Bhagat Jallan Jatt
ਭਗਤ ਜੱਲਣ ਜੱਟ
ਭਗਤ ਜੱਲਣ ਜੀ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੋਏ ਹਨ। ਇਹ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਜ਼ਿਮੀਂਦਾਰ ਘਰਾਣੇ ਦੇ ਇਹ ਕਿਰਤੀ ਸਾਧੂ ਰੱਬ ਨਾਲ ਅਭੇਦ ਸਨ। ਆਪ ਦੀ ਯਾਦ ਵਿਚ ਢਾਲਾ ਨੁਸ਼ਹਿਰਾ ਮਾਝੇ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਨ੍ਹਾਂ ਦੀ ਮੋਟੀ, ਠੁੱਲ੍ਹੀ, ਜਟਕੀ ਕਵਿਤਾ ਵਿਚੋਂ ਇਕ ਬੇਫਿਕਰੀ, ਇਕ ਆਜ਼ਾਦ ਖਿਆਲੀ ਅਤੇ ਫਕੀਰੀ ਮਾਸੂਮੀਅਤ ਝਲਕਦੀ ਹੈ। ਸਰਲ ਸੁਭਾਅ ਅਤੇ ਨਿਰਛਲ ਹਿਰਦੇ ਵਾਲੇ ਭਗਤ ਜੱਲ੍ਹਣ ਦੀਆਂ 313 ਸਾਖੀਆਂ ਅਤੇ 42 ਬਿਸ਼ਨਪਦੇ ਅਤੇ ਦੋਹਰੇ ਮਿਲਦੇ ਹਨ। ਇਨ੍ਹਾਂ ਦੀ ਰਚਨਾ ਤੋਂ ਸੰਸਾਰ ਦੀ ਨਾਸ਼ਮਾਨਤਾ, ਵੈਰਾਗ ਅਤੇ ਪ੍ਰਭੂ ਸਿਮਰਨ ਦਾ ਗਿਆਨ ਪ੍ਰਾਪਤ ਹੁੰਦਾ ਹੈ। ਠੇਠ ਪੰਜਾਬੀ ਵਿਚ ਇਨ੍ਹਾਂ ਦੇ ਬਚਨ ਅਖਾਉਤਾਂ ਵਾਂਗ ਮਸ਼ਹੂਰ ਹਨ। ਇਹ ਥੋੜ੍ਹੀ ਪਰ ਟਿਕਾਣੇ ਦੀ ਗੱਲ ਕਰਦੇ ਹਨ, ਜੋ ਸਿੱਧੀ ਦਿਲ ਵਿਚ ਲਹਿ ਜਾਂਦੀ ਹੈ।
ਭਗਤ ਜੱਲਣ ਜੱਟ ਪੰਜਾਬੀ ਕਵਿਤਾ/ਬਾਣੀ
ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋ ਕੇ ਹਲ ਵਾਹਿਆ,
ਬੁੱਢੇ ਹੋ ਕੇ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।
ਵੱਡਾ ਕਿੱਕਰ ਵੱਢ ਕੇ, ਜਪਮਾਲ ਬਣਾਇਆ।
ਉੱਚੇ ਟਿੱਲੇ ਬਹਿ ਕੇ, ਠਾਹ-ਠਾਹ ਵਜਾਇਆ।
ਲੋਕਾਂ ਦੀਆਂ ਜਪਮਾਲੀਆਂ, ਜੱਲ੍ਹਣ ਦਾ ਜਪਮਾਲ।
ਸਾਰੀ ਉਮਰ ਜਪੇਂਦਿਆਂ, ਇਕ ਨਾ ਖੁੱਥਾ ਵਾਲ।1।
ਦਾਗ ਦਿਲਾਂ ਦੇ ਬੈਠਾ ਧੋ, ਨਾ ਜਾਣੇ ਬੈਠਾ ਰੋ।
ਰੋਣ ਧੋਣ ਦਾ ਵੱਲ ਨਾ ਆਵੀ, ਉਸ ਦੇ ਜਾਹ ਜੋ ਵੱਲ ਸਿਖਾਵੀ।
ਜੇ ਪੜ੍ਹ ਗੁੜ੍ਹ ਆਖੇ 'ਹੂੰ', ਜੱਲ੍ਹਣ ਆਖੇ ਤੇਰਾ ਫਿੱਟੇ ਮੂੰਹ।2।
ਖਿਮਾਂ ਖਜਾਨਾ ਮਨ ਹੀ ਮਾਹੀਂ ।
ਜਪਹੁ ਨਾਮ ਸੁਖ ਉਪਜੇ ਤਾਹੀਂ ।
ਕਰਹੁ ਨਾ ਨਿੰਦਾ ਬੋਲਹੁ ਸੱਚੁ ।
ਜੱਲਣ ਦਾਸ ਉਸ ਲੋਕ ਕੋ ਸਹਜੇ ਮੱਚੁ ।3।
ਡੂਮ ਸੋ ਜੋ ਡਰ ਮੈਂ ਰਹੇ ।
ਮੁਖੋਂ ਬਾਤਾਂ ਕਰਤੇ ਕੀਆਂ ਕਹੇ ।
ਕਰਤਾ ਦੇਵੇ ਨਾਮ ਦਾਨ ਔਰ ਅਚਾਨਕ ਕਾਹੂ ਕੀ ਨ ਸਹੇ ।
ਜੱਲਣ ਦਾਸ ਉਸ ਡੂਮ ਕਾ ਸ਼ਬਦ ਬਿਨ ਅਗੀਂ ਦਹੇ ।4।
ਅਜਾਣ ਭੁਲਾਵੇ ਕਰੇ ਬੁਰਿਆਈ ।
ਤਾਕੀ ਸਾਹਿਬ ਮਨ ਨਾ ਵਸਾਈ ।
ਜਾਣੈ ਨਿਆਉਂ ਕਰੇ ਅਨਿਆਉਂ ।
ਤਿਸ ਅਨਿਆਈ ਕੋ ਨਾਹੀਂ ਥਾਉਂ ।
ਕਹੇ ਕੁਛ ਹੋਰ ਕਰੇ ਕੁਛ ਹੋਰੁ ।
ਜਾਨਹੁ ਦੀਨ ਦੁਨੀ ਕਾ ਚੋਰ ।
ਜੋ ਕੁਛ ਕਹੈ ਸੁ ਕੁਛ ਕਰੇ ।
ਜੱਲਣ ਦਾਸ ਆਪ ਭੀ ਨਿਸਤਾਰੇ ਜਗਤ ਲੈ ਤਰੇ ।5।
ਮਾਯਾ ਮਾਯਾ ਸਭ ਕੋ ਕਹੇ ਮਾਯਾ ਸਕਲ ਸਰੀਰ ।
ਮਾਯਾ ਮਹਿ ਜੋ ਰਾਮ ਜਪਤ ਹੈ ਸੋ ਜੱਲਣ ਕੋ ਗੁਰ ਪੀਰ ।6।
ਨਾਮ ਕੇ ਨਾਵਣ ਮਾਨੁਖ ਨ੍ਹਾਵੇ ਕਦੇ ਨਾ ਹੋਵੇ ਮੈਲਾ ।
ਅੰਤਰਮੈਲ ਸੀਤਲ ਜਲ ਨ੍ਹਾਵੇ ਝੂਠੇ ਕਰਤੇ ਫੈਲਾ ।
ਜੱਲਣ ਜਾਣਕੇ ਹੱਕ ਪਰਾਇਆ ਖਾਵੇ ਜਨਮ ਜਨਮ ਕੇ ਵੈਲਾ ।7।
ਨਾਮ ਜਪਹਿ ਤੇ ਖਾਵਹਿ ਘਾਲ ।
ਰਾਮ ਵਸਹ ਤਿਨਾਂ ਦੇ ਵਾਲ ਵਾਲ ।8।
ਜਹ ਧੰਧਾ ਤਹ ਧਰਮ ਹੈ ਬਿਨ ਧੰਧੇ ਧਰਮ ਨ ਹੋਇ ।
ਜੱਲਣ ਦਾਸ ਧੰਧੇ ਵਿਚ ਰਾਮ ਜਪਹਿੰਗੇ ਤਿਨ ਤੇ ਭਲਾ ਨਾ ਕੋਇ ।9।
ਪੁੱਤਾਂ ਨੂੰ ਲੈ ਗਈਆਂ ਨੂੰਹਾਂ, ਧੀਆਂ ਨੂੰ ਲੈ ਗਏ ਹੋਰ।
ਬੁਢਾ ਬੁਢੀ ਇਉਂ ਬੈਠੇ, ਜਿਉਂ ਸੰਨ੍ਹ ਲਾ ਗਏ ਚੋਰ।10।
ਹੱਥੀਂ ਦੇਈਏ, ਹੱਥੀਂ ਲੇਈਏ, ਹੱਥੀਂ ਬੰਨ੍ਹੀਏ ਪੱਲੇ।
ਐਸਾ ਕੋਈ ਨਾ ਜੱਲ੍ਹਣਾ, ਜੋ ਮੁਇਆਂ ਨੂੰ ਘੱਲੇ।11।
ਪਾਰਸ ਪੱਥਰ ਲਾਲ ਪੱਥਰ ਪੱਥਰ ਸਾਲਗਰਾਮ ।
ਪੱਥਰ ਕੀਤਾ ਪੀਹਣਾ ਜੱਲਣ ਪਾਏ ਰਾਮ ।12।
ਦਾਣੇ ਅੰਨ ਦੇ ਰਾਮ ਢੋਰਾ ਹੋਇਕੇ ਆਯਾ ।
ਇਤਿਬਿਧ ਠਾਕਰ ਰੂਪ ਆਪਣਾ ਦਰਸ਼ਨ ਦਿਖਾਯਾ ।
ਤਦਕਾ ਜੱਲਣ ਥਾਵੋ ਰਾਮ ਪੀਹਣਾ ਛੁਡਾਯਾ ।13।
ਜਿਨ ਖਵਾਲੇ ਕੱਲ੍ਹ ਸੋ ਅਜ ਭੀ ਤਿਨੋਂ ਖਵਾਲੇ ।
ਭਲਕੇ ਓਹ ਖਵਾਲਸੀ ਦਿਨ ਰਾਤੀ ਓਹੋ ਪਾਲੇ ।
ਜੱਲਣ ਰਾਮ ਨਜੀਕ ਦੇਖ ਸਭਨਾਂ ਦੇ ਨਾਲੇ ।14।
ਸੋ ਕਾਜ਼ੀ ਜੋ ਕੂਆ ਆਕੂਏ ।
ਜਾਣੇ ਸੋ ਜੋ ਉਮਤ ਵਿਚ ਹੂਏ ।
ਸਾਸ ਸਾਸ ਕਰੇ ਸਾਹਿਬ ਕਾ ਭੌ ।
ਸਦਾ ਰਹੇ ਇਕ ਤੇ ਲੌ ।
ਵਢੀ ਨ ਲਏ ਇਕ ਜੌਂ ।
ਸਚ ਹਲਾਲ ਝੂਠ ਹਰਾਮ
ਹੋਰ ਨਾਹੀ ਕੁਛ ਹਰਾਮ ਹਲਾਲ ।
ਅਭੜਵਾਇਆ ਕਾਜ਼ੀ ਉਠ ਉਠ ਭਜੇ
ਦੇਖ ਦੇਖ ਅਗਲਾ ਜਵਾਲ ।
ਜੱਲਣ ਦਾਸ ਜੋ ਕਾਜ਼ੀ ਇਹ ਵਸਬ ਕਮਾਵੇ
ਸੋ ਕਾਜ਼ੀ ਬਹਿਸ਼ਤ ਜਾਇ ਦਰਹਾਲ ।15।
ਬਹੁਤੀ ਧਿਰੀਂ ਮਨ ਦੂਰ ਕਰ ਇਕਤ ਵਲ ਮਨ ਰਖ ।
ਜੱਲਣ ਦਾਸ ਰਾਮ ਨਾਮ ਜਪੀਏ ਹਿਰਦੇ ਦਰਸ਼ਨ ਦੇਈ ਅਲਖ ।16।
ਖਾਧੇ ਮੁਸਲਮਾਨ ਨ ਹੋਈ ਭੇਖ ਲਿਆ ਨ ਹਿੰਦੂ ।
ਮਾਨੁਖ ਥੋਂ ਕੁਛ ਹੋਰ ਨ ਹੋਵੇ ਦੇਹੀ ਨ ਪੜੈ ਦੋਇ ਜਿੰਦੂ ।
ਜੱਲਣ ਤਿਸੇ ਰਾਮ ਕੋ ਅਰਾਧੇ ਜਾਕੇ ਕੀਏ ਤੁਰਕ ਅਰ ਹਿੰਦੂ ।17।
ਅੰਦਰ ਕੁਥਰਾ ਕਿਆ ਬਾਹਰ ਮਾਲਾ ।
ਅੰਦਰ ਹੋਵੇ ਸੁਥਰਾ ਭਾਵੇਂ ਬਾਹਰ ਕਾਲਾ ।
ਭੇਖ ਕੀਏ ਭਗਤ ਨਾਹੀਂ ਝੂਠਾ ਦਿਖਾਲਾ ।
ਜੱਲਣ ਦਾਸ ਸਚ ਲੋਕ ਨ ਪਤੀਜਈ ਦੇਖਹੁ ਕਲ ਕਾ ਚਾਲਾ ।18।
ਕਥਨੀ ਕਥਤੇ ਐਸੀ ਜੈਸੀ ਕਥ ਤੇ ਸਿਰ ਸਿਥਾਰਾ ।
ਜੱਲਣ ਰਾਮ ਕਾ ਨਾਮ ਐਸਾ ਜੈਸਾ ਔਤਰ ਘਰ ਰਾਜੇ ਪੁਤ੍ਰ ਪਿਆਰਾ ।19।
ਬ੍ਰਾਹਮਣ ਕਹਾਵੇ ਕਰੈ ਵੈਪਾਰ ।
ਦਗੇ ਸੋਂ ਜੋੜ ਮਾਯਾ ਪਿਆਰੀ ਸੰਜੇ ।
ਠਾਕਰ ਛੋਡ ਅਵਰਾਂ ਕੋ ਲਾਗਾ ਠਾਕਰ ਆਪ ਹੀ ਤੇ ਵੰਜੇ ।
ਜੱਲਣ ਦਾਸ ਨੀਚ ਕਹਾਵੇ ਹਰਿ ਜਪੇ ਤਿਸ ਬ੍ਰਾਹਮਣ ਤੇ ਚੰਡਾਲ ਪੂਜੇ ਚੰਗੇ ।20।