Chand ਚੰਦ
ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ।
ਪਦੇ
੧.
ਆਪੇ ਮੇਲਿ ਲਈ ਜੀ ਸੁੰਦਰ ਸ਼ੋਭਾਵੰਤੀ ਨਾਰੀ
ਕਰਿ ਕ੍ਰਿਪਾ ਸਤਿਗੁਰੂ ਮਨਾਇਆ ਲਾਗੀ ਸ਼ਹੁ ਨੂੰ ਪਯਾਰੀ
ਕੂੜਾ ਕੂੜ ਗਿਆ ਸਭ ਤਨ ਤੇ, ਫੂਲ ਰਹੀ ਫੁਲਵਾਰੀ
ਅੰਤਰਿ ਸਾਚ ਨਿਵਾਸ ਕੀਆ, ਗੁਰ ਸਤਿਗੁਰ ਨਦਰਿ ਨਿਹਾਰੀ
ਸ਼ਬਦ ਗੁਰੂ ਕੇ ਕੰਚਨ ਕਾਯਾ, ਹਉਮੈ ਦੁਬਿਧਾ ਮਾਰੀ
ਗੁਣ ਕਾਮਣ ਕਰਿ ਕੰਤੁ ਰੀਝਾਯਾ, ਸੇਵਾ ਸੁਰਤਿ ਬੀਚਾਰੀ
ਦਯਾ ਧਾਰਿ ਗੁਰ ਖੋਲ੍ਹ ਦਿਖਾਈ, ਸਬਦ ਸੁਰਤਿ ਕੀ ਬਾਰੀ
ਗਯਾਨ ਰਾਉ ਨਿਤ ਭੋਗ ਕਮਾਵੈ, ਕਾਇਆ ਸੇਜ ਸਵਾਰੀ
ਭਟਕ ਮਿਟੀ ਗੁਰਸਬਦੀ ਲਾਗੇ, ਲੀਨੋ ਆਪਿ ਉਬਾਰੀ
ਦਾਸ ਚੰਦ ਗੁਰ ਗੋਬਿੰਦ ਪਾਯਾ, ਚਿੰਤਾ ਸਗਲਿ ਬਿਸਾਰੀ
੨.
ਸੱਜਣ ! ਝਾਤ ਝਰੋਖੇ ਪਾਈਂ
ਮੈਂ ਬੰਦੀ ਬਿਨ ਦਾਮ ਤੁਸਾਡੀ, ਤੂ ਸੱਜਣ ਤੂ ਸਾਈਂ
ਦਰ ਤੇਰੇ ਵਲ ਝਾਕ ਅਸਾਡੀ, ਭੋਰੀ ਦਰਸੁ ਦਿਖਾਈਂ
ਤੂ ਦਿਲ ਮਹਿਰਮ ਸਭ ਕਿਛ ਜਾਣੈਂ, ਕੈਨੂੰ ਕੂਕ ਸੁਣਾਈਂ
ਤਿਨ੍ਹਾਂ ਨਾਲਿ ਬਰਾਬਰਿ ਕੇਹੀ, ਜੋ ਤੇਰੇ ਮਨ ਭਾਈਂ
ਥੀਵਾਂ ਰੇਣੁ ਤਿਨਾ ਬਲਿਹਾਰੀ, ਨਿਵ ਨਿਵ ਲਾਗਾਂ ਪਾਈਂ
ਜਹਿੰ ਜਹਿੰ ਦੇਖਾਂ ਸਭ ਠਾਂ ਤੂੰ ਹੈਂ, ਤੂੰ ਰਵਿਆ ਸਭ ਠਾਈਂ
ਭੋਰੀ ਨਦਰਿ ਨਿਹਾਲ ਪਿਆਰੇ, ਸਿਕਦੀ ਨੂੰ ਗਲਿ ਲਾਈਂ
ਪਲ ਪਲ ਦੇਖਾਂ ਮੁਖ ਤੁਸਾਡਾ, 'ਚੰਦ' ਚਕੋਰ ਨਿਆਈਂ
ਗੋਬਿੰਦ ! ਦਯਾ ਕਰਹੁ ਜਨ ਊਪਰਿ, ਵਾਰਿ ਵਾਰਿ ਬਲ ਜਾਈਂ ।
ਛੰਦ
੧.
'ਚੰਦ' ਪਿਆਰੋ ਮਿਤੁ, ਕਹਹੁ ਕਿਉਂ ਪਾਈਐ
ਕਰਹੁ ਸੇਵਾ ਤਿੰਹ ਨਿਤ, ਨ ਚਿਤਹਿ ਭੁਲਾਈਐ
ਗੁਨਿ ਜਨ ਕਹਤ ਪੁਕਾਰ, ਭਲੋ ਯਾ ਜੀਵਨੋ
ਹੋ ਬਿਨ ਪ੍ਰੀਤਮ ਕਿਹ ਕਾਮ, ਅੰਮ੍ਰਿਤ ਕੋ ਪੀਵਨੋ ।
੨.
ਅੰਤਰਿ ਬਾਹਰਿ 'ਚੰਦ' ਏਕ ਸਾ ਹੋਈਐ
ਮੋਤੀ ਪਾਥਰ ਏਕ, ਠਉਰ ਨਹਿੰ ਪਾਈਐ
ਹੀਐ ਖੋਟੁ ਤਨ ਪਹਰ, ਲਿਬਾਸ ਦਿਖਾਈਐ
ਹੋ ਪਰਗਟੁ ਹੋਇ ਨਿਦਾਨ, ਅੰਤ ਪਛੁਤਾਈਐ ।
੩.
ਜਬ ਤੇ ਲਾਗੋ ਨੇਹੁ, 'ਚੰਦ' ਬਦਨਾਮ ਹੈ
ਆਂਸੂ ਨੈਨ ਚੁਚਾਤ, ਆਠੁ ਹੀ ਜਾਮ ਹੈ
ਜਗਤ ਮਾਂਹਿ ਜੇ ਬੁਧਿਵਾਨ ਸਭ ਕਹਤ ਹੈ
ਹੋ ਨੇਹੀ ਸਕਲੇ ਸੰਗ ਨਾਮ ਤੇ ਰਹਿਤ ਹੈ ।
੪.
ਸਭ ਗੁਨ ਜੋ ਪ੍ਰਬੀਨ, 'ਚੰਦ' ਗੁਨਵੰਤੁ ਹੈ
ਬਿਨ ਗੁਨ ਸਭ ਅਧੀਨ, ਸੁ ਮੂਰਖੁ ਜੰਤੁ ਹੈ
ਸਭਹੁ ਨਰਨ ਮੈਂ ਤਾਕੁ, ਹੋਇ ਜੋ ਯਾ ਸਮੈਂ
ਹੋ ਹੁਨਰਮੰਦ ਜੋ ਹੋਇ, ਸਮੋ ਸੁਖ ਸਿਉਂ ਰਮੈਂ ।
੫.
'ਚੰਦ' ਗਰਜ਼ ਬਿਨ ਕੋ ਸੰਸਾਰ ਨ ਦੇਖੀਐ
ਬੇਗਰਜ਼ੀ ਅਮੋਲ ਰਤਨ ਚਖ ਪੇਖੀਐ
ਰੰਕ ਰਾਉ ਜੋ ਦੀਸਤ, ਹੈ ਸੰਸਾਰ ਮੈਂ
ਹੋ ਨਾਹਿ ਗਰਜ਼ ਬਿਨ ਕੋਊ, ਕੀਓ ਬੀਚਾਰ ਮੈਂ ।
੬.
'ਚੰਦ' ਰਾਗ ਧੁਨਿ ਦੂਤੀ ਪ੍ਰੇਮੀ ਕੀ ਕਹੈਂ
ਨੇਮੀ ਧੁਨ ਸੁਨ ਥਕਤ, ਅਚੰਭੌ ਹੋਇ ਰਹੈ
ਬਜਤ ਪ੍ਰੇਮ ਧੁਨਿ ਤਾਰ, ਅਕਲ ਕਉ ਲੂਟਹੈ
ਹੋ ਸ੍ਰਵਨ ਮੱਧ ਹੋਇ ਪੈਠਤ, ਕਬਹੂ ਨ ਛੂਟ ਹੈ ।
੭.
'ਚੰਦ' ਪ੍ਰੇਮ ਕੀ ਬਾਤ, ਨ ਕਾਹੂੰ ਪੈ ਕਹੋ
ਅਤਲਸ ਖਰ ਪਹਿਰਾਇ, ਕਉਨ ਖੂਬੀ ਚਹੋਂ
ਬੁਧਿਵਾਨ ਤਿੰਹ ਜਾਨ, ਭੇਦ ਨਿਜ ਰਾਖਈ
ਹੋ ਦੇਵੈ ਸੀਸ ਉਤਾਰਿ, ਸਿਰਰੁ ਨਹਿੰ ਭਾਖਈ ।
੮.
'ਚੰਦ' ਮਾਲ ਅਰ ਮੁਲਖ, ਜਾਂਹਿ ਪ੍ਰਭੁ ਦੀਓ ਹੈ
ਅਪਨੋ ਦੀਓ ਬਹੁਤ, ਤਾਂਹਿ ਪ੍ਰਭੁ ਲੀਓ ਹੈ
ਰੋਸ ਕਰਤ ਅਗਿਆਨੀ, ਮਨ ਕਾ ਅੰਧ ਹੈ
ਹੋ ਅਮਰ ਨਾਮ ਗੋਬਿੰਦ, ਅਵਰੁ ਸਭ ਧੰਦ ਹੈ ।
੯.
ਚੰਦ ਜਗਤ ਮੋ ਕਾਮ ਸਭਨ ਕੋ ਕੀਜੀਐ
ਕੈਸੇ ਅੰਬਰ ਬੋਇ, ਖਸਨ ਸਿਉ ਲੀਜੀਐ
ਸੋਉ ਮਰਦ ਜੁ ਕਰੈ ਮਰਦ ਕੇ ਕਾਮ ਕਉ
ਹੋ ਤਨ ਮਨ ਧਨ ਸਭ ਸਉਪੇ, ਅਪਨੇ ਰਾਮ ਕਉ ।
੧੦.
'ਚੰਦ' ਪਿਆਰਨਿ ਸੰਗਿ ਪਿਆਰ ਬਢਾਈਐ
ਸਦਾ ਹੋਤ ਆਨੰਦ ਰਾਮ ਗੁਨ ਗਾਈਐ
ਐਸੋ ਸੁਖ ਦੁਨੀਆਂ ਮੈਂ, ਅਵਰ ਨ ਪੇਖੀਐ
ਹੋ ਮਿਲਿ ਪਿਆਰਨ ਕੈ ਸੰਗਿ, ਰੰਗ ਜੋ ਦੇਖੀਐ ।
੧੧.
'ਚੰਦ' ਨਸੀਹਤ ਸੁਨੀਐ, ਕਰਨੈਹਾਰ ਕੀ
ਦੀਨ ਹੋਇ ਖ਼ੁਸ਼ ਰਾਖੋ, ਖਾਤਰ ਯਾਰ ਕੀ
ਮਾਰਤ ਪਾਇ ਕੁਹਾੜਾ, ਸਖਤੀ ਜੋ ਕਰੈ
ਹੋ ਨਰਮਾਈ ਕੀ ਬਾਤ, ਸਭਨ ਤਨ ਸੰਚਰੈ ।
੧੨.
'ਚੰਦ' ਕਹਿਤ ਹੈ ਕਾਮ ਚੇਸ਼ਟਾ ਅਤਿ ਬੁਰੀ
ਸ਼ਹਤ ਦਿਖਾਈ ਦੇਤ, ਹਲਾਹਲ ਕੀ ਛੁਰੀ
ਜਿੰਹ ਨਰ ਅੰਤਰਿ ਕਾਮ ਚੇਸ਼ਟਾ ਅਤਿ ਘਨੀ
ਹੋ ਹੁਇ ਹੈ ਅੰਤ ਖੁਆਰੁ, ਬਡੋ ਜੋ ਹੋਇ ਧਨੀ ।
੧੩.
'ਚੰਦ' ਪਿਆਰੇ ਮਿਲਤ ਹੋਤ ਆਨੰਦ ਜੀ
ਸਭ ਕਾਹੂੰ ਕੋ ਮੀਠੋ, ਸ਼ਰਬਤ ਕੰਦ ਜੀ
ਸਦਾ ਪਿਆਰੇ ਸੰਗਿ, ਵਿਛੋੜਾ ਨਾਹਿ ਜਿਸ
ਹੋ ਮਿਲੇ ਮੀਤ ਸਿਉਂ ਮੀਤ, ਏਹ ਸੁਖ ਕਹੇ ਕਿਸ ।
੧੪.
'ਚੰਦ' ਕਹਤ ਹੈ ਠਉਰ, ਨਹੀਂ ਹੈ ਚਿਤ ਜਿੰਹ
ਨਿਸ ਦਿਨ ਆਠਹੁ ਜਾਮ, ਭ੍ਰਮਤ ਹੈ ਚਿਤ ਜਿੰਹ
ਜੋ ਕਛੁ ਸਾਹਿਬ ਭਾਵੈ, ਸੋਈ ਕਰਤ ਹੈ
ਹੋ ਲਾਖ ਕਰੋੜੀ ਜਤਨ, ਕੀਏ ਨਹੀਂ ਟਰਤ ਹੈ ।