਖੁਭਣੀ ’ਚੋਂ ਭਲਾ ਕੱਢਿਆ ਏ? ਤੇਰੀ ਵਾਹੀ ਵੇਲੇ ਵੱਟੀ ਵਾਹੀ ਨਾਹੀਂ, ਕਾਹਦਾ ਹੁਣ ਆਹਡਾ ਆਣ ਅਡਿਆ ਏ? ਫੜ ਕੇ ਹਥ ਵਿਚ ਛਵੀ ਫਲੌਹਣੀਆਂ ਦੀ, ਫਸਤਾ ਤੇਰੇ ਨਮੂਜ ਦਾ ਵਢਿਆ ਏ। ਆਖਾਂ ਸੱਚ ਇਸ ਝੂਠੀ ਕਲਿਆਨ ਤੇਰਾ, ਜੱਟਾ ਘੋਰ ਖਡਾ ਕੇ ਛਡਿਆ ਏ। ਡੁਲ੍ਹੇ ਬੇਰਾਂ ਦਾ ਅਜੇ ਕੀ ਵਿਗੜਿਆ ਏ, ਬੀਬਾ ਉਠ ਕਿਉਂ ਹਿੰਮਤਾਂ ਹਾਰੀਆਂ ਤੂੰ। ਐਸੀ ਜੂਠ ਕਰਤੂਤ ਨੂੰ ਲਾਹ ਮਗਰੋਂ, ਪਰੇ ਸੁਟ ਭੈੜੀਆਂ ਰਾਠਾਚਾਰੀਆਂ ਨੂੰ। ਚੰਨਾ ਹੁਣ ਵੀ ਰਤਾ ਵਿਚਾਰ ਤੇ ਸਹੀ, ਕਿਹੜੇ ਬੰਨਿਓਂ ਆਇਆ ਹਨੇਰ ਤੈਨੂੰ। ਬੰਦ ਬੋਤਲਾਂ ਦਾ ਪਾਣੀ ਸਿਰੇ ਚੜ੍ਹਿਆ, ਆਉਣੀ ਸੁਰਤ ਹੈ ਕਿਹੜੇ ਸਵੇਰ ਤੈਨੂੰ। ਭੈੜਾ ਝੱਸ ਪੈ ਗਿਆ ਮੁਕਦਮਿਆਂ ਦਾ, ਕਿਧਰੇ ਕਰਜ਼ ਮਾਰੇ ਘੇਰ ਘੇਰ ਤੈਨੂੰ। ਵਡਾ ਵਹਿਣ ਕਰਤੂਤਾਂ ਦਾ ਜਾਏ ਰੋਹੜੀ, ਸਨ੍ਹਾਂ ਲੱਗੀਆਂ ਚਾਰ ਚੁਫੇਰ ਤੈਨੂੰ। ਬਾਰਾਂ ਵਰ੍ਹੇ ਦੀ ਉਮਰ ਨੂੰ ਵੈਦ ਕਾਹਦਾ, ਲਈਆਂ ਆਪੇ ਸਹੇੜ ਬੀਮਾਰੀਆਂ ਨੇ। ਹੁਣ ਤੂੰ ਆਪ ਸਿਆਣਾ ਹੈਂ ਸੋਚ 'ਹਿੰਦੀ', ਇਹ ਖਵਾਰੀਆਂ ਕਿ ਰਾਠਾਚਾਰੀਆਂ ਨੇ।

25. ਸੌਹਰੇ ਜਾਂਦੀ ਧੀ ਨੂੰ ਸਿਖਿਆ

ਪਿਆਰੀਏ ਬੱਚੀਏ, ਬੀਬੀਏ ਮਲੀਏ, ਜਿਗਰ ਦੀਏ ਬੋਟੀਏ, ਵਖਤਾਂ ਦੀਏ ਪਲੀਏ। ਦਿਲ ਦੀਏ ਠੰਢਕੇ, ਅੱਖਾਂ ਦੀਏ ਚਾਨਣੇ, ਘਰ ਦੀਏ ਰੌਣਕੇ, ਮਾਂ ਦੀਏ ਬਰਕਤੇ। ਲਾਡਲੀਏ, ਛਿੰਦੀਏ, ਨਿਕੀ ਜਿਹੀ ਜਿੰਦੀਏ, ਕਰਮਾਂ ਵਾਲੀਏ ਭੋਲੀਏ ਭਾਲੀਏ। ਸੰਗ ਦੀ ਏ ਦੇਵੀਏ, ਸੁਘੜ ਸਿਆਣੀਏ, ਇਕ ਮੇਰੀ ਗੱਲ ਸੁਣ ਅੱਜ ਧੀਏ ਰਾਣੀਏ। ਜਿਸ ਘਰ ਬੀਬੀਏ, ਜੰਮੀਏਂ ਪਲੀਏਂ, ਅੱਜ ਓਹਨੂੰ ਛਡ ਸੌਹਰਿਆਂ ਦੇ ਚਲੀ ਏਂ। ਓਥੇ ਜਾ ਕੇ ਪੇਕਿਆਂ ਦੇ ਘਰ ਨੂੰ ਸਲਾਹੀਂ ਨਾ, ਹਸ ਹਸ ਰਹਿਣ ਬਹਿਣ, ਖਪੀਂ ਨਾ ਖਪਾਈਂ ਨਾ, ਦੇਵਰ, ਜੇਠ, ਨੰਦਾਂ ਤਾਈਂ ਭਾਈ ਭੈਣਾਂ ਜਾਣ ਕੇ, ਸਸ ਸੌਹਰਾ ਵਾਂਗ ਮਾਂ ਪਿਓ ਦੇ ਪਛਾਣ ਕੇ। ਪਤੀ ਪ੍ਰਮੇਸ਼ਵਰ ਦੇ ਪੈਰ ਰਹੀਂ ਪੂਜਦੀ, ਸਤ ਬਚਨ ਆਖੀਂ ਸਦਾ ਗੱਲ ਕਰੀਂ ਸੂਝ ਦੀ।

26. ਸੌਹਰੇ ਜਾਂਦੀ ਧੀ ਨੂੰ ਪਿਤਾ ਵਲੋਂ ਸਿਖਿਆ

ਸਾਂਈਂ ਜੀਵੀ ਹੋ ਵਡਭਾਗਨ, ਸੁਖੀ ਵਸੀਂ ਹੋ ਵਡ ਭਾਗਨ, ਦਿਨ ਦਿਨ ਭਾਗ ਮਥੇ ਦੇ ਜਾਗਣ, ਮਾਣੀ ਠੰਢੀ ਛਾਵੀਂ ਧੀ। ਗੱਲ ਮੇਰੀ ਇਕ ਲੈ ਜਾ ਪਲੇ, ਸੁਖ ਸੰਪਤ ਮਿਲਸੀ ਇਸ ਗਲੇ, ਜੀਵਨ ਦੇ ਦਿਨ ਹੋਣ ਸੁਖਲੇ, ਇਸ ਨੂੰ ਭੁਲ ਨਾ ਜਾਵੀਂ ਧੀ। ਪੇਕੇ ਘਰ ਜੋ ਉਮਰ ਲੰਘਾਈ, ਇਸ ਵਿਚ ਫਿਕਰ ਨਹੀਂ ਸੀ ਕਾਈ, ਹੁਣ ਤੂੰ ਜਾਣਾ ਜੂਹ ਪਰਾਈ, ਓਥੇ ਚਜ ਦਖਾਵੀਂ ਧੀ। ਸਸ, ਸੌਹਰਾ, ਨੰਦ ਜਠਾਣੀ, ਮਾਂ ਪਿਓ, ਭੈਣਾਂ ਵਾਂਗਰ ਜਾਣੀਂ, ਨੀਵੀਂ ਅੱਖ ਕੋਮਲ ਬਾਣੀ, ਮਥੇ ਵਟ ਨਾ ਪਾਵੀਂ ਧੀ। ਛੇਤੀ ਸੁਣਨਾ, ਹੌਲੀ ਕਹਿਣਾ, ਹਸੂ ਹਸੂ ਕਰਦੀ ਰਹਿਣਾ, ਸੰਜਮ ਦੇ ਵਿਚ ਉਠਣਾ ਬਹਿਣਾ, ਸੁਘੜ ਅਨਹਾਰ ਰਖਾਵੀਂ ਧੀ। ਸੌਹਰੇ ਹੁੰਦੇ ਤਿਲਕਣਬਾਜ਼ੀ, ਹਰ ਗਲੇ ਕਹੀ ਭਲਾ ਭਲਾ ਜੀ, ਗਲੀ ਗਵਾਂਢ ਰਖੀਂ ਰਾਜ਼ੀ,ਚਿਤ ਨਾ ਕੋਈ ਦੁਖਾਵੀਂ ਧੀ। ਕਦੇ ਨਾ ਮਾਰੀਂ ਕੂੜੀਆਂ ਠੀਸਾਂ, ਅੜੀਆਂ ਦੀਆਂ ਨਾ ਸਿਖੀਂ ਰੀਸਾਂ, ਰਾਜ਼ੀ ਕਰ ਕਰ ਲਈਂ ਅਸੀਸਾਂ, ਨਿਉਂ ਨਿਉਂ ਝਟ ਲੰਘਾਵੀਂ ਧੀ। ਮਿਠਾ ਕਹਿਣਾ, ਕੌੜਾ ਜਰਨਾ, ਹਰ ਗੱਲ ਦੇ ਵਿਚ ਜੀ ਜੀ ਕਰਨਾ, ਠੰਢੀ ਹੋ ਕ੍ਰੋਧ ਨੂੰ ਹਰਨਾ, ਪਿੱਤਾ ਮਾਰ ਵਖਾਵੀਂ ਧੀ। ਦੇਖ ਕਿਸੇ ਨੂੰ ਕਰੀਂ ਨਾ ਸਾੜਾ, ਇਹ ਲਖਸ਼ਨ ਤੀਵੀਂ ਨੂੰ ਮਾੜਾ, ਸਾੜੇ ਦੀ ਥਾਂ ਪਏ ਅਚਾੜਾ, ਮੰਦਾ ਰੋਗ ਨਾ ਲਾਵੀਂ ਧੀ। ਬਹੁਤਾ ਬੋਲਣ, ਝੂਠ ਬਖੀਲੀ,ਕਦੀ ਨਾ ਕਰੀਂ ਕੋਈ ਗੱਲ ਹਠੀਲੀ, ਨੀਵੇਂ ਨੈਣ, ਜ਼ਬਾਨ ਰਸੀਲੀ, ਮਥਾ ਸਦਾ ਖਿੜਾਵੀਂ ਧੀ। ਤੜਕੇ ਜਾਗ, ਚਿਰਾਕੀ ਸੌਣਾ, ਦਿਨੇ ਸੌਣ ਦਾ ਝਸ ਨਾ ਪੌਣਾ, ਦੇਹ ਨੂੰ ਆਲਸ ਰੋਗ ਨਾ ਲਾਉਣਾ,ਘਰ ਨੂੰ ਸਵਰਗ ਬਣਾਵੀਂ ਧੀ। ਪੇਕਿਆਂ ਦਾ ਧਨ ਧਰਮ ਸਲਾਹ ਕੇ, ਕੀ ਹਾਸਲ ਪ੍ਰਤਾਪ ਸੁਣਾ ਕੇ, ਜੋ ਕੁਛ ਦੇਖੀਂ ਸੌਹਰੇ ਜਾ ਕੇ, ਗੀਤ ਉਹਨਾਂ ਦੇ ਗਾਵੀਂ ਧੀ। ਸਵਾਮੀ ਹੈ ਪ੍ਰਮੇਸ਼ਵਰ ਤੇਰਾ, ਇਸ ਤੋਂ ਕੋਈ ਨਾ ਦੇਵ ਵਡੇਰਾ, ਉਸ ਸੇਵਾ ਦਾ ਲਾਭ ਚੰਗੇਰਾ, ਹੋਰ ਨਾ ਕਿਸ ਥੇ ਜਾਵੀਂ ਧੀ। ਸਾਈਂ ਤੇਰਾ ਸਭ ਸੁਖ ਰਾਸੀ, ਉਸ ਦੀ ਰਹਿਣਾਂ ਬਣ ਕੇ ਦਾਸੀ, ਪਾਵੇਂਗੀ ਤਦ ਸੁਖ ਅਭਨਾਸ਼ੀ, ਉਸ ਦੀ ਟਹਿਲ ਕਮਾਵੀਂ ਧੀ। ਮਾਲਕ ਦੀ ਆਗਿਆ 'ਚ ਰੈਹਣਾ, ਇਹ ਤੀਵੀਂ ਦਾ ਉਤਮ ਗੈਂਹਣਾ, ਗੁਸੇ ਨੂੰ ਕਰ ਧੀਰਜ ਸਹਿਣਾ, ਸੁਚਾ ਗਹਿਣਾ ਪਾਵੀਂ ਧੀ। ਕੋਈ ਭੁਲ ਕਰੇ ਜੇ ਸਾਈਂ, ਤਦ ਵੀ ਮਥੇ ਵੱਟ ਨਾ ਪਾਈਂ, ਸਮਾਂ ਟਲਾ ਕੇ ਕਲੇ ਤਾਈ, ਮਿਠੀ ਬਣ ਸਮਝਾਵੀਂ ਧੀ। ਗੱਲ 'ਹਿੰਦੀ' ਦੀ ਕੰਨੀਂ ਪਾ ਕੇ, ਤੂੰ ਬੀਰਾਂ ਦੇ ਘਰ ਵਿਚ ਜਾ ਕੇ, ਏਹਨੀ ਗੱਲੀਂ ਫੁਲ ਚੜ੍ਹਾ ਕੇ, ਕੇਸਰ ਸਿਰ ਪਵਾਵੀਂ ਧੀ। ਜੇ ਇਹ ਸਿਖਿਆ ਕੰਠ ਕਰੇਂਗੀ ਤੁਰ ਇਹਨਾਂ ਤੇ ਦੁਖ ਹਰੇਂਗੀ, ਸੁਖ ਸੰਪਤ ਭੰਡਾਰ ਭਰੇਂਗੀ, ਰੋਜ਼ ਇਨ੍ਹਾਂ ਨੂੰ ਗਾਵੀਂ ਧੀ।

27. ਸੇਹਰਾ

'ਕਾਹਨ ਚੰਦ' ਜੀ ਦੇ ਸਿਰ ਤੇ ਜੋ ਸ਼ਗਨਾ ਦਾ ਬੱਝਾ ਸੇਹਰਾ ਏ। ਸੇਹਰਾ ਨਹੀਂ ਇਕ ਹਲੂਣਾ ਏ, ਜਿਸ ਭਾਗ ਜਗਾਇਆ ਤੇਰਾ ਏ। ਇਹ ਸਾਗਰ ਦਿਲੀ ਉਮੰਗਾਂ ਦਾ, ਸੰਸਾਰ ਜੀਹਦੇ ਵਿਚ ਵਸਦਾ ਏ। ਇਸ ਚੰਦ ਸਦਕੇ ਪਰਵਾਰ ਪਿਆ, ਪੈਰਾਂ ਦੀਆਂ ਤਲੀਆਂ ਝਸਦਾ ਏ। ਇਹ ਆਸ਼ਕ ਸੱਚਾ ਆਸ਼ਕ ਹੈ, ਜੋ ਸਿਰ ਤੇ ਬਾਜ਼ੀ ਖੇਲ ਰਿਹਾ ਇਹ ਦਰਦੀ ਸਾਂਝਾ ਦਰਦੀ ਹੈ, ਜੋ ਦੋਂਹ ਸਿਰਾਂ ਨੂੰ ਮੇਲ ਰਿਹਾ। 'ਵੈਸ਼ਨੋ ਦਾਸ' ਦੀਆਂ ਸੱਧਰਾਂ ਦਾ, ਦਰਿਆ ਹੈ ਠਾਠਾਂ ਮਾਰ ਰਿਹਾ। ਇਹ ਬੁਲਾ ਠੰਢੀ ਵਾ ਦਾ ਹੈ, ਜੋ ਤਪੇ ਕਲੇਜੇ ਠਾਰ ਰਿਹਾ। ਇਹ ਰੱਬ ਸਚੇ ਦੀ ਬਖਸ਼ਸ਼ ਦਾ, ਇਕ ਮੈ ਭਰਿਆ ਪੈਮਾਨਾ ਏ। ਮੂੰਹ ਉਸ ਦਾ ਮੱਥਾ ਚੁੰਮਦਾ ਏ, ਭਰ ਮਨ ਹੁੰਦਾ ਮਸਤਾਨਾ ਏ। 'ਗਿਆਨ ਚੰਦ ਦੇ ਪਿਆਰਾਂ ਦਾ, ਹੈ ਚੰਦਾ ਸੂਰਜ ਚਮਕ ਰਿਹਾ। ਬਾਬੇ 'ਵੀਰ ਭਾਨ' ਦੀ ਕੁਲ ਦਾ ਹੈ, ਅਖੇ ਹੀਰਿਆ ਹੀਰਾ ਦਮਕ ਰਿਹਾ। ਇਹ ਮਾਂ ਤੇਰੀ ਦੀਆਂ ਆਸਾਂ ਦੇ, ਮਹਿਲ ਦਾ ਉਚ ਮੁਨਾਰਾ ਏ। ਨਜ਼ਦੀਕੀ ਭੈਣ ਭਰਾਵਾਂ ਦਾ, ਇਹ ਸੋਹਣਿਆ ਦਿਲੀ ਸਹਾਰਾ ਏ। ਜੋ ਕੁਝ ਇਹ ਤੈਨੂੰ ਆਖੇਗਾ, ਵੇਖੀਂ ਓਹ ਕਦੀ ਭੁਲਾਵੀਂ ਨਾ। ਇਜ਼ਤ ਦੀ ਚਿਟੀ ਚਾਦਰ ਨੂੰ, ਬੀਬਾ ਕੋਈ ਦਾਗ ਲਗਾਵੀਂ ਨਾ, ਇਹ ਉਡਨ ਖਟੋਲਾ ਲੈ ਤੈਨੂੰ, ਜ਼ਿਮੀਓਂ ਆਕਾਸ਼ ਪਹੁੰਚਾਵੇਗਾ। ਅੱਜ ਤੈਨੂੰ ਲੈ ਕੇ ਜਾਵੇਗਾ, ਕਲ੍ਹ ਲਕਸ਼ਮੀ ਲੈ ਕੇ ਆਵੇਗਾ। ਇਹ ਜੇਹੜੀ ਲਖਸ਼ਮੀ ਲਿਆਵੇਗਾ, ਤੂੰ ਉਸ ਦਾ ਆਦਰ ਮਾਣ ਕਰੀਂ। ਓਹ ਜਾਨ ਤੇਰੇ ਤੋਂ ਵਾਰੇਗੀ, ਤੂੰ ਉਸ ਤੋਂ ਜਿੰਦ ਕੁਰਬਾਨ ਕਰੀਂ, ਓਹ ਬਣੂੰ ਸਹਾਰਾ ਤੇਰਾ, ਤੇ ਤੂੰ ਉਸ ਦਾ ਬਣ ਧਰਵਾਸ ਰਹੀਂ। ਓਹ ਖੁਸ਼ੀ 'ਚ ਖਿੜ ਕੇ ਫੁਲ ਬਣੂੰ, ਤੂੰ ਫੁਲ ਦੀ ਬਣ ਕੇ ਬਾਸ ਰਹੀਂ। ਜਦੋਂ ਦੋਵੇਂ ਰਲਮਿਲ ਵਸੋਗੇ, ਫਿਰ ਦੁਖ ਨਾ ਕੋਈ ਵਿਆਪੇਗਾ। ਸੁਖਾਂ ਵਿਚ ਉਮਰ ਬੀਤੇਗੀ, ਘਰ 'ਹਿੰਦੀ' ਜੰਨਤ ਜਾਪੇਗੀ। ਜੋ ਸਾਹਿਬ ਸ਼ਾਦੀ ਵਿਚ ਸ਼ਾਮਲ ਨੇ, ਅਸੀਂ ਸਭਨਾਂ ਦੇ ਧੰਨਵਾਦੀ ਹਾਂ। 'ਹਿੰਦੀ' ਇਸ ਸ਼ਾਦੀ ਵਿਚ ਸਾਰੇ, ਅਸੀਂ ਸਭ ਮੁਜਸਮ ਸ਼ਾਦੀ ਹਾਂ।

28. ਗਜ਼ਲ

ਦੇਖਦੇ ਰੀਝਾਂ ਕਦੇ, ਸੱਧਰਾਂ ਕਦੇ, ਚਾ ਦੇਖਦੇ, ਤੈਨੂੰ ਬਠੌਂਦੇ ਸਾਹਮਣੇ, ਅਪਣਾ ਤਮਾਸ਼ਾ ਦੇਖਦੇ। ਪਰਦਾ ਉਠ ਜਾਂਦਾ ਦੂਈ ਦਾ, ਸਾਰੀ ਦੁਨੀਆਂ ਦੇਖਦੀ, ਚਵੀਂ ਪਾਸੀਂ ਜਲਵਾ ਉਸ ਓਹਲੇ ਹੋਏ ਦਾ ਦੇਖਦੇ। ਉਹਤੇ ਮੂਸਾ ਹੀ ਸੀ ਜਿਹੜਾ ਤੂਰ ਤੇ ਗਸ਼ ਖਾ ਗਿਆ, ਸਾਡੇ ਜੇ ਹੁੰਦੇ ਸਾਹਮਣੇ, ਰਜ ਰਜ ਕੇ ਜਲਵਾ ਦੇਖਦੇ। ਕਿੰਨੀਆਂ ਖੁਸ਼ੀਆਂ ਨਾਲ ਭੇਟਾ ਕਰਦੇ ਆਪਣੀ ਜਾਨ ਦੀ, ਓਹ ਮੁਹਬਤ ਦਾ ਜ਼ਰਾ ਕਰਕੇ ਇਸ਼ਾਰਾ ਦੇਖਦੇ। ਆਪੇ ਖੁਲ੍ਹ ਜਾਂਦਾ ਨਾ ਕਿਉਂ ਸਾਰੇ ਦਾ ਸਾਰਾ ਮਾਜਰਾ, ਸਾਹਮਣੇ ਜੇ ਬੈਠ ਕੇ ਉਹ ਦਿਲ ਦੀ ਦੁਨੀਆ ਦੇਖਦੇ। 'ਹਿੰਦੀ' ਆ ਜਾਂਦਾ ਮਜ਼ਾ ਜੀਵਨ ਦਾ ਆ ਜਾਂਦਾ ਸਵਾਦ, ਬੇ-ਸਹਾਰੇ ਹੋ ਕੇ ਜਦ ਓਹਦਾ ਸਹਾਰਾ ਦੇਖਦੇ।

29. ਇਸ ਦੁਖ ਦਾ ਜੇ ਦਸ ਦਏਂ ਨਾਂ ਸਜਨੀ

ਇਸ ਦੁਖ ਦਾ ਜੇ ਦਸ ਦਏਂ ਨਾਂ ਸਜਨੀ, ਮੈਂ ਸਮਝਾਂ ਤੈਨੂੰ ਤਾਂ ਸਜਨੀ, ਦਿਲ ਜਿਗਰ ’ਚ ਚੀਸਾਂ ਪੈਂਦੀਆਂ ਨੇ, ਹਰਦਮ ਉਦਾਸੀਆਂ ਰਹਿੰਦੀਆਂ ਨੇ। ਜੀ ਲਗਦਾ ਕਿਸੇ ਨਾ ਥਾਂ ਸਜਨੀ, ਇਸ ਦੁਖ ਦਾ ਜੇ........ ਚਿਹਰੇ ਤੇ ਜ਼ਰਦੀਆਂ ਛਾਈਆਂ ਨੇ, ਸਦਾ ਉਠਦੀਆਂ ਰਹਿਣ ਹਵਾਈਆਂ ਨੇ। ਕੰਨਾ ਵਿਚ ਨਿਤ ਸ਼ਾਂ ਸ਼ਾਂ ਸਜਨੀ, ਇਸ ਦੁਖ ਦਾ ਜੇ........ ਇਹ ਜੀਣਾ ਵੀ ਕੋਈ ਜੀਣਾ ਏ, ਤਹਿ ਹੋਵੇ ਤੇ ਹੰਝੂ ਪੀਣਾ ਏ। ਭੁਖ ਹੋਵੇ ਤੇ ਗਮ ਖਾ ਸਜਨੀ, ਇਸ ਦੁਖ ਦਾ ਜੇ........ ਕੀ ਖਬਰੇ ਹੁੰਦਾ ਜਾਂਦਾ ਏ, ਵਿਚੋ ਵਿਚ ਕੋਈ ਖਾਂਦਾ ਜਾਂਦਾ ਏ। ਮੈਂ 'ਹਿੰਦੀ' ਰੁੜ੍ਹਦੀ ਜਾਂ ਸਜਨੀ, ਇਸ ਦੁਖ ਦਾ ਜੇ........

30. ਗੀਤ

ਸਜਨਾਂ ਕਦੇ ਆ ਜਾ, ਕਦੇ ਆ ਜਾ, ਕਦੇ ਆ ਜਾ, ਮੁਖ ਚੰਦ ਚਕੋਰਾਂ ਨੂੰ ਕਦੇ ਆਨ ਦਖਾ ਜਾ। ਤੂੰ ਕੋਲ ਨਹੀਂ, ਕੌਣ ਸੁਣੇ ਵਾਰਤਾ ਮੇਰੀ, ਹੈ ਤਾਂਘ ਬਣੀ ਰਹਿੰਦੀ ਸਦਾ ਅੱਖਾਂ 'ਚ ਤੇਰੀ। ਆ ਨੈਣੀਂ ਸਮਾ ਜਾ, ਤੇ ਮੇਰੀ ਤਾਂਘ ਮਿਟਾ ਜਾ, ਸਜਨਾ ਕਦੇ ਆ ਜਾ, ਕਦੇ ਆ ਜਾ, ਕਦੇ ਆ ਜਾ। ਮੈਂ ਕਿਵੇਂ ਜੁਦਾਈ ਦੇ ਭੁਲਾ ਸਦਮੇ ਉਠਾਵਾਂ, ਤੜਫਾਂ, ਕਦੇ ਵਿਲਕਾਂ, ਕਦੇ ਚੈਨ ਨਾ ਪਾਵਾਂ। ਆ ਸਹਿਕਦੀ ਊ ਜਿੰਦ ਮੇਰੀ, ਝਾਤੀ ਤੇ ਪਾ ਜਾ, ਸਜਨਾ ਕਦੇ ਆ ਜਾ.......... ਹੈ ਲੱਗੀ ਹੋਈ ਧੁਰ ਦੀ ਜਿਹੜੀ ਪ੍ਰੀਤ ਪੁਰਾਣੀ, ਹੋ ਸਕੇ ਜਿਵੇਂ ਚਾਹੀਏ ਸਿਰਾਂ ਨਾਲ ਨਿਭਾਣੀ। ਆ ਪ੍ਰੀਤਮਾਂ ਵੇ ਲੱਗੀਆਂ ਹੋਈਆਂ ਤੋੜ ਚੜ੍ਹਾ ਜਾ, ਸਜਨਾ ਕਦੇ ਆ ਜਾ.......... ਮੈਂ ਤੇਰੇ ਵਿਛੋੜੇ 'ਚ ਹੋਈ ਫਾਵੀ ਤੇ ਕਮਲੀ, ਹੈ ਵੇਸ ਵੈਰਾਗਨ ਧਰੀ ਮੋਢੇ ਤੇ ਕਮਲੀ। ਆ ਵੈਰੀਆ, ਜੋਗਨ ਤੇ ਜ਼ਰਾ ਤਰਸ ਕਮਾ ਜਾ, ਸਜਨਾ ਕਦੇ ਆ ਜਾ.......... ਦਿਲ ਵਿਚ ਨੇ ਤੇਰੇ ਹਿਜਰ ਦੀਆਂ ਸਾਂਗਾਂ ਤੇ ਕਾਤਾਂ, ਗਲ ਪਈਆਂ ਲਿਟਾਂ ਕਾਲੀਆਂ, ਬਣ ਲੰਮੀਆਂ ਰਾਤਾਂ। ਹੁਣ ਸੁਤੇ ਹੋਏ 'ਹਿੰਦੀ' ਦੇ ਅਰਮਾਨ ਜਗਾ ਜਾ, ਸਜਨਾ ਕਦੇ ਆ ਜਾ..........

31. ਸੋਹਣੀ ਦੀ ਸਿਕ

ਬਰਖਾ ਦੀ ਰੁੱਤ ਆਈ, ਬਦਲਾਂ ਬਹਾਰ ਆਈ। ਤਿਤਰ ਖੰਭੀ ਪੁਸ਼ਾਕੀ, ਬੁਲਿਆਂ ਦੀ ਬਹਿ ਕੇ ਢਾਕੀ। ਰੂੰ ਦੇ ਨਿਰੇ ਹੀ ਗੋੜ੍ਹੇ, ਚੜ੍ਹ ਕੇ ਹਵਾ ਦੇ ਘੋੜੇ। ਬਿਧ ਬਿਧ ਕੇ ਭਜਦੇ ਨੇ, ਵਰ੍ਹਦੇ ਤੇ ਗੱਜਦੇ ਨੇ। ਚਿਟੇ ਅਕਾਸ਼ ਅੰਦਰ, ਕਾਲੀ ਘਟਾ ਜਾਂ ਉਠੇ। ਇਕ ਛਿਨ 'ਚ ਵਰ੍ਹੇ ਨਿਤਰੇ, ਮੰਨੇ ਕਦੇ ਜਾਂ ਰੁਠੇ। ਧੋਬੀ ਜਦੋਂ ਅਸਮਾਨੀ; ਆਬੇ ਰਵਾਂ ਦੀ ਸਾਨੀ। ਚਾਦਰ ਜਹੀ ਵਿਛਾਏ, ਫ਼ਰਸ਼ਾਂ ਤੇ ਫ਼ਰਸ਼ ਲਾਏ। ਬਿਜਲੀ ਦੀ ਲਿਸ਼ਕ ਨੂਰੀ, ਤੇਰੇ ਹੁਸਨ ਦੀ ਪੂਰੀ। ਝਾਕੀ ਜਦੋਂ ਵਿਖਾਏ, ਇਕ ਤੜਫਣੀ ਜਹੀ ਲਾਏ। ਫਿਕੇ ਜਹੇ ਊਦੇ ਰੰਗ ਦੇ, ਅਸਮਾਨ ਦਾ ਸ਼ਾਹਜ਼ਾਦਾ। ਤਾਰਿਆਂ ਭਰੀ ਪਰੀ ਦਾ, ਪ੍ਰਧਾਨ ਹੋਇਆ ਕਾਹਦਾ। ਬਦਲਾਂ ਦੇ ਘੁੰਡ ਸੋਹਣੇ, ਸੋਹਣੇ ਮੁਖੜੇ ਤੋਂ ਲਾਹੀ ਜਾਵੇ। ਤਪਿਆਂ ਦਿਲਾਂ ਦੇ ਅੰਦਰ ਇਕ ਠੰਢ ਪਾਈ ਜਾਵੇ। ਮੇਰੇ ਲਈ ਓਹ ਕਾਹਦਾ ਹੋਇਆ ਜਹਿਆ ਨਾ ਹੋਇਆ। ਮੈਨੂੰ ਤੇ ਰੂਪ ਓਹਦਾ, ਰਤੀ ਜਿੱਨਾ ਨਹੀਂ ਪੋਹਿਆ। ਮੈਂ ਤੜਫਨੀ ਹਾਂ ਪ੍ਰੀਤਮ, ਕਰਦੀ ਹਾਂ ਯਾਦ ਤੈਨੂੰ। ਦੇਵੀ ਸਵੇਰ ਦੀ ਨੂੰ, ਕੇਸਰ ਖਲੇਰ ਦੀ ਨੂੰ। ਸਾਵੇ ਰੁਖਾਂ ਦੇ ਪਤੇ, ਕੋਮਲ ਤੇ ਮਾਨ ਮਤੇ। ਵੇਖਣ ਤੇ ਗਿੱਧਾ ਪੌਂਦੇ, ਫੁਲਾਂ ਤਾਈਂ ਹਸੌਂਦੇ। ਜਦ ਨਿਕੇ ਨਿਕੇ ਸੋਹਣੇ, ਸੋਹਣੇ ਤੇ ਮਨ ਨੂੰ ਮੋਹਣੇ। ਜਦ ਪੌਣ ਮਿਠੀ ਮਿਠੀ, ਇਕ ਵਾਸ਼ਨਾ ਖਿੰਡਾਏ। ਮੇਰੀ ਕੁਟੀ ਦੇ ਅੰਦਰ, ਜਦ ਮਹਿਕ ਵਧਦੀ ਜਾਏ। ਮੇਰੇ ਕੇਸ ਕਾਲੇ ਕਾਲੇ, ਵਖਤਾਂ ਦੇ ਨਾਲ ਪਾਲੇ। ਤਾਂਘਾਂ ਨੇ ਲੰਮੇ ਕੀਤੇ, ਵਿਚੋ ਵਿਚੀ ਨੇ ਪੀਤੇ। ਜਦ ਵਾ ਦੇਵੇ ਹੁਲਾਰੇ, ਗਲ ਉਡ ਕੇ ਪੈਣ ਸਾਰੇ। ਦਰਬਾਰ ਚਾਨਣੇ ਦੀ, ਜਦ ਰੁਤ ਮਾਨਣੇ ਦੀ। ਪੰਛੀ ਗੁਟਕਦੇ ਹਸਦੇ, ਅਰਸ਼ੀ ਪ੍ਰੀਤਮ ਦੇ ਜਸ ਦੇ। ਮਿਠੇ ਜਹੇ ਗੀਤ ਛੋਂਹਦੇ, ਛੋਂਹਦੇ ਹੀ ਦਿਲ ਨੂੰ ਮੋਂਹਦੇ। ਦਿਨ ਦੇ ਤਖ਼ਤ ਦਾ ਵਾਲੀ, ਜਦ ਕਟ ਕੇ ਰਾਤ ਕਾਲੀ। ਚੜ੍ਹਦੇ ਬੰਨੇ ਤੋਂ ਚੜ੍ਹ ਕੇ, ਸੋਨੇ ਦਾ ਥਾਲ ਫੜ ਕੇ। ਪ੍ਰਭਾਤ ਰਾਣੀ ਅਗੇ, ਢੋਆ ਜਾਂ ਢੋਣ ਲਗੇ, ਇਕ ਦਿਲ ਤੇ ਤੀਰ ਚਲੇ, ਨੈਣਾਂ ਤੋਂ ਨੀਰ ਚਲੇ। ਮੈਂ ਤੜਫ਼ਨੀ ਹਾਂ ਪ੍ਰੀਤਮ,ਕਰਨੀ ਹਾਂ ਯਾਦ ਤੈਨੂੰ। ਸੂਰਜ ਕ੍ਰੋਧ ਖਾ ਕੇ, ਕਿਰਨਾਂ ਦਾ ਮੀਂਹ ਵਸਾ ਕੇ। ਹਨੇਰੇ ਤੇ ਬੋਲ ਧਾਵੇ, ਬੱਗਾ ਫਟਕ ਬਣਾ ਕੇ। ਸੋਨੇ ਦੇ ਤੀਰ ਛਡੇ, ਦੇਸੋਂ ਜਾਂ ਬਾਹਰ ਕਢੇ। ਸਿਰ ਤੇ ਘੜਾ ਟਿਕਾਵਾਂ, ਉਠਾਂ ਝਨਾ ਤੇ ਜਾਵਾਂ। ਮਾਹੀਆ ਏਹ ਨੈਣ ਮੇਰੇ, ਤੈਨੂੰ ਲੱਭਣ ਚੁਫੇਰੇ। ਪਥਰਾਂ ਦੇ ਨਾਲ ਗਲਾਂ, ਖਹਿ ਖਹਿ ਕੇ ਕਰਨ ਛੱਲਾਂ। ਪਿਆ ਜਲ ਤਰੰਗ ਵਜੇ, ਡਾਢਾ ਅਨੰਦ ਬਝੇ। ਵਿਹਨੀਆਂ ਆਸੇ ਪਾਸੇ, ਤੇਰਾ ਹੀ ਬੋਲ ਭਾਸੇ। ਕੁਦਰਤ ਨੇ ਕੰਢਿਆਂ ਤੇ, ਪਰੀਆਂ ਸ਼ਿੰਗਾਰੀਆਂ ਨੇ। ਬਰਦੀ ਹਰੀ ਸਿਰਾਂ ਤੇ ਫੁੱਲਾਂ ਦੀਆਂ ਖਾਰੀਆਂ ਨੇ। ਮਹਿਕਾਂ ਦੇ ਖੁਲ੍ਹੇ ਡੱਬੇ, ਰੂਪਾਂ ਭਰੇ ਪਟਾਰੇ। ਨੇਤਰ ਤੇਰੇ ਤੋਂ ਮਾਹੀਆ ਸੌ ਵਾਰ ਘੋਲੇ ਵਾਰੇ। ਕੰਢੇ ਤੇ ਬੈਠ ਤੇਰਾ, ਰਸਤਾ ਪਈ ਉਡੀਕਾਂ। ਦੇਵੇ ਨਗਾਹ ਔਂਸੀ, ਪਾਵਾਂ ਬੁਲਾਵਾਂ ਲੀਕਾਂ। ਪਰਬਤ ਦੇ ਉਹਲਿਓਂ ਜਾਂ, ਮੁਰਲੀ ਦੀ ਵਾਜ ਆਵੇ। ਇਕ ਧੂਹ ਕਲੇਜੇ ਪਾਵੇ, ਸੁਧ ਬੁਧ ਭੁਲਾਂਦੀ ਜਾਵੇ। ਬੇ-ਖੁਦ ਜਹੀ ਹੁੰਦੀ ਜਾਵਾਂ, ਲੱਖਾਂ ਜਤਨ ਬਣਾਵਾਂ। 'ਹਿੰਦੀ' ਕਿਵੇਂ ਮਨਾਵਾਂ, ਕਰ ਕਰ ਕੇ ਲੰਮੀਆਂ ਬਾਵਾਂ। ਮੈਂ ਤੜਪਨੀ ਹਾਂ ਪੀਤਮ ਕਰਨੀ ਹਾਂ ਯਾਦ ਤੈਨੂੰ।

32. ਨੈਣ ਮਿਲਾਵਾਂ

ਪੁਨਿਆਂ ਦੀ ਰਾਤ ਆਸਾਂ ਪੁਨੀਆਂ ਨੇ ਦਿਲਾਂ ਦੀਆਂ, ਖੁਸ਼ ਨੇ ਚਕੋਰ ਪਏ ਮਾਰਦੇ ਉਡਾਰੀਆਂ। ਠੰਢੀ ਠੰਢੀ, ਸੋਹਣੀ ਸੋਹਣੀ, ਮਿਠੀ ਮਿਠੀ ਚਾਨਣੀ ਨੇ, ਪੱਕ ਜਾਣ ਵਾਲੀਆਂ ਨੇ ਅੱਖਾਂ ਕਈ ਠਾਰੀਆਂ। ਚੁਪ ਚਾਪ ਆਪਣਾ ਜਮਾਇਆ ਸਿੱਕਾ ਜੱਗ ਉਤੇ, ਨੀਂਦ ਰਾਣੀ ਆਣ ਕੇ ਝੜਾਈਆਂ ਨੇ ਖੁਮਾਰੀਆਂ, ਸੁਤੇ ਹੋਏ ਰੁਖਾਂ ਉਤੇ ਆਲ੍ਹਣੀ ਜਨੌਰ ਸੁਤੇ, ਟੀਸੀਆਂ ਪਹਾੜਾਂ ਦੀਆਂ ਸੁਤੀਆਂ ਵਿਚਾਰੀਆਂ। ਸਰਕਦੀ ਨਹੀਂ ਜੂੰ ਘੂਕ ਸੁਤਿਆਂ ਦੇ ਕੰਨ ਉਤੇ, ਭੋਲਿਆਂ ਨੇ ਕਹਿਰ ਦੀਆਂ ਰਾਤਾਂ ਸੌ ਗੁਜ਼ਾਰੀਆਂ। ਜਾਗੇ ਇਕ ਚੰਦ ਪੈਂਡੇ ਪਿਆ ਹੋਇਆ ਬਦਲਾਂ ’ਚ, ਬਿਨਾ ਖਰਚ ਪਠੇ ਜਿਨ ਕੀਤੀਆਂ ਤਿਆਰੀਆਂ। ਏਸੇ ਤਰ੍ਹਾਂ ਜਾਗੇ ਇਕ ਬ੍ਰਿਹੋਂ ਕੁਠੀ ਜ਼ਿਮੀ ਉਤੇ, ਜੀਹਦੇ ਮਾਹੀ ਚੰਦ ਉਹਨੂੰ ਪਾਈਆਂ ਨੇ ਖਵਾਰੀਆਂ। ਬਣ ਠਣ ਬੈਠੀ ਟਿਕ ਲਾਈ ਹੋਈ ਇਕ ਪਾਸੇ, ਪ੍ਰੀਤਮ ਪਿਆਰੇ ਦੀਆਂ ਹੋਣ ਇੰਤਜ਼ਾਰੀਆਂ। ਹਾਰ ਤੇ ਸ਼ਿੰਗਾਰ ਵੇਖ ਕੋਲੋਂ ਸਖੀ ਕਹਿਣ ਲੱਗੀ, ਅੱਜ ਭਾਵੇਂ ਪ੍ਰੀਤਮਾਂ ਨੇ ਔਣ ਦੀਆਂ ਧਾਰੀਆਂ। ਬੋਲੀ ਐਡੇ ਭਾਗ ਕਿਥੋਂ ਅਸਾਂ ਮੰਦ ਭਾਗਣਾਂ ਦੇ, ਸਾਡੇ ਭਾ ਲਿਖੀਆਂ ਖਵਾਰੀਆਂ ਨੇ ਭਾਰੀਆਂ। ਆਵਣਾ ਤੇ ਨਹੀਂ ਪਰ ਮੇਲ ਹੈ ਜ਼ਰੂਰ ਹੋਣਾ, ਅੱਜ ਚੰਦ ਸਾਰੀਆਂ ਹੀ ਔਖਤਾਂ ਨਿਵਾਰੀਆਂ। ਏਧਰੋਂ ਮੈਂ ਵੇਖਨੀ ਹਾ, ਓਧਰੋਂ ਉਹ ਵੇਖਦੇ ਨੇ, ਚੰਦ ਨੇ ਲਵਾਈਆਂ ਪ੍ਰੇਮ ਸਾਗਰ ’ਚ ਤਾਰੀਆਂ। ਮੇਰੇ ਵਿਚ ਪੀ ਅਤੇ ਪੀਆ ਵਿਚ ਮੈਂ ਆਈਆਂ, ਨੈਣਾਂ ਰਾਹੀਂ ਉਹਨਾਂ ਦੀਆਂ ਆਈਆਂ ਨੇ ਸਵਾਰੀਆਂ। ਜ਼ਾਹਰੀ ਮੇਲ ਗੇਲ ਤਾਂਈਂ ਲੋਕ ਮੇਲ ਜਾਣਦੇ ਨੇ, ਗੁਝੀਆਂ ਮਿਲਾਪ ਦੀਆਂ ਗੱਲਾਂ ਅਲੋਕਾਰੀਆਂ। ਵੇਖਿਆ ਮਿਲਾਪ ਸਾਡਾ ਜੱਗ ਕੋਲੋਂ ਵਖਰਾ ਏ, 'ਹਿੰਦੀ' ਜਹਿਆਂ ਦਾਨਿਆਂ ਨੇ ਸਚੀਆਂ ਨਿਤਾਰੀਆਂ।

33. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਨਿਕਲੇ ਕਾਂ ਦੀ ਅੱਖ ਪਏ ਭਠ ਲੌਂਦੇ, ਤਾਵਾਂ ਹੁਸੜਾਂ ਹੱਦ ਮੁਕਾ ਦਿਤੀ। ਵਰ੍ਹੇ ਅੱਗ ਤੇ ਪਿੰਡਿਓ ਚੋਣ ਪਾਣੀ, ਐਸੀ ਜੇਠ ਨੇ ਕਲਾ ਭਵਾ ਦਿਤੀ। ਭਖੀਆਂ ਲੋਵਾਂ ਵਿਚ ਦੂਤੀਆਂ ਚਿਣਗ ਲਾ ਕੇ, ਤਬਾ ਸ਼ਾਹ ਦੀ ਹੋਰ ਭਖਾ ਦਿਤੀ। ਹੋਇਆ ਕਹਿਣ ਆਕੀ ਗੁਰੂ ਕਾਫ਼ਰਾਂ ਦਾ, ਮੋਮਨ ਪਾਹੜਿਆਂ ਪੱਟੀ ਪੜ੍ਹਾ ਦਿਤੀ। ਪੁਜਾ ਨਾਲ ਜਹਾਂਗੀਰ ਵੀ ਪੰਚਮ ਬੈਠਾ, ਏਸ ਪਾਈਏ ਨੂੰ ਨੌਬਤ ਪੁਚਾ ਦਿਤੀ। ਚੰਦੂ ਜਹੇ ਇਕ ਜੂਠ ਨੂੰ ਰਖ ਮੋਹਲਾ, ਲੀਕ ਅਦਲ ਇਨਸਾਫ਼ ਨੂੰ ਲਾ ਦਿਤੀ। ਝੂਠਾ ਖੁਸਰੋ ਦੇ ੫ਖ ਦਾ ਬੁਰਾ ਦੇ ਕੇ, ਨਿਰੇ ਜ਼ੁਲਮ ਤੇ ਕਲਮ ਵਗਾ ਦਿਤੀ। ਵਗੀ ਕਲਮ ਨਾ ਮੁੜੇ ਪੈਗੰਬਰਾਂ ਤੋਂ, ਉਨ੍ਹਾਂ ਸਚ ਦੀ ਖੇਡ ਵਰਤਾ ਦਿਤੀ। ਇਹ ਕਲਮ ਜਾਂ ਵਗੀ ਸੀ ਜ਼ਕਰੀਏ ਤੇ, ਆਰੀ ਵਿਚ ਸਰੀਰ ਫਰਾ ਦਿਤੀ। ਸੂਲੀ ਚਾਹੜਿਆ ਏਸੇ ਕਲਮ ਕੋਈ, ਸ਼ਮਸ ਜਿਹਾਂ ਦੀ ਖਲ ਲੁਹਾ ਦਿਤੀ। ਵੈਰੀ ਸਚਿਆਂ ਦੀ ਧੁਰੋਂ ਕਲਮ ਫੇਰੀ, ਤਾਹੀਓ ਰੱਬ ਨੇ ਐਡ ਸਜ਼ਾ ਦਿਤੀ। ਕਾਲਾ ਮੂੰਹ ਹੋਇਆ ਲੱਗਾ ਫਟ ਸੀਨੇ, ਚੀਕ ਚੀਕ ਦੁਹਾਈ ਮਚਾ ਦਿਤੀ। ਅੱਜ ਓਸੇ ਹੀ ਕਲਮ ਦੇ ਆਸਰੇ ਤੇ, ਚੰਦੂ ਚੰਮ ਦੀ ਖੂਬ ਚਲਾ ਦਿਤੀ। ਲੱਗਾ ਕਹਿਣ ਪਾਪੀ ਅਰਜਨ ਦੇਵ ਤਾਈਂ, ਮੈਨੂੰ ਰੱਬ ਨੇ ਅੱਜ ਹੈ ਵਾਹ ਦਿਤੀ। ਮੰਨੀ ਸਾਕ ਤੇ ਸਾਕਾਂ ਦੇ ਵਾਂਗ ਮੰਨਾਂ, ਨਹੀਂ ਤਾਂ ਜਾਨ ਲਈ ਜਾਨ ਗਵਾ ਦਿਤੀ। ਕਿਹਾ ਸਤਗੁਰਾਂ ਭੋਲਿਆ ਭਰਮਿਆ ਵੇ, ਤੈਨੂੰ ਕਿਸ ਇਹ ਗੱਲ ਸਿਖਾ ਦਿਤੀ। ਕੋਈ ਕਿਸੇ ਨੂੰ ਦੁਖ ਪੁਚਾ ਸਕੇ, ਕਿਨੇ ਕਿਸੇ ਦੀ ਪੀੜ ਵੰਡਾ ਦਿਤੀ। ਦੁਖ ਸੁਖ ਸਰੀਰ ਦਾ ਭੋਗ ਹੁੰਦਾ, ਅਮਰ ਆਤਮਾ ਗੱਲ ਸਮਝਾ ਦਿਤੀ। ਅੱਗੋਂ, ਪਾਣੀਓਂ, ਸ਼ਸਤ੍ਰੋਂ ਭੈ ਨਾਹੀਂ, ਡਰੋਂ ਪਰੇ ਮਾਲਕ ਸਾਨੂੰ ਜਾ ਦਿਤੀ। ਬਸ ਫੇਰ ਕੀ ਚੰਦਰੇ ਗਚ ਖਾਧਾ, ਤਤੀ ਰੇਤ ਪਿੰਡੇ ਉਪਰ ਪਾ ਦਿਤੀ। ਹੋਇਆ ਛਾਲਕੇ ਛਾਲਕੇ ਬਦਨ ਸਾਰਾ, ਪੈ ਪੈ ਛਾਲਿਆਂ ਖਲ ਛਫਿਆ ਦਿਤੀ। ਜਦੋਂ ਖੌਲਿਆ ਛਾਲਿਆਂ ਵਿਚ ਪਾਣੀ, ਉਤੇ ਖੌਲਦੀ ਦੇਗ ਮੁਧਿਆ ਦਿਤੀ। ਚਰਗਲ ਪਏ, ਕਚਲਉ ਤੇ ਰਮਦ ਵਗੇ, ਚਰਬੀ ਨੇਕ ਦੀ ਸੀਖਾਂ ਢਲਾ ਦਿਤੀ। ਖੜਾ ਖੁਸ਼ੀ ਵਿਚ ਦੇਵਤਾ ਸ਼ਾਂਤੀ ਦਾ, ਝੜੀ ਹਸ ਹਸ ਫੁਲਾਂ ਦੀ ਲਾ ਦਿਤੀ। 'ਹਿੰਦੀ' ਪਾਪ ਦੀ ਆਯੂ ਘਟਾ ਦਿਤੀ, ਬੇੜੀ ਧਰਮ ਦੀ ਬੰਨੇ ਲਾ ਦਿਤੀ।

34. ਸਾਡਾ ਨੱਕ ਨੇ ਲਹੂ ਨਿਚੋੜਿਆ ਏ

ਜਿਨ੍ਹਾਂ ਵਿਆਹਾਂ ਵਿਚ ਫੋਕੇ ਨਮੂਜ ਪਿਛੇ, ਏਡਾ ਢਮ ਢਾਣਾਂ ਲੋਕਾਂ ਜੋੜਿਆ ਏ। ਓਹਨਾਂ ਵਿਆਹਾਂ ਨਹੀਂ ਲਾ ਦੇਣਾ ਤਾਰ ਬਨੇ, ਸਮਝੋ ਆਪ ਹਥੀਂ ਬੇੜਾ ਬਹੋੜਿਆ ਏ। ਪਾਈ ਭੌਂ ਗਹਿਣੇ, ਦਿਤੇ ਪਾ ਗਹਿਣੇ, ਇਕ ਘੜੀ ਦੀ ਵਾਹ ਵਾਹ ਨੂੰ ਲੋੜਿਆ ਏ। ਓੜਕ ਨਿਕਲ ਗਏ ਚੁਕ ਕੇ ਮੂੰਹ ਕਿਧਰੇ, ਲਖ ਵਾਰਿਆ ਹਟਕਿਆ ਹੋੜਿਆ ਏ। ਸ਼ਾਹੀ ਛਡ ਕੇ ਮੂੰਹ ਤੇ ਮਲੀ ਸ਼ਾਹੀ, ਪਿੰਡ ਪੀੜ ਪਿਓ ਦਾਦੇ ਦਾ ਛੋੜਿਆ ਏ। ਚਿੜੀਆਂ ਚੁਗ ਲਿਆ ਖੇਤ ਤੇ ਫੇਰ ਕਹਿੰਦੇ, ਸਾਡਾ ਨੱਕ ਨੇ ਲਹੂ ਨਿਚੋੜਿਆ ਏ। ਧੰਨਾ ਸਿੰਘ ਨੇ ਪੁਤਰ ਦੀ ਚੜ੍ਹਤ ਵੇਲੇ, ਨਾਲ ਦਾਰੂ ਦੇ ਸਭ ਨੂੰ ਰਜਾ ਦਿੱਤਾ। ਦੂਰੋਂ ਨੇੜਿਓਂ ਘੋੜੀਆਂ ਮੰਗ ਲਈਆਂ, ਆਹਰਨ ਵਾਂਗ ਰਸਾਲਾ ਚੜ੍ਹਾ ਦਿਤਾ। ਮਾਰ ਧਾੜ ਕਰ ਕੁੜਮਾਂ ਦੀ ਜੂਹ ਪੁਜੇ, ਰਤਾ ਘੋੜੀਆਂ ਤਾਈਂ ਅਸਤਾ ਦਿਤਾ। ਕਠੇ ਹੋ ਸਭ ਨੇ ਹਥ ਪੈਰ ਧੋਤੇ, ਝੋਸਾਂ ਪੱਗਾਂ ਨੂੰ ਮੁੱਛਾਂ ਨੂੰ ਤਾ ਦਿਤਾ। ਹੋਏ ਬੜੇ ਦਲੇਰ ਢੁਕਾ ਵੇਲੇ, ਵਖਤਾਂ ਨਾਲ ਜੇਹੜਾ ਪੈਸਾ ਜੋੜਿਆ ਏ। ਦਿਤਾ ਸੁਟਦੇ ਮੂੰਹ ਲੁਟਾ ਸਾਰਾ, ਏਡਾ ਨੱਕ ਨੇ ਲਹੂ ਨਿਚੋੜਿਆ ਏ। ਅਗਲ ਵਾਂਹਡੀ ਤਹਤਿਆਂ ਤਾਂਹਗ ਸੇਤੀ, ਮਟ ਦਾਰੂ ਦੇ ਤੀਹ ਪਵਾ ਛਡੇ। ਸੋਹਣਾ ਮਾਣ ਹੈ ਆਇਆਂ ਪ੍ਰੌਹਣਿਆਂ ਦਾ, ਚੰਗੇ ਭਲੇ ਸਭ ਉਲੂ ਬਣਾ ਛਡੇ। ਜਿਵੇਂ ਜੱਟ ਤਿਹਾਏ ਨੂੰ ਮਿਲੇ ਛੰਨਾ, ਪਾਣੀ ਪੀ ਪੀ ਢਿੱਡ ਅਫਰਾ ਛਡੇ। ਤਿਵੇਂ ਵਰਤੀ ਪ੍ਰੌਹਣਿਆਂ ਡੰਝ ਲਾਹ ਲਾਹ, ਰਹੀ ਖੁਹੀ ਮਹਿਫਲ ਨੂੰ ਵੀ ਜਿੰਦੇ ਲਾ ਛਡੇ। ਰੋਟੀ ਰਾਤ ਦੀ ਮਗਰ ਕੋਚਾਲਾਂ ਉਤੇ, ਧੜੀ ਖੰਡ ਉਤੇ ਬੰਦਾ ਰਹੋੜਿਆ ਏ। ਖਾਹਦਾ ਕਿਸੇ ਵੀ ਨਾ ਹੋਇਆ ਖੂਹ ਖਿੰਜੂ, ਏਡਾ ਨੱਕ ਨੇ ਲਹੂ ਨਿਚੋੜਿਆ ਏ। ਗਹਿਣੇ ਕਪੜੇ ਦੇ ਵਲੋਂ ਹੋਈ ਓੜਕ, ਆ ਕੇ ਸਭ ਭਰਵਾਂ ਗਹਿਣ ਢੋਇਆ ਏ। ਠੂਠੀ, ਫੁਲ, ਟਿੱਕਾ, ਦੰਦ, ਲੌਂਗ, ਰੇਲਾਂ, ਕਲਾ ਹਸ ਦੋਸੇਰੀ ਦਾ ਹੋਇਆ ਏ। ਟਾਡਾਂ, ਗੋਖੜੂ, ਆਰਸੀ, ਛਾਪ ਛਲੇ, ਕੰਡੀ, ਬਰਾਤੀਆਂ ਧਾਗਾ ਪ੍ਰੋਇਆ ਏ। ਪੈਲੀ ਰਖ ਕੇ ਨੱਕ ਨੂੰ ਰੱਖ ਲਿਆ ਏ, ਕਦੇ ਕਿਸੇ ਦਾ ਕੰਮ ਖਲੋਇਆ ਏ। ਨਾਨੀ ਯਾਦ ਆਈ ਤਦੋਂ ਸਿੰਘ ਤਾਈਂ ਜਦੋਂ ਲੱਕ ਵਿਆਜ ਨੇ ਤੋੜਿਆ ਏ। ਲਗਾ ਫੇਰ ਵਾਹੋ ਦਾਈ ਕਹਿਣ ਆਪੇ, ਸਾਡਾ ਨੱਕ ਨੇ ਲਹੂ ਨਿਚੋੜਿਆ ਏ। ਏਸ ਸਮੇਂ ਅੰਦਰ ਓਹੋ ਸੁਖੀ ਜੇਹੜੇ, ਚਾਦਰ ਵੇਖ ਕੇ ਪੈਰ ਪਸਾਰਦੇ ਨੇ। ਅੱਜੀ ਹੋਣ ਨਾ ਕਿਸੇ ਦੇ ਗਰਜ਼ ਵੇਲੇ, ਸਗੋਂ ਆ ਆ ਗਰਜਾਂ ਸਾਰਦੇ ਨੇ। ਮੂਰਖ ਜੇਹੜੇ ਕਰਤੂਤਾਂ ਦੇ ਵਹਿਣ ਅੰਦਰ, ਵਿਤੋਂ ਬਾਹਰ ਹੋ ਹੋ ਛਾਲਾਂ ਮਾਰਦੇ ਨੇ। ਓੜਕ ਖਾਣ ਠੇਡੇ ਮੂੰਹ ਦੇ ਭਾਰ ਪੈਂਦੇ, ਡੁਬ ਡੁਬ ਕਰਜ਼ ’ਚ ਮੁਆਮਲੇ ਤਾਰਦੇ ਨੇ। ਰੰਬਾ ਫੜ ਕੇ ਹਥ ਕੁਰੀਤੀਆਂ ਦਾ, ਸਾਡਾ ਨੱਕ ਨੇ ਨੱਕ ਮਰੋੜਿਆ ਏ। ਟਲਦੇ ਅਜੇ ਵੀ ਕਰਨੀਓ ਨਹੀਂ 'ਹਿੰਦੀ', ਭਾਵੇਂ ਨਕ ਨੇ ਲਹੂ ਨਿਚੋੜਿਆ ਏ।

35. ਰੱਬ ਨੂੰ

ਕੀਹਦੇ ਪਾਸ ਦਸ ਕਰੀਏ ਤੇਰੀਆਂ ਸ਼ਕਾਇਤਾਂ, ਤੇਰੇ ਬਾਰੇ ਸੁਣੀਆਂ ਨੇ ਬੜੀਆਂ ਹਕਾਇਤਾਂ। ਇਹ ਕਹਿੰਦੇ ਨੇ ਤੂੰ ਹੈਂ ਦਿਆਲ ਨਿਆਈਂ, ਤੂੰ ਦੀਨਾਂ ਦਾ ਬੰਧੂ ਤੂੰ ਸਾਂਈਆਂ ਦਾ ਸਾਂਈਂ। ਇਹ ਕਹਿੰਦੇ ਨੇ ਤੇ ਪ੍ਰਤ ਪਾਲਕ ਹੈ ਸਭ ਦਾ, ਤੂੰ ਖਾਲਕ ਹੈਂ ਸਭ ਦਾ ਤੂੰ ਮਾਲਕ ਹੈ ਸਭ ਦਾ। ਇਹ ਕਹਿੰਦੇ ਨੇ ਤੂੰ ਵਿਚ ਦਵਾਪਰ ਤਰੇਤਾ, ਮੁਕਾਏ ਸੀ ਪਾਪੀ ਹੈ ਈ ਕੁਝ ਵੀ ਚੇਤਾ? ਤੂੰ ਪਟਨੇ ਚ ਆ ਕੇ ਸੀ ਜ਼ਾਲਮ ਮੁਕਾਏ, ਤੂੰ ਬੰਦੇ ਜਏ ਬੰਦ ਸੀ ਬੰਦੇ ਬਣਾਏ। ਤੂੰ ਪੱਥਰ ਪਈ ਹੋਈ ਐਹਲੀਆ ਸੀ ਤਾਰੀ, ਤੂੰ ਰਾਵਣ ਦੀ ਤੋੜੀ ਸੀ ਸਾਰੀ ਮਕਾਰੀ। ਤੂੰ ਮਰਯਾਦਾ ਪਾਲੀ ਸੀ ਖੁਦ ਤਾਜ ਦੇ ਕੇ, ਭਬੀਸ਼ਨ ਤੇ ਸੁਗਰੀਵ ਨੂੰ ਰਾਜ ਦੇ ਕੇ। ਇਹ ਕਹਿੰਦੇ ਨੇ ਤੇਰੀ ਜਦ ਹੋਈ ਸੀ ਰਹਿਮਤ, ਤੂੰ ਅਰਬਾਂ ਦੀ ਸਾਰੀ ਮੁਕਾਈ ਸੀ ਜ਼ੇਹਮਤ। ਇਹ ਸੁਣਿਆ ਏਂ ਤਦ ਮੈਂ ਤੂੰ ਜ਼ੁਲਮਾਂ ਦਾ ਵੈਰੀ, ਸੈਂ ਮਕਰਾਂ, ਫਰੇਬਾਂ ਤੇ ਪਾਪਾਂ ਦਾ ਵੈਰੀ। ਕੇਹੜਾ ਚੌਰ ਉਹਨਾਂ ਸੀ ਤੈਨੂੰ ਝੁਲਾਇਆ, ਅਸਾਂ ਸਾਫ ਕਹਿੰਦੇ ਕੀ ਤੇਰਾ ਗੁਵਾਇਆ? ਅਸਾਂ ਦਸ ਕੇਹੜੀ ਤੇਰੀ ਕੀਤੀ ਖੁਨਾਮੀ, ਤੂੰ ਤਦ ਵੀ ਸੁਵਾਮੀ ਤੇ ਹੁਣ ਵੀ ਸੁਵਾਮੀ। ਤੇਰੇ ਬਾਜ ਦਸ ਦੇ ਖਾ ਕੀਹਨੂੰ ਧਿਆਈਏ? ਕੀਹਨੂੰ ਚੀਰ ਕੇ ਦਿਲ ਦਾ ਹਾਲ ਦਿਖਾਈਏ? ਤੇ ਕਿਧਰ ਨੂੰ ਜਾਈਏ ਕੀ ਰੱਬਾ ਬਣਾਈਏ? ਅਮੀਰੀ ਦੀ ਚੱਕੀ ਨੇ ਡਾਹਡਾ ਹੈ ਦਲਿਆ, ਹੈ ਪਾਣੀ ਸਬਰ ਦਾ ਸਿਰੋਂ ਵੱਧ ਚਲਿਆ। ਨਾਂ ਢਿੱਡਾਂ ਦੇ ਤੰਦੂਰ ਸਾਡੇ ਤਪੀਵਨ, ਹੈ ਵਰਤੀਆਂ ਠੰਡਾਂ ਨਾ ਚੁਲ੍ਹੇ ਭਖੀਵਨ। ਲਾ ਲਤੇ ਨਾ ਟਲੇ ਨਾ ਜੁਸੇ ਢੁਕੀਵਨ, ਪਲਮਦੀਆਂ ਲੀਰਾਂ ਤੇ ਔਖੇ ਨੇ ਜੀਵਨ। ਨਾ ਕੰਮਾਂ ਨਾ ਕਾਰਾਂ ਥੀਂ ਪੈਂਦੀ ਹੈ ਪੂਰੀ, ਨਾ ਮਿਲਦੀ ਕਿਤੋਂ ਢਿੱਡ ਭਰਵੀਂ ਮਜੂਰੀ। ਨਾ ਜਿੰਨਸਾ ਦੇ ਭਾਵਾਂ ਦਾ ਕੋਈ ਮਚੇ ਬੱਨਾ, ਅਠੇ ਪੈਹਰ ਕਰਦੇ ਰਹੀਏ ਅੱਨਾ ਅੱਨਾ। ਹੈ ਲਾਹ ਲਈ ਹਟਾਂ ਵਾਲਿਆਂ ਮੂੰਹ ਤੋਂ ਲੋਈ, ਕਰਨ ਇਕ ਦੇ ਦਸ ਨਾ ਪੁਛਦਾ ਹੈ ਕੋਈ। ਨਾ ਏਹਨਾਂ ਨੂੰ ਡਰ ਹਾਕਮਾਂ ਅਫਸਰਾਂ ਦਾ, ਨਾ ਤੇਰੇ ਅਵਤਾਰਾਂ ਨਾ ਪੈਗੰਬਰਾਂ ਦਾ। ਨਾ ਤੇਰੇ ਅਸੂਲਾਂ ਕਾਨੂੰਨਾਂ ਨੂੰ ਮੰਨਣ, ਨਾ ਲੁਕਮਾਨਾਂ ਨਾ ਅਫਲਾਤੂਨਾਂ ਨੂੰ ਮੰਨਣ। ਨਹੀਂ ਕਾਲ ਇਨ੍ਹਾਂ ਨੂੰ ਹੈ ਕਾਲ ਸਾਡਾ, ਇਹ ਕਰਦੇ ਨੇ ਮੌਜਾਂ ਮੰਦਾ ਹਾਲ ਸਾਡਾ। ਤੇਰੇ ਬਾਜ ਦਸ ਦੇ ਖਾ ਕਿਹਨੂੰ ਧਿਆਈਏ, ਕਿਹਨੂੰ ਚੀਰ ਕੇ ਦਿਲ ਦਾ ਹਾਲ ਵਿਖਾਈਏ। ਤੇ ਕਿਧਰ ਨੂੰ ਜਾਈਏ ਕੀ ਰੱਬ ਜੀ ਬਣਾਈਏ। ਹੈ ਇੰਝ ਅਮੀਰਾਂ ਦੀ ਦੁਨੀਆਂ ਨਿਰਾਲੀ, ਉਹ ਇਸ ਕਾਲ ਵਿਚ ਮਾਣ ਦੇ ਨੇ ਖੁਸ਼ਹਾਲੀ। ਨਾ ਜ਼ੁਲਮਾਂ ਦਾ ਭੈ ਹੈ ਨਾ ਪਾਪਾਂ ਦਾ ਡਰ ਹੈ, ਨਾ ਦੁਖੀਆਂ ਦੇ ਹਉਕੇ ਸਰਾਪਾਂ ਦਾ ਡਰ ਹੈ। ਨਾ ਜਾਂਦੇ ਗੁਰੂ ਘਰ, ਨਾ ਮਸਜਿਦ ਨਾ ਮੰਦਰ, ਪਵਾ ਬੈਠੇ ਸਦੀਆਂ ਦੇ ਖਰਚਾਂ ਨੂੰ ਅੰਦਰ। ਓਹ ਏਸੇ ਨੂੰ ਸਮਝਣ ਤੇਰੀ ਯਾਦ ਭਗਤੀ, ਉਹ ਮਾਇਆ ਨੂੰ ਸਮਝਣ ਜ਼ਮਾਨੇ ਦੀ ਸ਼ਕਤੀ। ਤੂੰ ਮਾਇਆ ਦੇ ਅੰਨ੍ਹੇ ਸੋਜਾਖੇ ਬਣਾਵੇਂ, ਤੂੰ ਰਹਿਮਤ ਵਸਾਵੇਂ ਤੂੰ ਚਾਣਨ ਕਰਾਵੇਂ। ਤੂੰ ਅਗਨੀ ’ਚੋਂ ਭਗਤਾਂ ਨੂੰ ਕਿਧਰੇ ਬਚਾਵੇਂ, ਤੂੰ ਪਾਣੀ ਵਿਚੋਂ ਫੰਦ ਗਜ ਦੇ ਛੁਡਾਵੇਂ। ਤੇਰੀ ਬੇਨਿਆਜ਼ੀ ਦੇ ਕੇਹੜੇ ਠਕਾਨੇ, ਇਹ ਸਭ ਭੇਦ ਤੇਰੇ ਤੂੰਹੀਓ ਹੀ ਜਾਨੇਂ। ਨਾ ਹੁਣ ਤੀਕ ਪਾਇਆ ਕਿਸੇ ਅੰਤ ਤੇਰਾ, ਥੱਕਾ ਤਾਣ ਲਾ ਲਾ ਕੇ ਮੁੰਤਕ ਬਥੇਰਾ। ਨਾ ਤੂੰ ਫ਼ਲਸਫੀ ਦੀ ਉਡਾਰੀ 'ਚਿ ਆਇਓਂ, ਜੇ ਆਇਓਂ ਤੇ ਤੂੰ ਇਨਕਸਾਰੀ ’ਚਿ ਆਇਓਂ। ਤਦੇ ਰਾਤ ਦਿਨ ਤੇਰੀ ਕਰਦੇ ਹਾਂ ਪੂਜਾ, ਨਾ ਤੇਰੇ ਜਿਹਾ ਕੋਈ ਦਿਸਦਾ ਹੈ ਦੂਜਾ। ਤੇਰੇ ਬਾਜ ਦਸਦੇ ਖਾਂ ਕਿਹਨੂੰ ਧਿਆਈਏ, ਕਿਹਨੂੰ ਚੀਰ ਕੇ ਦਿਲ ਦਾ ਹਾਲਾ ਵਖਾਈਏ। ਤੇ ਕਿਧਰ ਨੂੰ ਜਾਈਏ ਕੀ ਰੱਬ ਜੀ ਬਣਾਈਏ। ਤੇਰਾ ਕਹਿਣ ਹੈ, ਆਵਸਾਂ ਭੀੜ ਵੇਲੇ, ਮੈਂ ਬਨਸਾਂਗਾ ਦਾਰੂ ਹਰ ਇਕ ਭੀੜ ਵੇਲੇ। ਤੂੰ ਕਿਉਂ ਆਪਣੇ ਇਕਰਾਰ ਭੁਲੇਂ ਭੁਲਾਵੇਂ, ਤੂੰ ਕਿਉਂ ਆਪਣੇ ਵਾਹਦੇ ਨਾ ਪੂਰੇ ਨਿਭਾਵੇਂ। ਪਵੇ ਭਸ ਜਪਸੀਂ ਇਹ ਮੂੰਹ ਜ਼ੋਰੀਆਂ ਨੇ, ਇਹ ਗੱਲਾਂ ਤੇ ਖਰੀਆਂ ਨ ਭਰ ਕੋਰੀਆਂ ਨੇ। ਜਾਂ ਤਾਂ ਤੂੰ ਰੁਸਿਆ ਜਾਂ ਪਿਆ ਝਕ ਤੈਨੂੰ, ਜਾਂ ਸਾਡੇ ਤੇ ਹੋਇਆ ਕੋਈ ਸ਼ੱਕ ਤੈਨੂੰ। ਜਾਂ ਤੂੰ ਇਹਨਾਂ ਪੀੜਾਂ ਨੂੰ ਪੀੜਾਂ ਨਾ ਸਮਝੇਂ, ਜਾਂ ਤੂੰ ਇਹਨਾਂ ਭੀੜਾਂ ਨੂੰ ਭੀੜਾਂ ਨਾ ਸਮਝੇਂ। ਜੋ ਕੁਝ ਵੀ ਤੂੰ ਸਮਝੇਂ, ਜੋ ਕੁਝ ਵੀ ਤੂੰ ਜਾਣੇ, ਤੇਰੀ ਮੌਜ਼ ਮੰਨਦੇ ਹਾਂ ਸਭ ਤੇਰੇ ਭਾਣੇ। ਰਾਜ਼ੀ ਹਾਂ ਤੇਰੀ ਰਜ਼ਾ ਤੇ ਹੀ ਸਾਈਆਂ, ਤੂੰ ਕਿਧਰੇ ਨੇ ਸਾਈਆਂ ਤੇ ਕਿਧਰੇ ਵਧਾਈਆਂ। ਤੂੰ ਆਪਣੇ ਮੰਨਣ ਵਾਲਿਆਂ ਨੂੰ ਮਨਾ ਲੈ, ਤੂੰ ਸੁਣ ਸਾਡੀਆਂ ਵੀ ਤੇ ਆਪਣੀ ਸੁਣਾ ਲੈ। ਤੂੰ ਮੰਨ ਹਾੜਾ 'ਹਿੰਦੀ' ਦਾ ਕਰ ਮਿਹਰਬਾਨੀ, ਇਹ ਉਲਝੀ ਹੋਈ ਆ ਕੇ ਸੁਲਝਾ ਦੇ ਤਾਨੀ। ਤੇਰੇ ਬਾਝ ਦਸ ਦੇ ਖਾਂ ਕਿਸ ਨੂੰ ਧਿਆਈਏ, ਕਿਸ ਨੂੰ ਚੀਰ ਕੇ ਦਿਲ ਦੀ ਹਾਲਤ ਵਿਖਾਈਏ, ਤੇ ਕਿਧਰ ਨੂੰ ਜਾਈਏ, ਕੀ ਰੱਬ ਜੀ ਬਣਾਈਏ।

36. ਜੀਵਨ-ਪੰਧ

ਬੱਚਾ ਦੁਧ ਚੁਘੇਂਦਾ ਦਾ ਡਿਠਾ, ਰੋਂਦਾ ਜ਼ਿਦਾਂ ਕਰੇਂਦਾ ਡਿੱਠਾ। ਮਾਂ ਦਾ ਮਿਠਾ ਪਿਆਰ ਵੀ ਡਿਠਾ,ਪਿਓ ਦਾ ਸਭ ਵਿਹਾਰ ਵੀ ਡਿੱਠਾ। ਗਿਲਿਓਂ ਸੁਕੇ ਪੌਂਦੀ ਡਿੱਠੀ, ਲੋਰੀ ਦੇਂਦੀ ਗੌਂਦੀ ਡਿੱਠੀ। ਸਦਕੇ ਵਾਰੀ ਜਾਂਦੀ ਡਿਠੀ, ਲਖਾਂ ਸ਼ਗਨ ਮਨਾਂਦੀ ਡਿੱਠੀ। ਫਿਰ ਦੰਦੀਆਂ ਦਾ ਵੇਲਾ ਡਿਠਾ, ਮਾਂ ਨਾ ਵੇਲ ਕੁਵੇਲਾ ਡਿੱਠਾ। ਸਾਰੇ ਦੁਖੜੇ ਜਰਦੀ ਡਿਠੀ, ਦਾਰੂ ਦਰਮਲ ਕਰਦੀ ਡਿੱਠੀ। ਫਿਰ ਉਲਾਂਘਾਂ ਭਰਦਾ ਡਿਠਾ, ਚੌੜਾਂ ਅੜੀਆਂ ਕਰਦਾ ਡਿੱਠਾ। ਸੱਧਰਾਂ ਨਾਲ ਖਡੌਂਦੀ ਦੇਖੀ, ਆਪਣਾ ਜੀ ਪ੍ਰਚੌਂਦੀ ਦੇਖੀ। ਭਜਦਾ ਡਿਠਾ ਉਂਗਲਾਂ ਫੜਦਾ, ਡਿਠਾ ਕਦੇ ਕੰਧਾੜੇ ਚੜ੍ਹਦਾ। ਕਠੇ ਕਰ ਕਰ ਹਾਣੀ ਸਾਰੇ, ਇਕੋ ਜੇਡੇ ਪਿਆਰੇ ਪਿਆਰੇ। ਖੇਡਾ ਕਦੇ ਰਚੌਂਦੇ ਡਿਠੇ, ਹਸਦੇ ਡਿਠੇ ਗੌਂਦੇ ਡਿਠੇ। ਸਭ ਦੇ ਨਾਲ ਅਸ਼ਨਾਈ ਦੇਖੀ, ਦਿਲ ਦੀ ਖੂਬ ਸਫ਼ਾਈ ਦੇਖੀ। ਲੋਂਹਦੇ ਵਟ ਨਾ ਪੋਂਹਦੇ ਪਾਲੇ, ਮਗਨ ਡਿਠੇ ਮੈਂ ਭੋਲੇ ਭਾਲੇ। ਫੇਰ ਮਦਰਸੇ ਪੜ੍ਹਦਾ ਡਿਠਾ, ਪੱਟੀਆਂ ਕਾਇਦੇ ਖੜਦਾ ਡਿਠਾ। ਡਿਠੀ ਫੇਰ ਦਵਾਤੀਂ ਸ਼ਾਹੀ, ਕਲਮ ਵੀ ਡਿਠੀ ਘੜੀ ਘੜਾਈ। ਫੇਲ੍ਹ ਪਾਸ ਦੇ ਝੇੜੇ ਦੇਖੇ, ਹੁੰਦੇ ਕਈ ਬਖੇੜੇ ਦੇਖੇ। ਫੇਰ ਮੈਂ ਡਿਠੀ ਚੜ੍ਹੀ ਜਵਾਨੀ, ਛੈਲ ਛਬੀਲੀ ਭਰ ਮਸਤਾਨੀ। ਸਿਰ ਨੂੰ ਚੜ੍ਹੀਆਂ ਮਸਤ ਹਵਾਵਾਂ, ਉਡ ਉਡ ਚਮੜਨ ਲੱਖ ਬਲਾਵਾਂ ਜਾਂਦਾ ਜਾਂਦਾ ਕੁੰਡੀਆਂ ਪਾਵੇ, ਕਈਆਂ ਦੇ ਦਿਲ ਖਿਚ ਲਿਆਵੇ। ਜੀਵਨ ਪੰਧ ਨਿਬੇੜਨ ਖਾਤਰ, ਗੁਝੇ ਰੋਗ ਸਹੇੜਨ ਖਾਤਰ। ਲੱਭੀ ਸਾਥਣ ਇਕ ਵਿਚਾਰੀ, ਘਰ ਦੇ ਧੰਦੇ ਪਈ ਖਵਾਰੀ। ਚਾਹੁੰਦਾ ਸੀ ਦਿਲ ਖੁਸ਼ੀ ਮਨਾਸੀ,ਕੀ ਥੌਹ ਸੀ ਇਕ ਬਿਪਤਾ ਆਸੀ। ਅਗਨ, ਆਥਨ, ਲੌਣ ਦੇ ਧੰਦੇ, ਰਿੰਨ੍ਹਣ ਅਤੇ ਪਕੌਣ ਦੇ ਧੰਦੇ। ਗਲ ਗਲ ਫਸਿਆ ਫੇਰ ਮੈਂ ਡਿੱਠਾ,ਖੁਭਣ ਧਸਿਆ ਫੇਰ ਮੈਂ ਡਿੱਠਾ। ਡਿੱਠਾ ਰੋ ਰੋ ਲੈਂਦਾ ਹਾਵੇ, ਖੋਤੇ ਵਾਂਗਰ ਲਦਿਆ ਆਵੇ। ਦਗੇ ਫਰੇਬ ਤੇ ਝੂਠ ਮਕਾਰੀ, ਡਿਠੇ ਕਦੇ ਨਾ ਹੁੰਦੇ ਕਾਰੀ। ਲੱਖਾਂ ਕੰਮ ਵਿਹਾਰ ਮਜੂਰੀ, ਡਿਠੇ ਕਦੇ ਨਾ ਪੈਂਦੀ ਪੂਰੀ। ਖਪਦਾ ਮਰਦਾ ਝੱਟ ਲੰਘਾਵੇ, ਟੱਬਰ ਕਿਹੜੇ ਖੂਹ ਵਿਚ ਪਾਵੇ। ਜਾਤਕ ਸ਼ੋਹਰ ਤੇ ਬਾਲ ਅੰਞਾਣੇ, ਤੇ ਰੱਬ ਨੇ ਬਖਸ਼ ਧੰਗਾਣੇ। ਦੁਖ ਸੁਖ, ਝਖੜ ਝੌਲੇ ਦੇਖੇ, ਮਨਾਂ ਦੇ ਪਾਸੇ ਤੋਲੇ ਦੇਖੇ। ਮਤਲਬ ਦੇ ਸਭ ਹੁੰਦੇ ਲੇਖੇ, ਭੈਣ ਵੀ ਦੇਖੀ ਭਾਈ ਦੇਖੇ। ਜਿੱਨੀ ਉਮਰ ਵਿਹਾਈ ਦੇਖੀ, ਵਖ਼ਤਾਂ ਨਾਲ ਲੰਘਾਈ ਦੇਖੀ। ਫੇਰ ਮੈਂ ਚਿਟੇ ਆਉਂਦੇ ਦੇਖੇ, ਕਾਲੇ ਰੰਗ ਵਟਾਉਂਦੇ ਦੇਖੇ। ਦੰਦਾਂ ਮੂੰਹ ਵਿਚ ਹਿਲਜੁਲ ਲਾਈ, ਨੈਣਾਂ ਨੇ ਵੀ ਅੱਖ ਚੁਰਾਈ। ਫੇਰ ਕਮੰਦੀਂ ਕੜਿਆ ਡਿਠਾ, ਚੋਰ ਸੀਨੇ ਵਿਚ ਵੜਿਆ ਡਿੱਠਾ। ਮਾਲਾ ਫੇਰ ਫਰੇਂਦੀ ਡਿੱਠੀ, ਜੀਭਾ ਨਾਮ ਰਟੇਂਦੀ ਡਿੱਠੀ। ਡਿੱਠਾ ਫੇਰ ਨਾ ਬਣਦਾ ਕੋਈ, ਨਾ ਡਿੱਠੀ ਦਰਗਾਹੇ ਢੋਈ। ਧਾਗਾ ਹੁੰਦਾ ਖੱਦਾ ਡਿੱਠਾ, ਧੁਰ ਦਾ ਆਉਂਦਾ ਸੱਦਾ ਡਿੱਠਾ। ਫੇਰ ਮੈਂ ਚਾਰ ਕੁ ਭਾਈ ਡਿੱਠੇ, ਕਰਦੇ ਵਾਹੋਦਾਹੀ ਡਿੱਠੇ। 'ਹਿੰਦੀ' ਜੰਗਲ ਡੇਰਾ ਡਿੱਠਾ,ਜੱਗ ਦਾ ਰੈਣ ਵਸੇਰਾ ਡਿੱਠਾ।

37. ਬੱਚਾ

ਬੱਚੇ ਖਿਡੌਣ ਖੰਡ ਦੇ, ਖੰਦ ਖੰਦ ਦੀਆਂ ਮੂਰਤਾਂ। ਭੋਲੀਆਂ ਤੇ ਸਾਵੀਆਂ, ਮਨਮੋਹਣੀਆਂ ਨੇ ਸੂਰਤਾਂ। ਲਾਡਲੇ ਮਾਵਾਂ ਦੇ ਹਨ, ਚਾਵਾਂ ਦੇ ਗੁਝੇ ਪੂਰ ਹਨ। ਕਾਲਜੇ ਦੀ ਠੰਢ ਹਨ, ਅੱਖਾਂ ਦੇ ਸੁਖ ਹਨ, ਨੂਰ ਹਨ। ਕੁਦਰਤ ਦੇ ਚਿਤਰਕਾਰ ਦੀ,ਇਹ ਲੇਖਣੀ ਦੇ ਚਿਤਰ ਹਨ। ਭੋਲੇਪਨ ਦੇ ਪਰਦਿਆਂ ਤੇ ਮੋਰ ਹਨ, ਇਹ ਤਿੱਤਰ ਹਨ। ਇਹ ਸੱਧਰਾਂ ਦੇ ਬਾਗ਼ ਹਨ, ਆਸਾਂ ਮੁਰਾਦਾਂ ਦੇ ਚਮਨ। ਇਹ ਪ੍ਰੇਮ ਦਾ ਭੰਡਾਰ ਹਨ, ਆਪੇ ਆਪੇ ਵਿਚ ਮਗਨ। ਮੋਤੀ ਨਿਰੇ ਅਣਵਿਧ ਨੇ, ਕਲੀਆਂ ਨੇ ਮੀਟੇ ਬੁਲ ਨੇ। ਕੇਸਰ ਕਿਆਰੀ ਜਗਤ ਵਿਚ, ਇਹ ਖੁਰਮਾਂ ਦੇ ਫੁਲ ਨੇ। ਮਹਾਂ ਕਵੀ ਈਸ਼੍ਵਰ ਦੀ,ਇਹ ਕਵਿਤਾ ਰਚੀ ਹੋਈ ਪਿਆਰ ਦੀ। ਅੰਬਰਾਂ ਕੋਲੋਂ ਘਨੀ ਹੈ, ਉਚੀ ਉਡਾਰੀ ਮਾਰਦੀ। ਸ਼ਾਇਰੋ ਉਠੋ ਪੜ੍ਹੋ, ਇਹ ਸ਼ੇਅਰ ਹਨ ਮੂੰਹ ਬੋਲਦੇ। ਛੰਦਾਂ ’ਚ ਰਸ ਦੇ ਜਾਲ ਦੇ, ਅਲੰਕਾਰ ਦੇ ਪਟ ਖੋਲ੍ਹਦੇ। ਅੰਮ੍ਰਿਤਾਂ ਦੇ ਸੋਮੇ 'ਹਿੰਦੀ', ਸਚਖੰਡੋਂ ਇਹ ਆਏ ਨੇ। ਤ੍ਰੇਹ ਬੁਝਾਵਨ ਹਾਰ ਨੇ, ਮਾਪੇ ਬੜੇ ਤ੍ਰਿਹਾਏ ਨੇ।

38. ਇਨਸਾਨ ਨੂੰ

ਕੀੜੀ ਲੜੇ ਇਲਾਜ ਕਰਾਵਨਾ ਏ, ਗਾਫ਼ਲ ਕੀੜੀਆਂ ਖਾਵਣਾ ਮਾਸ ਤੇਰਾ। ਜਿਹੜੀ ਦੇਹ ਨੂੰ ਰਾਤ ਦਿਨ ਪਾਲਨਾ ਏ, ਕਰਨਾ ਮੂਲ ਨਾਹੀਂ ਏਸ ਨੇ ਪਾਸ ਤੇਰਾ। ਝੂਠੀ ਸ਼ਾਨ ਬਦਲੇ ਸਾਰੀ ਉਮਰ ਖੋਹੀ, ਬਿਰਥਾ ਗਿਆ ਹੈ ਇਕ ਇਕ ਸਵਾਸ ਤੇਰਾ, 'ਹਿੰਦੀ' ਉਠ ਭਗਵਾਨ ਨੂੰ ਯਾਦ ਕਰ ਲੈ, ਕਿਹੜੇ ਵਹਿਣਾਂ ਵਿਚ ਰੁੜ੍ਹਿਆ ਕਿਆਸ ਤੇਰਾ। ਸ਼ਰਮੀਂ ਤੇਰੀਆਂ ਸਭ ਭਗਵਾਨ ਤਾਈਂ, ਪਰਦਾ ਕੱਜ ਲੈਸੀ, ਪਰਦਾਪੋਸ਼ ਹੈ ਓਹ। ਉਹਦੀ ਯਾਦ ਵਿਚ ਜੇ ਕਰ ਬੇਹੋਸ਼ ਹੋਵੇਂ, ਉਸ ਬੇਹੋਸ਼ੀ ਦੇ ਵਿਚ ਵੀ ਹੋਸ਼ ਹੈ ਓਹ। ਰਖੀਂ ਸਬਰ ਤੇ ਸਾਬਰਾ ਪਾਰ ਹੋਵੀਂ, ਤੇਰੇ ਸਬਰ ਦੇ ਵਿਚ ਸੰਤੋਸ਼ ਹੈ ਓਹ। ਮੰਨੇ ਦੋਸ਼ ਜੇਕਰ ਦੋਸ਼ ਬਖਸ਼ ਦੇਵੇ, ਪੂਰਨ ਬ੍ਰੰਹਮ ਹੈ ਹਿੰਦੀ ਨਿਰਦੋਸ਼ ਹੈ ਓਹ। ਉਹਨੂੰ ਬਖਸ਼ਦਿਆਂ ਕੁਝ ਨਹੀਂ ਦੇਰ ਲੱਗਦੀ, ਮਨਾ ਪਾਪੀਆ ਪਾਪ ਬਖਸ਼ਾ ਲੈ ਤੂੰ। ਕਰ ਕਰ ਬੇਨਤੀ ਮੁਆਫੀਆਂ ਮੰਗ ਲੈ ਤੂੰ, ਜੀਵਨ ਆਪਣਾ ਸਫ਼ਲ ਬਣਾ ਲੈ ਤੂੰ। ਛੱਡ ਦੁਨੀਆਂ ਦੇ ਝੂਠੇ ਬਖੇੜਿਆਂ ਨੂੰ, ਉਹਦੇ ਚਰਨਾਂ ਵਿਚ ਲਿਵ ਲਗਾ ਲੈ ਤੂੰ। ਉਹਦੀ ਕੰਵਲ ਮੂਰਤ ਹਿਰਦੇ ਧਾਰ 'ਹਿੰਦੀ', ਸੁਤੀ ਆਪਣੀ ਕਿਸਮਤ ਜਗਾ ਲੈ ਤੂੰ।

39. ਗਰੀਬ ਦੀ ਈਦ

ਕਦੀ ਟੁਕਰ ਅਲੂਣਾ, ਕਦੀ ਕਾਹਵਾ ਸਲੂਣਾ। ਇਕ ਛਿੱਟ ਨਾ ਘਿਓ ਦੀ, ਰੁਖੀ ਜਿਹੀ ਸਰਗੀ। ਕਦੀ ਓਹਦਾ ਵੀ ਝੂਰਾ, ਅਠ ਪਹਿਰ ਈ ਰੋਜ਼ਾ। ਇਕ ਪੱਥਰ ਰੱਖ ਕੇ, ਉਹ ਢਿਡ ਦੇ ਉਤੇ। ਦਿਨ ਤੜਫ ਲੰਘਾਵੇ, ਰੋਜ਼ਾ ਨਾ ਖੁੰਝਾਵੇ। ਪਾਬੰਦੀ ਸ਼ਰ੍ਹਾ ਦੀ, ਹਰ ਤਰ੍ਹਾਂ ਨਿਭੌਣੀ। ਇਸ ਬਿਪਤਾ ਦਾ ਮਾਰਾ,ਉਹ ਦੁਖੀਆ ਵਿਚਾਰਾ। ਅੱਜ ਕਿੱਧਰ ਨੂੰ ਜਾਵੇ, ਕੀ ਈਦ ਮਨਾਵੇ। ਇਹਦਾ ਔਖਾ ਗੁਜ਼ਾਰਾ, ਅੱਲਾ ਦਾ ਸਹਾਰਾ। ਲਾ-ਤਨਨਾਤੂ ਕਹਿੰਦਾ, ਬੇ-ਆਸ ਨਾ ਬਹਿੰਦਾ। ਲੱਭਦਾ ਹੈ ਮਜੂਰੀ, ਪੈਂਦੀ ਨਹੀਂ ਪੂਰੀ। ਅੱਝਾ ਧਿਰ ਧਿਰ ਦਾ, ਅਲ੍ਹਣ ਹੋਇਆ ਫਿਰਦਾ। ਪਿਆ ਤੜਫੇ ਤੇ ਲੁਛੇ, ਕੋਈ ਬਾਤ ਨਾ ਪੁਛੇ। ਦਿਨ ਸਾਰਾ ਬਿਤਾਇਆ,ਕੁਝ ਹੱਥ ਨਾ ਆਇਆ। ਅਫ਼ਤਾਰ ਨੂੰ ਪਾਣੀ, ਇਹ ਜੀਹਦੀ ਕਹਾਣੀ। ਅੱਜ ਕਿਧਰ ਨੂੰ ਜਾਵੇ, ਕੀ ਈਦ ਮਨਾਵੇ। ਭੁਖਾਂ ਥੀਂ ਮਰੇਂਦਾ, ਸੌ ਸ਼ੁਕਰ ਕਰੇਂਦਾ। ਰਾਜ਼ੀ ਹੈ ਰਜ਼ਾ ਤੇ, ਜੋ ਸਾਹਿਬ ਨੂੰ ਭਾਵੇ। ਨਾ ਯਾਰੀ ਨਾ ਚੋਰੀ, ਇਕ ਰੱਬ ਤੇ ਡੋਰੀ। ਜਾਤਾ ਤੇ ਇਹ ਜਾਤਾ, ਉਹ ਕੁਲ ਦਾ ਦਾਤਾ। ਈਮਾਨ ਰਹਿ ਜਾਵੇ, ਕੋਈ ਊਜ ਨਾ ਆਵੇ। ਪਾਲੇ ਵਿਚ ਠਰਦਾ, ਹੈ ਤਰਾਵੀਆਂ ਪੜ੍ਹਦਾ। ਫਿਰ ਸਰਗੀਉਂ ਫਾਕਾ, ਆਖੇ ਮੇਰੇ ਆਕਾ। ਅੱਜ ਕਿਧਰ ਨੂੰ ਜਾਵਾਂ, ਕੀ ਈਦ ਮਨਾਵਾਂ। ਰਮਜ਼ਾਨ ਮੁਬਾਰਕ, ਜੀ ਸ਼ਾਨ ਮੁਬਾਰਕ। ਇੰਞੇ ਹੀ ਬਿਤਾਇਆ,ਦਿਨ ਈਦ ਦਾ ਆਇਆ। ਬੱਚਾ ਕਹਿ ਉਛਲ ਕੇ, ਖੁਸ਼ੀਆਂ ਥੀਂ ਮਚਲ ਕੇ। ਕਲ੍ਹ ਈਦ ਹੈ ਅੱਬਾ, ਇਕ ਕੁੜਤਾ ਤੇ ਤੰਬਾ। ਟੋਪੀ ਵੀ ਲਿਆ ਦੇ, ਇਕ ਬੂਟ ਚੜ੍ਹਾ ਦੇ। ਸਭ ਰਲਮਿਲ ਹਾਣੀ, ਅਸਾਂ ਈਦ ਮਨਾਣੀ। ਬੱਚੇ ਤੋਂ ਇਹ ਸੁਣ ਕੇ, ਲਏ ਹੌਕੇ ਤੇ ਹੌਕੇ। ਕੀ 'ਹਿੰਦੀ' ਬਣਾਵੇ, ਕੀ ਈਦ ਮਨਾਵੇ।

40. ਮੇਲ ਮਿਲਾਪ

ਹਿੰਦੂ, ਮੁਸਲਮ, ਸਿਖ ਜੇ ਤਿੰਨੇ, ਰਲ ਮਿਲ ਰਹੀਏ ਬਹੀਏ। ਫਿਰ ਮਜਾਲ ਕਿਸੇ ਦੀ ਕਾਹਦੀ, ਘੂਰੀਆਂ ਕਾਹਨੂੰ ਸਹੀਏ। ਫਿਰ ਇਹ ਝਗੜਾ ਵੰਡੀਆਂ ਵਾਲਾ, ਮੁੜ ਕੇ ਕਦੇ ਨਾ ਉਠੇ। ਤਿੰਨੇ ਜੇਕਰ ਦੂਈ ਗਵਾਈਏ, ਕੌਣ ਕਿਸੇ ਨੂੰ ਮੁਠੇ। ਨਾ ਫਿਰ ਦੇਖ ਕੇ ਫਲੀਆਂ ਲੜੀਏ, ਨਾ ਹੇਰੀ ਨਾ ਫੇਰੀ। ਜੋ ਤੇਰੀ ਸੋ ਮੇਰੀ ਮਰਜ਼ੀ, ਜੋ ਮੇਰੀ ਸੋ ਤੇਰੀ। ਗੰਗਾ, ਜਮਨਾ, ਸਰਸਵਤੀ ਤਿੰਨੇ, ਜਿਸ ਦੱਮ ਇਕੋ ਹੋਈਆਂ। ਮਿਲਿਆ ਰਾਜ ਪਰਾਗ ਨੂੰ ਆ ਕੇ, ਜਦੋਂ ਦਵੈਤਾ ਮੋਈਆਂ। ਏਸੇ ਤਰ੍ਹਾਂ ਅਸੀਂ ਵੀ ਤਿੰਨੇ, ਜਦ ਕਦ ਕਠੇ ਹੋਏ। ਮਿਲਸੀ ਆਪੇ ਰਾਜ ਅਸਾਂ ਨੂੰ, ਦਿਲੋਂ ਜੇ ਦੂਈ ਮੋਏ। ਨਾਲ ਜੁਲਾਹਿਆਂ ਡਾਂਗੋ ਡਾਂਗੀ, ਘਰ ਵਿਚ ਤੰਦ ਨਾ ਸੂਤਰ। ਜਿਚਰ ਸਾਡਾ ਸੂਤ ਨਹੀਂ ਹੋਣਾ, ਕੰਮ ਨਹੀਂ ਹੋਣਾ ਸੂਤਰ। ਮੰਦਰ, ਗੁਰਦਵਾਰਾ ਮਸਜਦ, ਇਕ ਦਿਲ ਦੇ ਵਿਚ ਪਾਈਏ। ਫੇਰ ਪ੍ਰੇਮ ਪੁਜਾਰੀ ਤਾਈਂ, ਉਸ ਦੇ ਵਿਚ ਬਹਾਈਏ। ਧੁੰਨੀ ਸੰਖ ਦੀ ਬਾਂਗ ਦਮਾਮੇ, ਤਿੰਨੇ ਇਕ ਕਰੀਏ। ਨਾ ਫਿਰ ਖਹੀਏ ਵਾਜਿਆਂ ਉਤੋਂ, ਨਾ ਫਿਰ ਬਾਂਗੋਂ ਡਰੀਏ। ਇਸ ਜੱਗ ਤੋਂ ਇਕ ਹੋਰ ਨਿਆਰਾ, ਜਗਤ ਵਸਾਈਏ ਰਲ ਕੇ। ਅੱਜ ਦੇ ਕੰਮ ਨੂੰ ਅੱਜ ਕਰੀਏ 'ਹਿੰਦੀ', ਕਾਹਨੂੰ ਪਾਈਏ ਭਲਕੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ