Boohe : Professor Mohan Singh

ਬੂਹੇ : ਪ੍ਰੋਫੈਸਰ ਮੋਹਨ ਸਿੰਘ

1. ਬੂਹਾ

ਮੈਂ ਹਾਂ ਇਕ ਬੂਹੇ ਦੇ ਵਾਂਗ,
ਰਾਤ ਦਿਨ ਖੁੱਲ੍ਹਾ ਚੁਪੱਟ ਰਹਿੰਦਾ ਹੈ ਜੋ ।
ਚਿਲਕਣੀ ਧੁੱਪ ਤੋਂ ਕਦੀ ਪੁੱਛਦਾ ਤੇਰੇ ਆਉਣ ਦੀ ਸੋਅ,
ਵਿਚ ਹਨੇਰੇ ਯਾਦ ਤੇਰੀ ਦਾ ਦੀਵਾ ਟਿਮਟਿਮਾਉਂਦਾ,
ਤਾਰਿਆਂ ਦੇ ਰਾਹ ਵਿਚ ਲੱਭਦਾ ਗਵਾਚੇ ਪੈਰ-ਚਿੰਨ੍ਹ,
ਨਿੱਤ ਖੁਲ੍ਹਾ, ਜੀਉਂਦਾ ਤੇ ਜਾਗਦਾ ।

ਓਢ ਭੋਛਣ ਮੂੰਹ-ਹਨੇਰ ਦਾ ਉਹ ਤੇਰਾ ਆਵਣਾ ।
ਧੁੱਪ-ਕੇਸਰ ਵਿਚ ਡੁਬੋ ਅਡੀਆਂ ਤੇਰਾ ਮੁੜ ਜਾਵਣਾ ।

ਲੱਖ ਝੱਖੜ ਤੇ ਤੂਫ਼ਾਨ
ਸਿਰ ਦੇ ਉੱਤੇ ਕੜਕੜਾਣ
ਏਸ ਅਭਿਮਾਨੀ ਜਵਾਨੀ
ਨੇ ਨਾ ਬੂਹਾ ਢੋਇਆ ...

ਛੱਟ ਕਰੇਂਦੇ ਬਾਜ਼ ਕਈ
ਜਿੰਦ ਦੀ ਟਹਿਣੀ ਤੇ ਬਹਿ ਕੇ ਉੱਡ ਗਏ ।
ਅੱਖਾਂ ਵਿਚੋਂ ਅੱਗ ਉਗਲਦੇ ਖ਼ੂਨੀ ਚਿਤਰੇ
ਲੰਘ ਅੰਦਰ ਰਾਤ ਕੱਟ ਕੇ ਉਠ ਗਏ ।
ਕਈ ਵਿਹੁ-ਰਾਜੇ ਮੇਰੇ ਮਨ ਦੀ ਮਣੀ ਸੰਗ
ਖੇਡ ਖੇਡਾਂ ਕੁੰਜ ਲਾਹ ਕੇ ਸੁਟ ਗਏ ।
ਕਈ ਜਨੂੰ, ਵਹਿਸ਼ੀ ਖ਼ਿਆਲ
ਦਿਲ ਦੇ ਵਿਹੜੇ ਵਿਚ ਖੌਰੂ ਪਾ ਕੇ
ਧੂੜਾਂ ਪੁੱਟ ਗਏ ...

ਹੁਣ ਜਦੋਂ ਆਇਆ ਜ਼ਰਾ
ਜਰ ਜਰੇ ਭਿੱਤ ਹੋ ਗਏ ਇਸ ਮਹਿਲ ਦੇ,
ਕਾਇਆ ਕੱਪੜ ਲਗ ਪਿਆ ਹੈ ਝੇਰ ਖਾਣ,
ਜਿੰਦ ਦਾ ਖਿੱਦੋ ਸਮੇਂ ਦੇ ਰੱਥ ਨੇ
ਕਰ ਦਿੱਤਾ ਹੈ ਸ਼ੁਰੂ ਹਦਰੇੜਨਾ,
ਹਾਲੇ ਵੀ ਮੂਰਖ ਤੇ ਅਭਿਮਾਨੀ ਇਸ਼ਕ
ਅੱਖ ਨਾ ਝਮਕੇ ਨਿਮਖ,
ਖੋਹਲ ਕੇ ਰਖਦਾ ਹੈ ਭਿੱਤ ...

ਕੀ ਪਤਾ ਕਦ ਚੜ੍ਹ ਪਏ ਉਹ ਚੰਦੜਾ ।
ਕੀ ਪਤਾ ਕਦ ਆ ਵੜੇ ਲਟਕੰਦੜਾ ।

2. ਅਣਖੀ

ਕਈਆਂ ਉਤੇ
ਢੋਅ ਦਿਤਾ ਜਾਂਦਾ ਏ ਬੂਹਾ
ਕੇਰ ਕੇ ਇਕ ਜਾਂ ਅੱਧੀ ਅੱਥਰ
ਜਾਂ ਦਿਲ ਉਤੇ ਰੱਖ ਕੇ ਪੱਥਰ
ਜੇ ਮਜ਼ਬੂਰੀ ਅੱਤ ਦੀ ਹੋਵੇ
ਤਾਂ ਹੋਠਾਂ ਦੇ ਭਿੱਤ ਭੰਨ ਕੇ
ਕਿਰ ਜਾਂਦੇ ਕੁਝ ਬਿਸਮਲ ਅੱਖਰ
ਪੂਰੇ ਜਿਉਂਦੇ ਅੱਖਰਾਂ ਨਾਲੋਂ
ਜਿਹੜੇ ਤਗੜੇ ਤੇ ਸ਼ਕਤੀਵਰ
ਜਿਨ੍ਹਾਂ ਨੂੰ ਕੋਈ ਆਸ਼ਕ ਹੀ
ਜਰ ਸਕਦਾ ਏ
ਤੁਪਕੇ ਦੇ ਮਾਰੂ ਸਾਗਰ ਨੂੰ
ਤਰ ਸਕਦਾ ਏ ।

ਪਰ ਇਕ ਉਹ ਵੀ
ਜਿਸ ਦੇ ਉੱਤੇ ਬੂਹਾ ਕਦੀ ਨਾ ਢੁਪਿਆ ਹੋਵੇ
ਨਾ ਚੰਨ ਬਦਲੀਂ ਛੁਪਿਆ ਹੋਵੇ

ਥੁਹੜ ਜੀਸਤਾਂ ਦੀ ਨਾ ਕੋਈ
ਨਾ ਮੂੰਹ-ਰੱਖਣੀਆਂ ਦੀ ਤੋਟ-
ਹੁਸਨ ਦੀ ਆਭਾ ਕੋਟੀ ਕੋਟ
ਹੋਠੀਂ ਸ਼ਹਿਦ ਦਾ ਪਤਲਾ ਮਹਿਕਾਂ ਭਰਿਆ ਲੇਅ
ਸ਼ਾਸਤਰਾਂ ਦੇ ਵਿਚ ਸਲਾਹਿਆ
ਮੂੰਹ ਦਾ ਸਵਰਣਿਮ ਸੇਅ
ਨੈਣਾਂ ਦਸੇ ਵਿਚ ਅਮੀ ਹਲਾਹਲ ਮਦ ਦਾ ਮੇਲ
ਬਾਸ਼ਕ ਨਾਗ ਕਰੇਂਦੇ ਕੇਲ
ਨਸ਼ਿਆਂ ਉੱਤੇ ਭਾਵੇਂ ਬੰਦੀ
ਪਰ ਚੋਰੀ ਘੁਟ ਭਰਨ ਦੀ ਖੁਲ੍ਹ
ਆਸ਼ਿਕ ਜਿੱਦੀ ਤੇ ਅਣਖੀਲਾ
ਚਾਹੇ ਕੋਈ ਨਾ ਹੀਲਾ
ਨਾ ਹੀ ਕੋਈ ਵਸੀਲਾ
ਡਾਢੀ ਤਿੱਖੀ ਉਸ ਦੀ ਨੀਝ
ਸ਼ਹਿਦ ਵਿਚ ਵੀ ਵਿਹੁ ਦੀ ਹਲਕੀ
ਲੈਂਦਾ ਦੇਖ ਲਕੀਰ
ਅਤੇ ਛਣਕਦੇ ਹਾਸਿਆਂ ਦੇ ਵਿਚ
ਦਾਰੂ-ਭਿੱਜੇ ਤੀਰ
ਦੁਨੀਆਂ ਤੋਂ ਅਡਰਾ ਤੇ ਬਾਹਰਾ
ਭੰਨ ਫ਼ਿਤਰਾਕ ਦੀਆਂ ਧਜੀਆਂ ਨੂੰ
ਹੱਥੀਂ ਬੂਹਾ ਢੋਅ ਲੰਘ ਜਾਂਦਾ
ਚਿੱਟੇ ਚਾਨਣ ਦੇ ਸਾਗਰ ਵਿਚ
ਗੋਤੇ ਖਾਂਦਾ
ਨਾਲੇ ਗਾਂਦਾ ...

ਹੋਰ ਸ਼ਿਕਾਰਾਂ ਨਾਲ ਅਸਾਂ ਨਹੀਂ ਬੱਝਣਾ
ਜਾਂ 'ਕੱਲਿਆਂ ਨੂੰ ਬੰਨ੍ਹ ਜਾਂ ਖੋਲ੍ਹ ਦੇ ਸੱਜਣਾ
ਅਸਾਂ ਹਿੱਸੇ ਪਰਤੀ ਲਈ ਕਦੀ ਨਾ ਭਿੱਛਿਆ
ਅਸਾਂ ਸਿਖਿਆ ਕਦੀ ਨਾ ਵਾਰੀ ਦੇ ਵਿਚ ਬੱਝਣਾ
ਅਸੀਂ ਜਾਣੀਏਂ ਭੁੱਖੇ ਮਰਨਾ ਜਾਂ ਫਿਰ ਰੱਜਣਾ
ਅਸਾਂ ਪੈਣਾਂ ਕੱਲਿਆਂ ਬੰਦੀ ਜਾਂ ਫਿਰ ਭੱਜਣਾ
ਅਸਾਂ ਵਿਚ ਵਿਚੋਲਾ ਰਸਤਾ ਸਰਪਰ ਤੱਜਣਾ ।

3. ਜਜ਼ਬਿਆਂ ਦੀ ਭੱਠੀ

ਜੀਵਨ ਦੇ ਜੰਗਲਾਂ ਦੇ
ਪੈਂਡੇ ਅਗਮ ਅਗੋਚਰ
ਜ਼ਿੰਦਗੀ ਦੇ ਸਾਗਰਾਂ ਦੇ
ਪਾਣੀ ਦੀ ਹਾਥ ਔਖੀ,
ਦੀਵੇ ਦੇ ਵਾਂਗ ਲਟ ਲਟ
ਚਿਤਰੇ ਦੇ ਨੈਣ ਭੱਖੇ
ਵਲਿਅੱਸ ਸ਼ੇਸ਼ਨਾਗਾਂ
ਧਰਤੀ ਦੇ ਲੱਕ ਦੁਆਲੇ,
ਕਾਮੀ ਦੇ ਵਾਂਗ ਕੱਸੇ
ਕੁਝ ਚੇਤਨਾ ਦੇ ਬੰਧਨ
ਕੁਝ ਸੁਪਨਆਿਂ ਦੇ ਰੱਸੇ ।

ਕੰਡਿਆਂ ਦੇ ਉੱਤੋਂ ਤੁਰਨਾ
ਅੰਗਿਆਰਾਂ ਉੱਤੋਂ ਤੁਰਨਾ
ਅੰਗਿਆਰਾਂ ਉੱਤੇ ਬਹਿਣਾ
ਵਸ ਜਜ਼ਬਿਆਂ ਦੇ ਪੈਣਾ-
ਮੋਤੀ ਦੀ ਭਾਲ ਪਿੱਛੇ
ਵਿਚ ਸਾਗਰਾਂ ਦੇ ਲਹਿਣਾ

ਸਿੱਪੀਆਂ ਦੇ ਮਹਿਲ ਵੜ ਕੇ
ਰੰਗਾਂ ਦੇ ਸ਼ਹੁ ਨੂੰ ਵਰਨਾ,
ਮੂੰਗੇ ਦੇ ਬਿਰਛ ਉਤੇ
ਚੜ੍ਹਨਾ ਕਦੀ ਉਤਰਨਾ,
ਰੁਸ਼ਨਾਣਾਂ ਜੰਗਲਾਂ ਨੂੰ
ਬਣ ਕੇ ਕਦੀ ਟਟਹਿਣਾ
ਵੱਢ ਫ਼ਰਜ਼ੀ ਦੇਵ ਦਾ ਸਿਰ
ਰਸਤੇ ਨੂੰ ਸਾਫ਼ ਕਰਨਾ;
ਸੁੱਟ ਲੱਜ ਕਲਪਨਾ ਦੀ
ਪਰੀਆਂ ਦੇ ਖੂਹ ਉਤਰਨਾ,
ਵਾ ਤੰਗੜੀ 'ਚ ਬੰਨ੍ਹਣੀ
ਤੇ ਪਾਣੀ ਛਾਨਣੀ ਵਿਚ,
ਅਮਿਉ ਵਿਹੁ 'ਚੋਂ ਲੱਭਣਾ
ਅੰਧਕਾਰ ਚਾਨਣੀ ਵਿਚ,
ਅੰਤਾਮਣੀ ਦੀ ਖ਼ਾਤਰ
ਨਾਗਾਂ ਨਿਵਾਸ ਰਹਿਣਾ,
ਬੁੱਧੀ ਤੇ ਲਗ ਜਾਂਦਾ
ਜਦ ਜਜ਼ਬਿਆਂ ਦਾ ਕਹਿਣਾ ।

ਮੁੰਦਰੀ ਦੇ ਵਿਚ ਜੜਿਆ
ਹੀ ਨੱਗ ਸੋਭਦਾ ਹੈ,
ਵਿਚ ਪਰਬਤੀ ਕਲਾਵੇ
ਹੀ ਝੀਲ ਝਿਲਮਲਾਵੇ,
ਹਾ ! ਜਜ਼ਬਿਆਂ ਦੀ ਭੱਠੀ
ਗਲਣਾ ਤੇ ਗਲ ਕੇ ਢਲਣਾ
ਸਭ ਚਿਹਨ ਚੱਕ੍ਰ ਖੋਹਣਾ

ਬੇਰੰਗ ਰੂਪ ਹੋਣਾ,
ਕੰਢਿਆਂ ਦੀ ਕੈਦ ਛੱਡ ਕੇ
ਵਿਚ ਰੇਤੜਾਂ ਦੇ ਵਹਿਣਾ
ਅਣਮੁੱਕ ਵਿਸ਼ਾਲਤਾ ਵਿਚ
ਸਿੰਜਰ ਕੇ ਖਤਮ ਹੋਣਾ,
ਰਹਿਣਾਂ ਮਗਰ ਨਾ ਰਹਿਣਾਂ
ਵਸ ਜਜ਼ਬਿਆਂ ਦੇ ਪੈਣਾ ।
ਮਰ ਕੇ ਇਹ ਭੇਦ ਜਾਤੇ
ਬੁੱਧੀ ਦੀ ਉਂਗਲੀ ਨੂੰ
ਛਡ ਬਾਲ ਜਜ਼ਬਿਆਂ ਦਾ
ਮੇਲੇ ਦੇ ਵਿਚ ਗਵਾਚੇ ।

4. ਅੰਨ੍ਹਾ ਪੱਥਰ

ਤੇਰੀਆਂ ਅੱਖਾਂ ਦੇ ਤੀਰਥ
ਆਉਂਦੇ ਕਈ ਯਾਤਰੂ
ਮਲਕੜੇ ਪਲਕਾਂ ਦੇ ਬੂਹੇ
ਖੋਲ੍ਹ ਕੇ ਕੋਈ ਲੰਘਦਾ
ਨਾਲ ਆਦਰ ਦੇਖਦਾ
ਰੰਗਾਂ ਦੀ ਲੀਲਾ ਹੋ ਰਹੀ
ਘੁੱਟ ਪੀ ਕੇ ਨਸ਼ੇ ਦਾ ਮੁੜ ਜਾਂਵਦਾ
ਰਿੰਦ ਕੋਈ ਨਾਲ ਇਕੋ ਛਿੱਟ ਦੇ
ਉੱਚੀ ਉੱਚੀ ਬੋਲਦਾ
ਲੜਖੜਾਂਦਾ ਡੋਲਦਾ
ਭੇਦ ਸਾਰੇ ਖੋਲ੍ਹਦਾ ।

ਪਤਲੇ ਤੇਰੇ ਹੋਠਾਂ ਉਤੇ
ਮੋਨਾ ਲੀਜ਼ਾ ਵਰਗੀ ਕੋਈ ਮੁਸਕਣੀ
ਪਿਆਰ ਦੀ, ਅਣਗਹਿਲੀ ਦੀ ਜਾਂ ਦੁਸ਼ਮਣੀ
ਦੇਖ ਕੇ ਇਸ ਨੂੰ ਕੋਈ ਹੈ ਘੋਖਦਾ
ਚੱਖ ਕੇ ਇਸ ਨੂੰ ਕੋਈ ਹੈ ਪਰਖਦਾ ।

ਤੇਰਿਆਂ ਹੱਥਾਂ ਦੀ ਛੁਹ
ਸੋਹਲ ਲੰਮੀਆਂ ਉਂਗਲਾਂ
ਤਕ ਕਈ ਮੁੜ ਜਾਂਵਦੇ
ਛੁਹ ਕਈ ਬੀਮਾਰ ਰਾਜ਼ੀ ਹੋਂਵਦੇ
ਘੁਟ ਭਰ ਲੈਂਦੇ ਕਈ
ਲਭ ਲੈਂਦੇ ਨੇ ਬਹਾਨਾ ਜੀਣ ਲਈ ।

ਤੇਰੀ ਅਦਭੁਤ ਮੁਸਕਣੀ
ਤੇਰਿਆਂ ਨੈਣਾਂ ਦੇ ਰੰਗ
ਤੇਰੀਆਂ ਉਂਗਲਾਂ ਦੀ ਛੁਹ
ਮੇਰਾ ਇਹਨਾਂ ਨਾਲ ਨਾ ਕੋਈ ਵੀ ਮੋਹ
ਮੈਂ ਤਾਂ ਕੱਟ ਕੇ ਉਮਰ ਦੇ ਅਤ ਕਾਲੇ ਕੋਹ
ਤੇਰੀ ਧੁਰ ਡੂੰਘਾਣ ਵਿਚ ਅਸਥਿਤ ਪਈ
ਅੰਨ੍ਹੇ-ਪੱਥਰ ਦੀ ਸਿਲਾ ਉਤੇ
ਹਾਂ ਥੱਕ ਕੇ ਡਿਗਿਆ
ਕਰੜੀ, ਨਿੱਗਰ, ਖੁਰਦਰੀ,
ਸੇਜਾ ਪਿਆ ਹਾਂ ਮਾਣਦਾ ।

5. ਨਗਨ ਸੱਚ

ਮੁੱਠ ਵਿਚ ਘੁੱਟੀ ਕਈ ਬੇਚੈਨੀਆਂ
ਨੱਪੀ ਅੰਦਰ ਹਿੱਕ ਪੀੜਾਂ ਗੁੱਝੀਆਂ
ਹੈ ਗ੍ਰਹਿ ਦੇ ਵਾਂਗ ਮੇਰੀ ਜ਼ਿੰਦਗੀ
ਇਕ ਨਛੱਤਰ ਨਾਲ ਬੱਝੀ
ਮਾਂਗਵੇਂ ਚਾਨਣ ਦੇ ਭੋਛਣ ਨਾਲ ਕੱਜੀ
ਯੁਗਾਂ ਤੋਂ ਘੁੰਮਦੀ ਰਹੀ ।

ਇਕ ਨਿਸਚਿਤ ਨੇਮ ਦੀ ਨੱਕ ਵਿਚ ਹੈ ਨੱਥ,
ਮੋਤੀ ਜਿਸ ਦਾ ਡੋਲਦਾ ਤੇ ਡਲ੍ਹਕਦਾ,
ਡੋਰ ਜਿਸ ਦੀ ਖਸਮ ਹੱਥ ।

ਰਾਤ ਦਿਨ ਦਾ ਚੱਕ੍ਰ-ਚੂੰਢਾ ਚਲ ਰਿਹਾ
ਰੁੱਤਾਂ ਦੇ ਜਾਮੇ ਰਹਿਣ ਨਿਤ ਬਦਲਦੇ
ਪਰ ਹੈ ਨਿਸਚਿਤ ਪੱਥ ਮੇਰਾ
ਜਿਸ ਤੋਂ ਲਾਂਭੇ ਹੋ ਸਕੇ ਨਾ ਰੱਥ ਮੇਰਾ,
ਨੂੜੇ ਹੋਏ ਪੈਰ ਮੇਰੇ
ਬੱਝਾ ਹੋਇਆ ਹੱਥ ਮੇਰਾ ।

ਸੱਚ ਹੈ ਯਾ ਇਹ ਭਰਾਂਤੀ ?
ਤੜਫ ਕੂੜੀ ਯਾ ਕਿ ਸ਼ਾਂਤੀ ?
ਮੋਕਸ ਦੀ ਪਰਬੱਲ ਇੱਛਾ
ਅੰਤ ਬਣ ਨਿਬੜੇ ਕਰਾਂਤੀ ।
ਟੁੱਟ ਨਕਛੱਤਰ ਦੇ ਨਾਲੋਂ,
ਅਪਣੇ ਨਿਸਚਿਤ ਪੱਥ ਤੋਂ
ਮਾਰ ਕੇ ਇਕ ਲੰਬੀ ਛਾਲ
ਵਿਚ ਅਗਮ ਦੇ ਕੁਦ ਪਈ
ਲਟ ਲਟ ਜਿੰਦੜੀ ਜਗੀ
ਗਟ ਗਟ ਦਾਰੂ ਦਾ ਮਟ ਪੀਤਾ ਗਿਆ
ਟੁੱਟਦੇ ਤਾਰੇ ਦੇ ਵਾਂਗ
ਜਿੰਦ ਦਾ ਭੜਮੱਚਾ ਇਕੋ ਨਿਕਲਿਆ
ਹੋਈ ਮੈਂ ਸਗਵਾਂ ਨਸ਼ਾ
ਸ਼ੁਅਲਾ ਸਰਕਸ ਅੱਗ ਦਾ
ਡੂੰਘਾ ਤੇ ਅਸਗਾਹ ਸਾਗਰ ਸਮੇਂ ਦਾ
ਡੀਕ ਲਾ ਕੇ ਪੀ ਗਈ
ਛਿੰਨ ਵਿਚ ਲੱਖਾਂ ਯੁਗਾਂ ਨੂੰ ਜੀ ਗਈ ।
ਘੁੱਟ ਕੇ ਹੋਠਾਂ ਦੇ ਪਿਛੇ ਸਾਰੀ ਪੀੜ
ਵੱਟ ਕੇ ਲੰਬੀ ਕਸੀਸ
ਆਪਣੇ ਉਤੋਂ ਲੁਹਾਏ ਚੀਰ ਮੈਂ
ਦਰੋਪਦੀ ਦੇ ਵਾਂਗ ਨਾ ਕੀਤੀ ਪੁਕਾਰ
ਦੇਖ ਸੱਕਾਂ ਤਾਂ ਜੋ ਨੰਗੀ ਜਿੰਦ ਨੂੰ
ਚੱਖ ਸਕਾਂ ਸੱਚ ਦਾ ਕੈਸਾ ਸੁਆਦ ।

ਹਾਏ ! ਨੰਗੀ ਆਤਮਾ ਤੱਕਣ ਦੀ ਭੁੱਖ
ਹਾਏ ! ਪੂਰਨ ਸੱਚ ਤਕ ਅਪੜਨ ਦੀ ਚਾਹ
ਭਾਵੇਂ ਹੋਵੇ ਰੱਬ ਤੇ ਭਾਵੇਂ ਰਸੂਲ
ਰਹਿ ਜਾਏ 'ਕੋਸੈਨ' ਦਾ ਪਰ ਫ਼ਾਸਲਾ ।

(ਕੋਸੈਨ=ਦੋ ਕੋਸਾਂ ਭਾਵ ਕਮਾਨਾਂ; ਕਹਿੰਦੇ ਹਨ
ਕਿ "ਮਿਅਰਾਜ ਦੀ ਰਾਤ" ਜਦ ਹਜ਼ਰਤ ਮੁਹੰਮਦ
ਸਾਹਿਬ ਰੱਬ ਨੂੰ ਮਿਲਣ ਲਈ ਅਸਮਾਨਾਂ ਵਲ
ਉਡ ਕੇ ਗਏ ਤਾਂ ਰੱਬ ਦੇ ਏਨੇ ਨੇੜੇ ਪਹੁੰਚ ਗਏ
ਕਿ ਦੋਹਾਂ ਵਿਚਾਲੇ ਦੋ ਕਮਾਨਾਂ ਦਾ ਫ਼ਾਸਲਾ ਰਹਿ
ਗਿਆ ਸੀ ।)

6. ਸਮਾਧੀ

ਕਦੀ ਕਦੀ ਮਨ ਸਮਾਧੀ ਵਿਚ ਜੁੜਦਾ
ਇਤਨੀ ਆਬਾਦੀ ਵਿਚ ਸਮਾਧੀ ?
ਮਹਿਲਾਂ ਵਿਚ ਸੁੱਤੀ ਸ਼ਹਿਜ਼ਾਦੀ
ਹਨੇਰੇ ਦਾ ਦੁਸ਼ਾਲਾ ਤਾਣ ਕੇ
ਸਰੀਰ ਦੇ ਪਰਦਿਆਂ ਨੂੰ ਛਾਣ ਕੇ ।
ਭੋਰੇ ਦਾ ਮਖ਼ਮਲੀ ਹਨੇਰਾ
ਰੇਸ਼ਮ ਦੇ ਲਛਿਆਂ ਵਾਂਗ ਕੂਲਾ
ਜਿਸ ਦੀ ਪੇਚਕ ਵਿਚ ਲਿਪਟੀ
ਸੁੱਤ ਉਨੀਂਦੀ ਚੇਤਨਾ ਉਘਲਾਂਦੀ
ਕਦੀ ਕਦੀ ਅੱਖ ਪੱਟਦੀ
ਚਾਨਣ ਦੀ ਰਾਤ ਬਾਕੀ ਦੇਖ ਕੇ
ਫਿਰ ਸੌਂ ਜਾਂਦੀ ।
ਹੈਂ ! ਅੰਦਰ ਵੀ
ਭੋਰੇ ਵਿਚ ਵੀ
ਜਾਗਣ ਤੇ ਸੌਣ ਦਾ ਛਲਾਵਾ
ਛਲਦਾ ਰਹਿੰਦਾ !
ਜੀਵਨ-ਮਰਨ ਦਾ ਚੱਕਰ-ਚੂੰਢਾ
ਚਲਦਾ ਰਹਿੰਦਾ !
ਸਹਸਰਾਂ ਸਾਜ਼ਾਂ ਵਾਲਾ ਆਰਕੈਸਟਰਾ !
ਦਿਹੁੰ ਤੇ ਰਾਤ ਦੇ ਅਬਲਕ
ਏਥੇ ਵੀ ਦੌੜਦੇ ਰਹਿੰਦੇ
ਨਿਸ਼ਕਾਮ ਕਰਮ ਵਿਚ ਜੁੱਟੇ
ਮੂੰਹੋਂ ਕੁਝ ਨਾ ਕਹਿੰਦੇ ।
ਹਨੇਰੇ ਦੀ ਹਾਂਡੀ ਥੱਲੇ
ਅੱਗ ਤੇਜ਼ ਕਰੋ
ਇਸ ਕਾੜ੍ਹੇ ਨੂੰ ਰਤਾ ਹੋਰ ਪਕਾਉ
ਅਜੇ ਇਸ ਵਿਚ ਚਾਨਣ ਦੀਆਂ
ਮਿਰਕਾਂ ਬਾਕੀ ਹਨ ।
ਅੱਜ ਪੂਰਨ ਹਨੇਰੇ ਦੀ ਲੋੜ ਹੈ
ਕਾਲੇ ਸ਼ਾਹ ਹਨੇਰੇ ਦੀ
ਸਦਾ ਲਈ ਨਾ ਸਹੀ
ਇਕ ਛਿੰਨ ਲਈ ਹੀ ਸਹੀ
ਤਾਂ ਜੇ ਮਨ ਟੁੱਟੇ ਆਦਰਸ਼ ਦੀਆਂ
ਪਿੱਚਰਾਂ ਨੂੰ ਜੋੜ ਸਕੇ
ਤੇ ਗਵਾਚੇ ਸੁਪਨਿਆਂ
ਨੂੰ ਲੋੜ ਸਕੇ ।

7. ਵਸਾਖ

ਆਇਆ ਵਸਾਖ
ਗੁਲਾਬਾਂ ਦੇ ਕਟੋਰੇ ਸੁਗੰਧਾਂ ਨਾਲ ਭਰ ਗਏ ।
ਧਰਤੀ ਦੀਆਂ ਕੰਦਰਾਂ 'ਚੋਂ ਤੁਰੇ
ਰੰਗਾਂ ਦੇ ਯਾਤਰੂ
ਸਰੋਵਰਾਂ ਵਿਚ ਤਰ ਪਏ ।
ਬਿਰਧ ਤੇ ਮੁਰਝਾਏ ਪੱਤਰ
ਟੁੱਟ ਕੇ ਝੜ ਗਏ ।

ਧਰਤੀ ਕਹਿਕਸ਼ਾਂ ਵਿਚ
ਯੁਗਾਂ ਤੋਂ ਨਿਮਦੇ ਤੇ ਪਲਦੇ ਤਾਰੇ
ਲਗਰਾਂ ਦੇ ਗਗਨਾਂ ਤੇ ਚੜ੍ਹ ਪਏ ।

ਇਕ ਇਕ ਸ਼ਤੂਤ ਵਿਚ
ਸੌ ਸੌ ਮਾਖਿਉਂ ਦੇ ਛੱਤੇ
ਕੁਝ ਕਾਲੇ ਸ਼ਾਹ, ਕੁਝ ਸੇਤੇ, ਕੁਝ ਰੱਤੇ
ਹਰ ਕਣੂ ਦਾ ਵਖਰਾ ਜਹਾਨ
ਹਰ ਅਣੂ ਵਿਚ ਰਸ ਤੇ ਕਸ ਦੀਆਂ

ਮੁਸਬਤ ਤੇ ਮਨਫ਼ੀ ਲਹਿਰਾਂ ਦੌੜਦੀਆਂ
ਖੁਸ਼ੀ ਤੇ ਗ਼ਮੀ ਦਾ ਆਲਿੰਗਨ-
ਕੀ ਇਹ ਸੱਚ ਹੈ ਜਾਂ ਕੱਚ
ਜਿਸ ਵਿਚ ਮੇਰਾ ਚਿੱਤ
ਦੇਖਦਾ ਨਿੱਤ
ਆਪਣਾ ਹੀ ਪਰਛਾਵਾਂ ।

8. ਵਰਖਾ

ਪਈ ਬੱਦਲਾਂ ਦੇ ਡੋਲੇ
ਚੁੱਕੀ ਪੌਣ ਦੇ ਕਹਾਰਾਂ
ਆਈ ਵਰਖਾ ਦੀ ਵਹੁਟੀ ।

ਜ਼ੁਲਫ਼ਾਂ ਕਾਲੀਆਂ ਤੇ ਸ਼ਾਹ
ਕਸਤੂਰੀਆਂ ਗਵਾਹ
ਭੁੱਲੇ ਰਾਹੀਆਂ ਨੂੰ ਰਾਹ ।

ਕੰਨੀਂ ਕਣੀਆਂ ਦੇ ਝੁਮਕੇ
ਨੱਕ ਬਿਜਲੀ ਦੀ ਨੱਥ
ਪ੍ਰਿਥਮ ਨਾਰ ਵਾਂਗ ਨੰਗੀ
ਪਿੰਡ ਦੀ ਜੂਹ ਵਿਚੋਂ ਲੰਘੀ ।

ਸੁੰਦਰ ਅਦਭੁਤ ਜ਼ੰਜੀਰੀ
ਟੁੱਕੀ ਭੋਂ ਤੇ ਚਕੋਰਾਂ ।
ਸਤ ਕਹਿਣ ਨੂੰ ਸਹਸਰਾਂ
ਰੰਗ ਕੱਢੇ ਨੇ ਮੋਰਾਂ ।

ਛੱਡਿਆ ਛੱਲੀਆਂ ਨੇ ਸੂਤ
ਪਿਆ ਬਾਜਰੇ ਨੂੰ ਦਾਣਾ ।
ਪਿਆ ਅੰਬੀਆਂ ਨੂੰ ਰਸ
ਗਿਆ ਪੱਕ ਹਦਵਾਣਾ ।
ਭਰ ਲਏ ਟੋਭਿਆਂ ਨੇ ਛੰਨੇ
ਕੱਜੇ ਖੱਬਲਾਂ ਨੇ ਬੰਨੇ ।

ਲੱਥੀ ਦੁਨੀਆਂ ਦੀ ਸੰਗ
ਹੋਈ ਧਰਤੀ ਦੇ ਲੱਕ
ਵੀਣੀ ਗਗਨਾਂ ਦੀ ਤੰਗ ।
ਰਲੇ ਜੁਗ ਅਤੇ ਜੋੜੇ
ਕਿਹੜਾ ਜ਼ੋਰਾਵਰ ਐਸਾ
ਜਿਹੜਾ ਰੁਸਿਆਂ ਨੂੰ ਮੋੜੇ ?

9. ਹਮਸਾਏ

ਹਿੰਮਆਲੇ ਦੀਆਂ ਬਰਫ਼ਾਂ ਫ਼ਿਰ ਮੁਸਕਾਈਆਂ ਨੇ
ਖੁਸ਼ਬੂਆਂ ਹਮਸਾਇਆਂ ਵਲੋਂ ਆਈਆਂ ਨੇ ।

ਕਦੀ ਤਾਂ ਯਾਰੋ ਮੰਜ਼ਲ ਉਤੇ ਅਪੜਾਂਗੇ
ਮੰਜ਼ਲ ਵਲ ਜਦ ਕਦਮ ਵਧਾਏ ਰਾਹੀਆਂ ਨੇ ।

ਨਹੁੰਆਂ ਨਾਲੋਂ ਮਾਸ ਕਦੀ ਨਾ ਵਖ ਹੁੰਦਾ
ਬੈਠ ਭਰਾਵਾਂ ਪੱਗਾਂ ਫੇਰ ਵਟਾਈਆਂ ਨੇ ।

ਕੀ ਹੋਇਆ ਜੇ ਬੂਹੇ ਪੂਰੇ ਖੁਲ੍ਹੇ ਨਾ
ਝੀਥਾਂ ਵਿਚੋਂ ਰੌਸ਼ਨੀਆਂ ਤਾਂ ਆਈਆਂ ਨੇ ।

ਕੀ ਹੋਇਆ ਜੇ ਕਣੀਆਂ ਅਜੇ ਨਾ ਵਰ੍ਹੀਆਂ ਨੇ
ਰਹਿਮਤ ਦੀਆਂ ਘਟਾਂ ਤਾਂ ਸਿਰ ਤੇ ਛਾਈਆਂ ਨੇ ।

ਨਫ਼ਰਤ ਉਤੇ ਫਤਹਿ ਇਸ਼ਕ ਨੇ ਪਾਈ ਹੈ
ਅਮਨ ਵਰਤਿਆ ਹੋਈਆਂ ਖਤਮ ਲੜਾਈਆਂ ਨੇ ।

ਸ਼ਸਤਰ ਸੁੱਟੋ ਜਾਂ ਕੁੱਟੋ ਵਿਚ ਫਾਲਿਆਂ ਦੇ
ਭੁੱਖਿਆਂ ਦੇ ਮੂੰਹ ਪਾਣੀਆਂ ਅਸਾਂ ਗਰਾਹੀਆਂ ਨੇ ।

ਰਣ-ਖੇਤਰ ਵੀ ਵਿਚ ਚਰਾਗਿਆਂ ਬਦਲਾਂਗੇ
ਨਿੱਕੀਆਂ ਜਿੰਦਾਂ ਦੁੱਧਾਂ ਬਾਝ ਤਿਹਾਈਆਂ ਨੇ ।

10. ਮੁਹੱਬਤ ਦੀ ਗੱਲ

ਆਉ ਕੋਈ ਮੁਹੱਬਤ ਦੀ ਗੱਲ ਕਰੀਏ
ਤੇ ਬਿਸਮਿੱਲਾ ਕਹਿ ਕੇ,
ਪੰਜਾਬ ਦੀ ਖ਼ੈਰ ਦਾ ਜਾਮ ਭਰੀਏ
ਇਕ ਪਊਆ ਸਦੀ ਅਸਾਂ ਬੜੀ ਜ਼ਹਿਰ ਪੀਤੀ
ਤੇ ਤੁਸੀਂ ਜਾਣਦੇ ਹੀ ਹੋ ਜੋ ਅਸਾਂ ਨਾਲ ਬੀਤੀ-
ਕਿਵੇਂ ਕੁਟਲ ਤੇ ਕਪਟੀ ਸਾਮਰਾਜ,
ਹੱਥੋਂ ਜਾਂਦਾ ਦੇਖ ਕੇ ਰਾਜ
ਸਾਡੇ ਪੰਜਾਂ ਦਰਿਆਵਾਂ ਨੂੰ ਵੰਡ
ਤੇ ਭੂਤ ਵਾਂਗਰਾਂ ਮਾਰ ਕੇ ਚੰਡ,
ਪੰਜੇ ਉਂਗਲਾਂ ਖੋਭ ਗਿਆ ਸੀ
ਤੇ ਜਿਵੇਂ ਬੁੱਲੇ ਨੇ ਕਿਹਾ ਸੀ-
"ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ
ਬੁਰਾ ਹਾਲ ਹੋਇਆ ਪੰਜਾਬ ਦਾ
ਵਿਚ ਹਾਵੀਆ ਦੋਜ਼ਖ ਮਾਰਿਆ
ਕਦੀ ਆ ਮਿਲ ਯਾਰ ਪਿਆਰਿਆ ।

ਸਾਨੂੰ ਕਲ੍ਹ ਵਾਂਗ ਹੈ ਯਾਦ,
ਸਾਡੇ ਨਾਲ ਜੋ ਵਰਤੀਆਂ
ਕਿਵੇਂ ਛੱਡ ਅੱਧ-ਵਾਹੀਆਂ ਧਰਤੀਆਂ
ਤੇ ਰੋਟੀਆਂ ਅਣ-ਪਰਤੀਆਂ
ਤੁਰੇ ਸਨ ਇਤਿਹਾਸ ਦੇ ਸਭ ਤੋਂ ਵੱਡੇ ਕਾਰਵਾਨ
ਦੁੱਖਾਂ ਤੇ ਭੁੱਖਾਂ ਦੀ ਲੰਬੀ ਦਾਸਤਾਨ ।

ਕਿਵੇਂ ਲਹੂਆਂ ਦੀਆਂ ਨਦੀਆਂ ਸੀ ਵੱਗੀਆਂ
ਮਿੱਟੀ ਵਿਚ ਰੁਲੀਆਂ ਨੱਥਾਂ ਤੇ ਸੱਗੀਆਂ
ਕਿਵੇਂ ਨਹੁੰਆਂ ਤੋਂ ਮਾਸ ਵਖ ਹੋਇਆ
ਤੇ ਤਰੁਟ ਕੇ ਔਹ ਜਾ ਪਈਆਂ
ਸਦੀਆਂ ਦੀਆਂ ਲੱਗੀਆਂ ।

ਜਦੋਂ ਸੀਨੀਆਂ ਦੇ ਟੋਏ ਵਿਚ ਰੱਖ
ਜੈਨਬ ਨੇ ਨਿੱਕਾ ਕੁਰਾਨ
ਖੂਹ ਵਿਚ ਮਾਰੀ ਸੀ ਛਾਲ
ਕਿਵੇਂ ਹੱਸਿਆ ਸੀ ਸ਼ੈਤਾਨ ।

ਬਿਟਬਿਟ ਤੱਕਦਾ ਰਹਿ ਗਿਆ ਭਗਵਾਨ
ਨਾ ਦਰਿਆਵਾਂ ਨੇ ਵਹਿਣ ਬਦਲੇ
ਨਾ ਪਹਾੜਾਂ ਦੀ ਸਮਾਧੀ ਟੁੱਟੀ
ਨਾ ਲੋਹੇ ਨੇ ਕੱਟਣੋਂ ਨਾਂਹ ਕੀਤੀ
ਨਾ ਪਾਣੀ ਨੇ ਡੋਬਣੋਂ
ਨਾ ਅੱਗ ਨੇ ਸਾੜਨੋਂ
ਮਹਾਂ ਨਿਯਮ ਦਾ ਚੱਕਰ ਚਲਦਾ ਰਿਹਾ
ਤੇ ਸੂਰਜ ਨਿੱਤ ਵਾਂਗ ਚੜ੍ਹਦਾ ਤੇ ਢਲਦਾ ਰਿਹਾ ।

ਬੁੱਧੀਮਾਨਾਂ ਨੂੰ ਇਹਸਾਸ ਹੋਇਆ-
ਕਿ ਮੰਦਰ ਤੇ ਮਸੀਤਾਂ ਕੋਠੇ ਹੀ ਹਨ
ਕਿ ਪੁਰਾਨ ਤੇ ਕੁਰਾਨ ਪੋਥੇ ਹੀ ਹਨ
ਕਿ ਸਭਿਤਾ ਦੇ ਦਾਹਵੇ ਥੋਥੇ ਹੀ ਹਨ ।
ਆਉ ਭੂਤ ਦੀ ਗੱਲ ਛੱਡੀਏ
ਭੂਤ ਨੇ ਜਾਣ ਲਗਿਆਂ ਕੋਈ ਨਿਸ਼ਾਨੀ
ਦੇਣੀ ਹੀ ਸੀ ।

ਇਹ ਠੀਕ ਹੈ ਕਿ ਕਵਿਤਾ ਤੇ ਕਲਾ ਨੂੰ
ਕੂੜ ਤੇ ਕਲਹ ਅੱਗੇ ਤਿੰਨ ਵਾਰ ਹਾਰ ਹੋਈ
ਤੇ ਰਾਜ ਰੌਲਿਆਂ ਵਿਚ ਕੋਮਲ ਸੁਰਾਂ ਗਵਾਚੀਆਂ,
ਪਰ ਆਉ "ਲਾ ਤਕਨਾ ਤੂੰ" ਦਾ ਵਿਰਦ ਕਰੀਏ
ਤੇ ਉਸ ਰਾਕਸ਼ ਨੂੰ ਫੜੀਏ
ਜੋ ਅੰਮ੍ਰਿਤ ਦਾ ਕੁੰਭ ਲੈ ਕੇ ਭਜ ਗਿਆ
ਤੇ ਨਿਰਾ ਜ਼ਹਿਰ ਹੀ ਜ਼ਹਿਰ ਛਡ ਗਿਆ ।
ਆਉ ਨਫ਼ਰਤ ਨੂੰ ਡੂੰਘਾ ਦਬੀਏ
ਤੇ ਮੁਹੱਬਤ ਦਾ ਇਕ ਹੋਰ ਜਾਮ ਭਰੀਏ
ਤੇ ਵਾਰਿਸ ਦੀ ਹੀਰ 'ਚੋਂ ਵਾਕ ਲੈ ਕੇ
ਟੁੱਟੀਆਂ ਨੂੰ ਗੰਢੀਏ ।

ਅਜੇ ਵੀ ਸਾਡੇ ਵਿਚ ਬੋਲੀ ਤੇ
ਸਭਿਆਂਚਾਰ ਦੀ ਸਾਂਝ ਬਾਕੀ ਹੈ
ਤੇ ਉਹ ਪੰਜਾਬੀ ਹੀ ਨਹੀਂ
ਜੋ ਇਸ ਤੋਂ ਆਕੀ ਹੈ ।

ਅਜੇ ਵੀ ਸਤਲੁਜ ਤੇ ਝਨਾਂ ਸਾਡੇ ਹਨ
ਭਗਤ ਸਿੰਘ ਤੇ ਰੰਝੇਟੇ ਦੀਆਂ ਅਮਰ ਨਿਸ਼ਾਨੀਆਂ,
ਸ਼ਕਤੀ ਤੇ ਇਸ਼ਕ ਦੇ ਪ੍ਰਤੀਕ ।
ਭਲਾ ਉਸ ਮੁਸਲਮਾਨ ਮਾਂ ਨੂੰ
ਕਿਵੇਂ ਭੁਲਾ ਸਕਦੇ ਹਾਂ
ਜਿਸ ਨੇ ਆਪਣੇ ਬੱਚੇ ਨੂੰ
ਸਭ ਤੋਂ ਪਹਿਲਾਂ ਪੰਜਾਬੀ ਵਿਚ
ਲੋਰੀ ਦਿੱਤੀ ਸੀ ।
ਜਾਂ ਫ਼ਰੀਦ ਸ਼ਕਰਗੰਜ ਨੂੰ
ਜਿਸ ਨੇ ਸਾਡੀ ਬੋਲੀ ਵਿਚ
ਮਿਸਰੀ ਘੋਲੀ ਸੀ ।

11. ਕੋਂਪਲ ਨੂੰ

ਡੂੰਘੀਆਂ ਵਿਰਕਤ ਜੜ੍ਹਾਂ 'ਚੋਂ
ਕਰਦੀ ਲੰਬੀ ਯਾਤਰਾ
ਲੰਘਦੀ ਸਾਵੇ ਲਹੂ ਦੇ
ਡੂੰਘੇ ਅੰਨ੍ਹੇ ਸ਼ੌਹ 'ਚੋਂ
ਚੀਰ ਕੇ ਬੁੱਢੇ ਤਣੇ ਨੂੰ
ਫੁਟ ਨਿਕਲੀ ਹੈ ਜੋ ਕੋਂਪਲ
ਬੱਚੇ ਦੇ ਬੁੱਲ੍ਹਾਂ ਦੇ ਵਾਂਗ
ਹਰੀਆਂ ਦੋਹਾਂ ਪੱਤੀਆਂ ਤੇ
ਕੱਚ-ਗੁਲਾਬੀ ਮੁਸਕਰਾਨ
ਨਿੱਕੀਆਂ ਨਿੱਕੀਆਂ ਖੋਲ੍ਹ ਅੱਖਾਂ
ਦੇਖਦੀ ਵਖਰਾ ਜਹਾਨ
ਝੂੰਮਦੀ ਨਾਲ ਝੁਮਾਂਦੀ
ਨਵੀਆਂ ਆਸ਼ਾਵਾਂ ਬੰਨ੍ਹਾਂਦੀ
ਜ਼ਿੰਦਗੀ ਦੀਆਂ ਅਮੁਕ
ਸੰਭਾਵਨਾਵਾਂ ਨੂੰ ਜਗਾਂਦੀ
ਦੋਹਾਂ ਨਿੱਕਿਆਂ ਪਤਰਿਆਂ 'ਤੇ
ਇਕ ਅਦਭੁਤ ਤੇ ਵਚਿੱਤਰ ਲਿਪੀ ਵਿਚ
ਲਿਖ ਲਿਆਈ ਕਿਤਨੀ ਲੰਬੀ ਦਾਸਤਾਨ
ਭੂਤ ਦੀ ਪ੍ਰਾਚੀਨ ਗਾਥਾ
ਤੇ ਭਵਿਸ਼ ਦੀ ਸਭ ਕਹਾਣੀ
ਨਾਲੇ ਸਾਰਾ ਵਰਤਮਾਨ
ਅਤ ਨਿਕਟ ਹੋਵਣ 'ਤੇ ਵੀ
ਜੋ ਅਤ ਵਚਿੱਤਰ
ਏਸ ਕੋਂਪਲ ਦੇ ਪਵਿੱਤਰ
ਨੰਨ੍ਹੇ ਨੰਨ੍ਹੇ ਪਹਿਲੇ ਕਦਮਾਂ
ਨੂੰ ਹੈ ਮੇਰੀ ਨਮਸਕਾਰ ।

12. ਅੰਧਕਾਰ

ਅੱਧ ਅਪਣਾ ਘੁੰਮ ਗਈ ਹੈ ਪਿਰਥਮੀ
ਖੇਡ ਕੇ ਰੰਗਾਂ ਦੀ ਲੀਲਾ ਸੌਂ ਗਈ ।

ਹੌਲੀ ਹੌਲੀ ਲੀਕ ਫਿੱਕੀ ਹੋ ਗਈ,
ਧਰਤ ਤੇ ਆਕਾਸ਼ ਵੰਡਣ ਵਾਲੜੀ ।
ਆਖ਼ਰੀ ਪੰਛੀ ਵੀ ਘਰ ਨੂੰ ਉਡ ਪਿਆ,
ਪਹਿਰਾ ਹੋਇਆ ਜੱਗ 'ਤੇ ਅੰਧਕਾਰ ਦਾ ।
ਉਹ ਮਹਾਂ ਅੰਧਕਾਰ ਕਾਲਾ ਮਾਖਿਓਂ,
ਜਿਸ ਨੂੰ ਦਸਵੇਂ ਗੁਰਾਂ ਵੀ ਆਖੀ ਨਮੋ ।

ਅੰਦਰਲੇ ਤੇ ਬਾਹਰਲੇ ਨ੍ਹੇਰੇ ਦੇ ਵਿਚ,
ਜੋ ਅਕਾਵੇਂ ਚਾਨਣਾਂ ਪਾਈ ਸੀ ਵਿੱਥ,
ਆ ਮਹਾਂ ਅੰਧਕਾਰ ਨੇ ਦਿਤੀ ਮਿਟਾ,
ਜਿੰਦੜੀ ਨੇ ਸੁਖ ਦਾ ਇਕ ਸਾਹ ਲਿਆ ।

ਜਿੰਦ ਵਿਹੜੇ ਖਿੜ ਪਿਆ ਕਾਲਾ ਗੁਲਾਬ,
ਕਾਲੀਆਂ ਤੇ ਕੂਲੀਆਂ ਖੁਸ਼ਬੋਈਆਂ ।

ਦਿਲ-ਪਿਆਲੇ ਵਿਚ ਭਰੀ ਕਾਲੀ ਸ਼ਰਾਬ,
ਨੀਲ-ਕੰਠੀ ਵਿਹੁ ਦੀਆਂ ਬੇਹੋਸ਼ੀਆਂ ।

ਨਿਮਨ ਚੇਤਨ ਦੇ ਹਨੇਰੇ ਛੰਭ 'ਤੇ,
ਕਿਥੋਂ ਆਈ ਉਤਰ ਚਾਨਣ ਦੀ ਪਰੀ ?

ਵਿਹੁ-ਕਟੋਰੇ ਵਿਚ ਕੇਸਰ ਦੀ ਤੁਰੀ,
ਨਾਫ਼ਾ ਕੱਟਣ ਵਾਲੀ ਚਾਂਦੀ ਦੀ ਛੁਰੀ ।

ਚਾਨਣਾ ਹੁਣ ਛੱਡ ਵੀ ਜਾਦੂਗਰੀ,
ਇਹ ਕਹੀ ਅੰਧਕਾਰ ਦੀ ਬੇਆਦਰੀ ?

13. ਬਿਰਛ

ਇਹ ਸੁੱਕਾ ਬਿਰਛ,
ਬੁੱਢਾ ਤੇ ਬਿਰਧ
ਜਿਸ ਦੀ ਜ਼ਿੰਦਗੀ ਪੜਾਅ ਹੀ ਪੜਾਅ ਹੈ
ਕਿਸ ਆਸ 'ਤੇ ਖੜਾ ਹੈ ?

ਇਕ ਇਕ ਕਰਕੇ
ਸਾਰੇ ਪੱਤਰ ਝੜ ਗਏ
ਫਿਰ ਟਹਿਣੀਆਂ ਨੂੰ ਸੁਕਾ ਕੇ
ਹੱਡ ਕੜਕਾ ਕੇ ਹਵਾ ਲੈ ਗਈ
ਹੁਣ ਨਿਰਾ ਟੁੰਡ ਹੀ ਖੜਾ ਹੈ
ਇਕ ਕਲ-ਮੁਕੱਲੇ ਘੁਣਾਧੇ ਦੰਦ ਦੀ ਤਰ੍ਹਾਂ ।

ਨਾ ਕੁਝ ਬਿਰਛ ਤੋਂ ਉਰਾਂ
ਨਾ ਕੁਝ ਬਿਰਛ ਤੋਂ ਪਰਾਂ
ਮੀਲਾਂ ਤੀਕ ਇਕੱਲ ਦਾ ਰਾਜ ਹੈ
ਇਹ ਬੁੱਢਾ ਝਰੀਟ ਕਿਉਂ ਜ਼ਿੰਦਗੀ ਦਾ ਮੁਹਤਾਜ ਹੈ ?

ਜਿੱਥੋਂ ਜਿੱਥੋਂ ਡਾਹਣ ਸੁਕ ਕੇ ਡਿੱਗੇ
ਉੱਥੇ ਉੱਥੇ ਨਿੱਕੀਆਂ ਖੋੜਾਂ
ਬਿਰਧ ਅੱਖਾਂ ਵਿਚ ਦੀ ਝਾਕਣ
ਲੋੜਨ ਜਵਾਨੀ ਦੇ ਗਵਾਚੇ ਸੁਫ਼ਨਿਆਂ ।

ਇਕ ਟੰਗ ਭਾਰ ਖਲੋਤਾ ਜੋਗੀ,
ਇਕ ਪਲਕ ਨਾ ਸੈਂਦਾ
ਜਿਸ ਦੇ ਟੁੰਡ ਉੱਤੇ
ਇੱਲ ਦੇ ਸਿਵਾ ਕੋਈ ਪੰਛੀ ਨਾ ਬਹਿੰਦਾ
ਜਿਸ ਨੂੰ ਪਰਛਾਵੇਂ ਦੇ ਸਿਵਾ ਕੋਈ ਫਲ ਨਾ ਪੈਂਦਾ ।

ਜਿਸ ਦਾ ਜੀਵਨ ਪੜਾਅ ਹੀ ਪੜਾਅ ਹੈ
ਕਿਸ ਆਸ 'ਤੇ ਖੜਾ ਹੈ ?

14. ਆਥਣ

ਘਾਹ-ਟੁਕੜੀ ਦੇ ਉਤੇ ਹਾਂ, ਮੈਂ ਲੇਟਿਆ,
ਇਕ ਮੁਰਝਾਇਆ ਪੱਤਰ ਡਾਲੋਂ ਟੁੱਟਿਆ ।

ਦੇਖ ਰਿਹਾ ਹਾਂ ਸੂਹੇ ਲਹਿੰਗੇ ਵਾਲੜੀ,
ਧਰਤੀ ਉੱਤੇ ਆਥਣ ਕਿੱਦਾਂ ਉਤਰਦੀ ।

ਇਕ ਇਕੱਲਾ ਤਾਰਾ ਜਾਪੇ ਹਸਦਾ,
ਮਾਰ ਰਿਹਾ ਹੈ ਚਮਕਾਂ ਮੋਤੀ ਨੱਥ ਦਾ ।

ਅੱਖ ਪਕੜਨਾ ਚਾਹੇ ਉਸ ਦੇ ਰੰਗ ਨੂੰ,
ਮਨ ਉੱਡਿਆ ਚੀਰ ਧਰਤ ਦੀ ਵੰਗ ਨੂੰ ।

ਕਿਥੇ ਕਿਥੇ ਘੁਮਿਆ ਕੋਈ ਕੈੜ ਨਾ,
ਪੰਛੀ-ਮਾਰਗ ਦੀ ਜਿਉਂ ਹੁੰਦੀ ਪੈੜ ਨਾ ।

ਦਿਨ ਦੇ ਰੌਲੇ ਕਸ ਪਾਈਆਂ ਸਨ ਜਿਹੜੀਆਂ
ਆ ਆਥਣ ਨੇ ਖੋਲ੍ਹ ਦਿੱਤੀਆਂ ਬੇੜੀਆਂ ।

ਉੱਠਿਆ ਪੱਤਰ ਮੁਰਝਾਇਆ ਤੇ ਟੁੱਟਿਆ,
ਮੁੜ ਕੇ ਜੀਵਨ-ਟਹਿਣੀ ਨਾਲ ਚਮੁੱਟਿਆ ।

15. ਇਕ ਸ਼ਾਮ

ਘੁੰਘਰੂ ਚਾਂਦੀ ਦੇ ਛਣਕੇ
ਹਾਸੇ ਦੀਆਂ ਨਾਚੀਆਂ
ਦੰਦਾਂ ਦੇ ਰੱਸੇ ਦੇ ਉੱਤੇ
ਨੱਚੀਆਂ ਤੇ ਮੱਚੀਆਂ
ਲਾਲ ਲਹੂ ਦੇ ਤਾਲ ਉੱਤੇ
ਇਸ਼ਕ ਦੀਆਂ ਦੱਬੀਆਂ ਚਿੰਗਾਰੀਆਂ
ਮੁੜ ਮੱਚੀਆਂ
ਕੌਣ ਜਾਣੇ ਇਹ ਪਰੀਤਾਂ ਕੱਚੀਆਂ ਕਿ ਸੱਚੀਆਂ ?

ਸੱਚੀਆਂ ਦੀ ਰੀਸ ਨਾ
ਪਰ ਮਰੇ ਕਿਹੜਾ ਨਿੱਕੇ ਜਿਹੇ ਏਸ ਜੀਵਨ ਵਿਚ
ਮੁੜ ਕੇ ਦੂਜੀ ਵਾਰ ?
ਕੌਣ ਚੁੱਕੇ ਨੱਖ 'ਤੇ ਗੋਵਰਧਨ ਪਹਾੜ ?
ਕੌਣ ਉੱਤੇ ਚਰਖੜੀ ਤੇ ਮੁੜ ਚੜ੍ਹੇ ?
ਤੂੰਬਾ ਤੂੰਬਾ ਜਿੰਦ ਅਪਣੀ ਨੂੰ ਕਰੇ ?
ਕੌਣ 'ਅਕਿਲ' ਦੇਗ ਵਿਚ ਮੁੜ ਕੇ ਕੜ੍ਹੇ ?
ਜੁਗਾਂ ਪਿੱਛੋਂ ਮੁੜ ਕੇ ਆਈ ਹੈ ਬਹਾਰ
ਮੇਰੇ ਪੈਰਾਂ ਹੇਠ ਨਾ ਰੱਖੋ ਅੰਗਾਰ ।

ਭਾਵੇਂ ਇਹ ਕੱਚਾ ਪਿਆਰ
ਭਾਵੇਂ ਇਹ ਸੱਚਾ ਪਿਆਰ
ਭਰਨ ਦੇਵੋ ਇਕ ਘੁਟ
ਲੁਟਣ ਦੇਵੋ ਕੋਈ ਲੁੱਟ
ਕਰ ਚੁਕੇ ਪੂਜਾ ਬੜੀ
ਦਿਲ ਚਾਹੇ ਅਜ ਬਣਨਾ ਗਜ਼ਨਵੀ
ਨਾਲ ਹਾਸੇ ਦੀ ਸ਼ਰਾਬ,
ਭਰ ਦਿਉ ਯਾਕੂਤੀ ਜਾਮ
ਜੀ ਪਵੇ ਇਕ ਹੋਰ ਸ਼ਾਮ ।

16. ਸ਼ਕਤੀ

ਬਿਰਛ ਦੀ ਸ਼ਕਤੀ ਹੈ ਉਸ ਦੇ ਪੱਤਰਾਂ ਵਿਚ
ਪਰ ਜਦੋਂ ਪੱਤਰ ਝੜਨ
ਛਡ ਕੇ ਰਾਹੀ ਤੁਰਨ
ਪੰਛੀ ਉਡਣ ।

ਫੁੱਲ ਦੀ ਸ਼ਕਤੀ ਹੈ ਉਸ ਦੀ ਮਹਿਕ ਵਿਚ
ਪਰ ਜਦੋਂ ਮਹਿਕਾਂ ਮੁਕਣ
ਉੱਡ ਜਾਵਣ ਤਿਤਲੀਆਂ
ਭੌਰੇ ਰੁਸਣ ।

ਬੰਦੇ ਦੀ ਸ਼ਕਤੀ ਹੈ ਉਸ ਦੀ
ਲਾਭਦਾਇਕਤਾ ਦੇ ਵਿਚ
ਪਰ ਜਦੋਂ ਇਹ ਖ਼ਤਮ ਹੋਵੇ
ਮੁੱਕ ਜਾਵਣ ਮਹਿਫ਼ਲਾਂ ਤੇ
ਛੱਡ ਕੇ ਤੁਰ ਜਾਣ ਮਿੱਤਰ, ਗੱਲ ਵਚਿੱਤਰ
ਮੁਕਣ ਰਿਸ਼ਤੇ ਅੱਤ ਪਵਿੱਤਰ
ਪਿਛੇ ਰਹਿ ਜਾਣ ਸਿਰਫ਼
ਖੋਲੇ ਟੁੱਟੇ ਵਾਹਦਿਆਂ ਦੇ
ਗੂੰਜ ਝੂਠੇ ਹਾਸਿਆਂ ਦੀ
ਕਾਰਵਾਂ ਦੇ ਤੁਰਨ ਮਗਰੋਂ ਜਿਸ ਤਰ੍ਹਾਂ
ਚੁੱਲ੍ਹਿਆਂ ਵਿਚ ਸਹਿਮੇ ਹੋਏ
ਸੁਲਗਦੇ ਅੰਗਿਆਰ ਕੁਝ
ਹੌਲੀ ਹੌਲੀ ਜਾਣ ਬੁੱਝ
ਸਾਰੀ ਗੱਲ ਸ਼ਕਤੀ ਦੀ ਹੈ ।

17. ਸ਼ੁਹਰਤ

ਪੰਛੀ ਹਵਾ ਨੂੰ ਕੱਟ ਕੇ ਜਾਵੇ ਅਗੇਰੇ ਲੰਘ,
ਮਿਲ ਜਾਵੇ ਲੰਘਣ ਸਾਰ ਹੀ ਕੱਟੀ ਹਵਾ ਦਾ ਚੀਰ ।

ਕਿਸ਼ਤੀ ਦੀ ਨੋਕ ਤਿੱਖੜੀ ਪਾਣੀ 'ਤੇ ਕੱਢ ਸਿਆੜ
ਜਦ ਵਧਦੀ ਅਗਾਂਹ ਨੂੰ ਜੁੜ ਜਾਵੇ ਮੁੜ ਕੇ ਨੀਰ ।

ਪਾਣੀ 'ਚ ਗੀਟਾ ਸੁਟਿਆਂ ਚੱਕਰ ਬਣਨ ਅਨੇਕ,
ਨਿਕਿਉਂ ਵਡੇਰੇ ਹੋਂਵਦੇ ਮਿਟ ਜਾਂਵਦੇ ਅਖ਼ੀਰ ।

ਉੱਡ ਉੱਡ ਕੇ ਅੰਤ ਮੁੱਕਦੀ ਹਰ ਵਾਸ਼ਨਾ ਦੀ ਹੋਂਦ
ਭਰ ਭਰ ਕੇ ਖ਼ਤਮ ਹੋਂਵਦੀ ਹਰ ਖੰਭੜੀ ਦੀ ਲੀਰ ।

ਬੇਸ਼ੱਕ ਗ੍ਰੰਥ ਆਖਦੇ ਅਸਲੋਂ ਹੀ ਹੋਰ ਗੱਲ
ਆਖ਼ਰ ਨੂੰ ਮੁੱਕ ਹੀ ਜਾਂਵਦੇ ਹਰ ਦ੍ਰੋਪਤੀ ਦੇ ਚੀਰ ।

ਜੀਵਨ ਤੋਂ ਬਾਝ ਜੀਣ ਦੇ ਮੰਗੋ ਨਾ ਹੋਰ ਕੁਝ,
ਕਿਉਂਕਿ ਸਮਾਂ ਹੈ ਮੇਟਦਾ ਸ਼ੁਹਰਤ ਦੀ ਹਰ ਲਕੀਰ ।

18. ਪਿਆਰ

ਆਖਿਆ ਤੂੰ ਪਿਆਰ
ਤਾਰੇ ਵਾਂਗ ਹੈ
ਕੋਹ ਕਰੋੜੀ ਦੂਰ ਭਾਵੇਂ
ਸਵੈ ਨਸ਼ੇ ਵਿਚ ਚੂਰ ਭਾਵੇਂ
ਫਿਰ ਵੀ ਦੋਹਾਂ ਦੇ ਵਿਚਾਲੇ
ਧੜਕਣਾਂ ਦੀ ਸਾਂਝ ਹੈ
ਆਖਿਆ ਮੈਂ ਪਿਆਰ
ਤਾਰੇ ਵਾਂਗ ਹੈ ।

ਆਖਿਆ ਤੂੰ ਪਿਆਰ
ਚੰਨ ਦੇ ਹਾਰ ਹੈ
ਸ਼ਾਂਤ ਸੀਤਲ ਤੇ ਸੁਹਾਣਾ
ਫੇਰ ਵੀ ਬਿਰਹਾ ਜਗਾਣਾ
ਦੂਰੋਂ ਹੀ ਜਦ ਮੁਸਕਰਾਵੇ
ਸੁੱਤੀਆਂ ਲਹਿਰਾਂ ਜਗਾਵੇ
ਖਿੱਚ ਦਾ ਕੋਈ ਨਾ
ਪਾਰਾਵਾਰ ਹੈ
ਆਖਿਆ ਮੈਂ ਪਿਆਰ
ਚੰਨ ਦੇ ਹਾਰ ਹੈ ।

ਆਖਿਆ ਤੂੰ ਪਿਆਰ
ਹੈ ਫੁੱਲ ਦੇ ਸਮਾਨ
ਉੱਚੀ ਟੀਹਸੀ 'ਤੇ ਸੁਹਾਵੇ
ਹੱਟ ਰੰਗਾਂ ਦੀ ਲਗਾਵੇ
ਮੂੰਹੋਂ ਨਾ ਕੁਝ ਵੀ ਅਲਾਵੇ
ਭਾਵੇਂ ਸੌ ਉਸ ਦੀ ਜ਼ਬਾਨ
ਪਰ ਜਦੋਂ ਉਹ ਮੁਸਕਰਾਵੇ
ਤੁਰ ਪਵਣ ਵਲ ਮੰਜ਼ਲਾਂ ਦੇ
ਖੁਸ਼ਬੂਆਂ ਦੇ ਕਾਰਵਾਨ
ਆਖਿਆ ਮੈਂ ਪਿਆਰ
ਹੈ ਫੁੱਲ ਦੇ ਸਮਾਨ ।

ਆਖਿਆ ਤੂੰ ਪਿਆਰ
ਹੈ ਸੁਫ਼ਨੇ ਦੇ ਹਾਰ
ਸੋਨੇ ਦਾ ਇਕ ਕੋਟ ਉੱਚਾ
ਵਿਚ ਅਕਾਸ਼ਾਂ ਉਸਰਿਆ
ਚਾਂਦੀ ਦੇ ਜਿਸ ਦੇ ਦਵਾਰ
ਬਾਰੀ ਵਿੱਚੋਂ ਇਕ ਪਰੀ
ਮੋਹਣੀ ਮੁਖਮਣੀ ਸੋਹੇ
ਕਰੇ ਰੰਗ ਪਸਾਉ
ਚਾਨਣੇ ਦੇ ਮਹਿਲ ਭੂਖਣ
ਨਾਲ ਪੂਰੇ ਚਾਉ
ਮਾਰ ਕੇ ਸੈਣਤ ਬੁਲਾਵੇ
ਕਲਪਨਾ ਨੂੰ ਖੰਭ ਲਾਵੇ
ਦਿਲ ਦਾ ਤਾਰੂ ਲਾਹ ਕੇ ਡਰ
ਰੰਗਾਂ ਦੇ ਦਰਿਆ ਨੂੰ ਤਰ
ਲੱਗਣਾ ਚਾਹੁੰਦਾ ਏ ਪਾਰ
ਆਖਿਆ ਮੈਂ ਪਿਆਰ
ਹੈ ਸੁਪਨੇ ਦੇ ਹਾਰ ।

ਪਰ ਜਦੋਂ ਲੰਘ ਉਮਰ ਦੀ ਨ੍ਹੇਰੀ ਗਲੀ
ਕੱਟ ਕੇ ਇਕ ਮੋੜ ਲੰਬਾ ਤੂੰ ਮਿਲੀ
ਆਖਿਆ ਤੂੰ ਪਿਆਰ ਨਾ ਤਾਰਾ ਨਾ ਫੁਲ
ਤਾਰਾ ਹਰ ਦਮ ਡੋਲਦਾ
ਆਖਿਆ ਮੈਂ ਨਾ ਹੀ ਇਹ ਸੁਪਨੇ ਦੇ ਤੁੱਲ
ਕਿਉਂਕਿ ਜਿਸ ਵੇਲੇ ਵੀ ਸੁਪਨਾ ਟੁੱਟਦਾ
ਕੋਈ ਬੈਠਾ ਸ਼ਬਦ ਘੜਦਾ
ਕੋਈ ਪੱਥਰ ਕੁੱਟਦਾ
ਹੋਇਆ ਤਦ ਸਾਨੂੰ ਗਿਆਨ
ਪਿਆਰ ਤਾਂ ਰੋਟੀ ਦੇ ਟੁਕੜੇ ਦੇ ਸਮਾਨ
ਜਿਸ ਬਿਨਾਂ ਆਵੇ ਨਾ ਰੱਜ
ਜੀਣ ਦਾ ਨਾ ਕੋਈ ਹੱਜ ।

19. ਅੱਗ ਦਾ ਫੁੱਲ

ਬਸਤਰ ਅੱਗ ਦੇ ਪਹਿਨ ਕੇ ਹੁਸਨ ਆਇਆ
ਸੁੰਞੀ ਭੋਂ ਨੂੰ ਇਸ਼ਕ ਨੇ ਰੰਗ ਲਾਇਆ
ਸਾਖਿਆਤ ਆਇਆ ਆਖਾਂ ਕਿੰਜ ਮਾਇਆ ।

ਅੱਖਾਂ ਵਿਚੋਂ ਸ਼ਰਾਬ ਦਾ ਨਸ਼ਾ ਡੁੱਲ੍ਹਿਆ
ਕਾਇਨਾਤ ਦਾ ਨਵਾਂ ਕੋਈ ਰਾਜ ਖੁਲ੍ਹਿਆ
ਰੰਗਾਂ ਵਿਚ ਸੁਗੰਧਾਂ ਦਾ ਰੱਸ ਘੁਲਿਆ

ਘੁੰਡ ਅੱਗ ਦਾ ਮੁਖੋਂ ਉਤਾਰੀਏ ਜੀ
"ਫੁੱਲ ਅੱਗ ਦੇ ਵਿਚ ਨਾ ਸਾੜੀਏ ਜੀ
ਲੰਬੇ ਘੁੰਡ ਵਾਲੀ ਰੜੇ ਮਾਰੀਏ ਜੀ ।''

ਖਿੜਿਆ ਅੱਗ ਦਾ ਫੁੱਲ ਉਜਾੜ ਵਿਚੋਂ
"ਦਾਣੇ ਨਿਕਲੇ ਹੁਸਨ ਅਨਾਰ ਵਿਚੋਂ
ਗੱਲਾਂ, ਰਾਗ ਜਿਉਂ ਜ਼ੈਲ ਦੀ ਤਾਰ ਵਿਚੋਂ ।"

ਲੂੰਬਾ ਅੱਗ ਦਾ ਸਾਡੇ ਦਵਾਰ ਆਇਆ
ਨਿੱਘਾ ਖ਼ੂਨ ਬਰੂਹਾਂ ਦੇ ਵੱਲ ਧਾਇਆ
ਫੇਰ ਇਸ਼ਕ ਨੇ ਹੁਸਨ ਨੂੰ ਖ਼ੈਰ ਪਾਇਆ ।

20. ਵੱਡ-ਕਹਾ

ਕਿਉਂ ਦਿੱਲੀ ਬਣੀ ਕਾਬਾ
ਅੱਜ ਸਾਰੇ ਵਤਨ ਦਾ ?
ਸਿਰ ਝੁਕਿਆ ਕਿਉਂ ਏਧਰ
ਮੋਮਨ ਤੇ ਬ੍ਰਹਮਣ ਦਾ ?

ਕਿਉਂ ਲੱਖਾਂ ਹੀ ਦਿਲ ਵਾਲੇ
ਵਲ ਦਿੱਲੀ ਤੁਰੇ ਨੇ ?
ਹਰ ਇਕ ਦਾ ਇਰਾਦਾ ਹੈ
ਅਜ ਹੱਜ ਕਰਨ ਦਾ ।

ਇਸ ਧਰਤ ਤੇ ਕਈ ਵਾਰੀ
ਸ਼ੱਕ ਹੂਣ ਛਤਰਧਾਰੀ
ਰਹੇ ਤੁਰਕ ਤੇ ਤਾਤਾਰੀ
ਗਲ ਘੁਟਦੇ ਅਮਨ ਦਾ ।

ਹਵਸਾਂ ਦਿਆਂ ਭੁੱਖਿਆਂ ਨੇ
ਇਕ ਦੂਜੇ ਦੀ ਰੱਤ ਡੋਲ੍ਹੀ
ਪਰ ਆਇਆ ਜਦੋਂ ਦੌਰਾ
ਮੁਗ਼ਲਾਂ ਦੇ ਦਮਨ ਦਾ ।

ਕਸ਼ਮੀਰ ਦਿਆਂ ਕੋਹਾਂ
ਤਕ ਪਹੁੰਚ ਗਏ ਛਿੱਟੇ
ਰਤਨਾਰ ਹੋਇਆ ਪਾਣੀ
ਗੰਗਾ ਤੇ ਜਮਨ ਦਾ ।

ਇਕ ਕਿਰਨ ਨੇ ਸੂਰਜ ਨੂੰ
ਵੰਗਾਰ ਤਦੋਂ ਪਾਈ,
ਗੁਰ ਸੂਰਮੇ ਨੂੰ ਚੜ੍ਹਿਆ
ਚਾਅ ਯੁੱਧ ਕਰਨ ਦਾ ।

ਸ਼ਾਹ ਸਮਝਿਆ ਹੈ ਉਸ ਨੇ
ਸਿਰ ਸੱਚ ਦਾ ਕਲਮ ਕੀਤਾ
ਪਰ ਕਿੱਲ ਸਗੋਂ ਘੜਿਆ
ਉਸ ਅਪਣੇ ਕਫ਼ਨ ਦਾ ।

ਸਿਰ ਆਪਣਾ ਦੇ ਦਿੱਤਾ
ਪਰ ਸਿਰੜ ਨਹੀਂ ਦਿੱਤਾ
ਮੁੱਲ ਤਾਰਿਆ ਸਤਿਗੁਰ ਨੇ
ਸਰਮਦ ਦੇ ਸੁਖ਼ਨ ਦਾ ।

"ਉਮਰੇਸਤ ਕਿ ਆਵਾਜ਼ਾ ਇ
ਮਨਸੂਰ ਕੁਹਨ ਸ਼ੁਦ,
ਮਨ ਅਜ ਸਰੇ ਨੇ ਜਲਵਾ
ਦਿਹਮ ਦਾਰੋ ਰਸਨ ਰਾ ।"

21. ਗੋਬਿੰਦ ਗੁਰੂ

ਭਾਰਤ ਦੇ ਉੱਤਰ ਪੱਛਮ ਵਿਚ
ਉੱਚੀਆਂ ਸਿਖਰਾਂ ਦੇ ਵਿਚ ਘਿਰੀ
ਇਕ ਟੁਕੜੀ ਪਾਵਨ ਧਰਤੀ ਦੀ
ਜਿੱਥੇ ਕਿਰਨਾਂ ਸੂਰਜ ਦੀਆਂ
ਸੱਤ ਸਿੰਙ ਪਹਾੜੀ ਸਿਖਰਾਂ ਦੇ
ਹਰ ਸ਼ਾਮ ਸਵੇਰੇ ਰੰਗਦੀਆਂ
ਜਿੱਥੇ ਪਰਕਿਰਤੀ ਸ਼ਾਂਤ-ਪਈ
ਉੱਤੇ ਲੈ ਚਾਦਰ ਬਰਫ਼ਾਂ ਦੀ
ਜਿੱਥੇ ਚਸ਼ਮੇ ਚੁੱਪ ਦੇ ਵਹਿੰਦੇ
ਤੇ ਹੇਮ ਕੁੰਡ ਜਿਸ ਨੂੰ ਕਹਿੰਦੇ
ਛੱਡ ਐਸੇ ਸ਼ਾਂਤ ਚੁਗਿਰਦੇ ਨੂੰ
ਰਣ-ਤੱਤੇ ਦੇ ਵਿਚ ਕੌਣ ਆਇਆ ?
ਗੋਬਿੰਦ ਗੁਰੂ ! ਗੋਬਿੰਦ ਗੁਰੂ !!

ਸੱਜੇ ਹੱਥ ਨੇਜ਼ਾ ਲੋਹੇ ਦਾ
ਜੋ ਚਿੰਨ੍ਹ ਵੱਜਰ ਤੇ ਰੋਹੇ ਦਾ
ਖੱਬੇ ਹੱਥ ਚਿੱਟਾ ਬਾਜ ਫੜੀ
ਜੋ ਹੈ ਪ੍ਰਤੀਕ ਬ੍ਰਿਹਸਪਤਿ ਦਾ
ਤੇ ਰਿਸ਼ੀਆਂ ਨੇ ਜਿਸ ਨੂੰ ਲਿਖਿਆ
ਵਿਚ ਰਿਗਵੇਦ ਦੇ 'ਗਾਯਤਰੀ' ।
ਪਹਿਨੀ ਨੀਲੇ ਰੰਗ ਦੇ ਬਸਤਰ
ਜਿਸ ਰੰਗ 'ਤੇ ਹੋਰ ਨਾ ਰੰਗ ਚੜ੍ਹੇ
ਜਗਮਗ ਕਰਦੇ ਸ਼ਸਤਰ ਅਸਤਰ
ਜੋ ਹਨ ਪ੍ਰਤੀਕ ਅਮਰਤਾ ਦੇ
ਮੋਢੇ ਬ੍ਰਹਿਮੰਡੀ ਧਨੁਸ਼ ਧਰੀ
ਭੱਥੇ ਕਿਰਨਾਂ ਦੇ ਬਾਣ ਭਰੀ
ਦਸਤਾਰ ਤੇ ਤੋੜਾ ਗਿਟੀਆਂ ਦਾ
ਤਨ ਤਾਰਿਆਂ ਦੀ ਸੰਜੋਅ ਜੜੀ
ਗਗਨਾਂ ਦੇ ਨੀਲੇ ਘੋੜੇ 'ਤੇ
ਪਾ ਚੰਨ ਦੀ ਕਾਠੀ ਕੌਣ ਆਇਆ ?
ਗੋਬਿੰਦ ਗੁਰੂ ! ਗੋਬਿੰਦ ਗੁਰੂ !!

ਜੇ ਪਿਤਾ ਹਿੰਦ ਦੀ ਚਾਦਰ ਸੀ
ਤਾਂ ਹਿੰਦ ਦੀ ਜਿੰਦ ਗੋਬਿੰਦ ਗੁਰੂ
ਮਿੱਤਰ ਗਣ ਲਈ ਬਿੰਦ ਅੰਮ੍ਰਿਤ ਦੀ
ਸ਼ਤਰੂ ਗਣ ਲਈ ਮਿਰਗਿੰਦ ਗੁਰੂ
ਰਣ ਤੱਤੇ ਦੇ ਵਿਚ ਵੱਜਰ ਨਿਰਾ
ਵਿਚ ਕੋਮਲਤਾ ਅਰਵਿੰਦ ਗੁਰੂ ।
ਦੂਤਾਂ ਲਈ ਸੂਈ ਦਾ ਨੱਕਾ
ਤੇ ਸੰਤਾਂ ਦੇ ਲਈ ਸਿੰਧ ਗੁਰੂ ।
ਸੰਤਾਂ ਮਾਨੋ ਦੂਤਾ ਡਾਨੋ
ਦਾ ਨਾਹਰਾ ਲਾ ਕੇ ਕੌਣ ਆਇਆ ?
ਗੋਬਿੰਦ ਗੁਰੂ ! ਗੋਬਿੰਦ ਗੁਰੂ !!

22. ਗੁਰੂਦੇਵ

ਹੇ ਗੁਰੂਦੇਵ ਮਹਾਨ
ਭਾਰਤੀਆਂ ਦਾ ਮਸਤਕ ਉੱਚਾ
ਕੀਤਾ ਵਿੱਚ ਜਹਾਨ ॥੧॥

ਭਾਵੇਂ ਹਿੰਦੁਸਤਾਨ
ਦੀ ਮਿੱਟੀ ਨੇ ਤੈਨੂੰ ਜਾਇਆ,
ਗੰਗਾ ਮਾਂ ਨੇ ਗੋਦ ਖਿਡਾਇਆ
ਹਿਮਆਲੇ ਸਿਰ ਛਤਰ ਝੁਲਾਇਆ,
ਪਰ ਤੂੰ ਲਿਆ ਪਛਾਣ-
ਸਭ ਦੁਨੀਆਂ ਮਾਨੁੱਖ ਦਾ ਘਰ ਹੈ,
ਜੀਆ ਜੰਤ ਸਾਂਝਾ ਟੱਬਰ ਹੈ,
ਰੰਗਾਂ ਵਰਣਾਂ ਦੇ ਸਭ ਝੇੜੇ
ਮਾਨੁੱਖ ਨੇ ਹਨ ਆਪ ਸਹੇੜੇ,
ਧਰਮ ਇਕ ਹੈ ਨਾਂ ਹਨ ਵਖਰੇ
ਨਿਰਾ ਭਰਮ ਹਿੱਸੇ ਤੇ ਬਖਰੇ,
ਕੂੜੇ ਦੇਸਾਂ ਦੇ ਹੱਦ ਬੰਨੇ
ਪਾਣੀ ਇਕ ਵੱਖੋ ਵਖ ਛੰਨੇ-
ਉੱਚਾ ਤੇਰਾ ਗਿਆਨ,
ਸੁੱਚਾ ਤੇਰਾ ਧਿਆਨ,
ਤਾਹੀਉਂ ਇਕ ਮਕਾਨੀ ਹੋ ਲੇ
ਤੂੰ ਹੈਂ ਲਾਮਕਾਨ ॥੨॥

ਹੇ ਗੁਰੂਦੇਵ ਮਹਾਨ
ਪਰਕਿਰਤੀ ਦੇ ਮੰਦਰ ਅੰਦਰ
ਤੱਕਿਆ ਤੂੰ ਭਗਵਾਨ

ਰਜ ਰਜ ਕੇ ਥਲ ਡੂੰਘਰ ਗਾਹੇ,
ਡੂੰਘੇ ਜੰਗਲਾਂ ਦੇ ਨ੍ਹੇਰੇ ਵਿਚ
ਵਾਂਗ ਜੁਗਨੂਆਂ ਦੀਪ ਜਗਾਏ,
ਝੀਲਾਂ ਨਦੀਆਂ ਦੇ ਚਿਹਰੇ ਵਿਚ
ਹੋਂਦ ਅਪਣੀ ਦੇ ਦੇਖੇ ਸਾਏ ।

ਕਿਉਂ ਅੰਬਰ ਧਰਤੀ ਨੂੰ ਚੁੰਮਣ ?
ਕਿਉਂ ਚੰਨ ਸ਼ਾਂਤ ਤੇ ਤਾਰੇ ਕੰਬਣ ?
ਕਿਉਂ ਗ੍ਰਹਿ ਗਿਰਦ ਗ੍ਰਹਿਆਂ ਦੇ ਘੁੰਮਣ ?
ਟਾਪੂ ਬਿਨਸਣ, ਝੀਲਾਂ ਜੰਮਣ ?
ਕਿਉਂ ਬੱਚਿਆਂ ਤੇ ਫੁੱਲਾਂ ਉਤੇ
ਇਕੋ ਜਿਹੀ ਮੁਸਕਾਨ ?
ਇਹ ਰਹੱਸ ਤੂੰ ਸਾਰੇ ਪਾਏ
ਦੀਰਘ ਦ੍ਰਿਸ਼ਟੀ ਨਾਲ ਤਕਾਏ
ਕਤਰੇ ਵਿਚ ਤੂਫ਼ਾਨ ।
ਜ਼ੱਰੇ ਵਿਚ ਜਹਾਨ ॥੩॥

ਹੇ ਗੁਰੂਦੇਵ ਮਹਾਨ
ਕੋਮਲ ਸੈਂ ਤੂੰ ਫੁੱਲ ਵਾਂਗਰਾਂ
ਕਰੜਾ ਵਾਂਗ ਚੱਟਾਨ ।
ਤੇਰਾ ਹਿੰਦੁਸਤਾਨ
ਸਾਮਰਾਜੀਆਂ ਜਦੋਂ ਝੁਕਾਇਆ
ਸਫ਼ ਕਰ ਪੈਰਾਂ ਹੇਠ ਵਿਛਾਇਆ,
ਗੱਡ ਆਪਣੀ ਤਿੱਖੀ ਨਹੁੰਦਰ
ਧੂਹ ਲਈ ਦਰਿਆਵਾਂ ਦੀ ਆਂਦਰ,
ਭੋਂ ਸਾਡੀ ਦੀ ਚਿੱਟੀ ਚਾਦਰ
ਹੱਥ ਪਾ ਕੇ ਕੀਤੀ ਬੇਆਦਰ,
ਹਿਮਆਲੇ ਦੀ ਧੌਲੀ ਦਾੜ੍ਹੀ
ਪੁੱਟ, ਜਲ੍ਹਿਆਂ ਵਾਲੇ ਵਿਚ ਸਾੜੀ,
ਤਦ ਤੇਰੀ ਗ਼ੈਰਤ ਚਿੰਘਾੜੀ
ਸ਼ੁਅਲਾ ਬਣ ਕੇ ਭਖੀ ਚਿੰਗਾੜੀ

ਖੌਲਿਆ ਲਹੂ ਬਲਵਾਨ
ਮੋੜ ਖ਼ਿਤਾਬ ਦਿਤੇ ਗੋਰੇ ਦੇ
ਨਿੱਤਰਿਆ ਵਿਚ ਮੈਦਾਨ
ਹੇ ਗੁਰੂਦੇਵ ਮਹਾਨ
ਕਿਉਂ ਨਾ ਮਾਣ ਕਰੇ ਤੇਰੇ 'ਤੇ
ਤੇਰਾ ਹਿੰਦੁਸਤਾਨ ॥੪॥

23. ਸੀਰਿੰਗ ਫੁੱਲਾਂ ਦੇ ਬਚਨ

ਅਜ ਪਰਭਾਤੀਂ
ਜਦੋਂ ਸਾਡੀ ਅੱਖ ਖੁਲ੍ਹੀ
ਕੀ ਦੇਖਦੇ ਹਾਂ ਕਿ ਲੈਨਿਨ
ਸਾਡਾ ਸਾਥੀ
ਸਾਡੇ ਨਾਲ ਨਹੀਂ ਜਾਗਿਆ ।

ਹੌਲੀ ਹੌਲੀ ਸਭ ਗੋਰਕੀ ਜਾਗ ਪਈ
ਲੀਪਾ ਬਿਰਛ, ਓਕ ਬਿਰਛ
ਸਭ ਜਾਗ ਉਠੇ ।

ਪੂਰਬ ਨੂੰ ਲੱਗਾ ਵੰਨ
ਕੇਸਰੀ ਪਟਕਾ ਬੰਨ੍ਹ
ਸੂਰਜ ਚੜ੍ਹ ਆਇਆ
ਘਟ ਗਿਆ ਬਿਰਛਾਂ ਦਾ ਸਾਇਆ
ਲੈਨਿਨ ਨਾ ਜਾਗਿਆ
ਨਾ ਬਾਹਰ ਆਇਆ ।

ਮਨੁੱਖ ਕਹਿੰਦਾ ਲੈਨਿਨ ਮਰਿਆ
ਲਾਲ ਪੱਥਰਾਂ ਦਾ ਇਕ ਬੁਤ ਉਸ ਘੜਿਆ
ਤੇ ਸਾਡੇ ਸਾਹਮਣੇ ਆ ਧਰਿਆ-
ਅੱਠਾਂ ਬੰਦਿਆਂ ਦੇ ਮੋਢਿਆਂ 'ਤੇ
ਲੈਨਿਨ ਦਾ ਸ਼ੱਵ
ਨਾ ਅਸੀਂ ਮੰਨੀਏਂ
ਨਾ ਸ਼ਸ਼ਿ ਨਾ ਰੱਵ ।
ਸਾਡੇ ਲਈ ਉਹ ਜੀਂਦਾ ਤੇ ਜਾਗਦਾ
ਸੱਤਾਂ ਸਮੁੰਦਰਾਂ
ਸੱਤਾਂ ਧਰਤੀਆਂ
ਤੇ ਸੱਤਾਂ ਅਸਮਾਨਾਂ 'ਤੇ
ਤਰਦਾ, ਤੁਰਦਾ ਤੇ ਉੱਡਦਾ
ਕਿਰਤੀਆਂ, ਮਿਹਨਤਕਸ਼ਾਂ
ਦੇ ਦਿਲਾਂ ਵਿਚ ਧੜਕਦਾ
ਸਾਮਰਾਜੀ ਅਡੰਬਰਾਂ 'ਤੇ
ਗੱਜਦਾ ਤੇ ਕੜਕਦਾ
ਇਕ ਹੱਥ ਫੁੱਲ
ਇਕ ਹੱਥ ਅੱਗ
ਦੇਖੇ ਪਿਆ ਜੱਗ ।

ਬੇਸ਼ੱਕ ਅਸਾਂ ਨਾਲੋਂ ਵਖਰੀ
ਮਨੁੱਖ ਦੀ ਸ੍ਰਿਸ਼ਟੀ ਤੇ ਦ੍ਰਿਸ਼ਟੀ ।
ਉਸ ਦੀ ਅਕਲ ਤੋਂ ਬਲਿਹਾਰ
ਅਜ ਉਸ ਕਰ ਦਿੱਤੀ ਹੈ ਵਾੜ
ਜਿਥੋਂ ਲੈਨਿਨ ਲੰਘਿਆ ਅੰਤਿਮ ਵਾਰ ।
ਆਖੇ-ਜਿਥੋਂ ਉਹ ਲੰਘਿਆ
ਹੋਰ ਕੋਈ ਨਾ ਲੰਘ ਸਕਦਾ ।

ਓ ਭੋਲੇ ਬਾਦਸ਼ਾਹ
ਲੈਨਿਨ ਮਹਾਨ ਦਾ ਰਾਹ
ਤਾਂ ਰਾਤ ਦਿਨੇ ਪਿਆ ਚਲਦਾ
ਨਿੱਤ ਨਵਾਂ ਕਾਫ਼ਲਾ ਰੱਲਦਾ ।
ਉਸ ਉਤੇ ਅੱਧੀ ਦੁਨੀਆਂ
ਪੈ ਚੁੱਕੀ ਹੈ,
ਤੇ ਅੱਧੀ ਪੈਣ ਵਾਲੀ ਹੈ ।

24. ਮਾਉ

ਪਹਾੜ ਡਿੱਗਾ ਹੈ-
ਦਰਿਆਵਾਂ ਨੇ ਵਹਿਣ ਬਦਲ ਲਏ ਹਨ
ਤੇ ਲੋਕਾਂ ਨੇ ਮਨ ।

ਸੂਰਜ ਤੇ ਚੰਨ
ਪਲ ਦੀ ਪਲ ਰੁਕ ਕੇ
ਫਿਰ ਤੁਰ ਪਏ ਹਨ ।
ਭੋਲਿਉ ਨਖਛਤਰੋ
ਕੁਝ ਤਾਂ ਹੋਰ ਰੁਕੋ ।

ਨਹੀਂ ! ਨਹੀਂ ! ਨਹੀਂ !
ਮਾਉ ਦੇ ਵਿਚਾਰਾਂ ਵਿਚ
ਸਦੀਵੀ ਇਨਕਲਾਬ ਲਈ ਹਾਂ ਤਾਂ ਹੈ
ਸਦੀਵੀ ਸੋਗ ਲਈ ਕੋਈ ਥਾਂ ਨਹੀਂ ।

25. ਪੁਲ

ਦੇਖੇ ਪੁਲ ਤਾਂ ਬੜੇ
ਦਰਿਆਵਾਂ ਤੇ ਖੜੇ
ਪਰ ਜੋ ਰੂਸ ਵਿਚ ਡਿੱਠਾ
ਉੱਚਾ, ਲੰਬਾ, ਸ਼ਾਨਦਾਰ
ਚਿੱਟੀਆਂ ਰਾਤਾਂ ਦਾ ਸ਼ਿੰਗਾਰ
ਲੈਨਿਨਗ੍ਰਾਡ ਦੀ ਬਹਾਰ
ਨਹੀਂ ਓਸ ਦਾ ਜਵਾਬ ।

ਨਹੀਂ ਸੀ ਪੁਲ ਉਹ ਸਧਾਰਨ
ਕਾਰੋਬਾਰੀ ਤੇ ਵਿਹਾਰੀ
ਸਗੋਂ ਬੜਾ ਹੀ ਵਚਿੱਤਰ
ਉੱਚੇ ਆਦਰਸ਼ ਵਾਲਾ
ਕੰਵਲ ਵਾਂਗਰਾਂ ਪਵਿੱਤਰ ।
ਇਕ ਨਦੀ 'ਤੇ ਨਾ ਬੱਝਾ
ਸਗੋਂ ਦੋਹਾਂ ਦੇ ਵਿਚਾਲੇ
ਸਤਲੁੱਜ ਦੇ ਉਛਾਲੇ
ਦੋਹਾਂ ਲੋਕਾਂ ਨੂੰ ਬੰਨ੍ਹਿਆ
ਵਿਚ ਇਕੋ ਕਲਾਵੇ ।

ਜਦੋਂ ਸਾਡਾ ਜਹਾਜ਼
ਪੁੱਜਾ ਲੈਨਿਨਗ੍ਰਾਡ
ਇਹ ਪੁਲ ਲਾਜਵਾਬ
ਬੇਹਿਜਾਬ, ਬੇਨਕਾਬ,
ਇਕ ਸੁਹਣਾ ਗੁਲਦਸਤਾ ਚੁਕੀ
ਲੈਣ ਸਾਨੂੰ ਆਇਆ
ਇਹ ਪੁਲ ਵਰੋਸਾਇਆ
ਹੈ ਨਤਾਸ਼ਾ ਤੋਲਸਤਾਇਆ ।

26. ਇਹ ਗੱਲ ਹੈ ਹੋਰ !

ਅਕਬਰ ਨੇ ਚੂਹੜੇ ਦਾ ਨਾਂ
ਹਲਾਲ ਖ਼ੋਰ ਰਖਿਆ ਸੀ
ਤੇ ਕੁਮਿਹਾਰ ਦਾ ਪਰਜਾ ਪੱਤ
ਇਹ ਸੀ ਇਕ ਇਤਿਹਾਸਕ ਸੱਤ

ਮੁਹੰਮਦ ਸ਼ਾਹ ਦਾ ਸੀ ਫ਼ਰਮਾਨ
ਮਹਿਲਾਂ ਵਿਚ ਹਾਰ ਨੂੰ 'ਫੁੱਲ-ਮਾਲ' ਕਹੋ
ਕਿਉਂਕਿ ਬਦਸ਼ਗਣਾ ਹੈ 'ਹਾਰ' ।
ਫਿਰ ਮੁਗ਼ਲ ਗਏ ਕਿਉਂ ਹਾਰ ?

ਅੱਜ ਦੀ ਸਰਕਾਰ
ਵੀ ਨਹੀਂ ਕੋਈ ਘਟ ਉਦਾਰ
ਉਹਨੇ ਵੀ ਕਿਸਾਨ ਨੂੰ ਕਿਹਾ ਹੈ
ਕ੍ਰਿਸ਼ੀ-ਨਾਇਕ
ਤੇ ਕੁਲੀ ਨੂੰ ਯਾਤਰੀ-ਸਹਾਇਕ
ਇਹ ਵੀ ਇਕ ਇਤਿਹਾਸਕ ਸੱਤ ।
ਉਠਿਆ ਚਿੱਟਾ ਸ਼ੋਰ
ਇਹ ਗੱਲ ਹੈ ਹੋਰ !

27. ਗ਼ਜ਼ਲਾਂ
1.

ਦੋ ਟੋਟੇ ਹੋ ਕੇ ਦਿਹੁੰ ਚੜ੍ਹਿਆ
ਦੋ ਟੋਟੇ ਹੋ ਕੇ ਸੰਝ ਪਾਈ ।
ਪਿਆ ਰੰਗਾਂ ਦਾ ਦਰਿਆ ਵਗਦਾ
ਪਰ ਘੁਟ ਭਰਨ ਦੀ ਖੁਲ੍ਹ ਨਹੀਂ ।

ਹੈ ਰੇਗਿਸਤਾਨ ਮੁਕਾ ਦਿਨ ਦਾ
ਹੱਦ ਚਿੱਟੀ ਸੁੰਞ ਦੀ ਖ਼ਤਮ ਹੋਈ ।
ਕਈ ਟੋਟਿਆਂ ਦੇ ਵਿਚ ਟੁੱਟ ਵਗਦੀ
ਲੰਘੀ ਨਾ ਜਾਵੇ ਰਾਤ-ਨਦੀ ।

ਆਕਾਸ਼ਾਂ ਦੇ ਚੰਦੋਏ ਤੋਂ
ਹੈ ਚੰਨ ਦਾ ਮਾਣਕ ਲਟਕ ਰਿਹਾ
ਪਰ ਦਿਲ ਦੇ ਘੋਰ ਹਨੇਰੇ ਵਿਚ
ਨਾ ਚਾਨਣ ਦੀ ਇਕ ਛਿੱਟ ਪਈ ।

ਮੂੰਹ ਜ਼ੋਰ ਸਮੇਂ ਦਾ ਕੀ ਕਰੀਏ
ਜਿਸ ਪਲਕ ਨਾ ਠੌਂਕਾ ਲਾਣ ਦਿਤਾ,
ਉਂਜ ਜੀਵਨ ਦੇ ਇਸ ਰੇਤੜ ਵਿਚ
ਆਏ ਨੇ ਨਖਲਿਸਤਾਨ ਕਈ ।

ਦੁਨੀਆਂ ਦਾ ਮੇਲਾ ਭਰ ਵਗਦਾ
ਕੋਈ ਅੰਤ ਹਿਸਾਬ ਨਹੀਂ ਝੱਗ ਦਾ,
ਪਰ ਦਿਲ ਦਾ ਮਹਿਰਮ ਨਹੀਂ ਲਭਦਾ
ਕੀ ਜਾਵੇ ਦਿਲ ਦੀ ਬਾਤ ਕਹੀ ।

ਰਹਿ ਗਈਆਂ ਉਂਗਲਾਂ ਅਕਲ ਦੀਆਂ
ਨਾ ਇਸ਼ਕੇ ਦੀ ਹੀ ਪੇਸ਼ ਗਈ ।
ਨਾ ਖੁਲ੍ਹਿਆ ਭੇਦ ਸ੍ਰਿਸ਼ਟੀ ਦਾ
ਨਾ ਸੱਜਨਾਂ ਦੇ ਮਨ ਗੰਢ ਪਈ ।

2.

ਹੋ ਜਾਂਦਾ ਕੀ ਜੇ ਯਾਰ ਨਾ
ਯਾਰੀ ਨੂੰ ਤੋੜਦਾ
ਦੋ ਚਾਰ ਤਾਰੇ ਹੋਰ ਮੈਂ
ਅਰਸ਼ੋਂ ਤਰੋੜਦਾ ।

ਹੋ ਜਾਂਦਾ ਕੀ ਜੇ ਮਨ ਦੀਆਂ
ਵਾਗਾਂ ਮੈਂ ਮੋੜਦਾ
ਢਾਹ ਕੇ ਦੋ ਚਾਰ ਬੁਤਕਦੇ
ਇਕ ਕਾਅਬਾ ਜੋੜਦਾ ।

ਹੋ ਜਾਂਦਾ ਕੀ ਜੇ ਰੰਗਾਂ
ਸੁਗੰਧਾਂ ਨੂੰ ਛੋੜਦਾ
ਇਕ ਲੋੜ ਨੂੰ ਤਿਆਗ
ਸੌ ਲੋੜਾਂ ਚਮੋੜਦਾ ।

ਇਕ ਵੀ ਨਜ਼ਾਰਾ ਮਿਲਿਆ ਨਾ
ਚੱਜ ਨਾਲ ਦੇਖਣਾ
ਤਿਰਖੇਰਾ ਵੇਗ ਹੋ ਗਿਆ
ਜੀਵਨ ਦੀ ਦੌੜ ਦਾ ।

ਪੜ੍ਹ ਲੈਂਦਾ ਉਸ ਦੇ ਮੱਥੇ ਤੋਂ
ਮੈਂ ਜ਼ਿੰਦਗੀ ਦਾ ਰਾਜ਼
ਜੇ ਕਾਹਲੀ ਨਾਲ ਵਕਤ ਨਾ
ਪਾਸਾ ਮਰੋੜਦਾ ।

ਡਿੱਠਾ, ਹਕੀਮ ਕੋਈ ਨਾ
ਜਿਹੜਾ ਕਰੇ ਇਲਾਜ
ਬਾਹਰ ਦੀ ਥੋਹੜ ਦਾ
ਅਤੇ ਅੰਦਰ ਦੀ ਸੌੜ ਦਾ ।

3.

ਪਿਆਲਾ ਹਵਸ ਦਾ ਜੇ ਹੈ
ਨਜ਼ਰ ਝੁਕਾ ਕੇ ਪਿਲਾ
ਪਿਆਲਾ ਇਸ਼ਕ ਦਾ ਜੇ ਹੈ
ਨਜ਼ਰ ਮਿਲਾ ਕੇ ਪਿਲਾ ।

ਪਿਆਲਾ ਪਿਆਰ ਦਾ ਮੰਗਿਆ
ਤੂੰ ਮਿਹਰ ਦਾ ਦਿੱਤਾ
ਅਜੇ ਮੈਂ ਹੋਸ਼ ਦੇ ਵਿਚ
ਸਾਕੀਆ ਵਟਾ ਕੇ ਪਿਲਾ ।

ਨਚਾਇਆ ਸਾਨੂੰ ਜ਼ਮਾਨੇ
ਨੇ ਉਂਗਲੀਆਂ 'ਤੇ ਬੜਾ
ਪਿਆਲਾ ਮਚਦਾ ਕੋਈ
ਹੱਥਾਂ 'ਤੇ ਨਚਾ ਕੇ ਪਿਲਾ ।

ਖ਼ੁਦਾਈ ਜਾਣੇ ਖ਼ੁਦਾ ਹੈ
ਕਿਧਰ ਨੂੰ ਜਾਣ ਲਗੀ
ਹਿਨਾਈ ਹੱਥਾਂ ਦੇ ਰੰਗ
ਨਾਲ ਰੰਗ ਮਿਚਾ ਕੇ ਪਿਲਾ ।

ਸੁਹਾਣੇ ਮੌਸਮਾਂ ਦੀ
ਹੋਰ ਉਡੀਕ ਕੌਣ ਕਰੇ
ਜੇ ਸੱਕਾ ਸਾਕੀ ਏਂ
ਬੇ-ਮੌਸਮੀ ਲਿਆ ਕੇ ਪਿਲਾ ।

ਪਿਆਲਾ ਟੁੱਟਣਾ ਅਖ਼ਰ
ਕਦੀ ਤਾਂ ਭੈੜਿਆ
ਸ਼ਰਾਬ ਮੁੱਕ ਜਾਣੀਂ
ਦਿਲ ਖੋਲ੍ਹ ਕੇ ਰਜਾ ਕੇ ਪਿਲਾ ।

4.

ਮੁੜ ਕੇ ਛਬੀ ਆਕਾਸ਼ਾਂ ਦੀ
ਮੈਂ ਹਰ ਸਕਦਾ ਹਾਂ
ਤਾਰਾ-ਮਣੀਆਂ ਹੁਸਨ ਦੇ ਪੈਰੀਂ
ਧਰ ਸਕਦਾ ਹਾਂ ।

ਢੋ ਕੇ ਛੱਤੀ ਭਾਰ ਮੈਂ ਫੇਰ
ਲਿਆ ਸਕਦਾ ਹਾਂ,
ਹੱਸ ਕੇ ਚੌਦਾਂ ਰਤਨ ਨਛਾਵਰ ਕਰ ਸਕਦਾ ਹਾਂ ।

ਫੇਰ ਸਮੇਂ ਨੂੰ ਕੀਲ ਕੇ ਇਕ ਥਾਂ
ਬੰਨ੍ਹ ਸਕਦਾ ਹਾਂ,
ਰਾਤ ਦਿਵਸ ਦੇ ਗੇੜੇ ਵਸ ਵਿਚ
ਕਰ ਸਕਦਾ ਹਾਂ ।

ਫਿਰ ਸੂਈ ਦੇ ਨੱਕੇ ਵਿਚੋਂ
ਲੰਘ ਸਕਦਾ ਹਾਂ,
ਫਿਰ ਗਿਰਿਵਰ ਨੂੰ ਨੱਖ ਦੇ ਉਤੇ
ਧਰ ਸਕਦਾ ਹਾਂ ।

ਕੀ ਹੋਇਆ ਇਕ ਵਾਰ ਜੇ ਮਰ ਕੇ
ਜੀ ਉਠਿਆ ਹਾਂ,
ਵਾਰ ਦੂਸਰੀ ਘੁਟ ਵਿਹੁ ਦਾ
ਭਰ ਸਕਦਾ ਹਾਂ ।

ਪ੍ਰੇਮ ਖੇਲਨ ਦਾ ਚਾਉ ਨਾ
ਕਿਧਰੇ ਨਜ਼ਰੀਂ ਆਵੇ,
ਨਹੀਂ ਤਾਂ ਮੁੜ ਕੇ ਸੀਸ ਤਲੀ 'ਤੇ
ਧਰ ਸਕਦਾ ਹਾਂ ।

ਸਭ ਜੱਗ ਡਿੱਠਾ ਹੰਢ
ਨਾ ਡਿੱਠਾ ਤੈਂ ਵੱਡ ਕੋਈ
ਨਹੀਂ ਤਾਂ ਮੁੜ ਦਰਿਆ
ਅਗਨ ਦਾ ਤਰ ਸਕਦਾ ਹਾਂ ।

5.

ਯਾਦਾਂ ਅਸਾਂ ਹਜ਼ਾਰ
ਵਲ ਸੱਜਣਾਂ ਦੇ ਤੋਰੀਆਂ
ਉਸ ਮਾਣ-ਮੱਤੇ ਪਰ
ਉਨ੍ਹੀਂ ਪੈਰੀਂ ਹੀ ਮੋੜੀਆਂ ।

ਮਿੱਟੀ ਦੇ ਵਿਚ ਖ਼ੁਦਾਵੰਦਾ
ਭਰਿਆ ਤੂੰ ਕੀ ਨਸ਼ਾ ?
ਧਰਤੀ ਦੇ ਨਾਲੋਂ ਜਾਣ ਨਾ
ਪਕੜਾਂ ਤਰੋੜੀਆਂ ।

ਪੀੜਾ ਮਿਲਣ ਦੀ ਤਿੱਖੀ
ਵਿਛੋੜੇ ਦੀ ਪੀੜ ਤੋਂ
ਪਰ ਦਿਲ ਨਾ ਹਟਦਾ ਮੰਗਣੋਂ
ਇਹ ਪੀੜਾਂ ਦੋਹਰੀਆਂ ।

ਇਹ ਜ਼ਿੰਦਗੀ ਹੈ ਸ਼ਹਿਦ ਦੇ
ਛੱਤੇ ਦੇ ਵਾਂਗਰਾਂ
ਕੁਝ ਬੂੰਦਾਂ ਮਿੱਠੀਆਂ ਅਤੇ
ਕੁਝ ਟੀਸਾਂ ਕੌੜੀਆਂ ।

ਦੋ ਹਰਫ਼ੀ ਦਾਸਤਾਨ ਹੈ
ਅਪਣੇ ਸ਼ਬਾਬ ਦੀ
ਦੋ ਚਾਰ ਯਾਰੀਆਂ ਅਤੇ
ਦੋ ਚਾਰ ਚੋਰੀਆਂ ।

6.

ਰਹਿਣਗੇ ਖੁੱਲ੍ਹੇ ਕਦੋਂ ਤਕ ਦਰ ਮਿਰੇ
ਕਦੋਂ ਤਕ ਪਰਚਾਣਗੇ ਵਾਹਦੇ ਨਿਰੇ ।

ਆ ਮਚਾਈਏ ਜਿੰਦ ਜਿਉਂ ਸੁਲਫ਼ੇ ਦੀ ਲਾਟ
ਹੋ ਕੇ ਨੀਵੇਂ ਕਾਲੇ ਸ਼ਾਹ ਬੱਦਲ ਘਿਰੇ ।

ਆਪ ਪਕੜੀਏ ਰੱਲ ਕੇ ਇਕ ਮਘਦਾ ਛਿਨ
ਉਮਰ ਦੇ ਕੋਹਲੂ ਵਿਚ ਕਾਫ਼ੀ ਪਿੜੇ ।

ਮੂੰਹ ਲਗਾ ਕੇ ਮੱਟ ਨੂੰ ਅੱਜ ਪੀਣ ਦੇ
ਤੁਪਕਿਆਂ ਦੇ ਨਾਲ ਨਾ ਦਾਰੂ ਖਿੜੇ ।

ਪੱਕਿਆਂ ਮੇਲਾਂ ਵਿਚ ਨਾ ਉਹ ਮਜ਼ਾ
ਜੋ ਮਜ਼ਾ ਦੇਂਦੇ ਨੇ ਮੇਲੇ ਥੁੜ-ਚਿਰੇ ।

ਬਹਿ ਕੇ ਮੇਰੇ ਕੋਲ ਭਾਵੇਂ ਕੁਝ ਨਾ ਬੋਲ
ਇਕ ਹੰਝੂ ਡੋਲ੍ਹ ਲੱਗੇ ਗਲ ਸਿਰੇ ।

ਹੋਣ ਦਰਸ਼ਨ ਇਸ਼ਕ ਨੂੰ ਬ੍ਰਹਿਮੰਡ ਦੇ
ਹੁਸਨ ਦੇ ਅੱਖੋਂ ਜੇ ਇਕ ਹੰਝੂ ਕਿਰੇ ।

ਕਹੀਏ ਕੀ ਯਾਰੋ ਉਨ੍ਹਾਂ ਦੀ ਅਕਲ ਨੂੰ,
ਸਰ-ਫ਼ਰੋਸ਼ਾਂ ਨੂੰ ਜੋ ਕਹਿੰਦੇ ਸਿਰ-ਫਿਰੇ ।

7.

ਛਡੋ ਅੰਬਰਾਂ ਨੂੰ ਟਾਕੀ ਲਾਣ ਦੀ ਗੱਲ
ਕਰੋ ਕੋਈ ਧਰਤ ਦੀ ਕਲਿਆਨ ਦੀ ਗੱਲ ।

ਨਾ ਇਕ ਵੀ ਛਿਣ ਗਿਆ ਚਜ ਨਾਲ ਫੜਿਆ
ਕਰੋ ਸਮਿਆਂ ਦੇ ਉੱਤੇ ਛਾਣ ਦੀ ਗੱਲ ।

ਜੇ ਚਾਹੋ ਗਲ ਪਵੇ ਸੂਰਜ ਦੇ ਟੁਟ ਕੇ
ਕਰੋ ਜ਼ੱਰੇ ਦਾ ਦਿਲ ਧੜਕਾਣ ਦੀ ਗੱਲ ।

ਨਹੀਂ ਸੀ ਗ਼ਲਤ ਅੰਨ ਆਦਮ ਦਾ ਖਾਣਾ
ਜੇ ਹੁੰਦੀ ਗ਼ਲਤ ਨਾ ਵਰਤਾਣ ਦੀ ਗੱਲ ।

ਫ਼ਰਿਸ਼ਤੇ ਦਰਜਿਆਂ ਵਿਚ ਵੰਡਦਾ ਨਾ
ਜੇ ਰਬ, ਚਲਦੀ ਨਾ ਫਿਰ ਸ਼ੈਤਾਨ ਦੀ ਗੱਲ ।

ਮੁਹੱਬਤ ਜ਼ਿੰਦਗੀ ਦਾ ਨਾਂ ਵੀ ਹੈ,
ਮੁਹੱਬਤ ਨਾ ਨਿਰੀ ਗ਼ਮ ਖਾਣ ਦੀ ਗੱਲ ।

ਮੁਹੱਬਤ ਤੋਂ ਨਾ ਵੱਡਾ ਕੋਈ ਸ਼ਸਤਰ
ਮਗਰ ਸੁਲਤਾਨਾਂ ਨੂੰ ਸਮਝਾਣ ਦੀ ਗੱਲ ।

ਪੁਚਾਵੇ ਰਾਹ ਆਪੇ ਮੰਜ਼ਲਾਂ 'ਤੇ
ਪਰ ਔਖੀ ਰਾਹ ਦੀ ਪਹਿਚਾਣ ਦੀ ਗੱਲ ।

ਚਲੋ ਮੈਖ਼ਾਨੇ, ਖ਼ਬਰੇ ਔਹੜ ਜਾਵੇ
ਦੋ ਘੁਟ ਪੀ ਕੇ ਸਮੇਂ ਦੇ ਹਾਣ ਦੀ ਗੱਲ ।

8.

ਕਿਸੇ ਦੀ ਤੱਕਣੀ 'ਤੇ
ਅਜ ਫਿਰ ਮਰਨ ਨੂੰ ਜੀ ਕਰਦਾ ।
ਕਿਸੇ ਦੇ ਨੈਣਾਂ ਦੀ ਜੂਹ
ਵਿਚ ਚਰਨ ਨੂੰ ਜੀ ਕਰਦਾ ।

ਕਿਸੇ ਦਾ ਰੂਪ ਹੈ ਮੁੜ
ਦਮਕਿਆ ਪਹਾਰੇ ਵਾਂਗ
ਹੈ ਫੇਰ ਜਿੰਦ ਨੂੰ ਗਹਿਣੇ
ਧਰਨ ਨੂੰ ਜੀ ਕਰਦਾ ।

ਹੈ ਜਿੰਦ ਲੋਚਦੀ
ਘੁਲ ਜਾਣਾ ਫਿਰ ਪਤਾਸੇ ਵਾਂਗ,
ਹੈ ਢਿਗ ਦਾ ਡਿਗ ਕੇ ਨਦੀ
ਵਿਚ ਖਰਨ ਨੂੰ ਜੀ ਕਰਦਾ ।

ਤੂੰ ਭਾਵੇਂ ਅੱਖਾਂ 'ਤੇ ਚਾ
ਭਾਵੇਂ ਉੱਤੋਂ ਦੀ ਲੰਘ ਜਾ,
ਹੈ ਤੇਰੇ ਕਦਮਾਂ 'ਤੇ ਖਿੜ ਕੇ
ਝੜਨ ਨੂੰ ਜੀ ਕਰਦਾ ।

ਸਿਆਹ ਜ਼ੁਲਫ਼ਾਂ ਦੇ ਪਿੱਛੋਂ
ਜਵਾਨ ਹਾਸਾ ਹੱਸ,
ਹਨੇਰੇ ਵਿਚ ਟਟਹਿਣੇ
ਫੜਨ ਨੂੰ ਜੀ ਕਰਦਾ ।

ਨਾ ਸਾਡੀ ਤਲਬ ਦੇ ਹਾਣੀ
ਇਹ ਹਾੜੇ, ਪੈਮਾਨੇ,
ਮੂੰਹ ਲਾ ਸੁਰਾਹੀ ਨੂੰ ਅੱਜ
ਘੁਟ ਭਰਨ ਨੂੰ ਜੀ ਕਰਦਾ ।

ਜਾਂ ਸਾਨੂੰ ਅਪਣਾ ਬਣਾ
ਜਾਂ ਜਗਤ ਦੇ ਲੇਖੇ ਲਾ,
ਦੁਚਿੱਤੀ ਛੱਡ ਕੇ ਅੱਜ
ਕੁਝ ਕਰਨ ਨੂੰ ਜੀ ਕਰਦਾ ।

ਜ਼ੁਲਮ ਜੋ ਭਾਰੂ ਤੇ ਮਾਰੂ
ਹੈ ਤੇਜ਼ ਦੇਹ ਦਾਰੂ
ਜ਼ੁਲਮ ਦੇ ਸਾਹਮਣੇ ਹੈ
ਅੱਜ ਅੜਨ ਨੂੰ ਜੀ ਕਰਦਾ ।

ਬਿਸ਼ੱਕ ਸਾਨੂੰ ਵੀ ਰੱਬ
ਸੁਰਗਾਂ ਵਿਚੋਂ ਕੱਢ ਦੇਵੇ,
ਪਰ ਉਸ ਦੀ ਦੁਨੀਆਂ ਨੂੰ
ਭੰਨ ਕੇ ਘੜਨ ਨੂੰ ਜੀ ਕਰਦਾ ।

9.

ਮਟ ਦਾਰੂ ਦਾ ਸਿਰ 'ਤੇ ਚਾਈ
ਘਟ ਨੀਲੀ ਅੰਬਰਾਂ 'ਤੇ ਛਾਈ ।

ਨੱਚੇ ਨਸ਼ੇ ਧਰਤ ਦੇ ਹੋਠੀਂ,
ਟੇਢੀ ਹੋਈ ਗਗਨ ਸੁਰਾਹੀ ।

ਰੰਗ ਬੱਦਲਾਂ ਦੇ ਕਾਲਿਉਂ ਊਦੇ,
ਊਦਿਉਂ ਹੁੰਦੇ ਗਏ ਕਪਾਹੀ ।

ਵਾਂਗ ਕਟਾਰੀ ਵੱਗੀ ਬਿਜਲੀ,
ਫਾਕ ਮੇਘਲੇ ਦੀ ਉਸ ਲਾਹੀ ।

ਰਾਹਾਂ 'ਚੋਂ ਖੁਸ਼ਬੂ ਪਈ ਆਵੇ,
ਭਾਵੇਂ ਯਾਦ ਸਜਣ ਦੀ ਆਈ ।

10.

ਰਾਹੋਂ ਕਰਾਹੇ ਪਾ ਸਕੇ
ਸਾਨੂੰ ਸ਼ੈਤਾਨ ਨਾ,
ਖ਼ੁਦ ਯਾਰਾਂ ਦਾ ਜੇ ਰਾਹ ਵਿਚ
ਡੋਲੇ ਈਮਾਨ ਨਾ ।

ਆਪਸ 'ਚ ਹੋਣ ਲਗ ਪਏ
ਜਦ ਸੂਰਜਾਂ ਦਾ ਭੇੜ,
ਕਿਉਂ ਤਾਰਿਆਂ ਦਾ ਕਾਫ਼ਲਾ
ਹੋਵੇ ਹੈਰਾਨ ਨਾ ।

ਜਦ ਮੇਕਾਈਲ ਝਪਟ ਪਏ
ਜਬਰਾਈਲ 'ਤੇ
ਵਰਕੇ ਵਹੀ ਦੇ ਰੁਲਣ ਕਿਉਂ
ਵਿਚ ਆਸਮਾਨ ਨਾ ।

ਕਹਿੰਦੇ ਸੀ ਜਿਹੜੇ ਜੀਆਂਗੇ
ਨਾਲੇ, ਮਰਾਂਗੇ ਨਾਲ,
ਅਫਸੋਸ ਪੂਰੇ ਕਰ ਸਕੇ
ਅਹਿਦੋ ਪੈਮਾਨ ਨਾ ।

ਹੋ ਜਾਉ ਕੱਠੇ ਸਾਥੀਉ
ਤੂਫ਼ਾਨੀ ਰਾਤ ਵਿਚ
ਬਣ ਜਾਏ ਢੇਰ ਰਾਖ ਦਾ,
ਰੱਬ ਦਾ ਜਹਾਨ ਨਾ ।

11.

ਮੁਕਿਆ ਹਨੇਰਾ ਪਰ ਅਜੇ
ਬਾਕੀ ਹਨੇਰ ਹੈ ।
ਘਸਮੈਲਾ ਚਾਨਣਾ ਅਤੇ
ਤਿੜਕੀ ਸਵੇਰ ਹੈ ।

ਮੁੱਲਾਂ ਜੀ ਕੁੱਟੀ ਜਾਉ ਕਿਉਂ
ਈਦੁਲਫ਼ਿਤਰ ਦੀ ਭੇਹਰ,
ਕਿਸ ਨਾਲ ਰੋਜ਼ਾ ਖੋਹਲੀਏ
ਖਾਲੀ ਚੰਗੇਰ ਹੈ ?

ਭੂ-ਦਾਨ ਕਰਦਾ ਵੱਟੇ ਵਿਚ
ਸ੍ਰਮ-ਦਾਨ ਮੰਗਦਾ,
ਬਨੀਏ ਸਮਾਜ ਦਾ ਕਿਹਾ
ਖ਼ਚਰਾ ਗਵੇੜ ਹੈ ।

ਝੂਠੇ ਸਮਾਜਵਾਦ 'ਤੇ
ਭੁੱਲਿਉ ਨਾ ਸਾਥੀਉ,
ਜਿਊਂਦਾ ਬਦਲ ਕੇ ਭੇਸ
ਅਜੇ ਤਕ ਕੁਬੇਰ ਹੈ ।

ਦੇ ਦੇ ਕੇ ਦਸਤਕਾਂ ਕਈ
ਮੈਖ਼ਾਰ ਮੁੜ ਗਏ,
ਠੇਕਾ ਖੁਲ੍ਹਣ 'ਚ ਸਾਕੀਆ
ਕਿਤਨੀ ਕੁ ਦੇਰ ਹੈ ।

12.

ਭਾਵੇਂ ਮੇਰੇ ਅੰਦਰ ਸੂਰਜ ਚੰਦ ਸੀ,
ਫ਼ਿਰ ਵੀ ਬੜਾ ਹਨੇਰਾ ਜੀਵਨ ਪੰਧ ਸੀ ।

ਜਿਧਰ ਕਦਮ ਵਧਾਏ ਉੱਧਰ ਕੰਧ ਸੀ,
ਜੋ ਬੂਹਾ ਖੜਕਾਇਆ ਉਹੀਉ ਬੰਦ ਸੀ ।

ਮੁਅਤਦਿਲ ਮੌਸਮ ਦਾ ਮੂੰਹ ਨਹੀਂ ਦੇਖਿਆ,
ਜਾਂ ਕਹਿਰਾਂ ਦੀ ਗਰਮੀ ਸੀ, ਜਾਂ ਠੰਢ ਸੀ ।

ਜਿਹੜੇ ਵੀ ਰੰਗਲੇ ਖਿੱਦੋ ਨੂੰ ਫੋਲਿਆ
ਉਸ ਦੇ ਅੰਦਰ ਭਰਿਆ ਗੁੱਦੜ ਗੰਦ ਸੀ ।

ਇਕ ਹੱਥ ਅਪਣਾ ਸਿੱਲ ਦੇ ਥੱਲੇ ਹੀ ਰਿਹਾ,
ਦੂਜੇ ਹੱਥ ਵਿਚ ਲੱਖ ਤਰ੍ਹਾਂ ਦਾ ਧੰਦ ਸੀ ।

ਸ਼ਸਤਰਬਧ ਪ੍ਰਬੰਧ ਨਾਲ ਕਿੰਜ ਜੂਝਦੇ ?
ਸਾਡੇ ਕੋਲ ਤਾਂ ਇਕੋ ਸ਼ਸਤਰ-ਛੰਦ ਸੀ ।

ਇਕ ਦਿਲ ਸੀ ਆਜ਼ਾਦ ਮੱਤਾ ਮਾਣ ਦਾ,
ਉਹ ਵੀ ਕੀਤੇ ਕੌਲਾਂ ਦਾ ਪਾਬੰਦ ਸੀ ।

ਆਖ਼ਰ ਤੀਕਰ ਪਿਆਰ ਨਿਭਾ ਕੇ ਦਸਿਆ,
ਭਾਵੇਂ ਇਹ ਇਕ ਹਿਲਦਾ, ਦੁਖਦਾ ਦੰਦ ਸੀ ।

ਪੁੱਛਣ ਬੇਲੀ ਲੋੜ ਕੀ ਸੀ ਇਸ ਹਿੰਡ ਦੀ,
ਕੀ ਕਰਦੇ, ਉਹ ਜ਼ਾਲਮ ਬੜਾ ਪਸੰਦ ਸੀ ।

13.

ਰੁਕਦਾ ਨਹੀਂ ਸਮਾਂ, ਚਲੋ
ਕੁਝ ਚਿਰ ਤਾਂ ਰੁਕ ਗਿਆ
ਮੁਕਦਾ ਹਰੇਕ ਖ਼ਾਬ, ਇਹ
ਕੁਝ ਪਹਿਲਾਂ ਮੁਕ ਗਿਆ ।

ਧਰਤੀ ਦੇ ਹੇਠ ਚਲ ਰਹੇ
ਦਰਿਆ ਅਜੇ ਕਈ,
ਕੀ ਗੱਲ ਜੇ ਧਰਤ ਉਪਰਲਾ
ਦਰਿਆ ਹੈ ਸੁਕ ਗਿਆ ?

ਲਟ ਲਟ ਹੈ ਦੀਵਾ ਬਲ ਰਿਹਾ
ਦਿਲ ਦਾ ਅਜੇ ਉਵੇਂ,
ਕਿਹੜਾ ਹਨੇਰ ਚੰਨ ਜੇ
ਬਦਲੀ 'ਚ ਲੁਕ ਗਿਆ ।

ਖਾਲੀ ਨਾ ਸਾਨੂੰ ਮੋੜਿਆ
ਉਸ ਜਾਂਦੀ ਵਾਰ ਵੀ
ਅਪਣੇ ਗ਼ਮਾਂ ਦੇ ਨਾਲ ਉਹ
ਭਰ ਸਾਡੀ ਬੁਕ ਗਿਆ ।

ਚੰਗੇ ਸਾਂ ਕੈਦੀ ਛਡਿਆ
ਪਹਿਲਾਂ ਮਿਆਦ ਤੋਂ,
ਸ਼ੁਕਰਾਨੇ ਨਾਲ ਇਸ ਲਈ
ਸਿਰ ਸਾਡਾ ਝੁਕ ਗਿਆ ।

14.

ਰਕੀਬਾਂ ਨੂੰ ਪਸੰਦ ਬਿਲਕੁਲ ਨਾ ਆਈ
ਅਸਾਡੀ ਬੇਨਿਆਜ਼ੀ ਕੱਜ-ਕੁਲਾਹੀ ।

ਗੁਲਾਮਾਨਾ ਸੁਭਾ ਹੋਵੇ ਜਿਨ੍ਹਾਂ ਦਾ
ਜਰਾ ਟੇਢੇ ਚਲੋ ਆਖਣ ਕੁਰਾਹੀ ।

ਕਦੇ ਜੇ ਹੱਕ ਦਾ ਨਾਅਰਾ ਲਾਉ, ਕਹਿੰਦੇ
ਕੀ ਜਾਣੇ ਇਹ ਹਕੀਕਤ ਨੂੰ ਸ਼ੁਦਾਈ ।

ਇਕੱਲਤਾ, ਦੁਬਿਧਾ, ਚਿੰਤਾ ਤੇ ਨਿਰਾਸਾ
ਅਤੇ ਸਵੈ ਤਰਸ ਨੂੰ ਸਮਝਣ ਸਚਾਈ ।

ਜੇ ਛੇੜੋ ਠੇਕੇ 'ਤੇ ਦਾਰੂ ਦਾ ਕਿੱਸਾ
ਬਿਨਾ ਸੋਚੇ ਮਚਾ ਦੇਵਣ ਦੁਹਾਈ ।

ਮਘਾਵੇ ਜਿਦ ਨਾ ਕਾਹਦਾ ਪਿਆਲਾ
ਬਣਾਵੇ ਰਿੰਦ ਨਾ ਕਾਹਦੀ ਸੁਰਾਹੀ ?

ਕਲਾ ਨਾ ਨੱਚਣਾ ਰੱਸੇ ਦੇ ਉੱਤੇ
ਕਲਾ ਨਾ ਨਿਪਟ ਸ਼ਬਦਾਂ ਦੀ ਕਤਾਈ ।

ਕਲਾ ਇਕ ਯਾਤਰਾ ਹੈ ਨਿੱਜ ਤੋਂ ਪਰ ਵਲ
ਵਿਸ਼ਾ ਇਸ ਦਾ ਹੈ ਸਾਰੀ ਹੀ ਖ਼ੁਦਾਈ ।

ਕਲਾ ਹੈ ਡੁੱਬ ਕੇ ਲਹੂ ਵਿਚ ਲਿਖਣਾ
ਕਵੀ ਜਿਸ ਜਾਨ ਭਾਰੇ ਵਿਚ ਤਪਾਈ ।

ਅਸਾਡੇ ਸੱਚ ਨੂੰ ਫਿਰ ਵੀ ਕੂੜ ਆਖਣ
ਤੇ ਅਪਣੇ ਕੂੜ ਨੂੰ ਸਮਝਣ ਸਚਾਈ ।

ਅਸਾਂ ਕੀਤਾ ਸਵਾਹ ਨਾ ਕੋਈ ਲਸ਼ਕਰ
ਨਾ ਬਖਸ਼ੀ ਕੀੜਿਆਂ ਨੂੰ ਪਾਤਸ਼ਾਹੀ ।

ਕਿਹਾ ਬਸ ਕੂੜ ਰਾਜਾ ਸਚ ਪਰਜਾ
ਤਾਂ ਕੀਤੀ ਫਰਜ਼ ਤੋਂ ਕਿਹੜੀ ਕੁਤਾਹੀ ?

ਲਈ ਪੜ੍ਹ ਲਿਖਤ ਕੰਧ 'ਤੇ ਬਾਦਸ਼ਾਹਾਂ
ਨਾ ਪਿਛਲ-ਪੈਰਿਆਂ ਨੂੰ ਨਾ ਸਮਝ ਆਈ ।

੨੮. ਗੀਤ
1.

ਪਰੀਏ ਨੀ ਪਰੀਏ
ਉਮਰਾਂ ਦੇ ਪੁਲਾਂ ਹੇਠੋਂ ਲੰਘ ਗਿਆ ਪਾਣੀ
ਰੇਤੜ ਵਿਚ ਕਿੰਜ ਤਰੀਏ ?

ਪਰੀਏ ਨੀ ਪਰੀਏ
ਨਾਲ ਪਾਵੇ ਜਦ ਕਾਲ ਸੀ ਬੰਨ੍ਹਿਆ
ਉਹ ਘੜੀਆਂ ਕਿੰਜ ਫੜੀਏ ?

ਪਰੀਏ ਨੀ ਪਰੀਏ
ਗਗਨਾਂ ਦੇ ਘੋੜੇ 'ਤੇ ਚੰਨ ਦੀ ਕਾਠੀ
ਪਾ ਕਿੱਦਾਂ ਮੁੜ ਚੜ੍ਹੀਏ ?

ਪਰੀਏ ਨੀ ਪਰੀਏ
ਤਰੁੰਡ ਅਕਾਸ਼ਾਂ ਦੇ ਛਬਿਉਂ ਛਬੀਆਂ
ਪੈਰ ਤੇਰੇ ਕਿੰਜ ਧਰੀਏ ?

ਪਰੀਏ ਨੀ ਪਰੀਏ
ਦੁੱਧਾ ਥਣੀਂ ਨਾ ਆਵੇ ਮੁੜ ਕੇ
ਜੇ ਲੱਖ ਹੀਲਾ ਕਰੀਏ ?

ਪਰੀਏ ਨੀ ਪਰੀਏ
ਖਾਲੀ ਸੁਰਾਹੀ ਤੇ ਸਖਣੇ ਪਿਆਲੇ
ਘੁਟ ਕਿੰਜ ਨਸ਼ਿਆਂ ਦਾ ਭਰੀਏ ?

ਪਰੀਏ ਨੀ ਪਰੀਏ
ਗੁੜ ਹੋਵੇ ਤਾਂ ਵੰਡ ਮੁਕਾਈਏ
ਦਰਦਾਂ ਦਾ ਕੀ ਕਰੀਏ ?

2.

ਕਾਲੀਆਂ, ਨੀਲੀਆਂ ਅਤੇ ਊਦੀਆਂ
ਝੂਮ ਘਟਾਵਾਂ ਆਈਆਂ ਵੇ,
ਧਰਤੀ ਰੱਜੀ ਅਸੀਂ ਪਿਆਸੇ,
ਤੇਰੀਆਂ ਬੇਪਰਵਾਹੀਆਂ ਵੇ,
ਕਾਲੀਆਂ, ਨੀਲੀਆਂ ...

ਬਾਜਰਿਆਂ ਨੂੰ ਪੈ ਗਿਆ ਦਾਣਾ
ਰਸਿਆ ਅੰਬ ਪੱਕਿਆ ਹਦਵਾਣਾ
ਚਰੀਆਂ ਰੰਗ ਜ਼ੰਗਾਰੀ ਫੜਿਆ
ਤੂੰ ਨਾ ਵਟੀਆਂ ਵਾਹੀਆਂ ਵੇ,
ਕਾਲੀਆਂ, ਨੀਲੀਆਂ ...

ਭਰ ਕੇ ਉਛਲੇ ਨਦੀਆਂ ਨਾਲੇ
ਭੋਂ ਤੋਂ ਮੀਂਹ ਨਾ ਜਾਣ ਸੰਭਾਲੇ
ਘਾਹਾਂ ਨੇ ਹਨ ਰਸਤੇ ਕੱਜੇ
ਰਾਹ ਭੁੱਲ ਗਏ ਰਾਹੀਆਂ ਵੇ,
ਕਾਲੀਆਂ, ਨੀਲੀਆਂ ...

ਧੁੱਪਾਂ ਦੇ ਗਲ ਛਾਵਾਂ ਲਗੀਆਂ
ਪਾਣੀਆਂ ਗਲ ਹਵਾਵਾਂ ਲਗੀਆਂ
ਧਰਤੀ ਦੇ ਗਲ ਅੰਬਰ ਲਗੇ
ਸਖਣੀਆਂ ਸਾਡੀਆਂ ਬਾਹੀਆਂ ਵੇ,
ਕਾਲੀਆਂ, ਨੀਲੀਆਂ ...

ਨਿੱਕੀਆਂ ਨਿੱਕੀਆਂ ਪੈਣ ਫੁਹਾਰਾਂ
ਧਰਤੀ ਆਈ ਵਿਚ ਨਿਖਾਰਾਂ
ਛੰਭਾਂ ਉਤੇ ਕਮੀਆਂ ਤਰੀਆਂ
ਤੂੰ ਨਾ ਵਟੀਆਂ ਵਾਹੀਆਂ ਵੇ,
ਕਾਲੀਆਂ, ਨੀਲੀਆਂ ...

ਮਟ ਦਾਰੂ ਦੇ ਮੇਘਾਂ ਡੋਹਲੇ
ਮੈਖ਼ਾਨੇ ਦੇ ਬੂਹੇ ਖੋਹਲੇ
ਐਪਰ ਸੁੱਕੇ ਬੁੱਲ੍ਹ ਅਸਾਡੇ
ਸਖਣੀਆਂ ਜਾਮ ਸੁਰਾਹੀਆਂ ਵੇ,
ਕਾਲੀਆਂ, ਨੀਲੀਆਂ ...

ਮੇਘਾਂ ਬਿਜਲੀ ਲਈ ਕਲਾਵੇ
ਚਾਨਣ ਨ੍ਹੇਰੇ ਨੂੰ ਗਲ ਲਾਵੇ
ਐਪਰ ਸਾਡੀ ਜਿੰਦ ਇਕਲੀ
ਤੇਰੀਆਂ ਬੇਪਰਵਾਹੀਆਂ ਵੇ,
ਕਾਲੀਆਂ, ਨੀਲੀਆਂ ...

3.

ਬਹੁਤੀ ਬੀਤ ਗਈ ਵਾਅਦਿਆਂ ਤੇ ਲਾਰਿਆਂ ਦੇ ਨਾਲ
ਬਾਕੀ ਕੱਟ ਲਾਂਗੇ ਯਾਦਾਂ ਦੇ ਸਹਾਰਿਆਂ ਦੇ ਨਾਲ ।

ਅਸਾਂ ਇਸ਼ਕ ਨੂੰ ਹੰਢਾਇਆ ਹੱਡ ਮਾਸ ਦੀ ਤਰ੍ਹਾਂ
ਉਨ੍ਹਾਂ ਪਹਿਨਿਆਂ ਪਰੀਤ ਨੂੰ ਲਿਬਾਸ ਦੀ ਤਰ੍ਹਾਂ
ਪਰ ਲੜੇ ਕੌਣ ਜਾਨ ਤੋਂ ਪਿਆਰਿਆਂ ਦੇ ਨਾਲ...

ਉਨ੍ਹਾਂ ਵਾਂਗ ਦਰਿਆਵਾਂ ਕਈ ਵਹਿਣ ਬਦਲੇ
ਉਨ੍ਹਾਂ ਵਾਰ ਵਾਰ ਸੁੱਖ ਅਤੇ ਚੈਨ ਬਦਲੇ
ਮਾਧੋ ਬਦਲੇ, ਮਗਰ ਨਾ ਹੁਸੈਨ ਬਦਲੇ
ਕਦੋਂ ਨਦੀਆਂ ਨਿਭਾਉਂਦੀਆਂ ਕਿਨਾਰਿਆਂ ਦੇ ਨਾਲ...

ਕੱਚੀ ਕੁੱਲੀ ਨਾਲ ਕਦੀ ਜੇ ਪਰੀਤ ਪਾਉਂਦੇ
ਸੱਚੀ ਸੁੱਚੀ ਮਹਿਕ ਮਿੱਟੀ ਦੀ ਅਸੀਂ ਹੰਢਾਉਂਦੇ
ਮੱਥਾ ਭੰਨ ਲਿਆ ਦਿੱਲੀ ਦੇ ਚੁਬਾਰਿਆਂ ਦੇ ਨਾਲ...

ਜੇ ਤੂੰ ਅੰਤ ਰਲ ਜਾਵਣਾ ਰਵਾਜ ਨਾਲ ਸੀ
ਸੁੱਕੇ ਪੱਤਰਾਂ ਤੋਂ ਲੰਘਣਾਂ ਮਜਾਜ ਨਾਲ ਸੀ
ਕਾਹਨੂੰ ਖੇਡਣਾ ਸੀ ਫੁੱਲਾਂ ਦਿਆਂ ਖਾਰਿਆਂ ਦੇ ਨਾਲ...

ਏਸ ਧਰਤੀ ਤੋਂ ਕਈ ਕਾਰਵਾਨ ਲੰਘ ਗਏ
ਤੁਰ ਤੁਰ ਕੇ ਜ਼ਿਮੀ ਤੇ ਆਸਮਾਨ ਹੰਭ ਗਏ
ਏਸ ਦਿਲ ਦੇ ਵੀ ਆਖ਼ਰਾਂ ਪਰਾਣ ਸੰਭ ਗਏ
ਚਲੋ ਸਾਡੇ ਵਲੋਂ ਨਿਭ ਗਈ ਪਿਆਰਿਆਂ ਦੇ ਨਾਲ...

4.

ਸਰਾਂ ਦੇ ਪਾਣੀ
ਸੁੱਕ ਚੱਲੇ, ਸੁੱਕ ਚੱਲੇ, ਸੁੱਕ ਚੱਲੇ ।
ਰੱਥ ਤਾਰਿਆਂ ਦੇ
ਰੁੱਕ ਚੱਲੇ, ਰੁੱਕ ਚੱਲੇ, ਰੁੱਕ ਚੱਲੇ ।

ਬੜਾ ਮਾਣਾਂ ਦੇ ਮੱਤੇ
ਲਹੂ ਤੇਜ਼ ਤੇ ਤੱਤੇ
ਝੁਕ ਚੱਲੇ, ਝੁਕ ਚੱਲੇ, ਝੁਕ ਚੱਲੇ ।

ਗਿਣ ਗਿਣ ਕਦਮ ਧਰੇ
ਸੰਭਲ ਬੁਕ ਭਰੇ
ਤਿਲ ਥੁਹਰੜੇ ਸੀ
ਮੁਕ ਚੱਲੇ, ਮੁਕ ਚੱਲੇ, ਮੁਕ ਚੱਲੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ