Bhagat Dhanna Ji
ਭਗਤ ਧੰਨਾ ਜੀ

ਭਗਤ ਧੰਨਾ ਜੱਟ ਜੀ ਦਾ ਜਨਮ ੧੪੧੫ ਈਸਵੀ ਦੇ ਲਾਗੇਚਾਗੇ ਦਿਉਲੀ ਸ਼ਹਿਰ ਦੇ ਨੇੜੇ ਪਿੰਡ ਧੁਆਂ ਵਿੱਚ ਹੋਇਆ । ਇਹ ਪਿੰਡ ਰਾਜਸਥਾਨ ਦੇ ਟੌਂਕ ਜਿਲ੍ਹੇ ਵਿੱਚ ਹੈ । ਉਨ੍ਹਾਂ ਦੇ ਗੁਰੂ ਰਾਮਾਨੰਦ ਜੀ ਸਨ । ਸ਼ੁਰੂ ਵਿੱਚ ਉਹ ਮੂਰਤੀ-ਪੂਜਕ ਸਨ, ਪਰ ਬਾਅਦ ਵਿੱਚ ਉਹ ਨਿਰਗੁਣ ਬ੍ਰਹਮ ਦੀ ਆਰਾਧਨਾ ਵਿੱਚ ਲੱਗ ਗਏ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ ਤਿੰਨ ਸ਼ਬਦ ਹਨ ।

ਸ਼ਬਦ ਭਗਤ ਧੰਨਾ ਜੀ

1. ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ

ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥੪੮੭॥

(ਭ੍ਰਮਤ=ਭਟਕਦਿਆਂ, ਬਿਲਾਨੇ=ਗੁਜ਼ਰ ਗਏ, ਨਹੀ ਧੀਰੇ=ਨਹੀਂ ਟਿਕਦਾ,
ਬਿਖ=ਜ਼ਹਰ, ਲੁਬਧ=ਲੋਭੀ, ਰਾਤਾ=ਰੰਗਿਆ ਹੋਇਆ, ਚਾਰ=ਸੁੰਦਰ,
ਅਨ ਭਾਂਤੀ=ਹੋਰ ਹੋਰ ਕਿਸਮ ਦੀ, ਜਲਤ=ਸੜਦੇ, ਅਘਾਨੇ=ਰੱਜ ਗਿਆ,
ਅਛਲੀ=ਜੋ ਛਲਿਆ ਨਾ ਜਾ ਸਕੇ)

2. ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥੪੮੮॥

(ਚੇਤਸਿ ਕੀ ਨ=ਤੂੰ ਕਿਉਂ ਚੇਤੇ ਨਹੀਂ ਕਰਦਾ, ਦਮੋਦਰ=ਪਰਮਾਤਮਾ,
ਬਿਬਹਿ=ਹੋਰ, ਨ ਜਾਨਸਿ=ਤੂੰ ਨਾ ਜਾਣੀਂ, ਧਾਵਹਿ=ਤੂੰ ਦੌੜੇਂਗਾ, ਜਨਨੀ=ਮਾਂ,
ਕੇਰੇ=ਦੇ, ਉਦਰ=ਪੇਟ, ਉਦਕ=ਪਾਣੀ, ਪਿੰਡੁ=ਸਰੀਰ, ਕੁੰਮੀ=ਕੱਛੂ ਕੁੰਮੀ,
ਖੀਰੁ=ਦੁੱਧ, ਪਾਖਣਿ=ਪੱਥਰ ਵਿਚ, ਤਾ ਚੋ=ਉਸ ਦਾ, ਮਾਰਗੁ=ਰਾਹ)

3. ਗੋਪਾਲ ਤੇਰਾ ਆਰਤਾ

ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਨਿਤ ਜੀਉ ॥
ਪਨ੍ਹ੍ਹੀਆ ਛਾਦਨੁ ਨੀਕਾ ॥
ਅਨਾਜੁ ਮਗਉ ਸਤ ਸੀ ਕਾ ॥੧॥
ਗਊ ਭੈਸ ਮਗਉ ਲਾਵੇਰੀ ॥
ਇਕ ਤਾਜਨਿ ਤੁਰੀ ਚੰਗੇਰੀ ॥
ਘਰ ਕੀ ਗੀਹਨਿ ਚੰਗੀ ॥
ਜਨੁ ਧੰਨਾ ਲੇਵੈ ਮੰਗੀ ॥੨॥੪॥੬੯੫॥

(ਆਰਤਾ=ਲੋੜਵੰਦਾ,ਦੁਖੀਆ, ਸੀਧਾ=ਆਟਾ, ਪਨ੍ਹ੍ਹੀਆ=ਜੁੱਤੀ,
ਛਾਦਨੁ=ਕਪੜਾ, ਨੀਕਾ=ਸੋਹਣਾ, ਸਤ ਸੀ ਕਾ ਅਨਾਜ=ਸੱਤ ਸੀਆਂ
ਵਾਲਾ ਅੰਨ, ਉਹ ਅੰਨ ਜੋ ਪੈਲੀ ਨੂੰ ਸੱਤ ਵਾਰੀ ਵਾਹ ਕੇ ਪੈਦਾ ਕੀਤਾ ਹੋਵੇ,
ਲਾਵੇਰੀ=ਦੁੱਧ ਦੇਣ ਵਾਲੀ, ਤਾਜਨਿ ਤੁਰੀ=ਅਰਬੀ ਘੋੜੀ, ਗੀਹਨਿ=ਇਸਤ੍ਰੀ)