Bir Saputar : Giani Kartar Singh Kalaswalia

ਬੀਰ ਸਪੁੱਤ੍ਰ : ਗਿਆਨੀ ਕਰਤਾਰ ਸਿੰਘ ਕਲਾਸਵਾਲੀਆ


ੴ ਸਤਿਗੁਰ ਪ੍ਰਸਾਦਿ ॥ ਬੀਰ ਸਪੁੱਤ੍ਰ ਅਰਥਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੌਹਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਪ੍ਰਸੰਗ ਦੋਹਰਾ- ਆਦਿ ਅਕਾਲ ਸੁ ਵਾਹਿਗੁਰੂ ਤੂੰ ਦਯਾ ਭੰਡਾਰ। ਦਿਹ ਕਵਿਤਾ ਵਰ ਦਾਸ ਨੂੰ ਮਾਂਗੋਂ ਇਹ ਵਰ ਸਾਰ ॥ ਵਾਕ ਕਵੀ ਸ੍ਰੀ ਵਾਹਿਗੁਰੂ ਜਗਤ ਦੇ ਕਰਨ ਕਾਰਨ ਨਿਗ੍ਹਾ ਮੇਹਰ ਦੀ ਦਾਸ ਤੇ ਪਾ ਦੇਹ ਤੂੰ ਮੇਰੇ ਚਿਤ ਅੰਧੇਰੇ ਨੂੰ ਕਰ ਰੌਸ਼ਨ ਜੋਤ ਗਿਆਨ ਵਿਚਾਰ ਜਗਾ ਦੇਹ ਤੂੰ ਥਾਂ ਦੇਖ ਸੱਭੇ ਤੇਰੇ ਦਰ ਡਿੱਗਾ ਹੁਣ ਆਪਣਾ ਪੱਲਾ ਫੜਾ ਦੇਹ ਤੂੰ ਅੱਗੋਂ ਵਾਸਤੇ ਦਾਸ ਨੂੰ ਰਾਹ ਪਾ ਦੇਹ ਮੇਰੇ ਔਗੁਣਾਂ ਤਾਈਂ ਭੁਲਾ ਦੇਹ ਤੂੰ ਮੈਂ ਆਸ ਜੇਹੜੀ ਦਿਲੋਂ ਧਾਰ ਬੈਠਾ ਦਯਾ ਕਰਕੇ ਤੋੜ ਚੜ੍ਹਾ ਦੇਹ ਤੂੰ ਗ੍ਰੰਥ ‘ਬੀਰ ਸੁਪੁੱਤ੍ਰ' ਕਰਤਾਰ ਸਿੰਘਾ ਨਿਰਵਿਘਨ ਸਮਾਪਤ ਕਰਾ ਦੇਹ ਤੂੰ ਤਥਾ ਕਈ ਸਦੀਆਂ ਗੁਜ਼ਰੀਆਂ ਤੁਰਕ ਹਾਕਮ ਏਸ ਦੇਸ ਤੇ ਰਾਜ ਕਮਾਂਦੇ ਰਹੇ ਜ਼ੋਰ ਹਿੰਦੂਆਂ ਦੇ ਸਾਰੇ ਤੋੜ ਕਰਕੇ ਦੀਨ ਆਪਣੇ ਤਾਈਂ ਵਧਾਂਦੇ ਰਹੇ ਚੱਟੀ, ਜੇਜ਼ੀਆ, ਸ਼ਰ੍ਹਾ ਤੇ ਡੰਨ ਭਾਰੇ ਹਿੰਦੂ ਪਰਜਾ ਨੂੰ ਲਾ ਸਤਾਂਦੇ ਰਹੇ ਰਾਜ ਕਰ, ਗਏ ਖ਼ਾਨਦਾਨ ਕਈ, ਜਿੰਨੀ ਪੁੱਜਦੀ ਕਰਕੇ ਜਾਂਦੇ ਰਹੇ ਅੰਤ ਦਿੱਲੀ ਨੂੰ ਲਿਆ ਚੁਗੱਤਿਆ ਨੇ ਏਹ ਭੀ ਸ਼ਰ੍ਹਾ ਤੂਫ਼ਾਨ ਚੜ੍ਹਾਂਦੇ ਰਹੇ ਪੰਜ ਪੀਹੜੀਆਂ ਗੁਜ਼ਰੀਆਂ ਇਨ੍ਹਾਂ ਦੀਆਂ ਢੱਬ ਨਾਲ ਇਹ ਕੰਮ ਚਲਾਂਦੇ ਰਹੇ ਹਿੰਦੁਸਤਾਨ ਸਾਰਾ ਕਰ ਲਿਆ ਤਾਬੇ ਪੱਕੇ ਆਪਣੇ ਪੈਰ ਜਮਾਂਦੇ ਰਹੇ ਹਿੰਦੂ ਹੋ ਕਮਜ਼ੋਰ ਕਰਤਾਰ ਸਿੰਘਾ ਦੀਨ ਮੰਨਦੇ ਧਰਮ ਗਵਾਂਦੇ ਰਹੇ ਔਰੰਗਜ਼ੇਬ ਦੇ ਜ਼ੁਲਮ ਘੱਟ ਅਗਲੇ ਭੀ ਕਰ ਗਏ ਨਾ ਸੀ ਪਰ ਏਸ ਨੇ ਜ਼ੋਰ ਜਤਾਏ ਬਹੁਤੇ ਹਿੰਦੂ ਧਰਮ ਦੇ ਉੱਕਾ ਹੀ ਮੇਟਨੇ ਨੂੰ ਤਖ਼ਤ ਬੈਠਕੇ ਹੁਕਮ ਚੜ੍ਹਾਏ ਬਹੁਤੇ ਡੰਨ, ਜੇਜ਼ੀਏ ਸ਼ਰ੍ਹਾ ਦੇ ਭਾਰ ਭਾਰੇ ਸਿਰ ਹਿੰਦੂਆਂ ਏਸ ਵਧਾਏ ਬਹੁਤੇ ਹਿੰਦੁਸਤਾਨ ਦੇ ਵਿਚ ਨਾ ਰਹੇ ਹਿੰਦੂ ਸਖ਼ਤ ਹੁਕਮ ਔਰੰਗੇ ਸੁਨਾਏ ਬਹੁਤੇ ਜ਼ੋਰ ਨਾਲ ਲੱਗੇ ਮੁਸਲਮਾਨ ਕਰਨੇ ਪਰਜਾ ਹਿੰਦ ਦੇ ਕਦਰ ਘਟਾਏ ਬਹੁਤੇ ਮੰਦਰ ਢਾਹ ਮਸੀਤਾਂ ਬਣਾ ਲਈਆਂ ਜ਼ੋਰੀ ਦੀਨ ਦੇ ਵਿਚ ਰਲਾਏ ਬਹੁਤੇ ਤੇਜ਼ ਸ਼ਰ੍ਹਾ ਦੀ ਆਨ ਤਲਵਾਰ ਹੋਈ ਤੇ ਮੁਲਾਣਿਆਂ ਸ਼ੋਰ ਉਠਾਏ ਬਹੁਤੇ ਬਣੀ ਆਨ ਤੰਗੀ ਹਿੰਦ ਵਾਸੀਆਂ ਨੂੰ ਹਿੰਦੂ ਸ਼ਰਾ ਨੇ ਫੜ ਦਬਾਏ ਬਹੁਤੇ ਮੁਸਲਮਾਨ ਹੋ ਪਿੰਡਾਂ ਦੇ ਪਿੰਡ ਗਏ ਮਾਰ ਤੇਗ਼ ਦੀ ਧਾਰ ਰੁੜ੍ਹਾਏ ਬਹੁਤੇ ਹਿੰਦੂ ਤੰਗ ਕੀਤੇ ਬਹੁਤੇ ਹਾਕਮਾਂ ਨੇ ਦੁਖੀ ਹੋਕੇ ਲੋਕ ਕੁਰਲਾਏ ਬਹੁਤੇ ਹਾਹਾਕਾਰ ਮਚੀ ਵਿਚ ਦੇਸ ਸਾਰੇ ਆਨ ਹਿੰਦ ਵਾਸੀ ਘਬਰਾਏ ਬਹੁਤੇ ਰੱਬ ਸੁਣੀ ਪੁਕਾਰ ਕਰਤਾਰ ਸਿੰਘਾ ਜ਼ੁਲਮ ਓਸਦੇ ਤਾਈਂ ਨ ਭਾਏ ਬਹੁਤੇ ਹਿੰਦੂਆਂ ਦੀ ਕਮਜ਼ੋਰੀ ਵਿੱਚ ਹਿੰਦ ਦੇ ਰਾਜਿਆਂ ਰਾਣਿਆਂ ਦਾ ਕਰੋ ਗੇਣਤੀ ਅੰਤ ਨਾ ਆਏ ਕੋਈ ਕੌਮੀ ਜੋਸ਼ ਤੋਂ ਬਿਨਾਂ ਹੋ ਰਹੇ ਮੁਰਦੇ ਧਰਮ ਵਾਸਤੇ ਤੇਗ਼ ਨ ਚਾਏ ਕੋਈ ਖ਼ੂਨ ਰਾਜਪੂਤੀ ਠੰਢੇ ਹੋ ਗਏ ਕੌਮੀਅਤ ਦਾ ਜੋਸ਼ ਨ ਖਾਏ ਕੋਈ ਡੋਲੇ ਧੀਆਂ ਦੇ ਦੇਕੇ ਹੋਣ ਰਾਜ਼ੀ ਦਿਲ ਵਿੱਚ ਗੈਰਤ ਕਿਵੇਂ ਖਾਏ ਕੋਈ ਦੇਸ ਵਿੱਚ ਨ ਸੀ ਕਿਤੇ ਨਜ਼ਰ ਆਉਂਦਾ ਅੱਗੇ ਸਿਰ ਇਸਲਾਮ ਉਠਾਏ ਕੋਈ ਛੱਤਰ ਪੁਣੇ ਨੂੰ ਲੋਕ ਸੀ ਛੱਡ ਬੈਠੇ ਜੋਸ਼ ਬਿਨਾਂ ਨ ਤੇਗ਼ ਚਲਾਏ ਕੋਈ ਹਿੰਦੂ ਧਰਮ ਨੂੰ ਕੌਣ ਬਚਾਂਵਦਾ ਆ ਦੇਸ ਵਿੱਚ ਨ ਕਿੰਦ ਰਖਾਏ ਕੋਈ ਤਰਸਯੋਗ ਸੀ ਦੇਸ ਕਰਤਾਰ ਸਿੰਘ ਹਾੜੇ ਕੱਢਦਾ ਆਨ ਬਚਾਏ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਿੰਦੂ ਧਰਮ ਨੇੜੇ ਮਰ ਮੁੱਕਣੇ ਦੇ ਓਸ ਵਕਤ ਸੀ ਏਹ ਵਿਚਾਰ ਹੋਯਾ ਮੰਝਧਾਰ ਦੇ ਵਿੱਚ ਸੀ ਰੁੜ੍ਹੀ ਜਾਂਦਾ ਅਤੇ ਬਿਨਾ ਮਲਾਹੋਂ ਖੁਵਾਰ ਹੋਯਾ ਦੇਸ ਵਾਸੀਆਂ ਦੇ ਤਾਈਂ ਵੇਖ ਦੁਖੀ ਸਿਰਜਨਹਾਰ ਦਯਾਲ ਕਰਤਾਰ ਹੋਯਾ ਓਸ ਭੇਜਿਆ ਗੁਰੂ ਗੋਬਿੰਦ ਸਿੰਘ ਨੂੰ ਅਸਲ ਛੱਤ੍ਰੀ ਰੂਪ ਅਵਤਾਰ ਹੋਯਾ ਦੁਰਦਸ਼ਾ ਹੁੰਦੀ ਹਿੰਦ ਵਾਸੀਆਂ ਦੀ ਵੇਖ ਜਿਸ ਤੋਂ ਨ ਸਹਾਰ ਹੋਯਾ ਹੱਥ ਪਰਉਪਕਾਰ ਦੀ ਤੇਗ਼ ਲੈਕੇ ਦੁਖੀ ਲੋਕਾਂ ਦੀ ਮਦਦ ਤੇ ਤਯਾਰ ਹੋਯਾ ਭਲੇ ਦੇਸ ਤੇ ਵਾਰ ਸਰਬੰਸ ਦਿੱਤਾ ਸਾਰੀ ਦੁਨੀਆਂ ਵਿੱਚ ਇਜ਼ਹਾਰ ਹੋਯਾ ਐਸਾ ਪਰਉਪਕਾਰੀ ਕਰਤਾਰ ਸਿੰਘਾ ਦੂਜਾ ਕੋਈ ਨ ਵਿੱਚ ਸੰਸਾਰ ਹੋਯਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਿਆਰੀਆਂ ਬਾਦਸ਼ਾਹ ਦੇ ਸਾਮਨੇ ਖੜਾ ਹੋਣਾ, ਸੀ ਜੰਗ ਦੇ ਵਿੱਚ ਮੁਹਾਲ ਭਾਈ ਗੁਰਾਂ ਲੰਮੀਆਂ ਸੋਚਨਾਂ ਸੋਚਕੇ ਜੀ ਅਤੇ ਦੂਰ ਤੋੜੀ ਨਜ਼ਰ ਡਾਲ ਭਾਈ ਕਿਲੇ ਕੋਟ ਅਨੰਦਪੁਰ ਕਾਇਮ ਕੀਤੇ, ਕੀਤੇ ਜਮ੍ਹਾ ਸੇ ਦੰਗ ਦਵਾਲ ਭਾਈ ਕੀਤੇ ਜੰਗ ਦੇ ਸਭ ਸਾਮਾਨ ਕੱਠੇ ਫੌਜਾਂ ਰੱਖੀਆਂ ਭੀ ਨਾਲੋ ਨਾਲ ਭਾਈ ਵਿੱਚ ਹਿੰਦੂਆਂ ਜੰਗ ਦਾ ਜੋਸ਼ ਨਾ ਸੀ ਏਹ ਭੀ ਕਰ ਵਿਚਾਰ ਕਮਾਲ ਭਾਈ ਪੰਥ ਖ਼ਾਲਸਾ ਤੀਸਰਾ ਸਾਜਿਆ ਚਾ ਬੀਰ ਰਸ ਦੇ ਜੋਸ਼ ਨੂੰ ਡਾਲ ਭਾਈ ਨਾਲੇ ਜ਼ੋਰ ਇਤਫ਼ਾਕ ਵਧਾਉਣ ਬਦਲੇ ਜ਼ਾਤ ਪਾਤ ਦਾ ਭਰਮ ਉਠਾਲ ਭਾਈ ਇੱਕ ਬਾਟੇ ਦੇ ਸਭ ਸ਼ਰੀਕ ਕੀਤੇ ਇੱਕੋ ਇਸ਼ਟ, ਗੁਰੂ ਇੱਕ ਢਾਲ ਭਾਈ ਸਿੰਘਾਂ ਵਿਚ ਨਵਾਂ ਰੂਹ ਭਰ ਦਿੱਤਾ ਮੁਰਦਾ ਪੁਣੇ ਤੋਂ ਲਿਆ ਨਿਕਾਲ ਭਾਈ ਲੱਗੇ ਕਰਨ ਸੁਰਜੀਤ ਕਰਤਾਰ ਸਿੰਘਾ ਮੋਏ ਦੇਸ਼ ਨੂੰ ਕਰ ਖ਼ਿਆਲ ਭਾਈ ਵਾਕ ਕਵੀ ਕਈ ਵਾਰ ਪਹਾੜੀਆਂ ਰਾਜਿਆਂ ਦੀ ਇਮਦਾਦ ਕਰ ਜੰਗ ਜਿਤਾ ਦਿੱਤੇ ਬੈਠੇ ਅਹਦੀਏ ੧ਬੂਹੇ ਤੇ ਬਾਦਸ਼ਾਹੀ ਸਤਿਗੁਰਾਂ ਨੇ ਮਾਰ ਉਠਾ ਦਿੱਤੇ ਪੱਖ ਕਰ ਪਹਾੜੀਆਂ ਰਾਜਿਆਂ ਦਾ ਨਾਲ ਹਾਕਮਾਂ ਵੈਰ ਵਧਾ ਦਿੱਤੇ ਬਾਦਸ਼ਾਹ ਕਰ ਦੁੱਖ ਕਰਤਾਰ ਸਿੰਘਾ ਕਈ ਵਾਰ ਸੀ ਲਸ਼ਕਰ ਚੜ੍ਹਾ ਦਿੱਤੇ ੧ ਪਹਾੜੀ ਰਾਜਿਆਂ ਤੋਂ ਹਮੇਸ਼ਾਂ ਟਕੇ ਲੈਣ ਆਏ ਹਾਕਮ ਸਤਾਂਦੇ ਤੇ ਰਾਜੇ ਆ ਕੇ ਗੁਰੂ ਜੀ ਦੇ ਤਰਲੇ ਕਢਦੇ, ਗੁਰੂ ਜੀ ਉਨ੍ਹਾਂ ਨੂੰਮਾਰਕੇ ਭਜਾਂਦੇ ਰਹੇ ਤੇ ਏਸੇ ਗਲੋਂ ਬਾਦਸ਼ਾਹ ਨਾਲ ਵੈਰ ਹੱਲ ਖਲੋਤਾ ਸੀ। ਬ੍ਰਾਹਮਣਾਂ ਦੀ ਸ਼ਰਾਰਤ ਤੇ ਰਾਜਿਆਂ ਦੀ ਕ੍ਰਿਤਘਨਤਾ ਜ਼ਾਤ ਪਾਤ ਦੇ ਭਰਮ ਨੂੰ ਤੋੜ ਕਰਕੇ ਸਤਿਗੁਰੂ ਜਾਂ ਸਿੰਘ ਸਜਾਉਣ ਲੱਗੇ ਨਾਈ, ਛੀਂਬਿਆ, ਝੀਉਰਾਂ, ਅਰੋੜਿਆਂ ਨੂੰ ਵੈਸ਼ਾਂ ਸ਼ੂਦ੍ਰਾਂ ਇਕ ਕਰਾਉਣ ਲੱਗੇ ਛੱਡ ਮੂਰਤੀ ਪੂਜਾ ਤੇ ਭਰਮ ਭਾਂਡੇ ਇਕ ਨਾਮ ਅਕਾਲ ਜਪਾਉਣ ਲੱਗੇ ਭੋਲੇ ਭਾਲਿਆ ਦੇਸ ਦੇ ਵਾਸੀਆਂ ਨੂੰ ਪੰਜੇ ਬਾਹਮਣਾਂ ਵਿੱਚੋਂ ਕਢਾਉਣ ਲੱਗੇ ਬਾਹਮਣ ਦੇਸ ਦੇ ਵੇਖਕੇ ਦੁਖੀ ਹੋਏ ਨਵੀ ਚਾਲ ਨੂੰ ਵੇਖ ਖੁਨਸਾਉਣ ਲੱਗੇ ਗੁਰੂ ਨਾਨਕ ਵਾਂਗ ਕੁਰਾਹੀਆ ਕਹਿ ਲੋਕਾਂ ਮੂਰਖਾਂ ਨੂੰ ਵਰਗਲਾਉਣ ਲੱਗੇ ਪਿੰਡਾਂ ਵਿੱਚ ਨ ਉਨ੍ਹਾਂ ਦੀ ਦਾਲ ਗਲੀ ਕੁੰਜੀ ਸਿਰੋਂ ਹੀ ਜਾ ਭੁਵਾਉਣ ਲੱਗੇ ਜਾ, ਜਾ, ਪਹਾੜੀਆਂ ਰਾਜਿਆਂ ਨੂੰ ਚੁੱਕਾਂ ਦੇ ਕੇ ਏਹ ਸਿਖਾਉਣ ਲੱਗੇ ਗੁਰੂ ਵੱਸਦਾ ਜੋ ਤੁਹਾਡੇ ਰਾਜ ਅੰਦਰ ਜੋੜ ਮੇਲ ਕੇ ਲੂਤੀਆਂ ਲਾਉਣ ਲੱਗੇ ਉਹ ਫੌਜਾਂ ਤੇ ਕਿਲ੍ਹੇ ਵਧਾਈ ਜਾਂਦਾ ਸਿੱਖ ਓਸਦੇ ਸਿੰਘ ਸਦਾਉਣ ਲੱਗੇ ਜੰਞੂ ਬੋਦੀ ਦਾ ਕਰੀ ਤਯਾਗ ਜਾਂਦੇ ਹਿੰਦੂ ਧਰਮ ਦੇ ਤਈਂ ਰੁੜ੍ਹਾਉਣ ਲੱਗੇ ਚੁੱਕਾਂ ਦੇ ਭੜਕਾਇਆ ਰਾਜਿਆਂ ਨੂੰ ਦ੍ਵੈਖ ਈਰਖਾ ਤਈਂ ਵਧਾਉਣ ਲੱਗੇ ਰਾਜੇ ਅੱਗੇ ਹੀ ਦੇਖਕੇ ਸੜ ਰਹੇ ਸੀ ਪਿੱਛੋਂ ਬਾਹਮਣ ਹੋਰ ਭੜਕਾਉਣ ਲੱਗੇ ਹਿੰਦੂ ਧਰਮ ਦਾ ਗੁਰੂ ਹੈ ਖਰਾ ਵੈਰੀ ਮਨ ਆਉਂਦੀਆਂ ਹੋਰ ਸੁਨਾਉਣ ਲੱਗੇ ਥੋੜ੍ਹੀ ਅਕਲ ਵਾਲੇ ਰਾਜੇ ਭੁੜਕ ਉੱਠੇ ਮਿਲ ਮਿਲਕੇ ਮੱਤੇ ਪਕਾਉਣ ਲੱਗੇ ਕਿਵੇਂ ਕੱਢੀਏ ਦੇਸ ਤੋਂ ਗੁਰੂ ਤਾਈਂ ਓਹ ਬਣਤਰਾਂ ਬੈਠ ਬਨਾਉਣ ਲੱਗੇ ਮਤਾਂ ਜ਼ੋਰ ਪਾਕੇ ਸਾਡੇ ਰਾਜ ਖੋਹੇ ਹੁਣੇ ਕਰੋ ਕਾਬੂ ਏਹ ਸੁਨਾਉਣ ਲੱਗੇ ਗੁਰੂ ਲੋੜਦੇ ਭਲਾ ਕਰਤਾਰ ਸਿੰਘਾ ਰਾਜੇ ਉਲਟ ਹੋਕੇ ਬੁਰਾ ਚਾਹੁਣ ਲੱਗੇ ਨੂੰ ੧ ਪਹਾੜੀ ਰਾਜਿਆਂ ਦਾ ਵਿਰੋਧ ਸਤਿਗੁਰਾਂ ਦਾ ਦੇਖ ਪ੍ਰਤਾਪ ਵੱਡਾ ਗੁੱਸਾ ਕਈ ਰਾਜੇ ਦਿਲੋਂ ਖਾ ਰਹੇ ਸੀ ਪਿੱਛੋਂ ਬਾਹਮਣਾਂ ਨੇ ਦਿੱਤੀ ਚੁੱਕ ਭਾਰੀ ਅੱਗ ਈਰਖਾ ਦੀ ਭੜਕਾ ਰਹੇ ਸੀ ਸਤਿਗੁਰਾਂ ਦੇ ਨਾਲ ਪਹਾੜੀਏ ਓਹ ਦਿਨੋ ਦਿਨ ਹੀ ਵੈਰ ਵਧਾ ਰਹੇ ਸੀ ਆਨੰਦਪੁਰ ਦਾ ਕਿਲ੍ਹਾ ਛੁਡਾਉਨ ਬਦਲੇ ਕਈ ਬਣਤਰਾਂ ਬੈਠ ਬਨਾ ਰਹੇ ਸੀ ਕਦੀ ਧਮਕੀਆਂ ਤੇ ਕਦੀ ਖਚਰਪੁਨੇ, ਦੇ ਬਾਦਸ਼ਾਹੀ ਡਰ ਡਰਾ ਰਹੇ ਸੀ ਕਈ ਵਾਰ ਤੇ ਚੜ੍ਹਕੇ ਆਪ ਆਏ ਹਾਰਾਂ ਖਾ ਗਏ ਤੇ ਸ਼ਰਮਾ ਰਹੇ ਸੀ ਜਦੋਂ ਆਪਣੀ ਪੇਸ਼ ਨ ਗਈਓ ਨੇ ਚੁੱਕ ਹਾਕਮਾਂ ਲਿਆ ਲੜਾ ਰਹੇ ਸੀ ਜੰਗ ਹੋਏ ਬਹੁਵਾਰ ਕਰਤਾਰ ਸਿੰਘਾ ਫਤ੍ਹੇ ਸਤਿਗੁਰੂ ਸਦਾ ਹੀ ਪਾ ਰਹੇ ਸੀ ੧ ਅਜਮੇਰ ਚੰਦ ਬਲਾਸਪੁਰੀਆ, ਰਾਮਸਰਨ ਹੰਡੋਰੀਆਂ, ਗੋਪਾਲ ਚੰਦ ਗੁਲੇਰੀ, ਕੇਸਰੀ ਸਿੰਘ ਜਸਵਾਲੀਆ,ਦਿਆਲ ਚੰਦ ਕਾਠਗੜ੍ਹੀਆ, ਧਰਮਪਾਲ ਕੁਟਲਰਵਾਲਾ, ਘੁਮੰਡਚੰਦ ਕਟੌਚੀਆ, ਹਿੰਮਤ ਸਿੰਘ ਹੰਡੂਰੀਆ,ਬੀਰ ਸਿੰਘ ਜਸਪਾਲੀਆ ਇਤਿਆਦਿਕ ਹੋਰ ਭੀ ਬਾਈਧਾਰ ਦੇ ਰਾਜੇ ਸਮਝਣੇ ਵਾਕ ਕਵੀ ਏਹ ਝਗੜੇ ਹੋਏ ਸੀ ਬਹੁਤ ਲੰਮੇ ਏਥੇ ਲਿਖਨੇ ਨਹੀਂ ਦਰਕਾਰ ਭਾਈ ਪਾਯਾ ਵੱਡਾ ਕੁਪੱਤ ਸੀ ਰਾਜਿਆਂ ਨੇ ਬੜੀ ਖੜਕਦੀ ਰਹੀ ਤਲਵਾਰ ਭਾਈ ਬਾਦਸ਼ਾਹੀ ਫ਼ੌਜਾਂ ਹਾਕਮ ਸੂਬਿਆਂ ਦੇ ਚੜ੍ਹ ਆਉਂਦੇ ਰਹੇ ਕਈ ਵਾਰ ਭਾਈ ਗੁਰਾਂ ਸਾਰਿਆਂ ਦੀ ਖੁੰਭ ਖ਼ੂਬ ਠੱਪੀ ਕਈ ਵਾਰ ਗਏ ਖਾ ਕੇ ਹਾਰ ਭਾਈ ਸਾਰੇ ਹਾਲ ਏਥੇ ਲਿਖੇ ਜਾਂਵਦੇ ਨਹੀਂ ਜ਼ਰਾ ਸਮਝਨਾ ਕਰ ਵਿਚਾਰ ਭਾਈ ਸਾਹਿਬਜ਼ਾਦਿਆਂ ਦਾ ਸਾਕਾ ਸਿਰਫ ਲਿਖਨਾ ਏਸ ਗ੍ਰੰਥ ਦੇ ਵਿੱਚ ਹੈ ਸਾਰ ਭਾਈ ਬਾਕੀ ਹਾਲ ‘ਦਸਮੇਸ਼ ਪ੍ਰਕਾਸ਼' ਅੰਦਰ ਲਿਖਿਆ ਦਾਸ ਨੇ ਹੈ ਸਵਾਰ ਭਾਈ ਸੁਣੋ ਇਹ ਪ੍ਰਸੰਗ ਕਰਤਾਰ ਸਿੰਘ ਸਾਹਿਬਜ਼ਾਦਿਆਂ ਨਾਲ ਪ੍ਯਾਰ ਭਾਈ ਆਨੰਦਪੁਰ ਵਿੱਚ ਬਾਦਸ਼ਾਹੀ ਫੌਜਾਂ ਤੇ ਰਾਜਿਆਂ ਦਾ ਅਖ਼ੀਰੀ ਜੰਗ ਸਤਿਗੁਰੂ ਚਾਹੁੰਦੇ ਭਲਾ ਹਿੰਦੂਆਂ ਦਾ ਹਿੰਦੂ ਰਾਜੇ ਹੀ ਬੁਰਾ ਤਕਾਂਵਦੇ ਜੀ ਦੋਖੀ ਹੋ ਬੈਠੇ ਰਾਜੇ ਧਰਮ ਉੱਤੇ ਜੜ੍ਹ ਆਪਣੀ ਆਪ ਪੁਟਾਂਵਦੇ ਜੀ ਸਗੋਂ ਚਾਹੀਦਾ ਸੀ ਕੱਠੇ ਹੋ ਕਰਕੇ ਜੰਗ ਤੁਰਕ ਦੇ ਨਾਲ ਮਚਾਂਵਦੇ ਜੀ ਅੰਨ੍ਹੇ ਅਕਲ ਦੇ ਸਗੋਂ ਹੋ ਉਲਟ ਗਏ ਨਾਲ ਗੁਰਾਂ ਫ਼ਸਾਦ ਵਧਾਂਵਦੇ ਜੀ ਜਾਂਦੀ ਆਪਣੀ ਪੇਸ਼ ਨ ਡਿੱਠੀਓ ਨੇ ਚਾੜ੍ਹ ਸੂਬਿਆਂ ਤਾਈ ਲਿਆਂਵਦੇ ਜੀ ਓਹ ਭੀ ਵੇਖਕੇ ਹੱਥ ਜਾ ਘਰੀਂ ਬੈਠੇ ਰਾਜੇ ਹੋ ਕੱਠੇ ਦਿੱਲੀ ਜਾਂਵਦੇ ਜੀ ਓਥੇ ਫੇਰ ਔਰੰਗੇ ਨੂੰ ਚੁੱਕਿਆ ਜਾ ਅੱਗ ਬਲਦੀ ਤਾਈਂ ਭੜਕਾਂਵਦੇ ਜੀ ਓਥੋਂ ਆਪਣੇ ਨਾਲ ਲਿਆਏ ੧ਫ਼ੌਜਾਂ ਸਾਰਾ ਖ਼ਰਚ ਦੇਨਾ ਮੰਨ ਆਂਵਦੇ ਜੀ ਗੁਰੂ ਜੀ ਤੇ ਕਰੋ ਚੜ੍ਹਾਈ ਸਾਰੇ ਹੁਕਮ ੨ਸੂਬਿਆਂ ਵੱਲ ਲਿਖਾਂਵਦੇ ਜੀ ਕਸ਼ਮੀਰ, ਲਾਹੌਰ, ਸਰ੍ਹੰਦ ਆਦਿਕ ਥਾਂ ਥਾਂ ਤੇ ਹੁਕਮ ਪੁਚਾਂਵਦੇ ਜੀ ਬਾਈਧਾਰ ਪਹਾੜਾਂ ਦੇ ਰਲ ਰਾਜੇ ਸਾਉਨ ਬੱਦਲਾਂ ਵਾਂਗ ਉਮਡਾਂਵਦੇ ਜੀ ਚੇਤ ਪੰਜ ਸਤਾਰਾਂ ਸੌ ਸੱਠ ਹੈ ਸੀ ਡੇਰੇ ਆਨ ਅਨੰਦਪੁਰ ਲਾਂਵਦੇ ਜੀ ਵੱਡਾ ਅੱਠ ਮਹੀਨੇ ਏਹ ਜੰਗ ਹੋਯਾ ਧਰਤ ਖ਼ੂਨ ਦੇ ਨਾਲ ਨੁਲ੍ਹਾਂਵਦੇ ਜੀ ਭਾਵੇਂ ਵੈਰੀਆਂ ਦੀ ਫ਼ੌਜ ਬਹੁਤ ਹੈਸੀ ਸਿੰਘ ਬੜਾ ਨੁਕਸਾਨ ਪੁਚਾਂਵਦੇ ਜੀ ਮਰੇ ਸ਼ਾਹੀ ਸਰਦਾਰ ਤੇ ਕਈ ਰਾਜੇ ਖ਼ਰਚ ਲੱਖਾਂ ਰੁਪਏ ਹੋ ਜਾਂਵਦੇ ਜੀ ਸਤਿਗੁਰਾਂ ਤੇ ਫ਼ਤ੍ਹੇ ਨ ਪਾ ਸਕੇ ਰਾਜੇ ਸੂਬਿਆਂ ਸਣੇ ਘਬਰਾਂਵਦੇ ਜੀ ਅੰਦਰ ਸਿੰਘ ਭੀ ਰਹਿ ਗਏ ਬਹੁਤ ਥੋੜ੍ਹੇ, ਦਾਣਾ ਘਾਸ ਜ਼ਖੀਰਾਂ ਮੁਕਾਂਵਦੇ ਜੀ ਅੱਠ ਮਾਹ ਨ ਜੰਗ ਤੋਂ ਕੁਝ ਸਰਿਆ ਸੂਬੇ ਰਾਜੇ ਏਹ ਮਤਾ ਪਕਾਂਵਦੇ ਜੀ ਫੜੋ ਨਾਲ ਫ਼ਰੇਬ ਦੇ ਗੁਰੂ ਤਾਈਂ ਜੰਗ ਛੇੜਕੇ ਪਏ ਪਛਤਾਂਵਦੇ ਜੀ ਕਸਮਾਂ ਝੂਠੀਆਂ ਲਿਖ ਕਰਤਾਰ ਸਿੰਘਾਂ ਸਤਿਗੁਰਾਂ ਦੇ ਪਾਸ ਪੁਚਾਂਵਦੇ ਜੀ ੧ ਦਿੱਲੀਓਂ ਅਮੀਰ ਖਾਂ, ਦਸ ਹਜ਼ਾਰੀ, ਨਜਾਬਤ ਖਾਂ ਤੇ ਵਹੀਦ ਖਾਂ ਸੂਬੇਦਾਰ ਏਹ ਤਿੰਨੇ ਭਾਰੀ ਫੌਜਾਂ ਲੈਕੇ ਚੜ੍ਹੇ ੨ ਸੂਬਾ ਵਜੀਦ ਖਾਂ ਸਰ੍ਹੰਦ ਵਾਲਾ, ਦਲਾਵਰ ਖ਼ਾਂ ਸੂਬਾ ਲਾਹੌਰ, ਜਬਰਦਸਤ ਖਾਂ ਸੂਬਾ ਕਸ਼ਮੀਰ, ਨਜੀਬ ਖਾਂ ਜਾਲੰਧਰੀ, ਹਿੰਮਤ ਖਾਂ, ਉਸਮਾਨ ਖਾਂ ਕਸੂਰੀਏ, ਫਤ੍ਹੇ ਮੁਹੰਮਦ ਖਾਂ ਕੁੰਜ ਪੁਰੀਆ,ਸ਼ੰਮਸ ਖਾਂ ਬਜਵਾੜੀਆ, ਜਾਨੀ ਮਾਨੀ ਖਾਂ ਮੁਰੰਡੇ ਵਾਲੇ,ਸੱਯਾਦ ਖਾਂ ਸਢੌਰੇ ਵਾਲਾ,ਸੋਭਾ ਚੰਦ ਫਗਵਾੜੀਆ,ਇਤਿਆਦਿਕ ਹੋਰ ਭੀ ਹਾਕਮ ਸਨ ਜੋ ਗਿਣੇ ਨਹੀਂ ਜਾਂਦੇ। ਰਾਜਿਆਂ ਤੇ ਸੂਬਿਆਂ ਨੇ ਗੁਰੂ ਜੀ ਪਾਸ ਵਕੀਲ ਭੇਜਨਾ ਸਾਲਿਗਰਾਮ ਤੇ ਗਊ ਦੀ ਰਾਜਿਆਂ ਨੇ ਮੁਸਲਮਾਨਾਂ ਨੇ ਸਹੁੰ ਕੁਰਾਨ ਸਮਝੋ ਦੋਹਾਂ ਧਿਰਾਂ ਨੇ ਭਾਰੀਆਂ ਖਾ ਕਸਮਾਂ ਸਤਿਗੁਰੂ ਨੂੰ ਲਿਖਿਆ ਬਿਆਨ ਸਮਝੌ ਖ਼ਾਲੀ ਕਰ ਆਨੰਦਪੁਰ ਜਾਓ ਤੁਸੀਂ ਲੈ ਜਾਓ ਸਾਰਾ ਮਾਲ ਜਾਨ, ਸਮਝੋ ਬਾਦਸ਼ਾਹ ਤੇ ਲੋਕਾਂ ਤੋਂ ਹੋ ਸੱਚੇ ਜਾਈਏ ਅਸੀਂ ਭੀ ਘਰਾ ਨੂੰ ਸਿਆਨ ਸਮਝੋ ਇਕ ਵਾਰ ਲਾਂਬੇ ਕਿਤੇ ਚਲੇ ਜਾਓ ਖ਼ੁਸ਼ੀ ਨਾਲ ਮੁੜ ਵੱਸਿਓ ਆਨ ਸਮਝੋ ਪਿੱਛਾ ਅਸੀਂ ਹੁਣ ਕਰਾਂਗੇ ਮੂਲ ਨਾਹੀਂ ਸਾਨੂੰ ਕਸਮ ਹਿੰਦੂ ਮੁਸਲਮਾਨ ਸਮਝੋ ਗਊ ਆਟੇ ਦੀ ਰਾਜਿਆਂ ਨਾਲ ਭੇਜੀ ਮੁਸਲਮਾਨ ਕੁਰਾਨ ਭਿਜਵਾਨ ਸਮਝੋ ਏਡੇ ਕਰ ਇਕਰਾਰ ਕਰਤਾਰ ਸਿੰਘਾ ਵੇਖੋ ਕਿਵੇਂ ਹੁੰਦੇ ਬੇਈਮਾਨ ਸਮਝੋ ਸਤਿਗੁਰਾਂ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਕੇ ਬਾਹਰ ਨਿਕਲਨਾ ਸਤਿਗੁਰੂ ਸਾਰੇ ਭੇਦ ਜਾਨਦੇ ਸੀ ਉਹ ਤਾ ਨਹੀਂ ਸੀ ਜ਼ਰਾ ਇਤਬਾਰ ਕਰਦੇ ਪਰ ਸਿੱਖ ਜੋ ਬਹੁਤ ਸੀ ਤੰਗ ਪਏ ਕਹਿ ਸੁਣ ਕੇ ਸ਼ੁਕਰ ਹਜ਼ਾਰ ਕਰਦੇ ਚੱਲੋ ਮਾਲਵੇ ਨੂੰ ਟੁਰ ਚੱਲੀਏ ਜੀ ਕਿਲ੍ਹਾ ਛੱਡੋ ਅਰਜ਼ਾਂ ਬਾਰ ਬਾਰ ਕਰਦੇ ਘੇਰੇ ਵਿੱਚ ਪਏ ਐਵੇਂ ਮਰ ਜਾਂਗੇ ਸਤਿਗੁਰਾਂ ਨੂੰ ਬਹੁਤ ਲਾਚਾਰ ਕਰਦੇ ਸਤਿਗੁਰ ਕਹਿ ਰਹੇ ਸਿੱਖੋ ਸਿਦਕ ਰੱਖੋ ਤੁਰਕ ਡੋਗਰੇ ਝੂਠੇ ਇਕਰਾਰ ਕਰਦੇ ਪਰ ਮਾਈ ਜੀ ਤੇ ਸਿੱਖ ਡੋਲੇ ਹੋਏ ਚਲੇ ਜਾਣ ਤੇ ਜ਼ਿੱਦ ਇਕਸਾਰ ਕਰਦੇ ਡਿੱਠੀ ਸਾਰਿਆਂ ਦੀ ਮਰਜ਼ੀ ਗੁਰੂ ਜੀ ਨੇ ਸਭ ਸਾਜ਼ ਸਮਾਣ ਤ੍ਯਾਰ ਕਰਦੇ ਦਿੱਤਾ ਹੁਕਮ ਸੱਭੋ ਹੋ ਤ੍ਯਾਰ ਜਾਵੋ ਥਾਂਓਂ ਥਾਂਈ ਖ਼ਬਰ ਇੱਕੋ ਵਾਰ ਕਰਦੇ ਗੱਡੇ ਲੱਦ ਕਿਤਾਬਾਂ ਦੇ ਤ੍ਯਾਰ ਕੀਤੇ ਬਾਕੀ ਏਸ ਤਰ੍ਹਾਂ ਗੁਰੂ ਜੀ ਕਾਰ ਕਰਦੇ ਲੈ ਲਏ ਸਮਾਨ ਜ਼ਰੂਰੀ ਸੀ ਜੋ ਮੋਹ ਮੂਲ ਨ ਜ਼ਰ ਜਵਾਹਰ ਕਰਦੇ ਜੰਗੀ ਸ਼ਾਜ਼ ਸਾਮਾਨ ਦਰਯਾ ਸੁੱਟੇ ਸੋਨਾ ਚਾਂਦੀ ਨਕਦੀ ਬੁਰਦਬਾਰ ਕਰਦੇ ਲੀੜਾ ਕਪੜਾ ਧਰ ਕੇ ਫੂਕ ਦਿੱਤਾ ਸਾੜ ਮਾਲ ਕਰੋੜਾਂ ਦਾ ਛਾਰ ਕਰਦੇ ਭਾਣਾ ਵਰਤਦਾ ਵੇਖ ਕੋਈ ਬੋਲਦਾ ਨਾ ਪਰ ਰੁਦਨ ਸਾਰੇ ਜ਼ਾਰ ਜ਼ਾਰ ਕਰਦੇ ਮੱਘਰ ਪੰਦ੍ਰ ਸਤਾਰਾਂ ਸੌ ਕਾਠ ਹੈਸੀ ਵੱਡੇ ਤੜਕੇ ਧਿਆਨ ਕਰਤਾਰ ਕਰਦੇ ਰੱਥ ਮਾਈਆਂ ਦੇ ਗੱਡੇ ਚਲਾ ਅੱਗੇ ਕੀਰਤ ਪੁਰੇ ਦੇ ਵੱਲ ਮੁਹਾਰ ਕਰਦੇ ਸਿੰਘ ਸੱਤ ਸੌ ਸੀ ਨਾਲ ਤਦੋਂ ਚੱਲੇ ਵਾਹਿਗੁਰੂ ਨਾਮ ਉਚਾਰ ਕਰਦੇ ਭਾਣਾ ਰੱਬ ਦਾ ਦੇਖ ਕਰਤਾਰ ਸਿੰਘਾ ਕਿਲ੍ਹਾ ਵੱਸਦਾ ਝੱਟ ਉਜਾੜ ਕਰਦੇ ਵਾਕ ਕਵੀ ਬਾਦਸ਼ਾਹਾਂ ਤੋਂ ਵੱਧ ਸਾਮਾਨ ਸੀ ਜੋ ਵਿੱਚ ਪਲਾਂ ਦੇ ਸੜਕੇ ਛਾਰ ਹੋਯਾ ਜੋ ਰੂਪ ਆਨੰਦ, ਅਨੰਦਪੁਰ ਸੀ ਬੇ ਰੌਣਕਾ ਤੇ ਧੂਆਂ ਧਾਰ ਹੋਯਾ ਗੁਰੂ ਸਦਾ ਦੇ ਲਈ ਤਿਆਗ ਗਏ ਭਾਣਾ ਆਣ ਡਾਢਾ ਕਰਤਾਰ ਹੋਯਾ ਹੁਣ ਚੱਲਕੇ ਵੇਖ ਕਰਤਾਰ ਸਿੰਘਾ ਜਿਵੇਂ ਸਰਸੇ ਉੱਤੇ ਘੱਲੂਘਾਰ ਹੋਯਾ ਨੂੰ ਰਾਜਿਆਂ ਤੇ ਸੂਬਿਆਂ ਕਸਮਾਂ ਤੋੜਕੇ ਪਿੱਛੇ ਧਾਵਾ ਕਰ ਦੇਣਾ ਰਾਤ ਪਿਛਲੀ ਕਿਲ੍ਹੇ ਨੂੰ ਛੱਡਕੇ ਜਾਂ ਸਤਿਗੁਰਾਂ ਵਹੀਰ ਚਲਾਯਾ ਜੀ ਝੱਟ ਤੋੜਕੇ ਧਰਮ ਤੇ ਨੇਮ ਸਾਰੇ ਬੇਈਮਾਨਾਂ ਨੇ ਚਿੱਤ ਡੁਲਾਯਾ ਜੀ ਫੜੋ ਗੁਰੂ ਜਾਂਦੇ ਤਾਈਂ, ਕਰੋ ਹੀਲਾ ਸੂਬੇ ਰਾਜਿਆਂ ਨੇ ਰੌਲਾ ਪਾਯਾ ਜੀ ਖ਼੍ਵਾਜੇ ਖ਼ਿਜ਼ਰ ਮਲੇਰੀਏ ਪਹਿਲ ਕੀਤੀ ਫ਼ੌਜ ਆਪਣੀ ਲੈਕੇ ਧਾਯਾ ਜੀ ਬਸ ਫੇਰ ਕੀ ਸੀ ਸਾਰੇ ਕੁੱਦ ਪਏ ਜ਼ੋਰ ਸ਼ੋਰ ਸਿਉਂ ਜੰਗ ਮਚਾਯਾ ਜੀ ਸਿੰਘ ਚਾਲਿਓਂ ਖੁੰਝ ਪਛਤਾਏ ਬਹੁਤੇ ਕਹਿੰਦੇ ਗੁਰਾਂ ਨੇ ਠੀਕ ਸਮਝਾਯਾ ਜੀ ਕਿਲ੍ਹਾ ਛੱਡਿਆ ਕਿਉਂ ਪਛਤਾਨ ਲੱਗੇ ਆਵੇ ਹੱਥ ਨ ਵਕਤ ਗਵਾਯਾ ਜੀ ਸਿੰਘ ਗਿਣਤੀ ਦੇ ਸੱਤ ਸੌ ਸੀਗੇ ਪਿੱਛੋਂ ਦਲ ਬੇ ਓੜਕਾ ਆਯਾ ਜੀ ਫਸੇ ਚੋਰ ਵਾਂਙੂ ਸਿੰਘ ਲੜਨ ਲੱਗੇ ਹੜ੍ਹ ਆਉਂਦਾ ਡੱਕ ਨਹਿਰਾਯਾ ਜੀ ਪਿੱਛੇ ਵੈਰੀਆਂ ਡੱਕ ਕਰਤਾਰ ਸਿੰਘ ਤੇ ਵਹੀਰ ਨੂੰ ਅਗ੍ਹਾਂ ਚਲਾਯਾ ਜੀ ਸਰਸੇ ਨਦੀ ਉੱਤੇ ਘੋਰ ਜੰਗ ਹੋਣਾ ਮਾਰੋ ਫੜ ਲੌ ਜਾਣਾ ਨ ਪਾਏ ਗੁਰੂ ਏਹ ਵੈਰੀਆਂ ਡੰਡ ਮਚਾ ਦਿੱਤੀ ਸਤਿਗੁਰਾਂ ਨੂੰ ਜੀਉਂਦਿਆਂ ਫੜਨ ਲਈ ਫ਼ੌਜ ਚਾਰ ਚੁਫੇਰੇ ਝੁਕਾ ਦਿੱਤੀ ਘਟਾਂ ਵਾਂਗ ਪਿੱਛੋਂ ਚੜ੍ਹ ਦਲ ਆਏ ਧੂੜ ਵਿੱਚ ਆਕਾਸ਼ ਧੁਮਾ ਦਿੱਤੀ ਏਧਰ ਸਿੰਘਾਂ ਭੀ ਦੇਖਕੇ ਮੌਤ ਸਿਰ ਤੇ ਸਭ ਜੀਉਣ ਦੀ ਆਸ ਚੁਕਾ ਦਿੱਤੀ ਚੰਡੀ ਰੋਹ ਦੇ ਵਿੱਚ ਖੜਕਾਈਓ ਨੇ ਧਰਤ ਖ਼ੂਨ ਦੇ ਨਾਲ ਨੁਲ੍ਹਾ ਦਿੱਤੀ ਵੈਰੀ ਗੁਰਾਂ ਦੇ ਫੜਨ ਦੇ ਕਰਨ ਹੀਲੇ ਜਿੰਨੀ ਸੀ ਹਿੱਮਤ ਓਨੀ ਲਾ ਦਿੱਤੀ ਸਿੰਘਾਂ ਛਾਤੀਆਂ ਦੀ ਕੰਧ ਗੁਰਾਂ ਗਿਰਦੇ ਇਕ ਵਾਰ ਅਤੁੱਟ ਬਨਾ ਦਿੱਤੀ ਮਰਦੇ ਚਾਰ ਤੇ ਦਸ ਆ ਖੜੇ ਹੁੰਦੇ ਪਹੁੰਚਨ ਗੁਰਾਂ ਨੂੰ ਨਹੀਂ ਅਜ਼ਾ ਦਿੱਤੀ ਫ਼ੌਜ ਖ਼ਾਲਸੇ ਅਗ੍ਹਾਂ ਨ ਵਧਨ ਦਿੱਤੀ ਤੇ ਵਹੀਰ ਅਗ੍ਹਾਂ ਚਲਾ ਦਿੱਤੀ ਪਰ ਹੋਰ ਅੱਗੇ ਆਨ ਦੁਖ ਪਿਆ ਭਾਰੀ ਘਾਟ ਸਰਸੇ ਦਰਯਾ ਦਿੱਤੀ ਚੜ੍ਹੀ ਕਾਂਗ ਨ ਬੇੜੀ ਮਲਾਹ ਕੋਈ ਬੜੀ ਬਿਪਤਾ ਸਮੇਂ ਨੇ ਪਾ ਦਿੱਤੀ ਸਾਥ ਪਾਰ ਹੋਣੋਂ ਗਿਆ ਰੁਕ ਸਾਰਾ ਪਿੱਛੋਂ ਵੈਰੀਆਂ ਨੇ ਦੱਬ ਆ ਦਿੱਤੀ ਸਿੰਘ ਸਾਥ ਲੰਘਾਉਣ ਕਿ ਲੜਨ ਖੜਕੇ ? ਭੈੜੀ ਬਿਪਤਾ ਹੋਸ਼ ਭੁਲਾ ਦਿੱਤੀ ਡੋਲੇ ਮਾਈਆ ਦੇ ਕਰ ਪਾਰ ਦਿਹੋ ਝਬਦੇ ਸਤਿਗੁਰਾਂ ਨੇ ਏਹ ਸਲਾਹ ਦਿੱਤੀ ਕੁਝ ਸਿੰਘ ਲੈਕੇ ਦਿੱਲੀ ਚਲੇ ਜਾਵਨ ਖੜੇ ਗੁਰੂ ਜੀ ਹੋ ਸੁਨਾ ਦਿੱਤੀ ਬਾਕੀ ਲੜਕੇ ਹੋ ਸ਼ਹੀਦ ਜਾਵੋ ਭਾਣੇ ਜਾਪਦੀ ਬਾਜੀ ਉਲਟਾ ਦਿੱਤੀ ਕੁਝ ਸਿੰਘ ਤਾਂ ਸਾਥ ਲੰਘਾਉਨ ਲੱਗੇ ਅਤੇ ਬਾਕੀਆਂ ਫ਼ਤ੍ਹੇ ਗਜਾ ਦਿੱਤੀ ਘੋਰ ਜੰਗ ਮਚਾਯਾ ਕਰਤਾਰ ਸਿੰਘਾ ਉੱਤੇ ਲੋਥ ਤੇ ਲੋਥ ਚੜ੍ਹਾ ਦਿੱਤੀ ਸਾਥ ਨੂੰ ਬਿਪਤਾ ਭਲਾ ਸੱਤ ਕੂ ਸੌ ਕੀ ਸਿੰਘ ਸੀਗੇ ? ਦਲ ਪਿੱਛੋਂ ਬੇ ਓੜਕੇ ਆ ਗਏ ਵੱਡੀ ਮਾਰ ਮੱਚੀ ਕੰਡੇ ਨਦੀ ਦੇ ਤੇ ਸਿੰਘ ਬਹੁਤ ਸ਼ਹੀਦੀਆਂ ਪਾ ਗਏ ਪੈ ਗਿਆ ਰੌਲਾ ਨ ਸੰਭਾਲ ਰਹੀ ਘਟਾਂ ਵਾਂਗ ਵੈਰੀ ਆ ਕੇ ਛਾ ਗਏ ਸਾਰਾ ਗੁਰਾਂ ਦਾ ਲੁੱਟ ੧ਅਸਬਾਬ ਘੱਤਾ ਸਿੰਘ ਧਰਮ ਤੇ ਹੋ ਫ਼ਿਦਾ ਗਏ ਮਸਾਂ ਮਾਈਆਂ ਨੂੰ ਸਿੰਘਾਂ ਨੇ ਪਾਰ ਕੀਤਾ ਬਹੁਤ ਸੂਰਮੇ ਰੁੜ੍ਹ ਦਰਯਾ ਗਏ ਆਪੋ ਵਿੱਚ ਗਿਆ ਵਿੱਛੜ ਸਾਥ ਸਾਰਾ ਜਿੱਧਰ ਮੂੰਹ ਹੋਯਾ ਓਧਰ ਧਾ ਗਏ ਮਾਤਾ ਸੁੰਦ੍ਰੀ ਤੇ ਸਾਹਿਬ ਕੌਰ ਤਾਈਂ ਮਣੀ ਸਿੰਘ ਹੋਰੀਂ ਲੈ ਛਪਾ ਗਏ ਭੇਸ ਬਦਲ ਕੇ ਦਿੱਲੀ ਨੂੰ ਹੋਏ ਸਿੱਧੇ ਪੱਲਾ ਵੈਰੀਆਂ ਪਾਸੋਂ ਛੁਡਾ ਗਏ ਛੋਟੇ ਸਾਹਿਬਜਾਦੇ ਮਾਤਾ ਗੁਜਰੀ ਜੀ ਜਾੜ ਵਿਚ ਏਹ ਸਾਥ ਖੁੰਝਾ ਗਏ ਨਾ ਕਿਸੇ ਨੂੰ ਕਿਸੇ ਦਾ ਰਿਹਾ ਪਤਾ ਜਿਵੇਂ ਬਚਦੀ ਜਾਨ ਬਚਾ ਗਏ ਦੋਵੇਂ ਸਾਹਿਬਜ਼ਾਦੇ ਵੱਡੇ ਨਾਲ ਗੁਰੂ ਜੀ ਨਦੀ ਲੰਗ ਰੋਪੜ ਵਾਲੇ ਦਾ ਗਏ ਸਿੰਘ ਸੌ ਕੂ ਨਾਲ ਸੀ ਪਾਰ ਹੋਯਾ ਬਾਕੀ ਗੁਰਾਂ ਤੇ ਜਾਨ ਘੁਮਾ ਗਏ ਏਹ ਭੀ ਕਹਿਰ ਦੀ ਘੜੀ ਗੁਜ਼ਾਰ ਕਰਕੇ ਵਾਗਾਂ ਸਤਿਗੁਰੂ ਅਗਾਂ ਉਠਾ ਗਏ ਸਾਹਿਬਜ਼ਾਦੇ ਨ ਮਿਲੇ ਕਰਤਾਰ ਸਿੰਘਾ ਨੇੜੇ ਤੇੜੇ ਤਾਂ ਢੂੰਡ ਢੂੰਡਾ ਗਏ ੧ ਏਥੇ ਹੀ ਵਿਦ੍ਯਾਧਰ ਗ੍ਰੰਥ ਜੋ ਕਈ ਮਨ ਭਾਰਾ ਸੀ, ਜਿਸ ਵਿਚ ਸਭ ਵਿਦ੍ਯਾ ਦਾਖ਼ਜਾਨਾ ਸਤਿਗੁਰਾਂ ਨੇ ਪੰਥ ਵਾਸਤੇ ਕੱਠਾ ਕੀਤਾ ਸੀ, ਪਹਾੜੀਆਂ ਤੇ ਪਠਾਣਾਂ ਦੇ ਹੱਥੋਂ ਜਲਾਇਆ, ਪਾੜਿਆ ਤੇ ਰੋੜਿਆ ਗਿਆ ਸੀ । ਵਾਕ ਕਵੀ ਵੇਖ ਕਹਿਰ ਦੀ ਚੰਦਰੀ ਘੜੀ ਤਾਈਂ ਰੂਪ ਮਾਤਮੀ ਜ਼ਿਮੀਂ ਅਸਮਾਨ ਹੋਏ ਕੀਤਾ ਪਾਪ ਪਹਾੜੀਆਂ, ਸੂਬਿਆਂ ਨੇ ਤੋੜ ਕਸਮਾਂ ਨੂੰ ਬੇਈਮਾਨ ਹੋਏ ਧੰਨ ਗੁਰੂ ਜੀ ਦਾ ਹੋਸੀ ਧੰਨ ਜਿਗਰਾ ਭਾਰੇ ਜਿਨ੍ਹਾਂ ਦੇ ਏਡ ਨੁਕਸਾਨ ਹੋਏ ਕਿਲ੍ਹੇ ਕੋਟ ਕ੍ਰੋੜਾਂ ਦਾ ਮਾਲ ਗਿਆ ਸਿਦਕੀ ਸਿੰਘ ਸ਼ਹੀਦ ਮੈਦਾਨ ਹੋਏ ਵਿਛੜ ਗਈਆਂ ੧ਸ੍ਵਾਣੀਆਂ ਪਤਾ ਨਾਹੀਂ ਸਾਥੀ ਸਾਮਣੇ ਅੱਖਾਂ ਕੁਰਬਾਨ ਹੋਏ ਮਾਤਾ ਬਿਰਧ ਅਵਸਥਾ ਗਈ ਵਿੱਛੜ ਓਹਲੇ ਅੱਖਾਂ ਦੇ ਪੁੱਤ ਨਾਦਾਨ ਹੋਏ ਦੇਸ ਵਾਸੀਓ ਸਿਰਫ ਇਹ ਤੁਸਾਂ ਬਦਲੇ ਘੋਰ ਯੁੱਧ ਵੱਡੇ ਘਮਸਾਨ ਹੋਏ ਦੁਖੀ ਦੇਸ਼ ਲਈ ਕਰਤਾਰ ਸਿੰਘਾ ਸਤਿਗੁਰੂ ਦੁਖੀ ਆਪ ਜਾਨ ਹੋਏ ੧ ਖਾਲਸੇ ਦੀਆਂ ਮਾਈਆਂ । ਸਤਿਗੁਰੂ ਜੀ ਨੇ ਚਮਕੌਰ ਨੂੰ ਜਾਣਾ ਏਸ ਬੁਰੀ ਹਿਲਜੁਲੀ ਦੀ ਘੜੀ ਅੰਦਰ ਆਪੋ ਵਿਚ ਸੱਭ ਵਿਛੜ ਜਾਂਵਦੇ ਨੇ ਸਿਰਫ਼ ਗੁਰੂ ਜੀ ਤੇ ਵੱਡੇ ਸਾਹਿਬਜਾਦੇ ਰੋਪੜ ਸ਼ਹਿਰ ਨੂੰ ਵਾਗ ਉਠਾਂਵਦੇ ਨੇ ਨਾਲ ਸੌ ਕੂ ਰਹਿ ਗਿਆ ਸਿੰਘ ਸਾਰਾ ਹੋਰ ਜੂਝ ਸ਼ਹੀਦੀਆਂ ਪਾਂਵਦੇ ਨੇ ਅੱਗੋਂ ਵੇਖਕੇ ਰੋਪੜੀ ਖ਼ਾਨ ਪਾਪੀ ਰਾਹ ਰੋਕ ਕੇ ਆ ਅਟਕਾਂਵਦੇ ਨੇ ਪਿੱਛੇ ਫ਼ੌਜ ਭੀ ਲੰਘ ਦਰਯਾ ਰਹੀ ਅੱਗੋਂ ਹੋਰ ਫ਼ਸਾਦ ਖੰਡਾਂਵਦੇ ਨੇ ਸਿੰਘ ਅੱਗੇ ਹੀ ਤਾਂ ਸੀਗੇ ਸਤੇ ਹੋਏ ਤੇਗਾਂ ਸੂਤ ਪਏ ਆਹੂ ਲਾਂਹਵਦੇ ਨੇ ਘਾਨ ਸਤਿਗੁਰਾਂ ਦੇ ਤੀਰਾਂ ਲਾਹ ਸੁੱਟੇ ਨੱਠ ਜਾਨ ਪਠਾਨ ਬਚਾਂਵਦੇ ਨੇ ਕੁਝ ਸਿੰਘ ਭੀ ਹੋ ਸ਼ਹੀਦ ਗਏ ਕੁਝ ਹੋ ਅੱਗੇ ਪਿੱਛੇ ਜਾਂਵਦੇ ਨੇ ਕੁਲ ਰਹਿ ਗਏ ਸਾਥੀ ਜਾਣ ਚਾਲ੍ਹੀ ਬਾਕੀ ਸਿੰਘ ਅਕਾਲ ਗਜਾਂਵਦੇ ਨੇ ਗੁਰੂ ਨਿਕਲ ਗਏ ਬਾਹਮਣ ਮਾਜਰੇ ਨੂੰ ਸਿੱਧੇ ਵਲ ਚਮਕੌਰ ਦੇ ਧਾਂਵਦੇ ਨੇ ਓਧਰ ਦਿਨ ਵੀ ਆਣ ਕੇ ਛਪ ਗਿਆ ਚਾਰੋਂ ਤਰਫ ਹਨੇਰ ਆ ਛਾਂਵਦੇ ਨੇ ਕੱਚੀ ਗੜ੍ਹੀ ਚਮਕੌਰ ਦੇ ਚੌਧਰੀ ਦੀ ਡੇਰਾ ਗੁਰੂ ਜੀ ਜਾ ਉਥੇ ਲਾਂਵਦੇ ਨੇ ਓਧਰ ਵੈਰੀ ਵੀ ਲੰਘ ਦਰਯਾ ਆਏ ਢੂੰਡ ਭਾਲ ਚੁਫ਼ੇਰ ਕਰਾਂਵਦੇ ਨੇ ਮਲੇ ਰਾਹ ਚੁਫ਼ੇਰੇ ਕਰਤਾਰ ਸਿੰਘਾ ਸਤਿਗੁਰੂ ਘੇਰੇ ਵਿੱਚ ਆਂਵਦੇ ਨੇ ਚਮਕੌਰ ਤੇ ਬਾਦਸ਼ਾਹੀ ਫ਼ੌਜਾਂ ਦਾ ਘੇਰਾ ਟਿੱਡੀ ਦਲ ਲੱਗਾ ਪਿੱਛੇ ਵੈਰੀਆਂ ਦਾ ਕੋਹਾਂ ਤੱਕ ਅਸਵਾਰ ਦੁੜਾ ਲਏ ਮਾਰੋ ਫੜੋ ਨਾ ਜਾਵਨਾ ਪਾਏ ਗੁਰੂ ਰੌਲੇ ਦੇਸ ਦੇ ਵਿੱਚ ਮਚਾ ਲਏ ਓਸ ਵਕਤ ਓਹ ਕੱਚੀ ਹਵੇਲੀ ਦੇ ਹੀ ਚਾ ਆਸਰੇ ਗੁਰਾਂ ਤਕਾ ਲਏ ਰਾਤੋ ਰਾਤ ਥੱਕੇ ਮਾਂਦੇ ਖ਼ਾਲਸੇ ਨੇ ਨਵੇਂ ਮੋਰਚੇ ਕਈ ਬਨਾ ਲਏ ਦਿਨ ਚੜ੍ਹਦੇ ਤੋਂ ਪਹਿਲਾਂ ਵੈਰੀਆਂ ਨੇ ਘੇਰੇ ਆਨ ਚਮਕੌਰ ਨੂੰ ਪਾ ਲਏ ਕੋਹਾਂ ਤੱਕ ਚੁਫੇਰੇ ਹੀ ਲਸ਼ਕਰਾਂ ਨੇ ਘੇਰ ਪਰ੍ਹੇ ਮਜ਼ਬੂਤ ਜਮਾ ਲਏ ਜਿਵੇਂ ਵਿਚ ਸਮੁੰਦ ਜਹਾਜ਼ ਹੋਵੇ ਚਮਕੌਰ ਨੂੰ ਘੇਰੇ ਵਲਾ ਲਏ ਮਾਰੋ ਫੜੋ ਦਾ ਰੌਲਾ ਮਚਾਇਓ ਨੇ ਹੱਲੇ ਕਰਨ ਦੇ ਹੁਕਮ ਸੁਣਾ ਲਏ ਆਲਮ ਸਿੰਘ ਅਤੇ ਮਾਨ ਸਿੰਘ ਜਹੇ ਸੂਰਬੀਰ ਸਤਿਗੁਰਾਂ ਬੁਲਾ ਲਏ ਮੁਹਕਮ ਸਿੰਘ ਅਤੇ ਦੈਯਾ ਸਿੰਘ ਤਾਈਂ ਸਿੰਘ ਜੱਥੇਬਨਾ ਵੰਡਾ ਲਏ ਹੌਲੀ ਹੌਲੀ ਚਲਾਈ ਜਾਓ ਤੀਰ ਗੋਲੀ ਚਾਰੇ ਮੋਰਚੇ ਮੱਲ ਬੈਠਾ ਲਏ ਆਪ ਸਿਖਰ ਦੇ ਮੋਰਚੇ ਜਾ ਬੈਠੇ ਸਾਹਿਬਜਾਦੇ ਭੀ ਕੋਲ ਰਖਾ ਲਏ ਗੋਲੀ ਤੀਰ ਸੰਭਾਲ ਕੇ ਵਰਤਿਓ ਜੇ ਏਹ ਪੱਕਿਆਂ ਕਰ ਸਿਖਾ ਲਏ ਦੇਕੇ ਅਫ਼ਸਰਾਂ ਹੁਕਮ ਕਰਤਾਰ ਸਿੰਘ ਦਲ ਉਤੇ ਹਵੇਲੀ ਝੁਕਾ ਲਏ ਚਮਕੌਰ ਦਾ ਜੰਗ ਸਿੰਘ ਥੋੜ੍ਹੇ ਹੀ ਗੁਰਾਂ ਦੇ ਨਾਲ ਨੇ ਹੁਣ ਵੈਰੀ ਕਰ ਦਲੇਰੀਆਂ ਆ ਪਏ ਐਲੀ, ਐਲੀ, ਦੇਵੀ, ਹਨੂਮਾਨ ਕਹਿਕੇ ਹੱਲਾ ਗੜ੍ਹੀ ਦੇ ਉੱਤੇ ਬੁਲਾ ਪਏ ਨੇੜੇ ਆਏ ਸਿੰਘਾਂ ਗੋਲੀ ਤੀਰ ਛੱਡੇ ਨਿਕਲ ਸੱਪ ਖੁਡਾਂ ਵਿਚੋਂ ਜਾ ਪਏ ਖ਼ਾਲੀ ਇੱਕ ਭੀ ਗਿਆ ਨਾ ਵਾਰ ਅੱਗੋਂ ਧੌਣਾ ਸੈਂਕੜੇ ਝੱਟ ਲਮਕਾ ਪਏ ਸਤਿਗੁਰਾਂ ਦੇ ਮਾਰ ਕੇ ਖਪਰਿਆਂ ਨੇ ਢਾਹੇ ਸੂਰਮੇ ਪੈਰ ਫੈਲਾ ਪਏ ਸਿੰਘਾਂ ਰੋਕ ਲਏ ਕਰਤਾਰ ਸਿੰਘਾ ਵੈਰੀ ਹੌਂਸਲਾ ਦਿਲ ਦਾ ਢਾ ਪਏ ਤਥਾ ਪਤਾ ਸਿੰਘਾਂ ਨੂੰ ਸੀ ਅਸੀਂ ਬਹੁਤ ਥੋੜ੍ਹੇ ਬਾਹਰ ਦਲਾਂ ਦੇ ਦਲ ਨੇ ਆਏ ਭਾਈ ਸਾਡੇ ਪਾਸ ਸਮਾਨ ਹੈ ਬਹੁਤ ਥੋੜ੍ਹਾ ਕੀ ਕਰਾਂਗੇ ਜਾਂ ਮੁੱਕ ਜਾਏ ਭਾਈ ਪਰ ਹੌਸਲਾ ਮੂਲ ਨਾ ਛੱਡਿਓ ਨੇ ਜਿੰਦਾਂ ਤਲੀ ਤੇ ਬੈਠੇ ਟਿਕਾਏ ਭਾਈ ਤੱਕ ਰਹੇ ਉਹ ਵੇਲਾ, ਸ਼ਹੀਦੀਆਂ ਦਾ ਜੰਗ ਤੇਗ਼ ਤੇ ਚਿਤ ਲਲਚਾਏ ਭਾਈ ਸਿੰਘ ਪਏ ਕਾਲ੍ਹੇ ਬਾਹਰ ਨਿਕਲ ਲੜੀਏ ਮਜ਼ਾ ਵੈਰੀਆਂ ਤਾਈਂ ਚਖਾਏ ਭਾਈ ਸਾਨੂੰ ਮੌਤ ਤਾਂ ਅੱਜ ਉਡੀਕ ਰਹੀ ਏ, ਏਥੋਂ ਬਚ ਕੇ ਕੋਈ ਨ ਜਾਏ ਭਾਈ ਪਰ ਗੁਰੂ ਜੀ ਆਖਦੇ ਕਰੋ ਧੀਰਜ ਪਹਿਰ ਪਿਛਲੇ ਹੱਥ ਦਿਖਾਏ ਭਾਈ ੧ਭਾਰਤ ਵਰਸ਼ ਤੇ ਹੋ ਕੁਰਬਾਨ ਜਾਨਾ ਮਾਰ ਜ਼ਾਲਮਾ ਤਾਈਂ ਮੁਕਾਏ ਭਾਈ ਸਿੰਘ ਬੈਠਕੇ ਮੋਰਚੀਂ ਰਹੇ ਲੜਦੇ ਗੋਲੀ ਤੀਰ ਬਰਖਾ ਬਰਖਾਏ ਭਾਈ ਵੇਂਹਦੇ ਸਤਿਗੁਰੂ ਖੇਲ ਕਰਤਾਰ ਸਿੰਘਾ ਕੀ ਰੰਗ ਕਰਤਾਰ ਦਿਖਾਏ ਭਾਈ ੧ ਏਹ ਸਾਡੇ ਦੇਸ਼ ਦਾ ਪ੍ਰਾਚੀਨ ਨਾਮ ਹੈ। ਸ਼ਾਹੀ ਫ਼ੌਜ ਦੇ ਹੱਲੇ ਬਾਹਰ ਦੁਸ਼ਮਨਾਂ ਦਾ ਕੱਠਾ ਦੇਸ ਹੋਯਾ ਅੰਦਰ ਗੇਣਤੀ ਦੇ ਸਿੰਘ ਕੁੱਲ ਚਾਲੀ ਫੜੋ ਜੀਉਂਦੇ ਇੱਕ ਨ ਜਾਨਾ ਪਾਵੇ ਹੱਲੇ ਬੋਲ ਕੇ ਆਂਵਦੇ ਮਾਰ ਛਾਲੀ ਅੱਗੇ ਗੁਰਾਂ ਦੇ ਲਾਡਲੇ ਬੀਰ ਬਾਂਕੇ ਮਾਰ ਵੈਰੀਆਂ ਦੀ ਓਹਨਾਂ ਜਿਲਦ ਗਾਲੀ ਢੇਰ ਲੱਗ ਹਵੇਲੀ ਦੇ ਗਿਰਦ ਗਏ ਜਿਵੇਂ ਵੱਡੀ ਕਿਸਾਨ ਜਵਾਰ ਪਾਲੀ ਜਾਂਦਾ ਵਾਰ ਨ ਸਿੰਘਾਂ ਦਾ ਇਕ ਖ਼ਾਲੀ ਬਾਹਰ ਫ਼ੌਜਾਂ ਦੀ ਕੱਠੀ ਸੀ ਭੀੜ ਬਾਲ੍ਹੀ ਚੱਲੇ ਮੁੜ ਪਿਛਾਂਹ ਨ ਹੋਨ ਅਗੇ ਪਏ ਸੂਬੇ ਅਮੀਰ ਸਭ ਦੇਣ ਗਾਲੀ ਪਾਉ ਪਾਉ ਦੇ ਖਪਰੇ ਗੁਰੂ ਜੀ ਦੇ ਪੈਣ ਮੀਂਹ ਵਾਂਗੂੰ ਇੱਕ ਸਾਰ ਢਾਲੀ ਦਸਾਂ ਦਸਾਂ ਵਿੱਚੋਂ ਨਿਕਲ ਪਾਰ ਜਾਂਦੇ ਬਿਨਾਂ ਮਾਰਿਆਂ ਜਾਨ ਨ ਮੂਲ ਖ਼ਾਲੀ ਨਿਗ੍ਹਾ ਆਉਂਦਾ ਜਿੱਥੇ ਸਰਦਾਰ ਕੋਈ ਗੁਰ ਮਾਰਦੇ ਓਥੇ ਹੀ ਤੀਰ ਕਾਲ੍ਹੀ ਹੱਟ ਗਏ ਪਿਛਾਂਹ ਕਰਤਾਰ ਸਿੰਘਾ ਮੂਲ ਗਈ ਨ ਉਨ੍ਹਾਂ ਤੋਂ ਝਾਲ ਝਾਲੀ ਸੂਬਿਆਂ ਨੇ ਗੁੱਸੇ ਹੋ ਕੇ ਫੇਰ ਫ਼ੌਜ ਤੋਂ ਹੱਲਾ ਕਰਵਾਣਾ ਦਿਨ ਪੈਹਰ ਏਸੇ ਤਰਾਂ ਬੀਤ ਗਿਆ ਮੁਰਦੇ ਗਿਰਦ ਹਵੇਲੀ ਦੇ ਮਰੇ ਪਏ ਇੱਕ ਦੋ ਸਰਦਾਰ ਭੀ ਮਰ ਗਏ ਸਤਿਗੁਰ ਨ ਅਜੇ ਵੀ ਫੜੇ ਗਏ ਕੱਠੇ ਹੋ ਸਰਦਾਰਾਂ ਤੇ ਸੂਬਿਆਂ ਨੇ ਕਹਿਆ ਕਿਉਂ ਜਵਾਨੋ ਹੋ ਡਰੇ ਪਏ ਫੜੋ ਵੈਰੀ, ਨ ਜੀਉਂਦੇ ਜਾਨ ਦਿਹੋ ਵੇਖੋ ਵਿੱਚ ਹਵੇਲੀ ਦੇ ਵੜੇ ਪਏ ਤੁਸੀਂ ਹੋ ਹਜ਼ਾਰਾਂ ਓਹ ਵੀਹ ਤੀਹ ਨੇ ਤੁਸੀਂ ਕਿਉਂ ਓਹਨਾਂ ਪਾਸੋਂ ਦੜੇ ਪਏ ਮੁੱਕਾ ਚਾਹੁੰਦਾ ਉਨ੍ਹਾਂ ਦਾ ਦਾਰੂ ਸਿੱਕਾ ਕਈਆਂ ਦਿਨਾਂ ਤੋਂ ਭੁੱਖ ਥੀਂ ਮਰੇ ਪਏ ਹੀਲਾ ਕਰੋ ਕੰਧਾਂ ਉੱਤੇ ਚੜ੍ਹ ਜਾਵੋ ਹੈ ਗੱਲ ਕਾਹਦੀ ਓਹ ਤਾਂ ਫੜੇ ਪਏ ਢੀਮਾਂ ਮਾਰ ਕੇ ਤੁਸੀਂ ਤਾਂ ਮਾਰ ਦਿਓਗੇ ਓਹ ਤਾਂ ਗ਼ਮ ਦੇ ਨਾਲ ਨੇ ਝੜੇ ਪਏ ਫ਼ੌਜ ਸੂਬਿਆਂ ਫੇਰ ਉਲਾਰ ਕੱਢੀ ਐਲੀ ਐਲੀ ਕਹਿੰਦੇ ਕੁੱਦ ਬੜੇ ਪਏ ਏਧਰ ਵੇਖਦੇ ਗੁਰ ਕਰਤਾਰ ਸਿੰਘ, ਜੋਸ਼ ਬੀਰ ਰਸ ਦੇ ਬਹੁਤੇ ਚੜ੍ਹੇ ਪਏ ਘੋਰ ਜੰਗ ਫਾਹੀ ਸੂਬਿਆ ਫ਼ੌਜ ਦਲੇਰੀਆਂ ਦੇ ਘਟਾਂ ਵਾਂਗ ਕੱਠੇ ਹੋਕੇ ਆਂਵਦੇ ਨੇ ਫੜੋ ਮਾਰੋ ਦੀ ਹੀ ਮੱਚ ਗਈ ਰੌਲੀ, ਹੱਲਾ ਕਰ ਇੱਕੋ ਵਾਰੀ ਧਾਂਵਦੇ ਨੇ ਨਾਹਰ ਖ਼ਾਂ, ਗੁਲਸ਼ੇਰਖਾਂ, ਖ਼ਿਜ਼ਰਖ਼ਾਂ ਏਹ ਅੱਗੇ ਵਧਕੇ ਹੱਲਾ ਕਰਾਂਵਦੇ ਨੇ ਜ਼ੋਰ ਪਿਆ ਚੁਫੇਰਿਓਂ ਆਨ ਭਾਰਾ ਜੋਸ਼ ਗੁਰੂ ਜੀ ਦੇਖ ਵਧਾਂਵਦੇ ਨੇ ਹੱਲਾ ਖ਼ਾਲਸਾ ਹੋ ਦਲੇਰ ਰੋਕੇ ਆਪ ਲੋੜ ਪੈਂਦੀ ਜਿਥੇ ਜਾਂਵਦੇ ਨੇ ਬਹੁਤਾ ਉਤਲੇ ਮੋਰਚੇ ਬੈਠ ਕਰਕੇ ਢੇਰ ਤੀਰਾਂ ਦਾ ਪਾਸ ਲਵਾਂਵਦੇ ਨੇ ਜਿੱਧਰ ਵੇਖਦੇ ਵੈਰੀਆਂ ਜ਼ੋਰ ਪਾਯਾ ਤੀਰ ਮੀਂਹ ਦੇ ਵਾਂਗ ਬਰਸਾਂਵਦੇ ਨੇ ਨਾਲ ਰੋਹ ਦੇ ਖਿੱਚ ਕੇ ਕੰਨਾਂ ਤੋੜੀ ਉੱਤੇ ਤੀਰਾਂ ਦੇ ਤੀਰ ਚਲਾਂਵਦੇ ਨੇ ਜਿਵੇਂ ਆਉਂਦੇ ਪਠਾਨ ਸੀ ਵਧੀ ਅੱਗੇ ਝੱਟ ਸੈਂਕੜੇ ਮਾਰ ਉਲਟਾਂਵਦੇ ਨੇ ਤੀਰ ਨੇੜਿਓਂ ਕਰਦੇ ਮਾਰ ਦੂਣੀ ਦਸਾਂ, ਪੰਦ੍ਰਾਂ ਵੀਹਾਂ ਨੂੰ ਢਾਂਵਦੇ ਨੇ ਓਧਰ ਸਿੰਘ ਵੀ ਰੋਹ ਦੇ ਵਿੱਚ ਮੱਤੇ ਤੀਰਾਂ ਗੋਲੀਆਂ ਦੀ ਝੜੀ ਲਾਂਵਦੇ ਨੇ ਸਾਹਿਬਜ਼ਾਦੇ ਅਜੀਤ, ਜੁਝਾਰ ਸਿੰਘ ਜੀ ਉੱਤੇ ਧਰਤ ਦੇ ਵੈਰੀ ਵਛਾਂਵਦੇ ਨੇ ਬਾਹਰੋਂ ਦਿਸਦੀ ਗੁਰਾਂ ਦੀ ਜਗਾ ਕਲਗੀ ਵੇਖ ਖ਼ਾਨ ਵੱਡੇ ਗੁੱਸੇ ਖਾਂਵਦੇ ਨੇ ਹਾਇ ਜੀਉਂਦੇ ਹੀ ਫੜ੍ਹੇ ਜਾਨ ਕਿਵੇਂ ਪਏ ਫੋਕੇ ਹੀ ਦਿਲ ਉਛਲਾਂਵਦੇ ਨੇ ਦਿੱਸੇ ਪਿੰਜਰੇ ਦੇ ਵਿਚ ਸ਼ੇਰ ਬੈਠਾ ਅਗ੍ਹਾਂ ਡਰਦੇ ਪੈਰ ਨਾ ਪਾਂਵਦੇ ਨੇ ਗਾਲਾਂ ਕੱਢਦੇ ਫ਼ੌਜਾਂ ਨੂੰ ਚੜ੍ਹੋ ਜਲਦੀ ਧੱਕੇ ਦੇ ਕੇ ਅਗ੍ਹਾਂ ਧਕਾਂਵਦੇ ਨੇ ਅੱਗੋਂ ਗੁਰਾਂ ਦੇ ਤੀਰ ਨ ਵਧਨ ਦੇਂਦੇ ਢੇਰ ਮੁਰਦਿਆਂ ਦੇ ਲਗ ਜਾਂਵਦੇ ਨੇ ਜਾਂਦੀ ਪੇਸ਼ ਨ ਕੁਝ ਕਰਤਾਰ ਸਿੰਘਾ ਸੂਬੇ ਬੜੇ ਹੀ ਦਿਲੋਂ ਘਬਰਾਂਵਦੇ ਨੇ ਨਾਹਰ ਖਾਂ ਦਾ ਮਰਨਾ ਗੁੱਲਸ਼ੇਰ ਖਾਂ ਦਾ ਜਖ਼ਮੀ ਹੋਣਾ ਫ਼ੌਜਾਂ ਖਾ ਕੇ ਮਾਰ ਪਿਛਾਹ ਮੁੜੀਆਂ ਜਾਣਾ ਗੜ੍ਹੀ ਦੇ ਪਾਸ ਮੁਹਾਲ ਹੋਯਾ ਨਾਹਰ ਖ਼ਾਂ ਨੂੰ ਚੜ੍ਹਿਆ ਜ਼ੋਸ਼ ਭਾਰਾ ਅੱਗੇ ਹੋ ਟੁਰਿਆ ਲਾਲੋ ਲਾਲ ਹੋਯਾ ਹੱਲਾ ਬੋਲਕੇ ਮਾਰ ਲਲਕਾਰਿਆਂ ਨੂੰ ਸਿੱਧਾ ਗੜ੍ਹੀ ਦੇ ਵੱਲ ਉਤਾਲ ਹੋਯਾ ਮੂੰਹੋਂ ਬਕਦਾ ਗੁਰਾਂ ਦਾ ਨਾਮ ਲੈ ਲੈ ਸਿੱਧਾ ਦਰ ਨੂੰ ਕਦਮ ਉਠਾਲ ਹੋਯਾ ਤੀਰ ਬਖ਼ਸ਼ਿਆ ਗੁਰਾਂ ਨੇ ਆਂਵਦੇ ਨੂੰ ਪਾਣੀ ਮੰਗਿਆ ਨ ਵੱਸ ਕਾਲ ਹੋਯਾ ਖ਼੍ਵਾਜੇ ਖ਼ਿਜਰ, ਗੁਲ ਸ਼ੇਰ ਖਾਂ ਜਦੋਂ ਡਿੱਠਾ ਬੁਰਾ ਉਨ੍ਹਾਂ ਦੇ ਚਿੱਤ ਉਬਾਲ ਹੋਯਾ ਗੋਲੀ ਤੀਰਾਂ ਦਾ ਮੀਂਹ ਬਰਸਾਇਓ ਨੇ ਰਾਖਾ ਗੁਰਾਂ ਦਾ ਪੁਰਖ ਅਕਾਲ ਹੋਯਾ ਅੱਗੇ ਆਉਂਦਾ ਵਧੀ ਗੁਲਸ਼ੇਰਖਾਂ ਸੀ ਓਹਦੇ ਵੱਲ ਸਤਗੁਰਾਂ ਦਾ ਖ਼ਯਾਲ ਹੋਯਾ ਤੀਰ ਮਾਰਿਓ ਨੇ ਸਿੱਧਾ ਵਿੱਚ ਛਾਤੀ ਹਿੱਲ ਗਿਆ ਓਹ ਲਾਂਭ ਨਕਾਲ ਹੋਯਾ ਜਾਂਦਾ ਛੋਹਕੇ ਭੀ ਪਾਸਾ ਲਾਹ ਗਿਆ ਨਾਲ ਜ਼ਖ਼ਮ ਦੇ ਬੁਰਾ ਨਢਾਲ ਹੋਯਾ ਏਹ ਵੇਖਕੇ ਤਾਂ ਖ਼੍ਵਾਜੇ ਖ਼ਿਜਰ ਖ਼ਾਂ ਨੂੰ ਲੱਗੀ ਅੱਗ ਤੇ ਹੋਰ ਬਸਾਲ ਹੋਯਾ ਫ਼ੌਜ ਗੜ੍ਹੀ ਦੇ ਉੱਤੇ ਝੁਕਾਇ ਦਿੱਤੀ ਐਲੀ, ਐਲੀ ਕਰਦਾ ਆਪ ਨਾਲ ਹੋਯਾ ਵਧੇ ਆਉਂਦੇ ਤੇ ਇਕ ਤੀਰ ਛੁੱਟਾ ਵੇਖ ਕੰਧ ਦੇ ਓਹਲੇ ਚੰਡਾਲ ਹੋਯਾ ੧ਗੁਰਾਂ ਆਖਿਆ ਬਣਦੋਂ ਮਰਦ ਪਾਜ਼ੀ ਪਿਛਾਂ ਹਟਿਆ ਡਰ ਕਮਾਲ ਹੋਯਾ ਏਸੇ ਤਰ੍ਹਾਂ ਹੱਲੇ ਵੈਰੀ ਰਹੇ ਕਰਦੇ ਵਿੰਗਾ ਸਿੰਘਾਂ ਦਾ ਇਕ ਨ ਵਾਲ ਹੋਯਾ ਬਾਹਰ ਮੋਏ ਹਜ਼ਾਰਾਂ ਕਰਤਾਰ ਸਿੰਘਾ ਏਹ ਜੰਗ ਭੀ ਬੇਮਿਸਾਲ ਹੋਯਾ ੧ਇਹ ਪ੍ਰਸੰਗ ਹਕਾਇਤਾਂ ਵਿੱਚ ਗੁਰੂ ਜੀ ਨੇ ਇਉਂ ਲਿਖਿਆ ਹੈ, ਸ੍ਰੀ ਮੁਖਵਾਕ:- ਕਿ ਆਂ ਖ਼੍ਵਾਹ ਮਰਦੂਦ ਸਯਹ ਦੀਵਾਰ। ਬਮੈਦਾਂ ਨਿਯਾਮਦ ਮਨਦਾਨਹ ਵਾਰ। ਦਰੇਗਾ ਅਗਰ ਰੂਏ ਓ ਦੀਦਮੇ । ਬਯੱਕ ਤੀਰ ਲਾਚਾਰ ਬਖ਼ਸ਼ੀਦਮੇ । ਵਾਕ ਕਵੀ ਵਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੇਰੀ ਕਰਨੀ ਦਾ ਕੁਝ ਬਿਆਨ ਨਾਹੀਂ ਕਿੱਥੇ ਸਿੰਘ ਚਾਲ੍ਹੀ ਕਿੱਥੇ ਫ਼ੌਜ ਸ਼ਾਹੀ ਐਸੀ ਕੋਈ ਮਸਾਲ ਜਹਾਨ ਨਾਹੀਂ ਇੱਕ ਕੱਚੀ ਹਵੇਲੀ ਦੇ ਵਿੱਚ ਬੈਠੇ ਪਾਸ ਜੰਗ ਦਾ ਕਾਫ਼ੀ ਸਾਮਾਨ ਨਾਹੀਂ ਪਰ ਡਰਦਾ ਕੋਈ ਨ ਜਾਏ ਨੇੜੇ ਅੱਗੇ ਹੋਂਵਦੇ ਖ਼ਾਨ ਪਠਾਨ ਨਾਹੀਂ ਲਸ਼ਕਰ ਚਾਲ੍ਹੀਆਂ ਨੂੰ ਫੜ ਸਕਦੇ ਨ ਵਿੱਚ ਹੌਸਲਾ ਕਿਸੇ ਜਵਾਨ ਨਾਹੀਂ ਚਾਲ੍ਹੀ ਆਦਮੀ ਲੈਕੇ ਨਾਲ ਲੱਖਾਂ ਕੋਈ ਲੜਿਆ ਕਦੇ ਬਲਵਾਨ ਨਾਹੀਂ ਏਹ ਦਲੇਰੀ ਤੇ ਏਸ ਬਹਾਦਰੀ ਦੀ ਦੁਨੀਆਂ ਵਿੱਚ ਮਸਾਲ ਪਛਾਨ ਨਾਹੀਂ ਸਤਿਗੁਰਾਂ ਦੇ ਨਾਲ ਕਰਤਾਰ ਸਿੰਘਾ ਕਿਸੇ ਬਲੀ ਦਾ ਪੁੱਜਦਾ ਸ਼ਾਨ ਨਾਹੀਂ ਤਥਾ ਨਹੀਂ ਵਿਚ ਜਹਾਨ ਮਸਾਲ ਮਿਲਦੀ ਏਡਾ ਹੌਸਲਾ ਕਿਸੇ ਦਖਾਯਾ ਹੋਵੇ ਕਿਸੇ ਬਲੀ ਅਵਤਾਰ ਦਾ ਨਾਮ ਦੱਸੋ ਏਸ ਤਰ੍ਹਾਂ ਜਿਸ ਜੰਗ ਮਚਾਯਾ ਹੋਵੇ ਦੱਸੋ ਸਿਪਾਹ ਸਾਲਾਰ, ਜਰਨੈਲ ਕੋਈ ਏਸ ਤਰ੍ਹਾਂ ਘੇਰੇ ਵਿੱਚ ਆਯਾ ਹੋਵੇ ਪਾਸ ਗਿਣਤੀ ਦੇ ਥੋੜ੍ਹੇ ਜਵਾਨ ਹੋਵਨ ਬਾਹਰ ਲਸ਼ਕਰਾਂ ਨੇ ਘੇਰਾ ਪਾਯਾ ਹੋਵੇ ਸੁੱਟੇ ਹੋਣ ਨ ਜਿਸ ਹੱਥ੍ਯਾਰ ਡਰਕੇ ਫੇਰ ਆਪਣਾ ਆਪ ਬਚਾਯਾ ਹੋਵੇ ਏਨੇ ਵੈਰੀਆਂ ਨਾਲ ਕਰਤਾਰ ਸਿੰਘਾ ਜਿਸ ਚਾਲ੍ਹੀਆਂ ਤਾਈ ਲੜਾਯਾ ਹੋਵੇ ਤਥਾ ਏਹ ਮਸਾਲ ਇਕ ਗੁਰੂ ਗੋਬਿੰਦ ਸਿੰਘ ਬਿਨ ਨਹੀਂ ਮਿਲਦੀ ਵਿਚ ਸੰਸਾਰ ਭਾਈ ਘੇਰੇ ਵਿੱਚ ਆ ਹੌਸਲਾ ਹਾਰਿਆ ਨ ਜ਼ਰਾ ਸੋਚੀਏ ਕਰ ਵਿਚਾਰ ਭਾਈ ਵੇਖੋ ਬੜਾ ਜਰਨੈਲ ਜੋ ੧ਬੋਇਰਾਂ ਦਾ ਓਹ ਕਰੋਂਜੀ ਤਜਰਬਾਕਾਰ ਭਾਈ ਪਾਸ ਹੁੰਦਿਆਂ ਭੀ ਕਈ ਤੋਪਖ਼ਾਨੇ ਤੇ ਸਪਾਹ ਭੀ ਚਾਰ ਹਜ਼ਾਰ ਭਾਈ ਘੇਰੇ ਵਿੱਚ ਸਰਕਾਰ ਅੰਗ੍ਰੇਜ਼ੀ ਅੱਗੇ ਦਿੱਤੇ ਓਸ ਨੇ ਸੁੱਟ ਹਥ੍ਯਾਰ ਭਾਈ ਸ਼ਾਹ ਜਰਮਨ, ਰੂਸ, ਯੂਨਾਨ ਆਦਿਕ ਫ਼ੌਜਾਂ ਪਾਸ ਜਿਨ੍ਹਾਂ ਬੇ ਸ਼ੁਮਾਰ ਭਾਈ ਓਹ ਨਪੋਲੀਅਨ ਦੇ ਅੱਗੇ ਝੁਕ ਗਏ ਛੱਡੋ ਹੌਂਸਲੇ ਤੇ ਮੰਨੀ ਹਾਰ ਭਾਈ ਸ਼ਾਹਰੂਮ ਦਾ ਹੁਣ ਜਰਨੈਲ ਵੱਡਾ ਵਿੱਚ ਜੰਗ ਬਲਕਾਨ ਵਿਚਾਰ ਭਾਈ ਕਿਲ੍ਹੇ ਵਿੱਚ ਸੀ ਛੱਤੀ ਮਸ਼ੀਨ ਗੰਨਾਂ ਤੋਪਾਂ ਕਈ ਸੌ ਵਡੀਆਂ ਸਾਰ ਭਾਈ ਫ਼ੌਜ ਕਈ ਹਜ਼ਾਰ ਦੇ ਹੁੰਦਿਆਂ ਭੀ ਦਾਰੂ ਸਿੱਕੇ ਦੇ ਲੱਗੇ ਅੰਬਾਰ ਭਾਈ ਅੱਗੇ ਵੈਰੀਆਂ ਸੁੱਟ ਹਥ੍ਯਾਰ ਦਿੱਤੇ ਜੀਉਂਦੇ ਮਰ ਨ ਗਏ ਗਵਾਰ ਭਾਈ ਪਰ ਗੁਰੂ ਜੀ ਲੈਕੇ ਸਿੰਘ ਚਾਲ੍ਹੀ ਨਹੀਂ ਸੀ ਵੈਰੀਆਂ ਦਾ ਪਾਰਾਵਾਰ ਭਾਈ ਸਾਰਾ ਦਿਨ ਬਰਾਬਰ ਰਹੇ ਲੜਦੇ ਧੱਕੇ ਜ਼ੋਰ ਨਾਹੀਂ ਵੈਰੀ ਡਾਰ ਭਾਈ ਓਹਨੂੰ ਜਿੱਤਦਾ ਕੌਣ ਕਰਤਾਰ ਸਿੰਘਾ ਵੱਲ ਜਿਸਦੇ ਆਪ ਕਰਤਾਰ ਭਾਈ ੧ ਏਹ ਭੀ ਇਕ ਬੋਇਰ ਦੱਖਨੀ ਅਫ਼ਰੀਕਾ ਦੀ ਹੀ ਕੌਮ ਵਿੱਚੋਂ ਸੀ। ਫੌਜਾਂ ਦੇ ਹੱਲੇ ਬੇਅਰਥ ਜਾਨੇ ਦੋ ਪਹਿਰ ਆ ਦਿਨ ਦੇ ਬੀਤ ਚੁੱਕੇ ਹੱਲੇ ਕਰ ਵੱਡੇ ਵੈਰੀ ਆਂਵਦੇ ਰਹੇ ਤਾਹਨੇ ਗਾਲੀਆਂ ਦੇ ਉਮਰਾ ਫ਼ੌਜਾਂ ਘੜੀ ਘੜੀ ਦੇ ਬਾਹਦ ਝੁਕਾਂਵਦੇ ਰਹੇ ਸਤਿਗੁਰੂ ਜੀ ਤੇ ਸਿੰਘ, ਸਾਹਿਬਜਾਦੇ ਤੀਰ ਗੋਲੀਆਂ ਮਾਰ ਹਟਾਂਵਦੇ ਰਹੇ ਕਈ ਵੇਰੀ ਕੰਧੀਂ ਚੜ੍ਹ ਆਏ ਵੈਰੀ ਤੇਗਾਂ ਮਾਰਕੇ ਸਿੰਘ ਉਲਟਾਂਵਦੇ ਰਹੇ ਡਰ ਗੁਰਾਂ ਦੇ ਤੀਰਾਂ ਤੋਂ ਖਾਨ ਰਾਜੇ ਲਾਂਭੇ ਹੋ ਕੇ ਜਾਨ ਬਚਾਂਵਦੇ ਰਹੇ ਆਪ ਵਿੱਚ ਮੈਦਾਨ ਨਾ ਆਉਣ ਅੱਗੇ ਅਤੇ ਪੁੱਤ ਬਿਗਾਨੇ ਮਰਵਾਂਵਦੇ ਰਹੇ ਦਿਨ ਢਲਦਯਾਂ ਤੱਕ ਨ ਕੁਝ ਸਰਿਆ ਵੈਰੀ ਬਹੁਤ ਕਚੀਚੀਆਂ ਖਾਂਵਦੇ ਰਹੇ ਜਿੰਨੀ ਵਾਰ ਧਾਵੇ ਕਰ ਆਂਵਦੇ ਰਹੇ ਓਨੀ ਵਾਰ ਨੁਕਸਾਨ ਉਠਾਂਵਦੇ ਰਹੇ ਪਹਿਰ ਤੀਸਰਾ ਭੀ ਕੁਝ ਬੀਤ ਗਿਆ ਸਿੰਘ ਗੋਲੀਆਂ ਤੀਰ ਚਲਾਂਵਦੇ ਰਹੇ ਮੁੱਕ ਗਏ ਸਾਮਾਨ ਕਰਤਾਰ ਸਿੰਘਾ ਤਿੰਨ ਪਹਿਰ ਤਾਂ ਮੀਂਹ ਬਰਸਾਂਵਦੇ ਰਹੇ ਗੋਲੀਆਂ ਤੇ ਤੀਰ ਮੁੱਕ ਜਾਨੇ ਤੇ ਸਿੰਘਾਂ ਨੇ ਤੇਗਾਂ ਦੇ ਜੰਗ ਵਾਸਤੇ ਤਯਾਰ ਹੋਣਾ ਤੀਰ ਗੋਲੀਆਂ ਸਿੰਘਾਂ ਦੇ ਮੁੱਕ ਗਏ ਤੇਗਾਂ ਚਾਹੁੰਦੇ ਹੁਣ ਉਠਾ ਜਾਈਏ ਸਤਿਗੁਰਾਂ ਦੇ ਪਾਸ ਸੁਨਾਈ ਅਰਜ਼ੀ ਦਿਹੋ ਆਗ੍ਯਾ ਬਾਹਰ ਹੁਨ ਧਾ ਜਾਈਏ ਸਾਡਾ ਵਕਤ ਆਖ਼ੀਰ ਦਾ ਆ ਪੁੱਜਾ ਧਰਮ ਵਾਸਤੇ ਯੁਧ ਮਚਾ ਜਾਈਏ ਏਹਨਾਂ ਜ਼ਾਲਮਾਂ ਆਇਆਂ ਵੈਰੀਆਂ ਨੂੰ ਜਰਾ ਤੇਗ਼ ਦਾ ਮਜ਼ਾ ਚਖਾ ਜਾਈਏ ਹੁਣ ਦਮ ਅਖ਼ੀਰ ਦੇ ਰਹਿ ਗਏ ਨੇ ਏਹਨਾਂ ਪਾਪੀਆਂ ਨੂੰ ਹੱਥ ਲਾ ਜਾਈਏ ਬਾਜ਼ ਚਿੜੀਆਂ ਪਾਸੋਂ ਤੁੜਾਵਨੇ ਨੇ ਬਾਜ਼ ਬਣ ਕੇ ਝਪਟ ' ਚਲਾ ਜਾਈਏ ਸਵਾ ਲੱਖ ਦੇ ਨਾਲ ਲੜਾਉਨਾ ਇਕ ਏਹ ਜ਼ਾਹਿਰਾ ਕਰ ਵਖਾ ਜਾਈਏ ਅੱਜ ਤੱਕ ਜੋ ਕਿਸੇ ਤੋਂ ਨਹੀਂ ਪੁੱਜੀ ਅਸੀਂ ਵਿਚ ਮੈਦਾਨ, ਪੁਜਾ ਜਾਈਏ ਸਿੰਘ ਮੌਤ ਪਾਸੋਂ ਜ਼ਰਾ ਨਹੀਂ ਡਰਦੇ ਖੰਡੇ ਅੰਮ੍ਰਿਤ ਦੀ ਸ਼ਕਤ ਦਿਖਾ ਜਾਈਏ ਹੁਣ ਦੇਸ ਤੋਂ ਜ਼ੁਲਮ ਉਠਾਉਨ ਬਦਲੇ ਅਸੀਂ ਜੂਝ ਸ਼ਹੀਦੀਆਂ ਪਾ ਜਾਈਏ ਦਿਹੋ ਸਤਿਗੁਰੋ ਆਗਿਆ ਅਸਾਂ ਤਾਈਂ ਹੁਣ ਆਖ਼ਰੀ ਫ਼ਤੇ ਬੁਲਾ ਜਾਈਏ ਸਾਨੂੰ ਰੱਖਣਾ ਯਾਦ ਕਰਤਾਰ ਸਿੰਘਾ ਭਲੇ ਦੇਸ ਤੋਂ ਹੋ ਫ਼ਿਦਾ ਜਾਈਏ ਸਤਿਗੁਰਾਂ ਨੇ ਓਹਨਾਂ ਸਿੰਘਾਂ ਨੂੰ ਆਖਰੀ ਉਪਦੇਸ਼ ਦੇਣਾ ਸਤਿਗੁਰੂ ਜੀ ਸੁਣ ਕੇ ਖ਼ੁਸ਼ ਹੋਏ ਕਹਿੰਦੇ ਬੜੀ ਖੁਸ਼ੀ ਤੁਸੀਂ ਜਾਓ ਸਿੰਘੋ ਮਾਰੋ ਜਾਕੇ ਧਰਮ ਦੇ ਵੈਰੀਆਂ ਨੂੰ ਸਿੱਧੇ ਮੱਥੇ ਸ਼ਹੀਦੀਆਂ ਪਾਓ ਸਿੰਘੋ ਐਸੀ ਮੌਤ ਦੀ ਲੋੜ ਬਹਾਦਰਾਂ ਨੂੰ ਧਰਮ ਵਾਸਤੇ ਜਿੰਦਾਂ ਘੁਮਾਓ ਸਿੰਘੋ ਵੱਡੀ ਪਦਵੀ ਛੱਤ੍ਰੀ ਪੁੱਤਰਾਂ ਦੀ ਜੂਝ ਪਾਓ, ਗੁਰਪੁਰੀ ਨੂੰ ਜਾਓ ਸਿੰਘੋ ਗੰਗਾ ਨਾਲੋਂ ਪਵਿੱਤ੍ ਹੈ ਸੈ ਹਿੱਸੇ ਜਾਓ ਧਾਰ ਤਲਵਾਰ ਦੀ ਨ੍ਹਾਓ ਸਿੰਘੋ ਧਰਮ ਵਾਸਤੇ ਵਿੱਚ ਮੈਦਾਨ ਮਰ ਕੇ ਜਨਮ ਮਰਨ ਦੇ ਫੰਦ ਕਟਾਓ ਸਿੰਘੋ ਏਸ ਦੇਹ ਨੂੰ ਅੰਤ ਭੀ ਛੱਡਣਾ ਏਂ ਭਲੇ ਦੇਸ ਦੇ ਵਾਸਤੇ ਲਾਓ ਸਿੰਘ ਜੰਮਿਆਂ ਓਸਨੇ ਮਰ ਜਾਨਾ ਵਲੀ, ਪੀਰ, ਅਵਤਾਰ ਉਮਰਾਓ ਸਿੰਘੋ ਯਾਦ ਕਰੇ ਦੁਨੀਆਂ ਤੁਹਾਡੀ ਕਰਨੀਆਂ ਨੂੰ ਅੱਜ ਤੇਗ਼ ਅਹੀ ਖੜਕਾਓ ਸਿੰਘ ਦੇਸ ਰੱਖਿਆ ਲਈ ਏਹ ਹਵਨ ਰਚਿਆ ਸੀਸ ਆਪਣੇ ਬਲੀ ਚੜ੍ਹਾਓ ਸਿੰਘੋ ਦੇ ਥਾਪਨਾ ਤੇ ਚੁੰਮ ਚੁੰਮ ਮੱਥੇ ਕਹਿਆ ਮੋਹ ਨੂੰ ਦਿਲੋਂ ਮਿਟਾਓ ਸਿੰਘੋ ਮੇਲੇ ਹੋਨਗੇ ਅੰਤ ਕਰਤਾਰ ਸਿੰਘਾ ਬੋਲ ਵਾਹਿਗੁਰੂ ਤੇਗ਼ ਉਠਾਓ ਸਿੰਘੋ ਬਾਹਰ ਨਿਕਲ ਕੇ ਸਿੰਘਾਂ ਦਾ ਜੰਗ ਮਚਾਨਾ ਸਤਿਗੁਰਾਂ ਦੀ ਆਗਿਆ ਪਾਕੇ ਜੀ ਸਿੰਘ ਤੇਰਾਂ ਚੌਦਾਂ ਨਿਕਲ ਬਾਹਰ ਆਏ ਹਿੰਮਤ ਸਿੰਘ ਪਿਆਰਾ ਜੱਥੇਦਾਰ ਅੱਗੇ ਬੂਹਾ ਖੋਲ ਉੱਚੀ ਲਲਕਾਰ ਆਏ ਓਹ ਹਵੇਲੀ ਪਹਾੜੀ ਦੀ ਕੰਦਰਾਂ ਸੀ ਏਹ ਸ਼ੇਰ ਨਿਕਲ ਇੱਕੋ ਵਾਰ ਆਏ ਅੱਖਾਂ ਲਾਲ ਚਿਹਰੇ ਖ਼ੂਨਖ਼ਾਰ ਹੋਏ ਤੇਗਾਂ ਤਿੱਖੀਆਂ ਹੱਥ ਚਮਕਾਰ ਆਏ ਗੱਜ ਜਾ ਵੜੇ ਵਿੱਚ ਦੁਸ਼ਮਨਾਂ ਦੇ ਦਿੱਤੇ ਮਾਰ ਕੇ ਲਾ ਸਥਾਰ ਆਏ ਫੜੋ ਮਾਰੋ ਦਾ ਮੱਚਿਆ ਆਨ ਰੌਲਾ ਵੈਰੀ ਚਹੁੰ ਪਾਸੀਂ ਛਾਲਾਂ ਮਾਰ ਆਏ ਸਿੰਘ ਚਿੱਤਰੇ ਦੇ ਵਾਂਗ ਦੇਣ ਛਾਲੀਂ ਕਰਨ ਪਾਰ ਜੋ ਸਾਮਣੇ ਵਾਰ ਆਏ ਹਿਲਜੁਲੀ ਪੈ ਗਈ ਕਰਤਾਰ ਸਿੰਘਾ ਵੜ ਬਾਜ਼ ਜਿਉਂ ਕੂੰਜਾਂ ਦੀ ਡਾਰ ਆਏ ਸਿੰਘਾਂ ਦੀ ਬਹਾਦਰੀ ਸਿੰਘ ਤਲੀ ਤੇ ਜਾਨ ਟਕਾਈ ਫਿਰਦੇ ਲੜਨ ਜਾਨ ਬਚਾ ਮੁਸਲਮਾਨ ਅੱਗੋਂ ਨੇੜੇ ਆਉਣ ਪਹਾੜੀਏ ਮੂਲ ਨਾਹੀਂ ਭੇਡਾਂ ਵਾਂਗ ਕੱਠੇ ਭੱਜ ਜਾਨ ਅੱਗੋਂ ਜਿਸ ਪਾਸੇ ਨੂੰ ਸਿੰਘਾਂ ਦੇ ਜ਼ੋਰ ਜਾਂਦੇ ਆਹੂ ਵੈਰੀਆਂ ਦੇ ਮਾਰ ਲਾਹਨ ਅੱਗੋਂ ਜਿੱਧਰ ਪੈਣ ਕੱਠੇ ਹੋਕੇ ਇੱਕੋ ਵਾਰੀ ਹੁੰਦਾ ਜਾਂਵਦਾ ਖ਼ਾਲੀ ਮੈਦਾਨ ਅੱਗੋਂ ਪੱਕੀ ਖੇਤੀਆਂ ਜਿਵੇਂ ਕਿਰਸਾਨ ਵੱਢਣ ਰੁੱਖ ਛਾਂਗਦੇ ਜਿਵੇਂ ਤਰਖਾਨ ਅੱਗੋਂ ਸਿੰਘਾਂ ਮਾਰਕੇ ਲਾਹ ਸਥਾਰ ਦਿੱਤੇ ਦਿੱਸਨ ਮੁਰਦਿਆਂ ਦੇ ਲੱਥੇ ਘਾਨ ਅੱਗੋਂ ਖ਼ਾਨ ਘੇਰ ਕੇ ਡਾਹੁੰਦੇ ਫ਼ੌਜ ਤਾਈਂ ਸਿੰਘ ਮੌਤ ਦੀ ਸ਼ਕਲ ਡਰਾਨ ਅੱਗੋਂ ਰੌਲਾ ਪੈ ਗਿਆ ਓਥੇ ਬੜਾ ਭਾਰਾ ਫ਼ੌਜੀ ਲੜਨ ਤੋਂ ਚਿੱਤ ਚੁਰਾਨ ਅੱਗੋਂ ਦਲਾਵਰ ਖਾਂ ਵਜ਼ੀਦ ਖਾਂ ਜਹੇ ਅਫਸਰ ਘੇਰ ਫ਼ੌਜ ਦੇ ਤਾਈਂ ਲੜਾਨ ਅੱਗੋਂ ਮੱਥਾ ਡਾਹਕੇ ਤੁਰਕ ਨ ਲੜਨ ਮੂਲੋਂ ਵਾਂਗ ਸ਼ੇਰਾਂ ਦੇ ਸਿੰਘ ਪਏ ਖਾਨ ਅੱਗੋਂ ਬੜਾ ਚਿਰ ਤਲਵਾਰ ਦੀ ਮਾਰ ਮੱਚੀ ਖ਼ਾਨ ਹੋ ਰਹੇ ਦੇਖ ਹੈਰਾਨ ਅੱਗੋਂ ਫ਼ੌਜਾਂ ਘਟਾਂ ਦੇ ਵਾਂਗ ਕਰਤਾਰ ਸਿੰਘਾ, ਸਿੰਘ ਪੌਣ ਹੋ ਮਾਰ ਉਡਾਨ ਅੱਗੋਂ ਸਿੰਘਾਂ ਦਾ ਸ਼ਹੀਦ ਹੋਣਾ ਗੋਲੀ ਤੀਰ ਸੀ ਮੀਂਹ ਦੇ ਵਾਂਗ ਵਰ੍ਹਦੇ ਕਈ ਸਿੰਘ ਵਿੱਚੋਂ ਜ਼ਖ਼ਮ ਖਾ ਡਿੱਗੇ ਛਣ ਛਾਨਣੀ ਵਾਂਗ ਸਰੀਰ ਹੋਏ ਇਕ, ਇਕ ਦਸ, ਦਸ ਖਪਾ ਡਿੱਗੇ ਕੱਲੇ ਕੱਲੇ ਨੂੰ ਸੌ ਸੌ ਆਨ ਪਿਆ ਸਿੰਘ ਤੇਗਾਂ ਦੇ ਹੱਥ ਦਖਾ ਡਿੱਗੇ ਪੁਰਜ਼ੇ ਪੁਰਜ਼ੇ ਸਰੀਰ ਹੋਏ ਸਾਰਿਆਂ ਦੇ ਵਿੱਚ ਵੈਰੀਆਂ ਦੇ ਖੱਪੇ ਪਾ ਡਿੱਗੇ ਪਿੱਠਾਂ ਜੋੜਕੇ ਬਹੁਤ ਚਿਰ ਰਹੇ ਲੜਦੇ ਲਹੂ ਮਿੱਝ ਦਾ ਘਾਨ ਮਚਾ ਡਿੱਗੇ ਡਿੱਗੇ ਪਿਛਾਂ ਨ ਮੂਲ ਕਰਤਾਰ ਸਿੰਘਾ ਪੈਰ ਅਗ੍ਹਾਂ ਹੀ ਅਗ੍ਹਾਂ ਵਧਾ ਡਿੱਗੇ ਵਾਕ ਕਵੀ ਵਾਹ ਵਾਹ ਜੰਮਣਾ ਏਸੇ ਦਾ ਨਾਮ ਹੈਜੀ ਕੁੱਖਾਂ ਸੁਫਲ ਏਹ ਸਿੰਘ ਕਰਾ ਗਏ ਆਪ ਗੁਰੂ ਜੀ ਸਾਮ੍ਹਣੇ ਰਹੇ ਵੇਂਹਦੇ ਮੱਥੇ ਸਾਮ੍ਹਣੇ ਲੜ ਵਖਾ ਗਏ ਸ਼ਾਬਾਸ਼ ਹੈ ਵੈਰੀ ਭੀ ਕਰ ਉੱਠੇ ਮਾਰ ਸੈਂਕੜੇ ਖ਼ਾਕ ਮਲਾ ਗਏ ਹੋ ਗਏ ਸ਼ਹੀਦ ਕਰਤਾਰ ਸਿੰਘਾ ਨਾਮ ਸਦਾ ਅਟੱਲ ਰਖਾ ਗਏ ਸਾਹਿਬ ਅਜੀਤ ਸਿੰਘ ਜੀ ਦੀ ਬਾਹਿਰ ਜੰਗ ਵਾਸਤੇ ਤ੍ਯਾਰੀ ਏਹ ਸਿੰਘ ਸ਼ਹੀਦ ਜਾਂ ਹੋ ਗਏ ਤੇਗਾਂ ਵਿੱਚ ਮੈਦਾਨ ਦੇ ਮਾਰ ਕੇ ਜੀ ਵੱਡਾ ਬੇਟਾ ਅਜੀਤ ਸਿੰਘ ਗੁਰੂ ਜੀ ਦਾ ਜੋਸ਼ ਚਿੱਤ ਦੇ ਵਿੱਚ ਉਭਾਰ ਕੇ ਜੀ ਆਨ ਪਿਤਾ ਜੀ ਦੇ ਅੱਗੇ ਖੜਾ ਹੋਯਾ ਧਾਰ ਨਿੱਮ੍ਰਤਾ ਪੱਲਾ ਗਲ ਡਾਰ ਕੇ ਜੀ ਹੁਣ ਆਗਿਆ ਸਤਿਗੁਰੋ ਦਿਹੋ ਮੈਨੂੰ ਜਾਵਾਂ ਵਿੱਚ ਮੈਦਾਨ ਲਲਕਾਰ ਕੇ ਜੀ ਸਾਥੀ ਨਾਲ ਦੇ ਹੁੰਦੇ ਸ਼ਹੀਦ ਜਾਂਦੇ ਧਰਮ ਵਾਸਤੇ ਜਿੰਦਾ ਨੂੰ ਵਾਰ ਕੇ ਜੀ ਮੈਂ ਭੀ ਛੱਤਰੀ ਧਰਮ ਨੂੰ ਕਰਾਂ ਪੂਰਾ ਭਾਰ ਜ਼ੁਲਮ ਦਾ ਦੇਸ਼ ਤੋਂ ਟਾਰ ਕੇ ਜੀ ਮਾਰਾਂ ਧਰਮ ਤੇ ਦੇਸ਼ ਦੇ ਵੈਰੀਆਂ ਨੂੰ ਸੂਰਬੀਰਤਾ ਖ਼ੂਬ ਦਖਾਰ ਕੇ ਜੀ ਦਿਹੋ ਆਗਿਆ ਹੁਣ ਕਰਤਾਰ ਸਿੰਘਾ ਜਾਵਾਂ ਜੰਗ ਅੰਦਰ ਖ਼ੁਸ਼ੀ ਧਾਰ ਕੇ ਜੀ ਸ੍ਰੀ ਗੁਰੂ ਜੀ ਨੇ ਵੱਡੇ ਪੁਤ੍ਰ ਨੂੰ ਜੰਗ ਵਾਸਤੇ ਤੋਰਨਾ ਤੇ ਸਿੱਖ ਦੇਣੀ ਬੜੇ ਸੁਣਕੇ ਗੁਰੂ ਜੀ ਖ਼ੁਸ਼ੀ ਹੋਏ ਕਹਿਆ ਹਾਂ ! ਮੈਦਾਨ ਵਿੱਚ ਜਾਓ ਬੇਟਾ ਮਾਰੋ ਜਾ ਕੇ ਧਰਮ ਦੇ ਵੈਰੀਆਂ ਨੂੰ ਉੱਚੀ ਛੱਤਰੀ ਪਦਵੀ ਪਾਓ ਬੇਟਾ ਦੇਸ ਵਾਸਤੇ ਹੋ ਕੁਰਬਾਨ ਜਾਵੋ ਧੱਕ ਜ਼ੁਲਮ ਦਾ ਬੇੜਾ ਰੁੜ੍ਹਾਓ ਬੇਟਾ ਏਹ ਜੰਗ ਰੂਪੀ ਵੱਡਾ ਯੱਗ ਰਚਿਆ ਵਿੱਚ ਪੂਰਨ ਹੂਤੀ ਜਾਕੇ ਪਾਓ ਬੇਟਾ ਏਹੋ ਕੰਮ ਹੈ 'ਬੀਰ ਸੁਪੁਤ੍ਰਾਂ' ਦਾ ਤੇਗ਼ ਜਾ ਸਿੱਧੇ ਮੱਥੇ, ਖਾਓ ਬੇਟਾ ਭਾਰਤ ਵਰਸ਼ ਤਾਈਂ ਹਰਾ ਕਰਨ ਬਦਲੇ ਖ਼ੂਨ ਆਪਣਾ ਜਾ ਛਿੜਕਾਓ ਬੇਟਾ ਬੂਟਾ ਸਿੱਖੀ ਰੂਪੀ ਲਾਯਾ ਵੱਡੇ ਗੁਰਾਂ ਖ਼ੂਨ ਆਪਣਾ ਸਿੰਜ ਵਧਾਓ ਬੇਟਾ ਜੱਗ ਜੰਮਣਾ ਏਸੇ ਦਾ ਨਾਮ ਹੈ ਜੇ ਦੇਹਾਂ ਪਰਉਪਕਾਰ ਤੇ ਲਾਓ ਬੇਟਾ ਕਰੋ ਮੇਰੇ ਉਦੇਸ਼ ਨੂੰ ਤੁਸੀਂ ਪੂਰਾ ਮੇਰੇ ਖ਼ੂਨ ਨੂੰ ਸੁਫਲ ਕਰਾਓ ਬੇਟਾ ਸੂਰਾ ਓਹੋ ਜੋ ਧਰਮ ਦੇ ਹੇਤ ਲੜੇ ਵੱਡੇ ਗੁਰਾਂ ਲਿਖ੍ਯਾ ਨਾਲ ਭਾਓ ਬੇਟਾ ਪੁਰਜ਼ਾ ਪੁਰਜ਼ਾ ਹੋ ਮਰੇ ਨਾ ਖੇਤ ਛੱਡੋ ਉਸ ਬੀਰ ਦੀ ਸਫਲ ਹੈ ਮਾਓ ਬੇਟਾ ਸਿੱਧਾ ਰੱਖ ਮੱਥਾ ਮਾਰੇ ਵੈਰੀਆਂ ਨੂੰ ਹੁੰਦੀ ਜਿੰਦ ਨ ਪਿੱਠ ਦਿਖਾਓ ਬੇਟਾ ਹਿੰਦੁਸਤਾਨ ਦੇ ਵੱਡੇ ਬਹਾਦਰਾਂ ਵਿੱਚ ਪਹਿਲਾਂ ਆਪਣਾ ਨਾਮ ਲਿਖਾਓ ਬੇਟਾ ਜਾਓ ਦੇਰ ਨ ਲਾਓ ਕਰਤਾਰ ਸਿੰਘਾ ਗੰਗਧਾਰ ਤਲਵਾਰ ਦੀ ਨ੍ਹਾਓ ਬੇਟਾ ਵਾਕ ਕਵੀ ਮੱਥਾ ਚੁੰਮ ਕੇ ਦੇ ਅਸੀਸ ਗੁਰ ਜੀ ਘੁੱਟ ਛਾਤੀ ਦੇ ਨਾਲ ਲਗਾ ਲਿਆ ਜਾਹ ਪੁੱਤਰਾ ਜੰਮਣਾ ਸੁਫਲ ਹੋਊ ਜਾਂਦੀ ਵਾਰ ਦਾ ਮੇਲ ਮਿਲਾ ਲਿਆ ਮੁੜ ਜੀਉਂਦਿਆਂ ਹੋਵਨਾ ਮੇਲ ਨਾਹੀਂ ਅੰਤ ਵਾਰ ਦਾ ਏਹ ਗਲੇ ਲਾ ਲਿਆ ਅੱਖੀਂ ਅੱਥਰੂ ਇੱਕ ਨ ਆਉਣ ਦਿੱਤਾ ਜਿਗਰ ਪੱਥਰੋਂ ਸਖ਼ਤ ਬਣਾ ਲਿਆ ਸਾਹਿਬਜ਼ਾਦੇ ਪ੍ਰਦਖਨਾਂ ਚਾਰ ਲਈਆਂ ਤੇ ਦੀਦਾਰ ਭੀ ਅੰਤ ਦਾ ਪਾ ਲਿਆ ਸੋਹਣਾ ਰੂਪ ਅਨੂਪ ਕਰਤਾਰ ਸਿੰਘਾ ਵਿੱਚ ਰਿਦੇ ਦੇ ਸਾਫ਼ ਟਿਕਾ ਲਿਆ ਤਥਾ ਭਾਰਤਵਰਸ਼ ਤੇ ਹੋਣ ਕੁਰਬਾਨ ਟੁਰਿਆ ਸਤਿਗੁਰਾਂ ਦਾ ਨੌ ਨਿਹਾਲ ਸੋਹਣਾ ਚੜ੍ਹਿਆ ਬਰਸ ਸਤਾਰ੍ਹਵਾਂ ਮੱਸ ਭਨਾਂ ਬਾਂਕਾ ਸੂਰਮਾਂ ਬੇ ਮਿਸਾਲ ਸੋਹਣਾ ਮੁਖ ਫੁੱਲ ਗੁਲਾਬ ਦੇ ਵਾਂਗ ਖਿੜ੍ਯਾ ਤੇਜ ਚਮਕਦਾ ਓਹ ਤੇਜ 1ਭਾਲ ਸੋਹਣਾ ਅੱਖਾਂ ਸ਼ੇਰ ਵਾਂਗੂੰ ਮਸਤ ਲਾਲ ਹੋਈਆਂ ਹੱਥ ਵਿੱਚ ਲਿਆਂ ਖੰਡਾ ਢਾਲ ਸੋਹਣਾ ਲੱਖਾਂ ਵੈਰੀਆਂ ਨੂੰ ਮੋਹਤ ਕਰਨ ਟੁਰ੍ਯਾ ਓਹ ਅਮੋਲ ਸਿਤਗੁਰਾਂ ਦਾ ਲਾਲ ਸੋਹਣਾ ਧਰਮ ਯੁੱਧ ਦਾ ਚਿੱਤ ਤੇ ਚਾਓ ਭਰਿਆ ਮੱਥੇ ਚਮਕਦਾ ਪਿਆ ਜਮਾਲ ਸੋਹਣਾ ਗੁਰੂ ਪਿਤਾ ਤੋਂ ਆਗਿ੍ਯਾ ਲੈ ਟੁਰਿਆ ਭਾਰਤਵਰਸ਼ ਦਾ ਬੀਰ ਕਮਾਲ ਸੋਹਣਾ ਵੇਖੋ ਵੈਰੀਆਂ ਨਾਲ ਕਰਤਾਰ ਸਿੰਘਾ ਕਿਵੇਂ ਲੜੇਗਾ ਤੇਗ਼ ਸੰਭਾਲ ਸੋਹਣਾ 1 ਮੱਥਾ। ਸਾਹਿਬ ਅਜੀਤ ਸਿੰਘ ਦੇ ਸਾਥੀ ਮੁਹਕਮ ਸਿੰਘ ਤੇ ਈਸ਼ਰ ਸਿੰਘ ਦੇਵਾ ਮੋਹਰ ਸਿੰਘ ਭੀ ਨਾਲ ਵਚਾਰੀਏ ਜੀ ਨੰਦ ਸਿੰਘ ਤੇ ਲਾਲ ਸਿੰਘ ਕੀਰਤੀ ਸਿੰਘ ਹੋਰ ਕੇਸਰਾ ਸਿੰਘ ਭੀ ਧਾਰੀਏ ਜੀ ਏਸੇ ਤਰ੍ਹਾਂ ਦਸਾਂ ਸਿੰਘਾਂ ਕਰ ਲਈ ਸਾਹਿਬਜ਼ਾਦੇ ਦੇ ਨਾਲ ਤਯਾਰੀਏ ਜੀ ਚਲੇ ਧਰਮ ਤੇ ਹੋਣ ਸ਼ਹੀਦ ਸਾਰੇ ਦੇਂਦੀ ਸਾਮ੍ਹਣੇ ਮੌਤ ਦਖਾਰੀਏ ਜੀ ਮੱਥਾ ਟੇਕਿਆ ਅੰਤ ਦਾ ਗੁਰਾਂ ਤਾਈਂ ਖੁਸ਼ੀ ਕਰਨੀ ਅਰਜ਼ ਉਚਾਰੀਏ ਜੀ ਸਾਡੇ ਵੇਖਨੇ ਹੱਥ ਕਰਤਾਰ ਸਿੰਘਾ ਤੇਗਾਂ ਕਿਵੇਂ ਮੈਦਾਨ ਵਿੱਚ ਮਾਰੀਏ ਜੀ ਸਾਹਿਬਜ਼ਾਦੇ ਸਣੇ ਸਿੰਘਾਂ ਨੇ ਹਵੇਲੀ ਵਿਚੋਂ ਬਾਹਰ ਨਿਕਲਣਾ ਲੈ ਕੇ ਆਗਿਆ ਬੂਹੇ ਤੋਂ ਬਾਹਰ ਆਏ ਫ਼ਤੇ ਬੋਲ ਕੇ ਵਿਚ ਮੈਦਾਨ ਲੱਥੇ ਡਿੱਠਾ ਸਭ ਨੇ ਗੁਰਾਂ ਦਾ ਪੁੱਤ ਹੈ ਏਹ ਵੇਖ ਜਿਗਰਾ ਹੋ ਹੈਰਾਨ ਲੱਥੇ ਚਹੁੰਆਂ ਪਾਸਿਆਂ ਤੋਂ ਬੋਲ ਫੜੋ ਮਾਰੋ ਸੈ ਹਜ਼ਾਰ ਵੈਰੀ ਕੁਦ ਆਨ ਲੱਥੇ ਕੂੰਜਾਂ ਵਿੱਚ ਜਿਵੇਂ ਬਾਜ਼ ਆਨ ਵੜਦੇ ਸਿੰਘ ਵੈਰੀਆਂ ਤਾਈਂ ਮੁਕਾਨ ਲੱਥੇ ਜਿਵੇਂ ਵਿੱਚ 1ਤਰੰਡੀਆਂ ਸ਼ੇਰ ਪਏ ਭੇਡਾਂ ਵਿੱਚ ਬਘਿਆੜਾਂ ਸਮਾਨ ਲੱਥੇ ਲੈਹ ਲੈਹ ਭਗੌਤੀਆਂ ਕਰਨ ਹੱਥੀਂ ਵੈਰੀ ਧਰਮ ਦਿਆਂ ਤਈਂ ਖਾਨ ਲੱਥੇ ਘੇਰ ਲਏ ਬੇਅੰਤ ਹੀ ਦੁਸ਼ਮਣਾਂ ਨੇ ਤੇਗ਼ਾਂ ਲੈਕੇ ਸਾਹਵੇਂ ਪਠਾਨ ਲੱਥੇ ਸਿੰਘਾਂ ਰੌਲਾ ਅਕਾਲ, ਅਕਾਲ ਪਾਯਾ ਲੈਕੇ ਪੈਂਤੜੇ ਹੱਥ ਵਖਾਨ ਲੱਥੇ ਓਹ ਤੇਗ਼ ਮੈਦਾਨ ਦੇ ਵਿੱਚ ਖੜਕੀ ਪਲੋ ਪਲੀ ਦੇ ਵਿੱਚ ਆ ਘਾਨ ਲੱਥੇ ਤੇਗਾਂ ਮਾਰਕੇ ਸਿੰਘਾਂ ਸਥਾਰ ਲਾਹੇ ਘਾਇਲ ਸੈਂਕੜੇ ਹੋ ਜਵਾਨ ਲੱਥੇ ਸਾਹਿਬਜ਼ਾਦੇ ਦੀ ਤੇਗ਼ ਦੀ ਵੇਖ ਤੇਜ਼ੀ ਬੜੇ ਸੂਰਬੀਰਾਂ ਦੇ ਗੁਮਾਨ ਲੱਥੇ ਦਿੱਤੇ ਲਾਹ ਸਥਾਰ ਕਰਤਾਰ ਸਿੰਘਾ ਬੇ ਸ਼ੁਮਾਰ ਵੈਰੀ ਹੋ ਬੇਜਾਨ ਲੱਥੇ 1ਵੱਗ ਯਾ ਡਾਰ ਸਾਹਿਬ ਅਜੀਤ ਸਿੰਘ ਦੀ ਤਲਵਾਰ ਘਟਾਂ ਕਾਲੀਆਂ ਦੇ ਵਿੱਚ ਰਾਤ ਸਮੇਂ ਜਿਵੇਂ ਬਿਜਲੀ ਦੇ ਚਮਕਾਰ ਫਿਰਦੀ ਸਾਹਿਬਜ਼ਾਦੇ ਅਜੀਤ ਸਿੰਘ ਹੱਥ ਫੜੀ ਵਿੱਚ ਵੈਰੀਆਂ ਤਿਵੇਂ ਤਲਵਾਰ ਫਿਰਦੀ ਇਕ ਕੱਟ, ਦੂਜਾ ਤੀਜਾ ਕੱਟ ਦੇਂਦੀ ਸਾਬਨ ਵਿੱਚ ਜਿਵੇਂ ਤਿੱਖੀ ਤਾਰ ਫਿਰਦੀ ਜਿਸ ਪਾਸੇ ਨੂੰ ਕੁੱਦਕੇ ਸ਼ੇਰ ਜਾਂਦਾ ਪੈਂਦੀ ਵਾਂਗ ਕਿਰਾੜਾਂ ਪੁਕਾਰ ਫਿਰਦੀ ਵੈਰੀ ਇਉਂ ਜਾਂਦੇ ਜਿਵੇਂ ਬਾਜ਼ ਅੱਗੇ ਜਿੰਦ ਭਿਆਣੀ ਕੂੰਜਾਂ ਡਾਰ ਫਿਰਦੀ ਲਹਿ ਲੁਹਾਉਂਦੀ ਕਾਲਦੀ ਜੀਭ ਵਾਂਗੂੰ ਭਾਰਤਵਰਸ਼ ਦਾ ਲਾਹੁੰਦੀ ਭਾਰ ਫਿਰਦੀ ਹੁਣ ਏਥੇ ਸੀ ਪਲ ਵਿੱਚ ਔਹ ਗਈ ਜ਼ਾਲਮ ਕੱਟਦੀ ਬੇਸ਼ੁਮਾਰ ਫਿਰਦੀ ਤਿੱਖੀ ਦਾਤਰੀ ਹੱਥ ਕਿਰਸਾਨ ਜਿਵੇਂ ਓਹ ਵੱਢਦੀ ਪੱਕੀ ਜਵਾਰ ਫਿਰਦੀ ਸਾਹਿਬਜ਼ਾਦੇ ਦੇ ਹੱਥ ਤਲਵਾਰ ਤਿੱਖੀ ਲਾਂਹਦੀ ਵਿਚ ਮੈਦਾਨ ਸਥਾਰ ਫਿਰਦੀ ਆਂਹਦੀ ਅੱਜ ਸਮੇਟਨੇ ਸਭ ਪਾਪੀ ਭਿੰਨੀ ਖ਼ੂਨ ਦੀ ਵਿੱਚ ਉਲਾਰ ਫਿਰਦੀ ਬੇਈਮਾਨੀ ਦਾ ਮਜ਼ਾ ਚਖਾਉਨਾ ਏਂ ਰੂਪ ਚੰਡਕਾ ਦਾ ਗੁੱਸਾ ਧਾਰ ਫਿਰਦੀ ਲੱਗੇ ਲੋਥਾਂ ਦੇ ਢੇਰ ਕਰਤਾਰ ਸਿੰਘਾ ਤੇਗ਼ ਅਜੇ ਵੀ ਵਿੱਚ ਬਲਕਾਰ ਫਿਰਦੀ ਵਾਕ ਕਵੀ ਸਾਹਿਬਜ਼ਾਦੇ ਦੀ ਵੇਖ ਬਹਾਦਰੀ ਨੂੰ ਪਿਤਾ ਗੁਰੂ ਜੀ ਪਏ ਬਲਿਹਾਰ ਹੁੰਦੇ ਕਹਿੰਦੇ ਅੱਜ ਮੈਂ ਧਨ ਹਾਂ ਵਿੱਚ ਦੁਨੀਆਂ ਸਾਹਿਬਜ਼ਾਦੇ ਤੇ ਖੁਸ਼ ਅਪਾਰ ਹੁੰਦੇ ਓਧਰ ਵੇਖ ਪਠਾਨ ਭੀ ਦਿਲ ਜ਼ਿੰਦਾ ਕਹਿ ਸ਼ਾਬਾਸ਼ ਸ਼ਾਬਾਸ਼ ਨਸਾਰ ਹੁੰਦੇ ਵਾਹ ਜੰਮਣਾ ਏਸ ਦਾ ਨਾਮ ਹੈ ਜੀ ਏਹ ਅਵਾਜ਼ੇ ਉੱਚੀ ਤਰਫ਼ ਚਾਰ ਹੁੰਦੇ ਨਾਲੇ ਸਿੰਘਾਂ ਦੇ ਟੁੱਟ, ਹਥ੍ਯਾਰ ਗਏ ਮਾਰ ਮਾਰ ਤੇਗਾਂ ਬਹੁਤੇ ਹਾਰ ਹੁੰਦੇ ਹੁਣ ਹੋ ਸ਼ਹੀਦ ਕਰਤਾਰ ਸਿੰਘਾ ਗੁਰ ਪੁਰੀ ਦੇ ਵੱਲ ਤਯਾਰ ਹੁੰਦੇ ਸਾਹਿਬ ਅਜੀਤ ਸਿੰਘ ਜੀ ਦਾ ਸ਼ਹੀਦ ਹੋਣਾ ਕਈ ਸੈਂਕੜੇ ਮਾਰ ਕੇ ਵੈਰੀਆਂ ਨੂੰ ਤੇਗ਼ਾਂ ਖੂੰਨਦੇ ਨਾਲ ਨੁਲ੍ਹਾਂਵਦੇ ਨੇ ਜਿੱਥੇ ਕਿੱਥੇ ਲੱਗੇ ਢੇਰ ਮੁਰਦਿਆਂ ਦੇ ਸੂਬੇ ਵੇਖਕੇ ਬੜੇ ਘਬਰਾਂਵਦੇ ਨੇ ਡਾਂਟ ਫ਼ਾਂਟ ਕੇ ਫ਼ੌਜ ਵਜ਼ੀਦ ਖ਼ਾਂ ਜਹੇ ਚਹੁੰਆਂ ਪਾਸਿਆਂ ਤੋਂ ਆ ਝੁਕਾਂਵਦੇ ਨੇ ਨੇਜ਼ੇ, ਬਰਛੀਆਂ, ਬੱਲਮਾਂ, ਤੀਰ, ਤੇਗਾਂ ਚਾਰੋਂ ਤਰਫ ਹੀ ਛਾਉਂ ਕਰਾਂਵਦੇ ਨੇ ਫੜੋ ਮਾਰ ਲੌ ਮਾਰ ਲੌ ਪਿਆ ਰੌਲਾ ਸ਼ੋਰ ਗਿੱਦੜਾਂ ਵਾਂਗ ਮਚਾਂਵਦੇ ਨੇ ਸਾਹਿਬਜ਼ਾਦੇ ਨੂੰ ਵਿੱਚ ਲੈ ਸਿੰਘ ਸੂਰੇ ਅੰਤ ਵਾਰ ਦੀਆਂ ਤੇਗਾਂ ਵਾਹੁੰਦੇ ਨੇ ਦਸ ਮਾਰਦੇ ਵੀਹ ਆ ਹੋਰ ਜਾਂਦੇ ਜ਼ੋਰ ਪਏ ਪੱਬਾਂ ਤੱਕ ਲਾਂਵਦੇ ਨੇ ਹੱਥੋਂ ਸਿੰਘਾਂ ਦੇ ਟੁੱਟ ਹਥ੍ਯਾਰ ਗਏ ਜੱਫੋ ਜੱਫੀ ਹੋ ਅੰਤ ਨੂੰ ਜਾਂਵਦੇ ਨੇ ਜ਼ਖ਼ਮ ਖਾ ਸਰੀਰ ਹੋ ਛਾਨਣੀ ਗਏ ਖ਼ੂਨ ਵੱਗਦੇ ਇਉਂ ਸੁਹਾਂਵਦੇ ਨੇ ਪੁੱਤ ਬਾਣੀਆਂ ਦੇ ਵਿੱਚ ਹੋਲੀਆਂ ਜਿਉਂ ਨਾਲ ਖੁਸ਼ੀ ਦੇ ਰੰਗ ਉਡਾਂਵਦੇ ਨੇ ਖ਼ੂਨ ਵੱਗ ਕੇ ਸਿਥਲ ਸਰੀਰ ਹੋਏ ਪੁਰਜ਼ੇ ਪੁਰਜ਼ੇ ਹੋ ਅੰਗ ਕਟਾਂਵਦੇ ਨੇ ਜਾਫ਼ਰਅਲੀਖਾਂ, ਨੂਰਖਾਂ, ਬੇਗ ਮਿਰਜ਼ਾ, ਤਾਹਰਬੇਗ ਵਰਗੇ ਜ਼ੋਰ ਪਾਂਵਦੇ ਨੇ ਜਿੰਨਾਂ ਚਿਰ ਹਥ੍ਯਾਰ ਤੇ ਜ਼ੋਰ ਰਿਹਾ ਕਦਮ ਉੱਨਾਂ ਚਿਰ ਅਗ੍ਹਾਂ ਵਧਾਂਵਦੇ ਨੇ ਪਿੱਛਾ ਜ਼ੋਰ ਹਥ੍ਯਾਰ ਜਾਂ ਦੇ ਗਏ ਪੂਰੇ ਸਵਾਸ ਹੋ ਅੰਤ ਦੇ ਆਂਵਦੇ ਨੇ ਵੈਰੀ ਵੀਹ ਗੁਣੇ ਮਾਰ ਕਰਤਾਰ ਸਿੰਘ ਸਾਰੇ ਅੰਤ ਦੀ ਫ਼ਤੇ ਬੁਲਾਂਵਦੇ ਨੇ ਵਾਕ ਕਵੀ ਦਸਾਂ ਸਿੰਘਾਂ ਸਣੇ ਵੱਡਾ ਸਾਹਿਬਜ਼ਾਦਾ ਵਿੱਚ ਜੰਗ ਸ਼ਹੀਦੀ ਨੂੰ ਪਾ ਗਿਆ ਉੱਤੇ ਦੇਸ ਤੇ ਧਰਮ ਦੇ ਜਿੰਦ ਪਿਆਰੀ ਨਾਲ ਖੁਸ਼ੀ ਦੇ ਘੋਲ ਘੁਮਾ ਗਿਆ ਗੁਰੂ ਅੰਸ ਨੂੰ ਉਜਲਾ ਕਰ ਗਿਆ ਖੰਡੇ ਅੰਮ੍ਰਿਤ ਸ਼ਕਤ ਦਿਖਾ ਗਿਆ ਹੈਸੀ ਨਾਮ ਅਜੀਤ ਅਜੀਤ, ਹੋ ਕੇ ਭਾਰਤਵਰਸ਼ ਦੇ ਭਾਰ ਮਿਟਾ ਗਿਆ ਦੇਹ ਵਾਰਕੇ ਆਪਣੇ ਧਰਮ ਉੱਤੇ ਵਿੱਚ ਜੋਤ ਦੇ ਜੋਤ ਸਮਾ ਗਿਆ ਖ਼ੂਨ ਆਪਣਾ ਛਿੜਕ ਕਰਤਾਰ ਸਿੰਘਾ ਸਿੱਖ ਕੌਮ ਨੂੰ ਜ਼ਿੰਦਾ ਰਖਾ ਗਿਆ ਸਤਿਗੁਰਾਂ ਨੇ ਸਾਹਿਬਜ਼ਾਦੇ ਨੂੰ ਅਸੀਸਾਂ ਦੇਣੀਆਂ ਗੁਰੂ ਮੋਰਚੇ ਦੇ ਵਿੱਚੋਂ ਰਹੇ ਵੇਂਦੇ ਟੋਟੇ ਹੋ ਡਿੱਗਾ ਹੋਣਹਾਰ ਬੱਚਾ ਓਹ ਫੁੱਲ ਗੁਲਾਬ ਦੇ ਵਾਂਗ ਸੋਹਣਾ ਖਾ ਕੇ ਵੈਰੀਆਂ ਦੇ ਹਥ੍ਯਾਰ ਬੱਚਾ ਘੱਟੇ ਵਿੱਚ ਬੇਕੀਮਤੀ ਲਾਲ ਰੁਲਿਆ ਵੱਡੇ ਆਪਣੇ ਜੌਹਰ ਦਖਾਲ ਬੱਚਾ ਭਾਰਤਵਰਸ਼ ਦੀ ਗੋਦ ਦੇ ਵਿੱਚ ਸੁੱਤਾ ਪੈਰ ਸਦਾ ਦੇ ਲਈ ਪਸਾਰ ਬੱਚਾ ਏਹ ਅੰਤ ਦੀ ਗੁਰਾਂ ਅਸੀਸ ਦਿੱਤੀ ਮੈਂ ਖ਼ੁਸ਼ ਤੈਥੋਂ ਬਲਿਹਾਰ ਬੱਚਾ ਮੇਰਾ ਪੁੱਤ ਅਖਵਾਨ ਦੇ ਯੋਗ ਹੋਇਓਂ ਤੇਗਾਂ ਧਰਮ ਦੇ ਵਾਸਤੇ ਮਾਰ ਬੱਚਾ ਮੈਂ ਭੀ ਅੱਜ ਸੁਪੁੱਤ੍ਰਾ ਹੋਇਆ ਹਾਂ ਸਿਰੋਂ ਕੌਮ ਦਾ ਲਾਹ ਕੇ ਭਾਰ ਬੱਚਾ ਕੌਮ ਮੇਰੇ ਉੱਤੇ ਕੁਰਬਾਨ ਹੋਈ ਮੈਂ ਪੁੱਤ੍ਰਾਂ ਨੂੰ ਦਿੱਤਾ ਵਾਰ ਬੱਚਾ ਦਾਦੇ ਜੀ ਦੇ ਪਾਸ ਜਾ ਨਾਲ ਖੁਸ਼ੀ ਨਾਮ ਉੱਜਲਾ ਕਰ ਸੰਸਾਰ ਬੱਚਾ ਗੁਰੂ ਨਾਨਕ ਜੀ ਦੀ ਗੋਦੀ ਬੈਠ ਜਾਕੇ ਜਨਮ ਮਰਨ ਤੋਂ ਪਾ ਛੁਟਕਾਰ ਬੱਚਾ ਜਿਸ ਵਾਸਤੇ ਲਿਆ ਸੀ ਜਨਮ ਤੁਸਾਂ ਓਹ ਕਰ ਚੱਲੇ ਪੂਰੀ ਕਾਰ ਬੱਚਾ ਏਹ ਜੰਗ ਚਮਕੌਰ ਕਰਤਾਰ ਸਿੰਘਾ ਦੁਨੀਆਂ ਵਿਚ ਰਹਿਸੀ ਯਾਦਗਾਰ ਬੱਚਾ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਦੀ ਬੇਨਤੀ ਵੱਡਾ ਵੀਰ ਅਜੀਤ ਸਿੰਘ ਜੂਝ ਗਿਆ ਮਾਰ ਵੈਰੀਆਂ ਨੂੰ ਰਣ ਵਿਚ ਸਾਹਵਾਂ ਜੋਸ਼ ਜਾਗ੍ਯਾ ਆਨ ਜੁਝਾਰ ਸਿੰਘ ਨੂੰ ਗੁੱਸਾ ਖਾ ਫਰਕ ਉੱਠੀਆਂ ਬਲੀ ਬਾਹਵਾਂ ਹੱਥ ਜੋੜ ਆ ਆਖਦਾ ਗੁਰੂ ਜੀ ਨੂੰ ਦਿਹੋ ਆਗ੍ਯਾ ਮੈਂ ਭੀ ਬਾਹਰ ਜਾਵਾਂ ਜਿਵੇਂ ਜੂਝਿਆ ਜੰਗ ਅਜੀਤ ਕਰਕੇ ਤਿਵੇਂ ਮੈਂ ਭੀ ਵੈਰੀਆਂ ਤਾਈਂ ਘਾਵਾਂ ਜਾਂਦਾ ਚਿੱਤ ਦਾ ਥੰਮ੍ਹਿਆ ਜੋਸ਼ ਨਾਹੀਂ ਦਿਹੋ ਥਾਪਨਾ ਜਾਕੇ ਜੰਗ ਪਾਵਾਂ ਮੈਂ ਵੀਰ ਨਾਲੋਂ ਕਾਹਨੂੰ ਰਹਾਂ ਪਿੱਛੇ ਰਣ ਵਿਚ ਜਾ ਭਾਈ ਨੂੰ ਗਲ ਲਾਵਾਂ ਦਿਹੋ ਆਗ੍ਯਾ ਹੁਣ ਕਰਤਾਰ ਸਿੰਘਾ ਕੱਲਾ ਭਾਈ ਬਾਝੋਂ ਨਾ ਮੈ ਰੈਹਨ ਚਾਹਵਾਂ ਛੋਟੇ ਬੇਟੇ ਨੂੰ ਗੁਰੂ ਜੀ ਦਾ ਉਪਦੇਸ਼ ਵੱਡਾ ਪੁੱਤ੍ਰ ਹੈ ਹੁਣੇ ਸ਼ਹੀਦ ਹੋਯਾ ਚਾਹੁੰਦਾ ਛੋਟਾ ਭੀ ਜੰਗ ਵਿਚ ਜਾਨਾ ਬੇਟਾ ਬੜੇ ਗੁਰੂ ਜੀ ਸੁਣਕੇ ਖੁਸ਼ ਹੋਏ ਕੀਤਾ ਮੋਹ ਨ ਹੈ ਅੱਞਾਨਾ ਬੇਟਾ ਦਿੱਤੀ ਥਾਪਨਾ ਕਹਿਆ ਸ਼ਾਬਾਸ਼ ਪੁੱਤ ਜੰਗ ਕਰਕੇ ਖ਼ੂਬ ਦਖਾਨਾ ਬੇਟਾ ਏਹ ਛੱਤ੍ਰੀ ਪੁੱਤਾਂ ਦਾ ਕੰਮ ਹੈ ਜੇ, ਧਰਮ ਵਾਸਤੇ ਜੰਗ ਮਚਾਨਾ ਬੇਟਾ ਧੰਨ ਦੇਹ ਜੋ ਧਰਮ ਦੇ ਹਿਤ ਲੱਗੇ ਏਹਨੂੰ ਮਿੱਟੀ ਨੇ ਅੰਤ ਨੂੰ ਖਾਨਾ ਬੇਟਾ ਮੇਰੀ ਅੰਸ਼ ਹੋਕੇ ਮਰਨਾ ਹੋ ਟੋਟੇ ਪੈਰ ਪਿਛ੍ਹਾਂ ਨਾ ਮੂੰਹ ਪਰਤਾਨਾ ਬੇਟਾ ਜਿਵੇਂ ਕੀਤਾ ਹੈ ਜੰਗ ਅਜੀਤ ਸਿੰਘ ਨੇ ਤੂੰ ਭੀ ਕਰਕੇ ਤਿਵੇਂ ਦਖਾਨਾ ਬੇਟਾ ਤੇਰਾ ਲੜਨਾ ਬੇ ਮਸਾਲ ਹੋਵੇ ਵੱਡਾ ਯਸ ਜਹਾਨ ਵਿਚ ਪਾਨਾ ਬੇਟਾ ਤੇਰੀ ਉਮਰ ਦਾ ਕਦੇ ਨਹੀਂ ਕੋਈ ਲੜ੍ਯਾ ਚਾਰ ਯੁਗ ਵੀ ਸਮਾ ਵਿਹਾਨਾ ਬੇਟਾ ਏਹ ਯੱਸ ਇਕ ਤੇਰੇ ਹੀ ਆਯਾ ਹਿੱਸੇ ਤੇਰਾ ਗੀਤ ਜਹਾਨ ਨੇ ਗਾਨਾ ਬੇਟਾ ਜਾਹ ਅਜੀਤ ਸਿੰਘ ਪਿਆ ਉਡੀਕਦਾ ਹੈ ਮਿਲ ਵੀਰ ਨੂੰ ਚਿਰ ਨ ਲਾਣਾ ਬੇਟਾ ਜਾਹ ਦਾਦਾ, ਪੜਦਾਦਾ ਜੀ ਸੱਦਦੇ ਜੇ ਸੱਚ ਖੰਡ ਜਾ ਕਰੋ ਟਕਾਨਾ ਬੇਟਾ ਥੋੜ੍ਹੇ ਚਿਰ ਨੂੰ ਅਸੀਂ ਭੀ ਆ ਜਾਂਗੇ ਯਾਦ ਰੱਖਨਾ ਨਹੀਂ ਭੁਲਾਨਾ ਬੇਟਾ ਤੁਹਾਡੇ ਛੋਟੇ ਭਰਾਵਾਂ ਨੂੰ ਢੂੰਡ ਕਰਕੇ ਪਹਿਲਾਂ ਤੁਸਾਂ ਦੇ ਪਾਸ ਪੁਚਾਨਾ ਬੇਟਾ ਫੇਰ ਸਾਡੀ ਭੀ ਝੱਬ ਉਡੀਕ ਕਰਨੀ ਹੋਵੇ ਝਬਦੇ ਹੀ ਸਾਡਾ ਆਨਾ ਬੇਟਾ ਮੱਥਾ ਚੁੰਮ ਪਿਆਰ ਦੇ ਲਾ ਛਾਤੀ ਕਹਿਆ ਹਾਂ ! ਹੁਣ ਕਹੇ ਸਿਧਾਨਾ ਬੇਟਾ ਜ਼ਰਾ ਪੈਰ ਨਾ ਜੀਉਂਦਿਆਂ ਪਿਛ੍ਹਾਂ ਹੋਵੇ ਤੇਗਾਂ ਖਾ ਭੀ ਅਗ੍ਹਾਂ ਵਧਾਨਾ ਬੇਟ ਸ ਏਹੋ ਛੱਤਰੀ ਧਰਮ ਕਰਤਾਰ ਸਿੰਘਾ ਵੈਰੀ ਮਾਰਨੇ ਜਾਂ ਮਰ ਜਾਨਾ ਬੇਟਾ ਸਾਹਿਬ ਜੁਝਾਰ ਸਿੰਘ ਨੂੰ ਗੁਰਾਂ ਨੇ ਤ੍ਯਾਰ ਕਰਕੇ ਜੰਗ ਵਿਚ ਤੋਰਨਾ ਵਿਚ ਗੋਦ ਬਿਠਾਲ ਪ੍ਯਾਰ ਦੇਂਦੇ ਜਾਂਦੀ ਵਾਰ ਦਾ ਗਲੇ ਲਗਾਯਾ ਸੋਹਣਾ ਫੇਰ ਮੁਖ ਧੁਵਾ ਕੇ ਕਮਲ ਵਰਗਾ ਹੱਥੀਂ ਸਿਰ ਦਸਤਾਰਾ ਸਜਾਯਾ ਸੋਹਣਾ ਜਿਗਾ, ਕਲਗੀ ਲਾ ਸਿਰਪੇਚ ਤੋੜਾ ਆਪ ਕਮਰਕੱਸਾ ਕਰਵਾਯਾ ਸੋਹਣਾ ਛੋਟੀ ਹੱਥ ਕਮਾਨ ਤੇ ਕਮਰ ਭੱਥਾ, ਖੰਡਾ ਛੋਟਾ ਜਿਹਾ ਹੱਥ ਫੜਾਯਾ ਸੋਹਣਾ ਪੇਸ਼ਕਬਜ਼, ਕਟਾਰ ਜਮਧਾਰ ਛੋਟੀ ਹਰ ਇੱਕ ਹਥ੍ਯਾਰ ਪਵਾਯਾ ਸੋਹਣਾ ਮੁਕਤੀ ਰੂਪ ਤੀਵੀਂ ਦੇ ਵ੍ਯਾਹੁਣ ਲਈ ਲਾੜਾ ਸਿੰਘ ਜੁਝਾਰ ਬਣਾਯਾ ਸੋਹਣਾ ਆਲਮ ਸਿੰਘ ਆਦਿਕ ਸਾਹਿਬ ਸਿੰਘ ਪ੍ਯਾਰਾ ਏਨਾਂ ਜਾਂਝੀਆਂ ਨਾਲ ਚੜ੍ਹਾਯਾ ਸੋਹਣਾ ਹੱਥੀਂ ਟੋਰਿਆ ਥਾਪਨਾਂ ਦੇ ਗੁਰ ਜੀ ਮਰਨਾ ਸਾਮ੍ਹਣੇ ਮੱਥੇ ਸਿਖਾਯਾ ਸੋਹਣਾ ਜਾਂਦੀ ਵਾਰ ਦੀ ਸੋਧ ਅਰਦਾਸ ਲਈ ਤੁਰ ਪਏ ਦੂਲ੍ਹੇ ਅੱਗੇ ਲਾਯਾ ਸੋਹਣਾ ਸਤਿਗੁਰਾਂ ਦਾ ਰੂਪ ਕਰਤਾਰ ਸਿੰਘਾ ਚਿਤਾਂ ਸਾਰਿਆਂ ਵਿਚ ਸਮਾਯਾ ਸੋਹਣਾ ਵਾਕ ਕਵੀ ਸੁਨਣ ਵਾਲਿਓ ਸੱਜਨੋਂ ਸੋਚ ਕਰਿਓ ਏਡਾ ਹੌਸਲਾ ਕਿਸੇ ਵਖਾਯਾ ਹੋਵੇ ਕੇੜ੍ਹਾ ਬਲੀ ਜਿਸ ਜਿਗਰ ਦੇ ਟੋਟਿਆਂ ਨੂੰ ਹੱਸ ਮੌਤ ਦੇ ਹੱਥ ਫੜਾਯਾ ਹੋਵੇ ਓਹ ਬਾਪ ਦੱਸੋ ਜਿਸ ਦੇਸ ਬਦਲੇ ਕਦੇ ਬੇਟਿਆਂ ਤਾਈਂ ਮਰਵਾਯਾ ਹੋਵੇ ਇਕ ਮਰ ਚੁੱਕਾ ਦੂਜਾ ਤੋਰ ਦਿੱਤਾ ਅੱਖੀਂ ਆਂਸੂ ਵੀ ਇਕ ਨ ਆਯਾ ਹੋਵੇ ਚਹੁੰਆਂ ਬੇਟਿਆਂ ਵਿਚੋਂ ਨ ਪਾਸ ਕੋਈ ਜੇਹੜਾ ਪਾਸ ਨ ਓਹਨੂੰ ਛਪਾਯਾ ਹੋਵੇ ਯਾਰਾਂ ਬਰਸ ਦੇ ਅੱਖਾਂ ਦੇ ਤਾਰੇ ਤਾਈਂ ਲੱਖਾਂ ਵੈਰੀਆਂ ਵੱਲ ਝੁਕਾਯਾ ਹੋਵੇ ਕੋਈ ਮਿਲੇਗੀ ਨਹੀਂ ਮਸਾਲ ਕਿਧਰੇ ਏਡਾ ਜਿਗਰਾ ਕਿਸੇ ਦਾ ਆਯਾ ਹੋਵੇ ਸਾਰਾ ਵਾਰ ਸਰਬੰਸ ਕਰਤਾਰ ਸਿੰਘ ਦੇਸ ਜ਼ਾਲਮਾਂ ਹੱਥੋਂ ਬਚਾਯਾ ਹੋਵੇ ਤਥਾ ਪੁੱਤਾਂ ਵਾਲਿਓ ਜ਼ਰਾ ਵਿਚਾਰ ਕਰਨੀ ਘਾਟ ਸੁਣਕੇ ਜਿਗਰ ਨੂੰ ਆਂਵਦੀ ਏ ਦੁਨੀਆਂ ਵਿੱਚ ਨਾ ਪੁੱਤਰਾਂ ਜਹੀ ਦੌਲਤ ਹਰ ਇਕ ਜ਼ਬਾਨ ਸੁਣਾਂਵਦੀ ਏ ਵੇਖੋ ਬਾਂਦਰੀ ਪੁੱਤਾਂ ਨੂੰ ਲਾ ਛਾਤੀ ਦੌੜੀ ਫਿਰਦੀ ਭਾਰ ਉਠਾਂਵਦੀ ਏ ਇੱਲ ਵਿੱਚ ਅਕਾਸ਼ ਦੇ ਵੇਖ ਮੁਰਗ਼ੀ ਬੱਚੇ ਪਰਾਂ ਦੇ ਹੇਠ ਲੁਕਾਂਵਦੀ ਏ ਮੋਹ ਬੱਚਿਆਂ ਦਾ ਰੱਖ ਬੱਕਰੀ ਭੀ ਜੰਗ ਨਾਲ ਬਘਿਆੜ ਮਚਾਂਵਦੀ ਏ ਸੱਪ, ਚੋਰ ਜੇ ਕਿਸੇ ਦੇ ਘਰ ਆਵੇ ਮਾਂ ਕਾਵਾਂ ਰੌਲਾ ਤਦ ਪਾਂਵਦੀ ਏ ਪੁੱਤ ਪਿਛ੍ਹਾਂ ਹਟਾਂਵਦੀ ਬਾਹੋਂ ਫੜਕੇ ਪਿੰਡਾ, ਹੋ ਅੱਗੇ ਫੰਦ ਲਾਂਵਦੀ ਏ ਦੁਨੀਆਂ ਵਿੱਚ ਔਲਾਦ ਕਰਤਾਰ ਸਿੰਘ ਪ੍ਯਾਰੀ ਸਭ ਨਾਲੋਂ ਦਿਸ ਆਂਵਦੀ ਏ ਤਥਾ ਕਰ ਲੈਨ ਵਿਚਾਰ ਓਹ ਚੰਦਰੇ ਭੀ ਜੇਹੜੇ ਫੋਕੀਆਂ ਟਾਹਰਾਂ ਸੁਣਾਂਵਦੇ ਨੇ ਸਾਡੇ ਸਿਰ ਕੀਹ ਗੁਰਾਂ ਅਹਿਸਾਨ ਕੀਤੇ ਪਾੜ ਪਾੜ ਕੇ ਸੰਘ ਅਲਾਂਵਦੇ ਨੇ ਜੰਗ ਕੀਤੇ ਹੋਸਨ ਗੁਰਾਂ ਰਾਜ ਬਦਲੇ ਬੇ ਮੁਰੱਵਤੀ ਏਹ ਜਨਾਂਵਦੇ ਨੇ ਕੀਹ ਦੇਸ਼ ਦੇ ਵਾਸਤੇ ਭਲਾ ਕਰ ਗਏ ਕ੍ਰਿਤਘਨ ਅਹਿਸਾਨ ਭੁਲਾਂਵਦੇ ਨੇ ਅੱਖਾਂ ਵਾਲੇ ਤਾਂ ਜਾਣਦੇ ਸਭ ਗੱਲਾਂ 1ਦੌਲਤ ਰਾਮ ਵਰਗੇ ਕਦਰ ਪਾਂਵਦੇ ਨੇ ਗੰਦੇ ਅਕਲ ਦੇ ਮੰਦੇ ਕਰਤਾਰ ਸਿੰਘ ਬੇਈਮਾਨ ਹੋ ਦੋਸ਼ ਲਗਾਂਵਦੇ ਨੇ 1 ਲਾਲਾ ਦੌਲਤ ਰਾਮ ਸਾਹਿਬ ਆਰੀਆ ਸਮਾਜ ਦੇ ਚੰਗੇ ਗੇਣਤੀ ਦੇ ਪੁਰਸਾਂ ਵਿਚੋਂ ਡੇਰ੍ਹਾ ਗ਼ਾਜੀ ਖਾਂ ਦੇ ਰਹਿਣ ਵਾਲੇ ਸਨ, ਏਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਚਰਿਤ੍ਰ ਲਿਖਿਆ ਹੈ ਆਪਨੇ ਸੱਚੇ ਦਿਲ 'ਤੇ ਵਿਚਾਰ ਦੀ ਨਜ਼ਰ ਨਾਲ ਖੋਜ ਕੀਤੀ ਹੈ,ਭਾਵੇਂ ਕਈਂ ਥਾਈਂ ਕੁਝ ਨਯੂਨਤਾ ਹਨ ਪਰ ਫੇਰ ਭੀ ਜੋ ਮਹਾਸ਼ਾ ਜੀ ਨੇ ਸਚ ਨੂੰ ਪਰਗਟ ਕਰਨ ਦੇ ਵੇਲੇ ਸਾਫ਼ ਨੀਤ ਤੋਂ ਕੰਮ ਲਿਆ ਹੈ ਸ ਸਲਾਹਨਾ ਯੋਗ ਹੈ । ਤਥਾ ਸੁਣੋ ਬੇ ਮੁਰੱਵਤਿਓ ਕ੍ਰਿਤਘਨੋ ਤੁਹਾਡੇ ਜੇਹੇ ਸਿਰ ਪਾਪ ਉਠਾ ਖੜਦੇ ਜੇਕਰ ਗੁਰਾਂ ਨੂੰ ਰਾਜ ਦੀ ਲੋੜ ਹੁੰਦੀ ਏਥੋਂ ਪੁੱਤਾਂ ਤਾਈਂ ਬਚਾ ਖੜਦੇ ਜਿਵੇਂ ਬਚਕੇ ਨਿਕਲ ਗਏ ਆਪ ਦੇਖੋ ਕੀ ਉਹ ਪੁਤਾਂ ਨੂੰ ਨ ਸੀ ਭਜਾ ਖੜਦੇ ਕਿਉਂ ਹੱਥੀ ਮਰਵਾਂਦੇ ਕਰਤਾਰ ਸਿੰਘਾ ਜਿਵੇਂ ਪੁਜਦੀ ਬੇਟੇ ਛੁਪਾ ਖੜਦੇ ਵਿਚਾਰ ਦੀ ਨਜ਼ਰ ਜੇ ਕਰ ਗੁਰਾਂ ਨੂੰ ਰਾਜ ਦਾ ਚਾ ਹੁੰਦਾ ਓਹ ਕਦੇ ਨ ਜੰਗ ਦੀ ਕਾਰ ਕਰਦੇ ਸਾਰੇ ਦੇਸ ਸੀ ਉਨ੍ਹਾਂ ਦਾ ਰਾਜ ਬਣਿਆਂ ਲੱਖਾਂ ਸਿੱਖ ਸੇਵਾ, ਸੇਵਾਦਾਰ ਕਰਦੇ ਮਾਲ ਦੌਲਤਾਂ ਦੀ ਪਰਵਾਹ ਨਹੀਂ ਸੀ ਤੇ ਹਕੂਮਤਾਂ ਲਾ ਦਰਬਾਰ ਕਰਦੇ ਰਾਜੇ ਰਾਣੇ ਭੀ ਆ ਆ ਝੁਕਦੇ ਸਨ ਨਜ਼ਰ ਭੇਟ ਭੀ ਬੇਸ਼ੁਮਾਰ ਕਰਦੇ ਗੁਰਗੱਦੀ ਨੂੰ ਘਾਟਾ ਕਿਸ ਚੀਜ਼ ਦਾ ਸੀ ਬੈਠੇ ਭਜਨ ਆਨੰਦ ਕਰਤਾਰ ਕਰਦੇ ਕੇਵਲ ਦੇਸ਼ ਦੀ ਰੱਖ੍ਯਾ ਵਾਸਤੇ ਹੀ ਸਤਿਗੁਰੂ ਜੀ ਤੇਜ਼ ਤਲਵਾਰ ਕਰਦੇ ਜ਼ੁਲਮ ਜ਼ਾਲਮਾਂ ਦੇ ਸਣੇ ਮੇਟਨੇ ਨੂੰ ਗੁਰ ਜੰਗ ਦੀ ਕਾਰ ਅਖ਼ਤ੍ਯਾਰ ਕਰਦੇ ਭਾਰਤਵਰਸ਼ ਨੂੰ ਜਿੰਦਯਾ ਕਰਨ ਬਦਲੇ ਮਾਰ ਜ਼ਾਲਮਾਂ ਤਾਈਂ ਖ਼੍ਵਾਰ ਕਰਦੇ ਰਾਜ ਨਹੀਂ, ਪਰ ਦੇਸ਼ ਦੇ ਭਲੇ ਉੱਤੇ ਕੁਰਬਾਨ ਸਾਰਾ ਪਰਵਾਰ ਕਰਦੇ ਨ ਅਹਿਸਾਨ ਜਤਾ ਕਰਤਾਰ ਸਿੰਘ ਗੁਰ ਰਹੇ ਸਨ, ‘ਪਰਉਪਕਾਰ’ ਕਰਦੇ ਤਥਾ ਕੀ ਯਾਦ ਵੇਲਾ ਆਵੇ ਬੀਤ ਗਿਆ ਹੈ ਜਿੰਨ੍ਹਾਂ ਨੂੰ ਯਾਦ ਖ਼ੁਦਾ ਨ ਹੁਣ ਏਹਨਾਂ ਗੱਲਾਂ ਦੇ ਭੇਦ ਓਹ ਜਾਣਦੇ ਕੀ ਦੇਖੀ ਜ਼ੁਲਮ ਦੀ ਜਿਨ੍ਹਾਂ ਹਵਾ ਨ1ਹੁਣ ਚਲ ਦਿਨ ਚਮਕੌਰ ਰਹਿ ਗਿਆ ਥੋੜਾ ਗੱਲਾਂ ਵਿੱਚ ਹੀ ਪਿਆ ਲੰਘਾਂ ਨ ਹੁਣ ਖੰਡਾ ਖਿੱਚਕੇ ਖੜਾ ਕਰਤਾਰ ਸਿੰਘਾ ਸਾਹਿਬਜ਼ਾਦੇ ਦੇ ਤਾਈਂ ਅਟਕਾ ਨ ਹੁਣ 1 ਹੁਣ ਅਮਨ ਤੇ ਸ਼ਾਂਤੀ ਦੇ ਰਾਜ ਵਿੱਚ ਜੰਮੇ ਹੋਏ ਓਹਨਾਂ ਜ਼ਾਲਮਾਂ ਬਾਦਸ਼ਾਹਾਂ ਦੇ ਵੇਲਿਆਂ ਦਾ ਕੀ ਮੁਕਾਬਲਾ ਕਰ ਸਕਦੇ ਹਨ ਤੇ ਓਹ ਕੀ ਜਾਣਦੇ ਹਨ ਕਿ ਓਹਨਾਂ ਪਾਸੋਂ ਦੇਸ਼ ਦੀ ਰੱਖ੍ਯਾ ਕਰਨ ਵਾਲਿਆਂ ਨੇ ਕਿਸ ਤਰ੍ਹਾਂ ਦੁਖਾਂ ਦੇ ਸਾਹਮਣੇਕੀਤੇ ਸਨ ਹੇ ਵਾਹਿਗੁਰੂ ! ਤੂੰ ਕਿਰਪਾ ਕਰੀਂ ਓਹੋ ਜਹੇ ਜ਼ਾਲਮ ਬਾਦਸ਼ਾਹਾਂ ਦੀ ਏਧਰ ਹਵਾ ਭੀ ਨ ਲਿਆਵੀਂ ਤੇ ਏਹ ਨਿਆਏਕਾਰੀ ਗਵਰਮਿੰਟ ਦਾ ਰਾਜਾ ਸਾਡੇ ਸਿਰ ਤੇ ਸਦਾ ਅਟੱਲ ਰੱਖੀਂ। ਸਾਹਿਬ ਜੁਝਾਰ ਸਿੰਘ ਨੇ ਜੰਗ ਦੇ ਵਾਸਤੇ ਜਾਣਾ ਤੇ ਫੇਰ ਪਰਤਕੇ ਪਾਣੀ ਮੰਗਣਾ ਯਾਦ ਕਰਕੇ ਗੁਰੂ ਅਕਾਲ ਤਾਈਂ ਸਾਹਿਬਜ਼ਾਦਾ ਜੀ ਕਦਮ ਉਠਾਂਵਦਾ ਏ ਯਾਰਾਂ ਬਰਸ ਦੀ ਬਹੁਤ ਸੀ ਉਮਰ ਛੋਟੀ ਲੜਨ ਵੈਰੀਆਂ ਦੇ ਨਾਲ ਜਾਂਵਦਾ ਏ ਜਿਦ੍ਹੇ ਨਾਲ ਦੇ ਖੇਡਦੇ ਵਿੱਚ ਗੋਦਾਂ ਓਹ ਜੰਗ ਮੈਦਾਨ ਨੂੰ ਧਾਂਵਦਾ ਏ ਖਾਣਾ ਪੀਣਾ ਖੇਡਣਾ ਮੌਜ ਕਰਨੀ ਏਡੇ ਬਾਲਕਾਂ ਨੂੰ ਸਦਾ ਭਾਂਵਦਾ ਏ ਏਡੇ ਬੱਚਿਆਂ ਨੂੰ ਪਤਾ ਜੰਗ ਦਾ ਕੀ ਤੇਗ਼ ਵੇਖ ਨੰਗੀ ਖ਼ੌਫ਼ ਖਾਂਵਦਾ ਏ ਪਰ ਧੰਨ ਤੂੰ ਗੁਰੂ ਗੋਬਿੰਦ ਸਿੰਘ ਜੀ ਤੇਰੀ ਅੰਸ਼ ਨੂੰ ਏਹ ਬਣ ਆਂਵਦਾ ਏ ਤੇਰੇ ਖ਼ੂਨ ਬਾਝੋਂ ਏਡਾ ਜੋਸ਼ ਕਿੱਥੇ ਬੱਚਾ ਕੇਡੀ ਦਲੇਰੀ ਦਖਾਂਵਦਾ ਏ ਪੰਜਾਂ, ਛੇਆਂ ਸਿੰਘਾਂ ਤਾਈਂ ਨਾਲ ਲੈਕੇ ਕਦਮ ਬਾਹਰ ਦਰਵਾਜ਼ੇ ਦੇ ਪਾਂਵਦਾ ਅੱਗੇ ਮੁਰਦਿਆਂ ਦੇ ਬਾਹਰ ਢੇਰ ਲੱਗੇ ਭ੍ਯਾਨਕ ਸਮਾਂ ਓਹ ਸ਼ਕਲ ਦਖਾਂਵਦਾ ਏ ਧੂੜਾਂ ਉਡਕੇ ਗਰਦ ਸੀ ਛਾਈ ਹੋਈ ਸਾਹਿਬਜ਼ਾਦੇ ਦਾ ਗਲਾ ਸੁਕਾਂਵਦਾ ਏ ਚਿਤੋਂ ਖ਼ਾਹਸ਼ ਹੋਈ ਪਾਣੀ ਪੀ ਆਵਾਂ ਪਿਛ੍ਹਾਂ ਸੋਚ ਏਹ ਮੂੰਹ ਪ੍ਰਤਾਂਵਦਾ ਏ ਗੁਰਾਂ ਵੇਖਿਆ ਪੁੱਛਿਆ ਕਿਉਂ ਬੇਟਾ ਪਿਛ੍ਹਾਂ ਪਰਤਿਓਂ ਕੀ ਚਿਤ ਭਾਂਵਦਾ ਏ ਗਲਾ ਸੁੱਕਦਾ ਮੇਰਾ ਕਰਤਾਰ ਸਿੰਘਾ ਕੁਝ ਪੀਆਂ ਪਾਣੀ ਦਿਲ ਚਾਂਹਵਦਾ ਏ ਸਤਿਗੁਰੂ ਨੇ ਪੁੱਤਰ ਨੂੰ ਪਾਣੀ ਨਾ ਦੇਣ ਤੇ ਏਹ ਉਪਦੇਸ਼ ਕਰਨਾ ਜਾਹ ਜਾਹ ਬੇਟਾ ਪਿਛ੍ਹਾਂ ਪਰਤ ਨਾਹੀਂ ਏਥੇ ਨਹੀਂ ਰਿਹਾ ਬਾਕੀ ਨੀਰ ਤੇਰਾ ਤੇਰਾ ਦਾਣਾ ਪਾਣੀ ਏਥੋਂ ਮੁਕ ਗਿਆ ਤੰਬੂ ਪੁੱਟਿਆ ਗਿਆ ਅਖੀਰ ਤੇਰਾ ਜਾਹ ਵਿੱਚ ਮੈਦਾਨ ਦੇ ਪੀ ਜਾਕੇ ਭਰੀ ਖੜਾ ਕਟੋਰਾ ਹੈ ਵੀਰ ਤੇਰਾ ਮੇਰੀ ਅੰਸ਼ ਹੋਕੇ ਪਿਛ੍ਹਾਂ ਪਰਤ ਨਾਹੀਂ ਚਿਤ ਹੋਣਾ ਨਾ ਚਾਹੀਏ ਅਧੀਰ ਤੇਰਾ ਮਿਲ ਵੀਰ ਨੂੰ ਜਾ ਗਲਵੱਕੜੀ ਪਾ ਸਾਥੋਂ ਤੋੜਿਆ ਸਾਥ ਤਕਦੀਰ ਤੇਰਾ ਹੋਵਾਂ ਸੁਰਖ਼ਰੂ ਮੈਂ ਕਰਤਾਰ ਸਿੰਘਾ ਧਰਮ ਹਿਤ ਲਗ ਜਾਏ ਸਰੀਰ ਤੇਰਾ ਤਥਾ ਪਾਣੀ ਪੀ ਬਹਾਦਰਾਂ ਸੂਰਿਆਂ ਦਾ ਏਸ ਪਾਣੀ ਦੀ ਰੱਖ ਨ ਆਸ ਬੱਚਾ ਸੱਚੇ ਅੰਮ੍ਰਿਤ ਦਾ ਭਰੀ ਕਟੋਰਾ ਖੜਾ ਝੱਬ ਪਹੁੰਚ ਅਜੀਤ ਸਿੰਘ ਪਾਸ ਬੱਚਾ ਲਹੂ ਧਰਮ ਤੇ ਦੇਸ ਦੇ ਵੈਰੀਆਂ ਦਾ ਚੋ, ਪੀ, ਬੁਝਾ ਲੈ ਪਿਆਸ ਬੱਚਾ ਤੇਰੇ ਵਾਸਤੇ ਪਾਣੀ ਕਰਤਾਰ ਸਿੰਘਾ ਲੈ ਕੇ ਦੇਵਤੇ ਖੜੇ ਅਕਾਸ਼ ਬੱਚਾ ਹੈ ਵਾਕ ਕਵੀ ਧੰਨ ਗੁਰੂ ਜੀ ਆਪ ਦਾ ਧਨ ਜਿਗਰਾ ਬੱਚਾ ਤਿਹਾਯਾ ਹੀ ਜੰਗ ਨੂੰ ਟੋਰ ਦਿੱਤਾ ਰੱਤੀ ਚਿੱਤ ਨੇ ਨ ਉਬਾਲ ਖਾਧਾ ਏਹ ਮੋਹ ਜਹਾਨ ਦਾ ਤੋੜ ਦਿੱਤਾ ਅਸਾਂ ਪਾਪੀਆਂ ਤੇ ਹੱਤਿਆਰਿਆਂ ਲਈ, ਹੈ ਸਰਬੰਸ ਹੀ ਆਪਣਾ ਰੋੜ੍ਹ ਦਿੱਤਾ ਬਦਲਾ ਦੇਣਾ ਕੀ ਅਸੀਂ ਕਰਤਾਰ ਸਿੰਘਾ ਕਦੇ ਯਾਦ ਭੀ ਕਰਨਾ ਹੈ ਛੋੜ ਦਿੱਤਾ ਤਥਾ ਹਜ਼ਰਤ ਅਲੀ ਦੇ ਹਸਨ ਹੁਸੈਨ ਬੇਟੇ ਤਿਹਾਏ ਕਰਬਲਾ ਵਿੱਚ ਮਰ ਜਾਂਵਦੇ ਨੇ ਮੁਸਲਮਾਨ ਹਰ ਸਾਲ ਦੇ ਸਾਲ ਦੇਖੋ ਕੇਡਾ ਕਰਕੇ ਸੋਗ ਦਿਖਾਲਾਂਵਦੇ ਨੇ ਪਿੱਟ ਪਿੱਟ ਕੇ ਛਾਤੀਆਂ ਲਾਲ ਕਰਦੇ ਰੋਇ ਰੋਇ ਕੇ ਹਾਲ ਗਵਾਂਵਦੇ ਨੇ ਨਾਲੇ ਸੈ ਰੁਪਯਾ ਦੇ ਖ਼ਰਚ ਕਰਕੇ ਘੋਲ ਸ਼ਰਬਤਾਂ ਤਾਈਂ ਪਲਾਂਵਦੇ ਨੇ ਏਥੋਂ ਤਕ ਪ੍ਰੇਮ ਦਖਾਂਵਦੇ ਨੇ ਸੈ ਮਸ਼ਕਾਂ ਭਰ ਰੁੜ੍ਹਾਂਵਦੇ ਨੇ ਜਿਵੇਂ ਹੁਣ ਮੋਏ ਤਿਵੇਂ ਕਰਨ ਹਾੜੇ, ਰੋ, ਰੋ ਪਏ ਮਰਸੀਏ ਗਾਂਵਦੇ ਨੇ ਐ ਪੰਥ ਤੂੰ ਵੇਖ ਪ੍ਰੇਮ ਓਹਨਾਂ ਹਰ ਸਾਲ ਓਹ ਕਿਵੇਂ ਜਤਾਂਵਦੇ ਨੇ ਓਨ੍ਹਾਂ ਤਾਈਂ ਸ਼ਾਬਾਸ਼ ਕਰਤਾਰ ਸਿੰਘ ਯਾਦਗਾਰ ਨਿੱਤ ਨਵੀ ਕਰਾਂਵਦੇ ਨੇ ਤਥਾ ਪੰਥ ਅਪਣੇ ਵੱਲ ਤੂੰ ਮਾਰ ਝਾਤੀ ਤੇਰਾ ਲਾਲ ਭੀ ਮੋਇਆ ਤਿਹਾਇਆ ਈ ਤੈਨੂੰ ਆਯਾ ਜੁਝਾਰ ਸਿੰਘ ਯਾਦ ਕਦੇ, ਕਦੇ ਵੇਲਾ ਇਹ ਚਿਤ ਵਸਾਇਆ ਈ ਮੁਸਲਮਾਨਾਂ ਦੀ ਭਾਵੇਂ ਨਹੀਂ ਰੀਸ ਕਰਨੀ ਪਰ ਚਿਤ ਤੋਂ ਕਿਉਂ ਭੁਲਾਇਆ ਈ ਓਸ ਵੇਲੇ ਨੂੰ ਕਰਕੇ ਯਾਦ ਕਦੇ ਹੌਕਾ ਆਪਣੇ ਚਿੱਤ ਨੂੰ ਲਾਇਆ ਈ ਪੁੱਤ ਆਪਣਾ ਵੇਖ ਤਿਹਾਇਆ ਜ਼ਰਾ ਝਟ ਸ਼ਰਬਤ ਘੋਲ ਪਿਲਾਇਆ ਈ ਪਰ ਯਾਦ ਕਰਕੇ ਸਾਹਿਬਜ਼ਾਦੇ ਤਾਈਂ ਪੱਥਰ ਚਿੱਤ ਨੂੰ ਕਦੇ ਕੰਬਾਇਆ ਈ ਹਾਏ ਭੁੱਲ ਚਮਕੌਰ ਦਾ ਗਿਓਂ ਸਾਕਾ ਓਹ ਦਿਹਾੜਾ ਨ ਕਦੇ ਮਨਾਇਆ ਈ ਚਲ ਵਿੱਚ ਮੈਦਾਨ ਕਰਤਾਰ ਸਿੰਘਾ ਸਾਹਿਬਜ਼ਾਦੇ ਨੂੰ ਕਿਉਂ ਠੈਹਰਾਇਆ ਈ ਸਾਹਿਬ ਜੁਝਾਰ ਸਿੰਘ ਨੇ ਮੈਦਾਨ ਜੰਗ ਵਿਚ ਜਾਣਾ ਬੁੱਝ ਗਈ ਓਹ ਪਾਣੀ ਦੀ ਪਿਆਸ ਸਾਰੀ ਜੋਸ਼ ਚਿੱਤ ਅੰਦਰ ਇੱਕੋ ਵਾਰ ਆਯਾ ਜਿਵੇਂ ਚੜ੍ਹਦਿਓਂ ਨਿਕਲਦਾ ਦਿਨੇ ਸੂਰਜ ਮੱਥਾ ਚਮਕ ਭਰਿਆ ਬਾਹਰਵਾਰ ਆਯਾ ਬੱਚਾ ਸ਼ੇਰ ਦਾ ਜਿਸਤਰ੍ਹਾਂ ਘੁਰੇ ਵਿੱਚੋਂ ਨਿਕਲ ਹਾਥੀਆਂ ਵਿਚ ਭਬਕਾਰ ਆਯਾ ਤਿਵੇਂ ਸਾਹਿਬ ਜੁਝਾਰ ਸਿੰਘ ਮਾਰ ਛਾਲਾਂ ਲੈ ਹੱਥ ਤਿੱਖੀ ਤਲਵਾਰ ਆਯਾ ਸੋਹਣਾ ਰੂਪ ਤੇ ਵੇਖਕੇ ਉਮਰ ਛੋਟੀ ਸੋਚਾਂ ਵਿੱਚ ਹਰ ਇੱਕ ਸਰਦਾਰ ਆਯਾ ਪੱਥਰ ਚਿੱਤ ਭੀ ਵੇਖ ਕੇ ਕੰਬ ਗਏ . ਯਾਰਾਂ ਸਾਲ ਦਾ ਬੱਚਾ ਲਲਕਾਰ ਆਯਾ ਕੁੱਦ ਜਾ ਵੜਿਆ ਵਿੱਚ ਵੈਰੀਆਂ ਦੇ ਕੀਤਾ ਪਾਰ, ਜੇਹੜਾ ਅੱਗੇ ਵਾਰ ਆਯਾ ਵੈਰੀ ਝਾੜ ਸੁੱਟੇ ਕਰਤਾਰ ਸਿੰਘਾ ਬਾਜ਼ ਵੜ ਜਿਉਂ ਕੂੰਜਾਂ ਦੀ ਡਾਰ ਆਯਾ ਸਾਹਿਬ ਜੁਝਾਰ ਸਿੰਘ ਦਾ ਸ਼ਹੀਦ ਹੋਣਾ ਛੋਟੇ ਬਾਲ ਦਾ ਵੇਖ ਕੇ ਹੱਥ ਤਿੱਖਾ ਕੁੱਦ ਬਹੁਤ ਸਾਰੇ ਆ ਪਠਾਨ ਪਏ ਘੇਰਾ ਘੱਤਿਆ ਚਾਰ ਚੁਫੇਰਿਓਂ ਆ ਤੇਗਾਂ ਸੂਤ ਬੇਅੰਤ ਜਵਾਨ ਪਏ ਬੱਚਾ ਸ਼ੇਰ ਦਾ ਪਾੜੇ ਜਿਉਂ ਹਾਥੀਆਂ ਨੂੰ ਆਹੂ ਲਾਹੇ ਜਿੱਧਰ ਬਲਵਾਨ ਪਏ ਬਿਜਲੀ ਵਾਂਗ ਹੱਥਾਂ ਵਿੱਚੋਂ ਨਿਕਲ ਜਾਂਦਾ ਕਾਬੂ ਆਂਵਦਾ ਨ ਜ਼ੋਰ ਲਾਨ ਪਏ ਐਥੇ ਵਾਰ ਕਰਦਾ ਓਥੇ ਨਿਕਲ ਜਾਂਦਾ ਜੀਉਂਦਾ ਫੜਨ ਨੂੰ ਜ਼ੋਰ ਲਗਾਨ ਪਏ ਪਿੱਛੇ ਸਿੰਘ ਭੀ ਹੋ ਨਸੰਗ ਡਾਢੇ ਤੇਗਾਂ ਮਾਰਕੇ ਲਾਹੁੰਦੇ ਘਾਨ ਪਏ ਏਡੀ ਤੇਜ਼ੀ ਤੇ ਵੇਖ ਦਲੇਰੀ ਤਾਈਂ ਸੂਬੇ ਖ਼ਾਨ ਹੋ, ਹੋ ਹੈਰਾਨ ਪਏ ਕਹਿੰਦੇ ਯਾ ਅੱਲਾ ਲੜਕੇ ਗ਼ਜ਼ਬ ਕੀਤਾ ਪੰਜੇ ਉਂਗਲਾਂ ਮੂੰਹ ਵਿਚ ਪਾਨ ਪਏ ਅੰਤ ਬਹੁਤਿਆਂ ਦੇ ਅੱਗੇ ਪੇਸ਼ ਕੀ ਸੀ ਚਾਰੋਂ ਤਰਫ਼ ਥੀਂ ਸੈਂਕੜੇ ਆਨ ਪਏ ਜ਼ਖ਼ਮਾਂ ਨਾਲ ਸਰੀਰ ਹੋ ਛਾਣਨੀ ਗਏ ਪਲੋ ਪਲੀ ਹੋ ਲਹੂ ਲੁਹਾਨ ਪਏ ਗੁੱਸਾ ਠੰਢਾ ਨ, ਹੋਏ ਸਰੀਰ ਠੰਢੇ ਪੁਰਜ਼ੇ ਪੁਰਜ਼ੇ ਹੋ ਲੰਮੀਆਂ ਤਾਨ ਪਏ ਹੋ ਗਏ ਸ਼ਹੀਦ ਕਰਤਾਰ ਸਿੰਘਾ ਖੜੇ ਵੈਰੀ ਭੀ ਸਭ ਸਲਾਹਨ ਪਏ ਵਾਕ ਕਵੀ ਜੇਕਰ ਨਾਮ ਭੀ ਸਿੰਘ ਜੁਝਾਰ ਹੈਸੀ ਤੇ ਜੂਝ ਭੀ ਵਿੱਚ ਮੈਦਾਨ ਗਿਆ ਭਾਵੇਂ ਉਮਰ ਛੋਟੀ ਪਰ ਦਲੇਰ ਹੈਸੀ ਏਹ ਜ਼ਾਹਿਰ ਦਸ ਬਿਆਨ ਗਿਆ ਨਿੱਕੇ ਜਹੇ ਸਰੀਰ ਤੇ ਖਾ ਚੋਟਾਂ ਭਾਰਤਵਰਸ਼ ਤੇ ਹੋ ਕੁਰਬਾਨ ਗਿਆ ਗਿਆ ਹੋ ਸ਼ਹੀਦ ਕਰਤਾਰ ਸਿੰਘਾ ਜ਼ਿੰਦਾ ਨਾਮ ਨੂੰ ਛੱਡ ਜਹਾਨ ਗਿਆ ਤਥਾ ਏਹ ਕੁਰਬਾਨੀਆਂ ਵੇਖ ਲਾਸਾਨੀਆਂ ਦੋ ਰੂਪ ਮਾਤਮੀ ਸਭ ਸੰਸਾਰ ਹੋਯਾ ਭਾਰਤਵਰਸ਼ ਦੇ ਦੋ ਹੋਣਹਾਰ ਬੱਚੇ ਹੋ ਸ਼ਹੀਦ ਗਏ ਗ਼ਮ ਭਾਰ ਹੋਯਾ ਡੋਲ ਗਈ ਧਰਤੀ ਅੰਧਕਾਰ ਛਾਇਆ ਮਾਤ ਲੋਕ ਅੰਦਰ ਹਾਹਾਕਾਰ ਹੋਯਾ ਵਾਜੇ ਖੁਸ਼ੀ ਦੇ ਵਿੱਚ ਅਕਾਸ਼ ਵੱਜੇ ਦੇਵ ਲੋਕ ਅੰਦਰ ਜੈ ਜੈਕਾਰ ਹੋਯਾ ਸੂਰਜ ਵੇਖਕੇ ਹਾਲ ਸਪੁੱਤ੍ਰਾਂ ਦਾ ਕੁਝ ਖ਼ੁਸ਼ੀ ਤੇ ਕੁਝ ਲਾਚਾਰ ਹੋਯਾ ਭਰਿਆ ਗ਼ੁੱਸੇ ਦੇ ਨਾਲ ਕਰਤਾਰ ਸਿੰਘਾ ਪਿੱਛੋਂ ਜਾ ਬੈਠਾ ਅੰਧਕਾਰ ਹੋਯਾ ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕਰਨਾ ਦੋਵੇਂ ਸਾਹਿਬਜ਼ਾਦੇ ਹੋ ਸ਼ਹੀਦ ਗਏ ਖ਼ੁਸ਼ੀ ਗੁਰਾਂ ਨੂੰ ਬੇ ਬਹਾ ਹੋਈ ਹੱਥ ਜੋੜਕੇ ਰੱਬ ਦਾ ਸ਼ੁਕਰ ਕੀਤਾ ਤੇਰੀ ਮੈਥੋਂ ਅਮਾਨਤ ਅਦਾ ਹੋਈ ਲੱਖ ਸ਼ੁਕਰ ਤੇਰਾ ਹੈ ਔਲਾਦ ਮੇਰੀ ਉੱਤੇ ਧਰਮ ਦੇ ਅੱਜ ਫ਼ਿਦਾ ਹੋਈ ਹੋਣਾ ਸਭ ਨੇ ਨਾਸ ਕਰਤਾਰ ਸਿੰਘਾ ਤੇਰੀ ਜ਼ਾਤ ਹੀ ਇਕ ਬਕਾ ਹੋਈ ਸਤਿਗੁਰਾਂ ਦਾ ਧੀਰਜ ਗੁਰ ਗੱਦੀ ਦੇ ਨਾਸ ਸਾਮਾਨ ਹੋ ਗਏ ਅਤੇ ਨਾਲ ਹੀ ਖੁਸ਼ੀ ਤੇ ਸ਼ਾਨ ਦੇਖੋ ਹੋਰ ਮਾਲ ਅਸਬਾਬ ਕਰੋੜਾਂ ਦੇ ਜੋ ਵੱਡੇ ਕਿਲ੍ਹੇ ਮੰਦਰ ਆਲੀਸ਼ਾਨ ਦੇਖੋ ਜਾਂਦੇ ਰਹੇ ਟਕਾਣੇ ਆਨੰਦਪੁਰ ਦੇ ਫ਼ੌਜਾਂ ਬਾਂਕੀਆਂ ਬਾਂਕੇ ਜਵਾਨ ਦੇਖੋ ਪਿਆਰੇ ਸਿੱਖ ਹਜ਼ਾਰਾਂ ਸ਼ਹੀਦ ਹੋਏ ਸਾਰਾ ਹੋਇਆ ਸਰਬੰਸ ਵੈਰਾਨ ਦੇਖੋ ਬਿਰਧ ਮਾਤਾ ਦਾ ਪਤਾ ਨ ਹੈ ਕਿੱਥੇ ਕਿੱਤੇ ੍ਮਹਿਲ ਫਿਰਦੇ ਬੇ ਤਰਾਨ ਦੇਖੋ ਵਿਛੜ ਗਏ ਉਮੈਦ ਨ ਮਿਲਨ ਦੀ ਏ ਛੋਟੇ ਬੱਚੇ ਮਾਸੂਮ ਨਦਾਨ ਦੇਖੋ ਦੋ ਅੱਖਾਂ ਦੇ ਸਾਮ੍ਹਣੇ ਲਾਲ ਪਿਆਰੇ ਹੋਏ ਜੰਗ ਅੰਦਰ ਕੁਰਬਾਨ ਦੇਖੋ ਅੱਖੀਂ ਡਿੱਠੀ ਹੈ ਮੌਤ ਪਿਆਰਿਆਂ ਦੀ ਟੋਟੇ ਜਿਗਰ ਦੇ ਪਏ ਮੈਦਾਨ ਦੇਖੋ ਕੀਤੀ, ਸੀ, ਨ ਹਾਏ ! ਨ ਉਫ਼ ਮੂੰਹੋਂ ਆਂਸੂ ਤੱਕ ਨ ਅੱਖੀਂ ਵਗਾਨ ਦੇਖੋ ਨਹੀਂ ਹੌਸਲਾ ਹਾਰਕੇ ਡਿੱਗ ਪਏ ਹੱਥੋਂ ਸੁੱਟੇ ਨਾਹੀਂ ਧਨੁਖ ਬਾਨ ਦੇਖੋ ਸਗੋਂ ਆਖਦੇ ਅੱਜ ਹੋਇ ਸੁਰਖ਼ਰੂ ਹਾਂ ਪੁੱਤਾਂ ਧਰਮ ਬਦਲੇ ਦਿੱਤੀ ਜਾਨ ਦੇਖੋ ੳੈਡੇ ਜਿਗਰੇ ਵਾਲਾ ਕਰਤਾਰ ਸਿੰਘਾ ਦੂਜਾ ਹੋਯਾ ਨ ਕੋਈ ਜਹਾਨ ਦੇਖੋ 1ਸਤਿਗੁਰਾਂ ਦੇ ਘਰੋਂ ਖਾਲਸੇ ਜੀ ਦੀਆ ਮਾਈਆਂ। ਵਿਚਾਰ ਦੀ ਨਜ਼ਰ ਲੰਕਾਂ ਵਿੱਚ ਜੱਦ ਰਾਵਣ ਦੇ ਨਾਲ ਲੜਿਆ ਰਾਮਚੰਦ ਬਲੀ ਅਵਤਾਰ ਭਾਈ ਬਰਛੀ ਰਾਵਣ ਹੱਥੋਂ ਵੱਜੀ ਲਛਮਣੇ ਨੂੰ ਰਾਮਚੰਦ ਰੁੰਨਾ ਜ਼ਾਰ ਜ਼ਾਰ ਭਾਈ ਹਨੂਮਾਨ ਅੱਗੇ ਕੱਢੇ ਬਹੁਤ ਤਰਲੇ ਜ਼ਿੰਦਾ ਵੀਰ ਕਰ ਦੇ ਦਯਾ ਧਾਰ ਭਾਈ ਫੇਰ ਮਹਾਂਭਾਰਤ ਜਦੋਂ ਮੱਚਿਆ ਸੀ ਕੈਰੋਂ ਪਾਂਡਵਾਂ ਦਾ ਜੰਗ ਭਾਰ ਭਾਈ 1ਪੁੱਤ੍ਰ ਅਰਜੁੱਨ ਦਾ ਮਾਰਿਆ ਜੈਦਰਥ ਨੇ ਚਿਖ਼ਾ ਬੂੰਦ ਦੇ ਕਿਲ੍ਹੇ ਵਿਚਘਾਰ ਭਾਈ ਅਰਜੁਨ ਗ਼ਸ਼ ਖਾਕੇ ਡਿਗ ਪਿਆ ਹੈਸੀ ਮੌਤ ਪੁੱਤ੍ਰ ਦੀ ਸੁਣਦਿਆਂ ਸਾਰ ਭਾਈ ਹੋਯਾ ਹੌਸਲਾ ਹਾਰ ਬੇਹੌਸਲਾ ਓਹ ਸੱਟ ਬੈਠ ਗਿਆ ਹਥ੍ਯਾਰ ਭਾਈ ਹੋਰ ਸੁਣੋ ਰੁਸਤਮ ਪਹਿਲਵਾਨ ਵੱਡਾ ਜਿਨੂੰ ਜਾਣਦਾ ਹੈ ਸੰਸਾਰ ਭਾਈ ਉਸ ਨਾਲ ਭੁਲੇਖੇ ਦੇ ਜੰਗ ਅੰਦਰ ਦਿੱਤਾ ਸੀ ਸੁਹਰਾਬ ਨੂੰ ਮਾਰ ਭਾਈ ਪਤਾ ਲੱਗਾ ਜਦੋਂ ਹੈਸੀ ਪੁੱਤ ਮੇਰਾ ਏਸ ਕਦਰ ਹੋ ਗਿਆ ਬੇਜ਼ਾਰ ਭਾਈ ਰੋਯਾ ਏਤਨਾ ਓਹ ਬੇ ਹੌਸਲਾ ਹੋ ਗ਼ਸ਼ ਆ ਗਿਆ ਕਈ ਵਾਰ ਭਾਈ ਪ੍ਰਭਾਸ ਖੇਤ ਜਾਕੇ ਕ੍ਰਿਸ਼ਨ ਜੀ ਦਾ ਜਦੋਂ ਲੜ ਮਰਿਆ ਪਰਵਾਰ ਭਾਈ ਹੋ ਓਦਾਸ ਜਾਕੇ ਜੰਗਲ ਵਿੱਚ ਮਰਿਆ ਦੁਖ ਸਕਿਆ ਨ ਸਹਾਰ ਭਾਈ ਦੇਖੋ ਬੜਾ ਵਿਸ਼ਿਸ਼ਟ ਗਿਆਨ ਵਾਲਾ ਪੁੱਤ ਸਾਰੇ ਮਰ ਗਏ ਵਿਚਾਰ ਭਾਈ ਡੁੱਬਨ ਚੱਲਿਆ ਵਿੱਚ ਦਰਯਾ ਦੇ ਸੀ ਪੱਥਰ ਬੰਨ੍ਹਕੇ ਗਲ ਨੂੰ ਭਾਰ ਭਾਈ ਸੱਲ ਪੁੱਤ੍ਰਾਂ ਦੇ ਜਰਨੇ ਬਹੁਤ ਔਖੇ ਗੱਲਾਂ ਕਰਨੀਆਂ ਹੈਨ ਸੁਖਾਲ ਭਾਈ ਲੱਗੇ ਜਿਨ੍ਹਾਂ ਨੂੰ ਓਹੋ ਹੀ ਜਾਣਦੇ ਨੇ ਹੈ ਉਨ੍ਹਾਂ ਨੂੰ ਦੁੱਖ ਦੀ ਸਾਰ ਭਾਈ ਪਰ ਧੰਨ ਇੱਕ ਗੁਰੂ ਗੋਬਿੰਦ ਸਿੰਘ ਜੀ ਪੁੱਤ ਸਾਮ੍ਹਣੇ ਧਰਮ ਤੇ ਵਾਰ ਭਾਈ ਆਂਸੂ ਅੱਖਾਂ ਦੇ ਵਿੱਚ ਨ ਇੱਕ ਭਰਿਆ ਸਗੋਂ ਸ਼ੁਕਰ ਕੀਤਾ ਕਰਤਾਰ ਭਾਈ ਖ਼ੁਸ਼ੀ ਖ਼ੁਸ਼ੀ ਹਿਤ ਦੇ ਕਰਤਾਰ ਸਿੰਘਾ ਦਿੱਤਾ ਕੁਲ ਸਰਬੰਸ ਹੀ ਵਾਰ ਭਾਈ 1 ਅਭਿਮਨਯੂ ਸਤਿਗੁਰਾਂ ਨੇ ਵੈਰੀਆਂ ਦਾ ਅੰਤ ਦਾ ਹੱਲਾ ਰੋਕ ਕੇ ਰਾਤ ਨੂੰ ਸਹੀ ਸਲਾਮਤ ਨਿਕਲ ਜਾਣਾ ਸਾਹਿਬਜ਼ਾਦੇ ਤੇ ਸਿੰਘ ਸ਼ਹੀਦ ਹੋ ਗਏ ਗੁਰ ਰੱਤੀ ਨ ਹੌਸ਼ਲਾ ਢਾਂਵਦੇ ਨੇ ਰੱਤੀ ਚੇਹਰਾ ਨ ਮੂਲ ਉਦਾਸ ਹੋਯਾ ਨੇਤਰ ਖ਼ੁਸ਼ੀ ਦੇ ਭਰੇ ਸੁਹਾਂਵਦੇ ਨੇ ਏਨੇ ਚਿਰ ਨੂੰ ਖ਼੍ਵਾਜਾ ਮਲੇਰੀਆ ਤੇ ਖ਼ਾਂ ਨਜੀਬ ਜਾਲੰਧਰੀ ਆਂਵਦੇ ਨੇ ਦਲਾਵਰ ਖ਼ਾਂ ਸੂਬਾ ਜੋ ਲਾਹੌਰ ਵਾਲਾ ਬਜਵਾੜੀਏ ਚੰਦਰੇ ਧਾਂਵਦੇ ਨੇ ਨਾਲੇ ਖ਼ਾਂ ਉਸਮਾਨ ਕਸੂਰ ਵਾਲਾ ਏਹ ਰਲ ਸਲਾਹ ਪਕਾਂਵਦੇ ਨੇ ਪਾਸ ਗੁਰੂ ਦੇ ਹੁਣ ਨ ਸਿੱਖ ਕੋਈ ਫੜ ਲੌ ਧਾਵਾ ਕਰਵਾਂਵਦੇ ਨੇ ਓਧਰ ਗੁਰੂ ਜੀ ਖਿੱਚ ਕੇ ਧਨਸ਼ ਵੱਡਾ ਤੀਰ ਮੀਂਹ ਦੇ ਵਾਂਗ ਬਰਸਾਂਵਦੇ ਨੇ ਪਾਓ ਪਾਓ ਦੇ ਖਪਰੇ ਮਾਰ ਤਿੱਖੇ ਵੀਹਾਂ ਵੀਹਾਂ ਦੇ ਵਿੱਚੋਂ ਲੰਘਾਂਵਦੇ ਨੇ ਤੱਕ ਤੱਕ ਕੇ ਮਾਰਦੇ ਅਫ਼ਸਰਾਂ ਨੂੰ ਸਫ਼ਾ ਧਰਤ ਤੇ ਪਏ ਲਟਾਂਵਦੇ ਨੇ ਦਯਾ ਸਿੰਘ ਤੇ ਧਰਮ ਸਿੰਘ ਮਾਨ ਸਿੰਘ ਭੀ ਜਾਂਦੀ ਵਾਰ ਦੇ ਗ਼ੁੱਸੇ ਕਢਾਂਵਦੇ ਨੇ ਸੰਗਤ ਸਿੰਘ ਅਤੇ ਸੰਤ ਸਿੰਘ ਪੰਜੇ ਵੈਰੀ ਧਰਤ ਤੇ ਮਾਰ ਵਛਾਂਵਦੇ ਨੇ ਕੁਝ ਧੂੜ ਉੱਡੀ ਕੁਝ ਰਾਤ ਪੈ ਗਈ ਚਾਰੋਂ ਤਰਫ਼ ਹਨੇਰ ਆ ਛਾਂਵਦੇ ਨੇ ਮਾਰੇ ਡਰ ਦੇ ਫ਼ੌਜ ਨੂੰ ਹੁਕਮ ਦੇਂਦੇ ਸੂਬੇ ਦੂਰ ਪਿਛਾਂਹ ਹਟਾਂਵਦੇ ਨੇ ਦਿਨੇ ਲਾਕੇ ਪੌੜੀਆਂ ਫੜ ਲਾਂਗੇ ਰਾਤ ਪਹਿਰੇ ਚੁਫੇਰੇ ਬਠਾਂਵਦੇ ਨੇ ਵੇਖੋ ਗ਼ਜ਼ਬ ਏਨ੍ਹਾਂ ਤਾਈਂ ਫੜਨ ਦਾ ਜੀ ਲਸ਼ਕਰ ਹੌਸਲਾ ਨਹੀਂ ਰਖਾਂਵਦੇ ਨੇ ਸ੍ਰੀ ਗੁਰੂ ਜੀ ਦਾ ਖ਼ੌਫ਼ ਪਿਆ ਮਾਰੇ ਪੈਰ ਗੜ੍ਹੀ ਦੇ ਵੱਲ ਨ ਪਾਂਵਦੇ ਨੇ ਸ਼ੇਰ ਘੇਰਿਆ ਲੱਖਾਂ ਹੀ ਗਿੱਦੜਾਂ ਨੇ ਅੱਗੇ ਹੋਣ ਤੋਂ ਜੀ ਚੁਰਾਂਵਦੇ ਨੇ ਰਾਤ ਗੜ੍ਹੀ ਦੇ ਗਿਰਦ ਬੈਠਾ ਪਹਿਰੇ ਦਿਨੇ ਫੜਨ ਦੀ ਆਸ ਤਕਾਂਵਦੇ ਨੇ ਓਧਰ ਗੁਰੂ ਜੀ ਦੇ ਅੱਗੇ ਸਿੱਖ ਸਿਦਕੀ ਪੱਲੇ ਗਲ ਪਾ ਸੀਸ ਝੁਕਾਂਵਦੇ ਨੇ ਤੁਸੀਂ ਸਤਿਗੁਰੋ ਹੁਣ ਨਿਕਲ ਜਾਵੋ ਸਾਰੇ ਬੇਨਤੀ ਕਰ ਸੁਨਾਂਵਦੇ ਨੇ ਤੁਸੀਂ ਜੀਉਂਦੇ ਤੇ ਸਿੱਖੀ ਜੀਉਂਦੀਏ ਪੰਥ ਸਾਜ ਲੌਂਗੇ ਓਹ ਅਲਾਂਵਦੇ ਨੇ ਸਤਿਗੁਰੂ ਸੀ ਚਾਹੁੰਦੇ ਸ਼ਹੀਦ ਹੋਣਾ ਬਚਨ ਸਿੱਖਾਂ ਦਾ ਨਾ ਪਰਤਾਂਵਦੇ ਨੇ 1ਸੰਗਤ ਸਿੰਘ ਨੂੰ ਦੇਕੇ ਜਿਗਾ ਕਲਗ਼ੀ ਗੁਰ ਆਪਣੀ ਜਗ੍ਹਾ ਬਨਾਂਵਦੇ ਨੇ ਰਾਮ ਸਿੰਘ ਤੇ ਕੇਹਰ, ਸੰਤੋਖ ਸਿੰਘ ਨੂੰ ਦੇਵਾ ਸਿੰਘ ਨੂੰ ਪਾਸ ਸਦਾਂਵਦੇ ਨੇ ਜੀਉਣ ਸਿੰਘ ਮਜ਼੍ਹਬੀ, ਕਾਠਾ ਸਿੰਘ ਤਾਈਂ ਅੰਤ ਏਹ ਉਪਦੇਸ਼ ਸਖਾਂਵਦੇ ਨੇ ਕਦੇ ਕਦੇ ਗੋਲੀ ਰਾਤ ਛਡਦੇ ਰਿਹੋ ਦਿਣੇ ਲੜ ਮਰਿਓ ਏਹ ਬਤਾਂਵਦੇ ਨੇ ਜੀਉਂਦੇ ਵੈਰੀਆਂ ਹੱਥ ਨ ਮੂਲ ਆਉਣਾ ਏਹ ਆਖਕੇ ਫ਼ਤ੍ਹੇ ਗਜਾਂਵਦੇ ਨੇ ਕਿਸੇ ਸਮੇਂ ਦੀ ਰੱਖ ਉਡੀਕ ਲੰਮੀ ਨਿਕਲ ਸਾਫ਼ ਸਤਿਗੁਰੂ ਜੀ ਜਾਂਵਦੇ ਨੇ ਦਯਾ ਸਿੰਘ ਤੇ ਧਰਮ ਸਿੰਘ ਮਾਨ ਸਿੰਘ ਨੂੰ ਲੈ ਆਪਣੇ ਨਾਲ ਸਿਧਾਂਵਦੇ ਨੇ ਕਾਲੀ ਰਾਤ ਦੇ ਵਿੱਚ ਕਰਤਾਰ ਸਿੰਘ ਮਾਛੀਵਾੜੇ ਨੂੰ ਕਦਮ ਉਠਾਂਵਦੇ ਨੇ 1 ਸੰਗਤ ਸਿੰਘ ਨੂੰ ਕਲਗੀ ਜ਼ਿਗਾ ਦੇਕੇ ਸਤਿਗੁਰਾਂ ਬਚਨ ਕੀਤਾ ਕਿ ਗੁਰੂ ਖ਼ਾਲਸਾ, ਤੋਂ ਖ਼ਾਲਸਾ ਗੁਰੂ ਕਿਸੇ ਇਕ ਆਦਮੀ ਨੂੰ ਮੰਨਣ ਦੀ ਲੋੜ ਪੰਥ ਵਿੱਚ ਨਹੀਂ, ਪੰਜ ਸਿੰਘ ਪ੍ਰੇਮੀ ਨੇਮੀ ਗੁਰੂ ਰੂਪ ਮੰਨੇ ਗਏ । ਵਾਕ ਕਵੀ ਵਾਰ ਦੇਸ ਤੋਂ ਐਸ਼ ਅਰਾਮ ਸਾਰੇ ਦਾਗ਼ ਹਸਰਤਿ ਦਿਲ ਨੂੰ ਲਾ ਲੈ ਗਏ ਹੱਥੀਂ ਕਰ ਸਰਬੰਸ ਕੁਰਬਾਨ ਗਏ ਕੇਹੜੀ ਚੀਜ਼ ਸਤਿਗੁਰੂ ਬਚਾ ਲੈ ਗਏ ਬੱਚੇ ਤੇਰੇ ਤੇ ਸਾਹਮਣੇ ਵਾਰ ਗਏ ਦਸ ਪੰਥ ਕੀਹ ਤੈਥੋਂ ਛਪਾ ਲੈ ਗਏ ਕੇਹੜੀ ਚੀਜ਼ ਪਿਆਰੀ ਕਰਤਾਰ ਸਿੰਘਾ ਗੁਰੂ ਤੇਰੇ ਪਾਸੋਂ ਜੋ ਲੁਕਾ ਲੈ ਗਏ ਦੋਹਿਰਾ- ਸਤਾਰਾਂ ਸੌ ਅਕਾਠ ਸੀ ਪੋਹ ਦੀ ਅੱਠ ਪਛਾਨ। ਸੋਮਵਾਰ ਦਿਨ ਜਾਨੀਏਂ ਸਾਕਾ ਹੋਯਾ ਮਹਾਨ । ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪ੍ਰਸੰਗ ਵਾਕ ਕਵੀ ਆ ਸਾਕੀਆ ਦੇਹ ਪ੍ਰੇਮ ਪਿਆਲਾ ਪੀਕੇ ਦਿਲ ਦੇ ਫ਼ਿਕਰ ਮਟਾ ਦੇਵਾਂ ਸ੍ਰੀ ਗੁਰੂ ਜੀ ਦੇ ਛੋਟੇ ਬੇਟਿਆਂ ਦਾ ਭਰਿਆ ਦਰਦ ਦਾ ਕਿੱਸਾ ਲਖਾ ਦੇਵਾਂ ਦਰਦਮੰਦਾਂ ਦੇ ਦਿਲ ਰਵਾ ਦੇਵਾਂ ਨਰਮ ਪੱਥਰਾਂ ਕਰ ਵਖਾ ਦੇਵਾਂ ਜਿੰਦਾਂ ਛੋਟੀਆਂ ਦੇ ਕਰਤਾਰ ਸਿੰਘਾ ਸਾੱਕੇ ਲਿਖ ਕੇ ਵੱਡੇ ਸੁਣਾ ਦੇਵਾਂ ਸਰਸੇ ਨਦੀ ਤੇ ਵਛੋੜਾ ਸਰਸੇ ਨਦੀ ਤੇ ਜਦੋਂ ਤਲਵਾਰ ਚੱਲੀ ਬਹੁਤ ਸਿੰਘ ਸ਼ਹੀਦੀਆਂ ਪਾ ਗਏ ਓਥੇ ਪੈ ਗਈ ਸੀ ਆਪੋ ਧਾਪ ਡਾਢੀ ਜਿਵੇਂ ਛੁਟਦਾ ਪੱਲਾ ਛੁਡਾ ਗਏ ਓਸ ਵਕਤ ਮਾਤਾ ਨਾਲ ਸਾਹਿਬਜ਼ਾਦੇ ਵਿਛੜ ਗੁਰਾਂ ਤੋਂ ਖੁੰਝ ਖੁੰਝਾ ਗਏ ਬੀਆਬਾਨ ਦੇ ਵਿੱਚ ਕਰਤਾਰ ਸਿੰਘਾ ਕੱਲੇ ਸਾਥ ਬਾਝੋਂ ਘਬਰਾ ਗਏ ਤਥਾ ਛੋਟੇ ਪੋਤਰੇ ਤੇ ਮਾਤਾ ਨਾਲ ਬੁੱਢੀ ਖੁਰਜੀ ਵਿੱਚ ਭਰਿਆ ਕੁਝ ਮਾਲ ਹੈਸੀ ਨ ਕੋਈ ਸਿੰਘ ਨ ਟਹਿਲੂਆ ਨਜ਼ਰ ਆਵੇ ਸਤਿਗੁਰ ਨ ਦੰਗ ਦਵਾਲ ਹੈਸੀ ਚਾਰੋਂ ਤਰਫ ਹੀ ਢੂੰਡਦੇ ਫਿਰਨ ਵੈਰੀ ਓਟ ਕੋਈ ਨ ਬਿਨਾਂ ਅਕਾਲ ਹੈਸੀ ਸਾਥੀ ਕੋਈ ਨ ਹੋਰ ਕਰਤਾਰ ਸਿੰਘਾ ਨਾਲ ਗੰਗੂ ਰਸੋਈਆ ਚੰਡਾਲ ਹੈਸੀ ਵਾਕ ਕਵੀ ਖ਼ੁਸ਼ੀਆਂ ਵਿੱਚ ਪਲੇ ਰਾਜ ਹੰਸ ਬੱਚੇ ਭੁੰਞੇ ਪੈਰ ਨ ਕਦੇ ਜੋ ਪਾਂਵਦੇ ਸਨ ਮਾਤਾ ਪਿਤਾ ਦੀ ਗੋਦ ਦੇ ਵਿਚ ਰਹਿੰਦੇ ਖਾਕੇ ਨਿਆਮਤਾਂ ਖ਼ੁਸ਼ੀ ਮਨਾਂਵਦੇ ਸਨ ਵਿੱਚ 'ਜਾੜ ਦੇ ਵਿੱਛੜੇ ਸਾਥ ਨਾਲੋਂ ਡੱਡੋਲਿਕੇ ਹੋ ਪਏ ਤਕਾਂਵਦੇ ਸਨ ਏਹ ਕੀ ਹੋ ਗਈ ਖੇਡ ਕਰਤਾਰ ਸਿੰਘਾ ਕਈ ਦਿਲ ਖ਼ਿਆਲ ਦੁੜਾਂਵਦੇ ਸਨ ਛੋਟੇ ਸਾਹਿਬਜ਼ਾਦਿਆਂ ਦੀ ਉਦਾਸੀ ਕਦੇ ਆਖਦੇ ਕਿੱਥੇ ਹੈ ਮਾਤ ਸਾਡੀ ਕਦੇ ਆਖਦੇ ਪਿਤਾ ਜੀ ਗਏ ਕਿੱਥੇ ਕਦੇ ਆਖਦੇ ਸਾਡੇ ਭਰਾ ਵੱਡੇ ਮਿਲੇ ਮਾਂ ਜੀ ਨਹੀਂ ਓਹ ਰਹੇ ਕਿੱਥੇ ਕਦੇ ਆਖਦੇ ਹੈ ਸਾਡੀ ਫ਼ੌਜ ਕਿਧਰ ਸਾਡੇ ਟਹਿਲੂਏ ਕਿਸੇ ਫੜ ਲਏ ਕਿੱਥੇ ਏਹ ਵਿਯੋਗ ਦੇ ਬਚਨ ਕਰਤਾਰ ਸਿੰਘ ਦਰਦਮੰਦਾਂ ਪਾਸੋਂ ਜਾਂਦੇ ਸਹੇ ਕਿੱਥੇ ਮਾਤਾ ਗੁਜਰੀ ਜੀ ਰਿਦੇ ਫਾੜਵੇਂ ਸੁਣਕੇ ਬਚਨ ਅਹੇ ਮਾਤਾ ਪਾ ਗਲੀਂ ਪਰਚਾਂਵਦੀ ਸੀ ਹੁਣੇ ਆਨ ਮਿਲਦੇ ਸਾਰੇ ਸਾਥ ਏਥੇ ਮੱਥੇ ਚੁੰਮਦੀ ਗੋਦ ਬਠਾਂਵਦੀ ਸੀ ਨਾਲੇ ਵੈਰੀਆਂ ਦੀ ਮਤਾ ਨਜ਼ਰ ਪੈ ਜਾਂ ਵਿੱਚ ਝਾੜੀਆਂ ਪਈ ਛਪਾਂਵਦੀ ਸੀ ਓਹ ਕਹਿਰ ਦਾ ਦਿਨ ਕਰਤਾਰ ਸਿੰਘ ਲੁਕ ਛਿਪਕੇ ਮਾਤਾ ਲੰਘਾਵਦੀ ਸੀ ਮਾਤਾ ਜੀ ਦੀਆਂ ਵਿਚਾਰਾਂ ਦਿਨ ਬੀਤਿਆ ਤੇ ਕਾਲੀ ਰਾਤ ਆਈ ਮਾਤਾ ਸੋਚ ਕਰਦੀ ਹੁਣ ਜਾਂ ਕਿੱਥੇ ਮੇਰੇ ਲਾਲ ਦੇ ਜਿਗਰ ਦੇ ਏਹ ਟੋਟੇ ਭੱਜ ਵੈਰੀਆਂ ਤੋਂ ਜਾ ਛਪਾਂ ਕਿੱਥੇ ਉੱਤੋਂ ਰੁੱਤ ਸਿਆਲ ਦੀ ਪਵੇ ਸਰਦੀ ਫੜ ਫੁੱਲ ਗੁਲਾਬ ਬਚਾਂ ਕਿੱਥੇ ਬੈਠੀ ਵਿੱਚ ਉਜਾੜ ਕਰਤਾਰ ਸਿੰਘਾ ਨਹੀਂ ਪਤਾ ਨੇੜੇ ਕੋਈ ਗਰਾਂ ਕਿੱਥੇ ਗੰਗੂ ਬਾਹਮਣ ਸਤਿਗੁਰਾਂ ਦਾ ਰਿਹਾ ਰਸੋਈਆ ਏਹ ਕਈ ਬਰਸ ਲੰਗਰ ਵਿੱਚ ਕਾਰ ਕਰਦਾ ਏਸ ਵਕਤ ਓਹੋ ਕੱਲਾ ਪਾਸ ਹੈਸੀ ਦਿਲ ਆਪਣੇ ਵਿੱਚ ਵਿਚਾਰ ਕਰਦਾ ਪਾਸ ਮਾਤਾ ਦੇ ਧਨ ਹੈ ਬਹੁਤ ਸਾਰਾ ਓਹ ਲੈਣ ਦੀ ਨੀਤ ਬੁਰਯਾਰ ਕਰਦਾ ਪਾਪ ਰਖਕੇ ਦਿਲ ਕਰਤਾਰ ਸਿੰਘਾ ਗੱਲਾਂ ਮਿੱਠੀਆਂ ਇਉਂ ਬਦਕਾਰ ਕਰਦਾ ਤਥਾ ਸੁਣੋ ਮਾਤਾ ਜੀ ਪੈ ਹਨੇਰਾ ਗਿਆ ਏਥੋਂ ਚਲਣੇ ਦੀ ਹੁਣ ਗਲ ਕਰੀਏ ਇੱਕ ਰਾਤ ਸਿਆਲ ਦੀ ਦੂਆ ਜੰਗਲ ਸ਼ੇਰ ਚਿਤਰੇ ਸੱਪ ਤੋਂ ਅਸੀਂ ਡਰੀਏ ਮੇਰਾ ਪਿੰਡ ਹੈਗਾ ਏਥੋਂ ਬਹੁੜ ਨੇੜੇ ਛਿਪ ਵੈਰੀਆਂ ਤੋਂ ਓਥੇ ਚੱਲ ਵੜੀਏ ਹੈ ਉਹ ਆਪ ਦਾ ਘਰ ਕਰਤਾਰ ਸਿੰਘਾ ਚਿੰਤਾ ਰੱਤੀ ਰਵਾਲ ਨ ਚਿੱਤ ਧਰੀਏ ਮਾਤਾ ਜੀ ਨੇ ਗੰਗੂ ਦੇ ਨਾਲ ਟੁਰ ਪੈਣਾ ਕੋਈ ਸਿਰ ਲੁਕਾਉਣ ਨੂੰ ਥਾਂ ਲੱਭੇ ਮਾਤਾ ਗੱਲ ਏਹੋ ਅੱਗੇ ਭਾਲਦੀ ਸੀ ਲੈ ਕੇ ਪੋਤਿਆਂ ਨੂੰ ਨਾਲ ਟੁਰ ਪਈ ਠੱਕਾ ਵੱਗਦਾ ਰੁੱਤ ਸਿਆਲਦੀ ਸੀ ਠੁਰੂ ਠੁਰੂ ਕਰਦੇ ਬੱਚੇ ਸਹਿਮੇ ਹੋਏ ਲਈ ਜਾਂਦੀ ਏਹ ਮਰਜੀ ਅਕਾਲ ਦੀ ਸੀ ਭਰਮ ਨਹੀਂ ਸੀ ਕੋਈ ਕਰਤਾਰ ਸਿੰਘਾ ਪਰ ਨੀਤ ਬਦਲੀ ਹੋਈ ਚੰਡਾਲ ਦੀ ਸੀ ਖੇੜੀ ਪਹੁੰਚਣਾ ਰਾਤੋ ਰਾਤ ਲੈ ਆਪਣੇ ਪਿੰਡ ਪਹੁੰਚਾ ਓਹ ਬ੍ਰਾਹਮਣ ਰੂਪ ਚੰਡਾਲ ਦਾ ਜੀ ਸਣੇ ਪੋਤਿਆਂ ਤੇ ਮਾਤਾ ਗੁਜਰੀ ਨੂੰ ਇੱਕ ਕੋਠੇ ਦੇ ਵਿੱਚ ਬਠਾਲਦਾ ਜੀ ਮਾਤਾ ਪਾਸ ਖੁਰਜੀ ਭਰੀ ਜਵਾਹਿਰਾਤਾਂ ਓਸ ਵਾਸਤੇ ਧਰਮ ਨੂੰ ਗਾਲਦਾ ਜੀ ਮਾਤਾ ਰੱਖ ਸਰ੍ਹਾਣੇ ਕਰਤਾਰ ਸਿੰਘ ਨ ਵਸਾਹ ਖਾਧਾ ਓਸ ਮਾਲਦਾ ਜੀ ਪਹਿਲੀ ਰਾਤ ਦਾ ਹਾਲ ਭਲਾ ਦੁਖੀਆਂ ਨੂੰ ਕਿੱਥੋਂ ਨੀਦ ਆਵੇ ਮਾਤਾ ਵਿੱਚ ਚਿੰਤਾ ਪਸ਼ੇਮਾਨ ਭਾਰੀ ਕਦੇ ਪੋਤਿਆਂ ਨੂੰ ਘੁੱਟ ਗਲੇ ਲਾਵੇ ਕਦੇ ਵਿੱਚ ਵਿਯੋਗ ਦੇ ਕਰੇ ਜ਼ਾਰੀ ਮਾਤਾ ਸੌਂ ਜਾਵੇ ਮਾਲ ਚੁਕ ਲਵਾਂ ਗੰਗੂ ਸੋਚਦਾ ਰਿਹਾ ਏਹ ਰਾਤ ਸਾਰੀ ਲੱਗਾ ਦਾਉ ਨ ਮੂਲ ਕਰਤਾਰ ਸਿੰਘਾ ਖੋਟੀ ਹੋਰ ਚੰਡਾਲ ਨੇ ਨੀਤ ਧਾਰੀ ਗੰਗੂ ਨੇ ਏਹਨਾਂ ਨੂੰ ਜ਼ਹਿਰ ਦੇਣ ਦੀ ਸਲਾਹ ਕਰਨੀ ਅੰਨ੍ਹਾ ਧਨ ਦੇ ਲੋਭ ਨੇ ਚਾਏ ਕੀਤਾ ਦੁਸ਼ਟ ਹੋਰ ਤਜਵੀਜ਼ ਏਹ ਭਾਲਦਾ ਏ ਏਹਨਾਂ ਤਿੰਨਾਂ ਨੂੰ ਦੇਕੇ ਜ਼ਹਿਰ ਮਾਰਾਂ ਏਹ ਸੋਚਦਾ ਤੁਖ਼ਮ ਚੰਡਾਲ ਦਾ ਏ ਵਿੱਚ ਰੋਟੀਆਂ ਦੇ ਜ਼ਹਿਰ ਪਾ ਦੇਹ ਤੂੰ ਮਾਂ ਆਪਣੀ ਤਈ ਸਖਾਲਦਾ ਏ ਵੇਖ ਲੋਭ ਦੇ ਪਿੱਛੇ ਕਰਤਾਰ ਸਿੰਘਾ ਧਰਮ ਨਿਮਕ ਹਰਾਮ ਹੋ ਗਾਲਦਾ ਏ ਗੰਗੂ ਦੀ ਮਾਈ ਮਾਈ ਗੰਗੂ ਦੀ ਆਖਦੀ ਪਾਪੀਆ ਵੇ ਨਿਮਕਖਾ ਕੇ ਬੁਰਾ ਤਕਾ ਨਾਹੀਂ ਜੇ ਧਨ ਜ਼ਰੂਰ ਤੂੰ ਲੈ ਲੈਨਾ ਭਾਰਾ ਏਹ ਅਪਰਾਧ ਕਮਾ ਨਾਹੀਂ ਸੌਂ ਜਾਇਗੀ ਮਾਈ ਤੂੰ ਚੁਕ ਲਵੀਂ ਜ਼ਹਿਰ ਦੇਣ ਦੀ ਕਰ ਕਰਾ ਨਾਹੀਂ ਹੋਕੇ ਨਿਮਕ ਹਰਾਮ ਕਰਤਾਰ ਸਿੰਘਾ ਜ਼ਾਤ ਤਈਂ ਕਲੰਕ ਲਵਾ ਨਾਹੀਂ ਦੂਸਰੀ ਰਾਤ ਨੂੰ ਗੰਗੂ ਨੇ ਧਨ ਚੁਰਾ ਲੈਣਾ ਕਈਆਂ ਦਿਨਾਂ ਤੋਂ ਮਾਤ ਉਨੀਂਦਰੀ ਸੀ ਓਸ ਰਾਤ ਆ ਨੀਂਦ ਦਬਾ ਲਿਆ ਓਸ ਪਾਪੀ ਨੇ ਵੇਖਯਾ ਮਾਤ ਸੁੱਤੀ ਖੁਰਜੀ ਤਈਂ ਅਡੋਲ ਉਠਾ ਲਿਆ ਝੱਟ ਮਾਤਾ ਜੀ ਦੀ ਅੱਖ ਖੁੱਲ੍ਹ ਗਈ ਬੋਲੀ ਕਿਸ ਨੇ ਧਨ ਚੁਰਾ ਲਿਆ ਬਾਹਰੋਂ ਕੋਈ ਨ ਆਯਾ ਕਰਤਾਰ ਸਿੰਘਾ ਬਾਹਮਣ ਨੀਚ ਨੇ ਪਾਪ ਕਮਾ ਲਿਆ ਮਾਤਾ ਜੀ ਨੇ ਗੰਗੂ ਨੂੰ ਪੁਛਣਾ ਮਾਤ ਸਮਝ ਗਈ ਗੰਗੂ ਦੀ ਬੇਈਮਾਨੀ ਪਰ ਡਰ ਗਈ ਬਾਤ ਮੈਂ ਕਹੀ ਜੇਕਰ ਏ ਪਾਪੀ ਨ ਦਿਨੋ ਫੜਾ ਦੇਵੇ ਮੇਰੀ ਕਹੀ ਨ ਏਸ ਨੇ ਸਹੀ ਜੇਕਰ ਨਾਲ ਸਹਿਜ ਦੇ ਆਖਦੀ ਸੁਣ ਗੰਗੂ ਤੂੰ ਖੁਰਜੀ ਹੋਵੇ ਏਥੋਂ ਲਈ ਜੇਕਰ ਬੱਚਾ ਦਸ ਦੇਹ ਮੈਨੂੰ ਕਰਤਾਰ ਸਿੰਘਾ ਹੋਵੇ ਸਾਂਭ ਕਿਤੇ ਰੱਖ ਦਈ ਜੇਕਰ ਗੰਗੂ ਅੱਗੋਂ ਆਖਦਾ ਓਹ ਚੰਡਾਲ ਪਾਪੀ ਸੁੱਤੀ ਪਈ ਕਿਉਂ ਮਾਤਾ ਬੜਾਉਨੀ ਏਂ ਵੇਖ ਚੰਗੀ ਤਰ੍ਹਾਂ ਏਥੇ ਪਈ ਹੋਸੀ ਵੇਖੇ ਬਿਨਾਂ ਕਾਹਨੂੰ ਘਬਰਾਉਨੀ ਏਂ ਮੈਂ ਤਾਂ ਸੁੱਤਾ ਸਾਂ ਮੈਨੂੰ ਹੈ ਖ਼ਬਰ ਕਾਹਦੀ ਮੇਰੇ ਉੱਤੇ ਇਲਜ਼ਾਮ ਕਿਉਂ ਲਾਉਨੀ ਏਂ ਮੌਤੋਂ ਲਿਆਯਾ ਬਚਾ ਕਰਤਾਰ ਸਿੰਘਾ ਮੈਨੂੰ ਨਫ਼ਾ ਹੁਣ ਏਹ ਪੁਚਾਉਨੀ ਏਂ ਮਾਤਾ ਜੀ ਨਹੀਂ ਗੱਠ ਸਰ੍ਹਾਣੇ ਹੈ ਰਹੀ ਮੇਰੇ ਮੈਂ ਐਵੇਂ ਏਹ ਦੋਸ਼ ਲਗਾਯਾ ਨਾਹੀਂ ਮੈਨੂੰ ਏਹੀ ਬੇਹੋਸ਼ੀ ਦੀ ਨੀਂਦ ਕਿੱਥੋਂ ਦੁੱਖ ਆਉਣ ਵਾਲਾ ਮੈਂ ਭੁਲਾਯਾ ਨਾਹੀਂ ਬੂਹੇ ਬੰਦ ਸਾਰੇ ਤੇਰੇ ਬਿਨਾਂ ਬੱਚਾ ਦੂਜਾ ਆਦਮੀ ਏਥੇ ਕੋਈ ਆਯਾ ਨਾਹੀਂ ਜਿੰਨਾ ਲੋੜੀਦਾ ਧਨ ਕਰਤਾਰ ਸਿੰਘਾ ਹੱਥੀਂ ਲੈ ਲੈ ਤੈਥੋਂ ਲੁਕਾਯਾ ਨਾਹੀਂ ਗੰਗੂ ਵੇਖੋ ਭਲੇ ਦਾ ਏਹ ਜ਼ਮਾਨਾ ਭਾਈ ਮੈਂ ਮਰਦਿਆਂ ਤਾਈਂ ਬਚਾਯਾ ਜੇ ਪੰਜੇ ਦੁਸ਼ਮਨਾਂ ਦੇ ਵਿੱਚੋਂ ਕੱਢ ਕੇ ਤੇ ਜਾਨ ਹੀਲ ਕੇ ਘਰ ਲਿਆਯਾ ਜੇ ਹਾਕਮ ਸੁਨਣ ਮੈਨੂੰ ਫੜ ਦੇਣ ਫਾਹੇ ਸ਼ਾਹੀ ਚੋਰਾਂ ਨੂੰ ਘਰ ਲੁਕਾਯਾ ਜੇ ਮੈਂ ਚੋਰ ਏਹ ਸਾਧ ਕਰਤਾਰ ਸਿੰਘਾ ਮਾਲ ਏਹਨਾਂ ਦਾ ਮੈਂ ਚੁਰਾਯਾ ਜੇ ਮਾਤਾ ਜੀ ਮੈਂ ਤਾਂ ਪੁੱਛਿਆ ਸਹਿਜ ਸੁਭਾ ਵੀਰਾ ਭਲਾ ਸਾਂਭ ਤੂੰ ਕਿਤੇ ਰਖਾਯਾ ਹੋਵੇ ਗੁੱਸੇ ਤਾਂ ਹੋਵੇਂ ਜੇ ਮੈਂ ਬਾਹਰ ਜਾਕੇ ਕਿਸੇ ਹੋਰ ਦੇ ਤਈਂ ਸੁਣਾਯਾ ਹੋਵੇ ਅੱਧਾ ਸਾਨੂੰ ਦੇ ਦੇਹ ਅੱਧਾ ਰੱਖ ਲੈ ਤੂੰ ਭਲਾ ਚਿੱਤ, ਜੇ ਤੁੱਧ ਡੁਲਾਯਾ ਹੋਵੇ ਆਖਾਂ ਤੈਨੂੰ ਮੈਂ ਨ ਕਰਤਾਰ ਸਿੰਘਾ, ਜੇਕਰ ਹੋਰ ਬਾਹਰੋਂ ਕੋਈ ਆਯਾ ਹੋਵੇ ਤਥਾ ਤੈਨੂੰ ਪਤਾ ਮੈਂ ਮਾਤ ਗੋਬਿੰਦ ਸਿੰਘ ਦੀ ਤੂੰ ਪਾਸ ਰਹਿਕੇ ਭੇਦ ਪਾਯਾ ਅੱਗੇ ਉਨਹੀਂ ਮੋੜਿਆ ਮੰਗਿਆ ਮੂੰਹੋਂ ਦਿੱਤਾ ਕਿਸੇ ਆਨ ਸੁਵਾਲ ਸੁਣਾਯਾ ਅੱਗੇ ਪਹਿਲਾਂ ਸਿਰ ਦਾ ਦੇ ਸੁਹਾਗ ਬੈਠੀ ਹੁਣ ਮਾਲ ਕਰੋੜਾਂ ਲੁਟਾਯਾ ਅੱਗੇ ਨਾਮ ਰੱਬ ਦੇ ਉਤੋਂ ਕਰਤਾਰ ਸਿੰਘ ਦਸ ਮੈਂ ਹੈ ਕੀਹ ਛਪਾਯਾ ਅੱਗੇ ਤਥਾ ਤੈਨੂੰ ਪਾਲਿਆ ਪੁੱਤਾਂ ਵਾਂਗ ਗੰਗੂ ਮੂੰਹੋ ਮੰਗਦੋਂ ਸੋ ਦਵਾ ਦੇਂਦੀ ਚੋਰੀ ਚੁੱਕਣੇ ਦੀ ਕੀ ਸੀ ਲੋੜ ਤੈਨੂੰ ਖ਼ੁਸ਼ੀ ਨਾਲ ਹੱਥ ਤੇਰੇ ਫੜਾ ਦੇਂਦੀ ਲਿਆ ਹੁਣ ਭੀ ਜਿੰਨਾਂ ਕੁ ਆਖਦਾ ਹੈਂ ਖ਼ੁਸ਼ੀ ਹੋ ਤੇਰੀ ਝੋਲੀ ਪਾ ਦੇਂਦੀ ਬੇਈਮਾਨੀ ਦੇ ਨਾਲ ਕਰਤਾਰ ਸਿੰਘਾ ਨ ਏਹ 1ਪਚੂਗਾ ਸੱਚ ਸੁਣਾ ਦੇਂਦੀ 1 ਏਹ ਗਲ ਮਾਤਾ ਜੀ ਦੀ ਸੱਚੀ ਹੋਈ ਮੁਰੰਡੇ ਵਾਲਿਆਂ ਨੂੰ ਵਿੱਚੋਂ ਹੀ ਕਿਸੇ ਦੱਸ ਦਿੱਤਾ ਸੀ ਕਿ ਗੰਗੂ ਨੇ ਏਹਨਾਂ ਦਾ ਬਹੁਤ ਸਾਰਾ ਮਾਲ ਘਰ ਰਖ ਲਿਆ ਹੈ ਜੋ ਖਾਨਾਂ ਨੇ ਘਰਦੀ ਤਲਾਸ਼ੀ ਲੈ ਕੇ ਨਾਲ ਅਗਲਾ ਭੀ ਘਰ ਦਾ ਸਭ ਕੁਝ ਲੈ ਲਿਆ ਤੇ ਇਨਾਮ ਦੇ ਥਾਂ ਸਗੋਂ ਜੁੱਤੀਆਂ ਦੀ ਮਾਰ ਬਖਸ਼ੀਓ ਨੇ। ਵਾਕ ਕਵੀ ਪਾਪੀ ਸੁਣਕੇ ਸਗੋਂ ਸ਼ਰਮਿੰਦਾ ਹੁੰਦਾ ਉਲਟ ਸਖ਼ਤ ਕਲਾਮ ਸੁਨਾਉਨ ਲੱਗਾ ਏਸੇ ਵਕਤ ਮੇਰੇ ਘਰੋਂ ਨਿਕਲ ਜਾਵੋ ਡੰਡ ਉੱਚੀ ਉੱਚੀ ਸਗੋਂ ਪਾਉਨ ਲੱਗਾ ਵੇਖੋ ਨਿਮਕ ਹਰਾਮ ਬਦਜ਼ਾਤ ਪਾਪੀ ਘਰ ਲਿਆਕੇ ਪਾਪ ਕਮਾਉਨ ਲੱਗਾ ਹੁਣੇ ਦਿਆਂ ਫੜਾ ਕਰਤਾਰ ਸਿੰਘਾ ਨਿਮਕ ਖਾਕੇ ਨਫ਼ਾ ਪੁਚਾਉਨ ਲੱਗਾ ਤਥਾ ਰੌਲਾ ਸੁਣਕੇ ਲੋਕ ਆ ਹੋਏ ਕੱਠੇ ਗੱਲ ਵਿੱਚਲੀ ਜ਼ਾਹਰ ਹੋ ਗਈ ਸਾਰੀ ਸੱਭੋ ਜਾਨ ਗਏ ਏਸ ਨੇ ਪਾਪ ਕੀਤਾ ਚਿੱਤ ਭਰਮ ਗਿਆ ਮਾਯਾ ਵੇਖ ਭਾਰੀ ਦਰਦੀ ਕੌਣ ਸੀ ਭਲਾ ਪ੍ਰਦੇਸਿਆਂ ਦਾ ਕਰੇ ਕੌਣ ਪਰਦੇਸ ਦੇ ਵਿੱਚ ਦਾਰੀ ਗੰਗੂ ਡਰਦੇ ਮਾਰੇ ਕਰਤਾਰ ਸਿੰਘਾ ਪਾਪੀ ਹੱਤਿਆਰੇ ਖੋਟੀ ਨੀਤ ਧਾਰੀ ਗੰਗੂ ਨੇ ਸੋਚਨਾ ਕਿ ਗੁਰੂ ਦੇ ਪੁੱਤਰ ਤੇ ਮਾਈ ਮੁਸਲਮਾਨਾਂ ਨੂੰ ਫੜਾ ਦੇਵਾਂ ਗੰਗੂ ਸੋਚਿਆ ਗੱਲ ਏਹ ਜ਼ਾਹਰ ਹੋ ਗਈ ਮਤਾਂ ਹਾਕਮਾਂ ਨੂੰ ਕੋਈ ਸੁਣਾ ਦੇਵੇ ਘਰ ਏਸ ਦੇ ਗੁਰੂ ਦੇ ਪੁੱਤ ਰਹੇ ਸੁਣ ਤੁਰਕ ਮੈਨੂੰ ਮਰਵਾ ਦੇਵੇ ਜਾਂ ਮਾਤਾ ਹੀ ਗੁਰੂ ਨੂੰ ਮਿਲੀ ਓਹ ਤਾਂ ਟੰਗ ਕੇ ਖੱਲ ਲੁਹਾ ਦੇਵੇ ਖ਼ਬਰ ਕਰਾਂ ਮੁਰੰਡੇ ਕਰਤਾਰ ਸਿੰਘਾ ਪਾਪੀ ਏਹੋ ਸਲਾਹ ਠਹਿਰਾ ਦੇਵੇ ਵਾਕ ਕਵੀ ਧਾਰ ਲਈਓ ਸੂ ਨੀਤ ਫੜਾ ਦੇਵਾਂ ਨੇਕੀ ਨਿਮਕ ਹਰਾਮ ਨ ਮੂਲ ਜਾਤੀ ਬੁਰਾ ਕਰਨ ਲੱਗਾ ਨਿਮਕ ਖਾ ਜ਼ਾਲਮ ਜੜ੍ਹ ਆਪਣੀ ਨੂੰ ਲੱਗਾ ਦੇਨ ਕਾਤੀ ਘਰ ਲਿਆ ਕੇ ਵੇਖੋ ਮਾਸੂਮ ਬੱਚੇ ਇਉਂ ਕਰੇ ਨ ਕੋਈ ਚੰਡਾਲ ਜਾਤੀ ਗਿਆ ਵੱਲ ਮੁਰੰਡੇ ਕਰਤਾਰ ਸਿੰਘਾ ਉੱਠ ਚੁਪ ਕੀਤਾ ਬੇਈਮਾਨ ਘਾਤੀ ਵਾਹ ਵਾਹ ਗਿਰਧਰ ਰਾਇ ਨੇ ਕਿਆ ਸੋਹਣਾ ਲਿਖਿਆ ਹੈ:- ਕੁੰਡਲੀ- ਬ੍ਰਾਹਮਣ ਸੋਂ ਵਿਵਹਾਰ ਕਰ ਸੁਖੀ ਨ ਦੀਸਤ ਕੋਇ। ਵਿਸਵਾਮਿਤ੍ਰ ਹਰੀ ਚੰਦ ਕਾ ਦੀਆ ਰਾਜ ਸਭ ਖੋਇ। ਦੀਆ ਰਾਜ ਸਭ ਖੋਇ ਦੁਰਜਨ ਤੇ ਏਹ ਬਣ ਆਈ। ਹਰੀ ਜਗਤ ਕੀ ਮਾਇ ਲਾਜ ਕੀਨੀ ਨਹੀਂ ਰਾਈ। ਕਹਿ ਗਿਰਧਰ ਕਵਿਰਾਇ ਯਹੀ ਹੈਂ ਜਗ ਕੇ ਥੱਮਣ । ਲਾਖ ਖ਼ੁਸਾਮਦ ਕਰੋ ਬੁਰੀ ਛਾਡੈਂ ਨਹੀਂ ਬ੍ਰਾਹਮਣ। ਇਸ ਦਾ ਭਾਵ ਕਦੇ ਬਾਹਮਣਾਂ ਤੋਂ ਭਲਾ ਹੋਯਾ ਨਾਹੀਂ ਏਹ ਵਨਗੀ ਥੋੜ੍ਹੀ ਵਖਾ ਲਈ ਹਰੀ ਚੰਦ ਦੀ ਗੱਲ ਨਹੀਂ ਮੂਲ ਗੁੱਝੀ ਨੇਕੀ ਵਿਸਵਾਮਿਤ੍ ਕਮਾ ਲਈ ਰਾਜ ਖੋਹ ਕੇ ਵੇਚਿਆ ਪਾਸ ਚੂਹੜੇ ਰਾਣੀ ਕੰਜਰਾਂ ਘਰ ਵਚਾ ਲਈ ਰਾਜ ਭਾਗ ਕਰ ਨਸ਼ਟ ਕਰਤਾਰ ਸਿੰਘ ਜਜਮਾਨ ਦੀ ਜੜ੍ਹ ਪੁਟਾ ਲਈ ਤਥਾ ਰਾਮਚੰਦ ਵਡਾ ਅਵਤਾਰ ਲਿਯਾ ਬਾਰਾਂ ਬਰਸ ਜਾਂ ਬਿਪਤਾ ਪਾਈ ਉਸਨੇ ਰਾਵਣ ਸੁਣਿਆਂ ਨਾਲ ਹੈ ਆਈ ਸੀਤਾ ਜੋਗੀ ਬਣਕੇ ਜਾ ਚੁਰਾਈ ਉਸਨੇ ਰਾਵਣ ਖ਼ਾਸ ਬ੍ਰਹਮਾ ਦੀ ਜੱਦ ਵਿਚੋਂ ਹੈਸੀ ਏਹ ਕੀਤੀ ਭਲਿਆਈ ਉਸਨੇ ਸੀਤਾ ਮਾਤਾ ਜੀ ਤੇ ਕਰਤਾਰ ਸਿੰਘ ਬੁਰੀ ਓਸਤੇ ਨੀਤ ਠਹਿਰਾਈ ਉਸਨੇ ਤਥਾ ਗੁਰੂ ਹਰਗੋਬਿੰਦ ਨੂੰ ਦੇਣ ਲੱਗਾ ਮੌਹਰਾ ਖ਼ਾਸ ਬ੍ਰਾਹਮਣ ਜਾਨੀਏਂ ਜੀ ਪ੍ਰਮਾਨੰਦ ਨੇ ਗਊ ਦੀ ਸਹੁੰ ਖਾਕੇ ਦਗ਼ਾ ਕੀਤਾ ਆਨੰਦਪੁਰ ਮਾਨੀਏਂ ਜੀ ਗੰਗਾਰਾਮ ਲੋਕੀ ਹੁਣ ਕਰਨ ਲੱਗਾ ਏਹ ਭੀ ਜ਼ਾਤ ਬ੍ਰਾਹਮਣ ਠਾਣੀਏਂ ਜੀ ਨਿਮਕ ਖਾਕੇ ਵੇਖ ਕਰਤਾਰ ਸਿੰਘਾ ਭੈੜਾ ਕਰਨ ਲੱਗਾ ਬੇਈਮਾਨੀਏਂ ਜੀ ਤਥਾ ਜਿਦ੍ਹਾ ਖਾਧਾ ਮੁੜ ਉਸੇ ਦਾ ਬੁਰਾ ਕੀਤਾ ਤਾਜ਼ੀ ਨਵੀਂ ਏਹ ਗੱਲ ਵਿਚਾਰ ਲਵੋ ਲਾਲਸਿੰਘ, ਤੇਜਾ ਸਿੰਘ, ਦੋਵੇਂ ਬਾਹਮਣ ਫ਼ੌਜ ਖਾਲਸੇ ਦੇ ਆਗੂ ਧਾਰ ਲਵੋ ਬੇੜਾ ਡੋਬਿਓ ਨੇ ਰਣਜੀਤ ਸਿੰਘ ਦਾ ਹੈ ਏਹ ਸੱਜਰੀ ਗੱਲ ਨਤਾਰ ਲਵੋ ਰਾਜ ਸਿੰਘਾਂ ਦਾ ਨਾਸ ਕਰਤਾਰ ਸਿੰਘਾ ਕੀਤਾ ਏਨ੍ਹਾਂ ਨੇ ਸੀ ਨਿਗ੍ਹਾ ਮਾਰ ਲਵੋ 1 ਗੰਗੂ ਨੇ ਸਾਹਿਬਜ਼ਾਦੇ ਅਤੇ ਮਾਈ ਜੀ ਨੂੰ ਫੜਾ ਦੇਣਾ ਠਾਣੇ ਜਾ ਮੁਰੰਡੇ ਦੇ ਖ਼ਬਰ ਕੀਤੀ ਓਥੋਂ ਖ਼ਾਨਾਂ ਨੂੰ ਨਾਲ ਚੜ੍ਹਾ ਲਿਆਯਾ ਸਾਹਿਬਜ਼ਾਦਿਆਂ ਦੇ ਸਣੇ ਮਾਤ ਬੁੱਢੀ ਜਿੱਥੇ ਬੈਠੀ ਹੈ ਸੀ ਘੇਰਾ ਆਨ ਪਾਯਾ ਰਥ ਵਿਚ ਬਠਾਲ ਕੇ ਲੈ ਟੁਰੇ ਸਿੱਧਾ ਵਲ ਸਰ੍ਹੰਦ ਦੇ ਮੂੰਹ ਚਾਯਾ ਮਾਤਾ ਸੋਚ ਗਈ ਸਭ ਕਰਤਾਰ ਸਿੰਘਾ ਅੱਗੇ ਅੱਖਾਂ ਦੇ ਆਨ ਹਨੇਰ ਛਾਯਾ 1 ਏਸ ਪਾਪ ਦੇ ਬਦਲੇ ਜੋ ਸਿੰਘਾਂ ਨੇ ਲਏ ਓਹ ਬੰਦਾ ਬਹਾਦੁਰ ਸਿਦਕ ਖ਼ਾਲਸਾ ਪੜਕੇ ਵੇਖੋ । ਮਿਲਨ ਦਾ ਪਤਾ-ਲੱਧਾ ਸਿੰਘ ਕਰਤਾਰ ਸਿੰਘ ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਮਾਤਾ ਜੀ ਦਾ ਫਿਕਰ ਘੇਰੇ ਵਿਚ ਪੈ ਗਈ ਜਾਨ ਬੱਚਿਆਂ ਦੀ ਮਾਤਾ ਸੋਚਦੀ ਫ਼ਿਕਰ ਦੁੜਾਂਵਦੀ ਏ ਮੁਸ਼ਕਲ ਹੈ ਅੱਗੇ ਹੋਰ ਆਉਣ ਵਾਲੀ ਚਿੰਤਾ ਚਿੱਤ ਨੂੰ ਪਈ ਡੁਲਾਂਵਦੀ ਏ ਏਹਨਾਂ ਬੱਚਿਆਂ ਦਾ ਅੱਜ ਕੌਣ ਦਰਦੀ ਜਾਨ ਬਚਦੀ ਨਜ਼ਰ ਨ ਆਂਵਦੀ ਏ ਪਿਛਲੀ ਉਮਰ ਦੇ ਵਿਚ ਕਰਤਾਰ ਸਿੰਘਾ ਦੁਖ ਕੀ ਤਕਦੀਰ ਵਖਾਂਵਦੀ ਏ ਮਾਤਾ ਜੀ ਨੇ ਕਰਤਾਰ ਅੱਗੇ ਬੇਨਤੀ ਕਰਨੀ ਹੇ ਕਰਤਾਰ ਅਜ਼ਮਾ ਨ ਹੋਰ ਮੈਨੂੰ ਅੱਗੇ ਬੜਾ ਮੈਂ ਸਬਰ ਦਖਾ ਚੁੱਕੀ ਧਰਮ ਵਾਸਤੇ ਪਤੀ ਕੁਰਬਾਨ ਹੋਯਾ ਦੇਸ਼ ਵਾਸਤੇ ਘਰ ਲੁਟਾ ਚੁੱਕੀ ਲਾਲ ਵਿਛੜੇ ਨੂੰਹਾਂ ਵਿਛੋੜਾ ਪਿਆ ਪਿਆਰੇ ਸਿੱਖ ਬੇਅੰਤ ਕਟਾ ਚੁੱਕੀ ਤੇਰੇ ਨਾਮ ਦੇ ਉੱਤੇ ਕਰਤਾਰ ਸਿੰਘਾ ਮੈਂ ਸਰਬੰਸ ਕੁਰਬਾਨ ਕਰਾ ਚੁੱਕੀ ਤਥਾ ਏਹਨਾਂ ਬੱਚਿਆਂ ਦਾ ਰਾਖਾ ਆਪ ਹੋ ਤੂੰ ਮੇਰੇ ਪਾਸ ਅਮਾਨਤ ਪਰਾਈ ਹੈ ਏਹ ਮੇਰੇ ਲਾਲ ਦੇ ਦੋਵੇਂ ਨਸ਼ਾਨ ਸੋਹਣੇ ਮੇਰੀ ਨੂੰਹ ਦੀ ਜਾਨ ਕਮਾਈ ਹੈ ਏਹ ਓਹਨਾਂ ਪਾਸ ਪੁਚਾ ਦਿਆਂ ਇਕ ਵਾਰੀ ਸੁਰਖਰੂ ਹੋ ਜਾਂ ਚਿੱਤ ਆਈ ਹੈ ਏਹ ਮੈਨੂੰ ਹੈ ਮਨਜ਼ੂਰ ਕਰਤਾਰ ਸਿੰਘਾ ਖੇਲ ਚਿੱਤ ਤੇਰੇ ਜੇਕਰ ਭਾਈ ਹੈ ਏਹ ਸਾਹਿਬਜ਼ਾਦਿਆਂ ਨੇ ਸਰ੍ਹੰਦ ਵਿਚ ਪਹੁੰਚਣਾ ਲੈ ਗਏ ਮੁਰੰਡੀਏ ਖ਼ਾਨ ਪਾਪੀ ਜਾ ਵਜ਼ੀਦ ਖ਼ਾਂ ਹੱਥ ਫੜਾ ਦਿੱਤੇ ਬੇਟੇ ਦੋਵੇਂ ਏਹ ਗੁਰੂ ਗੋਬਿੰਦ ਸਿੰਘ ਦੇ ਸਾਨੂੰ ਘੇਰ ਖ਼ੁਦਾ ਲਿਆ ਦਿੱਤੇ ਸੂਬਾ ਵੇਖ ਸਰ੍ਹੰਦ ਦਾ ਖ਼ੁਸ਼ ਹੋਯਾ ਓਹਨਾਂ ਤਈਂ ਇਨਾਮ ਦਵਾ ਦਿੱਤੇ ਮਾਤਾ ਸਣੇ ਦੋਵੇਂ ਕਰਤਾਰ ਸਿੰਘਾ ਕੈਦ 1ਬੁਰਜ ਦੇ ਵਿੱਚ ਕਰਾ ਦਿੱਤੇ 1 ਹੁਣ ਏਸ ਦਾ ਨਾਮ ਚੰਡਾਲ ਬੁਰਜ ਕਰਕੇ ਮਸ਼ਹੂਰ ਹੈ। ਚੰਡਾਲ ਬੁਰਜ ਬਾਹਰ ਕਿਲ੍ਹੇ ਦੀ ਬਾਹੀ ਦੇ ਘੁੱਪ ਜਿਹਾ ਇਕ ਬੁਰਜ ਭੈੜਾ ਖ਼ਸਤ ਹਾਲ ਸੀ ਜੀ ਦੋਵੇਂ ਚੰਦ ਕੀਤੇ ਬੰਦ ਉਸ ਅੰਦਰ ਮਾਤਾ ਬੁੱਡੜੀ ਬੱਚਿਆਂ ਨਾਲ ਸੀ ਜੀ ਸੌਣ ਵਾਸਤੇ ਭੁੰਞ ਤੇ ਸੇਜ ਦੁੱਖਾਂ ਖਾਣ ਪੀਣ ਨੂੰ ਨਾਮ ਅਕਾਲ ਸੀ ਜੀ ਵੇਖ ਰੱਬ ਦੇ ਰੰਗ ਕਰਤਾਰ ਸਿੰਘਾ ਏਸ ਹਾਲ ਦਾ ਕਿਸਨੂੰ ਖ੍ਯਾਲ ਸੀ ਜੀ ਛੋਟੇ ਬੱਚੇ ਤੇ ਭੁੱਖ ਓਹ ਫੁੱਲ ਗੁਲਾਬ ਦੇ ਡਾਲ ਟੁੱਟੇ ਰਾਜ ਹੰਸ ਸੋਹਣੇ ਕੀਤੇ ਕੈਦ ਕੁੱਛੇ ਘੜੀ ਘੜੀ ਨਿਆਮਤਾਂ ਖਾਣ ਵਾਲੇ ਕਈ ਪਹਿਰ ਦੀ ਭੁੱਖ ਦੇ ਨਾਲ ਲੁੱਛੇ ਬੰਦ ਕਰ ਨ ਪਾਪੀਆਂ ਖ਼ਬਰ ਲਈ ਦੋ ਨਰਮ ਅੰਗੂਰਾਂ ਦੇ ਓਹ ਗੁੱਛੇ ਓਥੇ ਕੌਣ ਦਰਦੀ ਸੀ ਕਰਤਾਰ ਸਿੰਘਾ ਤਰਸ ਖਾਕੇ ਜੋ ਅੱਨ ਜੱਲ ਪੁੱਛੇ ਮਾਤਾ ਜੀ ਦਾ ਸਾਹਿਬਜ਼ਾਦਿਆਂ ਨੂੰ ਉਪਦੇਸ਼ ਮੱਥੇ ਚੁੰਮ ਕੇ ਮਾਤਾ ਅਸੀਸ ਦੇਂਦੀ ਲੱਗੇ ਤੁਸਾਂ ਨੂੰ ਨ ਤੱਤੀ ਵਾਓ ਬੱਚਾ ਵੇਲਾ ਆਨ, ਬਣਿਆਂ ਔਖਾ ਸਿਰ ਉੱਤੇ ਗੁਰੂ ਕਰੇ ਤੁਸੀਂ ਬਚ ਜਾਓ ਬੱਚਾ ਹੋ ਕਲਗੀਧਰ ਦੇ ਲਾਲ ਦੋਵੇਂ ਮਤਾਂ ਵੇਖਿਓ ਚਿੱਤ ਡੁਲਾਓ ਬੱਚਾ ਪਾਣੀ ਸਬਰਦਾ ਪੀਓ ਕਰਤਾਰ ਸਿੰਘਾ ਨਾਮ ਵਾਹਿਗੁਰੂ ਦੀ ਰੋਟੀ ਖਾਉ ਬੱਚਾ ਤਥਾ ਪਤਾ ਲੱਗਦਾ ਪਿਤਾ ਤੁਸਾਡੇ ਤਾਈਂ ਹੁਣ ਤਕ ਜ਼ਰੂਰ ਛੁਡਾ ਖੜਦੇ ਇੱਕ ਵਾਰ ਤਾਂ ਪਹੁੰਚਦੇ ਸਿੰਘ ਏਥੇ ਮਰ ਮਾਰ ਤੁਸਾਨੂੰ ਬਚਾ ਖੜਦੇ ਪੰਜੇ ਵੈਰੀਆਂ ਵਿੱਚ ਨ ਰਹਿਣ ਦੇਂਦੇ ਇੱਟ ਇੱਟ ਸਰ੍ਹੰਦ ਖੜਕਾ ਖੜਦੇ ਜਾਣੀ ਜਾਣ ਸਤਿਗੁਰੂ ਕਰਤਾਰ ਸਿੰਘਾ ਕਿਸੇ ਗੱਲ ਨੂੰ ਨਹੀਂ ਓਹ ਆ ਖੜਦੇ ਤਥਾ ਹੁਣ ਬਣੇਗੀ ਬੱਚਿਓ ਜਿੰਦ ਉੱਤੇ ਤੁਸੀਂ ਹੋ ਦਲੇਰ ਸਹਾਰ ਲਿਓ ਬਾਪ ਦਾਦੇ ਦੇ ਨਾਮ ਤੇ ਧਰਮ ਉੱਤੇ ਖ਼ੁਸ਼ੀ ਨਾਲ ਇਸ ਦੇਹ ਨੂੰ ਵਾਰ ਦਿਓ ਦੁੱਖ ਦੇਣਗੇ ਤੇ ਡੋਲ ਜਾਵਿਓ ਨ ਮੋਹ ਦੇਹ ਦਾ ਸਭ ਵਿਸਾਰ ਦਿਓ ਬਲੀ ਬਾਪ ਦਾ ਨਾਮ ਕਰਤਾਰ ਸਿੰਘਾ ਕਰ ਉੱਜਲਾ ਵਿੱਚ ਸੰਸਾਰ ਦਿਓ ਸਾਹਿਬਜ਼ਾਦੇ ਅਸੀਂ ਅੰਸ਼ ਹਾਂ ਗੁਰੂ ਗੋਬਿੰਦ ਸਿੰਘ ਦੀ ਜਿੰਦਾ ਧਰਮ ਦੇ ਲਈ ਗਵਾਵਾਂਗੇ ਜੀ ਗੱਲ ਤੁਰਕਾਂ ਦੀ ਕਦੇ ਨ ਮੰਨਣੀਏਂ ਅਸੀਂ ਨਹੀਂ ਸਲਾਮ ਬੁਲਾਵਾਂਗੇ ਜੀ ਭਾਵੇਂ ਮਾਂ ਜੀ ਅਸੀਂ ਹਾਂ ਬਹੁਤ ਛੋਟੇ ਦਿਲ ਕਰਕੇ ਵੱਡੇ ਦਿਖਲਾਵਾਂਗੇ ਜੀ ਨਾਮ ਪਿਤਾ ਦੇ ਤਈਂ ਕਰਤਾਰ ਸਿੰਘਾ ਅਸੀਂ ਦਾਗ਼ ਨ ਕਦੇ ਭੀ ਲਾਵਾਂਗੇ ਜੀ ਵਾਕ ਕਵੀ ਫ਼ੌਜਾ ਆਉਂਦੀਆਂ ਰਹੀਆਂ ਚਮਕੌਰ ਵੱਲੋਂ ਰੌਲੇ ਵਿੱਚ ਨ ਪੁੱਛ ਪੁਛਾਯਾ ਕਿਸੇ ਸੂਬੇ, ਖ਼ਾਨ, ਅਮੀਰ ਆ ਹੋਏ ਕੱਠੇ ਅੰਤ ਵਿੱਚ ਸਰ੍ਹੰਦ ਨ ਪਾਯਾ ਕਿਸੇ ਸਾਹਿਬਜ਼ਾਦਿਆਂ ਦਾ ਚੇਤਾ ਭੁੱਲ ਗਿਆ ਸੂਬੇ ਤਈਂ ਨ ਪਾਸੋਂ ਜਤਾਯਾ ਕਿਸੇ ਭੁੱਖੇ ਬਾਲ ਓਹ ਦੋਵੇਂ ਕਰਤਾਰ ਸਿੰਘ ਅੰਨ ਜਲ ਨ ਮੂਲ ਪੁਚਾਯਾ ਕਿਸੇ ਤਥਾ ਦਿਨ ਬੀਤ ਚੁੱਕੇ ਤਿੰਨ ਏਸੇ ਤਰ੍ਹਾਂ ਨ ਪਰਦੇਸੀਆਂ ਦਾ ਮਦਦਗਾਰ ਕੋਈ ਭਾਵੇਂ ਖ਼ਬਰ ਸਾਰੇ ਸ਼ਹਿਰ ਹੋ ਗਈ ਸੀ ਡਰਦਾ ਕਿਵੇਂ ਸੱਕੇ ਦਮ ਮਾਰ ਕੋਈ ਓਨ੍ਹਾਂ ਬੱਚਿਆਂ ਬੇਤ੍ਰਾਣਿਆਂ ਦਾ ਨਹੀਂ ਸੀ ਆਸਰਾ ਬਿਨਾ ਕਰਤਾਰ ਕੋਈ ਦੁੱਖ ਭੁੱਖ ਦੇ ਵਿਚ ਕਰਤਾਰ ਸਿੰਘਾ ਨ ਸੀ ਨਾਮ ਦੇ ਬਿਨਾਂ ਅਧਾਰ ਕੋਈ ਸੂਬੇ ਵਜੀਦ ਖਾਂ ਦਾ ਦਰਬਾਰ ਜੇਹੜੇ ਆਏ ਮੁਹਿੰਮ ਚਮਕੌਰ ਵੱਲੋਂ ਬੜੇ ਬੜੇ ਹੋਏ ਉਮਰਾ ਕੱਠੇ ਲੁੱਚੇ ਸ਼ਰ੍ਹਾ ਤਅੱਸਬ ਦੇ ਭਰੇ ਹੋਏ, ਹੋਇ ਕਾਜ਼ੀ ਮੁੱਲਾਂ ਉਲਮਾ ਕੱਠੇ ਬਾਰਾਂ ਪੋਹ ਨੂੰ ਕਿਲ੍ਹੇ ਸਰ੍ਹੰਦ ਅੰਦਰ ਬੈਠੇ ਵਿਚ ਦਰਬਾਰ ਹੋ ਆ ਕੱਠੇ ਸੂਬੇ ਹੁਕਮ ਚੜ੍ਹਾਇਆ ਕਰਤਾਰ ਸਿੰਘਾ ਜਦੋਂ ਬੈਠ ਗਏ ਮਾਰੂ ਖ਼ੁਦਾ ਕੱਠੇ ਸੂਬੇ ਵਜੀਦ ਖਾਂ ਦਾ ਹੁਕਮ ਸੂਬੇ ਹੁਕਮ ਸੁਣਾਯਾ ਬੈਠਦਿਆਂ, ਹੀ ਦੋ ਆਦਮੀ ਬੁਰਜ ਨੂੰ ਜਾਓ ਜਲਦੀ ਫੜੇ ਆਏ ਜੋ ਬੇਟੇ ਗੋਬਿੰਦ ਸਿੰਘ ਦੇ ਓਹਨਾਂ ਦੋਹਾਂ ਨੂੰ ਜਾ ਲਿਆਓ ਜਲਦੀ ਜਾ ਹੁਕਮ ਸੁਣਾਉਂਦੇ ਮਾਤ ਜੀ ਨੂੰ ਤਯਾਰ ਬੱਚਿਆਂ ਤਈਂ ਕਰਾਓ ਜਲਦੀ ਸੂਬਾ ਸੱਦਦਾ ਹੈ ਕਰਤਾਰ ਸਿੰਘਾ ਉੱਠੋ ਲੜਕਿਓ ਓਏ ਤੁਸੀਂ ਆਓ ਜਲਦੀ ਮਾਤਾ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਤਯਾਰ ਕਰਨਾ ਸੁਣ ਮਾਤਾ ਜੀ ਦਾ ਹਿਰਦਾ ਕੰਬ ਗਿਆ ਬੱਚੇ ਘੁੱਟ ਕੇ ਗਲੇ ਲਗਾਵੰਦੀਏ ਪੱਲੇ ਨਾਲ ਮੂੰਹ ਪੂੰਝਕੇ ਬੱਚਿਆਂ ਦਾ ਸਾਫ਼ ਕਰ ਦਸਤਾਰੇ ਸਜਾਂਵਦੀਏ ਵੇਖੋ ਬੱਚਿਓ ਧਰਮ ਤੋਂ ਡੋਲਿਓ ਨ ਜਿੰਦਾਂ ਦੇ ਦਿਓ ਦਾਦੀ ਸਖਾਂਵਦੀਏ ਸੁੱਖ ਜਾਪਦੀ ਨਹੀਂ ਕਰਤਾਰ ਸਿੰਘਾ ਮੇਰੇ ਚਿੱਤ ਨੂੰ ਧੀਰ ਨ ਆਂਵਦੀਏ ਤਥਾ ਜਾਓ ਬੱਚਿਓ ਰੱਖਕੇ ਹੌਂਸਲੇ ਨੂੰ ਗੁਰੂ ਨਾਨਕ ਤੁਸਾਡਾ ਸਹਾਈ ਹੋਵੇ ਤੱਤੀ ਵਾਓ ਨ ਤੁਸਾਂ ਨੂੰ ਮੂਲ ਲੱਗੇ ਅੰਗ ਸੰਗ ਅਕਾਲ ਸਦਾਈ ਹੋਵੇ ਮੈਂ ਘੋਲ ਘੱਤੀ ਮੇਰੇ ਬੱਚਿਓ ਵੇ ਝੱਬ ਆਇਓ ਨ ਦੇਰ ਲਗਾਈ ਹੋਵੇ ਮੈਨੂੰ ਟੋਰਿਓ ਪਹਿਲਾਂ ਕਰਤਾਰ ਸਿੰਘਾ ਜੇਕਰ ਮੌਤ ਤੁਸਾਡੜੀ ਆਈ ਹੋਵੇ ਸਾਹਿਬ ਜ਼ੋਰਾਵਰ ਸਿੰਘ ਤੇ ਫ਼ਤੇ ਸਿੰਘ ਦੀ ਪਹਿਲੇ ਦਿਨ ਦੀ ਸੂਬੇ ਅੱਗੇ ਪੇਸ਼ੀ ਮਾਤਾ ਨਾਲ ਸਪਾਹੀਆਂ ਤੋਰ ਦਿੱਤੇ ਚੰਦ ਬੁਰਜ ਤੋਂ ਨਿਕਲਕੇ ਬਾਹਰ ਆਏ ਸੋਹਣੇ ਸੁੰਦਰ ਰੂਪ ਦੋ ਬਾਲ ਛੋਟੇ ਲੋਕ ਵੇਖਣੇ ਨੂੰ ਬੇਸ਼ੁਮਾਰ ਆਏ ਵੇਖ ਨਿੱਕੀਆਂ ਭੋਲੀਆਂ ਸੂਰਤਾਂ ਨੂੰ ਜ਼ਾਰ ਜ਼ਾਰ ਰੋਂਦੇ ਨਰ ਨਾਰ ਆਏ ਜਿੱਥੇ ਭਖੀ ਕਚਹਿਰੀ ਕਰਤਾਰ ਸਿੰਘਾ ਦੋਵੇਂ ਵੀਰ ਓਥੇ ਹੁਸ਼ਿਆਰ ਆਏ ਸਾਹਿਬਜ਼ਾਦਿਆਂ ਨੇ ਫ਼ਤ੍ਹੇ ਗਜਾਣੀ ਭਾਵੇਂ ਭੁੱਖਿਆਂ ਨੂੰ ਤਿੰਨ ਦਿਨ ਬੀਤੇ ਰੂਪ ਭਰੇ ਚੇਹਰੇ ਦਮਕਾਂਵਦੇ ਨੇ ਬੱਚੇ ਸ਼ੇਰ ਦੇ ਜਿਵੇਂ ਨਿਰਭੈ ਹੁੰਦੇ ਭੈ ਕਿਸੇ ਤੋਂ ਮੂਲ ਨ ਖਾਂਵਦੇ ਨੇ ਛਪਾ ਛਪ ਕਚਿਹਰੀ ਦੇ ਵਿੱਚ ਜਾਕੇ ਦੋਵੇਂ ਰੱਜ ਕੇ ਫ਼ਤ੍ਹੇ ਬੁਲਾਂਵਦੇ ਨੇ ਗਏ ਸੁਨ ਕੇ ਸੜ ਕਰਤਾਰ ਸਿੰਘਾ ਵੱਟ ਚੇਹਰਿਆਂ ਦੇ ਉੱਤੇ ਪਾਂਵਦੇ ਨੇ ਵਜੀਦ ਖਾਂ ਨੇ ਸੁੱਚਾ ਨੰਦ ਨੂੰ ਆਖਨਾ ਕਿ ਏਹਨਾ ਪਾਸੋਂ ਸਲਾਮ ਕਰਵਾ ਫ਼ਤ੍ਹੇ ਸੁਣ ਸ਼ਰਈਆਂ ਨੂੰ ਅੱਗ ਲੱਗੀ ਕਹਿੰਦੇ ਲੜਕੇ ਖ਼ੌਫ਼ ਨਾ ਖਾਨ ਏਥੇ ਵੇਖੋ ਬਾਪ ਕੀ ਸੀ ਪੁੱਤ ਵੱਧ ਉਸ ਤੋਂ ਜੁੱਸੇ ਰੱਤੀ ਨ ਡਰ ਰਖਾਨ ਏਥੇ ਸੁੱਚੇ ਨੰਦ ਨੂੰ ਕਹਿਆ ਸਮਝਾ ਦੇਹ ਤੂੰ ਮੂਲ ਫ਼ਤ੍ਹੇ ਨ ਏਹ ਬੁਲਾਨ ਏਥੇ ਝੁਕ ਕਰਨ ਸਲਾਮ ਕਰਤਾਰ ਸਿੰਘਾ ਬੈਠੇ ਬੜੇ ਅਮੀਰ ਤੇ ਖ਼ਾਨ ਏਥੇ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਸਮਝਾਨਾ ਨੰਦ ਆਖਦਾ ਕਾਕਿਓ ਸੁਣੋਂ ਤੁਸੀਂ ਸਖ਼ਤ ਕਰੋ ਨਾ ਮੂਲ ਕਲਾਮ ਏਥੇ ਸਿੰਘਪੁਣੇ ਦਾ ਹੁਣ ਗੁਮਾਨ ਕਾਦ੍ਹਾ ਫੜੇ ਆਏ ਹੋ ਵਾਂਗ ਗੁਲਾਮ ਏਥੇ ਵਾਹਰੂ ਕੌਣ ਦੱਸੋ ਬੈਠਾ ਤੁਸਾਂ ਦਾ ਏ ਕਰ ਦੇਣਗੇ ਮਾਰ ਹਰਾਮ ਏਥੇ ਬੈਠੇ ਖ਼ਾਨ ਅਮੀਰ ਕਰਤਾਰ ਸਿੰਘਾ ਕਰੋ ਝੁਕਕੇ ਦੋਵੇਂ ਸਲਾਮ ਏਥੇ ਸਾਹਿਬ ਜ਼ੋਰਾਵਰ ਸਿੰਘ ਜ਼ੋਰਾਵਰ ਦੀ ਉਮਰ ਸੀ ਨੌ ਬਰਸਾਂ ਸੁੱਚਾ ਨੰਦ ਨੂੰ ਠੋਕ ਸੁਣਾਈ ਹੈ ਜੀ ਸਾਡੇ ਸਿਰ ਤੇ ਸਦਾ ਅਕਾਲ ਰਾਖਾ ਗੁਰੂ ਨਾਨਕ ਸਦਾ ਸਹਾਈ ਹੈ ਜੀ ਤੇਰੇ ਆਖੇ ਸਲਾਮ ਕਿਉਂ ਅਸੀ ਕਰੀਏ ਫ਼ਤੇ ਬੋਲਨੀ ਸਾਨੂੰ ਸਖਾਈ ਹੈ ਜੀ ਦਾਬਾ ਮੰਨਦੇ ਨਹੀਂ ਕਰਤਾਰ ਸਿੰਘਾ ਜਿੰਦ ਤਲੀ ਤੇ ਅਸਾਂ ਟਕਾਈ ਹੈ ਜੀ ਵਾਕ ਕਵੀ ਸੁਣ ਸਖ਼ਤ ਜਵਾਬ ਨਵਾਬ ਸੜਿਆ ਓਹ ਬੇਡਰ ਖੜੇ ਬੱਚੇ ਸ਼ੇਰ ਦੋਵੇਂ ਕਹਿੰਦਾ ਉਮਰ ਦੇ ਭਾਵੇਂ ਨੇ ਬਹੁਤ ਛੋਟੇ ਬੜੇ ਜਾਪਦੇ ਹੈਨ ਦਲੇਰ ਦੋਵੇਂ ਏਸੇ ਉਮਰ ਏਹ ਹੈਨ ਬੇ ਖੌਫ਼ ਭਾਰੇ ਵੱਡੇ ਹੋ ਕੀ ਕਰਨਗੇ ਫ਼ੇਰ ਦੋਵੇਂ ਦੀਨ ਵਿੱਚ ਲਿਆਓ ਕਰਤਾਰ ਸਿੰਘਾ ਨਹੀਂ ਤਾਂ ਮਾਰਕੇ ਦਿਹੋ ਨਿਬੇੜ ਦੋਵੇਂ ਸੂਬਾ ਸੂਬੇ ਆਖਿਆ ਕਾਕਿਓ ਆਓ ਅੱਗੇ ਦੋਵੇਂ ਜਾ ਖੜੇ ਨਿਰਭੈ ਭਾਰੇ ਕਹਿੰਦਾ ਵਿੱਚ ਚਮਕੌਰ ਦੇ ਮਾਰ ਲਏ ਅਸਾਂ ਗੁਰੂ ਸਣੇ ਫੜ ਸਿੰਘ ਸਾਰੇ ਸਾਥੀ ਇਕ ਤੁਸਾਡਾ ਨ ਛੱਡਿਆ ਏ ਦੋਵੇਂ ਵੱਡੇ ਭਰਾ ਭੀ ਗਏ ਮਾਰੇ ਤੁਸੀਂ ਰਹਿ ਗਏ ਕੱਲੇ ਕਰਤਾਰ ਸਿੰਘਾ ਭਾਗ ਜਾਪਦੇ ਤੁਸਾਂ ਦੇ ਬਹੁਤ ਮਾੜੇ ਤਥਾ ਕੋਈ ਰਿਹਾ ਤੁਸਾਡੇ ਨ ਸਿਰ ਉੱਤੇ ਜਿਦ੍ਹੇ ਆਸਰੇ ਤੁਸੀਂ ਜਵਾਨ ਹੋਵੋ ਸਾਥੋਂ ਡਰਦਾ ਰਖੇ ਨ ਕੋਈ ਤੁਹਾਨੂੰ ਭੁੱਖੇ ਮਰੋ ਤੇ ਪਏ ਵੈਰਾਨ ਹੋਵੋ ਰੁਲਦੇ ਫਿਰੋਗੇ ਦਰ-ਬਦਰ ਉੱਤੇ ਬੈਤ੍ਰਾਨ ਖ਼ੁਵਾਰ ਜਹਾਨ ਹੋਵੋ ਮਿਲੇ ਐਸ਼ ਅਰਾਮ ਕਰਤਾਰ ਸਿੰਘਾ ਖੁਸ਼ੀ ਨਾਲ ਦੋਵੇਂ ਮੁਸਲਮਾਨ ਹੋਵੋ ਸਾਹਿਬਜ਼ਾਦੇ ਸਾਡੇ ਪਿਤਾ ਨੂੰ ਕੋਈ ਨ ਮਾਰ ਸੱਕੇ ਵਿੰਗਾ ਉਨ੍ਹਾਂ ਦਾ ਵਾਲ ਨ ਜਾਨ ਹੋਣਾ ਸਾਨੂੰ ਆਸਰਾ ਇੱਕ ਅਕਾਲ ਦਾ ਏ ਅਸਾਂ ਕਿਉਂ ਖ਼ਵਾਰ ਪਛਾਨ ਹੋਣਾ ਸਾਡੇ ਦੋਵੇਂ ਭਰਾ ਜੇ ਗਏ ਮਾਰੇ ਓਸੇ ਤਰ੍ਹਾਂ ਹੈ ਅਸਾਂ ਕੁਰਬਾਨ ਹੋਣਾ ਅਸਾਂ ਮਰ ਜਾਣਾ ਕਰਤਾਰ ਸਿੰਘਾ ਧਰਮ ਛੱਡ ਨਾਹੀਂ ਮੁਸਲਮਾਨ ਹੋਣਾ ਤਥਾ ਤੁਸੀਂ ਰਹਿ ਗਏ ਲੜਕਿਓ ਸਿਰਫ਼ ਕੱਲੇ ਹੁਣ ਬਾਪ ਨੂੰ ਕਿਤੇ ਨ ਪਾਓਗੇ ਓਏ ਤੁਹਾਨੂੰ ਕਿਸ ਛੁਡਾਉਣਾ ਆਨ ਏਥੇ ਕਿਨੂੰ ਰੋਕੇ ਹਾਲ ਸੁਣਾਓਗੇ ਓਏ ਜੇਕਰ ਦੀਨ ਇਸਲਾਮ ਕਬੂਲ ਕਰਲੌ ਦਿਨ ਖੁਸ਼ੀ ਦੇ ਨਾਲ ਲੰਘਾਓਗੇ ਓਏ ਮੁਸਲਮਾਨ ਨ ਬਣੇ ਕਰਤਾਰ ਸਿੰਘਾ ਦੋਵੇਂ ਭਾਈ ਹੁਣੇ ਮਾਰੇ ਜਾਓਗੇ ਓਏ ਸਾਹਿਬਜ਼ਾਦੇ ਸਾਨੂੰ ਜੰਮਦਿਆਂ ਨੂੰ ਮਿਲੀ ਇਹੋ ਗੁੜ੍ਹਤੀ ਧਰਮ ਆਪਣਾ ਕਦੇ ਨ ਛੋੜਣਾ ਜੀ ਜਿੰਦ ਜਾਏ ਤੇ ਧਰਮ ਨ ਜਾਣ ਦੇਣਾ ਧਰਮ ਲਈ ਮਰਨਾ ਸਦਾ ਲੋੜਨਾ ਜੀ ਅਸਾਂ ਨਹੀਂ ਹੋਣਾ ਮੁਸਲਮਾਨ ਕਦੇ ਪਿਤਾ ਗੁਰੂ ਦਾ ਬਚਨ ਨ ਤੋੜਨਾ ਜੀ ਸੌਖੀ ਦੇਣੀ ਹੈ ਜਾਨ ਕਰਤਾਰ ਸਿੰਘਾ ਔਖਾ ਧਰਮ ਵੱਲੋਂ ਮੁੱਖ ਮੋੜਨਾ ਜੀ ਹੈ ਸੂਬਾ ਖੁਸ਼ੀ ਨਾਲ ਇਸਲਾਮ ਕਬੂਲ ਕਰੋ ਤੁਹਾਨੂੰ ਬਹੁਤ ਕੁਝ ਫੇਰ ਦਵਾਵਾਂਗਾ ਮੈਂ ਸੋਹਣੇ ਕੱਪੜੇ ਸੋਨੇ ਦੇ ਕੜੇ ਕੰਠੇ ਬੜੇ ਮੇਵੇ ਮਠਿਆਈ ਖਵਾਵਾਂਗਾ ਮੈਂ ਵਿੱਚ ਵੱਸਿਓ ਮਹਿਲ ਤੇ ਮਾੜੀਆਂ ਦੇ ਤੁਹਾਡੇ ਮਰਤਬੇ ਵੱਡੇ ਬਨਾਵਾਂਗਾ ਮੈਂ ਵੱਡੇ ਹੋਵੋਗੇ ਜਦੋਂ ਕਰਤਾਰ ਸਿੰਘਾ ਵਡੇ ਖ਼ਾਨਾਂ ਦੀ ਘਰੀ ਵਿਆਹਵਾਂਗਾ ਮੈਂ ਸਾਹਿਬ ਜੋਰਾਵਰ ਸਿੰਘ ਸਾਨੂੰ ਸੂਬਿਆ ਸਮਝਕੇ ਬਾਲ ਛੋਟੇ ਪਿਆ ਗੱਲਾਂ ਦੇ ਨਾਲ ਪ੍ਰਚਾਵਨਾ ਏਂ ਸਾਨੂੰ ਪਤਾ ਹੈ ਧਰਮ ਹੈ ਚੀਜ਼ ਵੱਡੀ ਸਾਥੋਂ ਦੇ ਮਠਿਆਈ ਵਟਾਵਨਾ ਏਂ ਅਸਾਂ ਨਹੀਓਂ ਇਸਲਾਮ ਕਬੂਲ ਕਰਨਾ ਸਾਨੂੰ ਕੀ ਪਿਆ ਲੋਭ ਪਾਵਨਾਂ ਏਂ ਦੇ ਹੈ ਮੌਤ ਕਬੂਲ ਕਰਤਾਰ ਸਿੰਘਾ ਅਸਾਂ ਤੁਰਕ ਨਹੀਂ ਅਖਵਾਵਨਾ ਏਂ ਤਥਾ ਏਹਨਾਂ ਦੌਲਤਾਂ ਦਾ ਸਾਨੂੰ ਲੋਭ ਕਾਦ੍ਹਾ ਅਸੀ ਘਰ ਦੀਆਂ ਛੱਡ ਛਡਾ ਆਏ ਕਈ ਕਰੋੜਾਂ ਰੁਪਯਾਂ ਦਾ ਮਾਲ ਨਕਦੀ ਸਾਡੇ ਪਿਤਾ ਜੀ ਸੁਟ ਦਰਯਾ ਆਏ ਕਈ ਲਖਾਂ ਰੁਪਯਾਂ ਦੇ ਕੱਪੜੇ ਭੀ ਅੱਗ ਲਾਕੇ ਸਾਰੇ ਜਲਾ ਆਏ ਧਰਮ ਵਾਸਤੇ ਸਿਰਫ਼ ਕਰਤਾਰ ਸਿੰਘਾ ਏਹ ਮੁਸੀਬਤਾਂ ਅਸੀਂ ਉਠਾ ਆਏ ਤਥਾ ਜਿਸ ਧਰਮ ਦੇ ਵਾਸਤੇ ਪਿਤਾ ਸਾਡੇ ਕਈ ਬਰਸ ਹੀ ਤੇਗ਼ ਚਲਾਈ ਹੈ ਜੀ ਜੰਗ ਨਾਲ ਤੁਹਾਡੇ ਤੇ ਰਾਜਿਆਂ ਦੇ ਕਰ ਵੱਡੀ ਮੁਸੀਬਤ ਓਠਾਈ ਹੈ ਜੀ ਢਿੱਲੀ ਕਰ ਦਿੱਤੀ ਦਿੱਲੀ ਜ਼ੋਰ ਬਿਨਾਂ ਧਰਤ ਖ਼ੂਨ ਦੇ ਨਾਲ ਨੁਲ੍ਹਾਈ ਹੈ ਜੀ ਓਸ ਧਰਮ ਦੇ ਨਾਲੋਂ ਕਰਤਾਰ ਸਿੰਘਾ ਕੀ ਚੰਗੀ ਤੇਰੀ ਮਠਿਆਈ ਹੈ ਜੀ ਸੂਬਾ ਕੀ ਧਰਮ ਵਿਚੋਂ ਤੁਸਾਂ ਖੱਟਿਆ ਏ ਸੈ ਸਿੰਘ ਸ਼ਹੀਦ ਕਰਵਾ ਦਿੱਤੇ ਤੁਹਾਡੇ ਬਾਪ ਨੇ ਕਰਕੇ ਹੱਠ ਐਵੇਂ ਸੱਭੇ ਸ਼ਾਨ ਸ਼ੌਕਤ ਭੀ ਗਵਾ ਦਿੱਤੇ ਨ ਘਰ ਨ ਥਾਂ ਟਿਕਾਨਾ ਰਿਹਾ ਗੁਰ ਗੱਦੀ ਦੇ ਸੁੱਖ ਖੁਹਾ ਦਿੱਤੇ ਆਪ ਮਾਰਿਆ ਗਿਆ ਕਰਤਾਰ ਸਿੰਘਾ ਤੁਸੀਂ ਵਿੱਚ ਮੁਸੀਬਤਾਂ ਪਾ ਦਿੱਤੇ ਤਥਾ ਤੁਹਾਡੇ ਧਰਮ ਦੇ ਵਿੱਚ ਮੁਸੀਬਤਾਂ ਏਹ ਅੱਖੀਂ ਵੇਖ ਲੱਯਾਂ ਤੁਸਾਂ ਸਾਰੀਆਂ ਨੇ ਵੇਖੋ ਵਿਚ ਇਸਲਾਮ ਦੇ ਸੁਖ ਕੇਡੇ ਬਣੀਆਂ ਰਾਜ ਹਕੂਮਤਾਂ ਭਾਰੀਆਂ ਨੇ ਕਾਫ਼ਰ ਪੁਣੇ ਨੂੰ ਛੱਡਕੇ ਬਣੋ ਮੋਮਨ ਜਿੰਦਾਂ ਰੱਖ ਲੌ ਏਹ ਪਿਆਰੀਆਂ ਨੇ ਮਾਣੋਂ ਸੁਖ ਤੇ ਰਾਜ ਕਰਤਾਰ ਸਿੰਘਾ ਵੇਖੋ ਬਾਗ਼ ਬਹਾਰ ਗੁਲਜ਼ਾਰੀਆਂ ਨੇ ਸਾਹਿਬਜ਼ਾਦੇ ਅਸੀਂ ਸੁਣਦੇ ਰਹੇ ਹਾਂ ਪਿਤਾ ਜੀ ਤੋਂ ਜੇਹੜਾ ਹੈ ਮੁਹੰਮਦੀ ਦੀਨ ਸਾਰਾ ਸੂਰਤ ਰੱਬ ਦੀ ਤੋੜਕੇ ਸੁੰਨਤ ਕਰਦੇ ਹਾਕਮ ਜ਼ੁਲਮ ਕਮਾਂਵਦੇ ਨਿੱਤ ਭਾਰਾ ਨਹੀਂ ਮਾੜੇ ਉੱਤੇ ਕਦੇ ਰਹਿਮ ਕਰਦੇ ਕਰ ਰੱਖਯਾ ਹੈ ਦੇਸ ਦੁਖਯਾਰਾ ਤ੍ਯਾਰ ਡੁੱਬਨੇ ਲਈ ਕਰਤਾਰ ਸਿੰਘਾ ਬੇੜਾ ਹੈ ਏਹ ਜ਼ੁਲਮ ਦਾ ਮੰਝ ਧਾਰਾ ਸੂਬਾ ਗੱਲਾਂ ਤਿੱਖੀਆਂ ਸੁਣਕੇ ਦੰਗ ਹੋਏ ਬੈਠੇ ਵਿੱਚ ਕਚਿਹਰੀ ਦੇ ਖ਼ਾਨ ਭਾਰੇ ਸੂਬਾ ਖ਼ਾਨ ਵਜੀਦਾ ਹੋ ਲੋਹਾ ਲਾਖਾ ਵੱਲ ਬੱਚਿਆਂ ਦੇ ਵਾਂਗ ਸ਼ੇਰ ਤਾੜੇ ਖ਼ੁਸ਼ੀ ਨਾਲ ਨਹੀਂ ਦੀਨ ਕਬੂਲ ਕਰਦੇ ਮਾਰ ਕੋਰੜੇ ਲਾਹਵਾਂਗੇ ਚੱਮ ਸਾਰੇ ਸੋਚ ਲੌ ਨਹੀਂ ਫੇਰ ਕਰਤਾਰ ਸਿੰਘਾ ਏਸੇ ਥਾਂ ਹੀ ਜਾਓਗੇ ਦੋਵੇਂ ਮਾਰੇ ਸਾਹਿਬਜ਼ਾਦੇ ਸਾਨੂੰ ਮੌਤ ਤੋਂ ਆਂਵਦਾ ਡਰ ਨਾਹੀਂ ਰਾਜ ਦੌਲਤਾਂ ਦਾ ਨਾਹੀਂ ਚਾ ਸਾਨੂੰ ਜੋ ਦਿੱਸਦਾ ਹੋਵਨਾ ਨਾਸ ਸਾਰਾ ਦਿੱਤਾ ਗੁਰਾਂ ਨੇ ਏਹੋ ਸਖਾ ਸਾਨੂੰ ਰਾਜੇ ਰਹਿਣੇ ਨ ਰਾਜ ਦੇ ਸ਼ਾਨ ਰਹਿਣੇ ਚਲਦਾ ਦਿਸਦਾ ਏਹ ਪ੍ਰਵਾਹ ਸਾਨੂੰ ਝੂਠੇ ਮਾਯਾ ਦੇ ਰੰਗ ਕਰਤਾਰ ਸਿੰਘਾ ਏਹ ਸੱਕਦੇ ਨਹੀਂ ਡੁਲਾ ਸਾਨੂੰ ਤਥਾ ਜ਼ੋਰਾਵਰ ਸਿੰਘ, ਫਤ੍ਹੇ ਸਿੰਘ ਇਉਂ ਬੋਲੇ ਪਾਸ ਖੜੇ ਹਾਂ ਖ਼ਾਨ ਵਜੀਦ ਤੇਰੇ ਸਾਨੂੰ ਪੁੱਛਦਾ ਕਿਉਂ ਤੂੰ ਕਰ ਓਹੋ ਦਿਲ ਆਂਵਦੀ ਜੇਹੜੀ ਪਲੀਦ ਤੇਰੇ ਮੁਸਲਮਾਨ ਹੋਇਆਂ ਫੇਰ ਨਹੀਂ ਮਰਨਾ ਦੱਸ ਕਿੱਥੇ ਹੈ ਪਾਸ ਰਸੀਦ ਤੇਰੇ ਧਰਮ ਛੱਡਣਾ ਨਹੀਂ ਕਰਤਾਰ ਸਿੰਘਾ ਪਾਸ ਆਖਦੇ ਨਾਲ ਤਾਕੀਦ ਤੇਰੇ ਵਾਕ ਕਵੀ ਕੀਤੇ ਹੋਰ ਸਵਾਲ ਜਵਾਬ ਬਹੁਤੇ ਸੁਣ ਤੁਰਕ ਸਾਰੇ ਸ਼ਰਮਾ ਰਹੇ ਹੱਠ ਛੱਡਦੇ ਬਾਲ ਨ ਨਜ਼ਰ ਆਏ ਡਰ ਦੇ ਕੇ ਬਹੁਤ ਡਰਾ ਰਹੇ ਕਿਸੇ ਲੋਭ ਦੇ ਵੱਲ ਨ ਧਿਆਨ ਕਰਦੇ ਰਾਜ ਭਾਗ ਦੇ ਲੋਭ ਭੀ ਪਾ ਰਹੇ ਖ਼ੌਫ਼ ਮੌਤ ਦਾ ਨਹੀਂ ਕਰਤਾਰ ਸਿੰਘਾ ਜਿੰਦਾਂ ਤਲੀ ਤੇ ਕੱਢ ਟਕਾ ਰਹੇ ਸਾਰੇ ਕਚਹਿਰੀ ਵਾਲੇ ਜਦੋਂ ਘੂਰੀਆਂ ਘਾਰੀਆਂ ਦੇ ਧੱਕੇ ਆਖ਼ਰ ਹਾਰਕੇ ਗੱਲ ਸੁਣਾਈ ਸਭਨਾਂ ਹੱਛਾ ਅੱਜ ਦਾ ਦਿਨ ਭੀ ਕੈਦ ਰੱਖੋ ਖਾਣਾ ਦਿਹੋ ਨ ਏਹੋ ਠਹਰਾਈ ਸਭਨਾਂ ਭੁੱਖੇ ਮਰਦੇ ਕੱਲ੍ਹ ਨੂੰ ਮੰਨ ਜਾਸਨ ਏਹ ਜ਼ਾਲਮਾਂ ਪੱਕ ਪਕਾਈ ਸਭਨਾਂ ਓ ਬੇਦਰਦ ਬੇਰਹਿਮ ਕਰਤਾਰ ਸਿੰਘਾ ਦਯਾ ਰਤੀ ਭੀ ਚਿੱਤ ਨ ਆਈ ਸਭਨਾਂ ਵਾਕ ਕਵੀ ਕਿਉਂ ਸੱਜਨੋਂ ਏਹ ਇਸਲਾਮ ਆਖੇ ਏਹ ਹਾਕਮਾਂ ਪਾਸ ਇਨਸਾਫ਼ ਹੈਸੀ ਛੋਟੇ ਬੱਚਿਆਂ ਨਾਲ ਇਹ ਜ਼ੁਲਮ ਕਰਨਾ ਏਹੋ ਦੀਨ ਦੀ ਵੱਡੀ ਔਸਾਫ਼ ਹੈਸੀ ਪੁੱਤ੍ਰਾਂ ਵਾਲਿਓ ਜ਼ਰਾ ਇਨਸਾਫ਼ ਕਰਿਓ ਪੱਥਰ ਦਿਲਾਂ ਨੂੰ ਕਿਤੇ ਸ਼ਗਾਫ਼ ਹੈਸੀ ਏਡੇ ਪਾਪੀਆਂ ਤਈਂ, ਕਰਤਾਰ ਸਿੰਘਾ ਕਾਹਨੂੰ ਕਰਨਾ ਰੱਬ ਮੁਆਫ਼ ਹੈਸੀ ਸਾਹਿਬਜ਼ਾਦਿਆਂ ਨੂੰ ਬੁਰਜ ਵਿਚ ਵਾਪਸ ਭੇਜਨਾ ਸੂਬੇ ਆਖਿਆ ਅੱਜ ਤਾਂ ਛੱਡ ਦੇਂਦੇ ਤੁਸੀਂ ਲੜਕਿਓ ਰਾਤ ਵਿਚਾਰ ਲਿਓ ਮੋਮਨ ਹੋਯਾਂ ਬਿਨਾਂ ਜਾਨ ਛੁੱਟਣੀ ਨਹੀਂ ਪੱਕੀ ਗੱਲ ਸਾਡੀ ਦਿਲ ਧਾਰ ਲਿਓ ਯਾਂ ਕੱਲ੍ਹ ਤਲਵਾਰ ਦੀ ਭੇਟ ਹੋਇਓ ਯਾ ਮੰਨ ਕੇ ਦੀਨ ਬਹਾਰ ਲਿਓ ਕੱਲ੍ਹ ਹੋਵਨਾ ਕੂਚ ਕਰਤਾਰ ਸਿੰਘਾ ਬੱਸ ਅਜ ਦੀ ਰਾਤ ਗੁਜ਼ਾਰ ਲਿਓ ਸਾਹਿਬਜ਼ਾਦਿਆਂ ਨੇ ਮਾਤਾ ਪਾਸ ਆਉਣਾ ਉੱਚੀ ਵਿੱਚ ਕਚਹਿਰੀ ਦੇ ਬੋਲ ਫ਼ਤ੍ਹੇ ਪਰਤ ਨਾਲ ਸਪਾਹੀਆਂ ਦੇ ਆਏ ਦੋਵੇਂ ਗਏ ਜਦੋਂ ਦੇ ਸੀ ਮਾਤਾ ਤੱਕ ਰਹੀ ਸੀ ਓਸੇ ਤਰਫ਼ ਨੂੰ ਹੀ ਅੱਖਾਂ ਲਾਏ ਦੋਵੇਂ ਜਦੋਂ ਵੇਖਿਓਸੂ ਬੱਚੇ ਆਂਵਦੇ ਨੇ ਗਲ ਲਾਉਣ ਨੂੰ ਹੱਥ ਵਧਾਏ ਦੋਵੇਂ ਮੱਥੇ ਚੁੰਮ ਗਲ ਲਾ ਕਰਤਾਰ ਸਿੰਘਾ ਬੱਚੇ ਗੋਦ ਦੇ ਵਿੱਚ ਬਠਾਏ ਦੋਵੇਂ ਮਾਤਾ ਜੀ ਦਾ ਪਿਆਰ ਘੜੀ ਘੜੀ ਮੱਥੇ ਚੁੰਮ ਗਲ ਲਾਵੇ ਮੂੰਹੋਂ ਆਖਦੀ ਬੱਚਿਓ ਘੋਲ ਘੱਤੀ ਰਾਖਾ ਪੁੱਤਰੋ ਆਪ ਅਕਾਲ ਹੋਵੇ ਲੱਗੇ ਤੁਸਾਂ ਨੂੰ ਮੂਲ ਨ ਵਾਉ ਤੱਤੀ ਮੇਰੇ ਲਾਲ ਦੇ ਤੁਸੀਂ ਨਸ਼ਾਨ ਦੋਵੇਂ ਤੁਸੀਂ ਰਹੋ ਤਾਂ ਜੀਉਂਦੇ ਜੁੱਗ ਛੱਤੀ ਗੁਰੂ ਨਾਨਕ ਦੀ ਰੱਖ ਕਰਤਾਰ ਸਿੰਘਾ ਦੁੱਖ ਤੁਸਾਂ ਨੂੰ ਪੋਹੇ ਨ ਇਕ ਰੱਤੀ ਮਾਤਾ ਜੀ ਨੇ ਬੀਤਿਆ ਹਾਲ ਪੁੱਛਣਾ ਪਾਸ ਵੈਰੀਆਂ ਗਏ ਸੀ ਪੁਤਰੋ ਵੇ ਦੱਸੋ ਕੀਹ ਓਥੇ ਗੱਲਬਾਤ ਹੋਈ ਪਾਪੀ ਬੋਲਿਆ ਕੀਹ ਵਜੀਦ ਖ਼ਾਂ ਸੀ ਆਯਾ ਪੇਸ਼ ਕਿਵੇਂ ਵੱਡਾ ਧਰਮ ਧ੍ਰੋਹੀ ਦਰਦ ਕਰਨ ਵਾਲਾ ਦਰਦੀ ਤੁਸਾਂ ਉੱਤੇ ਆਯਾ ਵਿੱਚ ਕਚੈਹਰੀ ਦੇ ਨਜ਼ਰ ਕੋਈ ਨੀਤ ਉਨ੍ਹਾਂ ਦੀ ਕੀਹ ਕਰਤਾਰ ਸਿੰਘਾ ਮੈਨੂੰ ਬੱਚਿਓ ਖੋਲ੍ਹ ਕੇ ਕਹੋ ਸੋਈ ਸਾਹਿਬ ਜੋਰਾਵਰ ਸਿੰਘ ਅਸਾਂ ਜਾਂਦਿਆਂ ਮਾਤਾ ਜੀ ਫ਼ਤੇ ਬੋਲੀ ਓਹ ਸੜ ਕਚੀਚੀਆਂ ਖਾਨ ਲੱਗੇ ਘੂਰ ਘਾਰ ਸਾਨੂੰ ਫੇਰ ਹੋ ਕੱਠੇ ਮੁਸਲਮਾਨ ਹੋਵੋ ਏਹ ਸਿਖਾਨ ਲੱਗੇ ਅਸਾਂ ਆਖਿਆ ਤੁਰਕ ਨ ਕਦੇ ਬਣਨਾ ਦਾਬੇ ਦੇ ਸਾਨੂੰ ਦਬਕਾਨ ਲੱਗੇ ਅਸੀਂ ਡਰੇ ਨ ਜਦੋਂ ਕਰਤਾਰ ਸਿੰਘਾ ਤੇਗਾਂ ਨੰਗੀਆਂ ਕੱਢ ਡਰਾਨ ਲੱਗੇ ਤਥਾ ਤੁਹਾਡੇ ਪਿਤਾ ਜੀ ਮਰ ਚਮਕੌਰ ਗਏ ਓਹ ਆਖਦੇ ਸਨ ਚੰਡਾਲ ਸਾਰੇ ਹੋ ਗਏ ਸ਼ਹੀਦ ਭਰਾ ਵੱਡੇ ਮਾਰੇ ਗਏ ਜਿਹੜੇ ਸਿੰਘ ਨਾਲ ਸਾਰੇ ਕੱਲੇ ਤੁਸੀਂ ਰਹਿ ਗਏ ਓ ਬਾਲ ਛੋਟੇ ਨਸ਼ਟ ਹੋ ਗਏ ਦੰਗ ਦਵਾਲ ਸਾਰੇ ਮੁਸਲਮਾਨ ਹੋ ਜਾਹੁ ਕਰਤਾਰ ਸਿੰਘਾ ਏਸੇ ਗੱਲ ਦੇ ਪਏ ਖ਼ਿਆਲ ਸਾਰੇ ਤਥਾ ਹਾਲ ਮਾਂ ਜੀ ਸੁਣ ਚਮਕੌਰ ਵਾਲਾ ਸਾਡੇ ਦਿਲਾਂ ਅੰਦਰ ਜੋਸ਼ ਭਾਰ ਹੋਏ ਜੇਕਰ ਪਿਤਾ ਜੀ ਧਰਮ ਤੇ ਜੂਝ ਗਏ ਦੋਵੇਂ ਵੀਰ ਭੀ ਵੱਡੇ ਨਸਾਰ ਹੋਏ ਓਸੇ ਬਲੀ ਦੀ ਅਸੀਂ ਭੀ ਅੰਸ਼ ਹਾਂ ਜੀ ਜਾਨਾਂ ਧਰਮ ਤੇ ਦੇਣ ਨੂੰ ਤ੍ਯਾਰ ਹੋਏ ਸੁਣ ਸੁਣ ਏਹ ਗੱਲਾਂ ਕਰਤਾਰ ਸਿੰਘਾ ਮਾਤਾ ਦਿਲੋਂ ਪਈ ਬਲਿਹਾਰ ਹੋਏ ਤਥਾ ਸਾਨੂੰ ਲੋਭ ਭੀ ਓਹਨਾਂ ਨੇ ਪਾਏ ਬੜੇ ਤੇਗਾਂ ਤਿੱਖੀਆਂ ਕੱਢ ਡਰਾਇਓ ਨੇ ਕਲਮਾਂ ਪੜ੍ਹੋ ਦੋਵੇਂ ਮੁਸਲਮਾਨ ਹੋ ਜਾਓ ਏਹ ਬੜੀ ਵਾਰੀ ਜ਼ੋਰ ਲਾਇਓ ਨੇ ਅਸਾਂ ਮਾਂ ਜੀ ਇਕ ਭੀ ਨ ਮੰਨੀ ਬੜਾ ਚਿਰ ਹੀ ਸਿਰ ਖਪਾਇਓ ਨੇ ਦੀਨ ਮੰਨੋ ਯਾਂ ਮਰੋ ਕਰਤਾਰ ਸਿੰਘ ਕੁਲ ਫੈਸਲਾ ਏਹ ਠਹਿਰਾਇਓ ਨੇ ਮਾਤਾ ਜੀ ਸ਼ਾਬਾ ਪੁੱਤਰੋਂ ਮੈਂ ਬਲਿਹਾਰ ਜਾਵਾਂ ਏਹੋ ਆਖਣਾ ਤੁਸਾਂ ਨੂੰ ਫੱਬਦਾ ਏ ਧਰਮ ਵਾਸਤੇ ਜਾਨ ਕੁਰਬਾਨ ਕਰਨੀ ਵੱਡਾ ਯਸ ਏਸੇ ਗੱਲੋਂ ਲੱਭਦਾ ਏ ਦੁਖ ਦੇਣ ਤੇ ਬੱਚਿਓ ਡੋਲਿਓ ਨ ਸਮਾਂ ਬਣਿਆਂ ਆਣ ਕੁਢੱਬਦਾ ਏ ਸਦਾ ਕਿਸੇ ਨ ਰਹਿਣਾ ਕਰਤਾਰ ਸਿੰਘਾ ਕਾਲ ਸਭ ਨੂੰ ਫੜਕੇ ਚੱਬਦਾ ਏ ਤਥਾ ਕੋਈ ਜੰਮਦਾ ਕੋਈ ਜਵਾਨ ਹੋ ਕੇ ਕੋਈ ਬੁੱਢੜਾ ਹੋ ਕੇ ਮਰ ਜਾਏ ਮਰ ਜਾਏ ਜੋ ਜੰਮਿਆ ਰਹੇ ਨਾਹੀਂ ਚੁਣ ਸਭ ਨੂੰ ਕਾਲ ਭਗਵਾਨ ਖਾਏ ਪਰ ਜੰਮਨਾ ਓਸੇ ਦਾ ਸਫਲ ਹੋਵੇ ਜਿਹੜਾ ਧਰਮ ਦੇ ਵਾਸਤੇ ਦੇਹ ਲਾਏ ਧਰਮ ਰੱਖਿਓ ਮਰ, ਕਰਤਾਰ ਸਿੰਘਾ ਗੁਰੂ ਅੰਸ਼ ਮਹਾਂਬਲੀ ਦੇ ਤੁਸੀਂ ਜਾਏ ਤਥਾ ਪੜਦਾਦੇ ਗੁਰੂ ਤੁਹਾਡੇ ਧਰਮ ਲਈ ਵੱਡੇ ਜੰਗ ਕਰਕੇ ਜ਼ਾਲਮ ਤੁਰਕ ਮਾਰੇ ਦਿੱਲੀ ਵਿੱਚ ਨਾਵੇਂ ਗੁਰਾਂ ਸੀਸ ਦਿੱਤਾ ਓਸ ਸਾਕੇ ਨੂੰ ਜਾਣਦੇ ਲੋਕ ਸਾਰੇ ਫੇਰ ਪਿਤਾ ਤੁਹਾਡੇ ਨੇ ਧਰਮ ਲਈ ਕੀਤੇ ਜ਼ਾਲਮਾਂ ਦੇ ਨਾਲ ਜੰਗ ਭਾਰੇ ਮਰਨਾ ਪਿਆ ਮਰ ਜਾਯੋ ਕਰਤਾਰ ਸਿੰਘਾ ਧਰਮ ਛੱਡਿਓ ਨ ਜਾਂਦੀ ਮਾਂ ਵਾਰੇ ਸਾਹਿਬ ਜੋਰਾਵਰ ਸਿੰਘ ਸਾਡਾ ਫ਼ਿਕਰ ਨ ਮਾਂਜੀ ਰਤੀ ਕਰਿਓ ਅਸੀਂ ਜਿਉਂਦਿਆ ਧਰਮ ਤੋਂ ਡੋਲਦੇ ਨਹੀਂ ਕੱਲ੍ਹ ਧਰਮ ਉੱਤੇ ਜਾਨਾਂ ਦੇ ਦਿਆਂਗੇ ਕਾਂਜੀ ਪਿਤਾ ਦੇ ਯੱਸ ਵਿੱਚ ਘੋਲਦੇ ਨਹੀਂ ਅੰਸ਼ ਹੋਕੇ ਗੁਰੂ ਗੋਬਿੰਦ ਸਿੰਘ ਦੀ ਦੁੱਧ ਛੱਡ ਕੇ ਨੀਰ ਵਿਰੋਲਦੇ ਨਹੀਂ ਧਰਮ ਛੱਡਾਂਗੇ ਨਹੀਂ ਕਰਤਾਰ ਸਿੰਘਾ ਮਰ ਜਾਂਵਾਂਗੇ ਝੂਠ ਪਏ ਬੋਲਦੇ ਨਹੀਂ ਸਾਹਿਬ ਫ਼ਤ੍ਹੇ ਸਿੰਘ ਧਰਮ ਛੱਡਾਂਗਾ ਮੂਲ ਨ ਵੇਖ ਲਿਓ ਕੱਲ੍ਹ ਪਾਸ ਸੂਬੇ ਜਦੋਂ ਜਾਵਾਂਗਾ ਮੈਂ ਮੈਂ ਭੀ ਪੁੱਤ੍ਰ, ਓਸੇ ਮਹਾਂਬਲੀ ਦਾ ਹਾਂ ਸਿੰਘਾਂ ਵਾਲਾ, ਸੋ ਹੱਠ ਨਿਭਾਵਾਂਗਾ ਮੈਂ ਭਾਵੇਂ ਮਾਂ ਜੀ ਮੈਂ ਹਾਂ ਬਹੁਤ ਛੋਟਾ ਵੱਡਾ ਹੌਸਲਾ ਕਰ ਦਿਖਲਾਵਾਂਗਾ ਮੈਂ ਸਿੱਖੀ ਪੰਥ ਅਕਾਲ ਕਰਤਾਰ ਸਿੰਘਾ ਛੱਡ ਕਦੇ ਨ ਤੁਰਕ ਅਖਵਾਵਾਂਗਾ ਮੈਂ ਵਾਕ ਕਵੀ ਗੱਲਾਂ ਸੁਣ ਭਾਵੇਂ ਦਿਲ ਜੋਸ਼ ਖਾਧਾ ਪਰ ਅੱਥਰੂ ਮਾਤਾ ਜੀ ਰੋਕ ਲਏ ਏਸੇ ਤਰ੍ਹਾਂ ਹੀ ਬੀਤ ਗਈ ਰਾਤ ਥੋੜ੍ਹੀ ਦੋਵੇਂ ਸਾਹਿਬਜ਼ਾਦੇ ਭੁੱਖੇ ਸੌਂ ਗਏ ਹਾਏ ! ਦਿਲਾ ਓਏ ਵੇਖ ਉਹ ਵੀਰ ਛੋਟੇ ਭੁੱਖੇ ਢਿੱਡੋਂ ਵਛਾਈਓਂ ਬਿਨਾਂ ਪਏ ਅਸਾਂ ਪਾਪੀਆਂ ਲਈ ਕਰਤਾਰ ਸਿੰਘ ਸਾਡੇ ਛੋਟਿਆਂ ਵੀਰਾਂ ਨੇ ਦੁੱਖ ਸਹੇ ਤਥਾ ਇੱਕ ਘੜੀ ਨਾ ਸਾਨੂੰ ਜੋ ਮਿਲੇ ਰੋਟੀ ਸਾਡੇ ਭਾ ਦਾ ਆਨ ਹਨੇਰ ਪੈਂਦਾ ਤਿੰਨ ਦਿਨ ਗਏ ਬੀਤ ਭੁੱਖਿਆਂ ਨੂੰ ਕਿਵੇਂ ਹੋਊ ਕਲੇਜੜਾ ਦੁਖ ਸਹਿੰਦਾ ਧੰਨ ਸਬਰ ਉਹਨਾਂ ਛੋਟੇ ਬੱਚਿਆਂ ਦਾ ਦਿਲ ਉਨ੍ਹਾਂ ਦਾ ਹੋਵੇਗਾ ਕੀ ਕਹਿੰਦਾ ਐਡੇ ਜ਼ੁਲਮ ਜਿਸ ਵਿੱਚ ਕਰਤਾਰ ਸਿੰਘਾ ਜ਼ਾਲਮ ਰਾਜ ਓਹ ਕਿਸਤ ਰ੍ਹਾਂ ਕਾਇਮ ਰਹਿੰਦਾ ਤਥਾ ਐ ਪੰਥ ਦੇ ਕੁਝ ਵਿਚਾਰ ਵੰਦੋ ਕਦੇ ਤੁਸੀਂ ਸਰਹੰਦ ਜੇ ਜਾਂਵਦੇ ਓ ਮੇਲਾ ਦਿਨ ਸ਼ਹੀਦੀ ਦਾ ਸਮਝ ਲਿਆ ਜਾਕੇ ਖ਼ੂਬ ਗੁਲਸ਼ਰੇ ਉਡਾਂਵਦੇ ਓ ਬੇਟੇ ਗੁਰਾਂ ਦੇ ਭੁੱਖੇ ਸ਼ਹੀਦ ਹੋਏ ਜਿੱਥੇ ਤੁਸੀਂ ਲੁੱਚੀ ਪੂਰੀ ਖਾਂਵਦੇ ਓ ਪਾਸ ਬੁਰਜ ਦੇ ਜਾ ਕਰਤਾਰ ਸਿੰਘਾ ਜ਼ਰਾ ਓਹ ਵੇਲਾ ਚਿੱਤ ਲਿਆਂਵਦੇ ਓ ਮਾਤਾ ਜੀ ਓਹ ਫੁੱਲ ਗੁਲਾਬ ਦੇ ਪਏ ਭੁੰਞੇ ਸਤਿਗੁਰਾਂ ਦੇ ਲਾਡਲੇ ਲਾਲ ਸੋਹਣੇ ਪਾਸ ਮਾਤਾ ਜੀ ਦੁੱਖ ਦੀ ਭਰੀ ਬੈਠੀ ਕੱਲ੍ਹ ਸੋਚਦੀ ਕਾਰਨੇ ਕੀ ਹੋਣੇ ਪਹਿਲਾਂ ਪਤੀ, ਪਿੱਛੋਂ ਪੁੱਤ ਪੋਤਰੇ ਦੋ ਅੱਗੇ ਦੇ ਬੈਠੀ ਪਏ ਏਡ ਹੋਣੇ ਕੱਲੀ ਕਰਾਂਗੀ ਕੀ ਕਰਤਾਰ ਸਿੰਘਾ ਏਹ ਭੀ ਜਾਪਦੇ ਮੌਤ ਨੇ ਕੱਲ੍ਹ ਖੋਹਣੇ ਤਥਾ ਉਹ ਅਕਾਲ ਭਾਣਾ ਤੇਰਾ ਸਿਰ ਮੱਥੇ ਜੋ ਦੇਂਗਾ ਸਬਰ ਕਰ ਸਹਿ ਜਾਂਗੀ ਅੱਗੇ ਕੁੱਲ ਸਰਬੰਸ ਲੁਟਾ ਬੈਠੀ ਰਹਿੰਦਾ ਕੱਲ੍ਹ ਲੁਟਾਕੇ ਬਹਿ ਜਾਂਗੀ ਕੱਲ੍ਹ ਹਾਏ ! ਏਹ ਭੀ ਹੋ ਸ਼ਹੀਦ ਜਾਣੇ ਪਿੱਛੋਂ ਮੈਂ ਨਭਾਗੀ ਹੀ ਰਹਿ ਜਾਂਗੀ ਹਿਤ ਦੇਸ ਸਰਬੰਸ ਕਰਤਾਰ ਸਿੰਘਾ ਦਿੱਤਾ ਵਾਰ ਮਰਦੀ ਵਾਰੀ ਕਹਿ ਜਾਂਗੀ ਵਾਕ ਕਵੀ ਬੱਸ ਕਰ ਦਿਲਾ ਕਰ ਕੀਰਨੇ ਨਾ ਦੁੱਖੀ ਦਿਲ ਸਹਾਰ ਨ ਸੱਕਨੀ ਗੇ ਦਰਦ ਭਰੀਆਂ ਕਹਾਣੀਆਂ ਸੁਣ ਕਰਕੇ ਰੋਂਦੇ ਕਿਸ ਤਰ੍ਹਾਂ ਦਿਲ ਨੂੰ ਡੱਕਨੀ ਗੇ ਦਰਦਵੰਦਾਂ ਨੂੰ ਬਹੁਤਾ ਰਵਾ ਨਾਹੀਂ ਭਾਰ ਦੁੱਖੇ ਦਿਲ ਕਿਸ ਤਰ੍ਹਾਂ ਚੱਕਨੀ ਗੇ ਜਿਹੜੇ ਪ੍ਰੇਮ ਪਤੰਗੇ ਕਰਤਾਰ ਸਿੰਘਾ ਪਿਆਰੇ ਸ਼ਮਾ ਵੱਲੋਂ ਨਹੀਂਓ ਝੱਕਨੀ ਗੇ ਤੇਰ੍ਹਵੀਂ ਪੋਹ ਦਾ ਦਿਨ ਬੀਤੀ ਰਾਤ ਤੇ ਚੜ੍ਹਿਆ ਦਿਨ ਭੈੜਾ ਦਿੱਸੇ ਸਾਰੇ ਉਦਾਸੀ ਹੀ ਛਾਈ ਹੋਈ ਸੂਰਜ ਚੜ੍ਹਦਾ ਹੀ ਲਾਲੋ ਲਾਲ ਹੋਯਾ ਸ਼ਕਲ ਗ਼ੁੱਸੇ ਦੇ ਵਿੱਚ ਵਟਾਈ ਹੋਈ ਚਾਰੋਂ ਤਰਫ਼ ਸਰ੍ਹੰਦ ਦੇ ਗਿਦੜਾਂ ਨੇ ਦਿਨ ਚੜ੍ਹਦਿਆਂ ਹੀ ਰੌਲੀ ਪਾਈ ਹੋਈ ਵਾਜੇ ਹੋਣ ਅਕਾਸ਼ ਕਰਤਾਰ ਸਿੰਘਾ ਬੱਸ ਅੱਜ ਤੋਂ ਤੁਰਕਾਂ ਦੀ ਸ਼ਾਹੀ ਹੋਈ ਵਜੀਦ ਖਾਂ ਦੀ ਕਚਹਿਰੀ ਖਾਣੇ ਖਾ ਅਮੀਰ ਵਜ਼ੀਰ ਵੱਡੇ ਕੱਠੇ ਹੋਏ ਕਿਲ੍ਹੇ ਵਿੱਚ ਆ ਸਾਰੇ ਬਾਦਸ਼ਾਹੀ ਅਫ਼ਸਰ ਸਾਰੇ ਆ ਬੈਠੇ ਕਾਜ਼ੀ ਮੁੱਲਾਂ ਅਤੇ ਉਮਰਾ ਸਾਰੇ ਬੈਠਾ ਵਿੱਚ ਵਜੀਦ ਖ਼ਾਂ ਆਨ ਪਾਪੀ ਪਾਸ ਬੈਠ ਗਏ ਬੇਹੱਯਾ ਸਾਰੇ ਝੂਠੇ ਸ਼ਰ੍ਹਾ ਦੇ ਉਹ ਕਰਤਾਰ ਸਿੰਘਾ ਬੇ ਰਹਿਮ, ਸੀ ਮਾਰੇ ਖ਼ੁਦਾ ਸਾਰੇ ਸੂਬੇ ਨੇ ਹੁਕਮ ਦੇਣਾ ਕਿ ਲੜਕਿਆਂ ਨੂੰ ਹਾਜ਼ਰ ਕਰੋ ਸਾਰੀ ਪਾਪ ਦੀ ਭਰੀ ਕਚਹਿਰੀ ਬੈਠੀ ਹੋਯਾ ਹੁਕਮ ਲੜਕੇ ਹਾਜ਼ਰ ਕਰੋ ਭਾਈ ਓਸੇ ਵਕਤ ਹੀ ਦੌੜ ਸਪਾਹੀ ਗਏ ਕਰੀ ਓਹਨਾਂ ਨੇ ਬੁਰਜ ਦੇ ਵੱਲ ਧਾਈ ਮਾਤਾ ਕੰਬ ਉੱਠੀ ਦਿਲ ਘਟ ਗਿਆ ਜਦੋਂ ਸ਼ਕਲ ਸਪਾਹੀਆਂ ਦੀ ਨਜ਼ਰ ਆਈ ਸੂਬਾ ਸੱਦਦਾ ਕਹਿਣ ਕਰਤਾਰ ਸਿੰਘਾ ਸਾਡੇ ਨਾਲ ਦੋਵੇਂ ਲੜਕੇ ਤੋਰ ਮਾਈ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਨਾ ਦਿਲ ਘੱਟਦਾ ਕੰਬ ਸਰੀਰ ਰਿਹਾ ਮਾਤਾ ਆਖਦੀ ਬੱਚਿਓ ਤ੍ਯਾਰ ਹੋਵੋ ਆਖਾਂ ਕਿਸ ਨੂੰ ਦਿਹੋ ਛੁਡਾ ਬੱਚੇ, ਹੇ ਅਕਾਲ ! ਮੇਰੇ ਮਦਦਗਾਰ ਹੋਵੋ ਜਾਓ ਪੁੱਤਰੋ ਰੱਬ ਨੂੰ ਇਹ ਭਾਵੇ ਹੋ ਸ਼ਹੀਦ ਇਸ ਜਗ ਤੋਂ ਪਾਰ ਹੋਵੋ ਚਾਰਾ ਹੋਰ ਨ ਕੋਈ ਕਰਤਾਰ ਸਿੰਘਾ ਧਰਮ ਵਾਸਤੇ ਦੋਵੇਂ 1ਨਸਾਰ ਹੋਵੋ 1 ਕੁਰਬਾਨ ਤਥਾ ਆਓ ਮਿਲ ਲਾਂ ਮੈਂ ਜਾਂਦੀ ਵਾਰ ਦਾ ਹੁਣ ਘੁੱਟ ਗਲ ਦੇ ਨਾਲ ਲਗਾਏ ਸੋਹਣੇ ਕੰਘਾ ਫੇਰ ਕੇ ਕੇਸਾਂ ਨੂੰ ਸਾਫ ਕੀਤਾ ਸਿਰਾਂ ਉੱਤੇ ਦਸਤਾਰੇ ਸਜਾਏ ਸੋਹਣੇ ਕਮਰ ਕੱਸੇ ਕਰਾ ਕੇ ਵਾਰ ਜਾਂਦੀ ਲੈ ਗੋਦ ਦੇ ਵਿੱਚ ਬਠਾਏ ਸੋਹਣੇ ਮੇਲਾ ਅੰਤ ਦਾ ਇਹ ਕਰਤਾਰ ਸਿੰਘਾ ਪੋਤੇ ਪਰਤ ਕੇ ਨਜ਼ਰ ਨ ਆਏ ਸੋਹਣੇ ਸਾਹਿਬਜ਼ਾਦਿਆਂ ਨੇ ਮਾਤਾ ਜੀ ਤੋਂ ਵਿਦਾ ਹੋਣਾ ਓਧਰ ਪਾਈ ਸਪਾਹੀਆਂ ਨੇ ਬਹੁਤ ਕਾਲ੍ਹੀ ਏਧਰ ਮਾਤਾ ਦਾ ਘੱਟਦਾ ਜੀ ਜਾਵੇ ਓਹ ਆਸਰਾ ਜਿੰਦ ਦਾ ਚੰਦ ਸੋਹਣੇ ਨ ਵਿਛੋੜਨੇ ਨੂੰ ਮੂਲ ਦਿਲ ਚਾਹਵੇ ਮਾਤਾ ਆਖਦੀ ਪੁੱਤਰੋ ਫੇਰ ਮੁੜਕੇ ਸੋਹਣਾ ਰੂਪ ਤੁਹਾਡਾ ਨ ਨਜ਼ਰ ਆਵੇ ਖੁੱਸ ਚੱਲੇ ਨੇ ਲਾਲ ਕਰਤਾਰ ਸਿੰਘਾ ਹੁਣ ਜੀਉਣਾ ਘੜੀ ਨ ਮੂਲ ਭਾਵੇ ਤਥਾ ਜ਼ੋਰਾਵਰ ਸਿੰਘ ਦਾ ਕਦੇ ਮੂੰਹ ਚੁੰਮੇ ਕਦੇ ਫ਼ਤ੍ਹੇ ਸਿੰਘ ਨੂੰ ਗਲ ਲਾਂਵਦੀ ਏ ਆਂਹਦੀ ਬੱਚਿਓ ਫੇਰ ਨਹੀਂ ਮੇਲ ਹੋਣਾ ਮੇਰੀ ਜਾਨ ਗੋਤੇ ਪਈ ਖਾਂਵਦੀ ਏ ਮੁੱਕ ਚੱਲਿਆ ਅੱਜ ਪਰਵਾਰ ਮੇਰਾ ਹੇ ਅਕਾਲ ! ਤੈਨੂੰ ਏਹੋ ਭਾਂਵਦੀ ਏ ਰਹੀ ਮੈਂ ਨਭਾਗੀ ਕਰਤਾਰ ਸਿੰਘਾ ਅੱਖਾਂ ਅੱਗੇ ਹਨੇਰੀ ਆ ਛਾਂਵਦੀ ਏ ਸਾਹਿਬਜ਼ਾਦਿਆਂ ਦਾ ਮਾਤਾ ਜੀ ਨਾਲ ਅਖੀਰੀ ਬਚਨ ਹੱਥ ਜੋੜ ਕੇ ਪੈਰਾਂ ਤੇ ਟੇਕ ਮੱਥਾ ਆਂਹਦੇ ਮਾਤਾ ਜੀ ਸਬਰ ਸੰਤੋਖ ਕਰਿਓ ਅਸੀਂ ਵਿਦਾ ਹੁੰਦੇ ਹੁਨ ਆਪ ਪਾਸੋਂ ਸਾਡਾ ਸੋਗ ਨ ਚਿੱਤ ਦੇ ਵਿੱਚ ਧਰਿਓ ਉੱਤੇ ਧਰਮ ਦੇ ਹੋ ਸ਼ਹੀਦ ਜਾਂਗੇ ਨਹੀਂ ਡੋਲਾਂਗੇ ਤੁਸੀਂ ਨ ਮੂਲ ਡਰਿਓ ਧਰਮ ਹਿਤ ਪ੍ਰਵਾਰ ਕਰਤਾਰ ਸਿੰਘਾ ਲੱਗ ਗਿਆ ਏ ਖੁਸ਼ੀ ਦਾ ਦਮ ਭਰਿਓ ਵਾਕ ਕਵੀ ਦੋਵੇਂ ਲਾਲ ਲੈ ਚੱਲਿਆ ਕਾਲ ਫੜ੍ਹਕੇ ਮਾਤਾ ਭਾਣੇ ਨੂੰ ਵੇਖ ਹੈਰਾਨ ਹੋਈ ਤੁਰਦੇ ਹੋਇਆਂ ਨੂੰ ਆਖਦੀ ਬੱਚਿਓ ਵੇ ਮੈਂ ਬੁਢੜੀ ਬੇਤਰਾਨ ਹੋਈ ਆਉਂਦੀ ਮੌਤ ਮੇਰੇ ਵੱਲ ਘੱਲ ਦਿਓ ਪਹਿਲਾਂ ਸਾਮ੍ਹਣੇ ਤੁਹਾਡੇ ਜੇ ਆਨ ਹੋਈ ਨਾਲ ਚੱਲਿਓ ਲੈ ਕਰਤਾਰ ਸਿੰਘਾ ਤ੍ਯਾਰ ਬੰਨ੍ਹਕੇ ਮੈਂ ਸਾਮਾਨ ਹੋਈ ਸਾਹਿਬਜ਼ਾਦਿਆਂ ਨੇ ਵਜੀਦ ਖਾਂ ਦੇ ਸਾਹਮਣੇ ਹਾਜ਼ਰ ਹੋਣਾ ਚੌਥੇ ਦਿਨ ਦੇ ਦੋਵੇਂ ਓਹ ਬਾਲ ਭੁੱਖੇ ਹੌਲੀ ਹੌਲੀ ਕਚਹਿਰੀ ਵਿੱਚ ਆ ਗਏ ਜਿਨ੍ਹਾਂ ਲੋਕਾਂ ਨੇ ਦੇਖਿਆ ਜਾਂਦਿਆਂ ਨੂੰ ਘੁੱਟ ਕਾਲਜੇ ਗ਼ਸ਼ਾਂ ਨੂੰ ਖਾ ਗਏ ਜਾ ਫ਼ਤ੍ਹੇ ਬੁਲਾਕੇ ਖੜੇ ਹੋਏ ਗੁੱਸੇ ਖ਼ਾਨ ਵਜੀਦੇ ਤੇ ਛਾ ਗਏ ਖਾਧਾ ਕਿਸੇ ਨ ਤਰਸ ਕਰਤਾਰ ਸਿੰਘਾ ਮੂੰਹ, ਰਹਿਮ ਇਨਸਾਫ਼ ਛਿਪਾ ਗਏ ਸੂਬਾ ਦੱਸੋ ਕਾਕਿਓ ਭਰੀ ਕਚਹਿਰੀ ਦੇ ਵਿੱਚ ਰਾਤ ਸਮਝ ਕੇ ਜੋ ਵਿਚਾਰਿਆ ਜੇ ਖ਼ੁਸ਼ੀ ਨਾਲ ਕਬੂਲਨਾ ਦੀਨ ਹੈ, ਜੇ ਯਾਂ ਤੇ ਮਰ ਜਾਨਾ ਪੱਕ ਧਾਰਿਆ ਜੇ ਅਸੀਂ ਬੜਾ ਤੁਹਾਡੇ ਤੇ ਰਹਿਮ ਕਰਦੇ ਮੁਸਲਮਾਨ ਹੋ ਜਾਓ ਪੁਕਾਰਿਆ ਜੇ ਫੇਰ ਖ਼ੁਸ਼ੀ ਦੇ ਨਾਲ ਕਰਤਾਰ ਸਿੰਘ ਸਾਰੀ ਉਮਰ ਹੀ ਬੈਠ ਗੁਜ਼ਾਰਿਆ ਜੇ ਸਾਹਿਬਜ਼ਾਦੇ ਅਸਾਂ ਸੂਬਿਆ ਏਹੋ ਹੀ ਸੋਚਿਆ ਏ ਨਹੀਂ ਦੀਨ ਇਸਲਾਮ ਕਬੂਲ ਕਰਨਾ ਸਾਨੂੰ ਜੰਮਦਿਆਂ ਨੂੰ ਏਹੋ ਮਿਲੀ ਗੁੜ੍ਹਤੀ ਧਰਮ ਵਾਸਤੇ ਹੋ ਸ਼ਹੀਦ ਮਰਨਾ ਬੇਟੇ ਅਸੀਂ ਹਾਂ ਗੁਰੂ ਗੋਬਿੰਦ ਸਿੰਘ ਦੇ ਅਸਾਂ ਮੌਤ ਪਾਸੋਂ ਨਹੀਓਂ ਜ਼ਰਾ ਡਰਨਾ ਦੇਹ ਹੁਕਮ ਜੋ ਦੇਣਾ ਕਰਤਾਰ ਸਿੰਘਾ ਖੁਸ਼ੀ ਨਾਲ ਹੈ ਦੁਖ ਨੂੰ ਅਸਾਂ ਜਰਨਾ ਤਥਾ ਭਾਵੇਂ ਲੱਖ ਵਾਰੀ ਪਿਆ ਆਖ ਸਾਨੂੰ ਅਸਾਂ ਨਹੀਂ ਹੋਣਾ ਮੁਸਲਮਾਨ ਸੂਬੇ ਨਾ ਰਾਜ ਦੇ ਲੋਭ ਤੇ ਲੋਭਨਾ ਈਂ ਨ ਜੀਵਨ ਦੇ ਚਾਹਵਾਨ ਸੂਬੇ ਨੂੰ ਨਹੀਂ ਮਾਰ ਤੋਂ ਚਿਤ ਡੁਲਾਨਾ ਅਸਾਂ ਖੱਲ ਮਾਰ ਜਲਾਦ ਉਡਾਨ ਸੂਬੇ ਇਕ ਲੱਖ ਜਹੀ ਗਲ ਕਰਤਾਰ ਸਿੰਘਾ ਧਰਮ ਨਹੀਂ ਦੇਣਾ, ਦੇਣੀ ਜਾਨ ਸੂਬੇ ਵਾਕ ਕਵੀ ਜ਼ਰਾ ਬੈਠਕੇ ਕਰਨ ਵਿਚਾਰ ਥੋਹੜੀ ਲੱਮ ਦਾੜ੍ਹੀਏ ਸ਼ਕਲ ਸ਼ੈਤਾਨ ਜਿਹੜੇ ਚਹੁੰ ਆਨਿਆਂ ਦੇ ਪਿਛੇ ਧਰਮ ਦੇਂਦੇ ਕਸਮਾਂ ਵਿੱਚ ਕਚਹਿਰੀਆਂ ਖਾਨ ਜਿਹੜੇ ਰੰਨਾਂ ਪਿੱਛੇ ਯਾਂ ਥੋੜ੍ਹੇ ਰੁਜ਼ਗਾਰ ਬਦਲੇ ਝੱਟ ਸਿੱਖੀਓਂ ਮੂੰਹ ਪਰਤਾਨ ਜਿਹੜੇ ਐਵੇਂ ਬਾਂਕਪਨ ਵਿੱਚ ਕਰਤਾਰ ਸਿੰਘਾ ਦਾੜ੍ਹੀ ਕੇਸਾਂ ਦੇ ਤਈਂ ਮੁਨਾਨ ਜਿਹੜੇ ਸੁੱਚਾ ਨੰਦ ਖੱਤਰੀ ਇਹ ਸੁਣਕੇ ਸੂਬਾ ਹੈਰਾਨ ਹੋਯਾ ਸੋਚਾਂ ਵਿੱਚ ਪਿਆ ਊਂਧੀ ਪਾਂਵਦਾ ਏ ਸੁੱਚਾ ਨੰਦ ਚੰਡਾਲ ਦਾ ਰੂਪ ਪਾਸੋਂ ਅੱਗ ਬਲਦੀ ਸਗੋਂ ਭੜਕਾਂਵਦਾ ਏ ਕਾਹਨੂੰ ਖਾਂ ਜੀ ਸਿਰ ਖਪਾਂਵਦੇ ਹੋ ਏਹਨਾਂ ਮੰਨਣਾ ਨਹੀਂ ਸਮਝਾਂਵਦਾ ਏ ਏ ਜ਼ਹਿਰ ਦੇ ਬੂਟੇ ਕਰਤਾਰ ਸਿੰਘਾ ਪੁੱਟ ਦੇਣ ਦੀ ਰਮਜ਼ ਸੁਣਾਂਵਦਾ ਏ ਸੂਬਾ ਸੂਬਾ ਆਖਦਾ ਲੜਕਿਓ ਹਠ ਛੱਡੋ ਮਾਰੇ ਜਾਓਗੇ ਏਹ ਗੱਲ ਯਾਦ ਹੈ ਜੇ ਨਾਲ ਕੋਟੜੇ ਦੇ ਚੱਮ ਉੱਡ ਜਾਊ ਤੁਹਾਡੀ ਕਿਸ ਸੁਨਣੀ ਫ਼ਰਯਾਦ ਹੈ ਜੇ ਓਏ ਤੁਸੀਂ ਤਾਂ ਜਾਨ ਬਚਾ ਲਵੋ ਬਾਕੀ ਹੋਯਾ ਸਰਬੰਸ ਬਰਬਾਦ ਹੈ ਜੇ ਨਹੀਂ ਤਾਂ ਲੈ ਤਲਵਾਰ ਕਰਤਾਰ ਸਿੰਘ ਤੁਹਾਡੇ ਪਾਸ ਏਹ ਖੜਾ ਜਲਾਦ ਹੈ ਜੇ ਸਾਹਿਬਜ਼ਾਦੇ ਸ੍ਰੀ ਵਾਹਿਗੁਰੂ ਸਾਡੀ ਫ਼ਰਯਾਦ ਸੁਣੂੰ ਜਿਦ੍ਹਾ ਆਸਰਾ ਬੈਠੇ ਹਾਂ ਧਾਰ ਅਸੀਂ ਜਿੰਦ ਦੇਣੀ ਹੈ ਧਰਮ ਨਹੀਂ ਮੂਲ ਦੇਣਾ ਬਾਰ ਬਾਰ ਕਹਿ ਰਹੇ ਪੁਕਾਰ ਅਸੀਂ ਤੇਰੇ ਡਰ ਤੋਂ ਅਸਾਂ ਨੇ ਨਹੀਓਂ ਡਰਨਾ ਤੇਰੇ ਲੋਭ ਤੇ ਮਾਰਦੇ ਧਾਰ ਅਸੀਂ ਡਰਦੇ ਮੌਤ ਤੋਂ ਨਹੀਂ ਕਰਤਾਰ ਸਿੰਘਾ ਹਾਂ ਮਰਨ ਨੂੰ ਖੜੇ ਤ੍ਯਾਰ ਅਸੀਂ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਹੁਕਮ ਦੇਣਾ ਸੂਬੇ ਖਾ ਗ਼ੁੱਸਾ ਕਹਿਆ ਨਫ਼ਰ ਤਾਈਂ ਖੜਾ ਦੋਹਾਂ ਨੂੰ ਪਿੱਛੇ ਲੈਜਾ ਕਰ ਦੇਹ ਦਿੱਤਾ ਹੁਕਮ ਜਲਾਦਾਂ ਨੂੰ ਨਾਲ ਛੇਤੀ ਏਹਨਾਂ ਦੋਹਾਂ ਦੇ ਸਿਰ ਜੁਦਾ ਕਰ ਦੇਹ ਬੂਟਾ ਕਾਫ਼ਰਾਂ ਦਾ ਪੁੱਟ ਜੱਮਦਾ ਤੂੰ ਚਲ ਫ਼ੈਸਲਾ ਹੁਣ ਇੱਕ ਦਾ ਕਰ ਦੇਹ ਐਸਾ ਜ਼ੁਲਮ ਦਾ ਰਾਜ ਕਰਤਾਰ ਸਿੰਘਾ ਜਲਦੀ ਨਾਲ ਤੂੰ ਨਾਸ ਖ਼ੁਦਾ ਕਰ ਦੇਹ ਮਲੇਰ ਕੋਟਲੇ ਵਾਲੇ ਖ਼ਾਨਾਂ ਨੇ ਸੂਬੇ ਨੂੰ ਸਮਝਾਣਾ ਸਾਰੇ ਲੋਕ ਕਾਲੇ ਦਿਲ ਵਾਲੇ ਨਾਹੀਂ ਓਥੇ ਬੈਠੇ ਮਲੇਰੀਏ ਖ਼ਾਨ ਭਾਈ ਸੀ ਸ਼ੇਰ ਮੁਹੰਮਦ, ਉਨ੍ਹਾਂ ਵਿਚੋਂ ਨਰਮ ਦਿਲ ਵਾਲਾ ਮੁਸਲਮਾਨ ਭਾਈ ਓਸ ਆਖਿਆ ਸੂਬਿਆ ਕਹਿਰ ਨ ਕਰ ਭਾਰਾ ਜ਼ੁਲਮ ਏਹ ਹੈ ਪਛਾਨ ਭਾਈ ਨ ਮਾਰ ਬੇਦੋਸ਼ ਕਰਤਾਰ ਸਿੰਘਾ ਬੱਚੇ ਹੈਣ ਮਾਸੂਮ ਨਾਦਾਨ ਭਾਈ ਤਥਾ ਵੈਰ ਬਾਪ ਦਾ ਕੱਢਦੇ ਬੱਚਿਆਂ ਤੇ ਏਹ ਹੈ ਇਨਸਾਫ਼ ਤੋਂ ਬਾਹਰ ਸੂਬੇ ਏਹ ਜੋਸ਼ ਚਮਕੌਰ ਵਖਾਵਣਾ ਸੀ ਅੱਗੇ ਹੋ ਮੈਦਾਨ ਵਿਚਘਾਰ ਸੂਬੇ ਕਿਉਂ ਨ ਸਾਮ੍ਹਣੇ ਗੁਰੂ ਗੋਬਿੰਦ ਸਿੰਘ ਦੇ ਗਏ ਕਢਕੇ ਏਹ ਤਲਵਾਰ ਸੂਬੇ ਹੈ ਏਹ ਪਾਜ਼ੀ ਪੁਣਾ ਕਰਤਾਰ ਸਿੰਘਾ ਏਹਨਾਂ ਬੱਚਿਆਂ ਤੇ ਕਰਨਾ ਵਾਰ ਸੂਬੇ 1ਸੁੱਚਾ ਨੰਦ ਦੀਵਾਨ ਟਲ ਚੱਲਿਆ ਸੀ ਸੂਬਾ ਸੋਚ ਕਰਕੇ ਏਹਦੇ ਵਿੱਚ ਮੇਰੀ ਵਡਿਆਈ ਕੀ ਏ ਸੁੱਚਾਨੰਦ ਪਾਪੀ ਕੋਲੋਂ ਬੋਲ ਪਿਆ ਵਾਹ, ਖ਼ਾਨ ਜੀ ਏਹ ਦਾਨਾਈ ਕੀ ਏ ਸੱਪ ਮਾਰਨਾ ਤੇ ਬੱਚੇ ਦੁੱਧ ਪਾਕੇ ਦੱਸੋ ਪਾਲਨੇ ਵਿੱਚ ਕਮਾਈ ਕੀ ਏ ਏਹ ਬਘਿਆੜ ਦੇ ਪੁੱਤ ਕਰਤਾਰ ਸਿੰਘਾ ਏਹਨਾਂ ਨਾਲ ਕਰਨੀ ਅਸ਼ਨਾਈ ਕੀਏ 1ਏਸ ਦਾ ਫਲ ਜੋ ਇਸ ਪਾਪੀ ਨੇ ਪਾਯਾ ਬੰਦੇ ਬਹਾਦੁਰ ਦੇ ਸਰ੍ਹੰਦ ਵਾਲੇ ਪ੍ਰਸੰਗ ਵਿੱਚ ਵੇਖੋ ਵਾਕ ਕਵੀ ਐ ਦੇਸ ਦੇ ਵਾਸੀਓ ਵੇਖ ਲਵੋ ਭਲੇ ਨਾਲ ਕਿਵੇਂ ਬੁਰਿਆਈ ਕੀਤੀ ਸਤਿਗੁਰੂ ਜੀ ਦੇਸ ਤੇ ਧਰਮ ਬਦਲੇ ਹੈ ਕਿਸ ਤਰ੍ਹਾਂ ਦੁੱਖ ਉਠਾਈ ਕੀਤੀ ਅੱਗੇ ਬਾਹਮਣੋਂ ਸਰੀ ਤੇ ਓਹ ਸਰੀ ਪੜ੍ਹੀ ਗੰਗੂ ਦੀ ਤੁਸਾਂ ਭਲਿਆਈ ਕੀਤੀ ਹੈ ਹੁਣ 1ਖੱਤਰੀ ਪੁੱਤ ਕਰਤਾਰ ਸਿੰਘਾ ਏਹ ਵੇਖ ਲੌ ਕੀਹ ਭਲਿਆਈ ਕੀਤੀ 1 ਕਈ ਥਾਈਂ ਲਿਖਿਆ ਹੈ ਕਿ ਸੁੱਚਾਨੰਦ ਭੀ ਬਾਹਮਣ ਹੀ ਸੀ । ਸੂਬੇ ਨੇ ਫੇਰ ਕਤਲ ਦਾ ਹੁਕਮ ਦੇਣਾ ਤੇ ਮਲੇਰੀਆਂ ਨੇ ਹਾ ਦਾ ਨਾਹਰਾ ਮਾਰਕੇ ਕਚੈਹਰੀ ਵਿਚੋਂ ਉਠ ਜਾਣਾ ਓਸ ਖੱਤ੍ਰੀ ਪਾਪੀ ਦੇ ਕਹਿਣ ਕਰਕੇ ਕਤਲ ਕਰਨ ਦੀ ਸੂਬੇ ਨੇ ਠਾਨ ਲਈ ਦਿੱਤਾ ਹੁਕਮ ਜੱਲਾਦ ਨੂੰ ਕਤਲ ਕਰ ਦੇ ਕਰ ਕਯੋਂ ਤਲਵਾਰ ਮਿਆਨ ਲਈ ਏਹਨਾਂ ਜ਼ੁਲਮ ਕਰੇ ਬਾਝੋਂ ਹੱਟਨਾ ਨਹੀਂ ਏਹ ਮਲੇਰੀਆਂ ਨੇ ਪੱਕੀ ਜਾਨ ਲਈ ਨਾਹਰਾ ਹਾ ! ਦਾ ਮਾਰ ਕਰਤਾਰ ਸਿੰਘਾ ਚਲੇ ਗਏ, ਜੜ੍ਹ ਰੱਖ ਜਹਾਨ ਲਈ ਏਸ ਗੱਲ ਦਾ ਹੋਰਨਾਂ ਤੇ ਅਸਰ ਉੱਠ ਗਏ ਮਲੇਰੀਏ ਦੋਵੇਂ ਭਾਈ ਨਰਮ ਦਿਲ ਵਾਲੇ ਦੁਖ ਜਰੇ ਨਾਹੀਂ ਹਰੇ ਭਰੇ ਓਹ ਦਿਸ ਰਹੇ ਹੁਣ ਤੋੜੀ ਅੱਗ ਜ਼ੁਲਮ ਦੀ ਵਿਚ ਓਹ ਸੜੇ ਨਾਹੀਂ ਕਰੇ ਵਾਰ ਜੱਲਾਦ ਨ, ਰੋਈ ਜਾਵੇ ਵੇਖ ਹੱਥ ਤਲਵਾਰ ਤੇ ਧਰੇ ਨਾਹੀਂ ਸੂਬਾ ਸਭ ਨੂੰ ਕਹੇ ਕਰਤਾਰ ਸਿੰਘਾ ਵਾਰ ਉੱਠਕੇ ਕੋਈ ਭੀ ਕਰੇ ਨਾਹੀਂ ਵਾਕ ਕਵੀ ਸੀ ਕਲੰਕ ਵਜੀਦੇ ਦੇ ਸਿਰ ਆਉਣਾ ਦੁਨੀਆਂ ਵਿੱਚ ਲਾਨ੍ਹਤ ਓਸ ਖੱਟਨੀ ਸੀ ਤੁਰਕ ਰਾਜ ਦੇ ਵਿੱਚ ਹੋ ਪਾਪ ਭਾਰੀ ਜੜ੍ਹ ਉਹਦੀ ਜਹਾਨ ਤੋਂ ਪੱਟਨੀ ਸੀ ਏਸੇ ਪਾਪ ਸਰ੍ਹੰਦ ਦੀ ਘੁੱਗ ਵੱਸੋਂ ਇੱਟ ਇੱਟ ਉਖੇੜ ਕੇ ਸੁੱਟਨੀ ਸੀ ਭਾਵੀ ਸੀ ਅਕਾਲ ਕਰਤਾਰ ਸਿੰਘਾ ਏਹ ਕਿਸਤਰ੍ਹਾਂ ਕਿਸੇ ਉਲੱਟਨੀ ਸੀ ਸੂਬੇ ਨੇ ਸਾਹਿਬਜਾਂਦਿਆਂ ਨੂੰ ਕੰਧ ਵਿੱਚ ਚੁਣੇ ਜਾਣ ਦਾ ਹੁਕਮ ਦੇਣਾ ਹੋਯਾ ਹੁਕਮ ਨਵਾਬ ਦਾ ਉਲਟ ਕਰਕੇ ਕੁਝ ਰਾਜ ਮਜ਼ਦੂਰ ਬੁਲਾਓ ਜਲਦੀ ਹੁਕਮ ਹੁੰਦਿਆਂ ਆਨਕੇ ਹੋਏ ਹਾਜ਼ਰ ਸੂਬਾ ਬੋਲਿਆ ਕੰਧ ਬਣਾਓ ਜਲਦੀ ਏਹਨਾਂ ਕਾਫ਼ਰਾਂ ਨੂੰ ਵਿੱਚ ਚਿਣ ਦਿਹੋ ਅੱਖਾਂ ਮੇਰੀਆਂ ਅੱਗੋਂ ਛਪਾਓ ਜਲਦੀ ਲੌ ਫੜ ਲੌ ਬਾਹੋਂ ਕਰਤਾਰ ਸਿੰਘਾ ਮਾਰ ਏਹਨਾਂ ਦੀ ਜਾਨ ਗਵਾਓ ਜਲਦੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਖੜਾ ਕਰ ਦੇਣਾ ਝੱਟ ਪੱਟ ਦੀਵਾਰ ਉਹ ਬਨਣ ਲੱਗੀ ਇੱਟਾਂ ਗਾਰਾ ਮਜ਼ਦੂਰ ਪੁਚਾਉਨ ਲੱਗੇ ਉੱਪਰ ਖੜੇ ਕੀਤੇ ਦੋਵੇਂ ਸਾਹਿਬਜ਼ਾਦੇ ਚਾਰੋਂ ਤਰਫ ਦੀਵਾਰ ਚੁਨਾਉਣ ਲੱਗੇ ਪਾਠ ਜਪੁਜੀ ਸਾਹਿਬ ਦਾ ਕਰਨ ਲੱਗੇ ਨਾਮ ਪੁਰਖ਼ ਅਕਾਲ ਧਿਆਉਨ ਲੱਗੇ ਏਸ ਜ਼ੁਲਮ ਨੂੰ ਦੇਖ ਕਰਤਾਰ ਸਿੰਘਾ ਧਰਤ ਕੰਬ ਭੁਚਾਲ ਭੀ ਆਉਨ ਲੱਗੇ ਵਾਕ ਕਵੀ ਕਤਲ ਹੋਣ ਲੱਗੇ ਬੇਟੇ ਗੁਰੂ ਜੀ ਦੇ ਸਾਰੇ ਸ਼ਹਿਰ ਦੇ ਵਿੱਚ ਇਹ ਸ਼ੋਰ ਪਿਆ ਲੋਕ ਵੇਖਣੇ ਨੂੰ ਸਾਰੇ ਉੱਠ ਭੱਜੇ ਬੁੱਢਾ ਬਾਲ ਜਵਾਨ ਨ ਘਰ ਰਿਹਾ ਜਿਨ੍ਹਾਂ ਵੇਖਿਆਂ ਸੋਹਣੀਆਂ ਸੂਰਤਾਂ ਉਹ ਉਹਨਾਂ ਹੋਰਨਾਂ ਨੂੰ ਅੱਗੇ ਜਾ ਕਿਹਾ ਭੀੜ ਪਈ ਚੁਫੇਰ ਕਰਤਾਰ ਸਿੰਘਾ ਸਮਾਂ ਸੋਗ ਦਾ ਵਰਤਿਆ ਆਨ ਇਹਾ ਸਾਹਿਬਜਾਦਿਆਂ ਦਾ ਹੌਸਲਾ ਉਹ ਚੰਦ ਵਰਗੇ ਦੋਵੇਂ ਰੂਪ ਸੋਹਣੇ ਖੜੇ ਵਾਂਗ ਤਸਵੀਰਾਂ ਦੇ ਬੋਲਦੇ ਨ ਦਰਦੀ ਕੋਈ ਨ ਬਿਨਾਂ ਅਕਾਲ ਦਿੱਸੇ ਏਸੇ ਵਾਸਤੇ ਦੁੱਖ ਉਹ ਫੋਲਦੇ ਨ ਅੱਖਾਂ ਮੀਟ ਕੇ ਚੁੱਪ ਅਡੋਲ ਪਏ ਜ਼ਰਾ ਹਿੱਲਦੇ ਬੁੱਲ੍ਹ ਭੀ ਖੋਲਦੇ ਨ ਵੇਖ ਬੱਚਿਆਂ ਵਾਲੇ ਕਰਤਾਰ ਸਿੰਘਾ ਭਲਾ ਕਿਸਤਰ੍ਹਾਂ ਦਿਲਾਂ ਤੋਂ ਡੋਲਦੇ ਨ ਕੰਧ ਨੇ ਗੋਡਿਆਂ ਤਕ ਹੋ ਜਾਣਾ ਕੰਧ ਗੱਡਿਆਂ ਤਕ ਜਾਂ ਚਿਣੀ ਗਈ ਸੂਬਾ ਰੂਪ ਚੰਡਾਲ ਦਾ ਆਂਵਦਾ ਏ ਕਹਿੰਦਾ ਅਜੇ ਭੀ ਲੜਕਿਓ ਦੀਨ ਮੰਨੋਂ ਛੱਡ ਦਿਆਂ ਏਹ ਆਖ ਸੁਣਾਂਵਦਾ ਏ ਅੱਗੋਂ ਕੋਈ ਜਵਾਬ ਨ ਮੂਲ ਆਯਾ ਧਿਆਨ ਛੱਡ ਨਾ ਬੋਲਨਾ ਭਾਂਵਦਾ ਏ ਡਾਢਾ ਹੋ ਸ਼ਰਮਿੰਦਾ ਕਰਤਾਰ ਸਿੰਘਾ ਦੂਰ ਹੱਟ ਖੜਾ ਊਂਧੀ ਪਾਂਵਦਾ ਏ ਵਾਕ ਕਵੀ ਉਹ ਫੁੱਲ ਗੁਲਾਬ ਦੇ ਹਾਏ ਜ਼ਾਲਮ ! ਵੇਖੋ ਇੱਟਾਂ ਦੇ ਵਿੱਚ ਛਪਾਈ ਜਾਂਦੇ ਉਹ ਗੁਰੂ ਜੀ ਦੇ ਸੋਹਣੇ ਲਾਲ ਬਾਂਕੇ ਘੱਟੇ ਵਿੱਚ ਬੇਦਰਦ ਰੁਲਾਈ ਜਾਂਦੇ ਵੇਖ ਬੱਚਿਆਂ ਵਾਲੇ ਤਾਂ ਗ਼ਸ਼ਾਂ ਖਾਂਦੇ ਪੱਥਰ ਚਿੱਤ ਭੀ ਆਂਸੂ ਬਹਾਈ ਜਾਂਦੇ ਕੰਬੇ ਜ਼ਿਮੀਂ ਅਸਮਾਨ ਕਰਤਾਰ ਸਿੰਘ ਰਾਜ ਡਰਦੇ ਕੰਧ ਬਣਾਈ ਜਾਂਦੇ ਕੰਧ ਕਮਰ ਤਕ ਆ ਗਈ ਆ ਕਮਰ ਤੋੜੀ ਕੰਧ ਪਹੁੰਚ ਗਈ ਸਾਹਿਬਜ਼ਾਦੇ ਨ ਮੂਲ ਘਬਰਾਂਵਦੇ ਨੇ ਨ ਚਿਹਰੇ ਉਦਾਸ ਨ ਦਿਲ ਕੰਬਣ ਨ ਹਾਏ ਨ ਸੀ ਸੁਣਾਂਵਦੇ ਨੇ ਵੇਖਣ ਵਾਲਿਆਂ ਦੀ ਭੀੜ ਬਹੁਤ ਪਈ ਰੋਇ ਰੋਇ ਕੇ ਨੀਰ ਵਗਾਂਵਦੇ ਨੇ ਵਿੱਚ ਧਿਆਨ ਦੇ ਮਸਤ ਕਰਤਾਰ ਸਿੰਘ ਸਾਹਿਬਜ਼ਾਦੇ ਨ ਅੱਖ ਉਠਾਂਵਦੇ ਨੇ ਕੰਧ ਨੇ ਛਾਤੀ ਤੱਕ ਆਉਣਾ ਤੇ ਸਾਹਿਬ ਫ਼ਤ੍ਹੇ ਸਿੰਘ ਨੇ ਕੁਝ ਤੰਗ ਹੋਣਾ ਕੰਧ ਛਾਤੀ ਤੋੜੀ ਜਦੋਂ ਚਿਣੀ ਗਈ ਦੌਰਾ ਖ਼ੂਨ ਦਾ ਚੱਲਣੋਂ ਰੁੱਕ ਗਿਆ ਸੱਤ ਬਰਸ ਦਾ ਫ਼ਤ੍ਹੇ ਸਿੰਘ ਬਾਲ ਛੋਟਾ ਦੁੱਖੀ ਹੋ ਅਗ੍ਹਾਂ ਨੂੰ ਝੁੱਕ ਗਿਆ ਡਾਲੋਂ ਚਿਰ ਦੇ ਟੁੱਟੇ ਹੋਏ ਫੁੱਲ ਵਾਂਗੂੰ ਸੋਹਣਾ ਮੁਖੜਾ ਆਨਕੇ ਸੁੱਕ ਗਿਆ ਖਾਧਾ ਖ਼ੂਨ ਉਬਾਲ ਕਰਤਾਰ ਸਿੰਘਾ, ਜ਼ੋਰਾਵਰ ਸਿੰਘ, ਦਾ ਧ੍ਯਾਨ ਉੱਕ ਗਿਆ ਵੱਡੇ ਭਰਾ ਨੇ ਛੋਟੇ ਭਰਾ ਨੂੰ ਹੌਸਲਾ ਦੇਣਾ ਦੁਖੀ ਛੋਟੇ ਨੂੰ ਵੇਖ ਭਰਾ ਵੱਡਾ ਕਹਿੰਦਾ ਫ਼ਤ੍ਹੇ ਸਿੰਘ ਜੀ ਹੁਸ਼ਿਆਰ ਹੋਵੋ ਹੈਂ ! ਵੇਖਣਾ ਦਿਲ ਤੋਂ ਡੋਲਣਾ ਨ ਹੋਸ਼ ਕਰੋ ਤੁਸੀਂ ਬਰਕਰਾਰ ਹੋਵੋ ਬਲੀ ਪਿਤਾ ਦੀ ਤੁਸਾਂ ਨੂੰ ਕਸਮ ਹੈ ਜੇ ਦੁੱਖ ਮੰਨ ਨਾ ਜ਼ਰਾ ਲਾਚਾਰ ਹੋਵੋ ਬਾਜ਼ੀ ਜਿੱਤੀ ਪਈ ਕਰਤਾਰ ਸਿੰਘਾ ਮੂਲ ਘਾਬਰੋ ਨਾ ਖ਼ਬਰਦਾਰ ਹੋਵੋ ਛੋਟਾ ਸਾਹਿਬਜ਼ਾਦਾ ਭਾਵੇਂ ਬੋਲਣੇ ਦੀ ਨਹੀਂ ਸੀ ਰਹੀ ਹਿੱਮਤ ਥੋੜ੍ਹਾ ਬੋਲਯਾ ਨਹੀਂ ਘਬਰਾਵਾਂਗਾ ਮੈਂ ਤੁਸੀਂ ਵੀਰ ਜੀ ਕਰੋ ਨ ਫ਼ਿਕਰ ਮੇਰਾ ਅੱਗੇ ਚੱਲੋ ਪਿਛੇ ਲੱਗਾ ਆਵਾਂਗਾ ਮੈਂ ਭਾਵੇਂ ਦੁੱਖ ਸਰੀਰ ਨੂੰ ਬਹੁਤ ਪਹੁੰਚਾ ਦੀਨ ਮੰਨਦਾ ਨਹੀਂ ਸੁਣਾਵਾਂਗਾ ਮੈਂ ਜਿੰਦ ਦਿਆਂਗਾ ਹੁਣ ਕਰਤਾਰਸਿੰਘਾ ਨਾਮ ਪਿਤਾ ਦੇ ਦਾਗ਼ ਨ ਲਾਵਾਂਗਾ ਮੈਂ ਵਾਕ ਕਵੀ ਸੁਨਣ ਵਾਲਿਓ ਜ਼ਰਾ ਵਿਚਾਰ ਦੱਸੋ ਏਡਾ ਹਠ ਹੈ ਕਦੇ ਨਿਬਾਹਿਆ ਕਿਸੇ ਸੱਤ ਬਰਸ ਦੇ ਲੜਕੇ ਅੱਜ ਤੋੜੀ ਮੌਤ ਸਾਮ੍ਹਣਾ ਕਰ ਦਖਾਯਾ ਕਿਸੇ ਕਲਗ਼ੀਧਰ ਦੀ ਇੱਕ ਔਲਾਦ ਬਿਨਾਂ ਹੱਸ ਮੌਤ ਨੂੰ ਹੱਥ ਫੜਾਯਾ ਕਿਸੇ ਏਸ ਉਮਰ ਦੇ ਬੱਚੇ ਕਰਤਾਰ ਸਿੰਘ ਏਸ ਤਰ੍ਹਾਂ ਸ਼ਹੀਦੀ ਨੂੰ ਪਾਯਾ ਕਿਸੇ ਨੂੰ ਤਥਾ ਕਲਗ਼ੀਧਰ ਜੀ ਤੇਰੀ ਔਲਾਦ ਬਿਨਾਂ ਹੋਰ ਏਤਨਾ ਹਠ ਨਬਾਹੇ ਕਿਹੜਾ ਏਹ ਬਰਕਤਾਂ ਤੇਰੇ ਹੀ ਖ਼ੂਨ ਨੂੰ ਸਨ ਤੇਰੇ ਬਿਨਾਂ ਇਸ ਯੱਸ ਨੂੰ ਪਾਏ ਕਿਹੜਾ ਜੋ ਕਿਹੋ ਈ ਕਰ ਦਿਖਾਇਓਈ ਏਡ ਕਰਨੀ ਹੋਰ ਦਖਾਏ ਕਿਹੜਾ ਤੇਰੇ ਬਿਨਾ ਹਿਤ ਦੇਸ਼ ਕਰਤਾਰ ਸਿੰਘ ਹੱਸ ਹੱਸ ਸਰਬੰਸ ਮਰਵਾਏ ਕਿਹੜਾ ਕੰਧ ਮੋਢਿਆਂ ਤਕ ਆਉਣੀ ਤੇ ਸੂਬੇ ਦਾ ਅਖੀਰ ਦਾ ਕਹਿਣਾ ਕੰਧ ਮੋਢਿਆਂ ਤੇ ਆਨ ਪੁੱਜ ਪਈ ਰੂਹ ਉੱਡਣੇ ਲਈ ਤਯਾਰ ਖੜੇ ਗੁੰਮ ਹੋਣ ਲੱਗੇ ਦੋਵੇਂ ਚੰਦ ਸੋਹਣੇ ਢਾਹੀਂ ਮਾਰ ਰੋਂਦੇ ਨਰ ਨਾਰ ਖੜੇ ਸੂਬਾ ਬੋਲਦਾ ਲੜਕਿਓ ਮੱਨ ਜਾਵੋ ਕਿਉਂ ਮੌਤ ਤੇ ਹੋ ਅਸਵਾਰ ਖੜੇ ਹੁਣੇ ਲਈਏ ਬਚਾ ਕਰਤਾ ਸਿੰਘਾ ਕਲਮਾ ਪੜ੍ਹੋ ਅਸੀਂ ਇੰਤਜ਼ਾਰ ਖੜੇ ਸਾਹਿਬ ਜ਼ੋਰਾਵਰ ਸਿੰਘ ਨ ਸਤਾ ਹੁਣ ਅਸਾਂ ਪਰਦੇਸੀਆਂ ਨੂੰ ਜਾਹ ਚੰਡਾਲ ਦਖਾ ਨ ਮੁੱਖ ਸਾਨੂੰ ਏਹ ਪੜ੍ਹੋ ਕਲਮਾ ਜਿਹੜਾ ਆਖਦਾ ਹੈਂ ਵੱਡਾ ਪਹੁੰਚਦਾ ਪਿਆ ਹੈ ਦੁੱਖ ਸਾਨੂੰ ਪਰੇ ਕੰਧ ਤੋਂ ਨੇੜੇ ਹੀ ਦਿਸਦਾਏ ਓਹ ਅਟੱਲ ਸਵਰਗ ਦਾ ਸੁੱਖ ਸਾਨੂੰ ਅਸੀਂ ਆਖ ਚੁੱਕੇ ਕਰਤਾਰ ਸਿੰਘਾ ਤੇਰੇ ਦੀਨ ਦੀ ਮੂਲ ਨਹੀਂ ਭੁੱਖ ਸਾਨੂੰ ਵਾਕ ਕਵੀ ਪੈ ਜਪੁਜੀ ਸਾਹਿਬ ਦਾ ਭੋਗ ਗਿਆ ਓਧਰ ਸ੍ਵਾਸ ਅਖੀਰ ਦੇ ਆਨ ਲੱਗੇ ਪੌਣਾ ਸੋਹਣੀਆਂ ਓਹ ਦੋਵੇਂ ਲਟਕ ਪਈਆਂ ਰੂਹ ਨਿਕਲ ਅਕਾਸ਼ ਨੂੰ ਜਾਨ ਲੱਗੇ ਧਰਤ ਕੰਬ ਭੂਚਾਲ ਆ ਕੰਧ ਢੱਠੀ ਤੁਰਕ ਵੇਖ ਸਾਰੇ ਡਰ ਖਾਨ ਲੱਗੇ ਭਾਰਾ ਕਰ ਕੇ ਪਾਪ ਕਰਤਾਰ ਸਿੰਘ ਜ਼ਾਲਮ ਰਾਜ ਦਾ ਬੇੜਾ ਰੁੜ੍ਹਾਨ ਲੱਗੇ ਸਾਹਿਬਜ਼ਾਦਿਆਂ ਦੇ ਸਿਰ ਤਲਵਾਰ ਨਾਲ ਕਟ ਦੇਣੇ ਸਿਰ ਦੋਹਾਂ ਦੇ ਕੱਟ ਕੇ ਜੁਦਾ ਕਰਦੇ ਏਹ ਜਲਾਦ ਨੂੰ ਹੁਕਮ ਬੁਰਿਆਰ ਹੋਯਾ ਓਸ ਮਾਰ ਤੇਗਾਂ ਕੰਮ ਪਾਰ ਕੀਤਾ ਚਾਰੋਂ ਤਰਫ਼ ਭਾਰੀ ਹਾਹਾਕਾਰ ਹੋਯਾ ਧਰਤ ਪਾਪ ਤੋਂ ਥਰ ਥਰਾ ਉੱਠੀ ਤੇ ਅਕਾਸ਼ ਦੇ ਵਿੱਚ ਗ਼ੁਬਾਰ ਹੋਯਾ ਏਹ ਸੁਣ ਕੇ ਜ਼ੁਲਮ ਕਰਤਾਰ ਸਿੰਘਾ ਮਾਨੋ ਜਗਤ ਸਾਰਾ ਜ਼ਾਰਜ਼ਾਰ ਰੋਯਾ ਵਾਕ ਕਵੀ ਦੋਵੇਂ ਲਾਲ ਓਹ ਸ੍ਰੀ ਦਸਮੇਸ਼ ਜੀ ਦੇ ਓਹਨਾਂ ਜ਼ਾਲਮਾਂ ਮਾਰ ਖਪਾ ਦਿੱਤੇ ਕੰਵਲ ਫੁੱਲ ਵਰਗੇ ਦੋਵੇਂ ਮੁੱਖ ਸੋਹਣੇ ਤੋੜ ਖ਼ਾਕ ਦੇ ਵਿੱਚ ਰਲਾ ਦਿੱਤੇ ਛੋਟੇ ਬਾਲ ਮਾਸੂਮ ਨਿਰਦੋਸ਼ ਦੇਖੋ ਖ਼ਾਂ ਵਜੀਦ ਨੇ ਐਵੇਂ ਮਰਵਾ ਦਿੱਤੇ ਕੀਤੀ ਜ਼ੁਲਮ ਦੀ ਹੱਦ ਕਰਤਾਰ ਸਿੰਘਾ ਦੋਵੇਂ ਧਰਤ ਅਕਾਸ਼ ਰਵਾ ਦਿੱਤੇ ਤਥਾ ਭਾਵੇਂ ਦੋਵੇਂ ਜਿੰਦਾਂ ਬਹੁਤ ਛੋਟੀਆਂ ਸਨ ਵੱਡੇ ਕਰਕੇ ਹਠ ਵਿਖਾ ਗਏ ਪਿਤਾ ਆਪਣੇ ਦੇ ਕਾਰਨਾਮੇ ਉੱਤੇ ਖ਼ੂਨ ਆਪਣੇ ਦੀ ਸਹੀ ਪਾ ਗਏ ਗਏ ਮਰ ਨ ਸਗੋਂ ਅਟੱਲ ਹੋ ਗਏ ਬਲੀ ਹੋਣ ਦੀ ਜਾਚ ਸਿਖਾ ਗਏ ਖੂਨ ਆਪਣਾ ਸਿੰਜ ਕਰਤਾਰ ਸਿੰਘਾ ਭਾਰਤ ਵਰਸ਼ ਨੂੰ ਹਰਾ ਕਰਾ ਗਏ ਮਾਤਾ ਜੀ ਦਾ ਅੰਤ ਸਮਾਂ ਕਹਿਰ ਵਰਤਿਆ ਮਾਤਾ ਜੀ ਸੁਣ ਲਿਆ ਅੱਖਾਂ ਸਾਮ੍ਹਣੇ ਅੰਧ ਗੁਬਾਰ ਹੋਯਾ ਮਿੱਠਾ ਕਰਕੇ ਮੱਨਣਾਂ ਪਿਆ ਮੈਨੂੰ ਆਖੇ ਭਾਣਾ ਜੋ ਤੇਰਾ ਕਰਤਾਰ ਹੋਯਾ ਪੱਲੇ ਝਾੜ ਨਕਰਮਨ ਬੈਠ ਗਈ ਅੱਜ ਖ਼ਤਮ ਮੇਰਾ ਪਰਵਾਰ ਹੋਯਾ ਪਰ ਫੇਰ ਭੀ ਸ਼ੁਕਰ ਕਰਤਾਰ ਸਿੰਘਾ ਧਰਮ ਲਈ ਸਰਬੰਸ ਨਿਸਾਰ ਹੋਯਾ ਤਥਾ ਮਾਤਾ ਵਿੱਚ ਵਿਯੋਗ ਪੁਕਾਰ ਕਰਦੀ ਮੈਨੂੰ ਬੱਚਿਓ ਨਾਲ ਮਿਲਾ ਲੌ ਵੇ ਕਾਹਨੂੰ ਛੱਡਕੇ ਵਿੱਚ ਪਰਦੇਸ ਚਲੇ ਮੈਂ ਭੀ ਆਉਂਦੀ ਸਾਥ ਰਲਾ ਲੌ ਵੇ ਮੈਨੂੰ ਕਿਸ ਦੇ ਆਸਰੇ ਛੱਡ ਚੱਲੇ ਮਾਂ ਬੁੱਢੀ ਨੂੰ ਪੱਲਾ ਫੜਾ ਲੌ ਵੇ ਜ਼ਰਾ ਠਹਿਰ ਜਾਓ ਤੁਸੀਂ ਕਰਤਾਰ ਸਿੰਘਾ ਕਾਲ੍ਹੀ ਕਰ ਨ ਸਾਥ ਛੁਡਾ ਲੌ ਵੇ ਤਥਾ ਫੱਟ੍ਯਾ ਜਿਗਰ ਸਰੀਰ ਦੀ ਸੁੱਧ ਭੁੱਲੀ ਮੂੰਹੋਂ ਆਖਦੀ ਤੇਰੀ ਰਜ਼ਾ ਹੋਈ ਗਸ਼ ਖਾ ਕੇ ਬੁਰਜ ਤੋਂ ਪਈ ਥੱਲੇ ਜਿੰਦ ਨਿਕਲ ਕੇ ਵਿਚੋਂ ਹਵਾ ਹੋਈ ਵੱਜੀ ਸੱਟ ਭਾਰੀ ਪਰਵਾਰ ਵੱਲੋਂ ਜਿੰਦ ਬਿੰਦ ਨਾ ਫੇਰ ਠਹਿਰਾ ਹੋਈ ਤੂੰ ਬੇਅੰਤ ਕਰਤਾਰ, ਕਰਤਾਰ ਸਿੰਘ ਜੋ ਠਟੀ ਸਾਈ ਸੋਈਓ ਆ ਹੋਈ ਵਾਕ ਕਵੀ ਘੋਰ ਪਾਪ ਸਰ੍ਹੰਦ ਦੇ ਵਿੱਚ ਹੋਯਾ ਹਾ ਹਾ ਕਾਰ ਜ਼ਿਮੀਂ ਅਸਮਾਨ ਪਈ ਨਾਸ ਹੋਵੇਗਾ ਰਾਜ ਚੁਗੱਤਿਆਂ ਦਾ ਬਾਜ਼ੀ ਅੱਜ ਤੋਂ ਹੀ ਮਾਤ ਜਾਨ ਪਈ ਏਸੇ ਪਾਪ ਦੀ ਮਾਰ ਹੀ ਮਾਰ ਗਈ ਓਹ ਸਰ੍ਹੰਦ ਹੁਨ ਤਕ ਵੈਰਾਨ ਪਈ ਓਹ ਜ਼ੁਲਮ ਦੀ ਯਾਦ ਕਰਤਾਰ ਸਿੰਘਾ ਖੋਲੇ ਹੋਈ ਗੁਰਮਾਰੀ ਨਸ਼ਾਨ ਪਈ ਤਾਰੀਖ ਦੀ ਯਾਦ ਤੇ ਪਾਪ ਦਾ ਬਦਲਾ ਤੇਰਾਂ ਪੋਹ ਸਤਾਰਾਂ ਸੌ ਕਾਠ ਹੈਸੀ ਸੋਮਵਾਰ, ਸਾੱਕਾ ਹੋਯਾ ਜਾਨ ਭਾਈ ਪਿੱਛੋਂ 1ਸਿੰਘਾਂ ਨੇ ਏਸ ਦਾ ਲਿਆ ਬਦਲਾ ਖ਼ਾਂ ਵਜੀਦੇ ਨੂੰ ਮਾਰ ਮੈਦਾਨ ਭਾਈ ਇੱਟ ਇੱਟ ਸਰਹੰਦ ਦੀ ਕਰ ਦਿੱਤੀ, ਦਿੱਤੀ ਰਹਿਨ ਨ ਕੋਈ ਭੀ ਸ਼ਾਨ ਭਾਈ ਖੋਲੇ ਕੋਹਾਂ ਵਿੱਚ ਪਏ ਕਰਤਾਰ ਸਿੰਘਾ ਏਸ ਪਾਪ ਦਾ ਖ਼ਾਸ ਨਸ਼ਾਨ ਭਾਈ 1 ਜੇਕਰ ਏਸ ਪਾਪ ਦਾ ਬਦਲਾ ਵਜੀਦ ਖਾਂ ਤੋਂ ਲੈਣ ਦਾ ਤੇ ਸਰਹੰਦ ਨੂੰ ਬਰਬਾਦ ਕਰਨ ਦਾ ਸਾਰਾ ਹਾਲ ਚੰਗੀ ਤਰ੍ਹਾਂ ਦੇਖਣਾ ਹੋਵੇ ਤਾਂ ਦਾਸ ਦਾ ਬਨਾਇਆ ਹੋਇਆ ‘ਬੰਦਾ ਬਹਾਦਰ' ਏਸ ਤਰ੍ਹਾਂ ਬੈਂਤਾਂ ਵਿਚ ਭਾਈ ਲੱਧਾਸਿੰਘ ਕਰਤਾਰ ਸਿੰਘ ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਤੋਂ ਮੰਗਵਾਕੇ ਪੜ੍ਹੋ। ਦੇਹਾਂ ਦਾ ਸਸਕਾਰ ਟੋਡਰਮਲ ਜੇਹਾਂ ਕੁਝ ਪ੍ਰੇਮੀਆਂ ਨੇ ਦੇਹਾਂ ਸਾਂਭ ਲਈਆਂ ਤਰਲੇ ਪਾ ਕੇ ਜੀ ਜਗ੍ਹਾ ਦੇਣ ਨ ਤੁਰਕ ਸਸਕਾਰ ਲਈ ਪਹੁੰਚੀ ਬਹੁਤ ਤੰਗੀ ਏਹ ਭੀ ਆ ਕੇ ਜੀ ਅੰਤ ਰੱਟਿਆਂ ਦੇ ਨਾਲ ਮੁੱਲ ਲਈ ਜਗ੍ਹਾ ਸਿੱਖਾਂ ਨੇ ਮੋਹਰਾਂ ਵਛਾ ਕੇ ਜੀ ਕੀਤਾ ਜਾ ਸਸਕਾਰ ਕਰਤਾਰ ਸਿੰਘਾ ਭਾਣਾ ਮੰਨਿਆ ਸੋਗ ਮਟਾ ਕੇ ਜੀ ਵਾਕ ਕਵੀ ਜਿੱਥੇ ਸਾਹਿਬਜ਼ਾਦੇ ਕਤਲ ਹੋਏ ਹੈਸਨ ਫ਼ਤ੍ਹੇਗੜ੍ਹ ਗੁਰਦ੍ਵਾਰਾ ਪਛਾਨੀਏ ਜੀ ਜਿੱਥੇ ਦੇਹਾਂ ਦਾ ਜਾ ਸਸਕਾਰ ਕੀਤਾ ਸੀਸਗੰਜ ਬਣਿਆਂ ਹੈ ਮਹਾਨੀਏ ਜੀ ਸਾਹਿਬਜ਼ਾਦਿਆਂ ਦੇ ਪਏ ਨਿਸ਼ਾਨ ਝੁਲਦੇ ਨਹੀਂ ਖ਼ਾਨ ਦੀ ਨਾਮ ਨਸ਼ਾਨੀਏ ਜੀ ਹੈ ਰਾਜ ਪਟਿਆਲਾ ਕਰਤਾਰ ਸਿੰਘਾ ਅਤੇ ਮੁਲਕ ਪੰਜਾਬ ਦਾ ਮਾਨੀਏ ਜੀ ਕਵੀ ਦੀ ਬੇਨਤੀ ਏਹ ਭੀ ਦਰਦ ਭਰਿਆ ਸਾਕਾ ਲਿਖ ਦਿੱਤਾ ਸ਼ੌਕ ਚਿਰਾਂ ਦਾ ਚਿੱਤ ਸਮਾਯਾ ਹੈਸੀ ਯਾਦਗਾਰ ਮੁੜ ਨਵੀਂ ਕਰਾ ਦਿੱਤੀ ਏਸ ਸਾਕੇ ਨੂੰ ਲੋਕਾਂ ਭੁਲਾਯਾ ਹੈਸੀ ਪਿੰਡਾਂ ਵਿੱਚ ਨ ਕਿਸੇ ਨੂੰ ਖ਼ਬਰ ਇਸ ਦੀ ਪੜ੍ਹ ਕਿਸੇ ਨ ਕਦੇ ਸੁਨਾਯਾ ਹੈਸੀ ਦਰਦ ਭਰਿਆ ਪ੍ਰਸੰਗ ਕਰਤਾਰ ਸਿੰਘਾ ਬੈਂਤਾਂ ਵਿੱਚ ਨ ਕਿਸੇ ਬਨਾਯਾ ਹੈਸੀ ਤਥਾ ਮੇਰੀ ਭੁਲ ਨੂੰ ਸੱਜਨੋਂ ਮੁਆਫ਼ ਕਰਯੋ ਮੇਰੇ ਲਿਖਦਿਯਾਂ ਰਿਹਾ ਅਖ਼ਤ੍ਯਾਰ ਨ ਸੀ ਬੈਂਤ ਬੈਂਤ ਉੱਤੇ ਰੋਣ ਛੁੱਟ ਪੈਂਦਾ ਆਂਸੂ ਰੁਕਦੇ ਅੱਖਾਂ ਵਿੱਚ ਘਾਰ ਨ ਸੀ ਧੀਰਜ ਕਰਕੇ ਕਲਮ ਸੰਭਾਲਦਾ ਜਾਂ ਪੂਰੇ ਲਿਖ ਸਕਦਾ ਬੈਂਤ ਚਾਰ ਨ ਸੀ ਦਿਲ ਹੋ ਬੇਵਸਾ ਕਰਤਾਰ ਸਿੰਘਾ ਪੈਂਦਾ ਰੋ ਮੁੜ ਰਹਿੰਦੀ ਸੰਭਾਲ ਨ ਸੀ ਕਵੀ ਦਾ ਪਤਾ ਮੇਰਾ ਗਾਉਂ ਹੈ ਖ਼ਾਸ ਕਲਾਸ ਵਾਲਾ ਪਸਰੂਰ ਤਸੀਲ ਵਿਚਾਰ ਪਿਆਰੇ ਸ੍ਯਾਲਕੋਟ ਦਾ ਜ਼ਿਲਾ ਹੈ ਯਾਦ ਰੱਖੀਂ ਸਾਲ ਕੱਤੀਆਂ ਉਮਰ ਸੰਭਾਰ ਪਿਆਰੇ ਪਲਟਨ ਨੰਬਰ ਸੰਤਾਲੀ ਜੋ ਸਿੱਖਾਂ ਦੀ ਹੈ ਉਸ ਵਿਚ ਗ੍ਰੰਥੀ ਹਾਂ ਯਾਰ ਪਿਆਰੇ ਗੁਰੂ ਘਰ ਦੇ ਗ੍ਰੰਥ ਕਰਤਾਰ ਸਿੰਘਾ ਹੈ ਲਿਖਨ ਦਾ ਸ਼ੌਕ ਅਪਾਰ ਪਿਆਰੇ ਵਾਕ ਕਵੀ ਗਵਰਮਿੰਟ ਦਾ ਰਾਜ ਅਟੱਲ ਰਹੇ ਜਿਦ੍ਹੇ ਵਿੱਚ ਕੋਈ ਦੁੱਖ ਪਾਏ ਨਾਹੀਂ ਏਹੋ ਜੇਹੇ ਨ ਜ਼ੁਲਮ ਕੋਈ ਕਰ ਸੱਕੇ ਬੇ ਗੁਨਾਹਾਂ ਨੂੰ ਕੋਈ ਸਤਾਏ ਨਾਹੀਂ ਥਾਂਓ ਥਾਂਈ ਪਰਜਾ ਸੁਖ ਨਾਲ ਵੱਸੇ ਧੱਕਾ ਜ਼ੋਰ ਕਿਤੇ ਨਿਗ੍ਹਾ ਆਏ ਨਾਹੀਂ ਧਰਮੀ ਰਾਜ ਰਹੇ ਕੈਮ ਕਰਤਾਰ ਸਿੰਘਾ ਰੱਬ ਜ਼ਾਲਮਾਂ ਦਾ ਮੂੰਹ ਦਖਾਏ ਨਾਹੀਂ ਦੋਹਿਰਾ-ਜੋ ਲਿਖਵਾਯਾ ਸਤਿਗੁਰੂ, ਲਿਖ੍ਯਾ ਸੋਈ ਸੁਜਾਨ। ਆਪੋ ਬੋਲ ਨ ਜਾਣਦਾ ਮੂਰਖ ਮਤ ਅੰਞਾਨ। ਦੋਹਿਰਾ-ਸਾਲ ਉੱਨੀ ਸੌ ਸੱਤਰਵਾਂ ਛੱਬੀ ਮਾਹ ਵਸਾਖ । ਬੁਧਵਾਰ ਪੂਰਨ ਕਰੀ ਏਹ ਸ਼ਹੀਦੀ ਖ਼ਾਸ । ਦੋਹਿਰਾ-ਹੱਕ ਸੱਭੋ ਮੈਂ ਲਿਖ ਦਿੱਤੇ ਲੱਧਾ ਸਿੰਘ ਦੇ ਨਾਮ। ਹੱਕ ਜਮਾਏ ਕੋਈ ਨ ਇਸਤੇ ਖ਼ਾਸੋ ਆਮ । ਦੋਹਿਰਾ-ਭੇਟਾ ਕੀਤਾ ਪੰਥ ਦੀ ਏਹ ਭੀ ਗ੍ਰੰਥ ਬਨਾ। ਫ਼ਤ੍ਹੇ ਕਹੇ ਕਰਤਾਰ ਸਿੰਘ ਸਭ ਨੂੰ ਸੀਸ ਝੁਕਾ। ਸ੍ਰੀਮਾਨ ਜੀ ਏਸ ਨੂੰ ਜ਼ਰੂਰ ਪੜ੍ਹਨਾ ਸਤਿਗੁਰ ਜੀ ਚਲੇ ਗਏ ਵੱਲ ਦੱਖਨ ਦੇਸ਼ ਉੱਤੇ ਸਰਬੰਸ ਨੂੰ ਵਾਰ ਜਿਵੇਂ ਕੀਤੇ ਜ਼ੁਲਮ ਧੱਕੇ ਤੁਰਕ ਹਾਕਮਾਂ ਦੇ ਚਾਰੇ ਸਾਹਿਬਜ਼ਾਦੇ ਦਿੱਤੇ ਮਾਰ ਜਿਵੇਂ ਲਿਆ ਬੰਦੇ ਬਹਾਦੁਰ ਨੇ ਆਨ ਬਦਲਾ ਕੀਤੇ ਖ਼ਾਨ ਅਮੀਰ ਖ਼ੁਵਾਰ ਜਿਵੇਂ ਖ਼ਾਨਦਾਨ ਵਜੀਦੇ ਦਾ ਨਾਸ ਕਰਕੇ ਕੀਤੀ ਢਾਹ ਸਰੰਦ ਉਜਾੜ ਜਿਵੇਂ ਬਾਦਸ਼ਾਹਾਂ ਤੇ ਸਿੰਘਾ ਦਾ ਵੈਰ ਵਧਿਆ ਰਹੀ ਖੜਕਦੀ ਨਿੱਤ ਤਲਵਾਰ ਜਿਵੇਂ ਸੂਬੇ ਖ਼ਾਨ ਬਹਾਦਰ ਲਾਹੌਰ ਵਾਲੇ ਯਾਹਯੇ ਖਾਂ ਮੱਨੂੰ ਬਦਕਾਰ ਜਿਵੇਂ ਦਿੱਤੀ ਸਿੰਘਾਂ ਨੂੰ ਬਹੁਤ ਤਕਲੀਫ਼ ਏਹਨਾਂ ਜ਼ੋਸ਼ ਮਜ਼ਬੀ ਚਿਤ ਤੇ ਧਾਰ ਜਿਵੇਂ ਮਨੀ ਸਿੰਘ ਤਾਰੂ ਸਿੰਘ ਜਹੇ ਹਠੀ ਮਾਰੇ ਜ਼ਾਲਮਾਂ ਖੱਲ ਉਤਾਰ ਜਿਵੇਂ ਸਿਰ ਸਿੰਘਾਂ ਦੇ ਜਿਸ ਤਰ੍ਹਾਂ ਮੁਲ ਵਿਕੇ ਸ਼ਰਾ ਕੱਢਦੀ ਰਹੀ ਇਸ਼ਤਹਾਰ ਜਿਵੇਂ ਸਿੰਘਾਂ ਸਿੱਖੀ ਦਾ ਰੱਖ ਨਸ਼ਾਨ ਲਿਆ ਵੱਡੇ ਕਸ਼ਟ ਤੇ ਦੁੱਖ ਸਹਾਰ ਜਿਵੇਂ ਐਹਮਦਸ਼ਾਹ ਅਬਦਾਲੀ ਬਾਦਸ਼ਾਹ ਭੀ, ਆਯਾ ਸ਼ਾਹਜ਼ਮਾਨ ਕਈ ਵਾਰ ਜਿਵੇਂ ਹੋਯਾ ਦੇਸ ਪੰਜਾਬ ਬਰਬਾਦ ਸਾਰਾ ਆਉਂਦੇ ਰਹੇ ਗਿਲਜੇ ਬਾਰ ਬਾਰ ਜਿਵੇਂ ਰਲ ਦਿੱਲੀ ਤੇ ਕਾਬਲੀ ਬਾਦਸਾਹਾਂ ਕੀਤਾ ਹਿੰਦ ਨੂੰ ਸੀ ਲਾਚਾਰ ਜਿਵੇਂ ਧੀਆਂ ਭੈਣਾਂ ਤੇ ਦੌਲਤਾਂ ਲੁਟ ਖੜੀਆਂ ਏਸ ਦੇਸੋਂ ਪਠਾਨਾਂ ਕਈ ਵਾਰ ਜਿਵੇਂ ਮੁਸਲਮਾਨਾਂ ਦੇ ਵੇਲੇ ਦੇ ਉਜੜੇ ਪਏ ਥੇਹ ਦੇਸ ਵਿਚ ਕਈ ਹਜ਼ਾਰ ਜਿਵੇਂ ਸਿੰਘਾਂ ਡੱਕਿਆ ਕਾਬਲੀ ਬਾਦਸ਼ਾਹੀ ਨੂੰ ਕਈ ਬਰਸ ਤੇਗਾਂ ਮਾਰ ਮਾਰ ਜਿਵੇਂ ਦਿੱਲੀ ਖ਼ਾਲਸੇ ਨੇ ਢਿੱਲੀ ਕਰ ਦਿੱਤੀ ਹੋ ਸ਼ਹੀਦ ਗਏ ਬੇਸ਼ੁਮਾਰ ਜਿਵੇਂ ਸਿੰਘਾਂ ਲਿਆ ਪੰਜਾਬ ਦਾ ਰਾਜ ਸਾਰਾ ਜ਼ੋਰ ਤੇਗ਼ ਦੇ ਨਾਲ ਬਲਕਾਰ ਜਿਵੇਂ ਬਾਰਾਂ ਮਿਸਲਾਂ ਸਿੰਘਾਂ ਦੇ ਵਿਚ ਬਣੀਆਂ ਜ਼ੋਰ ਫੜ ਗਏ ਸਰਦਾਰ ਜਿਵੇਂ ਰਾਜ ਲਿਆ ਮਹਾਰਾਜੇ ਰਣਜੀਤ ਸਿੰਘ ਨੇ ਧਾਕਾਂ ਪਈਆਂ ਕਾਬਲ ਕੰਧਾਰ ਜਿਵੇਂ ਜਮਨਾ ਅਤੇ ਜਮਰੌਦ ਤਕ ਖ਼ਾਲਸੇ ਦਾ ਝੰਡਾ ਝੁਲਿਆ ਆਨ ਉਪਾਰ ਜਿਵੇਂ ਹਰੀ ਸਿੰਘ ਨਲੂਏ ਨੇ ਪਠਾਨਾਂ ਤਾਈਂ ਸਿੱਧੇ ਤੀਰ ਕੀਤਾ ਜ਼ੋਰ ਡਾਰ ਜਿਵੇਂ ਮਰੇ ਪਿੱਛੋਂ ਮਹਾਰਾਜੇ ਰਣਜੀਤ ਸਿੰਘ ਦੇ ਰੌਲਾ ਪਿਆ ਲਾਹੌਰ ਦ੍ਰਬਾਰ ਜਿਵੇਂ ਰਲ ਖੋਟੇ ਵਜ਼ੀਰਾਂ ਤਲੰਗਿਆਂ ਨੇ ਜਿੱਤੀ ਹੋਈ ਬਾਜ਼ੀ ਦਿੱਤੀ ਹਾਰ ਜਿਵੇਂ ਆਪੋ ਵਿਚ ਲੜ ਭਿੜ ਕੇ ਮਰ ਗਏ ਭੂਤੇ ਹੋਏ ਬੁਰਛੇ ਉਹ ਗਵਾਰ ਜਿਵੇਂ ਰਾਜ ਖਾਲਸੇ ਦਾ ਬਰਬਾਦ ਕੀਤਾ ਬੇੜਾ ਰੋਹੜ ਦਿੱਤਾ ਮੰਝਧਾਰ ਜਿਵੇਂ ਏਹ ਡੇਢ ਸੌ ਬਰਸ ਦੇ ਹਾਲ ਸਾਰੇ ਪੰਥ ਖ਼ਾਲਸੇ ਦੇ ਵਿਚਘਾਰ ਜਿਵੇਂ ਬੀਤੇ ਲਿਖੇ ਨੇ ਮੈਂ ਕਰਤਾਰ ਸਿੰਘਾ ਮੈਥੋਂ ਹੈਨ ਲਖਵਾਏ ਕਰਤਾਰ ਜਿਵੇਂ ਤਥਾ ਜੇਕਰ ਖ਼ਾਲਸਾ ਪੰਥ ਦੇ ਹਾਲ ਸਾਰੇ ਤੁਸੀਂ ਸਹਿਜੇ ਹੀ ਜਾਨਨੇ ਚਾਹੋ ਵੀਰੋ ਹੈਨ ਦਾਸ ਗ੍ਰੰਥ ਬਨਾਏ ਜੇਹੜੇ ਓਹਨਾਂ ਸਾਰਿਆਂ ਤਾਈਂ ਮੰਗਾਓ ਵੀਰੋ ਲਿਖੇ ਠੇਠ ਪੰਜਾਬੀ ਤੇ ਵਿਚ ਬੈਂਤਾਂ ਪਤੇ ਸਾਫ਼ ਛੇਤੀ ਸਮਝ ਜਾਓ ਵੀਰੋ ਜੋ ਕਰਨੀਆਂ ਸਿੰਘਾਂ ਨੇ ਕੀਤੀਆਂ ਨੇ ਆਪ ਪੜ੍ਹੋ ਲੋਕਾਂ ਨੂੰ ਸੁਨਾਓ ਵੀਰੋ ਹੈ ‘ਬੰਦਾਬਹਾਦੁਰ’ ਲੜੀ ਪਹਿਲੀ ਕਦਰ ਪੜ੍ਹਕੇ ਏਸਦਾ ਪਾਓ ਵੀਰੋ ‘ਸਿਦਕ ਖਾਲਸਾ’ ਦੂਸਰੀ ਲੜੀ ਹੈ ਜੇ ਸਿਦਕ ਸਿੰਘਾਂ ਦੇ ਵੇਖੋ ਵਖ਼ਾਓ ਵੀਰੋ 'ਤੇਗ਼ ਖ਼ਾਲਸਾ' ਤੀਸਰੀ ਲੜੀ ਸਮਝੋ ਜੌਹਰ ਜੰਗਾਂ ਦੇ ਪੜ੍ਹ ਸਲਾਹੋ ਵੀਰੋ ‘ਰਾਜ ਖਾਲਸਾ' ਹੈ ਲੜੀ ਖ਼ਾਸ ਚੌਥੀ ਪੜ੍ਹੋ ਏਸ ਨੂੰ ਰਖਕੇ ਚਾਓ ਵੀਰੋ ਹਾਲ ਸਾਰਾ ਮਹਾਰਾਜੇ ਰਣਜੀਤਸਿੰਘ ਦਾ ਏਹਦੇ ਵਿਚ ਲਿਖਿਆ ਨਾਲ ਭਾਓ ਵੀਰੋ ਚਹੁੰਆਂ ਹਿੱਸਿਆਂ ਦਾ ਸਫ਼ਾ ਯਾਰਾਂ ਸੌ ਤੋਂ ਕੁਝ ਹੈ ਵਧੀਕ ਦਿਲ ਲਾਓ ਵੀਰੋ ਹਿੱਸੇ ਚਾਰੇ ਇੱਕੋ ਜੇਡੇ ਬਣੇ ਸੋਹਣੇ ਮੁਲ ਥੋੜੇ ਹੀ ਹੈਨ ਮੰਗਵਾਓ ਵੀਰੋ ਭਗਤੀ ਪ੍ਰੇਮ ਦਾ ਭਗਤ ਪ੍ਰਹਿਲਾਦ ਕਿੱਸਾ ਓਹ ਬੀ ਪੰਜਵਾਂ ਨਾਲ ਰਲਾਓ ਵੀਰੋ ਸਾਹਿਬਜ਼ਾਦਿਆਂ ਦਾ ਪ੍ਰਸੰਗ ਸਾਰਾ ਛੇਵਾਂ ‘ਬੀਰ ਸਪੁੱਤ੍ਰ' ਗਨਾਓ ਵੀਰੋ ਸਤਵਾਂ ਜੀਵਨ ਚਰਿਤ੍ਰ ਦਸਮੇਸ਼ ਜੀ ਦਾ ‘ਦਸਮੇਸ਼ ਪ੍ਰਕਾਸ਼' ਤਕਾਓ ਵੀਰੋ ਲੱਧਾ ਸਿੰਘ ਦੀ ਖ਼ਾਸ ਦੁਕਾਨ ਉੱਤੇ ਏਹ ਮਿਲਨ ਸਾਰੇ ਸਸਤੇ ਭਾਓ ਵੀਰੋ ਹੈ ਮਸ਼ਹੂਰ ਦੁਕਾਨ ਲਾਹੌਰ ਵਾਲੀ ਚਾਹੋ ਹੋਰ ਜੋ ਚੀਜ਼ ਲਖਾਓ ਵੀਰੋ ਮੈਂ ਕਰੀ ਮੇਹਨਤ ਤੁਸੀਂ ਪੜ੍ਹੋ ਸੁਣੋ ਪਿੰਡ ਪਿੰਡ ਪ੍ਰਚਾਰ ਫੈਲਾਓ ਵੀਰੋ ਘਰ ਘਰ ਦੇ ਵਿੱਚ ਕਰਤਾਰ ਸਿੰਘਾ ਬੀਤੇ ਸਿੰਘਾਂ ਦੇ ਹਾਲ ਪੁਚਾਓ ਵੀਰੋ ਹੱਕ ਕਾਪੀ ਰਾਇਟ ਦੇ ਦਿੱਤਾ ਜੌਹਰਿ ਖ਼ਾਲਸਾ ਦੇ ਪੂਰੇ ਹੋ ਗਏ ਵੱਖੋ ਵੱਖ ਹਿੱਸੇ ਸੋਹਣੇ ਚਾਰ ਭਾਈ ਪੈਹਲਾ ਬੰਦਾ ਬਹਾਦੁਰ ਹੈ ਸਮਝ ਲੈਣਾ ਸਿਦਕ ਖ਼ਾਲਸਾ ਦੂਸਰਾ ਧਾਰ ਭਾਈ ਤੇਗ਼ ਖ਼ਾਲਸਾ ਤੀਸਰਾ ਹੈ ਹਿੱਸਾ ਰਾਜ ਖ਼ਾਲਸਾ ਚੌਥਾ ਵਿਚਾਰ ਭਾਈ ਬੜੀਆਂ ਮੇਹਨਤਾਂ ਦੇ ਨਾਲ ਹੋਏ ਪੂਰੇ ਕੀਤੀ ਦਯਾ ਬੜੀ ਕਰਤਾਰ ਭਾਈ ਮੇਰੇ ਪਾਸ ਸੀ ਇਨ੍ਹਾਂ ਦੇ ਹੱਕ ਪੈਹਲਾਂ ਸਮਝ ਲੌ ਕਾਨੂੰਨ ਅਨੁਸਾਰ ਭਾਈ ਹੁਣ ਦੇ ਦਿੱਤੇ ਲੱਧਾ ਸਿੰਘ ਤਾਈਂ ਲੈ ਲਿਆ ਹੈ ਇਕ ਹਜ਼ਾਰ ਭਾਈ ਹੱਕ ਕਾਪੀ ਰਾਈਟ ਸਾਰਾ ਦੇ ਦਿੱਤਾ ਕਰ ਰਜਿਸਟ੍ਰੀ ਵਿੱਚ ਸਰਕਾਰ ਭਾਈ ਸਾਰੇ ਹੱਕ ਹੁਣ ਇਨ੍ਹਾਂ ਤੋਂ ਲੱਧਾ ਸਿੰਘ ਦੇ ਛਾਪੇ ਵੇਚੇ ਓਹਦੇ ਅਖਤ੍ਯਾਰ ਭਾਈ ਨਾ ਵਧਾ ਘਟਾ ਅਖਤ੍ਯਾਰ ਮੇਰੇ ਏਹ ਕਰ ਲਿਆ ਇਕਰਾਰ ਭਾਈ ਕਾਇਮ ਰਹੇ ਹੈਸੀਅਤ ਏਸੇ ਤਰ੍ਹਾਂ ਪਾਵੇ ਰਤੀ ਨ ਕੋਈ ਵਿਗਾੜ ਭਾਈ ਚਾਰੇ ਏ ਗ੍ਰੰਥ ਪ੍ਰਹਿਲਾਦ ਨਾਲੋਂ ਉਰਦੂ ਗੁਰਮੁਖੀ ਨੱਚੇ ਦੀ ਨਾਰ ਭਾਈ ਦਿੱਤਾ ਬੀਰ ਸਪੁੱਤ੍ਰ ਵਿੱਚ ਦੋਸਤੀ ਦੇ ਜੌਹਿਰ ਜਿਸਦੇ ਅਪਰ ਅਪਾਰ ਭਾਈ ਹੱਕ ਸਭਨਾਂ ਤੇ ਹੋਯਾ ਲੱਧਾ ਸਿੰਘ ਦਾ ਮੈਂ ਸੁਣਾ ਦਿੱਤਾ ਹੈ ਪੁਕਾਰ ਭਾਈ ਕੋਈ ਦੂਸਰਾ ਸ਼ਖਸ਼ ਨ ਹੱਥ ਪਾਵੇ ਨਫ਼ਾ ਖੱਟਣੇ ਦਾ ਲੋਭ ਧਾਰ ਭਾਈ ਉਰਦੂ, ਨਾਗਰੀ, ਗੁਰਮੁਖੀ ਕਿਸੇ ਹਰਫ਼ਾਂ ਵਿੱਚ ਛਾਪੇ ਨ ਛਾਪਨੇਹਾਰ ਭਾਈ ਜੇਹੜਾ ਕਰੇਗਾ ਉਲਟ ਨੁਕਸਾਨ ਪਾਸੀ ਹੋ ਕਾਨੂੰਨ ਦਾ ਚੋਰ ਬੁਰਯਾਰ ਭਾਈ ਜਿੱਨੂ ਲੋੜ ਲਵੇ ਲੱਧਾ ਸਿੰਘ ਪਾਸੋਂ ਜਿੱਥੇ ਚਾਹੇ ਗ੍ਰੰਥ ਵਿਹਾਰ ਭਾਈ ਮੈਂ ਏਹ ਲਿੱਖ ਦਿੱਤਾ ਕਰਤਾਰ ਸਿੰਘ ਸੋਚ ਸਮਝ ਲੈਣਾ ਸਮਝਦਾਰ ਭਾਈ ਕਵੀ ਵਲੋਂ ਢੰਡੋਰਾ ! ਸਾਫ਼ ਸੁਧ ਵਿਹਾਰ ਫ਼ਰੇਬ ਬਿਨਾਂ ਖ੍ਰੀਦਾਰਾਂ ਦੇ ਹੁਕਮ ਬਜਾਏ ਸੋਹਣੇ ਚੌਦਾਂ ਸਾਲ ਤੋਂ ਨਾਲ ਵਿਹਾਰ ਮੇਰੇ ਡਿੱਠਾ ਆਪਣੇ ਕੰਮ ਨਭਾਏ ਸੋਹਣੇ ਅੱਜ ਤੱਕ ਮੈਂ ਜਿੰਨੇ ਗਰੰਥ ਰਚੇ ਲੱਧਾ ਸਿੰਘ ਸਾਰੇ ਛਪਵਾਏ ਸੋਹਣੇ ਮੈਂ ਠੋਕ ਵਜਾ ਵਿਹਾਰ ਪਾਯਾ ਗੁਣ ਕਈ ਅੱਛੇ ਅਜ਼ਮਾਏ ਸੋਹਣੇ ਅੰਦਰ ਬੈਠ ਮੇਰੇ ਨਾਲ ਸੁਖਨ ਕੀਤੇ ਅੱਜ ਤਕ ਉਹ ਤੋੜ ਚੜ੍ਹਾਏ ਸੋਹਣੇ ਕੀਤਾ ਮੈਂ ਨ ਫਰਕ ਕਰਤਾਰਸਿੰਘਾ ਕਤਰੇ ਖ਼ੂਨ ਚੋਕੇ ਝੋਲੀ ਪਾਏ ਸੋਹਣੇ ਕਵੀ ਵੱਲੋਂ ਪ੍ਰੇਮ ਪੱਤ੍ਰ ਕੁੰਡਲੀ-ਲਾਖੋਂ ਮੁਝ ਕੋ ਆ ਗਏ ਰਹੀ ਸਬੂਤ ਪ੍ਰੀਤ। ਲਹਿਣਾ ਸੀ ਸੋ ਲੈ ਲਿਆ ਲਾਭ ਲਵੋ ਤੁਮ ਮੀਤ । ਲਾਭ ਲਵੋ ਤੁਮ ਮੀਤ ਪੁਸ਼ਤ ਦਰ ਪੁਸ਼ਤ ਕਮਾਵੋ। ਤੁਛ ਰਕਮ ਯਾਹਿ ਦਈ, ਨ ਇਸ ਕੋ ਦਿਲ ਮੇਂ ਲਾਵੋ। ਖ਼ੂਨ ਜਿਗਰ ਕਾ ਚੋਇ ਆਪਣੇ ਆਗੇ ਰਾਖੋਂ । ਰਹੀ ਪ੍ਰੀਤ ਫਿਰ ਕੈਮ ਯਹੀ ਮੈਂ ਖਾਟੇ ਲਾਖੋਂ। ਇਤਆਦਿਕ ਦਸਖਤ-ਭਾਈ ਕਰਤਾਰ ਸਿੰਘ, ਯਾਨੀ ਗ੍ਰੰਥੀ ਕਲਾਸ ਵਾਲੀਆ, ਪਲਟਨ ਨੰ: ੪੭ ਸਿੱਖ ਪ੍ਰਕਾਸ਼ਕ:-ਭਾਈ ਲੱਧਾ ਸਿੰਘ ਕਰਤਾਰ ਸਿੰਘ ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਪ੍ਰਿੰਟਰ-ਸ: ਹਰਭਜਨ ਸਿੰਘ ਇੰਦ੍ਰਜੀਤ ਪ੍ਰਿੰਟਿੰਗ ਪ੍ਰੈਸ ਬਜ਼ਾਰ ਧੋਬੀਆਂ ਅੰਮ੍ਰਿਤਸਰ

  • ਮੁੱਖ ਪੰਨਾ : ਕਾਵਿ ਰਚਨਾਵਾਂ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ