Bhai Bhagtu ਭਾਈ ਭਗਤੂ
ਸਿਖ ਇਤਿਹਾਸ ਵਿਚ ਇਕ ਭਾਈ ਭਗਤੂ ਗੁਰੂ ਅਰਜਨ ਦੇਵ ਜੀ ਵੇਲੇ ਹੋਏ ਹਨ । ਦੂਜੇ ਭਾਈ ਭਗਤੂ ਜੀ ਨੇ ਲੱਖੀ ਜੰਗਲ ਵਾਲੇ ਦਰਬਾਰ ਵਿਚ ਆਪਣੀ ਕਵਿਤਾ ਸੁਣਾਈ ਸੀ ।
ਮਾਝਾਂ
੧
ਬੇਫਿਕਰਾਂ ਨੂੰ ਫਿਕਰ ਨ ਕੋਈ, ਸਦਾ ਰਹਹਿੰ ਮਤਵਾਲੇ
ਅਠੇ ਪਹਿਰ ਰਹਿਣ ਵਿਚ ਗਿਣਤੀ, ਬਹੁਤੀ ਮਾਇਆ ਵਾਲੇ
ਇਸ ਮਾਇਆ ਦੇ ਦੂਰ ਖੜੋਤੇ, ਕੋਈ ਵਿਰਲੇ ਸਾਧ ਸੁਖਾਲੇ
ਕੰਮ ਸੁਖਾਲਾ ਤੇ ਬੇੜੇ ਭਗਤੂ, ਮੈਂਡਾ ਸਤਿਗੁਰ ਆਪਿ ਸਮਾਲੇ ।੧।
੨
ਸਤਿਜੁਗ, ਤ੍ਰੇਤਾ, ਦੁਆਪੁਰ ਵਰਤੇ, ਵਰਤਣਗੇ ਜੁਗ ਚਾਰੇ
ਦਇਆ ਬਰਾਬਰਿ ਤੀਰਥ ਨਾਹੀ, ਬ੍ਰਹਿਮਾ ਬਿਸਨੁ ਪੁਕਾਰੇ
ਤੀਰਥ ਨ੍ਹਾਤਿਆਂ ਇਕੁ ਫਲ ਪਾਇਆ, ਸਾਧ ਮਿਲਿਆਂ ਫਲ ਚਾਰੇ
ਸਤਿਗੁਰ ਮਿਲਿਆਂ ਪੂਰਾ ਨ੍ਹਾਵਣ, ਨਦਰਿ ਕਰੇ ਨਿਸਤਾਰੇ ।੨।
੩
ਸੰਜੋਗੀ ਮਿਲਿਆ, ਏਹ ਮਾਤ ਪਿਤਾ ਸੁਤ ਭਾਈ
ਕਿਥਹੁ ਆਇਆ ਕਿਥੈ ਜਾਸੀ, ਕਹਿਣਾ ਕਛੂ ਨ ਜਾਈ
ਰੋਵਣ ਪਿੱਟਣ ਛਾਰ ਉਡਾਵਣ, ਏਹੁ ਮੂਰਖ ਦੀ ਮੂਰਖਾਈ ।੩।
੪
ਪੈਂਡੇ ਉਪਰਿ ਪਵਨਿ ਬਟਾਊ, ਕੋਈ ਬੰਨ੍ਹ ਨ ਬੈਠੋ ਢੇਰੀ
ਆਇਆ ਹਰਖ ਨ ਗਇਆਂ ਦਿਲਗੀਰੀ, ਏਹਾ ਗੱਲ ਚੰਗੇਰੀ
ਰਾਤਿ ਅੰਧੇਰੀ ਹਾਕਮ ਕਰੜਾ, ਗਾਫਲ ਚੇਤੁ ਸਵੇਰੀ
ਕੂਚ ਨਗਾਰਾ ਥੀਆ ਭਗਤੂ, ਵਤਿ ਨ ਆਵਣ ਵੇਰੀ ।੪।