Bolian Da Paawaan Bangla : Sukhdev Madpuri

ਬੋਲੀਆਂ ਦਾ ਪਾਵਾਂ ਬੰਗਲਾ : ਸੁਖਦੇਵ ਮਾਦਪੁਰੀ

ਭਾਗ ਪਹਿਲਾ

ਮੈਂ ਧਰਤੀ ਪੰਜਾਬ ਦੀ

ਦੇਸ ਮੇਰੇ ਦੇ ਬਾਂਕੇ ਗੱਭਰੂ
ਮਸਤ ਅਲ੍ਹੜ ਮੁਟਿਆਰਾਂ
ਨੱਚਦੇ ਟੱਪਦੇ ਗਿੱਧਾ ਪਾਉਂਦੇ
ਗਾਂਉਂਦੇ ਰਹਿੰਦੇ ਵਾਰਾਂ
ਪ੍ਰੇਮ ਲੜੀ ਵਿਚ ਇੰਜ ਪਰੋਤੇ
ਜਿਉਂ ਕੂੰਜਾਂ ਦੀਆਂ ਡਾਰਾਂ
ਮੌਤ ਨਾਲ਼ ਇਹ ਕਰਨ ਮਖੌਲਾਂ
ਮਸਤੇ ਵਿਚ ਪਿਆਰਾਂ
ਕੁਦਰਤ ਦੇ ਮੈਂ ਚਾਕਰ ਅੱਗੇ
ਇਹ ਅਰਜ਼ ਗੁਜ਼ਾਰਾਂ
ਦੇਸ ਪੰਜਾਬ ਦੀਆਂ -
ਖਿੜੀਆਂ ਰਹਿਣ ਬਹਾਰਾਂ

ਗੁਰੂ ਧਿਆ ਕੇ ਪਾਵਾਂ ਬੋਲੀ
ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
ਸਭ ਨੂੰ ਇਹੋ ਸੁਹਾਏ
ਗਿੱਧੇ ‘ਚ ਉਸ ਦਾ ਕੰਮ ਕੀ ਵੀਰਨੋ
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ
ਦੋਹਾਂ ਜਹਾਨਾਂ ਦਾ ਅੰਲ੍ਹਾ ਹੀ ਵਾਲੀ
ਉਹਦੀ ਸਿਫਤ ਕਰੀ ਨਾ ਜਾਏ
ਅੱਲ੍ਹਾ ਦਾ ਨਾਉਂ ਲੈ ਲਏ-
ਜਿਹੜਾ ਗਿੱਧੇ ਵਿਚ ਆਏ

ਗੁਰੂ ਧਿਆ ਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤਿਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈ-ਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ-
ਮੈਂ ਵਧ ਕੇ ਜਸ ਗਾਵਾਂ

ਦੇਵੀ ਮਾਤਾ ਗੌਣ ਬਖਸ਼ਦੀ
ਨਾਮ ਲਏ ਜਗ ਤਰਦਾ
ਬੋਲੀਆਂ ਪਾਉਣ ਦੀ ਹੋਗੀ ਮਨਸ਼ਾ
ਆ ਕੇ ਗਿੱਧੇ ਵਿਚ ਬੜਦਾ
ਨਾਲ਼ ਸ਼ੌਕ ਦੇ ਪਾਵਾਂ ਬੋਲੀਆਂ
ਮੈਂ ਨਹੀਂ ਕਿਸੇ ਤੋਂ ਡਰਦਾ
ਦੇਵੀ ਦੇ ਚਰਨਾਂ ਤੇ-
ਸੀਸ ਮੈਂ ਆਪਣਾ ਧਰਦਾ

ਧਿਆਵਾਂ ਧਿਆਵਾਂ ਧਿਆਵਾਂ ਦੇਵੀਏ
ਵਿਚ ਖਾੜੇ ਦੇ ਖੜ੍ਹਕੇ
ਸਭ ਤੋਂ ਵੱਡੀ ਤੂੰ ਅਕਲ ਸ਼ਕਲ ਦੀ ਰਾਣੀ
ਗਾਉਣ ਵਾਲ਼ੇ ਨੂੰ ਗਾਉਣ ਬਖਸ਼ੇਂ
ਪੜ੍ਹਨ ਵਾਲ਼ੇ ਨੂੰ ਬਾਣੀ
ਭੁੱਖਿਆਂ ਨੂੰ ਜਲ ਭੋਜਨ ਬਖਸ਼ੇਂ
ਪਿਆਸਿਆਂ ਨੂੰ ਜਲ ਪਾਣੀ
ਖੂਨੀਆਂ ਨੂੰ ਤੂੰ ਜੇਲ੍ਹੋਂ ਕੱਢੇਂ
ਦੁੱਧੋਂ ਨਤਾਰੇਂ ਪਾਣੀ
ਮਰਦੀ ਕਾਕੋ ਦੇ-
ਮੂੰਹ ਵਿਚ ਪਾ ਦੇ ਪਾਣੀ

ਦੇਵੀ ਮਾਤਾ ਨੂੰ ਪਹਿਲਾਂ ਧਿਆ ਕੇ
ਵਿਚ ਭਾਈਆਂ ਦੇ ਖੜ੍ਹੀਏ
ਉੱਚਾ ਬੋਲ ਨਾ ਬੋਲੀਏ ਭਰਾਵੋ
ਮਹਾਰਾਜ ਤੋਂ ਡਰੀਏ
ਰੰਨਾਂ ਦੇਖ ਕੇ ਦਿਲ ਨਾ ਛੱਡੀਏ
ਪੈਰ ਸੰਭਲ ਕੇ ਧਰੀਏ
ਗੂੰਗਾ, ਕਾਣਾ, ਅੰਨਾ, ਬੋਲ਼ਾ
ਟਿਚਰ ਜਮਾ ਨਾ ਕਰੀਏ
ਮਾਈ ਬਾਪ ਦੀ ਕਰੀਏ ਸੇਵਾ
ਮਾਂ ਦੇ ਨਾਲ਼ ਨਾ ਲੜੀਏ
ਸੇਵਾ ਸੰਤਾਂ ਦੀ-
ਮਨ ਚਿੱਤ ਲਾ ਕੇ ਕਰੀਏ

ਪਹਿਲਾਂ ਨਾਂ ਹਰੀ ਦਾ ਲੈਂਦਾ
ਪਿਛੋਂ ਹੋਰ ਕੰਮ ਕਰਦਾ
ਡੇਰੇ ਸੋਹਣੇ ਸੰਤਾਂ ਦੇ
ਮੈਂ ਰਿਹਾ ਗੁਰਮੁਖੀ ਪੜ੍ਹਦਾ
ਜਿਹੜਾ ਫਲ਼ ਕੇਰਾਂ ਟੁੱਟਿਆ
ਉਹ ਮੁੜ ਨਾ ਵੇਲ ਤੇ ਚੜ੍ਹਦਾ
ਕਹਿਣਾ ਸੋਹਣੇ ਸੰਤਾਂ ਦਾ
ਮਾੜੇ ਬੰਦੇ ਦੇ ਕੋਲ਼ ਨਾ ਖੜ੍ਹਦਾ
ਨਾਂ ਸੱਚੇ ਗੁਰ ਪੀਰ ਦਾ-
ਲੈ ਕੇ ਗਿੱਧੇ ਵਿਚ ਬੜਦਾ

ਮੇਰਿਓ ਭਰਾਵੋ ਮੇਰਿਓ ਵੀਰਨੋ
ਖਾੜੇ ਦੇ ਵਿਚ ਦਾਸ ਖੜੋਤਾ
ਬੋਲੀ ਕਿਹੜੀ ਪਾਵਾਂ
ਮੇਰਿਆ ਸਤਗੁਰੂਆ
ਲਾਜ ਰੱਖੀਂ ਤੂੰ ਮੇਰੀ
ਮੇਰਿਆ ਜੀ ਸਾਹਿਬਾ
ਲਾ ਦੇ ਬੋਲੀਆਂ ਦੀ ਢੇਰੀ
ਰੱਖਿਆ ਗੋਰਖ ਨੇ-
ਕਰਲੀ ਪੂਰਨਾ ਤੇਰੀ

ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰਤੀ ਫਰਕ ਨਾ ਪਾਵਾਂ
ਨੀ ਮਾਤਾ ਭਗਵਤੀਏ-
ਮੈਂ ਤੇਰਾ ਜਸ ਗਾਵਾਂ

ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰੇਤੀ ਫਰਕ ਨਾ ਪਾਵਾਂ
ਜੇ ਸੁਰਮਾ ਤੂੰ ਬਣਜੇਂ ਸੋਹਣੀਏਂ
ਮੈਂ ਲੈ ਅੱਖਾਂ ਵਿਚ ਪਾਵਾਂ
ਮੇਰੇ ਹਾਣਦੀਏ-
ਮੈਂ ਤੇਰਾ ਜਸ ਗਾਵਾਂ

ਧਰਤੀ ਜੇਡ ਗ਼ਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਬ੍ਰਹਮਾ ਜੇਡ ਨਾ ਪੰਡਿਤ ਕੋਈ
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਸ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ-
ਰੱਬ ਸਭਨਾਂ ਦਾ ਦਾਤਾ

ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ

ਹੱਟ ਖੁੱਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲ਼ੇ

ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ

ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ

ਬਾਣੀ ਧੁਰ ਦਰਗਾਹੋਂ ਆਈ
ਪਾਪੀਆਂ ਦੇ ਤਾਰਨੇ ਨੂੰ

ਮਿੱਠੀ ਲਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ

ਕਾਨਾ ਕਾਨਾ ਕਾਨਾ
ਨਦੀਓਂ ਪਾਰ ਖੜ੍ਹੇ
ਗੁਰੂ ਨਾਨਕ ਤੇ ਮਰਦਾਨਾ
ਇਕ ਮੇਰੀ ਨਣਦ ਬੁਰੀ
ਦੂਜਾ ਜੇਠ ਬੜਾ ਭਗਵਾਨਾ

ਬਾਹਰੋਂ ਆਉਂਦਾ ਦੁੱਧ ਕੱਢ ਲੈਂਦਾ
ਅਸੀਂ ਵਿਚ ਮੁੱਠ ਮਿਸ਼ਰੀ ਦੀ ਮਾਰੀ
ਡਲ਼ੀਆਂ ਨਾ ਖੁਰੀਆਂ
ਜਦ ਆਗੀ ਨਣਦ ਕਮਾਰੀ
ਮੁੰਡਿਆਂ ਨੇ ਘੇਰ ਲਿਆ
ਉਹ ਤੇਰੀ ਕੀ ਲਗਦੀ
ਜੀਹਨੂੰ ਖੂਹ ਤੇ ਖੜੀ ਨੂੰ ਅੱਖ ਮਾਰੀ
ਅੱਧੀ ਮੇਰੀ ਰੰਨ ਲਗਦੀ
ਅੱਧੀ ਲਗਦੀ ਧਰਮ ਦੀ ਸਾਲ਼ੀ
ਬੋਚੀਂ ਵੇ ਮਿੱਤਰਾ-
ਡੁਲ੍ਹਗੀ ਖੀਰ ਦੀ ਥਾਲ਼ੀ

ਹਰੀ ਦੇ ਨਾਮ ਦੀ ਫੇਰਦੇ ਮਾਲ਼ਾ
ਡਿਗਦੇ ਠਣ ਠਣ ਮਣਕੇ
ਬਿਨ ਮੁਕਲਾਈ ਕੁੜੀਏ
ਮੌਜਾਂ ਮਾਣ ਲੈ ਪਟ੍ਹੋਲਾ ਬਣ ਕੇ
ਰੰਗਲੀ ਦੁਨੀਆਂ 'ਚੋਂ –
ਚਲਣਾ ਮੁਸਾਫਰ ਬਣ ਕੇ

ਰਾਮ ਨਾਮ ਨੂੰ ਧਿਆਲੋ ਵੀਰਨੋ
ਕਿਉਂ ਰੌਲ਼ੇ ਨੂੰ ਪਾਇਆ
ਪਹਿਲਾਂ ਧਿਆਲੋ ਮਾਤ ਪਿਤਾ ਨੂੰ
ਜਿਸ ਨੇ ਜਗਤ ਵਖਾਇਆ
ਫੇਰ ਧਿਆ ਲੋ ਧਰਤੀ ਮਾਤਾ ਨੂੰ
ਜਿਸ ਤੇ ਪੈਰ ਟਕਾਇਆ
ਧੰਨੇ ਭਗਤ ਨੇ ਕੀਤੀ ਭਗਤੀ
ਪਥਰਾਂ 'ਚੋਂ ਪ੍ਰੱਭੁ ਪਾਇਆ
ਪੂਰਨ ਭਗਤ ਨੇ ਕੀਤੀ ਭਗਤੀ
ਸੇਜ ਨਾ ਕਬੂਲੀ ਸਿਰ ਵਢਵਾਇਆ
ਮੋਰਧਜ ਰਾਜੇ ਨੇ
ਪੁੱਤ ਵੱਢ ਸ਼ੇਰ ਨੂੰ ਪਾਇਆ
ਹਰੀ ਚੰਦ ਰਾਜੇ ਨੇ
ਸੋਨੇ ਦਾ ਬੋਹਲ਼ ਲੁਟਾਇਆ
ਸ਼ਿਵਕਾਂ ਰਾਣੀ ਨੇ
ਰੌਣ ਬੜਾ ਸਮਝਾਇਆ
ਰੌਣ ਪਾਪੀ ਨਾ ਸਮਝਿਆ
ਮੱਥਾ ਰਾਮ ਚੰਦਰ ਨਾਲ਼ ਲਾਇਆ
ਛਲ਼ ਕੇ ਸੀਤਾ ਨੂੰ-
ਵਿਚ ਲੰਕਾ ਦੇ ਲਿਆਇਆ

ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ

ਕੱਲੀ ਹੋਵੇ ਨਾ ਬਣਾਂ ਵਿਚ ਲੱਕੜੀ
ਰਾਮ ਕਹੇ ਲਛਮਣ ਨੂੰ

ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵਸ ਹੋ ਗਿਆ

ਤੇਰੇ ਨਾਮ ਦੀ ਬੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ

ਯੁੱਧ ਲੰਕਾ ਵਿਚ ਹੋਇਆ
ਰਾਮ ਤੇ ਲਛਮਣ ਦਾ

ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ

ਖੜੀ ਰੋਂਦੀ ਐ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਣੂੰ

ਜਾਤ ਦਾ ਜੁਲਾਹਾ
ਲਾਹਾ ਨਾਮ ਵਾਲ਼ਾ ਲੈ ਗਿਆ

ਜਦੋਂ ਸਧਨੇ ਨੇ ਨਾਮ ਉਚਾਰਿਆ
ਧੜਾ ਧੜ ਕੰਧਾਂ ਡਿਗੀਆਂ

ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ

ਰੱਬ ਫਿਰਦਾ ਧੰਨੇ ਦੇ ਖੁਰੇ ਵੱਢਦਾ
ਉਹਨੇ ਕਿਹੜਾ ਕੱਛ ਪਾਈ ਸੀ

ਪਾਪੀ ਲੋਕ ਨਰਕ ਨੂੰ ਜਾਂਦੇ
ਕਹਿੰਦੇ ਲੋਕ ਸਿਆਣੇ
ਨੰਗੇ ਪਿੰਡੇ ਤੁਰਦੇ ਜਾਂਦੇ
ਕਿਆ ਰਾਜੇ ਕਿਆ ਰਾਣੇ
ਕੰਸ, ਰੌਣ, ਹਰਨਾਕਸ਼ ਵਰਗੇ
ਕਰਗੇ ਸਭ ਚਲਾਣੇ
ਖਾਲੀ ਹੱਥੀਂ ਤੋਰ ਦੇਣਗੇ
ਛਡਕੇ ਤਸੀਲਾਂ ਥਾਣੇ
ਨੇਕੀ ਖੱਟ ਬੰਦਿਆ-
ਧਰਮ ਰਾਜ ਦੇ ਭਾਣੇ

ਚਲ ਵੇ ਮਨਾਂ ਬਿਗਾਨਿਆਂ ਧਨਾਂ
ਕਾਹਨੂੰ ਪ੍ਰੀਤਾਂ ਜੜੀਆਂ
ਓੜਕ ਏਥੋਂ ਚਲਣਾ ਇਕ ਦਿਨ
ਕਬਰਾਂ ਉਡੀਕਣ ਖੜੀਆਂ
ਉਤੋਂ ਦੀ ਤੇਰੇ ਵਗਣ ਨ੍ਹੇਰੀਆਂ
ਲੱਗਣ ਸਾਉਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ
ਨਾ ਮੁੜੀਆਂ ਜਾ ਲੜੀਆਂ
ਛੁਪ ਜਾਊ ਕੁਲ ਦੁਨੀਆਂ
ਏਥੇ ਨਾਮ ਸਾਈਂ ਦਾ ਰਹਿਣਾ
ਸੋਹਣੀ ਜਿੰਦੜੀ ਨੇ-
ਰਾਹ ਮੌਤਾਂ ਦੇ ਪੈਣਾ

ਅਕਲ ਕਹਿੰਦੀ ਮੈਂ ਸਭ ਤੋਂ ਵੱਡੀ
ਵਿਚ ਕਚਿਹਰੀ ਲੜਦੀ
ਮਾਇਆ ਕਹਿੰਦੀ ਮੈਂ ਤੇਥੋਂ ਵੱਡੀ
ਦੁਨੀਆਂ ਪਾਣੀ ਭਰਦੀ
ਮੌਤ ਕਹਿੰਦੀ ਮੈਂ ਸਭ ਤੋਂ ਵੱਡੀ
ਮਨ ਆਈਆਂ ਮੈਂ ਕਰਦੀ
ਅੱਖੀਆਂ ਜਾ ਭਿੜੀਆਂ-
ਜਿਹੜਿਆਂ ਕੰਮਾਂ ਤੋਂ ਡਰਦੀ

ਹਰਾ ਮੂੰਗੀਆ ਬੰਨ੍ਹਦਾ ਏਂ ਸਾਫਾ
ਬਣਿਆਂ ਫਿਰਦਾ ਏਂ ਜਾਨੀ
ਭਾੜੇ ਦੀ ਹੱਟੀ ਵਿਚ ਰਹਿਕੇ ਬੰਦਿਆ
ਤੈਂ ਮੌਜ ਬਥੇਰੀ ਮਾਣੀ
ਵਿਚ ਕਾਲ਼ਿਆਂ ਦੇ ਆ ਗੇ ਧੌਲ਼ੇ
ਆ ਗਈ ਮੌਤ ਨਸ਼ਾਨੀ
ਬਦੀਆਂ ਨਾ ਕਰ ਵੇ-
ਕੈ ਦਿਨ ਦੀ ਜਿੰਦਗਾਨੀ

ਅਮਲਾਂ ਤੇ ਹੋਣਗੇ ਨਬੇੜੇ
ਜ਼ਾਤ ਕਿਸੇ ਪੁਛਣੀ ਨਹੀਂ

ਐਵੇਂ ਭੁੱਲਿਆ ਫਿਰੇਂ ਅਣਜਾਣਾ
ਗੁਰੂ ਬਿਨਾਂ ਗਿਆਨ ਨਹੀਂ

ਸਿਰ ਧਰ ਕੇ ਤਲ਼ੀ ਤੇ ਆ ਜਾ
ਲੰਘਣਾਂ ਜੇ ਪ੍ਰੇਮ ਦੀ ਗਲ਼ੀ

ਹੀਰਾ ਜਨਮ ਅਮੋਲਕ ਤੇਰਾ
ਕੌਡੀਆਂ ਦੇ ਜਾਵੇ ਬਦਲੇ

ਹਉਮੇ ਵਾਲ਼ਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ

ਕਿਤੇ ਡੁਲ੍ਹ ਨਾ ਜਾਈਂ ਮਨਾ ਮੇਰਿਆ
ਮੋਤੀਆਂ ਦੇ ਮੰਦਰ ਦੇਖ ਕੇ

ਕਿਕੱਰਾਂ ਦੇ ਬੀਜ ਬੀਜ ਕੇ
ਕਿਥੋਂ ਮੰਗਦੈਂ ਦਸੌਰੀ ਦਾਖਾਂ

ਕਾਲ਼ੇ ਬੀਤਗੇ ਧੌਲ਼ਿਆਂ ਦੀ ਵਾਰੀ ਆਈ
ਅਜੇ ਵੀ ਨਾ ਨਾਮ ਜਪਦਾ

ਕਾਹਨੂੰ ਚੱਕਦੈਂ ਬਗਾਨੇ ਭੂਰੇ
ਆਪੇ ਤੈਨੂੰ ਰੱਬ ਦੇਊਗਾ

ਖਿਹ ਮਰਦੇ ਬਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ

ਖਾਲੀ ਜਾਂਦੇ ਨਾਮ ਦੇ ਬਿਨਾਂ
ਮੰਦਰਾਂ ਹਵੇਲੀਆਂ ਵਾਲ਼ੇ

ਚੜ੍ਹ ਜਾ ਨਾਮ ਦੇ ਬੇੜੇ
ਜੇ ਤੈਂ ਪਾਰ ਲੰਘਣਾ

ਚਿੱਟੇ ਦੰਦਾਂ ਦੇ ਬਣਨਗੇ ਕੋਲੇ
ਹੱਡੀਆਂ ਦੀ ਰਾਖ ਬਣਜੂ

ਚੰਨਣ ਦੇਹ ਮੱਚਗੀ
ਕੇਸ ਮੱਚਗੇ ਦਹੀਂ ਦੇ ਪਾਲ਼ੇ

ਜਿੰਦੇ ਮੇਰੀਏ ਖਾਕ ਦੀਏ ਢੇਰੀਏ
ਖਾਕ ਵਿਚ ਰੁਲਜੇਂਗੀ

ਜਿੰਦੇ ਹੰਸਣੀਏਂ
ਤੇਰੀ ਕੱਲਰ ਮਿੱਟੀ ਦੀ ਢੇਰੀ

ਜਾਗੋ ਜਾਗੋ ਜਮੀਂਦਾਰ ਭਰਾਵੋ
ਲਾਗੀਆਂ ਨੇ ਰੱਬ ਲੁੱਟਿਆ

ਜਿਹੜੇ ਚੜ੍ਹਗੇ ਨਾਮ ਦੇ ਬੇੜੇ
ਸੋਈ ਲੋਕੋ ਪਾਰ ਲੰਘਣੇ

ਜਿਹੜੀ ਸੰਤਾਂ ਨਾਲ਼ ਵਿਹਾਵੇ
ਸੋਈ ਹੈ ਸੁਲੱਖਣੀ ਘੜੀ

ਤੇਰਾ ਚੰਮ ਨਾ ਕਿਸੇ ਕੰਮ ਆਵੇ
ਪਸ਼ੂਆਂ ਦੇ ਹੱਡ ਵਿਕਦੇ

ਤੇਰੇ ਦਿਲ ਦੀ ਮੈਲ਼ ਨਾ ਜਾਵੇ
ਨ੍ਹਾਉਂਦਾ ਫਿਰੇਂ ਤੀਰਥਾਂ ਤੇ

ਤੈਨੂੰ ਰੋਗ ਦਾ ਪਤਾ ਨਾ ਕੋਈ
ਵੈਦਾ ਮੇਰੀ ਬਾਂਹ ਛੱਡ ਦੇ

ਤੇਰੀ ਚੁੱਕ ਨਾ ਮਸੀਤ ਲਜਾਣੀ
ਰਾਹੀਆਂ ਨੇ ਰਾਤ ਕੱਟਣੀ

ਤੇਰੇ ਘਰ ਪਰਮੇਸ਼ਰ ਆਇਆ
ਸੁੱਤਿਆ ਤੂੰ ਜਾਗ ਬੰਦਿਆ

ਤੂੰ ਕਿਹੜਿਆਂ ਰੰਗਾਂ ਵਿਚ ਖੇਡੇਂ
ਮੈਂ ਕੀ ਜਾਣਾ ਤੇਰੀ ਸਾਰ ਨੂੰ

ਧਨ ਜੋਬਨ ਫੁੱਲ਼ਾਂ ਦੀਆਂ ਬਾੜੀਆਂ
ਸਦਾ ਨਾ ਅਬਾਦ ਰਹਿਣੀਆਂ

ਕਬਰਾਂ ਉਡੀਕ ਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ

ਪਾਪੀ ਰੋਂਦੇ ਨੇ ਛੱਪੜ ਤੇ ਖੜ੍ਹਕੇ
ਧਰਮੀ ਬੰਦੇ ਪਾਰ ਲੰਘਗੇ

ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾ ਤੂੰ ਮਾਣ ਨਾ ਕਰੀਂ

ਬਾਝ ਪੁੱਤਰਾਂ ਗਤੀ ਨੀ ਹੋਣੀ
ਪੁੱਤਰੀ ਮੈਂ ਰਾਜੇ ਰਘੂ ਦੀ

ਬਾਹਲੀਆਂ ਜਗੀਰਾਂ ਵਾਲ਼ੇ
ਖਾਲੀ ਹੱਥ ਜਾਂਦੇ ਦੇਖ ਲੈ

ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ
ਇਕ ਦਿਨ ਚਲਦਾ ਹੋਇਆ

ਮੇਲੇ ਹੋਣਗੇ ਸੰਜੋਗੀ ਰਾਮਾਂ
ਨਦੀਆਂ ਦੇ ਨੀਰ ਵਿਛੜੇ

ਮਿੱਠੇ ਬੇਰ ਨੇ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ

ਰੋਟੀ ਦਿੰਦਾ ਹੈ ਪੱਥਰ ਵਿਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ

ਲੁੱਟ ਲੁੱਟ ਲੋ ਨਸੀਬਾਂ ਵਾਲ਼ਿਓ
ਲੁੱਟ ਪੈਗੀ ਰਾਮ ਨਾਮ ਦੀ

ਵੇਲ਼ਾ ਬੀਤਿਆ ਹੱਥ ਨੀ ਜੇ ਆਉਣਾ
ਪੁੱਛ ਲੈ ਸਿਆਣਿਆ ਨੂੰ

ਨਾ ਮੈਂ ਮੇਲਣੇ ਪੜ੍ਹੀ ਗੁਰਮੁੱਖੀ
ਨਾ ਬੈਠਾ ਸੀ ਡੇਰੇ
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਸੁਣਾਂ ਅੰਦਰੋਂ
ਕੁਝ ਵਸ ਹੈ ਨੀ ਮੇਰੇ
ਮੇਲਣੇ ਨੱਚ ਲੈ ਨੀ-
ਦੇ ਕੇ ਸ਼ੌਕ ਦੇ ਗੇੜੇ

ਚਲ ਵੇ ਮਨਾ ਬਿਗਾਨਿਆ ਧਨਾ
ਕੀ ਲੈਣਾ ਈ ਜਗ ਵਿਚ ਰਹਿ ਕੇ
ਚੰਨਣ ਦੇਹੀ ਆਪ ਗਵਾ ਲਈ
ਬਾਂਸਾਂ ਵਾਂਗੂੰ ਖਹਿਕੇ
ਧਰਮ ਰਾਜ ਅੱਗੇ ਲੇਖਾ ਮੰਗਦਾ
ਲੰਘ ਜਾਂ ਗੇ ਕੀ ਕਹਿ ਕੇ
ਦੁਖੜੇ ਭੋਗਾਂਗੇ-
ਵਿਚ ਨਰਕਾਂ ਦੇ ਰਹਿ ਕੇ

ਲੰਮਿਆ ਵੇ ਤੇਰੀ ਕਬਰ ਪਟੀਂਦੀ
ਨਾਲ਼ੇ ਪਟੀਂਦਾ ਖਾਤਾ
ਭਰ ਭਰ ਚੇਪੇ ਹਿੱਕ ਤੇ ਰਖਦਾ
ਹਿੱਕ ਦਾ ਪਵੇ ਤੜਾਕਾ
ਸੋਹਣੀ ਸੂਰਤ ਦਾ-
ਵਿਚ ਕੱਲਰਾਂ ਦੇ ਵਾਸਾ

ਬਾਹੀਂ ਤੇਰੇ ਸੋਂਹਦਾ ਚੂੜਾ
ਵਿਚ ਗਲ਼ੀਆਂ ਦੇ ਗਾਂਦੀ
ਇਕ ਦਿਨ ਐਸਾ ਆਊ ਕੁੜੀਏ
ਲੱਦੀ ਸਿੜ੍ਹੀ ਤੇ ਜਾਂਦੀ
ਅਧ ਵਿਚਾਲੇ ਕਰਦਿਆਂ ਲਾਹਾ
ਘਰ ਤੋਂ ਦੂਰ ਲਿਆਂਦੀ
ਗੇੜਾ ਦੇ ਕੇ ਭੰਨ ਲਈ ਸੰਘੀ
ਕੁੱਤੀ ਪਿੰਨਾਂ ਨੂੰ ਖਾਂਦੀ
ਆਊ ਵਰੋਲਾ ਲੈ ਜੂ ਤੈਨੂੰ
ਸੁਆਹ ਛਪੜਾਂ ਨੂੰ ਜਾਂਦੀ
ਧੀਏ ਕਲਬੂਤਰੀਏ-
ਸੋਨਾ ਰੇਤ ਰਲ਼ ਜਾਂਦੀ

ਤਾਵੇ ਤਾਵੇ ਤਾਵੇ
ਨਾਲ਼ ਸਮੁੰਦਰ ਦੇ
ਕਾਹਨੂੰ ਬੰਨ੍ਹਦੀ ਛਪੜੀਏ ਦਾਅਵੇ
ਭਰਕੇ ਸੁਕਜੇਂ ਗੀ
ਤੇਰੇ ਕੋਲ਼ ਚੀਂ ਲੰਘਿਆ ਜਾਵੇ
ਧਮਕ ਜੁਆਨਾਂ ਦੀ-
ਕੱਲਰ ਬੌਹੜੀਆਂ ਪਾਵੇ

ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ

ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀ ਆਂ ਮੈਂ ਤੇਰੇ ਨਾਮ ਦੀ

ਸਿਰ ਵਢ੍ਹਕੇ ਬਣਾ ਦਿਆਂ ਮੂਹੜਾ
ਸੰਗਤਾਂ ਦੇ ਬੈਠਣੇ ਨੂੰ

ਸਾਥੋਂ ਭੁੱਖਿਆਂ ਨਾ ਭਗਤੀ ਹੋਵੇ
ਆਹ ਲੈ ਸਾਂਭ ਮਾਲ਼ਾ ਅਪਣੀ

ਜਿੱਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ

ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾ ਦੇ ਬੰਦਗੀ ਦਾ

ਢੇਰੀਆਂ ਮੈਂ ਸੱਭੇ ਢਾਹ ਕੇ
ਇਕ ਰੱਖ ਲੀ ਗੁਰੂ ਜੀ ਤੇਰੇ ਨਾਮ ਦੀ

ਤੇਰੇ ਨਾਮ ਬਰਾਬਰ ਹੈਨੀ
ਖੰਡ ਮਖਿਆਲ਼ ਮਿਸ਼ਰੀ

ਤੇਰੇ ਨਾਮ ਬਿਨਾਂ ਨਾ ਗੱਤ ਹੋਵੇ
ਆਸਰਾ ਤੇਰੇ ਚਰਨਾਂ ਦਾ

ਤੇਰੇ ਦਰ ਤੋਂ ਬਿਨਾਂ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਦਾਤਿਆ

ਦੋ ਨੈਣ ਲੋਚਦੇ ਮੇਰੇ
ਗੁਰੂ ਜੀ ਤੇਰੇ ਦਰਸ਼ਨ ਨੂੰ

ਪਿੰਗਲਾ ਪਹਾੜ ਚੜ੍ਹ ਜਾਵੇ
ਕਿਰਪਾ ਹੋਵੇ ਤੇਰੀ ਦਾਤਾ ਜੀ

ਮੇਰੇ ਵਿਚ ਨਾ ਗੁਰੁ ਜੀ ਗੁਣ ਕੋਈ
ਔਗੁਣਾਂ ਦਾ ਮੈਂ ਭਰਿਆ

ਮੇਲਣੇ ਨੱਚ ਲੈ ਨੀ

ਜੱਟੀਆਂ ਪੰਜਾਬ ਦੀਆਂ
ਉੱਚੀਆਂ ਤੇ ਲੰਬੀਆਂ
ਜੱਟੀਆਂ ਪੰਜਾਬ ਦੀਆਂ
ਉੱਚੀਆਂ ਤੇ ਲੰਬੀਆਂ
ਨੱਚ ਨੱਚ ਧਰਤ ਹਲਾਉਣ ਗੀਆਂ
ਅਜ ਗਿੱਧੇ ਵਿਚ
ਓਏ ਅਜ ਗਿੱਧੇ ਵਿਚ
ਧਮਕਾਂ ਪਾਉਣ ਗੀਆਂ

ਮਾਲਵੇ ਦੀ ਜੱਟੀ
ਨੀ ਮੈਂ ਗਿੱਧਿਆਂ ਦੀ ਰਾਣੀ
ਨੱਚਦੀ ਨਾ ਥੱਕਾਂ
ਮੈਂ ਅੱਗ ਵਾਂਗੂੰ ਮੱਚਾਂ
ਦੇਵਾਂ ਗੇੜਾ ਕੁੜੀਓ
ਨੀ ਮੈਂ ਨੱਚ ਨੱਚ-
ਪੱਟ ਦੇਵਾਂ ਵਿਹੜਾ ਕੁੜੀਓ

ਉੱਚੀਆਂ ਲੰਬੀਆਂ ਸਰੂ ਵਰਗੀਆਂ
ਮਾਝੇ ਦੀਆਂ ਹੁਸੀਨਾਂ
ਬੋਲੀ ਪਾ ਕੇ ਅੱਡੀ ਮਾਰਦੀਆਂ
ਬੋਲੀ ਪਾ ਕੇ ਅੱਡੀ ਮਾਰਦੀਆਂ
ਗਿੱਠ ਗਿੱਠ ਨਿਵਣ ਜ਼ਮੀਨਾਂ
ਗਿੱਧਾ ਮਾਝੇ ਦਾ-
ਖੜ੍ਹਕੇ ਵੇਖ ਸ਼ੁਕੀਨਾ

ਗਿੱਧਾ ਗਿੱਧਾ ਕਰੇਂ ਮੇਲਣੇ
ਗਿੱਧਾ ਪਊ ਬਥੇਰਾ
ਲੋਕ ਘਰਾਂ 'ਚੋਂ ਜੁੜ ਕੇ ਆ ਗੇ
ਲਾ ਬੁਢੜਾ ਲਾ ਠੇਰਾ
ਝਾਤੀ ਮਾਰ ਕੇ ਦੇਖ ਉਤਾਂਹ ਨੂੰ
ਭਰਿਆ ਪਿਆ ਬਨੇਰਾ
ਤੈਨੂੰ ਧੁੱਪ ਲੱਗਦੀ-
ਮੰਚ ਕਾਲਜਾ ਮੇਰਾ

ਗਿੱਧਾ ਗਿੱਧਾ ਕਰੇਂ ਰਕਾਨੇਂ
ਗਿੱਧਾ ਪਊ ਬਥੇਰਾ
ਪਿੰਡ ਦੇ ਮੁੰਡੇ ਦੇਖਣ ਆ ਗੇ
ਕੀ ਬੁੱਢਾ ਕੀ ਠੇਰਾ
ਬੰਨ੍ਹਕੇ ਢਾਣੀਆਂ ਆ ਗੇ ਚੋਬਰ
ਢੁਕਿਆ ਸਾਧ ਦਾ ਡੇਰਾ
ਅੱਖ ਚੁੱਕ ਕੇ ਦੇਖ ਤਾਂ ਕੇਰਾਂ
ਝੁਕਿਆ ਪਿਆ ਬਨੇਰਾ
ਤੇਰੀ ਕੁੜਤੀ ਨੇ-
ਕੱਢ ਲਿਆ ਕਾਲਜਾ ਮੇਰਾ

ਗਿੱਧਾ ਗਿੱਧਾ ਕਰੇਂ ਮੇਲਣੇਂ
ਗਿੱਧਾ ਪਊ ਬਥੇਰਾ
ਅੱਖ ਪੁੱਟ ਕੇ ਵੇਖ ਨੀ
ਭਰਿਆ ਪਿਆ ਬਨੇਰਾ
ਜੇ ਤੈਨੂੰ ਧੁੱਪ ਲੱਗਦੀ-
ਲੈ ਲੈ ਚਾਦਰਾ ਮੇਰਾ

ਮੇਲ਼ ਮੇਲ਼ ਨਾ ਕਰ ਨੀ ਮੇਲਣੇ
ਮੇਲ਼ ਬਥੇਰਾ ਆਇਆ
ਅੱਖ ਪੱਟ ਕੇ ਦੇਖ ਮੇਲਣੇ
ਭਰਿਆ ਪਿਆ ਬਨੇਰਾ
ਭਾਂਤ ਭਾਂਤ ਦੇ ਚੋਬਰ ਆਏ
ਗਿੱਧਾ ਦੇਖਣ ਤੇਰਾ
ਨੱਚ ਕਲਬੂਤਰੀਏ-
ਦੇ ਦੇ ਸ਼ੌਂਕ ਦਾ ਗੇੜਾ

ਹਰਿਆ ਬਾਜਰਾ ਸਿਰ ਤੇ ਸੋਂਹਦਾ
ਫੁੱਲ਼ਾਂ ਨਾਲ਼ ਫੁਲਾਹੀਆਂ
ਬਈ ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਬਣ ਕੇ ਮੇਲਣਾਂ ਆਈਆਂ

ਸਾਵੀ ਸੁਥਣ ਵਾਲ਼ੀਏ ਮੇਲਣੇ
ਆਈ ਏਂ ਗਿੱਧੇ ਵਿਚ ਬਣ ਠਣ ਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਗਲ ਵਿਚ ਮੂੰਗੇ ਮਣਕੇ
ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚੇਂਗੀ
ਨੱਚ ਲੈ ਪਟ੍ਹੋਲਾ ਬਣ ਕੇ

ਸੁਣ ਨੀ ਮੇਲਣੇ ਮਛਲੀ ਵਾਲ਼ੀਏ
ਸੁਣ ਨੀ ਮੇਲਣੇ ਮਛਲੀ ਵਾਲ਼ੀਏ
ਚੜ੍ਹੀ ਜਵਾਨੀ ਲੁਕੀ ਨਾ ਰਹਿੰਦੀ
ਖਾ ਪੀ ਕੇ ਦੁਧ ਪੇੜੇ
ਨਾਨਕਿਆਂ ਦਾ ਮੇਲ਼ ਦੇਖ ਕੇ
ਨਾਨਕਿਆਂ ਦਾ ਮੇਲ਼ ਦੇਖ ਕੇ
ਮੁੰਡੇ ਮਾਰਦੇ ਗੇੜੇ
ਨੱਚ ਲੈ ਸ਼ਾਮ ਕੁਰੇ-
ਦੇ ਦੇ ਸ਼ੌਂਕ ਦੇ ਗੇੜੇ

ਬਣ ਜਾ ਗੁਰਾਂ ਦੀ ਚੇਲੀ
ਨੱਚਣਾ ਸਖਾ ਦੂੰ ਗੀ

ਵੰਡ ਦੇ ਗੁੜ ਦੀ ਭੇਲੀ
ਨੱਚਣਾ ਸਖਾ ਦੂੰ ਗੀ

ਕਲ੍ਹ ਦਾ ਆਇਆ ਮੇਲ਼ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣੇ ਗੱਟੇ ਸਭ ਨੂੰ ਸੋਂਹਦੇ
ਚੜ੍ਹਿਆ ਰੂਪ ਸਵਾਇਆ
ਕੁੜੀ ਦੀ ਮਾਮੀ ਨੇ-
ਗਿੱਧਾ ਖੂਭ ਰਚਾਇਆ

ਨੱਕ ਵਿਚ ਤੇਰੇ ਲੌਂਗ ਤੇ ਮਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਫੇਰ ਕਦ ਨੱਚੇਂਗੀ-
ਨੱਚ ਲੈ ਪਟੋਲਾ ਬਣ ਕੇ

ਗੇੜਾ ਦੇ ਜੱਟੀਏ
ਕੋਹਲੂ ਵਰਗੀ ਤੂੰ

ਤੇਰੇ ਪੈਰ ਨੱਚਣ ਨੂੰ ਕਰਦੇ
ਨੱਚਦੀ ਕਾਹਤੋਂ ਨੀ

ਨੱਚ ਕਲਬੂਤਰੀਏ
ਦੇ ਕੇ ਸ਼ੌਂਕ ਦਾ ਗੇੜਾ

ਘੁੰਡ ਦਾ ਭੋਲੀਏ ਕੰਮ ਕੀ ਗਿੱਧੇ ਵਿਚ
ਏਥੇ ਬੈਠੇ ਤੇਰੇ ਹਾਣੀ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ
ਘੁੰਡ ’ਚੋਂ ਮੈਂ ਅੱਖ ਪਛਾਣੀ
ਖੁਲ੍ਹਕੇ ਨੱਚ ਲੈ ਨੀ-
ਬਣ ਜਾ ਗਿੱਧੇ ਦੀ ਰਾਣੀ

ਨੱਚ ਲੈ ਬਸੰਤ ਕੁਰੇ
ਨਿੱਤ ਨਿੱਤ ਨੀ ਭਾਣਜੇ ਵਆਹੁਣੇ

ਨਿੱਕੀ ਹੁੰਦੀ ਮੈਂ ਰਹੀ ਨਾਨਕੇ
ਖਾਂਦੀ ਦੁਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗਿੱਧੇ ਵਿਚ ਨੱਚਦੀ ਦਾ-
ਪਾਵੇ ਰੂਪ ਦੁਹਾਈਆਂ

ਚੂੜਾ ਰੰਗਲਾ ਬਾਹਵਾਂ ਗੋਰੀਆਂ
ਮੈਂ ਛਮ ਛਮ ਦੁੱਧ ਰਿੜਕਾਂ
ਛਮ ਛਮ ਦੁੱਧ ’ਚ ਮਧਾਣੀ ਵੱਜਦੀ
ਗਲ ਸੁਣ ਸੋਹਣੀਏਂ
ਤੂੰ ਕਿਉਂ ਨੀ ਨੱਚਦੀ
ਸਾਨੂੰ ਵੀ ਸਖਾ ਦੇ
ਅਸੀਂ ਕਿੱਦਾਂ ਨੱਚੀਏ
ਬੱਲੇ ਨੀ
ਪੰਜਾਬ ਦੀਏ ਸ਼ੇਰ ਬੱਚੀਏ

ਉਡਦਾ ਉਡਦਾ ਮੋਰ
ਮੇਰੀ ਚੀਚੀ ਉਤੇ ਬਹਿ ਗਿਆ
ਛੂ ਛਾਂ ਕਰਕੇ ਉਡਾ ਦੇਵਾਂਗੇ
ਤੈਨੂੰ ਗਿੱਧੇ ਵਿਚ
ਤੈਨੂੰ ਗਿੱਧੇ ਵਿਚ
ਨੱਚਣਾ ਸਖਾ ਦੇਵਾਂਗੇ

ਜਦ ਮੈਂ ਗਿੱਧੇ ਵਿਚ ਨੱਚਾਂ
ਸੂਰਜ ਵੀ ਮੱਥਾ ਟੇਕਦਾ
ਲੁਧਿਆਣੇ ਜੱਟੀ ਨੱਚੇ
ਪਟਿਆਲਾ ਖੜ੍ਹ ਖੜ੍ਹ ਦੇਖਦਾ

ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ
ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਨਿਕਲਣ ਅੰਦਰੋਂ
ਵਸ ਨਹੀਂ ਕੁਝ ਮੇਰੇ
ਮੇਲਣੇ ਨੱਚ ਲੈ ਨੀ-
ਦੇ ਦੇ ਸ਼ੌਕ ਦੇ ਗੇੜੇ

ਬੋਲੀਆਂ ਦੇ ਮੈਂ ਖੂਹ ਭਰਦਾਂ
ਜਿਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਮੈਂ ਸੜਕ ਭਰਾਂ
ਜਿੱਥੇ ਚਲਦੇ ਲੋਕ ਹਜ਼ਾਰਾਂ
ਮਨ ਆਈ ਤੂੰ ਕਰਲੀਂ ਮੇਰੇ ਨਾਲ਼
ਜੇ ਮੈਂ ਬੋਲਣੋਂ ਹਾਰਾਂ
ਗਿੱਧੇ ਵਿਚ ਲੱਚ ਕੁੜੀਏ-
ਤੇਰੇ ਸਿਰ ਤੋਂ ਬੋਲੀਆਂ ਵਾਰਾਂ

ਵਿਆਹੁਲੇ ਗਿੱਧੇ ਵਿਚ ਆਈਆਂ ਕੁੜੀਆਂ
ਰੌਣਕ ਹੋਗੀ ਭਾਰੀ
ਪਹਿਲਾ ਨੰਬਰ ਵਧਗੀ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿੱਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ-
ਹੁਣ ਤੇਰੇ ਨੱਚਣ ਦੀ ਬਾਰੀ

ਚਿੱਟੀ ਚਿੱਟੀ ਕਣਕ ਦੁਆਬੇ ਦੀ
ਜਿਹੜੀ ਗਿੱਧਾ ਨੀ ਪਾਊ
ਰੰਨ ਬਾਬੇ ਦੀ

ਜੇ ਤੂੰ ਸੁਰਮਾਂ ਬਣਜੇਂ ਮੇਲਣੇ
ਮੈਂ ਅੱਖਾਂ ਵਿਚ ਪਾਵਾਂ
ਮੇਰੇ ਹਾਣ ਦੀਏ-
ਤੇਰਾ ਜਸ ਗਿੱਧੇ ਵਿਚ ਗਾਵਾਂ

ਨੱਚਣ ਵਾਲ਼ੇ ਦੀ ਅੱਡੀ ਨਾ ਰਹਿੰਦੀ
ਗਾਉਣ ਵਾਲ਼ੇ ਦਾ ਗਾਉਣ
ਨੀ ਅੱਖ ਤੇਰੀ ਲੋਅ ਵਰਗੀ
ਕੀ ਸੁਰਮੇ ਦਾ ਪਾਉਣ

ਜਿਹੜੇ ਪੱਤਣ ਪਾਣੀ ਅੱਜ ਲੰਘ ਜਾਣਾ
ਫੇਰ ਨਾ ਲੰਘਦਾ ਭਲ਼ਕੇ
ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ
ਫੇਰ ਨਾ ਬੈਠਣ ਰਲ਼ਕੇ
ਨੱਚ ਕੇ ਵਖਾ ਮੇਲਣੇ-
ਜਾਈਂ ਨਾ ਗਿੱਧੇ ਚੋਂ ਟਲ਼ਕੇ

ਕਲਯੁਗ ਆਇਆ
ਬੁੱਢੀ ਗਿੱਧਿਆਂ ’ਚ ਨੱਚਦੀ
ਜਦੋਂ ਜਵਾਨੀ ਜ਼ੋਰ ਸੀ ਵੇ ਬਾਲਮਾ
ਵੰਝਲੀ ਵਰਗਾ ਬੋਲ ਸੀ ਵੇ ਬਾਲਮਾ
ਵੱਜੇ ਅੱਡੀ ਤੇ
ਉਡਿਆ ਮੋਰ ਸੀ ਵੇ ਜ਼ਾਲਮਾ

ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਭਰਾਵੋ ਗਿੱਧਾ ਪਾਈਏ
ਸਾਨੂੰ ਸੌਣ ਸੈਨਤਾਂ ਮਾਰੇ
ਧੂੜਾਂ ਪੱਟ ਸਿੱਟੀਏ-
ਕਰਕੇ ਗਿੱਧੇ ਦੇ ਤਿਆਰੇ

ਗਿੱਧਾ ਗਿੱਧਾ ਕਰਦੀ ਕੁੜੀਏ
ਆ ਗਈ ਗਿੱਧੇ ਵਿਚ ਬਣ ਠਣ ਕੇ
ਬਈ ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚੇਂਗੀ-
ਨੱਚ ਲੈ ਪਟੋਲਾ ਬਣ ਕੇ

ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ
ਇਕੋ ਜਹੀਆਂ ਮੁਟਿਆਰਾਂ
ਚੰਨ ਦੇ ਚਾਨਣੇ ਐਕਣ ਚਮਕਣ
ਜਿਉਂ ਸੋਨੇ ਦੀਆਂ ਤਾਰਾਂ
ਗਲ਼ੀਂ ਉਹਨਾਂ ਦੇ ਰੇਸ਼ਮੀ ਲਹਿੰਗੇ
ਤੇੜ ਨਮੀਆਂ ਸਲਵਾਰਾਂ
ਕੁੜੀਆਂ ਐ ਨੱਚਣ-
ਜਿਉਂ ਹਰਨਾਂ ਦੀਆਂ ਡਾਰਾਂ

ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ
ਇਕੋ ਜਹੀਆਂ ਮੁਟਿਆਰਾਂ
ਬਈ ਬਾਰੋ ਬਾਰੀ ਮਾਰਨ ਗੇੜੇ
ਹੁਸਨ ਦੀਆਂ ਸਰਕਾਰਾਂ
ਬਈ ਘੱਗਰੇ ਉਹਨਾਂ ਦੇ ਵੀਹ ਵੀਹ ਗਜ਼ ਦੇ
ਲੱਕ ਲੰਬੀਆਂ ਸਲਵਾਰਾਂ
ਨੱਚ ਲੈ ਮੋਰਨੀਏ-
ਪੰਜ ਪਤਾਸੇ ਵਾਰਾਂ

ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ਼ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ

ਨੀ ਮੈਂ ਆਵਾਂ ਆਵਾਂ ਆਵਾਂ
ਨੀ ਮੈਂ ਨੱਚਦੀ ਝੂਮਦੀ ਆਵਾਂ
ਨੀ ਮੈਂ ਚੰਨ ਤੇ ਪੀਂਘਾਂ ਪਾਵਾਂ
ਮਾਰ ਹੁਲਾਰਾ ਸਿਖਰ ਚੜ੍ਹਾਵਾਂ
ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ
ਅੱਜ ਨੱਚਣਾ ਹੋਏ ਅੱਜ ਨੱਚਣਾ
ਗਿੱਧੇ ’ਚ ਪਟੋਲਾ ਬਣ ਕੇ ਨੀ

ਬੀਕਾਨੇਰ ਵਿਚ ਮੀਂਹ ਨੀ ਪੈਂਦਾ
ਸੁੱਕੀਆਂ ਵਗਣ ਜ਼ਮੀਨਾਂ
ਪਸ਼ੂ ਵਿਚਾਰੇ ਭੁੱਖੇ ਮਰਗੇ
ਕੁਤਰਾ ਕਰਨ ਮਸ਼ੀਨਾਂ
ਗਿੱਧੇ ਵਿਚ ਆ ਜਾ ਪੱਠੀਏ-
ਬਣ ਕੇ ਕਬੂਤਰ ਚੀਨਾ

ਫੱਗਣ ਮਹੀਨੇ ਮੀਂਹ ਪੈ ਜਾਂਦਾ
ਲਗਦਾ ਕਰੀਰੀਂ ਬਾਟਾ
ਸਰਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ-
ਆ ਕੇ ਦੇ ਜਾ ਝਾਕਾ

ਫਾਤਾਂ ਨਿਕਲੀ ਲੀੜੇ ਪਾ ਕੇ
ਹਾਕ ਹੁਕਮੀ ਨੇ ਮਾਰੀ
ਨਿੰਮ ਦੇ ਕੋਲ਼ ਬਸੰਤੀ ਆਉਂਦੀ
ਬੋਤੀ ਵਾਂਗ ਸ਼ਿੰਗਾਰੀ
ਹੀਰ ਕੁੜੀ ਦਾ ਪਿੰਡਾ ਮੁਸ਼ਕੇ
ਨੂਰੀ ਸ਼ੁਕੀਨਣ ਭਾਰੀ
ਕਿਸ਼ਨੋ ਬਿਸ਼ਨੋ ਦੋਵੇਂ ਭੈਣਾਂ
ਕਿਸ਼ਨੋ ਚੰਨ ਵਰਗੀ-
ਉਹਦੀ ਗਿੱਧੇ ਦੀ ਸਰਦਾਰੀ

ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਨਚਦੀ ਸੰਤੋ ਦੇ-
ਝੁਮਕੇ ਲੈਣ ਹੁਲਾਰੇ

ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਝੂਟਣ ਆਈਆਂ
ਸੰਤੋ ਬੰਤੋ ਦੋ ਮੁਟਿਆਰਾਂ
ਵੱਡੇ ਘਰਾਂ ਦੀਆਂ ਜਾਈਆਂ
ਲੰਬੜਦਾਰਾਂ ਦੀ ਬਚਨੀ ਦਾ ਤਾਂ
ਚਾਅ ਚੱਕਿਆ ਨਾ ਜਾਵੇ
ਝੂਟਾ ਦੇ ਦਿਓ ਨੀ-
ਮੇਰਾ ਲੱਕ ਹੁਲਾਰੇ ਖਾਵੇ

ਸਾਉਣ ਮਹੀਨਾ ਦਿਨ ਗਿੱਧੇ ਦੇ
ਕਠ ਹੋ ਗਿਆ ਭਾਰੀ
ਸਭ ਤੋਂ ਸੋਹਣਾ ਨੱਚੇ ਸੰਤੋ
ਨਰਮ ਰਹੀ ਕਰਤਾਰੀ
ਲੱਛੀ ਕੁੜੀ ਮਹਿਰਿਆਂ ਦੀ
ਲੱਕ ਪਤਲਾ ਬਦਨ ਦੀ ਭਾਰੀ
ਨੱਚ ਲੈ ਸ਼ਾਮ ਕੁਰੇ-
ਤੇਰੀ ਆ ਗੀ ਨੱਚਣ ਦੀ ਵਾਰੀ

ਭਾਬੀ ਮੇਰੀ ਆਈ ਮੁਕਲਾਵੇ
ਆਈ ਸਰ੍ਹੋਂ ਦਾ ਫੁੱਲ ਬਣ ਕੇ
ਗਲ਼ ਵਿਚ ਉਹਦੇ ਕੰਠੀ ਸੋਹੇ
ਵਿਚ ਸੋਨੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ-
ਨੱਚ ਲੈ ਪਟੋਲਾ ਬਣ ਕੇ

ਤਾਵੇ ਤਾਵੇ ਤਾਵੇ
ਗਿੱਧੇ ਵਿਚ ਨੱਚ ਭਾਬੀਏ
ਛੋਟਾ ਦਿਓਰ ਬੋਲੀਆਂ ਪਾਵੇ
ਬੋਚ ਬੋਚ ਪੱਬ ਧਰਦੀ
ਤੇਰੀ ਸਿਫਤ ਕਰੀ ਨਾ ਜਾਵੇ
ਹੌਲ਼ੀ ਹੌਲ਼ੀ ਨੱਚ ਭਾਬੀਏ
ਤੇਰੇ ਲੱਕ ਨੂੰ ਜਰਬ ਨਾ ਆਵੇ
ਛੱਡ ਦਿਓ ਬਾਂਹ ਕੁੜੀਓ-
ਮੈਥੋਂ ਹੋਰ ਨੱਚਿਆ ਨਾ ਜਾਵੇ

ਝਾਮਾਂ ਝਾਮਾਂ ਝਾਮਾਂ
ਕੁੜਤੀ ਲਿਆ ਦੇ ਟੂਲ ਦੀ
ਰੇਸ਼ਮੀ ਸੁੱਥਣ ਨਾਲ਼ ਪਾਵਾਂ
ਕੰਨਾਂ ਨੂੰ ਕਰਾ ਦੇ ਡੰਡੀਆਂ
ਤੇਰਾ ਜਸ ਗਿੱਧੇ ਵਿਚ ਗਾਵਾਂ
ਮਿਸ਼ਰੀ ਕੜੱਕ ਬੋਲਦੀ-
ਲੱਡੂ ਲਿਆਮੇਂ ਤਾਂ ਭੋਰ ਕੇ ਖਾਵਾਂ

ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮੱਛਲੀ
ਤੁੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੂੰਗੇ
ਅਸਾਂ ਐਮੇਂ ਈ ਲੜੀ ਪਰੋਤੀ
ਇਹਨੇ ਕੀ ਨੱਚਣਾ-
ਇਹ ਤਾਂ ਕੌਲ਼ੇ ਨਾਲ਼ ਖਲੋਤੀ

ਉਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖੱਦਰ ਦੀ ਪਾਈ
ਬਾਹੀਂ ਉਹਦੇ ਸਜਣ ਚੂੜੀਆਂ
ਰੰਗਲ਼ੀ ਮਹਿੰਦੀ ਲਾਈ
ਕੁੜੀਆਂ ’ਚ ਚੰਦ ਚੜ੍ਹ ਗਿਆ
ਹੀਰ ਗਿੱਧੇ ਵਿਚ ਆਈ
ਰੌਣਕ ਕੁੜੀਆਂ ਦੀ-
ਹੋ ਗਈ ਦੂਣ ਸਵਾਈ

ਕੁੜੀਆਂ ਚਿੜੀਆਂ ਹੋਈਆਂ ਕੱਠੀਆਂ
ਸਭ ਤੋਂ ਚੜ੍ਹਦੀ ਨੂਰੀ
ਆਪੋ ਵਿਚ ਦੀ ਗੱਲਾਂ ਕਰਦੀਆਂ
ਹੁੰਦੀਆਂ ਘੂਰਮ ਘੂਰੀ
ਉਮਰੀ ਬਾਝ ਗਿੱਧਾ ਨੀ ਪੈਂਦਾ
ਆਊ ਤਾਂ ਪੈ ਜਾਊ ਪੂਰੀ
ਰਾਣੀ ਕੁੜੀ ਨੂੰ ਸੱਦਾ ਭੇਜੋ
ਜਿਹੜੀ ਨਿਤ ਮਲਦੀ ਕਸਤੂਰੀ
ਪੰਜ ਸੇਰ ਮੱਠੀਆਂ ਖਾ ਗਈ ਹੁਕਮੀ
ਕਰੇ ਨਾ ਸਬਰ ਸਬੂਰੀ
ਬਾਂਦਰ ਵਾਂਗੂੰ ਟੱਪਦੀ ਮਾਲਣ
ਖਾਣ ਨੂੰ ਮੰਗਦੀ ਚੂਰੀ
ਲੱਛੀ ਆਈ ਨਹੀਂ-
ਨਾ ਪੈਂਦੀ ਗਿੱਧੇ ਵਿਚ ਪੂਰੀ

ਹੁਮ ਹੁਮਾ ਕੇ ਕੁੜੀਆਂ ਆਈਆਂ
ਗਿਣਤੀ ’ਚ ਪੂਰੀਆਂ ਚਾਲ਼ੀ
ਚੰਦੀ, ਨਿਹਾਲੋ, ਬਚਨੀ, ਪ੍ਰੀਤੋ
ਸਭ ਦੀ ਵਰਦੀ ਕਾਲ਼ੀ
ਲੱਛੀ, ਬੇਗ਼ਮ, ਨੂਰੀ, ਫਾਤਾਂ
ਸਭ ਦੇ ਮੂੰਹ ਤੇ ਲਾਲੀ
ਸਭ ਤੋਂ ਸੋਹਣੀ ਭੈਣ ਪੰਜਾਬੋ
ਓਸ ਤੋਂ ਵਧ ਕੇ ਜੁਆਲੀ
ਗਿੱਧਾ ਪਾਓ ਕੁੜੀਓ-
ਹੀਰ ਆ ਗਈ ਸਿਆਲਾਂ ਵਾਲ਼ੀ

ਸਾਡੇ ਪਿੰਡ ਦੇ ਮੁੰਡੇ ਦੇਖ ਲਓ
ਜਿਉਂ ਟਾਹਲੀ ਦੇ ਪਾਵੇ
ਕੰਨੀਦਾਰ ਉਹ ਬੰਨ੍ਹਦੇ ਚਾਦਰੇ
ਪਿੰਜਣੀ ਨਾਲ਼ ਸੁਹਾਵੇ
ਦੁੱਧ ਕਾਸ਼ਣੀ ਬੰਨ੍ਹਦੇ ਸਾਫੇ
ਉਡਦਾ ਕਬੂਤਰ ਜਾਵੇ
ਮਲਮਲ ਦੇ ਤਾਂ ਕੁੜਤੇ ਪਾਉਂਦੇ
ਜਿਉਂ ਬਗਲਾ ਤਲਾ ਵਿਚ ਨ੍ਹਾਵੇ
ਗਿੱਧਾ ਪਾਉਂਦੇ ਮੁੰਡਿਆਂ ਦੀ-
ਸਿਫਤ ਕਰੀ ਨਾ ਜਾਵੇ

ਧਰਤੀ ਦੀਆਂ ਧੀਆਂ

ਕਣਕ

ਅਸੀਂ ਯਾਰ ਦੀ ਤ੍ਰੀਕੇ ਜਾਣਾ
ਕਣਕ ਦੇ ਲਾਹਦੇ ਫੁਲਕੇ

ਤੇਰੀ ਮੇਰੀ ਇਉਂ ਲੱਗ ਗੀ
ਜਿਉਂ ਲੱਗਿਆ ਕਣਕ ਦਾ ਦਾਣਾ

ਜਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿਸਰਦੀਆਂ

ਪਾਣੀ ਦੇਣਗੇ ਰੁਮਾਲਾਂ ਵਾਲ਼ੇ
ਬੱਲੀਏ ਕਣਕ ਦੀਏ

ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾਂ ਵਾਲ਼ੇ

ਉਡੱਗੀ ਕਬੂਤਰ ਬਣ ਕੇ
ਹਰੀਆਂ ਕਣਕਾਂ ਚੋਂ

ਉਠੱ ਗਿਆ ਮਿਰਕਣ ਨੂੰ
ਕਣਕ ਵੇਚਕੇ ਸਾਰੀ

ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਨੀਂ ਆਂ
ਛਾਵੇਂ ਬਹਿ ਕੇ ਖਾਵਾਂਗੇ
ਚਿਤ ਕਰੂ ਮੁਕਲਾਵੇ ਜਾਵਾਂਗੇ

ਮੱਕੀ

ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ
ਰੋਟੀ ਮੇਰਾ ਯਾਰ ਖਾ ਗਿਆ

ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ

ਲੈ ਲੈ ਛੱਲੀਆਂ ਭਨਾ ਲੈ ਦਾਣੇ
ਘਰ ਤੇਰਾ ਦੂਰ ਮਿੱਤਰਾ

ਕਿਸੇ ਗਲ ਤੋਂ ਯਾਰ ਪਰਤਿਆਈਏ
ਛੱਲੀਆਂ ਤੇ ਰੁਸ ਨਾ ਬਹੀਏ

ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ

ਮੇਰਾ ਯਾਰ ਮੱਕੀ ਦਾ ਰਾਖਾ
ਡੱਬ ਵਿਚ ਲਿਆਵੇ ਛੱਲੀਆਂ

ਮੇਰੇ ਯਾਰ ਨੇ ਖਿੱਲਾਂ ਦੀ ਮੁਠ ਮਾਰੀ
ਚੁਗ ਲੌੌ ਨੀ ਕੁੜੀਓ

ਯਾਰੀ ਝਿਊਰਾਂ ਦੀ ਕੁੜੀ ਨਾਲ਼ ਲਾਈਏ
ਤੱਤੀ ਤੱਤੀ ਖਿਲ ਚੱਬੀਏ

ਅਸੀਂ ਤੇਰੇ ਨਾ ਚੱਬਣੇ
ਖੁਸ਼ਕ ਮੱਕੀ ਦੇ ਦਾਣੇ

ਜੇ ਜੱਟੀਏ ਜੱਟ ਕੁਟਣਾ ਹੋਵੇ
ਸੁੱਤੇ ਪਏ ਨੂੰ ਕੁਟੀਏ
ਵੱਖੀ ’ਚ ਉਹਦੇ ਲੱਤ ਮਾਰ ਕੇ
ਹੇਠ ਮੰਜੇ ਤੋਂ ਸੁੱਟੀਏ

ਨੀ ਪਹਿਲਾਂ ਜੱਟ ਤੋਂ ਮੱਕੀ ਪਿਹਾਈਏ
ਫੇਰ ਪਿਹਾਈਏ ਛੋਲੇ
ਜੱਟੀਏ ਦੇਹ ਦਬਕਾ-
ਜੱਟ ਫੇਰ ਨਾ ਬਰਾਬਰ ਬੋਲੇ

ਕਪਾਹ

ਹਾੜ੍ਹੀ ਵਢ ਕੇ ਬੀਜਦੇ ਨਰਮਾ
ਚੁਗਣੇ ਨੂੰ ਮੈਂ ਤਕੜੀ

ਮਲਮਲ ਵੱਟ ਤੇ ਖੜ੍ਹੀ
ਚਿੱਟਾ ਚਾਦਰਾ ਕਪਾਹ ਨੂੰ ਗੋਡੀ ਦੇਵੇ

ਆਪੇ ਲਿਫ ਜਾ ਕਪਾਹ ਦੀਏ ਛਟੀਏ
ਪਤਲੋ ਦੀ ਬਾਂਹ ਥੱਕਗੀ

ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ ਪੂਰਾ

ਤਾਰੋ ਹਸਦੀ ਖੇਤ ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ

ਪਰੇ ਹੱਟ ਜਾ ਕਪਾਹ ਦੀਏ ਛਟੀਏ
ਪਤਲੇ ਨੂੰ ਲੰਘ ਜਾਣ ਦੇ

ਭਲ਼ਕੇ ਕਪਾਹ ਦੀ ਬਾਰੀ
ਵੱਟੋ ਵਟ ਆ ਜੀਂ ਮਿੱਤਰਾ

ਕਮਾਦ

ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

ਕਾਲ਼ੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ

ਛੋਲੇ

ਚੰਦਰੇ ਜੇਠ ਦੇ ਛੋਲੇ
ਕਦੀ ਨਾ ਧੀਏ ਜਾਈਂ ਸਾਗ ਨੂੰ

ਛੋਲਿਆਂ ਦੀ ਰੋਟੀ ਤੇ ਸਾਗ ਸੁਪੱਤੀ ਦਾ
ਤੋਰ ਦੇ ਮਾਏਂ ਨੀ ਰਾਂਝਾ ਪੁੱਤਰ ਕੁਪੱਤੀ ਦਾ

ਸਰ੍ਹੋਂ

ਕਿਹੜੀ ਐਂ ਨੀ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ

ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ

ਸਰ੍ਹਵਾਂ ਫੁੱਲੀਆਂ ਤੋਂ
ਕਦੀ ਜੱਟ ਦੇ ਖੇਤ ਨਾ ਜਾਈਏ

ਯਾਰੀ ਪਿੰਡ ਦੀ ਕੁੜੀ ਨਾਲ਼ ਲਾਈਏ
ਸਰ੍ਹਵਾਂ ਫੁੱਲੀਆਂ ਤੋਂ

ਕੀ ਲੈਣੈ ਸ਼ਹਿਰਨ ਬਣ ਕੇ
ਸਾਗ ਨੂੰ ਤਰਸੇਂਗੀ

ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣ ਕੇ
ਮਾਪਿਆਂ ਨੇ ਤੋਰਨੀ ਨਹੀਂ

ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰ੍ਹੋਂ ਵਾਲ਼ੇ ਆ ਜੀਂ ਖੇਤ ਨੂੰ

ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਉਦੋਂ ਕਿਉਂ ਨਾ ਆਇਆ ਮਿੱਤਰਾ

ਬਣਗੇ ਸਰਹੋਂ ਦੇ ਫੁੱਲ ਆਲੂ
ਜ਼ੋਰ ਮਸਾਲੇ ਦੇ ਇੰਦੀਏ
ਕੁੱਜੇ ’ਚੋਂ ਲਿਆ ਮੱਖਣੀ
ਗੱਡਾ ਜਿੰਦੀਏ

ਬਾਜਰਾ

ਮੀਂਹ ਪਾ ਦੇ ਲਾ ਦੇ ਝੜੀਆਂ
ਬੀਜ ਲਈਏ ਮੋਠ ਬਾਜਰਾ

ਰੁੱਤ ਗਿੱਧਾ ਪਾਉਣ ਦੀ ਆਈ
ਲੱਕ ਲੱਕ ਹੋ ਗੇ ਬਾਜਰੇ

ਬਾਜਰਾ ਤਾਂ ਸਾਡਾ ਹੋ ਗਿਆ ਚਾਬੂ
ਮੂੰਗੀ ਆਉਂਦੀ ਫਲਦੀ
ਪਹਿਣ ਪਚਰ ਕੇ ਆ ਗਈ ਖੇਤ ਵਿਚ
ਠੁਮਕ ਠੁਮਕ ਪੱਬ ਧਰਦੀ
ਸਿੱਟੇ ਡੁੰਗੇ, ਬੂਟੇ ਭੰਨੇ
ਦਿਓਰ ਤੋਂ ਮੂਲ ਨਾ ਡਰਦੀ
ਸਿਫਤਾਂ ਰਾਂਝੇ ਦੀਆਂ-
ਮੈਂ ਬੈਠ ਮਨ੍ਹੇ ਤੇ ਕਰਦੀ

ਖੇਤ ਤੇ ਆਪਣਾ ਡਬਰਿਆਂ ਖਾ ਲਿਆ
ਮੇਰਾ ਕਾਲਜਾ ਧੜਕੇ
ਸਾਰੇ ਜ਼ੋਰ ਦਾ ਮਾਰਾਂ ਗੋਪੀਆ
ਹੇਠ ਤੂਤ ਦੇ ਖੜ੍ਹਕੇ
ਸੋਹਣੀਏ ਹੀਰੇ ਨੀ-
ਦੇ ਦੇ ਬਾਜਰਾ ਮਲ਼ ਕੇ

ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਖੇਤ ਵਿਚ ਜਾ ਕੇ ਹੂਕਰ ਮਾਰੀ
ਸਿਖਰ ਮਨ੍ਹੇ ਤੇ ਚੜ੍ਹ ਕੇ
ਉਤਰਦੀ ਨੂੰ ਆਈਆਂ ਝਰੀਟਾਂ
ਚੁੰਨੀ ਪਾਟ ਗਈ ਫਸਕੇ
ਤੁਰ ਪਰਦੇਸ ਗਿਉਂ-
ਦਿਲ ਮੇਰੇ ਵਿਚ ਵਸ ਕੇ

ਸਾਉਣ ਮਹੀਨੇ ਬੱਦਲ ਪੈ ਗਿਆ
ਹਲ਼ ਜੋੜ ਕੇ ਜਾਈਂ
ਬਾਰਾਂ ਘੁਮਾਂ ਦਾ ਵਾਹਣ ਆਪਣਾ
ਬਾਜਰਾ ਬੀਜ ਕੇ ਆਈਂ
ਨੱਕਿਆਂ ਦਾ ਤੈਨੂੰ ਗ਼ਮ ਨਾ ਕੋਈ
ਨੱਕੇ ਛੱਡਾਂ ਮੈਂ ਤੜਕੇ
ਵੀਰ ਨੂੰ ਵੀ ਮਿਲੇ-
ਵੱਟ ਤੇ ਗੋਪੀਆ ਧਰ ਕੇ

ਘਰ ਤਾਂ ਜਿਨ੍ਹਾਂ ਦੇ ਕੋਲ਼ੋ ਕੋਲ਼ੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲ਼ੋ ਕੋਲ਼ੀ ਮੰਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ
ਉਚੀਆਂ ਚਰ੍ਹੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ
ਨੰਦ ਕੁਰ ਥਿਆ ਜਾਂਦੀ-
ਪੈਰੀਂ ਝਾਂਜਰਾਂ ਪਾਈਆਂ

ਚਰ੍ਹੀ

ਮੇਰੀ ਡਿਗਪੀ ਚਰੀ ਦੇ ਵਿਚ ਗਾਨੀ
ਚੱਕ ਲਿਆ ਮੋਰ ਬਣ ਕੇ

ਅੱਖ ਮਾਰ ਕੇ ਚਰ੍ਹੀ ਵਿਚ ਬੜਗੀ
ਐਡਾ ਕੀ ਜ਼ਰੂਰੀ ਕੰਮ ਸੀ

ਕਾਲ਼ਾ ਨਾਗ ਨੀ ਚਰ੍ਹੀ ਵਿਚ ਮੇਲ੍ਹੇ
ਬਾਹਮਣੀ ਦੀ ਗੁੱਤ ਵਰਗਾ

ਅਲ਼ਸੀ

ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੀ ਫੁੱਲ ਵਰਗੀ

ਮੂੰਗੀ

ਉਚੇ ਟਿੱਬੇ ਇਕ ਮੂੰਗੀ ਦਾ ਬੂਟਾ
ਉਹਨੂੰ ਲੱਗੀਆਂ ਢਾਈ ਟਾਂਟਾਂ
ਕਰਾ ਦੇ ਨੀ ਮਾਏਂ ਜੜੁੱਤ ਬਾਂਕਾਂ

ਜੌਂ

ਉਚੇ ਟਿੱਬੇ ਇਕ ਜੌਆਂ ਦਾ ਬੂਟਾ
ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲ ਮਲ ਦੀ-
ਭਖ ਭਖ ਉਠੇ ਸਰੀਰ

ਕਰੇਲੇ

ਗੰਢਾ ਤੇਰੇ ਕਰੇਲੇ ਮੇਰੇ
ਖੂਹ ਤੇ ਮੰਗਾ ਲੈ ਰੋਟੀਆਂ

ਗੰਢੇ ਤੇਰੇ ਕਰੇਲੇ ਮੇਰੇ
ਰਲ਼ਕੇ ਤੜਕਾਂਗੇ

ਕੱਦੂ

ਮੇਰੀ ਮੱਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰ ਕੇ

ਮੂੰਗਰੇ

ਮੈਂ ਮੁੰਗਰੇ ਤੜ੍ਹਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ

ਖਰਬੂਜਾ

ਗੋਰੀ ਗਲ੍ਹ ਦਾ ਬਣੇ ਖਰਬੂਜਾ
ਡੰਡੀਆਂ ਦੀ ਵੇਲ ਬਣ ਜੇ

ਰੁੱਖ ਫੁੱਲ ਬੂਟੇ

ਪਿੱਪਲ

ਪਿੱਪਲ ਦਿਆ ਪੱਤਿਆ
ਕੇਹੀ ਖੜ ਖੜ ਲਾਈ ਆ
ਪੱਤ ਝੜੇ ਪੁਰਾਣੇ
ਰੁੱਤ ਨਵਿਆਂ ਦੀ ਆਈ ਆ

ਪਿੱਪਲ਼ਾ ਦਸ ਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ

ਪਿੱਪਲਾਂ ਉਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲ਼ਾਂ
ਜੰਗ ਨੂੰ ਨਾ ਜਾਹ ਵੇ-
ਦਿਲ ਦੇ ਬੋਲ ਮੈਂ ਬੋਲਾਂ

ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ
ਫੁੱਲ਼ਾਂ ਬਾਝ ਫੁਲਾਹੀਆਂ
ਹੰਸਾਂ ਨਾਲ਼ ਹਮੇਲਾਂ ਸੋਂਹਦੀਆਂ
ਬੰਦਾਂ ਨਾਲ਼ ਗਜਰਾਈਆਂ
‘ਧੰਨ ਭਾਗ ਮੇਰਾ' ਆਖੇ ਪਿੱਪਲ
ਕੁੜੀਆਂ ਨੇ ਪੀਂਘਾਂ ਪਾਈਆਂ
ਸਾਉਣ ਵਿਚ ਕੁੜੀਆਂ ਨੇ-
ਪੀਂਘਾਂ ਅਸਮਾਨ ਚੜ੍ਹਾਈਆਂ

ਸੁਣ ਪਿੱਪਲਾ ਵੇ ਮੇਰੇ ਪਿੰਡ ਦਿਆ
ਪੀਂਘਾਂ ਤੇਰੇ ਤੇ ਪਾਈਆਂ
ਦਿਨ ਤੀਆਂ ਦੇ ਆ ਗੇ ਨੇੜੇ
ਉਠ ਪੇਕਿਆਂ ਨੂੰ ਆਈਆਂ
ਹਾੜ੍ਹ ਮਹੀਨੇ ਬੈਠਣ ਛਾਵੇਂ
ਪਿੰਡ ਦੀਆਂ ਮੱਝਾਂ ਗਾਈਆਂ
ਪਿੱਪਲਾ ਸਹੁੰ ਤੇਰੀ-
ਝੱਲੀਆਂ ਨਾ ਜਾਣ ਜੁਦਾਈਆਂ

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ
ਤੇਰੀਆ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ-
ਕਿਹੜੀ ਛਾਉਣੀ ਲੁਆ ਲਿਆ ਨਾਵਾਂ

ਬੋਹੜ

ਹੇਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ

ਕਿੱਕਰ

ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ

ਚਰਖਾ ਮੇਰਾ ਲਾਲ ਕਿੱਕਰ ਦਾ
ਮਾਲ੍ਹਾਂ ਬਹੁਤੀਆਂ ਖਾਵੇ
ਚਰਖਾ ਬੂ ਚੰਦਰਾ-
ਸਾਡੀ ਅਸਰਾਂ ਦੀ ਨੀਂਦ ਗਵਾਵੇ

ਕਿੱਕਰ ਉਤੋਂ ਫੁੱਲ ਪਏ ਝੜਦੇ
ਲਗਦੇ ਬੋਲ ਪਿਆਰੇ
ਜਲ ਤੇ ਫੁੱਲ ਤਰਦਾ-
ਝੁਕ ਕੇ ਚੱਕ ਮੁਟਿਆਰੇ

ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗੇ ਕਰੀਰ
ਕੁੜਤੀ ਮਲਮਲ ਦੀ-
ਭਾਫਾਂ ਛੱਡੇ ਸਰੀਰ

ਤੈਨੂੰ ਕੀ ਲਗਦਾ ਮੁਟਿਆਰੇ
ਕਿੱਕਰਾਂ ਨੂੰ ਫੁੱਲ ਲਗਦੇ

ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ

ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲ਼ਾ
ਬਾਪੂ ਦੇ ਪਸੰਦ ਆ ਗਿਆ

ਤੇਰੀ ਥਾਂ ਮੈਂ ਮਿਣਦੀ
ਤੂੰ ਬੈਠ ਕਿੱਕਰਾਂ ਦੀ ਛਾਵੇਂ

ਉਥੇ ਕਿੱਕਰਾਂ ਨੂੰ ਲਗਦੇ ਮੋਤੀ
ਜਿਥੋਂ ਮੇਰਾ ਵੀਰ ਲੰਘਦਾ

ਤੈਨੂੰ ਸਖੀਆਂ ਮਿਲਣ ਨਾ ਆਈਆਂ
ਕਿੱਕਰਾਂ ਨੂੰ ਪਾ ਲੈ ਜੱਫੀਆਂ

ਬੇਰੀਆਂ

ਸਾਨੂੰ ਬੇਰੀਆਂ ਦੇ ਬੇਰ ਪਿਆਰੇ
ਨਿਉਂ ਨਿਉਂ ਚੁਗ ਗੋਰੀਏ

ਮਿੱਠੇ ਬੇਰ ਫੇਰ ਨੀ ਥਿਆਉਣੇ
ਸਾਰਾ ਸਾਲ ਡੀਕਦੀ ਰਹੀਂ

ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ

ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ

ਬੇਰੀਆਂ ਦੇ ਬੇਰ ਮੁਕਗੇ
ਦਸ ਕਿਹੜੇ ਮੈਂ ਬਹਾਨੇ ਆਵਾਂ

ਬੇਰੀਆਂ ਦੇ ਬੇਰ ਪੱਕਗੇ
ਰੁਤ ਯਾਰੀਆਂ ਲਾਉਣ ਦੀ ਆਈ

ਮਿੱਠੇ ਬੇਰ ਸੁਰਗ ਦਾ ਮੇਵਾ
ਕੋਲ਼ੋਂ ਕੋਲ਼ ਬੇਰ ਚੁਗੀਏ

ਮਿੱਠੇ ਯਾਰ ਦੇ ਬਰੋਬਰ ਬਹਿਕੇ
ਮਿੱਠੇ ਮਿੱਠੇ ਬੇਰ ਚੁਗੀਏ

ਮਿੱਠੇ ਬੇਰ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ

ਭਾਬੀ ਤੇਰੀ ਗਲ੍ਹ ਵਰਗਾ
ਮੈਂ ਬੇਰੀਆਂ ਚੋਂ ਬੇਰ ਲਿਆਂਦਾ

ਬੇਰੀਆਂ ਦੇ ਬੇਰ ਖਾਣੀਏਂ
ਗੋਰੇ ਰੰਗ ਤੇ ਝਰੀਟਾਂ ਆਈਆਂ

ਬੇਰੀਆਂ ਨੂੰ ਬੇਰ ਲੱਗਗੇ
ਤੈਨੂੰ ਕੁਝ ਨਾ ਲੱਗਾ ਮੁਟਿਆਰੇ

ਤੂਤ

ਬੰਤੋ ਬਣ ਬੱਕਰੀ
ਜੱਟ ਬਣਦਾ ਤੂਤ ਦਾ ਟਾਹਣਾ

ਨੀ ਮੈਂ ਲਗਰ ਤੂਤ ਦੀ
ਲੜ ਮਧਰੇ ਦੇ ਲਾਈ

ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗੇ ਤੂਤ
ਜੇ ਮੇਰੀ ਸੱਸ ਮਰਜੇ-
ਦੂਰੋਂ ਮਾਰਾਂ ਕੂਕ

ਨਿੰਮ

ਕੌੜੀ ਨਿੰਮ ਨੂੰ ਪਤਾਸੇ ਲਗਦੇ
ਵਿਹੜੇ ਛੜਿਆਂ ਦੇ

ਨਿੰਮ ਦਾ ਕਰਾਦੇ ਘੋਟਣਾ
ਕਿਤੇ ਸੱਸ ਕੁਟਣੀ ਬਣ ਜਾਵੇ

ਤੇਰੀ ਸਿਖਰੋਂ ਪੀਘ ਟੁੱਟ ਜਾਵੇ
ਨਿੰਮ ਨਾਲ਼ ਝੂਟਦੀਏ

ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾਲ਼ ਝੂਟਦੀਏ

ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ
ਨਿੰਮ ਨਾਲ਼ ਝੂਟਦੀਏ

ਲੱਛੋ ਬੰਤੀ ਪੀਣ ਸ਼ਰਾਬਾਂ
ਨਾਲ਼ ਮੰਗਣ ਤਰਕਾਰੀ
ਲੱਛੋ ਨਾਲ਼ੋਂ ਚੜ੍ਹਗੀ ਬੰਤੋ
ਨੀਮ ਰਹੀ ਕਰਤਾਰੀ
ਭਾਨੋ ਨੈਣ ਦੀ ਗਿਰਪੀ ਝਾਂਜਰ
ਰਾਮ ਰੱਖੀ ਨੇ ਭਾਲ਼ੀ
ਪੰਜ ਸੱਤ ਕੁੜੀਆਂ ਭੱਜੀਆਂ ਘਰਾਂ ਨੂੰ
ਮੀਂਹ ਨੇ ਘੇਰੀਆਂ ਚਾਲ਼ੀ
ਨੀ ਨਿੰਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ਼ ਯਾਰੀ

ਜੰਡ

ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ
ਰੋਹੀ ਵਾਲ਼ਾ ਜੰਡ ਵੱਢ ਕੇ

ਮਰਗੀ ਨੂੰ ਰੁਖ ਰੋਣਗੇ
ਅੱਕ ਢਕ ਤੇ ਕਰੀਰ ਜੰਡ ਬੇਰੀਆਂ

ਜੰਡ ਸ੍ਰੀਂਹ ਨੂੰ ਦੱਸੇ
ਤੂਤ ਨਹੀਓਂ ਮੂੰਹੋਂ ਬੋਲਦਾ

ਕਰੀਰ

ਫੱਗਣ ਮਹੀਨੇ ਮੀਂਹ ਪੈ ਜਾਂਦਾ
ਲਗਦਾ ਕਰੀਰੀਂ ਬਾਟਾ
ਸਰਹੋਂ ਨੂੰ ਤਾਂ ਫੁੱਲ ਲਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ਼ ਜੱਟ ਗਿੱਧਾ ਪਾਉਂਦੇ
ਰੱਬ ਸਭਨਾ ਦਾ ਰਾਖਾ
ਬਸੰਤੀ ਫੁੱਲਾ ਵੇ-
ਆ ਕੇ ਦੇ ਜਾ ਝਾਕਾ

ਆਮ ਖਾਸ ਨੂੰ ਡੇਲੇ
ਮਿੱਤਰਾਂ ਨੂੰ ਖੰਡ ਦਾ ਕੜਾਹ

ਬੈਠੀ ਰੋਏਂਗੀ ਬਣਾਂ ਦੇ ਓਹਲੇ
ਪਿਆਰੇ ਗੱਡੀ ਚੜ੍ਹ ਜਾਣਗੇ

ਮਰ ਗਈ ਨੂੰ ਰੁੱਖ ਰੋ ਰਹੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ

ਚੰਨਣ

ਰੱਤਾ ਪਲੰਘ ਚੰਨਣ ਦੇ ਪਾਵੇ
ਤੋੜ ਤੋੜ ਖਾਣ ਹੱਡੀਆਂ

ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ
ਤੇਰੇ ਪਿੱਛੇ ਗੋਰੀਏ ਰੰਨੇ

ਟਾਹਲੀ

ਕੱਲੀ ਹੋਵੇ ਨਾ ਬਣਾਂ ਵਿਚ ਟਾਹਲੀ
ਕੱਲਾ ਨਾ ਹੋਵੇ ਪੁੱਤ ਜੱਟ ਦਾ

ਕੌਲ ਕੱਲਰ ਵਿਚ ਲਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚੁਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁਲ ਜਾਂਦੇ
ਹੇਠਾਂ ਮਚਦੀਆਂ ਤਲ਼ੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲ਼ੀਆਂ

ਉਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵਢ ਵੇ-
ਸ਼ਾਮਲਾਟ ਦੀ ਟਾਹਲੀ

ਹੀਰਿਆਂ ਹਰਨਾ ਬਾਗੀਂ ਚਰਨਾ
ਬਾਗਾਂ ਦੇ ਵਿਚ ਟਾਹਲੀ
ਸਾਡੇ ਭਾ ਦਾ ਰੱਬ ਰੁੱਸਿਆ-
ਸਾਡੀ ਰੁਸਗੀ ਝਾਂਜਰਾਂ ਵਾਲ਼ੀ

ਅੰਬ

ਛੱਡ ਕੇ ਦੇਸ ਦੁਆਬਾ
ਅੰਬੀਆਂ ਨੂੰ ਤਰਸੇਂਗੀ

ਮੁੰਡਾ ਮੇਰਾ ਮੁੰਡਾ ਮੇਰਾ
ਰੋਵੇ ਅੰਬ ਨੂੰ
ਕਿਤੇ ਬਾਗ ਨਜ਼ਰ ਨਾ ਆਵੇ
ਚੁੱਪ ਕਰ ਚੁੱਪ ਕਰ ਕੰਜਰ ਦਿਆ
ਤੇਰੇ ਮਾਪਿਆਂ ਦੇ ਬਾਗ ਬਥੇਰੇ
ਮਾਛੀਵਾੜੇ ਮਾਛੀਵਾੜੇ ਮੀਂਹ ਪੈਂਦਾ
ਮੇਰਾ ਭਿੱਜ ਗਿਆ ਬਰੀ ਦਾ ਲਹਿੰਗਾ

ਕਿਹੜੇ ਯਾਰ ਦੇ ਬਾਗ ਚੋਂ ਨਿਕਲੀ
ਮੁੰਡਾ ਰੋਵੇ ਅੰਬੀਆਂ ਨੂੰ

ਕਿਤੇ ਬਾਗ ਨਜ਼ਰ ਨਾ ਆਵੇ
ਮੁੰਡਾ ਰੋਵੇ ਅੰਬੀਆਂ ਨੂੰ

ਬੱਲੇ ਬੱਲੇ
ਬਈ ਅੰਬ ਉਤੇ ਤਾਰੋ ਬੋਲਦੀ
ਥੱਲੇ ਬੋਲਦੇ ਬੱਕਰੀਆਂ ਵਾਲ਼ੇ

ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ

ਅੰਬ ਕੋਲ਼ੇ ਇਮਲੀ
ਨੀ ਜੰਡ ਕੋਲ਼ੇ ਟਾਹਲੀ
ਅਕਲ ਬਿਨਾਂ ਨੀ
ਗੋਰਾ ਰੰਗ ਜਾਵੇ ਖਾਲੀ

ਵਿਹੜੇ ਦੇ ਵਿਚ ਅੰਬ ਸੁਣੀਂਦਾ
ਬਾਗਾਂ ਵਿਚ ਲਸੂੜਾ
ਕੋਠੇ ਚੜ੍ਹਕੇ ਦੇਖਣ ਲੱਗਿਆ
ਸੂਤ ’ਟੇਰਦੀ ਦੂਹਰਾ
ਯਾਰੀ ਲਾ ਕੇ ਦਗਾ ਕਮਾਗੀ
ਖਾ ਕੇ ਮਰੂ ਧਤੂਰਾ
ਕਾਹਨੂੰ ਪਾਇਆ ਸੀ-
ਪਿਆਰ ਵੈਰਨੇ ਗੂਹੜਾ

ਜਾਮਣੂੰ

ਕਦੇ ਨਾ ਖਾਧੇ ਤੇਰੇ ਖੱਟੇ ਮਿੱਠੇ ਜਾਮਣੂੰ
ਕਦੇ ਨਾ ਖਾਧੇ ਤੇਰੇ ਰਸ ਪੇੜੇ
ਤੂੰਬਾ ਬਜਦਾ ਜ਼ਾਲਮਾਂ ਵਿਚ ਵਿਹੜੇ

ਜੇਠ ਹਾੜ੍ਹ ਵਿਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲਾਂ
ਰਾਂਝਿਆ ਆ ਜਾ ਵੇ-
ਤੈਨੂੰ ਪਾ ਕੇ ਪਟਾਰੀ ਵਿਚ ਕੀਲਾਂ

ਨਿੰਬੂ

ਦੋ ਨਿੰਬੂ ਪੱਕੇ ਘਰ ਤੇਰੇ
ਛੁੱਟੀ ਲੈ ਕੇ ਆ ਜਾ ਨੌਕਰਾ

ਮੈਨੂੰ ਸਾਹਿਬ ਛੁੱਟੀ ਨਾ ਦੇਵੇ
ਨਿੰਬੂਆਂ ਨੂੰ ਬਾੜ ਕਰ ਲੈ

ਦੋ ਨਿੰਬੂਆਂ ਨੇ ਪਾੜੀ
ਕੁੜਤੀ ਮਲਮਲ ਦੀ

ਮਹਿੰਦੀ

ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਖੱਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆ ਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਬਾਗ ਦਾ ਫੁੱਲ ਬਣਗੀ-
ਮਹਿੰਦੀ ਹੱਥਾਂ ਨੂੰ ਲਾ ਕੇ

ਗੁਲਾਬ ਦਾ ਫੁੱਲ

ਤਿੰਨ ਦਿਨਾਂ ਦੀ ਤਿੰਨ ਪਾ ਮਖਣੀ
ਖਾ ਗਿਆ ਟੁਕ ਤੇ ਧਰ ਕੇ
ਲੋਕੀ ਕਹਿੰਦੇ ਮਾੜਾ ਮਾੜਾ
ਮੈਂ ਦੇਖਿਆ ਸੀ ਮਰ ਕੇ
ਫੁੱਲਾ ਵੇ ਗੁਲਾਬ ਦਿਆ
ਆ ਜਾ ਨਦੀ ਵਿਚ ਤਰਕੇ

ਵੇਲ

ਕੁੜੀ ਪੱਟ ਦੀ ਤਾਰ ਦਾ ਬਾਟਾ
ਦੂਹਰੀ ਹੋਈ ਵੇਲ ਦਿਸੇ

ਤੈਨੂੰ ਯਾਰ ਰਖਣਾ ਨੀ ਆਇਆ
ਵਧਗੀ ਵੇਲ ਜਹੀ

ਪਿੰਡ ਤਾਂ ਸਾਡੇ ਡੇਰਾ ਸਾਧ ਦਾ
ਮੈਂ ਸੀ ਗੁਰਮੁਖੀ ਪੜ੍ਹਦਾ
ਰਹਿੰਦਾ ਸਤਿਸੰਗ 'ਚ
ਮਾੜੇ ਬੰਦੇ ਕੋਲ਼ ਨੀ ਖੜ੍ਹਦਾ
ਜਿਹੜਾ ਫੁੱਲ ਵਿਛੜ ਗਿਆ
ਮੁੜ ਨੀ ਵੇਲ ਤੇ ਚੜ੍ਹਦਾ

ਪਸ਼ੂ-ਪੰਛੀ

ਬਲਦ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ਼ ਉਨ੍ਹਾਂ ਦੇ ਟੱਲੀਆਂ
ਨਠ ਨਠ ਕੇ ਉਹ ਮੱਕੀ ਬੀਜਦੇ
ਹੱਥ ਹੱਥ ਲੱਗੀਆਂ ਛੱਲੀਆਂ
ਬੰਤੇ ਦੇ ਬੈਲਾਂ ਨੂੰ-
ਪਾਵਾਂ ਗੁਆਰੇ ਦੀਆਂ ਫਲ਼ੀਆਂ

ਗੱਡੀ ਜੋੜ ਕੇ ਆ ਗੇ ਸਹੁਰੇ
ਆਣ ਖੜੇ ਦਰਵਾਜ਼ੇ
ਬੈਲਾਂ ਤੇਰਿਆਂ ਨੂੰ ਭੋ ਦੀ ਟੋਕਰੀ
ਤੈਨੂੰ ਦੋ ਪਰਛਾਦੇ
ਨੀਵੀਂ ਪਾ ਬਹਿੰਦਾ-
ਪਾ ਲੇ ਭੌਰ ਨੇ ਦਾਬੇ

ਆ ਵੇ ਤੋਤਿਆ ਬਹਿ ਵੇ ਤੋਤਿਆ
ਘਰ ਦਾ ਹਾਲ ਸੁਣਾਵਾਂ
ਅੱਠੀਂ ਬੀਹੀਂ ਬੈਲ ਲਿਆਂਦਾ
ਸੌ ਕੋਹਲੂ ਤੇ ਲਾਇਆ
ਮਝ ਬੀਹਾਂ ਪੱਚੀਆਂ ਦਾ ਦਾਣਾ ਖਾਗੀ
ਸੇਰ ਥੰਦਾ ਨਾ ਆਇਆ
ਮਿੰਦਰੋ ਦੇ ਇਸ਼ਕਾਂ ਨੇ-
ਜੈਬੂ ਕੈਦ ਕਰਾਇਆ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਭਾਰਾ
ਰਾਈਓਂ ਰੇਤ ਵੰਡਾ ਲਾਂ ਗਾ ਨੀ
ਕੋਠੇ ਨਾਲ਼ ਚੁਬਾਰਾ
ਭੋਂ ਦੇ ਵਿਚੋਂ ਅਡ ਵੰਡਾਵਾਂ
ਬਲਦ ਸਾਂਭ ਲਾਂ ਨਾਰਾ
ਰੋਹੀ ਵਾਲ਼ਾ ਜੰਡ ਵੱਢ ਕੇ-
ਤੈਨੂੰ ਕੱਲੀ ਨੂੰ ਪਾਉਂ ਚੁਬਾਰਾ

ਪੰਝੀ ਰੁਪਈਏ ਪੰਜ ਵਹਿੜਕੇ
ਪੰਜੇ ਨਿਕਲੇ ਹਾਲੀ
ਲਾਲ ਸਿਆਂ ਤੇਰੇ ਵਣਜਾਂ ਨੇ-
ਮੈਂ ਤਾਰੀ

ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਗ਼ਮ ਹੱਡਾਂ ਨੂੰ ਐਂ ਖਾ ਜਾਂਦਾ
ਜਿਉਂ ਲਕੜੀ ਨੂੰ ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਉਤਰਨ ਲੱਗੀ ਦੇ ਲਗਿਆ ਕੰਡਾ
ਦੁਖ ਹੋ ਜਾਂਦੇ ਭਾਰੀ
ਗੱਭਣਾਂ ਤੀਵੀਆਂ ਨਚਣੋਂ ਰਹਿ ਗੀਆਂ
ਆਈ ਫੰਡਰਾਂ ਦੀ ਵਾਰੀ
ਅਲ਼ਕ ਵਹਿੜਕੇ ਚਲਣੋਂ ਰਹਿ ਗੇ
ਮੋਢੇ ਧਰੀ ਪੰਜਾਲੀ
ਤੈਂ ਮੈਂ ਮੋਹ ਲਿਆ ਨੀ-
ਢਾਂਡੇ ਚਾਰਦਾ ਪਾਲ਼ੀ

ਢਾਈਆਂ ਢਾਈਆਂ ਢਾਈਆਂ
ਬੇਈਮਾਨ ਮਾਪਿਆਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਅੱਠੀਂ ਦਿਨੀ ਲੈਣ ਛੁੱਟੀਆਂ
ਲੀੜੇ ਧੋਣ ਨਹਿਰ ਤੇ ਆਈਆਂ
ਦੁੱਧ ਘਿਓ ਦੇਣ ਮੱਝੀਆਂ
ਵਹਿੜਕੇ ਦੇਣਗੀਆਂ ਗਾਈਆਂ
ਅੰਗ ਦੀ ਪਤਲੀ ਨੇ-
ਪਿੱਪਲਾਂ ਨਾਲ਼ ਪੀਘਾਂ ਪਾਈਆਂ

ਹੱਟੀਏਂ ਬੈਠ ਸ਼ੁਕੀਨਾ
ਵਹਿੜੇ ਤੇਰੇ ਮੈਂ ਬੰਨ੍ਹਦੀ

ਚੱਕ ਟੋਕਰਾ ਬੈਲਾਂ ਨੂੰ ਕੱਖ ਪਾ ਦੇ
ਸੂਫ ਦੇ ਪਜਾਮੇ ਵਾਲ਼ੀਏ

ਬੱਗੇ ਬਲਦ ਖਰਾਸੇ ਜਾਣਾ
ਚੰਦ ਕੁਰੇ ਲਿਆ ਘੁੰਗਰੂ

ਵਹਿੜੇ ਤੇਰੇ ਮੈਂ ਬੰਨ੍ਹਦੂੰ
ਚੱਕ ਜਾਂਗੀਆ ਮੁੰਡਿਆਂ ਦੇ ਨਾਲ਼ ਰਲ਼ ਜਾ

ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿਚ ਆਈ

ਊਠ

ਬੀਕਾਨੇਰ ਚੋਂ ਉਠ ਲਿਆਂਦਾ
ਦੇ ਕੇ ਰੋਕ ਪਚਾਸੀ
ਸ਼ੈਹਣੇ ਦੇ ਵਿਚ ਝਾਂਜਰ ਬਣਦੀ
ਮੁਕਸਰ ਬਣਦੀ ਕਾਠੀ
ਭਾਈ ਬਖਤੌਰੇ ਬਣਦੇ ਟਕੂਏ
ਰੱਲੇ ਬਣੇ ਗੰਡਾਸੀ
ਰੋਡੇ ਦੇ ਵਿਚ ਬਣਦੇ ਕੂੰਡੇ
ਸ਼ਹਿਰ ਭਦੌੜ ਦੀ ਚਾਟੀ
ਹਿੰਮਤ ਪੁਰੇ ਬਣਦੀਆਂ ਕਹੀਆਂ
ਕਾਸੀ ਪੁਰ ਦੀ ਦਾਤੀ
ਚੜ੍ਹ ਜਾ ਬੋਤੇ ਤੇ-
ਮੰਨ ਲੈ ਭੌਰ ਦੀ ਆਖੀ

ਸੋਹਣਾ ਵਿਆਂਦੜ ਰੱਥ ਵਿਚ ਬਹਿ ਗਿਆ
ਹੇਠ ਚੁਤੇਹੀ ਵਿਛਾ ਕੇ
ਊਠਾਂ ਤੇ ਸਭ ਜਾਨੀ ਚੜ੍ਹ ਗਏ
ਝਾਂਜਰਾਂ ਛੋਟੀਆਂ ਪਾ ਕੇ
ਰੱਥ ਗੱਡੀਆਂ ਦਾ ਅੰਤ ਨਾ ਕੋਈ
ਜਾਨੀ ਚੜ੍ਹ ਗਏ ਸਜ ਸਜਾ ਕੇ
ਜੰਨ ਆਈ ਜਦ ਕੁੜੀਆਂ ਦੇਖਣ
ਆਈਆਂ ਹੁੰਮ ਹੁਮਾ ਕੇ
ਵਿਆਂਦੜ ਫੁੱਲ ਵਰਗਾ-
ਦੇਖ ਵਿਆਹੁਲੀਏ ਆ ਕੇ

ਊਠਾਂ ਵਾਲ਼ਿਆਂ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋ ਦੇ-
ਸੋਹਣੀਆਂ ਤੇ ਸੱਸੀਆਂ ਚੱਲੀਆਂ

ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ਼ ਵੇ
ਖਲ਼ ਤਾਂ ਸਾਥੋਂ ਕੁੱਟੀ ਨਾ ਜਾਵੇ
ਗੁੱਤੋਂ ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲ਼ੇ ਘਰ ਵੇ

ਲੰਡੇ ਊਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ

ਐਤਕੀਂ ਫਸਲ ਦੇ ਦਾਣੇ
ਲਾ ਦਈਂ ਵੀਰਾ ਬੱਗੇ ਊਠ ਤੇ

ਬੋਤਾ

ਬੋਤਾ ਵੀਰ ਦਾ ਨਜ਼ਰ ਨਾ ਆਵੇ
ਉਡਦੀ ਧੂੜ ਦਿਸੇ

ਜਦੋਂ ਵੇਖ ਲਿਆ ਵੀਰ ਦਾ ਬੋਤਾ
ਮਲ ਵਾਂਗੂੰ ਪੈਰ ਧਰਦੀ

ਤੇਰੇ ਵੀਰ ਦਾ ਬਾਘੜੀ ਬੋਤਾ
ਉਠਕੇ ਮੁਹਾਰ ਫੜ ਲੈ

ਬੋਤੇ ਚਾਰਦੇ ਭੈਣਾਂ ਨੂੰ ਮਿਲ਼ ਆਉਂਦੇ
ਸਰਵਣ ਵੀਰ ਕੁੜੀਓ

ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲ਼ਦੇ

ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹਦੇ ਸਰਵਣਾ ਵੀਰਾ

ਛੱਪੜੀ ’ਚ ਘਾ ਮੱਲਿਆ
ਬੋਤਾ ਚਾਰ ਲੈ ਸਰਵਣਾ ਵੀਰਾ

ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ

ਮੂੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ

ਰੇਲ ਦੇ ਬਰੋਬਰ ਜਾਵੇ
ਬੋਤਾ ਮੇਰੇ ਵੀਰਨ ਦਾ

ਜਿਉਂ ਕਾਲੀਆਂ ਘਟਾਂ ਵਿਚ ਬਗਲਾ
ਬੋਤਾ ਮੇਰੇ ਵੀਰਨ ਦਾ

ਵੇ ਮੈਂ ਅਮਰਵੇਲ ਪੁਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ

ਜਿਹੜਾ ਡੰਡੀਆਂ ਹਿੱਲਣ ਨਾ ਦੇਵੇ
ਬੋਤਾ ਲਿਆਵੀਂ ਉਹ ਮਿੱਤਰਾ

ਸੁਣ ਨੀ ਕੁੜੀਏ ਮਛਲੀ ਵਾਲ਼ੀਏ
ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲ਼ੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲ਼ੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ਼ ਚੱਕ ਲੀ
ਜੁੱਤੀ ਡਿਗਗੀ ਸਤਾਰਿਆਂ ਵਾਲ਼ੀ
ਡਿਗਦੀ ਨੂੰ ਡਿਗ ਲੈਣ ਦੇ
ਪਿੰਡ ਚੱਲ ਕੇ ਸਮਾਦੂੰ ਚਾਲ਼ੀ
ਲਹਿੰਗੇ ਤੇਰੇ ਨੂੰ-
ਧੁਣਖ ਲਵਾਦੂੰ ਕਾਲ਼ੀ

ਉੱਚੇ ਟਿੱਬੇ ਮੇਰੀ ਬੋਤੀ ਚੁਗਦੀ
ਨੀਵੇਂ ਕਰਦੀ ਲੇਡੇ
ਤੋਰ ਸ਼ੁਕੀਨਾਂ ਦੀ-
ਤੂੰ ਕੀ ਜਾਣੇਂ ਭੇਡੇ

ਨਿੱਕੀ ਨਿੱਕੀ ਕਣੀਂ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਥੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੋਤਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ

ਆ ਵੇ ਦਿਓਰਾ ਬਹਿ ਵੇ ਦਿਓਰਾ
ਬੋਤਾ ਬੰਨ੍ਹ ਦਰਵਾਜ਼ੇ
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ
ਤੈਨੂੰ ਪੰਜ ਪਰਸਾਦੇ
ਨਿੰਮ ਹੇਠ ਕੱਤਦੀ ਦੀ-
ਗੂੰਜ ਸੁਣੇ ਦਰਵਾਜ਼ੇ

ਆਦਾ ਆਦਾ ਆਦਾ
ਭਾਗੋ ਦੇ ਯਾਰਾਂ ਨੇ
ਬੋਤਾ ਬੀਕਾਨੇਰ ਤੋਂ ਲਿਆਂਦਾ
ਜਦ ਭਾਗੋ ਉੱਤੇ ਚੜ੍ਹਦੀ
ਬੋਤਾ ਰੇਲ ਦੇ ਬਰਾਬਰ ਜਾਂਦਾ
ਭਾਗੋ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਵਿਚ ਮਾਰੀ
ਘੜਾ ਨਾ ਚਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡਿਆਂ ਨਾਲ਼ ਯਾਰੀ
ਖਸਮਾਂ ਨੂੰ ਖਾਣ ਕੁੜੀਆਂ
ਘੜਾ ਚੱਕਲੂੰ ਮੌਣ ਤੇ ਧਰ ਕੇ
ਮਾਵਾਂ ਧੀਆਂ ਦੋਵੇਂ ਗੱਭਣਾਂ-
ਕੌਣ ਦੇਊਗਾ ਦਾਬੜਾ ਕਰਕੇ

ਹੌਲੀ ਬੋਤਾ ਛੇੜ ਮਿੱਤਰਾ
ਮੇਰੇ ਸੱਜਰੇ ਬਨ੍ਹਾਏ ਕੰਨ ਦੁਖਦੇ

ਆਹ ਲੈ ਡੰਡੀਆਂ ਜੇਬ ਵਿਚ ਪਾ ਲੈ
ਬੋਤੇ ਉੱਤੇ ਕੰਨ ਦੁਖਦੇ

ਸੋਹਣੀ ਰੰਨ ਦੇ ਮੁਕਦੱਮੇ ਜਾਣਾ
ਊਠਣੀ ਸ਼ੰਗਾਰ ਮੁੰਡਿਆ

ਪਾਣੀ ਪੀ ਗਿਆ ਯਾਰ ਦਾ ਬੋਤਾ
ਕੱਢਦੀ ਮੈਂ ਥੱਕਗੀ

ਬੁੱਕਦਾ ਸੁੰਦਰ ਦਾ ਬੋਤਾ
ਮੇਰੇ ਭਾ ਦਾ ਕੋਲ਼ ਬੋਲਦੀ

ਬੋਤਾ ਛੱਡਕੇ ਝਾਂਜਰਾਂ ਵਾਲ਼ਾ
ਰਾਮ ਕੁਰੇ ਰੇਲ ਚੜ੍ਹਜਾ

ਮੇਰੇ ਬੋਤੇ ਉੱਤੇ ਚੜ੍ਹ ਬਚਨੋ
ਤੈਨੂੰ ਸ਼ਿਮਲੇ ਦੀ ਸੈਲ ਕਰਾਵਾਂ

ਮੁੰਡਿਆ ਵੇ ਹਾਣ ਦਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ

ਸੋਨੇ ਦੇ ਤਵੀਤ ਵਾਲ਼ਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ

ਮੱਝਾਂ

ਮੱਝੀਂ ਮੱਝੀਂ ਹਰ ਕੋਈ ਕਹਿੰਦਾ
ਮੱਝਾਂ ਨੇ ਹੂਰਾਂ ਪਰੀਆਂ
ਸਿੰਗ ਉਨ੍ਹਾਂ ਦੇ ਵਲ ਵਲ ਕੁੰਢੇ
ਦੰਦ ਚੰਬੇ ਦੀਆਂ ਕਲੀਆਂ
ਥਣ ਉਨ੍ਹਾਂ ਦੇ ਪਲਮਣ ਲਾਟੂ
ਦੇਣ ਦੁੱਧਾਂ ਦੀਆਂ ਧੜੀਆਂ
ਦੁਧ ਉਨ੍ਹਾਂ ਦਾ ਬਹੁੰ ਮਿੱਠਾ
ਜਿਉਂ ਮਿਸ਼ਰੀ ਦੀਆਂ ਡਲੀਆਂ
ਬਾਹਰ ਜਾਵਣ ਤੇ ਦੂਣ ਸਵਾਈਆਂ

ਘਰ ਆਵਣ ਤਾਂ ਰਹਿਣ ਖਲੀਆਂ
ਮੱਝੀਂ ਨੂੰ ਭੁਲ ਗਿਆ ਕੱਟ ਕੁਟਿਆਣਾ
ਭਜ ਬੇਲੇ ਵਿਚ ਬੜੀਆਂ
ਮੁੰਡਿਆਂ ਨੂੰ ਭੁਲ ਗਈ ਕੌਡ ਕਬੱਡੀ
ਹੱਥੀਂ ਪੁਰਾਣੀਆਂ ਫੜੀਆਂ
ਢੱਗਿਆਂ ਨੂੰ ਭੁਲ ਗਈਆਂ ਅੜ੍ਹਕਾਂ ਬੜ੍ਹਕਾਂ
ਕੰਨ੍ਹੀਂ ਪੰਜਾਲੀਆਂ ਧਰੀਆਂ
ਚਲ ਵੇ ਰਾਂਝਿਆ ਮੱਕੇ ਨੂੰ ਚੱਲੀਏ
ਮਿਲਣ ਪੱਤਣ ਤੇ ਖਲੀ ਆਂ

ਮੱਝਾਂ ਮੱਝਾਂ ਹਰ ਕੋਈ ਕਹਿੰਦਾ
ਮੱਝਾਂ ਤਾਂ ਹੂਰਾਂ ਪਰੀਆਂ
ਸਿੰਗ ਉਹਨਾਂ ਦੇ ਗਜ਼ ਗਜ਼ ਲੰਬੇ
ਦੰਦ ਚੰਬੇ ਦੀਆਂ ਕਲੀਆਂ
ਦੁੱਧ ਉਹਨਾਂ ਦਾ ਐਕਣ ਮਿੱਠਾ
ਜਿਉਂ ਮਿਸ਼ਰੀ ਦੀਆਂ ਡਲ਼ੀਆਂ
ਮੱਝਾਂ ਸਾਂਵਲੀਆਂ-
ਭਜ ਬੇਲੇ ਵਿਚ ਬੜੀਆਂ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਮਿੱਤਰਾਂ ਦੀ ਮਹਿੰ ਭਜਗੀ-
ਮੋੜੀਂ ਵੇ ਮਲਾਹਜ਼ੇਦਾਰਾ

ਖੱਖਰ ਖਾਧਾ ਮੈਨੂੰ ਹੈਂ ਦਸਦੀ
ਆਪ ਹੁਸਨ ਹੈਂ ਬਾਨੋਂ
ਦਿਨੇ ਦੇਖਕੇ ਡਰ ਹੈ ਲਗਦਾ
ਡਿਗਦੇ ਹੰਸ ਅਸਮਾਨੋਂ
ਪਿੰਡਾ ਮਹਿੰ ਵਰਗਾ-
ਸੋਹਣੀ ਬਣੇਂ ਜਹਾਨੋਂ

ਖੁੰਡੀਆਂ ਦੇ ਸਿੰਗ ਫਸਗੇ
ਕੋਈ ਨਿੱਤਰੂ ਵੜੇਵੇਂ ਖਾਣੀ

ਪਤਲੋ ਦੇ ਹੱਥ ਗੜਵਾ
ਬੂਰੀ ਮੱਝ ਨੂੰ ਥਾਪੀਆਂ ਦੇਵੇ

ਮਰ ਗਈ ਵੇ ਫੁੱਫੜਾ
ਮੱਝ ਕੱਟਾ ਨੀ ਝੱਲਦੀ

ਰਾਂਝਾ ਮੱਝ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈ ਗਏ ਹੀਰ ਚੁੱਕ ਕੇ

ਬਾਪੂ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਊੜੀਆਂ

ਵੀਰ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਊੜੀਆਂ

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
ਸੱਸੇ ਤੇਰੀ ਮਹਿੰ ਮਰ ਜੇ

ਤੈਨੂੰ ਲੈ ਦੂੰ ਸਲੀਪਰ ਕਾਲ਼ੇ
ਚਾਹੇ ਮੇਰੀ ਮਹਿੰ ਬਿਕ ਜੇ

ਦਾੜੀ ਚਾੜ੍ਹ ਕੇ ਬਹਿ ਗਿਆ ਤਕੀਏ
ਕਣਕ ਖਾ ਗਿਆ ਝੋਟਾ
ਜੇ ਮੈਂ ਕਹਿੰਦੀ ਝੋਟਾ ਮੋੜ ਲਿਆ
ਮੂੰਹ ਕਰ ਲੈਂਦਾ ਮੋਟਾ
ਸਾਰ ਜਨਾਨੀ ਦੀ ਕੀ ਜਾਣੇਂ
ਚੁੱਕ ਚੁੱਕ ਆਵੇਂ ਸੋਟਾ
ਮੇਰੇ ਉਤਲੇ ਦਾ-
ਘੱਸ ਗਿਆ ਸੁਨਿਹਰੀ ਗੋਟਾ

ਬੱਕਰੀ

ਦਰਾਣੀ ਦੁੱਧ ਰਿੜਕੇ
ਜਠਾਣੀ ਦੁੱਧ ਰਿੜਕੇ
ਅਸੀਂ ਕਿਉਂ ਬੈਠੇ ਚਿਰਕਾਂ ਗੇ
ਸਿੰਘਾ ਲਿਆ ਬੱਕਰੀ
ਦੁੱਧ ਰਿੜਕਾਂ ਗੇ

ਸਹੁੰ ਗਊ ਦੀ ਝੂਠ ਨਾ ਬੋਲਾਂ
ਬੱਕਰੀ ਨੂੰ ਊਠ ਜੰਮਿਆ

ਤੇਰੀ ਸਾਗ ਚੋਂ ਬੱਕਰੀ ਮੋੜੀ
ਕੀ ਗੁਣ ਜਾਣੇਗੀ

ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ

ਬੱਕਰੀ ਦਾ ਦੁੱਧ ਗਰਮੀ
ਵੇ ਛੱਡ ਗੁਜਰੀ ਦੀ ਯਾਰੀ

ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰਖਦੀ

ਰੰਨ ਬੱਕਰੀ ਚਰਾਉਣ ਦੀ ਮਾਰੀ
ਲਾਰਾ ਲੱਪਾ ਲਾ ਰੱਖਦੀ

ਭੇਡ

ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰ ਕੇ
ਨੈਣ ਤੇ ਨਾਈ ਚੋਣ ਲੱਗੇ
ਚਾਰੇ ਟੰਗਾਂ ਫੜ ਕੇ
ਦੋਵੇਂ ਜਾਣੇ ਚੋ ਕੇ ਉੱਠੇ
ਸੁਰਮੇਂਦਾਨੀ ਭਰ ਕੇ

ਹੱਟੀਓਂ ਜਾ ਕੇ ਚੌਲ ਲਿਆਂਦੇ
ਲੱਛੇ ਗਹਿਣੇ ਧਰ ਕੇ
ਨੈਣ ਨੇ ਲੱਪ ਸ਼ੱਕਰ ਲਿਆਂਦੀ
ਸਿਰ ਜੱਟੀ ਦਾ ਕਰ ਕੇ
ਖਾਣ ਪੀਣ ਦਾ ਵੇਲਾ ਹੋਇਆ
ਟੱਬਰ ਮਰ ਗਿਆ ਲੜਕੇ
ਕੋਲ਼ੇ ਠਾਣਾ ਕੋਲ਼ ਸਿਪਾਹੀ
ਸਾਰਿਆਂ ਨੂੰ ਲੈ ਗੇ ਫੜਕੇ
ਪੰਦਰਾਂ ਪੰਦਰਾਂ ਤੀਹ ਜੁਰਮਾਨਾ
ਨਾਈ ਬਹਿਗੇ ਭਰ ਕੇ
ਘਰ ਵਿਚ ਬਹਿਕੇ ਸੋਚਣ ਲੱਗੇ
ਕੀ ਲਿਆ ਅਸਾਂ ਨੇ ਲੜ ਕੇ

ਬੋਦੀ ਵਾਲ਼ਾ ਚੜ੍ਹਿਆ ਤਾਰਾ
ਘਰ ਘਰ ਹੋਣ ਵਿਚਾਰਾਂ
ਕੁੱਛ ਤਾਂ ਲੁੱਟ ਲੀ ਪਿੰਡ ਦੇ ਪੈਂਚਾਂ
ਕੁੱਛ ਲੁੱਟ ਲੀ ਸਰਕਾਰਾਂ
ਗਹਿਣਾ ਗੱਟਾ ਘਰਦਿਆਂ ਲੁੱਟਿਆ
ਜੋਬਨ ਲੁੱਟਿਆ ਯਾਰਾਂ
ਭੇਡਾਂ ਚਾਰਦੀਆਂ-
ਬੇਕਦਰਾਂ ਦੀਆਂ ਨਾਰਾਂ

ਕਾਂ

ਚੁੰਝ ਤੇਰੀ ਵੇ ਕਾਲ਼ਿਆ ਕਾਵਾਂ
ਸੋਨੇ ਨਾਲ਼ ਮੜ੍ਹਾਵਾਂ
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ
ਨਿੱਤ ਮੈਂ ਔਂਸੀਆਂ ਪਾਵਾਂ
ਖ਼ਬਰਾਂ ਲਿਆ ਕਾਵਾਂ-
ਤੈਨੂੰ ਘਿਓ ਦੀ ਚੂਰੀ ਪਾਵਾਂ

ਕਾਵਾਂ ਕਾਵਾਂ ਕਾਵਾਂ
ਪਹਿਲਾਂ ਤੇਰਾ ਗਲ ਵਢ ਲਾਂ
ਫੇਰ ਵੇ ਵੱਢਾਂ ਪ੍ਰਛਾਵਾਂ
ਨਿੱਕਾ ਨਿੱਕਾ ਕਰਾਂ ਕੁੱਤਰਾ
ਤੈਨੂੰ ਕਰਕੇ ਪਤੀਲੇ ਪਾਵਾਂ
ਉਤਲੇ ਚੁਬਾਰੇ ਲੈ ਚੜ੍ਹਦੀ
ਮੇਰੀ ਖਾਂਦੀ ਦੀ ਹਿੱਕ ਦੁਖਦੀ
ਮੈਂ ਚਿੱਠੀਆਂ ਵੈਦ ਨੂੰ ਪਾਵਾਂ
ਪੁੱਤ ਮੇਰੇ ਚਾਚੇ ਦਾ
ਜਿਹੜਾ ਫੇਰਦਾ ਪੱਟਾਂ ਤੇ ਝਾਵਾਂ
ਚੁਬਾਰੇ ਵਿਚ ਰੱਖ ਮੋਰੀਆਂ
ਕੱਚੀ ਲੱਸੀ ਦਾ ਗਲਾਸ ਫੜਾਵਾਂ
ਸੇਜ ਬਛਾ ਮਿੱਤਰਾ-
ਹੱਸਦੀ ਖੇਡਦੀ ਆਵਾਂ

ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ

ਇਲ੍ਹ

ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਹਲਣੇ ਆਂਡਾ

ਕੋਇਲ

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ-
ਤੈਨੂੰ ਹੱਥ ਤੇ ਚੋਗ ਚੁਗਾਵਾਂ

ਭੈਣਾਂ ਭੈਣਾਂ ਕਦੇ ਨਾ ਲੜੀਆਂ
ਸਾਢੂ ਮਰਗੇ ਖਹਿ ਕੇ
ਕੋਇਲਾਂ ਬੋਲਦੀਆਂ-
ਵਿਚ ਬਾਗਾਂ ਦੇ ਬਹਿ ਕੇ

ਕਬੂਤਰ

ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ

ਬਣ ਕੇ ਕਬੂਤਰ ਚੀਨਾ
ਗਿੱਧੇ ਵਿਚ ਆ ਜਾ ਬੱਲੀਏ

ਘੁੱਗੀ

ਚੁੱਪ ਕਰ ਜਾ ਸੰਗ ਲਗਦੀ ਮੈਨੂੰ
ਪਾਉਨੈ ਬੋਲੀ ਤੂੰ
ਹਾਣੀਆਂ ਟਾਹਲੀ ਤੇ
ਘੁੱਗੀ ਕਰੇ ਘੂੰ ਘੂੰ

ਕੂੰਜ

ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵਲ ਫੇਰਾ

ਨੰਦ ਕੁਰ ਚੰਦ ਕੁਰ ਦੋਵੇਂ ਭੈਣਾਂ
ਹੌਲਦਾਰ ਨੂੰ ਵਿਆਹੀਆਂ
ਰੋਟੀ ਲੈ ਕੇ ਚੱਲੀਆਂ ਹੌਲਦਾਰ ਦੀ
ਰਾਹ ਵਿਚ ਮਰਨ ਤਿਹਾਈਆਂ
ਗੜਵੀ ਭਰ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ

ਤੋਤਾ

ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ

ਮੋਰ

ਚੀਕੇ ਚਰਖਾ ਬਿਸ਼ਨੀਏਂ ਤੇਰਾ
ਲੋਕਾਂ ਭਾਣੇ ਮੋਰ ਬੋਲਦਾ

ਬਾਗਾਂ ਦੇ ਵਿਚ ਮੋਰ ਬੋਲਦੇ
ਘੁੱਗੀ ਕਰੇ ਘੂੰ ਘੂੰ
ਮੈਂ ਤਾਂ ਖੂਹ ਤੋਂ ਪਾਣੀ ਭਰਦੀ
ਕਿੱਥੋਂ ਨਿਕਲਿਆਂ ਤੂੰ
ਤੂੰ ਮੈਨੂੰ ਫਤਿਹ ਬੁਲਾਈ ਵੇ
ਬੀਬਾ ਕਿਹੜੇ ਪਿੰਡ ਦਾ ਤੂੰ

ਬਗਲਾ

ਬਾਹਮਣੀ ਦਾ ਪੱਟ ਲਿਸ਼ਕੇ
ਜਿਉਂ ਕਾਲੀਆਂ ਘਟਾਂ ’ਚ ਬਗਲਾ

ਚੁਗਲ

ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ

ਤਿੱਤਰ

ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਵਾਂ

ਬਾਜ

ਹਾਏ ਨਰਮ ਕਾਲਜਾ ਧੜਕੇ
ਡੋਰਾਂ ਸਣੇ ਬਾਜ ਉਡਗੇ

ਕਾਲ਼ੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ

ਬਟੇਰਾ

ਸੁੱਟ ਕੰਗਣੀ ਲੜਾ ਲੈ ਬਟੇਰਾ
ਰੱਜੀਏ ਬਟੇਰੇ ਬਾਜਣੇ

ਭੌਰ

ਇਹ ਭੌਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੀਂ ਅੱਖੀਆਂ ਮਾਰੇ

ਜਦੋਂ ਬਿਸ਼ਨੀ ਬਾਗ ਵਿਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ

ਤੇਰੇ ਵਰਗੇ ਜੁਆਨ ਬਥੇਰੇ
ਮੇਰੇ ਉੱਤੇ ਭੌਰ ਮਿੱਤਰਾ

ਭਰਿੰਡ

ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜਜਾ ਭਰਿੰਡ ਬਣ ਕੇ

ਹਾਰ-ਸ਼ਿੰਗਾਰ

ਆਰਸੀ

ਅੱਧੀ ਰਾਤੀਂ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੌਲ ਬਣਾਇਆ

ਸੱਗੀ ਫੁੱਲ

ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਫੁੱਲ਼ਾਂ ਬਾਝ ਫੁਲਾਹੀਆਂ
ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਨੱਚਣ ਗਿੱਧੇ ਵਿਚ ਆਈਆਂ

ਰਾਜ ਦੁਆਰੇ ਬਹਿਗੀ ਰਾਜੋ
ਰੱਤਾ ਪੀਹੜਾ ਡਾਹ ਕੇ
ਕਿਓੜਾ ਛਿੜਕਿਆ ਆਸੇ ਪਾਸੇ
ਅਤਰ ਫਲ਼ੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਂਹਦੇ
ਰੱਖੇ ਦੰਦ ਚਮਕਾ ਕੇ
ਕੰਨਾਂ ਦੇ ਵਿਚ ਸਜਣ ਕੋਕਰੂ
ਰੱਖੇ ਵਾਲ਼ੇ ਲਿਸ਼ਕਾ ਕੇ
ਬਾਹਾਂ ਦੇ ਵਿਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿਚ ਸਜਣ ਪਟੜੀਆਂ
ਵੇਖ ਲੈ ਮਨ ਚਿੱਤ ਲਾ ਕੇ
ਨਵੀਂ ਵਿਆਹੁਲੀ ਨੂੰ-
ਸਭ ਦੇਖਣ ਘੁੰਡ ਚੁਕਾ ਕੇ

ਛੱਲਾ

ਭੱਤਾ ਲੈ ਕੇ ਚੱਲੀ ਖੇਤ ਨੂੰ
ਸਿਰ ਤੇ ਲੈ ਕੇ ਪੱਲਾ
ਚੌਧਰੀਆਂ ਦਾ ਮੁੰਡਾ ਮਿਲ਼ ਗਿਆ
ਉਹ ਵੀ ਕੱਲਮ ਕੱਲਾ
ਨਾ ਨਾ ਕਰਦੀ ਰਹਿਗੀ
ਖੋਹ ਕੇ ਲੈ ਗਿਆ ਛੱਲਾ
ਹਾਏ ਨੀ ਮੇਰੀ ਅੱਲਾ ਅੱਲਾ

ਡੰਡੀਆਂ

ਤਾਵੇ ਤਾਵੇ ਤਾਵੇ
ਡੰਡੀਆ ਕਰਾ ਦੇ ਮਿੱਤਰਾ
ਜੀਹਦੇ ਵਿਚ ਦੀਂ ਮੁਲਖ ਲੰਘ ਜਾਵੇ
ਡੰਡੀਆਂ ਦਾ ਭਾਅ ਸੁਣ ਕੇ
ਮੁੰਡਾ ਚਿੱਤੜ ਝਾੜਦਾ ਜਾਵੇ
ਗਿਝੀ ਹੋਈ ਲੱਡੂਆਂ ਦੀ
ਰੰਨ ਦਾਲ਼ ਫੁਲਕਾ ਨਾ ਖਾਵੇ
ਪਤਲੋ ਦੀ ਠੋਡੀ ਤੇ-
ਲੌਂਗ ਚਾਂਬੜਾਂ ਪਾਵੇ

ਬਾਲ਼ੇ

ਗੱਲ੍ਹਾਂ ਗੋਰੀਆਂ ਚਿਲਕਣੇ ਬਾਲ਼ੇ
ਬਚਨੋ ਵੈਲਣ ਦੇ

ਰਸ ਲੈਗੇ ਕੰਨਾਂ ਦੇ ਬਾਲ਼ੇ
ਝਾਕਾ ਲੈਗੀ ਨਥ ਮੱਛਲੀ

ਲੌਂਗ

ਸੱਗੀ ਫੁੱਲ ਸਰਕਾਰੀ ਗਹਿਣਾ
ਤੀਲੀ ਲੌਂਗ ਕੰਜਰਾਂ ਦੇ

ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲ਼ੀਆਂ ਨੇ ਹਲ਼ ਡਕ ਲਏ

ਨੱਕ ਦੀ ਜੜ ਪਟਲੀ
ਪਾ ਕੇ ਲੌਂਗ ਬਗਾਨਾ

ਪਤਲੀ ਨਾਰ ਦਾ ਗਹਿਣਾ
ਲੌਂਗ ਤਵੀਤੜੀਆਂ

ਲੌਂਗ ਤੇਰੀਆਂ ਮੁੱਛਾਂ ਦੇ ਵਿਚ ਰੁਲ਼ਿਆ
ਟੋਲ ਕੇ ਫੜਾ ਦੇ ਮਿੱਤਰਾ

ਲੌਂਗ ਮੰਗਦੀ ਬੁਰਜੀਆਂ ਵਾਲ਼ਾ
ਨੱਕ ਤੇਰਾ ਹੈ ਨੀ ਪੱਠੀਏ

ਡੁੱਬ ਜਾਣ ਘਰਾਂ ਦੀਆ ਗਰਜ਼ਾਂ
ਲੌਂਗ ਕਰਵਾਉਣਾ ਸੀ

ਲੋਟਣ

ਜੇ ਰਸ ਗੋਰੀਆਂ ਗੱਲ੍ਹਾਂ ਦਾ ਲੈਣਾ
ਲੋਟਣ ਬਣ ਮਿੱਤਰਾ

ਲੋਟਣ ਮਿੱਤਰਾਂ ਦੇ
ਨਾਉਂ ਬੱਜਦਾ ਬੋਬੀਏ ਤੇਰਾ

ਨੱਤੀਆਂ

ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ
ਕਿਸੇ ਅੱਗੇ ਗਲ ਨਾ ਕਰੀਂ

ਨੱਤੀਆਂ ਕਰਾਈਆਂ ਰਹਿ ਗਈਆਂ
ਦਿਨ ਚੜ੍ਹਦੇ ਨੂੰ ਜੰਮ ਪੀ ਤਾਰੋ

ਝੁਮਕੇ

ਸੁਣ ਨੀ ਕੁੜੀਏ ਝੁਮਕਿਆਂ ਵਾਲ਼ੀਏ
ਸੁਣ ਨੀ ਕੁੜੀਏ ਝੁਮਕਿਆਂ ਵਾਲ਼ੀਏ
ਝੁਮਕੇ ਤੇਰੇ ਲਾਹ ਲਵਾਂਗੇ
ਤੇਰੇ ਨਾਲ਼ ਪ੍ਰੀਤਾਂ ਪਾ ਲਵਾਂਗੇ

ਇਸ ਧਰਤੀ ਦੀਏ ਅੱਲ੍ਹੜ ਬੱਲੀਏ
ਰੂਪ ਤੇਰੇ ਦੀ ਸਿਫਤ ਨਾ ਕਰੀਏ
ਬੁਰੀ ਨਜ਼ਰ ਲਗ ਜਾਣ ਤੋਂ ਡਰੀਏ
ਪੀਂਘ ਦੇ ਹੁਲਾਰੇ ਨਾਲ਼ ਉਡੇ ਡੋਰੀਆ
ਅੰਬਰ ਚਕਮਣ ਤਾਰੇ
ਪੀਂਘ ਝੂਟੇਂਦੀ ਦੇ-
ਝੁਮਕੇ ਲੈਣ ਹੁਲਾਰੇ

ਨਿੰਮ ਨਾਲ਼ ਝੂਟਦੀਏ
ਤੇਰੇ ਝੁਮਕੇ ਲੈਣ ਹੁਲਾਰੇ

ਮੇਰੇ ਕੰਨਾਂ ਨੂੰ ਕਰਾਦੇ ਝੁਮਕੇ
ਹੱਥਾਂ ਨੂੰ ਸੁਨਹਿਰੀ ਚੂੜੀਆਂ

ਤਵੀਤ

ਤੂ ਕੀ ਘੋਲ ਤਵੀਤ ਪਲਾਏ
ਲੱਗੀ ਤੇਰੇ ਮਗਰ ਫਿਰਾਂ

ਘੁੰਡ ਕੱਢਣਾ ਤਵੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ

ਮੁੰਡਾ ਛੱਡ ਗਿਆ ਬੀਹੀ ਦਾ ਖਹਿੜਾ
ਪੰਜਾਂ ਦੇ ਤਵੀਤ ਬਦਲੇ

ਬਾਜੂ ਬੰਦ

ਬਾਜੂ ਬੰਦ ਚੰਦਰਾ ਗਹਿਣਾ
ਜੱਫੀ ਪਾਇਆਂ ਛਣਕ ਪਵੇ

ਬਾਂਕਾਂ

ਆਹ ਲੈ ਫੜ ਮਿੱਤਰਾ
ਬਾਂਕਾਂ ਮੇਚ ਨਾ ਆਈਆਂ

ਰੰਨ ਅੰਡੀਆਂ ਕੂਚਦੀ ਮਰਗੀ
ਬਾਂਕਾਂ ਨਾ ਜੁੜੀਆਂ

ਵੰਗਾਂ

ਵੇ ਵਣਜਾਰਿਆ ਆ ਆ ਆ
ਵੰਗਾਂ ਵਾਲ਼ਿਆ ਆ ਆ ਆ
ਭੀੜੀ ਵੰਗ ਚੜ੍ਹਾਈਂ ਨਾ
ਕਿਤੇ ਮੈਂ ਮਰ ਜਾਵਾਂ ਡਰ ਕੇ
ਮੇਰਾ ਨਰਮ ਕਾਲਜਾ ਵੇ ਹਾਣੀਆਂ
ਧਕ ਧਕ ਧਕ ਧਕ ਧੜ ਕੇ

ਪਹੁੰਚੀ

ਹੱਥ ਮੱਚਗੇ ਪਹੁੰਚੀਆਂ ਵਾਲ਼ੇ
ਧੁੱਪੇ ਮੈਂ ਪਕਾਵਾਂ ਰੋਟੀਆਂ

ਮੇਲੇ ਜਾਏਂਗਾ ਲਿਆ ਦੀਂ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣਕੇ

ਨੱਥ ਮਛਲੀ

ਤੇਰੀ ਚੂਸ ਲਾਂ ਬੁੱਲ੍ਹਾਂ ਦੀ ਲਾਲੀ
ਮਛਲੀ ਦਾ ਪੱਤ ਬਣ ਕੇ

ਤਿੰਨ ਪੱਤ ਮਛਲੀ ਦੇ
ਜੱਟ ਚੱਬ ਗਿਆ ਸ਼ਰਾਬੀ ਹੋ ਕੇ

ਜੰਜੀਰੀ

ਸੁੱਤੀ ਪਈ ਦੀ ਜੰਜੀਰੀ ਖੜਕੇ
ਗੱਭਰੂ ਦਾ ਮੱਚੇ ਕਾਲਜਾ

ਮੇਰੀ ਕੁੜਤੀ ਖੱਲਾਂ ਦਾ ਕੂੜਾ
ਬਾਝ ਜ਼ੰਜੀਰੀ ਤੋਂ

ਪੰਜੇਬਾਂ

ਲੱਤ ਮਾਰੂੰਗੀ ਪੰਜੇਬਾ ਵਾਲ਼ੀ
ਪਰੇ ਹੋ ਜਾ ਜੱਟ ਵੱਟਿਆ

ਝਾਂਜਰ

ਅੱਗ ਲਾਗੀ ਝਾਂਜਰਾਂ ਵਾਲ਼ੀ
ਲੈਣ ਆਈ ਪਾਣੀ ਦਾ ਛੰਨਾ

ਪਾਣੀ ਡੋਲ੍ਹਗੀ ਝਾਂਜਰਾਂ ਵਾਲ਼ੀ
ਕੈਂਠੇ ਵਾਲਾ ਤਿਲ੍ਹਕ ਗਿਆ

ਮਾਹੀ ਮੇਰੇ ਨੇ ਝਾਂਜਰ ਆਂਦੇ
ਮੈਂ ਪਾ ਕੇ ਛਣਕਾਵਾਂ
ਜਿਸ ਪਾਸੇ ਉਹ ਦਿਸਦਾ ਹੋਵੇ
ਝੱਟ ਕੋਠੇ ਚੜ੍ਹ ਜਾਵਾਂ
ਮੈਂ ਚੰਨਾ ਵੇ ਤੇਰੀਆਂ ਉਡੀਕਾਂ ਕਰਦੀ
ਮੈਂ ਲੁਕ ਛਿਪ ਮੈਂ ਲੁਕ ਛਿਪ
ਦਿਨ ਕੱਢਦੀ ਚੰਦਰੇ ਜੇਠ ਤੋਂ ਡਰਦੀ

ਢਾਈਆਂ ਢਾਈਆਂ ਢਾਈਆਂ
ਜੱਟਾਂ ਦੇ ਪੁੱਤ ਜੋਗੀ ਹੋ ਗੇ
ਸਿਰ ਪਰ ਜਟਾਂ ਰਖਾਈਆਂ
ਬਗਲੀ ਫੜ ਕੇ ਮੰਗਣ ਤੁਰ ਪੇ
ਖੈਰ ਨਾ ਪਾਉਂਦੀਆਂ ਮਾਈਆਂ
ਤੇਰੀ ਝਾਂਜਰ ਨੇ-
ਪਿੰਡ ’ਚ ਦੁਹਾਈਆਂ ਪਾਈਆਂ

ਗੁੱਤ ਤੇ ਕਚਹਿਰੀ ਲਗਦੀ

ਤੇਰੀ ਗੁੱਤ ਤੇ ਕਚਹਿਰੀ ਲਗਦੀ
ਦੂਰੋਂ ਦੂਰੋਂ ਆਉਣ ਝਗੜੇ
ਸੱਗੀ-ਫੁੱਲ ਨੇ ਸ਼ਿਸ਼ਨ ਜਜ ਤੇਰੇ
ਕੈਂਠਾ ਤੇਰਾ ਮੋਹਤਮ ਹੈ
ਬਾਲੇ, ਡੰਡੀਆਂ ਕਮਿਸ਼ਨਰ ਡਿਪਟੀ
ਨੱਤੀਆਂ ਇਹ ਨੈਬ ਬਣੀਆਂ
ਜ਼ੈਲਦਾਰ ਨੇ ਮੁਰਕੀਆਂ ਤੇਰੀਆਂ
ਸਫੈਦ ਪੋਸ਼ ਬਣੇ ਗੋਖੜੂ
ਨੱਥ ਮੱਛਲੀ, ਮੇਖ ਤੇ ਕੋਕਾ
ਇਹ ਨੇ ਸਾਰੇ ਛੋਟੇ ਮਹਿਕਮੇਂ
ਤੇਰਾ ਲੌਂਗ ਕਰੇ ਸਰਦਾਰੀ
ਥਾਨੇਦਾਰੀ ਨੁਕਰਾ ਕਰੇ
ਚੌਕੀਦਾਰਨੀ ਬਣੀ ਬਘਿਆੜੀ
ਤੀਲੀ ਬਣੀ ਟਹਿਲਦਾਰਨੀ
ਕੰਢੀ, ਹੱਸ ਦਾ ਪੈ ਗਿਆ ਝਗੜਾ
ਤਵੀਤ ਉਗਾਹੀ ਜਾਣਗੇ
ਬੁੰਦੇ ਬਣ ਗਏ ਵਕੀਲ ਵਲੈਤੀ
ਚੌਕ ਚੰਦ ਨਿਆਂ ਕਰਦੇ
ਦਫਾ ਤਿੰਨ ਸੌ ਆਖਦੇ ਤੇਤੀ
ਕੰਠੀ ਨੂੰ ਸਜ਼ਾ ਬੋਲ ਗਈ
ਹਾਰ ਦੇ ਗਿਆ ਜ਼ਮਾਨਤ ਪੂਰੀ
ਕੰਠੀ ਨੂੰ ਛੁਡਾ ਕੇ ਲੈ ਗਿਆ
ਨਾਮ ਬਣ ਕੇ ਬੜਾ ਪਟਵਾਰੀ
ਹਿੱਕ ਵਾਲ਼ੀ ਮਿਣਤੀ ਕਰੇ
ਤੇਰਾ ਚੂੜਾ ਰਸਾਲਾ ਪੂਰਾ
ਬਾਜੂਬੰਦ ਬਿਗੜ ਗਏ
ਪਰੀ-ਬੰਦ ਅੰਗਰੇਜ਼ੀ ਗੋਰੇ
ਫੌਜ ਦੇ ਵਿਚਾਲੇ ਸਜਦੇ
ਤੇਰੀ ਜੁਗਨੀ ਘੜੀ ਦਾ ਪੁਰਜਾ
ਜੰਜੀਰੀ ਤਾਰ ਬੰਗਲੇ ਦੀ
ਇਹ ਝਾਂਜਰਾਂ ਤਾਰ ਅੰਗ੍ਰੇਜ਼ੀ
ਮਿੰਟਾਂ 'ਚ ਦੇਣ ਖਬਰਾਂ
ਤੇਰੇ ਤੋੜੇ ਪਏ ਦੇਣ ਮਰੋੜੇ
ਬਈ ਆਸ਼ਕ ਲੋਕਾਂ ਨੂੰ
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ
ਖਰਚਾਂ ਨੂੰ ਬੰਦ ਕਰਦੇ
ਜੈਨਾਂ ਜੈਨਾਂ
ਨਿਤ ਦੇ ਨਸ਼ਈ ਰਹਿਣਾ
ਨੀ ਝੂਠੇ ਫੈਸ਼ਨ ਤੋਂ ਕੀ ਲੈਣਾ

ਪਿੰਡਾਂ ਵਿਚੋਂ ਪਿੰਡ ਛਾਂਟਿਆ

ਆਲ਼ੇ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਆਲ਼ੇ
ਭਾਈਆਂ ਬਾਝ ਨਾ ਸੋਹਣ ਮਜਲਸਾਂ
ਸੋਂਹਦੇ ਭਾਈਆਂ ਵਾਲ਼ੇ
ਹੋਣ ਉਹਨਾ ਦੀਆਂ ਸੌ ਸੌ ਬਾਹਾਂ
ਭਾਈ ਜਿਨ੍ਹਾਂ ਦੇ ਬਾਹਲੇ
ਬਾਝ ਭਰਾਵਾਂ ਦੇ-
ਮੈਨੂੰ ਘੂਰਦੇ ਸ਼ਰੀਕੇ ਵਾਲ਼ੇ

ਸਾਹਨੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਸਾਹਨੀ
ਓਥੇ ਦਾ ਇਕ ਗੱਭਰੂ ਸੁਣੀਂਦਾ
ਗਲ਼ ਵਿਚ ਉਹਦੇ ਗਾਨੀ
ਹਰਾ ਮੂੰਗੀਆ ਬੰਨ੍ਹਦਾ ਸਾਫਾ
ਤੋਰ ਤੁਰੇ ਮਸਤਾਨੀ
ਭਾੜੇ ਦੀ ਹੱਟ ਬਹਿਕੇ ਬੰਦਿਆ
ਬਣਿਆਂ ਫਿਰਦਾ ਜਾਨੀ
ਕਾਲ਼ਿਆਂ ਦੇ ਵਿਚ ਆ ਗੇ ਧੌਲ਼ੇ
ਦਿਸਦੀ ਮੌਤ ਨਿਸ਼ਾਨੀ
ਬਦੀਆਂ ਨਾ ਕਰ ਵੇ-
ਕੈ ਦਿਨ ਦੀ ਜਿੰਦਗਾਨੀ

ਸੁਖਾਨੰਦ

ਸੁਖਾਨੰਦ ਦੇ ਦੋ ਮੁੰਡੇ ਸੁਣੀਂਦੇ
ਬਹੁਤੀ ਪੀਂਦੇ ਦਾਰੂ
ਘੋੜੀ ਮਗਰ ਬਛੇਰੀ ਸੋਂਹਦੀ
ਬੋਤੀ ਮਗਰ ਬਤਾਰੂ
ਕਣਕਾਂ ਰੋਜ਼ ਦੀਆਂ
ਛੋਲੇ ਬੀਜ ਲੈ ਮਾਰੂ
ਏਸ ਪਟ੍ਹੋਲੇ ਨੂੰ-
ਕੀ ਮੁਕਲਾਵਾ ਤਾਰੂ

ਸੇਖਾ

ਕਾਲ਼ੀ ਕਾਲ਼ੀ ਬੱਦਲੀ ਤਾਂ
ਬੱਦਲਾਂ ਚੋਂ ਨਿਕਲੀ
ਬੱਦਲਾਂ ਚੋਂ ਨਿਕਲੀ
ਵਰਸੀ ਜਾ ਕੇ ਸੇਖੇ
ਵੇ ਨਾ ਮਾਰ ਜ਼ਾਲਮਾ-
ਗੁਆਂਢਣ ਖੜੀ ਦੇਖੇ

ਸੰਗਰੂਰ

ਤਾਵੇ ਤਾਵੇ ਤਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦਾ ਰੁਮਾਲ ਦਿਸਦਾ
ਗੱਡੀ ਚੜ੍ਹਦਾ ਨਜ਼ਰ ਨਾ ਆਵੇ
ਗੱਡੀ ਵਿਚੋਂ ਲਤ ਲਮਕੇ
ਕੋਈ ਭੌਰ ਚਲਿਆ ਮੁਕਲਾਵੇ
ਟੁੱਟਗੀ ਦਾ ਦਰਦ ਬੁਰਾ
ਜਿੰਦ ਜਾਊ ਮਿੱਤਰਾਂ ਦੇ ਹਾਵੇ
ਗੱਡੀ ਵਿਚ ਤੂੰ ਰੋਏਂਗੀ
ਯਾਰ ਰੋਣ ਕਿੱਕਰਾਂ ਦੀ ਛਾਮੇਂ
ਰੋ ਰੋ ਵਿਛੜੇਂਗੀ
ਕ੍ਹਾਨੂੰ ਗੂੜ੍ਹੀਆਂ ਮੁਹੱਬਤਾਂ ਪਾਮੇਂ
ਨਮਿਆਂ ਦੇ ਲੜ ਲਗ ਕੇ-
ਭੁਲਗੀ ਯਾਰ ਪੁਰਾਣੇ

ਹਿੰਮਤਪੁਰਾ

ਹਿੰਮਤਪੁਰੇ ਦੇ ਮੁੰਡੇ ਬੰਬਲੇ
ਸੱਤਾਂ ਪਤਣਾਂ ਦੇ ਤਾਰੂ
ਸੂਇਆਂ ਕੱਸੀਆਂ ਤੇ ਕਣਕਾਂ ਬੀਜਦੇ
ਛੋਲੇ ਬੀਜਦੇ ਮਾਰੂ
ਇਕ ਮੁੰਡਾ ਤਾਂ ਫਤਹ ਮੁਹੰਮਦ
ਦੂਜਾ ਹੈ ਸਰਦਾਰੂ
ਗਾਮਾ ਬਰਕਤ ਸੌਣ ਨਿਹਾਲਾ
ਸਭ ਦੇ ਉੱਤੋਂ ਬਾਰੂ
ਸਾਰੇ ਮਿਲਕੇ ਮੇਲੇ ਜਾਂਦੇ
ਨਾਲ਼ੇ ਜਾਂਦਾ ਨਾਹਰੂ
ਬਸੰਤੀ ਰੀਝਾਂ ਨੂੰ-
ਗਿੱਧੇ ਦਾ ਚਾਓ ਉਤਾਰੂ

ਕੋਟਕਪੂਰਾ

ਜੱਟੀ ਕੋਟ ਕਪੂਰੇ ਦੀ ਨੂੰਹ
ਬਾਮਣ ਅੰਬਰਸਰ ਦਾ
ਜੱਟੀ ਦੇ ਘਰ ਲੇਫ ਤਲਾਈ
ਪਲੰਘ ਬਾਹਮਣ ਦੇ ਘਰ ਦਾ
ਜੱਟੀ ਬੈਠੀ ਪੇੜੇ ਕਰਦੀ
ਬਾਹਮਣ ਮੰਡੇ ਘੜਦਾ
ਬਾਹਰੋਂ ਫਿਰਦਾ ਦਿਓਰ ਜੋ ਆਇਆ
ਸਲੰਘ ਗੰਡਾਸਾ ਫੜਦਾ
ਨਾ ਵੇ ਦਿਓਰਾ ਮਾਰ ਗੁਆਈਂ
ਬਾਹਮਣ ਆਪਣੇ ਘਰ ਦਾ
ਕਪਲਾ ਗਊ ਦੀ ਪੂਛ ਫੜਾ ਲੈ
ਮੁੜ ਵਿਹੜੇ ਨਹੀਂ ਬੜਦਾ
ਕੱਚੀਆਂ ਕੈਲਾਂ ਨੂੰ-
ਜੀ ਸਭਨਾਂ ਦਾ ਕਰਦਾ

ਖਾਰੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਖਾਰੀ
ਖਾਰੀ ਦੀਆਂ ਦੋ ਮੁਟਿਆਰਾਂ ਸੁਣੀਂਦੀਆਂ
ਇਕ ਪਤਲੀ ਇਕ ਭਾਰੀ
ਪਤਲੀ ਉੱਤੇ ਲਾਲ ਡੋਰੀਆ
ਭਾਰੀ ਸਿਰ ਫੁਲਕਾਰੀ
ਪਤਲੀ ਅੱਖ-ਮੱਟਕੇ ਲਾਉਂਦੀ
ਭਾਰੀ ਲਾਉਂਦੀ ਯਾਰੀ
ਆਪੇ ਲੈ ਜਾਣਗੇ-
ਲੱਗੂ ਜਿਨ੍ਹਾਂ ਨੂੰ ਪਿਆਰੀ

ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਖਾਰੀ
ਖਾਰੀ ਦੀਆਂ ਦੋ ਕੁੜੀਆਂ ਛਾਂਟੀਆਂ
ਇਕ ਪਤਲੀ ਇਕ ਭਾਰੀ
ਪਤਲੀ ਤੇ ਤਾਂ ਖੱਟਾ ਡੋਰੀਆ
ਭਾਰੀ ਤੇ ਫੁਲਕਾਰੀ
ਮੱਥਾ ਦੋਹਾਂ ਦਾ ਬਾਲੇ ਚੰਦ ਦਾ
ਅੱਖਾਂ ਦੀ ਜੋਤ ਨਿਆਰੀ
ਪਤਲੀ ਤਾਂ ਮੰਗ ਜਿਊਣ ਸਿੰਘ ਦੀ
ਭਾਰੀ ਅਜੇ ਕੁਆਰੀ
ਮੰਗ ਉਹਦੀ ਅੱਡ ਮੰਗਤੀ-
ਜੀਉਣਾ ਦੱਸੀਦਾ ਸੂਰਮਾ ਭਾਰੀ

ਘੁਲਾਲ

ਬੱਲੇ ਬੱਲੇ
ਬਈ ਦੁਨੀਆਂ ਧੰਦ ਪਿਟਦੀ
ਮੌਜਾਂ ਲੁਟਦੀ ਘੁਲਾਲ ਵਾਲ਼ੀ ਉੱਤਮੀ
ਬਈ ਦੁਨੀਆਂ ਧੰਦ ਪਿਟਦੀ

ਚੱਠੇ

ਚੱਠੇ ਚੱਠੇ ਚੱਠੇ
ਚੱਠੇ ਦੇ ਨੌਂ ਦਰਵਾਜ਼ੇ
ਨੌਂ ਦਰਵਾਜ਼ੇ ਪੱਕੇ
ਇਕ ਦਰਵਾਜ਼ੇ ਰਹਿੰਦੀ ਬਾਹਮਣੀ
ਲੱਪ ਲੱਪ ਸੁਰਮਾ ਘੱਤੇ
ਗੱਭਰੂਆਂ ਨੂੰ ਮਾਰੇ ਅੱਖਾਂ
ਬੁੜ੍ਹਿਆਂ ਨੂੰ ਦਿੰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਝੂਠ ਨਾ ਬੋਲੀਂ ਨੀ-
ਸੂਰਜ ਲਗਦਾ ਮੱਥੇ

ਛਾਪਾ

ਪਿੰਡਾ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਛਾਪਾ
ਛਾਪੇ ਦੀ ਇਕ ਨਾਰ ਸੁਣੀਂਦੀ
ਕੁੱਛੜ ਉਹਦੇ ਕਾਕਾ
ਗਲ਼ੀਆਂ ਦੇ ਵਿਚ ਰੋਂਦਾ ਫਿਰਦਾ
ਕਰਦਾ ਚਾਚਾ ਚਾਚਾ
ਜੋੜੀਆਂ ਬਨਾਉਣ ਵਾਲ਼ਿਆ-
ਤੇਰਾ ਹੋਊ ਸਵਰਗ ਵਿਚ ਵਾਸਾ

ਡੱਲਾ

ਡੱਲੇ ਦੀਆਂ ਦੋ ਕੁੜੀਆਂ ਸੁਣੀਂਦੀਆਂ
ਇਕ ਪਤਲੀ ਇਕ ਭਾਰੀ
ਭਾਰੀ ਨੇ ਤਾਂ ਵਿਆਹ ਕਰਵਾ ਲਿਆ
ਪਤਲੀ ਰਹਿਗੀ ਕੁਆਰੀ
ਨਿਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ

ਦਵਾਲਾ

ਸੁਣ ਵੇ ਵੀਰਾ ਮੇਰਿਆ
ਦਵਾਲਾ ਥੋਨੂੰ ਪਿੰਡ ਦਸਦਾਂ
ਜਿਹੜਾ ਨਗਰ ਸੁਣੀਂਦਾ ਭਾਰੀ
ਸੋਹਣੇ ਓਥੇ ਬਾਗ ਬਗੀਚੇ
ਸੁੰਦਰ ਬੜੀ ਅਟਾਰੀ
ਰਾਮ ਸਿੰਘ ਜੋ ਗੁਰੂ ਹਮਾਰਾ
ਜੋ ਜਾਂਦੇ ਨੇ ਤਾਰੀ
ਚਰਨੀਂ ਉਹਨਾਂ ਦੇ-
ਮੈਂ ਝੁਕ ਜਾਂ ਲਖ ਵਾਰੀ

ਦੌਲਤਪੁਰਾ

ਦੌਲਤਪੁਰਾ ਨਿਹਾਲੇ ਵਾਲ਼ਾ
ਹੋਰ ਪਿੰਡ ਵੀ ਵੇਖੇ
ਤੇਰੀ ਵੇ ਸੰਧੂਰੀ ਪੱਗ ਦੇ
ਮੈਨੂੰ ਮੱਸਿਆ ’ਚ ਪੈਣ ਭੁਲੇਖੇ
ਨਿੱਕੀ ਨਿੱਕੀ ਕਣੀਂ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਘਾਹ ਕੁੜੇ-
ਤੇਰਾ ਕਦ ਮੁਕਲਾਵਾ ਭਾਗ ਕੁਰੇ

ਧਰਮਕੋਟ

ਧਰਮ ਕੋਟ ਦੀ ਧਰਮੋ ਜੱਟੀ
ਬਾਹਮਣ ਅੰਬਰਸਰ ਦਾ
ਲੇਫ ਤਲਾਈ ਬਾਹਮਣ ਦੀ
ਪਲੰਘ ਜੱਟੀ ਦੇ ਘਰ ਦਾ
ਬਾਹਰੋਂ ਆਇਆ ਦਿਓਰ ਜੱਟੀ ਦਾ
ਸਲੰਘ ਗੰਡਾਸਾ ਫੜਦਾ
ਇਕ ਦੋ ਲੱਗੀਆਂ ਸਲੰਘਾਂ ਬਾਹਮਣ ਦੇ
ਨਠਕੇ ਪੌੜੀਏਂ ਚੜ੍ਹਦਾ
ਮਾਰੀਂ ਨਾ ਦਿਓਰਾ-
ਬਾਹਮਣ ਆਪਣੇ ਘਰ ਦਾ

ਨਾਨੋਵਾਲ-ਕਕਰਾਲਾ

ਜੇ ਜੱਟੀਏ ਮੇਰਾ ਪਿੰਡ ਨੀ ਜਾਣਦੀ
ਪਿੰਡ ਨਾਨੋਵਾਲ ਕਕਰਾਲਾ
ਜੇ ਜੱਟੀਏ ਮੇਰਾ ਘਰ ਨੀ ਜਾਣਦੀ
ਖੂਹ ਤੇ ਦਿਸੇ ਚੁਬਾਰਾ
ਜੇ ਜੱਟੀਏ ਮੇਰਾ ਖੂਹ ਨੀ ਜਾਣਦੀ
ਖੂਹ ਆ ਤੂਤੀਆਂ ਵਾਲ਼ਾ
ਜੇ ਜੱਟੀਏ ਮੇਰਾ ਨਾਉਂ ਨੀ ਜਾਣਦੀ
ਨਾਉਂ ਮੇਰਾ ਕਰਤਾਰਾ
ਦਾਰੂ ਪੀਂਦੇ ਦਾ-
ਸੁਣ ਜੱਟੀਏ ਲਲਕਾਰਾ

ਨਾਭਾ

ਨਾਭੇ ਕੰਨੀ ਤੋਂ ਆਗੀ ਬਦਲੀ
ਚਾਰ ਕੁ ਸਿੱਟਗੀ ਕਣੀਆਂ
ਕੁੜਤੀ ਭਿੱਜ ਕੇ ਲਗਗੀ ਕਾਲਜੇ
ਸੁਰਮਾਂ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਅੱਜ ਜਿੰਦੜੀ ਨੂੰ ਬਣੀਆਂ

ਪਟਿਆਲਾ

ਪਟਿਆਲੇ ਦੇ ਵਿਚ ਦੋ ਮੁੰਡੇ ਸੁਣੀਂਦੇ
ਇਕ ਗੋਰਾ ਇਕ ਕਾਲ਼ਾ
ਕਾਲ਼ੇ ਦੀ ਮੈਂ ਸੁਆਵਾਂ ਸੁੱਥਣ
ਗੋਰੇ ਦਾ ਮੈਂ ਪਾਵਾਂ ਨਾਲ਼ਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਚਮਕਾਰਾ

ਬੀਕਾਨੇਰ

ਬੀਕਾਨੇਰ ਤੋਂ ਲਿਆਂਦੀ ਬੋਤੀ
ਖਰਚੇ ਨਕਦ ਪਚਾਸੀ
ਜਗਰਾਵਾਂ ਦੀ ਝਾਂਜਰ ਲਿਆਂਦੀ
ਬਾਗੜ ਦੇਸ ਦੀ ਕਾਠੀ
ਉੱਤੇ ਚੜ੍ਹ ਜਾ ਬਿਨ ਮੁਕਲਾਈਏ
ਮੰਨ ਲੈ ਭੌਰ ਦੀ ਆਖੀ
ਆਸ਼ਕ ਲੋਕਾਂ ਦੀ-
ਕੌਣ ਕਰੂਗਾ ਰਾਖੀ

ਤਾਵੇ ਤਾਵੇ ਤਾਵੇ
ਗੱਡੀ ਅਸੀਂ ਉਹ ਚੜ੍ਹਨੀਂ
ਜਿਹੜੀ ਬੀਕਾਨੇਰ ਨੂੰ ਜਾਵੇ
ਬੀਕਾਨੇਰ ਕੀ ਵਿਕਦਾ
ਉਥੇ ਖੁਲ੍ਹੀਆਂ ਵਿਕਣ ਜ਼ਮੀਨਾਂ
ਤੂੰ ਮਨ ਮੋਹ ਲਿਆ ਵੇ-
ਕੈਂਠੇ ਦਿਆ ਸ਼ੁਕੀਨਾ

ਬੰਗਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਬੰਗੇ
ਮੋੜ ਦੇ ਉਤੇ ਇਕ ਲਲਾਰੀ
ਕਪੜੇ ਰੰਗੇ ਚੰਗੇ
ਮੁਟਿਆਰਾਂ ਨਾਲ਼ ਗੱਲਾਂ ਕਰਦਾ
ਬੁੱਢੀਆਂ ਕੋਲ਼ੋਂ ਸੰਗੇ
ਚਲੋ ਨੀ ਰੰਗਾਈਏ ਚੁੰਨੀਆਂ
ਪੈਸੇ ਮੂਲ ਨਾ ਮੰਗੇ
ਛੜਿਆ ਦੋਜਕੀਆ-
ਨਾ ਲੈ ਐਮੇਂ ਪੰਗੇ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਬੰਗੇ
ਉਥੋਂ ਦਾ ਇਕ ਲਲਾਰੀ ਸੁਣੀਂਦਾ
ਚੁੰਨੀਆਂ ਸੋਹਣੀਆਂ ਰੰਗੇ
ਪੱਗਾਂ ਦਾ ਲੈਂਦਾ ਸਵਾ ਰੁਪਿਆ
ਚੁੰਨੀਆਂ ਦਾ ਕੁਝ ਨਾ ਮੰਗੇ
ਚੁੰਨੀਆਂ ਰੰਗਾ ਲਓ ਨੀ-
ਮੁਫਤੋ ਮੁਫਤੀ ਰੰਗੇ

ਭਦੌੜ

ਪਿੰਡ ਭਦੌੜ ਦੇ ਮੁੰਡੇ ਸੋਹਣੇ
ਜੇਬਾਂ ਰਖਦੇ ਭਰੀਆਂ
ਮੇਲੇ ਜਾ ਕੇ ਪਾਉਣ ਬੋਲੀਆਂ
ਡਾਂਗਾਂ ਰੱਖਦੇ ਖੜੀਆਂ
ਮਾੜੀ ਕੁੜੀ ਨਾ ਕਦੇ ਵਿਆਹੁੰਦੇ
ਵਿਆਹੁੰਦੇ ਹੂਰਾਂ ਪਰੀਆਂ
ਵੇਲਾਂ ਧਰਮ ਦੀਆਂ-
ਵਿਚ ਦਰਗਾਹ ਦੇ ਹਰੀਆਂ

ਮਲੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮਲੀਆਂ
ਮਲੀਆਂ ਦੇ ਦੋ ਬੈਲ ਸੁਣੀਂਦੇ
ਗਲ਼ ਪਿੱਤਲ ਦੀਆਂ ਟੱਲੀਆਂ
ਮੇਲੇ ਮੁਕਤਸਰ ਦੇ-
ਦੋ ਮੁਟਿਆਰਾਂ ਚੱਲੀਆਂ

ਮੁੱਲਾਂ ਪੁਰ

ਮੁੱਲਾਂ ਪੁਰ ਦੇ ਵਿਚ ਜੰਮੀ ਜਾਈ
ਨੰਦ ਸਿੰਘ ਦੀ ਧੀ ਸੁਣੀਂਦੀ
ਉਜਾਗਰ ਦੀ ਭਰਜਾਈ
ਪੱਟੀਆਂ ਚਮਕ ਦੀਆਂ-
ਮੋਮ ਫੇਰ ਕੇ ਆਈ

ਮੋਗਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੋਗਾ
ਉਰਲ਼ੇ ਪਾਸੇ ਢਾਬ ਸੁਣੀਂਦੀ
ਪਰਲੇ ਪਾਸੇ ਟੋਭਾ
ਟੋਭੇ ਤੇ ਇਕ ਸਾਧੂ ਰਹਿੰਦਾ
ਬਹੁਤ ਉਸ ਦੀ ਸੋਭਾ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ
ਮਗਰੋਂ ਮਾਰਦਾ ਗੋਡਾ
ਲੱਕ ਮੇਰਾ ਪਤਲਾ ਜਿਹਾ
ਭਾਰ ਸਹਿਣ ਨਾ ਜੋਗਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੋਗਾ
ਉਰਲੇ ਪਾਸੇ ਢਾਬ ਸੁਣੀਂਦੀ
ਪਰਲੇ ਪਾਸੇ ਟੋਭਾ
ਟੋਭੇ ਤੇ ਇਕ ਸਾਧੂ ਰਹਿੰਦਾ
ਸਿਰੋਂ ਸੁਣੀਦਾ ਰੋਡਾ
ਆਉਂਦੀ ਦੁਨੀਆਂ ਮੱਥੇ ਟੇਕਦੀ
ਬੜੀ ਸੁਣੀਂਦੀ ਸੋਭਾ
ਸਾਧ ਦੇ ਡੇਰੇ ਜਾਂਦੀਏ ਰੰਨੇ
ਮੁੰਡਾ ਜੰਮੇਂਗੀ ਰੋਡਾ
ਲੱਕ ਤੇਰਾ ਪਤਲਾ ਜਿਹਾ-
ਭਾਰ ਸਹਿਣ ਨਾ ਜੋਗਾ

ਮੌੜੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੌੜੀ
ਮੌੜੀ ਦੀ ਇਕ ਨਾਰ ਸੁਣੀਂਦੀ
ਦੰਦ ਜਾੜ੍ਹ ਤੋਂ ਬੋੜੀ
ਛੜਿਆਂ ਨੂੰ ਉਹ ਧੱਕੇ ਦਿੰਦੀ
ਗੱਭਰੂਆਂ ਨੂੰ ਲੋਰੀ
ਪਿੰਡ ਦੇ ਚੋਬਰ ਪੱਟੇ ਸਾਰੇ
ਮੇਲ਼ ਮੇਲ਼ ਕੇ ਜੋੜੀ
ਹੌਲ਼ੀ ਹੌਲ਼ੀ ਚੜ੍ਹ ਮਿਤੱਰਾ-
ਮੈਂ ਪਤਲੇ ਬਾਂਸ ਦੀ ਪੋਰੀ

ਰਣੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਰਣੀਆਂ
ਉਰਲੇ ਪਾਸੇ ਬੱਦਲ ਘੋਰੇ
ਪਰਲੇ ਪਾਸੇ ਕਣੀਆਂ
ਕੁੜਤੀ ਭਿਜਕੇ ਹਿੱਕ ਨਾਲ਼ ਲਗ ਗੀ
ਸੁਰਮਾਂ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਹੁਣ ਜਿੰਦੜੀ ਨੂੰ ਬਣੀਆਂ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਰਣੀਆਂ
ਅੱਧੀ ਰਾਤ ਨੂੰ ਨ੍ਹੇਰੀ ਆਉਂਦੀ
ਪਿਛਲੀ ਰਾਤ ਨਾਲ਼ ਕਣੀਆਂ
ਬਾਹਰ ਨਿਕਲ ਕੇ ਦੇਖਣ ਲੱਗੀਆਂ
ਦੋ ਮੁਟਿਆਰਾਂ ਖੜ੍ਹੀਆਂ
ਨਿੱਕੀ ਹੁੰਦੀ ਮਰ ਨਾ ਗਈ-
ਹੁਣ ਜਿੰਦੜੀ ਨੂੰ ਬਣੀਆਂ

ਰੁੜਕਾ-ਦਾਖਾ

ਰੁੜਕਾ ਦਾਖਾ ਕੋਲ਼ੋ ਕੋਲ਼ੀ
ਆਗੜ ਕੋਲ਼ੇ ਦੀਨਾ
ਅਗਨ ਬੋਟ ਤਾਂ ਜਲ ਤੇ ਤਰਦੀ
ਘੋੜਿਆਂ ਉੱਤੇ ਖਣਕੀਨਾ
ਛਾਤੀ ਨਾਲ਼ੋਂ ਮੁਖੜਾ ਪਿਆਰਾ
ਚੰਦ ਨਾਲ਼ੋਂ ਜੋਤ ਸਵਾਈ
ਦੰਦ ਕੌਡੀਆਂ ਬੁਲ੍ਹ ਪਤਾਸੇ
ਗੱਲ੍ਹਾਂ ਸ਼ਕੱਰ ਪਾਰੇ
ਚਾਂਦੀ ਦੀ ਮੈਂ ਸੇਜ ਬਛਾਵਾਂ
ਸੋਨੇ ਦਾ ਸਰਾਹਣਾ ਲਾਵਾਂ
ਉਹ ਘਰ ਅਗਲੀ ਦਾ
ਜਿੱਥੇ ਸੱਦੇ ਬਾਝ ਨਾ ਜਾਵਾਂ
ਭਾਈ ਜੀ ਦੇ ਫੁਲਕੇ ਨੂੰ-
ਖੰਡ ਦਾ ਪਲੇਥਣ ਲਾਵਾਂ

ਰੂੜਾ

ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੌ ਕੁੜੀਆਂ ਸੁਣੀਂਦੀਆਂ
ਕਰਦੀਆਂ ਗੋਹਾ ਕੂੜਾ
ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀਆਂ
ਹੇਠ ਬਛਾਉਂਦੀਆਂ ਭੂਰਾ
ਸਾਡੇ ਹਾਣ ਦੀਏ-
ਕਰਦੇ ਮਤਲਬ ਪੂਰਾ

ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੋ ਕੁੜੀਆਂ ਸੁਣੀਂਦੀਆਂ
ਕਰਦੀਆਂ ਆਦਰ ਪੂਰਾ
ਆਉਂਦੇ ਜਾਂਦੇ ਦੀ ਸੇਵਾ ਕਰਦੀਆਂ
ਦਿੰਦੀਆਂ ਲਾਲ ਪੰਘੂੜਾ
ਹਾਰੇ ਵਿਚੋਂ ਦੁੱਧ ਕੱਢ ਲਿਆਉਂਦੀਆਂ
ਕੋਠੀ ਵਿਚੋਂ ਬੂਰਾ
ਇਕ ਘੁੱਟ ਭਰ ਮਿੱਤਰਾ-
ਕਰਲੈ ਹੌਸਲਾ ਪੂਰਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਰੂੜਾ
ਰੂੜੇ ਦੀਆਂ ਦੋ ਨਾਰਾਂ ਸੁਣੀਂਦੀਆਂ
ਕਰਦੀਆਂ ਗੋਹਾ ਕੂੜਾ
ਆਏ ਗਏ ਨਾਲ਼ ਹੱਸ ਹੱਸ ਬੋਲਣ
ਡਾਹੁੰਦੀਆਂ ਪੀੜ੍ਹੀ ਮੂੜ੍ਹਾ
ਆਲ਼ੇ ਵਿਚੋਂ ਦੁੱਧ ਕੱਢ ਲਿਆਉਂਦੀਆਂ
ਕੋਠੀ ਵਿਚੋਂ ਬੂਰਾ
ਮੇਰੇ ਹਾਣ ਦੀਏ-
ਕਰਦੇ ਮਤਲਬ ਪੂਰਾ

ਲੌਂਗੋਵਾਲ

ਲੌਂਗੋਵਾਲ ਦੇ ਦੋ ਦਰਵਾਜ਼ੇ
ਇਕ ਦਰਵਾਜ਼ੇ ਬਾਹਮਣੀ ਕੱਤੇ
ਬਾਹਮਣੀ ਮਣ ਮਣ ਸੁਰਮਾ ਮੱਥੇ
ਮੁੰਡਿਆਂ ਨਾਲ਼ ਲਾਉਂਦੀ ਅੱਖ-ਮਟੱਕੇ
ਬੜ੍ਹਿਆਂ ਨੂੰ ਮਾਰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਹੁਣ ਦਸ ਬਾਹਮਣੀਏਂ-
ਜਦ ਤਾਂ ਦਿੰਦੀ ਸੀ ਧੱਕੇ

ਦੁਆਬਾ ਤੇ ਜੰਗਲ

ਦੁਆਬੇ ਦੀ ਮੈਂ ਜੰਮੀ ਜਾਈ
ਜੰਗਲ ਵਿਚ ਵਿਆਹੀ
ਦੇਸ-ਵਿਛੁੰਨੀ ਕੂੰਜ ਮੈਂ ਭੈਣੋਂ
ਜੰਗ ਨੂੰ ਗਿਆ ਮੇਰਾ ਮਾਹੀ
ਹਰਦਮ ਨੀਰ ਵਗੇ ਨੈਣਾਂ ਚੋਂ
ਆਉਣ ਦੀ ਚਿੱਠੀ ਨਾ ਪਾਈ
ਮੁੜ ਪੈ ਸਪਾਹੀਆ ਵੇ-
ਮੈਂ ਜਿੰਦੜੀ ਘੋਲ ਘੁਮਾਈ

ਜੰਗਲ ਤੇ ਪੁਆਧ

ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ ਵਿਚ ਖੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁੱਡਦੀ ਗੁੱਡਦੀ ਦੇ ਪੈਗੇ ਛਾਲੇ
ਆਥਣ ਨੂੰ ਘਰ ਆਈ
ਆਉਂਦੀ ਨੂੰ ਸੱਸ ਦੇਵੇ ਗਾਲ਼ਾਂ
ਘਾਹ ਦੀ ਪੰਡ ਨਾ ਲਿਆਈ
ਵੱਛੇ ਕੱਟੇ ਵਗ ਰਲ਼ਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਬੁੱਢੀਏ ਤੇਰੇ ਪੁੱਤ ਮਰ ਜਾਣ
ਛੇਵਾਂ ਮਰੇ ਜੁਆਈ
ਗਾਲ੍ਹ ਭਰਾਵਾਂ ਦੀ
ਕੀਹਨੇ ਕੱਢਣ ਸਖਾਈ

ਵੇ ਮੁੰਡਿਆ ਕੰਠੇ ਵਾਲਿਆ

ਸੁਣ ਵੇ ਮੁੰਡਿਆ ਕੰਠੇ ਵਾਲ਼ਿਆ
ਕੰਠਾ ਤੇਰਾ ਅੱਗ ਵਾਂਗੂੰ ਦਗਦਾ
ਨੱਤੀਆਂ ਤੇਰੀਆਂ ਛੱਡਣ ਚੰਗਿਆੜੇ
ਇਕ ਦਿਲ ਕਹਿੰਦਾ ਲਾ ਲੈ ਕੁਸ਼ਤੀ
ਦੂਜਾ ਡਰ ਮਾਪਿਆਂ ਦਾ ਮਾਰੇ
ਕੱਚੀਆਂ ਕੈਲਾਂ ਤੇ-
ਡਿਗ ਡਿਗ ਪੈਣ ਕੰਵਾਰੇ

ਸੁਣ ਵੇ ਮੁੰਡਿਆ ਕੰਠੇ ਵਾਲ਼ਿਆ
ਕੰਠਾ ਦਵੇ ਚਮਕਾਰੇ
ਮੈਂ ਤਾਂ ਤੈਨੂੰ ਖੜੀ ਬੁਲਾਵਾਂ
ਤੂੰ ਲੰਘ ਗਿਆ ਚੁੱਪ ਕੀਤਾ
ਜੋੜੀ ਨਾ ਮਿਲਦੀ-
ਪਾਪ ਜਿਨ੍ਹਾਂ ਨੇ ਕੀਤਾ

ਸੁਣ ਵੇ ਮੁੰਡਿਆ ਕੰਠੇ ਵਾਲ਼ਿਆ
ਕੰਠਾ ਰੋਗਨ ਕੀਤਾ
ਮੈਂ ਤੈਨੂੰ ਖੜੀ ਬੁਲਾਵਾਂ
ਤੂੰ ਬੜ ਗਿਆ ਬਾਗ ਦੇ ਬਾੜੇ
ਜੋੜੀ ਨਾ ਮਿਲਦੀ-
ਕਰਮ ਜਿਨ੍ਹਾਂ ਦੇ ਮਾੜੇ

ਸੁਣ ਵੇ ਮੁੰਡਿਆ ਗਾਉਣ ਵਾਲ਼ਿਆ
ਗਾਉਣ ਸੁਣਾ ਦੇ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਰਹਿ ਗਏ ਗੋਡੇ
ਪੈਰਾਂ ਦੀਆਂ ਰਹਿ ਗਈਆਂ ਤਲ਼ੀਆਂ
ਟਿਕਟਾਂ ਦੇ ਬਾਬੂ-
ਦੋ ਮੁਟਿਆਰਾਂ ਖੜੀਆਂ

ਜੇ ਮੁੰਡਿਆ ਤੈਨੂੰ ਪਾਲ਼ਾ ਲਗਦਾ
ਡੱਬਾ ਖੇਸ ਵਛਾਵਾਂ
ਜੇ ਮੁੰਡਿਆ ਤੈਨੂੰ ਆਵੇ ਗਰਮੀ
ਚੰਬਾ ਬਾਗ ਲਗਾਵਾਂ
ਚੰਬੇ ਬਾਗ ਵਿਚ ਕੋਲਾਂ ਕੂਕਣ
ਕਰਦੀਆਂ ਜੀਰੀ ਜੀਰੀ
ਭੁਲਿਆ ਵੇ ਕੰਤਾ-
ਨਾਰਾਂ ਬਾਝ ਫਕੀਰੀ

ਜੇ ਤੂੰ ਮੁੰਡਿਆ ਯਾਰੀ ਲਾਉਣੀ
ਬਹਿ ਵੇ ਸਰ੍ਹੋਂ ਦਾ ਰਾਖਾ
ਆਉਂਦੀ ਜਾਂਦੀ ਨੂੰ ਹੱਥ ਨਾ ਪਾਵੀਂ
ਲੋਕ ਬਣਾਉਂਦੇ ਡਾਕਾ
ਕੱਚੀਆਂ ਕੈਲਾਂ ਦਾ-
ਬਹਿ ਕੇ ਲੈ ਲੀਏ ਝਾਕਾ

ਕੱਦ ਸਰੂ ਦੇ ਬੂਟੇ ਵਰਗਾ
ਤੁਰਦਾ ਨੀਵੀਂ ਪਾ ਕੇ
ਨੀ ਬੜਾ ਮੋੜਿਆ
ਨਹੀਂ ਜੇ ਮੁੜਦਾ
ਦੇਖ ਲਿਆ ਸਮਝਾ ਕੇ
ਸਈਓ ਨੀ ਮੈਨੂੰ ਰਖਣਾ ਪਿਆ-
ਮੁੰਡਾ ਹਿੱਕ ਦਾ ਤਵੀਤ ਬਣਾ ਕੇ

ਰੁਲ਼ ਗਈ ਰੁਲ਼ ਗਈ
ਰੁਲ਼ ਗਈ ਨੀ
ਤੇਰੇ ਚਿੱਟਿਆਂ ਦੰਦਾਂ ਤੇ
ਡੁਲ੍ਹ ਗਈ ਨੀ

ਕਦੇ ਆਉਣ ਨ੍ਹੇਰੀਆਂ
ਕਦੇ ਜਾਣ ਨ੍ਹੇਰੀਆਂ
ਸਿੰਘਾ ਵਿਚ ਦਰਵਾਜ਼ੇ
ਗੱਲਾਂ ਹੋਣ ਤੇਰੀਆਂ

ਕੋਈ ਇਕ ਪਿਆਲਾ
ਕੋਈ ਦੋ ਪਿਆਲਾ
ਤੀਜਾ ਪਿਆਲਾ ਦਾਰੂ ਦਾ
ਗਲ਼ੀਆਂ ਵਿਚ ਫਿਰਨਾ ਛਡਦੇ
ਕੋਈ ਲੂਣ ਘੋਟਣਾ ਮਾਰੂਗਾ

ਜੱਟਾ ਵੇ ਜੱਟਾ
ਲੈ ਦੇ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾ ਦੇ ਨਸਵਾਰੀ ਵੇ
ਲੱਕ ਪਤਲਾ ਚਰ੍ਹੀ ਦੀ ਪੰਡ ਭਾਰੀ ਵੇ

ਜੱਟੀਏ ਨੀ ਜੱਟੀਏ
ਲੈ ਦੂੰ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾਦੂੰ ਨਸਵਾਰੀ ਨੀ
ਗੋਰੇ ਰੰਗ ਨੇ ਜੱਟਾਂ ਦੀ ਮੱਤ ਮਾਰੀ ਨੀ

ਜਦ ਮੁੰਡਿਆ ਮੈਂ ਪਾਣੀ ਭਰਦੀ
ਤੂੰ ਸਾਧਾਂ ਦੇ ਡੇਰੇ
ਹੋਰਨਾਂ ਮੁੰਡਿਆਂ ਦੇ ਨਾਭੀ ਸਾਫੇ
ਕੱਚਾ ਗੁਲਾਬੀ ਤੇਰੇ
ਚੱਕ ਕੇ ਤੌੜਾ ਤੁਰਪੀ ਢਾਬ ਨੂੰ
ਨਜ਼ਰ ਨਾ ਆਵੇਂ ਮੇਰੇ
ਚਾਂਦੀ ਬਣ ਮਿੱਤਰਾ-
ਬੰਦ ਕਰਵਾਵਾਂ ਤੇਰੇ

ਜੇ ਮੁੰਡਿਆ ਤੈਂ ਨੌਕਰ ਹੋਣਾ
ਹੋ ਜੀਂ ਬਾਗ ਦਾ ਮਾਲੀ
ਬੂਟੇ ਬੂਟੇ ਪਾਣੀ ਦੇਈਂ
ਕੋਈ ਨਾ ਛੱਡੀਂ ਖਾਲੀ
ਰੂਪ ਕੁਮਾਰੀ ਦਾ-
ਦਿਨ ਚੜ੍ਹਦੇ ਦੀ ਲਾਲੀ

ਕਣਕ ਵੰਨਾ ਤੇਰਾ ਰੰਗ ਵੇ ਚੋਬਰਾ
ਨਜ਼ਰ ਫਜ਼ਰ ਤੋਂ ਡਰਦੀ
ਇਕ ਚਿੱਤ ਕਰਦਾ ਤਬੀਤ ਬਣਾ ਦਿਆਂ
ਇਕ ਚਿੱਤ ਕਰਦਾ ਧਾਗਾ
ਬਿਨ ਮੁਕਲਾਈਆਂ ਨੇ-
ਢਾਹ ਸੁੱਟਿਆ ਦਰਵਾਜ਼ਾ

ਚਿੱਟੇ ਚਿੱਟੇ ਦੰਦ
ਲਾਈਆਂ ਸੋਨੇ ਦੀਆਂ ਮੇਖਾਂ
ਵੇ ਬੈਠ ਦਰਵਾਜ਼ੇ
ਮੈਂ ਘੁੰਡ ਵਿਚੋਂ ਦੇਖਾਂ

ਅੱਧੀ ਰਾਤੋਂ ਆਉਨੈਂ ਚੋਬਰਾ
ਜਾਨੈ ਪਹਿਰ ਦੇ ਤੜਕੇ
ਜੇ ਮੈਂ ਤੈਨੂੰ ਲਗਦੀ ਪਿਆਰੀ
ਲੈ ਜਾ ਬਾਹੋਂ ਫੜਕੇ
ਭਾਈਆਂ ਮੇਰਿਆਂ ਨੂੰ ਖ਼ਬਰਾਂ ਹੋ ਗਈਆਂ
ਆਉਣ ਗੰਡਾਸੇ ਫੜ ਕੇ
ਭੀੜੀ ਗਲ਼ੀ ਵਿਚ ਹੋਣ ਟਾਕਰੇ
ਡਾਂਗਾਂ ਦੇ ਪੈਣ ਜੜਾਕੇ
ਰੂਪ ਗੁਆ ਲਿਆ ਨੀ-
ਉਤਲੇ ਚੁਬਾਰੇ ਚੜ੍ਹਾਕੇ

ਸੁਣ ਵੇ ਗਭਰੂਆ ਚੀਰੇ ਵਾਲ਼ਿਆ
ਛੈਲ ਛਬੀਲਿਆ ਸ਼ੇਰਾ
ਤੇਰੇ ਬਾਝੋਂ ਘਰ ਵਿਚ ਮੈਨੂੰ
ਦਿਸਦਾ ਘੁੱਪ ਹਨੇਰਾ
ਹੋਰ ਹਾਲ਼ੀ ਤਾਂ ਘਰ ਨੂੰ ਆ ਗੇ
ਤੈਂ ਵਲ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲੱਗਦੀ-
ਮੱਚੇ ਕਾਲਜਾ ਮੇਰਾ

ਸੁਣ ਨੀ ਕੁੜੀਏ ਮੱਛਲੀ ਵਾਲੀਏ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ
ਕਰਦੀ ਫਿਰਦੀ ਕਾਰਾ
ਮੱਛਲੀ ਤੇਰੀ ਮੱਚ ਮੱਚ ਉਠਦੀ
ਬਿਜਲੀ ਦਾ ਲਸ਼ਕਾਰਾ
ਸੋਹਣੇ ਭਬਕੇ ਦਾ-
ਬੋਲ ਮਸ਼ੀਨੋਂ ਪਿਆਰਾ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ
ਮੱਛਲੀ ਨਾ ਚਮਕਾਈਏ
ਸਾਡੇ ਪਿੰਡ ਦੇ ਮੁੰਡੇ ਬੁਰੇ ਨੇ
ਨੀਮੀ ਪਾ ਕੇ ਲੰਘ ਜਾਈਏ
ਖੂਹ-ਟੋਭੇ ਤੇਰੀ ਹੋਵੇ ਚਰਚਾ
ਚਰ ਚਰ ਨਾ ਕਰਵਾਈਏ
ਚੰਦ ਵਾਂਗੂ ਛਿਪਜੇਂ ਗੀ-
ਬਿਸ਼ਨ ਕੁਰੇ ਭਰਜਾਈਏ

ਸੁਣ ਨੀ ਕੁੜੀਏ ਮੱਛਲੀ ਵਾਲ਼ੀਏ
ਮੱਛਲੀ ਨਾ ਚਮਕਾਈਏ
ਗਲ਼ੀ ਗਲ਼ੀ ਤੇਰਾ ਚਾਚਾ ਫਿਰਦਾ
ਚਰ ਚਰ ਨਾ ਕਰਵਾਈਏ
ਜੇ ਡਰ ਮਾਪਿਆਂ ਦਾ-
ਤੁਰਤ ਜਵਾਬ ਸੁਣਾਈਏ

ਸੁਣ ਨੀ ਕੁੜੀਏ ਸੱਗੀ ਵਾਲ਼ੀਏ
ਸੱਗੀ ਨਾ ਚਮਕਾਈਏ
ਬਈ ਹੱਟੀ ਭੱਠੀ ਹੋਵੇ ਚਰਚਾ
ਚਰਚਾ ਨਾ ਕਰਵਾਈਏ
ਪਿੰਡ ਦਿਆਂ ਮੁੰਡਿਆਂ ਤੋਂ-
ਨੀਵੀਂ ਪਾ ਲੰਘ ਜਾਈਏ

ਸੁਣ ਨੀ ਕੁੜੀਏ ਚੀਰੇ ਵਾਲ਼ੀਏ
ਚੀਰਾ ਨਾ ਚਮਕਾਈਏ
ਐਸ ਗਲ਼ੀ ਦੇ ਮੁੰਡੇ ਗੱਭਰੂ
ਨੀਵੀਂ ਪਾ ਲੰਘ ਜਾਈਏ
ਚੰਦ ਵਾਂਗੂੰ ਛਿਪਜੇਂ ਗੀ-
ਚੰਦ ਕੁਰੇ ਭਰਜਾਈਏ

ਸੁਣ ਨੀ ਕੁੜੀਏ ਚੂੜੇ ਵਾਲ਼ੀਏ
ਫਿਰਦੀ ਬੰਨੇ ਬੰਨੇ
ਖੇਤ ਪਟਾਕ ਸਾਰਾ ਚੁੱਗ ਲਿਆ
ਨਾਲ਼ੇ ਪੱਟੇ ਗੰਨੇ
ਤੈਂ ਮੈਂ ਮੋਹ ਲਿਆ ਨੀ-
ਕੂੰਜ ਪਤਲੀਏ ਰੰਨੇ

ਸੁਣ ਨੀ ਕੁੜੀਏ ਕਾਂਟਿਆਂ ਵਾਲ਼ੀਏ
ਕਾਂਟਿਆਂ ਦਾ ਲਿਸ਼ਕਾਰਾ
ਤੈਨੂੰ ਮੋਹ ਲਊਗਾ
ਪੇਸ਼ ਪਿਆ ਸੁਨਿਆਰਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਲਿਸ਼ਕਾਰਾ

ਸੁਣ ਨੀ ਕੁੜੀਏ ਨੱਚਣ ਵਾਲ਼ੀਏ
ਤੂੰ ਤਾਂ ਲੱਗਦੀ ਪਿਆਰੀ
ਤੇਰੀ ਭੈਣ ਨਾਲ਼ ਵਿਆਹ ਕਰਾਵਾਂ
ਤੈਨੂੰ ਬਣਾਵਾਂ ਸਾਲ਼ੀ
ਆਪਾਂ ਦੋਵੇਂ ਚੱਲ ਚੱਲੀਏ
ਬਾਹਰ ਬੋਤੀ ਝਾਂਜਰਾਂ ਵਾਲ਼ੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਗਿਰਗੀ ਸਿਤਾਰਿਆਂ ਵਾਲ਼ੀ
ਗਿਰਦੀ ਨੂੰ ਗਿਰ ਲੈਣ ਦੇ
ਪਿੰਡ ਚੱਲ ਕੇ ਕਰਾ ਦੂੰ ਚਾਲ਼ੀ
ਨਿੰਮ ਨਾਲ਼ ਝੂਟਦੀਏ-
ਲਾ ਮਿੱਤਰਾਂ ਨਾਲ਼ ਯਾਰੀ

ਸੁਣ ਨੀ ਕੁੜੀਏ ਬਿਨ ਮੁਕਲਾਈਏ
ਤੀਲੀ ਲੌਂਗ ਬਿਨਾਂ ਨਾ ਪਾਈਏ
ਪੇਕਿਆਂ ਦੇ ਪਿੰਡ ਕੁੜੀਏ
ਧਾਰੀ ਬੰਨ੍ਹ ਸੁਰਮਾ ਨਾ ਪਾਈਏ
ਮਿੱਤਰਾਂ ਦੇ ਬੋਲਾਂ ਦਾ
ਕਦੇ ਵੱਟਾ ਨਾ ਲਾਹੀਏ
ਇੱਟ ਚੁਕਦੇ ਨੂੰ ਪੱਥਰ ਚੁੱਕੀਏ
ਤਾਂ ਹੀ ਬਰਾਬਰ ਆਈਏ
ਅਗਲੇ ਦੇ ਘਰ ਕੁੜੀਏ
ਕਦੇ ਸੱਦੇ ਬਾਝ ਨਾ ਜਾਈਏ
ਕੀਤੇ ਬੋਲਾਂ ਨੂੰ-
ਸਿਰ ਦੇ ਨਾਲ਼ ਨਿਭਾਈਏ

ਪੈਰੀਂ ਤੇਰੇ ਪਾਈਆਂ ਝਾਂਜਰਾਂ
ਛਮ ਛਮ ਕਰਦੀ ਜਾਵੇਂ
ਗੋਲ਼ ਪਿੰਜਣੀ ਕਸਮਾ ਪਜਾਮਾ
ਉੱਤੋਂ ਦੀ ਲਹਿੰਗਾ ਪਾਵੇਂ
ਲੱਕ ਤਾਂ ਤੇਰਾ ਸ਼ੀਹਣੀ ਵਰਗਾ
ਖਾਂਦੀ ਹੁਲਾਰੇ ਜਾਵੇਂ
ਬੁਲ੍ਹ ਪਵੀਸੀ ਠੋਡੀ ਤਾਰਾ
ਦਾਤਣ ਕਰਦੀ ਜਾਵੇਂ
ਨੱਕ ਤਾਂ ਤੇਰਾ ਧਾਰ ਖੰਡੇ ਦੀ
ਸਾਹ ਨੀ ਸੁਰਗ ਨੂੰ ਜਾਵੇ
ਮੱਛਲੀ ਤੇਰੀ ਘੜੀ ਸੁਨਿਆਰੇ
ਖਾਂਦੀ ਫਿਰੇ ਹੁਲਾਰੇ
ਮਿੱਡੀਆਂ ਨਾਸਾਂ ਤੇ-
ਲੌਂਗ ਚਾਂਬੜਾਂ ਪਾਵੇ

ਤੋਰ ਤੁਰੇ ਜਦ ਵਾਂਗ ਹੰਸ ਦੇ
ਸੱਪ ਵਾਂਗੂੰ ਵਲ ਖਾਵੇ
ਬਸਰੇ ਦਾ ਲਹਿੰਗਾ ਗੌਰਨੈਟ ਦਾ
ਛਮ ਛਮ ਲੱਕ ਹਲਾਵੇ
ਕੁੜਤੀ ਜਾਕਟ ਪਾਪਲੀਨ ਦੀ
ਹੱਥ ਰੁਮਾਲ ਸਜਾਵੇ
ਮੱਛਲੀ ਵੈਰਨ ਦੀ-
ਅੱਗ ਛੜਿਆਂ ਨੂੰ ਲਾਵੇ

ਚੰਦ ਕੁਰੇ ਨੀ ਮੱਥਾ ਤੇਰਾ ਚੰਦ ਵਲੈਤੀ
ਅੱਖੀਆਂ ਤੇਰੀਆਂ ਡੁਲ੍ਹਕਣ ਤਾਰੇ
ਕਾਲ਼ੇ ਨਾਗ ਦੀ ਚੇਲੀ ਤੂੰ ਬਣਗੀ
ਡੰਗ ਛਾਤੀ ਨੂੰ ਮਾਰੇ
ਦੁੱਖ ਬੁਰੇ ਆਸ਼ਕਾਂ ਦੇ-
ਨਾ ਝਿੜਕੀਂ ਮੁਟਿਆਰੇ

ਨੀਲੀਆਂ ਨਸ਼ੀਲੀਆਂ ਬਲੌਰੀ ਅੱਖਾਂ ਤੇਰੀਆਂ
ਮਾਰ ਲਿਸ਼ਕਾਰੇ ਤੇਰਾ ਲੌਂਗ ਭਖਦਾ
ਨੀ ਕਿਹੜਾ ਝੱਲੂ ਨੀ ਨਿਸ਼ਾਨਾ
ਤੇਰੀ ਬਲੌਰੀ ਅੱਖ ਦਾ

ਕਦੇ ਆਉਣ ਨ੍ਹੇਰੀਆਂ
ਕਦੇ ਜਾਣ ਨ੍ਹੇਰੀਆਂ
ਬਿੱਲੋ ਬੋਤਲਾਂ ਸ਼ਰਾਬ ਦੀਆਂ
ਅੱਖਾਂ ਤੇਰੀਆਂ

ਕਾਲ਼ੀ ਚੁੰਨੀ ’ਚੋਂ ਭਾਉਂਦੀਆਂ ਅੱਖੀਆਂ
ਜਿਵੇਂ ਚਮਕਦੇ ਤਾਰੇ
ਸਭ ਨੂੰ ਮੋਹ ਲਿਆ ਨੀ
ਬੋਤਲ ਵਰਗੀਏ ਨਾਰੇ

ਆਰ ਗੋਰੀਏ ਨੀ ਪਾਰ ਗੋਰੀਏ
ਆਰ ਗੋਰੀਏ ਨੀ ਪਾਰ ਗੋਰੀਏ
ਘੜਾ ਚੱਕ ਲੈ
ਦੰਦਾਂ ਦੇ ਭਾਰ ਗੋਰੀਏ

ਕੁੜੀਆਂ ਵਿਚੋਂ ਕੁੜੀ ਸੁਣੀਂਦੀ
ਕੁੜੀਆਂ ਵਿਚ ਸਰਦਾਰੀ
ਬਈ ਅੱਖ ਚੱਕ ਕੇ ਦੇਖੂ ਜਿਹੜਾ
ਉਹਦੀ ਸ਼ਾਮਤ ਆਈ
ਪਿੱਛੇ ਹੱਟ ਜਾ ਜ਼ਾਲਮਾ-
ਮੈਂ ਪੰਜਾਬਣ ਜੱਟੀ ਆਈ

ਮਾਪਿਆਂ ਦੇ ਘਰ ਪਲੀ ਲਾਡਲੀ
ਖਾਂਦੀ ਦੁੱਧ ਮਲ਼ਾਈਆਂ
ਹੁੰਮ ਹੁਮਾ ਕੇ ਚੜ੍ਹੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇ ਨਾਲ਼ ਸਜਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਪਿੰਡ ਦੇ ਮੁੰਡੇ ਨਾਲ਼ ਲੱਗਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂੰ ਤਰਜੇਂਗੀ-
ਹਾਣ ਦੇ ਮੁੰਡੇ ਨਾਲ਼ ਲਾਈਆਂ

ਭਾਈ ਤਾਂ ਤੇਰੇ ਸ਼ਰਮਾਂ ਰੱਖਦੇ
ਤੂੰ ਨਾ ਸ਼ਰਮ ਨੂੰ ਜਾਣੇਂ
ਜਿੰਨੀਆਂ ਪੂਣੀਆਂ ਘਰੋਂ ਲਜਾਵੇਂ
ਉੰਨੀਆਂ ਮੋੜ ਲਿਆਵੇਂ
ਪਟਤੀ ਸ਼ਕੀਨੀ ਨੇ-
ਤੰਦ ਚਰਖੇ ਨਾ ਪਾਵੇਂ

ਚੱਕ ਕੇ ਚਰਖਾ ਰੱਖਿਆ ਢਾਕ ਤੇ
ਕਰ ਲੀ ਕੱਤਣ ਦੀ ਤਿਆਰੀ
ਠੁਕਮ ਠੁਮਕ ਚੱਕਦੀ ਪੱਬਾਂ ਨੂੰ
ਲੱਗਦੀ ਜਾਨ ਤੋਂ ਪਿਆਰੀ
ਬਗਲੇ ਦੇ ਖੰਭ ਬੱਗੇ ਸੁਣੀਂਦੇ
ਕੋਲ਼ ਸੁਣੀਂਦੀ ਕਾਲ਼ੀ
ਸਿੰਘ ਜੀ ਦੇ ਗੜਵੇ ਦਾ
ਸ਼ਰਬਤ ਵਰਗਾ ਪਾਣੀ
ਮਿੱਤਰਾਂ ਦੀ ਲੂਣ ਦੀ ਡਲ਼ੀ
ਮਿਸ਼ਰੀ ਕਰਕੇ ਜਾਣੀ
ਸੁਰਮਾਂ ਨੌਂ ਰੱਤੀਆਂ
ਵਿਚ ਕਜਲੇ ਦੀ ਧਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ

ਵਿਹੜੇ ਦੇ ਵਿਚ ਪਈਂ ਏਂ ਰਕਾਨੇ
ਦੋਹਾਂ ਹੱਥਾਂ ਵਿਚ ਪੱਖੀਆਂ
ਤੇਰੇ ਤੇ ਜੱਟ ਭੌਰ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਘਰ ਜਾ ਕੇ ਤਾਂ ਸੋਈ ਦਸਦੀਆਂ
ਜਿਹੜੀਆਂ ਅਕਲ ਦੀਆਂ ਕੱਚੀਆਂ
ਸੁਰਗਾਪੁਰੀ ਨੂੰ ਸੋਈ ਜਾਂਦੀਆਂ
ਜਿਹੜੀਆਂ ਜ਼ਬਾਨੋਂ ਸੱਚੀਆਂ
ਖੋਲ੍ਹ ਸੁਣਾ ਬਚਨੋ
ਹੁਣ ਕਾਹਨੂੰ ਦਿਲਾਂ ਵਿਚ ਰੱਖੀਆਂ
ਬਣਗੀ ਮਾਲਕ ਦੀ-
ਖੜ੍ਹੀ ਫੇਰਗੀ ਅੱਖੀਆਂ

ਕਿਉਂ ਨੀ ਧੰਨ ਕੁਰੇ ਮੀਂਹ ਨੀ ਪੈਂਦਾ
ਸੁੱਕੀਆਂ ਵਗਣ ਜ਼ਮੀਨਾਂ
ਰੁੱਖੀ ਤੂੜੀ ਖਾ ਡੰਗਰ ਹਾਰਗੇ
ਗੱਭਰੂ ਗਿਝਗੇ ਫੀਮਾਂ
ਤੇਰੀ ਬੈਠਕ ਨੇ-
ਪੱਟਿਆ ਕਬੂਤਰ ਚੀਨਾ

ਇਸ਼ਕ ਕਮਾਉਣਾ ਔਖਾ ਕੁੜੀਏ
ਦਿਨੇ ਦਿਖਾਉਂਦਾ ਤਾਰੇ
ਇਸ਼ਕ ਨਿਭਾਉਣਾ ਕਠਣ ਫਕੀਰੀ
ਦੇਖ ਕਤਾਬਾਂ ਚਾਰੇ
ਦਰ ਤੇਰੇ ਤੋਂ ਮਿਲੀ ਨਾ ਭਿੱਛਿਆ
ਬਹਿਜੂੰਗਾ ਨਦੀ ਕਿਨਾਰੇ
ਸਿਲ ਵੱਟਿਆਂ ਨੂੰ ਹੱਥ ਨੀ ਲਾਉਂਦਾ
ਚੱਕਣੇ ਨੇ ਪਰਬਤ ਭਾਰੇ
ਸਿਓਨੇ ਦੇ ਭਾਅ ਵਿਕੇ ਮਲੰਮਾ
ਭੁੱਲ ਗਏ ਨੇ ਵਣਜਾਰੇ
ਸੁੰਦਰ ਦੇਹੀ ਮੰਦਰ ਕੂੜ ਦੇ
ਕੋਈ ਦਿਨ ਦੇ ਚਮਕਾਰੇ
ਹੰਸ ਕਦੇ ਨੇ ਲਹਿੰਦੇ ਆ ਕੇ
ਜੇ ਹੋਣ ਸਰੋਵਰ ਖਾਰੇ
ਤੇਰੀ ਕੁਦਰਤ ਦੇ-
ਮੈਂ ਜਾਵਾਂ ਬਲਿਹਾਰੇ

ਸੁਣ ਨੀ ਕੁੜੀਏ
ਜੇ ਮੈਂ ਜਾਣਦਾ ਝਗੜੇ ਪੈਣਗੇ
ਕਾਹਨੂੰ ਲਾਉਂਦਾ ਅੱਖੀਆਂ
ਬਹਿ ਦਰਵਾਜੇ ਮੌਜਾਂ ਮਾਰਦਾ
ਹੱਥ ਵਿਚ ਫੜ ਕੇ ਪੱਖੀਆਂ
ਮੈਂ ਤੇਰੇ ਤੇ ਆਸ਼ਕ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਖੋਲ੍ਹ ਸੁਣਾ ਦੇ ਨੀ-
ਕਾਸ ਨੂੰ ਦਿਲਾਂ ਵਿਚ ਰੱਖੀਆਂ

ਮੇਲੇ ਮੁਸਾਹਵੇ

ਛਪਾਰ ਦਾ ਮੇਲਾ

ਮੈਂ ਜਾਣਾ ਮੇਲੇ ਨੂੰ
ਬਾਪੂ ਜਾਊਂਗਾ ਬਣਾ ਕੇ ਟੋਲੀ

ਆਰੀ ਆਰੀ ਆਰੀ
ਮੇਲਾ ਛਪਾਰ ਲੱਗਦਾ
ਜਿਹੜਾ ਲੱਗਦਾ ਜਰਗ ਤੋਂ ਭਾਰੀ
ਕੱਠ ਮੁਸ਼ਟੰਡਿਆਂ ਦੇ
ਓਥੇ ਬੋਤਲਾਂ ਮੰਗਾ ਲੀਆਂ ਚਾਲ਼ੀ
ਤਿੰਨ ਸੇਰ ਸੋਨਾ ਲੁੱਟਿਆ
ਭਾਨ ਲੁੱਟਲੀ ਹੱਟੀ ਦੀ ਸਾਰੀ
ਸੰਤ ਸਿੰਘ ਨਾਮ ਦਸ ਦਿਆਂ
ਜੀਹਦੇ ਚਲਦੇ ਮੁਕੱਦਮੇ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁੱਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲ਼ ਪੁਲਸ ਚੜ੍ਹੀ ਸੀ ਸਾਰੀ
ਕੁੱਟਦਿਆਂ ਦੇ ਹੱਥ ਥੱਕ ਗੇ
ਉਹਨੇ ਸੀ ਨਾ ਕਹੀ ਇਕ ਵਾਰੀ
ਇੱਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਤੈਂ ਕਿਉਂ ਛੇੜੀ ਸੀ-
ਨਾਗਾਂ ਦੀ ਪਟਿਆਰੀ

ਜਗਰਾਵਾਂ ਦੀ ਰੌਸ਼ਨੀ

ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੌਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾਂ
ਜਿਥੋਂ ਖਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲ਼ੀ
ਬੋਲੀਆਂ ਦੀ ਗੱਡੀ ਲੱਦ ਦਿਆਂ
ਜੀਹਨੂੰ ਇੰਜਣ ਲੱਗੇ ਸਰਕਾਰੀ
ਨਿਮਕੇ ਚੱਕ ਪੱਠਿਆ-
ਗੇਂਦ ਘੁੰਗਰੂਆਂ ਵਾਲ਼ੀ

ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਭਾਨ ਚੱਕਲੀ ਹੱਟੀ ਦੀ ਸਾਰੀ
ਰਤਨ ਸਿੰਘ ਰੱਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਠਾਣੇਦਾਰ ਐਂ ਡਿਗਿਆ
ਜਿਮੇਂ ਹਲ਼ ਤੋਂ ਡਿਗੇ ਪੰਜਾਲੀ
ਲੱਗੀਆਂ ਹੱਥ-ਕੜੀਆਂ-
ਹੋਗੀ ਜੇਲ੍ਹ ਦੀ ਤਿਆਰੀ

ਜਰਗ ਦਾ ਮੇਲਾ

ਇਕ ਮੰਡੀ ਜੈਤੋ ਲੱਗਦੀ
ਇਕ ਲੱਗਦਾ ਜਰਗ ਦਾ ਮੇਲਾ

ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕਲੂੰ
ਤੈਨੂੰ ਘਗਰੇ ਦਾ ਭਾਰ ਬਥੇਰਾ
ਮੁੰਡਾ ਤੇਰਾ ਮੈਂ ਚੱਕ ਲੂੰ

ਦਿਓਰ ਭਾਬੀ ਮੇਲੇ ਚੱਲੇ
ਪਿੰਡ ਲੰਘ ਕੇ ਕੰਘਲੀਆਂ ਪਾਈਆਂ

ਚੰਦਰੀ ਦੇ ਲੜ ਲੱਗਕੇ
ਮੇਰਾ ਛੁੱਟ ਗਿਆ ਜਰਗ ਦਾ ਮੇਲਾ

ਜੇਹੀ ਤੇਰੀ ਗੁੱਤ ਦੇਖਲੀ
ਤੇਹਾ ਦੇਖ ਲਿਆ ਜਰਗ ਦਾ ਮੇਲਾ

ਲੁਧਿਆਣੇ ਲੱਗਦੀ ਰੌਸ਼ਨੀ

ਆਰੀ ਆਰੀ ਆਰੀ
ਲੁਧਿਆਣੇ ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਦਾਰੂ ਪੀ ਕੇ ਭਾਨ ਚੱਕ ਲੀ ਹੱਟੀ ਦੀ ਸਾਰੀ
ਠਾਣੇਦਾਰ ਆ ਉਤਰਿਆ
ਰਤਨ ਸਿੰਘ ਰੱਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਥਾਣੇਦਾਰ ਐਂ ਗਿਰਿਆ
ਜਿਵੇਂ ਹਲ਼ ਤੋਂ ਗਿਰੇ ਪੰਜਾਲੀ
ਲੱਗੀਆਂ ਹੱਥ -ਕੜੀਆਂ
ਹੋ ਗੀ ਜੇਲ੍ਹ ਦੀ ਤਿਆਰੀ
ਦਿਓਰ ਕੁਮਾਰੇ ਦੀ-
ਮੰਜੀ ਸੜਕ ਤੇ ਮਾਰੀ

ਆਰੀ ਆਰੀ ਆਰੀ
ਲੁੱਧਿਆਣੇ ਟੇਸਣ ਤੇ
ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਬੋਤਲਾਂ ਮੰਗਾਲੀਆਂ ਚਾਲ਼ੀ
ਪੀ ਕੇ ਬੋਤਲਾਂ ਚੜ੍ਹਗੇ ਮੋਟਰੀਂ
ਫਿਰ ਆਏ ਸ਼ਹਿਰ ਬਜ਼ਾਰੀਂ
ਬਾਹਮਣਾਂ ਦਾ ਪੁੱਤ ਗੱਭਰੂ
ਹੱਥ ਟਕੂਆ ਤੇ ਨਾਲ਼ ਗੰਦਾਲੀ
ਘੋੜੀ ਉੱਤੋਂ ਨੈਬ ਸੁੱਟ ਲਿਆ
ਨਾਲ਼ੇ ਪੁਲਸ ਦਬੱਲੀ ਸਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ

ਮੇਲਾ ਲੋਪੋਂ ਦਾ

ਆਰੀ ਆਰੀ ਆਰੀ
ਮੇਲਾ ਲੋਪੋਂ ਦਾ
ਲੱਗਦਾ ਬਹੁਤ ਹੈ ਭਾਰੀ
ਲੁੱਧਿਆਣੇ ਦੁਗ ਦੁਗੀਆ
ਸਾਹਨੇ ਕੋਲ਼ ਢੰਡਾਰੀ
ਤੜਕਿਉਂ ਭਾਲ਼ੇਂਗਾ-
ਨਰਮ ਕਾਲਜੇ ਵਾਲ਼ੀ

ਖਮਾਣੋਂ ਦਾ ਮੇਲਾ

ਆਰੀ ਆਰੀ ਆਰੀ
ਵਿਚ ਖਮਾਣੋਂ ਦੇ ਮੇਲਾ ਲਗਦਾ
ਲਗਦਾ ਜਗਤ ਤੋਂ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਓਥੇ ਬੋਤਲਾਂ ਮੰਗਾ ਲੀਆਂ ਚਾਲ਼ੀ
ਚਾਲ਼ੀਆਂ ਚੋਂ ਇਕ ਬਚਗੀ
ਥਾਣੇਦਾਰ ਦੇ ਮੱਥੇ ਵਿਚ ਮਾਰੀ
ਥਾਣੇਦਾਰ ਇਉਂ ਡਿੱਗਿਆ
ਜਿਉਂ ਬੌਲਦ ਗਲੋਂ ਪੰਜਾਲੀ
ਮਿਲਖੀ ਨਿਊਆਂ ਦਾ
ਥਾਣੇਦਾਰ ਦੇ ਗੰਡਾਸੀ ਮਾਰੀ
ਈਸੂ ਘੜੂਏਂ ਦਾ
ਜੀਹਦੇ ਚਲਦੇ ਮੁਕੱਦਮੇ ਭਾਰੀ
ਤਿਲੀਅਰ ਤੋਤੇ ਨੇ-
ਛਾਲ ਗਿੱਧੇ ਵਿਚ ਮਾਰੀ

ਮੇਲਾ ਅਲਕਾਂ ਦਾ

ਆਰੀ ਆਰੀ ਆਰੀ
ਮੇਲਾ ਅਲਕਾਂ ਦਾ
ਲਗਦੀ ਰੌਣਕ ਭਾਰੀ
ਦੁਆਬੇ 'ਚ ਜਗ ਆਂਹਦਾ
ਮੇਲੇ ਲਗਦੇ ਚਾਲ਼ੀ
ਕੋਲ਼ੋ ਕੋਲ਼ੀ ਪਿੰਡ ਸੁਣੀਂਦੇ
ਪੱਖੋਵਾਲ ਪਰਾਲੀ
ਓਥੇ ਦੋ ਕੁੜੀਆਂ
ਇਕ ਪਤਲੀ ਇਕ ਭਾਰੀ
ਪਤਲੀ ਦਾ ਨਾਂ ਉਤਮੀ
ਭਾਰੀ ਦਾ ਕਰਤਾਰੀ
ਮੋਤੀਆ ਲੈ ਗੀ ਉਤਮੀ
ਨਰਮ ਰਹੀ ਕਰਤਾਰੀ
ਬੋਤਾ ਮੋਹਲਕ ਦਾ-
ਉਤਮੀ ਦੀ ਸਰਦਾਰੀ

ਲੋਕ ਨਾਇਕ

ਗੁਰੂ ਨਾਨਕ

ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ

ਹੱਟ ਖੁਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲ਼ੇ

ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ

ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ

ਬਾਣੀ ਧੁਰ ਦਰਗਾਹੋਂ ਆਈ
ਪਾਪੀਆਂ ਦੇ ਤਾਰਨੇ ਨੂੰ

ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ

ਗੁਰੂ ਗੋਬਿੰਦ ਸਿੰਘ

ਜਿੱਥੇ ਬੈਠ ਗਏ ਕਲਗੀਆਂ ਵਾਲ਼ੇ
ਧਰਤੀ ਨੂੰ ਭਾਗ ਲੱਗ ਗੇ

ਸੱਚ ਦਸ ਕਲਗੀ ਵਾਲ਼ਿਆ
ਕਿਥੇ ਛੱਡ ਆਇਐਂ ਲਾਲ ਪਰਾਏ

ਦਰਸ਼ਨ ਦੇਹ ਗੁਰ ਮੇਰੇ
ਸੰਗਤਾਂ ਆਈਆਂ ਦਰਸ਼ਨ ਨੂੰ

ਮੈਂ ਜਾਵਾਂ ਬਲਿਹਾਰ
ਕਲਗੀਆਂ ਵਾਲ਼ੇ ਤੋਂ

ਲਾਲ ਤੇਰੇ ਜੰਞ ਚੜ੍ਹਗੇ
ਜੰਞ ਚੜ੍ਹਗੇ ਮੌਤ ਵਾਲ਼ੀ ਘੋੜੀ

ਰਾਮ ਤੇ ਲਛਮਣ

ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ

ਕੱਲੀ ਹੋਵੇ ਨਾ ਬਣਾਂ ਦੇ ਵਿਚ ਲੱਕੜੀ
ਰਾਮ ਕਹੇ ਲਛਮਣ ਨੂੰ

ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵੱਸ ਹੋ ਗਿਆ

ਤੇਰੇ ਨਾਮ ਦੀ ਵੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ

ਯੁੱਧ ਲੰਕਾ ਵਿਚ ਹੋਇਆ
ਰਾਮ ਤੇ ਲਛਮਣ ਦਾ

ਧੰਨਾ ਭਗਤ

ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ

ਰੱਬ ਫਿਰਦਾ ਧੰਨੇ ਦੇ ਖੁਰੇ ਵੱਢਦਾ
ਉਹਨੇ ਕਿਹੜਾ ਕੱਛ ਪਾਈ ਸੀ

ਪੂਰਨ ਭਗਤ

ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ

ਅੱਡੀ ਮੇਰੀ ਕੌਲ ਕੰਚ ਦੀ
ਗੂਠੇ ਤੇ ਬਰਨਾਮਾਂ
ਚਿੱਠੀਆਂ ਮੈਂ ਲਿਖਦੀ
ਪੜ੍ਹ ਮੁੰਡਿਆ ਅਣਜਾਣਾ
ਪੂਰਨ ਭਗਤ ਦੀਆਂ-
ਜੋੜ ਬੋਲੀਆਂ ਪਾਵਾਂ

ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਭੈਣ ਚੁੱਕੇ ਡਿਪਟੀ ਦੀ
ਜਿਹੜਾ ਲੰਬੀਆਂ ਤ੍ਰੀਕਾਂ ਪਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡੱਦੀ ਮਲਮਲ ਤੇ
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਰੁੱਸਿਆ
ਰੁੱਸ ਕੇ ਚੀਨ ਨੂੰ ਜਾਵੇ
ਖੂਹ ਦੇ ਵਿਚੋਂ ਬੋਲ ਪੂਰਨਾ-
ਤੈਨੂੰ ਗੋਰਖ ਨਾਥ ਬੁਲਾਵੇ

ਮਾਈ ਮਾਈ ਪਿਆ ਭੌਂਕਦੈਂ
ਕਿਥੋਂ ਲਗਦੀ ਮਾਈ
ਤੇਰੀ ਖਾਤਰ ਨਾਲ਼ ਸੌਂਕ ਦੇ
ਸੁੰਦਰ ਸੇਜ ਬਛਾਈ
ਹਾਣ ਪਰਮਾਣ ਦੋਹਾਂ ਦਾ ਇੱਕੋ
ਝੜੀ ਰੂਪ ਨੇ ਲਾਈ
ਗਲ਼ ਦੇ ਨਾਲ਼ ਲਗਾ ਲੈ ਮੈਨੂੰ
ਕਰ ਸੀਨੇ ਸਰਦਾਈ
ਮੇਵੇ ਰੁੱਤ ਰੁੱਤ ਦੇ-
ਮਸਾਂ ਜੁਆਨੀ ਆਈ

ਮਾਈ ਮਾਈ ਪਿਆ ਭੌਂਕਦੈਂ
ਕਿਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁੰਘਾਇਆ
ਓਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟੋਂ ਜਾਇਆ
ਚਲ ਸ਼ਤਾਬੀ ਬੈਠ ਪਲੰਘ ਤੇ
ਕਿਉਂ ਨਖਰੇ ਵਿਚ ਆਇਆ
ਲੂਣਾਂ ਰਾਣੀ ਨੇ-
ਹੱਥ ਬੀਣੀ ਨੂੰ ਪਾਇਆ

ਪੂਰਨ ਕਹਿੰਦਾ ਸੁਣ ਮੇਰੀ ਮਾਤਾ
ਕਿਉਂ ਕਰ ਮੁਦਤਾਂ ਪਾਈਆਂ
ਧਰਤੀ ਈਸ਼ਵਰ ਪਾਟ ਜਾਣਗੇ
ਗਾਹੋ ਗਾਹੀ ਫਿਰਨ ਦੁਹਾਈਆਂ
ਚੰਦ ਸਰੂਜ ਹੋਣਗੇ ਕਾਲ਼ੇ
ਜਗਤ ਦਵੇ ਰੁਸ਼ਨਾਈਆਂ
ਨੀ ਅਜ ਤਕ ਨਾ ਸੁਣੀਆਂ-
ਪੁੱਤਰ ਭੋਗਦੀਆਂ ਮਾਈਆਂ

ਲੂਣਾਂ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗੱਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾਕੇ
ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹਜਾ ਸੇਜ ਤੇ ਆ ਕੇ

ਮਨ ਨੂੰ ਮੋੜ ਕੇ ਬੈਠ ਪਾਪਣੇ
ਤੂੰ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲੱਗਦਾ
ਜੀਹਨੇ ਤੂੰ ਪਰਨਾਈ
ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਬਹਾਈ
ਪੂਰਨ ਹੱਥ ਬੰਨ੍ਹਦਾ-
ਤੂੰ ਹੈਂ ਧਰਮ ਦੀ ਮਾਈ

ਭਗਤ ਸਿੰਘ

ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀ ਕਿਸੇ ਬਣ ਜਾਣਾ

ਬਾਰੇ ਜਾਈਏ ਭਗਤ ਸਿੰਘ ਦੇ
ਜੀਹਨੇ 'ਸੰਬਲੀ 'ਚ ਬੰਬ ਚਲਾਇਆ

ਦੁੱਲਾ ਭੱਟੀ

ਦੁੱਲੇ ਦੀਏ ਬਾਰੇ
ਵੱਸਦੀ ਉਜੜੇਂਗੀ

ਜੱਗਾ ਜੱਟ

ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ

ਜੱਗਿਆ, ਤੂੰ ਪ੍ਰਦੇਸ ਗਿਆ
ਬੂਹਾ ਵੱਜਿਆ

ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਭੁੱਲ ਕੇ ਨਾ ਲਾਉਂਦੀ ਅੱਖੀਆਂ

ਪੂਰਨਾ, ਨਾਈਆਂ ਨੇ ਵੱਢ ਸੁੱਟਿਆ
ਜੱਗਾ ਸੂਰਮਾ

ਜੱਗਾ ਜੰਮਿਆ ਤੇ ਮਿਲਣ ਵਧਾਈਆਂ
ਵੱਡਾ ਹੋ ਕੇ ਡਾਕੇ ਮਾਰਦਾ

ਹੀਰ ਰਾਂਝਾ

ਵਗਦੀ ਰਾਵੀ ਵਿਚ
ਦੁੰਬ ਵੇ ਜਵਾਰ ਦਾ
ਮੈਂ ਅੰਗ੍ਰੇਜਣ ਬੂਟੀ-
ਰਾਂਝਾ ਫੁੱਲ ਵੇ ਗੁਲਾਬ ਦਾ

ਰਾਂਝਾ ਸ਼ਾਮ ਕੁੜੀਓ
ਨੀ ਮੈਂ ਰਾਤ ਨੂੰ ਕੁੱਟੀ
ਮਰ ਜਾਣ ਜੋਗਣਾਂ
ਤੈਨੂੰ ਵੇ ਸਖਾਉਣ ਵਾਲ਼ੀਆਂ
ਜੁਗ ਜਿਊਣ ਜੋਗਣਾਂ
ਸਾਨੂੰ ਵੇ ਛੁਡਾਉਣ ਵਾਲ਼ੀਆਂ

ਸਿੱਧੀ ਸੜਕ ਸਿਆਲੀਂ ਜਾਵੇ
ਮੋੜ ਉੱਤੇ ਘਰ ਹੀਰ ਦਾ

ਪਿੱਛੋਂ ਜਗ ਦਾ ਉਲਾਂਭਾ ਲਾਹਿਆ
ਤੁਰ ਗਈ ਖੇੜਿਆਂ ਨੂੰ

ਗੱਜੇ ਬੱਦਲ ਚਮਕੇ ਬਿਜਲੀ
ਮੋਰਾਂ ਨੇ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ-
ਦਿਲ ਦੀਆਂ ਖੋਲ੍ਹ ਸੁਣਾਈਆਂ

ਆਇਆ ਸਾਵਣ ਦਿਲ ਪ੍ਰਚਾਵਣ
ਝੜੀ ਲੱਗ ਗਈ ਭਾਰੀ
ਪੀਂਘ ਝੂਟਦੀ ਭਿੱਜੀ ਪੰਜਾਬੋ
ਨਾਲ਼ੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜਗੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਕੁੜਤੀ ਭਿੱਜਗੀ
ਬਹੁਤੀ ਗੋਟੇ ਵਾਲ਼ੀ
ਸ਼ਾਮੋ ਨਾਰ ਦੀਆਂ ਭਿੱਜੀਆਂ ਮੀਢੀਆਂ
ਗਿਣਤੀ ’ਚ ਪੂਰੀਆਂ ਚਾਲ਼ੀ
ਬੱਦਲਾ ਸਾਉਣ ਦਿਆ-
ਹੀਰ ਭਿੱਜਗੀ ਸਿਆਲਾਂ ਵਾਲ਼ੀ

ਸਾਉਣ ਮਹੀਨਾ ਦਿਨ ਤੀਆਂ ਦੇ
ਪਿੱਪਲੀਂ ਪੀਘਾਂ ਪਾਈਆਂ
ਪਿੱਪਲੀਂ ਪੀਂਘਾਂ ਪਾਈਆਂ
ਬਈ ਦੋ ਮੁਟਿਆਰਾਂ ਝੂਟਣ ਆਈਆਂ
ਦੋ ਮੁਟਿਆਰਾਂ ਝੂਟਣ ਆਈਆਂ
ਪੀਂਘ ਚੜ੍ਹਾਈ ਵੰਗ ਟਕਰਾਈ
ਜੋੜਾ ਟੁੱਟ ਗਿਆ ਵੰਗਾਂ ਦਾ
ਮੈਂ ਆਸ਼ਕ ਹੋ ਗਈ
ਮੈਂ ਆਸ਼ਕ ਹੋ ਗਈ ਵੇ ਰਾਂਝਣਾ
ਹਾਸਾ ਵੇਖ ਤੇਰੇ ਦੰਦਾਂ ਦਾ

ਰਾਂਝਾ ਜੱਟ ਚਾਰਦਾ ਮੱਝਾਂ
ਹੀਰ ਲਿਆਵੇ ਚੂਰੀ
ਨਾਲ਼ ਸ਼ੌਂਕ ਦੇ ਢੋਂਦੀ ਭੱਤਾ
ਨਾ ਕਰਦੀ ਮਗਰੂਰੀ
ਕੱਚਾ ਮੱਖਣ ਦਹੀਂ ਦਾ ਛੰਨਾ
ਹਲਵੇ ਦੇ ਨਾਲ਼ ਪੂਰੀ
ਕੱਠੇ ਰਲ਼-ਮਿਲ਼ ਖਾਣ ਬੈਠ ਕੇ
ਹੇਠ ਵਿਛਾਕੇ ਭੂਰੀ
ਰਾਂਝਾ ਚੰਦ ਵਰਗਾ-
ਹੀਰ ਜੱਟੀ ਕਸਤੂਰੀ

ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲ਼ੇ
ਉਹਨੇ ਮਹਿੰਦੀ ਨਾ ਲਾਈ
ਸੁੱਤੀ ਪਈ ਦੇ ਲਾਤੀ ਮਹਿੰਦੀ
ਚੜ੍ਹ ਗਿਆ ਰੰਗ ਇਲਾਹੀ
ਮਹਿੰਦੀ ਸ਼ਗਨਾਂ ਦੀ-
ਚੜ੍ਹ ਗਈ ਦੂਣ ਸਵਾਈ

ਲੱਕ ਤਾਂ ਤੇਰੇ ਰੇਸ਼ਮੀ ਲਹਿੰਗਾ
ਉੱਤੇ ਜੜੀ ਕਿਨਾਰੀ
ਚੌਂਕ ਚੰਦ ਤੈਂ ਗੁੰਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹੱਥ ਤਾਂ ਤੇਰੇ ਮਹਿੰਦੀ ਰੰਗਲੇ
ਸਹੁਰੀਂ ਜਾਣ ਦੀ ਤਿਆਰੀ
ਨੀ ਹੀਰੇ ਚਾਕ ਦੀਏ-
ਹੁਣ ਬਚਨਾਂ ਤੋਂ ਹਾਰੀ

ਲੈ ਨੀ ਹੀਰੇ ਰੋਟੀ ਖਾ ਲੈ
ਮੈਂ ਨਹੀਂ, ਸੱਸੇ ਖਾਂਦੀ
ਟੂਮਾਂ ਛੱਲੇ ਤੇਰਾ ਘੜਤ ਬਥੇਰਾ
ਵਿਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾਂ ਜੀ ਨਹੀਂ ਲੱਗਦਾ
ਮੇਰੀ ਜਾਨ ਨਿਕਲਦੀ ਜਾਂਦੀ
ਧਰਤੀ ਖੇੜਿਆਂ ਦੀ-
ਹੀਰ ਨੂੰ ਵੱਢ ਵੱਢ ਖਾਂਦੀ

ਕਹਿਦੋ ਚੂਚਕ ਨੂੰ
ਤੇਰੀ ਹੀਰ ਬਟਣਾ ਨੀ ਮਲ਼ਦੀ

ਕਾਣੇ ਸੈਦੇ ਦੀ
ਮੈਂ ਬਣਨਾ ਨੀ ਗੋਲੀ

ਕਾਰੀਗਰ ਨੂੰ ਦੇ ਨੀ ਵਧਾਈ
ਜੀਹਨੇ ਰੰਗਲਾ ਚਰਖਾ ਬਣਾਇਆ
ਵਿਚ ਵਿਚ ਮੇਖਾਂ ਲਾਈਆਂ ਸੁਨਹਿਰੀ
ਹੀਰਿਆਂ ਜੜਤ ਜੜਾਇਆ
ਬੀੜੀ ਦੇ ਨਾਲ਼ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ-
ਤੇਰਾ ਭਾਦੋਂ ਦਾ ਵਿਆਹ ਆਇਆ

ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਯਾਰੀ ਦੇਖੀ ਮੂਨ ਹਿਰਨ ਦੀ
ਰਲ਼ਕੇ ਰੋਹੀ ਉਜਾੜੀ
ਯਾਰੀ ਦੇਖੀ ਚਿੜੇ ਚਿੜੀ ਦੀ
ਰਲ਼ ਕੇ ਛੱਤ ਪਾੜੀ
ਯਾਰੀ ਦੇਖੀ ਨਾਰੇ ਬੱਗੇ ਦੀ
ਰਲ਼-ਮਿਲ਼ ਖਿੱਚਣ ਪੰਜਾਲੀ
ਖਾਤਰ ਰਾਂਝੇ ਦੀ-
ਉਧਲੀ ਫਿਰੇ ਕੁਆਰੀ

ਬੇਰੀਏ ਨੀ ਤੈਨੂੰ ਬੇਰ ਲੱਗਣਗੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ-
ਦੂਰ ਖੜਾ ਦੁੱਖ ਪੁੱਛੇ

ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ

ਵਗਦੀ ਰਾਵੀ ਵਿਚ
ਰੇਤੇ ਦੀਆਂ ਢੇਰੀਆਂ
ਤੋਰਦੇ ਮਾਏਂ ਨੀਂ
ਰਾਂਝਾ ਪਾਂਦਾ ਫੇਰੀਆਂ

ਹੀਰਿਆਂ ਹਰਨਾਂ ਬਾਗੀ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲਾਂ ਲੰਘ ਗਿਆ ਰਾਂਝਣ ਮੀਆਂ
ਮਗਰੋਂ ਲੰਘ ਗਈ ਗੋਰੀ
ਲੁਕ ਲੁਕ ਰੋਂਦੀ ਹੀਰ ਨਿਮਾਣੀ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣ ਗੀਆਂ-
ਨਿਹੁੰ ਨਾ ਲਗਦੇ ਜ਼ੋਰੀ

ਦਖਾਣਾ ਖੜੀ ਲਕੜੀ ਨੂੰ
ਘੁਣਾ ਲੱਗ ਗਿਆ
ਅੱਧੀ ਦੀ ਬਣਾ ਦੇ ਸਾਨਗੀ
ਅੱਧੀ ਦੀ ਬਣਾ ਦੇ ਢੱਡ
ਉੱਚੇ ਬੱਜਦੀ ਸਾਨਗੀ
ਨੀਵੇਂ ਬੱਜਦੀ ਢੱਡ
ਚੁਲ੍ਹੇ ਪੱਕਦੀਆਂ ਪੋਲ਼ੀਆਂ
ਹਾਰੇ ਰਿਝਦੀ ਖੀਰ
ਖਾਣੇ ਵਾਲ਼ੇ ਖਾ ਗਏ
ਰਹਿ ਗਏ ਰਾਂਝਾ ਹੀਰ
ਰਾਂਝੇ ਪੀਰ ਨੇ ਛੱਡੀਆਂ ਲਾਟਾਂ
ਜਲਗੇ ਜੰਡ ਕਰੀਰ
ਕੁੜਤੀ ਮਲਮਲ ਦੀ-
ਭਾਫਾਂ ਛੱਡੇ ਸਰੀਰ

ਯਾਰੀ ਦੇਖੀ ਚਿੜਾ ਚਿੜੀ ਦੀ
ਰਲ਼-ਮਿਲ਼ ਛੱਤਣ ਪਾੜੀ
ਯਾਰੀ ਦੇਖੀ ਚੰਦ ਸੂਰਜ ਦੀ
ਚੜ੍ਹਦੇ ਵਾਰੋ ਵਾਰੀ
ਯਾਰੀ ਦੇਖੀ ਹੀਰ ਰਾਂਝੇ ਦੀ
ਫਿਰਦੇ ਜੰਗਲ ਉਜਾੜੀ
ਤੇਰੇ ਮੇਰੇ ਕਰਮਾਂ ਦੀ-
ਲਗ ਗੀ ਪਟ੍ਹੋਲਿਆ ਯਾਰੀ

ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਆ ਬੜੀ ਪਟਿਆਲ਼ੇ
ਦਿੱਲੀ ਆਲੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲ਼ੇ ਆਲ਼ੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲੀਏਂ ਰੁਲਦੇ
ਗੱਠੇ ਨਾ ਮਿਲਦੇ ਭਾਲ਼ੇ
ਮੋਤੀ ਚੁੱਗ ਲੈ ਨੀ-
ਕੂੰਜ ਪਤਲੀਏ ਨਾਰੇ

ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕੇ
ਘਰ ਆਈ ਨੂੰ ਅੰਮਾਂ
ਵਿਚ ਕਚਹਿਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿਚ ਗਲ਼ੀਆਂ ਦੇ ਰੰਨਾਂ
ਇਹਨੀਂ ਉਹਨੀਂ ਦੋਹੀਂ ਜਹਾਨੀਂ
ਮੈਂ ਤਾਂ ਖੈਰ ਰਾਂਝੇ ਦੀ ਮੰਗਾਂ
ਜੇ ਜਾਣਾਂ ਦੁੱਖ ਰਾਂਝਣੇ ਨੂੰ ਪੈਣੇ
ਮੈਂ ਨਿੱਜ ਨੂੰ ਸਿਆਲੀਂ ਜੰਮਾਂ
ਤੈਂ ਮੈਂ ਮੋਹ ਲਈ ਵੇ-
ਮਿੱਠੀਆਂ ਮਾਰ ਕੇ ਗੱਲਾਂ

ਸੋਹਣੀ ਮਹੀਂਵਾਲ

ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ਼ ਟਕਾਇਆ
ਲੀੜੇ ਲਾਹ ਕੇ ਰੱਖੇ ਪੱਤਣ ਤੇ
ਜਾਲ਼ ਚੁਫੇਰੇ ਲਾਇਆ
ਅੱਗੇ ਤਾਂ ਮੱਛਲੀ ਸੌ ਸੌ ਫਸਦੀ
ਅਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈ ਕੇ ਫੇਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਤਾਂ ਕੱਢ ਲਿਆ ਗੋਸ਼ਤ
ਵਿਚ ਥਾਲ਼ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ
ਕੋਲ਼ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ-
ਪੱਟ ਚੀਰ ਕਬਾਬ ਬਣਾਇਆ

ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣ ਕੇ ਚਿੰਬੜਦਾ
ਨਿਹੁੰ ਜਿਨ੍ਹਾਂ ਨੂੰ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜ਼ੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ-
ਕੀ ਹਾਲ ਆ ਗੱਭਰੂਆ ਤੇਰੇ

ਮਹੀਂਵਾਲ ਨੇ ਦੇਖੀ ਸੋਹਣੀ
ਖੜ੍ਹਾ ਕਰੇ ਤਦਬੀਰਾਂ
ਰੱਬਾ ਤੇਰਾ ਅੰਤ ਨਾ ਪਾਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ-
ਹੋ ਗਿਆ ਵਾਂਗ ਫਕੀਰਾਂ

ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤਰ ਫਲ਼ੇਲ ਲਗਾਵੇ
ਗਿੱਧੇ ਵਿਚ ਉਹ ਹੱਸ ਹੱਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ-
ਮੱਛਲੀ ਹੁਲਾਰੇ ਖਾਵੇ

ਤੂੰ ਹਸਦੀ ਦਿਲ ਰਾਜ਼ੀ ਮੇਰਾ
ਲਗਦੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਵੱਜੇ ਢੋਲ ਨਿਗਾਰੇ
ਸੋਹਣੀਏ ਆ ਜਾ ਨੀ-
ਡੁਬਦਿਆਂ ਨੂੰ ਰੱਬ ਤਾਰੇ

ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉਠ ਖੜ੍ਹ ਸੋਹਣੀਏ ਨੀ-
ਮਹੀਂਵਾਲ ਹਾਕਾਂ ਮਾਰੇ

ਪੁੰਨੂੰ

ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਲੀਆਂ ਖਾਵੇ
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ-
ਮੇਰਾ ਚਿੱਤ ਪੁੰਨੂੰ ਵਲ ਧਾਵੇ

ਮਿਰਜ਼ਾ

ਪਿੰਡ ਨਾਨਕੀਂ ਰਹਿੰਦਾ ਮਿਰਜ਼ਾ
ਪੜ੍ਹਦਾ ਨਾਲ਼ ਪਿਆਰਾਂ
ਸਾਹਿਬਾਂ ਨਾਲ਼ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ-
ਘਰ ਘਰ ਛਿੜੀਆਂ ਵਾਰਾਂ

ਦਾਨਾਬਾਦ ਸੀ ਪਿੰਡ ਦੋਸਤੋ
ਵਿਚ ਬਾਰ ਦੇ ਭਾਰਾ
ਮੁਸਲਮਾਨ ਸੀ ਕੌਮ ਓਸ ਦੀ
ਚੰਗਾ ਕਰੇ ਗੁਜ਼ਾਰਾ
ਪੰਜ ਪੁੱਤਰ ਘਰ ਸੋਹੇ ਬਿੰਝਲ ਦੇ
ਭਾਗ ਉਸ ਦਾ ਨਿਆਰਾ
ਮਾਂ ਮਿਰਜ਼ੇ ਦੀ ਨਾਮ ਨਸੀਬੋ
ਦੁੱਧ ਪੁੱਤ ਪਰਵਾਰਾ
ਮਿਰਜ਼ਾ ਮਾਪਿਆਂ ਨੂੰ-
ਸੌ ਪੁੱਤਰਾਂ ਤੋਂ ਪਿਆਰਾ

ਕਾਕਾ ਪਰਤਾਪੀ

ਜ਼ੋਰ ਸਰਦਾਰੀ ਦੇ
ਗੱਡੀ ਮੋੜਕੇ ਰੁਪਾਲੋਂ ਬਾੜੀ

ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ

ਹੱਡ ਪਰਤਾਪੀ ਦੇ
ਬਾਰ ਬਟਨ ਨੇ ਟੋਲ਼ੇ

ਰੱਬ ਦੇ ਪ੍ਰਾਹੁਣੇ

ਉਹ ਘਰ ਛੜਿਆਂ ਦਾ
ਜਿਥੇ ਸ਼ੀਸ਼ਾ ਮੋਚਨਾ ਖੜਕੇ

ਲੋਪੋਂ ਪਿੰਡ ਸੰਤਾਂ ਦਾ
ਜਿੱਥੇ ਛੜਿਆਂ ਦੀ ਸਰਦਾਰੀ

ਸੀਸ ਦੇਣ ਜੇ ਛੜੇ ਮਸਤਾਨੇ
ਪੁੱਤ ਜੰਮੇ ਸੰਢਣੀ ਨੂੰ

ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ

ਖਿੜਕੀ ਖੋਹਲੂ ਛੜਿਆਂ ਦੀ
ਕੋਈ ਖੋਹਲੂ ਹੌਸਲੇ ਵਾਲ਼ੀ

ਘੁੰਡ ਕਢਣਾ ਤਵੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ

ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ
ਛੜਿਆ ਦੋਜਕੀਆ

ਛੜੇ ਬੈਠ ਕੇ ਦਲੀਲਾਂ ਕਰਦੇ
ਵਿਆਹ ਕਰਵਾਉਣ ਦੀਆਂ

ਛੜੇ ਬੈਠ ਕੇ ਦਲੀਲਾਂ ਕਰਦੇ
ਕੌਣ ਕੌਣ ਹੋਈਆਂ ਰੰਡੀਆਂ

ਛੋਟੀ ਈਸ਼ਰੋ ਬੜੀ ਕਰਤਾਰੋ
ਦੋਨੋਂ ਭੈਣਾਂ ਹੋਈਆਂ ਰੰਡੀਆਂ

ਹੁਕਮ ਤਸੀਲੋਂ ਆਇਆ
ਰੰਡੀਆਂ ਨੂੰ ਕੋਈ ਕਰ ਲਓ

ਛੜਾ ਬੰਨ੍ਹਿਆਂ ਕੈਦ ਨੂੰ ਜਾਵੇ
ਕਹਿ ਦਿਓ ਮੁੰਡਿਓ ਰੱਬ ਲਗਦੀ

ਜਾਵੇਂਗਾ ਜਹਾਨੋਂ ਖਾਲੀ
ਵੇ ਛੜਿਆ ਦੋਜਕੀਆ

ਛੜਿਓ ਮਰਜੋ ਮੱਕੀ ਦਾ ਟੁੱਕ ਖਾ ਕੇ
ਵਿਚ ਪਾਲੋ ਨੂੰਣ ਦੀ ਡਲ਼ੀ

ਛਿੱਟਾ ਦੇ ਗੀ ਝਾਂਜਰਾਂ ਵਾਲ਼ੀ
ਛੜਿਆਂ ਦਾ ਦੁਧ ਉਬਲੇ

ਛੜੇ ਨੇ ਕਪਾਹ ਬੀਜ ਲੀ
ਕੋਈ ਡਰਦੀ ਚੁਗਣ ਨਾ ਜਾਵੇ

ਕਾਹਨੂੰ ਦੇਨੀ ਏਂ ਕੁਪੱਤੀਏ ਗਾਲ਼ਾਂ
ਛੜੇ ਦਾ ਕਿਹੜਾ ਪੁੱਤ ਮਰਜੂ

ਛੜਿਆਂ ਦੇ ਅੱਗ ਨੂੰ ਗਈ
ਉਹਨਾਂ ਚੱਪਣੀ ਭੁਆਂ ਕੇ ਮਾਰੀ

ਛੜਿਆਂ ਦੀ ਅੱਗ ਨਾ ਬਲੇ
ਦਾਣੇ ਚੱਬ ਕੇ ਗੁਜ਼ਾਰਾ ਕਰਦੇ

ਬੂਹਾ ਹਵਾ ਦੇ ਨਾਲ਼ ਖੁਲ੍ਹਿਆ
ਛੜੇ ਨੂੰ ਦੇਵੇਂ ਗਾਲ਼ੀਆਂ

ਛੜਾ ਘਰੋਂ ਅੱਗ ਨੂੰ ਗਿਆ
ਵਾਂਗ ਚੋਰ ਝਾਤੀਆਂ ਮਾਰੇ

ਛੜਿਆਂ ਦੇ ਅੰਬ ਤੋੜ ਕੇ
ਬਾੜ ਟੱਪਦੀ ਨੇ ਭਨਾ ਲਏ ਗੋਡੇ

ਛੜੇ ਜਾਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ

ਛੜਿਆਂ ਦੀ ਹਾ ਪੈ ਜੂ
ਰੰਨੇ ਭੁੱਖੇ ਨੇ ਜੁਆਨੀ ਸਾੜੀ

ਛੜਿਆਂ ਦਾ ਦੁਨੀਆਂ ਤੇ
ਕੋਈ ਦਰਦੀ ਨਜ਼ਰ ਨਾ ਆਵੇ

ਛੜਿਆਂ ਨੂੰ ਮੌਜ ਬੜੀ
ਦੋ ਖਾਣੀਆਂ ਨਜ਼ਾਰੇ ਲੈਣੇ

ਛੜਿਆਂ ਦਾ ਸ਼ੌਕ ਬੁਰਾ
ਕੱਟਾ ਮੁੰਨ ਕੇ ਝਾਂਜਰਾਂ ਪਾਈਆਂ

ਜਦੋਂ ਦੇਖੀ ਛੜੇ ਦੀ ਅੱਖ ਗਹਿਰੀ
ਹੱਥ ਵਿਚੋਂ ਗਿਰੀ ਕੱਤਣੀ

ਟੁੱਟੀ ਮੰਜੀ ਛੜਿਆਂ ਦੀ
ਰੰਨ ਪਲੰਘ ਬਿਨਾਂ ਨਾ ਬਚਦੀ

ਤੁਸੀਂ ਦੇ ਦਿਓ ਦੇਸ ਨਕਾਲਾ
ਪਿੰਡ ਦਿਆਂ ਛੜਿਆਂ ਨੂੰ

ਦਾਲ਼ ਮੰਗੇਂ ਛੜਿਆ ਤੋਂ
ਨਾ ਸ਼ਰਮ ਗੁਆਂਢਣੇ ਆਵੇ

ਨਿਓਂਦਾ ਦੇ ਗੀ ਝਾਂਜਰਾਂ ਵਾਲ਼ੀ
ਛੜਿਆਂ ਦਾ ਦੁੱਧ ਉਬਲੇ

ਪਿੱਟ ਪਿੱਟ ਛੜੇ ਮਰਦੇ
ਰੋਟੀ ਚੋਪੜੀ ਨਹੀਂ ਵਿਚ ਕਰਮਾਂ

ਬਾਪੂ ਮੈਨੂੰ ਮਹਿੰ ਲੈ ਦੇ
ਮੈਂ ਛੜਿਆਂ ਦੇ ਵਸ ਪੈਣਾ

ਮਰ ਜਾਏਂ ਚੋਬਰੀਏ
ਬੋਲੀ ਮਾਰ ਕੇ ਛੜੇ ਨੂੰ ਭੁੰਨਿਆਂ

ਮੌਜਾਂ ਛੜਿਆਂ ਨੂੰ
ਧੰਦ ਪਿੱਟਦੇ ਤੀਵੀਆਂ ਵਾਲ਼ੇ

ਰੰਡੀ ਬਾਹਮਣੀ ਪਰੋਸੇ ਫੇਰੇ
ਛੜਿਆਂ ਦੇ ਦੋ ਦੇ ਗੀ

ਰੰਨ ਮਰਗੀ ਤਵੀਤੀਆਂ ਵਾਲ਼ੀ
ਛੜਿਓ ਸਬਰ ਕਰੋ

ਰੰਨਾਂ ਵਾਲ਼ਿਆਂ ਦੇ ਪੱਕਣ ਪਰੌਂਠੇ
ਛੜਿਆਂ ਦੀ ਅੱਗ ਨਾ ਬਲੇ

ਰੰਨਾਂ ਵਾਲ਼ਿਆਂ ਦੇ ਆਦਰ ਬਥੇਰੇ
ਛੜਿਆਂ ਨੂੰ ਕੌਣ ਪੁੱਛਦਾ

ਰੰਨਾਂ ਵਾਲ਼ੇ ਘੱਟ ਬੋਲਦੇ
ਛੜੇ ਕਰਦੇ ਮਸ਼ਕਰੀ ਪੂਰੀ

ਲੈ ਲਏ ਮਿਰਗਾਂ ਤੋਂ ਨੈਣ ਉਧਾਰੇ
ਛੜਿਆਂ ਦੀ ਹਿੱਕ ਲੂਹਣ ਨੂੰ

ਵਿਹੜੇ ਛੜਿਆਂ ਦੇ
ਕੋਈ ਡਰਦੀ ਪੈਰ ਨਾ ਪਾਵੇ

ਵਿਹੜੇ ਛੜਿਆਂ ਦੇ
ਕੌੜੀ ਨਿੰਮ ਨੂੰ ਪਤਾਸੇ ਲੱਗਦੇ

ਅਸੀਂ ਰੱਬ ਦੇ ਪਰਾਹੁਣੇ ਆਏ
ਲੋਕੀ ਸਾਨੂੰ ਛੜੇ ਆਖਦੇ

ਐਮੇਂ ਭਰਮ ਰੰਨਾਂ ਨੂੰ ਮਾਰੇ
ਹਲ਼ਕੇ ਨਾ ਛੜੇ ਫਿਰਦੇ

ਛੜਿਆਂ ਦੇ ਦੋ ਦੋ ਚੱਕੀਆਂ
ਕੋਈ ਡਰਦੀ ਪੀਹਣ ਨਾ ਜਾਵੇ

ਸਾਡੀ ਕੰਧ ਉਤੋਂ ਝਾਤੀਆਂ ਮਾਰੇ
ਛੜੇ ਦੀ ਅੱਖ ਤੇ ਭਰਿੰਡ ਲੜਜੇ

ਰੜਕੇ ਰੜਕੇ ਰੜਕੇ
ਮੇਲਾ ਛੜਿਆਂ ਦਾ
ਦੇਖ ਚੁਬਾਰੇ ਚੜ੍ਹ ਕੇ

ਆ ਦੇਖ ਤਮਾਸ਼ਾ ਛੜਿਆਂ ਦਾ
ਨਾ ਛੜਿਆਂ ਦੇ ਚੁਲ੍ਹੇ ਅੱਗ
ਨਾ ਘੜੇ ਦੇ ਵਿਚ ਪਾਣੀ
ਨਾ ਕੋਈ ਮਿਲਦੀ ਏ ਬਹੂ ਰਾਣੀ
ਜਿਹੜੀ ਧਰੇ ਜਿਹੜੀ ਧਰੇ

ਮਸਰਾਂ ਦੀ ਦਾਲ਼ ਕੁੜੇ
ਬੂ ਛੜਿਆਂ ਦਾ ਬੂ ਛੜਿਆਂ ਦਾ
ਮੰਦੜਾ ਹਾਲ ਕੁੜੇ

ਛੜਾ ਛੜੇ ਨੂੰ ਬੋਲੇ
ਰੋਟੀ ਪਰਸੋਂ ਦੀ
ਹੇਠ ਜਾੜ੍ਹ ਦੇ ਬੋਲੇ

ਤੋਰ ਤੁਰੇ ਜਦ ਵਾਂਗ ਹੰਸ ਦੇ
ਸੱਪ ਵਾਂਗੂੰ ਵਲ ਖਾਵੇ
ਬਸਰੇ ਦਾ ਲਹਿੰਗਾ ਗੌਰਜੈਟ ਦਾ
ਛਮ ਛਮ ਲਕ ਹਲਾਵੇ
ਕੁੜਤੀ ਜਾਕਟ ਪਾਪਲੈਨ ਦੀ
ਹੱਥ ਰੁਮਾਲ ਸਜਾਵੇ
ਮੱਛਲੀ ਵੈਰਨ ਦੀ-
ਅੱਗ ਛੜਿਆਂ ਨੂੰ ਲਾਵੇ

ਪੱਚੀਆਂ ਗਜ਼ਾਂ ਦਾ ਮੈਂ
ਘੱਗਰਾ ਸਵਾਨੀ ਆਂ
ਘਗਰਾ ਸਵਾਵਾਂ
ਕਾਲ਼ੇ ਸੂਫ ਦਾ ਨੀ
ਜਾਵੇ ਸ਼ੂਕਦਾ
ਜਾਵੇ ਸ਼ੂਕਦਾ
ਛੜੇ ਦੀ ਹਿਕ ਫੂਕਦਾ ਨੀ
ਜਾਵੇ ਸ਼ੂਕਦਾ

ਕੋਰੋ ਕੋਰੇ ਕੁੱਜੇ ਵਿਚ
ਦਹੀਂ ਮੈਂ ਜਮਾਉਨੀ ਆਂ
ਤੜਕੇ ਉਠ ਕੇ ਰਿੜਕਾਂਗੇ
ਛੜੇ ਆਉਣਗੇ ਲੱਸੀ ਨੂੰ, ਝਿੜਕਾਂਗੇ

ਸਾਡੀ ਗਲ਼ੀ ਇਕ ਛੜਾ ਸੁਣੀਂਦਾ
ਨਾਂ ਉਹਦਾ ਕਰਤਾਰੀ
ਨੀ ਇਕ ਦਿਨ ਮੈਥੋਂ ਦਾਲ਼ ਲੈ ਗਿਆ
ਕਹਿੰਦਾ ਬੜੀ ਕਰਾਰੀ
ਨੀ ਚੰਦਰੇ ਨੇ ਹੋਰ ਮੰਗਲ਼ੀ-
ਮੈਂ ਵੀ ਕੜਛੀ ਬੁਲ੍ਹਾਂ ਤੇ ਮਾਰੀ

ਗੜ ਗੜ ਕਰਦੇ ਬੱਦਲ ਵ੍ਹਰਦੇ
ਢਹਿ ਗਿਆ ਛੜੇ ਦਾ ਕੋਠਾ
ਨੀ ਚਾਰ ਚੁਫੇਰੇ ਪਾਣੀ ਪਾਣੀ
ਡਿਗ ਪਈ ਖਾ ਕੇ ਗੋਤਾ
ਨੀ ਚਿੱਕੜ ਵਿਚੋਂ ਮਸਾਂ ਮੈਂ ਨਿਕਲ਼ੀ-
ਗੁੱਤ ਦਾ ਲਿੱਬੜ ਗਿਆ ਗੋਟਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ

ਛੜਾ ਛੜੇ ਨੂੰ ਦੇਵੇ ਦਿਲਬਰੀਆਂ
ਮੌਜ ਭਰਾਵੋ ਰਹਿੰਦੀ
ਚਹੁੰ ਡੱਕਿਆਂ ਨਾਲ਼
ਅੱਗ ਮੱਚ ਪੈਂਦੀ
ਆਪੇ ਰੋਟੀ ਲਹਿੰਦੀ
ਛੜਿਆਂ ਦੀ ਉੱਖਲੀ ਤੇ-
ਸ਼ਹਿਕੇ ਮੋਰਨੀ ਬਹਿੰਦੀ

ਰਾਮ ਰਾਮ ਦੀ ਹੋਗੀ ਮਰਜ਼ੀ
ਬਾਪ ਛੜੇ ਦਾ ਮਰਿਆ
ਭੌਂ ਭਰਾਵਾਂ ਵੰਡਲੀ
ਅੱਡ ਵਿਚਾਰਾ ਕਰਿਆ
ਛੜਾ ਵਿਚਾਰਾ ਬੋਲਦਾ ਨੀ
ਵਿਚ ਹਰਖ ਦੇ ਭਰਿਆ
ਤੇਰੀ ਕੁਦਰਤ ਤੇ-
ਸਭ ਕੋਈ ਹੈ ਡਰਿਆ

ਛੜਾ ਛੜੇ ਨਾਲ਼ ਕਰੇ ਦਲੀਲਾਂ
ਆਪਾਂ ਵਿਆਹ ਕਰਵਾਈਏ
ਪੰਜ ਤਾਂ ਆਪਾਂ ਸੂਟ ਬਣਾਈਏ
ਨਾਲ਼ ਕਰਾਈਏ ਸੱਗੀ
ਦਲੀਲਾਂ ਕਰਦੇ ਦੀ-
ਦਾੜ੍ਹੀ ਹੋਗੀ ਬੱਗੀ

ਪਹਿਲਾਂ ਛੜੇ ਨੇ ਆਟਾ ਗੁੰਨ੍ਹਿਆਂ
ਫੇਰ ਤੰਦੂਰ ਤਪਾਇਆ
ਅੱਗ ਤਾਂ ਛੜੇ ਦੀ ਮਚਣੋਂ ਰਹਿਗੀ
ਭੱਜ ਕੇ ਗੰਧਾਲੀ ਲਿਆਇਆ
ਐਡੇ ਹਰਖੀ ਨੇ-
ਵਿਆਹ ਕਿਉਂ ਨਾ ਕਰਵਾਇਆ

ਤਾਰਾਂ ਤਾਰਾਂ ਤਾਰਾਂ
ਦੇਖ ਕੇ ਛੜਿਆਂ ਨੂੰ
ਕਿਉਂ ਸੜਦੀਆਂ ਮੁਟਿਆਰਾਂ
ਛੜਿਆਂ ਦੇ ਲੇਖ ਸੜਗੇ
ਨਾ ਭਾਲ਼ਿਆਂ ਮਿਲਦੀਆਂ ਨਾਰਾਂ
ਜਿਉਂਦੀ ਤੂੰ ਮਰਜੇਂ-
ਕੱਢੀਆਂ ਛੜੇ ਨੂੰ ਗਾਲ਼ਾਂ

ਛੜਾ ਛੜੇ ਨਾਲ ਕਰੇ ਦਲੀਲਾਂ
ਆਪਾਂ ਵਿਆਹ ਕਰਵਾਈਏ
ਜਿਹੜੀ ਆਪਾਂ ਵਿਆਹ ਕੇ ਲਿਆਈਏ
ਛੱਜ ਟੂੰਮਾਂ ਦਾ ਪਾਈਏ
ਗੱਡੀ ਵਿਚ ਰੋਂਦੀ ਨੂੰ-
ਘੁੱਟ ਕੇ ਕਾਲਜੇ ਲਾਈਏ

ਸੁੱਤੇ ਪਏ ਨੂੰ ਸੁਪਨਾ ਆਇਆ
ਛੜਾ ਛੜੇ ਨੂੰ ਦਸਦਾ
ਸੁਪਨੇ ਵਿਚ ਵਿਆਹ ਸੀ ਮੇਰਾ
ਮੈਂ ਵਹੁਟੀ ਨਾਲ਼ ਸੀ ਹਸਦਾ
ਤੜਕੇ ਨੂੰ ਉਜੜ ਗਿਆ-
ਚੰਗਾ ਭਲਾ ਘਰ ਵਸਦਾ

ਛੜਾ ਛੜਾ ਨਾ ਕਰਿਆ ਕਰਨੀ
ਦੇਖ ਛੜੇ ਨਾਲ਼ ਲਾ ਕੇ
ਪਹਿਲਾਂ ਤੇਰੇ ਭਾਂਡੇ ਮਾਂਜੂ
ਫੇਰ ਦਊਗਾ ਪਕਾ ਕੇ
ਬਹਿਜਾ ਪਟੜੇ ਤੇ-
ਰੇਬ ਪਜਾਮਾ ਪਾ ਕੇ

ਛੜਾ ਛੜਾ ਕੀ ਕਰਦੀ ਭਾਬੀਏ
ਤੂੰਹੀਓਂ ਸਾਕ ਕਰਾ ਦੇ
ਸੱਤਰ ਕੀਲੇ ਭੋਂਇਂ ਜੱਟ ਦੀ
ਭਾਵੇਂ ਬੈ ਕਰਵਾ ਦੇ
ਜੇ ਤੈਨੂੰ ਹਮਦਰਦੀ-
ਸਾਕ ਭੈਣ ਦਾ ਲਿਆ ਦੇ

ਛੜਾ ਛੜਾ ਨਾ ਕਰਿਆ ਕਰ ਨੀ
ਛੜੇ ਕਰਮਾਂ ਦੇ ਮਾਰੇ
ਪਹਿਲਾਂ ਤਾਂ ਇਹ ਰੱਬ ਨੇ ਝਿੜਕੇ
ਫੇਰ ਲੋਕਾਂ ਨੇ ਫਿਟਕਾਰੇ
ਇਹਨਾਂ ਛੜਿਆਂ ਨੂੰ-
ਨਾ ਝਿੜਕੀਂ ਮੁਟਿਆਰੇ

ਛੜਾ ਛੜਾ ਨਾ ਕਰਿਆ ਕਰ ਨੀ
ਦੇਖ ਛੜੇ ਨਾਲ਼ ਲਾ ਕੇ
ਛੜਾ ਤਾਂ ਤੈਨੂੰ ਐਂ ਰੱਖ ਲੈਂਦਾ
ਹਿੱਕ ਦਾ ਵਾਲ਼ ਬਣਾ ਕੇ
ਲੱਗੀਆਂ ਸਿਆਲ ਦੀਆਂ
ਟੁੱਟੀਆਂ ਪਿੜਾਂ ਵਿਚ ਜਾ ਕੇ

ਛੜਾ ਛੜਾ ਨਾ ਕਰਿਆ ਕਰ ਨੀ
ਦੇਖ ਛੜੇ ਨਾਲ਼ ਲਾ ਕੇ
ਪਹਿਲਾਂ ਛੜਾ ਤੇਰੇ ਭਾਂਡੇ ਮਾਂਜੇ
ਲਾ ਕੜਛੀ ਤੋਂ ਲਾ ਕੇ
ਵਿਛੀਆਂ ਸੇਜਾਂ ਤੇ-
ਸੌਂ ਜਾ ਮਨ ਚਿਤ ਲਾ ਕੇ

ਛੜਾ ਛੜਾ ਨਿਤ ਰਹੇਂ ਆਖਦੀ
ਦੇਖ ਛੜੇ ਨਾਲ਼ ਲਾ ਕੇ
ਭਾਂਡੇ ਟਾਂਡੇ ਸਾਰੇ ਮਾਂਜਦੂੰ
ਕੜਛੀ ਪਤੀਲਾ ਲਾ ਕੇ
ਲੱਗੀਆਂ ਸਿਆਲ ਦੀਆਂ-
ਟੁੱਟੀਆਂ ਪਿੜਾਂ ਵਿਚ ਜਾ ਕੇ

ਰੜਕੇ ਰੜਕੇ ਰੜਕੇ
ਛੜਿਆਂ ਨੇ ਅੰਬ ਤੜਕੇ
ਧੰਨੀ ਆਈ ਬੇਲੂਆ ਫੜਕੇ
ਛੜਿਆਂ ਨੇ ਅੰਬ ਖਾ ਵੀ ਲਏ
ਧੰਨੀ ਮੁੜਗੀ ਢਿਲੇ ਜਹੇ ਬੁਲ੍ਹ ਕਰਕੇ
ਧੰਨੀਏਂ ਨਾ ਮੁੜ ਨੀ
ਆਪਾਂ ਚੱਲਾਂਗੇ ਪਹਿਰ ਦੇ ਤੜਕੇ
ਬੋਤਾ ਚੋਰੀ ਦਾ-
ਮੇਰੀ ਹਿੱਕ ਤੇ ਜੰਜੀਰੀ ਖੜਕੇ

ਹੁੰਮ ਹੁਮਾ ਕੇ ਆਇਆ ਮੇਲ਼
ਮਾਮੀ ਨਖਰੋ ਚੜ੍ਹਗੀ ਡੇਕ
ਟੁਟ ਗਿਆ ਟਾਹਣਾ
ਆ ਗਈ ਹੇਠ
ਬੋਚੋ ਬੋਚੋ ਵੇ ਛੜਿਓ
ਚੱਕਲੋ ਚੱਕਲੋ ਵੇ ਮੁੰਡਿਓ

ਖੱਟੀ ਚੁੰਨੀ ਲੈ ਕੇ
ਮੈਂ ਧਾਰ ਚੋਣ ਗਈ ਸੀ
ਖੱਟੀ ਚੁੰਨੀ ਨੇ ਮੇਰਾ ਗਲ਼ ਘੁੱਟਤਾ
ਨੀ ਮੈਂ ਕੱਟੇ ਦੇ ਬਹਾਨੇ ਛੜਾ ਜੇਠ ਕੁੱਟਤਾ

ਧਾਵੇ ਧਾਵੇ ਧਾਵੇ
ਵੇਖ ਰੰਨਾਂ ਵਾਲ਼ਿਆਂ ਨੂੰ ਰਹਿਣ ਝੂਰਦੇ
ਕੋਈ ਛੜੇ ਦੀ ਪੇਸ਼ ਨਾ ਜਾਵੇ
ਰੋਕੜ ਲੱਕ ਬੰਨ੍ਹ ਕੇ
ਛੜਾ ਤੀਵੀਆਂ ਖਰੀਦਣ ਜਾਵੇ
ਜੁੱਤੀਆਂ ਘਸਾ ਕੇ ਮੁੜਿਆ
ਕੋਈ ਛੜੇ ਨੂੰ ਤੀਵੀਂ ਨਾ ਥਿਆਵੇ
ਕੁੜੀਓ ਕਰਾ ਦਿਓ ਮੰਗਣਾ
ਕਿਤੇ ਉਮਰ ਮੁੱਕ ਨਾ ਜਾਵੇ
ਛੜੇ ਨੇ ਕਪਾਹ ਬੀਜ ਲੀ-
ਕੋਈ ਡਰਦੀ ਚੁਗਣ ਨਾ ਜਾਵੇ

ਆਰੀ ਆਰੀ ਆਰੀ
ਮਿਰਚਾਂ ਚੁਰਚੁਰੀਆਂ
ਨਾਲ਼ੇ ਛੋਲਿਆਂ ਦੀ ਦਾਲ਼ ਕਰਾਰੀ
ਛੜੇ ਨੇ ਦਾਲ਼ ਹੋਰ ਮੰਗਲੀ
ਮੈਂ ਵੀ ਕੜਛੀ ਬੁੱਲ੍ਹਾਂ ਤੇ ਮਾਰੀ
ਛੜੇ ਦਾ ਨਾਲ਼ੇ ਬੁਲ੍ਹ ਸੁੱਜਿਆ
ਬਈ ਛੜੇ ਦਾ ਨਾਲ਼ੇ ਬੁਲ੍ਹ ਸੁੱਜਿਆ
ਨਾਲ਼ੇ ਦਾਲ਼ ਡੁਲ੍ਹ ਗਈ ਸਾਰੀ
ਕਾਹਨੂੰ ਛੇੜੀ ਸੀ-
ਨਾਗਾਂ ਦੀ ਪਟਿਆਰੀ

ਸਾਉਣ ਮਹੀਨੇ ਛੜਾ ਮਸਤ ਜਾਂਦਾ
ਰੱਖਦਾ ਡਾਂਗ ਨਰੋਈ
ਖਾ ਕੇ ਗੇੜਾ ਕੱਲਰ ’ਚ ਬਹਿ ਗਿਆ
ਭਬਕਾ ਨਾ ਆਇਆ ਕੋਈ
ਆਪੇ ਥਿਆ ਜੂਗੀ-
ਜੇ ਕਰਮਾਂ ਵਿਚ ਹੋਈ

ਆਰੀ ਆਰੀ ਆਰੀ
ਛੜਿਆਂ ਨਾਲ਼ ਵੈਰ ਕੱਢਿਆ
ਰੱਬਾ ਛੜਿਆਂ ਦੀ ਕਿਸਮਤ ਮਾੜੀ
ਛੜਿਆਂ ਦੀ ਮੁੰਜ ਦੀ ਮੰਜੀ
ਰੰਨਾਂ ਵਾਲ਼ਿਆਂ ਦੇ ਪਲੰਘ ਨਵਾਰੀ
ਭਾਬੀ ਨਾਲ਼ ਲੈਗੀ ਕੁੰਜੀਆਂ-
ਤੇਰੀ ਖੁਸਗੀ ਛੜਿਆ ਮੁਖਤਿਆਰੀ

ਆਰੀ ਆਰੀ ਆਰੀ
ਭੁਲ ਕੇ ਲਾ ਬੈਠੀ
ਨੀ ਮੈਂ ਨਾਲ਼ ਛੜੇ ਦੇ ਯਾਰੀ
ਛੜਿਆਂ ਦੇ ਗਈ ਅੱਗ ਨੂੰ
ਉਹਨਾਂ ਚੱਪਣੀ ਵਗਾਹ ਕੇ ਮਾਰੀ
ਛੜੇ ਦਾ ਗੁਆਂਢ ਬੁਰਾ
ਨੀ ਮੈਂ ਰੋ ਰੋ ਰਾਤ ਗੁਜ਼ਾਰੀ
ਛੜਿਓ ਮਰਜੋ ਵੇ-
ਵੈਣ ਪਾਵੇ ਕਰਤਾਰੀ

ਧਾਵੇ ਧਾਵੇ ਧਾਵੇ
ਉਹ ਘਰ ਛੜਿਆਂ ਦਾ
ਜਿੱਥੇ ਟੋਲੀ ਰੰਨਾਂ ਦੀ ਜਾਵੇ
ਇਕਨਾਂ ਦੇ ਦੋ ਤਿੰਨ ਨੇ
ਕਈ ਮਰਨ ਰੰਨਾਂ ਦੇ ਹਾਵੇ
ਤੱਕ ਤੱਕ ਗੋਰੀਆਂ ਰੰਨਾਂ
ਕਾਲਜਾ ਬੈਠਦਾ ਜਾਵੇ
ਇਕ ਛੜਾ ਬੋਲ ਉਠਿਆ
ਦੂਜਿਆਂ ਨੂੰ ਆਖ ਸੁਣਾਵੇ
ਆਪਾਂ ਮਰਜੋ ਓਏ-
ਨਾਰ ਨਾ ਕੋਈ ਥਿਆਵੇ

ਚਿੱਟਾ ਕੁੜਤਾ ਪੰਗ ਗੁਲਾਬੀ
ਖੂਹ ਤੇ ਬੈਠਾ ਧੋਵੇ
ਮੈਲ਼ ਬਹੁਤੀ ਸਾਬਣ ਥੋੜ੍ਹਾ
ਖੂਹ ਤੇ ਬੈਠਾ ਰੋਵੇ
ਛੜੇ ਵਿਚਾਰੇ ਦਾ-
ਕੌਣ ਚਾਦਰਾ ਧੋਵੇ

ਜੇ ਛੜਿਓ ਥੋਡਾ ਵਿਆਹ ਨੀ ਹੁੰਦਾ
ਜੇ ਛੜਿਓ ਥੋਡਾ ਵਿਆਹ ਨੀ ਹੁੰਦਾ
ਤੜਕੇ ਉਠ ਕੇ ਨਹਾਇਆ ਕਰੋ
ਰੰਨਾਂ ਵਾਲ਼ਿਆਂ ਦੇ-
ਪੈਰੀਂ ਹੱਥ ਲਾਇਆ ਕਰੋ

ਚਿੜੇ ਚਿੜੀ ਦੀ ਲੱਗੀ ਦੋਸਤੀ
ਲੱਗੀ ਕਿੱਕਰ ਦੀ ਟੀਸੀ
ਚਿੜਾ ਵਿਚਾਰਾ ਕੁਝ ਨਾ ਬੋਲੇ
ਚਿੜੀ ਨੇ ਚੀਂ ਚੀਂ ਕੀਤੀ
ਮਰਜੋ ਵੇ ਛੜਿਓ-
ਕਿਉਂ ਦੁਨੀਆ ਠਿੱਠ ਕੀਤੀ

ਸ਼ਾਮੋ ਸ਼ਾਮੋ ਕਰਦਾ ਸ਼ਾਮੋ
ਪੜ੍ਹਦਾ ਤੇਰੀ ਬਾਣੀ
ਨਾਲ ਛੜੇ ਦੇ ਵਿਆਹ ਕਰਵਾ ਲੈ
ਰੱਖੂ ਬਣਾ ਕੇ ਰਾਣੀ
ਮਰਦੇ ਛੜਿਆਂ ਦੇ-
ਮੂੰਹ ਵਿਚ ਪਾ ਦੇ ਪਾਣੀ

ਇੱਕ ਛੜਾ ਸੁਣਾਵੇ ਦੁਖੜੇ
ਰੋ ਰੋ ਮਾਰੇ ਧਾਹੀਂ
ਦੋ ਸੌ ਨਕਦ ਰੁਪਿਆ ਖਾਗੀ
ਜਨਤਾ ਨਾਮ ਜੁਲਾਹੀ
ਕਢਮੀ ਜੁੱਤੀ ਰੇਸ਼ਮੀ ਲੀੜੇ
ਲੈਂਦੀ ਚੜ੍ਹੀ ਛਮਾਹੀ
ਲੱਡੂ ਕਦੇ ਅੰਗੂਰ ਮੰਗੇਂਦੀ
ਖਾਂਦੀ ਬੇ ਪਰਵਾਹੀ
ਨਾਰ ਬਿਗਾਨੀ ਨੇ-
ਘਰ ਦੀ ਕਰੀ ਤਬਾਹੀ

ਛੜਾ ਆਖਦਾ ਵੀਰੋ
ਕੀ ਪੁਛਦੇ ਦੁਖ ਮੇਰਾ
ਸਾਲ ਹੋ ਗਿਆ ਤੀਮੀ ਮਰਗੀ
ਹੋ ਗਿਆ ਜਗਤ ਹਨ੍ਹੇਰਾ
ਰੋਂਦੇ ਫਿਰਨ ਜਵਾਕ ਨਿਆਣੇ
ਪਿਆ ਦੁੱਖਾਂ ਦਾ ਘੇਰਾ
ਸੜਦੇ ਹੱਥ ਪੱਕੇ ਰੋਟੀ
ਕੱਟਣਾ ਵਖਤ ਉਖੇਰਾ
ਬਾਝ ਜਨਾਨੀ ਦੇ-
ਘਰ ਸਾਧਾਂ ਦਾ ਡੇਰਾ

ਛੜਾ ਛੜੇ ਨੂੰ ਦਏ ਦਲਾਸਾ
ਮੌਜ ਭਰਾਵਾ ਰਹਿੰਦੀ
ਦੋ ਡੱਕਿਆਂ ਨਾਲ਼ ਅੱਗ ਬਲ ਪੈਂਦੀ
ਰੋਟੀ ਸੇਕ ਨਾਲ਼ ਲਹਿੰਦੀ
ਇੱਕ ਦੁੱਖ ਮਾਰ ਗਿਆ-
ਸੁਰਤ ਰੰਨਾਂ ਵਿਚ ਰਹਿੰਦੀ

ਛੜਾ ਛੜੇ ਨਾਲ਼ ਕਰੇ ਦਲੀਲਾਂ
ਸ਼ਾਮੋ ਹਸਦੀ ਰਹਿੰਦੀ
ਮੁਸ਼ਕੀ ਚੋਬਰ ਦੇ
ਜਦੋਂ ਨਾਰ ਸਾਹਮਣੇ ਬਹਿੰਦੀ
ਦੇਖ ਦੇਖ ਮੱਚੇ ਕਾਲਜਾ
ਆਰੀ ਛੜੇ ਦੀ ਹਿੱਕ ਤੇ ਖਹਿੰਦੀ
ਰੰਨਾਂ ਵਾਲ਼ੇ ਰਹਿਣ ਹਸਦੇ
ਗ਼ਮੀ ਛੜਿਆਂ ਦੇ ਘਰ ਰਹਿੰਦੀ
ਛੜਿਓ ਸਬਰ ਕਰੋ-
ਹੁਣ ਨੀ ਰੋਪਨਾ ਪੈਂਦੀ

ਰਾਈ ਰਾਈ ਰਾਈ
ਡੂੰਘੇ ਸਰ ਵਗਦੇ
ਦੁਨੀਆਂ ਮਰੇ ਤਿਹਾਈ
ਪਹਿਲਾਂ ਤਾਂ ਦੋ ਕੂੰਜਾਂ ਉਡੀਆਂ
ਫੇਰ ਉਡੀ ਮੁਰਗਾਈ
ਬਹਿਜਾ ਮੋਮਬੱਤੀਏ-
ਛੜਿਆਂ ਨੇ ਰੇਲ ਚਲਾਈ

ਕਰੇਂ ਕਾਸ ਦਾ ਗੁਮਾਨ
ਗਲ ਅਕਲਾਂ ਤੋਂ ਬਾਹਰ
ਸਾਰੇ ਪਿੰਡ ਵਿਚੋਂ
ਪਤਲੀ ਪਤੰਗ ਮੁੰਡਿਆ
ਦੇਵਾਂ ਛੜਿਆਂ ਨੂੰ
ਦੇਵਾਂ ਛੜਿਆਂ ਨੂੰ
ਸੂਲੀ ਉੱਤੇ ਟੰਗ ਮੁੰਡਿਆ
ਦੇਵਾਂ ਛੜਿਆਂ ਨੂੰ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਥੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੋਤਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਨਾ ਰੋਵੋ
ਥੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਤੁਰਦੀ
ਜਿਮੇਂ ਤੁਰਦਾ ਸੜਕ ਤੇ ਬੋਤਾ
ਸੁਚਿੱਆਂ ਰੁਮਾਲਾਂ ਨੂੰ-
ਲਾ ਦੇ ਧਨ ਕੁਰੇ ਗੋਟਾ

ਜਦ ਤਾਂ ਭਾਬੀ ਕੱਲੀ ਹੁੰਦੀ
ਕਰਕੇ ਪੈਂਦਾ ਹੱਲਾ
ਛੜਾ ਵਿਚਾਰਾ ਕਹਿੰਦਾ
ਆਹ ਲੈ ਭਾਬੀ ਛੱਲਾ
ਮਿਨੰਤਾਂ ਕਰਦਾ ਨੀ-
ਗਲ਼ ਵਿਚ ਪਾ ਕੇ ਪੱਲਾ

ਛੜੇ ਛੜੇ ਨਾ ਆਖੋ ਲੋਕੋ
ਛੜੇ ਵਖਤ ਨੇ ਫੜੇ
ਅੱਧੀ ਰਾਤੀਂ ਪੀਹਣ ਲੱਗੇ
ਪੰਜ ਸੇਰ ਛੋਲੇ ਦਲ਼ੇ
ਦਲ਼ ਦੁਲ਼ ਕੇ ਜਾਂ ਛਾਨਣ ਲੱਗੇ
ਆਟਾ ਦੇਹ ਨੂੰ ਲੜੇ
ਛਾਣ ਛੂਣ ਕੇ ਗੁਨ੍ਹਣ ਲੱਗੇ
ਪਾਣੀ ਨੂੰ ਝਿਊਰ ਨਾ ਚੜ੍ਹੇ
ਅੱਗ ਬਾਲਣ ਦੀ ਸਾਰ ਨਾ ਆਵੇ
ਭੜ ਭੜ ਦਾਹੜੀ ਸੜੇ
ਝਾੜ ਝੂੜ ਕੇ ਚਾਰੇ ਪੱਕੀਆਂ
ਚਾਰ ਪਰਾਹੁਣੇ ਖੜੇ
ਲਓ ਭਰਾਵੋ ਇਹੋ ਖਾ ਲਓ
ਇਹੋ ਹੀ ਸਾਥੋਂ ਸਰੇ
ਛੜਿਆਂ ਨੂੰ ਵਖਤ ਪਿਆ-
ਨਾ ਜਿਉਂਦੇ ਨਾ ਮਰੇ

ਛੜੇ ਛੜੇ ਸਭ ਜਗ ਜਾਣਦਾ
ਛੜੇ ਵਖਤ ਦੇ ਮਾਰੇ
ਪਹਿਲਾਂ ਛੜੇ ਨੇ ਕਰਲੀ ਨੌਕਰੀ
ਉਥੋਂ ਲਿਆਂਦੇ ਕੜੇ
ਕੜੇ ਕੁੜੇ ਤਾਂ ਬੇਚ ਕੇ
ਚਿੱਤ ਖੇਤੀ ਨੂੰ ਕਰੇ
ਹਲ਼ ਪੰਜਾਲੀ ਲੈ ਗਿਆ ਲੱਦ ਕੇ
ਚਊ ਭੁੱਲ ਗਿਆ ਘਰੇ
ਜਦ ਛੜਾ ਚਊ ਚੁੱਕਣ ਭੱਜਦਾ
ਝੋਟੇ ਛਪੜੀਏਂ ਬੜੇ
ਇੱਟਾਂ ਉੱਟਾਂ ਮਾਰ ਕੇ ਝੋਟੇ ਕੱਢੇ
ਸਿਖਰ ਦੁਪਹਿਰਾ ਚੜ੍ਹੇ
ਰੰਨਾਂ ਵਾਲ਼ਿਆਂ ਦੀ ਆਗੀ ਹਾਜ਼ਰੀ
ਛੜੇ ਦਾ ਕਾਲਜਾ ਸੜੇ
ਜਦ ਤਾਂ ਛੜਾ ਆਟਾ ਦੇਖਦਾ
ਆਟਾ ਨੀ ਹੈਗਾ ਘਰੇ
ਪੰਜ ਸੇਰ ਤਾਂ ਮੱਕੀ ਪਈ ਸੀ
ਛੜਾ ਚੱਕੀ ਦਾ ਹੱਥਾ ਫੜੇ
ਸਾਉਣ ਦਾ ਮਹੀਨਾ ਰੁੱਤ ਗਰਮੀ ਦੀ
ਆਟਾ ਵਿਚ ਕੁੱਲਿਆਂ ਦੇ ਲੜੇ
ਜਦ ਤਾਂ ਛੜਾ ਪਾਣੀ ਦੇਖਦਾ
ਪਾਣੀ ਨਾ ਹੈਗਾ ਘਰੇ
ਜਦ ਤਾਂ ਛੜਾ ਘੜੇ ਚੁੱਕ ਕੇ ਭੱਜਦਾ
ਫੇਰ ਝਿਊਰਾਂ ਨਾਲ਼ ਲੜੇ
ਪੰਜ ਰੁਪਈਏ ਥੋਨੂੰ ਦਿੰਦਾ
ਮੇਰਾ ਪਾਣੀ ਨਾ ਭਰੇ
ਜਦ ਤਾਂ ਛੜਾ ਮੁੜ ਕੇ ਦੇਖਦਾ
ਆਟੇ ਨਾਲ਼ ਕੁੱਤੇ ਰੱਜੇ ਖੜੇ
ਜਦ ਤਾਂ ਛੜਾ ਸੋਟੀ ਚੁੱਕ ਕੇ
ਕੁੱਤਿਆਂ ਦੇ ਗੈਲ ਭੱਜਦਾ
ਜਦ ਛੜਾ ਮੁੜਕੇ ਦੇਖਦਾ
ਘਰ ਨੌਂ ਪਰਾਹੁਣੇ ਖੜੇ
ਬੁਰਕੀ ਬੁਰਕੀ ਵੰਡ ਕੇ ਉਹਨਾਂ ਨੂੰ
ਆਪ ਕੋਠੇ ਤੇ ਚੜ੍ਹੇ
ਨਾ ਕਿਸੇ ਦੇ ਆਵਾਂ ਜਾਵਾਂ
ਨਾ ਕੋਈ ਸਾਲ਼ਾ ਸਾਡੇ ਬੜੇ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ