Baranmah-Heer Bhagwan Singh

ਬਾਰਾਂਮਾਹ-ਹੀਰ ਭਗਵਾਨ ਸਿੰਘ

ਬਾਰਾਂਮਾਹ-ਹੀਰ

ਚੇਤ ਦੇ ਮਹੀਨੇ ਸਾਥੋਂ ਲੱਦ ਗਏ ਨਗੀਨੇ ਯਾਰ,
ਕਦੋਂ ਹੁਣ ਮਿਲਾਂ ਮੈਂ ਤਾਂ ਔਂਸੀਆਂ ਹਾਂ ਪਾਉਂਦੀ
ਹੋਈ ਹਾਂ ਉਦਾਸ ਬਾਝ ਚੂਚਕ ਦੇ ਚਾਕ ਪਿਛੇ,
ਚਿਤ ਮੁਰਝਾਣੀ ਤੇ ਖ਼ੁਸ਼ਹਾਲੀ ਨਹੀਂ ਭਾਉਂਦੀ
ਜਿਸ ਦੇ ਵਿਛੁੰਨੇ ਸੁੰਞੇ ਮੰਦਰ ਦਿਖਾਈ ਦਿੰਦੇ,
ਸੇਜ ਉਤੇ ਚੈਨ ਰੈਨ ਸਾਰੀ ਨਹੀਂ ਆਉਂਦੀ
ਰਾਂਝੇ ਬਾਝ ਹੋਰ ਨਾ ਖ਼ਿਆਲ ਭਗਵਾਨ ਸਿੰਘਾ,
ਪੀਰ ਤੇ ਫ਼ਕੀਰ ਜਿਸ ਕਾਰਨੇ ਮਨਾਉਂਦੀ ।੧।

ਚੜ੍ਹੇ ਜੋ ਬਿਸਾਖ ਆਖੇ ਕਿਸ ਨੂੰ ਅਹਿਵਾਲ ਦੱਸਾਂ,
ਕੌਣ ਸਾਡੇ ਦਿਲਾਂ ਦੀਆਂ ਜਾਣੇ ਬਾਝ ਰੱਬ ਦੇ
ਇਕ ਵਾਰ ਆਈ ਹਾਂ ਵਿਸਾਰ ਯਾਰ ਆਪਣੇ ਨੂੰ,
ਫਿਰ ਹੋਊ ਮੇਲਾ ਕਦੇ ਨਾਲ ਹੀ ਸਬੱਬ ਦੇ
ਪੁਛਦੀ ਗੁਆਂਢਣਾਂ ਨੂੰ ਹੀਰ ਪਰੇਸ਼ਾਨ ਹੋਈ,
ਮਾਹੀ ਸਾਨੂੰ ਮਿਲੇ ਕਿਸ ਨਾਲ ਹੀ ਕਰਤੱਬ ਦੇ
ਆਵੀਂ ਭਗਵਾਨ ਸਿੰਘਾ ਮੁਖੜਾ ਦਿਖਾਵੀਂ ਮੈਨੂੰ,
ਜਾਨ ਬਾਝ ਤੇਰੇ ਮੇਰੀ ਹੋਈ ਉਤੇ ਲਬ ਦੇ ।੨।

ਜੇਠ ਜ਼ੋਰ ਅਸਾਂ ਦਾ ਨਾ ਪੁਜਦਾ ਕਿਸੇ ਦੇ ਨਾਲ,
ਅਪਣੇ ਸਰੀਰ ਨਾਲ ਆਪ ਦੁਖ ਜਾਲੀਏ
ਕੋਈ ਨਾ ਵੰਡਾਏ ਪੀੜ ਬੈਠ ਕੇ ਨਿਮਾਣਿਆਂ ਦੀ,
ਬਿਨਾਂ ਦਿਲਦਾਰ ਦੁਖ ਕਿਸ ਨੂੰ ਦਿਖਾਲੀਏ
ਚਿਤ ਉਤੋਂ ਉਤਰੇ ਨਾ ਮੂਲ ਸਾਥੋਂ ਮੀਆਂ ਰਾਂਝਾ,
ਕੇਹੀ ਪਾਈ ਭੋਰੀ ਜੋ ਬਥੇਰਾ ਅਸੀਂ ਟਾਲੀਏ
ਇਕ ਵਾਰੀ ਮੁਖ ਜੇ ਦਿਖਾਵੇਂ ਭਗਵਾਨ ਸਿੰਘਾ,
ਕੋਈ ਰੋਜ਼ ਅਪਣੇ ਸਰੀਰ ਨੂੰ ਸੰਭਾਲੀਏ ।੩।

ਹਾੜ ਹਾਲ ਦੇਖੇ ਮੇਰਾ ਕੌਣ ਆਣ ਤੱਤੜੀ ਦਾ,
ਭੁਲ ਗਈਆਂ ਚਾਵੜਾਂ ਅਸਾਂ ਥੋਂ ਅੱਜ ਸਾਰੀਆਂ
ਛੁਟ ਗਈਆਂ ਡੋਰਾਂ ਬਾਜ਼ ਉਡ ਅਸਮਾਨ ਚਲੇ,
ਖਲੀ ਮੈਂ ਉਡੀਕਾਂ ਵਾਂਗੂੰ ਮੀਰ ਹੀ ਸ਼ਿਕਾਰੀਆਂ
ਤੇਰੇ ਬਾਝ ਘਰ ਬਾਰ ਸਾਨੂੰ ਨਹੀਂ ਸੁਝਦਾ ਹੈ,
ਕਟਦੀ ਹਮੇਸ਼ਾਂ ਮੈਂ ਮੁਸੀਬਤਾਂ ਹੀ ਭਾਰੀਆਂ
ਆਪਣੇ ਪਿਆਰਿਆਂ ਬਗ਼ੈਰ ਭਗਵਾਨ ਸਿੰਘਾ,
ਕੌਣ ਕਰੇ ਆਨ ਸਾਡੇ ਨਾਲ ਦਿਲਦਾਰੀਆਂ ।੪।

ਸਾਵਣ ਸਹੇਲੀਆਂ ਦੇ ਨਾਲ ਤੀਆਂ ਖੇਡਦੀ ਸੀ,
ਲੈਂਦੀ ਸੀ ਹੁਲਾਰੇ ਪੀਂਘ ਨਾਲ ਅਸਮਾਨ ਦੇ
ਹੱਥੀਂ ਮਹਿੰਦੀ ਰੰਗਲੀ ਲਗਾਈ ਆਣ ਰਾਂਝਣੇ ਨੇ,
ਦੋਵੇਂ ਵਿੱਚ ਬਾਗ਼ ਦੇ ਹਮੇਸ਼ ਮੌਜਾਂ ਮਾਣਦੇ
ਝੂਟਨ ਸਹੇਲੀਆਂ ਅਨੇਕ ਤੌਰ ਪੀਂਘ ਉਤੇ,
ਲੈਂਦੀਆਂ ਹੁਲਾਰੇ ਵਾਂਗੂੰ ਹੁੰਦੀਆਂ ਕਮਾਨ ਦੇ
ਮਾਰ ਕੇ ਲਿਆਏ ਸਾਨੂੰ ਖੇੜੇ ਭਗਵਾਨ ਸਿੰਘਾ,
ਇਹੋ ਜਹੇ ਚਾਕਰਾਂ ਨੂੰ ਅਸੀਂ ਕੀ ਸਾਂ ਜਾਣਦੇ ।੫।

ਭਾਦੋਂ ਭਾਹ ਭੜਕਦੀ ਚੁਫੇਰੇ ਮੇਰੇ ਰਾਂਝਿਆ ਵੇ !
ਆਣ ਕੇ ਬੁਝਾਵੀਂ ਪਾਵੀਂ ਪਾਣੀ ਪਵੇ ਠੰਢ ਵੇ
ਬਾਹਾਂ ਵਿੱਚ ਸਤ ਨਹੀਂ ਰੱਤ ਨ ਸਰੀਰ ਵਿੱਚ,
ਦੇਖ ਰੰਗ ਮੇਰਾ ਸੁਕ ਹੋਈ ਹਾਂ ਪਲੰਢ ਵੇ
ਬੁਢਿਆਂ ਦੇ ਵਾਂਗ ਮੈਂ ਡੰਗੋਰੀ ਫੜੀ ਹੱਥ ਵਿੱਚ,
ਝੂਲਦਾ ਸਰੀਰ ਤੇ ਜਵਾਨੀ ਗਈ ਹੰਢ ਵੇ
ਦਰਦ ਤੁਸਾਡੇ ਕੀਤਾ ਗਰਦ ਭਗਵਾਨ ਸਿੰਘਾ,
ਕਾਲਜੇ ਦੇ ਵਿੱਚ ਹੈ ਵਿਛੋੜੇ ਵਾਲੀ ਗੰਢ ਵੇ ।੬।

ਅਸੂ ਆਸ ਰਖੀ ਤੇਰੇ ਦੇਖਣੇ ਦੀਦਾਰ ਵਾਲੀ,
ਹੋਰ ਸਭ ਢਾਹ ਬੈਠੀ ਜਗ ਉਤੋਂ ਢੇਰੀਆਂ
ਜਾਇਕੇ ਸਿਆਲਾਂ ਵਿੱਚ ਸਾਨੂੰ ਤੂੰ ਵਿਸਾਰ ਬੈਠਾ,
ਸਾਥੋਂ ਤੈਨੂੰ ਹੋਰ ਕੌਣ ਮਿਲੀਆਂ ਚੰਗੇਰੀਆਂ
ਇਸ਼ਕ ਲਗਾਇਕੇ ਅਲੱਗ ਬੈਠਾ ਮੀਆਂ ਰਾਂਝਾ,
ਇਥੇ ਓਥੇ ਦੋਹੀਂ ਥਾਈਂ ਬਾਂਦੀ ਹਾਂ ਮੈਂ ਤੇਰੀਆਂ
ਮੋੜ ਬੈਠੋਂ ਮੁਖ ਭਗਵਾਨ ਸਿੰਘਾ ਸਾਡੇ ਪਾਸੋਂ,
ਦਰਦ ਫਿਰਾਕ ਵਿੱਚ ਮੈਂ ਹਾਂ ਨਿਤ ਘੇਰੀਆਂ ।੭।

ਕੱਤਕ ਕਮਾਲ ਦੁਖ ਤੇਰੇ ਵੇ ਵਿਛੋੜੇ ਵਾਲਾ,
ਲਗਿਆ ਅਸਾਨੂੰ ਕੌਣ ਬੰਨ੍ਹੇ ਆਣ ਧੀਰ ਵੇ
ਕਫਨੀ ਬਨਾਈ ਗਲ ਪਾਈ ਵਾਂਗ ਜੋਗੀਆਂ ਦੇ,
ਤੇਰੇ ਪਿੱਛੇ ਰਾਂਝਿਆ ! ਮੈਂ ਹੋਈ ਹਾਂ ਫ਼ਕੀਰ ਵੇ
ਰਾਤ ਦਿਨ ਹੋਂਵਦਾ ਬਤੀਤ ਨਾਲ ਨਾਰ੍ਹਿਆਂ ਦੇ,
ਤਾਕਤ ਨ ਮਾਸਾ ਹੋਇਆ ਪਿੰਜਰ ਸਰੀਰ ਵੇ
ਦੇਈਂ ਤੂੰ ਦੀਦਾਰ ਸਾਨੂੰ ਆਣ ਭਗਵਾਨ ਸਿੰਘਾ,
ਤੇਰੇ ਮੀਆਂ ਕਾਰਣੇ ਮਨਾਵਾਂ ਪੰਜ ਪੀਰ ਵੇ ।੮।

ਮੱਘਰ ਮੁਹਾਲ ਹੋਯਾ ਕੱਟਣਾ ਸਿਆਲ ਸਾਨੂੰ,
ਰੋਂਵਦੀ ਜਟੇਟੀ ਕੌਣ ਸੁਣੇ ਮੇਰੀ ਗੱਲ ਵੇ
ਕੱਤਣਾ ਤੇ ਤੁੰਬਣਾ ਵਿਸਾਰ ਬੈਠੀ ਤੇਰੇ ਪਿਛੇ,
ਇਕ ਮੀਆਂ ਰਾਂਝਣਾ ਧਿਆਨ ਤੇਰੇ ਵੱਲ ਵੇ
ਹਸਣਾ ਤੇ ਖੇਡਣਾ ਤਮਾਮ ਦੂਰ ਹੋਇਆ ਮੇਰਾ,
ਤੇਰੇ ਬਾਝ ਆਵੇ ਨ ਅਰਾਮ ਘੜੀ ਪਲ ਵੇ
ਆਸ਼ਕੀ ਦਾ ਸ਼ੇਰ ਤੂੰ ਜਗਾ ਕੇ ਭਗਵਾਨ ਸਿੰਘਾ,
ਸਾਡੇ ਵਲ ਦੇਖ ਕੇਹਾ ਹੋਇਆ ਤੂੰ ਮਚਲ ਵੇ ।੯।

ਪੋਹ ਪੈਂਦੇ ਪਾਲੇ ਨੂੰ ਹਟਾਵੇ ਤੇਰੇ ਬਾਝ ਕੌਣ,
ਰਾਤਾਂ ਹੈਨ ਲੰਮੀਆਂ ਨਾ ਜਾਣ ਸਾਥੋਂ ਜਾਲੀਆਂ
ਸੇਜਬੰਦ ਤੋੜ ਅੱਗ ਲਾਉਂਦੀ ਸਿਰ੍ਹਾਣਿਆਂ ਨੂੰ,
ਦੂਰ ਕੀਤੋ ਲੇਫਾਂ ਸਣੇ ਪਲੰਘ ਤੇ ਨਿਹਾਲੀਆਂ
ਮਿਠੀਆਂ ਖਜੂਰਾਂ ਮੇਵੇ ਪੱਕ ਕੇ ਤਿਆਰ ਹੋਏ,
ਵਾਸਤੇ ਤੁਹਾਡੇ ਅਸਾਂ ਮਸਾਂ ਮਸਾਂ ਪਾਲੀਆਂ
ਸੋਈ ਆਣ ਖਾਣ ਭਗਵਾਨ ਸਿੰਘਾ ਮੇਵਿਆਂ ਨੂੰ,
ਜਿਨ੍ਹਾਂ ਦੀਆਂ ਜਗ ਵਿੱਚੋਂ ਕਿਸਮਤਾਂ ਨਿਰਾਲੀਆਂ ।੧੦।

ਮਾਘ ਮੌਤ ਆਵੇ ਤਾਂ ਤਕਾਦੇ ਸਭ ਚੁਕ ਜਾਂਦੇ,
ਮੁਕ ਜਾਂਦੇ ਝੇੜੇ ਜੇਹੜੇ ਮੇਰੇ ਨਾਲ ਬੀਤਦੇ
ਕਾਗਾਂ ਨੂੰ ਉਡਾਵਾਂ ਪਾਵਾਂ ਬਾਰ ਬਾਰ ਔਂਸੀਆਂ ਨੂੰ,
ਇਕ ਇਕ ਦਿਨ ਸਾਨੂੰ ਜੁਗੜੇ ਬਤੀਤਦੇ
ਰਾਤ ਦਿਨ ਪੜ੍ਹਾਂ ਮੈਂ ਨਮਾਜ਼ ਤੇਰੇ ਨਾਮ ਵਾਲੀ,
ਬੈਠਕੇ ਅਕੇਲੀ ਵਿੱਚ ਦਾਇਰੇ ਮਸੀਤ ਦੇ
ਯਾਰ ਨੂੰ ਵਿਸਾਰ ਕੇ ਤੂੰ ਬੈਠਾ ਭਗਵਾਨ ਸਿੰਘਾ,
ਆਫਰੀਂ ਵੇ ਰਾਂਝਿਆ ! ਨਿਬਾਹੁਣੀ ਪ੍ਰੀਤ ਦੇ ।੧੧।

ਫੱਗਣ ਫੁਹਾਰੇ ਪਿਚਕਾਰੀਆਂ ਦੇ ਰੰਗ ਡਾਢੇ,
ਉਡਨ ਗੁਲਾਲ ਰੁਤ ਆਈ ਹੈ ਬਸੰਤ ਵੇ
ਚਾਨ-ਚਕ ਚੱਕ ਕੇ ਦਸੌਂਟੇ ਪਾਏ ਸਾਡੇ ਤਾਈਂ,
ਧੰਨ ਤਕਦੀਰ ਸਾਈਂ ਬੜਾ ਹੈ ਬੇਅੰਤ ਵੇ
ਬੈਠੀਆਂ ਵਿਚਾਰੀਆਂ ਨਿਆਰੀਆਂ ਜਗਤ ਵਿੱਚੋਂ,
ਮੁਢੋਂ ਹੀ ਵਿਛੁੰਨੇ ਜਿਨ੍ਹਾਂ ਨਾਰੀਆਂ ਦੇ ਕੰਤ ਵੇ
ਦੁਖਾਂ ਨਾਲ ਸਾਲ ਮੈਂ ਲੰਘਾਇਆ ਭਗਵਾਨ ਸਿੰਘਾ,
ਰਹੂੰ ਕੀਕੂੰ ਜੀਂਵਦੀ ਮੈਂ ਏਦੂੰ ਉਪਰੰਤ ਵੇ ।੧੨।