Buddhi Nahin Dharti : Devinder Satyarthi

ਬੁੱਢੀ ਨਹੀਂ ਧਰਤੀ : ਦੇਵਿੰਦਰ ਸਤਿਆਰਥੀ

1. ਬੁੱਢੀ ਨਹੀਂ ਧਰਤੀ

ਬੁੱਢੀ ਨਹੀਂ ਧਰਤੀ
ਕਣਕ ਦੀਏ ਬੱਲੀਏ !
ਕਪਾਹ ਦੀਏ ਫੁੱਟੀਏ !
ਬੁੱਢੀ ਨਹੀਂ ਧਰਤੀ ।

ਉਠ ਕੇ ਖਲੋ ਗਈ
ਪਾ ਕੇ ਨਵੇਂ ਵਸਤਰ
ਇਹ ਅਸਾਡੀ ਧਰਤੀ,
ਸੱਜਰ-ਸੂ ਗਾਂ ਕੋਈ
ਸਵਾਦ ਅੱਜ ਲੈ ਰਹੀ
ਚਾਹੁੰਦੀ ਨਚੋੜ ਦੇਣਾ
ਦੁੱਧ ਸਾਰਾ ਆਪਣਾ
ਵੱਛੇ ਦੇ ਮੂੰਹ ਵਿੱਚ,
ਨਿੱਕੇ ਜਿਹੇ ਮੂੰਹ ਵਿੱਚ;
ਇਸ ਤਰ੍ਹਾਂ ਹੈ ਜਾਪਦੀ
ਕਿ ਆਂਦਰਾਂ ਨੇ ਤਣ ਗਈਆਂ
ਤਰਬਾਂ ਸਿਤਾਰ ਦੀਆਂ
ਨਵੀਂ ਕੋਈ ਰਾਗਨੀ

ਬੁੱਢੀ ਨਹੀਂ ਧਰਤੀ
ਕਣਕ ਦੀਏ ਬੱਲੀਏ !
ਕਪਾਹ ਦੀਏ ਫੁੱਟੀਏ !
ਬੁੱਢੀ ਨਹੀਂ ਧਰਤੀ ।

ਕੁੜੀ ਹੈ ਤ੍ਰਿੰਜਨ ਦੀ
ਡਾਹ ਕੇ ਨਵਾਂ ਚਰਖਾ
ਕੱਤਦੀ ਹੈ ਪਈ ਸੂਤ
ਕੱਤਦੀ ਭਵਿਖ ਨਵਾਂ
ਅੱਜ ਦੀਆਂ ਪੂਣੀਆਂ 'ਚੋਂ ।

ਭੂਤ ਨਹੀਂ ਪੁਰਾਣਾ ਬਹੁਤ
ਕੱਲ੍ਹ ਦੀ ਹੈ ਗੱਲ ਇਹ
ਜਦੋਂ ਸੀ ਕਪਾਹ ਉੱਗੀ
ਪਹਿਲੀ ਵੇਰ ਖੇਤਾਂ ਵਿਚ
ਸੋਚ ਕੇ ਬਣਾਇਆ ਸੀ
ਕਾਰੀਗਰ ਕਿਸੇ ਨੇ
ਪਿੰਡ ਵਿਚ ਚਰਖਾ

ਕੁੜੀ ਹੈ ਤ੍ਰਿੰਜਨ ਦੀ
ਬੁੱਢੀ ਨਹੀਂ ਧਰਤੀ
ਕਣਕ ਦੀਏ ਬੱਲੀਏ !
ਕਪਾਹ ਦੀਏ ਫੁੱਟੀਏ !
ਬੁੱਢੀ ਨਹੀਂ ਧਰਤੀ ।

ਬੁੱਢੀ ਨਹੀਂ ਧਰਤੀ
ਨਵੀਂ ਕੋਈ ਨਰਤਕੀ
ਨਵੇਂ ਕਿਸੇ ਗਿੱਧੇ ਦੀ
ਮੇਲੇ ਵਿਚ ਆਈ ਹੈ
ਆਈ ਸੀ ਉਹਦੀ ਮਾਂ
ਜਿਵੇਂ ਕਦੀ ਮੇਲੇ ਵਿਚ
ਮੇਲਾ ਮੁੜ ਭਰਦਾ
ਨਿਖੜ ਨਿਖੜ ਜੁੜਦਾ

ਟਿੰਡਾਂ ਕਿਸੇ ਖੂਹ ਦੀਆਂ
ਆਂਦੀਆਂ ਨੇ ਸਦੀਆਂ
ਜਾਂਦੀਆਂ ਨੇ ਸਦੀਆਂ
ਮੇਲੇ ਦੀਆਂ ਕੁੜੀਆਂ
ਮੁੜ ਮੁੜ ਜੁੜੀਆਂ

ਨਵੀਂ ਕੋਈ ਨਰਤਕੀ
ਬੁੱਢੀ ਨਹੀਂ ਧਰਤੀ
ਕਣਕ ਦੀਏ ਬੱਲੀਏ !
ਕਪਾਹ ਦੀਏ ਫੁੱਟੀਏ !
ਬੁੱਢੀ ਨਹੀਂ ਧਰਤੀ ।

ਬੁੱਢੀ ਨਹੀਂ ਧਰਤੀ
ਸੱਜਰਾ ਹਮੇਸ਼ ਦੁੱਧ
ਜਦੋਂ ਕਦੀ ਕੁੱਖ ਕੋਈ
ਹੋਂਵਦੀ ਹੈ ਫੇਰ ਹਰੀ
ਚੜ੍ਹਦੀ ਜਵਾਨੀ ਏ
ਮੁੜ ਉਹਦੇ ਥਣਾਂ ਤੇ
ਮੁੜ ਉਹਦੇ ਬੁੱਤ ਤੇ
ਨਵਾਂ ਰੰਗ ਜਿਵੇਂ ਕੋਈ
ਮੁੜ ਮੁੜ ਨਿਖਰਦਾ
ਨਵਾਂ ਹੈ ਸਵਾਦ ਕੋਈ
ਕਣਕ ਹੈ ਹਮੇਸ਼ ਨਵੀਂ
ਸੱਜਰਾ ਹਮੇਸ਼ ਦੁੱਧ

ਬੁੱਢੀ ਨਹੀਂ ਧਰਤੀ
ਕਣਕ ਦੀਏ ਬੱਲੀਏ !
ਕਪਾਹ ਦੀਏ ਫੁੱਟੀਏ !
ਬੁੱਢੀ ਨਹੀਂ ਧਰਤੀ ।

2. ਪਾਰੁਲ

ਪਾਰੁਲ ਮੇਰੀ ਬੱਚੀ-
ਨਵੇਂ ਤੁਰੇ ਬੇਰਾਂ ਦੀ ਹਾਣ,
ਦੁੱਧ ਦੀ ਦੰਦੀ ਕੱਚੀ ।
ਬਿਸਕੁਟ ਵਾਂਗੂੰ ਭੁਰ-ਭੁਰ ਪੈਂਦੀ
ਪਾਰੁਲ ਦੀ ਮੁਸਕਾਨ,
ਉਸ ਦੀਆਂ ਅੱਖੀਆਂ ਅੰਦਰ ਝਾਕੇ
ਪਿਛਲੀ ਕੋਈ ਪਛਾਣ,
ਮੁੜ-ਮੁੜ ਕਹਿਣਾ ਚਾਹੇ ਪਾਰੁਲ
ਚੁਪ ਅੱਖੀਆਂ 'ਚੋਂ
ਚੁਪ ਬੁਲ੍ਹੀਆਂ 'ਚੋਂ :

ਮੈਂ ਕੋਈ ਮਹਿਮਾਨ ਨਹੀਂ ਹਾਂ
ਆਈ ਇਥੇ ਰਹਿਣ ਲਈ ਹਾਂ
ਮੇਰੇ ਗੁੱਡੀਆਂ ਵਰਗੇ ਨੈਣ
ਮੈਂ ਗੁੱਡੀਆਂ ਦੀ ਨਿੱਕੀ ਭੈਣ !

ਦੁੱਧ ਚੁੰਘਦੀ ਪਾਰੁਲ ਨੂੰ ਮੈਂ
ਵੇਖ ਵੇਖ ਹੋਵਾਂ ਹੈਰਾਨ :

ਇਸ ਵਿਚ ਮੈਂ ਹਾਂ-ਕਲਕਾਰ ?
ਉਸਦੀ ਮਾਂ ਹੈ ?
ਜਾਂ ਮੇਰੇ ਵਿਚਲਾ ਸ਼ੈਤਾਨ ?

ਪਾਰੁਲ ਮੇਰੀ ਬੱਚੀ-
ਅੱਖੀਆਂ ਖੋਲ੍ਹੇ
ਕੰਨ ਪਈ ਚੁੱਕੇ
ਗਲੀ ਵਿਚਲੀਆਂ ਕੁੜੀਆਂ
ਗੁਥਮ ਗੁੱਥਾ ਹੋਈਆਂ
ਮੁੰਡੇ ਆਖਣ-'ਚੋਰ ! ਚੋਰ !'
ਕਮਰੇ ਦੇ ਵਿਚ ਰੇਡੀਓ
ਪਾਵੇ ਅਪਣਾ ਹੋਰ ਸ਼ੋਰ
ਇਸ ਕਾਂਵਾਂ ਰੌਲੀ ਵਿਚ ਮੁੜ ਮੁੜ
ਕਹਿਣਾ ਚਾਹੇ ਪਾਰੁਲ :

ਲਾ ਲਓ ਜ਼ੋਰ
ਬਜਾ ਲਓ ਢੋਲ
ਮੈਂ ਨਹੀਂ ਡਰਦੀ
ਮੈਂ ਨਹੀਂ ਮੁੜਦੀ
ਮੈਂ ਰਹਾਂਗੀ ਮਾਪਿਆਂ ਕੋਲ
ਨਵੀਂ ਨਸਲ ਦੀ ਮੈਂ ਸਨਤਾਨ ।
ਮੈਂ ਮਾਖਿਓਂ ਦੀ ਛੱਲੀ
ਮੈਂ ਆਪਣੀ ਥਾਂ ਮੱਲੀ
ਮੇਰੇ ਤੇ ਕਿਸਦਾ ਅਹਿਸਾਨ ?

ਪਾਰੁਲ ਮੇਰੀ ਬੱਚੀ-
ਉਸਦੇ ਲਈ ਸੱਭਿਤਾ ਸਾਡੀ
ਸਦੀਆਂ ਦੀ ਭਾਰੀ ਚੱਟਾਨ
ਪਰ ਪਾਰੁਲ ਦੀ ਜਾਦੂ-ਛੋਹ
ਤੇ ਕੱਚੇ ਦੁੱਧ ਦਾ ਵਰਦਾਨ
ਪਿੰਮਣੀ ਨਾਲ ਹਿਲਾਵੇ ਪਾਰੁਲ
ਪੱਥਰ-ਚਿੱਤ ਸ਼ਬਦਾਂ ਦੇ ਪ੍ਰਾਣ,
ਬੁਤ ਤਰਾਸ਼ ਜਿਉਂ ਛੈਣੀ ਨਾਲ
ਰੂਪ ਸੁਹੱਪਣ ਲੈਂਦਾ ਭਾਲ ।

ਅੱਜ ਦੇ ਨਿਆਣੇ
ਕਲ੍ਹ ਦੇ ਸਿਆਣੇ
ਤੁਰਦੇ ਰਹਿਵਣ ਦਿਨ ਮਹੀਨੇ
ਤੁਰਦੇ ਰਹਿਵਣ ਸਾਲ;
ਰਖ ਕੇ ਕਲਮ ਮੇਜ਼ ਤੇ ਅਕਸਰ
ਮੈਂ ਆਖਾਂ ਪਾਰੁਲ ਦੇ ਕੰਨ ਵਿਚ :

ਤੇਰੀਆਂ ਨਿੱਕੀਆਂ ਉਂਗਲਾਂ ਦੀ ਸੌਂਹ
ਤੇਰੀਆਂ ਨਿੱਕੀਆਂ ਬੁੱਲ੍ਹੀਆਂ ਦੀ ਸੌਂਹ
ਰੱਜ ਕੇ ਚੁੰਘ ਲੈ ਮਾਂ ਦਾ ਦੁੱਧ
ਮੋੜ ਨਹੀਂ ਤੈਨੂੰ ਕੋਈ ਸਕਦਾ
ਹੋੜ ਨਹੀਂ ਤੈਨੂੰ ਕੋਈ ਸਕਦਾ
ਤੇਰਾ ਮੇਰਾ ਇੱਕੋ ਖ਼ੂਨ
ਤੇਰਾ ਮੇਰਾ ਇੱਕੋ ਮਾਸ ।

ਪਾਰੁਲ ਮੇਰੀ ਬੱਚੀ-
ਪਾਰੁਲ ਦਾ ਕੀ ਅਰਥ, ਪਿਤਾ ਜੀ ?
ਪੁੱਛੇ ਉਸ ਦੀ ਵੱਡੀ ਭੈਣ;
ਜਿਵੇਂ ਸਵਾਣੀ ਚਰਖਾ ਕੱਤਦੀ
ਹੱਥ ਵਿਚ ਪੋਲੀ ਪੂਣੀ ਫੜਦੀ
ਮੈਂ ਵੀ ਕੱਢਾਂ ਹੌਲੇ ਹੌਲੇ
ਲੋਕ-ਕਥਾ ਦਾ ਤੰਦ ਪੁਰਾਣਾ;
ਸੁਣ, ਕਵਿਤਾ ਮੈਂ ਗੱਲ ਸੁਣਾਵਾਂ
ਅਲਕਾ ਕੁੜੀਏ, ਤੂੰ ਵੀ ਸੁਣ,
ਲੋਕ-ਕਥਾ ਦੀ ਇਹ ਰੁਣ ਝੁਣ :

ਇਕ ਕੁੜੀ ਸੀ ਪਾਰੁਲ
ਪੂਰੇ ਸੱਤ ਵੀਰਾਂ ਦੀ ਭੈਣ,
ਜਿਸ ਦੀ ਮਾਂ ਪਰਲੋਕ ਸਿਧਾਰੀ;
ਲੰਘਦੇ ਲੰਘਦੇ ਲੰਘ ਗਏ ਸਾਲ
ਘਰ ਆਈ ਮਤਰੇਈ ਫੇਰ,
ਪਾਰੁਲ ਤੱਕੇ ਹੰਝੂ ਕੇਰ;
ਮਤਰੇਈ ਨੇ ਪਾਰੁਲ ਤਾਈਂ
ਤੇ ਪਾਰੁਲ ਦੇ ਵੀਰਾਂ ਤਾਈਂ,
ਇਕ ਡੂੰਘੇ ਟੋਏ ਵਿੱਚ ਦੱਬਿਆ ।

ਸੁਣ, ਕਵਿਤਾ, ਮੈਂ ਗੱਲ ਸੁਣਾਵਾਂ,
ਲੋਕ-ਕਥਾ ਦਾ ਤੰਦ ਵਧਾਵਾਂ;
ਐਪਰ ਮਰੀ ਨਹੀਂ ਸੀ ਪਾਰੁਲ,
ਧਰਤੀ ਦੀ ਉਸ ਸੁੰਨੀਂ ਨੁੱਕਰੇ
ਬਣ ਕੇ ਫੁੱਲ ਸੁਗੰਧੀ ਕੋਈ
ਹੱਸ ਪਈ ਸੀ ਪਾਰੁਲ,
ਹੱਸ ਪਏ ਪਾਰੁਲ ਦੇ ਵੀਰ
ਖਿੜ ਪਏ ਪਾਰੁਲ ਦੇ ਵੀਰ
ਸੱਤ ਸੁਗੰਧਤ ਚੰਪਾ ਫੁੱਲ ।

ਰਖ ਕੇ ਕਲਮ ਮੇਜ਼ ਤੇ ਅਕਸਰ
ਮੈਂ ਆਖਾਂ ਪਾਰੁਲ ਦੇ ਕੰਨ ਵਿਚ :
ਪਾਰੁਲ ਸਾਡੀ ਓਹੀਓ ਫੁੱਲ
ਰਕਤ-ਬੂੰਦ 'ਚੋਂ ਖਿੜਿਆ ਫੁੱਲ ।

ਪਾਰੁਲ ਮੇਰੀ ਬੱਚੀ-
ਮੇਰਾ ਮੁਸਤਕਬਿਲ ਰੰਗੀਨ;
ਪਾਰੁਲ ਬਿਟ ਬਿਟ ਤੱਕਦੀ ।
ਜਦ ਮੈਂ ਟੁਰ ਜਾਵਾਂਗਾ ਏਥੋਂ
ਜਦ ਬੁਝ ਜਾਵੇਗਾ ਇਹ ਦੀਵਾ
ਜਦ ਮਿੱਟੀ ਵਿਚ ਮਿੱਟੀ ਰਲਸੀ,-
ਉਸ ਵੇਲੇ ਵੀ,
ਕਦੀ ਕਦੀ ਮੈਂ ਸੋਚਾਂ-

ਮੈਂ ਵੀ ਖਿੜ ਰਿਹਾ ਹੋਵਾਂਗਾ
ਮੈਂ ਵੀ ਫੁੱਲ ਰਿਹਾ ਹੋਵਾਂਗਾ
ਬੰਗਲਾ ਲੋਕ-ਕਥਾ ਵਿੱਚ ਜੀਕੁਣ
ਮੁੜ-ਮੁੜ ਖਿੜਦੀ ਪਾਰੁਲ ।

ਤੇਰੀ ਨਿੱਕੀ ਉਂਗਲੀ ਫੜ ਕੇ
ਤੇਰੀ ਕੱਚੀ ਦੰਦੀ ਛੂਹ ਕੇ
ਮੈਂ ਤੁਰਾਂਗਾ ਹੋਰ ਅਗਾਂਹ,
ਜਿੱਥੇ ਮੈਨੂੰ ਕੋਈ ਉਡੀਕੇ;
ਤੇਰੇ ਵਿਚ ਮੈਂ ਜੀ ਪਵਾਂਗਾ
ਤੇਰੇ ਵਿਚ ਮੈਂ ਖਿੜ ਪਵਾਂਗਾ ।

ਪਾਰੁਲ ਮੇਰੀ ਬੱਚੀ-
ਨਵੇਂ ਤੁਰੇ ਬੇਰਾਂ ਦੀ ਹਾਣ,
ਦੁੱਧ ਦੀ ਦੰਦੀ ਕੱਚੀ ।

(ਇਸ ਰਚਨਾ 'ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ