Bhajanawali : Babu Firoz Din Sharaf
ਭਜਨਾਵਲੀ : ਬਾਬੂ ਫ਼ੀਰੋਜ਼ਦੀਨ ਸ਼ਰਫ਼
1
ਕ੍ਰਿਸ਼ਨ : ਸੱਚਾ ਪ੍ਰੇਮ ਜੀਹਦੇ ਵਿਚ ਟੋਲਾਂ, ਮੈਂ ਵੀ ਉਸ ਨੂੰ ਟੋਹ ਲਾਂ । ਜਦ ਖੁਸ਼ ਬੋਲੇ ਰਾਧਾ ਪਿਆਰੀ, ਤਾਂ ਮੈਂ ਭੀ ਖੁਸ਼ ਬੋਲਾਂ । ਰਾਧਾ : ਪ੍ਰੇਮ ਘੁੰਡੀ ਜੋ ਖੋਹਲਾਂ ਸ਼ਾਮਾਂ ! ਦਿਲ ਤੇਰੇ ਨੂੰ ਖੋਹ ਲਾਂ। ਪਰ ਮੈਂ ਹਿਜਰ ਤੇਰੇ ਵਿਚ ਰੋ ਲਾਂ, ਸੁੱਚੇ ਮੋਤੀ ਰੋਲਾਂ । ਕ੍ਰਿਸ਼ਨ ਪਿਆਰੇ, ਬਿਰਜ ਦੁਲਾਰੇ ! ਮੈਂ ਤੇਰੇ ਤੋਂ ਵਾਰੀ। ਮੈਂ ਹਾਂ ਤੇਰੀ ਪ੍ਰੇਮ-ਪੁਜਾਰਨ, ਤੂੰ ਮੇਰਾ ਬਨਵਾਰੀ। ਕ੍ਰਿਸ਼ਨ : ਅੱਖੋਂ ਵਖ ਬੇਵਸ ਨਾ ਹੋ, ਹੁਣ ਤੂੰ ਵਸ ਪਈ ਪਿਆਰੀ। ਜਗਮਗ ਜਗਦੀ ਜਗ ਵਿਚ ਰਹਿਸੀ ਹੁਣ ਤੇਰੀ ਪ੍ਰੇਮ-ਅਟਾਰੀ ।
2
ਜਦ ਦੀ ਅੱਖ ਤੇਰੇ ਸੰਗ ਲਾਈ, ਅੱਖ ਨਾ ਲਾਈ ਸ਼ਾਮਾਂ ! ਪਈ ਕਲਪਾਵੇ ਕਲ ਕਲ ਤੇਰੀ, ਕਲ ਨਾ ਪਾਈ ਸ਼ਾਮਾਂ ! ਵਾਂਗ ਛੜੀ ਦੇ ਛੜੀ ਰਹੀ ਮੈਂ, ਸਾਰ ਨਾ ਲਈਆ ਸ਼ਾਮਾਂ। ਹੁਣ ਤੇ ਦਰਸ ਦਿਖਾ ‘ਸ਼ਰਫ਼' ਨੂੰ, ਸ਼ਾਮ ਹੈ ਆਈ ਸ਼ਾਮਾਂ ।
3
ਤੇਰੀ ਬਾਂਕੀ ਛਬ ਅਦਾ ਸੀ, ਜਿਹੜੀ ਲਾ ਗਈ ਬੜੀ ਉਦਾਸੀ । ਸੋਹਣਾ ਦਾ ਸੀ ਦਿਲ ਖੋਹਵਣ ਦਾ, ਹੁਣ ਮੈਂ ਸਮਝੀ ਦਾਸੀ । ਨਿਰਗੁਣ ਹੁਣ ਮੈਂ ਹੋਈ ਨਿਰਾਸੀ, ਆਵੀਂ ਗੋਕਲ ਵਾਸੀ ! ਮਿਨਤਾਂ ਕਰਦੀ ‘ਸ਼ਰਫ਼' ਪਿਆਰੇ ! ਤੇਰੀ ਦਰਸ ਪਿਆਸੀ।
4
ਨੰਦ ਦੁਲਾਰੇ ਰਾਧਾ-ਪਿਆਰੇ, ਛੇਤੀ ਆਵੀਂ ਮੋਹਨ । ਮੁਕਟ ਤੇਰੇ ਤੋਂ ਸਦਕੇ ਜਾਵਾਂ, ਫੇਰਾ ਪਾਵੀਂ ਮੋਹਨ । ਹੈ ਅਗਿਆਨ ਹਨੇਰਾ ਛਾਇਆ, ਟੇਰ ਸੁਣਾਵੀਂ ਮੋਹਨ । ‘ਸ਼ਰਫ਼’ ਸਖੀ ਦੇ ਮਨ ਦੇ ਮੰਦਰ, ਜੋਤ ਜਗਾਵੀਂ ਮੋਹਨ ।
5
ਕ੍ਰਿਸ਼ਨ ਪਿਆਰੇ, ਨੰਦ ਦੁਲਾਰੇ ! ਬਲਬਲ ਤੈਥੋਂ ਜਾਵਾਂ । ਕੁੰਜ ਬਿਹਾਰੀ ! ਕੂੰਜਾਂ ਵਾਂਗੂੰ, ਮੈਂ ਪਈ ਕੁਰਲਾਵਾਂ । ਜੇ ਤੂੰ ਦਰਸ ਦਿਖਾਵੇਂ ਪਿਆਰੇ ! ਭੇਟਾ ਇਹ ਚੜ੍ਹਾਵਾਂ । ਤੇਰੇ ਚਰਨ ਕੰਵਲ ਤੋਂ ਸ਼ਾਮਾਂ ! ਜਿੰਦੜੀ ਘੋਲ ਘੁਮਾਵਾਂ ।
6
ਸੁਫਨੇ ਵਿਚ ਹੀ ਕ੍ਰਿਸ਼ਨ ਪਿਆਰੇ ! ਇਕ ਦਿਨ ਆ ਜਾ ਛਮ ਛਮ । ਨੈਣ ਰਹਿਣ ਨਿਤ ਰੋਂਦੇ ਮੇਰੇ, ਆਣ ਹਟਾ ਜਾ ਛਮ ਛਮ । ਨੁਮ ਠੁਮ ਕਰ ਕੇ ਆਈਂ ਪਿਆਰੇ ! ਰਾਸ ਰਚਾ ਜਾ ਛਮ ਛਮ । ‘ਸ਼ਰਫ਼' ਉਤੇ ਵੀ ਕਿਰਪਾ ਵਾਲਾ ਮੀਂਹ ਵਸਾ ਜਾ ਛਮ ਛਮ ।
7
ਜੈ ਜੈ ਕ੍ਰਿਸ਼ਨ ਕਨ੍ਹਈਆ । ਲੋਰੀਆਂ ਦੇਵੇ ਜਸ਼ੋਧਾ ਮਈਆ। ਗਊਆਂ ਚਰਾਵੇਂ, ਬੰਸੀ ਵਜਾਵੇਂ। ਜਮਨਾ ਦੇ ਕੰਢੇ ਤੇ ਰਾਸਾਂ ਰਚਾਵੇਂ । ਧਰਮ ਦੀ ਬੰਸੀ ਦਾ ਮੋਹਨ ਵਜਈਆ! ਜੈ ਜੈ ਤੇਰੀ ਕ੍ਰਿਸ਼ਨ ਕਨ੍ਹਈਆ । ਪ੍ਰੇਮ ਵਧਾਵੀਂ, ਪਾਪ ਮਿਟਾਵੀਂ । ਮੁਕਤੀ ਮਾਰਗ ਸਾਨੂੰ ਵਿਖਾਵੀਂ । ਪਾਰ ਲੰਘਾਵੀਂ ਦੇਸ਼ ਦੀ ਨਈਆ! ਜੈ ਜੈ ਤੇਰੀ ਕ੍ਰਿਸ਼ਨ ਕਨ੍ਹਈਆ।
8
ਮਾਰੀ ਕਟਾਰੀ ਮੁਰਾਰੀ, ਮੇਰੇ ਮਨ ਤੇ, ਮੋਰ ਮੁੱਕਟ ਉੱਤੇ ਲਟਕਣ ਮੋਤੀ, ਜ਼ੁਲਫ਼ ਸੁਹਾਵੇ ਕੰਨ ਤੇ । ਲੀਲ੍ਹਾ ਉਹਦੀ ਅਜਬ ਨਿਆਰੀ, ਖੋਲ੍ਹੇ ਜਦੋਂ ਪਰੇਮ-ਪਟਾਰੀ, ਰਾਸ ਰਚਾਵੇ ਉਹ ਬਨਵਾਰੀ, ਸ਼ੇਸ਼ ਨਾਗ ਦੇ ਫਨ ਤੇ । ਮਾਰੀ ਕਟਾਰੀ ਮੁਰਾਰੀ ਮੇਰੇ ਮਨ ਤੇ । ਅੰਮ੍ਰਿਤ ਵਾਲੀ ਬਰਖਾ ਲਾਵੇ, ਸੁਧ ਬੁਧ ਜਗ ਦੀ ਕੁਲ ਬਿਸਰਾਵੇ, ਜੇ ਉਹ ਮੁਰਲੀ ਪਕੜ ਵਜਾਵੇ, ਸਾਰੇ ਬਿੰਦਰਾ-ਬਨ ਤੇ । ਮਾਰੀ ਕਟਾਰੀ ਮੁਰਾਰੀ ਮੇਰੇ ਮਨ ਤੇ । ਰਾਤ ਲੰਘਾਵਾਂ ਗਿਣ ਗਿਣ ਤਾਰੇ, ਰੋ ਰੋ ਕੇ ਮੈਂ ਰੋਜ਼ ਗੁਜ਼ਾਰੇ, ਅੱਖਾਂ ਰਾਹੀਂ ਆ ਜਾ ਪਿਆਰੇ, ਛੇਜ ਵਿਛੀ ਮੇਰੇ ਮਨ ਤੇ । ਮਾਰੀ ਕਟਾਰੀ ਮੁਰਾਰੀ ਮੇਰੇ ਮਨ ਤੇ । ਟੇਰ ਸੁਣੀ ਮੇਰੀ ਕ੍ਰਿਸ਼ਨ ਕਨ੍ਹਾਈ, ਹੁਣ ਮੈਂ ਬਣ ਗਈ ਮੀਰਾ ਬਾਈ, ਘੁੰਗਰੂ ਬੰਨ੍ਹ ਤੇਰੀ ਰਾਸ ਰਚਾਈ, ਮਸਤ ਹੋਵੇ ਛਨ, ਛਨ ਤੇ । ਮਾਰੀ ਕਟਾਰੀ ਮੁਰਾਰੀ ਮੇਰੇ ਮਨ ਤੇ।
9
ਜਦ ਤੋਂ ਰਾਧੇ ਸ਼ਾਮ ਦਾ ਆ ਕੇ ਹੋਇਆ ਪਰਕਾਸ਼ ਏ । ਸੂਰਜ ਚੰਦ੍ਰਮਾ ਚੜ੍ਹ ਪਏ ਦਿਲ ਬਣ ਗਿਆ ਆਕਾਸ਼ ਏ। ਬੰਸੀ ਬਣਾਂਗਾ ਸ਼ਾਮ ਦੀ, ਅਗਲੇ ਜਨਮ ਮੈਂ ਸਵਰਗ ਵਿਚ, ਤੇਰੇ ਭਵਨ ਦੀ ਉਸਤਤੀ ਤੋਂ ਹੋਂਵਦਾ ਵਿਸ਼ਵਾਸ਼ ਏ। ਤੈਨੂੰ ਨਜ਼ਰ ਆਵੇ ਭਲਾ ਕਿਉਂ ਮੂਰਤੀ ਭਗਵਾਨ ਦੀ ? ਮੋਹ ਮਾਇਆ ਅਗਿਆਨ ਨੇ ਹਿਰਦੇ ਨੂੰ ਕੀਤਾ ਨਾਸ ਏ। ਪਹੁੰਚਾਂ ਮੈਂ ਬੈਕੁੰਠ ਵਿਚ ਕਿਸ ਪਾਸਿਉਂ, ਦੱਸੋ ਤੁਸੀਂ ? ‘ਗ੍ਵਰਧਨ’ ਦਾ ਰਸਤਾ ਸਾਫ਼ ਤੇ ਬਿਖੜਾ ਬੜਾ ਕੈਲਾਸ਼ ਏ। ਭਗਤੀ ਦਾ ਅੰਮ੍ਰਿਤ ਬਖ਼ਸ਼ ਮੈਨੂੰ, ਵਾਸਤਾ ਈ ਨਾਮ ਦਾ, ਕਿਉਂਕਿ ‘ਸ਼ਰਫ਼' ਦੇ ਨਾਮ ਦੀ ਵੀ ‘ਸ਼ਾਮ’ ਦੀ ਹੀ ਰਾਸ ਏ ।
10
ਸਖੀ : ਨੰਦ, ਦੇ ਦੁਲਾਰੇ ਕਾਹਨਾ ! ਰਾਧਕਾਂ ਦੇ ਪਿਆਰੇ ਕਾਹਨਾ ! ਵੀਣੀ ਮੇਰੀ ਛੋੜ ਵੇ । ਸ਼ਾਮ : ਪੁਸ਼ਪ ਦੀ ਵੇਲ ਸਖੀਏ ! ਚੰਬਾ ਤੇ ਰਵੇਲ ਸਖੀਏ ! ਪ੍ਰੇਮ ਮੇਰਾ ਮੈਨੂੰ ਮੋੜ ਦੇ। ਸਖੀ : ਤੂੰ ਹੈਂ ਸਿਆਣਾ ਕਾਹਨਾ ! ਬੁਰਾ ਹੈ ਜ਼ਮਾਨਾ ਕਾਹਨਾ ! ਛੱਡ ਮੈਂ ਹੈ ਘਰ ਜਾਣਾ, ਨੈਣ ਮੇਰੇ ਹੱਥ ਜੋੜਦੇ । ਵੀਣੀ ਮੇਰੀ ਛੋੜ ਦੇ। ਸ਼ਾਮ : ਪ੍ਰੇਮਵਧਾ ਕੇ ਸਖੀਏ ! ਪ੍ਰੀਤ ਲਗਾ ਕੇ ਸਖੀਏ ! ਗੁੱਸੇ ਵਿਚ ਆ ਕੇ ਸਖੀਏ ! ਸ਼ੀਸ਼ਾ ਨਾ ਦਿਲ ਵਾਲਾ ਤੋੜ ਦੇ ! ਪ੍ਰੇਮ ਮੇਰਾ ਮੈਨੂੰ ਮੋੜ ਦੇ। ਸਖੀ : ਕਾਹਨਾ ! ਮੈਂ ਹਾਰੀ ਤੈਥੋਂ। ਸ਼ਾਮ : ਸਖੀਏ ! ਮੈਂ ਵਾਰੀ ਤੈਥੋਂ । ਸਖੀ : ਸ਼ਾਮਾ ! ਬਲਿਹਾਰੀ ਤੈਥੋਂ। ਦੋਵੇਂ : ਨੈਣ ਨੈਣਾਂ ਸੰਗ ਜੋੜ ਦੇ।