Bijlian De Haar : Bhai Vir Singh

ਬਿਜਲੀਆਂ ਦੇ ਹਾਰ : ਭਾਈ ਵੀਰ ਸਿੰਘ

1. ਉੱਚੀ ਹੁਣ

'ਬੀਤ ਗਈ' ਦੀ ਯਾਦ
ਪਈ ਹੱਡਾਂ ਨੂੰ ਖਾਵੇ,
'ਔਣ ਵਾਲਿ' ਦਾ ਸਹਿਮ
ਜਾਨ ਨੂੰ ਪਿਆ ਸੁਕਾਵੇ,
'ਹੁਣ ਦੀ' ਛਿਨ ਨੂੰ ਸੋਚ
ਸਦਾ ਹੀ ਖਾਂਦੀ ਜਾਵੇ,-
'ਗਈ' ਤੇ 'ਜਾਂਦੀ', 'ਜਾਇ',
ਉਮਰ ਏ ਵਯਰਥ ਵਿਹਾਵੇ:

'ਯਾਦ' 'ਸਹਿਮ' ਤੇ 'ਸੋਚ' ਨੂੰ
ਹੇ 'ਕਾਲ ਅਕਾਲ' ਸਦਾ ਤੁਹੀਂ !
ਤ੍ਰੈ ਕਾਲ ਭੁੱਲ ਤੋਂ ਕੱਢ ਕੇ
'ਹੁਣ ਉੱਚੀ' ਵਿਚ ਟਿਕਾ ਦਈਂ ।

2. ਅੱਜ

'ਕੱਲ੍ਹ' ਚੁੱਕੀ ਹੈ ਬੀਤ
ਵੱਸ ਤੋਂ ਦੂਰ ਨਸਾਈ,
'ਭਲਕ' ਅਜੇ ਹੈ ਦੂਰ
ਨਹੀਂ ਵਿਚ ਹੱਥਾਂ ਆਈ,
'ਅੱਜ' ਅਸਾਡੇ ਕੋਲ
ਵਿੱਚ ਪਰ ਫ਼ਿਕਰਾਂ ਲਾਈ,
'ਕੱਲ੍ਹ' 'ਭਲਕ' ਨੂੰ ਸੋਚ
'ਅੱਜ' ਇਹ ਮੁਫ਼ਤ ਗੁਆਈ ।

ਹੋ ! ਸੰਭਲ ਸੰਭਾਲ ਇਸ ਅੱਜ ਨੂੰ,
ਇਹ ਬੀਤੇ 'ਮਹਾਂ ਰਸ' ਪੀਂਦਿਆਂ,
'ਹਰਿ ਰਸ' ਵਿਚ ਮੱਤੇ ਖੀਵਿਆਂ,
'ਹਰਿਰੰਗ', 'ਹਰਿਕੀਰਤ' ਚਉਂਦਿਆਂ ।

3. ਸਮਾਂ

ਰਹੀ ਵਾਸਤੇ ਘੱਤ
'ਸਮੇਂ' ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ
'ਸਮੇਂ' ਖਿਸਕਾਈ ਕੰਨੀ,
ਕਿਵੇਂ ਨ ਸੱਕੀ ਰੋਕ
ਅਟਕ ਜੋ ਪਾਈ ਭੰਨੀ,
ਤ੍ਰਿੱਖੇ ਅਪਣੇ ਵੇਗ
ਗਿਆ ਟੱਪ ਬੰਨੇ ਬੰਨੀ,-

ਹੋ ! ਅਜੇ ਸੰਭਾਲ ਇਸ 'ਸਮੇਂ' ਨੂੰ
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨ ਜਾਣਦਾ
ਲੰਘ ਗਿਆ ਨ ਮੁੜਕੇ ਆਂਵਦਾ ।

4. ਮਹਿੰਦੀ ਦੇ ਬੂਟੇ ਕੋਲ

ਮਹਿੰਦੀਏ ਨੀ ਰੰਗ ਰੱਤੀਏ ਨੀ !
ਕਾਹਨੂੰ ਰਖਿਆ ਈ ਰੰਗ ਲੁਕਾ ਸਹੀਏ !
ਹੱਥ ਰੰਗ ਸਾਡੇ ਸ਼ਰਮਾਕਲੇ ਨੀ
ਵੰਨੀ ਅੱਜ ਸੁਹਾਗ ਦੀ ਲਾ ਲਈਏ,
ਗਿੱਧੇ ਮਾਰਦੇ ਸਾਂ ਜਿਨ੍ਹਾਂ ਨਾਲ ਹੱਥਾਂ
ਰੰਗ ਰੱਤੜੇ ਦੇ ਗਲੇ ਪਾ ਦੇਈਏ,-
ਗਲ ਪਾ ਗਲਵੱਕੜੀ ਖੁਹਲੀਏ ਨਾ,
ਰੰਗ ਲਾ ਰੰਗ-ਰੱਤੜੇ ਸਦਾ ਰਹੀਏ ।

5. ਅਣਡਿੱਠਾ ਰਸ-ਦਾਤਾ

ਬੁੱਲ੍ਹਾਂ ਅਧਖੁੱਲ੍ਹਿਆਂ ਨੂੰ, ਹਾਇ
ਮੇਰੇ ਬੁੱਲ੍ਹਾਂ ਅਧਮੀਟਿਆਂ ਨੂੰ
ਛੁਹ ਗਿਆ ਨੀ, ਲਗ ਗਿਆ ਨੀ,-
ਕੌਣ, ਕੁਛ ਲਾ ਗਿਆ ?
ਸਵਾਦ ਨੀ ਅਗੰਮੀ ਆਇਆ
ਰਸ ਝਰਨਾਟ ਛਿੜੀ,
ਲੂੰ ਲੂੰ ਲਹਿਰ ਉੱਠਿਆ
ਤਾਂ ਕਾਂਬਾ ਮਿੱਠਾ ਆ ਗਿਆ ।
ਹੋਈ ਹਾਂ ਸੁਆਦ ਸਾਰੀ,
ਆਪੇ ਤੋਂ ਮੈਂ ਆਪ ਵਾਰੀ,-
ਐਸੀ ਰਸਭਰੀ ਹੋਈ
ਸਵਾਦ ਸਾਰੇ ਧਾ ਗਿਆ ।

ਹਾਏ, ਦਾਤਾ ਦਿੱਸਿਆ ਨਾ
ਸਵਾਦ ਜਿਨ੍ਹੇ ਦਿੱਤਾ ਅੇਸਾ,
ਦੇਂਦਾ ਰਸ-ਦਾਨ ਦਾਤਾ
ਆਪਾ ਕਿਉਂ ਲੁਕਾ ਗਿਆ ?

6. ਤ੍ਰੇਲ ਦਾ ਤੁਪਕਾ

ਮੋਤੀ ਵਾਂਙੂ ਡਲ੍ਹਕਦਾ
ਤੁਪਕਾ ਇਹ ਜੋ ਤ੍ਰੇਲ
ਗੋਦੀ ਬੈਠ ਗੁਲਾਬ ਦੀ
ਹਸ ਹਸ ਕਰਦਾ ਕੇਲ;
ਵਾਸੀ ਦੇਸ਼ ਅਰੂਪ ਦਾ
ਕਰਦਾ ਪਯਾਰ ਅਪਾਰ,
ਰੂਪਵਾਨ ਹੈ ਹੋ ਗਿਆ
ਪਯਾਰੀ ਗੋਦ ਵਿਚਾਲ ।
ਅਰਸ਼ੀ ਕਿਰਨ ਇਕ ਆਵਸੀ,
ਲੈਸੀ ਏਸ ਲੁਕਾਇ,
ਝੋਕਾ ਮਤ ਕੁਈ ਪੌਣ ਦਾ
ਦੇਵੇ ਧਰਤਿ ਗਿਰਾਇ ।

ਨਿੱਤ ਪਯਾਰ ਖਿਚ ਲਯਾਂਵਦਾ
ਕਰੇ ਅਰੂਪੋਂ ਰੂਪ;
ਅਰਸ਼ੀ ਪ੍ਰੀਤਮ ਹੈ ਕੁਈ
ਨਿਤ ਫਿਰ ਕਰੇ ਅਰੂਪ ।

7. ਗਯਾਨ ਅਗਯਾਨ

ਕੁਛ ਜਾਣਿਆ ਆਖਿਆ ਜਾਣ ਲੀਤਾ,
ਕੋਈ ਨਾਉਂ ਬੀ ਆਪ ਬਣਾ ਲਿੱਤਾ,
ਧਯਾਨ ਓਸਦੇ ਵਿੱਚ ਨਾ ਰਤੀ ਰਹਿਆ,
ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ,
ਜਦੋਂ ਬਹਿਸ ਹੋਵੇ, ਹਿਕੇ ਕਥਾ ਕਰਨੀ,
ਤਦੋਂ ਗਯਾਨ ਦਾ ਢੋਲ ਵਜਾ ਦਿੱਤਾ,
ਏਸ ਗਯਾਨ ਨਾਲੋਂ ਅਗਯਾਨ ਚੰਗਾ,
ਲਗਤਾਰ ਜੇ ਧਯਾਨ ਲਗਾ ਲਿੱਤਾ ।

ਕੁਛ ਜਾਣਿਆ ਕੇ ਕੁਛ ਜਾਣਿਆਂ ਨਾ,
ਨਾਉਂ ਧਰਨ ਦੀ ਜਾਚ ਨਾ ਰਤੀ ਆਈ,
ਕਰ ਲਿਆ ਪ੍ਰਤੀਤ ਪਰ ਅੰਦ੍ਰਲੇ ਨੇ,
ਇਥੇ 'ਅਸਲ' ਹੈ ਅਸਲ, ਇਕ ਅਸਲ ਭਾਈ !
ਏਸ 'ਅਸਲ' 'ਅਨੰਤ' ਵਲ ਲੌ ਲਗੀ,
ਧਯਾਨ ਲਗਾਤਾਰ ਏਸ ਵਲ ਧਾਇਆ ਈ,
ਗਯਾਨ ਵਾਰ ਸੁੱਟੋ ਇਸ ਅਗਯਾਨ ਉੱਤੋਂ,
ਇਹ ਅਗਯਾਨ ਹੀ ਅਸਾਂ ਨੂੰ ਭਾਇਆ ਈ ।

8. ਵਲਵਲਾ

ਜਿਨ੍ਹਾਂ ਉਚਯਾਈਆਂ ਉਤੋਂ
'ਬੁੱਧੀ' ਖੰਭ ਸਾੜ ਢੱਠੀ,
ਮੱਲੋ ਮੱਲੀ ਓਥੇ ਦਿਲ
ਮਾਰਦਾ ਉਡਾਰੀਆਂ;

ਪਯਾਲੇ ਅਣਡਿੱਠੇ ਨਾਲ
ਬੁੱਲ੍ਹ ਲੱਗ ਜਾਣ ਓਥੇ
ਰਸ ਤੇ ਸਰੂਰ ਚੜ੍ਹੇ
ਝੂੰਮਾਂ ਆਉਣ ਪਯਾਰੀਆਂ;

"ਗਯਾਨੀ" ਸਾਨੂੰ, ਹੋੜਦਾ ਤੇ
"ਵਹਿਮੀ ਢੋਲਾ" ਆਖਦਾ ਏ,
"ਮਾਰੇ ਗਏ ਜਿਨ੍ਹਾਂ ਲਾਈਆਂ
ਬੁੱਧੋਂ ਪਾਰ ਤਾਰੀਆਂ !"

" ਬੈਠ ਵੇ ਗਿਆਨੀ ! ਬੁੱਧੀ-
ਮੰਡਲੇ ਦੀ ਕੈਦ ਵਿੱਚ,
'ਵਲਵਲੇ ਦੇ ਦੇਸ਼' ਸਾਡੀਆਂ
ਲੱਗ ਗਈਆਂ ਯਾਰੀਆਂ ।"

9. ਰਸ-ਰੱਤਿਆਂ ਦੀ ਖੋਜ

ਸਾਨੂੰ ਰਮਜ਼ ਮਿਲੀ ਸਰਕਾਰੋਂ,
ਇਕ ਸੈਨਤ ਧੁਰ ਸਰਕਾਰੋਂ-
ਇਕ ਸੈਨਤ ਧੁਰ ਦਰਬਾਰੋਂ,
ਇਕ ਭੇਤ ਧੁਰ ਦਰਬਾਰੋਂ ।
ਇਸ ਸੈਨਤ ਸੋਝੀ ਪਾਈ,
ਇਸ ਸੋਝੀ ਨੇ ਹੋਸ਼ ਗੁਆਈ,
ਇਕ ਲਟਕ ਬਿਹੋਸ਼ੀ ਦੀ ਲਾਈ,
ਇਕ ਮਟਕ ਉਡਾਰੀ ਦੀ ਆਈ,
ਇਕ ਝੂੰਮ ਛਿੜੀ ਰਸਭਿੱਨੀ,
ਇਕ ਖਿਰਨ ਛਿੜੀ ਰੰਗ ਵੰਨੀ,
ਇਕ ਝਰਨ ਝਰਨ ਝਰਨਾਈ,
ਕੁਛ ਥਰਰ ਥਰਰ ਥਰਰਾਈ,
ਜਿਵੇਂ ਠਾਠ-ਤਰਬ ਥਰਰਾਂਦਾ,
ਰਸ ਭਰਿਆ ਰਸ ਬਣ ਜਾਂਦਾ ।
ਵੇ ਮੈਂ ਕਮਲੀ ਕਮਲੀ ਹੋਈ,
ਜਿਉਂ ਤਰਬ ਕੰਬਦੀ ਕੋਈ ।
ਕੋਈ ਪੁੱਛੇ ਤਾਂ ਤਾਰ ਕੀ ਬੋਲੇ,
ਦਿਲ ਭੇਤ ਨੂੰ ਤਾਰ ਕੀ ਖੋਲ੍ਹੇ ?
ਉਹ ਤੇ ਥਰਰ ਥਰਰ ਥਰਰਾਂਦੀ,
ਰਸ ਹੋ ਰਸ ਬੋਲ ਰਸਾਂਦੀ ।
ਵੇ ਜੋ ਰੂਪ ਰਾਗ ਦਾ ਹੋਏ,
ਮੀਂਡ ਵਾਂਗ ਓ ਖਿੱਚ ਖਿਚੋਏ ।
ਪੰਛੀ-ਮਾਰਗ ਦੀ ਕੀ ਵੇ ਨਿਸ਼ਾਨੀ,
ਰਸ-ਰੱਤਿਆਂ ਦੀ ਖੋਜ ਮੁਕਾਨੀ ।

(ਤਰਬ=ਤਾਰ)

10. ਮੋੜ ਨੈਣਾਂ ਦੀ ਵਾਗ ਵੇ

ਮੋੜ ਨੈਣਾਂ ਦੀ ਵਾਗ ਵੇ !
ਮਨ ਮੋੜ ਨੈਣਾਂ ਦੀ ਵਾਗ ਵੇ ।ਟੇਕ।
ਏਹ ਹਰਿਆਰੇ ਫਸ ਫਸ ਜਾਂਦੇ
ਰੂਪ ਫਬਨ ਦੇ ਬਾਗ਼ ਵੇ,
ਮੁੜ ਘਰ ਆਵਣ ਜਾਚ ਨ ਜਾਣਨ
ਮਿੱਠੇ ਮਖ ਦੇ ਵਾਂਗ ਵੇ,

ਨੈਣ ਨੈਣਾਂ ਵਿਚ ਘੁਲ ਮਿਲ ਜਾਂਦੇ
ਚਾਨਣ ਜਿਉਂ ਦੁ-ਚਰਾਗ਼ ਵੇ,
ਠਗ ਇਕ ਨੈਣ ਵਸਣ ਉਸ ਉਪਬਨ
ਨੈਣ ਜਿਵੇਂ ਠਗ ਨਾਗ ਵੇ,-

ਭੋਲੇ ਨੈਣ ਤੇਰੇ ਜੇ ਆਏ,
ਇਨ੍ਹ ਨੈਣਾਂ ਦੇ ਲਾਗ ਵੇ,
ਘੇਰ ਨੈਣਾਂ ਦੀ ਨੈਣ ਫਸਣਗੇ
ਨੈਂ ਨ ਸਕਣ ਏ ਝਾਗ ਵੇ,

ਨੈਣ ਨੈਣਾਂ ਵਿਚ ਫਸੇ ਨ ਨਿਕਲੇ
ਨੈਣ ਨੈਣਾਂ ਦਾ ਰਾਗ ਵੇ ।

ਮੋਹੇ ਨੈਣ ਮੋਹਿੰਦੇ ਦਿਲ ਨੂੰ
ਲਾਣ ਪ੍ਰੀਤ ਦਾ ਦਾਗ਼ ਵੇ,
ਦਾਗ਼ੇ ਗਏ ਸੁ ਮੁੜਨ ਨ ਪਿੱਛੇ
ਸਿਰ ਦੇ ਖੇਲਣ ਫਾਗ ਵੇ:

ਜੇ ਵੇ ਮਨਾਂ ਤੈਨੂੰ ਲੋੜ ਆਪਣੀ
ਮੋੜ ਨੈਣਾਂ ਦੀ ਵਾਗ ਵੇ !

ਜੇ ਛਬੀਆਂ ਤੋਂ ਅੰਮ੍ਰਿਤ ਖਿੰਚੇਂ
ਸਿੰਚੇਂ ਆਤਮ ਬਾਗ਼ ਵੇ,
ਖਿੜਿਆ ਦੇਖੇਂ ਅੰਮ੍ਰਿਤ ਸਾਰੇ
ਥਿਰਿਆ ਸੀਸ ਸੁਹਾਗ ਵੇ,
ਖੁੱਲ੍ਹੇ ਛਡਦੇ ਨੈਣ ਮਨਾਂ ਤੂੰ
ਮੋੜ ਨ ਨੈਣਾਂ ਵਾਗ ਵੇ:
ਫਿਰ ਮੋੜ ਨ ਨੈਣਾਂ ਵਾਗ ਵੇ !

11. ਐਤਕੀ ਗੁਲਦਾਊਦੀਆਂ ਨਹੀਂ ਆਈਆਂ ?

ਪ੍ਰਸ਼ਨ-

ਛੱਤ-ਬਗੀਚੇ ਐਸ ਸਾਲ ਹਨ
ਸੁੰਞਾਂ ਕਿਉਂ ਵਰਤਾਈਆਂ ?
ਗੁਲਦਾਉਦੀਆਂ ਅੱਗੇ ਵਾਂਙੂ
ਕਿਉਂ ਏਥੇ ਨਹੀਂ ਆਈਆਂ ?

ਉੱਤਰ-

ਗੁਲਦਾਊਦੀਆਂ ਸਹੀਆਂ ਸਾਡੀਆਂ
ਅਰਸ਼ੋਂ ਸਨ ਟੁਰ ਆਈਆਂ,
ਰਸਤੇ-ਮਾਰ ਇੰਦ੍ਰ ਨੇ ਰਸਤੇ
ਸੁਹਣੀਆਂ ਰੋਕ ਰਹਾਈਆਂ ।
ਬੱਦਲ ਭੇਜ ਕਟਕ ਦੇ ਉਸਨੇ
ਸੜਕਾਂ ਸੱਭ ਰੁਕਾਈਆਂ,
ਬਿੱਜਲੀਆਂ ਦੇ ਮਾਰ ਕੜਾਕੇ
ਸੁਹਣੀਆਂ ਸਹਿਮ ਡਰਾਈਆਂ,
ਮੁਹਲੇ ਧਾਰ ਵਰ੍ਹਾਈ ਬਰਖਾ
ਅਰਸ਼ਾਂ ਨੀਰ ਭਰਾਈਆਂ,
ਧਰਤੀ ਤੇ ਜਲ ਥਲ ਕਰ ਦਿੱਤੇ
ਬੂਟੀਆਂ ਮਾਰ ਸੁਕਾਈਆਂ,-
ਸੁਹਣੀਆਂ ਗੁਲਦਾਊਦੀਆਂ ਸਾਡੀਆਂ
ਇੰਦਰ ਬੰਨ੍ਹ ਬਹਾਈਆਂ,
ਸੁਰਗ ਪੁਰੀ ਵਿਚ ਇੰਦਰ ਭਾਵੇਂ
ਅਪਣੇ ਬਾਗ਼ ਲਗਾਈਆਂ:
ਐਸ ਸਾਲ ਪਰ ਧਰਤੀ ਉਤੇ
ਸੁਹਣੀਆਂ ਹਨ ਨਹੀਂ ਆਈਆਂ,
ਸੁੰਞਾਂ ਅੱਜ ਬਗ਼ੀਚੇ ਸਾਡੇ
ਇੰਦਰ ਨੇ ਵਰਤਾਈਆਂ ।

12. ਉਡੀਕ

ਆਖ ਗਿਆ ਢੋਲਾ ਲੌਢੇ ਪਹਿਰ ਆਸਾਂ,
ਲੌਢਾ-ਪਹਿਰ ਆਇਆ, ਢੋਲਾ ਨਹੀਂ ਆਇਆ !
ਆਖ ਘੱਲਿਓ ਸੂ ਸੰਝਾਂ ਪਈ ਆਸਾਂ
ਸੰਝਾਂ ਸਮਾਂ ਆਇਆ, ਢੋਲਾ ਨਹੀਂ ਆਇਆ ।
ਗਿਣਤੀ ਗਿਣਦਿਆਂ ਨੂੰ ਰਾਤ ਬੀਤ ਲੱਥੀ,
ਬੱਗਾ ਦੇਹੁੰ ਆਇਆ, ਢੋਲਾ ਨਹੀਂ ਆਇਆ !
ਬੱਦਲ ਮੁਲਖਾਂ ਦੇ ਜੁੜੇ ਮੀਂਹ ਆਣ ਲੱਥੇ,
ਅਜੇ ਨਹੀਂ ਆਇਆ, ਢੋਲਾ ਨਹੀਂ ਆਇਆ !

13. ਕਮਲ ਗੋਦੀ ਵਿਚ ਤ੍ਰੇਲ ਮੋਤੀ

ਕਮਲ ਪੱਤ ਤੇ ਪਿਆ ਹਾਂ ਮੈਂ ਹਾਂ ਮੋਤੀ ਤ੍ਰੇਲ
ਝੂੰਮਾਂ ਜੀਕੂੰ ਨੀਰ ਤੇ ਪੱਤਾ ਕਰਦਾ ਕੇਲ,-
ਸੂਰਜ ਰਿਸ਼ਮ ਪੁਰੋਤੜਾ ਹੇਠਾਂ ਉਤਰਯਾ ਆਣ,
ਸੋਨੇ ਤਾਰ ਪੁਰੋਤੜੇ ਮੋਤੀ ਵਾਂਙੂੰ ਜਾਣ,
ਡਲ੍ਹਕਾਂ 'ਗੋਦੀ-ਕਮਲ' ਮੈਂ ਚਮਕਾਂ ਤੇ ਥਰਰਾਉਂ,
ਜੀਕੂੰ ਖਿੜੀ ਸਵੇਰ ਦੀ ਕਿਰਨ ਦਏ ਲਹਿਰਾਉ ।
ਭਾਗ ਭਰੇ ਜਿਸ ਹੱਥ ਨੇ ਪਲਮਾਇਆ ਮੈਂ ਹੇਠ,
ਸਭ ਨੂਰਾਂ ਦਾ ਹੱਥ ਉਹ ਕਾਦਰ, ਮਾਲਕ, ਸੇਠ,
ਉਹੋ ਸੁਹਾਵਾ ਹੱਥ ਹੈ ਸ਼ਾਹ ਮੇਰੇ ਦਾ ਹੱਥ,
ਸਾਰੇ ਹੱਥ ਉਸ ਹੱਥ ਦੇ ਰਹਿੰਦੇ ਹੇਠਾਂ ਹੱਥ;
ਕਮਲ ਗੋਦ ਅੱਜ ਖੇਡਦਾ ਰਖਿਆ ਮੈਂ ਉਸ ਹੱਥ,
ਕਲ ਪਰ ਗੋਦੀ ਓਸਦੀ ਖੇਡਾਂਗਾ ਛਡ ਵਿੱਥ:
ਘੱਲੇ, ਸੱਦੇ ਪਾਤਸ਼ਾਹ, ਏਥੇ ਓਥੇ ਆਪ,-
ਅਮਰ ਖੇਡ ਮੈਂ ਓਸਦੀ ਖੇਡ ਖਿਡਾਵੇ ਬਾਪ ।

14. ਨਾ ਹੋਇ ਉਹਲੇ

ਲੱਗੇ ਪਯਾਰ ਤਾਂ ਪਯਾਰੜਾ ਪਾਸ ਵੱਸੇ,
ਕਦੇ ਅੱਖੀਆਂ ਤੋਂ ਨਾ ਹੋਇ ਉਹਲੇ,
ਕਦੇ ਅੱਖੀਆਂ ਤੋਂ ਜੇ ਹੋਇ ਉਹਲੇ,
ਸੂਰਤ ਓਸਦੀ ਦਿਲੋਂ ਨਾ ਹੋਇ ਉਹਲੇ,
ਸੂਰਤ ਓਸਦੀ ਦਿਲੋਂ ਜੇ ਹੋਇ ਉਹਲੇ,
ਨਾਮ ਜੀਭ ਉਤੋਂ ਨਾ ਹੋਇ ਉਹਲੇ,
ਨਾਮ ਜੀਭ ਤੋਂ ਕਦੇ ਜਿ ਹੋਇ ਉਹਲੇ,
ਸੂਰਤ ਦੇਹ ਤੋਂ, ਸ਼ਾਲਾ ! ਤਦ ਹੋਇ ਉਹਲੇ ।

15. ਦਰ ਢੱਠਿਆਂ ਦੀ ਕਦਰ

ਦਰ ਢੱਠਿਆਂ ਦੇ ਗੁਣਾਂ ਦੀ
ਕਦਰ ਨ ਪੈਂਦੀ ਯਾਰ:
ਗਲੇ ਪਏ ਫੁਲ-ਹਾਰ ਦੀ
ਭਾਸੇ ਨ ਮਹਿਕਾਰ ।

16. ਚਲੋ ਚਲੀ ਦੀ ਸੱਦ

ਪੋਹ ਮਹੀਨੇ ਦੇ ਕੁਮਲਾਏ ਤੇ ਸੁੱਕੇ
ਟਾਹਲੀ ਦੇ ਪੱਤੇ ਤ੍ਰਿੱਖੀ ਚੱਲ ਰਹੀ
ਪੱਛੋਂ ਦੀ ਪੌਣ ਨੂੰ :-

ਡਾਢੇ ਵੇਗ ਦੀ ਵਗਦੀਏ ਪੌਣ ਭੇਣੇ !
ਸਾਡੀ ਧੌਣ ਕਿਉਂ ਭੰਨਦੀ ਜਾਵਨੀਏਂ ?
'ਪਾਲੇ-ਮਾਰਿਆਂ' 'ਮਾਉਂ ਗਲ ਲੱਗਿਆਂ' ਨੂੰ
ਡਾਲੋਂ ਤੋੜ ਕਿਉਂ ਭੋਇੰ ਪਟਕਾਵਨੀਏਂ ?
ਤੇਰੇ, ਦੱਸ, ਕੀ ਅਸਾਂ ਨੇ ਮਾਂਹ ਮਾਰੇ ?
ਸਾਡੇ ਆਹੂ ਦੇ ਆਹੂ ਪਈ ਲਾਹਵਨੀਏਂ ?
ਸਾਇੰ ਸਾਇੰ ਕਰਦਾ ਪੱਤ ਪੱਤ ਡਿੱਗੇ
ਰਤਾ ਮਿਹਰ ਨ ਰਿਦੇ ਤੂੰ ਲਯਾਵਨੀਏਂ !

ਪੌਣ ਦਾ ਉੱਤਰ :-

'ਚਲੋ ਚਲੀ' ਦੀ ਸੱਦ ਪਈ ਗੂੰਜਦੀ ਏ,
ਕੁਦਰਤ 'ਚਲੋ' ਦੀ ਧੁੰਮ ਮਚਾਂਵਦੀਏ,
'ਤੁਰੀ ਚਲੋ, ਨਹੀਂ ਠਹਿਰਨਾ ਕਿਸੇ ਕਿਧਰੇ'
ਕੂਕ ਅਰਸ਼ ਦੀ ਪਈ ਕੂਕਾਂਵਦੀਏ,
ਲੱਖਾਂ ਵਿਚ ਉਡੀਕ ਦੇ ਖੜੇ ਪਿੱਛੇ
ਵਾਰੀ ਉਨ੍ਹਾਂ ਨੂੰ ਧੱਕੀ ਲਿਆਂਵਦੀਏ ।
ਤੁਸੀਂ ਤੁਰੋ ਅੱਗੇ ਟਾਹਲੀ ਪੱਤਿਓ ਵੇ !
ਪਿਛੋਂ ਫੌਜ ਪਈ ਹੋਰ ਦਬਾਂਵਦੀਏ ।

17. ਢੋਲਾ ਰੁੱਸ ਕੇ ਨਾ ਜਾ !

ਵੇ ਨ ਰੁੱਸ ਕੇ ਰੁੱਸ ਕੇ ਜਾਹ ਢੋਲਾ,
ਅਵੇ, ਹੱਸਨਾ ਹੱਸਨਾ ਆ ਢੋਲਾ !
ਮੁੜ ਆ, ਮੁੜ ਆ, ਮੁੜ ਆ ਢੋਲਾ !
ਗਲ ਲਾ, ਗਲ ਲਾ, ਗਲ ਲਾ ਢੋਲਾ !
ਮੂੰਹ ਦੱਸ ਨਾ ਕੰਡ ਦਿਖਾ ਢੋਲਾ,
ਕੰਡ ਦੱਸ ਨ ਕੰਡ ਲੁਕਾ ਢੋਲਾ !
ਲੜ ਲਾਈ ਦੀ ਲਾਜ ਨਿਬਾਹ ਢੋਲਾ
ਭੁੱਲਾਂ ਸਾਡੀਆਂ ਨਾਹ ਤਕਾ ਢੋਲਾ !
ਦਿਲ ਖੱਸ ਕੇ ਨੱਸ ਨ ਜਾਹ ਢੋਲਾ,
ਖਿੱਧੂ ਵਾਂਙ ਨ ਏ ਬੁੜ੍ਹਕਾ ਢੋਲਾ;
ਤੇਰਾ ਮਾਲ ਏ ਹੋ ਚੁਕਾ ਢੋਲਾ,
ਅਪਣਾ ਮਾਲ ਨ ਆਪ ਵੰਞਾ ਢੋਲਾ !
ਸਾਡਾ ਵਸਲ ਦਾ ਚਾ ਅਮਾ ਢੋਲਾ,
ਸਜਰੇ ਚਾ ਨੂੰ ਦਾਗ਼ ਨ ਲਾ ਢੋਲਾ !
ਹੱਥ ਜੋੜਕੇ ਰਹੀਆਂ ਮਨਾ ਢੋਲਾ,
ਗਲ ਪੱਲੜੂ ਤੇ ਮੂੰਹ ਘਾ ਢੋਲਾ !
ਮੁੜ ਆ, ਮੁੜ ਆ, ਮੁੜ ਆ ਢੋਲਾ,
ਸਾਨੂੰ ਸੱਟ ਕੇ ਪਰੇ ਨ ਜਾ ਢੋਲਾ !
ਬਰਦੀ ਤੇਰੀਆਂ, ਰੁਠ ਨ ਜਾ ਢੋਲਾ,
ਬਾਂਦੀ ਤੇਰੀਆਂ, ਤਰੁੱਠ ਕੇ ਆ ਢੋਲਾ !
ਫੜਿਆ ਪੱਲੜੂ ਨ ਛੁਡਾ ਢੋਲਾ,
ਪਾਇਆ ਵਾਸਤਾ ਮੰਨ ਮਨਾ ਢੋਲਾ !
ਕਮਲੀ ਰਮਲੀ ਦੇ ਸੁਹਣਿਆਂ ! ਆ ਢੋਲਾ,
ਹੋ ਜੁਦਾ ਨ, ਅਪਣੀ ਬਣਾ ਢੋਲਾ !

18. ਹਉਂ ਤੇ ਸੱਚ ਮੁੱਚ

ਭੁੰਜੇ ਆਕੜ ਟੁਰਦਿਆ !
ਨਾ ਸਮਝੀਂ ਮੈਂ ਉੱਚਾ:
ਤੂੰ ਉੱਚਾ ਨਹੀਂ ਸੁਹਣਿਆਂ,
ਤੂੰ ਚੁੱਚਾ ਜਾਂ ਲੁੱਚਾ ।
ਛੱਤ ਉੱਤੇ ਚੜ੍ਹ ਬੈਠਿਆ !
ਨਾ ਸਮਝੀਂ ਮੈਂ ਨ ਉੱਚਾ
ਤੂੰ ਉੱਚੇ ਤੋਂ ਉੱਚਾ ਪਯਾਰੇ,
ਤੂੰ ਸੁੱਚੇ ਤੋਂ ਸੁੱਚਾ ।

19. ਵਰਜਿਤ ਵਾੜੀ

ਖਿੜੇ ਚਮਨ ਵਿਚ ਆਕੇ ਡਿੱਠਾ:
ਵੰਨੋ ਵੰਨੀ ਰੰਗ ਰੰਗਾ,
ਜੋਬਨ ਭਰੇ ਫੁੱਲ ਪਏ ਝੂੰਮਣ
ਡਾਲੀ ਪੱਤੇ ਰੂਪ ਲਗਾ ।
ਤੱਕ ਤੱਕ ਅਖ ਮੋਹਿਤ ਹੁੰਦੀ,
ਮਨ ਪਿਆ ਪੈਂਦਾ ਲੋਭ ਲੁਭਾ ।
ਜਫਆਂ ਪਾਂਦੀ ਪੌਣ ਪਿਆਰੀ
ਆ ਆ ਲਗਦੀ ਕਰੇ ਸੁਹਾਂ ।
ਮੱਲੋ ਮੱਲੀ ਹੱਥ ਵਧੇਂਦੇ
ਕਹਿੰਦੇ: 'ਲਈਏ ਫੁੱਲ ਤੁੜਾ' ।
ਪਰ ਜਦ ਹੱਥ ਫੁੱਲ ਨੂੰ ਲਗਦੇ
ਤੋੜਦਿਆਂ ਹੋ ਜਾਣ ਸੁਆਹ ।
ਜਿਸ ਫੁੱਲ ਨੂੰ ਚਾ ਛੋਹੋ ਰੱਤੀ
ਛੁਹੰਦਿਆਂ ਸਾਰ ਜਾਇ ਭਸਮਾ ।
ਫਿਰ ਦੇਖੇ ਬੂਟੇ ਫਲ ਵਾਲੇ
ਨਾਲ ਫਲਾਂ ਦੇ ਭਰੇ ਭਰਾ ।
ਪਯਾਰੇ ਸੁਹਣੇ ਤੇ ਮਨਮੁਹਣੇ
ਦੇਖਦਿਆਂ ਚਿਤ ਲੈਣ ਚੁਰਾ,
ਪਰ ਜਦ ਤੋੜੋ ਰਾਖ ਹੋਂਵਦੇ,
ਅਚਰਜ, ਕੀ ਅਚਰਜ ਇਸ ਥਾਂ ?
ਇੱਕ ਪੁਰਾਣੇ ਬੁੱਢੇ ਪਿੱਪਲ
ਹੱਸ ਕਿਹਾ: 'ਨਾ ਸੋਚ ਕਰਾ
'ਤੋੜਨ ਹੁਕਮ ਨਹੀਂ ਇਸ ਜਾਗਾ
ਦੇਖਣ ਦੀ ਇਕ ਖੁਲ੍ਹ ਭਰਾ !
'ਜਾਦੂਗਰ ਇਕ ਮਾਲੀ ਇਸਦਾ
ਜਾਦੂ ਦਿੱਤਾ ਬਾਗ਼ ਬਣਾ,
'ਦਿੱਸੇ, ਸੋਹੇ, ਮਨ ਨੂੰ ਮੋਹੇ,
ਦਏ ਤਰਾਵਤ ਨਾਲ ਸੁਹਾਂ,
'ਪਰ ਅੱਖਾਂ ਦਾ ਭੋਗ ਬਾਗ਼ ਏ,
ਭੋਗਣ ਦੀ ਇਹ ਨਾਂਹੀ ਥਾਂ,
'ਦੇਖੀਂ ਤੇ ਖ਼ੁਸ਼ ਹੋਵੀਂ ਵੀਰਾ !
ਖਿੜੀਂ, ਟਿਕੀਂ, ਰੰਗ ਲਈਂ ਜਮਾ,
'ਪਰ ਜੇ 'ਹੱਥ' ਲੈਣ ਨੂੰ ਪਸਰੇ
ਸੁੰਦਰਤਾ ਜਾਸੀ ਬਿਲਮਾ,
'ਰਾਖ ਰਹੇਗੀ ਮੁੱਠ ਅੰਦਰੇ,
ਦਿਲ ਅਰਮਾਨ ਭਰੇ ਭਰ ਆ ।
'ਹਾਂਡ ਹਾਂਡ 'ਹੱਥ' ਝਾੜ ਤੁਰੇਂਗਾ,
ਹਰੇ ਜਵਾਰੀਏ ਵਾਂਙ ਭਰਾ ।
'ਅੱਖੀਂ ਨਾਲ ਪਿਆ ਰਸ ਪੀਵੀਂ
ਤ੍ਰਿਸ਼ਨਾ ਹੋਰ ਵਿਸਾਰੀਂ ਚਾ,
'ਤਦ ਸਾਬਤ ਲਾਹੇ ਵਿਚ ਜਾਸੇਂ,
ਨਹੀਂ ਤਾਂ ਜਾਸੇਂ ਆਪ ਖੁੰਝਾ ।'

20. ਬੁੱਲ੍ਹ

ਪ੍ਰੀਤਮ-ਕਿਉਂ ਤੱਕਨਾ ਏਂ ਬੁੱਲ੍ਹ ਵੇ ?
ਪ੍ਰੇਮੀ-ਮਿਸਰੀ ਮਿੱਠੀ ਜਾਨ ।
ਪ੍ਰੀਤਮ-ਤਾਂ ਤੂੰ ਚਸਕੇ ਮਾਰਿਆ
ਰਸੀਆ ਨਹੀਂ ਸੁਜਾਨ ।
ਪ੍ਰੀਤਮ-ਕਿਉਂ ਤੱਕਨਾ ਏਂ ਬੁੱਲ੍ਹ ਵੇ ?
ਪ੍ਰੇਮੀ-ਏ ਯਾਕੂਤਾਂ ਖਾਨ ।
ਪ੍ਰੀਤਮ-ਤਾਂ ਤੂੰ ਲੱਬੀ ਲੋਭੀਆ,
ਰਸੀਆ ਨਹੀਂ ਸੁਜਾਨ ।
ਪ੍ਰੇਮੀ-ਮੈਂ ਭੋਰਾ ਰਸ-ਮੱਤਿਆ,
ਰੱਤਾ ਰੂਪ ਚਕੋਰ,-
ਕੀ ਤੱਕਾਂ, ਦੱਸ ਏਸ ਥਾਂ,
ਖਿੜਯਾ ਰੰਗ ਕੁਛ ਹੋਰ ?
ਪ੍ਰੀਤਮ-ਮਿਸਰੀ ਨਾ ਯਾਕੂਤ ਵੇ,
ਰੂਪ ਮਿਠਾਸ ਨ ਜਾਣ,-
ਏ ਤਾਂ ਬੁਲਬੁਲ ਬੁਲ੍ਹ ਵੇ,
ਸੰਗੀਤਕ ਅਸਥਾਨ ।
ਖੁੱਲਣ, ਮਿਟਣ ਕਿ ਮੁਸਕਰਿਨ
ਸੰਗੀਤ ਲਹਿਰ ਲਹਿਰਾਨ,
ਥਰਰਾਹਟ ਸੰਗੀਤ ਦੀ
ਉਪਜੇ ਇਸ ਅਸਥਾਨ ।

21. ਆਪੇ ਦਾ ਕਾਦਰ

ਰਸ ਜਦ ਆਣ ਤਣਾਵਾਂ ਪਾਵੇ
ਦਿਲ ਖਿੱਚੀ ਲਈ ਜਾਵੇ,
ਸਵਾਦ ਸਵਾਦ ਦਿਲ ਚੜ੍ਹਦਾ ਜਾਵੇ,
ਅੰਗ ਅੰਗ ਰਸ ਮਾਵੇ:
ਹੱਦ ਪਾਪ ਦੀ ਕੰਧ ਨ ਬੰਨਾ
ਜੋ ਨਿੱਗਰ ਦਿਸ ਆਵੇ,
ਦਿਲ ਦੀ ਸਮਝ ਇਕ ਹੈ ਜਾਣੂ
ਜੋ ਸਭ ਫਰਕ ਕਰਾਵੇ ।
ਉਹ ਦਿਲ ਹੈ ਹੁਣ ਰਸ ਵਿਚ ਮੱਤਾ
ਤਿਲਕੰਦੜਾ ਜੋ ਜਾਵੇ,
ਸੋ ਤਿਲਕਣ ਦਾ ਪਤਾ ਨ ਲੱਗੇ
ਰਸ ਇਉਂ ਮਹਿਵ ਕਰਾਵੇ:
ਰਸ ਲੈਂਦਾ ਵਿਚ ਰਸ ਦੇ ਖਚਦਾ
ਤਿਲਕ ਮਲਕੜੇ ਜਾਵੇ,-
ਔਖੀ ਪਲ ਤਿਲਕਣ ਦੀ ਇਹ ਹੈ
ਜੋ ਕਾਬੂ ਨਹੀਂ ਆਵੇ ।
ਇਸ ਪਲ ਤੇ ਜੋ ਕਾਬੂ ਪਾਵੇ
ਆਪਾ ਫਤਹ ਕਰਾਵੇ,
ਆਪੇ ਦਾ ਕਾਦਰ ਏ 'ਰਸੀਆ'
ਕੁਦਰਤ ਰਾਜ ਕਮਾਵੇ ।

22. ਧੋਬੀ

ਧੋਬੀ ਕਪੜੇ ਧੋਂਦਿਆ,
ਵੀਰਾ ਹੋ ਹੁਸ਼ਿਆਰ !
ਪਿਛਲੇ ਪਾਸਯੋਂ ਆ ਰਿਹਾ
ਮੂੰਹ ਅੱਡੀ ਸੰਸਾਰ ।

23. ਮੀਂਹ ਮੇਹਰ

ਕੋਈ ਆਖਦੇ ਮੀਂਹ ਵਿਚ ਵਰ੍ਹਨ ਮੁਹਲੇ,
ਕੋਈ ਆਖਦੇ ਵੱਸਦੇ ਸਵਾਨ ਬਿੱਲੇ
ਕੋਈ ਆਖਦੇ ਵਰ੍ਹੇ ਗੁਲਾਬ ਚੰਬਾ
ਕੋਈ ਆਖਦਾ ਕਣਕ ਤੇ ਵਰ੍ਹਨ ਛੋਲੇ,
ਕੋਈ ਧਰਤ ਅਸਮਾਨ ਦਾ ਵਯਾਹ ਦੱਸੇ,
ਬੱਦਲ ਬੋਲਦਾ ਗਾਉਂਦਾ ਕਹਿਨ ਸੁਹਲੇ:
ਐਪਰ ਪ੍ਰੀਤਮ ਜੀ ਆਖਦੇ 'ਮੇਰ੍ਹ' ਵਰ੍ਹਦੀ,
ਮਿਹਰ 'ਮੀਂਹ' ਉਹਦੀ, ਮੀਂਹ 'ਮੇਰ੍ਹ' ਬੋਲੇ ।

24. ਇਕ ਵੈਰਾਨ ਬਾਗ਼

ਮੰਦਰ ਸੁਹਣਾ ਬਾਗ਼ ਸੁਹਾਵਾ
ਤਾਲ ਠੰਢਕਾਂ ਵਾਲਾ;
ਸਭ ਕੁਝ ਓਸੇ ਤਰ੍ਹਾਂ ਓਸ ਥਾਂ
ਓਹੋ ਰੰਗ ਰਸਾਲਾ,
ਖਿੜਿਆ ਚਮਨ ਫੁੱਲ ਹਨ ਮੁਸ਼ਕੇ,
ਫਲ ਫਲੀਆਂ ਭਰ ਆਈਆਂ ।
ਵੇਲਾਂ ਲਪਟ ਜਾਲੀਆਂ ਉਤੇ,
ਰਵਸ਼ਾਂ ਛਾਉਂ ਸੁਹਾਈਆਂ ।
ਮਾਲੀ, ਕਾਮੇ, ਊਠ, ਬਲਦ ਪਏ
ਅਪਣੇ ਕੰਮ ਕਰਾਂਦੇ ।
ਆਡਾਂ ਵਗਣ ਸਫਾਈਆਂ ਦਿੱਸਣ,
ਪਰ, ਜੰਦਰੇ ਦਿਸ ਆਂਦੇ ।
ਹਾਂ, ਪੰਛੀ ਨਹੀਂ ਡਾਲ ਕਿਸੇ ਤੇ,
ਸ਼ਾਖਾਂ ਸੱਭੇ ਖਾਲੀ ।
ਸ੍ਰੋਵਰ ਤੇ ਕੁਈ ਹੰਸ ਨ ਦਿਸਦਾ,
ਫਿਰ ਫਿਰ ਸਭ ਥਾਂ ਭਾਲੀ ।
ਨਾ ਕੁਈ ਗਲਾ ਕੀਰਤਨ ਕਰਦਾ,
ਸਾਜ਼ ਨ ਕੋਈ ਬੋਲੇ,
ਨਾ ਮੁਖੜਾ ਕੁਈ ਕਥਾ ਸੁਣਾਂਦਾ,
ਨਾ ਦਿਲ ਤਕੜੀ ਤੋਲੇ ।
ਨੈਣ ਭਰੇ ਰਸ ਰੰਗ ਰੱਬ ਦੇ,
ਪਯਾਰ ਹੰਝੂਆਂ ਵਾਲੇ ।
ਦਿਸਦੇ ਨਹੀਂ ਗੁਰੂ ਦੇ ਕਮਰੇ
ਗੁਰੂ ਗ੍ਰੰਥ ਦੇ ਦਵਾਲੇ ।
ਰਮਜ਼ਾਂ ਵਾਲੇ ਯਾ ਸਮਾਧਿ ਵਿਚ
ਜੁੜੇ ਨੈਣ ਮਤਵਾਲੇ,
ਕਿਸੇ ਨੁੱਕਰੇ ਖੂੰਜੇ ਕਿਧਰੇ
ਮਿਲਣ ਨ ਢੂੰਡਿਆਂ ਭਾਲੇ ।
ਛੈਲ ਬੰਦਗੀ ਵਾਲਾ ਬਾਂਕਾ
ਨਜ਼ਰ ਨ ਕਿਧਰੇ ਆਵੇ,
ਹਾਂ, ਤਸਵੀਰ ਛੈਲ ਦੀ ਲਟਕੇ
ਕੰਧਾਂ ਪਈ ਸਜਾਵੇ ।

25. ਸ਼੍ਰੀ ਦਰਬਾਰ ਸਾਹਿਬ

(ਹਰਿਮੰਦਰ, ਅੰਮ੍ਰਿਤਸਰ)

ਮਣੀ ਗੁਆਚਿਆਂ ਸੱਪ ਜਿਉਂ ਦੁਖ ਪਾਂਵਦਾ,
ਪੁੱਤ ਗੁਆਚਿਆਂ ਮਾਂ ਜਗ ਨਹੀਂ ਭਾਂਵਦਾ,
ਹਰਿ ਰਸ ਦੀ ਜਦ ਟੋਟ ਪਵੇ ਫਕੀਰ ਨੂੰ
ਪਰਲੋ ਮਚੇ ਚੁਫੇਰ ਤਿਉਂ ਘਬਰਾਂਵਦਾ,-
ਟੁੱਟੀ ਡੋਰ ਜਿ ਦਵਾਰ ਤੇਰੇ ਆਂਵਦਾ,
ਲਹਿਰ ਫਿਰੇ ਇਕ ਵਾਰ ਰੌ ਮੁੜ ਧਾਂਵਦਾ
ਕੀਹ ਅਗੰਮੀ ਖੇਡ ਏਥੇ ਲਹਿਰਦੀ ?
ਅਰਸ਼ ਉਤਰਿਆ ਆਨ ਰਸੀਆਂ ਬਚਾਂਵਦਾ ?

26. ਪੱਥਰ--ਸ਼ੀਸ਼ਾ--ਹੀਰਾ

ਮੈਂ ਪੱਥਰ ਸੁਖ ਨੀਂਦੇ ਸੁੱਤਾ,
ਵਿਚ ਸੁਫਨੇ ਕੁਈ ਸੁਣਾਵੇ:
ਬਣ ਹੀਰਾ, ਕਰ ਦੂਰ ਹਨੇਰਾ,
ਤੈਨੂੰ ਚਾਨਣ ਆ ਗਲ ਲਾਵੇ ।
ਆਪਾ ਪੀਹ, ਅੱਗ ਤਾਪ ਸਹਿ,
ਬਣ ਸ਼ੀਸ਼ਾ ਨੂਰ ਮੈਂ ਪਾਇਆ:
ਹੁਣ ਲੋਚਾਂ ਮੈਂ ਹੀਰਾ ਬਣਨਾ,
ਜੋ ਜ਼ਰਬ ਨ ਕੋਈ ਆਵੇ ।

27. ਜ਼ੀਨਤ ਬੇਗ਼ਮ

ਸੁਹਣੇ ਸੁਹਣੇ ਮਹਿਲ ਅਸਾਡੇ
ਦੇਖਣ ਆਈਓ ਸਹੀਓ !
ਇਕ ਤੋਂ ਇਕ ਚੜ੍ਹੰਦੇ ਨਕਸ਼ੇ
ਦੇਖ ਦੇਖ ਰਜ ਰਹੀਓ,
ਪਰ ਇਕ ਨਕਸ਼ ਗੁਪਤ ਏਨ੍ਹਾਂ ਵਿਚ
ਹਰ ਨੁਕਤੇ ਵਿਚ ਲਿਖਿਆ,
ਪੜ੍ਹੇ ਬਾਝ ਉਸ ਨਕਸ਼ ਅਟੱਲਵੇਂ,
ਸਹੀਓ ਨ ਮੁੜ ਜਈਓ ।
ਏ ਨਕਸ਼ੇ ਨਕਾਸ਼ ਰੰਗੀਲਾ
ਜਦ ਸੀ ਜਾਂਦਾ ਪਾਂਦਾ,
ਨਾਲੋ ਨਾਲ ਗ਼ੈਬ ਤੋਂ ਕੋਈ
ਗੁਪਤ ਨਕਸ਼ ਇਕ ਵਾਂਹਦਾ ।
ਉਹ ਸੀ ਨਕਸ਼ 'ਵਿਛੋੜਾ' ਸਹੀਓ !
ਅਸਾਂ ਨਿਖੁਟਿਆਂ ਪੜ੍ਹਿਆ,
ਕਾਸ਼ ! ਕਦੇ ਇਹ ਨਕਸ਼ ਮੇਰਾ ਉਹ
ਜ਼ਾਲਮ ਬੀ ਪੜ੍ਹ ਲੈਂਦਾ ।

28. ਸਾਈਂ ਲਈ ਤੜਪ

'ਤੜਪ-ਗੋਪੀਆਂ' ਕ੍ਰਿਸ਼ਨ ਮਗਰ ਜੋ
ਲੋਕੀਂ ਪਏ ਸੁਣਾਵਨ,
'ਲੁੱਛਣ-ਸੱਸੀ' ਪੁੰਨੂ ਪਿੱਛੇ
ਜੋ ਥਲ ਤੜਫ ਦਿਖਾਵਨ,
ਰਾਂਝੇ ਮਗਰ ਹੀਰ ਦੀ ਘਾਬਰ,
ਮਜਨੂੰ ਦਾ ਸੁਕ ਜਾਣਾ,-
ਏ ਨਹੀਂ 'ਮੋਹ-ਨਜ਼ਾਰੇ' ਦਿਸਦੇ,
ਏ ਕੁਈ ਰਮਜ਼ ਛਿਪਾਵਨ ।
ਹੇ ਅਰੂਪ ! ਇਹ ਤੜਪ ਉਹੋ ਨਹੀਂ,
ਧੁਰੋਂ ਤੁਸਾਂ ਜੋ ਲਾਈ ?
ਕੀ ਇਹ ਚਿਣਗ ਨਹੀਂ ਉਹ, ਜਿਹੜੀ
ਤੁਸਾਂ ਸੀਨਿਆਂ ਪਾਈ ?
ਮਿਲਣ ਤੁਸਾਨੂੰ ਦੀ ਏ ਲੋਚਾ,
ਏ ਹੈ ਤੜਪ ਤੁਸਾਡੀ,-
ਜਿੱਥੇ ਰਮਜ਼ ਪਵੇ ਕੁਈ ਕਟਕੀ,
ਏ ਕਮਲੀ ਹੋ ਜਾਈ ।

29. ਭੰਬੀਰੀ

ਮੈਂ ਸੁੰਡੀ ਸਾਂ ਭੁੰਞੇ ਰੁਲਦੀ
ਕੀੜਯੋਂ ਵੱਧ ਨਿਕਾਰੀ,
ਮੈਨੂੰ ਗਯਾਤ ਫੁਰੀ: ਹਾਂ ਮੈਂ ਭੀ
ਜੋਤ ਸੁੰਦਰਤਾ ਸਾਰੀ,
ਏਸ ਖੁਸ਼ੀ ਬੇਹੋਸ਼ ਹੋ ਗਈ,
ਮੁੜੀ ਹੋਸ਼ ਕੀ ਵੇਖਾਂ ?
ਨਿਕਲ ਪਏ ਪਰ ਮੀਂਨਾਕਾਰੀ,
ਵਾਸ ਫੁੱਲਾਂ ਦੀ ਵਾੜੀ !

30. ਫੁੱਲ

ਕੱਲ੍ਹ ਡਿੱਠਾ ਮੈਂ ਫੁੱਲ ਬਨਫਸ਼ਾ,
ਉਸ ਲੜ ਹਕੀਮ ਦਾ ਫੜਿਆ,
ਆਖੇ: 'ਸਾਨੂੰ ਦੇਸ਼ ਹੁਸਨ ਤੋਂ
ਦਸ ਕਿਉਂ ਤੂੰ ਨਿਤ ਫੜ ਖੜਿਆ ?
ਭਂੇਵੇਂ, ਮਲੇਂ, ਬਨਾਵੇਂ ਕਾਹੜੇ,
ਸਭ ਮਾਰ ਸੁੰਦਰਤਾ ਸੱਟੇਂ !
ਹੁਸਨਾਂ ਦੇ ਸੁਲਤਾਨ ਸ਼ਾਹ ਤੋਂ
ਉਇ ਕਿਉਂ ਤੂੰ ਕਦੇ ਨ ਡਰਿਆ ?'

31. ਅੰਦਰ ਦੀ ਟੇਕ

ਸਿਕ ਸਿਕ, ਰੋ ਰੋ, ਢੂੰਡ ਢੂੰਡ ਕੇ
ਮਜਨੂੰ ਉਮਰ ਗੁਆਈ,
ਪਰ ਪੰਘਰ ਨ ਖਾਧੀ ਲੇਲੀ
ਧਾ ਉਸ ਪਾਸ ਨ ਆਈ ।
ਅੰਤ ਹਾਰ ਕੇ ਬਹਿ ਗਿਆ ਮਜਨੂੰ
'ਲੇਲੀ' 'ਲੇਲੀ' ਜਪਦਾ,
ਲਿਵ ਲੇਲੀ ਵਿਚ ਲੱਗ ਗਈ ਅੰਦਰ,
ਅੰਦਰ ਲੇਲੀ ਆਈ ।
ਲੇਲੀ ਬੀ ਹੁਣ ਖਿੱਚ ਖਾਇਕੇ,
ਮਜਨੂੰ ਲਭਦੀ ਆਈ,
'ਮੈਂ ਲੇਲੀ' ਲੇਲੀ ਪਈ ਕੂਕੇ,
ਮਜਨੂੰ ਸਯਾਣ ਨ ਕਾਈ ।
'ਮੈਂ ਲੇਲੀ' 'ਮੈਂ ਲੇਲੀ' ਕੂਕੇ,
ਮਜਨੂੰ ਲੇਲੀ ਹੋਇਆ ।
ਆਪੇ ਪ੍ਰੀਤਮ ਬਨ ਗਿਆ ਪ੍ਰੇਮੀ,
ਟੇਕ ਜਾਂ ਅੰਦਰ ਪਾਈ ।

32. ਗੁਲਾਬ ਦਾ ਫੁੱਲ

ਖੇੜੇ ਖਿੜਕੇ ਆਖਦਾ ਹੈ :-

ਧਰਤੀ ਗੋਦਿ ਬਨਾਇ
ਮੈਂ ਇਸ ਵਿਚ ਖੇਡਿਆ,
ਮਿੱਟੀ ਜੜ੍ਹਾਂ ਗਡਾਇ
ਮੈਂ ਭੋਜਨ ਖਿੱਚਿਆ,
ਰਜ ਰਜ ਪੀਤਾ ਨੀਰ
ਮੈਂ ਆਡੋਂ ਵਗਦੀਓਂ,
ਹੋਯਾ ਮੈਂ ਨਮਗੀਰ
ਤੇ ਤ੍ਰੇਲਾਂ ਚੱਖੀਆਂ,
ਬੱਦਲ ਅਰਸ਼ੋਂ ਸੱਦ
ਮੈਂ ਪਾਣੀ ਖਿੱਚਿਆ,
ਨ੍ਹਾਤਾ ਮੈਂ ਰਜ ਰੱਜ
ਤੇ ਨ੍ਹਾ ਨ੍ਹਾ ਨਿਖਰਿਆ,
ਸੂਰਜ ਪਾਸੋਂ ਧੂਹ
ਮੈਂ ਕਿਰਨਾਂ ਲੀਤੀਆਂ,
ਨਿੱਘੀ ਕੀਤੀ ਰੂਹ
ਮੈਂ ਵਧਿਆ ਮੌਲਿਆ,
ਚਾਨਣ ਤੇ ਨਿਘ ਕੱਢ
ਮੈਂ ਲੀਤਾ ਧੁੱਪ ਤੋਂ,
ਲਈ ਆਪ ਵਿਚ ਗੱਡ
ਓ ਮਾਨੋਂ ਧੁੱਪ ਮੈਂ,
ਤਾਣ ਚਾਂਦਨੀ ਸ਼ਾਲ
ਮੈਂ ਸੁੱਤਾ ਰਾਤ ਨੂੰ,
ਡਲ੍ਹਕ ਤਾਰਿਆਂ ਨਾਲ
ਮੈਂ ਲਈਆਂ ਲੋਰੀਆਂ,
ਨ੍ਹੇਰਾ ਲਿਆ ਬਿਠਾਲ
ਮੈਂ ਪਹਿਰੇਦਾਰ ਸੀ,
ਕੁਈ ਨ ਦੇਇ ਉਠਾਲ
ਮੈਂ ਰਾਤੀਂ ਸੁੱਤਿਆਂ;
ਜੋ ਕੁਛ ਮੇਰੇ ਹਾਲ
ਸੀ ਮੈਨੂੰ ਸੌਜਿਆ,
ਆਪੇ ਵਿਚ ਬਿਠਾਲਿ
ਮੈਂ ਆਪਾ ਪਾਲਿਆ,
ਪਲ ਪਲ ਰੰਗ ਜਮਾਇ
ਮੈਂ ਭਰੀਆਂ ਡੋਡੀਆਂ,
ਡੋਡੀਆਂ ਖੇੜੇ ਲਯਾਇ
ਮੈਂ ਸਾਰਾ ਖਿੜ ਪਿਆ,-
ਮਹਿਕਯਾ ਮੁਸ਼ਕ ਮਚਾਇ
ਤੇ ਲਪਟਾਂ ਛੱਡੀਆਂ,

ਹਾਂ, ਹੁਣ ਜਦ ਲਪਟ ਬੁਹਾਇ
ਮੈਂ ਡੁਲ੍ਹ ਡੁਲ੍ਹ ਪੈ ਰਿਹਾ,-
ਖੇੜਿਆਂ ਨਾਲ ਭਰਾਂਅ
ਮੈਂ ਝੋਲਯਾਂ ਅੱਡੀਆਂ,
ਅਣਹੋਂਦਾ ਆਪ ਵੰਡਾਇ
ਮੈਂ ਵੰਡਿਆ ਜਾ ਰਿਹਾ ।
----
'ਦੇਣਾ' ਬਣਦਾ ਰੂਪ ਹੈ 'ਖੇੜੇ ਖਿੜ ਪਿਆਂ',
'ਦੇਣਾ' ਦੇਣਾ ਰੰਗ ਅਨੂਪ ਹੈ ਚੜ੍ਹਦਾ ਮੁਸ਼ਕਿਆਂ ।

33. ਇਨ੍ਹਾਂ ਨੈਣਾਂ ਨੇ ਮਾਰ ਮੁਕਾ ਲਿਆ

(ਇਕ 'ਨੈਣ-ਪਿੰਜਰੇ' ਫਸੇ ਸਾਧੂ ਦੀ ਅਰਜ਼ੋਈ)

ਇਨ੍ਹਾਂ ਨੈਣਾਂ ਨੇ ਮਾਰ ਮੁਕਾ ਲਿਆ,
ਟੁਰੇ ਜਾਂਦੇ ਨੂੰ ਬੰਨ੍ਹ ਬਹਾ ਲਿਆ,
ਬਿਨਾਂ ਸੰਗਲਾਂ ਕੱਸ ਕਸਾ ਲਿਆ,
ਬਿਨਾਂ ਦੰਮਾਂ ਦੇ ਬਰਦਾ ਬਣਾ ਲਿਆ,

ਕਿੱਥੇ ਅਰਸ਼ਾਂ ਦਾ ਗਿਆ ਤਕਾਵਣਾ ਓ,
ਕਿੱਥੇ ਸਾਈਂ ਦਰ ਨਜ਼ਰ ਜਮਾਵਣਾ ਓ,-
ਨਜ਼ਰ ਮੇਲਣੀ ਨਾ ਨਾਲ ਖਾਕੀਆਂ ਦੇ,
ਟਕ ਬੰਨ੍ਹਣੀ ਨੂਰੀਆਂ ਝਾਕੀਆਂ ਤੇ ।
ਹਾਇ ਭੁੱਲ ਏ ਨੈਣ ਤਕਾ ਬੈਠੇ,
ਝਾਕੇ ਪਹਿਲੜੇ ਖੰਭ ਖੁਹਾ ਬੈਠੇ !

ਜਾਦੂਗਰੀ ਕੀਤੀ ਏਨ੍ਹਾਂ ਅੱਖੀਆਂ ਨੇ,
ਮਾਰ ਘੱਤਿਆ ਸਾਂਭ ਕੇ ਰੱਖੀਆਂ ਨੇ !

ਇਨ੍ਹਾਂ ਨੈਣਾਂ ਨੇ ਪੂਰਾਂ ਦੇ ਪੂਰ ਲਾਹੇ,
ਜੋਧੇ ਬਲੀ ਵਰਿਯਾਮ ਤੇ ਸੂਰ ਫਾਹੇ,
ਖੰਭ ਸੜੇ ਪਤੰਗਿਆਂ ਵਾਂਗ ਬਿਸਮਲ,
ਪਏ ਖਿੱਚ ਖਾਵਣ, ਤੜਫਣ ਹੋਣ ਤਿਲਮਿਲ ।
ਮੈਂ ਬੀ ਮਾਰਿਆ ਇਕ ਮਟੱਕੜੇ ਨੇ,
ਕਰ ਕੈਦ ਲੀਤਾ ਜੱਫੇ ਤੱਕੜੇ ਨੇ ।
ਕੋਈ ਕਰੋ ਕਾਰੀ ਸਾਡੀ ਆਣ ਲੋਕੋ !
ਕੋਈ ਰੱਬ ਪਯਾਰੇ ਆ ਬਚਾਣ ਲੋਕੋ !
ਤਾਨ ਅਸਾਂ ਵਿਚ ਰਹੀ ਨ ਸ਼ਾਨ ਲੋਕੋ !
ਫਾਥੇ ਪਿੰਜਰੇ ਆਣ ਛੁਡਾਣ ਲੋਕੋ !
ਕਰੇ ਬਾਹੁੜੀ ਰੱਬ ਜੇ ਆਪ ਲੋਕੋ !
ਵਿੱਸ ਚੜ੍ਹੀ ਦਾ ਝੜੇ ਏ ਤਾਪ, ਲੋਕੋ !
ਜੇ ਮੈਂ ਆਪਣੇ ਆਪ ਤੇ ਆਸ ਕੀਤੀ ।
ਅਪਣੇ ਬਚਨ ਦੀ ਆਸ ਫਿਰ ਨਾਸ ਕੀਤੀ ।

ਜਾਦੂਗਰੀ ਨੇ ਜਿਨ੍ਹਾਂ ਨੂੰ ਮਾਰਿਆ ਹੈ,
ਧੁਰੋਂ ਕ੍ਰਾਮਤ ਨੇ ਉਨ੍ਹਾਂ ਨੂੰ ਤਾਰਿਆ ਹੈ ।

ਤੂੰ ਸੱਤਾਰ ਗ਼ੁਫਾਰ ਹੇ ਰੱਬ ਸਾਈਂ !
'ਸਾਂਤੇ ਕਰਮ ਕਰੀਓ ਮੇਹਰ ਨਜ਼ਰ ਪਾਈਂ,-
ਰੱਖ ਲਓ ਸਾਨੂੰ ਏਹਨਾਂ ਅੱਖੀਆਂ ਤੋਂ,
ਮਾਰਨ ਵਾਸਤੇ ਸਾਧਾਂ ਨੂੰ ਰੱਖੀਆਂ ਜੋ,
ਬੇੜਾ ਕਰੋ ਸਾਡਾ ਆਪ ਪਾਰ ਸਾਈਂ !
ਰੂਪ, ਰੰਗ, ਮਟੱਕਿਓਂ ਤਾਰ ਸਾਈਂ !

34. ਅਟਕ

(ਅਟਕ ਦਰਯਾ ਉੱਤੇ ਪ੍ਰਸ਼ਨ ਤੇ
ਅੱਗੋਂ ਉਸਦਾ ਉੱਤਰ)

ਪ੍ਰਸ਼ਨ-

ਜੁਗਾਂ ਤੋਂ ਤੂੰ ਆਵੇਂ ਜਾਵੇਂ,
ਤਿੱਖਾ ਤਿੱਖਾ ਟੁਰਯਾ ਜਾਵੇਂ,
ਪਲ ਛਿਨ ਠਹਿਰੇਂ ਨਾਹੀਂ,
ਲਗਾਤਾਰ ਚਾਲ ਪਈ ।

ਅਟਕ ਹੈ ਨਾਮ ਤੇਰਾ
ਅਟਕਯਾ ਕਦੇ ਡਿੱਠਾ ਨਾ,
ਅਟਕਾਯਾ ਕਿਸੇ ਕੋਲੋਂ ਤੂੰ
ਅਟਕਯਾ ਕਦੇ ਹੈ ਨਹੀਂ ।

ਪੱਛੋਂ ਵਲੋਂ ਤੁਰੇ ਆਏ
ਜਰਵਾਣਿਆਂ ਦੇ ਦਲੋ ਦਲ,
ਮੂੰਹ ਚੱਕ ਪਾਰ ਆਏ,
ਪੇਸ਼ ਤੇਰੀ ਨਹੀਂ ਗਈ ।

ਅਟਕ ਕੋਈ ਪਾਈ ਨਾ
ਜ਼ਾਲਮ ਅਟਕਾਏ ਨਾ,
ਫੇਰ 'ਅਟਕ' ਨਾਉਂ ਤੇਰਾ,
ਗੱਲ ਦੱਸ ਕੀ ਹਈ ?੧

ਉੱਤਰ (ਅਟਕ ਵਲੋਂ)-

ਅਟਕਣਾ ਨਾ ਕੰਮ ਮੇਰਾ,
ਅਟਕਿਆ ਸੋ ਮਾਰਿਆ,
ਅਟਕ ਨਾਮ ਮੌਤ ਦਾ ਹੈ,
ਕੋਈ ਅਟਕਦਾ ਨਹੀਂ ।

ਤੋਰੇ ਵਿਚ ਤੁਰਿਆ ਜਾਵੇ,
ਸਾਰਾ ਜੱਗ ਦਿੱਸਦਾ ਜੋ,
ਤੁਰੇ ਰਹਿਣਾ, ਤੁਰੇ ਰਹਿਣਾ-
ਕਾਰ ਧੁਰੋਂ ਏ ਪਈ ।

ਰੂਪ ਏਸ ਦਿੱਸਦੇ ਦਾ,
ਚੇਸ਼ਟਾ ਤੇ ਬਦਲਨਾ ਹੈ,
ਜਾਰੀ ਰਹਿਣਾ ਚੇਸ਼ਟਾ ਦਾ,
ਜਿੰਦ ਇਹਦੀ ਹੈ ਸਹੀ ।

ਅਟਕ ਇਹ ਜਦੋਂ ਜਾਸੀ,
ਰੂਪ ਨਾਮ ਬਿਨਸ ਜਾਸੀ,
ਦ੍ਰਿਸ਼ਟਮਾਨ ਰਹੇ ਨਾਹੀਂ-
ਕਲਾ ਇਸਦੀ ਹੈ ਇਹੀ ।੨

ਦੇਖ ਖਾਂ ਤੂੰ ਅੱਖ ਉਘਾੜ,
ਸੂਰਜ ਚੰਦ ਤਾਰੇ ਗ੍ਰੈਹ
ਲਗਾਤਾਰ ਤੁਰੇ ਜਾਣ,-
ਕਦੇ ਕੋਈ ਅਟਕਿਆ ਹੈ ?

ਧਰਤੀ ਨਖ਼ਯਤ ਚੱਲੇ,
ਰੈਣ ਦਿਨ, ਬਨਸਪਤੀ,
ਜੀਵ, ਜੰਤੁ ਸੱਭ ਟੁਰੇ,-
ਅਟਕਯਾ ਸੋ ਫਟਕਯਾ ਹੈ ।

ਉਮਰਾ ਹੈ ਤਾਂ ਤੁਰੀ ਜਾਏ,
ਕਾਲ ਹੈ ਤਾਂ ਲਗਾ ਜਾਏ,
ਜਿੰਦ ਹੈ ਤਾਂ ਚਲੀ ਚਲੇ,
ਕਦੇ ਕੌਣ ਹਟਕਯਾ ਹੈ ?

ਦਿੱਸਦਾ ਸੰਸਾਰ ਸਾਰਾ,
ਸਦਾ ਸਦਾ ਟੁਰਨ ਹਾਰਾ,
ਅਟਕੇ ਜੇ ਇਹ ਨਜ਼ਾਰਾ,-
ਤਦੋਂ ਜਾਣ ਪਟਕਯਾ ਹੈ ।੩

ਨਾਮ ਹੈ 'ਅਟਿਕ' ਮੇਰਾ,
'ਅਟਕ' ਹੈ ਭੁੱਲ ਤੁਹਾਡੀ,
ਅਟਕੇ ਬਿਨ ਟੁਰੀ ਜਾਣਾ,-
ਵਹਿਣ ਦਾ ਹੈ ਕੰਮ ਇਹੀ ।

ਅਕਲ ਹੀਨ ਕਿਵੇਂ ਸਕੇ
ਅਕਲ ਵਾਲੇ ਅਟਕ ਪਾ !
ਅਟਕ ਪਾਉਣੀ ਆਦਮੀ ਨੂੰ
ਸਾਡੀ ਸਮਰੱਥ ਨਹੀਂ ।

ਤੁਹਾਡੇ ਵਿਚ ਅਕਲ ਵੱਸੇ,
ਅਟਕ ਪਾਣੀ ਕੰਮ ਤੁਹਾਡਾ
'ਮੇਲ, ਬਲ, ਸਾਹਸ' ਦਾ
ਅਟਕ ਪਾਣਾ ਫਲ ਹਈ ।

ਅਟਕ ਵਧਾਵਣੇ ਤੋਂ,
ਤੁਸੀਂ ਸਾਰੇ ਅਟਕ ਖਲੇ,
ਅਟਕਿਆ ਸੁ ਹਟਯਾ ਪਿੱਛੇ,
ਤਾਨ ਨਿੱਘਰਦੀ ਗਈ ।੪

ਅੱਗੇ ਨੂੰ ਜੋ ਤੁਰੇ ਨਾਹੀਂ,
ਪਿੱਛੇ ਉਸ ਤੋਰ ਪੈਣੀ,
ਅਟਕ ਕਿਸੇ ਥਾਵੇਂ ਨਹੀਂ
ਤੇ ਅਟਕ 'ਟਿਕਾ' ਨਹੀਂ ।

ਅਟਕਣ ਨੂੰ ਅਰਾਮ ਜਾਣੇ
ਮਾਰਿਆ ਸੋ ਜਾਣ ਲੈਣਾ
ਅੱਗੇ ਅੱਗੇ ਟੁਰਯਾ ਜਾਵੇ
ਮਾਲੀ ਉਸ ਮਾਰ ਲਈ ।

ਵਧਦੇ ਜੇ ਤੁਸੀਂ ਜਾਂਦੇ,
ਵਿਦਯਾ ਬਲ ਜ਼ੋਰ ਪਾਂਦੇ,
ਕਟਕਾਂ ਦੇ ਕਟਕ ਆਂਦੇ,
ਅਟਕ ਖਾ ਖਾ ਜਾਂਦੇ ਸਹੀ ।

ਅਟਕੇ ਜਦ ਤੁਸੀਂ ਪਯਾਰੇ,
ਅਟਕਾਂ ਫੇਰ ਪਾਂਦਾ ਕੌਣ ?
ਜਿੰਦ-ਹੀਨ ਨਦੀਆਂ ਪਾਸੋਂ
ਅਟਕੇ ਕਟਕ ਹਨ ਨਹੀਂ ।੫

ਹੋ ਬੇਖਟਕ ਸੌਂਦੇ ਨਾ,
ਅਟਕ ਨਾ ਅਰਾਮ ਲੈਂਦੇ;
ਲਟਕ ਐਸ਼ ਲਾਂਦੇ ਨਾ,
'ਅਟਕ' ਕੌਣ ਤੋੜਦਾ ?

ਕਟਕਾਂ ਦੇ ਕਟਕ ਆਂਦੇ,
ਤੁਸੀਂ ਉਠ ਅਟਕ ਪਾਂਦੇ,
ਇੱਕ-ਮੁਠ ਹਟਕ ਪਾਂਦੇ,
ਮੈਂ ਬੀ ਕੁਝ ਹੋੜਦਾ ।

ਲਟਕਾਂ ਨੇਹੁੰ ਤੁਸਾਂ ਲਾਏ,
ਪਟਕ ਵੈਰੀ ਟੁਰੇ ਆਏ,
ਗਾਹਣ ਮੇਰੇ ਵਿਚ ਪਾਏ,
ਵਾਹ ਲਗੀ ਮੈਂ ਬੋੜਦਾ ।

ਰੋੜ੍ਹੇ ਨੀ ਮੈਂ ਪੂਰਾਂ ਪੂਰ,
ਡੋਬੇ ਕੀਤੇ ਕਈ ਚੂਰ,-
ਅੱਗੋਂ ਭੰਨਦੇ ਤੁਸੀਂ ਮੂੰਹ
ਵੈਰੀ ਮੂੰਹ ਚਾ ਮੋੜਦਾ ।੬

ਦੋਸ਼ ਸਾਰਾ ਤੁਸਾਂ ਦਾ ਹੈ
ਅਟਕ ਜੋ ਗਏ ਸਾ ਜੇ,
'ਅਟਕ' ਨਾਮ ਤੁਹਾਡਾ ਹੈ,
ਅਟਕ ਮੇਰਾ ਨਾਮ ਨਾ ।

ਅੱਗੇ ਜਿਹੜਾ ਵੱਧਦਾ ਨਾ
ਜਾਣੋਂ ਪਿੱਛੇ ਮੁੜ ਰਿਹਾ ਹੈ,
ਬੇੜੀ ਅਪਣੀ ਬੋੜਦਾ
ਤੇ ਰੋੜ੍ਹਦਾ ਹੈ ਨਾਮਨਾ ।

ਸਦਾ ਸਦਾ ਵਧੀ ਜਾਏ,
ਕਿਤੇ ਨਾ ਅਟਕ ਪਾਏ,
ਤੁਰੀ ਜਾਏ, ਵਧੀ ਜਾਏ,
ਉਸ ਦੀ ਪੁੱਜੇ ਕਾਮਨਾ ।

ਲਗਾਤਾਰ, ਸਹਿਜ ਸਹਿਜ,
ਹੋਸ਼, ਬੁੱਧਿ, ਧਰਮ ਨਾਲ,
ਮੇਲ, ਵਿਉਂਤ, ਜੁਗਤ ਚੱਲੇ,-
ਕੌਣ ਕਰੇ ਸੁ ਸਾਮਨਾ ?੭

35. ਮਰਦ ਦਾ ਕੁੱਤਾ

ਸੁਬਕ ਸੁਬਕ ਧਰ ਪੈਰ
ਕੁੱਤਾ ਸੀ ਇਕ ਜਾਂਵਦਾ,
ਕਿਤੇ ਕਿਤੇ ਪਲ ਠੈਰ੍ਹ
ਬੂਥੀ ਲਾ ਲਾ ਸੁੰਘਦਾ ।

ਖੜ੍ਹ ਗਈ ਏਸੇ ਥਾਨ
ਰਾਹ ਜਾਂਦੀ ਇਕ ਸੁੰਦਰੀ,
ਹੋਇ ਰਹੀ ਹੈਰਾਨ
'ਕੌਤਕ-ਕੁੱਤਾ' ਵੇਖਕੇ ।

ਦਾਨਾ ਇਕ ਸੁਜਾਨ
ਏਨੇ ਨੂੰ ਆ ਨਿਕਲਿਆ,-
'ਕੀ ਕਰਦਾ ਇਹ ਸਵਾਨ ?'
ਕਾਰਣ ਉਸਨੂੰ ਪੁੱਛਦੀ ।

'ਕੁੱਤਾ ਕਰੇ ਪਛਾਣ',
ਦਾਨੇ ਨੇ ਹੱਸ ਆਖਿਆ,
'ਕਿਤੇ ਪਿਆ ਪਕਵਾਨ
ਕੋਈ ਮੇਰੇ ਖਾਣ ਦਾ ।'

ਕੁੱਤਾ ਸੁਣਕੇ ਤੱਕਿਆ,
ਬੋਲਯਾ ਢਾਕ ਮਰੋੜ,
'ਹੋਸ਼ ਕਰੀਂ ਓ ਦਾਨਿਆ !
ਮਨੋ ਉਕਤ ਨਾ ਜੋੜ:-
ਲਾਲਚ ਬੱਧੇ ਆਦਮੀ
ਤ੍ਰਿਸ਼ਨਾ ਕੁੱਠੇ ਲੋਕ
ਹਰ ਇਕ ਜਾਣਨ ਰੁੜ੍ਹ ਰਿਹਾ
ਲੋਭ ਲਹਿਰ ਦੀ ਝੋਕ ।
ਕੁੱਤਾ ਸਜਣਾਂ ਠੀਕ ਮੈਂ
ਨੀਵੀਂ ਹੈ ਮੈਂ ਜਾਤ,
ਨੀਚ ਜਾਣ ਮੈਂ ਤੇ ਤੁਸਾਂ
ਨੀਵੀਂ ਮਾਰੀ ਝਾਤ,
ਪਰ ਤੁਹਾਨੂੰ ਨਹੀਂ ਪਤਾ ਹੈ
ਸੰਗਤ ਮਰਦ ਸੁਜਾਨ
ਦੀ ਮੈਂ ਕੀਤੀ ਚਿਰਾਂ ਤੋਂ
ਠਰਕੀ ਹੋ ਗਿਆਂ ਸਵਾਨ ।
ਸੁੰਘ ਨਾ ਰੋਟੀ ਮੈਂ ਰਿਹਾ,
ਬੋਟੀ ਦੀ ਨਹੀਂ ਝਾਕ,
ਯਾਰੀ ਲੱਗੀ ਮਰਦ ਦੀ
ਉਸ ਦੀ ਹਰ ਥਾਂ ਤਾਕ ।
ਠਰਕ ਪ੍ਰੇਮ ਦਾ ਪੈ ਗਿਆ,-
ਪ੍ਰੇਮ-ਲਪਟ ਦੀ ਸਿੱਕ,
ਮਰਦ-ਸੰਗ ਤੋਂ ਸਿੱਖਿਆ
ਗੁਣ ਮੈਂ ਵੱਡਾ ਇੱਕ ।
ਪ੍ਰੇਮ ਕਰਾਂ ਨਿਜ ਮਰਦ ਨੂੰ
ਤੱਕਾਂ ਸੁੰਘਾਂ ਪਯਾਰ,
ਜਿੱਥੇ ਮੁਸ਼ਕ ਪਰੀਤ ਦੀ
ਓਥੋਂ ਮੈਂ ਬਲਿਹਾਰ ।
ਦੇਖੋ ਸੁੰਞੀ ਥਾਉਂ ਸਭ
ਤੁਸੀਂ ਪਈ ਹਰ ਓਰ,
ਸੁੰਞੀ ਸਾਰੀ ਨਹੀਂ ਹੈ;
ਨਹੀਂ ਇਹ ਨਵੀਂ ਨਿਕੋਰ ।
ਨਜ਼ਰ ਚੱਕ ਖਾਂ ਦਾਨਿਆਂ !
ਝਾਤ ਪਿਛੇਰੇ ਮਾਰ,
ਜਿਨ੍ਹਾਂ ਵਸਾਏ ਦੇਸ਼ ਸਨ,
ਕਿੱਥੇ ਹਨ ਓ ਯਾਰ ?
ਤੁਰ ਤੁਰ ਗਈਆਂ ਖੂਹਣੀਆਂ,
ਕਦਮ ਕਦਮ ਕਰ ਵਾਸ,
ਗਹਿਮਾ ਗਹਿਮ ਸੁ ਨਗਰੀਆਂ
ਵਸ ਵਸ ਹੋਈਆਂ ਨਾਸ਼ ।
ਜੰਗਲ ਸਨ, ਫਿਰ ਹਲ ਫਿਰੇ,
ਸ਼ਹਿਰ ਬਣੇ ਫਿਰ ਆਨ ।
ਸ਼ਹਿਰ ਗਿਰੇ, ਫਿਰ ਹਲ ਫਿਰੇ
ਖੋਲੇ ਹੋ ਸੁਨਸਾਨ,
ਕਈ ਵਾਰ ਇਉਂ ਦੌਰ ਹੈ
ਪਰਤ ਚੁਕਾ ਇਸ ਥਾਉਂ,
ਬਾਕੀ ਲਭਦਾ ਹੈ ਨਹੀਂ
ਪਤਾ ਨਿਸ਼ਾਨ ਕਿ ਨਾਉਂ ।
ਕਿਸੇ ਕਿਸੇ ਥਾਂ ਆਦਮੀ
ਕਦੇ ਗਏ ਹਨ ਬੈਠ,
ਬੱਧੇ ਹਿਤ ਦੇ ਕਿਸੇ ਥਾਂ,
ਕਿਸੇ ਜਗਾ ਕਰ ਐਂਠ ।
ਕਿਤੇ ਜੋੜੀਆਂ ਸੁਹਣੀਆਂ,
ਕਿਤੇ ਗੁਟਕਦੇ ਯਾਰ,
ਮਮਤਾ ਬੱਧੇ ਮਾਪੜੇ
ਖਿੱਚੇ ਕਿਤੇ ਪਿਆਰ ।
ਬੈਠ ਬੈਠ ਉਠ ਗਏ ਹਨ
ਸੁੰਞੇ ਕਰ ਅਸਥਾਨ,
ਮੁੜਕੇ ਪਰਤੇ ਨਾ ਕਦੇ
ਗਏ ਨ ਛੱਡ ਨਿਸ਼ਾਨ ।
ਕਿਤੇ ਦਰਦ ਦੇ ਹੰਝ ਸਨ
ਕਿਰੇ ਕਲੇਜੇ ਠਾਰ,
ਕਿਤੇ ਬਿਰਹੋਂ ਦੇ ਨੈਣ ਸਨ
ਵੱਸੇ ਮੋਲ੍ਹੇ-ਧਾਰ ।
ਕਿਤੇ ਸ਼ੁਕਰ ਤੇ ਭਗਤਿ ਦੇ
ਸ਼ਬਦਾਂ ਦੀ ਝੁਨਕਾਰ,
ਕੀਰਤਿ ਹੋਈ ਸੋਹਿਣੀ
ਲਗੇ ਦਿਵਾਨ ਅਪਾਰ ।
ਵਿਛੁੜੇ-ਮਿਲਿਆਂ ਕਿਸੇ ਥਾਂ
ਨੈਣੀ ਨੈਣ ਮਿਲਾਇ,
ਦੋ ਦੀਵਯਾਂ ਦੇ ਨੂਰ ਜਿਉਂ
ਇਕ ਹੋ ਰੰਗ ਜਮਾਇ ।
ਹੰਸਾਂ ਵਾਂਙੂੰ ਸੋਹਣਿਆਂ
ਕੇਲ ਕਰੇ ਕਿਸਿ ਥਾਉਂ,
ਪੈਲਾਂ ਪਈਆਂ, ਰਸ ਮਿਲੇ
ਖਿੜੇ ਕਲੇਜੇ ਭਾਉ ।
ਜਿਸ ਜਿਸ ਥਾਵੇਂ ਪਯਾਰੂਏ
ਬੈਠ ਗਏ ਰੰਗ ਲਾਇ,
ਓਥੇ ਓਥੇ ਅਜੇ ਤਕ
ਲਪਟ ਰਹੀ ਲਹਿਰਾਇ ।
ਮਾਣਨ ਹਾਰੇ ਤੁਰ ਗਏ
ਸਮੇਂ ਗਏ ਹਨ ਬੀਤ,
ਪਰ ਲਪਟੀ ਹੈ ਦੇ ਰਹੀ
ਲਪਟ ਆਪਣੀ ਪ੍ਰੀਤ ।
ਸੁੱਚੀ ਪ੍ਰੀਤਿ ਦੇਂਵਦੀ
ਸਦਾ ਸਦਾ ਖੁਸ਼ਬੋਇ ।
ਨਾਮ ਧ੍ਰੀਕੀ ਪ੍ਰੀਤ ਦੀ
ਨਾਸ਼ਮਾਨ ਹੈ ਲੋਇ ।
ਪਯਾਰ-ਆਦਮੀ ਰਿਦੇ ਮੈਂ
ਡੂੰਘਾ ਲਿਆ ਵਸਾਇ,
ਇਸਦੀ ਪਯਾਰ-ਸੁਗੰਧਿ ਦਾ
ਚਸਕਾ ਰਿਹਾ ਸਮਾਇ ।
ਜਿੱਥੇ ਕੋਈ ਪਯਾਰੂਆ
ਕਰ ਗਯਾ ਕਦੇ ਪਿਆਰ,
ਓਥੋਂ ਮੈਨੂੰ ਸੁੰਘਿਆਂ
ਮਿਲਦੀ ਲਪਟ ਅਪਾਰ,
ਏਸ ਲਈ ਮੈਂ ਅਝਕਦਾ
ਸੁੰਘਦਾ ਹਰ ਥਾਂ ਜਾਉਂ,
ਹੋ ਵਰਤੇ ਮਤ ਪਯਾਰ ਦੀ
ਕਿਤੇ ਲਪਟ ਮੈਂ ਪਾਉਂ ।
ਇਕ ਛਾਬੇ ਸਭ ਜਗ ਤੁਲੇ
ਦੂਜੇ 'ਮਰਦ-ਪਿਆਰ',
ਭਾਰੀ ਛਾਬਾ ਪਯਾਰ ਦਾ
ਹੋਰ ਜਾਣ ਸਭ ਛਾਰ ।
ਜੋ ਬਣਿਆਂ ਸੋ ਭੱਜਸੀ
ਜੋ ਦਿੱਸੇ ਸੋ ਨਾਸ਼,
ਲਪਟ ਲਹਿਰ ਇਕ ਪ੍ਰੇਮ ਦੀ
ਕਦੇ ਨ ਹੋਇ ਬਿਨਾਸ ।
ਸੱਚੀ ਰਿਸ਼ਮ ਪਿਆਰ ਦੀ
ਜੁਗ ਜੁਗ ਚਮਕ ਦਿਖਾਇ,
ਸੱਚੀ ਗੰਢ ਪਿਆਰ ਦੀ
ਪੀਡੀ ਹੁੰਦੀ ਜਾਇ,
ਸੱਚੀ ਗੰਧਿ ਪਿਆਰ ਦੀ
ਸਦਾ ਸਦਾ ਮਹਿਕਾਇ,
ਸੱਚੀ ਅੰਸ਼ ਪਿਆਰ ਦੀ
ਸਾਈਂ-ਚਰਨ ਪੁਚਾਇ ।'

36. ਗੁਲਦਾਊਦੀਆਂ ਆਈਆਂ

ਗੁਲਦਾਊਦੀਆਂ ਆਈਆਂ ਸਾਡੀਆਂ
ਗੁਲਦਾਊਦੀਆਂ ਆਈਆਂ !
ਰਲਮਿਲ ਦਿਓ ਵਧਾਈਆਂ ਸਹੀਓ !
ਰਲਮਿਲ ਦਿਓ ਵਧਾਈਆਂ !
ਵਰ੍ਹਾ-ਵਿਛੁੰਨੀਆਂ ਸਹੀਆਂ ਸਾਡੀਆਂ,
ਝੂੰਮ ਝੁਮੰਦੀਆਂ ਆਈਆਂ;
ਲੰਮੀਆਂ ਲੰਮੀਆਂ, ਸਾਵੀਆਂ ਸਾਵੀਆਂ
ਗੰਦਲ ਕਵਾਰੀ ਜਿਹੀਆਂ ।
ਹਸੂੰ ਹਸੂੰ ਓ ਕਰਦੀਆਂ ਆਈਆਂ
ਆਪ, ਹਸਾਂਦੀਆਂ ਆਈਆਂ,
ਖਿੜੇ, ਖਿੜੰਦੇ ਮੱਥੇ ਆਈਆਂ,
ਖੇੜਾ ਨਾਲ ਲਿਆਈਆਂ ।
ਮੁਖੜਾ ਮੁਖੜਾ ਚੰਦ ਚੰਦ ਹੈ
ਚੰਦ-ਮੁਖ ਹੋ ਕੇ ਆਈਆਂ,
ਖਾਣ-ਚੰਦਾਂ ਤੋਂ ਚੰਦ ਲਭਾਕੇ
ਚਿਹਰੇ ਚਾੜ੍ਹ ਲਿਆਈਆਂ ।
ਗਗਨ-ਮੰਡਲ ਇਕ ਚੰਦ ਕਾਰਣੇ
ਕੇਡਾ ਗਰਬ ਕਰੇਂਦਾ
ਏਥੇ ਵੇਖੋ ਡਾਲ ਡਾਲ ਹੈ
ਚੰਦ ਚੰਦ ਛਬਿ ਦੇਂਦਾ !
ਇਕ-ਰੰਗਾ ਉਹ ਚੰਦ ਅਸਮਾਨੀ,
ਨਾਲ ਦਾਗ਼ ਦੇ ਭਰਿਆ,
ਹਰ-ਰੰਗੇ ਹਰ ਰੌਣਕ ਏਥੇ
ਸੈ ਲਖ ਚੰਦਾ ਚੜ੍ਹਿਆ ।
ਗੁਲਦਾਊਦੀਆਂ ਸਾਡੀਆਂ ਸਹੀਓ !
ਚੰਦ੍ਰ ਮੁਖੋਂ ਬੜ੍ਹ ਚੜ੍ਹੀਆਂ,
ਦਰਸ਼ਨ ਕਾਰਣ ਚੰਦ ਅਕਾਸ਼ੀਂ
ਚੜ੍ਹ ਦੇਖੇ ਚੰਦ ਲੜੀਆਂ ।
ਮਾਲੀ ਆਖੇ: 'ਗਮਲੇ ਵਿੱਚੋਂ
ਉੱਗ ਉਤਾਹਾਂ ਆਈਆਂ',
ਪਰ ਜੇ ਹੇਠੋਂ ਉੱਤੇ ਆਈਆਂ,
ਚੰਦ-ਮੁਖ ਕਿਥੋਂ ਲਯਾਈਆਂ ?
ਚੰਦ ਵਸੇ ਅਸਮਾਨੀਂ ਲੋਕੋ
ਅੰਬਰ ਦੌਰ ਲਗਾਵੇ,
ਮਿੱਟੀ ਗਮਲਯਾਂ ਅੰਦਰ ਨਾਹੀਂ
ਚੰਦ ਕਦੇ ਲੁਕ ਆਵੇ ।
'ਸੀਤੋ ਸੀਤਾ ਮਹਿਮਾ ਮਾਹਿ' ਹੈ,
ਅਰਸ਼ੀਂ ਰੂਪ ਵਸੇਂਦਾ,
ਸੁਹਜ ਸੁੰਦਰਤਾ ਵਸੇ ਓਸ ਥਾਂ,
ਘਾੜਤ ਰੂਪ ਘੜੇਂਦਾ ।
ਸੁਹਣੀਆਂ ਸਾਡੀਆਂ ਗੁਲਦਾਊਦੀਆਂ,
ਓਥੋਂ ਹੋ ਕੇ ਆਈਆਂ,
ਰੂਪ ਰੰਗ ਇਹ ਫਬਨ ਅਜੈਬੀ,
'ਰੂਪ-ਦੇਸ਼' ਤੋਂ ਲਯਾਈਆਂ ।
ਭੋਲੇ ਮਾਲੀ ! ਗਮਲਯਾਂ ਵਿਚੋਂ
ਹੂਰਾਂ ਇਹ ਨਹੀਂ ਆਈਆਂ,
ਏ ਅਪੱਛਰਾਂ ਅਰਸ਼ ਤੋਂ ਸਜਨਾ !
ਸਾਡੇ ਘਰ ਉਤਰਾਈਆਂ ।
ਚਿਹਰੇ ਦੇਖ ਇਨ੍ਹਾਂ ਦੇ ਸਜਨਾ !
ਨੀਝ ਰੰਗ ਤੇ ਲਾਵੀਂ,
ਹਰ ਜੌਹਰ ਹਰ ਰੰਗੇ ਦੇਖੀਂ
ਗਹੁ ਕਰ ਸਮਝ ਕਰਾਵੀਂ ।
ਅੱਖੀਂ ਭਰੇ ਅਨੰਦ ਦਰਸ਼ਨੋਂ,
ਸਿਰ ਸਰੂਰ ਜੋ ਧਾਵੇ,
ਸਵਾਦ ਰਮੇਂ ਜੋ ਰੋਮ ਰੋਮ ਵਿਚ
ਮਨ ਨੂੰ ਮਨੋਂ ਭੁਲਾਵੇ,-
ਇਹ ਰਸ ਮਿੱਟੀ ਵਿੱਚ ਨ ਵਸਦਾ,
ਪੱਤਰ ਬੂਟੇ ਨਾਹੀਂ,
ਇਹ ਰਸ ਸਾਡੀ ਮਿਹਨਤ ਨਾਹੀਂ,
ਧਰਤੀ ਇਹ ਰਸ ਨਾਹੀਂ ।
ਇਹ ਰਸ ਗ਼ੈਬ ਖਜ਼ਾਨਾ, ਮਾਲੀ !
ਇਹ ਰਸ ਅਰਸ਼ੀ, ਭਾਈ !
ਇਹ ਰਸ 'ਰੂਪ-ਦੇਸ਼' ਦੀ ਆਭਾ,
ਇਹ ਰਸ ਧੁਰ ਤੋਂ ਆਈ ।
ਇਹ ਰਸ ਦੇਵਣਹਾਰੀਆਂ ਸਹੀਆਂ
ਅਰਸ਼ੋਂ ਰੰਗ ਲਿਆਈਆਂ ।
ਅਰਸ਼ੀ ਸੁਹਣਿਆਂ ਨੇ ਆ ਏਥੇ,
ਲੁਕ ਲੁਕ ਰਸੀਂ ਭਿੰਨਾਈਆਂ ।
- ਚਾਨਣ ਜਿਵੇਂ ਅਕਾਸ਼ੋਂ ਆਵੇ
ਸ਼ੀਸ਼ਿਆਂ ਤੇ ਪੈ ਦਮਕੇ,
ਤਿਵੇਂ ਸੁੰਦਰਤਾ ਅਰਸ਼ੋਂ ਆਵੇ
ਸੁਹਣਿਆਂ ਤੇ ਪੈ ਚਮਕੇ ।

37. ਕੁਤਬ ਦੀ ਲਾਠ

ਕੀ ਤੂੰ ਕੁਤਬ ਕੁਤਬ ਦਾ ਜਾਇਆ, ਸੈਮੇਟਿਕ ਹੈਂ ਤੂੰ ਅਸਲੋਂ ?
ਯਾ ਪੱਥਰ, ਤੂੰ ਪੁੱਤ ਪਿਥੌਰਾ, ਆਰਯ ਹੈਂ ਤੂੰ ਨਸਲੋਂ ?
ਕੀ ਤੂੰ ਕੁਤਬ, ਧਰੂ ਧਰਤੀ ਦਾ, ਛੋਟਾ ਉਸ ਦਾ ਭਾਈ,
ਵਿਚ ਅਸਮਾਨ ਅਟਲ 'ਧੁਰ' ਓ ਹੈ, ਤੂੰ ਧੁਰ ਹੈਂ ਇਸ ਥਾਈਂ ?
ਚੰਦ੍ਰ ਰਾਜ ਨੇ ਹਸ਼ਤ ਧਾਤ ਦਾ, ਥੰਮ੍ਹ ਜਿਵੇਂ ਬਣਵਾਇਆ,
ਯਾਦਗਾਰ ਆਪਣੀ ਦੀ ਖ਼ਾਤਰ ਇਸ ਥਾਂ ਤੇ ਗਡਵਾਇਆ,
ਤਿਵੇਂ ਦੱਸ, ਤੁਧ ਯਾਦਗਾਰ ਹਿੱਤ, ਪ੍ਰਿਥੀਰਾਜ ਬਣਵਾਇਆ ?
ਹਿੰਦੂ ਰਾਜ ਗਏ ਦਾ ਬਾਕੀ, ਤੂੰ ਨਿਸ਼ਾਨ ਰਹਾਇਆ ।
ਅਸ਼ੋਕ-ਪੁੱਤਰੀ ਜਿਉਂ ਲੰਕਾ ਵਿਚ, ਬੋਧੀ ਬੋੜ੍ਹ ਜਮਾਇਆ,
ਕੁਤਬਦੀਨ ਨੇ ਕੀ ਤਿਉਂ ਤੈਨੂੰ, ਥੰਮ੍ਹ ਇਸਲਾਮ ਗਡਵਾਇਆ ?
ਜਾਂ ਹਿੰਦੂ ਤੂੰ, ਕੁਤਬਦੀਨ ਨੇ ਕਲਮਾ ਆਣ ਪੜ੍ਹਾਇਆ ।
ਪਹਿਲਾਂ ਹਿੰਦੂ, ਵਿਚ ਇਸਲਾਮੇ ਤੂੰ ਦਾਖ਼ਲ ਸੈਂ ਆਇਆ ।
ਜਿਸ ਨੇ ਤੁਧ ਬਣਾਇਆ ਭਾਈ ! ਗਲਤੀ ਬੜੀ ਕਰਾਈ ।
ਨਾਮ ਠਾਮ ਆਪਣੇ ਦੀ ਕੋਈ, ਸਿਲਾ ਨਾ ਇਕ ਲਵਾਈ ।
ਹਸ਼ਤ ਧਾਤ ਦੀ ਲਾਠ ਉਪਰੇ, ਚੰਦ੍ਰ ਰਾਜ ਉਕਰਾਇਆ-
ਆਪਣਾ ਨਾਮ ਪਤਾ ਲਿਖ ਦਿੱਤਾ, ਭਰਮ ਨਾ ਅੱਜ ਪੁਆਇਆ ।
ਤਿਉਂ ਜੇ ਤੇਰਾ ਪਿਤਾ ਕੋਈ, ਦੋ ਹਰਫ਼ ਕਿਤੇ ਲਿਖ ਜਾਂਦਾ ।
ਤੈਂ ਅਸਲੇ ਦਾ ਝੇੜਾ ਸਾਰਾ, ਸਿਰ ਨਾ ਕਿਸੇ ਦਾ ਖਪਾਂਦਾ ।
'ਕੁਤਬ' ਨਾਮ ਤੋਂ ਸੈਮੇਟਿਕ ਜਾਪੇਂ, 'ਲਾਠ' ਨਾਮ ਤੋਂ ਹਿੰਦੂ ।
ਪਰ ਸਾਨੂੰ ਤੂੰ ਸਾਂਝਾ ਦਿਸੇਂ, ਹਿੰਦ ਗਗਨ ਦਾ ਇੰਦੂ ।
ਹਿੰਦੁਸਤਾਨੀ ਅਜਬਾਂ ਅੰਦਰ ਤੂੰ ਮੀਨਾਰ ਲਾਸਾਨੀ ।
ਅਸਲ ਨਸਲ ਭਾਵੇਂ ਹੈ ਕੋਈ, ਤੂੰ ਹੈਂ ਹਿੰਦੁਸਤਾਨੀ ।
ਜਾਤ ਜਨਮ ਤੇ ਅਸਲ ਨਸਲ ਨੂੰ, ਕੋਈ ਕਦੇ ਨਾ ਛਾਣੇ ।
ਜਦੋਂ ਸੁੰਦਰਤਾ ਦਰਸ਼ਨ ਦੇਵੇ, ਸਭ ਕੋਈ ਆਪਣੀ ਜਾਣੇ ।

38. ਬੇਲਾ ਭੁਆਨੀ

ਅਹੁ ਕੀ ਲਾਲ ਰੌਸ਼ਨੀ ਆਈ
ਪੀਲੀ ਹੈ ਹੁਣ ਹੋਈ,
ਰੰਗ ਮੋਤੀਏ ਦੇ ਵਿਚ ਪਲਟੀ,
ਸ਼ਕਲਧਾਰ, ਹਸ ਰੋਈ ।
ਕੋਮਲ ਦੇਹ, ਰੰਗ ਹੈ ਸੁੰਦਰ,
ਧਰਮ ਲਿਸ਼ਕ ਹੈ ਮਾਰੇ,
ਮੱਥੇ ਤੇਜ਼ ਭਗਤਿ ਦਾ ਲਿਸ਼ਕੇ
ਨੈਣ ਪ੍ਰੇਮ ਦੇ ਤਾਰੇ ।
ਆ ਕਹਿੰਦੀ :- 'ਕਿਉਂ ਸੋਚਾਂ ਸੋਚੋ ?
ਏ ਮੇਰਾ ਹੈ ਲਾਠਾ,
ਇਸ ਉਤੋਂ ਦਰਸ਼ਨ ਸਾਂ ਕਰਦੀ
ਜਮਨਾਂ ਦੇਂਦੀ ਠਾਠਾਂ ।
ਪ੍ਰਿਥੀ ਰਾਜ ਦੀ ਬੇਟੀ ਮੈਂ ਹਾਂ,
ਨਾਂ ਹੈ 'ਬੇਲਾ ਭੁਆਨੀ',
ਜਮਨਾਂ ਰੋਜ਼ ਨ੍ਹਾਣ ਸਾਂ ਜਾਂਦੀ,
ਫਿਰ ਆ ਚੜ੍ਹੀ ਜੁਆਨੀ ।
ਵਯਾਹ ਕੀਤਾ, ਝਟ ਪਤੀ ਮਰੇ,
ਮੁੜ ਰਹਿ ਗਈ ਪਿਤਾ ਦੁਆਰੇ,
ਇਸ ਮੰਦਰ ਵਿਸ਼ਨੂੰ ਦੇ ਤਦ ਤੋਂ,
ਭਾਰੇ ਚਾ ਲਏ ਸਾਰੇ ।
ਏਥੇ ਰਹਿਕੇ ਭਗਤਿ ਕਮਾਣੀ
ਸੇਵ ਵਿਸ਼ਣੁ ਦੀ ਕਰਨੀ,
ਰਹਿਣਾਂ ਟੁੱਟ ਜਗਤਿ ਤੋਂ ਵੱਖਰੇ
'ਹਰਿ ਹਰਿ' ਹਰੀ ਸਿਮਰਨੀ ।
ਜਮਨਾ ਜਾਣੋਂ ਤੇ ਨਿਤ ਨ੍ਹਾਣੋਂ
ਬਾਪੂ ਵਰਜ ਰਹਾਵੇ;
ਮੈਂ ਆਖਾਂ ਮੈਂ ਨੇਮ ਨ ਰਹਿਸੀ,
ਬਾਪੂ ਆਖ ਸੁਣਾਵੇ:-
'ਏਥੇ ਹੀ 'ਵਿਸ਼ਨੂੰ ਪਦ' ਟਿੱਲੇ,
ਇਸ ਮੰਦਰ ਦੇ ਅੰਦਰ
ਜਮਨਾ ਦਾ ਜਲ ਰੋਜ਼ ਪਹੁੰਚਸੀ
ਨ੍ਹਾਵੇ ਬੈਠੇ ਅੰਦਰ ।'
ਮੈਂ ਕਹਿਆ:-ਪਰ ਜਮਨਾਂ ਦਰਸ਼ਨ
ਕਿਵੇਂ ਪਿਤਾ ਜੀ ਹੋਵੇ,
ਦਰਸ਼ਨ ਬਾਝੋਂ ਮਨ ਨਹੀਂ ਤ੍ਰਿਪਤੇ,
ਨੇਮ ਨੇਮਤਾ ਖੋਵੇ ।
ਪਿਤਾ ਤਦੋਂ ਇਹ ਲਾਠ ਬਣਾਈ,
ਉੱਚੀ ਬਹੁਤ ਕਰਾਈ,
ਜੋ ਮੰਦਰ ਦੇ ਅੰਦਰ ਰਹਿੰਦਯਾਂ
ਮੈਂ ਦਰਸ਼ਨ ਨਿਤ ਪਾਈਂ ।
'ਬੇਲ ਭਵਾਨੀ ਲਾਠ' ਏਸਦਾ
ਨਾਮ ਤਦੋਂ ਸੀ ਭਾਈ,
'ਲਾਠ ਪਿਥੌਰਾ' ਫਿਰ ਲੋਕਾਂ ਨੇ
ਇਸਦੀ ਅੱਲ ਪਕਾਈ ।
ਪਿਤਾ ਮਰੇ ਜਦ ਜੰਗ ਵਿਚਾਲੇ
ਘਰ ਦੀ ਜੋ ਸੀ ਨਾਰੀ ।
ਹਰ ਇਕ ਅੱਗ ਚੜ੍ਹੀ, ਸੜ ਮੋਈ,
ਫੜੇ ਨ ਆਕੇ ਖਵਾਰੀ ।
ਇਸ ਮੰਦਰ ਤੇ ਕੁਤਬ ਦੀਨ ਨੇ
ਕਬਜ਼ਾ ਆਕੇ ਕੀਤਾ,
ਸੋਨਾ, ਚਾਂਦੀ, ਹੀਰਾ, ਮੋਤੀ,
ਸਭ ਸੰਭਾਲ ਉਸ ਲੀਤਾ ।
ਚੱਕ ਮੂਰਤਾਂ ਸੱਟ ਦਿੱਤੀਆਂ,
ਕੰਧਾਂ ਦੀਆਂ ਤੁੜਵਾਈਆਂ,
ਮਸਜਿਦ ਰਚੇ ਮੰਦਰੇਂ ਥਾਵੇਂ
ਵਿਧੀਆਂ ਏਹੁ ਬਨਾਈਆਂ ।
ਏਸ ਲਾਠ ਤੇ ਚੜ੍ਹੇ ਪਥੇਰੇ
ਅਰਬੀ ਲੇਖ ਉਕਰਾਏ,
ਇਸ ਜੇਹੇ ਤਿੰਨ ਹੋਰ, ਸੋਚਦਾ,
ਲਾਠੇ ਚਹੇ 'ਬਨਾਏ'
ਮਹਿਰਾਬਾਂ ਕੰਧਾਂ ਬਨਵਾਈਆਂ-
ਸਨ ਉਸਾਰੀਆਂ ਲਾਈਆਂ,
ਖੂੰਡੀ ਖੇਡ ਰਹੇ ਨੂੰ ਸਾਂਈਂ
ਮੌਤਾਂ ਤੁਰਤ ਭਿਜਾਈਆਂ ।
ਲਾਠ ਦੂਸਰੀ ਕੁਤਬ ਦੀਨ ਦੀ
ਰਹਿ ਗਈ ਅੱਧ ਵਿਚਾਲੇ,
ਔਹ ਦੇਖੋ ਜੋ ਖੜੀ ਸਾਮ੍ਹਣੇ
ਰੋਂਦੀ ਹੈ ਦੁਰਹਾਲੇ ।
ਮਹਿਰਾਬਾਂ ਤੇ ਕੰਧਾਂ ਦੇਖੋ
ਕੁਝ ਰਹੀਆਂ ਕੁਝ ਗਈਆਂ,
ਪਰ ਏ ਲਾਠ ਪਿਤਾ ਦੀ ਮੇਰੇ
ਸਹੀ ਸਲਾਮਤ ਰਹੀਆ ।'
ਇਤਨੇ ਨੂੰ ਇਕ ਮਧਰਾ,
ਭਰਵਾਂ, ਕੁਲਹਾ ਪਹਿਨੇ ਆਯਾ ।
ਗਲ ਸਮੂਰ ਦਾ ਤਿੱਲੇ ਵਾਲਾ
ਚੋਗ਼ਾ ਲੰਮਾ ਪਾਯਾ ।
'ਮਲੇਛ' 'ਮਲੇਛ' ਕਹਿ ਬੇਲਾ ਉੱਡੀ,
ਫਿਰ ਨਜ਼ਰੀ ਨਹੀਂ ਆਈ ।
ਚੁੱਪ ਚਾਪ ਬਿਨ ਬੋਲੇ ਫਿਰਦੀ
ਘੁੰਮਰ ਸਾਰੇ ਪਾਂਦੀ,
ਚੱਕਰ ਦੇਂਦੀ ਤੇ ਸਾਹ ਭਰਦੀ
ਫਿਰ ਕਬਰੇ ਵੜ ਜਾਂਦੀ ।
ਤ੍ਰਬ੍ਹਕ ਅਸਾਂ ਜਦ ਅੱਖ ਉਘਾੜੀ
ਨਜ਼ਰੀਂ ਕੁੱਛ ਨ ਆਯਾ ।
ਸੁੰਦਰ ਥਾਵਾਂ ਦਾ ਓ ਖੋਲਾ
ਚਾਰ ਚੁਫੇਰ ਸੁਹਾਯਾ ।
ਸਭ ਵੈਰਾਨ ਜਗਾਂ ਹਨ ਹੋਈਆਂ,
ਖੋਲੇ ਹਨਗੇ ਬਾਕੀ,
ਪਰ ਏ ਲਾਠ ਕੁਤਬ ਦੀ ਕਾਇਮ
ਜਿਉਂ ਕੀ ਤਿਉਂ ਹੈ ਆਕੀ,-
ਕਈ ਸੈ ਬਰਸ ਸਮੇਂ ਸੰਗ ਲੜਦੀ
ਤੱਤਾਂ ਘੋਲ ਘੁਲਾਂਦੀ,
ਜਿਉਂ ਕੀ ਤਿਉਂ ਹੈ ਖੜੀ ਏਸ ਥਾਂ,
ਉਮਰਾ ਅਜੇ ਰਹਾਂਦੀ ।

39. ਪਿਆਰ' ਤੇ 'ਫ਼ਰਜ਼' ਦੀਆਂ ਦੇਵੀਆਂ ਦੀ ਸੰਬਾਦ

ਬੈਠੇ ਮਿਲੇ ਪਿਆਰੇ
ਵਾੜੀ ਪਿਆਰ ਵਾਲੀ ।
ਮਾਨੋਂ ਖਿੜੀ ਹੈ ਸੁਹਣੀ,
ਚੋ ਚੋ ਪਵੇ ਹੈ ਲਾਲੀ ।
ਝੁੰਮਰ ਹੈ ਸੀਸ ਪਾਂਦੀ
ਦੇਵੀ 'ਪਿਆਰ' ਵਾਲੀ-
ਖੀਵੀ, ਖਿੜੀ, ਖੁਸ਼ੀ ਹੈ
ਗਾਂਦੀ ਵਜਾਇ ਤਾਲੀ:-

ਪਿਆਰ ਦੀ ਦੇਵੀ ਗਾਂਵੀਂ:-
'ਪਯਾਰੀ ਖਿੜੀ ਹੈ ਮੇਰੀ
ਵਾੜੀ ਮਿਲਾਪ ਵਾਲੀ,
ਲਹਿਰੇ ਪਿਆਰ ਵਾਯੂ,
ਝੂੰਮੇ ਪਿਆਰ ਡਾਲੀ ।

ਛੁਟਦੇ ਖੁਸ਼ੀ ਫੁਹਾਰੇ,
ਬਰਸਨ ਅਨੰਦ ਬੱਦਲ,
ਮੌਜਾਂ ਦਾ ਰਾਗ ਛਿੜਿਆ,
ਹਾਸੀ ਬਜਾਇ ਤਾਲੀ ।

ਮਿਲਨਾ ਸੁਖਾਲ ਸਭ ਕੁਛ,
ਮਿਲਨਾ 'ਮਿਲਾਪ' ਔਖਾ,
ਮਿਲ ਜੇ ਮਿਲਾਪ ਜਾਵੇ,
ਜਾਵੇ ਜਨਮ ਨ ਖਾਲੀ ।

ਮਿਲਨੇ ਦੀ ਚਿਣਗ ਸਭ ਦੇ
ਅੰਦਰ ਮੈਂ ਆਪ ਪਾਈ,
ਜਿਸਨੇ ਹੈ ਇਹ ਮਘਾਈ
ਚਿਣਗੋਂ ਹੈ ਅੱਗ ਬਾਲੀ ।

ਬਲਦੀ ਹੈ ਅੱਗ ਡਾਢੀ,-
'ਮਿਲਣਾ' ਹੀ ਮਿਲਣ ਲੋਚੇ,
'ਮਿਲਣਾ' ਮਿਲੇ ਜੇ ਨਾਹੀਂ,
ਮਚਦੀ ਏ ਅੱਗ ਲਾਲੀ ।

ਭੜਕੀ ਅਗਨ ਮਿਲਣ ਦੀ
ਬਿਰਹੋਂ ਦੇ ਕਸ਼ਟ ਤੋੜੇ,
ਝਾਗੇ ਪਹਾੜ ਨਦੀਆਂ,
ਘਾਲਾਂ ਕਠੋਰ ਘਾਲੀ ।

ਜਿਉਂ ਜਿਉਂ ਵਧੀਕ ਅਟਕਾਂ
ਤਿਉਂ ਤਿਉਂ ਏ ਅੱਗ ਤਿੱਖੀ,
ਜਿਉਂ ਜਿਉਂ ਏ ਅੱਗ ਤਿੱਖੀ
ਅਟਕਾਂ ਨੂੰ ਜਾਇ ਜਾਲੀ ।

ਬਿਰਹੋਂ ਭੁਯੰਗ ਡਾਢਾ
ਪਾਵੇ ਸਦਾ ਵਿਛੋੜੇ,-
ਮਿਲਣੀ ਘੜੀ ਮਿਲਣ ਦੀ
ਔਖੀ, ਕਠਨ, ਦੁਰਾਲੀ ।

ਮੇਰੇ ਚਮਨ ਵਧੇਰੇ
ਲੱਗੀ ਹੈ ਔੜ ਰਹਿੰਦੀ,
ਸਾਂਈਂ ਜਾਂ ਆਪ ਤੁੱਠੇ
ਹੁੰਦੀ ਤਦੋਂ ਖੁਸ਼੍ਹਾਲੀ ।

ਆਵੇ ਬਨਸਪਤੀ ਤੇ
ਭਾਵੇਂ ਬਸੰਤ ਚਿਰਕੀ,
ਨਿਸਚੇ ਵਰ੍ਹੇ ਦੇ ਮਗਰੋਂ
ਆਵੇ, ਨ ਜਾਇ ਖਾਲੀ ।

'ਬਾਰ੍ਹੀਂ ਵਰ੍ਹੀਂ ਸੁਣੀਵੇ'
ਕਹਿੰਦੇ 'ਅਰੂੜੀਆਂ ਦੀ',
ਗੇੜਾ ਚੁਰਾਸੀ ਖਾਕੇ
ਪਾਪੀ ਬੀ ਠੌਰ ਭਾਲੀ ।

ਮੇਰੀ ਬਹਾਰ ਦਾ ਹੈ
ਵੇਲਾ ਘੜੀ ਨ ਕੋਈ,
ਆਊ ਕਦੋਂ ਇਹ ਮੁੜਕੇ
ਦੇਊ ਕਦੋਂ ਦਿਖਾਲੀ ?

ਸਿੱਕਾਂ ਸਕੇਂਦਿਆਂ ਏ,
ਰਾਹਾਂ ਤਕੇਂਦਿਆਂ ਏ,
ਲੋਚਾਂ ਲੋਚੇਂਦਿਆਂ ਏ,
ਖਿੜਦੀ ਕਦੇ ਹੈ ਲਾਲੀ ।

ਤਾਹੀਓਂ ਏ ਅਤਿ ਪਿਆਰੀ,
ਮਹਿੰਗੀ ਹੈ ਜਿੰਦ ਨਾਲੋਂ,
ਮਿਲਦੀ ਘੜੀ ਜਦੋਂ ਹੈ,
ਹੁੰਦੀ ਹਾਂ ਮੱਤਵਾਲੀ ।

ਐਸਾ ਅਮੋਲ ਵੇਲਾ,
ਏਥੇ ਹੈ ਅੱਜ ਆਯਾ,
ਖਿੜਿਆ ਚਮਨ ਏ ਤੱਕਾਂ,
ਮਾਵਾਂ ਨ ਵਾਂਗ ਮਾਲੀ ।

(ਤ੍ਰੱਬ੍ਹਕ ਕੇ ਤੇ ਤੱਕ ਕੇ):-

ਆਈ ਫ਼ਰਜ਼ ਦੀ ਦੇਵੀ
ਮੇਰੇ ਚਮਨ ਕੀ ਕਰਨੇ ?
ਕੱਛੇ ਹੈ ਕੁਛ ਲੁਕਾਯਾ,
ਹੱਥੋਂ ਬੀ ਹੈ ਨ ਖਾਲੀ ।

ਦਾਤੀ ਹੈ ਕੱਛ ਮਾਰੀ,
ਕੈਂਚੀ ਹੈ ਹੱਥ ਅੰਦਰ,
ਮੱਥੇ ਤੇ ਤੀਉੜੀ ਹੈ
ਅੱਖੀ ਹੈ ਰੋਅਬ ਵਾਲੀ ।

ਉਡਦੀ ਓ ਵੇਗ ਤਿੱਖੇ
ਆਈ 'ਫ਼ਰਜ਼' ਦੀ ਦੇਵੀ,
ਬੋਲੀ ਗੰਭੀਰ ਹੋ ਕੇ,
ਸੁਰ ਨਾਲ ਜ਼ੋਰ ਵਾਲੀ:-

ਫ਼ਰਜ਼ ਦੀ ਦੇਵੀ ਬੋਲੀ:-

ਉੱਠੋ, ਚਲੋ ਮੁਸਾਫਰ !
ਮਿਲ ਬੈਠਣਾ ਨਹੀਂ ਹੈ,
ਪੈ ਕੇ ਮਿਲਾਪ ਮੌਜੀਂ,
ਇਉਂ ਐਂਠਣਾ ਨਹੀਂ ਹੈ ।

ਬੈਠੇ ਮਿਲੇ ਜੋ ਸਨਗੇ
ਤ੍ਰਬ੍ਹਕੇ ਏ ਸੱਦ ਸੁਣਕੇ,
ਹੋਰੋਂ ਹੀ ਰੰਗ ਹੋਏ,
- ਹਾਲਤ ਨ ਓ ਰਹੀ ਹੈ ।

ਦੇਵੀ ਫ਼ਰਜ਼ ਦੀ ਬੋਲੇ,
ਚਾਂਹਦੀ ਨਹੀਂ ਉਡੀਕੇ,
ਜਾਪੇ ਕਿ ਏਸ ਅੰਦਰ
ਰਸ ਦੀ ਕਣੀ ਨਹੀਂ ਹੈ ।

ਫੇਰ ਫ਼ਰਜ਼ ਦੀ ਦੇਵੀ ਬੋਲੀ:-

ਕਾਰਜ ਹੈ ਢੇਰ ਕਰਨਾ,
ਵੇਲਾ ਬਹੁਤ ਹੈ ਥੋੜਾ,
ਮਾਰੋ ਹੀ ਮਾਰ ਕਰਦੀ
ਸਿਰ ਸੰਝ ਆ ਰਹੀ ਹੈ ।

ਦੁਨੀਆਂ ਨ ਸੁੰਦਰਤਾ ਹੈ,
ਮੇਲਾ ਨ ਮੌਜ ਥਾਂ ਹੈ,
ਫ਼ਰਜ਼ਾਂ ਦੀ ਹੈ ਏ ਘਾਟੀ
ਲੇਖੇ ਦੀ ਏ ਵਹੀ ਹੈ ।

ਉੱਠੋ ਮਿਲਾਪ ਵਿੱਚੋਂ,
ਸਿਰ ਤੇ ਪਏ ਕਰਾਂ ਨੂੰ
ਤੱਕੋ, ਤੇ ਚਾ ਨਿਬਾਹੋ,
ਬਾਣੀ ਏ ਸਚ ਕਹੀ ਹੈ ।

ਬੋਲੀ ਪਿਆਰ ਦੇਵੀ
ਜਿਸ ਤੇ ਹੈ ਚਿੰਤ ਛਾਈ,
ਝੀਣੀ ਵਿਰਾਗ ਵਾਲੀ
ਕੋਮਲ ਅਵਾਜ਼ ਆਈ:-

ਪਿਆਰ ਦੀ ਦੇਵੀ ਬੋਲੀ:-

ਹਿਰਦੇ ਕਠੋਰ ਵਾਲੀ !
ਦਰਦੋਂ ਨਿਰੋਲ ਖਾਲੀ !
ਖਾਲੀ ਮੁਹੱਬਤੋਂ ! ਤੂੰ
ਕਿੱਥੋਂ ਹੈਂ ਦੌੜ ਆਈ ?

ਕੈਂਚੀ ਤੇ ਦਾਤਰੀ ਏ
ਲੁਣਨੇ ਨੂੰ ਮੈਂ ਬਗ਼ੀਚੀ
ਕਿਥੋਂ ਖ਼ਰੀਦ ਕੇ ਹੈਂ
ਅਪਨੇ ਤੂੰ ਨਾਲ ਲਯਾਈ ?

ਮਿਲਿਆਂ ਦੇ ਦੇਖ ਹਿਰਦੇ
ਕੀਕੂੰ ਪਏ ਨੀ ਬੱਝੇ,
ਦੂਈ ਤੋਂ ਦੂਰ ਹੋਏ
ਇਕ-ਰੂਪਤਾ ਸਮਾਈ ।

ਕ੍ਰਿਪਾ ਕਰੀਂ, ਪਿਆਰੀ !
ਪਾਵੀਂ ਨ ਭੰਗ ਕੋਈ,
ਦੁਰਲਭ ਬਹਾਰ ਮੇਰੀ
ਮਹਿੰਗੇ ਹੈ ਭਾਉ ਆਈ ।

ਪਾ ਕੇ ਦੁਵੱਟ ਮੱਥੇ
ਦੇਵੀ ਫ਼ਰਜ਼ ਸੁਣਾਈ
ਡਾਢੀ ਕਰਖਤ ਬਾਣੀ
ਪਹਿਲੇ ਤੋਂ ਕਰ ਸਵਾਈ ।

ਫਰਜ਼ ਦੀ ਦੇਵੀ ਬੋਲੀ:-

ਤੈਨੂੰ ਹੈ 'ਸੁੰਦ੍ਰਤਾ' ਦਾ
ਇਕੋ ਹੀ ਸ਼ੌਕ ਪਯਾਰਾ,
'ਫਰਜ਼ਾਂ' ਦੀ ਕਾਰ ਕਰਨੀ,
ਮੈਂ ਤਾਂ ਏ ਲੌ ਲਗਾਈ ।

'ਨਰਮੀ ਦਿਲਾਂ' ਦੀ, ਨਾਲੇ
ਖਾਣੀ ਜੁ 'ਖਿੱਚ' ਅੰਦਰ,
ਰਹਿਣਾ 'ਮਿਲਾਪ' ਮੱਤੇ,
ਮੈਨੂੰ ਨ ਲੋੜ ਕਾਈ ।

ਜਾਣਾਂ ਅਰਾਮ ਨਾਹੀਂ,
ਮੌਜਾਂ ਤਰਸ ਨ ਜਾਣਾਂ,
ਜਾਣਾਂ ਫਰਜ਼ ਦਾ ਕਰਨਾ,
ਦੁਖ ਸੁਖ ਵਿਚਾਰ ਨਾਹੀਂ ।

ਛੱਡ ਦਿਹ ਦਿਲਾਂ ਨੂੰ, ਪਯਾਰੀ:
ਕਾਰਜ ਬੜਾ ਹੈ ਕਰਨਾ,
ਉਮਰਾ ਹੈ ਬਹੁਤ ਥੋੜੀ,
ਵੇਲਾ ਨਠੇਂਦਾ ਜਾਈ ।

ਦੇਵੀ ਪਿਆਰ ਵਾਲੀ
ਜਾਦੂ ਪਰੇਮ ਪਾਇਆ,
ਖਿੱਚਯਾ ਦਿਲਾਂ ਨੂੰ ਡਾਢਾ
ਮਾਨੋ ਸੀ ਇਕ ਕਰਾਯਾ ।

ਛਾਯਾ ਪਰੇਮ ਐਸਾ
ਬਾਕੀ ਨ ਹੋਸ਼ ਕੋਈ,
ਲੱਗੇ ਨ ਵਾਹ ਕੋਈ
ਦੇਵੀ ਫਰਜ਼ ਦਾ ਲਾਯਾ ।

ਡਿੱਠਾ ਪਰੇਮ ਗਾੜ੍ਹਾ
ਦੇਵੀ ਫਰਜ਼ ਦੀ ਰੋਈ,
ਇਕ ਵੇਰ ਛੱਡ ਜਾਣਾਂ
ਉਸ ਦੇ ਰਿਦੇ ਬੀ ਆਯਾ ।

'ਮੋਹ' ਤੋਂ ਛੁਡਾਣ ਆਈ,
ਮੋਹੀ ਗਈ ਓ ਆਪੂੰ,
ਫਰਜ਼ੋਂ ਚਿਤਾਣ ਆਈ
ਅਪਨਾ 'ਫਰਜ਼' ਭੁਲਾਯਾ ।

ਛਿਨ ਦੂਸਰੀ ਦੇ ਅੰਦਰ,
ਵੱਟੀ ਕਸੀਸ ਇਸ ਨੇ
ਵਸਦਾ ਬਗੀਚੜਾ ਓ
ਬਿਰਹੋਂ ਦੀ ਨੈਂ ਰੁੜ੍ਹਾਯਾ ।

'ਫਰਜ਼ਾਂ' ਦੇ ਪਾਲਣੇ ਨੂੰ
ਸਭ ਅੱਡਰੇ ਕਰਾਏ,
ਕੋਈ ਕਿਤੇ ਲਿਚੱਲੀ,
ਕੋਈ ਕਿਤੇ ਪੁਚਾਯਾ ।

ਦੇਵੀ 'ਪਿਆਰ' ਦੀ ਦਾ
'ਮੇਲਾਪ' ਬਾਗ਼ ਖਿੜਿਆ
ਇਕ ਆਨ ਵਿਚ ਲੁਟਾਯਾ
ਇਕ ਆਨ ਵਿਚ ਖਿੰਡਾਯਾ ।

ਬਿਰਹੋਂ ਦੇ ਬਨ ਪਹਾੜੀਂ
ਖੋਜਣ 'ਮਿਲਾਪ' ਤਾਂਈਂ
ਦੇਵੀ 'ਪਿਆਰ' ਦੀ ਨੇ
ਫਿਰ ਸੀਸ ਤੇ ਸੀ ਚਾਯਾ ।

ਲਭਦੀ 'ਮਿਲਾਪ' ਫਿਰਦੀ
ਰੋਂਦੀ ਵਿਰਾਗ ਮਾਰੀ,
ਹੱਸੀ ਛਿਨਿਕ ਸੀ ਪਯਾਰੀ
ਪਰਬਤ ਗ਼ਮਾਂ ਦਾ ਆਯਾ ।

ਦੇਵੀ 'ਫਰਜ਼' ਦੀ ਚਾਹੇ
ਦਿੱਤੇ ਵਿਛੋੜ ਪਯਾਰੇ
ਮੇਟੀ ਨ 'ਖਿਚ' ਮਿਲਣ ਦੀ
ਭਾਵੇਂ ਸੀ ਜ਼ੋਰ ਲਾਯਾ ।

ਮੇਲੇਗੀ ਖਿਚ ਮਿਲਣ ਦੀ,
ਦੇਵੀ 'ਪਿਆਰ' ਵਾਲੀ !
ਕਾਹਨੂੰ ਉਦਾਸ ਹੋਵੇਂ
ਜੀ ਕਾਸਨੂੰ ਹੈ ਢਾਯਾ ।

ਮਿਲਣੇ ਦੀ 'ਖਿੱਚ' ਜੇ ਹੈ,
ਤੇਰਾ ਨ ਬਾਗ਼ ਲੁਟਿਆ
ਹੈ 'ਰਾਸ' ਕੈਮ ਜਿਸਦੀ
'ਤੋਟਾ' ਨ ਓਸ ਆਯਾ ।

ਖਿੱਚੇਗੀ ਖਿਚ ਅਗੰਮੀ
ਵਿੱਥਾਂ ਅਮਿਣਵੀਆਂ ਵਿਚ,
ਕਸਕਾਂ ਦੇ, ਦੇ ਤੁਣੱਕੇ,
ਮੇਲਣ ਦਾ ਤਾਣ ਲਾਯਾ ।

'ਖਿਚ' ਹੈ ਏ ਰਾਸ ਤੇਰੀ,
ਸ਼ਾਲਾ ਨਿਖੁੱਟੇ ਨਾਹੀਂ,
'ਵਿਛੁੜਨ' 'ਮਿਲਨ' ਦੇ ਅੰਦਰ
ਇਸਦਾ ਹੋ ਰਾਜ ਸਵਾਯਾ ।

40. ਕਸੌਲੀ ਪਹਾੜ ਉੱਤੇ
ਪਦਮ ਬ੍ਰਿੱਛ ਦੀ ਬਹਾਰ

ਉੱਡੀ ਨਮੀਂ ਅਕਾਸ਼ਾਂ ਵਿਚੋਂ
ਬੱਦਲ ਹਨ ਖਿਸਕਾਏ,
ਨਿਰਮਲ ਹੋ ਅਸਮਾਨ ਟਹਿਕਿਆ
ਨੀਲੇ ਰੂਪ ਦਿਖਾਏ ।
ਸਾਰੀ ਛਬੀ ਅਕਾਸ਼ਾਂ ਵਾਲੀ
ਲੁਕੀ ਨਿਕਲ ਹੈ ਆਈ ।
ਮਾਨੋਂ ਫਬਨ ਗੁਆਚੀ ਹੋਈ
ਕੁਦਰਤ ਲੱਭ ਲਿਆਈ ।
ਦਿਨ ਨੂੰ ਸੂਰਜ, ਚੰਦ ਰਾਤ ਨੂੰ
ਤਾਰਿਆਂ ਰੂਪ ਦਿਖਾਇਆ,
ਨੀਲੇ ਧੋਤੇ ਅੰਬਰ ਉੱਤੇ
'ਸੁਹਜ' ਬਜ਼ਾਰ ਲਗਾਇਆ ।
ਪਰ ਹੇਠਾਂ ਹੁਣ ਤਰੀ ਘਟ ਗਈ
ਉੱਤੇ ਪਏ ਨ ਪਾਣੀ,
ਆਬ ਘਟੇ ਫੁੱਲਾਂ ਦੀ ਛਿਨ ਛਿਨ,
ਸਬਜ਼ੀ ਹੈ ਕੁਮਲਾਣੀ ।
ਸਾਵੇ ਸਾਵੇ ਟਿੱਬੇ ਸਾਰੇ
ਪੀਲੱਤਣ ਤੇ ਆਏ,
ਸ਼ਾਖਾਂ ਨੇ ਹੈ ਰੰਗ ਬਦਲਿਆ
ਸਬਜ਼ੀ ਘਟਦੀ ਜਾਏ,
ਪੱਤੇ ਝੜਨ ਉਦਾਸੀ ਖਾ ਖਾ,
ਡਾਲਾਂ ਕਾਂਬੇ ਅਈਆਂ,
ਠੰਢੀ ਪੌਣ ਵਗੇ, ਰੰਗ ਪਲਟੇ,
ਆਨ ਉਦਾਸੀਆਂ ਛਾਈਆਂ ।
ਗੁਲਾਬਾਸੀਆਂ ਬੀ ਲੈ ਆਈਆਂ
ਜਾਂਦੇ ਫੁੱਲ ਕੁਮਲਾਏ,
ਇਸ਼ਕ ਪੇਚਿਆਂ ਦਾਣਾਂ ਪੈ ਗਯਾ,
ਫੁੱਲਾਂ ਮੂੰਹ ਲੁਕਾਏ ।
ਬਦਲ ਵਤੀਰਾ ਲਿਆ ਕਤੀਰੇ
ਸਾਰੇ ਫੁੱਲ ਸਮੇਟੇ,
ਬੀ ਬੀ ਹੋ ਕੇ ਕਿਰਦਾ ਜਾਂਦਾ
ਪਿਆ ਖਾਕ ਵਿਚ ਲੇਟੇ,
ਵੰਨੋ ਵੰਨ ਰੰਗਾਂ ਦਾ ਡੇਲੀਆ
ਖੇੜਾ ਸੀ ਜਿਸ ਲਾਇਆ,
ਮੀਨਾ ਲਾਇ ਬਜ਼ਾਰ ਰੰਗਾਂ ਦਾ
ਜਾਦੂ ਸੀ ਜਿਨ ਪਾਇਆ,
ਕੁਮਲਾਂਦਾ ਸਿਰ ਸਿਟਦਾ ਜਾਂਦਾ
ਨਜ਼ਰ ਨਹੀਂ ਹੁਣ ਆਂਦਾ,
ਜ਼ਿਨੀਆਂ ਛੋਟਾ ਵੀਰ ਏਸਦਾ
ਨਾਲੇ ਟੁਰਿਆ ਜਾਂਦਾ ।
ਨਿੱਕੇ ਮੋਟੇ ਹੋਰ ਫੁੱਲ ਬੀ
ਗੁੰਮ ਹੋ ਰਹੇ ਨਾਲੇ,
ਸਹਿਮ ਬਨਸਪਤਿ ਤੇ ਹੈ ਛਾਯਾ
ਰੱਖੇ ਪੈਰ ਸਿਆਲੇ ।
ਅਸਮਾਨਾਂ ਦੀ ਖਿੜੀ ਸੁੰਦਰਤਾ,
ਪਰਬਤ ਦੀ ਕੁਮਲਾਈ,
ਭਈ ਉਦਾਸ ਬਨਸਪਤਿ ਸਾਰੀ,
ਦਿਲਗੀਰੀ ਵਿਚ ਆਈ,
ਚਾਣਚੱਕ ਕੀ ਨਜ਼ਰੀਂ ਆਇਆ,
ਪਦਮ ਅੱਖ ਭਰ ਆਈਆਂ,
ਛੁਟੇ ਸ਼ਗੂਫੇ ਸ਼ਾਖ ਸ਼ਾਖ ਤੋਂ,
ਫੁੱਲਾਂ ਸਰੀਆਂ ਲਾਈਆਂ ।
ਰੰਗ ਗੁਲਾਬੀ ਤੇ ਭਾ ਸੁਹਣੀ,
ਆਭਾ ਮਸਤੀਆਂ ਵਾਲੀ,
ਏਸ ਸ਼ਗੂਫੇ ਤੋਂ ਪਈ ਟਪਕੇ
ਹਲਕੀ ਸੁਹਣੀ ਲਾਲੀ ।
ਪੱਤ ਨ ਦਿਸਦਾ ਨਵਾਂ ਨਿਕਲਿਆ
ਸ਼ਾਖ ਨ ਟਹਿਣੀ ਕੋਈ ।
ਫੁੱਲਾਂ ਦੀ ਭਰ ਡਾਰ ਆ ਗਈ,
ਟਹਿਣੀ ਸੱਭ ਪੁਰੋਈ ।
ਸਿਰ ਤੋਂ ਪੈਰਾਂ ਤੀਕ ਸੁੰਦਰਤਾ,
ਟਿਕਵੀਂ ਰੰਗਤ ਵਾਲੀ ।
ਸ਼ੋਖੀ ਤੋਂ ਖਾਲੀ ਪਰ ਮਿੱਠੀ,
ਬੈਠੀ ਡਾਲੀ ਡਾਲੀ ।
ਸਾਰਾ ਖਿੜਿਆ ਬ੍ਰਿੱਛ ਪਦਮ ਦਾ
ਨਾਲ ਸ਼ਗੂਫੇ ਭਰਿਆ ।
ਸਹਿਮੀ ਪਈ ਬਨਸਪਤਿ ਦੇ ਵਿਚ
ਖੜਾ ਹੁਲਾਸਾਂ ਵਰਿਆ ।
ਦੱਸੇ ਕੁਦਰਤ ਦੀ ਇਕ ਵਰਤੋਂ,
ਵਿੱਚ ਉਦਾਸੀ ਰੁੱਤੇ,
ਫੂਲਝੜੀ ਜਦ ਹੋ ਰਹੀ ਸਾਰੇ,
ਤਦੋਂ ਪਦਮ ਦੇ ਉੱਤੇ
ਖਿੜ ਗੁਲਜ਼ਾਰ ਹੋਕਰੇ ਦੇਂਦੀ:-
ਹੈ 'ਬਹਾਰ-ਰੁਤ' ਏਥੇ,
ਨਹੀਂ ਉਦਾਸੀ ਛਈ ਅਸਾਂ ਤੇ,
ਫੂਲਝੜੀ ਨਹੀਂ ਚੇਤੇ ।
ਸਹਿਮ ਗਈ ਬਨਰਾਇ ਸਗਲ ਹੈ
ਠੰਢਕ ਆਈ ਸੁਣਕੇ,
ਖੇੜਾ ਛੱਡ ਸਭਸ ਨੇ ਦਿੱਤਾ,
ਹੋ ਨਿਰਾਸ ਸਿਰ ਧੁਣਕੇ ।
ਪਰ ਕੁਦਰਤ ਵਿਚ ਅਜੇ ਪਿਆ ਹੈ
ਉਹ ਸਮਾਨ ਇਸ ਰੁੱਤੇ ।
ਜੇ ਲਈਏ ਤਾਂ ਖਿੜੀਏ ਫੁਲੀਏ
ਰਹੀਏ ਸ਼ਗੂਫੇ ਉੱਤੇ ।
ਸਹਿਮ ਗਿਆਂ ਤੇ ਸੋਚੀਂ ਪੈ ਗਯਾਂ
ਗਿਆਂ ਉਦਾਸੀ ਮੰਦਰ,
ਫੂਲਝੜੀ ਆਪੇ ਹੋ ਜਾਂਦੀ,
ਛਾਇ ਹਨੇਰਾ ਅੰਦਰ ।
ਜੇ ਕੁਦਰਤ ਦੇ ਰੰਗ ਵਟਾਇਆਂ
ਇਸਦੇ ਮਗਰ ਵਟਾਈਏ,
ਅਪਨਾ ਢੰਗ, ਖੋਜ ਇਸ ਕਰੀਏ
ਤਾਂ ਕੁਝ ਲੱਭ ਲਿਆਈਏ,
ਜਿਸਦੇ ਨਾਲ ਮਿਲੇ ਫਿਰ ਖੇੜਾ
ਵਿੱਚ ਸ਼ਗੂਫੇ ਬਹੀਏ,
ਸਦਾ ਬਸੰਤ ਬਹਾਰ ਹਮੇਸ਼ਾਂ
ਫੁੱਲਾਂ ਤੇ ਨਿਤ ਰਹੀਏ ।
ਰੁਤ ਬਦਲੀ ਦੇ ਰੰਗ ਬਦਲਿਆਂ
ਆਪੇ ਸੱਟ ਨ ਖਾਈਏ,
ਖੇੜੇ ਦੇ ਸਾਮਾਨ ਢੂੰਡੀਏ
ਫਿਰ ਖੇੜੇ ਵਿਚ ਆਈਏ ।
ਜੇਹੀ ਰੁੱਤ ਸਮਾਨ ਉਜੇਹਾ
ਲੱਭ ਕੁਦਰਤ ਤੋਂ ਲਈਏ,
ਇਸ ਦੇ ਬੇ ਅਸਗਾਹ ਖਜ਼ਾਨੇ
ਆਪ ਟੋਲ ਵਿਚ ਪਈਏ ।
ਲੱਭ ਪਵੇ ਖੇੜਾ ਫਿਰ ਕਿਧਰੋਂ
ਰਹੇ ਬਹਾਰ ਹਮੇਸ਼ਾ
ਫੂਲਝੜੀ ਤੇ ਪੱਤਝੜੀ ਦਾ
ਮਿਟਦਾ ਫੇਰ ਅੰਦੇਸ਼ਾ ।

ਰੁੱਤ ਉਦਾਸੀ ਦੇ ਵਿਚ ਖਿੜਕੇ
ਪਦਮ ਕੂਕ ਪਏ ਕਹਿੰਦੇ:-
'ਸਦਾ-ਬਹਾਰ' ਉਨ੍ਹਾਂ ਤੇ ਜਿਹੜੇ
ਹੋ ਦਿਲਗੀਰ ਨ ਬਹਿੰਦੇ ।
ਖੇੜਾ ਭਰਿਆ ਹਰ ਰੁੱਤੇ ਹੈ,
ਹਰ ਹਾਲੇ ਹਰ ਜਾਈ,
ਖਹਿੜਾ ਛੱਡਯਾ ਜਿਸ ਨਾ ਇਸਦਾ
ਰਮਜ਼ ਓਸ ਨੇ ਪਾਈ ।

41. ਗੰਗਾ ਰਾਮ

ਵਿਚ ਜੰਗਲ ਇੱਕ ਉਜਾੜ ਬੜੀ
ਇਕ ਤੋਤਾ ਬੈਠਾ ਰੋਂਦਾ ਹੈ,
ਡਰ ਉਠਦਾ, ਤਕਦਾ, ਟਪਦਾ ਹੈ,
ਤਕ ਤਕ ਕੇ ਫਾਵਾ ਹੋਂਦਾ ਹੈ,
ਖਾ ਸਹਿਮ ਕਦੇ ਛਹਿ ਬਹਿੰਦਾ ਹੈ,
ਬੰਨ੍ਹ ਆਸ ਕਦੇ ਤੁਰ ਪੈਂਦਾ ਹੈ,
ਚਕ ਟੰਗ ਕਦੇ ਅੱਖ ਮੀਟੇ ਹੈ
ਥਕ ਖੰਭ ਕਦੇ ਫੜਕੈਂਦਾ ਹੈ ।
ਇਉਂ ਡਾਵਾਂ ਡੋਲਕ ਹੁੰਦੇ ਨੂੰ
ਭੁਖ ਤ੍ਰੇਹ ਨੇ ਨਾਲ ਸਤਾਯਾ ਹੈ,
ਪਰ ਦੁਖ ਹਰਤਾ ਇਸ ਦੁਖੀਏ ਦਾ
ਕੁਈ ਲੈਣ ਸਾਰ ਨ ਆਯਾ ਹੈ ।
ਸੀ ਪਿੱਪਲ ਇੱਕ ਉਦਾਰ ਬੜਾ,
ਕੁਛ ਦੂਰ ਸੁਹਾਵਾ ਲਹਿਰ ਰਿਹਾ,
ਇਕ ਡਾਰ ਉਡੰਦੀ ਤੋਤਿਆਂ ਦੀ,
ਇਸ ਤੇ ਆ ਬੈਠ ਅਰਾਮ ਲਿਆ ।
ਝੁਮ ਝੂਮਣ ਡਾਲ ਹਿਲੰਦੀਆਂ ਤੇ,
ਟੁਕ ਗੋਲ੍ਹਾਂ ਖਾਣ ਅਚਿੰਤ ਬੜੇ;
ਖੁਸ਼ ਹੋ ਹੋ ਚਹਿ ਚਹਿ ਸ਼ੋਰ ਕਰਨ,
ਫਿਰ ਚਾਰ ਚੁਫੇਰੇ ਨਜ਼ਰ ਲੜੇ ।
ਇਕ ਤੋਤੇ ਡਿੱਠਾ ਦੂਰ ਬੜੀ,
ਕੁਈ ਵੀਰ ਅਸਾਡਾ ਵਿਲਕ ਰਿਹਾ,
ਵਿਚ ਦੁੱਖ ਤਸੀਹੇ ਪਿਆ ਕਿਸੇ,
ਖੰਭ ਹੁੰਦਿਆਂ ਤੇ ਹੈ ਢਿਲਕ ਰਿਹਾ ।
ਇਹ ਮਾਰ ਉਡਾਰੀ ਪਾਸ ਗਿਆ:
ਜਾ ਕਹਿੰਦਾ, 'ਤੂੰ ਕਿਉਂ ਸਿਸਕ ਰਿਹਾ ?
ਹੈਂ ਦੁਖੀਆ ਕਿਉਂ ਦੁਖਿਆਰ ਬੜਾ,
ਵਿਚ ਸਹਿਮ ਉਦਾਸੀ ਬੁਸਕ ਰਿਹਾ ?
ਆ ਮਾਰ ਉਡਾਰੀ ਨਾਲ ਮਿਰੇ,
ਲੈ ਚੱਲਾਂ ਉੱਪਰ ਬ੍ਰਿੱਛ ਬੜੇ,
ਮਤ ਏਥੋਂ ਬਿੱਲੀ ਕੁੱਤਾ ਆ,
ਨਿਜ ਪੇਟ ਭਰਨ ਨੂੰ ਚੁੱਕ ਖੜੇ ।'
ਸੁਣ ਤੱਕ ਕਹੇ ਵਲ ਬ੍ਰਿੱਛ ਜ਼ਰਾ:
'ਕੀ ਜਾ ਮੈਂ ਉੱਥੇ ਸਕਦਾ ਹਾਂ ?
ਕੁਈ ਚੁੱਕਣ ਵਾਲਾ ਨਹੀਂ,
ਮੈਂ ਸੋਚ ਸੋਚਣੋਂ ਝਕਦਾ ਹਾਂ ।'
'ਸ਼ਿਹ' ਤੋਤਾ ਕਹਿੰਦਾ ਝਿੜਕ ਜ਼ਰਾ
'ਤੂੰ ਉੱਡ ਪਰਾਂ ਨੂੰ ਮਾਰ ਭਰਾ !'
ਪਰ ਮਾਰੇ, ਪਰ ਉੱਡ ਸੱਕੇ ਨਾ,
ਹੋ ਗੰਗਾ ਰਾਮ ਲਚਾਰ ਰਿਹਾ ।
ਇਹ ਹਾਲ ਅਨੋਖਾ ਤੋਤੇ ਨੇ,
ਨਹੀਂ ਅੱਗੇ ਸੁਣਿਆ ਡਿੱਠਾ ਸੀ,
ਉਡ ਗਿਆ ਭਰਾਵਾਂ ਦੱਸਣ ਨੂੰ
ਇਹ ਨਵਾਂ ਸੁਆਦਲ ਚਿੱਠਾ ਸੀ ।
ਜਾ ਸਾਰਾ ਹਾਲ ਸੁਣਾਇਓ ਸੂ,
ਸੁਣ ਡਾਰ ਹਿਠਾਹਾਂ ਆਇ ਗਈ ।
ਤਕ ਸਭ ਨੇ ਆਖਿਆ, 'ਤੋਤਾ ਹੈ,
ਕੀ ਸਿਰ ਇਸ ਆਣ ਬਲਾਇ ਪਈ ?'
ਇਕ ਕਹਿੰਦਾ: 'ਵੀਰਾ ਸਾਵਿਆ ਵੇ !
ਤੂੰ ਕਿਉਂ ਏ ਚਾਲ ਬਣਾਈ ਹੈ ?
ਵਿਚ ਸਹਿਮ ਘੁੱਟਿਆ ਦਬਕ ਰਿਹਾ,
ਕਿਉਂ ਉੱਡਣ ਬਾਣ ਭੁਲਾਈ ਹੈ ?'
ਰੋ ਕਹਿੰਦਾ ਗੰਗਾ ਰਾਮ, 'ਬਈ !
ਮੈਂ ਵਤਨੋਂ ਵਿਛੁੜ ਬਿਹਾਲ ਬੜਾ,
ਭੁਖ ਤ੍ਰੇਹ ਨੇ ਮਾਰ ਮੁਕਾਯਾ ਹਾਂ,
ਦੁਖ ਸਹਿਮ ਪਿਆ ਸਿਰ ਆਣ ਕੜਾ ।'
ਇਕ ਤੋਤਾ ਕਹਿੰਦਾ, 'ਦੱਸ ਬਈ !
ਕੁਛ ਹਾਲ ਵਤਨ ਦਾ ਅਪਨੇ ਤੂੰ ।
ਵਿਚ ਬਿਰਹੋਂ ਜਿਸਦੇ ਰੋਂਦਾ ਹੈਂ,
ਵਿਚ ਪਹੁੰਚਣ ਚਾਹੇਂ ਜਿਸਦੇ ਤੂੰ ।
ਸੁਣਿ ਆਖੇ ਗੰਗਾ ਰਾਮ: 'ਸੁਣੋਂ,
ਮੈਂ ਦੇਵਲੋਕ ਦਾ ਵਾਸੀ ਹਾਂ,
ਸੁਖ ਮੌਜ ਬਹਾਰਾਂ ਭੋਗ ਬੜੇ,
ਦਿਨ ਰਾਤ ਰਹਾਂ ਵਿਚ ਹਾਸੀ ਸਾਂ ।'
ਇਕ ਤੋਤੇ ਟੁੱਕੀ ਬਾਤ, ਕਹੇ:
'ਇਸ ਥਾਂ ਤੇ ਰਹਿਣਾ ਠੀਕ ਨਹੀਂ,
ਉੱਡ ਚਲੋ ਉਤਾਹਾਂ ਪਿੱਪਲ ਤੇ,
ਗੱਲ ਬਾਕੀ ਓਥੇ ਚੱਲ ਸਹੀ ।'
ਉਡ ਡਾਰ ਚਲੀ, ਪਰ ਗੰਗੂ ਜੀ,
ਉਡ ਸਕਣ ਨ, ਫੜ ਫੜ ਕਰਦੇ ਹੈਂ,
ਪਰ ਸਾਵੇ ਵੀਰ ਉਡਾਵਣ ਦੀ,
ਬਿਧਿ ਉਸਦੇ ਮਨ ਤੇ ਧਰਦੇ ਹੈਂ,
ਕੁਈ ਕਹੇ: 'ਖਿਲਾਰ ਪਰਾਂ ਨੂੰ ਤੂੰ',
ਕੁਈ ਕਹੇ: 'ਹਿੱਕ ਦਾ ਜ਼ੋਰ ਭਰੀਂ',
ਕੁਈ ਕਹੇ: 'ਹੰਭਲਾ ਮਾਰ ਜ਼ਰਾ'
ਕੁਈ ਕਹੇ: 'ਰਿਦੇ ਤੋਂ ਭਰਮ ਹਰੀਂ ।
ਕਰ ਪੱਕ ਭਰੋਸਾ ਅਪਣੇ ਤੇ,
ਸਮਰੱਥ ਆਪ ਤੂੰ ਉੱਡਣ ਨੂੰ ।
ਫਿਰ ਹੋਇ ਅਚਿੰਤ ਚਲਾ ਚਲ ਤੂੰ,
ਕਰ ਦੂਰ ਦਿਲੋਂ ਡਰ ਡਿੱਗਣ ਨੂੰ ।'
ਇਉਂ ਹਿੰਮਤ ਹੀਆ ਦਾਨ ਕਰਨ,
ਕੁਛ ਡੌਲ ਨਾਲ ਸਿਖਲਾਂਦੇ ਹੈਂ,
ਕੁਛ ਡਿਗਦੇ ਨੂੰ ਦੇ ਆਸਰਾ ਓ
ਉਸ ਪਿੱਪਲ ਤੇ ਲੈ ਜਾਂਦੇ ਹੈਂ ।

ਇਕ ਤੋਤੇ ਆਖਯਾ: 'ਗੁਹਲ ਛਕੋ,
ਢਿੱਡ ਭੁਖਾ ਫਲ ਦੇ ਨਾਲ ਭਰੋ,
ਰਜ ਜਾਵੋ ਤਦੋਂ ਨਿਹਾਲ ਕਰੋ:
ਉਸ ਦੇਵ ਪੁਰੀ ਦੇ ਹਾਲ ਰਰੋ ।'
ਟੁਕ ਗੋਹਲ ਗੰਗਾਰਾਮ ਲਈ,
ਪਰ ਸਵਾਦ ਨ ਆਯਾ, ਸਿੱਟ ਦਈ,
ਨਕ ਵੱਟ ਕਹੇ 'ਇਹ ਸਵਾਦ ਨਹੀਂ' ।
ਪਰ ਜ਼ਾਲਮ ਭੁੱਖਾ ਪੇਟ ਬੁਰਾ,
ਬਿਨ ਝੁਲਕੇ ਕਰੇ ਅਰਾਮ ਨਹੀਂ ।
ਸੋ ਰੋਂਦੇ ਧੋਂਦੇ ਗੰਗੂ ਨੇ,
ਕਰ ਉਗਲ ਨਿਗਲ ਖਾ ਗੁਹਲ ਲਈ ।
ਹੁਣ ਪੁੱਛਣ ਹਾਲ ਵਿਲਾਯਤ ਦਾ
ਓ ਗੰਗੂ ਨਾਲ ਸੁਆਦ ਕਹੇ:-
'ਮੈਂ ਦੇਵਤਿਆਂ ਵਿਚ ਵਸਦਾ ਸਾਂ,
ਜਿਥਿ ਜੀਵਨ ਸਦਾ ਅਚਿੰਤ ਰਹੇ,
ਮੈਂ ਵੱਸਣ ਨੂੰ ਇਕ ਮਹਿਲ ਸਿਗਾ,
ਜੋ ਲੋਹੇ ਨਾਲ ਬਨਾਯਾ ਸੀ,
ਇਸ ਅੰਦਰ ਬੈਠਯਾਂ ਨਿਰਭੈ ਸਾਂ,
ਕੁਈ ਵੈਰੀ ਨਿਕਟ ਨ ਆਯਾ ਸੀ ।
ਕੁਈ ਭੰਨ ਨ ਇਸਨੂੰ ਸਕਦਾ ਸੀ,
ਫਿਰ ਪੌਣ ਅਜਾਇਬ ਵਗਦੀ ਸੀ ।
ਤੇ ਚੂਰੀ ਮਿੱਠੀ ਮਿਲਦੀ ਸੀ,
ਜੋ ਬਹੁਤ ਸੁਆਦੀ ਲਗਦੀ ਸੀ ।
ਕਈ ਮੇਵੇ ਮਿਰਚਾਂ ਮਿਲਦੇ ਸਨ,
ਕਈ ਭੋਜਨ ਸੁਹਣੇ ਆਂਦੇ ਸੀ,
ਕਈ ਪਯਾਰ ਲਾਡ ਨਿਤ ਹੁੰਦੇ ਸੀ,
ਕਈ ਲੋਕੀ ਗੀਤ ਸੁਣਾਂਦੇ ਸੀ ।
ਦਿਨ ਰਾਤ ਮੌਜ ਹੀ ਰਹਿੰਦੀ ਸੀ,
ਕੁਈ ਮੁਸ਼ਕਲ ਕਦੇ ਨ ਪੈਂਦੀ ਸੀ,
ਨਹੀਂ ਚਿੰਤਾ ਆਕੇ ਖਹਿੰਦੀ ਸੀ,
ਮੈਂ ਲੋੜ ਉਨ੍ਹਾਂ ਸਿਰ ਬਹਿੰਦੀ ਸੀ ।'
ਇਹ ਕਹਿਕੇ ਗੰਗਾ ਰਾਮ ਹੁਰੀਂ,
'ਲਟ ਪੰਛੀ ਪਟ ਪਟ' ਪੜ੍ਹਦੇ ਸੀ,
'ਖਾ ਚੂਰੀ' ਮੁੜ ਮੁੜ ਕਹਿੰਦੇ ਸੀ,
ਕਈ ਟੱਪੇ ਯਾਦੋਂ ਜੜਦੇ ਸੀ ।
ਏ ਭਯਾਨਕ ਬੋਲੀ ਡਹਿਸ ਭਰੀ,
ਸੁਣ ਕੰਬੀ ਸਾਰੀ ਡਾਰ ਬੜਾ ।
ਕੁਛ ਸਮਝ ਸਕੇ ਨ ਕੀ ਹੋਯਾ,
ਇਹ ਕੀ ਬਕਦਾ ਹੈ ਸਬਜ਼ ਚਿੜਾ ।
ਜਦ ਚੁੱਪ ਹੁਈ ਤਦ ਸੋਚ ਪਈ
ਸਭ ਫਿਕਰ ਦੁੜਾਂਦੇ ਥੱਕੇ ਨੀ ।
ਨਹੀਂ ਸਮਝ ਪਿਆ ਜੋ ਓਸ ਕਿਹਾ,
ਫਿਰ ਪੁੱਛਾਂ ਪੁਛ ਪੁਛ ਅੱਕੇ ਨੀ ।
ਕੁਝ ਸਿਆਣੇ ਤੋਤੇ ਉੱਡ ਗਏ,
ਇਕ ਸਿੰਮਲ ਦਾ ਸੀ ਬ੍ਰਿੱਛ ਬੜਾ,
ਇਕ ਬਹੁਤ ਪੁਰਾਣੇ ਤੋਤੇ ਦਾ
ਖੋਹ ਇਸਦੀ ਵਿਚ ਸੀ ਇੱਕ ਘੁਰਾ ।
ਜਾ ਸਭ ਨੇ ਸੀਸ ਨਿਵਾਇਆ ਏ
ਤੇ ਸਾਰਾ ਹਾਲ ਸੁਣਾਇਆ ਏ,
ਫਿਰ ਪੁੱਛਿਆ, 'ਬਾਬਾ ! ਦੱਸ ਅਸਾਂ,
ਕੀ ਤੇਰੀ ਸਮਝੇ ਆਇਆ ਏ ?
ਉਸ ਬੁੱਢੇ ਕਈ ਜ਼ਮਾਨੇ ਵਰਤੇ,
ਦੁਨੀਆਂ ਦੇ ਵਿਚ ਡਿੱਠੇ ਸੇ,
ਕਈ ਹਾਲ ਸੁਣੇ ਤੇ ਪੁੱਛੇ ਸੇ,
ਕਈ ਵਾਚੇ ਪਿਛਲੇ ਚਿੱਠੇ ਸੇ ।
'ਹੂੰ' ਕਹਿੰਦਾ ਖੋੜੋਂ ਨਿਕਲਯਾ ਸੀ,
ਤੇ ਉੱਡ ਪਿੱਪਲੇ ਆਯਾ ਸੀ,
ਤਕ ਓਪ੍ਰੇ ਆਏ ਤੋਤੇ ਨੂੰ,
ਇਕ ਡੂੰਘਾ ਧਯਾਨ ਜਮਾਯਾ ਸੀ ।
ਝਟ ਤਾੜ ਗਿਆ, ਰੰਗ ਪਿੱਲਾ ਹੈ,
ਤੇ ਹਿੱਲਣ, ਜੁੱਲਣ ਢਿੱਲਾ ਹੈ,
ਅਖ ਦਬਕ ਦਬਕ ਕੇ ਤਕਦਾ ਹੈ,
ਜਿਉਂ ਸਿਰ ਤੇ ਹਰਦਮ ਬਿੱਲਾ ਹੈ,
ਬੁੱਲ੍ਹ ਢਿਲਕੇ ਮੱਥੇ ਜੋਤ ਨਹੀਂ,
ਵਿਚ ਖੰਭਾਂ ਖਿਚਵੀਂ ਤਾਣ ਨਹੀਂ,
ਨਿਜ ਤਾਕਤ ਦੀ ਕੁਈ ਸ਼ਾਨ ਨਹੀਂ,
ਕਲ ਚੜ੍ਹਦੀ ਦੀ ਕੁਈ ਆਨ ਨਹੀਂ ।
ਉਸ ਬਾਬੇ ਬੁੱਢੇ ਸ਼ੱਕ ਪਿਆ-
ਏ ਕੈਦ ਪਿਆ ਯਾ ਦਾਸ ਰਿਹਾ-
ਨਹੀਂ ਦੇਵ ਲੋਕ ਦੇ ਪਾਸ ਗਿਆ,
ਲੈ ਐਵੇਂ ਉੱਭੇ ਸਾਸ ਰਿਹਾ ।
ਫਿਰ ਨਾਲ ਪਯਾਰ ਦੇ ਬੋਲ ਪਿਆ,
'ਦਸ ਬੱਚੂ ਬਰਖੁਰਦਾਰ ਬੜੇ !
ਤੈਂ ਦੇਵ ਲੋਕ ਤੋਂ ਵਿਛੁੜ ਕਦੋਂ
ਦੇ ਲੀਤੇ ਸਿਰ ਤੇ ਦੁੱਖ ਕੜੇ ?'
ਰੋ ਗੰਗੂ ਆਖੇ, 'ਸੈਰ ਕਰਨ
ਟੁਰ ਦੇਵ-ਬਾਲ ਅਜ ਆਏ ਸੀ,
ਚੁਕ ਮੈਨੂੰ ਨਾਲ ਲਿਆਏ ਸੀ,
ਫਿਰ ਖੇਡੀਂ ਸੱਭ ਲੁਭਾਏ ਸੀ,
ਓ ਖੇਡ ਖਿਡੰਦੇ ਚੁਹਲ ਭਰੇ
ਤੇ ਟਪਦੇ ਨਚਦੇ ਦੌੜ ਰਹੇ,
ਛਡ ਮੈਨੂੰ ਕਿਧਰੇ ਨਿਕਲ ਗਏ
ਮੁੜ ਓਸ ਥਾਉਂ ਨਹੀਂ ਪਰਤ ਲਹੇ ।
ਉਹ ਗਏ ਕਿਸੇ ਵਲ ਹੋਰਸ ਨੂੰ,
ਪਟ ਪਟਕੇ ਅੱਖੀਂ ਵੇਂਹਦਾ ਸਾਂ,
ਫਿਰ ਟੁਰ ਟੁਰ ਥਾਂ ਥਾਂ ਲਭਦਾ ਸਾਂ
ਮੈਂ ਹਾਰਯਾ ਭਾਲ ਕਰੇਂਦਾ ਸਾਂ ।'
'ਹੂੰ', ਬੁੱਢਾ ਕਹਿੰਦਾ, 'ਦੱਸ ਭਈ !
ਤੂੰ ਦੇਵ ਲੋਕ ਨੂੰ ਜਾਣਾ ਹੈ ?
ਕੇ ਰਹਿਕੇ ਜੰਗਲ ਵਾਂਗ ਅਸਾਂ
ਬਨ ਬਨ ਦਾ ਮੇਵਾ ਖਾਣਾ ਹੈ ।'
'ਹਾਂ, ਦੇਵ ਲੋਕ ਨੂੰ ਜਾਣਾ ਹੈ'
ਕਹਿ ਗੰਗੂ: 'ਰਾਹ ਦਸਾਇਆ ਜੇ,
ਇਸ ਡਾਵਾਂਡੋਲ ਵਲਾਇਤ ਤੋਂ
ਮੈਂ ਦੇਸ਼ ਵਿਖੇ ਅਪੜਾਇਆ ਜੇ ।'
ਕੀ ਓਥੇ ਮਿਲਦਾ ਖੋਪਾ ਹੈ ?
ਕੀ ਫਲ ਬਦਾਮ ਦਾ ਸੋਮਾ ਹੈ ?
ਕੀ ਓਥੇ ਸਵਾਦਲ ਪੌਣ ਵਹੇ,
ਕੀ ਚਲਦੀ ਗੰਗਾ ਗੋਮਾ ਹੈ ?'
ਇਹ ਕਹਿਕੇ ਬੁੱਢੇ ਤੋਤੇ ਨੇ
ਚੌਫੇਰੇ ਨਜ਼ਰ ਦੁੜਾਈ ਸੀ,
ਵਲ ਡਾਰ ਆਪਣੀ 'ਧਯਾਨ ਕਰੋ'
ਇਕ ਐਸੀ ਅੱਖ ਤਕਾਈ ਸੀ ।
ਸੁਣ ਗੰਗੂ ਕਹਿੰਦਾ, 'ਆਖਾਂ ਕੀ ?
ਕੁਝ ਬੋਲਯਾ ਕਿਹਾ ਨ ਜਾਂਦਾ ਏ,
'ਰਸ ਆਵੇ ਵੇਖੀਏ ਅੱਖੀਂ ਜੇ
ਬਿਨ ਡਿੱਠੇ ਸਮਝ ਨ ਆਂਦਾ ਏ ।'
ਉਸ ਬੁੱਢੇ ਤੋਤੇ 'ਠੀਕ' ਕਿਹਾ
'ਨਹੀਂ ਡਿੱਠੇ ਵਰਗਾ ਸੁਣਿਆ ਹੋ,
ਜੋ ਹੱਡੀਂ ਆਕੇ ਵਰਤਿਆ ਨਾ,
ਕੀ ਨਾਲ ਖਿਆਲਾਂ ਪੁਣਿਆਂ ਹੋ,
ਪਰ ਤਦ ਬੀ ਸੋਚ ਬੜੀ ਸ਼ੈ ਹੈ,
ਇਕ ਸੱਚ ਝੂਠ ਦਾ ਤੱਕੜ ਹੈ,
ਕਰ ਸਕਦੀ ਨਿਰਣੇ ਸੁਣੀਆਂ ਦੇ,
ਕੀ ਸੱਚ ਜਚੇ, ਕੀ ਯੱਕੜ ਹੈ ।
ਮੈਂ ਪੁੱਛਾਂ ਜੋ ਕੁਛ ਪਯਾਰੇ ਜੀ !
ਦੇ ਉੱਤਰ ਅਸਾਂ ਨਿਹਾਲ ਕਰੋ,
ਇਸ ਜੰਗਲ ਵਾਸੀ ਪਸ਼ੂਆਂ ਨੂੰ
ਕੁਛ ਮੱਤ ਦਿਓ, ਖੁਸ਼ਹਾਲ ਕਰੋ ।
ਜੋ ਮੰਦਰ ਸੁੰਦਰ ਮਿਲਿਆ ਸੀ
ਵਿਚ ਜਿਸਦੇ ਸੁਖੀਏ ਵਸਦੇ ਸੇ,
ਕੀ ਬੰਦ ਚੁਤਰਫੋਂ ਹੋਇਆ ਸੀ,
ਯਾ ਉਸਨੂੰ ਇਕ ਦੋ ਰਸਤੇ ਸੇ ?'
'ਇਕ ਰਸਤਾ ਉਸਦਾ ਹੈਗਾ ਸੀ,
ਪਰ ਬੰਦ ਸਦਾ ਉਹ ਰਹਿੰਦਾ ਸੀ,
ਮਤ ਕੋਈ ਮੈਨੂੰ ਖਾ ਜਾਵੇ,
ਇਸ ਗਲ ਤੋਂ ਸੁਖੀਆ ਸੈਂਦਾ ਸੀ ।
ਸਨ ਰਸਤੇ ਚਾਰ ਚੁਫੇਰੇ ਬੀ,
ਧੁਪ ਪੌਣ ਖੁੱਲ੍ਹੀ ਆ ਜਾਂਦੀ ਸੀ,
ਡਰ ਮੈਨੂੰ ਰਤਾ ਨ ਰਹਿੰਦਾ ਸੀ,
ਕੁਈ ਆਣ ਬਲਾ ਨਾ ਖਾਂਦੀ ਸੀ ।'

ਬੁੱਢਾ ਤੋਤਾ-

'ਪਰ ਦੱਸੀਂ ਤਾਕੀ ਮੰਦਰ ਦੀ
ਵਸ ਕਿਸਦੇ ਖੋਲ੍ਹਣ ਮਾਰਨ ਸੀ ?
ਜੇ ਵੱਸ ਨ ਤੇਰੇ ਰੱਖੀ ਸੀ
ਤਾਂ ਇਸਦਾ ਕਹੁ ਕੀ ਕਾਰਨ ਸੀ ?
ਜੇ ਜੀਉੜਾ ਚਾਹੇ ਨਿਕਲਣ ਨੂੰ
ਕੁਈ ਤੇਰੀ ਆਖੀ ਮੰਨਦਾ ਸੀ ?
ਯਾ ਬੱਝਾ ਮਰਜ਼ੀ ਦੂਏ ਦੀ
ਤੂੰ ਵਿਚ ਪਿਆ ਸਿਰ ਧੁਨਦਾ ਸੀ ?
ਜੋ ਤੂੰ ਦਰਵਾਜ਼ੇ ਦੱਸਦਾ ਹੈਂ
ਕੀ ਉਸ ਤੋਂ ਬਾਹਰ ਆਂਦਾ ਸੈਂ ?
ਯਾ ਵਿੱਚੇ ਰਹਿਕੇ, ਉਹਨਾਂ ਤੋਂ
ਦਰਸ਼ਨ ਹੀ ਦੇਂਦਾ ਲੈਂਦਾ ਸੈਂ ?'

ਗੰਗਾ ਰਾਮ-

ਸੀ ਦੇਵਤਿਆਂ ਦੇ ਵੱਸ ਸਦਾ,
ਵਸ ਮੇਰੇ ਰੱਖਣ ਮਾੜਾ ਸੀ,
ਉਹ ਬੰਦੀ ਨਾ, ਇਕ ਰਾਖੀ ਦਾ
ਮੈਂ ਦਵਾਲੇ ਤਕੜਾ ਵਾੜਾ ਸੀ ।
ਓ ਰਸਤੇ ਮੌਜ ਬਹਾਰਾਂ ਦੇ
ਵਾ, ਚਾਨਣ, ਸਵਾਦਾਂ ਦੇਂਦੇ ਸਨ ।
ਪਰ ਮੈਨੂੰ ਅੰਦਰ ਰਖਦੇ ਸਨ
ਓ ਦਾਤੇ ਰੱਖ ਕਰੇਂਦੇ ਸਨ ।'

ਬੁੱਢਾ ਤੋਤਾ-

'ਜੋ ਅੰਮ੍ਰਿਤ ਖਾਣੇ ਮਿਲਦੇ ਸੇ,
ਓ ਦੇਂਦੇ ਤੈਨੂੰ ਆਪੇ ਸੀ,
ਯਾ ਮੂੰਹ ਮੰਗਿਆ ਬੀ ਦੇਂਦੇ ਸੀ,
ਜੇ ਤੈਨੂੰ ਲਗਦੇ ਮਾਪੇ ਸੀ ?'

ਗੰਗਾ ਰਾਮ-

ਜੋ ਭਾਵੇ ਓਹਨਾਂ ਮਾਪਿਆਂ ਨੂੰ
ਨਿਜ ਬਾਲਾਂ ਵਾਂਙੂੰ ਦੇਂਦੇ ਸੀ,
ਮੈਂ ਮੰਗਣ ਕੋਲੋਂ ਸੰਗਦਾ ਸਾਂ,
ਜੋ ਚਾਹੁਣ ਆਪ ਕਰੇਂਦੇ ਸੀ ।'

ਬੁੱਢਾ ਤੋਤਾ-

ਜੇ ਬਾਲ ਕਦੀ ਕੁਈ ਉਹਨਾਂ ਦਾ
ਤੈਂ ਨਾਲ ਖੇਡਦਾ ਹੱਸਦਾ ਸੀ,
ਤੇ ਤੈਥੋਂ ਚੱਕ ਵਢੀਂਦਾ ਸੀ,
ਓ ਜਾ ਮਾਪਯਾਂ ਨੂੰ ਦਸਦਾ ਸੀ,
ਤਦ ਤੈਨੂੰ ਸੋਟੀ ਪੈਂਦੀ ਸੀ:
ਤੇ ਚੂਰੀ ਬੰਦ ਰਹਾਂਦੀ ਸੀ ?
ਜਾਂ ਗੱਲ ਨ ਗੌਲੀ ਜਾਂਦੀ ਸੀ,
ਕੁਈ ਆਫਤ ਸਿਰੇ ਨ ਆਂਦੀ ਸੀ ?'

ਗੰਗਾ ਰਾਮ-

ਜੇ ਮੈਂ ਅਪਰਾਧ ਕਮਾਂਦਾ ਸਾਂ
ਤਦ ਕੀਤੇ ਦਾ ਫਲ ਪਾਂਦਾ ਸਾਂ,
ਪਰ ਮੈਂ ਬੀਬਾ ਬਣ ਰਹਿੰਦਾ ਸਾਂ,
ਵਸ ਲਗਦੇ ਵਹੀਂ ਦੁਖਾਂਦਾ ਸਾਂ ।'
ਇਹ ਕਹਿੰਦਾ 'ਲਟਪਟ ਪੰਛੀ' ਦੀ
ਫਿਰ ਗੰਗੂ ਬੋਲੀ ਪਾਂਦਾ ਏ,
ਸੁਣ ਤੋਤਾ ਧੌਣ ਉਠਾਂਦਾ ਏ,
ਤੇ ਦੂਜੀ ਗੱਲ ਚਲਾਂਦਾ ਏ ।

ਬੁੱਢਾ ਤੋਤਾ-

'ਇਹ ਬੋਲੀ ਜਿਸ ਵਿਚ ਬੋਲੇਂ ਤੂੰ
ਏ ਦੇਵ ਲੋਕ ਦੀ ਬਾਣੀ ਹੈ ?
ਕੀ ਰਮਜ਼ ਬੀ ਦੱਸੀ ਤੈਨੂੰ ਹੈ ?
ਯਾ ਕੰਠ ਕਰਨ ਦੀ ਠਾਣੀ ਤੈਂ ?
ਜੇ ਸਮਝੇਂ ਤਾਂ ਸਮਝਾਵੀਂ ਤੂੰ
ਕੀ ਇਸਦਾ ਸਿੱਟਾ ਜਾਤਾ ਈ ?
ਕੀ ਭੇਤ ਸਮਝ ਤੂੰ ਲੀਤੇ ਹਨ ?
ਕੀ ਵਿੱਤੋਂ ਵੱਧ ਪਛਾਤਾ ਈ ?'

ਗੰਗਾ ਰਾਮ-

ਮੈਂ ਸਮਝ ਨਹੀਂ ਮੈਂ ਕੀ ਬੋਲਾਂ,
ਜੋ ਬੋਲਣ ਸੋਈ ਨਕਲ ਕਰਾਂ,
ਓ ਰੀਝਣ ਏਨ੍ਹਾਂ ਨਕਲਾਂ ਤੇ
ਮੈਂ, ਖੁਸ਼ੀ ਕਰਨ ਦੀ ਅਕਲ ਕਰਾਂ ।'

ਇਹ ਸੁਣਕੇ ਤੋਤਾ ਹੱਸ ਪਿਆ
ਸਿਰ ਫੇਰ ਡਾਰ ਨੂੰ ਕਹਿੰਦਾ ਏ:
'ਕੁਛ ਸਮਝਯਾ ਬਰਖੁਰਦਾਰੋ ਜੇ !
ਕਿਸ ਥਾਂ ਇਹ ਪਯਾਰਾ ਰਹਿੰਦਾ ਏ ?
ਨਹੀਂ ਦੇਵ ਲੋਕ ਤੋਂ ਆਯਾ ਏ,
ਨਹੀਂ ਦੇਵਾਂ ਰਸਤੇ ਪਾਯਾ ਏ,
ਉਸ ਮਾਨੁਖ ਧਰਤੀ ਟੁਰਦੇ ਨੇ
ਵਿਚ ਬੰਦੀ ਕੈਦ ਰਖਾਯਾ ਏ ।'

ਹੋ ਅਚਰਜ ਸਾਰੇ ਤ੍ਰਬ੍ਹਕ ਗਏ
ਪਏ ਬਿਟ ਬਿਟ ਸਾਰੇ ਤਕਦੇ ਹੈਂ,
ਵਲ ਬਾਬੇ ਮੁੜ ਮੁੜ ਵੇਂਹਦੇ ਹੈਂ
ਵਲ ਗੰਗੂ ਤਕਦੇ ਜਕਦੇ ਹੈਂ ।
ਪਾ ਘੂਰੀ ਗੰਗੂ ਵੇਹਰੇ ਹੈ,
ਫਿਰ ਹੇਠਾਂ ਨਜ਼ਰ ਦੁੜਾਵੇ ਹੈ,
ਮਤ ਕਿਧਰੇ ਢੂੰਢ ਕਰੇਂਦਾ ਜੇ
ਕੁਈ ਵਤਨੀ ਤੁਰਿਆ ਆਵੇ ਹੈ ।
ਹੁਣ ਬੁੱਢੇ ਤੋਤੇ ਆਹ ਭਰੀ
ਫਿਰ ਨੈਣ ਅਕਾਸ਼ ਉਠਾਂਦਾ ਏ,
ਜੋ ਅੱਖ ਕਦੀ ਨ ਰੋਂਦੀ ਹੈ
ਦੋ ਅੰਝੂ ਭਰਕੇ ਲਯਾਂਦਾ ਏ,
ਨ ਗ਼ਮਜ਼ੇ ਚੁੰਮੇ ਨੈਣ ਕਦੇ,
ਓ ਉਠੇ ਰਸੀਲੇ ਰੰਗ ਵਰੇ,
ਵਿਚ ਗੱਡਿ ਅਕਾਸ਼ਾਂ ਅਦਬ ਭਰੇ,
ਉਹ ਬਾਬਾ ਐਂ ਅਰਦਾਸ ਕਰੇ:-

'ਹੇ ਸਭ ਤੋਂ ਉੱਚੇ ਉੱਡਣ ਵਾਲੇ
ਅਰਸ਼ਾਂ ਤੋਂ ਭੀ ਪਰੇ ਪਰੇ !
ਉੱਚੇ ਵੱਸੋ ਬਿਨਾ ਆਲ੍ਹਣੇ
ਬਿਨ ਖੰਭਾਂ ਤਰ ਗਗਨ ਰਹੇ !
ਪੌਣ, ਅਕਾਸ਼ ਧਰਤਿ, ਤਲ, ਪਾਣੀ
ਹਰ ਥਾਂ ਤੋਂ ਦਿਲ-ਪੀੜ ਸੁਣੋਂ,
ਸੁਣ ਅਰਦਾਸ ਪਸ਼ੂ ਦੀ ਦਾਤੇ !
ਕਦੇ ਨ ਰੱਖੀਂ ਮਿਹਰ ਖੁਣੋਂ,
ਸਾਨੂੰ ਰੱਖ ਸੁਤੰਤਰ ਦਾਤੇ !
ਬੰਦੀ ਸਾਥੋਂ ਦੂਰ ਢਹੇ,
ਪਰਤੰਤਰ ਨ ਕਦੇ ਕਰਾਂਵੀਂ
ਖੁਲ੍ਹ ਦਾ ਸਦਾ ਸ਼ਊਰ ਰਹੇ ।
ਮੂੰਹ ਤੱਕੀਏ ਨਾ ਕਦੇ ਕੈਦ ਦਾ
ਕਦੇ ਗ਼ੁਲਾਮੀ ਆਵੇ ਨਾ,
ਗੋਲਾ ਕਦੇ ਨ ਕਰੀਂ ਕਿਸੇ ਦਾ
ਪਿੰਜਰੇ ਸਾਨੂੰ ਪਾਵੇ ਨਾ ।
ਦਾਸ ਬਣਾ ਨਾ ਖ਼ਿਦਮਤ ਪਾਵੀਂ,
ਸਾਡੀ ਖੁਲ੍ਹ ਖੁਹਾਵੀਂ ਨਾ ।
ਦੂਏ ਦੇ ਵਸ ਪਾ ਕੇ ਸਾਨੂੰ
ਮਨ ਦੀ ਮੌਜ ਗੁਵਾਵੀਂ ਨਾ ।
ਆਜ਼ਾਦੀ ਹੱਕ ਤੇਰਾ ਦਿੱਤਾ,
ਸਭ ਨੂੰ ਦਾਤ ਕਰਾਈਂ ਤੂੰ ।
ਮਰਜ਼ੀ ਹੇਠ ਕਿਸੇ ਦੀ ਮਰਜ਼ੀ
ਧੱਕੇ ਨਾਲ ਨ ਲਗੇ ਕਦੀ,
ਰੋਕਾ ਕਿਸੇ ਕਿਸਮ ਦਾ, ਸਾਂਈਆਂ !
ਪਵੇ ਕਦੇ ਨਾ ਠਗੇ ਕਦੀ ।
ਜੰਗਲ ਵਾਸਾ ਬੇਸ਼ਕ ਦੇਵੀਂ,
ਮਾੜੀ ਮਹਿਲ ਨ ਸ਼ਹਿਰ ਦਈਂ,
ਤਨ ਨੂੰ ਕੱਜਣ ਖੁਸ਼ੀ ਮਿਲੇ ਪਰ
ਖੁੱਲ੍ਹ ਕਦੇ ਨਾ ਖੱਸ ਲਈਂ ।
ਬੇਸ਼ਕ ਸਾਡੀ ਚੋਗ ਖਿਲਾਰੀਂ
ਹੰਢ ਹੰਢ ਦਿਨ ਪੇਟ ਭਰੇ,
ਪੇਟ ਭਰੇ ਚਹਿ ਊਣਾ ਰਹਿ ਜਏ
ਖੁੱਲ੍ਹ ਨਾ ਸਾਡੀ ਕਦੇ ਮਰੇ ।
ਰੁੱਖੋ ਰੁੱਖ ਫਿਰਾਵੀਂ ਸਾਨੂੰ,
ਡਾਲੋ ਡਾਲ ਉਡਾਵੀਂ ਤੂੰ,
ਧ੍ਰੇਕੋ ਧ੍ਰੇਕ ਟਪਾ ਕੇ ਸਾਨੂੰ
ਕੌੜੇ ਫਲੀਂ ਰਿਝਾਵੀਂ ਤੂੰ ।
ਬਨ, ਪਰਬਤ, ਜਲ, ਬਨੀਂ, ਪਹਾੜੀਂ
ਰੇਤ ਥਲੀਂ ਥਾਂ ਦੇਵੀਂ ਤੂੰ,
ਖੁੱਲ੍ਹ ਜੁ ਦਿੱਤਾ ਹੱਕ ਸਭਸ ਨੂੰ,
ਦੇਕੇ ਕਦੇ ਨ ਲੇਵੀਂ ਤੂੰ ।
ਆਨ ਬਾਨ, ਦਿਲ ਸ਼ਾਨ ਅਸਾਡੀ,
ਤੇਰੇ ਤਾਣ ਰਖਾਵੀਂ ਤੂੰ,
ਪਯਾਰ ਆਪਨੇ ਬਾਝ ਪ੍ਰਭੂ ਜੀ !
ਦੂਜੀ ਕੈਦ ਨ ਪਾਵੀਂ ਤੂੰ ।
ਕੈਦ ਕਰਨ ਤੇ ਆਖਣ ਰਾਖੀ
ਦਰਸ਼ਨ ਦੇਵ ਕਰਾਵੀਂ ਨਾ,
ਪਾਣ ਪਿੰਜਰੇ, ਦੇਣ ਚੂਰੀਆਂ
ਐਸੇ ਸਖ਼ੀ ਮਿਲਾਵੀਂ ਨਾ ।
ਖੰਭ ਅਸਾਡੇ, ਪੈਰ ਅਸਾਡੇ,
ਦਿਲ ਸਾਡੇ ਨੂੰ ਰੋਕ ਕਰੇ,
ਧਰਮੀਂ ਐਸੇ ਅਸਾਂ ਨ ਮੇਲੀਂ
ਡੋਰ ਪਾਇ ਹੱਥ ਵਾਗ ਫੜੇ ।
ਖੁੱਲ੍ਹੇ ਉਡੰਦਯਾਂ ਮੌਜ ਫਿਰੰਦਯਾਂ
ਬਾਜ ਕਿ ਬਿੱਲਾ ਆਣ ਪਵੇ,
ਮਦਦ ਵਿਹੂਣੇ, ਰਾਖੀ ਬਾਝੋਂ
ਕੁਲ ਸਾਰੀ ਚਹਿ ਨਾਸ਼ ਹੁਏ,
ਤਦ ਤਕ ਇੱਕ ਅਸਾਂ 'ਚੋਂ ਜੀਵੇ
ਖੁਲ੍ਹ ਵਿਚ ਓਸ ਸਵਾਸ ਵਹੇ ।'

ਇਕ ਅਰਦਾਸ ਹੋਰ ਹੈ ਸਾਈਆਂ
ਮਿਹਰ ਕਰੀਂ ਦੇ ਕੰਨ ਸੁਣੀਂ,
ਪਸ਼ੂ ਅਸੀਂ ਹਾਂ ਪਸ਼ੂ ਰਖਾਵੀਂ
ਬੇਸ਼ਕ ਸਖਣੇ ਸਭਨ ਗੁਣੀ ।
ਉਹ ਨਾ ਅਕਲ ਅਸਾਨੂੰ ਦੇਵੀਂ
ਉਹ ਤਹਿਜ਼ੀਬ ਦਿਵਾਵੀਂ ਨਾ,
ਉਹ ਸੱਭਯਤਾ ਦੂਰ ਰਹਾਵੀਂ
ਵਿੱਦਯਾ ਉਹ ਸਿਖਾਵੀਂ ਨਾ,
ਜਾਲ ਲਾਣ ਤੇ ਘੜਨ ਪਿੰਜਰੇ
ਕੈਦ ਪਾਣ ਸਿਖਲਾਵੇ ਜੋ,
ਖੰਭ ਤੋੜ ਕਰ ਬੋਟ ਬਹਾਵੇ
ਦੂਜਿਆਂ ਬੰਦੀ ਪਾਵੇ ਜੋ;
ਲੋਕ ਗ਼ੁਲਾਮ ਬਨਾਇ ਬਹਾਲੇ
ਸੁਰਤਾਂ ਕਤਲ ਕਰਾਵੇ ਜੋ,
ਤੇਰੇ ਰਚੇ ਸੁਤੰਤਤਰ ਬੰਦੇ
ਪਰ ਦੇ ਤਾਣ ਸੁਟਾਵੇ ਜੋ ।
ਖੁੱਲ੍ਹ ਹਰਨ ਦੀ ਜਾਚ ਅਸਾਨੂੰ
ਸਾਈਆਂ ! ਕਦੇ ਸਿਖਾਈਂ ਨਾ,
ਪਸ਼ੂ ਅਸਾਂ ਨੂੰ ਚਾਹੇ ਰੱਖੀਂ,
ਮਾਨੁਖ ਕਦੇ ਬਨਾਈਂ ਨਾ,
ਚਹੇ ਜੰਗਲੀ ਚਹੇ ਪਸ਼ੂ ਰੱਖ
ਦਾਨੇਂ ਚਹੇ ਬਨਾਵੀਂ ਨਾ ।
-ਖੁਲ੍ਹ ਵੇਚਣ-ਦੀ ਅਕਲ ਨ ਦੇਵੀਂ
-ਖੁਲ੍ਹ ਖੋਹਣ-ਜਾਚ ਸਿਖਾਵੀਂ ਨਾ ।
-ਖੁਲ੍ਹ ਰੱਖਣ-ਦੀ ਗ਼ੈਰਤ ਦੇਵੀਂ
-ਖੁਲ੍ਹ ਖੁਹਣੋਂ-ਸ਼ਰਮ ਦਿਵਾਵੀਂ ਤੂੰ,
ਖੁਲ੍ਹ ਲਈਏ ਖੁਲ੍ਹ ਦਾਨ ਕਰਾਈਏ
ਖੁਲ੍ਹ ਦੇ ਦਾਸ ਬਨਾਵੀਂ ਤੂੰ ।
ਮੱਚ ਮਰੇ ਨਾ ਕਦੇ ਅਸਾਡਾ
ਗੱਚ ਕਦੇ ਦਿਲ ਢਾਵੇ ਨਾ,
ਖੁਸ਼ੀ ਰਹੇ ਮਨ ਭਰੀ ਅਸਾਡੇ
ਕੱਚ ਕਦੇ ਸਿਰ ਆਵੇ ਨਾ,
ਗ਼ੈਰਤ ਠਰਨ ਖੂਨ ਨਾ ਦੇਵੇ,
ਅਣਖ ਰਗਾਂ ਵਿਚ ਰੱਖੇ ਜੀ,
ਭੁਜਾਂ ਸਾਡੀਆਂ ਤਾਣ ਲਾਜ ਰਹਿ,
ਅੱਖ ਉਚੇਰੀ ਤੱਕੇ ਜੀ ।
ਮੋਢੇ ਤਣੇ ਤਾਣ ਵਿਚ ਸਿੱਧੇ,
ਗਰਦਨ ਆਕੜ ਭਰੀ ਰਹੇ,
ਜ਼ੋਰ ਰਹੇ ਹਿਕ ਸਾਡੀ ਭਰਿਆ
ਡਰ ਖਾ ਧੌਣ ਨ ਕਦੇ ਢਹੇ ।'

42. ਹੁਣ

'ਭੂਤ ਕਾਲ' ਵਿਚ 'ਹੁਣ' ਦੇ ਜੀਂਦਾ,
'ਭਵਿੱਖਤ' ਬੀ ਵਿਚ 'ਹੁਣ' ਦੇ ਜੀ,
'ਪੇਹਨ' ਟਿਕੇ ਜਿਉਂ ਕੇਂਦਰ ਉਤੇ,
ਕਾਲ-ਪਸਾਰਾ 'ਹੁਣ' ਤੇ ਥੀ ।
ਤੂੰ ਬੀ ਟਿਕ 'ਹੁਣ ਨੁਕਤੇ' ਉੱਤੇ,
'ਹੁਣ' ਵਿਚ ਜੀ, ਰਸ ਅੰਮ੍ਰਿਤ ਪੀ,
ਹੁਣ ਵਿਚ ਜੀਂਦਿਆਂ ਅੰਮ੍ਰਤ ਪੀਂਦਯਾਂ
ਕਾਲ ਫਤੇ ਹੋ ਜਾਂਦਾ ਈ ।

(ਪੇਹਨ=ਵਿਸਥਾਰ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਵੀਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ