Birchhan Andar Ugge Khandar : Kulwinder

ਬਿਰਛਾਂ ਅੰਦਰ ਉੱਗੇ ਖੰਡਰ : ਕੁਲਵਿੰਦਰ



ਬਿਰਖ਼ ਸਭ ਸਹਿਮੇ ਖੜੇ

ਬਿਰਖ਼ ਸਭ ਸਹਿਮੇ ਖੜੇ ਪੱਤਾ ਵੀ ਇਕ ਹਿਲਦਾ ਨਾ ਸੀ। ਰਾਤ ਭਰ ਜੰਗਲ 'ਚ ਇਕ ਪੰਛੀ ਵੀ ਘਰ ਮੁੜਿਆ ਨਾ ਸੀ। ਮੈਂ ਤੜਪ ਕੇ ਲੂਸਿਆ ਸਾਂ ਆਪਣੀ ਹੀ ਰੇਤ ਵਿਚ, ਉਸਦਿਆਂ ਨੈਣਾਂ 'ਚ ਤਾਂ ਬਸ ਝੀਲ ਸੀ, ਸਹਿਰਾ ਨਾ ਸੀ। ਯਾਦ ਹੈ ਮੈਨੂੰ ਉਹ ਪਲ ਜਦ ਕਤਲ ਹੋਇਆ ਸੀ ਮੇਰਾ, ਓਸ ਪਲ ਇਸ ਸ਼ਹਿਰ ਦਾ ਇਕ ਸ਼ਖ਼ਸ ਵੀ ਰੋਇਆ ਨਾ ਸੀ। ਅੰਤ ਦਰਵਾਜ਼ੇ ਦੀਆਂ ਵਿਰਲਾਂ 'ਚੋਂ ਨਿਕਲੀ ਰੌਸ਼ਨੀ, ਬੰਦ ਕਮਰੇ ਵਿੱਚ ਸੂਰਜ ਨੇ ਛੁਪੇ ਰਹਿਣਾ ਨਾ ਸੀ। ਉਹ ਕਿਵੇਂ ਪੁਜਦਾ ਕਿਵੇਂ ਪੁਜਦਾ ਉਹ ਮੇਰੀ ਰੂਹ ਤੀਕ, ਉਹ ਤਾਂ ਮੇਰੇ ਜਿਸਮ ਦੀ ਅਗ 'ਚੋਂ ਗੁਜ਼ਰ ਸਕਿਆ ਨਾ ਸੀ। ਜਦ ਵੀ ਚਾਹਿਆ ਤਪਦਿਆਂ ਰਾਹਾਂ 'ਚ ਪਲ ਭਰ ਛਾਂ ਮਿਲੇ, ਬਿਰਖ਼ ਰਸਤੇ ਵਿਚ ਮਿਲੇ, ਉਹਨਾਂ ਦਾ ਪਰ ਸਾਇਆ ਨਾ ਸੀ। ਝੜ ਗਿਆ ਹਰ ਸਬਜ਼ ਪੱਤਾ ਡਿਗ ਪਈ ਹਰ ਸ਼ਾਖ਼ ਵੀ, ਬਿਰਛ ਪਰ ਅੰਨ੍ਹੀ ਹਵਾ ਦੇ ਸਾਮ੍ਹਣੇ ਝੁਕਿਆ ਨਾ ਸੀ। ਕਾਫ਼ਿਲਾ ਵੀ ਮੁੜ ਗਿਆ, ਮੈਨੂੰ ਵਣਾਂ ਵਲ ਤੋਰ ਕੇ, ਸਾਥ ਇਕ ਕਮਬਖ਼ਤ ਤਨਹਾਈ ਨੇ ਹੀ ਛਡਿਆ ਨਾ ਸੀ।

ਨਾ ਮੇਰੀ ਰੂਹ ਤੜਪਾਓ

ਨਾ ਮੇਰੀ ਰੂਹ ਤੜਪਾਓ ਚਰਾਗ਼ਾਂ ਦਾ ਸਮਾਂ ਹੈ। ਨਾ ਬੁਝਦੇ ਹੀ ਚਲੇ ਜਾਓ ਚਰਾਗ਼ਾਂ ਦਾ ਸਮਾਂ ਹੈ। ਬਣੋ ਸੂਰਜ ਜਾਂ ਜੁਗਨੂੰ ਹੀ ਬਣੋ, ਚੀਰੋ ਹਨੇਰਾ, ਨਾ ਫੁੱਲਾਂ ਵਾਂਗ ਮੁਰਝਾਓ ਚਰਾਗ਼ਾਂ ਦਾ ਸਮਾਂ ਹੈ। ਭਟਕਦੀ ਰੂਹ ਅੰਨ੍ਹੀ ਬੇਚਾਰਗੀ ਕਬਰ ਉੱਤੇ, ਗੁਆਚਾ ਜਿਸਮ ਲੈ ਆਉ ਚਰਾਗ਼ਾਂ ਦਾ ਸਮਾਂ ਹੈ। ਅਸੀਂ ਤਾਂ ਖ਼ੂਨ ਤਕ ਬਾਲਾਂਗੇ ਅਪਣਾ ਰਾਤ ਭਰ ਵੀ, ਤੁਸੀਂ ਬਸਤੀ ਨੂੰ ਰੁਸ਼ਨਾਓ ਚਰਾਗ਼ਾਂ ਦਾ ਸਮਾਂ ਹੈ। ਜੋ ਸੂਰਜ ਦੀ ਤਰ੍ਹਾਂ ਚਮਕਣ, ਖ਼ਿਆਲਾਂ ਦੇ ਸਫ਼ੇ ’ਤੇ, ਕੁਝ ਐਸੇ ਹਰਫ਼ ਲਿਖ ਜਾਓ ਚਰਾਗ਼ਾਂ ਦਾ ਸਮਾਂ ਹੈ। ਸਿਵਾ ਇਕ ਕੀ, ਨਗਰ ਸਾਰੇ ਦਾ ਸਾਰਾ ਬਲ ਰਹੇਗਾ, ਤੁਸੀਂ ਅਗਨੀ ਨੂੰ ਸਮਝਾਓ ਚਰਾਗ਼ਾਂ ਦਾ ਸਮਾਂ ਹੈ। ਜੇ ਝੱਖੜ ਝੁੱਲਿਆ ਤਾਂ ਰਾਤ ਭਰ ਝੁੱਲੇਗਾ ਜ਼ੋਰਾਂ ਦਾ, ਘਰੋ ਘਰ ਪੰਛੀਓ ਜਾਓ ਚਰਾਗ਼ਾਂ ਦਾ ਸਮਾਂ ਹੈ।

ਭਟਕਦੀ ਰੂਹ, ਪਿੰਜਰ ਨੂੰ ਮਿਲਾ ਕੇ

ਭਟਕਦੀ ਰੂਹ, ਪਿੰਜਰ ਨੂੰ ਮਿਲਾ ਕੇ ਕੀ ਕਰੋਗੇ ? ਨਦੀ ਨੂੰ ਹੁਣ ਥਲਾਂ ਤੀਕਰ ਪੁਚਾ ਕੇ ਕੀ ਕਰੋਗੇ ? ਜੇ ਸੁੱਕੇ ਬਿਰਖ ਹਨ, ਤਾਂ ਹਨ ਹਰੇ ਬੂਟੇ ਵੀ ਏਥੇ, ਤੁਸੀਂ ਸਾਰੇ ਹੀ ਤਾਂ ਜੰਗਲ ਨੂੰ ਜਲਾ ਕੇ ਕੀ ਕਰੋਗੇ ? ਬਦਨ ਸ਼ੀਸ਼ੇ ਦਾ ਹੈ, ਐਪਰ ਹੈ ਦਿਲ ਪੱਥਰ ਦਾ ਜਿਸਦਾ, ਤੁਸੀਂ ਉਸ ਸ਼ਖ਼ਸ ਨੂੰ ਅਪਣਾ ਬਣਾ ਕੇ ਕੀ ਕਰੋਗੇ ? ਜਲਨ ਪਹੁੰਚੇਗੀ ਏਨ੍ਹਾਂ ਦੀ ਸੁਲਗਦੇ ਸੀਨਿਆਂ ਤਕ, ਇਹ ਧੁਖਦੇ ਹਰਫ਼ ਸਫ਼ਿਆਂ 'ਤੇ ਵਿਛਾ ਕੇ ਕੀ ਕਰੋਗੇ ? ਮਿਲਣ ਦਾ ਵਕਤ ਹੈ, ਬੇਚੈਨ ਹੈ ਮਾਂ ਬੇਵਸੀ ਵਿਚ, ਤੁਸੀਂ ਫਿਰ ਕਬਰ 'ਤੇ ਹਰ ਸਾਲ ਜਾ ਕੇ ਕੀ ਕਰੋਗੇ ? ਡਗਰ ਅੰਨ੍ਹੀ, ਪਹਾੜੀ ਵਲਵਲਾਵੇਂ, ਬਰਫ਼ਬਾਰੀ, ਤੁਸੀਂ ਇਸ ਹਾਲ ਇਸ ਮੌਸਮ 'ਚ ਆ ਕੇ ਕੀ ਕਰੋਗੇ ? ਹੈ ਕਮ ਏਥੇ ਹਜ਼ਾਰਾਂ ਸੂਰਜਾਂ ਦੀ ਰੌਸ਼ਨੀ ਵੀ, ਇਸ ਉਜੜੇ ਘਰ 'ਚ ਇਕ ਦੀਵਾ ਜਗਾ ਕੇ ਕੀ ਕਰੋਗੇ ? ਤੁਸੀਂ ਵੀ ਰੇਤ ਹੋ ਜੇ ਆਖ਼ਰੀ ਤਹਿ ਤੀਕ ਯਾਰੋ, ਤਾਂ ਅਪਣੇ ਥਲ 'ਤੇ ਫਿਰ ਹੰਝੂ ਵਹਾ ਕੇ ਕੀ ਕਰੋਗੇ ?

ਹਨੇਰੀ ਰਾਤ ਹੈ, ਜੰਗਲ ਹੈ

ਹਨੇਰੀ ਰਾਤ ਹੈ, ਜੰਗਲ ਹੈ, ਮੈਂ ਹਾਂ ਸਹਿਮਿਆ ਹੋਇਆ। ਮੈਂ ਕਿੱਥੇ ਆ ਗਿਆ ਹਾਂ ਰੌਸ਼ਨੀ ਨੂੰ ਭਾਲਦਾ ਹੋਇਆ ? ਸੁਲਗਦੀ ਰਾਤ, ਬਲਦਾ ਬਿਰਖ਼, ਤਾਰਾ ਟੁੱਟਦਾ ਹੋਇਆ। ਮੈਂ ਖ਼ੁਦ ਵੀ ਹੋ ਗਿਆਂ ਟੁਕੜੇ ਇਹ ਮੰਜ਼ਰ ਦੇਖਦਾ ਹੋਇਆ। ਕਿਸੇ ਦਿਨ ਉਸ ਦੀ ਮਿੱਟੀ 'ਚੋਂ ਵੀ ਸੂਹੇ ਫੁੱਲ ਉੱਗਣਗੇ, ਬਣੇਗਾ ਖ਼ਾਕ, ਪੱਤਾ ਜ਼ਰਦ ਪ੍ਰਾਣੋਂ ਟੁੱਟਿਆ ਹੋਇਆ। ਭਲਾ ਇਸ ਹਾਦਸੇ ਨੂੰ ਉਮਰ ਸਾਰੀ ਮੈਂ ਕਿਵੇਂ ਭੁਲਣੈ, ਉਹ ਸਦੀਆਂ ਬਾਅਦ ਮਿਲਿਆ, ਰੁਕ ਗਿਆ, ਹਸਿਆ, ਹਵਾ ਹੋਇਆ। ਉਹ ਕੈਸਾ ਬਿਰਖ਼ ਸੀ ਜੋ ਬਰਫ਼ ਦੇ ਜੰਗਲ 'ਚ ਉਗਿਆ ਸੀ, ਨਾ ਕੋਈ ਮਾਣ ਸਕਿਆ ਛਾਂ ਮੁਸਾਫ਼ਿਰ ਗੁਜ਼ਰਦਾ ਹੋਇਆ। ਖ਼ਬਰ ਕੁਝ ਵੀ ਨਹੀਂ ਕਿਸ ਹਾਲ ਵਿਛੜੀ ਬਿਰਖ਼ ਤੋਂ ਉਹ, ਪਰ ਭਿਆਨਕ ਚੀਖ਼ ਬਣਕੇ ਬੰਸਰੀ ਤੋਂ ਮੈਂ ਜੁਦਾ ਹੋਇਆ। ਤੂੰ ਇਕ ਵਾਰੀ ਬੁਲਾ ਕੇ ਦੇਖ ‘ਕੁਲਵਿੰਦਰ' ਨੂੰ ਭੁਲਕੇ ਹੀ, ਉਹ ਹਰ ਹਾਲਤ 'ਚ ਪਹੁੰਚੇਗਾ ਥਲਾਂ ਨੂੰ ਚੀਰਦਾ ਹੋਇਆ।

ਹਰਫ਼ ਹੋਠਾਂ 'ਤੇ ਆ ਕੇ ਹੀ ਰੁਕ ਜਾਣਗੇ

ਹਰਫ਼ ਹੋਠਾਂ 'ਤੇ ਆ ਕੇ ਹੀ ਰੁਕ ਜਾਣਗੇ, ਸ਼ਾਮ ਪੈ ਜਾਏਗੀ ਰੰਗ ਉਤਰ ਜਾਏਗਾ। ਸੁਣ ਕੇ ਫ਼ਾਂਸੀ ਦੀ ਵਿਹੜੇ ਦੇ ਰੁਖ ਨੂੰ ਸਜ਼ਾ, ਮਾਂ ਦਾ ਦਿਲ ਨਾ ਗਿਆ ਤਾਂ ਜਿਗਰ ਜਾਏਗਾ। ਥਲ 'ਚ ਛਾਂ ਤੋਂ ਬਿਨਾਂ ਤੇਜ਼ ਧੁਪ ਦਾ ਸਫ਼ਰ ਸਰਦ ਰਾਤਾਂ 'ਚ ਉਡਦੇ ਪਰਿੰਦੇ ਨੂੰ ਤਕ, ਹਾਂ ! ਪਲਕ ਭਰ 'ਚ ਮੇਰੇ ਲਹੂ ਦੀ ਤਰ੍ਹਾਂ ਬਰਫ਼ ਵਾਂਗਰ ਤੇਰਾ ਖੂਨ ਠਰ ਜਾਏਗਾ। ਸੜਦੀ ਬਲਦੀ ਤੇਰੇ ਹਿਜਰ ਦੀ ਜੋ ਤਪਸ਼ ਛਡ ਗਈ ਮੇਰੇ ਦਿਲ ’ਤੇ ਉਹ ਛਾਲੇ, ਮਗਰ ਘਟਦਿਆਂ-ਘਟਦਿਆਂ ਪੀੜ ਘਟ ਜਾਏਗੀ ਭਰਦਿਆਂ-ਭਰਦਿਆਂ ਜ਼ਖ਼ਮ ਭਰ ਜਾਏਗਾ। ਇਹ ਜੋ ਡੁੱਬਿਆ ਹੈ ਇਹ ਗੀਤ ਮੇਰਾ ਹੀ ਹੈ ਇਸ 'ਚ ਰਾਤਾਂ ਦੀ ਕਾਲਿਖ਼ ਦਾ 'ਨੇਰ੍ਹਾ ਵੀ ਹੈ ਇਸ ਦੇ ਮਾਤਮ 'ਚ ਚਾਨਣ ਨੂੰ ਸ਼ਾਮਿਲ ਕਰੋ ਆਖ਼ਰੀ ਪਲ ਹੀ ਇਸ ਦਾ ਨਿਖ਼ਰ ਜਾਏਗਾ। ਜਿਸ ਨੂੰ ਝੱਖੜ ਤੋਂ ਹਰ ਪਲ ਬਚਾਉਂਦੇ ਰਹੇ ਜਿਸ 'ਚ ਦਿਲ ਦਾ ਲਹੂ ਤਕ ਵੀ ਪਾਉਂਦੇ ਰਹੇ ਕੀ ਪਤਾ ਸੀ ਉਹ ਦੀਪਕ ਘਣੀ ਰਾਤ ਨੂੰ ਇੱਕ ਬੁੱਲੇ ਦੀ ਸਰਸਰ ਤੋਂ ਡਰ ਜਾਏਗਾ।

ਬਿਰਛ ਘਰ ਦੇ ਵੱਢ ਕੇ

ਬਿਰਛ ਘਰ ਦੇ ਵੱਢ ਕੇ ਤੇ ਕਰ ਕੇ ਗ਼ੁਲ ਦੀਵੇ ਤਮਾਮ। ਬਹਿ ਕੇ ਹੁਣ ਖੰਡਰਾਤ 'ਤੇ ਸੋਚਾਂ, ਕੀ ਹੈ ਮੇਰਾ ਮਕਾਮ ? ਫਿਰ ਨਾ ਪਰਤਣ ਲੋਕ ਮੁੜ, ਥਕ ਹਾਰ ਕੇ ਉਜੜੇ ਘਰੀਂ, ਇਸ ਪਹਾੜੀ ਸ਼ਹਿਰ ਵਿਚ, ਸ਼ਾਲਾ ! ਕਦੇ ਉਤਰੇ ਨਾ ਸ਼ਾਮ। ਓਸ ਦਿਨ ਪਿੱਛੋਂ ਨਾ ਕੁਝ ਬੋਲੇ, ਉਹ ਬੁਤ ਹੀ ਬਣ ਗਏ, ਮੈਂ ਕੀ ਕਰ ਬੈਠਾਂ ਦਰਖ਼ਤਾਂ ਨੂੰ ਸੁਣਾ ਅਪਣਾ ਕਲਾਮ। ਮੈਂ ਸਫ਼ਰ ਵਿਚ ਹਾਂ ਅਜੇ, ਪਹੁੰਚਾਂਗਾ ਤਾਂ ਖੋਲ੍ਹਾਂਗਾ ਦਿਲ, ਵਿਛੜੇ ਯਾਰਾਂ ਨੂੰ ਕਹੀਂ ਕਬਰਾਂ 'ਚ ਤੂੰ ਮੇਰਾ ਸਲਾਮ। ਨਾ ਪਰਿੰਦੇ ਆਲ੍ਹਣੇ, ਬਾਰਿਸ਼, ਹਵਾ ਪੱਤੇ ਨਾ ਸ਼ਾਖ਼, ਇਸ ਤਰ੍ਹਾਂ ਦੇ ਹੀ ਨੇ ਗੁਜ਼ਰੇ ਬਿਰਖ਼ 'ਤੇ ਮੌਸਮ ਤਮਾਮ। ਸਹਿਸੁਭਾ ਉਸਨੇ ਕੀ ਮਹਿੰਦੀ ਨਾਲ ਲਿਖਿਆ ਹੱਥ 'ਤੇ, ਮੈਂ ਲਹੂ ਦੇ ਨਾਲ ਲਿਖਿਐ ਜਿਸਦਾ ਦਿਲ-ਸ਼ੀਸ਼ੇ ’ਤੇ ਨਾਮ। ਪਲ ਕੁ ਹੀ ਆਪਾਂ ਰੁਕੇ ਥਲ ਵਿਚ ਜਿਹਨਾਂ ਦੀ ਛਾਂ ਦੇ ਹੇਠ, ਤੂੰ ਉਹਨਾਂ ਬਿਰਖ਼ਾਂ ਨੂੰ ‘ਕੁਲਵਿੰਦਰ’ ਕਹੀਂ ਮੇਰਾ ਸਲਾਮ।

ਜ਼ਰਦ ਚਿਹਰੇ, ਖ਼ੁਸ਼ਕ ਮੌਸਮ

ਜ਼ਰਦ ਚਿਹਰੇ, ਖ਼ੁਸ਼ਕ ਮੌਸਮ, ਰਾਤ ਤਨਹਾ, ਦਿਨ ਉਦਾਸ। ਕੀ ਇਹ ਬਸਤੀ ਤੇਰਿਆਂ ਹਰਫ਼ਾਂ ਨੂੰ ਆ ਸਕੇਗੀ ਰਾਸ ? ਸੋਚਿਆ ਸੀ ਪਾਰ ਕਰ ਜਾਵਾਂਗਾ ਇੰਜ ਥਲ ਦਾ ਸਫ਼ਰ, ਪਰ ਤੇਰੇ ਹੋਠਾਂ ਨੂੰ ਚੁੰਮਕੇ ਹੋਰ ਲਾ ਬੈਠਾਂ ਪਿਆਸ। ਤੀਲਿਆਂ ਦੇ ਆਲ੍ਹਣੇ ਵਿਚ ਸੀ ਪਰਿੰਦਾ ਖ਼ੁਸ਼ ਬਹੁਤ, ਸੰਗਮਰਮਰ ਦੇ ਮਕਾਨ ਅੰਦਰ ਮਗਰ ਕਿਉਂ ਹੈ ਉਦਾਸ ? ਮੈਂ ਬਿਖਰ ਜਾਂਦਾ ਹਾਂ ਤਰਕਾਲਾਂ ਨੂੰ ਹੋ ਕੇ ਹਰਫ਼ ਹਰਫ਼, ਪਰ ਉਦੈ ਹੋਵਾਂ ਸਵੇਰੇ ਪਾ ਕੇ ਹਰਫ਼ਾਂ ਦਾ ਲਿਬਾਸ। ਖ਼ੂਬਸੂਰਤ ਸ਼ਾਮ, ਮਹਿਕੀਲੀ ਹਵਾ, ਰੰਗਾਂ ਦਾ ਸਾਥ, ਐਸੇ ਵਾਤਾਵਰਨ ਵਿਚ ਵੀ ਲਗ ਰਹੇ ਚਿਹਰੇ ਉਦਾਸ। ਖ਼ੌਫ਼ ਤਨਹਾਈ ਦਾ, ਜੰਗਲ ਜੁਗਨੂੰਆਂ ਦਾ ਸ਼ੌਕ ਵੀ, ਪਰ ਪਰਿੰਦੇ ਦੀ ਤਰ੍ਹਾਂ ਹੈ ਦਰਦ ਵੀ ਅੰਤਾਂ ਦਾ ਪਾਸ। ਆ ਹਵਾ ਬਣਕੇ ਮੇਰੇ ਖੰਡਹਰ ਜਿਹੇ ਘਰ ਵਿਚ ਤਾਂ ਆ, ਫਿਰ ਪਤਾ ਚਲਣਾ ਕਿ ਕੁਲਵਿੰਦਰ ਹੈ ਕਿਉਂ ਰਹਿੰਦੈ ਉਦਾਸ।

ਸੁਲਗਦੀ ਰਾਤ ਅੰਦਰ

ਸੁਲਗਦੀ ਰਾਤ ਅੰਦਰ, ਕਿਸ ਤਰ੍ਹਾਂ ਦਾ, ਤੁਹਾਡੇ ਸ਼ਹਿਰ ਦਾ ਮੌਸਮ ਹੈ ਪਿਆਰੇ। ਕਿ ਹਰ ਸੁੱਕੇ ਹੋਏ ਪੱਤੇ ਦੀ ਅੱਖ ਵਿਚ, ਅਜੇ ਤਕ ਝਲਕਦੀ ਸ਼ਬਨਮ ਹੈ ਪਿਆਰੇ। ਸਮੁੰਦਰ ਵਿਚ ਜਦੋਂ ਸੂਰਜ ਸੀ ਡੁਬਿਆ ਹਨੇਰਾ ਸ਼ਹਿਰ ਦੇ ਸੀਨੇ 'ਚ ਖੁਭਿਆ, ਤਾਂ ਕੁਝ ਇਕ ਜੁਗਨੂੰਆਂ ਨੇ ਆ ਕੇ ਪੁਛਿਆ ਅਜੇ ਕੀ ਰੌਸ਼ਨੀ ਮੱਧਮ ਹੈ ਪਿਆਰੇ ? ਇਹ ਕਿਸਦਾ ਨਾਮ ਹੈ ਹੋਠਾਂ ’ਤੇ ਆਇਆ ਹਰਿਕ ਚਿਹਰੇ 'ਤੇ ਹੀ ਮਾਤਮ ਹੈ ਛਾਇਆ, ਸਲਾਬਾ ਤੇਰਿਆਂ ਨੈਣਾਂ 'ਚ ਆਇਆ ਨਗਰ ਵਿਚ ਸਭ ਨੂੰ ਕੈਸਾ ਗ਼ਮ ਹੈ ਪਿਆਰੇ ? ਮੈਂ ਅਪਣੀ ਰੇਤ ਵਿਚ ਹੀ ਸੜ ਰਿਹਾ ਹਾਂ ਚਿਰਾਂ ਤੋਂ ਇਕ ਨਦੀ ਲਭਦਾ ਪਿਆ ਹਾਂ ਮੇਰੇ ਅੰਦਰ ਜੋ ਮਾਰੂਥਲ ਜਿਹਾ ਹੈ ਸੁਲਗਦਾ ਸਾੜਦਾ ਹਰ ਦਮ ਹੈ ਪਿਆਰੇ। ਮੈਂ ਸੂਰਜ ਦੀ ਤਰ੍ਹਾਂ ਹਰ ਪਲ ਬਲਾਂਗਾ ਸਮਝਦਾ ਹਾਂ ਕਿ ਮੈਂ ਖ਼ੁਦ ਵੀ ਸੜਾਂਗਾ ਹਨੇਰੇ ਨਾਲ ਪਰ ਹਰ ਦਮ ਲੜਾਂਗਾ ਇਹ ਮੇਰਾ ਫ਼ੈਸਲਾ ਅੰਤਮ ਹੈ ਪਿਆਰੇ।

ਰੇਤ ਵੀ ਹੈ, ਖ਼ਾਰ ਵੀ, ਗਹਿਰੀ ਨਦੀ

ਰੇਤ ਵੀ ਹੈ, ਖ਼ਾਰ ਵੀ, ਗਹਿਰੀ ਨਦੀ ਦੇ ਨਾਲ ਨਾਲ। ਕਿਸ ਤਰ੍ਹਾਂ ਦੀ ਲਹਿਰ ਹੈ, ਇਕ ਜ਼ਿੰਦਗੀ ਦੇ ਨਾਲ ਨਾਲ। ਘਰ, ਨਗਰ, ਰਿਸ਼ਤਾ ਵੀ ਹਰ ਇਕ, ਕਬਰ ਪਿਉ ਦੀ, ਮਾਂ ਉਦਾਸ, ਦੇਸ਼ ਛਡ ਆਇਆ ਹਾਂ ਕੀ ਕੀ ਉਸ ਕੁੜੀ ਦੇ ਨਾਲ ਨਾਲ। ਗ਼ਮ ਨਹੀਂ ਜੇ ਆਪਣਾ ਰਿਸ਼ਤਾ ਰਹੇ ਜਾਂ ਨਾ ਰਹੇ, ਹੂਕ ਜੰਗਲ ਦੀ ਸੁਣੇਗੀ ਬੰਸਰੀ ਦੇ ਨਾਲ ਨਾਲ। ਨਿੱਘ ਦੇਵਾਂਗਾ ਉਦੈ ਹੋਵਾਂਗਾ ਸੂਰਜ ਦੀ ਤਰ੍ਹਾਂ, ਮੈਂ ਵੀ ਪਰਤਾਂਗਾ ਕਿਸੇ ਦਿਨ ਰੌਸ਼ਨੀ ਦੇ ਨਾਲ ਨਾਲ। ਬਿਰਖ਼ ਦੀ ਛਾਂ, ਵਕਤ ਦੀ ਟੁਟ-ਭੱਜ, ਸੜੀ ਬਲਦੀ ਦੁਪਿਹਰ, ਜੂਨ ਹੈ ਜੇ, ਜਨਵਰੀ ਵੀ ਆਦਮੀ ਦੇ ਨਾਲ ਨਾਲ। ਵਣ, ਸਮੁੰਦਰ, ਥਲ ਹੀ ਥਲ ਹੁਣ ਆਉਣਗੇ ਰਸਤੇ 'ਚ ਸਭ, ਮੈਂ ਸਫ਼ਰ 'ਤੇ ਤੁਰ ਪਿਆਂ ਇਕ ਅਜਨਬੀ ਦੇ ਨਾਲ ਨਾਲ। ਫੁਲ ਤੇ ਖ਼ੁਸ਼ਬੂ ਦਾ ਜਿਵੇਂ ਰਿਸ਼ਤਾ ਹੈ ਇਕ ਦੂਜੇ ਸਮੇਤ, ਦਰਦ ਦਾ ਰਿਸ਼ਤਾ ਵੀ ਹੈ ਇਉਂ ਸ਼ਾਇਰੀ ਦੇ ਨਾਲ ਨਾਲ।

ਉਹ ਜੇ ਹੈ ਤਾਂ ਠੀਕ ਹੈ

ਉਹ ਜੇ ਹੈ ਤਾਂ ਠੀਕ ਹੈ ਫਿਰ ਦੋਸਤੋ ! ਫੁਟ ਪਾਥ ਹੀ । ਰਾਸ ਨਾ ਆਇਆ ਮਗਰ ਉਸ ਬਿਨ ਪਹਾੜੀ ਸ਼ਹਿਰ ਵੀ। ਕਿਸਦਾ ਹੁਣ ਲੈ ਕੇ ਸਹਾਰਾ ਕੋਈ ਤੁਰੇ ਮੰਜ਼ਿਲ ਤਰਫ਼, ਨ੍ਹੇਰ ਤੇ ਚਾਨਣ 'ਚ ਕਹਿੰਦੇ ਦੋਸਤੀ ਹੈ ਹੋ ਗਈ। ਸੂਰਜਾ ! ਜਿੰਨਾ ਕੁ ਵੀ ਲਗਦੈ ਲਗਾ ਲੈ ਜ਼ੋਰ ਤੂੰ, ਛਾਂ ਤਾਂ ਹੁੰਦੀ ਹੀ ਰਹੇਗੀ ਹੋਰ ਗੂੜੀ ਬਿਰਖ ਦੀ। ਜਿਸ ਦੀ ਸਾਰੀ ਉਮਰ ਹੀ ਗੁਜ਼ਰੀ ਪਹਾੜੀ ਸ਼ਹਿਰ ਵਿਚ, ਉਹ ਕਿਵੇਂ ਦਸ ਲਿਖ ਸਕੇਗਾ ਬਾਤ ਰੇਗਿਸਤਾਨ ਦੀ। ਬਿਰਖ਼ ਘਣ ਛੱਤਾ ਜੇ ਛਾਂਗਣ ਲਗ ਗਿਐਂ ਤਾਂ ਸੋਚ ਲੈ, ਮੌਤ ਤੇਰੀ ਵੀ ਕਿਸੇ ਦਿਨ ਇਸ ਤਰ੍ਹਾਂ ਹੀ ਆਏਗੀ। ਹੁਣ ਨਿਖ਼ਾਰੀ ਜਾ ਤੂੰ ‘ਕੁਲਵਿੰਦਰ’ ਗ਼ਜ਼ਲ ਨੂੰ ਰਾਤ ਭਰ, ਸੌਂ ਗਏ ਰੋਟੀ ਬਿਨਾਂ ਬੱਚਾ ਤੇਰਾ ਬੀਵੀ ਤੇਰੀ।

ਤੂੰ ਅਗਰ ਮਿਲਣਾ ਹੈ

ਤੂੰ ਅਗਰ ਮਿਲਣਾ ਹੈ ਅਪਣੀ ਜ਼ਿੰਦਗੀ ਨੂੰ । ਅਜਨਬੀ ਵਾਂਗੂੰ ਮਿਲੀਂ ਨਾ ਅਜਨਬੀ ਨੂੰ। ਜਦ ਵੀ ਮੰਗੇ ਇਹ, ਇਹ ਮੰਗੇ ਹਾਦਸਾ ਹੀ, ਕੀ ਕਰਾਂ ਮੈਂ ਇਸ ਕਲਮ ਦੀ ਦੋਸਤੀ ਨੂੰ। ਗੁੰਮ ਹੈ ਯੁੱਗਾਂ ਤੋਂ ਜੋ ਦਿਲ ਦੇ ਖ਼ਲਾ ਵਿਚ, ਅਲਵਿਦਾ ਲਫ਼ਜ਼ੋ ਕਹੋ ਹੁਣ ਉਸ ਕੁੜੀ ਨੂੰ। ਕਲ ਉਦੈ ਹੋਵੇਗਾ ਸੂਰਜ ਇਸ ਤਰ੍ਹਾਂ ਦਾ, ਜੋ ਪੁਚਾਵੇਗਾ ਘਰੋ ਘਰ ਰੌਸ਼ਨੀ ਨੂੰ। ਕੌਣ ਅੰਨ੍ਹੇ ਯੁੱਗ ਅੰਦਰ ਲੈ ਕੇ ਜਾਵੇ, ਬਲਦਿਆਂ ਹੋਠਾਂ ਦੇ ਤੀਕਰ ਬੰਸਰੀ ਨੂੰ। ਜਦ ਸਕੂਨ ਆਵੇ ਤਾਂ ਆਵੇ ਸ਼ਾਇਰੀ ਤੋਂ, ਸੋਚ ਦੇ ਜੰਗਲ 'ਚ ਮਨ ਦੀ ਭਟਕਣੀ ਨੂੰ। ਮੈਂ ਵੀ ਇਕ ਕੈਸੇ ਸਫ਼ਰ 'ਤੇ ਤੁਰ ਪਿਆ ਹਾਂ, ਪਾਰ ਹੁਣ ਕਰਨਾ ਹੈ ਮੈਂ ਅਗ ਦੀ ਨਦੀ ਨੂੰ ਫ਼ਾਇਲਾਤੁਨ ਫ਼ਾਇਲੁਨ ਵਿਚ ਗੁੰਮ ਹੋ ਕੇ, ਕਿੰਜ ਨਾਪੋਗੇ ਗ਼ਜ਼ਲ ਦੀ ਸਾਦਗੀ ਨੂੰ।

ਅਜ ਕਲ ਤੇਰੇ ਹੋਠਾਂ ਉੱਤੇ

ਅਜ ਕਲ ਤੇਰੇ ਹੋਠਾਂ ਉੱਤੇ ਰਹਿੰਦਾ ਹੈ ਕਿਸ ਸ਼ਖ਼ਸ ਦਾ ਨਾਂ। ਮਾਣ ਰਿਹਾ ਹੈ ਅਜ ਕਲ ਕਿਹੜਾ ਮੇਰੇ ਲਾਏ ਰੁਖ ਦੀ ਛਾਂ। ਤੂੰ ਭਾਵੇਂ ਆ ਜੋਬਨ ਰੁੱਤੇ ਤੂੰ ਭਾਵੇਂ ਸਿਖ਼ਰਾਂ ਨੂੰ ਛੁਹ, ਹੋਵੇਗੀ ਪਰ ਹੋਰ ਵੀ ਡੂੰਘੀ ਸੂਰਜ ! ਬਿਰਖ਼ਾਂ ਦੀ ਛਾਂ। ਦਿਨ ਵੇਲੇ ਜਦ ਮੇਰੇ ਘਰ ਵਿਚ ਦੀਵਾ ਬਲਦਾ ਹੁੰਦਾ ਸੀ, ਉਸ ਪਲ ਮੈਂ ਸਾਂ ਭੋਲਾ ਭਾਲਾ ਉਸ ਪਲ ਮੈਂ ਬਚਪਨ ਵਿਚ ਸਾਂ। ਇਹ ਮੇਰੀ ਕਮਜ਼ੋਰੀ ਸਮਝੋ ਜਾਂ ਫਿਰ ਸਮਝੋ ਬੇ-ਸਮਝੀ, ਜੀਵਨ ਭਰ मैं ਸੂਰਜ ਦਾ ਪਰਛਾਵਾਂ ਫੜਦਾ ਥੱਕ ਗਿਆਂ। ਕੀ ਦੱਸਾਂ ਉਸ ਘਰ ਬਾਰੇ, ਜਿਸ ਘਰ ਦਾ ਸਿਖ਼ਰ ਦੁਪਿਹਰੇ ਹੀ, ਡੁੱਬ ਜਾਂਦੈ ਸੂਰਜ ‘ਕੁਲਵਿੰਦਰ’ ਢਲ ਜਾਂਦਾ ਹੈ ਪਰਛਾਵਾਂ।

ਜਿਸ ਨੂੰ ਲੋਕੀ ਆਖ ਰਹੇ ਨੇ

ਜਿਸ ਨੂੰ ਲੋਕੀ ਆਖ ਰਹੇ ਨੇ ਖੰਡਰ ਯਾਰੋ । ਉਹ ਤਾਂ ਹੈ ਸ਼ਾਇਰ ਦੀ ਕਵਿਤਾ ਦਾ ਘਰ ਯਾਰੋ । ਜਿਸਦੀ ਕੋਈ ਛੱਤ ਹੈ ਨਾ ਕੋਈ ਦਰ ਯਾਰੋ । ਮੇਰੇ ਘਰ ਦਾ ਐਸਾ ਹੈ ਕੁਝ ਮੰਜ਼ਰ ਯਾਰੋ । ਹੁਣ ਤਲਵਾਰਾਂ ਤੋਂ ਨੇ ਕਿੱਥੋਂ ਡਰਦੇ ਲੋਕੀ, ਡਰ ਇਕ ਹੈ ਤਾਂ ਅਪਣੇ ਸਾਏ ਦਾ ਡਰ ਯਾਰੋ। ਫੇਰ ਤਲਾਸ਼ ਖ਼ੁਦਾ ਦੀ ਜਿੱਥੇ ਮਰਜ਼ੀ ਕਰਨੀ, ਪਹਿਲਾਂ ਦੇਖੋ ਅਪਣਾ ਅਪਣਾ ਅੰਦਰ ਯਾਰੋ। ਮੇਰਾ ਉਸਦਾ ਨਾਂ ਤਕ ਬੇਸ਼ਕ ਜੋੜ ਦਿਉ ਪਰ, ਪਹਿਲਾਂ ਸਾਡੇ ਵਿਚ ਤਾਂ ਦੇਖੋ ਅੰਤਰ ਯਾਰੋ।

ਇਹ ਕੀ ਹੋ ਗਿਆ ਹਾਦਿਸਾ

ਇਹ ਕੀ ਹੋ ਗਿਆ ਹਾਦਿਸਾ ਚਲਦੇ ਚਲਦੇ। ਬਹੁਤ ਵਧ ਗਿਆ ਫ਼ਾਸਿਲਾ ਚਲਦੇ ਚਲਦੇ। ਅਸੀਂ ਬਿਰਖ਼ ਦੀ ਜੂਨ ਵਿਚ ਹੀ ਰਹਾਂਗੇ, ਜੇ ਸਿਖ਼ਰਾਂ 'ਤੇ ਸੂਰਜ ਰਿਹਾ ਚਲਦੇ ਚਲਦੇ। ਰੁਕੇਗਾ ਘਰਾਂ ਦੇ ਚਰਾਗ਼ਾਂ 'ਚ ਜਾ ਕੇ, ਮੇਰੀ ਸੋਚ ਦਾ ਕਾਫ਼ਿਲਾ ਚਲਦੇ ਚਲਦੇ। ਬਹੁਤ ਖ਼ੂਬਸੂਰਤ ਜਿਹਾ ਮੋੜ ਦੇ ਕੇ, ਕਿਉਂ ਰੁਕ ਗਿਓਂ, ਐ ਦਿਲਾ ! ਚਲਦੇ ਚਲਦੇ। ਲਹੂ ਨਾਲ ਭਿੱਜੇ ਮੇਰੇ ਸ਼ਿਅਰ ਸੁਣ ਕੇ, ਕਿਹਾ ਦੋਸਤਾਂ ਮਰਹਬਾ ਚਲਦੇ ਚਲਦੇ।

ਸਮੇਂ ਨੇ ਮਾਰਿਆ ਕਿਸ ਥਾਂ

ਸਮੇਂ ਨੇ ਮਾਰਿਆ ਕਿਸ ਥਾਂ ਲਿਆ ਕੇ । ਮੈਂ ਤੇਰੀ ਯਾਦ ਵੀ ਰੱਖਾਂ ਛੁਪਾ ਕੇ। ਜੇ ਬੁਝਦੀ ਲਾਟ ਏਂ ਤੂੰ, ਮੈਂ ਹਾਂ ਜੁਗਨੂੰ, ਕਰਾਂਗਾ ਰੌਸ਼ਨੀ ਖ਼ੁਦ ਨੂੰ ਜਲਾ ਕੇ। ਖ਼ੁਦਾ ਦਾ ਸ਼ੁਕਰ ਮੁੜ ਜੰਗਲ ਨੂੰ ਪਰਤੀ, ਛਲਾਵੀ ਪੌਣ ਦਰਵਾਜ਼ੇ 'ਤੇ ਆ ਕੇ । ਸਿਵੇ ਵਿਚ ਕੱਲ ਰਾਤੀਂ ਇੱਕ ਪਾਗਲ, ਬੜਾ ਰੋਇਆ ਚਰਾਗ਼ਾਂ ਨੂੰ ਬੁਝਾ ਕੇ। ਇਹ ਧਰਤੀ ਹੈ ਜਾਂ ਹੈ ਬਿੰਦੂ ਖ਼ਲਾ ਵਿਚ, ਅਸੀਂ ਤਾਂ ਵੇਖਣੈਂ ਅੰਬਰ 'ਤੇ ਜਾ ਕੇ।

ਜਿਸਦੀ ਤਲਾਸ਼ ਵਿਚ ਫਿਰੇਂ

ਜਿਸਦੀ ਤਲਾਸ਼ ਵਿਚ ਫਿਰੇਂ ਸਦੀਆਂ ਤੋਂ ਦੋਸਤਾ। ਉਸਨੂੰ ਤਾਂ ਹਾਲੇ ਤੀਕ ਵੀ ਲੱਭ ਨਾ ਸਕੀ ਹਵਾ। ਨਜ਼ਦੀਕ ਤੋਂ ਤਾਂ ਆਮ ਜਿਹਾ ਸੀ ਉਹ ਨਿਕਲਿਆ, ਦੂਰੋਂ ਜੋ ਸ਼ਖ਼ਸ ਦੇਖ ਕੇ ਸੀ ਜਾਪਿਆ ਖ਼ੁਦਾ। ਜੀਵਨ 'ਚ ਉਹ ਪੜਾ ਵੀ ਆ ਜਾਂਦੈ ਕਦੇ ਕਦੇ, ਜਦ ਹਾਦਸੇ 'ਚ ਹੋਰ ਇਕ ਹੁੰਦਾ ਹੈ ਹਾਦਸਾ। ਜਿੰਨਾ ਕਰੀਬ ਮੈਂ ਤੇ ਉਹ ਹੋਏ ਹਾਂ ਦੋਸਤੋ, ਓਨ੍ਹਾ ਦਿਲਾਂ ਦਾ ਹੋਰ ਵੀ ਵਧਿਆ ਹੈ ਫ਼ਾਸਲਾ। ਜਿਸਦੀ ਹਰੇਕ ਸ਼ਾਖ਼ ’ਤੇ ਪੱਤੇ ਨੇ, ਛਾਂ ਨਹੀਂ, ਇਹ ਕਿਸ ਤਰ੍ਹਾਂ ਦਾ ਬਿਰਖ਼ ਹੈ ਬਸਤੀ 'ਚ ਉੱਗਿਆ ?

ਅਜੀਬ ਦੌਰ ਹੈ, ਹੈ ਕਿਸ ਤਰ੍ਹਾਂ ਦਾ

ਅਜੀਬ ਦੌਰ ਹੈ, ਹੈ ਕਿਸ ਤਰ੍ਹਾਂ ਦਾ ਇਹ ਮੰਜ਼ਰ । ਕਿਸੇ ਨੂੰ ਜਾਪਦਾ ਸਾਲਮ ਕਿਸੇ ਨੂੰ ਪਰ ਖ਼ੰਡਰ। ਮੈਂ ਬਲ ਪਿਆ ਤਾਂ ਮੇਰੇ ਸਾਵ੍ਹੇਂ ਠਰ ਗਿਆ ਸੂਰਜ, ਮੈਂ ਚਿਰ ਤੋਂ ਧੁਖ਼ ਰਿਹਾ ਸਾਂ ਬੇਵਫ਼ਾ ਦੀ ਯਾਦ ਅੰਦਰ। ਇਸ ਉਜੜੀ ਰਾਤ 'ਚ ਲੱਭੇ ਨਾ ਆਪਣਾ ਆਪਾ, ਇਸ ਉਜੜੀ ਰਾਤ 'ਚ ਅਪੜੇਗਾ ਕੌਣ ਘਰ ਤੀਕਰ। ਮੇਰਾ ਚਰਾਗ਼ ਬੁਝਾ ਕੇ ਹਵਾ ਨੂੰ ਕੀ ਮਿਲਿਆ, ਹਜ਼ਾਰਾਂ ਦੀਪ ਇਸੇ ਵਾਸਤੇ ਜਗੇ ਘਰ ਘਰ। ਗ਼ਜ਼ਲ 'ਚ ਦਰਦ ਹੈ, ਸ਼ਿਕਵਾ, ਗਿਲਾ ਹੈ ਲੋਹੜੇ ਦਾ, ਗ਼ਜ਼ਲ ਲਿਖੀ ਹੈ ਮੈਂ ਅਪਣੇ ਤੋਂ ਬਸ ਤੇਰੇ ਤੀਕਰ। ਨਾ ਏਨਾ ਦੂਰ ਜਾ ਕਿਹ ਦਮ ਹੀ ਮੇਰਾ ਘੁਟ ਜਾਵੇ, ਮੇਰੇ ਕਰੀਬ ਤੂੰ ਏਨਾ ਵੀ ਨਾ ਹੋ ਕੁਲਵਿੰਦਰ।

ਉਦਾਸ ਮੈਂ ਵੀ, ਉਦਾਸ ਆਪ ਵੀ

ਉਦਾਸ ਮੈਂ ਵੀ, ਉਦਾਸ ਆਪ ਵੀ ਘਣਾ ਜੰਗਲ। ਮੈਂ ਇਸ ਦਾ ਆਸਰਾ ਹਾਂ ਮੇਰਾ ਆਸਰਾ ਜੰਗਲ। ਇਕਾਂਤ, ਓਦਰੀ ਰੁੱਤ, ਊਂਘਦਾ ਘਣਾ ਜੰਗਲ। ਉਜਾੜ ਰਾਤ 'ਚ ਮੇਰਾ ਹੈ ਆਪਣਾ ਜੰਗਲ। ਹਨੇਰੀ ਰਾਤ, ਖ਼ਮੋਸ਼ੀ, ਸਿਆਹ ਘਣਾ ਜੰਗਲ। ਅਖ਼ੀਰ ਮਿਲ ਗਿਆ ਸ਼ਾਇਰ ਨੂੰ ਮਹਿਕਦਾ ਜੰਗਲ। ਮੇਰੀ ਉਹ ਪੀੜ ਭਲਾ ਇਸ ਤੋਂ ਵਧ ਵੰਡਾਉਂਦਾ ਕੀ, ਮੈਂ ਰੋ ਪਿਆ ਤਾਂ ਮੇਰੇ ਨਾਲ ਰੋ ਪਿਆ ਜੰਗਲ। ਮੈਂ ਗਹੁ ਦੇ ਨਾਲ ਜਦੋਂ ਦੇਖਿਆ ਖ਼ਲਾ ਦਿਲ ਦਾ, ਉਦੋਂ ਤਾਂ ਬਿੰਦੂ ਤੋਂ ਵੀ ਛੋਟਾ ਜਾਪਿਆ ਜੰਗਲ। ਕਿਸੇ ਦੀ ਯਾਦ 'ਚ ਧੁਖ਼ਿਆ ਜ਼ਰੂਰ ਹੋਵੇਗਾ, ਮੇਰੇ ਹੀ ਵਾਂਗ ਜੋ ਬਿਲਕੁਲ ਧੁਆਂਖਿਆ ਜੰਗਲ। ਨਾ ਐਵੇਂ ਹੋਂਦ ਨੂੰ ਪਰਖ਼ੋ ਗੁਆਚ ਜਾਵੋਗੇ, ਬੜਾ ਅਜੀਬ ਹੈ ਮੇਰੀ ਇਹ ਹੋਂਦ ਦਾ ਜੰਗਲ।

ਕਰੋਗੇ ਕੈਦ ਕਿਵੇਂ

ਕਰੋਗੇ ਕੈਦ ਕਿਵੇਂ ਇਸ ਤਰ੍ਹਾਂ ਸਦਾ ਮੇਰੀ। ਇਹ ਕਰਕੇ ਪਾਰ ਸਲਾਖਾਂ ਹਵਾ 'ਚ ਗੂੰਜੇਗੀ। ਮੈਂ ਸਰਦ ਰਾਤ 'ਚ ਏਨਾਂ ਬਲਾਂ ਕਿ ਸੇਕ ਮੇਰਾ, ਮਿਲੇ ਜੋ ਬਰਫ਼ ਦੇ ਜੰਗਲ 'ਚ ਠਰਦੇ ਰੁੱਖ ਨੂੰ ਵੀ। ਬਿਗਾਨੇ ਬਿਰਖ਼ ਦੀ ਛਾਂ ਹੇਠ ਕਮਲਿਆ ਬਹਿ ਕੇ, ਕਦੇ ਤੂੰ ਸੋਚਿਆ ਵੀ ਹੈ ਕੀ ਹੋਂਦ ਹੈ ਤੇਰੀ ? ਅਜੀਬ ਮੋੜ 'ਤੇ ਹੋਇਆ ਹੈ ਹਾਦਸਾ ਅਪਣਾ, ਕਿ ਹੁਣ ਨ ਤੂੰ ਰਿਹਾ ਏਂ ਤੂੰ ਅਤੇ ਨ ਮੈਂ ਮੈਂ ਹੀ। ਤੁਸੀਂ ਤਾਂ ਬਿਰਖ਼ ਹੀ ਕਟਣਾ ਸੀ ਸੋ ਉਹ ਕਟ ਦਿੱਤਾ, ਤੁਹਾਨੂੰ ਕੀ ਪਤਾ ਰਗ ਰਗ 'ਚ ਉਸਦੇ ਧੜਕਨ ਸੀ। ਉਹ ਭਰਦੇ ਕਿੰਝ ਚਰਾਗ਼ਾਂ 'ਚ ਰੌਸ਼ਨੀ ਆਖ਼ਿਰ, ਸੀ ਦਿਲ 'ਚ ਜੋੜ ਉਨ੍ਹਾਂ ਦੇ ਲਹੂ 'ਚ ਪਾਣੀ ਸੀ।

ਮੈਂ ਅਪਣੀ ਜਿੰਦ ਵੀ ਸੂਲੀ 'ਤੇ

ਮੈਂ ਅਪਣੀ ਜਿੰਦ ਵੀ ਸੂਲੀ 'ਤੇ ਚਾੜ੍ਹ ਜਾਵਾਂਗਾ। ਮੈਂ ਤੇਰੀ ਯਾਦ ਨੂੰ ਪਰ ਦਿਲ 'ਚੋਂ ਨਾ ਵਿਸਾਰਾਂਗਾ। ਲਹੂ ਪਿਲਾ ਰਿਹਾ ਹਾਂ ਦਿਲ ਦਾ ਜਿਸਨੂੰ ਪਾਣੀ ਵਾਂਗ, ਮੈਂ ਓਸ ਬਿਰਖ਼ ਦੀ ਛਾਵੇਂ ਕਦੇ ਤਾਂ ਬੈਠਾਂਗਾ। ਬਦਲ ਦਿਆਂਗਾ ਕਦੇ ਬਰਫ਼ ਨੂੰ ਮੈਂ ਚਿਣਗਾਂ ਵਿਚ, ਮੈਂ ਬਰਫ਼ ਵਿਚ ਕਦੇ ਸੂਰਜ ਲਿਆ ਦਿਖਾਵਾਂਗਾ। ਜੇ ਮੇਰੀ ਸੋਚ ਤੇ ਤਣਿਆਂ ਰਿਹਾ ਤੂੰ ਜੀਵਨ ਭਰ, ਤਾਂ ਤੇਰੀ ਯਾਦ ਮੈਂ ਗੀਤਾਂ 'ਚ ਢਾਲ ਜਾਵਾਂਗਾ। ਅਖ਼ੀਰ ਮੌਤ ਨੇ ਕੁਝ ਕਰਕੇ ਹੀ ਦਿਖਾਉਣਾ ਹੈ, ਅਖ਼ੀਰ ਮੈਂ ਵੀ ਉਦ੍ਹੇ ਪਾਸ ਪਹੁੰਚ ਜਾਵਾਂਗਾ। ਤੂੰ ਅੱਗ ਵਾਂਗ ਵਰ੍ਹੇਂਗਾ ਤਾਂ ਯਾਦ ਇਹ ਵੀ ਰੱਖ, ਮੈਂ ਬਰਫ਼ ਵਾਂਗ ਖ਼ਿਆਲਾਂ ’ਤੇ ਵੀ ਛਾ ਜਾਵਾਂਗਾ। ਮੈਂ ਜਾਣਦਾ ਹਾਂ ਤਾਂ ਫਿਰ ਵੀ ਉਦਾਸ ਕਿਉਂ ਹੋਵਾਂ, ਕਿ ਗ਼ਮ ਦਾ ਸਾਥ ਜੇ ਦੇਵਾਂ ਖ਼ੁਸ਼ੀ ਵੀ ਪਾਵਾਂਗਾ। ਹਜ਼ੂਰ ਫੁੱਟ ਤਾਂ ਲਵਾਂ, ਕੀ ਹੁਣੇ ਹੀ ਲਭਦੇ ਹੋ, ਜਦੋਂ ਮੈਂ ਬਿਰਖ਼ ਬਣਾਂਗਾ ਤਾਂ ਛਾਂ ਵੀ ਦੇਵਾਂਗਾ। ਮੈਂ ਤੈਥੋਂ ਦੂਰ ਨਹੀਂ ਰਹਿ ਸਕਾਂਗਾ ਇਕ ਛਿਣ ਵੀ, ਹਰੇਕ ਜਨਮ 'ਚ ਤੇਰਾ ਹੀ ਨੇੜ ਚਾਹਾਂਗਾ। ਜੇ ਅਪਣਾ ਕਹਿ ਕੇ ਤੁਸੀਂ ਹਾਕ ਮੈਨੂੰ ਮਾਰੋਗੇ, ਕਿਸੇ ਵੀ ਹਾਲ 'ਚ ਹੋਇਆ ਜ਼ਰੂਰ ਆਵਾਂਗਾ।

ਉਦਾਸ ਰਾਤ ਦਾ ਕਾਲਾ ਸਫ਼ਰ

ਉਦਾਸ ਰਾਤ ਦਾ ਕਾਲਾ ਸਫ਼ਰ ਕਿਸੇ ਨੂੰ ਕੀ। ਗਵਾਚਿਆ ਤਾਂ ਮਿਰਾ ਘਰ ਹੈ, ਪਰ ਕਿਸੇ ਨੂੰ ਕੀ। ਹਰੇਕ ਪਾਸੇ ਹੀ ਵਜਦੀ ਪਈ ਹੈ ਸ਼ਹਿਨਾਈ, ਉਦਾਸ ਰਾਤ ਹੈ ਮੇਰੀ, ਖ਼ਬਰ ਕਿਸੇ ਨੂੰ ਕੀ। ਅਜੀਬ ਮੋੜ ਇਹ ਜੀਵਨ 'ਚ ਆ ਗਿਆ ਮੇਰੇ, ਨਾ ਰਾਸ ’ਨੇਰ ਨਾ ਚਾਨਣ ਹੈ, ਪਰ ਕਿਸੇ ਨੂੰ ਕੀ। ਅਖ਼ੀਰ ਨੂੰ ਤਾਂ ਉਹ ਮੰਜ਼ਲ 'ਤੇ ਪੁੱਜ ਜਾਵੇਗਾ, ਜੇ ਰੁਲ ਰਿਹਾ ਹੈ ਅਜੇ ਦਰ-ਬਦਰ ਕਿਸੇ ਨੂੰ ਕੀ। ਬੜੇ ਅਜੀਬ ਨੇ ਤੇਰੇ ਨਗਰ ਦੇ ਬਾਸ਼ਿੰਦੇ, ਲਹੂ ਲੁਹਾਨ ਪਰਿੰਦੇ ਦੇ ਪਰ, ਕਿਸੇ ਨੂੰ ਕੀ। ਘਣੇ ਵਿਯੋਗ ਦੇ ਜੋ ਸੁਰਖ਼ ਭਖਦੇ ਭੱਠ ਅੰਦਰ, ਸੁਲਗ ਰਿਹਾ ਹੈ ਕਿਸੇ ਦਾ ਜਿਗਰ, ਕਿਸੇ ਨੂੰ ਕੀ।

ਹਜ਼ਾਰਾਂ ਪੰਛੀਆਂ ਦਾ ਉਸ 'ਤੇ

ਹਜ਼ਾਰਾਂ ਪੰਛੀਆਂ ਦਾ ਉਸ 'ਤੇ ਰੋਜ਼ ਫੇਰਾ ਸੀ। ਮਗਰ ਉਹ ਬਿਰਖ਼ ਮੇਰੇ ਬਿਨ ਬੜਾ ਹੀ ਤਨਹਾ ਸੀ। ਉਸ ਆਦਮੀ ਦਾ ਮੇਰੇ ਸੰਗ ਨਾ ਕੋਈ ਰਿਸ਼ਤਾ ਸੀ। ਉਹ ਮੇਰੀ ਰੂਹ 'ਚ ਐਵੇਂ ਹੀ ਆਣ ਧਸਿਆ ਸੀ। ਕਿਸੇ ਵੀ ਸ਼ਖ਼ਸ ਦਾ ਚਿਹਰਾ ਉਦਾਸ ਨਾ ਹੋਇਆ, ਉਦਾਸ ਸ਼ਹਿਰ ਸੀ ਜਾਂ ਸ਼ਹਿਰ ਦਾ ਪਰਿੰਦਾ ਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਘੋਰ ਰਾਤਾਂ ਨੂੰ, ਕਿਸੇ ਦੀ ਯਾਦ 'ਚ ਏਨਾਂ ਵੀ ਦਿਲ ਨੇ ਰੋਣਾ ਸੀ। ਹਜ਼ਾਰ ਵਾਰ ਮੈਂ ਮਰਿਆ ਸਾਂ ਤੇਰਾ ਖ਼ਤ ਪੜ੍ਹਕੇ, ਉਹ ਤੇਰਾ ਖ਼ਤ ਨਹੀਂ ਸੀ ਜ਼ਹਿਰ ਦਾ ਪਿਆਲਾ ਸੀ। ਹੁਸੀਨ ਖ਼ੂਬ ਸੀ ਕੋਮਲ ਕਲੀ ਸੀ ਉਹ ਬੁਲਬੁਲ, ਖ਼ਬਰ ਨਹੀਂ ਸੀ ਕਿ ਉਸ ਤੋਂ ਜੁਦਾ ਵੀ ਹੋਣਾ ਸੀ। ਜਨੂੰ 'ਚ ਦਾਗ਼ ਸੀ ਪਹਿਲਾਂ ਮੈਂ ਚੰਦ ਨੂੰ ਲਾਇਆ, ਹਜ਼ਾਰ ਵਾਰ ਫਿਰ ਅਪਣਾ ਮੈਂ ਕਤਲ ਕੀਤਾ ਸੀ। ਤੇਰੇ ਹੀ ਸਾਹਮਣੇ ਆਖ਼ਿਰ ਭਰੀ ਅਦਾਲਤ ਵਿਚ, ਤੇਰੇ ਹੀ ਖ਼ੂਨ ਦਾ ਕਤਰਾ ਸਬੂਤ ਹੋਣਾ ਸੀ।

ਕੀ ਪਤਾ ਸੀ ਇਸਤਰ੍ਹਾਂ ਦਾ ਦਿਨ

ਕੀ ਪਤਾ ਸੀ ਇਸਤਰ੍ਹਾਂ ਦਾ ਦਿਨ ਵੀ ਇਕ ਦਿਨ ਆਏਗਾ। ਮੈਨੂੰ ਮੇਰਾ ਆਪਣਾ ਪਰਛਾਵਾਂ ਹੀ ਛਡ ਜਾਏਗਾ। ਕੌਣ ਸਮਝਾਏਗਾ ਇਸ ਅਣਜਾਣ ਪਾਗਲ ਅੱਗ ਨੂੰ, ਝੁੱਗੀਆਂ ਕੀ, ਉਸ ਦੇ ਕਾਰਨ ਸ਼ਹਿਰ ਹੀ ਸੜ ਜਾਏਗਾ। ਉਹ ਤਾਂ ਮਿਲਿਆ ਸੀ ਜਿਵੇਂ ਮਿਲਦੇ ਨੇ ਰਾਵੀ ਤੇ ਚਨਾਬ, ਕੀ ਖ਼ਬਰ ਸੀ ਇਸ ਤਰ੍ਹਾਂ ਮਿਲ ਕੇ ਜੁਦਾ ਹੋ ਜਾਏਗਾ। ਨਾ ਕਰੋ ਗਲਬਾਤ ਪਰ ਹਸਕੇ ਹੀ ਲੰਘ ਜਾਇਆ ਕਰੋ, ਇਸ ਤਰ੍ਹਾਂ ਵੀ ਕੁਝ ਕੁ ਦਿਲ ਦਾ ਭਾਰ ਤਾਂ ਘਟ ਜਾਏਗਾ। ਸੇਕ ਸੂਰਜ ਦਾ ਜਲਾ ਦੇਵੇਗਾ ਅਪਣੇ ਆਪ ਨੂੰ, ਆਪਣੇ ਰੁੱਖਾਂ ਨੂੰ ਅਪਣਾ ਸ਼ਹਿਰ ਹੀ ਖਾ ਜਾਏਗਾ। ਜ਼ਿੰਦਗੀ ਨੂੰ ਭਾਲਦਾ ਅਪੜੇਗਾ ਉਹ ਜਦ ਮੌਤ ਪਾਸ, ਫਿਰ ਉਦ੍ਹੇ ਘਰ ਤੋਂ ਤੇਰੇ ਘਰ ਦਾ ਸਫ਼ਰ ਮੁਕ ਜਾਏਗਾ। ਮੈਂ ਗਲੇ ਲਗਕੇ ਜਿਦ੍ਹੇ ਰੋਇਆ ਸਾਂ ਸਾਰੀ ਰਾਤ ਭਰ, ਕੀ ਪਤਾ ਸੀ ਦਿਨ ਚੜ੍ਹੇ ਉਹ ਬਿਰਖ਼ ਵੀ ਸੁਕ ਜਾਏਗਾ।

ਹਰ ਇਕ ਪਹਿਨ ਕੇ ਫਿਰਦੈ

ਹਰ ਇਕ ਪਹਿਨ ਕੇ ਫਿਰਦੈ ਅਜ ਕਲ੍ਹ ਕਚ ਦੇ ਵਸਤਰ। ਦੱਸੋ ਤਾਂ ਮਾਰੋਗੇ ਹੁਣ ਕਿਸ ਕਿਸ ਦੇ ਪੱਥਰ। ਇਕ ਪਲ ਵੀ ਉਸ ਸ਼ਖ਼ਸ ਨੂੰ ਮਿਲਦਾ ਚੈਨ ਕਿਵੇਂ, ਜਿਸ ਦੇ ਦਿਲ 'ਤੇ ਚਲਦੇ ਸਨ ਯਾਦਾਂ ਦੇ ਨਸ਼ਤਰ। ਮੈਂ ਇਕ ਪਲ ਉਸ ਬਿਰਖ ਦੀ ਛਾਵੇਂ ਬੈਠ ਨਾ ਸਕਿਆ, ਮੈਂ ਜਿਸ ਬਿਰਖ ਨੂੰ ਖ਼ੂਨ ਜਿਗਰ ਦਾ ਦਿੱਤਾ ਅਕਸਰ। ਹਰ ਇਕ ਸ਼ਖ਼ਸ ਹੀ ਉਲਝਣ ਵਿਚ ਹੈ ਫਸਿਆ ਹੋਇਆ, ਦੱਸੋ ਕਿਸ ਦਾ ਮਨ ਹੈ ਸ਼ਾਂਤ ਸਮੁੰਦਰ ਵਾਂਗਰ ? ਆਖ਼ਿਰ ਉਹ ਕਿਸ ਮਿੱਟੀ ਦਾ ਬਣਿਆਂ ਹੈ ਪੁਤਲਾ, ਸਾਰੀ ਉਮਰ ਨਾ ਰੋਇਆ ਨਾ ਹਸਿਆ ਕੁਲਵਿੰਦਰ।

ਤਿਰੇ ਨੈਣਾਂ 'ਚ ਜੋ ਹੰਝੂ ਵੀ ਆਇਆ

ਤਿਰੇ ਨੈਣਾਂ 'ਚ ਜੋ ਹੰਝੂ ਵੀ ਆਇਆ। ਉਹ ਸੂਰਜ ਤੋਂ ਵੀ ਵਧ ਕੇ ਝਿਲਮਲਾਇਆ। ਨਾ ਦੇਖੋ ਇਸ ਤਰ੍ਹਾਂ ਮੈਨੂੰ ਪਛਾਣੋ, ਸਵਾਲ ਇਹ ਤੂੰ ਕਦੀ ਮੈਨੂੰ ਸੀ ਪਾਇਆ। ਬਿਤਾਉਣਾ ਪੈ ਗਿਆ ਇਕ ਪਲ ਤਿਰੇ ਬਿਨ, ਇਓਂ ਲਗਿਆ ਜਿਵੇਂ ਇਕ ਯੁਗ ਬਿਤਾਇਆ। ਮੁਹੱਬਤ ਦੀ ਸੁਨਹਿਰੀ ਧੁੰਦ ਵਿਚ ਮੈਂ, ਇਵੇਂ ਗੁੰਮਿਆਂ ਕਿ ਖ਼ੁਦ ਨੂੰ ਲਭ ਨਾ ਪਾਇਆ। ਜਿਹਨਾਂ ਦੀ ਛਾਂ 'ਚੋਂ ਵੀ ਚਿਣਗਾਂ ਹੀ ਫੁੱਟਣ, ਉਨ੍ਹਾਂ ਬਿਰਖ਼ਾਂ 'ਚ ਮੇਰਾ ਨਾਂ ਹੈ ਆਇਆ ? ਕਿਸੇ ਦੀ ਦੋਸਤੀ ਪਰਖਾਂ ਕਿਵੇਂ ਮੈਂ, ਮੇਰਾ ਦੁਸ਼ਮਣ ਹੈ ਜਦ ਅਪਣਾ ਹੀ ਸਾਇਆ। ਖ਼ਮੋਸ਼ੀ ਤਾਣ ਕੇ ਬੈਠੇ ਹੋ ਕਾਹਤੋਂ, ਸਜਣ ਜੀ ! ਕੀ ਭਲਾ ਮੈਂ ਹਾਂ ਪਰਾਇਆ। ਤੁਸੀਂ ਪੁਛਦੇ ਹੋ ਮੈਥੋਂ ਕੀ ਭਲਾ ਇਹ, ਤੁਸੀਂ ਇਹ ਪ੍ਰਸ਼ਨ ਕਿਉਂ ਖ਼ੁਦ ਨੂੰ ਨਾ ਪਾਇਆ।

ਤੁਰ ਗਿਆ ਤਾਂ ਦੂਰ

ਤੁਰ ਗਿਆ ਤਾਂ ਦੂਰ ਤੁਰ ਜਾਵਾਂਗਾ ਮੈਂ। ਫਿਰ ਕਦੇ ਵਾਪਸ ਨਹੀਂ ਆਵਾਂਗਾ ਮੈਂ। ਇਸ ਤਰਫ਼ ਚਿਤਰੇਂਗੀ ਤੂੰ ਰੰਗਾਂ ਦੀ ਪੀਂਘ, ਉਸ ਤਰਫ਼ ਰੰਗਾਂ 'ਚ ਖ਼ੁਰ ਜਾਵਾਂਗਾ ਮੈਂ। ਰਿਸ਼ਤਿਆਂ ਦੀ ਭੀੜ ਤੋਂ ਹੋ ਕੇ ਜੁਦਾ, ਉਲਝਣਾ ਸਭ ਦੂਰ ਕਰ ਜਾਵਾਂਗਾ ਮੈਂ। ਜੇ ਕਹੇਂ, ਸੂਰਜ ਦੇ ਵਾਂਗੂੰ ਬਲ ਪਵਾਂ, ਜੇ ਕਹੇਂ, ਬਣ ਬਰਫ਼ ਖੁਰ ਜਾਵਾਂਗਾ ਮੈਂ। ਧੁਖਦਿਆਂ ਹਰਫ਼ਾਂ ਤੋਂ ਬਣਿਆਂ ਹਾਂ ਸਤਰ, ਹੁਣ ਸਤਰ ਤੋਂ ਗੀਤ ਬਣ ਜਾਵਾਂਗਾ ਮੈਂ। ਉਸਦਾ ਖ਼ਤ ਆਇਆ ਮਗਰ ਲਿਖਿਆ ਸੀ ਇਹ, ਹੁਣ ਕਦੇ ਵੀ ਖ਼ਤ ਨਹੀਂ ਪਾਵਾਂਗਾ ਮੈਂ। ਖ਼ਾਕ ਵਿਚ ਮੈਂ ਰੁਲ ਰਿਹਾ ਪੱਤਾ ਸਹੀ, ਤੇਰੀ ਸਰਦਲ ਤੀਕ ਪਰ ਆਵਾਂਗਾ ਮੈਂ। ਕਲ ਸੁਣਾਂਗਾ ਦਰਦ ‘ਕੁਲਵਿੰਦਰ’ ਦਾ ਵੀ, ਅਜ ਮਗਰ ਅਪਣੀ ਗ਼ਜ਼ਲ ਗਾਵਾਂਗਾ ਮੈਂ।

ਦਿਸ਼ਾਵਾਂ ਤੋਂ ਬਚਕੇ ਘਰੀਂ ਪਰਤ ਜਾਓ

ਦਿਸ਼ਾਵਾਂ ਤੋਂ ਬਚਕੇ ਘਰੀਂ ਪਰਤ ਜਾਓ। ਮਿਰੀ ਰੂਹ ਵਾਂਗੂੰ ਨਾ ਭਟਕੋ, ਹਵਾਓ! ਅਜੇ ਰਾਤ ਬਾਕੀ ਅਜੇ ਰਾਤ ਬਾਕੀ, ਜ਼ਰਾ ਠਹਿਰ ਜਾਓ ਜ਼ਰਾ ਪਾਸ ਆਓ। ਮੈਂ ਬਿਰਖ਼ਾਂ ਨੂੰ ਬੋਲਣ ਦੀ ਦੇਨਾ ਇਜਾਜ਼ਤ, ਤੁਸੀਂ ਆਖ਼ਰੀ ਫ਼ੈਸਲਾ ਤਾਂ ਸੁਣਾਓ। ਹਵਾਵਾਂ ਦੀ ਸਰਸਰ ਖ਼ਤਮ, ਰਾਤ ਸੁੰਨੀ, ਘਰੋ ਘਰ ਤੁਸੀਂ ਦੀਵਿਆਂ ਨੂੰ ਜਗਾਓ। ਚੜ੍ਹੇਗਾ ਸਵੇਰਾ ਨਾ ਚਮਕੇਗਾ ਸੂਰਜ, ਇਹ ਸ਼ਾਇਰ ਦੀ ਕਵਿਤਾ ਨੂੰ ਸੂਲੀ ਚੜ੍ਹਾਓ। ਤੁਸੀਂ ਖ਼ੂਨ ਮੇਰਾ ਕਹੋ ਚਾਹੇ ਪਾਣੀ, ਮਗਰ ਮੇਰੇ ਗੀਤਾਂ 'ਤੇ ਨਾ ਦੋਸ਼ ਲਾਓ। ਇਹ ਛੱਡ ਜਾਣਗੇ ਦਿਲ ਦੇ ਸ਼ੀਸ਼ੇ 'ਤੇ ਲੀਕਾਂ, ਮੇਰੇ ਦੁਖ ਭਰੇ ਸ਼ਿਅਰ ਨਾ ਗੁਣਗੁਣਾਓ।

ਖ਼ਤਾਂ ਅੰਦਰ ਬਗ਼ਾਵਤ ਦਾ

ਖ਼ਤਾਂ ਅੰਦਰ ਬਗ਼ਾਵਤ ਦਾ ਤੁਸੀਂ ਪੈਗ਼ਾਮ ਲਿਖ ਦੇਣਾ। ਉਨ੍ਹਾਂ ਹਰਫ਼ਾਂ ਦਾ ਫਿਰ ਅੰਜਾਮ ਮੇਰੇ ਨਾਮ ਲਿਖ ਦੇਣਾ। ਨਹੀਂ ਇਤਰਾਜ਼ ਕੋਈ, ਵਰਕ ਦੀ ਜੇ ਹਿਕ ਰਹੀ ਕੋਰੀ, ਮਗਰ ਸਰਘੀ ਸਮੇਂ ਨੈਣਾਂ ਦੇ ਵਿਚ ਨਾ ਸ਼ਾਮ ਲਿਖ ਦੇਣਾ। ਅਗਰ ਰੰਗਾਂ ਭਰੇ ਜੀਵਨ 'ਚੋਂ ਤੈਨੂੰ ਵਕਤ ਮਿਲਿਆ ਤਾਂ, ਗ਼ੁਜ਼ਰਦੀ ਹੈ ਕਿਵੇਂ ਅਜ ਕਲ੍ਹ ਪਹਾੜੀ ਸ਼ਾਮ, ਲਿਖ ਦੇਣਾ। ਮੈਂ ਇਕ ਇਕ ਹਰਫ਼ ਇਸਦਾ ਖ਼ੂਨ ਸੰਗ ਲਿਖਿਐ, ਇਹ ਖ਼ਤ ਪੜ੍ਹਕੇ ਮਚੇਗਾ ਐਦਕੀਂ ਵੀ ਮਨ 'ਚ ਜੇ ਕੁਹਰਾਮ, ਲਿਖ ਦੇਣਾ। ਅਧੂਰੇ ਗੀਤ ਨੇ, ਹੈ ਦਰਦ ਵੀ ਅੰਤਾਂ ਦਾ ‘ਕੁਲਵਿੰਦਰ’, ਚਰਾਗ਼ਾਂ ਦਾ ਪਤਾ ਨਾ ਤੂੰ- ਹਵਾ ਦੇ ਨਾਮ ਲਿਖ ਦੇਣਾ।

ਜੀਵਨ ਦਰਿਆ ਤਰਦੇ ਤਰਦੇ

ਜੀਵਨ ਦਰਿਆ ਤਰਦੇ ਤਰਦੇ। ਲੰਘ ਜਾਵਣ ਸਭ ਖਰਦੇ ਖਰਦੇ। ਮਰਿਆਂ ਵਾਂਗਰ ਜੀਂਦੇ ਨੇ ਉਹ, ਜੀਂਦੇ ਨੇ ਜੋ ਮਰਦੇ ਮਰਦੇ। ਤੇਰੀ ਯਾਦ ਦਾ ਦੀਵਾ ਜਗਦੈ, ਹਉਕਾ ਲਈਏ ਡਰਦੇ ਡਰਦੇ । ਬਰਫ਼ ਦੇ ਜੰਗਲ ਵਿਚ ਉਗਿਆ ਰੁੱਖ, ਬਲ ਨਾ ਜਾਵੇ ਠਰਦੇ ਠਰਦੇ । ਜੰਗਲ, ਤਨਹਾਈ, ਗ਼ਮ, ਜੁਗਨੂੰ, ਇਹ ਸਭ, ਮੇਰੇ ਘਰ ਦੇ ਘਰ ਦੇ।

ਅਜ ਅਚਾਨਕ ਤੇਰੀ ਯਾਦ ਕੀ ਆ ਗਈ

ਅਜ ਅਚਾਨਕ ਤੇਰੀ ਯਾਦ ਕੀ ਆ ਗਈ ਇਸ ਤਰ੍ਹਾਂ ਝੂਮਿਆਂ ਮਨ ਉਦਾਸੀ 'ਚ ਵੀ। ਜਿਸ ਤਰ੍ਹਾਂ ਸਰਦ 'ਵਾ ਜ਼ਰਦ ਪੱਤਾਂ ਸਣੇ ਬਿਰਖ਼ ਪੂਰੇ ਦਾ ਪੂਰਾ ਝੁਲਾ ਤੁਰ ਗਈ। ਮੈਂ ਤਿਰਾ ਹਾਂ ਤਿਰਾ ਹੀ ਰਹਾਂਗਾ ਸਦਾ ਤੂੰ ਕਿਹਾ ਸੀ ਕਦੇ ਚਾਨਣੀ ਰਾਤ ਵਿਚ, ਸੁਰਖ਼ ਦਿਨ ਯਾਦ ਕਰ ਕਰ ਕੇ ਰੋਵਾਂ ਮੈਂ ਹੁਣ ਪਾ ਕੇ 'ਨੇਰੇ ਦੇ ਸੰਗ ਸੰਘਣੀ ਦੋਸਤੀ। ਮੈਂ ਜਿਹਨਾਂ ਨੂੰ ਸਮਝਦਾ ਸਾਂ ਅਪਣਾ ਸਦਾ ਵਕਤ ਆਇਆ ਤਾਂ ਮੰਗਿਆ ਮੈਂ ਹੱਥ ਓਸਦਾ, ਪਰ ਉਹਨਾਂ ਮੁਸਕਰਾ ਕੇ ਕਿਹਾ ਜੀ ਨਹੀਂ ਪਿਆਰ ਦੀ ਦਾਸਤਾਂ ਇਉਂ ਉਲਝਦੀ ਰਹੀ। ਜਿਸ ਤਰ੍ਹਾਂ 'ਵਾ 'ਚ ਉਡਦੇ ਦੋ ਪੰਛੀ ਮਿਲਣ ਦੂਰ ਦਿਸਹਦ ਤੇ ਆਕਾਸ਼ ਧਰਤੀ ਮਿਲਣ, ਰਾਤ ਦਿਨ ਦਾ ਮਿਲਣ ਹੋਂਵਦਾ ਹੈ ਜਿਵੇਂ ਜੇ ਮਿਲੀ ਇਸ ਤਰ੍ਹਾਂ ਉਹ ਮਿਲੀ ਕੀ ਮਿਲੀ। ਬਿਰਖ਼ ਦੀ ਚੁੱਪ ਨੂੰ ਇਹ ਸਮਝ ਨਾ ਲਵੀਂ ਪੀੜ ਦਾ ਜਿਸ ਤਰ੍ਹਾਂ ਇਸ ਨੂੰ ਅਹਿਸਾਸ ਨਾ, ਇਸ ਦੇ ਹਰ ਇੱਕ ਪੱਤੇ 'ਚ ਦਿਲ ਧੜਕਦਾ ਟਾਹਣੀ ਟਾਹਣੀ 'ਚ ਵਗਦੀ ਲਹੂ ਦੀ ਨਦੀ। ਖ਼ੂਬਸੂਰਤ ਘਟਾ ਰਾਂਗਲੀ ਦਾਸਤਾਂ ਮੈਂ ਜੇ ਕਵਿਤਾ ਲਿਖਾਂ ਤਾਂ ਲਿਖਾਂ ਕਿਸ ਤਰ੍ਹਾਂ, ਹਰਫ਼ ਖ਼ਾਮੋਸ਼ ਨੇ ਖ਼ੂਨ ਪਾਣੀ ਜਿਵੇਂ ਜ਼ਿਹਨ ਵਿਚ ਵਕਤ ਨੇ ਹੈ ਕੁੜੱਤਣ ਭਰੀ।

ਇਸ 'ਚ ਡੁੱਬਣਾ ਵੀ ਨਹੀਂ

ਇਸ 'ਚ ਡੁੱਬਣਾ ਵੀ ਨਹੀਂ ਤੇ ਪਾਰ ਵੀ ਕਰਨਾ ਨਹੀਂ। ਇਹ ਨਦੀ ਰੰਗਾਂ ਦੀ ਹੈ ਇਹ ਖ਼ੂਨ ਦਾ ਦਰਿਆ ਨਹੀਂ। ਇਸ ਨਗਰ ਅੰਦਰ ਕੁਈ ਵੀ ਅਜਨਬੀ ਚਿਹਰਾ ਨਹੀਂ, ਫਿਰ ਵੀ ਕਿਉਂ ਲਗਦੈ ਜਿਵੇਂ ਇਕ ਸ਼ਖ਼ਸ ਹੀ ਅਪਣਾ ਨਹੀਂ। ਵਕਤ ਹੈ ਜਸ਼ਨਾਂ ਦਾ ਡਰ ਕੇ ਬੈਠ ਨਾ ਤੂੰ ਗ਼ੈਰ ਨਾਲ, ਮੇਰਿਆਂ ਬੋਲਾਂ 'ਤੇ ਤੇਰਾ ਨਾਮ ਤਕ ਆਉਣਾ ਨਹੀਂ। ਕੀ ਸੁਣੇ ਆਵਾਜ਼ ਉਸਨੂੰ ਹੀ ਕਿਸੇ ਦੀ ਜਦ ਕਿ ਹੁਣ ਸ਼ੋਰ ਉਸਨੂੰ ਆਪਣੇ ਅੰਦਰ ਦਾ ਹੀ ਸੁਣਦਾ ਨਹੀਂ। ਪਿਆਰ ਏਨਾਂ ਨਾ ਵਧਾ ਹੁਣ ਉਸ ਮੁਸਾਫ਼ਿਰ ਨਾਲ ਤੂੰ ਵਕਤ ਰੁਕ ਸਕਦਾ ਹੈ ਪਰ ਉਸਨੇ ਕਦੇ ਰੁਕਣਾ ਨਹੀਂ। ਚਿਣਗ ਇਕ ਹੀ ਹੈ ਮੇਰੇ ਅੰਦਰ ਮੈਂ ਮੰਨਦਾ ਹਾਂ ਹਜ਼ੂਰ, ਇਕ ਸਮੁੰਦਰ ਨੇ ਮਗਰ ਇਸਨੂੰ ਬੁਝਾ ਸਕਣਾ ਨਹੀਂ। ਰੰਗ, ਖ਼ੁਸ਼ਬੂ, ਸ਼ਾਮ, ਰਿਮਝਿਮ, ਖ਼ੂਬਸੂਰਤ ਵਾਦੀਆਂ ਇਸ ਪਹਾੜੀ ਸ਼ਹਿਰ ‘ਕੁਲਵਿੰਦਰ’ ਹੀ ਬਸ ਅਪਣਾ ਨਹੀਂ।

ਤਿਰੇ ਕਦਮਾਂ 'ਚ ਵਿਛ ਜਾਵਾਂਗਾ

ਤਿਰੇ ਕਦਮਾਂ 'ਚ ਵਿਛ ਜਾਵਾਂਗਾ ਢਲਕੇ। ਨਹੀਂ ਤਾਂ ਰਾਖ ਹੋ ਜਾਵਾਂਗਾ ਜਲਕੇ। ਗੁਜ਼ਰਿਆ ਕੌਣ ਹੈ ਮਨ ਦੀ ਗਲੀ 'ਚੋਂ ਕਿ ਤੜਪੇ ਬਿਰਛ ਪੌਣਾਂ ਨਾਲ ਰਲਕੇ। ਬੜਾ ਨਿੱਕਾ ਜਿਹਾ ਦੀਵਾ ਸਹੀ ਮੈਂ, ਤਿਰਾ ਪਰ ਸ਼ਹਿਰ ਰੁਸ਼ਨਾਵਾਂਗਾ ਬਲਕੇ। ਇਨ੍ਹਾਂ ਰੂਹਾਂ ਨੂੰ ਵੀ ਆਰਾਮ ਕਿੱਥੋਂ, ਇਹ ਭਟਕਣ ਜਿਸਮ ਦੇ ਸਾਂਚੇ 'ਚ ਢਲਕੇ। ਬਦਨ ਉਸਦੇ 'ਚ ਐਸਾ ਸੇਕ ਸੀ ਕੁਝ, ਮੈਂ ਪਾਰਾ ਹੋ ਗਿਆ ਇਕ ਦਮ ਪਿਘਲ ਕੇ। ਨਾ ਮੁੜਕੇ ਮੈਂ ਬੁਝੇ ਦੀਵੇ ਜਗਾਏ, ਨਾ ਉਹ ਮੁੜਿਆ ਹਵਾ ਦਾ ਰੁਖ਼ ਬਦਲ ਕੇ। ਅਜੇ ਖ਼ਾਮੋਸ਼ ਹੈ ਮੇਰਾ ਲਹੂ, ਪਰ, ਇਹ ਗੂੰਜੇਗਾ ਤੁਹਾਡੇ ਨਾਲ ਰਲਕੇ।

ਬੇਵਫ਼ਾਈ, ਚੋਟ, ਗਰਦਸ਼, ਗ਼ਮ

ਬੇਵਫ਼ਾਈ, ਚੋਟ, ਗਰਦਸ਼, ਗ਼ਮ, ਉਦਾਸੀ, ਬਿਰਹੜਾ। ਇਕ ਵਰ੍ਹਾ ਇੰਜ ਹੋਰ ਮੇਰੀ ਜ਼ਿੰਦਗੀ ਦਾ ਬੀਤਿਆ। ਵਰ੍ਹ ਮੇਰੇ ਆਕਾਸ਼ 'ਤੇ ਤੂੰ ਬਣ ਕੇ ਸਾਵਣ ਦੀ ਘਟਾ। ਜੋ ਤਪਸ਼ ਲੱਗੀ ਏ ਚਿਰ ਤੋਂ ਠਾਰ ਦੇ ਅਜ ਦਿਲਰੁਬਾ। ਜ਼ਿੰਦਗੀ ਮੇਰੀ ਵਿੱਚ ਇਕ ਆਇਆ ਸੀ ਐਸਾ ਮਨਚਲਾ। ਲੁਟ ਕੇ ਮਨ ਦਾ ਚੈਨ ਜੋ ਮੁੜਕੇ ਕਦੇ ਨਾ ਪਰਤਿਆ। ਇਸ ਤਰ੍ਹਾਂ ਲਗਦੀ ਹੈ ਤੇਰੇ ਬਿਨ ਅਸਾਨੂੰ ਜ਼ਿੰਦਗੀ, ਹੋ ਗਈ ਹੈ ਰੂਹ ਜੀਕਣ ਜਿਸਮ ਨਾਲੋਂ ਹੀ ਜੁਦਾ। ਜਾਣ ਬੁਝਕੇ ਹੀ ਨਹੀਂ ਆਈ ਮੇਰੇ ਆਕਾਸ਼ 'ਤੇ, ਭੁੱਲ ਗਈ ਹੈ ਸ਼ਾਇਦ ਅਜ ਰਸਤਾ ਇਹ ਸਾਵਣ ਦੀ ਘਟਾ। ਆ ਜੇ ‘ਕੁਲਵਿੰਦਰ' ਨੂੰ ਮਿਲਣਾ ਏਂ ਬੰਡਾਲੇ ਪਹੁੰਚੀਏ, ਉਹ ਕਿਤੇ ਹੋਣੈ ਸਿਸਕਦਾ ਜਾਂ ਗ਼ਜ਼ਲ ਨੂੰ ਪਰਖਦਾ।

ਜਾਮ ਸ਼ਾਇਦ ਨਾ ਦਿਲਰੁਬਾ ਸ਼ਾਇਦ

ਜਾਮ ਸ਼ਾਇਦ ਨਾ ਦਿਲਰੁਬਾ ਸ਼ਾਇਦ। ਬਣਕੇ ਆਵੇਗਾ ਉਹ ਖ਼ੁਦਾ ਸ਼ਾਇਦ। ਉਹ ਜੋ ਹਸਦਾ ਸੀ ਖ਼ੂਬ ਮਹਿਫ਼ਲ ਵਿਚ, ਮਨ ਸੀ ਉਸਦਾ ਉਦਾਸਿਆ ਸ਼ਾਇਦ। ਬਰਫ਼ ਬਣਕੇ ਹੈ ਪਰਤਿਆ ਘਰ ਨੂੰ, ਅੱਗ ਬਣਕੇ ਸੀ ਨਿਕਲਿਆ ਸ਼ਾਇਦ। ਕਬਰ 'ਤੇ ਜੋ ਗੁਲਾਬ ਉੱਗਿਆ ਹੈ, ਪਿਆਰ ਅਪਣੇ ਦਾ ਸਿਲਸਿਲਾ ਸ਼ਾਇਦ। ਜਿਸਦਾ ਬਾਹਰ ਸੀ ਸਿਮਟਿਆ ਹੋਇਆ, ਉਸਦੇ ਅੰਦਰ ਸੀ ਇਕ ਖ਼ਲਾ ਸ਼ਾਇਦ। ਜੋ ਖ਼ਿਆਲਾਂ 'ਚ ਰਾਤ ਭਰ ਬਲਿਆ, ਵਹਿਮ ਮੇਰੇ ਦਾ ਸੀ ਸਿਵਾ ਸ਼ਾਇਦ। ਰੰਗ ਪਰਚਮ ਦਾ ਪੈ ਗਿਆ ਫਿੱਕਾ, ਖ਼ੂਨ ਪਾਣੀ ਹੈ ਹੋ ਗਿਆ ਸ਼ਾਇਦ। ਕਿਸ ਨੇ ਆਉਣਾ ਹੈ ਮੇਰੇ ਦਰ ਉੱਪਰ, ਵਹਿਮ ਮੇਰਾ ਹੈ ਜਾਂ ਹਵਾ ਸ਼ਾਇਦ। ਰਾਤ ਕਾਲੀ ਹਨੇਰ ਘੁੱਪ, ਜੀਕੂੰ, ਚੰਨ ਮੇਲੇ 'ਚ ਖ਼ੋਹ ਗਿਆ ਸ਼ਾਇਦ।

ਅਸੀਂ ਕੁਝ ਇਸ ਤਰ੍ਹਾਂ ਹੀ

ਅਸੀਂ ਕੁਝ ਇਸ ਤਰ੍ਹਾਂ ਹੀ ਘਰ ਸਜਾ ਲੈਂਦੇ ਤਾਂ ਚੰਗਾ ਸੀ। ਕਿ ਫੁਲ ਨਕਲੀ ਹੀ ਗੁਲਦਸਤੇ 'ਚ ਲਾ ਲੈਂਦੇ ਤਾਂ ਚੰਗਾ ਸੀ। ਬਜਾਏ ਸ਼ਹਿਰ ਦੇ ਘਰ ਵਣ 'ਚ ਪਾ ਲੈਂਦੇ ਤਾਂ ਚੰਗਾ ਸੀ। ਦਰਖ਼ਤਾਂ ਨੂੰ ਹੀ ਹਾਲ ਅਪਣਾ ਸੁਣਾ ਲੈਂਦੇ ਤਾਂ ਚੰਗਾ ਸੀ। ਕਦੇ ਤਾਂ ਜ਼ਿੰਦਗੀ ਦੇ ਥਲ 'ਚ ਉਹ ਛਾਂ ਵਾਸਤੇ ਰੁਕਦੇ, ਅਸੀਂ ਵੀ ਨਾਮ ਬਿਰਖ਼ਾਂ ਵਿਚ ਲਿਖਾ ਲੈਂਦੇ ਤਾਂ ਚੰਗਾ ਸੀ। ਮੁਹੱਬਤ ਦੀ ਸੁਨਿਹਰੀ ਧੁੰਦ ਵਿਚ ਖ਼ੁਦ ਨੂੰ ਗੁਵਾਚਣ ਤੋਂ, ਅਸੀਂ ਜੇ ਹੋਸ਼ ਵਿਚ ਆ ਕੇ ਬਚਾ ਲੈਂਦੇ ਤਾਂ ਚੰਗਾ ਸੀ। ਬਿਨਾਂ ਪੜ੍ਹਿਆਂ ਮੇਰਾ ਖ਼ਤ ਪਾੜ ਦਿੱਤਾ ਹੈ ਉਹਦੀ ਮਰਜ਼ੀ, ਜੇ ਖ਼ਤ ਪੜ੍ਹਕੇ ਉਹ ਸੀਨੇ ਨਾਲ ਲਾ ਲੈਂਦੇ ਤਾਂ ਚੰਗਾ ਸੀ।

ਹਾਲੇ ਏਸ ਉਦਾਸੇ ਰੁਖ ਨੂੰ

ਹਾਲੇ ਏਸ ਉਦਾਸੇ ਰੁਖ ਨੂੰ ਕੁਝ ਨਾ ਕਹਿਣਾ ਯਾਰੋ। ਇਸ ਉੱਪਰ ਵੀ ਪੰਛੀ ਨੇ ਇਕ ਦਿਨ ਆ ਬਹਿਣਾ ਯਾਰੋ। ਸੂਲੀ ਉੱਪਰ ਚੜ੍ਹ ਜਾਵਾਂਗਾ ਸ਼ਾਂਤ ਸਮੁੰਦਰ ਵਾਂਗੂੰ, ਚੀਖ਼ ਸੁਣੋਗੇ ਮੇਰੀ ਤਾਂ ਫਿਰ ਮੈਨੂੰ ਕਹਿਣਾ ਯਾਰੋ । ਕਤਲ ਜਿਨ੍ਹਾਂ ਨੇ ਕੀਤਾ ਅਪਣਾ ਸੂਰਜ ਅਪਣੇ ਹੱਥੀਂ, ਖ਼ਬਰੇ ਉਹਨਾਂ ਨੇ ਹੈ ਕਦ ਤਕ ਰੋਂਦੇ ਰਹਿਣਾ ਯਾਰੋ ? ਅੰਬਰ ਦੇ ਵਿਚ ਘੋਰ-ਹਨੇਰਾ ਜੰਗਲ ਚੀਖ਼-ਚਿਹਾੜਾ, ਮੈਂ ਜੀਵਨ ਵਿਚ ਇਹ ਸਭ ਕੁਝ ਵੀ ਸਹਿੰਦੇ ਰਹਿਣਾ ਯਾਰੋ। ਮੈਂ ਤੇ ਮੇਰੀ ਕਵਿਤਾ ਨੇ ਜਦ ਅਗ ਦੀ ਉਮਰੇ ਹੋਣਾ, ਫਿਰ ਤਾਂ ਸਾਡਾ ਸੂਰਜ ਨੇ ਵੀ ਸੇਕ ਨਾ ਸਹਿਣਾ ਯਾਰੋ।

ਬੀਤ ਚੁੱਕੀ ਜ਼ਿੰਦਗੀ ਦੀ ਜਦ ਵੀ

ਬੀਤ ਚੁੱਕੀ ਜ਼ਿੰਦਗੀ ਦੀ ਜਦ ਵੀ ਆ ਜਾਂਦੀ ਹੈ ਯਾਦ। ਦੋਸਤੋ ਭਾਂਬੜ ਜਿਹਾ ਦਿਲ ਵਿਚ ਮਚਾ ਜਾਂਦੀ ਹੈ ਯਾਦ। ਰੰਗ ਅਪਣਾ ਚਾੜ੍ਹ ਜਦ ਸੋਚਾਂ 'ਤੇ ਛਾ ਜਾਂਦੀ ਹੈ ਯਾਦ। ਫਿਰ ਨਵਾਂ ਮਤਲਾ, ਕੋਈ ਮਕਤਾ ਬਣਾ ਜਾਂਦੀ ਹੈ ਯਾਦ। ਦੋਸਤੋ ਹਰਿਆਂ ਨੇ ਤਾਂ ਉਂਜ ਝੂਮਣਾ ਹੋਇਆ ਜ਼ਰੂਰ, ਸੁੱਕਿਆਂ ਬਿਰਖ਼ਾਂ ਨੂੰ ਵੀ ਅਕਸਰ ਝੁਲਾ ਜਾਂਦੀ ਹੈ ਯਾਦ। ਕੋਈ ਕਿਉਂ ਮਰੀਅਮ ਜਿਹੀ ਨੂੰ ਯਾਦ ਕਰ ਰੋਵੇ ਨ ਜਦ, ਬੇਵਫ਼ਾ ਬੇਦਰਦ ਜ਼ਾਲਿਮ ਦੀ ਵੀ ਆ ਜਾਂਦੀ ਹੈ ਯਾਦ। ਮੈਂ ਨਹੀਂ ਸ਼ਾਇਰ ਕਿ ਮੇਰਾ ਨਾਮ ਨਾ ਗਿਣਿਓ ਹਜ਼ੂਰ, ਇਹ ਝਰੀਟਾਂ ਤਾਂ ਕਿਤੇ ਐਵੇਂ ਪੁਆ ਜਾਂਦੀ ਹੈ ਯਾਦ।

ਉਸਦੇ ਵਿਯੋਗ ਦਾ ਇਹ ਅਦਭੁਤ

ਉਸਦੇ ਵਿਯੋਗ ਦਾ ਇਹ ਅਦਭੁਤ ਕਮਾਲ ਦੇਖੋ। ਅਬਲਾ ਤੋਂ ਭੈੜਾ ਹੋਇਆ, 'ਵਿੰਦਰ ਦਾ ਹਾਲ ਦੇਖੋ। ਬਿਰਹੋਂ 'ਚ ਹੋ ਗਿਆ ਜੋ ਬਿਰਹਣ ਦਾ ਹਾਲ ਦੇਖੋ। ਦਰਦਾਂ ਦੇ ਹਉਕਿਆਂ 'ਚੋਂ ਉਠਦੇ ਭੁਚਾਲ ਦੇਖੋ। ਬਰਸਾਤ ਵਿੱਚ ਔੜਾਂ, ਬਰਸਾਤ ਔੜ ਵੇਲੇ, ਕੁਦਰਤ ਦਾ ਹੈ ਅਨੋਖਾ ਕੈਸਾ ਕਮਾਲ ਦੇਖੋ। ਅਪਣੀ ਤਲਾਸ਼ ਵਿਚ ਹੀ ਉਹ ਸ਼ਖ਼ਸ ਅਜ ਭਟਕਦੈ, ਕਰਦਾ ਰਿਹਾ ਸੀ ਜਿਹੜਾ ਸੂਰਜ ਦੀ ਭਾਲ ਦੇਖੋ। ਤੇਰੀ ਉਡੀਕ ਵਿਚ ਮੈਂ ਅਜ ਤੀਕ ਜੀ ਰਿਹਾ ਹਾਂ, ਆ ਕੇ ਕਦੀ ਤਾਂ ਅਪਣੇ 'ਵਿੰਦਰ ਦਾ ਹਾਲ ਦੇਖੋ।

ਆਖ਼ਰ ਕਮਾਲ ਹੋ ਗਿਆ

ਆਖ਼ਰ ਕਮਾਲ ਹੋ ਗਿਆ ਉਹਨਾਂ ਦੇ ਖ਼ਾਬ ਦਾ। ਖ਼ੰਡਰ 'ਚ ਫ਼ੁੱਲ ਉੱਗਿਆ ਸੂਹਾ ਗੁਲਾਬ ਦਾ। ਪੜ੍ਹਕੇ ਉਨ੍ਹਾਂ ਨੇ ਇਸ ਤਰ੍ਹਾਂ ਸੁੱਟੀ ਕਿ ਦੋਸਤੋ, ਵਰਕਾ ਹਰੇਕ ਪਾਟਿਆ ਦਿਲ ਦੀ ਕਿਤਾਬ ਦਾ। ਅਰਥਾਂ ਦੀ ਭਾਲ ਕਰਨ ਦੀ ਖ਼ਾਤਿਰ ਹੀ ਰਾਤ ਭਰ, ਸ਼ਬਦਾਂ ਦੇ ਨਾਲ ਯੁੱਧ ਸੀ ਹੋਇਆ ਜਨਾਬ ਦਾ। ਧੁਖ਼ਣੈ ਤੁਸੀਂ ਵਿਚਾਰ ਕੇ ਮੈਨੂੰ ਵੀ ਦੇਰ ਤਕ, ਮਘਦਾ ਸਫ਼ਾ ਹਾਂ ਮੈਂ ਵੀ ਤਾਂ ਬਲਦੀ ਕਿਤਾਬ ਦਾ। ਵਜਦੈ ਅਜੀਬ ਸਾਜ਼ ਜੋ ਸਿਵਿਆਂ 'ਚ ਰਾਤ ਭਰ, ਸੁਣਿਐਂ ਕਿ ਏਥੇ ਕਤਲ ਸੀ ਹੋਇਆ ਰਬਾਬ ਦਾ।

ਉਹ ਮੇਰੀ ਨਸ ਨਸ 'ਚ ਹੀ ਰਚਿਆ

ਉਹ ਮੇਰੀ ਨਸ ਨਸ 'ਚ ਹੀ ਰਚਿਆ ਰਹੇਗਾ ਦੇਰ ਤਕ । ਜ਼ਖ਼ਮ ਉਸਦੇ ਹਿਜਰ ਦਾ ਅੱਲਾ ਰਹੇਗਾ ਦੇਰ ਤਕ। ਕੀ ਕਰੋਗੇ ਇਸ 'ਤੇ ਪਾਣੀ ਪਾ ਕੇ ਹੁਣ, ਜਦ ਕੇ ਹਜ਼ੂਰ ਇਸ ਦਾ ਦਿਲ ਜਲਦਾ ਹੈ ਇਹ ਜਲਦਾ ਰਹੇਗਾ ਦੇਰ ਤਕ। ਜਦ ਘੜੀ ਤੇਰੇ ਮੇਰੇ ਵਿਛੜਨ ਦੀ ਆ ਜਾਵੇਗੀ ਫਿਰ, ਵਕਤ ਕੀ ਹਰ ਸ਼ੈਅ ਦਾ ਦਿਲ ਰੁਕਿਆ ਰਹੇਗਾ ਦੇਰ ਤਕ। ਤੇਰਿਆਂ ਨੈਣਾਂ 'ਚ ਗਹਿਰਾਈ ਹੈ ਵਧਕੇ ਝੀਲ ਤੋਂ, ਤੇਰਿਆਂ ਨੈਣਾਂ 'ਚ ਉਹ ਡੁੱਬਿਆ ਰਹੇਗਾ ਦੇਰ ਤਕ। ਉਹ ਵੀ ਭੁੱਲ ਜਾਵੇਗਾ ਉਸਦੀ ਯਾਦ ਵੀ, ਪਰ ਫੇਰ ਵੀ, ਹਿਜਰ ਦਾ ਕੰਡਾ ਜਿਹਾ ਚੁਭਦਾ ਰਹੇਗਾ ਦੇਰ ਤਕ । ਵਕਤ ਫੜਨਾ ਲੋਚਦੇ ਹਾਂ ਵਕਤ ਕਦ ਫੜਿਆ ਗਿਆ, ਇਹ ਤਾਂ ਇਕ ਸੁਪਨਾ ਹੈ ਜੋ ਸੁਪਨਾ ਰਹੇਗਾ ਦੇਰ ਤਕ ।

ਜਦੋਂ ਵੀ ਸੰਘਣੇ ਜੰਗਲ 'ਚ

ਜਦੋਂ ਵੀ ਸੰਘਣੇ ਜੰਗਲ 'ਚ ਢਲ ਗਿਆ ਸੂਰਜ। ਤਾਂ ਹੋਰ ਸੋਚ ਦੇ ਸਹਿਰਾ 'ਚ ਬਲ ਗਿਆ ਸੂਰਜ। ਮੈਂ ਧੁਖ਼ ਕੇ ਇਸ ਤਰ੍ਹਾਂ ਮਚਿਆ ਕਿ ਸਾਮ੍ਹਣੇ ਮੇਰੇ ਪਲਾਂ 'ਚ ਮੋਮ ਦੇ ਵਾਂਗੂੰ ਪਿਘਲ ਗਿਆ ਸੂਰਜ। ਕਿਸੇ ਦੇ ਵਾਸਤੇ ਮੈਂ ਤਪਦੇ ਥਲ 'ਚ ਬਿਰਖ਼ ਬਣਾਂ ਇਹ ਸੋਚਦਾ ਸਾਂ, ਕਿ ਰਸਤਾ ਬਦਲ ਗਿਆ ਸੂਰਜ। ਨਾ ਇਸ 'ਚ ਰੌਸ਼ਨੀ, ਨਾ ਨਿੱਘ, ਨਾ ਹੀ ਰੰਗ ਰਿਹੈ, ਕਿ ਤੇਰੇ ਵਾਂਗ ਹੀ ਕਿੰਨਾ ਬਦਲ ਗਿਆ ਸੂਰਜ। ਚਰਾਉਣ ਵਾਸਤੇ ਸਾਡੇ 'ਤੋਂ ਸੰਦਲੀ ਸ਼ਾਮਾਂ, ਹਰੇਕ ਸ਼ਾਮ ਸਮੁੰਦਰ ਨਿਗਲ ਗਿਆ ਸੂਰਜ।

ਜਦ ਵੀ ਸੂਰਜ ਚੱਲਿਆ

ਜਦ ਵੀ ਸੂਰਜ ਚੱਲਿਆ, ਚਲਿਆ ਆਪਣੀ ਚਾਲ। ਮੈਂ ਵੀ ਤੁਰਿਆ ਆਪਣੇ ਪਰਛਾਵੇਂ ਦੇ ਨਾਲ। ਤਨ ਠਰਿਆ ਮਨ ਝੁਲਸਿਆ, ਰਾਤੀਂ ਦੀਵਾ ਬਾਲ। ਤਨ ਨੂੰ ਕੁਝ ਕੁਝ ਸੇਕਿਆ ਧੁਖ਼ਦੇ ਲਫ਼ਜ਼ਾਂ ਨਾਲ। ਜੰਗਲ ਵਿਚ ਇਕ ਬਿਰਖ਼ ਸੀ ਉਸ ਉੱਪਰ ਇਕ ਡਾਲ। ਨਾ ਜਾਣੇ ਅਜ ਤੀਕ ਕਿਉਂ ਉਸਦੇ ਆਉਣ ਖ਼ਿਆਲ। ਦਿਲ ਵੀ ਤੇ ਦਰਿਆ ਵੀ, ਪੰਛੀ ਦੀ ਪਰਵਾਜ਼ ਵੀ, ਕੀ ਕੁਝ ਲਹਿੰਦਾ ਜਾ ਰਿਹੈ, ਸੂਰਜ ਲੱਥਣ ਨਾਲ। ਛਡ ਦੇ ਹੁਣ ਮਹਿਤਾਬ ਨੂੰ ਤੇ ਸੂਰਜ ਦੇ ਖ਼ਾਬ ਨੂੰ, ਦਿਲ ਦੇ ਉਜੜੇ ਖੰਡਰੀਂ, ਚੱਲ ਇਕ ਦੀਵਾ ਬਾਲ।

ਘਰ ਦੇ ਚਿਰਾਗ਼ ਰੋਜ਼ ਹਵਾਵਾਂ

ਘਰ ਦੇ ਚਿਰਾਗ਼ ਰੋਜ਼ ਹਵਾਵਾਂ ਬੁਝਾਉਂਦੀਆਂ। ਜੇਰੇ ਦੇ ਨਾਲ ਰੋਜ਼ ਪਰ ਮਾਂਵਾਂ ਜਗਾਉਂਦੀਆਂ। ਮੈਂ ਵੀ ਘਨੇੜੀ ਯਾਦ ਦੀ ਚੜ੍ਹਿਆ ਰਿਹਾ ਸਾਂ ਰਾਤ, ਯਾਦਾਂ ਵੀ ਸਾਰੀ ਰਾਤ ਨਾ ਥਕੀਆਂ ਘਮਾਉਂਦੀਆਂ। ਏਨੀ ਸੀ ਗਹਿਰੀ ਚੁੱਪ ਕਿ ਵਾਦੀ 'ਚ ਰਾਤ ਭਰ, ਖ਼ਾਮੋਸ਼ੀਆਂ ਵੀ ਲਗਦੀਆਂ ਸਨ ਸ਼ੋਰ ਪਾਉਂਦੀਆਂ। ਸੰਭਵ ਸੀ ਜਿੱਥੋਂ ਤੀਕ ਵੀ, ਮੈਂ ਦੂਰ ਦੂਰ ਤਕ ਤਕਦਾ ਤਾਂ ਲੋਆਂ ਫੇਰ ਵੀ ਨਜ਼ਰੀਂ ਨਾ ਆਉਂਦੀਆਂ। ਜਦ ਵਧ ਰਿਹਾ ਸਾਂ ਸ਼ੂਕਦੇ ਦਰਿਆ ਦੇ ਵਾਂਗ ਮੈਂ, ਰਸਤੇ ’ਚ ਫਿਰ ਹਨੇਰੀਆਂ ਅੜ੍ਹਚਣ ਕੀ ਪਾਉਂਦੀਆਂ।

ਹਨੇਰਾ ਪਹੁੰਚ ਹੀ ਚੁਕਿਆ ਹੈ

ਹਨੇਰਾ ਪਹੁੰਚ ਹੀ ਚੁਕਿਆ ਹੈ ਹੁਣ ਸਖਣੇ ਘਰਾਂ ਤੀਕਰ । ਮਿਸ਼ਾਲਾਂ ਬਾਲ ਰੱਖੋ, ਪਹੁੰਚ ਸਕਦੈ ਇਹ ਮਨਾਂ ਤੀਕਰ। ਸੁਲਗਦੇ ਥਲ 'ਚ ਰਾਹੀਆਂ ਨੂੰ ਕਰੋ ਛਾਵਾਂ ਤੇ ਜਾਂ ਬਿਰਖ਼ੋ, ਖ਼ਲਾ ਅੰਦਰ ਭਟਕਦੀ ਚੀਖ਼ ਲੈ ਜਾਵੋ ਸੁਰਾਂ ਤੀਕਰ। ਨਾ ਕਿਧਰੇ ਛਾਂ ਮਿਲੀ ਤਪਦੇ ਥਲਾਂ ਅੰਦਰ ਹੀ ਬਿਰਖ਼ਾਂ ਤੋਂ, ਨਾ ਤੇਰੀ ਜ਼ੁਲਫ ਦਾ ਸਾਇਆ ਹੀ ਆ ਸਕਿਆ ਥਲਾਂ ਤੀਕਰ। ਤੂੰ ਪਾ ਕੇ ਲਾਲ ਚੂੜਾ ਤੇ ਲਗਾ ਕੇ ਸੁਰਖ ਮਹਿੰਦੀ ਅਜ, ਅਚਾਨਕ ਹੀ ਪੁਚਾ ਦਿੱਤਾ ਹੈ ਮੈਨੂੰ ਖੰਡਰਾਂ ਤੀਕਰ। ਜ਼ਰੂਰਤ ਹੀ ਨਹੀਂ ਪੈਣੀ ਚਰਾਗ਼ਾਂ ਦੀ ਬਨੇਰੇ 'ਤੇ, ਕਿ ਕਬਰਾਂ ਪਹੁੰਚ ਹੀ ਚੁਕੀਆਂ ਸਮਝ ਵਸਦੇ ਘਰਾਂ ਤੀਕਰ।

ਸੂਰਜ ਦੇ ਖ਼ਾਬ ਦੇਖ ਤੂੰ

ਸੂਰਜ ਦੇ ਖ਼ਾਬ ਦੇਖ ਤੂੰ ਕਿਰਨਾਂ ਦੇ ਖ਼ਾਬ ਦੇਖ। ਇਸ ਕਾਲ ਕੋਠੜੀ 'ਚ ਵੀ ਲਹਿਰਾਂ ਦੇ ਖ਼ਾਬ ਦੇਖ। ਤਪਦੇ ਥਲਾਂ 'ਚੋਂ ਲੰਘਣੈ ਬੇਡੋਲ, ਇਸ ਲਈ, ਲੰਮੇ ਸਫ਼ਰ 'ਚ ਨਾ ਅਜੇ ਬਿਰਖ਼ਾਂ ਦੇ ਖ਼ਾਬ ਦੇਖ। ਮੇਰੇ ਖ਼ਤਾਂ 'ਚ ਜ਼ੁਲਫ਼ ਨਾ ਜਸ਼ਨਾਂ ਦਾ ਜ਼ਿਕਰ ਹੈ, ਮੇਰੇ ਖ਼ਤਾਂ 'ਚ ਧੁਖ਼ ਰਹੇ ਹਰਫ਼ਾਂ ਦੇ ਖ਼ਾਬ ਦੇਖ। ਨਾ ਫ਼ਿਕਰ ਕਰ ਤੂੰ ਡੁੱਬਦੇ ਸੂਰਜ ਦਾ ਸ਼ਾਮ ਨੂੰ, ਅੰਬਰ 'ਚ ਚੜ੍ਹਦੇ ਚੰਨ ਦੀਆਂ ਰਿਸ਼ਮਾਂ ਦੇ ਖ਼ਾਬ ਦੇਖ। ਬੀਵੀ ਕਹੇ ਤਾਂ ਇਹ ਕਹੇ ਰੋਟੀ ਦਾ ਕਰ ਖ਼ਿਆਲ, 'ਵਿੰਦਰ ਕਹੇ ਤਾਂ ਇਹ ਕਹੇ ਗ਼ਜ਼ਲਾਂ ਦੇ ਖ਼ਾਬ ਦੇਖ।

ਤਨਹਾਈ ਨੂੰ ਪਾਸ ਬਿਠਾ ਕੇ

ਤਨਹਾਈ ਨੂੰ ਪਾਸ ਬਿਠਾ ਕੇ। ਰੋ ਲੈਂਦਾ ਹਾਂ ਬੂਹਾ ਲਾ ਕੇ। ਸੰਨਾਟਾ ਵੀ ਚੀਖ਼ ਰਿਹਾ ਸੀ, ਮੇਰੇ ਸੁੰਨੇ ਘਰ ਵਿਚ ਆ ਕੇ। ਕੀ ਚਲਣੀ ਸੀ ਤੇਗ਼ ਤੁਹਾਡੀ, ਅਜ ਸਾਡੀ ਗਰਦਨ ਤਕ ਆ ਕੇ। ਮੇਰੀ ਅੱਖ ਵਿਚ ਆਇਆ ਹੰਝੂ, ਮਾਰੂਥਲ ’ਤੇ ਡੁਲਣੈ ਜਾ ਕੇ। ਸ਼ਿਅਰਾਂ ਨੂੰ ਲਿਸ਼ਕਾਉਂਦਾ ਹਾਂ ਮੈਂ, ਅਕਸਰ ਖ਼ੂਨ ਜਿਗਰ ਦਾ ਪਾ ਕੇ।

ਸ਼ਾਮ, ਅੱਖ ਨਮ, ਨਮ, ਢਲਦੇ ਸੂਰਜ ਦਾ

ਸ਼ਾਮ, ਅੱਖ ਨਮ, ਨਮ, ਢਲਦੇ ਸੂਰਜ ਦਾ ਨਾ-ਮੰਜ਼ਰ ਲਿਖ ਦਿਓ। ਘਰ ਨੂੰ ਜਦ ਵੀ ਖ਼ਤ ਲਿਖੋ ਬਸ ਹਾਲ ਬਿਹਤਰ ਲਿਖ ਦਿਓ। ਮੇਰਿਆਂ ਖ਼ਾਬਾਂ ਦੇ ਵਾਂਗਰ ਹੋ ਨਾ ਜਾਵੇ ਕਿਰਚ ਕਿਰਚ, ਦੇਖਿਓ, ਸ਼ੀਸ਼ਾ ਹੈ ਇਹ ਇਸ 'ਤੇ ਨਾ ਪੱਥਰ ਲਿਖ ਦਿਓ। ਰਾਤ ਭਰ ਤੜਪੇ ਨੇ ਮੇਰੇ ਨਾਲ ਪਹਿਲੋਂ ਹੀ ਜਨਾਬ, ਮੇਰਿਆਂ ਹਰਫ਼ਾਂ ਦੇ ਸੀਨੇ 'ਤੇ ਨਾ ਨਸ਼ਤਰ ਲਿਖ ਦਿਓ। ਪਰ ਕਤਰ ਕੇ ਉਸ ਨੇ ਜੇਕਰ ਇਹ ਕਿਹਾ ਤਾਂ ਕੀ ਕਿਹਾ, ਇਸ ਪਰਿੰਦੇ ਵਾਸਤੇ ਹੁਣ ਨੀਲ-ਅੰਬਰ ਲਿਖ ਦਿਓ। ਕਰ ਹੀ ਬੈਠੇ ਹੋ ਜੇ ਮਾਰੂਥਲ ਜਿਹਾ ਉਸਦਾ ਬਦਨ, ਉਸਦਿਆਂ ਨੈਣਾਂ 'ਚ ਵੀ ਗਹਿਰਾ ਸਮੁੰਦਰ ਲਿਖ ਦਿਓ। ਡੋਬ ਕੇ ਸੀਨੇ 'ਚ ਖ਼ੰਜਰ ਨੋਚ ਕੇ ਮੇਰੇ ਹੀ ਪਰ, ਹੁਣ ਲਹੂ ਦੇ ਨਾਲ਼ ਖ਼ਤ ਦਾ ਅੱਖਰ ਅੱਖਰ ਲਿਖ ਦਿਓ।

ਮੇਰੇ ਹੀ ਵਾਂਗ ਬਿਲਕੁਲ ਤਰ ਹੈ

ਮੇਰੇ ਹੀ ਵਾਂਗ ਬਿਲਕੁਲ ਤਰ ਹੈ ਜਨਾਬ ਦੇਖੋ। ਸ਼ੀਸ਼ੇ ਦੀ ਅੱਖ ਵਿਚ ਵੀ ਭਰਿਆ ਹੈ ਆਬ ਦੇਖੋ। ਖੰਡਰ ਉਜਾੜ ਦਿਲ ਦੀ ਵੀਰਾਨ ਧਰਤ ਉੱਪਰ, ਉਗਿਆ ਅਖ਼ੀਰ ਜਾ ਕੇ ਸੂਹਾ ਗੁਲਾਬ ਦੇਖੋ। ਇਸਦੇ ਹਰਿਕ ਸਫ਼ੇ 'ਤੇ ਲਿਖਿਆ ਹੈ ਨਾਮ ਤੇਰਾ, ਆਓ ਕਿ ਫੋਲ ਕੇ ਇਹ ਦਿਲ ਦੀ ਕਿਤਾਬ ਦੇਖੋ। ਬੁਝਣੀ ਨਾ ਪਿਆਸ ਉਸ ਬਿਨ ਭਾਵੇਂ ਪਿਲਾ ਕੇ ਮੈਨੂੰ, ਸਤਲੁਜ, ਬਿਆਸ, ਜਿਹਲਮ, ਰਵੀ, ਚਨਾਬ ਦੇਖੋ। ਲਿਖਦਾ ਰਿਹਾ ਹੈ ਖ਼ਤ ਉਹ ਮੈਨੂੰ ਵਫ਼ਾ ਦੇ ਬੇਸ਼ਕ, ਖਾਂਦਾ ਰਿਹਾ ਹੈ ਐਪਰ ਦਿਲ ਦਾ ਕਬਾਬ ਦੇਖੋ।

ਚਲੋ ਚਲੀਏ ਤੇ ਆਪਾਂ ਘਰ ਬਣਾਈਏ

ਚਲੋ ਚਲੀਏ ਤੇ ਆਪਾਂ ਘਰ ਬਣਾਈਏ ਜੰਗਲਾਂ ਵਿਚ। ਕਿ ਹੁਣ ਜੰਗਲ ਹੀ ਜੰਗਲ ਉਗ ਪਏ ਨੇ ਬਸਤੀਆਂ ਵਿਚ। ਨਗਨ ਪਿੰਡਿਆਂ ਨੂੰ ਪੱਤਾਂ ਨਾਲ ਢਕ ਦੇਣਾ ਹਵਾ ਨੇ, ਦਰਖ਼ਤਾਂ 'ਚੋਂ ਲਹੂ ਸਿੰਮਿਆਂ ਜਦੋਂ ਮੇਰੇ ਗ਼ਰਾਂ ਵਿਚ। ਉਹ ਮਲਬੇ ਹੇਠ ਬੇਸ਼ਕ ਦਫ਼ਨ ਹੋ ਚੁਕਿਆ ਹੈ ਚਿਰ ਤੋਂ, ਅਜੇ ਤਕ ਚੀਕ ਉਸਦੀ ਸੁਣ ਰਹੀ ਹੈ ਖੰਡਰਾਂ ਵਿਚ। ਭਰੇ ਛਾਲੇ ਲਈ ਪੈਰਾਂ 'ਚ ਤੇਰੀ ਭਾਲ ਅੰਦਰ, ਮੈਂ ਕਿੰਨੀ ਦੇਰ ਤਕ ਚਲਦਾ ਰਿਹਾਂ ਤਪਦੇ ਥਲਾਂ ਵਿਚ। ਇਹ ਗਹਿਰਾ 'ਨ੍ਹੇਰ ਤਨਹਾਈ ਨੂੰ ਹੀ ਨਾ ਨਿਗਲ ਜਾਵੇ, ਤੁਸੀਂ ਦੀਵੇ ਜਗਾਓ ਦੋਸਤੋ ਸੁੰਨੇ ਘਰਾਂ ਵਿਚ।

ਜੇ ਉਸਦੀ ਇੱਕ ਅੱਖ ਅੰਦਰ

ਜੇ ਉਸਦੀ ਇੱਕ ਅੱਖ ਅੰਦਰ ਸੁਲਗਦੇ ਥਲ ਦਾ ਮੰਜ਼ਰ ਹੈ। ਤਾਂ ਉਸਦੀ ਦੂਸਰੀ ਅੱਖ ਵਿੱਚ ਇਕ ਗਹਿਰਾ ਸਮੁੰਦਰ ਹੈ। ਉਹ ਬਸਤੀ ਵੱਲ ਮੁੜੇ ਜੰਗਲ ਦੇ ਵਿੱਚੋਂ ਦੇਖ ਕੇ ਚਾਨਣ, ਉਨ੍ਹਾਂ ਨੂੰ ਕੀ ਪਤਾ ਕਿ ਉਹ ਤਾਂ ਬਲਦੇ ਘਰ ਦਾ ਮੰਜ਼ਰ ਹੈ। ਵਿਚਾਰਾ ਮਰ ਗਿਆ ਥਲ ਵਿਚ ਭਟਕਦਾ ਭਾਲਦਾ ਪਾਣੀ, ਮਗਰ ਉਸ ਨੂੰ ਪਤਾ ਨਾ ਸੀ ਕਿ ਉਸ ਅੰਦਰ ਸਮੁੰਦਰ ਹੈ। ਮੈਂ ਅਪਣੇ ਮਨ ਦੀਆਂ ਪਰਤਾਂ ਨੂੰ ਜਦ ਵੀ ਪਰਤ ਕੇ ਡਿੱਠਾ, ਜੇ ਉੱਪਰ ਰੇਤ ਹੈ ਤਾਂ ਰੇਤ ਹੇਠਾਂ ਇਕ ਸਮੁੰਦਰ ਹੈ। ਤੂੰ ਅਧ ਵਿਚਕਾਰ ਫਸਿਆ ਦੋ ਬਰਿਹਮੰਡਾਂ ’ਚ ‘ਕੁਲਵਿੰਦਰ', ਨਾ ਤੇਰੇ ਹੇਠ ਹੈ ਧਰਤੀ ਤੇ ਨਾ ਉੱਪਰ ਹੀ ਅੰਬਰ ਹੈ।

ਮੇਰੇ ਸ਼ਿਅਰਾਂ ’ਚ ਇੱਕ ਚਿਹਰਾ

ਮੇਰੇ ਸ਼ਿਅਰਾਂ ’ਚ ਇੱਕ ਚਿਹਰਾ ਜਿਹਾ ਦਿਸਦਾ ਹੈ ਜੋ, ਜੇ ਸੱਚ ਪੁੱਛੇਂ ਤਾਂ ਉਹ ਤੇਰੇ ਸਿਵਾ ਕੋਈ ਨਹੀਂ। ਤਿਰੇ ਜਿੰਨਾ ਵੀ ਇਸ ਦੁਨੀਆਂ 'ਚ ਕੋਈ ਨਾ ਕਠੋਰ, ਤਿਰੇ ਜਿੰਨਾ ਵੀ ਕੋਮਲ, ਐ ਦਿਲਾ ! ਕੋਈ ਨਹੀਂ। ਤੂੰ ਆ ਕੇ ਦੇਖ ‘ਕੁਲਵਿੰਦਰ' ਮੇਰੇ ਦਿਲ ਦੀ ਕਿਤਾਬ, ਤੇਰੇ ਨਾਂਅ ਤੋਂ ਬਿਨਾਂ ਖਾਲੀ ਸਫ਼ਾ ਕੋਈ ਨਹੀਂ।

ਕੁਝ ਸ਼ਿਅਰ

ਦਿਲ ਦੀ ਸੁਰ ਨੂੰ ਬੇਸੁਰੇ ਲੋਕਾਂ ਨੇ ਕੀ ਹੈ ਸਮਝਣਾ, ਬੰਸਰੀ ਦੀ ਤਾਨ ’ਤੇ ਉਂਜ ਸ਼ਹਿਰ ਸਾਰਾ ਗਾਇਗਾ। *** ਇਹ ਕੈਸਾ ਹੈ ਸਿਲਸਲਾ, ਇਹ ਕੈਸਾ ਹੈ ਕਹਿਰ । ਜੰਗਲ ਵਿਚ ਸੁੰਨਸਾਨ ਹੈ, ਚੀਖ਼-ਚਿਹਾੜਾ ਸ਼ਹਿਰ। *** ਕੁਝ ਰੁਖ ਸੜ ਸੁਕ ਜਾਂਦੇ ਕਿਉਂ ਹਰਿਆਵਲ ਵਿਚ, ਕੁਝ ਰੁਖ ਪਤਝੜ ਵਿਚ ਵੀ ਰਹਿੰਦੇ ਹਰੇ ਭਰੇ। *** ਅੰਬਰ ਨੂੰ ਖ਼ਤ ਲਿਖੇ ਕਦੇ ਸਾਗਰ ਨੂੰ ਖ਼ਤ ਲਿਖੇ। ਮਿਲਿਆ ਜਵਾਬ ਨਾ, ਮਗਰ ਘਰ ਘਰ ਨੂੰ ਖ਼ਤ ਲਿਖੇ। *** ਉਹ ਜੋ ਸੂਹੇ ਲਾਲ ਪਰ ਮਹਿਕੋਂ ਬਿਨਾਂ ਨੇ, ਮੈਂ ਉਨ੍ਹਾਂ ਫੁੱਲਾਂ ਦਾ ਦੁਖ ਵੀ ਜਾਣਦਾ ਹਾਂ। *** ਜੀਵਨ 'ਚ ਮੇਰੇ ਕਿਸ ਤਰ੍ਹਾਂ ਦੇ ਦਿਨ ਨੇ ਇਹ ਆਏ। ਉਫ ! ਰਾਤ ਤੋਂ ਕਾਲੇ ਨੇ ਸਵੇਰੇ ਦੇ ਹੀ ਸਾਏ। *** ਬਚਪਨ 'ਚ ਜਿਦ੍ਹੇ ਨਾਲ ਸੀ ਕੁਝ ਪਲ ਮੈਂ ਬਿਤਾਏ। ਰਹਿ ਰਹਿ ਕੇ ਉਹ ਹੀ ਸ਼ਖ਼ਸ ਮੇਰਾ ਚੈਨ ਚੁਰਾਏ। *** ਉਲੀਕੀ ਸੀ ਮੈਂ ਜਿਹੜੀ ਬੇਖ਼ੁਦੀ ਵਿਚ, ਗ਼ਜ਼ਲ, ਉਹ ਰਾਤ ਭਰ ਸੁਣਦਾ ਰਿਹਾ ਸੀ। *** ਤੇਰੇ ਬਿਨ ਰਾਸ ਫਿਰ ਆਈ ਨਾ ਮੁੜਕੇ, ਪਹਾੜੀ ਸ਼ਹਿਰ ਦੀ ਆਬੋ ਹਵਾ ਵੀ। *** ਕਰੋ ਇਲਾਜ ਤੁਸੀਂ ਕੁਝ ਮੇਰੀ ਉਦਾਸੀ ਦਾ, ਚਰਾਗ਼ ਬਾਲ ਕੇ ਧੁਖ਼ਦੇ ਸਫ਼ੇ ਦਾ ਹਰਫ਼ ਬਣੋ । *** ਜਦੋਂ ਤੂੰ ਸੈਂ ਤਾਂ ਪੂਰੇ ਸ਼ਹਿਰ ਦੇ ਬੁੱਤਾਂ 'ਚ ਸੀ ਧੜਕਨ, ਮਗਰ ਕੁਲ ਸ਼ਹਿਰ ਪਥਰਾਇਆ ਤੇਰੇ ਤੁਰ ਜਾਣ ਦੇ ਮਗਰੋਂ। ਸਿਵਾ ਬਲਦਾ ਰਿਹਾ ਤੇਰਾ, ਬਦਨ ਜਲਦਾ ਰਿਹਾ ਮੇਰਾ, ਮੈਂ ਅਪਣਾ ਆਪ ਦਫਨਾਇਆ ਤੇਰੇ ਤੁਰ ਜਾਣ ਦੇ ਮਗਰੋਂ। ਨਜ਼ਰ ਪਥਰਾ ਗਈ ਧੜਕਨ ਰੁਕੀ ਦਿਲ ਦੀ ਵੀ ਕੁਲਵਿੰਦਰ, ਇਹ ਕੈਸਾ ਵਕਤ ਸਿਰ ਆਇਆ ਤੇਰੇ ਤੁਰ ਜਾਣ ਦੇ ਮਗਰੋਂ। *** ਦਿਨ ਭਰ ਮੇਰਾ ਹੁੰਦਿਆਂ ਸੁੰਦਿਆਂ ਗੂੜਾ ਜਿਗ਼ਰੀ ਦੋਸਤ, ਸ਼ਾਮ ਢਲੇ 'ਤੇ ਮੇਰਾ ਸਾਇਆ ਵੀ ਮੈਥੋਂ ਡਰ ਜਾਵੇ। ਸਾਰੀ ਰਾਤ ਮੈਂ ਸੋਚ ਕੇ ਇਹ ਹੀ ਤਕਦਾ ਰਹਿਨਾ ਅੰਬਰ, ਤਾਰਾ ਬਣਕੇ ਹੀ ਖ਼ਬਰੇ ਉਹ ਅੰਬਰ 'ਤੇ ਚੜ੍ਹ ਜਾਵੇ। ***

  • ਮੁੱਖ ਪੰਨਾ : ਕਾਵਿ ਰਚਨਾਵਾਂ, ਕੁਲਵਿੰਦਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ